ਲੇਖ਼ਕ

Wednesday, 14 October 2009 18:08

54 - ਹੋ ਜਾਣੀ ਸੀ ਜਾਹ ਜਾਂਦੀ!

Written by
Rate this item
(0 votes)

ਮੈਂ ਤੇ ਚਰਨ ਦਸਵੀਂ ਤਕ `ਕੱਠੇ ਪੜ੍ਹੇ ਸਾਂ। ਬਾਅਦ ਵਿੱਚ ਉਹ ਮੇਰਾ ਵਿਚੋਲਾ ਬਣਿਆ। ਉਹ ਮਾਸਟਰੀ ਕਰਨ ਵੇਲੇ ਵੀ ਪਿੰਡ ਰਹਿੰਦਾ ਸੀ ਤੇ ਰਿਟਾਇਰ ਹੋਣ ਪਿੱਛੋਂ ਵੀ ਪਿੰਡ ਹੀ ਰਹਿ ਰਿਹੈ। ਜਦੋਂ ਮੈਂ ਕੈਨੇਡਾ ਤੋਂ ਪਿੰਡ ਜਾਂਦਾ ਹਾਂ ਤਾਂ ਅਸੀਂ ਮਿਲ ਗਿਲ ਲੈਂਦੇ ਹਾਂ। ਬਚਪਨ ਦੀਆਂ ਗੱਲਾਂ ਵਿੱਚ ਗੁਆਚ ਜਾਂਦੇ ਹਾਂ। ਗੱਲਾਂ ਕਰਦਿਆਂ ਸਾਨੂੰ ਤਾਰੋ ਤੇ ਮਸਤ ਹੋਰੀਂ ਯਾਦ ਆ ਜਾਂਦੇ ਹਨ ਜਿਨ੍ਹਾਂ ਸੰਗ ਅਸੀਂ ਪੜ੍ਹੇ, ਖੇਡੇ, ਇੱਲਤਾਂ ਕੀਤੀਆਂ ਪਰ ਉਹ ਸਾਥੋਂ ਪਹਿਲਾਂ ਹੀ ਜੱਗ ਤੋਂ ਚਲੇ ਗਏ। ਚਰਨ ਦੇ ਯਾਦ ਆਉਣ ਨਾਲ ਅਚਾਨਕ ਵਾਪਰਿਆ ਇੱਕ ਹਾਦਸਾ ਵੀ ਯਾਦ ਆ ਗਿਐ ਜੋ ਮੇਰਾ ਬੁਢਾਪਾ ਨਰਕ ਬਣਾ ਸਕਦਾ ਸੀ।

14 ਜਨਵਰੀ 2006 ਦੀ ਗੱਲ ਹੈ। ਮਾਘੀ ਦਾ ਨਿੱਘੀ ਧੁੱਪ ਵਾਲਾ ਦਿਨ ਸੀ। ਦੋ ਵਜੇ ਤਕ ਮੈਂ ਮੋਗੇ ਦੇ ਇੱਕ ਕਬੱਡੀ ਟੂਰਨਾਮੈਂਟ ਦੀ ਹਾਜ਼ਰੀ ਭਰੀ। ਕੁਮੈਂਟਰੀ ਕਰਦਾ ਮੈਂ ਕਿਸੇ ਰੇਡਰ ਦੀ ਘੁਲਾੜੀ `ਚ ਬਾਂਹ ਆਗੀ ਆਖਦਾ, ਕਿਸੇ ਦੀ ਕੁਕੜੂੰ ਘੜੂੰ ਬੁਲਾਉਂਦਾ, ਲੱਗ ਗਿਆ ਰੋਪੜੀ ਜਿੰਦਾ ਕਹਿੰਦਾ ਤੇ ਕਿਸੇ ਦਾ ਚੱਕਰਚੂੰਡਾ ਬਣਾਉਂਦਾ। ਜਿਹੜਾ ਧਾਵੀ ਢਾਹ ਲਿਆ ਜਾਂਦਾ ਉਹਦੇ `ਤੇ ਹਾਸੇ ਖੇੜਦਾ, “ਕਰ-ਤਾ ਗੱਡਾ ਡਹੀਏਂ। ਗੱਡ-ਤਾ ਅਰਲਾਕੋਟ …।”

ਉਦੋਂ ਕੀ ਪਤਾ ਸੀ ਪਈ ਦਿਨ ਛਿਪੇ ਪਿੰਡ ਦੇ ਸਰਕਾਰੀ ਸਾਨ੍ਹ ਨੇ ਮੇਰਾ ਈ ਗੱਡਾ ਡਹੀਏਂ ਕਰ ਦੇਣੈਂ? ਬਾਅਦ ਦੁਪਹਿਰ ਮੈਂ ਬੱਧਨੀ ਦੇ ਇੱਕ ਮੈਰਿਜ ਪੈਲਿਸ ਵਿੱਚ ਗਿਆ ਜਿਥੇ ਸਾਡੇ ਪਿੰਡੋਂ ਜੰਨ ਆਈ ਹੋਈ ਸੀ। ਸ਼ਾਮ ਨੂੰ ਪਿੰਡ ਪਹੁੰਚੇ ਤਾਂ ਦਿਨ ਅਜੇ ਖੜ੍ਹਾ ਸੀ। ਮੈਂ ਮਾਸਟਰ ਚਰਨ ਸਿੰਘ ਨੂੰ ਆਖਿਆ, “ਚੱਲ ਖੇਤ ਗੇੜਾ ਮਾਰ ਆਈਏ। ਵਿਆਹ ਦਾ ਖਾਧਾ ਪੀਤਾ ਹਜ਼ਮ ਕਰੀਏ।”

ਸੂਏ ਦੇ ਪੁਲ ਉਤੋਂ ਹੀ ਅਸੀਂ ਕਾਰ `ਚੋਂ ਉੱਤਰ ਗਏ ਤੇ ਸੈਰ ਕਰਨ ਲੱਗੇ। ਅੱਧਾ ਪੌਣਾ ਘੰਟਾ ਸੈਰ ਕਰ ਕੇ ਅਸੀਂ ਪਿੰਡ ਪਰਤੇ। ਤਦ ਤਕ ਦਿਨ ਛਿਪ ਗਿਆ ਸੀ ਤੇ ਮੂੰਹ `ਨ੍ਹੇਰਾ ਹੋ ਚੱਲਿਆ ਸੀ। ਬੱਸ ਅੱਡੇ ਕੋਲੋਂ ਚਰਨ ਆਪਣੇ ਘਰ ਨੂੰ ਮੁੜ ਗਿਆ ਤੇ ਮੈਂ ਸਿੱਧਾ ਆਪਣੇ ਘਰ ਨੂੰ ਤੁਰਿਆ ਗਿਆ। ਤਦੇ ਇੱਕ ਬੀਹੀ `ਚੋਂ ਢੱਟਾ ਭੱਜਦਾ ਆਇਆ ਤੇ ਮੇਰੇ ਸਹਿਜ ਭਾਅ ਤੁਰੇ ਜਾਂਦੇ ਦੇ ਪਿੱਛੋਂ ਆ ਢੁੱਡ ਮਾਰੀ। ਮੈਂ ਸਵਾਰੀਆਂ ਦੇ ਬਹਿਣ ਲਈ ਗੱਡੇ ਬੈਂਚ ਉਤੇ ਜਾ ਢੱਠਾ। ਉਥੇ ਕੋਈ ਕੁਮੈਂਟਰੀ ਕਰਨ ਵਾਲਾ ਨਹੀਂ ਸੀ। ਕਿਲਾ ਰਾਏਪੁਰ ਦਾ ਦਾਰਾ ਸਿੰਘ ਗਰੇਵਾਲ ਹੁੰਦਾ ਤਾਂ ਆਪਣੇ ਅੰਦਾਜ਼ `ਚ ਕਹਿੰਦਾ, “ਆਹ ਗੱਡ-ਤਾ ਪ੍ਰਿੰਸੀਪਲ ਆਲਾ ਵੀ ਅਰਲਾਕੋਟ! ਮਾਰਿਆ ਮੱਕੀ ਦੇ ਪੂਲੇ ਅੰਗੂੰ ਵਗਾਹ ਕੇ। ਬਣਾ-ਤਾ ਕਲਹਿਰੀ ਮੋਰ …।” ਉਹਨੇ ਦਰਸ਼ਕਾਂ ਦਾ ਚਿੱਤ ਪਰਚਾਈ ਜਾਣਾ ਸੀ ਮੇਰਾ ਭਾਵੇਂ ਕੂੰਡਾ ਹੋ ਜਾਂਦਾ। ਕਬੱਡੀ ਦੇ ਕੁਮੈਂਟੇਟਰ ਡਿੱਗੇ ਪਏ ਖਿਡਾਰੀਆਂ `ਤੇ ਇੰਜ ਈ ਖੇੜਦੇ ਨੇ!

ਭੂਸਰੇ ਸਾਨ੍ਹ ਤੋਂ ਬਚਣ ਲਈ ਮੈਂ ਤੇਜ਼ੀ ਨਾਲ ਬੈਂਚ ਦੇ ਦੂਜੇ ਪਾਸੇ ਹੋ ਗਿਆ ਤੇ ਹੋਰ ਢੁੱਡਾਂ ਖਾਣ ਤੋਂ ਬਚ ਗਿਆ। ਜਿਨ੍ਹਾਂ ਨੇ ਮੈਨੂੰ ਡਿਗਦਿਆਂ ਵੇਖਿਆ ਸੀ ਉਹ ਦੌੜਦੇ ਆਏ। ਕੁੱਝ ਢੱਟੇ ਮਗਰ ਪੈ ਗਏ ਤੇ ਕੁੱਝ ਮੇਰੇ ਉਦਾਲੇ ਹੋ ਗਏ। ਇੱਕ ਜਣਾ ਕਹੀ ਜਾਵੇ, “ਇਹ ਸਰਕਾਰੀ ਸਾਨ੍ਹ ਹਰ ਰੋਜ਼ ਈ ਕਿਸੇ ਨਾ ਕਿਸੇ ਨੂੰ ਢਾਹੁੰਦੈ। ਕੱਲ੍ਹ ਦਿਆਲਾ ਢਾਹ ਲਿਆ ਸੀ ਪਰਸੋਂ ਨਿਹਾਲਾ। ਲੈ ਅੱਜ ਚੰਗਾ ਭਲਾ ਪ੍ਰੋਫੈਸਰ ਈ ਸਿੱਟ ਲਿਆ। ਹੁਣ ਸਾਲਾ ਪਤਾ ਨੀ ਕਿਧਰ ਭੱਜ ਗਿਆ? ਜੇ ਇਹਨੂੰ ਜਾਨੋਂ ਮਾਰਦੇ ਆਂ ਤਾਂ ਊਂ ਅੰਦਰ ਹੁੰਨੇ ਆਂ।”

ਮੈਂ ਆਪਣੇ ਆਪ ਉਠ ਖੜ੍ਹਾ ਹੋਇਆ। ਸਰੀਰ ਨੂੰ ਛੰਡ ਕੇ ਵੇਖਿਆ ਤਾਂ ਖੱਬੇ ਹੱਥ ਤੋਂ ਬਿਨਾਂ ਹੋਰ ਕਿਧਰੇ ਕੋਈ ਖਾਸ ਜਰਬ ਨਹੀਂ ਸੀ ਆਈ ਲੱਗਦੀ। ਵੱਡਾ ਡਰ ਮੈਨੂੰ ਰੀੜ੍ਹ ਦੀ ਹੱਡੀ ਦਾ ਸੀ। ਕਈ ਸਾਲ ਪਹਿਲਾਂ ਮੇਰੇ ਲੱਕ ਨੂੰ ਬੈੱਲਟ ਲੱਗੀ ਰਹੀ ਸੀ। ਮੈਂ ਬਿਨਾਂ ਕਿਸੇ ਦੀ ਮਦਦ ਦੇ ਵਗ ਕੇ ਘਰ ਪਹੁੰਚਿਆ। ਹੱਥ ਉਤੇ ਫਰਿੱਜ ਦੀ ਬਰਫ ਰੱਖ ਲਈ। ਪਰਿਵਾਰ ਦੇ ਜੀਅ ਮੇਰੀ ਤੀਮਾਰਦਾਰੀ ਕਰਨ ਲੱਗੇ। ਪਰ ਮੈਂ ਠੀਕ ਠਾਕ ਸਾਂ। ਫਿਰ ਮੈਂ ਗੁਸਲਖਾਨੇ ਵਿੱਚ ਕਪੜੇ ਉਤਾਰ ਕੇ ਸ਼ੀਸ਼ੇ `ਚੋਂ ਆਪਣੇ ਜੁੱਸੇ ਨੂੰ ਨੀਝ ਨਾਲ ਵੇਖਿਆ। ਸਿਰਫ਼ ਹੱਥ ਉਤੇ ਰਗੜਾਂ ਸਨ ਤੇ ਪਿੱਠ ਵਿੱਚ ਦਰਦ ਸੀ। ਮੈਂ ਅੱਗੇ ਪਿੱਛੇ ਤੇ ਆਸੇ ਪਾਸੇ ਝੁਕ ਸਕਦਾ ਸਾਂ।

ਮੇਰੀ ਪੈਂਟ ਉਤੇ ਢੱਟੇ ਦੇ ਮੱਥੇ ਦੀ ਮਿੱਟੀ ਲੱਗੀ ਰਹਿ ਗਈ ਸੀ। ਉਹ ਕਿਤੇ ਗਿੱਲੀ ਮਿੱਟੀ `ਚ ਖੌਰੂ ਪਾਉਂਦਾ ਆਇਆ ਹੋਵੇਗਾ। ਮੈਂ ਕਿਹੜਾ ਉਹਨੂੰ ਵੇਖਿਆ ਸੀ? ਮਿੱਟੀ ਤੋਂ ਪਤਾ ਲੱਗਾ ਕਿ ਢੁੱਡ ਕਿਥੇ ਵੱਜੀ ਸੀ? ਇਹ ਰੀੜ੍ਹ ਦੀ ਹੱਡੀ ਤੋਂ ਕੁੱਝ ਹਿਠਾਂਹ ਸੀ, ਐਨ ਪਿੱਠ ਉਤੇ। ਢੁੱਡ ਥੋੜ੍ਹੀ ਜਿਹੀ ਉਪਰ ਵੱਜਦੀ ਤਾਂ ਰੀੜ੍ਹ ਦੀ ਹੱਡੀ ਦਾ ਜੜਾਕਾ ਪੈ ਸਕਦਾ ਸੀ। ਹੈਰਾਨੀ ਦੀ ਗੱਲ ਸੀ ਕਿ ਢੱਟੇ ਦੇ ਸਿੰਗ ਵੀ ਕਿਤੇ ਨਹੀਂ ਸਨ ਖੁੱਭੇ। ਸਾਰੇ ਰੱਬ ਦਾ ਸ਼ੁਕਰ ਮਨਾ ਰਹੇ ਸਨ ਜੀਹਨੇ ਮੈਨੂੰ ਹੱਥ ਦੇ ਕੇ ਬਚਾਇਆ ਸੀ। ਮੈਂ ਸੋਚਣ ਲੱਗਾ, “ਜੇ ਰੱਬ ਨੇ ਬਚਾਇਆ ਸੀ ਤਾਂ ਢੁੱਡ ਕੀਹਨੇ ਮਰਵਾਈ ਸੀ?”

ਅਸਲ ਵਿੱਚ ਮੇਰਾ ਜੁੱਸਾ ਭਖਿਆ ਹੋਇਆ ਸੀ ਤੇ ਮੈਂ ਰਵਾਂ ਰਵੀਂ ਅੱਗੇ ਨੂੰ ਵਗਿਆ ਜਾਂਦਾ ਸਾਂ। ਖੜ੍ਹਾ ਹੁੰਦਾ ਤਾਂ ਢੁੱਡ ਹੋਰ ਜ਼ੋਰ ਦੀ ਵੱਜਣੀ ਸੀ। ਮੇਰਾ ਬਚਾਅ ਕੁਦਰਤੀ ਹੋ ਗਿਆ ਸੀ ਜਿਸ ਵਿੱਚ ਰੱਬ ਦਾ ਕੋਈ ਦਖਲ ਨਹੀਂ ਸੀ। ਰਾਤ ਨੂੰ ਪਿਆ ਮੈਂ ਸੋਚੀ ਗਿਆ ਕਿ ਇਸ ਤਰ੍ਹਾਂ ਦੀ ਢੁੱਡ ਖਾ ਕੇ ਭਲਾ ਕਿੰਨਿਆਂ ਕੁ ਦਾ ਬਚਾਅ ਹੁੰਦਾ ਹੋਵੇਗਾ? ਮਨ `ਚ ਵਾਰ ਵਾਰ ਖਿਆਲ ਆਉਂਦਾ, ਜੇ ਮੇਰਾ ਚੂਲਾ ਟੁੱਟ ਜਾਂਦਾ? ਜੇ ਰੀੜ੍ਹ ਦੀ ਹੱਡੀ ਟੁੱਟ ਜਾਂਦੀ? ਜਿਹੜਾ ਦਸ ਵੀਹ ਸਾਲ ਜਿਊਣਾ ਸੀ ਕਿੰਨਾ ਔਖਾ ਹੁੰਦਾ? ਜਿਊਂਦਾ ਈ ਨਰਕ ਭੋਗਦਾ। ਮੈਂ ਕਹਿੰਦਾ, ਮੇਰੇ ਨਾਲੋਂ ਤਾਂ ਤਾਰੋ ਤੇ ਮਸਤ ਈ ਚੰਗੇ ਰਹੇ ਜਿਹੜੇ ਤੁਰਦੇ ਫਿਰਦੇ ਚਲਦੇ ਬਣੇ। ਨਾਲੇ ਇਹ ਕੈਨੇਡਾ ਤਾਂ ਹੈ ਨਹੀਂ ਸੀ ਬਈ ਵੱਜੀ ਸੱਟ ਦਾ ਮੁਆਵਜ਼ਾ ਮਿਲਦਾ ਤੇ ਮੁਫ਼ਤ ਇਲਾਜ ਹੁੰਦਾ। ਮੇਰਾ ਤਾਂ ਬੀਮਾ ਵੀ ਕੋਈ ਨਹੀਂ ਸੀ।

ਮੈਂ ਸੋਚੀ ਗਿਆ ਕਿ ਕੈਨੇਡਾ `ਚ ਤਾਂ ਕਈ ਬੰਦੇ ਜਾਣ ਬੁੱਝ ਕੇ ਈ ਝੂਠੀ ਮੂਠੀ ਦੀਆਂ ਸੱਟਾਂ ਮਰਵਾ ਬਹਿੰਦੇ ਨੇ ਬਈ ਵਿਹਲੇ ਬਹਿ ਕੇ ਵੈੱਲਫੇਅਰ ਲਵਾਂਗੇ। ਏਦੂੰ ਤਾਂ ਮੇਰੇ ਕੈਨੇਡਾ `ਚ ਈ ਸੱਟ ਵੱਜ ਜਾਂਦੀ। ਓਥੇ ਤਾਂ ਮੇਰੇ ਵਰਗੇ ਦੇ ਏਨੀ ਕੁ ਵੱਜੀ ਸੱਟ ਈ ਬਹੁਤ ਸੀ। ਸ਼ਾਇਦ ਮੈਂ ਵੀ ਕੈਨੇਡਾ ਦੇ ਕਈ ਵਿਹਲੜਾਂ ਵਾਂਗ ਥੋੜ੍ਹਾ ਬਹੁਤਾ ਪਖੰਡ ਕਰ ਲੈਂਦਾ ਤੇ ਛੇਤੀ ਕੀਤਿਆਂ ਉੱਠਦਾ ਈ ਨਾ। ਆਖੀ ਜਾਂਦਾ, “ਮੈਥੋਂ ਤਾਂ ਹਿੱਲਿਆ ਈ ਨੀ ਜਾਂਦਾ। ਰੀੜ੍ਹ ਦੀ ਹੱਡੀ ਭਾਰ ਈ ਨੀ ਝੱਲਦੀ।” ਤੇ ਐਵੇਂ ਈ ਬਹੁੜੀਆਂ ਪਾਈ ਜਾਂਦਾ। ਆਪੇ ਐਂਬੂਲੈਂਸ ਵਾਲੇ ਆ ਕੇ ਚੁੱਕਦੇ। ਆਪੇ ਵਕੀਲ ਕੇਸ ਲੜਦੇ।

ਫਿਰ ਮੈਨੂੰ ਖਿਆਲ ਆਇਆ ਕਿ ਕੈਨੇਡਾ `ਚ ਢੱਟੇ ਕਿਥੇ? ਓਥੇ ਤਾਂ ਅਗਲੇ ਕੱਤਿਆਂ ਨੂੰ ਵੀ ਸੰਗਲੀ ਪਾ ਕੇ ਰੱਖਦੇ ਆ। ਮਜਾਲ ਕੀ ਕੁੱਤਾ ਕਿਸੇ ਨੂੰ ਭੌਂਕ ਵੀ ਜਾਵੇ। ਵੱਢ ਬੈਠੇ ਤਾਂ ਅਗਲੇ ਸੂਅ ਕਰ ਦਿੰਦੇ ਆ। ਇਹੋ ਢੱਟਾ ਹੁੰਦਾ ਕਿਤੇ ਕੈਨੇਡਾ ਦੀ ਸਰਕਾਰ ਦਾ, ਕਲੇਮ ਕਰਨ ਦਾ ਸੁਆਦ ਆ ਜਾਂਦਾ ਤੇ ਵਾਰੇ ਨਿਆਰੇ ਹੋ ਜਾਂਦੇ। ਵਕੀਲਾਂ ਨੇ ਕਮਿਸ਼ਨ ਕਰ ਕੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਕੇਸ ਫੜਨਾ ਸੀ ਤੇ ਮੈਨੂੰ ਸਲਾਹ ਦੇਣੀ ਸੀ, ਬੱਸ ਪਿਆ ਈ ਰਹੀਂ, ਹਿੱਲੀਂ ਨਾ। ਜੇ ਹਿੱਲਣਾ ਈ ਪਿਆ ਤਾਂ `ਨ੍ਹੇਰੇ ਸਵੇਰੇ ਈ ਹਿੱਲੀਂ ਜੀਹਦਾ ਕਿਸੇ ਨੂੰ ਪਤਾ ਨਾ ਲੱਗੇ! ਕਹਿਣਾ ਸੀ, ਕੈਨੇਡਾ ਦੀ ਸਰਕਾਰ ਤੋਂ ਠੋਕ ਕੇ ਮੁਆਵਜ਼ਾ ਲਵਾਂਗੇ। ਪਰ ਮੈਨੂੰ ਤਾਂ ਮੇਰੇ ਆਪਣੇ ਪਿੰਡ ਦੇ ਸਰਕਾਰੀ ਢੱਟੇ ਨੇ ਢਾਹਿਆ ਸੀ। ਮੈਂ ਪੰਜਾਬ ਸਰਕਾਰ ਦਾ ਕੀ ਕਰਦਾ? ਮੇਰੀਆਂ ਇਹ ਸੋਚਾਂ ਉਦੋਂ ਮੁੱਕੀਆਂ ਜਦੋਂ ਮੈਨੂੰ ਨੀਂਦ ਆਈ।

ਬੰਤ ਸਿੱਧੂ, ਨਾਹਰ ਸਿੰਘ ਤੇ ਮਹਿੰਦਰ ਸੈਕਟਰੀ ਮੈਥੋਂ ਇੱਕ ਜਮਾਤ ਅੱਗੇ ਸਨ। ਉਨ੍ਹਾਂ ਨਾਲ ਮੇਰੀ ਗੂੜ੍ਹੀ ਦੋਸਤੀ ਸੀ। ਕਾਮਰੇਡ ਮਹਿੰਦਰ ਤਾਂ ਦਹਿਸ਼ਤੀ ਦੌਰ ਵਿੱਚ ਅਣਿਆਈ ਮੌਤੇ ਮਾਰਿਆ ਗਿਆ ਜਿਸ ਦਾ ਜ਼ਿਕਰ ਮੈਂ ‘ਮੌਤ ਦਾ ਪਹਿਰਾ’ ਵਾਲੇ ਕਾਂਡ ਵਿੱਚ ਕੀਤਾ ਹੈ। ਉੱਦਣ ਮੈਂ ਉਹਦੇ ਕੋਲ ਹੁੰਦਾ ਤਾਂ ਮੇਰਾ ਵੀ ਛੋਪ ਕੱਤਿਆ ਜਾਣਾ ਸੀ। ਬੰਤ ਦਹਿਸ਼ਤ ਦੇ ਦਿਨਾਂ `ਚ ਤਾਂ ਬਚ ਗਿਆ ਸੀ ਪਰ ਉਸ ਨੂੰ ਲੋੜੋਂ ਵੱਧ ਸ਼ਰਾਬ ਲੈ ਬੈਠੀ।

ਬੰਤ ਸਿੱਧੂ ਤੇ ਨਾਹਰ ਸਿੱਧੂ ਬੀ.ਏ.ਬੀ.ਟੀ.ਕਰ ਕੇ ਮਾਸਟਰ ਲੱਗ ਗਏ ਸਨ। ਪਿੱਛੋਂ ਉਨ੍ਹਾਂ ਦਾ ਅੰਨਜਲ ਉਨ੍ਹਾਂ ਨੂੰ ਕੈਨੇਡਾ ਤੇ ਇੰਗਲੈਂਡ ਲੈ ਗਿਆ ਸੀ। ਮੈਂ ਜਦੋਂ ਇੰਗਲੈਂਡ ਜਾਂਦਾ ਤਾਂ ਨਾਹਰ ਸਿੰਘ ਮੇਰਾ ਮੇਜ਼ਬਾਨ ਹੁੰਦਾ ਤੇ ਜਦੋਂ ਕੈਨੇਡਾ ਜਾਂਦਾ ਤਾਂ ਬੰਤ ਗੱਡੀ `ਤੇ ਚੜ੍ਹਾਈ ਫਿਰਦਾ। ਨਾਹਰ ਸਿੰਘ ਨੇ ਮੈਨੂੰ ਲੰਡਨ ਦੇ ਅਜਾਇਬ ਘਰ ਤੇ ਇੰਗਲੈਂਡ ਦੇ ਕਬੱਡੀ ਮੇਲੇ ਵਿਖਾਏ। ਉਸ ਨੇ ਆਪਣੇ ਭਾਣਜੇ ਦਲਜੀਤ ਸਿੰਘ ਜੌਹਲ ਤੇ ਕੁਲਦੀਪ ਸਿੰਘ ਜੌਹਲ ਨੂੰ ਅਮਰਦੀਪ ਮੈਮੋਰੀਅਲ ਕਾਲਜ ਦੇ ਜੀਵਨ ਮੈਂਬਰ ਬਣਵਾਇਆ ਜਿਨ੍ਹਾਂ ਨੇ ਕਾਲਜ ਨੂੰ ਦਸ ਹਜ਼ਾਰ ਪੌਂਡ ਦਾ ਦਾਨ ਦਿੱਤਾ। ਹੁਣ ਉਹ ਕੁੱਝ ਸਮੇਂ ਤੋਂ ਢਿੱਲਾ ਮੱਠਾ ਹੈ ਤੇ ਜਿਸ ਕਰਕੇ ਬਾਹਰ ਅੰਦਰ ਨਹੀਂ ਨਿਕਲਦਾ। ਉਹ ਪਿੰਡ ਚਕਰ ਦੇ ਟੂਰਨਾਮੈਂਟ ਦੀ ਖੁੱਲ੍ਹ ਕੇ ਮਦਦ ਕਰਦਾ ਰਿਹਾ।

ਬੰਤ ਵੈਨਕੂਵਰ ਲਾਗੇ ਐਬਟਸਫੋਰਡ ਆਪਣੇ ਫਾਰਮ ਹਾਊਸ ਵਿੱਚ ਰਹਿੰਦਾ ਸੀ ਜਿਥੇ ਦਿਲਜੀਤ ਕੌਰ ਤੋਂ ਲੈ ਕੇ ਜਗਜੀਤ ਚੂਹੜਚੱਕ ਤਕ ਫਿਲਮੀ ਕਲਾਕਾਰ ਤੇ ਸੰਤ ਸਿੰਘ ਸੇਖੋਂ, ਕੰਵਲ, ਪ੍ਰੀਤਮ ਸਿੱਧੂ ਤੇ ਨਿੰਦਰ ਘੁਗਿਆਣਵੀ ਵਰਗੇ ਲੇਖਕ ਗਾਹੇ ਬਗਾਹੇ ਠਹਿਰਦੇ ਰਹੇ। ਮੇਰਾ ਤਾਂ ਉਹ ਪੱਕਾ ਟਿਕਾਣਾ ਸੀ। ਬੰਤ ਨੇ ਕੈਨੇਡਾ ਵਿੱਚ ਮੇਰੀ ਪੁੱਜ ਕੇ ਮੇਜ਼ਬਾਨੀ ਕੀਤੀ। ਘੁਮਾਇਆ, ਫਿਰਾਇਆ ਤੇ ਬੜਾ ਕੁੱਝ ਵਿਖਾਇਆ। ਉਹ ਵੀ ਜਦੋਂ ਪੰਜਾਬ ਜਾਂਦਾ ਸੀ ਤਾਂ ਵਧੇਰੇ ਕਰ ਕੇ ਮੇਰੇ ਕੋਲ ਠਹਿਰਦਾ ਸੀ। ਉਸ ਨੇ ਆਪਣੇ ਪਿੰਡ ਚਕਰ ਦੇ ਸਕੂਲਾਂ ਦੀਆਂ ਇਮਾਰਤਾਂ ਲਈ ਆਪ ਵੀ ਤੇ ਹੋਰਨਾਂ ਤੋਂ ਵੀ ਲੱਖਾਂ ਰੁਪਿਆਂ ਦਾ ਯੋਗਦਾਨ ਪੁਆਇਆ। ਉਹ ਬੜਾ ਰੌਣਕੀ ਬੰਦਾ ਸੀ। ਜੀਹਦੇ ਘਰ ਜਾਂਦਾ ਸੀ ਹਾਸੇ ਖੇੜੇ ਦੀਆਂ ਬਹਾਰਾਂ ਲਿਆ ਦਿੰਦਾ ਸੀ। ਕਹਿੰਦਾ ਹੁੰਦਾ ਸੀ, ਬੰਦੇ ਨੂੰ ਅੱਧਾ ਸਿਆਣਾ ਤੇ ਅੱਧਾ ਕਮਲਾ ਹੋ ਕੇ ਜਿਊਣਾ ਚਾਹੀਦੈ। ਉਹ 2005 ਵਿੱਚ ਗੁਜ਼ਰ ਗਿਆ ਤੇ ਹੁਣ ਉਹਦੀਆਂ ਯਾਦਾਂ ਹੀ ਮੇਰੇ ਕੋਲ ਹਨ।

ਦਹਿਸ਼ਤੀ ਦਿਨਾਂ ਵਿੱਚ ਵੀ ਉਹ ਮੇਰੇ ਕੋਲ ਢੁੱਡੀਕੇ ਠਹਿਰਿਆ। ਉਸ ਨੇ ਕੁੱਝ ਜ਼ਮੀਨ ਵੇਚੀ ਸੀ ਤੇ ਉਸ ਕੋਲ ਰੁਪਿਆਂ ਦਾ ਭਰਿਆ ਝੋਲਾ ਸੀ। ਬੈਂਕ ਬੰਦ ਹੋ ਗਿਆ ਸੀ ਜਿਸ ਕਰਕੇ ਪੈਸੇ ਬੈਂਕ ਵਿੱਚ ਨਹੀਂ ਸਨ ਰੱਖੇ ਜਾ ਸਕੇ। ਇੱਕ ਦਿਨ ਪਹਿਲਾਂ ਚੂਹੜਚੱਕ ਤੋਂ ਰਾਤ ਨੂੰ ਕੁੱਝ ਟੱਬਰ ਅਗਵਾ ਕਰ ਲਏ ਗਏ ਸਨ। ਸਭ ਡਰੇ ਹੋਏ ਸਨ ਕਿ ਰਾਤ ਬਰਾਤੇ ਕੁੱਝ ਵੀ ਹੋ ਸਕਦਾ ਹੈ। ਉਹਨਾਂ ਦਿਨਾਂ `ਚ ਮੈਨੂੰ ਵੀ ਜਰਨੈਲ ਸਿੰਘ ਹਲਵਾਰਾ ਦੇ ਨਾਂ ਦੀ ਬਰੰਗ ਚਿੱਠੀ ਮਿਲੀ ਸੀ ਕਿ ਐਨੇ ਪੈਸੇ ਫਲਾਣੇ ਥਾਂ ਰੱਖ ਦਿਓ ਨਹੀਂ ਤਾਂ ਅਕਾਲ ਪੁਰਖ ਦਾ ਸੱਦਾ ਆਇਆ ਸਮਝੋ। ਮਹਿੰਦਰ ਕੋਲੋਂ ਰਿਵਾਲਵਰ ਲੈਣ ਆਏ ਅੱਤਵਾਦੀ ਉਸ ਨੂੰ ਮਾਰ ਗਏ ਸਨ। ਅਸੀਂ ਰਾਤ ਨੂੰ ਇਹੋ ਗੱਲਾਂ ਕਰਦੇ ਸੁੱਤੇ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਆਪਣੇ ਕੋਲ ਰੁਪਈਆਂ ਦਾ ਭਰਿਆ ਝੋਲਾ ਹੈ ਤਾਂ ਆਪਣੀ ਵੀ ਖ਼ੈਰ ਨਹੀਂ।

ਉਹੀ ਗੱਲ ਹੋਈ। ਅੱਧੀ ਰਾਤ ਦੇ ਕਰੀਬ ਇੱਕ ਟਰੱਕ ਬੀਹੀ ਵਿੱਚ ਆ ਕੇ ਰੁਕਿਆ। ਉਹਦੀਆਂ ਲਾਈਟਾਂ ਬੁਝ ਗਈਆਂ ਤੇ ਇੰਜਣ ਦੀ ਆਵਾਜ਼ ਬੰਦ ਹੋ ਗਈ। ਟਰੱਕ ਦੀ ਦੂਰੋਂ ਆਉਂਦੀ ਆਵਾਜ਼ ਨਾਲ ਹੀ ਸਾਡੀ ਨੀਂਦ ਟਲ ਗਈ ਸੀ। ਉਨ੍ਹੀਂ ਦਿਨੀਂ ਇੰਜ ਹੀ ਅੱਧੀ ਰਾਤ ਟਰੱਕ ਆਉਂਦੇ ਸਨ ਤੇ ਪੌੜੀ ਰਾਹੀਂ ਹਥਿਆਰਬੰਦ ਗ੍ਰੋਹ ਘਰਾਂ `ਚ ਉੱਤਰ ਕੇ ਘਰਾਂ ਦੇ ਜੀਆਂ ਨੂੰ ਅਗਵਾ ਕਰ ਲੈਂਦੇ ਸਨ। ਕਿਸੇ ਨੂੰ ਮਾਰ ਦਿੰਦੇ ਤੇ ਕਿਸੇ ਨੂੰ ਲੁੱਟ ਖੋਹ ਕੇ ਬਖ਼ਸ਼ ਦਿੰਦੇ। ਪੁਲਿਸ ਡਰਦੀ ਠਾਣਿਆਂ `ਚੋਂ ਨਹੀਂ ਸੀ ਨਿਕਲਦੀ। ਕੁੱਤੇ ਵੀ ਨਹੀਂ ਸਨ ਭੌਂਕਦੇ। ਉੱਦਣ ਵੀ ਟਰੱਕ ਆਏ ਤੋਂ ਕੁੱਤੇ ਨਹੀਂ ਸਨ ਭੌਂਕੇ। ਅਸੀਂ ਬੱਲਬ ਦੀ ਮੱਧਮ ਲੋਅ ਵਿੱਚ ਇੱਕ ਦੂਜੇ ਵੱਲ ਵੇਖਿਆ ਪਰ ਖੌਫ਼ ਨਾਲ ਚੁੱਪ ਕਰ ਕੇ ਪਏ ਰਹੇ। ਉਡੀਕ ਕਰਨ ਲੱਗੇ ਕਿ ਹੁਣ ਪੌੜੀ ਲਾਉਣਗੇ ਤੇ ਛੱਤ ਉਤੋਂ ਦੀ ਉਤਰਨਗੇ। ਰਜਿਸਟਰੀ ਵੇਲੇ ਲਏ ਪੈਸਿਆਂ ਦਾ ਜ਼ਰੂਰ ਪਤਾ ਲੱਗ ਗਿਆ ਹੋਵੇਗਾ। ਅਗਲਿਆਂ ਦੇ ਬੰਦੇ ਤਸੀਲਾਂ ਵਿੱਚ ਵੀ ਛੱਡੇ ਹੁੰਦੇ ਐ। ਹੁਣ ਕਿਵੇਂ ਬਚੀਏ?

ਬੰਤ ਜਕੋਤਕੇ ਵਿੱਚ ਕੈਨੇਡਾ ਤੋਂ ਆਇਆ ਸੀ। ਘਰ ਦੇ ਆਉਣ ਨਹੀਂ ਸਨ ਦਿੰਦੇ ਕਿ ਪੰਜਾਬ ਵਿੱਚ ਤਾਂ ਕੇਸਾਂ ਵਾਲਿਆਂ ਦੀ ਵੀ ਖ਼ੈਰ ਨਹੀਂ, ਉਹਦਾ ਤਾਂ ਸਿਰ ਵੀ ਮੁੰਨਿਆ ਹੋਇਆ ਸੀ। ਮੁੰਨੇ ਸਿਰ ਵਾਲੇ ਨੂੰ ਤਾਂ ਅਗਲੇ ਭਾਲਦੇ ਫਿਰਦੇ ਸਨ ਤੇ ਬੱਸਾਂ `ਚੋਂ ਲਾਹ ਕੇ ਮਾਰ ਦਿੰਦੇ ਸਨ। ਬੰਤ ਨੇ ਜ਼ਮੀਨ ਵੇਚਣੀ ਸੀ ਤੇ ਪੈਸੇ ਲੈ ਕੇ ਪੰਜਾਂ ਸੱਤਾਂ ਦਿਨਾਂ ਵਿੱਚ ਵਾਪਸ ਮੁੜ ਜਾਣਾ ਸੀ। ਬਾਹਰ ਨਿਕਲਣ ਵੇਲੇ ਬਚਾਅ ਲਈ ਉਹ ਸਿਰ ਦੁਆਲੇ ਕੇਸਰੀ ਪਰਨਾ ਵਲ੍ਹੇਟਣ ਲੱਗ ਪਿਆ ਸੀ। ਪਰ ਹੁਣ ਤਾਂ ਕੇਸਰੀ ਪਰਨਾ ਵੀ ਕਿਸੇ ਕੰਮ ਨਹੀਂ ਸੀ ਆਉਣਾ। ਅਗਲਿਆਂ ਨੇ ਕਹਿਣਾ ਸੀ ਪਖੰਡ ਕਰਦੈ। ਰਾਤੀਂ ਸੌਣ ਲੱਗੇ ਅਸੀਂ ਹੱਸਦੇ ਰਹੇ ਸਾਂ ਕਿ ਖਾੜਕੂਆਂ ਦੇ ਅੜਿੱਕੇ ਆ ਗਏ ਤਾਂ ਮੈਂ ਕੇਸ ਦਾੜ੍ਹੀ ਨਾਲ ਬਚ ਜਾਵਾਂਗਾ ਪਰ ਉਹ ਘੋਨੇ ਸਿਰ ਨਾਲ ਰਗੜਿਆ ਜਾਵੇਗਾ। ਉਦੋਂ ਕੀ ਪਤਾ ਸੀ ਕਿ ਹੋਰ ਦੋ ਘੰਟਿਆਂ ਤਕ ਇਹੋ ਕੁੱਝ ਹੋਣ ਵਾਲਾ ਸੀ। ਹੋਣੀ ਸਿਰ `ਤੇ ਆ ਪਹੁੰਚੀ ਸੀ।

ਬੰਤ ਜਦੋਂ ਰੰਗ `ਚ ਹੁੰਦਾ ਤਾਂ ਆਪਣੀ ਇੱਕ ਸਾਖੀ ਆਮ ਸੁਣਾਇਆ ਕਰਦਾ ਸੀ। ਕੈਨੇਡਾ ਤੋਂ ਆ ਕੇ ਇੱਕ ਵਾਰ ਉਹ ਬਾਘੇ ਪੁਰਾਣੇ ਦੇ ਬੱਸ ਅੱਡੇ `ਚ ਖੜ੍ਹਾ ਸੀ। ਮੋਟੇ ਤਾਜ਼ੇ ਜੁੱਸੇ ਤੇ ਵਾਹੇ ਸੁਆਰੇ ਪਟਿਆਂ ਨਾਲ ਉਹ ਰੱਜਿਆ ਪੁੱਜਿਆ ਸੇਠ ਲੱਗ ਰਿਹਾ ਸੀ। ਕੋਲ ਖੜ੍ਹੀ ਇੱਕ ਸਵਾਰੀ ਨੇ ਪੁੱਛ ਲਿਆ, “ਲਾਲਾ ਜੀ ਕਿਥੇ ਜਾਣੈ?” ਬੰਤ ਕਹਿਣ ਲੱਗਾ, “ਇਹ ਤਾਂ ਮੈਨੂੰ ਵੀ ਪਤਾ ਨੀ ਬਈ ਮੈਂ ਕਿਥੇ ਜਾਣੈ?” ਸਵਾਰੀ ਹੈਰਾਨ ਹੋਈ ਕਹਿਣ ਲੱਗੀ, “ਭਾਈ ਸਾਹਿਬ, ਬੱਸ ਅੱਡੇ `ਚ ਖੜ੍ਹੇ ਓਂ। ਇਹ ਕਿਵੇਂ ਹੋ ਸਕਦੈ ਕਿ ਪਤਾ ਨਾ ਹੋਵੇ ਬਈ ਕਿਥੇ ਜਾਣੈ?”

ਬੰਤ ਨੂੰ ਦੱਸਣਾ ਪਿਆ, “ਗੱਲ ਇਓਂ ਐਂ। ਜੇ ਕੋਟਕਪੂਰੇ ਤੋਂ ਬੱਸ ਆਗੀ ਤਾਂ ਮੈਂ ਉਹਦੇ `ਤੇ ਚੜ੍ਹ-ਜੂੰ ਤੇ ਰਾਤ ਮੋਗੇ ਜਾ ਕੱਟੂੰ। ਜੇ ਮੋਗੇ ਤੋਂ ਆਗੀ ਤਾਂ ਪੰਜਗਰਾਂਈਏਂ ਜਾ ਰਹੂੰ। ਜੇ ਖੁਦਾ ਨਾ ਖਾਸਤਾ ਨਿਹਾਲੇਆਲੇ ਜਾਣ ਨੂੰ ਆਗੀ ਤਾਂ ਆਪਣੇ ਸਹੁਰੀਂ ਨੰਗਲ ਜਾ ਰਾਤ ਕੱਟੂੰ। ਸਕੀਰੀਆਂ ਆਪਣੀਆਂ ਸਾਰੇ ਪਾਸੀਂ ਆ।” ਸਵਾਰੀ ਨੇ ਕਿਹਾ, “ਰਾਤ ਈ ਕੱਟਣੀ ਐਂ ਤਾਂ ਮੇਰੇ ਨਾਲ ਈ ਚਲਿਆ ਚੱਲ। ਨਾਲੇ ਖਾਵਾਂ ਪੀਵਾਂਗੇ ਨਾਲੇ ਗੱਲਾਂ ਕਰਾਂਗੇ।”

ਬੰਤ ਦਾ ਪਹਿਲਾਂ ਹੀ ਪਊਆ ਲਾਇਆ ਹੋਇਆ ਸੀ। ਉਹ ਕਹਿਣ ਲੱਗਾ, “ਗੱਲ ਤਾਂ ਤੇਰੀ ਠੀਕ ਐ। ਮੈਂ ਤੇਰੇ ਨਾਲ ਈ ਤੁਰ ਪੈਂਦਾ ਜੇ ਮੈਂ ਤੈਨੂੰ ਜਾਣਦਾ ਹੁੰਦਾ ਤੇ ਤੂੰ ਮੈਨੂੰ ਜਾਣਦਾ ਹੁੰਦਾ। ਹੁਣ ਤਾਂ ਆਪਾਂ ਦੋਹੇਂ ਈ ਘਾਟੇ `ਚ ਰਹਾਂਗੇ।” ਸਵਾਰੀ ਪੁੱਛਣ ਲੱਗੀ, “ਉਹ ਕਿਵੇਂ?” ਬੰਤ ਦੱਸਣ ਲੱਗਾ, “ਜੇ ਮੈਂ ਤੇਰੇ ਨਾਲ ਤੁਰ ਪਵਾਂ ਤਾਂ ਤੂੰ ਮੈਨੂੰ ਪਿਆਵੇਂਗਾ, ਖੁਆਵੇਂਗਾ ਤੇ ਸੁਆਵੇਂਗਾ। ਸੌਂ ਕੇ ਜਦੋਂ ਮੈਂ ਘੁਰਾੜੇ ਮਾਰਨ ਲੱਗਾ ਤਾਂ ਤੇਰੇ ਮਨ `ਚ ਆਊ ਬਈ ਸੇਠ ਦੇ ਝੋਲੇ ਵਿੱਚ ਪਤਾ ਨੀ ਕਿੰਨਾ ਕੁ ਮਾਲ ਹੋਊ? ਤੇਰੇ ਮਨ `ਚ ਲਾਲਚ ਆ-ਜੂ। ਸੁੱਤੇ ਪਏ ਬੰਦੇ ਨੂੰ ਮਾਰਨ ਦਾ ਕੀ ਐ? ਤੂੰ ਕੋਈ ਤਿੱਖੀ ਚੀਜ਼ ਚੱਕੇਂਗਾ ਤੇ ਢਿੱਡ `ਚ ਖੁਭੋ ਕੇ ਮੈਨੂੰ ਪਾਰ ਬੁਲਾਵੇਂਗਾ। ਝੋਲਾ ਫੋਲੇਂਗਾ ਤਾਂ ਵਿਚੋਂ ਨਿਕਲੂ ਪੌਣੀ ਬੋਤਲ ਤੇ ਇੱਕ ਕੁੜਤਾ ਪਜਾਮਾ। ਉਹ ਵੀ ਤੇਰੇ ਮੇਚ ਨੀ ਆਉਣੇ। ਹੁਣ ਮੇਰਾ ਭਾਰ ਕੁਇੰਟਲ ਤੋਂ ਉਤੇ ਐ। ਲਾਸ਼ ਕਹਿੰਦੇ ਹੋਰ ਵੀ ਭਾਰੀ ਹੋ ਜਾਂਦੀ ਐ। ਉਹ ਤੈਥੋਂ `ਕੱਲੇ ਤੋਂ ਬਿਲੇ ਨੀ ਲੱਗਣੀ। ਮੇਰੀ ਜਾਨ ਜਾਂਦੀ ਰਹੂ ਤੇ ਤੈਨੂੰ ਫਾਂਸੀ ਲੱਗੂ …।” ਤਦ ਤਕ ਮੋਗੇ ਨੂੰ ਜਾਣ ਵਾਲੀ ਬੱਸ ਆ ਗਈ। ਉਹ ਸਵਾਰੀ ਨੂੰ ਕਹਿਣ ਲੱਗਾ, “ਤੂੰ ਪੁੱਛਿਆ ਸੀ ਬਈ ਮੈਂ ਕਿਥੇ ਜਾਣਾ? ਲੈ ਹੁਣ ਮੈਂ ਦੱਸ ਦਿੰਨਾਂ ਬਈ ਮੈਂ ਮੋਗੇ ਚੱਲਿਐਂ।”

ਉੱਦਣ ਤਾਂ ਝੋਲੇ ਵਿੱਚ ਪੌਣੀ ਬੋਤਲ ਹੀ ਸੀ ਪਰ ਅੱਜ ਤਾਂ ਝੋਲਾ ਨੋਟਾਂ ਨਾਲ ਭਰਿਆ ਹੋਇਆ ਸੀ। ਹੱਸ ਹੱਸ ਗੱਲਾਂ ਕਰਨ ਵਾਲਿਆਂ ਦੇ ਸਾਡੇ ਸਾਹ ਸੂਤੇ ਗਏ ਸਨ। ਮੌਤ ਬੂਹੇ ਉਤੇ ਖੜ੍ਹੀ ਸੀ। ਤਦੇ ਟਰੱਕ ਫਿਰ ਸਟਾਰਟ ਹੋਇਆ, ਬੱਤੀਆਂ ਫਿਰ ਜਗੀਆਂ ਤੇ ਉਹ ਜਿਧਰੋਂ ਆਇਆ ਸੀ ਉਧਰ ਈ ਮੁੜ ਗਿਆ। ਜਿਵੇਂ ਜਰਨੈਲ ਸਿੰਘ ਹਲਵਾਰੇ ਦੀ ਚਿੱਠੀ ਨਕਲੀ ਨਿਕਲ ਜਾਣ ਕਰਕੇ ਮੇਰੀ ਜਾਨ ਵਿੱਚ ਜਾਨ ਆਈ ਸੀ ਉਵੇਂ ਅੱਧੀ ਰਾਤੀਂ ਟਰੱਕ ਮੁੜ ਜਾਣ ਉਤੇ ਬੰਤ ਦਾ ਹਾਸਾ ਫਿਰ ਪਰਤ ਆਇਆ ਸੀ। ਜਾਹ ਜਾਂਦੀ ਹੋਣੋ ਬਚ ਗਈ ਸੀ ਤੇ ਬੰਤ ਬਾਘੇ ਪੁਰਾਣੇ ਦੇ ਬੱਸ ਅੱਡੇ ਵਾਲੀ ਸਾਖੀ ਫਿਰ ਸੁਣਾਉਣ ਲੱਗ ਪਿਆ ਸੀ।

Additional Info

  • Writings Type:: A single wirting
Read 1283 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।