ਲੇਖ਼ਕ

Wednesday, 14 October 2009 18:11

55 - ਮੇਰੀ ਜੀਵਨ ਗਾਥਾ ਦਾ ਆਖ਼ਰੀ ਕਾਂਡ

Written by
Rate this item
(0 votes)

ਦੁਖ ਸੁਖ ਧੁਰੋਂ ਬੰਦੇ ਦੇ ਨਾਲ ਨੇ। ਕੋਈ ਨਹੀਂ ਹੋਵੇਗਾ ਜਿਸ ਨੂੰ ਇਨ੍ਹਾਂ ਦਾ ਅਨੁਭਵ ਨਾ ਹੋਵੇ। ਖ਼ੁਸ਼ੀ ਨਾ ਹੋਵੇ, ਗ਼ਮ ਨਾ ਹੋਵੇ। ਮਿਲਿਆ ਨਾ ਹੋਵੇ ਤੇ ਵਿਛੜਿਆ ਨਾ ਹੋਵੇ। ਮੇਲ ਵਿਛੋੜਿਆਂ ਦੀਆਂ ਕਹਾਣੀਆਂ ਨਾਲ ਸਾਹਿਤ ਦੇ ਖ਼ਜ਼ਾਨੇ ਭਰੇ ਪਏ ਨੇ। ਇਸ ਕਲਮਕਾਰ ਦੇ ਬਹੁਤ ਸਾਰੇ ਸੱਜਣ ਮਿੱਤਰ ਤੇ ਸਾਕ ਸੰਬੰਧੀ ਵਿਛੜ ਗਏ ਨੇ ਤੇ ਇੱਕ ਦਿਨ ਇਹਨੇ ਵੀ ਵਿਛੜ ਜਾਣਾ ਹੈ। ਮੈਂ ਤਾਂ ਵਿੱਛੜ ਜਾਵਾਂਗਾ ਪਰ ਮੇਰੀਆਂ ਲਿਖਤਾਂ ਫਿਰ ਵੀ ਹੋਣਗੀਆਂ ਜਿਨ੍ਹਾਂ ਵਿੱਚ ਦੀ ਮੈਂ ਆਪਣੀਆਂ ਬਾਤਾਂ ਪਾਉਂਦਾ ਰਹਾਂਗਾ। ਮੇਰੀ ਇਹ ਜੀਵਨ ਗਾਥਾ ਇਥੇ ਹੀ ਰਹਿ ਜਾਵੇਗੀ। ਲੇਖਕ ਇਸ ਗੱਲੋਂ ਚਿਰਜੀਵੀ ਹਨ। ਉਹ ਸਰੀਰਕ ਤੌਰ `ਤੇ ਭਾਵੇਂ ਅਲੋਪ ਹੋ ਜਾਂਦੇ ਹਨ ਪਰ ਆਪਣੀਆਂ ਕਿਤਾਬਾਂ ਰਾਹੀਂ ਪਾਠਕਾਂ ਦੇ ਹਮੇਸ਼ਾਂ ਹੀ ਰੂਬਰੂ ਹੋਏ ਰਹਿੰਦੇ ਹਨ।

ਵੱਸਦੇ ਰਸਦੇ ਜਹਾਨ ਨੂੰ ਹਾਸ਼ਮ ਸ਼ਾਹ ਨੇ ‘ਮੁਸਾਫ਼ਰਖਾਨਾ’ ਕਿਹਾ ਹੈ:

-ਇਕਸੇ ਤਾਰ ਬਹਾਰ ਨਾ ਰਹਿੰਦੀ, ਨਹੀਂ ਇਕਸੇ ਤੋਰ ਜ਼ਮਾਨਾ

ਹਰ ਦਿਨ ਚਾਲ ਨਹੀਂ ਅਲਬੇਲੀ, ਨਹੀਂ ਹਰ ਦਮ ਜ਼ੋਰ ਜਵਾਨਾ

ਰੋਵਣ ਸੋਗ ਹਮੇਸ਼ ਨਾ ਹੋਵੇ, ਨਹੀਂ ਨਿੱਤ ਨਿੱਤ ਰਾਗ ਸੁਹਾਨਾ

ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖਾਨਾ।

ਮੁਸਾਫ਼ਰਾਂ ਦੀ ਇਸ ਸਰਾਂ ਵਿੱਚ ਕੋਈ ਆ ਰਿਹੈ ਤੇ ਕੋਈ ਜਾ ਰਿਹੈ। ਸਰਾਂ ਵਸ ਰਹੀ ਹੈ। ਕਰਨੈਲ ਸਿੰਘ ਪਾਰਸ ਹੋਰਾਂ ਦਾ ਇੱਕ ਰਿਕਾਰਡ ਬੜਾ ਚੱਲਿਆ ਸੀ-ਹੈ ਆਉਣ ਜਾਣ ਬਣਿਆ ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ। ਉਹਦੀ ਇੱਕ ਹੋਰ ਕਵੀਸ਼ਰੀ ਬੜੀ ਮਸ਼ਹੂਰ ਹੈ-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਬਰੈਂਪਟਨ ਵਿੱਚ ਬੈਠਿਆਂ ਇੱਕ ਸ਼ਾਮ ਉਸ ਨੇ ਮੈਨੂੰ ਦੱਸਿਆ ਸੀ ਕਿ ਇੱਕ ਵਾਰ ਉਨ੍ਹਾਂ ਦਾ ਜਥਾ ਬਠਿੰਡੇ ਦੇ ਰੇਲਵੇ ਸਟੇਸ਼ਨ `ਤੇ ਗੱਡੀ ਉਡੀਕ ਰਿਹਾ ਸੀ। ਗੱਡੀ ਆਈ ਤਾਂ ਕੁੱਝ ਸਵਾਰੀਆਂ ਉਤਰੀਆਂ ਤੇ ਕੁੱਝ ਚੜ੍ਹੀਆਂ। ਪਾਰਸ ਨੇ ਵੇਖਿਆ ਗੱਡੀ ਚੜ੍ਹਦਿਆਂ ਇੱਕ ਜਾਨੀ ਦੀ ਡੱਬ `ਚੋਂ ਬੋਤਲ ਡਿੱਗ ਪਈ ਤੇ ਮਕਾਣ ਚੱਲੀ ਮਾਈ ਦਾ ਘੱਗਰਾ ਡਿੱਗ ਪਿਆ। ਉਸ ਨੇ ਛੰਦ ਜੋੜਿਆ:

-ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ …

ਘਰ ਨੂੰਹ ਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ,

ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ,

ਕਿਤੇ ਜ਼ੋਰ ਮਕਾਣਾਂ ਦਾ, ਕਿਧਰੇ ਵਿਆਹ ਮੰਗਣੇ ਮੁਕਲਾਵੇ,

ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ …।

ਬਚਪਨ ਵਿੱਚ ਮੈਂ ਸਾਧੂ ਦਇਆ ਸਿੰਘ ਆਰਿਫ਼ ਦਾ ਕਿੱਸਾ ਜ਼ਿੰਦਗੀ ਬਿਲਾਸ ਬੜੇ ਸ਼ੌਕ ਨਾਲ ਪੜ੍ਹਿਆ ਕਰਦਾ ਸਾਂ। ਡੰਗਰ ਚਾਰਦੇ ਪਾਲੀ ਮੁੰਡੇ ਜਦੋਂ ਟਾਹਲੀਆਂ ਤੇ ਬੋਹੜਾਂ ਦੀ ਛਾਵੇਂ ਬਹਿੰਦੇ ਜਾਂ ਅਸੀਂ ਰਾਤਾਂ ਨੂੰ `ਕੱਠੇ ਪੜ੍ਹ ਰਹੇ ਹੁੰਦੇ ਤਾਂ ਕਿੱਸਿਆਂ ਦੇ ਬੈਂਤ, ਬੋਲੀਆਂ, ਕਬਿੱਤ ਤੇ ਕੋਰੜੇ ਛੰਦ ਸੁਣਾਉਣ ਲੱਗਦੇ। ਯਾਦ ਆਉਂਦੇ ਨੇ ਕੁੱਝ ਬੋਲ:

-ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ, ਬਗਲਾ ਭਗਤ ਚੱਕ ਲਿਆਵੇ ਡੱਡ ਨੂੰ,

ਕੱਸੀ ਉਤੇ ਬੈਠ ਕੇ ਕਬਿੱਤ ਜੋੜਦਾ, ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ?

ਪਤਾ ਨਹੀਂ ਉਹ ਪਾਲੀ ਮੁੰਡੇ ਕਿਧਰ ਚਲੇ ਗਏ? ਤੇ ਮੇਰੇ ਨਾਲ ਪੜ੍ਹਨ ਵਾਲੇ ਜਮਾਤੀ ਵੀ ਨਹੀਂ ਰਹੇ। ਉਹ ਸਮੇਂ ਦੀ ਧੂੜ ਵਿੱਚ ਗੁਆਚ ਗਏ ਨੇ। ਮੇਰੇ ਨਾਲ ਮਾਲ ਚਾਰਨ ਵਾਲੇ ਪਾਲੀਆਂ ਦੀਆਂ ਹਾਕਾਂ ਦਾ ਜ਼ਮਾਨਾ ਲੱਦ ਗਿਆ ਹੈ। ਚਾਰ ਚੁਫੇਰੇ ਸੈੱਲ ਫੋਨਾਂ ਦੀਆਂ ਘੰਟੀਆਂ ਵੱਜਣ ਲੱਗ ਪਈਆਂ ਨੇ। ਵਕਤ ਬਹੁਤ ਬਦਲ ਗਿਆ ਹੈ। ਇਹਨੇ ਬਦਲਦੇ ਹੀ ਜਾਣਾ ਹੈ। ਜ਼ਿੰਦਗੀ ਬਿਲਾਸ ਦੀਆਂ ਕੁੱਝ ਭੁੱਲੀਆਂ ਵਿਸਰੀਆਂ ਸਤਰਾਂ ਯਾਦ ਆ ਰਹੀਆਂ ਨੇ:

-ਉੱਨੀ ਸਾਲ ਵਿੱਚ ਊਤ ਨਾ ਸੋਚਿਆ ਤੈਂ ਸਦਾ ਨਹੀਂ ਜੇ ਹੁਸਨ ਦੀ ਝੜੀ ਰਹਿਣੀ,

ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ,

ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ ਬੱਘੀ ਵਿੱਚ ਤਬੇਲੇ ਦੇ ਖੜ੍ਹੀ ਰਹਿਣੀ,

ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ।

ਇਹ ਸੱਚ ਹੈ ਕਿ ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਹੈ। ਪਰ ਇਹ ਵੀ ਸੱਚ ਹੈ ਕਿ ਜਦ ਤਕ ਡੋਰ ਹੈ ਤਦ ਤਕ ਗੁੱਡੀ ਚੜ੍ਹੀ ਰਹਿਣੀ ਹੈ। ਹੁਸਨ ਫਿਰ ਵੀ ਹੁਸਨ ਹੈ, ਬੇਸ਼ਕ ਇਹਨੇ ਸਦਾ ਨਹੀਂ ਰਹਿਣਾ। ਦੌਲਤ ਵਰਤਣ ਵਾਲੀ ਵਸਤੂ ਹੈ, ਵਰਤੀ ਗਈ ਤਾਂ ਵਰਤੀ ਗਈ, ਨਹੀਂ ਜ਼ਮੀਨ ਵਿੱਚ ਤਾਂ ਪਈ ਹੀ ਰਹਿਣੀ ਹੈ। ਬੱਘੀਆਂ ਸੈਰ ਲਈ ਹਨ, ਨਹੀਂ ਤਬੇਲੇ ਵਿੱਚ ਤਾਂ ਖੜ੍ਹੀਆਂ ਹੀ ਹਨ। ਦਇਆ ਸਿੰਘ, ਸਾਧੂ ਹੋ ਕੇ ਵੀ ਕਹਿ ਰਿਹੈ-ਹੁਣ ਨੂੰ ਮਾਣ ਲੈ, ਇਹ ਮੁੜ ਕੇ ਨਹੀਂ ਮਿਲਣਾ। ਬੜਾ ਵੱਡਾ ਸਬਕ ਹੈ ਇਹ। ਜਿਹੜੇ ਹੁਣ ਨੂੰ ਨਹੀਂ ਮਾਣਦੇ ਤੇ ਹੁਣ ਦੀ ਥਾਂ ਕਦੇ ਭੂਤ ਕਾਲ ਵਿੱਚ ਤੇ ਕਦੇ ਭਵਿੱਖ ਵਿੱਚ ਗੁਆਚੇ ਰਹਿੰਦੇ ਹਨ ਉਨ੍ਹਾਂ ਲਈ ਸੋਚਣ ਦੀ ਘੜੀ ਹੈ। ਬਥੇਰੇ ਹਨ ਜਿਹੜੇ ਜੀਵਨ `ਚ ਮਿਲ ਰਹੀਆਂ ਖੁਸ਼ੀਆਂ ਨੂੰ ਮਾਣਨ ਦੀ ਥਾਂ ਮੁਲਤਵੀ ਕਰਦੇ ਹੋਏ ਹੀ ਮਰ ਮੁੱਕ ਜਾਂਦੇ ਹਨ।

ਮਾਣਨ ਦਾ ਮਤਲਬ ਇਹ ਵੀ ਨਹੀਂ ਕਿ ਖਾਓ, ਪੀਓ ਤੇ ਐਸ਼ ਕਰੋ। ਸਤਰ ਧਿਆਨ ਮੰਗਦੀ ਹੈ-ਖਾ ਲੈ, ਖਰਚ ਲੈ, ਪੁੰਨ ਤੇ ਦਾਨ ਕਰ ਲੈ। ਹੋਰ ਵੀ ਸਪੱਸਟਤਾ ਨਾਲ ਕਿਹਾ ਜਾ ਸਕਦੈ, ਖਾਓ ਪੀਓ ਵੀ ਤੇ ਭਲੇ ਦੇ ਕੰਮ ਵੀ ਕਰੋ। ਘਾਲ ਖਾਏ ਕੁਛ ਹੱਥੋਂ ਦੇ ਦਾ ਉਪਦੇਸ਼ ਵੀ ਇਹੋ ਕਹਿੰਦੈ ਕਿ ਆਹਰੇ ਲੱਗੋ, ਹੁਣ ਨੂੰ ਮਾਣੋ ਤੇ ਵਾਧੂ ਨੂੰ ਲੋੜਵੰਦਾਂ ਵਿੱਚ ਵੰਡ ਲਓ। ਕਿਰਤ ਕਰੋ ਤੇ ਵੰਡ ਛਕੋ। ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ ਮੁਕਤੀ ਪ੍ਰਾਪਤ ਕਰੋ।

ਮਨੁੱਖ ਦੀ ਦੇਹ ਜ਼ਰੂਰ ਨਾਸ਼ਵਾਨ ਹੈ ਪਰ ਮਨੁੱਖ ਦਾ ਜੀਵਨ ਨਾਸ਼ਵਾਨ ਨਹੀਂ। ਮਨੁੱਖ ਦਾ ਜੀਵਨ ਵਿੱਚ ਵਿਸ਼ਵਾਸ ਬੱਝਿਆ ਰਹਿਣਾ ਚਾਹੀਦੈ। ਅਸਲ ਜੀਵਨ ਉਹੀ ਹੈ ਜਿਸ ਵਿੱਚ ਆਸ ਤੇ ਉਮੀਦ, ਉਤਸ਼ਾਹ ਤੇ ਉਮਾਹ ਕਾਇਮ ਰਹਿਣ ਅਤੇ ਚਾਵਾਂ ਤੇ ਖੇੜਿਆਂ ਨੂੰ ਸੋਕਾ ਨਾ ਆਵੇ। ਬੰਦਾ ਆਹਰੇ ਲੱਗਾ ਰਹੇ। ਸੰਘਰਸ਼ ਕਰਦਾ ਰਵ੍ਹੇ। ਉਹਦੇ ਰੁਝੇਵੇਂ ਨਾ ਮੁੱਕਣ। ਜੀਵਨ `ਚ ਭਰੋਸੇ ਨੂੰ ਪੱਕਿਆਂ ਕਰਨਾ, ਜੀਵਨ ਨੂੰ ਹੋਰ ਜਿਊਣਜੋਗ ਬਣਾਉਣਾ ਤੇ ਹਰ ਮੁਸ਼ਕਲ ਵਿੱਚ ਜਿਊਣ ਦਾ ਜੇਰਾ ਤੇ ਵੱਲ ਸਿਖਾਉਣਾ ਲੇਖਕਾਂ ਦੀ ਲਿਖਤ ਦਾ ਮੁੱਖ ਮਨੋਰਥ ਹੋਣਾ ਚਾਹੀਦੈ। ਦੁਖ-ਦਰਦ, ਬਿਰਹਾ-ਵਿਛੋੜੇ, ਮੁਸ਼ਕਲਾਂ-ਦੁਸ਼ਵਾਰੀਆਂ ਤੇ ਗ਼ਮੀਆਂ-ਉਦਾਸੀਆਂ ਭਲਾ ਕੀਹਦੇ ਜੀਵਨ ਵਿੱਚ ਨਹੀਂ ਆਉਂਦੀਆਂ? ਕਈ ਇਨ੍ਹਾਂ ਅੱਗੇ ਢੇਰੀਆਂ ਢਾਹ ਬਹਿੰਦੇ ਨੇ ਤੇ ਕਈ ਦਿਲ ਗੁਰਦੇ ਨਾਲ ਸਾਹਮਣਾ ਕਰਦੇ ਨੇ ਤੇ ਇਨ੍ਹਾਂ ਤੋਂ ਪਾਰ ਵੀ ਹੋ ਜਾਂਦੇ ਨੇ। ਨਾ ਦੁਖ ਸਦੀਵੀ ਹੁੰਦੇ ਨੇ ਤੇ ਨਾ ਸੁਖ ਸਦੀਵੀ ਰਹਿੰਦੇ ਨੇ। ਦੁਖ ਸੁਖ ਨੂੰ ਸਮ ਕਰ ਜਾਣਨ ਵਾਲੇ ਹੀ ਵਧੇਰੇ ਸੌਖੇ ਰਹਿੰਦੇ ਨੇ। ਹਮੇਸ਼ਾਂ ਰੋਣੇ ਰੋਈ ਜਾਂਦਿਆਂ ਦੀਆਂ ਉਮਰਾਂ ਸੌਖੀਆਂ ਨਹੀਂ ਲੰਘਦੀਆਂ। ਜਿਹੜੇ ਮੁਸ਼ਕਲਾਂ ਵਿੱਚ ਵੀ ਹੱਸ ਖੇਡ ਸਕਦੇ ਨੇ, ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਮਰਾਂ ਕਦੋਂ ਬੀਤ ਜਾਂਦੀਆਂ ਨੇ! ਉਨ੍ਹਾਂ ਨੂੰ ਤਾਂ ਬੁਢਾਪੇ ਦੀ ਚਿੰਤਾ ਵੀ ਨਹੀਂ ਸਤਾਉਂਦੀ।

ਜੇ ਮੈਂ ਆਪਣੇ ਵੱਲ ਵੇਖਾਂ ਤਾਂ ਉਮਰ ਭੱਜੀ ਜਾ ਰਹੀ ਹੈ ਪਰ ਕੰਮ ਵੀ ਅਜੇ ਬਹੁਤ ਪਏ ਨੇ। ਕਿਸੇ ਨੇ ਐਵੇਂ ਨਹੀਂ ਕਿਹਾ-ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ। ਕਵੀਸ਼ਰ ਕਰਨੈਲ ਸਿੰਘ ਪਾਰਸ ਇੱਕ ਦਿਨ ਕਹਿਣ ਲੱਗਾ, “ਜਦੋਂ ਮੌਤ ਆਏਗੀ ਤਾਂ ਮੈਂ ਉਹਦਾ ਮੁਸਕਰਾ ਕੇ ਸਵਾਗਤ ਕਰਾਂਗਾ। ਨਾਲ ਹੀ ਕਹਾਂਗਾ, ਮੈਨੂੰ ਰੇਡੀਓ ਤੋਂ ਆਉਂਦੀਆਂ ਖ਼ਬਰਾਂ ਸੁਣ ਲੈਣ ਦੇ, ਹੱਥ ਵਿਚਲਾ ਅਖ਼ਬਾਰ ਪੜ੍ਹ ਲੈਣ ਦੇ ਤੇ ਛੋਹੀ ਹੋਈ ਕਿਤਾਬ ਪੂਰੀ ਕਰ ਲੈਣ ਦੇ। ਫਿਰ ਲੈ ਜਾਈਂ ਜਿਥੇ ਲਿਜਾਣੈ, ਮੈਨੂੰ ਕੋਈ ਉਜਰ ਨਹੀਂ ਹੋਵੇਗਾ।”

ਮੈਨੂੰ ਕਿਸੇ ਨੇ ਸੁਆਲ ਪੁੱਛਿਆ ਸੀ, “ਬੁਢਾਪੇ ਬਾਰੇ ਕੀ ਸੋਚਦੇ ਓ?” ਮੇਰਾ ਜੁਆਬ ਸੀ, “ਬੁਢਾਪਾ ਮੌਤ ਵੱਲ ਵੱਲ ਵਧਦੀ ਅਵੱਸਥਾ ਦਾ ਨਾਂ ਹੈ। ਕਿਹਾ ਜਾਂਦੈ ਕਿ ਬੰਦਾ ਓਦੋਂ ਤਕ ਬੁੱਢਾ ਨਹੀਂ ਹੁੰਦਾ ਜਦੋਂ ਤਕ ਉਹ ਆਪਣੇ ਆਪ ਨੂੰ ਬੁੱਢਾ ਨਾ ਮੰਨਣ ਲੱਗ ਪਏ। ਮੈਂ ਆਪਣੇ ਆਪ ਨੂੰ ਅਜੇ ਬੁੱਢਾ ਨਹੀਂ ਮੰਨ ਰਿਹਾ ਤੇ ਆਹਰੇ ਲੱਗਾ ਹੋਇਆਂ। ਰਿਟਾਇਰ ਹੋਣ ਪਿੱਛੋਂ ਹਰ ਸਾਲ ਨਵੀਂ ਕਿਤਾਬ ਛਪਵਾ ਲੈਨਾਂ। ਖੇਡ ਮੇਲੇ ਵੇਖ ਰਿਹਾਂ ਤੇ ਨਿੱਕੇ ਮੋਟੇ ਕੰਮ ਕਰਦਾ ਅਖ਼ਬਾਰਾਂ ਰਸਾਲਿਆਂ ਨੂੰ ਆਰਟੀਕਲ ਭੇਜ ਰਿਹਾਂ। ਹੁਣ ਤਾਂ ‘ਖੇਡ ਸੰਸਾਰ’ ਨਾਂ ਦਾ ਸਚਿੱਤਰ ਮੈਗਜ਼ੀਨ ਵੀ ਸ਼ੁਰੂ ਕਰ ਲਿਐ ਜਿਸ ਦੇ ਪੰਜ ਅੰਕ ਨਿਕਲ ਚੁੱਕੇ ਨੇ। ਉਂਜ ਬੁਢਾਪੇ ਬਾਰੇ ਸੋਚਦਿਆਂ ਮੌਤ ਦਾ ਖਿਆਲ ਵੀ ਆ ਜਾਂਦੈ। ਮੈਂ ਏਨਾ ਬਹਾਦਰ ਨਹੀਂ ਕਿ ਮੌਤ ਤੋਂ ਨਾ ਡਰਾਂ। ਵੈਸੇ ਵੀ ਦੁਨੀਆ ਬੜੀ ਸੋਹਣੀ ਐਂ। ਸੱਚੀ ਗੱਲ ਤਾਂ ਇਹ ਐ ਕਿ ਦਿਲ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ। ਪਰ ਏਥੇ ਕੋਈ ਸਦਾ ਜੀਂਦਾ ਨਹੀਂ ਰਹਿ ਸਕਿਆ। ਇਹ ਕਾਇਆਂ ਇੱਕ ਦਿਨ ਫ਼ਨਾਂਹ ਹੋ ਜਾਣੀ ਐਂ। ਤਾਂ ਹੀ ਤਾਂ ਕਹੀਦੈ, ਕੋਈ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਉੱਡ ਜਾਣਾ ਓਏ ਬੱਦਲਾ ਧੁੰਦ ਦਿਆ …।”

ਜਦੋਂ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਹੁੰਦਾ ਹਾਂ ਤਾਂ ਸਵੇਰੇ ਉੱਠ ਕੇ ਅਖ਼ਬਾਰ ਲੈਣ ਚਲਾ ਜਾਂਦਾ ਹਾਂ। ਸਾਡੇ ਘਰ ਦੇ ਨੇੜੇ ਹੀ ਇੱਕ ਨਿੱਕੀ ਝੀਲ ਹੈ ਤੇ ਇੱਕ ਵੱਡੀ ਝੀਲ। ਨਿੱਕੀ ਝੀਲ ਦਾ ਚੱਕਰ ਛੇ ਸੌ ਮੀਟਰ ਦਾ ਹੈ ਤੇ ਪ੍ਰੋਫੈਸਰ ਲੇਕ ਨਾਂ ਦੀ ਵੱਡੀ ਝੀਲ ਦਾ ਗੇੜਾ ਤਿੰਨ ਕਿਲੋਮੀਟਰ ਤੋਂ ਉਤੇ ਹੈ। ਮੈਂ ਤਿੰਨ ਚਾਰ ਕਿਲੋਮੀਟਰ ਤੁਰ ਲੈਂਦਾ ਹਾਂ। ਪਾਣੀ ਵਿੱਚ ਬੱਤਖਾਂ ਤੈਰ ਰਹੀਆਂ ਹੁੰਦੀਆਂ ਹਨ ਤੇ ਉਪਰ ਕੂੰਜਾਂ ਉਡ ਰਹੀਆਂ ਹੁੰਦੀਆਂ ਹਨ। ਹਰੇ ਘਾਹ ਤੇ ਲਾਂਭ ਚਾਂਭ ਦੀ ਬਨਸਪਤੀ ਵਿੱਚ ਪੰਛੀ ਚਹਿਕ ਰਹੇ ਹੁੰਦੇ ਹਨ। ਸਵੇਰ ਦਾ ਸੋਨਰੰਗਾ ਸੂਰਜ ਉਗਮ ਰਿਹਾ ਹੁੰਦੈ ਤੇ ਉਹਦੀਆਂ ਸੁਨਹਿਰੀ ਕਿਰਨਾਂ ਝੀਲ ਦੀਆਂ ਛੱਲਾਂ `ਚ ਤੈਰਨ ਲੱਗਦੀਆਂ ਹਨ। ਮੇਰੀ ਕਲਪਨਾ ਨੂੰ ਖੰਭ ਲੱਗ ਜਾਂਦੇ ਹਨ। ਮੈਂ ਨਵਾਂ ਕੁੱਝ ਲਿਖਣ ਬਾਰੇ ਚਿਤਵਣ ਲੱਗ ਪੈਂਦਾ ਹਾਂ। ਮੇਰੀ ਘੰਟੇ ਕੁ ਦੀ ਸੈਰ ਵੀ ਹੋ ਜਾਂਦੀ ਹੈ ਤੇ ਟੋਰਾਂਟੋ ਦੇ ਦੋ ਰੋਜ਼ਾਨਾ ਪੰਜਾਬੀ ਅਖ਼ਬਾਰ ਵੀ ਪੜ੍ਹੇ ਜਾਂਦੇ ਹਨ। ਮਾੜੀ ਮੋਟੀ ਕਸਰਤ ਵੀ ਕਰ ਲਈਦੀ ਹੈ।

ਦਿਨੇ ਮੈਂ ਵਧੇਰੇ ਕਰ ਕੇ ਕੰਪਿਊਟਰ ਨਾਲ ਜੁੜਿਆ ਰਹਿੰਦਾ ਹਾਂ ਤੇ ਲਾਇਬ੍ਰੇਰੀ ਵੱਲ ਜਾ ਆਈਦਾ ਹੈ। ਸ਼ਾਮ ਨੂੰ ਪੰਜਾਬੀ ਬਾਬਿਆਂ ਦੀ ਸੱਥ ਜੁੜਦੀ ਹੈ। ਪੜ੍ਹਨ ਲਿਖਣ ਤੇ ਖੇਡ ਮੇਲਿਆਂ ਤੋਂ ਵਿਹਲਾ ਹੋਵਾਂ ਤਾਂ ਮੈਂ ਸੱਥ ਦੀ ਹਾਜ਼ਰੀ ਜ਼ਰੂਰ ਭਰਦਾਂ। ਉਥੇ ਭਾਂਤ ਸੁਭਾਂਤੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ `ਚੋਂ ਮੈਨੂੰ ਲਿਖਣ ਦਾ ਮਸਾਲਾ ਵੀ ਮਿਲਦਾ ਰਹਿੰਦੈ। ਵਿਦੇਸ਼ਾਂ `ਚ ਗਿਆ ਹਰ ਬੰਦਾ ਆਪਣੇ ਆਪ `ਚ ਇੱਕ ਕਹਾਣੀ ਹੈ ਤੇ ਕਈ ਪਰਿਵਾਰ ਤਾਂ ਪੂਰੇ ਦੇ ਪੂਰੇ ਨਾਵਲ ਹਨ। ਵਿਦੇਸ਼ਾਂ ਵਿੱਚ ਪਹੁੰਚਣ, ਰਹਿਣ ਤੇ ਜੜ੍ਹਾਂ ਲਾਉਣ ਲਈ ਉਨ੍ਹਾਂ ਨੇ ਜੋ ਜੋ ਪਾਪੜ ਵੇਲੇ ਤੇ ਸੰਘਰਸ਼ ਕੀਤਾ ਉਹ ਕਿਸੇ ਲੰਮੀ ਕਹਾਣੀ ਜਾਂ ਨਾਵਲ ਦਾ ਵਿਸ਼ਾ ਹੋ ਸਕਦੇ ਹਨ। ਬਾਬਿਆਂ ਦੀ ਪਰ੍ਹੇ `ਚ ਬੈਠਾ ਮੈਂ ਮਹਿਸੂਸ ਕਰਦਾਂ ਜਿਵੇਂ ਪਿੰਡ ਦੀ ਸੱਥ `ਚ ਬੈਠਾ ਹੋਵਾਂ।

ਅਸੀਂ ਆਮ ਕਰ ਕੇ ਅਪਰੈਲ ਦੇ ਮਹੀਨੇ ਕੈਨੇਡਾ ਜਾਂਦੇ ਹਾਂ ਤੇ ਨਵੰਬਰ ਦਸੰਬਰ ਵਿੱਚ ਪੰਜਾਬ ਪਰਤ ਆਉਂਦੇ ਹਾਂ। ਜਦੋਂ ਮੈਂ ਚਕਰ ਹੋਵਾਂ ਤਾਂ ਮੇਰੀ ਸਵੇਰ ਦੀ ਸੈਰ ਕਦੇ ਮੱਲ੍ਹੇ ਤੇ ਕਦੇ ਲੋਪੋਂ ਦੀ ਸੜਕ ਉਤੇ ਹੁੰਦੀ ਹੈ। ਕਦੇ ਖੇਤਾਂ ਦੀਆਂ ਪਹੀਆਂ `ਤੇ ਵੀ ਤੁਰ ਪੈਨਾਂ ਤੇ ਤ੍ਰੇਲ ਧੋਤੀਆਂ ਕਣਕਾਂ ਦੇ ਹਰੇ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਵੇਖਦਾਂ। ਉਨ੍ਹਾਂ ਤੁਪਕਿਆਂ ਵਿੱਚ ਚੜ੍ਹਦੇ ਸੂਰਜ ਦੀਆਂ ਕਿਰਨਾਂ ਨੇ ਅਨੇਕਾਂ ਰੰਗ ਭਰੇ ਹੁੰਦੇ ਨੇ। ਰੰਗਾਂ ਨੂੰ ਨਿਹਾਰਦਿਆਂ ਕੁਦਰਤ ਦੇ ਬਲਿਹਾਰੇ ਜਾਈਦੈ। ਥੋੜ੍ਹੀ ਥੋੜ੍ਹੀ ਵਿੱਥ ਉਤੇ ਬੰਬੀਆਂ ਦੀਆਂ ਧਾਰਾਂ ਚੱਲ ਰਹੀਆਂ ਹੁੰਦੀਐਂ ਜਿਹੜੀਆਂ ਜੀਵਨ ਦਾ ਰਾਗ ਅਲਾਪਦੀਆਂ ਜਾਪਦੀਐਂ। ਕਦੇ ਇਨ੍ਹਾਂ ਹੀ ਖੇਤਾਂ ਵਿੱਚ ਮੈਂ ਡੰਗਰ ਚਾਰਦਾ ਰਿਹਾ ਸਾਂ, ਪੱਠੇ ਵੱਢਦਾ ਰਿਹਾ ਸਾਂ ਤੇ ਫਿਰ ਕਾਮਿਆਂ ਦੀ ਰੋਟੀ ਲੈ ਕੇ ਜਾਂਦਾ ਰਿਹਾ ਸਾਂ। ਇਨ੍ਹਾਂ ਖੇਤਾਂ ਵਿੱਚ ਹੀ ਮੇਰੇ ਬਾਪੂ ਤੇ ਬਾਬੇ ਹੋਰੀਂ ਜੋਤਰੇ ਲਾਉਂਦੇ ਪੂਰੇ ਹੋ ਗਏ ਤੇ ਮੈਂ ਵੀ ਵਕਤ ਆਏ ਤੋਂ ਤੁਰ ਜਾਣਾ ਹੈ।

ਮੈਂ ਆਪਣੀ ਪੁਸਤਕ ‘ਫੇਰੀ ਵਤਨਾਂ ਦੀ’ ਵਿੱਚ ਲਿਖਿਆ ਕਿ ਜਦੋਂ ਮੈਂ ਕੈਨੇਡਾ ਤੋਂ ਆਪਣੇ ਪਿੰਡ ਜਾ ਕੇ ਰਾਤ ਕੱਟਦਾ ਤਾਂ ਗੁਰਦਵਾਰੇ ਦਾ ਲਾਊਡ ਸਪੀਕਰ ਮੈਨੂੰ ਤੜਕੇ ਤਿੰਨ ਵਜੇ ਜਗਾ ਦਿੰਦਾ ਤੇ ਫਿਰ ਸੌਣ ਨਾ ਦਿੰਦਾ। ਲਾਊਡ ਸਪੀਕਰ ਦਾ ਭਜਾਇਆ ਮੈਂ ਕਈ ਕਈ ਦਿਨ ਪਿੰਡ ਨਹੀਂ ਸਾਂ ਵੜਦਾ। ਪਰ 2006 ਵਿੱਚ ਉੱਚੇ ਬੋਲ ਬੁਲਾਰੇ ਤੋਂ ਮੌਜ ਰਹੀ। ਇਹ ਸੁਧਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਲਿਆਂਦਾ ਸੀ। ਲਾਊਡ ਸਪੀਕਰ ਤੜਕੇ ਚਾਰ ਵਜੇ ਭਜਨ ਬੰਦਗੀ ਦਾ ਸੱਦਾ ਦੇਣ ਪਿਛੋਂ ਚੁੱਪ ਹੋ ਜਾਂਦਾ ਸੀ। ਮੈਂ ਜਾਗ ਕੇ ਪੜ੍ਹਨ ਲੱਗ ਪੈਂਦਾ ਸਾਂ। ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ `ਚ ਸੁਫ਼ਨੇ ਲਈ ਜਾਂਦਾ। ਕਿਸੇ ਦਿਨ ਮੈਂ ਪਹਿਲੀ ਬੱਸ ਮੁਕੰਦਪੁਰ ਨੂੰ ਜਾਣ ਲਈ ਤਿਆਰ ਹੋ ਬਹਿੰਦਾ। ਵਿਹੜੇ `ਚ ਨਿਕਲਦਾ ਤਾਂ ਬਾਹਰ ਚਿੜੀਆਂ ਚੂਕਦੀਆਂ ਸੁਣਦਾ। ਪਹੁਫੁਟਾਲੇ ਦੀ ਲੋਅ ਵਿੱਚ ਬੱਸ ਅੱਡੇ ਵੱਲ ਜਾਂਦਿਆਂ ਵਾਰਸ ਦੀਆਂ ਤੁਕਾਂ ਯਾਦ ਆ ਜਾਂਦੀਆਂ:

-ਚਿੜੀ ਚੂਕਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਦੁੱਧਾਂ ਦੇ ਵਿੱਚ ਮਧਾਣੀਆਂ ਨੀ।

ਹੋਈ ਸੁਬਹਾ ਸਾਦਿਕ ਜਦੋਂ ਆਣ ਰੌਸ਼ਨ, ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।

ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ, ਸੈਆਂ ਭੂਈਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।

ਘਰਬਾਰਨਾਂ ਚੱਕੀਆਂ ਝੋਤੀਆਂ ਨੀ, ਜਿਨ੍ਹਾਂ ਤਉਣਾ ਗੁੰਨ੍ਹ ਪਕਾਣੀਆਂ ਨੀ।

ਕਾਰੋਬਾਰ ਵਿੱਚ ਹੋਇਆ ਜਹਾਨ ਸਾਰਾ, ਚਰਖੇ ਕੱਤਦੀਆਂ ਉੱਠ ਸਵਾਣੀਆਂ ਨੀ …।

ਕਿਆ ਨਜ਼ਾਰਾ ਬੰਨ੍ਹਿਆ ਏ ਵਾਰਸ ਸ਼ਾਹ ਨੇ! ਪਰ ਪੰਜਾਬ ਦਾ ਮਾਹੌਲ ਹੁਣ ਬਹੁਤ ਬਦਲ ਗਿਆ ਹੈ। ਹੁਣ ਹਾਲੀਆਂ ਦੀਆਂ ਜੋਗਾਂ ਬੀਹੀਆਂ ਵਿੱਚ ਨਹੀਂ ਨਿਕਲਦੀਆਂ ਤੇ ਨਾ ਸਵਾਣੀਆਂ ਈ ਚਰਖੇ ਕੱਤਦੀਆਂ ਨੇ। ਜਦ ਮੈਂ ਬਾਹਰ ਨਿਕਲਦਾ ਤਾਂ ਸਿਆਲ ਦਾ ਸਵੇਰਾ ਹਾਲੇ ਉਂਘਲਾਅ ਰਿਹਾ ਹੁੰਦਾ। ਕਿਤੇ ਕਿਤੇ ਬਿਜਲੀ ਦੀਆਂ ਬੱਤੀਆਂ ਦਾ ਨਿਮ੍ਹਾ ਨਿਮ੍ਹਾ ਚਾਨਣ ਦਿਸਦਾ। ਬੱਸ ਅੱਡੇ ਵਿੱਚ ਪੰਜ ਸੱਤ ਸਵਾਰੀਆਂ ਲੋਈਆਂ ਤੇ ਕੰਬਲਾਂ ਦੀਆਂ ਬੁਕਲਾਂ ਮਾਰੀ ਖੜ੍ਹੀਆਂ ਹੁੰਦੀਆਂ। ਬੀਹੀਆਂ ਵਿੱਚ ਕੁੱਤੇ ਭੌਂਕਦੇ ਸੁਣਦੇ। ਮੈਂ ਮਨ ਵਿੱਚ ਆਪਣੇ ਪਿੰਡ ਦੇ ਸਵੇਰੇ ਦੀ ਬਰੈਂਪਟਨ ਦੇ ਸਵੇਰੇ ਨਾਲ ਤੁਲਨਾ ਕਰਦਾ ਜਿਥੇ ਕੋਈ ਕੁੱਤਾ ਤਾਂ ਨਾ ਭੌਂਕਦਾ ਪਰ ਸੜਕਾਂ ਦੀਆਂ ਸਾਰੀਆਂ ਲੇਨਾਂ ਕੰਮਾਂ ਕਾਰਾਂ `ਤੇ ਚੱਲੇ ਕਾਮਿਆਂ ਦੀਆਂ ਕਾਰਾਂ ਨਾਲ ਭਰੀਆਂ ਜਾਂਦੀਆਂ। ਤੇਜ਼ ਦੌੜਦੀਆਂ ਕਾਰਾਂ ਦਾ ਸ਼ੁਕਾਟ ਪਿਆ ਹੁੰਦਾ। ਦੁਨੀਆ ਭੱਜੀ ਜਾਂਦੀ ਦਿਸਦੀ ਜਿਵੇਂ ਕਿਤੇ ਅੱਗ ਲੱਗੀ ਹੋਵੇ! ਏਨੇ ਨੂੰ ਨਿਹਾਲ ਸਿੰਘ ਵਾਲੇ ਤੋਂ ਚੰਡੀਗੜ੍ਹ ਨੂੰ ਚੱਲੀ ਬੱਸ ਦਾ ਹਾਰਨ ਵੱਜਦਾ ਤੇ ਪਤਾ ਲੱਗ ਜਾਂਦਾ ਕਿ ਬੱਸ, ਅੱਡੇ ਉਤੇ ਪਹੁੰਚ ਰਹੀ ਹੈ। ਧੁੰਦ ਵਿੱਚ ਜਗਦੀਆਂ ਉਹਦੀਆਂ ਪੀਲੀਆਂ ਬੱਤੀਆਂ ਮਧਮ ਜਿਹੀਆਂ ਨਜ਼ਰੀ ਪੈਂਦੀਆਂ।

ਠਰਿਆ ਹੋਇਆ ਮੈਂ ਬੱਸ `ਚ ਬਹਿੰਦਾ ਤਾਂ ਨਿੱਘ ਆ ਜਾਂਦਾ। ਸਵੇਰਸਾਰ ਗੁਰਬਾਣੀ ਦੀ ਕੈਸਿਟ ਚੱਲ ਰਹੀ ਹੁੰਦੀ-ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਿਰ ਕਰੇ …। ਮੱਲ੍ਹਾ ਤੇ ਡੱਲਾ ਲੰਘਦਿਆਂ ਮੈਨੂੰ ਮੱਲ੍ਹੇ ਦਾ ਸਕੂਲ ਤੇ ਡੱਲੇ ਦੀ ਦੈੜ ਯਾਦ ਆਉਂਦੀ ਤੇ ਮੈਂ ਬਚਪਨ ਦੀਆਂ ਯਾਦਾਂ `ਚ ਖੋ ਜਾਂਦਾ। ਨਹਿਰ ਦਾ ਪੁਲ ਤੇ ਕੌਂਕੇ ਲੰਘ ਕੇ ਬੱਸ ਜਰਨੈਲੀ ਸੜਕ `ਤੇ ਚੜ੍ਹਦੀ ਤਾਂ ਵਾਰਾਂ ਦਾ ਗਾਇਣ ਸ਼ੁਰੂ ਹੋ ਜਾਂਦਾ-ਕਦੋਂ ਚੜ੍ਹੇਂਗਾ ਪੰਜਾਬ ਦਿਆ ਸੂਰਜਾ, ਦੁਨੀਆ `ਤੇ ਫੇਰ ਮੁੜ ਕੇ …। ਜੋਸ਼ੀਲੀਆਂ ਵਾਰਾਂ ਸੁਣਦਿਆਂ ਮਨ ਉਮਾਹ ਤੇ ਉਤਸ਼ਾਹ ਨਾਲ ਭਰ ਜਾਂਦਾ ਤੇ ਸਾਰੰਗੀ ਦੀਆਂ ਧੁਨਾਂ ਲੂੰਅ ਕੰਡਿਆਈ ਜਾਂਦੀਆਂ। ਅੰਦਰੋਂ ਆਵਾਜ਼ ਆਉਂਦੀ-ਨਹੀਂ ਰੀਸਾਂ ਦੇਸ ਪੰਜਾਬ ਦੀਆਂ!

ਪੰਜਾਬ ਦੀ ਫੇਰੀ ਸਮੇਂ ਮੈਂ ਆਮ ਕਰ ਕੇ ਮੁਕੰਦਪੁਰ ਰਹਿੰਦਾ ਹਾਂ। ਉਥੇ ਸਾਡੇ ਪੁੱਤਰ ਨੇ ਆਪਣਾ ਘਰ ਉਸਾਰ ਲਿਆ ਹੈ ਕਿਉਂਕਿ ਉਨ੍ਹਾਂ ਨੇ ਲੰਮਾ ਸਮਾਂ ਉਥੇ ਹੀ ਨੌਕਰੀ ਕਰਨੀ ਹੈ। ਮੁਕੰਦਪੁਰ ਮੇਰਾ ਜੀਅ ਵੀ ਵੱਧ ਲੱਗਦੈ। ਉਥੇ ਲਾਇਬ੍ਰੇਰੀ ਹੈ, ਜਿਮਨੇਜ਼ੀਅਮ ਹੈ, ਖੇਡ ਮੈਦਾਨ ਹਨ ਤੇ ਪੜ੍ਹੇ ਲਿਖੇ ਬੰਦਿਆਂ ਦੀ ਸੰਗਤ ਹੈ। ਸਰਪੰਚ ਸਾਧੂ ਸਿੰਘ, ਗੁਰਚਰਨ ਸਿੰਘ ਸ਼ੇਰਗਿੱਲ, ਡਾ.ਅਮਰਜੀਤ ਸਿੰਘ ਤੇ ਮਹਿੰਦਰ ਸਿੰਘ ਸ਼ੋਕਰ ਹੋਰਾਂ ਦਾ ਗੁਆਂਢ ਮੱਥਾ ਹੈ। ਆਏ ਗਿਆਂ ਨਾਲ ਮੇਲ ਮਿਲਾਪ ਹੁੰਦਾ ਰਹਿੰਦੈ। ਪ੍ਰੋਫੈਸਰਾਂ ਨਾਲ ਬਚਨ ਬਿਲਾਸ ਕਰਨ ਦਾ ਮੌਕਾ ਮਿਲ ਜਾਂਦੈ। ਉਥੇ ਮਹਿਫ਼ਲਾਂ ਲੱਗਦੀਆਂ ਤੇ ਗੋਸ਼ਟੀਆਂ ਹੁੰਦੀਆਂ ਹਨ। ਕਾਲਜ ਵਿੱਚ ਸਮਾਗਮ ਹੁੰਦੇ ਰਹਿੰਦੇ ਹਨ। ਕਬੱਡੀ ਦਾ ਕੁਮੈਂਟੇਟਰ ਮੱਖਣ ਸਿੰਘ ਮੈਨੂੰ ਖੇਡ ਮੇਲਿਆਂ `ਚ ਲਈ ਫਿਰਦੈ। ਉਹ ਮੈਨੂੰ ਉਸਤਾਦਾਂ ਵਰਗਾ ਆਦਰ ਮਾਣ ਦਿੰਦੈ।

ਉਥੇ ਸੈਰ ਕਰਨ ਲਈ ਖੁੱਲ੍ਹੀਆਂ ਸੜਕਾਂ ਹਨ ਤੇ ਖਰੀਦਾਰੀ ਲਈ ਖੁੱਲ੍ਹਾ ਬਜ਼ਾਰ ਹੈ। ਮੁਕੰਦਪੁਰ ਵਿੱਚ ਹੁਣ ਸ਼ਹਿਰਾਂ ਵਰਗੀਆਂ ਹੀ ਸਹੂਲਤਾਂ ਹਨ। ਮੈਂ ਸੜਕ ਪੈ ਕੇ ਸਾਧੂ ਸਿੰਘ ਪਬਲਿਕ ਸਕੂਲ ਕੋਲੋਂ ਨਹਿਰ ਚੜ੍ਹ ਜਾਨਾਂ ਤੇ ਵਗਦੇ ਪਾਣੀ ਦੇ ਨਾਲ ਤੁਰ ਪੈਨਾਂ। ਨਹਿਰ ਦੇ ਇੱਕ ਪਾਸੇ ਮਲ੍ਹਿਆਂ ਨੂੰ ਬੇਰ ਲੱਗੇ ਹੁੰਦੇ ਨੇ ਜੋ ਮੈਂ ਤੋੜ ਤੋੜ ਖਾਂਦਾ ਜਾਨਾਂ ਤੇ ਬਚਪਨ ਚੇਤੇ ਕਰਦਾ ਜਾਨਾਂ। ਕਦੇ ਕਦੇ ਮੇਰੀ ਸੈਰ ਹਕੀਮਪੁਰ ਤੇ ਜਗਤਪੁਰ ਦੇ ਵਿਚਕਾਰ ਬਣੇ ਸਟੇਡੀਅਮ ਤਕ ਹੋ ਜਾਂਦੀ ਹੈ ਜਿਥੇ ਆਏ ਸਾਲ ਪੁਰੇਵਾਲ ਖੇਡ ਮੇਲਾ ਭਰਦੈ। ਪੁਰੇਵਾਲਾਂ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਵੱਲ ਮੇਰੀ ਵਾਹਵਾ ਜਾਣੀ ਆਉਣੀ ਹੈ ਤੇ ਮੈਂ ਵੈਨਕੂਵਰ ਨੇੜੇ ਪਿੱਟਮੀਡੋਜ਼ ਦੇ ਪੁਰੇਵਾਲ ਫਾਰਮ ਹਾਊਸ ਵਿੱਚ ਵੀ ਜਾਂਦਾ ਰਹਿਨਾਂ। ਉਹ ਮੇਰੀ ਖੇਡ-ਲੇਖਣੀ ਦੇ ਕਦਰਦਾਨ ਹਨ ਤੇ ਹਰ ਖੇਡ ਮੇਲੇ `ਚ ਮੇਰੀਆਂ ਖੇਡ-ਪੁਸਤਕਾਂ ਵੰਡਦੇ ਹਨ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖੀਆਂ ਮੇਰੀਆਂ ਪੁਸਤਕਾਂ ਵਧੇਰੇ ਕਰ ਕੇ ਖੇਡ ਮੇਲਿਆਂ ਵਿੱਚ ਲੱਗਦੀਆਂ ਹਨ।

ਪਿੰਡ `ਚ ਰਹਿੰਦੇ ਦਾ ਮੇਰਾ ਸੋਸ਼ਲ ਸਰਕਲ ਨਿੱਕਾ ਜਿਹਾ ਸੀ। ਤੁਰਦਿਆਂ ਫਿਰਦਿਆਂ ਇਹ ਕਾਫੀ ਵੱਡਾ ਹੋ ਗਿਆ ਹੈ। ਮੇਲ ਜੋਲ ਵਾਲੇ ਬੰਦਿਆਂ ਦੇ ਨਾਂ ਹੀ ਲਿਖਾਂ ਤਾਂ ਕਈ ਸਫ਼ੇ ਭਰ ਜਾਣਗੇ। ਇੱਕ ਸਮੂਹ ਖਿਡਾਰੀਆਂ ਤੇ ਖੇਡਾਂ ਨਾਲ ਜੁੜੇ ਬੰਦਿਆਂ ਦਾ ਹੈ। ਇਨ੍ਹਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਦੂਜਾ ਲਿਖਾਰੀਆਂ ਤੇ ਕਲਾਕਾਰਾਂ ਦਾ ਹੈ। ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਹਨ, ਵੱਖ ਵੱਖ ਖੇਤਰਾਂ ਦੇ ਵਿਸ਼ੇਸ਼ ਵਿਅਕਤੀ ਹਨ ਅਤੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਹਨ। ਮੇਰੇ ਨਾਲ ਪੜ੍ਹਨ ਪੜ੍ਹਾਉਣ ਵਾਲੇ ਤੇ ਖੇਡਣ ਵਾਲੇ ਹਨ ਜਿਹੜੇ ਚੇਤੇ ਚੋਂ ਵਿਸਰਦੇ ਜਾ ਰਹੇ ਹਨ। ਕੀਹਦਾ ਜ਼ਿਕਰ ਕਰਾਂ ਤੇ ਕੀਹਦਾ ਨਾ ਕਰਾਂ?

 

ਅਮਰਦੀਪ ਕਾਲਜ ਦਾ ਪ੍ਰਿੰਸੀਪਲ ਹੋਣ ਕਰਕੇ ਦੇਸ਼ ਵਿਦੇਸ਼ ਦੇ ਸੌ ਤੋਂ ਵੱਧ ਜੀਵਨ ਮੈਂਬਰਾਂ ਨਾਲ ਮੇਰੀ ਜਾਣ ਪਛਾਣ ਹੈ। ਉਨ੍ਹਾਂ ਬਾਰੇ ਮੈਂ ਇੱਕ ਪੁਸਤਕ ਲਿਖੀ ਹੈ-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਦਾਨਵੀਰ। ਦੇਸ਼ ਵਿਦੇਸ਼ ਘੁੰਮਦਿਆਂ ਮੈਂ ਅਨੇਕਾਂ ਦੋਸਤਾਂ ਦੇ ਘਰਾਂ ਵਿੱਚ ਰਿਹਾ ਹਾਂ। ਅਨੇਕਾਂ ਸੱਜਣਾਂ ਦੀ ਪ੍ਰਾਹੁਣਚਾਰੀ ਮਾਣੀ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਸ਼ਹਿਰ ਹੋਵੇ ਜਿਥੇ ਮੈਨੂੰ ਆਪਣਾ ਕੋਈ ਵਿਦਿਆਰਥੀ ਨਾ ਮਿਲਿਆ ਹੋਵੇ। ਪਾਠਕਾਂ ਦੇ ਫੋਨ ਆਉਂਦੇ ਹਨ ਤੇ ਕਿਸੇ ਕਿਸੇ ਦੀ ਚਿੱਠੀ ਵੀ ਆ ਜਾਂਦੀ ਹੈ। ਬੜਾ ਪਿਆਰ ਕਰਦੇ ਹਨ ਪੰਜਾਬੀ ਪਿਆਰੇ। ਬੜਾ ਮਾਣ ਸਤਿਕਾਰ ਮਿਲਿਆ ਹੈ ਮੈਨੂੰ। ਮੈਂ ਸਾਰਿਆਂ ਦਾ ਰਿਣੀ ਹਾਂ ਤੇ ਉਨ੍ਹਾਂ ਦਾ ਦਿਲੀ ਧੰਨਵਾਦ ਕਰਦਾ ਹਾਂ। ਇਹ ਗਾਥਾ ਭਾਵੇਂ ਏਥੇ ਹੀ ਮੁਕਾ ਰਿਹਾਂ ਪਰ ਮੇਰੀ ਕਲਮ ਅਜੇ ਚਲਦੀ ਹੈ ਤੇ ਉਮੀਦ ਹੈ ਆਖ਼ਰੀ ਦਮ ਤਕ ਚਲਦੀ ਰਹੇਗੀ। (ਪ੍ਰਿੰ.ਸਰਵਣ ਸਿੰਘ ਦੀ ਜੀਵਨ ਗਾਥਾ ‘ਹਸੰਦਿਆਂ ਖੇਲੰਦਿਆਂ’ ਪੁਸਤਕ ਰੂਪ ਵਿੱਚ ਛਪ ਗਈ ਹੈ ਜਿਸ ਦੇ ਤਸਵੀਰਾਂ ਸਮੇਤ 308 ਪੰਨੇ ਹਨ। ਪੁਸਤਕ ਦੀ ਪ੍ਰਾਪਤੀ ਲਈ ਲੇਖਕ ਦੇ ਫੋਨ 905-799-1661 ਜਾਂ ਪ੍ਰਕਾਸ਼ਕ ਦੇ ਫੋਨ 01191-161-2413613, 2404928 `ਤੇ ਸੰਪਰਕ ਕੀਤਾ ਜਾ ਸਕਦਾ ਹੈ।)

Additional Info

  • Writings Type:: A single wirting
Read 1288 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।