Print this page
Thursday, 15 October 2009 16:36

02 - ਮੈਰਾਥਨ ਦੌੜ ਦੀਆਂ ਅਭੁੱਲ ਯਾਦਾਂ

Written by
Rate this item
(0 votes)

ਪੁਰਾਤਨ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਲੱਖਾਂ ਦੌੜਾਕ ਦੌੜ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੇ ਹਨ। ਕਈਆਂ ਦੀਆਂ ਦੌੜਾਂ ਅਭੁੱਲ ਯਾਦਾਂ ਬਣ ਗਈਆਂ ਹਨ। ਉਨ੍ਹਾਂ `ਚੋਂ ਕੁੱਝ ਇਕਨਾਂ ਦਾ ਜ਼ਿਕਰ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ। ਉਂਜ ਤਾਂ ਘੱਟ ਵੱਧ ਦੂਰੀ ਦੇ ਅਨੇਕਾਂ ਦੌੜ ਮੁਕਾਬਲੇ ਹੁੰਦੇ ਆ ਰਹੇ ਹਨ ਪਰ ਇਥੇ ਗੱਲ ਕੇਵਲ ਮੈਰਾਥਨ ਦੌੜ ਦੀ ਹੀ ਕਰਦੇ ਹਾਂ।

490 ਪੂ.ਈ.ਵਿੱਚ ਪਰਸ਼ੀਆ ਨੇ ਏਥਨਜ਼ `ਤੇ ਹਮਲਾ ਕਰਨ ਲਈ ਆਪਣੀ ਫੌਜ ਸਰਹੱਦੀ ਪਿੰਡ ਮੈਰਾਥਨ ਦੀਆਂ ਜੂਹਾਂ ਵਿੱਚ ਉਤਾਰੀ ਸੀ। ਮੈਰਾਥਨ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਪੱਚੀ ਕੁ ਮੀਲ ਦੂਰ ਸੀ। ਯੂਨਾਨੀ ਜਰਨੈਲ ਨੇ ਯੂਨਾਨ ਦੇ ਓਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਸੁਨੇਹਾ ਦੇ ਕੇ ਵਾਪਸ ਏਥਨਜ਼ ਆਇਆ। ਬਿਨਾਂ ਆਰਾਮ ਕਰੇ ਉਸ ਨੂੰ ਯੂਨਾਨੀ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨਾਂ ਵਿੱਚ ਜੰਮ ਕੇ ਲੜਾਈ ਹੋਈ। ਆਪਣੇ ਵਤਨ ਤੇ ਰਾਜਧਾਨੀ ਏਥਨਜ਼ ਦੀ ਰਾਖੀ ਲਈ ਲੜਦੇ ਯੂਨਾਨੀ ਆਖ਼ਰ ਜਿੱਤ ਗਏ। ਪਿੱਛੇ ਏਥਨਜ਼ ਵਿੱਚ ਬੱਚੇ, ਬਿਰਧਾਂ ਤੇ ਔਰਤਾਂ ਦੇ ਸਾਹ ਸੁੱਕੇ ਹੋਏ ਸਨ। ਉਹ ਛੱਤਾਂ `ਤੇ ਚੜ੍ਹ ਕੇ ਆਪਣੀ ਹੋਣੀ ਦਾ ਭਵਿੱਖ ਵੇਖਣ ਲਈ ਮੈਰਾਥਨ ਵੱਲ ਅੱਖਾਂ ਲਾਈ ਬੈਠੇ ਸਨ।

ਯੂਨਾਨੀ ਜੰਗ ਜਿੱਤ ਗਏ ਤਾਂ ਜੇਤੂ ਜਰਨੈਲ ਨੇ ਜਿੱਤ ਦਾ ਸਮਾਚਾਰ ਤੁਰਤ ਏਥਨਜ਼ ਪੁਚਾਉਣ ਲਈ ਥੱਕੇ ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਦੌੜਦਿਆਂ ਪਹਾੜੀ ਚਟਾਨਾਂ ਉਤੇ ਉਹਦੇ ਪੈਰਾਂ `ਚੋਂ ਖੂਨ ਸਿਮ ਆਇਆ ਤੇ ਲਹੂ ਦੇ ਚੱਟਾਕ ਪਹਾੜੀ ਪੱਥਰਾਂ ਉਤੇ ਲੱਗਣ ਲੱਗੇ। ਫਿਡੀਪੀਡੀਸ ਆਪਣੇ ਵਤਨੀਆਂ ਦੀ ਚਿੰਤਾ ਛੇਤੀ ਤੋਂ ਛੇਤੀ ਖ਼ਤਮ ਕਰਨ ਲਈ ਜ਼ਖਮੀ ਪੈਰਾਂ ਨਾਲ ਹੰਭਿਆ ਹੁੱਟਿਆ ਵੀ ਦੌੜਦਾ ਰਿਹਾ। ਏਥਨਜ਼ ਵਾਸੀਆਂ ਨੂੰ ਦੂਰੋਂ ਹੀ ਆਪਣੇ ਮਹਾਨ ਦੌੜਾਕ ਦਾ ਝਾਉਲਾ ਪਿਆ ਤਾਂ ਉਹ ਛੱਤਾਂ ਤੋਂ ਉੱਤਰ ਕੇ ਲੜਾਈ ਦਾ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫ਼ੇ ਤੇ ਲਹੂ ਲੁਹਾਣ ਹੋਏ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਆਪਣੀ ਸਾਰੀ ਸੱਤਿਆ `ਕੱਠੀ ਕਰ ਕੇ ਸਿਰਫ਼ ਇਕੋ ਬੋਲ ਬੋਲਿਆ, “ਖ਼ੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!”

ਏਨਾ ਕਹਿੰਦਿਆਂ ਉਹ ਏਥਨਜ਼ ਦੀਆਂ ਬਰੂਹਾਂ ਵਿੱਚ ਡਿੱਗ ਪਿਆ ਤੇ ਡਿੱਗਦਿਆਂ ਈ ਪਰਲੋਕ ਸਿਧਾਰ ਗਿਆ।

ਉਸ ਯੋਧੇ ਦੌੜਾਕ ਦੀ ਯਾਦ ਵਿੱਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਸਮੇਂ ਪੱਚੀ ਕੁ ਮੀਲ ਲੰਮੀ ਦੌੜ ਦਾ ਮੁਕਾਬਲਾ ਹੋਇਆ ਜਿਸ ਨਾਂ ਮੈਰਾਥਨ ਦੌੜ ਰੱਖਿਆ ਗਿਆ। ਪਹਿਲੀਆਂ ਨਵੀਨ ਓਲੰਪਿਕ ਖੇਡਾਂ 1896 ਵਿੱਚ ਏਥਨਜ਼ ਤੋਂ ਹੀ ਸ਼ੁਰੂ ਹੋਈਆਂ ਸਨ। ਯੂਨਾਨੀਆਂ ਦੀ ਬੜੀ ਰੀਝ ਸੀ ਕਿ ਉਹਨਾਂ ਦੇ ਵਤਨੀ ਦੀ ਯਾਦ ਵਿੱਚ ਰੱਖੀ ਦੌੜ ਕੋਈ ਯੂਨਾਨੀ ਦੌੜਾਕ ਹੀ ਜਿੱਤੇ। ਏਥਨਜ਼ ਦੇ ਇੱਕ ਰਈਸ ਨੇ ਐਲਾਨ ਕੀਤਾ ਕਿ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਸ ਦੌੜਾਕ ਨੂੰ ਦਸ ਲੱਖ ਯੂਨਾਨੀ ਸਿੱਕਿਆਂ ਦੇ ਨਾਲ ਆਪਣੀ ਧੀ ਦਾ ਡੋਲਾ ਦੇ ਦੇਵੇਗਾ। ਹਲਵਾਈਆਂ ਤੋਂ ਲੈ ਕੇ ਸੁਨਿਆਰਿਆਂ ਤਕ ਅਨੇਕਾਂ ਦੁਕਾਨਦਾਰਾਂ ਨੇ ਦੌੜ ਜਿੱਤਣ ਵਾਲੇ ਯੂਨਾਨੀ ਨੂੰ ਆਪਣੀਆਂ ਦੁਕਾਨਾਂ ਦਾ ਮਨਭਾਉਂਦਾ ਮਾਲ ਦੇਣ ਦੀ ਪੇਸ਼ਕਸ਼ ਕੀਤੀ। ਇੱਕ ਨਾਈ ਨੇ ਕਿਹਾ ਕਿ ਅਜਿਹੇ ਦੌੜਾਕ ਦੀ ਉਹ ਸਾਰੀ ਉਮਰ ਮੁਫ਼ਤ ਹਜ਼ਾਮਤ ਕਰੇਗਾ।

ਪਹਿਲੀਆਂ ਓਲੰਪਿਕ ਖੇਡਾਂ ਦੀ ਮੈਰਾਥਨ ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਜੋ ਆਜੜੀ ਸੀ, ਸਭ ਤੋਂ ਪਿੱਛੇ ਰਹਿ ਗਿਆ। ਪਰ ਉਸ ਨੇ ਦਿਲ ਨਾ ਛੱਡਿਆ ਤੇ ਲਗਾਤਾਰ ਦੌੜਦਾ ਰਿਹਾ। ਜਦੋਂ ਅਖ਼ੀਰਲੇ ਤਿੰਨ ਕੁ ਮੀਲ ਦੀ ਦੂਰੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਨਿਕਲ ਗਿਆ। ਯੂਨਾਨੀ ਦਰਸ਼ਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸਪਰਿਡਨ ਲੂਈਸ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਦਾਖਲ ਹੋਇਆ ਤਾਂ ਸਾਰੇ ਦਰਸ਼ਕ ਉਤਸੁਕਤਾ ਵਿੱਚ ਉੱਠ ਖੜ੍ਹੇ ਹੋਏ। ਯੂਨਾਨੀ ਰਾਜੇ ਦੇ ਦੋਵੇਂ ਸ਼ਹਿਜ਼ਾਦੇ ਜਾਰਜ ਤੇ ਨਿਕੋਲਸ ਖ਼ੁਸ਼ੀ ਵਿੱਚ ਖੀਵੇ ਹੋਏ ਆਪਣੇ ਦੌੜਾਕ ਨੂੰ ਹੱਲਾਸ਼ੇਰੀ ਦਿੰਦਿਆਂ ਉਹਦੇ ਨਾਲੋ ਨਾਲ ਦੌੜਨ ਲੱਗੇ ਤੇ ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਓਲੰਪਿਕ ਜੇਤੂ ਬਣ ਗਿਆ। ਸਾਰੇ ਯੂਨਾਨ ਨੂੰ ਲਾਲੀਆਂ ਚੜ੍ਹ ਗਈਆਂ। ਖ਼ੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, “ਮੰਗ ਜੋ ਕੁਛ ਮੰਗਣਾ।”

ਸਿੱਧੇ ਸਾਦੇ ਆਜੜੀ ਨੇ ਮੰਗ ਕੀਤੀ, “ਮੇਰੇ ਕੋਲ ਘੋੜਾ ਤਾਂ ਹੈ ਪਰ ਘੋੜਾ-ਗੱਡੀ ਨਹੀਂ। ਜੇ ਉਹ ਮਿਲ ਜੇ ਤਾਂ ਮੇਰਾ ਕੰਮ ਹੋਰ ਸੁਖਾਲਾ ਹੋ ਜੇ!”

ਮਗਰੋਂ ਪਤਾ ਲੱਗਾ ਕ ਉਹ ਹਰ ਰੋਜ਼ ਦੋ ਵਾਰ ਘੋੜੇ ਨਾਲ ਦੌੜਦਿਆਂ ਏਥਨਜ਼ ਜਾਇਆ ਕਰਦਾ ਸੀ ਤੇ ਮੁੜਦਿਆਂ ਘੋੜੇ ਦੀ ਸਵਾਰੀ ਕਰਿਆ ਕਰਦਾ ਸੀ। ਇੰਜ ਉਹਦੀ ਹਰ ਰੋਜ਼ ਈ ਮੈਰਾਥਨ ਲੱਗ ਜਾਂਦੀ ਸੀ। ਘੋੜਾ-ਗੱਡੀ ਤੋਂ ਬਿਨਾਂ ਉਸ ਨੇ ਆਪਣੇ ਪਰਸੰਸਕਾਂ ਦੇ ਕੁੱਝ ਤੋਹਫ਼ੇ ਤਾਂ ਲੈ ਲਏ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।

1904 ਵਿੱਚ ਸੇਂਟ ਲੂਈ ਦੀਆਂ ਤੀਜੀਆਂ ਓਲੰਪਿਕ ਖੇਡਾਂ ਸਮੇਂ ਲੱਗੀ ਮੈਰਾਥਨ ਦੌੜ ਵੀ ਬੜੀ ਦਿਲਚਸਪ ਸੀ। ਕਿਊਬਾ ਦੇ ਇੱਕ ਡਾਕੀਏ ਫੇਲਿਕਸ ਕਰਨਾਜਲ ਨੇ ਆਪਣੇ ਦੋਸਤਾਂ ਕੋਲ ਕਿਤੇ ਸ਼ੇਖ਼ੀ ਮਾਰ ਦਿੱਤੀ ਕਿ ਉਹ ਓਲੰਪਿਕ ਦੀ ਮੈਰਾਥਨ ਦੌੜ ਆਰਾਮ ਨਾਲ ਹੀ ਜਿੱਤ ਸਕਦਾ ਹੈ। ਪਰ ਸੀਗਾ ਉਹ ਜੋਕਰਾਂ ਵਰਗਾ। ਸ਼ੇਖ਼ੀ ਦੇ ਮਾਰੇ ਉਹਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਇਧਰ ਉਧਰ ਦੌੜਨ ਲੱਗਾ। ਖੇਡਾਂ ਨੇੜੇ ਆਈਆਂ ਤਾਂ ਉਹਦੇ ਕੋਲ ਸੇਂਟ ਲੂਈ ਜਾਣ ਜੋਗਾ ਕਿਰਾਇਆ ਨਹੀਂ ਸੀ। ਉਸ ਨੇ ਤਰਕੀਬ ਸੋਚੀ ਤੇ ਹਵਾਨਾ ਦੇ ਚੌਂਕਾਂ ਵਿੱਚ ਦੌੜ ਕੇ ਮਜਮੇ ਲਾਉਂਦਿਆਂ ਪੈਸੇ `ਕੱਠੇ ਕਰਨ ਲੱਗਾ। ਕਿਰਾਏ ਜੋਗੇ ਪੈਸੇ ਹੋ ਗਏ ਤਾਂ ਉਹ ਸੇਂਟ ਲੂਈ ਨੂੰ ਰਵਾਨਾ ਹੋ ਗਿਆ ਪਰ ਰਾਹ ਵਿੱਚ ਹੀ ਜੂਆ ਖੇਡ ਕੇ ਪੈਸੇ ਹਾਰ ਬੈਠਾ। ਉਹ ਫਿਰ ਨੰਗ ਮਲੰਗ ਹੋ ਗਿਆ।

ਖ਼ੈਰ ਜੁਗਾੜ ਕਰਦੇ ਕਰਾਉਂਦੇ ਜਦੋਂ ਉਹ ਸੇਂਟ ਲੂਈ ਅਪੜਿਆ ਤਾਂ ਮੈਰਾਥਨ ਦੌੜ ਲੱਗਣ ਹੀ ਵਾਲੀ ਸੀ। ਉਹ ਚੋਲੇ ਵਰਗਾ ਕੁੜਤਾ ਤੇ ਢਿੱਲੀ ਜਿਹੀ ਪਤਲੂਣ ਪਾਈ ਮੈਰਾਥਨ ਦੌੜ ਲਈ ਲਾਈ ਲਕੀਰ ਉਤੇ ਜਾ ਖੜ੍ਹਾ ਹੋਇਆ। ਮੁਕਾਬਲੇ ਵਿੱਚ ਦੁਨੀਆਂ ਦੇ ਮੰਨੇ ਪ੍ਰਮੰਨੇ ਦੌੜਾਕ ਖੜ੍ਹੇ ਸਨ। ਡਾਕੀਏ ਦਾ ਹੁਲੀਆ ਵੇਖ ਕੇ ਦਰਸ਼ਕਾਂ ਦਾ ਹਾਸਾ ਨਿਕਲੀ ਜਾ ਰਿਹਾ ਸੀ।

ਅਮਰੀਕਾ ਦੇ ਇੱਕ ਅਥਲੀਟ ਸ਼ੈਰੀਡਨ ਨੇ ਕਿਤੋਂ ਕੈਂਚੀ ਲਿਆਂਦੀ ਤੇ ਲਕੀਰ ਉਤੇ ਖੜ੍ਹੇ ਖੜੋਤੇ ਫੇਲਿਕਸ ਦੇ ਕੁੜਤੇ ਨੂੰ ਆਸਿਓਂ ਪਾਸਿਓਂ ਕੱਟ ਕੇ ਕੰਮ ਚਲਾਊ ਬੁਨੈਣ ਬਣਾ ਦਿੱਤੀ। ਇੰਜ ਈ ਪਤਲੂਣ ਵੀ ਗੋਡਿਆਂ ਉਤੋਂ ਕੱਟ ਦਿੱਤੀ ਤੇ ਉਹ ਨਿੱਕਰ ਬਣ ਗਈ। ਹੁਣ ਉਹ ਆਰਾਮ ਨਾਲ ਦੌੜ ਸਕਦਾ ਸੀ। ਦੌੜਦਿਆਂ ਉਹ ਰਾਹ ਵਿੱਚ ਸੇਬ ਤੇ ਆੜੂ ਤੋੜ ਕੇ ਖਾਂਦਾ ਗਿਆ ਤੇ ਦਰਸ਼ਕਾਂ ਨਾਲ ਹਾਸਾ ਮਖੌਲ ਕਰਦਾ ਗਿਆ। ਦੌੜ ਮੁੱਕੀ ਤਾਂ ਉਹ ਸੈਂਤੀ ਦੌੜਾਕਾਂ ਵਿਚੋਂ ਚੌਥੇ ਥਾਂ ਸੀ। ਜੇ ਕਿਧਰੇ ਉਹ ਪਹਿਲਾਂ ਹੀ ਮੈਰਾਥਨ ਦੌੜਦਾ ਹੁੰਦਾ ਤਾਂ ਸੰਭਵ ਸੀ ਓਲੰਪਿਕ ਚੈਂਪੀਅਨ ਬਣ ਜਾਂਦਾ ਤੇ ਸ਼ੇਖ਼ੀ ਮਾਰਨੀ ਸੱਚੀ ਸਿੱਧ ਹੋ ਜਾਂਦੀ।

1908 ਵਿੱਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ ਦੌੜ 55 ਦੌੜਾਕਾਂ ਨੇ ਦੌੜਨੀ ਸ਼ੁਰੂ ਕੀਤੀ। ਇਟਲੀ ਦਾ ਦੋਰਾਂਦੋ ਪਿਏਤਰੀ ਤੀਜੇ ਥਾਂ ਦੌੜ ਰਿਹਾ ਸੀ। ਦੌੜ ਦੇ ਅੰਤ ਸਮੇਂ ਜਦੋਂ ਉਹਨੂੰ ਸਟੇਡੀਅਮ ਨਜ਼ਰੀਂ ਪਿਆ ਤਾਂ ਉਹ ਅੰਨ੍ਹੇਵਾਹ ਦੌੜਿਆ। ਸਟੇਡੀਅਮ `ਚ ਉਹ ਸਭ ਤੋਂ ਪਹਿਲਾਂ ਦਾਖਲ ਹੋਇਆ ਪਰ ਉਹ ਭੁਲੇਖੇ ਨਾਲ ਸਟੇਡੀਅਮ ਦਾ ਚੱਕਰ ਸੱਜੇ ਪਾਸੇ ਮੁੜ ਕੇ ਕੱਟਣ ਦੀ ਥਾਂ ਖੱਬੇ ਪਾਸੇ ਮੁੜ ਕੇ ਕੱਟਣ ਲੱਗ ਪਿਆ। ਅਸਲ ਵਿੱਚ ਵਧੇਰੇ ਜ਼ੋਰ ਲਾਉਣ ਕਾਰਨ ਉਸ ਦੇ ਤੌਰ ਉਡੇ ਹੋਏ ਸਨ। ਲੱਖ ਦੇ ਕਰੀਬ ਦਰਸ਼ਕ ਜਿਥੇ ਤਾੜੀਆਂ ਮਾਰ ਕੇ ਉਹਦਾ ਹੌਂਸਲਾ ਵਧਾ ਰਹੇ ਸਨ ਉਥੇ ਉਸ ਨੂੰ ਸਿੱਧਾ ਚੱਕਰ ਕੱਟਣ ਲਈ ਵੀ ਪੁਕਾਰ ਰਹੇ ਸਨ।

ਜਦੋਂ ਪਿਏਤਰੀ ਨੂੰ ਆਪਣੀ ਗ਼ਲਤੀ ਦਾ ਪਤਾ ਲੱਗਾ ਉਦੋਂ ਤਕ ਉਹਦੀ ਬੱਸ ਹੋ ਚੁੱਕੀ ਸੀ। ਉਹ ਲੜਖੜਾ ਕੇ ਡਿੱਗ ਪਿਆ। ਸਟੇਡੀਅਮ ਵਿੱਚ ਕੁਲ ਖਲਕਤ ਦੀ ਹਮਦਰਦੀ ਉਹਦੇ ਨਾਲ ਸੀ। ਦਰਸ਼ਕਾਂ ਨੇ ਉਹਦੀ ਮੰਦੀ ਹਾਲਤ ਵੇਖ ਕੇ ਹਉਕਾ ਭਰਿਆ। ਹਮਦਰਦੀ ਵੱਸ ਡਿੱਗੇ ਪਏ ਦੋਰਾਂਦੋ ਨੂੰ ਸਹਾਰਾ ਦੇ ਕੇ ਉਠਾ ਦਿੱਤਾ ਗਿਆ ਤਾਂ ਜੋ ਉਹ ਦੌੜ ਪੂਰੀ ਕਰ ਸਕੇ। ਡਿੱਗਦਾ ਡੋਲਦਾ ਦੋਰਾਂਦੋ ਪਿਏਤਰੀ ਆਖ਼ਰਕਾਰ ਸਭ ਤੋਂ ਪਹਿਲਾਂ ਫੀਤੇ ਨੂੰ ਜਾ ਛੋਹਿਆ। ਦੌੜ ਦੇ ਨਤੀਜੇ ਦਾ ਐਲਾਨ ਕਾਫੀ ਦੇਰ ਬਾਅਦ ਕੀਤਾ ਗਿਆ ਜਿਸ ਨਾਲ ਪਿਏਤਰੀ ਦਾ ਦਿਲ ਤਾਂ ਟੁੱਟਣਾ ਈ ਸੀ ਦਰਸ਼ਕਾਂ ਨੇ ਵੀ ਬੜਾ ਦੁੱਖ ਮੰਨਿਆ। ਕਿਉਂਕਿ ਦੌੜ ਦੇ ਨਿਯਮਾਂ ਅਨੁਸਾਰ ਕਿਸੇ ਦੌੜਾਕ ਨੂੰ ਸਹਾਰਾ ਦੇਣਾ ਅਯੋਗ ਹੁੰਦਾ ਹੈ ਇਸ ਲਈ ਡਿੱਗੇ ਪਏ ਪਿਏਤਰੀ ਨੂੰ ਉਠਾਉਣ ਦੀ ਬੇਨਿਯਮੀ ਕਾਰਨ ਉਹਦੀ ਦੌੜ ਅਯੋਗ ਕਰਾਰ ਦੇ ਦਿੱਤੀ ਗਈ ਤੇ ਉਹਦਾ ਕੋਈ ਵੀ ਸਥਾਨ ਨਾ ਗਿਣਿਆ ਗਿਆ।

1952 ਵਿੱਚ ਹੈੱਲਸਿੰਕੀ ਦੀਆਂ ਓਲੰਪਿਕ ਖੇਡਾਂ ਚੈਕੋਸਲੋਵਾਕੀਆ ਦੇ ਦੌੜਾਕ ਐਮਿਲ ਜ਼ੈਟੋਪਿਕ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ। ਉਹ ਕਚੀਚੀ ਵੱਟ ਕੇ ਦੌੜਦਾ ਘਾਇਲ ਹੋਇਆ ਲੱਗਦਾ ਸੀ। ਲੱਗਦਾ ਸੀ ਜਿਵੇਂ ਅਸਹਿ ਪੀੜ ਦਾ ਭੰਨਿਆ ਹੋਵੇ। ਪਹਿਲਾਂ ਉਸ ਨੇ ਦਸ ਹਜ਼ਾਰ ਮੀਟਰ ਦੀ ਦੌੜ ਜਿੱਤੀ ਤੇ ਫਿਰ ਪੰਜ ਹਜ਼ਾਰ ਮੀਟਰ ਨੂੰ ਵੀ ਪੈ ਗਿਆ। ਤੀਜਾ ਗੋਲਡ ਮੈਡਲ ਉਸ ਦੀ ਘਰ ਵਾਲੀ ਡਾਨਾ ਜ਼ੈਟੋਪਿਕ ਨੇ ਜੈਵਲਿਨ ਸੁੱਟਣ ਵਿਚੋਂ ਜਿੱਤਿਆ। ਐਮਿਲ ਜ਼ੈਟੋਪਿਕ ਨੇ ਆਖਿਆ, “ਹੁਣ ਜ਼ੈਟੋਪਿਕ ਜੋੜੀ ਦਾ ਸਕੋਰ 2-1 ਹੈ ਤੇ ਮੈਂ ਕੋਸ਼ਿਸ਼ ਕਰਾਂਗਾ 3-1 ਕਰਾਂ।”

ਮੈਰਾਥਨ ਦੌੜ ਸ਼ੁਰੂ ਹੋਈ ਤਾਂ ਪਹਿਲੇ ਦੋ ਕਿਲੋਮੀਟਰ ਜ਼ੈਟੋਪਿਕ ਸਭ ਤੋਂ ਪਿੱਛੇ ਰਿਹਾ। ਦਸਵੇਂ ਕਿਲਮੀਟਰ ਦੇ ਨਿਸ਼ਾਨ `ਤੇ ਪੁੱਜਦਿਆਂ ਉਹ ਸਵੀਡਨ ਦੇ ਪ੍ਰਸਿੱਧ ਦੌੜਾਕ ਗੁਸਤਾਫ਼ ਜੈਨਸਨ ਦੇ ਮੋਢਿਆਂ `ਤੇ ਜਾ ਚੜ੍ਹਿਆ। ਓਦੂੰ ਅਗਾਂਹ ਬਰਤਾਨੀਆਂ ਦਾ ਜਿਮ ਪੀਟਰ ਹੀ ਸੀ। ਪੰਦਰਵੇਂ ਕਿਲੋਮੀਟਰ `ਤੇ ਤਿੰਨੇ ਦੌੜਾਕ ਬਰਾਬਰ ਹੋ ਗਏ। ਪੱਚੀਵੇਂ ਕਿਲੋਮੀਟਰ `ਤੇ ਜ਼ੈਟੋਪਿਕ ਸਭ ਨੂੰ ਪਿੱਛੇ ਛੱਡ ਗਿਆ ਤੇ ਫਿਰ ਕਿਸੇ ਨੂੰ ਨਾਲ ਨਾ ਰਲਣ ਦਿੱਤਾ। ਜਦੋਂ ਉਹ ਸਭ ਤੋਂ ਪਹਿਲਾਂ ਭਰੇ ਹੋਏ ਸਟੇਡੀਅਮ ਵਿੱਚ ਦਾਖਲ ਹੋਇਆ ਤਾਂ ਦਰਸ਼ਕ ਤਾੜੀਆਂ ਮਾਰਦੇ ਹੋਏ ਉਹਦੇ ਕਦਮਾਂ ਨਾਲ ਜ਼ੈ-ਟੋ-ਪਿਕ ਜ਼ੈ-ਟੋ-ਪਿਕ ਦਾ ਰਾਗ ਅਲਾਪਣ ਲੱਗੇ। ਦੌੜ ਪੂਰੀ ਹੋ ਗਈ ਪਰ ਜ਼ੈ-ਟੋ-ਪਿਕ ਦਾ ਰਾਗ ਕਾਫੀ ਦੇਰ ਤਕ ਗੂੰਜਦਾ ਰਿਹਾ। ਹੁਣ ਤਕ ਤਿੰਨੇ ਲੰਮੀਆਂ ਦੌੜਾਂ ਜਿੱਤਣ ਦਾ ਹੈਟ ਟ੍ਰਿਕ ਕੇਵਲ ਚੈਕੋਸਲਵਾਕੀਆ ਦਾ ਐਮਿਲ ਜ਼ੈਟੋਪਿਕ ਹੀ ਮਾਰ ਸਕਿਆ ਹੈ।

1960 ਵਿੱਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਇਥੋਪੀਆ ਦਾ ਅਬੇਬੇ ਬਕੀਲਾ ਨੰਗੇ ਪੈਰੀਂ ਦੌੜਿਆ ਤੇ 2 ਘੰਟੇ 15 ਮਿੰਟ 16.2 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਮੈਰਾਥਨ ਦਾ ਓਲੰਪਿਕ ਚੈਂਪੀਅਨ ਬਣਿਆ। 1964 ਵਿੱਚ ਟੋਕੀਓ ਓਲੰਪਿਕਸ `ਚ ਉਹ ਫਿਰ ਅੱਵਲ ਰਿਹਾ। ਉਦੋਂ ਉਹ ਟੋਕੀਓ ਦੀਆਂ ਸੜਕਾਂ ਉਤੇ ਦੌੜਨ ਵਾਲੇ ਬੂਟਾਂ ਨਾਲ ਨੱਠਿਆ ਸੀ। ਟੋਕੀਓ ਵਿੱਚ ਉਸ ਨੇ 2 ਘੰਟੇ 12 ਮਿੰਟ 11.2 ਸਕਿੰਟ ਵਿੱਚ ਇਹ ਦੌੜ ਪੂਰੀ ਕੀਤੀ। ਉਦੋਂ ਤਕ ਬਕੀਲਾ ਤੋਂ ਬਿਨਾਂ ਕਿਸੇ ਵੀ ਹੋਰ ਦੌੜਾਕ ਨੇ ਓਲੰਪਿਕ ਖੇਡਾਂ ਦੀ ਮੈਰਾਥਨ ਦੋ ਵਾਰ ਨਹੀਂ ਸੀ ਜਿੱਤੀ।

ਅਬੇਬੇ ਬਕੀਲਾ ਸ਼ਾਹੀ ਮਹਿਲਾਂ ਦਾ ਪਹਿਰੇਦਾਰ ਸੀ। ਕੁਦਰਤ ਦਾ ਭਾਣਾ ਵੇਖੋ ਕਿ ਜਦੋਂ ਉਹ ਕਾਲੀ ਨਸਲ ਦਾ ਦੌੜਾਕ ਤੀਜੀ ਵਾਰ ਓਲੰਪਿਕ ਖੇਡਾਂ ਦੀ ਮੈਰਾਥਨ ਜਿੱਤਣ ਲਈ ਤਿਆਰੀ ਕਰ ਰਿਹਾ ਸੀ ਤਾਂ ਇੱਕ ਹਾਦਸੇ ਵਿੱਚ ਉਹਦੀਆਂ ਦੋਵੇਂ ਲੱਤਾਂ ਮਾਰੀਆਂ ਗਈਆਂ। ਬਕੀਲੇ ਦੇ ਮਨ `ਤੇ ਜੋ ਬੀਤੀ ਉਹਦਾ ਦੁੱਖ ਉਹੀ ਜਾਣਦਾ ਸੀ। ਉਹਦੇ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ। ਜਿਹੜੀਆਂ ਜੰਘਾਂ ਨਾਲ ਉਹ ਲੱਖ ਮੀਲ ਤੋਂ ਵੀ ਵੱਧ ਦੌੜ ਚੁੱਕਾ ਸੀ ਉਨ੍ਹਾਂ ਨੂੰ ਨਿਕਾਰੀਆਂ ਹੋਈਆਂ ਵੇਖ ਕੇ ਉਹ ਬਹੁਤਾ ਚਿਰ ਜਿਊਂਦਾ ਨਾ ਰਹਿ ਸਕਿਆ ਤੇ 1973 ਵਿੱਚ ਮਰ ਗਿਆ।

1896 ਤੋਂ 1924 ਤਕ ਦੀਆਂ ਓਲੰਪਿਕ ਖੇਡਾਂ ਤਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। ਇਹ ਚੌਵੀ ਤੋਂ ਸਤਾਈ ਮੀਲ ਦੇ ਦਰਮਿਆਨ ਰਹੀ। 1924 ਵਿੱਚ ਪੈਰਿਸ ਦੀਆਂ ਓਲੰਪਿਕ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤਹਿ ਹੋਈ। ਹੁਣ ਮੈਰਾਥਨ ਦੌੜ ਦੀ ਮਿਆਰੀ ਮਿਣਤੀ 26 ਮੀਲ 385 ਗਜ਼ ਹੈ। 1908 ਵਿੱਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ 26 ਮੀਲ 385 ਗਜ਼ ਦੀ ਸੀ। ਉਦੋਂ ਬਰਤਾਨੀਆਂ ਦੀ ਓਲੰਪਿਕ ਕਮੇਟੀ ਨੇ ਫੈਸਲਾ ਕੀਤਾ ਕਿ ਮੈਰਾਥਨ ਦੌੜ ਸ਼ਾਹੀ ਨਿਵਾਸ ਤੋਂ ਸ਼ੁਰੂ ਕਰਵਾ ਕੇ ਸਟੇਡੀਅਮ ਵਿੱਚ ਸ਼ਾਹੀ ਮਹਿਮਾਨਾਂ ਦੀਆਂ ਸੀਟਾਂ ਕੋਲ ਸਮਾਪਤ ਕੀਤੀ ਜਾਵੇ। ਇਸ ਲਈ ਵਿੰਡਸਰ ਕਾਸਲ ਤੋਂ ਦੌੜ ਸ਼ੁਰੂ ਹੋਈ ਤੇ ਸਟੇਡੀਅਮ ਵਿੱਚ ਰਾਇਲ ਬਾਕਸ ਕੋਲ ਖ਼ਤਮ ਹੋਈ। ਫਾਸਲਾ ਮਿਣਿਆਂ ਤਾਂ 26 ਮੀਲ 385 ਗਜ਼ ਬਣਿਆ। ਉਦੋਂ ਬਰਤਾਨੀਆਂ ਦਾ ਤਪ ਤੇਜ਼ ਸੀ ਤੇ ਇਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ।

ਇਹ ਧਾਰਨਾ ਗ਼ਲਤ ਹੈ ਕਿ ਫਿਡੀਪੀਡੀਸ ਮੈਰਾਥਨ ਤੋਂ ਏਥਨਜ਼ ਤਕ 26 ਮੀਲ 385 ਗਜ਼ ਦੌੜ ਕੇ ਸ਼ਹੀਦ ਹੋਇਆ ਸੀ। ਉਸ ਫਾਸਲੇ ਦਾ ਪੱਕਾ ਪਰਮਾਣ ਨਹੀਂ। ਇਹ ਧਾਰਨਾ ਵੀ ਸਹੀ ਨਹੀਂ ਕਿ ਮੈਰਾਥਨ ਦੌੜ ਜਾਨ ਲੇਵਾ ਹੁੰਦੀ ਹੈ। ਹੁਣ ਤਾਂ ਨਿਊਯਾਰਕ, ਲੰਡਨ ਤੇ ਹੋਰਨਾਂ ਸ਼ਹਿਰਾਂ ਵਿੱਚ ਹਜ਼ਾਰਾਂ ਦੌੜਾਕਾਂ ਦੀਆਂ ਮੈਰਾਥਨ ਦੌੜਾਂ ਲੱਗਦੀਆਂ ਹਨ ਪਰ ਦੌੜਦਿਆਂ ਕੋਈ ਨਹੀਂ ਮਰਦਾ। ਔਰਤਾਂ ਵੀ ਦੌੜਦੀਆਂ ਹਨ ਪਰ ਕਿਸੇ ਦਾ ਵਾਲ ਵਿੰਗਾ ਨਹੀਂ ਹੁੰਦਾ। ਇਥੋਂ ਤਕ ਕਿ ਨੱਬੇ ਸਾਲਾਂ ਤੋਂ ਟੱਪਿਆ ਬਾਬਾ ਫੌਜਾ ਸਿੰਘ ਵੀ ਕਈ ਵਾਰ ਮੈਰਾਥਨ ਦੌੜ ਚੱਕਾ ਹੈ ਤੇ ਮਸ਼ਕਰੀਆਂ ਕਰਦਾ ਦੌੜ ਪੂਰੀ ਕਰਦਾ ਹੈ। ਹੁਣ ਉਹ 97 ਸਾਲਾਂ ਦਾ ਹੋ ਚੁੱਕੈ। ਉਸ ਦਾ ਕਹਿਣਾ ਹੈ ਕਿ ਜੇ ਉਹ 98 ਸਾਲ ਦੀ ਉਮਰ ਤਕ ਜੀਂਦਾ ਰਿਹਾ ਤਾਂ ਉਸ ਗੋਰੇ ਦੌੜਾਕ ਦਾ ਰਿਕਾਰਡ ਤੋੜੇਗਾ ਜਿਸ ਨੇ 98 ਸਾਲ ਦੀ ਉਮਰ ਵਿੱਚ ਮੈਰਾਥਨ ਪੂਰੀ ਕੀਤੀ ਹੈ। ਆਓ ਅਰਦਾਸ ਕਰੀਏ ਕਿ ਪੰਜਾਬੀਆਂ ਦਾ ਬਾਬਾ ਫੌਜਾ ਸਿੰਘ ਸੌ ਸਾਲ ਤੋਂ ਵੀ ਵੱਧ ਜੀਵੇ ਤੇ ਅਜਿਹਾ ਰਿਕਾਰਡ ਰੱਖੇ ਜਿਹੜਾ ਛੇਤੀ ਕੀਤਿਆਂ ਹੋਰ ਕਿਸੇ ਤੋਂ ਨਾ ਟੁੱਟੇ।

Read 3225 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ