You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਤਖ਼ਤ ਹਜ਼ਾਰੇ ਤੋਂ ਝੰਗ ਸਿਆਲ ਵੱਲ

ਲੇਖ਼ਕ

Tuesday, 06 October 2009 18:28

ਤਖ਼ਤ ਹਜ਼ਾਰੇ ਤੋਂ ਝੰਗ ਸਿਆਲ ਵੱਲ

Written by
Rate this item
(1 Vote)

ਅੰਦਰਲੇ ਹਾਲ ਵਿਚ ਲਗਪਗ ਸਾਰੀਆਂ ਕੁਰਸੀਆਂ ਭਰ ਚੁੱਕੀਆਂ ਸਨ। ਮੁੱਖ ਬੁਲਾਰੇ ਵੀ ਮੰਚ ਉੱਤੇ ਬੈਠ ਚੁੱਕੇ ਸਨ। ਬਾਹਰਲੇ ਹਾਲ ਵਿਚ ਸੱਜੇ ਪਾਸੇ ਬੁੱਕ ਸਟਾਲ ਸਨ ਤੇ ਖੱਬੇ ਅੱਧ ਵਿਚ ਡੱਠੀਆਂ ਕੁਰਸੀਆਂ ਸਾਹਮਣੇ ਟੀ.ਵੀ. ਪਏ ਹੋਏ ਸਨ ਜਿਨ੍ਹਾਂ ਦੀ ਸਕਰੀਨ ‘ਤੇ ਅੰਦਰਲੇ  ਹਾਲ ਦੀ ਕਾਰਵਾਈ ਨਾਲ ਦੇ ਨਾਲ ਦਿਸਣੀ ਸੀ। ਅੰਦਰਲੇ ਹਾਲ ਵਿਚ ਵੜ ਕੇ ਮੈਂ ਤੇ ਜਗਤਾਰ ਪਿਛਲੀਆਂ ਕਤਾਰਾਂ ‘ਚ ਖ਼ਾਲੀ ਥਾਂ ਲੱਭ ਕੇ ਬੈਠਣ ਲਈ ਅਹੁਲ ਹੀ ਰਹੇ ਸਾਂ ਕਿ ਅੱਗੋਂ ਸਤਿਨਾਮ ਮਾਣਕ ਨੇ ਖੜੋ ਕੇ ਆਵਾਜ਼ ਮਾਰੀ, ‘‘ਸੰਧੂ ਯਾਰ! ਐਥੇ ਅੱਗੇ ਆਵੋ। ਪਿੱਛੇ ਕਿਉਂ ਬੈਠੀ ਜਾਂਦੇ ਓਂ।’’

ਮੈਂ ਹੱਥ ਨਾਲ ਹੀ ਉਸ ਨੂੰ ਧੰਨਵਾਦੀ ਇਸ਼ਾਰਾ ਕੀਤਾ। ਪਰ ਉਹ, ‘‘ਨਹੀਂ, ਨਹੀਂ, ਅੱਗੇ ਆਓ,’’ ਕਹਿੰਦਾ ਰਿਹਾ।

ਸਾਰੇ ਲੋਕ ਵੇਖ ਰਹੇ ਸਨ। ਇਸ ਲਈ ਜ਼ਿਦ ਕਰਨਾ ਮੁਨਾਸਿਬ ਨਾ ਲੱਗਾ। ਅਸੀਂ ਅੱਗੇ ਨੂੰ ਤੁਰ ਪਏ ਪਰ ਪਹਿਲੀ ਕਤਾਰ ਵਾਲੇ ਦੋ ਪਾਸੀਂ ਪਏ ਸੋਫਿਆਂ ਦੀਆਂ ਤਾਂ ਸਾਰੀਆਂ ਸੀਟਾਂ ਮੱਲੀਆਂ ਹੋਈਆਂ ਸਨ। ਉਨ੍ਹਾਂ ਤੋਂ ਅੱਗੇ ਸਟੇਜ ਦੇ ਸੱਜੇ ਹੱਥ ਕੁਰਸੀਆਂ ਦੀਆਂ ਦੋ ਕਤਾਰਾਂ ਹਾਲ ਦੇ ਅੱਧ ਤੱਕ ਟੇਢੇ ਰੁਖ਼ ਲੱਗੀਆਂ ਹੋਈਆਂ ਸਨ। ਮਾਣਕ ਨੇ ਉਨ੍ਹਾਂ ਕੁਰਸੀਆਂ ਵਿਚੋਂ ਸਾਡੇ ਲਈ ਦੋ ਕੁਰਸੀਆਂ ਬਚਾ ਕੇ ਰੱਖੀਆਂ ਹੋਈਆਂ ਸਨ।

‘‘ਤੁਸੀਂ ਯਾਰ ਐਵੇਂ ਪਿੱਛੇ-ਪਿੱਛੇ ਰਹਿੰਦੇ ਜੇ। ਤੁਸੀਂ ਹੀ ਤਾਂ ਸਾਡੇ ਅੱਗੇ ਬੈਠਣ ਵਾਲੇ ਬੰਦੇ ਹੋ।’’ ਸਾਨੂੰ ਬਿਠਾ ਕੇ ਨਿਸਚਿੰਤ ਹੋ ਕੇ ਆਪਣੀ ਸੀਟ ਉੱਤੇ ਬਹਿੰਦਿਆਂ ਉਸ ਨੇ ਟਿੱਪਣੀ ਕੀਤੀ। ਉਹ ਸਾਡਾ ਮਾਣ ਰੱਖ ਰਿਹਾ ਸੀ। ਪਰ ਮੇਰਾ ਤੇ ਜਗਤਾਰ ਦਾ ਸੁਭਾਅ ਇਸ ਪੱਖੋਂ ਮੇਲ ਖਾ ਗਿਆ ਸੀ। ਸਾਨੂੰ ਅੱਗੇ-ਅੱਗੇ ਹੋਣ ਦੀ ਕੋਈ ਤਾਂਘ ਹੀ ਨਹੀਂ ਸੀ। ਹੁੰਦੀ ਵੀ ਕਿਵੇਂ? ਨਾ ਅਸੀਂ ਚੜ੍ਹਦੇ ਪੰਜਾਬ ਦੇ ਪ੍ਰਬੰਧਕਾਂ ਵਿਚੋਂ ਸਾਂ ਤੇ ਨਾ ਹੀ ਲਹਿੰਦੇ ਪੰਜਾਬ ਦੇ ਪ੍ਰਬੰਧਕਾਂ ਦੇ ਨੇੜੇ। ਚਾਰ ਦਿਨਾਂ ਵਿਚ ਹੋਣ ਵਾਲੇ ਸੈਸ਼ਨਾਂ ਦੇ ਵਿਭਿੰਨ ਵਿਸ਼ਿਆਂ ਬਾਰੇ ਨਾ ਹੀ ਪਰਚਾ ਲਿਖਣ ਵਾਲੇ ਸਾਂ ਤੇ ਨਾ ਹੀ ਕਿਸੇ ਆਗੂ ਵਲੋਂ ਕਿਸੇ ਵਿਸ਼ੇਸ਼ ਸਮਾਗਮ ਵਿਚ ਸ਼ਿਰਕਤ ਕਰਕੇ ਆਪਣੇ ਵਿਚਾਰ ਪੇਸ਼ ਕਰਨ ਦਾ ਸਾਨੂੰ ਹੁਕਮ ਹੋਇਆ ਸੀ। ਅਸੀਂ ਸਾਧਾਰਨ ਡੈਲੀਗੇਟ ਸਾਂ। ਸਾਡੇ ਮਨ ਵਿਚ ਅਜਿਹੀ ਕੋਈ ਤਾਂਘ ਨਹੀਂ ਸੀ ਕਿ ਕਾਨਫ਼ਰੰਸ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਅਸੀਂ ਕੋਈ ਗੱਲ ਵਿਸ਼ੇਸ਼ ਜ਼ੋਰ ਨਾਲ ਕਹਿਣੀ ਜਾਂ ਉਭਾਰਨੀ ਹੈ। ਸਾਡੇ ਡੇਢ ਸੌ ਡੈਲੀਗੇਟਾਂ ‘ਚ ਬਥੇਰੇ ਵਿਦਵਾਨ ਸਨ, ਵੱਡੇ-ਵੱਡੇ ਨਾਂ ਸਨ ਜਿਹੜੇ ਇਹ ਕੰਮ ਕਰ ਸਕਦੇ ਸਨ।

ਉੱਚੇ ਲੰਮੇ ਸਟੇਜ ਸਕੱਤਰ, ਜਿਸ ਨੇ ਪਾਕਿਸਤਾਨ ਦਾ ਕੌਮੀ ਲਿਬਾਸ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ, ਨੇ ਬੜੇ ਨਿਰ-ਉਚੇਚ ਢੰਗ ਨਾਲ ਸਮਾਗਮ ਦੀ ਕਾਰਵਾਈ ਆਰੰਭੀ, ਜਿਵੇਂ ਕੋਈ ਆਪਣੇ ਘਰ ਦੇ ਜੀਆਂ ਨਾਲ ਗੱਲਬਾਤ ਕਰ ਰਿਹਾ ਹੋਵੇ। ਸਭ ਤੋਂ ਪਹਿਲਾਂ ਉਸ ਨੇ ਕਾਨਫ਼ਰੰਸ ਦੇ ਮੁੱਖ ਆਗੂ ਫ਼ਖ਼ਰ ਜ਼ਮਾਂ ਨੂੰ ਉਦਘਾਟਨੀ ਸ਼ਬਦ ਕਹਿਣ ਲਈ ਸੱਦਾ ਦਿੱਤਾ। ਕਾਲੀ ਜੈਕਟ ਤੇ ਚਿੱਟੇ ਸਲਵਾਰ ਕੁੜਤੇ ਵਿਚ ਦਗਦੇ ਚਿਹਰੇ ਵਾਲਾ ਹਸੂੰ-ਹਸੂੰ ਕਰਦਾ ਫ਼ਖ਼ਰ ਜ਼ਮਾਂ ਮਾਈਕ ਸਾਹਮਣੇ ਆਇਆ। ਸਭ ਨੂੰ ਖ਼ੁਸ਼ਆਮਦੀਦ ਕਹਿੰਦਿਆਂ ਉਸ ਨੇ ਆਖਿਆ, ‘‘ਅਸੀਂ ਅਮਨ ਦੇ ਪ੍ਰਚਾਰਕ ਹਾਂ। ਭਾਈਚਾਰੇ ਅਤੇ ਮੁਹੱਬਤ ਦੇ ਪ੍ਰਚਾਰਕ। ਅਸੀਂ ਪ੍ਰਗਤੀਪਸੰਦ ਹਾਂ ਤੇ ਹਰ ਤਰ੍ਹਾਂ ਦੀ ਇੰਤਹਾਪਸੰਦੀ ਦੇ ਖ਼ਿਲਾਫ਼ ਆਂ। ਅਸੀਂ ਪੰਜਾਬੀ ਬੋਲੀ ਤੇ ਕਲਚਰ ਨੂੰ ਸਾਂਭਣ ਲਈ ਵਚਨਬੱਧ ਆਂ। ਪੰਜਾਬੀਅਤ ਦੀ ਮਜ਼ਬੂਤ ਲਹਿਰ ਸ਼ੁਰੂ ਹੋ ਚੁੱਕੀ ਹੈ।

ਅੱਜ ਘਰ ਵਿਚ ਖਿੜੀ ਕਪਾਹ ਕੁੜੇ

ਤੂੰ ਝਬ ਝਬ ਚਰਖਾ ਡਾਹ ਕੁੜੇ

ਅਸੀਂ ਮੁਹੱਬਤ ਦੀ ਤੰਦ ਖਿੱਚਣੀ ਏ। ਦੋਹਾਂ ਪੰਜਾਬਾਂ ਦੀ ਸਾਂਝ ਵਧਾਉਣੀ ਏਂ। ਇਹੋ ਜਿਹਾ ਮਾਹੌਲ ਪੈਦਾ ਕਰਨਾ ਏਂ ਜਿਸ ਨਾਲ ਅਮਨ ਤੇ ਦੋਸਤੀ ਦੀ ਖ਼ੁਸ਼ਬੂ ਫ਼ੈਲ ਸਕੇ। ਅਸੀਂ ਸਾਰੇ ਮਸਲਿਆਂ ਦਾ ਹੱਲ ਬਾਰੂਦ ਦੀ ਬੋ ਵਿਚ ਨਹੀਂ, ਮੁਹੱਬਤ ਦੀ ਖ਼ੁਸ਼ਬੋ ਵਿਚੋਂ ਤਲਾਸ਼ਣਾ ਹੈ। ਇਹ ਗੱਲਾਂ ਇਸ ਕਾਨਫ਼ਰੰਸ ਵਿਚ ਵੀ ਵਿਚਾਰਨੀਆਂ ਨੇ ਤੇ ਮੰਗ ਕਰਨੀ ਏ ਦੋਹਾਂ ਪੰਜਾਬਾਂ ਵਿਚ ਆਵਾਜਾਈ ਵਧਾਣ ਦੀ, ਮਿਲ ਬੈਠਣ ਦੀ, ਸਾਂਝਾ ਕਲਚਰ ਸਾਂਭਣ ਦੀ।’’

ਫ਼ਖਰ ਜ਼ਮਾਂ ਦੇ ਭਾਸ਼ਨ ਨੇ ਇਕ ਸਦਭਾਵੀ ਮਾਹੌਲ ਤਿਆਰ ਕਰ ਦਿੱਤਾ ਸੀ। ਦੋਹਾਂ ਮੁਲਕਾਂ ਦੇ ਡੈਲੀਗੇਟਾਂ ਦੇ ਦਿਲਾਂ ਦੀਆਂ ਤਾਰਾਂ ਅਸਲੀ ਮਕਸਦ ਨਾਲ ਜੋੜ ਦਿੱਤੀਆਂ ਸਨ।

ਸਟੇਜ ਸਕੱਤਰ ਆਪਣੇ ਮਖ਼ਸੂਸ ਅੰਦਾਜ਼ ਵਿਚ ਉਸਤਾਦ ਦਾਮਨ ਦਾ ਸ਼ਿਅਰ ਕਹਿ ਰਿਹਾ ਸੀ :

‘‘ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ

ਸੋਏ ਤੁਸੀਂ ਵੀ ਓ, ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦੱਸਦੀ ਏ,

ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।’’

ਫਿਰ ਉਸ ਨੇ ਤੋੜਾ ਝਾੜਿਆ

‘‘ਕਾਹਨੂੰ ਕੱਢਦੈਂ ਨੱਕ ਦੀਆਂ ਲਕੀਰਾਂ

ਤੂੰ ਦਿਲ ਦੀ ਲਕੀਰ ਕੱਢ ਲੈ’’

ਸਰਹੱਦਾਂ ਉੱਤੇ ਖ਼ੁਸ਼ਬੋ ਬੀਜਣ ਵਾਲੀ ਸਿਰੇ ਦੀ ਗੱਲ ਕਰਕੇ ਉਸ ਨੇ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਲਿਕ ਮੇਅਰਾਜ਼ ਖ਼ਾਲਿਦ ਨੂੰ ਬੋਲਣ ਦਾ ਸੱਦਾ ਦਿੱਤਾ।

ਮਲਿਕ ਮੇਅਰਾਜ਼ ਖ਼ਾਲਿਦ ਨੇ ਆਖਿਆ, ‘‘ਦੋਹਾਂ ਪੰਜਾਬਾਂ ‘ਚੋਂ ਏਥੇ ਸੁੱਚੇ ਇਨਸਾਨ ਆਏ ਨੇ ਅਤੇ ਮੈਂ ਜ਼ਿੰਦਗੀ ‘ਚ ਕਦੇ ਇਹੋ ਜਿਹਾ ਸੋਹਣਾ ਤੇ ਸੁੱਚਾ ਇਕੱਠ ਨਹੀਂ ਵੇਖਿਆ। ਇਸ ਕਾਨਫ਼ਰੰਸ ਦਾ ਮਕਸਦ ਅਮਨ, ਦੋਸਤੀ ਤੇ ਪਿਆਰ ਦਾ ਪੈਗ਼ਾਮ ਦੇਣਾ ਏ। ਪੰਜਾਬ ਬਰੇ-ਸਗੀਰ ਦੀ ਵੱਖਰੀ ਤੇ ਵੱਡੀ ਨੁੱਕਰ ਏ ਤੇ ਸਾਂਝੇ ਪੰਜਾਬੀ ਕਲਚਰ ਦੇ ਹਵਾਲੇ ਨਾਲ ਅਸੀਂ ਆਪਣਾ ਮਕਸਦ ਪੂਰਾ ਕਰਨਾ ਏ। ਤੇ ਇਹ ਜਿਹੜਾ ਏਧਰ ‘ਜਹੰਨੁਮ’ ਤੇ ਓਧਰ ‘ਨਰਕ’ ਬਣਿਆ ਹੈ ; ਇਹ ਦੂਰ ਕਰਨਾ ਹੈ। ਮੁਹੱਬਤ ਦੇ ਰਾਹ ਵਿਚ ਦੋਹਾਂ ਪਾਸਿਆਂ ਤੋਂ ਹੁੰਦਾ ਗ਼ਲਤ ਪ੍ਰਾਪੇਗੰਡਾ ਸਮਝਣਾ ਹੈ। ਅੱਜ ਦਾ ਪੰਜਾਬੀਆਂ ਦਾ ਇਹ ਇਕੱਠ ਬਰੇ-ਸਗੀਰ ਵਿਚ ਦੋਸਤੀ ਦਾ ਪੈਗ਼ਾਮ ਦੇਣ ਦਾ ਵਸੀਲਾ ਬਣੇਗਾ।’’

‘‘ਮਨ ਦੀਆਂ ਕਦੂਰਤਾਂ ਦੂਰ ਕਰਨ ਲਈ ਸਾਨੂੰ ਸੂਫੀਆਂ, ਰਿਸ਼ੀਆਂ ਤੇ ਭਗਤਾਂ ਦੇ ਮੁਹੱਬਤ ਤੇ ਇਸ਼ਕ ਦੇ ਪੈਗ਼ਾਮ ਤੋਂ ਰੋਸ਼ਨੀ ਲੈਣੀ ਹੋਵੇਗੀ। ਇਹ ਕਾਨਫ਼ਰੰਸ ਕਲਚਰ ਦੀ ਬੁਨਿਆਦੀ ਰੂਹ ਸਾਰੀ ਦੁਨੀਆਂ ਅੱਗੇ ਰੱਖੇ ; ਸੂਫੀਆਂ ਤੇ ਰਿਸ਼ੀਆਂ ਦੇ ਪੈਗਾਮ ਦੇ ਲੜ ਲੱਗ ਕੇ ਅਸੀਂ ਪੰਜਾਬ ਤੱਕ ਤੇ ਫਿਰ ਬਰੇ-ਸਗੀਰ ਤੱਕ ਪੁੱਜੀਏ।’’

ਫਿਰ ਮਲਿਕ ਮੇਅਰਾਜ਼ ਖ਼ਾਲਿਦ ਨੇ ਫ਼ਖਰ ਜ਼ਮਾਂ ਦੇ ਵਿਚਾਰਾਂ ‘ਤੇ ਟਿੱਪਣੀ ਕੀਤੀ, ‘‘ਮੈਂ ਚਾਹੁੰਦਾਂ ਕਿ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਥਾਂ ‘ਤੇ ਇਨਸਾਨ ਤੇ ਇਨਸਾਨੀਅਤ ਦਾ ਨਾਅਰਾ ਬੁਲੰਦ ਕਰੀਏ।’’

‘‘ਅੰਗਰੇਜ਼ੀ ਸਕੂਲਾਂ ਵਿਚ ਸਾਡੀ ਸਕਾਫ਼ਤ ਦੀ ਨਫੀ ਹੁੰਦੀ ਹੈ ਤੇ ਅਸੀਂ ਅੱਜ ਵੀ ਸਾਮਰਾਜ ਦੇ ਜ਼ੇਰੇ-ਅਸਰ ਆਂ। ਸਾਡੀ ਆਜ਼ਾਦੀ ਅੱਗੇ ਸੁਆਲੀਆ ਨਿਸ਼ਾਨ ਲੱਗ ਗਏ ਨੇ। ਸਾਮਰਾਜ ਦੇ ਗੁਮਾਸ਼ਤੇ ਸਾਨੂੰ ਅੰਗਰੇਜ਼ੀ ਰਿਆਇਆ ਵਾਂਗ ਹੀ ਸਮਝਦੇ ਨੇ। ਅਸੀਂ ਇਨਸਾਨ ਬਣਾਉਣਾ ਹੈ ਰਿਆਇਆ ਨੂੰ।

ਅਖੀਰ ਵਿਚ ਉਸ ਨੇ ਆਪਣੀ ਗੱਲ ਮੁਕਾਉਂਦਿਆਂ ਕਿਹਾ, ‘‘ਇਹ ਸੋਹਣਾ ਤੇ ਸੁੱਚਾ ਇਕੱਠ ਮੁਹੱਬਤ ਦੀ ਤਾਕਤ ਨਾਲ ਨਫ਼ਰਤ ਦੀ ਦੀਵਾਰ ਨੂੰ ਤੋੜੇਗਾ, ਇਹ ਮੈਨੂੰ ਉਮੀਦ ਹੈ।’’

ਸਟੇਜ ਸਕੱਤਰ ਫੇਰ ਮਾਈਕ ਸਾਹਮਣੇ ਆਇਆ। ਇਹ ਤਾਂ ਬੜਾ ਜਾਣਿਆ ਪਛਾਣਿਆ ਚਿਹਰਾ ਸੀ ਪਰ ਮੈਨੂੰ ਯਾਦ ਕਿਉਂ ਨਹੀਂ ਸੀ ਆ ਰਿਹਾ। ਮੈਂ ਕਿਸੇ  ਨੇੜਲੇ ਨੂੰ ਪੁੱਛਿਆ ਤਾਂ ਉਹ ਕਹਿੰਦਾ, ‘‘ਇਹਦਾ ਨਾਂ ਸ਼ੁਜ਼ਆਤ ਹਾਸ਼ਮੀ ਹੈ। ਟੀ.ਵੀ. ਕਲਾਕਾਰ ਹੈ।’’

ਮੈਨੂੰ ਤੁਰੰਤ ਯਾਦ ਆਇਆ। ਮੈਂ ਤਾਂ ਇਸ ਨੂੰ ਅਨੇਕਾਂ ਪਾਕਿਸਤਾਨੀ ਟੀ.ਵੀ. ਡਰਾਮਿਆਂ ਵਿਚ ਦੇਖ ਚੁੱਕਾ ਸੀ। ਕਿਸੇ ਭਾਰਤੀ ਪ੍ਰੋਡਿਊਸਰ ਵਲੋਂ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਉੱਤੇ ਬਣੀ ਟੀ.ਵੀ. ਫਿਲਮ ਵਿਚ ਉਸ ਨੇ ਬਿਸ਼ਨ ਸਿੰਘ ਦਾ ਰੋਲ ਬਹੁਤ ਹੀ ਖ਼ੁਸ਼-ਅਸਲੂਬੀ ਨਾਲ ਕੀਤਾ ਸੀ ਜੋ ਆਪਣੇ ਆਪ ਵਿਚ ਅਭਿਨੈ ਕਲਾ ਦਾ ਸਿਖ਼ਰਲਾ ਨਮੂਨਾ ਸੀ। ਭਾਰਤੀ ਟੀ.ਵੀ. ਫਿਲਮ ਵਿਚ ਕੰਮ ਕਰਨ ਕਰਕੇ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਉਸ ਨੂੰ ਜਿਊਂਦਿਆਂ ਸਾੜ ਦੇਣ ਦਾ ਡਰਾਵਾ ਵੀ ਦਿੱਤਾ ਸੀ।

ਸ਼ੁਜ਼ਆਤ ਹਾਸ਼ਮੀ ਇਸ ਕਾਨਫ਼ਰੰਸ ਨੂੰ ਵੇਖ ਕੇ ਦੋਖੀਆਂ ਨੂੰ ਹੋਣ ਵਾਲੇ ਦੁੱਖ ਦਾ ਅਨੁਮਾਨ ਲਾ ਕੇ ਕਹਿ ਰਿਹਾ ਸੀ :

‘‘ਤੈਨੂੰ ਕਾਫ਼ਰ ਕਾਫ਼ਰ ਆਖਦੇ

ਤੂੰ ਆਹੋ ਆਹੋ ਆਖ….’’

ਮੁੱਖ ਮਹਿਮਾਨ ਦੇ ਬੋਲਣ ਪਿਛੋਂ ਭਾਰਤੀ ਡੈਲੀਗੇਟਾਂ ਦੇ ਆਗੂ ਡਾ. ਸੁਤਿੰਦਰ ਸਿੰਘ ਨੂਰ ਦੇ ਬੋਲਣ ਦੀ ਵਾਰੀ ਸੀ। ਨੂਰ ਨੇ ਆਪਣੀ ਗੱਲ ਪੰਜਾਬੀਅਤ ਤੋਂ ਹੀ ਸ਼ੁਰੂ ਕੀਤੀ।

‘‘ਅਸੀਂ ਪੰਜਾਬੀਅਤ ਨਾਲ ਸਦੀਆਂ ਤੋਂ ਜੁੜੇ ਹੋਏ ਹਾਂ। ਪੰਜਾਬੀਅਤ ਹੁਣ ਇਕ ਸੰਕਲਪ ਨਹੀਂ ਰਹਿ ਗਈ, ਇਹ ਇਕ ਵਿਚਾਰਧਾਰਾ ਬਣ ਚੁੱਕੀ ਹੈ ਤੇ ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਮਜ਼੍ਹਬ ਆਪਣੀ ਥਾਂ ਹੈ ਪਰ ਇਹ ਕਦੀ ਵੀ ਪੰਜਾਬੀਅਤ ਦੀ ਦੀਵਾਰ ਨਹੀਂ ਬਣਿਆ। ਪੰਜਾਬੀਅਤ ਤਾਂ ਸ਼ਾਇਰੀ ਰਾਹੀਂ ਵਰੋਸਾਈ ਹੈ। ਅਸੀਂ ‘ਸ਼ਾਇਰੀ ਦੇ ਪੁੱਤਰ’ ਹਾਂ। ਸ਼ਾਇਰੀ ਵਿਚ ਸੂਫੀ ਮੱਤ ਡੌਮੀਨੇਟ ਕਰਦਾ ਹੈ। ਸੂਫੀ ਸਾਨੂੰ ਜੋੜਦੇ ਹਨ। ਇਹ ਗੱਲ ਅੱਜ ਵੀ ਠੀਕ ਹੈ। ਪੱਛਮ ਦਾ ਹਮਲਾ ਸਾਨੂੰ ਅੰਦਰ ਵੱਲ ਆਪਣੀ ਵਿਰਾਸਤ ਵੱਲ ਮੋੜ ਰਿਹਾ ਹੈ। ਸਾਨੂੰ ਨਵੇਂ ਚੈਲਿੰਜ ਸਮਝਣ ਦੀ ਜ਼ਰੂਰਤ ਹੈ। ਇਹ ਦੋਹਾਂ ਪੰਜਾਬਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਨੂੰ ਨਿਭਾਉਣ ਲਈ ਆਪਸ ਵਿਚ ਰਲ ਕੇ ਬੈਠਣ ਦੀ ਲੋੜ ਹੈ। ਮੁਲਕਾਂ ਦੇ ਬਣਨ ਦੇ ਕਾਰਨ ਹੋਰ ਹੋ ਸਕਦੇ ਹਨ, ਪਰ ਅਸੀਂ ਮਿਲ ਕੇ ਬੈਠਾਂਗੇ ਤਾਂ ਪਿਆਰ ਵੀ ਵਧੇਗਾ। ਜ਼ਬਾਨ ਦਾ ਓਪਰਾਪਨ ਵੀ ਘਟੇਗਾ ਤੇ ਅਸੀਂ ਇਕ ਦੂਜੇ ਨਾਲ ਜੁੜਾਂਗੇ ਵੀ।’’

ਮੁੱਖ ਬੁਲਾਰੇ ਆਪਣੀ ਗੱਲ ਕਹਿ ਚੁੱਕੇ ਸਨ। ਪਰ ਅਜੇ ਤਾਂ ਸਟੇਜ ਉੱਤੇ ਹੋਰ ਬਹੁਤ ਨਾਮਵਰ ਹਸਤੀਆਂ ਬੈਠੀਆਂ ਸਨ। ਉਨ੍ਹਾਂ ਵੀ ਆਪਣੇ-ਆਪਣੇ ਅੰਦਾਜ਼ ਵਿਚ ਦੋਸਤੀ, ਅਮਨ ਤੇ ਮੁਹੱਬਤ ਦਾ ਪੈਗ਼ਾਮ ਦਿੱਤਾ।

ਪ੍ਰਸਿੱਧ ਤਾਰੀਖ਼ਦਾਨ ਅਬਦੁੱਲਾ ਮਲਿਕ ਨੇ ਮਲਿਕ ਮੇਅਰਾਜ਼ ਖ਼ਾਲਿਦ ਦੇ ਵਿਚਾਰਾਂ ‘ਤੇ ਟਿੱਪਣੀ ਕਰਦਿਆਂ ਕਿਹਾ, ‘‘ਮੇਅਰਾਜ਼ ਖ਼ਾਲਿਦ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਿਸ ਕਰਕੇ ਉਹ ‘ਪੰਜਾਬੀਅਤ’ ਦੀ ਜਗ੍ਹਾਂ ‘ਇਨਸਾਨੀਅਤ’ ਦੀ ਗੱਲ ਕਰਨ ‘ਤੇ ਜ਼ੋਰ ਦਿੰਦਾ ਹੈ। ‘ਪੰਜਾਬੀਅਤ’ ਕੋਈ ‘ਇਨਸਾਨੀਅਤ’ ਦੇ ਮੁਖ਼ਾਲਿਫ਼ ਚੀਜ਼ ਨਹੀਂ ਹੈ। ਸੱਚੀ ‘ਪੰਜਾਬੀਅਤ’ ਹੀ ਅਸਲ ਵਿਚ ਸੱਚੀ ਇਨਸਾਨੀਅਤ ਹੈ।‥ਦੋਹੀਂ ਪਾਸੀਂ ਮੁਸ਼ਕਲਾਂ ਤਾਂ ਹਨ ਪਰ ਮਿਲ ਬੈਠ ਕੇ ਠੰਢੇ ਦਿਲ ਨਾਲ ਮਸਾਇਲ ਦੇ ਹੱਲ ਲੱਭੇ ਜਾ ਸਕਦੇ ਨੇ। ਲੜਾਈ ਜਦੋਂ ਵੀ ਹੋਵੇ, ਮਰਦਾ ਤਾਂ ਪੰਜਾਬੀ ਹੀ ਹੈ। ਇਸ ਲਈ ਦੋਹਾਂ ਮੁਲਕਾਂ ਨੂੰ ਨੇੜੇ ਕਰਨ ਲਈ ਪੰਜਾਬੀਆਂ ਨੂੰ ਹੀ ਰੋਲ ਅਦਾ ਕਰਨਾ ਪਵੇਗਾ ਕਿਉਂਕਿ ਇਹ ਉਨ੍ਹਾਂ ਦੀ ਲੋੜ ਵੀ ਹੈ। ਤੁਸੀਂ ਵੀ ਓਧਰ ਅਡਵਾਨੀਆਂ ਨੂੰ ਕਾਬੂ ਪਾਓ ਤੇ ਏਧਰ ਅਸੀਂ ਵੀ ਪਾਈਏ।’’

ਬੁਲਾਰੇ ਤਾਂ ਕਈ ਸਨ ਪਰ ਖ਼ੂਬਸੂਰਤੀ ਇਹ ਸੀ ਕਿ ਹਰੇਕ ਜਣਾ ਦੋ ਢਾਈ ਮਿੰਟ ਵਿਚ ਆਪਣੀ ਗੱਲ ਕਹਿ ਕੇ ਬੈਠ ਜਾਂਦਾ ਸੀ। ਗੱਲ ਵੀ ਪਤੇ ਦੀ ਹੁੰਦੀ ਪਰ ਬਹੁਤਾ ਬੋਲਣ ਦਾ ਲਾਲਚ ਕਿਸੇ ਨੂੰ ਵੀ ਨਹੀਂ ਸੀ। ਬੁਲਾਰਿਆਂ ਦੀ ਇਸ ਸਿਆਣਪ ਦੀ ਮੈਂ ਦਿਲ ਹੀ ਦਿਲ ਦਾਦ ਦੇ ਰਿਹਾ ਸਾਂ। ਏਸੇ ਵੇਲੇ ਫਿਲਮ ਸਟਾਰ ਰਾਜ ਬੱਬਰ ਹਾਲ ਵਿਚ ਵੜਿਆ। ਲੋਕਾਂ ਦੀਆਂ ਧੌਣਾਂ ਮੁੜੀਆਂ ਉਤੇਜਨਾ ਨਾਲ। ਉਸ ਨੂੰ ਸਤਿਕਾਰ ਨਾਲ ਸਟੇਜ ‘ਤੇ ਲਿਆਂਦਾ ਗਿਆ। ਪ੍ਰੋਗਰਾਮ ਅੱਗੇ ਸ਼ੁਰੂ ਹੋਇਆ।

ਔਰਤਾਂ ਦੀ ਸੰਸਥਾ ਦੀ ਚੇਅਰਪਰਸਨ ਤਾਹਿਰਾ ਮਜ਼ਹਰ ਅਲੀ ਬੋਲ ਰਹੀ ਸੀ, ‘‘ਅੱਜ ਲਾਹੌਰ ਰੰਗ-ਬਰੰਗੀ ਹੋ ਗਿਐ। ਰੰਗ-ਬਰੰਗੀਆਂ ਪੱਗਾਂ ਵੇਖ ਕੇ। ਮੌਸਮ ਬਿਹਤਰ ਹੋ ਗਿਐ। ਬਹਾਰ ਲੰਮੀ ਹੋ ਗਈ ਹੈ ਤੁਹਾਡੇ ਤਸ਼ਰੀਫ ਲਿਆਉਣ ਨਾਲ। ਦੋਹਾਂ ਮੁਲਕਾਂ ਵਿਚ ਦੋਸਤੀ ਨਾ ਹੋਵੇ ਤਾਂ ਅਸੀਂ ਬਚ ਨਾ ਸਕਦੇ। ਆਪਾਂ ਦੋਸਤੀਆਂ ਬਣਾਈਏ, ਸਿਆਸਤ ਨਾ ਕਰੀਏ।’’

ਹੁਣ ਸਟੇਜ ‘ਤੇ ਆਇਆ ਦੋਹਾਂ ਪੰਜਾਬਾਂ ਦਾ ਪਿਆਰਾ ਸ਼ਾਇਰ ਅਹਿਮਦ ਰਾਹੀ। ਬਜ਼ੁਰਗ…ਹੌਲੀ-ਹੌਲੀ ਤੁਰ ਕੇ ਮਾਈਕ ਤੱਕ ਪੁੱੱਜਾ। ਯਾਦ ਆਏ ਉਹ ਇਤਿਹਾਸਕ ਸਮੇਂ ਜਦੋਂ ਦੇਸ਼ ਦੀ ਵੰਡ ਉਪਰੰਤ ਪਹਿਲੀ ਵਾਰ ਉਸ ਨੇ ਅੰਮ੍ਰਿਤਸਰ ਵਿਚ ਹੋਏ ਮੁਸ਼ਾਇਰੇ ਵਿਚ ਨਜ਼ਮ ਪੜ੍ਹੀ ਸੀ :

‘‘ਦੇਸਾਂ ਵਾਲਿਓ ਆਪਣੇ ਦੇਸ ਅੰਦਰ,

ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ’’

ਉਹ ਨਜ਼ਮ ਪੜ੍ਹ ਰਿਹਾ ਸੀ ਤੇ ਲੋਕਾਂ ਦੀਆਂ ਅੱਖਾਂ ‘ਚੋਂ ਅੱਥਰੂ ਕਿਰ ਰਹੇ ਸਨ।

ਬਾਬਾ ਦੋ ਮਿੰਟ ਹੀ ਬੋਲਿਆ, ‘‘ਮੈਂ ਜੋ ਪੰਜਾਬੀ ਦਾ ਬੂਟਾ ਲਾਇਆ ਸੀ, ਉਹ ਹੁਣ ਬੋਹੜ ਦਾ ਦਰਖ਼ਤ ਬਣ ਗਿਐ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ। ਮੈਂ ਸਦਾ ਉਰਦੂ ਲਿਖਣ ਵਾਲਿਆਂ ਨੂੰ ਪੰਜਾਬੀ ਵਿਚ ਲਿਖਣ ਲਈ ਕਹਿੰਦਾ ਸਾਂ। ਮੇਰੇ ਉਰਦੂ ਨੂੰ ਮੇਰੀ ਪੰਜਾਬੀ ਖਾ ਜਾਏ, ਮੈਨੂੰ ਖ਼ੁਸ਼ੀ ਹੈ।’’

ਤਾੜੀਆਂ ਦੀ ਗੂੰਜ ਵਿਚ ਉਹ ਆਪਣੀ ਥਾਂ ਜਾ ਬੈਠਾ।

ਭਾਰਤੀ ਵਫ਼ਦ ਵਲੋਂ ਹੁਣ ਡਾਕਟਰ ਹਰਚਰਨ ਸਿੰਘ ਦੀ ਵਾਰੀ ਸੀ। ਸਿੱਖ ਨਾਵਾਂ ਦੀ ਬਹੁਤੀ ਪਛਾਣ ਨਾ ਹੋਣ ਕਰਕੇ ਸ਼ੁਜ਼ਆਤ ਹਾਸ਼ਮੀ ਉਸ ਦੇ ਨਾਂ ਦਾ ਗ਼ਲਤ ਉਚਾਰਣ ਗੁਰਚਰਨ ਸਿੰਘ ਕਰ ਰਿਹਾ ਸੀ। ਹਰਚਰਨ ਸਿੰਘ ਨੇ ਆਪਣੀ ਗੱਲ ਇਥੋਂ ਹੀ ਸ਼ੁਰੂ ਕੀਤੀ, ‘‘ਰੂਸੀ ਵਿਚ ‘ਹਾਂ’ ਦੀ ਥਾਂ ‘ਖਾ’ ਦਾ ਉਚਾਰਨ ਕੀਤਾ ਜਾਂਦਾ ਹੈ। ਜਦੋਂ ਮੈਂ ਰੂਸ ਗਿਆ ਤਾਂ ਮੈਨੂੰ ‘ਹਰਚਰਨ’ ਦੀ ਥਾਂ ਉਹ ‘ਖ਼ਰਚਰਨ’ ਆਖਿਆ ਕਰਨ।’’

ਮੇਰੇ ਪਿੱਛੇ ਬੈਠੇ ਭਾਰਤੀ ਵਫ਼ਦ ਦੇ ਦੋ ਮੈਂਬਰਾਂ ਨੇ ਇਕ-ਮਤ ਹੋ ਕੇ ਚੁਟਕੀ ਲਈ, ‘‘ਉਹ ਠੀਕ ਹੀ ਆਖਦੇ ਸਨ।’’

ਡਾ. ਹਰਚਰਨ ਸਿੰਘ ਨੇ ਅੱਜ ‘ਆਪਣੇ ਹੀ ਘਰ’ ਆਉਣ ਦੀ ਗੱਲ ਕਰਦਿਆਂ ਕਿਹਾ, ‘‘ਮੈਂ ਅੱਜ ਇਸ ਕਾਨਫ਼ਰੰਸ ਵਿਚ ਇਤਿਹਾਸਕ ਗੱਲ ਪੇਸ਼ ਕਰਨ ਲੱਗਿਆਂ। ਉਹ ਇਹ ਹੈ ਕਿ ਅੱਜ ਤੋਂ ਗੁਰਮੁਖੀ ਸਕਰਿਪਟ ਨੂੰ ਪੰਜਾਬੀ ਸਕਰਿਪਟ ਆਖਿਆ ਜਾਵੇ। ਗੁਰਮੁਖੀ ਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ।’’

ਡਾ. ਹਰਚਰਨ ਸਿੰਘ ਦਾ ਇਹ ਸੁਝਾਅ ਬਚਗਾਨਾ ਸੀ। ਨਵੀਆਂ ਪੇਚੀਦਗੀਆਂ ਤੇ ਨਵੇਂ ਸ਼ੰਕੇ ਖੜ੍ਹੇ ਕਰਨ ਵਾਲਾ ਸੀ। ਪਰ ਉਸ ਦੇ ਇਸ ‘ਮੌਲਿਕ ਵਿਚਾਰ’ ਦੀ ‘ਦਾਦ’ ਦਿੰਦਿਆਂ ਪਿਛਲੇ ਸੱਜਣਾਂ ਨੇ ਫਿਰ ਆਖਿਆ, ‘‘ਰੂਸੀ ਠੀਕ ਹੀ ਤਾਂ ਕਹਿੰਦੇ ਸਨ।’’

ਹਰਚਰਨ ਸਿੰਘ ਦੇ ਇਸ ਭਾਸ਼ਨ ਦੇ ਪਿੱਛੋਂ ‘ਵਿਸ਼ਵ ਪੰਜਾਬੀਅਤ ਫਾਊਂਡੇਸ਼ਨ’ ਵਲੋਂ ਮੁਨੀਰ ਨਿਆਜ਼ੀ, ਅਹਿਮਦ ਰਾਹੀ, ਫਰਖੰਦਾ ਲੋਧੀ, ਅਹਿਮਦ ਬਸ਼ੀਰ ਤੇ ਅਫ਼ਜ਼ਲ ਅਹਿਸਨ ਰੰਧਾਵਾ ਦਾ ਸਨਮਾਨ ਕੀਤਾ ਗਿਆ।

ਹੁਣ ਵਾਰੀ ਸੀ ਪ੍ਰਸਿੱਧ ਨਾਵਲਕਾਰ ਦਲੀਪ ਕੌਰ ਟਿਵਾਣਾ ਦੀ। ਉਸ ਨੇ ਕਿਹਾ ਕਿ ਉਹ ਆਪਣੀ ਨਿੱਕੀ ਜਿਹੀ ਕਹਾਣੀ ਪੜ੍ਹ ਕੇ ਸੁਣਾਵੇਗੀ।

ਇਕ ਤਾਂ ਚੱਲ ਰਹੇ ਸਮਾਗਮ ਦੀ ਰਵਾਨਗੀ ਵਿਚ ਕਹਾਣੀ ਪੜ੍ਹਣਾ ਥੋੜ੍ਹਾ ਅਟਪਟਾ ਜਿਹਾ ਜਾਪਦਾ ਹੀ ਸੀ, ਦੂਜੇ ਮਾਈਕ ਦੇ ਠੀਕ ਤਰ੍ਹਾਂ ਸਾਹਮਣੇ ਨਾ ਹੋ ਸਕਣ ਕਰਕੇ ਤੇ ਤੀਜੇ ਬਾਰੀਕ ਤੇ ਅਸਪਸ਼ਟ ਆਵਾਜ਼ ਕਰਕੇ ਗੱਲ ਸਰੋਤਿਆਂ ਤੱਕ ਪੁੱਜਣ ‘ਚ ਤੇ ਸੁਣਨ ‘ਚ ਰੁਕਾਵਟ ਆ ਪਈ। ਲੋਕ ਗੱਲਾਂ ਕਰਨ ਲੱਗੇ। ਟਿਵਾਣਾ ਆਪਣੀ ਕਹਾਣੀ ‘ਤੇਰਾ ਕਮਰਾ-ਮੇਰਾ ਕਮਰਾ’ ਪੜ੍ਹ ਰਹੀ ਸੀ। ਕਹਾਣੀ ਖ਼ੂਬਸੂਰਤ ਸੀ ਪਰ ਇਹ ਕਹਾਣੀ ਪੜ੍ਹਣ ਦਾ ਮੁਨਾਸਿਬ ਮੌਕਾ ਨਹੀਂ ਸੀ ਤੇ ਨਾ ਹੀ ਲੋਕ ਸੁਣਨ ਲਈ ਤਿਆਰ ਸਨ ਤੇ ਉਪਰੋਂ ਆਵਾਜ਼ ਦੀ ਮੁਸ਼ਕਲ। ਮਾਹੌਲ ਵਿਗੜਦਾ ਦੇਖ ਕੇ ਸਟੇਜ ਸਕੱਤਰ ਨੇ ਵੀ ਇਸ਼ਾਰਾ ਕੀਤਾ। ਜਿੰਨਾ ਚਿਰ ਵਿਚ ਟਿਵਾਣਾ ਨੇ ਕਹਾਣੀ ਪੜ੍ਹੀ ਲੋਕਾਂ ਦੇ ਮਨ ਉੱਖੜ ਚੁੱਕੇ ਸਨ। ਸਾਡੀ ਤਾਂ ਉਹ ਸਤਿਕਾਰਯੋਗ ਲੇਖਿਕਾ ਸੀ ਪਰ ਉਸ ਸਟੇਜ ਸਕੱਤਰ ਨੂੰ ਕੌਣ ਸਮਝਾਏ! ਕਿਸੇ ਹੋਰ ਆਰਟਿਸਟ ਦਾ ਨਾਂ ਲੈ ਕੇ ਕਹਿਣ ਲੱਗਾ, ‘‘ਜੇ ਬੋਲਣਾ ਸਾਰਿਆਂ ਦੇ ਵੱਸ ਦਾ ਰੋਗ ਹੋਵੇ ਤਾਂ ਅਗਲੇ ਸਾਨੂੰ ਕਿਉਂ ਸਟੇਜਾਂ ਚਲਾਉਣ ਲਈ ਸੱਦਣ। ਗੱਲ ਤਾਂ ਏਨੀ ਸੀ ਕਿ ਦੋ ਕਮਰੇ ਨੇ ਤੇ ਵਿਚ ਦੀਵਾਰ ਏ ਤੇ ਦੀਵਾਰ ਵਿਚੋਂ ਨਿਕਲਣੀ ਚਾਹੀਦੀ ਏ। ਡੂਢ ਮਿੰਟ ਦੀ ਸਾਰੀ ਗੱਲ ਸੀ ਤੇ ਬੀਬੀ ਨੇ ਐਵੇਂ ਏਨਾ ਚਿਰ ਲਾ ਦਿੱਤਾ।’’

ਸਰੋਤਿਆਂ ‘ਚ ਹਾਸਾ ਛਣਕਿਆ। ਪਰ ਇਸ ਦੀ ਸ਼ਰਮ ਸਾਨੂੰ ਆ ਰਹੀ ਸੀ। ਸਾਡੀ ਸਤਿਕਾਰਯੋਗ ਲੇਖਿਕਾ ਲਈ ਏਡੀ ਕਾਟਵੀਂ ਟਿੱਪਣੀ ਬੁਰੀ ਤਾਂ ਸੀ ਪਰ ਕੀ ਕਰਦੇ!

ਰਾਜ ਬੱਬਰ ਨੇ ਪੰਜਾਬੀ ਜ਼ਬਾਨ ਨੂੰ ਪੰਜਾਬੀ ਪਹਿਚਾਣ ਦਾ ਚਿੰਨ੍ਹ ਦੱਸਿਆ ਤੇ ਹਥਿਆਰ ਵੇਚਣ ਵਾਲੇ ‘ਬਾਣੀਏ’ ਨੂੰ ਬੁਰਾ ਕਹਿੰਦਿਆਂ ਪਿਆਰ ਵਧਾਉਣ ‘ਤੇ ਜ਼ੋਰ ਦਿੱਤਾ।

ਅਫਜ਼ਲ ਅਹਿਸਨ ਰੰਧਾਵਾ ਨੇ ਏਨਾ ਹੀ ਆਖਿਆ, ‘‘ਤੁਸੀਂ ਸਾਡੇ ਸੁਪਨਿਆਂ ਦੇ ਲੋਕ ਹੋ। ਆਏ ਹੋ ਤਾਂ ਸੁਪਨੇ ਸੱਚੇ ਹੋ ਗਏ। ਪਿਆਰ ਇਕਤਰਫ਼ਾ ਹੋ ਸਕਦਾ ਹੈ, ਦੋਸਤੀ ਦੋਹਾਂ ਬੰਨਿਆਂ ਤੋਂ ਹੁੰਦੀ ਹੈ। ਤੁਸੀਂ ਆਏ ਹੋ, ਤੁਹਾਡੇ ਪੈਰਾਂ ਹੇਠਾਂ ਸਾਡੇ ਹੱਥਾਂ ਦੀਆਂ ਤਲੀਆਂ ਨੇ।’’

ਉਸ ਦੇ ਭਾਵਕ ਬਿਆਨ ਪਿੱਛੋਂ ਮੁਨੀਰ ਨਿਆਜ਼ੀ ਆਇਆ।

ਆਦਤ ਹੀ ਬਨਾ ਲੀ ਹੈ ਤੁਮਨੇ ਤੋਂ ਮੁਨੀਰ ਅਪਨੀ

ਜਿਸ ਸ਼ਹਿਰ ਮੇਂ ਭੀ ਰਹਿਨਾ ਉਕਤਾਏ ਹੂਏ ਰਹਿਨਾ

ਇਹ ਸ਼ਿਅਰ ਕਹਿਣ ਵਾਲਾ ਆਪਣੇ ਸ਼ਹਿਰ ਨੂੰ ਯਾਦ ਕਰ ਰਿਹਾ ਸੀ, ‘‘ਮੈਂ ਹੁਸ਼ਿਆਰਪੁਰ ਤੋਂ ਹਾਂ। ਜਦੋਂ ਕੋਈ ਟਾਂਗੇ ਵਾਲਾ ਹੁਸ਼ਿਆਰਪੁਰ ਦੀ ਬੋਲੀ ਬੋਲਦੈ ਤਾਂ ਮੇਰੇ ਅੰਦਰ ਉਤਰ ਜਾਂਦੈ। ਜਦੋਂ ਲੰਡਨ ਜਾਵਾਂ ਤਾਂ ਸਿੱਖਾਂ ਦੇ ਘਰ ਜਾਂਦਾਂ, ਉਚੇਚਾ ਆਪਣੀ ਬੋਲੀ ਸੁਣਨ ਲਈ। ਮਿਲੀਏ ਤਾਂ ਸਹੀ, ਰਾਹਾਂ ਆਪੇ ਨਿਕਲ ਆਉਣਗੀਆਂ। ਬੱਸ ਜਲਦੀ-ਜਲਦੀ ਮਿਲਦੇ ਰਹੀਏ।’’

‘ਉਦਾਸ ਨਸਲੇਂ’ ਨਾਵਲ ਦਾ ਲੇਖਕ ਅਬਦੁੱਲਾ ਹੁਸੈਨ ਕਹਿੰਦਾ, ‘‘ਮੇਰੀ ਪੰਜਾਬੀ ‘ਚ ਦੇਣ ਕੋਈ ਨਹੀਂ। ਪੈਂਤੀ ਸਾਲ ਪਹਿਲਾਂ ਮੇਰਾ ਪਹਿਲਾ ਨਾਵਲ ਉਰਦੂ ‘ਚ ਛਪਿਆ ਤਾਂ ਲੋਕਾਂ ਕਿਹਾ, ਇਹ ਪੰਜਾਬੀ ਵਿਚ ਉਰਦੂ ਲਿਖਦੈ। ਉਦੋਂ ‘ਪੰਜਾਬੀ’ ਤਾਅਨਾ ਬਣ ਗਿਆ ਸੀ। ਪੰਜਾਬੀ ਦਾ ਨਾਂ ਲੈਣ ਵਾਲੇ ਫੜੇ ਗਏ। ਪਰ ਇਹ ਬੜੀ ‘ਕੁੱਤੀ’ ਜ਼ਬਾਨ ਹੈ। ਇਹਨੇ ਨਹੀਂ ਮਰਨਾ।’’

ਕਿਸੇ ਨੇ ਵਿਚੋਂ ਹੀ ਕਿਹਾ, ‘‘ਪਰ ਹੁਣ ਤਾਂ ਇਹਨੇ ਮਰਨਾ ਹੀ ਨਹੀਂ।’’

ਇਕ ਦੋ ਹੋਰ ਬੁਲਾਰਿਆਂ ਨੇ ਵੀ ਮਨ ਦੇ ਭਾਵ ਪੇਸ਼ ਕੀਤੇ।

ਦਿੱਲੀ ਦੇ ਹਰਸ਼ਰਨ ਸਿੰਘ ਬੱਲੀ ਨੇ ਇਹ ਦੱਸਿਆ ਕਿ ਉਸ ਦੀ ਮਾਂ ਹਰ ਸਾਲ ਪਾਕਿਸਤਾਨ ਵਿਚਲੇ ਆਪਣੇ ਪਿੰਡ ਨੂੰ ਵੇਖਣ ਲਈ ਵਿਲਕਦੀ ਤੜਪਦੀ ਰਹੀ। ਜਦੋਂ ਅਤਿ ਦੀ ਬਿਮਾਰ ਹੋਈ ਤਾਂ ਆਖੇ, ‘‘ਮੈਨੂੰ ਮੇਰੇ ਪਿੰਡ ਲੈ ਚੱਲੋ’’ ਪਰ ਮੈਂ ਕਿੱਥੇ ਲੈ ਕੇ ਜਾਂਦਾ! ਬੇਵੱਸ ਸਾਂ। ਆਖ਼ਰਕਾਰ ਮਾਂ ਨੂੰ ਕਾਰ ਵਿਚ ਪਾਇਆ ਤੇ ਦਿੱਲੀ ਨੇੜਲੇ ਇਕ ਪਿੰਡ ਵਿਚ ਲਿਜਾ ਕੇ ਆਖਿਆ, ‘‘ਲੈ ਮਾਂ ਤੇਰਾ ਪਿੰਡ ਆ ਗਿਆ।’’ ਮਾਂ ਨੇ ਤਸੱਲੀ ਨਾਲ ਡੂੰਘਾ ਸਾਹ ਲਿਆ ਤੇ ਅੱਖਾਂ ਮੀਟ ਕੇ ਧੌਣ ਪਾਸੇ ਸੁੱਟ ਦਿੱਤੀ। ਉਹਦੀ ਤੜਪਦੀ ਆਤਮਾ ਸਦਾ ਲਈ ਸ਼ਾਂਤ ਹੋ ਗਈ।’’ ਉਸ ਦੇ ਬੋਲਾਂ ਨੇ ਸਰੋਤਿਆਂ ਦੀ ਧੁਰ ਆਤਮਾ ਨੂੰ ਛੂਹ ਲਿਆ ਤੇ ਕਈਆਂ ਦੇ ਦ੍ਰਵਿਤ ਹੋਏ ਮਨ ਅੱਖਾਂ ਵਿਚੋਂ ਅੱਥਰੂ ਬਣ ਕੇ ਡੁੱਲ੍ਹ ਗਏ।

ਇਸ ਕਾਨਫ਼ਰੰਸ ਨੂੰ ਬਹੁਤ ਹੀ ਚੰਗੀ ਸ਼ੁਰੂਆਤ ਕਹਿੰਦਿਆਂ ਸ਼ੁਜ਼ਆਤ ਹਾਸ਼ਮੀ ਨੇ ਪਤੇ ਦੀ ਗੱਲ ਆਖੀ :

ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ

ਮੰਨਿਆਂ ਵਕਤ ਵੀ ਤੰਗ ਤੋਂ ਤੰਗ ਆਂਦਾ

ਰਾਂਝਾ ਤਖ਼ਤ ਹਜ਼ਾਰੇ ਤੋਂ ਤੁਰੇ ਤਾਂ ਸਹੀ

ਪੈਰਾਂ ਹੇਠ ਸਿਆਲਾਂ ਦਾ ਝੰਗ ਆਂਦਾ।

ਇਹ ਕਾਨਫ਼ਰੰਸ ਤੇ ਇਸ ਦਾ ਉਦਘਾਟਨੀ ਸਮਾਗਮ ਰਾਂਝੇ ਦੇ ਤਖ਼ਤ ਹਜ਼ਾਰੇ ਤੋਂ ਤੁਰਨ ਦਾ ਦਿਨ ਹੀ ਸੀ। ਇਸ ਆਸ ਨਾਲ ਸਾਰੇ ਡੈਲੀਗੇਟ ਦੁਪਹਿਰ ਦੇ ਖਾਣੇ ਲਈ ਉਠ ਖੜੋਤੇ ਕਿ ਕਦੀ ਨਾ ਕਦੀ ਤਾਂ ‘ਝੰਗ ਸਿਆਲ’ ਆਏਗਾ ਹੀ।

Read 1230 times