You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»10 - ਪੰਜਾਬੀ ਦੀਆਂ ਖੇਡ ਪੁਸਤਕਾਂ

ਲੇਖ਼ਕ

Thursday, 15 October 2009 17:37

10 - ਪੰਜਾਬੀ ਦੀਆਂ ਖੇਡ ਪੁਸਤਕਾਂ

Written by
Rate this item
(7 votes)

ਪੰਜਾਬੀ ਜਿੰਨੇ ਚਾਅ ਨਾਲ ਮੇਲੇ ਵੇਖਦੇ ਹਨ ਉਨੇ ਹੀ ਚਾਅ ਨਾਲ ਖੇਡਾਂ ਖੇਡਦੇ ਹਨ। ਪੰਜਾਬ ਸਦਾ ਦਿਲਾਂ ਦੇ ਰਾਠ ਤੇ ਨਰੋਏ ਜੁੱਸਿਆਂ ਵਾਲੇ ਲੋਕਾਂ ਨੂੰ ਜਨਮ ਦਿੰਦਾ ਰਿਹਾ ਹੈ। ਮੁੱਢ ਕਦੀਮ ਤੋਂ ਏਥੇ ਸਰੀਰਕ ਕਰਤਬਾਂ ਦੀ ਗੱਲ ਹੁੰਦੀ ਆਈ ਹੈ। ਸਾਡੀਆਂ ਮਿਥਿਹਾਸਕ ਕਥਾਵਾਂ ਵਿੱਚ ਉਨ੍ਹਾਂ ਬਲੀ ਲੋਕਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਗੋਡਾ ਮਾਰ ਕੇ ਧਰਤੀ `ਚੋਂ ਪਾਣੀ ਕੱਢ ਦਿੰਦੇ ਸਨ ਤੇ ਚੰਦ ਸੂਰਜ ਨਾਲ ਘੁਲਦੇ ਸਨ। ਉਹਨਾਂ ਦੇ ਅਸਮਾਨਾਂ `ਚ ਵਗਾਹੇ ਹਾਥੀ ਅਜੇ ਤਕ ਨਹੀਂ ਮੁੜੇ!

ਪੰਜਾਬ ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਕਿਰਤੀ ਕਿਸਾਨਾਂ ਤੇ ਸੂਰਮਿਆਂ ਦੀ ਧਰਤੀ ਹੈ। ਇਹ ਉਹਨਾਂ ਚੰਚਲ ਮਨਾਂ ਵਾਲੇ ਲੋਕਾਂ ਨੂੰ ਜਨਮ ਦਿੰਦੀ ਹੈ ਜਿਹੜੇ ਜਾਣ ਬੁੱਝ ਕੇ ਆਫ਼ਤਾਂ ਛੇੜਦੇ ਹਨ ਤੇ ਵਾਹੀਆਂ ਛੱਡ ਬੰਜਰਾਂ ਆਬਾਦ ਕਰਨ ਤੁਰ ਪੈਂਦੇ ਹਨ। ਘਰਾਂ ਦੇ ਸੁਖ ਤਿਆਗ ਪਰਦੇਸੀ ਜਾ ਬਣਦੇ ਹਨ। ਉਹਨਾਂ ਅੰਦਰ ਕੋਈ ਅਜਬ ਭਟਕਣ ਹੈ, ਅਲੋਕਾਰ ਪ੍ਰਤਿਭਾ ਜੋ ਉਨ੍ਹਾਂ ਨੂੰ ਟੇਕ ਨਹੀਂ ਆਉਣ ਦਿੰਦੀ। ਉਹ ਧੱਕੇ ਵਾਲੀਆਂ ਤੇ ਜੱਫੋਜੱਫੀ ਹੋਣ ਵਾਲੀਆਂ ਖੇਡਾਂ ਦੇ ਵਧੇਰੇ ਸ਼ੁਕੀਨ ਹਨ ਤੇ ਖੜ੍ਹੇ ਖੜੋਤੇ ਸਿੱਧ-ਪੁੱਠ ਕਰਨਾ ਲੋਚਦੇ ਹਨ।

ਕਬੱਡੀ ਤੇ ਕੁਸ਼ਤੀ ਪੰਜਾਬੀਆਂ ਦੀਆਂ ਵਧੇਰੇ ਮਨਪਸੰਦ ਖੇਡਾਂ ਹਨ। ਕੁਸ਼ਤੀਆਂ ਵਿੱਚ ਪੰਜਾਬ ਨੇ ਕਈ ਜਗਤਜੇਤੂ ਪੈਦਾ ਕੀਤੇ ਹਨ। 1892 ਵਿੱਚ ਪੰਜਾਬੀ ਪਹਿਲਵਾਨ ਕਰੀਮ ਬਖ਼ਸ਼ ਇੰਗਲੈਂਡ ਦੇ ਟੌਮ ਕੈਨਨ ਨੂੰ ਢਾਹ ਕੇ ਵਰਲਡ ਚੈਂਪੀਅਨ ਬਣਿਆ ਸੀ। 1900 ਵਿੱਚ ਪੰਜਾਬ ਦਾ ਇੱਕ ਹੋਰ ਪਹਿਲਵਾਨ, ਗ਼ੁਲਾਮ, ਪੰਡਤ ਮੋਤੀ ਲਾਲ ਨਹਿਰੂ ਨਾਲ ਪੈਰਿਸ ਗਿਆ ਤੇ ਤੁਰਕੀ ਦੇ ਕਾਦਰ ਅਲੀ ਨੂੰ ਢਾਹ ਕੇ ਵਿਸ਼ਵ ਜੇਤੂ ਬਣਿਆ। ਕਿੱਕਰ ਸਿੰਘ, ਗਾਮਾ ਤੇ ਗੋਬਰ ਵੀ ਬੜੇ ਮਸ਼ਹੂਰ ਪਹਿਲਵਾਨ ਹੋਏ ਜਿਨ੍ਹਾਂ ਦਾ ਲੋਹਾ ਕੁਲ ਦੁਨੀਆ ਨੇ ਮੰਨਿਆ। 1921 ਵਿੱਚ ਗੋਬਰ ਨੇ ਸਾਨ ਫਰਾਂਸਿਸਕੋ ਵਿੱਚ ਆਦਸ਼ੰਤੂ ਨੂੰ ਚਿੱਤ ਕਰ ਕੇ ਆਲਮੀ ਗੁਰਜ ਹਾਸਲ ਕੀਤੀ। ਗਾਮੇ ਨੇ ਵਿਸ਼ਵ ਵਿਜੇਤਾ ਪਹਿਲਵਾਨ ਜ਼ਬਿਸਕੋ ਨੂੰ ਪਟਿਆਲੇ ਵਿੱਚ ਪਟਕਾ ਕੇ ਰੁਸਤਮੇ ਜ਼ਮਾਂ ਦਾ ਖ਼ਿਤਾਬ ਜਿੱਤਿਆ।

1928 ਤੋਂ ਇੰਡੀਆ ਦੀ ਹਾਕੀ ਟੀਮ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲੱਗੀ ਤਾਂ ਪੰਜਾਬੀ ਖਿਡਾਰੀ ਓਲੰਪਿਕ ਚੈਂਪੀਅਨ ਬਣਨ ਲੱਗੇ। ਪਰ ਸੱਠਵਿਆਂ ਤਕ ਪੰਜਾਬੀ ਲਿਖਤਾਂ ਵਿੱਚ ਉਨ੍ਹਾਂ ਆਲਮੀ ਜੇਤੂਆਂ ਦਾ ਜ਼ਿਕਰ ਕਿਤੇ ਵੀ ਨਹੀਂ ਮਿਲਦਾ। ਕੁੱਝ ਮੂੰਹ ਜ਼ਬਾਨੀ ਜੋੜੇ ਛੰਦ ਜ਼ਰੂਰ ਸੁਣ ਪੈਂਦੇ ਸਨ। ਕਿਹਾ ਜਾਂਦੈ ਕਿ ਪੰਜਾਬੀ ਲੋਕ ਮੱਲਾਂ ਤਾਂ ਬੜੀਆਂ ਮਾਰ ਲੈਂਦੇ ਨੇ ਪਰ ਉਨ੍ਹਾਂ ਦਾ ਰਿਕਾਰਡ ਨਹੀਂ ਰੱਖਦੇ। ਨਾ ਹੀ ਉਹ ਪੁਰਾਣੀਆਂ ਵਿਰਾਸਤੀ ਵਸਤਾਂ ਨੂੰ ਸੰਭਾਲਣਾ ਜਾਣਦੇ ਨੇ। ਇਹੋ ਕਾਰਨ ਹੈ ਕਿ ਜਿਨ੍ਹਾਂ ਪੰਜਾਬੀ ਮੱਲਾਂ ਨੇ ਕੁਲ ਦੁਨੀਆਂ ਉਤੋਂ ਦੀ ਲੱਤ ਫੇਰੀ ਉਹ ਵੀ ਲਿਖਤਾਂ ਵਿੱਚ ਨਾ ਆਏ ਤੇ ਪੰਜਾਬੀਆਂ ਦੇ ਯਾਦ ਚਿੱਤ ਨਾ ਰਹੇ। ਕਿੱਕਰ ਸਿੰਘ, ਗ਼ੁਲਾਮ, ਗਾਮਾ, ਕੱਲੂ, ਬੂਟਾ, ਫਤਿਹ ਸਿੰਘ, ਅਲੀਆ, ਗਾਮੂੰ, ਅਮਾਮ ਬਖ਼ਸ਼, ਸੋਹਣੀ, ਗੁੰਗਾ, ਗੰਡਾ ਜੌਹਲ, ਹਮੀਦਾ, ਹਰਬੰਸ, ਪੂਰਨ ਤੇ ਗੁਰਦਾਵਰ ਹੋਰੀਂ ਹੌਲੀ ਹੌਲੀ ਚੇਤਿਆਂ `ਚੋਂ ਵਿਸਰਦੇ ਗਏ।

1964 ਵਿੱਚ ਬਲਬੀਰ ਸਿੰਘ ਕੰਵਲ ਨੇ ਭਾਰਤ ਦੇ ਪਹਿਲਵਾਨ ਨਾਂ ਦੀ ਪੁਸਤਕ ਪ੍ਰਕਾਸ਼ਤ ਕੀਤੀ ਜਿਸ ਨੂੰ ਪੰਜਾਬੀ ਦੀ ਪਹਿਲੀ ਖੇਡ ਪੁਸਤਕ ਕਿਹਾ ਜਾ ਸਕਦੈ। 1966 ਤੋਂ ਇਸ ਪੁਸਤਕ ਦਾ ਲੇਖਕ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲੱਗ ਪਿਆ ਜੋ ਹੁਣ ਤਕ ਲਿਖੀ ਜਾ ਰਿਹੈ। ਉਸ ਦੀਆਂ ਖੇਡ ਪੁਸਤਕਾਂ ਦੀ ਗਿਣਤੀ ਦਰਜਨ ਤੋਂ ਟੱਪ ਗਈ ਹੈ ਜਿਨ੍ਹਾਂ ਦੇ ਨਾਂ ਪੰਜਾਬ ਦੇ ਉੱਘੇ ਖਿਡਾਰੀ, ਖੇਡ ਸੰਸਾਰ, ਖੇਡ ਜਗਤ ਵਿੱਚ ਭਾਰਤ, ਪੰਜਾਬੀ ਖਿਡਾਰੀ, ਖੇਡ ਮੈਦਾਨ `ਚੋਂ, ਓਲੰਪਿਕ ਖੇਡਾਂ, ਪੰਜਾਬ ਦੀਆਂ ਦੇਸੀ ਖੇਡਾਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਓਲੰਪਿਕ ਖੇਡਾਂ ਦੀ ਸਦੀ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਕਬੱਡੀ ਕਬੱਡੀ ਕਬੱਡੀ, ਖੇਡਾਂ ਦੀ ਦੁਨੀਆਂ ਤੇ ਪੰਜਾਬ ਦੇ ਚੋਣਵੇਂ ਖਿਡਾਰੀ ਹਨ। ਮੇਰੀ ਖੇਡ ਕਥਾ ਤੇ ਏਸ਼ਿਆਈ ਖੇਡਾਂ ਛਪਾਈ ਅਧੀਨ ਹਨ। ਬਲਬੀਰ ਸਿੰਘ ਕੰਵਲ ਨੇ ਇੱਕ ਹੋਰ ਪੁਸਤਕ ਆਲਮੀ ਕਬੱਡੀ ਦਾ ਇਤਿਹਾਸ ਲਿਖੀ ਹੈ। ਉਸ ਤੋਂ ਪਹਿਲਾਂ ਪੰਜਾਬ ਕਬੱਡੀ ਦਾ ਇਤਿਹਾਸ ਲਿਖੀ ਸੀ।

ਖੇਡਾਂ ਤੇ ਖਿਡਾਰੀਆਂ ਬਾਰੇ ਪੰਜਾਬੀ ਵਿੱਚ ਪੰਜਾਹ ਕੁ ਕਿਤਾਬਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿੱਚ ਜੀਵਨੀਆਂ, ਸਵੈਜੀਵਨੀਆਂ, ਖਿਡਾਰੀਆਂ ਦੇ ਰੇਖਾ ਚਿੱਤਰ, ਖੇਡਾਂ ਦਾ ਇਤਿਹਾਸ, ਖੇਡ ਮੇਲੇ, ਖੇਡ ਮਸਲੇ, ਖੇਡਾਂ ਦੀ ਜਾਣ ਪਛਾਣ, ਖੇਡ ਨਿਯਮ, ਖੇਡਾਂ ਦੀਆਂ ਬਾਤਾਂ, ਪੰਜਾਬ ਦੀਆਂ ਦੇਸੀ ਖੇਡਾਂ ਤੇ ਖਿਡਾਰੀਆਂ ਦੀਆਂ ਗਲਪੀ ਕਹਾਣੀਆਂ ਆਦਿ ਕਈ ਤਰ੍ਹਾਂ ਦੀਆਂ ਵੰਨਗੀਆਂ ਹਨ। ਕਿਹਾ ਜਾ ਸਕਦੈ ਕਿ ਪੰਜਾਬੀ ਖੇਡ ਸਾਹਿਤ ਦੀ ਵੱਖਰੀ ਪਛਾਣ ਕਾਇਮ ਹੋ ਚੁੱਕੀ ਹੈ ਤੇ ਆਉਂਦੇ ਸਮੇਂ `ਚ ਖਿਡਾਰੀਆਂ ਦੇ ਜੀਵਨ ਬਾਰੇ ਅਫ਼ਸਾਨੇ ਤੇ ਨਾਵਲ ਵੀ ਪੜ੍ਹਨ ਨੂੰ ਮਿਲਣਗੇ।

ਖਿਡਾਰੀਆਂ ਦੀਆਂ ਸਵੈਜੀਵਨੀਆਂ ਵਿੱਚ ਪ੍ਰਮੁੱਖ ਫਲਾਈਂਗ ਸਿੱਖ ਮਿਲਖਾ ਸਿੰਘ ਹੈ ਜੋ ਸੱਤਰਵਿਆਂ ਵਿੱਚ ਛਪੀ ਸੀ। ਮਿਲਖਾ ਸਿੰਘ ਇੰਗਲੈਂਡ ਵਿੱਚ ਕਾਮਨਵੈੱਲਥ ਖੇਡਾਂ ਦਾ ਮਹਿਮਾਨ ਬਣ ਕੇ ਗਿਆ ਸੀ। ਉਥੇ ਉਸ ਨੂੰ ਦੇਸ ਪ੍ਰਦੇਸ ਦਾ ਐਡੀਟਰ ਤਰਸੇਮ ਪੁਰੇਵਾਲ ਮਿਲਿਆ ਜਿਸ ਨੇ ਮਿਲਖਾ ਸਿੰਘ ਨੂੰ ਆਪਣੇ ਜੀਵਨ ਬਾਰੇ ਕਿਤਾਬ ਲਿਖਣ ਲਈ ਪ੍ਰੇਰਿਆ। ਉਸ ਨੇ ਕਿਹਾ, “ਤੁਸੀਂ ਆਪਣੀ ਜੀਵਨ ਕਹਾਣੀ ਪਾਸ਼ ਨੂੰ ਸੁਣਾਉਂਦੇ ਜਾਣਾ, ਉਹ ਲਿਖ ਦੇਵੇਗਾ।” ਇੰਜ ਪੁਰੇਵਾਲ ਨੇ ਪੰਜਾਬੀ ਦੇ ਪ੍ਰਸਿੱਧ ਕਵੀ ਪਾਸ਼ ਨੂੰ ਮਿਲਖਾ ਸਿੰਘ ਨਾਲ ਮਿਲਾਇਆ ਜਿਸ ਨੇ ਉਸ ਦੀ ਜੀਵਨੀ ਕਲਮਬੱਧ ਕੀਤੀ। ਉਸ ਉਤੇ ਪਾਸ਼ ਨੇ ਆਪਣੇ ਨਾਂ ਦੀ ਥਾਂ ਮਿਲਖਾ ਸਿੰਘ ਦਾ ਨਾਂ ਲਿਖਿਆ ਤਾਂ ਕਿ ਉਹ ਪੁਸਤਕ ਸਵੈਜੀਵਨੀ ਵਜੋਂ ਪੜ੍ਹੀ ਜਾਵੇ। ਪਾਸ਼ ਦੇ ਇਸ ਭੇਤ ਦਾ ਕੁੱਝ ਗਿਣਤੀ ਦੇ ਬੰਦਿਆਂ ਨੂੰ ਹੀ ਪਤਾ ਸੀ।

ਦੂਜੀ ਸਵੈਜੀਵਨੀ ਪਹਿਲਵਾਨ ਦਾਰਾ ਸਿੰਘ ਦੀ ਮੇਰੀ ਆਤਮ ਕਥਾ ਹੈ। ਮਝੈਲ ਦਾਰਾ ਸਿੰਘ ਦਾ ਤਰਜ਼ੇ ਬਿਆਨ ਕਮਾਲ ਦਾ ਹੈ। ਉਸ ਨੇ ਬੜੀ ਸਾਦਗੀ ਤੇ ਸਾਫ਼ਗੋਈ ਨਾਲ ਆਪਣੀਆਂ ਕਮੀਆਂ ਕਮਜ਼ੋਰੀਆਂ ਤੇ ਪ੍ਰਾਪਤੀਆਂ ਦਾ ਪ੍ਰਗਟਾਵਾ ਕੀਤਾ ਹੈ। ਉਸ ਦਾ ਸੁੱਤੇ ਪਏ ਦਾ ਪਿਸ਼ਾਬ ਨਿਕਲ ਜਾਂਦਾ ਸੀ। ਉਹ ਲਿਖਦਾ ਹੈ ਕਿ ਜਦ ਉਹਦੀ ਬਰਾਤ ਚੜ੍ਹੀ ਤਾਂ ਇਹ ਭਾਣਾ ਸਹੁਰੀਂ ਜਾ ਕੇ ਵੀ ਵਰਤ ਗਿਆ! ਭਾਵੇਂ ਜਾਨੀਆਂ ਦੇ ਜੰਗਲ ਪਾਣੀ ਜਾਣ ਸਮੇਂ ਉਹਦੀ ਗਿੱਲੀ ਤਲਾਈ ਕਿਸੇ ਹੋਰ ਦੇ ਮੰਜੇ `ਤੇ ਵਿਛਾ ਕੇ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਗਿਆ ਪਰ ਉਸ ਨੇ ਆਪਣੀ ਆਤਮ ਕਥਾ ਵਿੱਚ ਇਹ ਗੱਲ ਆਪ ਹੀ ਜੱਗ ਜ਼ਾਹਿਰ ਕਰ ਦਿੱਤੀ। ਪਹਿਲੀ ਵਾਰ ਵਹੁਟੀ ਨੂੰ ਲੈਣ ਸਹੁਰੀਂ ਗਿਆ ਤਾਂ ਪਿਸ਼ਾਬ ਨਿਕਲ ਜਾਣ ਦੇ ਡਰੋਂ ਚੱਜ ਨਾਲ ਸੌਂ ਵੀ ਨਾ ਸਕਿਆ। ਮੁੜਦਿਆਂ ਸਾਈਕਲ ਉਤੇ ਵਹੁਟੀ ਨੂੰ ਬਿਠਾਇਆ ਤਾਂ ਸਾਈਕਲ ਪਾਸ ਵੱਜ ਗਿਆ! ਉਸ ਦੀ ਇਹ ਪੁਸਤਕ ਬਹੁਤ ਦਿਲਚਸਪ ਹੈ।

ਗੋਲਾ ਸੁੱਟਣ ਵਿੱਚ ਏਸ਼ੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਨੇ ਵੀ ਆਪਣੀ ਸਵੈਜੀਵਨੀ ‘ਜੱਗ ਦਾ ਜੋਗੀ’ ਪ੍ਰਕਾਸ਼ਤ ਕੀਤੀ ਸੀ। ਉਸ ਨੇ ਲਿਖਿਆ, “ਇਕ ਵਾਰ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਤਾਂ ਉਹਦੇ ਦੋਸਤ ਨੂੰ ਸ਼ੇਰ ਨੇ ਢਾਹ ਲਿਆ। ਉਸ ਨੇ ਸੋਚਿਆ, ਜੇ ਦੋਸਤ ਨੂੰ ਛੱਡ ਕੇ ਜਾਨਾਂ ਤਾਂ ਆਪਣੀਆਂ ਤੇ ਦੁਨੀਆਂ ਦੀਆਂ ਨਜ਼ਰਾਂ `ਚ ਮਰਦਾਂ। ਜੇ ਦੋਸਤ ਨੂੰ ਸ਼ੇਰ ਦੇ ਪੰਜਿਆਂ `ਚੋਂ ਛਡਾਉਨਾਂ ਤਾਂ ਸ਼ੇਰ ਹੱਥੋਂ ਮਰਦੈਂ। ਮੈਂ ਮਨ `ਚ ਸੋਚਿਆ ਬਈ ਮੌਤ ਤਾਂ ਜੋਗਿੰਦਰਾ ਹੁਣ ਦੋਹੀਂ ਪਾਸੀਂ ਆ, ਚਲੋ ਸ਼ੇਰ ਵੱਲ ਈ ਚੱਲਦੇ ਐਂ। ਮੈਂ ਦੋਸਤ ਨੂੰ ਸ਼ੇਰ ਕੋਲੋਂ ਖਿੱਚ ਕੇ ਕੰਧਾੜੇ ਚੁੱਕ ਲਿਆ ਤੇ ਸ਼ੇਰ ਬਿੱਟ ਬਿੱਟ ਖੜ੍ਹਾ ਦੇਖਦਾ ਰਿਹਾ। ਓਦੋਂ ਤੋਂ ਮੈਂ ਸਮਝਦਾਂ ਕਿ ਜਾਨਵਰ ਵੀ ਬੰਦਾ ਕੁਬੰਦਾ ਦੇਖ ਲੈਂਦਾ। ਜੇ ਮੈਂ ਓਥੋਂ ਭੱਜ ਨਿਕਲਦਾ ਤਾਂ ਸ਼ਾਇਦ ਸ਼ੇਰ ਮੈਨੂੰ ਨਿਕਲਣ ਨਾ ਦਿੰਦਾ।”

ਹਾਕੀ ਵਾਲੇ ਬਲਬੀਰ ਸਿੰਘ ਨੇ ਆਪਣੀ ਸਵੈਜੀਵਨੀ ਗੋਲਡਨ ਹੈਟ ਟ੍ਰਿਕ ਪਹਿਲਾਂ ਅੰਗਰੇਜ਼ੀ ਵਿੱਚ ਛਪਵਾਈ ਸੀ ਜਿਸ ਦਾ ਪੰਜਾਬੀ ਰੂਪ ਵੀ ਤਿਆਰ ਹੈ। ਵੈਟਰਨ ਖਿਡਾਰੀ ਤਰਲੋਕ ਸਿੰਘ ਨੇ ਵੀ ਆਪਣੀ ਸਵੈਜੀਵਨੀ ਛਪਾਈ ਹੈ। ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪਹਿਲਵਾਨ ਕਰਤਾਰ ਸਿੰਘ ਦੀ ਜੀਵਨੀ ਕੁਸ਼ਤੀ ਦਾ ਧਰੂ ਤਾਰਾ ਲਿਖੀ ਹੈ। ਇਸ ਜੀਵਨੀ ਦਾ ਸਮੁੱਚੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਹੈ। ਫੁਟਬਾਲ ਦੇ ਪ੍ਰਸਿੱਧ ਖਿਡਾਰੀ ਜਰਨੈਲ ਸਿੰਘ ਪਨਾਮ ਦੀ ਜੀਵਨੀ ਡਾ.ਚਰਨਜੀਤ ਸਿੰਘ ਪੱਡਾ ਵੱਲੋਂ ਲਿਖੀ ਮਿਲਦੀ ਹੈ। ਹਾਕੀ ਖਿਡਾਰੀ ਧਿਆਨ ਚੰਦ ਦੀ ਜੀਵਨੀ ਦਾ ਪੰਜਾਬੀ ਅਨੁਵਾਦ ਮਿਲਦੈ। ਡਾ.ਬਿੱਲੂ ਰਾਏਸਰ ਨੇ ਕਬੱਡੀ ਖਿਡਾਰੀ ਅੰਬੀ ਹਠੂਰ ਦੀ ਜੀਵਨੀ ਲਿਖੀ ਹੈ। ਸੰਭਵ ਹੈ ਕੁੱਝ ਹੋਰ ਵੀ ਜੀਵਨੀਆਂ ਤੇ ਸਵੈਜੀਵਨੀਆਂ ਛਪੀਆਂ ਹੋਣ ਜੋ ਮੇਰੀ ਨਜ਼ਰੋਂ ਨਾ ਲੰਘੀਆਂ ਹੋਣ।

ਬਲਿਹਾਰ ਸਿੰਘ ਰੰਧਾਵਾ ਨੇ ਕਬੱਡੀ ਦੇ ਅੰਗ ਸੰਗ ਤੇ ਖੇਡ ਮੇਲਿਆਂ ਦੇ ਅੰਗ ਸੰਗ ਦੋ ਪੁਸਤਕਾਂ ਕਬੱਡੀ ਦੀ ਖੇਡ ਬਾਰੇ ਲਿਖੀਆਂ ਹਨ। ਇਨ੍ਹਾਂ ਵਿੱਚ ਦਰਜਨਾਂ ਖੇਡ ਮੇਲਿਆਂ ਤੇ ਸੈਂਕੜੇ ਕਬੱਡੀ ਖਿਡਾਰੀਆਂ ਦੀ ਜਾਣ ਪਛਾਣ ਹੈ। ਸੋਹਣ ਸਿੰਘ ਚੀਮਾ ਦੀ ਸਵੈਜੀਵਨੀ ਨੁਮਾ ਪੁਸਤਕ ਖੇਡ ਮੈਦਾਨ `ਚ ਅੱਧੀ ਸਦੀ ਹੈ ਜਿਸ ਵਿੱਚ ਇੰਗਲੈਂਡ ਦੇ ਪੰਜਾਬੀਆਂ ਦੀ ਕਬੱਡੀ ਤੇ ਕਬੱਡੀ ਟੂਰਨਾਮੈਂਟਾਂ ਦਾ ਭਰਪੂਰ ਵਰਣਨ ਹੈ। ਲਾਭ ਸਿੰਘ ਸੰਧੂ ਨੇ ਗਭਰੂ ਪੁੱਤ ਪੰਜਾਬ ਦੇ ਵਿੱਚ ਚਾਰ ਦਰਜਨ ਖਿਡਾਰੀਆਂ ਦੇ ਰੇਖਾ ਚਿੱਤਰ ਪੇਸ਼ ਕੀਤੇ ਹਨ। ਇਹ ਤਸਵੀਰਾਂ ਵਾਲੀ ਦਰਸ਼ਨੀ ਪੁਸਤਕ ਹੈ। ਤਸਵੀਰਾਂ ਵਾਲੀ ਸਭ ਤੋਂ ਵੱਡੀ ਪੁਸਤਕ ਸਤਵਿੰਦਰ ਸਿੰਘ ਸੁਹੇਲਾ ਦੀ ਰੁਸਤਮ-ਏ-ਕਬੱਡੀ ਬਲਵਿੰਦਰ ਸਿੰਘ ਫਿੱਡਾ ਹੈ ਜਿਸ ਨੂੰ ਮੋਟੇ ਅੱਖਰਾਂ ਵਿੱਚ ਛਾਪਿਆ ਗਿਐ। ਲਾਭ ਸਿੰਘ ਸੰਧੂ ਨੇ ਇੱਕ ਪੁਸਤਕ ਚੰਨ ਮਾਹੀ ਦੀਆਂ ਬਾਤਾਂ ਛਪਾਈ ਹੈ ਜਿਸ ਵਿੱਚ ਖਿਡਾਰੀਆਂ ਦੀਆਂ ਪਤਨੀਆਂ ਨਾਲ ਕੀਤੇ ਇੰਟਰਵਿਊ ਦਰਜ ਹਨ।

ਰਾਜਿੰਦਰ ਸਿੰਘ ਦੀਆਂ ਤਿੰਨ ਪੁਸਤਕਾਂ ਕ੍ਰਿਕਟ ਕਿਵੇਂ ਖੇਡੀਏ, ਵਾਲੀਬਾਲ ਕਿਵੇਂ ਖੇਡੀਏ ਤੇ ਭਾਰਤ ਦੇ ਪ੍ਰਸਿੱਧ ਖਿਡਾਰੀ ਮਿਲਦੀਆਂ ਹਨ। ਪ੍ਰਿੰ.ਤਰਲੋਚਨ ਸਿੰਘ ਭਾਟੀਆ ਨੇ 1982 ਦੀਆਂ ਏਸ਼ਿਆਈ ਖੇਡਾਂ ਮੌਕੇ ਏਸ਼ੀਆਡ ਛਪਵਾਈ ਸੀ। ਚੋਟੀ ਤੋਂ ਚੋਟੀ, ਕ੍ਰਿਕਟ, ਭਾਰਤ ਵਿੱਚ ਹਾਕੀ, ਓਲੰਪਿਕ ਖੇਡਾਂ ਦੇ ਮਹਾਨ ਖਿਡਾਰੀ ਤੇ ਅਥਲੈਟਿਕਸ ਵਿੱਚ ਸੋਨੇ ਦਾ ਤਮਗ਼ਾ ਕਿਵੇਂ ਪ੍ਰਾਪਤ ਕਰੀਏ ਨੈਸ਼ਨਲ ਬੁੱਕ ਟ੍ਰੱਸਟ ਨੇ ਪ੍ਰਕਾਸ਼ਤ ਕੀਤੀਆਂ ਹਨ। ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬ ਦੇ ਪ੍ਰਸਿੱਧ ਖਿਡਾਰੀ ਤੋਂ ਬਿਨਾਂ ਵੱਖ ਵੱਖ ਖੇਡਾਂ ਦੀ ਜਾਣ ਪਛਾਣ ਦੇ ਕਿਤਾਬਚੇ ਛਾਪੇ ਹਨ। ਸਰੀਰਕ ਸਿੱਖਿਆ ਤੇ ਖੇਡਾਂ ਦੇ ਨਿਯਮਾਂ ਬਾਰੇ ਕਈ ਅਦਾਰਿਆਂ ਦੀਆਂ ਕਿਤਾਬਾਂ ਮਿਲਦੀਆਂ ਹਨ। ਇਸ ਪਾਸੇ ਸੁਜਾਨ ਸਿੰਘ ਦੀ ਬੜੀ ਘਾਲਣਾ ਹੈ। ਜੋਗਿੰਦਰ ਜੋਗੀ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਕੁੱਝ ਕਿਤਾਬਚੇ ਭਾਸ਼ਾ ਵਿਭਾਗ ਪੰਜਾਬ ਲਈ ਲਿਖੇ। ਬਲਜਿੰਦਰ ਮਾਨ ਨੇ ਫੁਟਬਾਲ ਜਗਤ ਮਾਹਲਪੁਰ ਲਿਖੀ ਹੈ।

ਪਿਆਰਾ ਸਿੰਘ ਰਛੀਨ ਨੇ ਕੁਛ ਕਿਤਾਬਾਂ ਪਹਿਲਵਾਨੀ ਬਾਰੇ ਲਿਖੀਆਂ ਹਨ ਜਿਨ੍ਹਾਂ `ਚ ਇੱਕ ਕੁਸ਼ਤੀ ਅਖਾੜੇ ਹੈ। ਪਹਿਲਵਾਨਾਂ ਬਾਰੇ ਇੱਕ ਹੋਰ ਕਿਤਾਬ ਐੱਚ.ਆਰ.ਬਿਲਗਾ ਤੇ ਪੀ.ਆਰ.ਸੋਂਧੀ ਨੇ ਕੁਸ਼ਤੀ ਅੰਬਰ ਦੇ ਤਾਰੇ ਛਾਪੀ ਹੈ। ਗੁਰਮੇਲ ਮਡਾਹੜ ਨੇ ਸੰਸਾਰ ਪ੍ਰਸਿੱਧ ਖੇਡ ਕਹਾਣੀਆਂ ਨਾਂ ਦੀ ਕਿਤਾਬ ਅਨੁਵਾਦ ਰੂਪ ਵਿੱਚ ਦਿੱਤੀ ਹੈ। ਉਸ ਵਿੱਚ ਵੱਖ ਵੱਖ ਭਾਸ਼ਾਵਾਂ ਦੀਆਂ ਸਤਾਰਾਂ ਕਹਾਣੀਆਂ ਦਾ ਅਨੁਵਾਦ ਹੈ। ਪ੍ਰੋ.ਬਲਦੀਪ ਸਿੰਘ ਦੀ ਇੱਕ ਪੁਸਤਕ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਕਿਵੇਂ ਜਿੱਤੀਏ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਮਰੀਕ ਸਿੰਘ ਰਾਹੀਂ ਅਨੁਵਾਦਤ ਪੁਸਤਕ ਸਕੂਲਾਂ ਵਿੱਚ ਅਥਲੈਟਿਕਸ ਛਾਪੀ ਹੈ। ਜੋਗਿੰਦਰ ਸਿੰਘ ਆਹਲੂਵਾਲੀਆ ਦੀ ਕਿਤਾਬ ਹਾਕੀ ਦਾ ਖੇਲ ਹੈ। ਇੱਕ ਕਿਤਾਬ ਗਿਆਨ ਸਿੰਘ ਨੇ ਵੀ ਹਾਕੀ ਬਾਰੇ ਲਿਖੀ ਹੈ। ਸੁਖਦੇਵ ਮਾਦਪੁਰੀ ਦੀਆਂ ਦੋ ਕਿਤਾਬਾਂ ਪੰਜਾਬ ਦੀਆਂ ਲੋਕ ਖੇਡਾਂ ਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਹਨ। ਰਣਜੀਤ ਸਿੰਘ ਪ੍ਰੀਤ ਦੀ ਪੁਸਤਕ ਖੇਡ ਦਰਪਣ ਹੈ।

ਸੋਸ਼ਲਿਸਟ ਦੇਸ਼ਾਂ ਵਿੱਚ ਖੇਡਾਂ, ਓਲੰਪਿਕ -80 ਮਾਸਕੋ ਆਵੋ ਤੇ ਸੋਵੀਅਤ ਖੇਡਾਂ ਪ੍ਰਗਤੀ ਪ੍ਰਕਾਸ਼ਨ ਦੇ ਕਿਤਾਬਚੇ ਹਨ। ਰੂਸੀ ਮੋਦੀ ਦੀ ਕਿਤਾਬ ਭਾਰਤ ਦੇ ਕ੍ਰਿਕਟ ਖਿਡਾਰੀ ਪੰਜਾਬੀ ਵਿੱਚ ਵੀ ਮਿਲਦੀ ਹੈ। ਪਰਮਵੀਰ ਸਿੰਘ ਬਾਠ ਨੇ ਗੱਲਾਂ ਖੇਡ ਮੈਦਾਨ ਦੀਆਂ ਛਪਵਾਈ ਹੈ। ਸੁਖਦਰਸ਼ਨ ਸਿੰਘ ਚਹਿਲ ਦੀ ਕਿਤਾਬ ਜਦੋਂ ਖੇਡੇ ਪੰਜੇ ਆਬ ਭਾਰਤ-ਪਾਕਿ ਪੰਜਾਬ ਖੇਡਾਂ ਬਾਰੇ ਹੈ। ਨਵਦੀਪ ਗਿੱਲ ਨੇ ਖੇਡ ਅੰਬਰ ਦੇ ਪੰਜਾਬੀ ਸਿਤਾਰੇ ਲਿਖੀ ਹੈ ਜਿਸ ਵਿੱਚ ਚਾਲੀ ਕੁ ਪੰਜਾਬੀ ਖਿਡਾਰੀਆਂ ਦੇ ਸ਼ਬਦ ਚਿੱਤਰ ਹਨ। ਨੱਥਾ ਸਿੰਘ ਦੀ ਪੁਸਤਕ ਕਬੱਡੀ ਦੇ ਹੀਰੇ ਹੈ ਜਿਸ ਵਿੱਚ ਕਬੱਡੀ ਖਿਡਾਰੀਆਂ ਦਾ ਬਾਇਓ ਡਾਟਾ ਦਿੱਤਾ ਗਿਐ।

ਮੇਰੀ ਸਚਿੱਤਰ ਪੁਸਤਕ ਪੰਜਾਬ ਦੀਆਂ ਦੇਸੀ ਖੇਡਾਂ ਹੈ ਜਿਸ ਵਿੱਚ ਪੰਜਾਬੀਆਂ ਦੀਆਂ ਸਤਾਸੀ ਦੇਸੀ ਖੇਡਾਂ ਦਾ ਵੇਰਵਾ ਦਰਜ ਹੈ। ਇਨ੍ਹਾਂ ਵਿਚੋਂ ਕਈ ਅਲੋਪ ਹੋ ਚੁੱਕੀਆਂ ਹਨ, ਕੁੱਝ ਅਲੋਪ ਹੋ ਰਹੀਆਂ ਹਨ ਤੇ ਬਾਕੀਆਂ ਦੇ ਅਲੋਪ ਹੋ ਜਾਣ ਦਾ ਡਰ ਹੈ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ। ਨੈਸ਼ਨਲ ਬੁੱਕ ਟ੍ਰੱਸਟ ਵੱਲੋਂ ਮੇਰੀ ਇੱਕ ਹੋਰ ਅਹਿਮ ਪੁਸਤਕ ਪੰਜਾਬ ਦੇ ਚੋਣਵੇਂ ਖਿਡਾਰੀ ਪ੍ਰਕਾਸ਼ਤ ਕੀਤੀ ਗਈ ਹੈ ਜਿਸ ਵਿੱਚ ਪੰਜਾਸੀ ਖਿਡਾਰੀਆਂ ਦੇ ਰੇਖਾ ਚਿੱਤਰ ਹਨ। ਇਹ ਉਹ ਖਿਡਾਰੀ ਹਨ ਜਿਨ੍ਹਾਂ ਨੇ ਕੌਮਾਂਤਰੀ ਖੇਡ ਮੁਕਾਬਲਿਆਂ `ਚੋਂ ਇੰਡੀਆ ਲਈ ਮੈਡਲ ਜਿੱਤੇ ਹਨ। ਬਲਬੀਰ ਸਿੰਘ ਕੰਵਲ ਦੀ ਪੁਸਤਕ ਭਾਰਤ ਦੇ ਪਹਿਲਵਾਨ ਦੀ ਪਾਕਿਸਤਾਨ ਵਿੱਚ ਵੀ ਮੰਗ ਹੈ।

ਉਪ੍ਰੋਕਤ ਪੁਸਤਕਾਂ ਤੋਂ ਬਿਨਾਂ ਕੁੱਝ ਹੋਰ ਖੇਡ ਪੁਸਤਕਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਦਾ ਮੈਨੂੰ ਪਤਾ ਨਾ ਲੱਗਾ ਹੋਵੇ। ਅਖ਼ਬਾਰਾਂ ਰਸਾਲਿਆਂ ਵਿੱਚ ਵੀ ਖੇਡਾਂ ਤੇ ਖਿਡਾਰੀਆਂ ਬਾਰੇ ਆਰਟੀਕਲ ਛਪਦੇ ਰਹਿੰਦੇ ਹਨ। ਲਗਭਗ ਸਾਰੇ ਹੀ ਪੰਜਾਬੀ ਅਖ਼ਬਾਰਾਂ ਵਿੱਚ ਖੇਡਾਂ ਦਾ ਪੰਨਾ ਹੈ। ਰੁਸਤਮ ਪੰਜਾਬੀ ਦਾ ਪਹਿਲਾ ਖੇਡ ਰਸਾਲਾ ਸੀ ਤੇ ਹੁਣ ਬਹੁਰੰਗਾ ਕੌਮਾਂਤਰੀ ਮੈਗਜ਼ੀਨ ਖੇਡ ਸੰਸਾਰ ਨਿਕਲਣ ਲੱਗਾ ਹੈ। ਇਹ ਪੰਜਾਬੀ ਖੇਡ ਅਦਬ ਦਾ ਅੱਜ ਹੈ, ਉਮੀਦ ਹੈ ਭਲਕ ਭਵਿੱਖ ਦੇ ਖੇਡ ਲੇਖਕਾਂ ਨਾਲ ਹੋਰ ਭਰਪੂਰ ਹੋਵੇਗਾ।

Read 5272 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।