Print this page
Thursday, 15 October 2009 17:42

11 - ਜਪਾਨੀਆਂ ਦੀ ਜੱਦੀ ਕੁਸ਼ਤੀ ਸੁਮੋ

Written by
Rate this item
(0 votes)

ਜਿਵੇਂ ਪੰਜਾਬੀਆਂ ਨੂੰ ਕਬੱਡੀ ਚੜ੍ਹੀ ਹੋਈ ਹੈ ਉਵੇਂ ਜਪਾਨੀ ਸੁਮੋ ਕੁਸ਼ਤੀ ਦੇ ਪੱਟੇ ਹੋਏ ਹਨ। ਦੋਹਾਂ ਖੇਡਾਂ ਵਿੱਚ ਤੇੜ ਕੇਵਲ ਲੰਗੋਟ ਜਾਂ ਕੱਛੇ ਹੀ ਹੁੰਦੇ ਹਨ ਜਦ ਕਿ ਬਾਕੀ ਸਾਰਾ ਧੜ ਨੰਗਾ ਹੁੰਦਾ ਹੈ। ਦੋਹਾਂ `ਚ ਖਿਡਾਰੀ ਜੱਫੋਜੱਫੀ ਤੇ ਧੱਕੋਧੱਕੀ ਹੁੰਦੇ ਹਨ ਤੇ ਧੱਕੜ ਖਿਡਾਰੀ ਜਿੱਤਦਾ ਹੈ। ਪਰ ਕਬੱਡੀ ਤੇ ਸੁਮੋ ਵਿੱਚ ਕਾਫੀ ਕੁੱਝ ਮਿਲਦਾ ਹੋਣ ਦੇ ਬਾਵਜੂਦ ਬਹੁਤ ਕੁੱਝ ਵੱਖਰਾ ਵੀ ਹੈ। ਕਬੱਡੀ ਵੱਡੇ ਦਾਇਰੇ ਵਿੱਚ ਖੇਡੀ ਜਾਂਦੀ ਹੈ ਜਦ ਕਿ ਸੁਮੋ ਛੋਟੇ ਜਿਹੇ ਦਾਇਰੇ ਵਿੱਚ ਹੁੰਦੀ ਹੈ। ਕਬੱਡੀ `ਚ ਦੌੜਾਂ ਵੀ ਲੱਗਦੀਆਂ ਹਨ ਪਰ ਸੁਮੋ ਖੜ੍ਹੇ ਪੈਰਾਂ ਦੀ ਖੇਡ ਹੈ।

ਆਮ ਕੁਸ਼ਤੀਆਂ ਵਿੱਚ ਵਿਰੋਧੀ ਖਿਡਾਰੀ ਦੀ ਕੰਡ ਲਾਉਣੀ ਹੁੰਦੀ ਹੈ ਪਰ ਸੁਮੋ ਕੁਸ਼ਤੀ `ਚ ਜੇ ਕੋਈ ਪਹਿਲਵਾਨ ਆਪਣੇ ਵਿਰੋਧੀ ਨੂੰ ਅਖਾੜੇ `ਚੋਂ ਬਾਹਰ ਕੱਢ ਦੇਵੇ ਤਾਂ ਜੇਤੂ ਕਰਾਰ ਦੇ ਦਿੱਤਾ ਜਾਂਦਾ ਹੈ। ਇਥੋਂ ਤਕ ਕਿ ਪੈਰਾਂ ਦੀਆਂ ਤਲੀਆਂ ਤੋਂ ਬਿਨਾਂ ਸਰੀਰ ਦਾ ਕੋਈ ਵੀ ਅੰਗ ਭੁੰਜੇ ਲੱਗ ਜਾਵੇ ਜਾਂ ਉਂਗਲ ਤਕ ਵੀ ਦਾਇਰੇ ਤੋਂ ਬਾਹਰ ਨਿਕਲ ਜਾਵੇ ਤਾਂ ਪਹਿਲਵਾਨ ਦੀ ਹਾਰ ਗਿਣੀ ਜਾਂਦੀ ਹੈ। ਇਸ ਕੁਸ਼ਤੀ ਦੇ ਨਿਰਣੇ ਵਿੱਚ ਕਈ ਵਾਰ ਦੋ ਸਕਿੰਟ ਵੀ ਨਹੀਂ ਲੱਗਦੇ ਤੇ ਵੱਧ ਤੋਂ ਵੱਧ ਪੰਜ ਮਿੰਟ ਦਾ ਸਮਾਂ ਹੁੰਦਾ ਹੈ। ਸੁਮੋ ਕੁਸ਼ਤੀਆਂ ਦਾ ਔਸਤ ਸਮਾਂ ਦਸ ਤੋਂ ਪੰਦਰਾਂ ਸਕਿੰਟ ਹੈ।

ਜਪਾਨੀਆਂ ਦਾ ਸਭਿਆਚਾਰ ਉਨੀ ਤੇਜ਼ੀ ਨਾਲ ਨਹੀਂ ਬਦਲ ਰਿਹਾ ਜਿੰਨਾ ਤੇਜ਼ ਉਥੋਂ ਦਾ ਜੀਵਨ ਹੈ। ਉਥੇ ਟੈਕਸੀਆਂ ਤੇ ਰੇਲ ਗੱਡੀਆਂ ਤੇਜ਼ ਚਲਦੀਆਂ ਹਨ। ਪੈਸੇ ਧੇਲੇ ਦੀ ਚੱਲ ਚਲਾਈ ਵੀ ਤੇਜ਼ ਹੈ ਪਰ ਸਭਿਆਚਾਰਕ ਤਬਦੀਲੀ ਬਹੁਤ ਮੱਠੀ ਹੈ। ਇਹੋ ਕਾਰਨ ਹੈ ਕਿ ਅੱਠਵੀਂ ਸਦੀ ਵਿੱਚ ਪ੍ਰਚੱਲਤ ਹੋਈ ਸੁਮੋ ਕੁਸ਼ਤੀ ਜਪਾਨ ਦੀ ਅੱਜ ਵੀ ਹਰਮਨ ਪਿਆਰੀ ਖੇਡ ਹੈ ਤੇ ਲੱਖਾਂ ਕਰੋੜਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੈ। ਉਥੇ ਸੁਮੋ ਦਾ ਕੌਮੀ ਚੈਂਪੀਅਨ ਹੋਣਾ ਵੱਡੇ ਤੋਂ ਵੱਡੇ ਰਾਜਸੀ ਨੇਤਾ ਤੋਂ ਵੀ ਵਧੇਰੇ ਮਕਬੂਲ ਹੋਣਾ ਹੈ।

ਸੁਮੋ ਦੇ ਮਹਾਨ ਜੇਤੂ ਟਕਾਨੋਹਾਨਾ ਨੇ ਜਦੋਂ ਜਪਾਨ ਦੀ ਇੱਕ ਹੁਸੀਨ ਟੀ.ਵੀ.ਸਟਾਰ ਨਾਲ ਵਿਆਹ ਕਰਵਾਇਆ ਤਾਂ ਉਨ੍ਹਾਂ ਹਜ਼ਾਰਾਂ ਮੁਟਿਆਰਾਂ ਦੇ ਦਿਲ ਟੁੱਟ ਗਏ ਜਿਹੜੀਆਂ ਮਨੋ ਮਨੀ ਉਸ ਨੂੰ ਆਪਣਾ ਸੰਭਾਵੀ ਕੰਤ ਚਿਤਵੀ ਬੈਠੀਆਂ ਸਨ। ਏਨੀ ਕਦਰ ਕੀਮਤ ਹੈ ਜਪਾਨ ਵਿੱਚ ਸੁਮੋ ਪਹਿਲਵਾਨ ਦੀ।

ਸੁਮੋ ਪਹਿਲਵਾਨ ਬਹੁਤ ਖਾਂਦੇ ਹਨ ਤੇ ਬਹੁਤ ਪੀਂਦੇ ਹਨ। ਚੌਲਾਂ ਦੀ ਜਪਾਨੀ ਸ਼ਰਾਬ ਦੀਆਂ ਤਿੰਨ ਤਿੰਨ ਵੱਡੀਆਂ ਬੋਤਲਾਂ `ਕੱਲਾ `ਕੱਲਾ ਪਹਿਲਵਾਨ ਡਕਾਰ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਖਾ ਤੇ ਪਚਾ ਸਕੇ। ਇਹ ਵੀ ਕਿ ਉਹ ਹਮੇਸ਼ਾਂ ਚਿੰਤਾ ਮੁਕਤ ਰਹੇ। ਸੁਮੋ ਪਹਿਲਵਾਨਾਂ ਦੇ ਦਿਮਾਗ਼ ਵਧੇਰੇ ਤੇਜ਼ ਨਹੀਂ ਹੋਣ ਦਿੱਤੇ ਜਾਂਦੇ ਮਤਾਂ ਜੁੱਸਾ ਹੌਲਾ ਪੈ ਜਾਵੇ।

ਸੁਮੋ ਅਸਲ ਵਿੱਚ ਮੋਟਿਆਂ ਦੀ ਕੁਸ਼ਤੀ ਹੈ। ਪਤਲੇ ਪਹਿਲਵਾਨ ਨੂੰ ਤਾਂ ਦਰਸ਼ਕ ਉਂਜ ਈ ਟਿੱਚਰਾਂ ਕਰ ਕੇ ਭਜਾ ਦਿੰਦੇ ਹਨ। ਸੁਮੋ ਪਹਿਲਵਾਨਾਂ ਦੇ ਆਮ ਕਰ ਕੇ ਕੇਸ ਰੱਖੇ ਤੇ ਸਿਰਾਂ ਉਤੇ ਜੂੜੇ ਕੀਤੇ ਹੁੰਦੇ ਹਨ। ਜੇਕਰ ਘੁਲਦਿਆਂ ਜੂੜਾ ਖੁੱਲ੍ਹ ਜਾਵੇ ਤਾਂ ਕੁਸ਼ਤੀ ਰੋਕ ਦਿੱਤੀ ਜਾਂਦੀ ਹੈ ਤੇ ਜੂੜਾ ਬੰਨ੍ਹਣ ਪਿੱਛੋਂ ਮੁੜ ਉਸੇ ਪੁਜ਼ੀਸ਼ਨ ਵਿੱਚ ਸ਼ੁਰੂ ਕਰਵਾਈ ਜਾਂਦੀ ਹੈ। ਉਹ ਕਮਰਬੰਦ ਲਾ ਕੇ ਅਖਾੜੇ ਵਿੱਚ ਉਤਰਦੇ ਹਨ। ਬਾਕੀ ਧੜ ਉਤੇ ਕੋਈ ਵਸਤਰ ਨਹੀਂ ਹੁੰਦਾ। ਜਦੋਂ ਕਦੇ ਕਮਰਬੰਦ ਖੁੱਲ੍ਹ ਜਾਂਦਾ ਹੈ ਤਾਂ ਦਰਸ਼ਕਾਂ ਵਿੱਚ ਹਾਸੇ ਦੀਆਂ ਲਹਿਰਾਂ ਦੌੜ ਜਾਂਦੀਆਂ ਹਨ। ਅਜਿਹੇ ਮੌਕੇ ਤੀਵੀਆਂ ਨੀਵੀਂ ਪਾ ਕੇ ਹੱਸਦੀਆਂ ਹਨ।

ਆਮ ਕਰ ਕੇ ਤੇਰਾਂ ਚੌਦਾਂ ਸਾਲਾਂ ਦੇ ਪੱਠਿਆਂ ਨੂੰ ਅਖਾੜਿਆਂ ਵਿੱਚ ਦਾਖਲ ਕੀਤਾ ਜਾਂਦਾ ਹੈ। ਇਨ੍ਹਾਂ ਅਖਾੜਿਆਂ ਨੂੰ ਸਾਬਕਾ ਸੁਮੋ ਚੈਂਪੀਅਨ ਚਲਾਉਂਦੇ ਹਨ। ਦਾਨੀਆਂ ਵੱਲੋਂ ਧਨ ਦੌਲਤ ਦੀ ਕੋਈ ਟੋਟ ਨਹੀਂ ਆਉਣ ਦਿੱਤੀ ਜਾਂਦੀ। ਪਹਿਲਵਾਨ ਪੱਠਿਆਂ ਨੂੰ ਰਹਾਇਸ਼, ਖੁਰਾਕ ਤੇ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ। ਨਵੇਂ ਪਹਿਲਵਾਨ ਮਾੜੇ ਮੋਟੇ ਉਡਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਹੇਠਲੇ ਵਰਗ ਮੈਕੂਚੀ ਵਿੱਚ ਕੁਸ਼ਤੀ ਲੜਾਈ ਜਾਂਦੀ ਹੈ। ਉਸ ਤੋਂ ਉਪਰਲਾ ਵਰਗ ਮੀਗਾਸ਼ੀਰਾ ਹੈ, ਫਿਰ ਕੋਮੋਸੂਬੀ, ਸੇਕੀਵੇਕ ਤੇ ਓਜੇਕੀ ਹਨ। ਸਭ ਤੋਂ ਉਪਰਲਾ ਵਰਗ ਯੇਕੋਜ਼ੂਨਾ ਹੈ। ਸੁਮੋ ਦਾ ਜਿਹੜਾ ਪਹਿਲਵਾਨ ਸਭ ਵਰਗਾਂ ਤੋਂ ਉਪਰਲੇ ਵਰਗ ਵਿੱਚ ਜਿੱਤੇ ਉਹਨੂੰ ਮਹਾਨ ਜੇਤੂ ਦਾ ਖ਼ਿਤਾਬ ਦੇ ਦਿੱਤਾ ਜਾਂਦਾ ਹੈ। ਜਪਾਨ ਦੇ ਹਜ਼ਾਰਾਂ ਪਹਿਲਵਾਨ ਮਹਾਨ ਜੇਤੂ ਬਣਨ ਲਈ ਲੰਮਾ ਸਮਾਂ ਸ਼ੰਘਰਸ਼ ਕਰਦੇ ਹਨ। ਜਿਹੜਾ ਇੱਕ ਵਾਰ ਇਹ ਖ਼ਿਤਾਬ ਜਿੱਤ ਜਾਵੇ ਉਸ ਨੂੰ ਉਮਰ ਭਰ ਲਈ ਐਸ਼ ਆਰਾਮ ਦਾ ਜੀਵਨ ਮਿਲ ਜਾਂਦਾ ਹੈ।

ਜਪਾਨ ਵਿੱਚ ਸੁਮੋ ਕੁਸ਼ਤੀਆਂ ਦੀ ਸਾਲ `ਚ ਛੇ ਵਾਰ ਚੈਂਪੀਅਨਸ਼ਿਪ ਹੁੰਦੀ ਹੈ। ਦੋ ਵਾਰ ਟੋਕੀਓ ਵਿੱਚ ਸੁਮੋ ਦੀ ਛਿੰਝ ਪੈਂਦੀ ਹੈ। ਤੇੜ ਤੌਲੀਏ ਜਿਹੇ ਬੰਨ੍ਹੀ ਤੇ ਉਪਰੋਂ ਨੰਗੇ ਧੜ ਮੋਟੇ ਤਾਜ਼ੇ ਮੱਲ ਅਖਾੜੇ ਦੀ ਫੇਰੀ ਲਾਉਂਦੇ ਹਨ। ਫਿਰ ਪਹਿਲਵਾਨ ਦੋ ਦਲਾਂ ਵਿੱਚ ਵੰਡੇ ਜਾਂਦੇ ਹਨ। ਇੱਕ ਨੂੰ ਪੂਰਬੀ ਕਿਹਾ ਜਾਂਦਾ ਹੈ ਤੇ ਦੂਜੇ ਨੂੰ ਪੱਛਮੀ। ਇੱਕ ਛਿੰਝ ਪੰਦਰਾਂ ਦਿਨ ਚਲਦੀ ਹੈ ਜਿਸ ਵਿੱਚ ਤੀਹ ਪਹਿਲਵਾਨ ਭਾਗ ਲੈਂਦੇ ਹਨ। ਹਰੇਕ ਪਹਿਲਵਾਨ ਰੋਜ਼ਾਨਾ ਇੱਕ ਕੁਸ਼ਤੀ ਘੁਲਦਾ ਹੈ।

ਸਭ ਤੋਂ ਪਹਿਲਾਂ ਨਿੱਕੇ ਜੋੜ ਅਖਾੜੇ ਵਿੱਚ ਉਤਰਦੇ ਹਨ। ਉਹ ਰਿੰਗ ਵਿੱਚ ਆਪੋ ਆਪਣੀ ਥਾਂ ਖੜ੍ਹੇ ਪਹਿਲਾਂ ਲੱਕੜ ਦੀ ਬਾਲਟੀ `ਚੋਂ ਲੱਕੜ ਦੇ ਚਮਚੇ ਨਾਲ ਪਾਣੀ ਲੈ ਕੇ ਚੁੱਲੀ ਕਰਦੇ ਹਨ। ਫਿਰ ਉਹ ਇੱਕ ਦੂਜੇ ਨੂੰ ਜੋਹਣ ਲਈ ਤਿੰਨ ਚਾਰ ਫਾਊਲ ਝਪਟਾਂ ਲੈਂਦੇ ਹਨ। ਇਹ ਸਲਾਮੀਆਂ ਲੈਣ ਵਰਗਾ ਕਾਰਜ ਹੈ ਤੇ ਸੁਮੋ ਦੀ ਪਰੰਪਰਾ ਹੈ। ਹਰ ਗ਼ਲਤ ਸ਼ੁਰੂਆਤ ਪਿੱਛੋਂ ਉਹ ਇੱਕ ਦੂਜੇ ਸਾਹਵੇਂ ਝੁਕਦੇ ਤੇ ਆਪੋ ਆਪਣੇ ਸਥਾਨ `ਤੇ ਜਾ ਕੇ ਬਾਲਟੀ `ਚੋਂ ਲੂਣ ਦੀਆਂ ਲੱਪਾਂ ਭਰ ਕੇ ਖਿਲਾਰਦੇ ਹਨ।

ਇਹ ਰਸਮ ਹੋ ਜਾਣ ਪਿੱਛੋਂ ਕੁੱਲੇ ਵਾਲੀ ਟੋਪੀ ਤੇ ਚਮਕਣੀ ਪੁਸ਼ਾਕ ਪਾਈ ਅਧਖੜ੍ਹ ਉਮਰ ਦਾ ਮੁਨਸਿਫ਼ ਸਹੀ ਕੁਸ਼ਤੀ ਸ਼ੁਰੂ ਕਰਨ ਦਾ ਇਸ਼ਾਰਾ ਕਰਦਾ ਹੈ। ਦੋਵੇਂ ਪਹਿਲਵਾਨ ਜੱਫੋ ਜੱਫੀ ਹੋ ਜਾਂਦੇ ਹਨ। ਦਰਸ਼ਕ ਚਾਂਘਰਾਂ ਮਾਰਦੇ ਹਨ। ਪਈ ਲਾ-ਲਾ ਲਾ-ਲਾ ਹੁੰਦੀ ਹੈ। ਪਹਿਲਵਾਨਾਂ ਜਿੰਨਾ ਜ਼ੋਰ ਹੀ ਦਰਸ਼ਕਾਂ ਦਾ ਲੱਗਦੈ। ਇਓਂ ਲੱਗਦੈ ਜਿਵੇਂ ਛਿੰਝ `ਚ ਭੁਚਾਲ ਆ ਗਿਆ ਹੋਵੇ। ਕਈ ਵਾਰ ਭਾਰੀ ਭਰਕਮ ਪਹਿਲਵਾਨ ਬਹੁਤ ਜ਼ੋਰ ਤੇ ਵੇਗ ਨਾਲ ਵਿਰੋਧੀ ਵੱਲ ਝਪਟਦਾ ਹੈ। ਅੱਗੋਂ ਤਿੱਖਾ ਵਿਰੋਧੀ ਝਕਾਨੀ ਦੇ ਕੇ ਪਾਸੇ ਹੋ ਜਾਵੇ ਤਾਂ ਭਾਰਾ ਮੱਲ ਆਪਣੇ ਜ਼ੋਰ ਨਾਲ ਹੀ ਦਾਇਰੇ `ਚੋਂ ਬਾਹਰ ਨਿਕਲ ਜਾਂਦਾ ਹੈ। ਅਜਿਹੀ ਹਾਰ ਨਾਲ ਉਸ ਦੀ ਬੜੀ ਨਮੋਸ਼ੀ ਹੁੰਦੀ ਹੈ ਤੇ ਦਰਸ਼ਕ ਵੱਖ ਮਖੌਲ ਕਰਦੇ ਹਨ।

ਸੁਮੋ ਨੂੰ ਟੀ.ਵੀ.ਉਤੇ ਵੇਖਣਾ ਜਪਾਨੀਆਂ ਦਾ ਹਰਮਨ ਪਿਆਰਾ ਸ਼ੁਗਲ ਹੈ। ਟੀ.ਵੀ.ਸੈੱਟ ਜਪਾਨ `ਚ ਸਸਤੇ ਵੀ ਬਹੁਤ ਹਨ। ਕਿਸੇ ਹੋਟਲ ਵਿੱਚ ਖਾਣਾ ਖਾਣ ਜਿੰਨੇ ਪੈਸਿਆਂ ਨਾਲ ਡੰਗ ਸਾਰੂ ਟੀ.ਵੀ.ਸੈੱਟ ਆ ਜਾਂਦੈ। ਟੀ.ਵੀ.ਕੰਪਨੀਆਂ ਵਾਲੇ ਸੁਮੋ ਤੋਂ ਕਮਾਈਆਂ ਵੀ ਬੜੀਆਂ ਕਰਦੇ ਹਨ। ਜਪਾਨੀਆਂ ਨੇ ਹਰ ਸ਼ੈਅ ਦਾ ਵਪਾਰੀਕਰਨ ਕਰ ਛੱਡਿਆ ਹੈ। ਸੁਮੋ ਕੁਸ਼ਤੀਆਂ ਦੌਰਾਨ ਜੇਤੂ ਮੱਲਾਂ ਦਾ ਨਾਂ ਵਰਤ ਕੇ ਸ਼ਰਾਬਾਂ ਤੇ ਹੋਰ ਖਾਧ ਪਦਾਰਥਾਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਹਨ। ਸੁਮੋ ਦਾ ਮਹਾਨ ਜੇਤੂ ਤਾਂ ਜੇ ਜ਼ਹਿਰ ਖਾਣ ਦੀ ਵੀ ਸਿਫ਼ਾਰਸ਼ ਕਰ ਦੇਵੇ ਤਾਂ ਜ਼ਹਿਰ ਖਾਣ ਲਈ ਵੀ ਜਪਾਨੀਆਂ ਦੀਆਂ ਕਤਾਰਾਂ ਲੱਗ ਜਾਣ!

ਸੁਮੋ ਦੀ ਛਿੰਝ ਉਤੇ ਜਪਾਨੀ ਸ਼ਰਾਬ ਸੇਕ ਦਾ ਦਰਿਆ ਵਗ ਤੁਰਦਾ ਹੈ। ਦਰਸ਼ਕ ਖਾਣ ਪੀਣ ਦੀਆਂ ਚੀਜ਼ਾਂ ਦੇ ਟਿਫਨ ਭਰ ਕੇ ਲਿਆਉਂਦੇ ਹਨ ਤੇ ਖਾ ਪੀ ਕੇ ਗੁਲਸ਼ਰੇ ਉਡਾਉਂਦੇ ਹਨ। ਬੱਚੇ ਚਾਂਭਲ ਜਾਂਦੇ ਹਨ ਤੇ ਮਰਦਾਂ ਦੀਆਂ ਅੱਖਾਂ ਵਿੱਚ ਮਸਤੀ ਉੱਤਰ ਆਉਂਦੀ ਹੈ। ਔਰਤਾਂ ਦੀ ਸੰਗ ਲੱਥ ਜਾਂਦੀ ਹੈ ਤੇ ਫਿਕਰ ਫਾਕੇ ਭੁੱਲ ਜਾਂਦੇ ਹਨ। ਜਿਥੇ ਸੁਮੋ ਦੀ ਛਿੰਝ ਉਤੇ ਦਰਸ਼ਕ ਹੋ ਹੱਲਾ ਕਰਦੇ ਹਨ ਉਥੇ ਪਹਿਲਵਾਨ ਤੇ ਨਿਰਣਾਇਕ ਟੱਸ ਤੋਂ ਮੱਸ ਨਹੀਂ ਹੁੰਦੇ। ਉਨ੍ਹਾਂ ਦੇ ਚਿਹਰੇ ਅਸਲੋਂ ਭਾਵ ਰਹਿਤ ਰਹਿੰਦੇ ਹਨ ਜਿਵੇਂ ਪੱਥਰ ਦੇ ਬੁੱਤ ਹੋਣ। ਮੁਨਸਿਫ਼ ਰਿੰਗ ਵਿੱਚ ਜੋਕਰ ਵਾਂਗ ਛਾਲਾਂ ਮਾਰਦਾ ਫਿਰਦਾ ਹੈ ਪਰ ਉਸ ਦੀ ਤਿੱਖੀ ਨਜ਼ਰ ਲਗਾਤਾਰ ਪਹਿਲਵਾਨਾਂ ਦੀਆਂ ਹਰਕਤਾਂ `ਤੇ ਟਿਕੀ ਰਹਿੰਦੀ ਹੈ। ਇੱਕ ਪਾਸੇ ਰਵਾਇਤੀ ਹਕਾਟੇ ਪਾਈ ਪੱਕੇ ਪੀਡੇ ਮੂੰਹ ਕਰੀ ਨਿਰਣਾਇਕਾਂ ਦੀ ਕਤਾਰ ਬੈਠੀ ਹੁੰਦੀ ਹੈ। ਉਨ੍ਹਾਂ ਦੇ ਨਿਰਣੇ ਏਨੇ ਨਿਰਪੱਖ ਤੇ ਸਹੀ ਹੁੰਦੇ ਹਨ ਕਿ ਸੰਸਾਰ ਦੀ ਸ਼ਾਇਦ ਹੀ ਕਿਸੇ ਹੋਰ ਕੁਸ਼ਤੀ ਵਿੱਚ ਹੁੰਦੇ ਹੋਣ। ਹਾਰ ਭਾਵੇਂ ਕਿੰਨੀ ਵੀ ਨਸੋਸ਼ੀ ਭਰੀ ਕਿਉਂ ਨਾ ਹੋਵੇ ਹਾਰਿਆ ਪਹਿਲਵਾਨ ਆਪਣੇ ਆਪ ਉਤੇ ਮੁਕੰਮਲ ਜ਼ਬਤ ਰੱਖ ਕੇ ਜੇਤੂ ਪਹਿਲਵਾਨ ਨੂੰ ਝੁਕ ਕੇ ਸਲਾਮ ਕਰਦਾ ਹੈ। ਬਾਅਦ ਵਿੱਚ ਜੇਤੂ ਪਹਿਲਵਾਨ ਵੀ ਉਸੇ ਵਾਂਗ ਝੁਕਦਾ ਹੈ। ਇਹ ਜਪਾਨੀਆਂ ਦਾ ਆਦਰ ਸਤਿਕਾਰ ਦਾ ਦਸਤੂਰ ਹੈ।

ਹਵਾਈ ਟਾਪੂ ਵਾਲੇ ਸੁਮੋ ਦੇ ਮਹਾਨ ਜੇਤੂ ਟਕਾਈਯਾਮਾ ਦਾ ਵਜ਼ਨ 350 ਪੌਂਡ ਤੇ ਕੱਦ 6 ਫੁਟ 4 ਇੰਚ ਹੈ। ਆਮ ਜਪਾਨੀ ਉਸ ਦੇ ਸ਼ੈਦਾਈ ਹਨ ਤੇ ਪਿਆਰ ਨਾਲ ਉਸ ਨੂੰ ਜੈਸੀ ਕਹਿੰਦੇ ਹਨ। ਉਸ ਵਿੱਚ ਇਕੋ ਕਾਣ ਹੈ ਕਿ ਉਪਰਲੇ ਜੁੱਸੇ ਦੀ ਨਿਸਬਤ ਲੱਤਾਂ ਕੁੱਝ ਪਤਲੀਆਂ ਹਨ ਜਿਸ ਕਾਰਨ ਕਈ ਵਾਰ ਉਹ ਸਰੀਰ ਦਾ ਬੋਝ ਸਹੀ ਢੰਗ ਨਾਲ ਨਹੀਂ ਸੰਭਾਲ ਸਕਦੀਆਂ। ਇੱਕ ਵਾਰ ਉਹ ਵਿਰੋਧੀ ਪਹਿਲਵਾਨ ਦੇ ਗਫੂਏ ਵਿੱਚ ਅਜਿਹਾ ਆਇਆ ਕਿ ਉਹਦੀ ਘੰਡੀ ਨੁਕਸਾਨੀ ਗਈ ਤੇ ਉਹ ਆਪਣੀ ਆਵਾਜ਼ ਗੁਆ ਬੈਠਾ। ਫਿਰ ਵੀ ਉਸ ਦੀਆਂ ਭਰੜਾਈਆਂ ਚੀਕਾਂ ਬੱਚਿਆਂ ਨੂੰ ਪਿਆਰੀਆਂ ਲੱਗਦੀਆਂ ਹਨ ਤੇ ਉਹ ਜੈਸੀ ਬਣਨ ਦੇ ਸੁਫ਼ਨੇ ਲੈਂਦੇ ਹਨ।

ਸੁਮੋ ਦੀ ਜਪਾਨੀ ਲੋਕ ਪੁਰਾਣੀ ਸ਼ਰਾਬ ਨਾਲ ਤੁਲਨਾ ਕਰਦੇ ਹਨ। ਜਿਵੇਂ ਜਿਵੇਂ ਇਸ ਖੇਡ ਦੀ ਉਮਰ ਵੱਧ ਰਹੀ ਹੈ ਪੁਰਾਣੀ ਸ਼ਰਾਬ ਵਾਂਗ ਇਸ ਦੀ ਕਦਰ ਹੋਰ ਵਧਦੀ ਜਾਂਦੀ ਹੈ। ਜਪਾਨੀ ਆਮ ਕਰ ਕੇ ਸੰਜੀਦਾ ਸੁਭਾਅ ਦੇ ਮਾਲਕ ਹਨ, ਗੰਭੀਰ ਤੇ ਚੁੱਪ ਕੀਤੇ ਰਹਿੰਦੇ ਹਨ। ਜਪਾਨ ਵਿੱਚ ਉੱਚਾ ਹਾਸਾ ਤੇ ਸ਼ੋਰ ਘੱਟ ਹੈ। ਉਥੇ ਮੁਸਕ੍ਰਾਹਟਾਂ ਤੇ ਆਦਰ ਭਾਵ ਦਾ ਵਾਤਾਵਰਣ ਵਧੇਰੇ ਹੈ। ਅਜਿਹਾ ਵਾਤਾਵਰਣ ਸਿਰਜਣ ਵਿੱਚ ਸੁਮੋ ਦਾ ਵੀ ਰੋਲ ਹੈ। ਇਸ ਖੇਡ ਰਾਹੀਂ ਜਪਾਨੀਆਂ ਦੇ ਮਨਾਂ ਦੀਆਂ ਗੰਢਾਂ ਖੁੱਲ੍ਹ ਜਾਂਦੀਆਂ ਹਨ ਤੇ ਭਾਵਾਂ ਦਾ ਨਿਕਾਸ ਹੋ ਜਾਂਦਾ ਹੈ।

ਸੁਮੋ ਦੀਆਂ ਛਿੰਝਾਂ ਉਤੇ ਰੌਲੇ ਗੌਲੇ ਦੀਆਂ ਰੌਆਂ ਵਗਣ ਪਿੱਛੋਂ ਸ਼ਾਂਤੀ ਵਰਤ ਜਾਂਦੀ ਹੈ। ਐਨ ਉਵੇਂ ਜਿਵੇਂ ਝੱਖੜ ਝਾਂਬੇ ਪਿੱਛੋਂ ਮੰਦ ਮੰਦ ਹਵਾ ਰੁਮਕਣ ਲੱਗ ਪਵੇ। ਜਾਂ ਛੜਾਕੇ ਪਿੱਛੋਂ ਅਕਾਸ਼ ਨਿਰਮਲ ਹੋ ਜਾਵੇ। ਧਰਤੀ `ਤੇ ਭੁਚਾਲ ਨਾ ਆਵੇ ਤਾਂ ਧਰਤੀ ਦੇ ਸ਼ਾਂਤ ਰਹਿਣ ਦਾ ਪਤਾ ਨਹੀਂ ਲੱਗਦਾ। ਦੁਸ਼ਮਣ ਨਾ ਹੋਣ ਤਾਂ ਦੋਸਤਾਂ ਦੀ ਪਛਾਣ ਹੀ ਨਾ ਹੋਵੇ। ਧੁੱਪ ਨਾਲ ਹੀ ਛਾਂ ਹੈ। ਕੋਈ ਮੰਨੇ ਨਾ ਮੰਨੇ, ਜੇ ਸੁਮੋ ਵਰਗੀ ਹੱਲੇ ਗੁੱਲੇ ਕੁਸ਼ਤੀ ਨਾ ਹੁੰਦੀ ਤਾਂ ਜਪਾਨੀ ਏਨੇ ਸਲੀਕੇ ਵਾਲੇ ਨਾ ਹੁੰਦੇ। ਉਨ੍ਹਾਂ ਦੀ ਦਿਲਾਂ ਨੂੰ ਖੱਸ ਲੈਣ ਵਾਲੀ ਮੁਸਕਾਨ, ਪਿਆਰੇ ਬੋਲ ਤੇ ਕੂਲੀਆਂ ਅਦਾਵਾਂ ਪਿੱਛੇ ਸੁਮੋ ਵਰਗੀ ਧੱਕੜ ਖੇਡ ਦਾ ਵੀ ਯੋਗਦਾਨ ਹੈ।

Read 3090 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।

Latest from ਪ੍ਰਿੰਸੀਪਲ ਸਰਵਣ ਸਿੰਘ