You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»16 - ਪ੍ਰਿਥੀਪਾਲ ਦੇ ਪਿੰਡ ਦੀ ਯਾਤਰਾ

ਲੇਖ਼ਕ

Thursday, 15 October 2009 18:06

16 - ਪ੍ਰਿਥੀਪਾਲ ਦੇ ਪਿੰਡ ਦੀ ਯਾਤਰਾ

Written by
Rate this item
(0 votes)

ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਿਆ ਗਿਆ ਸੀ ਤੇ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਬਹੁਤੇ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਕਈ ਵਾਰ ਉਹ ਨੈੱਟ ਪਾੜ ਕੇ ਲੰਘ ਜਾਂਦੀ ਸੀ। ਉਸ ਦੀ ਖ਼ਤਰਨਾਕ ਹਿੱਟ `ਤੇ ਕਾਬੂ ਪਾਉਣ ਲਈ ਐੱਫ.ਆਈ.ਐੱਚ.ਨੇ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲ ਦਿੱਤੇ ਸਨ।

ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ ਪੋਸਟ ਦੇ ਨੈੱਟ ਵਿੱਚ ਵੀ ਜਾ ਲੱਗੇ ਤਾਂ ਗੋਲ ਗਿਣਿਆ ਜਾਂਦਾ ਸੀ। ਫਿਰ ਨਿਯਮ ਬਣ ਗਿਆ ਕਿ ਪੈਨਲਟੀ ਕਾਰਨਰ ਦੀ ਹਿੱਟ ਜੇਕਰ ਗੋਲ ਪੋਸੇ ਦੇ ਫੱਟੇ ਵਿੱਚ ਹੀ ਵੱਜੇ ਤਦ ਹੀ ਗੋਲ ਗਿਣਿਆ ਜਾਵੇਗਾ ਵਰਨਾ ਹਿੱਟ ਅੰਡਰ ਕੱਟ ਕਰਾਰ ਦੇ ਦਿੱਤੀ ਜਾਵੇਗੀ। ਜਦੋਂ ਇਹ ਨਿਯਮ ਬਣਿਆ ਤਾਂ ਅਖ਼ਬਾਰਾਂ `ਚ ਚਰਚਾ ਸੀ ਕਿ ਪ੍ਰਿਥੀਪਾਲ ਸਿੰਘ ਦੀ ਹਿੱਟ ਤੋਂ ਡਰਦਿਆਂ ਖੇਡ ਦਾ ਨਿਯਮ ਬਦਲਿਆ ਗਿਆ ਹੈ।

ਨਿਊਜ਼ੀਲੈਂਡ ਦੇ ਇੱਕ ਅਖ਼ਬਾਰ ਨੇ ਤਾਂ ਪ੍ਰਿਥੀਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਬੰਬ ਲਿਖ ਦਿੱਤਾ ਸੀ, ਸਭ ਤੋਂ ਖ਼ਤਰਨਾਕ ਹਥਿਆਰ। ਉਸ ਨੇ ਗੋਲਕੀਪਰਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਦੀ ਹਿੱਟ ਰੋਕਣ ਤੇ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਦੀ ਥਾਂ ਬਿਹਤਰ ਹੋਵੇਗਾ ਉਹ ਗੋਲ ਹੀ ਖਾਲੀ ਛੱਡ ਦੇਣ। ਇਹੋ ਜਿਹੀ ਸੀ ਪ੍ਰਿਥੀਪਾਲ ਸਿੰਘ ਦੀ ਦਹਿਸ਼ਤ!

ਟੋਕੀਓ ਦੀਆਂ ਓਲੰਪਿਕ ਖੇਡਾਂ ਵਿੱਚ ਫਾਈਨਲ ਮੈਚ ਖੇਡਦਿਆਂ ਭਾਰਤ ਨੇ ਪਾਕਿਸਤਾਨ ਸਿਰ ਇੱਕ ਗੋਲ ਕਰ ਦਿੱਤਾ ਸੀ। ਪਾਕਿਸਤਾਨ ਦਾ ਫੁੱਲ ਬੈਕ ਤਨਵੀਰ ਆਪਣੇ ਫਾਰਵਰਡ ਖਿਡਾਰੀ ਬੋਲੇ ਨੂੰ ਕਹਿਣ ਲੱਗਾ, “ਬੋਲਿਆ ਮਰ ਅਗਾਂਹ ਤੇ ਗੋਲ ਉਤਾਰ।” ਭੋਲਾ ਪ੍ਰਿਥੀਪਾਲ ਵੱਲ ਹੱਥ ਕਰ ਕੇ ਬੋਲਿਆ, “ਅਗਾਂਹ ਤੇਰਾ ਪਿਓ ਖੜ੍ਹਾ, ਇਹ ਨ੍ਹੀਂ ਲੰਘਣ ਦਿੰਦਾ ਹੁਣ। ਬਹੁਤਾ ਔਖੈਂ ਤਾਂ ਆਪ ਅਗਾਂਹ ਹੋ ਕੇ ਦੇਖ ਲੈ।”

ਪ੍ਰਿਥੀਪਾਲ ਸਿੰਘ ਨੂੰ ਚੀਨ ਦੀ ਕੰਧ ਵੀ ਕਿਹਾ ਜਾਂਦਾ ਸੀ। ਭਾਰਤੀ ਹਾਕੀ ਦਾ ਥੰਮ੍ਹ ਸੀ ਉਹ। ਮੈਂ ਜਦੋਂ ਪਹਿਲੀ ਵਾਰ ਉਹਦੇ ਬਾਰੇ ਆਰਟੀਕਲ ਲਿਖਿਆ ਤਾਂ ਉਸ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ ਸੀ। ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ। ਉਥੋਂ ਦੇ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਉਸ ਦੇ ਪਿਤਾ ਜੀ ਮਾਸਟਰ ਸਨ ਤੇ ਪ੍ਰਿਥੀਪਾਲ ਦਾ ਖੇਡ ਕੈਰੀਅਰ ਉਸ ਸਕੂਲ ਦੇ ਖੇਡ ਮੈਦਾਨਾਂ `ਚੋਂ ਸ਼ੁਰੂ ਹੋਇਆ ਸੀ। ਪਹਿਲਾਂ ਉਹ ਫੁਟਬਾਲ ਖੇਡਣ ਲੱਗਾ ਸੀ।

1969 ਵਿੱਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਮੈਂ ਨਨਕਾਣਾ ਸਾਹਿਬ ਗਿਆ ਤਾਂ ਪ੍ਰਿਥੀਪਾਲ ਦੇ ਦਿੱਤੇ ਸੁਨੇਹੇ ਮੁਤਾਬਿਕ ਉਹਦੇ ਖੇਡਣ ਵਾਲਾ ਪਹਿਲਾ ਖੇਡ ਮੈਦਾਨ ਵੇਖ ਕੇ ਆਇਆ। ਮੁੜ ਕੇ ਲੁਧਿਆਣੇ ਦੀ ਜ਼ਰਾਇਤੀ ਯੂਨੀਵਰਸਿਟੀ ਵਿੱਚ ਪ੍ਰਿਥੀਪਾਲ ਸਿੰਘ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਪਿੰਡ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ ਸੀ। ਦੱਸਿਆ ਸੀ ਕਿ ਉਨ੍ਹਾਂ ਦੇ ਘਰ ਵਿੱਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਸਲਾਮ ਭੇਜੀ ਹੈ। ਉਸ ਹੱਟੀ ਦਾ ਜ਼ਿਕਰ ਵੀ ਛਿੜਿਆ ਜਿਹੜੀ ਸ਼ਰਾਰਤੀ ਖਿਡਾਰੀਆਂ ਨੇ ਰਲ ਕੇ ਰਾਤ ਦੇ ਹਨ੍ਹੇਰੇ ਵਿੱਚ ਭੰਨੀ ਸੀ ਤੇ ਖਾਣ ਪੀਣ ਵਾਲੀਆਂ ਵਸਤਾਂ ਖਾ ਪੀ ਲਈਆਂ ਸਨ।

ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ਸਿੰਮ ਆਏ ਹੰਝੂਆਂ ਨਾਲ ਤਰ ਹੋ ਗਈਆਂ ਸਨ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ! ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦਾ ਬਚਪਨ ਭਾਵੇਂ ਕਿੰਨੀਆਂ ਵੀ ਤੰਗੀਆਂ ਵਾਲਾ ਕਿਉਂ ਨਾ ਗੁਜ਼ਰਿਆ ਹੋਵੇ, ਬਚਪਨ ਨੂੰ ਯਾਦ ਕਰਦਿਆਂ ਹਰ ਕੋਈ ਅਕਹਿ ਨਸ਼ੇ ਜਿਹੇ ਵਿੱਚ ਗੁਆਚ ਜਾਂਦੈ। ਹੁਲਾਰਾ ਜਿਹਾ ਆ ਜਾਂਦੈ ਬਚਪਨ ਨੂੰ ਯਾਦ ਕਰ ਕੇ। ਪ੍ਰਿਥੀਪਾਲ ਸਿੰਘ ਵੀ ਬਚਪਨ ਦੀੳਾਂ ਗੱਲਾਂ ਕਰਦਾ ਆਪਣੇ ਆਪ ਵਿੱਚ ਖੋ ਜਾਂਦਾ ਸੀ। ਹੁਣ ਤਾਂ ਉਸ ਨੂੰ ਪਰਲੋਕ ਸਿਧਾਰਿਆਂ ਵੀ ਪੌਣੀ ਸਦੀ ਹੋ ਗਈ ਹੈ। ਪਿੱਛੇ ਉਹਦੀਆਂ ਯਾਦਾਂ ਹੀ ਰਹਿ ਗਈਆਂ ਹਨ ਤੇ ਜਾਂ ਖੇਡ ਖੇਤਰ ਵਿੱਚ ਕੀਤੀਆਂ ਹੋਈਆਂ ਪੈੜਾਂ।

ਮੇਰਾ ਪ੍ਰਿਥੀਪਾਲ ਸਿੰਘ ਵੱਲ ਵਾਹਵਾ ਜਾਣ ਆਉਣ ਸੀ। ਮੈਂ ਉਸ ਨੂੰ ਪਹਿਲੀ ਵਾਰ ਦਿੱਲੀ ਸ਼ਿਵਾ ਜੀ ਸਟੇਡੀਅਮ ਵਿੱਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿੱਚ ਉਸ ਕੋਲ ਇੱਕ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਿਆ ਤਾਂ ਅਕਸਰ ਹੀ ਮੇਲ ਮਿਲਾਪ ਹੋਣ ਲੱਗਾ। ਉਹ ਮੇਰੇ ਪਿੰਡ ਚਕਰ ਤੇ ਸਾਡੇ ਕਾਲਜ ਢੁੱਡੀਕੇ ਜਾ ਆਇਆ ਸੀ ਪਰ ਮੈਂ ਉਸ ਦਾ ਦੇਸ਼ ਵੰਡ ਤੋਂ ਬਾਅਦ ਦਾ ਪਿੰਡ ਭੱਟ ਮਾਜਰਾ ਉਹਦੇ ਜੀਂਦੇ ਜੀਅ ਨਹੀਂ ਸਾਂ ਵੇਖ ਸਕਿਆ। 1947 ਦੇ ਬਟਵਾਰੇ ਪਿੱਛੋਂ ਪ੍ਰਿਥੀਪਾਲ ਹੋਰਾਂ ਦਾ ਪਰਿਵਾਰ ਨਨਕਾਣਾ ਸਹਿਬ ਤੋਂ ਉੱਜੜ ਪੁੱਜੜ ਕੇ ਬਹਾਦਰਗੜ੍ਹ ਨੇੜੇ ਅਲਾਟ ਹੋਈ ਪੱਚੀ ਏਕੜ ਜ਼ਮੀਨ ਉਤੇ ਪਿੰਡ ਭੱਟ ਮਾਜਰੇ ਆ ਬੈਠਾ।

ਪ੍ਰਿਥੀਪਾਲ ਸਿੰਘ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਿਆ, ਖੇਡਿਆ ਤੇ ਐੱਮ.ਐੱਸ ਸੀ.ਕਰਨ ਪਿੱਛੋਂ ਹਾਕੀ ਖੇਡ ਲਈ ਪੰਜਾਬ ਪੁਲਿਸ ਵਿੱਚ ਠਾਣੇਦਾਰ ਭਰਤੀ ਹੋ ਗਿਆ। ਫਿਰ ਰੇਲਵੇ ਦੀ ਨੌਕਰੀ ਵਿੱਚ ਚਲਾ ਗਿਆ ਤੇ ਗੇੜੇ ਖਾਂਦਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਸਟੂਡੈਂਟਸ ਵੈੱਲਫੇਅਰ ਵਿਭਾਗ ਦਾ ਡਾਇਰੈਕਟਰ ਬਣ ਗਿਆ। ਉਸ ਦੀ ਡਾਇਰੈਕਟਰੀ ਜੋਬਨ ਉਤੇ ਸੀ ਜਦੋਂ ਯੂਨੀਵਰਸਿਟੀ ਕੈਂਪਸ ਵਿੱਚ ਹੀ ਉਸ ਦਾ ਕਤਲ ਹੋ ਗਿਆ। ਪਿੱਛੇ ਉਸ ਦੀ ਵਿਧਵਾ, ਗੋਦ ਲਈ ਬੱਚੀ ਤੇ ਭਤੀਜੇ ਭਤੀਜੀਆਂ ਰਹਿ ਗਏ। ਪ੍ਰਿਥੀਪਾਲ ਜੋੜੇ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਦੇ ਵੱਡੇ ਭਰਾ ਦਾ ਪਹਿਲਾਂ ਹੀ ਇੱਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ।

ਪ੍ਰਿਥੀਪਾਲ ਸਿੰਘ ਮੈਨੰ ਅਕਸਰ ਚੇਤੇ ਆਉਂਦਾ ਰਹਿੰਦਾ ਹੈ। ਕੁੱਝ ਉਹਦੀ ਲਾਜਵਾਬ ਖੇਡ ਸਦਕਾ ਤੇ ਕੁੱਝ ਉਹਦੇ ਨਾਲ ਹੋਏ ਮੇਲ ਮਿਲਾਪ ਸਦਕਾ। 1982 ਵਿੱਚ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਲੁਧਿਆਣੇ ਹੋਈ ਮੁਲਾਕਾਤ ਮੁੜ ਮੁੜ ਯਾਦ ਆ ਜਾਂਦੀ ਹੈ। ਉਦੋਂ ਉਸ ਨੇ ਮੈਨੂੰ ਉਸ ਪੱਤਰ ਦੀ ਫੋਟੋ ਕਾਪੀ ਦਿੱਤੀ ਸੀ ਜੋ ਉਸ ਨੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖਿਆ ਸੀ। ਉਸ ਵਿੱਚ ਦੱਸਿਆ ਗਿਆ ਸੀ ਕਿ ਏਸ਼ੀਆਡ ਦੇ ਪ੍ਰਬੰਧਕਾਂ ਨੇ ਭਾਰਤ ਲਈ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ ਖੇਡਾਂ ਵੇਖਣ ਲਈ ਸੱਦਾ ਪੱਤਰ ਨਹੀਂ ਸਨ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਾ। ਪਾਕਿਸਤਾਨ ਦੇ ਇੱਕ ਹਾਕੀ ਖਿਡਾਰੀ ਨੇ ਲੁਧਿਆਣੇ ਆ ਕੇ ਉਸ ਨੂੰ ਕਿਹਾ ਸੀ ਕਿ ਉਸ ਦੇ ਪਾਸ ਉਤੇ ਉਹ ਦਿੱਲੀ ਚੱਲਿਆ ਚੱਲੇ।

ਲੁਧਿਆਣੇ ਅਸੀਂ ਉਸ ਦੇ ਦਫਤਰ ਵਿੱਚ ਬੈਠੇ ਸਾਂ ਤੇ ਭਾਰਤ ਦੇ ਖੇਡਾਂ ਵਿੱਚ ਮੰਦੇ ਹਾਲ ਦੀ ਚਰਚਾ ਚੱਲ ਰਹੀ ਸੀ। ਚਰਚਾ ਚਲਦੀ ਹੋਈ 1964 ਦੀਆਂ ਓਲੰਪਿਕ ਖੇਡਾਂ ਦੇ ਹਾਕੀ ਜੇਤੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਵੱਲੋਂ ਚੰਡੀਗੜ੍ਹ ਵਿੱਚ ਕਨਾਲ ਕਨਾਲ ਦੇ ਪਲਾਟ ਅਲਾਟ ਕੀਤੇ ਜਾਣ ਦੀ ਗੱਲ ਛਿੜ ਪਈ। ਮੈਂ ਪੁੱਛਿਆ ਸੀ, “ਉਨ੍ਹਾਂ ਪਲਾਟਾਂ ਦਾ ਕੀ ਬਣਿਆ ਫੇਰ?”

ਪ੍ਰਿਥੀਪਾਲ ਸਿੰਘ ਨੇ ਦੱਸਿਆ ਸੀ ਕਿ ਅਜਿਹੇ ਐਲਾਨ ਸਿਰਫ ਐਲਾਨ ਈ ਹੁੰਦੇ ਨੇ। ਅਮਲ ਇਨ੍ਹਾਂ ਉਤੇ ਕੋਈ ਭੜੂਆ ਨਹੀਂ ਕਰਦਾ।

ਉਥੇ ਬੈਠਿਆਂ ਹੀ ਪ੍ਰਿਥੀਪਾਲ ਸਿੰਘ ਨੇ ਪੇਸ਼ਕਸ਼ ਕੀਤੀ, “ਆਹ ਹੁਣ 82 ਦੀਆਂ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟਾਂ ਨੂੰ ਵੀ ਜੇ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕੀਤੇ ਇਨਾਮ ਦੇ ਜਾਵੇ ਤਾਂ ਮੈਂ ਆਪਣਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੱਖ ਮੰਤਰੀ ਨੂੰ ਦੇ ਦਊਂ।” ਉਨ੍ਹਾਂ ਦਿਨਾਂ ਵਿੱਚ ਉਸ ਗੋਲਡ ਮੈਡਲ ਦੀ ਤਸਵੀਰ ਨਾਲ ਮੈਂ ਇੱਕ ਆਰਟੀਕਲ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪਵਾਇਆ ਸੀ ਕਿ ਵੇਖਦੇ ਆਂ ਪੰਜਾਬ ਦਾ ਮੁੱਖ ਮੰਤਰੀ ਪ੍ਰਿਥੀਪਾਲ ਸਿੰਘ ਵਾਲਾ ਗੋਲਡ ਮੈਡਲ ਜਿੱਤ ਸਕਦੈ ਕਿ ਨਹੀਂ?”

ਆਮ ਲੋਕ ਇਹ ਸਮਝ ਬਹਿੰਦੇ ਹਨ ਕਿ ਐਲਾਨੀ ਹੋਈ ਰਕਮ ਜਾਂ ਪਲਾਟ ਮੁਫ਼ਤ ਮਿਲ ਜਾਣ ਨਾਲ ਖਿਡਾਰੀ ਬਹੁਤ ਅਮੀਰ ਹੋ ਜਾਂਦੇ ਹੋਣਗੇ ਪਰ ਇੰਜ ਬੜਾ ਘੱਟ ਹੁੰਦੈ। ਬਹੁਤ ਸਾਰੇ ਸਰਕਾਰੀ ਐਲਾਨ ਮਹਿਜ਼ ਫੋਕੇ ਐਲਾਨ ਹੀ ਰਹਿ ਜਾਂਦੇ ਨੇ। ਪੁਰਾਣੇ ਜੇਤੂਆਂ ਨੂੰ ਐਲਾਨੇ ਹੋਏ ਪਲਾਟ ਨਹੀਂ ਸਨ ਮਿਲ ਸਕੇ ਤੇ ਏਸ਼ੀਆਡ ਦੇ ਜੇਤੂ ਲੱਖ ਲੱਖ ਦੇ ਇਨਾਮ ਉਡੀਕਦੇ ਰਹੇ। ਹੋਰ ਤਾਂ ਹੋਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਵੀ ਕਈ ਕਈ ਸਾਲ ਨਹੀਂ ਮਿਲਦੇ ਰਹੇ। ਏਸ਼ੀਆ ਵਿੱਚ ਅੱਵਲ ਨੰਬਰ ਗੋਲੇ ਦਾ ਸੁਟਾਵਾ ਜੋਗਿੰਦਰ ਸਿੰਘ ਵਾਰ ਵਾਰ ਕਹਿੰਦਿਆਂ ਦਿਲ ਦੇ ਦੌਰੇ ਨਾਲ ਮਰ ਗਿਆ ਕਿ ਪੰਜਾਬ ਵਾਲੇ ਉਸ ਨੂੰ ਪੰਜਾਬ ਦਾ ਖਿਡਾਰੀ ਨਹੀਂ ਸਨ ਮੰਨਦੇ ਤੇ ਫੌਜ ਵਾਲੇ ਕਹਿੰਦੇ ਸਨ ਕਿ ਉਸ ਨੂੰ ਇਨਾਮ ਹੀ ਪੰਜਾਬ ਸਰਕਾਰ ਵੱਲੋਂ ਦੇਣੇ ਬਣਦੇ ਹਨ। ਫੌਜ ਵਿੱਚ ਤਾਂ ਉਹ ਨੌਕਰੀ ਹੀ ਕਰਦਾ ਹੈ ਜਦ ਕਿ ਪਿੰਡ ਉਸ ਦਾ ਪੰਜਾਬ ਵਿੱਚ ਹੈ।

ਗੱਲ ਕਰ ਰਹੇ ਸਾਂ ਪ੍ਰਿਥੀਪਾਲ ਦੀ। ਮੈਂ ਟੋਰਾਂਟੋ ਤੋਂ ਪੰਜਾਬ ਗਿਆ ਹੋਇਆ ਸਾਂ ਕਿ ਇੱਕ ਦਿਨ ਫੋਨ ਆਇਆ। ਫੋਨ ਕਰਨ ਵਾਲਾ ਪ੍ਰਿਥੀਪਾਲ ਸਿੰਘ ਦਾ ਭਤੀਜਾ ਤਰਲੋਚਣ ਸਿੰਘ ਸੀ। ਉਹਦੇ ਬੋਲਾਂ ਨਾਲ ਉਹਦੇ ਚਾਚੇ ਦੀਆਂ ਯਾਦਾਂ ਫਿਰ ਸੱਜਰੀਆਂ ਹੋ ਗਈਆਂ। ਤਰਲੋਚਣ ਸਿੰਘ ਹੋਰਾਂ ਦਾ ਸੱਦਾ ਸੀ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ। ਉਨ੍ਹਾਂ ਨੇ ਆਪਣੇ ਪਿੰਡ ਭੱਟ ਮਾਜਰੇ ਵਿੱਚ ਪਬਲਿਕ ਸਕੂਲ ਖੋਲ੍ਹਿਆ ਹੈ ਅਤੇ ਪ੍ਰਿਥੀਪਾਲ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਬਣਾਇਆ ਹੈ। ਉਨ੍ਹਾਂ ਨੇ ਪ੍ਰਿਥੀਪਾਲ ਸਿੰਘ ਦੀ ਯਾਦ ਵਿੱਚ ਖੇਡ ਮੇਲਾ ਵੀ ਕਰਾਇਆ ਸੀ ਪਰ ਮੈਂ ਉਦੋਂ ਪਹੁੰਚ ਨਹੀਂ ਸਾਂ ਸਕਿਆ ਜਿਸ ਦਾ ਮੈਨੂੰ ਦਿਲੀ ਅਫਸੋਸ ਸੀ।

ਫੱਗਣ 2006 ਦੀ ਸੰਗਰਾਂਦ ਆਈ ਤਾਂ ਮੈਨੂੰ ਪ੍ਰਿਥੀਪਾਲ ਸਿੰਘ ਦੇ ਪਿੰਡ ਦੀ ਯਾਤਰਾ ਕਰਨੀ ਨਸੀਬ ਹੋਈ। ਤਰਲੋਚਣ ਸਿੰਘ ਹੋਰਾਂ ਦਾ ਸੁਝਾਅ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਅੱਗੇ ਪੁੱਜ ਤੇ ਉਥੋਂ ਉਹ ਮੈਨੂੰ ਆਪੇ ਨਾਲ ਲੈ ਜਾਣਗੇ। ਮੈਂ ਲੁਧਿਆਣੇ ਤੋਂ ਲਾਹੌਰ ਬੁੱਕ ਸ਼ਾਪ ਵਾਲੇ ਪਬਲਿਸ਼ਰ ਤੇਜਿੰਦਰਬੀਰ ਸਿੰਘ ਨੂੰ ਨਾਲ ਲਿਆ ਤੇ ਮਿਥੇ ਸਮੇਂ ਪਟਿਆਲੇ ਪੁੱਜ ਗਿਆ। ਤਰਲੋਚਣ ਸਿੰਘ ਹੋਰੀਂ ਪਹਿਲਾਂ ਹੀ ਉਡੀਕ ਰਹੇ ਸਨ। ਉਥੋਂ ਅਸੀਂ ਬਹਾਦਰਗੜ੍ਹ ਵਿੱਚ ਦੀ ਅੱਗੇ ਭੱਟ ਮਾਜਰਾ ਗਏ ਜੋ ਪੰਜਾਬੀ ਯੂਨੀਵਰਸਿਟੀ ਤੋਂ ਦਸ ਬਾਰਾਂ ਕਿਲੋਮੀਟਰ ਹੈ।

ਸੰਗਰਾਂਦ ਦਾ ਦਿਨ ਹੋਣ ਕਾਰਨ ਭੱਟ ਮਾਜਰੇ ਦੇ ਗੁਰਦਵਾਰੇ ਵਿੱਚ ਸੰਗਤ ਜੁੜੀ ਹੋਈ ਸੀ। ਪ੍ਰਿਥੀਪਾਲ ਸਿੰਘ ਪਬਲਿਕ ਸਕੂਲ ਦੇ ਬੱਚੇ ਸਵਾਗਤ ਲਈ ਖੜ੍ਹੇ ਸਨ ਜਿਨ੍ਹਾਂ ਦੇ ਭੋਲੇ ਭਾਲੇ ਚਿਹਰਿਆਂ ਤੋਂ ਮੈਂ ਪ੍ਰਿਥੀਪਾਲ ਦੇ ਨਕਸ਼ ਤਲਾਸ਼ਣ ਲੱਗਾ। ਮੈਂ ਉਸ ਪਿੰਡ ਦੀ ਮਿੱਟੀ ਨੂੰ ਸਿਜਦਾ ਕੀਤਾ ਜਿਥੇ ਹਾਕੀ ਦੇ ਮਹਾਨ ਖਿਡਾਰੀ ਦੀਆਂ ਪੈੜਾਂ ਸਨ। ਜਿਥੋਂ ਦੀਆਂ ਗਲੀਆਂ ਵਿੱਚ ਉਹ ਤੁਰਦਾ ਫਿਰਦਾ ਸੀ। ਗੁਰਦਵਾਰੇ ਦੇ ਸਮਾਗਮ ਤੋਂ ਬਾਅਦ ਮੈਂ ਪ੍ਰਿਥੀਪਾਲ ਸਿੰਘ ਦਾ ਘਰ ਵੇਖਣਾ ਚਾਹਿਆ। ਮੇਰੇ ਮਨ ਵਿੱਚ ਉਹਦੀ ਤੀਰਥ ਵਾਂਗ ਯਾਤਰਾ ਕਰਨ ਦਾ ਸੰਕਲਪ ਸੀ। ਪਿੰਡ ਦੀ ਫਿਰਨੀ ਤੇ ਗਲੀਆਂ ਵਿੱਚ ਦੀ ਲੰਘਦਿਆਂ ਮੈਂ ਮਹਿਸੂਸ ਕਰਦਾ ਰਿਹਾ ਜਿਵੇਂ ਪ੍ਰਿਥੀਪਾਲ ਸਿੰਘ ਸਾਡੇ ਅੰਗ ਸੰਗ ਹੋਵੇ। ਉਸ ਦੇ ਸਕੇ ਸੋਧਰੇ ਮੈਨੂੰ ਉਸ ਜਿਹੇ ਹੀ ਲੱਗ ਰਹੇ ਸਨ।

ਅਸੀਂ ਘਰ ਵਿੱਚ ਦਾਖਲ ਹੋਏ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ। ਫੱਗਣ ਦੇ ਨਿੱਘੇ ਦੁਪਹਿਰੇ ਉਹ ਅੱਖਾਂ ਮੀਟੀ ਜੁਗਾਲੀ ਕਰ ਰਹੀਆਂ ਸਨ। ਇੱਕ ਬੰਨੇ ਖੁਰਲੀਆਂ ਬਣੀਆਂ ਹੋਈਆਂ ਸਨ ਤੇ ਖੇਤੀਬਾੜੀ ਦੇ ਸੰਦ ਪਏ ਸਨ। ਸਾਧਾਰਨ ਕਿਸਾਨਾਂ ਵਰਗਾ ਕੱਚਾ ਪੱਕਾ ਘਰ ਸੀ। ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਸਵਾਗਤ ਕਰ ਰਹੇ ਸਨ। ਪ੍ਰਿਥੀਪਾਲ ਦੀ ਬੈਠਕ ਜਿਥੇ ਵੱਡੇ ਵੱਡੇ ਖਿਡਾਰੀ ਤੇ ਅਫਸਰ ਆਉਂਦੇ ਜਾਂਦੇ ਰਹੇ ਸਨ ਹੁਣ ਵੀਰਾਨ ਪਈ ਸੀ। ਉਹਦੇ ਵਿੱਚ ਕੁੱਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਉਂਦੀਆਂ ਸਨ ਕਿ ਇਹ ਹਾਕੀ ਦੇ ਬਾਦਸ਼ਾਹ ਦੀ ਬੈਠਕ ਸੀ। ਤਰਲੋਚਣ ਸਿੰਘ ਨੇ ਦੱਸਿਆ ਕਦੇ ਇਹ ਬੈਠਕ ਕੱਪਾਂ, ਸ਼ੀਲਡਾਂ ਤੇ ਓਲੰਪਿਕ ਖੇਡਾਂ ਦੀਆਂ ਨਿਸ਼ਾਨੀਆਂ ਨਾਲ ਨੱਕੋ ਨੱਕ ਭਰੀ ਹੁੰਦੀ ਸੀ ਪਰ ਹੁਣ ਖਾਲੀ ਵਰਗੀ ਹੈ। ਸਾਹਮਣੇ ਭਤੀਜਿਆਂ ਦਾ ਮਕਾਨ ਸੀ ਜਿਨ੍ਹਾਂ ਦੇ ਪਿਤਾ ਹਾਦਸੇ ਵਿੱਚ ਗੁਜ਼ਰ ਗਏ ਸਨ। ਉਦੋਂ ਭਤੀਜੇ ਭਤੀਜੀਆਂ ਦੇ ਸਿਰ ਉਤੇ ਹੱਥ ਪ੍ਰਿਥੀਪਾਲ ਸਿੰਘ ਨੇ ਹੀ ਰੱਖਿਆ ਸੀ। ਉਥੇ ਪ੍ਰਿਥੀਪਾਲ ਦੀਆਂ ਕਈ ਨਿਸ਼ਾਨੀਆਂ ਮੌਜੂਦ ਸਨ।

ਸਾਡੇ ਲੋਕਾਂ ਵਿੱਚ ਅਜੇ ਇਹ ਰੀਤ ਨਹੀਂ ਤੁਰੀ ਕਿ ਅਸੀਂ ਆਪਣੇ ਮਹਾਨ ਖਿਡਾਰੀਆਂ ਦੀਆਂ ਨਿਸ਼ਾਨੀਆਂ ਸਾਂਭ ਸਾਂਭ ਰੱਖੀਏ। ਹਿੱਕ ਨਾਲ ਲਾਈਏ ਤੇ ਉਨ੍ਹਾਂ ਦੀਆਂ ਯਾਦਗਾਰਾਂ ਕਾਇਮ ਕਰੀਏ। ਉਨ੍ਹਾਂ ਦੇ ਨਾਵਾਂ ਉਤੇ ਮੇਲੇ ਲਾਈਏ, ਅਵਾਰਡ ਰੱਖੀਏ ਤੇ ਉਨ੍ਹਾਂ ਦੀ ਮਹਾਨਤਾ ਦੀਆਂ ਵਾਰਾਂ ਗਾਈਏ। ਬਰਾਜ਼ੀਲ ਦੇ ਪੇਲੇ ਦੀਆਂ ਜਰਸੀਆਂ ਤੇ ਬੂਟ ਉਹਦੇ ਜੀਂਦੇ ਜੀਅ ਹੀ ਲੱਖਾਂ `ਚ ਵਿਕਦੇ ਹਨ। ਫੁਟਬਾਲ ਦੇ ਦੀਵਾਨੇ ਪੇਲੇ ਵਰਗਿਆਂ ਵੱਲੋਂ ਪਹਿਨੀਆਂ ਪੁਸ਼ਾਕਾਂ ਦੀਆਂ ਲੀਰਾਂ ਸਾਂਭੀ ਫਿਰਦੇ ਹਨ। ਸਾਡਾ ਪ੍ਰਿਥੀਪਾਲ ਸਿੰਘ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਅਸੀਂ ਤਾਂ ਉਹਦੀ ਉਹ ਹਾਕੀ ਵੀ ਨਹੀਂ ਸੰਭਾਲੀ ਜੀਹਦੇ ਨਾਲ ਉਹਨੇ ਓਲੰਪਿਕ ਖੇਡਾਂ ਵਿੱਚ ਸਭ ਤੋਂ ਬਹਤੇ ਗੋਲ ਕੀਤੇ ਸਨ। ਪਤਾ ਨਹੀਂ ਕਦੋਂ ਸਾਡੀ ਘਰ ਦੇ ਜੋਗੀਆਂ ਨੂੰ ਜੋਗੜੇ ਤੇ ਬਾਹਰਲੇ ਜੋਗੀਆਂ ਨੂੰ ਸਿੱਧ ਸਮਝਣ ਵਾਲੀ ਸੋਚ ਪਾਸਾ ਪਰਤੇਗੀ?

Read 3144 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।