You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਪੰਜਾਬੀਅਤ ਦੀ ਸਾਂਝ ਨੂੰ ਮੁਹੱਬਤ ਦਾ ਪਾਣੀ
Tuesday, 06 October 2009 18:32

ਪੰਜਾਬੀਅਤ ਦੀ ਸਾਂਝ ਨੂੰ ਮੁਹੱਬਤ ਦਾ ਪਾਣੀ

Written by
Rate this item
(1 Vote)

ਬਾਅਦ ਦੁਪਹਿਰ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਸਤਿਨਾਮ ਮਾਣਕ ਖਿੱਚ ਕੇ ਮੈਨੂੰ ਫਿਰ ਅਗਲੀਆਂ ਕੁਰਸੀਆਂ ‘ਤੇ ਲੈ ਗਿਆ। ਇਸ ਸੈਸ਼ਨ ਦੀ ਕਾਰਵਾਈ ਇਲਿਆਸ ਘੁੰਮਣ ਨੇ ਚਲਾਉਣੀ ਸੀ। ਉਸ ਨੇ ਮੈਨੂੰ ਕਿਹਾ :

‘‘ਮੈਂ ਸਦਾਰਤ ਲਈ ਸਟੇਜ ਉੱਤੇ ਬੈਠਣ ਵਾਲੇ ਬੰਦਿਆਂ ‘ਚੋਂ ਸਭ ਤੋਂ ਪਹਿਲਾਂ ਤੁਹਾਨੂੰ ਆਵਾਜ਼ ਮਾਰਨੀ ਹੈ। ਐਥੇ ਹੀ ਰਿਹੋ। ਹੁਣ ਕਿਧਰੇ ਜਾਇਓ ਨਾ।’’

ਹੁਣੇ ਹੀ ਕੀਤੇ ਫ਼ੈਸਲੇ ਮੁਤਾਬਕ ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਅਦਬ ਬਾਰੇ ਹੋਣੀ ਸੀ। ਭਾਰਤੀ ਪੰਜਾਬੀ ਅਦਬ ਬਾਰੇ ਨਿਰਣੇਜਨਕ ਢੰਗ ਨਾਲ ਗੱਲ ਕਰਨ ਲਈ ਉਸ ਨੇ ਮੈਨੂੰ ਕਿਸੇ ਹੋਰ ਵੀ ਪੰਜਾਬੀ ਵਿਦਵਾਨ ਬਾਰੇ ਪੁੱਛਿਆ ਤਾਂ ਮੈਂ ਡਾ. ਰਘਬੀਰ ਸਿੰਘ ਸਿਰਜਣਾ ਦਾ ਨਾਂ ਲਿਆ। ਇਲਿਆਸ ਘੁੰਮਣ ਨੇ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪਹਿਲਾਂ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਆਖਿਆ। ਡਾ. ਰਘਬੀਰ ਸਿੰਘ, ਡਾ. ਸੁਤਿੰਦਰ ਸਿੰਘ ਨੂਰ ਤੇ ਅਮੀਨ ਮਲਿਕ ਵੀ ਮੰਚ ਉੱਤੇ ਸੁਸ਼ੋਭਿਤ ਹੋਏ।

ਗੱਲ ਦੋਹਾਂ ਮੁਲਕਾਂ ਦੇ ਪੰਜਾਬੀ ਸਾਹਿਤ ਬਾਰੇ ਕਰਨ ਦੀ ਥਾਂ ਭਾਰਤ-ਪਾਕਿ ਸੰਬੰਧਾਂ, ਵੰਡ  ਦੇ ਦਰਦ ਦੇ ਭਾਵੁਕ ਪ੍ਰਗਟਾਵੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਡਾ. ਰਘਬੀਰ ਸਿੰਘ ਤੇ  ਡਾ. ਨੂਰ ਨੇ ਹੀ ਸੰਤੁਲਿਤ ਢੰਗ ਨਾਲ ਸਬੰਧਿਤ ਮੁੱਦੇ ਬਾਰੇ ਚਰਚਾ ਕੀਤੀ, ਨਹੀਂ ਤਾਂ ਚੜ੍ਹਦੇ ਪੰਜਾਬ ਦੇ ਬੁਲਾਰਿਆਂ ਵਿਚੋਂ ਬਹੁਤਿਆਂ ਦੀ ਗੱਲ ਭਾਵੁਕ ਉਲਾਰ ਨਾਲ ਓਤਪੋਤ ਸੀ। ਉਹ ਵਾਘੇ ਦੀ ਲਕੀਰ ਨੂੰ ਨਿੰਦਦੇ। ਪਈਆਂ ਵੰਡੀਆਂ ਨੂੰ ਕੋਸਦੇ। ਇਹ ਲੀਕਾਂ ਤੇ ਵੰਡੀਆਂ ਮੇਟ ਕੇ ਇਕ ਹੋਣ ਲਈ ਹਾਅ ਦਾ ਨਾਅ੍ਹਰਾ ਮਾਰਦੇ। ਮੈਨੂੰ ਉਨ੍ਹਾਂ ਦੀ ਭਾਵੁਕਤਾ ਸਮਝ ਪੈਂਦੀ ਸੀ ਪਰ ਉਨ੍ਹਾਂ ਦੀ ਇਸ ਭਾਵੁਕਤਾ ਦੀ ਪਾਕਿਸਤਾਨ ਵਿਚ ਗ਼ਲਤ ਵਿਆਖਿਆ ਹੋ ਸਕਦੀ ਸੀ। ਲੀਕਾਂ ਤੇ ਵੰਡੀਆਂ ਪੈ ਗਈਆਂ ਸਨ। ਇਸ ਦਾ ਦੋਹਾਂ ਮੁਲਕਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਪਰ ਹੁਣ ਇਹ ਲੀਕਾਂ ਤੇ ਵੰਡੀਆਂ ਖ਼ਤਮ ਨਹੀਂ ਸਨ ਹੋ ਸਕਦੀਆਂ। ਵਾਘੇ ਦੀ ਲਕੀਰ ਇਕ ਹਕੀਕਤ ਬਣ ਚੁੱਕੀ ਸੀ। ਜਦੋਂ ਸਾਡੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਤੇ ‘ਲਕੀਰਾਂ ਮੇਟ ਕੇ ਇਕ ਹੋਣ ਦੀ’ ਗੱਲ ਕਰਦੇ ਹਨ ਤਾਂ ਪਾਕਿਸਤਾਨ ਦੇ ਲੋਕ, ਵਿਸ਼ੇਸ਼ ਤੌਰ ‘ਤੇ ‘ਨਜ਼ਰੀਆ ਪਾਕਿਸਤਾਨ’ ਦੇ ਕੱਟੜ ਹਮਾਇਤੀ ਇਸ ਨੂੰ ਵੀ ਇਕ ਸਾਜ਼ਿਸ਼ ਹੀ ਗਿਣਦੇ ਹਨ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ। ਉਹ ਇਹ ਸਮਝਦੇ ਅਤੇ ਪਰਚਾਰਦੇ ਹਨ ਕਿ ਵੰਡੀਆਂ ਮੇਟਣ ਦੀ ਗੱਲ ਅਸਲ ਵਿਚ ਫਿਰ ਭਾਰਤ ਵਲੋਂ ਪਾਕਿਸਤਾਨ ਨੂੰ ਆਪਣੇ ਵਿਚ ਵਿਲੀਨ ਕਰਨ ਤੇ ਖਾ ਜਾਣ ਦਾ ਹੀ ਇਕ ਪੈਂਤੜਾ ਹੈ। ਉਹ ਸਾਡੇ ਲੋਕਾਂ ਦੇ ਦਿਲ ਦੇ ਸੱਚੇ ਦਰਦ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਇਸ ਲਈ ਸਾਨੂੰ ਵੀ ਸੁਚੇਤ ਹੋ ਕੇ ਆਪਣੇ ਵਿਚਾਰ ਅਜਿਹੇ ਸੰਤੁਲਿਤ ਢੰਗ ਨਾਲ ਪ੍ਰਗਟਾਉਣੇ ਚਾਹੀਦੇ ਹਨ ਤਾਂ ਕਿ ਦੂਜੀ ਧਿਰ ਇਸ ਦੇ ਗ਼ਲਤ ਅਰਥ ਨਾ ਲੈ ਸਕੇ। ਪਰ ਸਾਡੇ ਬਹੁਤੇ ਬੁਲਾਰਿਆਂ ਦੀ ਪੇਸ਼ਕਾਰੀ ਅਮੋੜ ਜਜ਼ਬਿਆਂ ਦੇ ਵੇਗ ਵਿਚ ਵਹਿ ਜਾਂਦੀ ਸੀ।

ਜਦੋਂ ਅੰਤਲੇ ਬੁਲਾਰਿਆਂ ਵਿਚੋਂ ਇਲਿਆਸ ਨੇ ਮੈਨੂੰ ਮੰਚ ਉੱਤੇ ਆਉਣ ਦਾ ਸੱਦਾ ਦਿੱਤਾ ਤੇ ਪੰਜਾਬੀ ਕਹਾਣੀ ਬਾਰੇ ਬੋਲਣ ਲਈ ਕਿਹਾ ਤਾਂ ਮੈਂ ਨਿਮਰਤਾ ਸਹਿਤ ਸਰੋਤਿਆਂ ਕੋਲੋਂ ਖ਼ਿਮਾ ਮੰਗਦਿਆਂ ਕਿਹਾ ਕਿ ਪੰਜਾਬੀ ਕਹਾਣੀ ਦਾ ਨੇੜਿਓਂ ਜਾਣਕਾਰ ਹੋਣ ਦੇ ਬਾਵਜੂਦ ਮੈਂ ਪੰਜਾਬੀ ਕਹਾਣੀ ਬਾਰੇ ਗੱਲ ਨਹੀਂ ਕਰਾਂਗਾ। ਮੇਰੇ ਸਾਹਮਣੇ ਕੁਝ ਹੋਰ ਮੁੱਦੇ ਹਨ ਜਿਨ੍ਹਾਂ ਬਾਰੇ ਮੈਂ ਆਪਣਾ ਤੇ ਆਪਣੇ ਸਾਥੀਆਂ ਦਾ ਦ੍ਰਿਸ਼ਟੀਕੋਣ ਪੇਸ਼ ਕਰਨਾ ਚਾਹੁੰਦਾ ਹਾਂ। ਅਸੀਂ ਸੰਤਾਲੀ ਦੇ ਦਰਦ ਨੂੰ ਬੜਾ ਰੋ ਲਿਆ ਹੈ ਤੇ ਰੋਂਦੇ ਵੀ ਰਹਿਣਾ ਹੈ ਪਰ ਸਾਨੂੰ ਅੱਥਰੂਆਂ ਤੋਂ ਪਾਰ ਜਾ ਕੇ ਹਕੀਕਤ ਨੂੰ ਵੇਖਣ ਤੇ ਤਸਲੀਮ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਜੇ ਅਸੀਂ ਦੋਹਾਂ ਪੰਜਾਬਾਂ ਤੇ ਦੋਹਾਂ ਮੁਲਕਾਂ ਵਿਚ ਸਾਹਿਤਕ, ਸਭਿਆਚਾਰਕ ਤੇ ਰਾਜਸੀ ਸਬੰਧਾਂ ਨੂੰ ਨਵੀਂ ਨੁਹਾਰ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਦੋਹਾਂ ਮੁਲਕਾਂ ਦੀ ਅੱਡੋ ਅੱਡਰੀ ਸੁਤੰਤਰ ਹੋਂਦ ਅਤੇ ਹਸਤੀ ਨੂੰ ਮੰਨਣਾ ਤੇ ਮਾਨਤਾ ਦੇਣੀ ਪਏਗੀ। ਦੁਨੀਆ ਦੇ ਨਕਸ਼ੇ ਉੱਤੇ ਭਾਰਤ ਤੇ ਪਾਕਿਸਤਾਨ ਦੋ ਅਲੱਗ ਮੁਲਕ ਹਨ। ਸਾਨੂੰ ਇਕ ਦੂਜੇ ਮੁਲਕ ਦੀ ਆਜ਼ਾਦੀ ਤੇ ਖ਼ੁਦਮੁਖ਼ਤਿਆਰੀ ਦਾ ਮਾਣ ਕਰਨਾ ਹੋਵੇਗਾ। ਇਹ ਗੱਲ ਚਿੱਤੋਂ ਭੁੱਲ ਜਾਣੀ ਚਾਹੀਦੀ ਹੈ ਕਿ ਵਾਘੇ ਦੀ ਲਕੀਰ ਖ਼ਤਮ ਹੋ ਜਾਵੇਗੀ। ਨਾ ਹੀ ਸਾਡਾ ਇਸ ਲਕੀਰ ਨੂੰ ਖ਼ਤਮ ਕਰਨ ਕਰਵਾਉਣ ਦਾ ਕੋਈ ਮਨਸ਼ਾ ਹੈ। ਜਦੋਂ ਸਾਡੇ ਚੜ੍ਹਦੇ ਪੰਜਾਬ ਦੇ ਕੁਝ ਦੋਸਤ ਅਜਿਹੀਆਂ ਤਰਲ ਗੱਲਾਂ ਕਰਦੇ ਹਨ ਤਾਂ ਇਧਰਲੇ ਪੰਜਾਬ ਵਿਚ ਉਨ੍ਹਾਂ ਦੇ ਗਲਤ ਅਰਥ ਲਏ ਜਾਂਦੇ ਹਨ। ਇਸ ਨਾਲ ਸਾਡੇ ਉਨ੍ਹਾਂ ਭਰਾਵਾਂ ਦੇ ਕਾਜ਼ ਅਤੇ ਲਹਿਰ ਨੂੰ ਵੀ ਸੱਟ ਵੱਜਦੀ ਹੈ ਜੋ ਲਹਿੰਦੇ ਪੰਜਾਬ ਵਿਚ ਬੈਠੇ ਪੰਜਾਬੀ ਜ਼ਬਾਨ ਤੇ ਸਾਹਿਤ ਲਈ ਕੰਮ ਕਰਨ ਦੇ ਨਾਲ ਦੋਹਾਂ ਮੁਲਕਾਂ ਵਿਚ ਸਾਂਝ ਤੇ ਪਿਆਰ ਦੀ ਤੰਦ ਜੋੜਨ ਲਈ ਉਪਰਾਲੇ ਕਰਦੇ  ਪਏ ਹਨ। ਅਸੀਂ ਬੜੇ ਸਪਸ਼ਟ ਹੋ ਕੇ ਇਹ ਗੱਲ ਮੰਨਦੇ ਅਤੇ ਕਹਿੰਦੇ ਹਾਂ ਕਿ ਵਾਘੇ ਤੋਂ ਏਧਰ ਤੁਸੀਂ ਸੁਖੀ ਰਹੋ, ਵੱਸੋ, ਰੱਸੋ, ਖ਼ੁਸ਼ੀਆਂ ਮਾਣੋ ਤੇ ਉਧਰ ਅਸੀਂ ਤੁਹਾਡੀਆਂ ਦੁਆਵਾਂ ਸਦਕਾ ਸੁਖੀ ਰਹੀਏ। ਅਸੀਂ ਤੁਹਾਡੀ ਆਜ਼ਾਦੀ ਦਾ ਸਤਿਕਾਰ ਕਰਦੇ ਹਾਂ ਤੁਸੀਂ ਸਾਡੀ ਦਾ ਕਰੋ। ਪਰ ਇੰਜ ਵਾਘੇ ਦੀ ਲਕੀਰ ਦੇ ਰਹਿੰਦਿਆਂ ਵੀ, ਅੱਡੋ ਅੱਡੋ ਹੋ ਕੇ ਵੀ, ਬਹੁਤ ਸਾਰੇ ਅਜਿਹੇ ਸਾਂਝੇ ਸੂਤਰ ਹਨ ; ਸਾਡੀ ਜ਼ਬਾਨ ਦੇ, ਸਾਡੀ ਸਾਂਝੀ ਰਹਿਤਲ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਅਸੀਂ ਵਾਘੇ ਦੀਆਂ ਕੰਡੇਦਾਰ ਤਾਰਾਂ ਦੇ ਉਪਰੋਂ ਮੁਹੱਬਤ ਦਾ ਸਤਰੰਗਾ ਪੁਲ ਉਸਾਰ ਸਕਦੇ ਹਾਂ। ਇਸ ਪੁਲ ਤੋਂ ਜਦੋਂ ਗੁਜ਼ਰਾਂਗੇ, ਵਾਰ-ਵਾਰ ਮਿਲਾਂਗੇ ਤਾਂ ਇਕ ਦੂਜੇ ਬਾਰੇ ਪਏ ਭਰਮ ਭੁਲੇਖੇ ਵੀ ਦੂਰ ਹੋਣਗੇ ਤੇ ਦੂਰ ਗਏ ਦਿਲ ਇਕ ਦੂਜੇ ਦੇ ਨੇੜੇ ਵੀ ਹੋਣਗੇ। ਵਿਸ਼ੇਸ਼ ਤੌਰ ‘ਤੇ ਨਵੀਆਂ ਪੀੜ੍ਹੀਆਂ ਨੂੰ ਇਨ੍ਹਾਂ ਸਾਂਝੇ ਸੂਤਰਾਂ ਤੋਂ ਆਗਾਹ ਕਰਾਉਣ। ਇਹ ਦੱਸਣ ਦੀ ਬਹੁਤ ਜ਼ਰੂਰਤ ਹੈ ਕਿ ਕਈ ਵਖਰੇਵਿਆਂ ਦੇ ਬਾਵਜੂਦ ਸਾਡਾ ‘ਤਲ੍ਹਾ-ਮੂਲ’ ਇਕੋ ਹੀ ਹੈ।

ਮੈਂ ਕਿਉਂਕਿ ਕਹਾਣੀਕਾਰ ਹਾਂ ਤੇ ਮੈਨੂੰ ਕਹਾਣੀ ਬਾਰੇ ਬੋਲਣ ਲਈ ਹੁਕਮ ਹੋਇਆ ਸੀ, ਇਸ ਹੁਕਮ ਦੀ ਪਾਲਣਾ ਤਾਂ ਮੈਂ ਕਿਸੇ ਹੋਰ ਸੈਸ਼ਨ ਵਿਚ ਕਰਾਂਗਾ ਪਰ ਆਪਣੀ ਗੱਲ ਨੂੰ ਪੁਸ਼ਟ ਕਰਨ ਲਈ ਮੈਂ ਤੁਹਾਨੂੰ ਇਕ ਸੱਚੀ ਕਹਾਣੀ ਸੁਣਾਉਣੀ ਚਾਹਵਾਂਗਾ।

ਮੈਂ ਵੈਨਕੂਵਰ ਤੋਂ ਸਾਂਨਫਰਾਂਸਿਸਕੋ ਜਾ ਰਿਹਾ ਸਾਂ। ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਤੇ ਉਥੋਂ ਸਾਨਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ। ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ ਈ-6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿਚ ਸਾਂ। ਹੌਲੀ-ਹੌਲੀ ਇੱਕਾ ਦੁੱਕਾ ਮੁਸਾਫਿਰ ਆਉਂਦੇ ਗਏ ਅਤੇ ਕੁਰਸੀਆਂ ਉਪਰ ਬੈਠਦੇ ਗਏ। ਸ਼ਾਮ ਸਾਢੇ ਕੁ ਅੱਠ ਦਾ ਵਕਤ ਹੋਵੇਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛੀਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ ਬੈਠ ਗਿਆ। ਆਪਣਾ ਬੈਗ ਮੋਢੇ ਤੋਂ ਉਤਾਰਦਿਆਂ ਉਸ ਨੇ ਮੈਨੂੰ ਅੰਗਰੇਜ਼ੀ ਵਿਚ ਪੁੱਛਿਆ, ‘‘ਨੌਂ ਵਜੇ ਫਲਾਈਟ ਹੈ ਪਰ ਅਜੇ ਤੱਕ ਏਥੇ ਏਅਰਲਾਈਨ ਦਾ ਕੋਈ ਆਦਮੀ ਕਿਉਂ ਨਹੀਂ ਆਇਆ?’’ ਮੈਂ ਭਲਾ ਕੀ ਦੱਸਦਾ! ਮੁਸਕਰਾ ਕੇ ਸਿਰ ਹਿਲਾ ਛੱਡਿਆ। ਉਸ ਨੇ ਦੁਬਾਰਾ ਪੁੱਛਿਆ। ‘ਤੁਸੀਂ ਵੀ ਇਸੇ ਫਲਾਈਟ ‘ਤੇ ਜਾ ਰਹੇ ਹੋ?’

ਮੇਰੀ ਉਸ ਨਾਲ ਗੱਲਬਾਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ‘ਹਾਂ’ ਵਿਚ ਸਿਰ ਹਿਲਾ ਕੇ ਚੁੱਪ ਕਰ ਗਿਆ।

‘‘ਰਹਿੰਦੇ ਕਿੱਥੇ ਹੋ ਤੁਸੀਂ ਸਰਦਾਰ ਜੀ’’, ਐਤਕੀ ਉਸ ਨੇ ਬੜੀ ਠੇਠ ਅਤੇ ਮਿੱਠੀ ਪੰਜਾਬੀ ਵਿਚ ਪੁੱਛਿਆ ਤਾਂ ਮੇਰੇ ਆਪੇ ਤੇ ਜਿਵੇਂ ਬੰਦ ਮੁਸਾਮ ਖੁੱਲ੍ਹ ਗਏ। ਇਹ ਤਾਂ ਕੋਈ ਆਪਣਾ ਹੀ ਪੰਜਾਬੀ ਭਰਾ ਸੀ। ਮੈਂ ਖ਼ੁਸ਼ੀ ਭਰੀ ਹੈਰਾਨੀ ਨਾਲ ਉਹਦੇ ਵੱਲ ਝਾਕਣ ਲੱਗਾ।

ਮੈਂ ਉਸ ਨੂੰ ਆਪਣੇ ਬਾਰੇ ਦੱਸਣ ਲੱਗਾ।

‘ਜਲੰਧਰ’ ਦਾ ਨਾਂ ਸੁਣ ਕੇ ਉਸ ਦੀਆਂ ਅੱਖਾਂ ਵਿਚ ਲਿਸ਼ਕ ਆਈ। ਉਸ ਨੇ ਦੁਹਰਾ ਕੇ ਪੁੱਛਿਆ, ‘‘ਅੱਛਾ! ਜਲੰਧਰ ਰਹਿੰਦੇ ਓ ਤੁਸੀਂ?’’

ਸਾਡੇ ਦੋਹਾਂ ਵਿਚਕਾਰ ਪਿਆ ਆਪਣਾ ਬੈਗ ਉਸ ਨੇ ਚੁੱਕ ਕੇ ਦੂਜੇ ਪਾਸੇ ਰੱਖ ਲਿਆ ਤੇ ਮੇਰੇ ਹੋਰ ਨੇੜੇ ਹੋ ਗਿਆ।

‘‘ਮੈਂ ਪਾਕਿਸਤਾਨ ਤੋਂ ਆਂ। ਸਾਡੇ ਵਡੇਰੇ ਵੀ ਪਿੱਛੋਂ ਜਲੰਧਰ ਦੇ ਨੇ। ਉਥੇ ਸਾਡਾ ਲੁਹਾਰੇ ਦਾ ਕੰਮ ਹੁੰਦਾ ਸੀ। ਮੇਰਾ ਦਾਦਾ ਉਹ ਬਣਾਉਂਦਾ ਹੁੰਦਾ ਸੀ ਜਿਸ ਨਾਲ ਅਸੀਂ ਫਸਲ ਕੱਟਦੇ ਆਂ…’’ ਉਸ ਨੇ ਫਸਲ ਕੱਟਣ ਵਾਂਗ ਹੱਥ ਹਿਲਾਉਂਦਿਆਂ ਕਿਹਾ, ‘‘ਉਹ…ਹਾਂ…ਦਾਤਰੀਆਂ ਤੇ ਖੁਰਪੇ ਵੀ’’ ਉਹਨੂੰ ਵਡੇਰਿਆਂ ਦੇ ਵਤਨ ਤੇ ਕਿੱਤੇ ਦਾ ਮਾਣ ਸੀ।

‘‘ਤੁਹਾਡਾ ਇਸਮ ਸ਼ਰੀਫ?’’ ਮੈਂ ਪੁੱਛਿਆ ਤਾਂ ਉਹਦੀਆਂ ਖ਼ੁਸ਼ੀ ਵਿਚ ਵਾਛਾਂ ਖਿਲ ਗਈਆਂ।

‘‘ਤੁਸੀਂ ਉਰਦੂ ਜਾਣਦੇ ਹੋ?’’

‘‘ਥੋੜ੍ਹਾ-ਥੋੜ੍ਹਾ…ਸਾਡੀ ਆਪਣੀ…ਬੜੀ ਅਮੀਰ ਜ਼ਬਾਨ ਹੈ…ਉਰਦੂ।’’

ਉਸ ਦਾ ਨਾਂ ਰਾਸ਼ਿਦ ਸੀ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਫਲੋਰਿਡਾ ਵਿਚ ਪੜ੍ਹਾਈ ਕਰ ਰਿਹਾ ਸੀ। ਮਾਪੇ ਉਸ ਦੇ ਪਾਕਿਸਤਾਨ ਵਿਚ ਹੀ ਸਨ।

ਮੈਂ ਪੁੱਛਿਆ, ‘‘ਅੱਜ ਕੱਲ੍ਹ ਤੁਸੀਂ ਕਿੱਥੇ ਰਹਿੰਦੇ ਹੋ?’’

ਇਕ ਸਾਂਝ ਜੁੜ ਜਾਣ ਦੇ ਬਾਵਜੂਦ ਉਸ ਨੂੰ ਅੰਦਰੋਂ ਲੱਗਦਾ ਸੀ ਕਿ ਮੈਂ ਪਾਕਿਸਤਾਨ, ਇਕ ਅਜਨਬੀ ਦੇਸ਼ ਬਾਰੇ ਕੀ ਜਾਣਦਾ ਹੋ ਸਕਦਾ ਹਾਂ। ਇਸ ਲਈ ਉਹ ਥੋੜ੍ਹਾ ਵਿਸਥਾਰ ਨਾਲ ਸਮਝਾਉਣ ਲੱਗਾ।

‘‘ਸਾਡੇ ਉਧਰਲੇ ਪੰਜਾਬ ਵਿਚ ਇਕ ਜ਼ਿਲਾ ਹੈ ਸਿਆਲਕੋਟ।’’

‘‘ਹਾਂ‥ਹਾਂ ਡਾ. ਇਕਬਾਲ ਵਾਲਾ ਸਿਆਲਕੋਟ।’’

ਮੈਂ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਿਆਲਕੋਟ ਵੀ ਕਹਿਣਾ ਚਾਹੁੰਦਾ ਸਾਂ ਪਰ ਉਸ ਨੂੰ ਕੀ ਪਤਾ ਹੋਣਾ ਸੀ।

‘‘ਤੁਸੀਂ ਡਾਕਟਰ ਇਕਬਾਲ ਨੂੰ ਵੀ ਜਾਣਦੇ ਓ।’’

‘‘ਕਿਉਂ ਨਹੀਂ, ਉਹ ਇਸ ਬਰੇ-ਸਗੀਰ ਦਾ ਅਜ਼ੀਮ ਸ਼ਾਇਰ ਹੋਇਆ ਹੈ। ਸਾਡਾ ਆਪਣਾ ਸ਼ਾਇਰ-ਏ-ਮਸ਼ਰਿਕ, ਪੂਰਬ ਦਾ ਸ਼ਾਇਰ।’’

ਉਹ ਖ਼ੁਸ਼ੀ ‘ਚ ਚਹਿਕਿਆ, ‘‘ਹਾਂ…ਹਾਂ ਉਸੇ ਸਿਆਲਕੋਟ ਜ਼ਿਲੇ ਦਾ ਇਕ ਨਿੱਕਾ ਜਿਹਾ ਸ਼ਹਿਰ ਹੈ ਗੁਜਰਾਤ।’’

‘‘ਇਹ ਹੋਰ ਹੋਣੈ। ਉਂਜ ਇਕ ਤਾਂ ਆਪਣੀ ਸੋਹਣੀ ਵਾਲਾ ਗੁਜਰਾਤ ਵੀ ਹੈ ਪਰ ਉਹ ਤਾਂ ਝਨਾਂ ਦੇ ਕੰਢੇ ‘ਤੇ ਹੈ।’’ ਮੈਂ ਹੱਸਿਆ।

‘‘ਕਮਾਲ ਹੈ ਸਰਦਾਰ ਜੀ।’’ ਉਸ ਨੇ ਮੇਰਾ ਹੱਥ ਘੁੱਟ ਲਿਆ। ਜਾਪਿਆ ਅਸੀਂ ਜਿਵੇਂ ਇੱਕੋ ਖ਼ਾਨਦਾਨ ਦੇ ਵਿਛੜੇ ਚਿਰਾਗ਼ ਉਮਰਾਂ ਬਾਅਦ ਮਿਲ ਪਏ ਹੋਈਏ।

ਜਹਾਜ਼ ਵਿਚ ਸਵਾਰ ਹੋਣ ਲਈ ਆਵਾਜ਼ ਪਈ। ਨਿੱਕਾ ਜਿਹਾ ਜਹਾਜ਼ ਸੀ। ਸਾਡੀਆਂ ਮਿੰਨੀ ਬੱਸਾਂ ਜਿੱਡਾ। ਮੈਂ ਗਿਣੀਆਂ। ਸਾਰੀਆਂ ਬਾਈ ਸਵਾਰੀਆਂ ਸਨ। ਏਅਰ ਹੋਸਟੈੱਸ ਨੇ ਕਿਹਾ, ‘ਸੀਟ ਨੰਬਰ ਦਾ ਫਿਕਰ ਨਾ ਕਰੋ, ਜਿਥੇ ਦਿਲ ਕਰਦਾ ਹੈ ਬੈਠ ਜਾਓ।’

ਰਾਸ਼ਿਦ ਇਸ ਜਹਾਜ਼ ‘ਤੇ ਸਿਆਟਲ ਤਕ ਜਾ ਰਿਹਾ ਸੀ। ਮਸਾਂ ਅੱਧੇ ਘੰਟੇ ਦਾ ਸਫ਼ਰ। ਅਸੀਂ ਇਸ ਥੋੜ੍ਹੇ ਸਮੇਂ ਨੂੰ ਲੇਖੇ ਲਾਉਣਾ ਚਾਹੁੰਦੇ ਸਾਂ। ਨੇੜੇ-ਨੇੜੇ ਬੈਠ ਗਏ।

ਮੈਂ ਉਸ ਨੂੰ ਦੱਸਿਆ ਕਿ ਮੈਂ ਪੰਜਾਬੀ ਦਾ ਲੇਖਕ ਵੀ ਹਾਂ ਤੇ ਪੰਜਾਬੀ ਦਾ ਅਧਿਆਪਕ ਵੀ। ਇਹ ਵੀ ਦੱਸਿਆ ਕਿ ਅਸੀਂ ਇਧਰਲੇ ਪੰਜਾਬ ਵਿਚ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਤੇ ਵਾਰਿਸ ਨੂੰ ਵੀ ਪੜ੍ਹਾਉਂਦੇ ਹਾਂ।

ਇਕ-ਇਕ ਗੱਲ ਉਸ ਲਈ ਰਹੱਸ ਵਾਂਗ ਖੁੱਲ੍ਹ ਰਹੀ ਸੀ। ਉਹਦੇ ਮੂੰਹੋਂ ਅਚਨਚੇਤ ਨਿਕਲਿਆ, ‘‘ਸਰਦਾਰ ਜੀ! ਇਕ ਹਿਸਾਬ ਨਾਲ ਆਪਣਾ ਤਲ੍ਹਾ-ਮੂਲ ਤਾਂ ਇਕ ਹੀ ਹੋਇਆ ਫਿਰ?’’

ਮੈਂ ਕੁਝ ਪਾਕਿਸਤਾਨੀ ਲੇਖਕਾਂ ਦੇ ਨਾਂ ਗਿਣਾਉਣੇ ਸ਼ੁਰੂ ਕੀਤੇ। ਅਹਿਮਦ ਨਦੀਮ ਕਾਸਮੀ, ਫ਼ਖ਼ਰ ਜ਼ਮਾਂ, ਅਸ਼ਫ਼ਾਕ ਅਹਿਮਦ, ਇਲਿਆਸ ਘੁੰਮਣ। ਉਸ ਨੂੰ ਜਾਪਿਆ ਜਿਵੇਂ ਸਾਡਾ ਰਿਸ਼ਤਾ ਪਰਤ-ਦਰ-ਪਰਤ ਖੁੱਲ੍ਹਦਾ ਤੇ ਨਿੱਖਰਦਾ ਆ ਰਿਹਾ ਹੈ।

‘‘ਮੇਰੇ ਇਕ ਅੰਕਲ ਵੀ ਲਿਖਦੇ ਨੇ ਪੰਜਾਬੀ ‘ਚ, ਸ਼ਰੀਫ ਕੁੰਜਾਹੀ।’’

‘‘ਮੈਂ ਸੁਣਿਆ ਵੀ ਹੋਇਆ ਤੇ ਪੜ੍ਹਿਆ ਵੀ।’’

ਉਸ ਨੇ ਚਾਅ ਨਾਲ ਇਕ ਹੋਰ ਰਿਸ਼ਤੇ ਦੇ ਅੰਕਲ ਦਾ ਨਾਂ ਲਿਆ। ‘‘ਅਨਵਰ ਮਸਊਦ, ਤਨਜ਼ੀਆ ਲਿਖਣ ਵਾਲਾ।’’

ਮੈਂ ਉਸ ਨੂੰ ਲਾਹੌਰ ਟੀ.ਵੀ. ਤੋਂ ਸੁਣਿਆ ਹੋਇਆ ਸੀ। ਜਦੋਂ ਮੈਂ ਉਸ ਨੂੰ ਅਨਵਰ ਮਸਊਦ ਦੀ ਉਸ ਨਜ਼ਮ ਬਾਰੇ ਦੱਸਿਆ ਜਿਸ ਵਿਚ ਇਕ ਚੌਧਰੀ ਆਪਣੇ ਨੌਕਰ ਨੂੰ ਸਬਜ਼ੀ ਚਾੜ੍ਹਨ ਲਈ ਆਖਦਾ ਹੈ ਅਤੇ ਨੌਕਰ ਚੌਧਰੀ ਦੀ ਇੱਛਾ ਮੁਤਾਬਕ ਕਦੀ ਭਿੰਡੀ ਤੇ ਕਦੀ ਬੈਂਗਣ ਦੀ ਤਾਰੀਫ਼ ਕਰਦਾ ਹੈ ਤੇ ਚੌਧਰੀ ਦੀ ਰਾਏ ਬਦਲੀ ਜਾਣ ਕੇ ਉਨ੍ਹਾਂ ਹੀ ਸਬਜ਼ੀਆਂ ਦੇ ਵਿਰੁੱਧ ਬੋਲਦਾ ਹੈ।

‘‘ਤੁਸੀਂ ਤਾਂ ਪੋਤੜਿਆਂ ਦੇ ਜਾਣੂ ਲੱਗਦੇ ਹੋ।’’

ਉਹ ਮੇਰੇ ਹੱਥ ‘ਤੇ ਹੱਥ ਮਾਰ ਕੇ ਹੱਸਿਆ। ਫਿਰ ਬੜੀ ਗੰਭੀਰ ਮੁਦਰਾ ਵਿਚ ਬੋਲਿਆ।

‘‘ਸਾਡੀ ਦਾਦੀ ਦੀ ਇਕ ਸਹੇਲੀ ਹੁੰਦੀ ਸੀ, ਜਲੰਧਰ ਵਿਚ ; ਕੁਲਵੰਤ ਕੌਰ। ਜਦੋਂ ਬੈਠੇਗੀ, ਉਹਦੀਆਂ ਗੱਲਾਂ ਛੁਹ ਲਵੇਗੀ। ਅਸੀਂ ਕਹਿੰਦੇ ਹਾਂ ‘ਅੰਮਾ! ਬੜੀ ਵਾਰ ਸੁਣੀ ਹੈ ਇਹ ਕਹਾਣੀ, ਪਰ ਉਸ ਲਈ ਸਦਾ ਨਵੀਂ ਹੁੰਦੀ ਹੈ। ਸਾਨੂੰ ਪਤਾ ਹੁੰਦਾ ਹੈ। ਉਸ ਨੇ ਅੱਗੋਂ ਕੀ ਬੋਲਣਾ ਹੈ, ਕਿਹੜੀ ਤਰਤੀਬ ਵਿਚ ਬੋਲਣਾ ਹੈ। ਉਹ ਆਖੇਗੀ, ‘‘ਕੁਲਵੰਤ ਤੇ ਮੈਂ…ਬੱਚੇ ਉਹਦੇ ਮੂੰਹੋਂ ਬੋਲ ਖੋਹ ਲੈਣਗੇ, ‘ਧਰਮ ਦੀਆਂ ਭੈਣਾਂ ਸਾਂ।’’ ਉਹ ਫਿਰ ਆਖੇਗੀ, ‘ਸਾਡੀ ਇਕ ਦੂਜੇ ਦੀ’…ਅਸੀਂ ਆਖਾਂਗੇ, ‘ਜਾਨ ਵਿਚ ਜਾਨ ਸੀ’ ਦਾਦੀ ਦੀਆਂ ਅੱਖਾਂ ਚਮਕ ਉਠਣਗੀਆਂ ‘‘ਹਾਂ! ਜਾਨ ਵਿਚ ਜਾਨ ਸੀ, ਸਾਹ ਵਿਚ ਸਾਹ ਸਨ, ਜਦੋਂ ਮੇਰਾ ਨਿਕਾਹ ਹੋਇਆ,…ਤੇ ਫਿਰ ਅੰਮਾਂ ਚੱਲ ਸੋ ਚੱਲ।’’

ਗੱਲਾਂ ਕਰਦਾ-ਕਰਦਾ ਰਾਸ਼ਿਦ ਇਕ ਪਲ ਲਈ ਰੁਕਿਆ ਤੇ ਮੈਨੂੰ ਪੁੱਛਣ ਲੱਗਾ ਜਿਵੇਂ ਮੈਂ ਜਾਣੀ-ਜਾਣ ਹੋਵਾਂ।

‘‘ਭਲਾ ਕੁਲਵੰਤ ਕੌਰ ਜਿਊਂਦੀ ਹੋਵੇਗੀ?’’

ਮੈਂ ਕਿਹਾ ‘‘ਹਾਂ ਜਿਊਂਦੀ ਹੈ।’’

ਇਸ ਤੋਂ ਪਹਿਲਾਂ ਕਿ ਉਹ ਹੋਰ ਜ਼ਿਆਦਾ ਹੈਰਾਨ ਹੋਵੇ ਮੈਂ ਆਖਿਆ, ‘‘ਕੁਲਵੰਤ ਕੌਰ ਉਹ ਮੁਹੱਬਤ ਹੈ ਜੋ ਦੋਹਾਂ ਮੁਲਕਾਂ ਦੇ ਆਮ ਲੋਕਾਂ ਦੇ ਮਨਾਂ ਵਿਚ ਹੇਠਾਂ ਕਰਕੇ ਇਕ ਦੂਜੇ ਲਈ ਮਹਿਕਦੀ ਪਈ ਹੈ ਭਾਵੇਂ ਉਸ ਦੇ ਉੱਤੇ ਬਰੂਦ ਦੀ ਬੋਅ ਦੀ ਲੰਮੀ ਤਹਿ ਵਿਛੀ ਪਈ ਹੈ।’’

ਸਿਆਟਲ ਆਇਆ ਤਾਂ ਮੇਰੇ ਤੋਂ ਵਿਛੜਨ ਲੱਗਾ ਲੰਮਾ ਸਾਹ ਲੈ ਕੇ ਰਾਸ਼ਿਦ ਬੋਲਿਆ, ‘‘ਅੱਛਾ, ਸੰਧੂ ਸਾਹਿਬ।’’

ਮੈਂ ਉਸ ਦਾ ਹੱਥ ਮੋਹ ਨਾਲ ਘੁੱਟਿਆ।

‘‘ਅੱਛਾ! ਰਾਸ਼ਿਦ ਮੀਆਂ।’’

ਜਹਾਜ਼ ਬਦਲ ਕੇ ਜਦੋਂ ਮੈਂ ਸਾਂਨਫਰਾਂਸਿਸਕੋ ਲਈ ਰਵਾਨਾ ਹੋਇਆ ਤਾਂ ਰਾਸ਼ਿਦ ਮੇਰੇ ਅੰਗ ਸੰਗ ਵਿਚਰ ਰਿਹਾ ਲੱਗਾ।

ਵਿਛੜਨ ਲੱਗਿਆਂ ਮੈਨੂੰ ਲੱਗਾ ਜਿਵੇਂ ਅਸੀਂ ਦੋਵੇਂ ਮਾਂ-ਜਾਏ ਇਕ ਦੂਜੇ ਤੋਂ ਵਿਛੜਨ ਲੱਗੇ ਹੋਈਏ। ਰਾਸ਼ਿਦ ਦੇ ਕਹਿਣ ਮੁਤਾਬਕ ਇਹੋ ਸੀ ਸਾਡਾ ਤਲ੍ਹਾ-ਮੂਲ। ਇਹ ਮੂਲ ਆਧਾਰ ਹੈ, ਸਾਡੀ ਸਾਂਝੀ ਜ਼ਬਾਨ, ਸਾਡਾ ਸਾਂਝਾ ਸਾਹਿਤ, ਸਾਡੀ ਸਾਂਝੀ ਤਹਿਜ਼ੀਬ। ਇਸ ਸਾਂਝ ਨੂੰ ਅਸੀਂ ਮਰਨ ਨਹੀਂ ਦੇਣਾ। ਜੇ ਇਹ ਅਧਮੋਈ ਹੋ ਗਈ ਹੈ ਤਾਂ ਅਸੀਂ ਮੁਹੱਬਤ ਦਾ ਪਾਣੀ ਪਾ ਕੇ ਇਸ ਨੂੰ ਟਹਿਕਾਉਣਾ ਅਤੇ ਮਹਿਕਾਉਣਾ ਹੈ ਅਤੇ ਮੋਈ ਹੋਈ ਕੁਲਵੰਤ ਕੌਰ ਵਿਚ ਮੁੜ ਸਾਹ ਪ੍ਰਾਣ ਫੂਕ ਦੇਣੇ ਨੇ ਜੋ ਸਾਡੀ ਸਾਂਝੀ ਪੰਜਾਬੀਅਤ ਦੀ ਪ੍ਰਤੀਕ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਮਿਲੀਏ। ਮੁੜ-ਮੁੜ ਮਿਲੀਏ ਤੇ ਮਿਲਦੇ ਹੀ ਰਹੀਏ।

ਜਦੋਂ ਮੈਂ ਸਟੇਜ ਤੋਂ ਉਤਰਿਆ ਤਾਂ ਅਗਲੇ ਸੋਫਿਆ ‘ਤੇ ਬੈਠਾ ਫ਼ਖ਼ਰ ਜ਼ਮਾਂ ਉਤਸ਼ਾਹ ਨਾਲ ਉਠਿਆ ਤੇ ਮੈਨੂੰ ਘੁੱਟ ਕੇ ਗੱਲ ਨਾਲ ਲਾ ਲਿਆ। ਹੱਸਦਿਆਂ ਕਹਿਣ ਲੱਗਾ, ‘‘ਬਹੁਤ ਖ਼ੂਬ…ਆਪਣੀ ਗੱਲ ਵੀ ਕਹਿ ਲਈ ਅਤੇ ਆਪਣੀ ਕਹਾਣੀ ਵੀ ਸੁਣਾ ਲਈ।’’

ਅਸਲ ਵਿਚ ਸਾਰੇ ਪਾਕਿਸਤਾਨੀ ਮਿੱਤਰਾਂ ਨੂੰ ਬੇਬਾਕ ਤੇ ਸਪਸ਼ਟ ਹੋ ਕੇ ਭਾਵੁਕ ਉਲਾਰ ਤੋਂ ਮੁਕਤ ਹੋਣ ਲਈ ਦਿੱਤੀ ਮੇਰੀ ਸਲਾਹ ਚੰਗੀ ਲੱਗੀ ਸੀ। ਇੰਜ ਕੱਟੜਪੰਥੀਆਂ ਵਲੋਂ ਉਨ੍ਹਾਂ ਨੂੰ ਭਾਰਤ ਦੇ ਏਜੰਟ ਆਖੇ ਜਾਣ ਵਾਲੇ ਮਿਹਣੇ ਦਾ ਦਾਗ ਧੁਪਦਾ ਸੀ। ਉਨ੍ਹਾਂ ਨੂੰ ਇਖ਼ਲਾਕੀ ਮਦਦ ਮਿਲਦੀ ਸੀ। ਆਪਣੇ ਤੁਰ ਰਿਹਾਂ ਦੇ ਕਦਮ ਮਜ਼ਬੂਤ ਹੁੰਦੇ ਸਨ।

ਆਪਸ ਵਿਚ ਮਿਲਣਾ ਤੇ ਮੁੜ-ਮੁੜ ਮਿਲਣਾ ਅਤੇ ਇਨ੍ਹਾਂ ਮਿਲਣੀਆਂ ਦੇ ਸਬੱਬ ਬਣਾਉਣੇ ਇਸ ਲਈ ਤਾਂ ਜ਼ਰੂਰੀ ਸਨ ਹੀ ਕਿ ਸਦੀਆਂ ਦੀ ਗੁੰਮ ਹੋ ਰਹੀ ਸਾਂਝੀ ਪਛਾਣ ਦੀ ਸ਼ਨਾਖਤ ਕਰ ਸਕੀਏ ਤੇ ਸਾਂਝੀਆਂ ਤੰਦਾਂ ਲੱਭ ਕੇ ਦੂਰ ਹੋਏ ਦਿਲਾਂ ਨੂੰ ਜੋੜੀਏ ਸਗੋਂ ਇਸ ਲਈ ਵੀ ਜ਼ਰੂਰੀ ਸੀ ਕਿ ਨਵੀਆਂ ਬਣੀਆਂ ਨਿੱਜੀ ਪਛਾਣਾਂ ਵੀ ਬੇਪਛਾਣ ਹੋ ਜਾਂਦੀਆਂ ਨੇ ਜੇ ਮਿਲਣ ਦੇ ਮੌਕੇ ਨਸੀਬ ਨਾ ਹੋਣ ਤਾਂ। ਮੈਂ ਦਿੱਲੀ ਵਿਚ ਦੋ ਤਿੰਨ ਵਾਰ ਫ਼ਖ਼ਰ ਜ਼ਮਾਂ ਨੂੰ ਮਿਲਿਆ ਹੋਇਆ ਸਾਂ ਪਰ ਅੱਜ ਸਵੇਰੇ ਉਹ ਮੇਰੇ ਕੋਲੋਂ ਬਿਨ ਬੁਲਾਏ ਲੰਘ ਗਿਆ ਸੀ। ਸ਼ਾਇਦ ਉਸ ਨੂੰ ਮੇਰੀ ਪਛਾਣ ਭੁੱਲ ਗਈ ਸੀ। ਮੈਂ ਉਸ ਦੇ ਚੇਤੇ ਵਿਚੋਂ ਵਿਸਰ ਗਿਆ ਸਾਂ ਪਰ ਸਟੇਜ ਤੋਂ ਉਤਰਦਿਆਂ ਉਹਦੀ ਗਲਵੱਕੜੀ ਦਾ ਨਿੱਘ ਦਿਲ ਦੀਆਂ ਧੁਰ ਡੂੰਘਾਣਾਂ ‘ਚੋਂ ਉਮਡ ਆਈ ਮੁਹੱਬਤ ਦਾ ਭਰ-ਪ੍ਰਗਟਾਵਾ ਸੀ।

ਇੰਜ ਹੀ ਸਵੇਰੇ ਹੋਇਆ ਜਦੋਂ ਉਦਘਾਟਨੀ ਸਮਾਗਮ ਸ਼ੁਰੂ ਹੋਣ ਸਮੇਂ ਮੈਂ ਪਹਿਲੀ ਕਤਾਰ ਵਿਚ ਬੈਠੇ ਜਾਣੂਆਂ ਨਾਲ ਹੱਥ ਮਿਲਾਉਂਦਾ ਅੱਗੇ ਵਧ ਰਿਹਾ ਸਾਂ ਤਾਂ ਅਫ਼ਜ਼ਲ ਅਹਿਸਨ ਰੰਧਾਵਾ ਬੈਠਾ ਨਜ਼ਰ ਆਇਆ। ਮੈਂ ਉਸ ਨੂੰ ਉਤਸ਼ਾਹ ਵਿਚ ਭਿੱਜ ਕੇ ਸਲਾਮ ਆਖੀ ਕਿਉਂਕਿ ਮੈਨੂੰ ਬਾਰਾਂ-ਤੇਰ੍ਹਾਂ ਸਾਲ ਪਹਿਲਾਂ ਉਹਦੀ ਦਿੱਲੀ ਵਿਚ ਹੋਈ ਮਿਲਣੀ ਯਾਦ ਸੀ। ਪੰਜਾਬੀ ਅਕਾਦਮੀ ਦਿੱਲੀ ਵਲੋਂ ਕਰਵਾਏ ਕਹਾਣੀ ਦਰਬਾਰ ਦੇ ਪਹਿਲੇ ਸੈਸ਼ਨ ਵਿਚ ਅਸੀਂ ਦੋਹਾਂ ਨੇ ਹੀ ਆਪਣੀਆਂ ਕਹਾਣੀਆਂ ਪੜ੍ਹੀਆਂ ਸਨ। ਦੂਜੇ ਸੈਸ਼ਨ ਤੋਂ ਪਹਿਲਾਂ ਚਾਹ-ਪਾਣੀ ਦੇ ਵਕਫ਼ੇ ਲਈ ਅਸੀਂ ਸਭ ਲੇਖਕ ਦੋਸਤ ਹਾਲ ‘ਚੋਂ ਬਾਹਰ ਆ ਕੇ ਗੱਪ-ਗੋਸ਼ਟੀਆਂ ਵਿਚ ਲੱਗੇ ਸਾਂ। ਮੈਥੋਂ ਵੀ ਗਿੱਠ ਉੱਚਾ ਰੰਧਾਵਾ ਮੇਰੇ ਵੱਲ ਵਧਿਆ ਆ ਰਿਹਾ ਸੀ। ਅਸੀਂ ਦੋਵੇਂ ਇਕ ਦੂਜੇ ਨੂੰ ਸਟੇਜ ‘ਤੇ ਸੁਣ ਚੁੱਕੇ ਸਾਂ। ਜਾਣ-ਚੁੱਕੇ ਸਾਂ। ਸਾਨੂੰ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਸੀ। ਰੰਧਾਵੇ ਨੇ ਆਉਂਦਿਆਂ ਹੀ ਸ਼ੇਰ ਵਾਂਗ ਗਰਜਵੀਂ ਆਵਾਜ਼ ਵਿਚ ਆਖਿਆ।

‘‘ਆ! ਹਾਲ ਦੀ ਘੜੀ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਪਾਸੇ ਕਰ ਦੇਈਏ। ਰੰਧਾਵੇ ਨੂੰ ਸੰਧੂ ਨਾਲ ਮਿਲ ਲੈਣ ਦੇ। ਭਰਾ ਨੂੰ ਭਰਾ ਦੇ ਗਲ ਨਾਲ ਲੱਗ ਲੈਣ ਦੇ।’’

ਤੇ ਉਹਨੇ ਮੈਨੂੰ ਆਪਣੀ ਪੀਚਵੀਂ ਜੱਫੀ ਵਿਚ ਘੁੱਟ ਲਿਆ ਸੀ।

ਹੁਣ ਜਦੋਂ ਮੈਂ ਉਸ ਨੂੰ ਸਲਾਮ ਆਖੀ ਤਾਂ ਉਸ ਦਾ ਜਵਾਬ ਬੜਾ ਰਸਮੀ ਸੀ। ਸ਼ਾਇਦ ਉਹ ਵੀ ਮੇਰੀ ਸ਼ਕਲ ਭੁੱਲ ਚੁੱਕਾ ਸੀ। ਮੈਂ ਹੌਲੀ ਜਿਹੀ ਉਹਦੇ ਕੰਨ ਵਿਚ ਆਪਣਾ ਨਾਂ ਦੱਸਿਆ ਤਾਂ ਉਹਦੇ ਜਿਸਮ ਤੇ ਵਿਹਾਰ ਵਿਚ ਅਚਾਨਕ ਤਬਦੀਲੀ ਆਈ। ਬਰਫ਼ ਇਕਦਮ ਪਿਘਲ ਗਈ। ਉਹ ਮੈਨੂੰ ਜੱਫੀ ‘ਚ ਘੁੱਟ ਕੇ ਮੇਰੀ ਪਿੱਠ ਥਾਪੜੀ ਜਾ ਰਿਹਾ ਸੀ ਤੇ ਮੇਰੇ ਕੰਨਾਂ ਕੋਲ ਫੁਸਫੁਸਾ ਰਿਹਾ ਸੀ। ‘‘ਓਏ ਸੰਧੂ, ਤੂੰ ਤਾਂ ਮੇਰੀ ਜਾਨ ਏਂ….ਜਾਨ…। ਮੇਰੀ ਆਪਣੀ ਜਾਨ…।’’

ਸਾਡਾ ਮਿਲਣਾ ਤੇ ਮਿਲਦੇ ਰਹਿਣਾ ਬਹੁਤ ਜ਼ਰੂਰੀ ਸੀ ਤਾਂ ਕਿ ਅਸੀਂ ‘ਆਪਣੀ ਹੀ ਜਾਨ’ ਨੂੰ ਭੁੱਲ ਨਾ ਜਾਈਏ। ਉਸ ਤੋਂ ਬੇਪਛਾਣ ਨਾ ਹੋ ਜਾਈਏ।

Read 1462 times
ਵਰਿਆਮ ਸਿੰਘ ਸੰਧੂ

This e-mail address is being protected from spambots. You need JavaScript enabled to view it