You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਸੁਰਮਈ ਸ਼ਾਮ ਸਮੇਂ ਅਪਣੱਤ ਭਰੇ ਬੋਲ

ਲੇਖ਼ਕ

Tuesday, 06 October 2009 18:41

ਸੁਰਮਈ ਸ਼ਾਮ ਸਮੇਂ ਅਪਣੱਤ ਭਰੇ ਬੋਲ

Written by
Rate this item
(0 votes)

ਸੁਰਮਈ ਸ਼ਾਮ ਉੱਤਰ ਰਹੀ ਸੀ। ਫਲੈਟੀਜ਼ ਹੋਟਲ ਦੇ ਬਾਹਰ ਦੋਸਤ-ਮਿੱਤਰ ਇਕ ਦੂਜੇ ਨੂੰ ਮਿਲ ਰਹੇ ਸਨ। ਸਾਂਝਾਂ ਬਣ ਰਹੀਆਂ ਸਨ। ਮੈਂ, ਸਤਿਨਾਮ ਮਾਣਕ ਤੇ ਰਘਬੀਰ ਸਿੰਘ ਤੇ ਉਸ ਦੀ ਪਤਨੀ ਖੜੋਤੇ ਸਾਂ। ਇਕ ਪਾਕਿਸਤਾਨੀ ਲੇਖਕ ਤੇ ਉਸ ਦੇ ਨਾਲ ਖੜੋਤੀ ਬੀਬੀ ਸਾਡੇ ਵੱਲ ਅਹੁਲੇ। ਦੁਆ ਸਲਾਮ ਹੋਈ। ਉਨ੍ਹਾਂ ਨੇ ਹੁਣੇ ਸਾਨੂੰ ਹਾਲ ਵਿਚ ਬੋਲਦਿਆਂ ਸੁਣਿਆ ਸੀ। ਲੇਖਕ ਜ਼ਾਹਿਦ ਹਸਨ ਨੇ ਬੀਬੀ ਦਾ ਤੁਆਰਫ ਕਰਾਇਆ, ‘‘ਇਹਦਾ ਨਾਂ ਜ਼ੋਇਆ ਹੈ। ਇਹ ਵੀ ਬਹੁਤ ਵਧੀਆ ਕਹਾਣੀਆਂ ਲਿਖਦੀ ਹੈ।’’

ਜ਼ੋਇਆ ਨੇ ਦੋਵੇਂ ਹੱਥ ਨਾਹ ਵਿਚ ਹਿਲਾਏ, ‘‘ਓ ਛੱਡੋ ਜੀ! ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ।’’

ਸਾਦਾ ਕੱਪੜੇ, ਸਲਵਾਰ-ਕਮੀਜ਼ ਬਹੁਤ ਹੀ ਸ਼ਾਂਤ ਅਤੇ ਸਾਊ ਦਿੱਖ। ਬੋਲਾਂ ਵਿਚ ਡੂੰਘੀ ਅਪਣੱਤ। ਜਿਵੇਂ ਅਸੀਂ ਰੋਜ਼ ਹੀ ਇਕ ਦੂਜੇ ਨੂੰ ਮਿਲਣ-ਗਿਲਣ ਵਾਲੇ ਹੋਈਏ।

‘‘ਤੁਸੀ ਲਾਹੌਰ ਆਏ ਓ।‥ਲਾਹੌਰ ਵੇਖਣ ਨੂੰ ਤੁਹਾਡਾ ਜੀ ਨਹੀਂ ਕਰਦਾ!’’ ਜ਼ੋਇਆ ਨੇ ਪੁੱਛਿਆ ਤਾਂ ਸਾਡਾ ਸਾਂਝਾ ਜੁਆਬ ਸੀ, ‘‘ਅਜੇ ਰਾਤੀਂ ਤਾਂ ਆਏ ਹਾਂ ਤੇ ਅੱਜ ਸਾਰਾ ਦਿਨ ਕਾਨਫ਼ਰੰਸ ਵਿਚ ਲੰਘ ਗਿਐ। ਹੁਣ ਰਾਤ ਹੋ ਚੱਲੀ ਹੈ ਤੇ ਹੋਰ ਘੜੀ ਨੂੰ ਹਾਲ ਅੰਦਰ ਮੁਸ਼ਾਇਰਾ ਸ਼ੁਰੂ ਹੋ ਜਾਣਾ ਏਂ… ਉੱਜ ਲਾਹੌਰ ਕਿਉਂ  ਨਹੀਂ ਵੇਖਣਾ, ਲਾਹੌਰ ਵੇਖਣ ਹੀ ਤਾਂ ਆਏ ਹਾਂ।’’

ਫਿਰ ਉਹੋ ਅਪਣੱਤ ਭਰੇ ਬੋਲ ਸਨ, ‘ਹੁਣ ਐਥੇ ਖੜੋਤੇ ਕੀ ਕਰਦੇ ਓ। ਜੇ ਕੋਈ ਨਜ਼ਮ ਨਹੀਂ ਪੜ੍ਹਨੀ ਤੇ ਮੁਸ਼ਾਇਰੇ ਉਤੇ ਵਕਤ ਸਿਰ ਪਹੁੰਚਣ ਦੀ ਮਜਬੂਰੀ ਨਹੀਂ ਤਾਂ ਆਓ! ਤੁਹਾਨੂੰ ਲਾਰੰਸ ਗਾਰਡਨ ਦਿਖਾਈਏ। ਲਾਹੌਰ ਦੀ ਮਾਲ ‘ਤੇ ਫਿਰਾਈਏ…’’

ਏਨਾ ਪਾਕੀਜ਼ਾ ਸੱਦਾ ਸੀ ਕਿ ਠੁਕਰਾਉਣ ਨੂੰ ਜੀ ਨਹੀਂ ਸੀ ਕਰਦਾ। ਮਾਣਕ ਤਾਂ ਆਪਣੀ ਅਖ਼ਬਾਰ ਦੇ ਟਰਸੱਟੀ ਪ੍ਰੇਮ ਸਿੰਘ ਐਡਵੋਕੇਟ ਨਾਲ ਬੱਝਾ ਹੋਇਆ ਸੀ ਤੇ ਉਸ ਨੂੰ ਉਡੀਕ ਰਿਹਾ ਸੀ। ਮੈਨੂੰ ਤੇ ਰਘਬੀਰ ਸਿੰਘ ਹੁਰਾਂ ਨੂੰ ਇਹ ਅਪਣੱਤ ਭਰਿਆ ਸੱਦਾ ਸਵੀਕਾਰ ਕਰਨ ਵਿਚ ਕੋਈ ਝਿੱਜਕ ਨਹੀਂ ਸੀ।

ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਫਲੈਟੀਜ਼ ਹੋਟਲ ਦਾ ਬਾਹਰਲਾ ਗੇਟ ਲੰਘ ਕੇ ਸੱਜੇ ਹੱਥ ਸੜਕ ‘ਤੇ ਤੁਰਨ ਲੱਗੇ। ਸੜਕੋਂ ਪਾਰ ਇਕ ਬਹੁ-ਮੰਜ਼ਲੀ ਇਮਾਰਤ ਵੱਲ ਇਸ਼ਾਰਾ ਕਰ ਕੇ ਜ਼ੋਇਆ ਨੇ ਕਿਹਾ, ‘‘ਔਹ ਮੇਰਾ ਦਫਤਰ ਹੈ। ਪੀ.ਆਈ.ਏ. ਦਾ। ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਜ਼ ਦਾ। ਮੈਂ ਏਥੇ ਕੰਮ ਕਰਦੀ ਆਂ। ਛੁੱਟੀ ਹੋਣ ਤੋਂ ਪਿੱਛੋਂ ਕਾਨਫ਼ਰੰਸ ‘ਤੇ ਆਈ ਸਾਂ।’’

ਫਿਰ ਉਸ ਨੇ ਸੱਜੇ ਹੱਥ ਕਿਸੇ ਬਿਲਡਿੰਗ ਵੱਲ ਇਸ਼ਾਰਾ ਕੀਤਾ, ‘‘ਏਥੇ ਕਦੇ ਇੰਡੀਅਨ ਰੇਲਵੇਜ਼ ਦਾ ਦਫਤਰ ਸੀ ‘ਤੁਹਾਡਾ’। ਫਿਰ ਕੋਈ ਜੰਗ ਲੱਗੀ। ਸਾਨੂੰ ‘ਗੁੱਸਾ’ ਆਇਆ ਤਾਂ ਅਸੀਂ ਤੁਹਾਨੂੰ ‘ਸਾੜ’ ਦਿੱਤਾ। ਬਾਅਦ ਵਿਚ ਅਸੀਂ ਸੋਚ ਵਿਚਾਰ ਕੇ ਤੁਹਾਨੂੰ ‘ਸੇਫ’ ਥਾਂ ‘ਤੇ ਪੁਚਾ ਦਿੱਤੈ। ਔਧਰ ਸ਼ਹਿਰ ਤੋਂ ਬਾਹਰਵਾਰ‥’’ ਉਹ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦੀ ਹੋਈ ਆਪਣੇ ਵਿਸ਼ੇਸ਼ ਅੰਦਾਜ਼ ਵਿਚ ‘ਇੰਡੀਅਨ ਰੇਲਵੇਜ਼’ ਦਾ ਦਫਤਰ ‘ਸੁਰੱਖਿਅਤ ਜਗ੍ਹਾ’ ‘ਤੇ ਬਣਾਏ ਜਾਣ ਦੀ ਸੂਚਨਾ ਦੇ ਰਹੀ ਸੀ।

ਸੌ ਕੁ ਗਜ਼ ਜਾ ਕੇ ਅੱਗੇ ਇਕ ਚੌਕ ਸੀ। ਗੋਲ-ਆਕਾਰ, ਵੱਡਾ ਅਤੇ ਖੁੱਲ੍ਹਾ।

‘‘ਔਹ ਚੌਕ ਵਿਚ ਪਹਿਲਾਂ ਮਲਿਕਾ ਦਾ ਬੁੱਤ ਹੁੰਦਾ ਸੀ। ਅਸੀਂ ਉਹ ਚੁਕਵਾ ਦਿੱਤਾ ਤੇ ਇਥੇ ਕੁਰਾਨ ਟਿਕਾ ਦਿੱਤਾ…’’

ਗੋਲ ਗੰੁਬਦੀ ਛੱਤ ਹੇਠਾਂ ਕੁਰਆਨ-ਸ਼ਰੀਫ ਦਾ ‘ਮਾਡਲ’ ਸੀ। ਖੁੱਲ੍ਹੀ ਹੋਈ ਪਾਕ-ਕੁਰਆਨ। ਜਿਵੇਂ ਹੁਣੇ-ਹੁਣੇ ਮਸਤਕ ਨਾਲ ਲਾ ਕੇ ਪੜ੍ਹਨ ਲਈ ਕਿਸੇ ਨੇ ਖੋਲ੍ਹੀ ਹੋਵੇ। ਸਵੇਰੇ ਡਾ. ਜਗਤਾਰ ਦੇ ਦੋਸਤ ਨਜ਼ੀਰ ਕੌਸਰ ਨੇ ਇਸ ਨੂੰ ‘ਕੁਰਾਨ ਦਾ ਬੁੱਤ’ ਆਖਿਆ ਸੀ। ਉਹਦੇ ਬੋਲਾਂ ਵਿਚ ਇਸਲਾਮ ਵਿਚ ‘ਬੁੱਤ ਪਰਸਤੀ’ ਦੀ ਮਨਾਹੀ ਉਤੇ ਵਿਅੰਗ ਛੁਪਿਆ ਹੋਇਆ ਸੀ। ਜ਼ੋਇਆ ਦੇ ਲਫ਼ਜ਼ਾਂ ਵਿਚ ਵੀ ਇਹੋ ਜਿਹੀ ਹੀ ਤਨਜ਼ ਸੀ।

ਲੋਕ ਸਾਨੂੰ ਸੜਕੇ-ਸੜਕ ਤੁਰੇ ਜਾਂਦਿਆਂ ਦਿਲਚਸਪੀ ਨਾਲ ਵੇਖ ਰਹੇ ਸਨ।

‘‘ਸਰਦਾਰ ਜੀ। ਸਾਸਰੀ ਅਕਾਲ’’ ਕਹਿੰਦੇ ਹੋਏ ਤੁਰੇ ਜਾਂਦੇ ਪਿੱਛਾ ਭੌਂ-ਭੌਂ ਕੇ ਵੇਖਦੇ, ਮੁਸਕਰਾਉਂਦੇ ਤੇ ਕਈ ਚਾਹ-ਪਾਣੀ ਦੀ ਸੁਲ੍ਹਾ ਵੀ ਮਾਰ ਰਹੇ ਸਨ।

‘‘ਐਹ ਪੰਜਾਬ ਅਸੈਂਬਲੀ ਹੈ’’ ਜ਼ਾਹਿਦ ਹਸਨ ਨੇ ਚੌਕ ਦੇ ਪਿੱਛੇ ਖਲੋਤੀ ਵਿਸ਼ਾਲ ਇਮਾਰਤ ਵੱਲ ਇਸ਼ਾਰਾ ਕੀਤਾ। ‘‘ਜਿਥੇ ਭਗਤ ਸਿੰਘ ਨੇ ਬੰਬ ਸੁਟਿਆ ਸੀ…’’

‘‘ਨਹੀਂ ਬੰਬ ਏਥੇ ਨਹੀਂ,  ਦਿੱਲੀ ਦੇ ਅਸੈਂਬਲੀ ਹਾਲ ਵਿਚ ਸੁੱਟਿਆ ਸੀ…ਤੁਹਾਨੂੰ ਮੁਗ਼ਾਲਤਾ ਲੱਗਾ ਹੈ।’’ ਅਸੀਂ ਉਸ ਨੂੰ ਦਰੁਸਤ ਕੀਤਾ ਪਰ ਮੇਰੇ ਮਨ ਨੂੰ ਇਹ ਖ਼ਿਆਲ ਥਰ-ਥਰਾ ਗਿਆ। ਭਗਤ ਸਿੰਘ ਜ਼ਰੂਰ ਕਦੀ ਇਨ੍ਹਾਂ ਸੜਕਾਂ ‘ਤੇ ਗੁਜ਼ਰਿਆ ਹੋਵੇਗਾ…ਜਿਥੇ ਅਸੀਂ ਇਸ ਸਮੇਂ ਤੁਰ ਰਹੇ ਸਾਂ।

ਉਨ੍ਹਾਂ ਨੇ ਸਾਨੂੰ ਖੱਬੇ ਹੱਥ ਵੱਡੇ ਹਾਲਾਂ ਵਾਲਾ ਅਲਹਮਰਾ ਸਟੂਡੀਓ ਦਿਖਾਇਆ। ਏਥੇ ਵੱਡੇ ਸੈਮੀਨਾਰ, ਨਾਟਕ ਤੇ ਸਭਿਆਚਾਰਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ।

‘‘ਤੁਸੀਂ ਨਜ਼ਮ ਹੁਸੈਨ ਸੱਯਦ ਹੁਰਾਂ ਨੂੰ ਨਹੀਂ ਮਿਲਣਾ! ਉਹ ਐਦਾਂ ਦੇ ਫੰਕਸ਼ਨਾਂ ਲਈ ਘੱਟ-ਵੱਧ ਹੀ ਬਾਹਰ ਨਿਕਲਦੇ ਨੇ। ਮਿਲਣ ਵਾਲੇ ਉਨ੍ਹਾਂ ਦੇ ਕੋਲ ਹੀ ਜਾਂਦੇ ਨੇ…ਉਨ੍ਹਾਂ ਦੇ ਘਰ। ਉਥੇ ਉਹ ਆਪਣੀਆਂ ਗੱਲਾਂ ਸੁਣਾਉਂਦੇ ਨੇ। ਬੜੇ ਡੂੰਘੇ ਸਕਾਲਰ ਨੇ… ਜੇ ਮਿਲਣਾ ਹੋਇਆ ਤਾਂ ਮਿਲਾ ਦਿਆਂਗੀ। ਬੜੀ ਕਦਰ ਹੈ ਉਨ੍ਹਾਂ ਦੀ ਮੇਰੇ ਮਨ ਵਿਚ। ਮੈਨੂੰ ਵੀ ਉਨ੍ਹਾਂ ਨੇ ਹੀ ਕਹਾਣੀਆਂ ਲਿਖਣ ਲਾਇਆ ਹੈ… ਲਿਖਣ ਵਿਚ ਉਹ ਜ਼ੁਬਾਨ ਦਾ ਬਹੁਤ ਖਿਆਲ ਰੱਖਦੇ ਨੇ…’’

ਜ਼ੋਇਆ ਦੇ ਮਨ ਵਿਚ ਨਜ਼ਮ ਹੁਸੈਨ ਬਾਰੇ ਡੂੰਘੀ ਕਦਰਦਾਨੀ ਦੇ ਅਹਿਸਾਸ ਸਨ।

‘‘ਜ਼ੁਬਾਨ ਨੂੰ ਉਹ ਜਾਣ-ਬੂਝ ਕੇ ਕੁਝ ਜ਼ਿਆਦਾ ਲਹਿੰਦੀ ਦੀ ਸਥਾਨਕ ਰੰਗਣ ਦਿੰਦੇ ਹਨ। ਡੂੰਘੀ ਗੱਲ ਦੀ ਸਾਦਾ ਬਿਆਨੀ ਉਨ੍ਹਾਂ ਦੀ ਕਾਇਲ ਕਰਨ ਵਾਲੀ ਲੱਗਦੀ ਹੈ ਪਰ ਸਥਾਨਕ ਸ਼ਬਦਾਂ ਦੀ ਬਹੁਲਤਾ ਕੁਝ ਕੁਝ ਸ਼ਬਦਾਂ ਨੂੰ ਸਮਝਣ ਵਿਚ ਔਖ ਪੈਦਾ ਕਰਦੀ ਹੈ…’’ ਮੇਰੀ ਇਸ ਟਿੱਪਣੀ ਦੇ ਜੁਆਬ ਵਿਚ ਉਸ ਨੇ ਆਖਿਆ… ‘‘ਹਾਂ ਹਾਂ… ਜ਼ੁਬਾਨ ਵੱਲ ਉਹ ਬਹੁਤ ਧਿਆਨ ਦਿੰਦੇ ਹਨ…।’’

‘‘ਤੁਹਾਡੀਆਂ ਕਹਾਣੀਆਂ ਕਿਹੋ ਜਿਹੀਆਂ ਹਨ?’’ ਮੈਂ ਪੁੱਛਿਆ ਤਾਂ ਹੱਸਣ ਲੱਗੀ, ‘‘ਜਿਵੇਂ ਮੈਂ ਸਾਦਾ ਜ਼ੁਬਾਨ ‘ਚ ਗੱਲਾਂ ਕਰਦੀ ਆਂ‥ਇੰਜ ਨਹੀਂ ਮੇਰੀਆਂ ਕਹਾਣੀਆਂ…। ਮੇਰੀਆਂ ਕਹਾਣੀਆਂ ਦੀ ਜ਼ੁਬਾਨ ਵੀ ਔਖੀ ਐ…’’

ਜ਼ੋਇਆ ਨਜ਼ਮ ਹੁਸੈਨ ਸੱਯਦ ਦੀ ਸੱਚੀ ਸ਼ਾਗਿਰਦ ਸੀ ਤੇ ਕੁਝ-ਕੁਝ ਭਾਵੁਕ ਸੀ।

‘‘ਚਲੋ ਲਾਰੰਸ ਗਾਰਡਨ ਵਿਚ ਮੈਂ ਤੁਹਾਨੂੰ ਉਹ ਬੋਹੜ ਦਾ ਦਰਖ਼ਤ ਵਿਖਾਉਂਦੀ ਆਂ ਜਿਸ ਹੇਠਾਂ ਬੈਠ ਕੇ ਨਜ਼ਮ ਹੁਰੀਂ ਕਿੰਨਾਂ-ਕਿੰਨਾਂ ਚਿਰ ਆਪਣੇ ਅੰਦਰ ਉੱਤਰ ਕੇ ਆਪਣੇ ਨਾਲ ਗੱਲਾਂ ਕਰਦੇ ਹਨ‥’’

ਫਿਰ ਉਸ ਨੇ ਦੱਸਿਆ, ‘‘ਐਹ ਇਸੇ ਪਾਸੇ ਹੀ ਨਾਲ ਲਗਵਾਂ ਲਾਹੌਰ ਦਾ ਮਸ਼ਹੂਰ ਚਿੜੀਆ ਘਰ ਹੈ।’’

ਮੈਨੂੰ ਚਿੜੀਆ ਘਰ ਨਾਲ ਜੁੜਿਆ ਲਤੀਫਾ ਯਾਦ ਆਇਆ। ਇਕ ਵਾਰ ਕੋਈ ਜੱਟ ਲਾਹੌਰ ਗਿਆ ਤਾਂ ਉਹ ‘ਚਿੜੀਆ ਘਰ’ ਵੀ ਵੇਖਣ ਚਲਾ ਗਿਆ। ਉਥੇ ਉਹਨੇ ਜ਼ੈਬਰੇ ਵੇਖੇ। ਅਜੀਬ ਤਰ੍ਹਾਂ ਦਾ ਜਾਨਵਰ, ਪਿੰਡੇ ‘ਤੇ ਕਾਲੀਆਂ ਚਿੱਟੀਆਂ ਧਾਰੀਆਂ। ਉਸ ਨੇ ਪਹਿਲਾਂ ਤਾਂ ਕਦੀ ਇਹ ਜਾਨਵਰ ਵੇਖਿਆ ਨਹੀਂ ਸੀ ਪਰ ਫਿਰ ਵੀ ਇਹ ਉਸ ਨੂੰ ਜਾਣਿਆਂ ਪਛਾਣਿਆਂ ਜਿਹਾ ਕਿਉਂ ਲੱਗ ਰਿਹਾ ਸੀ। ਪਿੰਡ ਨੂੰ ਜਾਂਦਿਆਂ-ਜਾਂਦਿਆਂ ਉਹਨੇ ਖੁਸ਼ ਹੋ ਕੇ ਚੁਟਕੀ ਮਾਰੀ। ਉਸ ਨੂੰ ਜਾਨਵਰ ਦੀ ਪਛਾਣ ਆ ਗਈ ਸੀ।

ਪਿੰਡ ਵਾਲਿਆਂ ਜਦੋਂ ਪੁੱਛਿਆ, ‘‘ਸੁਣਾ ਮਹਿੰਦਰ ਸਿਆਂ! ਲਾਹੌਰ ਗਿਐ ਸੈਂ‥ਉਥੇ ਕੀ ਕੀ ਵੇਖਿਆ?’’

ਮਹਿੰਦਰ ਸਿੰਘ ਨੇ ਰਹੱਸ ਉਦਘਾਟਨ ਕੀਤਾ, ‘‘ਲੈ ਬਈ ਮੈਂ ਚਲਾ ਗਿਆ ਲਾਹੌਰ ਦਾ ਚਿੜੀਆ ਘਰ ਵੇਖਣ। ਯਾਰ ਏਹ ਅੰਗਰੇਜ਼ ਵੀ ਬੜੀ ਔਂਤਰੀ ਕੌਮ ਆਂ। ਇਹ ਖੋਤਿਆਂ ਨੂੰ ਵੀ ਸਵੈਟਰ ਪਾ ਕੇ ਰੱਖਦੀ ਐ…’’

ਜ਼ੈਬਰੇ ਦੀਆਂ ਧਾਰੀਆਂ, ਉਸ ਲਈ ਖੋਤੇ ਦੇ ਗਲ ਪਿਆ ਸਵੈਟਰ ਸਨ।

ਸਾਰੇ ਦਿਲ ਖੋਲ੍ਹ ਕੇ ਹੱਸੇ। ਅਸੀਂ ਲਾਰੰਸ ਬਾਗ਼ ਦਾ ਗੇਟ ਲੰਘ ਰਹੇ ਸਾਂ ਕਿ ਗੇਟ ਲਾਗੇ ਘਾਹ ‘ਤੇ ਬੈਠੇ ਬੰਦਿਆਂ ਵਿਚੋਂ ਇਕ ਜਣਾ ਉਠ ਕੇ ਮੇਰੇ ਕੋਲ ਆਇਆ। ਮੇਰੇ ਨਾਲ ਹੱਥ ਮਿਲਾਇਆ। ਚਾਹ-ਪਾਣੀ ਦੀ ਸੁਲਾਹ ਮਾਰੀ। ਮੇਰੇ ਧੰਨਵਾਦ ਕਰਨ ‘ਤੇ ਉਹ ਹੱਥ ਹਿਲਾਉਂਦਾ ਆਪਣੇ ਸਾਥੀਆਂ ਵਿਚ ਜਾ ਬੈਠਾ। ਉਹ ਉਨ੍ਹਾਂ ਸਾਰਿਆਂ ਦਾ ਪ੍ਰਤੀਨਿਧ ਬਣ ਕੇ ਮੇਰੇ ਕੋਲ ਆਇਆ ਸੀ। ਉਹ ਸਾਰੇ ਉਤਸੁਕ ਨਜ਼ਰਾਂ ਨਾਲ ਸਾਨੂੰ ਵੇਖ ਰਹੇ ਸਨ।

ਥੋੜ੍ਹਾ ਅੱਗੇ ਜਾ ਕੇ ਜ਼ੋਇਆ ਇਕ ਸਟਾਲ ਤੋਂ ਸਾਡੇ ਵਾਸਤੇ ਠੰਡੇ ਦੀਆਂ ਬੋਤਲਾਂ ਦਾ ਆਰਡਰ ਦੇ ਰਹੀ ਸੀ ਤਾਂ ਇਕ ਵਿਅਕਤੀ ਸਾਡੇ ਕੋਲ ਆਇਆ। ਗਲ ਵਿਚ ਥੈਲਾ ਅੱਖਾਂ ਉਤੇ ਨਜ਼ਰ ਦੀਆਂ ਐਨਕਾਂ।

‘‘ਵੈਲਕਮ ਟੂ ਪਾਕਿਸਤਾਨ…ਜੀ ਆਇਆ ਨੂੰ… ਪਰ ਕਸ਼ਮੀਰ ਦੇ ਮਸਲੇ ਨੂੰ ਹੱਲ ਕੀਤੇ ਬਿਨਾਂ ਕੁਝ ਨਹੀਂ ਹੋਣਾ… ਉਂਜ ਮੇਰੇ ਲਾਇਕ ਕੋਈ ਖਿਦਮਤ ਹੋਵੇ ਤਾਂ ਦੱਸੋ…’’

ਕਸ਼ਮੀਰ ਦੇ ਮਸਲੇ ਦਾ ਸਾਡੇ ਕੋਲ ਕੋਈ ਹੱਲ ਨਹੀਂ ਸੀ। ਖਿਦਮਤ ਕਰਨ ਵਾਲੀ ਜ਼ੋਇਆ ਆਰਡਰ ਦੇ ਕੇ ਸਾਡੇ ਕੋਲ ਆ ਗਈ ਸੀ। ‘‘ਓ ਛੱਡੋ ਜੀ! ਸਾਰੇ ਮਸਲੇ ਹੱਲ ਹੋ ਜਾਣਗੇ ਆਪੇ… ਆਓ ਜੀ! ਆਪਾਂ ਐਹ ਪੌੜੀਆਂ ‘ਤੇ ਬਹਿ ਕੇ ਬੋਤਲਾਂ ਪੀਵੀਏ…’’ ਉਸ ਨੇ ਉਸ ਬੰਦੇ ਨੂੰ ਉੱਤਰ ਦਿੰਦਿਆਂ ਸਾਨੂੰ ਆਪਣੇ ਨਾਲ ਤੁਰਨ ਲਈ ਆਖਿਆ।

ਬਾਗ਼ ਵਿਚ ਲਗੀਆਂ ਬੱਤੀਆਂ ਦੀ ਮੱਧਮ ਰੋਸ਼ਨੀ ਵਿਚ ਅਸੀਂ ਸੀਮਿੰਟ ਦੀਆਂ ਬਣੀਆਂ ਪੌੜੀਆਂ ‘ਤੇ ਬੈਠੇ ਘੁੱਟ-ਘੱੁਟ ਕਰਕੇ ਠੰਢਾ ਪੀ ਰਹੇ ਸਾਂ। ਜ਼ੋਇਆ ਨੇ ਪਿੱਛੇ ਬਾਗ਼ ਦੇ ਹਨੇਰੇ ਵਿਚ ਦਰਖ਼ਤਾਂ ਦੇ ਝੁੰਡ ਵੱਲ ਇਸ਼ਾਰਾ ਕੀਤਾ, ‘‘ਔਹ ਅੱਗੇ ਹੈ ਉਹ ਦਰਖਤ ਜਿਥੇ ਨਜ਼ਮ ਸਾਹਬ ਬੈਠਦੇ ਹੁੰਦੇ ਨੇ…’’

ਅਸੀਂ ਜ਼ੋਇਆ ਤੋਂ ਉਸ ਦੀਆਂ ਕਹਾਣੀਆਂ ਦੀ ਮੰਗ ਕੀਤੀ। ਉਨ੍ਹਾਂ ਨੂੰ ਲਿਪੀਆਂਤਰ ਕਰਵਾ ਕੇ ਛਪਵਾਉਣ ਦਾ ਵਾਅਦਾ ਕੀਤਾ। ਉਸ ਸੁਹਿਰਦ ਔਰਤ ਨੇ ਬੜੀ ਬੇਪ੍ਰਵਾਹੀ ਨਾਲ ਕਿਹਾ, ‘‘ਓ ਛੱਡੋ ਜੀ… ਮੈਨੂੰ ਨਹੀਂ ਕੋਈ ਸ਼ੌਕ ਛਪਣ-ਛਪਵਾਉਣ ਦਾ… ਆਪੇ ਛਪ-ਛੁਪ ਜਾਣਗੀਆਂ।’’

ਦੋਸਤੀ ਤੇ ਅਪਣੱਤ ਭਰੇ ਮਾਹੌਲ ਵਿਚ ਕੁਝ ਚਿਰ ਹੋਰ ਗੱਲਾਂ ਕਰਨ ਤੋਂ ਪਿੱਛੋਂ ਅਸੀਂ ਵਾਪਸ ਪਰਤਣ ਦੀ ਤਿਆਰੀ ਕੀਤੀ। ਗੇਟ ਤੋਂ ਬਾਹਰ ਨਿਕਲੇ ਹੀ ਸਾਂ ਕਿ ਇਕ ਥਰੀ-ਵੀਲ੍ਹਰ ਵਾਲਾ ਅੱਗੇ ਆਇਆ।

‘‘ਸਰਦਾਰ ਜੀ! ਦਿੱਲੀ ਤੋਂ ਆਏ ਓ…?’’

‘‘ਨਹੀਂ …ਮੈਂ ਜਲੰਧਰ ਤੋਂ…ਅੰਮ੍ਰਿਤਸਰ ਤੋਂ ਆਂ…।’’

‘‘ਮੈਂ ਆਖਿਆ ਭਲਾ ਦਿੱਲੀ ਤੋਂ ਜੇ…ਮੈਂ ਉਥੇ ਗਿਆ ਸਾਂ ਦਿੱਲੀ। ਕਈ ਸਾਲ ਹੋਏ। ਮੇਰਾ ਦੋਸਤ ਹੈ ਉਥੇ ਰਾਜ ਕੁਮਾਰ। ਫੇਰ ਰਾਜ ਕੁਮਾਰ ਵੀ ਏਥੇ ਆਇਆ ਸੀ। ਮੈਂ ਦੋ ਹਫ਼ਤੇ ਉਹਨੂੰ ਆਪਣੇ ਘਰ ਹੀ ਰੱਖਿਆ। ਘੁਮਾਇਆ-ਫਿਰਾਇਆ। ਖ਼ਿਦਮਤ ਕੀਤੀ।’’

ਏਨੀ ਗੱਲ ਕਹਿ ਕੇ ਉਸ ਨੇ ਅੱਖਾਂ ਭਰ ਲਈਆਂ ਤੇ ਭੋਲੇ-ਭਾਅ ਮੈਨੂੰ ਪੁੱਛਣ ਲੱਗਾ, ‘‘ਹੋਰ ਮੈਂ ਉਸ ਲਈ ਕੀ ਕਰ ਸਕਦਾ ਸਾਂ! ਹੋਰ ਕੁਝ ਕਰ ਹੀ ਤਾਂ ਨਹੀਂ ਸਾਂ ਸਕਦਾ।’’

ਉਸ ਨੇ ਬੇਵੱਸੀ ਜ਼ਾਹਰ ਕੀਤੀ। ਉਹ ਆਪਣੇ ਅੰਦਰਲੇ ਭਾਵਾਂ ਨੂੰ ਜ਼ੁਬਾਨ ਦੇਣੀ ਚਾਹ ਰਿਹਾ ਸੀ ਤੇ ਮੈਂ ਉਹ ਦੇ ਅਣਕਹੇ ਬੋਲਾਂ ਵਿਚ ਉਤਰ ਰਿਹਾ ਸਾਂ।

ਮੇਰੇ ਸਾਥੀ ਅੱਗੇ ਖੜੋਤੇ ਮੈਨੂੰ ਉਡੀਕ ਰਹੇ ਸਨ। ਜ਼ੋਇਆ ਤੇ ਜ਼ਾਹਿਦ ਹਸਨ ਵੱਲ ਵੇਖਦਿਆਂ ਮੈਂ ਉਸ ਬੰਦੇ ਦੀਆਂ ਅੱਖਾਂ ਵਿਚ ਅੱਖਾਂ ਗੱਡੀਆਂ। ਉਹਦੇ ਮੋਢੇ ‘ਤੇ ਹੱਥ ਰੱਖਿਆ।

‘‘ਜੋ ਕੁਝ ਤੁਸੀਂ ਤੇ ਤੁਹਾਡੇ ਜਿਹੇ ਦੋਸਤ ਕਰ ਰਹੇ ਨੇ…ਇਹੋ ਹੀ ਬਹੁਤ ਕੁਝ ਹੈ…ਤੇ ਆਪਾਂ ਏਨਾ ਕਰ ਕੇ ਹੀ ਕੁਝ ਨਾ ਕੁਝ ਕਰਦੇ ਰਹੀਏ…ਤਾਂ ਸ਼ਾਇਦ ਬਹੁਤ ਕੁਝ ਹੋ ਜਾਵੇ…।’’

ਮੈਂ ਜਿਵੇਂ ਉਹਦੇ ਨਾਲ ਜ਼ੋਇਆ ਹੁਰਾਂ ਨੂੰ ਵੀ ਸੰਬੋਧਿਤ ਸਾਂ। ਪਿਆਰ ਨਾਲ ਇਕ ਵਾਰ ਫਿਰ ਮੈਂ ਉਹਦਾ ਮੋਢਾ ਘੁੱਟਿਆ ਤੇ ਅੱਗੇ ਤੁਰ ਪਿਆ। ਉਸ ਨੇ ਆਪਣੇ ਥਰੀ-ਵੀਲ੍ਹਰ ਵੱਲ ਪਰਤਦਿਆਂ ਸੱਜੇ ਹੱਥ ਦੀ ਤਲੀ ਆਪਣੀ ਸੱਜੀ ਅੱਖ ‘ਤੇ ਫੇਰੀ ਤੇ ਫਿਰ ਮੈਨੂੰ ਤੁਰੇ ਜਾਂਦੇ ਨੂੰ ਮੋਹ ਨਾਲ ਵੇਖਣ ਲੱਗਾ। ਉਹ ਹੁਣੇ ਰਾਜ ਕੁਮਾਰ ਨੂੰ ਮਿਲ ਕੇ ਵਿਛੜਿਆ ਸੀ।

Read 1104 times