You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»29 - ਗੋਲਡਨ ਗੁਲਾਬ ਬਾਬਾ ਗੁਲਾਬ ਸਿੰਘ

ਲੇਖ਼ਕ

Friday, 16 October 2009 14:54

29 - ਗੋਲਡਨ ਗੁਲਾਬ ਬਾਬਾ ਗੁਲਾਬ ਸਿੰਘ

Written by
Rate this item
(2 votes)

ਬਾਬਾ ਗੁਲਾਬ ਸਿੰਘ ਜਦੋਂ ਜੀਂਦਾ ਸੀ ਤਾਂ ਉਹਦੇ ਬਾਰੇ ਮੈਂ ਇੱਕ ਆਰਟੀਕਲ ਲਿਖਿਆ ਸੀ-ਮੈਡਲਾਂ ਦਾ ਬੋਹਲ। ਵੈਟਰਨਜ਼ ਦੀਆਂ ਅੰਤਰਰਾਸ਼ਟਰੀ ਅਥਲੈਟਿਕ ਖੇਡਾਂ ਵਿਚੋਂ ਉਸ ਨੇ ਪੰਜਾਹ ਮੈਡਲ ਜਿੱਤੇ ਸਨ ਤੇ ਹੋਰ ਜਿੱਤੀ ਜਾ ਰਿਹਾ ਸੀ। ਵੱਡਉਮਰੇ ਖਿਡਾਰੀਆਂ ਵਿੱਚ ਉਹ ਭਾਰਤ ਦਾ ਪਹਿਲਾ ਅਥਲੀਟ ਸੀ ਜਿਸ ਨੇ ਕੌਮਾਂਤਰੀ ਪੱਧਰ `ਤੇ ਏਨੀਆਂ ਮੱਲਾਂ ਮਾਰੀਆਂ। ਉਸ ਤੋਂ ਪਿਛੋਂ ਕੈਨੇਡਾ ਵੱਸਦਾ ਕੇਸਰ ਸਿੰਘ ਪੂਨੀਆਂ ਬਾਬਾ ਗੁਲਾਬ ਸਿੰਘ ਦੇ ਰਾਹ ਪਿਆ ਹੋਇਐ। ਬਾਬਾ ਫੌਜਾ ਸਿੰਘ ਨੇ ਮੈਡਲ ਭਾਵੇਂ ਬਹੁਤੇ ਨਹੀਂ ਜਿੱਤੇ ਪਰ ਮੈਰਾਥਨ ਦੌੜਾਂ ਵਿੱਚ ਸ਼ੋਭਾ ਬਹੁਤ ਖੱਟੀ ਹੈ। ਹੋਰ ਵੀ ਕਈ ਬਾਬਿਆਂ ਨੇ ਆਪੋ ਆਪਣੀਆਂ ਖੇਡਾਂ ਵਿੱਚ ਨਾਂ ਕਮਾਇਆ ਹੈ। ਵੈਟਰਨਜ਼ ਦੀਆਂ ਖੇਡਾਂ ਪੰਜਾਬੀਆਂ ਨੂੰ ਬੜੀਆਂ ਰਾਸ ਆਈਆਂ ਹਨ। ਪਹਿਲਵਾਨ ਕਰਤਾਰ ਸਿੰਘ ਆਪਣੀ ਉਮਰ ਤੇ ਆਪਣੇ ਵਜ਼ਨ ਵਰਗ ਵਿੱਚ ਬਾਰਾਂ ਵਾਰ ਕੁਸ਼ਤੀ ਦਾ ਵਿਸ਼ਵ ਚੈਂਪੀਅਨ ਬਣ ਚੁੱਕੈ।

ਕੌਮਾਂਤਰੀ ਪੱਧਰ `ਤੇ ਪੰਜਾਹ ਮੈਡਲ ਜਿੱਤਣੇ ਕਹਿ ਦੇਣੀ ਗੱਲ ਹੈ। ਮੈਡਲ ਤਾਂ ਇੱਕ ਜਿੱਤਣਾ ਵੀ ਮਾਣ ਨਹੀਂ ਹੁੰਦਾ। ਪੰਜਾਹ ਮੈਡਲ ਜਿੱਤਣੇ ਤੇ ਉਹ ਵੀ ਏਸ਼ੀਆ ਤੇ ਵਿਸ਼ਵ ਪੱਧਰ ਦੇ! ਇਹ ਕਮਾਲ ਕੀਤੀ ਸੀ ਮੰਡੀ ਡੱਬਵਾਲੀ ਦੇ ਵਸਨੀਕ ਬਾਬਾ ਗੁਲਾਬ ਸਿੰਘ ਨੇ ਜਿਸ ਨੂੰ “ਗੋਲਡਨ ਗੁਲਾਬ” ਦਾ ਖ਼ਿਤਾਬ ਦਿੱਤਾ ਗਿਆ ਸੀ। ਜੇਕਰ ਉਹਦੇ ਜੀਵਨ `ਤੇ ਝਾਤ ਮਾਰੀ ਜਾਵੇ ਤਾਂ ਉਹ ਬਹੁਤ ਹੀ ਸਾਧਾਰਨ ਵਿਅਕਤੀ ਸੀ ਤੇ ਰੋਟੀ ਰੋਜ਼ੀ ਲਈ ਕਰੜਾ ਸੰਘਰਸ਼ ਕਰਦਾ ਰਿਹਾ ਸੀ। ਕੁਦਰਤ ਨੇ ਉਹਦੇ ਨਾਲ ਕਹਿਰ ਵੀ ਬੜਾ ਕਮਾਇਆ ਸੀ। ਜਦੋਂ ਮੈਂ ਉਸ ਦੀ ਕਿਸੇ ਨਵੀਂ ਜਿੱਤ ਦੀ ਖ਼ਬਰ ਪੜ੍ਹਦਾ ਸਾਂ ਤਾਂ ਮੇਰੇ ਮਨ `ਚ ਤਰੰਗ ਉੱਠਦੀ ਸੀ ਕਿ ਅਜਿਹੇ ਅਥਲੀਟ ਨੂੰ ਜ਼ਰੂਰ ਮਿਲਿਆ ਜਾਵੇ ਤੇ ਉਹਦੇ ਬਾਰੇ ਬਜ਼ੁਰਗਾਂ ਨੂੰ ਦੱਸਿਆ ਜਾਵੇ। ਹੋ ਸਕਦੈ ਕਿਸੇ ਹੋਰ ਬਜ਼ੁਰਗ ਦੇ ਮਨ ਵਿੱਚ ਵੀ ਗੁਲਾਬ ਸਿੰਘ ਬਣਨ ਦੀ ਰੀਝ ਪੈਦਾ ਹੋ ਜਾਵੇ।

ਨੱਬੇਵਿਆਂ ਦੇ ਸ਼ੁਰੂ ਦੀ ਗੱਲ ਹੈ ਕਿ ਮੈਨੂੰ ਲੰਬੀ ਦਾ ਖੇਡ ਮੇਲਾ ਵੇਖਣ ਦਾ ਸੱਦਾ ਮਿਲਿਆ। ਢੁੱਡੀਕੇ ਤੋਂ ਮੋਗੇ ਮੁਕਤਸਰ ਤੇ ਮਲੋਟ ਵਿੱਚ ਦੀ ਹੁੰਦਾ ਹੋਇਆ ਮੈਂ ਲੰਬੀ ਪਹੁੰਚਿਆ। ਮੇਰੇ ਮਨ ਵਿੱਚ ਆਈ ਕਿ ਇਥੋਂ ਡੱਬਵਾਲੀ ਨੇੜੇ ਹੀ ਹੈ ਚਲੋ ਬਾਬਾ ਗੁਲਾਬ ਸਿੰਘ ਨੂੰ ਵੀ ਮਿਲਦੇ ਚੱਲੀਏ। ਮੇਲੇ `ਚੋਂ ਵਿਹਲਾ ਹੋ ਕੇ ਦਿਨ ਛਿਪਦੇ ਨੂੰ ਮੈਂ ਡੱਬਵਾਲੀ ਜਾ ਪੁੱਜਾ। ਇਹ ਮੰਡੀਨੁਮਾ ਸ਼ਹਿਰ ਪੰਜਾਬ ਤੇ ਹਰਿਆਣੇ ਦੀ ਹੱਦ ਉਤੇ ਹੈ। ਉਥੋਂ ਦੇ ਕਾਲਜ ਵਿੱਚ ਮੇਰਾ ਇੱਕ ਪੁਰਾਣਾ ਵਿਦਿਆਰਥੀ ਬਲਜੀਤ ਸਿੰਘ ਲਾਇਬ੍ਰੇਰੀਅਨ ਲੱਗਾ ਹੋਇਆ ਸੀ। ਉਹ ਮੈਨੂੰ ਗੁਲਾਬ ਸਿੰਘ ਦੇ ਘਰ ਲੈ ਗਿਆ। ਬਾਬਾ ਘਰ ਹੀ ਸੀ। ਪਰਿਵਾਰ ਦੇ ਸਾਰੇ ਜੀਅ ਬੜੇ ਹੁੱਬ ਕੇ ਮਿਲੇ। ਬਾਬਾ ਗੁਲਾਬ ਸਿੰਘ ਕਹਿਣ ਲੱਗਾ, “ਮੈਂ ਅਖ਼ਬਾਰ `ਚ ਥੋਡੇ ਲੇਖ ਪੜ੍ਹਦਾ ਰਹਿਨਾਂ। ਮੈਂ ਤਾਂ ਖ਼ੁਦ ਢੁੱਡੀਕੇ ਚੱਲ ਕੇ ਆਉਣਾ ਸੀ। ਤੁਸੀਂ ਏਨੀ ਦੂਰ ਆ ਕੇ ਮੇਰੇ ਸਿਰ ਭਾਰ ਚਾੜ੍ਹ ਦਿੱਤੈ। ਇਹ ਭਾਰ ਮੈਂ ਕਿਵੇਂ ਲਾਹਾਂਗਾ?”

ਮੈਂ ਆਖਿਆ, “ਕੋਈ ਭਾਰ ਨਾ ਸਮਝੋ। ਖਿਡਾਰੀਆਂ ਨੂੰ ਮਿਲਣਾ ਗਿਲਣਾ ਮੇਰਾ ਸ਼ੌਕ ਐ। ਸਾਡੀਆਂ ਮੁਬਾਰਕਾਂ ਲਓ ਤੇ ਆਪਣੇ ਜਿੱਤੇ ਹੋਏ ਤਗਮਿਆਂ ਤੇ ਜੀਵਨ ਬਾਰੇ ਗੱਲਾਂ ਦੱਸੋ। ਮੈਂ ਇਹ ਗੱਲਾਂ ਕਿਸੇ ਸਮੇਂ ਕਿਤਾਬ `ਚ ਛਾਪਾਂਗਾ।”

ਬਿਜਲੀ ਦੇ ਚਾਨਣ ਵਿੱਚ ਮੈਂ ਨੀਝ ਨਾਲ ਵੇਖਿਆ ਬਾਬੇ ਦਾ ਜੁੱਸਾ ਇਕਹਿਰਾ ਜਿਹਾ ਸੀ ਪਰ ਸੀ ਸਿੱਧਾ ਸਲੋਟ। ਅੱਖਾਂ ਦੀ ਜੋਤ ਕੁੱਝ ਮੱਧਮ ਲੱਗੀ ਪਰ ਉਨ੍ਹਾਂ `ਚ ਉਤਸ਼ਾਹ ਭਰੀ ਲਿਸ਼ਕ ਸੀ। ਦਾੜ੍ਹੀ ਬੱਧੀ ਹੋਈ ਸੀ ਤੇ ਜ਼ੁਰਾਬਾਂ ਉਤੋਂ ਦੀ ਫਲੀਟ ਕਸੇ ਹੋਏ ਸਨ। ਉਸ ਨੇ ਮੂੜ੍ਹੇ `ਤੇ ਬਹਿ ਕੇ ਦੱਸਣਾ ਸ਼ੁਰੂ ਕੀਤਾ, “ਮੈਂ ਏਸ਼ੀਆ ਤੇ ਵਰਲਡ ਦੇ 41 ਗੋਲਡ, 6 ਸਿਲਵਰ ਤੇ 3 ਬਰਾਂਜ ਮੈਡਲ ਜਿੱਤੇ ਆ। ਇਹ ਕੁਲ ਪੰਜਾਹ ਹੋਗੇ ਜੀ। ਮੇਰੇ ਚਾਰਾਂ ਈ ਜੰਪਾਂ ਦੇ ਚਾਰ ਵਰਲਡ ਰਿਕਾਰਡ ਆ, ਦੇਖਦੇ ਆਂ ਕਿਹੜਾ ਮਾਈ ਦਾ ਲਾਲ ਤੋੜਦੈ? ਇਹ ਸਭ ਕੁਦਰਤ ਦੀ ਦੇਣ ਆਂ, ਮੈਂ ਤਾਂ ਕੁਛ ਵੀ ਨੀ। ਸਭ ਕੁਛ ਥੋਡੀਆਂ ਦੁਆਵਾਂ ਨਾਲ ਹੋਇਆ। ਅਜੇ ਮੈਨੂੰ ਥੋੜ੍ਹਾ ਜਿਆ ਫਰਕ ਹੋਰ ਕੱਢਣਾ ਪਊ। ਪੰਜਾਹ ਮੈਡਲ ਕਿਸੇ ਹਿਸਾਬ `ਚ ਨੀ ਆਉਂਦੇ। ਦਸ ਹੋਰ ਜਿੱਤ ਕੇ ਸੱਠ ਹੋ ਜਾਣਗੇ। ਫੇਰ ਸਿੱਧੇ ਈ ਕਹਿ ਦਿਆਂ ਕਰਾਂਗੇ ਬਈ ਪੰਜ ਦਰਜਨ ਜਿੱਤੇ ਆ। ਯਾਨੀ ਤਿੰਨ ਵੀਹਾਂ। ਪੰਜਾਹ ਨਾ ਦਰਜਨਾਂ `ਚ ਆਉਂਦੇ ਆ ਤੇ ਨਾ ਵੀਹਾਂ `ਚ।” ਏਨਾ ਕੁ ਦੱਸ ਕੇ ਉਹ ਮਿੰਨ੍ਹਾਂ ਮੁਸਕਰਾਇਆ।

ਇਸ ਤੋਂ ਦਸ ਕੁ ਸਾਲ ਪਹਿਲਾਂ ਮੈਂ ਗੁਲਾਬ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਦੇ ਟਰੈਕ ਵਿੱਚ ਮਿਲਿਆ ਸਾਂ। ਉਸ ਮੁਲਾਕਾਤ ਵਿੱਚ ਮੈਨੂੰ ਪਤਾ ਲੱਗ ਗਿਆ ਸੀ ਗੁਲਾਬ ਸਿੰਘ ਗੱਲਾਂ ਦਾ ਵੀ ਧਨੀ ਹੈ। ਰੰਗੀਲੇ ਸੁਭਾਅ ਦਾ ਮਾਲਕ ਹੈ ਤੇ ਹਾਸਾ ਮਖੌਲ ਵੀ ਕਰ ਲੈਂਦੈ। ਉਸ ਦਿਨ ਵੀ ਉਸ ਨੇ ਹੱਸਣ ਹਸਾਉਣ ਵਾਲੀਆਂ ਕਈ ਗੱਲਾਂ ਕੀਤੀਆਂ ਸਨ। ਦੱਸਿਆ ਸੀ ਕਿ ਉਸ ਦੀ ਪਤਨੀ ਤੋਂ ਮੁਨਾਖੀ ਹੈ। ਮੈਂ ਪੁੱਛਿਆ ਸੀ ਕਿ ਅੰਨ੍ਹੀ ਪਤਨੀ ਨਾਲ ਕਿਵੇਂ ਗੁਜ਼ਰ ਰਹੀ ਐ? ਉਸ ਨੇ ਕਿਹਾ ਸੀ, “ਜਿਵੇਂ ਥੋਡੇ ਵਰਗਿਆਂ ਦੀ ਗੁਜ਼ਰੀ ਜਾਂਦੀ ਐ ਓਵੇਂ ਮੇਰੀ ਵੀ ਨੰਘੀ ਜਾਂਦੀ ਆ। ਕਦੇ ਰੁੱਸ-ਪੇ ਕਦੇ ਮੰਨ-ਪੇ।”

ਮੈਂ ਆਖਿਆ ਸੀ, “ਅੰਨ੍ਹੀ ਹੋਣ ਦਾ ਕੋਈ ਖ਼ਾਸ ਦੁੱਖ ਤਾਂ ਹੋਊ। ਕਦੇ ਲਿਖਣਾ ਪੈ ਜਾਂਦੈ।” ਬਾਬੇ ਨੇ ਹੱਸਦਿਆਂ ਦੱਸਿਆ ਸੀ, “ਕੋਈ ਖਾਸ ਦੁੱਖ ਨੀ ਹੈਗਾ। ਉਹ ਸਭ ਸਮਝਦੀ ਐ। ਆਪੇ ਸਾਰਾ ਕੁਛ ਕਰ ਲੈਂਦੀ ਆ। ਜੇ ਲਿਖਣਾ ਈ ਐ ਤਾਂ ਇੱਕ ਦੁੱਖ ਲਿਖ-ਲੋ। ਉਹ ਇਹ ਆ ਬਈ ਜਦੋਂ ਕਦੇ ਖਿਝਦੀ ਖਪਦੀ ਨੂੰ ਨਿਆਣੇ ਕੁੱਟਣੇ ਪੈਣ ਤਾਂ ਵਿਚੇ ਮਾੜਾ ਮੋਟਾ ਛਾਂਦਾ ਮੈਨੂੰ ਵੀ ਮਿਲ ਜਾਂਦੈ। ਉਹਨੂੰ ਕਿਹੜਾ ਦਿਸਦਾ ਬਈ ਕੀਹਦੇ ਪੈਂਦੀ ਆ?”

ਜਦੋਂ ਮਿਲਖਾ ਸਿੰਘ ਤੇ ਪ੍ਰਿੰਸੀਪਲ ਸੋਮ ਨਾਥ ਹੋਰਾਂ ਨੇ ਵੈਟਰਨਜ਼ ਅਥਲੈਟਿਕ ਐਸੋਸੀਏਸ਼ਨ ਬਣਾਈ ਤਾਂ ਗੁਲਾਬ ਸਿੰਘ ਵੈਟਰਨਜ਼ ਅਥਲੈਟਿਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗਾ ਸੀ। ਉਸ ਨੇ ਦਸ ਕੁ ਸਾਲਾਂ ਵਿੱਚ ਦਿੱਲੀ ਤੇ ਸਿੰਘਾਪੁਰ ਵਿੱਚ ਦੋ ਵਾਰ ਹੋਈਆਂ ਏਸ਼ੀਆਈ ਚੈਂਪੀਅਨਸ਼ਿਪਾਂ ਅਤੇ ਨਿਊਜ਼ੀਲੈਂਡ, ਹਾਂਗਕਾਂਗ, ਅਮਰੀਕਾ, ਇਟਲੀ ਤੇ ਆਸਟ੍ਰੇਲੀਆ ਵਿੱਚ ਹੋਈਆਂ ਵਰਲਡ ਚੈਂਪੀਅਨਸ਼ਿਪਾਂ `ਚੋਂ ਅੱਧਾ ਸੈਂਕੜਾ ਤਮਗ਼ੇ ਜਿੱਤੇ ਸਨ। ਸਾਡੀ ਮੁਲਕਾਤ ਤੋਂ ਕੁੱਝ ਮਹੀਨੇ ਪਹਿਲਾਂ ਜਪਾਨ ਦੇ ਸ਼ਹਿਰ ਮੀਆਂਜਾਕੀ ਵਿੱਚ ਦਸਵੀਂ ਵਿਸ਼ਵ ਚੈਂਪੀਅਨਸ਼ਿਪ ਹੋਈ ਸੀ ਪਰ ਹਰਿਆਣਾ ਸਰਕਾਰ ਵੱਲੋਂ ਹਵਾਈ ਜਹਾਜ਼ ਦਾ ਕਿਰਾਇਆ ਨਾ ਮਿਲਣ ਕਾਰਨ ਗੁਲਾਬ ਸਿੰਘ ਜਪਾਨ ਨਹੀਂ ਸੀ ਜਾ ਸਕਿਆ। ਇਓਂ ਉਹਦੇ ਦੱਸਣ ਮੂਜਬ ਉਸ ਦੇ ਚਾਰ ਮੈਡਲ ਮਾਰੇ ਗਏ ਸਨ। ਉਸ ਨੇ ਵਧੇਰੇ ਤਮਗ਼ੇ ਪਝੰਤਰ ਸਾਲ ਤੇ ਅੱਸੀ ਸਾਲ ਤੋਂ ਵਧੇਰੀ ਉਮਰ ਵਰਗ ਦੇ ਮੁਕਾਬਲਿਆਂ ਵਿਚੋਂ ਜਿੱਤੇ ਸਨ।

ਗੁਲਾਬ ਸਿੰਘ ਦਾ ਜਨਮ 13 ਅਕਤੂਬਰ 1905 ਨੂੰ ਪਿੰਡ ਜਲਾਲਆਣਾ ਜ਼ਿਲਾ ਸਿਰਸਾ ਵਿੱਚ ਇੱਕ ਸਾਧਾਰਨ ਕਿਸਾਨ ਆਲਾ ਸਿੰਘ ਦੇ ਘਰ ਹੋਇਆ ਸੀ। ਆਲਾ ਸਿੰਘ ਕਬੱਡੀ ਦਾ ਤਕੜਾ ਖਿਡਾਰੀ ਸੀ। ਬਚਪਨ ਵਿੱਚ ਗੁਲਾਬ ਸਿੰਘ ਡੰਗਰ ਚਾਰਦਾ ਤੇ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਂਦਾ ਰਿਹਾ। ਉਦੋ ਮੀਂਹ ਬੜੇ ਘੱਟ ਪੈਂਦੇ ਸਨ। ਜਦੋਂ ਕਦੇ ਮੀਂਹ ਪੈਣਾ ਤੇ ਪਰਨਾਲੇ ਚੱਲਣੇ ਤਾਂ ਨਿਆਣਿਆਂ ਨੇ ਕਹਿਣਾ, “ਪਨਾਲਿਆਂ ਨੂੰ ਪੂਛਾਂ ਲੱਗ ਗਈਆਂ।”

1925 ਵਿੱਚ ਉਹ ਹਿਸਾਰ ਜਾ ਕੇ ਫੌਜ `ਚ ਭਰਤੀ ਹੋ ਗਿਆ। ਰਕਰੂਟੀ ਕਰਨ ਸਾਰ ਉਸ ਨੂੰ ਬਰ੍ਹਮਾ ਜਾਣਾ ਪੈ ਗਿਆ। ਉਥੇ ਉਹਨੂੰ ਅਥਲੈਟਿਕਸ ਕਰਨ ਦਾ ਮੌਕਾ ਮਿਲ ਗਿਆ ਤੇ ਉਹ ਨਾਮੀ ਅਥਲੀਟ ਬਣ ਗਿਆ। ਉਸ ਦਾ ਨਾਂ ਪੂਨੇ ਦੇ ਆਰਮੀ ਸਕੂਲ ਵਿੱਚ ਲੱਗੇ ਬੋਰਡ ਆਫ਼ ਆਨਰਜ਼ ਉਤੇ ਹੁਣ ਵੀ ਪੜ੍ਹਿਆ ਜਾ ਸਕਦੈ। ਜਲਾਲਆਣੇ ਦੇ ਨੇੜੇ ਤੇੜੇ ਕੋਈ ਸਕੂਲ ਨਹੀਂ ਸੀ ਜਿਸ ਕਰਕੇ ਗੁਲਾਬ ਸਿੰਘ ਸਕੂਲ ਦੀ ਰਸਮੀ ਪੜ੍ਹਾਈ ਨਾ ਕਰ ਸਕਿਆ। ਉਂਜ ਉਹ ਹੱਸਦਾ ਹੋਇਆ ਆਖਣ ਲੱਗਾ, “ਚੰਗਾ ਹੋਇਆ ਮੈਂ ਅਣਪੜ੍ਹ ਰਹਿ ਗਿਆ। ਪੜ੍ਹ ਜਾਂਦਾ ਤਾਂ ਜਿਹੋ ਜਿਹੇ ਪੰਗੇ ਲੈਂਦਾ ਸੀ ਮੈਂ ਜੇਲ੍ਹ `ਚ ਈ ਰਹਿਣਾ ਸੀ।”

ਇਹ ਤਾਂ ਐਵੇਂ ਕਹਿਣ ਦੀ ਗੱਲ ਸੀ ਪੰਗੇ ਪੁੰਗੇ ਉਸ ਨੇ ਕੋਈ ਨਹੀਂ ਲਏ। ਬਰ੍ਹਮਾ `ਚ ਜਦੋਂ ਚਾਰ ਪੈਸੇ ਦੀ ਬੋਤਲ ਸੀ, ਦੋ ਆਨੇ ਦਾ ਮੁਰਗਾ ਤੇ ਪੱਚੀਆਂ ਰੁਪਈਆਂ `ਚ ਚੀਨਣ ਵਿਆਹ ਕੇ ਲਿਆਂਦੀ ਜਾ ਸਕਦੀ ਸੀ ਉਦੋਂ ਉਹ ਸਭ ਕਾਸੇ ਤੋਂ ਬਚਿਆ ਰਿਹਾ। ਉਸ ਦੇ ਬਹੁਤ ਸਾਰੇ ਸਾਥੀਆਂ ਨੇ ਵਗਦੀ ਗੰਗਾ `ਚੋਂ ਹੱਥ ਧੋਤੇ। ਉਹ ਵਿਆਹ ਕਰਾਉਣ ਦੀ ਥਾਂ ਅਥਲੈਟਿਕਸ ਕਰੀ ਗਿਆ ਤੇ ਤੇਈ ਫੁੱਟ ਲੰਮੀ ਤੇ ਛੇ ਫੁੱਟ ਉੱਚੀ ਛਾਲ ਲਾਉਣ ਲੱਗ ਪਿਆ। ਉਹਦੀ ਪਹਿਲੀ ਸ਼ਾਦੀ 1938 ਵਿੱਚ ਬਲਵੰਤ ਕੌਰ ਨਾਲ ਹੋਈ ਜੀਹਦੀ ਕੁੱਖੋਂ ਚਾਰ ਲੜਕੀਆਂ ਤੇ ਦੋ ਲੜਕੇ ਪੈਦਾ ਹੋਏ। ਪਰ ਕਰਨੀ ਕੁਦਰਤ ਦੀ ਕਿ ਤਿੰਨ ਲੜਕੀਆਂ ਤੇ ਇੱਕ ਲੜਕਾ ਰੱਬ ਨੂੰ ਪਿਆਰੇ ਹੋ ਗਏ। 1961 ਵਿੱਚ ਜਦੋਂ ਇਕੋ ਇੱਕ ਲੜਕਾ ਵੀ ਨੌਂ ਸਾਲ ਦੀ ਉਮਰ ਵਿੱਚ ਬੱਸ ਹੇਠ ਆ ਕੇ ਗੁਜ਼ਰ ਗਿਆ ਤਾਂ ਗੁਲਾਬ ਸਿੰਘ ਦੀ ਦੁਨੀਆਂ ਸੁੰਨੀ ਹੋ ਗਈ। ਉਹ ਅੰਤਾਂ ਦੀ ਨਿਰਾਸਤਾ ਵਿੱਚ ਡੁੱਬ ਗਿਆ। ਉਦੋਂ ਉਹ ਫੌਜ `ਚੋ ਰਿਟਾਇਰ ਹੋ ਕੇ ਪਿੰਡ ਆ ਗਿਆ ਸੀ ਤੇ ਡੱਬਵਾਲੀ ਦੇ ਸਕੂਲ ਵਿੱਚ ਪੀ.ਟੀ.ਲੱਗ ਚੁੱਕਾ ਸੀ।

ਗੁਲਾਬ ਸਿੰਘ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਕਿ ਉਸ ਨੇ ਘਰ ਦੇ ਦੁਆਰ ਮੰਗਤਿਆਂ ਲਈ ਖੋਲ੍ਹ ਦਿੱਤੇ। ਕੋਈ ਲੀੜੇ ਲੈ ਗਿਆ, ਕੋਈ ਮੰਜਾ ਪੀੜ੍ਹੀ ਤੇ ਕੋਈ ਭਾਂਡੇ ਟੀਂਡੇ। ਉਸ ਨੇ ਸੋਚਿਆ ਕਿ ਹੁਣ ਜਿਊਂ ਕੇ ਕੀ ਲੈਣਾ ਹੈ? ਉਹਨੇ ਇੱਕ ਦਿਨ ਸਵੇਰੇ ਈ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਤੇ ਮਰਨ ਦਾ ਬਹਾਨਾ ਭਾਲਣ ਲਈ ਜਣੇ ਖਣੇ ਨਾਲ ਝਗੜਨ ਲੱਗਾ। ਪਰ ਕੋਈ ਵੀ ਉਸ ਨਾਲ ਲੜਨ ਲਈ ਤਿਆਰ ਨਾ ਹੋਇਆ ਤੇ ਸਭ ਟਾਲਾ ਵੱਟਦੇ ਰਹੇ। ਰਾਤ ਨੂੰ ਉਹਨੇ ਠੇਕੇ ਤੋਂ ਹੋਰ ਬੋਤਲ ਮੰਗੀ ਤੇ ਪੈਸੇ ਦੇਣ ਦੀ ਥਾਂ ਓਹੀ ਬੋਤਲ ਕਰਿੰਦੇ ਦੇ ਸਿਰ ਵਿੱਚ ਮਾਰੀ। ਲਹੂ ਦੀ ਤਤੀਰੀ ਚੱਲ ਨਿਕਲੀ ਪਰ ਲੜਾਈ ਫਿਰ ਵੀ ਨਾ ਹੋਈ। ਲੋਕ ਉਹਨੂੰ ਸ਼ਰਾਬੀ ਸਮਝ ਕੇ ਉਹਦੇ ਘਰ ਛੱਡ ਗਏ। ਸਵੇਰੇ ਉੱਠ ਕੇ ਉਹ ਗੁਰਦਵਾਰੇ ਗਿਆ ਤੇ ਗੁਰੂ ਮਹਾਰਾਜ ਤੋਂ ਭੁੱਲਾਂ ਬਖ਼ਸ਼ਾਈਆਂ।

ਗੁਰਦਵਾਰੇ ਇੱਕ ਅੰਨ੍ਹੀ ਔਰਤ ਆਇਆ ਕਰਦੀ ਸੀ। 1962 ਵਿੱਚ ਉਸ ਦੀ ਪਹਿਲੀ ਪਤਨੀ ਗੁਜ਼ਰੀ ਸੀ ਤੇ 1963 ਵਿੱਚ ਉਸ ਨੇ ਪੈਂਤੀ ਵਰ੍ਹਿਆਂ ਦੀ ਉਸ ਅੰਨ੍ਹੀ ਔਰਤ ਸੁਰਜੀਤ ਕੌਰ ਨਾਲ ਗੁਰਦਵਾਰੇ ਅਨੰਦ ਕਾਰਜ ਕਰਵਾ ਲਿਆ। ਸੁਰਜੀਤ ਕੌਰ ਦੀ ਕੁੱਖੋਂ ਇੱਕ ਲੜਕਾ ਤੇ ਇੱਕ ਲੜਕੀ ਨੇ ਜਨਮ ਲਿਆ ਜਿਨ੍ਹਾਂ ਦੇ ਅੱਗੋਂ ਬੱਚੇ ਹਨ।

ਮੈਂ ਪੁੱਛਿਆ, “ਤੁਸੀਂ ਅਠਵੰਜਾ ਸਾਲ ਦੀ ਉਮਰ ਵਿੱਚ ਕੀ ਸੋਚ ਕੇ ਵਿਆਹ ਕਰਾਇਆ ਸੀ ਤੇ ਉਹ ਵੀ ਇੱਕ ਅੰਨ੍ਹੀ ਔਰਤ ਨਾਲ?” ਗੁਲਾਬ ਸਿੰਘ ਦਾ ਉੱਤਰ ਫਿਰ ਗੁਲਾਬੀ ਸੀ, “ਊਂ ਤਾਂ ਅੰਨ੍ਹੀ ਨਾਲ ਵਿਆਹ ਕਰਾਉਣ ਬਦਲੇ ਤਿੰਨ ਪੀੜ੍ਹੀਆਂ ਦੁੱਖ ਭੋਗਦੀਆਂ। ਪਰ ਮੈਂ ਇਹ ਸੋਚ ਕੇ ਵਿਆਹ ਕਰਾ ਲਿਆ ਬਈ ਪਿਛਲੀ ਉਮਰ `ਚ ਕਦੇ ਲੜ ਪਿਆਂ ਕਰਾਂਗੇ ਕਦੇ ਸੁਲ੍ਹਾ ਸਫਾਈ ਕਰ ਲਿਆ ਕਰਾਂਗੇ। ਕਦੇ ਰੁਸ-ਗੇ ਕਦੇ ਮੰਨ-ਗੇ। ਇਓਂ ਆਖ਼ਰੀ ਉਮਰ ਚੰਗੀ ਗੁਜ਼ਰਦੀ ਜਾਊ। ਵਾਲ ਤਾਂ ਮੇਰੇ ਪਹਿਲਾਂ ਈ ਬੱਗੇ ਹੋਗੇ ਸੀ ਪਰ ਮੈਂ ਸੋਚਿਆ ਅੰਨ੍ਹੀ ਨੂੰ ਕਿਹੜਾ ਦਿਸਣੇ ਆਂ? ਉਹਦੇ ਭਾਣੇ ਤਾਂ ਮੈਂ ਜੁਆਨ ਈ ਰਹੂੰ!”

ਮੰਡੀ ਡੱਬਵਾਲੀ ਵਿੱਚ ਜੀ.ਟੀ.ਰੋਡ ਨਾਲ ਲੱਗਦੇ ਗੋਲਡਨ ਗੁਲਾਬ ਨਗਰ ਵਿੱਚ ਗੁਲਾਬ ਸਿੰਘ ਦੇ ਘਰ ਸੁਰਜੀਤ ਕੌਰ ਦੇ ਕੋਲ ਬੈਠਿਆਂ ਮੈਂ ਬਾਬੇ ਤੋਂ ਪੁੱਛਿਆ, “ਤੁਹਾਡੀ ਦੂਜੀ ਸ਼ਾਦੀ ਕਿਹੋ ਜਿਹੀ ਰਹੀ? ਕਦੇ ਲੜੇ ਝਗੜੇ?” ਮੈਂ ਅਸਲ ਵਿੱਚ ਉਨ੍ਹਾਂ ਦੀ ਆਪਸੀ ਤਕਰਾਰ ਵੇਖਣੀ ਚਾਹੁੰਦਾ ਸਾਂ।

ਗੁਲਾਬ ਸਿੰਘ ਨੇ ਮੁਸਕਰਾਂਦਿਆਂ ਕਿਹਾ, “ਊਂ ਤਾਂ ਘਰਵਾਲੀ ਦੀ ਬਹੁਤੀ ਵਡਿਆਈ ਨੀ ਕਰਨੀ ਚਾਹੀਦੀ, ਐਵੇਂ ਭੂਸਰ ਜਾਂਦੀ ਐ। ਪਰ ਇਹ ਬਹੁਤ ਨੇਕ ਰਹੀ ਤੇ ਚੰਗੀ ਰਹੀ। ਮਾੜਾ ਮੋਟਾ ਖੜਕਾ ਦੜਕਾ ਤਾਂ ਘਰਾਂ `ਚ ਹੁੰਦਾ ਈ ਰਹਿੰਦਾ। ਸਾਡੇ ਵੀ ਹੁੰਦਾ ਤੇ ਮੈਨੂੰ ਲੱਗਦੈ ਥੋਡੇ ਵੀ ਹੁੰਦਾ ਹੋਊ। ਕੋਈ ਦੱਸੇ ਭਵਾਂ ਨਾ ਦੱਸੇ। ਮੈਂ ਜਦੋਂ ਖੇਡਾਂ `ਤੇ ਬਾਹਰ ਜਾਨਾਂ ਤਾਂ ਇਹ ਪਿੱਛੋਂ ਘਰ ਨੂੰ ਚੰਗੀ ਤਰ੍ਹਾਂ ਸੰਭਾਲੀ ਰੱਖਦੀ ਐ। ਮੈਂ ਭਵਾਂ ਅੱਧੀ ਰਾਤ ਨੂੰ ਘਰ ਮੁੜਾਂ ਇਹ ਹਮੇਸ਼ਾਂ ਮੈਨੂੰ ਸੱਜਰੀ ਰੋਟੀ ਲਾਹ ਕੇ ਖੁਆਊ। ਮੈਨੂੰ ਘਰ ਦੀਆਂ ਚੀਜ਼ਾਂ ਦਾ ਓਨਾ ਨੀ ਪਤਾ ਹੁੰਦਾ ਜਿੰਨਾ ਇਹਨੂੰ ਪਤਾ। ਜੇ ਮੇਰਾ ਬੁਰਸ਼ ਜਾਂ ਠਾਠੀ ਨਾ ਲੱਭੇ ਤਾਂ ਇਹ ਲੱਭ ਦਿੰਦੀ ਐ। ਆਂਢ ਗੁਆਂਢ ਦਾ ਸਾਰਾ ਭੇਤ ਦੱਸਦੀ ਐ। ਮੈਨੂੰ ਆਏ ਨੂੰ ਦੱਸੂ ਬਈ ਪਿੱਛੋਂ ਕੀ ਕੁਛ ਹੋਇਆ? ਮੈਂ ਨੇਮ ਕੀਤਾ ਸੀ ਕਿ ਇਹਨੂੰ ਧੱਕਾ ਨੀ ਦੇਊਂਗਾ ਤੇ ਨਾ ਈ ਰੱਬ ਦੁਆਵੇ। ਇਹਦੇ ਨਾਲ ਵਿਆਹ ਕਰਾਉਣ ਪਿੱਛੋਂ ਈ ਮੇਰੇ ਘਰ ਦੇ ਭਾਗ ਜਾਗੇ ਆ। ਓਦੂੰ ਪਿੱਛੋਂ ਈ ਮੈ ਮੈਡਲ ਜਿੱਤਣ ਲੱਗਾਂ।”

ਗੁਲਾਬ ਸਿੰਘ ਨੇ ਆਪ ਹੀ ਮੈਡਲ ਨਹੀਂ ਜਿੱਤੇ ਸਗੋਂ ਕਈ ਅਜਿਹੇ ਅਥਲੀਟ ਵੀ ਤਿਆਰ ਕੀਤੇ ਜਿਨ੍ਹਾਂ ਨੇ ਆਪਣੇ ਤੌਰ `ਤੇ ਤਮਗ਼ੇ ਜਿੱਤੇ। ਉਸ ਨੂੰ ਇਨਾਮ ਸਨਮਾਨ ਵੀ ਕਾਫੀ ਮਿਲੇ ਪਰ ਹੈਰਾਨੀ ਦੀ ਗੱਲ ਸੀ ਕਿ ਹਰਿਆਣਾ ਸਰਕਾਰ ਨੇ 1992 `ਚ ਉਹਦੀ ਪੈਨਸ਼ਨ ਰੋਕ ਦਿੱਤੀ ਸੀ ਤੇ ਹੋਰ ਤਮਗ਼ੇ ਜਿੱਤਣ ਲਈ ਮਾਲੀ ਮਦਦ ਦੇਣੀ ਬੰਦ ਕਰ ਦਿੱਤੀ ਸੀ। ਉਹ ਸ਼ਾਇਦ ਇਹ ਸਮਝਣ ਲੱਗ ਪਈ ਸੀ ਕਿ ਬੁੜ੍ਹਾ ਵਾਧੂ ਦਾ ਖਰਚ ਕਰਵਾਈ ਜਾਂਦੈ। ਨਾ ਮੈਡਲ ਜਿੱਤਣੋਂ ਹੱਟਦੈ ਤੇ ਨਾ ਮਰਨ ਦਾ ਨਾਂ ਲੈਂਦੇ। ਸਰਕਾਰ ਦੀ ਇਹ ਇੱਛਾ ਬਾਬੇ ਨੇ ਫਿਰ ਛੇਤੀ ਹੀ ਪੂਰੀ ਕਰ ਦਿੱਤੀ ਕਿਉਂਕਿ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਬਿਨਾਂ ਉਹਦੇ ਜੀਵਨ ਦਾ ਕੋਈ ਨਿਸ਼ਾਨਾ ਨਹੀਂ ਸੀ ਰਹਿ ਗਿਆ। ਉਂਜ ਉਹਦੀ ਤਮੰਨਾ ਸੀ ਕਿ ਭਵਿੱਖ ਦੀਆਂ ਏਸ਼ੀਆ ਤੇ ਵਿਸ਼ਵ ਵੈਟਰਨ ਚੈਂਪੀਅਨਸ਼ਿਪਾਂ ਵਿੱਚ ਭਾਗ ਲੈਣ ਲਈ ਸਰਕਾਰ ਉਸ ਨੂੰ ਕਿਰਾਇਆ ਭਾੜਾ ਦੇਈ ਜਾਂਦੀ ਤੇ ਉਹ ਏਨੇ ਮੈਡਲ ਜਿੱਤ ਦਿੰਦਾ ਕਿ ਮੁੜ ਕੇ ਛੇਤੀ ਕੀਤਿਆਂ ਕੋਈ ਉਸ ਦਾ ਰਿਕਾਰਡ ਨਾ ਤੋੜ ਸਕਦਾ।

ਉਹ ਅੱਖਾਂ ਦੇ ਮਸ਼ਹੂਰ ਡਾਕਟਰ ਦਲਜੀਤ ਸਿੰਘ ਦਾ ਸ਼ੁਕਰਗੁਜ਼ਾਰ ਸੀ ਜਿਸ ਨੇ ਬਿਨਾਂ ਫੀਸ ਲਿਆਂ ਉਹਦੀਆਂ ਅੱਖਾਂ ਦਾ ਉਪ੍ਰੇਸ਼ਨ ਕਰ ਕੇ ਨਿਗਾਹ ਬਣਾ ਦਿੱਤੀ ਸੀ ਤੇ ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਸੀ। ਪਿੰਡ ਡੱਬਵਾਲੀ ਦੀ ਪੰਚਾਇਤ ਨੇ ਘਰ ਪਾਉਣ ਲਈ ਪੌਣੀ ਕਨਾਲ ਜਗ੍ਹਾ ਦਿੱਤੀ ਸੀ। ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਨੇ ਉਹਨੂੰ ਵੱਡੀ ਕਾਰ ਦਾ ਇਨਾਮ ਦਿੱਤਾ ਸੀ ਪਰ ਭਾਰਤ ਸਰਕਾਰ ਨੇ ਉਹ ਕਾਰ ਬਿਨਾਂ ਟੈਕਸ ਤਂੋਂ ਲੰਘਣ ਨਹੀਂ ਸੀ ਦਿੱਤੀ ਤੇ ਟੈਕਸ ਭਰਨ ਜੋਗੀ ਉਸ ਕੋਲ ਰਕਮ ਨਹੀਂ ਸੀ।

ਗੁਲਾਬ ਸਿੰਘ ਨੱਬਿਆਂ ਨੂੰ ਢੁੱਕ ਕੇ ਵੀ ਤਿੰਨ ਵੇਲੇ ਆਪਣੀ ਖੇਡ ਦਾ ਅਭਿਆਸ ਕਰਦਾ ਰਿਹਾ ਸੀ ਤੇ ਤਿੰਨ ਕਿਲੋ ਦੁੱਧ ਪੀ ਲੈਂਦਾ ਸੀ। ਦੁੱਧ ਹੀ ਉਸ ਦੀ ਮੁੱਖ ਖੁਰਾਕ ਸੀ ਜਿਸ ਲਈ ਉਸ ਨੇ ਘਰ ਵਿੱਚ ਲਵੇਰਾ ਰੱਖਿਆ ਹੋਇਆ ਸੀ। ਉਸ ਦਾ ਵਿਸ਼ਵਾਸ ਸੀ ਕਿ ਕੁਦਰਤ ਬੜੀ ਮਹਾਨ ਹੈ। ਬੰਦੇ ਨੂੰ ਕੁਦਰਤ ਤੋਂ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ। ਜਿਹੜਾ ਹਿੰਮਤ ਨਹੀਂ ਹਾਰਦਾ ਕੁਦਰਤ ਉਸ ਨੂੰ ਰਾਹ ਦਿੰਦੀ ਹੈ ਤੇ ਜਿੱਤ ਦੇ ਦਰਸ਼ਨ ਕਰਾਉਂਦੀ ਹੈ। ਹਾਰਨ ਵਾਲੇ ਨੂੰ ਕਦੇ ਢੇਰੀ ਨਹੀਂ ਢਾਹੁਣੀ ਚਾਹੀਦੀ। ਇੱਕ ਗੱਲ ਉਸ ਨੇ ਪਹਿਲੀ ਮੁਲਾਕਾਤ ਵਿੱਚ ਵੀ ਕਹੀ ਸੀ ਤੇ ਆਖ਼ਰੀ ਮੁਲਾਕਾਤ ਵਿੱਚ ਵੀ ਕਿ ਆਦਮੀ ਕਦੇ ਬੁੱਢਾ ਨਹੀਂ ਹੁੰਦਾ ਜਦੋਂ ਤਕ ਉਹ ਇਹ ਨਾ ਮੰਨੇ ਬਈ ਮੈਂ ਬੁੱਢਾ ਹੋ ਗਿਆ।

Read 3188 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।