You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»30 - ਸਿਆਟਲ ਦਾ ਸਾਂਝਾ ਖੇਡ ਮੇਲਾ

ਲੇਖ਼ਕ

Friday, 16 October 2009 14:59

30 - ਸਿਆਟਲ ਦਾ ਸਾਂਝਾ ਖੇਡ ਮੇਲਾ

Written by
Rate this item
(0 votes)

ਸਿਆਟਲ ਦਾ ਖੇਡ ਮੇਲਾ 28 ਤੇ 29 ਜੁਲਾਈ 2007 ਨੂੰ ਭਰਨਾ ਸੀ। ਮੇਲਾ ਕਮੇਟੀ ਨੇ ਇਸ ਦੀ ਕਾਫੀ ਮਸ਼ਹੂਰੀ ਕੀਤੀ ਸੀ। ਅਖ਼ਬਾਰਾਂ ਤੇ ਰਸਾਲਿਆਂ ਵਿੱਚ ਇਸ਼ਤਿਹਾਰ ਛਪੇ ਸਨ ਤੇ ਰੇਡੀਓ ਰਾਹੀਂ ਵੀ ਪਰਚਾਰ ਕੀਤਾ ਗਿਆ ਸੀ। ਇਸ ਵਾਰ ਦੇ ਖੇਡ ਮੇਲੇ ਦੀ ਵਿਸ਼ੇਸ਼ ਗੱਲ ਇਹ ਸੀ ਕਿ ਅੱਡੋ ਅੱਡ ਖੇਡ ਮੇਲੇ ਕਰਾਉਣ ਦੀ ਥਾਂ ਐਤਕੀਂ ਸਾਰੇ ਸਿਆਟਲੀਏ ਰਲ ਕੇ ਇਕੋ ਸਾਂਝਾ ਮੇਲਾ ਮਨਾ ਰਹੇ ਸਨ। ਏਕੇ ਵਿੱਚ ਬੜੀ ਬਰਕਤ ਹੁੰਦੀ ਹੈ ਜਿਸ ਨਾਲ ਫੰਡ `ਕੱਠਾ ਕਰਨਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਸੀ। ਦਰਸ਼ਕ ਵੀ ਬਿਨਾਂ ਕਿਸੇ ਨਿੰਦ ਵਿਚਾਰ ਦੇ ਵੱਡੀ ਗਿਣਤੀ ਵਿੱਚ ਖੇਡ ਮੇਲਾ ਵੇਖਣ ਢੁੱਕੇ। ਮੇਲੇ ਦੇ ਮੁੱਖ ਸਪਾਂਸਰ ਚੰਨਾ ਆਲਮਗੀਰ, ਜਿੰਦ ਅਟਵਾਲ ਬ੍ਰੱਦਰਜ਼ ਤੇ ਸਤਵੰਤ ਸਿੰਘ ਧਾਲੀਵਾਲ ਸਨ। ਉਂਜ ਸੌ ਤੋਂ ਵੀ ਵੱਧ ਦਾਨੀ ਸਨ ਜਿਨ੍ਹਾਂ ਨੇ ਮੇਲੇ ਲਈ ਦਿਲ ਖੋਲ੍ਹ ਕੇ ਮਾਇਆ ਦੇ ਗੱਫੇ ਪਰਧਾਨ ਕੀਤੇ। ਪ੍ਰਬੰਧਕਾਂ ਦੀ ਸੂਚੀ ਵੀ ਲੰਮੀ ਚੌੜੀ ਸੀ ਜਿਸ ਦਾ ਵੇਰਵਾ ਅਖ਼ਬਾਰੀ ਇਸ਼ਤਿਹਾਰਾਂ ਵਿੱਚ ਦਿੱਤਾ ਗਿਆ ਸੀ।

ਮੈਂ ਤੇ ਮੰਡੇਰ ਮੇਲੇ ਤੋਂ ਦੋ ਦਿਨ ਪਹਿਲਾਂ ਸਿਆਟਲ ਨੂੰ ਚੱਲ ਪਏ। ਮੇਰੇ ਪਾਸਪੋਰਟ ਉਤੇ ਅਮਰੀਕਾ ਦਾ ਵੀਜ਼ਾ ਤਾਂ ਭਾਵੇਂ ਦਸ ਸਾਲ ਦਾ ਹੈ ਪਰ ਨਿਊਯਾਰਕ ਨੂੰ ਜਾਣ ਵੇਲੇ ਲਏ ਤਿੰਨ ਮਹੀਨਿਆਂ ਦੇ ਪਰਮਿਟ ਦੀ ਮਿਆਦ ਪੁੱਗ ਚੁੱਕੀ ਸੀ। ਨਿਯਮਾਂ ਅਨੁਸਾਰ ਉਹ ਪਰਮਿਟ ਮੈਂ ਵਾਪਸ ਜਮ੍ਹਾਂ ਕਰਾ ਚੁੱਕਾ ਸਾਂ। ਹੁਣ ਫਿਰ ਪਰਮਿਟ ਲੈਣਾ ਪੈਣਾ ਸੀ। ਅਸੀਂ ਭੀੜ ਭੜੱਕੇ ਵਾਲੇ ਸਿੱਧੇ ਬਾਰਡਰ ਵੱਲ ਜਾਣ ਦੀ ਥਾਂ ਐਲਡਰਗਰੋਵ ਵਾਲੀ ਚੌਕੀ ਰਾਹੀਂ ਅਮਰੀਕਾ `ਚ ਪ੍ਰਵੇਸ਼ ਕਰਨਾ ਮੁਨਾਸਿਬ ਸਮਝਿਆ। ਇਸ ਚੌਕੀ ਰਾਹੀਂ ਮੈਂ ਘੱਟੋਘੱਟ ਦਰਜਨ ਵਾਰ ਆ ਜਾ ਚੁੱਕਾ ਸਾਂ। ਪਹਿਲੀ ਵਾਰ 1990 ਵਿੱਚ ਅਮਰੀਕਾ `ਚੋਂ ਕੈਨੇਡਾ ਨੂੰ ਲੰਘਿਆ ਸਾਂ। ਉਦੋਂ ਮੇਰਾ ਗਰਾਈਂ ਬੰਤ ਸਿੰਘ ਸਿੱਧੂ ਮੈਨੂੰ ਮੂਹਰਿਓਂ ਲੈਣ ਆਇਆ ਸੀ। ਉਹਦਾ ਇੱਕ ਫਾਰਮ ਕੈਨੇਡਾ ਵੱਲ ਸੀ ਤੇ ਦੂਜਾ ਅਮਰੀਕਾ ਵੱਲ। ਉਹ ਚੌਕੀ ਵਾਲਿਆਂ ਦਾ ਪੂਰਾ ਸਿਆਣੂੰ ਸੀ। ਰਾਹ ਵਿੱਚ ਈ ਘੁੱਟ ਲਾਉਣ ਲਈ ਉਹਦੇ ਕੋਲ ਬੋਤਲ ਵੀ ਸੀ ਤੇ ਗੀਝੇ `ਚ ਗੰਢਾ ਵੀ ਸੀ। ਉਹ ਬੜਾ ਰੌਣਕੀ ਬੰਦਾ ਸੀ ਜੋ ਪਿੱਛੇ ਜਿਹੇ ਪਰਲੋਕ ਸਿਧਾਰ ਗਿਆ ਹੈ। ਹੁਣ ਉਹਦੀਆਂ ਯਾਦਾਂ ਹੀ ਰਹਿ ਗਈਆਂ ਹਨ।

ਮੈਂ ਆਪਣੀ ਅਮਰੀਕਾ ਦੀ ਫੇਰੀ ਵਾਲੇ ਸਫ਼ਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿੱਚ ਲਿਖਿਆ ਸੀ ਕਿ ਬੰਤ ਸੜਕ ਦੇ ਵਿਚਾਲੇ ਥੰਮ੍ਹਲੇ ਵਾਂਗ ਖੜ੍ਹਾ ਸੀ। ਉਹ ਸਫ਼ਰਨਾਮਾ ਪੰਜਾਬ ਯੂਨੀਵਰਸਿਟੀ ਦੇ ਡਿਗਰੀ ਕੋਰਸ ਦੀ ਪਾਠ ਪੁਸਤਕ ਬਣਿਆਂ ਤਾਂ ਇੱਕ ਵਾਰ ਕਿਸੇ ਐਗਜ਼ਾਮੀਨਰ ਨੇ ਪ੍ਰੀਖਿਆਰਥੀਆਂ ਨੂੰ ਸੁਆਲ ਪਾਇਆ ਪਈ ਐਲਡਰਗਰੋਵ ਦੀ ਚੌਕੀ ਮੂਹਰੇ ਸੜਕ ਉਤੇ ਥੰਮ੍ਹਲੇ ਵਾਂਗ ਕੌਣ ਖੜ੍ਹਾ ਸੀ? ਇਹ ਵੀ ਪੁੱਛਿਆ ਸੀ ਕਿ ਬੰਤ ਸਿੱਧੂ ਗੀਝੇ ਵਿੱਚ ਗੰਢਾ ਕਿਉਂ ਰੱਖਦਾ ਸੀ? ਜਵਾਬ ਵਿੱਚ ਲਿਖਣਾ ਪੈਣਾ ਸੀ ਪਈ ਗੰਢਾ ਉਹ ਇਸ ਲਈ ਰੱਖਦਾ ਸੀ ਕਿ ਸ਼ਰਾਬ ਦੀ ਥਾਂ ਗੰਢੇ ਦਾ ਹੀ ਮੁਸ਼ਕ ਆਵੇ ਤੇ ਪੁਲਿਸ ਵਾਲਾ ਗੰਢੇ ਦਾ ਮੁਸ਼ਕ ਲੈਣ ਦੀ ਥਾਂ ਦੂਰੋਂ ਹੀ ਕਹਿ ਦੇਵੇ, “ਓ.ਕੇ.ਜਾਹ!”

ਅੱਗੇ ਐਲਡਰਗਰੋਵ ਦੀ ਚੌਕੀ ਉਤੇ ਕਦੇ ਦਸ ਪੰਦਰਾਂ ਮਿੰਟਾਂ ਤੋਂ ਵੱਧ ਸਮਾਂ ਨਹੀਂ ਸੀ ਲੱਗਾ ਪਰ ਐਤਕੀਂ ਸਵਾ ਘੰਟਾ ਬਿਠਾ ਕੇ ਸਾਡੀ ਪੂਰੀ ਘੋਖ ਪੜਤਾਲ ਕੀਤੀ ਗਈ। ਬੱਗੇ ਸਿਰ ਵਾਲਾ ਇੰਮੀਗਰੇਸ਼ਨ ਅਫਸਰ ਸਾਡੇ ਪਾਸਪੋਰਟ ਇਓਂ ਵੇਖੀ ਗਿਆ ਜਿਵੇਂ ਵਿਛੜ ਗਈ ਮਹਿਬੂਬਾ ਦੀ ਤਸਵੀਰ ਵੇਖਦਾ ਹੋਵੇ। ਕਦੇ ਪਾਸਪੋਰਟ ਸਿੱਧੇ ਕਰਦਾ ਤੇ ਕਦੇ ਪੁੱਠੇ ਕਰਦਾ। ਮੰਡੇਰ ਦਾ ਪਾਸਪੋਰਟ ਪਾਕਿਸਤਾਨ ਦੀਆਂ ਦਰਜਨਾਂ ਫੇਰੀਆਂ ਨਾਲ ਭਰਿਆ ਪਿਆ ਸੀ ਤੇ ਘੱਟ ਮੇਰਾ ਵੀ ਨਹੀਂ ਸੀ। ਉਹ ਵਾਰ ਵਾਰ ਪੁੱਛੇ ਪਈ ਅਮਰੀਕਾ ਕੀ ਕਰਨ ਚੱਲੇ ਓਂ? ਫਿਰ ਉਹ ਸਾਡਾ ਕੰਮ ਕਾਰ ਪੁੱਛਣ ਲੱਗ ਪਿਆ। ਮੇਰਾ ਮਚਲਾ ਮਨ ਕਹਿਣ ਲੱਗਾ, “ਤੂੰ ਸਾਲਿਆ ਸਾਕ ਕਰਨੈਂ?” ਫਿਰ ਉਸ ਨੇ ਕਾਰ ਦੀ ਚਾਬੀ ਲੈ ਕੇ ਸਮਾਨ ਦੀ ਫੋਲਾ ਫਾਲੀ ਕੀਤੀ ਪਰ ਮਲੰਗਾਂ ਕੋਲ ਕਿਤਾਬਾਂ, ਰਸਾਲੇ ਤੇ ਤੇੜ ਸਿਰ ਦੇ ਲੀੜਿਆਂ ਤੋਂ ਬਿਨਾਂ ਹੋਰ ਕੀ ਹੋਣਾ ਸੀ? ਮੰਡੇਰ ਤਾਂ ਕਪੜੇ ਵੀ ਨਾਲ ਨਹੀਂ ਚੁੱਕਦਾ। ਜਿਥੇ ਰਾਤ ਕੱਟਦੈ ਆਪ ਦੇ ਲੀੜੇ ਲਾਹ ਦਿੰਦੈ ਤੇ ਅਗਲੇ ਦੇ ਪਾ ਜਾਂਦੈ। ਮੈਂ ਉਂਜ ਈ ਤਿੰਨ ਚਾਰ ਦਿਨ ਨਹੀਂ ਲਾਹੁੰਦਾ। ਮੁਸਾਫਰੀ ਕੀ ਤੇ ਸ਼ੁਕੀਨੀ ਕੀ?

ਡੂਢ ਘੰਟਾ ਬਾਰਡਰ `ਤੇ ਈ ਲੱਗ ਜਾਣ ਕਾਰਨ ਡੂੰਘਾ ਹਨ੍ਹੇਰਾ ਹੋ ਗਿਆ ਸੀ। ਸਿਆਟਲ ਪਹੁੰਚਦਿਆਂ ਨੂੰ ਤਾਂ ਅੱਧੀ ਰਾਤ ਹੋ ਜਾਣੀ ਸੀ। ਬਾਰਡਰ ਦੇ ਕੋਲ ਹੀ ਕਸਬਾ ਲਿੰਡਨ ਹੈ ਜਿਸ ਦੀ ਨਿਆਈਂ `ਚ ਡਰੋਲੀ ਭਾਈ ਵਾਲੇ ਮਹਿੰਦਰ ਸਿੰਘ ਸੰਘੇ ਦਾ ਆਲੀਸ਼ਾਨ ਬੰਗਲਾ ਪਾਇਆ ਹੋਇਐ। ਉਥੇ ਉਹਦਾ ਫਾਰਮ ਵੀ ਹੈ ਤੇ ਕੈਨਰੀ ਵੀ। ਉਹ ਬੜਾ ਦਰਿਆਦਿਲ ਬੰਦਾ ਹੈ ਤੇ ਖੇਡਾਂ ਦਾ ਵੀ ਪ੍ਰੇਮੀ ਹੈ। ਅਸੀਂ ਉਹਦੀ ਪ੍ਰਾਹੁਣਚਾਰੀ ਬੜੀ ਵਾਰ ਮਾਣੀ ਹੈ। ਉਹਦੇ ਨਾਲ ਫੋਨ ਮਿਲਾਇਆ। ਉਹ ਘਰ ਈ ਸੀ ਤੇ ਅਸੀਂ ਉਹਦੇ ਕੋਲ ਜਾ ਟਿਕਾਣਾ ਕੀਤਾ। ਸੇਵਾ ਕਰਨ ਦੇ ਨਾਲ ਉਹਨੇ ਖੇਡ ਸੰਸਾਰ ਲਈ ਚੈੱਕ ਵੀ ਕੱਟ ਦਿੱਤਾ। ਆਖਣ ਲੱਗਾ, “ਹਰੇਕ ਸਾਲ ਗੇੜਾ ਮਾਰਦੇ ਰਿਹੋ। ਖੇਡ ਸੰਸਾਰ ਖੜ੍ਹਨ ਨਹੀਂ ਦੇਣਾ।”

ਅਗਲੇ ਦਿਨ ਪਹਿਲਵਾਨ ਕਰਤਾਰ ਸਿੰਘ ਦੇ ਵੱਡੇ ਭਰਾ ਗੁਰਚਰਨ ਸਿੰਘ ਢਿੱਲੋਂ ਦੇ ਘਰ ਪਾਰਟੀ ਸੀ। ਉਥੇ ਸਿਆਟਲ ਦਾ ਮਾਣ ਡਾ: ਹਰਚੰਦ ਸਿੰਘ ਤੇ ਉਸ ਦਾ ਵੱਡਾ ਭਾਈ ਹਰੀ ਸਿੰਘ ਵੀ ਹਾਜ਼ਰ ਸੀ। ਨਾਲ ਉਨ੍ਹਾਂ ਦੀਆਂ ਜੀਵਨ ਸਾਥਣਾਂ ਸਨ। ਖੁੱਲ੍ਹੇ ਘਰ `ਚ ਵੀਹ ਪੱਚੀ ਪਤਵੰਤੇ ਸੱਜਣ ਜੁੜੇ ਬੈਠੇ ਸਨ। ਵਿਚੇ ਪੀਣ ਖਾਣ ਵਾਲੇ ਸਨ ਤੇ ਵਿਚੇ ਸੋਫੀ। ਤਰਾਰੇ `ਚ ਹੋਏ ਕੁਲਵੰਤ ਸਿੰਘ ਸ਼ਾਹ ਨੇ ਖੇਡ ਸੰਸਾਰ ਦੀ ਸਹਾਇਤਾ ਲਈ ਅਪੀਲ ਕੀਤੀ ਤਾਂ ਹਿੰਮਤਪੁਰੇ ਦੇ ਚੇਤ ਸਿੰਘ ਤੇ ਰਾਮੂਵਾਲੇ ਦੇ ਹਰਦੀਪ ਸਿੰਘ ਗਿੱਲ ਨੇ ਪੰਜ ਪੰਜ ਸੌ ਡਾਲਰ ਦੇ ਚੈੱਕ ਮੰਡੇਰ ਦੇ ਹਵਾਲੇ ਕੀਤੇ। ਹੋਰਨਾਂ ਸੱਜਣਾਂ ਨੇ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਿਆਟਲ ਵਾਲਿਆਂ ਨੇ ਹੀ ਖੇਡ ਸੰਸਾਰ ਦੀ ਜੜ੍ਹ ਲਾਈ ਹੈ ਤੇ ਕੈਲੇਫਰਨੀਆਂ ਵਾਲੇ ਪਾਲ ਰਹੇ ਹਨ।

ਮੇਲੇ ਦਾ ਦਿਨ ਬੱਦਲਵਾਈ ਵਾਲਾ ਚੜ੍ਹਿਆ। ਕਿਣ ਮਿਣ ਨੇ ਖੇਡਣ ਦੇ ਮੈਦਾਨ ਤਿਲ੍ਹਕਣੇ ਕਰ ਦਿੱਤੇ ਸਨ। ਕਹਿੰਦੇ ਹਨ ਕਿ ਸਿਆਟਲ ਵਿੱਚ ਤਿੰਨ ਸੌ ਚੌਂਟ੍ਹ ਦਿਨਾਂ `ਚੋਂ ਤਿੰਨ ਸੌ ਦਿਨ ਬੱਦਲਵਾਈ ਰਹਿੰਦੀ ਹੈ ਜਦ ਕਿ ਕੈਲੇਫੋਰਨੀਆਂ `ਚ ਚੌਂਟ੍ਹ ਦਿਨ ਵੀ ਬੱਦਲ ਨਹੀਂ ਆਉਂਦੇ। ਖੇਡ ਮੁਕਾਬਲੇ ਕੈਂਟ ਮੇਰੀਡੀਅਨ ਹਾਈ ਸਕੂਲ ਦੇ ਹਰੇ ਭਰੇ ਮੈਦਾਨਾਂ ਵਿੱਚ ਹੋਣੇ ਸਨ। ਉਥੇ ਨਾ ਕੋਈ ਮੇਲੇ ਦੀ ਟਿਕਟ ਸੀ ਤੇ ਨਾ ਕੋਈ ਪਾਰਕਿੰਗ ਟਿਕਟ। ਟੋਰਾਂਟੋ ਤੇ ਵੈਨਕੂਵਰ ਦੇ ਬਹੁਤੇ ਖੇਡ ਮੇਲਿਆਂ ਵਿੱਚ ਦੋਵੇਂ ਟਿਕਟਾਂ ਲੱਗਦੀਆਂ ਹਨ। ਅਸੀਂ ਮੇਲੇ ਵਿੱਚ ਅੱਪੜੇ ਤਾਂ ਮਾਈਕ ਉਤੋਂ ਸੁੱਚਾ ਸਿੰਘ ਰੰਧਾਵਾ, ਨਵਦੀਪ ਗਿੱਲ ਤੇ ਪਰਮਿੰਦਰ ਸਿੰਘ ਮੇਲੀਆਂ ਨੂੰ ਜੀ ਆਇਆਂ ਕਹਿ ਰਹੇ ਸਨ। ਸਾਹਮਣੇ ਫੁਟਬਾਲ ਦਾ ਮੈਚ ਚੱਲ ਰਿਹਾ ਸੀ। ਇੱਕ ਬੰਨੇ ਸਿਆਟਲ ਦੀ ਟੀਮ ਸੀ ਦੂਜੇ ਬੰਨੇ ਵੈਨਕੂਵਰ ਦੀ। ਚੰਨੇ ਹੋਰੀਂ ਕਲੀ ਨਾਲ ਕਬੱਡੀ ਦਾ ਦਾਇਰਾ ਉਲੀਕ ਰਹੇ ਸਨ। ਫੁਟਬਾਲ ਦੇ ਮੁਕਾਬਲਿਆਂ ਵਿੱਚ ਸੋਲਾਂ ਟੀਮਾਂ ਭਾਗ ਲੈ ਰਹੀਆਂ ਸਨ ਜਿਨ੍ਹਾਂ ਵਿੱਚ ਸਿਆਟਲ ਤੋਂ ਬਿਨਾਂ ਵੈਨਕੂਵਰ ਦੀਆਂ ਟੀਮਾਂ ਵੀ ਸ਼ਾਮਲ ਸਨ। ਤਸੱਲੀ ਦੀ ਗੱਲ ਹੈ ਕਿ ਪੰਜਾਬੀ ਮੁੰਡੇ ਵੱਡੀ ਗਿਣਤੀ ਵਿੱਚ ਦੁਨੀਆਂ ਦੀ ਸਭ ਤੋਂ ਪਾਪੂਲਰ ਖੇਡ ਵਿੱਚ ਸ਼ਰੀਕ ਹੋਣ ਲੱਗੇ ਹਨ।

ਸਿਆਟਲ ਦੇ ਇਸ ਅੱਠਵੇਂ ਖੇਡ ਮੇਲੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਰੱਸਾਕਸ਼ੀ ਤੇ ਅਥਲੈਟਿਕਸ ਦੇ ਮੁਕਾਬਲੇ ਰੱਖੇ ਗਏ ਸਨ। ਪਹਿਲੇ ਦਿਨ ਸੌਕਰ ਤੇ ਵਾਲੀਬਾਲ ਦੇ ਮੈਚ ਹੀ ਕਰਾਏ ਗਏ। ਦੂਜੇ ਦਿਨ ਕਬੱਡੀ ਦੇ ਦਾਇਰੇ ਦੁਆਲੇ ਭੀੜਾਂ ਆ ਜੁੜੀਆਂ। ਕਬੱਡੀ ਦੀਆਂ ਛੇ ਸੀਨੀਅਰ ਟੀਮਾਂ ਸਨ ਤੇ ਦੋ ਜੂਨੀਅਰ ਟੀਮਾਂ। ਪਹਿਲਾ ਮੈਚ ਯੂਬਾ ਸਿਟੀ ਤੇ ਮਡੈਸਟੋ ਦੀਆਂ ਕਬੱਡੀ ਕਲੱਬਾਂ ਦਰਮਿਆਨ ਖੇਡਿਆ ਗਿਆ। ਮੱਖਣ ਸਿੰਘ ਦਾ ਹਵਾਈ ਜਹਾਜ਼ ਪਛੜ ਗਿਆ ਸੀ ਜਿਸ ਕਰਕੇ ਮੈਚ ਦੀ ਕੁਮੈਂਟਰੀ ਮੈਨੂੰ `ਕੱਲੇ ਨੂੰ ਸ਼ੁਰੂ ਕਰਨੀ ਪਈ। ਪਹਿਲਾ ਹੀ ਮੈਚ ਬੜਾ ਤੇਜ਼ਤਰਾਰ ਹੋਇਆ ਜਿਸ ਵਿੱਚ ਯੂਬਾ ਸਿਟੀ ਦੀ ਟੀਮ ਨੇ 49 ਅੰਕ ਲਏ ਤੇ ਮਡੈਸਟੋ ਦੀ ਟੀਮ ਦੇ 40 ਅੰਕ ਬਣੇ। ਯੂਬਾ ਸਿਟੀ ਦਾ ਅੰਗਦ ਕਿਸੇ ਕੋਲੋਂ ਵੀ ਨਾ ਡੱਕਿਆ ਗਿਆ ਤੇ ਉਹਦਾ ਉਸਤਰੇ ਨਾਲ ਮੁੰਨਿਆਂ ਘੋਨ ਮੋਨ ਸਿਰ ਸੂਰਜ ਦੀ ਧੁੱਪ ਵਿੱਚ ਲਾਈਟ ਵਾਂਗ ਲਿਸ਼ਕਦਾ ਰਿਹਾ। ਉਹਦਾ ਸਿਰ ਵੇਖ ਕੇ ਮੈਨੂੰ ਸਾਧਾਂ ਦੀ ਚਿੱਪੀ ਯਾਦ ਆ ਰਹੀ ਸੀ।

ਦੂਜਾ ਮੈਚ ਬੇਅ ਏਰੀਏ ਤੇ ਸਿਆਟਲ ਦੀਆਂ ਟੀਮਾਂ ਵਿਚਕਾਰ ਹੋਇਆ। ਤਦ ਤਕ ਹਕੀਮਪੁਰੀਆ ਮੱਖਣ ਸਿੰਘ ਵੀ ਪਹੁੰਚ ਗਿਆ ਸੀ। ਉਹ ਕਬੱਡੀ ਖਿਡਾਰੀਆਂ ਦੇ ਨਾਵਾਂ ਥਾਵਾਂ ਦੀ ਜਾਣਕਾਰੀ ਦਾ ਇਨਸਾਈਕਲੋਪੀਡੀਆ ਹੈ। ਉਸ ਦੀ ਚੇਤਾ ਸ਼ਕਤੀ ਵੀ ਕਮਾਲ ਦੀ ਹੈ ਜਿਵੇਂ ਦਿਮਾਗ `ਚ ਕੰਪਿਊਟਰ ਫਿੱਟ ਹੋਵੇ। ਮਾਈਕ ਫੜ ਕੇ ਉਸ ਨੇ ਕਬੱਡੀਆਂ ਪੌਣੀਆਂ ਸ਼ੁਰੂ ਕਰ ਦਿੱਤੀਆਂ ਤੇ ਦਰਸ਼ਕਾਂ ਵੱਲੋਂ ਡਾਲਰਾਂ ਨਾਲ ਹੌਂਸਲਾ ਅਫ਼ਜ਼ਾਈ ਹੋਣ ਲੱਗੀ। ਪਿਛਲੇ ਸਾਲ ਵਾਂਗ ਐਤਕੀਂ ਵੀ ਕਾਫੀ ਸੱਜਣ ਮਿੱਤਰ ਕੈਲੇਫੋਰਨੀਆਂ ਤੋਂ ਸਿਆਟਲ ਦੇ ਖੇਡ ਮੇਲੇ ਦੀ ਰੌਣਕ ਵਧਾਉਣ ਆਏ। ਪਾਲ ਮਾਹਲ ਛਤਰੀਨੁਮਾ ਟੋਪ ਨਾਲ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ। ਲੱਗਦਾ ਸੀ ਜਿਵੇਂ ਉਹਦੇ ਟੋਪ ਨੇ ਹੀ ਮੀਂਹ ਰੋਕ ਰੱਖਿਆ ਹੋਵੇ। ਹਰਜਿੰਦਰ ਜੌਹਲ ਸੂਟ ਬੂਟ ਨਾਲ ਲਾੜਾ ਬਣਿਆ ਫਿਰਦਾ ਸੀ ਤੇ ਖੇਡਾਂ ਦੇ ਸ਼ੌਂਕੀ ਪਰਮਜੀਤ ਸੰਧੂ ਦੇ ਚਾਦਰਾ ਬੰਨ੍ਹਿਆ ਹੋਇਆ ਸੀ। ਦਵਿੰਦਰ ਸਿੰਘ ਰਣੀਏਂ ਵਾਲੇ ਦੀਆਂ ਕਾਲੀਆਂ ਐਨਕਾਂ ਧੁੱਪ ਦੀ ਛਾਂ ਬਣਾਈ ਜਾਂਦੀਆਂ ਸਨ। ਬਹਿਰਾਮ ਦਾ ਸੁਰਿੰਦਰ ਸਿੰਘ ਅਟਵਾਲ ਆਪਣੇ ਪੁੱਤਰ ਪਵੀ ਨੂੰ ਕਬੱਡੀ ਖਿਡਾਉਣ ਲਿਆਇਆ ਸੀ। ਲਖਬੀਰ ਸਿੰਘ ਉਰਫ ਕਾਲਾ ਟਰੇਸੀ ਵਾਲਾ ਆਪਣਾ ਲਿਕਰ ਸਟੋਰ ਬੰਦ ਕਰ ਕੇ ਖਿਡਾਰੀਆਂ ਉਤੋਂ ਡਾਲਰਾਂ ਦੀ ਸੋਟ ਕਰਨ ਪੁੱਜਾ ਸੀ।

ਉਥੇ ਫਰਿਜ਼ਨੋ ਤੋਂ ਆਏ ਨਾਜ਼ਰ ਸਿੰਘ ਸਹੋਤਾ, ਕੁਲਵੰਤ ਖਹਿਰਾ, ਹਰਿੰਦਰ ਹੁੰਦਲ ਤੇ ਹੋਰ ਵੀ ਕਈ ਸੱਜਣ ਸਨ ਜਿਹੜੇ ਕੈਲੇਫੋਰਨੀਆਂ ਦੇ ਕਬੱਡੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰ ਰਹੇ ਸਨ। ਜੌਨ੍ਹ ਸਿੰਘ ਗਿੱਲ ਆਪ ਭਾਵੇਂ ਨਹੀਂ ਸੀ ਆ ਸਕਿਆ ਪਰ ਉਹਦੇ ਵੱਲੋਂ ਵੀ ਇਨਾਮ ਬੋਲੇ ਜਾ ਰਹੇ ਸਨ। ਕੈਲੇਫੋਰਨੀਆਂ ਤੋਂ ਆਏ ਜਥੇ ਨੇ ਸੂਚਨਾ ਦਿੱਤੀ ਕਿ ਇੰਟਰਨੈਸ਼ਨਲ ਕਬੱਡੀ ਕੱਪ-2007 ਵੀਹ ਅਕਤੂਬਰ ਨੂੰ ਫਰਿਜ਼ਨੋ ਦੇ ਉਸੇ ਆਲੀਸ਼ਾਨ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ ਜਿਥੇ 2006 ਦਾ ਕੱਪ ਕਰਵਾਇਆ ਗਿਆ ਸੀ। ਮੈਂ ਤੇ ਮੱਖਣ ਸਿੰਘ ਤਾਂ ਹਾਜ਼ਰ ਹੋਵਾਂਗੇ ਹੀ, ਉਨ੍ਹਾਂ ਨੇ ਸਭਨਾਂ ਖੇਡ ਪ੍ਰੇਮੀਆਂ ਨੂੰ ਫਰਿਜ਼ਨੋ ਪੁੱਜਣ ਦਾ ਸੱਦਾ ਦਿੱਤਾ। ਫਰਿਜ਼ਨੋ ਵਿੱਚ ਪਾਲ ਸਹੋਤਾ, ਸੁਰਿੰਦਰ ਸਿੰਘ ਨਿੱਝਰ, ਹੈਰੀ ਗਿੱਲ, ਟੁੱਟ ਭਰਾ, ਸੁੱਖੀ ਘੁੰਮਣ, ਪ੍ਰੀਤਮ ਪਾਸਲਾ, ਟਹਿਲ ਸਿੰਘ ਥਾਂਦੀ, ਗੁਰਚਰਨ ਰੱਕੜ, ਪਾਲ ਕੈਲੇ, ਦੀਪਾ ਚੌਹਾਨ, ਬਿੱਲਾ ਸੰਘੇੜਾ, ਜਸਵੀਰ ਰਾਜਾ, ਲੱਖ ਬਰਾੜ, ਬੱਬੀ ਟਿਵਾਣਾ, ਸੰਤ ਸਿੰਘ ਹੋਠੀ, ਗੀਰ੍ਹਾ ਸ਼ੇਰਗਿੱਲ, ਪੰਮਾ ਸੈਦੋਕੇ, ਹਰਨੇਕ ਸੰਘੇੜਾ, ਪਾਲ ਜਗਪਾਲ ਅਤੇ ਦੀਦਾਰ ਸਿੰਘ ਬੈਂਸ ਤੇ ਜੌਨ੍ਹ ਸਿੰਘ ਗਿੱਲ ਹੋਰੀਂ ਮਹਿਮਾਨਾਂ ਨੂੰ ਬਾਹਾਂ ਅੱਡ ਕੇ ਉਡੀਕਣਗੇ। ਕੈਲੇਫੋਰਨੀਆਂ ਦੀ ਕਰੀਮ ਉਥੇ `ਕੱਠੀ ਹੋਵੇਗੀ।

ਸਿਆਟਲ ਦੇ ਖੇਡ ਮੇਲੇ ਦਾ ਤੀਜਾ ਕਬੱਡੀ ਮੈਚ ਟੌਪ ਕਨੇਡੀਅਨ ਤੇ ਮਡੈਸਟੋ ਦੀਆਂ ਟੀਮਾਂ ਵਿਚਾਲੇ ਹੋਇਆ। ਮੱਖਣ ਸਿੰਘ ਬੋਲ ਰਿਹਾ ਸੀ, “ਔਹ ਵੇਖੋ ਸਾਮ੍ਹਣੇ, ਬੋਤੇ ਜਿੱਡਾ ਕੱਦ ਆ, ਛਾਟਵਾਂ ਸਰੀਰ ਆ, ਜਾਂਦਾ ਬਾਬੇ ਬੁਸ਼ ਵਾਂਗ, ਇਹ ਨੀ ਮੰਨਦਾ ਪਰਵਾਹ ਕਿਸੇ ਦੀ, ਦੇਖਦੇ ਆਂ ਕੌਣ ਇਹਨੂੰ ਡੱਕਦਾ?” ਪੱਗ ਬੰਨ੍ਹ ਕੇ ਸਿਆਟਲ ਢੁੱਕਾ ਮੱਖਣ ਬਰਾੜ ਸ਼ੇਅਰ ਸੁਣਾਉਣ ਤੋਂ ਪਹਿਲਾਂ ਭੂਮਿਕਾ ਬੰਨ੍ਹਣ ਲੱਗਾ, “ਮੇਰੇ ਬੋਲ ਦੇਸੀ ਘਿਓ ਵਰਗੇ ਆ ਪਰ ਕਈਆਂ ਨੂੰ ਕੌੜੀਆਂ ਮਿਰਚਾਂ ਵਰਗੇ ਲੱਗਣਗੇ, ਲਓ ਸੁਣੋ।” ਬੂਬਨੇ ਸਾਧਾਂ ਨਾਲ ਐਤਕੀਂ ਉਸ ਨੇ ਸਿਰਸੇ ਵਾਲਾ ਸਾਧ ਵੀ ਮਾਂਜ ਧਰਿਆ। ਦਰਸ਼ਕ ਤਾੜੀਆਂ ਨਾ ਮਾਰਦੇ ਤਾਂ ਹੋਰ ਕੀ ਕਰਦੇ? ਮੈਦਾਨ ਵਿੱਚ ਧਾਵੇ ਹੋ ਰਹੇ ਸਨ ਤੇ ਜੱਫੇ ਲੱਗ ਰਹੇ ਸਨ। ਦਰਸ਼ਕਾਂ ਨੂੰ ਖੇਡ ਦਾ ਅਨੰਦ ਆ ਰਿਹਾ ਸੀ। ਕਦੇ ਕਦੇ ਸੁੱਚਾ ਸਿੰਘ ਰੰਧਾਵਾ ਜ਼ਰੂਰੀ ਸੂਚਨਾਵਾਂ ਮੇਲੀਆ ਨਾਲ ਸਾਂਝੀਆਂ ਕਰੀ ਜਾਂਦਾ। ਉਧਰ ਮੱਖਣ ਸਿੰਘ ਵੀ ਤੋਪੇ ਭਰੀ ਜਾਂਦਾ, “ਆਹ ਤਾਂ ਜਰਮਨੀ ਵਿੱਚ ਦੀ ਅਮਰੀਕਨ ਬਣਿਆ ਲੱਗਦਾ … ਉਠ ਬਈ ਸੋਹਣਿਆਂ, ਏਨੇ ਚਿਰ `ਚ ਤਾਂ ਅਮਰੀਕਾ ਦਾ ਵੀਜ਼ਾ ਕੈਂਸਲ ਹੋ ਜਾਂਦੈ … ਆਹ ਮੁੰਡਾ ਤਾਂ ਪੱਤੋ ਦੇ ਸ਼ੁਕੀਨਾਂ ਵਰਗਾ ਲੱਗਦੈ ਜਿਹੜੇ ਪੱਗ ਬੰਨ੍ਹਦੇ ਪਿੱਛੇ ਹੱਟੀ ਜਾਂਦੇ ਆ ਤੇ ਖੂਹ `ਚ ਡਿੱਗ ਪੈਂਦੇ ਆ।”

ਸਾਰਾ ਦਿਨ ਕਬੱਡੀ, ਫੁਟਬਾਲ, ਵਾਲੀਬਾਲ ਤੇ ਅਥਲੈਟਿਕ ਖੇਡਾਂ ਦੇ ਨਾਲ ਧੁੱਪ ਛਾਂ ਦੀ ਖੇਡ ਵੀ ਚਲਦੀ ਰਹੀ। ਨਾਲ ਦੀ ਨਾਲ ਮੰਡੇਰ ਦਾ ਕੈਮਰਾ ਵੀ ਚੱਲੀ ਗਿਆ। ਮੈਦਾਨ ਦੇ ਆਲੇ ਦੁਆਲੇ ਪੰਜ ਚਿੱਟੇ ਤੰਬੂ ਤਾਣੇ ਹੋਏ ਸਨ। ਇੱਕ ਪਾਸੇ ਮਾਈਆਂ ਬੀਬੀਆਂ ਲਈ ਜਗ੍ਹਾ ਸੀ। ਇਕਬਾਲ ਸਿੰਘ ਤੇ ਇੰਟਰਨੈਸ਼ਨਲ ਕੰਪੇਨ ਫਾਰ ਇੰਡੀਆਂ `ਜ਼ ਹੈਰੀਟੇਜ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ ਜਾਰੀ ਸੀ ਤੇ ਨਿਊ-ਵੇਅ ਟਰੱਕਿੰਗ ਵਾਲਿਆਂ ਨੇ ਪਾਣੀ ਦੀਆਂ ਬੋਤਲਾਂ ਦੀ ਟੋਟ ਨਹੀਂ ਆਉਣ ਦਿੱਤੀ। ਸਾਊਂਡ ਦੀ ਸੇਵਾ ਕਸ਼ਮੀਰ ਸਿੰਘ ਤੇ ਸੀਤਲ ਸਿੰਘ ਕੰਦੋਲਾ ਦੀ ਸੀ। ਇੰਜ ਰਲ ਮਿਲ ਕੇ ਮੇਲਾ ਮਨਾਇਆ ਜਾ ਰਿਹਾ ਸੀ ਤੇ ਕੰਮਾਂ ਕਾਰਾਂ ਦਾ ਤਣਾਅ ਦੂਰ ਕੀਤਾ ਜਾ ਰਿਹਾ ਸੀ।

ਕਬੱਡੀ ਦੇ ਖਿਡਾਰੀਆਂ ਨੂੰ ਸਾਹ ਦੁਆਉਣ ਲਈ ਦਾਇਰੇ ਵਿੱਚ ਕੁੱਝ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਕੁਸ਼ਤੀਆਂ ਦਾ ਜ਼ਿੰਮਾ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਦੇ ਸਿਰ ਸੀ ਜਿਸ ਦਾ ਸਾਥ ਕੋਚ ਜਗਦੇਵ ਸਿੰਘ ਦੇ ਰਿਹਾ ਸੀ। ਵੈਨਕੂਵਰ ਤੇ ਐਬਸਫੋਰਡ ਤੋਂ ਆਏ ਪਹਿਲਵਾਨਾਂ ਦੇ ਨਾਲ ਸਤਨਾਮ ਸਿੰਘ ਜੌਹਲ, ਸ਼ੀਰੀਂ ਪਹਿਲਵਾਨ ਤੇ ਬੂਟਾ ਸਿੰਘ ਹੋਰੀਂ ਵੀ ਆਏ ਸਨ ਜਿਨ੍ਹਾਂ ਦਾ ਮੇਲਾ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਗਿਆ। ਚੈਂਪੀਅਨ ਪਹਿਲਵਾਨ ਜਗਰੂਪ ਭੁੱਲਰ ਨਾਲ ਦੁੱਲੇ ਦੀ ਕੁਸ਼ਤੀ ਹੋਣ ਲੱਗੀ ਤਾਂ ਦੁੱਲਾ ਪਹਿਲਾ ਅੰਕ ਲੈ ਗਿਆ। ਲੱਗਦਾ ਸੀ ਕਿ ਨਵਾਂ ਉਠਿਆ ਦੁੱਲਾ ਪਟਕਾ ਲੈ ਜਾਵੇਗਾ ਪਰ ਜਗਰੂਪ ਵੱਲੋਂ ਗੋਡਾ ਖਿੱਚੇ ਜਾਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਕੁਸ਼ਤੀ ਰੋਕ ਦੇਣੀ ਪਈ। ਜ਼ਖਮੀ ਪਹਿਲਵਾਨ ਦੀ ਮਦਦ ਲਈ ਅਖਾੜੇ ਦੀ ਗੇੜੀ ਲਾਈ ਤਾਂ ਦਰਸ਼ਕਾਂ ਨੇ ਹਮਦਰਦੀ ਵੱਸ ਪੰਜ ਛੇ ਹਜ਼ਾਰ ਡਾਲਰ ਤੁਰਤ `ਕੱਠਾ ਕਰ ਕੇ ਦੇ ਦਿੱਤਾ। ਦਸ ਬਾਰਾਂ ਪਹਿਲਵਾਨਾਂ ਨੇ ਸੋਹਣੀਆਂ ਕੁਸ਼ਤੀਆਂ ਵਿਖਾਈਆਂ।

ਕਬੱਡੀ ਦਾ ਸੈਮੀ ਫਾਈਨਲ ਮੈਚ ਯੂਬਾ ਸਿਟੀ ਤੇ ਫਰਿਜ਼ਨੋ ਦੀਆਂ ਕਲੱਬਾਂ ਦਰਮਿਆਨ ਹੋਇਆ ਜੋ ਯੂਬਾ ਸਿਟੀ ਦੀ ਟੀਮ ਨੇ 54-45 ਅੰਕਾਂ ਨਾਲ ਜਿੱਤ ਲਿਆ। ਦੂਜੇ ਸੈਮੀ ਫਾਈਨਲ ਵਿੱਚ ਸਿਆਟਲ ਦੀ ਟੀਮ ਟੌਪ ਕੈਨੇਡੀਅਨ ਨੂੰ 41-38 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਪੁੱਜ ਗਈ। ਯੂਬਾ ਸਿਟੀ ਤੇ ਸਿਆਟਲ ਦੇ ਫਾਈਨਲ ਮੈਚ ਵਿੱਚ ਕਈ ਪਕੜਾਂ ਕਮਾਲ ਦੀਆਂ ਹੋਈਆਂ। ਇੱਕ ਇਕ ਰੇਡ ਉਤੇ ਸੈਂਕੜੇ ਡਾਲਰਾਂ ਦੇ ਇਨਾਮ ਲੱਗਣੇ ਸ਼ੁਰੂ ਹੋ ਗਏ। ਸਿਆਟਲ ਦੇ ਢੋਲੇ ਨੂੰ ਅਰਸ਼ੀ ਨੇ ਰੱਖ ਵਿਖਾਇਆ ਤੇ ਅਮਨ ਟਿਵਾਣੇ ਦਾ ਜੱਫਾ ਸਭ ਤੋਂ ਤਕੜਾ ਰਿਹਾ। ਉਹ ਮੈਚ ਸਿਆਟਲ ਦੀ ਟੀਮ ਨੇ 39-37 ਅੰਕਾਂ ਨਾਲ ਜਿੱਤ ਕੇ ਘਰ ਦਾ ਕੱਪ ਘਰ ਵਿੱਚ ਹੀ ਰੱਖ ਲਿਆ।

ਸਿਆਟਲ ਦਾ ਇਹ ਖੇਡ ਮੇਲਾ ਸਰਬ ਸਾਂਝਾ ਸੀ ਜੋ ਬੜਾ ਕਾਮਯਾਬ ਰਿਹਾ। ਜਿਨ੍ਹਾਂ ਸੱਜਣਾਂ ਨੇ ਮੇਲੇ ਨੂੰ ਸਹਿਯੋਗ ਦਿੱਤਾ ਉਨ੍ਹਾਂ ਨੂੰ ਮੇਲਾ ਕਮੇਟੀ ਨੇ ਪਲੇਕਾਂ ਦੇ ਕੇ ਸਨਮਾਨਤ ਕੀਤਾ। ਮੈਨੂੰ ਹਰੇਕ ਖੇਡ ਮੇਲੇ `ਚ ਕੋਈ ਨਾ ਕੋਈ ਪੁਰਾਣਾ ਖਿਡਾਰੀ ਮਿਲ ਜਾਂਦਾ ਹੈ ਜਿਸ ਨਾਲ ਗੱਲਾਂ ਕਰ ਕੇ ਮੇਰੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਐਤਕੀਂ ਉਥੇ ਪਹਿਲਾਂ ਪਰਾਣੇ ਵਾਲੇ ਦਾ ਬਿੱਲੂ ਮਿਲਿਆ ਤੇ ਫਿਰ ਰੱਜੀਵਾਲੇ ਦਾ ਪਿੰਦਰ ਟੱਕਰ ਗਿਆ ਜੋ ਹਰਜੀਤ ਬਰਾੜ ਨਾਲ ਰੱਜੀਵਾਲੇ ਦੀ ਟੀਮ ਵਿੱਚ ਖੇਡਦਾ ਰਿਹਾ ਸੀ। ਗੋਰੇ ਰੰਗ ਦੇ ਪਿੰਦਰ ਨੇ ਆਪਣੀਆਂ ਤੇ ਹਰਜੀਤ ਦੀਆਂ ਯਾਦਾਂ ਫਿਰ ਤਾਜ਼ਾ ਕਰਵਾ ਦਿੱਤੀਆਂ।

ਖੇਡ ਮੁਕਾਬਲਿਆਂ ਤੋਂ ਬਾਅਦ ਮੁਹੰਮਦ ਸਦੀਕ ਤੇ ਸੁਖਜੀਤ ਕੌਰ ਦਾ ਅਖਾੜਾ ਲੱਗਾ ਜਿਸ ਵਿੱਚ ਨਵੇਂ ਤੇ ਪੁਰਾਣੇ ਗੀਤ ਗਾਏ ਗਏ। ਰਣਜੀਤ ਤੇਜੀ ਨੇ ਵੀ ਚੰਗਾ ਰੰਗ ਬੰਨ੍ਹਿਆਂ। ਮੁਹੰਮਦ ਸਦੀਕ ਸੱਤਰਾਂ ਸਾਲਾਂ ਦਾ ਹੋ ਕੇ ਵੀ ਜੁਆਨੀ ਵਾਲੇ ਚੋਹਲ ਮੋਹਲ ਕਰਨੋਂ ਨਹੀਂ ਹੱਟਦਾ। ਉਹ ਸੁਰਮਾ ਪਾਉਂਦਾ ਹੀ ਨਹੀਂ ਮਟਕਾਉਂਦਾ ਵੀ ਹੈ। ਫਿਰ ਪਾਰਟੀ ਹੋਈ ਜਿਥੇ ਮੇਲੇ ਦੀ ਸਫਲਤਾ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ।

Read 3561 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।