You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»31 - ਨਿੱਕਾ ਸਿੰਘ ਨਾਲ ਇੱਕ ਮੁਲਾਕਾਤ

ਲੇਖ਼ਕ

Friday, 16 October 2009 15:06

31 - ਨਿੱਕਾ ਸਿੰਘ ਨਾਲ ਇੱਕ ਮੁਲਾਕਾਤ

Written by
Rate this item
(0 votes)

ਕਿਸੇ ਪੁਰਾਣੇ ਚੈਂਪੀਅਨ ਨਾਲ ਮੁਲਾਕਾਤ ਕਰਨ ਦਾ ਆਪਣਾ ਅਨੰਦ ਹੈ। ਖ਼ਾਸ ਕਰ ਕੇ ਬਜ਼ੁਰਗ ਚੈਂਪੀਅਨ ਨਾਲ। ਉਸ ਦੀਆਂ ਗੱਲਾਂ ਕਈ ਸਾਲ ਪਹਿਲਾਂ ਦਾ ਸਮਾਂ ਅੱਖਾਂ ਅੱਗੇ ਲਿਆ ਦਿੰਦੀਆਂ ਹਨ। ਮੈਂ ਨਿੱਕਾ ਸਿੰਘ ਦਾ ਨਾਂ ਸੁਣਿਆ ਹੋਇਆ ਸੀ। ਉਸ ਨੇ 1951 ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ `ਚੋਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਥੇ ਹੀ ਛੋਟਾ ਸਿੰਘ ਮੈਰਾਥਨ ਦੌੜ ਦਾ ਜੇਤੂ ਸੀ। ਨਿੱਕਾ ਸਿੰਘ ਤੇ ਛੋਟਾ ਸਿੰਘ ਇਕੋ ਅਰਥ ਦੇਣ ਵਾਲੇ ਨਾਂ ਹੋਣ ਕਾਰਨ ਮੇਰੇ ਜ਼ਿਹਨ ਵਿੱਚ ਹੁਣ ਤਕ ਰਲਗੱਡ ਹੁੰਦੇ ਰਹਿੰਦੇ ਹਨ। ਕਦੇ ਮੈਂ ਨਿੱਕਾ ਸਿੰਘ ਨੂੰ ਮੈਰਾਥਨ ਜੇਤੂ ਸਮਝ ਬਹਿੰਦਾ ਹਾਂ ਤੇ ਕਦੇ ਛੋਟਾ ਸਿੰਘ ਨੂੰ। ਉਨ੍ਹਾਂ ਦੋਹਾਂ `ਚੋਂ ਮੇਰੀ ਨਿੱਕਾ ਸਿੰਘ ਨਾਲ ਮੁਲਾਕਾਤ ਹੋਈ ਜਦ ਕਿ ਛੋਟਾ ਸਿੰਘ ਨੂੰ ਮਿਲਣ ਲਈ ਤਾਂਘਦਾ ਰਿਹਾ। ਮੈਨੂੰ ਨਹੀਂ ਪਤਾ ਹੁਣ ਉਹ ਹੈਗੇ ਵੀ ਜਾਂ ਨਹੀਂ। ਸਾਡੇ ਕਈ ਚੈਂਪੀਅਨ ਅਣਗੌਲੇ ਚਲਾਣਾ ਕਰ ਜਾਂਦੇ ਹਨ। ਮੈਨੂੰ ਜੀਹਦਾ ਜੀਹਦਾ ਪਤਾ ਲੱਗਦਾ ਹੈ ਸ਼ਰਧਾਂਜਲੀ ਵਜੋਂ ਕੁੱਝ ਲਿਖ ਦਿੰਦਾ ਹਾਂ।

ਕੁਝ ਸਾਲ ਪਹਿਲਾਂ ਮੈਂ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵੇਖਣ ਗਿਆ ਤਾਂ ਗੁਰਭਜਨ ਗਿੱਲ ਨੇ ਦੱਸਿਆ ਕਿ ਐਤਕੀਂ ਏਸ਼ੀਆ ਦਾ ਪੁਰਾਣਾ ਚੈਂਪੀਅਨ ਨਿੱਕਾ ਸਿੰਘ ਵੀ ਆਇਆ ਹੈ। ਗਰੇਵਾਲ ਸਪੋਰਟਸ ਐਸੋਸੀਏਸ਼ਨ ਉਹਦਾ ਮਾਣ ਸਨਮਾਨ ਕਰ ਰਹੀ ਹੈ। ਨਿੱਕਾ ਸਿੰਘ ਤੇ ਉਹਦੇ ਤਿੰਨ ਚਾਰ ਸਾਥੀ ਸਾਥੋਂ ਰਤਾ ਕੁ ਲਾਂਭੇ ਕੁਰਸੀਆਂ ਉਤੇ ਬੈਠੇ ਸਨ। ਨਿੱਕਾ ਸਿੰਘ ਦੀ ਦਾੜ੍ਹੀ ਬੱਗੀ ਹੋਈ ਪਈ ਸੀ, ਰੰਗ ਸਾਂਵਲਾ ਸੀ ਤੇ ਫੌਜੀਆਂ ਵਾਲੀ ਪੋਚਵੀਂ ਪੱਗ ਬੰਨ੍ਹੀ ਹੋਈ ਸੀ। ਉਹਦੇ ਇੰਡੀਆ ਦੇ ਕੱਲਰ ਵਾਲਾ ਸੁਰਮਈ ਕੋਟ ਪਾਇਆ ਹੋਇਆ ਸੀ। ਮੈਂ ਉਹਦੇ ਕੋਲ ਜਾ ਕੇ ਫਤਿਹ ਬੁਲਾਈ ਤਾਂ ਉਹਨੇ ਰਤਾ ਕੁ ਉਠ ਕੇ ਹੱਥ ਮਿਲਾਇਆ। ਹੱਥ ਮਿਲਣੀ ਵਿੱਚ ਨਿੱਘ ਸੀ। ਮੈਂ ਆਪਣੀ ਖੇਡ ਲੇਖਕ ਹੋਣ ਦੀ ਜਾਣ ਪਛਾਣ ਦੇ ਕੇ ਕੁੱਝ ਗੱਲਾਂ ਬਾਤਾਂ ਪੁੱਛਣ ਦੀ ਤਮੰਨਾ ਜ਼ਾਹਰ ਕੀਤੀ ਤਾਂ ਉਹਨੇ ਇੱਕ ਕੁਰਸੀ ਖਾਲੀ ਕਰਵਾ ਕੇ ਮੈਨੂੰ ਆਪਣੇ ਨਾਲ ਬਿਠਾ ਲਿਆ ਤੇ ਆਖਣ ਲੱਗਾ, “ਧੰਨਭਾਗ ਜੇ ਕੋਈ ਸਾਡੀਆਂ ਗੱਲਾਂ ਵੀ ਸੁਣੇ। ਆਪਾਂ ਵਿਹਲੇ ਆਂ ਜੋ ਮਰਜ਼ੀ ਪੁੱਛੋ ਗੱਲਾਂ।”

ਉਹਦੇ ਬੋਲਾਂ `ਚ ਕਰਾਰ ਸੀ ਤੇ ਅੱਖਾਂ `ਚ ਮੱਘਦੀ ਲੋਅ। ਇਹ ਵੱਖਰੀ ਗੱਲ ਸੀ ਕਿ ਚਿਹਰੇ `ਤੇ ਝੁਰੜੀਆਂ ਪੈ ਗਈਆਂ ਸਨ। ਉਹਦੇ ਪੈਰੀਂ ਗੁਰਗਾਬੀ ਤੇ ਤੇੜ ਭੂਰੇ ਜਿਹੇ ਰੰਗ ਦੀ ਪਤਲੂਣ ਪਾਈ ਹੋਈ ਸੀ। ਹੱਥ ਵਿੱਚ ਕੜਾ ਸੀ। ਮੈਂ ਉਹਦੇ ਜਨਮ ਤੇ ਬਚਪਨ ਬਾਰੇ ਪੁੱਛਿਆ। ਉਹਨੇ ਦੱਸਣਾ ਸ਼ੁਰੂ ਕੀਤਾ, “ਐਸ ਵਖਤ ਮੇਰੀ ਉਮਰ ਪੈ੍ਹਂਟ ਸਾਲਾਂ ਦੀ ਹੋਊ। ਮੈਂ 3 ਜੁਲਾਈ 1939 ਨੂੰ ਫੌਜ `ਚ ਭਰਤੀ ਹੋਇਆ ਸੀ। ਓਦੋਂ ਮੇਰੀ ਉਮਰ ਅਠਾਰਾਂ ਵੀਹ ਸਾਲ ਦੇ ਲਵੇ ਹੋਊਗੀ। ਬਾਹਲੀ ਹੋਈ ਤਾਂ ਇੱਕੀ ਬਾਈ ਸਾਲ ਦੀ ਹੋਊ। ਸਾਡਾ ਪਿੰਡ ਸੰਗਰੂਰ ਦੇ ਲਵੇ ਭਿੰਡਰਾਂ ਐਂ। ਮੇਰੇ ਪਿਤਾ ਦਾ ਨਾਂ ਆਸਾ ਰਾਮ ਸੀ। ਅਸੀਂ ਜੱਟ ਬਾਹਮਣ ਹੁੰਨੇ ਆਂ। ਉਸ ਵਖਤ ਸਾਡੀ ਢਾਈ ਵਿੱਘੇ ਜਮੀਨ ਸੀ। ਗੁਜ਼ਾਰਾ ਮੁਸ਼ਕਲ ਸੀ। ਮੈਂ ਆਖਿਆ ਕਿਉਂ ਕਿਸੇ ਦਾ ਸੀਰੀ ਰਲਣਾਂ? ਘਰ ਦੀ ਤੰਗੀ ਕਰਕੇ ਮੈਂ ਫੌਜ `ਚ ਭਰਤੀ ਹੋਇਆ।”

ਮੈਂ ਪੁੱਛਿਆ, “ਤੁਹਾਡੀ ਜਨਮ ਤਰੀਕ ਕੀ ਲਿਖਾਂ?” ਨਿੱਕਾ ਸਿੰਘ ਨੇ ਆਖਿਆ, “ਕੋਈ ਲਿਖ ਲੋ, ਕੀ ਫਰਕ ਪੈਂਦਾ?” “ਨਾ ਤਾਂ ਵੀ। ਭਲਾ ਤੁਸੀਂ ਫੌਜ `ਚ ਕਿਹੜੀ ਜਨਮ ਤਰੀਕ ਲਿਖਾਈ ਸੀ?” ਉਸ ਨੇ ਗਿੱਚੀ ਖੁਰਕਦਿਆਂ ਕਿਹਾ, “ਹੁਣ ਪੱਕੀ ਤਾਂ ਯਾਦ ਨੀ। ਮੈਂ ਉਣਤਾਲੀ `ਚ ਭਰਤੀ ਹੋਇਆ ਸੀ। ਵੀਹ ਸਾਲ ਕੱਢ ਕੇ ਉੱਨੀ ਲਿਖ ਲੋ। ਨਾਲੇ ਹੁਣ ਕਿਹੜਾ ਭਰਤੀ ਹੋਣਾਂ? ਜਾਂ ਫੇਰ ਸਿੱਧੀ ਵੀਹ ਲਿਖ ਲੋ। ਤਿੰਨ ਜੁਲਾਈ ਉਨੀ ਸੌ ਵੀਹ।” “ਤੁਸੀਂ ਕਿੰਨੀਆਂ ਜਮਾਤਾਂ ਪੜ੍ਹੇ?” ਨਿੱਕਾ ਸਿੰਘ ਨੇ ਮਿਨ੍ਹਾ ਮੁਸਕ੍ਰਾਂਦਿਆਂ ਕਿਹਾ, “ਮੈਂ ਸ਼ਾਹੀ ਅਣਪੜ੍ਹ ਆਂ। ਮੈਂ ਹਾਲੇ ਬਾਰਾਂ ਸਾਲ ਦੀ ਉਮਰ ਦਾ ਸੀ ਜਦੋਂ ਮੇਰੇ ਬਾਪ ਦੀਆਂ ਦੋਹਾਂ ਅੱਖਾਂ ਦੀ ਜੋਤ ਚਲੀ ਗਈ। ਭੈਣ ਭਰਾਵਾਂ `ਚ ਸਾਰਿਆਂ ਤੋਂ ਵੱਡਾ ਹੋਣ ਕਰਕੇ ਘਰ ਦੀ ਕਬੀਲਦਾਰੀ ਦਾ ਭਾਰ ਮੇਰੇ ਉਤੇ ਆਣ ਪਿਆ। ਮੈਨੂੰ ਨਿੱਕੇ ਹੁੰਦੇ ਨੂੰ ਈ ਖੇਤਾਂ `ਚ ਸਖਤ ਮਿਹਨਤ ਕਰਨੀ ਪਈ।”

“ਤੁਸੀਂ ਫੌਜ `ਚ ਕਿਵੇਂ ਭਰਤੀ ਹੋਏ?” “ਜਨਰਲ ਗੁਰਬਖ਼ਸ਼ ਸਿੰਘ ਸਾਡੇ ਪਿੰਡ ਵਿਆਹਿਆ ਹੋਇਆ ਸੀ। ਉਹ ਜਦੋਂ ਪਿੰਡ ਆਇਆ ਤਾਂ ਅਸੀਂ ਉਹਨੂੰ ਭਰਤੀ ਕਰਨ ਨੂੰ ਕਿਹਾ। ਉਹ ਪੁੱਛਣ ਲੱਗਾ, ਦੌੜ ਭੱਜ ਵੀ ਲੈਨਾਂ? ਮੈਂ ਆਖਿਆ, ਛਾਲਾਂ ਛੂਲਾਂ ਜੀਆਂ ਤਾਂ ਲਾਉਂਦੇ ਰਹੀਦਾ। ਭੱਜ ਵੀ ਲਊਂ। ਉਹ ਕਹਿਣ ਲੱਗਾ, ਤੜਕੇ ਈ ਆ ਜੀਂ ਫੇਰ ਸੰਗਰੂਰ। ਲਓ ਜੀ ਮੈਂ ਤੜਕੇ ਈ ਵਗ ਗਿਆ ਸੰਗਰੂਰੀਂ। ਜਰਨੈਲ ਦੀ ਸਿਫਾਰਸ਼ ਸੀ ਤੇ ਉਹਨਾਂ ਨੇ ਮੈਨੂੰ ਭਰਤੀ ਕਰ ਲਿਆ। ਓਦਣ ਸੱਤਵੇਂ ਮਹੀਨੇ ਦੀ ਤਿੰਨ ਤਰੀਕ ਸੀ ਤੇ ਸੰਨ ਸੀ ਉੱਨੀ ਸੌਂ ਉਣਤਾਲੀ।” ਮੈਂ ਹੈਰਾਨ ਸਾਂ ਕਿ ਜਨਮ ਤਰੀਕ ਉਸ ਨੂੰ ਯਾਦ ਨਹੀਂ ਸੀ ਪਰ ਭਰਤੀ ਹੋਣ ਦੀ ਤਰੀਕ ਭੁਲਦੀ ਨਹੀਂ ਸੀ।

ਮੈਂ ਪੁੱਛਿਆ, “ਤੁਹਾਨੂੰ ਯਾਦ ਹੋਵੇਗਾ ਓਦੋਂ ਕਿੰਨੀ ਤਨਖਾਹ ਸੀ?” ਨਿੱਕਾ ਸਿੰਘ ਨੇ ਵੇਰਵੇ ਨਾਲ ਦੱਸਿਆ, “ਲੈ ਯਾਦ ਕਿਉਂ ਨੀ। ਭਲਾ ਤਨਖਾਹ ਵੀ ਕਦੇ ਭੁੱਲੀ ਆ? ਭਰਤੀ ਹੋਣ ਵੇਲੇ ਮੇਰੀ ਤਨਖਾਹ ਨੌਂ ਰੁਪਏ ਮਹੀਨਾ ਸੀ। ਇੱਕ ਵਿਚੋਂ ਦੁੱਧ ਦਾ ਕੱਟ ਲੈਂਦੇ ਸੀ, ਇੱਕ ਜਮ੍ਹਾਂ ਹੁੰਦਾ ਸੀ ਤੇ ਸੱਤ ਰੁਪਈਏ ਨਕਦ ਮਿਲਦੇ ਸੀ। ਉਹਨਾਂ ਸੱਤਾਂ ਨਾਲ ਟੱਬਰ ਦਾ ਗੁਜ਼ਾਰਾ ਤੁਰਦਾ ਸੀ।”

ਨਿੱਕਾ ਸਿੰਘ ਦੇ ਨਾਲ ਬੈਠਾ ਇੱਕ ਹੋਰ ਰਿਟਾਇਰ ਫੌਜੀ ਬੋਲਿਆ, “ਓਦੋਂ ਦੇ ਨੌਂ ਈ ਹੁਣ ਦੇ ਨੌਂ ਸੌ ਵਰਗੇ ਸੀ। ਇੱਕ ਆਨੇ `ਚ ਫੌਜੀ ਕੱਪ ਦੁੱਧ ਦਾ ਭਰਾ ਲਈਦਾ ਸੀ ਤੇ ਇੱਕ ਰੁਪਈਏ ਦਾ ਸੇਰ ਘਿਓ ਆ ਜਾਂਦਾ ਸੀ। ਹੁਣ ਤਾਂ ਸਹੁਰੇ ਨੋਟਾਂ `ਚ ਜਾਨ ਈ ਨੀ ਰਹੀ। ਓਦੋਂ ਅਸੀਂ ਛੇਤੀ ਕੀਤਿਆਂ ਰੁਪਈਆ ਤੁੜਾਉਂਦੇ ਨੀ ਸੀ ਹੁੰਦੇ ਬਈ ਟੁੱਟਿਆ ਤਾਂ ਬਹਿੰਦੇ ਖੁਰ-ਜੂ। ਬੱਝਵਾਂ ਈ ਰੱਖਦੇ ਸੀ ਬਈ ਬਚਿਆ ਰਹੂ। ਸਾਡੇ ਨਾਲ ਦੇ ਨਪਾਲੀਆਂ ਨੇ ਰੁਪਈਆ ਮੁੱਠੀ `ਚ ਘੁੱਟੀ ਰੱਖਣਾ ਤੇ ਬਜ਼ਾਰਾਂ `ਚ ਗੇੜੇ ਦੇਈ ਜਾਣੇ। ਮੁੱਠੀ `ਚ ਘੁੱਟੇ ਰੁਪਈਏ ਨੂੰ ਮੁੜ੍ਹਕਾ ਆ ਜਾਣਾ ਤਾਂ ਉਹਨਾਂ ਨੇ ਮੁੱਠੀ ਖੋਲ੍ਹ ਕੇ ਹਵਾ ਲੁਆਉਣੀ ਤੇ ਆਖਣਾ, ਸਾਲੇ ਰੋਤਾ ਕਿਓਂ ਹੈਂ? ਮੈਂ ਤੁਮੇਂ ਖਰਚੂੰਗਾ ਨਹੀਂ!”

ਮੈਂ ਪੁੱਛਿਆ, “ਹੁਣ ਪੈਨਸ਼ਨ ਕਿੰਨੀ ਮਿਲਦੀ ਐ?” ਨਿੱਕਾ ਸਿੰਘ ਨੇ ਪੂਰਾ ਵੇਰਵਾ ਦਿੱਤਾ, “ਮੈਂ ਖੇਲ੍ਹਾਂ ਜੀਆਂ ਕਰਕੇ 1942 `ਚ ਹੌਲਦਾਰ ਬਣ ਗਿਆ ਸੀ। ਪੜ੍ਹਿਆ ਨਾ ਹੋਣ ਕਰਕੇ `ਗਾਹਾਂ ਤਰੱਕੀ ਨਾ ਮਿਲੀ ਤੇ ਮੈਂ ਉੱਨੀ ਸਾਲ ਹੌਲਦਾਰ ਈ ਰਿਹਾ। ਮਾਰਚ 1961 `ਚ ਰਿਟੈਰ ਹੋਇਆ। ਓਦੋਂ ਮੇਰੀ ਪੈਨਸ਼ਨ 38 ਰੁਪਈਏ ਸੀ ਤੇ ਹੁਣ ਵਧਦੀ ਵਧਦੀ 221 ਇੱਕੀ ਰੁਪਏ ਆ। ਏਸ਼ੀਆ ਦਾ ਚੈਂਪੀਅਨ ਹੋਣ ਕਰਕੇ ਡੂਢ ਸੌ ਮੈਨੂੰ ਪੰਜਾਬ ਸਪੋਰਟਸ ਕੌਂਸਲ ਦੀ ਪੈਨਸ਼ਨ ਲੱਗੀ ਆ। ਇਹ ਪੈਨਸ਼ਨ ਮੈਂ ਮਸਾਂ ਲਵਾਈ। ਇੱਕ ਤਾਂ ਸਰਟੀਫਿਕੇਟ ਦੇਣਾ ਸੀ ਬਈ ਮੇਰੀ ਉਮਰ ਸੱਠ ਸਾਲ ਤੋਂ ਉਤੇ ਆ ਤੇ ਦੂਜਾ ਐੱਸ.ਡੀ.ਐੱਮ.ਤੋਂ ਕਾਗਜ਼ ਬਣਵਾ ਕੇ ਦੇਣਾ ਸੀ ਬਈ ਮੇਰੀ ਸਾਲ ਦੀ ਆਮਦਨ 3600 ਤੋਂ ਘੱਟ ਆ। ਕਲੱਰਕ ਮੈਨੂੰ ਟਾਲਦੇ ਰਹੇ ਬਈ ਤੂੰ ਤਾਂ ਪਹਿਲਾਂ ਈ ਪੈਨਸ਼ਨ ਲਈ ਜਾਨਾਂ। ਮੈਂ ਆਖਾਂ ਉਹ 3600 ਤੋਂ ਘੱਟ ਆ। ਫੇਰ ਮੈਂ ਇੰਡੀਆ ਦੇ ਕੱਲਰ ਵਾਲਾ ਕੋਟ ਪਾ ਕੇ ਐੱਸ.ਡੀ.ਐੱਮ.ਨੂੰ ਮਿਲਿਆ। ਉਹ ਭਲਾ ਬੰਦਾ ਸੀ। ਮੇਰਾ ਕੱਲਰ ਦੇਖ ਕੇ ਕੁਰਸੀ ਤੋਂ ਉਠ ਖੜ੍ਹਾ ਹੋਇਆ ਬਈ ਇਹ ਤਾਂ ਬੰਦਾ ਈ ਬੜਾ ਵੱਡਾ। ਉਹਨੇ ਮੇਰੀ ਪੈਨਸ਼ਨ ਮਨਜ਼ੂਰ ਕਰਾਈ।”

ਮੈਂ ਆਖਿਆ, “ਖੇਡਾਂ ਵੱਲ ਆਉਣ ਦੀ ਸਟੋਰੀ ਵੀ ਸੁਣਾਓ।” ਨਿੱਕਾ ਸਿੰਘ ਨੇ ਨਿੱਕਾ ਜਿਹਾ ਖੰਘੂਰਾ ਮਾਰਦਿਆਂ ਸਟੋਰੀ ਤੋਰੀ, “ਜਦੋਂ ਮੈਂ ਖੇਡਾਂ ਦੀ ਦੁਨੀਆਂ `ਚ ਆਇਆ ਓਦੋਂ ਖੇਡਾਂ ਦੀ ਕੋਈ ਖਾਸ ਕਦਰ ਨਹੀਂ ਸੀ। ਖਿਡਾਰੀ ਦੀ ਵੀ ਕੋਈ ਕੀਮਤ ਨਹੀਂ ਸੀ। ਨਾ ਹੀ ਗਰਾਊਂਡ ਹੁੰਦੇ ਸੀ ਤੇ ਨਾ ਕੋਈ ਕੋਚਿੰਗ ਦੇਣ ਆਲਾ ਸੀ। ਨਾ ਈ ਖੇਡਣ ਦਾ ਸਮਾਂ ਮਿਲਦਾ ਸੀ। ਖੁਰਾਕ ਵੀ ਕੋਈ ਖਾਸ ਨੀ ਸੀ ਹੁੰਦੀ। ਬੱਸ `ਕੱਲੇ ਪਟਿਆਲੇ ਆਲੇ ਮਹਾਰਾਜੇ ਨੂੰ ਈਂ ਖਿਡਾਰੀ ਪਾਲਣ ਦਾ ਸ਼ੌਂਕ ਸੀ। ਮੇਰੀ ਰੰਗਰੂਟੀ ਸੰਗਰੂਰ `ਚ ਹੋਈ। ਫੇਰ ਮੈਂ ਪਰੋਜਪੁਰ ਛਾਉਣੀ ਦੌੜਨ ਗਿਆ। 1940 ਵਿਚ। ਓਥੇ ਮੈਂ ਪਹਿਲੀ ਵਾਰ 800 ਤੇ 1500 ਮੀਟਰ ਦੌੜਿਆ ਤੇ ਜੁਆਨਾਂ `ਚ ਪਹਿਲੇ ਨੰਬਰ `ਤੇ ਆਇਆ। 1941 `ਚ ਮੈਂ ਪਟਿਆਲੇ 800 ਮੀਟਰ ਦੌੜਿਆ। ਪਟਿਆਲੇ ਦੇ ਜੁਆਨ ਤਕੜੇ ਸੀ ਤੇ ਮੈਂ ਤੀਜੇ ਨੰਬਰ `ਤੇ ਆ ਸਕਿਆ। ਫੇਰ ਮੈਨੂੰ ਲੜਾਈ `ਚ ਜਾਣਾ ਪੈ ਗਿਆ ਤੇ ਦੌੜਾਂ ਬੰਦ ਹੋ ਗੀਆਂ। ਚਾਰ ਸਾਲ ਲੜਾਈ `ਚ ਨੰਘੇ। ਏਨਾ ਸ਼ੁਕਰ ਆ ਬਈ ਬਚਿਆ ਰਿਹਾ। 1947 `ਚ ਰੌਲੇ ਪੈਗੇ। 1948 `ਚ ਸਾਰੇ ਇੰਡੀਆ ਦੀਆਂ ਖੇਡਾਂ ਕਲਕੱਤੇ ਹੋਈਆਂ। ਓਥੇ ਮੈਂ 800 ਮੀਟਰ ਦੀ ਦੌੜ 2 ਮਿੰਟ 2 ਸਕਿੰਟ `ਚ ਲਾ ਕੇ ਇੰਡੀਆ ਦਾ ਚੈਂਪੀਅਨ ਬਣਿਆਂ। ਫੇਰ ਦਿੱਲੀ `ਚ ਨੈਸ਼ਨਲ ਗੇਮਾਂ ਹੋਈਆਂ। ਦਿੱਲੀ ਮੈਂ 800 ਮੀਟਰ ਦੌੜ 2 ਮਿੰਟ 1 ਸਕਿੰਟ ਤੇ 1500 ਮੀਟਰ 3 ਮਿੰਟ 52 ਸਕਿੰਟ `ਚ ਦੌੜ ਕੇ ਜਿੱਤੀ। ਓਦੋਂ ਮੈਂ ਐਨ ਚੜ੍ਹਿਆ ਹੋਇਆ ਸੀ।”

1500 ਮੀਟਰ ਦੀ ਦੌੜ ਦਾ ਸਮਾਂ 3.52 ਮਿੰਟ ਸੁਣ ਕੇ ਮੈਂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਦਿਨਾਂ `ਚ ਏਨੇ ਸਮੇਂ ਵਾਲਾ ਦੌੜਾਕ ਤਾਂ ਓਲੰਪਿਕਸ ਨੂੰ ਪੈ ਸਕਦਾ ਸੀ। ਬਾਅਦ ਵਿੱਚ ਮੈਂ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਕੀਤਾ ਕਿ ਨਿੱਕਾ ਸਿੰਘ ਆਪਣਾ ਸਮਾਂ ਦੱਸਣ ਵਿੱਚ ਸੱਚਮੁੱਚ ਈ ਟਪਲਾ ਖਾ ਗਿਆ ਸੀ। ਉਸ ਨੇ ਅਸਲ ਵਿੱਚ 4 ਮਿੰਟ 12 ਸਕਿੰਟ `ਚ ਦੌੜ ਪੂਰੀ ਕੀਤੀ ਸੀ। ਮੈਂ ਉਸ ਦੇ ਕੱਦ ਕਾਠ ਤੇ ਸਰੀਰਕ ਵਜ਼ਨ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ, “ਸ਼ੁਰੂ ਤੋਂ ਮੇਰਾ ਭਾਰ ਸਵਾ ਮਣ ਤੇ ਡੂਢ ਮਣ ਦੇ ਵਿਚਾਲੇ ਰਿਹਾ। ਹੁਣ 60-62 ਕਿੱਲੋ ਆ, ਤੁਲਿਆਂ ਵੀਹ ਗੈਲ। ਕੱਦ ਭਰਤੀ ਹੋਣ ਵੇਲੇ 5 ਫੁੱਟ 9 ਇੰਚ ਸੀ, ਹੁਣ ਇੱਕ ਅੱਧਾ ਇੰਚ ਘੱਟ ਗਿਆ ਹੋਊ!”

ਮੈਂ ਆਖਿਆ, “ਕੱਦ ਵੀ ਕਦੇ ਘਟਿਆ?” ਨਿੱਕਾ ਸਿੰਘ ਮੁਸਕਰਾਇਆ ਤੇ ਕਹਿਣ ਲੱਗਾ, “ਵੱਡੀ ਉਮਰ `ਚ ਮਾੜਾ ਮੋਟਾ ਕੁੱਬ ਪੈ ਜਾਂਦਾ ਨਾ। ਊਂ ਵੀ ਕਹਿੰਦੇ ਹੱਡ ਸੁੰਗੜ ਜਾਂਦੇ ਆ।”

ਪਰ ਕੁੱਬ ਨਿੱਕਾ ਸਿੰਘ ਦੇ ਉਦੋਂ ਤਕ ਕੋਈ ਨਹੀਂ ਸੀ ਪਿਆ। ਉਹਦਾ ਸਰੀਰ ਸ਼ਿਕਾਰੀਆਂ ਵਰਗਾ ਸੀ। ਅੱਖਾਂ, ਕੰਨ ਤੇ ਸਰੀਰ ਦੇ ਜੋੜ ਸਭ ਹਰੀ ਕਾਇਮ ਸਨ। ਹਾਂ, ਦੰਦ ਜ਼ਰੂਰ ਨਵੇਂ ਲਵਾਉਣੇ ਪਏ ਸਨ। ਜਦੋਂ ਉਹ ਮੁਸਕਰਾਉਂਦਾ ਤਾਂ ਢਾਲਵੇਂ ਬੁੱਲ੍ਹਾਂ ਹੇਠੋਂ ਨਵੇਂ ਲਵਾਏ ਦੰਦ ਲਿਸ਼ਕਾਂ ਮਾਰਦੇ। ਚਿਹਰਾ ਹਸਮੁੱਖ ਸੀ ਤੇ ਮੁੱਛਾਂ ਵਿਰਲੀਆਂ। ਉਸ ਦਾ ਵਿਆਹ 1945 ਵਿੱਚ ਹੋਇਆ ਸੀ। ਉਹਦੇ ਦੋ ਲੜਕੀਆਂ ਤੇ ਤਿੰਨ ਲੜਕੇ ਸਨ। ਵੱਡਾ ਲੜਕਾ ਫੌਜ ਵਿੱਚ ਸੀ ਤੇ ਦੂਜਾ ਵਾਹੀ ਕਰਦਾ ਸੀ। ਨਿੱਕਾ ਸਿੰਘ ਦਾ ਕੰਮ ਡੰਗਰਾਂ ਨੂੰ ਪਾਣੀ ਪਿਆਉਣਾ ਤੇ ਖੇਤ ਰੋਟੀ ਲੈ ਕੇ ਜਾਣਾ ਸੀ। ਉਹਦਾ ਕਿਸੇ ਨਾਲ ਕੋਈ ਕਲੇਸ਼ ਨਹੀਂ ਸੀ। ਉਦੋਂ ਪਰਿਵਾਰ `ਕੱਠਾ ਹੀ ਸੀ। ਫੌਜੀ ਹੁੰਦਿਆਂ ਉਹ ਅੰਗਰੇਜ਼ੀ `ਚ ਦਸਖ਼ਤ ਕਰਨੇ ਸਿੱਖ ਗਿਆ ਸੀ ਪਰ ਪਿਛੋਂ ਉਹ ਪੰਜਾਬੀ `ਚ ਦਸਖ਼ਤ ਕਰਦਾ ਸੀ।

ਮੈਂ ਕਿਹਾ, “ਏਸ਼ੀਆ ਦਾ ਚੈਂਪੀਅਨ ਬਣਨ ਦੀ ਗੱਲ ਵੀ ਸੁਣਾਓ। ਕਿਵੇਂ ਜਿੱਤੀ 1500 ਮੀਟਰ?”

ਨਿੱਕਾ ਸਿੰਘ ਦੱਸਣ ਲੱਗਾ, “ਮੈਨੂੰ ਮਹਾਰਾਜਾ ਪਟਿਆਲਾ ਜੀਂਦ ਆਲੇ ਤੋਂ ਅਏਂ ਮੰਗ ਕੇ ਲੈ ਜਾਂਦਾ ਸੀ ਜਿਵੇਂ ਦਿਹਾੜੀਆ ਲੈ ਜਾਈਦਾ। ਉਹਨੂੰ ਖੇਡਾਂ ਦਾ ਬਹੁਤ ਸ਼ੌਂਕ ਸੀ। ਪਟਿਆਲੇ ਦੇ ਅਥਲੀਟਾਂ ਨਾਲ ਮੈਂ ਜਿਦ ਜਿਦ ਕੇ ਪ੍ਰੈਕਟਿਸ ਕਰਨੀ। ਪਟਿਆਲੇ ਆਲਾ ਆਵਦੇ ਅਥਲੀਟਾਂ ਨੂੰ ਪੰਜ ਰੁਪਈਏ ਦੀ ਖੁਰਾਕ ਦਿੰਦਾ ਸੀ ਤੇ ਮੈਨੂੰ ਢਾਈਆਂ ਦੀ ਮਿਲਦੀ ਸੀ। ਜਦੋਂ ਮਹਾਰਾਜੇ ਨੂੰ ਦੱਸਿਆ ਤਾਂ ਉਹਨੇ ਮੇਰੀ ਵੀ ਖੁਰਾਕ ਵਧਾ `ਤੀ। ਪਟਿਆਲਿਓਂ ਮੈਂ ਰਾਜ਼ੀ ਹੋ ਕੇ ਸੰਗਰੂਰ ਮੁੜਦਾ ਸੀ। ਜਦੋਂ ਮੈਂ ਮੁੜਨਾ ਤਾਂ ਅਫਸਰਾਂ ਨੇ ਆਖਣਾ, ਇਹਦੀ ਚੰਗੀ ਤਰ੍ਹਾਂ ਖੱਲ ਲਾਹੋ ਇਹ ਵਿਹਲੀਆਂ ਖਾ ਕੇ ਆਇਆ। ਓਦੋਂ ਏਹੋ ਜਿਆ ਈ ਹਿਸਾਬ ਕਿਤਾਬ ਸੀ। ਕਿਲਾ ਰਾਇਪੁਰ ਦਾ ਬਰਗੇਡੀਅਰ ਜ਼ੈਲ ਸਿੰਘ ਮੇਰੀ ਮੱਦਤ `ਤੇ ਹੁੰਦਾ ਸੀ। ਉਹ ਆਪ ਵੀ ਅਥਲੀਟ ਸੀ। 1950 ਵਿੱਚ ਨੈਸ਼ਨਲ ਖੇਡਾਂ ਲੁਧਿਆਣੇ ਹੋਈਆਂ। ਮੇਰਾ ਮੁਕਾਬਲਾ ਸੋਹਣ ਤੇ ਕੁਲਵੰਤ ਗਿੱਲਾਂ ਵਾਲੇ ਨਾਲ ਹੁੰਦਾ ਸੀ। ਮੈਂ ਓਥੇ 800 ਤੇ 1500 ਦੋਹੇਂ ਦੌੜਾਂ ਜਿੱਤ ਗਿਆ। ਓਦੋਂ ਮੈਂ ਥੱਕਦਾ ਈ ਨ੍ਹੀ ਸੀ ਹੁੰਦਾ।”

ਨਿੱਕਾ ਸਿੰਘ ਦੇ ਨਾਲ ਬੈਠਾ ਫੌਜੀ ਆਖਣ ਲੱਗਾ, “ਅਸੀਂ ਏਹਨੂੰ ਲਗੜ ਕਹਿੰਦੇ ਹੁੰਦੇ ਸੀ। ਇਹ ਮੂਹਰੇ ਜਾਂਦੇ ਬੰਦੇ ਨੂੰ ਲਗੜ ਵਾਂਗ ਪੈ ਜਾਂਦਾ ਸੀ। ਸੀ ਵੀ ਸਿਰੇ ਦਾ ਚੀੜ੍ਹਾ। ਇਹ ਗਾ ਵੀ ਲੈਂਦਾ ਸੀ ਤੇ ਅਸੀਂ ਇਹਨੂੰ ਦਾਦਾ ਕਹਿ ਕੇ ਬੁਲਾਉਂਦੇ ਸੀ। ਜੁਆਨਾਂ `ਚ ਇਹਦੀ ਬਹੁਤ ਇੱਜ਼ਤ ਸੀ। ਓਨੀ ਇੱਜ਼ਤ ਉਹ ਅਫਸਰਾਂ ਦੀ ਨੀ ਸੀ ਕਰਦੇ। ਸਾਡੀ ਪਲਟਨ ਦੀ ਖਾਹਿਸ਼ ਸੀ ਕਿ ਇਹ ਜੇ.ਸੀ.ਓ.ਬਣੇ ਪਰ ਕਿਸਮਤ ਨੇ ਸਾਥ ਨਾ ਦਿੱਤਾ।”

 

ਨਿੱਕਾ ਸਿੰਘ ਅੱਗੇ ਤੁਰਿਆ, “ਮੇਰਾ ਕੁਲਵੰਤ ਗਿੱਲਾਂ ਆਲੇ ਨਾਲ ਬਹੁਤ ਪਿਆਰ ਸੀ। ਏਸ਼ੀਅਨ ਗੇਮਾਂ `ਚ ਮੈਂ 800 ਮੀਟਰ ਦੀ ਦੌੜ ਉਹਦੇ ਵਾਸਤੇ ਛੱਡ ਦਿੱਤੀ। ਊਂ 800 ਮੀਟਰ ਮੇਰੀ ਬਹੁਤ ਤਕੜੀ ਸੀ। 1500 ਮੀਟਰ `ਚ ਮੇਰਾ ਮੁਕਾਬਲਾ ਦੋ ਜਪਾਨੀਆਂ ਤੇ ਇੱਕ ਫਿਲਪੀਨੇ ਨਾਲ ਸੀ। ਜਪਾਨੀ ਅਖ਼ੀਰਲੇ ਚੱਕਰ ਤਕ ਮੇਰੇ ਮੂਹਰੇ ਦੌੜਿਆ ਪਰ ਆਖ਼ਰੀ ਗੁਲਾਈ `ਤੇ ਮੈਂ ਉਹਨੂੰ ਮਾਰ ਗਿਆ। ਮੇਰਾ ਟਾਈਮ ਸੀ 3 ਮਿੰਟ 48.7 ਸਕਿੰਟ।”

ਇਥੇ ਫੇਰ ਨਿੱਕਾ ਸਿੰਘ ਆਪਣਾ ਟਾਈਮ ਗ਼ਲਤ ਦੱਸ ਬੈਠਾ। ਰਿਕਾਰਡ ਦੱਸਣ ਵਾਲੀਆਂ ਲਿਖਤਾਂ ਅਨੁਸਾਰ ਨਿੱਕਾ ਸਿੰਘ ਨੇ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਵਿੱਚ 1500 ਮੀਟਰ ਦੀ ਦੌੜ 4 ਮਿੰਟ 4.1 ਸਕਿੰਟ ਵਿੱਚ ਲਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਸੀ। ਮੈਂ ਨੋਟ ਕੀਤਾ ਕਿ ਪੁਰਾਣੇ ਖਿਡਾਰੀ ਕਈ ਵਾਰ ਵਧਾ ਚੜ੍ਹਾ ਕੇ ਵੀ ਗੱਲਾਂ ਕਰ ਜਾਂਦੇ ਹਨ। ਉਹ ਸਮਝਦੇ ਹਨ ਕਿਹੜਾ ਕਿਸੇ ਨੂੰ ਪਤਾ ਲੱਗਣੈ? ਵੈਸੇ ਉਹਨੀਂ ਦਿਨੀਂ 1500 ਮੀਟਰ ਦੌੜ ਦਾ ਟਾਈਮ ਚਾਰ ਮਿੰਟ ਦੇ ਆਸ ਪਾਸ ਕੱਢਣਾ ਬੜੀ ਵੱਡੀ ਪ੍ਰਾਪਤੀ ਸੀ। 1948 ਦੀਆਂ ਓਲੰਪਿਕ ਖੇਡਾਂ ਸਮੇਂ ਸਵੀਡਨ ਦੇ ਐਰਿਕਸਨ ਨੇ 1500 ਮੀਟਰ ਦੀ ਦੌੜ 3 ਮਿੰਟ 49.8 ਸਕਿੰਟ ਵਿੱਚ ਲਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਸੀ। ਮੈਂ ਪੁੱਛਿਆ, “ਜਦੋਂ ਤੁਸੀਂ ਏਸ਼ੀਆ ਦੇ ਚੈਂਪੀਅਨ ਬਣੇ ਤਾਂ ਕਿਵੇਂ ਮਹਿਸੂਸ ਕੀਤਾ?” ਨਿੱਕਾ ਸਿੰਘ ਆਖਣ ਲੱਗਾ, “ਮਹਿਸੂਸ ਕੀ ਕਰਨਾ ਸੀ। ਬੱਸ ਮੈਂ ਕੰਬਲ ਦੀ ਬੁੱਕਲ ਮਾਰ ਕੇ ਬਹਿ ਗਿਆ। ਚਿੱਤ ਨੂੰ ਬਹੁਤ ਖ਼ੁਸ਼ੀ ਹੋਈ ਬਈ ਦੇਸ ਦੀ ਲਾਜ ਰੱਖ ਲੀ।”

ਮੇਰਾ ਅਗਲਾ ਸੁਆਲ ਸੀ, “ਏਸ਼ੀਆ ਦਾ ਗੋਲਡ ਮੈਡਲ ਜਿੱਤ ਕੇ ਕੋਈ ਤਰੱਕੀ ਵੀ ਮਿਲੀ?” ਨਿੱਕਾ ਸਿੰਘ ਨੇ ਕਿਹਾ, “ਨਹੀਂ। ਮੈਂ ਹੌਲਦਾਰ ਦਾ ਹੌਲਦਾਰ ਈ ਰਿਹਾ।” “ਕੋਈ ਇਨਾਮ ਸਨਮਾਨ?” “ਏਸ਼ੀਅਨ ਖੇਡਾਂ ਵੇਲੇ ਮੈਨੂੰ ਪਹਿਲੀ ਵਾਰ ਟਰੈਕ ਸੂਟ ਮਿਲਿਆ ਸੀ। ਸਪਾਈਕਸ ਮੈਂ ਪੰਜ ਰੁਪਏ ਦੇ ਖਰੀਦੇ ਸੀ, ਕਾਲੇ ਰੰਗ ਦੇ। ਓਹੀ ਪਾ ਕੇ ਮੈਂ ਮੀਟਾਂ `ਤੇ ਦੌੜਦਾ ਰਿਹਾ। ਉਹ ਮੇਰੇ ਨਾਲ ਅਖ਼ੀਰ ਤਕ ਨਿਭੇ। ਉਹ ਸਪਾਈਕਸ ਮੈਂ ਅਜੇ ਤਕ ਵੀ ਸੰਭਾਲ ਕੇ ਰੱਖੇ ਹੋਏ ਆ।”

ਚੰਗਾ ਹੋਵੇ ਜੇ ਉਹ ਸਪਾਈਕਸ ਪਟਿਆਲੇ ਦੀ ਕੌਮੀ ਖੇਡ ਸੰਸਥਾ ਦੇ ਖੇਡ ਮਿਊਜ਼ਮ ਵਿੱਚ ਮਿਲਖਾ ਸਿੰਘ ਦੇ ਸਪਾਈਕਸਾਂ ਨਾਲ ਰੱਖੇ ਜਾਣ। ਹੋਰ ਵੀ ਚੰਗਾ ਜੇ ਕੌਮਾਂਤਰੀ ਪੱਧਰ ਦੇ ਹੋਰਨਾਂ ਖਿਡਾਰੀਆਂ ਦੀਆਂ ਯਾਦਗੀਰੀ ਨਿਸ਼ਾਨੀ ਵੀ ਸੰਭਾਲ ਲਈਆਂ ਜਾਣ।

Read 3197 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।