You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»35 - ਮੇਰੀ ਵੈਨਕੂਵਰ ਦੀ ਫੇਰੀ-1

ਲੇਖ਼ਕ

Friday, 16 October 2009 15:33

35 - ਮੇਰੀ ਵੈਨਕੂਵਰ ਦੀ ਫੇਰੀ-1

Written by
Rate this item
(0 votes)

ਹਵਾਈ ਜਹਾਜ਼ ਅਠੱਤੀ ਹਜ਼ਾਰ ਫੁੱਟ ਦੀ ਉਚਾਈ ਉਤੇ ਛੇ ਸੌ ਮੀਲ ਘੰਟੇ ਦੀ ਰਫ਼ਤਾਰ ਨਾਲ ਉੱਡ ਰਿਹਾ ਸੀ। ਆਦਮੀ ਦੀ ਤੋਰ ਤੋਂ ਦੋ ਸੌ ਗੁਣਾਂ ਤੇਜ਼। ਮੇਰੇ ਮਨ ਦੇ ਫੁਰਨੇ ਹੋਰ ਵੀ ਤੇਜ਼ ਉਡ ਰਹੇ ਸਨ। ਉਹ ਮਿੰਟਾਂ ਸਕਿੰਟਾਂ `ਚ ਚੰਨ ਤਾਰਿਆਂ ਤਕ ਦੀਆਂ ਉਡਾਰੀਆਂ ਮਾਰ ਰਹੇ ਸਨ। ਪਲ `ਚ ਪਿੰਡ ਪਹੁੰਚਦੇ ਪਲ `ਚ ਕੈਨੇਡਾ। ਮੇਰੀ ਸੀਟ ਦੇ ਸਾਹਮਣੇ ਲੱਗੀ ਟੀ.ਵੀ.ਦੀ ਸਕਰੀਨ ਉਤੇ ਉਡਦੇ ਜਹਾਜ਼ ਦੀ ਸਥਿਤੀ ਦਿਸੀ ਜਾਂਦੀ ਸੀ। ਸਕਰੀਨ ਉਤੇ ਧਰਤੀ ਦਾ ਨਕਸ਼ਾ ਆਈ ਜਾਂਦਾ ਸੀ ਜਿਸ ਉਤੇ ਸ਼ਹਿਰਾਂ ਦੇ ਨਾਂ ਸਨ, ਜੰਗਲ ਬੇਲੇ ਸਨ ਤੇ ਝੀਲਾਂ ਦਾ ਨੀਲਾ ਪਾਣੀ ਸੀ। ਬਾਰੀ ਤੋਂ ਬਾਹਰ ਅਸਗਾਹ ਅਸਮਾਨ ਵਿਖਾਈ ਦੇ ਰਿਹਾ ਸੀ ਜਿਸ ਦੀ ਨਿਲੱਤਣ ਵਿੱਚ ਹਲਕੀ ਸਫ਼ੈਦ ਧੁੰਦ ਪਸਰੀ ਹੋਈ ਸੀ। ਛਿਪਦੇ ਸੂਰਜ ਦੀ ਲਾਲੀ ਨੇ ਪੱਛਮ ਵੱਲ ਦਾ ਅੰਬਰ ਸੂਹਾ ਕਰ ਦਿੱਤਾ ਸੀ। ਅਨੰਤ ਅਕਾਸ਼ ਵਿੱਚ ਜਹਾਜ ਦੀ ਬੁਲੰਦ ਅਵਾਜ਼ ਗੂੰਜ ਰਹੀ ਸੀ ਤੇ ਉਹ ਹਵਾ `ਚ ਤੈਰਦਾ ਜਾਂਦਾ ਸੀ। ਅੱਧ ਅਸਮਾਨੇ ਉਡਣ ਪਰੀਆਂ ਚਾਹ ਪਾਣੀ ਵਰਤਾਅ ਰਹੀਆਂ ਸਨ।

ਜਹਾਜ਼ ਟੋਰਾਂਟੋ ਤੋਂ ਉਡਿਆ ਸੀ ਜਿਸ ਨੇ ਵੈਨਕੂਵਰ ਜਾ ਕੇ ਉਤਰਨਾ ਸੀ। ਚਾਰ ਘੰਟੇ ਸਤਵੰਜਾ ਮਿੰਟ ਦੀ ਉਡਾਣ ਸੀ। ਮੁੜਦੀ ਵਾਰੀ ਇਹੋ ਪੰਧ ਚਾਰ ਘੰਟੇ ਸਤਾਈ ਮਿੰਟਾਂ ਵਿੱਚ ਤਹਿ ਹੋ ਜਾਣਾ ਸੀ। ਉਡਾਣ ਦੇ ਅੱਧੇ ਘੰਟੇ ਦਾ ਫਰਕ ਹਵਾਈ ਜਹਾਜ਼ ਦੇ ਤੇਜ਼ ਜਾਂ ਹੌਲੀ ਹੋਣ ਦਾ ਨਹੀਂ, ਧਰਤੀ ਦੇ ਘੁੰਮਦੀ ਤੇ ਤੁਰਦੀ ਹੋਣ ਕਰਕੇ ਸੀ। ਜਦੋਂ ਜਹਾਜ਼ ਪੂਰਬ ਤੋਂ ਪੱਛਮ ਵੱਲ ਨੂੰ ਉਡਦੇ ਹਨ ਤਾਂ ਵੱਧ ਸਮਾਂ ਲੈਂਦੇ ਹਨ ਜਦ ਕਿ ਪੱਛਮ ਤੋਂ ਪੂਰਬ ਵੱਲ ਨੂੰ ਉਡਦਿਆਂ ਘੱਟ ਸਮਾਂ ਲੱਗਦਾ ਹੈ। ਕੈਨੇਡਾ ਤੋਂ ਪੰਜਾਬ ਵਿੱਚ ਆਪਣੇ ਪਿੰਡ ਜਾਣਾ ਹੋਵੇ ਤਾਂ ਦੋ ਤਰੀਕਾਂ ਬਦਲ ਜਾਂਦੀਆਂ ਹਨ ਪਰ ਦਿੱਲੀ ਤੇ ਅੰਮ੍ਰਿਤਸਰੋਂ ਜਿਸ ਤਰੀਕ ਨੂੰ ਜਹਾਜ਼ ਚੜ੍ਹੀਏ ਉਸੇ ਤਰੀਕ ਟੋਰਾਂਟੋ ਪੁੱਜ ਜਾਈਦੈ। ਇਹ ਪੂਰਬ ਵੱਲ ਤਰੀਕ ਪਹਿਲਾਂ ਚੜ੍ਹ ਜਾਣ ਕਾਰਨ ਹੁੰਦੈ। ਪੰਜਾਬ ਦੇ ਅਖ਼ਬਾਰ ਪੱਛਮੀ ਪੰਜਾਬੀ ਪੂਰਬੀ ਪੰਜਾਬੀਆਂ ਦੇ ਜਾਗਣ ਤੋਂ ਪਹਿਲਾਂ ਹੀ ਇੰਟਰਨੈੱਟ ਉਤੇ ਪੜ੍ਹ ਲੈਂਦੇ ਹਨ ਹਾਲਾਂ ਕਿ ਉਥੇ ਦਿਨ ਕਈ ਘੰਟੇ ਪਛੜ ਕੇ ਚੜ੍ਹਦਾ ਹੈ। ਸੂਚਨਾ ਦੀ ਤੇਜ਼ ਰਫ਼ਤਾਰੀ ਨੇ ਦੁਨੀਆਂ ਮੁੱਠੀ ਵਿੱਚ ਕਰ ਲਈ ਹੈ। ਗੁਆਂਢੀ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਖ਼ਬਰ ਸਾਰੇ ਜੱਗ ਵਿੱਚ ਨਸ਼ਰ ਹੋ ਜਾਂਦੀ ਹੈ। ਹਵਾਈ ਜਹਾਜ਼ਾਂ ਨੇ ਕੋਈ ਦੂਰੀ, ਦੂਰੀ ਨਹੀਂ ਰਹਿਣ ਦਿੱਤੀ।

ਹਵਾਈ ਜਹਾਜ਼ ਹੁਣ ਅਸਮਾਨੀ ਟੈਕਸੀਆਂ ਬਣ ਗਏ ਹਨ। ਮੈਨੂੰ ਇਨ੍ਹਾਂ ਹਵਾਈ ਟੈਕਸੀਆਂ ਉਤੇ ਚੜ੍ਹਨ ਦੇ ਅਕਸਰ ਮੌਕੇ ਮਿਲਦੇ ਹਨ। ਹਰ ਸਾਲ ਇੱਕ ਗੇੜਾ ਇੰਡੀਆ-ਕੈਨੇਡਾ ਦਾ ਲੱਗ ਜਾਂਦੈ ਤੇ ਪੰਜ ਸੱਤ ਗੇੜੇ ਟੋਰਾਂਟੋ ਤੋਂ ਵੈਨਕੂਵਰ ਤੇ ਹੋਰ ਸ਼ਹਿਰਾਂ ਦੇ ਲੱਗ ਜਾਂਦੇ ਹਨ। ਐਤਕੀਂ ਮੇਰਾ ਚਾਰ ਵਾਰ ਵੈਨਕੂਵਰ ਜਾਣ ਦਾ ਸਬੱਬ ਬਣਿਆ। ਮਈ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲੇ ਉਤੇ ਗਿਆ ਤੇ ਤਿੰਨਾਂ ਦਿਨਾਂ ਬਾਅਦ ਵਾਪਸ ਪਰਤ ਆਇਆ। ਦੂਜੀ ਵਾਰ ਰੰਗੀਨ ਰਸਾਲੇ “ਖੇਡ ਸੰਸਾਰ” ਦੇ ਮੈਨੇਜਿੰਗ ਐਡੀਟਰ ਸੰਤੋਖ ਸਿੰਘ ਮੰਡੇਰ ਦੇ ਮੁੰਡੇ ਦੀ ਸ਼ਾਦੀ ਉਤੇ ਗਿਆ ਤੇ ਸਿਆਟਲ ਦਾ ਖੇਡ ਮੇਲਾ ਵੇਖ ਕੇ ਮੁੜਿਆ। ਤੀਜੀ ਵਾਰ ਨਿਊ ਵੈੱਸਟਮਿਨਸਟਰ ਦੇ ਗੁਰਦਵਾਰਾ ਸੁਖਸਾਗਰ ਦੇ ਪ੍ਰਬੰਧਕਾਂ ਨੇ ਮੈਨੂੰ ਆਪਣੇ ਕਬੱਡੀ ਟੂਰਨਾਮੈਂਟ ਉਤੇ ਸੱਦਿਆ। ਤਦ ਵੀ ਮੈਂ ਤੀਜੇ ਦਿਨ ਮੁੜਨ ਦੀ ਕੀਤੀ। ਪਰ ਐਤਕੀਂ ਮੈਂ ਵੈਨਕੂਵਰ ਵੱਲ ਦਸ ਦਿਨ ਗੁਜ਼ਾਰ ਕੇ ਮੁੜਿਆ ਹਾਂ ਤੇ ਜੀਅ ਕਰਦਾ ਹੈ ਕਿ ਆਪਣੀ ਫੇਰੀ ਦਾ ਹਾਲ ਚਾਲ ਹੋਰਨਾਂ ਨੂੰ ਦੱਸਾਂ। ਦੱਸਾਂ ਕਿ ਮੈਂ ਕੀ ਕੁੱਝ ਵੇਖ ਕੇ ਮੁੜਿਆ ਹਾਂ? ਬੰਦਾ ਵਾਂਢੇ ਜਾ ਕੇ ਆਵੇ ਤਾਂ ਕੁੱਝ ਨਾ ਕੁੱਝ ਤਾਂ ਦੱਸਦਾ ਈ ਏ।

ਪ੍ਰਿੰਸੀਪਲ ਦੀ ਪਦਵੀ ਤੋਂ ਰਿਟਾਇਰ ਹੋ ਕੇ ਮੈਂ ਕਿਸੇ ਕੰਮ ਦੇ ਬੰਨ੍ਹਣ ਵਿੱਚ ਨਹੀਂ ਸਾਂ ਬੱਝਾ। ਬੱਝ ਜਾਂਦਾ ਤਾਂ ਬਾਹਰ ਅੰਦਰ ਨਿਕਲਣਾ ਮੁਸ਼ਕਲ ਹੋ ਜਾਂਦਾ। ਇਹੋ ਕਾਰਨ ਹੈ ਕਿ ਮੈਂ ਘੁੰਮ ਫਿਰ ਕੇ ਦੁਨੀਆਂ ਵੇਖ ਰਿਹਾਂ। ਪਿਛਲੇ ਚਾਲੀ ਸਾਲਾਂ ਤੋਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰੇ ਏਨਾ ਕੰਮ ਆਇਆ ਹੈ ਕਿ ਮੈਨੂੰ ਹਰ ਸਾਲ ਦਸ ਪੰਦਰਾਂ ਖੇਡ ਮੇਲੇ ਵੇਖਣ ਦੇ ਸੱਦੇ ਮਿਲ ਜਾਂਦੇ ਹਨ। ਉਨ੍ਹਾਂ ਮੇਲਿਆਂ `ਚ ਮੈਂ ਮਾੜੀ ਮੋਟੀ ਕੁਮੈਂਟਰੀ ਕਰ ਦਿੰਦਾ ਹਾਂ ਤੇ ਪਿੱਛੋਂ ਉਨ੍ਹਾਂ ਬਾਰੇ ਲਿਖ ਕੇ ਪਹਿਲਾਂ ਅਖ਼ਬਾਰਾਂ ਰਸਾਲਿਆਂ ਤੇ ਪਿੱਛੋਂ ਕਿਤਾਬਾਂ ਵਿੱਚ ਛਾਪ ਦਿੰਦਾ ਹਾਂ। ਇੰਜ ਖੇਡ ਮੇਲੇ ਦਾ ਰਿਕਾਰਡ ਸੰਭਾਲਿਆ ਜਾਂਦਾ ਹੈ ਤੇ ਉਹ ਖੇਡ ਇਤਿਹਾਸ ਦਾ ਅੰਗ ਬਣ ਜਾਂਦਾ ਹੈ। ਵੈਸੇ ਪੰਜਾਬੀਆਂ ਦਾ ਆਮ ਵਰਤਾਰਾ ਹੈ ਕਿ ਉਹ ਮਾਅ੍ਹਰਕੇ ਤਾਂ ਬੜੇ ਵੱਡੇ ਮਾਰ ਲੈਂਦੇ ਹਨ ਪਰ ਉਨ੍ਹਾਂ ਦਾ ਰਿਕਾਰਡ ਨਹੀਂ ਰੱਖਦੇ। ਉਨ੍ਹਾਂ ਦੀਆਂ ਮਾਰੀਆਂ ਮੱਲਾਂ ਫਿਰ ਆਈਆਂ ਗਈਆਂ ਹੋ ਜਾਂਦੀਆਂ ਹਨ।

ਇਸ ਵਾਰ ਮੈਨੂੰ ਖੇਡ ਮੇਲੇ ਦੀ ਥਾਂ ਮਾਣ ਸਨਮਾਨ ਦੇ ਸੱਦੇ ਸਨ। ਇੱਕ ਸੱਦਾ ਸਿਆਟਲ ਦੀ ਮਾਝਾ ਐਸੋਸੀਏਸ਼ਨ ਵੱਲੋਂ ਤੇ ਦੂਜਾ ਢੁੱਡੀਕੇ ਕਾਲਜ ਦੀ ਕੈਨੇਡੀਅਨ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਸੀ। ਦੋਹਾਂ ਦੇ ਡਿਨਰ ਸਮਾਗਮ ਹਫ਼ਤੇ ਦੇ ਫਰਕ ਨਾਲ ਸਨ ਜਿਸ ਕਰਕੇ ਮੈਨੂੰ ਹਫ਼ਤੇ ਤੋਂ ਵੱਧ ਸਮਾਂ ਵੈਨਕੂਵਰ ਵੱਲ ਰਹਿਣਾ ਪੈਣਾ ਸੀ। ਹਵਾਈ ਜਹਾਜ਼ ਚੜ੍ਹਨ ਤੋਂ ਪਹਿਲਾਂ ਮੈਂ ਸੰਤੋਖ ਸਿੰਘ ਮੰਡੇਰ ਨੂੰ ਫੋਨ ਕੀਤਾ ਕਿ ਉਹ ਮੈਨੂੰ ਵੈਨਕੂਵਰ ਦੇ ਹਵਾਈ ਅੱਡੇ `ਤੋਂ ਚੱਕਣ ਆ ਜਾਵੇ। ਕੈਨੇਡਾ ਵਿੱਚ ਹੁਣ ਲੈਣ ਦੀ ਥਾਂ ਚੱਕਣ ਸ਼ਬਦ ਹੀ ਵਰਤਿਆ ਜਾ ਰਿਹੈ। ਕਈ ਏਥੋਂ ਤਕ ਵੀ ਹਮਦਰਦੀ ਜਤਾ ਦਿੰਦੇ ਹਨ, “ਮਿੱਤਰਾ ਕੰਮ ਨਾ ਛੱਡੀਂ। ਮੈਂ ਹੀ ਤੇਰੀ ਘਰ ਵਾਲੀ ਨੂੰ ਚੱਕ ਲੂੰ!” ਹੁਣ ਤਾਂ ਫਿਲਮਾਂ ਦੇ ਨਾਂ ਵੀ ਚੱਕ ਦੇ ਇੰਡੀਆ ਵਰਗੇ ਰੱਖੇ ਜਾ ਰਹੇ ਹਨ।

ਮੰਡੇਰ ਕੈਲੇਫੋਰਨੀਆਂ ਵੱਲ ਗਿਆ ਹੋਇਆ ਸੀ। ਫੋਨ ਉਤੇ ਕਹਿਣ ਲੱਗਾ, “ਮੈਂ ਸੈਨਹੋਜ਼ੇ ਤੋਂ ਜਹਾਜ਼ ਚੜ੍ਹਨ ਲੱਗਾਂ। ਤੁਹਾਡੇ ਵੈਨਕੂਵਰ ਪਹੁੰਚਣ ਤੋਂ ਪਹਿਲਾਂ ਪਹੁੰਚ ਜਾਵਾਂਗਾ।” ਜੇਬੀ ਫੋਨਾਂ ਨੇ ਇਹ ਤਾਂ ਮੌਜ ਬਣਾ ਦਿੱਤੀ ਹੈ ਕਿ ਕੋਈ ਦੇਸ ਪਰਦੇਸ ਕਿਤੇ ਵੀ ਹੋਵੇ ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪਰ ਇਨ੍ਹਾਂ ਡੱਬੀਆਂ ਜਿਹੀਆਂ ਨੇ ਬਹੁਤ ਸਾਰੇ ਬੰਦੇ ਤੰਗ ਵੀ ਬਹੁਤ ਕੀਤੇ ਹੋਏ ਨੇ। ਇਹ ਬਿੰਦੇ ਝੱਟੇ ਕਤੂਰੇ ਵਾਂਗ ਭੌਂਕ ਪੈਂਦੀਆਂ ਨੇ ਤੇ ਕਿਸੇ ਨੂੰ ਨਾ ਚੱਜ ਨਾਲ ਖਾਣ ਪੀਣ ਦਿੰਦੀਆਂ ਨੇ ਤੇ ਨਾ ਨ੍ਹਾਉਣ ਧੋਣ ਦਿੰਦੀਆਂ ਨੇ। ਕਈਆਂ ਦੇ ਹੱਥ ਹਮੇਸ਼ਾਂ ਈ ਕੰਨਾਂ `ਤੇ ਰਹਿੰਦੇ ਨੇ ਜਿਵੇਂ ਕਲੀਆਂ ਲਾ ਰਹੇ ਹੋਣ!

ਮੈਂ ਰਾਤ ਵੇਲੇ ਵੈਨਕੂਵਰ ਪਹੁੰਚਿਆ ਤੇ ਦੁਨੀਆਂ ਦੇ ਅੱਵਲ ਨੰਬਰ ਐਲਾਨੇ ਸ਼ਹਿਰ ਦੀਆਂ ਰੰਗ ਬਰੰਗੀਆਂ ਜਗਦੀਆਂ ਬੱਤੀਆਂ ਦਾ ਅਦਭੁੱਤ ਨਜ਼ਾਰਾ ਮਾਣਿਆਂ। ਪਹਿਲਾਂ ਪਹਿਲ ਹਵਾਈ ਜਹਾਜ਼ਾਂ ਦੇ ਲੈਂਡ ਕਰਨ ਸਮੇਂ ਮੁਸਾਫ਼ਿਰ ਤਾੜੀਆਂ ਮਾਰਿਆ ਕਰਦੇ ਸਨ ਪਰ ਹੁਣ ਅਜਿਹਾ ਘੱਟ ਹੀ ਕਰਦੇ ਹਨ। ਉਡਾਣਾਂ ਆਮ ਜੁ ਹੋ ਗਈਆਂ ਹੋਈਆਂ। ਕਈ ਬੰਦਿਆਂ ਨੂੰ ਤਾਂ ਹਰ ਹਫ਼ਤੇ ਜਾਂ ਹਰ ਰੋਜ਼ ਹੀ ਜਹਾਜ਼ੇ ਚੜ੍ਹਨਾ ਪੈਂਦੈ। ਉਹ ਕਿਥੇ ਕਿਥੇ ਤਾੜੀਆਂ ਮਾਰੀ ਜਾਣ? ਮੈਂ ਆਪਣਾ ਬੈਗ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਿਆ ਹੀ ਸਾਂ ਕਿ ਮੰਡੇਰ ਦਾ ਲੜਕਾ ਤੇ ਨੂੰਹ ਮੈਨੂੰ ਲੈਣ ਆ ਪੁੱਜੇ। ਮੰਡੇਰ ਨੇ ਸਿਆਟਲ ਤੋਂ ਜਹਾਜ਼ੋਂ ਉੱਤਰ ਕੇ ਕਾਰ ਰਾਹੀਂ ਵੈਨਕੂਵਰ ਆਉਣਾ ਸੀ। ਉਸ ਨੂੰ ਬਾਰਡਰ ਉਤੇ ਕਾਫੀ ਸਮਾਂ ਲੱਗ ਗਿਆ ਸੀ। ਉਸੇ ਨੇ ਫੋਨ ਕਰ ਕੇ ਆਪਣੇ ਪੁੱਤਰ ਗਗਨ ਨੂੰ ਅੱਗੋਂ ਭੇਜ ਦਿੱਤਾ ਸੀ।

ਮੰਡੇਰ ਦਾ ਘਰ ਸੱਰੀ ਦੀ ਰਿਵਰ ਰੋਡ ਉਤੇ ਹੈ ਜਿਸ ਨੂੰ ਹੁਣ ਮੈਂ ਆਪਣਾ ਬਾਹਰਲਾ ਘਰ ਸਮਝਣ ਲੱਗ ਪਿਆਂ। ਉਂਜ ਉਹ ਅਜਾਇਬ ਘਰ ਦਾ ਭੁਲੇਖਾ ਪਾਉਂਦਾ ਹੈ ਕਿਉਂਕਿ ਉਹਦੇ ਵਿੱਚ ਦੁਨੀਆਂ ਭਰ ਦੀਆਂ ਖੇਡ ਨਿਸ਼ਾਨੀਆਂ, ਝੰਡੇ, ਸਿੱਕੇ, ਕਿਤਾਬਾਂ ਤੇ ਅਜਾਇਬ ਵਸਤਾਂ ਸੰਭਾਲੀਆਂ ਹੋਈਆਂ ਹਨ। ਕਿਧਰੇ ਪੁਰਾਣੀ ਅਫ਼ਗਾਨੀ ਬੰਦੂਕ ਲਟਕ ਰਹੀ ਹੈ ਤੇ ਕਿਧਰੇ ਮਿਸਲਾਂ ਵੇਲੇ ਦੀ ਖਾਲਸਈ ਤਲਵਾਰ। ਕਿਧਰੇ ਯਾਦਗਾਰੀ ਫੋਟੋ ਹਨ ਤੇ ਕਿਧਰੇ ਬਾਰਾਂ ਸਿੰਗੇ ਹਿਰਨ ਦਾ ਸਿਰ ਟੰਗਿਆ ਹੋਇਐ। ਵੱਡੀ ਬੈਠਕ ਦਾ ਕੋਈ ਖੂੰਜਾ ਖਾਲੀ ਨਹੀਂ ਜਿਥੇ ਕੋਈ ਯਾਦਗਾਰ ਵਸਤ ਨਾ ਸ਼ਿੰਗਾਰੀ ਹੋਵੇ। ਮੈਂ ਕਈ ਵਾਰ ਹੱਸਦਿਆਂ ਕਿਹਾ ਹੈ, “ਇਹਨੂੰ ਵੇਖਣ ਦੀ ਹੁਣ ਟਿਕਟ ਲਾ ਦੇ। ਉਹਦੇ ਨਾਲ ਤੇਰਾ ਕੈਮਰਾ ਵੀ ਚਲਦਾ ਰਹੇਗਾ! ਉਂਜ ਤਾਂ ਅਗਲੇ ਫੋਟੋ ਖਿਚਾ ਕੇ ਪਾਸੇ ਹੁੰਦੇ ਆ।”

ਅਗਲੇ ਦਿਨ ਅਸੀਂ ਇੰਡੋ-ਕੈਨੇਡੀਅਨ ਟਾਇਮਜ਼ ਦੇ ਦਫਤਰ ਗਏ ਜਿਥੇ ਇਸ ਦੇ ਸੰਪਾਦਕ ਬੀਬੀ ਰੁਪਿੰਦਰ ਤੇ ਹਰਜੀਤ ਬੈਂਸ ਨਾਲ ਖੁੱਲ੍ਹੀਆਂ ਗੱਲਾਂ ਹੋਈਆਂ। ਇੰਡੋ-ਕੈਨੇਡੀਅਨ ਟਾਇਮਜ਼ ਸੋਹਣੀ ਦੱਖ ਵਾਲਾ ਮੁਕੰਮਲ ਮੈਗਜ਼ੀਨ ਹੈ ਜਿਸ ਦਾ ਮੈਟਰ ਪੜ੍ਹਨਯੋਗ ਤੇ ਸੰਭਾਲਣਯੋਗ ਹੁੰਦੈ। ਇਹ ਹਾਲੇ ਵੀ ਮੁੱਲ ਵਿਕਦੈ ਤੇ ਡਾਕ ਰਾਹੀਂ ਦੂਰ ਨੇੜੇ ਭੇਜਿਆ ਜਾਂਦੈ। ਮੈਂ ਇਸ ਮੈਗਜ਼ੀਨ ਨਾਲ 1990 ਤੋਂ ਜੁੜਿਆ ਹੋਇਆਂ ਜਦੋਂ ਮੈਂ ਆਪਣੀ ਅਮਰੀਕਾ ਫੇਰੀ ਇਸ ਵਿੱਚ ਲੜੀਵਾਰ ਛਪਵਾਈ ਸੀ। ਫਿਰ ਬਾਤਾਂ ਵਤਨ ਦੀਆਂ ਕਾਲਮ ਲਿਖਦਾ ਰਿਹਾ। ਉਦੋਂ ਇਸ ਦੇ ਬਾਨੀ ਸੰਪਾਦਕ ਤਾਰਾ ਸਿੰਘ ਹੇਅਰ ਜੀਂਦੇ ਸਨ ਜਿਨ੍ਹਾਂ ਨੇ ਬੜੀ ਮਿਹਤਨ, ਲਗਨ ਤੇ ਹਿੰਮਤ ਨਾਲ ਇਸ ਪਰਚੇ ਨੂੰ ਪੱਕੇ ਪੈਰੀਂ ਖੜ੍ਹਾ ਕੀਤਾ। ਇਹ ਪਰਚਾ ਉੱਤਰੀ ਅਮਰੀਕਾ ਦੇ ਪੰਜਾਬੀ ਮੀਡੀਏ ਵਿੱਚ ਬਾਬੇ ਬੋਹੜ ਵਾਲਾ ਸਥਾਨ ਰੱਖਦਾ ਹੈ ਤੇ ਮੁਫ਼ਤ ਦੇ ਅਖ਼ਬਾਰਾਂ ਦੀ ਹਨ੍ਹੇਰੀ ਵਿੱਚ ਵੀ ਅਡੋਲ ਚੱਲੀ ਜਾ ਰਿਹੈ।

ਸ਼ਾਮ ਨੂੰ ਫੁਲਵਾੜੀ ਮੈਗਜ਼ੀਨ ਵਾਲਾ ਗੁਰਦੀਪ ਸਿੰਘ ਮੱਲ੍ਹੀ ਮਿਲ ਪਿਆ। ਉਹ ਬੜਾ ਹਸਮੁੱਖ ਨੌਜੁਆਨ ਹੈ ਤੇ ਕੈਨੇਡਾ ਦੇ ਪਹਿਲੇ ਪੱਗ ਵਾਲੇ ਐੱਮ.ਪੀ.ਗੁਰਬਖ਼ਸ਼ ਸਿੰਘ ਮੱਲ੍ਹੀ ਦਾ ਪੇਂਡੂ ਹੈ। ਗੁਰਬਖ਼ਸ਼ ਸਿੰਘ ਦੋ ਸਾਲ ਸਾਡੇ ਕੋਲ ਢੁੱਡੀਕੇ ਕਾਲਜ ਵਿੱਚ ਪੜ੍ਹਿਆ ਹੋਣ ਕਾਰਨ ਮੈਨੂੰ ਹਮੇਸ਼ਾਂ ਉਹਦੇ ਵਿੱਚ ਦਿਲਚਸਪੀ ਰਹੀ ਹੈ। ਫੁਲਵਾੜੀ ਦੇ ਦਫ਼ਤਰ ਵਿੱਚ ਗੁਰਬਖ਼ਸ਼ ਸਿੰਘ ਦੀਆਂ ਗੱਲਾਂ ਚੱਲ ਪਈਆਂ। ਗੱਲਾਂ ਗੱਲਾਂ ਵਿੱਚ ਉਸ ਦੇ ਬਚਪਨ ਦੇ ਨਾਂ ਦਾ ਪਤਾ ਲੱਗਾ। ਛੋਟੇ ਹੁੰਦਿਆਂ ਹਰੇਕ ਦਾ ਕੋਈ ਨਾ ਕੋਈ ਵੱਖਰਾ ਨਾਂ ਧਰਿਆ ਹੁੰਦੈ। ਇੱਕ ਵਾਰ ਸਕੂਲ ਦੇ ਮਾਸਟਰ ਨੇ ਗੁਰਬਖ਼ਸ਼ ਸਿੰਘ ਦਾ ਨਾਂ ਪੁੱਛ ਲਿਆ। ਉਸ ਨੇ ਸਮਝਿਆ ਸ਼ਾਇਦ ਜਨਮ ਤਰੀਕ ਪੁੱਛੀ ਹੈ। ਉਹ ਉੱਠ ਕੇ ਕਹਿਣ ਲੱਗਾ, “ਜੀ ਅਕਤੂਬਰ।” ਉਸ ਤੋਂ ਪਿੱਛੋਂ ਮਾਸਟਰ ਉਸ ਨੂੰ ਅਕਤੂਬਰ ਸਿੰਘ ਕਹਿ ਕੇ ਬੁਲਾਉਂਦਾ ਰਿਹਾ ਤੇ ਉਹ ਵੀ ਅਕਤੂਬਰ ਸਿੰਘ ਦੇ ਨਾਂ `ਤੇ ਹਾਜ਼ਰੀ ਬੋਲਦਾ ਰਿਹਾ। ਮਾਸਟਰ ਤੋਂ ਡਰਦਾ ਉਹ ਆਪਣਾ ਅਸਲੀ ਨਾਂ ਵੀ ਨਾ ਦੱਸ ਸਕਿਆ। ਇਹ ਗ਼ਲਤੀ ਉਦੋਂ ਦਰੁਸਤ ਹੋਈ ਜਦੋਂ ਇਮਤਿਹਾਨ ਵਾਸਤੇ ਦਾਖਲਾ ਫਾਰਮ ਭਰੇ ਗਏ। ਵੈਸੇ ਉਸ ਦਾ ਨਾਂ ਅਕਤੂਬਰ ਸਿੰਘ ਹੀ ਪੱਕ ਜਾਂਦਾ ਤਾਂ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਬੁਲਾਉਣਾ ਸੌਖਾ ਹੋ ਜਾਂਦਾ!

ਵੈਨਕੂਵਰ ਦੇ ਨਾਲ ਹੀ ਪਿੱਟ ਮੀਡੋਜ਼ ਵਿਖੇ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਦਾ ਬੜਾ ਤਕੜਾ ਕਾਰੋਬਾਰ ਹੈ। ਉਨ੍ਹਾਂ ਨੇ ਸੈਂਕੜੇ ਲੋੜਵੰਦਾਂ ਨੂੰ ਆਪਣੇ ਫਾਰਮ ਤੇ ਕੈਨਰੀ ਉਤੇ ਰੁਜ਼ਗ਼ਾਰ ਦਿੱਤਾ ਹੋਇਐ ਜਿਨ੍ਹਾਂ `ਚ ਕਈ ਘਰੋਂ ਲਾਚਾਰ ਹੋਏ ਬੁੱਢੇ ਤੇ ਬੁੜ੍ਹੀਆਂ ਵੀ ਹਨ। ਉਨ੍ਹਾਂ ਦੀਆਂ ਅਸੀਸਾਂ ਸਦਕਾ ਪੁਰੇਵਾਲਾਂ ਦਾ ਬਿਜ਼ਨਸ ਵਧ ਫੁੱਲ ਰਿਹੈ ਤੇ ਉਹ ਦਾਨ ਪੁੰਨ ਕਰਨ ਦੇ ਨਾਲ ਹਕੀਮਪੁਰ ਪੇਂਡੂ ਓਲੰਪਿਕਸ ਵਰਗਾ ਪੁਰੇਵਾਲ ਖੇਡ ਮੇਲਾ ਵੀ ਕਰਾਉਂਦੇ ਹਨ। ਉਨ੍ਹਾਂ ਦੇ ਪਿੰਡ ਕੋਲ ਮੁਕੰਦਪੁਰ ਦੇ ਅਮਰਦੀਪ ਕਾਲਜ ਵਿੱਚ ਮੈਂ ਪ੍ਰਿੰਸੀਪਲ ਰਿਹਾ ਹੋਣ ਕਾਰਨ ਮੇਰਾ ਉਨ੍ਹਾਂ ਵੱਲ ਆਉਣ ਜਾਣ ਹੈ। ਉਨ੍ਹਾਂ ਦਾ ਨਿਓਂਦਾ ਹੁੰਦੈ ਕਿ ਜਦੋਂ ਵੀ ਵੈਨਕੂਵਰ ਜਾਵਾਂ ਤਾਂ ਮੈਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਵਾਂ। ਇੱਕ ਸ਼ਾਮ ਅਸੀਂ ਉਨ੍ਹਾਂ ਦੀ ਪ੍ਰਾਹੁਣਚਾਰੀ ਮਾਣੀ ਤੇ ਤਿੰਨਾਂ ਭਰਾਵਾਂ ਤੋਂ ਜੁਆਨੀ ਵੇਲੇ ਦੀਆਂ ਕਬੱਡੀ ਖੇਡਣ ਤੇ ਕੁਸ਼ਤੀ ਕਰਨ ਦੀਆਂ ਗੱਲਾਂ ਸੁਣੀਆਂ। ਗੱਲਾਂ ਕਰਦੇ ਅਸੀਂ ਹਕੀਮਪੁਰ ਤੇ ਮੁਕੰਦਪੁਰ ਦੀਆਂ ਗਲੀਆਂ ਗਾਹੁੰਦੇ ਫਿਰੇ। ਉਨ੍ਹਾਂ ਦਾ ਆਪਸ ਵਿੱਚ ਇਤਫ਼ਾਕ ਹੋਰਨਾਂ ਜੱਟ ਭਰਾਵਾਂ ਲਈ ਮਿਸਾਲ ਹੈ। ਉਹ ਆਪਣੇ ਪਿਤਾ ਸ.ਹਰਬੰਸ ਸਿੰਘ ਪੁਰੇਵਾਲ ਤੇ ਮਾਤਾ ਸੁਰਜੀਤ ਕੌਰ ਦੀ ਯਾਦ ਵਿੱਚ ਤੇਈ ਚੌਵੀ ਫਰਵਰੀ 2008 ਨੂੰ ਹਕੀਮਪੁਰ `ਚ ਸਤ੍ਹਾਰਵਾਂ ਪੁਰੇਵਾਲ ਖੇਡ ਮੇਲਾ ਕਰਵਾ ਰਹੇ ਹਨ। ਉਨ੍ਹਾਂ ਦਾ ਸਾਰੇ ਖੇਡ ਪ੍ਰੇਮੀਆਂ ਨੂੰ ਨਿੱਘਾ ਸੱਦਾ ਹੈ ਕਿ ਹੁਮ ਹੁਮਾ ਕੇ ਪੁੱਜਣ।

27 ਅਕਤੂਬਰ ਨੂੰ ਸਿਆਟਲ ਵਿੱਚ ਮਾਝਾ ਐਸੋਸੀਏਸ਼ਨ ਦਾ ਡਿਨਰ ਸਮਾਗਮ ਸੀ ਜਿਸ ਲਈ ਮੈਨੂੰ ਉਚੇਚਾ ਸੱਦਿਆ ਗਿਆ ਸੀ। ਮੰਡੇਰ ਨੇ ਸੱਰੀ ਤੋਂ ਗੱਡੀ ਹੱਕੀ ਤੇ ਅਮਰੀਕਾ ਦਾ ਬਾਰਡਰ ਲੰਘ ਕੇ ਅਸੀਂ ਦਿਨ ਛਿਪਦੇ ਨੂੰ ਸਿਆਟਲ ਜਾ ਪੁੱਜੇ। ਆਲੇ ਦੁਆਲੇ ਦੀਆਂ ਪਹਾੜੀਆਂ ਤੇ ਝੀਲਾਂ ਅੱਖਾਂ ਨੂੰ ਤਰਾਵਟ ਬਖਸ਼ਦੀਆਂ ਰਹੀਆਂ। ਇਹ ਢਾਈ ਤਿੰਨ ਘੰਟੇ ਦਾ ਸਫ਼ਰ ਹਮੇਸ਼ਾਂ ਹੀ ਬੜਾ ਅਨੰਦਮਈ ਹੁੰਦੈ ਤੇ ਮੈਨੂੰ ਸਿਆਟਲ ਦੀ ਜੂਹ ਵਿੱਚ ਜਾ ਕੇ ਬਲਵੰਤ ਗਾਰਗੀ ਯਾਦ ਆ ਜਾਂਦੈ। ਉਹ ਵਿਜ਼ਟਿੰਗ ਪ੍ਰੋਫੈਸਰ ਬਣ ਕੇ ਸਿਆਟਲ ਦੀ ਯੂਨੀਵਰਸਿਟੀ ਵਿੱਚ ਡਰਾਮਾ ਪੜ੍ਹਾਉਣ ਆਇਆ ਸੀ ਪਰ ਪੰਜਾਹ ਸਾਲ ਦੀ ਉਮਰ ਵਿੱਚ ਆਪਣੀ ਵੀਹ ਕੁ ਸਾਲਾਂ ਦੀ ਵਿਦਿਆਰਥਣ ਜੀਨੀ ਨੂੰ ਵਿਆਹ ਕੇ ਹੋਰ ਹੀ ਡਰਾਮਾ ਕਰ ਗਿਆ! ਇਸ ਡਰਾਮੇ ਦਾ ਅਗਲਾ ਐਕਟ ਸੀ ਕਿ ਦੋ ਬੱਚੇ ਜੰਮਣ ਪਿੱਛੋਂ ਉਨ੍ਹਾਂ ਦਾ ਤੋੜ ਵਿਛੋੜਾ। ਇਹਦਾ ਵਿਸਥਾਰ ਉਸ ਨੇ ਆਪਣੀ ਪੁਸਤਕ ਨੰਗੀ ਧੁੱਪ ਵਿੱਚ ਦਿੱਤਾ ਹੈ। ਗਾਰਗੀ ਤਾਂ ਪਰਲੋਕ ਸਿਧਾਰ ਚੁੱਕੈ ਪਰ ਜੀਨੀ ਦਾ ਕੋਈ ਪਤਾ ਨਹੀਂ ਕਿ ਹੁਣ ਕਿਹੜੇ ਹਾਲਾਂ ਵਿੱਚ ਹੈ?

ਸਿਆਟਲ ਵਿੱਚ ਪੰਜਾਬੀਆਂ ਦੀ ਗਿਣਤੀ ਪਿਛਲੇ ਕੁੱਝ ਸਾਲਾਂ ਤੋਂ ਵਾਹਵਾ ਹੋ ਗਈ ਹੈ ਤੇ ਉਹ ਆਪਣੇ ਖੇਡ ਮੇਲੇ ਤੇ ਧਾਰਮਿਕ ਉਤਸਵ ਬੜੇ ਚਾਅ ਨਾਲ ਮਨਾਉਣ ਲੱਗੇ ਹਨ। ਸ਼ਹਿਰ ਦੇ ਹਰੇਕ ਹਿੱਸੇ ਵਿੱਚ ਕੋਈ ਨਾ ਕੋਈ ਪੱਗ ਵਾਲਾ ਬੰਦਾ ਟੱਕਰ ਜਾਂਦੈ। ਟੈਕਸੀਆਂ ਦਾ ਬਹੁਤਾ ਕਾਰੋਬਾਰ ਪੰਜਾਬੀਆਂ ਦੇ ਹੱਥਾਂ ਵਿੱਚ ਹੈ। ਉਥੋਂ ਦੇ ਇੱਕ ਲੋਕ ਕਵੀ ਨੇ ਕੁੱਝ ਸਾਲ ਪਹਿਲਾਂ ਸਿਆਟਲ ਦੇ ਪੰਜਾਬੀ ਟੈਕਸੀ ਡਰਾਈਵਰਾਂ ਦੀਆਂ ਬਹਿਵਤਾਂ ਬਾਰੇ ਮੈਨੂੰ ਇੱਕ ਕਵਿਤਾ ਦਿੱਤੀ ਸੀ ਜੋ ਮੈਥੋਂ ਆਸੇ ਪਾਸੇ ਹੋ ਗਈ ਹੈ। ਉਸ ਵਿੱਚ ਉਹ ਕਿਸੇ ਨੂੰ ਕਲਹਿਰੀ ਮੋਰ ਕਹਿੰਦਾ ਹੈ, ਕਿਸੇ ਨੂੰ ਭਾਨੀਮਾਰ ਤੇ ਕਿਸੇ ਨੂੰ ਜਾਨੀ ਚੋਰ ਆਖਦਾ ਹੈ। ਕਿਸੇ ਦੀ ਲਿਮੋਜ਼ੀਨ ਨੂੰ ਲੁੱਡਣ ਮਲਾਹ ਦੀ ਬੇੜੀ ਨਾਲ ਮੇਲਦਾ ਹੈ ਤੇ ਕਿਸੇ ਦੀ ਟੈਕਸੀ ਨੂੰ ਯਾਰਾਂ ਦਾ ਯੱਕਾ ਦੱਸਦਾ ਹੈ। ਮੈਨੂੰ ਅਫਸੋਸ ਹੈ ਕਿ ਮੈਂ ਉਸ ਦੀ ਕਵਿਤਾ ਗੁਆ ਬੈਠਾਂ ਨਹੀਂ ਤਾਂ ਹੂਬਹੂ ਛਾਪ ਕੇ ਪਾਠਕਾਂ ਦਾ ਦਿਲ ਪਰਚਾਉਂਦਾ।

ਦੋ ਸਾਲ ਪਹਿਲਾਂ ਸਿਆਟਲ ਦੇ ਮਝੈਲਾਂ ਨੇ ਆਪਸੀ ਮੇਲ ਗੇਲ ਲਈ ਮਾਝਾ ਐਸੋਸੀਏਸ਼ਨ ਆਫ਼ ਵਸ਼ਿੰਗਟਨ ਬਣਾਈ ਸੀ ਜਿਸ ਦਾ ਐਤਕੀਂ ਦੂਜਾ ਸਾਲਾਨਾ ਸਮਾਗਮ ਸੀ। ਮੈਨੂੰ ਟੋਰਾਂਟੋ ਤੋਂ ਸੱਦਿਆ ਗਿਆ ਸੀ, ਅਜੀਤ ਸਿੰਘ ਸੰਧੂ ਨੂੰ ਕੈਲੇਫੋਰਨੀਆਂ ਤੋਂ ਤੇ ਪ੍ਰਿੰ.ਮਹਿੰਦਰ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਆਏ ਸਨ। ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਸੀ ਸਾਂਝ ਤੇ ਪ੍ਰੇਮ ਪਿਆਰ ਦੀਆਂ ਗੱਲਾਂ ਕੀਤੀਆਂ ਤੇ ਮਾਝੇ ਦੀ ਵਿਸ਼ੇਸ਼ਤਾ ਦਾ ਜ਼ਿਕਰ ਕੀਤਾ। ਮੈਂ ਭਾਵੇਂ ਮਾਝੇ ਦਾ ਵਸਨੀਕ ਨਹੀਂ ਸਾਂ ਪਰ ਮੇਰੇ ਵੱਡਵਡੇਰੇ ਮਾਝੇ ਦੇ ਪਿੰਡ ਸਰਹਾਲੀ ਤੋਂ ਉੱਠ ਕੇ ਆਏ ਹੋਣ ਕਾਰਨ ਮੈਨੂੰ ਵੀ ਮਝੈਲ ਹੀ ਮੰਨ ਲਿਆ ਗਿਆ। ਉਥੇ ਮੇਰਾ ਮਾਣ ਸਨਮਾਨ ਹੋਇਆ ਜਿਸ ਨੂੰ ਮੈਂ ਨਿੱਜ ਦੀ ਥਾਂ ਪੰਜਾਬੀ ਵਿੱਚ ਲਿਖ ਰਹੀ ਕਲਮ ਦਾ ਸਨਮਾਨ ਮੰਨਿਆਂ। ਐਸੋਸੀਏਸ਼ਨ ਦੇ ਪ੍ਰਧਾਨ ਜੇ.ਸੇਖੋਂ ਬੜੇ ਰੂਹ ਵਾਲੇ ਸੱਜਣ ਲੱਗੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰਚਰਨ ਸਿੰਘ ਢਿੱਲੋਂ ਨਾਲ ਮਿਲ ਕੇ ਰਸਾਲਾ ਮਹਿਕ ਵੀ ਕੱਢਦੇ ਹਨ। ਡਿਨਰ ਸਮਾਗਮਾਂ ਵਿੱਚ ਜਿਵੇਂ ਹੁੰਦਾ ਹੀ ਹੈ ਖਾਣ ਪੀਣ ਹੋਇਆ, ਗਿੱਧੇ ਭੰਗੜੇ ਪਏ ਤੇ ਪਰਿਵਾਰਾਂ ਦਾ ਆਪਸੀ ਮੇਲ ਗੇਲ ਹੋਇਆ। ਨੌਜੁਆਨਾਂ ਨੂੰ ਚੰਗੇ ਪਾਸੇ ਲਾਉਣ ਦੀਆਂ ਵਿਓਂਤਾਂ ਬਣਾਈਆਂ ਗਈਆਂ ਤੇ ਪਾਰਟੀ ਦੇਰ ਰਾਤ ਗਏ ਖ਼ਤਮ ਹੋਈ।

ਅਗਲੇ ਦਿਨ ਗੁਰਬਿੰਦਰ ਬਾਜਵੇ ਦੇ ਘਰ ਪਰੌਂਠਾ ਪਾਰਟੀ ਸੀ ਜਿਥੇ ਪੰਜ ਛੇ ਪਰਿਵਾਰ `ਕੱਠੇ ਬੈਠੇ ਤੇ ਪੰਜਾਬ ਵਰਗਾ ਠੁੱਕ ਬੱਝ ਗਿਆ। ਉਥੋਂ ਅਸੀਂ ਗੁਰਦਵਾਰੇ ਗਏ ਜਿਥੇ ਦੋ ਸੌ ਤੋਂ ਵੱਧ ਬੱਚੇ ਪੰਜਾਬੀ ਪੜ੍ਹ ਰਹੇ ਸਨ। ਜੇਕਰ ਇਹ ਰੀਸ ਸਾਰੇ ਗੁਰੂਘਰਾਂ ਵਿੱਚ ਤੁਰ ਪਵੇ ਤਾਂ ਪੰਜਾਬ ਤੋਂ ਵਿਛੜੇ ਪੰਜਾਬੀ ਬੱਚੇ ਵੀ ਆਪਣੇ ਸੱਭਿਆਚਾਰ ਨਾਲ ਜੁੜੇ ਰਹਿ ਸਕਦੇ ਹਨ। ਉਥੋਂ ਪਰਮਿੰਦਰ ਸਿੰਘ ਸਾਨੂੰ ਆਪਣੇ ਘਰ ਲੈ ਗਿਆ ਤੇ ਚਾਹ ਪਾਣੀ ਪੀਣ ਉਪਰੰਤ ਅਸੀਂ ਸੇਖੋਂ ਹੋਰਾਂ ਵੱਲ ਚਲੇ ਗਏ ਜਿਨ੍ਹਾਂ ਨੇ ਘੁਮਾ ਫਿਰਾ ਕੇ ਸ਼ਹਿਰ ਤੇ ਸਿਆਟਲ ਦਾ ਬੀਚ ਵਿਖਾਇਆ। ਸਮੁੰਦਰ ਕੰਢੇ ਛੱਲਾਂ ਆ ਜਾ ਰਹੀਆਂ ਸਨ ਤੇ ਕਿਸ਼ਤੀਆਂ ਤੈਰ ਰਹੀਆਂ ਸਨ। ਲੱਕੜਾਂ ਦੀਆਂ ਧੂਣੀਆਂ ਬਲ ਰਹੀਆਂ ਸਨ ਜਿਨ੍ਹਾਂ ਉਤੇ ਮਾਸ ਭੁੰਨਿਆਂ ਜਾ ਰਿਹਾ ਸੀ। ਇਹ ਸ਼ਿਕਾਰੀਆਂ ਵਾਲਾ ਰੁਮਾਂਸ ਸੀ ਜਿਸ ਦਾ ਅਨੰਦ ਸੈਰ ਸਪਾਟੇ ਦੇ ਸ਼ੁਕੀਨ ਮਾਣ ਰਹੇ ਸਨ। ਪਰ੍ਹਾਂ ਸਿਆਟਲ ਦੀ ਸਪੇਸ ਨੀਡਲ ਸੀ ਤੇ ਉਸ ਤੋਂ ਪਰ੍ਹਾਂ ਹਵਾਈ ਜਹਾਜ਼ਾਂ ਦਾ ਮਿਊਜ਼ਮ ਤੇ ਕਾਰਖਾਨਾ। ਕੁੱਝ ਇਮਾਰਤਾਂ ਸਪੇਸ ਨੀਡਲ ਤੋਂ ਵੀ ਉੱਚੀਆਂ ਉਸਰ ਗਈਆਂ ਸਨ।

ਸਾਡਾ ਰਾਤ ਦਾ ਖਾਣਾ ਕੁਲਵੰਤ ਸਿੰਘ ਸ਼ਾਹ ਵੱਲ ਸੀ ਜਿਸ ਨੇ ਹੋਰਨਾਂ ਦੇ ਨਾਲ ਕਬੱਡੀ ਦੇ ਆਸ਼ਕ ਚੰਨੇ ਆਲਮਗੀਰੀਏ ਨੂੰ ਵੀ ਸੱਦਿਆ ਹੋਇਆ ਸੀ। ਉਸ ਤੋਂ ਪਤਾ ਲੱਗਾ ਕਿ ਉਹ ਅਮਰੀਕਾ ਦੀ ਕਬੱਡੀ ਫੈਡਰੇਸ਼ਨ ਬਣਾ ਰਹੇ ਹਨ ਤੇ ਉਹਦੇ ਲਈ ਤਿਆਰ ਕੀਤੇ ਵਿਧਾਨ ਦੀ ਕਾਪੀ ਵੀ ਉਸ ਨੇ ਮੈਨੂੰ ਵਿਖਾਈ। ਰੋਟੀ ਖਾ ਕੇ ਵਿਹਲੇ ਹੋਏ ਤਾਂ ਮੈਂ ਸੌ ਜਾਣ ਦੇ ਹੱਕ ਵਿੱਚ ਸਾਂ ਪਰ ਸੰਤੋਖ ਮੰਡੇਰ ਕਹਿ ਰਿਹਾ ਸੀ, “ਆਪਾਂ ਹੁਣੇ ਚੱਲਦੇ ਆਂ। ਜਾ ਕੇ ਕੰਮ ਵੀ ਕਰਨੈਂ। ਨਾਲੇ ਹੁਣ ਸੜਕਾਂ ਵਿਹਲੀਆਂ ਹਨ। ਦਿਨੇ ਤਾਂ ਬਾਰਡਰ `ਤੇ ਈ ਅੱਧਾ ਘੰਟਾ ਲੱਗ ਜਾਵੇਗਾ।”

ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ? ਕਾਰ ਮੰਡੇਰ ਨੇ ਚਲਾਉਣੀ ਸੀ। ਮੈਂ ਤਾਂ ਗੱਡੀ ਵਿੱਚ ਵੀ ਸੌਂ ਸਕਦਾ ਸਾਂ। ਕੈਸਟ `ਤੇ ਗਾਣੇ ਗੂੰਜਦੇ ਆਏ, ਮੇਰੀਆਂ ਅੱਖਾਂ ਮਿਚਦੀਆਂ ਰਹੀਆਂ ਤੇ ਉਦੋਂ ਜਾ ਕੇ ਖੁੱਲ੍ਹੀਆਂ ਜਦੋਂ ਕੈਨੇਡਾ ਦਾ ਬਾਰਡਰ ਆ ਗਿਆ। ਦਿਨ ਦੇ ਮੁਕਾਬਲੇ ਰਾਤ ਨੂੰ ਬਾਰਡਰ ਉਤੇ ਵਾਕਿਆ ਈ ਵਿਹਲ ਸੀ। ਉਥੇ ਪੰਜ ਮਿੰਟ ਵੀ ਨਾ ਲੱਗੇ ਤੇ ਅਸੀਂ ਸੱਰੀ ਘਰ ਆ ਸੁੱਤੇ।

Read 3210 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।