You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»38 - ਪੁਰੇਵਾਲਾਂ ਦਾ ਖੇਡਾਂ ਲਈ ਯੋਗਦਾਨ

ਲੇਖ਼ਕ

Friday, 16 October 2009 15:43

38 - ਪੁਰੇਵਾਲਾਂ ਦਾ ਖੇਡਾਂ ਲਈ ਯੋਗਦਾਨ

Written by
Rate this item
(0 votes)

ਤਨ ਮਨ ਤੇ ਧਨ ਨਾਲ ਖੇਡਾਂ `ਚ ਯੋਗਦਾਨ ਪਾਉਣ ਵਾਲੇ ਪੰਜਾਬੀ ਪਰਿਵਾਰਾਂ ਵਿੱਚ ਹਕੀਮਪੁਰ ਦੇ ਪੁਰੇਵਾਲ ਪਰਿਵਾਰ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ। ਹਕੀਮਪੁਰ ਜ਼ਿਲਾ ਨਵਾਂ ਸ਼ਹਿਰ ਦਾ ਇਤਿਹਾਸਕ ਪਿੰਡ ਹੈ ਜਿਸ ਨੂੰ ਸਿੱਖਾਂ ਦੇ ਤਿੰਨ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ। ਉਥੇ ਸੌ ਕੁ ਸਾਲ ਪਹਿਲਾਂ ਸਾਧਾਰਨ ਕਿਸਾਨ ਸੁੰਦਰ ਸਿੰਘ ਦੇ ਘਰ ਊਧਮ ਸਿੰਘ ਦਾ ਜਨਮ ਹੋਇਆ ਸੀ। ਊਧਮ ਸਿੰਘ ਵੱਡਾ ਹੋ ਕੇ ਪਹਿਲਾਂ ਹੌਲੀਆਂ ਤੇ ਪਿਛੋਂ ਭਾਰੀਆਂ ਮੂੰਗਲੀਆਂ ਫੇਰਨ ਲੱਗਾ। ਫਿਰ ਉਹ ਭਾਰੇ ਵੱਟਿਆਂ, ਵੇਲਣਿਆਂ ਤੇ ਬੋਰੀਆਂ ਦੇ ਬਾਲੇ ਕੱਢਣ ਲੱਗ ਪਿਆ। ਉਹਦੀ ਤਾਕਤ ਦੀਆਂ ਧੁੰਮਾਂ ਦੂਰ ਬਾਰ ਦੇ ਇਲਾਕਿਆਂ ਤਕ ਪੈ ਗਈਆਂ। ਉਹ ਗੱਡੇ `ਤੇ ਮੂੰਗਲੀਆਂ ਤੇ ਵੱਟੇ ਲੱਦਦਾ ਤੇ ਮੇਲਿਆਂ ਵਿੱਚ ਭਾਰ ਚੁੱਕਣ ਦੇ ਜੌਹਰ ਵਿਖਾਉਂਦਾ। ਬਲਬੀਰ ਸਿੰਘ ਕੰਵਲ ਨੇ ਲਿਖਿਆ ਹੈ ਕਿ ਬਾਬਾ ਊਧਮ ਸਿੰਘ ਦੀਆਂ ਮੂੰਗਲੀਆਂ ਦਾ ਭਾਰ ਪੁਰਾਣੇ 21 ਮਣ 15 ਸੇਰ ਸੀ।

ਕਹਿੰਦੇ ਹਨ ਕਿ ਜਦੋਂ ਊਧਮ ਸਿੰਘ ਦੀਆਂ ਮੂੰਗਲੀਆਂ ਤੇ ਵੱਟੇ ਕਿਸੇ ਹੋਰ ਤੋਂ ਨਾ ਚੁੱਕੇ ਗਏ ਤਾਂ ਉਸ ਨੇ ਉਹ ਨਨਕਾਣਾ ਸਾਹਿਬ ਜਾ ਕੇ ਗੁਰਦਵਾਰੇ ਰੱਖ ਦਿੱਤੇ। ਇੱਕ ਕੈਂਠਾ ਤੇ ਪੰਜ ਸੌ ਰੁਪਿਆ ਵੀ ਰੱਖ ਦਿੱਤਾ ਕਿ ਜਿਹੜਾ ਜੁਆਨ ਇਹ ਭਾਰ ਚੁੱਕੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ। 1965 ਵਿੱਚ ਉਸ ਦਾ ਦਿਹਾਂਤ ਹੋਇਆ ਤੇ ਉਸ ਦੇ ਜੀਂਦੇ ਜੀਅ ਕੋਈ ਉਹਦਾ ਭਾਰ ਨਾ ਚੁੱਕ ਸਕਿਆ।

ਬਾਬਾ ਊਧਮ ਸਿੰਘ ਦੇ ਘਰ ਹਰਬੰਸ ਸਿੰਘ ਨੇ ਜਨਮ ਲਿਆ ਜਿਸ ਨੇ ਟਰਾਂਸਪੋਰਟ ਵਿੱਚ ਚੰਗਾ ਨਾਮਣਾ ਖੱਟਿਆ। ਉਹ ਛਿੰਝਾਂ `ਤੇ ਜਾਂਦਾ ਤੇ ਪਹਿਲਵਾਨਾਂ ਨੂੰ ਇਨਾਮ ਦਿੰਦਾ। ਉਸ ਦਾ ਵਿਆਹ ਪਿੰਡ ਮਜਾਰੀ ਦੀ ਬੀਬੀ ਸੁਰਜੀਤ ਕੌਰ ਨਾਲ ਹੋਇਆ ਜਿਸ ਦੀ ਕੁੱਖੋਂ 4 ਨਵੰਬਰ 1943 ਨੂੰ ਮਲਕੀਤ ਸਿੰਘ ਦਾ ਜਨਮ ਹੋਇਆ। ਉਸ ਦੇ ਪਿਤਾ ਤੇ ਬਾਬੇ ਨੇ ਉਸ ਨੂੰ ਪਹਿਲਵਾਨ ਬਣਾਉਣ ਦੀ ਠਾਣ ਲਈ। ਉਹ ਪੁਰੇਵਾਲ ਪਰਿਵਾਰ ਦਾ ਲਾਡਲਾ ਫਰਜ਼ੰਦ ਸੀ ਜਿਸ ਨੂੰ ਖੁੱਲ੍ਹੀ ਡੁੱਲ੍ਹੀ ਖੁਰਾਕ ਨਾਲ ਪਾਲਿਆ ਗਿਆ। ਬਾਬਾ ਉਸ ਨੂੰ ਬਿਲਾ ਨਾਗਾ ਕਸਰਤ ਕਰਾਉਂਦਾ। ਵੱਡਾ ਹੋ ਕੇ ਉਹ ਘੋਲ ਘੁਲਣ ਤੇ ਕਬੱਡੀ ਖੇਡਣ ਲੱਗਾ। ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਪੜ੍ਹਦਾ ਸੀ ਜਦੋਂ ਕੁਸ਼ਤੀ ਦੇ ਆਪਣੇ ਵਜ਼ਨ ਵਿੱਚ ਆਲ ਇੰਡੀਆ ਯੂਨੀਵਰਸਿਟੀਜ਼ ਦਾ ਚੈਂਪੀਅਨ ਬਣਿਆ। ਕਬੱਡੀ ਦੀ ਖੇਡ ਵਿੱਚ ਵੀ ਉਨ੍ਹਾਂ ਦੇ ਕਾਲਜ ਦੀ ਟੀਮ ਯੂਨੀਵਰਸਿਟੀ ਵਿੱਚ ਚੋਟੀ `ਤੇ ਰਹੀ ਤੇ ਪਿੰਡਾਂ ਦੇ ਵੱਡੇ ਟੂਰਨਾਮੈਂਟ ਜਿੱਤਣ ਲੱਗੀ। ਉਹ 1970 ਵਿੱਚ ਕੈਨੇਡਾ ਚਲਾ ਗਿਆ ਤੇ ਉਥੇ ਵੀ ਕਬੱਡੀ ਖੇਡਦਾ ਤੇ ਕੁਸ਼ਤੀਆਂ ਵਿੱਚ ਦਿਲਚਸਪੀ ਲੈਂਦਾ ਰਿਹਾ।

1947 ਵਿੱਚ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਦੂਜੇ ਪੁੱਤਰ ਚਰਨ ਸਿੰਘ ਨੇ ਜਨਮ ਲਿਆ। ਉਹ ਜੁੱਸੇ ਦਾ ਨਿੱਗਰ ਸੀ ਤੇ ਵੱਡੇ ਭਰਾ ਦੀ ਰੀਸ ਨਾਲ ਕਬੱਡੀ ਖੇਡਣ ਲੱਗ ਪਿਆ। ਸਿੱਖ ਨੈਸ਼ਨਲ ਕਾਲਜ ਬੰਗਾ ਤੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਦੀ ਟੀਮ ਨੇ ਯੂਨੀਵਰਸਿਟੀ ਦੀ ਕਬੱਡੀ ਚੈਂਪੀਅਨਸ਼ਿਪ ਜਿੱਤੀ। ਜਗਤਪੁਰ ਦੇ ਰਾਜ ਪੱਧਰੀ ਕਬੱਡੀ ਟੂਰਨਾਮੈਂਟ `ਚ ਉਸ ਨੂੰ ਮਾਲਵੇ ਦਾ ਮਸ਼ਹੂਰ ਜਾਫੀ ਨਛੱਤਰ ਢਾਂਡੀ ਵੀ ਨਾ ਡੱਕ ਸਕਿਆ। ਉਹ ਖੇਡ ਦੀ ਪੂਰੀ ਫਾਰਮ ਵਿੱਚ ਸੀ ਜਦੋਂ 1970 ਵਿੱਚ ਕੈਨੇਡਾ ਚਲਾ ਗਿਆ ਤੇ ਉਥੇ ਵੱਡੇ ਵੀਰ ਮਲਕੀਤ ਸਿੰਘ ਨਾਲ ਜ਼ੋਰ ਅਜ਼ਮਾਈ ਕਰਨ ਲੱਗਾ। ਉਹ ਦੱਬ ਕੇ ਕੰਮ ਕਰਦੇ ਤੇ ਵਿਹਲੇ ਵੇਲੇ ਕਬੱਡੀ ਖੇਡਦੇ। <>b1975 ਵਿੱਚ ਕੈਨੇਡਾ ਦੇ ਪਹਿਲੇ ਕਬੱਡੀ ਟੂਰਨਾਮੈਂਟ `ਚ ਉਸ ਨੂੰ ਬੈੱਸਟ ਰੇਡਰ ਐਲਾਨਿਆ ਗਿਆ। ਕੈਨੇਡਾ ਵਿੱਚ ਉਸ ਨੇ 1983 ਤਕ ਕਬੱਡੀ ਖੇਡੀ।

ਪੁਰੇਵਾਲ ਪਰਿਵਾਰ ਵਿੱਚ ਗੁਰਜੀਤ ਸਿੰਘ ਦਾ ਜਨਮ 8 ਜੂਨ 1955 ਨੂੰ ਹੋਇਆ। ਮੁਕੰਦਪੁਰ ਦੇ ਹਾਈ ਸਕੂਲ ਵਿੱਚ ਪੜ੍ਹਦਿਆਂ ਹੀ ਉਹ ਕਬੱਡੀ ਦਾ ਤਕੜਾ ਖਿਡਾਰੀ ਬਣ ਗਿਆ ਤੇ ਸਕੂਲਾਂ ਦੀ ਸਟੇਟ ਚੈਂਪੀਅਨਸ਼ਿਪ ਵਿੱਚ ਖੇਡਿਆ। ਉਨ੍ਹਾਂ ਦੀ ਟੀਮ ਪੰਜਾਬ ਵਿੱਚ ਦੂਜੇ ਸਥਾਨ ਉਤੇ ਰਹੀ। ਪਹਿਲਾਂ ਉਹ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਕਬੱਡੀ ਖੇਡਿਆ ਤੇ ਫਿਰ ਉੱਚਪੱਧਰੀ ਕਬੱਡੀ ਖੇਡਣ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਜਾ ਦਾਖਲ ਹੋਇਆ। ਉਥੇ ਫਾਈਨਲ ਵਿੱਚ ਉਨ੍ਹਾਂ ਦੀ ਟੀਮ ਦਾ ਮੈਚ ਨਡਾਲੇ ਕਾਲਜ ਦੀ ਟੀਮ ਨਾਲ ਪਿਆ ਜਿਸ ਵਿੱਚ ਬਲਵਿੰਦਰ ਫਿੱਡੂ ਵਰਗੇ ਖਿਡਾਰੀ ਖੇਡ ਰਹੇ ਸਨ। ਗੁਰਜੀਤ ਹੋਰਾਂ ਦੀ ਟੀਮ ਨੇ ਯੂਨੀਵਰਸਿਟੀ ਦੀ ਚੈਂਪੀਅਨਸ਼ਿਪ ਜਿੱਤ ਲਈ। ਉਹ ਦੋਹਾਂ ਕਾਲਜਾਂ ਦੀਆਂ ਟੀਮਾਂ ਦਾ ਕਪਤਾਨ ਸੀ। ਉਸ ਨੇ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। 1977 ਵਿੱਚ ਉਹ ਵੀ ਆਪਣੇ ਵੱਡੇ ਭਰਾਵਾਂ ਕੋਲ ਕੈਨੇਡਾ ਚਲਾ ਗਿਆ।

ਤਿੰਨੇ ਭਰਾ ਕਬੱਡੀ ਦੇ ਖਿਡਾਰੀ ਹੋਣ ਕਾਰਨ ਉਨ੍ਹਾਂ ਨੇ ਕੈਨੇਡਾ ਵਿੱਚ ਵੀ ਕਬੱਡੀ ਸ਼ੁਰੂ ਕਰ ਲਈ। ਅੱਜ ਕੈਨੇਡਾ ਵਿੱਚ ਕਬੱਡੀ ਦਾ ਜੋ ਮੁਕਾਮ ਹੈ ਉਸ ਦੀਆਂ ਜੜ੍ਹਾਂ ਪੁਰੇਵਾਲ ਭਰਾਵਾਂ ਨੇ ਲਾਈਆਂ ਸਨ। ਜੇਕਰ ਉਨ੍ਹਾਂ ਨੂੰ ਕੈਨੇਡਾ ਦੀ ਕਬੱਡੀ ਦੇ ਪਿਤਾਮਾ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ। 1977-78 ਵਿੱਚ ਇੰਗਲੈਂਡ ਦੀ ਕਬੱਡੀ ਟੀਮ ਕੈਨੇਡਾ ਵਿੱਚ ਮੈਚ ਖੇਡਣ ਆਈ। ਏਧਰ ਕੈਨੇਡਾ ਦੀ ਟੀਮ ਵਿੱਚ ਤਿੰਨੇ ਭਰਾ ਖੇਡੇ ਤੇ ਗੁਰਜੀਤ ਨੂੰ ਬੈੱਸਟ ਰੇਡਰ ਐਲਾਨਿਆਂ ਗਿਆ। 1978-79 ਵਿੱਚ ਤਿੰਨੇ ਭਰਾ ਪੂਰੀ ਤਿਆਰੀ ਵਿੱਚ ਸਨ ਤੇ ਕੈਨੇਡਾ ਦੀ ਟੀਮ ਨੇ ਇੰਗਲੈਂਡ ਵਿੱਚ ਖੇਡਣ ਜਾਣਾ ਸੀ। ਇੰਗਲੈਂਡ ਦੇ ਦਰਸ਼ਕਾਂ ਨੂੰ ਵੀ ਪਤਾ ਲੱਗ ਜਾਣਾ ਸੀ ਕਿ ਪੁਰੇਵਾਲ ਭਰਾਵਾਂ ਦੀ ਖੇਡ ਕਿਸ ਮੁਕਾਮ ਉਤੇ ਹੈ? ਇੰਗਲੈਂਡ ਰਵਾਨਾ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਦੇ ਪਿਤਾ ਸ.ਹਰਬੰਸ ਸਿੰਘ ਪੁਰੇਵਾਲ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਉਹ ਇੰਗਲੈਂਡ ਖੇਡਣ ਨਾ ਜਾ ਸਕੇ।

1980 ਵਿੱਚ ਉਨ੍ਹਾਂ ਨੇ ਫਾਰਮ ਲੈ ਲਿਆ ਤੇ ਤਿੰਨੇ ਭਰਾ ਫਾਰਮ ਦੇ ਕੰਮਾਂ ਵਿੱਚ ਮਸਰੂਫ਼ ਹੋ ਗਏ। ਮਲਕੀਤ ਸਿੰਘ ਨੇ ਕਬੱਡੀ ਖੇਡਣੀ ਛੱਡ ਦਿੱਤੀ ਜਦ ਕਿ ਚਰਨ ਤੇ ਗੁਰਜੀਤ 1983 ਤਕ ਖੇਡਦੇ ਰਹੇ। ਗੁਰਜੀਤ 1988 ਵਿੱਚ ਪਿੰਡ ਪਰਤ ਕੇ ਵੀ ਕਬੱਡੀ ਖੇਡਿਆ ਤੇ ਆਪਣੇ ਪਿੰਡ ਵਿੱਚ ਕਬੱਡੀ ਦੀ ਟੀਮ ਖੜ੍ਹੀ ਕੀਤੀ।

ਆਮ ਧਾਰਨਾ ਹੈ ਕਿ ਇੱਕ ਪੀੜ੍ਹੀ ਖੇਡਾਂ ਵਿੱਚ ਦਿਲਚਸਪੀ ਲੈਂਦੀ ਹੈ ਤੇ ਦੂਜੀ ਦੀ ਦਿਲਚਸਪੀ ਘਟ ਜਾਂਦੀ ਹੈ। ਪਰ ਪੁਰੇਵਾਲ ਪਰਿਵਾਰ ਦੀ ਚੌਥੀ ਪੀੜ੍ਹੀ ਵੀ ਖੇਡਾਂ ਵਿੱਚ ਉਨੀ ਹੀ ਸਰਗਰਮ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਜੁੱਸੇ ਤਕੜੇ ਬਣਾਉਣ ਦਾ ਸ਼ੌਕ ਜੱਦੀ ਪੁਸ਼ਤੀ ਤੁਰਿਆ ਆ ਰਿਹੈ। ਉਹ ਸ਼ੁਧ ਖੁਰਾਕ ਤੇ ਮਿਹਨਤ ਕਰਨ ਉਤੇ ਬਲ ਦਿੰਦੇ ਆ ਰਹੇ ਹਨ। ਮਲਕੀਤ ਸਿੰਘ ਦੇ ਲੜਕੇ ਗੁਰਦਾਵਰ ਸਿੰਘ ਤੇ ਹਰਮਨ ਸਿੰਘ ਕਬੱਡੀ ਦੇ ਤਕੜੇ ਖਿਡਾਰੀ ਹਨ। ਦੋਹੇਂ ਕਬੱਡੀ ਦੇ ਉੱਚ ਪੱਧਰੀ ਮੈਚ ਖੇਡਦੇ ਰਹੇ ਹਨ। ਹਰਮਨ ਨੇ ਤਾਂ ਫਿੱਡੂ ਤੇ ਹਰਜੀਤ ਬਰਾੜ ਨੂੰ ਵੀ ਜੱਫੇ ਲਾ ਦਿੱਤੇ ਸਨ ਜਿਨ੍ਹਾਂ ਉਤੇ ਹਜ਼ਾਰਾਂ ਡਾਲਰਾਂ ਦਾ ਇਨਾਮ ਸੀ। ਚਰਨ ਸਿੰਘ ਦਾ ਲੜਕਾ ਚਮਕੌਰ ਸਿੰਘ ਪਹਿਲਾਂ ਕਬੱਡੀ ਖੇਡਣ ਲੱਗਾ ਸੀ ਪਰ ਉੱਚੇ ਕੱਦ ਕਾਠ ਕਾਰਨ ਅਮਰੀਕਨ ਫੁੱਟਬਾਲ ਵੱਲ ਖਿੱਚਿਆ ਗਿਆ।

ਗੁਰਜੀਤ ਸਿੰਘ ਦੇ ਲੜਕੇ ਪਰਮਿੰਦਰ ਪੈਰੀ ਤੇ ਤਜਿੰਦਰ ਟੈਰੀ ਕੁਸ਼ਤੀਆਂ `ਚ ਬੜੇ ਚਮਕੇ ਹਨ। ਪੈਰੀ ਬੀ.ਸੀ.ਦੇ ਸਕੂਲਾਂ ਦਾ ਚੈਂਪੀਅਨ ਬਣਿਆਂ ਤੇ ਸਾਰੇ ਕੈਨੇਡਾ ਵਿੱਚ ਦੂਜੇ ਸਥਾਨ ਉਤੇ ਰਿਹਾ। ਹੁਣ ਉਹ ਕਬੱਡੀ ਦਾ ਤਕੜਾ ਖਿਡਾਰੀ ਹੈ ਜਿਸ ਨੂੰ ਰੌਕੀ ਆਫ਼ ਦਾ ਯੀਅਰ ਦਾ ਖ਼ਿਤਾਬ ਮਿਲਿਆ ਹੈ। ਟੈਰੀ ਨੇ ਵੀ ਕੁਸ਼ਤੀਆਂ ਵਿੱਚ ਬੀ.ਸੀ.ਦੀ ਚੈਂਪੀਅਨਸ਼ਿਪ ਜਿੱਤ ਲਈ ਹੈ ਤੇ ਨੈਸ਼ਨਲ ਵਿੱਚ ਵੀ ਜਿੱਤ ਮੰਚ `ਤੇ ਚੜ੍ਹਿਆ ਹੈ। ਉਸ ਨੇ ਕੈਨੇਡਾ ਦੀ ਕੁਸ਼ਤੀ ਟੀਮ ਦਾ ਮੈਂਬਰ ਬਣ ਕੇ ਕਿਊਬਾ ਦਾ ਟੂਰ ਲਾਇਆ ਹੈ। ਉਹ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਵਿੱਚ ਭਾਰਤ ਕੁਮਾਰ ਦਾ ਟਾਈਟਲ ਵੀ ਜਿੱਤ ਚੁੱਕਾ ਹੈ। ਉਮੀਦ ਹੈ ਇਹ ਨੌਜੁਆਨ ਖੇਡਾਂ ਵਿੱਚ ਪੁਰੇਵਾਲ ਪਰਿਵਾਰ ਦਾ ਨਾਂ ਹੋਰ ਵੀ ਰੌਸ਼ਨ ਕਰਨਗੇ।

ਜਿਥੇ ਪੁਰੇਵਾਲ ਪਰਿਵਾਰ ਦੇ ਮੈਂਬਰ ਖ਼ੁਦ ਖੇਡਾਂ ਖੇਡਦੇ ਆ ਰਹੇ ਹਨ ਉਥੇ ਉਨ੍ਹਾਂ ਨੇ ਸਵਰਗੀ ਹਰਬੰਸ ਸਿੰਘ ਪੁਰੇਵਾਲ ਦੀ ਯਾਦ ਵਿੱਚ ਵੱਡੇ ਇਨਾਮਾਂ ਵਾਲਾ ਪੇਂਡੂ ਖੇਡ ਮੇਲਾ ਕਰਾਉਣਾ ਵੀ ਸ਼ੁਰੂ ਕੀਤਾ ਹੋਇਐ। 1988 ਤੋਂ ਇਹ ਖੇਡ ਮੇਲਾ ਹਕੀਮਪੁਰ ਤੇ ਜਗਤਪੁਰ ਵਿਚਕਾਰ ਬਣੇ ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਕਰਾਇਆ ਜਾਂਦਾ ਹੈ। ਪੁਰੇਵਾਲ ਆਪਣੀ ਕਿਰਤ ਕਮਾਈ ਦਾ ਦਸਵੰਧ ਖੇਡਾਂ ਉਤੇ ਹੀ ਖਰਚਦਾ ਹਨ। ਪਿਛਲੇ ਸਾਲ ਮਨਾਏ ਗਏ ਪੁਰੇਵਾਲ ਖੇਡ ਮੇਲੇ ਦਾ ਬਜਟ ਚਾਲੀ ਲੱਖ ਰੁਪਏ ਤੋਂ ਉਪਰ ਸੀ ਤੇ 22-24 ਫਰਵਰੀ 2008 ਨੂੰ ਮਨਾਏ ਜਾ ਰਹੇ ਅਠ੍ਹਾਰਵੇਂ ਮੇਲੇ ਦਾ ਖਰਚ ਹੋਰ ਵੀ ਵੱਧ ਹੋਵੇਗਾ। ਪੁਰੇਵਾਲ ਭਰਾ ਸਿਰਫ ਆਪਣੇ ਪਿਤਾ ਜੀ ਦੀ ਯਾਦ ਵਿੱਚ ਮਨਾਏ ਜਾਂਦੇ ਖੇਡ ਮੇਲੇ `ਤੇ ਹੀ ਆਪਣੀ ਕਿਰਤ ਕਮਾਈ ਨਹੀਂ ਲਾਉਂਦੇ ਸਗੋਂ ਕੈਨੇਡਾ ਵਿੱਚ ਹੁੰਦੇ ਖੇਡ ਮੇਲਿਆਂ ਦੀ ਵੀ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਐਤਕੀਂ ਉਨ੍ਹਾਂ ਨੇ ਟੋਰਾਂਟੋ ਦੇ ਵਰਲਡ ਕਬੱਡੀ ਕੱਪ ਸਮੇਂ ਭਾਰਤ ਦੀ ਕਬੱਡੀ ਟੀਮ ਸਪਾਂਸਰ ਕੀਤੀ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲਿਆਂ ਵਿੱਚ ਵੀ ਉਨ੍ਹਾਂ ਦਾ ਭਰਵਾਂ ਯੋਗਦਾਨ ਹੁੰਦਾ ਹੈ।

ਉਹ ਖੇਡਾਂ ਦੇ ਮੈਗਜ਼ੀਨ ਖੇਡ ਸੰਸਾਰ ਦੇ ਵੀ ਥੰਮ੍ਹ ਹਨ। ਉਨ੍ਹਾਂ ਦੀ ਹੱਲਾਸ਼ੇਰੀ ਨਾਲ ਹੀ ਇਹ ਰਸਾਲਾ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਬੀ.ਸੀ.ਕਬੱਡੀ ਐਂਡ ਕਲਚਰਲ ਸੰਸਥਾ ਬਣਾਈ ਹੈ ਜਿਸ ਨੇ ਤਿੰਨ ਸੌ ਸਾਲਾ ਖਾਲਸਾ ਖੇਡ ਮੇਲਾ ਕਰਵਾਇਆ ਸੀ। ਪੁਰੇਵਾਲ ਭਰਾ ਆਪਣੇ ਸਹਿਯੋਗੀ ਸਤਨਾਮ ਸਿੰਘ ਜੌਹਲ ਨਾਲ ਸ੍ਰੀ ਗੁਰੂ ਹਰਗੋਬਿੰਦ ਕੁਸ਼ਤੀ ਅਖਾੜਾ ਚਲਾ ਰਹੇ ਹਨ ਜਿਸ ਅਖਾੜੇ ਦਾ ਪਹਿਲਵਾਨ ਡੇਨੀਅਲ ਇਗਾਲੀ ਉਰਫ਼ ਤੂਫ਼ਾਨ ਸਿੰਘ ਓਲੰਪਿਕ ਚੈਂਪੀਅਨ ਬਣ ਚੁੱਕਾ ਹੈ। ਉਸ ਅਖਾੜੇ ਨੂੰ ਪੰਮਾ ਰੇਰੂ, ਬੁੱਧ ਸਿੰਘ ਧਲੇਤਾ, ਪ੍ਰਸ਼ੋਤਮ ਹੇਅਰ, ਅਜੀਤ ਹੇਅਰ, ਅਮਰੀਕ ਸੰਘੇੜਾ ਤੇ ਹੋਰ ਦੋਸਤਾਂ ਮਿੱਤਰਾਂ ਦਾ ਸਹਿਯੋਗ ਵੀ ਹਾਸਲ ਹੈ। ਉਥੇ ਚਾਲੀ ਪੰਜਾਹ ਪਹਿਲਵਾਨ ਰੋਜ਼ਾਨਾ ਸਿਖਲਾਈ ਲੈਂਦੇ ਹਨ। ਉਨ੍ਹਾਂ ਨੂੰ ਪਹਿਲਾਂ ਰੂਸੀ ਕੋਚ ਜੌਰਜ ਉਰਬੀ ਕੋਚਿੰਗ ਦਿੰਦਾ ਸੀ ਤੇ ਹੁਣ ਅਫ਼ਗ਼ਾਨਿਸਤਾਨ ਦਾ ਕੋਚ ਮੁਹੰਮਦ ਕਿਯੂਮ ਪੱਕੇ ਤੌਰ `ਤੇ ਟ੍ਰੇਨਿੰਗ ਦਿੰਦਾ ਹੈ। ਉਹ ਖ਼ੁਦ ਵੀ ਇੰਟਰਨੈਸ਼ਨਲ ਪੱਧਰ ਦਾ ਪਹਿਲਵਾਨ ਰਿਹੈ।

ਪੁਰੇਵਾਲ ਭਰਾਵਾਂ ਨੇ ਆਪਣੀ ਮਾਤਾ ਸੁਰਜੀਤ ਕੌਰ ਦੀ ਯਾਦ ਵਿੱਚ ਇੱਕ ਅਵਾਰਡ ਸਥਾਪਿਤ ਕੀਤਾ ਹੈ ਜੋ ਹਰ ਸਾਲ ਕੌਮਾਂਤਰੀ ਪੱਧਰ ਦੀ ਪੰਜਾਬਣ ਖਿਡਾਰਨ ਨੂੰ ਦਿੱਤਾ ਜਾ ਰਿਹੈ। ਇਸ ਤੋਂ ਬਿਨਾਂ ਉਹ ਹਰ ਸਾਲ ਪੁਰੇਵਾਲ ਖੇਡ ਮੇਲੇ `ਤੇ ਖੇਡ ਲੇਖਕਾਂ, ਪੁਰਾਣੇ ਖਿਡਾਰੀਆਂ ਤੇ ਕਲਾਕਾਰਾਂ ਦਾ ਵੀ ਮਾਣ ਸਨਮਾਨ ਕਰਦੇ ਹਨ। ਖੇਡ ਪੁਸਤਕਾਂ ਛਾਪਣ ਵਿੱਚ ਵੀ ਮਾਇਕ ਸਹਾਇਤਾ ਦਿੰਦੇ ਹਨ ਤੇ ਹਜ਼ਾਰਾਂ ਰੁਪਿਆ ਦੀਆਂ ਪੁਸਤਕਾਂ ਆਪਣੇ ਖੇਡ ਮੇਲੇ ਵਿੱਚ ਖੇਡ ਨਿਸ਼ਾਨੀਆਂ ਵਜੋਂ ਵੰਡਦੇ ਹਨ। ਉਨ੍ਹਾਂ ਨੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਨੂੰ ਵੀ ਬਣਦਾ ਸਰਦਾ ਦਾਨ ਦਿੱਤਾ ਹੈ। ਉਹ ਪੰਜਾਬ ਸਰਕਾਰ ਨਾਲ ਬਰਾਬਰ ਦਾ ਹਿੱਸਾ ਪਾਉਣ ਲਈ ਤਿਆਰ ਹਨ ਜੇਕਰ ਪੰਜਾਬ ਦਾ ਖੇਡ ਵਿਭਾਗ ਜਗਤਪੁਰ ਦੇ ਸਟੇਡੀਅਮ ਵਿੱਚ ਕੋਚਿੰਗ ਸੈਂਟਰ ਸ਼ੁਰੂ ਕਰੇ।

ਵੈਨਕੂਵਰ ਦੇ ਨਾਲ ਹੀ ਪਿਟਮੀਡੋਜ਼ ਵਿੱਚ ਉਨ੍ਹਾਂ ਦਾ ਬਲਿਊ ਬੇਰੀ ਫਾਰਮ ਤੇ ਵੱਡੀ ਕੇਨਰੀ ਹੈ ਜਿਥੇ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀ ਕਾਮੇ ਕੰਮ ਕਰਦੇ ਹਨ। ਉਨ੍ਹਾਂ ਨੇ ਵਡੇਰੀ ਉਮਰ ਦੇ ਬੰਦਿਆਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਸਵੈਮਾਨ ਦੀ ਜ਼ਿੰਦਗੀ ਦਿੱਤੀ ਹੈ। ਹੁਣ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਉਨ੍ਹਾਂ ਦੇ ਫਾਰਮ ਉਤੇ ਲੰਗਰ ਚਲਦਾ ਰਹਿੰਦਾ ਹੈ। ਪੁਰੇਵਾਲ ਪਰਿਵਾਰ ਦੀਆਂ ਬੀਬੀਆਂ ਗਿਆਨ ਕੌਰ, ਗੁਰਦੇਵ ਕੌਰ ਤੇ ਬਲਵਿੰਦਰ ਕੌਰ ਸੇਵਾ ਭਾਵ ਵਾਲੀਆਂ ਘਰੇਲੂ ਸਿੰਘਣੀਆਂ ਹਨ। ਪੁਰੇਵਾਲ ਫਾਰਮ ਉਤੇ ਆਏ ਗਏ ਮਹਿਮਾਨਾਂ ਦਾ ਮੇਲਾ ਲੱਗਿਆ ਰਹਿੰਦਾ ਹੈ ਤੇ ਬੀਬੀਆਂ ਦੀ ਪ੍ਰਾਹੁਣਚਾਰੀ ਮਿਸਾਲੀ ਹੈ। ਗੁਰੂ ਮਹਾਰਾਜ ਦੀ ਮਿਹਰ ਨਾਲ ਚੁੱਲ੍ਹੇ ਸਦਾ ਤਪਦੇ ਰਹਿੰਦੇ ਹਨ।

ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਲੱਗਣ ਲੱਗ ਪਏ ਹਨ ਪਰ ਹਕੀਮਪੁਰ ਦੇ ਪੁਰੇਵਾਲ ਖੇਡ ਮੇਲੇ ਦੀ ਰੀਸ ਨਹੀਂ। ਉਥੇ ਚੋਟੀ ਦੀ ਕਬੱਡੀ ਤੇ ਰੁਸਤਮੀ ਕੁਸ਼ਤੀਆਂ ਦੇ ਨਾਲ ਕਈ ਵਿਰਾਸਤੀ ਤੇ ਆਧੁਨਿਕ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਗਿੱਧੇ ਭੰਗੜੇ ਪੈਂਦੇ ਹਨ ਤੇ ਨਿਹੰਗਾਂ ਦੀ ਨੇਜ਼ਾਬਾਜ਼ੀ ਨਜ਼ਾਰੇ ਬੰਨ੍ਹ ਦਿੰਦੀ ਹੈ। ਗਤਕਾ ਪਾਰਟੀਆਂ ਅੱਡ ਆਪਣੇ ਜੋਹਰ ਵਿਖਾਉਂਦੀਆਂ ਹਨ ਤੇ ਪਤੰਗਬਾਜ਼ ਵੱਖ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ। ਕਿਧਰੇ ਹਲਟ ਦੌੜਾਂ ਲੱਗਦੀਆਂ ਹਨ ਤੇ ਕਿਧਰੇ ਬੈਲ ਗੱਡੀਆਂ ਦੀਆਂ ਦੌੜਾਂ ਧੂੜਾਂ ਉਡਾਉਂਦੀਆਂ ਦਿਸਦੀਆਂ ਹਨ। ਕੁੱਤਿਆਂ ਦੀਆਂ ਦੌੜਾਂ ਦੀ ਆਪਣੀ ਰੇਲ ਬਣੀ ਹੁੰਦੀ ਹੈ। ਬਾਜ਼ੀਗਰਾਂ ਦੇ ਜਾਨ ਹੂਲਵੇਂ ਕਰਤਬ ਤਿੰਨੇ ਦਿਨ ਮੇਲੀਆਂ ਨੂੰ ਮੁਗਧ ਕਰੀ ਰੱਖਦੇ ਹਨ। ਮੀਡੀਏ ਨੇ ਪੁਰੇਵਾਲ ਮੇਲੇ ਨੂੰ ਲੱਖਾਂ ਦੇ ਇਨਾਮਾਂ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਇਨਾਮੀ ਪੇਂਡੂ ਖੇਡ ਮੇਲਾ ਕਹਿ ਕੇ ਵਡਿਆਇਆ ਹੈ। ਪੁਰੇਵਾਲ ਪਰਿਵਾਰ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਪੁਰੇਵਾਲ ਖੇਡ ਮੇਲਾ ਵੇਖਣ ਆਉਣ ਤੇ ਹਕੀਮਪੁਰੀਆਂ ਨੂੰ ਧੰਨਵਾਦੀ ਬਣਾਉਣ। ਅਠ੍ਹਾਰਵੇਂ ਪੁਰੇਵਾਲ ਖੇਡ ਮੇਲੇ ਦੇ ਕਈ ਈਵੈਂਟ ਯਾਦਗਾਰੀ ਹੋਣਗੇ ਜੋ ਦੇਰ ਤਕ ਗੱਲਾਂ ਕਰਾਉਣਗੇ।

Read 3597 times
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।