You are here:ਮੁਖ ਪੰਨਾ»ਸਫ਼ਰਨਾਮਾ»ਵਗਦੀ ਏ ਰਾਵੀ»ਮੁਹੱਬਤ ਦਾ ਨਿੱਘ ਮਾਨਣ ਲਈ ਉਤਾਵਲੇ

ਲੇਖ਼ਕ

Tuesday, 06 October 2009 18:43

ਮੁਹੱਬਤ ਦਾ ਨਿੱਘ ਮਾਨਣ ਲਈ ਉਤਾਵਲੇ

Written by
Rate this item
(0 votes)

14 ਅਪਰੈਲ ਨੂੰ ਕਾਨਫ਼ਰੰਸ ਦਾ ਸ਼ਾਮ ਵਾਲਾ ਸੈਸ਼ਨ ਖਤਮ ਹੋਣ ਵਾਲਾ ਸੀ। ਸਟੇਜ ਨੇੜਲੀਆਂ ਕੁਰਸੀਆਂ ਉਤੇ ਮੈਂ, ਰਘਬੀਰ ਸਿੰਘ, ਸੁਲੇਖਾ, ਸਰਵਣ ਸਿੰਘ ਤੇ ਉਸ ਦਾ ਮਿੱਤਰ ਸ਼ਿੰਗਾਰਾ ਸਿੰਘ ਕਿੰਗਰਾ ਬੈਠੇ ਹੋਏ ਸਾਂ। ਸਾਡੇ ਨਾਲ ਹੀ ਬੈਠੇ ਸਨ ਰਾਇ ਅਜ਼ੀਜ਼ ਉੱਲਾ ਖਾਨ ਜਿਨ੍ਹਾਂ ਦੇ ਖਾਨਦਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਗੰਗਾ ਸਾਗਰ’ ਆਪਣੀ ਯਾਦ-ਨਿਸ਼ਾਨੀ ਵਜੋਂ ਦਿੱਤਾ ਸੀ। ਮੈਂ ਰਾਇ ਸਾਹਿਬ ਨੂੰ ਕੁਝ ਸਾਲ ਹੋਏ ਉਨ੍ਹਾਂ ਦੀ ਭਾਰਤ ਫੇਰੀ ਉਤੇ ਜਲੰਧਰ ਦੇ ਸਰਕਟ ਹਾਊਸ ਵਿਚ ਉਨ੍ਹਾਂ ਦੇ ਸਨਮਾਨ ਵਿਚ ਹੋਏ ਸਮਾਗਮ ਵਿਚ ਮਿਲਿਆ ਸਾਂ। ਉਨ੍ਹਾਂ ਦੀ ਗੁਰੂ ਘਰ ਨਾਲ ਸਾਂਝ-ਸਤਿਕਾਰ ਦੀ ਭਰਵੀਂ ਪ੍ਰਸੰਸਾ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ ਅਤੇ ਮੈਂ ਇਹ ਫਰਜ਼ ਕੁਝ ਸ਼ਬਦ ਬੋਲ ਕੇ ਵੀ ਅਦਾ ਕੀਤਾ ਸੀ। ਰਾਇ ਸਾਹਿਬ ਨੂੰ ਮੇਰੀ ਉਹ ਮਿਲਣੀ ਚੇਤੇ ਸੀ। ਸਰਵਣ ਸਿੰਘ ਨੇ ਉਨ੍ਹਾਂ ਨਾਲ ‘ਇਤਿਹਾਸਕ ਸਾਂਝ’ ਕੱਢ ਲਈ। ਉਸ ਨੇ ਸਾਨੂੰ ਦੱਸਿਆ।

‘‘ਰਾਇ ਸਾਹਿਬ ਦੇ ਵਡੇਰਿਆਂ ਦਾ ਪਿਛੋਕੜ ਮੇਰੇ ਪਿੰਡ ਨਾਲ ਮਿਲਦਾ ਏ। ਅਸੀਂ ਤਾਂ ਰਾਇ ਸਾਹਿਬ ਦੇ ਗਰਾਈਂ ਹਾਂ। ਰਾਇ ਸਾਹਿਬ ਜਾਣਦੇ ਹੀ ਨੇ ਕਿ ਰਾਏਕੋਟ ਦੇ ਰਾਏ ਪਰਿਵਾਰ ਦਾ ਸਬੰਧ ਰਾਜਸਥਾਨ ਦੇ ਰਾਜਪੂਤਾਂ ਨਾਲ ਜਾ ਜੁੜਦਾ ਹੈ। ਜੈਸਲਮੇਰ ਵਿਚ ਵੱਸਦੇ ਇਨ੍ਹਾਂ ਲੋਕਾਂ ਦਾ ਇਕ ਵਡੇਰਾ, ਜਿਸ ਦਾ ਨਾਂ ਮੋਕਲ ਸੀ, ਕਈ ਸੌ ਸਾਲ ਪਹਿਲਾਂ ਪਿੰਡ ‘ਚੱਕਰ’ ਵਿਚ ਆ ਵਸਿਆ ਸੀ।’’

ਸਰਵਣ ਸਿੰਘ ਦਾ ਪਿੰਡ ਵੀ ਚੱਕਰ ਹੈ। ਉਸ ਨੇ ਗੱਲ ਅੱਗੇ ਤੋਰੀ, ‘‘ਮੋਕਲ ਦੀ ਚੌਥੀ ਪੀੜ੍ਹੀ ‘ਚੋਂ ਤੁਲਸੀ ਰਾਮ ਨੇ ਇਸਲਾਮ ਕਬੂਲ ਕਰ ਲਿਆ ਤੇ ਉਹ ਤੁਲਸੀ ਰਾਮ ‘ਸ਼ੇਖ਼ ਚੱਕੂ’ ਬਣ ਗਿਆ। ਅਲਾਉਦੀਨ ਖਿਲਜੀ ਨਾਲ ਉਹਦੇ ਚੰਗੇ ਸਬੰਧਾਂ ਕਾਰਨ ਉਸ ਨੂੰ ਰੋਪੜ ਤੋਂ ਲੈ ਕੇ ਜ਼ੀਰੇ ਤਕ 1300 ਪਿੰਡ ਜਾਗੀਰ ਵਜੋਂ ਦਿੱਤੇ ਗਏ। ਇਸੇ ਖਾਨਦਾਨ ਵਿਚੋਂ ਰਾਏ ਅਹਿਮਦ ਹੋਇਆ ਜਿਸ ਨੇ 1648 ਈ. ਨੂੰ ਰਾਏਕੋਟ ਵਸਾਇਆ।’’

ਰਾਇ ਅਜ਼ੀਜ਼ ਉੱਲਾ ਰਾਏਕੋਟ ਦੇ ਉਸੇ ‘ਰਾਏ-ਖ਼ਾਨਦਾਨ’ ਦੇ ਚਸ਼ਮੋ-ਚਿਰਾਗ ਹਨ। ਸਰਵਣ ਸਿੰਘ ਦਾ ਉਸ ਨਾਲ ਭਾਈਚਾਰਾ ਬਣਦਾ ਹੀ ਸੀ। ਪਰ ਸਾਡਾ ਵੀ ਤਾਂ ਉਨ੍ਹਾਂ ਨਾਲ ਬਰਾਬਰ ਦਾ ਭਾਈਚਾਰਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਖ਼ਾਨਦਾਨ ਦੇ ਵਡੇਰੇ ਰਾਇ ਕੱਲ੍ਹਾ ਨੂੰ ਆਪਣੇ ਗਲ ਨਾਲ ਲਾ ਕੇ ਸਮੁੱਚੇ ਸਿੱਖ ਪੰਥ ਦੇ ਸੀਨੇ ਨਾਲ ਲਾ ਦਿੱਤਾ ਸੀ। ਰਾਇ ਖ਼ਾਨਦਾਨ ਜੈਸਲਮੇਰ, ਚਕਰ ਤੇ ਰਾਇਕੋਟ ਦਾ ਤਾਂ ਸੀ ਹੀ ਪਰ ਉਸ ਉਤੇ ਸਾਡਾ ਸਾਰਿਆਂ ਦਾ ਵੀ ਓਨਾ ਹੀ ਹੱਕ ਤੇ ਮਾਣ ਬਣਦਾ ਸੀ।

ਬੈਠੇ ਬੈਠੇ ਰਾਇ ਸਾਹਿਬ ਦੇ ਮਨ ਵਿਚ ਫੁਰਨਾ ਫੁਰਿਆ। ਕਹਿਣ ਲੱਗੇ, ‘‘ਸੰਧੂ ਸਾਅ੍ਹਬ! ਅੱਜ ਰਾਤ ਦਾ ਖਾਣਾ ਮੇਰੇ ਨਾਲ ਖਾਓ ਤੁਸੀਂ ਸਾਰੇ ਜਣੇ।’’

ਇਸ ਨੇਕ ਰੂਹ ਦਾ ਸੱਦਾ ਤਾਂ ਸਾਡੇ ਸਭ ਲਈ ਬੜੇ ਹੀ ਮਾਣ ਭਰੀ ਗੱਲ ਸੀ। ਸਾਰਿਆਂ ਨੇ ਤੁਰਤ ‘ਹਾਂ’ ਕਰ ਦਿੱਤੀ। ਸਭ ਉਨ੍ਹਾਂ ਦੇ ਅੰਗ-ਸੰਗ ਵਿਚਰ ਕੇ ਉਨ੍ਹਾਂ ਦੀ ਮੁਹੱਬਤ ਦਾ ਨਿੱਘ ਮਾਨਣ ਲਈ ਉਤਾਵਲੇ ਸਨ ਪਰ ਮੇਰੇ ਲਈ ਚਾਹੁੰਦਿਆਂ ਵੀ ਮੁਸ਼ਕਲ ਬਣ ਗਈ। ਮੈਨੂੰ ਕੁਝ ਚਿਰ ਪਹਿਲਾਂ ਹੀ ਡਾ. ਜਗਤਾਰ ਨੇ ਦੱਸਿਆ ਸੀ ਕਿ ਅਸੀਂ ਦੋਵੇਂ ਸ਼ਾਮ ਨੂੰ ਉਸ ਦੇ ਕਿਸੇ ਦੋਸਤ ਵੱਲ ਰਾਤ ਦੇ ਖਾਣੇ ਲਈ ਆਮੰਤ੍ਰਿਤ ਸਾਂ। ਮੈਂ ਰਾਇ ਸਾਹਿਬ ਨੂੰ ਦੱਸਿਆ, ‘‘ਸ਼ਾਇਦ ਮੈਨੂੰ ਤੇ ਜਗਤਾਰ ਹੁਰਾਂ ਨੂੰ ਅੱਜ ਕਿਧਰੇ ਹੋਰ ਜਾਣਾ ਪਵੇ। ਮੈਂ ਜਗਤਾਰ ਨੂੰ ਪੁਛਦਾਂ ਕਿ ਓਧਰ ਕਿਸੇ ਹੋਰ ਦਿਨ ਚਲੇ ਜਾਵਾਂਗੇ।’’

ਅਸਲ ਵਿਚ ਮੈਂ ਰਾਇ ਸਾਹਿਬ ਦੇ ਸੰਗ-ਸਾਥ ਨੂੰ ਪਹਿਲ ਦੇਣਾ ਚਾਹੁੰਦਾ ਸਾਂ। ਰਾਇ ਸਾਹਿਬ ਨੇ ਕਿਹਾ, ‘‘ਕੋਈ ਗੱਲ ਨਹੀਂ। ਮੈਂ ਜਗਤਾਰ ਜੀ ਨੂੰ ਆਪ ਜਾ ਕੇ ਗੁਜ਼ਾਰਸ਼ ਕਰਨਾਂ।’’

ਉਹ ਉਠ ਕੇ ਡਾ. ਜਗਤਾਰ ਕੋਲ ਗਏ ਤੇ ਆ ਕੇ ਦੱਸਿਆ ਕਿ ਜਗਤਾਰ ਹੁਰਾਂ ਮੁਤਾਬਕ ਤੁਹਾਡਾ ਤਾਂ ਅੱਜ ਦਾ ਪ੍ਰੋਗਰਾਮ ਨਿਸ਼ਚਿਤ ਹੈ। ਉਨ੍ਹਾਂ ਆਪਣੇ ਘਰ ਜਾਣ ਲਈ ਕੋਈ ਅਗਲਾ ਦਿਨ, ਸਾਡੀ ਮਰਜ਼ੀ ਅਨੁਸਾਰ ਤੈਅ ਕਰਨ ਦੀ ਸਾਨੂੰ ਛੋਟ ਦੇ ਦਿੱਤੀ।

ਸਿਰਫ ਅਗਲੀ ਸ਼ਾਮ ਉਹ ਕਿਸੇ ਵਿਆਹ ਦੇ ਸਿਲਸਿਲੇ ਵਿਚ ਵਿਹਲੇ ਨਹੀਂ ਸਨ। ਮੇਰੇੇ ਸਾਥੀ ਵੀ ਚੁੱਪ ਕਰ ਗਏ। ਮੇਰੀ ਆਪਣੀ ਤਾਂਘ ਵੀ ਸੀ ਤੇ ਮੈਂ ਉਨ੍ਹਾਂ ਨੂੰ ਨਿਰਾਸ਼ ਵੀ ਨਹੀਂ ਸਾਂ ਕਰਨਾ ਚਾਹੁੰਦਾ। ਮੈਂ ਰਸਤਾ ਲੱਭ ਲਿਆ। ਜਗਤਾਰ ਨੂੰ ਕਿਹਾ ਕਿ ਉਹ ਮਿੱਤਰ ਵਲੋਂ ਹੋ ਆਵੇ ਤੇ ਮੈਂ ਰਾਇ ਸਾਹਿਬ ਹੁਰਾਂ ਵਲੋਂ ਹੋ ਆਉਂਦਾ ਹਾਂ। ਉਹ ਮੰਨ ਗਿਆ।

ਸਮਾਗਮ ਉਪਰੰਤ ਰਾਇ ਸਾਹਿਬ ਨੇ ਆਪਣੀ ਵੱਡੀ ਕਾਰ ਵਿਚ ਸਾਨੂੰ ਬਿਠਾਇਆ ਤੇ ਮਾਡਲ ਟਾਊਨ ਵਿਚ ਬਣੀ ਆਪਣੀ ਵਿਸ਼ਾਲ ਕੋਠੀ ਵਿਚ ਜਾ ਉਤਾਰਿਆ।

ਰਾਇ ਅਜ਼ੀਜ਼-ਉੱਲਾ ਸਾਹਮਣੇ ਬੈਠਣਾ ਇਕ ਇਤਿਹਾਸ ਅੱਗੇ ਬੈਠਣਾ ਸੀ। ਪੰਜਾਬ ਦੀ ਸਾਂਝੀ ਵਿਰਾਸਤ ਤੇ ਤਹਿਜ਼ੀਬ ਦੇ ਅੰਗ-ਸੰਗ ਵਿਚਰਨਾ ਸੀ। ਉਨ੍ਹਾਂ ਦੇ ਖੁੱਲ੍ਹੇ ਖ਼ੂਬਸੂਰਤ ਡਰਾਇੰਗ ਰੂਮ ਵਿਚ ਬੈਠੇ ਅਸੀਂ ਇਤਿਹਾਸ ਦੇ ਨਾਲ ਨਾਲ ਤੁਰ ਰਹੇ ਸਾਂ।

ਚਮਕੌਰ ਵਿਚ ਦੋ ਵੱਡੇ ਪੁੱਤਰਾਂ ਦੀ ਕੁਰਬਾਨੀ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ‘ਮਿੱਤਰ ਪਿਆਰੇ’ ਅੱਗੇ ‘ਮੁਰੀਦਾਂ ਦਾ ਹਾਲ’ ਬਿਆਨ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ‘ਚੋਂ ਗਨੀ ਖਾਂ ਤੇ ਨਬੀ ਖਾਂ ਦੇ ਮੋਢਿਆਂ ‘ਤੇ ‘ਉੱਚ ਦਾ ਪੀਰ’ ਬਣ ਕੇ ਮੁਗ਼ਲ ਫੌਜ਼ਾਂ ਤੋਂ ਨਜ਼ਰ ਬਚਾ ਕੇ ਨਿਕਲ ਗਏ। ਆਪਣੇ ਕੁਝ ਸੰਗੀਆਂ ਸਾਥੀਆਂ ਨਾਲ ਤੁਰਦੇ-ਤੁਰਦੇ ਉਹ ਰਾਏਕੋਟ ਪੱੁਜੇ। ਰਾਇ ਕੱਲ੍ਹਾ ਨੂੰ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਤੁਰਤ ਪੂਰੀ ਸ਼ਰਧਾ ਨਾਲ ਗੁਰੂ ਜੀ ਦੇ ਹਜ਼ੂਰ ਪੁੱਜਾ ਤੇ ਹਰੇਕ ਕਿਸਮ ਦੀ ਖ਼ਿਦਮਤ ਕਰਨ ਲਈ ਅਰਜ਼ ਗੁਜ਼ਾਰੀ। ਗੁਰੂ ਜੀ ਨੇ ਕਿਹਾ ਕਿ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖ਼ਬਰ ਲਿਆਂਦੀ ਜਾਵੇ। ਰਾਇ ਕੱਲ੍ਹਾ ਨੇ ਆਪਣੇ ਵਿਸ਼ਵਾਸ ਪਾਤਰ ਨੂਰੇ ਮਾਹੀ ਨੂੰ ਤੁਰੰਤ ਸਰਹੰਦ ਵੱਲ ਭੇਜਿਆ। ਨੂਰੇ ਮਾਹੀ ਨੇ ਆ ਕੇ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰੀ ਦੇ ਚਲਾਣੇ ਦੀ ਦੁੱਖਦਾਈ ਕਥਾ ਸੁਣਾਈ ਤਾਂ ਗੁਰੂ ਜੀ ਨੇ ਤੀਰ ਦੀ ਨੋਕ ਨਾਲ ਦੱਭ ਦੀ ਜੜ੍ਹ ਪੁੱਟ ਕੇ ਕਿਹਾ ‘‘ਮੁਗ਼ਲਾਂ ਦੇ ਜ਼ਾਲਮ ਰਾਜ ਦੀ ਜੜ੍ਹ ਪੁੱਟੀ ਗਈ।’’

ਇਥੇ ਹੀ ਸਤਿਗੁਰਾਂ ਨੇ ਸਾਰੇ ਪੰਥ ਨੂੰ ਆਪਣਾ ਪੁੱਤਰ ਆਖਿਆ।

ਮੁਗ਼ਲ ਫੌਜਾਂ ਗੁਰੂ ਜੀ ਦੀ ਪੈੜ ਸੁੰਘਦੀਆਂ ਫਿਰ ਰਹੀਆਂ ਸਨ। ਅਜਿਹੇ ਸਮੇਂ ਗੁਰੂ ਦੀ ਮਦਦ ਕਰਨਾ ਆਪਣੀ ਤੇ ਆਪਣੇ ਪੂਰੇ ਖ਼ਾਨਦਾਨ ਦੀ ਤਬਾਹੀ ਨੂੰ ਸੱਦਾ ਦੇਣਾ ਸੀ। ਇਹ ਸਭ ਕੁਝ ਜਾਣਦਿਆਂ, ਸਮਝਦਿਆਂ ਹੋਇਆਂ ਵੀ ਰਾਇ ਕੱਲ੍ਹਾ ਗੁਰੂ ਜੀ ਦੇ ਹਜ਼ੂਰ ਨਤਮਸਤਕ ਸੀ। ਦਿਲ ਖੋਲ੍ਹ ਕੇ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਸੀ।

ਹੈਰਾਨੀ ਹੁੰਦੀ ਹੈ ਜਦੋਂ ਸਾਡੇ ਕੁਝ ਬੁਲਾਰੇ ਗੁਰੂ ਜੀ ਦੀ ਲੜਾਈ ਨੂੰ ਮੁਸਲਮਾਨਾਂ ਨਾਲ ਲੜਾਈ ਤੱਕ ਸੀਮਤ ਕਰਨ ਦੀ ਬਹੁਤ ਵੱਡੀ ਇਤਿਹਾਸਕ ਭੁੱਲ ਕਰਦੇ ਹਨ। ਇਹ ਤਾਂ ਮੁਸਲਮਾਨ ਹੀ ਸਨ ਜਿਨ੍ਹਾਂ ਨੇ ਅਤਿ ਦੇ ਸੰਕਟ ਸਮੇਂ ਗੁਰੂ ਜੀ ਦਾ ਸਾਥ ਦਿੱਤਾ ਸੀ। ਭੰਗਾਣੀ ਦੇ ਯੁੱਧ ਵਿਚ ਪੀਰ ਬੁੱਧੂ ਸ਼ਾਹ ਵਲੋਂ ਆਪਣੇ ਪੁੱਤਰਾਂ ਦੀ ਕੁਰਬਾਨੀ ਤੋਂ ਲੈ ਕੇ ਮਾਛੀਵਾੜੇ ਤੋਂ ਗੁਰੂ ਜੀ ਨੂੰ ਸੁਰੱਖਿਅਤ ਜਗ੍ਹਾ ਪੁਚਾਉਣ ਵਾਲੇ ਗਨੀ ਖ਼ਾਂ ਨਬੀ ਖ਼ਾਂ ਦੀ ਕਹਾਣੀ ਗੁਰੂ ਜੀ ਦੀ ਇਸ ਭਾਈਚਾਰੇ ਨਾਲ ਅਟੁੱਟ ਸਾਂਝ ਦੀ ਹੀ ਤਾਂ ਪ੍ਰਤੀਕ ਹੈ। ਇਸੇ ਵਾਸਤੇ ਰਾਇ ਕੱਲ੍ਹਾ ਆਪਣੇ ਸਿਰ ‘ਤੇ ਡਿੱਗਣ ਵਾਲੇ ਹਰੇਕ ਪਹਾੜ ਦਾ ਭਾਰ ਸਹਿਣ ਲਈ ਤਿਆਰ ਸੀ। ਉਹ ਜਾਣਦਾ ਸੀ ਕਿ ਗੁਰੂ ਜੀ ਦੀ ਲੜਾਈ ਜ਼ਾਲਮ ਤੇ ਮਜ਼ਲੂਮ ਦੀ ਸੀ ਕਿਸੇ ਹਿੰਦੂ ਜਾਂ ਮੁਸਲਮਾਨ ਦੀ ਨਹੀਂ। ਗੁਰੂ ਜੀ ਮਜ਼ਲੂਮਾਂ ਦੀ ਧਿਰ ਸਨ ਤੇ ਜ਼ੁਲਮ ਦੇ ਖ਼ਿਲਾਫ਼।

ਇਸ ਸਬੰਧ ਵਿਚ ਹੀ ਰਾਇ ਸਾਹਿਬ ਨੇ ‘ਕਲਗੀਧਰ ਚਮਤਕਾਰ’ ਦਾ ਇਕ ਹਵਾਲਾ ਸਾਡੇ ਨਾਲ ਸਾਂਝਾ ਕੀਤਾ। ਗੁਰੂ ਜੀ ਵਲੋਂ ‘ਮੁਗ਼ਲ ਰਾਜ ਦੀ ਜੜ੍ਹ ਪੁੱਟੀ ਗਈ’ ਸੁਣ ਕੇ ‘ਰਾਇ ਕੰਬਿਆ, ਡਰਿਆ, ਮੈਂ ਵੀ ਹੁਣ ਮੁਸਲਮਾਨਾਂ ਵਿਚ ਸ਼ੁਮਾਰ ਹਾਂ, ਕੀ ਮੇਰਾ ਰਾਜ ਵੀ ਗਿਆ?’ ਇਹ ਸੋਚ ਕੇ ਬੋਲਿਆ, ‘‘ਪਾਤਸ਼ਾਹ! ਮੈਨੂੰ ਰੱਖ ਲਿਆ ਜੇ?’’

ਗੁਰੂ ਜੀ ਨੇ ਕਿਹਾ, ‘‘ਦੇਖ ਕੱਲ੍ਹਾ! ਤੂੰ ਸਾਨੂੰ ਪਿਆਰ ਕੀਤਾ ਹੈ, ਤੈਨੂੰ ਰੱਖ ਲਿਆ ਹੈ।’’

ਰਾਇ ਸਾਹਿਬ ਨੇ ਦੱਸਿਆ ਛੋਟੀ ਉਮਰ ਵਿਚ ਹੀ ਮੇਰੇ ਮਾਂ-ਬਾਪ ਗੁਜ਼ਰ ਗਏ ਸਨ ਅਤੇ ਘਰ ਵਿਚ ਮੇਰੀ ਬਿਰਧ ਦਾਦੀ ਮਾਂ ਹੀ ਇਕੱਲੀ ਰਹਿ ਗਈ। ਦਸਮ ਪਾਤਸ਼ਾਹ ਜੀ ਦੀ ਅਦੁੱਤੀ ਦਾਤ ‘ਗੰਗਾ ਸਾਗਰ’ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਆਪਣੇ ਪਰਿਵਾਰਕ ਇਤਿਹਾਸ ਅਤੇ ਰਾਜਪੂਤੀ ਰਸਮ ਰਿਵਾਜ ਬਾਰੇ ਮੈਨੂੰ ਦੱਸਦੇ ਹੋਏ ਮੇਰੇ ਦਾਦੀ ਜੀ ਆਖਦੇ ਹੁੰਦੇ ਸਨ ਕਿ ਮੁਗ਼ਲ ਬਾਦਸ਼ਾਹ ਅਕਬਰ ਨੇ ਉਸ ਵੇਲੇ ਦੇ ਰਾਏਕੋਟ ਰਿਆਸਤ ਦੇ ਮਾਲਕ ਨੂੰ ਇਸ ਲਈ ਮਰਵਾ ਦਿੱਤਾ ਸੀ ਕਿ ਉਸ ਨੇ ਬਾਦਸ਼ਾਹ ਨੂੰ ਆਪਣੀ ਲੜਕੀ ਦਾ ਡੋਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।’’

ਰਾਇ ਅਜ਼ੀਜ਼ ਉੱਲਾ ਨੇ ਗੱਲ ਅੱਗੇ ਤੋਰਦਿਆਂ ਦੱਸਿਆ, ‘‘ਰਾਏ ਕੱਲ੍ਹਾ ਜੀ ਸੱਚੇ ਤੇ ਸੁੱਚੇ ਮੁਸਲਮਾਨ ਸਨ। ਮੁਗ਼ਲਾਂ ਦੇ ਟਾਕਰੇ ਵਿਚ ਦਸਮ ਪਾਤਸ਼ਾਹ ਦਾ ਸਾਥ ਦੇਣ ਦਾ ਫ਼ੈਸਲਾ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਰਾਏ ਕੱਲ੍ਹਾ ਜੀ ਨੇ ਜਾਣ ਲਿਆ ਸੀ ਕਿ ਇਸ ਵੇਲੇ ਸੱਚਾ ਕੌਣ ਹੈ, ਜ਼ਾਲਮ ਕੌਣ ਹੈ ਤੇ ਮਜ਼ਲੂਮ ਕੌਣ ਹੈ। ਰਾਏਕੋਟ ਰਿਆਸਤ ਕੀ, ਪੂਰੇ ਰਾਏ ਪਰਿਵਾਰ ਦੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਪੂਰੇ ਸਤਿਕਾਰ ਨਾਲ ਦਸਮ ਪਾਤਸ਼ਾਹ ਦੀ ਸੇਵਾ ਕਰਨ ਦਾ ਰਾਏ ਕੱਲ੍ਹਾ ਜੀ ਨੇ ਜੋ ਫੈਸਲਾ ਕੀਤਾ ਸੀ, ਉਸ ਉਤੇ ਰਾਇ ਪਰਿਵਾਰ ਦੀਆਂ ਪੀੜ੍ਹੀਆਂ ਵੀ ਹਮੇਸ਼ਾ ਮਾਣ ਕਰਦੀਆਂ ਰਹਿਣਗੀਆਂ।’’

ਗੁਰੂ ਜੀ ਬਾਰੇ ਰਾਇ ਅਜ਼ੀਜ਼ ਉੱਲਾ ਦੀ ਇਹ ਅਕੀਦਤ ਵੇਖ ਕੇ ਸਾਡੇ ਮਨ ਉਸ ਲਈ ਸਨੇਹ ਅਤੇ ਆਦਰ ਨਾਲ ਭਰ ਗਏ।

ਰਾਏ ਖ਼ਾਨਦਾਨ ਕੋਲੋਂ ਇਨ੍ਹਾਂ ਇਹਿਹਾਸਕ ਵਸਤੂਆਂ ਨੂੰ ਬੜੇ ਬੜੇ ਲਾਲਚ ਦੇ ਕੇ ਵੱਡੇ ਵੱਡੇ ਲੋਕਾਂ ਨੇ ਪ੍ਰਾਪਤ ਕਰਨਾ ਚਾਹਿਆ ਪਰ ਗੁਰੂ ਜੀ ਦੀਆਂ ਇਹ ਨਿਸ਼ਾਨੀਆਂ ਇਸ ਖ਼ਾਨਦਾਨ ਨੇ ਆਪਣੇ ਕਲੇਜੇ ਨਾਲ ਲਾਈ ਰੱਖੀਆਂ। ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਪਟਿਆਲਾ ਨੂੰ ਵੀ ਉਨ੍ਹਾਂ ਨੇ ਇਹ ਇਤਿਹਾਸਕ ਨਿਸ਼ਾਨੀਆਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਰਾਇ ਸਾਹਿਬ ਦੀ ਸ਼ਰਧਾ ਅਤੇ ਮਾਣ ਬੋਲ ਰਿਹਾ ਸੀ, ‘‘ਮੈਨੂੰ ਬਜ਼ੁਰਗਾਂ ਦੇ ਇਨ੍ਹਾਂ ਵਿਚਾਰਾਂ ‘ਤੇ ਬਹੁਤ ਮਾਣ ਹੈ। ਇਸੇ ਕਰਕੇ ਹੀ ਪਰਿਵਾਰ ਨੂੰ ਕਾਫ਼ੀ ਨੁਕਸਾਨ ਵੀ ਉਠਾਉਣਾ ਪਿਆ। ਰਾਏਕੋਟ ਦੀ 1300 ਪਿੰਡਾਂ ਵਾਲੀ ਰਿਆਸਤ ਵੀ ਖੁੱਸ ਗਈ। ਸਿਰਫ਼ ਰਾਏ ਪਰਿਵਾਰ ਕੋਲ ਪੰਜ ਪਿੰਡ ਹੀ ਰਹਿਣ ਦਿੱਤੇ ਗਏ। ਬਾਅਦ ਵਿਚ ਵੀ ਅਨੇਕਾਂ ਵਾਰ ਗੁਰੂ ਸਾਹਿਬ ਦੀਆਂ ਬਖ਼ਸ਼ੀਆਂ ਨਿਸ਼ਾਨੀਆਂ ਲਈ ਪਰਿਵਾਰ ਦੇ ਮੋਹਰੀਆਂ ਨੂੰ ਭਾਰੀ ਰਕਮਾਂ ਦੀ ਪੇਸ਼ਕਸ਼ ਹੁੰਦੀ ਰਹੀ, ਜਿਸ ਨੂੰ ਕਬੂਲਣ ਤੋਂ ਉਹ ਇਨਕਾਰ ਕਰਦੇ ਰਹੇ।’’

ਰਾਇ ਸਾਹਿਬ ਨੇ ਅੱਗੇ ਦੱਸਿਆ, ‘‘ਮੇਰੇ ਪਰਿਵਾਰਕ ਰਿਕਾਰਡ ਅਨੁਸਾਰ 1854 ਵਿਚ ਅੰਗਰੇਜ਼ ਹਾਕਮ ਆਪਣੀ ਸਰਕਾਰ ਦੇ ਜ਼ੋਰ ਨਾਲ ਸਾਡੇ ਵਡੇਰੇ ਰਾਏ ਇਮਾਮ ਬਖ਼ਸ਼ ਤੋਂ ਗੁਰੂ ਜੀ ਦੀ ਬਖ਼ਸ਼ੀ ਤਲਵਾਰ ਲੈਣ ਵਿਚ ਸਫਲ ਹੋ ਗਏ ਪਰ ਰਾਏ ਪਰਿਵਾਰ ਗੁਰੂ ਸਾਹਿਬ ਦੇ ਬਖ਼ਸ਼ੇ ‘ਗੰਗਾ ਸਾਗਰ’ ਨੂੰ ਉਸ ਦੌਰ ਵਿਚ ਵੀ ਆਪਣੇ ਕੋਲ ਸੁਰੱਖਿਅਤ ਰੱਖਣ ਵਿਚ ਕਾਮਯਾਬ ਰਿਹਾ ਸੀ ਜੋ ਕਿ ਹੁਣ ਤਕ ਇਸੇ ਪਰਿਵਾਰ ਵਿਚ ਹੀ ਹੈ।’’

‘‘1947 ਤਕ ਗੁਰੂ ਸਾਹਿਬ ਦੀ ਇਹ ਪਵਿੱਤਰ ਨਿਸ਼ਾਨੀ ਮੇਰੇ ਦਾਦਾ ਜੀ ਦੇ ਕੋਲ ਰਾਏਕੋਟ ਵਿਚ ਸੁਰੱਖਿਅਤ ਸੀ। ਉਹ ਸਾਲ ਵਿਚ ਇਕ ਵਾਰ ਸ਼ਰਧਾ ਤੇ ਪ੍ਰੇਮ ਨਾਲ ਆਈਆਂ ਸੰਗਤਾਂ ਨੂੰ ‘ਗੰਗਾ ਸਾਗਰ’ ਦੇ ਦਰਸ਼ਨ ਕਰਾਉਂਦੇ ਹੁੰਦੇ ਸਨ।’’

ਅਸੀਂ ਪੋਥੀ ਰੱਖਣ ਵਾਲੀ ਰੀਹਲ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੱਕੜ ਦੀ ਹੋਣ ਕਰਕੇ ਘੁਣ ਵਗੈਰਾ ਲੱਗਣ ਕਰਕੇ ਇਹ ਬਾਕਾਇਦਾ ਸਾਂਭੀ ਨਹੀਂ ਜਾ ਸਕੀ।

ਇਹ ਕਿਹਾ ਜਾਂਦਾ ਹੈ ਕਿ ਗੰਗਾ-ਸਾਗਰ ਇਕ ਅਜਿਹਾ ਬਰਤਨ ਹੈ ਜਿਸ ਵਿਚ ਛੇਕ ਸਨ, ਪਰ ਉਸ ਵਿਚ ਪਾਇਆ ਪਾਣੀ ਡੁਲ੍ਹਦਾ ਨਹੀਂ। ਨਿਸਚੈ ਹੀ ਇਹ ਕਿਸੇ ਵਿਗਿਆਨਕ ਵਿਧੀ ਨਾਲ ਬਣਾਇਆ ਬਰਤਨ ਹੋਵੇਗਾ। ਰਾਇ ਸਾਹਿਬ ਨੇ ਇਸ ਬਾਰੇ ਦੱਸਿਆ, ‘‘ਇਹ ਠੀਕ ਹੈ ਕਿ ਬਰਤਨ ਵਿਚ ਰੇਤਾ ਪਾਓ ਤਾਂ ਕਿਰ ਜਾਂਦਾ ਹੈ ਪਰ ਪਾਣੀ ਆਦਿ ਤਰਲ ਚੀਜ਼ ਪਾਓ ਤਾਂ ਉਹ ਇਸ ਵਿਚ ਟਿਕੀ ਰਹਿੰਦੀ ਹੈ। ਭਰਨ ਵੇਲੇ ਕੁਝ ਕਤਰੇ ਡਿਗਦੇ ਹਨ। ਇਸ ਦੀ ਮੁਨਾਸਬ ਸੁਰੱਖਿਆ ਰੱਖਣ ਦੇ ਖਿਆਲ ਨਾਲ ਮੈਂ ‘ਗੰਗਾ-ਸਾਗਰ’ ਨੂੰ ਇੰਗਲੈਂਡ ਵਿਚ ਬੈਂਕ ਦੇ ਲਾਕਰ ਵਿਚ ਬੜੇ ਹੀ ਸਤਿਕਾਰ ਨਾਲ ਰਖਵਾਇਆ ਹੋਇਆ ਹੈ ਅਤੇ ਇਸ ਨੂੰ ਸਿਰਫ਼ ਉਸ ਵੇਲੇ ਹੀ ਬਾਹਰ ਲਿਆਇਆ ਜਾਂਦਾ ਹੈ ਜਦ ਕਦੇ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਾਉਣੇ ਹੋਣ। ਮੈਂ ਹੁਣ ਤਕ ਬਰਤਾਨੀਆ, ਅਮਰੀਕਾ, ਸਿੰਘਾਪੁਰ, ਮਲੇਸ਼ੀਆ, ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚ ਸੰਗਤਾਂ ਨੂੰ ਇਸ ਦੇ ਦਰਸ਼ਨ ਕਰਵਾ ਕੇ ਆਪਣੇ ਪਰਿਵਾਰ ਦੀ ਇਸ ਪੁਰਾਣੀ ਰੀਤ  ਚਲਾ ਰਿਹਾ ਹਾਂ।’’

‘‘ਗੰਗਾ ਸਾਗਰ ਬੜੇ ਹੀ ਪਿਆਰ ਤੇ ਕਮਾਲ ਮੁਹਾਰਤ ਨਾਲ ਬਣਾਇਆ ਹੋਇਆ ਇਕ ਧਾਤੀ ਬਰਤਨ ਹੈ ਪਰ ਮੇਰੇ ਲਈ ਇਸ ਦੀ ਸਭ ਤੋਂ ਵੱਡੀ ਮਹੱਤਤਾ ਇਹੀ ਹੈ ਕਿ ਇਸ ਨੂੰ ਦਸਮ ਪਾਤਸ਼ਾਹ ਦੀ ਪਾਵਨ ਛੂਹ ਪ੍ਰਾਪਤ ਹੁੰਦੀ ਰਹੀ ਹੈ। ਇਸ ਦੀ ਥਾਂ ਜੇ ਗੁਰੂ ਸਾਹਿਬ ਇਕ ਮਿੱਟੀ ਦਾ ਪਿਆਲਾ ਵੀ ਬਖ਼ਸ਼ ਦਿੰਦੇ ਤਾਂ ਉਸ ਦਾ ਵੀ ਮੇਰੇ ਦਿਲ ਵਿਚ ਏਨਾ ਹੀ ਮਾਣ ਅਤੇ ਸਤਿਕਾਰ ਹੁੰਦਾ। ਮੇਰੀ ਇਹ ਇੱਛਾ ਹੈ ਕਿ ਜਿਵੇਂ ਕੁਦਰਤ ਨੇ ਮੇਰੇ ਬਜ਼ੁਰਗਾਂ ਵਾਂਗ ਮੈਨੂੰ ਵੀ ਗੁਰੂ ਮਹਾਰਾਜ ਦੀ ਇਸ ਅਦੁੱਤੀ ਦਾਤ ਦੀ ਸੇਵਾ ਸੰਭਾਲ ਕਰਨ ਦਾ ਮਾਣ ਬਖਸ਼ਿਆ ਹੈ, ਉਵੇਂ ਹੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਸੁਭਾਗ ਪ੍ਰਾਪਤ ਕਰਦੀਆਂ ਰਹਿਣ।’’

ਇਸ ਬਹੁਮੁੱਲੀ ਜਾਣਕਾਰੀ ਦੇ ਨਾਲ ਨਾਲ ਹੀ ਰਾਇ ਅਜ਼ੀਜ਼ ਉੱਲਾ ਦੇ ਪਵਿੱਤਰ ਮਨ ਦੇ ਦੀਦਾਰ ਹੁੰਦੇ ਗਏ।

ਰਾਇ ਸਾਹਿਬ ਦਾ ਸਾਰਾ ਪਰਿਵਾਰ ਹੀ ਸਾਡੇ ਕੋਲ ਬੈਠਾ ਹੋਇਆ ਸੀ। ਉਨ੍ਹਾਂ ਦੀ ਸਤਿਕਾਰਯੋਗ ਭੂਆ ਮੁਸ਼ੱਰਫ ਬੇਗਮ, ਰਾਇ ਸਾਹਿਬ ਦੀ ਪਤਨੀ ਤਬੱਸਮ ਅਜ਼ੀਜ਼, ਬੇਟਾ ਰਾਇ ਮੁਹੰਮਦ ਅਲੀ ਖ਼ਾਨ ਤੇ ਚਾਰੇ ਬੇਟੀਆਂ ਆਮਿਨਾ, ਰਾਬਿਆ, ਫਾਤਮਾ ਤੇ ਮਾਹਮ। ਅਸੀਂ ਆਪਣੇ ਪਰਿਵਾਰ ਵਿਚ ਬੈਠੇ ਹੋਏ ਸਾਂ। ਬਹੁਤ ਹੀ ਆਦਰਯੋਗ ਬਜ਼ੁਰਗ ਭੂਆ ਜੀ ਨੂੰ ਜਦੋਂ ਉਨ੍ਹਾਂ ਦੀ ਰਾਇਕੋਟ ਵਿਚਲੀ ਹਵੇਲੀ ਬਾਰੇ ਪੁੱਛਿਆ ਕਿ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਹੈ ਤਾਂ ਉਨ੍ਹਾਂ ਨੇ ਕਿਹਾ, ‘‘ਯਾਦ ਤਦ ਹੁੰਦਾ ਹੈ ਜੇ ਕੁਝ ਭੁੱਲਾ ਹੋਵੇ। ਉਹ ਸਭ ਕੁਝ ਮੈਨੂੰ ਭੁੱਲਾ ਹੀ ਕਦੋਂ ਹੈ।’’

ਚਾਹ-ਠੰਢਾ ਤੇ ਨਾਲ ਕਈ ਤਰ੍ਹਾਂ ਦੇ ਫਲ-ਮੇਵੇ। ਕਈ ਤਰ੍ਹਾਂ ਦੇ ਪਕੌੜੇ ਤੇ ਪਕਵਾਨ। ਸਰੀਰ ਦਾ ਰੱਜ ਵੀ ਹੋ ਰਿਹਾ ਸੀ ਤੇ ਰੂਹ ਦਾ ਰੱਜ ਵੀ।

‘‘ਖਾਣਾ ਆਪਾਂ ਤੁਹਾਨੂੰ ਗਵਾਲ ਮੰਡੀ ਦੀ ਫੂਡ ਸਟਰੀਟ ‘ਤੇ ਖਵਾਉਂਦੇ ਹਾਂ। ਉਹ ਸਾਡੀ ਲਾਹੌਰ ਦੀ ਵੇਖਣ ਵਾਲੀ ਖਾਸ ਜਗ੍ਹਾ ਹੈ।’’

ਅਸੀਂ ਗਵਾਲ ਮੰਡੀ ਦੀ ਫੂਡ ਸਟਰੀਟ ਬਾਰੇ ਸੁਣ ਚੁੱਕੇ ਸਾਂ ਅਤੇ ਵੇਖਣਾ ਵੀ ਚਾਹੁੰਦੇ ਸਾਂ। ਉਥੇ ਖਾਣਾ ਖਾਣ ਜਾਣ ਨਾਲ ‘ਇਕ ਪੰਥ ਦੋ ਕਾਜ’ ਵਾਲੀ ਗੱਲ ਸੀ। ਇਕ ਰਾਇ ਸਾਹਿਬ ਦੇ ਪਰਿਵਾਰ ਦਾ ਮੁਤਬੱਰਕ ਸਾਥ ਤੇ ਦੂਜਾ ਗਵਾਲ ਮੰਡੀ ਦੀ ਸੈਰ।

Read 1135 times