You are here:ਮੁਖ ਪੰਨਾ»ਖੇਡਾਂ»ਖੇਡਾਂ ਦੀ ਦੁਨੀਆ - ਪ੍ਰਿੰ.ਸਰਵਣ ਸਿੰਘ»40 - ਇਕ ਗੁੰਮਨਾਮ ਚੈਂਪੀਅਨ ਦੀ ਗਾਥਾ

ਲੇਖ਼ਕ

Friday, 16 October 2009 15:50

40 - ਇਕ ਗੁੰਮਨਾਮ ਚੈਂਪੀਅਨ ਦੀ ਗਾਥਾ

Written by
Rate this item
(0 votes)

ਖੇਡਾਂ ਦੀ ਦੁਨੀਆਂ ਵਿੱਚ ਮਸ਼ਹੂਰੀਆਂ ਵੀ ਬਹੁਤ ਹਨ ਤੇ ਗੁੰਮਨਾਮੀਆਂ ਵੀ ਘੱਟ ਨਹੀਂ। ਜਦੋਂ ਖਿਡਾਰੀ ਚੈਂਪੀਅਨ ਬਣ ਕੇ ਜਿੱਤ ਮੰਚ `ਤੇ ਚੜ੍ਹਦਾ ਹੈ ਤਾਂ ਉਹਦੀ ਚਾਰੇ ਪਾਸੇ ਬੱਲੇ ਬੱਲੇ ਹੋ ਜਾਂਦੀ ਹੈ। ਤੇ ਜਦੋਂ ਉਹ ਖੇਡ ਤੋਂ ਰਿਟਾਇਰ ਹੋ ਕੇ ਉਮਰ ਦਾ ਪਿਛਲਾ ਪਹਿਰ ਬਿਤਾਉਣ ਲੱਗਦਾ ਹੈ ਤਾਂ ਉਸ ਨੂੰ ਨੇੜ ਤੇੜ ਦੇ ਵੀ ਭੁੱਲ ਜਾਂਦੇ ਹਨ। ਉਹ ਗੁੰਮਨਾਮੀ ਦੀ ਵਾਦੀ ਵਿੱਚ ਗੁਆਚ ਜਾਂਦਾ ਹੈ। ਅਜਿਹਾ ਹੀ ਏਸ਼ੀਆ ਦੇ ਇੱਕ ਚੈਂਪੀਅਨ ਮੱਖਣ ਸਿੰਘ ਬਾਜਵਾ ਨਾਲ ਹੋਇਆ।

ਏਸ਼ੀਆ ਬੜਾ ਵੱਡਾ ਮਹਾਂਦੀਪ ਹੈ। ਕਰੋੜਾਂ ਅਰਬਾਂ ਦੀ ਇਹਦੀ ਆਬਾਦੀ ਹੈ। ਦੁਨੀਆਂ ਦੇ ਦੋ ਤਿਹਾਈ ਮਨੁੱਖ ਇਹਦੇ ਵਿੱਚ ਵਸਦੇ ਹਨ। ਜਿਹੜਾ ਜੁਆਨ ਕਿਸੇ ਖੇਡ ਵਿੱਚ ਏਸ਼ੀਆ ਦਾ ਚੈਂਪੀਅਨ ਬਣੇ ਉਹ ਕੋਈ ਮਾਮੂਲੀ ਮਨੁੱਖ ਨਹੀਂ ਹੁੰਦਾ। ਉਹਦੇ ਅੰਦਰ ਕੋਈ ਅਦੁੱਤੀ ਲਗਨ ਹੁੰਦੀ ਹੈ ਜਿਹੜੀ ਉਸ ਤੋਂ ਵਰ੍ਹਿਆਂ ਬੱਧੀ ਮਿਹਨਤ ਕਰਵਾਉਂਦੀ ਹੈ ਤੇ ਕਰੋੜਾਂ ਲੋਕਾਂ `ਚੋਂ ਮੀਰੀ ਹੋਣ ਦਾ ਮਾਣ ਬਖ਼ਸ਼ਦੀ ਹੈ। ਅਜਿਹੇ ਵਿਅਕਤੀ ਯਾਦ ਰੱਖਣੇ ਬਣਦੇ ਹਨ। ਉਹਨਾਂ ਦੀ ਪ੍ਰਾਪਤੀ ਦੀਆਂ ਕਥਾ ਕਹਾਣੀਆਂ ਨਵੀਂ ਪੀੜ੍ਹੀ ਲਈ ਪ੍ਰੇਰਨਾ ਦਾ ਸੋਮਾ ਹੋ ਸਕਦੀਆਂ ਹਨ। ਪਰ ਸਾਡੇ ਦੇਸ਼ ਵਿੱਚ ਹਾਲੇ ਖੇਡਾਂ ਦੇ ਅਜਿਹੇ ਜੇਤੂਆਂ ਦੀ ਕੋਈ ਪੁੱਛ ਗਿੱਛ ਨਹੀਂ। ਕਈ ਤਾਂ ਕੱਖੋਂ ਹੌਲੇ ਹੋਏ ਬੁਢੇਪਾ ਕੱਟਦੇ ਹਨ।

ਅੱਸੀਵਿਆਂ ਦੌਰਾਨ ਮੈਨੂੰ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਹੋਈ ਵੈਟਰਨ ਅਥਲੀਟਾਂ ਦੀ ਇੱਕ ਮੀਟ ਵੇਖਣ ਦਾ ਮੌਕਾ ਮਿਲਿਆ। ਉਥੇ ਮੈਂ ਇੱਕ ਬੜਾ ਕੱਦਾਵਰ ਬਾਬਾ ਡਿਸਕਸ ਸੁੱਟਦਾ ਵੇਖਿਆ। ਉਦੋਂ ਉਹਦੀ ਉਮਰ ਸੱਤਰ ਸਾਲਾਂ ਤੋਂ ਉਪਰ ਹੋਵੇਗੀ ਤੇ ਹੁਣ ਕੋਈ ਪਤਾ ਨਹੀਂ ਜੀਂਦਾ ਵੀ ਹੈ ਜਾਂ ਨਹੀਂ। ਉਹਦੇ ਗੰਜੇ ਸਿਰ ਦੁਆਲੇ ਡੱਬੀਦਾਰ ਪਰਨਾ ਲਪੇਟਿਆ ਹੋਇਆ ਸੀ ਤੇ ਅੱਧੀਆਂ ਬਾਂਹਾਂ ਵਾਲੀ ਘਸਮੈਲੀ ਜਿਹੀ ਫੌਜੀ ਬੁਨੈਣ ਪਾਈ ਹੋਈ ਸੀ। ਮਲੇਸ਼ੀਏ ਦਾ ਮੋਟਾ ਪਜਾਮਾ ਉਹਨੇ ਲੱਕ ਉਤੇ ਬੁਨੈਣ ਦੇ ਉਪਰ ਦੀ ਬੰਨ੍ਹਿਆ ਹੋਇਆ ਸੀ। ਐਨ ਉਵੇਂ ਜਿਵੇਂ ਅਥਲੀਟ ਕੱਛਾ ਬੁਨੈਣ ਦੇ ਉਪਰ ਦੀ ਕਰ ਲੈਂਦੇ ਹਨ। ਹੇਠਾਂ ਪਜਾਮੇ ਦੇ ਪ੍ਹੌਂਚੇ ਖਾਕੀ ਜ਼ੁਰਾਬਾਂ ਵਿੱਚ ਤੁੰਨੇ ਹੋਏ ਸਨ ਤੇ ਭੂਰੇ ਫਲੀਟ ਕਸੀ ਉਹ ਤਿਆਰ ਬਰਤਿਆਰ ਖੜ੍ਹਾ ਰਿਹਾ ਸੀ। ਮੈਂ ਉਹਦੇ ਕੋਲ ਦੀ ਲੰਘ ਕੇ ਤੇ ਫਿਰ ਬਰਾਬਰ ਖੜ੍ਹ ਕੇ ਅੰਦਾਜ਼ਾ ਲਾਇਆ ਕਿ ਉਸ ਦਾ ਕੱਦ ਸਵਾ ਛੇ ਫੁੱਟ ਤੋਂ ਵੀ ੳੱਚਾ ਸੀ। ਉਸ ਦਾ ਸਰੀਰ ਅਜੇ ਸਿੱਧਾ ਸਤੋਰ ਸੀ। ਤਦੇ ਪ੍ਰਿੰਸੀਪਲ ਸੋਮ ਨਾਥ ਨੇ `ਵਾਜ਼ ਮਾਰੀ, “ਮੱਖਣ ਸਿਅ੍ਹਾਂ ਤੂੰ ਆਪਣੀ ਵਾਰੀ ਭੁੱਲਿਆ ਫਿਰਦੈਂ, ਆ ਡਿਸਕਸ ਸੁੱਟ।”

ਉਹ ਡਿਸਕਸ ਸੁੱਟਣ ਆਇਆ ਤਾਂ ਆਲੇ ਦੁਆਲੇ ਖੜ੍ਹਿਆਂ ਨੂੰ ਆਖਣ ਲੱਗਾ, “ਭਰਾਓ, ਬਚ ਕੇ ਖੜ੍ਹੋ। ਪਰ੍ਹਾਂ ਪਰ੍ਹਾਂ ਹੋ ਜੋ। ਇਸ ਸਹੁਰੀ ਦਾ ਪਤਾ ਕੋਈ ਨ੍ਹੀਂ ਕਿਧਰ ਨੂੰ ਨਿਕਲ ਜੇ।” ਜਦੋਂ ਉਹਦੀ ਸੁੱਟ ਨੀਵੀਂ ਜਿਹੀ ਨਿਕਲ ਕੇ ਨੇੜੇ ਹੀ ਜਾ ਡਿੱਗੀ ਤਾਂ ਉਹ ਅਫਸੋਸ `ਚ ਆਮੁਹਾਰਾ ਬੋਲਿਆ, “ਜੋਰ ਤਾਂ ਹਾਲਾਂ ਵੀ ਬੜਾ ਹੈਗਾ ਪਰ ਐਤਕਾਂ ਦਾਅ `ਚ ਈ ਨ੍ਹੀਂ ਆਈ।”

ਦਰਸ਼ਕਾਂ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਬਜ਼ੁਰਗ ਕਦੇ ਡਿਸਕਸ ਸੁੱਟਣ ਵਿੱਚ ਏਸ਼ੀਆ ਦਾ ਚੈਂਪੀਅਨ ਸੀ। ਮੈਂ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਉਹੀ ਮੱਖਣ ਸਿੰਘ ਬਾਜਵਾ ਸੀ ਜਿਹੜਾ 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਡਿਸਕਸ ਸੁੱਟਣ `ਚੋਂ ਫਸਟ ਆਇਆ ਸੀ। ਉਸ ਸਮੇਂ ਚਾਰੇ ਪਾਸੇ ਮੱਖਣ ਮੱਖਣ ਹੋ ਗਈ ਸੀ ਪਰ ਹੁਣ ਉਸ ਨੂੰ ਕੋਈ ਨਹੀਂ ਸੀ ਜਾਣਦਾ।

ਮੈਨੂੰ ਪੁਰਾਣੇ ਚੈਂਪੀਅਨ ਖਿਡਾਰੀਆਂ ਦੇ ਦਰਸ਼ਨ ਕਰਨ ਤੇ ਉਨ੍ਹਾਂ ਨਾਲ ਗੱਲਾਂ ਕਰਨ `ਚ ਖ਼ਾਸ ਦਿਲਚਸਪੀ ਹੈ। ਉਨ੍ਹਾਂ ਤੋਂ ਨਵੇਂ ਤੇ ਪੁਰਾਣੇ ਦੋਹਾਂ ਵੇਲਿਆਂ ਦੇ ਹਾਲ ਚਾਲ ਦਾ ਪਤਾ ਲੱਗ ਜਾਂਦਾ ਹੈ।

ਮੱਖਣ ਸਿੰਘ ਡਿਸਕਸ ਸੁੱਟ ਹਟਿਆ ਤਾਂ ਮੈਂ ਫਤਿਹ ਬੁਲਾ ਕੇ ਅਰਜ਼ ਕੀਤੀ, “ਬਾਬਾ ਜੀ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੁੱਝ ਬਚਨ ਬਿਲਾਸ ਹੀ ਹੋ ਜਾਣ।”

ਮੱਖਣ ਸਿੰਘ ਕੋਲ ਸਮਾਂ ਖੁੱਲ੍ਹਾ ਸੀ ਤੇ ਅਸੀਂ ਇੱਕ ਰੁੱਖ ਦੀ ਛਾਵੇਂ ਨਿਵੇਕਲੇ ਜਾ ਬੈਠੇ। ਉਸ ਨੇ ਭੁੰਜੇ ਬਹਿ ਕੇ ਲੱਤਾਂ ਨਿਸਾਲੀਆਂ ਤਾਂ ਉਹ ਮੈਨੂੰ ਅਸਾਧਾਰਨ ਤੌਰ `ਤੇ ਲੰਮੀਆਂ ਲੱਗੀਆਂ। ਉਹਦਾ ਦਾਹੜਾ ਬੱਗਾ ਸਫੈਦ ਤੇ ਭਰਵਾਂ ਸੀ ਜਿਸ ਨੂੰ ਉਸ ਨੇ ਖੁੱਲ੍ਹਾ ਛੱਡ ਰੱਖਿਆ ਸੀ। ਉਹ ਹਵਾ ਦੇ ਬੁੱਲਿਆਂ ਨਾਲ ਝੂਲਦਾ। ਉਹਦਾ ਰੰਗ ਬੇਸ਼ੱਕ ਕੁੱਝ ਪੱਕਾ ਸੀ ਪਰ ਹਾਲਾਂ ਵੀ ਉਹਦੇ `ਚ ਲਾਲੀ ਦੀ ਭਾਅ ਮਾਰ ਰਹੀ ਸੀ ਤੇ ਅੱਖਾਂ ਲਿਸ਼ਕ ਰਹੀਆਂ ਸਨ। ਮੈਂ ਰਵਾਇਤੀ ਤੌਰ `ਤੇ ਪਹਿਲਾਂ ਸਿਹਤ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, “ਸਭ ਵਾਹਿਗੁਰੂ ਦੀ ਕਿਰਪਾ ਐ। ਸਿਹਤ ਤਾਂ ਬੜੀ ਆਹਲਾ ਪਰ ਨਜ਼ਰ ਹੁਣ ਕਮਜ਼ੋਰ ਪੈ ਚੱਲੀ ਆ।”

ਫਿਰ ਗੱਲਾਂ ਬਾਤਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਕਿ ਉਹਦਾ ਜਨਮ 11 ਮਾਰਚ 1911 ਨੂੰ ਚੱਕ ਨੰਬਰ 321 ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਸੀ। ਉਥੇ ਉਨ੍ਹਾਂ ਦੇ ਬਾਬੇ ਨੂੰ ਮੁਰੱਬਾ ਜ਼ਮੀਨ ਦਾ ਮਿਲਿਆ ਸੀ। ਪਿੱਛੋਂ ਉਹ ਡੇਰਾ ਬਾਬਾ ਨਾਨਕ ਲਾਗਿਓਂ ਨਾਰੋਵਾਲ ਤੋਂ ਉੱਠ ਕੇ ਗਏ ਸਨ। ਫਿਰ ਦੇਸ਼ ਦੀ ਵੰਡ ਉਪਰੰਤ ਉਨ੍ਹਾਂ ਨੂੰ ਕਾਦੀਆਂ ਕੋਲ ਪਿੰਡ ਨੰਗਲ ਬਾਗਬਾਨਾਂ ਵਿੱਚ ਜ਼ਮੀਨ ਅਲਾਟ ਹੋਈ। ਉਹ ਆਪਣਾ ਬੁਢਾਪਾ ਉਸੇ ਪਿੰਡ ਵਿੱਚ ਕੱਟ ਰਿਹਾ ਸੀ।

ਮੱਖਣ ਸਿੰਘ ਨੂੰ ਬਚਪਨ ਵਿੱਚ ਪੜ੍ਹਨ ਦਾ ਮੌਕਾ ਨਹੀਂ ਸੀ ਮਿਲਿਆ। ਜਦੋਂ ਉਹ ਇੱਕੀ ਸਾਲਾਂ ਦਾ ਹੋਇਆ ਤਾਂ ਉਹਨਾਂ ਦੇ ਪਿੰਡੋਂ ਇੱਕ ਫੌਜੀ ਅਫਸਰ ਨੇ ਉਹਨੂੰ ਫੌਜ ਵਿੱਚ ਭਰਤੀ ਕਰਾ ਦਿੱਤਾ। ਪਹਿਲਾਂ ਉਹ ਡੰਗਰ ਚਾਰਦਾ ਤੇ ਖੇਤੀ ਦਾ ਕੰਮ ਕਰਦਾ ਰਿਹਾ ਸੀ। ਤੇਈ ਸਾਲ ਦੀ ਉਮਰ ਵਿੱਚ ਜਦੋਂ ਯੂਰਪ ਤੇ ਅਮਰੀਕਾ ਦੇ ਖਿਡਾਰੀ ਆਪਣੀ ਸਿਖਰ ਦੀ ਫਾਰਮ ਵਿੱਚ ਹੁੰਦੇ ਹਨ ਉਹਨੇ ਖੇਡਾਂ ਖੇਡਣੀਆਂ ਸ਼ੁਰੂ ਕੀਤੀਆਂ। ਉਸ ਨੇ ਜੰਮੂ ਤਵੀ ਦੀ ਛਾਉਣੀ ਵਿੱਚ ਪਹਿਲਾਂ ਪਹਿਲ ਆਪਣੇ ਉੱਚੇ ਕੱਦ ਕਾਰਨ ਉੱਚੀ ਛਾਲ ਲਾਉਣੀ ਸ਼ੁਰੂ ਕੀਤੀ। ਉਦੋਂ ਤਕ ਉਹਦਾ ਕੱਦ ਛੇ ਫੁੱਟ ਚਾਰ ਇੰਚ ਹੋ ਗਿਆ ਸੀ ਤੇ ਸਰੀਰਕ ਵਜ਼ਨ ਦੋ ਮਣ ਤੋਂ ਵਧ ਗਿਆ ਸੀ। ਉੱਚੀ ਛਾਲ ਤੋਂ ਬਿਨਾਂ ਉਹ ਹਰਡਲਾਂ ਦੀ ਦੌੜ ਵੀ ਲਾਈ ਜਾਂਦਾ ਤੇ ਡਿਸਕਸ ਹੈਮਰ ਵੀ ਸੁੱਟੀ ਜਾਂਦਾ। ਕੋਚ ਉਨ੍ਹਾਂ ਦਿਨਾਂ ਵਿੱਚ ਕੋਈ ਹੁੰਦਾ ਨਹੀਂ ਸੀ। ਜਿਹੜਾ ਕੋਈ ਕਿਸੇ ਖੇਡ ਵਿੱਚ ਅੱਗੇ ਵਧਦਾ ਉਹਨੂੰ ਵੇਖ ਵੇਖ ਹੋਰ ਖਿਡਾਰੀ ਉਵੇਂ ਕਰੀ ਜਾਂਦੇ। ਜੀਹਦੇ `ਚ ਵੱਧ ਜ਼ੋਰ ਹੁੰਦਾ ਉਹੀ ਫਸਟ ਆਉਂਦਾ। ਮੱਖਣ ਸਿੰਘ ਕੱਦ ਕਾਠ ਵਜੋਂ ਤਕੜਾ ਹੋਣ ਕਾਰਨ ਹਰੇਕ ਖੇਡ `ਚ ਆਪਣੇ ਹਾਣੀਆਂ ਨੂੰ ਹਰਾ ਦਿੰਦਾ।

1941 ਵਿੱਚ ਜਦੋਂ ਉਹ ਤੀਹ ਸਾਲਾਂ ਦਾ ਹੋਇਆ ਤਾਂ 123 ਫੁੱਟ ਪੌਣੇ ਅੱਠ ਇੰਚ ਡਿਸਕਸ ਸੁੱਟ ਕੇ ਹਜ਼ੂਰ ਅਹਿਮਦ ਦਾ ਰਿਕਾਰਡ ਤੋੜਨ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਰੱਖ ਗਿਆ। ਮੁਕਾਬਲਾ ਮਿੰਟਗੁਮਰੀ ਦੇ ਬੁੱਚ ਸਟੇਡੀਅਮ ਵਿੱਚ ਹੋਇਆ ਸੀ। ਮੱਖਣ ਸਿੰਘ ਦੇ ਦੂਜੀ ਵਿਸ਼ਵ ਜੰਗ ਵਿੱਚ ਉਲਝ ਜਾਣ ਕਾਰਨ ਉਹ ਕਈ ਸਾਲ ਖੇਡ ਮੁਕਾਬਲਿਆਂ ਤੋਂ ਲਾਭੇ ਰਿਹਾ। ਉਸ ਦਾ ਰਿਕਾਰਡ ਫਿਰ ਸੋਮ ਨਾਥ ਨੇ ਤੋੜਿਆ ਜੋ ਬਾਅਦ ਵਿੱਚ ਸਪੋਰਟਸ ਕਾਲਜ ਦਾ ਪ੍ਰਿੰਸੀਪਲ ਬਣਿਆ। ਜੰਗ ਹਟੀ ਤਾਂ ਦੇਸ਼ ਦੀ ਵੰਡ ਹੋ ਗਈ। ਉਸ ਪਿੱਛੋਂ 1949 ਵਿੱਚ ਮੱਖਣ ਸਿੰਘ ਨੇ ਮੁੜ ਡਿਸਕਸ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਇੱਕ ਦਿਨ 136 ਫੁੱਟ ਥਰੋਅ ਕਰ ਦਿੱਤੀ। ਇਸ ਹਿਸਾਬ ਨਾਲ ਉਹ ਫਿਰ ਦੇਸ਼ ਦਾ ਅੱਵਲ ਨੰਬਰ ਡਿਸਕਸ ਸੁਟਾਵਾ ਬਣ ਗਿਆ।

 

1951 ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਹੋਈਆਂ। ਉਦੋਂ ਮੱਖਣ ਸਿੰਘ ਦੀ ਉਮਰ ਚਾਲੀ ਸਾਲਾਂ ਦੀ ਹੋਣ ਦੇ ਬਾਵਜੂਦ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ। ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਉਸ ਨੇ 130 ਫੁੱਟ ਪੌਣੇ ਗਿਆਰਾਂ ਇੰਚ ਡਿਸਕਸ ਸੁੱਟ ਕੇ ਸੋਨੇ ਦਾ ਤਮਗ਼ਾ ਜਿੱਤ ਲਿਆ। ਉਥੇ ਉਸ ਨੇ ਜਪਾਨ ਦੇ ਕਹਿੰਦੇ ਕਹਾਉਂਦੇ ਡਿਸਕਸ ਸੁਟਾਵੇ ਨੂੰ ਪਿਛਾੜ ਦਿੱਤਾ।

ਮੈਂ ਪੁੱਛਿਆ, “ਏਸ਼ੀਆ ਦਾ ਗੋਲਡ ਮੈਡਲ ਜਿੱਤ ਕੇ ਕਿਵੇਂ ਲੱਗਾ?” ਉਹ ਮਾਣ ਨਾਲ ਦੱਸਣ ਲੱਗਾ, “ਏਸ਼ੀਆ ਦਾ ਗੋਲਡ ਮੈਡਲ ਜਿੱਤਿਆ ਤਾਂ ਮੇਰੇ ਫੋਟੂ ਵੀ ਲੱਥੇ ਤੇ ਮੈਨੂੰ ਖ਼ੁਸ਼ੀ ਵੀ ਬੜੀ ਹੋਈ। ਅਫਸਰਾਂ ਦੀਆਂ ਮੇਮਾਂ ਮੈਨੂੰ ‘ਇਧਰ ਆਓ ਮੱਖਣ ਸਿੰਘ’ ‘ਇਧਰ ਆਓ ਮੱਖਣ ਸਿੰਘ’ ਕਰਨ ਲੱਗੀਆਂ।” ਮੇਮਾਂ ਦੀ ਨਕਲ ਲਾ ਕੇ ਮੱਖਣ ਸਿੰਘ ਮਿੰਨ੍ਹਾ ਜਿਹਾ ਮੁਸਕ੍ਰਾਇਆ।

“ਏਸ਼ੀਆ ਜਿੱਤਣ ਪਿੱਛੋਂ ਹੋਰ ਕਿੰਨੇ ਸਾਲ ਡਿਸਕਸ ਸੁੱਟੀ?”

“ਜਿੰਨੀ ਦੇਰ ਮੈਂ ਫੌਜ `ਚ ਨੌਕਰੀ ਕਰਦਾ ਰਿਹਾ ਓਨੀ ਦੇਰ ਡਿਸਕਸ ਸੁੱਟਦਾ ਰਿਹਾ। ਮੈਂ ਆਪਣੀ ਕਮਾਂਡ ਵਾਸਤੇ ਡਿਸਕਸ ਤੇ ਹੈਮਰ ਦੋਵੇਂ ਈਵੈਂਟ ਜਿੱਤ ਲੈਂਦਾ ਸੀ। 1952 ਵਿੱਚ ਪ੍ਰੈਕਟਿਸ ਕਰਦਿਆਂ `ਕੇਰਾਂ ਮੈਂ 140 ਫੁੱਟ ਡਿਸਕਸ ਸੁੱਟ ਦਿੱਤੀ ਸੀ ਤੇ ਹੈਮਰ 155 ਫੁੱਟ ਸੁੱਟਿਆ ਸੀ। ਜੇ ਹੁਣ ਵਾਂਗ ਉਹਨੀਂ ਦਿਨੀਂ ਕੋਚਿੰਗ ਦੀ ਸਹੂਲਤ ਹੁੰਦੀ ਤਾਂ ਪਤਾ ਨ੍ਹੀਂ ਅਸੀਂ ਕਿਥੇ ਪਹੁੰਚਦੇ!”

“ਤੁਹਾਨੂੰ ਖੇਡ ਦੇ ਸਿਰ `ਤੇ ਕੋਈ ਤਰੱਕੀ ਵੀ ਮਿਲੀ?”

“ਕੋਈ ਖਾਸ ਨ੍ਹੀਂ। ਮੈਂ ਬੱਤੀ ਤੋਂ ਛਪੰਜਾ ਤਕ ਚੌਵੀ ਸਾਲ ਫੌਜ ਦੀ ਨੌਕਰੀ ਕੀਤੀ ਤੇ ਹੌਲਦਾਰੀ ਪੈਨਸ਼ਨ ਲੈ ਕੇ ਰਟੈਰ ਹੋਇਆ। `ਕੇਰਾਂ ਮੈਨੂੰ ਡਿਵ ਕਮਾਂਡਰ ਨੇ ਪੰਜਾਹ ਰੁਪਏ ਦਾ ਇਨਾਮ ਘੱਲਿਆ ਸੀ। ਉਹਦੇ ਨਾਲ ਮੇਰਾ ਹੌਂਸਲਾ ਬਹੁਤ ਵਧਿਆ ਸੀ।”

“ਉਹਨੀਂ ਦਿਨੀਂ ਹੋਰ ਕਿਹੜੇ ਅਥਲੀਟ ਤੁਹਾਡੇ ਮੁਕਾਬਲੇ `ਚ ਆਉਂਦੇ ਸਨ?”

“ਪਹਿਲਾਂ ਮੇਰਾ ਮੁਕਾਬਲਾ ਅਮਰ ਸਿੰਘ ਨਾਲ ਹੁੰਦਾ ਸੀ। ਲੁਧਿਆਣੇ ਦੀਆਂ ਨੈਸ਼ਨਲ ਖੇਡਾਂ `ਚ ਉਹ ਫਸਟ ਆਇਆ ਸੀ। ਉਸ ਪਿੱਛੋਂ ਨ੍ਹੀਂ ਮੈਂ ਕਿਸੇ ਨੂੰ `ਗਾੜੀ ਲੰਘਣ ਦਿੱਤਾ। ਫਿਰ ਪ੍ਰਦੁੱਮਣ ਸਿੰਘ ਚੜ੍ਹ ਗਿਆ ਤੇ ਉਹਦੇ ਨਾਲ ਈ ਬਲਕਾਰ ਸਿੰਘ। ਤਦ ਤਕ ਮੇਰੀ ਉਮਰ ਵੀ ਵਾਹਵਾ ਹੋ ਚੁੱਕੀ ਸੀ।”

ਮੈਂ ਖਾਧ ਖੁਰਾਕ ਬਾਰੇ ਪੁੱਛਿਆ ਤਾਂ ਮੱਖਣ ਸਿੰਘ ਵੇਰਵੇ ਨਾਲ ਦੱਸਣ ਲੱਗਾ, “ਨਿੱਕੇ ਹੁੰਦਿਆਂ ਸਾਡੇ ਘਰ ਦੁੱਧ ਘਿਓ ਦੀ ਕੋਈ ਥੋੜ ਨ੍ਹੀਂ ਸੀ। ਲਵੇਰਾ ਆਮ ਹੁੰਦਾ ਸੀ ਜਿਸ ਕਰਕੇ ਖੁਰਾਕ ਖੁੱਲ੍ਹੀ ਡੁੱਲ੍ਹੀ ਖਾਧੀ। ਫੌਜ ਵਿੱਚ ਵੀ ਕਦੇ ਖੁਰਾਕ ਚੰਗੀ ਮਿਲ ਜਾਂਦੀ ਕਦੇ ਮਾੜੀ। ਕਦੇ ਸਪੈਸ਼ਲ ਖੁਰਾਕ ਵਜੋਂ ਦੁੱਧ ਦਾ ਗਲਾਸ ਤੇ ਇੱਕ ਆਂਡਾ ਲੱਗ ਜਾਂਦਾ। ਮੈਂ ਕਦੇ ਪਕੌੜਾ ਸ਼ਕੌੜਾ ਨ੍ਹੀਂ ਖਾਧਾ ਤੇ ਬਿਮਾਰ ਠਮਾਰ ਵੀ ਨੲ੍ਹੀਂ ਹੋਇਆ। ਹੁਣ ਵੀ ਮੈਂ ਚਾਹ ਪੀਣ ਦੀ ਥਾਂ ਦਹੀਂ ਖਾਣ ਨੂੰ ਚੰਗਾ ਸਮਝਦਾਂ।”

ਗੱਲਾਂ ਕਰਦੇ ਕਰਦੇ ਮੱਖਣ ਸਿੰਘ ਨੇ ਮੈਦਾਨ ਵੱਲ ਨਜ਼ਰ ਘੁਮਾਈ ਤੇ ਆਖਣ ਲੱਗਾ, “ਹੁਣ ਲੋਅ ਹਰਡਲ ਲੱਗਣ ਡਹੀ ਆ।” ਮੈਂ ਕਿਹਾ, “ਕੁਝ ਘਰ ਪਰਿਵਾਰ ਬਾਰੇ ਵੀ ਦੱਸੋ।” ਮੱਖਣ ਸਿੰਘ ਘਰ ਦੀਆਂ ਗੱਲਾਂ ਨਿਸ਼ੰਗ ਦੱਸਣ ਲੱਗਾ, “ਤੁਹਾਨੂੰ ਪਤਾ ਪਈ ਪਹਿਲਾਂ ਹਰੇਕ ਦੀ ਸ਼ਾਦੀ ਨੲ੍ਹੀਂ ਸੀ ਹੁੰਦੀ। ਸਾਡੀ ਤਾਂ ਖ਼ੈਰ ਵਾਹੀ ਵੀ ਘੱਟ ਈ ਸੀ। ਬੱਸ ਮਹੀਂ ਛਹੀਂ ਰੱਖ ਛੱਡਣੀਆਂ ਤੇ ਵੱਡੀ ਉਮਰ ਤਕ ਮੇਰਾ ਵਿਆਹ ਨਾ ਹੋਇਆ। ਫਿਰ 1947 `ਚ ਗੇੜ ਬਣਿਆਂ ਤੇ ਮੈਂ ਵੀ ਟੱਬਰ ਵਾਲਾ ਬਣ ਗਿਆ। ਪਰ ਮੇਰੇ ਘਰੋਂ ਵਿਚਾਰੀ ਬਹੁਤੀ ਦੇਰ ਜੀਂਦੀ ਨਾ ਰਹੀ ਤੇ ਤਿੰਨ ਲੜਕੀਆਂ ਨੂੰ ਜਨਮ ਦੇਣ ਮਗਰੋਂ ਗੁਜ਼ਰ ਗਈ।”

ਮੱਖਣ ਸਿੰਘ ਕੁੱਝ ਪਲ ਚੁੱਪ ਹੋ ਗਿਆ ਤੇ ਮੈਂ ਵੀ ਚੁੱਪ ਰਹਿਣਾ ਮੁਨਾਸਿਬ ਸਮਝਿਆ। ਮੱਖਣ ਸਿੰਘ ਨੇ ਆਪਣੀ ਹੱਡ ਬੀਤੀ ਅਗਾਂਹ ਤੋਰੀ, “ਓਦੋਂ ਤਕ ਮੈਂ ਏਸ਼ੀਆ ਦਾ ਚੈਂਪੀਅਨ ਬਣ ਗਿਆ ਸੀ ਤੇ ਮੇਰੀ ਗੁੱਡੀ ਵਾਹਵਾ ਚੜ੍ਹ ਗਈ ਸੀ। 1954 ਦੇ ਸਿਆਲ `ਚ ਰਾਵਲਪਿੰਡੀ ਵੱਲ ਦੀ ਇੱਕ ਭਾਪਣ ਨੇ ਮੇਰੇ ਨਾਲ ਵਿਆਹ ਕਰਾ ਲਿਆ। ਰੰਗ ਤਾਂ ਮੇਰਾ ਪੱਕਾ ਸੀ ਪਰ ਮੈਨੂੰ ਵੈਲ ਕੋਈ ਨ੍ਹੀਂ ਸੀ। ਐਵੇਂ ਕਦੇ ਕਦਾਈਂ ਘੁੱਟ ਪੀ ਲੈਣੀ ਪਰ ਵਾਹ ਲੱਗਦੀ ਦੁੱਧ ਘਿਓ ਤੇ ਮੀਟ ਫਰੂਟ ਈ ਖਾਣਾ। ਵਡੇਰੀ ਉਮਰ ਦਾ ਹੋਣ `ਤੇ ਵੀ ਭਾਪਣ ਦੇ ਮੈਂ ਪਸੰਦ ਸਾਂ।”

ਮੈਂ ਨੋਟ ਕਰ ਰਿਹਾਂ ਸਾਂ ਕਿ ਸਾਡਾ ਪੁਰਾਣਾ ਚੈਂਪੀਅਨ ਬਿਨਾਂ ਕਿਸੇ ਲਕੋਅ ਛਪੋਅ ਜਾਂ ਵਲ ਛਲ ਦੇ ਆਪਣੀਆਂ ਨਿੱਜੀ ਗੱਲਾਂ ਸੱਚੋ ਸੱਚ ਦੱਸ ਰਿਹਾ ਸੀ। ਅੱਜ ਕੱਲ੍ਹ ਦੇ ਚੈਂਪੀਅਨ ਇਓਂ ਨਹੀਂ ਦੱਸਦੇ। ਮੈਂ ਪੁੱਛਿਆ, “ਕਦੇ ਫਰੰਟ `ਤੇ ਵੀ ਲੜਨ ਜਾਣਾ ਪਿਆ?” ਮੱਖਣ ਸਿੰਘ ਨੇ ਖੱਬਾ ਹੱਥ ਅੱਗੇ ਕਰ ਕੇ ਵਿਖਾਇਆ, “ਆਹ ਗੋਲੀ ਮੈਨੂੰ ਫਰੰਟ `ਤੇ ਈ ਲੱਗੀ ਸੀ। ਫਰੰਟੀਅਰ ਦੇ ਇੱਕ ਪਠਾਣ ਦੀ ਗੋਲੀ ਟੂੰ ਠਾਹ … ਕਰਦੀ ਆਈ ਤੇ ਮੇਰਾ ਖੱਬਾ ਹੱਥ ਵਿੰਨ੍ਹ ਗਈ। ਪਠਾਣਾਂ ਦੀਆਂ ਗੋਲੀਆਂ ਮੋਟੀਆਂ ਹੁੰਦੀਆਂ ਪਰ ਮੇਰਾ ਫਿਰ ਵੀ ਬਚਾਅ ਹੋ ਗਿਆ।”

ਮੈਂ ਹੈਰਾਨ ਸਾਂ ਕਿ ਗਰੀਬੜੇ ਜਿਹੇ ਦਿਸਦੇ ਇਸ ਚੈਂਪੀਅਨ ਅਥਲੀਟ ਨੇ ਹਾਲਾਂ ਤਕ ਕੋਈ ਗ਼ਿਲੇ ਸ਼ਿਕਵੇ ਵਾਲੀ ਗੱਲ ਨਹੀਂ ਸੀ ਕੀਤੀ। ਇੰਜ ਗੱਲਾਂ ਕਰ ਰਿਹਾ ਸੀ ਜਿਵੇਂ ਸਭ ਕਾਸੇ ਵੱਲੋਂ ਸੰਤੁਸ਼ਟ ਹੋਵੇ। ਕਈ ਰੱਜੇ ਪੁੱਜੇ ਬੰਦੇ ਐਵੇਂ ਈ ‘ਮਰ ਗਏ’ ‘ਮਰ ਗਏ’ ਕਰੀ ਜਾਂਦੇ ਹਨ। ਤੇ ਕਈ ਅਜਿਹੇ ਵੀ ਟੱਕਰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਜਾਂ ਦੇਣ ਕਾਣੀ ਕੌਡੀ ਦੀ ਵੀ ਨਹੀਂ ਹੁੰਦੀ ਪਰ ਟਾਹਰਾਂ ਇਓਂ ਮਾਰਦੇ ਹਨ ਜਿਵੇਂ ਦੁਨੀਆਂ ਚੱਲਦੀ ਹੀ ਉਹਨਾਂ ਦੇ ਸਿਰ `ਤੇ ਹੋਵੇ।

ਮੈਂ ਮੱਖਣ ਸਿੰਘ ਦੀਆਂ ਲੋੜਾਂ ਥੋੜਾਂ ਜਾਨਣ ਲਈ ਪੁੱਛਿਆ, “ਪਰਿਵਾਰ ਨੂੰ ਪਾਲਣ ਲਈ ਤੁਹਾਡੀ ਆਮਦਨ ਦਾ ਕੀ ਵਸੀਲਾ ਐ?” ਬਜ਼ੁਰਗ ਚੈਂਪੀਅਨ ਦੇ ਚਿਹਰੇ `ਤੇ ਪਹਿਲਾਂ ਤਾਂ ਵਿਅੰਗਮਈ ਮੁਸਕ੍ਰਾਹਟ ਆਈ ਤੇ ਫਿਰ ਕੁੱਝ ਲੱਜਿਆ ਦੇ ਭਾਵਾਂ ਨਾਲ ਲੱਗਾ, “ਖਿਡਾਰੀ ਸਭ ਗਰੀਬ ਈ ਹੁੰਦੇ ਆ। ਅਮੀਰ ਹੋਣ ਤਾਂ ਫੌਜੀ ਕਿਉਂ ਬਣਨ? ਮੇਰੀ ਢਾਈ ਤਿੰਨ ਕਿੱਲੇ ਪੈਲੀ ਆ ਤੇ ਏਨੀ ਪੈਲੀ `ਚੋਂ ਭਲਾ ਕਿੰਨੀ ਕੁ ਆਮਦਨ ਹੋਊ? ਝੋਟੀਆਂ ਰੱਖ ਕੇ ਗੁਜ਼ਾਰਾ ਕਰੀਦਾ। ਮੇਰੇ ਪੰਜ ਪੁੱਤਰ ਆ ਪਰ ਉਹ ਨਲਾਇਕ ਈ ਨਿਕਲੇ ਆ। ਓਦੋਂ `ਪ੍ਰੇਸ਼ਨਾਂ ਦਾ ਰਿਵਾਜ ਨ੍ਹੀਂ ਸੀ ਹੁੰਦਾ ਤੇ ਔਲਾਦ ਵਾਧੂ ਹੋ ਗਈ। ਮਗਰੋਂ ਐਮਰਜੰਸੀ `ਚ ਅਗਲਿਆ ਨੇ `ਪ੍ਰੇਸ਼ਨ ਵੀ ਕਰਤਾ ਪਰ ਉਹ ਕਿਸ ਕੰਮ?”

ਬਾਬੇ ਦੀ ਗੱਲ ਹੱਸਣ ਵਾਲੀ ਵੀ ਸੀ ਤੇ ਰੋਣ ਵਾਲੀ ਵੀ। ਮੈਂ ਪੁੱਛਿਆ, “ਕੀ ਗੱਲ ਪੁੱਤਰ ਕਿਸੇ ਕੰਮ ਧੰਦੇ ਨ੍ਹੀਂ ਲੱਗੇ?” ਮੱਖਣ ਸਿੰਘ ਨੇ ਦੁਖੀ ਹੁੰਦਿਆਂ ਕਿਹਾ, “ਏਹੋ ਤਾਂ ਦੁੱਖ ਆ। ਇੱਕ ਨੂੰ ਗੱਡੀ ਨਾਲ ਲਾਇਆ, ਦੂਜੇ ਨੂੰ ਕਾਰਖਾਨੇ ਲਾਇਆ। ਨਿੱਕਿਆਂ ਨੂੰ ਕਿਹਾ, ਸਹੁਰਿਓ ਟਾਇਰਾਂ ਨੂੰ ਪੰਚਰ ਲਾਉਣੇ ਈ ਸਿੱਖ ਲਓ। ਪਰ ਉਹ ਕਿਧਰੇ ਨਹੀਂ ਚੱਲੇ। ਇੱਕ ਤਾਂ ਤਮਾਕੂ ਵੀ ਲਾਉਣ ਲੱਗ ਪਿਐ। ਬੀਬੀਆਂ ਬੜੀਆਂ ਚੰਗੀਆਂ ਤੇ ਆਪੋ ਆਪਣੇ ਘਰੀਂ ਵੱਸਦੀਆਂ। ਮੈਂ ਮੁੰਡਿਆਂ ਨੂੰ ਭਰਤੀ ਲਈ ਵੀ ਖੜਿਆ ਪਰ ਅਗਾਂਹ ਵੱਢੀ ਦਾ ਸਿਸਟਮ ਚਾਲੂ ਹੋ ਗਿਆ ਤੇ ਉਹ ਭਰਤੀ ਹੁੰਦੇ ਹੁੰਦੇ ਰਹਿ ਗਏ।”

ਮੈਂ ਆਖ਼ਰੀ ਗੱਲ ਪੁੱਛੀ, “ਤੁਸੀਂ ਕੁੱਝ ਹੋਰ ਦੱਸਣਾ ਚਾਹੁੰਦੇ ਹੋਵੋਂ?” ਮੇਰੇ ਹੱਥ ਵਿੱਚ ਡਾਇਰੀ ਸੀ ਤੇ ਮੈਂ ਉਸ ਦੀਆਂ ਗੱਲਾਂ ਨਾਲੋ ਨਾਲ ਨੋਟ ਕਰੀ ਜਾਂਦਾ ਸਾਂ। ਉਸ ਨੇ ਸਮਝਿਆ ਸ਼ਾਇਦ ਮੈਂ ਕਿਸੇ ਸਰਕਾਰੀ ਮਹਿਕਮੇ ਦਾ ਬੰਦਾ ਹੋਵਾਂਗਾ ਜੋ ਉਸ ਦੀ ਮਦਦ ਕਰ ਸਕਾਂਗਾ। ਏਸ਼ੀਆ ਦਾ ਚੈਂਪੀਅਨ ਰੁਕ ਰਕ ਕੇ ਲਿਖਾਉਣ ਲੱਗਾ, “ਲਿਖੋ … ਮੇਰੀਆਂ ਤਾਂ ਸਾਰੀਆਂ ਰੀਝਾਂ ਪੂਰੀ ਹੋ ਗਈਆਂ …। ਬਥੇਰੀ ਦੁਨੀਆਂ ਦੇਖ ਲਈ …। ਮੈਨੂੰ ਮੁੰਡਿਆਂ ਦਾ ਈ ਫਿਕਰ ਮਾਰੀ ਜਾਂਦਾ …। ਜੇ ਤੁਹਾਡੇ ਹੱਥ ਵੱਸ ਆ ਤਾਂ ਤੁਸੀਂ ਈ ਮਾਰੋ ਕੋਈ ਹੱਲਾ …। ਜੇ ਮੇਰੇ ਮੁੰਡੇ ਕਿਧਰੇ ਚੌਕੀਦਾਰ ਈ ਲੱਗ ਜਾਣ ਤਾਂ ਮੇਰੀ ਜਾਨ ਸੁਖਾਲੀ ਨਿਕਲ ਜੇ …।”

ਮੈਂ ਹੁਣ ਪੰਜਾਬ ਜਾ ਕੇ ਪਤਾ ਕਰਾਂਗਾ ਕਿ ਉਸ ਦੀ ਜਾਨ ਸੁਖਾਲੀ ਨਿਕਲੀ ਹੈ ਜਾਂ ਅਜੇ ਜੀਂਦਾ ਹੀ ਹੈ!

Read 3729 times Last modified on Friday, 16 October 2009 16:37
ਪ੍ਰਿੰਸੀਪਲ ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਵਿਚ ਬਾਬੂ ਸਿੰਘ ਸੰਧੂ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਹੋਇਆ। ਉਸ ਦੇ ਦਾਦਾ, ਬਾਬਾ ਪਾਲਾ ਸਿੰਘ ਜੈਤੋ ਮੋਰਚੇ ਦੇ ਸੁਤੰਤਰਤਾ ਸੰਗਰਾਮੀ ਸਨ। ਉਹ ਚਕਰ, ਮੱਲ੍ਹੇ, ਫਾਜ਼ਿਲਕਾ, ਮੁਕਤਸਰ ਤੇ ਦਿੱਲੀ ਵਿਚ ਪੜ੍ਹਿਆ। ਉਸ ਨੇ ਦਿੱਲੀ ਤੇ ਢੁੱਡੀਕੇ ਦੇ ਕਾਲਜਾਂ ਵਿਚ ਪ੍ਰੋਫੈ਼ਸਰੀ ਅਤੇ ਅਮਰਦੀਪ ਕਾਲਜ ਮੁਕੰਦਪੁਰ ਦੀ ਪ੍ਰਿੰਸੀਪਲੀ ਕੀਤੀ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਉਸ ਨੇ ਦੇਸ਼ ਵਿਦੇਸ਼ ਦੇ ਸੈਂਕੜੇ ਖੇਡ ਮੇਲੇ ਆਪਣੀ ਅੱਖੀਂ ਵੇਖੇ ਹਨ ਤੇ ਸੈਂਕੜੇ ਖਿਡਾਰੀਆਂ ਨੂੰ ਖ਼ੁਦ ਮਿਲਿਆ ਹੈ। ਉਸ ਦੇ ਦੱਸਣ ਮੂਜਬ ਉਹ ਘੱਟੋਘੱਟ ਦੋ ਲੱਖ ਕਿਲੋਮੀਟਰ ਪੈਰੀਂ ਤੁਰ ਚੁੱਕੈ ਤੇ ਹਵਾਈ ਜਹਾਜ਼ਾਂ ਦੇ ਸਫ਼ਰ ਦਾ ਤਾਂ ਕੋਈ ਅੰਤ ਹੀ ਨਹੀਂ।
ਉਸ ਨੇ ਦੋ ਦਰਜਨ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ `ਚ ਡੇਢ ਦਰਜਨ ਖੇਡਾਂ ਖਿਡਾਰੀਆਂ ਬਾਰੇ ਹੀ ਹਨ। ਉਸ ਦਾ ਸਫ਼ਰਨਾਮਾ ‘ਅੱਖੀਂ ਵੇਖ ਨਾ ਰੱਜੀਆਂ’ ਪੰਜਾਬ ਯੂਨੀਵਰਸਿਟੀ ਦੀ ਪਾਠ ਪੁਸਤਕ ਬਣਿਆ ਰਿਹੈ ਤੇ ਸਵੈਜੀਵਨੀ ‘ਹਸੰਦਿਆਂ ਖੇਲੰਦਿਆਂ’ ਚਰਚਿਤ ਪੁਸਤਕ ਹੈ। ਉਸ ਨੂੰ ਪੰਜਾਬੀ ਦਾ ਮੋਢੀ ਖੇਡ ਲੇਖਕ ਮੰਨਿਆ ਜਾਂਦੈ ਵੈਸੇ ਉਹ ਸਰਬਾਂਗੀ ਲੇਖਕ ਹੈ। ਉਸ ਨੇ ਕਹਾਣੀਆਂ, ਰੇਖਾ ਚਿੱਤਰ, ਸਫ਼ਰਨਾਮੇ, ਹਾਸ ਵਿਅੰਗ ਤੇ ਪਿੰਡ ਦੀ ਸੱਥ ਦੇ ਤਬਸਰੇ ਵੀ ਲਿਖੇ ਹਨ। ਉਸ ਨੂੰ ਅਨੇਕਾਂ ਇਨਾਮ ਤੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ `ਚ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ, ਕਰਤਾਰ ਸਿੰਘ ਧਾਲੀਵਾਲ ਅਵਾਰਡ, ਸੱਯਦ ਵਾਰਿਸ ਸ਼ਾਹ ਅਵਾਰਡ, ਸਪੋਰਟਸ ਸਾਹਿਤ ਦਾ ਨੈਸ਼ਨਲ ਅਵਾਰਡ ਅਤੇ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ ਸੌ ਤੋਂ ਵੱਧ ਮਾਨ ਸਨਮਾਨ ਸ਼ਾਮਲ ਹਨ। ਉਹ 1965-66 ਵਿਚ ਦਿੱਲੀ ਦੇ ਸਾਹਿਤਕ ਪਰਚੇ ‘ਆਰਸੀ’ ਵਿਚ ਛਪਣ ਤੋਂ ਲੈ ਕੇ ਦਰਜਨ ਦੇ ਕਰੀਬ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦਾ ਆ ਰਿਹਾ ਹੈ। ਉਸ ਦੇ ਫੁਟਕਲ ਲੇਖਾਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੋ ਗਈ ਹੈ। ਉਸ ਦੇ ਦੋ ਪੁੱਤਰ ਹਨ। ਇਕ ਕੈਨੇਡਾ ਵਿਚ ਹੈ ਤੇ ਇਕ ਪੰਜਾਬ ਵਿਚ। ਉਹ ਆਪਣੀ ਪਤਨੀ ਹਰਜੀਤ ਕੌਰ ਨਾਲ ਗਰਮੀਆਂ ਕੈਨੇਡਾ ਵਿਚ ਕੱਟਦਾ ਹੈ ਤੇ ਸਿਆਲ ਦਾ ਨਿੱਘ ਪੰਜਾਬ ਵਿਚ ਮਾਣਦਾ ਹੈ।