You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»02 - ਮੇਰੇ ਅੰਦਰ ਸਰੰਗੀ ਹੂਕਦੀ ਹੈ!‎

ਲੇਖ਼ਕ

Tuesday, 20 October 2009 16:59

02 - ਮੇਰੇ ਅੰਦਰ ਸਰੰਗੀ ਹੂਕਦੀ ਹੈ!‎

Written by
Rate this item
(0 votes)

ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ‎ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ‎ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ‎ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ‎ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ‎ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ ‎ਖ਼ਾਸ ਸਮੇਂ ਅਤੇ ਹਾਲਾਤ ਵਿੱਚ ਕੋਈ ਹੁਨਰ ਵੱਧ ਸਲਾਹੁਤਾ ਅਤੇ ਮਾਣਤਾ ਪ੍ਰਾਪਤ ਕਰ ਲੈਂਦਾ ਹੈ।

ਅੱਜ ਦੇ ਤਕਨੀਕੀ ਮਹੌਲ ਵਿੱਚ ਲਿਖਣ, ਪੜ੍ਹਨ, ਗਾਉਣ, ਕੰਪਿਊਟਰ, ਸਾਇੰਸ ਆਦਿਕ ‎ਵਿੱਚ ਪ੍ਰਬੀਨਤਾ ਜਾਂ ਮੈਡੀਕਲ ਸਾਇੰਸ ਦੀਆਂ ਬਰੀਕੀਆਂ ਵਿੱਚ ਮੁਹਾਰਤਾਂ ਨੂੰ ਉੱਤਮ ਹੁਨਰਾਂ `ਚ ‎ਸ਼ੁਮਾਰਿਆ ਜਾਂਦਾ ਹੈ, ਪਰ ਪੜ੍ਹਾਈ-ਲਿਖਾਈ ਅਤੇ ਹੋਰ ਪ੍ਰਵਾਣਤ ਖੇਤਰਾਂ `ਚ ‘ਮਾਹਰ’ ਲੋਕਾਂ ਦੀ, ‎ਕਿਸੇ ਜੰਗਲ਼ ਵਿੱਚ ਗਵਾਚੀ ਕੋਈ ਟੋਲੀ, ਅਗਰ ਕਹਿਰ ਦੀ ਸਰਦ ਰਾਤ `ਚ ਕਿਤੇ ਠੁਰਕ ਰਹੀ ‎ਹੋਵੇ ਤਾਂ ਉਸ ਖ਼ਾਸ ਹਾਲਤ ਵਿੱਚ, ਪੱਥਰਾਂ ਅਤੇ ਲੱਕੜੀਆਂ ਨੂੰ ਰਗੜ ਕੇ ਅੱਗ ਉਪਜਾਅ ਲੈਣ ‎ਦੀ ਮੁਹਾਰਤ ਰਖਦਾ ਕੋਈ ਅਸਲੋਂ ‘ਗੰਵਾਰ’ ਤੇ ‘ਜਾਂਗਲੀ’ ਸਮਝਿਆ ਜਾਂਦਾ ਵਿਅਕਤੀ ਵੀ, ‎‎‘ਮਾਹਰਾਂ’ ਨਾਲੋਂ ਵਧੇਰੇ ਹੁਨਰਮੰਦ ਹੋ ਗੁਜ਼ਰਦਾ ਹੈ। ਇੰਝ ਹੀ, ਅੱਜ ਦੇ ਯੁਗ `ਚ, ਅਸਮਾਨ ‎ਵਿੱਚ ਹਵਾਈ ਜਹਾਜ਼ਾਂ ਦੀਆਂ, ਮਛਲੀਆਂ ਵਾਂਗ ਤਾਰੀਆਂ ਲੁਆ ਦੇਣ ਵਾਲੇ ਪਾਈਲਾਟਾਂ ਦੇ ਹੁਨਰਾਂ ‎‎`ਤੇ ਹੈਰਾਨੀ ਜ਼ਾਹਰ ਕੀਤੀ ਜਾਂਦੀ ਹੈ, ਪਰ ਹਵਾਈ ਜਹਾਜ਼ ਦੀ ਈਜਾਦ ਤੋਂ ਪਹਿਲਾਂ ਵੀ ਤਾਂ ‎ਅਜੇਹੇ ਅਣਗਿਣਤ ਵਿਅਕਤੀ ਹੁੰਦੇ ਹੋਣਗੇ ਜਿਹੜੇ ਅਜੇਹੇ ਦੋ ਖੰਭਿਆਂ ਵਿਚਕਾਰ ਦੀ ਜਹਾਜ਼ ‎ਉਡਾਅ ਸਕਣ ਦੇ ਹੁਨਰੀ ਹੋ ਸਕਦੇ ਸਨ ਜਿਨ੍ਹਾਂ ਦਾ ਫ਼ਾਸਲਾ ਅਗਰ ਦੋ ਚਾਰ ਇੰਚ ਵੀ ਘਟਾਅ ‎ਦਿੱਤਾ ਜਾਂਦਾ ਤਾਂ ਜਹਾਜ਼ ਦੇ ਖੰਭ, ਖੰਭਿਆਂ ਨਾਲ ਘਸੜ ਕੇ, ਜਹਾਜ਼ ਨੂੰ ਭੁਆਂਟਣੀ ਦੇ ਦੇਂਦੇ, ਪਰ ‎ਉਸ ਵਕਤ ਕਿਉਂਕਿ ਹਵਾਈ ਜਹਾਜ਼ ਦਾ ਤਸੱਵਰ ਅਤੇ ਹੋਂਦ ਹੀ ਨਹੀਂ ਸਨ, ਇਸ ਲਈ ਉਨ੍ਹਾਂ ਦਾ ‎ਇਹ ਹੁਨਰ ਪੁੰਗਰ ਹੀ ਨਾ ਸਕਿਆ।

ਹਾਂ, ਮੈਂ ਆਪਣੇ ਇਸ ਵਿਸ਼ਵਾਸ਼ ਨੂੰ ਦੁਹਰਾਉਣ ਦੀ ਗ਼ੁਸਤਾਖ਼ੀ ਕਰਦਾ ਹਾਂ ਕਿ ਹਰ ‎ਸਧਾਰਨ-ਬੁੱਧ ਵਿਅਕਤੀ ਕੋਲ਼ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ।

ਇਸੇ ਸੰਦਰਭ ਵਿੱਚ ਇਹ ਗੱਲ ਵੀ ਸਹੀ ਹੈ ਕਿ ਕੁਦਰਤ ਨੇ ਭਾਵੇਂ ਹਰ ਵਿਅਕਤੀ ਨੂੰ ‎ਕਿਸੇ ਨਾ ਕਿਸੇ ਹੁਨਰ ਵਿੱਚ ਪਰਬੀਨ ਹੋਣ ਦੀ ਸੰਭਾਵਨਾ/ਗੁੰਜਾਇਸ਼ ਨਾਲ ਲੈਸ ਕੀਤਾ ਹੁੰਦਾ ਹੈ, ‎ਲੇਕਿਨ ਆਪਣੇ ਸੰਭਾਵੀ ਹੁਨਰ ਦੀ ਸ਼ਨਾਖ਼ਤ ਕਰ ਲੈਣੀ ਹਰ ਵਿਅਕਤੀ ਦੇ ਹਿੱਸੇ ਨਹੀਂ ‎ਆਉਂਦੀ। ਮਿਸਾਲ ਦੇ ਤੌਰ `ਤੇ, ਕਈਆਂ ਵਿੱਚ ਵਧੀਆ ਭਲਵਾਨ ਬਣ ਜਾਣ ਦੀ ਸਮਰੱਥਾ ਹੁੰਦੀ ‎ਹੈ, ਪਰ ਕਿਸੇ ਅਗਿਆਤ ਕਾਰਨ ਵੱਸ ਉਹ ਹਾਰਮੋਨੀਅਮ ਵਜਾਉਣ ਦੇ ਤਾਂਘੀ ਹੋ ਜਾਂਦੇ ਨੇ। ‎ਇਸ ਹਾਲਤ `ਚ ਉਨ੍ਹਾਂ ਦੀਆਂ ਉਂਗਲਾਂ, ਹਾਰਮੋਨੀਅਮ ਦੀਆਂ ਸੁਰਾਂ `ਚੋਂ ਧੁਨਾਂ ਉਭਾਰਨ ਦੀ ਥਾਂ, ‎ਉਨ੍ਹਾ ਦਾ ਮਿੱਧਣ-ਲਿਤੜਣ ਵੱਧ ਕਰਦੀਆਂ ਨੇ।

ਜਦੋਂ ਮੈਂ ਗਾਇਕੀ, ਸਾਜ਼ਿੰਦਗੀ ਅਤੇ ਸਾਹਿਤ ਰਚਨਾ ਨਾਲ਼ ਆਪਣੀ ਗੂੜ੍ਹੀ ਸਾਂਝ ਉੱਤੇ ‎ਨਜ਼ਰ ਮਾਰਦਾ ਹਾਂ ਤਾਂ ਮੈਨੂੰ ਜਾਪਦੈ ਮੇਰੇ ਅੰਦਰ ਲਫ਼ਜ਼ਾਂ ਨਾਲ ਖੇਡਣ ਅਤੇ ਸੁਰ-ਤਾਲ ਨਾਲ ‎ਇੱਕਮਿੱਕ ਹੋਣ ਦੇ ਥੋੜ੍ਹੇ-ਬਹੁਤੇ ਬੀਜ ਕੁਦਰਤ ਵੱਲੋਂ ਹੀ ਖਿਲਾਰੇ ਹੋਏ ਸਨ। ਇਹ ਬੀਜ ‎ਕੁਦਰਤ ਵੱਲੋਂ ਮੇਰੇ ਬਾਪੂ ਨੂੰ ਵੀ ਮਿਲੇ ਸਨ ਜਿਸ ਨੇ, ਹਰ ਸੂਖ਼ਮ ਕਲਾ ਨੂੰ ਮਸਲ਼ ਦੇਣ ਵਾਲੇ ‎ਕਠੋਰ ਹਾਲਾਤ ਵਿੱਚ ਘਿਰੇ ਹੋਣ ਦੇ ਬਾਵਜੂਦ, ਇਨ੍ਹਾਂ ਬੀਜਾਂ ਨੂੰ ਆਪਣੀ ਲਗਨ ਅਤੇ ਸਿਰੜ ‎ਨਾਲ਼ ਪੁੰਗਰਾਅ ਲਿਆ। ਬਾਪੂ ਕਵੀਸ਼ਰੀ ਲਿਖਣ/ਗਾਉਣ ਅਤੇ ਸੰਗੀਤ ਦਾ ਅਭਿਆਸੀ ਸੀ। ‎ਬਚਪਨ ਵੱਲ ਜਿੱਥੋਂ ਤੀਕ ਮੇਰੀ ਸੁਰਤ ਪਰਤਦੀ ਹੈ, ਓਦੋਂ ਤੋਂ ਹੀ ਸਾਡੇ ਥੁੜਾਂ ਭੋਗਦੇ ਘਰ `ਚ ‎ਕਵੀਸ਼ਰੀ ਦੀ ਰਚਨਾ ਦੇ ਰੂਪ ਵਿੱਚ ਕਾਵਿਕ ਲਫ਼ਜ਼ ਛਣਕਦੇ ਸਨ, ਗਾਇਕੀ ਦੀਆਂ ਲੈਆਂ ‎ਗੂੰਜਦੀਆਂ ਸਨ, ਅਤੇ ਢੱਡਾਂ ਦੇ ਤਾਲ ਥਪਥਪਾਂਦੇ ਸਨ।

ਜਿਸ ਜ਼ਮਾਨੇ ਦੀ ਗੱਲ ਮੈਂ ਕਰਨ ਲੱਗਾ ਹਾਂ ਉਸ `ਚ ਅੱਜ ਵਾਲ਼ੀਆਂ ਸੀ ਡੀਜ਼ ਅਤੇ ‎ਕਸੈੱਟਾਂ ਦਾ ਹਾਲੇ ਤਸੱਵਰ ਵੀ ਨਹੀਂ ਸੀ ਜਨਮਿਆਂ। ਉਹ ‘ਤਵਿਆਂ’ ਦੇ ਤੌਰ `ਤੇ ਜਾਣੇ ਜਾਂਦੇ, ‎ਗਰਾਮੋਫ਼ੋਨ-ਮਸ਼ੀਨਾਂ `ਤੇ ਚਲਦੇ ਰੀਕਾਰਡਾਂ, ਅਤੇ ਬੌਲਦਾਂ ਦੇ ਗਲੀਂ ਪਾਈਆਂ ਜਾਂ ਮੰਦਰਾਂ `ਚ ‎ਲਟਕਦੀਆਂ ਟੱਲੀਆਂ ਦੀ ਸ਼ਕਲ ਦੇ ਵੱਡ-ਅਕਾਰੀ ਲਾਊਡਸਪੀਕਰਾਂ ਦਾ ਯੁੱਗ ਸੀ। ਸ਼ਾਦੀਆਂ, ‎ਅਖੰਡਪਾਠਾਂ, ਭੋਗਾਂ ਅਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਮੌਕੇ, ਇਹ ਲਾਊਡਸਪੀਕਰ, ਕੋਠਿਆਂ ਉੱਤੇ ਦੋ ‎ਮੰਜਿਆਂ ਦੇ ਸਿਰਹਾਣਿਆਂ ਨੂੰ ਤਿਕੋਣੀ ਸ਼ਕਲ ਵਿੱਚ ਜੋੜ ਕੇ, ਉਨ੍ਹਾਂ ਉੱਪਰ ਟੰਗ ਦਿੱਤੇ ਜਾਂਦੇ ‎ਸਨ। ਇਨ੍ਹਾਂ ਸਪੀਕਰਾਂ ਰਾਹੀਂ ਢਾਡੀਆਂ ਤੇ ਅਲਗੋਜ਼ਿਆਂ ਦੀ ਸੰਗਤ ਨਾਲ਼ ਕੀਤੀ ਗਾਇਕੀ ਦੇ ‎ਗਰਾਮੋਫ਼ੋਨ ਰੀਕਾਰਡ, ਕਈ- ਕਈ ਦਿਨ ਤੇ ਸਾਰੀ -ਸਾਰੀ ਦਿਹਾੜੀ ਸਾਰੇ ਪਿੰਡ ਦੇ ਕੰਨਾਂ `ਚ ‎‎‘ਪੰਪ’ ਕੀਤੇ ਜਾਂਦੇ ਸਨ। ਸਾਊਂਡ-ਬਾਕਸ ਦੇ ਨਾਮ ਨਾਲ਼ ਜਾਣੀ ਜਾਂਦੀ ਇੱਕ ਡੱਬੀ `ਚ ਕੱਸੀ ‎ਇੱਕ ਸੂਈ, ਮਹੀਨ ਸਿਆੜਾਂ `ਚ ਘਿਸੜ ਕੇ, ਮਸ਼ੀਨ ਉੱਤੇ ਘੁੰਮ ਰਹੇ ਰੀਕਾਰਡ `ਚੋਂ ਅਵਾਜ਼ ‎ਚੁਗਦੀ, ਅਤੇ ਐਂਪਲੀਫਾਇਰ ਦੇ ਇੱਕ ਗੁੰਝਲ਼ਦਾਰ ਸਿਸਟਮ ਵਿੱਚ ਦੀ ਗੁਜ਼ਾਰ ਕੇ ਕੋਠੇ ਉੱਪਰ ‎ਟੁੰਗੇ ‘ਹੋਰਨ’ ਰਾਹੀਂ ਦੂਰ - ਦੂਰ ਤੀਕਰ ਪਹੁੰਚਾਉਂਦੀ। ਬਚਪਨ ਉਮਰੇ, ਗਰਮੀਆਂ ਦੀ ਰੁੱਤੇ ‎ਆਪਣੇ ਕੋਠੇ ਉੱਤੇ ਮੰਜੇ `ਤੇ ਪਿਆਂ, ਰੀਕਾਰਡਾਂ ਰਾਹੀਂ ਸੁਣੀ ਤੂੰਬਿਆਂ ਦੀ ਤੁਣ- ਤੁਣ, ਅਲਗੋਜ਼ਿਆਂ ‎ਦੀ ‘ਫੂੰ-ਫੂੰ’ , ਸਰੰਗੀਆਂ ਦੀ `ਚੀਂ- ਚੀਂ’ ਅਤੇ ਢੱਡਾਂ ਦੀ ‘ਡੁੱਗ- ਡੁੱਗ, ਢੁੰਮ -ਢੁੰਮ’ ਮੇਰੇ ਕੰਨਾਂ ‎ਵਿੱਚ ਹੁਣ ਵੀ ਗੂੰਜਣ ਲੱਗ ਜਾਂਦੀ ਹੈ।

ਘਰ ਵਿੱਚ ਸੰਗੀਤ ਅਤੇ ਕਵੀਸ਼ਰੀ ਦਾ ਅਟੁੱਟ ਪਰਵਾਹ ਹੋਣ ਕਰ ਕੇ ਸੰਗੀਤ ਮੇਰੀ ‎ਸਿਮਰਤੀ `ਚ ਕਿਸੇ ਖ਼ਾਸ ਦਿਨ ਜਾਂ ਖਾਸ ਵਕਤ ਉੱਤੇ ਦਾਖ਼ਲ ਨਹੀਂ ਹੋਇਆ; ਇਹ ਤਾਂ ਹਵਾ ‎ਵਾਂਗ ਆਪ-ਮੁਹਾਰੇ ਹੀ ਮੇਰੇ ਦਿਲੋ-ਦਿਮਾਗ਼ `ਚ ਘੁਲ਼ ਗਿਆ ਸੀ, ਪਰ ਸੰਗੀਤ ਅਤੇ ਤਾਲ ਨਾਲ਼ ‎ਮੇਰਾ ਅਮਲੀ ਅਤੇ ਸੁਚੇਤ ਵਾਹ ਜਿਸ ਇਤਫ਼ਾਕ ਨਾਲ ਹੋਇਆ ਉਹ ਮੇਰੀਆਂ ਯਾਦਾਂ `ਚ ਕਦੇ ‎ਫਿੱਕਾ ਨਹੀਂ ਪਿਆ।

ਸਨ 1955 ਦੀ ਗੱਲ ਹੈ: ਉਮਰ ਦੇ ਨੌਵੇਂ ਪਾਏਦਾਨ `ਤੇ ਵਿਚਰਦਿਆਂ ਮੈਂ ਤੀਜੀ ਜਮਾਤ ‎ਦੀਆਂ ਕਿਤਾਬਾਂ ਨਾਲ ਸਿੱਝਣ ਲੱਗਿਆ ਸਾਂ। ਸਾਡੇ ਗਵਾਂਢੀ ਪਿੰਡ ਰਣੀਏਂ ਦਾ ਮਾਸਟਰ ਸ਼ਮਸ਼ੇਰ ‎ਸਿੰਘ ਕੁਰਸੀ `ਤੇ ਨਹੀਂ ਸਗੋਂ ਭੁੰਜੇ ਵਿਛਾਈ ਇੱਕ ਤਪੜੀ ਉੱਤੇ ਬੈਠਦਾ। ਉਹਦੇ ਸਾਹਮਣੇ ਮਧਰੇ ‎ਕੱਦ ਦੀ ਇੱਕ ਵਿਸ਼ਾਲ ਸੰਦੂਕੜੀ ਪਈ ਹੁੰਦੀ ਸੀ ਜਿਸ ਵਿੱਚ ਉਹ ਆਪਣੇ ਡਰੰਕ, ਕਲਮਾਂ, ‎ਸਿਆਹੀ ਦੀਆਂ ਦਵਾਤਾਂ, ਪੈਨਸਿਲਾਂ ਤੇ ਹੋਰ ਨਿੱਕੜ- ਸੁੱਕੜ ਦੇ ਨਾਲ਼ ਨਾਲ਼ ਹਰ ਰੋਜ਼ ‎ਆਉਂਦੀ-ਜਾਂਦੀ ਸਾਰੇ ਪਿੰਡ ਦੀ ਡਾਕ ਦਾ ਲੇਖਾ-ਜੋਖਾ ਵੀ ਰਖਦਾ। ਮੀਂਹ ਹੋਵੇ ਜਾਂ ਹਨ੍ਹੇਰੀ, ਗੜੇ ‎ਪੈਣ ਜਾਂ ਕੋਹਰਾ, ਉਹ ਚਾਰ, ਸਾਢੇ ਚਾਰ ਮੀਲ ਦਾ ਸਫ਼ਰ ਪੈਦਲ ਹੀ ਤੈਅ ਕਰ ਕੇ, ਸਕੂਲ ਸ਼ੁਰੂ ‎ਹੋਣ ਤੋਂ ਅੱਧਾ ਪੌਣਾਂ ਘੰਟਾ ਪਹਿਲਾਂ ਸਕੂਲ ਆ ਸਿਰ ਕਢਦਾ ਸੀ। ਸਵਖ਼ਤੇ ਸਕੂਲ ਪਹੁੰਚ ਕੇ ਉਹ ‎ਕਮਜ਼ੋਰ ਬੱਚਿਆਂ ਨੂੰ ਹਿਸਾਬ ਸਿਖਾਉਂਦਾ ਅਤੇ ਰਾਹ ਪੱਟ ਕੇ ਲਿਆਂਦੇ ਕਾਨਿਆਂ ਦੀਆਂ ਮਹੀਨ ‎ਕਲਮਾਂ ਘੜਦਾ।

ਭਾਦੋਂ ਦੀਆਂ ਧੁੱਪਾਂ ਨੇ ਆਪਣਾ ਕੇੜਾ ਚਾੜ੍ਹਨਾ ਸ਼ੁਰੂ ਕਰ ਦਿਤਾ ਸੀ ਪਰ ਨਾਲ ਹੀ ‎ਮੌਨਸੂਨ ਆ ਜਾਣ ਕਰ ਕੇ, ਬੂੰਦਾਬਾਂਦੀ ਨੇ ਗਰਮੀ ਨੂੰ ਹਵਾ `ਚੋਂ ਨਿਚੋੜਨਾ ਸ਼ੁਰੂ ਕਰ ਦਿੱਤਾ ਸੀ। ‎ਇੱਕ ਦਿਨ, ਦੋ ਦਿਨ, ਹਫ਼ਤਾ: ਬੂੰਦਾ-ਬਾਂਦੀ ਤੋਂ ਛੜਾਕਿਆਂ `ਚ ਅਨੁਵਾਦ ਹੋਈ ਬਾਰਸ਼ ਬੰਦ ਹੋਣ ‎ਦਾ ਨਾਮ ਹੀ ਨਾ ਲਵੇ। ਰਣੀਏਂ ਵਾਲ਼ਾ ਮਾਸਟਰ ਆਵਦੇ ਪਿੰਡ ਦੀ ਫ਼ਿਰਨੀ `ਤੇ ਠਾਠਾਂ ਮਾਰਦੇ ‎ਪਾਣੀ ਨੂੰ ਵੇਖ ਕੇ ਵਾਪਿਸ ਚਲਾ ਗਿਆ। ਸਾਡੇ ਪਿੰਡ ਮਿੱਟੀ ਦੇ ਬਨੇਰਿਆਂ ਤੋਂ ਬਾਹਰ ਨੂੰ ‎ਵਧਾਈਆਂ ਧੌਣਾਂ ਵਾਲ਼ੇ ਪਰਨਾਲੇ, ਛੱਤਾਂ ਦੇ ਅਥਾਹ ਪਾਣੀ ਨੂੰ ਸੰਭਾਲਣ ਤੋਂ ਤੋਬਾ ਕਰਨ ਲੱਗੇ। ‎ਹਰੇਕ ਘਰ ਦੇ ਪਰਨਾਲ਼ੇ `ਚੋਂ ਵਗਦੀਆਂ ਧਾਰਾਂ ਦਾ ਸ਼ਰਰ-ਸ਼ਰਰ ਦਾ ਸ਼ੋਰ ਸਾਰੇ ਪਿੰਡ ਵਿੱਚ ‎ਗੂੰਜਣ ਲੱਗਾ। ਛੱਤਾਂ ਪਹਿਲਾਂ ਸਿੰਮਣ ਲੱਗੀਆਂ, ਤੇ ਫ਼ੇਰ ਚੋਣ, ਤੇ ਆਖ਼ਿਰ ਲੰਗਾਰ ਹੋ ਕੇ ਮਘੋਰੇ ‎ਬਣਨ ਲੱਗੀਆਂ। ਕੋਠਿਆਂ ਦੀਆਂ ਕੱਚੀਆਂ ਕੰਧਾਂ ਧੁਰ-ਅੰਦਰ ਤੀਕ ਪਿਲਪਿਲੀਆਂ ਹੋ ਗਈਆਂ। ‎ਗਾਰੇ `ਚ ਤੂੜੀ ਮਿਲਾ ਕੇ, ਕੰਧਾਂ ਦੇ ਬਾਹਰਲੇ ਪਾਸੇ ਕੀਤੀ ਲਿਪਾਈ, ਲਿਓੜਾਂ-ਖਲੇਪੜਾਂ ਦੇ ਰੂਪ ‎‎`ਚ ਦਾਅੜ-ਦਾਅੜ ਕਿਰਨ ਲੱਗੀ। ਗਲ਼ੀਆਂ `ਚ ਹਰਲ-ਹਰਲ ਕਰਦਾ ਪਾਣੀ ਖਰੂਦੀ ‎ਸ਼ਰਾਬੀਆਂ ਵਾਂਗ ਬੂਹਿਆਂ `ਤੇ ਢੁੱਡਾਂ ਮਾਰਨ ਲੱਗਾ। ਸਾਰੇ ਪਿੰਡ `ਚ ਕੱਚੇ ਘਰਾਂ ਦੀਆਂ ਨੀਹਾਂ ‎ਫਿੱਸਣ ਲੱਗੀਆਂ।

ਸਾਡੇ ਗਵਾਂਢੀ ਮਹਿਰੇ ਪਰਵਾਰ ਦੀ ਸਾਡੇ ਵਿਹੜੇ ਵੱਲ ਦੀ ਕੰਧ, ਬਨੇਰੇ ਵੱਲੋਂ ਸਾਡੇ ਵੱਲ ‎ਨੂੰ ਉੱਲਰਨ ਲੱਗੀ। ਲਗਾਤਾਰ ਵਰ੍ਹ ਰਹੇ ਮੀਂਹ ਦੇ ਸਤਾਏ ਮਹਿਰੇ ਪਰਵਾਰ ਦੀਆਂ ਦੋਵੇਂ ਜਵਾਨ ‎ਲੜਕੀਆਂ ਤੇ ਉਨ੍ਹਾਂ ਦੇ ਬਿਰਧ ਮਾਪੇ ਆਪਣੇ ਇਕਲੌਤੇ ਕੋਠੇ `ਚ ਕੁੰਗੜੇ ਬੈਠੇ ਸਨ। ਕੰਧ ਦੇ ਰਤਾ ‎ਕੁ ਉੱਲਰਦਿਆਂ ਹੀ ਛੱਤ ਦੀਆਂ ਕੜੀਆਂ ਤੇ ਕਾਨੇ ਕਰੜ-ਕਰੜ ਕਰਨ ਲੱਗੇ ਜਿਸ ਨੂੰ ‎ਸੁਣਦਿਆਂ ਸਾਰ ਮਹਿਰਾ ਪਰਵਾਰ `ਚ ਹਫ਼ੜਾ-ਦਫ਼ੜੀ ਮੱਚ ਉੱਠੀ। ਆਪਣੇ ਮੂਹਰਲੇ ਬੂਹੇ ਥਾਣੀ ‎ਦੌੜ ਕੇ ਸਾਡੇ ਪਰਲੇ ਦਰਵਾਜ਼ਿਓਂ ਉਹ ਸਾਡੇ ਵਿਹੜੇ `ਚ ਹਾਲੇ ਦਾਖ਼ਲ ਹੋਏ ਹੀ ਸਨ ਕਿ ਝੁਕੀ ‎ਹੋਈ ਕੰਧ ਧੜੰਮ ਕਰ ਕੇ ਸਾਡੇ ਵਿਹੜੇ ਵਿੱਚ ਖਿੰਡਰ ਗਈ। ਵਿਹੜੇ `ਚ ਡਾਢੇ ਬੁਖ਼ਾਰ ਵਾਂਗ ‎ਚੜ੍ਹਿਆ ਪਾਣੀ, ਛਿੱਟਿਆਂ ਦੇ ਰੂਪ ਵਿੱਚ ਤ੍ਰਭਕ ਕੇ ਸਾਡੀ ਵਾਗਲ਼ੇ ਵਾਲ਼ੀ ਕੰਧ ਦੇ ਉੱਪਰੋਂ ਦੀ ਹੁੰਦਾ ‎ਹੋਇਆ ਗਵਾਂਢੀਆਂ ਦੇ ਵਿਹੜੇ `ਚ ਜਾ ਡਿੱਗਿਆ। ਸ਼ਤੀਰੀਆਂ ਤੇ ਕੜੀਆਂ ਅਤੇ ਛੱਤ ਉੱਪਰਲੀ ‎ਗਿੱਲੀ ਮਿੱਟੀ ਨੇ ਮਹਿਰਿਆਂ ਦੇ ਮੰਜਿਆਂ-ਬਿਸਤਰਿਆਂ ਨੂੰ ਦਬੋਚ ਲਿਆ। ਉਨ੍ਹਾਂ ਦੀਆਂ ਦੋਵੇਂ ‎ਬਿੱਲੀਆਂ ਮੰਜੇ ਹੇਠੋਂ ਦੌੜ ਕੇ, ਉਨ੍ਹਾਂ ਦੀ ਡਿੱਗਣ ਤੋਂ ਬਚ ਗਈ ਕੰਧੋਲ਼ੀ `ਤੇ ਜਾ ਚੜ੍ਹੀਆਂ।

ਮਹਿਰਿਆਂ ਦੀ ਕੰਧ ਕਿਰਦਿਆਂ ਹੀ ਸਾਡੇ ਆਂਢ-ਗਵਾਂਢ ਦੇ ਕੱਚੇ ਘਰਾਂ ਦੇ ਸਭ ਵਸਨੀਕ ‎ਆਪਣੇ ਕੋਠਿਆਂ `ਚੋਂ ਮੰਜੇ-ਬਿਸਤਰੇ ਉਠਾਲ਼ ਕੇ, ਸਾਡੇ ਵਿਹੜੇ ਵੱਲ ਨੂੰ ਦੌੜਨ ਲੱਗੇ। ਮੰਜਿਆਂ ਦੇ ‎ਸਿਰ ਜੋੜ ਕੇ ਵਿਹੜੇ `ਚ ਤਿਕੋਣੀਆਂ ਝੁੱਗੀਆਂ ਉਸਾਰੀਆਂ ਜਾਣ ਲੱਗੀਆਂ। ਵੇਂਹਦਿਆਂ-‎ਵੇਂਹਦਿਆਂ, ਸਾਡੇ ਵਿਸ਼ਾਲ ਵਿਹੜੇ `ਚ ਪੰਦਰਾਂ ਵੀਹ ਝੁੱਗੀਆਂ ਦੀ ਇੱਕ ਬਸਤੀ ਉੱਗ ਆਈ। ‎ਮੀਂਹ ਤੋਂ ਬਚਾਅ ਲਈ ਗੁਦੈਲੇ ਤੇ ਰਜ਼ਾਈਆਂ ਨੂੰ ਤਿਕੋਣੀਆਂ ਝੁੱਗੀਆਂ `ਤੇ ਸੁੱਟਿਆ ਜਾਣ ਲੱਗਾ। ‎ਗੁੜ ਵਾਲੇ ਗੱਟੇ, ਆਟੇ ਵਾਲ਼ੇ ਪੀਪੇ, ਘਿਓ ਦੀਆਂ ਪੀਪੀਆਂ, ਲੂਣਦਾਨੀਆਂ ਤੇ ਦਾਲ਼ਾਂ ਦੇ ਕੁੱਜੇ, ‎ਆਂਢ-ਗਵਾਂਢ ਦੇ ਡਿਗੂੰ-ਡਿਗੂੰ ਕਰਦੇ ਕੋਠਿਆਂ `ਚੋਂ ਝੁੱਗੀਆਂ ਵੱਲ ਨੂੰ ਵਹੀਰਾਂ ਘੱਤਣ ਲੱਗੇ।

ਹੁਣ ਮਹਿਰਿਆਂ ਦੀ ਕੰਧ ਦੇ ਮਲਬੇ ਉੱਤੇ ਇੱਕ ਤਰਪਾਲ ਤਾਣ ਲਈ ਗਈ। ਕਈ ਜਾਣੇ ‎ਕਿਧਰੋਂ ਕੁੱਝ ਕੁ ਪੱਕੀਆਂ ਇੱਟਾਂ ਲੱਭ ਲਿਆਏ ਜਿਨ੍ਹਾਂ ਨੂੰ ਜੋੜ ਕੇ ਤਰਪਾਲ ਦੇ ਹੇਠ ਦੋ ਚੁੱਲ੍ਹੇ ‎ਉਸਾਰ ਲਏ ਗਏ। ਅੱਗ ਮਚਾਉਣ ਲਈ, ਮਹਿਰਿਆਂ ਦੀ ਛੱਤ ਦੇ ਮਲਬੇ `ਚੋਂ ਕਾਨੇਂ ਅਤੇ ‎ਕੜੀਆਂ ਧੂਹੇ ਜਾਣ ਲੱਗੇ। ਚੁੱਲ੍ਹਿਆਂ `ਚ ਅੱਗ ਦੇ ਪਰਗਟ ਹੁੰਦਿਆਂ ਹੀ ਤਰਪਾਲ ਹੇਠ ਔਰਤਾਂ ‎ਦਾ ਝੁਰਮਟ ਬੱਝ ਗਿਆ। ਇੱਕ ਵੱਡੇ ਪਤੀਲੇ `ਚ ਦਾਲ਼ ਉਬਲਣ ਲੱਗੀ ਤੇ ਕਈ ਪਰਾਤਾਂ `ਚ ‎ਚੂੜੀਆਂ ਵਾਲ਼ੇ ਹੱਥਾਂ ਦਾ ਗਿੱਲੇ ਆਟੇ ਨਾਲ਼ ਦੰਗਲ਼ ਹੋਣ ਲੱਿਗਆ। ਝੁੱਗੀਆਂ `ਚ ਵਿਲਕਦੇ ਮੇਰੇ ‎ਵਰਗੇ ਨਿਆਣਿਆਂ ਦੀਆਂ ਜਾੜ੍ਹਾਂ ਹੇਠ ਬੁਰਕੀਆਂ ਲੱਥਣ ਲੱਗੀਆਂ।

ਦੋ ਕੁ ਦਿਨਾਂ ਦੀ ਬਾਰਸ਼ੀ-ਝੰਬਾਈ ਤੋਂ ਬਾਅਦ ਬੱਦਲਾਂ ਦੀਆਂ ਤਿਊੜੀਆਂ `ਚ ਰਤਾ ਕੁ ‎ਨਰਮੀ ਝਲਕਣ ਲੱਗੀ। ਹੋਰ ਦੋ ਦਿਨ ਲੰਘੇ ਤਾਂ ਘਰਾਂ `ਚ ਵੜਿਆ ਗੋਡੇ- ਗੋਡੇ ਪਾਣੀ ਵਿਹੜਿਆਂ ‎ਦੀਆਂ ਛਾਉਣੀਆਂ ਖ਼ਾਲੀ ਕਰਨ ਲੱਗਿਆ। ਸਾਰੇ ਪਿੰਡ ਦੇ ਨੁਕਸਾਨੇ ਗਏ ਕੰਧਾਂ-ਕੋਠਿਆਂ ਦਾ ‎ਹਿਸਾਬ-ਕਿਤਾਬ ਲੱਗਣਾ ਸ਼ੁਰੂ ਹੋਇਆ। ਸਲ੍ਹਾਬੇ ਅਤੇ ਚਿੱਕੜ ਦਾ ਭਰਪੂਰ ਪਰਵਾਰ ‎ਵਿਹੜਿਆਂ ਦੀ ਝੋਲ਼ੀ `ਚ ਛੱਡ ਕੇ, ਪਾਣੀ ਹੋਰੀਂ ਗਲ਼ੀਆਂ `ਚ ਦੀ ਹੁੰਦੇ ਹੋਏ, ਖੇਤਾਂ ਵੱਲ ਨੂੰ ਪਰਤ ‎ਗਏ।

ਹੁਣ ਸਾਰੇ ਪਿੰਡ ਦੀਆਂ ਧੜੰਮ ਹੋ ਗਈਆਂ ਛੱਤਾਂ ਤੇ ਕੰਧਾਂ ਦਾ ਮਲਬਾ ਸਾਂਭਿਆ ਜਾਣ ‎ਲੱਗਾ। ਡਿਗਣੋਂ ਬਚ ਗਏ ਕੋਠਿਆਂ `ਚੋਂ ਭੈਅ ਫੁੰਕਾਰਨ ਲੱਗਿਆ, ਇਸ ਲਈ ਲੋਕ ਬਚ ਗਏ ‎ਕੋਠਿਆਂ ਦੇ ਨੇੜੇ ਹੋਣ ਤੋਂ ਵੀ ਤ੍ਰਭਕਣ ਲੱਗੇ। ਸਾਡੇ ਵਿਹੜੇ ਵਿੱਚ ਉੱਗ ਆਈ, ਮੰਜਿਆਂ ਨਾਲ਼ ‎ਬਣਾਈਆਂ ਝੁੱਗੀਆਂ ਦੀ ਬਸਤੀ ਜਿਵੇਂ ਦੀ ਤਿਵੇਂ ਕਾਇਮ ਰਹੀ।

ਖ਼ੁਸ਼ਕਿਸਮਤੀ ਨਾਲ਼ ਸਾਡੇ ਦੋ ਕੱਚੇ ਕੋਠਿਆਂ `ਚੋਂ ਇੱਕ ਕੋਠਾ ਹੜ੍ਹ ਤੇ ਮੀਂਹ ਦੇ ਕਹਿਰ ਤੋਂ ‎ਬਚ ਨਿਕਲ਼ਿਆ: ਬਚ ਵੀ ਏਨਾ ਨਿੱਕਲ਼ਿਆ ਉਸ ਵਿੱਚ ਬੇਖ਼ੌਫ਼ ਆਇਆ ਜਾਇਆ ਜਾ ਸਕਦਾ ‎ਸੀ।

ਏਸ ਭਿਆਨਕ ਹੜ੍ਹ ਤੋਂ ਕੁੱਝ ਕੁ ਮਹੀਨੇ ਪਹਿਲਾਂ ਮੇਰੇ ਬਾਪੂ ਅੰਦਰ ਸਰੰਗੀ ਸਿੱਖਣ ਦਾ ‎ਸ਼ੌਕ ਵਗਣ ਲੱਗ ਪਿਆ ਸੀ। ਪਰ ਹੜ੍ਹ ਦੇ ਦਿਨੀਂ, ਲਗਾਤਾਰ ਕਈ ਮਹੀਨੇ ਆਥਣ ਸਵੇਰ ਸਾਡੇ ‎ਘਰ `ਚ, ਚੂੰ ਚੂੰ ਦੀ ਰੌਣਕ ਲਗਾਉਣ ਵਾਲ਼ੀ ਸਰੰਗੀ, ਹੜ੍ਹ ਦੀ ਮਾਰ ਤੋਂ ਬਚ ਗਏ ਕੋਠੇ `ਚ ਇੱਕ ‎ਕਿੱਲੀ ਤੇ ਟੰਗੀ ਰਹੀ ਸੀ।

ਕਪਾਹਾਂ ਮੱਕੀਆਂ ਤੇ ਆਲੂਆਂ ਦੀਆਂ ਫ਼ਸਲਾਂ ਕਹਿਰਾਂ ਦੇ ਪਾਣੀ ਦੀ ਭੇਟ ਚੜ੍ਹ ਗਈਆਂ ‎ਸਨ। ਖੇਤਾਂ `ਚ ਹਾਲੇ ਵੀ ਗੋਡੇ- ਗੋਡੇ ਪਾਣੀ ਖਲੋਤਾ ਸੀ, ਇਸ ਲਈ ਕਿਸੇ ਵੀ ਮਰਦ ਨੂੰ ਖੇਤਾਂ `ਚ ‎ਜਾਣ ਦੀ ਕਾਹਲ਼ ਨਹੀਂ ਸੀ।

ਇੱਕ ਦਿਨ ਦੁਪਹਿਰੇ, ਜਦੋਂ ਵੱਖ- ਵੱਖ ਪਰਵਾਰਾਂ ਦੇ ਅਸੀਂ ਕਈ ਨਿਆਣੇ ਰੋਟੀਆਂ ਖਾ ਕੇ ‎ਵਿਹੜੇ `ਚ ‘ਝੁੱਗੀਆਂ’ ਉਦਾਲ਼ੇ ਖੇਡ ਰਹੇ ਸਾਂ, ਤਾਂ ਸਾਰਾ ਪਿੰਡ ਬਚੀਆਂ-ਖੁਚੀਆਂ ਇੱਟਾਂ, ਕੜੀਆਂ, ‎ਬਾਲਿਆਂ, ਤੇ ਸ਼ਤੀਰੀਆਂ ਨੂੰ ਸਾਂਭਣ `ਚ ਰੁੱਝਾ ਹੋਇਆ ਸੀ। ਡਿੱਗਣੋਂ ਬਚ ਗਈਆਂ ਪਰ ਮਘੋਰੇ ‎ਹੋ ਗਈਆਂ ਛੱਤਾਂ `ਤੇ ਮਿੱਟੀ ਪਾਈ ਜਾ ਰਹੀ ਸੀ। ਗਲ਼ੀਆਂ ਵੱਲ ਨੂੰ ਕਿਰ ਗਈਆਂ ਕੰਧਾਂ ਦੇ ‎ਮਲਬੇ ਨੂੰ ਇਧਰ ਓਧਰ ਉਠਾਲ਼ ਕੇ ਘਰਾਂ ਦੇ ਪਾਣੀ ਦੇ ਨਿਕਾਸ ਲਈ ਲਾਂਘੇ ਬਣਾਏ ਜਾ ਰਹੇ ‎ਸਨ।

ਅਚਾਨਕ ਹੀ, ਹੜ੍ਹ ਦੇ ਕਹਿਰ `ਚ ਸਾਬਤ ਖਲੋਤੇ ਰਹਿ ਗਏ ਸਾਡੇ ਕੋਠੇ `ਚ, ‘ਤੁੰਗ-‎ਤੁੰਗ, ਤੁੰਗ-ਤੁੰਗ’ ਹੋਣ ਲੱਗੀ। ਬਾਪੂ, ਸਲ੍ਹਾਬੇ ਨਾਲ਼ ਢਿੱਲੀ ਪੈ ਗਈ ਸਰੰਗੀ ਨੂੰ ਸੁਰ ਕਰ ਰਿਹਾ ‎ਸੀ। ਤਾਰਾਂ ਦੀ ਅਵਾਜ਼ ਨੂੰ ਇੱਕ ਦੂਜੇ ਦੇ ਬਿਲਕੁਲ ਹਾਣ ਦੀ ਕਰਨ ਲਈ ਬਾਪੂ ਕਦੇ ਇੱਕ ‎ਕਿੱਲੀ ਨੂੰ ਮਰੋੜਦਾ ਤੇ ਕਦੇ ਦੂਜੀ ਨੂੰ। ਮਰੋੜੇ ਖਾਂਦੀਆਂ ਕਿੱਲੀਆਂ `ਚੋਂ ਚਿਰੜ-ਚਿਰੜ ਦੀ ‎ਅਜੀਬ ਅਵਾਜ਼ ਨਿੱਕਲ਼ਦੀ ਤਾਂ ਮੈਨੂੰ ਇੰਝ ਲੱਗਾ ਜਿਵੇਂ ਸਰੰਗੀ ਬਾਪੂ ਦੀਆਂ ਹਰਕਤਾਂ `ਤੇ ‎ਇਤਰਾਜ਼ ਕਰ ਰਹੀ ਹੋਵੇ। ਫੇਰ ਉਹ ਪਹਿਲੀ ਉਂਗਲ਼ੀ ਨਾਲ ਤਾਰਾਂ ਨੂੰ ਤੁਣਕ -ਤੁਣਕ ਕੇ ਇੱਕ ‎ਦੂਜੀ ਦੀ ਪਿੱਚ ਸੁਣਦਾ। ਹੁਣ ਸਰੰਗੀ ਦੇ ਗਜ਼ ਨੂੰ ਬੰਨ੍ਹੇ ਘੁੰਗਰੂ ਛਣਕਣ ਲੱਗੇ। ਬਾਪੂ ਸਰੰਗੀ ਦੇ ‎ਗਜ਼ ਨਾਲ਼ ਬੰਨ੍ਹੇ, ਘੋੜੇ ਦੇ ਵਾਲ਼ਾਂ, ਨੂੰ ਬਰੋਜ਼ੇ ਦੀ ਟਿੱਕੀ ਉੱਤੇ ਘਸਾ ਰਿਹਾ ਸੀ। ਜਿਓਂ ਹੀ ਬਰੋਜ਼ੇ ‎ਨਾਲ਼ ਲੈਸ ਹੋਏ ਗਜ਼ ਨੇ ਸਰੰਗੀ ਦੀਆਂ ਤਾਰਾਂ ਨਾਲ ਘਸੜਵਾਂ ਸੰਪਰਕ ਕੀਤਾ, ਕੱਚੇ ਕੋਠੇ `ਚੋਂ ‎ਸੰਗੀਤ ਸਿੰਮਣ ਲੱਗਾ। ਸਰੰਗੀ ਦੀ ਹੂਕ ਸੁਣਦਿਆਂ ਹੀ ਮੇਰੇ ਹੱਥਾਂ `ਚੋਂ ਬਾਂਟੇ ਕਿਰਨ ਲੱਗੇ ਤੇ ‎ਮੇਰੇ ਪੈਰ ਕੱਚੇ ਕੋਠੇ ਵੱਲ ਨੂੰ ਖਿੱਚ੍ਹੇ ਜਾਣ ਲੱਗੇ।

ਜਦੋਂ ਨੂੰ ਮੈਂ ਕੋਠੇ ਦੇ ਦਰ `ਤੇ ਅੱਪੜਿਆ, ਕੁਰਸੀ `ਤੇ ਬੈਠਾ ਬਾਪੂ ਸਰੰਗੀ ਦੀ ਹੂਕ ਵਿੱਚ ‎ਪੂਰੀ ਤਰ੍ਹਾਂ ਇੱਕ-ਮਿੱਕ ਹੋ ਚੁੱਕਿਆ ਸੀ। ਉਸ ਦੀਆਂ ਸਰੂਰ `ਚ ਮੀਟੀਆਂ ਅੱਖਾਂ ਕੋਠੇ ਅੰਦਰ ‎ਮੇਰੇ ਦਾਖ਼ਲੇ ਤੋਂ ਬੇਖ਼ਬਰ ਰਹੀਆਂ। ਫ਼ਿਰ ਵਜਦ `ਚ ਆਇਆ ਬਾਪੂ ਗਾਉਣ ਲੱਗਿਆ: ‘ਪਟਣੇ ਦੇ ‎ਵਿੱਚ ਪਰਗਟ ਹੋਏ, ਦਸਮ ਪਾਤਸ਼ਾਹ ਸੋਢੀ!’ ਮਗਰੇ ਹੀ ਸਰੰਗੀ ਦੀਆਂ ਤਾਰਾਂ `ਚੋਂ ਬਾਪੂ ਦੀ ‎ਗਾਈ ਤਰਜ਼ ਗੂੰਜਣ ਲੱਗੀ। ਸਰੰਗੀ ਦੇ ਪੇਟ ਕੋਲ਼, ਗਜ਼, ਤਾਰਾਂ ਉੱਪਰ ਇੱਕ ਖ਼ਾਸ ਰਿਦਮ ਵਿੱਚ ‎ਅੱਗੇ ਪਿੱਛੇ ਜਾਂਦਾ। ਮੈਂ ਦੇਖਿਆ ਕਿ ਮੇਰਾ ਸਿਰ ਆਪ-ਮੁਹਾਰੇ ਹੀ, ਗਜ਼ ਦੀ ਅੱਗੇ-ਪਿੱਛੇ ਦੀ ‎ਹਰਕਤ ਦੇ ਨਾਲ਼ ਨਾਲ਼ ਖੱਬੇ-ਸੱਜੇ ਝੂਮਣ ਲੱਗਾ। ਬਾਪੂ ਸੰਗੀਤ ਵਿੱਚ ਡੂੰਘਾ ਹੀ ਡੂੰਘਾ ਲਹਿੰਦਾ ‎ਜਾ ਰਿਹਾ ਸੀ।

ਅਚਾਨਕ ਹੀ ਮੇਰੀਆਂ ਉਂਗਲਾਂ `ਚ ਹਰਕਤ ਟਪਕਣ ਲੱਗੀ। ਖੱਬੇ ਹੱਥ ਦੀ ਮੁੱਠੀ ਮੀਚੀ ‎ਗਈ ਤੇ ਸੱਜੇ ਹੱਥ ਦੀਆਂ ਉਂਗਲ਼ਾਂ, ਮੀਟੀ ਹੋਈ ਮੁੱਠੀ ਦੇ ਸਿਰ `ਤੇ ਸਰੰਗੀ ਦੇ ਤਾਲ ਵਿੱਚ ਠੱਕ-‎ਠੱਕ ਕਰਨ ਲੱਗੀਆਂ। ਬਾਪੂ ਦੀਆਂ ਅੱਖਾਂ ਧਤੂਰੇ `ਚ ਗੜੂੰਦ ਵਿਅਕਤੀ ਵਾਂਗ ਰਤਾ ਕੁ ‎ਖੁੱਲ੍ਹੀਆਂ। ਉਹਦਾ ਸਿਰ ਹਾਲੇ ਵੀ ਝੂਮੀ ਜਾ ਰਿਹਾ ਸੀ ਤੇ ਰਿਦਮ ਵਿੱਚ ਮੇਰੀ ਮੁੱਠੀ `ਤੇ ਵੱਜ ‎ਰਹੀਆਂ ਮੇਰੀਆਂ ਨਿਆਣੀਆਂ ਉਂਗਲਾਂ ਨੂੰ, ਉਹ ਬੜੇ ਅਚੰਭੇ ਨਾਲ ਦੇਖੀ ਜਾ ਰਿਹਾ ਸੀ।

ਫਿਰ ਲਗਾਤਾਰ ਚੱਲ ਰਹੀ ਸਰੰਗੀ ਦੀ `ਚੀਂ-ਚੀਂ, ਚੀਂ-ਚੀਂ, ਚੀਂ-ਚੀਂ, ਚੀਂ-ਚੀਂ’ ਇੱਕ ਦਮ ‎ਖ਼ਾਮੋਸ਼ ਹੋ ਗਈ। ਮੇਰੇ ਹੱਥਾਂ `ਤੇ ਗੱਡੀਆਂ ਬਾਪੂ ਦੀਆਂ ਅੱਖਾਂ ਦਾ ਸਰੂਰ ਨਰਮ ਹੋਣ ਲੱਗਾ ਅਤੇ ‎ਉਸ ਦੇ ਬੁੱਲ੍ਹ ਅਹਿਸਤਾ- ਅਹਿਸਤਾ ਪਾਸਿਆਂ ਵੱਲ ਨੂੰ ਖਿੱਚ੍ਹੇ ਜਾਣ ਲੱਗੇ। ਮੈਂ ਤ੍ਰਭਕ ਗਿਆ ਅਤੇ ‎ਮੇਰੀਆਂ ਉਂਗਲਾਂ ਲੁੜਕ ਗਈਆਂ।

‎“ਵਜਾਈ! ਵਜਾਈ ਚੱਲ!” ਬਾਪੂ ਦੀ ਅਵਾਜ਼ `ਚ ਹੁਕਮੀਆਂ ਤਰਲਾ ਸੀ। “ਉਏ ਤੂੰ ਤਾਂ ‎ਤਾਲ `ਚ ਵਜਾਉਂਦੈਂ!”‎

ਉਸ ਨੇ ਉੱਠ ਕੇ ਕਿੱਲੀ ਦੇ ਲਟਕਦੇ ਤਣੀਆਂ ਵਾਲੇ ਝੋਲ਼ੇ `ਚੋਂ ਇੱਕ ਢੱਡ ਕੱਢੀ ਤੇ ‎ਮੇਰੀਆਂ ਨਿੱਕੀਆਂ- ਨਿੱਕੀਆਂ ਉਂਗਲ਼ਾਂ `ਚ ਟਿਕਾਅ ਦਿੱਤੀ।

‎“ਇਸ ਨੂੰ ਵਜਾਅ!” ਬਾਪੂ ਦਾ ਹੁਕਮ ਹੋਇਆ।

ਸਰੰਗੀ ਦੀ ਚੂੰ ਚੂੰ ਪਹਿਲਾਂ ਵਾਲੀ ਰਿਦਮ ਵਿੱਚ ਹੀ ਫੇਰ ਸ਼ੁਰੂ ਹੋ ਗਈ। ਮੇਰੀਆਂ ‎ਉਂਗਲ਼ਾਂ ਸਹੀ ਤਾਲ ਵਿੱਚ ‘ਡੁੱਗ-ਡੁੱਗ, ਡਗ-ਡਗ; ਡੁੱਗ-ਡੁੱਗ, ਡਗ-ਡਗ’ ਕਰਨ ਲੱਗੀਆਂ। ‎ਇੱਕੋ ਘਾਟ ਸੀ ਕਿ ਮੈਨੂੰ ਢੱਡ ਦੀ ‘ਡੁੱਗ-ਡੁੱਗ’ ਦੀ ਮਰਦਾਨਾ ਆਵਾਜ਼ ਨੂੰ, ਢੱਡ ਦੀ ਤਣੀ ਨੂੰ ‎ਖਿੱਚ ਕੇ, ‘ਡੁੱਮ-ਡੁੱਮ’ ਵਾਲੀ ਮਦੀਨ ਅਵਾਜ਼ ਵਿੱਚ ਅਨੁਵਾਦਣਾ ਨਹੀਂ ਸੀ ਆਉਂਦਾ। ਕਈ ਮਿੰਟ ‎ਸਰੰਗੀ ਹੂਕਦੀ ਰਹੀ, ਤੇ ਢੱਡ ਸਹੀ ਤਾਲ ਵਿੱਚ ਡੁਗਡੁਗਾਉਂਦੀ ਰਹੀ।

ਉਸ ਦਿਨ ਤੋਂ ਬਾਅਦ ਹਰ ਰੋਜ਼ ਬਾਪੂ ਦੀ ਸਰੰਗੀ ਹੂਕਦੀ ਤੇ ਮੇਰੀਆਂ ਉਂਗਲ਼ਾਂ ਢੱਡ ਦੇ ‎ਮੜ੍ਹ ਉੱਤੇ ਹਰਕਤ ਕਰਦੀਆਂ। ਹੌਲ਼ੀ-ਹੌਲ਼ੀ ਮੈਂ ਢੱਡ ਦੀਆਂ ਸਾਰੀਆਂ ਸਿੱਧੀਆਂ ਅਤੇ ‎ਗੁੰਝਲ਼ਦਾਰ ਗਤਾਂ ਤੇ ਤਾਲ ਵਜਾਉਣ ਵਿੱਚ ਮੁਹਾਰਤ ਬਿਨਾਂ ਕਿਸੇ ਸਿਖਲਾਈ ਤੋਂ ਹੀ ਹਾਸਲ ਕਰ ‎ਲਈ।

ਗੀਤ-ਸੰਗੀਤ, ਸ਼ਾਇਰੀ, ਗਾਇਕੀ, ਤੇ ਚਿੱਤਰਕਾਰੀ ਆਦਿਕ ਸੂਖ਼ਮ ਹੁਨਰ ਅਸਲ ਵਿੱਚ ‎ਕੋਈ ਕੋਈ ਵਿਅਕਤੀ ਕੁਦਰਤ ਕੋਲ਼ੋਂ ਹੀ ਲੈ ਕੇ ਆਉਂਦਾ ਹੈ। ਮੈਂ ਪਿੰਗਲ ਜਾਂ ਆਰੂਜ਼ ਕਿਸੇ ‎ਉਸਤਾਦ ਤੋਂ ਬਾਕਾਇਦਗੀ ਨਾਲ ਕਦੇ ਨਹੀਂ ਸਿੱਖਿਆ, ਪਰ ਛੰਦਬੱਧ ਸ਼ਾਇਰੀ ਲਿਖਦੇ ਸਮੇਂ, ‎ਅਤੇ ਕੋਈ ਗ਼ਜ਼ਲ ਜਾਂ ਗੀਤ ਸਟੇਜ ਉੱਤੇ ਤਰੰਨੁਮ `ਚ ਪੜ੍ਹਦੇ ਸਮੇਂ ਬਾਪੂ ਦੀ ਹੜ੍ਹਾਂ ਦੇ ਦਿਨੀਂ ‎ਵਜਾਈ ਉਹੀ ਸਰੰਗੀ ਮੇਰੀ ਆਤਮਾ `ਚ ਹੂਕਦੀ ਹੁੰਦੀ ਹੈ। ਇੰਝ ਹੀ ਜਦੋਂ ਕਿਸੇ ਰੇਡੀਓ, ਟੇਪ ‎ਜਾਂ ਟੀ ਵੀ `ਚੋਂ ਉੱਠਦੀ ਸਰੰਗੀ ਦੀ ਹੂਕ ਮੇਰੇ ਕੰਨਾਂ `ਤੇ ਦਸਤਕ ਦੇਂਦੀ ਹੈ, ਤਾਂ ਮੇਰੀ ਆਤਮਾ `ਚ ‎ਢੱਡਾਂ ਦੀ ਡੁੱਗ-ਡੁੱਗ ਆਪ - ਮੁਹਾਰੇ ਹੀ ਛਲਕਣ ਲੱਗ ਜਾਂਦੀ ਹੈ।

Read 1340 times Last modified on Thursday, 22 October 2009 16:29
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।