You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»04 - ਕਵੀਸ਼ਰੀ ਨਾਲ਼ ਪਹਿਲੀ ਛੇੜਖਾਨੀ

ਲੇਖ਼ਕ

Thursday, 22 October 2009 16:32

04 - ਕਵੀਸ਼ਰੀ ਨਾਲ਼ ਪਹਿਲੀ ਛੇੜਖਾਨੀ

Written by
Rate this item
(0 votes)

ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ‎ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ‎ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ‎ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ ‎‎`ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ ‎‎`ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ‎ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ ‎ਦਿਹਾੜੀ ਉਸ ਦੇ ਹੱਥਾਂ `ਚ ਜਾਂ ਤਾਂ ਸਾਧੂ ਦਯਾ ਸਿੰਘ ਆਰਿਫ਼ ਦੇ ਗ੍ਰੰਥ ਅਤੇ ‎ਪੁਰਾਤਨ ਸ਼ਾਇਰਾਂ ਦੇ ਲਿਖੇ ਹੋਏ ਕਿੱਸੇ ਹੁੰਦੇ, ਜਾਂ ਹਿੰਦੀ, ਪੰਜਾਬੀ, ਉਰਦੂ ਦੇ ‎ਅਖ਼ਬਾਰ, ਤੇ ਜਾਂ ਫ਼ਿਰ ਸਿਆਹੀ ਨਾਲ ਰੱਜਿਆ ਹੋਇਆ ਪੈੱਨ। ਲਾਖੇ ਰੰਗ ਦੇ ‎ਕਾਗਜ਼ਾਂ ਉੱਤੇ ਉਸ ਦਾ ਪੈੱਨ ਸਾਰੀ ਦਿਹਾੜੀ ਕਵੀਸ਼ਰੀ ਦਾ ਕਸੀਦਾ ਕੱਢਦਾ ‎ਰਹਿੰਦਾ। ਵਿੱਚ ਵਿੱਚ ਜਦ ਉਹ ਲਿਖਣ ਤੋਂ ਰੁਕਦਾ, ਤਾਂ ਉਸ ਦੇ ਖੱਬੇ ਹੱਥ ਦੀਆਂ ‎ਉਂਗਲਾਂ ਉਸ ਦੀ ਦਾਹੜੀ ਨਾਲ਼ ਪ੍ਰੇਮ-ਲੀਲ੍ਹਾ ਕਰਨ ਲਗਦੀਆਂ ਅਤੇ ਉਸ ਦੀਆਂ ‎ਸੇਹਲੀਆਂ ਉੱਪਰ ਵੱਲ ਨੂੰ ਖਿੱਚੀਆਂ ਜਾਂਦੀਆਂ। ਅਰਧ-ਮੀਟੀਆਂ ਅੱਖਾਂ ਨਾਲ਼, ਇੰਝ ‎ਕਰਦਿਆਂ ਉਹ ਆਪਣੇ ਮੂੰਹ `ਚ ਹੀ ਕੁੱਝ ਬੁੜਬੁੜਾਉਂਦਾ। ਏਸ ਗੱਲ ਦੀ ਸਮਝ ‎ਮੈਨੂੰ ਕਈ ਵਰ੍ਹੇ ਬਾਅਦ, ਖ਼ੁਦ ਸ਼ਾਇਰੀ ਨਾਲ਼ ਪਲ਼ੋਸਾ-ਪਲ਼ਾਸੀ ਕਰਦਿਆਂ, ਆਈ ਕਿ ‎ਮੂੰਹ ਵਿੱਚ ਤਾਂ ਉਹ ਕਵੀਸ਼ਰੀ ਦੇ ਕਾਫ਼ੀਏ ਮੇਲ ਮੇਲ ਕੇ ਗੁਣਗੁਣਾਉਂਦਾ ਸੀ ਅਤੇ ‎ਕਾਫ਼ੀਆਂ ਨੂੰ ਸ਼ਾਇਰੀ `ਚ ਰੰਗਣ ਲਈ ਜਦੋਂ ਉਹ ਆਪਣੇ ਮੱਥੇ `ਚ ਉਡਾਰੀਆਂ ‎ਲਾਉਂਦਾ, ਤਾਂ ਉਸ ਦੀਆਂ ਭਵਾਂ ਦਾ ਉੱਪਰ ਵੱਲ ਨੂੰ ਉੱਠ ਜਾਣਾ ਸਹਿਜ-ਸੁਭਵਿਕ ਹੀ ‎ਸੀ।

ਪੰਦਰੀਂ-ਵੀਹੀਂ ਦਿਨੀਂ, ਬਾਪੂ ਦੇ ਦੋ ਸਾਥੀ, ਇੱਕ ਅਕਹਿਰੇ ਸਰੀਰ ਵਾਲ਼ਾ ‎ਰਣਜੀਤ ਸਿੱਧਵਾਂ ਤੇ ਦੂਸਰਾ ਗੋਗੜੀ ਪੇਟ ਵਾਲ਼ਾ ਚੰਦ ਜੰਡੀ, ਪੱਚੀ ਤੀਹ ਮੀਲ ਦਾ ‎ਸਾਈਕਲੀ ਸਫ਼ਰ ਤੈਅ ਕਰ ਕੇ ਆ ਧਮਕਦੇ। ਉਹ ਸਾਈਕਲਾਂ ਨੂੰ ਕੰਧਾਂ ਦੇ ਲੜ ਲਾ ‎ਦਿੰਦੇ ਅਤੇ ਸਾਨੂੰ ਬੱਚਿਆਂ ਨੂੰ ਜੱਫ਼ੀਆਂ `ਚ ਲੈ ਕੇ ਪਿਆਰ ਕਰਦੇ। ਉਨ੍ਹਾਂ ਦੇ ਪਸੀਨੇ ‎ਨਾਲ ਭਿੱਜੇ ਕੱਪੜਿਆਂ ਦੀ ਗੰਧ ਹੁਣ ਵੀ ਮੇਰੀਆਂ ਨਾਸਾਂ `ਚ ਉਭਰ ਆਉਂਦੀ ਹੈ।

ਸਾਰੀ ਦਿਹਾੜੀ ਸਾਡੇ ਵੱਡੇ ਦਲਾਨ `ਚ ਕਵੀਸ਼ਰੀ-ਗਾਇਨ ਦਾ ਅਭਿਆਸ ‎ਛਲਕਦਾ ਰਹਿੰਦਾ। ਰਣਜੀਤ ਦੀ ਬੁਲੰਦ ਆਵਾਜ਼ ਸੁਣਦਿਆਂ ਮੈਨੂੰ ਇੰਝ ਜਾਪਦਾ ‎ਜਿਵੇਂ ਹੜ੍ਹਿਆਏ ਦਰਿਆ ਦਾ ਪਾਣੀ ਕਿਸੇ ਬੰਨ੍ਹ ਨੂੰ ਤੋੜ ਕੇ ਕੱਖ-ਕਾਨਿਆਂ ਨੂੰ ਰੋੜ੍ਹੀ ‎ਜਾ ਰਿਹਾ ਹੋਵੇ। ਬਾਪੂ, ਕਵੀਸ਼ਰੀ ਗਾਇਨ ਦਾ ਅਭਿਆਸ ਕਰ ਰਹੇ ਆਪਣੇ ਸਾਥੀਆਂ ‎ਨੂੰ ਰੋਕ ਕੇ ਲਫ਼ਜ਼ਾਂ ਦਾ ਸ਼ੁੱਧ ਉਚਾਰਣ ਸਿਖਾਉਂਦਾ ਅਤੇ ਆਵਾਜ਼ `ਚ ਉੱਚਾਣ-ਨੀਵਾਣ ‎ਤੇ ਮੋੜੇ ਲਿਆਉਣ ਦਾ ਹਿਸਾਬ-ਕਿਤਾਬ ਸਮਝਾਅ ਕੇ ਹਦਾਇਤਕਾਰ ਹੋਣ ਦਾ ਰੋਲ ‎ਕਰਦਾ।

ਗਰਮੀਆਂ ਦੇ ਭਖ਼ਦੇ ਦੁਪਹਿਰੀਂ ਕਵੀਸ਼ਰੀ ਗਾਇਨ ਦੇ ਅਭਿਆਸ ਦੇ ਨਾਲ਼ ‎ਨਾਲ਼ ਕੂੰਡੇ `ਚ ਖ਼ਸ-ਖ਼ਾਸ, ਬਦਾਮ, ਮਿਸ਼ਰੀ, ਕਾਲ਼ੀਆਂ ਮਿਰਚਾਂ, ਤੇ ਚਾਰੇ ਮਗਜ਼ਾਂ ਦਾ ‎ਰਗੜਾਅ ਹੋ ਕੇ ਸ਼ਰਦਈ ਤਿਆਰ ਹੁੰਦੀ ਜਿਹੜੀ ਸਰੋਤਿਆਂ ਨੂੰ ਵੀ ਵਰਤਾਈ ‎ਜਾਂਦੀ।

ਅਭਿਆਸ ਖ਼ਤਮ ਹੁੰਦਾ ਤਾਂ ਰਣਜੀਤ ਹੋਰੀਂ ਸੌਂ ਜਾਂਦੇ। ਮੈਂ ਉਦੋਂ ਚੌਥੀ, ਪੰਜਵੀਂ ‎ਦੀਆਂ ਕਿਤਾਬਾਂ ਨਾਲ਼ ਅੱਖ-ਮਟੱਕੇ ਮਾਰ ਰਿਹਾ ਸਾਂ। ਮੈਂ ਸੁੱਤੇ ਪਏ ਰਣਜੀਤ ਦੇ ‎ਚਿਹਰੇ ਨੂੰ ਹੈਰਤ ਨਾਲ਼ ਦੇਖਦਾ ਤੇ ਸੋਚਦਾ ਕਿ ਆਵਾਜ਼ ਦਾ ਏਨਾ ਪ੍ਰਬਲ ਵਹਿਣ ਉਸ ‎ਦੇ ਗਲ਼ੇ `ਚੋਂ ਕਿੰਝ ਉੱਛਲ਼ਦਾ ਹੈ। ਰਣਜੀਤ ਦੀ ਸੁਰੀਲੀ ਤੇ ਪੁਖ਼ਤਾ ਆਵਾਜ਼ ਸੁਣ ਕੇ ‎ਮੇਰਾ ਮਨ ਕਰਦਾ ਸੀ ਮੈਂ ਉਸ ਦੀ ਬੁੱਕਲ਼ `ਚ ਬੈਠ ਜਾਵਾਂ। ਮੈਨੂੰ ਜਾਪਦਾ ਕਿ ‎ਰਣਜੀਤ ਦੀ ਭਰਵੀਂ ਅਵਾਜ਼ ਸ਼ਾਇਦ ਉਸ ਦੀ ਗੋਲਾਈਦਾਰ ਤੇ ਚੁੰਝਦਾਰ ਦਸਤਾਰ ‎ਕਾਰਨ ਉਪਜਦੀ ਹੈ। ਮੇਰਾ ਜੀਅ ਕਰਦਾ ਮੈਂ ਵੀ ਰਣਜੀਤ ਵਰਗੀ ਚੁੰਝਦਾਰ ‎ਦਸਤਾਰ ਸਜਾਉਣੀ ਸਿੱਖ ਜਾਵਾਂ। ਰਣਜੀਤ ਵਾਂਗ ਉੱਚੀ ਸੁਰ `ਚ ਗਾਉਣ ਦੀ ‎ਤਮੰਨਾ ਮੇਰੇ ਜ਼ਿਹਨ `ਚ ਵੀ ਬੇਚੈਨੀ ਬੀਜਣ ਲੱਗਦੀ।

ਸ਼ਾਮ ਨੂੰ ਅਲਮਾਰੀ `ਚ ਪਈ ਬੋਤਲ ਪਿਆਕੜਾਂ ਦੀ ਉਡੀਕ `ਚ ਬਿਹਬਲ ਹੋ ‎ਉੱਠਦੀ। ਦਿਨ ਛਿਪਦਿਆਂ ਹੀ, ਲਾਲਟੈਣ ਦੀ ਚਿਮਨੀ `ਚ ਅੱਗ ਦਾ, ਅੰਗੂਠੇ ਕੁ ‎ਜੇਡਾ, ਫੁੱਲ ਖਿੜਦਾ, ਤੇ ਉਸ ਦੀ ਫਿੱਕੀ ਫਿੱਕੀ ਰੌਸ਼ਨੀ ਕਮਰੇ ਨੂੰ ਜਗਾਅ ਦੇਂਦੀ। ‎ਮੇਜ਼ ਉੱਪਰ ਪੁਰਾਣੇ ਅਖ਼ਬਾਰ ਵਿਛਣ ਲਗਦੇ। ਸਾਹਮਣੀ ਕੰਧੋਲੀ ਦੇ ਅੰਦਰਲੇ ਪਾਸੇ, ‎ਚੁਲ੍ਹੇ `ਤੇ ਧਰੇ ਪਤੀਲੇ `ਚ ਬੱਕਰੇ ਦਾ ਮਾਸ ਗੁੜ-ਗੁੜਾਉਂਦਾ ਜਿਸ ਦੀ ਮਸਾਲੇਦਾਰ ‎ਗੰਧ ਆਂਢ-ਗੁਆਂਢ ਦੇ ਦਰਜਣਾਂ ਘਰਾਂ ਤੀਕਰ ਮਾਰ ਕਰਦੀ। ਮੈਂ, ਮੈਥੋਂ ਛੋਟਾ ‎ਰਛਪਾਲ, ਤੇ ਵੱਡਾ ਬਲਵੰਤ ਸੇਵਾਦਾਰਾਂ ਦਾ ਰੂਪ ਧਾਰ ਲੈਂਦੇ। ਅਸੀਂ ਮੇਜ਼ ਸਾਫ਼ ‎ਕਰਦੇ, ਗਲਾਸ ਧੋਂਦੇ, ਪਿਆਜ਼ ਕਟਦੇ, ਪਿਆਜ਼ ਦੀਆਂ ਫਾੜੀਆਂ ਉੱਪਰ ਨਿੰਬੂ ‎ਨਿਚੋੜਦੇ, ਬੋਤਲ `ਚ ਟਿਕਿਆ ਸਿਰਕਾ ਛਲਕਾਉਂਦੇ, ਅਤੇ ਆਤਮਾ ਰਾਮ ਦੀ ਹੱਟੀ ‎ਤੋਂ ਬਰਫ਼ ਦੇ ਘੇਪੇ ਤੇ ਸੋਢੇ ਦੀਆਂ ਬੋਤਲਾਂ ਲੈਣ ਤੁਰ ਜਾਂਦੇ। ਦਸਾਂ-ਪੰਦਰਾਂ ਮਿੰਟਾਂ `ਚ ‎ਹੀ ਬਾਪੂ ਦੀਆਂ ਅੱਖਾਂ `ਚ ਤਾਰੇ ਖਿੜਨ ਲਗਦੇ। ਉਹ ਸਾਨੂੰ ਬਗ਼ਲ `ਚ ਲੈ ਕੇ ‎ਘੁਟਦਾ, ਚੁੰਮਦਾ ਤੇ ਸਾਡੀਆਂ ਗੱਲ੍ਹਾਂ `ਤੇ ਪੋਲੇ ਪੋਲੇ ਥਪੇੜੇ ਮਾਰ ਕੇ ਸਰੂਰ `ਚ ‎ਮੁਸਕਰਾਉਂਦਾ।

ਸੰਨ ਸੱਵਤੰਜਾ ਦੀਆਂ ਗਰਮੀਆਂ ਬਹੁਤੇ ਲੋਕਾਂ ਲਈ ਆਮ ਵਰਗੀਆਂ ਹੀ ‎ਹੋਣਗੀਆਂ ਪਰ ਅਸਾਂ ਤਿੰਨਾਂ ਭਰਾਵਾਂ ਦੇ ਭਵਿਖ਼ਤ ਦੀਆਂ ਇਨ੍ਹਾਂ ਗਰਮੀਆ ਨੇ ‎ਤਾਸੀਰਾਂ, ਤਸਵੀਰਾਂ ਅਤੇ ਮੁਹਾਣ ਹੀ ਬਦਲ ਸੁੱਟੇ। ਮੈਂ ਛੇਵੀਂ `ਚ ਸਾਂ, ਛੋਟਾ ਰਛਪਾਲ ‎ਚੌਥੀ `ਚ ਤੇ ਬਲਵੰਤ ਗਿਆਰਵੀਂ `ਚ। ਉਸ ਸਮੇਂ ਘਰ ਦੀ ਖਸਤਾ ਆਰਥਿਕ ‎ਹਾਲਤ, ਪਿੰਡ ਵਿੱਚ ਹਾਈ ਸਕੂਲ ਦੀ ਅਣਹੋਂਦ, ਤੇ ਸ਼ਹਿਰ ਤੋਂ ਦਸ ਕਿਲੋਮੀਟਰ ਦੀ ‎ਬੇਸੜਕ, ਰੇਤਲੀ ਦੂਰੀ ਨੇ ਕੁੱਝ ਕੁ ਮਹੀਨਿਆਂ ਤੀਕਰ ਸਾਡੇ ਹੱਥਾਂ `ਚੋਂ ਕਿਤਾਬਾਂ ‎ਲਾਜ਼ਮੀ ਤੌਰ ਕੇਰ ਲੈਣੀਆਂ ਸਨ। ਸਾਡੀ ਅੱਧ ਤੋਂ ਵੱਧ ਗਹਿਣੇ ਟਿਕੀ ਜ਼ਮੀਨ ਸਾਨੂੰ ‎ਸਾਡੇ ਹਾਣੀਆਂ ਵਾਂਗਣ ਹੀ ਘਾਹ ਖੋਤਣ, ਫ਼ਸਲਾਂ ਉਗਾਉਣ ਤੇ ਮੱਝਾਂ ਦੇ ਚਰੇਵੇਂ `ਚ ‎ਉਲਝਾਉਣ ਲਈ ਉਡੀਕ ਰਹੀ ਸੀ। ਜਾਂ ਫ਼ਿਰ ਹਾਲਾਤ ਦੇ ਤਾਣੇ-ਬਾਣੇ ਨੇ ਸਾਨੂੰ ‎ਕਿਸੇ ਨਹਿਰ ਦੇ ਪੁਲ਼ `ਤੇ ਜਾ ਬਿਠਾਉਣਾ ਜਿੱਥੇ ਸਾਈਕਲਾਂ ਨੂੰ ਪੰਕਚਰ ਲਾਉਣੇ ਅਤੇ ‎ਖੋਖਾ ਉਸਾਰ ਕੇ ਆਉਂਦੇ-ਜਾਂਦੇ ਰਾਹੀਆਂ ਨੂੰ ਚਾਹ ਪਿਆਉਣੀ ਸਾਡੀ ਮੰਨਜ਼ਿਲ ਹੋ ‎ਨਿੱਬੜਣੀ ਸੀ।

ਬਾਪੂ ਕਿਉਂਕਿ ਉੱਦਮੀ ਅਤੇ ਨਵੀਆਂ ਲਕੀਰਾਂ ਖਿੱਚਣ ਦਾ ਸ਼ੌਕੀ ਸੀ, ਇਸ ਲਈ ‎ਉਹ ਸਧਾਰਨ ਤੁਕਬੰਦੀ ਵਾਲੀ ਰਵਾਇਤੀ ਕਵੀਸ਼ਰੀ ਨੂੰ ਅਣਛੋਹ ਅਤੇ ਤਾਜ਼ੀਆਂ ‎ਤਸ਼ਬੀਹਾਂ `ਚ ਰੰਗ ਕੇ ਉਸ ਦਾ ਮੁਹਾਂਦਰਾ ਬਦਲਣ `ਚ ਜੁਟਿਆ ਹੋਇਆ ਸੀ। ਫ਼ਿਰ ‎ਉਸ ਨੇ ਕਵੀਸ਼ਰੀ ਦੀ ਇੱਕੋ ਰਹਾਅ ਵਾਲੀ ਅਕਾਊ ਜਿਹੀ ਗਾਇਨ ਸ਼ੈਲੀ ਨੂੰ ਰੱਦ ਕੇ, ‎ਨਵੀਆਂ ਨਵੇਕਲ਼ੀਆਂ ਤਰਜ਼ਾਂ `ਚ ਢਾਲਣਾ ਸ਼ੁਰੂ ਕਰ ਦਿੱਤਾ, ਤਾਂ ਉਸ ਦੇ ਕਵੀਸ਼ਰੀ ‎ਜੱਥੇ ਦੀ ਧਾਂਕ ਆਲ਼ੇ-ਦੁਅਲ਼ੇ ਦੇ ਪਿੰਡਾਂ ਤੋਂ ਪਾਰ ਤੀਕ ਵਗਣ ਲੱਗੀ। ਇੱਕ ਦਿਨ ‎ਆਪਣੇ ਜੱਥੇ ਸਮੇਤ ਉਹ ਜਲੰਧਰ ਰੇਡੀਓ ਵਾਲਿਆਂ ਕੋਲ਼ ਜਾ ਧਮਕਿਆ: ਅਖੇ ਮੇਰੇ ‎ਜੱਥੇ ਦੀ ਕਵੀਸ਼ਰੀ ਰੇਡੀਓ ਤੋਂ ਬਰਾਡਕਾਸਟ ਕਰੋ। ਰੇਡੀਓ ਵਾਲੇ ਕਹਿਣ: ਪਹਿਲਾਂ ‎ਆਪਣੇ ਸਾਜ਼ ਦਿਖਾਓ। ਬਾਪੂ ਸਮਝਾਵੇ ਕਿ ਕਵੀਸ਼ਰੀ, ਸਾਜ਼ ਤੋਂ ਬਿਨਾ ਗਾਈ ਜਾਣ ‎ਵਾਲੀ, ਮਾਲਵੇ ਦੇ ਵਿਸ਼ਾਲ ਇਲਾਕੇ ਦੀ ਮਕਬੂਲ ਲੋਕ-ਗਾਇਕੀ ਹੈ ਜਿਸ ਨੂੰ ਪਿੰਡਾਂ ਦੇ ‎ਹਜ਼ਾਰਾਂ ਸ੍ਰੋਤੇ ਕਈ ਕਈ ਘੰਟੇ ਸਾਹ ਰੋਕ ਕੇ ਸੁਣਦੇ ਨੇ। ਪਰ, ਰੇਡੀਓ ਤੋਂ ਪਿੰਡਾਂ ਲਈ ‎ਕੀਤੇ ਜਾਂਦੇ ਇੱਕ ਘੰਟੇ ਦੇ ‘ਦਿਹਾਤੀ ਪ੍ਰੋਗਰਾਮ’ ਦੇ ਸ਼ਹਿਰੀ ‘ਬਾਬੂਆ-ਤਬੀਅਤ’ ‎ਪ੍ਰਬੰਧਕ, ਬਰਾਡਕਾਸਟਿੰਗ ਤਾਂ ਕੀ, ਬਾਪੂ ਪਾਰਸ ਨੂੰ ਰੇਡੀਓ ਦੇ ਸਟੂਡੀਓ ਦਾ ‎ਦਰਵਾਜ਼ਾ ਦਿਖਾਉਣ ਤੋਂ ਵੀ ਇਨਕਾਰੀ ਹੋ ਗਏ। ਪਰ ਮਾਯੂਸ ਹੋਏ ਬਾਪੂ ਨੇ ਹਿੰਮਤ ‎ਨੂੰ ਹੱਥਾਂ `ਚੋਂ ਖਿਸਕਣ ਨਹੀਂ ਦਿੱਤਾ। ਅਖ਼ੀਰ, ਮੋਗੇ ਇਲਾਕੇ `ਚ ਜੰਮਿਆਂ-ਪਲ਼ਿਆ, ‎ਇੱਕ ‘ਦਿਹਾਤੀ’ ਬਾਬੂ, ਸ਼ੰਭੂ ਨਾਥ ਸ਼ੇਸ਼, ਪ੍ਰਗਟ ਹੋ ਗਿਆ ਜਿਹੜਾ ਜਲੰਧਰ ਰੇਡੀਓ ‎ਦੇ ਸਟਾਫ਼ `ਚ ਕਿਸੇ ਚੰਗੇ ਅਹੁਦੇ `ਤੇ ਬਿਰਾਜਮਾਨ ਸੀ। ਉਸ ਦੀ ਅਤੇ ਨਾਮਵਰ ‎ਹਾਸਰਸ ਲੇਖਕ ਗੁਰਨਾਮ ਸਿੰਘ ਤੀਰ ਦੀ ਜ਼ਿਦੀ ਸਿਫ਼ਾਰਿਸ਼ ਸਦਕਾ ਜਲੰਧਰ ‎ਰੇਡੀਓ ਵਾਲਿਆਂ ਨੇ ਜਕਦਿਆਂ-ਜਕਦਿਆਂ ਬਾਪੂ ਦੇ ਜੱਥੇ ਨੂੰ ਰੇਡੀਓ ਤੋਂ ਦਸ ਕੁ ‎ਮਿੰਟ ਲਈ ਕਵੀਸ਼ਰੀ ਗਾਇਨ ਕਰਨ ਦਾ ਮੌਕਾ ‘ਬਖ਼ਸ਼’ ਦਿੱਤਾ ਤਾਂ ਸਾਜ਼ਾਂ ਤੋਂ ਬਿਨਾ, ‎ਬੁਲੰਦ ਆਵਾਜ਼ਾਂ `ਚ ਕਵੀਸ਼ਰੀ ਦਾ ਗਾਇਨ, ਪਹਿਲੀ ਵਾਰ, ਸੰਨ ਛਪੰਜਾ `ਚ ਰੇਡੀਓ ‎ਦੀਆਂ ਲਹਿਰਾਂ `ਤੇ ਅਸਵਾਰ ਹੋਇਆ। ਰੇਡੀਓ ਤੋਂ ਕਵੀਸ਼ਰੀ ਦਾ ਗਾਇਨ ਹੁੰਦਿਆਂ ‎ਹੀ ਬਾਪੂ ਦੀ ਕਵੀਸ਼ਰੀ ਦੀ ਧੁੰਮ ਪੂਰੇ ਪੰਜਾਬ ਦੇ ਪਿੰਡਾਂ `ਚ ਲਟ-ਲਟ ਮੱਚ ਉੱਠੀ। ‎ਰੇਡੀਓ ਸਟੇਸ਼ਨ ਵਾਲਿਆਂ ਦੀ ਮੇਜ਼ `ਤੇ, ਬਾਪੂ ਦੀ ਕਵੀਸ਼ਰੀ ਦੀ ਫ਼ਰਮਾਇਸ਼ `ਚ ‎ਆਈਆਂ ਚਿੱਠੀਆਂ ਦੀਆਂ ਢੇਰੀਆਂ ਲੱਗਣ ਲੱਗੀਆਂ। ਇੱਕ-ਦੂਜੇ ਤੋਂ ਅੰਦਰੋ-ਅੰਦਰੀ ‎ਤ੍ਰਭਕਦੇ ਰੇਡੀਓ ਅਧਿਕਾਰੀਆਂ ਨੇ ਸੁੱਖ ਦਾ ਸਾਹ ਹੀ ਨਹੀਂ ਲਿਆ ਸਗੋਂ ਬਾਪੂ ਦੇ ‎ਜੱਥੇ ਦੀ ਕਵੀਸ਼ਰੀ ਹੁਣ ਹਰ ਮਹੀਨੇ ਹੀ ਰੇਡੀਓ `ਤੇ ਗੂੰਜਣ ਲੱਗੀ, ਦਸ ਕੁ ਮਿੰਟ ‎ਨਹੀਂ, ਅੱਧਾ ਅੱਧਾ ਘੰਟਾ। ਉਧਰ ਗ੍ਰਾਮੋਫ਼ੋਨ ਕੰਪਨੀਆਂ ਵਾਲਿਆਂ ਦੇ ਕੰਨਾਂ `ਚ ‎ਕਵੀਸ਼ਰੀ ਦੀ, ਹਨੇਰੀ ਵਾਂਗ ਉੱਠੀ ਮਕਬੂਲੀਅਤ ਦੀ ਫ਼ੂਕ, ਪਤਾ ਨਹੀਂ ਕਿਸ ਨੇ ‎ਮਾਰ ਦਿੱਤੀ। ਪਿੰਡਾਂ ਦੀਆਂ ਸੱਥਾਂ `ਚ ਕਲੋਲਦੀ ਕਵੀਸ਼ਰੀ ਨੂੰ, ਰੇਡੀਓਈ ਲਹਿਰਾਂ ‎‎`ਤੇ ਅਸਵਾਰ ਕਰਨ ਤੋਂ ਬਾਅਦ, ਬਾਪੂ ਨੇ ਲੁਧਿਆਣਾ ਸਥਿਤ ਐਚ ਐਮ ਵੀ ‎ਗ੍ਰਾਮੋਫ਼ੋਨ ਕੰਪਨੀ ਦੇ ਅਧਿਕਾਰਤ ਵਿਕਰੇਤਾ, ‘ਖ਼ਾਲਸਾ ਟਰੇਡਿੰਗ ਕੰਪਨੀ’ ਰਾਹੀਂ, ‎ਹੁਣ ਗ੍ਰਾਮੋਫ਼ੋਨ ਰੀਕਾਰਡਾਂ ਦੇ ਸਿਆੜਾਂ `ਚ ਬੀਜ ਕੇ, ਉਸ ਨੂੰ ‘ਜੱਟੀ ਤੋਂ ਹੀਰ’ ‎ਬਣਾਉਣ ਦਾ ਮਾਅਰਕਾ ਕਰ ਮਾਰਿਆ। ਬਾਪੂ ਦੀ ਕਵੀਸ਼ਰੀ ਦਾ ਪਹਿਲਾ ਰੀਕਾਰਡ ‎ਮਾਰਕਿਟ `ਚ ਆਉਂਦਿਆਂ ਹੀ ਉਹ ਗ੍ਰਾਮੋਫ਼ੋਨ ਕੰਪਨੀ ਦੇ ਦਸਤਾਵੇਜ਼ਾਂ `ਚ ‘ਸਟਾਰ ‎ਆਰਟਿਸਟ’ ਦੇ ਤੌਰ `ਤੇ ਉੱਭਰ ਆਇਆ। ਹਰ ਪਿੰਡ, ਹਰ ਕਸਬੇ, ਹਰ ਸ਼ਹਿਰ ਤੇ ‎ਹਰ ਮੇਲੇ-ਮਸਾਵੇ `ਚ ਬਾਪੂ ਦਾ ਪਲੇਠਾ ਕਵੀਸ਼ਰੀ ਰੀਕਾਰਡ, `ਚਹੁੰ ਕੁ ਦਿਨਾਂ ਦਾ ‎ਮੇਲਾ’ ਅਤੇ ‘ਕਿਓਂ ਫ਼ੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ’ ਗੂੰਜਣ ਲੱਗਾ। ‎ਸ਼ਹਿਰਾਂ `ਚ ਰਿਕਸ਼ਿਆਂ ਉੱਪਰ ਸਪੀਕਰ ਲਗਾ ਕੇ ਦਵਾਈਆਂ ਦੀ ਮਸ਼ਹੂਰੀ ਕਰਨ ‎ਵਾਲੇ ਮਨਾਦੀਆਂ ਨੂੰ ਤਾਂ ਕਵੀਸ਼ਰੀ ਦਾ ਇਹ ਰੀਕਾਰਡ ਇੱਕ ਖ਼ਜ਼ਾਨੇ ਦੇ ਰੂਪ `ਚ ‎ਟੱਕਰਿਆ।

ਰੀਕਾਰਡ ਆਉਣ ਤੋਂ ਬਾਅਦ, ਬਾਪੂ ਦੀ ਧੁੰਮ ਹੁਣ ਮਾਲਵੇ, ਮਾਝੇ ਅਤੇ ਦੁਆਬੇ ‎ਦੀਆਂ ਹੱਦਾਂ ਤੋਂ ਤੇਜ਼ੀ ਨਾਲ਼ ਨਿਕਲ਼ ਕੇ, ਪੂਰੇ ਭਾਰਤ ਦੇ ਪੰਜਾਬੀਆਂ ਤੀਕਰ ਫੈਲ ‎ਗਈ। ਸੰਨ ਸਤਵੰਜਾ ਦੇ ਮਾਰਚ `ਚ, ਕਲਕੱਤੇ ਦੇ ਕਿਸੇ ਗੁਰਦਵਾਰੇ ਤੋਂ, ਹਰ ਸਾਲ ‎‎13 ਅਪਰੈਲ ਨੂੰ ਮਨਾਈ ਜਾਂਦੀ ਵਿਸਾਖੀ ਦੇ ਧਾਰਮਿਕ ਜਸ਼ਨਾਂ `ਚ ਕਵੀਸ਼ਰੀ ਕਰਨ ‎ਲਈ ਸੱਦਾ-ਪੱਤਰ ਆ ਗਿਆ। ਜਕੋ-ਤਕੀ ਕਰਦੇ ਪਾਰਸ ਨੇ ਆਪਣੇ ਜੱਥੇ ਸਮੇਤ ‎ਕਲਕੱਤੇ ਨੂੰ ਚਾਲੇ ਪਾ ਦਿੱਤੇ।

ਅੱਜ-ਕੱਲ੍ਹ ਪੰਜਾਬ ਦੀ ਸਿਆਸਤ `ਚ ਹਨੇਰੀ ਵਾਂਗ ਵਗ ਰਿਹਾ, ਮੈਥੋਂ ਵੱਡਾ ‎ਭਰਾ ਬਲਵੰਤ, ਬਚਪਨ ਤੋਂ ਹੀ ਜੁਗਾੜੀ ਅਤੇ ਜੋੜ-ਤੋੜੀਆ ਸੀ। ਉਸ ਨੇ ਜਿਓਂ ਹੀ ‎ਦਸਵੀਂ ਦਾ ਸਰਟੀਫ਼ਕੇਟ ਹਾਸਲ ਕੀਤਾ, ਬਾਪੂ ਉਸ ਨੂੰ ਫ਼ੀਰੋਜ਼ਪੁਰ ਸ਼ਹਿਰ `ਚ ਟੀਨ ‎ਦੇ ਟਰੰਕ-ਪੇਟੀਆਂ ਬਣਾਉਣ ਵਾਲ਼ੇ ਇੱਕ ਕਾਰਖਾਨੇ `ਚ ਛੱਡ ਆਇਆ ਜਿੱਥੋਂ ‎ਅੱਥਰਾ ਬਲਵੰਤ ਹਫ਼ਤੇ ਕੁ ਬਾਅਦ ਹੀ ਦੌੜ ਆਇਆ। ਘਰ ਆਉਂਦੇ ਨੂੰ ਬੇਬੇ ਦੀਆਂ ‎ਤਿਊੜੀਆਂ ਵੱਲੋਂ ਕੀਤੇ ਭਰਵੇਂ ਸਵਾਗਤ ਅਤੇ ਭਰਪੂਰ ਲਾਹ-ਪਾਹ ਤੋਂ ਵਿਹਲਾ ‎ਹੁੰਦਿਆਂ ਹੀ, ਬਲਵੰਤ ਨੇ ਸਾਡੇ ਘਰ `ਚ ਪਈ, ਇੱਕ ਅਰਧ-ਜ਼ੰਗਾਲੀ ਟਰੰਕੀ ਦੀ ‎ਫ਼ਰੋਲ਼ਾ-ਫ਼ਰਾਲੀ ਸ਼ੁਰੂ ਕਰ ਦਿੱਤੀ ਜਿੱਥੋਂ ਲੱਭੀ, ਵੱਡ-ਅਕਾਰੀ ਕਾਗਜ਼ਾਂ ਨੂੰ ‎ਚਮਿਅਕੰਧੂਈ ਨਾਲ਼ ਸੀਅ ਕੇ ਬਣਾਈ, ਇੱਕ ਮੋਟੀ ਕਾਪੀ `ਚ ਸੁੱਤਾ, ਬਾਪੂ ਪਾਰਸ ‎ਦਾ ਛੰਦਾ-ਬੰਦੀ `ਚ ਲਿਖਿਆ, ਕੌਲਾਂ ਭਗਤਣੀ ਦਾ ਕਿੱਸਾ, ਉਸ ਦੀ ਸੁਰਤ `ਚ ਲਹਿ ‎ਗਿਆ। ਉਨ੍ਹੇ ਚੌਥੀ `ਚ ਪੜ੍ਹਦੇ, ਮੈਥੋਂ ਛੋਟੇ ਭਰਾ ਰਛਪਾਲ ਨੂੰ ਤੇ ਮੈਨੂੰ ਆਪਣੇ ‎ਸਾਹਮਣੇ ਬਿਠਾਅ ਲਿਆ ਤੇ ਬਾਪੂ ਦਾ ਕਿੱਸਾ ਤਰੰਨਮ `ਚ ਪੜ੍ਹਨਾ ਸ਼ੁਰੂ ਕਰ ‎ਦਿੱਤਾ। ਸਭ ਤੋਂ ਪਹਿਲਾਂ ਮੁੱਖ ਪਾਤਰ ਰਾਜਾ ਰਸਾਲੂ, ਆਪਣੇ ਵਜ਼ੀਰ ਬੀਜਾ ਮੱਲ ‎ਦੀ ਬੀਵੀ, ਕੌਲਾਂ, ਦੀ ਸੁੰਦਰਤਾ `ਤੇ ਮੋਹਿਤ ਹੋ ਕੇ ਆਪਣੇ ਇੱਕ ਵਜ਼ੀਰ, ਤੋਤੇ ‎ਸੁੰਦਰ, ਨਾਲ਼ ਮਿਲ਼ ਕੇ, ਕੌਲਾਂ ਨੂੰ ਭੋਗਣ ਦੀ ਸਾਜ਼ਸ਼ ਰਚਣ ਲੱਗਾ। ਧਨ ਨਾਲ਼ ‎ਭਰੀਆਂ ਖੁਰਜੀਆਂ ਖੱਚਰਾਂ `ਤੇ ਲੱਦ ਕੇ, ਬੀਜੇ ਨੂੰ ਘੋੜੇ ਖ਼ਰੀਦਣ ਲਈ ਅਰਬ ਦੇ ‎ਰਸਤੇ ਤੋਰ ਦਿੱਤਾ ਗਿਆ। ਉਸੇ ਰਾਤ ਰਾਜੇ ਨੇ ਕੌਲਾਂ ਦਾ ਕੁੰਡਾ ਜਾ ਖੜਕਾਇਆ: ‎ਅਖੇ ਮੈਂ ਬੀਜਾ ਆਂ। ਬਾਪੂ ਦੇ ਇੱਕ ਛੰਦ `ਚ ਉਹ ਤਰਲੇ ਕਰਨ ਲੱਗਾ: ‘ਬੀਜਾ ‎ਬਾਹਰ ਖਲੋਤਾ ਭਿੱਜਿਆ ਬਾਰਸ਼ ਦਾ, ਬਾਰ ਖੋਲ੍ਹ ਦੇ ਕੌਲਾਂ ਮੇਰੀਏ! ’ ਡਰੀ ਹੋਈ ‎ਕੌਲਾਂ ਅੱਗੋਂ ਕਹਿਣ ਲੱਗੀ: ‘ਬਾਰ ਕਿਸ ਤਰ੍ਹਾਂ ਖੋਲ੍ਹਾਂ ਓਭੜ ਬੰਦੇ ਨੂੰ, ਤੂੰ ਕੋਈ ਠੱਗ, ‎ਚੋਰ, ਯਾਰ ਹੈਂ!’ ਰਸਾਲੂ ਜ਼ਿਦ ਕਰੇ ਕਿ ਮੈਂ ਬੀਜਾ ਈ ਆਂ, ਤੂੰ ਮੈਨੂੰ ਪਛਾਣਦੀ ਨਹੀਂ। ‎ਕੌਲਾਂ ਨੇ ਸ਼ਰਤ ਰੱਖ ਦਿੱਤੀ ਕਿ ਅਗਰ ਤੂੰ ਸੱਚ ਮੁੱਚ ਈ ਬੀਜਾ ਐਂ ਤਾਂ ਉਹ ਛਾਪ ‎ਝੀਥ ਰਾਹੀਂ ਅੰਦਰ ਸੁੱਟ ਜਿਹੜੀ ਮੈਂ ਤੈਨੂੰ ਸ਼ਾਦੀ ਸਮੇਂ ਪਾਈ ਸੀ! ਰਸਾਲੂ ਨੇ, ਚਾਲਾਕ ‎ਤੋਤੇ ਸੁੰਦਰ ਦੀ ਸਲਾਹ `ਤੇ, ਉਹ ਛਾਪ ਬੀਜੇ ਤੋਂ ਇਹ ਕਹਿ ਕੇ ਪਹਿਲਾਂ ਹੀ ਰੱਖ ‎ਲਈ ਸੀ ਕਿ ਤੇਰੇ ਬਾਅਦ ਤੇਰੀ ਯਾਦ ਵਿੱਚ ਇਸ ਛਾਪ ਨਾਲ ਹੀ ਦਿਲ ਲਾ ਲਿਆ ‎ਕਰਾਂਗਾ। ਉਧਰ ਬੀਜਾ ਇੱਕ ਆਜੜੀ ਤੋਂ ਅਰਬ ਦਾ ਰਾਹ ਪੁੱਛਦਾ ਹੈ ਤਾਂ ਆਜੜੀ ‎ਬੀਜੇ ਦੀ ਭੋਲ਼-ਭੰਡਾਰੀ ਡੀਲ-ਡੌਲ ਦੇਖ ਕੇ ਉਸ ਨੂੰ ਇਹ ਸਮਝਾਅ ਦਿੰਦਾ ਹੈ ਕਿ ‎ਕੌਲਾਂ ਅਤੇ ਰਸਾਲੂ ਨੇ ਸਾਜ਼ਸ਼ ਰਚ ਕੇ ਉਸ ਨਾਲ਼ ਧੋਖਾ ਕੀਤਾ ਹੈ। ਆਜੜੀ ‎ਖੁਰਜੀਆਂ `ਤੇ ਦਾਤੀ ਫ਼ੇਰਦਾ ਹੈ ਤਾਂ ਉਨ੍ਹਾਂ `ਚੋਂ ਸੋਨੇ ਦੀਆਂ ਮੋਹਰਾਂ ਦੀ ਥਾਂ ਰੋੜ ਤੇ ‎ਠੀਕਰੀਆਂ ਧਰਤੀ `ਤੇ ਢੇਰੀ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਗੁੱਸੇ `ਚ ਖੌਲਦਾ ‎ਬੀਜਾ ਘਰ ਪਰਤਦਾ ਹੈ ਤੇ ਆਪਣੀ ਵਫ਼ਦਾਰ ਬੀਵੀ ਨੂੰ ਸਾਜ਼ਸ਼ੀ ਗਰਦਾਨ ਕੇ ਘਰੋਂ ‎ਕੱਢ ਦੇਂਦਾ ਹੈ। ਘੋਰ ਤਕਲੀਫ਼ਾਂ `ਚੋਂ ਗੁਜ਼ਰਦੀ ਕੌਲਾਂ ਆਖ਼ਿਰ ਆਪਣਾ ਸੱਚ ‎ਉਜਾਗਰ ਕਰਨ ਵਿੱਚ ਸਫ਼ਲ ਹੋ ਜਾਂਦੀ ਹੈ।

ਅਸੀਂ ਦੋਵੇਂ ਭਰਾ ਤਕਰੀਬਨ ਹਰ ਰੋਜ਼ ਬਲਵੰਤ ਤੋਂ ਇਹ ਕਿੱਸਾ ਸੁਣਦੇ। ਹੌਲ਼ੀ ‎ਹੌਲੀ ਬਲਵੰਤ ਦੇ ਸ੍ਰੋਤਿਆਂ `ਚ ਉਸ ਦੇ ਹਾਣੀ ਮੁੰਡੇ ਵੀ ਸ਼ਾਮਲ ਹੋਣ ਲੱਗੇ। ਹਾਣੀਆਂ ‎‎`ਚੋਂ ਇੱਕ ਦੀ ਭੈਣ ਦੀ ਸ਼ਾਦੀ ਮਹੀਨੇ ਕੁ ਤੀਕਰ ਹੋਣ ਵਾਲੀ ਸੀ। ਪਤਾ ਨਹੀਂ ਕਿਸ ‎ਦੀ ਸਿਫ਼ਾਰਿਸ਼ `ਤੇ ਇਹ ਇਤਿਹਾਸਿਕ ਫ਼ੈਸਲਾ ਲੈ ਲਿਆ ਗਿਆ ਕਿ ਬਾਪੂ ਦੇ ਜੱਥੇ ‎ਦੀ ਤਰਜ਼ `ਤੇ ਹੀ ਕੌਲਾਂ ਦਾ ਕਿੱਸਾ ਗਾਅ ਕੇ ਬਰਾਤੀਆਂ ਦਾ ਮਨੋਰੰਜਨ ਕੀਤਾ ‎ਜਾਵੇਗਾ। ਮੇਰਾ ਰੋਲ ਸੀ ਰਣਜੀਤ ਸਿੱਧਵਾਂ ਵਾਂਗ ਉੱਚੀ ਆਵਾਜ਼ ਵਿੱਚ ਆਗੂ ਬਣ ਕੇ ‎ਹਰੇਕ ਛੰਦ ਦੀ ਅੱਧੀ ਪੰਗਤੀ ਗਾਉਣੀ, ਤੇ ਰਛਪਾਲ ਅਤੇ ਬਲਵੰਤ ਬਾਕੀ ਅੱਧੀ ਨੂੰ ‎ਰਲ਼ ਕੇ ਗਾਉਣ ਲੱਗੇ। ਹਰੇਕ ਛੰਦ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਵਿਆਖਿਆ ‎ਦਾ ਜ਼ਿੰਮਾ, ਗਿਆਰਵੀਂ `ਚ ਪੜ੍ਹਦੇ ਅਣਦਾੜ੍ਹੀਏ ਬਲਵੰਤ ਨੇ ਚੁੱਕ ਲਿਆ। ਆਉਣ ‎ਵਾਲ਼ੇ ਮਹਾਂ ਸਮਾਗਮ ਲਈ ਹਰ ਰੋਜ਼ ਰਿਆਜ਼ ਸ਼ੁਰੂ ਹੋ ਗਿਆ।

ਸਾਡੇ ਪਹਿਲ-ਪਲੇਠੇ ਗਾਇਕੀ ‘ਸ਼ੋਅ’ ਦੇ ਦਿਨ ਅਸੀਂ ਬਰਾਤੀਆਂ ਦੇ ਉਤਾਰੇ ‎ਵਾਲੀ ਧਰਮਸ਼ਾਲਾ `ਚ ਅੱਪੜੇ। ਪੈਰੀਂ ਕੁਰਮ ਦੀਆਂ ਜੁੱਤੀਆਂ ਤੇ ਤੇੜ ਫਾਂਟਾਂ ਵਾਲ਼ੇ ‎ਪਜਾਮੇ।

ਇੱਕ ਛੋਟਾ ਜਿਹਾ ਮੇਜ਼ ਹਾਜ਼ਰ ਹੋਇਆ। ਉਸ ਦੀ ਇੱਕ ਲੱਤ ਨੂੰ ਇੱਕ ਡਾਂਗ ‎ਬੰਨ੍ਹ ਕੇ, ਮਾਈਕਰੋਫ਼ੋਨ ਲਈ ਸਟੈਂਡ ਤਿਆਰ ਕਰ ਲਿਆ ਗਿਆ। ਮੰਜਿਆਂ ਉੱਪਰ ‎ਬੈਠੇ ਬਰਾਤੀ ਮੰਜਿਆਂ ਹੇਠ ਟਿਕਾਈਆਂ ਬੋਤਲਾਂ ਚੁੱਕਦੇ ਤੇ ਪਿੱਤਲ਼ ਦੇ ਇੱਕੋ ਗਲਾਸ ‎‎`ਚ ਉਲੱਦ ਕੇ, ਉਸ ਨੂੰ ਅੱਧਾ ਪੌਣਾ ਕਰ ਲੈਂਦੇ। ਨਾਲ਼ ਹੀ ਖਲੋਤੇ ਪਿੱਤਲ ਦੇ ਜੱਗ ‎‎`ਚ ਪਿਆ ਪਾਣੀ ਗਲਾਸ ਨੂੰ ਕਿਨਾਰਿਆਂ ਤੀਕ ਭਰ ਦੇਂਦਾ। ਭਰਿਆ ਗਲਾਸ ‎ਪਿਆਕੜ ਦੇ ਬੁੱਲ੍ਹਾਂ ਤੋਂ ਉਦੋਂ ਹੀ ਟੁੱਟਦਾ ਜਦੋਂ ਉਹ ਥੱਲੇ ਤੀਕ ਖਾਲੀ ਹੋ ਜਾਂਦਾ। ‎ਉਹੀ ਗਲਾਸ ਫ਼ਿਰ ਬਿਨਾ ਧੋਤਿਆਂ ਅਗਲੇ ਪਿਆਕੜ ਦੇ ਹੱਥਾਂ ਦੀ ਚੌਕੀ ਭਰਨ ‎ਲਗਦਾ, ਤੇ ਪਹਿਲੇ ਪਿਆਕੜ ਵਾਲਾ ਡਰਾਮਾ ਦੁਹਰਾਅ ਕੇ ਅਗਲੇਰੇ ਪਿਆਕੜ ਕੋਲ਼ ‎ਹਾਜ਼ਰ ਜੋ ਜਾਂਦਾ।

ਹੁਣ ਅਸੀਂ ਮਾਈਕਰੋਫ਼ੋਨ ਦੇ ਸਾਹਮਣੇ ਸਾਂ। ਬਲਵੰਤ ਨੇ ਅਰਥਾਕਾਰੀ ਸ਼ੁਰੂ ‎ਕੀਤੀ: ਉਹ ਕੀ ਬੋਲਿਆ, ਮੈਨੂੰ ਕੁੱਝ ਵੀ ਯਾਦ ਨਹੀ। ਮੈਨੂੰ ਤਾਂ ਸਿਰਫ਼ ਇਹੀ ਯਾਦ ‎ਹੈ ਕਿ ਜਦੋਂ ਮੈਂ ਕੌਲਾਂ ਦੇ ਕਿੱਸੇ ਦੇ ਪਹਿਲੇ ਛੰਦ ਦੀ ਪਹਿਲੀ ਹੀ ਪੰਗਤੀ ਤਿੱਖੀ ‎ਅਵਾਜ਼ ਵਿੱਚ ਉਚਾਰੀ, ਤਾਂ ਬਰਾਤੀਆਂ ਦੇ ਹੱਥਾਂ ਫੜੇ ਗਲਾਸ ਅਹਿੱਲ ਹੋ ਗਏ। ‎ਬੋਤਲਾਂ ਫ਼ਰੀਜ਼ ਹੋ ਗਈਆਂ। ਸ੍ਰੋਤਿਆਂ ਦੀਆਂ ਧੌਣਾਂ ਕੂੰਜਾਂ ਦੀਆਂ ਧੌਣਾਂ ਵਾਂਗ ਸਾਡੇ ‎ਵੱਲੀਂ ਖਿੱਚੀਆਂ ਗਈਆਂ। ਅਣਗਿਣਤ ਬੁੱਲ੍ਹਾਂ ਦੇ ਜੋੜੇ ਇੱਕ-ਦੂਜੇ ਨੂੰ ਤਿਆਗ ਕੇ ‎ਲਮਕਣ ਲੱਗੇ। ਸੈਆਂ ਅੱਖਾਂ ਸਾਡੇ ਵੱਲ ਉੱਲਰ ਕੇ ਬਰਫ਼ ਵਾਂਗ ਜੰਮ ਗਈਆਂ। ਛੰਦ ‎ਖ਼ਤਮ ਹੋਇਆ, ਤਾਂ ਵਾਹ ਵਾਹ ਦੇ ਨਾਲ਼ ਹੀ ਬਰਾਤੀਆਂ ਦੀਆਂ ਉਂਗਲਾਂ ਉਨ੍ਹਾਂ ਦੇ ‎ਖੀਸਿਆਂ `ਚ ਉੱਤਰਨ ਲੱਗੀਆਂ। ਬਰਾਤੀ ਮੰਜੇ ਛੱਡ ਕੇ ਮਾਈਕਰੋਫ਼ੋਨ ਵੱਲ ਵਧਣ ‎ਲੱਗੇ। ਨੋਟਾਂ ਨੂੰ ਮੇਜ਼ `ਤੇ ਟਿਕਾਉਣ ਤੋਂ ਪਹਿਲਾਂ, ਕੋਈ ਸਾਡੇ ਮੋਢਿਆਂ ਦੇ ਥਾਪੜੇ ਦੇਵੇ, ‎ਕੋਈ ਸਿਰ ਪਲੋਸੇ, ਤੇ ਕੋਈ ਸਾਨੂੰ ਜੱਫੀਆਂ ਪਾਈ ਜਾਵੇ। ਚਾਰ ਪੰਜ ਮਿੰਟਾਂ ਦੇ ‘ਧੱਕ-‎ਮੁਧੱਕੇ’ ਤੋਂ ਬਾਅਦ ਬਰਾਤੀਆਂ ਦੀ ਭੀੜ ਪਿਘਲ਼ ਕੇ ਆਪਣੇ ਆਪਣੇ ਮੰਜਿਆਂ ਵੱਲ ‎ਵਗ ਗਈ।

ਮੈਂ ਤਾਂ ਛੇਵੀਂ `ਚ ਹੁੰਦਿਆਂ ਹੀ ਵਾਹਵਾ ਕੱਦਾਵਰ ਹੋ ਗਿਆ ਸਾਂ, ਪਰ ਰਛਪਾਲ ‎ਉਮਰੋਂ ਨਿਆਣਾ ਹੋਣ ਕਰ ਕੇ ਮਾਈਕਰੋਫ਼ੋਨ ਤੋਂ ਨੀਵਾਂ ਰਹਿ ਗਿਆ। ਕਿਸੇ ਨੂੰ ਪਤਾ ‎ਨਹੀਂ ਕੀ ਸੁੱਝੀ ਕਿ ਅਗਲੇ ਛੰਦ ਦਾ ਗਾਇਨ ਸ਼ੁਰੂ ਹੋਣ ਤੋਂ ਪਹਿਲਾਂ ਦੋ ਪੱਕੀਆਂ ‎ਇੱਟਾਂ ਚੁੱਕ ਲਿਆਇਆ ਤੇ ਰਛਪਾਲ ਦੇ ਪੈਰਾਂ ਹੇਠ ਟਿਕਾਅ ਗਿਆ। ਪੰਦਰਾਂ ਕੁ ‎ਮਿੰਟਾਂ `ਚ ਹੀ ਸਾਰਾ ਪਿੰਡ ਧਰਮਸ਼ਾਲਾ `ਚ ਆ ਢੁੱਕਿਆ। ਡੇਢ ਕੁ ਘੰਟੇ `ਚ ਨੋਟਾਂ ‎ਦੀ ਬਰਸਾਤ ਦੇ ਆਲਮ `ਚ ਕੌਲਾਂ ਦਾ ਪ੍ਰਸੰਗ ਖ਼ਤਮ ਹੋਇਆ ਤਾਂ ਸਾਡੇ ਉਦਾਲ਼ੇ ‎ਪ੍ਰਸੰਸਕਾਂ ਦਾ ਝੁਰਮਟ ਸੀ ਤੇ ਮੇਜ਼ ਉੱਤੇ ਰੁਪਿਆਂ ਦਾ ਮੇਲਾ।

ਘਰ ਪਹੁੰਚੇ ਤਾਂ ਬਲਵੰਤ ਨੇ ਰੁਪਿਆਂ ਨਾਲ਼ ਭੁਕਾਨੇ ਵਾਂਗ ਫੁੱਲਿਆ ਖੀਸਾ ਬੇਬੇ ‎ਦੇ ਮੂਹਰੇ ਢੇਰੀ ਕਰ ਦਿੱਤਾ। ਉਦੋਂ ਦਾ ਇੱਕ ਰੁਪਿਆ ਅੱਜ ਦੇ ਤੀਹਾਂ-ਚਾਲ੍ਹੀਆਂ ਦੀ ‎ਪਿੱਠ ਲਵਾਉਂਦਾ ਸੀ। ਬੇਬੇ ਕਦੇ ਰੁਪਿਆਂ ਵੱਲ ਝਾਕੇ, ਤੇ ਕਦੇ ਸਾਡੇ ਵੱਲੀਂ। ਕੁੱਝ ‎ਪਲਾਂ ਬਾਅਦ ਉਸ ਨੇ ਬੁਲ੍ਹ ਸੰਗੋੜੇ ਤੇ ਉਸ ਦੇ ਮੱਥੇ `ਤੇ ਖੱਖਰ ਉੱਭਰਨ ਲੱਗੀ: ‎ਰੁਪਿਆਂ ਦੀ ਢੇਰੀ ਨੂੰ ਗੁਸੈਲੇ ਅੰਦਾਜ਼ `ਚ ਪਰ੍ਹੇ ਧਕਦਿਆਂ ਉਹ ਕੜਕੀ: ਇਹ ਕੀ ‎ਕੀਤੈ, ਹਰਾਮੀਓਂ? ਕੀਹਤੋਂ ਪੁੱਛ ਕੇ ਇਸ ਕੁੱਤੇ ਕੰਮ `ਚ ਪੈਗੇ ਐਂ? ਆ ਜਾਣ ਦਿਓ ‎ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ। ਖ਼ਬਰਦਾਰ ਜੇ ਅੱਜ ਤੋਂ ‎ਬਾਅਦ ਟਰੰਕੀ ਨੂੰ ਹੱਥ ਲਾਇਐ।

ਸਾਡੇ ਤਿੰਨਾਂ ਦੇ ਮੋਢੇ ਢਿਲ਼ਕ ਗਏ। ਅੱਧਾ ਘੰਟਾ ਪਹਿਲਾਂ ਸ੍ਰੋਤਿਆਂ ਤੋਂ ਖੱਟੀ ‎ਵਾਹ-ਵਾਹ ਨਾਲ ਦਗ਼ਣ ਲੱਗੇ ਚਿਹਰੇ ਬਾਪੂ ਵੱਲੋਂ ਕੀਤੀ ਜਾਣ ਵਾਲ਼ੀ ਸਂਭਾਵੀ ‎ਛਿਤਰੌਲ਼ ਦੇ ਡਰੋਂ ਪੀਲ਼ੇ ਪੈਣ ਲੱਗੇ। ਅਗਲੇ ਹੀ ਪਲ ਕੌਲਾਂ ਦੇ ਕਿੱਸੇ ਵਾਲ਼ੀ ਕਾਪੀ ‎ਟਰੰਕੀ `ਚ ਜਾ ਬਿਰਾਜੀ। ਬੇਬੇ ਨੇ ਟਰੰਕੀ ਨੂੰ ਸੰਦੂਕ ਦੇ ਹਵਾਲੇ ਕਰ ਕੇ ਸੰਦੂਕ ਦੇ ‎ਦਰਵਾਜ਼ੇ `ਤੇ ਜਿੰਦਰਾ ਠੋਕ ਦਿੱਤਾ। ਬਾਪੂ ਦੇ ਕਲਕੱਤਿਓਂ ਪਰਤਣ ਤੀਕ ਸਾਡੀ ‎ਕਵੀਸ਼ਰੀ ਸਹਿਮੀ ਰਹੀ।

Read 1517 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।