You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»05 - ਖਿੜ ਉੱਠੀ ਕਵੀਸ਼ਰੀ
Thursday, 22 October 2009 16:34

05 - ਖਿੜ ਉੱਠੀ ਕਵੀਸ਼ਰੀ

Written by
Rate this item
(1 Vote)

ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ‎ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ‎ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ‎ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ‎ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ‎ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ‎ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ `ਤੇ ਕਵੀਸ਼ਰੀ ਕਰਨ ‎ਦੀ ਬੁਕਿੰਗ, ਜੱਥੇ ਦੇ ਕਲਕੱਤੇ ਵੱਲ ਨੂੰ ਚਾਲੇ ਪਾਉਣ ਤੋਂ ਢੇਰ ਚਿਰ ਪਹਿਲਾਂ ਹੀ ਹੋ ‎ਚੁੱਕੀ ਸੀ। ਇਸ ਲਈ ਜੇਠ ਦੇ ਮਹੀਨੇ ਦੀ ਪੂਛਲ਼ ਦਿਸਦਿਆਂ ਹੀ, ਸਹਿਮ ਤੇ ਭੈਅ ‎ਦੇ ਆਲਮ `ਚ ਅਸੀਂ ਤਿੰਨੇ ਭਰਾ, ਬਾਪੂ ਦੇ ਕਲਕੱਤਿਓਂ ਪਰਤਣ ਦੀ ਉਡੀਕ ਕਰਨ ‎ਲੱਗੇ।

ਪਿੰਡ ਆਈ ਬਰਾਤ ਲਈ ਕਵੀਸ਼ਰੀ ਗਾਉਣ ਵਾਲ਼ੇ ਸਾਡੇ ‘ਕੁੱਤੇ ਕੰਮ’ ਦਾ ‎ਇਲਮ ਹੋਣ ਤੋਂ ਬਾਅਦ, ਬੇਬੇ ਦੇ ਮੱਥੇ `ਤੇ ਇੱਕ ਦਮ ਉੱਭਰ ਆਈ ਮੇਖਾਂ ਦੀ ਗੁੱਛੀ ‎ਵਾਪਿਸ ਹੋਣ ਦਾ ਨਾਮ ਨਹੀਂ ਸੀ ਲੈ ਰਹੀ। ਉਸ ਦਾ ਹਲੀਮ, ਮਜ਼ਾਕੀਆ ਤੇ ‎ਹਸਮੁੱਖ ਸੁਭਾਅ ਹੁਣ ਮਿਰਚੀ ਤੇ ਅੱਗ-ਭਬੂਕੀ ਹੋ ਗਿਆ ਸੀ। ਉਹ ਨਿੱਕੀ ਨਿੱਕੀ ‎ਗੱਲ `ਤੇ ਖਿਝਣ ਲੱਗ ਪਈ ਸੀ। ਸਵੇਰੇ ਸਵਖ਼ਤੇ, ਰੁੱਖੇ ਅੰਦਾਜ਼ `ਚ, ਸਾਨੂੰ ਮੰਜੀਆਂ ‎ਤੋਂ ਝੰਜੋੜ ਕੇ ਉਠਾਉਂਦਿਆਂ, ਪਾੜਵੀਆਂ ਨਜ਼ਰਾਂ ਹੇਠ ਮੁੱਠੀ ਵਾਂਗ ਵੱਟੇ ਹੋਏ ਬੁੱਲ੍ਹਾਂ ‎ਨਾਲ, ਹੁਣ ਉਹ ਸਾਨੂੰ ਕੜਕ ਕੜਕ ਪੈਂਦੀ: ਪੱਠੇ ਥੋਡਾ ਪਿਓ ਵੱਢ ਕੇ ਲਿਆਊ? ਪਏ ‎ਓਂ ਸਰਾਲ਼ਾਂ ਵਾਂਗ ਮਸਤ ਹੋ ਕੇ! ਡੱਫੋ ਚਾਹ ਤੇ ਚੱਕੋ ਦਾਤੀਆਂ ਜੇ ਰਾਤ ਨੂੰ ਦੁੱਧ ਦੀ ‎ਤਿੱਪ ਪੀਣੀ ਐਂ!‎

ਸਾਡੇ ਪਲੇਠੇ ‘ਕਵੀਸ਼ਰੀ-ਸ਼ੋਅ’ ਵਾਲ਼ੇ ਦਿਨ ਬੋਲੇ ਉਸ ਦੇ ਚਿਤਾਵਨੀਏਂ ਬੋਲ, ‎‎‘ਆ ਜਾਣ ਦਿਓ ਪਤੰਦਰ ਨੂੰ ਕਲਕੱਤਿਓਂ; ਕਰੂ ਥੋਡੀਆਂ ਬੂਥੀਆਂ ਲਾਲ!’ , ਸਾਡੇ ‎ਮੱਥਿਆਂ `ਚ ਘਿਸਰਣ ਲੱਗੇ।

ਚਰ੍ਹੀ ਵੱਢਣ-ਕੁਤਰਨ ਅਤੇ ਛੱਪੜ ਉੱਤੇ ਮੱਝਾਂ ਨਹਾਉਣ ਦੌਰਾਨ, ਬਾਪੂ ਦੇ ‎ਕਲਕੱਤਿਓਂ ਪਰਤਣ `ਤੇ ਪੈਣ ਵਾਲ਼ੀਆਂ ਗਾਲ਼ਾਂ ਦੀ ਵਾਛੜ ਤੇ ਚੁਪੇੜਾਂ ਦੀ ਝੜੀ ਦਾ ‎ਡਰ ਸਾਡੀਆਂ ਸੋਚਾਂ `ਚ ਲਗਾਤਾਰ ਠੂੰਗੇ ਮਾਰਨ ਲੱਗਾ। ਸੰਦੂਕ `ਚ, ਜਿੰਦਰੇ ਓਹਲੇ, ‎ਟੀਨ ਦੀ ਜ਼ੰਗਾਲੀ ਹੋਈ ਸੰਦੂਕੜੀ `ਚ ਨਿਸਚਿੰਤ ਸੁੱਤੇ, ‘ਕੌਲਾਂ’ ਦੇ ਕਿੱਸੇ ਦਾ ਚੇਤਾ ‎ਆਉਂਦਿਆਂ ਹੀ ਮੇਰੇ ਕੰਨਾਂ `ਚੋਂ ਸੇਕ ਨਿੱਕਲਣ ਲਗਦਾ। ਰਾਤੀਂ ਕੋਠੇ `ਤੇ ਪਿਆਂ ‎ਤਾਰਿਆਂ ਦੇ ਝੁਰਮਟਾਂ ਨਾਲ਼ ਗੁਫ਼ਤਗੂ ਕਰਦਿਆਂ ਜਦੋਂ ਨੀਂਦ ਦਾ ਹਲਕਾ ਜਿਹਾ ਝੂਟਾ ‎ਆਉਂਦਾ, ਤਾਂ ਬਾਪੂ ਮੇਰੀ ਬਾਂਹ ਮਰੋੜ ਕੇ ਮੇਰੀ ਗਿੱਚੀ `ਚ ਮੁੱਕੇ ਜੜ ਜੜਨ ਲੱਗ ‎ਜਾਂਦਾ। ‘ਕੀਹਨੂੰ ਪੁੱਛ ਕੇ ਕਵੀਸ਼ਰੀ ਕਰਨ ਗਏ ਸੀ, ਉਏ ਕੁੱਤਿਓ ਕਿਸੇ ਥਾਂ ਦਿਓ?’ ‎ਬਾਪੂ ਕੜਕਦਾ, ਤੇ ਮੈਂ ਬੁੜ੍ਹਕ ਕੇ ਨੀਂਦਰ `ਚੋਂ ਬਾਹਰ ਜਾ ਡਿਗਦਾ।

ਉਸ ਦਿਨ ਸਿਖ਼ਰ ਦੁਪਹਿਰੇ, ਦਲਾਨ ਵਿੱਚ ਬੈਠੇ ਅਸੀਂ ਤਿੰਨੇ ਭਰਾ ਤੇ ਦੋਏ ‎ਭੈਣਾਂ ਤੰਦੂਰੀ ਰੋਟੀਆਂ ਦਾ ਅਨੰਦ ਕੜ੍ਹੀ ਨਾਲ਼ ਮਾਣ ਰਹੇ ਸਾਂ ਕਿ ਵਿਹੜੇ ਵੱਲ ਦੇ ‎ਦਰਵਾਜ਼ਿਓਂ ਇੱਕ ਓਪਰਾ ਬੰਦਾ, ਸਿਰ `ਤੇ ਗੱਤੇ ਦਾ ਇੱਕ ਵੱਡਾ ਬਕਸਾ ਟਿਕਾਈ ‎ਸਾਡੇ ਦਲਾਨ ਵਿੱਚ ਦਾਖ਼ਿਲ ਹੋ ਗਿਆ। ਅਸੀਂ ਅਜੇ ਉਸ ਦੇ ਹੁਲੀਏ ਤੋਂ ਉਸ ਦੀ ‎ਪਛਾਣ ਅੰਦਾਜ਼ਣ ਵਿੱਚ ਹੀ ਉਲਝੇ ਹੋਏ ਸਾਂ ਕਿ ਇੱਕ ਹੱਥ `ਚ ਚਮੜੇ ਦਾ ਬੈਗ਼ ਤੇ ‎ਦੂਸਰੇ `ਚ ਢਾਕ ਨਾਲ਼ ਲਾ ਕੇ ਅੰਬਾਂ ਦੀ ਟੋਕਰੀ ਚੁੱਕੀ ਦਲਾਨ ਵੱਲ ਨੂੰ ਵਧ ਰਿਹਾ ‎ਬਾਪੂ ਨਜ਼ਰ ਪੈ ਗਿਆ। ਉਸ ਦੀਆਂ ਚੜ੍ਹੀਆਂ ਸੇਹਲੀਆਂ ਹੇਠ ਸਰੂਰ `ਚ ਗੜੂੰਦ ‎ਅੱਖਾਂ ਵਿੱਚ ਹਲਕੀ ਜਿਹੀ ਲਾਲੀ ਸੀ ਤੇ ਅਰਧ-ਸਫ਼ੈਦੀ ਵੱਲ ਖਿਸਕ ਰਹੀ ਦਾਹੜੀ ‎‎`ਚੋਂ ਉੱਭਰਦੀਆਂ ਉਸ ਦੀਆਂ ਗੱਲ੍ਹਾਂ `ਚ ਟਮਾਟਰਾਂ ਦਾ ਭੁਲੇਖਾ ਟਪਕਦਾ ਸੀ। ਬਾਪੂ ‎ਨੂੰ ਦੇਖਦਿਆਂ ਹੀ ਸਾਡੇ ਹੱਥਾਂ `ਤੇ ਟਿਕੀਆਂ ਰੋਟੀਆਂ ਕੜ੍ਹੀ ਵਾਲ਼ੀਆਂ ਕੌਲੀਆਂ `ਤੇ ‎ਜਾ ਡਿੱਗੀਆਂ, ਤੇ ‘ਬਾਪੂ ਜੀ ਆ ਗੇ’ ਦੀਆਂ ਚੀਕਾਂ ਮਾਰਦੇ ਅਸੀ ਵਿਹੜੇ ਵੱਲ ਨੂੰ ‎ਭੱਜ ਉੱਠੇ। ਸਾਡੇ ਵੱਲੋਂ ਬਾਪੂ ਦੀਆਂ ਲੱਤਾਂ ਉਦਾਲ਼ੇ ਕਲੰਘੜੀਆਂ ਪਾਏ ਜਾਣ ਤੋਂ ‎ਪਹਿਲਾਂ, ਬਾਪੂ ਦਾ ਬੈਗ਼ ਧਰਤੀ `ਤੇ ਲੁੜਕ ਗਿਆ ਤੇ ਅੰਬਾਂ ਦਾ ਟੋਕਰਾ ਓਪਰੇ ਬੰਦੇ ‎ਦੇ ਹੱਥਾਂ ਵੱਲ ਹੋ ਗਿਆ। ਨਮ ਹੋਈਆਂ ਅੱਖਾਂ ਹੇਠ ਬਾਪੂ ਦੇ ਬੁੱਲ੍ਹ ਪਾਸਿਆਂ ਵੱਲ ਨੂੰ ‎ਫੈਲੇ, ਤੇ ਉਹ ਸਾਡੀਆਂ ਗੱਲ੍ਹਾਂ ਉੱਪਰ ਆਪਣੇ ਸਾਹਾਂ ਦੀ ‘ਸੌਂਫ਼ੀਆ’ ਸਿਲ੍ਹ ਖਿਲਾਰਨ ‎ਲੱਗਾ। ਬੇਬੇ ਦੇ ਮੱਥੇ `ਤੇ ਉੱਭਰੇ ਸਿਆੜਾਂ ਉੱਪਰ ਇੱਕ ਦਮ ਸੁਹਾਗਾ ਫਿਰ ਗਿਆ, ‎ਤੇ ਮੁੱਠੀ ਬਣੇ ਉਸ ਦੇ ਬੁੱਲ੍ਹ, ਅਚਾਨਕ ਪੈਣ ਲੱਗੀ ਬਰਸਾਤ ਹੇਠ ਰੰਗੀਨ ਛਤਰੀ ‎ਵਾਂਗ ਖੁਲ੍ਹ ਗਏ। ਓਪਰਾ ਬੰਦਾ ਆਪਣੇ ਟਾਂਗੇ ਤੋਂ ਅੰਬਾਂ ਦੀਆਂ ਬਾਕੀ ਟੋਕਰੀਆਂ ਤੇ ‎ਬਾਪੂ ਦਾ ਕੱਪੜਿਆਂ ਵਾਲ਼ਾ ਟਰੰਕ ਲਹੁਣ ਲਈ ਦਰਵਾਜ਼ਓਂ ਬਾਹਰ ਹੋ ਗਿਆ।

ਆਖ਼ਰੀ ਟੋਕਰੀ ਟਾਂਗਿਓਂ ਉਤਰਨ ਤੋਂ ਪਹਿਲਾਂ ਸਾਡਾ ਦਲਾਨ, ਸਾਡੇ ਸਾਰੇ ‎ਆਂਢ-ਗੁਆਂਢ ਦੇ ਬੱਚੇ, ਬੁੱਢੇ ਤੇ ਜਵਾਨ ਔਰਤਾਂ ਮਰਦਾਂ ਨਾਲ਼ ਭੀੜਤ ਸੀ। ਅਗਲੇ ‎ਹੀ ਪਲ ਇੱਕ-ਇੱਕ ਅੰਬ ਹਰੇਕ ਔਰਤ ਤੇ ਬੱਚੇ ਦੇ ਹੱਥਾਂ `ਚ ਸੀ। ਟਾਂਗੇ ਵਾਲ਼ਾ ‎ਭਾਈ ਹੁਣ ਇੱਕ ਭਾਰੀ ਗੱਟਾ (ਛੋਟੀ ਜਿਹੀ ਬੋਰੀ) ਲਾਹ ਲਿਆਇਆ। ਗੱਟੇ ਦਾ ‎ਮੂੰਹ ਖੁਲ੍ਹਦਿਆਂ ਹੀ ਸੌਂਫ਼ੀਆ ਸ਼ਰਾਬ ਦੀਆਂ ਬੋਤਲਾਂ, ਗੱਟੇ `ਚੋਂ ਨਿੱਕਲ਼ ਕੇ, ਥਮਲੇ ‎ਕੋਲ਼ ਖਲੋਤੇ ਮੇਜ਼ ਦੀਆਂ ਲੱਤਾਂ ਕੋਲ਼ ਇਕੱਤਰ ਹੋਣ ਲੱਗੀਆਂ। ਮੇਜ਼ ਲਾਗੇ ਬੋਤਲਾਂ ‎ਦੀ ਭੀੜ ਦੇਖਦਿਆਂ, ਔਰਤਾਂ ਤੇ ਬੱਚੇ ਦਲਾਨੋਂ ਬਾਹਰ ਖਿਸਕਣ ਲੱਗੇ। ਮਰਦਾਂ ਨੇ ‎ਦਲਾਨ ਦੀਆਂ ਕੰਧਾਂ ਨੂੰ ਢੋਅ ਲਾਈ ਖਲੋਤੇ ਮੰਜਿਆਂ ਦੇ ਮੋਢੇ ਹਲੂਣੇ। ਮੇਜ਼ ਨੂੰ ‎ਖਿਸਕਾਅ ਕੇ ਮੰਜਿਆਂ ਦੇ ਵਿਚਕਾਰ ਕਰ ਲਿਆ ਗਿਆ।

ਹੁਣ ਕੋਰੇ ਘੜੇ ਦਾ ਪਾਣੀ ਜੱਗ ਵਿੱਚ ਉਲਟਣ ਲੱਗਾ। ਤਕਰੀਬਨ ਦੋ ‎ਮਹੀਨਿਆਂ ਤੋਂ ਟਾਣ `ਤੇ ਸੁੱਤੇ ਕੰਚ ਦੇ ਗਲਾਸਾਂ `ਚ ਹਰਕਤ ਜਾਗ ਉੱਠੀ। ਬੋਤਲਾਂ ਦੇ ‎ਡੱਟਾਂ ਦੀਆਂ ਚੂੜੀਆਂ ਕੜਿੱਕ-ਕੜਿੱਕ ਕਰ ਕੇ ਟੁੁੱਟਣ ਲੱਗੀਆਂ। ਹੁਣ ਬੋਤਲਾਂ ‎ਟੇਢੀਆਂ ਹੋਈਆਂ, ਤੇ ਕੁੱਝ ਕੁ ਮਿੰਟਾਂ `ਚ ਹੀ ਸਾਰਾ ਦਲਾਨ ਸੌਂਫ਼ੀਆ ਗੰਧ `ਚ ਗੜੁੱਚ ‎ਹੋ ਗਿਆ। ਦੋ ਕੁ ਦਰਜਣ ਮਰਦਾਂ ਦੀਆਂ ਅੱਖਾਂ `ਚ ਸੁਰਮਈ ਵਿਸਮਾਦ ਛਲਕਣ ‎ਲੱਗਾ।

ਬੇਬੇ ਨੇ ਆਂਡਿਆਂ ਦੀ ਟੋਕਰੀ `ਚ ਹੱਥ ਮਾਰਿਆ। ਅਗਲੇ ਪਲ ਇੱਕ ਚਮਚੇ ‎ਦੀ ਮੱਦਦ ਨਾਲ਼ ਆਂਡਿਆਂ ਦੀ ਜ਼ਰਦੀ ਇੱਕ ਛੰਨੇ `ਚ ਆਪਣੇ ਉਦਾਲ਼ੇ ਲਿਪਟੀ ‎ਸਫ਼ੈਦੀ ਨਾਲ਼ ਇੱਕ-ਮਿੱਕ ਹੋਣ ਲੱਗੀ। ਚੁੱਲ੍ਹੇ `ਤੇ ਟਿਕੀ ਕੜਾਹੀ `ਚ ਭੁੱਜ ਰਹੇ ‎ਕੁਤਰਾ ਹੋਏ ਪਿਆਜ਼, ਮਿਰਚਾਂ, ਅਧਰਕ ਤੇ ਮਸਾਲੇ ਦੀ ਹਮਕ, ਸ਼ਰਾਬ ਦੀ ਸੌਂਫ਼ੀਆ ‎ਗੰਧ ਨਾਲ਼ ਗਲਵਕੜੀਆਂ ਪਾਉਣ ਲੱਗੀ। ਲੋਰ `ਚ ਆਇਆ ਬਾਪੂ ਕਲਕੱਤੇ `ਚ ‎ਗੁਜ਼ਾਰੇ ਦਿਨਾਂ ਦੀਆਂ ਕਹਾਣੀਆਂ ਨੂੰ ਤੁੜਕਾ ਲਾ ਲਾ ਕੇ ਸੁਣਾਅ ਰਿਹਾ ਸੀ। ਨਸ਼ੇ `ਚ ‎ਝੂੰਮਦੇ ਬਾਪੂ ਦੇ ਸ੍ਰੋਤੇ ਪੈੱਗ ਮੁਕਾਉਂਦੇ ਤੇ ਬਾਪੂ ਦੇ ਗੁਣਗਾਣ `ਚ ਲਹਿ ਜਾਂਦੇ।

ਅਗਲੇ ਦਿਨ ਗੱਤੇ ਦਾ ਬਕਸਾ ਖੋਲ੍ਹਿਆ ਗਿਆ: ਉਸ `ਚੋਂ ਨਿੱਕਲ਼ਿਆ, ਭੂਰੇ ‎ਰੰਗ ਦੀ ਚਮਕੀਲੀ ਭਾਅ ਮਾਰਦਾ ‘ਨੈਸ਼ਨਲ ਐਕੋ’ ਰੇਡੀਓ, ਸਾਡੀ ਅਰਧ-ਪੱਕੀ ‎ਬੈਠਕ ਦੀ ਅਲਮਾਰੀ ਦੇ ਵਿਚਕਾਰਲੇ ਖ਼ਾਨੇ `ਚ ਟਿਕਾਅ ਦਿੱਤਾ ਗਿਆ। ਸਾਡੇ ਪਿੰਡ ‎ਵਿੱਚ ਵੱਜਣ ਵਾਲ਼ਾ ਇਹ ਦੂਜਾ ਰੇਡੀਓ ਸੀ। ਪਹਿਲਾ ਰੇਡੀਓ, ਦੂਜੀ ਸੰਸਾਰ ਜੰਗ ‎ਦੌਰਾਨ ਬਰਮ੍ਹਾਂ `ਚ ਕੰਪਾਂਊਂਡਰੀ ਕਰ ਕੇ ਰੀਟਾਇਰ ਹੋਏ ਬਜ਼ੁਰਗ, ‘ਡਾਕਟਰ’ ‎ਉਜਾਗਰ ਸਿੰਘ, ਦੇ ਪੱਕੇ ਘਰ ਦੀ ਬਾਹਰਲੀ ਬੈਠਕ ਵਿੱਚ ਸੀ ਜਿਸ ਤੋਂ ਪਿੰਡ ਦੇ ‎ਮੁੰਡੇ ਢਾਣੀ ਬਣਾ ਕੇ, ਸ਼ਾਮ ਨੂੰ ਪੌਣੇ ਸੱਤ ਤੋਂ ਪੌਣੇ ਅੱਠ ਵਜੇ ਤੀਕ, ਪਿੰਡਾਂ ਦੇ ਸ੍ਰੋਤਿਆਂ ‎ਲਈ ਪ੍ਰਸਾਰਤ ਕੀਤਾ ਜਾਂਦਾ ‘ਦਿਹਾਤੀ ਪ੍ਰੋਗਰਾਮ’ ਸੁਣਿਆਂ ਕਰਦੇ ਸਨ। ਦੋ ਉੱਚੇ ‎ਉੱਚੇ ਬਾਂਸਾਂ ਨੂੰ ਦਲਾਨ ਦੇ ਬਨੇਰਿਆਂ `ਚ ਗੁੱਡ ਕੇ, ‘ਏਰੀਅਲ’ ਚਾਲੂ ਕਰ ਦਿੱਤਾ ‎ਗਿਆ। ‘ਅਰਥ’ ਦੇ ਨਾਮ ਨਾਲ਼ ਜਾਣੀਂ ਜਾਂਦੀ ਦੂਸਰੀ ਤਾਰ ਬਾਹਰਲੀ ਕੰਧ ਦੇ ਪੈਰਾਂ ‎‎`ਚ ਡੂੰਘੀ ਦਬਾਅ ਦਿੱਤੀ ਗਈ। ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ‎ਮੁੰਡਿਆਂ ਦੀ ਇੱਕ ਸੰਘਣੀ ਭੀੜ ਸਾਡੀ ਬੈਠਕ ਦੇ ਫ਼ਰਸ਼ `ਤੇ ਅਤੇ ਬੈਠਕ ਤੋਂ ਬਾਹਰ ‎ਵਿਹੜੇ `ਚ ਬੈਠੀ ਸੀ। ਬਾਪੂ ਦੇ ਹੱਥ `ਚ ਜਾਮ ਛਲਕ ਰਿਹਾ ਸੀ।

ਬੇਬੇ ਵੱਲੋਂ ਸਾਡੇ ‘ਕੁੱਤੇ ਕੰਮ’ ਦੀ ਚੁਗਲੀ ਬਾਪੂ ਕੋਲ਼ ਕਰਨ ਦੀ ਧਮਕੀ, ਬੀਤੇ ‎ਦਿਨ ਵਾਲ਼ੀ ਮਹਿਫ਼ਲ ਤੇ ਮਸਾਲੇ ਦੀ ਹਮਕ ਤੇ ਰੇਡੀਓ ਦੇ ਚਾਅ ਅਤੇ ਸ੍ਰੋਤਿਆਂ ਦੀ ‎ਅੱਜ ਵਾਲ਼ੀ ਭੀੜ `ਚ ਗੁਆਚ ਗਈ।

ਦਸ ਕੁ ਦਿਨਾਂ ਬਾਅਦ ਬਾਪੂ ਆਪਣੇ ਜੱਥੇ ਸਮੇਤ, ਬਾਜੇਖ਼ਾਨੇ ਵਾਲ਼ੇ ਸ਼ਾਦੀ ‎ਸਮਾਗਮ `ਚ, ਕਵੀਸ਼ਰੀ ਕਰਨ ਲਈ ਚਲਾ ਗਿਆ। ਅਸੀਂ ਤਿੰਨਾਂ ਭਰਾਵਾਂ ਨੇ ‎ਤੂਫ਼ਾਨ ਦੇ ਆਰਜ਼ੀ ਤੌਰ `ਤੇ ਟਲ਼ ਜਾਣ `ਤੇ ਸੁਖ ਦਾ ਸਾਹ ਲਿਆ।

ਬਾਜਾਖ਼ਾਨਾ ਵਿਖੇ, ਦੋ-ਢਾਈ ਘੰਟੇ ਦੇ ਕਵੀਸ਼ਰੀ-ਗਾਇਨ ਤੋਂ ਬਾਅਦ, ਬਾਪੂ ਦੇ ‎ਜੱਥੇ ਦੇ ਸਵਾਗਤ `ਚ, ਕਿਸੇ ਪ੍ਰਸੰਸਕ ਦੇ ਘਰ ਮਹਿਫ਼ਲ ਜੰਮੀ। ਜਦੋਂ ਦੋ-ਦੋ, ਢਾਈ-‎ਢਾਈ ਹਾੜੇ ਸਾਰੀ ਢਾਣੀ ਦੇ ਖ਼ੂਨ `ਚ ਖੁਰਗੋ ਕਰਨ ਲੱਗੇ, ਤਾਂ ਬਾਪੂ ਦਾ ਮੇਜ਼ਬਾਨ-‎ਪ੍ਰਸੰਸਕ ਕਹਿਣ ਲੱਗਾ: ਪਾਰਸ ਜੀ, ਅੱਜ ਕਲ੍ਹ ਇੱਕ ਪ੍ਰੋਗਰਾਮ ਦੀ ਕਿੰਨੀ ਭੇਟਾ ਲੈਂਦੇ ‎ਹੋ?‎

ਬਾਪੂ ਨੇ ਕਿਹਾ ਜਿੰਨੀ ਕੋਈ ਦੇ ਦੇਵੇ!‎

ਤੇ ਮੁੰਡਿਆਂ ਦੇ ਜੱਥੇ ਦਾ ਕੀ ਰੇਟ ਆ?‎

ਕਿਹੜੇ ਮੁੰਡਿਆਂ ਦੇ ਜੱਥੇ ਦਾ? ਬਾਪੂ ਦੀਆਂ ਭਵਾਂ ਅੰਦਰ ਵੱਲ ਨੂੰ ਖਿੱਚੀਆਂ ‎ਗਈਆਂ ਅਤੇ ਉਸ ਦੇ ਮੱਥੇ ਵਿਚਕਾਰ ਖੜ੍ਹਵੀਆਂ ਖੁੰਬਾਂ ਉੱਭਰ ਆਈਆਂ।

ਤੁਹਾਡੇ ਮੁੰਡਿਆਂ ਦੇ ਭੁਯੰਗੀ ਜੱਥੇ ਦਾ?‎

ਮੇਰੇ ਮੁੰਡੇ? ਭੰਬਲ਼ਭੂਸੇ `ਚ ਡੂੰਘਾ ਧਸ ਗਿਆ ਬਾਪੂ ਆਪਣੇ ਪ੍ਰਸੰਸਕ ਵੱਲ ਨੱਕ ‎ਸੁੰਗੇੜ ਕੇ ਬੋਲਿਆ। ਮੇਰੇ ਮੁੰਡੇ ਨਹੀਂ ਗਾਉਂਦੇ!‎

ਕਿਉਂ ਨਹੀਂ ਗਾਉਂਦੇ? ਪ੍ਰਸੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ‎ਤੁਹਾਡੇ ਪਿੰਡ!‎

ਸਾਡੇ ਪਿੰਡ? ਬਾਪੂ ਪਾਰਸ ਦੇ ਬੁੱਲ੍ਹਾਂ ਅਤੇ ਅੱਖਾਂ `ਚ ਮਰੋੜੀ ਉੱਤਰ ਆਈ।

ਹਾਂ, ਪਿਛਲੇ ਮਹੀਨੇ ਅਸੀਂ ਤੁਹਾਡੇ ਪਿੰਡ ਇੱਕ ਬਰਾਤ `ਚ ਗਏ ਸੀ, ਤੁਹਾਡੇ ‎ਮੁੰਡੇ ਤਾਂ ਕਵੀਸ਼ਰੀ ਦੀਆਂ ਧੂੜਾਂ ਪੱਟੀ ਜਾਂਦੇ ਸੀ!‎

ਅਗਲੇ ਰੋਜ਼ ਬਾਪੂ ਪਿੰਡ ਪਰਤਿਆ। ਸਾਈਕਲ ਨੂੰ ਕੰਧ ਦੀ ਵੱਖੀ ਦੇ ਹਵਾਲੇ ‎ਕਰ ਕੇ, ਸਿੱਧਾ ਦਲਾਨ `ਚ ਡੱਠੇ ਮੰਜੇ `ਤੇ ਬੈਠ ਗਿਆ। ਚਮੜੇ ਦਾ ਬੈਗ਼ ਸਾਈਕਲ ‎ਦੇ ਕੈਰੀਅਰ ਤੋਂ ਉੱਤਰ ਕੇ ਬੈਠਕ ਦੀ ਅਲਮਾਰੀ `ਚ ਜਾ ਬੈਠਾ।

ਪਾਣੀ ਦਾ ਗਲਾਸ ਮੁਕਾਅ ਕੇ ਬਾਪੂ ਬੋਲਿਆ: ਓ ਬਲਵੰਤ, ਐਧਰ ਆ, ਨਾਲ਼ੇ ‎ਲਿਆ ਦੋਹਾਂ ਛੋਟਿਆਂ ਨੂੰ ਵੀ!‎

ਅਖ਼ਬਾਰ `ਚ ਲਪੇਟ ਕੇ ਲਿਆਂਦੇ, ਬੱਕਰੇ ਦੇ ਕੱਚੇ ਮਾਸ ਨੂੰ ਚਿੰਬੜ ਗਏ ‎ਕਾਗ਼ਜ਼ ਨੂੰ ਪਾਣੀ ਲਾ, ਲਾ ਕੇ ਉਤਾਰ ਰਹੇ ਬਲਵੰਤ ਦੇ ਮੱਥੇ `ਤੇ ਪਸੀਨੇ ਦੀ ਝੀਲ ‎ਲਰਜ਼ਣ ਲੱਗੀ।

ਮੇਰੇ ਮੋਢੇ ਅੰਦਰ ਵੱਲ ਨੂੰ ਪਿਚਕ ਗਏ, ਤੇ ਮੇਰੀ ਕੱਛਣੀ ਦੇ ਮੂਹਰਲੇ ਪਾਸੇ ‎ਸਿਲ੍ਹ ਫੈਲਣ ਲੱਗੀ।

ਛੋਟਾ ਰਛਪਾਲ ਡੌਰ-ਭੌਰ ਹੋ ਗਿਆ। ਉਸ ਦੇ ਖੀਸੇ `ਚ ਖੜਕਦੇ ਬਾਂਟੇ ‎ਬੇਜ਼ੁਬਾਨ ਹੋ ਗਏ।

ਬਾਪੂ ਦੇ ਮੱਥੇ `ਤੇ ਪ੍ਰਚੰਡ ਹੋ ਗਏ ਕੱਸੇਵੇਂ ਨੇ ਸਾਡੇ ਚਿਹਰਿਆਂ `ਚੋਂ ਰੰਗ ਸੂਤ ‎ਸੁੱਟੇ।

ਬਲਵੰਤ ਦੀ ਜੀਭ ਉਸ ਦੇ ਬੁੱਲ੍ਹਾਂ `ਤੇ ਰੀਂਗਣ ਲੱਗੀ।

ਚੁਲ੍ਹੇ ਲਾਗੇ ਬੈਠੀ ਬੇਬੇ ਦੇ ਹੱਥ `ਚ ਚਾਹ ਵਾਲ਼ਾ ਗਲਾਸ ਥਿੜਕਣ ਲੱਗਾ। ਉਹ ‎ਜ਼ਰੂਰ, ਅਗਲੇ ਹੀ ਪਲ ਸਾਡੀਆਂ ਗੱਲ੍ਹਾਂ `ਤੇ ਵਰ੍ਹਨ ਵਾਲੀਆਂ ਚੁਪੇੜਾਂ, ਆਪਣੇ ‎ਜ਼ਿਹਨ `ਚ ਚਿਤਵਣ ਲੱਗੀ ਹੋਵੇਗੀ। ਬਾਪੂ ਦੇ ਤੌਰ ਨੂੰ ਭਾਂਪਦਿਆਂ ਉਹ ਬਾਪੂ ਵਾਲ਼ੇ ‎ਮੰਜੇ ਦੀ ਬਾਹੀ `ਤੇ ਆ ਬੈਠੀ।

ਕੀ ਹੋਇਐ ਤੁਹਾਨੂੰ ਅੱਜ? ਜ਼ੋਰ ਲਾ ਕੇ ਉਗਾਈ ਮੁਸਕਰਾਟ੍ਹ ਨੂੰ ਠੁੰਮਣਾ ਦੇਣ ਦੀ ‎ਕੋਸ਼ਿਸ਼ ਕਰਦਿਆਂ ਬੇਬੇ ਬੋਲੀ।

ਤੂੰ ਚੁੱਪ ਰਹਿ, ਦਲਜੀਤ ਕੁਰੇ! ਬਾਪੂ ਡਿਕਟੇਟਰੀ ਅੰਦਾਜ਼ `ਚ ਬੋਲਿਆ।

ਅਸੀਂ ਤਿੰਨੇਂ ਭਰਾ ਬਾਪੂ ਦੇ ਕਟਹਿਰੇ `ਚ ਹਾਜ਼ਰ ਸਾਂ।

ਕੀ ਕੀਤੈ ਮੇਰੀ ਗ਼ੈਰਹਾਜ਼ਰੀ `ਚ ਤੁਸੀਂ ਤਿੰਨਾਂ ਭਰਾਵਾਂ ਨੇ?‎

ਡਰੀਆਂ ਅੱਖਾਂ ਨਾਲ਼ ਇੱਕ-ਦੂਜੇ ਵੱਲ ਝਾਕ ਕੇ ਅਸੀਂ ਆਪਣੀਆਂ ਨਜ਼ਰਾਂ ‎ਜ਼ਮੀਨ `ਤੇ ਸੁੱਟ ਦਿੱਤੀਆਂ।

ਕੁਛ ਨੀ ਕਰਿਆ, ਲੰਮੀ ਹੋ ਗਈ ਚੁੱਪ ਨੂੰ ਠੰਗੋਰਦਿਆਂ ਬੇਬੇ ਬੋਲੀ। ਐਵੇਂ ਨਾ ‎ਜੁਆਕਾਂ ਨੂੰ ਘੂਰੀ ਜਾਓ!‎

ਬੋਲਦੇ ਨੀ? ਬਾਪੂ ਕੜਕਿਆ। ਕਵੀਸ਼ਰੀ ਗਾਈ ਸੀ ਕਿਸੇ ਬਰਾਤ `ਚ?‎

ਹਾਂ, ਬਲਵੰਤ ਫਿੱਸ ਪਿਆ।

ਕੀਹਨੇ ਕਿਹਾ ਸੀ ਥੋਨੂੰ ਬਈ ਕਵੀਸ਼ਰੀ ਗਾਵੋ?‎

ਫਲਾਣਿਆਂ ਦੇ ਗੁਰਦੇਵ ਦੀ ਭੈਣ ਦਾ ਵਿਆਹ ਸੀ, ਉਹ ਕਹਿੰਦਾ ਬਰਾਤ ਨੂੰ ‎ਕਵੀਸ਼ਰੀ ਈ ਸੁਣਾ ਦਿਓ!‎

ਕੀ ਗਾਇਆ ਤੁਸੀਂ?‎

ਕੌਲਾਂ ਦਾ ਕਿੱਸਾ!‎

ਵਿਆਖਿਆ ਤੂੰ ਕੀਤੀ?‎

ਬਲਵੰਤ ਦਾ ਸਿਰ ‘ਹਾਂ’ `ਚ ਹਿੱਲਿਆ।

ਆਗੂ ਕਿਸ ਨੇ ਗਾਇਆ?‎

ਇਕਬਾਲ ਨੇ!‎

ਬਾਪੂ ਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਪਈ ਕਿ ਪਾਛੂ ਗਾਇਕ-ਜੋੜੀ ‎ਬਲਵੰਤ ਤੇ ਰਛਪਾਲ ਦੀ ਸੀ।

ਠੋਡੀ ਨੂੰ ਘੰਡੀ ਵੱਲ ਨੂੰ ਖਿੱਚ ਕੇ ਬਾਪੂ ਨੇ ਸਾਡੇ ਡਰੇ ਹੋਏ ਚਿਹਰਿਆਂ ਨੂੰ ‎ਹਾੜਿਆ। ਉਹ ਵਾਰੀ ਵਾਰੀ ਸਾਡੇ ਤਿੰਨਾਂ ਦੀਆਂ ਅੱਖਾਂ `ਚ ਆਪਣੀਆਂ ਨਜ਼ਰਾਂ ‎ਗੱਡਦਾ ਰਿਹਾ, ਤੇ ਅੱਧੇ ਕੁ ਮਿੰਟ ਬਾਅਦ ਬੋਲਿਆ: ਸੁਣਾਓ ਮੈਨੂੰ ਕੀ ਗਾਇਆ ਸੀ।

ਬਲਵੰਤ ਦੀਆਂ ਨਜ਼ਰਾਂ ਮੇਰੇ ਵੱਲ ਘੁੰਮੀਆਂ, ਤੇ ਥਿੜਕਦੇ ਬੁੱਲ੍ਹਾਂ ਨਾਲ਼ ਉਹ ‎ਬੁੜਬੁੜਾਇਆ: ਕੌਲਾਂ ਰੋਂਦੀ ਜਾਂਦੀ!‎

ਵਾਰ ਵਾਰ ਆਪਣੇ-ਆਪ ਝਮਕ ਰਹੀਆਂ ਅੱਖਾਂ ਨੂੰ ਕਾਬੂ ਕਰਦਿਆਂ ਮੈਂ ਆਪਣਾ ‎ਗਲ਼ਾ ਸਾਫ਼ ਕੀਤਾ ਤੇ ਉਸ ਸੀਨ ਨੂੰ ਚਿਤਰਿਤ ਕਰਦਾ ਇੱਕ ਛੰਦ ਉੱਚੀ ਸੁਰ `ਚ ‎ਗਾਉਣਾ ਸ਼ੁਰੂ ਕਰ ਦਿੱਤਾ ਜਿਸ `ਚ ਬੀਜਾ ਬਾਣੀਆਂ ਆਪਣੀ ਸਿਦਕਵਾਨ ਬੀਵੀ, ‎ਕੌਲਾਂ, ਦੇ ਚਰਿਤਰ `ਤੇ ਸ਼ੱਕ ਕਰ ਕੇ ਉਸ ਨੂੰ ਘਰੋਂ `ਚੋਂ ਧਕੇਲ਼ ਦੇਂਦਾ ਹੈ:‎

ਕੱਢ ‘ਤੀ ਪਤੀ ਨੇ ਘਰੋਂ ਧੱਕੇ ਮਾਰ ਕੇ/ਤੁਰ ਚੱਲੀ ਵਾਲ਼ ਸਿਰ ਦੇ ਖਿਲਾਰ ਕੇ!‎

ਅਗਲੀਆਂ ਦੋ ਸਤਰਾਂ ਰਛਪਾਲ ਤੇ ਬਲਵੰਤ ਨੇ ਰਲ਼ ਕੇ ਗਾਈਆਂ:‎

ਸ਼ਿਵਾਂ ਨੇ ਵਿਛੋੜ ਦਿੱਤਾ ਪਾਰਬਤੀ ਨੂੰ/ਕੌਲਾਂ ਰੋਂਦੀ ਜਾਂਦੀ ਕਰਮਾਂ ਦੀ ਗਤੀ ਨੂੰ!‎

ਪਹਿਲਾ ਬੰਦ ਪੂਰਾ ਹੁੰਦਿਆਂ ਬਾਪੂ ਦੇ ਬੁੱਲ੍ਹਾਂ `ਚ ਸਰਗਮ ਜਿਹੀ ਟਪਕਣ ‎ਲੱਗੀ। ਜਿਓਂ ਜਿਓਂ ਛੰਦ ਆਪਣੇ ਸਿਖ਼ਰ ਵੱਲ ਵਧ ਰਿਹਾ ਸੀ, ਬਾਪੂ ਦੇ ਮੱਥੇ ਦਾ ‎ਕੱਸੇਵਾਂ ਨਾਲ਼ੋ ਨਾਲ਼ ਢਿੱਲਾ ਹੋਈ ਜਾ ਰਿਹਾ ਸੀ। ਆਖ਼ਰੀ ਬੰਦ ਜਦੋਂ ਅਸੀਂ ਤਿੰਨਾਂ ਨੇ ‎ਰਲ਼ ਕੇ ਸਮਾਪਤ ਕੀਤਾ ਤਾਂ ਬਾਪੂ ਦੀਆਂ ਅੱਖਾਂ `ਚ ਇੱਕ ਝੀਲ ਛਲਕਣੀ ਸ਼ੁਰੂ ਹੋ ‎ਚੁੱਕੀ ਸੀ। ਉਹ ਛੜੱਪਾ ਮਾਰ ਕੇ ਮੰਜੇ ਦੀ ਬਾਹੀ ਤੋਂ ਉੱਠਿਆ ਤੇ ਸਾਡੇ ਨਜ਼ਦੀਕ ਆ ‎ਕੇ ਸਾਡੀਆਂ ਗੱਲ੍ਹਾਂ ਉੱਤੇ ਪੋਲੇ ਪੋਲੇ ਥਪੇੜੇ ਮਾਰਨ ਲੱਗ ਪਿਆ। ਫ਼ਿਰ ‘ਵਾਹ ਉਏ ‎ਪੁੱਤਰੋ!’ ਆਖ ਕੇ ਉਸ ਨੇ ਸਾਨੂੰ ਤਿੰਨਾਂ ਨੂੰ ਗਲਵਕੜੀ `ਚ ਲੈ ਲਿਆ।

Read 1796 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।

This e-mail address is being protected from spambots. You need JavaScript enabled to view it