You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»08 - ਤੂੰਬੀ ਦੀ ਤੁਣ ਤੁਣ

ਲੇਖ਼ਕ

Thursday, 22 October 2009 16:40

08 - ਤੂੰਬੀ ਦੀ ਤੁਣ ਤੁਣ

Written by
Rate this item
(0 votes)

ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ ਚੁੱਲ੍ਹੇ ‘ਤੇ ਰਿਝਦਾ ਚਾਹ ਦਾ ਪਤੀਲਾ, ਸਾਡੇ ਛੇ ਭੈਣ-ਭਰਾਵਾਂ ਦੇ ਭਰਵੇਂ ਪਰਵਾਰ ਤੇ ਦੋ-ਤਿੰਨ ਮਹਿਮਾਨਾਂ ਨੂੰ ਆਵਾਜ਼ਾਂ ਮਾਰਨ ਲਗਦਾ। ਅਸੀਂ ਸਾਰੇ, ਸਾਡੇ ਦੰਦਾਂ ‘ਤੇ ਘਸਦੀਆਂ ਦਾਤਣਾਂ ਨੂੰ ਅਲਵਿਦਾ ਆਖਦੇ, ਤੇ ਪਿੱਤਲ਼ ਦੇ ਗਲਾਸਾਂ ‘ਚੋਂ ਭਾਫ਼ਾਂ ਮਾਰਦੀ ਚਾਹ ਦੀਆਂ ਚੁਸਕੀਆਂ ‘ਚ ਗਵਾਚ ਜਾਂਦੇ। ਲੌਂਗ-ਲਾਚੀਆਂ ਨਾਲ਼ ਇੱਕ-ਮਿੱਕ ਹੋਈ ਚਾਹ, ਸਰੀਰ ਵਿੱਚ ਦਾਖ਼ਲ ਹੋਣ ਸਾਰ ਹੀ, ਪੇਟ ‘ਚ ਉਬਾਲ਼ਾ ਘੋਲ਼ਣ ਲਗਦੀ। ਉਨ੍ਹਾਂ ਦਿਨਾਂ ‘ਚ, ਪਿੰਡਾਂ ਵਿੱਚ, ਪਖ਼ਾਨੇ ਦੀ ਹਾਜਤ ਲਈ ਘਰਾਂ ਅੰਦਰ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ; ਇਸ ਲਈ ਬਾਪੂ ਤੇ ਉਸ ਦੇ ਸਾਥੀਆਂ ਸਮੇਤ, ਅਸੀਂ ਤਿੰਨੇ ਭਰਾ ਢਾਣੀ ਬਣਾ ਕੇ ਖੇਤਾਂ ਵੱਲ ਨੂੰ ਹੋ ਤੁਰਦੇ।

ਘਰ ਦੇ ਦਹੀਂ-ਮੱਖਣ ਤੇ ਲੱਸੀ-ਪਰਾਉਠਿਆਂ ਦੇ ਦੌਰ ਤੋਂ ਬਾਅਦ, ਕਵੀਸ਼ਰੀ ਦਾ ਰਿਆਜ਼ ਕਰਨ ਲਈ, ਬਾਪੂ ਦੇ ਸਾਥੀ ਦਲਾਨ ‘ਚ ਡੱਠੇ ਮੰਜਿਆਂ ਉੱਤੇ ਆਪਣੇ ਮੋਰਚੇ ਸੰਭਾਲ਼ ਲੈਂਦੇ। ਰਣਜੀਤ ਆਪਣੀ ਕੜਕਵੀਂ ਆਵਾਜ਼ ਵਿੱਚ ਕਿਸੇ ਪਰਸੰਗ ਦਾ ਪਹਿਲਾ ਛੰਦ ਸ਼ੁਰੂ ਕਰਦਾ। ਉਸ ਦੇ ਹਿੱਸੇ ਦੀਆਂ ਸਤਰਾਂ ਮੁਕਦਿਆਂ ਹੀ ਬਾਪੂ ਪਾਰਸ ਤੇ ਚੰਦ ਜੰਡੀ ਆਪਣੀਆਂ ਆਵਾਜ਼ਾਂ ਨੂੰ ਇੱਕ-ਮਿੱਕ ਕਰ ਕੇ ਆਪਣੀਆਂ ਸਤਰਾਂ ਦਾ ਗਾਇਨ ਕਰਦੇ। ਵਿੱਚ-ਵਿੱਚ ਬਾਪੂ ਗਾਇਨ ਕਾਰਜ ਨੂੰ ਰੋਕ ਦੇਂਦਾ, ਅਤੇ ਗਾਇਨ ਦੇ ਉਤਰਾਅ-ਚੜਾ੍ਹਅ ਤੇ ਸ਼ਬਦਾਂ ਦੇ ਸਹੀ ਉਚਾਰਣ ਦੀ ਸਿੱਖਿਆ ਦੇਂਦਾ।

ਸਾਡੇ ਪਿੰਡ ਤੋਂ ਚਾਰ ਕੁ ਮੀਲ ਦੀ ਦੂਰੀ ‘ਤੇ ਪਿੰਡ ਚੜਿੱਕ ਹੈ ਜਿੱਥੇ ਮਧਰੇ ਕੱਦ ਤੇ ਪੈਨਸਲੀ-ਸਰੀਰ ਵਾਲ਼ਾ ਇੱਕ ਸਰੰਗੀ-ਵਾਦਕ, ਫੁੱਮਣ ਸਿੰਘ, ਰਹਿੰਦਾ ਸੀ। ਅੰਦਰ ਵੱਲ ਨੂੰ ਧੱਸੀਆਂ ਹੋਈਆਂ ਉਸ ਦੀਆਂ ਜਾਭਾਂ ਉਦਾਲ਼ੇ ਤੇ ਤਿੱਖੇ ਨੱਕ ਹੇਠ ਉੱਗੇ ਗਿਣਤੀ ਕੁ ਦੇ ਚਿੱਟੇ ਵਾਲ਼ਾਂ ਉੱਪਰ ਉਹ ਵਾਰ-ਵਾਰ ਹੱਥ ਫੇਰਦਾ, ਜਿਵੇਂ ਉਹ ਵਾਲ਼ਾਂ ਦੇ ਉਥੇ ਹੋਣ ਦੀ ਤਸੱਲੀ ਕਰ ਰਿਹਾ ਹੋਵੇ। ਉਹ ਬਾਪੂ ਦੀ ਕਵੀਸ਼ਰੀ ਦਾ ਦੀਵਾਨਾ ਸੀ। ਸਾਈਕਲ ਦਾ ਉਹ, ਜਿੰ਼ਦਗੀ ਭਰ, ਹੈਰਤ ਭਰੀ ਦੂਰੀ ਤੋਂ, ਸਿਰਫ਼ ਮੁਹਾਂਦਰਾ ਹੀ ਦੇਖਦਾ ਰਿਹਾ; ਨਾ ਸਾਈਕਲ ਉਹ ਆਪ ਚਲਾਉਂਦਾ ਸੀ ਤੇ ਨਾ ਹੀ ਕਿਸੇ ਦੇ ਨਾਲ਼ ਸਾਈਕਲ ‘ਤੇ ਬੈਠ ਕੇ ਉਹ ਸਵਾਰੀ ਹੀ ਕਰਦਾ ਸੀ। ਦਸਵੇਂ-ਪੰਦਰਵੇਂ ਰੋਜ਼ ਜਦੋਂ ਉਸ ਅੰਦਰ ਬਾਪੂ ਪਾਰਸ ਨੂੰ ਮਿਲਣ ਦੀ ਤਾਂਘ ਅਸਹਿ ਹੋ ਉੱਠਦੀ, ਉਹ ਕੁੜਤੇ-ਚਾਦਰੇ ਵਾਲ਼ਾ ਚਿੱਟਾ ਲਿਬਾਸ ਤੇ ਟੌਅਰੇ ਵਾਲ਼ੀ ਚਿੱਟੀ ਦਸਤਾਰ ਪਹਿਨਦਾ, ਮੋਟੇ ਕੱਪੜੇ ਦੇ ਗਿਲਾਫ਼ ‘ਚ ਲਪੇਟੀ, ਬਾਲੜੀ ਜਿਹੀ ਸਰੰਗੀ ਨੂੰ ਮੋਢੇ ਲਟਕਾਉਂਦਾ, ਤੇ ਚਾਰ-ਪੰਜ ਮੀਲ ਦਾ ਪੈਂਡਾ ਪੈਦਲ ਹੀ ਤੈਅ ਕਰ ਕੇ ਸਾਡੇ ਘਰ ਦਾ ਬੂਹਾ ਆ ਠੰਗੋਰਦਾ। ਆਪਣੇ ਹੱਥ ‘ਚ ਫੜੀ ਗਿੱਠ ਕੁ ਉੱਚੀ ਹੁੱਕੀ ਨੂੰ ਮੰਜੇ ਦੇ ਪਾਵੇ ਕੋਲ਼ ਖਲਿਆਰ ਕੇ, ਉਹ ਮੰਜੇ ‘ਤੇ ਬਿਰਾਜਮਾਨ ਹੋ ਜਾਂਦਾ।

ਸ਼ਾਮ ਨੂੰ ਅਸੀਂ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਫੁੱਮਣ ਸਿਓਂ ਦੇ ਸਾਹਮਣੇ ਇੱਕ ਸਟੂਲ ‘ਤੇ ਟਿਕਾਅ ਦੇਂਦੇ। ਸ਼ਰਾਬ ਉਲੱਦ ਕੇ, ਉਹ ਕੱਚ ਦੇ ਗਲਾਸ ਨੂੰ ਕੁਝ ਪਲਾਂ ਲਈ ਨੀਝ ਨਾਲ਼ ਦੇਖਦਾ, ਉਸ ਦੇ ਚਿਹਰੇ ‘ਤੇ ਹਲਕੀ ਜਿਹੀ ਮੁਸਕਾਨ ਖਿੜਦੀ, ਤੇ ਬਿਨਾ ਪਾਣੀ ਪਾਇਆਂ ਉਹ ਮੋਟਾ ਹਾੜਾ ਗੱਟ-ਗੱਟ ਕਰ ਕੇ ਨਿਘਾਰ ਜਾਂਦਾ। ਪਿਆਜ਼ ਦੀਆਂ ਫਾੜੀਆਂ ਚਬਦਾ-ਚਬਦਾ ਉਹ ਸਿਰ ਵੀ ਘੁਮਾਈ ਜਾਂਦਾ। ਨਸ਼ੇ ਦੀ ਛੱਲ ਜਿਓਂ ਹੀ ਉਸ ਦੇ ਲਹੂ ‘ਚ ਹੁੱਝ ਮਾਰਦੀ, ਉਹ, ਆਪਣੀ ਹੁੱਕੀ ਦੇ ਹੇਠਲੇ ਹਿੱਸੇ ਨਾਲ਼ ਜੁੜੀ, ਪਿੱਤਲ਼ ਦੀ ਨਿੱਕੀ ਜਿਹੀ ਅੰਡ-ਆਕਾਰ ਗੜਵੀ ਨੂੰ ਪਲੋਸਣ ਲਗਦਾ। ਉਸ ਦਾ ਇਸ਼ਾਰਾ ਸਮਝਣ ਸਾਰ, ਸਾਡੇ ‘ਚੋਂ ਇੱਕ ਜਣਾ, ਝਟਾ-ਪੱਟ ਚਿਮਟੇ ਦੀ ਚੁੰਝ ‘ਚ ਇੱਕ ਅੰਗਿਆਰ ਫਸਾ ਕੇ, ਫੁੱਮਣ ਦੀ ਚਿਲਮ ਵਿੱਚ ਟਿਕਾਅ ਦੇਂਦਾ। ਅੰਡ-ਆਕਾਰ ਗੜਵੀ ਵਿੱਚੋਂ ਸੱਪ ਦੀ ਧੌਣ ਵਾਂਗ ਫੁਟਦੀ ਇੱਕ ਪਤਲੀ ਜਿਹੀ ਨੜੀ ‘ਤੇ ਫੁੱਮਣ ਦੇ ਕਾਲ਼ੇ ਬੁੱਲ੍ਹ ਟਿਕਦਿਆਂ ਹੀ ਹੁੱਕੀ ਗੁੜ-ਗੁੜਾਉਂਦੀ, ਤੇ ਫੁੱਮਣ ਦੀਆਂ ਅੱਖਾਂ ਅਰਧ-ਮੁੰਦਣ ਦੀ ਮੁਦਰਾ ਅਖ਼ਤਿਆਰ ਕਰ ਲੈਂਦੀਆਂ। ਅਗਲਾ ਹਾੜਾ ਮੁਕਾਉਣ ਸਾਰ ਹੀ, ਫੁੱਮਣ ਦੀਆਂ ਉਂਗਲ਼ਾਂ, ਸਰੰਗੀ ਦੇ ਗਿਲਾਫ਼ ਦੇ ਉੱਪਰਲੇ ਪਾਸੇ ਗੰਢ ਮਾਰੀ ਬੈਠੇ ਨੇਫੇ ਨੂੰ ਟਟੋਲਣ ਲਗਦੀਆਂ। ਘਸਮੈਲ਼ੇ ਗਿਲਾਫ਼ ਵਿੱਚੋਂ ਸਰੰਗੀ ਅਹਿਸਤਾ-ਅਹਿਸਤਾ ਫੁਟਦੀ। ਵਿਰਲੀਆਂ ਦਾਹੜੀ-ਮੁੱਛਾਂ ਵਾਲ਼ੇ, ਫੁੱਮਣ ਦੇ ਚਿਹਰੇ ‘ਤੇ ਲਾਲੀ ਖਿੰਡਰਨ ਲਗਦੀ। ਉਹ ਸਰੰਗੀ ਨੂੰ ਮੱਥੇ ਨਾਲ਼ ਛੁਹਾਉਂਦਾ, ਤੇ ਸੁਨੱਖੇ ਸਾਜ਼ ਦੇ ਸਿਰ ‘ਚ, ਖੱਬੇ-ਸੱਜੇ ਖੁੱਭੀਆਂ, ਕੀਲੀਆਂ ਨਾਲੋਂ ਗਜ਼ ਨੂੰ ਵੱਖਰਾ ਕਰਦਾ; ਜਿਵੇਂ ਕੋਈ ਮਾਂ, ਘੂਕ ਸੁੱਤੇ ਆਪਣੇ ਤੋਤਲੇ ਬਾਲ ਨੂੰ ਆਪਣੀ ਛਾਤੀ ਨਾਲੋਂ ਨਿਖੇੜਦੀ ਹੋਵੇ । ਗਿਲਾਫ਼ ਦੀ ਇੱਕ ਨਿੱਕੀ ਜਹੀ ਜੇਬ ਵਿੱਚੋਂ ਬਰੋਜ਼ੇ ਦੀ ਡਲ਼ੀ ਫੁੱਮਣ ਦੀਆਂ ਪਤਲੀਆਂ ਉਂਗਲ਼ਾਂ ‘ਚ ਜਾ ਬੈਠਦੀ। ਗਜ਼ ਦੇ ਵਾਲ਼ ਬਰੋਜ਼ੇ ਉੱਪਰ ਮਲਕੜੇ-ਮਲਕੜੇ ਘਿਸਦੇ। ਬਾਲੜੇ ਅਕਾਰ ਦੀ ਸਰੰਗੀ ਫ਼ਿਰ ਉਸ ਦੀ ਗੋਦ ਵਿੱਚ ਲੇਟ ਜਾਂਦੀ। ਉਹ ਚਮੜੇ ਦੀਆਂ ਤਾਰਾਂ ਨੂੰ ਵਾਰੋ ਵਾਰੀ ਸੱਜੇ ਹੱਥ ਦੀ ਮੁਢਲੀ ਉਂਗਲ਼ ਨਾਲ਼ ਤੁਣਕਦਾ: ਤੁੰਮ… ਤੁੰਮ… ਤੁੰਮ…, ਤੇ ਚੇਹਰਾ ਹੇਠਾਂ ਵੱਲ ਨੂੰ ਨਿਵਾ ਕੇ ਆਪਣਾ ਖੱਬਾ ਕੰਨ ਸਾਰੰਗੀ ਨਾਲ ਜੋੜ ਦੇਂਦਾ। ਹੁਣ ਉਹ ਕਿੱਲੀਆਂ ਨੂੰ ਵਾਰ-ਵਾਰ ਕਸਦਾ-ਢਿਲ਼ਕਾਉਂਦਾ। ਜਦੋਂ ਦੋਹਾਂ ਤਾਰਾਂ ਦੀ ‘ਤੁੰਮ-ਤੁੰਮ’ ਇੱਕ-ਦੂਜੀ ਨਾਲ਼ ਇੱਕ-ਜਾਨ ਹੋਣ ਲੱਗ ਜਾਂਦੀ ਤਾਂ ਫੁੱਮਣ ਦੇ ਜੁੜੇ ਹੋਏ ਬੁੱਲ੍ਹ ‘ਤੁੰਮ-ਤੁੰਮ’ ਦੇ ਨਾਲ਼-ਨਾਲ਼ ਹੀ, ਉੱਪਰ-ਨੀਚੇ ਇੰਝ ਹੋਣ ਲਗਦੇ ਜਿਵੇਂ ਜੁੜੇ ਹੋਏ ਬੁੱਲ੍ਹਾਂ ਦੇ ਪਿੱਛੇ, ਮੂਹਰਲੇ ਦੰਦਾਂ ਨਾਲ਼, ਉਹ ਦਾਖਾਂ ਚਿੱਥ ਰਿਹਾ ਹੋਵੇ। ਇਸ ਤੋਂ ਬਾਅਦ ਸਰੰਗੀ ਉਸ ਦੇ ਖੱਬੇ ਪੱਟ ‘ਤੇ ਖਲੋਅ ਜਾਂਦੀ, ਤੇ ਉਸ ਦੇ ਸੱਜੇ ਹੱਥ ‘ਚ ਪਕੜਿਆ ਗਜ਼ ਸਰੰਗੀ ਦੀਆਂ ਚਮੜਈ ਤਾਰਾਂ ਨਾਲ਼ ਕਲੋਲ ਕਰਨ ਲਗਦਾ। ਸਰੰਗੀ ਦੀ ਚੀਂ-ਚੀਂ ਸਾਡੀਆਂ ਕੰਧਾਂ ਟੱਪ ਕੇ ਆਂਢ-ਗੁਆਂਢ ਨੂੰ ਦੱਸਣ ਲਗਦੀ ਪਈ ਫੁੱਮਣ ਸਿਓਂ ਪਹੁੰਚ ਗਿਆ ਹੈ। ਪਲਾਂ-ਛਿਣਾਂ ‘ਚ ਹੀ ਅੱਧਾ ਵਿਹੜਾ ਸ੍ਰੋਤਿਆਂ ਨਾਲ਼ ਭਰ ਜਾਂਦਾ। ਫੁੱਮਣ ਅਰਧ-ਮੀਟੀਆਂ ਅੱਖਾਂ ਨਾਲ਼ ਝੂੰਮਦਾ; ਉਸ ਦੇ ਸੱਜੇ ਹੱਥ ‘ਚ ਪਕੜਿਆ ਗਜ਼, ਕਦੇ ਖੱਬੇ ਤੇ ਕਦੇ ਸੱਜੇ ਪਾਸੇ ਨੂੰ ਖਿੱਚਿਆ ਜਾਂਦਾ। ਖੱਬੀਆਂ ਉਂਗਲ਼ਾਂ ਚਮੜਈ ਤਾਰਾਂ ਨਾਲ਼ ਜਿਓਂ ਹੀ ਉੱਪਰੋਂ ਥੱਲੇ ਵੱਲ ਨੂੰ ਘਸੜ ਕੇ ਤਿੱਖੇ ਸੁਰ ਵਾਲ਼ੀ ਚੀਂ ਚੀਂ ਸਿਰਜਦੀਆਂ, ਫੁੱਮਣ ਦਾ ਸਿਰ ਗੇੜਾ ਖਾ ਕੇ ਖੱਬੇ ਪਾਸੇ ਨੂੰ ਢਿਲ਼ਕ ਜਾਂਦਾ ਤੇ ਉਸ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਖਿੱਚੇ ਜਾਂਦੇ। ਉਸ ਬਾਲੜੀ ਉਮਰ ਤੋਂ ਅੱਧੀ ਸਦੀ ਦੀ ਵਿੱਥ ‘ਤੇ ਬੈਠਾ ਮੈਂ ਅੱਜ ਵੀ ਫੁੱਮਣ ਦੀ ਸਰੰਗੀ ਨੂੰ ਆਪਣੀ ਦੇਹੀ ‘ਚ ਵੱਜ ਰਹੀ ਸੁਣਦਾ ਹਾਂ।

ਦੇਹੜਕੇ ਵਾਲ਼ੇ ਦੀਵਾਨ ਤੋਂ ਦੋ ਕੁ ਹਫ਼ਤੇ ਬਾਅਦ ਇੱਕ ਮੋਟਰ-ਸਾਈਕਲ ਸਵਾਰ ਸਾਡੇ ਘਰ ਆ ਪਧਾਰਿਆ। ਕਹਿਣ ਲੱਗਾ: ਮੈਂ ਮੋਗੇ ਨਾਨਕ ਨਗਰੀ ‘ਚ ਰਹਿੰਦਾ ਆਂ ਤੇ ਸਾਡੀ ਗੱਡੀਆਂ ਠੀਕ ਕਰਨ ਵਾਲ਼ੀ ਵਰਕਸ਼ਾਪ ਐ… ਮੈਂ ਤੁਹਾਨੂੰ ਦੇਹੜਕੇ ਪਿੰਡ ‘ਚ ਦੀਵਾਨ ‘ਤੇ ਕਵੀਸ਼ਰੀ ਕਰਦਿਆਂ ਨੂੰ ਸੁਣਿਆਂ ਸੀ… ਸੰਗਤ ‘ਚ ਬੜੀ ਮਹਿਮਾ ਹੋਈ ਥੋਡੀ ਕਵੀਸ਼ਰੀ ਦੀ… ਧੰਨ-ਧੰਨ ਹੋ ਉੱਠੀ… ਅਸੀਂ ਅਗਲੇ ਤੋਂ ਅਗਲੇ ਐਤਵਾਰ ਆਪਣੀ ਵਰਕਸ਼ਾਪ ‘ਚ ਅਖੰਡ ਪਾਠ ਦਾ ਭੋਗ ਪਾਉਣੈ… ਭੋਗ ਉੱਤੇ ਤੁਹਾਡੀ ਕਵੀਸ਼ਰੀ ਲਵਾਉਣੀ ਐ… ਕਿੰਨੇ ਪੈਸੇ ਲਵੋਗੇ?

ਦੀਵਾਨ ਉੱਤੇ ਲਾਈ ਕਵੀਸ਼ਰੀ ਦੀ ਤਾਰੀਫ਼ ਸੁਣ ਕੇ ਤਾਂ ਸਾਡੇ ਚਿਹਰਿਆਂ ‘ਤੇ ਖੇੜਾ ਉੱਭਰ ਆਇਆ, ਪਰ ‘ਕਿੰਨੇ ਪੈਸੇ’ ਵਾਲ਼ਾ ਸਵਾਲ ਸਾਡੇ ਸਿਰਾਂ ‘ਚ ਅਚਾਨਕ ਡਿਗੀ ਇੱਟ ਵਾਂਗ ਵੱਜਿਆ। ਕਿੰਨੇ ਪੈਸੇ ਕਹੀਏ ਇਸ ਭਾਈ ਨੂੰ? ਸਾਨੂੰ ਤਾਂ ਖ਼ਿਆਲ ਵੀ ਹੀ ਨਹੀਂ ਸੀ ਕਿ ਕਵੀਸ਼ਰੀ ਗਾਉਣ ਲਈ ਸਾਡੇ ਨਾਲ਼ ਕੋਈ ਪੈਸਿਆਂ ਦਾ ਲੈਣ-ਦੇਣ ਵੀ ਕਾਰਮੇਗਾ। ਏਧਰ-ਓਧਰ ਝਾਕਣ ਤੇ ਕਾਫ਼ੀ ਜਕੋ-ਤੱਕੀ ਤੋਂ ਬਾਅਦ ਬਲਵੰਤ ਬੋਲਿਆ: ਪੈਸਿਆਂ ਵਾਲ਼ੀ ਕੋਈ ਗੱਲ ਨਹੀਂ, ਬਾਈ ਜੀ; ਬੱਸ ਅਸੀਂ ਆ ਜਾਵਾਂਗੇ ਤੇ ਪੰਦਰਾਂ ਵੀਹ ਮਿੰਟ ਕਵੀਸ਼ਰੀ ਗਾ ਦੇਵਾਂਗੇ।

ਇਨ੍ਹਾਂ ਦਿਨਾਂ ‘ਚ ਹੀ ਪਾਰਸ ਬਾਪੂ ਦੀਆ ਪੁਰਾਣੀਆਂ ਕਾਪੀਆਂ ਫਰੋਲ਼ਦਿਆਂ ਬਲਵੰਤ ਨੇ ਖ਼ੁਸ਼ੀ ਦੇ ਸਮਾਗਮਾਂ ਵਿੱਚ ਗਾਉਣ ਵਾਲੇ ਚਾਰ ਪੰਜ ਛੰਦ ਸਾਡੇ ਕੰਠ ਕਰਾ ਦਿੱਤੇ।

ਭੋਗ ਵਾਲ਼ੇ ਦਿਨ ਬਲਵੰਤ ਨੇ ਰਛਪਾਲ ਨੂੰ ਮੂਹਰਲੇ ਡੰਡੇ ‘ਤੇ ਅਤੇ ਮੈਨੂੰ ਪਿਛਲੀ ਕਾਠੀ ਉੱਤੇ ਲੱਦ ਲਿਆ, ਤੇ ਦਿਨ ਚੜ੍ਹਦਿਆਂ ਹੀ ਮੋਗੇ ਨੂੰ ਚਾਲੇ ਪਾ ਦਿੱਤੇ। ਦੇਹੜਕਿਆਂ ਨੂੰ ਜਾਣ ਵੇਲ਼ੇ ਠੰਡ ਨਾਲ਼ ਨਿੱਕਲ਼ੀਆਂ ਰਛਪਾਲ ਦੀਆਂ ਚੀਕਾਂ ਦੇ ਇਤਿਹਾਸ ਦੇ ਨੂੰ ਦੁਹਰਾਏ ਜਾਣ ਤੋਂ ਟਾਲਣ ਲਈ, ਬੇਬੇ ਨੇ ਸਾਡੇ ਉਦਾਲ਼ੇ ਖੇਸੀਆਂ ਲਪੇਟ ਦਿੱਤੀਆਂ ਗਈਆਂ। ਮੂਹਰਲੇ ਡੰਡੇ ‘ਤੇ ਬੈਠੇ ਰਛਪਾਲ ਦੇ ਹੱਥਾਂ ਉਦਾਲ਼ੇ ਪਰਨਾ ਵਗਲ਼ ਦਿੱਤਾ ਗਿਆ। ਪੁਰਾਣੇ ਅਖ਼ਬਾਰਾਂ ਦੀ ਢੇਰੀ ‘ਚੋਂ ਇੱਕ ਅਖ਼ਬਾਰ ਚੁੱਕਿਆ; ਰਸੋਈ ‘ਚੋਂ ਤੀਲਾਂ ਵਾਲ਼ੀ ਡੱਬੀ ਲੱਭ ਕੇ ਅਖ਼ਬਾਰ ਵਿੱਚ ਲਪੇਟੀ ਤੇ ਝੋਲ਼ੇ ਵਿੱਚ ਟਿਕਾਅ ਦਿੱਤੀ। ਬਹੋਨੇ ਵਾਲ਼ੇ ਸੂਏ ਤੀਕ ਅੱਪੜਦਿਆਂ ਰਛਪਾਲ ਦਾ ਦੰਦਕੜਾ ਵੱਜਣ ਲੱਗਾ, ਪਰ ਉਸ ਦੀ ਚੀਕ ਨਿੱਕਲਣ ਤੋਂ ਪਹਿਲਾਂ ਹੀ ਬਲਵੰਤ ਨੇ ਝੋਲ਼ੇ ‘ਚੋਂ ਅਖ਼ਬਾਰ ਨੂੰ ਖਿੱਚਿਆ ਤੇ ਸੂਏ ਦੇ ਕਿਨਾਰੇ ਉੱਗੇ ਸੰਘਣੇ ਸਲਵਾੜਾਂ ਦੀਆਂ ਜੜਾਂ ‘ਚ ਥੁੰਨ ਦਿੱਤਾ। ਸਿੱਲ੍ਹੇ ਅਖ਼ਬਾਰ ਨੇ ਤੀਲੀ ਦੀ ਲਾਟ ਨੂੰ ਜਕਦਿਆਂ-ਜਕਦਿਆਂ ਮਨਜ਼ੂਰਿਆ ਤੇ ਪਲਾਂ ‘ਚ ਹੀ ਸਲਵਾੜ ਲੱਟ-ਲੱਟ ਬਲਣ ਲੱਗਾ। ਦਸ ਕੁ ਮਿੰਟ ਅੱਗ ਸੇਕਣ ਨਾਲ਼ ਸਾਡਿਆਂ ਸਰੀਰਾਂ ‘ਚ ਜੰਮੀ ਠਾਰੀ ਪੂਰੀਤਰ੍ਹਾਂ ਪਿਘਲ਼ ਗਈ।

ਜੀ ਟੀ ਰੋਡ ਦੇ ਐਨ ਕਿਨਾਰੇ ‘ਤੇ ਵਾਕਿਆ ਵਰਕਸ਼ਾਪ ਦੇ ਬਾਹਰ, ਕਨਾਤਾਂ ਲਾ ਕੇ ਬਣਾਇਆ ਖੁੱਲ੍ਹਾ ਪੰਡਾਲ ਸੰਗਤਾਂ ਨਾਲ਼ ਭਰਿਆ ਹੋਇਆ ਸੀ। ਸਾਡੇ, ਪੰਡਾਲ ਅੰਦਰ ਦਾਖ਼ਲ ਹੁੰਦਿਆਂ ਨੂੰ, ਰਾਗੀ ਸਿੰਘ ਕੀਰਤਨ ਦੀਆਂ ਫੁਹਾਰਾਂ ਛਿੜਕ ਰਹੇ ਸਨ। ਤਬਲੇ ਦੀ ਡੁੱਗ-ਡੁੱਗ ਮੇਰੇ ਕੰਨਾਂ ‘ਚੋਂ ਗੁਜ਼ਰ ਕੇ ਛਾਤੀ ‘ਚ ਧਸਣ ਲੱਗੀ। ਹਾਰਮੋਨੀਅਮ ਦੀ ਪੀਂ-ਪੀਂ ਸੁਣ ਕੇ ਮੈਨੂੰ ਸਾਡੇ ਪਿੰਡ ਆਉਂਦੇ ਉਸ ਜੋਗੀ ਦਾ ਖ਼ਿਆਲ ਆ ਗਿਆ ਜਿਹੜਾ ਤੱਕੜੀ ਦੇ ਮੁਹਾਂਦਰੇ ਵਾਲ਼ੀ ਇੱਕ ਵਿਸ਼ਾਲ ਵਹਿੰਗੀ ਉਠਾਈ ਬੀਨ ਵਜਾਉਂਦਾ ਘਰ-ਘਰ ਮੰਗਣ ਜਾਂਦਾ ਸੀ।

ਭੋਗ ਦੀ ਅਰਦਾਸ ਤੋਂ ਬਾਅਦ ਇੱਕ ਸਿੰਘ ਨੇ ਕਿਓੜੇ ਦੇ ਛਿੱਟੇ ਦੇਣੇ ਸ਼ੁਰੂ ਕਰ ਦਿੱਤੇ ਤੇ ਸਟੇਜ ਸਕੱਤਰ ਨੇ ਸਾਡੇ ‘ਜੱਥੇ’ ਨੂੰ ਸਟੇਜ ਸੰਭਾਲ਼ ਦਿੱਤੀ। ਨਿੱਕੇ-ਨਿੱਕੇ ਨਿਆਣਿਆਂ ਨੂੰ ਦੇਖ ਕੇ ਪੰਡਾਲ ਵਿੱਚ ਚੁੱਪ ਪੱਸਰ ਗਈ। ਔਰਤਾਂ ਤੇ ਮਰਦਾਂ ਦੀਆਂ ਨਜ਼ਰਾਂ ਸਾਡੇ ਉੱਪਰ ਗੱਡੀਆਂ ਹੋਈਆਂ ਸਨ। ਬਲਵੰਤ ਨੇ ਅਖੰਡ ਪਾਠ ਵਾਲੇ ਪਰਵਾਰ ਨੂੰ ਵਧਾਈ ਦਿੱਤੀ ਅਤੇ ‘ਸੱਚੇ ਪਾਤਸ਼ਾਹ’ ਅੱਗੇ ਅਰਦਾਸ ਕੀਤੀ ਕਿ ਅਜੇਹੇ ‘ਭਾਗਾਂ-ਭਰੇ’ ਦਿਨ ਮੁੜ-ਮੁੜ ਆਉਂਦੇ ਰਹਿਣ। ਛੰਦ ਸ਼ੁਰੂ ਹੋਇਆ: ਲਗਦੇ ਰਹਿਣ ਖ਼ੁਸ਼ੀ ਦੇ ਮੇਲੇ, ਮਿਲ਼ਦੀਆਂ ਰਹਿਣ ਵਧਾਈਆਂ!

ਇਹ ਮੋਗਾ ਸ਼ਹਿਰ ਸੀ, ਤੇ ਸੰਗਤ ‘ਚ ਮੋਗੇ ਦੀਆਂ ਸੌ ਦੇ ਕਰੀਬ ਵਰਕਸ਼ਾਪਾਂ ਦੇ ਅਮੀਰ ਤੇ ‘ਸ਼ਰਧਾਵਾਨ’ ਮਾਲਕ ਬਿਰਾਜਮਾਨ ਸਨ। ਛੰਦ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਸਾਡੇ ਸਾਹਮਣੇ ਖਲੋਤੇ ਮੇਜ਼ ਉੱਪਰ ਰੁਪਿਆਂ ਦੀ ਢੇਰੀ ਉੱਭਰਨ ਲੱਗੀ। ਦੇਹੜਕਿਆਂ ਵਾਲੇ ਦੀਵਾਨ ਵਾਂਗ, ਸਮਾਗਮ ਦੇ ਖ਼ਾਤਮੇ ‘ਤੇ ਸਾਰੀ ਸੰਗਤ ਸਾਡੇ ਉਦਾਲ਼ੇ ਇਕੱਠੀ ਹੋ ਗਈ। ਤਾਰੀਫ਼ਾਂ, ਸ਼ਾਬਾਸ਼ ਤੇ ਅਸ਼ੀਰਬਾਦ ਦੀਆਂ ਆਵਾਜ਼ਾਂ ਸਾਨੂੰ ਭੁਕਾਨਿਆਂ ਵਾਂਗ ਫੁਲਾਉਣ ਲੱਗੀਆਂ।

ਅਗਲੇ ਦੋ ਕੁ ਹਫ਼ਤਿਆਂ ਦੌਰਾਨ ਮੋਗੇ ਵਾਲੇ ਅਖੰਡ ਪਾਠ ਤੋਂ ਬਣੇ ਸਾਡੇ ਕਈ ਪ੍ਰਸੰਸਕ, ਜੀਪਾਂ ਤੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸਾਡੇ ਪਿੰਡ ਆਉਣ ਲੱਗੇ, ਤੇ ਅਗਲੇ ਦੋ-ਤਿੰਨ ਮਹੀਨਿਆਂ ਦੇ ਸਾਰੇ ਐਤਵਾਰ ਮੋਗੇ ਦੇ ਅਖੰਡ ਪਾਠਾਂ ਲਈ ‘ਬੁੱਕ’ ਹੋਣੇ ਸ਼ੁਰੂ ਹੋ ਗਏ। ਹਰ ਨਵੇਂ ਸਮਾਗਮ ਤੋਂ ਦਰਜਣਾਂ ਹੀ ਹੋਰ ਨਵੇਂ ਪ੍ਰਸੰਸਕ ਨਿੱਕਲਣ ਲੱਗੇ: ਛੇਆਂ ਕੁ ਮਹੀਨਿਆਂ ‘ਚ ਹੀ ਸਾਡੇ ‘ਜੱਥੇ’ ਦੀ ਮਸ਼ਹੂਰੀ ਮੋਗੇ ਦੇ ਉਦਾਲ਼ੇ ਦੇ ਸੈਂਕੜੇ ਪਿੰਡਾਂ ‘ਚ ਫੈਲ ਗਈ। ਹਫ਼ਤੇ ਦੇ ਪੰਜ-ਛੇ ਦਿਨ ਅਸੀਂ ਪੜ੍ਹਾਈ ‘ਚ ਖੁੱਭੇ ਰਹਿੰਦੇ ਤੇ ਸ਼ਨੀਵਾਰ-ਐਤਵਾਰ ਨੂੰ ਜੇਬ ਭਰ ਕੇ ਪੈਸੇ ਕਮਾ ਲਿਆਉਂਦੇ। ਹਰ ਹਫ਼ਤੇ ਆਉਂਦੀ ਮਾਇਆ ਅਤੇ ਪ੍ਰੋਗਰਾਮ ਬੁੱਕ ਕਰਨ ਲਈ ਆਉਣ ਵਾਲ਼ਿਆਂ ਪ੍ਰਸੰਸਕਾਂ ਵੱਲੋਂ ਕੀਤੀਆਂ ਜਾਂਦੀਆਂ ਸਾਡੀਆਂ ਤਾਰੀਫ਼ਾ ਨੇ ਬੇਬੇ ਦੇ ਚਿਹਰੇ ‘ਤੇ ਲਾਲੀ ਝਗੜਨ ਲਾ ਦਿੱਤੀ। ਬਾਪੂ ਕਈ ਦਿਨਾਂ ਬਾਅਦ ਪਿੰਡ ਪਰਤਦਾ ਤੇ ਸਾਡੀ ਗਾਇਕੀ ਦੀਆਂ ਗੱਲਾਂ ਸੁਣ ਸੁਣ ਕੇ ਖੀਵਾ ਹੋ ਉਠਦਾ।

ਸਾਨੂੰ ਤਿੰਨਾਂ ਭਰਾਵਾਂ ਨੂੰ ਹੀ, ਹਰ ਸ਼ਾਮ ਜਲੰਧਰ ਰੇਡੀਓ ਤੋਂ ਪ੍ਰਸਾਰਤ ਹੁੰਦੇ ਇੱਕ ਘੰਟਾ ਲੰਮੇ ‘ਦਿਹਾਤੀ ਪ੍ਰੋਗਰਾਮ’ ਸੁਣਨ ਦਾ ਠਰਕ ਹੋ ਗਿਆ ਸੀ। ਚਾਚਾ ਕੁਮੇਦਾਨ ਤੇ ਠੁਣੀਆਂ ਰਾਮ ਦੀਆਂ ਟਿੱਚਰ-ਮਸ਼ਕਰੀਆਂ ਤੇ ਨੋਕ-ਝੋਕ ਸਾਡਾ ਦਿਲ ਲੁਆਉਂਦੀ। ਫ਼ਿਰ ਕਦੇ ਕੋਈ ਢਾਡੀ ਪ੍ਰਸੰਗ ਰੇਡੀਓ ਤੇ ਗਰਜਣ ਲੱਗ ਜਾਂਦਾ, ਤੇ ਕਦੇ ਅਲਗੋਜ਼ਿਆਂ ਵਾਲੇ ਆ ਗੜ੍ਹਕਦੇ: ਭਿੱਜ ਗਈਆਂ ਨਣਾਨੇ ਪੂਣੀਆਂ, ਨਾਲ਼ੇ ਭਿੱਜ ਗਏ ਚਰਖ਼ੇ!

ਤਿੰਨੀ ਚਹੁੰ ਹਫ਼ਤੀਂ ਇੱਕ ਤੂੰਬੀ ਇਸ ਪ੍ਰੋਗਰਾਮ ਵਿੱਚ ਟੁਣਕਦੀ ਤੇ ਇੱਕ ਕਰਾਰੀ ਜਿਹੀ ਆਵਾਜ਼ ‘ਓਅਅਅਅ…’ ਕਰ ਕੇ ਦਿਲ-ਵਿੰਨ੍ਹਵਾਂ, ਲੰਮਕਵਾਂ ਅਲਾਪ ਲੈਂਦੀ: ਅਲਾਪ ਤੋਂ ਬਾਅਦ ਕਦੇ ਸੱਸੀ ਦੀ ਲੋਕਗਾਥਾ, ਕਦੇ ਹੀਰ ਰਾਂਝੇ ਦੇ ਇਸ਼ਕ ਦਾ ਕੋਈ ਗੀਤ ਤੇ ਕਦੇ ਦੇਸ਼-ਪਿਆਰ ਦੀ ਰਚਨਾ ਉਸ ਟੁਣਕਦੀ ਆਵਾਜ਼ ਵਿੱਚ ਤੂੰਬੀ ਨਾਲ਼ ਇੱਕ-ਮਿੱਕ ਹੋ ਕੇ ਉਦੇ ਹੋ ਉਠਦੀ। ਸਾਡੇ ਨੇੜ ਹੀ ਹਰ ਛੇ ਮਹੀਨੀ ਲਗਦੇ ‘ਚੜਿੱਕ ਦੇ ਮੇਲੇ’ ‘ਚ ਮੈਂ ਅਲਗੋਜ਼ਿਆਂ ਤੇ ਤੂੰਬੇ ਵਾਲ਼ਿਆਂ ਦੇ ਅਨੇਕਾਂ ਗਾਉਣ ਸੁਣੇ ਸਨ, ਪਰ ਰੇਡੀਓ ‘ਤੇ ਕਦੇ ਕਦੇ ਟੁਣਕਦੀ ਇਸ ਤੂੰਬੀ ਦੀ ਤੁਣ-ਤੁਣ ਵੀ ਅਨੋਖੀ ਸੀ ਤੇ ਤੁਣ-ਤੁਣ ਦੇ ਸਾਥ ਵਿੱਚ ਗੁਟਕਦੀ ਇਹ ਆਵਾਜ਼ ਵੀ। ਮੈਂ ਇਸ ਆਵਾਜ਼ ਤੇ ਤੂੰਬੀ ਦਾ ਏਨਾ ਦੀਵਾਨਾ ਹੋ ਗਿਆ ਕਿ ਹਰ ਸ਼ਾਮ ਮੈਂ ਰੇਡੀਓ ਮੂਹਰੇ ਇਸੇ ਕਲਾਕਾਰ ਦੀ ਉਡੀਕ ਵਿੱਚ ਪੂਰਾ ਘੰਟਾ ਬੈਠਾ ਰਹਿਣ ਲੱਗਾ। ਰੇਡੀਓ ਵਾਲ਼ੇ, ਇਸ ਕਲਾਕਾਰ ਨੂੰ ‘ਲਾਲ ਚੰਦ’ ਦੇ ਨਾਮ ਨਾਲ਼ ਪੁਕਾਰਦੇ; ਤੇ ਇਹੀ ਕਲਾਕਾਰ ਬਾਅਦ ਵਿੱਚ ‘ਯਮਲਾ ਜੱਟ’ ਦੇ ਨਾਮ ਨਾਲ਼ ਪੰਜਾਬੀ ਗਾਇਕੀ ਦਾ ਧਰੂ-ਤਾਰਾ ਬਣ ਕੇ ਇੱਕ ਯੁੱਗ-ਸਿਰਜਕ ਲੋਕ-ਗਾਇਕ ਦੇ ਤੌਰ ‘ਤੇ ਚਮਕਿਆ। ਤੂੰਬੀ ਨਾਲ਼ ਮੈਨੂੰ ਏਨਾ ਸ਼ੈਦਾਅ ਹੋ ਗਿਆ ਕਿ ਸੁੱਤਿਆਂ-ਜਾਗਦਿਆਂ ਤੂੰਬੀ ਦੀ ਤੁਣ-ਤੁਣ ਮੇਰੇ ਕੰਨਾਂ ‘ਚ ਗੂੰਜਦੀ ਰਹਿੰਦੀ। ਇੱਕ ਦਿਨ ਮੈਂ ਤੀਲਾਂ ਵਾਲੀ ਡੱਬੀ ‘ਚ ਕਾਨਾ ਗੁੱਡ ਕੇ ਉਸ ਉੱਪਰ ਤਾਰ ਦੀ ਥਾਂ ਧਾਗਾ ਵਗਲ਼ ਲਿਆ। ਧਾਗੇ ਵਿੱਚੋਂ ਨਿਕਲਣ ਵਾਲ਼ੀ ਤੁਣ-ਤੁਣ ਏਨੀ ਮੁਲਾਇਮ ਸੀ ਕਿ ਉਸ ਨੂੰ ਸੁਣਨ ਲਈ ਮੈਨੂੰ ਆਪਣਾ ਕੰਨ, ਡੱਬੀ ਦੇ ਐਨ ਨੇੜੇ ਲਿਜਾਣਾ ਪਿਆ, ਪਰ ਆਪਣੇ ਹੱਥੀਂ ਤੂੰਬੀ ਬਣਾ ਲੈਣ ਦੀ ਜਿੱਤ ਉੱਤੇ ਮੈਂ ਖ਼ੁਸ਼ੀ ‘ਚ ਖੀਵਾ ਹੋਇਆ ਫਿਰਦਾ ਸਾਂ।

ਸੌਣ ਦੇ ਛੜਾਕਿਆਂ ਦੌਰਾਨ ਫੈਲਰ ਰਹੀਆਂ ਕੱਦੂ ਦੀਆਂ ਵੇਲਾਂ ਵਾਂਗ ਵਧ ਰਹੀ ਸਾਡੀ ਮਸ਼ਹੂਰੀ ਨੂੰ ਭਾਂਪਦਿਆਂ ਬਾਪੂ ਨੇ ਸਰਵਣ ਭਗਤ, ਪੂਰਨ ਭਗਤ, ਤੇ ਮਿਰਜ਼ਾ-ਸਾਹਿਬਾਂ ਦੇ ਕਿੱਸੇ ਤੋਂ ਇਲਾਵਾ ਅਨੇਕਾਂ ਧਾਰਮਿਕ ਪ੍ਰਸੰਗ ਸਾਡੇ ਭੱਥੇ ‘ਚ ਅੜੁੰਗ ਦਿੱਤੇ। ਅਗਰ ਕੋਈ ਸਾਨੂੰ ਬਾਰਾਤ ਵਿੱਚ ਗਾਇਕੀ ਲਈ ਬੁੱਕ ਕਰਦਾ ਤਾਂ ਉਥੇ ਇਸ਼ਕ ਮੁਹੱਬਤ ਵਾਲ਼ੀਆਂ ਲੋਕ-ਗਾਥਾਵਾਂ ਦੀ ਕਵੀਸ਼ਰੀ ਕਰ ਆਉਂਦੇ, ਤੇ ਅਗਰ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਗੁਰੂ ਇਤਿਹਾਸ ਦੀ ਕਵੀਸ਼ਰੀ ਦੀਆਂ ਧੂੜਾਂ ਪੱਟ ਆਉਂਦੇ। ਅਸੀਂ ਆਪਣੀਆਂ ਬੁਲੰਦ ਤੇ ਇੱਕ-ਸੁਰ ਆਵਾਜ਼ਾਂ ਅਤੇ ਵੰਨ-ਸੁਵੰਨੀਆਂ ਤਰਜ਼ਾਂ ‘ਚ ਗਾਈ ਕਵੀਸ਼ਰੀ ਨਾਲ਼, ਸ੍ਰੋਤਿਆਂ ਨੂੰ ਦੋ ਦੋ ਘੰਟੇ ਮੰਤਰ-ਮੁਘਧ ਕਰੀ ਰਖਦੇ। ਗਾਇਕੀ ਦਾ ਪ੍ਰੋਗਰਾਮ ਖ਼ਤਮ ਹੁੰਦਾ ਤਾਂ ਪ੍ਰਸੰਸਕ ਸਾਨੂੰ ਹੱਥਾਂ ‘ਤੇ ਚੁੱਕ ਲੈਂਦੇ।

ਇੱਕ ਵਾਰ ਅਸੀਂ ਕਿਸੇ ਪਿੰਡ ‘ਚ ਗਾਇਕੀ ਕਰ ਰਹੇ ਸਾਂ ਕਿ ਬਾਪੂ ਪਾਰਸ ਤੇ ਉਸ ਦੇ ਸਾਥੀ ਉਸੇ ਪਿੰਡ ‘ਚੋਂ ਸਾਈਕਲ ‘ਤੇ ਗੁਜ਼ਰ ਰਹੇ ਸਨ। ਸਾਡੀਆਂ ਵਛੇਰਿਆਂ ਵਾਂਗ ਹਿਣਕਦੀਆਂ ਆਵਾਜ਼ਾਂ ਸੁਣ ਕੇ ਉਹ ਸਾਡੇ ਵੱਲ ਨੂੰ ਮੁੜ ਪਏ, ਤੇ ਸਾਥੋਂ ਚੋਰੀਓਂ, ਗਾਇਕੀ ਵਾਲ਼ੇ ਮੁਕਾਮ ਤੋਂ ਨੇੜ ਹੀ, ਕਿਸੇ ਘਰ ‘ਚ ਖੜ੍ਹ ਕੇ ਸਾਡੀ ਕਵੀਸ਼ਰੀ ਸੁਣਦੇ ਰਹੇ। ਸਮਾਗਮ ਦੀ ਸਮਾਪਤੀ ‘ਤੇ, ਪ੍ਰਸੰਸਕਾਂ ਦੇ ਘੇਰੇ ਨੂੰ ਤੋੜ ਕੇ ਬਾਪੂ ਨੇ ਜਦੋਂ ਸਾਨੂੰ ਗਲਵਕੜੀ ‘ਚ ਲਿਆ ਤਾਂ ਅਸੀਂ ਪਸੀਨੇ ਨਾਲ਼ ਗੱਚੋ-ਗੱਚ ਹੋਏ ਪਏ ਸਾਂ। ਬਾਪੂ ਦੇ ਸਾਹ ‘ਚੋਂ ਉੱਭਰਦੀ ਸੌਂਫ਼ੀਆ ਹਮਕ ਮੇਰੀ ਗੱਲ੍ਹ ਨੂੰ ਸਿੱਲ੍ਹੀ ਕਰ ਗਈ।

ਅਗਲੀ ਸਵੇਰ ਬਾਪੂ ਨੇ ਸਾਨੂੰ ਆਪਣੇ ਸਾਹਮਣੇ ਬਿਠਾਅ ਲਿਆ। –ਤੁਸੀਂ ਨਿਆਣੇ ਓਂ, ਉਹ ਕਹਿਣ ਲੱਗਾ। -ਕਵੀਸ਼ਰੀ ‘ਚ, ਸਾਜ਼ਾਂ ਦੀ ਗ਼ੈਰਹਾਜ਼ਰੀ ਕਾਰਨ ਤੁਹਾਨੂੰ ਦਮ ਨਹੀਂ ਮਿਲ਼ਦਾ… ਕਵੀਸ਼ਰੀ ‘ਚ ਚੱਲ-ਸੋ-ਚੱਲ ਹੁੰਦੀ ਐ… ਏਸੇ ਲਈ ਕਵੀਸ਼ਰੀ ਗਾਉਣ ਵੇਲ਼ੇ ਤੁਸੀਂ ਪਸੀਨੋ-ਪਸੀਨੀ ਹੋ ਜਾਂਦੇ ਓ… ਮੈਂ ਹੁਣ ਥੋਨੂੰ ਤੂੰਬੀ ਲਿਆ ਕੇ ਦੇਊਂਗਾ… ਇੱਕ ਪੰਗਤੀ ਗਾਈ ਤੇ ਤੂੰਬੀ ਖੜਕਾਅ ਦਿੱਤੀ… ਪਾਕਿਸਤਾਨ ਬਣਨ ਤੋਂ ਪਹਿਲਾਂ ਜਗਰਾਵਾਂ ਵਾਲੇ ਟੁੰਡੇ ਦਾ ਜੱਥਾ ਮਸ਼ਹੂਰ ਹੁੰਦਾ ਸੀ… ਉਹ ਤੂੰਬੀ ਤੇ ਢੱਡਾਂ ਨਾਲ਼ ਗਾਉਂਦੇ ਹੁੰਦੇ ਸੀ… ਜਿੱਧਰ ਜਾਂਦੇ, ਲੋਕ ਪਲਕਾਂ ਨਾਲ਼ ਛਾਵਾਂ ਕਰ ਦੇਂਦੇ… ਪੰਜਾਬ ‘ਚ ਐਸ ਵੇਲ਼ੇ ਤੂੰਬੀਆਂ ਵਾਲ਼ੇ ਤਾਂ ਬਥੇਰੇ ਫਿਰਦੇ ਐ ਪਰ ਤੂੰਬੀ ਤੇ ਢੱਡਾਂ ਨਾਲ਼ ਕਵੀਸ਼ਰੀ ਕੋਈ ਗਵੱਈਆ ਨਹੀਂ ਗਾਉਂਦਾ… ਇਹ ਸੰਸਾਰ ਨਵੀਂ ਚੀਜ਼ ਨੂੰ ਟੁੱਟ ਕੇ ਪੈ ਜਾਂਦੈ… ਤੁਸੀਂ ਤਿੰਨੇ ਈ ਬੜੇ ਸੁਰੀਲੇ ਓਂ… ਦੇਖਣ-ਪਾਖਣ ਨੂੰ ਸੋਹਣੇ ਓਂ… ਤੇ ਹੈਂ ਵੀ ਹਾਲੇ ਨਿਆਣੇ… ਜਦੋਂ ਢੱਡ-ਤੂੰਬੀ ਤੇ ਕਵੀਸ਼ਰੀ ਵਾਲ਼ਾ ਨਵਾਂ ਮੁਹਾਂਦਰਾ ਲੈ ਕੇ ਜਾਓਂਗੇ, ਤਾਂ ਸ੍ਰੋਤੇ ਤੁਹਾਨੂੰ ਸਿਰਾਂ ‘ਤੇ ਬਿਠਾਅ ਲੈਣਗੇ…

ਇੱਕ ਦਿਨ ਹਲਕੀ-ਹਲਕੀ ਧੁੱਪ ਨੂੰ ਮਾਨਣ ਲਈ ਅਸੀਂ ਸਾਰਾ ਟੱਬਰ ਆਪਣੇ ਵਿਹੜੇ ‘ਚ ਮੰਜਿਆਂ ਉੱਤੇ ਬੈਠੇ ਸਾਂ। ਬਾਪੂ ਨੇ ਦਰਵਾਜ਼ੇ ‘ਤੇ ਸਾਈਕਲ ਦੀ ਟੱਲੀ ਆ ਖੜਕਾਈ। ਉਸ ਦੇ ਚਮੜੀਆ ਬੈਗ਼ ‘ਚੋਂ, ਅਖ਼ਬਾਰ ਵਿੱਚ ਲਿਪਟੀ ਹੋਈ ਇੱਕ ਲੰਬੂਤਰੀ ਜਿਹੀ ਡੰਡੀ ਬਾਹਰ ਨੂੰ ਝਾਕ ਰਹੀ ਸੀ ਜਿਸ ਦੇ ਉੱਪਰਲੇ ਸਿਰੇ ‘ਤੇ ਕਾਲ਼ੇ ਰੰਗ ਦੀਆਂ ਦੋ ਕਿੱਲੀਆਂ ਸਾਫ਼ ਦਿਖਾਈ ਦੇਂਦੀਆਂ ਸਨ। ਬਾਪੂ ਨੇ ਬੈਗ਼ ਖੋਲ੍ਹਿਆ। ਡੰਡੀ ਦੇ ਅੰਤ ਉੱਤੇ ਅਖ਼ਬਾਰ ‘ਚ ਲਿਪਟੀ ਗੋਲ-ਆਕਾਰ ਚੀਜ਼ ਨੂੰ ਦੇਖ ਕੇ ਅਸੀਂ ਸਾਰੇ ਉਤਸਕ ਹੋ ਉੱਠੇ। ਬਾਪੂ ਨੇ ਮਲਕੜੇ ਜੇਹੇ ਡੰਡੀ ਦੇ ਸਿਰਿਓਂ ਰੱਸੀ ਨੂੰ ਉਧੇੜਿਆ ਤੇ ਡੰਡੀ ਉਦਾਲ਼ੇ ਲਿਪਟੇ ਅਖ਼ਬਾਰ ਨੂੰ ਵੱਖਰਾ ਕਰ ਦਿੱਤਾ। ਵੱਡੇ ਢਿੱਡ ਤੇ ਲੰਮੀਂ ਡੰਡੀ ਵਾਲੀ, ਕਾਲ਼ੇ ਰੰਗ ਦੀ ਦੋ-ਤਾਰੀ ਕਿੰਗ (ਤੂੰਬੀ) ਸਾਡੇ ਸਾਹਮਣੇ ਸੀ!

-ਇਹ ਫ਼ਗਵਾੜੇ ਵਾਲੇ ਨੰਦ ਲਾਲ ਦੀ ਬਣਾਈ ਹੋਈ ਕਿੰਗ ਐ, ਬਾਪੂ ਗੁਮਾਨ ਨਾਲ਼ ਬੋਲਿਆ। -ਨੰਦ ਲਾਲ ਵਰਗੀ ਤੂੰਬੀ ਹਿੰਦੋਸਤਾਨ ‘ਚ ਕਿਤੇ ਨੀ ਬਣਦੀ!

ਤੂੰਬੀ ਦੇਖਦਿਆਂ ਹੀ ਮੇਰੇ ਅੰਦਰ ਤਿਤਲੀਆਂ ਉੱਡਣ ਲੱਗੀਆਂ। ਮੇਰੀਆਂ ਅੱਖਾਂ ਦਾ ਆਕਾਰ ਚੌੜਾ ਹੋ ਕੇ ਡੇਢਾ ਹੋਣ ਲੱਗਾ। ਤੂੰਬੀ ਦੀ ਕਾਲ਼ੀ ਡੰਡੀ ਉੱਤੇ ਚਿੱਟੀਆਂ ਮਛਲੀਆਂ। ਟਾਹਲੀ ਦੀ ਲੱਕੜ ਨੂੰ ਖ਼ਰਾਦ ਕੇ ਬਣਾਏ, ਤੂੰਬੀ ਦੇ ਗੋਲਾਈਦਾਰ ਪੇਟ ਨੂੰ ਹਾਥੀ-ਦੰਦ ਦੀਆਂ ਛਿਲਤਰਾਂ ਨਾਲ਼ ਖ਼ਰਬੂਜ਼ੇ ਵਾਂਗ ਫਾੜੀਆਂ ‘ਚ ਵੰਡਿਆ ਹੋਇਆ। ਤੂੰਬੀ ਦੇ ਪੇਟ ਦੇ ਉੱਪਰਲੇ ਪਾਸੇ ਵਾਲ਼ੇ ਗੋਲਾਈਦਾਰ ਕਿਨਾਰੇ ਨੂੰ ਚਾਰੇ ਪਾਸਿਓਂ ਹਾਥੀ-ਦੰਦ ਦੀ ਇੱਕ ਹੋਰ ਛਿਲਤਰ ਨਾਲ਼ ਸ਼ਿੰਗਾਰਿਆ ਹੋਇਆ। ਮੇਰੇ ਹੱਥ ਤੂੰਬੀ ਵੱਲੀਂ ਆਪ-ਮੁਹਾਰੇ ਹੀ ਉੱਲਰ ਗਏ। ਮੈਂ ਤੂੰਬੀ ਨੂੰ ਹੱਥਾਂ ਵਿੱਚ ਪਕੜ ਤਾਂ ਲਿਆ ਪਰ ਮੈਨੂੰ ਇਹ ਸਮਝ ਨਾ ਪਵੇ ਕਿ ਇਸ ਨੂੰ ਵਜਾਉਣਾ ਕੀਕਣ ਐ। ਬਾਪੂ ਨੇ ਕਿੰਗ ਨੂੰ ਮੇਰੇ ਹੱਥੋਂ ਆਪਣੇ ਹੱਥਾਂ ‘ਚ ਕਰ ਲਿਆ ਅਤੇ ਸੱਜੇ ਹੱਥ ਦੀ ਪਹਿਲੀ ਉਂਗਲ਼ ਨਾਲ਼ ਉਸ ਨੂੰ ਤੁਣਕਾਉਣ ਦੀ ਕੋਸ਼ਿਸ਼ ਕਰਨ ਲੱਗਾ। ਫਿਰ ਇਹ ਕਿੰਗ ਬਲਵੰਤ ਦੇ ਹਵਾਲੇ ਹੋ ਗਈ। ਉਸ ਨੂੰ ਵੀ ਇਸ ਦੇ ਜੁਗਰਾਫ਼ੀਏ ਦੀ ਕੋਈ ਥਾਹ ਨਾ ਲੱਗੀ। ਬੇਤਾਲੀ ਤੁਣਕ-ਤੁਣਕ ਸੁਣ ਕੇ ਕਈ ਆਂਢੀ-ਗਵਾਂਢੀ ਸਾਡੇ ਮੰਜਿਆਂ ਉਦਾ਼ਲ਼ੇ ਇਕੱਤਰ ਹੋ ਗਏ ਸਨ।

“ਪਿੱਲੂ ਨੂੰ ਲਿਆਂਓ!” ਇੱਕ ਜਣਾ ਬੋਲਿਆ। “ਉਹਨੂੰ ਆਉਂਦੀ ਐ ਤੂੰਬੀ ਖੜਕਾਉਣੀ!”

“ਹਾਂ, ਵਈ!” ਇੱਕ ਹੋਰ ਨੇ ਪਹਿਲੇ ਦੀ ਹਾਮੀ ਭਰੀ।

ਪਿੱਲੂ ਨੂੰ ਅਸੀਂ ‘ਤਾਇਆ ਪਿੱਲ’ ‘ਕਹਿ ਕੇ ਪੁਕਾਰਦੇ ਸਾਂ। 65-70 ਨੂੰ ਢੁੱਕਿਆ ਹੋਇਆ ਦਲਿਤ ਪਰਵਾਰ ਦਾ ਇਹ ਬਜ਼ੁਰਗ ਪਿੱਲੂ! ਗੁੱਟੀ ਕਰ ਕੇ ਬੰਨ੍ਹੀ ਹੋਈ ਅਰਧੋਂ-ਬਹੁਤੀ-ਬੱਗੀ ਦਾਹੜੀ, ਤੇ ਕਿਸੇ ਨਾਮੁਰਾਦ ਬੀਮਾਰੀ ਕਾਰਨ ਝੁਕ ਕੇ ਦੋਹਰੀ ਹੋ ਚੁੱਕੀ ਕਮਰ। ਵੀਰਵਾਰ ਦੀ ਸ਼ਾਮ ਨੂੰ ਉਹ ਦਲਿਤਾਂ ਦੀ ਧਰਮਸ਼ਾਲਾ ‘ਚ ਉਹ ਆਪਣਾ, ਕੱਦੂ ‘ਚ ਡੰਡੀ ਗੱਡ ਕੇ ਬਣਾਇਆ, ਤੂੰਬਾ ਖੜਕਾਉਂਦਾ ਤੇ ਮਾਨਸਿਕ ਰੋਗਾਂ ‘ਚ ਗਰੱਸੇ ਕਈ ਔਰਤਾਂ ਤੇ ਮਰਦ ਉਸ ਦੇ ਸਾਹਮਣੇ ਬੈਠ ਕੇ ਸਿਰ ਘੁੰਮਾਉਣ ਲੱਗ ਪੈਂਦੇ।

ਕਿੰਗ ਦੀ ਆਮਦ ਸੁਣ ਕੇ, ਸੋਟੀ ਦੇ ਸਾਹਰੇ ਆਪਣੇ ਕੁੱਬ ਨੂੰ ਸੰਭਾਲ਼ਦਾ, ਤਾਇਆ ਪਿੱਲੂ ਦੌੜਿਆ ਆਇਆ। ਉਹਨੇ ਮੰਜੇ ‘ਤੇ ਬੈਠਦਿਆਂ ਹੀ ਕਿੰਗ ਨੂੰ ਨਮਸਕਾਰ ਕੀਤੀ। ਉਸ ਦੀਆਂ ਵਰਾਛਾਂ ਕੰਨਾਂ ਵੱਲ ਨੂੰ ਖਿੱਚੀਆਂ ਗਈਆਂ ਤੇ ਅੱਖਾਂ ‘ਚ ਤਾਰੇ ਉੱਗਣ ਲੱਗੇ। ਹੁਣ ਉਸ ਨੇ ਬੜੇ ਹੀ ਅਦਬ ਨਾਲ਼ ਕਿੰਗ ਨੂੰ ਆਪਣੇ ਹੱਥਾਂ ‘ਚ ਕੀਤਾ। ਕਿੰਗ ਨੂੰ ਏਧਰ-ਓਧਰ ਘੁੰਮਾਅ ਕੇ ਚਾਰੇ ਪਾਸਿਆਂ ਤੋਂ ਨਿਹਾਰਿਆ। ਡੰਡੀ ‘ਤੇ ਖੁਣੀਆਂ ਚਿੱਟੀਆਂ ਮਛਲੀਆਂ ਉੱਪਰ ਉਂਗਲ਼ਾਂ ਇੰਝ ਫੇਰੀਆਂ ਜਿਵੇਂ ਮਛਲੀਆਂ ਦੇ ਪੋਲੀ-ਪੋਲੀ ਮਾਲ਼ਸ਼ ਕਰ ਰਿਹਾ ਹੋਵੇ। ਆਲ਼ੇ-ਦੁਆਲ਼ੇ ਬੈਠੇ ਦਰਸ਼ਕਾਂ ਦੀਆਂ ਨਜ਼ਰਾਂ ਪਿੱਲੂ ਤਾਏ ਦੀਆਂ ਹਰਕਤਾਂ ‘ਤੇ ਗੱਡੀਆਂ ਹੋਈਆਂ ਸਨ। ਹੁਣ ਉਸ ਨੇ ਉੱਪਰਲੀ ਕਿੱਲੀ ਨੂੰ ਮਰੋੜਿਆ ਤੇ ਆਪਣੀ ਅਵਾਜ਼ ਨੂੰ ਤੂੰਬੀ ਦੀ ਸੁਰ ਨਾਲ਼ ਇੱਕਸੁਰ ਕਰ ਕੇ ਲਮਕਵੀਂ “ਹੂੰਅਅਅਅ” ਦਾ ਅਲਾਪ ਸ਼ੁਰੂ ਕਰ ਦਿੱਤਾ। ਸ੍ਰੋਤਿਆਂ ‘ਚ ਚੁੱਪ ਛਾਅ ਗਈ। ਸਾਰੀਆਂ ਨਜ਼ਰਾਂ ਤਾਏ ਪਿੱਲੂ ਦੇ ਹੱਥਾਂ ‘ਤੇ ਕੇਂਦਰਤ ਹੋ ਗਈਆਂ। ਹੁਣ ਉਸ ਨੇ ਚੱਪਾ ਕੁ ਫ਼ਾਸਲੇ ‘ਤੇ ਠੁਕੀ ਹੇਠਲੀ ਕਿੱਲੀ ਨੂੰ ਮਰੋੜਿਆ ਅਤੇ ਉਸ ਦੀ ਸੁਰ ਟਿਕਾਣੇ ਸਿਰ ਕੀਤੀ। ਫਿਰ ਉਸ ਨੇ ਆਪਣਾ ਖੱਬਾ ਹੱਥ ਕਿੰਗ ਦੇ ਗੋਲਾਈਦਾਰ ਪੇਟ ਦੇ ਹੇਠਲੇ ਪਾਸੇ ਟਿਕਾਅ ਦਿੱਤਾ, ਤੇ ਸੱਜੇ ਹੱਥ ਨਾਲ਼ ਕਿੰਗ ਦੀ ਡੰਡੀ ਨੂੰ, ਗੋਲਾਈਦਾਰ ਪੇਟ ਦੇ ਨੇੜਿਓਂ ਕਰ ਕੇ ਪਕੜ ਲਿਆ। ਅਗਲੇ ਹੀ ਪਲ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’ ਦੀ ਆਵਾਜ਼ ਤੂੰਬੀ ‘ਚੋਂ ਉਦੇ ਹੋਣ ਲੱਗੀ। ਖੱਬੇ ਹੱਥ ਦੀ ਤੀਸਰੀ ਉਂਗਲ਼ ‘ਚ ਪਾਇਆ ਛੱਲਾ ਤੂੰਬੀ ਦੀ ਪਿੱਠ ‘ਤੇ ਵੱਜ-ਵੱਜ ਕੇ,  ‘ਤੁਣ, ਤੁਣ, ਤੁਣਾਅ’ ਨਾਲ਼ ਤਾਲ ਮਿਲਾ ਕੇ ‘ਠੁਕ, ਠੁਕ, ਠੁਕਾਅ; ਠਠੁਕ ਠੁਕ, ਠੁਕਾਅ’ ਦੀ ਆਵਾਜ਼ ਕੱਢਣ ਲੱਗਿਆ। ਮੈਂ ਤਾਏ ਪਿੱਲੂ ਦੀਆਂ ਹਰਕਤਾਂ ਨੂੰ ਬੜੇ ਗਹੁ ਨਾਲ਼ ਤੱਕ ਰਿਹਾ ਸਾਂ। ਚਾਰ, ਪੰਜ ਮਿੰਟ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’ ਕਰਨ ਤੋਂ ਬਾਅਦ ਤਾਏ ਪਿੱਲੂ ਨੇ ਸਦ ਲਾਈ: ਹੇਠ ਬਰੋਟੇ ਦੇ ਖੜ੍ਹੀ, ਭਜਨ ਕਰੇ ਸੁਨਿਆਰੀ! ਰਾਮ ਨਾਮ ਦਾ ਭਜਨ ਉਹਦੀ ਪਰ ਪਿੰਡ ਦੇ ਮੁੰਡੇ ਨਾਲ਼ ਯਾਰੀ!

ਚਾਰ-ਪੰਜ ਮਿੰਟ ਸਦ ਵਿੱਚ ਗੜੁੱਚ ਰਹਿਣ ਤੋਂ ਬਾਅਦ, ਤਾਏ ਪਿੱਲੂ ਨੇ ਅੱਖਾਂ ਖੋਲ੍ਹੀਆਂ ਤੇ ਤੂੰਬੀ ਬਲਵੰਤ ਦੇ ਹੱਥਾਂ ਵੱਲ ਵਧਾਅ ਦਿੱਤੀ। ਬਲਵੰਤ ਨੇ ਧੁੜਧੁੜੀ ਜਿਹੀ ਲਈ ਅਤੇ ਪਿੱਛੇ ਨੂੰ ਹਟ ਗਿਆ। ਤਾਏ ਨੇ ਸਮਝਾਇਆ: ਢੋਲਕੀ ਬੋਲਦੀ ਐ ਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ; ਡਡੁਗ, ਡੁਗ, ਡੁਗਾਅ ! ਏਹ ਤੂੰਬੀ ਵੀ ਇਸੇ ਤਾਲ ‘ਚ ਬੋਲਣੀ ਚਾਹੀਦੀ ਆ ‘ਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ; ਤਤੁਣ, ਤੁਣ, ਤੁਣਾਅ’; ’। ਸੋ ਕਰਨਾ ਕੀ ਐ ਪਈ ਸੱਜੀ ਹੱਥ ਦੀ ਪਹਿਲੀ ਉਂਗਲ਼ ਨੂੰ ਤਾਰ ਉੱਪਰ ਦੋ ਵਾਰ ਹੇਠਾਂ ਵਾਲੇ ਪਾਸੇ ਨੂੰ ਮਾਰ ਕੇ ‘ਤੁਣ ਤੁਣ’ ਦੀ ਆਵਾਜ਼ ਕੱਢਣੀ ਆ, ਤੇ ਫਿਰ ਤੀਜੀ ਵਾਰ ਉਂਗਲ਼ ਨੂੰ ਹੇਠਾਂ ਨੂੰ ਮਾਰ ਕੇ ਤੇਰੰਤ ਹੀ ਉੱਪਰਲੇ ਪਾਸੇ ਨੂੰ ਖੜਕਾਉਣਾ ਤਾਂ ਕਿ ‘ਤੁਣਾਅ’ ਦੀ ਆਵਾਜ਼ ਆਵੇ। ਲੈ ਦੇਖੋ ਜਰਾ! ਹੁਣ ਤਾਏ ਨੇ ਆਪਣੀ ਸੱਜੀ ਉਂਗਲ਼ ਨਾਲ਼ ਤਾਰ ਉੱਪਰ ਹੇਠਾਂ ਵਾਲੇ ਪਾਸੇ ਨੂੰ ਹੌਲੀ ਹੌਲੀ ਦੋ ਵਾਰ ਤੁਣਕਾ ਮਾਰਿਆ: ਤੁਣ, ਤੁਣ! ਤੀਸਰੀ ਵਾਰ ਉਸੇ ਤਾਲ ‘ਚ ਹੀ ਹੇਠਲੇ ਪਾਸੇ ਨੂੰ ਤੁਣਕਾ ਮਾਰ ਕੇ ਝੱਟ ਹੀ ਤੁਣਕਾ ਉੱਪਰਲੇ ਪਾਸੇ ਨੂੰ ਮਾਰ ਦਿੱਤਾ। ਅਗਲੀ ਵਾਰ ਉੱਪਰ ਨੂੰ ਤੁਣਕਾ ਮਾਰਕੇ ਨਾਲ਼ ਹੀ ਹੇਠਾਂ ਨੂੰ ਮਾਰਿਆ ਤੇ ‘ਤਤੁਣ’ ਦੀ ਆਵਾਜ਼ ਕੱਢ ਦਿੱਤੀ। ਮੈਨੂੰ ਜਾਪਿਆ ਮੈਨੂੰ ਤਾਏ ਦੀ ਜੁਗਤ ਦੀ ਸਮਝ ਪੈ ਗਈ ਸੀ। ਤਾਇਆ ਧੀਮੀ ਚਾਲੇ ‘ਤੁਣ… ਤੁਣ… ਤੁਣਾਅ; ਤਤੁਣ… ਤੁਣ… ਤੁਣਾਅ’ ਦੀ ਅਵਾਜ਼ ਤੂੰਬੀ ‘ਚੋਂ ਕੱਢੀ ਗਿਆ ਤੇ ਉਸ ਦੀ ਜੁਗਤ ਮੇਰੇ ਜ਼ਿਹਨ ‘ਚ ਧਸਦੀ ਗਈ।

ਮੈਂ ਜਕਦਿਆਂ-ਜਕਦਿਆਂ ਆਪਣਾ ਹੱਥ ਤਾਏ ਵੱਲ ਨੂੰ ਵਧਾਇਆ, ਤੇ ਤਾਏ ਨੇ ਤੂੰਬੀ ਮੇਰੇ ਹੱਥਾਂ ‘ਚ ਟਿਕਾਅ ਦਿੱਤੀ। ਮੈਂ ਤਾਏ ਦੀ ਨਕਲ ‘ਤੇ ਹੀ ਤੂੰਬੀ ਨੂੰ ਫੜਿਆ ਤੇ ਸੱਜੀ ਹੱਥ ਦੀ ਪਹਿਲੀ ਉਂਗਲ਼ ਤਾਰ ਉੱਤੇ ਰੱਖ ਦਿੱਤੀ। ‘ਮਾਰ ਥੱਲੇ ਨੂੰ ਦੋ ਵਾਰੀ!’ ਤਾਇਆ ਬੋਲਿਆ। ਮੈਂ ਤਾਏ ਦੇ ਹੁਕਮ ਦੀ ਤਾਮੀਲ ਕਰ ਦਿੱਤੀ। ‘ਹੁਣ ਇੱਕ ਫੇਰ ਹੇਠਾਂ ਨੂੰ ਤੇ ਨਾਲ਼ ਹੀ ਦੋ ਵਾਰੀ ਉੱਪਰ ਨੂੰ!’ ਤੇ ਤੂੰਬੀ ਵਿੱਚੋਂ ‘ਤਤੁਣ, ਤੁਣ, ਤੁਣਾਅ’ ਦੀ ਲੰਗੜੀ ਜਿਹੀ ਸੁਰ ਨਿੱਕਲਣ ਲੱਗੀ। ਕਈ ਵਾਰ ਉਹ ਲੰਗੜੀ ਜਿਹੀ ‘ਤਤੁਣ, ਤੁਣ, ਤੁਣਾਅ’ ਨਿਕਲ਼ਣ ਤੋਂ ਬਾਅਦ ਉਂਗਲੀ ਦਾ ਹੇਠਾਂ-ਉੱਤੇ ਕਰਨਾ ਮੇਰੀ ਸਮਝ ‘ਚ ਬੈਠਣ ਲੱਗਾ ਤੇ ਉਂਗਲ਼ੀ ਦਾ ਲੰਗੜਾਪਣ ਅਲੋਪ ਹੋਣ ਲੱਗਾ। ਜਿਓਂ ਮੇਰੀ ਉਂਗਲ਼ੀ ਤਾਲ ‘ਚ ਹੋਈ ਜਾਵੇ ਤਾਏ ਦੇ ਚਿਹਰੇ ‘ਚ ਰੌਸ਼ਨੀ ਉੱਗੀ ਜਾਵੇ। ‘ਵਾਹ ਸ਼ੇਰਾ!’ ਤਾਇਆ ਬੁੜਬੁੜਾਇਆ। ‘ਆ ਗਿਐਂ ਤਾਲ ‘ਚ!’

ਕੁਝ ਹੀ ਦਿਨਾਂ ‘ਚ ਮੇਰਾ ‘ਤੁਣ, ਤੁਣ, ਤੁਣਾਅ!’ ਬਿਲਕੁਲ ਗੁਣੀਏਂ ‘ਚ ਆ ਗਿਆ। ਇੱਕ ਦਿਨ ਜਦੋਂ ਮੇਰੇ ਸੱਜੇ ਹੱਥ ਦੀ ਉਂਗਲ਼ ‘ਤੁਣ ਤੁਣ ਤੁਣਾਅ’ ਕਰ ਰਹੀ ਸੀ, ਤਾਂ ਮੇਰਾ ਜੀਆ ਕੀਤਾ ਖੱਬੇ ਹੱਥ ਦੀ ਪਹਿਲੀ ਉਂਗਲ਼ੀ ਦੇ ਨਹੁੰ ਨੂੰ ਕੀਲੀ ਦੇ ਮੁੱਢਮ ਤੁਣ-ਤੁਣ ਕਰਦੀ ਤਾਰ ‘ਤੇ ਟਿਕਾਅ ਕੇ ਦੇਖਾਂ। ਜਿਓਂ ਹੀ ਨਹੁੰ, ਕੀਲੀ ਦੇ ਮੁੱਢ, ਤਾਰ ‘ਤੇ ਬਿਰਾਜਮਾਨ ਹੋਇਆ, ਤੁਣ-ਤੁਣ ਦੀ ਸੁਰ ਭਾਰੀ ਅਤੇ ਉੱਚੀ ਹੋ ਕੇ ‘ਦੁੰਮ ਦੁੰਮ’ ‘ਚ ਬਦਲ ਗਈ। ਤਾਏ ਪਿੱਲੂ ਦੀਆਂ ਵਰਾਛਾਂ ਛਤਰੀ ਵਾਂਗ ਖੁਲ੍ਹ ਗਈਆਂ। ‘ਓ ਵਾਹ ਪੁੱਤਰਾ!’ ਤਾਇਆ ਪਿੱਲੂ ਗੜ੍ਹਕਿਆ।

ਇਸ ਤੋਂ ਬਾਅਦ, ਮੇਰੀ ਇਹ ਤੂੰਬੀ ਸੈਂਕੜਿਆਂ ਤੋਂ ਲੈ ਕੇ ਕਈ ਹਜ਼ਾਰਾਂ ਦੇ ਇਕੱਠਾਂ ‘ਚ, ਪੰਜਾਬ ਤੋਂ ਲੈ ਕੇ ਦਿੱਲੀ, ਕਲਕੱਤੇ, ਕਸ਼ਮੀਰ, ਯੂ ਪੀ ਅਤੇ ਭਾਰਤ ਦੇ ਪਤਾ ਨਹੀਂ ਕਿੰਨੇ ਕੁ ਥਾਵਾਂ ‘ਤੇ ਖੜਕ ਚੁੱਕੀ ਹੈ। ਮੈਂ ਇਹ ਤੂੰਬੀ ਸੈਂਕੜੇ ਵਾਰ ਰੇਡੀਓ ਜਲੰਧਰ ‘ਤੇ ਵੀ ਖੜਕਾਈ ਹੈ। ਨਿੰਦਰ ਘੁਗਿਆਣਵੀ ਦੁਆਰਾ ਪ੍ਰਾਪਤ ਹੋਈ ਉਸਤਾਦ ਯਮਲਾ ਜੱਟ ਦੇ ਹੱਥਾਂ ਦੀ ਬਣੀ ਇੱਕ ਤੂੰਬੀ ਵੀ ਲੰਮਾਂ ਚਿਰ, ਬਰੈਂਪਟਨ ਵਾਲੇ ਮੇਰੇ ਘਰ ‘ਚ ਮਹਿਮਾਨ ਰਹਿ ਚੁੱਕੀ ਹੈ। ਛੋਟਾ ਭਰਾ ਰਛਪਾਲ, ਮੈਂ, ਤੇ ਬਲਵੰਤ ਮੇਰੇ ਘਰ ਜਦੋਂ ਵੀ ਇਕੱਠੇ ਹੁੰਦੇ ਹਾਂ, ਤਾਂ ਕਵੀਸ਼ਰੀ ਗਾਇਨ ਦੇ ਨਾਲ਼ ਨਾਲ਼ ਤੰੂਬੀ ਵੀ ਤੁਣਕਦੀ ਹੈ, ਪਰ ਜਦੋਂ ਵੀ ਮੈਂ ਤੂੰਬੀ ਦੇ ਸਨਮੱੁਖ ਹੁੰਦਾ ਹਾਂ, ਤਾਇਆ ਪਿੱਲੂ ਸਾਖ਼ਸ਼ਾਤ ਮੇਰੇ ਸਾਹਮਣੇ ਹੁੰਦਾ ਹੈ। ਉਸ ਦੀ ਤੁਣ, ਤੁਣ ਤੁਣਾਅ; ਤਤੁਣ, ਤੁਣ, ਤੁਣਾ ਤੇ ਉਸ ਦੇ ਖੱਬੇ ਹੱਥ ‘ਚ ਪਾਈ ਛਾਪ ਦਾ ਤੂੰਬੀ ਦੇ ਪੇਟ ‘ਤੇ ਠੱਕ ਠੱਕ ‘ਚ ਰਿਦਮਣਾ ਮੇਰੇ ਕੰਨਾਂ ‘ਚ ਹੁਣ ਵੀ ਗੂੰਜਦਾ ਹੈ। ਤਾਇਆ ਪਿੱਲੂ, ਧੁੱਪ ਸੇਕਦੇ ਸਾਡੇ ਵਿਹੜੇ ‘ਚ, ਤੂੰਬੀ ਫੜੀ ਬੈਠਾ ਹੁਣ ਵੀ ਉਂਝ ਦਾ ਉਂਝ ਹੀ ਗਾ ਰਿਹਾ ਦਿਸਦਾ ਹੈ: ਹੇਠ ਬਰੋਟੇ ਦੇ ਖੜ੍ਹੀ, ਭਜਨ ਕਰੇ ਸੁਨਿਆਰੀ! ਰਾਮ ਨਾਮ ਦਾ ਭਜਨ ਉਹਦੀ ਪਰ ਪਿੰਡ ਦੇ ਮੁੰਡੇ ਨਾਲ਼ ਯਾਰੀ!

Read 1455 times Last modified on Saturday, 24 October 2009 16:04
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।