ਲੇਖ਼ਕ

Thursday, 22 October 2009 16:41

09 - ਲੋਹੇ ਦੀ ਬੱਕੀ

Written by
Rate this item
(0 votes)

34-35 ਵਰ੍ਹੇ ਕੈਨਡਾ `ਚ ਰਹਿੰਦਿਆਂ ਮੈਂ ਕਦੇ ਵੀ ਸਾਈਕਲ ਦੀ ਸਵਾਰੀ ਨਹੀਂ ਕੀਤੀ, ਮਗਰ ਸਾਈਕਲਾਂ ਦੇ ਸੁਪਨਿਆਂ ਦੀ ਸਵਾਰੀ ਮੇਰੀ ਨੀਂਦਰ ਅੱਜ ਵੀ ਕਰਦੀ ਰਹਿੰਦੀ ਹੈ। ਕਦੀ ਮੈਂ ਆਪਣੇ ਵੱਡੇ ਭਰਾ ਬਲਵੰਤ ਦੇ ਸਾਈਕਲ ਦੇ ਪਿੱਛੇ ਬੈਠਾ ਹੁੰਦਾ ਹਾਂ ਤੇ ਕਦੇ ਪੰਕਚਰ ਹੋਏ ਚੱਕਿਆਂ ਲਈ ਮੈਂ ਸਾਈਕਲ-ਮੁਰੰਮਤੀ ਦੁਕਾਨਾਂ ਲਭਦਾ ਫਿਰਦਾ ਹੁੰਦਾ ਹਾਂ। ਕਦੇ ਮੇਰੇ ਸਾਈਕਲ ਦੀ ਚੇਨ ਟੁੱਟ ਜਾਂਦੀ ਹੈ ਤੇ ਕਦੇ ਕਿਸੇ ਸਾਈਕਲ-ਸਟੈਂਡ `ਤੇ ਖਲ੍ਹਿਆਰਿਆ ਮੇਰਾ ਸਾਈਕਲ, ਮੈਨੂੰ ਲਭਦਾ ਹੀ ਨਹੀਂ। ਚੱਕਿਆਂ ਦੀਆਂ ਤਾਰਾਂ ਦਾ ਟੁੱਟਣਾ ਤਾਂ ਮੇਰੇ ਸੁਪਨਿਆਂ `ਚ ਵਾਰ-ਵਾਰ ਵਾਪਰਨ ਵਾਲ਼ਾ ਥੀਮ ਬਣ ਗਿਆ ਹੈ। ਦਰਅਸਲ, ਸਾਈਕਲ ਮੇਰੀ ਜ਼ਿੰਦਗੀ ਨਾਲ਼ ਮੇਰੇ ਬਚਪਨ ਵਿੱਚ ਹੀ ਜੁੜ ਗਿਆ ਸੀ। ਸੰਨ 1959-60 `ਚ ਮੈਂ ਅੱਠਵੀਂ ਜਮਾਤ ਵਿੱਚ ਸੀ, ਛੋਟਾ ਰਛਪਾਲ ਛੇਵੀਂ `ਚ ਤੇ ਵੱਡਾ ਭਰਾ ਬਲਵੰਤ ਮੋਗੇ ਦੇ ਡੀ ਐਮ ਕਾਲਜ ਵਿੱਚ ਬਾਰ੍ਹਵੀਂ ਦਾ ਵਿਦਿਆਰਥੀ। ਢੱਡ-ਤੂੰਬੀ ਦੀ ਸੰਗਤ ਵਿੱਚ, ਕਵੀਸ਼ਰੀ ਨੂੰ, ਚੱਲ ਰਹੀ ਧਾਰਾ ਤੋਂ ਹਟਵੇਂ ਅੰਦਾਜ਼ ਵਿੱਚ ਗਾਉਣ ਵਾਲ਼ੇ ਸਾਡੇ ‘ਭਯੰਗੀ ਜੱਥੇ’ ਦੀ ਧਾਂਕ ਮੋਗੇ ਦੇ ਆਲ਼ੇ-ਦੁਆਲ਼ਿਓਂ ਵਾਵਰੋਲ਼ੇ ਵਾਂਗ ਉੱਠ ਕੇ ਮਾਲਵੇ ਦੇ ਕੋਟਕਪੂਰੇ, ਬਠਿੰਡੇ, ਸੰਗਰੂਰ ਤੇ ਲੁਧਿਆਣੇ ਦੇ ਇਲਾਕਿਆਂ ਤੀਕ ਫੈਲ ਚੁੱਕੀ ਸੀ। ਗਾਇਕੀ ਲਈ ਜਿੰਨੀ ਬੁੱਕਿੰਗ ਬਾਪੂ ਦੇ ਜੱਥੇ ਦੀ ਹੁੰਦੀ, ਸਾਡੀ ਬੁੱਕਿੰਗ ਉਸ ਦੇ ਬਰਾਬਰ ਢੁੱਕਣ ਲੱਗ ਪਈ ਸੀ। ਘਰ `ਚ, ਕਮਾਈ ਦਾ ਤੇ ਸ਼ੋਹਰਤ ਦਾ ਦੁ-ਵਿੱਢਾ ਖੂਹ ਗਿੜਨ ਲੱਗਾ। ਗਾਇਕੀ ਦੇ ਪ੍ਰੋਗਰਾਮਾਂ ਰਾਹੀਂ, ਸਾਡੇ ਘਰ `ਚ ਗੜਿਆਂ ਦੇ ਛੜਾਕਿਆਂ ਵਾਂਗ ਡਿੱਗ ਰਹੀ ਮਾਇਆ ਨੇ, ਗਹਿਣੇ ਪਈ ਸਾਡੀ ਓਰਾ-ਓਰਾ ਜ਼ਮੀਨ ਨੂੰ, ਦਿਨਾਂ `ਚ ਹੀ ਪ੍ਰੋਨੋਟਾਂ ਤੋਂ ਮੁਕਤ ਕਰ ਮਾਰਿਆ।

ਜਿਸ ਦਿਨ ਅਸੀਂ ਤਿੰਨੇ ਭਰਾ ਤੇ ਸਾਡਾ ਬਾਪੂ ਪਾਰਸ ਸਬੱਬ ਨਾਲ਼ ਪਿੰਡ ਹੁੰਦੇ, ਬਾਪੂ ਸਾਡੇ ਸੀਰੀ ਨੂੰ ਪਿੰਡ ਦਾ ਭਰਮਣ ਕਰਨ ਦਾ ਇਸ਼ਾਰਾ ਕਰਦਾ। ਸੀਰੀ ਸਿੱਖ ਗਿਆ ਸੀ ਕਿ ਮੁਰਗੇ ਦੀਆਂ ਖਾਰਾਂ ਤੇ ਨਹੁੰਦਰਾਂ ਦੀ ਦਿੱਖ ਤੋਂ ਉਸ ਦੀ ਉਮਰ ਕਿਵੇਂ ਪਛਾਨਣੀ ਹੈ। ਅੱਧੇ, ਪੌਣੇ ਘੰਟੇ ਬਾਅਦ ਹੀ, ਸੱਜੀ ਕੱਛ `ਚ ‘ਕੜ-ਕੜੈਂ, ਕੜ-ਕੜੈਂ’ ਕਰਦਾ ਕੁੱਕੜ ਅੜਾਈ, ਸਾਡਾ ਸੀਰੀ ਸਾਡੇ ਵਿਹੜੇ `ਚ ਦਾਖ਼ਲ ਹੁੰਦਾ। ਸਾਡੀਆਂ ਅੱਖਾਂ `ਚ ਇੱਕ ਦਮ ਸੌ ਸੌ ਵਾਟ ਦੇ ਬਲਬ ਜਗ ਉੱਠਦੇ, ਤੇ ਸਾਡੀਆਂ ਗੱਲ੍ਹਾਂ, ਭਰੇ-ਹੋਏ ਭੁਕਾਨੇ ਬਣ ਜਾਂਦੀਆਂ। ਕੁੱਕੜ ਨੂੰ ਦੇਖਦਿਆਂ ਹੀ ਬਲਵੰਤ ਕੁੜਤੇ ਦੇ ਕਫ਼ ਚੜ੍ਹਾਉਣ ਲਗਦਾ ਤੇ ਕਰਦ `ਤੇ ਰੇਤੀ ਫੇਰ ਕੇ ਕੁੱਕੜ ਦੇ ਉਦਾਲ਼ੇ ਹੋ ਜਾਂਦਾ। ਹੁਣ ਕੁੱਕੜ ਦੀ ਧੌਣ ਖੱਬੇ ਹੱਥ `ਚ ਜਕੜ ਕੇ, ਗਿੱਲਾ ਕੱਪੜਾ ਨਿਚੋੜਨ ਵਾਂਗ ਉਹ ਉਸ ਦੀ ਸਿਰੀ ਨੂੰ ਮਰੋੜਦਾ, ਤੇ ਮਿਆਨ `ਚੋਂ ਤਲਵਾਰ ਨੂੰ ਧੂਹਣ ਵਾਂਗ ਸਿਰੀ ਨੂੰ ਖਿੱਚ ਕੇ, ਧੌਣ ਨਾਲ਼ੋਂ ਸਕਿੰਟਾਂ `ਚ ਵੱਖ ਕਰ ਦੇਂਦਾ। ਤੜਫ਼ ਰਹੇ ਕੁੱਕੜ ਦੇ ਖੰਭ ਲਗਾਤਾਰ ਫੜਕਦੇ ਜਿਵੇਂ ਉਹ ਉਡਾਰੀ ਮਾਰਨ ਲਈ ਤਾਂਘ ਰਿਹਾ ਹੋਵੇ। ਬਲਵੰਤ ਸੀਸ-ਰਹਿਤ ਕੁੱਕੜ ਨੂੰ, ਅੱਗੇ ਨੂੰ ਵਧਾਏ ਆਪਣੇ ਸੱਜੇ ਹੱਥ `ਚ ਓਨੀ ਦੇਰ ਪਕੜੀ ਰਖਦਾ ਜਦ ਤੀਕ ਅੰਨ੍ਹੇ-ਵਾਹ ਖੰਭ ਫੜਕਾਉਂਦਾ ਕੁੱਕੜ ਪੂਰੀ ਤਰ੍ਹਾਂ ਨਿਰਜਿੰਦ ਨਾ ਹੋ ਜਾਂਦਾ। ਠੰਡੇ ਹੋ ਗਏ ਕੁੱਕੜ ਨੂੰ ਨਲ਼ਕੇ ਦੇ ਲਾਗੇ ਇੱਕ ਟੋਕਰੀ `ਚ ਸੁੱਟ ਕੇ, ਉਹ ਮੈਨੂੰ ਜਾਂ ਰਛਪਾਲ ਨੂੰ ਪਾਣੀ ਨਾਲ਼ ਬਾਲਟੀ ਭਰਨ ਦਾ ਇਸ਼ਾਰਾ ਕਰਦਾ। ਹੁਣ ਉਹ ਕੁੱਕੜ ਦੇ ਪੌਂਚਿਆਂ ਨੂੰ ਨਹੁੰਦਰਾਂ ਕੋਲ਼ੋਂ ਪਕੜ ਕੇ ਪਾਸਿਆਂ ਵੱਲ ਨੂੰ ਖਿਚਦਾ ਤੇ, ਕੁੱਕੜ ਦੀਆਂ ਟੰਗਾਂ ਵਿਚਕਾਰ, ਉੱਪਰ ਵੱਲ ਨੂੰ ਉੱਭਰ ਆਈ, ਉਸ ਦੇ ਖੰਭਾਂ ਹੇਠਲੀ ਚਮੜੀ ਉੱਪਰ ਟੱਕ ਲਾਉਣ ਲਈ ਮੈਨੂੰ ਹੁਕਮ ਕਰਦਾ। ਚਮੜੀ ਉੱਤੇ ਛੋਟਾ ਜਿਹਾ ਚੀਰਾ ਲਗਦਿਆਂ ਹੀ ਉਹ ਟੰਗਾਂ ਨੂੰ ਵਿਰੋਧੀ ਦਿਸ਼ਾਵਾਂ ਵੱਲ ਪੂਰੇ ਜ਼ੋਰ ਨਾਲ਼ ਖਿਚਦਾ ਤਾਂ ਚਮੜੀ, ਕੁੱਕੜ ਦੀ ਛਾਤੀ ਤੀਕ, ‘ਫੁਰਕ’ ਕਰ ਕੇ ਪਾਟ ਜਾਂਦੀ। ਹੁਣ ਉਹ ਪਾਟੀ ਹੋਈ ਚਮੜੀ ਦੇ ਹੇਠ ਅੰਗੂਠੇ ਖੁਭਾਉਂਦਾ ਤੇ ਸਾਰੀ ਚਮੜੀ ਨੂੰ ਬੁਨਾਇਣ ਵਾਂਗ ਉਤਾਰ ਕੇ, ਟੋਕਰੀ `ਚ ਸੁੱਟ ਦਿੰਦਾ।

ਸਾਹਮਣੇ ਮੰਜੇ `ਤੇ ਬੈਠਾ ਬਾਪੂ, ਅਖ਼ਬਾਰ ਸਮੇਟਣ ਲਗਦਾ ਤੇ ਪਤੀਲੇ `ਚ ਰਿੱਝ ਰਹੀਆਂ ਬਾਂਗਾਂ ਦੀ ਗੰਧ ਸੁੰਘਦਿਆਂ ਹੀ ਬੈਠਕ ਵਿੱਚੋਂ ਪੀਲ਼ੇ ਰੰਗ ਦੀ ਰਸਭਰੀ ਨਾਲ਼ ਭਰਪੂਰ ਬੋਤਲ ਨੂੰ ਉਠਾਅ ਲਿਆਉਂਦਾ। ਕੱਚ ਦੇ ਗਲਾਸ `ਚ ਕਲ਼-ਕਲ਼ ਜਾਗ ਉਠਦੀ, ਤੇ ਦਸ ਕੁ ਮਿੰਟਾਂ `ਚ ਬਾਪੂ ਦੀਆਂ ਅੱਖਾਂ `ਚ ਗੁਲਾਬੀ ਅਸਮਾਨ ਉੱਤਰਨ ਲਗਦਾ।

ਜਦੋਂ ਨੂੰ ਮੈਂ ਨੌਵੀਂ `ਚ ਹੋਇਆ, ਸਾਡੀ ਗਾਇਕੀ ਦੀਆਂ ਧੁੰਮਾਂ ਤਰਨਤਾਰਨ, ਪੱਟੀ ਤੇ ਖੇਮਕਰਨ ਦੇ ਨਾਲ਼-ਨਾਲ਼ ਦੁਆਬੇ ਤੀਕ ਵਧਣ ਲੱਗੀਆਂ। ਮਹੀਨੇ `ਚੋਂ ਪੰਦਰਾਂ-ਵੀਹ ਦਿਨ ਗਾਇਕੀ ਦੇ ਪ੍ਰੋਗਰਾਮ ਸਾਨੂੰ ਸਾਡੇ ਸਕੂਲਾਂ ਤੋਂ ਨਿਖੇੜੀ ਰਖਦੇ। ਨਿੱਤ-ਨਿੱਤ ਦੀਆਂ ਗ਼ੈਰਹਾਜ਼ਰੀਆਂ ਤੋਂ ਤੰਗ ਆਏ ਟੀਚਰਾਂ ਦਾ ਸਾਡੇ ਵੱਲ ਵਤੀਰਾ ਸਖ਼ਤੀ ਫੜਨ ਲੱਗਾ। ਹਫ਼ਤੇ `ਚ ਤਿੰਨ-ਤਿੰਨ, ਚਾਰ-ਚਾਰ ਦਿਨਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ ਮੈਂ ਤੇ ਰਛਪਾਲ ਜਦੋਂ ਸਕੂਲ ਜਾਂਦੇ ਤਾਂ ਮਾਸਟਰਾਂ ਦੀਆਂ ਤਿਓੜੀਆਂ ਸਾਡੀਆਂ ਅੱਖਾਂ `ਚ ਖੁੱਭ ਜਾਣ ਨੂੰ ਤਿਆਰ ਹੁੰਦੀਆਂ। ਕਈ ਦਿਨਾਂ ਦੀ ਗ਼ੈਰਹਾਜ਼ਰੀ ਕਾਰਨ ਪਿੱਛੇ ਪੈ ਗਏ ਹੋਮ-ਵਰਕ ਦੇ ਬਹਾਨੇ ਮਾਸਟਰਾਂ ਦੇ ਡੰਡੇ ਸਾਡੀਆਂ ਤਲ਼ੀਆਂ `ਚ ਲਾਸਾਂ ਉੱਕਰ ਦੇਂਦੇ। ਕਦੇ-ਕਦੇ ਕੰਨਾਂ ਨੂੰ ਮਾਸਟਰਾਂ ਦੀਆਂ ਉਂਗਲ਼ਾਂ ਤੇ ਅੰਗੂਠਿਆਂ ਵਿਚਕਾਰ ਪਿਸਣਾਂ ਪੈਂਦਾ। ਹੱਥਾਂ ਨੂੰ, ਟੰਗਾਂ ਦੇ ਪਿਛਲੇ ਪਾਸਿਓਂ ਦੀ ਨਿੱਕਾਲ਼ ਕੇ ਕੰਨ ਫੜਨ ਵਿੱਚ ਮੁਸ਼ਕਿਲ ਏਨੀ ਨਹੀਂ ਸੀ ਆਉਂਦੀ ਪਰ ਜਿਓਂ ਹੀ ਮੁਰਗ਼ਾ ਬਣੀਆਂ ਸਾਡੀਆਂ ਪਿੱਠਾਂ ਰਤਾ ਕੁ ਹੇਠਾਂ ਨੂੰ ਹੋਣ ਦਾ ਗੁਨਾਂਹ ਕਰਦੀਆਂ, ਮਾਸਟਰ ਦਾ ਡੰਡਾ ਸਾਡੇ ਚਿੱਤੜਾਂ `ਤੇ ਆਣ ਪੈਂਦਾ। ਅਸੀਂ ਘਰ ਆ ਕੇ ਬੇਬੇ ਦੇ ਗਲ਼ ਲੱਗ ਕੇ ਰੋਂਦੇ ਤੇ ਸਕੂਲ ਵਿੱਚ ਸਹੀ ਜ਼ਿੱਲਤ ਅਤੇ ਕੁੱਟ ਦਾ ਜ਼ਿਕਰ ਕਰਦੇ। ਬੇਬੇ ਨੇ ਬਾਪੂ `ਤੇ ਜ਼ੋਰ ਪਾਇਆ ਕਿ ਜਾਂ ਤਾਂ ਨਿਆਣਿਆਂ ਨੂੰ ਪੜ੍ਹਨੋ ਹਟਾ ਲਿਆ ਜਾਵੇ ਤੇ ਜਾਂ ਗਾਇਕੀ ਦੇ ਪ੍ਰੋਗਰਾਮਾਂ ਤੋਂ। ਬਾਪੂ ਪਾਰਸ ਨੂੰ ਪਤਾ ਸੀ ਕਿ ਗਾਇਕੀ ਸਾਥੋਂ ਉਹ ਘਰ ਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਹੀ ਕਰਾ ਰਿਹਾ ਸੀ, ਇਸ ਲਈ ਪੜ੍ਹਨ ਦੇ ਨਾਲ ਨਾਲ ਗਾਇਕੀ ਨੂੰ ਜਾਰੀ ਰੱਖਣ ਦਾ ਹੁਕਮ ਹੋ ਗਿਆ।

ਜਦ ਤੀਕ ਸਾਡੀ ਪ੍ਰਸਿੱਧੀ ਸਾਡੇ ਇਲਾਕੇ ਤੀਕਰ ਸੀਮਤ ਸੀ, ਤਦ ਤੀਕ ਸਾਡੀ ਕੋਸ਼ਿਸ ਹੁੰਦੀ ਸੀ ਕਿ ਸ਼ਾਮ ਨੂੰ ਗਾਇਕੀ ਦਾ ਪ੍ਰੋਗਰਾਮ ਖ਼ਤਮ ਕਰ ਕੇ, ਸਾਈਕਲ ਦੇ ਜ਼ਰ੍ਹੀਏ ਰਾਤੋ-ਰਾਤ ਪਿੰਡ ਪਹੁੰਚਿਆ ਜਾਵੇ। ਉਨ੍ਹੀ ਦਿਨੀਂ, ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਜੋੜਦੀਆਂ ਅੱਜ ਵਾਲ਼ੀਆਂ ਬਹੁ-ਲੇਨੀਆਂ ਸੜਕਾਂ ਏਨੀਆਂ ਪਿਚਕੀਆਂ ਹੋਈਆਂ ਹੁੰਦੀਆਂ ਸਨ ਕਿ ਅੱਗਿਓਂ ਆ ਰਹੇ ਟਾਂਗੇ, ਟਰੱਕ ਜਾਂ ਬੱਸ ਕੋਲ਼ੋਂ ਗੁਜ਼ਰਨ ਲਈ ਅੱਧੀ ਗੱਡੀ ਨੂੰ ਲੁੱਕਦਾਰ ਸੜਕ ਤੋਂ ਹੇਠਾਂ ਉਤਾਰਨਾ ਪੈਂਦਾ ਸੀ। ਪਿੰਡਾਂ ਨੂੰ ਮੁੱਖ ਸੜਕਾਂ ਨਾਲ ਜੋੜਨ ਵਾਲੀਆਂ ਅੱਜ ਦੀਆਂ ਲਿੰਕ ਸੜਕਾਂ ਦਾ ਓਦੋਂ ਹਾਲੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਸੀ। ਇਸ ਲਈ ਲਾਗੇ-ਸ਼ਾਗੇ ਦੇ ਪਿੰਡਾਂ `ਚ ਜਾਣ ਲਈ, ਸਾਡੇ ਤਿੰਨਾਂ ਲਈ ਰਾਖਵਾਂ ਰੱਖਿਆ ਇੱਕੋ-ਇੱਕ ਸਾਈਕਲ ਹੀ, ਸਾਡੇ ਲਈ ਲੋਹੇ ਦੀ ਬੱਕੀ ਦਾ ਕੰਮ ਦਿੰਦਾ ਸੀ। ਜੇ ਕਿਤੇ ਦੂਰ ਤੋਂ ਸੱਦਾ ਆ ਜਾਂਦਾ ਤਾਂ ਮੋਗਿਓਂ ਬੱਸ ਪਕੜ ਕੇ ਸਾਈਕਲ ਨੂੰ ਬੱਸ ਦੇ ਸਿਰ `ਤੇ ਸਵਾਰ ਕਰ ਲਿਆ ਜਾਂਦਾ।

ਸਾਡੇ ਇਸ ਇੱਕੋ-ਇੱਕ ਸਾਈਕਲ ਦੇ ਮੂਹਰਲੇ ਡੰਡੇ `ਤੇ ਰਛਪਾਲ ਨੂੰ ਸਵਾਰ ਕਰ ਕੇ ਤੇ ਪਿਛਲੀ ਕਾਠੀ ਉੱਤੇ ਮੈਨੂੰ ਲੱਦ ਕੇ ਬਲਵੰਤ ਸਾਨੂੰ ਦੂਰ-ਦੂਰ ਤੀਕ ਘੁਮਾਅ ਲਿਆਉਂਦਾ। ਇਹ ਸਾਈਕਲ ਆਪਣੀ ਬਜ਼ੁਰਗੀ ਵੱਲ ਵਧ ਰਿਹਾ ਸੀ ਲੇਕਿਨ ਬੜਾ ਸ਼ਰਾਰਤੀ ਹੋ ਗਿਆ ਸੀ। ਬਲਵੰਤ ਦੇ ਪਜਾਮੇ ਦੀ ਮੂਹਰੀ ਕਦੇ ਚੇਨ ਕਵਰ `ਚ ਉਲਝਾਅ ਲੈਂਦਾ ਤੇ ਕਦੇ ਪੈਡਲ ਦੀ ਸ਼ਾਫ਼ਟ ਉਦਾਲ਼ੇ ਲਪੇਟ ਕੇ ਫੱਟੜ ਕਰ ਸੁੱਟਦਾ। ਪਜਾਮੇ ਨੂੰ ਚੇਨ-ਕਵਰ ਤੇ ਪੈਡਲ-ਸ਼ਾਫ਼ਟ ਦੀਆਂ ਸ਼ਰਾਰਤਾਂ ਤੋਂ ਬਚਾਉਣ ਲਈ ਬਲਵੰਤ ਆਪਣੇ ਪਜਾਮੇਂ ਦੀਆਂ ਮੂਹਰੀਆਂ ਉਦਾਲ਼ੇ ਸੇਬੇ ਬੰਨ੍ਹਣ ਲੱਗ ਪਿਆ। ਉਧਰ ਸਾਈਕਲ ਦੀ ਕਾਠੀ ਜਿਓਂ ਜਿਓਂ ਪੁਰਾਣੀ ਹੁੰਦੀ ਜਾਂਦੀ, ਤਿਓਂ ਤਿਓਂ ਉਸ ਨੂੰ ਬਲਵੰਤ ਦੇ ਪੱਟਾਂ ਦੇ ਅੰਦਰਲੇ ਪਾਸੇ ਚੂੰਢੀਆਂ ਭਰਨ ਦਾ ਭੁਸ ਪੈਣ ਲਗਦਾ। ਕਾਠੀ ਦੀਆਂ ਚੂੰਢੀਆਂ ਜਦੋਂ ਬਹੁਤੀਆਂ ਹੀ ‘ਵਿਗੜ’ ਜਾਂਦੀਆਂ ਤਾਂ ਬਲਵੰਤ ਕਾਠੀ ਉਦਾਲ਼ੇ ਇੱਕ ਪਰਨਾ ਲਪੇਟ ਲੈਂਦਾ।

ਮੂਹਰਲੇ ਪਾਸੇ ਬੈਠੇ ਰਛਪਾਲ ਦੇ ਹੱਥ `ਚ ਗਿਲਾਫ਼ ਵਿੱਚ ਲਪੇਟੀ ਤੂੰਬੀ ਫੜੀ ਹੁੰਦੀ, ਸਾਈਕਲ ਦੇ ਹੈਂਡਲ ਨਾਲ਼ ਲਟਕਦੇ ਕੱਪੜੇ ਦੇ ਝੋਲ਼ੇ `ਚ ਢੱਡਾਂ, ਤੇ ਹੱਥਾਂ ਵਿੱਚ ਚਮੜੇ ਦਾ, ਤਿੰਨ-ਤਹੀਆ, ਇੱਕ ਬੈਗ਼ ਪਕੜੀ ਮੈਂ ਪਿਛਲੀ ਕਾਠੀ `ਤੇ ਬੈਠਾ ਹੁੰਦਾ। ਬੈਗ਼ ਦੀ ਇੱਕ ਤਹਿ `ਚ ਸਾਈਕਲ ਦੀਆਂ ਦੋ-ਤਿੰਨ ਟਿਊਬਾਂ ਦੇ ਨਾਲ਼ ਨਾਲ਼, ਤਿੰਨ-ਚਾਰ ਰੈਂਚ, ਇੱਕ ਪੇਚਕਸ, ਬੌਣੀ ਜਿਹੀ ਇੱਕ ਹਥੌੜੀ, ਪੰਕਚਰ ਲਈ ਸਲਿਊਸ਼ਨ ਤੇ ਰੇਗਮਾਰ (ਸੈਂਡਪੇਪਰ), ਤੇ ਇੱਕ ਮੋਟੇ ਬਲੇਡ ਵਾਲ਼ਾ ਪੱਕੇ ਲੋਹੇ ਦਾ ਗਿੱਠ ਕੁ ਲੰਬਾਂ ਚਾਕੂ ਹੁੰਦਾ। ਵਿਚਕਾਰਲੀ ਤਹਿ `ਚ ਇੱਕ ਅਖ਼ਬਾਰ ਵਿੱਚ ਲਪੇਟ ਕੇ ਰੱਖੀ ਫਲੈਸ਼ਲਾਈਟ ਅਤੇ ਟਾਇਰਾਂ `ਚ ਹਵਾ ਭਰਨ ਲਈ, ਲੀਰਾਂ `ਚ ਲਿਪਟਿਆ ਹੋਇਆ ਪੰਪ।

ਇੱਕ ਦਿਨ ਅਸੀਂ, ਸਾਡੇ ਪਿੰਡੋਂ 20-22 ਮੀਲ ਦੀ ਦੂਰੀ `ਤੇ, ਬੱਧਣੀ-ਬਿਲਾਸਪੁਰ ਦੇ ਨੇੜਲੇ ਇੱਕ ਮਸ਼ਹੂਰ ਪਿੰਡ ਲੱਖਾ ਵਿਖੇ ਬਾਅਦ-ਦਪਹਿਰ ਦੀ ਗਾਇਕੀ ਕਰਨ ਗਏ ਹੋਏ ਸਾਂ। ਸਾਡਾ ਖ਼ਿਆਲ ਸੀ ਕਿ ਦਿਨ ਛਿਪਣ ਤੋਂ ਕਾਫ਼ੀ ਸਮਾਂ ਪਹਿਲਾਂ ਗਾਇਕੀ ਬੰਦ ਕਰ ਕੇ ਅਸੀਂ ਆਪਣੇ ਪਿੰਡ ਵੱਲ ਨੂੰ ਚਾਲੇ ਪਾ ਲਵਾਂਗੇ ਤੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ, ਬਾਰਾਂ ਕੁ ਮੀਲ ਦੇ ਫ਼ਾਸਲੇ `ਤੇ ਵਗਦੀ ਮੋਗਾ-ਬਰਨਾਲ਼ਾ ਸੜਕ `ਤੇ ਜਾ ਚੜ੍ਹਾਂਗੇ, ਪ੍ਰੰਤੂ ਸ੍ਰੋਤੇ ਸਾਡੀ ਗਾਇਕੀ `ਚ ਏਨੇ ਗੜੁੱਚ ਹੋ ਗਏ ਕਿ ਗਾਇਕੀ ਲਮਕਦੀ ਹੀ ਤੁਰੀ ਗਈ। ਆਖ਼ਰ ਜਦੋਂ ਗਾਇਕੀ ਦਾ ਭੋਗ ਪਿਆ ਤਾਂ ਸੂਰਜ ਹੋਰੀਂ ਧਰਤੀ ਦੇ ਪੁਆਂਦੀਂ ਚੁੱਭੀ ਮਾਰਨ ਦੀ ਤਿਆਰੀ `ਚ ਸਨ। ਲੱਖੇ ਤੋਂ ਤੁਰਨ ਤੀਕਰ ਮੂੰਹ-ਹਨੇਰਾ ਉੱਤਰ ਆਇਆ ਸੀ ਜਿਸ ਵਿੱਚ ਹਲਕੀ ਹਲਕੀ ਠੰਡ, ਤੇਜ਼-ਹੋ-ਗਈ ਹਵਾ ਨਾਲ਼ ਗਹਿਰਾਈ ਫੜਦੀ ਜਾ ਰਹੀ ਸੀ। ਬਲਵੰਤ ਨੇ ਸਾਈਕਲ ਨੂੰ ਥਾਪੀ ਦਿੱਤੀ ਤੇ ਚਿੱਕੜ-ਭਰੀਆਂ ਗਲੀਆਂ ਵਿਚਦੀ, ਲਿਬੜਣ ਤੋਂ ਬਚਦੇ ਬਚਦੇ, ਅਸੀਂ ਪਿੰਡ ਲੱਖਾ ਦੀ ਫਿਰਨੀ `ਤੇ ਆ ਨਿੱਕਲ਼ੇ। ਸਰਦੀਆਂ ਦਾ ਮੌਸਮ ਹੋਣ ਕਾਰਨ ਘਰਾਂ ਦੇ ਦੀਵੇ, ਲਾਲਟੈਣਾਂ, ਤੇ ਲੈਂਪ ਵੀ ਕੋਠਿਆਂ ਦੇ ਅੰਦਰ ਛੁਪੇ ਬੈਠੇ ਸਨ। ਲੱਖੇ ਤੋਂ ਬੱਧਣੀ ਅੱਪੜਣ ਲਈ ਪਿੰਡ ਚਕਰ ਨੂੰ ਜਾਣਾ ਪੈਣਾ ਸੀ ਜਿੱਥੋਂ ਲੋਪੋ ਵਿਚਦੀ ਹੁੰਦੇ ਹੋਏ ਅਸੀਂ ਬੱਧਣੀ ਵਾਲੀ ਸੜਕ `ਤੇ ਚੜ੍ਹਨਾ ਸੀ। ਗਾਇਕੀ ਵਾਲੀ ਧਰਮਸ਼ਾਲਾ ਤੋਂ ਸਾਡੇ ਨਾਲ਼ ਨਾਲ਼ ਆ ਰਹੇ ਸਾਡੇ ਪ੍ਰਸੰਸਕਾਂ ਨੇ ਚਕਰ ਦੇ ਰਾਹ `ਤੇ ਆ ਕੇ ਸਾਨੂੰ ਅਲਵਿਦਾ ਆਖੀ ਤੇ ਬਲਵੰਤ ਨੇ ਰਛਪਾਲ ਨੂੰ ਸਾਈਕਲ ਦੇ ਮੂਹਰਲੇ ਡੰਡੇ `ਤੇ ਸਵਾਰ ਕਰ ਲਿਆ। ਜਿਓਂ ਹੀ ਖੱਬੇ ਪੈਡਲ `ਤੇ ਆਪਣਾ ਖੱਬਾ ਪੈਰ ਧਰਕੇ ਉਹ ਉੱਪਰਲੀ ਕਾਠੀ `ਤੇ ਹੋਇਆ, ਮੈਂ ਛਾਲ਼ ਮਾਰ ਕੇ ਪਿਛਲੇ ਕੈਰੀਅਰ `ਤੇ ਬੈਠ ਗਿਆ। ਆਲ਼ੇ-ਦੁਆਲ਼ੇ ਵਾਹਵਾ ਹਨੇਰਾ ਸੀ ਪ੍ਰੰਤੂ ਹਨੇਰੇ ਦਾ ਵੀ ਆਪਣਾ ਇੱਕ ਮੱਧਮ ਜਿਹਾ ਚਾਨਣ ਹੁੰਦਾ ਹੈ, ਜਾਂ ਸ਼ਾਇਦ ਅੱਖਾਂ ਦਾ ਆਪਣਾ ਇੱਕ ਸਿਸਟਮ ਹੁੰਦਾ ਹੈ ਜਿਸ ਤਹਿਤ ਉਹ, ਘੁੱਪ ਹਨੇਰੇ ਵਿੱਚ ਵੀ ਧੁੰਦਲ਼ਾ ਜਿਹਾ ਦੇਖ ਸਕਣ ਦੀ ਸ਼ਕਤੀ ਹਾਸਲ ਕਰ ਲੈਂਦੀਆਂ ਨੇ। ਕੱਚੇ ਤੇ ਖਾਭਿਆਂ-ਭਰੇ ਰਾਹ `ਤੇ ਕਦੇ-ਕਦੇ ਲੜਖੜਾ ਜਾਂਦੇ ਸਾਈਕਲ ਨੂੰ ਕਾਬੂ `ਚ ਰੱਖ ਰਿਹਾ ਬਲਵੰਤ ਸਾਹੋ-ਸਾਹ ਹੋਇਆ ਸਾਈਕਲ ਚਲਾਈ ਜਾ ਰਿਹਾ ਸੀ ਤੇ ਨਾਲ਼ ਨਾਲ਼ ਉਸ ਦਿਨ ਦੀ ਗਾਇਕੀ ਦੀਆਂ ਤਾਰੀਫ਼ਾਂ ਤੇ ਰਹਿ-ਗਈਆਂ ਕਮਜ਼ੋਰੀਆਂ ਦੀ ਅਲੋਚਨਾ ਕਰੀ ਜਾ ਰਿਹਾ ਸੀ। ਅਚਾਨਕ ਹੀ ਉਸ ਨੂੰ ਰੁਪਈਆਂ ਨਾਲ਼ ਉਸ ਦਾ ਭਰਿਆ ਖੀਸਾ ਯਾਦ ਆਇਆ। –ਆਪਾਂ ਨੂੰ ਕਾਫ਼ੀ ਸਵਖਤੇ ਤੁਰਨਾ ਚਾਹੀਦਾ ਸੀ, ਉਹ ਬੁੜਬੁੜਾਇਆ। –ਜੇ ਭਲਾ ਕੋਈ ਲੁਟੇਰਾ ਆਪਾਂ ਨਿਆਣਿਆਂ ਨੂੰ ਹਨੇਰੇ `ਚ ਰੋਕ ਲਵੇ ਤਾਂ ਕੀ ਕਰਲਾਂਗੇ ਆਪਾਂ! ਨਾਲ਼ੇ ਤਾਂ ਅਗਲਾ ਆਪਣਾ ਸਾਈਕਲ ਖੋਹ ਕੇ ਲੈ ਜੂ ਤੇ ਨਾਲ਼ ਆਹ ਸੌ, ਸਵਾ ਸੌ ਰੁਪਈਏ ਲੁੱਟ ਕੇ ਚਲਦਾ ਬਣੂ।

ਧਿੱਬੜ-ਧੋੜਿਆਂ ਤੇ ਰੇਤੇ-ਚਿਕੱੜ `ਚ ਲਿਪਟੇ, ਪੰਜ ਛੇ ਮੀਲ ਮੀਲ ਦੇ ਲੰਮੇ ਹਨੇਰੇ ਸਫ਼ਰ ਤੋਂ ਬਾਅਦ, ਅਸੀਂ ਪਿੰਡ ਚਕਰ ਦੀ ਜੂਹ `ਚ ਸਾਂ। ਲੱਖੇ ਵਾਲਾ ਰਸਤਾ ਅੰਤ ਚਕਰ ਦੀ ਫਿਰਨੀ ਤੇ ਜਾ ਕੇ ਘਰਾਂ ਨਾਲ਼ ਜਾ ਟਕਰਾਇਆ। ਉਥੋਂ ਫਿਰਨੀ ਖੱਬੇ ਨੂੰ ਵੀ ਜਾਂਦੀ ਸੀ ਤੇ ਸੱਜੇ ਨੂੰ ਵੀ।

–ਉੱਤਰੀਂ ਢੋਲਾ, ਕਹਿ ਕੇ ਬਲਵੰਤ ਨੇ ਸਾਈਕਲ ਨੂੰ ਬਰੇਕ ਮਾਰੇ। (ਮੈਨੂੰ ਨਿੱਕੇ ਹੁੰਦਿਆਂ ਘਰ ਵਿੱਚ ਉਪਨਾਮ ‘ਢੋਲ’ ਨਾਲ਼ ਵੀ ਪੁਕਾਰਿਆ ਜਾਂਦਾ ਸੀ) ਬਰੇਕ ਨਾਲ਼ ਹੋਈ ਕਿਰੜ-ਕਿਰੜ ਸੁਣਦਿਆਂ ਹੀ ਸਾਹਮਣੀ ਕੰਧ ਦੇ ਮੁੱਢ ਕੁੰਗੜ ਕੇ ਬੈਠੇ ਪੰਜ ਛੇ ਕੁੱਤੇ ਇੱਕ ਦਮ ਹਰਕਤ `ਚ ਆ ਗਏ। ਉਹਨਾਂ ਦੇ ਭੌਕਣ ਨਾਲ ਘੂਕ ਸੁੱਤੀ ਰਾਤ ਕੰਬਣ ਲੱਗੀ। ਇੱਕ ਮੋਟਾ ਜਿਹਾ ਕੁੱਤਾ ਸੱਜੇ ਪਾਸੇ ਬੜੀ ਦੂਰ ਤੋਂ ਭੌਂਕਦਾ ਹੋਇਆ ਤੀਰ ਵਾਂਗ ਸਾਡੇ ਵੱਲ ਵਧਿਆ ਤੇ ਪਲ ਹੀ `ਚ ‘ਕੜਾਕ’ ਦੇ ਖੜਾਕ ਤੋਂ ਬਾਅਦ ਚਊਂ-ਚਊਂ ਕਰਦਾ ਪਰਲੇ ਪਾਸੇ ਨੂੰ ਦੌੜ ਗਿਆ। ਉਹ ਵਿਚਾਰਾ ਸਾਨੂੰ ਪੈਦਲ ਸਮਝ ਕੇ ਸਾਨੂੰ ਬੁਰਕ ਮਾਰਨ ਲਈ ਦੌੜਦਾ ਹੋਇਆ ਆਇਆ ਸੀ ਤੇ ਅਣਜਾਣੇ `ਚ ਹੀ ਮੂਹਰਲੇ ਚੱਕੇ ਨਾਲ਼ ਪੂਰੇ ਜ਼ੋਰ ਨਾਲ਼ ਆ ਟੱਕਰਾਇਆ ਸੀ। ਉਹਦਾ ਚਉਂਕਣਾ ਤੇ ਦੌੜਨਾ ਸੁਣ ਕੇ ਬਾਕੀ ਦੀ ਕੁਤੀੜ੍ਹ ਵੀ ਟੌਂਕਦੀ ਟੌਂਕਦੀ ਉਹਦੇ ਮਗਰੇ ਦੌੜ ਗਈ।

ਬਲਵੰਤ ਨੂੰ ਹੁਣ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਫਿਰਨੀ ਉੱਪਰ ਸੱਜੇ ਨੂੰ ਮੁੜਨਾ ਹੈ ਜਾਂ ਖੱਬੇ ਨੂੰ। –ਆਪਣੇ ਪਿੰਡੋਂ ਜਦੋਂ ਆਪਾਂ ਐਸ ਥਾਂ `ਤੇ ਅੱਪੜੇ ਸੀ ਤਾਂ ਭਲਾ ਐਧਰੋਂ ਆਏ ਸੀ ਜਾਂ ਔਧਰੋਂ, ਸੱਜੇ-ਖੱਬੇ ਹੱਥ ਘੁਮਾਉਂਦਿਆਂ ਉਹ ਸੋਚਣ ਲੱਗਾ। ਮੈਂ ਤੇ ਰਛਪਾਲ ਚੁੱਪ ਸਾਂ। ਕੁੱਝ ਪਲਾਂ ਬਾਅਦ, ਰਛਪਾਲ ਨੂੰ ਮੂਹਰਲੇ ਡੰਡੇ `ਤੇ ਬਿਠਾਈ, ਉਸ ਨੇ ਸਾਈਕਲ ਸੱਜੇ ਪਾਸੇ ਨੂੰ ਤੋਰ ਲਿਆ। ਫਿਰਨੀ `ਤੇ ਰੁੜ੍ਹਦਾ ਸਾਈਕਲ ਕਦੇ ਚਿੱਕੜ ਨਾਲ਼ ਲਿੱਬੜ ਜਾਵੇ ਤੇ ਕਦੇ ਕਿਸੇ ਵੱਟ ਜਿਹੀ `ਤੇ ਚੜ੍ਹ ਜਾਵੇ। ਹਨੇਰੇ `ਚ ਖਲੋਤੇ ਦਰਖ਼ਤ ਜਿਵੇਂ ਕਾਲੀਆਂ ਚਾਦਰਾਂ `ਚ ਲਪੇਟੇ ਹੋਏ ਹੋਵਣ। ਇੱਕ ਕੰਧ ਮੁਕਦੀ ਤੇ ਦੂਸਰੀ ਸ਼਼ੁਰੂ ਹੋ ਜਾਂਦੀ। ਥੋੜੀ ਥੋੜੀ ਦੂਰੀ ਬਾਅਦ ਪਤਲੀਆਂ-ਪਤਲੀਆਂ ਗਲ਼ੀਆਂ ਪਿੰਡ ਵਾਲੇ ਪਾਸੇ ਨੂੰ ਜਾਂਦੀਆਂ ਨਜ਼ਰ ਪੈਂਦੀਆਂ। ਚਕਰ ਪਿੰਡ ਦੀ ਫਿਰਨੀ ਤੋਂ ਲੋਪੋ ਵੱਲ ਨੂੰ ਕਿਹੜੇ ਰਾਹ ਮੁੜਨਾ ਸੀ, ਇਸ ਦਾ ਸਾਨੂੰ ਕੋਈ ਇਲਮ ਨਹੀਂ ਸੀ। ਦੋ ਕੁ ਮਿੰਟ ਬਾਅਦ ਇੱਕ ਖਸਤਾ ਜਿਹਾ ਰਸਤਾ ਸੱਜੇ ਪਾਸੇ ਕਿਸੇ ਪਿੰਡ ਵੱਲ ਨੂੰ ਮੁੜਦਾ ਦਿਸਿਆ। ਬਲਵੰਤ ਰੁਕ ਗਿਆ ਤੇ ਰਾਹ ਬਾਰੇ ਸੋਚਣ ਲੱਗਾ। –ਕਿਸੇ ਤੋਂ ਪੁੱਛਣਾ ਪੈਣੈ, ਉਹ ਬੁੜਬੁੜਾਇਆ। ਪਰ ਹਨੇਰੇ `ਚ ਡੁੱਬੇ ਸਾਰੇ ਪਿੰਡ ਦੀਆਂ ਤਾਂ ਕੰਧਾਂ ਵੀ ਸੁੱਤੀਆਂ ਪਈਆਂ ਸਨ। ਸੱਜੇ ਪਾਸੇ ਵੱਲ ਮੁੜਦੇ ਰਾਹ ਦੇ ਨਾਲ਼ ਹੀ ਅੱਧ ਕੁ ਏਕੜ ਕੁ ਦੀ ਵਾਟ ਉੱਤੇ ਦੋ-ਤਿੰਨ ਸੰਘਣੇ ਜਿਹੇ ਦਰਖ਼ਤਾਂ ਦਾ ਝਾਉਲਾ ਨਜ਼ਰ ਆਉਣ ਲੱਗਾ। ਬਲਵੰਤ ਨੇ ਰਛਪਾਲ ਨੂੰ ਸਾਈਕਲ ਤੋਂ ਉਤਾਰਿਆ ਤੇ ਸਾਈਕਲ ਮੇਰੇ ਹੱਥਾਂ `ਚ ਕਰ ਕੇ ਉਹ ਦਰਖ਼ਤਾਂ ਹੇਠ ਨਿੰਮੀ-ਨਿੰਮੀ ਜਲ਼ ਰਹੀ ਅੱਗ ਵੱਲ ਵਧਿਆ। ਉਸ ਦਾ ਖ਼ਿਆਲ ਸੀ ਕਿ ਪਿੰਡ ਦੇ ਵਿਹਲੜ ਮੁੰਡੇ ਦਰਖ਼ਤਾਂ ਹੇਠ ਧੂਣੀ ਲਾ ਕੇ ਅੱਗ ਸੇਕ ਰਹੇ ਹੋਣਗੇ; ਉਨ੍ਹਾਂ ਤੋਂ ਚਕਰ ਵਾਲਾ ਰਸਤਾ ਪੁੱਛਿਆ ਜਾ ਸਕਦਾ ਹੈ। ਪ੍ਰੰਤੂ ਮਿੰਟ ਕੁ ਬਾਅਦ ਉਨ੍ਹਾਂ ਦਰਖ਼ਤਾਂ ਉੱਤੋਂ ਗਿਰਝਾਂ ਦੇ ਕਰੀਚਣ ਤੇ ਫੜਫੜਾਉਣ ਦੀ ਆਵਾਜ਼ ਆਈ ਤੇ ਉਹ ਹਫ਼ਿਆ ਹੋਇਆ ਸਾਡੇ ਕੋਲ਼ ਅੱਪੜ ਗਿਆ।

–ਕੀ ਹੋ ਗਿਆ? ਮੈਂ ਕਾਹਲ਼ੀ ਨਾਲ਼ ਪੁੱਛਿਆ।

–ਓਥੇ ਤਾਂ ਯਾਰ ਸਿਵਾ ਜਲ਼ਦਾ ਐ, ਮੈਂ ਤਾਂ ਡਰਦਾ ਮਾਰਾ ਦੌੜ ਆਇਆਂ ਓਥੋਂ।

ਹੋ ਸਕਦਾ ਹੈ ਮਸਾਣਾਂ ਕੋਲ਼ ਦੀ ਗੁਜ਼ਰਦਾ ਇਹੀ ਰਸਤਾ ਹੀ ਲੋਪੋ ਨੂੰ ਜਾਂਦਾ ਹੋਵੇ, ਪ੍ਰੰਤੂ ਏਸ ਰਸਤੇ `ਤੇ ਜਾਣਾ ਤਾਂ ਕੀ ਸਾਡਾ ਤਾਂ ਏਸ ਰਸਤੇ ਵੱਲ ਝਾਕਣ ਨੂੰ ਜੀ ਵੀ ਨਹੀਂ ਸੀ ਕਰ ਰਿਹਾ। ਅਸੀਂ ਕਾਹਲੀ ਨਾਲ਼ ਫਿਰਨੀ ਉੱਤੇ ਹੀ ਅੱਗੇ ਵਧਣ ਲੱਗੇ। ਕੁੱਝ ਕਦਮਾਂ ਦੀ ਵਿੱਥ `ਤੇ ਇੱਕ ਭੀੜੀ ਜਹੀ ਵੀਹੀ ਖੱਬੇ ਪਾਸੇ ਪਿੰਡ ਦੇ ਅੰਦਰ ਵੱਲ ਨੂੰ ਝਾਕਦੀ ਦਿਸੀ। ਬਲਵੰਤ ਨੇ ਸਾਈਕਲ ਨੂੰ ਉਸ ਵੀਹੀ ਵੱਲ ਨੂੰ ਮੋੜ ਲਿਆ। ਸਾਈਕਲ ਦੀ ਸ਼ੂੰ-ਸ਼ੂੰ ਤੇ ਸਾਡੀ ਪੈਰ-ਚਾਪ ਨਾਲ਼, ਸੁੰਨਸਾਨ ਵੀਹੀ ਦੀ ਨੀਂਦ ਉਖੜਣ ਲੱਗੀ। ਹਰ ਘਰ ਦਾ ਦਰਵਾਜ਼ਾ ਬੰਦ ਸੀ ਤੇ ਹਰ ਰੌਸ਼ਨਦਾਨ `ਚ ਹਨੇਰੇ ਦੀਆਂ ਮੋਰੀਆਂ ਨਜ਼ਰ ਆ ਰਹੀਆਂ ਸਨ। ਹੁਣ ਵੀਹੀ ਇੱਕ ਚੁਰਸਤੇ `ਚ ਬਦਲ ਗਈ ਤੇ ਜੱਕੋ-ਤੱਕੀ ਕਰਦੇ ਅਸੀਂ ਸੱਜੇ ਪਾਸੇ ਨੂੰ ਮੁੜ ਗਏ। ਕਾਫ਼ੀ ਕਦਮ ਤੁਰਨ ਤੋਂ ਬਾਅਦ ਇੱਕ ਰੌਸ਼ਨਦਾਨ ਦੀਆਂ ਮੋਰੀਆਂ `ਚ ਹਲਕਾ ਜਿਹਾ ਚਾਨਣ ਦਿਸਿਆ। ਅਸੀਂ ਸਾਈਕਲ ਨੂੰ ਥੰਮਿਆਂ ਤੇ ਰੌਸ਼ਨਦਾਨ ਦੇ ਹੇਠ ਬੰਦ ਖਲੋਤੇ ਦਰਵਾਜ਼ੇ ਕੋਲ਼ ਚਲੇ ਗਏ। ਦੋ ਕੁ ਮਿੰਟ ਚੁੱਪ ਰਹਿਣ ਤੋਂ ਬਾਅਦ, ਬਲਵੰਤ ਨੇ ਆਪਣਾ ਕੰਨ ਦਰਵਾਜ਼ੇ ਨੂੰ ਜੋੜ ਦਿੱਤਾ। ਅੰਦਰ ਚੁੱਪ-ਚਾਂ ਸੀ। ਬਲਵੰਤ ਨੇ ਆਪਣੀ ਮੂਹਰਲੀ ਉਂਗਲ਼ ਦੇ ਸਿਰੇ ਨੂੰ ਆਪਣੇ ਅੰਗੂਠੇ ਨਾਲ਼ ਜੋੜਿਆ ਤੇ ਉਂਗਲ਼ ਦੀ ਪਿੱਠ ਨਾਲ਼ ਇੱਕ ਪੋਲੀ ਜਿਹੀ ਠੱਕ-ਠੱਕ ਦਰਵਾਜ਼ੇ `ਤੇ ਜੜ ਦਿੱਤੀ। ਕੰਨ ਨੂੰ ਦੋਬਾਰਾ ਦਰਵਾਜ਼ੇ ਨਾਲ਼ ਜੋੜ ਕੇ ਹੁਣ ਉਹ ਅੰਦਰ ਦੀ ਘੁਸਰ-ਮੁਸਰ ਸੁਣਨ ਲੱਗਾ। ਅੰਦਰ ਦੀ ਚੁੱਪ ਅਟੁੱਟ ਰਹੀ। 15-20 ਕੁ ਸਕਿੰਟਾਂ ਬਾਅਦ ਬਲਵੰਤ ਨੇ ਦਰਵਾਜ਼ੇ ਨੂੰ ਦੁਬਾਰਾ ਜ਼ਰਾ ਜ਼ੋਰ ਨਾਲ਼ ਠੰਗੋਰਿਆ ਤਾਂ ਅੰਦਰੋਂ ਆਵਾਜ਼ ਆਈ: ਕੌਣ ਐ ਵਈ?

-ਅਸੀਂ ਬਾਈ ਜੀ ਰਾਹੀ ਆਂ ਤੇ ਰਸਤਾ ਭੁੱਲ ਗਏ ਆਂ।

-ਕਾਦ੍ਹਾ ਰਸਤਾ? ਕਿੱਧਰ ਚਲੇ ਓਂ ਤੁਸੀਂ ਐਡੀ ਰਾਤ ਗਏ?

-ਅਸੀਂ ਬਾਈ ਜੀ ਲੋਪੋ ਨੂੰ ਜਾਣੈ, ਪਰ ਸਾਨੂੰ ਰਾਹ ਨੀ ਲੱਭ ਰਿਹਾ।

ਅਗਲੇ ਹੀ ਪਲ ਦਰਵਾਜ਼ੇ ਦੇ ਅੰਦਰੋਂ ਕੁੰਡੀ ਦੇ ਮਰੋੜਾ ਖਾਣ ਅਤੇ ਕੜੱਕ ਕਰ ਕੇ ਖੁਲ੍ਹਣ ਦੀ ਅਵਾਜ਼ ਆਈ ਤੇ ਦੋਵੇਂ ਦਰਵਾਜ਼ੇ ਮਲਕੜੇ ਜੇਹੇ ਪਿੱਛੇ ਨੂੰ ਹਟ ਕੇ ਇੱਕ ਦੂਸਰੇ ਤੋਂ ਗਿੱਠ ਕੁ ਦੂਰੀ `ਤੇ ਚਲੇ ਗਏ। ਅੰਦਰਲੇ ਵਿਅਕਤੀ ਨੇ ਆਪਣੇ ਹੱਥ `ਚ ਫੜੀ ਫ਼ਲੈਸ਼ਲਾਈਟ ਦੀ ਸਵਿੱਚ ਨੱਪੀ ਕੀਤੀ ਤੇ ਚਾਨਣ ਦੀ ਇੱਕ ਤਿੱਖੀ ਪਿਚਕਾਰੀ ਬਲਵੰਤ ਦੀਆਂ ਅੱਖਾਂ `ਚ ਚੋਭ ਦਿੱਤੀ।

ਅੱਖਾਂ ਨੂੰ ਸੁੰਗੇੜਦਿਆਂ ਬਲਵੰਤ ਨੇ ਦੋਵੇਂ ਹੱਥ ਜੋੜ ਦਿੱਤੇ: ਸਾਸਰੀ ‘ਕਾਲ ਜੀ!

ਫ਼ਲੈਸ਼ਲਾਈਟ ਹੁਣ ਮੇਰੀਆਂ ਅੱਖਾਂ ਵੱਲ ਮੁੜ ਕੇ ਛੋਟੇ ਰਛਪਾਲ ਦੇ ਚਿਹਰੇ `ਤੇ ਗੱਡੀ ਗਈ।

-ਹਾਅ ਕੀ ਐ ਤੇਰੇ ਕੋਲ਼ ਕੱਪੜੇ `ਚ ਲਪੇਟਿਆ ਹੋਇਆ … ਫ਼ਲੈਸ਼ਲਾਈਟ ਨੂੰ ਰਛਪਾਲ ਦੇ ਹੱਥਾਂ `ਤੇ ਉੱਪਰ-ਥੱਲੇ ਕਰਦਿਆਂ ਉਹ ਬੋਲਿਆ। –ਕਿਤੇ ਬੰਦੂਕ ਤਾਂ ਨੀ ਲਕੋਈ ਫਿਰਦੇ?

-ਨੲ੍ਹੀਂ ਬਾਈ ਜੀ, ਬਲਵੰਤ ਮੁਸਕੜੀਂ ਬੋਲਿਆ। -ਇਹ ਤਾਂ ਤੂੰਬੀ ਐ, ਗਿਲਾਫ਼ `ਚ ਲਿਪਟੀ ਹੋਈ।

-ਅੱਛਾ …! ਕੀ ਭੀੜ ਪੈਗੀ ਐਸ ਵੇਲੇ ਮੁੰਡਿਓ? ਸੁੱਖ ਤਾਂ ਹੈ?

-ਅਸੀਂ ਬਾਈ ਜੀ ਗਾਇਕੀ ਕਰ ਕੇ ਆਏ ਆਂ, ਲੱਖੇ ਤੋਂ।

-ਕਿਹੜੇ ਨੱਗਰ ਤੋਂ ਐਂ ਤੁਸੀਂ?

-ਰਾਮੂਵਾਲਾ ਪਿੰਡ ਐ ਸਾਡਾ।

-ਕਿਤੇ ਕਰਨੈਲ ਕਵੀਸ਼ਰ ਦੇ ਮੁੰਡੇ ਤਾਂ ਨ੍ਹੀਂ ਤੁਸੀਂ?

-ਹਾਂ ਜੀ!

ਬਲਵੰਤ ਦੀ ‘ਹਾਂ ਜੀ’ ਸੁਣਦਿਆਂ ਹੀ ਅੰਦਰਲੇ ਵਿਅਕਤੀ ਨੇ ਦਰਵਾਜ਼ਿਆਂ ਨੂੰ ਤਹਿ-ਮਾਰੀ ਚਾਦਰ ਵਾਂਗ ਖੋਲ੍ਹ ਦਿੱਤਾ। –ਸਾਈਕਲ ਕੰਧ ਨਾਲ਼ ਲਾ ਕੇ ਅੰਦਰ ਆ ਜੋ!

ਅੰਦਰ ਇੱਕ ਮੇਜ਼ ਉੱਤੇ ਜਗ ਰਹੀ ਲਾਲਟੈਣ ਵਿੱਚੋਂ ਨਿੱਕਲ ਰਿਹਾ ਕਮਜ਼ੋਰ ਜਿਹਾ ਚਾਨਣ ਕਮਰੇ ਦੀਆਂ ਮੋਟੀਆਂ ਮੋਟੀਆਂ ਚੀਜ਼ਾਂ ਉੱਤੇ ਡੁਲ੍ਹ ਰਿਹਾ ਸੀ। ਲਾਲਟੈਣ ਦੇ ਲਾਗੇ ਹੀ ਪਈ ਸ਼ੀਸ਼ੀ `ਚ ਲਾਲ ਰੰਗ ਦਾ ਤਰਲ ਪਦਾਰਥ ਦੇਖ ਕੇ ਅਤੇ ਮੰਜੇ `ਤੇ ਪਈ ਔਰਤ ਦੇ ਗਲ਼ੇ `ਚੋਂ ਵਾਰ ਵਾਰ ਨਿੱਕਲ਼ ਰਹੀ ‘ਆਹ, ਆਹ’ ਤੋਂ ਅਸੀਂ ਅੰਦਾਜ਼ ਲਿਆ ਕਿ ਔਰਤ ਬੀਮਾਰ ਸੀ।

-ਢਿੱਲੇ ਆ ਬੀਬੀ ਜੀ? ਪਰਲੇ ਮੰਜੇ `ਤੇ, ਝਿਜਕਦਿਆਂ ਜਿਹਿਆਂ ਬੈਠਦਾ ਬਲਵੰਤ, ਨੀਵੀਂ ਸੁਰ `ਚ ਬੋਲਿਆ।

-ਹਾਂ, ਕਾਕਾ; ਇਹਨਾਂ ਨੂੰ ਕਈਆਂ ਦਿਨਾਂ ਤੋਂ ਬੁਖ਼ਾਰ ਚੜ੍ਹੀ ਜਾਂਦੈ … ਟੀਕੇ ਵੀ ਲੱਗੇ ਐ ਪਰ ‘ਰਾਮ ਨਹੀਂ ਆ ਰਿਹਾ।

ਫਿਰ ਉਹ ਵਿਅਕਤੀ ਉੱਠ ਕੇ ਵਿਹੜੇ ਵਿੱਚ ਚਲਾ ਗਿਆ। ਜਦੋਂ ਦੋ ਕੁ ਮਿੰਟਾਂ ਬਾਅਦ ਉਹ ਪਰਤਿਆ ਤਾਂ ਉਸ ਦੇ ਹੱਥਾਂ `ਚ ਇੱਕ ਗੜਵੀ ਤੇ ਇੱਕ-ਦੂਜੇ `ਚ ਫਸਾਏ ਤਿੰਨ ਪਿੱਤਲ਼ ਦੇ ਗਲਾਸ ਦੇਖ ਕੇ ਅਸੀਂ ਸੁਖ ਦਾ ਸਾਹ ਲਿਆ।

-ਚਾਹ ਤਾਂ ਮੈਂ ਆਵਦੇ ਲਈ ਧਰੀ ਸੀ, ਪਰ ਬਾਹਰੋਂ ਠੰਡ `ਚੋਂ ਆਏ ਓਂ ਤੁਸੀਂ, ਇਸ ਲਈ ਪਹਿਲਾਂ ਚਾਹ ਪੀਓ ਤੇ ਗਰਮੈਸ਼ `ਚ ਆਵੋ!

ਚਾਹ ਦੀਆਂ ਸੰਗਦੀਆਂ ਜਿਹੀਆਂ ਚੁਸਕੀਆਂ ਦੌਰਾਨ ਉਸ ਵਿਅਕਤੀ ਨੇ ਦੱਸਿਆ ਕਿ ਉਸ ਨੇ ਸਾਡੇ ਬਾਪ ਦੀ ਕਵੀਸ਼ਰੀ ਅਨੇਕਾਂ ਵਾਰ ਰੇਡੀਓ ਅਤੇ ਮੇਲਿਆਂ `ਤੇ ਸੁਣੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਸਾਡੇ ਭਯੰਗੀ ਜੱਥੇ ਦੀ ਮਹਿਮਾ ਵੀ ਸੁਣੀ ਸੀ ਤੇ ਉਸ ਨੂੰ ਅੰਦਰ ਸਾਡੀ ਗਾਇਕੀ ਨੂੰ ਸੁਣਨ ਦੀ ਤਮੰਨਾ ਵੀ ਜਾਗੀ ਹੋਈ ਸੀ।

ਚਾਹ ਮੁਕਦਿਆਂ ਹੀ ਉਸ ਨੇ ਸਿਰ `ਤੇ ਪਰਨਾ ਲਪੇਟਿਆ ਤੇ ਸਾਨੂੰ ਫਿਰਨੀਓਂ-ਫਿਰਨੀ ਤੋਰ ਕੇ ਲੋਪੋ ਦੇ ਰਾਹ `ਤੇ ਲੈ ਆਇਆ।

-ਆਹ ਰਾਹ ਸਿੱਧੇ ਚਲੀ ਜਾਣੈ, ਕਿਸੇ ਪਾਸੇ ਨੂੰ ਮੁੜਨਾਂ! ਜਦੋਂ ਲੋਪੋ ਆ ਜਾਵੇ ਤਾਂ ਫਿਰਨੀ `ਤੇ ਐਸ ਪਾਸੇ ਨੂੰ ਘੁੰਮ ਕੇ ਅਗਾਹਾਂ ਖੱਬੇ ਪਾਸੇ ਨੂੰ ਮੁੜ ਜਾਣੈ।

 

****

 

ਕੁਝ ਕੁ ਮਹੀਨਿਆਂ ਬਾਅਦ ਬਿਲਾਸਪੁਰ-ਹਠੂਰ ਦੇ ਨੇੜਲੇ ਪਿੰਡ ਛੀਨੀਵਾਲ਼ ਤੋਂ ਪਿੰਡ ਦੀ ਪੰਚਾਇਤ ਦਾ ਇੱਕ ਨੁਮਾਇੰਦਾ ਗੁਰਦਵਾਰੇ `ਚ ਹੋਣ ਵਾਲੇ ਇੱਕ ਧਾਰਮਿਕ ਦੀਵਾਨ ਲਈ ਬੁੱਕਿੰਗ ਕਰਵਾ ਗਿਆ। ਦੀਵਾਨ ਦੇ ਦਿਨ ‘ਤੋਂ ਪਹਿਲੀ ਸ਼ਾਮ ਬਲਵੰਤ ਨੇ ਲੋਹੇ ਦੀ ਬੱਕੀ ਨੂੰ ਪੁਚਕਾਰਿਆ। ਅਗਲੇ ਹੀ ਪਲ ਉਸ ਨੇ ਟੱਲੀ ਨੂੰ ਘੁਮਾਇਆ ਤੇ ਸਰ੍ਹੋਂ ਦੇ ਤੇਲ ਦਾ ਫੰਭਾ ਟੱਲੀ ਅੰਦਰਲੇ ਸਪਰਿੰਗ ਉੱਤੇ ਨਿਚੋੜ ਦਿੱਤਾ। ਘੰਟੀ ਦੀ ਟੱਲੀ `ਚ ਵੱਜ ਕੇ ‘ਟਣਨ-ਟਣਨ’ ਸਿਰਜਣ ਵਾਲ਼ੀ ਜੀਭ ਉੱਪਰ ਜੰਮੀ ਹੋਈ ਕਾਲਖ਼ ਨੂੰ ਖੁਰਚਿਆ। ਫੇਰ ਉਸ ਨੇ ਬਰੇਕਾਂ ਨੂੰ ਤੇਲ ਸੁੰਘਾਇਆ, ਤੇ ਚੇਨ ਦੀਆਂ ਕੜੀਆਂ ਉੱਪਰ ਗਰੀਸ ਦਾ ਪੇਤਲਾ, ਪੇਤਲਾ ਲੇਪ ਕੀਤਾ। ਇੱਕ ਸੋਟੀ ਨੂੰ ਚੱਕਿਆ ਅਤੇ ਮਡਗਾਰਡਾਂ `ਚ ਫਸਾਅ ਕੇ, ੳਨ੍ਹਾਂ `ਚ ਜੰਮਿਆਂ ਹੋਇਆ ਗਾਰਾ ਝਾੜਿਆ। ਪੰਪ ਨਾਲ਼ ਹਵਾ ਦੀਆਂ ਪਿਚਕਾਰੀਆਂ ਨੂੰ ਦੋਹਾਂ ਟਾਇਰਾਂ `ਚ ਦਾਖ਼ਲ ਕਰ ਕੇ ਉਨ੍ਹਾਂ ਨੂੰ “ਟੈਟ” ਕੀਤਾ।

ਸਵੇਰੇ ਸਾਨੂੰ ਸਵਖ਼ਤੇ ਉਠਾਇਆ, ਇਸ਼ਨਾਨ ਕਰਵਾਇਆ ਤੇ ਲੋਹੇ ਦੀ ਬੱਕੀ `ਤੇ ਲੱਦ ਕੇ ਦਿਨ ਚੜ੍ਹਦੇ ਨੂੰ ਤਿੰਨ ਚਾਰ ਮੀਲ ਦਾ ਸਫ਼ਰ ਤੈਅ ਕਰ ਕੇ ਬੁੱਟਰ ਦੇ ਬੱਸ ਅੱਡੇ `ਚ ਜਾ ਸਿਰ ਕੱਢਿਆ। ਬੱਧਣੀ ਅੱਪੜਦਿਆਂ ਨੂੰ ਸੂਰਜ ਮੱਥੇ `ਚ ਵੱਜਣ ਲੱਗਾ। ਅਗਾਹਾਂ ਸੜਕ ਅਰਧ-ਕੱਚੀ ਹੋਣ ਕਾਰਨ, ਬਿਲਾਸਪੁਰ ਤੀਕ ਦਾ ਅੱਠ ਨੌਂ ਮੀਲ ਦਾ ਪੰਧ ਸੁਖਾਲ਼ਾ ਹੀ ਸੀ। ਬਿਲਾਸਪੁਰੋਂ ਖੱਬੀ ਦਿਸ਼ਾ ਮੁੜ ਕੇ ਪਿੰਡ ਦੀਵਾਨੇ ਤੀਕ ਅੱਪੜਦਿਆਂ, ਧੁੱਧਲ਼ ਨਾਲ਼ ਭਰੇ, ਕੱਚੇ ਰਾਹ `ਤੇ ਸਾਈਕਲ ਚਲਾਉਂਦਾ ਬਲਵੰਤ ਪਸੀਨੋ-ਪਸੀਨੀ ਹੋ ਗਿਆ। ਵਿਚ-ਵਿਚ ਨਿੱਕੀਆਂ-ਨਿੱਕੀਆਂ ਟਿੱਬੀਆਂ ਜਾਂ ਸੁਧਾ ਰੇਤਾ ਆ ਜਾਂਦਾ ਤਾਂ ਅਸੀਂ ਸਾਈਕਲ ਤੋਂ ਉੱਤਰ ਕੇ ਪੈਦਲ ਤੁਰਨ ਲੱਗ ਜਾਂਦੇ। ਛੀਨੀਵਾਲ਼ ਤੋਂ ਡੇਢ ਕੁ ਮੀਲ ਉਰੇ ਸਾਨੂੰ ਇੱਕ ਉੱਚਾ ਟਿੱਬਾ ਉੱਭਰਦਾ ਨਜ਼ਰ ਆਇਆ ਜਿਸ ਉੱਤੋਂ ਦੀ ਸਾਡੇ ਰਸਤੇ ਨੇ ਲੰਘਣਾ ਸੀ।

–ਆਹ ਤਾਂ ਸਾਲ਼ਾ ਪਹਾੜ ਈ ਉੱਗਿਆ ਪਿਐ, ਬਲਵੰਤ ਬੁੜਬੁੜਾਇਆ। ਉਹਨੂੰ ਸਾਈਕਲ ਸਮੇਤ ਟਿੱਬੇ `ਤੇ ਚੜ੍ਹਨ ਤੇ ਫਿਰ ਅੱਗੇ ਉੱਤਰਨ ਦਾ ਸੰਸਾ ਵੱਢਣ ਲੱਗ ਪਿਆ ਸੀ। ਟਿੱਬੇ ਦਾ ਰੇਤਾ ਸ਼ੁਰੂ ਹੋਣ ਤੀਕ ਸਾਈਕਲ ਦੀ ਸਵਾਰੀ ਕੀਤੀ ਜਾ ਸਕਦੀ ਸੀ ਪ੍ਰੰਤੂ ਬਲ਼ਦੇ-ਹੋਏ ਦੁਪਹਿਰੇ `ਚ, ਲਗਾਤਾਰ ਸੰਘਣੇ ਹੋਣ ਵਾਲ਼ੇ ਰੇਤੇ ਨੂੰ ਪਾਰ ਕਰਨ ਲਈ, ਸਾਈਕਲ ਨੂੰ ਰੇੜ੍ਹਨ ਦਾ ਕੰਮ ਕਾਫ਼ੀ ਜੋਖ਼ਮੀ ਸੀ। ਏਨੇ ਨੂੰ ਸੱਜੇ ਪਾਸੇ ਇੱਕ ਦਰਖ਼ਤ ਹੇਠ ਖਲੋਤਾ ਇੱਕ ਨਲ਼ਕਾ ਨਜ਼ਰ ਆਉਣ ਲੱਗਾ। –ਪਾਣੀ ਪੀ ਲੀਏ! ਕਹਿਕੇ, ਬਲਵੰਤ ਨੇ ਝਟਾ-ਪੱਟ ਬਰੇਕ ਮਾਰੇ ਤਾਂ ਮੂਹਰਲਾ ਚਿਮਟਾ ਓਸ ਥਾਂ ਤੋਂ ‘ਜਰਕ’ ਕਰਕੇ ਜੁਦਾ ਹੋ ਗਿਆ ਜਿੱਥੇ ਇਹ ਹੈਂਡਲ ਵਾਲੀ ਸ਼ਾਫ਼ਟ ਕੋਲ਼ ਸਿਰ ਵਾਂਗ ਜੁੜਿਆ ਹੋਇਆ ਸੀ। ਚਿਮਟਾ ਟੁਟਦਿਆਂ ਹੀ ਮੂਹਰਲਾ ਚੱਕਾ ਚਿਮਟੇ ਸਮੇਤ ਖੱਬੇ ਪਾਸੇ ਨੂੰ ਟੇਢਾ ਹੋ ਗਿਆ, ਅਤੇ ਬਾਕੀ ਦਾ ਸਾਈਕਲ, ਹੈਂਡਲ ਨਾਲ਼ ਟੰਗੀਆਂ ਢੱਡਾਂ ਸਮੇਤ, ਹੇਠਾਂ ਨੂੰ ਗੋਡਣੀ ਜਿਹੀ ਮਾਰ ਕੇ ਖੱਬੇ ਪਾਸੇ ਨੂੰ ਲੁੜਕ ਗਿਆ। ਸਾਈਕਲ ਛੱਡ ਕੇ ਦੋ ਕੁ ਕਦਮ ਦੀ ਦੂਰੀ `ਤੇ ਜਾ ਖਲੋਤੇ ਬਲਵੰਤ ਦੇ ਦੋਵੇਂ ਹੱਥ ਆਪਣੇ ਆਪ ਉਸ ਦੀਆਂ ਢਾਕਾਂ `ਤੇ ਜਾ ਬਿਰਾਜੇ ਤੇ ਡਿੱਗ-ਚੁੱਕੇ ਸਾਈਕਲ `ਚ ਤੂੰਬੀ ਸਮੇਤ ਉਲਝਿਆ ਰਛਪਾਲ ਬਾਹਰ ਨਿਕਲਣ ਲਈ ਹੱਥ-ਪੈਰ ਮਾਰਨ ਲੱਗਾ। ਪਰੇਸ਼ਾਨ ਬਲਵੰਤ ਸਟੇਸ਼ਨ `ਤੇ ਖਲੋਤੇ ਉਸ ਮੁਸਾਫ਼ਰ ਵਾਂਗ ਬੇਵੱਸ ਹੋਇਆ ਝਾਕ ਰਿਹਾ ਸੀ ਜਿਸ ਦਾ ਖੀਸਾ ਕੱਟ ਕੇ ਕੋਈ ਜੇਬਕਤਰਾ ਭੀੜ ਵਿੱਚ ਗੁੰਮ ਹੋ ਗਿਆ ਹੋਵੇ। ਏਸ ਟਿੱਬੇ ਤੋਂ ਡੇਢ ਕੁ ਮੀਲ ਦੇ ਫ਼ਾਸਲੇ `ਤੇ ਸਾਨੂੰ ਉਡੀਕ ਰਹੇ ਪਿੰਡ ਤਾਂ ਪੈਦਲ ਵੀ ਪਹੁੰਚਿਆ ਜਾ ਸਕਦਾ ਸੀ, ਪ੍ਰੰਤੂ ਦੋ ਫਾੜੀਆਂ ਹੋ ਗਏ ਸਾਈਕਲ ਨੂੰ ਟਿੱਬੇ ਉੱਤੇ ਦੀ ਕਿਵੇਂ ਲੰਘਾਇਆ ਜਾਵੇ?

ਅਖ਼ੀਰ ਬਲਵੰਤ ਨੇ ਸਾਈਕਲ ਨਾਲ਼ੋਂ ਵੱਖ ਹੋ ਗਏ ਚੱਕੇ-ਚਿਮਟੇ ਨੂੰ ਚੁੱਕਿਆ ਅਤੇ ਬਾਕੀ ਦੇ ਡਿੱਗੇ ਪਏ ਸਾਈਕਲ ਕੋਲ਼ ਲਿਜਾ ਕੇ, ਚਿਮਟੇ ਨੂੰ ਉਸ ਦੇ ਧੜ ਨਾਲ ਜੋੜ ਦਿੱਤਾ। ਫਿਰ ਉਸ ਨੇ ਝੋਲ਼ੇ `ਚੋਂ ਪਰਨਾ ਕੱਢਿਆ ਤੇ ਸਾਈਕਲ ਦੇ ਧੜ ਤੇ ਚਿਮਟੇ ਨੂੰ ਆਪਸ ਵਿੱਚ ਪਰਨੇ ਨਾਲ਼ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪਰਨੇ ਨਾਲ਼ ਬੰਨ੍ਹੇ ਚਿਮਟੇ ਵਾਲ਼ੇ ਸਾਈਕਲ ਨੂੰ ਖੜ੍ਹਾ ਕਰ ਕੇ ਜਿਓਂ ਹੀ ਰੋੜ੍ਹਿਆ ਗਿਆ, ਸਾਈਕਲ ਕੱਟੀਆਂ ਲੱਤਾਂ ਵਾਲ਼ੇ ਕੱਟਰੂ ਵਾਂਗ ਧੜੰਮ ਕਰ ਕੇ ਫੇਰ ਹੇਠਾਂ ਨੂੰ ਲੁੜਕ ਗਿਆ। ਅਸੀਂ ਇੱਕ-ਦੂਜੇ ਦੇ ਡੌਰ-ਭੌਰ ਹੋਏ ਚਿਹਰਿਆਂ ਵੱਲ ਝਾਕੇ।

-ਇਹਨੂੰ ਤਾਂ ਹੁਣ ਸਿਰਾਂ `ਤੇ ਉਠਾਅ ਕੇ ਈ ਲਿਜਾਣਾ ਪਊ! ਬਲਵੰਤ ਬੋਲਿਆ।

ਅਗਲੇ ਪਲਾਂ `ਚ ਉੱਖੜ ਕੇ ਪਾਸੇ ਹੋਇਆ ਚਿਮਟਾ ਰਛਪਾਲ ਦੇ ਸਿਰ `ਤੇ ਸਵਾਰ ਹੋ ਗਿਆ। ਬਾਕੀ ਦੇ ਸਾਈਕਲ ਦੇ ਹੈਂਡਲ ਨੂੰ ਸਾਈਕਲ ਦੇ ਇੱਕ ਪਾਸਿਓਂ ਬਲਵੰਤ ਨੇ ਤੇ ਦੂਸਰੇ ਪਾਸਿਓਂ ਮੈਂ ਇਸ ਤਰ੍ਹਾਂ ਉਠਾਲ਼ ਲਿਆ ਜਿਵੇਂ ਗੱਡੇ ਦੇ ਜੂਲ਼ੇ ਦੇ ਦੋਹੀਂ ਪਾਸੀਂ ਦੋ ਬੌਲ਼ਦ ਜੁੜੇ ਹੋਏ ਹੁੰਦੇ ਨੇ। ਜਿਓਂ ਹੀ ਅਸੀਂ ਸਾਈਕਲ ਸਮੇਤ ਟਿੱਬੇ ਵੱਲ ਜਾਂਦੀ ਰੇਤਲੀ ਚੜ੍ਹਾਈ ਚੜ੍ਹਨ ਲੱਗੇ, ਸਾਈਕਲ ਦਾ ਪਿੱਛਲਾ ਪਾਸਾ ਕਦੇ ਸੱਜੇ ਨੂੰ ਝੋਲਾ ਖਾ ਜਾਵੇ ਤੇ ਕਦੇ ਖੱਬੇ ਨੂੰ। ਪੰਜਾਹ ਸੱਠ ਕਦਮਾਂ ਤੁਰਨ ਤੋਂ ਬਾਅਦ ਅਸੀਂ ਦੇਖਿਆ ਕਿ ਸਾਡੇ ਮੱਥੇ ਅਤੇ ਕੱਛਾਂ ਪਸੀਨੇ ਨਾਲ਼ ਤਰ ਹੋ ਗਏ ਸਨ ਤੇ ਜੁੱਤੀਆਂ ਵਿੱਚ ਰੇਤਾ ਭਰ ਗਿਆ ਸੀ।

-ਦਮ ਲੈ ਲੀਏ, ਮੈਂ ਹਫ਼ੀ ਹੋਈ ਆਵਾਜ਼ ਵਿੱਚ ਬੋਲਿਆ।

ਅਗਲੇ ਪਲ ਸਾਈਕਲ ਰੇਤੇ `ਤੇ ਲਿਟਿਆ ਪਿਆ ਸੀ ਅਤੇ ਮੈਂ ਤੇ ਬਲਵੰਤ, ਲੱਤਾਂ ਨਿਸਾਲ਼ੀ, ਤੇ ਧੜ ਨੂੰ ਪਿਛਲੇ ਪਾਸੇ ਵੱਲ ਨੂੰ ਝੁਕਾ ਕੇ ਹੱਥਾਂ ਦੀਆਂ ਤਲ਼ੀਆਂ ਨੂੰ ਰੇਤੇ `ਚ ਖੋਭੀ, ਲੰਮੇ ਲੰਮੇ ਸਾਹ ਲੈਂਦੇ, ਸਾਈਕਲ ਉਦਾਲ਼ੇ ਬੈਠੇ ਹੋਏ ਸਾਂ। ਮੈਂ ਟਿੱਬੇ ਵੱਲ ਝਾਕਿਆ; ਟਿੱਬੇ ਦਾ ਸਿਖ਼ਰ ਕਈ ਕੋਹ ਦੂਰ ਖਲੋਤਾ ਜਾਪਿਆ। ਪਲਾਂ `ਚ ਭੱਠੀ ਵਾਂਗ ਭਖ਼ਦਾ ਰੇਤਾ ਸਾਡੇ ਹੱਥਾਂ ਪੈਰਾਂ ਤੇ ਲੱਤਾਂ ਨੂੰ ਸਾੜਨ ਲੱਗਾ। ਮਗਰ ਸਾਡੇ ਅੰਦਰ ਉੱਠ ਖਲੋਣ ਦੀ ਹਿੰਮਤ ਬਾਕੀ ਨਹੀਂ ਸੀ ਰਹੀ।

ਪੰਜ ਕੁ ਮਿੰਟ ਦੇ ਸਾਹ-ਦੁਆਵੇ ਤੋਂ ਬਾਅਦ, ਸਾਈਕਲ ਦਾ ਹੈਂਡਲ ਦੋਬਾਰਾ ਸਾਡੇ ਮੋਢਿਆਂ ਉੱਤੇ ਸੀ। ਅਗਲੇ ਪੰਜਾਹ-ਸੱਠ ਕਦਮ ਚੱਲਣ ਤੋਂ ਬਾਅਦ ਮੇਰਾ ਜੀਅ ਕੀਤਾ ਕਿ ਦਮ ਲੈ ਲਿਆ ਜਾਵੇ।

-ਚੜ੍ਹ ਜਾ ਸਿਖ਼ਰ ਤੱਕ ਹਿੰਮਤ ਕਰ ਕੇ, ਬਲਵੰਤ ਨੇ ਹੱਲਾ-ਸ਼ੇਰੀ ਦਿੱਤੀ। –ਉੱਤੇ ਜਾ ਕੇ ਦਮ ਲਵਾਂਗੇ।

ਰਛਪਾਲ, ਟੁੱਟੇ ਹੋਏ ਚਿਮਟੇ ਨੂੰ ਸਿਰ `ਤੇ ਚੁੱਕੀ ਸਾਡੇ ਸਾਹਮਣੇ ਢੀਚਕਾਂ ਮਾਰਦਾ ਤੁਰਿਆ ਜਾ ਰਿਹਾ ਸੀ। ਉਹਦੇ ਮੋਢੇ `ਤੇ ਲਟਕਦੀ ਤੂੰਬੀ ਢਿਲ਼ਕ ਕੇ ਹੇਠ ਨੂੰ ਖਿਸਕ ਜਾਂਦੀ ਤੇ ਉਹ ਸੱਜੇ ਹੱਥ ਨੂੰ ਚਿਮਟੇ-ਚੱਕੇ ਨਾਲ਼ੋਂ ਤੋੜ ਕੇ ਤੂੰਬੀ ਨੂੰ ਮੋਢੇ `ਤੇ ਸੂਤ-ਥਾਂ ਕਰਦਾ ਤਾਂ ਚਿਮਟਾੋ ਚੱਕਾ ਹਲੋਰਾ ਖਾ ਜਾਂਦਾ। ਚਿਮਟੇ ਦੇ ਭਾਰ, ਅਤੇ ਉਸ ਦੇ ਖੱਬੇ-ਸੱਜੇ ਝੋਅਲਾ ਖਾ ਜਾਣ ਕਾਰਨ, ਰਛਪਾਲ ਦੀ ਪਗੜੀ ਖੱਬੇ-ਸੱਜੇ ਦੋਹੀਂ ਪਾਸੀਂ ਹੇਠਾਂ ਨੂੰ ਖਿਸਕ ਚੁੱਕੀ ਸੀ। ਮੇਰੇ ਅਤੇ ਬਲਵੰਤ ਦੇ ਬੁੱਲ੍ਹ ਪਿਆਸ ਨਾਲ਼ ਤੰਦੂਰ ਦੀ ਰੋਟੀ ਵਾਂਗ ਖੁਸ਼ਕ ਹੋ ਚੁੱਕੇ ਸਨ। ਹਫ਼ਦੇ-ਹਫ਼ਾਉਂਦੇ ਤੇ ਡਿੱਗਣ ਤੋਂ ਬਚਦੇ ਆਖ਼ਿਰ ਅਸੀਂ ਟਿੱਬੇ ਦੇ ਸਿਖ਼ਰ `ਤੇ ਅੱਪੜ ਗਏ। ਮੋਢਿਆਂ `ਤੇ ਟਿਕਿਆ ਹੈਂਡਲ ਛਪਾਲ਼ ਦੇਣੇ ਰੇਤੇ `ਤੇ ਢੇਰੀ ਹੋ ਗਿਆ ਅਤੇ ਅਸੀਂ ਦੋਨੋਂ ਜਾਣੇ ਜੜੋਂ-ਵੱਢੇ-ਕੇਲੇ ਦੇ ਦਰਖ਼ਤ ਵਾਂਗੂੰ ਰੇਤੇ `ਤੇ ਲਿਟ ਗਏ। ਨਾਲ ਹੀ ਖਲੋਤਾ ਰਛਪਾਲ ਸਾਡੀ ਘਰਕਣੀ ਸੁਣ ਕੇ ਡਰ ਗਿਆ। ਉਹਨੇ ਵੀ ਆਪਣੇ ਸਿਰ `ਤੇ ਟਿਕਿਆ ਚੱਕਾ-ਚਿਮਟਾ ਫੜਾਕ ਕਰਕੇ ਰੇਤੇ `ਤੇ ਵਗਾਹ ਮਾਰਿਆ। ਜਿਧਰੋਂ ਅਸੀਂ ਘਰਕਦੇ ਹੋਏ ਆਏ ਸਾਂ, ਉਧਰ ਨਜ਼ਰ ਮਾਰਦਿਆਂ ਉਹ ਇੱਕ-ਦਮ ਚੌਂਕ ਉੱਠਿਆ: ਮੱਲੋ, ਟਰੈਕਟਰ ਆਉਂਦੈ ਐਧਰ ਨੂੰ।

ਰਛਪਾਲ ਦਾ ਚੌਂਕਣਾ ਸੁਣ ਕੇ ਅਸੀਂ ਇੱਕ ਦਮ ਉੱਠ ਕੇ ਬੈਠ ਗਏ, ਤੇ ਟਿੱਬੇ ਉੱਪਰ ਨੂੰ ਚੜ੍ਹ ਰਹੇ ਟਰੈਕਟਰ ਵੱਲ ਦੇਖਣ ਲੱਗੇ। ਨੀਵੇਂ ਗੀਅਰ `ਚ ਰੇਤੇ ਨੂੰ ਦਰੜਦੇ ਆ ਰਹੇ, ਡੁੱਗ-ਡੁੱਗ-ਡੁੱਗ-ਡੁੱਗ ਕਰ ਰਹੇ ਟਰੈਕਟਰ ਦੇ ਡਰਾਇਵਰ ਨੇ ਸਾਡੇ ਨਜ਼ਦੀਕ ਪਹੁੰਚ ਕੇ ਜਿਓਂ ਹੀ ਸਾਨੂੰ ਤੇ ਦੋ-ਫਾੜ ਹੋਏ ਸਾਈਕਲ ਨੂੰ ਦੇਖਿਆ, ਉਸ ਨੇ ਗੀਅਰ ਨੂੰ ਨਿਊਨਟਰਲ `ਚ ਬਦਲ ਦਿੱਤਾ। -ਕਿੱਥੇ ਜਾਣੈ ਮੱਲੋ? ਉਹ ਸਾਡੇ ਵੱਲ ਨੂੰ ਨਿੰਵ ਕੇ ਬੋਲਿਆ। ਸੱਤਹੀਣ ਹੋਇਆ ਬਲਵੰਤ ਹਿੰਮਤ ਕਰਕੇ ਉੱਠਿਆ ਤੇ ਡਰਾਇਵਰ ਵੱਲ ਨੂੰ ਵਧਿਆ: ਛੀਨੀਆਲ਼ ਜਾਣੈ ਅਸੀਂ!

-ਕੀ ਹੋ ਗਿਆ ਸ਼ੈਂਕਲ਼ ਨੂੰ?

-ਚਿਮਟਾ ਟੁੱਟ ਗਿਆ, ਬਲਵੰਤ ਬੋਲਿਆ।

-ਲੱਦੋ ਸਾਇਕਲ ਨੂੰ ਟਰਾਲੀ `ਚ ਹਿੰਮਤ ਕਰਕੇ!

ਇਹ ਆਖ ਕੇ ਉਹ ਟਰੈਕਟਰ ਤੋਂ ਉੱਤਰਿਆ ਤੇ ਮਰੀ ਪਈ ‘ਲੋਹੇ ਦੀ ਬੱਕੀ’ ਨੂੰ ਇਕੱਠੀ ਕਰਨ ਲੱਗਾ। –ਚੁੱਕੋ ਮੁੰਡਿਓ ਏਹਨੂੰ ਪਿਛਲੇ ਪਾਸਿਓਂ! ਉਹ ਮੈਨੂੰ ਤੇ ਬਲਵੰਤ ਨੂੰ ਹੌਸਲਾ ਦੇਣ ਲਈ ਬੋਲਿਆ।

ਏਨੇ ਨੂੰ ਰਛਪਾਲ ਆਪਣੇ ਹਿੱਸੇ ਦੇ ਸਾਈਕਲ ਨੂੰ ਟਰਾਲੀ ਦੇ ਪਿਛਲੇ ਪਾਸੇ ਵੱਲ ਨੂੰ ਧੂਹ ਲਿਆਇਆ। ਡਰਾਇਵਰ ਨੇ ਚਿਮਟਾ-ਚੱਕਾ ਵੀ ਟਰਾਲੀ `ਚ ਸੁੱਟ ਲਿਆ। –ਮੁੰਡਿਓ, ਚੜ੍ਹ ਜੋ ਟਰਾਲੀ `ਚ! ਸਾਡੇ ਵੱਲੀਂ ਦੇਖ ਕੇ ਉਹ ਬੋਲਿਆ।

ਟਰਾਲੀ ਤੇ ਟਰੈਕਟਰ ਦੇ ਵਿਚਕਾਰ, ਟਰਾਲੀ ਦੀ ਹੁੱਕ `ਤੇ ਪੈਰ ਧਰ ਕੇ ਅਸੀਂ ਟਰਾਲੀ `ਚ ਛਾਲ਼ਾਂ ਮਾਰ ਦਿੱਤੀਆਂ। ਡੁੱਗ-ਡੁੱਗ ਕਰਦਾ ਟਰੈਕਟਰ ਰੇਤਾ ਉਡਾਉਂਦਾ ਹੋਇਆ ਛੀਨੀਵਾਲ਼ ਵੱਲ ਉੱਤਰਾਈ ਉੱਤਰਨ ਲੱਗਾ।

Read 1593 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।