You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»10 - ਭੂਤਾਂ ਦੇ ਚੌਬਾਰੇ `ਚ
Thursday, 22 October 2009 16:43

10 - ਭੂਤਾਂ ਦੇ ਚੌਬਾਰੇ `ਚ

Written by
Rate this item
(2 votes)

ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ ਡਹਿਣ ਸਾਰ, ਘਰ `ਚ ਹੀ ਬੁਣੀਆਂ ਦਰੀਆਂ, ਪੇਟੀਆਂ `ਚੋਂ ਬਾਹਰ ਨਿੱਕਲ਼ ਕੇ ਖਿੜਨ ਲਗਦੀਆਂ। ਗਰਮੀਆਂ ਦੇ ਦਿਨੀਂ, ਹੱਥ ਨਾਲ਼ ਘੁੰਮਣ ਵਾਲੀਆਂ ਪੱਖੀਆਂ ਸਿਰਹਾਣਿਆਂ ਦੇ ਲਾਗੇ ਟਿਕਾਈਆਂ ਹੁੰਦੀਆਂ। ਬੈਠਕਾਂ-ਚੌਬਾਰਿਆਂ ਦੀਆਂ ਕੰਧਾਂ ਉੱਤੇ ਸਿੱਖ ਗੁਰੂਆਂ ਜਾਂ ਉਸ ਵਕਤ ਦੇ ਨਾਮਵਰ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਉਘੜ-ਦੁਘੜੀਆਂ ਮੇਖਾਂ ਨਾਲ਼ ਲਟਕੇ ਹੁੰਦੇ। ਕਿਸੇ ਕਿਸੇ ਘਰ `ਚ, ਅੰਗੀਠੀ ਉੱਤੇ ਟਿਕਾਏ ਮਿੱਟੀ ਦੇ ਤੋਤੇ, ਚਿੜੀਆਂ, ਜਾਂ ਕਬੂਤਰ, ਪਰਵਾਰ ਦੀ ਮਸੂਮੀਅਤ ਦੀ ਗਵਾਹੀ ਭਰਦੇ। ਵਿਰਲੇ-ਵਿਰਲੇ ਬੈਠਕ-ਚੁਬਾਰੇ `ਚ, ਨਸ਼ੇੜੀ ਵਾਂਗ ਝੋਲੇ ਖਾਂਦਾ ਇੱਕ ਅੱਧਾ ਸਟੂਲ ਹੁੰਦਾ ਜਿਸ ਉੱਪਰ ਲਾਲਟਣ, ਜਾਂ ਕੋਈ ਬਾਲਕਾ ਜਿਹਾ ਮਿੱਟੀ ਜਾਂ ਸਰ੍ਹੋਂ ਦੇ ਤੇਲ ਵਾਲਾ ਲੈਂਪ ਬਿਠਾਇਆ ਹੁੰਦਾ। ਸਰ੍ਹੋਂ ਦੇ ਤੇਲ ਵਾਲ਼ੇ ਦੀਵਿਆਂ/ਲੈਂਪਾਂ `ਚੋਂ ਸਟੂਲ ਉੱਪਰ ਸਿੰਮੀ/ਡੁਲ੍ਹੀ ਥੰਧਿਆਈ ਉੱਤੇ ਜੰਮੀ ਧੂੜ ਦੀ ਮੋਟੀ ਤਹਿ ਕਾਲ਼ੋਂ ਫੜ ਰਹੀ ਹੁੰਦੀ।

ਬਾਪੂ ਪਾਰਸ ਨੂੰ ਆਪਣੇ ਤਜਰਬੇ ਤੋਂ ਇਸ ਹਕੀਕਤ ਦਾ ਪੂਰਾ ਇਲਮ ਸੀ ਕਿ ਪਿੰਡਾਂ ਦੇ ਘਰਾਂ `ਚ ਬਹੁਤੀ ਵਾਰ ਥੁੜਾਂ ਦਾ ਅਦਿਸਦਾ ਪਹਿਰਾ ਹੁੰਦਾ ਸੀ। ਇੱਕ ਦਿਨ ਬਾਪੂ ਨੇ ਸਾਨੂੰ ਆਪਣੇ ਸਾਹਮਣੇ ਬਿਠਾਇਆ ਤੇ ਕਹਿਣ ਲੱਗਾ: -ਜਦੋਂ ਕਿਸੇ ਦੇ ਘਰ ਤੁਹਾਡਾ ਉਤਾਰਾ ਹੋਵੇ, ਤਾਂ ਘਰ ਵਾਲ਼ਿਆਂ ਤੋਂ ਕਿਸੇ ਉਚੇਚ ਦੀ ਨਾ ਤਾਂ ਆਸ ਰੱਖਣੀ ਐ ਤੇ ਨਾ ਹੀ ਮੰਗ ਹੀ ਕਰਨੀ ਹੈ … ਅਗਰ ਦਰੀਆਂ, ਸਿਰਹਾਣੇ ਜਾਂ ਚਾਦਰਾਂ ਤੁਹਾਡੇ ਤੀਕ ਨਹੀਂ ਆਈਆਂ ਤਾਂ ਮੰਗਣੀਆਂ ਨਹੀਂ … ਰੋਟੀ ਦਾਲ਼ ਜਿਹੜੀ ਇੱਕ ਵਾਰ ਆ ਗਈ ਉਸੇ `ਤੇ ਹੀ ਸਬਰ ਕਰਨੈ; ਜੇ ਘਰ ਵਾਲੇ ਆਖਣ ਬਈ ਹੋਰ ਫੁਲਕਾ ਲੈ ਲੋ ਜਾਂ ਹੋਰ ਦਾਲ਼ ਲੈ ਲੋ, ਤਦ ਹੀ ਉਨ੍ਹਾਂ ਦੀ ਪੇਸ਼ਕਸ਼ ਨੂੰ ਪਰਵਾਨ ਕਰਨੈ, ਨਹੀਂ ਤਾਂ ਚੁੱਪ ਰਹਿਣੈ; ਕੀ ਪਤੈ ਦਾਲ਼ ਘਰ `ਚ ਓਨੀ ਕੁ ਈ ਹੋਵੇ ਜਿੰਨੀ ਅਗਲਿਆਂ ਤੁਹਾਨੂੰ ਪਰੋਸ ਦਿੱਤੀ … ਗੰਢਾ ਅਚਾਰ ਬਿਲਕੁਲ ਨਹੀਂ ਮੰਗਣਾ … ਕੀ ਪਤੈ ਘਰ `ਚ ਇਨ੍ਹਾਂ ਦੋਹਾਂ ਚੀਜ਼ਾਂ ਦਾ ਵਜੂਦ ਈ ਨਾ ਹੋਵੇ! ਸਾਦਗੀ `ਚ ਰਹਿਣੈ … ਫੁਕਰਿਆਂ ਵਾਲੇ ਕੱਪੜੇ ਨਹੀਂ ਪੌਣੇ … ਹੰਕਾਰ ਤੋਂ ਬਚਣੈ … ਸਤਿਕਾਰ ਖੱਟਣ ਲਈ ਹਲੀਮੀ ਤੇ ਨਿਮਰਤਾ ਵਰਗਾ ਹਥਿਆਰ ਦੁਨੀਆਂ `ਚ ਹਾਲੇ ਤੀਕ ਪੈਦਾ ਨਹੀਂ ਹੋਇਆ … ਪੈਸਾ ਜ਼ਿੰਦਗ਼ੀ ਦੀਆਂ ਖੜਾਵਾਂ ਵਾਂਗਰ ਹੁੰਦਾ ਹੈ, ਪਰ ਨਾ ਤਾਂ ਕੰਜੂਸੀ ਕਰਨੀ ਐ ਤੇ ਨਾ ਈ ਫ਼ਜ਼ੂਲਖ਼ਰਚੀ! ਸਾਫ਼-ਸੁਥਰਾ ਪਹਿਨੋ, ਸਾਫ਼-ਸੁਥਰਾ ਖਾਓ-ਪੀਓ … ਮਿਹਨਤੀ ਬਿਰਤੀ ਵਾਲ਼ੇ ਲੋੜਵੰਦ ਦੀ ਮੱਦਦ ਕਰਨੀ ਐ, ਨਖੱਟੂ ਨੂੰ ਕੰਨ ਦੀ ਮੈਲ਼ ਵੀ ਨਹੀਂ ਦੇਣੀਂ! ਮੱਦਦ ਕੇਵਲ ਪੈਸੇ ਦੀ ਈ ਨਹੀਂ ਹੁੰਦੀ, ਬਹੁਤੀ ਵਾਰ ਪੇਤਲੀ ਜਿਹੀ ਹੱਲਾਸ਼ੇਰੀ ਵੀ ਡਿੱਗੇ ਪਏ ਬੰਦੇ ਨੂੰ ਗਾਡਰ ਬਣਾ ਦੇਂਦੀ ਐ!

45-46 ਸਾਲ ਪਹਿਲਾਂ, ਬਾਪੂ ਵੱਲੋਂ ਦਿੱਤੀਆਂ ਇਹ ਹਦਾਇਤਾਂ ਹਾਲੇ ਵੀ ਮੇਰੀ ਸਿਮਰਤੀ `ਚ ਟਿਮਕਦੀਆਂ ਨੇ। ਖਾਣ-ਪਹਿਨਣ ਦੀ ਸਾਦਗੀ, ਲੋੜਵੰਦਾਂ ਦੀ ਸਹਾਇਤਾ ਤੇ ਅਜਨਬੀਆਂ ਨੂੰ ਵੀ ਮਿੱਠਤ ਨਾਲ਼ ਪੇਸ਼ ਆਉਣ ਵਰਗੇ ਗੁਣ ਮੈਂ ਬਾਪੂ ਪਾਰਸ ਦੀ ਜੀਵਨਜਾਚ `ਚੋਂ ਹੀ ਨਿਤਾਰੇ ਨੇ।

ਆਪਣੇ ਸਮਕਾਲ ਦੇ ਇੱਕ ਤਰਕਸ਼ੀਲ ਪੰਜਾਬੀ ਮਾਸਕ ਪੱਤਰ, ਪ੍ਰੀਤ ਲੜੀ, ਦਾ ਨਿੱਤਨੇਮੀ ਪਾਠਕ ਹੋਣ ਕਾਰਨ, ਬਾਪੂ ਪਾਰਸ ਟੂਣੇ-ਟਾਮਣਾਂ, ਰੂਹਾਂ, ਭੂਤਾਂ, ਦੈਵੀ ਸ਼ਕਤੀਆਂ ਅਤੇ ਨਰਕ-ਸੁਰਗ ਵਰਗੇ ਕਲਪਿਤ ਵਿਸ਼ਵਾਸ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ। ਜਦੋਂ ਮੈਂ ਹਾਲੇ ਛੇਵੀਂ-ਸੱਤਵੀਂ ਦੀਆਂ ਕਿਤਾਬਾਂ ਵਿੱਚ ਰੁਲ਼ਿਆ ਹੋਇਆ ਸਾਂ, ਤਾਂ ਉਹ ਸਾਨੂੰ ਅਕਸਰ ਆਖਦਾ: -ਕਿਸੇ ਚੁਰਸਤੇ `ਚ ਅਗਰ ਕਿਸੇ ਟੂਣੇ-ਟਾਮਣੀ ਨੇ ਕੁੱਕੜ ਜਾਂ ਬੱਕਰਾ ਛੱਡਿਆ ਹੋਵੇ ਤਾਂ ਬੇਝਿਜਕ ਹੋ ਕੇ ਚੁੱਕ ਲਿਆਉਣੈ। ਟੂਣੇ `ਚੋਂ ਛੁਹਾਰੇ, ਖੋਪਾ, ਪਤਾਸੇ ਆਦਿਕ ਚੁੱਕ ਕੇ ਕਦੇ ਨਹੀਂ ਖਾਣੇ ਕਿਉਂਕਿ ਉਨ੍ਹਾਂ `ਚ ਕਿਸੇ ਕਿਸਮ ਦੀ ਖ਼ਤਰਨਾਕ ਮਿਲਾਵਟ ਹੋ ਸਕਦੀ ਹੈ, ਪਰ ਅਗਰ ਟੂਣੇ `ਚ ਪੈਸੇ ਪਏ ਹੋਣ ਤਾਂ ਚੁੱਕਣ ਤੋਂ ਡਰਨਾ ਨਹੀਂ। ਪੈਸਿਆਂ `ਤੇ ਭੁੱਕਿਆ ਸੰਧੂਰ ਨਲ਼ਕੇ ਹੇਠ ਕਰ ਕੇ ਧੋਵੋ, ਤੇ ਮੁਕੰਦ ਲਾਲ ਦੀ ਹੱਟੀ ਤੋਂ ਰਿਊੜੀਆਂ ਲੈ ਕੇ ਛਕੋ!

ਸਾਡੇ ਦਿਮਾਗ਼ਾਂ ਵਿੱਚੋਂ ਭੂਤਾਂ-ਪ੍ਰੇਤਾਂ ਦਾ ਭਰਮ ਕਾਫ਼ੂਰ ਕਰਨ ਲਈ ਬਾਪੂ ਨੇ, ਸਾਡੇ ਘਰ ਦੇ ਬਿਲਕੁਲ ਸਾਹਮਣੇ ਪੈਂਦੇ ਚੁਰਸਤੇ `ਚੋਂ ਖੰਮਣੀਆਂ ਨਾਲ਼ ਨੂੜੇ ਅਨੇਕਾਂ ਕੁੱਕੜ, ਡਿੱਗੇ ਪਏ ਬਟੂਏ ਵਾਂਗ ਉਠਾਏ, ਘਰ ਲਿਆ ਕੇ ਝਟਕਾਏ ਤੇ ਸਾਨੂੰ ਖੁਆਏ। ਉਹ ਆਖਦਾ: ਮੁੰਡਿਓ, ਭੂਤਾਂ ਸਿਰਫ਼ ਉਨ੍ਹਾਂ ਮਾਨਸਿਕ ਰੋਗੀਆਂ ਨੂੰ ਦਿਸਦੀਐਂ ਜਿਹੜੇ ਭੂਤਾਂ ਤੋਂ ਡਰਦੇ ਐ ਕਿਉਂਕਿ ਭੂਤਾਂ ਅਸਲ `ਚ ਮਨੁੱਖ ਦੇ ਮਨ ਦੀ ਉਪਜ ਹੁੰਦੀਐਂ। ਉਹ ਕਹਿੰਦਾ: ਮੈਂ ਅੱਧੀ-ਅੱਧੀ ਰਾਤੀਂ ਸਾਈਕਲ ਉੱਤੇ ਹਜ਼ਾਰਾਂ ਕੋਹਾਂ ਦੇ ਸਫ਼ਰ ਇਕੱਲਿਆਂ ਹੀ ਤੈਅ ਕੀਤੇ ਐ; ਇਨ੍ਹਾਂ ਸਫ਼ਰਾਂ ਦੌਰਾਨ ਪਤਾ ਨਹੀਂ ਕਿੰਨੀ ਵਾਰੀ ਸੁੰਨੇ ਪੁਲ਼ਾਂ, ਕਬਰਾਂ, ਤੇ ਉਜਾੜਾਂ `ਚੋਂ ਗੁਜ਼ਰਿਆ ਆਂ। ਪਤਾ ਨਹੀਂ ਕਿੰਨੀ ਵਾਰੀ ਮੈਂ ਆਪਣੇ ਚਿਹਰੇ ਤੇ ਹੱਥਾਂ ਦੀ ਠਾਰੀ, ਬਲ਼ਦੇ ਸਿਵੇ ਸੇਕ-ਸੇਕ ਕੇ ਹਟਾਈ ਐ; ਮੈਨੂੰ ਤਾਂ ਅੱਜ ਤੀਕ ਕਿਸੇ ਭੂਤ, ਚੁੜੇਲ ਜਾਂ ਪ੍ਰੇਤ ਨੇ ਘੇਰਿਆ ਨ੍ਹੀਂ।

ਪਰ ਇਸ ਸਭ ਕੁੱਝ ਦੇ ਬਾਵਜੂਦ ਸਾਡੇ ਨਿਆਣੇ ਮਨਾਂ ਦੀਆਂ ਡੂੰਘੀਆਂ ਤਹਿਆਂ `ਚੋਂ ਭੂਤਾਂ-ਪ੍ਰੇਤਾਂ ਦਾ ਖ਼ੌਫ਼ ਹਾਲੇ ਕਾਫ਼ੂਰ ਨਹੀਂ ਸੀ ਹੋਇਆ। ਅਸੀਂ ਸਾਡੇ ਪਿੰਡ ਦੀਆਂ ਮਸਾਣਾਂ ਕੋਲ਼ ਦੀ ਗੁਜ਼ਰਦੇ ਤਾਂ ਕੰਬਣ ਲੱਗ ਜਾਂਦੇ। ਇਓਂ ਜਾਪਣਾ ਜਿਵੇਂ ਕੁੱਝ ਵਾਪਰਿਆ ਕਿ ਵਾਪਰਿਆ! ਸਾਡੇ ਪਿੰਡ, ਕਈ ਸੌ ਸਾਲ ਪਹਿਲਾਂ ਹੋਏ ਕਿਸੇ ਬਾਬਾ ਪੂਰਨ ਦਾਸ ਨਾਮ ਦੇ ਸੰਤ ਦੀ ਮਟੀ ਹੁੰਦੀ ਸੀ ਜਿਸ ਦੇ ਲਾਗਿਓਂ ਗੁਜ਼ਰਦਿਆਂ ਸਾਡੇ ਹੱਥ ਮੱਲੋ-ਮੱਲੀ ਜੋੜੇ ਜਾਂਦੇ ਤੇ ਮੱਥੇ ਝੁਕ ਜਾਂਦੇ। ਸਾਡੇ ਜਨਮ ਤੋਂ ਬਹੁਤ ਪਹਿਲਾਂ ਸਾਡੇ ਹੀ ਪਿੰਡ ਦੀ ਇੱਕ ਔਰਤ ਨੇ ਸਾਡੇ ਖੇਤ `ਚ ਨਿੱਕੀ ਇੱਟ ਨਾਲ਼ ਬਣੇ ਸੌ ਕੁ ਸਾਲ ਪੁਰਾਣੇ ਖੂਹ `ਚ, ਬੱਚਿਆਂ ਸਮੇਤ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿੰਡ `ਚ ਇਹ ਆਮ ਵਿਸ਼ਵਾਸ਼ ਸੀ ਕਿ ਖ਼ੁਦਕੁਸ਼ੀ ਕਰਨ ਵਾਲੀ ਔਰਤ ਅੱਧੀ ਰਾਤ ਨੂੰ ਇਸ ਖੂਹ ਦੇ ਉਦਾਲ਼ੇ ਆਪਣੇ ਬੱਚਿਆਂ ਸਮੇਤ ਘੁੰਮਦੀ ਹੈ। ਮੈਂ ਤੇ ਮੈਥੋਂ ਛੋਟਾ ਭਰਾ ਰਛਪਾਲ, ਇਸ ਖੂਹ `ਤੇ ਸਾਡੇ ਬਾਪੂ ਵੱਲੋਂ ਨਵੀਂ-ਨਵੀਂ ਉਸਰਾਈ ਬੈਠਕ ਵਿੱਚ ਰਾਤਾਂ ਨੂੰ ਆਪਣੇ ਇੱਕ-ਦੋ ਦੋਸਤਾਂ ਸਮੇਤ ਪੜ੍ਹਦੇ ਤੇ ਉੱਥੇ ਹੀ ਇੱਕ-ਦੂਜੇ ਦੇ ਗੋਡਿਆਂ ਨਾਲ਼ ਗੋਡੇ ਜੋੜ ਕੇ ਸੌਂਦੇ। ਗੱਪ-ਸ਼ੱਪ ਲਾਉਂਦਿਆਂ, ਸਾਡੇ `ਚੋਂ ਕੋਈ ਜਣਾ ਜਦ ਕਦੇ ਅਚਾਨਕ ਹੀ, ਇਸ ਖੂਹ `ਚ ਹੋਈਆਂ ਖ਼ੁਦਕੁਸ਼ੀਆਂ ਦੀ ਗੱਲ ਯਾਦ ਕਰਾ ਬਹਿੰਦਾ ਤਾਂ ਉਹ ਖ਼ੁਦਕੁਸ਼ਤ, ਸੁਪਨਿਆਂ `ਚ, ਸਾਨੂੰ ਅਕਸਰ ਹੀ ਟੱਕਰਦੇ, ਤੇ ਅਸੀਂ ਡਰ ਨਾਲ ਬਰੜਾਅ-ਬਰੜਾਅ ਕੇ ਉਠਦੇ। ਬੈਠਕ ਤੋਂ ਪੰਜ-ਸੱਤ ਏਕੜ ਦੀ ਵਾਟ `ਤੇ ਵਿਛੇ ਛੱਪੜ ਦੇ ਪਾਰਲੇ ਪਾਸੇ ਜਦੋਂ ਕਦੇ ਚਿਖ਼ਾ ਬਲਦੀ ਹੁੰਦੀ, ਅਸੀਂ ਉਸ ਪਾਸੇ ਚਿਹਰਾ ਘੁੰਮਾਉਣ ਤੋਂ ਤ੍ਰਭਕਦੇ।

ਇੱਕ ਵਾਰ ਸਾਡੇ ਪਿੰਡ ਤੋਂ ਦਸ ਕੁ ਮੀਲ ਦੇ ਫ਼ਾਸਲੇ `ਤੇ ਵਸੇ ਕਸਬੇ, ਬੱਧਣੀ ਕਲਾਂ, `ਚ ਕਿਸੇ ਪਰਵਾਰ ਵਿੱਚ ਲੜਕੇ ਦੇ ਜਨਮ ਦੀ ਖ਼ੁਸ਼ੀ `ਚ, ਇੱਕ ਧਰਮਸ਼ਾਲਾ ਵਿੱਚ, ਸ਼ਾਮ ਦੇ ਵਕਤ ਸਾਡੀ ਗਾਇਕੀ ਦਾ ਪ੍ਰੋਗਰਾਮ ਹੋਣਾ ਸੀ। ਬੱਧਣੀ ਸਾਡੇ ਪਿੰਡੋਂ ਬਹੁਤੀ ਦੂਰ ਨਾ ਹੋਣ ਕਾਰਨ, ਅਸੀਂ ਬਾਅਦ ਦੁਪਹਿਰ ਦੋ-ਢਾਈ ਵਜੇ ਘਰੋਂ ਚਾਲੇ ਪਾਏ। ਸਾਡੇ ਬੱਧਣੀ ਅੱਪੜਦਿਆਂ ਨੂੰ, ਸਾਡੀ ਗਾਇਕੀ ਨੂੰ ਸੁਣਨ ਲਈ, ਇੱਕ ਵਾਗਲ਼ੇਦਾਰ ਧਰਮਸ਼ਾਲਾ `ਚ, ਸੈਂਕੜੇ ਸ੍ਰੋਤੇ ਸਾਡੀ ਉਡੀਕ `ਚ ਖਲੋਤੇ ਸਨ। ਚੌਲ਼ਾਂ ਦਾ ਭੰਡਾਰਾ ਵਰਤਾਏ ਜਾਣ ਤੋਂ ਬਾਅਦ, ਕੜਾਹੇ ਮਾਂਜੇ ਜਾ ਚੁੱਕੇ ਸਨ ਤੇ ਵਿਹੜੇ `ਚ ਪਰਲੇ ਪਾਸੇ ਖੋਦੀਆਂ ਆਰਜ਼ੀ ਚੁਰਾਂ ਮੁੰਦੀਆਂ ਜਾ ਚੁੱਕੀਆਂ ਸਨ। ਕੁੱਝ ਕੁ ਅਵਾਰਾ ਕੁੱਤੇ, ਐਧਰ-ਓਧਰ ਖਿੰਡੇ ਚੌਲ਼ਾਂ ਦੇ ਭੋਰ-ਚੋਰ ਉੱਪਰ ਜੀਭਾਂ ਮਾਰਦੇ ਫਿਰਦੇ ਸਨ। ਧਰਮਸ਼ਾਲਾ ਦੀ ਛੱਤ `ਤੇ ਮੰਜਿਆਂ ਦੇ ਸਿਰ ਜੋੜ ਕੇ ਬੰਨ੍ਹੇ ਬਾਲਟੀ-ਨੁਮਾ ਸਪੀਕਰਾਂ `ਚੋਂ, ਢੱਡ-ਸਰੰਗੀ ਦੇ ਰੈਕਡ (ਤਵੇ) ਹਵਾ ਦੀਆਂ ਲੀਰਾਂ ਕਰੀ ਜਾ ਰਹੇ ਸਨ। ਸਾਈਕਲ ਨੂੰ ਧਰਮਸ਼ਾਲਾ ਦੇ ਬਾਹਰਲੇ ਪਾਸੇ ਹੀ ਸਟੈਂਡ ਉੱਪਰ ਕਰ ਕੇ, ਬਲਵੰਤ ਨੇ ਪਿਛਲੇ ਕੈਰੀਅਰ ਦੇ ਹੇਠਾਂ ਲੁਕੇ ਹੋਏ ਜਿੰਦਰੇ ਦੀ ਸ਼ਾਫ਼ਟ ਘੁੰਮਾਈ। ਕਲਿੱਕ ਦੀ ਆਵਾਜ਼ ਹੁੰਦਿਆਂ ਹੀ ਚਾਬੀ ਢਿਲ਼ਕ ਕੇ ਬਾਹਰ ਨੂੰ ਹੋ ਗਈ। ਸਾਨੂੰ ਦੇਖਦਿਆਂ ਹੀ ਤੀਬਰਤਾ ਨਾਲ਼ ਸਾਡੀ ਉਡੀਕ ਕਰ ਰਿਹਾ, ਨਵਜਨਮੇ ਲੜਕੇ ਦਾ ਪਰਿਵਾਰ ਇੱਕ ਦਮ ਹਰਕਤ `ਚ ਆ ਗਿਆ। ਚਾਰੇ ਪਾਸੇ ‘ਆਗੇ ਵਈ, ਆਗੇ ਵਈ’ ਹੋਣ ਲੱਗੀ। ਧਰਮਸ਼ਾਲਾ ਦੇ ਇੱਕ ਨਿੱਕੇ ਜਿਹੇ ਕਮਰੇ `ਚ, ਜਿੱਥੇ ਸੰਗਤਰੀ ਰੰਗ ਦੀ ਸ਼ਰਾਬ ਦੀਆਂ ਬੋਤਲਾਂ ਦੀਆਂ ਚੇਣਾਂ ਦੋ ਮੰਜਿਆਂ ਹੇਠ ਅਤੇ ਟਾਣ ਉੱਪਰ ਲਾਈਆਂ ਹੋਈਆਂ ਸਨ, ਚਾਹ ਪਿਲਾਉਣ ਤੋਂ ਬਾਅਦ ਸਾਨੂੰ ਸਟੇਜ ਵੱਲ ਲਿਜਾਇਆ ਗਿਆ। ਬਲਵੰਤ ਨੇ ਤੂੰਬੀ ਨੂੰ ਗਿਲਾਫ਼ ਤੋਂ ਮੁਕਤ ਕੀਤਾ ਤੇ ਮਾਈਕਰੋਫ਼ੋਨ ਦੇ ਲਾਗੇ ਲਿਜਾ ਕੇ ‘ਤੁਣ-ਤੁਣ, ਤੁਣ-ਤੁਣ’ ਕਰਾਈ। ਮੈਂ ਤੇ ਰਛਪਾਲ ਨੇ ਕੱਪੜੇ ਦੇ ਝੋਲ਼ੇ `ਚੋਂ ਢੱਡਾਂ ਬਾਹਰ ਕੱਢੀਆਂ, ਅਤੇ ਉਨ੍ਹਾਂ ਨੂੰ ਮਾਈਕਰੋਫ਼ੋਨ ਵੱਲ ਵਧਾਅ ਕੇ ਉਂਗਲਾਂ ਨੂੰ ਹਰਕਤ `ਚ ਲਿਆਂਦਾ: ‘ਡੁੱਗ-ਡੁੱਗ, ਡੁੱਗ; ਢੁੰਮ-ਢੁੰਮ ਢੁੰਮ; ਡੁੱਗ-ਡੁੱਗ, ਢੁੰਮ-ਢੁੰਮ’ ਦੀਆਂ ਅਵਾਜ਼ਾਂ ਹਾਲੇ ਦਸ ਕੁ ਸੈਕੰਡ ਹੀ ਨਿੱਕਲ਼ੀਆਂ ਹੋਣਗੀਆਂ ਕਿ ਸਾਡੇ ਸਾਹਮਣੇ ‘ਕਿਆਂ-ਕਿਆਂ’ ਕਰਦੀ ਭੀੜ ਸ਼ਾਂਤ ਹੋ ਕੇ ਧਰਮਸ਼ਾਲਾ ਦੇ ਕੱਚੇ ਫ਼ਰਸ਼ `ਤੇ ਬਿਰਾਜਮਾਨ ਹੋਣ ਲੱਗੀ। ਹਰ ਅੱਖ ਹੁਣ ਸਾਡੇ `ਤੇ ਕੇਂਦਰਤ ਸੀ। ਧਰਮਸ਼ਾਲਾ ਦੇ ਵਿਹੜੇ `ਚ ਐਨ ਵਿਚਾਲੇ ਖਲੋਤਾ ਪਿੱਪਲ਼ ਦਾ ਰੁੰਡ-ਮਰੁੰਡ ਬਰੋਟਾ ਪੂਰੀ ਤਰ੍ਹਾਂ ਖ਼ਾਮੋਸ਼ ਸੀ। ਤੂੰਬੀ ਸੁਰ `ਚ ਸੀ, ਤੇ ਢੱਡਾਂ ਵੀ ਵਛੇਰੀਆਂ ਵਾਂਗ ਹਿਣਕਣ ਲਈ ਤਤਪਰ ਸਨ। ਤੂੰਬੀ `ਚੋਂ ਮੰਗਲ਼ਾਚਰਨ ਦੀ ਤਰਜ਼ ਤੁਣਕਣ ਲੱਗੀ। ਢੱਡਾਂ, ਤੂੰਬੀ ਦੀ ਤੁਣ-ਤੁਣ ਨਾਲ਼ ਤਾਲ ਮਿਲਾਉਣ ਲੱਗੀਆਂ। ਬਾਪੂ ਨੇ ਸਾਡੇ ਲਈ ਮੰਗਲ਼ਾਚਰਨ ਵੀ ਅਲਹਿਦਾ ਜਿਹੀ ਕਿਸਮ ਦਾ ਲਿਖਿਆ ਸੀ। ਪੌਣੇ ਕੁ ਮਿੰਟ ਦੀ ‘ਤੁਣ-ਤੁਣ’ ਤੋਂ ਬਾਅਦ, ਮੈਂ ਉੱਚੀ ਅਵਾਜ਼ `ਚ ਇੱਕ ਲੰਮੀ ਹੇਕ ਕੱਤਣ ਲੱਗਾ। ਹੇਕ ਖ਼ਤਮ ਹੁੰਦਿਆਂ ਹੀ ਰਛਪਾਲ ਤੇ ਬਲਵੰਤ ਦੀ ਜੋੜੀ ਇੱਕ-ਸੁਰ ਹੋ ਗਾਉਣ ਲੱਗੀ: -ਤੇਰੀ ਰਜ਼ਾ ਵਿੱਚ ਦਾਤਿਆ, ਸੁਖੀ ਵਸੇ ਸਰਬੱਤ! ਤੇਰੀ ਰਜ਼ਾ ਵਿੱਚ ਦਾਤਿਆ, ਸੁਖੀ ਵਸੇ ਸਰਬੱਤ!

ਫ਼ਿਰ ਮੇਰੇ ਗਲ਼ੇ `ਚੋਂ ਛੰਦ ਦੀਆਂ ਪਹਿਲੀਆਂ ਸਤਰਾਂ ਉਧੜਣ ਲੱਗੀਆਂ: ਹੋਵੇ ਕੁੱਲ ਸੰਸਾਰ `ਤੇ, ਦੁਸ਼ਮਣ ਦਾ ਵੀ ਭਲਾ; ਟਲ਼ੇ ਗਵਾਂਢੀ ਤੋਂ ਸਦਾ, ਕੋਹਾਂ ਦੂਰ ਬਲਾਅ!

ਰਛਪਾਲ-ਬਲਵੰਤ ਦੀ ਜੋੜੀ ਨੇ ਅਗਲੀਆਂ ਸਤਰਾਂ ਚੁੱਕ ਲਈਆਂ: ਰੱਖੀਂ ਮਰਦਿਆਂ ਤੀਕ ਤੂੰ, ਸਭ ਦੀ ਉੱਜਲੀ ਪੱਤ; ਤੇਰੀ ਰਜ਼ਾ ਵਿੱਚ ਦਾਤਿਆ, ਸੁੱਖੀ ਵਸੇ ਸਰਬੱਤ!

ਕਵੀਸ਼ਰੀ ਦੇ ਚਾਰ-ਪੰਜ ਬੰਦਾਂ `ਚ ਲਪੇਟੇ ਮੰਗਲ਼ਾਚਰਨ ਦੇ ਖ਼ਾਤਮੇ `ਤੇ ਬਲਵੰਤ ਨੇ ਦਹੂਦ ਬਾਦਸ਼ਾਹ ਦੇ ਕਿੱਸੇ ਦੇ ਛਿਲਕੇ ਉਤਾਰਨੇ ਸ਼ੁਰੂ ਕਰ ਦਿੱਤੇ: ਆਪਣੇ ਸ਼ਾਹੀ ਪਿਛੋਕੜ ਤੋਂ ਅਣਜਾਣ, ਲੋਕਾਂ ਦੇ ਡੰਗਰ ਚਾਰਦਾ ਦਹੂਦ, ਤੇਲੀਆਂ ਦੇ ਮੁੰਡੇ ਨੂੰ ਕੁੱਟ ਬੈਠਾ; ਅੱਗ-ਬਬੂਲ਼ਾ ਹੋਈ ਤੇਲਣ ਦਹੂਦ ਦੇ ਦਰ `ਤੇ ਆ ਕੇ ਅਵਾ-ਤਵਾ ਬੋਲਣ ਲੱਗੀ: ਮੇਰਾ ਮੁੰਡਾ ਕਹਾਤੋਂ ਕੁੱਟਿਆ ਦਹੂਦਾ ਵੇ? ਤੇਰਾ ਕੀ ਵਿਗਾੜਦਾ ਸੀ ਮਰਦੂਦਾ ਵੇ, ਸਾਡੇ ਜ਼ਿੰਮੇ ਕਾਹਤੋਂ ਪਾਈ ਕੰਗ ਆਪਦੀ, ਵੱਡਾ ਸੂਰਮਾ ਵਿਆਹ ਲਾ ਮੰਗ ਆਪਦੀ! ਅਗਲੇ ਛੰਦ `ਚ, ਤੇਲਣ ਵੱਲੋਂ ਖੋਲ੍ਹੇ ਭੇਤ ਕਾਰਨ ਚਕਿਰਤ ਕੀਤਾ ਦਹੂਦ ਆਪਣੀ ਮਾਂ ਹੰਸਾਂ ਦੇ ਉਦਾਲ਼ੇ ਹੋ ਗਿਆ: ਹੰਸਾਂ ਮਾਤਾ ਮੇਰੀਏ, ਕਿਉਂ ਰੱਖਿਆ ਓਹਲਾ? ਕੈਸੇ ਸਾਡੀ ਮਾਰ ਗਿਆ ਕਿਸਮਤ ਨੂੰ ਝੋਲਾ? ਤੂੰ ਨੌਕਰਾਣੀ ਬਣ ਗਈ ਮੈਂ ਲੱਗਿਆ ਗੋਲਾ! ਕਿਵੇਂ ਅਸਾਂ ਸੰਗ ਵਰਤਿਆ ਚਾਚਿਆਂ ਦਾ ਟੋਲਾ? ਦੱਸ ਮਾਂ, ਤੇਲਣ ਕੀ ਕਹਿੰਦੀ ਸੀ? ਮਾਂ ਕੋਲ਼ ਅਤੀਤ ਦੀਆਂ ਤਹਿਆਂ ਖੋਲ੍ਹਣ ਤੋਂ ਸਿਵਾ ਚਾਰਾ ਨਾ ਰਿਹਾ: ਤੈਨੂੰ ਮੰਗੀ ਵੀ ਸੀ ਰਾਜੇ ਰੂਮ ਸ਼ਾਮ ਦੀ ਬੇਟੀ! ਤੇਰਾ ਪਿਤਾ ਜਨੇਜ਼ ਬਾਦਸ਼ਾਹ, ਜਦ ਫ਼ਰਮਾਅ ਗਿਆ ਰੋਹਲਤ (ਯਾਨੀ ਪ੍ਰਾਣ ਤਿਆਗ ਗਿਆ), ਫ਼ੌਰਨ ਹੋਣੀ ਹੱਲਾ ਕੀਤਾ, ਜ਼ਰਾ ਨਾ ਦਿੱਤੀ ਮੋਹਲਤ! ਸੋਨਾ ਸੁਆਹ ਪਲਾਂ ਵਿੱਚ ਕਰ ਗਈ ਪਈ ਲਿਖੇ ਦੀ ਫੇਟੀ, ਤੈਨੂੰ ਮੰਗੀ ਵੀ ਸੀ ਰਾਜੇ ਰੂਮ ਸ਼ਾਮ ਦੀ ਬੇਟੀ! ਮਾਂ ਦਸਦੀ ਗਈ ਪਈ ਦਹੂਦ ਦੇ ਪਿਤਾ ਦੇ ਫ਼ੌਤ ਹੁੰਦਿਆਂ ਹੀ ਉਸ ਦੇ ਭਰਾਵਾਂ ਨੇ ਉਨ੍ਹਾਂ ਦੇ ਰਾਜ `ਤੇ ਕਬਜ਼ਾ ਕਰ ਲਿਆ, ਤੇ ਰਾਜਾ ਰੂਮ ਸ਼ਾਮ, ਦਹੂਦ ਨਾਲ਼ ਕੀਤੇ ਆਪਣੀ ਧੀ ਦੇ ਰਿਸ਼ਤੇ ਤੋਂ, ਮੁੱਕਰ ਗਿਆ। ਦਹੂਦ ਆਪਣੀ ਮਾਂ ਤੋਂ ਸੁਣੇ ਆਪਣੇ ਪਿਛੋਕੜ ਦੇ ਭੇਤਾਂ `ਚ ਹਾਲੇ ਗੁੰਮ-ਸੁੰਮ ਹੋਇਆ ਖਲੋਤਾ ਸੀ ਕਿ ਨਵ-ਜਨਮੇ ਬੱਚੇ ਦੇ ਪਿਓ ਅਤੇ ਤਾਏ-ਚਾਚੇ, ਮੰਜਿਆਂ `ਤੇ ਬਿਰਾਜੇ ਨਜ਼ਦੀਕੀਆਂ ਤੇ ਬਾਹਰੋਂ ਆਏ ਮਹਿਮਾਨਾਂ ਲਈ, ਬੋਤਲਾਂ ਦੇ ਡੱਟ ਖੋਲ੍ਹਣ ਲੱਗੇ। ਪਿੱਤਲ਼ ਦੇ ਜੱਗਾਂ ਤੇ ਗੜਵੀਆਂ `ਚ ਪਾਣੀ ਉੱਛਾਲ਼ੇ ਮਾਰਨ ਲੱਗਾ, ਤੇ ਅੰਦਰੋਂ ਕਲੀ ਕੀਤੇ ਪਿੱਤਲ਼ ਦੇ ਗਲਾਸ ਸੰਤਰੀ ਰੰਗ `ਚ ਰੰਗੇ ਜਾਣ ਲੱਗੇ। ਬੋਤਲਾਂ, ਢਾਣੀਆਂ `ਚ ਵਟ ਗਏ ਮਹਿਮਾਨਾਂ ਦੇ ਵਿਚਕਾਰ ਉੱਤਰਦੀਆਂ ਤੇ ਪੰਜਾਂ ਕੁ ਮਿੰਟਾਂ `ਚ ਹੀ ਅੱਧੀਓਂ ਥੱਲੇ ਹੋ ਜਾਂਦੀਆਂ। ਅੱਧੇ-ਪੌਣੇ ਘੰਟੇ ਬਾਅਦ, ਜਦੋਂ ਨੂੰ ਦਹੂਦ ਆਪਣੇ ਪਿਤਾ ਦੇ ਦੋਸਤ, ਸ਼ਾਹ ਅਲੀ ਨੂੰ ਨਾਲ਼ ਲੈ ਕੇ, ਆਪਣੀ ਮੰਗੇਤਰ ਦੇ ਸ਼ਹਿਰ ਅੱਪੜਿਆ ਤਾਂ ਚਿੱਘੀ-ਲਾ-ਕੇ ਇੱਕੋ ਸਾਹ ਪੂਰੇ ਦਾ ਪੂਰਾ ਹਾੜਾ ਬੰਨੇ ਮਾਰ ਰਹੇ, ਸਟੇਜ ਦੇ ਬਿਲਕੁਲ ਨਜ਼ਦੀਕ ਬੈਠੇ, 25-30 ਵਿਸ਼ੇਸ਼-ਸ੍ਰੋਤਿਆਂ ਦੀਆਂ ਭਵਾਂ ਉਤਾਹਾਂ ਨੂੰ ਖਿੱਚੀਆਂ ਜਾਣ ਲੱਗੀਆਂ। ਉਨ੍ਹਾਂ ਦੀਆਂ ਲਾਲੀ-ਫੜ-ਗਈਆਂ-ਅੱਖਾਂ `ਚ ਧਤੂਰੇ ਦੇ ਫੁੱਲ ਖਿੜਨ ਲੱਗੇ। ਨਸ਼ੇ ਨਾਲ਼ ਬੋਝਲ਼ ਹੋਏ ਉਨ੍ਹਾਂ ਦੇ ਡੇਲੇ ਡਿਗੂੰ-ਡਿਗੂੰ ਕਰਨ ਲੱਗੇ। ਉਨ੍ਹਾਂ ਦੀਆਂ ਮੁੱਛਾਂ ਦੇ ਕੁੰਢ ਫਰਕੇ, ਤੇ ਲਫ਼ਜ਼ ਉਨ੍ਹਾਂ ਦੀਆਂ ਜੀਭਾਂ `ਤੇ ਤਿਲਕਣ ਲੱਗੇ। ਉਨ੍ਹਾਂ ਦੇ ਸਿਰ ਵਾਰ ਵਾਰ ਹੇਠਾਂ ਨੂੰ ਝੁਕਦੇ ਤੇ ਇੱਕ ਤੁਣਕਾ ਜਿਹਾ ਸਿਰਜ ਕੇ ਮੁੜ ਉੱਪਰ ਨੂੰ ਟਿਕਾਣੇ ਸਿਰ ਹੋ ਜਾਂਦੇ। ਕਦੇ ਉਹ ਖੱਬੇ-ਸੱਜੇ ਝੂੰਮਦੇ ਤੇ ਤੁਣਕਾ ਵੱਜ ਕੇ ਫੇਰ ਸਿੱਧੇ ਹੋ ਜਾਂਦੇ। ਸਾਡੇ ਆਲ਼ੇ-ਦੁਆਲ਼ੇ ‘ਤੂੰ ਬਾਈ ਮੈਂ ਬਾਈ, ਤੇ ਮੈਂ ਬਾਈ ਤੂੰ ਬਾਈ! ’ ਦੀ ਥਥਲਾਉਂਦੀ ਘੁਸਰ-ਮੁਸਰ, ਮਿੰਟਾਂ `ਚ ਹੀ ‘ਗਾ … ਗਾ … ਗਾ … ਗਾ, ਬਾ … ਬਾ … ਬਾ … ਬਾ’ `ਚ ਬਦਲਣ ਲੱਗੀ। ਰੂਮ ਸ਼ਾਮ ਦੇ ਸ਼ਹਿਰ ਪਹੁੰਚੇ ਦਹੂਦ ਤੇ ਸ਼ਾਹ ਅਲੀ ਨਾਲ਼ ਅੱਗੇ ਕੀ ਵਾਪਰਿਆ, ਇਹ ਜਾਨਣ ਦੀ ਉਤਸੁਕਤਾ `ਚ ਭਿੱਜੇ ਬਾਕੀ ਸ੍ਰੋਤੇ, ਪੱਬਾਂ ਭਾਰ ਹੋਣ ਲੱਗੇ। ਲੰਮਾਂ ਪੈਂਡਾ ਤੈਅ ਕਰਨ ਤੋਂ ਬਾਅਦ, ਸ਼ਾਮ ਦੇ ਵਕਤ ਜਦੋਂ ਨੂੰ, ਆਪਣੇ ਘੋੜਿਆਂ ਸਮੇਤ, ਸ਼ਾਹ ਅਲੀ ਅਤੇ ਦਹੂਦ, ਦਹੂਦ ਦੀ ਮੰਗੇਤਰ ਦੇ ਬਾਗ਼ `ਚ ਪਹੁੰਚੇ ਤਦੋਂ ਨੂੰ ਬੱਧਣੀ ਦੀ ਉਹ ਧਰਮਸ਼ਾਲਾ ਵੀ ਹਲਕੇ-ਹਲਕੇ ਹਨੇਰੇ `ਚ ਲਿਪਟ ਚੱਲੀ ਸੀ। ਘੁਸਮੁਸਾ ਹੁੰਦੇ ਤੀਕ ਨਵ-ਜਨਮੇਂ ਦੇ ਤਾਏ-ਚਾਚੇ ਵੀ ਉਲ਼ਲ਼-ਉਲ਼ਲ਼ `ਤੇ ਉੱਤਰ ਆਏ। ਦਹੂਦ ਦੇ ਕਿੱਸੇ ਦਾ ਅੰਤਲਾ ਛੰਦ ਖ਼ਤਮ ਕਰ ਕੇ ਅਸੀਂ ਜਦੋਂ ਮਾਈਕਰੋਫ਼ੋਨ ਤੋਂ ਪਿੱਛੇ ਹਟੇ, ਤਾਂ ਪ੍ਰਸੰਸਕਾਂ ਦੀ ਸੰਘਣੀ ਭੀੜ ਤਾਂ ਸਾਡੇ ਉਦਾਲ਼ੇ ਜੁੜ ਗਈ ਸੀ, ਪ੍ਰੰਤੂ ਰਾਤ ਕੱਟਣ ਲਈ ਸਾਨੂੰ ਸਾਡੇ ਉਤਾਰੇ `ਤੇ ਲਿਜਾਣ ਵਾਲ਼ਾ ਕੋਈ ਨਹੀਂ ਸੀ। ਹੌਲ਼ੀ ਹੌਲ਼ੀ ਪਰਸੰਸਕਾਂ ਦੀ ਭੀੜ ਵੀ ਵਿਰਲੀ ਹੋਣ ਲੱਗੀ। ਖ਼ਾਸ ਮਹਿਮਾਨਾਂ ਨੂੰ ਬੋਤਲਾਂ ਤੇ ਪਕੌੜੀਆਂ ਪ੍ਰੋਸ ਰਹੇ ਪਰਵਾਰਕ ਮੈਂਬਰਾਂ `ਚੋਂ ਜਿਸ ਨੂੰ ਵੀ ਅਸੀਂ, ਸਾਨੂੰ ਸਾਡੇ ਉਤਾਰੇ `ਚ ਛੱਡ ਆਉਣ ਬਾਰੇ ਬੇਨਤੀ ਕਰਦੇ, ਉਹੋ ਹੀ ਆਪਣੀਆਂ ਗੜੂੰਦ ਅੱਖਾਂ `ਚ ਨਸ਼ਈ ਅਪਣੱਤ ਭਰ ਕੇ ਥਥਲਾਉਂਦਾ: ਕੋਈ ਫਿਕਰ ਨੀ ਕਰਨਾ ਜਾਰੋ! ਰੌਣਕਾਂ ਲਾ ਕੇ ਬੱਧਣੀ `ਚ ਧੰਨ ਧੰਨ ਕਰਾਤੀ ਅੱਜ ਤਾਂ … ਹੁਣੇ ਚਲਦੇ ਆਂ ਤੁਹਾਨੂੰ ਚਵਾਰੇ `ਚ ਸ਼ੱਡਣ! ਬਾਈ ਜੀ, ਦਾਰੂ ਵੀ ਮਿਲ਼ੂ … ਤੇ ਮੀਟ-ਮੁਰਗਾ ਵੀ! ਪਹਿਲਾਂ ਪੈੱਗ ਲਾਓ ਤੇ ਕਰਾਰ `ਚ ਆਓ!

ਅਖ਼ੀਰ ਪਤਾ ਨਹੀਂ ਕਿਧਰੋਂ ਘਰ ਵਾਲਿਆਂ ਦਾ ਇੱਕ ਸੀਰੀ ਜਗਦੀ ਹੋਈ ਲਾਲਟੈਣ ਲੈ ਆਇਆ। ਲਾਲਟੈਣ ਦੇ ਮੱਧਮ ਜਿਹੇ ਚਾਨਣ `ਚ ਧਰਮਸ਼ਾਲ਼ਾ ਦੀਆਂ ਕੰਧਾਂ `ਚ ਜਾਨ ਪੈਣ ਲੱਗੀ। ਬਲਵੰਤ ਨੇ ਉਸ ਨੂੰ ਸਾਨੂੰ ਸਾਡੇ ਉਤਾਰੇ `ਚ ਪਹੁੰਚਾਉਣ ਦੀ ਬੇਨਤੀ ਕੀਤੀ। ਸੀਰੀ ਨੇ ਲਾਲਟੈਣ ਇੱਕ ਕਿੱਲੀ ਨਾਲ਼ ਟੁੰਗ ਦਿੱਤੀ ਤੇ ਸਾਨੂੰ ਉਸ ਚੁਬਾਰੇ ਵੱਲੀਂ ਲੈ ਤੁਰਿਆ ਜਿੱਥੇ ਸਾਡੇ ਰਾਤ ਕੱਟਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਓਦੋਂ ਬਿਜਲੀ ਨੇ ਬੱਧਣੀ `ਚ ਹਾਲੇ ਆਪਣੇ ਚਰਨ ਨਹੀਂ ਸਨ ਪਾਏ, ਇਸ ਲਈ ਸੰਘਣੇ ਹੋ ਰਹੇ ਹਨੇਰੇ `ਚ ਚਿੱਕੜ ਤੋਂ ਬਚਣ ਲਈ ਕੰਧਾਂ ਦੇ ਨਜ਼ਦੀਕ ਹੋ ਕੇ ਤੁਰਦੇ ਤੁਰਦੇ ਅਸੀਂ ਕਈ ਮੋੜ ਤੇ ਕਈ ਚੁਰਸਤੇ ਪਾਰ ਕਰ ਗਏ। ਅੰਤ ਅਸੀਂ ਇੱਕ ਫਾਟਕ ਦੇ ਸਾਹਮਣੇ ਖਲੋਤੇ ਸਾਂ। ਤਾਰਿਆਂ ਦੀ ਲੋਅ ਹੇਠਾਂ ਇਸ ਫਾਟਕ ਦੀਆਂ ਫੱਟੀਆਂ ਧੁੰਦਲ਼ੀਆਂ ਜਿਹੀਆਂ ਨਜ਼ਰ ਆਈਆਂ। ਸੀਰੀ ਨੇ ਲੱਕੜ ਦੀ ਅਰਲ ਨੂੰ ਜਗਾਇਆ ਤੇ ਫਾਟਕ ਨੂੰ ਅੰਦਰ ਵੱਲ ਨੂੰ ਧੱਕ ਦਿੱਤਾ। ਫਾਟਕ ਦੀ ਚਿਰੜ-ਚਿਰੜ ਸੁਣਦਿਆਂ ਹੀ ਚੌਬਾਰੇ ਹੇਠਲੇ ਦਲਾਨ-ਜਾਪਦੇ ਕਮਰੇ `ਚ ‘ਮਿਮਣ-ਮਿਮਣ’ ਤੇ ‘ਦਗੜ-ਦਗੜ’ ਹੋਣ ਲੱਗੀ। ਮੀਂਗਣਾਂ ਦੀ ਦੁਰਗੰਧ ਨਾਲ਼ ਸਾਡੀਆਂ ਨਾਸਾਂ `ਚ ਸ਼ੁਰੂ ਹੋਈ ਜਲੂਣ ਤੋਂ ਅਸੀਂ ਸਮਝ ਗਏ ਕਿ ਅਸੀਂ ਬੱਕਰੀਆਂ ਲਈ ਬਣੇ ਇੱਕ ਵਾੜੇ `ਚ ਖਲੋਤੇ ਸਾਂ। ਬੱਕਰੀਆਂ ਵਾਲ਼ੇ ਦਲਾਨ ਦੇ ਉੱਪਰ, ਕੱਚੀ ਇੱਟ ਨਾਲ਼ ਉਸਾਰੇ ਚੁਬਾਰੇ `ਚ ਜਾਣ ਲਈ ਖੱਬੇ ਪਾਸੇ ਲੱਕੜ ਦੀ ਇੱਕ ਪੌੜੀ ਤਿਰਛੇ ਆਸਣ `ਚ ਕੰਧ ਨਾਲ਼ ਲੱਗੀ ਖਲੋਤੀ ਸੀ ਜਿਸ ਦਾ ਸਾਨੂੰ ਬੱਸ ਝਾਉਲ਼ਾ ਜਿਹਾ ਹੀ ਨਜ਼ਰ ਆਉਂਦਾ ਸੀ।

-ਚੜ੍ਹ ਜੋ ਪੌੜੀ, ਪੌੜੀ ਵੱਲ ਨੂੰ ਵਧਦਿਆਂ ਸੀਰੀ ਬੁੜਬੁੜਾਇਆ। –ਪਰ ਚੜ੍ਹਿਓ ਬਚ ਕੇ … ਵਿਚਾਲ਼ੇ ਇੱਕ ਡੰਡਾ ਥੋੜਾ ਜਿਅ੍ਹਾ ਟੇਢਾ ਐ!

ਮੈਂ ਢੱਡਾਂ ਵਾਲ਼ਾ ਝੋਲ਼ਾ ਮੋਢੇ `ਤੇ ਲਟਕਾਇਆ ਤੇ ਬੋਚ ਬੋਚ ਕੇ ਪੈਰ ਧਰਦਿਆਂ ਪੌੜੀ ਵੱਲ ਨੂੰ ਵਧ ਰਹੇ ਬਲਵੰਤ ਦੇ ਮਗਰ ਹੋ ਲਿਆ। ਤੂੰਬੀ ਨੂੰ ਮੋਢੇ `ਤੇ ਲਟਕਾਅ ਕੇ ਤੇ ਚਮੜੇ ਦੇ ਬੈਗ਼ ਨੂੰ ਇੱਕ ਹੱਥ `ਚ ਸੰਭਾਲ਼ਦਿਆਂ, ਬਲਵੰਤ ਨੇ ਦੋਹਾਂ ਹੱਥਾਂ ਨਾਲ਼ ਪੌੜੀ ਦੀਆਂ ਬਾਹੀਆਂ ਨੂੰ ਹਲੂਣਾ ਦੇ ਕੇ, ਪੌੜੀ ਦੀ ਜਕੜ ਨੂੰ ਪਰਖਿਆ। ਹੌਲ਼ੀ ਹੌਲ਼ੀ ਉੱਪਰ ਨੂੰ ਚੜ੍ਹਦਾ ਬਲਵੰਤ ਜਦੋਂ ਵਿਚਕਾਰ ਜਿਹੇ ਅੱਪੜਿਆ ਤਾਂ ਪੌੜੀ ਦੇ ਬਾਂਸ (ਬਾਹੀਆਂ) ਲਿਫ਼ ਕੇ ਡੋਲਣ ਲੱਗੇ। –ਅਜੇ ਨਾ ਚੜ੍ਹਿਓ ਮੁੰਡਿਓ, ਬਲਵੰਤ ਕੰਬਦੀ ਅਵਾਜ਼ ਵਿੱਚ ਬੋਲਿਆ। –ਪਹਿਲਾਂ ਮੈਨੂੰ ਸਿਰੇ `ਤੇ ਜਾ ਲੈਣ ਦਿਓ, ਤੇ ਮਗਰੋਂ ਤੁਸੀਂ `ਕੱਲੇ-`ਕੱਲੇ ਆਇਓ!

ਸਿਰੇ `ਤੇ ਜਾ ਕੇ ਬਲਵੰਤ ਨੇ ਪੌੜੀ ਦੇ ਸਿੰਗ ਆਪਣੇ ਹੱਥਾਂ `ਚ ਪਕੜ ਕੇ ਪੌੜੀ ਦੀ ਜਕੜ ਮਜ਼ਬੂਤ ਕਰ ਲਈ। –ਪਹਿਲਾਂ ਰਛਪਾਲ ਨੂੰ ਚੜ੍ਹਾ ਦੇ, ਬਲਵੰਤ ਨੇ ਹੁਕਮ ਕੀਤਾ। ਰਛਪਾਲ ਦੇ ਸਿਰੇ ਅਪੜਦਿਆਂ ਹੀ ਮੈਂ ਆਪਣੀ ਚੜ੍ਹਾਈ ਸ਼ੁਰੂ ਕਰ ਦਿੱਤੀ।

ਸਾਨੂੰ ਤਿੰਨਾਂ ਨੂੰ ਕੋਠੇ `ਤੇ ਚੜ੍ਹਾਉਣ ਤੋਂ ਬਾਅਦ, ਸੀਰੀ ਬੋਲਿਆ, -ਮੈਂ ਤਾਂ ਫੇ’ ਚਲਦਾਂ ਬਾਈ!

ਵਾਗਲ਼ੇ-ਰਹਿਤ ਕੋਠੇ `ਤੇ, ਚੁਬਾਰੇ ਦੇ ਸਾਹਮਣੇ ਖਲੋਤਿਆਂ ਅਸਾਂ ਸੱਜੇ-ਖੱਬੇ ਨਜ਼ਰ ਘੁੰਮਾਈ। ਆਸ-ਪਾਸ ਦੇ ਵਿਹੜਿਆਂ `ਚ ਹਨੇਰਾ ਸੀ, ਤੇ ਸਰਦੀ ਹੋਣ ਕਾਰਨ ਬਹੁਤੀਆਂ ਔਰਤਾਂ ਖਾ-ਪਕਾਅ ਕੇ ਅੰਦਰ ਵੜ ਚੁੱਕੀਆਂ ਸਨ। ਵਿਰਲੇ-ਵਿਰਲੇ ਤਖ਼ਤਿਆਂ ਦੀਆਂ ਝੀਥਾਂ ਵਿੱਚੋਂ, ਅੰਦਰ ਜਗਦੀਆਂ ਲਾਲਟੈਣਾਂ ਦੇ ਚਾਨਣ ਦੀਆਂ ਲੀਕਾਂ ਜਿਹੀਆਂ ਨਜ਼ਰ ਪੈ ਰਹੀਆਂ ਸਨ।

ਬੈਗ਼ ਨੂੰ ਚੁਬਾਰੇ ਦੀ ਚੁਗਾਠ ਦੇ ਪੈਰਾਂ `ਚ ਰੱਖ ਕੇ ਬਲਵੰਤ ਨੇ ਚੌਬਾਰੇ ਦੇ ਦਰਵਾਜ਼ੇ ਨੂੰ ਨਿਰਖਿਆ। ਫਿਰ ਉਹ ਹੱਥ ਨੂੰ ਤਖਤਿਆਂ ਉੱਪਰ ਐਧਰ-ਓਧਰ ਫੇਰ ਕੇ ਦਰਵਾਜ਼ੇ ਦਾ ਕੁੰਡਾ ਤਲਾਸ਼ਣ ਲੱਗਾ। ਹੁਣ ਉਸ ਨੇ ਆਪਣੇ ਹੱਥ ਨੂੰ ਉੱਪਰ ਵੱਲ ਨੂੰ ਤੋਰ ਕੇ, ਚੁਗਾਠ ਦੇ ਮੱਥੇ ਉੱਤੇ ਗੱਡੇ ਕੁੰਡੇ ਵਿੱਚ ਫ਼ਸਾਈ ਸੰਗਲ਼ੀ ਨੂੰ ਟੋਹਿਆ, ਤੇ ਰਤਾ ਕੁ ਟਟੋਲਣ ਤੋਂ ਬਆਦ, ਸੰਗਲ਼ੀ ਨੂੰ ਕੁੰਡੇ ਨਾਲ਼ੋਂ ਵੱਖ ਕਰ ਦਿੱਤਾ। ਦਰਵਾਜ਼ਿਆਂ ਨੂੰ ਅੰਦਰ ਵੱਲ ਨੂੰ ਧੱਕਣ ਤੋਂ ਮਗਰੋਂ ਅੰਦਰ ਦੇ ਘੁੱਪ ਹਨੇਰੇ `ਚ ਨਜ਼ਰਾਂ ਚੋਭ ਕੇ ਹੁਣ ਉਹ ਕਮਰੇ ਦਾ ਮੁਹਾਂਦਰਾ ਪੜ੍ਹਨ ਦੀ ਅਸਫ਼ਲ ਕੋਸ਼ਿਸ਼ ਕਰਨ ਲੱਗਾ। –ਬਾਹਲ਼ਾ ਈ `ਨੇਰ੍ਹਾ ਐ ਅੰਦਰ ਤਾਂ ਮੱਲੋ! ਉਹ ਬੁੜਬੁੜਾਇਆ। –ਕੱਖ ਨੀ ਦਿਸਦਾ!

ਅੰਦਰ ਵੜਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਸੀ ਕਿ ਅੰਦਰ ਕੋਈ ਮੰਜਾ ਜਾਂ ਪੀੜ੍ਹੀ ਵੀ ਹੈ ਕਿ ਨਹੀਂ; ਅਗਰ ਕੋਈ ਮੰਜਾ ਹੈ ਵੀ ਤਾਂ ਉਹ ਕਿਹੜੇ ਰੁਖ਼ ਪਿਆ ਹੈ। ਉਹ ਝਿਜਕਦਾ-ਝਿਜਕਦਾ ਅੰਦਰ ਵੱਲ ਨੂੰ ਵਧਿਆ, ਪਰ ਕੁੱਝ ਪਲਾਂ ਬਾਅਦ ਹੀ ਝਟਾ-ਪੱਟ ਬਾਹਰ ਆ ਗਿਆ। ਮੈਂ ਸਮਝਿਆ ਉਹ ਚੁਬਾਰੇ `ਚ ਪੱਸਰੇ ਹਨੇਰੇ ਦੇ ਚਿੱਕੜ `ਚ ਖੁੱਭਣ ਤੋਂ ਤ੍ਰਭਕ ਗਿਆ ਸੀ। ਪਰ ਬਾਹਰ ਆ ਕੇ ਉਸ ਨੇ ਚਮੜੇ ਦੇ ਬੈਗ਼ ਨੂੰ ਫ਼ਰਸ਼ ਤੋਂ ਉਠਾਇਆ ਤੇ ਉਸ ਵਿੱਚੋਂ ਫ਼ਲੈਸ਼ਲਾਈਟ ਟਟੋਲਣ ਲੱਗਾ। ਫ਼ਲੈਸ਼ਲਾਈਟ `ਚੋਂ ਚਾਨਣ ਦੀ ਤਿੱਖੀ ਧਾਰ ਸਾਹਮਣੀ ਕੰਧ `ਤੇ ਵਜਦਿਆਂ ਹੀ ਚੌਬਾਰਾ ਅੱਭੜਵਾਹੇ ਜਾਗ ਉੱਠਿਆ। ਸਾਹਮਣੀ ਆਲ਼ੇ `ਚ ਖਲੋਤੀ ਅੱਧਜਲ਼ੀ ਮੋਮਬੱਤੀ ਨੂੰ ਦੇਖਦਿਆਂ ਬਲਵੰਤ ਨੇ ਫ਼ਲੈਸ਼ਲਾਈਟ ਨੂੰ ਫ਼ਰਸ਼ `ਤੇ ਟਿਕਾਇਆ, ਅਤੇ ਚਮੜੇ ਦੇ ਬੈਗ਼ `ਚੋਂ ਤੀਲਾਂ ਵਾਲ਼ੀ ਡੱਬੀ ਟਟੋਲ਼ ਕੇ ਤੀਲੀ ਨੂੰ ਡੱਬੀ ਦੇ ਮਸਾਲੇ `ਤੇ ਘਸਾਇਆ। ਮੋਮਬੱਤੀ ਦੇ ਮੂਲੋਂ ਹੀ ਘਸਮੈਲ਼ੇ ਜਿਹੇ ਚਾਨਣ’ ਚ, ਮੈਂ ਤੇ ਰਛਪਾਲ ਡਰਦੇ ਡਰਦੇ ਅੰਦਰ ਵੱਲ ਨੂੰ ਹੋ ਤੁਰੇ। ਬਲਵੰਤ ਨੇ ਫ਼ਲੈਸ਼ਲਾਈਟ ਨੂੰ ਖੱਬੇ ਪਾਸੇ ਨੂੰ ਘੁਮਾਇਆ ਤਾਂ ਅਸੀਂ ਤਿੰਨੇ ਹੀ ਠਠੰਬਰ ਗਏ। ਸਾਹਮਣੇ ਕਿੱਲੀ ਉੱਤੇ ਟੰਗਿਆ ਮਨੁੱਖੀ ਖੋਪਰੀਆਂ ਦਾ ਇੱਕ ਗੁੱਛਾ ਤੇ ਖੋਪਰੀਆਂ ਦੇ ਦੰਦਾਂ `ਚ ਲੱਗਿਆ ਸੰਧੂਰ ਸਾਨੂੰ ਘੂਰ ਰਿਹਾ ਸੀ। ਖੋਪਰੀਆਂ ਦੇ ਹੇਠਾਂ ਇੱਕ ਰੰਗਬਰੰਗੀ ਡੋਰ `ਚ ਰੀਠੜਿਆਂ ਵਰਗੇ ਮੋਟੇ-ਮੋਟੇ ਦਾਣੇ ਪ੍ਰੋਅ ਕੇ ਲਟਕਾਏ ਹੋਏ ਸਨ। ਬਲਵੰਤ ਦੇ ਹੱਥ `ਚ ਥਿੜਕਦੀ ਫ਼ਲੈਸ਼ਲਾਈਟ ਦੀ ਧਾਰ ਜਿਓਂ ਹੀ ਖੱਬੇ ਪਾਸੇ ਹੇਠਾਂ ਨੁੱਕਰ `ਤੇ ਡਿੱਗੀ, ਉਥੇ ਲੱਕੜ ਦੇ ਇੱਕ ਛੇ ਕੁ ਉਂਗਲ਼ਾਂ ਉੱਚੇ ਪਟੜੇ ਲਾਗੇ, ਸੁਆਹ ਦੀ ਇੱਕ ਵੱਡੀ ਸਾਰੀ ਢੇਰੀ ਸਾਡੀਆਂ ਨਜ਼ਰਾਂ ਸਾਹਵੇਂ ਉਦੇ ਹੋ ਉੱਠੀ। ਨਾਲ਼ ਹੀ ਪਾਥੀਆਂ ਦੀ ਢੇਰੀ `ਤੇ ਪਿਆ ਇੱਕ ਭਾਰਾ ਚਿਮਟਾ ਮੇਰੇ ਤਸੱਵਰ `ਚ ਕੜਾਕ-ਕੜਾਕ ਖੜਕਣ ਲੱਗਾ। ਬਿਲਕੁਲ ਇਹੋ ਜਿਹਾ ਚਿਮਟਾ ਹੀ ਸਾਡਾ ਗੁਆਂਢੀ, ਚਾਚਾ ਸ਼ੇਰਾ, ਵੀਰਵਾਰ ਦੀ ਰਾਤ ਨੂੰ ‘ਭੂਤਾਂ ਕੱਢਣ’ ਵੇਲੇ ਖੜਕਾਅ ਕੇ ਆਪਣੇ ਚੇਲਿਆਂ ਦਿਆਂ ਮੌਰਾਂ `ਤੇ ਪੜਾਕ-ਪੜਾਕ ਜੜਿਆ ਕਰਦਾ ਸੀ। ਚਾਚੇ ਸ਼ੇਰੇ ਦੇ ਚਿਮਟੇ ਦੇ ਵਾਰ ਖਾ ਖਾ ਕੇ ਧਰਤੀ `ਤੇ ਡਿਗਦੀਆਂ ਚਾਚੇ ਦੀਆਂ ਚੇਲੀਆਂ ਮੇਰੀ ਖੋਪੜੀ `ਚ ਲੇਰਾਂ ਮਾਰਨ ਲੱਗੀਆਂ। ਚੌਬਾਰੇ ਵਾਲ਼ੇ ਚਿਮਟੇ ਦੇ ਪਿਛਲੇ ਪਾਸੇ ਵੀ ਚਾਚੇ ਸ਼ੇਰੇ ਦੇ ਚਿਮਟੇ ਵਾਂਗਣਾਂ ਹੀ ਰੰਗ-ਬਰੰਗੀਆਂ ਲੀਰਾਂ ਬੰਨ੍ਹੀਆਂ ਹੋਈਆਂ ਸਨ। ਫ਼ਲੈਸ਼ਲਾਈਟ ਹੁਣ ਪਟੜੇ ਤੋਂ ਉੱਪਰ ਵੱਲ ਨੂੰ ਉੱਠੀ ਜਿੱਥੇ ਇੱਕ ਵੱਡ-ਅਕਾਰੀ ਕੈਲੰਡਰ ਉੱਪਰਲੀ ਤਸਵੀਰ ਵਿੱਚ ਇੱਕ ਕੜਾਹੇ ਉਦਾਲ਼ੇ ਖਲੋਤੇ ਕੁਹਾੜੀ-ਦੰਦਾਂ ਵਾਲ਼ੇ ਜਮਦੂਤ ਧਰਤੀ ਤੋਂ ‘ਨਰਕ’ `ਚ ਧੱਕੇ ‘ਪਾਪੀਆਂ’ ਨੂੰ ਤੇਲ ਵਿੱਚ ਤਲ਼ ਰਹੇ ਸਨ। ਜਮਦੂਤਾਂ ਦੇ ਕੜਾਹੇ `ਚੋਂ ਨਿੱਕਲ਼ ਰਹੀ ਭਾਫ਼ ਨਾਲ਼ ਮੈਂ ਪਸੀਨੋ-ਪਸੀਨੀ ਹੋ ਗਿਆ। ਨਾਲ਼ ਦੇ ਕਲੰਡਰ `ਤੇ ‘ਪਾਪੀ’ ਪੁੱਠੇ ਲਟਕਾਏ ਹੋਏ ਸਨ, ਤੇ ਖਿੱਚ ਕੇ ਲੰਬੂਤਰੇ ਕੀਤੇ, ਸ਼ਿਕਾਰੀ ਕੁੱਤਿਆਂ ਵਰਗੇ ਆਪਣੇ ਮੂੰਹਾਂ ਨਾਲ਼ ਜਮਦੂਤ, ਲਟਕਾਏ ਹੋਏ ‘ਪਾਪੀਆਂ’ ਦੀ ਚਮੜੀ ਨੋਚ ਰਹੇ ਸਨ। ਅਗਲੇ ਕਲੰਡਰ `ਚ ਅਨੇਕਾਂ ਹੱਥਾਂ ਵਾਲ਼ੀ ਇੱਕ ਕਾਲ਼ੀ ਔਰਤ ਦੀ ਤਸਵੀਰ ਵਿੱਚ ਔਰਤ ਦੇ ਗਲ਼ `ਚ ਖੋਪੜੀਆਂ ਦੀ ਮਾਲ਼ਾ ਪਾਈ ਹੋਈ ਸੀ ਤੇ ਉਸ ਦੇ ਹੱਥਾਂ `ਚ ਲਹੂ ਨਾਲ਼ ਨੁੱਚੜਦੀਆਂ ਕਿਰਪਾਨਾਂ ਤੇ ਟੋਕੀਆਂ ਫੜੀਆਂ ਹੋਈਆਂ ਸਨ। ਉਹਦੇ ਦੰਦਾਂ `ਚ ਜਕੜਿਆ ਹੋਇਆ ਬੱਚਾ ਮੇਰੀ ਸੁਰਤੀ `ਚ ਮਿਆਂਕਣ ਲੱਗਾ ਤੇ ਉਸਦੀਆਂ ਵਰਾਛਾਂ `ਚੋਂ ਚੋਂਦਾ ਲਹੂ ਚੌਬਾਰੇ ਦੀ ਕੰਧ `ਤੇ ਹੇਠਾਂ ਵੱਲ ਨੂੰ ਸਰਕਣ ਲੱਗਾ। ਏਸ ਤੋਂ ਅੱਗੇ ਕਈ ਕਿੱਲੀਆਂ ਉੱਪਰ ਰੱਸੀਆਂ ਨਾਲ਼ ਬੰਨ੍ਹ ਕੇ ਪੰਛੀਆਂ ਦੇ ਪੰਜੇ, ਗਿਰਝਾਂ ਦੀਆਂ ਚੁੰਝਾਂ, ਤੇ ਅਣਪਛਾਤੇ ਚਿੜੀਆਂ-ਜਨੌਰਾਂ ਦੇ ਪਿੰਜਰ ਲਟਕਾਏ ਹੋਏ ਸਨ। ਏਡੀਆਂ ਖ਼ੌਫ਼ਨਾਕ ਚੀਜ਼ਾਂ-ਵਸਤਾਂ ਦੇਖ ਕੇ ਅਸੀਂ ਪਿੱਛੇ ਨੂੰ ਹਟ ਗਏ। ਮੇਰਾ ਜੀ ਕਰੇ ਮੈਂ ਛਾਲ਼ ਮਾਰ ਕੇ ਹੇਠਾਂ ਜਾ ਡਿੱਗਾਂ। ਬਲਵੰਤ ਨੇ ਫ਼ਲੈਸ਼ਲਾਈਟ ਸੱਜੇ ਪਾਸੇ ਵਾਲ਼ੀ ਕੰਧ ਵੱਲੀਂ ਘੁਮਾਈ ਜਿੱਥੇ ਢਿਲਕੜੇ ਜਿਹੇ ਇੱਕ ਮੰਜੇ `ਤੇ ਬੈਠੀ, ਕਾਲ਼ੇ ਰੰਗ ਦੀ ਇੱਕ ਬਿੱਲੀ ਫੁਰਤੀ ਨਾਲ਼ ਛਾਲ਼ ਮਾਰ ਕੇ ਬਾਹਰ ਨੂੰ ਦੌੜ ਗਈ। ਬਲਵੰਤ ਨੇ ਫ਼ਲੈਸ਼ਲਾਈਟ ਬੁਝਾਈ ਤੇ ਮੇਰੇ ਹੱਥ `ਚ ਫੜਾ ਦਿੱਤੀ। ਮੈਨੂੰ ਆਈ ਕੰਬਣੀ ਦੂਜਿਆਂ ਦੋਹਾਂ ਨੇ ਵੀ ਭਾਂਪ ਲਈ ਹੋਵੇਗੀ। ਚਕਾਚੂੰਧ ਤੇ ਦਹਿਲੇ ਹੋਏ ਅਸੀਂ ਅਹਿੱਲ ਖਲੋਤੇ ਸਾਂ। ਆਖ਼ਿਰ ਬਲਵੰਤ ਨੇ ਹੌਸਲਾ ਕੀਤਾ ਤੇ ਢਿਲ਼ਕੇ ਜੇਹੇ ਉਸ ਵਾਣ ਦੇ ਮੰਜੇ ਨੂੰ ਟੇਢਾ ਕਰ ਕੇ ਗੋਡੇ ਨਾਲ਼ ਝਾੜਿਆ। ਮੰਜਾ ਮੁੜ ਕੇ ਆਪਣੇ ਟਿਕਾਣੇ `ਤੇ ਆ ਗਿਆ। ਠੰਡ ਤੋਂ ਬਚਣ ਲਈ ਦਰਵਾਜ਼ੇ ਨੂੰ ਭੇੜ ਕੇ ਅਸਾਂ ਤੂੰਬੀ ਨੂੰ, ਢੱਡਾਂ ਵਾਲ਼ੇ ਝੋਲ਼ੇ ਨੂੰ ਤੇ ਚਮੜੇ ਦੇ ਬੈਗ਼ ਨੂੰ ਕੰਧ ਨਾਲ਼ ਲਾ ਕੇ ਫ਼ਰਸ਼ `ਤੇ ਬਿਠਾਅ ਦਿੱਤਾ।

ਹੁਣ ਸਿਰਫ਼ ਉਹ ਬਾਲੜੀ ਜਿਹੀ ਮੋਮਬੱਤੀ ਜਗ ਰਹੀ ਸੀ ਜਿਸ ਦੇ ਅੰਨ੍ਹੇ ਚਾਨਣ `ਚ ਖੌਫ਼ਨਾਕ ਕੰਧਾਂ ਹੋਰ ਡਰਾਉਣੀਆਂ ਹੋ ਗਈਆਂ। –ਬਹਿ ਜੋ ਮੰਜੇ `ਤੇ, ਕਹਿ ਕੇ ਬਲਵੰਤ ਦਰਵਾਜ਼ੇ ਵੱਲ ਨੂੰ ਹੋ ਤੁਰਿਆ। –ਮੈਂ ਦੇਖਦਾਂ, ਕੀ ਕੋਈ ਹੋਵੇ ਹੇਠਾਂ ਬੱਕਰੀਆਂ ਕੋਲ਼ੇ।

ਉਹ ਬਾਹਰ ਹੋਇਆ ਅਤੇ ਪੌੜੀ ਕੋਲ਼ ਝੁਕ ਕੇ ਉੱਚੀ ਅਵਾਜ਼ `ਚ ਬੋਲਿਆ: ਬਈ ਹੈ ਕੋਈ ਥੱਲੇ!

ਪਰ ਉਸ ਦੇ ਬੋਲ, ਹੇਠਾਂ ਖਲੋਤੇ ਸਾਈਕਲ ਨਾਲ਼ ਟਕਰਾਅ ਕੇ, ਵਿਹੜੇ `ਚ ਫੈਲਰੀ ਕਾਲ਼ੀ-ਬੋਲ਼ੀ ਚੁੱਪ `ਚ ਗਵਾਚ ਗਏ।

–ਭੁੱਖ ਲੱਗੀ ਆ, ਛੋਟਾ ਰਛਪਾਲ ਧੀਮੀ ਅਵਾਜ਼ `ਚ ਬੁੜਬੁੜਾਇਆ।

-ਸ਼ਾਇਦ ਕੋਈ ਆ ਈ ਜਾਵੇ ਰੋਟੀ ਲੈ ਕੇ! ਬਲਵੰਤ, ਰਛਪਾਲ ਨੂੰ ਤਸੱਲੀ ਦੇਣ ਲਈ ਬੋਲਿਆ। –ਓਨਾ ਚਿਰ ਪੈ ਜੀਏ ਮੰਜੇ `ਤੇ।

ਮੈਂ ਤੇ ਰਛਪਾਲ ਸਿਰਹਾਣੇ ਵਾਲ਼ੇ ਪਾਸੇ ਸਿਰ ਕਰ ਕੇ ਬਰੋ-ਬਰੋਬਰ ਲੇਟ ਗਏ, ਤੇ ਬਲਵੰਤ ਨੇ ਪੈਂਦ ਵਾਲੇ ਪਾਸੇ ਸਿਰ ਕਰ ਕੇ ਆਪਣੀਆਂ ਲੱਤਾਂ ਮੇਰੇ ਅਤੇ ਰਛਪਾਲ ਦੇ ਵਿਚਕਾਰ ਵਿਛਾਅ ਦਿੱਤੀਆਂ। ਸਾਡੇ ਮੂੰਹ ਕੋਲ਼ ਆ ਗਏ ਉਹਦੇ ਪੈਰਾਂ ਦੀ ਦੁਰਗੰਧ ਤੋਂ ਬਚਣ ਲਈ, ਮੈਂ ਆਪਣਾ ਚਿਹਰਾ ਓਸ ਕੰਧ ਵੱਲੀਂ ਕਰ ਲਿਆ ਜਿਹੜੀ ਡਰਾਉਣੇ ਚਿੱਤਰਾਂ ਅਤੇ ਬਾਕੀ ਸੁਆਹ-ਖੇਹ ਤੋਂ ਮੁਕਤ ਸੀ। ਪਲਾਂ `ਚ ਹੀ ਠੰਢ ਨਾਲ਼ ਠੁਰਕਦਾ ਮੇਰਾ ਸਰੀਰ ਸੁੰਗੜਨ ਲੱਗਾ। ਮੁੱਕੀਆਂ ਬਣ ਗਏ ਮੇਰੇ ਹੱਥ ਆਪਣੇ ਆਪ ਹੀ ਇੱਕ ਦੂਜੇ ਨਾਲ਼ ਜੁੜ ਕੇ ਮੇਰੀ ਠੋਡੀ ਨਾਲ਼ ਚਿੰਬੜ ਗਏ, ਤੇ ਮੇਰੀਆਂ ਕੂਹਣੀਆਂ, ਲੱਤਾਂ ਦੇ ਇਕੱਠੇ ਹੋਣ ਨਾਲ਼ ਉੱਪਰ ਵੱਲ ਨੂੰ ਵਧ ਆਏ ਮੇਰੇ ਗੋਡਿਆਂ ਨਾਲ਼ ਲੱਗ ਗਈਆਂ। ਸਾਨੂੰ ਠੰਢ ਨਾਲ਼ ਚਾਕੂ ਵਾਂਗੂੰ ਇਕੱਠੇ ਹੋਇਆਂ ਨੂੰ ਦੇਖ ਕੇ ਬਲਵੰਤ ਹਿੰਮਤ ਕਰ ਕੇ ਉੱਠਿਆ ਤੇ ਜਾਨਵਰਾਂ ਦੇ ਪਿੰਜਰਾਂ ਵਾਲ਼ੇ ਪਾਸੇ ਹੋ ਗਿਆ। ਖੂੰਜੇ ਵੱਲ ਨੂੰ ਵਧਦਿਆਂ ਉਸ ਦੇ ਨੰਗੇ ਪੈਰਾਂ ਨੂੰ ਮਹਿਸੂਸ ਹੋਇਆ ਕਿ ਲੱਕੜ ਦਾ ਪਟੜਾ ਇੱਕ ਦਰੀ ਉੱਤੇ ਟਿਕਿਆ ਹੋਇਆ ਸੀ। ਬਾਹੀ ਹੇਠ ਹੱਥ ਪਾ ਕੇ ਉਸ ਨੇ ਪਟੜੇ ਨੂੰ ਉੱਪਰ ਨੂੰ ਉਭਾਰਿਆ ਤੇ ਮੰਜੇ ਦੇ ਆਕਾਰ ਦੀ ਦਰੀ ਨੂੰ ਖਿੱਚ ਕੇ ਸਾਡੇ ਉੱਪਰ ਵਿਛਾਅ ਦਿੱਤਾ। ਘੰਟਾ, ਡੇਢ ਘੰਟਾ ਮੈਂ ਚਿੱਤਰਾਂ ਤੋਂ ਮੁਕਤ ਕੰਧ ਵੱਲੀਂ ਦੇਖਦਾ ਰਿਹਾ ਜਿੱਥੇ ਆਲ਼ੇ `ਚ ਖਲੋਤੀ ਮੋਮਬੱਤੀ ਦੁਆਰਾ ਸਿਰਜਤ ਪਾਛਾਵਾਂ, ਮੇਰੀਆਂ ਅੱਖਾਂ `ਚ ਕਈ ਕਿਸਮ ਦੇ ਕੁੰਡਲ਼ ਜਿਹੇ ਉਸਾਰੀ ਜਾ ਰਿਹਾ ਸੀ। ਕੁੱਝ ਪਲਾਂ ਬਾਅਦ ਹੀ, ਦੀਵਾਰਾਂ `ਤੇ ਲਟਕਦੀਆਂ ਖੋਪਰੀਆਂ ਤੇ ਹੋਰ ਸਮਾਨ ਮੇਰੀ ਸੋਚ ਨੂੰ ਝਰੀਟਣ ਲੱਗੇ। ਇਨ੍ਹਾਂ ਝਰੀਟਾਂ ਨੂੰ ਮਨ ਤੋਂ ਪਾਸੇ ਕਰਨ ਲਈ ਮੈਂ ਘੰਟਾ ਕੁ ਪਹਿਲਾਂ ਮੁਕਾਈ ਗਾਇਕੀ ਬਾਰੇ ਸੋਚਣ ਲੱਗਾ: ਤੂੰਬੀ ਮੇਰੀ ਖੋਪੜੀ `ਚ ਖੜਕਣ ਲੱਗੀ, ਤੇ ਢੱਡਾਂ ਮੇਰੇ ਕੰਨਾਂ `ਚ ਡੁਗ-ਡੁਗਾਣ ਲੱਗੀਆਂ। ਮੇਰੀਆਂ ਤਿੱਖੀ ਅਵਾਜ਼ `ਚ ਲਾਈਆਂ ਹੇਕਾਂ ਤੇ ਸ੍ਰੋਤਿਆਂ ਦੀ ਖ਼ਾਮੋਸ਼ੀ ਦੀ ਯਾਦ ਆਉਣ `ਤੇ ਮੈਂ ਮੁਸਕ੍ਰਾਉਣ ਲੱਗਾ। ਘੰਟਾ, ਪੌਣਾ-ਘੰਟਾ ਮੇਰਾ ਮਨ ਗਾਇਕੀ ਦੀ ਯਾਦ ਵਿੱਚ ਖੁੱਭਿਆ ਰਿਹਾ। ਫਿਰ ਮੇਰੀਆਂ ਅੱਖਾਂ ਮਿਚਣ ਲੱਗੀਆਂ। ਅੱਖਾਂ ਮਿਚਦਿਆਂ ਹੀ ਕੰਧਾਂ `ਤੇ ਲਟਕਦੀਆਂ ਮਨੁੱਖੀ ਖੋਪੜੀਆਂ ਤੇ ਜਾਨਵਰਾਂ ਦੀਆਂ ਹੱਡੀਆਂ ਮੇਰੇ ਦਿਮਾਗ਼ `ਚ ਉਥਲਣ-ਪੁਥਲਣ ਲੱਗੀਆਂ। ਕਲੰਡਰਾਂ `ਚ ਚਿਤਰੇ, ਕਸਾਈਖਾਨੇ `ਚ ਲਟਕਦੇ ਬੱਕਰਿਆਂ ਵਾਂਗ ਲਟਕਾਏ ‘ਪਾਪੀ’ ਤੇ ਉਨ੍ਹਾਂ ਦੀ ਖੱਲ ਲਾਹ ਰਹੇ ਜਮਦੂਤ ਮੇਰੇ ਜ਼ਿਹਨ `ਚ ਪ੍ਰੇਡਾਂ ਕਰਨ ਲੱਗੇ। ਜਿਓਂ ਜਿਓਂ ਮੇਰੀਆਂ ਅੱਖਾਂ `ਚ ਨੀਂਦ ਦੇ ਹੁਲਾਰੇ ਗੂਹੜੇ ਹੋਣ ਲੱਗੇ, ਜਮਦੂਤਾਂ ਦੀਆਂ ਕਿਰਪਾਨਾਂ, ਛੁਰੀਆਂ ਅਤੇ ਚੰਮ ਉਤਾਰਨ ਵਾਲ਼ੀਆਂ ਰੰਬੀਆਂ ਇੱਕ-ਦੂਜੇ `ਚ ਵੱਜ-ਵੱਜ ਖੜਕਣ ਲੱਗੇ। ਫਿਰ ਇੱਕ ਦਮ ਮੇਰੇ ਉਦਾਲ਼ੇ ਜਮਦੂਤਾਂ ਦਾ ਇੱਕ ਭਰਵਾਂ ਮੇਲਾ ਹੀ ਲੱਗ ਗਿਆ। ਅਗਲੇ ਪਲੀਂ, ਪਾਥੀਆਂ `ਤੇ ਲੇਟਿਆ ਚਿਮਟਾ ਕੱਚੇ ਫ਼ਰਸ਼ `ਤੇ ਏਧਰ ਓਧਰ ਘੁੰਮਣ ਲੱਗਾ। ਅਨੇਕਾਂ ਹੱਥਾਂ ਵਾਲ਼ੀ ਕਾਲ਼ੀ ਦੇਵੀ ਦੇ ਮੂੰਹ `ਚ ਵਿਲਕਦਾ ਬੱਚਾ ਏਧਰ-ਓਧਰ ਲੱਤਾਂ-ਬਾਹਾਂ ਮਾਰਨ ਲੱਗਾ। ਮਨੁੱਖੀ ਸਰੀਰਾਂ ਉੱਪਰ ਟਿਕੇ ਕੁੱਤਿਆਂ ਵਰਗੇ ਲੰਬੂਤਰੇ ਮੂੰਹਾਂ ਵਾਲ਼ੇ ਜਮਦੂਤ, ‘ਪਾਪੀਆਂ’ ਨੂੰ ਕਲੰਡਰਾਂ ਤੋਂ ਲਾਹ ਕੇ ਪੱਠੇ ਕੁਤਰਨ ਵਾਲ਼ੀਆਂ ਮਸ਼ੀਨਾਂ ਦੇ ਪਰਨਾਲ਼ਿਆਂ `ਚ ਸੁੱਟਣ ਲੱਗੇ। ਅਗਲੇ ਛਿਣੀਂ, ਮਸ਼ੀਨਾਂ ਗਿੜਨ ਲੱਗੀਆ ਤੇ ਮਨੁੱਖੀ ਸਰੀਰ, ਚਰ੍ਹੀ ਦੀਆਂ ਭਰੀਆਂ ਵਾਂਗ ਮਸ਼ੀਨ ਦੀਆਂ ਚਕਲ਼ੀਆਂ ਵਿਚਦੀ ਲੰਘਣ ਲੱਗੇ। ਮਸ਼ੀਨ ਦਾ ਚੱਕਰ ਤੇਜ਼ੀ ਫੜ ਗਿਆ ਤੇ ਮਾਸ ਦੇ ਟੁਕੜੇ ਅਤੇ ਖ਼ੂਨ ਦੇ ਛਿੱਟੇ ਚਾਰ-ਚੁਫ਼ੇਰੇ ਉੱਡਣ ਲੱਗੇ। ਕੁੱਝ ਜਮਦੂਤ ਮਾਸ ਦੇ ਟੁਕੜਿਆਂ ਦੀਆਂ ਟੋਕਰੀਆਂ ਭਰ ਕੇ, ਉਨ੍ਹਾਂ ਨੂੰ ਵੱਡ-ਅਕਾਰ ਚੁਰਾਂ `ਤੇ ਟਿਕਾਏ, ਉੱਬਲ਼ਦੇ ਤੇਲ ਵਾਲ਼ੇ ਕੜਾਹਿਆਂ `ਚ, ਸੁੱਟਣ ਲੱਗੇ। ਅਗਲੇ ਹੀ ਪਲ ‘ਖਾ ਲੋ ਰੱਜ ਕੇ! ਖਾ ਲੋ ਰੱਜ ਕੇ!’ ਦੇ ਅਵਾਜ਼ੇ ਉੱਭਰਨ ਲੱਗੇ ਤੇ ਮਨੁੱਖੀ ਮਾਸ ਦੇ ਟੁਕੜਿਆਂ ਦਾ ਜੱਗ ਸ਼ੁਰੂ ਹੋ ਗਿਆ। ਏਨੇ ਨੂੰ ਇੱਕ ਜਮਦੂਤ ਕੁਤਬਮੀਨਾਰੀ ਅਕਾਰ ਦਾ ਇੱਕ ਵੱਡਾ ਪਹੀਆ ਰੇੜ੍ਹ ਕੇ ਮੇਰੇ ਵੱਲ ਨੂੰ ਲੈ ਆਇਆ। ਜਮਦੂਤ ਨੇ ਮੈਨੂੰ ਚਿੜੀ ਦੇ ਬੋਟ ਵਾਂਗ ਆਪਣੀਆਂ ਉਂਗਲਾਂ `ਚ ਟੁੰਗਿਆ ਤੇ ਬੁਲਡੋਜ਼ਰ ਦੇ ਪਹੀਏ ਵਾਂਗ ਰੁੜ੍ਹ ਰਹੇ ਕੁਤਬਮੀਨਾਰੀ ਪਹੀਏ ਦੇ ਅਗਲੇ ਪਾਸੇ ਵਗਾਹ ਮਾਰਿਆ। ਕੁਤਬਮੀਨਾਰੀ ਪਹੀਏ ਨੇ ਮੇਰੇ ਸਰੀਰ ਨੂੰ ਜਿਓਂ ਹੀ ਦਰੜਿਆ, ਮੇਰੀ ਲੇਰ ਨਿੱਕਲ਼ ਗਈ। ਬਲਵੰਤ ਤ੍ਰਭਕ ਕੇ ਉੱਠਿਆ ਤੇ ਮੇਰੇ ਮੋਢਿਆਂ ਨੂੰ ਆਪਣੇ ਹੱਥਾਂ `ਚ ਜਕੜ ਕੇ ਮੈਨੂੰ ਹਲੂਣਨ ਲੱਗਿਆ। ਪਸੀਨੋ-ਪਸੀਨੋ ਹੋਏ ਮੇਰੇ ਚਿਹਰੇ `ਤੇ ਹੱਥ ਘਸਾਉਂਦਿਆਂ ਮੈ ਕੰਬਿਆ।

-ਕੀ ਹੋਇਐ ਤੈਨੂੰ? ਬਲਵੰਤ ਸਹਿਮੀ ਹੋਈ ਅਵਾਜ਼ `ਚ ਬੋਲਿਆ।

ਡੌਰ ਭੌਰ ਹੋਇਆ ਮੈਂ ਦਹਿਸ਼ਤਜ਼ਦਾ ਗਾਲ੍ਹੜ ਵਾਂਗ ਸਿਰ ਏਧਰ-ਓਧਰ ਘੁਮਾਅ ਕੇ, ਆਲ਼ੇ-ਦੁਆਲ਼ੇ ਨੂੰ ਅਰਥਣ ਲੱਗਾ।

-ਕਿੱਥੇ ਆਂ ਆਪਾਂ? ਮੈਂ ਬੁੜਬੁੜਾਇਆ। –ਭੂਤ … ਮੈਂ ਡੂੰਘੇ ਸਾਹ ਲੈਣ ਲੱਗਿਆ। –ਭੂਤ ਦਿਸਦੇ ਐ ਮੈਨੂੰ!

ਬਲਵੰਤ ਨੇ ਮੈਨੂੰ ਹੋਰ ਜ਼ੋਰ ਨਾਲ਼ ਝੰਜੋੜਿਆ: ਸੁਰਤ ਕਰ, ਢੋਲਾ! ਕੋਈ ਭੂਤ ਨ੍ਹੀ ਏਥੇ! ਸੁਰਤ ਫੜ ਸੁਰਤ!

-ਮੈਨੂੰ ਤਾਂ ਡਰ ਲਗਦੈ, ਮੈਂ ਕੰਬਦੀ ਅਵਾਜ਼ `ਚ ਬੋਲਿਆ।

ਸਾਡੀ ਵਾਰਤਾ ਲਾਪ ਨੇ ਰਛਪਾਲ ਨੂੰ ਜਗਾਅ ਦਿੱਤਾ। ਆਲ਼ੇ `ਚ ਮੋਮ ਦਾ ਚਿੱਕੜ ਬਣ ਕੇ ਜੰਮ ਗਈ ਮੋਮਬੱਤੀ ਕਦੋਂ ਦੀ ਆਖ਼ਰੀ ਸਾਹ ਲੈ ਕੇ ਸਦਾ ਦੀ ਨੀਂਦ ਸੌਂ ਚੁੱਕੀ ਸੀ। ਅੰਦਰਲੇ ਹਨੇਰੇ `ਚ ਦਰਵਾਜ਼ਾ ਵਜੂਦਹੀਣ ਹੋ ਗਿਆ ਸੀ। ਬਲਵੰਤ ਨੇ ਸਿਰਹਾਣਿਓਂ ਚਮੜੇ ਦਾ ਬੈਗ਼ ਖੋਲ੍ਹਿਆ ਤੇ ਫ਼ਲੈਸ਼ਲਾਈਟ ਦੀ ਸਵਿੱਚ ਨੱਪ ਦਿੱਤੀ। ਫ਼ਲੈਸ਼ਲਾਈਟ ਦੇ ਚਾਨਣ `ਚ, ਕੰਧ `ਤੇ ਟੁੰਗੀਆਂ ਖੋਪੜੀਆਂ ਜਾਗ ਪਈਆਂ, ਰੰਬੀਆਂ ਵਾਲ਼ੇ ਜਮਦੂਤ ਕਲੰਡਰਾਂ `ਤੇ ਸੁੰਨ ਹੋ ਗਏ, ਤੇ ਚਿਮਟਾ ਆਪਣੇ ਟਿਕਾਣੇ `ਤੇ ਜਾ ਬੈਠਿਆ। ਅਨੇਕ ਹੱਥਾਂ ਵਾਲ਼ੀ ਔਰਤ ਦੇ ਮੂੰਹ ਟੁੰਗਿਆ ਬੱਚਾ ਖ਼ਾਮੋਸ਼ ਹੋ ਗਿਆ।

-ਉੱਠੋ ਮੁੰਡਿਓ! ਮੈਨੂੰ ਵ`ਨੀ ਨੀਂਦ ਆਉਣੀ ਏਥੇ, ਬਲਵੰਤ ਡਰੀ ਹੋਈ ਅਵਾਜ਼ `ਚ ਬੋਲਿਆ। –ਮੇਰੀਆਂ ਅੱਖਾਂ `ਚ ਵੀ ਭੂਤਾਂ ਨੱਚੀ ਜਾਂਦੀਐਂ।

ਅਸੀਂ ਜੁੱਤੀਆਂ ਪਾਈਆਂ, ਗਿਲਾਫ਼ `ਚ ਸੁੱਤੀ ਤੂੰਬੀ ਨੂੰ ਹਲੂਣਿਆਂ, ਤੇ ਢੱਡਾਂ ਵਾਲ਼ਾ ਝੋਲ਼ਾ ਰਛਪਾਲ ਦੇ ਮੋਢੇ `ਤੇ ਲਟਕ ਗਿਆ।

ਚੌਬਰਿਓਂ ਬਾਹਰ ਹੋਏ ਤਾਂ ਚਾਰੇ ਪਾਸੇ ਸੁੰਨ ਮਸਾਣ ਸੀ। ਪੋਲੇ ਪੈਰੀਂ ਅਸੀਂ ਪੌੜੀ ਵੱਲ ਹੋਏ। ਝੋਲੇ ਖਾਂਦੀ ਪੌੜੀਓਂ ਵਾਰੋ ਵਾਰੀ ਉੱਤਰ ਕੇ ਸਾਈਕਲ ਦਾ ਜਿੰਦਰਾ ਖੋਲ੍ਹਿਆ। ਠੰਡ ਨਾਲ਼ ਕੁੰਗੜੀਆਂ ਬੱਕਰੀਆਂ ਬਾਹਰਲੇ ਖੜਕੇ ਤੋਂ ਬੇਖ਼ਬਰ ਰਹੀਆਂ। ਬਾਹਰਲਾ ਫਾਟਕ ਰਤਾ ਕੁ ਚੀਕਿਆ, ਅਤੇ ਅਸੀਂ ਸਾਈਕਲ ਸਮੇਤ ਗਲ਼ੀ ਵਿੱਚ ਆ ਗਏ।

-ਸੜਕ ਪਤਾ ਨੀ ਕਿਹੜੇ ਪਾਸੇ ਐ, ਬਲਵੰਤ ਬੁੜਬੁੜਾਇਆ। ਉਸ ਨੇ ਫ਼ਲੈਸ਼ਲਾਈਟ ਨੂੰ ਗਲ਼ੀ `ਚ ਘੁੰਮਾਇਆ ਤਾਂ ਪਰਲੇ ਪਾਸੇ ਸੱਜੇ ਹੱਥ ਨੂੰ ਮੁੜਦੀ ਇੱਕ ਗਲ਼ੀ ਨਜ਼ਰ ਆਈ। ਅਸੀਂ ਉਸ ਗਲ਼ੀ ਵੱਲ ਨੂੰ ਮੁੜੇ ਤਾਂ ਪੰਦਰਾਂ ਕੁ ਘਰਾਂ ਦੀ ਵਿੱਥ `ਤੇ ਇੱਕ ਟਰੱਕ ਘੂੰ ਕਰਦਾ ਸਾਡੇ ਸਾਹਮਣਿਓਂ ਸੱਜੇ ਪਾਸੇ ਨੂੰ ਗੁਜ਼ਰ ਗਿਆ।

-ਔਹ ਆ ਗੀ ਸੜਕ ਮੱਲੋ! ਬਲਵੰਤ ਖ਼ੁਸ਼ੀ `ਚ ਬੁੜਬੁੜਾਇਆ।

ਸੜਕ `ਤੇ ਪਹੁੰਚਦਿਆਂ ਅਸੀਂ ਦੋਹੀਂ ਪਾਸੀਂ ਦੇਖਿਆ। ਤਾਰਿਆਂ ਦੀ ਪੇਤਲੀ ਜਿਹੀ ਲੋਅ `ਚ ਸੁੱਤੀਆਂ ਦੁਕਾਨਾਂ ਦੇ ਐਵੇਂ ਧੁੰਦਲ਼ੇ ਜਿਹੇ ਅਕਾਰ ਹੀ ਨਜ਼ਰ ਆ ਰਹੇ ਸਨ। ਸਾਹਮਣੇ ਢਾਬੇ ਦੀ ਭੱਠੀ ਲਾਗਿਓਂ ਠੰਡ ਨਾਲ਼ ਕੁੰਗੜੇ ਕੁੱਤਿਆਂ ਨੇ ਹਲਕੀ ਜਿਹੀ ਘੁਰਰ-ਘੁਰਰ ਕੀਤੀ ਤੇ ਉਨ੍ਹਾਂ ਦੀਆਂ ਬੂਥੀਆਂ ਮੋੜ ਕੇ, ਉਨ੍ਹਾਂ ਦੇ ਗੁੱਛਾ-ਮੁੱਛਾ ਹੋਏ ਸਰੀਰਾਂ ਵਿੱਚ ਗੁੰਮ ਹੋ ਗਈਆਂ। ਸਾਈਕਲ ਨੂੰ ਸਾਡੇ ਪਿੰਡ ਦੇ ਰੁਖ਼ ਮੋੜ ਕੇ, ਬਲਵੰਤ ਨੇ ਰਛਪਾਲ ਨੂੰ ਮੂਹਰਲੇ ਡੰਡੇ `ਤੇ ਬਿਠਾਇਆ। ਉਸ ਦਾ ਖੱਬਾ ਪੈਰ ਖ਼ੁਦ-ਬਾਖ਼ੁਦ ਹੀ ਪੈਡਲ `ਤੇ ਜਾ ਟਿਕਿਆ। ਸੱਜੀ ਲੱਤ ਨੂੰ ਘੁਮਾਅ ਕੇ ਉਸ ਨੇ ਕਾਠੀ ਦੇ ਉੱਪਰ ਦੀ ਕੀਤਾ। ਸਾਈਕਲ ਜਿਓਂ ਹੀ ਰਫ਼ਤਾਰ ਫੜਨ ਲੱਗਾ, ਮੈਂ ਪਲਾਕੀ ਮਾਰ ਕੇ ਪਿਛਲੀ ਕਾਠੀ `ਤੇ ਸਵਾਰ ਹੋ ਗਿਆ।

Read 1421 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।

This e-mail address is being protected from spambots. You need JavaScript enabled to view it