Print this page
Tuesday, 27 October 2009 15:13

ਤੂੰ ਹੀ ਬੋਲ

Written by
Rate this item
(5 votes)

ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ ਮਾਂ ਅਤੇ ਚਾਹ ਬਨਾਉਣ ਲਈ ਸਟੋਵ ਕੋਲ ਖੜ੍ਹੀ ਆਪਣੀ ਪਤਨੀ ਮਨਦੀਪ ਵੱਲ ਵਾਰੀ-ਵਾਰੀ ਵੇਖ ਕੇ ਬੋਲਿਆ, “ਤੁਸੀਂ ਵੀ ਨਾ ਹਟਾਇਆ ਕਰੋ ਏਹਨਾਂ ਨੂੰ।” ਤਰਸੇਮ ਦੀ ਮਾਂ ਨੇ ਸਾਖੀਆਂ ਦੀ ਕਿਤਾਬ `ਚੋਂ ਧਿਆਨ ਹਟਾ ਕੇ ਤਰਸੇਮ ਵੱਲ ਵੇਖਿਆ ਅਤੇ ਫਿਰ ਆਪਣਾ ਧਿਆਨ ਕਿਤਾਬ ਵੱਲ ਕਰ ਲਿਆ। ਮਨਦੀਪ ਨੇ ਤਰਸੇਮ ਦੀ ਚੜ੍ਹੀ ਘੂਰੀ ਨੂੰ ਤੱਕ ਕੇ ਆਪਣਾ ਧਿਆਨ ਉਬਾਲੇ ਖਾ ਰਹੀ ਚਾਹ ਵੱਲ ਕਰ ਲਿਆ। ਆਪਣੀ ਲੰਚ-ਕਿੱਟ ਨੂੰ ਕਿਚਨ-ਕਾਊਂਟਰ `ਤੇ ਪਟਕਾ ਕੇ ਤਰਸੇਮ ਵਾਸ਼ਰੂਮ ਵਿੱਚ ਵੜ੍ਹ ਕੇ ਟਾਇਲਟ `ਤੇ ਬੈਠ ਗਿਆ।

ਜੇ ਉਸ ਦਾ ਮੂਡ ਇਸ ਤਰ੍ਹਾਂ ਦਾ ਨਾ ਹੁੰਦਾ ਤਾਂ ਉਸ ਨੇ ਕੰਮ ਤੋਂ ਮੁੜ ਕੇ ਬੱਚਿਆਂ ਵਿੱਚ ਬੈਠੀ ਆਪਣੀ ਮਾਂ ਦੇ ਗੋਡੀਂ ਹੱਥ ਲਾਉਣਾ ਸੀ ਫਿਰ ਗੁਰਨੀਤ ਦੇ ਸਿਰ `ਤੇ ਹੱਥ ਰੱਖਣ ਤੋਂ ਬਾਅਦ ਸੁਮੀਤ ਨੂੰ ਆਪਣੇ ਨਾਲ ਘੁੱਟਦਿਆਂ ਮਨਦੀਪ ਵੱਲ ਵੇਖਣਾ ਸੀ। ਛੇ ਕੁ ਮਹੀਨੇ ਪਹਿਲਾਂ ਤਰਸੇਮ ਨੇ ਇੱਕ ਰੇਡੀਓ ਪ੍ਰੋਗਰਾਮ `ਤੇ ਸੁਣਿਆ ਸੀ ਕਿ ਬੱਚਿਆਂ ਨੂੰ ਉਪਦੇਸ਼ ਦੇਣ ਨਾਲੋਂ ਉਨ੍ਹਾਂ ਨੂੰ ਰੋਲ-ਮਾਡਲ ਬਣ ਕੇ ਵਿਖਾਓ ਤਾਂ ਬੱਚਿਆਂ ਉੱਪਰ ਜਿਆਦਾ ਅਸਰ ਕਰਦਾ ਹੈ। ਉਦੋਂ ਤੋਂ ਤਰਸੇਮ ਆਪਣੀ ਮਾਂ ਦੇ ਗੋਡੀਂ ਹੱਥ ਲਾਉਣ ਲੱਗਿਆ ਸੀ। ਕੁੱਝ ਦਿਨਾਂ ਬਾਅਦ ਉਸ ਨੇ ਗੁਰਨੀਤ ਨੂੰ ਕਿਹਾ ਸੀ, “ਵੇਖਿਆ, ਜਦੋਂ ਮੈਂ ਬਾਹਰੋਂ ਆਉਣੈ ਆਪਣੀ ਮਾਂ ਦੇ ਪੈਰੀਂ ਹੱਥ ਲਾਉਣੈ, ਤੂੰ ਵੀ ਜਦੋਂ ਅਸੀਂ ਬਾਹਰੋਂ ਆਈਏ ‘ਸਾਸਰੀ `ਕਾਲ’ ਬੁਲਾਇਆ ਕਰ।” ਫਿਰ ਗੁਰਨੀਤ ਦੀ ਦੇਖਾ-ਦਾਖੀ ਸੁਮੀਤ ਵੀ ਬਾਹਰੋਂ ਆਇਆਂ ਤੋਂ ‘ਸਾਸਰੀ `ਕਾਲ’ ਬੁਲਾਉਣ ਲੱਗਾ ਸੀ।

ਪਰ ਜੇ ਤਰਸੇਮ ਦੇ ਦਿਮਾਗ ਵਿੱਚ ਕੋਈ ਖਲਬਲੀ ਮੱਚੀ ਹੁੰਦੀ ਤਾਂ ਉਹ ਟਾਇਲਟ ਸੀਟ `ਤੇ ਜਾ ਬੈਠਦਾ। ਉੱਥੇ ਬੈਠ ਕੇ ਉਹ ਸਮੱਸਿਆ ਨੂੰ ਰਿੜਕਦਾ।

ਟਾਇਲਟ ਸੀਟ `ਤੇ ਬੈਠੇ ਤਰਸੇਮ ਨੂੰ ਲੱਗਾ ਜਿਵੇਂ ਬੱਚਿਆਂ ਨੇ ਟੀ.ਵੀ.ਦੀ ਆਵਾਜ਼ ਉੱਚੀ ਕਰ ਦਿੱਤੀ ਹੋਵੇ। ਫਿਰ ਉਸ ਨੂੰ ਲੱਗਾ ਜਿਵੇਂ ਉਹ ਰੌਲਾ ਪਾ ਰਹੇ ਹੋਣ। ਉਸ ਦਾ ਜੀਅ ਕੀਤਾ ਕਿ ਉੱਠ ਕੇ ਦੋਹਾਂ ਦੇ ਇੱਕ-ਇੱਕ ਜੜ ਆਵੇ। ਉਸ ਨੇ ਕਚੀਚੀ ਵੱਟੀ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਆਵਾਂ ਬਾਹਰ? ਕਿਵੇਂ ਰੌਲਾ ਪਾਇਐ।”

“ਕਦੋਂ ਰੌਲਾ ਪਾਉਣੇ ਆਂ ਡੈਡੀ,” ਗੁਰਨੀਤ ਦੀ ਉੱਚੀ ਆਵਾਜ਼ ਆਈ।

“ਵੇਖ ਕਿਵੇਂ ਬੋਲਦੀ ਐ। ਦੱਸਾਂ ਪਤਾ ਕਿਵੇਂ ਵੱਡਿਆਂ ਨਾਲ ਗੱਲ ਕਰੀਦੀਐ,” ਤਰਸੇਮ ਕੜਕਵੀਂ ਆਵਾਜ਼ ਵਿੱਚ ਬੋਲਿਆ।

“ਕੋਈ ਰੌਲਾ-ਰੱਪਾ ਨੀ ਪਾਉਂਦੇ ਕਾਕਾ, ਆਪਸ `ਚ ਖੇਡਣ ਲੱਗੇ ਆ। ਜੇ ਆਹਨੈਂ ਤਾਂ ਬਾਹਰ ਲੈ ਜਾਨੀ ਆਂ। ਪਤਾ ਨੀ ਕੀ ਹੋ ਜਾਂਦੈ ਤੈਨੂੰ ਕਦੇ-ਕਦੇ,” ਮਾਂ ਦੀ ਆਵਾਜ਼ ਉਸ ਦੇ ਕੰਨੀ ਪਈ। ‘ਮਾਂ ਵਿਗਾੜੂ ਏਹਨੂੰ’ ਸੋਚ ਕੇ ਉਸ ਨੂੰ ਆਪਣੀ ਮਾਂ `ਤੇ ਕ੍ਰੋਧ ਆਇਆ। ਪਰ ਉਹ ਕੁੱਝ ਬੋਲਿਆ ਨਾ। ‘ਮੈਨੂੰ ਕਹਿੰਦੀ ਐ ਬਈ ਪਤਾ ਨੀ ਕੀ ਹੋ ਜਾਂਦੈ, ਓਹ ਬੋਲਦੀ ਨੀ ਦਿੱਸਦੀ ਬਈ ਕਿਵੇਂ ਹੀਂਜਰਦੀ ਐ। ਪਤਾ ਨੀ ਸਾਲਾ ਕੀ ਬਨਣੈ, ਹੁਣੇ ਈ ਅੱਖਾਂ ਵਿਖਾਉਂਦੀ ਐ, ਵੱਡੀ ਹੋ ਕੇ ਪਤਾ ਨੀ ਕੀ ਰੰਗ ਲਾਊ।’

ਤਰਸੇਮ ਦੀ ਨਿਗ੍ਹਾ ਸ਼ੀਸ਼ੇ ਵੱਲ ਗਈ। ਉਸ ਨੂੰ ਲੱਗਾ ਜਿਵੇਂ ਗੁਰਨੀਤ ਇੱਕ-ਦਮ ਵੱਡੀ ਹੋ ਗਈ ਹੋਵੇ। ਉਸ ਦੇ ਅੰਦਰ ਇੱਕ ਚੀਸ ਉੱਠੀ। ਫਿਰ ਤਰਸੇਮ ਨੂੰ ਲੱਗਾ ਜਿਵੇਂ ਗੁਰਨੀਤ ਕਿਸੇ ਗੋਰੇ ਮੁੰਡੇ ਦੇ ਹੱਥ ਵਿੱਚ ਹੱਥ ਪਾਈ ਕਿਤੇ ਜਾ ਰਹੀ ਹੋਵੇ। ਅਤੇ ਉਹ ਲੋਕਾਂ ਤੋਂ ਨਜ਼ਰਾਂ ਬਚਾ ਰਿਹਾ ਹੋਵੇ। ਇਹ ਸੋਚ ਕੇ ਤਰਸੇਮ ਡਰ ਨਾਲ ਕੰਬ ਗਿਆ। ਤਰਸੇਮ ਦੇ ਅੰਦਰੋਂ ਇੱਕ ਹਾਉਕਾ ਨਿਕਲਿਆ। ਉਸ ਨੇ ਸਿਰ ਝਟਕਿਆ ਅਤੇ ਆਪਣਾ ਧਿਆਨ ਸ਼ੀਸ਼ੇ ਤੋਂ ਹਟਾ ਲਿਆ। ਫਿਰ ਉਸ ਨੇ ਸੋਚਿਆ, ‘ਜੇ ਪਤਾ ਹੁੰਦਾ ਤਾਂ ਪਹਿਲਾਂ ਈ ਟੈਸਟ-ਟੁਸਟ ਕਰਵਾ ਲੈਂਦੇ। ਹੁਣ ਜਿੰਨਾਂ ਚਿਰ ਵੱਡੀ ਹੋ ਕੇ ਵਿਆਹੀ ਨੀ ਜਾਂਦੀ, ਸੂਲੀ ਟੰਗੇ ਰਹਾਂਗੇ।’ ਸੋਚਦੇ ਤਰਸੇਮ ਦੀ ਨਿਗ੍ਹਾ ਅਚਾਨਕ ਟਾਇਲਟ ਸਾਹਮਣੇ ਟੰਗੇ ਸ਼ੀਸ਼ੇ ਨਾਲ ਟਕਰਾਈ। ਸ਼ੀਸ਼ੇ `ਤੇ ਕ੍ਰੋਧ ਕੱਢਦਾ ਉਹ ਬੁੜਬੜਾਇਆ, “ਭੈਣ ਦਾ ਘੜੁੱਕ” ਅਤੇ ਉਸ ਨੇ ਆਪਣੀ ਨਿਗ੍ਹਾ ਸ਼ੀਸ਼ੇ ਤੋਂ ਪਾਸੇ ਕਰ ਲਈ। ਉਸ ਨੂੰ ਮਨਦੀਪ `ਤੇ ਖਿਝ ਆਈ। ‘ਸੇਹਲੀਆਂ ਪੁੱਟਣ ਬਹਿ ਜਾਂਦੀ ਸੀ ਸਾਹਮਣੇ। ਐਂ ਨੀ ਵੇਂਹਦੀ ਬਈ ਕੁੜੀ ਵੱਡੀ ਹੋ ਗਈ ਐ।’

ਇਹ ਸ਼ੀਸ਼ਾ ਤਰਸੇਮ ਨੇ ਆਪ ਹੀ ਇੱਥੇ ਟੰਗਿਆ ਸੀ। ਇੱਕ ਦਿਨ ਜਦ ਬੈੱਡਰੂਮ `ਚ ਬੈਠੀ ਮਨਦੀਪ ਆਪਣੇ ਭਰਵੱਟੇ ਸਵਾਰ ਰਹੀ ਸੀ ਤਾਂ ਤਰਸੇਮ ਖਿਝ ਕੇ ਬੋਲਿਆ ਸੀ, “ਆਹ ਹੀ ਕੁੱਝ ਸਿਖਾਏਂਗੀ ਜਵਾਕੜੀ ਨੂੰ। ਡੋਰ ਭੇੜ ਲਿਆ ਕਰ ਜਦੋਂ ਏਹੋ ਜਾ ਕੁਛ ਕਰਨਾ ਹੁੰਦੈ।”

“ਸੌਰੀ, ਮੈਂ ਡੋਰ ਬੰਦ ਕਰਨਾ ਭੁੱਲ ਗਈ। ਪਲੀਜ਼, ਲੌਕ ਕਰ ਜਾਇਓ ਬਾਹਰ ਨਿਕਲਣ ਲੱਗੇ,” ਮਨਦੀਪ ਬੋਲੀ। ਤਰਸੇਮ ਬੁੜ-ਬੁੜ ਕਰਦਾ ਦਰਵਾਜ਼ਾ ਬੰਦ ਕਰ ਕੇ ਕਮਰੇ `ਚੋਂ ਬਾਹਰ ਨਿਕਲ ਗਿਆ। ਅਗਲੇ ਦਿਨ ਉਸ ਨੇ ਟਾਇਲਟ ਸਾਹਮਣੇ ਸ਼ੀਸ਼ਾ ਟੰਗ ਕੇ ਨਰਮ ਆਵਾਜ਼ ਵਿੱਚ ਮਨਦੀਪ ਨੂੰ ਕਿਹਾ ਸੀ, “ਗੁਰਨੀਤ ਹੁਣ ਵੱਡੀ ਹੋ ਰਹੀ ਐ। ਆਪਾਂ ਨੂੰ ਖਿਆਲ ਰੱਖਣਾ ਪੈਣੈ। ਮੈਂ ਟਾਇਲਟ ਸਾਹਮਣੇ ਸ਼ੀਸ਼ਾ ਟੰਗ ਦਿੱਤੈ। ਟਾਇਲਟ ਬੈਠਣ ਦੇ ਬਹਾਨੇ ਬਣਾ ਲਿਆ ਕਰ ਆਵਦੇ ਆਈ-ਬਰੋ।” ਇਹ ਗੱਲ ਭਾਵੇਂ ਤਰਸੇਮ ਨੇ ਨੀਵੀਂ ਆਵਾਜ਼ ਵਿੱਚ ਮਨਦੀਪ ਨੂੰ ਆਖੀ ਸੀ ਪਰ ਪਰ੍ਹੇ ਬੈਠੀ ਉਸ ਦੀ ਮਾਂ ਦੇ ਕੰਨਾਂ ਤੱਕ ਵੀ ਅੱਪੜ ਗਈ ਸੀ। ਉਸ ਨੇ ਉੱਥੈ ਬੈਠੀ ਨੇ ਹੀ ਕਿਹਾ, “ਫੂਕ-ਫੂਕ ਪੈਰ ਧਰਨਾ ਪੈਣੈ ਭਾਈ। ਜਵਾਕਾਂ ਨੇ ਤਾਂ ਜਿਵੇਂ ਥੋਨੂੰ ਕਰਦਿਆਂ ਨੂੰ ਵੇਖਣੈ, ਉਵੇਂ ਹੀ ਕਰਨੈ। ਹੁਣ ਪੁਰਾਣੇ ਜਮਾਨੇ ਤਾਂ ਹੈ ਨੀ ਬਈ ਕੁੜੀਆਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ। ਸ਼ਰਮ-ਹਯਾ ਵਾਲਾ ਤਾਂ ਆਵਾ ਈ ਊਤਿਆ ਪਿਐ।”

ਮਾਂ ਦੀਆਂ ਇਹੋ-ਜਿਹੀਆਂ ਗੱਲਾਂ ਤਰਸੇਮ ਨੂੰ ਹੋਰ ਫ਼ਿਕਰਮੰਦ ਕਰ ਦਿੰਦੀਆਂ। ਉਸ ਦਿਨ ਤਾਂ ਉਹ ਜ਼ਿਆਦਾ ਹੀ ਫ਼ਿਕਰਮੰਦ ਹੋ ਗਿਆ ਸੀ, ਜਿਸ ਦਿਨ ਉਸ ਦੀ ਮਾਂ ਨੇ ਉਮਰ ਦੇ ਸੱਤਵੇਂ ਵਰ੍ਹੇ `ਚ ਗੁਜ਼ਰ ਰਹੀ ਗੁਰਨੀਤ ਨੂੰ ਟੋਕਦੇ ਹੋਏ ਕਿਹਾ ਸੀ, “ਕੁੜੇ ਹੁਣ ਤੂੰ ਜਵਾਕੜੀ ਨੀ ਰਹੀ। ਪੈਂਟ ਪਾਇਆ ਕਰ। ਕੁੜੀਆਂ ਲੱਤਾਂ ਨੀ ਨੰਗੀਆਂ ਰੱਖਦੀਆਂ ਹੁੰਦੀਆਂ।”

“ਆਈ ਡੌਂਟ ਵਾਂਟ ਟੂ, ਇਟਸ ਸੋ ਹਾਟ ਆਊਟ ਦੇਅਰ,” ਮੋਢੇ ਚੜ੍ਹਾ ਕੇ ਗੁਰਨੀਤ ਬੈਕਯਾਰਡ ਵਾਲੀਆਂ ਪੌੜ੍ਹੀਆਂ ਉੱਤਰ ਗਈ।

“ਬੋਲਦੀ ਵੇਖ ਕਿਵੇਂ ਐ। ਮੇਰੀਆਂ ਕਦੇ ਅੱਖ `ਚ ਪਾਈਆਂ ਨੀ ਸੀ ਰੜਕੀਆਂ। ਹੁਣੇ ਈ ਮਾਨ ਨੀ, ਵੱਡੀ ਹੋ ਕੇ ਪਤਾ ਨੀ ਕੀ ਚੰਦ ਚੜ੍ਹਾਊਗੀ---,” ਤਰਸੇਮ ਦੀ ਮਾਂ ਹੋਰ ਵੀ ਬੋਲਦੀ ਰਹੀ ਸੀ ਪਰ ਤਰਸੇਮ ਦੇ ਦਿਮਾਗ ਵਿੱਚ ਤਾਂ ‘ਵੱਡੀ ਹੋ ਕੇ ਪਤਾ ਨੀ ਕੀ ਚੰਦ ਚੜ੍ਹਾਊਗੀ’ ਅੜ ਗਿਆ ਸੀ। ਉਸੇ ਸ਼ਾਮ ਗਰੋਸਰੀ ਲੈ ਕੇ ਮੁੜੀ ਮਨਦੀਪ ਬੋਲੀ ਸੀ, “ਪਤਾ ਨੀ ਕੀ ਬਨਣੈ, ਬੇੜਾ ਗਰਕਣ `ਤੇ ਆਇਆ ਪਿਐ।” ਤਰਸੇਮ ਨੇ ਹੈਰਾਨੀ ਨਾਲ ਮਨਦੀਪ ਵੱਲ ਵੇਖਿਆ ਜਿਵੇਂ ਪੁੱਛ ਰਿਹਾ ਹੋਵੇ ਕਿ ਤੈਨੂੰ ਸਟੋਰ ਫਿਰਦੀ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਮੈਂ ਵੀ ‘ਪਤਾ ਨੀ ਕੀ ਬਨਣੈ?’ ਬਾਰੇ ਫਿਕਰਮੰਦ ਹਾਂ। ਮਨਦੀਪ ਬੋਲੀ, “ਆਹ ਆਪਣੇ ਸਾਹਮਣੇ ਜਿਹੜਾ ਬੱਸ ਸਟਾਪ ਐ ਨਾ ਓਥੇ ਬੈਠੇ ਆ ਬੁੱਲ੍ਹ ਜੋੜੀ, ਮਸਾਂ ਬਾਰਾਂ-ਤੇਰਾਂ ਸਾਲਾਂ ਦੇ ਹੋਣੇ ਆ। ਕੁੜੀ ਤਾਂ ਆਪਣਿਆਂ ਦੀ ਲੱਗਦੀ ਐ। ਮੈਨੂੰ ਤਾਂ ਦੱਸਦਿਆਂ ਵੀ ਸ਼ਰਮ ਆਉਂਦੀ ਐ, ਮੁੰਡੇ ਨੇ ਕੁੜੀ ਦੇ ਬਲਾਉਜ਼ `ਚ ਹੱਥ ਪਾਇਆ ਵਿਐ। ਮੇਰਾ ਤਾਂ ਜਾਣੀ ਸਰੀਰ ਝੂਠਾ ਜਿਆ ਪੈ ਗਿਆ। ਨਿਆਣੇ ਜਿਹੜਾ ਕੁਛ ਦੇਖਣਗੇ ਓਹੀ ਕਰਨਗੇ।”

ਸੁਣ ਕੇ ਤਰਸੇਮ ਹੋਰ ਫਿਕਰਮੰਦ ਹੋ ਗਿਆ। ‘ਪਤਾ ਨੀ ਕੀ ਬਨਣੈ’ ਸੋਚਦਾ ਤਰਸੇਮ ਟਾਇਲਟ ਸੀਟ `ਤੇ ਜਾ ਬੈਠਾ। ਉਸ ਦੇ ਦਿਮਾਗ ਵਿੱਚ ਆਈ ਕਿ ਜੇ ਪਤਾ ਹੁੰਦਾ ਬਈ ਕੁੜੀਆਂ ਪਾਲਣੀਆਂ ਐਨੀਆਂ ਔਖੀਐਂ ਤਾਂ ਪਹਿਲਾਂ ਈ ਗਰਭ-ਟੈਸਟ ਕਰਵਾ ਲੈਂਦੇ,’ ਪਰ ਅਗਲੇ ਦਿਨ ਜਦ ਗੁਰਨੀਤ ਸਕੂਲ ਤੋਂ ਆਪਣਾ ਰਿਪੋਰਟ ਕਾਰਡ ਲੈ ਕੇ ਆਈ ਸੀ ਤਾਂ ਸਾਰੇ ਵਿਸ਼ਿਆਂ ਵਿੱਚ ‘ਐਕਸੀਡਡ’ ਵੱਲੀ ਡੱਬੀ ਵਿੱਚ ਨਿਸ਼ਾਨੀਆਂ ਲੱਗੀਆਂ ਵੇਖ ਤਰਸੇਮ ਨੂੰ ਆਪਣੀ ਸੋਚ `ਤੇ ਸ਼ਰਮਿੰਦਗੀ ਮਹਿਸੂਸ ਹੋਈ ਸੀ ਤੇ ਉਹ ਸ਼ੀਸ਼ੇ ਨਾਲ ਅੱਖ ਨਹੀਂ ਸੀ ਮਿਲਾ ਸਕਿਆ।

ਹੁਣ ਵੀ ਤਰਸੇਮ ਦੇ ਦਿਮਾਗ ਵਿੱਚ ਗਰਭ ਟੈਸਟ ਕਰਾਉਣ ਵਾਲੀ ਗੱਲ ਆਉਣ ਵੇਲੇ ਉਸ ਤੋਂ ਸ਼ੀਸ਼ੇ ਨਾਲ ਅੱਖ ਨਹੀਂ ਸੀ ਮਿਲਾਈ ਗਈ ਤੇ ਉਸ ਨੇ ਸ਼ੀਸ਼ੇ ਨੂੰ ‘ਭੈਣ ਦਾ ਘੜੁੱਕ’ ਆਖ ਕੇ ਅੱਖਾਂ ਫੇਰ ਲਈਆਂ। ‘ਕੀ ਕਰੇ ਬੰਦਾ ਕਿ ਐਹੋ-ਜਿਹਾ ਦਿਨ ਨਾ ਵੇਖਣਾ ਪਵੇ?’ ਤਰਸੇਮ ਨੇ ਸੋਚਿਆ। ਪਰ ਉਸ ਨੂੰ ਆਪਣੇ ਅੰਦਰੋਂ ਇਸ ਸਵਾਲ ਦਾ ਜਵਾਬ ਨਾ ਲੱਭਾ। ਉਸ ਨੂੰ ਪਹਿਲਾਂ ਨਾਲੋਂ ਹੌਲੀ ਆ ਰਹੀ ਬੱਚਿਆਂ ਦੀ ਆਵਾਜ਼ ਹੋਰ ਉੱਚੀ ਆਉਂਦੀ ਮਹਿਸੂਸ ਹੋਈ। ਉਸ ਨੂੰ ਤਲਖੀ ਮਹਿਸੂਸ ਹੋਈ। ਤਰਸੇਮ ਨੇ ਸੋਚਿਆ ਕਿ ਠੰਡੇ ਪਾਣੀ ਦਾ ਸ਼ਾਵਰ ਚਲਾ ਦੇਵੇ। ਸ਼ਾਵਰ ਦੀ ਆਵਾਜ਼ ਬਾਹਰਲੀਆਂ ਆਵਾਜ਼ਾਂ ਨੂੰ ਰੋਕ ਲੈਂਦੀ ਅਤੇ ਉਹ ਆਪਣੇ ਅੰਦਰਲੇ ਸ਼ੋਰ ਵਿੱਚ ਉਲਝ ਜਾਂਦਾ। ਪਰ ਤਰਸੇਮ ਨੂੰ ਪਾਣੀ ਵਾਲੇ ਮੀਟਰ ਦਾ ਝੱਟ ਖਿਆਲ ਆ ਗਿਆ। ‘ਭੈਣ ਦੇ ਘੜੁੱਕ ਨਵੇਂ ਥਾਂ ਦੇ ਸਾਲੇ ਸੌ ਹੋਰ ਜੱਬ।’ ਉਸ ਨੂੰ ਆਪਣਾ ਪੁਰਾਣਾ ਮਕਾਨ ਚੇਤੇ ਆਇਆ ਜਿੱਥੇ ਪਾਣੀ ਦਾ ਸਾਲ ਭਰ ਦਾ ਫਲੈਟ ਰੇਟ ਸੀ ਅਤੇ ਉਹ ਅਜੇਹੇ ਮੌਕਿਆਂ `ਤੇ ਠੰਡੇ ਪਾਣੀ ਦਾ ਸ਼ਾਵਰ ਚਲਾ ਲਿਆ ਕਰਦਾ ਸੀ।

‘ਪੁਰਾਣੀਆਂ ਆਦਤਾਂ ਛੱਡਣ `ਚ ਮੇਹਨਤ ਤਾਂ ਕਰਨੀ ਪੈਂਦੀ ਹੈ, ਦੁੱਖ ਵੀ ਹੁੰਦੈ ਪਹਿਲਾਂ-ਪਹਿਲਾਂ। ਪਰ ਜਦੋਂ ਛੁੱਟ ਜਾਂਦੀਐਂ ਤਾਂ ਸੁਖ ਵੀ ਮਿਲਦੈ।’ ਮਾਮੇ ਜੀਤ ਦੀ ਕਹੀ ਗੱਲ ਤਰਸੇਮ ਦੇ ਦਿਮਾਗ ਵਿੱਚੋਂ ਲੰਘੀ। ਪਰ ਅਗਲੇ ਹੀ ਪਲ ਉਸ ਨੇ ਸੋਚਿਆ, ‘ਮਾਮੇ ਨੂੰ ਹੁਣ ਆਉਂਦੀਐਂ ਗੱਲਾਂ, ਕੁੜੀਆਂ ਦੋਹੇਂ ਡਾਕਟਰ ਬਣਗੀਐਂ ਤੇ ਲੋਕਾਂ ਨੂੰ ਮੱਤਾਂ ਦੇਣ ਲੱਗ ਪਿਐ।’

ਤਰਸੇਮ ਨੂੰ ਜੀਤ ਮਾਮਾ ਅੱਜ ਦਿਨੇ ਵੀ ਯਾਦ ਆਇਆ ਸੀ, ਜਦ ਉਹ ਕੰਮ `ਤੇ ਖੜ੍ਹਾ ਸੀ। ਤਰਸੇਮ ਨੂੰ ਜੀਤ ਮਾਮਾ ਆਪਣੇ ਘਰ ਦੇ ਫੈਮਲੀ-ਰੂਮ ਵਿੱਚ ਸੋਫ਼ੈ `ਤੇ ਬੈਠਾ ਉਵੇਂ ਹੀ ਦਿਸਿਆ ਸੀ ਜਿਵੇਂ ਉਹ ਦੋ ਕੁ ਸਾਲ ਪਹਿਲਾਂ ਕਨੇਡਾ `ਚ ਨਵੇਂ ਆਏ ਆਪਣੀ ਭੂਆ ਦੇ ਧੀ-ਜਵਾਈ ਜਾਣੀ ਤਰਸੇਮ ਦੇ ਮਾਂ-ਪਿਓ ਨੂੰ ਮਿਲਣ ਵੈਨਕੂਵਰ ਆਇਆ ਬੈਠਾ ਸੀ। ਆਪ ਤਾਂ ਜੀਤ ਮਾਮਾ ਕੋਈ ਤੀਹ ਸਾਲਾਂ ਤੋਂ ਸਸਕਾਟੂਨ ਰਹਿੰਦਾ ਸੀ ਜਿੱਥੇ ਉਹ ਇੱਕ ਸਕੂਲ ਵਿੱਚ ਹਿਸਾਬ ਪੜ੍ਹਾਉਂਦਾ ਸੀ। ਗੱਲਾਂ-ਬਾਤਾਂ ਕਰਦਿਆਂ ਉਸ ਨੇ ਕਿਹਾ ਸੀ, “ਭੈਣੇ ਆਪਾਂ ਤਾਂ ਹੁਣ ਜਿੰਮੇਵਾਰੀਆਂ ਤੋਂ ਫਰੀ ਆਂ। ਬੱਚੀਆਂ ਦੋਹੇਂ ਡਾਕਟਰ ਬਣ ਗਈਐਂ। ਦੋਹਾਂ ਦੇ ਵਿਆਹ ਹੋ ਗਏ ਆ।”

“ਅੱਛਾ, ਆਹ ਤਾਂ ਭਾਈ ਬਹੁਤ ਚੰਗਾ ਹੋਇਆ ਜਾਣੀ ਦੋਹੇਂ ਕੁੜੀਆਂ ਈ ਡਾਕਟਰ ਬਣਾਤੀਆਂ। ਬਣਾਉਣਾ ਈ ਸੀ ਤੂੰ ਆਪ ਕਿਹੜਾ ਘੱਟ ਪੜ੍ਹਿਆ-ਲਿਖਿਆ ਸੀ। ਕੁੜੀਆਂ ਦੇ ਫਿਰ ਕਿੱਥੇ ਕੀਤੇ ਰਿਸ਼ਤੇ?” ਤਰਸੇਮ ਦੀ ਮਾਂ ਨੇ ਪੁੱਛਿਆ।

“ਆਪਾਂ ਕਿੱਥੇ ਕਰਨੇ ਸੀ ਰਿਸ਼ਤੇ। ਆਪਾਂ ਤਾਂ ਹਾਂ ਕਰਨ ਵਾਲੇ ਸੀ। ਉਨ੍ਹਾਂ ਦੀ ਆਪਣੀ ਲਾਈਫ਼ ਐ ਜਿੱਥੇ ਉਨ੍ਹਾਂ ਕਿਹਾ ਬਈ ਵਿਆਹ ਕਰਾਉਣੈ ਆਪਾਂ ਹਾਂ ਕਰ ਦਿੱਤੀ। ਮੁੰਡੇ ਵੀ ਦੋਹੇਂ ਡਾਕਟਰ ਈ ਐ। ਯੂਨੀਵਰਸਿਟੀ `ਚ ਦੋਹਾਂ ਦੇ ਨਾਲ ਈ ਪੜ੍ਹਦੇ ਸੀ।”

“ਊਂ ਤਾਂ ਆਪਣੇ ਈ ਹੋਣੇ ਆ?” ਤਰਸੇਮ ਦੀ ਮਾਂ ਨੇ ਹੈਰਾਨੀ ਜਿਹੀ `ਚ ਪੁੱਛਿਆ।

ਜੀਤ ਹੱਸਿਆ, ਫੇਰ ਬੋਲਿਆ, “ਸਾਰੀ ਦੁਨੀਆ ਈ ਆਪਣੀ ਐ। ਪਰ ਮੈਨੂੰ ਪਤੈ ਭੈਣ ਤੂੰ ਕੀ ਪੁੱਛਣਾ ਚਾਹੁੰਨੀ ਆਂ। ਨਾ ਤਾਂ ਉਹ ਜੱਟ ਐ ਤੇ ਨਾ ਹੀ ਸਿੱਖ-----

ਤਰਸੇਮ ਨੇ ਆਪਣੇ ਮਾਮੇ ਦੇ ਚੇਹਰੇ ਵੱਲ ਵੇਖਿਆ। ਮਾਮੇ ਦੇ ਚੇਹਰੇ ਦਾ ਜਲੌਅ ਵੇਖ ਕੇ ਤਰਸੇਮ ਨੂੰ ਹੈਰਾਨੀ ਜਿਹੀ ਹੋਈ।

ਜੀਤ ਨੇ ਗੱਲ ਪੂਰੀ ਕੀਤੀ, “ਵੱਡਾ ਗੋਰਾ ਐ ਤੇ ਛੋਟਾ ਚੀਨਾ।”

“ਤੈਨੂੰ ਕੋਈ ਉੱਜਰ ਨੀ ਹੋਇਆ?” ਤਰਸੇਮ ਦੀ ਮਾਂ ਨੇ ਹੈਰਾਨੀ ਨਾਲ ਅੱਖਾਂ ਸਕੋੜੀਆਂ।

“ਮੈਨੂੰ ਕੀ ਪ੍ਰੋਬਲਮ ਹੋਣੀ ਸੀ। ਮੁੰਡੇ ਦੋਹੇਂ ਨਾਈਸ ਐ। ਆਪਣੀਆਂ ਬੱਚੀਆ ਵੀ ਬਹੁਤ ਇੰਟੈਲੀਜੈਂਟ ਆ। ਸਾਡਾ ਫ਼ਰਜ਼ ਸੀ ਸੀ ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ। ਬਾਕੀ ਉਨ੍ਹਾ ਦੀ ਲਾਈਫ਼ ਐ,” ਜੀਤ ਨੇ ਕਿਹਾ।

“ਤੂੰ ਤਾਂ ਭਾਈ ਜਵਾਂ ਈ ਗੋਰਿਆਂ ਅਰਗਾ ਬਣ ਗਿਆ। ਤਕਲੀਫ਼ ਤਾਂ ਹੁੰਦੀ ਈ ਐ। ਲੋਕੀਂ ਕੀ ਕਹਿੰਦੇ ਹੋਣਗੇ?” ਤਰਸੇਮ ਦੀ ਮਾਂ ਨੇ ਕਿਹਾ।

ਜੀਤ ਹੱਸਿਆ, ਫੇਰ ਬੋਲਿਆ, “ਨਹੀਂ ਭੈਣ ਮੈਨੂੰ ਕੋਈ ਤਕਲੀਫ ਨਹੀਂ ਹੋਈ। ਅਸਲ `ਚ ਲੋਕ ਦੂਜਿਆਂ ਦੀ ਪ੍ਰਵਾਹ ਨਹੀਂ ਕਰਦੇ ਹੁੰਦੇ ਸਗੋਂ ਬੰਦੇ ਦੇ ਆਪਣੇ ਅੰਦਰ ਕੋਈ ਕੰਪਲੈਕਸ ਹੁੰਦੈ ਜਿਸ ਦੇ ਅਸਰ ਹੇਠ ਉਹ ਲੋਕਾਂ ਦੀ ਪ੍ਰਵਾਹ ਕਰਦਾ ਹੁੰਦੈ। ਜੇ ਬੰਦੇ ਅੰਦਰ ਕੋਈ ਗੰਢ ਨਾ ਹੋਵੇ ਤਾਂ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਹੁੰਦਾ। ਅਸੀਂ ਪੰਜਾਬੀਆਂ ਨੇ ਆਪਣੀ ਇੱਜ਼ਤ ਨੂੰ ਕੁੜੀਆਂ ਨਾਲ ਜੋੜਿਆ ਹੋਇਐ। ਵੇਖੋ ਗੋਰੇ ਕਦੇ ਪ੍ਰਵਾਹ ਨੀ ਕਰਦੇ ਕਿ ਓਹਨਾਂ ਦੀ ਧੀ-ਭੈਣ ਕੀਹਦੇ ਨਾਲ ਉੱਠਦੀ-ਬੈਠਦੀ ਐ। ਉਨ੍ਹਾਂ ਲਈ ਇਹ ਇੱਜਤ ਦਾ ਸਵਾਲ ਨੀ ਹੁੰਦਾ। ਸਾਡੇ ਬੱਚੀਆਂ ਦੀ ਕਿਸੇ ਨਾਲ ਮਾੜੀ-ਮੋਟੀ ਗੱਲ ਹੋ ਜੇ ਤਾਂ ਪਿਓ-ਦਾਦੇ ਦਾ ਚਾਰ ਬੰਦਿਆਂ `ਚ ਖੜ੍ਹਨਾ ਦੁੱਭਰ ਕਰ ਦਿੰਦੇ ਐ ਲੋਕੀ। ਇਹ ਕੋਈ ਵਧੀਆ ਗੱਲਾਂ ਨਹੀਂ ਸਾਡੇ ਲੋਕਾਂ ਦੀਆਂ। ਸਮੇਂ ਦੇ ਨਾਲ ਸਾਨੂੰ ਬਦਲਣਾ ਚਾਹੀਦੈ। ਇਹ ਜਿਹੜੀਆਂ ਸਾਡੇ ਅੰਦਰ ਗੰਢਾਂ ਬੱਝੀਆਂ ਹੋਈਐਂ ਇਨ੍ਹਾਂ ਨੂੰ ਖੋਰਨਾ ਪੈਂਣੈ।”

ਟਾਇਲਟ ਸੀਟ ਉੱਪਰ ਬੈਠੇ ਤਰਸੇਮ ਨੂੰ ਮਾਮੇ ਦੀ ਕਹੀ ਇਹ ਗੰਢ ਵਾਲੀ ਗੱਲ ਚੇਤੇ ਆਈ। ਉਸ ਸੋਚਿਆ, ‘ਉਂਝ ਮਾਮੇ ਦੀ ਗੱਲ ਤਾਂ ਠੀਕ ਲੱਗਦੀ ਐ। ਪਰ ਭੈਣ ਦੇ ਘੜੁੱਕ ਲੋਕੀ ਪਤਾ ਨੀ ਕਦੋਂ ਛੱਡਣਗੇ ਇਓਂ ਸੋਚਣਾ।’

‘ਤੂੰ ਛੱਡ ਦਿੱਤੈ ਇਸ ਤਰ੍ਹਾਂ ਸੋਚਣਾ?’ ਤਰਸੇਮ ਨੂੰ ਲੱਗਾ ਜਿਵੇਂ ਸ਼ੀਸ਼ੇ ਵਿਚਲੇ ਉਸ ਦੇ ਪ੍ਰਤੀਬਿੰਬ ਨੇ ਪੁੱਛਿਆ ਹੋਵੇ।

ਉਸ ਨੂੰ ਕੋਈ ਗੱਲ ਨਾ ਸੁੱਝੀ ਫਿਰ ਉਸ ਦੇ ਦਿਮਾਗ `ਚ ਆਈ ‘ਐਂ ਕਿਵੇਂ ਗੰਢਾਂ ਖੁਰ ਜਾਂਦੀਐਂ?’ ਉਸ ਨੇ ਆਪਣਾ ਧਿਆਨ ਸ਼ੀਸ਼ੇ ਵੱਲੋਂ ਪਾਸੇ ਕਰ ਲਿਆ।

ਇਹ ਸਵਾਲ ਤਰਸੇਮ ਦੇ ਦਿਮਾਗ ਵਿੱਚ ਮਾਮੇ ਜੀਤ ਦੀ ਗੱਲ ਸੁਣ ਕੇ ਉਦੋਂ ਹੀ ਉਪਜਿਆ ਸੀ ਪਰ ਉਸ ਨੇ ਮਾਮੇ ਨੂੰ ਪੁੱਛਿਆ ਨਹੀਂ ਸੀ ਸਗੋਂ ਉਸ ਨੇ ਕਿਹਾ ਸੀ, “ਮਾਮਾ ਜੀ ਇਹ ਔਖਾ ਕੰਮ ਐ। ਸਾਡੇ ਇੱਥੇ ਪਿੱਛੇ ਜਿਹੇ ਆਪਣੇ ਇੱਕ ਜੱਟਾਂ ਦੀ ਕੁੜੀ ਨੇ ਛੀਂਬਿਆਂ ਦੇ ਮੁੰਡੇ ਨਾਲ ਵਿਆਹ ਕਰਵਾਇਐ। ਲੋਕੀਂ ਵਿਆਹ ਤਾਂ ਉਹਨੂੰ ਆਖਦੇ ਈ ਨੀ ਸੀ ਕਹਿਣ ਛੀਂਬਿਆਂ ਦੇ ਮੁੰਡੇ ਨਾਲ ਨਿਕਲ ਗਈ।”

“ਐਹੋ-ਜਿਹੇ ਲੋਕਾਂ ਦੀਆਂ ਗੱਲਾਂ ਪਿੱਛੇ ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਕਰਨੀ ਕਿੱਥੋਂ ਦੀ ਸਿਆਣਪ ਹੈ?” ਜੀਤ ਮਾਮੇ ਨੇ ਕਿਹਾ।

“ਇਸ ਤਰ੍ਹਾਂ ਦੀਆਂ ਗੱਲਾਂ ਤਾਂ ਉਹ ਲੋਕ ਈ ਕਰਦੇ ਹੁੰਦੇ ਐ ਜਿਨ੍ਹਾਂ ਨੇ ਆਪਣੀਆਂ ਜਾਤ-ਬਰਾਦਰੀ `ਚ ਵਿਆਹ ਲਈਆਂ ਹੁੰਦੀਐਂ ਜਾਂ ਜਿਨ੍ਹਾਂ ਦੇ ਹੁੰਦੀਆਂ ਈ ਨਹੀਂ,” ਤਰਸੇਮ ਦੇ ਬਾਪੂ ਨੇ ਡੂੰਘੀ ਜਿਹੀ ਆਵਾਜ਼ `ਚ ਕਿਹਾ ਜਿਵੇਂ ਉਹ ਕਿਤੇ ਬਹੁਤ ਦੂਰੋਂ ਬੋਲ ਰਿਹਾ ਹੋਵੇ।

ਕੰਮ `ਤੇ ਖੜ੍ਹੇ ਤਰਸੇਮ ਨੂੰ ਬਾਪੂ ਦੀ ਕਹੀ ਇਹ ਗੱਲ ਯਾਦ ਆਉਂਦੇ ਹੀ ਉਸ ਦੇ ਦਿਮਾਗ ਵਿੱਚ ਪਿੰਡ ਵਾਲਾ ਤੇਜਾ ਨੰਬਰਦਾਰ ਘੁੰਮ ਗਿਆ ਸੀ। ਉਸ ਦਾ ਖਿਆਲ ਆਉਂਦੇ ਹੀ ਤਰਸੇਮ ਅੰਦਰ ਖਿਝ ਉੱਠੀ। ਉਸ ਦਾ ਮੂੰਹ ਕੌੜਾ-ਕੌੜਾ ਹੋ ਗਿਆ। “ਸਾਲਾ ਨੰਬਰਦਾਰੀ ਦਾ” ਬੁੜਬੜਾ ਕੇ ਉਸ ਨੇ ਥੁੱਕ ਅੰਦਰ ਲੰਘਾਇਆ। ਤੇਜਾ ਨੰਬਰਦਾਰ ਉਸ ਨੂੰ ਦੰਦ ਕੱਢਦਾ ਉਵੇਂ ਦਿਸਿਆ ਜਿਵੇਂ ਆਖ ਰਿਹਾ ਹੋਵੇ, ‘ਹੁਣ ਵੀ ਮੰਨੇ ਈ ਐਂ ਕੰਧ ਦਾ ਅੱਧ ਦੇਣਾ ਜੇ ਪਹਿਲਾਂ ਮੰਨ ਜਾਂਦੇ’ ਤਰਸੇਮ ਨੇ ਆਪਣਾ ਸਿਰ ਝਟਕਿਆ ਪਰ ਨੰਬਰਦਾਰ ਉਸ ਦੇ ਦਿਮਾਗ ਵਿੱਚੋਂ ਨਹੀਂ ਸੀ ਨਿਕਲ ਰਿਹਾ। ਉਸ ਦੀ ਆਖੀ ਗੱਲ ਤਰਸੇਮ ਦੇ ਅੰਦਰ ਠਾਹ-ਠਾਹ ਕਰ ਰਹੀ ਸੀ।

ਬਹੁਤ ਸਾਲ ਪਹਿਲਾਂ ਜਦੋਂ ਹਾਲੇ ਤਰਸੇਮ ਤੇਰ੍ਹਾਂ-ਚੌਦਾਂ ਸਾਲਾਂ ਦਾ ਸੀ। ਤੇਜੇ ਨੰਬਰਦਾਰ ਨਾਲ ਤਰਸੇਮ ਦੇ ਬਾਪੂ ਦਾ ਬਾਹਰਲੇ ਘਰ ਦੇ ਵਲਗਣ ਨੂੰ ਲੈ ਕੇ ਝਗੜਾ ਹੁੰਦਾ-ਹੁੰਦਾ ਟਲਿਆ ਸੀ। ਤੇਜਾ ਨੰਬਰਦਾਰ ਘਰ ਦੀ ਵਲਗਣ ਕਰਨ ਲਈ ਸਾਂਝੀ ਕੰਧ ਕਰਨੀ ਚਾਹੁੰਦਾ ਸੀ ਪਰ ਤਰਸੇਮ ਦਾ ਬਾਪੂ ਪਸ਼ੂਆਂ ਵਾਲੇ ਘਰ ਦੀ ਵਲਗਣ ਕਰਨ ਲਈ ਕੰਧ ਨੂੰ ਵਾਧੂ ਦਾ ਖਰਚ ਹੀ ਸਮਝਦਾ ਸੀ। ਤਰਸੇਮ ਦੇ ਬਾਪੂ ਦਾ ਇਨਕਾਰ ਸੁਣ ਕੇ ਨੰਬਰਦਾਰ ਦਾ ਵਿਚਲੇ ਬੰਦੇ ਹੱਥ ਸੁਨੇਹਾ ਆਇਆ ਸੀ। ਉਸ ਕਿਹਾ ਸੀ, “ਕੋਈ ਗੱਲ ਨੀ, ਨਾ ਮੰਨਣ ਕੰਧ ਕਰਨੀ। ਜਦੋਂ ਉਹਦੀਆਂ ਕੁੜੀਆਂ ਬਾਹਰਲੇ ਘਰ ਆਇਆ ਕਰਨਗੀਆਂ ਮੈਂ ਆਵਦੇ ਮੁੰਡਿਆਂ ਨੂੰ ਆਖ ਦਿਆ ਕਰਨੈ ਬਈ ਓਹਨਾ ਵੱਲ ਮੂੰਹ ਕਰਕੇ ਮੂਤੋ।” ਸੁਣ ਕੇ ਤਰਸੇਮ ਦਾ ਬਾਪੂ ਕੋਨੇ `ਚ ਪਈ ਗੰਡਾਸੀ ਵੱਲ ਅਹੁਲਿਆ ਸੀ ਪਰ ਤਰਸੇਮ ਦੀ ਮਾਂ ਅਤੇ ਵਿਚਲੇ ਬੰਦੇ ਨੇ ਉਸ ਨੂੰ ਫੜ ਲਿਆ ਸੀ ਅਤੇ ਫਿਰ, “ਚਗਲਾਂ ਨਾਲ ਪੰਗਾ ਲੈਣ `ਚ ਘਾਟਾ ਈ ਘਾਟਾ ਐ” ਅਤੇ ਹੋਰ ਗੱਲਾਂ ਕਰ ਕੇ ਉਸ ਨੂੰ ਠਾਰ ਵੀ ਲਿਆ ਸੀ। ਪਰ ਉਹ ਗੱਲ ਜਦੋਂ ਤਰਸੇਮ ਦੇ ਚੇਤਿਆਂ `ਚ ਆਉਂਦੀ ਤਾਂ ਉਸ ਦੇ ਅੰਦਰ ਹਲ-ਚਲ ਮਚਾ ਦਿੰਦੀ।

ਦਿਮਾਗ `ਚ ਹੁੰਦੀ ਉਸੇ ਹਲਚਲ ਨਾਲ ਤਰਸੇਮ ਹੱਥਾਂ ਨਾਲ ਮਸ਼ੀਨ ਨੂੰ ਫੀਡ ਦਿੰਦਾ ਰਿਹਾ। ‘ਕਿਤੇ ਹੋ ਗੀ ਹੋਵੇ ਸਾਲੇ ਦੇ ਪੋਤੀ-ਪਾਤੀ ਈ, ਭੈਣ ਦੇ ਘੜੁੱਕ ਦੀ ਦੇ ਮੂਹਰੇ ਨੰਗਾ ਹੋ ਕੇ ਨੱਚਾਂ’ ਸੋਚਦੇ ਤਰਸੇਮ ਨੇ ਮਸ਼ੀਨ ਵਿੱਚੋਂ ਤਿਆਰ ਹੋਇਆ ਪੀਸ ਬਾਹਰ ਕੱਢ ਕੇ ਬੈਚ ਉੱਪਰ ਪਟਕਾ ਕੇ ਰੱਖਿਆ ਅਤੇ ਨਵਾਂ ਪੀਸ ਮਸ਼ੀਨ ਦੀ ਵਾਈਸ ਵਿੱਚ ਕਸ ਦਿੱਤਾ। ਨਵਾਂ ਪੀਸ ਤਿਆਰ ਕਰਦੇ ਤਰਸੇਮ ਦੀਆਂ ਸੋਚਾਂ ਵਿੱਚ ਪੱਦਲਾਂ ਦਾ ਛਾਨਾ ਆ ਗਿਆ, ਜਿਹੜਾ ਤਰਸੇਮ ਕੇ ਪਿੰਡ ਵਾਲੇ ਘਰ ਦੇ ਮੂਹਰੇ ਪਏ ਖੁੰਢ `ਤੇ ਬੈਠਾ ਅੰਦਰਲੇ ਘਰੋਂ ਗਲੀ ਪਾਰ ਕਰਕੇ ਬਾਹਰਲੇ ਘਰ ਜਾਂਦੀ ਤਰਸੇਮ ਦੀ ਵੱਡੀ ਭੈਣ ਨੂੰ ਘੂਰਦਾ ਰਹਿੰਦਾ। ਅੱਠਵੀਂ `ਚ ਪੜ੍ਹਦੇ ਤਰਸੇਮ ਦੇ ਹਾਣੀ ਜਦੋਂ ਛਾਨੇ ਜਾਂ ਪੱਦਲ ਦਾ ਨਾਂ ਲੈਂਦੇ ਤਾਂ ਤਰਸੇਮ ਨੂੰ ਲੱਗਦਾ ਜਿਵੇਂ ਉਹ ਤਰਸੇਮ ਨੂੰ ਲਾ ਕੇ ਸੁਣਾ ਰਹੇ ਹੋਣ। ਓਹਨੀਂ ਦਿਨੀ ਤਰਸੇਮ ਘਰ ਦੇ ਬਾਹਰਲੇ ਦਰਵਾਜੇ ਦਾ ਭੋਰਾ ਵਿਸਾਹ ਨਾ ਕਰਦਾ। ਜਦੋਂ ਵੀ ਭੋਰਾ ਵਿਰਲ ਉਸ ਨੂੰ ਦਿਸਦੀ ਉਹ ਝੱਟ ਬੂਹਾ ਭੇੜ ਦਿੰਦਾ।

ਤਰਸੇਮ ਨੂੰ ਲੱਗਾ ਜਿਵੇਂ ਮਸ਼ੀਨ ਦੀ ਛਾਂ-ਛਾਂ ਦੀ ਆਵਾਜ਼ ਛਾਨਾ-ਛਾਨਾ ਆਖ ਰਹੀ ਹੋਵੇ। ਜੇ ਉਹ ਕਿਸੇ ਚੰਗੇ ਮੂਡ ਵਿੱਚ ਹੁੰਦਾ ਤਾਂ ਮਸ਼ੀਨ ਦੀ ਇਹੀ ਛਾਂ-ਛਾਂ ਦੀ ਆਵਾਜ਼ ਉਸ ਨੂੰ ਕਿਸੇ ਗੀਤ ਦੀ ਤਰਜ਼ ਲੱਗਣੀ ਸੀ ਅਤੇ ਉਸ ਨੇ ਨਾਲ ਨਾਲ ਗੁਣ-ਗੁਣਾਉਣਾ ਸੀ। ਇਸ ਤਰ੍ਹਾਂ ਗੁਣ-ਗਣਾਉਂਦਾ ਉਹ ਮਸੀਨ ਨੂੰ ਹੱਥ ਨਾਲ ਫੀਡ ਦਿੰਦਾ ਉਸ ਨਾਲ ਇੱਕ-ਮਿੱਕ ਹੋ ਜਾਂਦਾ ਅਤੇ ਉਸ ਨੂੰ ਸਮਾਂ ਬੀਤਣ ਦਾ ਖਿਆਲ ਹੀ ਨਾ ਰਹਿੰਦਾ। ਇਸ ਤਰ੍ਹਾਂ ਕਰਦੇ-ਕਰਦੇ ਉਸ ਨੂੰ ਮਸ਼ੀਨ ਦੀ ਆਟੋ-ਮੈਟਿਕ ਫੀਡ ਦੇ ਹੁੰਦੇ ਹੋਏ ਵੀ ਹੱਥ ਨਾਲ ਫੀਡ ਦੇਣ ਦੀ ਆਦਤ ਪੈ ਗਈ ਸੀ। ਪਰ ਅੱਜ ਉਸੇ ਆਵਾਜ਼ ਨੂੰ ਛਾਨਾ-ਛਾਨਾ ਮਹਿਸੂਸ ਕਰ ਕੇ ਤਰਸੇਮ ਦੇ ਅੰਦਰ ਅੱਗ ਜਿਹੀ ਮੱਚੀ ਅਤੇ ਉਸ ਤੋਂ ਝਟਕੇ ਨਾਲ ਮਸ਼ੀਨ ਨੂੰ ਫੀਡ ਦਿੱਤੀ ਗਈ। ਕੁਆਟਰ ਇੰਚ ਦੀ ਇੰਡਮਿੱਲ ਪੀਸ ਵਿੱਚ ਖੁੱਭ ਕੇ ਤੜੱਕ ਦੇ ਕੇ ਟੁੱਟ ਗਈ। ‘ਭੈਣ ਦਾ ਘੜੁੱਕ’ ਆਖ ਤਰਸੇਮ ਨੇ ਆਸੇ-ਪਾਸੇ ਵੇਖਿਆ ਕਿ ਕੋਈ ਵੇਖ ਤਾਂ ਨਹੀਂ ਰਿਹਾ। ਫਿਰ ਉਸ ਪੀਸ ਵੱਲ ਵੇਖਿਆ ਜਿਸ ਵਿੱਚ ਇੰਡਮਿੱਲ ਖੁੱਭਣ ਕਰਕੇ ਨਿਸ਼ਾਨ ਪੈ ਗਿਆ ਸੀ। ਉਸ ਨੇ ਪੀਸ ਨੂੰ ਮਸ਼ੀਨ ਵਿੱਚੋਂ ਕੱਢਿਆ ਅਤੇ ਉਸ ਵੱਲ ਵੇਖਦਾ ਰਿਹਾ। ਉਸ ਨੇ ਸੋਚਿਆ ਕਿ ਇਸ ਨੂੰ ਸਕਰੈਪ ਬਿੰਨ ਵਿੱਚ ਸੁੱਟ ਦੇਵੇ ਫਿਰ ਉਸ ਨੇ ਸੋਚਿਆ ਕਿ ਕੀ ਐ ਰੇਤੀ ਨਾਲ ਰਗੜ ਕੇ ਨਿਸ਼ਾਨ ਠੀਕ ਹੋ ਈ ਜਾਵੇ। ਪਰ ਨਿਸ਼ਾਨ ਡੂੰਘਾ ਸੀ ਉਸ ਨੂੰ ਲੱਗਾ ਕਿ ਇਹ ਨਿਸ਼ਾਨ ਇਸ ਤਰ੍ਹਾਂ ਮਿਟਣ ਵਾਲਾ ਨਹੀਂ ਫਿਰ ਵੀ ਉਸ ਨੇ ਇਹ ਪੀਸ ਸਕਰੈਪ ਬਿੰਨ ਵਿੱਚ ਨਹੀਂ ਸੁੱਟਿਆ। ਉਸ ਨੇ ਸੋਚਿਆ ਕਦੇ ਕਿਸੇ ਹੋਰ ਜੌਬ ਵਿੱਚ ਕੰਮ ਆ ਜਾਵੇਗਾ ਅਤੇ ਉਸ ਨੇ ਆਪਣੇ ਬੈਂਚ ਦੇ ਹੇਠਾਂ ਇੱਕ ਖੂੰਝੇ ਜਿਹੇ `ਚ ਪੀਸ ਸੁੱਟ ਦਿੱਤਾ ਜਿੱਥੇ ਇਸ ਤਰ੍ਹਾਂ ਖਰਾਬ ਹੋਏ ਕਈ ਪੀਸ ਸਾਲਾਂ ਤੋਂ ਬਿਨ ਛੂਹੇ ਪਏ ਸਨ। ਤਰਸੇਮ ਦੇ ਦਿਮਾਗ ਵਿੱਚ ਜੀਤ ਮਾਮੇ ਦੀ ਕਹੀ ਗੱਲ ਆਈ ਕਿ ਗੰਢਾਂ ਨੂੰ ਸਾਰੀ ਉਮਰ ਨਾਲ ਨਹੀਂ ਚੁੱਕੀ ਫਿਰੀਦਾ ਅੰਦਰਲੇ ਕੋਹੜ ਨੂੰ ਚੁੱਕ ਕੇ ਬਾਹਰ ਮਾਰੋ।’ ‘ਗੰਢਾਂ ਕਿਤੇ ਲੋਹੇ ਦਾ ਪੀਸ ਹੁੰਦੀਐਂ ਬਈ ਚੁੱਕ ਕੇ ਬਾਹਰ ਮਾਰੋ। ਭੈਣ ਦੇ ਮਾਮਿਆਂ ਦੇਣਾ,’ ਬੁੜ-ਬੜਾ ਕੇ ਤਰਸੇਮ ਨੇ ਨਵਾਂ ਪੀਸ ਮਸ਼ੀਨ ਵਿੱਚ ਫਿੱਟ ਕਰ ਦਿੱਤਾ ਅਤੇ ਮਸ਼ੀਨ ਨੂੰ ਆਟੋ-ਮੈਟਿਕ ਫੀਡ ਦੇ ਕੇ ਪਾਸੇ ਹੋ ਕੇ ਖੜ੍ਹ ਗਿਆ। ਛਾਨਾ ਫਿਰ ਉਸ ਦੀਆਂ ਸੋਚਾਂ ਵਿੱਚ ਆ ਗਿਆ। ਪਰ ਇਸ ਵਾਰ ਪਹਿਲਾਂ ਵਾਲਾ ਛਾਨਾ ਨਹੀਂ ਸਗੋਂ ਪਿਛਲੀ ਵਾਰ ਜਦ ਉਹ ਸਾਲ ਕੁ ਪਹਿਲਾਂ ਇੰਡੀਆ ਗਿਆ ਸੀ ਉਦੋਂ ਵਾਲਾ ਛਾਨਾ ਉਸ ਦੀਆਂ ਅੱਖਾਂ ਮੂਹਰੇ ਸੀ, ਜਿਹੜਾ ਉਸ ਨੂੰ ਗਲੀ ਵਿੱਚ ਤੁਰੇ ਜਾਂਦੇ ਨੂੰ ਬਾਹੋਂ ਫੜ੍ਹ ਕੇ ਆਪਣੇ ਘਰ ਲੈ ਗਿਆ ਸੀ ਅਤੇ ਫਿਰ ਚਾਹ ਫੜਾ ਕੇ ਗਈ ਆਪਣੀ ਧੀ ਵੱਲ ਇਸ਼ਾਰਾ ਕਰਦਾ ਬੋਲਿਆ ਸੀ, “ਤਰਸੇਮ ਸਿਆਂ, ਇਹ ਆਪਣੀ ਕੁੜੀ ਕਾਲਜ `ਚ ਪੜ੍ਹਦੀ ਐ। ਓਧਰ ਕਨੇਡੇ ਕੰਨੀਂ ਵੇਖਿਓ ਜੇ ਕੋਈ ਬਨ-ਸੁਬ ਹੁੰਦਾ ਹੋਇਆ ਤਾਂ ਖਿਆਲ ਰੱਖਿਓ।”

“ਹਾਂ, ਕੁੜੀ ਤਾਂ ਥੋਡੀ ਸੱਚੀਂ ਕਨੇਡਾ ਜਾਣ ਵਾਲੀ ਐ,” ਤਰਸੇਮ ਨੇ ਕਿਹਾ ਸੀ। ਛਾਨੇ ਦੇ ਘਰੋਂ ਵਾਪਸ ਮੁੜਦੇ ਤਰਸੇਮ ਅੰਦਰ ਇੱਕ ਅਜੀਬ ਕਿਸਮ ਦਾ ਸਕੂਨ ਸੀ। ਫਿਰ ਉਸ ਨੇ ਕਈ ਵਾਰ ਆਪਣੀਆਂ ਸੋਚਾਂ ਵਿੱਚ ਛਾਨੇ ਦੀ ਧੀ ਨੂੰ ਨੈਨੀ ਦੇ ਤੌਰ `ਤੇ ਕਨੇਡਾ ਮੰਗਵਾ ਕੇ ਇੱਕ ਬੇਸਮੈਂਟ ਵਿੱਚ ਰਖੇਲ ਬਣਾ ਕੇ ਰੱਖਿਆ। ਛਾਨੇ ਦੀ ਧੀ ਨਾਲ ਰਾਸ-ਲੀਲ੍ਹਾ ਬਾਰੇ ਸੋਚ ਕੇ ਤਰਸੇਮ ਦੇ ਅੰਗਾਂ ਵਿੱਚ ਅਕੜਾ ਹੋਣ ਲੱਗਦਾ ਅਤੇ ਉਸ ਅੰਦਰ ਇੱਕ ਵੱਖਰੀ ਕਿਸਮ ਦਾ ਨਸ਼ਾ ਛਾ ਜਾਂਦਾ।

ਪਰ ਅੱਜ ਮਸ਼ੀਨ `ਤੇ ਖੜ੍ਹੇ ਤਰਸੇਮ ਦੇ ਖਿਆਲ ਜਦ ਛਾਨੇ ਤੋਂ ਹੁੰਦੇ ਹੋਏ ਉਸ ਦੀ ਧੀ ਤੱਕ ਪਹੁੰਚੇ ਤਾਂ ਉਸ ਦੇ ਅੰਗਾਂ ਵਿੱਚ ਕੋਈ ਹਰਕਤ ਨਾ ਹੋਈ ਅਤੇ ਅਗਲੇ ਹੀ ਪਲ ਉਸ ਨੂੰ ਆਪਣੀ ਧੀ ਗੁਰਨੀਤ ਦਾ ਚੇਹਰਾ ਦਿਸਿਆ। ਉਹ ਤਰਸੇਮ ਨੂੰ ਮੁਟਿਆਰ ਹੋ ਗਈ ਲੱਗੀ। ਤਰਸੇਮ ਨੇ ਆਪਣਾ ਸਿਰ ਝਟਕਿਆ ਅਤੇ ਪਾਣੀ ਦੀ ਬੋਤਲ ਵਿੱਚੋਂ ਘੁੱਟ ਭਰੀ। ‘ਪੁੱਠੀਆਂ-ਸਿੱਧੀਆਂ ਗੱਲਾਂ ਸੋਚ ਕੇ ਅੱਜ ਕੋਈ ਐਵੇਂ ਐਕਸੀਡੈਂਟ ਨਾ ਕਰਾਂ ਬੈਠਾਂ,’ ਇਹ ਖਿਆਲ ਆਉਂਦੇ ਹੀ ਤਰਸੇਮ ਨੇ ਮਸ਼ੀਨ ਬੰਦ ਕਰ ਦਿੱਤੀ ਅਤੇ ਲੰਮੇ-ਲੰਮੇ ਸਾਹ ਲਏ। ਫਿਰ ਉਸ ਨੇ ਸੋਚਿਆ ਕਿ ਲੀਡਹੈਂਡ ਹੋਣ ਦਾ ਲਾਹਾ ਲਏ ਅਤੇ ਉਸ ਨੇ ਨਵੇਂ ਆਏ ਮਟੀਰੀਅਲ ਅਤੇ ਟੂਲਾਂ ਦੀ ਸਾਂਭ-ਸੰਭਾਲ ਵਿੱਚ ਆਪਣੇ-ਆਪ ਨੂੰ ਉਲਝਾ ਲਿਆ। ਲੰਚ ਬਰੇਕ ਵੇਲੇ ਵੀ ਉਹ ਲੰਚ-ਰੂਮ ਵਿੱਚ ਨਾ ਗਿਆ। ਉਹ ਆਪਣੇ ਸਹਿ-ਕਾਮਿਆਂ ਤੋਂ ਬਚ ਰਿਹਾ ਸੀ ਕਿ ਰਾਤ ਵਾਲੀ ਖ਼ਬਰ ਦਾ ਜ਼ਿਕਰ ਨਾ ਛੇੜ ਲੈਣ। ਉਸ ਦੇ ਸਵੇਰੇ ਕੰਮ `ਤੇ ਪਹੁੰਚਣ ਤੋਂ ਝੱਟ ਬਾਅਦ ਹੀ ਬਰਾਇਨ ਨੇ ਇਹ ਜ਼ਿਕਰ ਛੇੜ ਦਿੱਤਾ ਸੀ। ਬਰਾਇਨ ਨੂੰ ਜਿਵੇਂ ਮਸਾਂ ਮੌਕਾ ਮਿਲਿਆ ਸੀ ਆਪਣੀਆਂ ਦਲੀਲਾਂ ਸੱਚ ਸਾਬਤ ਕਰਨ ਲਈ। ਤਰਸੇਮ ਅਤੇ ਬਰਾਇਨ ਬਹੁਤ ਵਾਰ ਅਰੈਂਜ਼ਡ-ਮੈਰਿਜ਼ `ਤੇ ਬਹਿਸ ਕਰ ਚੁੱਕੇ ਸਨ। ਬਰਾਇਨ ਦੀਆਂ ਅਰੇਂਜ਼ਡ-ਮੈਰਿਜ਼ ਦੇ ਖ਼ਿਲਾਫ਼ ਦਲੀਲਾਂ ਦੇ ਜਵਾਬ ਜਦ ਤਰਸੇਮ ਕੋਲੋਂ ਮੁੱਕ ਜਾਂਦੇ ਤਾਂ ਉਹ ਤੋੜਾ ਝਾੜਦਾ ਆਖਦਾ, “ਤਲਾਕ ਦੱਸ ਫਿਰ ਅਰੇਂਜ਼ਡ ਮੈਰਿਜ਼ ਵਾਲੇ ਸਾਡੇ ਲੋਕਾਂ ਦੇ ਜਿਆਦਾ ਹੁੰਦੇ ਹਨ ਜਾਂ ਤੁਹਾਡੇ ਪਿਆਰ ਵਿਆਹ ਵਾਲਿਆਂ ਦੇ?” ਤੇ ਅੱਜ ਜਦੋਂ ਬਰਾਇਨ ਨੇ ਤਰਸੇਮ ਦੇ ਕੰਮ `ਤੇ ਪਹੁੰਚਣ ਸਾਰ ਹੀ ਖ਼ਬਰ ਦੀ ਗੱਲ ਤੋਰ ਲਈ ਤਾਂ ਤਰਸੇਮ ਛੇਤੀ ਛੇਤੀ ਉਸ ਦੀਆਂ ਦੋ ਕੁ ਗੱਲਾਂ ਦੇ ਜਵਾਬ ਦੇ ਕੇ ਪਾਸਾ ਵੱਟ ਗਿਆ। ‘ਅੱਜ ਸਾਰਾ ਦਿਨ ਐਹੋ ਜੀਆਂ ਗੱਲਾਂ ਈ ਹੋਣਗੀਆਂ’ ਸੋਚ ਕੇ ਤਰਸੇਮ ਦੀਆਂ ਅੱਖਾਂ ਮੱਚਣ ਲੱਗੀਆਂ। ਉਸ ਦਾ ਜੀਅ ਕੀਤਾ ਕਿ ਘਰ ਵਾਪਿਸ ਚਲਾ ਜਾਵੇ ਪਰ ਅਗਲੇ ਹੀ ਪਲ ਉਸ ਨੇ ਇਹ ਖਿਆਲ ਝਟਕ ਦਿੱਤਾ, ‘ਕਰੀ ਜਾਣ ਗੱਲਾਂ, ਦਿਹਾੜੀ ਜ਼ਰੂਰ ਭੰਨਣੀ ਐ’ ਸੋਚ ਕੇ ਉਹ ਵਾਸ਼ਰੂਮ ਵਿੱਚ ਵੜ ਗਿਆ। ਉਸ ਨੇ ਆਪਣੀਆਂ ਅੱਖਾਂ ਉੱਪਰ ਠੰਡੇ ਪਾਣੀ ਦੇ ਛਿੱਟੇ ਮਾਰੇ ਅਤੇ ਮਸ਼ੀਨ-ਸ਼ਾਪ ਵਿੱਚ ਜਾ ਕੇ ਘੜੀ `ਤੇ ਅੱਠ ਵੱਜਣ ਤੋਂ ਚਾਰ ਮਿੰਟ ਪਹਿਲਾਂ ਹੀ ਏਅਰ-ਕੰਮਪਰੈਸ਼ਰ ਚਲਾ ਦਿੱਤਾ। ਜਿਸ ਦੇ ਚੱਲਣ ਦੇ ਖੜ੍ਹਕੇ ਦਾ ਮਤਲਬ ਸੀ ਕਿ ਗੱਲਾਂ ਦਾ ਸਮਾਂ ਸਮਾਪਤ। ਉਸ ਦੇ ਸਹਿ-ਕਾਮਿਆਂ ਨੇ ਉਸ ਵੱਲ ਘੂਰ ਕੇ ਵੇਖਿਆ ਪਰ ਉਸ ਨੇ ਕਿਸੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਆਪਣੀ ਮਿਲਿੰਗ ਮਸ਼ੀਨ ਚਲਾ ਲਈ।

ਪਰ ਕੰਮ ਤੋਂ ਘਰ ਵਾਪਸ ਮੁੜਦੇ ਸਮੇਂ ਪੰਜਾਬੀ ਰੇਡੀਓ ਉੱਪਰ ਫਿਰ ਉਸੇ ਖ਼ਬਰ ਦੀ ਚਰਚਾ ਚੱਲ ਰਹੀ ਸੀ। ਰੇਡੀਓ ਹੋਸਟ ਬੋਲ ਰਿਹਾ ਸੀ, “-----ਇਹ ਬਹੁਤ ਮੰਦਭਾਗੀ ਗੱਲ ਐ ਕਿ ਅਸੀਂ ਕਨੇਡਾ ਵਰਗੇ ਖੁਲ੍ਹੇ-ਡੁਲ੍ਹੇ ਮੁਲਕ `ਚ ਰਹਿੰਦੇ ਹੋਏ ਵੀ ਆਪਣੀਆਂ ਸੰਕੀਰਨ ਸੋਚਾਂ ਤੋਂ ਖਹਿੜਾ ਨਹੀਂ ਛੁਡਾ ਸਕੇ। ਖੈਰ, ਨਿਕਸਟ ਕਾਲਰ ਪਲੀਜ਼---”

ਫਿਰ ਜਦੋਂ ਤਰਸੇਮ ਦੇ ਮਸੇਰ ਬਲਵੀਰ ਸਿੰਘ ਨੇ ਕਾਲ ਕੀਤੀ ਤਾਂ ਤਰਸੇਮ ਨੇ ਝੱਟ ਆਵਾਜ਼ ਪਹਿਚਾਣ ਲਈ। ਉਹ ਆਖ ਰਿਹਾ ਸੀ,

“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ”

“ਕੀ ਕਹਿਣਾ ਚਾਹੋਗੇ ਜੀ,” ਰੇਡੀਓ ਹੋਸਟ ਨੇ ਕਿਹਾ।

“ਗੱਲ ਵੀਰ ਜੀ ਏਦਾਂ ਬਈ ਸਾਨੂੰ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਇਸ ਤਰ੍ਹਾਂ ਕਰਨੀ ਚਾਹੀਦੀ ਐ ਕਿ ਐਹੋ-ਜਿਹਾ ਦਿਨ ਵੇਖਣਾ ਹੀ ਨਾ ਪਵੇ। ---

‘ਭੈਣ ਦਾ ਘੜੁੱਕ ਹੁਣ `ਕੇਰਾਂ ਈ ਜੱਥੇਦਾਰ ਬਣਿਆ ਫਿਰਦੈ,’ ਤਰਸੇਮ ਨੇ ਸੋਚਿਆ ਅਤੇ ਰੇਡੀਓ ਸੁਨਣ ਲੱਗਾ।

“—ਵੀਰ ਜੀ ਸਾਡੇ ਘਰ ਮਹਾਰਾਜ਼ ਦਾ ਪ੍ਰਕਾਸ਼ ਐ। ਜਦ ਲੋਕੀਂ ਪਾਰਟੀਆਂ `ਚ ਭਟਕ ਰਹੇ ਹੁੰਦੇ ਆ ਅਸੀਂ ਸਾਰਾ ਪ੍ਰੀਵਾਰ ਬੈਠ ਕੇ ਕੀਰਤਨ ਕਰਦੇ-ਸੁਣਦੇ ਆਂ। ਮੇਰੇ ਦੋਹਾਂ ਬੱਚਿਆਂ ਦਾ ਅਮ੍ਰਿਤ ਛਕਿਆ ਹੋਇਐ। ਜਦੋਂ ਅਮ੍ਰਿਤ ਛਕਾਉਂਦੇ ਆ ਨਾ ਜੀ, ਉਦੋਂ ਉਹ ਆਖ ਦਿੰਦੇ ਆ ਬਈ ਪਾਰਟੀਆਂ-ਸ਼ਾਰਟੀਆਂ `ਚ ਨੀ ਜਾਣਾ। ਤੇ ਐਥੋਂ ਦੇ ਬੱਚੇ ਐਨੇ ਈਮਾਨਦਾਰ ਐ ਬਈ ਜੇ ਉਨ੍ਹਾਂ ਦੇ ਅੰਦਰ ਇੱਕ ਵਾਰੀ ਗੱਲ ਵੜ ਗਈ ਕਿ ਇਸ ਤਰ੍ਹਾਂ ਨਹੀਂ ਕਰਨਾ ਤੇ ਉਹ ਉਸ ਰਸਤੇ ਨੀ ਪੈਂਦੇ। ਹੁਣ ਸਾਡੇ ਬੱਚਿਆਂ ਦੀ ਸੰਗਤ ਆਪਣੇ ਵਰਗੇ ਹੀ ਅਮ੍ਰਿਤਧਾਰੀ ਬੱਚਿਆਂ ਨਾਲ ਹੈ। ਜਦੋਂ ਉਹ ਵਿਆਹ ਕਰਵਾਉਣਗੇ ਤਾਂ ਫੇਰ ਵੀ ਆਪਣੇ ਵਰਗਿਆਂ ਨਾਲ ਹੀ ਕਰਵਾਉਣਗੇ। ਪਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਬਨਾਉਣ ਲਈ ਮਾਂ-ਪਿਓ ਨੂੰ ਰੋਲ ਮਾਡਲ ਬਨਣਾ ਪੈਂਦੈ। -----

‘ਵੱਡਾ ਰੋਲ-ਮਾਡਲ, ਆਵਦਾ ਨੀ ਪਤਾ ਜਦੋਂ ਅੱਧੀ-ਅੱਧੀ ਰਾਤੀਂ ਦਾਰੂ ਨਾਲ ਡੱਕਿਆ ਘਰ ਆਉਂਦਾ ਸੀ। ਹੁਣ ਲੋਕਾਂ ਨੂੰ ਉਪਦੇਸ਼ ਦੇਣ ਲੱਗੈ। ਅਖੇ ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।’

ਇਹੀ ਗੱਲ ਕਿਸੇ ਨੇ ਤਰਸੇਮ ਦੀ ਹਾਜ਼ਰੀ `ਚ ਨਵੇਂ-ਨਵੇਂ ਸਿੰਘ ਸਜੇ ਬਲਵੀਰ ਨੂੰ ਮਜ਼ਾਕ ਕਰਦਿਆਂ ਕਹੀ ਸੀ, “ਕਿਓਂ ਬਲਵੀਰ ਸਿਆਂ ਚੂਹੇ ਪੂਰੇ ਨੌਂ ਸੌ ਹੋ ਗੇ ਸੀ ਕਿ ਇੱਕ-ਅੱਧਾ ਘਟ ਵਧ ਗਿਆ ਸੀ?” ਸੁਣ ਕੇ ਤਰਸੇਮ ਮੁਸਕੜੀਏਂ ਹੱਸਿਆ ਸੀ ਪਰ ਬਲਵੀਰ ਦਾ ਜਵਾਬ ਸੁਣ ਕੇ ਉਸ ਨੂੰ ਲੱਗਾ ਸੀ ਜਿਵੇਂ ਬਲਵੀਰ ਨੇ ਉਸ ਨੂੰ ਸੁਣਾ ਕੇ ਕਿਹਾ ਸੀ, “ਅਸੀਂ ਨੌਂ ਸੌ ਖਾ ਕੇ ਹੱਜ ਨੂੰ ਤਾਂ ਤੁਰ ਪਏ ਆਂ ਪਰ ਕਈ ਬਿੱਲੀਆਂ ਹੁੰਦੀਐਂ, ਜਿਨ੍ਹਾਂ ਚੂਹੇ ਵੀ ਨੀ ਖਾਦੇ ਹੁੰਦੇ ਤੇ ਹੱਜ ਵੀ ਨੀ ਜਾਂਦੀਆਂ। ਜਿਹੋ-ਜਿਹੀਆਂ ਆਈਆਂ ਧਰਤੀ `ਤੇ ਜਿਹੋ-ਜਿਹੀਆਂ ਨਾ ਆਈਆਂ। ਟੈਮ ਹੁੰਦੈ ਹਰੇਕ ਕੰਮ ਦਾ ਭਾਈ ਸਾਹਬ। ਬੰਦੇ ਨੂੰ ਸਮੇਂ ਅਨੁਸਾਰ ਢਲ ਜਾਣਾ ਚਾਹੀਦੈ।”

ਇਹ ਯਾਦ ਕਰਕੇ ਤਰਸੇਮ ਅੰਦਰ ਕ੍ਰੋਧ ਉੱਠਿਆ ‘ਅੰਦਰੋਂ ਹੋਰ ਤੇ ਬਾਹਰੋਂ ਹੋਰ, ਵੇਖ ਕਿਵੇਂ ਪਖੰਡ ਕਰਦੇ ਆ’। ਸੋਚ ਕੇ ਤਰਸੇਮ ਰੇਡੀਓ ਸੁਨਣ ਲੱਗਾ। ਇਸੇ ਤਰ੍ਹਾਂ ਰੇਡੀਓ ਸੁਣਦਾ ਉਹ ਘਰ ਪਹੁੰਚ ਕੇ ਟਾਇਲਟ ਸੀਟ `ਤੇ ਜਾ ਬੈਠਾ ਸੀ।

ਟਾਇਲਟ ਸੀਟ `ਤੇ ਬੇਠੈ ਤਰਸੇਮ ਨੂੰ ਬਲਵੀਰ ਦੀ ਉਸ ਦਿਨ ਵਾਲੀ ਗੱਲ ਚੇਤੇ ਆਈ ਜਿਸ ਦਿਨ ਉਸ ਨੇ ਤਰਸੇਮ ਨੂੰ ਅ੍ਰਿੰਮਤ ਛਕਣ ਲਈ ਪ੍ਰੇਰਦੇ ਕਿਹਾ ਸੀ, “ਤਰਸੇਮ ਥੋਨੂੰ ਵੀ ਹੁਣ ਅਮ੍ਰਿਤ ਛਕ ਲੈਣਾ ਚਾਹੀਦੈ। ਇਨ੍ਹਾਂ ਬੱਚਿਆਂ ਨੂੰ ਹੁਣ ਜਿੱਧਰ ਮੋੜ ਲਓ ਓਧਰ ਏਨਾਂ ਲੱਗ ਜਾਣੈ। ਜੇ ਵੱਡੇ ਹੋਇਆਂ ਤੋਂ ਕਹੋਂਗੇ ਤਾਂ ਫੇਰ ਨੀ ਏਨ੍ਹਾਂ ਆਖੇ ਲੱਗਣਾ। ਨਾਲੇ ਤੈਨੂੰ ਤਾਂ ਕੋਈ ਔਖਿਆਈ ਈ ਨੀ। ਤੂੰ ਤਾਂ ਨਾ ਕੁੱਝ ਖਾਂਵੇ ਨਾ ਪੀਵੇਂ। ਬੱਸ ਕੇਸ ਈ ਰੱਖਣੇ ਆ।”

“ਬਾਈ ਜੀ ਜਿਹੜਾ ਕੁੱਝ ਮੈਂ ਹੈ ਈ ਨਹੀਂ ਉਹ ਹੋਣ ਦਾ ਭੁਲੇਖਾ ਕਿਓਂ ਪਾਵਾਂ ਲੋਕਾਂ ਨੂੰ। ਅੰਦਰੋਂ ਮੈਂ ਆਵਦੇ ਤੋਂ ਬਿਨ੍ਹਾਂ ਕਿਸੇ ਦਾ ਕੁਛ ਸੰਵਾਰਨ ਵਾਲਾ ਨਹੀਂ ਤੇ ਬਾਹਰੋਂ ਮੈਂ ਦਿਸਾਂ ਬਈ ਮੈਂ ਮਜ਼ਲੂਮਾਂ ਦਾ ਰਾਖਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਇਹ ਮੈਥੋਂ ਨੀ ਹੋਣਾ,” ਤਰਸੇਮ ਨੇ ਜਵਾਬ ਦਿੱਤਾ।

“ਤੂੰ ਸਿੰਘ ਤਾਂ ਸਜ ਗੁਰੂ ਮਾਹਾਰਾਜ ਆਪੇ ਕ੍ਰਿਪਾ ਕਰਨਗੇ,” ਬਲਵੀਰ ਨੇ ਕਿਹਾ।

ਤਰਸੇਮ ਦੇ ਚਿੱਤ `ਚ ਆਈ ਕਿ ਬਲਵੀਰ ਦੀਆਂ ਦੋ-ਤਿੰਨ ਮਿੰਟ ਪਹਿਲਾਂ ਕੀਤੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਹੇ ਕਿ ਤੇਰੇ `ਤੇ ਤਾਂ ਗੁਰੂ ਮਾਹਾਰਾਜ ਨੇ ਕ੍ਰਿਪਾ ਕੀਤੀ ਨਹੀਂ, ਸਿੰਘ ਸਜ ਕੇ ਤੇਰੇ ਅੰਦਰੋਂ ਤਾਂ ਕੁੱਝ ਬਦਲਿਆ ਨਹੀਂ। ਸਾਰੇ ਜਹਾਨ ਦੀਆਂ ਨਿੰਦਾ ਚੁਗਲੀਆਂ ਕਰਦਾ ਹਟਿਆ ਹੈਂ’ ਪਰ ਉਸ ਨੇ ਕਿਹਾ, “ਬਾਈ ਜੀ ਗੁੱਸਾ ਨਾ ਕਰਿਓ, ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ ਫੌਜ ਤਿਆਰ ਕਰਨ ਵਾਸਤੇ ਸਿੰਘ ਸਜਾਏ ਸੀ। ਥੋਨੂੰ ਸਾਲ ਹੋ ਗਿਆ ਸਿੰਘ ਸਜਿਆਂ ਨੂੰ ਤੁਸੀਂ ਕਦੇ ਕਿਸੇ ਮਾੜੇ ਬੰਦੇ ਦੀ ਰਾਖੀ ਲਈ ਹੋਏ ਐਂ ਖੜ੍ਹੇ।”

ਤਰਸੇਮ ਨੂੰ ਲੱਗਾ ਕਿ ਬਲਵੀਰ ਦਾ ਚੇਹਰਾ ਸਖਤ ਹੋ ਗਿਆ। ਬਲਵੀਰ ਨੇ ਆਮ ਨਾਲੋਂ ਉੱਚੀ ਆਵਾਜ਼ ਵਿੱਚ ਕਿਹਾ, “ਹੁਣ ਤੂੰ ਕਰਦੈਂ ਨਾਸਤਿਕਾਂ ਵਾਲੀਆਂ ਗੱਲਾਂ। ਅਸੀਂ ਕੀ ਲੈਣੇ ਤੂੰ ਸਿੰਘ ਸਜ ਜਾਂ ਨਾ। ਜਵਾਕਾਂ ਪਿੱਛੇ ਬਹੁਤ ਕੁੱਝ ਕਰਨਾ ਪੈਂਦੈ ਭਾਈ ਸਾਹਬ। ਜਦੋਂ ਉਲਾਦ ਹੱਥੋਂ ਨਿਕਲ ਗਈ ਫਿਰ ਤੂੰ ਪਛਤਾਉਣੈ ਕਿ ਬਾਈ ਠੀਕ ਈ ਕਹਿੰਦਾ ਸੀ।”

‘ਉਲਾਦ ਹੱਥੋਂ ਨਿਕਲਣ’ ਵਾਲੀ ਗੱਲ ਤਰਸੇਮ ਦੇ ਦਿਮਾਗ ਵਿੱਚ ਆਉਂਦੇ ਹੀ ਫਿਕਰਮੰਦੀ `ਚ ਉਸ ਨੇ ਸੋਚਿਆ, ‘ਪਤਾ ਨੀ ਕੀ ਬਨਣੈ? ਐਹੋ ਜਿਹਾ ਦਿਨ ਨਾ ਦਿਖਾਈਂ ਰੱਬਾ ਕਿਸੇ ਨੂੰ?’ ਸੋਚਕੇ ਉਸ ਦੇ ਹੱਥ ਆਪ ਮੁਹਾਰੇ ਹੀ ਉੱਪਰ ਵੱਲ ਉੱਠ ਗਏ।

ਉਲਾਦ ਬਾਰੇ, ਖਾਸ ਕਰ ਆਪਣੀ ਧੀ ਦੇ ਭਵਿੱਖ ਬਾਰੇ ਸੋਚ ਕੇ ਤਰਸੇਮ ਹਮੇਸ਼ਾ ਹੀ ਪ੍ਰੇਸ਼ਾਨ ਹੋ ਜਾਂਦਾ ਸੀ। ਜਿਸ ਦਿਨ ਬਲਵੀਰ ਨੇ ਇਹ ਗੱਲ ਕਹੀ ਸੀ ਉਸ ਰਾਤ ਵੀ ਉਹ ਬਿਸਤਰੇ `ਚ ਪਾਸੇ ਪਰਤਦਾ ਰਿਹਾ ਸੀ। ਕਾਫ਼ੀ ਰਾਤ ਗਏ ਉਸ ਦੀ ਪਤਨੀ ਮਨਦੀਪ ਬੋਲੀ ਸੀ, “ਇੱਕ ਗੱਲੋਂ ਬਲਵੀਰ ਵੀਰ ਜੀ ਦੀ ਗੱਲ ਤਾਂ ਠੀਕ ਸੀ।” ਸ਼ਾਇਦ ਉਹ ਵੀ ਅੱਖਾਂ ਮੀਚੀ ਇਹੀ ਸੋਚਦੀ ਰਹੀ ਸੀ।

“ਪਤਾ ਨੀ ਕੀ ਠੀਕ ਐ ਤੇ ਕੀ ਗਲਤ,” ਆਖ ਕੇ ਤਰਸੇਮ ਨੇ ਪਾਸਾ ਪਰਤ ਲਿਆ ਸੀ। ਜਦ ਤਰਸੇਮ ਨੇ ਹਫ਼ਤਾ ਕੁ ਦਾਹੜੀ ਸ਼ੇਵ ਨਾ ਕੀਤੀ ਤਾਂ ਮਨਦੀਪ ਨੇ ਮਜ਼ਾਕ ਜਿਹਾ ਕਰਦੀ ਨੇ ਕਿਹਾ ਸੀ, “ਲੱਗਦੈ ਵੀਰ ਜੀ ਦੀ ਗੱਲ ਦੇ ਅਸਰ ਨਾਲ ਸਿੰਘ ਸਜਣ ਦੀਆਂ ਤਿਆਰੀਆਂ ਹੋ ਰਹੀਐ?”

“ਮੈਂ ਤਾਂ ਸਜ ਜਾਊਂ, ਤੂੰ ਆਵਦਾ ਫ਼ਿਕਰ ਕਰ ਜਿਹੜੀ ਘੰਟਾ-ਘੰਟਾ ਸ਼ੀਸ਼ੇ ਮੂਹਰੇ ਖੜ੍ਹੀ ਰਹਿਨੀ ਐਂ,” ਤਰਸੇਮ ਨੇ ਉਸੇ ਲਹਿਜ਼ੇ `ਚ ਜਵਾਬ ਦਿੱਤਾ।

“ਮੇਰਾ ਫ਼ਿਕਰ ਨਾ ਕਰੋ, ਮੈਂ ਤਾਂ ਪਰਮਾਨੈਂਟ ਫੇਸ਼ੀਅਲ ਕਰਾ ਲੂੰਗੀ।”

ਮਨਦੀਪ ਦੀ ਇਹ ਗੱਲ ਚੇਤੇ ਕਰਕੇ ਤਰਸੇਮ ਨੇ ਆਪਣੀਆਂ ਗੱਲ੍ਹਾਂ ਉੱਪਰ ਹੱਥ ਫੇਰਿਆ। ‘ਮੈਂ ਕਿਹੜਾ ਦਾਹੜੀ ਕਿਤੋਂ ਲੈਣ ਜਾਣੀ ਐ, ਹਫ਼ਤੇ `ਚ ਵਧ ਜਾਣੀ ਐ।’ ਇਸ ਤਰ੍ਹਾਂ ਸੋਚਦੇ ਤਰਸੇਮ ਨੇ ਸ਼ੀਸ਼ੇ ਵੱਲ ਵੇਖਿਆ। ਉਸ ਨੁੰ ਲੱਗਾ ਜਿਵੇਂ ਸ਼ੀਸ਼ਾ ਪੁੱਛ ਰਿਹਾ ਹੋਵੇ, ‘ਬਾਹਰਲੀ ਦਿੱਖ ਤਾਂ ਜਦੋਂ ਮਰਜੀ ਬਦਲ ਲਓ, ਤੇਰੇ ਅੰਦਰਲਾ ਦੱਸ ਰਾਜ਼ੀ ਐ?’ ਤਰਸੇਮ ਨੇ ਆਪਣੀਆਂ ਅੱਖਾਂ ਸ਼ੀਸ਼ੇ ਤੋਂ ਹਟਾ ਲਈਆਂ।

ਜਦ ਪਿਛਲੀ ਵਾਰ ਤਰਸੇਮ ਨੇ ਦਾਹੜੀ ਵਧਾਈ ਸੀ ਤਾਂ ਇਸੇ ਸ਼ੀਸ਼ੇ ਵਿੱਚ ਵੇਖਦੇ ਉਸ ਨੂੰ ਆਪਣਾ-ਆਪ ਓਪਰਾ-ਓਪਰਾ ਲੱਗਾ ਸੀ। ਉਹ ਕਾਫ਼ੀ ਦੇਰ ਐਵੇਂ ਹੀ ਸ਼ੀਸ਼ੇ ਵੱਲ ਵੇਖਦਾ ਰਿਹਾ ਸੀ ਜਿਵੇਂ ਕਿਸੇ ਹੋਰ ਨੂੰ ਵੇਖ ਰਿਹਾ ਹੋਵੇ।

ਫਿਰ ਵਾਸ਼ਰੂਮ `ਚੋਂ ਬਾਹਰ ਨਿਕਲ ਕੇ ਉਸ ਨੇ ਮਨਦੀਪ ਨੂੰ ਕਿਹਾ ਸੀ, “ਦਾਹੜੀ ਨਾਲ ਜਾਣੀ ਮੈਨੂੰ ਲੱਗਦਾ ਹੀ ਨਹੀਂ ਕਿ ਮੈਂ, ਮੈਂ ਹਾਂ।”

ਸੁਣ ਕੇ ਮਨਦੀਪ ਹੱਸ ਪਈ। ਬੋਲੀ, “ਦਾਹੜੀ ਵਧਣ ਨਾਲ ਬੰਦਾ ਕੋਈ ਹੋਰ ਬਣ ਜਾਂਦੈ?” ਬੋਲਦੀ ਮਨਦੀਪ ਇੱਕ ਦਮ ਚੁੱਪ ਕਰ ਗਈ। ਉਸ ਨੂੰ ਲੱਗਾ ਜਿਵੇਂ ਉਹ ਕੁੱਝ ਗਲਤ ਆਖ ਗਈ ਸੀ। ਫਿਰ ਬੋਲੀ, “ਉਂਝ ਹੀ ਥੋਨੂੰ ਓਪਰਾ ਲੱਗਦਾ ਹੋਣੇ ਬਹੁਤ ਚਿਰ ਬਾਅਦ ਰੱਖੀ ਐ ਨਾ ਦਾਹੜੀ। ਸੱਚੀਂ ਬਹੁਤ ਸੋਹਣੀ ਲੱਗਦੀ ਐ।”

“ਹੁਣ ਤੈਨੂੰ ਸੋਹਣੀ ਲੱਗਣ ਲੱਗ ਪਈ ਪਹਿਲਾਂ ਜੇ ਦੋ ਦਿਨ ਸ਼ੇਵ ਨਾ ਹੋਣੀ ਤਾਂ ਤੇਰੇ ਵਾਲ ਚੁਭਣ ਲੱਗਦੇ ਸੀ।”

“ਟਾਈਮ-ਟਾਈਮ ਦੀ ਗੱਲ ਹੁੰਦੀ ਐ। ਉਦੋਂ ਹੱਸਣ-ਖੇਡਣ ਦੇ ਦਿਨ ਸੀ ਹੁਣ ਮਾਂ-ਪਿਓ ਵਾਲੀਆਂ ਜਿੰਮੇਵਾਰੀਆਂ ਦੇ ਦਿਨ ਆ ਗੇ।”

“ਓਹ ਤਾਂ ਠੀਕ ਐ ਪਰ ਮੈਂਨੂੰ ਲੱਗਦੈ ਜਿਵੇਂ ਮੈਂ ਕੋਈ ਐਕਟਿੰਗ ਜਿਹੀ ਕਰ ਰਿਹਾ ਹੋਵਾਂ।”

“ਐਕਟਿੰਗ ਆਲੀ ਕਿਹੜੀ ਗੱਲ ਐ ਇਹ ਦੇ `ਚ ਪਹਿਲਾਂ ਵੀ ਤਾਂ ਥੋਡੇ ਕੇਸ ਰੱਖੇ ਈ ਹੁੰਦੇ ਸੀ?”

“ਉਦੋਂ ਕਦੇ ਇਹੋ-ਜਿਹੀ ਗੱਲ ਦਿਮਾਗ `ਚ ਆਈ ਹੀ ਨੀ ਸੀ। ਦਾਹੜੀ-ਕੇਸ ਆਵਦਾ ਹਿੱਸਾ ਜਿਹਾ ਲੱਗਦੇ ਸੀ। ਜਿਵੇਂ ਨੱਕ ਐ, ਕੰਨ ਐ, ਪਰ ਹੁਣ ਜਦੋਂ ਦਿਮਾਗ `ਚ ਇਓਂ ਐ ਬਈ ਦਾਹੜੀ-ਕੇਸ ਸਿੱਖ ਸਜਣ ਲਈ ਵਧਾ ਰਿਹਾ ਹਾਂ ਤਾਂ ਹੋਰੂੰ-ਹੋਰੂੰ ਲੱਗਦੈ।”

“ਆਪੇ ਆਦਤ ਪੈ ਜੂ, ਐਵੇਂ ਨਾ ਹੁਣ ਸ਼ੇਵ ਕਰ ਦਿਓ,” ਮਨਦੀਪ ਨੇ ਤਾੜਣਾ ਕੀਤੀ ਅਤੇ ਤਰਸੇਮ ਦੇ ਡੋਲਦੇ ਚਿੱਤ ਨੂੰ ਪੱਕਾ ਕਰਨ ਲਈ ਬਲਵੀਰ ਸਿੰਘ ਦੇ ਘਰ ਸ਼ਾਮ ਨੂੰ ਹੋ ਰਹੇ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਸਾਰੇ ਪ੍ਰੀਵਾਰ ਨੂੰ ਤਿਆਰ ਕਰ ਲਿਆ।

ਤਰਸੇਮ ਨੂੰ ਬਲਵੀਰ ਸਿੰਘ ਦੇ ਘਰ ਕੀਰਤਨ ਕਰ ਰਹੇ ਛੋਟੇ-ਛੋਟੇ ਬੱਚੇ ਬਹੁਤ ਪਿਆਰੇ-ਪਿਆਰੇ ਲੱਗੇ। ਤਰਸੇਮ ਨੂੰ ਖੁਸ਼ੀ ਹੋਈ ਜਦੋਂ ਬਲਵੀਰ ਨੇ ਗੁਰਨੀਤ ਨੂੰ ਟੱਲੀਆਂ ਫੜਾ ਕੇ ਕੀਰਤਨ ਕਰ ਰਹੇ ਬੱਚਿਆਂ ਦੇ ਨਾਲ ਬੈਠਾ ਦਿੱਤਾ। ਗੁਰਨੀਤ ਨੂੰ ਟੱਲੀਆਂ ਵਜਾਉਂਦੀ ਵੇਖ ਤਰਸੇਮ ਦੀਆਂ ਉਂਗਲਾਂ ਆਪਣੇ ਗੋਢੇ ਉੱਪਰ ਤਬਲਾ ਵਜਾਉਣ ਵਾਂਗ ਥਿਰਕਣ ਲੱਗੀਆਂ। ਬੱਚਿਆਂ ਦੇ ਕੀਰਤਨ ਬਾਅਦ ਤਰਸੇਮ ਨੂੰ ਬਲਵੀਰ ਸਿੰਘ ਦੀ ਆਵਾਜ਼ ਸੁਣੀ। ਉਸ ਨੇ ਨੀਵੀਂ ਚੁੱਕ ਕੇ ਵੇਖਿਆ ਬਲਵੀਰ ਮਾਈਕ ਮੂਹਰੇ ਬੈਠਾ ਕਥਾ ਕਰ ਰਿਹਾ ਸੀ, “----- ਅਸੀਂ ਮਨ ਦੇ ਨਾ ਆਖੇ ਲੱਗੀਏ ਮਨ ਸਾਡੇ ਆਖੇ ਨਹੀਂ ਲੱਗਦਾ। ਸਾਧ ਸੰਗਤ ਜੀ, ਇਹ ਮਨ ਬਹੁਤ ਚੰਚਲ ਆ। ਇਸ ਨੂੰ ਆਪਣੇ ਵੱਸ `ਚ ਕਰਨ ਲਈ ਗੁਰੂ ਵੱਲੋਂ ਬਖ਼ਸ਼ੇ ਬਾਣੀ ਤੇ ਬਾਣੇ ਦਾ ਆਸਰਾ ਲਓ। ਗੁਰੂ ਪਿਆਰਿਓ, ਜਦ ਕਦੇ ਗਲਤ ਖਿਆਲ ਆਵੇ, ਮੇਰੇ ਗੁਰਾਂ ਦੀ ਬਾਣੀ ਵੱਲ ਧਿਆਨ ਕਰੋ। ਮਾੜੇ ਵਿਚਾਰ ਆਪਣੇ ਆਪ ਦੂਰ ਚਲੇ ਜਾਣਗੇ। ਐਨਾ ਅਸਰ ਹੈ ਮੇਰੇ ਪ੍ਰਮੇਸ਼ਰ ਦੀ ਬਾਣੀ ਵਿੱਚ। ਆਖੋ, ‘ਵਾਹਿਗੁਰੂ’ -----।”

ਪਰ ਤਰਸੇਮ ਨੇ ‘ਵਾਹਿਗੁਰੂ’ ਨਹੀਂ ਉਚਾਰਿਆ। ਉਸ ਦੇ ਅੰਦਰ ਬੇਚੈਨੀ ਪੈਦਾ ਹੋਈ। ਉਸ ਨੇ ਚੌਂਕੜੀ ਖੋਲ੍ਹ ਕੇ ਲੱਤਾਂ ਦੁਆਲੇ ਬਾਹਾਂ ਵਲ ਲਈਆਂ। ਮਿੰਟ ਕੁ ਇਸ ਤਰ੍ਹਾਂ ਬੈਠ ਕੇ ਉਸ ਨੇ ਮੁੜ ਚੌਂਕੜੀ ਮਾਰ ਕੇ ਅੱਖਾਂ ਮੀਚ ਲਈਆਂ। ਉਸ ਨੂੰ ਕੁੱਝ ਸਾਲ ਪਹਿਲਾਂ ਵਾਪਰੀ ਉਹ ਘਟਨਾ ਚੇਤੇ ਆ ਗਈ, ਜਦੋਂ ਬਲਵੀਰ ਨੇ ਆਪਣੇ ਨਾਲ ਕੰਮ ਕਰਦੀ ਕੁੜੀ ਨੂੰ ਫੜ ਲਿਆ ਸੀ ਅਤੇ ਤਰਸੇਮ ਨੇ ਵਿੱਚ ਪੈ ਕੇ ਗੱਲ ਨੂੰ ਮਸਾਂ ਆਈ-ਗਈ ਕੀਤਾ ਸੀ। ਜਿਓਂ-ਜਿਓਂ ਬਲਵੀਰ ਸਿੰਘ ਕਥਾ ਕਰਦਾ ਰਿਹਾ ਤਰਸੇਮ ਦੇ ਅੰਦਰਲੀ ਬੇਚੈਨੀ ਵਧਦੀ ਗਈ ਪਰ ਉਹ ਘੁੱਟ-ਵੱਟ ਕੇ ਬੈਠਾ ਰਿਹਾ।

ਘਰ ਪਹੁੰਚਕੇ ਸੌਣ ਤੋਂ ਪਹਿਲਾਂ ਦੰਦਾ `ਤੇ ਬੁਰਸ਼ ਕਰਦੇ ਸਮੇਂ ਉਸ ਨੇ ਸ਼ੀਸ਼ੇ ਵਿੱਚ ਵੇਖਿਆ ਅਤੇ ਆਪਣਾ ਹੱਥ ਘਰੋੜ ਕੇ ਆਪਣੀ ਦਾੜ੍ਹੀ ਉੱਤੇ ਫੇਰਿਆ। ਉਸ ਨੂੰ ਆਪਣਾ ਚੇਹਰਾ ਕਰੂਪ ਲੱਗਾ। ਉਸ ਦੇ ਚਿੱਤ `ਚ ਆਈ ਕਿ ਹੁਣੇ ਹੀ ਸ਼ੇਵ ਕਰ ਦੇਵੇ। ਪਰ ਉਸ ਕੀਤੀ ਨਹੀਂ ਅਤੇ ਬਿਸਤਰੇ ਵਿੱਚ ਵੜ ਕੇ ਉੱਸਲ-ਵੱਟੇ ਲੈਣ ਲੱਗਾ।

“ਵੇਖੋ ਬੱਚੇ ਕਿੰਨੇ ਸੋਹਣੇ ਲੱਗਦੇ ਸੀ ਕੀਰਤਨ ਕਰਦੇ ਨਾਲੇ ਲੰਗਰ ਵਰਤਾਉਂਦੇ। ਐਂ ਜਾਇਆ ਕਰਾਂਗੇ ਤਾਂ ਆਪਣੇ ਵੀ ਇਸ ਪਾਸੇ ਲੱਗਣਗੇ,” ਮਨਦੀਪ ਨੇ ਕਿਹਾ।

“ਤੂੰ ਲੈ ਜਿਆ ਕਰ, ਜੇ ਜਾਣਾ ਹੁੰਦੇ। ਓਥੇ ਉਹ ਭੈਣ ਦਾ ਘੜੁੱਕ ਤੇਰਾ ਕੁਛ ਲੱਗਦਾ ਵੱਡਾ ਕਥਾ-ਵਾਚਕ ਬਣਿਆ ਬੈਠਾ ਹੁੰਦੈ,” ਤਰਸੇਮ ਦੀ ਆਵਾਜ਼ ਵਿਚਲਾ ਕ੍ਰੋਧ ਮਹਿਸੂਸ ਕਰ ਕੇ ਮਨਦੀਪ ਨੇ ਹੈਰਾਨੀ ਜਿਹੀ `ਚ ਕਿਹਾ, “ਵਧੀਆ ਕਥਾ ਕੀਤੀ ਵੀਰ ਜੀ ਨੇ ਵੀ।”

“ਕੀਤੀ ਕਥਾ, ਹੁਣ ਵੱਡਾ ਗਿਆਨੀ ਬਣਿਆ ਬੈਠਾ। ਆਪਣਾ ਨੀ ਪਤਾ ਨਿੱਤ ਕਦੇ ਕਿਸੇ ਕੁੜੀ ਦੇ ਗਲਮੇ `ਚ ਹੱਥ ਪਾਈ ਬੈਠਾ ਹੁੰਦਾ ਸੀ, ਕਦੇ ਕਿਸੇ ਦੇ।”

“ਕੀ ਪਤੈ ਹੁਣ ਸੋਝੀ ਆ ਗੀ ਹੋਵੇ ਬਈ ਜਿਹੜੇ ਪੁੱਠੇ ਕੰਮ ਆਪ ਕਰਦਾ ਸੀ ਉਹ ਦੂਜੇ ਨਾ ਕਰਨ।”

“ਇਹੋ-ਜਿਆਂ ਨੂੰ ਨੀ ਆਉਂਦੀ ਹੁੰਦੀ ਸੋਝੀ। ਦੂਜਿਆਂ ਨੂੰ ਈ ਮੱਤਾਂ ਦੇਣੀਆਂ ਜਾਣਦੇ ਹੁੰਦੇ ਐ। ਤੇਰੇ ਖਿਆਲ `ਚ ਤਿੰਨ-ਚਾਰ ਮਹੀਨਿਆਂ ਬਾਅਦ ਜਦੋਂ ਉਹ `ਕੱਲਾ ਆਊਟ-ਔਫ਼ ਟਾਊਨ ਜਾਂਦੈ ਉਦੋਂ ਉਹ ਕਥਾ ਕਰਨ ਜਾਂਦੈ। ਮੈਥੋਂ ਹੋਰ ਸੁਣਦੀ ਐਂ-----”

“ਚੱਲ ਆਪਾਂ ਨੂੰ ਕੀ। ਜਿਹੜਾ ਕਰੂਗਾ ਓਹੀ ਭਰੂਗਾ। ਨਾਲੇ ਸਾਰੇ ਇੱਕੋ-ਜਿਹੇ ਤਾਂ ਨੀ ਹੁੰਦੇ। ਕੁੱਝ ਚੰਗੇ ਵੀ ਤਾਂ ਹੋਣਗੇ ਹੀ। ਜੇ ਇੱਥੇ ਥੋਡਾ ਚਿੱਤ ਨੀ ਮੰਨਦਾ ਤਾਂ ਆਪਾਂ ਕਿਸੇ ਹੋਰ ਗੁਰਦੁਆਰੇ ਚਲੇ ਚੱਲਿਆ ਕਰਾਂਗੇ,” ਆਖ ਕੇ ਮਨਦੀਪ ਨੇ ਤਰਸੇਮ ਨੂੰ ਸਾਵਾਂ ਕਰਨ ਲਈ ਉਸ ਦੇ ਵਾਲਾਂ ਵਿੱਚ ਉਂਗਲੀਆਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਤਰਸੇਮ ਨੂੰ ਵਾਰ-ਵਾਰ ਕਥਾ ਕਰ ਰਹੇ ਬਲਵੀਰ ਸਿੰਘ ਦਾ ਚੇਹਰਾ ਦਿਸਦਾ ਅਤੇ ਉਸ ਦਾ ਅੰਦਰ ਉੱਬਲਣ ਲੱਗਦਾ। ਸਵੇਰੇ ਉੱਠ ਕੇ ਤਰਸੇਮ ਨੇ ਸ਼ੇਵ ਕਰ ਕੇ ਤੋਲੀਏ ਨਾਲ ਮੂੰਹ ਪੂੰਝ ਕੇ ਸ਼ੀਸ਼ੇ ਵੱਲ ਵੇਖਿਆ, ਫਿਰ ਬੁੜਬੜਾਇਆ, “ਭੈਣ ਦਾ ਘੜੁੱਕ”। ਵਾਸ਼ਰੂਮ `ਚੋਂ ਬਾਹਰ ਆਏ ਨੂੰ ਵੇਖ ਕੇ ਮਨਦੀਪ ਬੋਲੀ, “ਏਹਦੇ `ਚ ਵੀਰ ਜੀ ਦਾ ਕੀ ਗਿਆ? ਆਪਾਂ ਆਪਣੇ ਬੱਚਿਆਂ ਪਿੱਛੇ ਕਰਨੈ, ਅਗਲਿਆਂ ਨੇ ਆਪਣਿਆਂ ਪਿੱਛੇ।”

“ਅਮ੍ਰਿਤਧਾਰੀ ਬੱਚੇ ਕਿਹੜਾ ਸਾਰੇ ਈ ਸਲੱਗ ਨਿਕਲਦੇ ਐ। ਸੁਣਿਆ ਨਹੀਂ ਸੀ, ਰਿਚਮੰਡ ਵਾਲਿਆਂ ਦਾ ਮੁੰਡਾ ਜਿਹੜਾ ਪੁਲਸ ਨੇ ਡਰੱਗਾਂ `ਚ ਫੜਿਐ ਉਹਦੇ ਵੀ ਗਾਤਰਾ ਪਾਇਐ ਈ ਸੀ,” ਤਰਸੇਮ ਨੇ ਖਿੱਝ ਜਿਹੀ ਨਾਲ ਕਿਹਾ।

“ਸਾਰੇ ਤਾਂ ਨੀ ਡਰੱਗਾਂ ਖਾਣ-ਵੇਚਣ ਲੱਗਦੇ। ਚੰਗੇ ਵੀ ਬਥੇਰੇ ਨਿਕਲਦੇ ਆ। ਦੇਖੇ ਨੀ ਰਾਤ ਕਿਵੇਂ ਜੀ-ਜੀ ਕਰ ਕੇ ਪ੍ਰਸ਼ਾਦੇ ਪੁੱਛਦੇ ਸੀ। ਬੱਚੇ ਇੱਕ-ਦੂਜੇ ਵੱਲ ਵੇਖ ਕੇ ਈ ਸਿਖਦੇ ਆ। ਵੱਡੀ ਗੱਲ ਤਾਂ ਏਨ੍ਹਾਂ ਦੇ ਦੋਸਤ ਵੀ ਆਪਣੇ ਈ ਬਣਦੇ ਆ। ਲੋਕੀ ਕੀ ਨੀ ਕਰਦੇ ਧੀਆਂ-ਪੁੱਤਾਂ ਪਿੱਛੇ। ਮੁੰਡਿਆਂ ਦਾ ਸਰ ਜਾਂਦੇ ਜਦੋਂ ਕਿਸੇ ਦੀ ਧੀ-ਭੈਣ ਦੀ ਗੱਲ ਸੁਣਦੇ ਐਂ ਤਾਂ ਥੋਨੂੰ ਈ ਪਹਿਲਾਂ ਫ਼ਿਕਰ ਲੱਗਦਾ ਹੁੰਦੈ,” ਆਖ ਕੇ ਮਨਦੀਪ ਭਾਂਡੇ ਸਾਫ਼ ਕਰਦੀ ਪਤੀਲੇ ਨੂੰ ਜੋਰ-ਜੋਰ ਨਾਲ ਖੁਰਚਣ ਲੱਗੀ।

ਟਾਇਲਟ ਸੀਟ `ਤੇ ਬੈਠੇ ਤਰਸੇਮ ਨੂੰ ਮਨਦੀਪ ਦੀ ਇਸ ਗੱਲ ਦਾ ਖਿਆਲ ਆਉਂਦੇ ਹੀ ਆਪਣੀ ਰਾਤ ਵਾਲੀ ਹਾਲਤ ਦਾ ਖਿਆਲ ਆਇਆ, ਜਦ ਉਸ ਨੇ ਟੀ.ਵੀ.`ਤੇ ਗਿਆਰਾਂ ਵਾਲੀਆਂ ਖ਼ਬਰਾਂ ਵਿੱਚ ਇਹ ਖਬ਼ਰ ਸੁਣ ਕੇ ਸਾਰੀ ਰਾਤ ਉੱਸਲਵੱਟੇ ਲੈਂਦਿਆਂ ਕੱਟੀ ਸੀ। ਜਦ ਵੀ ਅੱਖਾਂ ਮੀਚਦਾ ਉਸ ਨੂੰ ਖ਼ਬਰ ਵਾਲੇ ਪਿਓ-ਧੀ ਆਪਣੇ ਅਤੇ ਗੁਰਨੀਤ ਵਿੱਚ ਵਟਦੇ ਮਹਿਸੂਸ ਹੁੰਦੇ ਅਤੇ ਉਹ ਡਰ ਕੇ ਝੱਟ ਅੱਖਾਂ ਖੋਹਲ ਦਿੰਦਾ। ਅਜੇਹੀ ਰਾਤ ਤੋਂ ਬਾਅਦ ਜਦ ਸਵੇਰੇ ਉੱਠ ਕੇ ਤਰਸੇਮ ਕੰਮ `ਤੇ ਪਹੁੰਚਿਆਂ ਤਾਂ ਬਰਾਇਨ ਜਿਵੇਂ ਉਸ ਨੂੰ ਹੀ ਉਡੀਕ ਰਿਹਾ ਸੀ, ਉਸ ਨੇ ਤਰਸੇਮ ਨੂੰ ਕਿਹਾ ਸੀ, “ਟੈਰੀ, ਤੂੰ ਕੀ ਸੋਚਦਾ ਹੈਂ ਜਿਹੜਾ ਤੇਰੇ ਕੰਟਰੀਮੈਨ ਨੇ ਆਪਣੀ ਧੀ ਦਾ ਕਤਲ ਕੀਤਾ ਹੈ।”

“ਮੈਂ ਕੀ ਸੋਚਣਾ ਹੈ,” ਆਖ ਕੇ ਤਰਸੇਮ ਚੁੱਪ ਕਰ ਗਿਆ। ਉਹ ਗੱਲ ਨੂੰ ਅਗਾਂਹ ਨਹੀਂ ਸੀ ਤੋਰਨਾ ਚਾਹੁੰਦਾ। ਪਰ ਬਰਾਇਨ ਅੱਜ ਗੱਲ ਨੂੰ ਐਡੀ-ਛੇਤੀ ਮੁੱਕਣ ਨਹੀਂ ਸੀ ਦੇਣਾ ਚਾਹੁੰਦਾ, ਉਸ ਨੇ ਕਿਹਾ, “ਮੇਰੇ ਖਿਆਲ ਵਿੱਚ ਐਹੋ-ਜਿਹੇ ਪਿਓ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।”

ਤਰਸੇਮ ਦੇ ਦਿਮਾਗ ਵਿੱਚ ਖਿਝ ਉੱਠੀ। ਉਹ ਬੋਲਿਆ, “ਬਰਾਇਨ ਇਹ ਸਾਡਾ ਸਭਿੱਆਚਾਰਕ ਮਸਲਾ ਹੈ, ਤੂੰ ਨਹੀਂ ਸਮਝ ਸਕਦਾ।”

“ਇਹ ਕਿਹੋ-ਜਿਹਾ ਸਭਿੱਆਚਾਰ ਹੈ ਜਿਹੜਾ ਧੀਆਂ ਨੂੰ ਕਤਲ ਕਰਨ ਲਈ ਉਕਸਾਉਂਦਾ ਹੈ। ਬੱਚੇ ਨੂੰ ਪੜ੍ਹਾਓ-ਲਿਖਾਓ, ਚੰਗੀਆਂ ਕਦਰਾਂ-ਕੀਮਤਾਂ ਸਿਖਾਓ। ਜੀਵਨ–ਸਾਥੀ ਚੁਨਣ ਦਾ ਹੱਕ ਬੱਚੇ ਨੂੰ ਹੋਣਾ ਚਾਹੀਦਾ ਹੈ। ਉਸ ਨੇ ਹੀ ਸਾਰੀ ਉਮਰ ਆਪਣੇ ਸਾਥੀ ਨਾਲ ਗੁਜਾਰਨੀ ਹੁੰਦੀ ਹੈ। ਜੇ ਬੱਚਾ ਇਹ ਆਪਣਾ ਬੁਨਿਆਦੀ ਹੱਕ ਮੰਗਦਾ ਹੈ ਤਾਂ ਇਹ ਦਾ ਮਤਲਬ ਇਹ ਨਹੀਂ ਕਿ ਉਸ ਦਾ ਕਤਲ ਕਰ ਦਿਓ,” ਬਰਾਇਨ ਝੱਟ ਬੋਲਿਆ।

ਹੋਰ ਉਹ ਭੈਣ ਮਰਾਉਂਦਾ ਜੇ ਕਤਲ ਨਾ ਕਰਦਾਤਰਸੇਮ ਦੇ ਚਿੱਤ `ਚ ਆਈ ਪਰ ਉਸ ਨੇ ਕਿਹਾ, “ਕਿਹੜਾ ਪਿਓ ਆਪਣੀ ਧੀ ਨੂੰ ਕਤਲ ਕਰਨਾ ਚਾਹੁੰਦਾ ਹੁੰਦਾ ਹੈ

ਫੇਰ?” ਬਰਾਇਨ ਨੇ ਪ੍ਰਸ਼ਨ ਸ਼ੂਚਕ ਨਜ਼ਰਾਂ ਨਾਲ ਤਰਸੇਮ ਵੱਲ ਵੇਖਿਆ

ਤੂੰ ਨਹੀਂ ਸਮਝੇਂਗਾ,” ਆਖ ਕੇ ਤਰਸੇਮ ਉਸ ਕੋਲੋਂ ਪਰ੍ਹਾਂ ਹੋ ਗਿਆਭੈਣ ਦੇ ਘੜੁੱਕ ਗੱਲ ਨੂੰ ਸਮਝੇ ਬਿਨ੍ਹਾ ਹੀ ਲੈਕਚਰ ਸ਼ੁਰੂ ਕਰ ਦਿੰਦੇ ਆਕਿਹਾ ਬਈ ਥੋਡਾ ਆਵਦਾ ਕਲਚਰ ਐ, ਤੇ ਸਾਡਾ ਆਵਦਾ ਐ

ਬਰਾਇਨ ਦੀਆਂ ਇਹ ਗੱਲਾਂ ਤਰਸੇਮ ਦੇ ਦਿਮਾਗ ਵਿੱਚ ਚੱਕਰ ਲਾਉਣ ਲੱਗੀਆਂ, ‘ਬੱਚਿਆਂ ਨੂੰ ਪੜਾਓ-ਲਿਖਾਓ, ਜਿਹੜਾ ਤੁਹਾਡਾ ਫ਼ਰਜ਼ ਹੈ ਤਰਸੇਮ ਨੂੰ ਲੱਗਾ ਜਿਵੇਂ ਇਹ ਗੱਲਾਂ ਬਰਾਇਨ ਨਹੀਂ ਸਗੋਂ ਜੀਤ ਮਾਮਾ ਆਖ ਰਿਹਾ ਹੋਵੇਪਰ ਅਗਲੇ ਹੀ ਪਲ ਉਸ ਦੇ ਦਿਮਾਗ ਵਿੱਚ ਰੇਡੀਓ ਦੇ ਕਿਸੇ ਕਾਲਰ ਦੀ ਗੱਲ ਗੂੰਝੀ, ਜਿਹੜੀ ਉਸ ਨੇ ਅੱਜ ਟਾਕ ਸ਼ੋਅ ਵਿੱਚ ਸੁਣੀ ਸੀਟਾਕ ਸ਼ੋਅ ਵਿੱਚ ਕੋਈ ਬੋਲ ਰਿਹਾ ਸੀ, “----ਭਾਈ ਸਾਹਬ ਹੁਣ ਸਾਰੇ ਗੋਰਿਆਂ ਦੇ ਅਖਬਾਰ-ਰੇਡੀਓ ਓਸ ਬੰਦੇ ਨੂੰ ਮਾੜਾ ਕਹੀ ਜਾਂਦੇ ਆ ਬਿਗਾਨੇ ਘਰ ਲੱਗੀ ਅੱਗ ਤਮਾਸ਼ਾ ਹੁੰਦੀ ਬੰਦੇ ਨੇ ਚਾਰ ਭਾਈਬੰਦਾਂ `ਚ ਉੱਠਣਾ-ਬਹਿਣਾ ਵੀ ਹੁੰਦੈ ਕਿਹੜਾ ਪੰਜਾਬੀ ਬੰਦੈ ਜਿਹੜਾ ਕਿਸੇ ਗੋਰੇ ਨੂੰ ਜਵਾਈ ਬਨਾਉਣ ਲਈ ਤਿਆਰ ਹੋਊ ਜਦੋਂ ਗੰਦੀ `ਲਾਦ ਆਖੇ ਨਾ ਲੱਗੂ ਤਾਂ ਬੰਦਾ ਕੀ ਕਰੂ, ਹੈਂਜੀ---

ਮੇਹਰਬਾਨੀ ਜੀ, ਇਹ ਤੁਹਾਡਾ ਖਿਆਲ ਐਆਖੇ ਨਾ ਲੱਗਣ `ਤੇ ਉਲਾਦ ਨੂੰ ਕਤਲ ਕਰ ਦੇਈਦੈ?” ਕਾਲ ਨੂੰ ਵਿਚਾਲਿਓਂ ਕੱਟ ਕੇ ਰੇਡੀਓ ਹੋਸਟ ਨੇ ਕਿਹਾ ਸੀ ਰੇਡੀਓ ਹੋਸਟ ਦੀ ਇਹ ਗੱਲ ਯਾਦ ਆਉਂਦਿਆਂ ਹੀ ਤਰਸੇਮ ਨੂੰ ਲੱਗਾ ਜਿਵੇਂ ਜੀਤ ਮਾਮਾ ਆਖ ਰਿਹਾ ਹੋਵੇ, ‘ਬੱਚਿਆਂ ਨੂੰ ਪੜ੍ਹਾਓ-ਲਿਖਾਓ, ਜਿਹੜਾ ਬੰਦੇ ਦਾ ਫ਼ਰਜ਼ ਐਉਨ੍ਹਾਂ ਨੂੰ ਆਪਣੀ ਇੱਜ਼ਤ ਦਾ ਮਸਲਾ ਨਾ ਬਣਾਓਪਰ ਅਗਲੇ ਹੀ ਪਲ ਕਾਲਰ ਦੀ ਆਵਾਜ਼ ਫਿਰ ਉਸ ਦੇ ਅੰਦਰ ਉੱਠੀ ਤਰਸੇਮ ਨੇ ਸੋਚਿਆ, ‘ਬੰਦੇ ਨੇ ਸੁਸਾਇਟੀ ਵਿੱਚ ਉੱਠਣਾ-ਬੈਠਣਾ ਵੀ ਹੁੰਦੈ, ਜੇ ਚਾਰ ਬੰਦਿਆਂ `ਚ ਕੋਈ ਆਖ ਦੇਵੇ ਬਈ ਫਲਾਣੇ ਦੀ ਗੋਰੇ ਨਾਲ ਨਿਕਲ ਗਈ ਤਾਂ ਕੀ ਰਹਿੰਦੈ ਬੰਦੇ ਦਾਫਿਰ ਤਰਸੇਮ ਨੂੰ ਲੱਗਾ ਜਿਵੇਂ ਮਾਮਾ ਆਖ ਰਿਹਾ ਹੋਵੇ, ‘ਮੇਰੇ ਕਿਹੜਾ ਗਾਤਰਾ ਪਾਇਆ ਸੀ ਦੋਹੇਂ ਕੁੜੀਆਂ ਵਧੀਆ ਪੜ੍ਹ-ਲਿਖ ਗਈਐ

ਡਾਕਟਰ ਬਣ ਗੀਐਂ ਤਾਂ ਐਡਾ ਕੀ ਕਰਤਾ, ਮਾਮਾ ਆਪਣੇ ਚਾਰ ਬੰਦਿਆਂ `ਚ ਤਾਂ ਨੀ ਖੜ੍ਹਦਾ ਹੋਣਾ,’ ਤਰਸੇਮ ਨੂੰ ਬਲਵੀਰ ਦੀੇ ਜੀਤ ਮਾਮੇ ਬਾਰੇ ਕਹੀ ਗੱਲ ਚੇਤੇ ਆਈ

ਫਿਰ ਤਰਸੇਮ ਨੂੰ ਲੱਗਾ ਜਿਵੇਂ ਮਨਦੀਪ ਆਖ ਰਹੀ ਸੀ, ‘ਆਪਾਂ ਬੱਚਿਆਂ ਪਿੱਛੇ ਕਰਨੈ, ਲੋਕੀਂ ਕੀ ਨਹੀਂ ਕਰਦੇ ਧੀਆਂਪੁੱਤਾਂ ਪਿੱਛੇ

ਕੀ ਕਰੇ ਬੰਦਾ?’ ਸੋਚਦੇ ਹੋਏ ਤਰਸੇਮ ਨੇ ਮਹਿਸੂਸ ਕੀਤਾ ਕਿ ਉਸ ਦਾ ਸਿਰ ਪਾਟ ਰਿਹਾ ਸੀ ਉਸ ਨੇ ਬੇਵਸੀ ਨਾਲ ਸ਼ੀਸ਼ੇ ਵੱਲ ਵੇਖਿਆ ਪਰ ਸ਼ੀਸ਼ਾ ਉਸ ਨੂੰ ਖਾਲੀ-ਖਾਲੀ ਲੱਗਾਭੈਣ ਦੇ ਘੜੁੱਕਾ, ਤੂੰ ਹੀ ਬੋਲ ਕੁਝ?” ਤਰਸੇਮ ਬੁੜਬੜਾਇਆ

 

Read 3728 times Last modified on Wednesday, 16 December 2009 12:39
ਹਰਪ੍ਰੀਤ ਸੇਖਾ

ਜਨਮ: ਕੋਟ-ਈਸੇ-ਖਾਂ

ਪਿਛਲਾ ਪਿੰਡ: ਸੇਖਾ ਕਲਾਂ

ਕਨੇਡਾ ਅਵਾਸ: 1988

ਕਿੱਤਾ: ਮਸ਼ੀਨਿਸਟ

ਕਿਤਾਬ: ਕਹਾਣੀ ਸੰਗ੍ਰਹਿ : ਬੀ ਜੀ ਮੁਸਕਰਾ ਪਏ 2006

Latest from ਹਰਪ੍ਰੀਤ ਸੇਖਾ