You are here:ਮੁਖ ਪੰਨਾ»ਕਹਾਣੀਆਂ»ਝੁਮਕੇ
Tuesday, 27 October 2009 15:36

ਝੁਮਕੇ

Written by
Rate this item
(4 votes)

ਅੱਜ ਸਕੂਨ ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿੱਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿੱਚ ਕਮਲ ਹੀ ਨਹੀਂ ਉੱਗਦੇ, ਚਿੱਕੜ ਵਿੱਚ ਕੀੜੇ ਮਕੌੜੇ ਵੀ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਸ਼ਨਾਖਤ ਕਰਦੇ, ਕਮਲ ਦੇ ਫੁੱਲ ਚੰਗੇ ਲਗਦੇ ਹਨ। ਇਨ੍ਹਾਂ ਕੀੜਿਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰਦੇ ਫੁੱਲ, ਕਮਲ ਦੇ ਫੁੱਲ ਨਹੀਂ ਸਦੀਂਦੇ। ਫੁੱਲਾਂ ਤੇ ਕੀੜਿਆਂ ਦੇ ਵਿਚਾਲੇ ਖੜੇ ਵਿਚਾਰੇ, ਪਰਖ ਕਰਦੇ ਰਹਿੰਦੇ ਹਨ ਜਿਵੇਂ ਉਹ ਕਿਸੇ ਖੇਡ ਦਾ ਮੈਚ ਵੇਖ ਰਹੇ ਹੋਣ। ਮੈਚ ਦਰਸ਼ਕ ਵੀ ਵੇਖਦਾ ਹੈ ਤੇ ਰੈਫ਼ਰੀ ਵੀ, ਫਰਕ ਤੇ ਸਿਰਫ ਜਿੰਮੇਵਾਰੀ ਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਮੈਚ ਵੇਖ ਰਿਹਾ ਰੈਫ਼ਰੀ ਕਿਤੇ ਤਾਂ ਆਪਣੇ ਅੰਦਰ ਦੇ ਦਰਸ਼ਕ ਦਾ ਕੋਈ ਛੋਟਾ ਜਿਹਾ ਬੋਲ ਤਾਂ ਸੁਣਦਾ ਹੀ ਹੋਵੇਗਾ। ਕਿਤੇ ਤਾਂ ਕੋਈ ਖਿਡਾਰੀ ਉਸਦੇ ਰੈਫਰੀਪੁਣੇ ਨੂੰ ਲਲਕਾਰਕੇ ਉਸਦੀ ਬਿਰਤੀ ਭੰਗ ਕਰਦਾ ਹੀ ਹੋਵੇਗਾ। ਅਕਸਰ ਰੈਫਰੀ ਵੀ ਤੇ ਕਦੇ ਖਿਡਾਰੀ ਹੀ ਹੁੰਦੇ ਹੋਣਗੇ। ਰੈਫਰੀ ਵੀ ਇਨਸਾਨ ਹਨ ਤੇ ਸਾਨੂੰ ਰੋਜ਼ ਜ਼ਿੰਦਗੀ ਵਿੱਚ ਰੈਫਰੀ ਮਿਲਦੇ ਹਨ। ਸਭ ਨੇ ਆਪੋ ਆਪਣੇ ਖੇਤ ਮੱਲੇ ਹੋਏ ਹਨ। ਅਸਲ ਵਿੱਚ ਇਹ ਦੁਨੀਆਂ ਹੀ ਸਾਰੀ ਰੈਫਰੀਆਂ ਨਾਲ ਭਰੀ ਹੋਈ ਹੈ। ਕੋਈ ਛੋਟਾ ਤੇ ਕੋਈ ਵੱਡਾ ਆਪੋ ਆਪਣੀਆ ਸੀਟੀਆਂ ਮਾਰਦੇ ਤੇ ਜ਼ਿੰਦਗੀ ਦੇ ਬੇਹਤਰ ਪਲਾਂ ਨੂੰ ਬੋਝਲ ਕਰਦੇ, ਆਪਣੀਆਂ ਮਨਮਾਨੀਆਂ ਬਿਨਸਦੇ, ਛਾਂਗਦੇ, ਛਾਂਟਦੇ, ਛੋਟੇ ਤੋਂ ਛੋਟਾ ਕਰਦੇ ਭੰਬਲਭੂਸੇ ਵਿੱਚ ਪਏ ਆਪਣੀ ਰੁਕਸਤੀ ਨੂੰ ਲਮਕਾਉਂਦੇ ਤੁਰੇ ਜਾਂਦੇ ਹਨ ਜਾਂ ਕਹਿ ਲਉ ਸਾਰੀ ਉਮਰ ਹੀ ਰੁਕਸਤੀ ਦੀ ਤਿਆਰੀ ਵਿੱਚ ਬਿਤਾ ਦਿੰਦੇ ਹਨ। ਆਖਰੀ ਸੀਟੀ ਮਾਰਨ ਦਾ ਮੌਕਾ ਤਾਂ ਕਿਸੇ ਕਿਸੇ ਨੂੰ ਹੀ ਮਿਲਦਾ ਹੈ।

‘ਆਪ ਆਏ ਬਹਾਰ ਆਈ।’

ਮੈਂ ਮੁਸਕਰਾਇਆ। “ਸਰ ਜੀ ਅਸੀਂ ਤੁਹਾਨੂੰ ਮਿਸ ਕਰਾਂਗੇ।”

“ਮੀ ਟੂ” ਮੈਂ ਮੁਸਕਰਾਕੇ ਹਲਕਾ ਹੋਇਆ। ਮੇਰੀ ਕਾਫ਼ੀ ਗਰਮ ਨਹੀਂ ਰਹਿ ਗਈ ਸੀ ਪਰ ਅਜੇ ਠੰਡੀ ਵੀ ਨਹੀਂ ਹੋਈ ਸੀ ਜਦ ਕਿ ਹੋ ਜਾਣੀ ਚਾਹੀਦੀ ਸੀ। ਮੈਨੂੰ ਲੱਗਾ ਇਹ ਕਾਫੀ ਦਾ ਕੋਸਾ ਕੱਪ ਤਾਂ ਮੇਰੇ ਅੱਗੇ ਦਹਾਕਿਆਂ ਤੋਂ ਪਿਆ ਹੈ। ਮੈਂ ਹਰ ਵਾਰ ਇਸਨੂੰ ਹੱਥ ਵਿੱਚ ਫੜਕੇ ਇਸਦੀ ਗਰਮਾਇਸ਼ ਮਹਿਸੂਸ ਕਰ ਲੈਂਦਾ ਹਾਂ। ਮੇਰੀ ਆਦਤ ਹੀ ਬਣ ਗਈ ਹੈ ਕਿ ਮੈਂ ਆਪਣਾ ਕਾਫੀ ਦਾ ਕੱਪ ਕਦੇ ਵੀ ਖਤਮ ਨਹੀਂ ਕਰਦਾ।

“ਸਰ ਜੀ ਪਿੱਤਲ ਦੇ ਗਲਾਸ ਵਿੱਚ ਗੁੜ ਦੀ ਚਾਹ ਹੋਵੇ, ਤੱਤੀ ਤੱਤੀ, ਰਜ਼ਾਈ ਦੀ ਬੁੱਕਲ ਹੋਵੇ ਤੇ ਬੰਦਾ ਸੜ ਸੜ ਕਰਦੇ ਬੁਲ੍ਹਾਂ ਨਾਲ ਆਖਰੀ ਘੁੱਟ ਤੱਕ ਪੀਵੇ ਦੀਪੇ ਵਾਂਗ, ਤਾਂ ਹੀ ਮਜ਼ਾ ਆਉਂਦਾ ਹੈ।” ਹਰੀ ਨੇ ਆਪਣੇ ਕਾਫ਼ੀ ਦੇ ਢੱਕਣ ਨੂੰ ਮਰੋੜਾ ਜਿਹਾ ਦੇਕੇ ਤੋੜਿਆ ਸੀ। ਉਸਦੀਆਂ ਅੱਖਾਂ ਵਿੱਚ ਜਨੂਨੀ ਤੀਬਰਤਾ ਸੀ। “ਮੈਨੂੰ ਲਗਦਾ ਤੁਸੀਂ ਵੀ ਮੋਰਨੀਆਂ ਵਾਲੇ ਪਿੱਤਲ ਦੇ ਗਲਾਸ ਵਿੱਚ ਹੀ ਪਸੰਦ ਕਰਦੇ ਹੋ ਤਾਂ ਹੀ ਤੇ ਆਪਣੀ ਕਾਫੀ ਨੂੰ ਕਦੇ ਖਤਮ ਨਹੀਂ ਕਰਦੇ।” ਹਰੀ ਨੇ ਇਹ ਗੱਲਾਂ ਉਦੋਂ ਕੀਤੀਆਂ ਸਨ ਜਦੋਂ ਉਸਨੇ ਆਪਣੇ ਸੱਜੇ ਪੈਰ ਨੂੰ ਕਲਾਕ ਵਾਈਜ਼ ਨਹੀਂ ਘੁੰਮਾਇਆ ਸੀ।

ਅਠਾਰਾਂ ਸਾਲ ਗੁਜ਼ਾਰੇ ਹਨ ਮੈਂ ਇੱਥੇ। ਅੱਜ ਲੰਚ ਅੱਧੇ ਘੰਟੇ ਦਾ ਨਾ ਹੋਕੇ ਘੰਟੇ ਦਾ ਸੀ। ਮੁਨੀਮਾਂ ਵਾਂਗ ਸੋਚਾਂ ਤਾਂ ਚਾਰ ਕੁ ਸੌ ਦਾ ਕਸਾਰਾ ਸੀ ਸਾਰਾ। ਚਵੀ ਘੰਟੇ ਸੱਤੇ ਦਿਨ ਚਲਣ ਵਾਲੀ ਪੰਜ ਨੰਬਰ ਮਸ਼ੀਨ ਅਜੇ ਵੀ ਪਹੀਏ ਬਣਾ ਬਣਾ ਪਟੇ ਤੇ ਸੁੱਟੀ ਜਾ ਰਹੀ ਸੀ। ਕਰਿਸਟਲ ਪਲਾਸਟਿਕ ਨੂੰ ਠੰਡਾ ਹੋਣ ਦਾ ਪਤਾ ਨਹੀਂ ਕਾਹਦਾ ਚਾਅ ਚੜਿਆ ਸੀ ਮੇਰੀ ਰਿਟਾਇਰਮੈਂਟ ਦਾ ਲਿਹਾਜ਼ ਵੀ ਨਹੀਂ ਕਰ ਰਹੀ ਸੀ। ਪਤਾ ਨਹੀਂ ਕਿਤਨੇ ਕੁ ਘੰਟੇ ਗੁਜ਼ਾਰੇ ਸਨ ਮੈਂ ਇਸ ਮਸ਼ੀਂਨ ਨਾਲ। ਮਣਾਂ ਮੂੰਹੀਂ ਤੇਲ ਦਿੱਤਾ ਹੋਣਾ ਮੈਂ ਇਸ ਮਸ਼ੀਨ ਨੂੰ ਪਰ ਇਹ ਕਿਹੜੀ ਕਿਸੇ ਨਾਲੋਂ ਘੱਟ ਹੈ। ਇਸਨੂੰ ਵੀ ਕੋਈ ਅਫਸੋਸ ਨਹੀਂ। ਹੋ ਸਕਦਾ ਹੈ, ਇਸਨੂੰ ਵੀ ਆਪਣਾ ਕੰਮ ਮੁੱਕਾਕੇ ਟੁੱਟਣ ਦੀ ਕਾਹਲੀ ਹੋਵੇ। ਕਿਤਨਾ ਕੁ ਚਿਰ ਕੋਈ ਚਲ ਸਕਦਾ ਹੈ। ਝੂਠੀਆਂ ਤਾਰੀਫ਼ਾਂ ਤੇ ਸੱਚੀ ਵਿਦਾਇਗੀ ਦੇ ਵਿਚਾਲੇ ਸਫ਼ਰ ਬਾਰੇ ਸੋਚਾਂ ਤਾਂ ਬੱਚੇ ਵੀ ਪੜ੍ਹ ਗਏ, ਘਰ ਵੀ ਬਣ ਗਿਆ ਤੇ ਸੱਜੀ ਖੱਬੀ ਕਬੀਲਦਾਰੀ ਵੀ ਨਜਿੱਠੀ ਗਈ ਤੇ ਬੀਵੀ ਅਜੇ ਵੀ ਚਿਚੜੀ ਵਾਂਗ ਮੇਰੇ ਨਾਲ ਹੀ ਲਮਕੀ ਫਿਰਦੀ ਹੈ। ਰਿਟਾਇਰਮੈਂਟ ਦੀ ਨਾ ਕੋਈ ਨੂਰੀ ਖੁਸ਼ੀ ਨਾ ਕੋਈ ਝੁਲਸਿਆ ਗਮ, ਬਸ ਫਰੀਜ਼ਡ ਟਰਕੀ ਵਾਂਗ ਮੇਰੇ ਹੱਥ ਵਿੱਚ ਕੁੱਝ ਫੜਿਆ ਹੋਇਆ ਸੀ ਪਰ ਜਿਸਮ ਦੇ ਅੰਦਰ ਦਿਲ ਨਾਮ ਦੇ ਭੁਲੇਖੇ ਨਾਲ ਰੂਹ ਵਾਲਾ ਪਾਸਾ ਇੱਕ ਸਕੂਨ ਨਾਲ ਜਰੂਰ ਰਜਿਆ ਹੋਇਆ ਸੀ। ਰੂਹ ਨੂੰ ਮਤਵਾਲੀ ਪਹਿਚਾਨ ਹੋ ਗਈ ਸੀ। ਦਿਲ ਤਾਂ ਕਬਜਾ ਭਾਲਦਾ ਹੈ ਤੇ ਕਬਜੇ ਕਦੇ ਵੀ ਸ਼ਰੀਫ਼ ਨਹੀਂ ਹੁੰਦੇ।

ਕਿਸੇ ਦੀ ਭਟਕਣ ਦੂਰ ਕਰਨ ਲਈ ਮੇਰੀਆਂ ਕੋਸ਼ਿਸਾਂ, ਕੁੱਝ ਕਰ ਸਕੀਆਂ ਜਾਂ ਨਹੀਂ ਪਰ ਮੇਰੀ ਆਪਣੀ ਖੁਰਚਣ ਨੇ ਮੇਰੀ ਆਪਣੀ ਭਟਕਣ ਤੇ ਬੂਰ ਜਰੂਰ ਲਿਆਂਦਾ ਹੈ। ਉਮਰਾਂ ਦੀਆਂ ਪੌੜੀਆਂ ਚੜਦਿਆਂ ਮੇਰੇ ਆਪਣੇ ਅੰਦਰਲੇ ਮੁੰਡੇ ਦੀਆਂ ਲਗਾਮਾਂ ਨੂੰ ਨਕੇਲ ਜਰੂਰ ਪਈ ਹੈ।

ਮੇਰੀ ਉਮਰ ਉਦੋਂ ਮਸੀਂ ਪੰਤਾਲੀ ਸਾਲ ਸੀ ਤੇ ਮੇਰੇ ਅੰਦਰਲੇ ਮੁੰਡੇ ਦੀ ਉਮਰ ਅਠਾਰਾਂ ਸਾਲ ਜਦੋਂ ਉਹ ਸਾਡੀ ਫੈਕਟਰੀ ਵਿੱਚ ਹਾਇਰ ਹੋਈ। ਇੱਕ ਹਫ਼ਤਾ ਪਹਿਲਾਂ ਕੰਟਰੋਲ ਤੋਂ ਬਾਹਰ ਹੋਏ ਆਰਡਰਾਂ ਨੂੰ ਸੰਭਾਲਣ ਲਈ ਬੋਰਡ ਦੀ ਮੀਟਿੰਗ ਵਿੱਚ ਮੈਨੂੰ ਹਦਾਇਤ ਹੋਈ, ਕੋਈ ਵੀ ਆਵੇ ਹਾਇਰ ਕਰ ਲਵੋ। ਵਰਕਰਾਂ ਨੂੰ ਕਹੋ ਆਪਣੇ ਦੋਸਤਾਂ ਨੂੰ ਦਸਣ। ਅੋਵਰ ਟਾਇਮ ਦੀ ਪਰਵਾਹ ਨਾ ਕਰੋ।

“ਮੇ ਆਈ ਕਮ ਇਨ?”

“ਯੈਸ ਯੈਸ” ਤੇ ਉਹ ਮੇਰੇ ਸਾਹਮਣੇ ਆਕੇ ਬੈਠ ਗਈ। ਮੈਂ ਉਸਨੂੰ ਬੈਠਣ ਲਈ ਨਹੀਂ ਕਿਹਾ ਸੀ ਫਿਰ ਵੀ ਉਹ ਬੈਠ ਗਈ। ਇੱਕ ਯਕੀਨ ਨਾਲ ਬੈਠੀ, ਉਹ ਮੇਰੇ ਹਾਵ ਭਾਵਾਂ ਦਾ ਕੋਈ ਚਿੱਤਰ ਬਨਾਉਣ ਲੱਗ ਪਈ। ਐਸਾ ਮੈਂ ਸੋਚਦਾ ਹਾਂ ਸ਼ਾਇਦ ਉਹ ਐਸਾ ਨਾ ਸੋਚ ਰਹੀ ਹੋਵੇ। ‘ਸੋਚਣ ਵਿੱਚ ਕੀ ਪਰਾਬਲਮ ਹੈ?’ ਇਹੀ ਕਿਹਾ ਸੀ ਕਿਸੇ ਵਕਤ ਹੀਰੀ ਨੇ।

“ਪਰਾਬਲਮ ਤੇ ਕੋਈ ਨਹੀਂ ਪਰ ਸੋਚਣ ਲਈ ਦਿਮਾਗ ਚਾਹੀਦਾ ਹੈ ਤੇ ਦਿਮਾਗ ਕੋਲ ਪਤਾ ਨਹੀਂ ਕੀ ਕੀ ਚਾਹੀਦਾ ਹੈ। ਤੇਰੇ ਕੋਲ ਦਿਮਾਗ ਤਾਂ ਹੈ ਪਰ ਦਿਮਾਗ ਕੋਲ ‘ਕੀ ਕੀ’ ਨਹੀਂ।”

“ਰਹਿਣ ਦਿਉ ਸਰਜੀ ਮੇਰੇ ਕੋਲ ਬਹੁਤ ਕੁੱਝ ਹੈ, ਮੈਨੂੰ ਦਿਮਾਗ ਦੀ ਲੋੜ ਹੀ ਨਹੀਂ।”

ਮੈਂ ਉਸਦੀ ਐਪਲੀਕੇਸ਼ਨ ਆਪਣੇ ਹੱਥ ਵਿੱਚ ਫੜ ਲਈ।

“ਟੂ ਦੀ ਪੰਵਾਂਇੰਟ ਜੁਆਬ ਦੇਣਾ ਹੈ, ਹਾਂ ਜਾਂ ਨਹੀਂ ਵਿਚ, ਸਮਝ ਗਈ?” ਮੈਂ ਅਫਸਰੀ ਦੇ ਆਹਲਾ ਅੰਦਾਜ਼ ਵਿੱਚ ਐਪਲੀਕੇਸ਼ਨ ਤੋਂ ਧਿਆਨ ਚੁੱਕਕੇ ਉਹਦੇ ਵੱਲ ਸਰਸਰੀ ਵੇਖਕੇ ਕਿਹਾ।

ਸਰਸਰੀ ਨਜ਼ਰ ਨਾਲ ਦੇਖਣ ਵਾਲੀ ਕੋਈ ਡੌਲ ਨਹੀਂ ਸੀ ਉਹ। ਕਾਸ਼ ਮੈਂ ਕਾਲੀਆਂ ਐਂਨਕਾਂ ਲਾਈਆਂ ਹੁੰਦੀਆਂ। ਨਜ਼ਰ ਦੀਆਂ ਐਨਕਾਂ ਨਾਲ ਕਿੱਥੇ ਤੁਸੀਂ ਸਾਰਾ ਕੁੱਝ ਦੇਖ ਸਕਦੇ ਹੋ? ਗੋਲ ਮਟੋਲ ਫੁੱਲ, ਤਿੱਖੇ ਤਰਾਸ਼ੇ ਬੂਟੇ, ਉੱਚੇ ਨੀਵੇਂ ਪਹਾੜ, ਪਹਾੜਾਂ ਵਿਚਲੀ ਸਿਲ੍ਹੀ ਸਿਲ੍ਹੀ ਡੰਡੀ, ਰੇਗਿਸਤਾਨ ਵਿੱਚ ਆਏ ਤੂਫਾਂਨ ਤੋਂ ਬਾਦ ਵਾਲੀ ਸ਼ਾਤੀ ਨਾਲ ਸੁਸਤਾਉਂਦੀ ਕੱਕੀ ਕੱਕੀ ਰੇਤ ਕਿਤੋਂ ਉੱਚੀ ਕਿਤੋਂ ਨੀਵੀਂ ਪਰ ਹਰ ਪਾਸਿਉਂ ਮੁਲਾਇਮ ਜਿਸਨੂੰ ਛੋਹਣ ਨੂੰ ਦਿਲ ਕਰਦਾ ਹੈ, ਸਰਦੀ ਰੁੱਤੇ ਪੈਂਦੀ ਸਭਤੋਂ ਪਹਿਲੀ ਸਨੋ ਜੋ ਕਿਤੇ ਖਹਿ ਕੇ ਕਦੇ ਅੜ ਜਾਂਦੀ ਹੈ ਜਾਂ ਅੜਣ ਦਾ ਬਹਾਨਾ ਕਰਦੀ ਹੈ, ਇਹਨਾਂ ਸਭਨੂੰ ਐਨਕਾਂ ਤੋਂ ਬਗੈਰ ਹੀ ਵੇਖਣਾ ਬਣਦਾ ਹੈ ਪਰ ਸੋਹਬਤ ਤੋਂ ਬਿਨ੍ਹਾਂ ਐਨਕਾਂ ਕਿੱਥੇ ਖਹਿੜਾ ਛਡਦੀਆਂ ਹਨ। ਮੈਂ ਪੌਣਾ ਕੁ ਹੀ ਦੇਖ ਸਕਿਆ, ਜਿਨ੍ਹੇ ਦੀ ਇਜਾਜ਼ਤ ਸੀ।

ਐਪਲੀਕੇਸ਼ਨ ਵੇਖਕੇ ਮੇਰਾ ਕੁੱਝ ਮਖੌਲ ਕਰਨ ਨੂੰ ਜੀਅ ਕੀਤਾ ਪਰ ਆਪਣੇ ਜੀਅ ਦਾ ਗਲਾ ਘੁੱਟ ਕੇ ਇਤਨਾ ਹੀ ਪੁੱਛਿਆ। “ਮਿਸਜ਼ ਗਿੱਲ, ਐਜੂਕੇਸ਼ਨ?”

“ਜੀ ਬੀ.ਏ।”

ਜੁਆਬ ਹਾਂ ਜਾਂ ਨਹੀਂ ਵਿੱਚ ਦਿਉ। ਮੈਂ ਡਿਗਰੀਆਂ ਨਹੀਂ ਪੁੱਛੀਆਂ।”

“ਜੀ ਯੈਸ।”

“ਸ਼ਿਫ਼ਟ ਵਰਕ ਕਰੋਗੇ?”

“ਜੀ ਹਾਂ।

“ਕਾਰ ਹੈ?”

“ਜੀ ਨਹੀਂ”

“ਯੂ ਆਰ ਹਾਇਰਡ। ਮਿਸਜ਼ ਹਰੀ ਗਿਲ।” ਮੈਂ ਐਪਲੀਕੇਸ਼ਨ ਤੇ ਨੋਟ ਲਿਖਕੇ ਪਰੇ ਰੱਖ ਦਿੱਤੀ।

“ਮੁਬਾਰਕ।” ਮੇਰੇ ਅੰਦਰਲੇ ਮੁੰਡੇ ਨੇ ਹੱਥ ਮਿਲਾਉਂਣ ਲਈ ਅੱਗੇ ਵਧਾਇਆ। ਹਰੀ ਨੇ ਝਕਦੇ ਝਕਦੇ ਮੇਰੇ ਨਾਲ ਹੱਥ ਮਿਲਾਇਆ। ਉਸ ਦਿਨ ਮੈਂ ਪੰਜ ਮੁੰਡੇ ਤੇ ਚਾਰ ਕੁੜੀਆਂ ਹਾਇਰ ਕੀਤੀਆਂ ਪਰ ਹੱਥ ਮੈਂ ਹੋਰ ਕਿਸੇ ਨਾਲ ਨਹੀਂ ਮਿਲਾਇਆ। ਸਾਰਿਆਂ ਨੂੰ ਸੇਫਟੀ ਸ਼ੂ ਲੈਕੇ ਆਉਣ ਦੀ ਤਾਕੀਦ ਕਰਕੇ ਉਹਨਾਂ ਦੀਆਂ ਸ਼ਿਫਟਾਂ ਅਲਾਟ ਕਰ ਦਿਤੀਆਂ।

ਅਗਲੇ ਦਿਨ ਮੈਂ ਕੰਮ ਤੇ ਪੰਦਰਾਂ ਮਿੰਟ ਪਹਿਲਾਂ ਪਹੁੰਚ ਗਿਆ। ਹਰੀ ਇੱਕ ਦਰਸ਼ਨੀ ਨੌਜਵਾਨ ਨਾਲ ਐਂਟਰੈਸ ਕੋਲ ਖੜੀ ਸੀ। ਇਹ ਫੈਸਲਾ ਕਰਨਾ ਔਖਾ ਸੀ ਕਿ ਦੋਵਾਂ ਵਿਚੋਂ ਜਿਆਦਾ ਸੋਹਣਾ ਕੌਣ ਹੈ। ਮੈਂਨੂੰ ਵੇਖਕੇ ਹੰਸ ਮੇਰੇ ਕੋਲ ਆ ਗਏ।

“ਇਹ ਮੇਰ ਹਸਬੈਂਡ ਹਨ ਪਰਮਿੰਦਰ ਤੇ ਪਰਮਿੰਦਰ ਇਹ ਹਨ ਸਾਡੇ ਫੋਰਮੈਨ ਗੋਪੀ ਜੀ।” ਹਰੀ ਨੇ ਹਲਕਾ ਜਿਹਾ ਮੁਸਕਰਾ ਕੇ ਚੇਹਰੇ ਦੇ ਖੇੜੇ ਨੂੰ ਸਿਵਾਇਆ ਕਰਦਿਆਂ ਕਿਹਾ। ਮੈਂ ਪਰਮਿੰਦਰ ਨਾਲ ਹੱਥ ਮਿਲਾਉਂਦਿਆਂ ਆਪਣੇ ਅੰਦਰਲੇ ਮੁੰਡੇ ਨੂੰ ਛੋਟਾ ਛੋਟਾ ਮਹਿਸੂਸ ਕੀਤਾ। ਮੇਰੀ ਕਰੜ ਬਰੜ ਫਰੈਂਚ ਕੱਟ ਦਾੜੀ ਵਿੱਚ ਮਾਮੂਲੀ ਜਿਹੀ ਖੁਰਕ ਹੋਈ ਜਿਸਨੂੰ ਮੈਂ ਨਜ਼ਰ ਅੰਦਾਜ਼ ਕਰਨਾ ਚਾਹਿਆ। ਬਹੁਤ ਕੋਸ਼ਿਸ਼ ਕਰਨ ਦੇ ਬਾਵਯੂਦ ਵੀ ਮੈਨੂੰ ਲੁਕਵੇਂ ਢੰਗ ਨਾਲ ਥੋੜੀ ਜਿਹੀ ਖੁਰਕ ਕਰਨੀ ਹੀ ਪਈ।

“ਜੀ ਹਰੀ ਦਾ ਖਿਆਲ ਰੱਖਿਉ। ਅਜੇ ਹੁਣੇ ਹੀ ਇੰਡੀਆ ਤੋਂ ਆਈ ਹੈ ਕਿਤੇ ਉਧਰ ਨਾ ਜਾਏ। ਮੈਂ ਤੇ ਕਹਿੰਦਾ ਸੀ ਕੰਮ ਨਾ ਕਰ, ਪੜਾਈ ਕਰ ਲੈ ਪਰ ਇਹਨੂੰ ਕਮਾਈ ਕਰਨ ਦਾ ਚਾਅ ਚੜਿਆ ਹੈ।”

“ਜੀ ਤੁਸੀਂ ਫਿਕਰ ਨਾ ਕਰੋ, ਮੇਰੀ ਛੋਟੀ ਭੈਣ ਵਾਂਗ ਹੈ। ਮੈਂ ਉਦਾਸ ਨਹੀਂ ਹੋਣ ਦਿੰਦਾ।” ਮੈਂ ਕੁਫ਼ਰ ਤੋਲਦਿਆਂ ਪਰਮਿੰਦਰ ਦੀਆਂ ਸਾਰੀਆਂ ਚਿੰਤਾਵਾਂ ਤੋਂ ਉਸਨੂੰ ਮੁਕਤ ਕਰ ਦਿੱਤਾ। ਹਰੀ ਦੀਆਂ ਅੱਖਾਂ ਵਿੱਚ ਵੀ ਨਿਸਚਿੰਤਤਾ ਆ ਗਈ। ਉਸਦੀਆਂ ਭਾਵਨਾਵਾਂ ਨਾਲ ਮੇਰੇ ਵਲ ਤਕਦੀਆਂ ਗੋਲ ਮਟੋਲ ਅੱਖਾਂ, ਮੈਨੂੰ ਹੋਰ ਵੀ ਸੈਕਸੀ ਲੱਗੀਆਂ।

“ਅੱਜ ਤੁਹਾਡੇ ਸਾਰਿਆਂ ਦੇ ਇਨ ਟਾਇਮ ਮੈਂ ਹੱਥ ਨਾਲ ਲਿਖਾਂਗਾ। ਆਊਟ ਟਾਇਮ ਲਈ ਤੁਸੀਂ ਦਿੱਤੇ ਕਾਰਡ ਆਪ ਸਵਾਈਪ ਕਰਨੇ ਹਨ ਤੇ ਕਲ ਤੋਂ ਇਨ ਤੇ ਆਊਟ ਟਾਇਮ ਤੁਸੀਂ ਆਪ ਕਰਨੇ ਹਨ।” ਮੈ ਸਾਰਿਆਂ ਨੂੰ ਸਵਾਈਪ ਕਾਰਡ ਫੜਾਉਂਦਿਆਂ ਕਿਹਾ। ਪਹਿਲੀ ਘੰਟੀ ਤੋਂ ਪਹਿਲਾਂ ਇਨ ਕਾਰਡ ਸਵਾਈਪ ਹੋਣਾ ਚਾਹੀਦਾ ਹੈ। ਸ਼ਿਫਟ ਖਤਮ ਹੋਣ ਵੇਲੇ ਪਹਿਲੀ ਬੈਲ ਹੋਣ ਤੇ ਹੀ ਵਰਕ ਪਲੇਸ ਤੋਂ ਹਿਲਣਾ ਹੈ। ਪਹਿਲੀ ਤੇ ਦੂਸਰੀ ਬੈਲ ਦਾ ਵਿਚਕਾਰਲਾ ਟਾਇਮ ਤੁਹਾਡੀ ਸਾਫ਼ ਸਫਾਈ ਦਾ ਹੈ। ਜਿੰਨਾ ਚਿਰ ਦੂਸਰਾ ਉਪਰੇਟਰ ਆ ਨਾ ਜਾਏ ਮਸ਼ੀਨ ਨੂੰ ਉਪਰੇਟ ਕਰਨਾ ਬੰਦਾ ਨਹੀਂ ਕਰਨਾ। ਖਾਸ ਕਰਕੇ ਕਰਿਸਟਲ ਪਲਾਸਟਕ ਤੇ ਠੰਡਾ ਹੋਣ ਨੂੰ ਵਕਤ ਹੀ ਨਹੀਂ ਲਾਉਂਦਾ। ਬਰੇਕ ਟਾਇਮ ਤੇ ਤੁਹਾਨੂੰ ਰਿਲੀਵਰ ਰਿਲੀਵ ਕਰੇਗਾ। ਬਰੇਕ ਟਾਇਮ ਕੋਈ ਪੱਕਾ ਨਹੀਂ ਹੈ। ਐਂਨੀ ਕੁਅਸਚਨ?” ਮੈਂ ਸਾਰਾ ਕੁੱਝ ਸਮਝਾ ਕੇ ਆਖਰੀ ਗੱਲ ਕਹੀ।

“ਹਾਂ ਤੇ ਕੋਸ਼ਿਸ ਕਰੋ, ਵਾਸ਼ਰੂਮ ਨਾ ਜਾਣਾ ਪਵੇ ਤੇ ਜੇ ਜਰੂਰਤ ਪੈ ਹੀ ਜਾਵੇ ਤਾਂ ਹੈਲਪ ਬਟਨ ਨਪੋ, ਕੋਈ ਨਾ ਕੋਈ ਤੁਹਾਡੀ ਸਹਾਇਤਾ ਲਈ ਆ ਜਾਇਗਾ।”

ਮੈਂ ਕਹਿ ਤੇ ਦਿਤਾ ਪਰ ਹੈਲਪ ਦੇ ਨਾਮ ਤੇ ਮੇਰੇ ਕੋਲ ਸਿਰਫ਼ ਦੋ ਹੀ ਕਾਮੇ ਸਨ। ਇੱਕ ਰੀਟਾ ਤੇ ਇੱਕ ਮਾਰੀਆ। ਮਾਰੀਆ ਤੇ ਭਰੋਸੇਮੰਦ ਸੀ, ਭੰਬੀਰੀ ਵਾਂਗ ਘੁੰਮਦੀ ਰਹਿੰਦੀ। ਬਰੇਕ ਟਾਇਮ ਤੋਂ ਪਹਿਲਾਂ ਹੀ ਪੂਰੀ ਤਿਆਰੀ ਕਰ ਲੈਂਦੀ ਪਰ ਰੀਟਾ ਪਲਾਂਟ ਮੈਨੇਜਰ ਨਾਲ ਕੁੱਝ ਜਿਆਦਾ ਹੀ ਘੁਲੀ ਮਿਲੀ ਸੀ। ਕਹਿਣ ਨੂੰ ਤੇ ਜ਼ਾਹਰਾ ਤੌਰ ਤੇ ਕੁੱਝ ਵੀ ਨਹੀਂ ਸੀ ਪਰ ਲੋਕੀਂ ਮੈਨੇਜਰ ਦੀ ਕਿਰਪਾ ਦ੍ਰਿਸ਼ਟੀ ਨੂੰ ਹੋਰ ਹੀ ਤੰਦ ਨਾਲ ਬੰਨਕੇ ਆਪਣੇ ਸੁਆਦ ਦਾ ਮੱਕੂ ਠੱਪਦੇ ਰਹਿੰਦੇ। ਪਰੋਗਰੈਸ ਚਾਰਟ ਬਨਾਉਣ ਲਈ ਜੇ ਸੱਜੇ ਹੱਥ ਵਿੱਚ ਪੈਂਨ ਹੁੰਦਾ ਤੇ ਖੱਬੇ ਹੱਥ ਵਿੱਚ ਲਿਪਸਟਿਕ ਘੁੱਟੀ ਰਖਦੀ। ਉਸਨੂੰ ਮਸ਼ੀਂਨ ਤੇ ਉਪਰੇਟਰ ਲਾਉਣਾ ਮੇਰੇ ਵੱਸ ਵਿੱਚ ਨਹੀਂ ਸੀ। ਪਤਾ ਨਹੀਂ ਸਵੇਰੇ ਸਵੇਰੇ ਉੱਠਕੇ ਇਤਨਾ ਮੇਕਅੱਪ ਕਿਸਤਰਾਂ ਕਰ ਲੈਂਦੀ? ਸਮਝ ਤੇ ਇਹ ਵੀ ਨਹੀਂ ਆਉਂਦੀ ਕਿ ਇਤਨਾ ਹਸੂੰ ਹਸੂੰ ਕਰਦੀ ਦਾ ਡਾਇਵੋਰਸ ਕਿਸਤਰਾਂ ਹੋ ਗਿਆ। ਆਪਣੇ ਹੋਏ ਤੇ ਬੀਤ ਰਹੇ ਡਾਇਵੋਰਸ ਦਾ ਉਸਨੂੰ ਭੋਰਾ ਵੀ ਅਫਸੋਸ ਨਹੀਂ ਸੀ। ਯਾਰਾਂ ਸਾਲ ਦੇ ਮੁੰਡੇ ਦਾ ਉਸਨੂੰ ਕੋਈ ਖਿਆਲ ਨਹੀਂ ਸੀ। ਪਤਾ ਨਹੀਂ ਚਾਰ ਸਾਲ ਵਿੱਚ ਉਸਦੀਆਂ ਅੱਖਾਂ ਇਤਨੀਆਂ ਛੋਟੀਆਂ ਕਿਵੇਂ ਹੋ ਗਈਆਂ? ਸ਼ਾਇਦ ਦੂਰ ਤੱਕ ਦੇਖਣ ਦੀ ਤਮੰਨਾ ਹੀ ਨਹੀਂ ਸੀ ਰਹੀ ਉਸਦੀ। ਬਰੇਕਾਂ ਦਿੰਦੀ ਇਸਤਰ੍ਹਾਂ ਵਿਹਾਰ ਕਰਦੀ ਜਿਵੇਂ ਉਨ੍ਹਾਂ ਤੇ ਅਹਿਸਾਨ ਕਰ ਰਹੀ ਹੋਵੇ। ਪਰ ਇੱਕ ਫਾਇਦਾ ਵੀ ਸੀ ਉਹਦਾ ਰਿਲੀਵ ਕੀਤਾ ਉਪਰੇਟਰ ਕਦੇ ਵੀ ਲੇਟ ਨਹੀਂ ਸੀ ਹੋ ਸਕਦਾ।

ਉਸ ਦਿਨ ਮੱਖਣ ਸਿੰਘ ਮਟੀਰਿਅਲ ਹੈਂਡਲਰ ਛੁਟੀ ਤੇ ਸੀ। ਫਰੈਂਕ ਮਕੈਨਿਕ ਮੱਖਣ ਸਿੰਘ ਦੀ ਜੌਬ ਕਰਨ ਲੱਗ ਪਿਆ ਤੇ ਮੈ ਫਰੈਂਕ ਦੀ ਜਗ੍ਹਾ ਮੋਲਡ ਚੇਂਜ ਕਰਨ ਵਿੱਚ ਰੁੱਝ ਗਿਆ। ਮਸ਼ੀਂਨ ਨੰਬਰ ਸੱਤ ਦਾ ਮੋਲਡ ਚੇਂਜ ਕਰਕੇ ਮੈਂ ਮਸ਼ੀਨ ਚਾਲੂ ਕਰ ਦਿੱਤੀ। ਸਤ ਸੌ ਪੀਸ ਪੂਰੇ ਕਰਨ ਤੋਂ ਬਾਦ ਮਸ਼ੀਨ ਨੰਬਰ ਪੰਜ ਦਾ ਮੋਲਡ ਵੀ ਚੇਂਜ ਕਰਨਾ ਸੀ ਜਿੱਥੇ ਹਰੀ ਕੰਮ ਕਰ ਰਹੀ ਸੀ। ਸਤ ਸੌ ਪੀਸ ਬਨਣ ਨੂੰ ਅਜੇ ਦੋ ਘੰਟੇ ਲਗਣੇ ਸਨ।

ਮੋਲਡ ਚੇਂਜ ਕਰਨ ਲਗਿਆਂ ਮੈਂ ਹਰੀ ਨੂੰ ਕਿਹਾ, “ਹੀਰੀ, ਆ ਜ਼ਰਾ ਲੌਂਗ ਨੋਜ਼ ਪਲਾਇਰ ਫੜਾਈਂ। ਇੱਕ ਫੀਮੇਲ ਪੀਸ ਮੋਲਡ ਵਿੱਚ ਫਸਿਆ ਪਿਆ ਹੈ। ਮੇਲ ਪੀਸ ਕਦੇ ਵੀ ਮੋਲਡ ਵਿੱਚ ਨਹੀਂ ਫਸਦੇ।” ਮੇਰੀ ਗੁੱਟਰਗੂੰ ਨੂੰ ਸੁਣਕੇ ਹਰੀ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਪਲਾਇਰ ਫੜਾ ਦਿੱਤਾ। ਮੈਨੂੰ ਪਤਾ ਸੀ ਹਰੀ ਨੂੰ ਹੀਰੀ ਦਾ ਨਾਮ ਦੇਣਾ ਕਿਸੇ ਮੈਸਜ਼ ਦਾ ਸੰਕੇਤ ਹੈ ਪਰ ਇਹ ਮੈਂ ਜਾਣ ਬੁੱਝ ਕੇ ਨਹੀਂ ਕਿਹਾ ਸੀ। ਪਤਾ ਨਹੀਂ ਕਿਸਤਰ੍ਹਾਂ ਕਹਿ ਹੋ ਗਿਆ। ਪਰ ਹਰੀ ਅਜੇ ਸ਼ਸ਼ੋਪੰਜ ਵਿੱਚ ਹੀ ਸੀ। ਉਹ ਕੀ ਸੋਚਦੀ ਸੀ ਜਾਂ ਸੋਚਦੀ ਵੀ ਸੀ ਜਾਂ ਨਹੀਂ। ਮੈਂ ਇਹ ਸੋਚਦਿਆਂ ਮੋਲਡ ਦੇ ਨੱਟ ਖੋਲ ਰਿਹਾ ਸੀ।

ਆਖਰੀ ਨਟ ਖੋਲਣ ਲਗਿਆਂ ਮੈਂ ਹੀਰੀ ਵਲ ਵੇਖਿਆ। ਹਰੀ ਮੇਰੇ ਵਲ ਵੇਖ ਰਹੀ ਸੀ। ਮੈਂ ਆਪਣੇ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲਾਹ ਲਈਆਂ। ਸ਼ਾਇਦ ਇਹ ਸੋਚਕੇ ਕਿ ਮੇਰੀਆਂ ਨੰਗੀਆਂ ਅੱਖਾਂ ਦੇ ਸੱਚ ਦੀ ਇੱਕ ਝਲਕ ਹਰੀ ਵੀ ਵੇਖ ਲਵੇ ਤੇ ਜੰਮੀ ਹੋਈ ਬਰਫ਼ ਦਾ ਇੱਕ ਤੁਪਕਾ ਅਛੋਪਲੇ ਜਿਹੇ ਉਸ ਫ਼ਰਸ਼ ਤੇ ਡਿਗ ਪਵੇ ਜਿਸ ਤੇ ਕੁੱਝ ਹੀ ਦੂਰੀ ਤੇ ਹੀਰੀ ਆਪਣੇ ਪੈਰਾਂ ਉੱਤੇ ਖਲੋਤੀ ਹੋਈ ਸੀ। ਹਰੀ ਦੇ ਪੈਰ ਭਾਰੇ ਸੇਫ਼ਟੀ ਸ਼ੂ ਵਿੱਚ ਕੈਦ ਸਨ। ਉਹ ਸ਼ੂ ਜੋ ਉਸਨੂੰ ਉਸਦੇ ਪਤੀ ਪਰਮੇਸ਼ਰ ਨੇ ਖਰੀਦਕੇ ਦਿੱਤੇ ਹੋਏ ਸਨ। ਸੇਫਟੀ ਸ਼ੂਜ਼ ਨੇ ਹਰੀ ਦਾ ਸਾਰਾ ਸਮਾਨ ਚੁੱਕਿਆ ਹੋਇਆ ਸੀ। ਉਸਦਾ ਸਾਰਾ ਸਮਾਨ ਸਲੀਕੇ ਨਾਲ ਸਜਿਆ ਹੋਇਆ ਸੀ। ਸਜਾਵਟ ਵਿੱਚ ਕੋਈ ਬਨਾਵਟ ਨਹੀਂ ਸੀ। ਹਰ ਚੀਜ਼ ਆਪਣੀ ਪੂਰੀ ਠੁੱਕ ਨਾਲ ਥਾਂ ਟਿਕਾਣੇ ਸੀ। ਠਾਠਾਂ ਮਾਰਦੇ ਜ਼ੋਬਨ ਦੇ ਸ਼ੋਰ ਵਿੱਚ ਜੇ ਕੋਈ ਗਇਬ ਵਸਤੂ ਸੀ ਤਾਂ ਉਹ ਸਨ ਉਸਦੇ ਨਿੱਕੇ ਨਿੱਕੇ ਸੁਪਨੇ। ਸੋਨੇ ਚਾਂਦੀ ਦੀ ਕੋਈ ਵੀ ਚੀਜ਼ ਉਸਦੇ ਹੱਥਾਂ ਕੰਨਾਂ ਵਿੱਚ ਨਹੀਂ ਸੀ। ਉਸਦੀਆਂ ਅੱਖਾਂ ਦੀ ਸੁਲਝਣ ਕਿਸੇ ਤਲਾਸ਼ ਵਿੱਚ ਦਿਸਦੀ ਸੀ। ਇੰਝ ਲਗਦਾ ਸੀ ਕਿ ਉਹ ਆਪਣੀ ਰੂਹ ਦੀ ਖੁਸ਼ਬੋ ਨੂੰ ਢੂੰਡਦੀ, ਆਪਣੇ ਹੀ ਸਿਰਜੇ ਸੰਸਾਰ ਦਾ ਨਿੱਘ ਮਾਨਣ ਤੋਂ ਵਾਂਝੀ ਇੱਕ ਪਲਾਸਟਿਕ ਡੌਲ ਵਾਂਗ ਤੁਰੀ ਫਿਰਦੀ ਹੈ।

ਹੋ ਸਕਦਾ ਹੈ ਇਹ ਮੇਰਾ ਵਹਿਮ ਹੀ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਹੀ ਇਹ ਚਾਹੁੰਦਾ ਹੋਵਾਂ ਕਿ ਐਸਾ ਹੀ ਹੋਵੇ। ਇਹ ਨਿੱਘ ਤਾਂ ਬਚਪਨ ਹੁੰਢਾਉਂਦਾ ਹੈ। ਇਹ ਨਿੱਘ ਤਾਂ ਹੌਲੀ ਹੌਲੀ ਗਰਮਾਉਂਦਾ ਹੈ। ਇਹ ਨਿਘ ਤਾਂ ਕੁੱਝ ਤਲਾਸ਼ਦਾ ਹੈ। ਇਸ ਤਲਾਸ਼ ਦੇ ਸਰੋਕਾਰ ਹੀ ਹਰੀ ਨੂੰ ਹੀਰੀ ਬਣਾਉਂਦੇ ਹਨ। ਮੇਰੀਆਂ ਬਾਰ ਬਾਰ ਤਿਲਕਦੀਆਂ ਅੱਖਾਂ ਨੇ ਹੀਰੀ ਦੀ ਵਿਹੂਣੀ ਨਜ਼ਰ ਪੜ੍ਹਨ ਦੀ ਕੋਸ਼ਿਸ਼ ਕੀਤੀ। ਮੈਂ ਧੋਖਾ ਖਾ ਗਿਆ, ਸਾਰਾ ਕੁੱਝ ਭਾਰ ਰਹਿਤ ਨਹੀਂ ਹੁੰਦਾ ਤੇ ਮੈਂਨੂੰ ਪਤਾ ਹੀ ਨਹੀਂ ਲੱਗਾ ਕਦੋਂ ਦੋ ਸੌ ਕਿਲੋ ਦਾ ਮੋਲਡ ਆਪਣੀਆਂ ਰੋਕਾਂ ਟੋਕਾਂ ਤੋਂ ਖਿਸਕਕੇ ਮੇਰੇ ਪੈਰਾਂ ਤੇ ਡਿਗ ਪਿਆ। ਇੱਕ ਜੋਰਦਾਰ ਅਵਾਜ਼ ਨਾਲ ਮੇਰੀ ਚੀਕ ਵੀ ਰਲ ਗਈ। ਸੇਫ਼ਟੀ ਸ਼ੂ ਮਿਧਦਾ ਹੋਇਆ ਭਾਰਾ ਮੋਲਡ ਮੇਰੇ ਪੈਰ ਦੀਆਂ ਦੋ ਉਂਗਲਾਂ ਨੂੰ ਵੀ ਮਿਧ ਗਿਆ।

ਮੇਰੇ ਕੰਨਾਂ ਨੇ ਹਰੀ ਦੀ ਚੀਕ ਸੁਣੀ। ਇਹ ਚੀਕ ਕੋਈ ਓਪਰੀ ਨਹੀਂ ਸੀ, ਆਪਣੀ ਸੀ। ਉਸਦੀਆਂ ਮੋਟੀਆਂ ਗੋਲ ਮਟੋਲ ਅੱਖਾਂ ਵਿੱਚ ਇੱਕਦਮ ਤੈਰੇ ਅਥਰੂ ਵੇਖਕੇ ਮੇਰੇ ਅੰਦਰ ਇੱਕ ਭੰਨਤੋੜ ਹੋਈ। ਇਸ ਭੰਨਤੋੜ ਨੂੰ ਮੈਂ ਅਹਿਸਾਸ ਦਾ ਨਾਮ ਨਹੀਂ ਦੇ ਸਕਦਾ। ਤਰੇਲੀਉ ਤਰੇਲੀ ਹੋਇਆ ਪੀਲਾ ਭੂਕ ਚੇਹਰਾ, ਇੱਕਲੀ ਪੀੜ ਨਾਲ ਹੀ ਭਰਿਆ ਹੋਇਆ ਨਹੀਂ ਸੀ। ਖੂਨ ਨਾਲ ਲੱਥਪੱਥ ਮੇਰੇ ਬੂਟਾਂ ਦੇ ਤਸਮੇਂ ਹਰੀ ਖ੍ਹੋਲ ਰਹੀ ਸੀ। ਇੱਕ ਨਿੱਘ, ਨਿਰਵਿਘਨ ਮੇਰੀ ਰੂਹ ਨੂੰ ਛੋਹ ਰਿਹਾ ਸੀ। ਰੂਹ ਦੀ ਹੂਕ ਨੂੰ ਜਲਦੀ ਜਲਦੀ ਕੋਈ ਨਾਮ ਦਿੱਤਾ ਵੀ ਨਹੀਂ ਜਾ ਸਕਦਾ। ਇਹ ਤਾਂ ਇਨਸਾਨੀਅਤ ਦੀ ਇੱਕ ਗਲਵਕੜੀ ਸੀ। ਜਿਸ ਦਾ ਮੇਰੇ ਅੰਦਰਲੇ ਮੁੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਹਰੀ ਨੇ ਭਜਕੇ ਪਾਣੀ ਦਾ ਗਲਾਸ ਲਿਆਂਦਾ। ਮੈਨਜਮੈਂਟ ਦੀ ਭੀੜ ਨੂੰ ਧੁਸ ਨਾਲ ਚੀਰਦੀ ਹਰੀ, ਇਸ ਕਾਇਨਾਤ ਦੀ ਮਾਲਕ ਲੱਗ ਰਹੀ ਸੀ।

ਫੈਕਟਰੀ ਤੇ ਇਸਦੇ ਸਿਸਟਮ ਨੂੰ ਨਿਗੂਣਾ ਸਮਝਦੇ ਹੋਏ ਉਸਨੇ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਗਾਇਆ। ਮੈਂ ਕਦੇ ਕਦੇ ਆਪਣੀ ਇੱਕਲਤਾ ਨਾਲ ਗੱਲਾਂ ਕਰਦਿਆਂ ਸੋਚਿਆ ਕਰਦਾ ਸੀ ਕਿ ਇਨਸਾਨ ਸਾਰੀ ਜ਼ਿੰਦਗੀ ਵਿਚਰਦਾ ਮਾਂ-ਬਾਪ, ਭੈਣ-ਭਰਾ, ਪਰਿਵਾਰ ਸਮਾਜ ਨਾਲ ਰਹਿੰਦਿਆਂ ਇੱਕ ਵੀ ਇਨਸਾਨ ਦੀ ਕਮਾਈ ਨਹੀਂ ਕਰਦਾ ਜਿਸ ਨਾਲ ਉਹ ਸਾਰੇ ਦੁਖ ਸੁਖ ਸਾਂਝੇ ਕਰ ਸਕੇ। ਅਪਣੇ ਸਾਰੇ ਪਾਪ-ਪੁੰਨ ਸਾਂਝੇ ਕਰ ਸਕੇ। ਕਿਸੇ ਨਾਲ ਕਿਸੇ ਗੱਲ ਦਾ ਲਕੋ ਤੇ ਕਿਸੇ ਨਾਲ ਕਿਸੇ ਹੋਰ ਗੱਲ ਦਾ ਲਕੋ। ਸ਼ਰਮਸ਼ਾਰ ਕਰਨ ਵਾਲੀਆਂ ਗੱਲਾਂ ਨੂੰ ਸਾਂਝਾ ਕਰਨ ਲਈ ਵੀ ਕੋਈ ਚਾਹੀਦਾ ਹੈ। ਕੋਈ ਮਿਲਣਾ ਚਾਹੀਦਾ ਹੈ। ਪਰ ਲਾਟਰੀ ਨਿਕਲਣ ਦਾ ਚਾਂਸ ਹੈ ਪਰ ਐਸਾ ਸੁਖਰਾਬ ਮਿਲਣ ਦਾ ਕੋਈ ਚਾਂਸ ਨਹੀਂ। ਸਾਰੀ ਜ਼ਿੰਦਗੀ ਵਿੱਚ ਐਸਾ ਨਿਰਛੱਲ ਇਨਸਾਨ ਤਾਂ ਉਹ ਹੀ ਹੋ ਸਕਦਾ ਹੈ ਜਿਸ ਨਾਲ ਤੁਹਾਡਾ ਕੋਈ ਨਾਤਾ ਨਾ ਹੋਵੇ, ਤੁਹਾਨੂੰ ਛੱਲਣ ਨਾਲ ਉਸਦਾ ਕੋਈ ਵੀ ਫਾਇਦਾ ਜੁੜਿਆ ਹੋਇਆ ਨਾ ਹੋਵੇ। ਇਹ ਵੀ ਤੇ ਇੱਕ ਸਤ-ਸੁਪਨਾ ਹੈ, ਤੇਰੇ ਦੁਧ ਦੇ ਗਲਾਸ ਵਿੱਚ ਮਖਣਾਂ ਮੈਂ ਰਲ ਜਾਵਾਂ ਖੰਡ ਬਣਕੇ। ਨਾਤੇ ਤਾਂ ਪਰਦਾ ਭਾਲਦੇ ਹਨ। ਉਹ ਤੁਹਾਡੀ ਮਾਂ ਨਾ ਹੋਵੇ ਪਤਨੀ ਤਾਂ ਬਿਲਕੁਲ ਨਾ ਹੋਵੇ ਇਥੋਂ ਤੱਕ ਕਿ ਤੁਹਾਡਾ ਦੋਸਤ ਵੀ ਨਾ ਹੋਵੇ। ਕਨਫ਼ੈਸ਼ਨ ਨੂੰ ਸਮਝਣ ਵਾਲਾ ਕੋਈ ਸਿਆਣਾ ਵੀ ਨਾ ਹੋਵੇ। ਇਥੋਂ ਤੱਕ ਕਿ ਬੰਦੇ ਦਾ ਬਣਾਇਆ ਰੱਬ ਵੀ ਨਾ ਹੋਵੇ। ਰੱਬ ਤਾਂ ਤੁਹਾਡੀ ਕਹੀ ਹੋਈ ਗੱਲ ਨੂੰ ਕਨਫ਼ੈਸ਼ਨ ਸਮਝਕੇ, ਕੋਈ ਰੂਪ ਦੇ ਦੇਵੇਗਾ। ਇੱਕੋ ਹੀ ਸਦਾਚਾਰੀ ਖਿੜਕੀ ਖੋਲੇਗਾ। ਆਪਣੇ ਪ੍ਰਛਾਂਵੇਂ ਵਿੱਚ ਲੈਕੇ ਤੁਹਾਡੀ ਧੁੱਪ ਖੋਹ ਲਵੇਗਾ। ਬੰਦੇ ਦਾ ਸਿਰਜਿਆ ਕੰਮਪਿਊਟਰੀ-ਰੱਬ, ਸੱਚ ਕਦੋਂ ਬੋਲਦਾ ਹੈ? ਰੱਬ ਤਾਂ ਇਨਸਾਨ ਦੇ ਪਿੱਛੇ ਹੀ ਪਿਆ ਰਹਿੰਦਾ ਹੈ। ਉਹ ਕਦੋਂ ਖੁਸ਼ਬੋਆਂ ਦੀ ਗੱਲ ਕਰਨ ਦਿੰਦਾ ਹੈ? ਪਰ ਰਬ ਵੀ ਕੀ ਕਰੇ, ਸਵੀਕਾਰੇ ਰਬ ਵਿੱਚ ਅਸੀਂ ਖੁਸ਼ਬੋ ਬੀਜਦੇ ਹੀ ਕਦੋਂ ਹਾਂ?

ਐਮਬੂਲੈਂਸ ਵਿੱਚ ਸਟਰੇਚਰ ਤੇ ਸੁਆਰ ਹੁੰਦਿਆਂ ਅਥਾਹ ਪੀੜ ਨੂੰ ਸਹਾਰਦਿਆਂ, ਹੀਰੀ ਦੀਆਂ ਅੱਖਾਂ ਵਿਚਲੀ ਨਮੀਂ ਨੇ ਇੱਕ ਵਖਰੇ ਅੰਦਾਜ਼ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ।

ਦੋ ਮਹੀਨੇ ਦੀਆਂ ਛੁਟੀਆਂ, ਬਸ ਮੌਜਾਂ ਹੀ ਮੌਜਾਂ। ਕੋਈ ਫ਼ਿਕਰ ਨਹੀਂ, ਕੋਈ ਪਰੋਡਕਸ਼ਨ, ਕੋਈ ਪਰੋਗਰੈਸ ਚਾਰਟ, ਕੋਈ ਸਵੇਰੇ ਉੱਠਣ ਦੀ ਕਾਹਲ ਨਹੀਂ ਬਸ ਥੋੜਾ ਜਿਹਾ ਲੰਗੜਾਉਣਾ ਤੇ ਔਖੇ ਜਿਹੇ ਹੋਕੇ ਬੈਠਣਾ ਤੇ ਲੇਟਣਾ। ਇਹ ਤੇ ਕੁੱਝ ਵੀ ਨਹੀਂ ਸੀ। ਬਸ ਥੋੜੀ ਜਿਹੀ ਤਕਲੀਫ਼ ਟਾਇਲਟ ਤੇ ਬੈਠਣ ਲਗਿਆਂ ਜ਼ਿਆਦਾ ਹੁੰਦੀ ਸੀ, ਫ਼ਿਰ ਵੀ ਮੈਂ ਖੁਸ਼ ਸੀ। ਫੈਕਟਰੀ ਵਾਲਿਆਂ ਇਹਨਾਂ ਦੋ ਮਹੀਨਿਆਂ ਵਿੱਚ ਮੇਰੀ ਜਗ੍ਹਾ ਰੀਟਾ ਨੂੰ ਦੇ ਦਿਤੀ। ਰੀਟਾ ਦੇ ਮੇਕਅੱਪ ਦਾ ਖਰਚਾ ਵਧ ਗਿਆ ਤੇ ਵਰਕਰ ਡਾਹਢੇ ਔਖੇ ਹੋ ਗਏ।

ਇੱਕ ਦਿਨ ਡੋਰ-ਬੈਲ ਹੋਈ। ਮੈਂ ਲੱਤਾਂ ਘੜੀਸ ਕੇ ਆਪਣੀਆਂ ਫੌੜੀਆਂ ਚੁੱਕੀਆਂ ਤੇ ਦਰਵਾਜ਼ਾ ਖੋਲਿਆ। ਹਰੀ ਤੇ ਪਰਮਿੰਦਰ ਬਾਹਰ ਖੜੇ ਸਨ।

“ਸਤਿ ਸ੍ਰੀ ਅਕਾਲ ਭਾਜ਼ੀ।” ਹਰੀ ਨੇ ਕਿਹਾ, ਤੇ ਪਰਮਿੰਦਰ ਨੇ ਮੇਰੇ ਨਾਲ ਹੱਥ ਮਿਲਾਇਆ। ਇਧਰ ਉਧਰ ਦੀਆਂ ਗੱਲਾਂ ਮਾਰਕੇ, ਹੀਰੀ ਰਸੋਈ ਵਿੱਚ ਚਾਹ ਬਨਾਉਣ ਚਲੇ ਗਈ। ਚਾਹ ਪੀਦਿੰਆਂ ਅਸੀਂ ਤਿੰਨਾ ਨੇ ਰੱਜ ਕੇ ਚੁਗਲੀ ਨਿੰਦਾ ਕੀਤੀ। ਖਾਸ ਤੌਰ ਤੇ ਰੀਟਾ ਦੀ ਤੇ ਤਹਿ ਹੀ ਲਾ ਦਿੱਤੀ। ਪਰਮਿੰਦਰ ਅੱਜਕਲ ਦੋ ਜੌਬਾਂ ਕਰ ਰਿਹਾ ਸੀ। ਸੱਤੇ ਦਿਨ ਕੰਮ ਕਰਦੇ ਪਰਮਿੰਦਰ ਦੇ ਆਪਣੇ ਮਨਸੂਬੇ ਸਨ ਤੇ ਇਨ੍ਹਾਂ ਮਨਸੂਬਿਆਂ ਵਿਚੋਂ ਹਰੀ ਗਾਇਬ ਸੀ। ਹਰੀ ਦੀਆਂ ਕੀਤੀਆਂ ਗੱਲਾਂ ਵਿੱਚ ਊਣਪੁਣੇ ਦੀ ਭਰਪੂਰਤਾ ਸੀ। ਮੈਨੂੰ ਮਹਿਸੂਸ ਹੋਇਆ ਜੋ ਮੈਂ ਸੋਚਦਾ ਸੀ ਉਹ ਮੇਰੇ ਚੇਤਿਆਂ ਦੀ ਨਿਰੀਪੂਰੀ ਗੱਪ ਨਹੀਂ ਸੀ ਉਹ ਕੋਈ ਮੇਰਾ ਨਿੱਜ ਵੀ ਨਹੀਂ ਸੀ। ਇਹ ਇੱਕ ਹੋਰ ਹੋਣੀ ਦੇ ਮੁਸਾਫਰ ਸਨ। ਹਰੀ, ਪਰਮਿੰਦਰ ਦੇ ਸੋਚੇ ਜਾ ਰਹੇ ਪੈਸੇ ਨਾਲ ਭੁਰਨ ਵਾਲੀ ਸ਼ੈਅ ਨਹੀਂ ਸੀ। ਉਹ ਇੱਕ ਦੂਜੇ ਦਾ ਹੁੰਗਾਰਾ ਭਰਦੇ ਹਸਦੇ ਵੀ ਸਨ। ਇੱਕ ਦੂਜੇ ਨਾਲ ਭਿੱਜੇ ਹੋਏ ਵੀ ਸਨ ਬਿਲਕੁਲ ਉਸਤਰਾਂ ਜਿਵੇਂ ਮਹਿੰਗੇ ਸੂਟ ਨਾਲ ਮਹਿੰਗੀ ਟਾਈ ਲਾਈ ਹੋਵੇ ਪਰ ਉਹ ਸੂਟ ਨਾਲ ਮੈਚ ਨਾ ਕਰਦੀ ਹੋਵੇ ਜਾਂ ਕਰਦੀ ਵੀ ਹੋਵੇ ਤਾਂ ਉਹ ਮੈਚ ਕਰਦੀ ਲੱਗੇ ਨਾ। ਹਲਵਾਈ ਦੇ ਦੁੱਧ ਦੇ ਕੜਾਹੇ ਵਾਂਗ। ਮੋਟੀ ਮਲਾਈ ਵੱਖਰੀ ਤੇ ਪਤਲਾ ਦੁੱਧ ਵਖਰਾ। ਬੜੀ ਹੀ ਸੌਖੀ ਤਰ੍ਹਾਂ ਬਿਨ੍ਹਾਂ ਦੁੱਧ ਨੂੰ ਤਕਲੀਫ਼ ਦਿਤਿਆਂ ਜਦੋਂ ਮਰਜ਼ੀ ਮਲਾਈ ਲਾ ਲਵੋ। ਮੈਂ ਵੀ ਉਨ੍ਹਾਂ ਦੇ ਮਹਿੰਗੇ ਕਪੜਿਆਂ ਤੋਂ ਪ੍ਰਭਾਵਿਤ ਨਹੀਂ ਸੀ, ਹਾਂ ਮਲਾਈ ਦੀ ਹੋਰ ਗੱਲ ਹੈ। ਗੋਲਗੱਪੇ ਵਿੱਚ ਪਾਈ ਕਾਂਜੀ ਜੇ ਗੋਲਗਪੇ ਨੂੰ ਤੋੜ ਵੀ ਦੇਵੇ ਤਾਂ ਵੀ ਉਸਦਾ ਸੁਆਦ ਨਹੀਂ ਗੁਆਚਦਾ ਪਰ ਇੱਥੇ ਤਾਂ ਕਾਂਜੀ ਵਧੀਆਂ ਬੋਤਲਾਂ ਵਿੱਚ ਪਾਈ ਹੋਈ ਸੀ। ਇਹ ਗੱਲਾਂ ਉਦੋਂ ਤੇ ਮੈਂਨੂੰ ਐਵੇਂ ਕੈਵੇਂ ਹੀ ਲਗੀਆਂ ਐਵੇਂ ਆਪਣੇ ਹੀ ਖਿਆਲਾਂ ਦਾ ਫਤੂਰ ਪਰ ਵਕਤ ਬੀਤਣ ਨਾਲ ਇਹ ਗੱਲ ਨਿਤਰ ਗਈ ਕਿ ਮੇਰੇ ਖਿਆਲਾਂ ਵਿੱਚ ਐਵੇਂ ਹੀ ਫਿਰੀ ਤਾਰ ਜਿਹੀ ਗਲਤ ਨਹੀਂ ਸੀ। ਪਰਮਿੰਦਰ ਹੱਦ ਦਰਜੇ ਦਾ ਵਸਤੂਵਾਦੀ ਸੀ।

ਘੰਟਾ ਕੁ ਬੈਠਕੇ ਉਹ ਮੇਰਾ ਫੋਨ ਨੰਬਰ ਲੈਕੇ ਚਲੇ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਸੋਫੇ ਦੀ ਗੱਦੀ ਦੇ ਥੱਲੇ ਪਈ ਮਧੋਲੀ, ਅੱਧਪੜੀ ਅਖਬਾਰੀ ਅਪਰਾਧ ਕਥਾ ਨੂੰ ਦੁਬਾਰਾ ਪੜਣ ਲੱਗ ਪਿਆ। ਸੁਨੀਤਾ ਆਪਣੇ ਨਿਆਣਿਆਂ ਨੂੰ ਛੱਡਕੇ ਆਪਣੇ ਪ੍ਰੇਮੀ ਨਾਲ ਦੌੜ ਚੁੱਕੀ ਸੀ। ਅੱਧੇ ਕੁ ਸਫ਼ੇ ਬਾਅਦ ਹੀ ਉਹ ਦੁਖੀ ਹੋਕੇ ਨਿਆਣੇ ਯਾਦ ਕਰਨ ਲੱਗ ਪਈ। ਅੰਤ ਵਿੱਚ ਉਹੋ ਕੁੱਝ ਹੋਇਆ ਜੋ ਮੈਂ ਸੋਚਿਆ ਸੀ। ਅਖਬਾਰ ਪਰ੍ਹੇ ਰੱਖਕੇ ਮੈਂ ਸੋਚਣਾ ਸ਼ੁਰੂ ਕੀਤਾ ਕਿ ਮੈਂ ਐਸਾ ਕਿਉਂ ਸੋਚਿਆ ਸੀ ਜੋ ਕਹਾਣੀ ਦੇ ਅੰਤ ਵਿੱਚ ਹੋਇਆ ਹੈ। ਇਸ ਅੰਤ ਤੋਂ ਸੁਨੀਤਾ ਕਿਵੇਂ ਬਚ ਸਕਦੀ ਸੀ। ਸੁਨੀਤਾ ਹੀ ਕਿਉਂ ਮੈਂ ਇਸ ਅੰਤ ਤੋਂ ਵਖਰਾ ਕਿਉਂ ਕੁੱਝ ਹੋਰ ਤਸਵਰ ਨਹੀਂ ਕਰ ਸਕਦਾ ਸੀ? ਇਸ ਵਖਰੇ ਸੋਚਣ ਦੇ ਢੰਗ ਬਾਰੇ ਸੋਚਦਿਆਂ, ਇਹ ਹਰੀ ਦਾ ਚੇਹਰਾ ਕਿਉਂ ਧੁੰਧਲਾ ਧੁੰਦਲਾ ਮੇਰੇ ਜ਼ਹਿਨ ਵਿੱਚ ਚੱਕਰ ਕੱਟ ਰਿਹਾ ਹੈ?

ਅਗਲੇ ਦਿਨ ਲੰਘੇ ਵਾਹ ਢਿਝਕੂੰ ਢਿਝਕੂੰ ਕਰਦਿਆਂ, ਮੈਂ ਚਾਹ ਬਣਾਕੇ ਹਟਿਆ ਹੀ ਸੀ ਜਦੋਂ ਫੋਨ ਦੀ ਘੰਟੀ ਵੱਜੀ।

ਫੋਨ ਤੇ ਹਰੀ ਸੀ, “ਗੋਪੀ ਭਾਜ਼ੀ ਕੀ ਹਾਲ ਹੈ ਤੁਹਾਡਾ?” ਮੇਰੇ ਤੋਂ ਵੀਹ ਸਾਲ ਛੋਟੀ ਹਰੀ, ਮੈਨੂੰ ਆਪਣੇ ਹਾਣ ਦੀ ਜਾਪੀ।

“ਬਸ ਠੀਕ ਹੈ, ਤੇਰੇ ਫੋਨ ਆਏ ਤੋਂ ਇਹੋ ਸੋਚਦਾ ਹਾਂ ਕਿ ਕਾਸ਼ ਦਸ ਸਾਲ ਬਾਅਦ ਜੰਮਿਆ ਹੁੰਦਾ।”

“ਨਾ ਭਲਾ ਇਹ ਕੀ ਗੱਲ ਹੋਈ।” ਹਰੀ ਦਾ ਹਾਸਾ ਛਣਕਿਆ।

“ਜਾਂ ਫਿਰ ਤੂੰ ਦਸ ਸਾਲ ਪਹਿਲਾਂ ਜੰਮੀ ਹੁੰਦੀ।” ਮੈਂ ਪੂਰੇ ਵਿਸ਼ਵਾਸ਼ ਨਾਲ ਕਿਹਾ।

“ਕਿਉਂ ਇਸਤਰ੍ਹਾਂ ਕਿਉਂ ਹੁੰਦਾ?”

“ਫੇਰ ਤੈਨੂੰ ਭਾਜ਼ੀ ਨਾ ਕਹਿਣਾ ਪੈਂਦਾ।” ਉਹ ਬੋਲੀ ਤੇ ਕੁੱਝ ਨਹੀਂ ਪਰ ਹਸਣ ਲੱਗ ਪਈ। ਉਸਦੇ ਹਾਸੇ ਨੇ ਕੋਈ ਸੁਆਲ ਖੜਾ ਕਰ ਦਿੱਤਾ। ਉਸਦੇ ਹੱਸੇ ਸੁਆਲ ਦਾ, ਮੇਰੇ ਕੋਲ ਕੋਈ ਘੜਿਆ ਘੜਾਇਆ ਜੁਆਬ ਨਹੀਂ ਸੀ ਪਰ ਇੱਕ ਗੱਲ ਪੱਕੀ ਹੈ ਕਿ ਮੈਂ ਪਜ਼ੈਸਿਵਨੈਸ ਮਹਿਸੂਸਿਆ ਨਹੀਂ। ਇੱਕ ਤਲਾਸ਼ ਦੀ ਡਗਰ ਤੇ ਪਹਿਲਾ ਕਦਮ ਧਰਿਆ ਲਗਿਆ।

“ਭਾਜ਼ੀ ਸ਼ਬਦ ਵਿੱਚ ਇੱਕ ਵਲਗਣ ਹੈ। ਇੱਕ ਲਿਮਟ, ਬੱਸ ਇੱਕ ਹੱਦ ਤੱਕ ਤੇ ਉਸਤੋਂ ਬਾਅਦ ਤੁਹਾਡਾ ਧਰਮ ਖਤਰੇ ਵਿਚ। ਕੀ ਤੂੰ ਨਹੀਂ ਚਾਹੁੰਦੀ ਇਸ ਲਿਮਟ ਨੂੰ ਅਨਲਿਮਟਿਡ ਕਰ ਦਿੱਤਾ ਜਾਵੇ ਜਾਂ ਤੈਨੂੰ ਮੇਰੇ ਤੇ ਵਿਸ਼ਵਾਸ਼ ਨਹੀਂ?” ਹਰੀ ਫੋਨ ਤੇ ਫੇਰ ਹੱਸ ਪਈ।

“ਨਾ ਹਸਦੀ ਕਿਉਂ ਹੈਂ?” ਮੈਂ ਪੌੜੀ ਦੇ ਦੂਸਰੇ ਡੰਡੇ ਤੇ ਪੈਰ ਧਰਦਿਆਂ ਕਿਹਾ।

“ਮੈਂ ਆ ਰਹੀ ਹਾਂ ਤੁਹਾਡੇ ਕੋਲ। ਅੱਜ ਤੋਂ ਬਾਦ ਹਰ ਸ਼ਾਮ ਤੁਹਾਡੀ ਰੋਟੀ ਲੈਕੇ ਆਇਆ ਕਰਾਂਗੀ ਜਿਨ੍ਹਾਂ ਚਿਰ ਭਾਬੀ ਜੀ ਨਹੀਂ ਇੰਡੀਆ ਤੋਂ ਮੁੜਦੇ।”

“ਇਸ ਵਿੱਚ ਖੇਚਲ ਕਾਹਦੀ। ਦੋ ਰੋਟੀਆਂ ਥਪਣ ਵਿੱਚ ਕਾਹਦੀ ਤਕਲੀਫ਼। ਬਸ ਸਰ ਐਵੇਂ ਤੁਸੀਂ ਮਜ਼ਾਕ ਕਰਦੇ ਹੋ। ਇਸ ਕਰਕੇ ਹਸਦੀ ਹਾਂ।” ਕਾਫ਼ੀ ਟੇਬਲ ਤੇ ਖਾਣਾ ਲਗਾਕੇ ਉਹ ਸੋਫੇ ਤੇ ਬੈਠ ਗਈ। ਉਸਨੇ ਭਾਜ਼ੀ ਦੀ ਬਜਾਏ ਮੈਨੂੰ ਸਰ ਕਿਹਾ।

“ਮੈਂ ਮਜ਼ਾਕ ਨਹੀਂ ਕਰ ਰਿਹਾ। ਮਜ਼ਾਕ ਤਾਂ ਇਹ ਹੁੰਦਾ ਜੇ ਮੈਂ ਕਹਿੰਦਾ ਕਿ ਹੀਰੀ ਰੋਟੀ ਨਹੀਂ ਮੈਨੂੰ ਭੱਤਾ ਚਾਹੀਦਾ ਹੈ। ਮੈਂ ਤਾਂ ਜ਼ਿੰਦਗੀ ਨਾਲ ਗੱਲਾਂ ਕਰ ਰਿਹਾ ਹਾਂ।” ਹਰੀ ਚੁੱਪ ਹੋ ਗਈ, ਸਿਰਫ਼ ਕੁੱਝ ਹੋਰ ਸੁਣਨ ਲਈ।

“ਤੇਰੀ ਇਕਾਗਰਤਾ ਦਾ ਕੀ ਜੁਆਬ ਦਿਆਂ। ਬੱਸ ਤੇਰੀਆਂ ਅੱਖਾਂ ਵਿਚਲੀ ਉਦਾਸੀ ਵੇਖੀ ਹੈ। ਤੂੰ ਜ਼ਿੰਦਗੀ ਤੋਂ ਖੁਸ਼ ਨਹੀਂ ਹੈਂ। ਇਤਨੀ ਸੁਆਦ ਰੋਟੀ, ਇਤਨੀ ਸੋਹਣੀ ਕੁੜੀ ਤੇ ਇਤਨੀਆਂ ਵਿਰਾਨ ਅੱਖਾਂ! ਮੇਰੀ ਜ਼ਿੰਦਗੀ ਮੌਤ ਦੇ ਪਲ ਵਿੱਚ ਤੇਰੇ ਪਾਣੀ ਦੇ ਗਲਾਸ ਨੇ ਮੂੰਹੋਂ ਬੋਲਕੇ ਕਿਹਾ ਹੈ ਕਿ ਮੈਂ ਤੇਰਾ ਖੇੜਾ ਚਾਹਾਂ। ਬਸ ਇਤਨੀ ਕੁ ਹੀ ਗੱਲ ਹੈ, ਮੇਰੇ ਦੋਸਤ।”

“ਮੈਂ ਡਰਦੀ ਹਾਂ ਸਰ।” ਹਰੀ ਦੇ ਬੋਲ ਭਿੱਜੇ ਹੋਏ ਸਨ।

“ਭਾਜ਼ੀ ਨਾਲੋਂ ਸਰ ਚੰਗਾ ਪਰ ਜੇ ਤੂੰ ਚਾਹੇਂ ਤਾਂ ਸਰ ਕਹਿਣਾ ਵੀ ਛੱਡ ਸਕਦੀ ਹੈਂ। ਮੈਨੂੰ ਖੁਸ਼ੀ ਹੋਵੇਗੀ।”

“ਕੀ ਕਹਾਂ?” ਹਰੀ ਦੇ ਭਿੱਜੇ ਹੋਏ ਬੋਲ ਕੁੱਝ ਨਿਖਰ ਰਹੇ ਸਨ।

“ਮੈਂ ਨਹੀਂ ਕਹਿੰਦਾ ਮੈਨੂੰ ਡਾਰਲਿੰਗ ਕਹਿ ਪਰ ਕੋਈ ਹਰਜ਼ ਵੀ ਨਹੀਂ ਪਰ ਉਹ ਤੇ ਤੇਰਾ ਪਰਮਿੰਦਰ ਹੈ ਹੀ। ਬਸ ਵਿੱਚ ਵਿਚਾਲੇ ਕੁੱਝ ਕਹਿ ਲੈ।”

“ਤੁਸੀਂ ਹੀ ਦਸੋ, ਕੀ ਕਹਾਂ?” ਹਰੀ ਚਾਂਬਲੀ ਜਿਹੀ ਕਹਿ ਰਹੀ ਸੀ।

“ਮੈਨੂੰ ਨਹੀਂ ਪਤਾ। ਜੋ ਮਰਜ਼ੀ ਕਹਿ, ਪਰ ਨਾ ਭਾਜ਼ੀ ਨਾ ਸਰ। ਕੁੱਝ ਆਪਣਾ ਜਿਹਾ। ਪਰਾਏਪਨ ਤੋਂ ਬਗੈਰ। ਕੁੱਝ ਵੀ, ਕੋਈ ਵੀ ਨਾਮ, ਦੋਸਤ, ਮਿੱਤਰ, ਸਹੇਲੀ, ਦੁਸ਼ਮਣ, ਬਦਮਾਸ਼। ਬਸ ਮੈਂ ਤਾਂ ਚਾਹੁੰਨਾ ਮੇਰੇ ਪੈਰ ਦੀ ਪੀੜ ਨੂੰ ਮਹਿਸੂਸਣ ਵਾਲੀ ਮੈਨੂੰ ਪਜੈਸਿਵ ਨਾ ਸਮਝੇ। ਸਿਰਫ ਆਪਣਾ ਸਮਝੇ।”

“ਅੋਕੇ ਅੋਕੇ ਦੋਸਤ ਜੀ, ਮੈਂ ਕਲ ਨੂੰ ਦੁਪਿਹਰੇ ਫੋਨ ਕਰਕੇ ਦਸਾਂਗੀ ਕਿ ਕੀ ਕਿਹਾ ਜਾਵੇ ਤੁਹਾਨੂੰ।” ਹਰੀ ਨੇ ਭਾਂਡੇ ਢੀਂਡੇ ਸੰਭਾਲ ਕੇ ਥਾਂਉਂ ਥਾਂਈ ਟਿਕਾ ਦਿੱਤੇ ਤੇ ਚਲੇ ਗਈ।

ਹਰ ਸ਼ਾਮ ਖਾਣਾ ਲੈਕੇ ਆਉਂਦੀ ਹਰੀ ਜਿਵੇਂ ਇਸ ਛੋਟੇ ਜਿਹੇ ਲਿਵ-ਰੂਮ ਦਾ ਹਿੱਸਾ ਬਣ ਗਈ। ਲਾਂਡਰੀ ਕਰਦੀ ਵੈਕਿਊਮ ਕਰਦੀ ਮੇਰੇ ਆਸੇ-ਪਾਸੇ ਫਿਰਦੀ, ਨਿੱਕੀਆਂ ਨਿੱਕੀਆਂ ਗੱਲਾਂ ਕਰਦੀ, ਮੇਰੇ ਲਈ ਕਿਤਨੇ ਹੀ ਸੁਆਲ ਛੱਡ ਜਾਂਦੀ। ਉਸਦਾ ਹਰ ਸੁਆਲ ਮੇਰੇ ਲਈ ਇਮਤਿਹਾਨ ਹੁੰਦਾ। ਕਿਤੇ ਨਾ ਕਿਤੇ ਮੈਂ ਪਰੇਸ਼ਾਨ ਜ਼ਰੂਰ ਸੀ। ਕੋਈ ਤੇ ਗੱਲ ਸੀ ਜੋ ਸਾਡੇ ਵਿੱਚ ਵਿਚਾਲੇ ਸਾਂਝੀ ਨਹੀਂ ਸੀ। ਉਸਦਾ ਕੋਈ ਵੀ ਵਾਕ ਮੇਰੇ ਤੱਕ ਨਿਰਵਿਘਨ ਨਹੀਂ ਪਹੁੰਚਦਾ ਸੀ। ਉਸਦੀ ਕੋਈ ਵੀ ਗੱਲ, ਮੇਰੀ ਸੋਚ ਨੂੰ ਹੋਰ ਹੀ ਪਾਸੇ ਲੈ ਜਾਂਦੀ। ਕਿਸੇ ਵੀ ਗੱਲ ਦਾ ਸਿੱਧਾ ਪਾਸਾ ਮੇਰੇ ਲਈ ਮੁਸੀਬਤ ਬਣਦਾ ਜਾ ਰਿਹਾ ਸੀ। ਉਸਦੇ ਕਹੇ ਸ਼ਬਦਾਂ ਦੇ ਕੀ ਮਤਲਬ ਹਨ, ਉਨ੍ਹਾਂ ਅਰਥਾਂ ਦਾ ਮੈਂ ਕੀ ਜੁਆਬ ਦੇਣਾ ਹੈ? ਹੌਲੀ ਹੌਲੀ ਮੈਂ ਮਹਿਸੂਸ ਕਰਨ ਲੱਗ ਪਿਆ ਕਿ ਇਹ ਡਰ ਮੇਰਾ ਆਪਣਾ ਹੈ। ਮੇਰਾ ਹੀ ਨਿੱਜ, ਰੁਕਾਵਟ ਹੈ। ਮੈਂ ਹੋਰ ਵੀ ਸਤਰਕ ਹੋ ਗਿਆ। ਆਪਣੇ ਪਾਣੀਆਂ ਨੂੰ ਨਿਰਮਲ ਕਰਨ ਦੇ ਮੇਰੇ ਉਪਰਾਲੇ, ਧਰਤੀ ਦੇ ਹਾਣਦੇ ਹੋਣ ਲੱਗੇ। ਨਿੱਕੇ ਨਿੱਕੇ ਹਾਸੇ, ਛੋਟੇ ਛੋਟੇ ਲਤੀਫੇ ਸੁਣਨ ਸੁਨਾਉਣ ਤੋਂ ਬਾਅਦ ਹਰੀ ਨੂੰ ਮਹਿਸੂਸ ਹੋ ਗਿਆ ਕਿ ਮੈਂ ਹਾਰਮਲੈਸ ਜੀਵ ਹਾਂ। ਔਰਤ ਤੇ ਘੜਾ ਲੈਣ ਲਗਿਆਂ ਵੀ ਟਣਕਾਕੇ ਵੇਖਦੀ ਹੈ ਪਰ ਹਰੀ ਨੇ ਮੈਨੂੰ ਟਣਕਾਉਂਣ ਵਿੱਚ ਕੁੱਝ ਜ਼ਿਆਦਾ ਹੀ ਵਕਤ ਲੈ ਲਿਆ ਜਾਂ ਇਹ ਸਮਝ ਲਵੋ ਕਿ ਮੇਰੇ ਹੀ ਘੜੇ ਦਾ ਸੰਗੀਤ ਲੈਅ ਵਿੱਚ ਆਉਣ ਲਗਿਆਂ ਕੁੱਝ ਸਮਾਂ ਲੈ ਗਿਆ। ਗੱਲਾਂ ਸੁਣਦੀ, ਗਹਿਰ ਗੰਭੀਰ ਵੀ ਹੋ ਜਾਂਦੀ ਪਰ ਪਰਨਾਲਾ ਉੱਥੇ ਦਾ ਉੱਥੇ, ਇੱਕ ਗੁੱਠੇ ਜਿਹੇ। ਫਿਰ ਇੱਕ ਦਿਨ ਮੇਰੀ ਕਹੀ ਗੱਲ ਨੇ ਉਸਦਾ ਟਣਕਾਉਂਣਾ ਸਮਾਪਤ ਕਰ ਦਿੱਤਾ।

ਹਰੀ ਨੇ ਫੋਨ ਕਰਕੇ ਮੈਨੂੰ ਟਿਮ ਹਾਰਟਨ ਸਦਿਆ ਸੀ। ਕਹਿਣ ਲੱਗੀ, “ਗੋਪੀ ਜੀ ਹਮਨੇ ਪੰਜ ਨੰਬਰ ਮਸ਼ੀਨ ਤੇ ਕੰਮ ਨਹੀਂ ਕਰਨਾ ਮੈ ਨਹੀਂ ਹੋਰ ਸੀਮਾ ਨਾਲ ਕੰਮ ਕਰ ਸਕਦੀ। ਉਹ ਨਿਰੀਪੁਰੀ ਗੁਆਰ ਹੈ।” ਸੀਮਾ ਤੇ ਹਰੀ ਦੇ ਹਮੇਸ਼ਾਂ ਸਿੰਗ ਫ਼ਸੇ ਰਹਿੰਦੇ। ਕਦੇ ਕਦੇ ਗੱਲ ਵਧ ਵੀ ਜਾਂਦੀ।

ਮੈਂ ਕਿਹਾ, “ਪਤਾ ਹਰੀ ਤੁਹਾਡੇ ਦੋਵਾਂ ਦੀ ਲੜਾਈ ਵਿੱਚ ਕਸੂਰ ਕਿਸਦਾ ਹੈ?”

“ਕਿਸਦਾ?”

“ਤੇਰਾ, ਸੌ ਫੀ ਸਦੀ ਤੇਰਾ। ਤੂੰ ਉਸਨੂੰ ਬਦਲਨਾ ਚਾਹੁੰਦੀ ਹੈਂ। ਤੇਰੇ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਗੱਲ ਬੈਠੀ ਹੈ ਕਿ ਉਹ ਤੇਰੇ ਵਾਂਗ ਸੋਚੇ, ਤੇਰੀ ਸੋਚ ਵਾਂਗ ਵਿਹਾਰ ਕਰੇ। ਤੇਰੇ ਵਾਂਗ ਉੱਠੇ ਬੈਠੇ। ਤੂੰ ਇਹ ਕਿਉਂ ਨਹੀਂ ਸੋਚਦੀ ਕਿ ਇਹ ਤੇਰੇ ਵਸ ਵਿੱਚ ਨਹੀਂ ਤੇ ਤੇਰਾ ਇਹ ਕੰਮ ਵੀ ਨਹੀਂ। ਇਨਸਾਨ ਨੂੰ ਸਮੁੱਚ ਵਿੱਚ ਲੈਣਾ ਚਾਹੀਦਾ ਹੈ। ਜਸਟ ਇਨ ਟੋਟੈਲਿਟੀ। ਅੱਧ ਪਚੱਧਾ ਨਹੀਂ। ਉਹ ਆਪਣੀਆਂ ਆਦਤਾਂ ਨਾਲ ਆਪਣੇ ਟੱਬਰ ਨਾਲ ਜੀ ਰਹੀ ਹੈ, ਬੱਚੇ ਪਾਲ ਰਹੀ ਹੈ, ਸਮਾਜ ਵਿੱਚ ਵਿਚਰ ਰਹੀ ਹੈ ਤੇ ਵਿਚਰਨ ਦੇ। ਉਹਦੇ ਇਰਾਦੇ ਬਦਲਣ ਦੀ ਤੈਨੂੰ ਕੀ ਜਰੂਰਤ ਹੈ। ਤੂੰ ਉਹਦੀ ਗਾਈਡ ਬਣਨ ਦੀ ਕੋਸ਼ਿਸ਼ ਨਾ ਕਰ। ਜਿਸ ਦਿਨ ਤੇਰਾ ਗਾਈਡ ਬਣਨ ਦਾ ਇਰਾਦਾ ਬਦਲ ਗਿਆ ਤੁਹਾਡੀ ਲੜਾਈ ਖ਼ਤਮ ਹੋ ਜਾਇਗੀ, ਤੇਰਾ ਕੰਮ ਅਡਜਸਟ ਕਰਨਾ ਹੈ।”

ਉਹਦੋਂ ਹੀ ਫ਼ੋਨ ਦੀ ਘੰਟੀ ਵੱਜੀ। ਹਰੀ ਨੇ ਫੋਨ ਖੋਲ ਕੇ ਹੈਲੋ ਕਿਹਾ। “ਹਾਂ ਮੈਂ ਟਿਮ ਹਾਰਟਨ ਹਾਂ, ਕਾਫੀ ਪੀਣ ਗੋਪੀ ਭਾਜ਼ੀ ਨਾਲ। ਮੈਂ ਪਹੁੰਚ ਜਾਵਾਂਗੀ।” ਹਰੀ ਨੇ ਫੋਨ ਫੋਲਡ ਕਰਕੇ ਪਰਸ ਵਿੱਚ ਪਾ ਲਿਆ।

“ਕੀਹਦਾ ਫੋਨ ਸੀ?”

“ਪਰਮਿੰਦਰ ਦਾ।” ਇੱਕ ਵਾਰੀ ਤਾਂ ਮੈਂ ਥਿੜਕ ਗਿਆ, ਸੋਚਿਆ ਕੀ ਸੋਚਦਾ ਹੋਵੇਗਾ?

“ਹਾਂ ਤੇ ਤੁਸੀਂ ਜੋ ਕਿਹਾ ਉਹੋ ਠੀਕ ਹੈ। ਹੁਣ ਮੇਰੀ ਸਮਝ ਵਿੱਚ ਆ ਗਿਆ ਹੈ ਸਰ ਜੀ। ਸੀਮਾ ਨਾਲ ਮੈਂ ਹੁਣ ਨਹੀਂ ਲੜਦੀ ਸਰ ਜੀ।”

“ਬਸ ਇਤਨੀ ਹੀ ਗੱਲ ਹੈ।” ਮੈਂ ਆਪਣੀ ਗੱਲ ਦੀ ਤਾਮੀਰ ਨਪਵਾ ਕੇ ਖੁਸ਼ ਹੋਇਆ।

“ਪਰ ਕੀ ਤੁਸੀਂ ਵੀ ਕਦੇ ਮੈਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ?”

“ਹਰਗਿਜ਼ ਨਹੀਂ। ਮੈਂ ਸਮੁੱਚ ਵਿੱਚ ਵਿਸ਼ਵਾਸ਼ ਰੱਖਦਾ ਹਾਂ।”

“ਪਰ ਤੁਹਾਡੇ ਸਮੁੱਚੇ ਵਿਸ਼ਵਾਸ਼ ਦਾ ਪੁੱਠਾ ਪਾਸਾ ਵੀ ਤੇ ਹੋ ਸਕਦਾ ਹੈ।”

“ਗੱਲ ਸਿੱਧੇ ਜਾਂ ਪੁੱਠੇ ਦੀ ਨਹੀਂ। ਗੱਲ ਦੋਸਤੀ ਦੀ ਹੈ। ਹਰੀ ਦੀ ਦੋਸਤੀ ਦੀ।”

“ਤੇ ਜੇ ਹਰੀ ਤੇ ਦੋਸਤੀ ਦੋ ਗੱਲਾਂ ਹੋਣ?”

“ਫਿਰ ਵੀ ਨਹੀਂ।”

“ਸੋਚ ਲਵੋ।”

“ਹਰੀ ਇੱਕ ਗੱਲ ਦਸਾਂ, ਕਦੇ ਕਦੇ ਮੈਨੂੰ ਲਗਦਾ ਹੈ ਤੂੰ ਜਿਤਨੀ ਸੋਹਣੀ ਹੈਂ ਉਤਨੀ ਸਿਆਣੀ ਨਹੀਂ। ਪਰ ਮੈਂਨੂੰ ਸਿਆਣਪ ਨਾਲ ਕੋਈ ਸਰੋਕਾਰ ਨਹੀਂ। ਮੈਨੂੰ ਤੇ ਦੋਸਤੀ ਨਾਲ ਮਤਲਬ ਹੈ ਤੇ ਜਿਸਦਾ ਨਾਮ ਹਰੀ ਹੈ। ਦਰਅਸਲ ਦੋਸਤੀ ਵਿੱਚ ਸਿਆਣਪ ਹੋਣੀ ਹੀ ਨਹੀਂ ਚਾਹੀਦੀ।”

“ਕਦੇ ਸੋਹਣੀ ਕਦੇ ਮੋਹਣੀ, ਤੁਸੀਂ ਦੋਸਤੀ ਦੀ ਆੜ ਵਿੱਚ ਕਿਤੇ ਪਜੈਸਿਵ ਤੇ ਨਹੀਂ ਹੁੰਦੇ ਜਾ ਰਹੇ?”

“ਪਜੈਸਿਵ ਹੋਕੇ ਮੈਂਨੂੰ ਕੀ ਮਿਲੇਗਾ? ਵਧ ਤੋਂ ਵਧ ਇੱਕ ਪੱਪੀ ਜਾਂ ਦੋ ਜਾਂ ਤਿੰਨ। ਤਿੰਨ ਚੁੰਮੀਆਂ ਪਿੱਛੇ ਮੈਂ ਆਪਣਾ ਦੋਸਤ ਤੇ ਨਹੀਂ ਗੁਵਾਉਣ ਲੱਗਾ।”

“ਵਾਰੇ ਵਾਰੇ ਜਾਈਏ ਤੁਹਾਡੇ ਇਸ਼ਾਰਿਆਂ ਦੇ।”

“ਵਾਰੇ ਵਾਰੇ ਜਾਉ ਮੈਂ ਕਦੋਂ ਮਨ੍ਹਾਂ ਕਰਦਾ ਹਾਂ। ਬਹੁਤ ਗੁਣੀ ਗਿਆਨੀ, ਰੁੜੇ ਗੜੇ ਵੀ ਇਸ ਪਜੈਸਿਵਪੁਣੇ ਤੋਂ ਮੁਕਤ ਨਹੀਂ ਹਨ। ਕਹਿਣ ਨੂੰ ਤੇ ਜੋ ਮਰਜ਼ੀ ਕਹਿ ਲਵੋ ਪਰ ਨਬੇੜੇ ਤਾਂ ਜਾਚ ਨਾਲ ਹੀ ਹੁੰਦੇ ਹਨ। ਨੱਚਣ ਦਾ ਚੱਜ ਹੋਵੇ ਤਾਂ ਹੀ ਸੰਗੀਤ ਦੀ ਇਜ਼ਤ ਹੁੰਦੀ ਹੈ। ਇੱਕ ਕਰੈਕਟਰ ਦੀ ਗੱਲ ਤੈਨੂੰ ਸੁਣਾਉਂਦਾ ਹਾਂ।

ਉਹ ਭਲਾਮਾਣਸ ਔਰਤ ਦੀ ਇਜ਼ਤ ਹੀ ਨਹੀਂ ਕਰਦਾ ਬਲਕਿ ਔਰਤਾਂ ਤੇ ਹੋਣ ਵਾਲੇ ਇਨਵਿਜ਼ਿਬਲ ਜ਼ੁਲਮਾਂ ਦੀਆਂ ਕਹਾਣੀਆਂ ਵੀ ਪਾਉਂਦਾ ਹੈ। ਗਿਆਨਵਾਨ ਹੈ। ਔਰਤਜ਼ਾਤ ਦੀਆਂ ਨਾਇਕਾਵਾਂ ਦੀਆਂ ਕਿਤਨੀਆਂ ਹੀ ਉਦਾਹਰਣਾਂ ਹਨ ਜੋ ਪਤੀ ਦੇ ਸਾਏ ਵਿੱਚ ਰਹਿਕੇ ਨੱਢੀਆਂ ਹੀ ਰਹਿੰਦੀਆਂ ਹਨ ਵਡੀਆਂ ਨਹੀਂ ਹੁੰਦੀਆਂ। ਪਤੀ ਦੇ ਸਾਏ ਤੋਂ ਬਾਹਰ ਆਕੇ ਸੋਚ ਵੀ ਨਹੀਂ ਸਕਦੀਆਂ। ਆਪਣੇ ਮਰਦ ਦੀ ਇਜ਼ਤ ਕਰਦੀਆਂ ਕਰਦੀਆਂ ਆਪਣਾ ਵਖਰਾ ਸਰੂਪ ਹੀ ਗੁਆ ਬੈਠਦੀਆਂ ਹਨ। ਸਾਡੇ ਘਰ ਬੈਠਿਆਂ ਔਰਤਾਂ ਇੱਕਠੀਆਂ ਹੋਕੇ ਮਾਲ ਨੂੰ ਗਈਆਂ ਪਰ ਇੱਕ ਨਹੀਂ ਗਈ ਜੋ ਨਹੀਂ ਗਈ ਉਹ ਮੁੱਕਤ ਸੀ ਆਪਣੇ ਆਪ ਤੋਂ। ਆਪਣੇ ਨਾਮ ਤੋਂ ਅਨਜਾਣ ਉਹ ਸਿਰਫ਼ ਮਿਸਿਜ਼ ਸੀ। ਪਰਮੇਸ਼ਰ ਨੇ ਰੋਟੀ ਤੋਂ ਬਾਅਦ ਦੋ ਵਜ਼ੇ ਚਾਹ ਪੀਣੀ ਸੀ। ਕੋਈ ਦੁਵਾਈ ਦਵੂਈ ਖਾਣੀ ਸੀ। ਬੇਵਕੂਫ ਤੋਂ ਬੇਵਕੂਫ਼ ਬੰਦਾ ਵੀ ਚਾਹ ਬਨਾਉਂਣ ਵਰਗਾ ਨਖਿਧ ਕੰਮ ਕਰ ਸਕਦਾ ਹੈ। ਜੋ ਚਾਹ ਵੀ ਨਹੀਂ ਬਣਾ ਸਕਦਾ ਉਸਨੂੰ ਤੇ ਵਿਆਹ ਵੀ ਨਹੀਂ ਕਰਵਾਉਂਣਾ ਚਾਹੀਦਾ। ਪਰ ਉਹਨਾਂ ਦੇ ਪਿਆਰ ਦੀ ਇੰਤਹਾ ਸ਼ਾਹਜਹਾਨ-ਮੁਮਤਾਜ਼ ਦੇ ਇਸ਼ਕ ਨੂੰ ਮਾਤ ਪਾ ਰਹੀ ਸੀ।”

“ਸਰ ਜੀ, ਗੁਸਤਾਖੀ ਮੁਆਫ਼ ਤੁਹਾਡੀ ਗੱਲ ਟੋਕੀ ਇਹ ਪਿਆਰ ਤੇ ਇਸ਼ਕ ਵਿੱਚ ਫ਼ਰਕ ਕੀ ਹੁੰਦਾ ਹੈ?”

“ਜਦੋਂ ਪਿਆਰ ਨੂੰ ਬੁਖਾਰ ਚੜ੍ਹ ਜਾਏ। ਤਾਪਮਾਨ ਵਸੋਂ ਬਾਹਰ ਜੋ ਜਾਏ। ਨਜ਼ਰ ਕੰਮਜੋਰ ਹੋ ਜਾਏ ਤੇ ਉਹੋ ਕੁੱਝ ਦਿਸੇ ਜਿਸਨੂੰ ਦੇਖਣ ਲਈ ਦਿਲ ਕਰੇ।”

“ਇਹ ਕੀ ਗੱਲ ਹੋਈ ਭਲਾ, ਹਮਨੇ ਨਹੀਂ ਸਮਝੀ?”

“ਬੱਸ ਇਹੋ ਤੇ ਗੱਲ ਹੈ। ਸਭ ਕੁੱਝ ਜਾਣਦਿਆਂ ਬੁਝਦਿਆਂ ਵੀ ਸੱਚ ਨਹੀਂ ਬੋਲਦੇ। ਕਬਜ਼ੇ ਨੂੰ ਹੀ ਇਸ਼ਕ ਦਾ ਨਾਮ ਦੇਈ ਜਾਂਦੇ ਹਨ। ਬੁਲੇ ਨੇ ਵੀ ਇਸ਼ਕ ਕੀਤਾ ਸੀ। ਉਸਦਾ ਇਸ਼ਕ ਸਾਰੇ ਜਾਣਦੇ ਹਨ। ਕੌਣ ਲਾਟ ਦੀ ਅੱਖ ਵਿੱਚ ਅੱਖ ਪਾਵੇ। ਝੂਠ ਬੋਲੇ ਕਊਆ ਕਾਟੇ … ਪਰ ਇਹ ਝੂਠ ਬੋਲਦੇ ਕਦੋਂ ਹਨ? ਇਹਨਾਂ ਦੀ ਦਲੀਲ ਦੀ ਖਿੜਕੀ ਹੋਰ ਹੁੰਦੀ ਹੈ। ਇਹਨਾਂ ਕੋਲ ਹਜਾਰਾਂ ਖਿੜਕੀਆਂ ਹੁੰਦੀਆਂ ਹਨ। ਜਿਸ ਖਿੜਕੀ ਵਿਚੋਂ ਠੰਡੀ ਹਵਾ ਆਏ, ਉਹੋ ਸੱਚ।” ਝੂਠ ਬੋਲਣ ਦੀ ਲੋੜ ਤਾਂ ਸੱਚੇ ਆਦਮੀ ਨੂੰ ਹੁੰਦੀ ਹੈ। ਝੂਠ ਤਾਂ ਉਹ ਹੁੰਦਾ ਹੈ ਜਿਸਦਾ ਪਤਾ ਹੋਵੇ ਕਿ ਉਹ ਝੂਠ ਹੈ ਜਿਸਦਾ ਪਤਾ ਨਹੀਂ ਉਹ ਸਭ ਸੱਚ ਹੈ।”

“ਪਰ ਇਸ ਝੂਠ ਸੱਚ ਦਾ ਨਿਤਾਰਾ ਕਿਤੇ ਤਾਂ ਨਿੱਤਰਤਾ ਹੀ ਹੋਊ?” ਹੀਰੀ ਨੇ ਆਪਣੀ ਚੀਚੀ ਦੇ ਨੌਂਹ ਨੂੰ ਦੰਦਾਂ ਥੱਲੇ ਦਬਦਿਆਂ ਕਿਹਾ।

“ਇਸ ਕਰਕੇ ਤਾਂ ਮੈਂ ਤੈਨੂੰ ਕਹਿਨੈ ਮਿਲਦੀ ਰਿਹਾ ਕਰ।”

“ਚਲੋ ਛੱਡੋ ਪਰਾਂ, ਮੇਰੇ ਮਿਲਣ ਜਾਂ ਨਾ ਮਿਲਣ ਦੀ ਗੱਲ, ਤੁਸੀਂ ਸ਼ਾਹਜਹਾਨ ਬਾਰੇ ਕੁੱਝ ਕਹਿ ਰਹੇ ਸੀ।”

 

“ਹਾਂ ਤੇ ਮੈਂ ਕਿਹਾ ਸੀ ਕਿ ਸ਼ਾਹਜਹਾਨ ਨੂੰ ਚਾਹ ਬਨਾਉਂਣੀ ਨਹੀ ਆਉਂਦੀ ਸੀ।”

“ਨਹੀਂ ਨਹੀਂ ਗੋਪੀ ਜੀ, ਤੁਸੀਂ ਭੁਲਦੇ ਹੋ। ਤੁਸੀਂ ਕਿਹਾ ਸੀ ਕਿ ਸ਼ਾਹਜਹਾਨ ਨਖਿਧ ਸੀ। ਹਮਨੇ ਆਪ ਇਨ੍ਹਾਂ ਗੁਨਾਹਗਾਰ ਕੰਨਾਂ ਨਾਲ ਸੁਣਿਆ ਹੈ।”

“ਨਹੀਂ ਸ਼ਾਹਜਹਾਨ ਨਖਿਧ ਨਹੀਂ ਸੀ। ਜੇ ਉਹ ਇਤਨਾ ਹੀ ਨਿੰਕਮਾ ਹੁੰਦਾ ਤਾਂ ਬਾਦਸ਼ਾਹ ਕਿਵੇਂ ਬਣਦਾ। ਮੇਰਾ ਨਹੀਂ ਖਿਆਲ ਉਹਨੇ ਕਦੇ ਵੀ ਆਪਣੀ ਮੁਮਤਾਜ਼ ਨੂੰ ਹੁਕਮ ਕਰਕੇ ਕਿਹਾ ਹੋਵੇ, ਏਹ ਜੀ ਸੋਹਣਿਉ, ਮੈਨੂੰ ਦੋ ਵਜ਼ੇ ਚਾਹ ਚਾਹੀਦੀ ਹੈ। ਢਾਈ ਵਜ਼ੇ ਮੈਂ ਦਰਬਾਰ ਲਾਉਂਣਾ ਹੈ। ਇਹ ਤੇ ਮਕਬਰਾ ਹੀ ਐਸਾ ਬਣਾਉਂਦੇ ਹਨ ਜੋ ਸੋਹਣਾ ਲੱਗੇ। ਮਕਬਰਾ ਕਿਸਤਰ੍ਹਾਂ ਬਣਿਆ, ਉਸ ਮਕਬਰੇ ਵਿੱਚ ਮੁਮਤਾਜ਼ ਦੀਆਂ ਕਿਤਨੀਆਂ ਖਾਹਿਸ਼ਾਂ ਦਫ਼ਨ ਹਨ? ਇਸਦਾ ਹਿਸਾਬ ਉਹਨਾਂ ਕਿਸੇ ਨੂੰ ਨਹੀਂ ਦੇਣਾ, ਨਾ ਮੁਮਤਾਜ਼ ਨੂੰ ਤੇ ਨਾ ਪਰਜਾ ਨੂੰ। ਅਸਲ ਵਿੱਚ ਹਕੂਮਤ ਕਰਦਿਆਂ, ਇਹ ਹਿਸਾਬ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ।”

“ਇਹ ਸਰ ਜੀ, ਕਮਾਲ ਦੀ ਗੱਲ ਕੀਤੀ ਤੁਸੀਂ, ਦਿਲ ਕਰਦਾ ਹਮਰੀ ਉਮਰ ਤੁਹਾਡੇ ਜਿਤਨੀ ਹੋ ਜਾਏ।”

“ਫ਼ਿਰ ਕੀ ਹੋਊ?”

“ਇਹ ਤੇ ਜੀ ਬਾਬਿਓ ਪਤਾ ਨਹੀਂ ਪਰ ਸੋਚਣ ਵਿੱਚ ਕੀ ਪਰਾਬਲਮ ਹੈ।”

“ਇਹ ਹਰੀ, ਤੇਰਾ ਪਰਮਿੰਦਰ ਕਿਸਤਰ੍ਹਾਂ ਦਾ ਹੈ? ਸ਼ਾਹਜਹਾਨ ਵਰਗਾ ਜਾਂ ਥੋੜਾ ਘੱਟ-ਵਧ?”

“ਬਹੁਤ ਚੰਗਾ ਹੈ, ਦੋਸਤ ਹੈ, ਮੇਰੇ ਸਰੀਰ ਦਾ ਮਾਲਕ ਹੈ। ਮੇਰੇ ਤੇ ਯਕੀਨ ਕਰਦਾ ਹੈ। ਕਦੇ ਵੀ ਦੋ ਵਜ਼ੇ ਚਾਹ ਨਹੀਂ ਮੰਗਦਾ।”

ਰਾਤ ਦੇ ਦੋ ਵਜ਼ੇ ਵੀ ਨਹੀਂ?”

“ਨਹੀਂ, ਰਾਤ ਦੇ ਦੋ ਵਜ਼ੇ ਵੀ ਨਹੀਂ।” ਹਰੀ ਨੇ ਬਹੁਤ ਹੀ ਗੰਭੀਰ ਹੋਕੇ ਕਿਹਾ। ਉਸਦੀ ਅਵਾਜ਼ ਵਿੱਚ ਕਹਿਰਾਂ ਦੀ ਉਦਾਸੀ ਸੀ। ਐਸੀ ਉਦਾਸੀ ਜੋ ਉਸਦੀਆਂ ਅੱਖਾਂ ਵਿੱਚ ਤਲਾਸ਼ ਬਣਕੇ ਸਾਰੇ ਸੰਸਾਰ ਦੀ ਖੋਜ਼ ਕਰ ਰਹੀ ਸੀ।

“ਫਿਰ ਤੇ ਮਾੜੀ ਗੱਲ ਹੈ।” ਮੈਂ ਆਪਣੇ ਸ਼ਬਦਾਂ ਬਾਰੇ ਸੋਚਣ ਲਈ ਮਜ਼ਬੂਰ ਹੋ ਗਿਆ। ਐਸੀ ਉਦਾਸੀ ਨੂੰ ਕੋਈ ਵੀ ਅਣਤੁਲਿਆ ਸ਼ਬਦ ਬੇਮੇਚ ਹੋ ਸਕਦਾ ਸੀ।

“ਮਾੜੀ ਵਰਗੀ ਮਾੜੀ, ਮੈਂ ਤੇ ਚਾਹੁੰਦੀ ਹਾਂ ਉਹ ਮੇਰੇ ਤੋਂ ਚਾਹ ਮੰਗੇ। ਰੋਟੀ ਮੰਗੇ, ਮੈਨੂੰ ਕਹੇ ਮੇਰੇ ਬੂਟ ਪਾਲਿਸ਼ ਕਰ। ਮੈਨੂੰ ਕਹੇ ਮੇਰੇ ਪੈਰਾਂ ਦੇ ਨੋਂਹ ਕੱਟ ਜਾਂ ਕਹੇ ਜਦੋਂ ਤੱਕ ਮੈਂ ਕਪੜੇ ਪਾਵਾਂ ਬਾਹਰ ਜਾਕੇ ਕਾਰ ਸਟਾਰਟ ਕਰ। ਕਾਰ ਦੀ ਸਨੋ ਸਾਫ਼ ਕਰਨ ਦੇ ਬਹਾਨੇ ਮੈਂ ਉਸਦਾ ਕਾਰ ਵਿੱਚ ਪਾਇਆ ਗੰਦ ਵੀ ਸਾਫ ਕਰਾਂ। ਸ਼ਾਮ ਨੂੰ ਆਕੇ, ਸਾਫ ਕਾਰ ਦੀ ਗਾਥਾ ਪਾਉਂਦਾ ਉਹ ਮੇਰਾ ਮੂੰਹ ਚੁੰਮੇ। ਅਗਲੇ ਦਿਨ ਮੈਨੂੰ ਫਿਰ ਉਸ ਚੁੰਮੀ ਦੀ ਇੰਤਜ਼ਾਰ ਹੋਵੇ। ਇਸ ਚੁੰਮੀ ਦੀ ਖਾਤਰ ਮੈਂ ਉਸਦਾ ਘਾਹ ਕੱਟਾਂ। ਮੈਂ ਭਲਾ ਆਪਣਾ ਸਮਝਕੇ ਘਾਹ ਕਿਉਂ ਕਟਾਂ? ਮੈਂ ਤਾਂ ਚਾਹੁੰਦੀ ਹਾਂ, ਮੈਂ ਤਾਂ ਚਾਹੁੰਦੀ ਹਾਂ ਜਦੋਂ ਉਹ ਸ਼ਰਾਬ ਪੀਵੇ ਮੇਰੇ ਕੋਲੋਂ ਆਈਸ ਮੰਗੇ। ਕਦੇ ਕਦੇ ਗੁੱਸੇ ਵਿੱਚ ਆਕੇ ਨਸ਼ੇ ਦੇ ਲੋਰ ਵਿੱਚ ਮੇਰੇ ਥੱਪੜ ਮਾਰੇ। ਫਿਰ ਸਵੇਰੇ ਉੱਠਕੇ ਮੇਰੇ ਕੋਲੋਂ ਮੁਆਫੀ ਮੰਗੇ।” ਹਰੀ ਗੱਲਾਂ ਕਰਦੀ ਕਰਦੀ ਭਾਵਕ ਹੋਕੇ ਰੋਣ ਲੱਗ ਪਈ।

ਮੇਰੀ ਸਮਝ ਵਿੱਚ ਕੁੱਝ ਨਹੀਂ ਆ ਰਿਹਾ ਸੀ। ਅਸੀਂ ਦੋਵੇਂ ਦੋਸਤ ਨਦੀ ਦੇ ਦੋ ਕਿਨਾਰਿਆਂ ਵਾਂਗ ਬੈਠੇ ਸਾਂ। ਮੈਂ ਆਪਣੀ ਹੀ ਗੱਲ ਨੂੰ ਉਲਟਾਉਂਣਾ ਨਹੀਂ ਚਾਹੁੰਦਾ ਸੀ। ਦੋਸਤ ਨੂੰ ਬਦਲਣ ਦੀ ਕੋਸ਼ਿਸ਼ ਨੈਤਿਕਤਾ ਨਹੀਂ ਸੀ। ਜਿਹਨਾਂ ਮਕਬਰਿਆਂ ਦੀਆਂ ਗੱਲਾਂ ਕਰਕੇ ਮੈਂ ਹਰੀ ਨੂੰ ਖੁਸ਼ ਕਰਨ ਦਾ ਭਰਮ ਪਾਲ ਰਿਹਾ ਸੀ ਹਰੀ ਤਾਂ ਉਹਨਾਂ ਹੀ ਮਕਬਰਿਆਂ ਵਿੱਚ ਦਫਨ ਹੋਣ ਵਿੱਚ ਆਪਣੀ ਖੁਸ਼ੀ ਭਾਲ ਰਹੀ ਸੀ। ਮਕਬਰੇ ਦੇ ਭੋਰੇ ਵਿੱਚ ਜਾਣ ਵਾਲੀਆਂ ਪੌੜੀਆਂ ਦੀ ਤਲਾਸ਼ ਕਰਦੀ ਕੁੜੀ ਦਾ ਭੂਤ, ਨੰਗ ਮਨੰਗਾ ਸੀ ਜਾਂ ਉਸਨੇ ਕਿਸੇ ਤਰਾਂ ਦਾ ਕੋਈ ਮਹਿੰਗਾ ਲਿਬਾਸ ਪਾਇਆ ਹੋਇਆ ਸੀ। ਮੈਂ ਉੱਠਣਾ ਹੀ ਬੇਹਤਰ ਜਾਣਿਆਂ।

ਘਰ ਆਕੇ ਮੈਂ ਡੂੰਘੀ ਸੋਚ ਵਿੱਚ ਪੈ ਗਿਆ। ਮੈਂ ਠੀਕ ਸੀ ਜਾਂ ਹਰੀ ਠੀਕ ਸੀ ਜਾਂ ਅਸੀਂ ਦੋਵੇਂ ਠੀਕ ਸਾਂ? ਮੈਂ ਹਰੀ ਦੇ ਵਿਚਾਰਾਂ ਨੂੰ ਫਿਰ ਘੋਖਣਾ ਸ਼ੁਰੂ ਕੀਤਾ। ਗੱਲਾਂ ਵਿੱਚ ਲਈਆਂ ਖੁਲਾਂ ਨੂੰ ਨਾਪਿਆ ਪਰ ਮੇਰੇ ਹੱਥ ਪੱਲੇ ਕੁੱਝ ਨਾ ਪਿਆ। ਹਰੀ ਦੀਆਂ ਪਰਤਾਂ ਵਿੱਚ ਪਈ ਜੁਆਲਾਮੁਖੀ ਵਿੱਚ ਕਿਹੜੀ ਅੱਗ ਸੀ। ਉਸ ਅੱਗ ਦਾ ਸੇਕ ਕਿਹੋ ਜਿਹਾ ਭੋਜ਼ਨ ਚਾਹੁੰਦਾ ਹੈ? ਕਿਤਨੇ ਹੀ ਸੁਆਲਾਂ ਨੇ ਮੈਨੂੰ ਘੇਰ ਲਿਆ।

ਇਹਨਾਂ ਸੁਆਲਾਂ ਵਿੱਚ ਘਿਰੇ, ਮੈਨੂੰ ਹਰੀ ਦੇ ਅੰਗ ਮਗਦੇ ਦਿਸਣ ਲੱਗੇ। ਮੈਨੂੰ ਪਤਾ ਹੀ ਨਹੀਂ ਚਲਿਆ ਕਦੋਂ ਮੇਰੇ ਖਿਆਲਾਂ ਵਿੱਚ ਹਰੀ ਦਾ ਸਰੀਰ ਅੰਗੜਾਈ ਲੈਣ ਲੱਗਾ। ਮੇਰੇ ਅੰਦਰ ਬੈਠਾ ਮੁੰਡਾ ਜਾਗ ਰਿਹਾ ਸੀ। ਉਸਦੀਆਂ ਮਾਰੀਆਂ ਕੂਹਣੀਆਂ ਮੈਨੂੰ ਸੁਣਾਈ ਦੇਣ ਲੱਗੀਆਂ। ‘ਹਰੀ ਨੂੰ ਮਰਦ ਚਾਹੀਦਾ ਹੈ ਕਮਲਿਆ, ਮੇਰੇ ਮੁੰਡੇ ਨੇ ਲਲਕਾਰਾ ਮਾਰਿਆ। ਮੌਕਾ ਨਾ ਗਵਾ। ਔਰਤ ਸਦਾ ਤੋਂ ਮਧੋਲ ਹੋਣਾ ਪਸੰਦ ਕਰਦੀ ਆਈ ਹੈ। ਇਹੋ ਹਰੀ ਦੀ ਬਿਮਾਰੀ ਹੈ। ਕਰਦੇ ਉਹਦਾ ਇਲਾਜ। ਹੋਰ ਹਰ ਮੌਕੇ ਭੱਜੀ ਕਾਹਤੋਂ ਆਉਂਦੀ ਹੈ?’ ਮੇਰੇ ਅੰਦਰਲੇ ਮੂਰਛਿਤ ਬਿੱਛੂ, ਡੰਗ ਮਾਰ ਮਾਰ ਮੈਨੂੰ ਬੇਹਾਲ ਕਰ ਰਹੇ ਸਨ।

‘ਨਹੀਂ ਇਹ ਠੀਕ ਨਹੀ ਮੇਰੇ ਆਪਣੇ ਵੀ ਕੁੱਝ ਵੇਗ ਹਨ ਕਿ ਨਹੀਂ। ਚਲ ਛੱਡ ਇਹਨਾਂ ਵੇਗਾਂ ਵੂਗਾਂ ਨੂੰ, ਟੋਹ ਕੇ ਤੇ ਵੇਖ।’ ਮੇਰਾ ਅ

Read 1685 times
ਕੁਲਜੀਤ ਮਾਨ

ਜਨਮ ਸਥਾਨ: ਅੰਮ੍ਰਿਤਸਰ

ਜਨਮ ਮਿਤੀ: ਸਤੰਬਰ 27, 1953

ਵਿਦਿਆ: ਐਮ.ਏ (ਫਿਲਾਸਫੀ) ਐਲ. ਐਲ.ਬੀ

ਪਤਨੀ: ਸਰਬਜੀਤ ਮਾਨ

ਬੱਚੇ: ਜਸਜੀਤ, ਜਪਜੋਤ, ਹਰਜਸ਼

ਕਹਾਣੀ ਸੰਗ੍ਰਹਿ: ਪੁੱਤਰ ਦਾਨ, ਵਿਚਲੀ ਉਂਗਲ

ਸੰਪਰਕ:

ਫੋਨ: 416-213-8715     647-880-6266

ਈ ਮੇਲ: kuljeetmann100@yahoo.ca

This e-mail address is being protected from spambots. You need JavaScript enabled to view it

Latest from ਕੁਲਜੀਤ ਮਾਨ