Print this page
Wednesday, 28 October 2009 15:11

ਟਕਸਾਲੀ ਜਥੇਦਾਰ ਮਾਨ ਸਿੰਘ ਹੰਭੋ - ਅਕਾਲੀ ਮੋਰਚਿਆਂ ਦਾ ਮੋਹਰੀ – ਟਕਸਾਲੀ ਜਥੇਦਾ

Written by
Rate this item
(0 votes)

‘ਵਾਹਵਾ ਤੇਰੀਆਂ ਕੁਦਰਤਾਂ‎,‎ ਤੂੰ ਡਾਢਾ ਬੇਪ੍ਰਵਾਹ’। ਜਥੇਦਾਰ ਮਾਨ ਸਿੰਘ ਹੰਭੋ ਇਹ ਸ਼ਬਦ ਸਹਿਵਨ ਹੀ ਗੁਣ-ਗੁਣਾਉਂਦੇ ਹੁੰਦੇ ਸੀ। ਸ਼ਾਮ ਸਵੇਰੇ। ਪਰ੍ਹੇ `ਚ ਗੱਲਾਂ ਕਰਦਿਆਂ। ਬੋਹੜਾਂ ਹੇਠ ਜੁੜੇ ਇਕੱਠਾਂ ਵਿੱਚ। ਅਸਮਾਨ ਤੇ ਧਰਤੀ ਦੇ ਦਿਸਹੱਦਿਆਂ ਨੂੰ ਨਿਹਾਰਦਿਆਂ। ਪੰਛੀਆਂ ਨੂੰ ਦਰਖ਼ਤਾਂ `ਤੇ ਚਹਿ-ਚਹਾਉਂਦੇ ਤੱਕਦਿਆਂ। ਲੋਕਾਂ ਦੇ ਵਚਿੱਤਰ ਕਿੱਸੇ ਕਹਾਣੀਆਂ ਤੇ ਸਮੱਸਿਆਵਾਂ ਸੁਣਦਿਆਂ। ਗੁਰਬਾਣੀ ਅਤੇ ਸਿੱਖੀ ਨਾਲ ਉਹ ਮਨੋ ਤਨੋ ਅਤੇ ਧਨੋ ਸਾਰੀ ਉਮਰ ਪ੍ਰਣਾਏ ਰਹੇ। ‘ਬਲਿਹਾਰੀ ਕੁਦਰਤਿ ਵੱਸਿਆ‎,‎ ਤੇਰਾ ਅੰਤ ਨਾ ਜਾਈ ਲਖਿਆ’ ਤੁਕ ਸਿਰਜਣਹਾਰ ਨਾਲ ਜੋੜਦੀ ਹੈ। ਇਹ ਸ਼ਬਦ ਉਨ੍ਹਾਂ ਦੇ ਰੋਮ-ਰੋਮ `ਚ ਸਮਾਇਆ ਹੋਇਆ ਸੀ।

ਜਥੇਦਾਰ ਹੰਭੋ ਸਾਂਦਲ ਬਾਰ ਦੇ ਜ਼ਿਲ੍ਹੇ ਸ਼ੇਖ਼ੂਪੁਰਾ ਦੇ ਰਹਿਣ ਵਾਲੇ ਸਨ। ਜਥੇਦਾਰੀ ਰਵਾਇਤ ਅਨੁਸਾਰ ਉਹ ਜਥੇਦਾਰ ਹੰਭੋ ਕਰਕੇ ਹੀ ਪ੍ਰਸਿੱਧ ਹੋਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ‎,‎ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਕਦੇ ਜ਼ਿਕਰ ਕਰੀਏ ਤਾਂ ਉਹ ਝੱਟ ਉਨ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਉਹ ਉਨ੍ਹਾਂ ਦੀ ਤਿਆਗ‎,‎ ਕੁਰਬਾਨੀ ਅਤੇ ਦਲੇਰੀ ਦੀ ਬੜੀ ਕਦਰ ਕਰਦੇ ਹਨ। ਇੱਕ ਵਾਰੀ ਜਥੇਦਾਰ ਟੌਹੜਾ ਸਾਹਿਬ ਨਾਲ ਮੈਂ ਆਪਣੀ ਜਥੇਦਾਰ ਹੰਭੋ ਨਾਲ ਰਿਸ਼ਤੇਦਾਰੀ ਦਾ ਹਵਾਲਾ ਦਿੰਦਿਆਂ ਗੱਲ ਕੀਤੀ। ਉਹ ਕਹਿੰਦੇ‎,‎ ‘ਉਹ ਸਾਡੇ ਮੋਹਰੈਲ ਟਕਸਾਲੀ ਆਗੂਆਂ ਵਿੱਚੋਂ ਸਨ। ਵਿਰਕ ਤਪੇ ਦੇ ਸੱਚਾ ਸੌਦਾ ਜਥੇ ਦੇ ਜਥੇਦਾਰ ਸਨ। ਕਥਨੀ ਤੇ ਕਰਨੀ ਦੇ ਸੂਰਮੇ। ਨਿਸ਼ਕਾਮ‎,‎ ਸੂਝਵਾਨ‎,‎ ਧੜੱਲੇਦਾਰ ਤੇ ਦਲੇਰ ਆਗੂ। ਜਥੇਦਾਰ ਕਰਤਾਰ ਸਿੰਘ ਝੱਬਰ ਦੇ ਨਿਕਟ ਵਰਤੀ ਉਨ੍ਹਾਂ ਦੀ ਸੱਜੀ ਬਾਂਹ ਹੁੰਦੇ ਸਨ। ਇਹ ਗੱਲਾਂ ਸੁਣ ਮੈਨੂੰ ਅੰਤਾਂ ਦਾ ਗੌਰਵ ਮਹਿਸੂਸ ਹੁੰਦਾ।

ਜਥੇਦਾਰ ਮਾਨ ਸਿੰਘ ਹੰਭੋ ਮੇਰੀ ਜੀਵਨ ਸਾਥਣ ਦੇ ਨਾਨਾ ਜੀ ਸਨ। ਉਨ੍ਹਾਂ ਦੀ ਧੀ‎,‎ ਬੀਬੀ ਅਵਤਾਰ ਕੌਰ‎,‎ ਆਮ ਹੀ ਉਨ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਏਡੀ ਕੀਮਤੀ ਵਿਰਾਸਤ `ਤੇ ਕੌਣ ਮਾਣ ਮਹਿਸੂਸ ਨਹੀਂ ਕਰੇਗਾ। ਘਰ ਵਿੱਚ ਸੁਭਾਵਕ ਹੀ ਉਨ੍ਹਾਂ ਦੇ ਸਿਆਸੀ ਜੀਵਨ ਦੀਆਂ ਗੱਲਾਂ ਛਿੱੜ ਪੈਂਦੀਆਂ ਹਨ।

ਵੀਹਵੀਂ ਸਦੀ ਦਾ ਆਰੰਭ ਪੁਨਰ-ਸੁਰਜੀਤੀ ਦੀ ਠੰਢੀ-ਮਿੱਠੀ ਹਵਾ ਚੱਲਣ ਨਾਲ ਹੋਇਆ। ਇਸ ਵਾਤਾਵਰਣ ਨੇ ਸੁੱਤੇ ਭਾਰਤੀਆਂ ਅਤੇ ਨਿਰਾਸ਼ਾ ਵਿੱਚ ਡੁੱਬੇ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਝੰਜੋੜਿਆ‎,‎ ਜਗਾਇਆ ਅਤੇ ਲਾਮਬੰਦ ਕੀਤਾ। ਜਾਗੀ ਕੌਮ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੋ ਗਿਆ। ਇਸੇ ਅਮਲ ਵਿੱਚ ਚੱਲੀ ਚੇਤੰਨਤਾ ਲਹਿਰ ਨੇ ਧਰਮ ਤੇ ਦੇਸ਼ ਦੀ ਆਜ਼ਾਦੀ ਲਈ ਜੂਝ ਮਰਨ ਵਾਲੇ ਮਰਜੀਵੜੇ ਪੈਦਾ ਕੀਤੇ। ਜਾਗਰੂਕ ਮਰ-ਜੀਵੜਿਆਂ ਨੇ ਨਾਨਕ ਦੇ ਧਰਮ ਨੂੰ ਸਰਕਾਰ ਦੇ ਪਿੱਠੂ ਮਹੰਤਾਂ ਦੀ ਜਕੜ `ਚੋਂ ਮੁਕਤ ਕਰਵਾਇਆ। ਗੁਰਦੁਵਾਰਾ ਲਹਿਰ ਨੇ ਜੰਗੇ ਆਜ਼ਾਦੀ ਵਿੱਚ ਲੋਹੜੇ ਦਾ ਜੋਸ਼ ਪੈਦਾ ਕਰ ਦਿੱਤਾ।

ਗੁਰੂ ਨਾਨਕ ਦੀ ਜਨਮ ਭੂਮੀ ਸਾਂਦਲ ਬਾਰ ਦੇ ਪਿੰਡ ਫੁੱਲਰਵਨ‎,‎ ਜ਼ਿਲ੍ਹਾ ਸ਼ੇਖ਼ੂਪੁਰ‎,‎ ਵਿਖੇ ਇਨ੍ਹਾਂ ਦਾ ਜਨਮ ਹੋਇਆ। ਉਦੋਂ ਉਨ੍ਹੀਵੀਂ ਸਦੀ ਦਾ ਸੱਤਵਾਂ ਦਹਾਕਾ ਚੱਲ ਰਿਹਾ ਸੀ। ਪਿਤਾ ਸਰਦਾਰ ਅਰੂੜ ਸਿੰਘ ਵਿਰਕ ਨੇ ਬੱਚੇ ਦਾ ਨਾਂਅ ਮਾਨ ਸਿੰਘ ਰੱਖਿਆ। ਇਹੀ ਬਾਲ ਵੱਡਾ ਹੋ ਕੇ ਆਪਣੀ ਕੁਲ਼ ਦਾ‎,‎ ਸਿੱਖੀ ਅਤੇ ਦੇਸ਼ ਦਾ ਮਾਣ ਬਣਿਆ। ਹੋਸ਼ ਸੰਭਾਲਦਿਆਂ ਹੀ ਇਨ੍ਹਾਂ ਨੇ ਸਿੱਖੀ ਵੱਲ ਤੀਬਰ ਰੁਚੀ ਵਿਖਾਈ। ਉਨ੍ਹੀ ਦਿਨੀਂ ਭਾਈ ਮੂਲ ਸਿੰਘ ਗਰਮੂਹਲਾ ਨੇ ਵਿਰਕ ਤਪੇ ਵਿੱਚ ਸਿੱਖੀ ਦਾ ਪ੍ਰਚਾਰ ਆਰੰਭਿਆ ਹੋਇਆ ਸੀ। ਮਾਨ ਸਿੰਘ ਇਸ ਵਿੱਚ ਸ਼ਾਮਲ ਹੋ ਗਏ।

ਸੰਨ 1906-07 ਵਿੱਚ ਪਿੰਡ ਸਿੱਖਾਂ ਵਾਲੀ ਕੜਯਾਲ ਦੇ ਨੰਬਰਦਾਰ ਬਾਬਾ ਵੀਰ ਸਿੰਘ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਪਹਿਲਾ ਵੱਡਾ ਕਾਰਜ ਪਰਿਵਾਰਕ ਸ਼ੁੱਧੀ ਦਾ ਕੀਤਾ। ਸਰਦਾਰ ਚੰਦਾ ਸਿੰਘ ਭਿੰਡਰ ਦੀ ਸੁਆਣੀ ਇੱਕ ਮੁਸਲਿਮ ਪਰਿਵਾਰ `ਚੋਂ ਸੀ। ਉਸ ਦੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ ਤੇ ਸਿੱਖੀ ਨਾਲ ਜੋੜਿਆ। ਇਸ ਸ਼ੁੱਧੀ ਕਾਰਜ ਵਿੱਚ ਭਾਈ ਮੂਲ ਸਿੰਘ ਦੇ ਨਾਲ ਮਾਨ ਸਿੰਘ ਵੀ ਸ਼ਾਮਲ ਸਨ। ਅਤੇ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਪੂਰੇ ਇਲਾਕੇ ਵਿੱਚ ਚੱਲ ਪਿਆ। ਮਾਨ ਸਿੰਘ ਭਾਈ ਮੂਲ ਸਿੰਘ ਦੇ ਨਾਲ ਹੀ ਗੁਰਸਿੱਖੀ ਨਾਲ ਰੰਗੇ ਗਏ ਅਤੇ ਇੱਕ ਅਣਥੱਕ ਪ੍ਰਚਾਰਕ ਬਣ ਗਏ।

ਆਪਣੇ ਪਰਿਵਾਰਕ ਮਾਹੌਲ ਵਿੱਚੋਂ ਮਾਨ ਸਿੰਘ ਦਾ ਵਿਸ਼ਵਾਸ਼ ਬਣ ਗਿਆ ਸੀ ਕਿ ਗੁਰਦੁਆਰਾ ਇੱਕੋ ਸਮੇਂ ਗਿਆਨ ਸਰੋਤ ਸਕੂਲ‎,‎ ਦਵਾਖਾਨਾ‎,‎ ਵਿਸ਼ਰਾਮ ਘਰ ਅਤੇ ਇਸਤ੍ਰੀਆਂ ਦੀ ਇਜ਼ਤ-ਮਾਣ ਦਾ ਰਾਖਾ ਹੁੰਦਾ ਹੈ। ਮਹੰਤਾਂ ਦੀ ਕਰਤੂਤਾਂ ਦੇ ਕਿੱਸੇ ਆਮ ਸੁਣੇ ਜਾਂਦੇ ਸਨ। ਉਹ ਨਨਕਾਣੇ ਤੇ ਚੂਹੜਕਾਣੇ ਦੇ ਗੁਰਦੁਆਰਿਆਂ ਦੇ ਮਹੰਤਾਂ ਨੂੰ ਘ੍ਰਿਣਾ ਕਰਨ ਲੱਗ ਪਏ ਸਨ। ਇਨ੍ਹਾਂ ਗੁਰਦੁਆਰਿਆਂ ਵਿੱਚ ਵਿਭਚਾਰ ਤੇ ਕੁਕਰਮ ਹੋ ਰਹੇ ਸਨ। ਸਾਧ ਸੰਗਤ ਦੀ ਲੁੱਟ-ਖਸੁੱਟ ਤੇ ਬੀਬੀਆਂ ਦੀ ਬੇਪਤੀ ਹੁੰਦੀ ਸੀ।

ਉਹ ਪੂਰਨ ਸਿੰਘ ਸਨ। ਰਹਿਣੀ ਬਹਿਣੀ‎,‎ ਕਥਨੀ ਅਤੇ ਕਰਨੀ ਦੇ ਸੂਰੇ‎,‎ ਪੁਰਾਤਨ ਸਿੱਖੀ ਦਾ ਨਮੂਨਾ। ਸਾਰੀ ਜ਼ਿੰਦਗੀ ਕਾਲੀ ਦਸਤਾਰ ਸਜਾਉਂਦੇ ਰਹੇ। ਲੰਮਾ ਦਾੜਾ‎,‎ ਚੂੜੀਦਾਰ ਪਜਾਮਾ ਅਤੇ ਕਾਲੀ ਸ਼ੇਰਵਾਨੀ ਨਾਲ ਉਹ ਦੂਰੋਂ ਪਹਿਚਾਣੇ ਜਾਂਦੇ। ਉਨ੍ਹਾਂ ਦਾ ਪੂਰਾ ਜੀਵਨ ਸੰਘਰਸ਼ ਭਰਿਆ ਰਿਹਾ। ਉਹ ਹਰ ਮੋਰਚੇ ਵਿੱਚ ਮੋਹਰੇ ਹੋ ਕੇ ਜੂਝੇ। ਸੱਚਾ ਸੌਦਾ ਬਾਰ ਦੇ ਅਕਾਲੀ ਜਥਿਆਂ ਦੀ ਅਗਵਾਈ ਗੱਜ-ਵੱਜ ਕੇ ਕੀਤੀ। ਉਹ ਅੱਗੇ ਲੱਗ ਕਹਿੰਦੇ‎,‎ ‘ਖਾਲਸਾ ਜੀ! ਇਹ ਹੀੰ ਜੀਵਨ ਦਾ ਖ਼ਰਾ ਸੌਦਾ ਜੇ‎,‎ ਵਣਜ ਜੇ…ਕਰੋ ਤੇ ਗੁਰੂ ਦੀਆਂ ਖੁਸ਼ੀਆਂ ਮਾਣੋ…।’

ਸਭ ਤੋਂ ਪਹਿਲਾਂ ਉਨ੍ਹਾਂ ਦਾ ਵਾਹ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਕੁੰਜੀਆਂ ਦੇ ਮੋਰਚੇ ਨਾਲ ਪਿਆ। ਚੜ੍ਹਦੀ ਜਵਾਨੀ ਵਿੱਚ ਜਦੋਂ ਮਾਨ ਸਿੰਘ ਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਦਾ ਡੀ ਸੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਕੁੰਜੀਆਂ ਖੋਹਕੇ ਲੈ ਗਿਆ ਹੈ‎,‎ ਉਹ ਇਹ ਮਾਨਹਾਨੀ ਬਰਦਾਸ਼ਤ ਨਾ ਕਰ ਸਕੇ। ਅੰਮ੍ਰਿਤਸਰ ਜਾ ਕੇ ਉਸ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ। ਮੋਰਚਾ ਸਰ ਹੋ ਗਿਆ। ਚਾਬੀਆਂ ਵਾਪਸ ਕਰਨੀਆਂ ਪਈਆਂ। ਮਹਾਤਮਾ ਗਾਂਧੀ ਨੇ ਇਸ ਮੋਰਚੇ ਦੀ ਜਿੱਤ ਨੂੰ ਜੰਗ-ਏ-ਆਜ਼ਾਦੀ ਦੀ ਪਹਿਲੀ ਜਿੱਤ ਦਾ ਨਾਮ ਦਿੱਤਾ। ਇਸ ਤੋਂ ਪਿੱਛੋਂ ਚੱਲ ਸੋ ਚੱਲ। ਮਾਨ ਸਿੰਘ ਲਈ ਹਰਏਕ ਮੋਰਚਾ ਸਿੱਖੀ ਅਣਖ ਲਈ ਚੁਣਾਉਤੀ ਅਤੇ ਦੇਸ਼ ਦੀ ਆਜ਼ਾਦੀ ਦਾ ਅਗਲਾ ਪੜਾਅ ਬਣ ਗਿਆ।

ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ 6 ਮਾਰਚ‎,‎ 1921‎,‎ ਨੂੰ ਨਨਕਾਣਾ ਸਾਹਿਬ ਦੇ ਪੰਥਕ ਇਕੱਠ ਵਿੱਚ ਜਥੇਦਾਰ ਹੰਭੋ ਇੱਕ ਵੱਡੇ ਜਥੇ ਨਾਲ ਸ਼ਾਮਲ ਹੋਏ। ਨਨਕਾਣਾ ਸਾਹਿਬ ਗੁਰਦੁਆਰੇ ਅੰਦਰ ਮਹੰਤ ਨਰਾਇਣ ਦਾਸ ਹਰ ਕਿਸਮ ਦੀ ਬਦਮਾਸ਼ੀ‎,‎ ਗੁੰਡਾਗਰਦੀ ਕਰਦਾ ਅਤੇ ਬੀਬੀਆਂ ਨੂੰ ਬੇਪੱਤ ਕਰਦਾ ਸੀ। ਉਦੋਂ ਅਤਿ ਹੀ ਹੋ ਗਈ‎,‎ ਜਦੋਂ ਉਸ ਨੇ ਕੁੱਝ ਸਿੰਘਾਂ ਨੂੰ ਤਸੀਹੇ ਦਿੱਤੇ ਅਤੇ ਜਿਊਂਦੇ ਪੁੱਠੇ ਲਟਕਾ ਸਾੜਨਾ ਸ਼ੁਰੂ ਕਰ ਦਿੱਤਾ। ਇਸ `ਤੇ ਝੱਬਰ ਨੇ ਇਲਾਕੇ ਦੇ ਸਿੰਘਾਂ ਨੂੰ ਹਥਿਆਰਬੰਦ ਹੋ ਰਾਤੋ ਰਾਤ ਚੰਦਰ ਕੋਟ ਵਾਲੀ ਝਾਲ਼ `ਤੇ ਪਹੁੰਚਣ ਲਈ ਘੋੜੀਆਂ `ਤੇ ਸੁਨੇਹੇ ਭੇਜ ਦਿੱਤੇ। 21-2-1921 ਨੂੰ ਜਥਿਆਂ ਦੇ ਇਕੱਠ ਨੂੰ ਦੋ-ਦੋ ਸੌ ਦੇ ਗਿਆਰਾਂ ਜਥਿਆਂ ਵਿੱਚ ਵੰਡ ਆਪ ਸੀਟੀ ਲੈ ਮੂਹਰੇ ਖੜ੍ਹ ਗਿਆ। ਇਸ ਤਰ੍ਹਾਂ ਸੰਗਠਤ ਜਥੇ ਸ਼ਸਤਰਬੰਦ ਲਸ਼ਕਰ ਦਾ ਰੂਪ ਧਾਰ ਗਏ। ਜਥੇਦਾਰ ਝੱਬਰ ਲਸ਼ਕਰ ਦੇ ਕਮਾਂਡਰ ਵਾਂਗ ਮੂਹਰੇ ਲੱਗ ਤੁਰਿਆ। ਪ੍ਰਸਿੱਧ ਸਿੱਖ ਸਰਦਾਰਾਂ ਅਤੇ ਸਰਕਾਰ ਦੇ ਆਲ਼ਾ ਅਫ਼ਸਰ ਵੀ ਫੌਜ ਤੇ ਪੁਲੀਸ ਲੈਕੇ ਪਹੁੰਚ ਗਏ। ਸਥਿੱਤੀ ਪੂਰੇ ਤਣਾਅ ਵਿੱਚ ਸੀ। ਵੱਡੇ ਖੂਨ-ਖ਼ਰਾਬੇ ਦਾ ਖ਼ਤਰਾ ਸੀ। ਸਰਕਾਰ ਨੂੰ ਹਾਰਕੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਜਥੇਦਾਰ ਝੱਬਰ ਨੂੰ ਦੇਣੀਆਂ ਪਈਆਂ ਅਤੇ ਮਹੰਤਾਂ ਨੂੰ ਗੁਰਦਵਾਰਾ ਛੱਡਣਾ ਪਿਆ। ਇਸ ਇਤਿਹਾਸਿਕ ਮੋਰਚੇ ਵਿੱਚ ਜਥੇਦਾਰ ਮਾਨ ਸਿੰਘ ਝੱਬਰ ਦੇ ਨਾਲ ਜੁੜੇ ਮੋਹਰੀਆਂ ਵਿੱਚੋਂ ਸੀ।

ਇਸ ਪਿੱਛੋਂ ਸੱਚਾ ਸੌਦਾ ਬਾਰ ਤੋਂ 750 ਸਿੰਘਾਂ ਦਾ ਇੱਕ ਵੱਡਾ ਜਥਾ ਲੈਕੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਮਲ ਹੋਏ। ਇਹ ਮੋਰਚਾ ਸੋਲਾਂ ਦਿਨ ਚੱਲਿਆ। ਇਨ੍ਹਾਂ ਦੀ ਅਗਵਾਈ ਵਿੱਚ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ। ਪੂਰੇ ਰੋਹ ਤੇ ਜੋਸ਼ ਵਿੱਚ ਸੰਗਤ `ਚੋਂ ਆਵਾਜ਼ਾਂ ਆਈਆਂ‎,‎ “ਜਥੇਦਾਰੋ ਇਹ ਨਾ ਸਮਝਿਓ ਕਿ ਤੁਸੀਂ ਇੱਕਲੇ ਹੀ ਚੱਲੇ ਹੋ। ਪਿੱਛੋਂ ਅਸੀਂ‎,‎ ਫਿਰ ਸਾਡੇ ਪੁੱਤ ਤੇ ਪੋਤਰੇ ਵੀ ਮਗਰੇ ਆਏ ਸਮਝੋ। '' ਗ੍ਰਿਫਤਾਰ ਕੀਤੇ ਜਥੇ ਅਟਕ ਜੇਲ ਨੂੰ ਗੱਡੀ ਚੜ੍ਹਾ ਦਿੱਤੇ ਗਏ। ਅੱਗੋਂ ਪੰਜਾ ਸਾਹਿਬ ਦੀਆਂ ਸੰਗਤਾਂ ਨੇ ਸਟੇਸ਼ਨ ਮਾਸਟਰ ਨੂੰ ਜਥੇ ਨੂੰ ਲੰਗਰ ਛਕਾਉਣ ਵਾਸਤੇ ਗੱਡੀ ਰੋਕਣ ਲਈ ਕਿਹਾ। ਉਸ ਨੇ ਸਰਕਾਰੀ ਹੁਕਮ ਦਾ ਹਵਾਲਾ ਦੇ ਮਜਬੂਰੀ ਪ੍ਰਗਟ ਕੀਤੀ। ਸਿੰਘਾਂ ਨੇ ਗੁਰਦੁਆਰੇ ਜਾ ਕੇ ਹੁਕਮ ਲਿਆ। ਹੁਕਮ ਸੀ: ‘ਤਨ ਮਨ ਧਨ ਸਭ ਸਉਪ ਗੁਰ ਕਉ ਹੁਕਮ ਮਨੀਐ ਪਾਈਐ''। ‘ਨਿਸ਼ਚੇ ਕਰ ਆਪਣੀ ਜੀਤ ਕਰੂੰ ਉਚਾਰਦੇ’ ਸਿੰਘ ਗੱਡੀ ਅੱਗੇ ਲੇਟ ਗਏ। ਸਿੰਘਾਂ ਨੂੰ ਸ਼ਹੀਦ ਕਰ ਗੱਡੀ ਰੁਕ ਗਈ। ਸੰਗਤਾਂ ਨੇ `ਤੇਰਾ ਭਾਣਾ ਮੀਠੈ ਲਾਗੈ’ ਉਚਾਰਦੇ ਜਥੇ ਨੂੰ ਲੰਗਰ ਛਕਾਇਆ।

ਅਟਕ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤੇ ਜਥੇ ਨੂੰ ਪੈਦਲ ਜੇਲ੍ਹ ਕੈਂਪ ਵਿੱਚ ਲਿਜਾਣਾ ਸੀ। ਤੁਰੇ ਜਾ ਰਹੇ ਜਥੇ ਦੇ ਇੱਕ ਸਿੰਘ ਨੂੰ ਰੋੜੀ ਮਾਰਕੇ ਇੱਕ ਪੁਲੀਸ ਅਫ਼ਸਰ ਕਹਿਣ ਲੱਗਾ‎,‎ “ਜਲਦੀ-ਜਲਦੀ ਚਲੋ…''। ਇਸ `ਤੇ ਸਭ ਜਥੇ ਉਥੇ ਹੀ ਬੈਠ ਗਏ। ਅੱਗੇ ਤੁਰਨ ਤੋਂ ਨਾਂਹ ਕਰ ਦਿੱਤੀ। ਪੁਲੀਸ ਅਫ਼ਸਰ ਨੇ ਸਿਪਾਹੀਆਂ ਨੂੰ ਸਖ਼ਤੀ ਕਰਨ ਲਈ ਕਿਹਾ। ਸਿਪਾਹੀਆਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਕੈਦੀ ਹਨ। ਜੇ ਭੱਜਣ ਦੀ ਕੋਸ਼ਿਸ਼ ਕਰਨਗੇ ਤਾਂ ਫੜਾਂਗੇ। ਮੁਸਲਮਾਨ ਡੀ ਐੱਸ ਪੀ ਨੇ ਅੰਗਰੇਜ਼ ਐੱਸ ਪੀ ਨੂੰ ਆਖਿਆ‎,‎ “ਅਜ਼ਮਾਇਆਂ ਹੋਇਆਂ ਨੂੰ ਹੋਰ ਕੀ ਅਜ਼ਮਾਣਾ ਹੈ। ਇਨ੍ਹਾਂ ਨਾਲ ਕੋਈ ਸਖ਼ਤੀ ਨਹੀਂ ਚੱਲਣੀ।” ਐਸ ਪੀ ਉਥੋਂ ਚਲਾ ਗਿਆ। ਡੀ ਐੱਸ ਪੀ ਦੀ ਨਿਮਰ ਬੇਨਤੀ `ਤੇ ਜਥਾ ਅਟਕ ਕੈਂਪ ਜੇਲ੍ਹ ਲਈ ਤੁਰ ਪਿਆ।

ਇਸ ਜੇਲ੍ਹ ਵਿੱਚ ਮਾਨ ਸਿੰਘ ਨੂੰ ਪੰਜ ਸਾਲ ਕੈਦ ਅਤੇ ਤਿੰਨ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਪੁੱਠੇ ਲਟਕਾ ਮਾਫੀ ਮੰਗਵਾਉਣੀ ਲਈ ਜ਼ੋਰ ਪਾਇਆ ਗਿਆ। ਉਹ ਤਾਂ ਕੁਰਬਾਨੀ ਅਤੇ ਸਰਿੜ ਦੇ ਪੁਤਲੇ ਸਨ। ਮਾਫੀ ਕਿਨ੍ਹੇ ਮੰਗਣੀ ਸੀ। ਕਈ ਕਿਸਮ ਦੇ ਛੜਯੰਤਰ ਵੀ ਰਚੇ ਗਏ। ਨਾਟਕੀ ਮਾਰਾਂ ਦੇ ਪਰਪੰਚ ਰਚੇ‎,‎ ਚੀਕਾਂ ਸੁਣਵਾਈਆਂ। ਅਫ਼ਵਾਹਾਂ ਵੀ ਫੈਲਾਈਆਂ ਕਿ ਜਥੇਦਾਰ ਨੇ ਮਾਫੀ ਮੰਗ ਲਈ ਹੈ। ਪਰ ਜੇਲ੍ਹ ਅਧਿਕਾਰੀਆਂ ਨੂੰ ਸਫ਼ਲਤਾ ਨਾ ਮਿਲੀ। ਅਖ਼ੀਰ ਅਟਕ ਕੈਂਪ ਜੇਲ੍ਹ ਤੋਂ ਮੁਲਤਾਨ ਸੈਂਟਰਲ ਜੇਲ੍ਹ ਵਿੱਚ ਬਦਲ ਦਿੱਤਾ ਗਿਆ ਜਿਥੇ ਹਰ ਇੱਕ ਨੂੰ ਟਾਟ-ਵਰਦੀ ਲਾਈ ਜਾਂਦੀ ਸੀ ਅਤੇ 18-18 ਸੇਰ ਅਨਾਜ ਪੀਹਣ ਵਾਸਤੇ ਦਿੱਤਾ ਜਾਂਦਾ ਸੀ।

ਜੈਤੋ ਦੇ ਮੋਰਚੇ ਵਾਸਤੇ ਜਥੇਦਾਰ ਮਾਨ ਸਿੰਘ ਹੰਭੋ 800 ਸਿੰਘਾਂ ਦਾ ਜਥਾ ਨਨਕਾਣਾ ਸਾਹਿਬ ਤੋਂ ਲੈਕੇ ਚੱਲੇ। ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਇਸ ਜਥੇ ਵਿੱਚੋਂ ਸਿੰਘ ਲੈ ਲੈ ਕੇ ਦੂਜਿਆਂ ਜਥਿਆਂ ਨਾਲ ਭੇਜੇ ਜਾਣ ਲੱਗੇ। ਜਥੇਦਾਰ ਹੰਭੋ ਨਨਕਾਣਾ ਸਾਹਿਬ ਤੋਂ ਹੋਰ 500 ਸਿੰਘਾਂ ਦਾ ਜਥਾ ਲੈ ਕੇ ਪੈਦਲ ਹੀ 45 ਦਿਨਾਂ ਵਿੱਚ ਜੈਤੋ ਪੁੱਜਾ। ਪੁਲੀਸ ਨੇ ਰਸਤੇ ਵਿੱਚ ਜਥੇ ਨਾਲੋਂ ਜਥੇਦਾਰ ਨੂੰ ਵੱਖ ਕਰਕੇ ਜਥੇ ਨੂੰ ਗੱਡੀ ਤੇ ਚੜ੍ਹਨ ਲਈ ਕਿਹਾ। ਜਥਾ ਧਰਨਾ ਮਾਰ ਕੇ ਉਥੇ ਹੀ ਬੈਠ ਗਿਆ। ਜਿੰਨਾ ਚਿਰ ਸਾਡਾ ਜਥੇਦਾਰ ਸਾਡੇ ਨਾਲ ਗੱਡੀ `ਤੇ ਨਹੀਂ ਚੜ੍ਹਦਾ ਅਸੀਂ ਨਹੀਂ ਚੜ੍ਹਾਂਗੇ। ਅਖ਼ੀਰ ਪੁਲੀਸ ਨੂੰ ਝੁੱਕਣਾ ਪਿਆ। ਗ੍ਰਿਫ਼ਤਾਰ ਕਰਕੇ ਜਥੇ ਨੂੰ ਨਾਭੇ ਭੇਜ ਦਿੱਤਾ ਗਿਆ। ਏਥੇ ਜਥੇਦਾਰ ਨੂੰ ਕਾਰਖਾਸ (ਦੇਸੀ ਰਿਆਸਤਾਂ ਵਿੱਚ ਇੱਕ ਖ਼ਾਸ ਕੈਦਖਾਨਾ ਹੁੰਦਾ ਸੀ ਜਿਥੇ ਦੋਸ਼ੀਆਂ ਨੂੰ ਸਖਤ ਕਸ਼ਟ ਦਿੱਤੇ ਜਾਂਦੇ ਸਨ ਤਾਂ ਜੋ ਦੋਸ਼ੀ ਜੁਰਮ ਇਕਬਾਲ ਕਰ ਲਵੇ) ਵਿੱਚ ਰੱਖਿਆ ਗਿਆ। ਏਥੇ ਜਥੇਦਾਰ ਨੂੰ ਢਾਈ ਸਾਲ ਕੈਦ ਅਤੇ 500 ਰੁਪੈ ਜੁਰਮਾਨਾ ਹੋਇਆ। ਬਾਕੀ ਜਥੇ ਨੂੰ ਰਿਹਾ ਕਰ ਦਿੱਤਾ ਗਿਆ। 13 ਮਹੀਨਿਆਂ ਪਿੱਛੋਂ ਏਥੋਂ ਰਿਹਾਈ ਹੋਈ। ਵਾਪਸ ਅੰਮ੍ਰਿਤਸਰ ਪਹੁੰਚਣ `ਤੇ ਤਰਨ ਤਾਰਨ ਤੋਂ ਲੈਕੇ ਦਰਬਾਰ ਸਾਹਿਬ ਤਕ ਜਲੂਸ ਦੇ ਮੋਹਰੇ ਲਗਾ ਕੇ ਸਨਮਾਨ ਕੀਤਾ ਗਿਆ। ਸਨਮਾਨ ਵਜੋਂ ਹੰਭੋ ਸਾਹਿਬ ਨੂੰ ਸਾਰੇ ਜਥਿਆਂ ਦਾ ਜਥੇਦਾਰ ਥਾਪ ਦਿੱਤਾ ਗਿਆ।

ਡਸਕਾ‎,‎ ਜ਼ਿਲ੍ਹਾ ਸਿਆਲਕੋਟ ਵਿਖੇ ਕੁੱਝ ਸ਼ਰਾਰਤੀ ਮੁਸਲਮਾਨ ਅਨਸਰ ਗੁਰਦੁਆਰੇ ਦਾ ਅਪਮਾਨ ਕਰਦੇ ਸਨ। ਬਾਬਾ ਖੜਕ ਸਿੰਘ ਨੇ ਏਥੇ ਮੋਰਚਾ ਲਾ ਦਿੱਤਾ। ਜਥੇਦਾਰ ਮਾਨ ਸਿੰਘ ਹੰਭੋ ਦੀ ਜਥੇਦਾਰੀ ਹੇਠ ਸ਼ੇਖ਼ੂਪੁਰੇ ਤੋਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਬਟਾਲਾ ਕਲਾਨੌਰ ਰਾਹ ਸਿਆਲ ਕੋਟ ਪੁੱਜਾ। ਰਸਤੇ ਵਿੱਚ ਪਤਾ ਲੱਗਾ ਕਿ ਪੁਲਿਸ ਜਥੇਦਾਰ ਨੂੰ ਹੀ ਫੜਨਾ ਚਾਹੁੰਦੀ ਹੈ। ਪੁਲਿਸ ਜਥੇਦਾਰ ਨੂੰ ਫੜਨ ਲੱਗੀ ਤਾਂ ਇਹ ਛਾਲ ਮਾਰ ਕੇ ਇੱਕ ਕੋਠੇ ਤੇ ਚੜ੍ਹ ਗਏ। ਕੋਠਿਆਂ ਦੇ ਛੱਤੋ ਛੱਤ ਗੁਰਦੁਵਾਰੇ ਜਾ ਉੱਤਰੇ। ਬਾਕੀ ਜਥਾ ਵੀ ਰਾਹੋਂ ਕੁਰਾਹੇ‎,‎ ਪਾਣੀਆਂ `ਚੋਂ ਲੰਘਦਾ ਡਸਕੇ ਜਾਂ ਪਹੁੰਚਿਆ। ਜਥੇਦਾਰ ਗੁਰਦੁਆਰੇ ਪੁੱਜਣ ਦਾ ਪ੍ਰਣ ਪੂਰਾ ਕਰਦੇ ਅੰਦਰੋਂ ਦੀ ਜਥੇ ਵਿੱਚ ਸ਼ਾਮਲ ਹੋਏ। ਕੈਦ ਕਰਕੇ ਜਥੇ ਨੂੰ ਮੁਲਤਾਨ ਭੇਜ ਦਿੱਤਾ ਗਿਆ ਜਿੱਥੇ ਹੰਭੋ ਨੂੰ ਢਾਈ ਸਾਲ ਦੀ ਕੈਦ ਤੇ 500 ਰੁਪਏ ਜੁਰਮਾਨਾ ਹੋਇਆ।

ਪੰਥ ਲਈ ਤਿਆਗ ਦੀ ਭਾਵਨਾ ਬਹੁਤ ਮਜ਼ਬੂਤ ਸੀ। ਧੀ ਜਸਵੰਤ ਦਾ ਪਲੇਠੀ ਦਾ ਪੁੱਤਰ ਨਮੂਨੀਏ ਨਾਲ ਸਖ਼ਤ ਬੀਮਾਰ ਸੀ। ਘਰ ਦੇ ਮੈਂਬਰਾਂ ਨੇ ਆਖਿਆ ਕਿ ਬੱਚੇ ਦੀ ਹਾਲਤ ਖ਼ਰਾਬ ਹੈ ਤੁਸੀਂ ਡਸਕੇ ਦੇ ਮੋਰਚੇ ਤੇ ਨਾ ਜਾਓ। ਇਨ੍ਹਾਂ ਕਿਹਾ‎,‎ ‘ਮੈਂ ਮੋਰਚੇ ਤੇ ਜਾਣੋਂ ਪਿੱਛੇ ਰਹਿ ਨਹੀਂ ਸਕਦਾ ਅਤੇ ਇਸ ਬੱਚੇ ਨੇ ਬੱਚਣਾ ਨਹੀਂ।’ ਇਸ ਤਰ੍ਹਾਂ ਜਥੇਦਾਰ ਨੇ ਘਰੇਲੂ ਮਜ਼ਬੂਰੀਆਂ ਵਿੱਚ ਵੀ ਮੋਰਚਿਆਂ `ਤੇ ਜਾਣਾ ਆਪਣਾ ਫਰਜ਼ ਸਮਝਿਆ।

ਡਿਪਟੀ ਕਮਿਸ਼ਨਰ ਨੂਰ ਮੁਹਮੰਦ ਨੇ ਐਵੇਂ ਇੱਕ ਮੁਰਗੀ ਨੂੰ ਝਟਕਾਏ ਜਾਣ `ਤੇ ਜਥੇਦਾਰ ਮਾਨ ਸਿੰਘ ਹੰਭੋ ਨੂੰ ਬੁਲਾਇਆ ਤੇ ਸ਼ਿਕਾਇਤ ਕੀਤੀ। ਗੱਲਾਂ ਬਾਤਾਂ ਵਿੱਚ ਤਕਰਾਰ ਹੋ ਗਿਆ। ਜਥੇਦਾਰ ਨੇ ਕੋਈ ਢਿੱਲ ਨਾ ਵਿਖਾਈ। ਗੁੱਸੇ ਵਿੱਚ ਡੀ ਸੀ ਕਹਿੰਦਾ‎,‎ ‘ਅਸੀਂ ਉਥੇ ਗਾਂ ਵੱਢਾਂਗੇ।’ ਜਥੇਦਾਰ ਨੇ ਤੁਰੰਤ ਖ਼ੜਕਵਾਂ ਮੋੜਾ ਦਿੱਤਾ‎,‎ ‘ਅਸੀਂ ਤੇਰੀ ਕੋਠੀ ਅੰਦਰ ਸੂਰ ਵੱਢਾਂਗੇ‎,‎ ਇਸ ਤਰ੍ਹਾਂ ਹੈ ਤਾਂ ਏਸੇ ਤਰ੍ਹਾਂ ਹੀ ਸਹੀ’। ਸਿੱਖਾਂ `ਤੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ। ਸਿੰਘ ਥੋੜ੍ਹਾ ਪਿਛਾਂਹ ਹਟੇ ਅਤੇ ਸੰਭਲਕੇ ਮੋੜਵੇਂ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਨੇ ਨੂੰ ਕੜਯਾਲ ਦਾ ਜਥਾ ਆ ਗਿਆ। ਜਥੇਦਾਰ ਨੇ ਲਲਕਾਰਿਆ‎,‎ ‘ਲੈ ਬਈ ਕੜਯਾਲੀਓ! ਇਹ ਹੁਣ ਜਾਣ ਨਾ…ਖ਼ੂਬ ਕੁਟਾਪਾ ਹੋਇਆ। ਅੱਠਾਂ ਕੜਯਾਲੀਆਂ ਦੇ ਚਲਾਣ ਹੋਏ ਤੇ ਉਹ ਫੜੇ ਗਏ। ਇਸ ਘੱਟਨਾ ਨੂੰ ਇਤਿਹਾਸ ਵਿੱਚ ਝੱਟਕੇ ਦਾ ਮੋਰਚਾ ਕਰਕੇ ਜਾਣਿਆ ਜਾਂਦਾ ਹੈ।

ਪੰਜਾਬੀ ਸੂਬੇ ਦੇ ਮੋਰਚੇ ਨਾਲ ਪਤਾ ਸੀ ਕਿ ਜ਼ਿਲ੍ਹਾ ਕਰਨਾਲ ਹਰਿਆਣਾ ਵਿੱਚ ਜਾਏਗਾ। ਪਰ ਅਕਾਲੀ ਦਲ ਦਾ ਵਫ਼ਾਦਾਰ ਖਾਲਸਾ ਹੰਭੋ ਇਸ ਸੰਘਰਸ਼ ਵਿੱਚ ਵੀ ਪਿੱਛੇ ਨਾ ਹਟਿਆ। ਹਰਿਆਣੇ ਦੇ ਉਸ ਵਕਤ ਦੇ ਕਾਂਗਰਸ ਪ੍ਰਧਾਨ ਬਖਸ਼ਾ ਸਿੰਘ ਨਾਵਾਂ ਅਤੇ ਇਲਾਕਾ ਐੱਮ ਐੱਲ ਏ ਸ਼੍ਰੀਮਤੀ ਪ੍ਰਸਿੰਨੀ ਨੇ ਐਲਾਨ ਕੀਤਾ ਕਿ ਏਥੇ ਹਰਿਆਣੇ ਵਿੱਚ ਮੋਰਚਾ ਨਹੀਂ ਲੱਗ ਸਕੇਗਾ। ਜਥੇਦਾਰ ਹੰਭੋ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੋਇਆ ਸੀ। ਅੰਬਾਲਾ ਜੇਲ੍ਹ ਚੋਂ ਪੈਰੋਲ `ਤੇ ਆਪਣੇ ਦੋਹਤੇ ਦੀ ਬਰਾਤ ਨਾਭੇ ਗਏ ਹੋਏ ਸਨ। ਉਥੇ ਗਿ: ਕਰਤਾਰ ਸਿੰਘ ਨੂੰ ਵਕੀਲ ਗੁਰਦਿਆਲ ਸਿੰਘ (ਜਥੇਦਾਰ ਦਾ ਭਤੀਜਾ) ਨੇ ਪੁੱਛਿਆ‎,‎ ‘ਸੁਣਾਓ ਗਿਆਨੀ ਜੀ ਮੋਰਚੇ ਦਾ ਹੁਣ ਕੀ ਬਣੇਗਾ। ਗਿਆਨੀ ਕਾਂਗਰਸ ਵਿੱਚ ਸ਼ਾਮਲ ਹੋ ਚੁੱਕਿਆ ਸੀ। ਕਹਿੰਦਾ‎,‎ ‘ਪੰਥ ਵਾਗ ਫੜੇ ਤਾਂ ਹੀ ਕੁੱਝ ਬਣ ਸਕੇਗਾ।’ ਜਥੇਦਾਰ ਨੇ ਬੜੇ ਗੁੱਸੇ ਨਾਲ ਆਖਿਆ‎,‎ ‘ਗਿਆਨੀ ਜੀ ਅਜੇ ਤਾਂ ਪੰਥ ਦਾ ਟੁੱਕਰ ਤੁਹਾਡੇ ਦੰਦਾਂ ਵਿੱਚ ਫੱਸਿਆ ਹੋਇਐ। ਤੁਸੀਂ ਹੀ ਪੰਥ ਨੂੰ ਵੰਗਾਰਨ ਲੱਗ ਪਏ। ਅਸੀਂ ਚਲਾਵਾਂਗੇ ਮੋਰਚਾ। ਮਰੇ ਨਹੀਂ।’

ਗਿਆਨੀ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਜਾ ਦੱਸਿਆ ਤੇ ਮੋਰਚੇ ਦੇ ਪ੍ਰੋਗਰਾਮ ਦੀ ਸਾਰੀ ਸੂਹ ਵੀ ਦੇ ਦਿੱਤੀ। ਜਥੇਦਾਰ ਨੇ ਆਪਣੇ ਪੁੱਤਰ ਨੂੰ ਲੀਡਰ ਬਣਾ ਇੱਕ ਹਜ਼ਾਰ ਦਾ ਜਥਾ ਦਿੱਲੀ ਨੂੰ ਤੋਰ ਦਿੱਤਾ ਅਤੇ ਆਪ ਕਰਨਾਲ ਗੁਰਦੁਵਾਰਾ ਮੰਜੀ ਸਾਹਿਬ ਪਹੁੰਚ ਕੇ ਮੋਰਚਾ ਡਿਕਟੇਟਰ ਦੀ ਜ਼ਿੰਮੇਵਾਰੀ ਸੰਭਾਲੀ। ਪੁਲੀਸ ਨੇ ਫੜੋ-ਫੜਾਈ ਸ਼ੁਰੂ ਕਰ ਦਿੱਤੀ। ਜਥੇਦਾਰ ਦਾ ਸਭ ਮਾਲ ਅਸਬਾਬ‎,‎ ਮਾਲ ਡੰਗਰ ਪੁਲੀਸ ਨੇ ਜ਼ਬਤ ਕਰ ਲਿਆ। ਝੋਨੇ ਨੂੰ ਪਾਣੀ ਦੇਣ ਲਈ ਲੁਆਈਆਂ ਨਾਲਾਂ ਵੀ ਪੁੱਟ ਦਿੱਤੀਆਂ ਤੇ ਫ਼ਸਲਾਂ ਉਜਾੜ ਦਿੱਤੀਆਂ। ਇਸ ਜਥੇ ਵਿੱਚ ਉਦੋਂ ਜਥੇਦਾਰ ਦਾ ਤੇਰਾਂ-ਚੌਦਾਂ ਸਾਲਾ ਪੋਤਰਾ ਵੀ ਗ੍ਰਿਫ਼ਤਾਰ ਹੋਇਆ। ਪੂਰੇ ਇਲਾਕੇ ਨੇ ਬੜੇ ਜ਼ੋਰ ਨਾਲ ਮੋਰਚਾ ਚਲਾਇਆ ਤੇ ਕਾਮਯਾਬੀ ਹੋਈ।

ਵੰਡ ਤੋਂ ਪਹਿਲਾਂ‎,‎ ਜਥੇਦਾਰ ਹੰਭੋ ਨਨਕਾਣਾ ਸਾਹਿਬ ਤੇ ਸੱਚਾ ਸੌਦਾ ਦੇ ਇੰਚਾਰਜ ਸਨ। ਜ਼ਿਲ੍ਹਾ ਅਕਾਲੀ ਦਲ ਤੇ ਸੱਚਾ ਸੌਦਾ ਕਮੇਟੀ ਦੇ ਪ੍ਰਧਾਨ ਸਨ। ਜਥੇਦਾਰ ਮਾਨ ਸਿੰਘ ਹੰਭੋ ਤਕਰੀਬਨ ਦਸ ਸਾਲ ਐੱਮ ਐੱਲ ਏ ਰਹੇ। 1956 ਤਕ ਐਸ ਜੀ ਪੀ ਸੀ‎,‎ ਦੇ ਮੈਂਬਰ ਰਹੇ। ਕਦੀ ਵੀ ਕਮੇਟੀ ਤੋਂ ਡੀ ਏ‎,‎ ਟੀ ਏ ਨਹੀਂ ਸਨ ਲੈਂਦੇ। ਕਹਿੰਦੇ‎,‎ ‘ਜੇ ਡੀ ਏ‎,‎ ਟੀ ਏ ਲੈ ਲਏ ਤਾਂ ਸੇਵਾ ਕਾਹਦੀ ਹੋਈ…।’

ਜਦੋਂ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਹੁਕਮ ਮੰਨਦੇ ਸ਼ਾਮਲ ਜ਼ਰੂਰ ਹੋਏ ਪਰ ਬਾਣਾ ਨਾ ਬਦਲਿਆ। ਪਿੱਛੋਂ ਫਿਰ ਜਦੋਂ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਨੂੰ ਛੱਡਣ ਵਾਸਤੇ ਆਖਿਆ ਤਾਂ ਇਹਨਾਂ ਨੇ ਅਸਤੀਫ਼ਾ ਦੇ ਦਿੱਤਾ। ਲੁਧਿਆਣੇ ਅਕਾਲੀ ਕਾਨਫਰੰਸ ਹੋਈ ਤਾਂ ਮਾਸਟਰ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਜਥੇਦਾਰ ਹੰਭੋ ਕੋਲੋਂ ਕਰਵਾਈ।

ਵੰਡ ਵੇਲੇ ਜਥੇਦਾਰ ਹੰਭੋ ਨੇ ਆਪਣੇ ਲਈ ਵੀ ਅਤੇ ਇਲਾਕੇ ਦੇ ਬੱਚੇ-ਬੱਚੇ ਲਈ ਬੜੀ ਸਿਆਣਪ ਨਾਲ ਅਗਵਾਈ ਕੀਤੀ। ਢਾਬਾ ਸਿੰਘ ਨੇੜੇ ਗੋਬਿੰਦਗੜ੍ਹ (ਸ਼ੇਖੂਪੁਰ) ਵਿੱਚ ਮਜ਼੍ਹਬੀ ਸਿੰਘਾਂ ਦੇ ਪਿੰਡ ਸਨ। ਮੁਸਲਮਾਨਾਂ ਨੇ ਇਨ੍ਹਾਂ ਮਜ਼੍ਹਬੀ ਸਿੰਘਾਂ ਦੇ ਕਤਲ‎,‎ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਬਾਕੀ ਭਜਾ ਦਿੱਤੇ ਗਏ। ਏਧਰੋਂ ਸਿੰਘ ਵੀ ਇਨ੍ਹਾਂ ਦੀ ਸਹਾਇਤਾ ਲਈ ਖੜ੍ਹੇ ਹੋ ਗਏ। ਮੁਸਲਮਾਨਾਂ ਦੀ ਪੁਲੀਸ ਬਹੁਤ ਮਦਦ ਕਰਦੀ ਸੀ। ਜਦੋਂ ਗਲ ਹੱਦੋਂ ਟੱਪ ਗਈ ਤਾਂ ਡੀ ਸੀ ਨੇ ਐਸ ਪੀ ਰਾਹੀਂ ਜਥੇਦਾਰ ਨੂੰ ਸ਼ੇਖੂਪੁਰੇ ਬੁਲਾਇਆ। ਡੀ ਸੀ‎,‎ ਐੱਸ ਪੀ ਤੇ ਆਈ ਜੀ ਕੁਰਬਾਨ ਅਲੀ ਹੰਭੋ ਨੂੰ ਲੈ ਕੇ ਗੋਬਿੰਦਗੜ੍ਹ ਆ ਗਏ। ਬਹੁਤੇ ਹੀ ਤਕਰਾਰ‎,‎ ਤਣਾਅ ਵਿੱਚ ਗੱਲ ਨਿਭੜੀ…ਕੈਂਪ ਬਣਾ ਦਿਓ…ਭਾਰਤੀ ਮਿਲਟਰੀ ਦਿਓ…ਅਸੀਂ ਚਲੇ ਜਾਵਾਂਗੇ…ਅਸੀਂ ਕਿਸੇ ਨੂੰ ਕੁੱਝ ਨਹੀਂ ਕਹਾਂਗੇ। ਅਫ਼ਸਰ ਮੰਨ ਗਏ। ਇਸ ਤਰ੍ਹਾਂ ਉਨ੍ਹਾਂ ਮਜ੍ਹਬੀ ਸਿੰਘਾਂ ਦੀ ਜਥੇਦਾਰ ਨੇ ਵਧੀਆ ਅਗਵਾਈ ਕੀਤੀ।

ਉਸ ਵੇਲੇ ਮੁਸਲਿਮ ਲੀਗ ਦੀ ਵਿਸ਼ੇਸ਼ ਅੱਖ ਜਥੇਦਾਰ ਹੰਭੋ `ਤੇ ਸੀ। ਉਨ੍ਹਾਂ ਨੂੰ ਮਾਰਨ ਦਾ ਗੁਪਤ ਤੌਰ ਤੇ ਵੀ ਇੱਕ ਲੱਖ ਇਨਾਮ ਰੱਖਿਆ ਗਿਆ ਹੋਇਆ ਸੀ। ਇਸ ਗੱਲ ਦਾ ਜਥੇ ਦੇ ਸਿੰਘਾਂ ਨੂੰ ਪਤਾ ਲੱਗ ਗਿਆ। ਸਿੰਘਾਂ ਨੇ ਪੂਰੀ ਸਿਆਣਪ ਅਤੇ ਹੁਸ਼ਿਆਰੀ ਨਾਲ ਜਥੇਦਾਰ ਨੂੰ ਸੁਰੱਖਿਅਤ ਭਾਰਤ ਲੈ ਆਂਦਾ।

ਜਥੇਦਾਰ ਮਾਨ ਸਿੰਘ ਹੰਭੋ ਇਲਾਕੇ ਦੇ ਨੌਜਵਾਨਾਂ ਦੇ ਰੁਜ਼ਗਾਰਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਚੰਗੇ ਮੁਲ ਦਿਵਾਉਣ ਬਾਰੇ ਐਗਰੋ ਇੰਡਸਟਰੀਜ਼ ਦੇ ਮੱਹਤਵ ਤੋਂ ਪੂਰੇ ਸੁਚੇਤ ਸਨ। ਬਰਾਦਰੀ ਦੇ ਹਿੱਤਾਂ ਦੀ ਰਾਖੀ ਮੂਹਰੇ ਲੱਗਕੇ ਕਰਦੇ ਨਨਕਾਣਾ ਸਾਹਿਬ ਵਿਖੇ ਸਰਦਾਰ ਉੱਜਲ ਸਿੰਘ ਦੇ ਭਰਾ ਸਰਦਾਰ ਗੁਰਬਖਸ਼ ਸਿੰਘ ਦੀ ਕਪਾਹ ਮਿੱਲ ਸੀ। ਜਥੇਦਾਰ ਜੀ ਕਿਤੇ ਉਵੇਂ ਹੀ ਉਸਨੂੰ ਮਿਲਣ-ਗਿਲਣ ਚਲੇ ਗਏ। ਸਰਦਾਰ ਗੁਰਬਖਸ਼ ਸਿੰਘ ਨੂੰ ਪ੍ਰੇਸ਼ਾਨ ਬੈਠੇ ਵੇਖਿਆ। ਜਥੇਦਾਰ ਸਾਹਿਬ ਨੇ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ। ਕਿਹਾ ਕਿ ਕਾਰਖ਼ਾਨਾ ਬੰਦ ਕਰ ਰਿਹਾ ਹਾਂ। ਚੋਰੀ ਹੋਣ ਕਾਰਨ ਘਾਟਾ ਪੈ ਰਿਹਾ। ਪੁਲੀਸ ਦੀ ਵੀ ਮਿਲੀ ਭੁਗਤ ਲੱਗਦੀ ਹੈ। ਸ਼ਿਕਾਇਤਾਂ ਵੀ ਕੀਤੀਆਂ ਹਨ। ਜਥੇਦਾਰ ਬੋਲੇ‎,‎ ‘ਵਾਹ! ਏਨੀ ਗੱਲ ਤੇ ਹੀ ਕਾਰਖਾਨਾ ਬੰਦ ਕਰਨ ਤੁਰ ਪਿਆ ਏਂ। ਅਸੀਂ ਨਹੀਂਓ ਕਾਰਖ਼ਾਨਾ ਬੰਦ ਕਰਨ ਦੇਣਾ। ਅਸੀਂ ਮਰ ਗਏ ਆਂ। ਜ਼ਿਮੀਦਾਰਾਂ ਦੀ ਫ਼ਸਲ ਕਿੱਥੇ ਜਾਏਗੀ। ਲੈ ਹੁਣ ਇਸ ਕਾਰਖ਼ਾਨੇ ਦੀ ਰਾਖੀ ਅਸੀਂ ਕਰਾਂਗੇ।’

ਉਸ ਨੇ ਇਨ੍ਹਾਂ ਨੂੰ ਕਾਰਖ਼ਾਨੇ ਵਿੱਚ ਆਪਣਾ ਹਿੱਸਾ ਰੱਖਣ ਦੀ ਸ਼ਰਤ `ਤੇ ਹੀ ਕਾਰਖ਼ਾਨਾ ਚਾਲੂ ਕਰਨ ਦੀ ਗੱਲ ਕੀਤੀ। ਜਥੇਦਾਰ ਨੇ ਗੜ੍ਹਕੇ ਨਾਲ ਕਿਹਾ‎,‎ ‘ਵਾਹ! ਇਹ ਕੀ ਗੱਲ ਕੀਤੀ ਊ। ਕੀ ਅਸੀਂ ਹਿੱਸੇ ਤੋਂ ਬਿਨਾਂ ਤੇਰੀ ਮਦੱਦ ਕਰਨ ਜੋਗੇ ਵੀ ਨਹੀਂ? ਹਿੱਸਾ ਰੱਖਕੇ ਤੇਰੀ ਮਦੱਦ `ਤੇ ਆਏ ਤਾਂ ਅਸੀਂ ਲਾਲਚੀ ਹੋਏ ਨਾ। ਕਾਰਖਾਨਾ ਤੇਰਾ ਹੀ ਰਹੇਗਾ। ਚੱਲੇਗਾ। ਚਲਾਵਾਂਗੇ। ਲੈ ਅੱਜ ਤੋਂ ਬਾਅਦ ਕੋਈ ਇਸ ਚੋਂ ਚੋਰੀ ਨਹੀਂ ਹੋਏਗੀ। ਇਸ ਵਿਸ਼ਵਾਸ਼ ਤੇ ਮਿੱਲ ਮੁੜ ਚੱਲ ਪਈ। ਜਥੇਦਾਰ ਨੇ ਆਪਣੇ ਪੁੱਤਰ ਅਵਤਾਰ ਸਿੰਘ ਨੂੰ ਪਿੰਡ ਸੁਨੇਹਾ ਭੇਜ ਕੇ ਆਪਣੇ ਮੁੰਡੇ ਮੰਗਾ ਲਏ। ਪੂਰੀ ਸਕੀਮ ਨਾਲ ਪਹਿਰੇ ਲਾ ਦਿੱਤੇ ਗਏ। ਅਸਲ ਵਿੱਚ ਹੰਭੋ ਨਿਵਾਸੀ ਰੋਸ਼ਨ ਅਲੀ ਭੰਗੂ (ਜ਼ੈਲਦਾਰ) ਦਾ ਕੁੜਮ ਮੁਸਲਮਾਨ ਐੱਮ ਐੱਲ ਏ ਕਾਇਮ ਭਡਿਆਰ ਆਪਣੇ ਪਾਲਤੂ ਚੋਰਾਂ ਤੇ ਗੁੰਡਿਆਂ ਤੋਂ ਹੀ ਇਹ ਚੋਰੀ ਕਰਵਾਉਂਦਾ ਸੀ। ਇਸੇ ਕਰਕੇ ਪੁਲੀਸ ਕੋਈ ਕਾਰਵਾਈ ਨਹ ਸੀ ਕਰਦੀ।

ਯੋਜਨਾ ਸੀ ਕਿ ਚੋਰਾਂ ਨੂੰ ਮੌਕੇ ਤੇ ਹੀ ਰੰਗੇ ਹੱਥ ਘੇਰਕੇ‎,‎ ਕੁੱਟ-ਕੁੱਟ ਕੇ ਭਜਾਉਣਾ ਹੈ ਤਾਂ ਜੋ ਉਹ ਮੁੜ ਚੋਰੀ ਦੀ ਜੁਅਰਤ ਨਾ ਕਰ ਸਕਣ। ਚੋਰਾਂ ਨੇ ਆਮ ਵਾਂਗ ਪਿੱਛੋਂ ਦੀ ਕੰਧ ਟੱਪ ਪੰਡਾਂ ਬੰਨ੍ਹ ਲਈਆਂ। ਪਹਿਰੇ ਤੇ ਖੜ੍ਹੇ ਗੱਭਰੂ ਨੇ ਸਾਥੀਆਂ ਨੂੰ ਕਾਇਮ ਕਰ ਵੰਗਾਰਿਆ‎,‎ ‘ਲੈ ਬਈ ਅਸੀਂ ਆ ਗਏ ਜੇ। ਅੱਜ ਤੁਹਾਨੂੰ ਚੂਹੜਕਾਣੇ ਦੇ ਵਿਰਕ ਟੱਕਰਨਗੇ। ਜੇ ਮਾਂ ਦੇ ਪੁੱਤ ਓ ਤਾਂ ਭੱਜਿਓ ਨਾ। ਅਸੀਂ ਹੁਣ ਤੁਹਾਨੂੰ ਭੱਜਣ ਨਹੀਂ ਦੇਣਾ।’ ਦੋਹਾਂ ਪਾਸਿਆਂ ਤੋਂ ਅੱਧੀ ਰਾਤ ਨੂੰ ਲਲਕਾਰੇ ਗਰਜੇ। ਗਹਿ ਕੇ ਡਾਂਗ ਸੋਟੇ ਤੇ ਲਿਸ਼ਕਵੀਆਂ ਕਿਰਪਾਨਾਂ ਖੜਕੀਆਂ। ਉਨ੍ਹਾਂ ਨੂੰ ਕੁੱਟਕੇ ਦਬੱਲ ਦਿੱਤਾ। ਇਸ ਪਿੱਛੋਂ ਕਪਾਹ ਦੀ ਚੋਰੀ ਹੋਣੀ ਉੱਕਾ ਹੀ ਬੰਦ ਹੋ ਗਈ।

ਬਾਪੂ ਜੀ ਮਾਨ ਸਿੰਘ ਹੰਭੋ ਦੇ ਚਾਰ ਲੜਕੇ ਤੇ ਤਿੰਨ ਧੀਆਂ ਹਨ। ਸਭ ਤੋਂ ਵੱਡੇ ਸ਼ਮਸ਼ੇਰ ਸਿੰਘ ਵਿਰਕ ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦੇ ਹੁੰਦੇ ਸਨ। ਹਾਕੀ ਦੇ ਪ੍ਰਸਿੱਧ ਖਿਡਾਰੀ ਸਨ। ਉਨ੍ਹਾਂ ਦੀ ਫੋਟੋ ਹਾਲੀ ਵੀ ਕਾਲਜ ਦੀਆਂ ਗੈਲਰੀਆਂ ਵਿੱਚ ਵੇਖੀ ਜਾ ਸਕਦੀ ਹੈ। ਏਧਰ ਆਕੇ ਪੂਰਬੀ ਪੰਜਾਬ ਦੇ ਅਣਵੰਡੇ ਪੰਜਾਬ ਦੇ ਅਸੈਂਬਲੀ ਮੈਂਬਰਾਂ ਨਾਲ ਹੀ ਪਹਿਲੀ ਪੰਜਾਬ ਅਸੈਂਬਲੀ ਬਹਾਲ ਕਰ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਨੂੰ ਆਜ਼ਾਦ ਹਿੰਦੁਸਤਾਨ ਦੀ ਪਹਿਲੀ ਪੰਜਾਬ ਅਸੈਂਬਲੀ ਦਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ। ਏਥੇ ਪਹੁੰਚਦਿਆਂ ਹੀ 1952 ਦੀ ਪਹਿਲੀ ਜਨਰਲ ਚੋਣ ਵੀ ਲੜੀ ਜ਼ਰੂਰ ਪਰ ਉੱਖੜੀ ਤੇ ਖਿੰਡੀ ਬਰਾਦਰੀ ਕਾਰਨ ਸਫ਼ਲਤਾ ਨਾ ਮਿਲੀ। ਪਰ ਪੰਥਕ ਮਾਮਲਿਆਂ ਤੇ ਹਰਿਆਣੇ ਦੀ ਸਿਆਸਤ ਵਿੱਚ ਪੂਰੇ ਸਰਗਰਮ ਆਖ਼ਰੀ ਦਮ ਤੱਕ ਰਹੇ।

ਉਹ ਆਪਣੀ ਗੜ੍ਹਕੇ ਵਾਲੇ ਬੋਲ ਤੇ ਦਲੇਰ ਲੀਡਰਸ਼ਿੱਪ ਦੀ ਅਮਿੱਟ ਛਾਪ ਹਰਿਆਣੇ ਦੀ ਸਿਆਸਤ `ਤੇ ਗਏ ਹਨ। ਮੁੱਖ ਮੰਤਰੀ ਤੇ ਮੰਤਰੀ ਉੱਠਕੇ ਉਹਨਾਂ ਦੇ ਗੋਡੀਂ ਹੱਥ ਲਾਉਂਦੇ ਤੇ ਸਤਿਕਾਰ ਕਰਦੇ ਸਨ। ਉਹਨਾਂ ਦੇ ਡੈਪੂਟੇਸ਼ਨ ਦੇ ਮਾਮਲਿਆਂ ਨੂੰ ਸਭ ਕੰਮ ਛੱਡ ਕੇ ਸੁਣਦੇ। ਇਕੱਠਾਂ ਜਾਂ ਦੀਵਾਨਾਂ ਵਿੱਚ ਜਦੋਂ ਬੋਲਦੇ ਤਾਂ ਜੁੜੀ ਸੰਗਤ ਨੂੰ ਉੱਚੀ ਤੇ ਜਬ੍ਹੇ ਵਾਲੀ ਆਵਾਜ਼ ਵਿੱਚ ‘ਸੂਰਬੀਰ ਖਾਲਸਾ ਬਹਾਦਰੋ’ ਕਹਿਕੇ ਸੰਬੋਧਨ ਹੁੰਦੇ। ਚੁਣੌਤੀਆਂ ਤੇ ਵੰਗਾਰਾਂ ਭਰਪੂਰ ਛੋਟੇ-ਛੋਟੇ ਦਲੇਰੀ ਭਰੇ ਵਾਕਾਂ ਨਾਲ ਇਕੱਠ ਨੂੰ ਆਪਣੇ ਵਿਚਾਰਾਂ ਨਾਲ ਤੋਰ ਲੈਂਦੇ। ਉਨ੍ਹਾਂ ਦੀ ਬੋਲੀ ਵਿੱਚ ਵਿਰਕ ਤੱਪੇ ਦਾ ਮੁਹਾਵਰਾ ਪੂਰੇ ਜਾਹੋ ਜਲਾਲ ਵਿੱਚ ਹੁੰਦਾ। ਸ਼ਰਾਬ ਨੂੰ ਨਿੰਦਦੇ ਤੇ ਪਿਆਕੜਾਂ ਨੂੰ ‘ਖੱਚਾਂ'‎,‎ `ਚਵਲਾਂ' ਕਹਿਕੇ ਨਿਵਾਜਦੇ। ਵਿਰਕਾਂ ਵਿੱਚ ਸ਼ਰਾਬ ਪੀਣ ਦਾ ਸ਼ੌਂਕ ਪੰਜਾਬੀ ਜਗਤ ਵਿੱਚ ਪ੍ਰਸਿੱਧ ਹੈ। ਇਹ ਸ਼ਾਇਦ ਇਸ ਕਰਕੇ ਹੈ ਕਿਉਂਕਿ ਉਹ ਡਾਂਗ-ਸੋਟਾ ਵਾਹੁਣ ਵਾਲੇ ਜੰਗਜੂ ਬਹਾਦਰ ਹਨ। ਕਈ ਕਹਿੰਦੇ ਹਨ ਲੜਾਈ ਭਿੜਾਈ ਇਸ ਨੌਂ ਰਤਨੀ ਤੋਂ ਬਿਨਾਂ ਹੋ ਨਹੀਂ ਸਕਦੀ। ਰਾਖ਼ਸ਼ ਬੁੱਧੀ ਬਨਾਉਣ ਵਿੱਚ ਇਹ ਸੋਮ ਰਸ ਜ਼ਰੂਰ ਤਕੜਾ ਹਿੱਸਾ ਪਾਉਂਦਾ ਹੈ। ਪਰ ਅੱਜਕਲ੍ਹ ਤਾਂ ਭੱਜਲ‎,‎ ਨਿਕੰਮੇ‎,‎ ਆਲਸੀ ਤੇ ਡਰਪੋਕ ਇਸ ਦੀ ਬਹੁਤੀ ਵਰਤੋਂ ਕਰਨ ਲੱਗ ਪਏ ਹਨ। ਜਥੇਦਾਰ ਬਾਪੂ ਜੀ ਦਾ ਵਿਚਾਰ ਸੀ ਕਿ ਇਸ ਸ਼ਰਾਬ ਨੇ ਕਿਸੇ ਨਾਲ ਵੀ ਵਫ਼ਾ ਨਹੀਂ ਕੀਤੀ। ਬੰਦੇ ਮੁੱਕ ਜਾਂਦੇ ਹਨ‎,‎ ਜਾਇਦਾਦਾਂ ਡੀਕ ਜਾਣ ਵਾਲੀ ਇਹ ਨਹੀਂ ਮੁੱਕਦੀ। ਉਨ੍ਹਾਂ ਦੀ ਸ਼ਖਸੀਅਤ ਦੀਆਂ ਪਰਤਾਂ ਨੂੰ ਵੱਖ-ਵੱਖ ਸਮੇਂ ਦੀਆਂ ਘਟਨਾਵਾਂ ਹੋਰ ਵੀ ਸਪਸ਼ਟ ਕਰਦੀਆਂ ਹਨ।

ਇਕ ਵਾਰੀ ਸਰਦਾਰ ਉੱਜਲ ਸਿੰਘ‎,‎ ਸਾਬਕਾ ਗਵਰਨਰ‎,‎ ਕੋਲ ਦੋਹਤੇ ਦੀ ਨੌਕਰੀ ਦੀ ਸਿਫ਼ਾਰਸ਼ ਲਈ ਦਿੱਲੀ ਗਏ। ਗਵਰਨਰ ਸਾਹਿਬ ਨੇ ਆਉ ਭਗਤ ਤੇ ਇਜ਼ਤ ਮਾਣ ਕੀਤਾ ਅਤੇ ਬੋਲੇ: ‘ਤੁਸੀਂ ਕਾਹਨੂੰ ਆਉਣਾ ਸੀ। ਮੈਨੂੰ ਹੁਕਮ ਕਰ ਦਿੰਦੇ‎,‎ ਮੈਂ ਆਪ ਕਰਨਾਲ ਆਕੇ ਤੁਹਾਡੇ ਦਰਸ਼ਨ ਕਰਨ ਦੀ ਖੁਸ਼ੀ ਲੈਂਦਾ’। ਜਦੋਂ ਆਉਣ ਦਾ ਮੰਤਵ ਦੱਸਿਆ ਕਿ ਦੋਹਤਾ ਐੱਮ ਏ ਕਰ ਚੁੱਕਿਆ ਹੈ‎,‎ ਇਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰ ਕਰਵਾ ਦਿਓ। ਕਹਿਣ ਲੱਗੇ‎,‎ ‘ਮੁਸ਼ਕਲ ਹੈ‎,‎ ਮੈਂ ਅੱਗੇ ਵੀ ਕਈਆਂ ਦੇ ਨਾਵਾਂ ਦੀ ਸਿਫ਼ਾਰਸ਼ ਕਰ ਚੁੱਕਿਆ ਹਾਂ। ਨਾਲੇ ਹੁਣ ਤਾਂ ਅਸੀਂ ਆਰਟਸ ਦੇ ਬੰਦੇ ਨਹੀਂ ਲੈਂਦੇ‎,‎ ਮੈਥੇਮੈਟਿਕਸ ਵਾਲੇ ਹੀ ਲੈਂਦੇ ਹਾਂ।’ ਬਾਪੂ ਜੀ ਨੇ ਕਿਹਾ ਕਿ ਹੁਣੇ ਹੀ ਤੁਹਾਡੇ ਬੈਂਕ ਵਿੱਚ ਇੱਕ ਐੱਮ ਏ ਪੁਲੀਟੀਕਲ ਸਾਇੰਸ ਦਾ ਮੁੰਡਾ ਸਾਡੇ ਇਲਾਕੇ ਚੋਂ ਹੀ ਲਿਆ ਗਿਆ ਹੈ। ਇੱਕ ਦਮ ਬੋਲੇ‎,‎ ‘ਉਹਨੂੰ ਕੱਢ ਦਿੰਦੇ ਹਾਂ’। ਜਥੇਦਾਰ ਪੂਰੇ ਖਾਲਸਈ ਗੜ੍ਹਕੇ ਨਾਲ ਬੋਲੇ‎,‎ “ਵਾਹ! ਚੰਗੀ ਗੱਲ ਕੀਤੀ ਊ। ਮੈਂ ਬੰਦਾ ਰਖਾਣ ਆਇਆਂ ਕਿ ਕਢਾਣ ਆਇਆਂ। ਆਪਣਾ ਦੋਹਤਾ ਰਖਵਾ‎,‎ ਪੁੱਤ ਭਤੀਜੇ ਨੂੰ ਕਢਾ‎,‎ ਕਿਹੜਾ ਮੂੰਹ ਲੈ ਕਰਨਾਲ ਵੜਾਂਗਾ। ਸਰਦਾਰ ਜੀ! ਬਰਾਦਰੀ ਨੂੰ ਮੂੰਹ ਵਿਖਾਣ ਜੋਗਾ ਨਹੀਂ ਰਹਾਂਗਾ।’ ਸਾਬਕਾ ਗਵਰਨਰ ਇਨਾ ਬਾਦਲੀਲ ਖੜਕਵਾਂ ਉੱਤਰ ਸੁਣ ਕੇ ਲਾਜਵਾਬ ਹੋ ਗਿਆ‎,‎ ਅਤੇ ਅਰਜ਼ੀ ਫੜ ਸਿਫਾਰਸ਼ ਕਰ ਦਿੱਤੀ।

ਇੰਟਰਵੀਊ ਵਿੱਚ ਕੁੱਝ ਦੇਰੀ ਹੋ ਗਈ। ਦੋਹਤਾ ਫਿਰ ਬਾਪੂ ਜੀ ਨੂੰ ਲੈਕੇ ਬੈਂਕ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਨੂੰ ਮਿਲਣ ਦਿੱਲੀ ਗਿਆ। ਉਥੇ ਅਚਾਨਕ ਜਥੇਦਾਰ ਸੰਤੋਖ ਸਿੰਘ‎,‎ ਦਿੱਲੀ ਅਕਾਲੀ ਦਲ ਦਾ ਪ੍ਰਧਾਨ‎,‎ ਮਿਲ ਪਿਆ। ਬਾਪੂ ਜੀ ਨੂੰ ਵੇਖ ਕੇ ਪੁੱਛਦੈ ਇਹ ਬਜ਼ੁਰਗ ਕੌਣ ਨੇ। ਪਤਾ ਲੱਗਣ ਤੇ ਉਸਨੇ ਬਾਪੂ ਜੀ ਦੇ ਗੋਡੀਂ ਹੱਥ ਲਾਇਆ ਤੇ ਬੋਲਿਆ‎,‎ “ਮੈਂ ਜਥੇਦਾਰ ਸੰਤੋਖ ਸਿੰਘ ਹਾਂ। ਮੈਂ ਤੁਹਾਨੂੰ ਵਾਪਸ ਨਹੀਂ ਜਾਣ ਦੇਣਾ‎,‎ ਤੁਹਾਨੂੰ ਆਪਣੇ ਕੋਲ ਰੱਖਣੈ। ਮੈਂ ਅੱਜ ਖੁਸ਼ ਕਿਸਮਤ ਹਾਂ ਕਿ ਪੰਥ ਦੀ ਇੱਕ ਮਹਾਨ ਹਸਤੀ ਦੇ ਮੈਨੂੰ ਦਰਸ਼ਨ ਹੋਏ ਨੇ। ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ।”

ਜਥੇਦਾਰ ਹੰਭੋ ਜਨਤਾ ਦੀ ਸੇਵਾ ਲਈ ਹਮੇਸ਼ਾਂ ਤੱਤਪਰ ਰਹਿੰਦੇ। ਜਦੋਂ ਮਹਿਮਲ (ਕਰਨਾਲ) ਆਕੇ ਮੁੜ ਆਬਾਦ ਹੋਏ ਤਾਂ ਗੁਰਦੁਆਰੇ ਜੁੜੀ ਸੰਗਤ ਨੂੰ ਸੰਬੋਧਨ ਕੀਤਾ ‘…ਖਾਲਸਾ ਜੀ ਅਸੀਂ ਪਾਕਿਸਤਾਨ ਚੋਂ ਉਜੜ ਕੇ ਆਏ ਹਾਂ। ਵੱਸਦੇ-ਰੱਸਦੇ ਘਰ ਤੇ ਚਲਦੇ ਕੰਮਾਂ ਨੂੰ ਛੱਡ ਹੁਣ ਨਵੇਂ ਸਿਰਿਉਂ ਰੋਜ਼ੀ ਰੋਟੀ ਦੇ ਕੰਮੀਂ ਜੁਟਣਾ ਹੈ। ਕਿਸੇ ਲਾਗੀ-ਭਾਗੀ‎,‎ ਹੱਟੀ-ਭੱਠੀ ਵਾਲੇ ਨੂੰ ਕੰਮ ਸ਼ੁਰੂ ਕਰਨ ਲਈ ਪੈਸੇ ਦੀ ਲੋੜ ਹੋਵੇ‎,‎ ਮੈਂ ਦਿਆਂਗਾ। ਛੇ ਮਹੀਨੇ ਵਿੱਚ ਮੋੜ ਦੇਣੇ‎,‎ ਹੌਲੀ ਹੌਲੀ। ਛੋਟੇ ਮੋਟੇ ਜੱਟ ਭਰਾ ਵੀ ਇੰਨ੍ਹਾਂ ਵਾਂਗ ਮੈਂਨੂੰ ਆਪਣਾ ਪਿਤਾ ਹੀ ਸਮਝਣ। ਉਨ੍ਹਾਂ ਦੀਆਂ ਵੀ ਜ਼ਰੂਰੀ ਲੋੜਾਂ ਪੂਰੀਆਂ ਕਰਨ ਦਾ ਬਚਨ ਦਿੰਦਾ ਹਾਂ।’ ਇਸ ਤਰ੍ਹਾਂ ਉਹ ਨਿਥਾਂਵਿਆਂ ਦੇ ਥਾਂ ਅਤੇ ਨਿਆਸਰਿਆਂ ਦੇ ਆਸਰੇ ਬਣਦੇ।

ਪਿੰਡ ਦੀ ਛੋਟੀ ਪੀੜ੍ਹੀ ਨੂੰ ਆਪਣੇ ਬੱਚੇ ਹੀ ਸਮਝਦੇ। ਪਿੰਡ `ਚ ਇੱਕ ਦੋਧੀ ਆਉਣ ਲੱਗ ਪਿਆ। ਬਾਪੂ ਜੀ ਨੇ ਉਸ ਨੂੰ ਭਜਾ ਦਿੱਤਾ‎,‎ ‘ਵਾਹ! ਤੂੰ ਦੁੱਧ ਲੈ ਜਾਇਆ ਕਰੇਂਗਾ। ਮੇਰੇ ਪੁੱਤ‎,‎ ਪੋਤਿਆਂ ਨੂੰ ਤਾਂ ਫਿਰ ਲੱਸੀ ਵੀ ਨਹੀਂ ਲੱਭਣੀ…।’

ਆਜ਼ਾਦੀ ਘੁਲਾਟੀਆਂ ਦੀਆਂ ਪੈਨਸ਼ਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਬਾਪੂ ਜੀ ਨੂੰ ਪੁੱਤਾਂ ਤੇ ਭਾਈਚਾਰੇ ਨੇ ਬਥੇਰਾ ਕਿਹਾ ਕਿ ਪੈਨਸ਼ਨ ਲਈ ਫਾਰਮ ਭਰ ਦਿਓ। ਇਹ ਕਹਿਕੇ ਇਨਕਾਰ ਕਰ ਦਿੱਤਾ ਕਿ ਅਸੀਂ ਆਜ਼ਾਦੀ ਦੀ ਜੰਗ ਪੈਨਸ਼ਨਾਂ ਲਈ ਨਹੀਂ ਸੀ ਲੜੀ। ਅਸੀਂ ਤਾਂ ਗੋਰਿਆਂ ਨੂੰ ਆਪਣੇ ਦੇਸ਼ ਚੋਂ ਕੱਢਣਾ ਸੀ ਅਤੇ ਉਨ੍ਹਾਂ ਦੇ ਪਿੱਠੂ ਬਦਮਾਸ਼ ਮਹੰਤਾਂ ਕੋਲੋਂ ਗੁਰਦੁਵਾਰਿਆਂ ਨੂੰ ਮੁਕਤ ਕਰਵਾਉਣਾ ਸੀ। ਸੱਤ ਸਾਲ ਉਹਨਾਂ ਨੇ ਪੈਨਸ਼ਨ ਨਾ ਲਈ। ਆਖ਼ੀਰ ਛੋਟੇ ਪੁੱਤਰ ਨੇ ਇਹ ਕਹਿਕੇ ਸਹਿਮਤ ਕਰਾ ਲਿਆ ਕਿ ਇਹ ਪੈਨਸ਼ਨ ਤੁਸੀਂ ਸਰਕਾਰ ਤੋਂ ਲੈਕੇ ਲੋੜਵੰਦ ਗਰੀਬਾਂ ਨੂੰ ਵੰਡ ਦਿਆ ਕਰਿਓ। ਸਾਰੀ ਉਮਰ ਇਹ ਪੈਨਸ਼ਨ ਆਪ ਕਿਸੇ ਰੂਪ ਵਿੱਚ ਵੀ ਨਾ ਵਰਤੀ। ਕਮਾਲ ਦੇ ਤਿਆਗੀ ਸਨ ਉਹ।

ਘਰ ਦੇ ਜੀਆਂ ਨੂੰ ਇਹ ਹੁਕਮ ਹੁੰਦਾ ਸੀ ਕਿ ਪੰਜ ਛੇ ਬੰਦਿਆਂ ਦਾ ਲੰਗਰ ਹਮੇਸ਼ਾਂ ਵਾਧੂ ਤਿਆਰ ਪਿਆ ਰਹਿਣਾ ਚਾਹੀਦਾ ਹੈ। ਵੇਲੇ ਕੁਵੇਲੇ ਕੋਈ ਪ੍ਰਾਹੁਣਾ ਜਾਂ ਕੋਈ ਲੜੋਵੰਦ ਆ ਜਾਂਦਾ ਹੈ। ਘਰ ਦੀ ਰਸੋਈ ਨੂੰ ਵੀ ਗੁਰੂ ਦੇ ਲੰਗਰ ਦਾ ਰੂਪ ਦੇ ਰੱਖਿਆ ਸੀ।

ਜਦੋਂ ਵੀ ਕਿਸੇ ਦੇ ਕੰਮ ਉਸ ਦੇ ਨਾਲ ਜਾਂਦੇ‎,‎ ਕਦੀ ਵੀ ਉਸ ਨੂੰ ਕੋਈ ਖ਼ਰਚ ਨਾ ਕਰਨ ਦਿੰਦੇ। ਆਪ ਹੀ ਆਪਣੇ ਕੋਲੋਂ ਸਾਰਾ ਖ਼ਰਚ ਕਰਦੇ।

1975 ਦੇ ਨੇੜੇ ਭਜਨ ਲਾਲ ਰਾਹੀਂ ਇੱਕ ਡੈਪੂਟੇਸ਼ਨ ਜਥੇਦਾਰ ਹੰਭੋ ਦੀ ਪ੍ਰਧਾਨਗੀ ਵਿੱਚ ਕੁੱਝ ਮੰਗਾਂ ਲੈਕੇ ਮੁੱਖਮੰਤਰੀ ਬੰਸੀ ਲਾਲ ਕੋਲ ਗਿਆ। ਅੰਦਰ ਬੈਠਦਿਆਂ ਸਾਰ ਬੰਸੀ ਲਾਲ ਨੇ ਆਖਿਆ: “ਗੰਵਾਰ‎,‎ ਇਕੱਠੇ ਹੋਕੇ ਮੇਰਾ ਵਕਤ ਖ਼ਰਾਬ ਕਰਨੇ ਕੇ ਲੀਏ ਆ ਜਾਤੇ ਹੈਂ। ''

ਜਥੇਦਾਰ ਨੇ ਉਠਕੇ ਆਖਿਆ_” ਗੰਵਾਰ ਤੂੰ‎,‎ ਤੇਰਾ ਪਿਊ…ਤੇਰਾ ਦਾਦਾ…ਉੱਠੋ ਭਾਈ ਚੱਲੀਏ … ''

‘ਪੁਲਿਸ ਕੋ ਬੁਲਾਓ…’

‘ਬੁਲਾ ਲੈ ਪੁਲਿਸ ਨੂੰ…ਆਹ ਖੜ੍ਹੇ ਊਂ…ਅਸਾਂ ਭਲਾ ਤੇਰੀ ਕਦੇ ਪੁਲੀਸ ਡਿੱਠੀ ਨਈਂ… ਉੱਠ ਉਏ ਸ਼ੇਰੋ ਚੱਲੀਏ…’

ਇਹ ਟੁਰ ਪਏ। ਮਗਰੋਂ ਭਜਨ ਲਾਲ ਨੇ ਤਰਲੇ ਕਰਕੇ ਮੋੜਕੇ ਲੈ ਗਿਆ। ਹੁਣ ਇਹ ਡੈਪੂਟੇਸ਼ਨ ਬੈਠਾ ਨਾ। ਜਥੇਦਾਰ ਨੇ ਆਖਿਆ‎,‎ ‘ਮੈਂ ਸਰ ਸੁੰਦਰ ਸਿੰਘ ਮਜੀਠਾ‎,‎ ਸਰ ਫਜ਼ਲ ਹੁਸੈਨ‎,‎ ਸਰ ਸਿਕੰਦਰ ਹਯਾਤਖ਼ਾਨ‎,‎ ਖ਼ਿਜ਼ਰ ਹਯਾਤ ਖਾਂ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਆਦਿ ਨਾਲ ਵੀ ਮੁਲਾਕਾਤਾਂ ਕਰਦਾ ਰਿਹਾ ਹਾਂ‎,‎ ਪਰ ਤੇਰੇ ਵਰਗਾ ਕੁਰਖ਼ਤ ਤੇ ਬਦਦਿਮਾਗ ਬੰਦਾ ਅੱਜ-ਤੱਕ ਮੈਂ ਨਹੀਂ ਡਿੱਠਾ।’ ਮੁੱਖ ਮੰਤਰੀ ਬਿਟਰ-ਬਿਟਰ ਵੇਖਦਾ ਰਿਹਾ।

ਕੱਚਿਆਂ ਰਾਹਾਂ‎,‎ ਪਗਡੰਡੀਆਂ‎,‎ ਲੰਮੀਆਂ ਵਾਟਾਂ‎,‎ ਖੁੱਲੀਆਂ ਜੂਹਾਂ‎,‎ ਮੁਰੱਬਿਆਂ ਦੇ ਵਿਸ਼ਾਲ ਘੇਰਿਆਂ‎,‎ ਸਰਦਾਰੀਆਂ‎,‎ ਜਗੀਰਦਾਰੀਆਂ ਦਾ ਚਿੰਨ੍ਹ ਘੋੜੀਆਂ ਰੱਖਣੀਆਂ ਤੇ ਪਾਲਣੀਆਂ ਇੱਕ ਵੱਡੀ ਜ਼ਰੂਰਤ ਹੁੰਦੀ ਸੀ। ਆਵਾਜਾਈ ਦਾ ਮੁਖ ਸਾਧਨ ਘੋੜੀਆਂ ਹੁੰਦੀਆਂ ਸਨ। ਫੌਜ ਦੇ ਘੋੜ ਸਵਾਰ ਦਸਤਿਆਂ ਲਈ ਵੀ ਘੋੜੀਆਂ ਘੋੜਿਆਂ ਦੀ ਲੋੜ ਹੁੰਦੀ ਸੀ। ਸਰਕਾਰ ਵੀ ਘੋੜੀ ਪਾਲਕਾਂ ਦੀ ਹੌਂਸਲਾ ਅਫ਼ਜ਼ਾਈ ਲਈ ਮੁੱਰਬੇ ਦਿੰਦੀ ਹੁੰਦੀ ਸੀ। ਇਹ ਵੀ ਵਧੀਆ ਘੋੜੀਆਂ ਰੱਖਦੇ।

ਮੁਰੱਬਿਆਂ ਦੇ ਮਾਲਕ ਜਥੇਦਾਰ ਹੰਭੋ ਗਰੀਬ-ਪਾਲਕ ਸਨ। ਆਪਣੇ ਮੁਜਾਰਿਆਂ ਨੂੰ ਹਲਾਸ਼ੇਰੀ ਦਿੰਦੇ ਹੁੰਦੇ ਕਹਿੰਦੇ ਸੀ‎,‎ `ਚੰਗੀ ਵਾਹੋ‎,‎ ਤੁਸੀਂ ਵੀ ਚੰਗਾ ਖਾਓ ਅਤੇ ਅਸੀਂ ਵੀ ਚੰਗਾ ਖਾਵਾਂਗੇ। ਊਚ ਨੀਚ ਕਾਰਨ ਮਜ੍ਹਬੀਆਂ ਨੂੰ ਖ਼ੂਹ ਦੀ ਮੌਣ ਤੇ ਚੜ੍ਹਕੇ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ। ਖੂਹ ਤੇ ਦੋ ਭੌਣੀਆਂ ਹੁੰਦੀਆਂ ਸਨ। ਇੱਕ ਨਾਲ ਮੁਸਲਮਾਨ ਤੇ ਦੂਜੀ ਨਾਲ ਹਿੰਦੂ-ਸਿੱਖ ਪਾਣੀ ਭਰਦੇ ਹੁੰਦੇ ਸਨ। ਹੰਭੋ ਨੇ ਮਜ਼੍ਹਬੀ ਸਿੱਖਾਂ ਨੂੰ ਅੰਮ੍ਰਿਤ ਪਾਣ ਕਰਾ ਆਪਣੀ ਹਾਜ਼ਰੀ ਵਿੱਚ ਖੂਹ ਤੇ ਚੜ੍ਹਾਇਆ ਤੇ ਪਾਣੀ ਭਰਨ ਦੀ ਖੁੱਲ੍ਹ ਦਿਵਾਈ। ਕਈਆਂ ਨੇ ਇਤਰਾਜ਼ ਕੀਤਾ। ਹੰਭੋ ਸਾਹਿਬ ਦਾ ਜਵਾਬ ਹੁੰਦਾ‎,‎ ‘ਜਿਵੇਂ ਮੰਜੀ ਦੇ ਚਾਰ ਪਾਵੇ ਹੁੰਦੇ ਹਨ‎,‎ ਓਵੇਂ ਹੀ ਮਜ਼੍ਹਬੀ ਸਿੰਘ ਵੀ ਸਿੱਖ ਕੌਮ ਦਾ ਚੌਥਾ ਬਰਾਬਰ ਦਾ ਪਾਵਾ ਹਨ।’ ਦਲੇਰੀ ਨਾਲ ਹੀ ਅੰਮ੍ਰਿਤਧਾਰੀ ਮਜ਼ਬ੍ਹੀ ਸਿੰਘਾਂ ਨੂੰ ਗੁਰਦੁਵਾਰੇ ਵਿੱਚ ਦੇਗ ਵਰਤਾਉਣ ਤੇ ਲਾ ਦਿੱਤਾ।

ਆੳ ਭਗਤ ਕਰਦੇ ਵਕਤ ਆਏ ਪ੍ਰਾਹੁਣਿਆਂ ਜਾਂ ਅਫ਼ਸਰਾਂ ਦੇ ਧਰਮ ਦਾ ਪੂਰਾ ਸਤਿਕਾਰ ਕਰਦੇ। ਸਿੱਖਾਂ ਦੀ ਆਓ ਭਗਤ ਲਈ ਘਰੇ ਹੀ ਲੰਗਰ ਬਣਵਾਉਂਦੇ‎,‎ ਪਰ ਮੁਸਲਮਾਨ ਮਹਿਮਾਨਾਂ ਲਈ ਪ੍ਰਸ਼ਾਦਾ ਮੁਸਲਮਾਨ ਭਾਈਆਂ ਦੇ ਘਰ ਸੁੱਕੀ ਰਸਦ ਪਾਣੀ ਭੇਜਕੇ ਬਣਵਾਉਂਦੇ। ਛਕਾਉਣ ਦਾ ਪ੍ਰਬੰਧ ਦੀ ਵੱਖਰਾ ਹੀ ਕਰਵਾ ਦਿੰਦੇ।

ਇਸਲਾਮ ਦਾ ਵੀ ਪੂਰਾ ਸਤਿਕਾਰ ਕਰਦੇ ਹੁੰਦੇ ਸਨ। ਕਹਿੰਦੇ ਹੁੰਦੇ ਸਨ: ਮਸੀਤ ਵਿੱਚ ਮੌਲਵੀ ਦੀ ਬਾਂਗ ਦੇਣਾ ਉਵੇਂ ਹੈ‎,‎ ਜਿਵੇਂ ਗੁਰਦੁਵਾਰੇ ਪਾਠ ਦੇ ਭੋਗ ਦਾ ਸੁਨੇਹਾ ਦੇਣ ਲਈ ਸੰਖ ਵਜਾਇਆ ਜਾਂਦਾ ਹੈ। ਇਹ ਦੋਵੇਂ ਹੀ ਪਵਿਤੱਰ ਸੁਨੇਹੇ ਹਨ। ਜਦੋਂ ਤੁਸੀਂ ਬਾਂਗ ਸੁਣੋ ‘ਸਤਿਨਾਮ ਵਾਹਿਗੁਰੂ ਬੋਲੋ’। ਪੜ੍ਹਾਈ ਦੇ ਬੜੇ ਉਪਾਸ਼ਕ ਸਨ। ਤਾਂ ਹੀ ਉਸ ਸਮੇਂ ਆਪਣੇ ਸਭ ਤੋਂ ਵੱਡੇ ਪੁੱਤਰ ਸ਼ਮਸ਼ੇਰ ਸਿੰਘ ਵਿਰਕ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਕਾਲਜ ਦੀ ਪੜ੍ਹਾਈ ਲਈ ਭੇਜਿਆ ਹੋਇਆ ਸੀ। ਹਰ ਇੱਕ ਨੂੰ ਪੜ੍ਹਨ ਲਈ ਪ੍ਰੇਰਦੇ। ਉਨ੍ਹਾਂ ਨੇ ਇਲਾਕੇ ਦੀ ਪੜ੍ਹਾਈ ਖ਼ਾਤਰ ਛੇਆਂ ਪਿੰਡ ਵਿੱਚ ਪਿੰਡ ਝਾਰੜ ਵਿਖੇ ਬੜੀਆਂ ਕੋਸ਼ਿਸ਼ਾਂ ਕਰਕੇ 1940 ਵਿੱਚ ਇੱਕ ਪ੍ਰਾਇਮਰੀ ਸਕੂਲ ਖੁੱਲ੍ਹਵਾਇਆ।

ਜਥੇਦਾਰ ਮਾਨ ਸਿੰਘ ਹੰਭੋ ਦੀ ਈਮਾਨਦਾਰੀ ਦੀ ਸਰਕਾਰੇ-ਦਰਬਾਰੇ ਪੂਰੀ ਮਾਨਤਾ ਸੀ। ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਮੋਰਚਿਆਂ ਦੇ ਸਾਥੀ ਪੈਨਸ਼ਨਾਂ ਲਈ ਅਰਜ਼ੀ ਤਸਦੀਕ ਕਰਾਉਣ ਲਈ ਲੋਕ ਦੂਰ-ਦੂਰ ਤੋਂ ਇਨ੍ਹਾਂ ਕੋਲ ਆਉਂਦੇ। ਇਹ ਤਸਦੀਕ ਕਰ ਦਿੰਦੇ। ਇਨ੍ਹਾਂ ਦੀਆਂ ਸਿਫਾਰਸ਼ ਕੀਤੀਆਂ ਅਰਜ਼ੀਆਂ ਨੂੰ ਅਫ਼ਸਰ ਪ੍ਰਵਾਨ ਕਰ ਲੈਂਦੇ। ਉਨ੍ਹਾਂ ਨੂੰ ਜਥੇਦਾਰ ਹੰਭੋ `ਤੇ ਪੂਰਾ ਵਿਸ਼ਵਾਸ਼ ਹੁੰਦਾ ਸੀ।

ਇਸ ਪ੍ਰਕਾਰ ਜਥੇਦਾਰ ਮਾਨ ਸਿੰਘ ਹੰਭੋ ਨੇ ਇੱਕ ਸਰਗਰਮ ਜੀਵਨ ਜੀਵਿਆ। ਮਾਰਚ 19‎,‎ 1982 ਵਿੱਚ ਅਕਾਲ ਚਲਾਣਾ ਕਰ ਗਏ। ਭੋਗ ਸਮੇਂ ਬਹੁਤ ਵੱਡੇ ਇਕੱਠ ਵਿੱਚ ਸਵਰਗੀ ਜੋਗਿੰਦਰ ਸਿੰਘ ਮਾਨ‎,‎ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ (ਪਿਤਾ ਸਰਦਾਰ ਸਿਮਰਨਜੀਤ ਸਿੰਘ ਮਾਨ‎,‎ ਐੱਮ ਪੀ ਤੇ ਅਕਾਲੀ ਦਲ‎,‎ ਅੰਮ੍ਰਿਤਸਰ ਦੇ ਪ੍ਰਧਾਨ)‎,‎ ਜਥੇਦਾਰ ਗੁਰਚਰਨ ਸਿੰਘ ਟੌਹੜਾ‎,‎ ਪ੍ਰਧਾਨ ਐੱਸ ਜੀ ਪੀ ਸੀ‎,‎ ਜਥੇਦਾਰ ਕਰਤਾਰ ਸਿੰਘ ਟੱਕਰ‎,‎ ਪ੍ਰਧਾਨ ਹਰਿਆਣਾ ਅਕਾਲੀ ਦੱਲ‎,‎ ਸ਼ ਹਰਮਹਿੰਦਰ ਸਿੰਘ ਚੱਠਾ‎,‎ ਵੇਦ ਪਾਲ (ਐਡਵੋਕੇਟ)‎,‎ ਐੱਮ ਐੱਲ ਏ ਤੇ ਮੰਤਰੀ‎,‎ ਅਤੇ ਸਭ ਪਾਰਟੀਆਂ ਦੇ ਸੀਨੀਅਰ ਲੀਡਰ ਹਾਜ਼ਰ ਸਨ।

ਉਨ੍ਹਾਂ ਦੀ ਦੇਣ ਕੇਵਲ ਆਪਣੇ ਪਰਿਵਾਰ ਲਈ ਨਹੀਂ ਹੈ‎,‎ ਸਗੋਂ ਸਮੁੱਚੀ ਸਿੱਖ ਕੌਮ ਲਈ ਇੱਕ ਗੌਰਵਮਈ ਅਤੇ ਸਦੀਵੀ ਪ੍ਰੇਰਨਾ ਸਰੋਤ ਹੈ ਅਤੇ ਰਹੇਗੀ।

Read 3199 times
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਜਨਮ ਸਥਾਨ: ਗੁੰਨਾਂ ਕਲਾਂ, ਤਹਿਸੀਲ ਤੇ ਜ਼ਿਲਾ ਸਿਆਲਕੋਟ, ਪਛਮੀ ਪਾਕਿਸਤਾਨ
ਜਨਮ ਮਿਤੀ: ਅਕਤੂਬਰ ਦਾ ਆਖਰੀ ਦਿਨ, 1935.
ਪ੍ਰਾਇਮਰੀ ਐਜੂਕੇਸ਼ਨ: ਨਾਨਕੇ ਪਿੰਡ ਨਿੰਦੋਕੇ ਮਿਸ਼ਰਾਂ, ਤਹਿਸੀਲ ਨਾਰੋਵਾਲ, ਸਿਆਲਕੋਟ
ਮੈਟਿਰਕ ਤੋਂ ਬੀ.ਏ. : ਰਣਧੀਰ ਸਕੂਲ/ਕਾਲਜ ਕਪੂਰਥਲਾ
ਪੋਸਟਗਰੈਜੂਏਸ਼ਨ: ਖਾਲਸਾ ਕਾਲਜ ਅੰਮ੍ਰਿਤਸਰ
ਕੁਆਲੀਫੀਕੇਸ਼ਨ: ਐੱਮ.ਏ., ਐੱਮ.ਐੱਡ.
ਸਰਵਿਸ: ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ ਐਜੂਕੇਸ਼ਨ – ਪਹਿਲਾਂ ਪ੍ਰੋਫੈਸਰ (13 ਸਾਲ) ਤੇ ਫਿਰ ਪ੍ਰਿੰਸੀਪਲ (21 ਸਾਲ)
ਯੂਨੀਵਰਸਟੀ ਪੁਜ਼ੀਸ਼ਨਾਂ: ਸੈਨੇਟਰ, ਸਿੰਡਕ ਤੇ ਡੀਨ ਐਜੂਕੇਸ਼ਨ ਫੈਕਲਟੀ, ਪੰਜਾਬ ਯੂਨੀਵਰਸਟੀ, ਚੰਡੀਗੜ੍ਹ
ਸਪੋਰਟਸ: ਰੋਲ ਆਫ ਆਨਰਜ਼ ਡੀ ਏ ਵੀ ਕਾਲਜ ਜਾਲੰਧਰ, ਖਾਲਸਾ ਕਾਲਜ ਅੰਮ੍ਰਿਤਸਰ, ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ, ਲੁਧਿਆਣਾ। ਯੂਨੀਵਰਸਟੀ ਚੈਂਪੀਅਨ ਇਨ ਹੈਮਰ ਥਰੋ 1957। ਮੈਂਬਰ ਆਫ ਦਾ ਯੂਨੀਵਰਸਟੀ ਐਥਲੈਟਿਕਸ ਟੀਮ 1957, 1958.
ਸ਼ੌਂਕ: ਲਿੱਖਣਾ ਪੜ੍ਹਨਾ ਤੇ ਖੇਡਾਂ - ਕਿਤਾਬਾਂ: ਸਿੱਖਿਆ ਸਭਿਆਚਾਰ-ਵਿਰਸਾ ਤੇ ਵਰਤਮਾਣ, ਮੇਰੇ ਰਾਹਾਂ ਦੇ ਰੁੱਖ, ਰੰਗ ਕਨੇਡਾ ਦੇ, ਸੁਧਾਰ ਦੇ ਹਾਕੀ ਖਿਡਾਰੀ (ਰੀਲੀਜ਼ਿੰਗ), ਅਤੇ ‘ਕਿੱਸੇ ਕਨੇਡੀਅਨ ਪੰਜਾਬੀ ਬਾਬਿਆਂ ਦੇ’  ਅਤੇ ‘ਖਬਲ਼ ਦੀ ਪੰਡ’(ਤਿਆਰੀ ਅਧੀਨ)
ਵਰਤਮਾਨ ਕਾਰਜ: ਸਰਟੀਫਾਈਡ ਟਰਾਂਸਲੇਟਰ – ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਅਤੇ ਮੀਡੀਆ ਡਾਇਰੈਕਟਰ ਉਲਡ ਏਜ ਬੈਨੀਫਿਟ ਫੋਰਮ, ਕਨੇਡਾ (ਰਜਿਸਟਰਡ)
ਪਤਾ: ਕਨੇਡਾ – 33 ਈਗਲਸਪਰਿੰਗਜ਼ ਕਰੈਜ਼ੰਟ, ਬਰੈਂਪਟਨ, ਉਨਟਾਰੀਓ, L6P 2V8, ਕਨੇਡਾ
ਫੋਨ ਨੰ:
(905) – 450 – 6468 ਐਂਡ 647 – 402 - 2170.

Latest from ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ