You are here:ਮੁਖ ਪੰਨਾ»ਲੇਖ਼»ਰਖੇਲ

ਲੇਖ਼ਕ

Thursday, 29 October 2009 15:48

ਰਖੇਲ

Written by
Rate this item
(0 votes)

ਕੀ ਉਹ ਠੀਕ ਸੀ‎,‎ ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ‎,‎ ਉਹ ਵੀ ਬੇਲਗਾਮ‎…‎ । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ‎,‎ ਪਰ ਉਹ ਠੀਕ‎,‎ ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ।

ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ‎,‎ ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ‎,‎ ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ ਜੋ ਸੱਚ ਹੋ ਨਿਬੜਿਆ। ਚੁੰਨੀ ਦਾ ਲਪੇਟਿਆ ਕੋਰੜਾ ਪਿੱਠ ਨੂੰ ਨਿੱਘ ਦੇਂਦਾ ਸੀ। ਨਿੱਘ ਜੋ ਹਾਰੇ ਹੋਏ ਦੀ ਪਿੱਠ ਸਹਿਲਾਉਂਦਾ ਸੀ। ਸਵੈਮਾਣ ਦਾ ਗਲਾ ਨਹੀਂ ਘੁੱਟਦਾ ਸੀ। ਕੋਰੜਾ ਹੱਥ ਆਇਆ ਨਹੀਂ ਤੇ ਤੁਸੀਂ ਮਨਮਰਜ਼ੀ ਦਾ ਦੁਸ਼ਮਣ ਚੁਣਿਆ ਨਹੀਂ। ਇਸਤੋਂ ਬਾਦ ਉਹ ਤੇ ਬਾਲਾ‎…‎ । ਬਸ ਭਜੋ ਭਜ਼ਾਈ ਤੇ ਅੱਜ ਉਹੋ ਬਾਲਾ ਵਾਪਸ ਆ ਰਹੀ ਸੀ। ਬਾਰਾਂ ਸਾਲਾਂ ਬਾਦ‎…‎ । ਉਸੇ ਧਰਤੀ ਨੂੰ ਨਮਸਕਾਰ ਕਰਨ ਜਿਹਦੇ ਤੇ ਅਸੀਂ ਕਦੇ ਕੋਈ ਕੋਰੜਾ ਰਖਿਆ ਸੀ। ਸਾਂਝਾ ‎…‎ ਇੱਕ ਦੂਜੇ ਦੀ ਪਿੱਠ ਸੇਕਣ ਲਈ।

 

“ਵੀਰਾ ਤੂੰ ਹਮੇਸ਼ਾਂ ਕੋਰੜਾ ਬਾਲਾ ਪਿੱਛੇ ਹੀ ਕਿਉਂ ਰਖਦਾ ਹੈਂ?” ਪੰਮੀ ਦੀ ਇਸ ਗੱਲ ਨੇ ਅੱਜ ਫੇਰ ਸਿਰ ਚੁੱਕ ਲਿਆ ਸੀ। ਦੀਪ ਦੇ ਮਨ ਦੇ ਕਿੰਨੇ ਹੀ ਬੁੱਝੇ ਦੀਪ ਫਿਰ ਜਗ ਉੱਠੇ।

ਮਨ-ਮੀਰਾ ਦੀ ਬੰਸਰੀ ਦੀਆਂ ਕਿੰਨੀਆਂ ਹੀ ਧੁਨਾਂ ਨੇ ਅਵਾਜ਼ ਦਿੱਤੀ‎,‎ ‘ਮੇਰੇ ਪ੍ਰਭ ਜੀ‎…‎ ਤੁਸੀਂ ਸਦਾ ਹੀ ਮਹਾਨ ਹੋ। ਮੇਰੇ ਤੇ ਮੇਹਰ ਕਰੋ। ਮਾਸੀ ਜੀ ਦੀਆਂ ਬੰਦ-ਅੱਖਾਂ ਖੁੱਲ੍ਹ ਕੇ ਫੇਰ ਬੰਦ ਹੋ ਗਈਆਂ ਜਿਵੇਂ ਸਾਰੀ ਕਾਇਨਾਤ ਦੀ ਰੂਹ ਉਨ੍ਹਾਂ ਅੱਖਾਂ ਦੇ ਪਿੱਛੇ ਚਲੀ ਗਈ ਹੋਵੇ।

ਬੰਸਰੀ ਦੀਆਂ ਸੁਰਾਂ ਕਦੇ ਵੀ ਇੱਕਮਿੱਕ ਨਹੀਂ ਸਨ। “ਦੀਪੀ ਹੁਣ ਕਿਹੜੀ ਉਂਗਲ ਚੁੱਕਾਂ?” ਜਿਵੇਂ ਬਾਲਾ ਨੇ ਅੱਜ ਫੇਰ ਬੰਸਰੀ ਵਿੱਚ ਫੂਕ ਮਾਰਕੇ ਪੁੱਛਿਆ ਹੋਵੇ। “ਮੈਨੂੰ ਕੀ ਪਤਾ ਤੇਰੇ ਦਿਲ ਵਿੱਚ ਕੀ ਹੈ‎,‎ ਕਿਹੜੀ ਧੁੰਨ ਕਢਣਾ ਚਾਹੁੰਦੀ ਹੈਂ? ਮੈਂ ਤਾਂ ਤੈਨੂੰ ਜਨ ਗਨ ਮਨ ਸਿਖਾਇਆ ਸੀ‎,‎ ਅੱਗੇ ਤਾਂ ਮੈਨੂੰ ਵੀ ਨਹੀਂ ਆਉਂਦਾ।”

“ਜਾਹ ਵੇ ਤੈਨੂੰ ਤਾਂ ਕੁੱਝ ਵੀ ਨਹੀਂ ਆਉਂਦਾ। ਬੁੱਧੂ ਕਿਸੇ ਥਾਂ ਦਾ।” ਬਾਲਾ ਨੇ ਠੇਂਗਾ ਦਿਖਾਇਆ ਤੇ ਗੋਲ਼ ਬੁੱਲ੍ਹ ਕਰਕੇ ਜੀਭ ਕੱਢੀ।

ਦੀਪ ਦੀਆਂ ਬੰਦ ਅੱਖਾਂ ਸਿਲੀਆਂ ਹੋ ਗਈਆਂ। ਅੱਖਾਂ ਨੂੰ‎,‎ ਝਿੰਮਣੀਆਂ ਨੂੰ ਜਿਵੇਂ ਥੋੜੇ ਚਿਰ ਲਈ ਜੀਣ ਦੀ ਉਮੀਦ ਹੋ ਗਈ ਹੋਵੇ। ਅੱਜ ਉਹ ਆ ਰਹੀ ਸੀ‎,‎ ਵਰ੍ਹਿਆਂ ਬਾਦ‎,‎ ਇੱਕ ਯੁੱਗ ਦੇ ਬਾਦ‎,‎ ਇੱਕ ਉਪਾਸਨਾ ਦੀ ਸਮਾਪਤੀ ਤੋਂ ਬਾਦ ਤੇ ਅੱਜ ਤੋਂ ਬਾਦ ਉਸਦੀਆਂ ਦੁਰਗਤੀਆਂ ਖਤਮ‎…‎ । ਸੰਜਮ ਦੇ ਟੁੱਟਦੇ ਕੱਚ ਹੁਣ ਹੋਰ ਦੁਖੀ ਨਹੀਂ ਕਰਨਗੇ। ਮੈਨੇਜਰ ਦੇ ਮੂੰਹ ਤੇ ਮਾਰਾਂਗਾ ਵੋਚਰਾਂ ਦਾ ਥੱਬਾ‎,‎ ਸਾਲੀ ਦੋ ਟਕੇ ਦੀ ਨੌਕਰੀ।‎…‎ ‘ਹੇ ਵਾਹਿਗੁਰੂ ਮੈਨੂੰ ਚੈਨ ਦਿਉ‎…‎ ।

ਪ੍ਰਭਦੀਪ ਦੇ ਹੱਥ ਜੁੜੇ‎,‎ ਅੱਖਾਂ ਸਿਲੀਆਂ ਹੋਈਆਂ ਤੇ ਗੱਡੀ ਵਿੱਚ ਆ ਰਹੀ ਠੰਡੀ ਹਵਾ ਨੇ ਉਹਦੇ ਅਥਰੂਆਂ ਦਾ ਖਿਲਾਰਾ ਪਾ ਦਿੱਤਾ। ਉਸਦੇ ਕੋਸੇ ਅੱਥਰੂਆਂ ਦੇ ਸਪਰਸ਼ ਨੇ ਉਹਨੂੰ ਖਿਆਲਾਂ ਵਿਚੋਂ ਕੱਢਿਆ। ਉਹਨੇ ਅੱਖਾਂ ਖੋਲ੍ਹ ਕੇ ਆਲਾ ਦੁਆਲਾ ਦੇਖਿਆ। ਬਾਕੀ ਤਾਂ ਸਾਰੇ ਸੁਸਤਾ ਰਹੇ ਸਨ ਪਰ ਉਹਦਾ ਬਾਪੂ ਅਖ਼ਬਾਰ ਨੀਵੀਂ ਕਰਕੇ ਉਹਦੇ ਵੱਲ ਦੇਖ ਰਿਹਾ ਸੀ। ਦੋਵਾਂ ਦੀਆਂ ਅੱਖਾਂ ਮਿਲੀਆਂ ਤਾਂ ਬਾਪੂ ਨੇ ਅਖ਼ਬਾਰ ਫੇਰ ਉਤਾਂਹ ਚੁੱਕ ਲਈ ਤੇ ਪਰਦਾ ਕਰ ਲਿਆ। ਦੀਪ ਖਿੜਕੀ ਵਿਚੋਂ ਬਾਹਰ ਦੇਖਣ ਲੱਗ ਪਿਆ। ਜਜ਼ਬਾਤੀ ਦੁਰਗਤੀ ਨੇ ਉਹਨੂੰ ਸ਼ਰਮਿੰਦਾ ਕੀਤਾ। ਇਸ ਜੋਕਾਂ ਵਰਗੀ ਵਹਿਸ਼ਤ ਨੇ ਉਹਨੂੰ ਮਰਦ ਨਹੀਂ ਰਹਿੰਣ ਦਿਤਾ ਸੀ ਨਹੀਂ ਤੇ ਕੋਈ ਵੀ ਆਪਣੇ ਜੁਆਨ ਪੁੱਤ ਨੂੰ ਬਾਂਦਰ ਨਹੀਂ ਕਹਿੰਦਾ। ਹੁਣ ਤੇ ਜਿਵੇਂ ਉਹਨੂੰ ਆਦਤ ਹੀ ਪੈ ਗਈ ਹੋਵੇ। ਹਰ ਵਾਰ ਉਹ ਇਸ ਸ਼ਰਮਿੰਦਗੀ ਨੂੰ ਬਾਲਾ ਨਾਲ ਜੋੜ ਦਿੰਦਾ ਸੀ। ਦੇਖ ਲੈ‎,‎ ਫੱਕਰ ਹੁਣ ਬਾਂਦਰ ਵੀ ਬਣ ਗਿਆ ਤੇਰੀ ਖਾਤਰ‎…‎ ਜਿਵੇਂ ਬਾਲਾ ਉਹਦੇ ਅੰਗ-ਸੰਗ ਹੋਵੇ।

‘ਇਹ ਮੇਰੇ ਵੱਲ ਓਪਰਾ ਓਪਰਾ ਜਿਹਾ ਕਿਉਂ ਦੇਖਦੀ ਹੈ? ‎…‎ ਬਾਲਾ ਇਹ ਮੈਂ ਹਾਂ‎…‎ ਤੇਰਾ ਦੀਪ‎…‎ ਤੈਨੂੰ ਯਾਦ ਨਹੀਂ?‎…‎ ਕੀ ਤੈਨੂੰ ਕੁੱਝ ਵੀ ਯਾਦ ਨਹੀਂ‎…‎ ਆਪਾਂ ਇਕੱਠੇ ਖੇਡਦੇ ਸੀ‎…‎ ਭੁੱਲ ਗਿਆ ਸਾਰਾ ਕੁੱਝ‎…‎ ।’

“ਉਏ ਆ ਅਟੈਚੀ ਚੁੱਕ ਕੇ ਰੇਹੜੀ ਤੇ ਰੱਖ‎…‎ ਕਿੱਧਰ ਬੂਥਾ ਚੁੱਕਿਆ ਤੂੰ?” ਉਹਦੇ ਬਾਪੂ ਨੂੰ ਉਹਦਾ ਬਾਲਾ ਨੂੰ ਇੰਝ ਘੂਰਨਾ ਚੰਗਾ ਨਹੀਂ ਲੱਗ ਰਿਹਾ ਸੀ ਸ਼ਾਇਦ। ਉਹ ਬੇਹਦ ਸ਼ਰਮਿੰਦਾ ਹੋਇਆ। ਉਹ ਵਾਕਿਆ ਹੀ ਬੇਵਕੂਫਾਂ ਵਾਂਗ ਬਿਟਰ ਬਿਟਰ ਬਾਲਾ ਵਲ ਝਾਕੀ ਜਾਂਦਾ ਸੀ। ਉਹਨੇ ਅਟੈਚੀਆਂ ਵੱਲ ਨਿਗ੍ਹਾ ਮਾਰੀ। ਸੱਤ ਅਟੈਚੀ ਸਨ ਭਲਵਾਨਾਂ ਵਰਗੇ। ਸਾਰੇ ਹੀ ਆਫਰੇ ਹੋਏ ਜਿਵੇਂ ਇਹਨਾਂ ਵਿੱਚ ਹਰ ਇੱਕ ਦੀ ਪਸੰਦ ਬੰਦ ਪਈ ਹੋਵੇ। ਉਹਨੇ ਅਟੈਚੀ ਰੇਹੜੀ ਤੇ ਟਿਕਾਉਂਣੇ ਸ਼ੁਰੂ ਕਰ ਦਿੱਤੇ। ਵੇਹਲਾ ਹੋਕੇ ਉਹ ਮਾਸੀ ਮਾਸੜ ਵੱਲ ਹੋਇਆ। ਉਹ ਸ਼ੁਰੂ ਤੋਂ ਹੀ ਹਰੀ ਸਿੰਘ ਤੇ ਉਹਦੀ ਘਰਵਾਲੀ ਨੂੰ ਮਾਸੀ ਮਾਸੜ ਕਹਿੰਦਾ ਸੀ। “ਸਤਿ ਸ੍ਰੀ ਅਕਾਲ ਜੀ।” ਦੀਪ ਨੇ ਦੋਵਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ।

“ਉਹ ਬੱਲੇ ਬਈ ਬੱਲੇ‎,‎ ਉਹ ਬੇਅੰਤ ਇਹ ਤੇਰਾ ਦੀਪਾ ਹੀ ਹੈ ਨਾ? ਬੜਾ ਜੁਆਨ ਨਿਕਲਿਆ ਬਈ ਤੇਰਾ ਪੱਠਾ।” ਹਰੀ ਸਿੰਘ ਨੇ ਉਹਦੇ ਬਾਪ ਨੂੰ ਕਿਹਾ ਤੇ ਨਾਲ ਹੀ ਦੀਪੇ ਦੀ ਪਿੱਠ ਥਪਥਪਾਈ। ਉਹਨੂੰ ਉਹਦਾ ਪਿੱਠ ਥਪਥਪਾਉਂਣਾ ਚੰਗਾ ਨਾ ਲੱਗਾ। ਉਹ ਚਾਹੁੰਦਾ ਸੀ ਕਿ ਉਹ ਉਹਨੂੰ ਕਲਾਵੇ ਵਿੱਚ ਲੈਕੇ ਉਹਦੇ ਸਿਰ ਤੇ ਹੱਥ ਫੇਰਦਾ ਤੇ ਚੰਗੀ ਜ਼ਿੰਦਗੀ ਦੀ ਅਸ਼ੀਰਵਾਦ ਦੇਂਦਾ।

“ਚੱਲ ਬਈ ਦੀਪੇ ਰੇਹੜ ਲੈ ਰੇੜੀ‎,‎ ਇਥੇ ਦੇ ਕੁੱਲੀ ਤਾਂ ਬਹੁਤ ਚਾਂਮ੍ਹਲੇ ਹੁੰਦੇ ਨੇ ਪੂਰੀ ਛਿੱਲ ਲਾਹੁੰਦੇ ਹਨ‎,‎ ਬਾਹਰੋਂ ਆਏ ਦੀ।” ਉਹਦੇ ਬਾਪ ਨੇ ਵਕਤੋਂ ਪਹਿਲਾਂ ਹੀ ਉੱਧੜਨਾ ਸ਼ੁਰੂ ਕਰ ਦਿੱਤਾ।

ਰੇਲਵੇ ਸਟੇਸ਼ਨ ਤੇ ਪਹੁੰਚਕੇ ਵੀ ਬੇਅੰਤ ਸਿੰਘ ਨੇ ਕੁਲੀਆਂ ਵਾਲਾ ਕੰਮ ਆਪ ਹੀ ਕਰਨਾ ਚਾਹਿਆ ਪਰ ਹਰੀ ਸਿੰਘ ਨੇ ਵਰਜ਼ ਦਿੱਤਾ। ਬੇਅੰਤ ਸਿੰਘ ਨੂੰ ਲੱਗਾ ਜਿਵੇਂ ਉਹਨਾਂ ਦਾ ਕੁੱਝ ਖੁੱਸ ਰਿਹਾ ਹੋਵੇ। ਦੋ ਕੁਲੀਆਂ ਨੇ ਸਾਰਾ ਸਮਾਨ ਸੰਭਾਲ ਲਿਆ। ਪਲੇਟਫਾਰਮ ਨੰਬਰ ਸੱਤ ਤੇ ਜਾਕੇ ਦੋਵੇਂ ਟੱਬਰ ਵੱਖ ਹੋ ਗਏ। ਸ਼ਤਾਬਦੀ ਦੇ ਫਸਟ ਕਲਾਸ ਡੱਬੇ ਵਿੱਚ ਬਾਲਾ‎,‎ ਉਹਦੇ ਮੰਮੀ-ਡੈਡੀ ਤੇ ਬਾਲਾ ਦੀ ਕੁੜੀ ਨਾਜੋ ਬੈਠ ਗਏ। ਦੀਪ ਤੇ ਉਸਦਾ ਟੱਬਰ ਸੈਕੰਡ ਕਲਾਸ ਡੱਬੇ ਵਿੱਚ ਆਕੇ ਬੈਠ ਗਏ। ਬੇਅੰਤ ਸਿੰਘ ਫਿਕਰੀਂ ਲੱਥਾ ਹੋਇਆ ਸੀ। ਉਹਦੇ ਹੱਥ ਪੱਲੇ ਕੁੱਝ ਨਹੀਂ ਪੈ ਰਿਹਾ ਸੀ। ਉਹ ਤੇ ਐਸੇ ਮਰਾਸੀਪੁਣੇ ਦਾ ਕਾਇਲ ਹੀ ਨਹੀਂ ਸੀ। ਆਉ ਜੀ‎…‎ ਬੈਠੋ ਜੀ‎…‎ ਤੁਸੀਂ ਅਰਾਮ ਕਰੋ ਜੀ‎…‎ ਅਸੀਂ ਜੋ ਹਾਂ ਜੀ। ਮੈਂ ਭੱਜਕੇ ਲਿਆਉਂਨਾ ਟਿਕਟਾਂ।

ਇਹੋ ਬੇਅੰਤ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਉਹਦਾ ਜੋਟੀਦਾਰ ਸੀ‎,‎ ਉਹਦਾ ਜਿਗਰੀ ਯਾਰ ਸੀ। ਪਰ ਅੱਜ ਇਹ ਕਿਹੋ ਜਿਹਾ ਫਾਸਲਾ ਪੈ ਗਿਆ ਹੈ ਉਨ੍ਹਾਂ ਦੋਵਾਂ ਵਿਚ। ਉਸਨੇ ਖੋਦੀ ਹੈ ਖਾਈ ਜਾਂ ਇਹ ਖਾਈ ਹਰੀ ਸਿੰਘ ਕੈਨੇਡਾ ਤੋਂ ਲੈਕੇ ਆਇਆ ਹੈ। ਗਰਜ਼ਾਂ ਦੀ ਗੱਲ ਹੈ ਵਰਨਾ ਮੈਂ ਤਾਂ ਸਾਰੀ ਉਮਰ ਕਿਸੇ ਕੋਲੋਂ ਔਖੀ ਗੱਲ ਨਹੀਂ ਅਖਵਾਈ। ਮੈਨੂੰ ਲੋੜ ਵੀ ਕੀ ਸੀ। ਬੇਅੰਤ ਸਿੰਘ ਨੇ ਜਿਵੇਂ ਆਪਣੇ ਆਪ ਨੂੰ ਕਿਹਾ ਹੋਵੇ।

“ਮੈਂ ਭੱਜ ਕੇ ਟਿਕਟਾਂ ਲੈ ਆਵਾਂ।” ਹਰੀ ਸਿੰਘ ਨੇ ਕਾਹਲ ਕਰਦਿਆਂ ਕਦਮ ਪੁੱਟਿਆ।

“ਬੇਅੰਤ ਪੈਸੇ ਤੇ ਲੈਂਦਾ ਜਾ।” ਹਰੀ ਸਿੰਘ ਨੇ ਬੇਅੰਤ ਨੂੰ ਪਿਛੋਂ ਅਵਾਜ਼ ਮਾਰੀ।

“ਨਹੀਂ ਜੀ ਪੈਸੇ ਆਪਣੇ ਕੋਈ ਵੰਡੇ ਹੋਏ ਆ।” ਬੇਅੰਤ ਸਿੰਘ ਨੇ ਛਿੱਥਾ ਪੈਂਦਿਆਂ ਕਿਹਾ।

“ਓਏ ਨਹੀਂ ਫੇਰ ਵੀ ਸਮਝ ਕਰੀਦੀ ਹੈ। ਏਨਾਂ ਥੋੜਾ ਤੁਸੀਂ ਐਨੀ ਦੂਰੋਂ ਲੈਣ ਆਏ ਹੋ‎,‎ ਐਨਾ ਤਾਂ ਕੋਈ ਸਕਾ ਵੀ ਨਹੀਂ ਕਰਦਾ।” ਬੇਅੰਤ ਸਿੰਘ ਇਹੋ ਤਾਂ ਸੁਨਣਾ ਚਾਹੁੰਦਾ ਸੀ ਕਿ ਐਨਾ ਤਾਂ ਕੋਈ ਸਕਾ ਵੀ ਨਹੀਂ ਕਰਦਾ। ਉਹਨੇ ਹੱਥ ਵਧਾਕੇ ਪੈਸੇ ਫੜ ਲਏ ਤੇ ਤੁਰਨ ਲੱਗੇ ਨੂੰ ਫੇਰ ਹਰੀ ਸਿੰਘ ਨੇ ਅਵਾਜ਼ ਮਾਰ ਕੇ ਕਿਹਾ‎,‎ “ਇੰਝ ਕਰੀਂ‎,‎ ਸਾਡੀਆਂ ਚਾਰ ਟਿਕਟਾਂ ਫ਼ਸਟ ਕਲਾਸ ਦੀਆਂ ਲਈਂ। ਤੈਨੂੰ ਤੇ ਪਤਾ ਨਿਆਣਾ ਨਾਲ ਹੈ ਤੇ ਬਾਲਾ ਵੀ। ਉਂਝ ਵੀ ਐਨਾ ਲੰਮਾ ਸਫ਼ਰ ਬੰਦੇ ਨੂੰ ਮਧੋਲ ਜਿਹਾ ਹੀ ਦਿੰਦਾ।” ਬੇਅੰਤ ਸਿੰਘ ਟਿਕਟਾਂ ਲੈਣ ਚਲਾ ਗਿਆ। ਉਹਨੂੰ ਲੱਗਾ ਜਿਵੇਂ ਉਹ ਇੱਕ ਦੋਸਤ ਨਹੀਂ ਬਲਕਿ ਇੱਕ ਨੌਕਰ ਹੋਵੇ ਤੇ ਆਪਣੇ ਸਰਦਾਰਾਂ ਦਾ ਕੰਮ ਕਰ ਰਿਹਾ ਹੋਵੇ। ਇਹ ਕੋਈ ਦੋਸਤੀ ਵਾਲੀ ਗੱਲ ਤਾਂ ਨਹੀਂ। ਹਰੀ ਸਿੰਘ ਇਹ ਵੀ ਤੇ ਕਹਿ ਸਕਦਾ ਸੀ ਕਿ ਸਾਰੀਆਂ ਟਿਕਟਾਂ ਫਸਟ ਕਲਾਸ ਦੀਆਂ ਲੈ।

‘ਮੈਂ ਵੀ ਕੀ ਛੋਟੀਆਂ ਗੱਲਾਂ ਦੀਆਂ ਕੰਨੀਆਂ ਫੜ ਕੇ ਬੈਠ ਜਾਂਦਾ ਹਾਂ। ਹਰੀ ਸਿੰਘ ਠੀਕ ਹੀ ਤਾਂ ਕਹਿੰਦਾ ਸੀ। ਉਹ ਥੱਕੇ ਸਨ ਤੇ ਸਾਰੇ ਚੌਣੇ ਨੇ ਫਸਟ ਕਲਾਸ `ਚ ਬਹਿ ਕੇ ਕੀ ਕਰਨਾ ਸੀ।’ ਉਹ ਬੇਚੈਨੀ ਜਿਹੀ ਨਾਲ ਗੱਡੀ ਵਿੱਚ ਸੀਟ ਨਾਲ ਢੋਅ ਲਾਕੇ ਬੈਠ ਗਿਆ। ਸੋਚਣ ਲੱਗਾ‎,‎ ਦੀਪ ਦਾ ਕੀ ਬਣੂੰ। ਇੱਥੇ ਤਾਂ ਵਿਚਾਰਾ ਫਿਟ ਬੈਠਦਾ ਨਹੀਂ ਦੀਹਦਾ। ਐਮ਼ ਏ਼ ਕਰਕੇ ਵੇਹਲਾ ਤੁਰਿਆ ਫਿਰਦਾ। ਇਹ ਕਲਰਕੀ ਵੀ ਲੰਗੇ ਡੰਗ ਦੀ। ਨਾ ਕੋਈ ਕੰਮ ਨਾ ਕਾਜ਼। ਮੁੰਡੇ ਅੱਗੇ ਹੀ ਹੱਥਾਂ ਤੇ ਲਈ ਫਿਰਦੇ ਹਨ। ਐਵੇਂ ਨਾ ਕਿਤੇ ਜਾਹ ਜਾਂਦੀ ਹੋ ਜਾਏ। ਚਲੋ ਹਰੀ ਸਿੰਘ ਨੂੰ ਕਹਿਕੇ ਵੇਖਦਿਆਂ। ਸਾਡੀ ਵੀ ਸ਼ਾਇਦ ਸੁਣੀ ਜਾਏ।

‘ਬਾਰਾਂ ਸਾਲ ਬਾਦ ਆਇਆ ਸੀ‎,‎ ਹਰੀ ਸਿੰਘ ਇੰਡੀਆ। ਬੇਅੰਤ ਸਿੰਘ ਨੇ ਹਿਸਾਬ ਲਾਉਂਦਿਆਂ ਸੋਚਿਆ। ਦੀਪਾ ਉਦੋਂ ਅਠਾਰਾਂ ਸਾਲ ਦਾ ਸੀ। ਇਨ੍ਹਾਂ ਸਾਰੇ ਸਾਲਾਂ ਵਿੱਚ ਕਿੰਨਾ ਕੁ ਯਾਦ ਕੀਤਾ ਇਹਨੇ। ਪਹਿਲਾਂ ਪਹਿਲ ਆਈਆਂ ਇੱਕ ਦੋ ਚਿੱਠੀਆਂ। ਮੈਂ ਤੇ ਸੁਣਿਆ ਉਨ੍ਹਾਂ ਮੁਲਕਾਂ ਵਿੱਚ ਲੋਕੀਂ ਖੁਸ਼ਕ ਬਹੁਤ ਹਨ‎,‎ ਸਿਰਫ ਆਪਣਾ ਸੋਚਦੇ ਹਨ‎,‎ ਪਿਆਰ ਮੁੱਹਬਤ ਨਾਂ ਦੀ ਕੋਈ ਚੀਜ਼ ਹੀ ਨਹੀਂ। ਹੁਣ ਇੱਥੇ ਵੀ ਕਿਹੜਾ ਘੱਟ ਹੈ। ਸਭ ਪਾਸੇ ਆਪੋ ਧਾਪੀ ਪਈ ਹੋਈ ਹੈ। ਮੈਂ ਆਪਣੇ ਵੱਲ ਹੀ ਦੇਖਾਂ ਕੀ ਮੈਂ ਨਹੀਂ ਚਾਹੁੰਦਾ ਮੇਰੇ ਦੀਪੇ ਨੂੰ ਹਰੀ ਸਿੰਘ ਬਾਹਰ ਸੱਦ ਲਏ? ਕੀ ਮੇਰੇ ਵਿੱਚ ਲੋਭ ਨਹੀਂ? ਇਹ ਤਾਂ ਹਰ ਜਗ੍ਹਾ ਹੀ ਹੈ ਕਿਤੇ ਘੱਟ ਕਿਤੇ ਵੱਧ। ਹਰੀ ਸਿੰਘ ਵੀ ਤਾਂ ਆਖਰ ਇਨਸਾਨ ਹੀ ਹੈ। ਹਾਂ ਇਨਸਾਨ‎…‎ ਮਤਲਬੀ ਹੈ ਮਤਲਬੀ‎,‎ ਹੁਣ ਮਤਲਬ ਹੈ ਤੇ ਬੇਅੰਤ ਚੇਤੇ ਆ ਗਿਆ। ਦੀਪ ਦਿਸ ਪਿਆ ਆਪਣੀ ਕੁੜੀ ਲਈ‎…‎ ।’

‘ਮੇਰੇ ਵਿੱਚ ਕੋਈ ਲੋਭ ਨਹੀਂ। ਬੇਅੰਤ ਸਿੰਘ ਨੇ ਪਾਸਾ ਪਰਤ ਕੇ ਖਬੀ ਲੱਤ ਤੋਂ ਸੱਜੀ ਲਾਹਕੇ ਲੱਤਾਂ ਥੋੜ੍ਹਾ ਅੱਗੇ ਸਰਕਾ ਲਈਆਂ। ਮੈਂ ਤਾਂ ਸਗੋਂ ਚਾਹੁਨਾ‎,‎ ਚਲੋ ਫਿਰ ਵੀ ਆਪਣਾ ਯਾਰ ਹੈ ਇਹਦੀ ਕੁੜੀ ਵਿਚਾਰੀ ਵਸ ਜਾਏ। ਬਾਲਾ ਨੂੰ ਮਿਲਣਾ ਕਿਤੇ ਦੀਪ ਵਰਗਾ ਮੁੰਡਾ? ਸੋਹਣਾ ਸੁਨੱਖਾ‎,‎ ਵੇਖਿਆ ਪਰਖਿਆ‎,‎ ਘਰ ਦਾ ਜੀਅ‎,‎ ਬਚਪਨ ਦਾ ਸਾਥੀ‎…‎ ਨਿਰਾ ਹੀਰਾ। ਬਾਲਾ ਤਲਾਕੀ‎,‎ ਇੱਕ ਬੱਚੇ ਦੀ ਮਾਂ‎…‎ ਲੋਕੀਂ ਸੌ ਨੁੱਕਸ ਕੱਢਣਗੇ। ਚਲੋ ਜੇ ਕੋਈ ਕੈਨੇਡਾ ਦੇ ਲਾਲਚ ਨੂੰ ਰਾਜ਼ੀ ਵੀ ਹੋ ਗਿਆ। ਨੇਹ ਜਾਣੀਏ ਉੱਥੇ ਜਾਕੇ ਸਟੈਂਪ ਲਵਾ ਕੇ ਛੱਡ ਦੇਵੇ। ਕਿਸੇ ਦੇ ਦਿਲ ਦਾ ਕੀ ਪਤਾ? ਪਰ ਆਪਣਾ ਦੀਪ ਤਾਂ ਘਰ ਦਾ ਜੀਅ ਹੈ। ਕਰੂੰ ਮੈਂ ਹਰੀ ਨਾਲ ਵਿਚਾਰ-ਵਟਾਂਦਰਾ। ਜਿਵੇਂ ਬਾਲਾ ਤਿਵੇਂ ਦੀਪ। ਬਾਲਾ ਮੇਰੀ ਧੀਆਂ ਵਰਗੀ ਹੈ। ਹੱਥੀਂ ਖਿਡਾਈ। ਦੋਵਾਂ ਨੂੰ ਇਕੱਠਿਆਂ ਖਤਾਈਆਂ ਲੈਕੇ ਦੇਂਦਾ ਹੁੰਦਾ ਸੀ। ਜੇ ਦੀਪ ਨੇ ਕੋਈ ਉੰਨੀ ਇੱਕੀ ਕੀਤੀ ਬਾਲਾ ਧੀ ਨਾਲ‎,‎ ਸੌ ਜੁੱਤੀਆਂ ਮਾਰੂੰ ਇਹਦੇ ਸਿਰ ਵਿੱਚ। ਉਹ ਤੇ ਦਿਨ ਹੀ ਹੋਰ ਸਨ ਬੇਅੰਤ ਸਿੰਹਾਂ‎,‎ ਉਹਨਾਂ ਕਿਤੇ ਵਾਪਸ ਆਉਂਣਾ।’

“ਵੇ ਬੇਅੰਤ‎,‎ ਖਿੜਕੀ ਤਾਂ ਬੰਦ ਕਰਦੇ ਮੈਨੂੰ ਤਾਂ ਠੰਡ ਲਗਦੀ ਆ ਕਿਵੇਂ ਠਾਰ ਆਉਂਦੀ ਹੈ ਬਾਹਰੋਂ।” ਬਚਨੀ ਨੇ ਬੇਅੰਤ ਦੀ ਜਿਵੇਂ ਲੜੀ ਤੋੜ ਦਿੱਤੀ ਹੋਵੇ। ਬੇਅੰਤ ਨੇ ਦੋਵਾਂ ਹੱਥਾਂ ਨਾਲ ਦੋਵੇਂ ਕੁੰਢੀਆਂ ਨੂੰ ਦਬਕੇ ਖਿੜਕੀ ਬੰਦ ਕਰ ਦਿੱਤੀ। ਇੱਕ ਦਮ ਜਿਵੇਂ ਰਾਹਤ ਮਿਲੀ ਹੋਵੇ। ਬੇਅੰਤ ਨੇ ਵੀ ਅਰਾਮ ਜਿਹਾ ਮਹਿਸੂਸ ਕੀਤਾ। ਇੱਕ ਸਕੂਨ ਜਿਹਾ ਦੇਣ ਵਾਲਾ ਨਿੱਘ। ਖੁੱਲੀ ਖਿੜਕੀ ਅਰਾਮ ਵਿੱਚ ਇੱਕ ਰੁਕਾਵਟ ਹੀ ਸੀ। ਉਹ ਸੋਚਣ ਲੱਗਾ ਇਹ ਖਿੜਕੀ ਖੋਲ੍ਹੀ ਕਿਨ੍ਹੇ ਸੀ? ਜੇ ਖੁੱਲ੍ਹੀ ਸੀ ਤਾਂ ਉਹਨੂੰ ਪਤਾ ਕਿਉਂ ਨਾ ਲੱਗਾ। ਬੰਦ ਖਿੜਕੀ ਦਾ ਅਹਿਸਾਸ ਬੇਅੰਤ ਨੂੰ ਸਕੂਨ ਦੇਣ ਲੱਗਾ। ਉਹ ਅੱਜ ਸਵੇਰੇ ਵੀ ਖਿਝਿਆ ਸੀ। ਗੁਰਦੁਆਰੇ ਦੇ ਕਮਰੇ ਵਿੱਚ ਤਿਆਰ ਹੁੰਦਾ। ਦੀਪ ਨੇ ਉਸਨੂੰ ਪੁੱਠੀਆਂ ਜਰਾਬਾਂ ਦੇ ਦਿੱਤੀਆਂ ਸਨ‎,‎ “ਓਏ ਬਾਂਦਰਾ ਤੈਨੂੰ ਕਦੋਂ ਅਕਲ ਆਊ।” ਬੇਅੰਤ ਨੂੰ ਲੱਗਾ ਜਿਵੇਂ ਇਹ ਗੱਲ ਕਹਿਣ ਲੱਗਿਆਂ ਵੀ ਸਵੇਰੇ ਕੋਈ ਖਿੜਕੀ ਖੁੱਲ੍ਹੀ ਸੀ। ਉਸ ਖੁੱਲ੍ਹੀ ਖਿੜਕੀ ਦੇ ਆਰ ਪਾਰ ਵੀ ਦੀਪ ਹੀ ਫੈਲਿਆ ਹੋਇਆ ਸੀ। ਸਾਰੀ ਉਮਰ ਲੰਘਾ ਦਿੱਤੀ ਮਾਸਟਰੀ ਕਰਦਿਆਂ ਪਰ ਕਦੇ ਕਿਸੇ ਦੀ ਈਨ ਮੰਨ ਕੇ ਆਪਣੇ ਸਵੈ-ਮਾਣ ਨੂੰ ਦਾਅ ਤੇ ਨਹੀਂ ਲਾਇਆ ਸੀ। ਪਰ ਬੇਅੰਤ ਸਿੰਹਾਂ ਔਲਾਦ ਲਈ ਤਾਂ ਸੌ ਪਾਪੜ ਵੇਲਣੇ ਪੈਂਦੇ ਹਨ।

ਦੀਪ ਸਵੇਰੇ ਵੀ ਚੁੱਪ ਰਿਹਾ ਸੀ। ਉਹਦੀ ਚੁੱਪ ਬੇਅੰਤ ਨੂੰ ਹੁਣ ਨਿੱਘ ਦੇਣ ਲੱਗੀ। ‘ਕਿੰਨਾਂ ਸਿਆਣਾ ਤੇ ਸੇਹੰਦੜ ਹੋ ਗਿਆ ਮੇਰਾ ਦੀਪਾ। ਸਭ ਕੁੱਝ ਬਰਦਾਸ਼ਤ ਕਰ ਜਾਂਦਾ ਹੈ। ਜਿਵੇਂ ਗਿੱਲੀ ਰੇਤ ਆਪਣੇ ਉੱਤੇ ਮਣਾਂ ਮੂੰਹੀਂ ਪਾਣੀ ਚੁੱਕੀ ਫਿਰਦੀ ਹੈ‎,‎ ਬਿਨ੍ਹਾਂ ਪਿਆਸ ਦੇ। ਕੀ ਇਹ ਵਾਕਿਆ ਹੀ ਖੁਸ਼ ਰਹੇਗਾ ਬਾਲਾ ਨਾਲ? ਮੈਨੂੰ ਤੇ ਕੋਈ ਫਰਕ ਨਹੀਂ ਪਰ ਬਬੂ ਕਦੇ ਕਦੇ ਜ਼ਰੂਰ ਬੁਲ੍ਹ ਟੇਰਦੀ ਹੈ। ਆਖਰ ਮਾਂ ਜੁ ਹੋਈ।

ਉਹਨੇ ਆਪ ਦੀਪ ਨੂੰ ਪੁੱਛਕੇ ਮੈਨੂੰ ਦਸਿਆ ਸੀ‎,‎ ‘ਜੀ ਉਹ ਤੇ ਸਗੋਂ ਖੁਸ਼ ਹੈ। ਕਹਿੰਦਾ ਕੀ ਪਤਾ ਉਹਦੀ ਕੀ ਮਜ਼ਬੂਰੀ ਸੀ‎,‎ ਕਿਤੇ ਹੋਰ ਵਿਆਹ ਹੋ ਗਿਆ ਵਰਨਾ ਉਹ ਤੇ ਬਣੀ ਹੀ ਮੇਰੇ ਲਈ ਹੈ। ਮੈਂ ਕਿਹਾ‎,‎ ਚੱਲ ਸ਼ੈਤਾਨ ਕਿਸੇ ਥਾਂ ਦਾ। ਮੈਂ ਤੇ ਜੀ ਵੇਲਣਾ ਚੁੱਕ ਕੇ ਅਜੇ ਉਲਾਰਿਆ ਹੀ ਸੀ ਦੀਪ ਹਸਦਾ ਹਸਦਾ ਚੌਂਕੇ ਤੋਂ ਬਾਹਰ ਹੋ ਗਿਆ।”

ਗੱਡੀ ਹੌਲੀ ਹੋ ਰਹੀ ਸੀ‎,‎ ਲਗਦਾ ਸੀ ਕੋਈ ਸਟੇਸ਼ਨ ਆ ਰਿਹਾ ਹੈ। ਬੇਅੰਤ ਨੇ ਦੀਪੇ ਨੂੰ ਕਿਹਾ‎,‎ “ਜਾ ਓਏ ਗੱਡੀ ਰੁਕੇ ਤੇ ਮਾਸੀ ਮਾਸੜ ਨੂੰ ਪੁੱਛਕੇ ਆ ਕੋਈ ਚੀਜ਼ ਤੇ ਨਹੀਂ ਚਾਹੀਦੀ।”

“ਤੁਸੀਂ ਆਪ ਜਾਓ ਜੀ। ਮੁੰਡੇ ਨੂੰ ਵੇਖਕੇ ਉਹ ਕੀ ਸੋਚਣਗੇ?” ਬੇਅੰਤ ਨੂੰ ਸਮੇਂ ਦੀ ਨਜ਼ਾਕਤ ਸਮਝਾਉਂਦਿਆਂ ਬਬੂ ਨੇ ਕਿਹਾ।

“ਲੈ ਉਨ੍ਹਾਂ ਕੀ ਸੋਚਣਾ‎,‎ ਆਖਰ ਗਏ ਤਾਂ ਇੱਥੋਂ ਹੀ ਹਨ। ਉੱਥੇ ਜਾਕੇ ਕੋਈ ਗੋਰੇ ਤੇ ਨਹੀਂ ਬਣ ਗਏ।” ਬੇਅੰਤ ਨੇ ਫਰਾਖਦਿਲੀ ਨਾਲ ਕਿਹਾ।

“ਤੁਸੀਂ ਵੀ ਹੱਦ ਕਰਦੇ ਹੋ‎,‎ ਕਿਤੇ ਹੁੰਦਾ ਆਪਣੇ ਇੱਧਰ? ਕੀ ਹੋਇਆ ਜੇ ਹਰੀ ਸਿੰਘ ਹੈ‎,‎ ਹੈ ਤਾਂ ਅਜੇ ਕੱਚਾ ਰਿਸ਼ਤਾ। ਮੁੰਡਾ ਚੰਗਾ ਲਗੂ ਜਾਂਦਾ?”

“ਓਏ ਤੂੰ ਵੀ ਹੱਦ ਕਰਦੀਂ ਹੈਂ ਇਹਦੇ ਵਿੱਚ ਕੱਚੇ ਪੱਕੇ ਦੀ ਕੀ ਗੱਲ ਹੈ?” ਬੇਅੰਤ ਨੇ ਮੁਸਕਰਾ ਕੇ ਕਿਹਾ। ਉਸਨੂੰ ਬਬੂ ਦੀ ਗੱਲ ਮਨ ਲੱਗ ਗਈ ਸੀ‎,‎ “ਚੰਗਾ ਚੰਗਾ‎,‎ ਮੈਂ ਹੀ ਜਾਨਾਂ।”

ਗੱਡੀ ਰੁਕੀ। ਅੰਬਾਲਾ ਛਾਉਣੀ ਸੀ। ਬੇਅੰਤ ਸਿੰਘ ਨੇ ਉੱਤਰਕੇ ਹਰੀ ਸਿੰਘ ਦੇ ਡੱਬੇ ਵੱਲ ਰੁੱਖ ਕੀਤਾ। ਕਿਊਬ ਕੰਪਾਰਟਮੈਂਟ ਵਿੱਚ ਇੱਕ ਸੀਟ ਤੇ ਬਾਲਾ ਘੂਕ ਸੁਤੀ ਪਈ ਸੀ। ਹਰੀ ਸਿੰਘ ਸੀਟ ਤੇ ਬੈਠਾ ਬਾਹਰ ਦੇਖ ਰਿਹਾ ਸੀ। ਬਾਲਾ ਦੀ ਮੰਮੀ ਤੇ ਨਾਜੋ ਵੀ ਊਂਘ ਰਹੀਆਂ ਸਨ। ਬੇਅੰਤ ਨੇ ਪੋਲੇ ਪੈਰੀਂ ਲੰਘਕੇ ਪੁੱਛਿਆ‎,‎ “ਕਿਉਂ ਹਰੀ ਸਿੰਘ ਕੁੱਝ ਚਾਹੀਦਾ ਤਾਂ ਨਹੀਂ‎,‎ ਮੈਂ ਭੱਜ ਕੇ ਲਿਆ ਦੇਂਦਾ ਹਾਂ?”

“ਨਹੀਂ‎,‎ ਨਹੀਂ ਗੱਡੀ ਵਿੱਚ ਸਭ ਕੁੱਝ ਮਿਲਦਾ ਹੈ। ਖਾ ਪੀਕੇ ਨਿਸਚਿੰਤ ਹਾਂ। ਬਾਲਾ ਤਾਂ ਸੌਂ ਗਈ ਅਸੀਂ ਸੌਂਣ ਦੀ ਤਿਆਰੀ ਵਿੱਚ ਹਾਂ। ਮੈਗਜ਼ੀਨ ਅਖਬਾਰਾਂ ਵਿਚੇ ਮਿਲ ਗਈਆਂ ਹਨ। ਤੂੰ ਫਿਕਰ ਨਾ ਕਰ‎,‎ ਅਸੀਂ ਠੀਕ ਠਾਕ ਹਾਂ।”

“ਚੰਗਾ ਫੇਰ ‎,‎ ਮੈਂ ਕਿਹਾ ਐਂਵੇ ਕਿਸੇ ਚੀਜ਼ ਦੀ ਲੋੜ ਹੀ ਨਾ ਹੋਵੇ‎,‎ ਬਾਹਰੋਂ ਆਇਆਂ ਦਾ ਕੀ ਪਤਾ‎,‎ ਸੌ ਲੋੜਾਂ ਸੌ ਥੋੜਾਂ। ਚੰਗਾ ਮੈਂ ਚਲਦਾਂ ਫਿਰ।” ਬੇਅੰਤ ਹਲਕਾ ਜਿਹਾ ਹੋਕੇ ਡੱਬੇ `ਚੋਂ ਉੱਤਰ ਆਇਆ। ਉਹ ਸੋਚਣ ਲੱਗਾ ਸਾਰੀ ਉਮਰ ਉਨ੍ਹੇ ਲੰਘਾ ਦਿੱਤੀ ਨੌਕਰੀ ਕਰਦੇ ਨੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਇਹ ਸਾਲਾ ਔਲਾਦ ਦਾ ਮੋਹ ਵੀ ਕੀ ਕੁੱਝ ਕਰਾਈ ਜਾਂਦਾ ਮੈਥੋਂ। ਹਰੀ ਸਿੰਘ ਹੁਣ ਉਹ ਨਹੀਂ ਰਿਹਾ। ਯਾਰੀ ਯੂਰੀ ਵਾਲੀ ਤਾਂ ਕੋਈ ਗੱਲ ਲਗਦੀ ਨਹੀਂ। ਬੰਦਾ ਜ਼ਰਾ ਨਿੱਘ ਨਾਲ ਮਿਲੇ‎,‎ ਨਿੱਘ ਨਾਲ ਬੋਲੇ। ਘਟੋ ਘਟ ਮੈਨੂੰ ਬੈਠਣ ਲਈ ਤਾਂ ਆਖਦਾ। ਅੱਵਲ ਤਾਂ ਸਫਰ ਹੀ ਅਸੀਂ ਇਕੱਠੇ ਕਰਦੇ। ਇਹਦਾ ਕੀ ਮਤਲਬ ਹੋਇਆ ਅਖੇ ਸਾਡੀਆਂ ਟਿਕਟਾਂ ਫਸਟ ਕਲਾਸ ਦੀਆਂ ਲਈਂ। ਬੇਅੰਤ ਰੁਕਿਆ‎,‎ ਉਹਨੂੰ ਚੇਤਾ ਹੀ ਭੁਲ ਗਿਆ ਸੀ ਟਿਕਟਾਂ ਦਾ ਬਕਾਇਆ ਵਾਪਸ ਕਰਨ ਦਾ। ਪੈਂਹਠ ਰੁਪਏ ਉਹਦੀ ਕਮੀਜ਼ ਦੀ ਬਾਹਰਲੀ ਜੇਬ ਵਿੱਚ ਰੜਕਣ ਲੱਗੇ। ਉਹਨੇ ਰੁਪਿਆਂ ਦਾ ਭਾਰ ਆਪਣੀ ਛਾਤੀ ਤੇ ਮਹਿਸੂਸ ਕੀਤਾ। ਉਹਨੂੰ ਲੱਗਾ ਜਿਵੇਂ ਉਹਦੀ ਛਾਤੀ ਤੇ ਕੋਈ ਹਲਕਾ ਜਿਹਾ ਦਰਦ ਸ਼ੁਰੂ ਹੋ ਗਿਆ ਹੋਵੇ। ਉਸ ਚਾਹਿਆ ਪਿੱਛੇ ਮੁੜਕੇ ਉਹ ਰੁਪਈਏ ਵਾਪਸ ਕਰ ਆਵੇ‎,‎ ਪਰ ਗੱਡੀ ਤੁਰ ਪਈ ਸੀ। ਇਤਨੇ ਨੂੰ ਉਹਦਾ ਆਪਣਾ ਡਬਾ ਉਹਦੇ ਸਾਹਮਣੇ ਆ ਗਿਆ ਤੇ ਉਹ ਪੁਤਲੇ ਵਾਂਗ ਉਸ ਵਿੱਚ ਚੜ੍ਹ ਗਿਆ। ਸੋਚਣ ਲੱਗਾ ਮੈਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਆਖਰ ਦੀਪੇ ਦੀ ਜ਼ਿੰਦਗੀ ਦਾ ਸੁਆਲ ਹੈ। ਲੋਕੀਂ ਤਾਂ ਬਰੂਹਾਂ ਪੁੱਟਣ ਤੱਕ ਜਾਂਦੇ ਹਨ। ਹੇ ਸੱਚੇ ਪਾਤਸ਼ਾਹ ਬੁੱਢੇ ਵਾਰੇ ਤੂੰ ਮੈਨੂੰ ਕਿਹੜੇ ਕੁੱਤੇ-ਕੰਮ `ਚ ਪਾ ਦਿਤੈ।

ਉਹ ਆਪਣੀ ਸੀਟ ਤੇ ਆਕੇ ਬੈਠ ਗਿਆ। ਉਹਨੇ ਚੋਰ ਅੱਖਾਂ ਨਾਲ ਦੀਪੇ ਵੱਲ ਵੇਖਿਆ। ਉਹ ਉਹਦੇ ਵੱਲ ਹੀ ਵੇਖ ਰਿਹਾ ਸੀ ਜਿਵੇਂ ਪੁੱਛ ਰਿਹਾ ਸੀ‎,‎ ਕਿੱਦਾਂ ਰਹੀ‎,‎ ਕੋਈ ਗੱਲ ਬਣੀ‎,‎ ਕੋਈ ਗੱਲ ਹੋਈ। ਬੇਅੰਤ ਨੇ ਹਲਕਾ ਜਿਹਾ ਮੁਸਕਰਾ ਕੇ ਖਿੜਕੀ ਰਾਹੀਂ ਬਾਹਰ ਵੇਖਣਾ ਸ਼ੁਰੂ ਕਰ ਦਿਤਾ। ਦੀਪ ਨੇ ਆਪਣਾ ਧਿਆਨ ਮੈਗਜ਼ੀਨ ਵੱਲ ਕਰ ਲਿਆ। ਬੇਅੰਤ ਸਿੰਘ ਨੂੰ ਚੈਨ ਨਹੀਂ ਆ ਰਿਹਾ ਸੀ। ਉਹਨੂੰ ਲੱਗਾ ਜਿਵੇਂ ਸਾਹਮਣੇ ਬੈਠੇ ਦੀਪੇ ਤੇ ਉਹਦੇ ਵਿੱਚ ਕੋਈ ਚੀਜ਼ ਤਣ ਗਈ ਹੋਵੇ। ਇੱਕ ਘੁੱਟਣ ਜਿਹੀ‎,‎ ਇੱਕ ਬੇਚੈਨ ਜਿਹੀ ਹਵਾ ਖਲਾਅ ਵਿੱਚ ਆਪਣੀ ਖੜੋਤ ਨਾਲ ਪਸਰ ਗਈ। ਜਿਵੇਂ ਸਭ ਕੁੱਝ ਜੰਮਿਆ ਹੋਵੇ‎,‎ ਉਸ ਜੰਮੇ ਦਾ ਪੰਘਰਾ ਉਡੀਕਿਆ ਜਾ ਰਿਹਾ ਸੀ ਪਰ ਇਹ ਉਡੀਕ ਕਰਨ ਵਾਲਾ ਕੌਣ ਸੀ? ਹਰੀ ਸਿੰਘ ਨੇ ਬੰਦ ਖਿੜਕੀ ਫੇਰ ਖੋਲ੍ਹ ਦਿੱਤੀ। ਬਾਹਰ ਦਾ ਮੌਸਮ ਹੁਣ ਕਾਫੀ ਠੀਕ ਸੀ। ਸਵੇਰ ਵਾਲੀ ਠਾਰ ਕਿਤੇ ਪਿੱਛੇ ਰਹਿ ਗਈ ਸੀ। ਉਹਨੇ ਬੇਚੈਨੀ ਦੂਰ ਕਰਨ ਦਾ ਰਾਹ ਲਭਿਆ ਤੇ ਦੀਪੇ ਨੂੰ ਕਿਹਾ‎,‎ “ਮੈਂ ਜ਼ਰਾ ਲੱਕ ਸਿੱਧਾ ਕਰ ਲਵਾਂ।” ਏਨਾਂ ਕਹਿਕੇ ਉਹ ਪਲਾਕੀ ਮਾਰਕੇ ਉੱਪਰਲੀ ਬਰਥ ਤੇ ਚੜ੍ਹ ਗਿਆ। ਲੰਮਾ ਪੈ ਗਿਆ ਤੇ ਅੱਖਾਂ ਤੇ ਅਰਕ ਰੱਖਕੇ ਪਏ ਨੂੰ ਇੰਝ ਲੱਗਾ ਜਿਵੇਂ ਦੀਪੇ ਨੂੰ ਕਿਸੇ ਮੰਝਧਾਰ ਵਿੱਚ ਛੱਡਕੇ ਆਪ ਭੱਜ ਆਇਆ ਹੋਵੇ।

ਪਿਛਲੇ ਮਹੀਨੇ ਦੀ ਅੱਠ ਤਰੀਕ ਨੂੰ ਚਿੱਠੀ ਆਈ ਸੀ ਹਰੀ ਦੀ। ਅਸੀਂ ਆ ਰਹੇ ਹਾਂ‎,‎ ਸਾਰਾ ਪਰਿਵਾਰ। ਲਿਖਿਆ ਸੀ ਬਾਲਾ ਦਾ ਇੱਥੇ ਕੀਤਾ ਵਿਆਹ ਕਾਮਯਾਬ ਨਹੀਂ ਹੋਇਆ। ਉਹਦਾ ਵਿਆਹ ਕਰਨਾ ਹੈ ਐਧਰ ਇੰਡੀਆ ਵਿੱਚ‎,‎ ਅੱਗੇ ਕੈਨੇਡਾ ਵਿਆਹ ਕਰਕੇ ਪਛਤਾ ਰਹੇ ਹਾਂ। ਉਹਦੀ ਸੱਤ ਸਾਲ ਦੀ ਗੁੱਡੀ ਹੈ ਨਾਜੋ। ਸਾਡੇ ਘਰ ਦਾ ਜਿੰਦਾ ਖੋਲ੍ਹ ਕੇ ਉਸਦੀ ਸਫਾਈ ਕਰਵਾ ਦੇਣਾ। ਰਸੋਈ ਦਾ ਜ਼ਰੂਰੀ ਸਮਾਨ ਖਰੀਦ ਕੇ ਰਖਵਾ ਦੇਣਾ। ਹੋਰ ਦੀਪੇ ਦਾ ਕੀ ਹਾਲ ਹੈ? ਉਸਦਾ ਵਿਆਹ ਵਿਹੂਅ ਕੀਤਾ ਹੈ ਜਾਂ ਨਹੀਂ ਤੇ ਬਾਕੀ ਚਿੱਠੀ ਅੱਜ ਦੇ ਹਾਲਾਤਾਂ ਤੇ ਮੌਸਮ ਨਾਲ ਭਰੀ ਹੋਈ ਸੀ। ਉਸਨੇ ਚਿੱਠੀ ਬਾਰ ਬਾਰ ਪੜ੍ਹੀ ਤੇ ਲਿਖੀਆਂ ਗੱਲਾਂ ਦੇ ਮਤਲਬ ਕੱਢਣ ਲੱਗਾ। ਉਹਨੇ ਇਹ ਕਿਉਂ ਲਿਖਿਆ‎,‎ ਉਹਨੇ ਉਹ ਕਿਉਂ ਲਿਖਿਆ। ਇਹਦਾ ਕੀ ਮਤਲਬ‎,‎ ਉਹਦਾ ਕੀ ਮਤਲਬ। ਉਹਨੇ ਦੀਪੇ ਦਾ ਕਿਉਂ ਪੁੱਛਿਆ। ਕਿਤੇ ਉਹ ਬਾਲਾ ਬਾਰੇ ਦੀਪੇ ਦਾ ਸਾਕ ਤੇ ਨਹੀਂ ਸੋਚ ਰਹੇ? ਇੱਥੇ ਆਕੇ ਉਹਦੀ ਸੋਚ ਪੱਥਲਾ ਮਾਰ ਕੇ ਬੈਠ ਗਈ।

ਹਾਂ‎,‎ ਹਾਂ ਇਹੋ ਮਤਲਬ ਹੈ। ਉਹਦਾ ਪਏ ਪਏ ਦਾ ਸਾਹ ਤੇਜ਼ ਹੋ ਗਿਆ। ਬਾਲਾ ਉਹਦਾ ਸੱਤ ਸਾਲ ਦਾ ਨਿਆਣਾ‎,‎ ਨਹੀਂ‎…‎ ਨਹੀਂ‎…‎ ਪਰ ਦੇਖ ਲੈ ਇੱਥੇ ਵੀ ਕੀ ਕੀ ਧੱਕੇ ਨਹੀਂ ਖਾਧੇ ਵਿਚਾਰੇ ਦੀਪੇ ਨੇ। ਐਮ਼ ਏ਼ ਕਰਕੇ ਸਿਨਮੇ ਦੀਆਂ ਟਿਕਟਾਂ ਵੇਚਦਾ ਫਿਰਦਾ‎,‎ ਇਹ ਕੋਈ ਜ਼ਿੰਦਗੀ ਹੈ‎,‎ ਅੱਗੋਂ ਵੀ ਇਹਨੇ ਕਿਹੜਾ ਅਫਸਰ ਬਣ ਜਾਣਾ। ਚੁੱਪ ਕਰਕੇ ਦੜ ਵੱਟ ਤੇ ਹਾਂ ਕਰਦੇ। ਉਸ ਦਿਲ ਨਾਲ ਫੈਸਲਾ ਕਰ ਲਿਆ। ਚਲੋ ਠੀਕ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ। ਜਦੋਂ ਦੀਪੇ ਨੇ ਵੀ ਹਾਂ ਕਰ ਦਿੱਤੀ ਤਾਂ ਬੇਅੰਤ ਦੇ ਸਿਰੋਂ ਸਾਰਾ ਭਾਰ ਲਹਿ ਗਿਆ। ਚਿੱਠੀ ਵਿੱਚ ਸਿੱਧੀ ਗੱਲ ਤੇ ਕੋਈ ਲਿਖੀ ਨਹੀਂ ਸੀ ਰਿਸ਼ਤੇ ਬਾਰੇ। ਵਿੰਗੇ ਟੇਢੇ ਢੰਗ ਨਾਲ ਹੀ ਗੱਲ ਕੀਤੀ ਸੀ ਤੇ ਉਹਨੇ ਵੀ ਅਸਿੱਧਾ ਜਿਹਾ ਲਿਖ ਦਿੱਤਾ। ਤੁਹਾਡੀ ਚਿੱਠੀ ਮਿਲ ਗਈ ਹੈ। ਸਭ ਠੀਕ ਠਾਕ ਹੋ ਜਾਊ। ਅਸੀਂ ਤੁਹਾਨੂੰ ਸਤਾਈ ਤਰੀਕ ਨੂੰ ਦਿਲੀ ਏਅਰਪੋਰਟ ਤੋਂ ਲੈ ਆਵਾਂਗੇ। ਤੁਸੀਂ ਕੋਈ ਫਿਕਰ ਨਾ ਕਰਨਾ। ਬੇਅੰਤ ਸਿੰਘ ਨੇ ਪਾਸਾ ਵੱਟਕੇ ਮੂੰਹ ਅੰਦਰ ਵੱਲ ਕਰ ਲਿਆ।

ਦੀਪੇ ਨੇ ਬਾਪ ਦੀ ਪਿੱਠ ਵੇਖੀ। ਉਹ ਚਾਹੁੰਦਾ ਸੀ‎,‎ ਉਹਨੂੰ ਪਤਾ ਲੱਗੇ ਕਿ ਕੀ ਗੱਲ ਹੋਈ। ਬਾਪੂ ਖੁਸ਼ ਜਿਹਾ ਲਗਦਾ ਹੈ। ਏਅਰਪੋਰਟ ਤੇ ਬਾਲਾ ਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ ਜਿਸਦੀ ਉਸਨੂੰ ਤਲਾਸ਼ ਸੀ। ਉਹਦੇ ਪੱਲੇ ਨਿਰਾਸ਼ਾ ਹੀ ਪਈ ਸੀ। ਸਫ਼ਰ ਦੀ ਥਕਾਵਟ ਉਸ ਖੁਮਾਰੀ ਨੂੰ ਢਕ ਨਹੀਂ ਸਕਦੀ ਸੀ ਜਿਸਦੀ ਤਲਾਸ਼ ਵਿੱਚ ਦੀਪੇ ਦਾ ਮਨ ਭਟਕਦਾ ਸੀ। ਸੱਖਣੀਆਂ ਅੱਖਾਂ ਨਾਲ ਬਾਲਾ ਦੀਆਂ ਅਨਜਾਣ ਪਰਤਾਂ ਨੇ ਕੁੱਝ ਲੁਕੋਇਆ ਹੋਇਆ ਸੀ। ਇਸ ਗੰਢ ਦਾ ਖੁਲਣਾ ਬਹੁਤ ਜ਼ਰੂਰੀ ਸੀ। ਇਸ ਗੁੱਥੀ ਨੂੰ ਸੁਲਝਾਉਂਣ ਲਈ ਉਸਨੇ ਆਪਣੇ ਬਾਪ ਦੀ ਪਿੱਠ ਵਲ ਦੁਬਾਰਾ ਤਕਿਆ‎,‎ ਜਿਵੇਂ ਪਿੱਠ ਤੇ ਹੀ ਕੁੱਝ ਉਕਰਿਆ ਹੋਵੇ। ਸ਼ਾਇਦ ਬਾਲਾ ਦੀ ਅਨਜਾਣੀ ਖਿੱਚ ਨੇ ਕੁੱਝ ਹਰਫ ਹਵਾ ਵਿੱਚ ਲਿਖੇ ਹੋਣ ਤੇ ਉਹਨਾਂ ਹਰਫਾਂ ਦਾ ਸਾਇਆ ਬਾਪੂ ਦੀ ਪਿੱਠ ਤੇ ਉਕਰਿਆ ਹੋਵੇ। ਦੀਪੇ ਨੇ ਸਿਰ ਮਾਰਿਆ। ਸ਼ੱਕ ਕੀਤਾ ਆਪਣੇ ਆਪ ਤੇ। ਉਹ ਆਪ ਹੀ ਨਹੀਂ ਜੋ ਆਪਣੇ ਆਪ ਨੂੰ ਸਮਝਦਾ ਹੈ। ਇਹ ਪਿਆਰ ਦਾ ਜਨੂੰਨ ਨਹੀਂ‎,‎ ਕੋਈ ਰੱਬੀ ਸੁਨੇਹਾ ਵੀ ਨਹੀਂ ਬਲਕਿ ਜ਼ਿੰਦਗੀ ਦਾ ਇੱਕ ਉਪਾਅ ਹੈ। ਭੈੜੀ ਜ਼ਿੰਦਗੀ ਤੋਂ ਬਚਣ ਦਾ ਇੱਕ ਸਾਧਨ ਹੈ‎,‎ ਜਿਸ ਨਾਲ ਕੁਦਰਤੀ ਮੇਰਾ ਬਚਪਨ ਵੀ ਜੁੜਿਆ ਹੋਇਆ ਹੈ। ਇਹ ਤਾਂ ਇੱਕ ਸਾਦਾ ਜਿਹਾ ਜਮ੍ਹਾਂ ਜੋੜ ਹੈ। ਦੀਪੇ ਨੇ ਸੀਟ ਤੋਂ ਉੱਠਕੇ ਲੱਤਾਂ ਖੋਲ੍ਹੀਆਂ। ਗੱਡੀ ਦੇ ਦਰਵਾਜ਼ੇ ਵਿੱਚ ਆਕੇ ਖੜ੍ਹਾ ਹੋ ਗਿਆ। ਬਾਲਾ ਦੇ ਡੱਬੇ ਵਲੋਂ ਆਏ ਇੱਕ ਫਰਾਟੇ ਨਾਲ ਉਹਦੀ ਅੱਖ ਵਿੱਚ ਕੁੱਝ ਪੈ ਗਿਆ। ਉਹਨੇ ਅੱਖਾਂ ਮਲੀਆਂ। ਪਾਣੀ ਦੇ ਛਿੱਟੇ ਅੱਖਾਂ ਤੇ ਮਾਰੇ। ਉਹ ਆਪਣੀ ਸੀਟ ਤੇ ਆਕੇ ਬੈਠ ਗਿਆ।

ਬਾਰਾਂ ਸਾਲ ਬੀਤ ਗਏ। ਉਹਨੂੰ ਲੱਗਾ ਜਿਵੇਂ ਇਹ ਬਾਰਾਂ ਸਾਲ ਜ਼ਿੰਦਗੀ ਵਿਚੋਂ ਖਾਰਜ ਹੋ ਗਏ ਹੋਣ ਤੇ ਦਿਨ ਨਾਲ ਦਿਨ ਜੁੜ ਗਏ ਹੋਣ। ਇਨ੍ਹਾਂ ਬਾਰਾਂ ਸਾਲਾਂ ਦਾ ਉਹਨੂੰ ਭੋਰਾ ਅਫਸੋਸ ਨਾ ਹੋਵੇ ਜੇ ਦਿਨ ਨਾਲ ਦਿਨ ਜੁੜਕੇ ਉਸਦਾ ਬੀਤਿਆ ਸਾਕਾਰ ਹੋ ਜਾਏ। ਇੱਕੀ ਮਈ ਨੂੰ ਬਾਲਾ ਗਈ ਸੀ ਤੇ ਜੇ ਅੱਜ ਬਾਈ ਮਈ ਹੋਵੇ ਤਾਂ ਉਹਨੂੰ ਰੱਬ ਤੇ ਕੋਈ ਗਿਲਾ ਨਾ ਰਹਿ ਜਾਵੇ। ਇਹਨਾਂ ਬਾਰਾਂ ਸਾਲਾਂ ਵਿੱਚ ਦਫਨ ਸੀ ਵੀ ਕੀ ਸਿਵਾਏ ਜਿਲ੍ਹਣ ਦੇ। ਉਹਦੇ ਭਰਾ ਦੀ ਮੌਤ‎,‎ ਪੁਲੀਸ ਦੀ ਦਗੜ ਦਗੜ‎,‎ ਬਾਪੂ ਦੀ ਦਾਹੜੀ ਨੂੰ ਸਿਪਾਹੀ ਦਾ ਹੱਥ ਪਾਉਣਾ। ਇਹ ਸਾਰਾ ਕੁੱਝ ਗਿੱਲੀ ਮਿੱਟੀ ਤੇ ਉੱਕਰੀਆਂ ਕੁੱਝ ਲੀਕਾਂ ਸਨ ਜਿਨ੍ਹਾਂ ਨੂੰ ਬਾਲਾ ਨੇ ਆਪਣੀ ਤਲੀ ਨਾਲ ਮੇਟ ਦੇਣਾ ਸੀ। ਉਹਦੇ ਹੱਥ ਉੱਠੇ ਰੱਬ ਦਾ ਨਾਮ ਲੈਣ ਲਈ ਜਾਂ ਆਪਣੀਆਂ ਅੱਖਾਂ ਤੇ ਮਰਹਮ ਰੱਖਣ ਲਈ। ਕੀ ਇਹ ਸੱਚ ਨਹੀਂ‎,‎ ਅਸੀਂ ਉਨ੍ਹਾਂ ਚਿਰ ਉਹ ਕੁੱਝ ਨਹੀਂ ਜਾਣਦੇ ਜਿੰਨਾਂ ਚਿਰ ਅਸੀਂ ਉਹ ਕੁੱਝ ਗਵਾ ਨਾ ਲਈਏ। ਇਨ੍ਹਾਂ ਗੁਆਚੀਆਂ ਚੀਚੋ ਚੀਚ ਗਨੇਰੀਆਂ ਨੂੰ ਲੱਭਣ ਲਈ ਦੀਪਾ ਬੇਚੈਨ ਸੀ।

ਪਹਿਲੀ ਵਾਰ ਬਾਲਾ ਮੁਸਕਰਾਈ‎,‎ ਦੀਪੇ ਵੱਲ ਵੇਖਕੇ। ਕੁਲੀ ਅਟੈਚੀਆਂ ਨੂੰ ਬਾਹਰ ਕੱਢ ਰਹੇ ਸਨ‎,‎ ਜਦ ਦੀਪੇ ਨੇ ਬਾਲਾ ਦਾ ਹੈਂਡ ਬੈਗ ਚੁੱਕ ਲਿਆ। ਬਾਲਾ ਮੁਸਕਰਾ ਪਈ। ਦੀਪੇ ਦੀ ਜ਼ਿੰਦਗੀ ਰੁਸ਼ਨਾ ਗਈ। ਥੱਕੇ ਹੋਏ ਪੈਰ ਸਰੂਰੇ ਗਏ। ਲੁਕੀਆਂ ਗਨੇਰੀਆਂ ਦੀ ਟੋਹ ਮਿਲ ਗਈ ਦੀਪੇ ਨੂੰ।

‘ਮੈਂ ਵੀ ਬੱਸ‎…‎ ।’ ਤੇ ਦੀਪੇ ਨੇ ਦੁਬਾਰਾ ਬਾਲਾ ਵੱਲ ਵੇਖਿਆ। ਬਾਲਾ ਫੇਰ ਮੁਸਕਰਾ ਪਈ। ਜ਼ਿੰਦਗੀ ਦੇ ਅੱਧਖਿੜੇ ਫੁਲਾਂ ਨੇ ਸੂਰਜ ਵੱਲ ਮੂੰਹ ਕਰ ਲਿਆ। ਅੱਧਖਿੜੇ ਫੁਲਾਂ ਨੇ ਅੰਗੜਾਈ ਲੈਣ ਤੋਂ ਪਹਿਲਾਂ ਨਮਸਕਾਰ ਕੀਤੀ‎,‎ ਐਸਾ ਹੀ ਨਮਸਕਾਰ ਦੀਪੇ ਦੀਆਂ ਅੱਖਾਂ ਵਿੱਚ ਤੈਰਨ ਲੱਗਾ। ਇਹਨਾਂ ਤੈਰਦੇ ਫੁਲਾਂ ਦੀ ਖੁਸ਼ਬੋ ਬਾਲਾ ਤਕ ਪਹੁੰਚਾਣ ਲਈ ਦੀਪੇ ਦੀ ਫੁਲਵਾੜੀ ਵਿਚਲੇ ਪਰਾਗ ਨੇ ਆਪਣੇ ਸੂਰਜ ਵੱਲ ਵੇਖਿਆ। ਸੂਰਜ ਦੀਆਂ ਕਿਰਨਾਂ ਨੇ ਫੁੱਲਾਂ ਨੂੰ ਚੁੰਮ ਲਿਆ। ਦੀਪਾ ਨਿਸਚਿੰਤ ਸੀ।

“ਹਰੀ ਸਿੰਘ ਬਈ ਇਹ ਤੁਹਾਡੇ ਬਕਾਇਆ ਰੁਪਏ‎,‎ ਗਡੀ ਦੀਆ ਟਿਕਟਾਂ ਵਾਲੇ ਤੇ ਟੈਕਸੀਆਂ ਦੇ ਭਾੜੇ ਦਾ ਬਕਾਇਆ।” ਬੇਅੰਤ ਨੇ ਨੱਬੇ ਰੁਪਏ ਜੇਬ ਵਿਚੋਂ ਕੱਢਕੇ ਹਰੀ ਸਿੰਘ ਵਲ ਕੀਤੇ।

“ਉਏ ਛੱਡ ਯਾਰ ਤੂੰ ਕੀ ਬਾਣੀਆਂ ਵਾਂਗ ਹਿਸਾਬੀ ਬਣ ਗਿਆ। ਤੇਰੇ ਤੇ ਮੇਰੇ ਪੈਸੇ ਕੋਈ ਵੰਡੇ ਆ।” ਹਰੀ ਸਿੰਘ ਨੇ ਬੇਅੰਤ ਦੇ ਹੱਥੋਂ ਫੜਕੇ ਪੈਸੇ ਉਹਦੀ ਕਮੀਜ਼ ਦੀ ਅਗਲੀ ਜੇਬ ਵਿੱਚ ਤੁੰਨਦਿਆਂ ਕਿਹਾ।

ਵਰਾਂਡੇ `ਚ ਬਿਸਤਰੇ ਵਿਛਾਉਂਦਿਆਂ ਦੀਪੇ ਨੇ ਚਾਦਰ ਖੋਲ੍ਹ ਕੇ ਬਾਲਾ ਨੂੰ ਅਵਾਜ਼ ਮਾਰੀ‎,‎ “ਆ ਜ਼ਰਾ ਫੜੀਂ ਚਾਦਰ ਇਧਰੋਂ।” ਚਾਦਰ ਦੀਆਂ ਦੋ ਕੰਨੀਆਂ ਬਾਲਾ ਨੇ ਫੜ ਲਈਆਂ ਤੇ ਦੋ ਦੀਪੇ ਨੇ।

“ਚੱਲ ਵਿਛਾ ਵੀ ‎…‎ ਕਰਦਾ ਕੀ ਹੈਂ?” ਅੱਜ ਫਿਰ ਬਾਲਾ ਨੇ ਕਿਹਾ। ਲੱਗਭਗ ਪੰਦਰਾਂ ਸਾਲ ਪਹਿਲਾਂ ਵੀ ਇਹ ਛੋਟੀ ਜਿਹੀ ਗੱਲ ਬਾਲਾ ਨੇ ਕਹੀ ਸੀ। ਦੀਪੇ ਨੇ ਚਾਦਰ ਮੰਜੇ ਦੇ ਨਾਲ ਲਾਕੇ ਕਿਹਾ‎,‎ “ਬਾਲਾ ਤੈਨੂੰ ਯਾਦ‎…‎ ।”

“ਹਾਂ ਹਾਂ ਮੈਨੂੰ ਯਾਦ ਹੈ ਸਭ ਯਾਦ ਹੈ। ਤੂੰ ਕੀ ਸਮਝਦੈਂ ਮੈਂ ਬੁੱਧੂ ਹਾਂ?”

“ਤੈਨੂੰ ਇਹ ਵੀ ਯਾਦ ਹੈ ਆਪਾਂ ਛੱਤ ਦੀ ਨੁਕਰੇ‎,‎ ਥੱਲੇ ਪਈ ਰੇਤ ਚੜ੍ਹਾਈ ਸੀ। ਤੂੰ ਕਹੀ ਨਾਲ ਬਾਲਟਾ ਭਰਦੀ ਸੀ। ਤੇਰੀ ਚੁੰਨੀ ਲੱਕ ਨਾਲ ਬੰਨ੍ਹੀ ਹੋਈ ਸੀ। ਮੈਂ ਬਾਲਟਾ ਸਿਰ ਤੇ ਰੱਖਕੇ ਬਾਹਰਲੇ ਪਾਸਿਉਂ ਲਾਈ ਲਕੜ ਦੀ ਪੌੜੀ ਰਾਹੀਂ ਛੱਤ ਤੇ ਚੜ੍ਹਦਾ ਸੀ। ਸੋਲਾਂ ਸਾਲ ਦਾ ਗਭਰੂ ਮਜ਼ਦੂਰ ਹਾਰ ਰਿਹਾ ਸੀ।”

“ਵੇ ਤੂੰ ਤੇ ਕਦੇ ਵੀ ਨਹੀਂ ਜਿੱਤਿਆ। ਤੇਰੀ ਕਿਹੜੀ ਗੱਲ ਕਰਨੀ ਹੈ।” ਬਾਲਾ ਨੇ ਹੱਸਕੇ ਕਿਹਾ।

“ਹਾਂ ਮੈਂ ਤੇ ਕਦੇ ਵੀ ਨਹੀਂ ਜਿੱਤਿਆ। ਮੈਨੂੰ ਤੇਰੀਆਂ ਸਾਰੀਆਂ ਜਿੱਤਾਂ ਯਾਦ ਹਨ। ਸੂਰਜ ਦੀਆਂ ਕਿਰਨਾਂ ਨੇ ਤੇਰਾ ਮੂੰਹ ਸੂਹਾ ਰੱਤਾ ਕਰ ਦਿੱਤਾ ਸੀ। ਇੰਝ ਲਗਦਾ ਸੀ ਰੱਤ ਹੁਣੇ ਚੋਣ ਲੱਗ ਪਵੇਗੀ ਪਰ ਤੇਰੀ ਮੁਸਕਰਾਹਟ ਨੇ ਉਸ ਰੱਤ ਨੂੰ ਬੰਨ੍ਹ ਕੇ ਰਖਿਆ ਹੋਇਆ ਸੀ।” ਬਾਲਾ ਇੱਕ ਟੱਕ ਦੀਪੇ ਵੱਲ ਵੇਖਣ ਲਗੀ‎,‎ ਵੱਖੀ ਤੇ ਹੱਥ ਰਖਕੇ ਬੋਲੀ‎,‎ “ਫੇਰ”

“ਫੇਰ ਕੀ ਉਹ ਰੱਤ ਕਦੇ ਵੀ ਨਾ ਸਿੰਮੀਂ। ਹੌਲੀ ਹੌਲੀ ਉਹ ਗਰਮਾਇਸ਼ ਖਤਮ ਹੁੰਦੀ ਗਈ। ਰੇਤ ਦਾ ਢੇਰ ਥੱਲਿਉਂ ਧਰਤੀ ਤੋਂ ਘਟਦਾ ਗਿਆ ਤੇ ਛੱਤ ਤੇ ਵਧਦਾ ਗਿਆ। ਫੇਰ ਉਹ ਰੇਤ ਛੱਤ ਤੇ ਹੀ ਟਿੱਕ ਗਈ। ਰੱਤ ਦੀ ਉਹ ਗਰਮਾਇਸ਼ ਥੱਲੇ ਹੀ ਥੱਲੇ ਉੱਤਰਦੀ ਗਈ‎,‎ ਜਦੋਂ ਧਰਤੀ ਨੇ ਵੀ ਵੇਹਲ ਨਾ ਦਿਤੀ ਤੇ ਉਹ ਅਸਮਾਨੀ ਉੱਡ ਗਈ।”

ਵੇ ਤੂੰ ਤੇ ਸੱਚੀਂ ਇਸ ਧਰਤੀ ਦਾ ਨਹੀਂ ਲਗਦਾ। ਅਜੇ ਤੱਕ ਉਹ ਰੇਤ ਤੇਰੇ ਦਿਮਾਗ ਤੇ ਵਿਛੀ ਹੋਈ ਹੈ?” ਬਾਲਾ ਨੇ ਸਿਰਹਾਣਾ ਛੱਡਕੇ ਦੀਪੇ ਦੇ ਬਹੁਤ ਕੋਲ ਆਕੇ ਕਿਹਾ। “ਵੇ ਤੂੰ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ।”

“ਜਿਤ ਹਾਰ ਦੀਆਂ ਗੱਲਾਂ ਦੱਸੀਆਂ ਥੋੜੋ ਜਾਂਦੀਆਂ। ਨਾਲੇ ਮੇਰੇ ਆਖੇ ਲੱਗ ਤੂੰ ਕਿਹੜਾ ਕੈਨੇਡਾ ਛੱਡ ਦੇਣਾ ਸੀ।”

“ਦੀਪਿਆ ਕੈਨੇਡਾ ਭਾਵੇਂ ਨਾ ਛਡਦੀ। ਇੱਕ ਵਾਰ ਹਾਰ ਤੇ ਜਾਂਦੀ‎,‎ ਵੈਰੀਆ ਕਦੇ ਤੂੰ ਵੀ ਤਾਂ ਜਿੱਤ ਜਾਦੋਂ। ਦੀਪ ਤੂੰ ਤੇ ਸਚੀਂ ਉਹੋ ਹੈਂ ਜਿਨ੍ਹੂੰ ਮੈਂ ਕਦੇ ਕਦੇ ਯਾਦ ਕਰਦੀ ਸਾਂ। ਜਦੋਂ ਤੇਰੀ ਯਾਦ ਆਉਂਦੀ ਸੀ ਮੇਰਾ ਮਨ ਬਹੁਤ ਖੁਸਦਾ ਸੀ। ਤੂੰ ਸ਼ਾਇਦ ਮੇਰੇ ਵਯੂਦ ਦੇ ਆਰ ਪਾਰ ਵਗਣ ਵਾਲਾ ਪੁਰਾ ਹੈਂ। ਵੇ ਉਹ ਸੱਚ ਹੀ ਕਹਿੰਦੀ ਸੀ ਮਰ ਜਾਣੀ ਲੂਸੀ।”

“ਕੀ ਕਹਿੰਦੀ ਸੀ ਤੇਰੀ ਗੋਰੀ ਲੂਸੀ?” ਦੀਪੇ ਨੇ ਉੱਤਸੁਕਤਾ ਭਰੀ ਮੁਸਕਰਾਹਟ ਨਾਲ ਪੁੱਛਿਆ।

“ਕਹਿੰਦੀ ਆ ਕਿਸੇ ਨੂੰ ਖਤਮ ਕਰਨਾ ਹੋਵੇ ਨਾ ਤਾਂ ਇੱਕ ਮਿੰਟ ਲਗਦਾ ਬਿੱਛੂ ਬਣਕੇ ਲੜ ਜਾਵੋ ਜਾਂ ਬਿੱਛੂ ਸਮਝਕੇ ਮਸਲ ਦਿਓ। ਕਿਸੇ ਨੂੰ ਪਸੰਦ ਕਰਨਾ ਹੋਵੇ ਤਾਂ ਘੰਟਾ ਕੁ ਲਗਦੈ ਤੇ ਜੇ ਕਿਸੇ ਨੂੰ ਪਿਆਰ ਕਰਨਾ ਹੋਵੇ ਤਾਂ ਇੱਕ ਦਿਨ ਕਾਫੀ ਹੈ ਪਰ ਜੇ ਕਿਸੇ ਨੂੰ ਭੁੱਲਣਾ ਹੋਵੇ ਤਾਂ ਇੱਕ ਜ਼ਿੰਦਗੀ ਵੀ ਘੱਟ ਹੈ।”

“ਬਾਲਾ ਜੇ ਤੂੰ ਭੁੱਲੀ ਨਹੀਂ ਤਾਂ ਸਮਝ ਲੈ ਮੈਂ ਜੀਂਦਿਆਂ ਵਿੱਚ ਹਾਂ। ਚਲ ਚੱਲੀਏ ਅੰਦਰ। ਬੀਜੀ ਨੇ ਰੋਟੀ ਪਾਈ ਹੋਣੀ ਏ।” ਜਦ ਉਹ ਤੁਰਨ ਲੱਗੇ ਤਾਂ ਬਾਲਾ ਨੇ ਦੀਪੇ ਦਾ ਹੱਥ ਫੜ ਲਿਆ। ਦੀਪਾ ਰੁਕ ਗਿਆ। ਨਾਜੋ ਵੀ ਰੁਕ ਗਈ। ਬਾਲਾ ਨੇ ਦੀਪੇ ਵੱਲ ਵੇਖਿਆ ਜਿਵੇਂ ਉਹਦਾ ਘੁੱਟ ਭਰਨਾ ਹੋਵੇ ਤੇ ਫੇਰ ਨਾਜੋ ਵੱਲ ਵੇਖਕੇ ਦੀਪੇ ਦਾ ਹੱਥ ਛੱਡ ਦਿਤਾ। ਉਹ ਅੰਦਰ ਚਲੇ ਗਏ।

“ਬੇਅੰਤ‎,‎ ਬਈ ਕਲ ਤੁਹਾਡੀ ਰੋਟੀ ਸਾਡੇ ਵੱਲ। ਨਾਲੇ ਤੇ ਮਾਰਾਂਗੇ ਗੱਪ-ਛੱਪ ਤੇ ਨਾਲੇ ਰੋਟੀ ਪਾਣੀ ਛੱਕਾਂਗੇ। ਕੱਲ ਸਾਡੀ ਰਸੋਈ ਸ਼ੁਰੂ ਕਰਾਓ। ਕੋਈ ਮਾਈ ਮਿਲ ਜਾਏ ਰੋਟੀ ਪਕਾਉਂਣ ਨੂੰ ਤਾਂ ਵਧੀਆ ਹੋ ਜਾਏ। ਇਹ ਸਾਰਾ ਇੰਤਜ਼ਾਮ ਤੇਰੇ ਜ਼ਿੰਮੇ ਵਰਨਾ ਅਸੀਂ ਰੋਜ਼ ਤੁਹਾਡੇ ਵੱਲ ਹੀ ਆ ਜਾਇਆ ਕਰਨਾ‎,‎ ਰੋਟੀ ਖਾਣ। ਫੇਰ ਨਾ ਆਖਿਓ ਗਿੱਲਾ ਕੰਬਲ। ਵੈਸੇ ਵੀ ਘਰ ਬਾਰ ਸੁੰਭਰ ਕੇ ਅਸਾਂ ਰਿਸ਼ਤੇਦਾਰੀਆਂ ਦੇ ਦੌਰੇ ਤੇ ਨਿਕਲਣਾ। ਕੋਈ ਟੈਕਸੀ ਪੱਕੀ ਕਰ ਲੈਣੀ ਹੈ। ਤੈਨੂੰ ਤੇ ਪਤਾ ਬਾਲਾ ਵਿਚਾਰੀ ਕੱਲੀ ਰਹਿ ਗਈ। ਮਾੜੇ ਰਿਸ਼ਤੇਦਾਰ ਮਿਲ ਗਏ। ਨਹੀਂ ਬਣੀ‎,‎ ਛੱਡ-ਛਡਾ ਹੋ ਗਿਆ। ਬੜਾ ਬਦਮਾਸ਼ ਮੁੰਡਾ ਸੀ। ਪੱਕਾ ਗੁੰਡਾ ਸੀ ਸਾਨੂੰ ਤਾਂ ਬਾਅਦ ਵਿੱਚ ਪਤਾ ਲੱਗਾ। ਅਜੇ ਇਹਦੀ ਉਮਰ ਹੀ ਕੀ ਹੈ ਤੀਹਾਂ ਤੋਂ ਮਸਾਂ ਟੱਪੀ ਹੈ। ਆਪਣੇ ਦੀਪੇ ਦੀ ਹਾਨਣ ਹੈ। ਇਹਦੇ ਵਾਸਤੇ ਕੋਈ ਵਰ-ਘਰ ਲੱਭਣਾ ਹੈ। ਟੌਅਰ ਟੱਪੇ ਵਾਲਾ‎,‎ ਕੋਈ ਸਰਦਾਰੀ ਸ਼ਾਨੋ-ਸ਼ੌਕਤ ਵਾਲਾ। ਪਹਿਲਾ ਕੀ ਸਮਝੂ ਅਸੀਂ ਕਿਤੇ ਗਏ ਗ਼ੁਜ਼ਰੇ ਹਾਂ।” ਬੇਅੰਤ ਨੇ ਲੰਮੀ ਹੂੰ ਕੀਤੀ ਤੇ ਕਿਹਾ‎,‎ “ਕੋਈ ਨਹੀਂ ਸਵੇਰ ਤੋਂ ਕਰਦਿਆਂ ਸਭ ਜੁਗਾੜ।”

ਬੇਅੰਤ ਸਾਰੀ ਰਾਤ ਪਾਸੇ ਮਾਰਦਾ ਰਿਹਾ। ਸੋਚਦਾ ਰਿਹਾ‎,‎ ਪੈਸਾ ਪੁਜੀਸ਼ਨ ਬੰਦੇ ਨੂੰ ਕੀ ਦਾ ਕੀ ਬਣਾ ਦਿੰਦਾ। ਇਹੋ ਹਰੀ ਕੈਨੇਡਾ ਜਾਣ ਤੋਂ ਪਹਿਲਾਂ ਹਰ ਸਲਾਹ ਮੇਰੇ ਨਾਲ ਕਰਦਾ ਸੀ। ਹੁਣ ਸਿੱਧਾ ਨਹੀਂ ਕਹਿ ਸਕਦਾ ਪਈ ਆਪਾਂ ਬਾਲਾ ਤੇ ਦੀਪੇ ਦਾ ਵਿਆਹ ਕਰਨਾ‎,‎ ਐਵੇਂ ਬੁਝਾਰਤਾਂ ਜਿਹੀਆਂ ਕਿਉਂ ਪਾਉਂਦਾ? ਸੋਚਦਾ ਹੋਊ ਮੈਂ ਇਹਦੇ ਤਰਲੇ ਕਰਾਂ ਜਾਂ ਹੋ ਸਕਦਾ ਝਿਜਕਦਾ ਹੀ ਹੋਵੇ ਪਈ ਮੇਰੀ ਕੁੜੀ ਤਲਾਕੀ ਹੈ।

ਅਗਲੇ ਦਿਨ ਹਰੀ ਸਿੰਘ ਨੇ ਬੇਅੰਤ ਨੂੰ ਕਿਹਾ‎,‎ “ਮੈਂ ਚਾਹੁੰਨਾ ਨਵਾਂ ਫਰਨੀਚਰ ਲੈ ਲਈਏ। ਇਹ ਪੁਰਾਣਾ ਸੋਫਾ ਤੇ ਟੇਬਲ ਵਗੈਰਾ ਹੁਣ ਇੱਥੇ ਚੰਗੇ ਨਹੀਂ ਲਗਦੇ। ਰਿਸ਼ਤੇਦਾਰ ਵੀ ਆਉਣਗੇ। ਕੁੱਝ ਸ਼ਾਇਦ ਨਵੇਂ ਪ੍ਰਾਹੁਣੇ ਵੀ ਆਉਂਣ‎,‎ ਬਾਲਾ ਨੂੰ ਦੇਖਣ। ਤੂੰ ਐਦਾਂ ਕਰ‎,‎ ਇੱਕ ਤੇ ਭੱਜਕੇ ਹਲਵਾਈ ਤੋਂ ਮਠਿਆਈ ਫੜ ਲਿਆ। ਆਉਂਦਾ ਆਉਂਦਾ ਮੀਟ ਸਬਜੀ ਵੀ ਲੈਂਦਾ ਆਈਂ। ਰਾਹ `ਚੋਂ ਪੇਟੀਆਂ ਵੀ ਦੋ ਕੁ ਫੜ ਲਈਂ ਤੇ ਆਹ ਫੜ ਪੈਸੇ।” ਹਰੀ ਸਿੰਘ ਨੇ ਕੁੱਝ ਨੋਟ ਉਹਦੀ ਜੇਬ ਵਿੱਚ ਪਾ ਦਿੱਤੇ। “ਸ਼ਾਮ ਤੱਕ ਇਹ ਸਾਰਾ ਫਰਨੀਚਰ ਚੁਕਵਾ ਕੇ ਆਪਣੇ ਘਰ ਲੈ ਜਾ‎,‎ ਤੇਰੀ ਸੁੰਨੀ ਬੈਠਕ ਭਰੀ ਭਰੀ ਲੱਗੇਗੀ। ਸਾਡੇ ਤੇ ਇਹ ਹੁਣ ਕਿਸੇ ਕੰਮ ਨਹੀਂ।” ਹਰੀ ਸਿੰਘ ਨੇ ਅਹਿਸਾਨ ਜਤਾਉਂਦਿਆ ਕਿਹਾ ਜਿਵੇਂ ਉਹ ਬੇਅੰਤ ਦੀ ਸੇਵਾ ਦਾ ਮੁੱਲ ਤਾਰ ਰਿਹਾ ਹੋਵੇ।

ਬੇਅੰਤ ਚੁੱਪਚਾਪ ਉੱਠਕੇ ਆਪਣੇ ਘਰ ਆ ਗਿਆ। ਉਹ ਸੋਚ ਰਿਹਾ ਸੀ ਜੇ ਦੀਪੇ ਤੇ ਬਾਲਾ ਦੀ ਗੱਲ ਨਾ ਬਣੀ ਤਾਂ ਇਹ ਭਾਰ ਉਹਦਾ ਜੀਣਾ ਹਰਾਮ ਕਰ ਦੇਵੇਗਾ। ਬੁੱਢੇਵਾਰੇ ਕੀਤੇ ਜ਼ਮੀਰ ਨਾਲ ਸਮਝੌਤੇ ਉਸਦਾ ਸਰਵਨਾਸ਼ ਕਰ ਦੇਣਗੇ। ‘ਵਾਹਿਗੁਰੂ ਜੀ ਤੁਹਾਡੀ ਇਹ ਕੈਸੀ ਮਰਜ਼ੀ ਹੈ।’ ਬੇਅੰਤ ਦੇ ਹੱਥ ਬਾਬੇ ਨਾਨਕ ਦੀ ਫੋਟੋ ਅੱਗੇ ਜੁੜ ਗਏ। ਬਾਹਰ ਗੇਟ ਖੁੱਲ੍ਹਣ ਦਾ ਖੜਕਾ ਹੋਇਆ। ਉਸਨੇ ਨਜ਼ਰ ਉਠਾ ਕੇ ਵੇਖਿਆ। ਬਾਲਾ ਆ ਰਹੀ ਸੀ। ਉਹ ਇਕੱਲੀ ਹੀ ਸੀ। ਨਾਭੀ ਰੰਗ ਦੇ ਸੂਟ ਵਿੱਚ ਕਿੰਨੀਂ ਜਚ ਰਹੀ ਸੀ। ਬੇਅੰਤ ਨੇ ਅਗੇ ਵਧਕੇ ਕਮਰੇ ਦਾ ਜਾਲੀ ਵਾਲਾ ਦਰਵਾਜ਼ਾ ਖੋਲ੍ਹਿਆ। ਬਾਲਾ ਕੁਰਸੀ ਖਿੱਚ ਕੇ ਬੈਠ ਗਈ ਤੇ ਬੋਲੀ‎,‎ “ਮਾਸੜ ਜੀ ਦੀਪ ਕਿੱਥੇ ਹੈ?”

“ਉਹ ਤੇ ਬੇਟਾ ਨਹਾਉਂਦਾ ਪਿਆ‎,‎ ਹੁਣੇ ਆਉਂਦਾ ਹੈ। ਤੂੰ ਚਾਹ ਪੀਣੀ ਹੈ ਤਾ ਕਹਾਂ ਤੇਰੀ ਮਾਸੀ ਨੂੰ?”

“ਨਹੀਂ ਮਾਸੜ ਜੀ‎,‎ ਚਾਹ ਤਾਂ ਮੈਂ ਘਰੋਂ ਪੀਕੇ ਤੁਰੀ ਸੀ। ਮੇਰਾ ਤਾਂ ਫਿਲਮ ਵੇਖਣ ਦਾ ਮੂਡ ਹੈ‎,‎ ਜੇ ਦੀਪਾ ਅੱਜ ਵੇਹਲਾ ਹੋਵੇ?”

“ਲੈ ਵੇਹਲ ਨੂੰ ਕੀ ਹੈ‎,‎ ਦੀਪੇ ਨੇ ਕਿਹੜਾ ਘੋੜੇ ਬੀੜਨੇ ਹਨ। ਲੈ ਚਲੂਗਾ ਤੈਨੂੰ ਜਿੱਥੇ ਤੂੰ ਕਹੇਂਗੀ। ਉਏ ਦੀਪਿਆ ਜਲਦੀ ਕਰ ਉਏ‎,‎ ਵੇਖ ਬਾਲਾ ਬੇਟੀ ਤੇਰਾ ਇੰਤਜਾਰ ਕਰ ਰਹੀ ਏ।”

ਦੀਪ ਕਮਰੇ ਵਿੱਚ ਆਇਆ ਤੇ ਬਾਲਾ ਦੇ ਚੇਹਰੇ ਤੇ ਨਿਖਾਰ ਆ ਗਿਆ। ਹਲਕੀ ਜਿਹੀ ਮੁਸਕਰਾਹਟ ਨੇ ਸਾਰਾ ਚੇਹਰਾ ਮੱਲ ਲਿਆ। ਉੱਡ ਚੁੱਕੇ ਖੇੜਿਆਂ ਨੇ ਦੁਬਾਰਾ ਅੰਗੜਾਈ ਲਈ। ਹੁਲਾਸ ਦੀ ਅੰਗੜਾਈ ਪੈਰ ਮਲ਼ ਕੇ ਖਲੋ ਗਈ। ਕਿਤਨਾ ਥੱਕ ਗਈ ਸੀ ਬਾਲਾ ਖੇੜੇ ਦਾ ਸਵਾਂਗ ਕਰਦੀ ਕਰਦੀ। ਅਸਲ ਮਾਤਮ ਤੋਂ ਪਹਿਲਾਂ ਬਾਲਾ ਨੇ ਹਰ ਸੰਭਵ ਕੋਸ਼ਿਸ਼ ਕਰ ਵੇਖੀ ਸੀ।

“ਉਹ ਵੰਡਰਫੁੱਲ ਤੇਰੇ ਚੇਹਰੇ ਦਾ ਇਹ ਡਿੰਪਲ‎,‎ ਸੱਚ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ। ਡਿੰਪਲ ਤਾਂ ਹੋਰ ਵੀ ਹੋਣਗੇ ਪਰ ਇਸ ਤਰ੍ਹਾਂ ਦਾ ਮਖਮਲੀ‎…‎ ਬਈ ਕਮਾਲ ਏ‎…‎ ।” ਮਨਜਿੰਦਰ ਦੇ ਬੱਸ ਇਸ ਵਾਕ ਵਿੱਚ ਐਨਾ ਜੋਰਦਾਰ ਭੁਚਾਲ ਸੀ ਜਿਨ੍ਹੇਂ ਬਾਲਾ ਦੇ ਪੈਰ ਉਖਾੜ ਦਿੱਤੇ ਸਨ। ਉਹ ਬਾਲਾ ਮੁਟਿਆਰ ਤੋਂ ਇੱਕ ਕਠਪੁੱਤਲੀ ਹੀ ਬਣ ਕੇ ਰਹਿ ਗਈ ਸੀ। ਹਾਈਨੈਕ ਦੀ ਟੌਪ ਪਾਈ ਮੋਢੇ ਤੇ ਕੈਮਰਾ ਲਟਕਾਈ ਮਨਜਿੰਦਰ ਕਿਹੋ ਜਿਹਾ ਪ੍ਰਾਹੁਣਾ ਸੀ ਜੋ ਬਾਲਾ ਦੀ ਜ਼ਿੰਦਗੀ ਤੇ ਛਾ ਹੀ ਗਿਆ। ਬਾਲਾ ਖਾਣਾ ਪੀਣਾ ਭੁੱਲ ਗਈ। ਸੁੱਧ ਬੁੱਧ ਖੋਹ ਬੈਠੀ। ਇੱਕ ਮਾਸੂਮ ਬੱਚੇ ਦੇ ਆਈਸ ਕਰੀਮ ਲੈਣ ਵਾਂਗ। ਉਹ ਆਪਣੀ ਹਰ ਜਿਦ ਛੱਡ ਬੈਠੀ। ਅੱਜ ਆਈਂ‎,‎ ਉਹ ਗਈ। ਅੱਜ ਨਾਹ ਆਈਂ‎,‎ ਉਹ ਨਹੀਂ ਗਈ ਤੇ ਫੇਰ ਇੱਕ ਢਾਰਾ ਡਿਗਣ ਦੀ ਅਵਾਜ਼ ਆਈ। ਮਿੱਟੀ ਘੱਟੇ ਨਾਲ ਬਾਲਾ ਦੀਆਂ ਅੱਖਾਂ ਭਰ ਗਈਆਂ।

“ਯੂ ਰਾਸਕਲ ਰੈਫ‎,‎ ਆਈ ਕੈਂਟ ਕਮਿਊਨੀਕੇਟ ਵਿਦ ਯੂ।” ਤੇ ਬਾਲਾ ਦਾ ਡਿੰਪਲ ‎…‎ ਟੁ ਹੈੱਲ ਵਿਦ ਇੱਟ‎…‎ ਇੰਡੀਅਨਜ਼‎…‎ ਤੁਹਾਡਾ ਐਕਸੈਂਟ‎…‎ ਆਈ ਜਸਟ ਹੇਟ‎…‎ ਤੈਨੂੰ ਕਿਸੇ ਨਾਲ ਗੱਲ ਕਰਨੀ ਤੱਕ ਨਹੀਂ ਆਉਂਦੀ?” ਮਨਜਿੰਦਰ ਦੂਰ ਹੋ ਗਿਆ। ਬਿਖਰੀ ਬਾਲਾ ਨੇ ਉਦਾਸ ਅੰਗੜਾਈਆਂ ਲੈਕੇ ਮਨਜਿੰਦਰ ਨੂੰ ਲੁਭਾਉਂਣਾ ਚਾਹਿਆ ਪਰ ਉਨ੍ਹਾਂ ਦਾ ਬਿਹਾ ਨਿੱਘ ਬਾਲਾ ਦੀਆਂ ਖੁਸ਼ੀਆਂ ਵਾਪਸ ਨਾ ਲਿਆ ਸਕਿਆ।

“ਮੈਂ ਹੁਣੇ ਆਇਆ‎,‎ ਕਪੜੇ ਬਦਲਕੇ।” ਦੀਪ ਨੇ ਬਾਲਾ ਨੂੰ ਕਿਹਾ।

ਸਿਨੇਮਾ ਹਾਲ ਦੇ ਗੇਟ ਤੇ ਪਹੁੰਚਕੇ ਬਾਲਾ ਨੇ ਪਰਸ ਖੋਲ੍ਹਕੇ ਪੈਸੇ ਕੱਢੇ ਤੇ ਦੀਪ ਨੂੰ ਫੜਾਉਂਦਿਆਂ ਕਿਹਾ‎,‎ “ਜਾ ਟਿਕਟਾਂ ਲੈ ਆ।”

“ਇਹ ਪੈਸੇ ਤੂੰ ਆਪਣੇ ਕੋਲ਼ ਰੱਖ‎,‎ ਮੈਂ ਇਤਨਾ ਵੀ ਗਰੀਬ ਨਹੀਂ ਕਿ ਟਿਕਟਾਂ ਨਾ ਲੈ ਸਕਾਂ।” ਬਾਲਾ ਨੇ ਇੱਕ ਵਾਰ ਦੀਪ ਦੀਆਂ ਅੱਖਾਂ ਵਿੱਚ ਵੇਖਿਆ‎,‎ ਪੈਸੇ ਵਾਪਸ ਪਰਸ ਵਿੱਚ ਪਾ ਲਏ ਤੇ ਬੋਲੀ‎,‎ “ਜਿਹੜੇ ਪੈਸੇ ਤੇਰੀ ਜੇਬ ਵਿੱਚ ਹਨ‎,‎ ਇਹ ਤਾਂ ਅਨਮੋਲ ਹਨ‎,‎ ਪਰ ਜੇ ਮੇਰੇ ਤੇ ਖਰਚ ਕਰਨ ਨੂੰ ਤੇਰਾ ਜੀ ਕਰਦਾ ਹੈ ਤਾਂ ਜਾਹ ਅੱਜ ਦਾ ਦਿਨ ਤੈਨੂੰ ਖੁੱਲ੍ਹੀ ਛੁੱਟੀ। ਲੁਟਾ ਲੈ ਆਪਣੀਆਂ ਦੌਲਤਾਂ ਮੇਰੇ ਤੇ‎,‎ ਮੈਂ ਕੁੱਝ ਨਹੀਂ ਬੋਲਾਂਗੀ। ਸ਼ਾਮ ਨੂੰ ਮੈਂ ਕੁਲਫੀ ਖਾਣ ਜਰੂਰ ਜਾਣਾ ਹੈ।” ਦੀਪ ਨੇ ਬਾਲਾ ਦਾ ਹੱਥ ਘੁੱਟਿਆ ਤੇ ਉਹ ਟਿਕਟ ਖਿੜਕੀ ਵਲ ਚਲਾ ਗਿਆ।

“ਬਾਲਾ ਕੀ ਇਹ ਸੱਚ ਹੈ ਕਿ ਪਿਆਰ ਮੁਸਕਰਾਹਟ ਨਾਲ ਸ਼ੁਰੂ ਹੁੰਦਾ ਹੈ?” ਦੀਪ ਨੇ ਹਾਲ ਦੇ ਹਨੇਰੇ ਵਿੱਚ ਬੈਠਦਿਆਂ ਸੁਆਲ ਕੀਤਾ।

“ਤੇਰਾ ਕੀ ਮਤਲਬ ਹੈ ਜਿਹੜਾ ਪਿਆਰ ਮੁਸਕਰਾਹਟ ਨਾਲ ਸ਼ੁਰੂ ਨਾ ਹੋਵੇ ਉਹ ਪਿਆਰ ਨਹੀਂ ਹੁੰਦਾ?”

“ਹਾਂ ਮੇਰਾ ਇਹੋ ਮਤਲਬ ਹੈ।” ਦੀਪ ਨੇ ਆਖਰੀ ਫੈਸਲਾ ਸੁਣਾਇਆ।

“ਪਰ ਆਪਾਂ ਤੇ ਕਦੇ ਵੀ ਮੁਸਕਰਾਏ ਨਹੀਂ‎,‎ ਨਾ ਬਚਪਨ ਵਿੱਚ ਤੇ ਨਾ ਹੁਣ। ਕੀ ਆਪਣੇ ਵਿੱਚ ਤਣੀ ਚੀਜ਼ ਪਿਆਰ ਨਹੀ?” ਬਾਲਾ ਨੇ ਦੀਪ ਨਾਲ ਬਹਿਸ ਛੇੜਨੀ ਚਾਹੀ।

“ਮੁਸਕਰਾਹਟ ਨਾਲ ਸ਼ੁਰੂ ਹੋਕੇ ਇਹ ਚੁੰਮੀ ਨਾਲ ਵਧਦਾ ਹੈ। ਸ਼ਾਇਦ ਆਪਾਂ ਨੂੰ ਇੱਕ ਚੁੰਮੀ ਦੀ ਸਖਤ ਜਰੂਰਤ ਹੈ।” ਦੀਪ ਨੇ ਸ਼ਰਾਰਤੀ ਹਾਸਾ ਹਸਦਿਆਂ ਬਾਲਾ ਦੇ ਮੋਢਿਆਂ ਤੋਂ ਬਾਂਹ ਵਲ ਲਈ।

“ਪਰ ਤੂੰ ਅਥਰੂਆਂ ਨੂੰ ਕਿਉਂ ਭੁਲ ਗਿਆ ਹੈਂ? ਉਹ ਵੀ ਤੇ ਆਪਾਂ ਨਹੀਂ ਵਗਾਏ।”

“ਨਹੀਂ ਬਾਲਾ ਆਪਾਂ ਵਗਾਏ ਹਨ ਇਹ ਅਥਰੂ। ਸਿਰਫ ਇੱਕ ਦੂਜੇ ਦੇ ਵਗਦੇ ਅਥਰੂ ਵੇਖੇ ਨਹੀਂ ਹਨ।”

“ਦੀਪੇ ਕੀ ਸਚਮੁੱਚ ਮੈਨੂੰ ਪਿਆਰ ਕਰਦਾ ਹੈਂ?” ਬਾਲਾ ਨੇ ਦੀਪੇ ਦੀਆਂ ਹਾਲ ਦੇ ਹਨੇਰੇ ਨਾਲ ਕੱਜੀਆਂ ਅੱਖਾਂ ਵਿੱਚ ਝਾਕਦਿਆਂ ਪੁੱਛਿਆ।

ਦੀਪ ਦੀਆਂ ਅੱਖਾਂ ਵਿਚਲੀ ਚਾਨਣੀ ਅੱਜ ਆਪਣੇ ਪੂਰੇ ਜੋਬਨ ਵਿੱਚ ਸੀ‎,‎ ਉਹ ਮੂੰਹੋਂ ਬੋਲਿਆ‎,‎ “ਤੂੰ ਆਪਣੇ ਦਿਲ ਨੂੰ ਪੁੱਛ‎,‎ ਜੇ ਉਹ ਨਹੀਂ ਦਸਦਾ ਤੇ ਮੇਰੀ ਫਕੀਰੀ ਵੀ ਝੂਠ ਬੋਲਦੀ ਲੱਗੇ ਤਾਂ ਡੁਬਦੇ ਸੂਰਜ ਦੀ ਲਾਲੀ ਗਵਾਹ ਹੈ। ਮੈਂ ਹਰ ਦਿਨ ਦੇ ਹਰ ਪੱਲ ਨਾਲ ਤਿਨਕਾ ਤਿਨਕਾ ਇੱਕ ਖਿਆਲ ਨਾਲ ਜੀਵਿਆ ਹਾਂ। ਹਰ ਦੁੱਖ ਸੁੱਖ ਵਿੱਚ ਸੱਜੇ ਖੱਬੇ ਤੂੰ ਹੀ ਹੁੰਦੀ ਸੀ ਤੇ ਤੇਰੇ ਇਹ ਡਿੰਪਲ‎…‎ ।”

“ਦੀਪ ਅੱਜ ਤੋਂ ਬਾਦ ਮੇਰੇ ਡਿੰਪਲ ਦਾ ਜ਼ਿਕਰ ਨਾ ਕਰੀਂ। ਬੜੀ ਜ਼ਿੱਲਤ ਦਿੱਤੀ ਹੈ ਮੈਨੂੰ ਮੇਰੇ ਇਸ ਦੁਸ਼ਮਣ ਡਿੰਪਲ ਨੇ। ਮੇਰਾ ਵਸ ਚਲੇ ਤਾਂ ਚਾਕੂ ਨਾਲ ਵੱਡ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿਆਂ‎,‎ ਆਪਣੇ ਇਸ ਡਿੰਪਲ ਨੂੰ। ਜ਼ਿੰਦਗੀ ਨਾਲ਼ ਹੋਈ ਨਫਰਤ ਵਸਦੀ ਹੈ ਮੇਰੇ ਇਸ ਡਿੰਪਲ ਵਿੱਚ‎…‎ ।”

“ਬਾਲਾ ਪਲੀਜ਼‎…‎ ।” ਦੀਪ ਨੇ ਤਰਲਾ ਲਿਆ।

“ਡੋਂਟ ਈਵਨ ਮੈਨਸ਼ਨ ਇੱਟ।” ਬਾਲਾ ਦਾ ਜਿਵੇਂ ਵਸਿਆ ਵਸਾਇਆ ਕੋਈ ਮਹਿਲ ਢੈਹ ਢੇਰੀ ਹੋ ਗਿਆ ਹੋਵੇ।

“ਚਲ ਚਲੀਏ ਘਰ ਨੂੰ‎,‎ ਮੇਰਾ ਤੇ ਤੂੰ ਮੂਡ ਹੀ ਖਰਾਬ ਕਰ ਦਿੱਤਾ।” ਬਾਲਾ ਉੱਠਕੇ ਬਾਹਰ ਨੂੰ ਤੁਰ ਪਈ। ਦੀਪ ਵੀ ਮਗਰੇ ਮਗਰ ਚੱਲ ਪਿਆ। ਅੰਦਰ ਫਿਲਮ ਚਲਦੀ ਸੀ ਪਰ ਬਾਹਰ ਸੁੰਨ ਮਸਾਨ ਸੀ।

“ਚੱਲ ਕੁਲਫੀ ਖਾਣ ਚਲੀਏ।” ਦੀਪ ਨੇ ਤਰਲਾ ਲਿਆ।

“ਮੈਂ ਨਹੀਂ ਖਾਣੀ ਤੇਰੀ ਕੁਲਫੀ ਕਾਲਫੀ।”

ਸਾਰੇ ਰਾਹ ਬਾਲਾ ਬੋਲੀ ਨਾ। ਦੀਪ ਦੋਸ਼ੀਆਂ ਵਾਂਗ ਸੁੰਗੜਿਆ‎,‎ ਨਾਲ ਬੈਠਾ ਸੀ। ਉਹ ਸੋਚ ਰਿਹਾ ਸੀ‎,‎ ਮੈਂ ਕਹਿ ਕੀ ਦਿੱਤਾ‎,‎ ਮੈਂ ਕੀਤਾ ਕੀ। ਉਸਦਾ ਦਿਲ ਕਰਦਾ ਸੀ ਬਾਲਾ ਨੂੰ ਖੁਸ਼ ਕਰਨ ਲਈ ਕੁੱਝ ਕਰੇ ਪਰ ਉਹ ਕਰੇ ਕੀ। ਘੁੰਗਰੂ ਬੰਨ੍ਹਕੇ ਨੱਚੇ ਰਖੇਲਾਂ ਵਾਂਗ‎,‎ ਬਾਲਾ ਕੋਲੋਂ ਮੁਆਫੀ ਮੰਗੇ? ਬਾਲਾ ਦਾ ਮੂਡ ਕਿਉਂ ਉੱਖੜ ਗਿਆ। ਉਸਦੀ ਕੋਈ ਦੁਖਦੀ ਰਗ ਤੇ ਹੱਥ ਰੱਖ ਹੋ ਗਿਆ। ਪਰ ਮੈਨੂੰ ਕੀ ਪਤਾ ਲੱਗੇ ਇਸ ਕੁੜੀ ਦੀਆਂ ਕਿਹੜੀਆਂ ਰਗਾਂ ਦੁਖਦੀਆਂ ਹਨ ਤੇ ਕਿਹੜੀਆਂ ਨਹੀਂ ਦੁਖਦੀਆਂ।

“ਦੀਪੇ ਆਪਾਂ ਚੰਡੀਗੜ੍ਹ ਚਲਣਾ‎,‎ ਮੇਰੀ ਇੱਕ ਸਹੇਲੀ ਦਾ ਸਮਾਨ ਦੇਕੇ ਆਉਂਣਾ‎,‎ ਉਹਦੇ ਸਹੁਰੇ ਘਰ।” ਅਗਲੇ ਦਿਨ ਸਵੇਰੇ ਸਵੇਰੇ ਬਾਲਾ ਨੇ ਨਵਾਂ ਹੁਕਮ ਚਾੜ੍ਹਿਆ। “ਕੋਈ ਟੈਕਸੀ ਵਗੈਰਾ ਦਾ ਇੰਤਜ਼ਾਮ ਕਰ ਲੈ। ਆਪਾਂ ਕੱਲ਼ ਸਵੇਰੇ ਸਵੇਰੇ ਹੀ ਨਿਕਲ ਚਲਣਾ।” ਬਾਲਾ ਨੇ ਰੋਹਬ ਜਿਹੇ ਨਾਲ ਕਿਹਾ ਜਿਵੇਂ ਦੀਪਾ ਕੋਈ ਇਨਸਾਨ ਨਹੀਂ ਉਹਦੀ ਕੋਈ ਵਸਤੂ ਹੋਵੇ। ਦੀਪੇ ਨੇ ਸਿਰ ਝੁਕਾ ਕੇ ਫਿਲਮੀ ਅੰਦਾਜ਼ ਵਿੱਚ ਕਿਹਾ‎,‎ “ਜੋ ਹੁਕਮ ਮੇਰੇ ਆਕਾ‎,‎ ਬੰਦਾ ਹਾਜ਼ਰ ਹੈ। ਬੱਸ ਕੁੱਝ ਰੁਪੱਈਏ ਮਿਲ ਜਾਣ ਤਾਂ ਪ੍ਰਬੰਧ ਸੌਖਾ ਹੋ ਜਾਏ।”

ਬਾਲਾ ਨੇ ਪਰਸ ਖੋਲ੍ਹਿਆ‎,‎ ਦਸ ਹਜ਼ਾਰ ਦੀ ਥੱਬੀ ਦੀਪ ਨੂੰ ਫੜਾਈ ਤੇ ਬੋਲੀ‎,‎ “ਕਾਫੀ ਹੋਣਗੇ?”

“ਕਾਫੀ ਤੇ ਨਹੀਂ ਪਰ ਚਲੋ ਕੰਮ ਚਲਾ ਲਵਾਂਗੇ‎,‎ ਮੈਂ ਕਿਹੜਾ ਆਪਣੇ ਲਈ ਝੁਮਕੇ ਲੈਣੇ ਹਨ।”

“ਝੁਮਕੇ ਵੀ ਲੈ ਦਿਆਂਗੀ ਤੂੰ ਪਾਉਂਣ ਵਾਲਾ ਬਣ।” ਬਾਲਾ ਨੇ ਵੀ ਮਜ਼ਾਕ ਕੀਤਾ। ਅਗਲੇ ਦਿਨ ਤੜਕੇ ਹੀ ਬਾਲਾ ਤੇ ਦੀਪ ਚੰਡੀਗੜ੍ਹ ਨੂੰ ਚਲ ਪਏ। ‎“ਦੀਪ ਆਪਾਂ ਨੂੰ ਤਿੰਨ ਚਾਰ ਦਿਨ ਲੱਗ ਜਾਣੇ ਹਨ‎,‎ ਡਰਾਇਵਰ ਨੂੰ ਦੱਸ ਦੇ।”

‎“ਪਰ ਪਹਿਲਾਂ ਤੂੰ ਕੋਈ ਗੱਲ ਨਹੀਂ ਕੀਤੀ। ਘਰੇ ਵੀ ਤੂੰ ਇਹੋ ਕਹਿਕੇ ਤੁਰੀਂ ਹੈਂ ਕਿ ਅਸੀਂ ਰਾਤ ਗਏ ਵਾਪਸ ਆ ਜਾਣਾ ਹੈ।” ਦੀਪ ਨੇ ਉਤਸੁਕਤਾ ਨਾਲ ਕਿਹਾ।

“ਬਾਕੀ ਗੱਲਾਂ ਫੇਰ ਦੱਸ ਪੁੱਛ ਲਈਂ ਪਹਿਲਾਂ ਡਰਾਇਵਰ ਨੂੰ ਦੱਸ ਦੇ।”

“ਆਪਾਂ ਬਿਸ਼ਨਿਆਂ ਤਿੰਨ ਚਾਰ ਦਿਨ ਲਾਉਂਣੇਆਂ। ਘਰੇ ਕੋਈ ਫਿਕਰ ਤਾਂ ਨਹੀਂ ਕਰਨਗੇ?” ਦੀਪ ਨੇ ਜ਼ਰਾ ਝੱਕ ਕੇ ਕਿਹਾ।

“ਨਹੀ‎,‎ ਜਾਂਦੇ ਜਾਂਦੇ ਸਟੈਂਡ ਤੇ ਸੁਨੇਹਾ ਦੇ ਜਾਨੇਆਂ। ਬਾਕੀ ਸਭ ਠੀਕ ਹੀ ਹੈ।”

‎“ਚਲ ਇਹ ਤਾਂ ਨਿਬੜਿਆ ਹੁਣ ਤੂੰ ਦੱਸ ਘਰੇ ਝੂਠ ਕਿਉਂ ਬੋਲਿਆ। ਕਿਤੇ ਉਹ ਇਹ ਹੀ ਨਾ ਸਮਝਣ ਮੈਂ ਤੈਨੂੰ ਭਜਾ ਕੇ ਲੈ ਗਿਆ ਹਾਂ। ਮੈਨੂੰ ਵੀ ਨਹੀਂ ਦੱਸਿਆ‎,‎ ਮੈਂ ਆਪਣੇ ਕਪੜੇ ਵਗੈਰਾ ਹੀ ਲੈ ਆਉਂਦਾ।” ਦੀਪ ਨੇ ਇੱਕੋ ਸਾਹੇ ਕਈ ਸੁਆਲ ਖੜੇ ਕਰ ਦਿੱਤੇ।

“ਉਹੋ ਤੂੰ ਤੇ ਸੁਆਲ ਹੀ ਬੜੇ ਕਰ ਦਿੱਤੇ। ਐਡੀ ਵੀ ਕੀ ਕਾਹਲੀ ਹੈ। ਚਾਰ ਦਿਨ ਆਪਾਂ ਕੋਲ ਹੀ ਹਨ। ਅਰਾਮ ਨਾਲ ਪੁੱਛ ਜੋ ਪੁੱਛਣਾ ਤੇ ਮੈਂ ਵੀ ਅਰਾਮ ਨਾਲ ਹੀ ਦੱਸਾਂਗੀ। ਬਥੇਰੀਆਂ ਦੌੜਾਂ ਲਾਕੇ ਆਈ ਹਾਂ ਕੈਨੇਡਾ। ਭਜਣ ਭਜਾਉਣ ਵਾਲੀ ਗੱਲ ਛੱਡ‎,‎ ਤੂੰ ਮੈਨੂੰ ਕੀ ਭਜਾਉਂਣਾ। ਮੈਂ ਹੀ ਰੱਖੂੰ ਤੈਨੂੰ ਹੁਣ ਡੱਬੀ ਵਿੱਚ ਪਾਕੇ।”

“ਪਰ ਮੇਰੇ ਕਪੜੇ?” ਦੀਪੇ ਨੇ ਫਿਰ ਫਿਕਰ ਕੀਤਾ।

“ਤੂੰ ਆਪਣਾ ਸਾਰਾ ਕੁੱਝ ਨਾਲ ਲੈਕੇ ਕਿਉਂ ਚਲਦੈਂ? ਤੈਨੂੰ ਬਿਨ੍ਹਾਂ ਭਾਰ ਦੇ ਚਲਣਾ ਨਹੀਂ ਆਉਂਦਾ? ਜਰੂਰਤਾਂ ਤਾਂ ਰਾਹ ਵਿੱਚ ਖੜ੍ਹੀਆਂ ਮਿਲ਼ ਜਾਂਦੀਆਂ।” ਬਾਲਾ ਨੇ ਤਿਰਛੀ ਨਜ਼ਰੇ ਦੀਪੇ ਵੱਲ ਵੇਖਿਆ। ਖੱਬੀ ਖਾਨਾਂ ਜਰੂਰਤਾਂ ਜੇਬ ਵਿੱਚ ਨਾ ਪਾਇਆ ਕਰ। ਚੱਲ ਚੰਡੀਗੜ੍ਹ ਪਹੁੰਚਕੇ ਪਹਿਲਾਂ ਤੇਰਾ ਬਸਤਾ ਹੀ ਭਰਦੀ ਹਾਂ।” ਬਾਲਾ ਨੇ ਦੀਪ ਨੂੰ ਛੇੜਿਆ। ਦੀਪ ਝੰਭਿਆ ਜਿਹਾ ਕਾਰ ਦੇ ਸ਼ੀਸ਼ੇ ਥਾਣੀ ਬਾਹਰ ਵੇਖਣ ਲੱਗ ਪਿਆ ਜਿਵੇਂ ਖਲੋਤੀ ਸੜਕ ਨੂੰ ਪਹੀਏ ਲਾ ਰਿਹਾ ਹੋਵੇ। ਦੀਪੇ ਨੇ ਬਾਲਾ ਦਾ ਹੱਥ ਫੜਕੇ ਘੁੱਟਿਆ ਤੇ ਕਿਹਾ‎,‎ “ਬਾਲਾ ਬੇਕਾਰੀ ਤੇ ਲਚਾਰਗੀ ਨੇ ਮੇਰੀ ਮੱਤ ਮਾਰੀ ਹੋਈਏ ਵਰਨਾ ਜ਼ਿੰਦਗੀ ਦੇ ਇਸ ਹੁਸੀਨ ਸਫਰ ਵਿੱਚ ਵੀ ਮੈਨੂੰ ਅਗਲੇ ਪਲਾਂ ਦੀ ਚਿੰਤਾ ਹੈ।”

“ਇਹੋ ਤਾਂ ਮੈਂ ਕਹਿੰਦੀ ਹਾਂ‎,‎ ਪਲ ਨਾਲ ਪਲ ਜੋੜਕੇ ਚਲ। ਜ਼ਿਦਗੀ ਦੇ ਪ੍ਰਛਾਵੇਂ ਬੜਾ ਨਿੱਘ ਦੇਂਦੇ ਹਨ। ਬੱਸ ਇਨ੍ਹਾਂ ਪ੍ਰਛਾਵਿਆਂ ਨੂੰ ਗੂੜ੍ਹਾ ਕਰਨ ਦੀ ਲੋੜ ਹੈ। ਮੈਂ ਵੀ ਤੇਰੇ ਵਾਂਗ ਹੀ ਸੋਚਦੀ ਸਾਂ। ਘਰ ਪਰਿਵਾਰ ਦੀ ਰੂੜੀ ਨੇ ਮੇਰੀ ਬਹੁਤ ਰੁਸਵਾਈ ਕਰਵਾਈ। ਕੀ ਦੋਸ਼ ਸੀ ਮੇਰਾ? ਸਿਰਫ ਇਹੋ ਕਿ ਮੈਂ ਸ਼ਰਾਬ ਨਹੀਂ ਸੀ ਪੀਂਦੀ? ਮੈਨੂੰ ਅੰਗਰੇਜੀ ਗਾਣੇ ਯਾਦ ਨਹੀਂ ਸੀ ਰਹਿੰਦੇ? ਮੇਰਾ ਐਕਸੈਂਟ ਨਹੀਂ ਬਦਲਿਆ। ਮੈਂ ਬਹੁਤ ਕੋਸ਼ਿਸ਼ ਕੀਤੀ। ਮੈਨੂੰ ਤਾਂ ਸੁਆਦੀ ਖਾਣਾ ਬਨਾਉਂਣਾ ਆਉਂਦਾ ਸੀ। ਮੈਨੂੰ ਤਾਂ ਸਸਤੀ ਗਰੌਸਰੀ ਕਰਨੀ ਆ ਗਈ। ਮੈਂ ਕਪੜਿਆਂ ਨੂੰ ਸਲੀਕੇ ਨਾਲ ਸਾਂਭਦੀ ਸੀ। ਇਹ ਭਲਾ ਬੁਰਾਈ ਕਿਵੇਂ ਹੋ ਗਈ? ਇਹ ਟਾਈਮ ਖਰਾਬ ਕਰਨਾ ਕਿਵੇਂ ਹੋ ਗਿਆ? ਦੀਪ ਤੂੰ ਕਹਿੰਦੈਂ ਹੈਂ ਨਾ ਮੈਂ ਬਹੁਤ ਸੋਹਣੀ ਹਾਂ‎,‎ ਮੇਰਾ ਮੂੰਹ ਸੂਹੀ ਭਾਅ ਮਾਰਦਾ ਹੈ। ਮੇਰਾ ਡਿੰਪਲ‎…‎ ਮੇਰੇ ਇਸੇ ਬੂਥੇ ਤੇ ਕਿਸੇ ਨੇ ਥਪੜ ਮਾਰੇ ਹਨ‎,‎ ਸ਼ਰਾਬ ਰੋੜੀ ਹੈ। ਤੈਨੂੰ ਦਸਾਂਗੀ ਸਾਰਾ ਕੁੱਝ।”

“ਪਰ ਧੀਏ‎,‎ ਇਹ ਕਰਮਾਂ ਦੀਆਂ ਗੱਲਾਂ ਹਨ। ਦਿਲ ਖਰਾਬ ਕਰਦੀਆਂ ਹਨ ਪਰ ਜ਼ਿੰਦਗੀ ਰੁਕਦੀ ਨਹੀਂ‎,‎ ਰੋਕਣੀ ਵੀ ਨਹੀਂ ਚਾਹੀਦੀ। ਜ਼ਿੰਦਗੀ ਦਾ ਮੁਕਾਬਲਾ ਛਿੱਥੇ ਪੈਕੇ ਨਹੀਂ ਕਰੀਦਾ।” ਬਿਸ਼ਨੇ ਨੇ ਬਿਨ੍ਹਾ ਮੰਗੇ ਸਲਾਹ ਦਿੱਤੀ।

“ਬਾਲਾ ਇਹ ਸਾਡੇ ਭਾਜ਼ੀ ਹਨ‎,‎ ਬਿਸ਼ਨ ਸਿੰਘ ਬਰਾੜ। ਨਾਂਹ ਭਾਜ਼ੀ ਕਹਿੰਣ ਦੇਂਦੇ ਹਨ ਤੇ ਨਾਂਹ ਬਰਾੜ। ਬਸ ਕਹਿੰਦੇ ਹਨ‎,‎ ਮੈਂ ਸਿਰਫ ਬਿਸ਼ਨਾ ਹਾਂ। ਹੁਣ ਤਾਂ ਬਿਸ਼ਨਾ ਕਹਿਣ ਵਿਚ ਹੀ ਸੁਆਦ ਆਉਂਦਾ ਹੈ। ਬਿਸ਼ਨਾ ਬੀ਼ਏ਼।”

“ਦੀਪ ਅੱਗੇ ਥੋੜੀ ਦੂਰ ਢਾਬਾ ਆ ਰਿਹਾ ਹੈ‎,‎ ਜੇ ਚਾਹ ਪਾਣੀ ਛਕਣਾ ਹੈ ਤਾਂ ਰੋਕਾਂ ਗੱਡੀ?” ਬਿਸ਼ਨੇ ਨੇ ਬਿਨਾਂ ਪਿੱਛੇ ਵੇਖਿਆਂ ਕਿਹਾ।

“ਹਾਂ ਬਈ ਚਾਹ ਦੀ ਤਾਂ ਜਰੂਰਤ ਹੈ।” ਦੀਪ ਨੇ ਕਿਹਾ।

“ਚਾਹ ਤੋਂ ਅੱਗੇ ਵੀ ਕੁੱਝ ਹੈ ਕਿ ਨਹੀਂ?” ਬਾਲਾ ਨੇ ਖਚਰੀ ਹਾਸੀ ਹੱਸੀ।

“ਨਾ ਤੈਨੂੰ ਚਾਹ ਚਾਹੀਦੀ ਹੈ ਕਿ ਨਹੀਂ?” ਦੀਪ ਨੇ ਕਿਹਾ।

“ਚਾਹੀਦੀ ਹੈ ਬਾਬਾ ਚਾਹੀਦੀ ਕਿਉਂ ਨਹੀਂ?” ਐਵੇਂ ਰੁੱਸਿਆ ਨਾ ਕਰ। ਮੈਨੂੰ ਬਹੁਤੇ ਨਖਰੇ ਚੰਗੇ ਨਹੀਂ ਲਗਦੇ।” ਬਾਲਾ ਨੇ ਚਾਹ ਪੀਣ ਦੀ ਹਾਮੀ ਭਰਦਿਆਂ ਹੱਸਕੇ ਕਿਹਾ। ਬਿਸ਼ਨੇ ਨੇ ਢਾਬੇ ਤੇ ਕਾਰ ਰੋਕ ਲਈ। ਉਹ ਉੱਤਰਕੇ ਚਾਹ ਲੈਣ ਚਲਾ ਗਿਆ।

“ਚੱਲ ਦੱਸ ਤੇਰਾ ਪ੍ਰੋਗਰਾਮ ਕੀ ਹੈ? ਦੱਸ ਵਜਦੇ ਨੂੰ ਆਪਾਂ ਚੰਡੀਗੜ੍ਹ ਪਹੁੰਚ ਜਾਣਾ।” ਦੀਪ ਨੇ ਗੰਭੀਰ ਹੋਕੇ ਕਿਹਾ।

“ਸਤਾਰਾਂ ਸੈਕਟਰ ਵਿੱਚ ਉਹਦਾ ਘਰ ਹੈ। ਬਾਰਾਂ ਵਜੇ ਤੱਕ ਆਪਾਂ ਵੇਹਲੇ ਹੋ ਜਾਵਾਂਗੇ। ਫੇਰ ਖਰੀਦਾਂਗੇ ਤੇਰੇ ਲਈ ਝੁਮਕੇ ਤੇ ਫੇਰ ਤੈਨੂੰ ਝੁਮਕੇ ਪਵਾ ਕੇ ਮੈਂ ਤੈਨੂੰ ਲੈ ਚਲਾਂਗੀ ਕਸੌਲੀ। ਕਸੌਲੀ ਚੱਲਕੇ ਤੇਰਾ ਘੁੰਡ ਚੁਕਾਂਗੀ।” ਚਾਹਮਲੀ ਬਾਲਾ ਨੇ ਪ੍ਰੋਗਰਾਮ ਉਲੀਕਿਆ।

“ਕਸੌਲੀ ਕੀ ਕਰਾਂਗੇ ਆਪਾਂ?” ਦੀਪ ਨੇ ਸ਼ਰਾਰਤ ਕਰਨੀ ਚਾਹੀ।

“ਤੇਰੀ ਨੱਥ ਉਤਾਰਾਂਗੀ। ਹੋਰ ਕੀ।” ਬਾਲਾ ਨੇ ਦੀਪ ਦੀਆਂ ਅੱਖਾਂ ਵਿੱਚ ਝਾਕਦਿਆਂ ਗੁਦਗੁਦੀ ਕੀਤੀ।

“ਮੇਰੇ ਚਾਹੁੰਣ ਵਾਲਾ ਸਭ ਕੁੱਝ ਮਿਲੇਗਾ?” ਦੀਪ ਨੇ ਛੋਟੀ ਜਿਹੀ ਮਸ਼ਕਰੀ ਕੀਤੀ ਆਪਣੀ ਔਕਾਤ ਮੁਤਾਬਕ।

“ਹਾਂ ਹਾਂ ਸਭ ਮਿਲੇਗਾ। ਪੇਟ ਭਰ ਕੇ ਖਾ ਲਈਂ।” ਬਾਲਾ ਨੇ ਖਿੜ ਕੇ ਕਿਹਾ।

“ਦੀਪ ਤੈਨੂੰ ਇੱਕ ਗੱਲ ਦਸਾਂ? ਬਾਲਾ ਨੇ ਗੰਭੀਰ ਹੋਕੇ ਕਿਹਾ।

“ਹਾਂ ਦੱਸ।”

“ਖੁਸ਼ ਲੋਕਾਂ ਕੋਲ ਸਾਰਾ ਕੁੱਝ ਵਧੀਆ ਨਹੀਂ ਹੁੰਦਾ। ਉਨ੍ਹਾਂ ਕੋਲ ਜੋ ਕੁੱਝ ਹੁੰਦਾ ਹੈ ਉਸਨੂੰ ਉਹ ਵਧੀਆ ਬਣਾ ਲੈਂਦੇ ਹਨ।”

“ਪਰ ਐਡੀਏ ਸਿਆਣੀਏ‎,‎ ਇਤਨੀ ਵਧੀਆ ਗੱਲ ਦਸਦੀ ਤੂੰ ਕਿਉਂ ਨਹੀਂ ਖੁਸ਼?”

“ਦੀਪ ਮੈਂ ਡਰਨੀਆਂ‎,‎ ਬਹੁਤ ਡਰਾਕਲ ਹਾਂ ਮੈਂ। ਮੈਂ ਵੀ ਉਨ੍ਹਾਂ ਵਿਚੋਂ ਹਾਂ ਜੋ ਖੁਸ਼ ਨਹੀਂ ਹਨ। ਮੈਨੂੰ ਵੀ ਨਹੀਂ ਆਉਂਦੀ ਖੁਸ਼ੀ ਘੜਨੀ। ਮੈਂ ਵੀ ਅੱਜ ਦੀ ਬਜਾਏ ਆਉਣ ਵਾਲੇ ਕੱਲ `ਚ ਸੋਚਦੀ ਹਾਂ।”

“ਦੀਪ‎,‎ ਚਾਹ ਫੜੋ।” ਬਿਸ਼ਨਾ ਚਾਹ ਦੇ ਗਲਾਸ ਲਈ ਖੜਾ ਸੀ। ਚਾਹ ਪੀਂਦੀ ਬਾਲਾ ਚੁੱਪ ਸੀ। ਚਾਹ ਪੀਂਦਾ ਦੀਪਾ ਸੋਚਾਂ ਵਿੱਚ ਸੀ। ਬਾਲਾ ਦੀ ਚੁੱਪ ਉਸਦੇ ਕਹਿਣੇ ਵਿੱਚ ਸੀ। ਦੀਪ ਦੀ ਸੋਚ ਉਹਦੇ ਕਹਿਣੇ ਵਿੱਚ ਨਹੀਂ ਸੀ। ਖਿੰਡੀ ਹੋਈ ਸੀ। ਬਿਸ਼ਨੇ ਨੇ ਵਾਹਿਗੁਰੂ ਕਹਿਕੇ ਕਾਰ ਤੋਰ ਲਈ। ਨਵੰਬਰ ਦੀ ਸੀਤ ਸੀ। ਬਾਲਾ ਨੇ ਸ਼ਾਲ ਖੋਲ੍ਹ ਲਈ।

“ਦੀਪ ਤੂੰ ਕਦੇ ਮਿੱਠੇ ਸੁਪਨੇ ਲਏ ਹਨ?”

“ਮਿੱਠੇ ਸੁਪਨੇ ਤੋਂ ਤੇਰਾ ਕੀ ਮਤਲਬ?” ਦੀਪ ਨੂੰ ਸਮਝ ਨਾ ਲੱਗੀ।

“ਮੇਰਾ ਮਤਲਬ ਕਦੇ ਕਿਸੇ ਚੀਜ਼ ਦੀ ਖਾਹਸ਼ ਕੀਤੀ ਹੋਵੇ ਜੋ ਤੇਰੀ ਪਹੁੰਚ ਤੋਂ ਦੂਰ ਹੋਵੇ।” ਬਾਲਾ ਨੇ ਘੋਖਵੀਂ ਨਜ਼ਰ ਨਾਲ ਦੀਪ ਵੱਲ ਵੇਖਿਆ।

“ਹਾਂ ਲਏ ਹਨ।” ਦੀਪ ਨੇ ਆਪਣੇ ਵਾਲਾਂ `ਚ ਹੱਥ ਫੇਰਿਆ।

“ਦੱਸ ਖਾਂ ਭਲਾ ਕਿਹੋ ਜੇਹੇ ਸੁਪਨੇ ਤੈਨੂੰ ਮਿੱਠੇ ਲਗਦੇ ਹਨ?” ਬਾਲਾ ਨੇ ਸ਼ਾਲ ਦੀ ਕੰਨੀ ਫੜਕੇ ਅੱਧੀ ਸ਼ਾਲ ਦੀਪ ਦੇ ਪੱਟਾਂ ਤੇ ਕਰ ਦਿੱਤੀ।

“ਮੈਂ ਸੁਪਨੇ ਲਏ ਹਨ ਖੋਏ ਦੀ ਬਰਫੀ ਦੇ।” ਦੀਪ ਨੇ ਗੱਲ ਟਾਲਣੀ ਚਾਹੀ।

“ਨਹੀਂ ਨਹੀਂ ਸੱਚ ਦੱਸ‎,‎ ਐਵੇਂ ਟਾਲੇ ਨਾ ਮਾਰ।”

“ਬਾਲਾ ਮੇਰਾ ਮਿੱਠਾ ਸੁਪਨਾ ਉਹ ਨਹੀਂ ਹੈ ਜੋ ਸਾਰਿਆਂ ਦਾ ਹੁੰਦਾ ਹੈ। ਮੇਰੇ ਸੁਪਨੇ ਵਿੱਚ ਹੁਸੀਨ ਔਰਤ ਨਹੀਂ ਆਉਂਦੀ। ਮੈਂ ਆਪਣੇ ਸੁਪਨੇ ਵਿੱਚ ਖੁਦ ਆਉਂਦਾ ਹਾਂ। ਇੱਕ ਰਿਸ਼ਟ ਪੁਸ਼ਟ ਜ਼ਿੰਦਗੀ ਜੀਂਦਾ ਇੱਕ ਮੁਕੰਮਲ ਇਨਸਾਨ। ਜਿਸਨੂੰ ਸਾਰੇ ਪਿਆਰ ਕਰਦੇ ਹਨ। ਜੋ ਸਾਰਿਆਂ ਨੂੰ ਪਿਆਰ ਕਰਦਾ ਹੈ। ਜਿਸਦਾ ਫਿਕਰ ਉਸਦਾ ਬਾਪੂ ਨਾ ਕਰੇ। ਜਿਸ ਵੱਲ ਵੇਖਕੇ ਉਸਦੀ ਮਾਂ ਰਾਤਾਂ ਨੂੰ ਜਾਗੇ ਨਾ। ਇੱਕ ਪੂਰਨ ਮਨੁੱਖ ਜਿਸਦੀ ਸੋਚ ਤੇ ਕੋਈ ਪਹਿਰਾ ਨਾ ਹੋਵੇ। ਜੋ ਮਿੱਠੇ ਸੁਪਨੇ ਲੈਣ ਲਈ ਅਜ਼ਾਦ ਹੋਵੇ। ਮੇਰੇ ਕਦਮ ਤਾਂ ਸੀਮਤ ਦਾਇਰਿਆਂ ਵਿੱਚ ਕੈਦ ਹਨ।”

“ਐਵੇਂ ਬੁਝਾਰਤਾਂ ਨਾ ਪਾ।” ਬਾਲਾ ਨੇ ਕਿਹਾ।

“ਨਹੀਂ ਬੱਲੀਏ ਇਹ ਬੁਝਾਰਤ ਨਹੀਂ। ਮੇਰੀ ਮਾਂ ਜਦ ਇੱਕ ਨਾ-ਮੁਕੰਮਲ ਇਨਸਾਨ ਵੱਲ ਵੇਖਦੀ ਹੈ ਤਾਂ ਉਹਦੇ ਮਿੱਠੇ ਸੁਪਨੇ ਕਿੱਦਾਂ ਸਿਰਜ ਸਕਦੇ ਹਨ। ਮੇਰਾ ਬਾਪ ਜਦੋਂ ਘੋਖਦਾ ਹੈ ਮੇਰਾ ਪ੍ਰਛਾਵਾਂ ਤਾਂ ਉਹਦਾ ਆਪਣਾ ਪ੍ਰਛਾਵਾਂ ਕੁੱਝ ਜਿਆਦਾ ਹੀ ਛੋਟਾ ਹੋ ਜਾਂਦਾ ਹੈ। ਸਿਖਰ ਦੁਪਿਹਰੇ ਖਲੋ ਕੇ ਉਹ ਮੇਰੇ ਲਈ ਛਾਂ ਭਾਲਦਾ ਹੈ। ਮੇਰੇ ਲਈ ਅੱਜ ਦੀ ਛਾਂ ਤੇ ਮੇਰੇ ਲਈ ਕੱਲ ਦੀ ਛਾਂ ਭਾਲਦਾ ਉਹ ਪੁਰਾਣਾ ਹੋਕੇ ਮਰ ਰਿਹਾ ਹੈ ਤੇ ਤੂੰ ਕਹਿੰਦੀ ਹੈਂ ਪਲ ਨਾਲ ਪਲ ਜੋੜ ਕੇ ਜੀਵਾਂ ਇਹ ਪਲ ਮੇਰੇ ਇਕੱਲੇ ਦੇ ਨਹੀਂ ਹਨ‎,‎ ਮੈਂ ਇਨ੍ਹਾਂ ਪਲਾਂ ਦਾ ਮੁਹਤਾਜ਼ ਹਾਂ। ਬਾਲਾ ਜੀ ਜ਼ਿੰਦਗੀ ਦੀਆਂ ਜ਼ਰੂਰਤਾਂ ਜੇਬ ਵਿੱਚ ਪਾਉਂਣ ਦਾ ਮੈਨੂੰ ਸ਼ੌਕ ਨਹੀਂ‎,‎ ਇਹ ਮੇਰੀ ਹੋਣੀ ਹੈ।”

“ਤੂੰ ਸਾਫ ਕਿਉਂ ਨਹੀ ਕਹਿੰਦਾ‎,‎ ਤੈਨੂੰ ਧਨ ਚਾਹੀਦਾ ਹੈ। ਇੱਕ ਅੰਬਾਰ‎,‎ ਉਸ ਅੰਬਾਰ ਦੇ ਪਿੱਛੇ ਇੱਕ ਸਕਿਉਰ ਜ਼ਿੰਦਗੀ ਦੀ ਜ਼ਾਮਨੀ‎…‎ ਤੇਰੇ ਮਾਂ-ਬਾਪ ਦੀ ਬੰਦ-਼ਖਲਾਸੀ।” ਬਾਲਾ ਨੇ ਦੀਪ ਨੂੰ ਕਿਸੇ ਹੋਰ ਰਸਤੇ ਪਾਕੇ ਪੈਰੋਂ ਕੱਢਣ ਦੀ ਕੋਸ਼ਿਸ਼ ਕੀਤੀ।

“ਨਹੀਂ ਨਹੀਂ ਧਨ ਇੱਕ ਸਹੀ ਸ਼ਬਦ ਨਹੀਂ ਜਿਸਦੀ ਮੈਨੂੰ ਤਲਾਸ਼ ਹੈ।” ਦੀਪ ਨੇ ਖਲਾਅ ਵਿਚੋਂ ਕੁੱਝ ਲਭਣਾ ਚਾਹਿਆ।

“ਤੂੰ ਜੋ ਮਰਜ਼ੀ ਕਹਿ ਲੈ‎,‎ ਵਿਚੋਂ ਗੱਲ ਇਹੋ ਹੈ। ਇਹਦੀ ਹੋਂਦ ਅਣਹੋਂਦ ਤੋਂ ਮੈਂ ਵਾਕਫ ਹਾਂ। ਦੀਪ ਮੇਰਾ ਤੀਹ ਹਜ਼ਾਰ ਡਾਲਰ ਇੱਕ ਹੀ ਰਾਤ ਵਿੱਚ ਗੋਲ ਹੋ ਗਿਆ ਸੀ। ਮੇਰੀ ਰਾਤਾਂ ਝਾਕਕੇ ਕੀਤੀ ਕਮਾਈ। ਮਨਜਿੰਦਰ ਨੇ ਵਖਰਾ ਖਾਤਾ ਖੁਲਵਾ ਲਿਆ ਸੀ।

“ਫੇਰ?” ਦੀਪ ਨੇ ਪੁੱਛਿਆ।

“ਫੇਰ ਕੀ‎,‎ ਮੇਰੀ ਰਾਤ ਦੀ ਨੀਂਦ ਉਡ ਗਈ‎,‎ ਦਿਨ ਦਾ ਚੈਨ ਖਤਮ।” ਬਾਲਾ ਹੁਣ ਵੀ ਲੜ ਰਹੀ ਸੀ। ਉਸਦੇ ਮੂੰਹ ਤੇ ਆਈ ਕਸ ਨੇ ਇਸ ਲੜਾਈ ਦੀ ਸ਼ਾਹਦੀ ਭਰੀ।

“ਪਰ ਉੱਥੇ ਤਾਂ ਕਹਿੰਦੇ ਹਨ ਕਾਨੂੰਨ ਬੜੇ ਸਖਤ ਹਨ।”

“ਦੀਪ ਜਦੋਂ ਹੱਡਾਂ ਨੂੰ ਅੱਗ ਲਗੀ ਹੋਵੇ ਨਾ ਉਦੋਂ ਕੌਣ ਪੁੱਛਦਾ ਕੜੇ ਕਾਨੂੰਨਾਂ ਨੂੰ। ਮੇਰੇ ਕੋਲ ਐਨਾ ਟਾਈਮ ਹੀ ਕਿੱਥੇ ਸੀ? ਮੈਂ ਤਾਂ ਉਹੀ ਕੀਤਾ ਜਿਹੜੀ ਬੋਲੀ ਉਹ ਸਮਝਦਾ ਸੀ। ਮੈਨੂੰ ਤਾਂ ਅਗਲਿਆਂ ਫੋਨ ਹੀ ਕੀਤਾ ਸੀ‎,‎ ‘ਬਾਲਾ ਜੀ ਆਪਣਾ ਖਾਤਾ ਚੈੱਕ ਕਰ ਲਵੋ।’ ਮੈਂ ਉਸੇ ਵੇਲੇ ਆਪਣਾ ਬੈਂਕ ਖਾਤਾ ਵੇਖਿਆ। ਪੂਰਾ ਭਰਿਆ ਭੁਕੰਨਾ ਸੀ।”

“ਬਾਲਾ ਜੀ ਜੋ ਮਰਜ਼ੀ ਸਮਝ ਲਵੋ‎,‎ ਪੈਸੇ ਦੀ ਐਨੀ ਅਹਿਮੀਅਤ ਨਹੀਂ ਮੇਰੇ ਲਈ।” ਦੀਪ ਦੀ ਅਵਾਜ਼ ਵਿੱਚ ਟੁਣਕਾਰ ਨਹੀਂ ਸੀ।

“ਅਹਿਮੀਅਤ ਤਾਂ ਮੇਰੀ ਗੱਲ ਸੁਨਣ ਵਿੱਚ ਵੀ ਨਹੀਂ ਲੱਗਦੀ ਤੇਰੀ। ਮੈਂ ਆਪਣਾ ਸੌਦੇ ਦੀ ਗੱਲ ਕਰ ਰਹੀ ਹਾਂ ਤੇ ਤੂੰ ਆਪਣੀ ਹੀ ਗਟਾਰ ਵਜਾਉਣ ਲੱਗ ਪਿਆ ਹੈਂ? ਦੀਪ ਮੈਂ ਆਪਣੇ ਹੀ ਡਾਲਰ ਵਾਪਸ ਲੈਣ ਲਈ ਕੌਡੀਆਂ ਦੇ ਭਾਅ ਵਿਕ ਗਈ।” ਬਾਲਾ ਨੇ ਠੰਡੀ ਹੋ ਗਈ ਚਾਹ ਦਾ ਘੁੱਟ ਭਰਿਆ ਤੇ ਕੁੱਝ ਸੋਚ ਕੇ ਦੁਬਾਰਾ ਗੱਲ ਸ਼ੁਰੂ ਕੀਤੀ‎,‎

‎“ਮੈਂ ਤਾਂ ਗੱਲ ਕੀਤੀ ਸੀ ਮਿੱਠੇ ਸੁਪਨੇ ਦੀ ਤੇ ਤੇਰੀ ਸੁਰਤੀ ਟਿੱਕ ਗਈ‎,‎ ਉਸ ਸੁਪਨੇ ਤੋਂ ਉਰੇ ਈ‎,‎ ਵੇ ਕਮਲਿਆ ਮਿੱਠੇ ਸੁਪਨੇ ਤਾਂ ਮੂੰਹ ਜੋਰ ਹੁੰਦੇ ਹਨ‎,‎ ਸਮੁੰਦਰੀ ਤੂਫਾਨ ਵਰਗੇ। ਉਹ ਨਹੀਂ ਵੇਖਦੇ ਕੋਈ ਅੱਗਾ ਪਿੱਛਾ। ਉਸ ਵੇਗ ਵਿੱਚ ਨਹੀਂ ਵਖਾਈ ਦੇਂਦਾ ਕੋਈ ਮਾਂ-ਬਾਪ। ਮੈਨੂੰ ਆਉਂਦੇ ਹਨ ਇਹ ਤੂਫਾਨ ਵਰਗੇ ਵੇਗ ਨਾਲ। ਰੋੜ੍ਹ ਕੇ ਲੈ ਜਾਂਦੇ ਹਨ ਮੈਨੂੰ ਹੋਰ ਦੁਨੀਆਂ `ਚ।”

“ਨਾ ਤੈਨੂੰ ਇਹੋ ਜਿਹਾ ਕਿਹੜਾ ਸੁਪਨਾ ਆਉਂਦਾ ਹੈ‎,‎ ਜ਼ਰਾ ਮੈਨੂੰ ਵੀ ਤਾਂ ਪਤਾ ਲੱਗੇ।” ਦੀਪੇ ਨੇ ਬਾਲਾ ਨੂੰ ਛੇੜਿਆ।

“ਉਹ ਵੀ ਦੱਸ ਦੇਵਾਂਗੀ ਜਦੋਂ ਕਿਤੇ ਵੇਹਲ ਮਿਲੀ।” ਬਾਲਾ ਨੇ ਬਿਸ਼ਨੇ ਦੀ ਹਾਜ਼ਰੀ ਗੌਲੀ।

“ਹਾਂ ਜੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ।” ਦੀਪ ਨੇ ਆਪਣੇ ਆਪ ਤੇ ਤਰਸ ਕੀਤਾ।

“ਨਹੀਂ ਵੇ ਕਮਲਿਆ‎,‎ ਗੱਲ ਦਾਣਿਆਂ ਦੂਣਿਆਂ ਦੀ ਨਹੀਂ। ਗਲਤ ਤੇ ਠੀਕ ਦੀ ਵੀ ਨਹੀਂ‎,‎ ਮੇਲ ਮਿਲਾਪ ਦੀ ਵੀ ਨਹੀਂ‎,‎ ਗੱਲ ਤੇ ਸਿਰੜ ਦੀ ਹੈ। ਮੈਂ ਤੇ ਕਹਿੰਨੀਆਂ ਨਫਰਤ ਵੀ ਕਰੋ ਤਾਂ ਸਿਰੜ ਨਾਲ ਜਿਵੇਂ ਮਨਜਿੰਦਰਾ ਕਰਦਾ ਹੈ।” ਇੱਕ ਦਮ ਬਾਲਾ ਦਾ ਮੂੰਹ ਖਿਚਿਆ ਗਿਆ। ਦੀਪੇ ਨੂੰ ਪਿਛਲੀ ਸ਼ਾਮ ਚੇਤੇ ਆ ਗਈ। ਉਸਨੇ ਚੁੱਪ ਕਰਨ `ਚ ਹੀ ਭਲਾਈ ਸਮਝੀ। ਉਹ ਸੋਚਣ ਲੱਗਾ ਇਹਨੂੰ ਹੋ ਕੀ ਜਾਂਦਾ ਹੈ। ਪਤਾ ਨਹੀਂ ਕਿਹੜੀ ਦੁਖਦੀ ਰਗ ਫੜਕਣ ਲੱਗ ਪੈਂਦੀ ਹੈ ਇਹਦੀ। ਦੌਰਾ ਜਿਹਾ ਹੀ ਪੈ ਜਾਂਦਾ ਹੈ।

ਟਾਈਮ ਸਿਰ ਉਹ ਚੰਡੀਗੜ੍ਹ ਪਹੁੰਚ ਗਏ। ਬਾਰਾਂ ਕੁ ਵਜ਼ੇ ਤੱਕ ਵੇਹਲੇ ਵੀ ਹੋ ਗਏ। ਸ਼ਾਪਿੰਗ ਕਰਕੇ ਉਨ੍ਹਾਂ ਕਸੌਲੀ ਦਾ ਰੁੱਖ ਕਰ ਲਿਆ। ਕਸੌਲੀ ਪਹੁੰਚਣ ਤੱਕ ਰਾਤ ਦੀਆਂ ਲਾਈਟਾਂ ਜਗ ਪਈਆਂ ਸਨ। ਹੋਟਲ ਦੇ ਕਮਰੇ `ਚ ਦੀਪ ਕੁਰਸੀ ਤੇ ਬੈਠਾ ਸੀ ਜਦੋਂ ਬਾਲਾ ਵਾਸ਼ਰੂਮ ਵਿਚੋਂ ਨਿਕਲੀ। ਦੀਪ ਨੇ ਟਿਕਟਿਕੀ ਲਾਕੇ ਉਸ ਵੱਲ ਵੇਖਿਆ। ਬਾਲਾ ਨੇ ਮੁਸਕਰਾ ਕੇ ਪੁੱਛਿਆ‎,‎ “ਪੁੱਛਦਾ ਕਿਉਂ ਨਹੀਂ ਜੋ ਪੁੱਛਣ ਪੁੱਛਣ ਕਰਦਾ ਹੈਂ।”

“ਬਾਲਾ ਤੇਰੇ ਵਰਗੀ ਖੁਸ਼ ਰਹਿੰਣੀ ਕੁੜੀ ਕੌੜੀ ਕਿਉਂ ਹੈ?”

‎“ਵੇ ਪਹਿਲੀ ਗੱਲ ਤਾਂ ਮੇਰੀ ਇਹ ਸੁਣ ਮੈਂ ਕੁੜੀ ਨਹੀਂ ਔਰਤ ਹਾਂ। ਐਵੇਂ ਨਾ ਮੈਨੂੰ ਕੁੜੀ ਸਮਝੀ ਜਾ।”

“ਮੇਰੇ ਲਈ ਤਾਂ ਤੂੰ ਅਜੇ ਵੀ ਉਹੋ ਬਾਲਾ ਹੈਂ‎,‎ ਅਠਾਰਾਂ ਸਾਲ ਦੀ‎,‎ ਮੇਰੇ ਦਿਲ ਵਿੱਚ ਤੇਰੀ ਉਹੋ ਤਸਵੀਰ ਹੈ।”

“ਚੱਲ ਬਾਹਲੀਆਂ ਗੱਲਾਂ ਨਾ ਬਣਾ ਤੇ ਬਜਾਰੋਂ ਲੈ ਆ ਕੁੱਝ ਖਾਣ ਪੀਣ ਨੂੰ। ਮੈਨੂੰ ਪਤਾ ਤੂੰ ਪੀ ਲੈਨੈ ਤੇ ਆਉਂਦਾ ਆਉਂਦਾ ਮੇਰੇ ਲਈ ਕੰਘੀ ਲੈ ਆਈਂ।”

“ਹਾਂ ਕਲਿੱਪ ਵੀ ਲਿਾਆਵਾਂਗਾ ਤੇਰੇ ਲਈ ਸਰਦਾਰਨੀ ਜੀ।”

ਸਵੇਰੇ ਉੱਠਕੇ ਦੀਪੇ ਨੇ ਖਿੜਕੀ ਦਾ ਪਰਦਾ ਪਰਾਂ ਕੀਤਾ ਤਾਂ ਨਿੱਘੀ ਧੁੱਪ ਨੇ ਕਮਰੇ ਵਿੱਚ ਪਰਵੇਸ਼ ਕੀਤਾ। ਦਿਨ ਦੇ ਯਾਰਾਂ ਵੱਜ ਚੁੱਕੇ ਸਨ। ਬਾਲਾ ਨੇ ਅਲਸਾਈਆਂ ਅੱਖਾਂ ਖੋਲੀਆਂ।

“ਗੁਡ ਮਾਰਨਿੰਗ” ਦੀਪ ਨੇ ਤਿੱਖੀ ਘੰਟੀ ਵਜਾਈ।

“ਗੁਡ ਮਾਰਨਿੰਗ” ਬਾਲਾ ਨੇ ਅਲਸਾਇਆ ਜਿਹਾ ਜੁਆਬ ਦਿੱਤਾ।

“ਚਾਹ ਤਾਂ ਆਰਡਰ ਕਰੀਂ ਦੀਪ ਤੇ ਨਾਲੇ ਮੇਰੇ ਆ ਬੈਗ `ਚੋਂ ਐਸਪਰੀਨ ਫੜਾਈਂ‎,‎ ਮੇਰਾ ਤਾਂ ਸਿਰ ਦੁਖੀ ਜਾਂਦਾ।

“ਜੋ ਹੁਕਮ ਹਜ਼ੂਰ” ਦੀਪ ਨੇ ਇੰਟਰਕੌਮ ਨੱਪ ਦਿੱਤਾ। ਦੋਵਾਂ ਚਾਹ ਪੀਤੀ‎,‎ ਤਿਆਰ ਹੋਏ। ਬਾਲਾ ਬਾਹਰ ਜਾਣਾ ਚਾਹੁੰਦੀ ਸੀ ਘੁੰਮਣ। ਪਰ ਦੀਪ ਨੇ ਉਹਨੂੰ ਬੈਠਣ ਲਈ ਕਿਹਾ‎,‎‎“ਮੈਂ ਤੇਰੇ ਨਾਲ ਗੱਲ ਕਰਨੀ ਹੈ।”

“ਗੱਲ ਰਾਹ `ਚ ਕਰ ਲਈਂ। ਆਪਾਂ ਪੈਦਲ ਹੀ ਚਲਣਾ।”

“ਨਹੀਂ ਇਹ ਗੱਲ ਬੈਠਕੇ ਕਰਨ ਵਾਲੀ ਹੈ। ਆਮੋ ਸਾਹਮਣੇ‎,‎ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ।” ਦੀਪ ਨੇ ਭੂਮਿਕਾ ਬੰਨਦਿਆਂ ਕਿਹਾ।

“ਪਰ ਮੈਂ ਇਸ ਵਕਤ ਕੋਈ ਗੱਲ ਨਹੀਂ ਕਰਨਾ ਚਾਹੁੰਦੀ।” ਬਾਲਾ ਕੁਰੱਖਤ ਜਿਹੀ ਬੋਲੀ।

“ਕਿਉਂ ਨਹੀਂ ਕਰਨਾ ਚਾਹੁੰਦੀ ਗੱਲ ਮੇਰੇ ਨਾਲ?”

“ਮੈਨੂੰ ਪਤਾ ਹੈ ਤੂੰ ਕੀ ਗੱਲ ਕਰਨੀ ਹੈ?” ਮੈਂ ਤੇਰੀ ਬਾਂਦੀ ਨਹੀਂ ਹਾਂ‎,‎ ਨਾ ਤੇਰੀ ਤੜਕਾ ਲਾਊ ਬੀਵੀ। ਮੈਂ ਘੁੰਮਣ ਜਾਣਾ ਹੈ। ਤੂੰ ਮੇਰੇ ਨਾਲ ਚਲਣਾ ਹੈ ਜਾਂ ਮੈਂ ਇਕੱਲੀ ਹੀ ਜਾਵਾਂ।

“ਮੈਂ ਤਾਂ ਸਿਰਫ ਇਹ ਪੁੱਛਣਾ ਹੈ ਆਪਾਂ ਵਿਆਹ ਕਦੋ ਕਰਵਾਉਂਣਾ ਹੈ‎,‎ ਤੂੰ ਦੱਸਿਆ ਕਿ ਤੁਸੀਂ ਫਰਵਰੀ ਦੇ ਅੰਤ ਤੱਕ ਵਾਪਸ ਚਲੇ ਜਾਣਾ ਹੈ। ਵਿਆਹ ਦੇ ਸੌ ਕੰਮ ਹੁੰਦੇ ਹਨ ਕਰਨ ਵਾਲੇ।”

‎“ਵਿਆਹ ਤਾਂ ਮੈਂ ਕਰਾਉਣਾ ਪਰ ਮੈਂ ਤੇਰੇ ਨਾਲ ਤੇ ਵਿਆਹ ਨਹੀ ਕਰਵਾਉਣਾ।” ਬਾਲਾ ਨੇ ਖੁਸ਼ ਮਜ਼ਾਜੀ ਵਿੱਚ ਦੀਪੇ ਦੀਆਂ ਅੱਖਾਂ ਵਿੱਚ ਅੱਖਾਂ ਪਾਕੇ ਕਿਹਾ‎,‎ “ਵਿਆਹ ਕਰਾਕੇ ਮੈਂ ਤੈਨੂੰ ਗੁਆਉਂਣਾ ਨਹੀਂ ਚਾਹੁੰਦੀ।”

“ਫੇਰ ਰਾਤ‎…‎ ।” ਦੀਪੇ ਨੇ ਸੁਆਲ ਅਧੂਰਾ ਛੱਡ ਦਿਤਾ।

“ਰਾਤ ਕੀ‎…‎ ਰਾਤ ਮੈਂ ਤੈਨੂੰ ਕਦੋਂ ਕਿਹਾ ਵਿਆਹ ਵਿਹੂਅ ਬਾਰੇ?”

“ਨਹੀਂ ਮੇਰਾ ਮਤਲਬ‎,‎ ਰਾਤ ਜੋ ਹੋਇਆ‎,‎ ਉਸਤੋਂ ਬਾਦ ਵਿਆਹ ਕੀ ਜਰੂਰੀ ਨਹੀ?”

“ਬਾਲਾ ਠਹਾਕਾ ਮਾਰ ਕੇ ਹੱਸੀ। ਵੇ ਕਮਲਿਆ‎,‎ ਰਿਹਾ ਨਾ ਬੁੱਧੂ ਦਾ ਬੁੱਧੂ। ਮੈਂ ਤਾਂ ਪਹਿਲਾਂ ਵੀ ਕਿਹਾ ਸੀ ਪਲ ਨਾਲ ਪਲ ਜੋੜਕੇ ਜੀਣਾ ਸਿੱਖ। ਰਾਤ ਗਈ ਬਾਤ ਗਈ। ਤੂੰ ਤੇ ਪਲ ਨੂੰ ਫੜ ਕੇ ਹੀ ਖੜੋ ਗਿਆ।”

“ਨਾਂ ਇਹ ਕੀ ਮਜ਼ਾਕ ਹੈ?” ਦੀਪ ਨੇ ਆਪਣਾ ਪਿੰਡਾ ਤਪਿਆ ਮਹਿਸੂਸ ਕੀਤਾ।

ਬਾਲਾ ਨੇ ਅੱਗੇ ਵਧਕੇ ਦੀਪੇ ਦੀ ਠੋਡੀ ਨੂੰ ਹੱਥ ਨਾਲ ਚੁੱਕਕੇ ਉਹਦੀਆਂ ਅੱਖਾਂ ਨੂੰ ਆਪਣੀਆਂ ਅੱਖਾਂ ਦੇ ਬਰਾਬਰ ਕੀਤਾ‎,‎ “ਵੇ ਕਮਲਿਆ ਮੈਂ ਔਰਤ ਹਾਂ ਕਿ ਨਹੀਂ‎,‎ ਪਹਿਲਾਂ ਇਹ ਦੱਸ‎,‎ ਵੇਖੀਂ ਕਿਤੇ ਝੂਠ ਨਾ ਬੋਲੀਂ।”

“ਨਾ ਤੈਨੂੰ ਨਹੀਂ ਪਤਾ ਤੂੰ ਔਰਤ ਹੈਂ ਕਿ ਨਹੀਂ?” ਦੀਪੇ ਨੇ ਖਿਝ ਕੇ ਕਿਹਾ।

“ਵੇ ਜੇ ਮੈਨੂੰ ਪਤਾ ਹੁੰਦਾ ਤਾਂ ਤੈਨੂੰ ਕਾਹਤੋਂ ਪੁੱਛਦੀ? ਵੇ ਜੇ ਮੈਂ ਔਰਤ ਹੁੰਦੀ ਤਾਂ ਮੇਰੀ ਐਨੀ ਹੇਠੀ ਹੋਣੀ ਸੀ ਜ਼ਿੰਦਗੀ ਵਿੱਚ‎,‎ ਜਿੰਨੀ ਉਸ ਚੰਦਰੇ ਨੇ ਕਰ ਦਿੱਤੀ? ਵੇ ਉਹਨੇ ਮੇਰਾ ਨਹੀਂ ਔਰਤਜ਼ਾਤ ਦਾ ਅਪਮਾਨ ਕੀਤਾ ਹੈ। ਵੇ ਉਹਨੇ ਕਾਹਨੂੰ ਏਦਾਂ ਕਰਨਾ ਸੀ ਜੇ ਮੈਂ ਔਰਤ ਹੁੰਦੀ। ਵੇ ਤੂੰ ਮੈਨੂੰ ਆਪਣੀ ਔਰਤ ਕਿਉਂ ਨਹੀਂ ਬਨਾਉਂਣਾ ਚਾਹੁੰਦਾ? ਘਰਵਾਲੀ ਬਣਾਕੇ ਕਿਉਂ ਮੇਰਾ ਅਪਮਾਨ ਕਰਨਾ ਚਾਹੁੰਨਾ ਏਂ। ਕਿਉਂ ਵਿਆਹ ਵਿਆਹ ਦੀ ਰੱਟ ਲਾਕੇ ਬੈਠ ਗਿਆ ਏਂ। ਅਜੇ ਤਾਂ ਮੈਨੂੰ ਸੁਹਾਗਣ ਹੋਈ ਨੂੰ ਅੱਠ ਪਹਿਰ ਵੀ ਨਹੀਂ ਹੋਏ।” ਬਾਲਾ ਦੀਆਂ ਅੱਖਾਂ ਵਿੱਚ ਅਥਰੂਆਂ ਦੀਆਂ ਘਰਾਲਾਂ ਵਹਿ ਤੁਰੀਆਂ।

“ਬਾਲਾ ਮੈਨੂੰ ਸਾਰੀ ਗੱਲ ਦੱਸ ਜੇ ਮੈਨੂੰ ਆਪਣਾ ਸਮਝਦੀ ਹੈਂ ਤਾਂ।” ਦੀਪ ਨੇ ਬਾਲਾ ਦੇ ਅਥਰੂ ਪੂੰਝਦਿਆਂ ਕਿਹਾ।

“ਦੀਪ ਤੂੰ ਮੇਰਾ ਦੋਸਤ ਨਹੀਂ‎,‎ ਤੂੰ ਤੇ ਮੇਰੇ ਦਿਲ ਦਾ ਹਾਣੀ ਮੇਰਾ ਮਰਦ ਹੈਂ। ਵੈਰੀਆ ਤੇਰੇ ਕੋਲੋਂ ਛੁਪਾਉਂਣ ਲਈ ਤਾਂ ਮੇਰੇ ਕੋਲ ਕੁੱਝ ਹੈ ਹੀ ਨਹੀਂ। ਦੇਖ ਮੇਰੀ ਤਾਂ ਸਾਰੀ ਝੋਲੀ ਖਾਲੀ ਪਈਏ। ਦਿਲ ਦੇ ਬੂਹੇ ਢੋਅ ਕੇ ਤਾਂ ਮੈਂ ਆਪਣਾ ਹੀ ਨੁਕਸਾਨ ਕਰਾਂਗੀ ਨਾ। ਮੈਨੂੰ ਤਾਂ ਚੰਦਰਾ ਪਤਾ ਹੀ ਉਦੋਂ ਲੱਗਾ ਜਦੋ ਉਸਦਾ ਉਬਾਲ ਬਹਿ ਗਿਆ।”

ਦੀਪ ਨੇ ਕੁਰਸੀ ਤੋਂ ਉੱਠਕੇ ਬਾਲਾ ਨੂੰ ਮੋਢੇ ਤੋਂ ਫੜਕੇ ਉਠਾਇਆ ਤੇ ਕਿਹਾ‎,‎ “ਚੱਲ ਜ਼ਰਾ ਸੋਫੇ ਤੇ ਬੈਠ ਅਰਾਮ ਨਾਲ‎,‎ ਮੈਂ ਤੇਰੇ ਲਈ ਪਾਣੀ ਦਾ ਗਲਾਸ ਲਿਆਉਂਦਾ ਹਾਂ।”

ਪਾਣੀ ਦਾ ਘੁੱਟ ਪੀਕੇ ਬਾਲਾ ਬੋਲੀ‎,‎ “ਉਹ ਸੀ ਇੱਕ ਆਦਮੀ ਬੜਾ ਹੀ ਸੋਹਣਾ‎,‎ ਬੜਾ ਹੀ ਮਨਮੋਹਣਾ। ਉਹਦਾ ਜਾਦੂ ਮੇਰੇ ਸਿਰ ਨੂੰ ਚੜ੍ਹ ਗਿਆ। ਦਿਲ ਦੀਆਂ ਕੰਧਾਂ ਤੇ ਲੱਗੀਆਂ ਤਸਵੀਰਾਂ ਧੁੰਧਲੀਆਂ ਪੈਣ ਲੱਗੀਆਂ ਤੇ ਉਹਨੇ ਸਾਰਾ ਕੁੱਝ ਹੀ ਮੱਲ ਲਿਆ। ਪਰਾਈਆਂ ਟੋਲੀਆਂ ਵਿੱਚ ਬੈਠੀ ਮੈਂ ਵੀ ਉਹਨੂੰ ਸੋਹਣੀ ਹੀ ਲੱਗੀ ਹੋਵਾਂਗੀ। ਫੇਰ ਪਤਾ ਨਹੀਂ ਇਹ ਕਮਿਊਨੀਕੇਸ਼ਨ ਗੈਪ ਕਿੱਥੋਂ ਆ ਗਿਆ। ਦੀਪ ਕੀ ਬੇਗਾਨੇ ਗਾਣਿਆਂ ਨੂੰ ਚੇਤੇ ਕਰਨਾ ਜ਼ਰੂਰੀ ਹੈ?਼਼ਵੱਟ ਏ ਰੈੱਫ‎…‎ ਇਹ ਸ਼ਬਦ ਅੱਜ ਵੀ ਹਥੌੜੇ ਵਾਂਗ ਮੇਰੇ ਸਿਰ ਵਿੱਚ ਵਜਦਾ ਹੈ।”

‎“ਇਹ ਰੈੱਫ ਕੀ ਹੈ?” ਦੀਪ ਨੇ ਵਿਚੋਂ ਲੜੀ ਤੋੜਦਿਆਂ ਪੁੱਛਿਆ।

“ਇੱਧਰ ਦੇ ਦੇਸੀ ਮੁੰਡਿਆਂ ਕੁੜੀਆਂ ਨੂੰ ਉੱਧਰਲੇ ਜੰਮੇ ਦੇਸੀ ਵਿਗੜੇ ਐਵੇਂ ਇਸੇ ਨਾਮ ਨਾਲ ਕਦੇ ਕਦੇ ਛੇੜਦੇ ਹਨ। ਪਰ ਵਿਆਹ ਤੋਂ ਬਾਦ ਇੱਧਰ ਕੀ ਤੇ ਉੱਧਰ ਕੀ। ਮੈਨੂੰ ਸਮਝ ਹੀ ਨਹੀਂ ਆਈ। ਮੈਂ ਉਹਦੇ ਗਲ਼ ਵਿੱਚ ਬਾਹਵਾਂ ਪਾਕੇ ਵੱਖਰੀ ਦੁਨੀਆਂ ਆਬਾਦ ਕਰਨੀ ਚਾਹੀ। ਉਹਦੇ ਵੇਹੜੇ ਵਿੱਚ ਮੇਰਾ ਵਯੂਦ ਅਖਰਨ ਲੱਗਾ। ਗੱਲ ਖਤਮ ਵੀ ਹੋ ਸਕਦੀ ਸੀ। ਗੱਲਾਂ ਖਤਮ ਹੁੰਦੀਆਂ ਆਈਆਂ ਹਨ‎,‎ ਪਰ ਉਹ ਤੇ ਨਫਰਤ ਪਾਲਣ ਲੱਗ ਪਿਆ। ਪੋਜੈਸਿਵਨੈਸ ਉਹਦੇ ਵਿੱਚ ਤੇਰੇ ਨਾਲੋਂ ਵੀ ਚਾਰ ਗੁਣਾ ਵੱਧ ਸੀ। ਪਤਾ ਇੱਕ ਦਿਨ ਕੀ ਹੋਇਆ?”

ਦੀਪ ਨੇ ਕੁਰਸੀ ਤੋਂ ਉੱਠਕੇ ਪਰਦਾ ਖਿੱਚ ਲਿਆ ਜਿਵੇਂ ਹੋਣ ਵਾਲੀ ਗੱਲ ਨੂੰ ਰੌਸ਼ਨੀ ਦੀ ਲੋੜ ਨਾ ਹੋਵੇ।

“ਹਾਂ ਦੱਸ ਕੀ ਹੋਇਆ?”

“ਭਰੀ ਮਹਿਫਲ ਵਿੱਚ ਤਾੜੀ ਮਾਰ ਕੇ ਬੋਲਿਆ‎,‎ ‘ਹੁਣ ਤੁਹਾਨੂੰ ਬਾਲਾ ਪੰਜਾਬੀ ਗੀਤ ਸੁਣਾਇਗੀ। ਮੈਂ ਨਾਹ ਵਿੱਚ ਸਿਰ ਮਾਰਿਆ ਤਾਂ ਕਹਿਣ ਲੱਗਾ ਉਹੋ ਸੁਣਾਦੇ ਜੋ ਮੈਨੂੰ ਸੁਣਾਇਆ ਸੀ। ਮੈ ਕਿਹਾ‎,‎ ‘ਰਾਜੇ ਉਹ ਤੇ ਤੇਰੇ ਲਈ ਸੀ‎,‎ ਸਿਰਫ ਤੇਰੇ ਲਈ। ਜਿੱਦ ਕਰਨ ਲੱਗਾ। ਸ਼ਰਾਬੀ ਹੋਇਆ ਫਿਰਦਾ ਸੀ। ਮੈਂ ਤੇ ਕਦੇ ਗਾਇਆ ਨਹੀਂ ਕਦੇ ਵੀ ਕਿਸੇ ਸਾਹਮਣੇ। ਐਵੇਂ ਉਹਦੇ ਆਖੇ ਕਦੇ ਕਦੇ ਬੈੱਡਰੂਮ ਵਿੱਚ ਗੁਣਗੁਣਾ ਲੈਂਦੀ ਸੀ। ‘ਬੱਸ ਸ਼ੁਰੂ ਹੋ ਜਾ ਇਤਨਾ ਕਹਿ ਕੇ ਉਹ ਚੁਟਕੀਆਂ ਮਾਰਨ ਲੱਗ ਪਿਆ। ਮੇਰੇ ਕੋਲ਼ ਕੋਈ ਰਾਹ ਨਾ ਬਚਿਆ। ਅਜੇ ਮੈਂ ਦੋ ਲਾਈਨਾਂ ਵੀ ਨਹੀਂ ਗਾਈਆਂ ਸੀ ਕਿ ਭਰਿਆ ਸ਼ਰਾਬ ਦਾ ਗਲਾਸ ਮੇਰੇ ਮੂੰਹ ਤੇ ਮਾਰਿਆ ਤੇ ਬੋਲਿਆ ‘ਸ਼ਟ ਅੱਪ ਯੂ ਰੈਫ‎…‎ `ਚਾਰੇ ਪਾਸੇ ਸਹਿਮ ਛਾ ਗਿਆ। ਕੁੱਝ ਵਿਚੋਂ ਹੱਸਣ ਲੱਗ ਪਏ। ਇੱਕ ਮੇਰੀ ਫਰੈੰਡ ਨੇ ਪੁਲੀਸ ਕਾਲ ਕਰ ਲਈ। ਦੀਪੀ ਪੁਲੀਸ ਤੋਂ ਵਾਪਸ ਆਕੇ ਉਹਨੇ ਮੈਨੂੰ ਬਹੁਤ ਤੰਗ ਕੀਤਾ। ਉਸ ਰਾਤ ਮੈਂ ਉਹਨੂੰ ਚਾਰਜ ਵੀ ਨਾ ਕਰਵਾਇਆ। ਦੀਪੀ ਉਹ ਬਹੁਤ ਬਦਮਾਸ਼ ਹੈ। ਦੀਪੀ ਮੈਨੂੰ ਉਹਦੇ ਤੋਂ ਬਹੁਤ ਡਰ ਲਗਦੈ। ਦੀਪੀ ਮੈਨੂੰ ਬਚਾ ਲੈ।” ਬਾਲਾ ਨੇ ਦੀਪ ਨੂੰ ਘੁੱਟ ਕੇ ਜੱਫੀ ਪਾ ਲਈ। ਉਹਦੇ ਹੌਕੇ ਉੱਚੇ ਹੋ ਗਏ। ਬਾਲਾ ਨੇ ਵੇਖਿਆ ਦੀਪ ਦੀਆਂ ਅੱਖਾਂ ਵਿੱਚ ਵੀ ਅਥਰੂ ਸਨ।

“ਵੇ ਤੂੰ ਕਾਹਨੂੰ ਰੋਨਾਂ‎,‎ ਰੋਵੇਗਾ ਉਹ ਹੁਣ ਸਾਰੀ ਉਮਰ। ਉਹਨੂੰ ਰੁਵਾਉਣਾ ਹੀ ਮੇਰਾ ਹੁਣ ਧਰਮ ਹੈ।” ਬਾਲਾ ਨੇ ਅੱਖਾਂ ਤੋਂ ਬੇਚਾਰਗੀ ਦੀ ਪੱਟੀ ਖੋਲ੍ਹ ਦਿਤੀ।

“ਦੀਪ ਕੋਈ ਵੀ ਦੁਨੀਆਂ ਵਿੱਚ ਇਕੱਲਾ ਨਹੀਂ ਰਹਿੰਣਾ ਚਾਹੁੰਦਾ। ਮੇਰੇ ਕੋਲ ਵੀ ਕੋਈ ਲਿਸਟ ਨਹੀਂ ਜਿਸਤੇ ਤੇਰਾ ਨਾਮ ਟੌਪ ਤੇ ਹੋਵੇ। ਸਿਰਫ ਤੂੰ ਹੈਂ‎,‎ ਮੈਨੂੰ ਸਿਰਫ ਤੇਰਾ ਸਾਥ ਚਾਹੀਦਾ।”

“ਮੈਂ ਤਾਂ ਹੀ ਤੇ ਕਹਿੰਦਾ।” ਦੀਪ ਨੇ ਗੱਲ ਕਰਨੀ ਚਾਹੀ।

“ਨਹੀਂ ਨਹੀਂ ਦੀਪ ਮੈਨੂੰ ਤੂੰ ਸਾਰੇ ਦਾ ਸਾਰਾ ਚਾਹੀਦਾ ਹੈਂ। ਵਿਆਹ ਕਰਾਕੇ ਤਾਂ ਮੈਂ ਵੀ ਤੇਰੇ ਵਾਂਗ ਅੱਧੀ ਹੋ ਜਾਵਾਂਗੀ। ਆਪਣੇ ਸਾਏ ਨੂੰ ਸੰਭਾਲ ਕੇ ਰੱਖ। ਜ਼ਿੰਦਗੀ ਦੀ ਧੁੱਪ ਵਿੱਚ ਖਲੋਤਿਆਂ ਤੇਰਾ ਸਾਇਆ ਤੇਰੇ ਬਾਪ ਨਾਲ ਰਲਗਡ ਹੈ। ਆਪਣਾ ਵੱਖਰਾ ਸਾਇਆ ਸਿਰਜ‎,‎ ਕੁੱਝ ਵਿੱਥ ਨਾਲ‎,‎ ਕਿਤੇ ਗਲਤੀ ਨਾਲ ਵੀ ਉਸਤੇ ਕਿਸੇ ਦਾ ਪੈਰ ਨਾ ਰਖਿਆ ਜਾਵੇ।”

“ਭਾਵੇਂ ਤੇਰੇ ਸਾਏ ਥੱਲੇ ਮਿਧਿਆ ਜਾਏ?” ਦੀਪ ਨੇ ਕਿਹਾ।

“ਨਾਂਹ ਮੇਰੇ ਰਾਜੇ‎,‎ ਇਸ ਤਰ੍ਹਾਂ ਨਾ ਕਹਿ।” ਬਾਲਾ ਫਿਰ ਰੋਣ ਲੱਗ ਪਈ।

ਰੋਣ ਨੂੰ ਥੰਮ ਕੇ ਬਾਲਾ ਬੋਲੀ‎,‎ “ਤੈਨੂੰ ਨਹੀਂ ਪਤਾ‎,‎ ਅੰਕਲ ਜੀ ਤੇਰੇ ਕੋਲੋਂ ਕੀ ਚਾਹੁੰਦੇ ਹਨ। ਪੜ੍ਹਾਈ ਤੋਂ ਬਾਦ ਵੀ ਜਦੋਂ ਤੂੰ ਕਿਸੇ ਕੰਢੇ ਨਹੀਂ ਲੱਗਾ ਤਾਂ ਉਹ ਚਾਹੁੰਦੇ ਹਨ ਮੈਂ ਤੇਰੇ ਜਾਲ਼ ਵਿੱਚ ਫਸ ਜਾਵਾਂ। ਮੇਰੇ ਨਾਲ ਕੈਨੇਡਾ ਤੋਰ ਕੇ ਉਹ ਆਪਣੇ ਫਰਜ਼ਾਂ ਤੋਂ ਸੁਰਖੁਰੂ ਹੋ ਜਾਂਣ। ਘੜੀ ਪਲ ਦਾ ਸਕੂਨ ਤੇ ਫੇਰ ਭਾਂਵੇਂ ਉਹੋ ਨੂੰਹ ਸੱਸ‎,‎ ਪਤੀ ਪਤਨੀ ਦਾ ਛਿੱਤਰ ਜਲੂਸ। ਪਰ ਉਸ ਛੋਟੀ ਗੱਲ ਲਈ ਸਾਰੇ ਤਿਆਰ ਹਨ‎,‎ ਤੇ ਤੂੰ ਵੀ ਉਨ੍ਹਾਂ ਤਿਆਰ ਲੋਕਾਂ ਵਿੱਚ ਹੈਂ। ਤੈਨੂੰ ਪਤਾ ਸਾਰੀ ਦੁਨੀਆਂ ਵਿੱਚ ਔਰਤ-ਮਰਦ ਬਿਨਾਂ ਵਿਆਹ ਤੋਂ ਇੱਕਠੇ ਰਹਿ ਰਹੇ ਹਨ ਤੇ ਖੁਸ਼ ਵੀ ਹਨ‎,‎ ਰਖੇਲਾਂ ਦੀ ਤਰ੍ਹਾਂ ਤੇ ਕਿਹੜੀ ਰਖੇਲ ਮਰਦ ਹੈ ਤੇ ਕਿਹੜੀ ਰਖੇਲ ਔਰਤ ਇਸਦਾ ਫਰਕ ਹੀ ਮਿਟਦਾ ਜਾ ਰਿਹਾ ਹੈ‎,‎ ਕੋਈ ਖਰਚ ਹੋ ਰਿਹਾ ਹੈ ਤੇ ਕੋਈ ਖਰਚ ਹੋਣਾ ਹੀ ਨਹੀਂ ਚਾਹੁੰਦਾ‎,‎ ਇਸਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ। ਜਸਟ ਆਈ ਡੌਂਟ ਕੇਅਰ‎,‎ ਆਈ ਜਸਟ ਲਵ ਯੂ?”

“ਰਖੇਲਾਂ ਤਾਂ ਲਾਹਨਤ ਸਨ ਸਾਡੇ ਸਮਾਜ ਦੀਆਂ।” ਦੀਪ ਨੇ ਮੂੰਹ ਜਿਹਾ ਫੁਲਾ ਕੇ ਕਿਹਾ।

“ਰਖੇਲ ਖੁਸ਼ ਹੁੰਦੀ ਸੀ। ਆਪਣੇ ਪਿਆਰੇ ਦੀ ਮਜ਼ਬੂਰੀ ਸਮਝਦੀ ਹੋਈ‎,‎ ਸਾਰੇ ਸਮਾਜ ਦੀ ਕਹਿਰੀ ਨਜ਼ਰ ਸੰਭਾਲਦੀ ਹੋਈ ਪਰ ਸਭ ਤੋਂ ਜ਼ਰੂਰੀ ਉਸਦਾ ਸਾਇਆ ਆਪਣਾ ਹੁੰਦਾ ਸੀ। ਉਸਦੀ ਧੁੱਪ ਸਿਰਫ ਉਸਦੇ ਆਪਣੇ ਵੇਹੜੇ ਲਈ ਹੀ ਹੁੰਦੀ ਸੀ। ਸਿਰਕੀਆਂ ਤੋਂ ਉਰੇ ਉਰੇ।”

“ਇਹ ਤੂੰ ਨਹੀਂ ਬੋਲ ਰਹੀ‎,‎ ਤੇਰੀ ਧੁਆਂਖ ਬੋਲ ਰਹੀ ਹੈ‎…‎ ।”

“ਨਹੀਂ ਨਹੀਂ” ਬਾਲਾ ਨੇ ਵਿੱਚੋਂ ਟੋਕਿਆ। “ਮੈਂ ਨਫਰਤ ਮਹਿਸੂਸ ਨਹੀਂ ਕੀਤੀ‎,‎ ਬਲਕਿ ਵੇਖੀ ਹੈ‎,‎ ਮਨੁੱਖੀ ਬਾਣੇ `ਚ। ਉਸ ਨਫਰਤ ਅੱਗੇ ਤਾਂ ਤੇਰਾ ਬਚਪਨ ਦਾ ਪਿਆਰ ਬਹੁਤ ਹੀ ਬੌਣਾ ਹੋਕੇ ਰਹਿ ਜਾਵੇਗਾ। ਜ਼ਿੰਦਗੀ ਤਾਂ ਕਿਤੇ ਆਸਤੀਨ ਵਿੱਚ ਹੀ ਉਲਝ ਜਾਵੇਗੀ। ਮੈਂ ਆਪਣੇ ਪਿਆਰ ਨੂੰ ਬਚਾ ਕੇ ਰੱਖਾਂਗੀ। ਇੱਕ ਵੱਖਰੀ ਦੁਨੀਆਂ ਵਿਚ। ਜਿੱਥੇ ਸਿਰਫ ਖੁਸ਼ਬੋ ਹੋਵੇ।” ਬਾਲਾ ਨੇ ਦੀਪ ਦਾ ਸੱਜਾ ਪੈਰ ਫੜਕੇ ਆਪਣੀ ਝੋਲੀ ਵਿੱਚ ਰੱਖ ਲਿਆ ਤੇ ਪੈਰ ਦੇ ਅੰਗੂਠੇ ਨੂੰ ਪਲੋਸਣ ਲੱਗ ਪਈ।

“ਮੈਨੂੰ ਤਾਂ ਤੇਰੇ ਵਿਚੋਂ ਕੋਈ ਜਗੀਰਦਾਰ ਦਿਸ ਰਿਹੈ। ਜੋ ਪਰੰਪਰਾ ਨਾਲ ਬੱਝਾ ਫਰਜ਼ ਵੀ ਨਿਭਾਉਂਦਾ ਹੈ। ਆਪਣੀ ਆਨ ਸ਼ਾਨ ਦੀ ਲੜਾਈ ਵੀ ਲੜਦਾ ਹੈ ਤੇ ਰਾਤ ਦੇ ਉੱਤਰਦਿਆਂ ਹੀ ਫੁੱਲਾਂ ਦੇ ਗੁਲਦਸਤੇ ਦੀ ਖੁਸ਼ਬੋ ਲੈਕੇ ਆਪਣੀ ਰਖੇਲ ਦੀ ਬੁੱਕਲ ਵਿੱਚ ਮੂੰਹ ਛੁਪਾ ਕੇ ਅਸਲੀ ਇਨਸਾਨ ਬਣ ਜਾਂਦਾ ਹੈ।”

‎“ਬੱਸ ਇਹੋ ਸਮਝ ਲੈ‎,‎ ਮੈਂ ਜਗੀਰਦਾਰ ਬਣ ਕੇ ਤੈਨੂੰ ਰਖੇਲ ਹੀ ਸਮਝਦੀ ਹਾਂ। ਇਹ ਵੱਖਰੀ ਗੱਲ ਹੈ ਕਿ ਮੇਰਾ ਪਿਆਰ ਜਗੀਰਦਾਰ ਨਾਲੋਂ ਕਿਤੇ ਜ਼ਿਆਦਾ ਹੈ।” ਬਾਲਾ ਨੇ ਹੱਸਕੇ ਦੀਪ ਦੇ ਪੈਰ ਨੂੰ ਛਾਤੀ ਨਾਲ ਲਾ ਲਿਆ ਤੇ ਅੱਗੇ ਉੱਲਰ ਕੇ ਦੀਪ ਦੀ ਗੱਲ ਤੇ ਚੂੰਡੀ ਵੱਢੀ।

“ਬਾਲਾ ਤੂੰ ਮੈਨੂੰ ਅੰਡਰ ਐਸਟੀਮੇਟ ਕਰ ਰਹੀ ਹੈਂ।” ਦੀਪ ਨੂੰ ਗੁਸਾ ਆ ਰਿਹਾ ਸੀ।

“ਨਹੀਂ ਦੀਪ ਤੂੰ ਸਮਝਦਾ ਨਹੀਂ। ਉਸ ਨਫਰਤ ਦਾ ਕੱਦ ਬਹੁਤ ਵੱਡਾ ਹੈ। ਆਪਾਂ ਨਿਕੀਆਂ ਨਿਕੀਆਂ ਬਾਹਵਾਂ ਨਾਲ ਕੁੱਝ ਨਹੀਂ ਕਰ ਸਕਦੇ। ਨਫਰਤ ਨੂੰ ਭੁਲਕੇ ਵੀ ਮੈਂ ਜੀ ਨਹੀ ਸਕਦੀ। ਸੈਪਾਰੇਸ਼ਨ ਤੋਂ ਬਾਅਦ ਉਹ ਸ਼ਾਂਤ ਹੋ ਜਾਂਦਾ ਤਾਂ ਮੈਂ ਵੀ ਸ਼ਾਂਤ ਰਹਿੰਦੀ। ਪਰ ਉਸਨੇ ਸੱਪ ਵਾਂਗ ਚਾਰੇ ਪਾਸੇ ਆਪਣਾ ਫਨ ਘੁੰਮਾਇਆ ਹੈ। ਪੁਲੀਸ ਦਾ ਉਸਨੂੰ ਕੋਈ ਡਰ ਨਹੀਂ। ਸਮਾਜ ਦਾ ਉਸਨੂੰ ਕੋਈ ਫਿਕਰ ਨਹੀਂ।”

“ਪਰ ਆਪਾਂ ਆਪਣੀ ਨਵੀਂ ਦੁਨੀਆਂ ਵਸਾਉਂਦੇ ਹਾਂ। ਉਹ ਸ਼ਹਿਰ ਹੀ ਛੱਡ ਦੇਵਾਂਗੇ।” ਦੀਪ ਨੇ ਵਿਚਲਾ ਰਾਹ ਲੱਭਿਆ।

“ਨਹੀਂ ਵੇ ਕਮਲਿਆ‎,‎ ਐਵੇਂ ਭੱਜਣ ਨਾਲ ਨਹੀਂ ਸਰਨਾ। ਭੱਜਿਆਂ ਨੂੰ ਦੁਨੀਆਂ ਹੋਰ ਭਜਾਉਂਦੀ ਹੈ। ਸ਼ਹਿਰ ਛੱਡਿਆਂ ਨਵੀਂ ਦੁਨੀਆਂ ਨਹੀਂ ਵਸਦੀ।”

ਦੀਪ ਨੇ ਕੁਰਸੀ ਤੋਂ ਉੱਠਕੇ ਕਮਰੇ ਦਾ ਗੇੜਾ ਲਾਇਆ ਤੇ ਫੇਰ ਕੁਰਸੀ ਤੇ ਬੈਠ ਗਿਆ।

“ਤੈਨੂੰ ਪਤਾ ਮੈਂ ਇੰਡੀਆ ਕੀ ਲੈਣ ਆਈ ਹਾਂ?”

“ਮੈਨੂੰ ਕੀ ਪਤਾ ਮੈਨੂੰ ਤਾਂ ਲਗਦਾ ਮੈਨੂੰ ਮਿਲਣ ਆਈ ਹੈਂ।”

“ਦਰਿਆ ਦੀਆਂ ਲਹਿਰਾਂ ਤੇ ਤਰਦੇ ਕੱਖਾਂ ਦੀ ਤਰ੍ਹਾਂ ਮੇਰੀ ਹੋਂਦ ਵਿੱਚ ਕੋਈ ਤਾਕਤ ਨਹੀਂ। ਮੈਂ ਇੰਡੀਆ ਸਿਰਫ ਇੱਕ ਰੱਸੀ ਲੈਣ ਆਈ ਹਾਂ। ਉਹਦੇ ਗਲ਼ ਵਿੱਚ ਪਾਉਂਣ ਨੂੰ। ਮੈਂ ਚਾਹੁੰਨੀਆਂ ਉਹਦੀ ਜੀਭ ਬਾਹਰ ਆਏ ਤੇ ਜਦੋਂ ਅੰਦਰ ਜਾਏ ਤਾਂ ਉਹਦੇ ਤਾਲ਼ੂ ਨਾਲ ਲੱਗੇ। ਅੱਖਾਂ ਅੱਡੀਆਂ ਜਾਣ ਤੇ ਧੜ ਉਸਦਾ ਸੱਪ ਵਾਂਗ ਰੀਂਗਦਾ ਲੁਕਣ ਨੂੰ ਥਾਂ ਲੱਭੇ। ਰੈਫ ਹਰਾਮ ਦਾ‎…‎ ।” ਬਾਲਾ ਨੇ ਕੌੜੀ ਥੁੱਕ ਅੰਦਰ ਲੰਘਾਈ।

“ਪਰ ਜੇ ਰੱਸੀ ਨੇ ਹੀ ਤੇਰੇ ਹੱਥ ਛਿੱਲ ਦਿੱਤੇ।” ਦੀਪ ਨੇ ਕਿਹਾ।

“ਤੂੰ ਅਗ੍ਹਾਂ ਦੀ ਨਾ ਸੋਚਿਆ ਕਰ।” ਬਾਲਾ ਨੇ ਪਾਣੀ ਦਾ ਗਲਾਸ ਚੁੱਕਕੇ ਘੁੱਟ ਭਰੀ।

“ਚੱਲ ਤੈਨੂੰ ਆਪਣੇ ਗੁਰੂਦੇਵ ਕੋਲ ਲੈ ਚਲਾਂ। ਉਨ੍ਹਾਂ ਦੇ ਅਸ਼ੀਰਵਾਦ ਨਾਲ ਨੌ ਨਿਧੀਆਂ ਤੇ ਬਾਰਾਂ ਸਿਧੀਆਂ।”

“ਐਨਾ ਪੜ੍ਹਕੇ ਵੀ?” ਬਾਲਾ ਨੇ ਦੀਪ ਦੀ ਗੱਲ ਵਿਚੇ ਹੀ ਕੱਟ ਦਿਤੀ।

“ਹਾਂ ਇਤਨਾ ਪੜ੍ਹਕੇ ਹੀ ਤਾਂ ਕਹਿੰਦਾ ਹਾਂ ਚੱਲ। ਉਹ ਕੋਈ ਟੂਣਾ ਟਾਂਮਣਾ ਥੋੜਾ ਕਰਦੇ ਹਨ। ਗਿਆਨਵਾਨ ਨੇ‎,‎ ਤੈਨੂੰ ਸ਼ਾਂਤ ਕਰਨਗੇ।”

“ਪਰ ਮੈਂ ਤੇ ਸ਼ਾਂਤ ਹੋਣਾ ਹੀ ਨਹੀਂ ਚਾਹੁੰਦੀ। ਅਸਲ `ਚ ਦੀਪ ਤੇਰੇ ਵਿੱਚ ਫੈਸਲਾ ਲੈਣ ਦੀ ਸ਼ਕਤੀ ਨਹੀਂ ਰਹੀ। ਆਪਣੇ ਪਰਿਵਾਰ ਦੇ ਪ੍ਰਛਾਵੇਂ ਤੋਂ ਬਾਹਰ ਨਿਕਲ। ਵੇ ਕਿੱਥੇ ਕੇਰ ਦਿੱਤੀ ਤੂੰ ਆਪਣੀ ਸ਼ਕਤੀ। ਮੈਨੂੰ ਤੂੰ ਸਬੂਤਾ ਚਾਹੀਦਾ ਹੈਂ। ਬਿਲਕੁਲ ਖਾਲਸ ਜੋ ਮੇਰੀ ਨਫਰਤ ਦੇ ਗੂੜੇ ਪ੍ਰਛਾਵੇਂ ਨੂੰ ਵੀ ਸਮਝੇਂ। ਤੇਰਾ ਗੁਰੂਦੇਵ‎…‎ ਵਟ ਐਵਰ‎…‎ ਤਾਂ ਸ਼ਬਦਾਂ ਦੀਆ ਗੱਲਾਂ ਕਰੇਗਾ। ਪਿਆਰ ਕਰੋ ਨਫਰਤ ਨਾ ਕਰੋ। ਪਰ ਮੈਂ ਤਾਂ ਆਪਣੀ ਨਫਰਤ ਨਾਲ ਪਿਆਰ ਕਰਦੀ ਹਾਂ। ਬੇਹੱਦ ਪਿਆਰ।

“ਤੈਨੂੰ ਬਚਪਨ ਯਾਦ ਨਹੀਂ?” ਦੀਪ ਨੇ ਫਿਰ ਕੋਸ਼ਿਸ਼ ਕੀਤੀ।

ਬਾਲਾ ਨੇ ਦੀਪ ਵੱਲ ਵੇਖਿਆ ਤੇ ਬੋਲੀ‎,‎ “ਕਾਸ਼ ਤੇਰਾ ਕੱਦ ਮੇਰੀ ਅੱਜ ਦੀ ਹੋਂਦ ਦੇ ਹਾਣ ਦਾ ਹੁੰਦਾ। ਪਰ ਮੈਨੂੰ ਅਫਸੋਸ ਨਹੀਂ ਹੈ।”

“ਜੇ ਤੂੰ ਇਹ ਕੁੱਝ ਸਾਰਾ ਸੋਚਿਆ ਸਮਝਿਆ ਹੈ ਫਿਰ ਮੇਰੀ ਤੈਨੂੰ ਕੀ ਜਰੂਰਤ ਹੈ। ਮੇਰੀ ਜਗ੍ਹਾ ਕਿੱਥੇ ਹੈ।” ਦੀਪ ਨੇ ਹਥਿਆਰ ਸੁਟ ਦਿਤੇ।

“ਤੇਰੀ ਜਗ੍ਹਾ ਮੇਰੇ ਦਿਲ ਵਿੱਚ ਹੈ। ਇਹ ਤੇ ਸ਼ੁਕਰ ਹੈ ਤੂੰ ਅਜੇ ਵਿਆਹ ਨਹੀਂ ਕਰਵਾਇਆ। ਤੇ ਹੁਣ ਮੈਂ ਤੇਰਾ ਵਿਆਹ ਕਰਨਾ ਵੀ ਨਹੀਂ।” ਬਾਲਾ ਨੇ ਆਪਣੀਆ ਦੋਵਾਂ ਹਥੇਲੀਆਂ ਨਾਲ ਦੀਪ ਦਾ ਮੂੰਹ ਸਹਿਲਾਇਆ।

“ਤੇਰੀ ਕਮਜ਼ੋਰੀ ਪਤਾ ਕੀ ਹੈ?” ਦੀਪ ਨੇ ਉਹਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈਂਦਿਆਂ ਕਿਹਾ।

“ਕੀ” ਬਾਲਾ ਨੇ ਖਿੜਕੇ ਕਿਹਾ।

“ਤੂੰ ਆਪਣੇ ਆਪ ਤੇ ਆਸ਼ਕ ਹੈਂ। ਤੂੰ ਚਾਹੁੰਨੀਏਂ ਕੋਈ ਹੋਵੇ ਜੋ ਤੇਰੀ ਤਾਰੀਫ ਕਰੇ। ਇਤਨੀ ਵੱਡੀ ਲੜਾਈ ਲੈਕੇ ਵੀ ਤੇਰੀ ਅੰਦਰਲੀ ਔਰਤ ਅਜੇ ਪਿਆਸੀ ਹੈ। ਉਸ ਪਿਆਸ ਲਈ ਤੈਨੂੰ ਮੇਰੀ ਜਰੂਰਤ ਹੈ ਜਗੀਰਦਾਰ ਜੀ। ਉਸੇ ਜਰੂਰਤ ਲਈ ਤੂੰ ਪਹਿਲੇ ਪਿਆਰ ਦਾ ਵਾਸਤਾ ਦੇ ਰਹੀ ਹੈਂ।” ਦੀਪ ਨੇ ਬਾਲਾ ਦੀ ਅੰਦਰਲੀ ਔਰਤ ਨੂੰ ਝੰਜੋੜਨਾ ਚਾਹਿਆ।

“ਨਲਾਇਕ ਬੱਚੇ ਦਾ ਬਸਤਾ ਭਾਰੀ।” ਬਾਲਾ ਹੱਸ ਪਈ। “ਜਰੂਰਤ ਤੇ ਜ਼ਿੰਦਗੀ ਦੋ ਵਖਰੀਆਂ ਸ਼ੈਆਂ ਹਨ ਮੇਰੇ ਦਿਲ ਦੇ ਪ੍ਰਾਹੁਣਿਆ‎,‎ ਮੈਨੂੰ ਦੋਵੇਂ ਚਾਹੀਦੀਆਂ ਹਨ।”

“ਵੈਸੇ ਇੰਡੀਆ ਤੂੰ ਆਈ ਵਿਆਹ ਕਰਵਾਉਂਣ ਹੀ ਹੈਂ ਜਾਂ ਕੋਈ ਹੋਰ ਕਹਿਰ ਵਰਤਾਉਂਣ।” ਦੀਪ ਨੇ ਕਿਹਾ।

“ਵਿਆਹ ਕਰਵਾਉਂਣ ਵੀ ਤੇ ਤੈਨੂੰ ਮਿਲਣ ਵੀ।” ਬਾਲਾ ਨੇ ਬੁਝਾਰਤ ਪਾਈ।

“ਵਿਆਹ ਕਿਹਦੇ ਨਾਲ ਕਰਵਾਉਂਣਾ?” ਦੀਪ ਨੇ ਪੁੱਛਿਆ।

“ਕੋਈ ਅੰਬਾਲੇ ਰਹਿੰਦਾ। ਉਸਨੂੰ ਖੜਨਾ ਕੈਨੇਡਾ।” ਬਾਲਾ ਨੇ ਕਿਹਾ।

“ਕੌਣ ਹੈ ਉਹ?”

“ਹੈ ਕੋਈ ਉਨ੍ਹਾਂ ਦਾ ਸਾਥੀ ਜਿਨ੍ਹਾਂ ਮੇਰੇ ਡਾਲਰ ਮੁੜਵਾਏ ਸੀ‎,‎ ਮਿਲੀ ਨਹੀਂ ਅਜੇ। ਮੇਰਾ ਕੰਮ ਇਸਨੂੰ ਪੱਕਾ ਕਰਵਾਉਂਣਾ ਹੈ।”

“ਤੇ ਜਗੀਰਦਾਰ ਜੀ ਜੇ ਇਹਨੇ ਵੀ ਉੱਥੇ ਜਾਕੇ ਭਲੀ ਨਾ ਕੀਤੀ। ਮੈਂ ਇੰਤਜਾਰ ਕਰਾਂ ਤੁਹਾਡਾ ਹੋਰ ਦੱਸ ਪੰਦਰਾਂ ਸਾਲ?” ਦੀਪ ਨੇ ਸ਼ੰਕਾ ਵੀ ਪ੍ਰਗਟ ਕੀਤੀ ਤੇ ਕੁੱਝ ਅਣਕਿਹਾ ਵੀ ਕਿਹਾ।

“ਮੈਨੂੰ ਮਾਰ ਲਿਆ ਤੇਰੀ ਜੇ ਜੇ ਨੇ। ਵਿਸ਼ਵਾਸ ਤੇ ਦੁਨੀਆਂ ਚਲਦੀ ਏ। ਸਾਰੇ ਸੱਪ ਨਹੀਂ ਹੁੰਦੇ। ਨਾਲੇ ਮੈ ਕਿਹੜਾ ਇਹਦੇ ਨਿਆਣੇ ਜੰਮਣੇ ਹਨ। ਕੌਲ ਕੀਤਾ ਹੈ। ਵੈਸੇ ਵੀ ਸੌਦਾ ਕਰਕੇ ਮੁਕਰਨਾ ਮੇਰੀ ਆਦਤ ਨਹੀਂ। ਮੇਰਾ ਐਗਰੀਮੈੰਟ ਤਾਂ ਇਹਦੇ ਸਟੈੰਪ ਲਗਣ ਤੱਕ ਹੈ।” ਬਾਲਾ ਨੇ ਆਪਣਾ ਹੱਠ ਜਤਾਉਂਦਿਆ ਕਿਹਾ।

“ਪਰ ਅਗਲਾ ਹੱਕ ਤਾਂ ਜਤਾਊਗਾ ਹੀ‎,‎ ਸੌਂਣ ਲਈ ਵੀ ਕਹੇਗਾ। ਆਖਰ ਵਿਆਹੁਤਾ ਪਤਨੀ ਹੋਣਾਂ ਹੈਂ ਤੂੰ‎,‎ ਕੋਈ ਉਸਦੀ ਰਖੇਲ ਨਹੀਂ ਜਦੋਂ ਮਰਜ਼ੀ ਨਾਂਹ ਕਰ ਦੇਵੇਂ।”

‎“ਮਨਜਿੰਦਰੇ ਨੂੰ ਛਿੱਤਰ ਮਾਰਨ ਤੋਂ ਬਾਦ‎,‎ ਉਸਦੀ ਖੇਡ ਨੂੰ ਚਿੱਤ ਕਰਨ ਤੋਂ ਬਾਦ ਜਦੋਂ ਮੇਰਾ ਦੂਸਰਾ ਪਤੀ ਮੇਰਾ ਸਰੀਰ ਮੰਗੇਗਾ ਤਾਂ ਜ਼ਰੂਰ ਦੇਵਾਂਗੀ ਪਰ ਉਹ ਸਰੀਰ ਮਨਜਿੰਦਰੇ ਦੀ ਤਲਾਕੀ ਪਤਨੀ ਦਾ ਹੋਵੇਗਾ ਨਾ ਕਿ ਤੇਰੇ ਜਗੀਰਦਾਰ ਦਾ।”

“ਬਾਲਾ ਅਜੇ ਵੀ ਸੋਚ ਲੈ ਬੜੀ ਖਤਰਨਾਕ ਖੇਡ ਹੈ ਇਹ।” ਦੀਪ ਨੇ ਚਿੰਤਾ ਪ੍ਰਗਟਾਈ।

“ਮੇਰੇ ਕੋਲ ਤੇਰੇ ਸਿਵਾਏ ਹੋਰ ਗੁਆਉਣ ਨੂੰ ਹੈ ਵੀ ਕੀ ਜੋ ਮੈਂ ਡਰਦੀ ਫਿਰਾਂ?”

“ਤੇ ਜੇ ਮੈਂ ਹੀ ਗੁਆਚ ਗਿਆ? ਆਪਣੇ ਲਾਸਟ ਨਾਮ ਨੂੰ ਲਾਹ ਕੇ ਕਿੱਥੇ ਸੁਟ ਦਿਆਂ? ਰਖੇਲ ਨੂੰ ਵੀ ਕੋਈ ਆਸ ਹੁੰਦੀ ਹੈ। ਰਾਤ ਬਰਾਤੇ ਉਸਨੂੰ ਵੀ ਫੁਲਾਂ ਦਾ ਗੁਲਦਸਤਾ ਮਿਲਦਾ ਹੈ। ਜਿੰਦਗੀ ਤੈਨੂੰ ਜੀਣ ਨਹੀਂ ਦੇ ਰਹੀ ਤੇ ਅਹਿਸਾਸ ਦੀ ਮੌਤ ਤੋਂ ਡਰਦੀ ਤੂੰ ਮੇਰਾ ਆਸਰਾ ਭਾਲਦੀ ਹੈਂ ਤੇ ਅਜੇ ਕਹਿਨੀਏਂ ਮੈਂ ਡਰਦੀ ਨਹੀਂ? ਪਰ ਯਕੀਨ ਰੱਖ ਮੈਂ ਤੈਨੂੰ ਮਰਨ ਨਹੀਂ ਦਿਆਂਗਾ। ਪਰ ਤੈਨੂੰ ਦਸਾਂਗਾ ਜਰੂਰ ਕਿ ਤੂੰ ਕਿਉਂ ਜਿੰਦਾ ਹੈਂ। ਜੇ ਇਕੱਲੀ ਨਫਰਤ ਦੀ ਗੱਲ ਹੀ ਹੁੰਦੀ ਤਾਂ ਤੂੰ ਕਦੇ ਵੀ ਇੰਡੀਆ ਨਾ ਆਉਂਦੀ।” ਦੀਪ ਨੇ ਆਪਣੀ ਹੋਂਦ ਜਤਾਈ।

ਬਾਲਾ ਨੇ ਅੱਖਾਂ ਵਿੱਚ ਅਥਰੂ ਭਰਕੇ ਦੀਪ ਦਾ ਹੱਥ ਘੁੱਟਿਆ।

“ਜੇ ਐਸੀ ਪੱਥਰ ਜ਼ਿੰਦਗੀ ਤੇਰੀ ਜਰੂਰਤ ਹੈ ਤਾਂ ਮੈਂ ਤੇਰੇ ਨਾਲ ਹਾਂ ਪਰ ਆਖਰੀ ਵਾਰ ਤੈਨੂੰ ਇਕੋ ਗੱਲ ਮੇਰੀ ਮੰਨਣੀ ਪਵੇਗੀ।”

“ਉਹ ਕੀ?”

“ਤੇਰੇ ਪੱਖ ਤੋਂ ਉਹਲੇ ਵੀ ਕੁਝ ਹੈ ਜੋ ਤੂੰ ਜਾਣਦੀ ਨਹੀਂ ਜਾਂ ਕਹਿ ਲਉ ਤੂੰ ਜਾਨਣਾ ਨਹੀਂ ਚਾਹੁੰਦੀ। ਮੇਰੀ ਗੱਲ ਤੂੰ ਸੁਣਨੀਂ ਨਹੀਂ। ਕਾਰਣ ਮੇਰੀ ਗੱਲ‎,‎ ਮੇਰੇ ਪੱਖ ਵਿਚ ਜਾਂਦੀ ਹੈ। ਇਸ ਕਰਕੇ ਤੈਨੂੰ ਮਨਜ਼ੂਰ ਨਹੀਂ ਹੋਣੀ ਪਰ ਬਾਈ ਬਿਸ਼ਨੇ ਦੀ ਗੱਲ ਸੁਣਨ ਤੋਂ ਬਾਦ ਤੇਰਾ ਬਣਾਇਆ ਕਾਨੂੰਨ ਹੀ ਚਲੇਗਾ। ਮੈਂ ਕੌਲ ਕਰਦਾ ਹਾਂ।”

“ ਆਪਣੇ ਟੈਕਸੀ ਵਾਲੇ ਭਾਜ਼ੀ?” ਬਾਲਾ ਨੂੰ ਯਕੀਨ ਨਹੀਂ ਆ ਰਿਹਾ ਸੀ।

“ ਹਾਂ ਬਾਲਾ ਇਸਦੀ ਕਹਾਣੀ ਤੈਨੂੰ ਕਦੇ ਫੇਰ ਸੁਣਾਵਾਂਗਾ‎,‎ ਅੱਜ ਤੇਰੀ ਕਹਾਣੀ ਬਿਸ਼ਨੇ ਨੂੰ ਸੁਣਾਉਂਦੇ ਹਾਂ।”

“ਬਸ ਇਤਨੀ ਜਿਹੀ ਗੱਲ ਪਿੱਛੇ ਹੀ ਸਮਾਜ ਨਾਲੋਂ ਟੁੱਟ ਜਾਵੇਂਗੀ ਧੀਏ?” ਬਿਸ਼ਨੇ ਨੇ ਸਾਰੀ ਗੱਲ ਸੁਣਕੇ ਮੱਥੇ ਤੇ ਕਿਆਸੇ ਘੱਟੇ ਦੇ ਕਿਣਕੇ ਰੁਮਾਲ ਨਾਲ ਪੂੰਝੇ। ਬਿਸ਼ਨੇ ਬਾਈ ਦੀ ਇਹ ਆਦਤ ਸੀ।

“ਇਸਨੂੰ ਤੁਸੀਂ ਛੋਟੀ ਗੱਲ ਸਮਝਦੇ ਹੋ?”

“ਹਾਂ ਧੀਏ ਇਹ ਗੱਲ ਛੋਟੀ ਹੀ ਹੈ। ਤੈਨੂੰ ਪਤਾ ਅੱਜਕਲ ਧੀਆਂ ਜੰਮਣ ਤੋਂ ਪਹਿਲਾਂ ਹੀ ਮੁੱਕ ਰਹੀਆਂ ਹਨ?”

“ਹਾਂ ਪਤਾ ਹੈ।” ਬਾਲਾ ਨੇ ਕਿਹਾ।

“ਜੇ ਉਹ ਗੱਲਾਂ ਅੱਜ ਛੋਟੀਆਂ ਹਨ ਤਾਂ ਤੇਰੀ ਕਿਧਰੋਂ ਵੱਡੀ ਹੋ ਗਈ।‎…‎ਤੂੰ ਮੰਨਦੀ ਹੈਂ ਕਿ ਬਾਪ-ਧੀ ਦਾ ਰਿਸ਼ਤਾ ਕਿਤਨਾ ਪਵਿਤਰ ਕਿਤਨਾ ਜਜ਼ਬਾਤੀ ਹੈ?”

“ ਹਾਂ ਹੈ‎,‎ ਮੇਰਾ ਡੈਡ ਮੈਨੂੰ ਬਹੁਤ ਪਿਆਰ ਕਰਦਾ ਹੈ।”

“ਫਿਰ ਇਹ ਯੱਖ-ਧੁੰਦ ਕਿਥੋਂ ਆ ਗਈ? ਇਸਦੇ ਪਿੱਛੇ ਕਾਰਣ ਹਨ ਜੋ ਤੇਰੀ ਸਮਸਿਆ ਵਰਗੇ ਹਨ। ਬਾਪ ਪੱਗਾਂ ਨੂੰ ਬਚਾਉਂਦੇ ਬਚਾਉਂਦੇ ਅੱਜ ਪੱਥਰ ਹੋ ਗਏ ਹਨ। ਬੇਟਾ ਜੀ ਇਹ ਸਮਾਜ‎,‎ ਪਰਿਵਾਰ ਇੱਕ ਦਿਨ ਵਿਚ ਨਹੀਂ ਬਣ ਗਏ। ਸਦੀਆਂ ਬੀਤ ਗਈਆਂ। ਮਾਂ-ਬਾਪ‎,‎ ਧੀ‎,‎ ਭੈਣ-ਭਰਾ‎,‎ ਰਿਸ਼ਤੇ-ਨਾਤੇ ਇੱਕ ਕਾਇਦੇ ਦੇ ਨਾਮ ਹਨ ਜਿਨ੍ਹਾਂ ਪਿੱਛੇ ਇੱਕ ਇਤਿਹਾਸ ਹੈ‎,‎ ਜਿਸਨੇ ਅੱਗੇ ਹੀ ਅੱਗੇ ਵਧਣਾ ਹੈ। ਇਨ੍ਹਾਂ ਨੂੰ ਅੱਗਾਂ ਲਗਦੀਆਂ ਹੀ ਆਈਆਂ ਹਨ ਮੁੱਢ-ਕਦੀਮਾਂ ਤੋਂ। ਅੱਜ ਤੇਰੇ ਬਨੇਰੇ ਲੂਸੇ ਪਏ ਹਨ‎,‎ ਇਸ ਵਿਚ ਸਮੁੱਚੇ ਸਮਾਜ ਦਾ ਤੇ ਕੋਈ ਕਸੂਰ ਨਹੀਂ। ਸਮਾਜ ਤੋਂ ਮੁੱਖ ਨਾਂਹ ਮੋੜ। ਤੇਰੇ ਕੋਲ ਤਾਂ ਕਾਰਣ ਵੀ ਹੈ ਤੇ ਮੌਕਾ ਵੀ। ”

“ਪਰ‎…‎।”

“ ਪਰ ਪੁਰ ਕੋਈ ਨਹੀਂ‎,‎ ਐਵੇਂ ਨਵੀਆਂ‎,‎ ਅਨਹੋਣੀਆਂ ਤੇ ਬੇਕਦਰੀਆਂ ਪਿਰਤਾਂ ਪਾਉਣ ਦਾ ਖਿਆਲ ਛੱਡ ਦੇ।”

“ਪਰ ਭਾਜ਼ੀ”

“ਬੱਸ ਹੋਰ ਨਹੀਂ। ਨਾਜੋ ਤੇਰੀ ਧੀ ਹੈ। ਇਸਦਾ ਕੀ ਕਸੂਰ?”

“ਕੋਈ ਨਹੀਂ।”

“ਫੇਰ ਤੇਰੀ ਜ਼ਿਦ ਨਾਜੋ ਦਾ ਨੁਕਸਾਨ ਕਿਉਂ ਕਰੇ? ਬਾਲਾ ਹਮੇਸ਼ਾਂ ਮਾਂ ਬਣਦੀ ਹੈ। ਮਾਂ ਕਦੇ ਵੀ ਬਾਲਾ ਨਹੀਂ ਬਣਦੀ।” ਬਿਸ਼ਨਾ ਸਾਹ ਲੈਣ ਲਈ ਰੁਕਿਆ‎,‎ ਪਰ ਉਸਨੇ ਸਾਹ ਲਿਆ ਨਹੀਂ ਤੇ ਬੋਲਿਆ‎,‎ “ਵੈਸੇ ਪੁੱਤ ਤੁਸੀਂ ਸਿਆਣੇ ਹੋ‎,‎ ਪੜ੍ਹੇ ਲਿਖੇ ਹੋ‎,‎ ਘੁੰਮੇ ਫਿਰੇ ਹੋ। ਮੈਂ ਤਾਂ ਇਤਨਾ ਹੀ ਕਹਿਣਾ ਹੈ‎,‎ ਕੜਵਾਹਟ ਦੇ ਬਾਵਯੂਦ ਵੀ ਸਮਾਜ ਵਿਚ ਹੀ ਰਹੋ। ਜੰਗਲ ਤਾਂ ਕਿਸੇ ਦਾ ਲਿਹਾਜ ਨਹੀਂ ਕਰਦਾ। ਹਾਥੀ‎,‎ ਚੀਤੇ ਤੇ ਬਘਿਆੜਾਂ ਨੂੰ ਵੀ ਨਿਗਲ ਜਾਂਦਾ ਹੈ।” ਬਿਸ਼ਨਾ ਉਠਿਆ ਤੇ ਬਿਨ੍ਹਾਂ ਕੋਈ ਹੁੰਗਾਰਾ ਲਏ ਹੱਥ ਫੜੇ ਸਾਫੇ ਨਾਲ ਬੂਟ ਝਾੜਦਾ ਕਮਰਿਉਂ ਬਾਹਰ ਹੋ ਗਿਆ।

“ਦੀਪ ਮੈਂ ਸਮਝਦੀ ਹਾਂ। ਮੈਂ ਗਲਤ ਹਾਂ ਪਰ ਮੇਰੇ ਹੱਥ ਵਿਚ ਵੀ ਹੁਣ ਕੁਝ ਨਹੀਂ ਰਿਹਾ। ਮੇਰੇ ਆਪੇ ਸਹੇੜੇ ਦੋਸਤ ਤੇ ਦੁਸ਼ਮਣ ਦੋਵੇਂ ਹੀ ਦੈਂਤ ਹਨ। ਬਹੁਤ ਦੂਰ ਨਿਕਲ ਆਈ ਹਾਂ। ਪਿੱਛੇ ਮੁੜਨ ਦਾ ਰਾਹ ਖਤਰਨਾਕ ਹੈ। ਜਾਨ ਵੀ ਜਾ ਸਕਦੀ ਹੈ। ਜੇ ਆਪਣੀ ਨਫਰਤ ਭੁਲ ਵੀ ਜਾਵਾਂ‎,‎ ਆਪਾਂ ਨੂੰ ਉਨ੍ਹਾਂ ਨੇ ਨਹੀਂ ਛੱਡਣਾ ਜਿਨ੍ਹਾਂ ਦੇ ਮੈਂ ਟੇਟੇ ਚੜ੍ਹ ਗਈ ਹਾਂ। ਹੁਣ ਤੇ ਮੈਨੂੰ ਉਹੋ ਕੁਝ ਹੀ ਕਰਨਾ ਪੈਂਣਾ ਹੈ ਜੋ ਮੈਂ ਸੋਚਿਆ ਹੈ। ਠੀਕ ਹੈ ਜਾਂ ਗਲਤ‎…‎ਬੱਸ।” ਬਾਲਾ ਨੇ ਇੱਕ ਲੰਮਾ ਸਾਹ ਲਿਆ। ਉਸਦੀਆਂ ਅੱਖਾਂ ਵਿਚਲਾ ਇਕੋ ਇਕ ਮੋਟਾ ਸਾਰਾ ਅਥਰੂ ਬਹੁਤ ਹੀ ਹ਼ੌਲੀ ਹੌਲੀ ਤੁਰ ਰਿਹਾ ਸੀ।

“ਮੈਂ ਆਈ ਖੜ੍ਹੀ ਹਰ ਸਾਲ ਤੂੰ ਹੌਂਸਲਾ ਰੱਖ। ਪੇਪਰ ਵਿਆਹ ਨੇ ਕੈਨੇਡਾ ਸਰਕਾਰ ਦਾ ਬੇੜਾ ਗਰਕ ਕਰ ਦਿੱਤਾ ਹੈ। ਉਹ ਸਾਡੇ ਵਰਗੇ ਅਸਲੀਆਂ ਨੂੰ ਵੀ ਜੀਣ ਨਹੀਂ ਦੇਂਦੇ। ਦੋ ਵਿਆਹਾਂ ਤੋਂ ਬਾਦ ਉਹਨਾਂ ਮੇਰੇ ਹੋਰ ਪਿੱਛੇ ਪੈ ਜਾਣਾ ਹੈ। ਪਰ ਤੂੰ ਫਿਕਰ ਨਾ ਕਰ। ਜੇ ਢੀਠਾਂ ਵਾਂਗ ਮਗਰ ਲੱਗੇ ਰਹੋ ਤਾਂ ਕੰਮ ਪੰਜੀ ਸੱਤੀਂ ਸਾਲੀਂ ਬਣ ਵੀ ਜਾਂਦਾ ਹੈ। ਜੇ ਨਾ ਈ ਚਾਰੇ ਪਾਸੇ ਸਰਿਆ ਤਾਂ ਨਾਜੋ ਦਾ ਵਿਆਹ ਕਰਕੇ ਆਪਾਂ ਇੱਥੇ ਹੀ ਰਹਾਂਗੇ ਇੰਡੀਆ।” ਬਾਲਾ ਨੇ ਰੋਂਦੇ ਰੋਂਦੇ ਖੁਸ਼ ਹੋਕੇ ਕਿਹਾ।

“ਨਾ ਹੁਣ ਤੇਰੀ ਪਲ ਨਾਲ ਪਲ ਜੋੜ ਕੇ ਜੀਣ ਵਾਲੀ ਗੱਲ ਕਿੱਥੇ ਗਈ। ਹੁਣ ਜਰੂਰਤਾਂ ਦੀਆਂ ਪੰਡਾਂ ਕਾਹਨੂੰ ਬੰਨ੍ਹੀ ਫਿਰਦੀ ਏਂ ਵੱਡੀਏ ਜਗੀਰਦਾਰਨੀਏ।”

“ਬੱਸ ਮੈਨੂੰ ਨਹੀਂ ਪਤਾ। ਜੋ ਵੀ ਹੈ।” ਬਾਲਾ ਨੂੰ ਕੋਈ ਗੱਲ ਨਾ ਔੜੀ।

“ਇਹਦਾ ਮਤਲਬ ਮੈਂ ਤੇਰਾ ਰਖੇਲ ਹੋਇਆ।”

‎“ਤੂੰ ਜੋ ਮਰਜ਼ੀ ਸਮਝ‎,‎ ਬੱਸ ਦਸ ਪੰਦਰਾਂ ਸਾਲ ਦੀ ਤਾਂ ਗੱਲ ਹੈ ਵਿੱਚੋਂ।” ਬਾਲਾ ਨੇ ਜਗੀਰਦਾਰ ਵਾਂਗ ਹੀ ਤਣ ਕੇ ਜੁਆਬ ਦਿੱਤਾ।

“ਪਰ ਮੈਂ ਲੋਕਾਂ ਨੂੰ ਕੀ ਕਹਾਂਗਾ। ਰੋਟੀ ਕਿਥੋਂ ਖਾਂਦਾ ਹਾਂ।”

“ਤੂੰ ਆਪਣਾ ਕੋਈ ਕੰਮ ਸ਼ੁਰੂ ਕਰ। ਪੈਸੇ ਧੇਲੇ ਦੀ ਚਿੰਤਾ ਨਾ ਕਰ। ਬੱਸ ਟਾਈਮ ਪਾਸ ਕਰ।”

ਚੌਥੇ ਦਿਨ ਉਹ ਵਾਪਸ ਆ ਗਏ। ਕਿਸੇ ਨੇ ਨਾਂਹ ਪੁੱਛਿਆ ਉਹ ਕਿੱਥੇ ਸਨ। ਦੀਪ ਦੇ ਮਾਂ ਬਾਪ ਖੁਸ਼ ਸਨ ਕਿ ਦੀਪ ਖੁਸ਼ ਹੈ। ਉਹਦਾ ਘਰ ਵਸ ਰਿਹਾ ਸੀ। ਬਾਲਾ ਦੇ ਮਾਪਿਓ ਨੂੰ ਬਾਲਾ ਤੇ ਉੰਝ ਹੀ ਭਰੋਸਾ ਸੀ। ਬੇਅੰਤ ਸਿੰਘ ਨੂੰ ਤਾਂ ਪਤਾ ਉਦੋਂ ਲੱਗਾ ਜਦੋਂ ਕਾਰਡਾਂ ਦਾ ਥੱਬਾ ਚੁੱਕੀ ਦੀਪ ਘਰੇ ਵੜਿਆ। ਇਹ ਬਾਲਾ ਦੇ ਵਿਆਹ ਦੇ ਕਾਰਡ ਸਨ।

 

Read 3841 times Last modified on Thursday, 29 October 2009 16:51
ਕੁਲਜੀਤ ਮਾਨ

ਜਨਮ ਸਥਾਨ: ਅੰਮ੍ਰਿਤਸਰ

ਜਨਮ ਮਿਤੀ: ਸਤੰਬਰ 27, 1953

ਵਿਦਿਆ: ਐਮ.ਏ (ਫਿਲਾਸਫੀ) ਐਲ. ਐਲ.ਬੀ

ਪਤਨੀ: ਸਰਬਜੀਤ ਮਾਨ

ਬੱਚੇ: ਜਸਜੀਤ, ਜਪਜੋਤ, ਹਰਜਸ਼

ਕਹਾਣੀ ਸੰਗ੍ਰਹਿ: ਪੁੱਤਰ ਦਾਨ, ਵਿਚਲੀ ਉਂਗਲ

ਸੰਪਰਕ:

ਫੋਨ: 416-213-8715     647-880-6266

ਈ ਮੇਲ: kuljeetmann100@yahoo.ca

Latest from ਕੁਲਜੀਤ ਮਾਨ