Print this page
Friday, 30 October 2009 14:28

‘ਟਾਵਰਜ਼’ ਦਾ ਸਮੱਸਿਆਕਾਰ

Written by
Rate this item
(5 votes)

ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981)‎,‎ ਮਨੁੱਖ ਤੇ ਮਨੁੱਖ (1983)‎,‎ ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ ਹਲਕਿਆਂ ਵਿੱਚ ਭਰਪੂਰ ਹੁੰਗਾਰਾ ਪ੍ਰਾਪਤ ਕੀਤਾ। ਆਪਣੇ ਪੰਜਵੇਂ ਕਹਾਣੀ ਸੰਗ੍ਰਹਿ ਟਾਵਰਜ਼ (2005) ਦੀਆਂ ਤਿੰਨ ਕਹਾਣੀਆਂ “ਪਾਣੀ” ‎,‎ “ਗੁਆਚੇ ਲੋਕ” ਤੇ “ਸੜਕਾਂ” ਰਾਹੀਂ ਉਹ ਅੰਤਰਰਾਸ਼ਟਰੀ ਪੱਧਰ `ਤੇ ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਅਣਡਿੱਠ ਪ੍ਰਭਾਵੀ ਸਰੋਕਾਰਾਂ ਨੂੰ ਇੱਕ ਸਮੱਸਿਆਕਾਰ ਦੇ ਰੂਪ ਵਿੱਚ ਪ੍ਰਸਤੁਤ ਕਰਦਾ ਹੋਇਆ ਜਿੱਥੇ ਪਰਵਾਸੀ ਵਿਡੰਬਨਾ ਨੂੰ ਕਈ ਨਵੇਂ ਪਾਸਾਰ ਪ੍ਰਦਾਨ ਕਰਦਾ ਹੈ ਓਥੇ ਕਹਾਣੀਆਂ “ਟਾਵਰਜ਼” ਤੇ “ਬਰਫ਼ ਤੇ ਦਰਿਆ” ਰਾਹੀਂ ਸੰਸਾਰ ਪੱਧਰ `ਤੇ ਵਾਪਰ ਰਹੀਆਂ ਘਟਨਾਵਾਂ ਦੇ ਦੁਖਾਂਤ ਨੂੰ ਸਿਰਜਦਾ ਹੋਇਆ ਵਿਸ਼ਵ ਚੇਤਨਾ ਦਾ ਪ੍ਰਗਟਾਵਾ ਵੀ ਕਰਦਾ ਹੈ।

ਦੋ-ਭਿੰਨ ਸਭਿਆਚਾਰਾਂ ਦੇ ਆਪਸੀ ਮਿਲਨ-ਬਿੰਦੂ ਤੇ ਵਿਭਿੰਨ ਸਥਿਤੀਆਂ ਉਤਪੰਨ ਹੁੰਦੀਆਂ ਹਨ ਕਿਉਂਕਿ ਸਭਿਆਚਾਰੀਕਰਣ/ਸਭਿਆਚਾਰਕ ਸੰਪਰਕ ਦਾ ਇਹ ਅਮਲ ਬੇਹੱਦ ਜਟਿਲ ਤੇ ਗੁੰਝਲਦਾਰ ਵਰਤਾਰਾ ਹੈ। ਸਭਿਆਚਾਰੀਕਰਣ ਦੇ ਇਸ ਅਮਲ ਵਿੱਚ ਅਨੁਕੂਲੀਕਰਣ (ੳਦਅਪਟਅਟੋਿਨ) ‎,‎ ਵਿਲੀਨੀਕਰਣ (ੳਸਸਮਿਲਿਅਟੋਿਨ)‎,‎ ਤੇ ਸੰਸ਼ਲੇਸ਼ਣ (ਸੇਨਟਹਸਿਸਿ) ਜਿਹੀਆਂ ਸਭਿਆਚਾਰਕ ਪ੍ਰਕਿਰਿਆਵਾਂ ਵੀ ਉਜਾਗਰ ਹੁੰਦੀਆਂ ਹਨ‎,‎ ਭਾਵੇਂ ਕਿ ਵਿਵਹਾਰਕ ਪੱਧਰ `ਤੇ ਇਹ ਇੰਨੀਆਂ ਸਰਲ ਤੇ ਸਹਿਜ ਨਹੀਂ ਹੁੰਦੀਆਂ ਜਿੰਨੀਆਂ ਕਿ ਸਿਧਾਂਤਕ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਪਰਵਾਸੀ ਪੰਜਾਬੀ ਇਸ ਅਮਲ ਵਿੱਚ ਨਿਰੰਤਰ ਤਣਾਅ ਹੀ ਭੋਗਦੇ ਦਿਖਾਈ ਦਿੰਦੇ ਹਨ। ਉਹ ਪਰਵਰਤਿਤ ਮਾਹੌਲ‎,‎ ਪਰਿਸਥਿਤੀਆਂ ਅਨੁਕੂਲ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਤਾਂ ਕਰਦੇ ਹਨ ਪਰੰਤੂ ਇਹ ਤਬਦੀਲੀ ਇਕਦਮ ਨਹੀਂ ਵਾਪਰ ਸਕਦੀ ਕਿਉਂਕਿ ਸਭਿਆਚਾਰਕ ਗੁਰੂਤਾ ਉਨ੍ਹਾਂ ਨੂੰ ਆਪਣੇ ਸਭਿਆਚਾਰਕ ਪਿਛੋਕੜ ਨਾਲ ਲਗਾਤਾਰ ਜੋੜੀ ਰੱਖਦੀ ਹੈ। ਫ਼ਲਸਰੂਪ ਇਹ ਪਰਵਾਸੀ ਮਨੁੱਖ ਆਪਣੀ ਸਭਿਆਚਾਰਕ ਹੋਂਦ ਨੂੰ ਬਚਾਈ ਰੱਖਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਇਸੇ ਹੀ ਸਥਿਤੀ ਦੀ ਭਾਗੀ ਕਹਾਣੀ “ਪਾਣੀ” ਦੀ ਮੁੱਖ ਪਾਤਰ ਸੁਖਜੀਤ ਕੌਰ ਬਣਦੀ ਦਿਖਾਈ ਗਈ ਹੈ। ਇਸ ਕਹਾਣੀ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸੱਸ ਸੁਖਜੀਤ ਕੌਰ ਦਾ ਟਕਰਾਉ ਪੱਛਮੀ ਸਭਿਆਚਾਰ ਨਾਲ ਸੰਬੰਧਿਤ ਨੂੰਹ ਸ਼ੈਰਨ ਨਾਲ ਪੈਦਾ ਹੁੰਦਾ ਹੈ। ਮੁੱਖ ਸਭਿਆਚਾਰ ਤੇ ਗੌਣ ਸਭਿਆਚਾਰ ਨਾਲ ਸੰਬੰਧਿਤ ਇਨ੍ਹਾਂ ਧੁਰਾਂ ਦੇ ਆਪਸੀ ਟਕਰਾਉ ਵਿੱਚੋਂ ਸਭਿਆਚਾਰਕ ਤਨਾਉ ਦੀ ਸਿਰਜਨਾ ਹੁੰਦੀ ਹੈ; ਜਿਸਦੀ ਸ਼ਿਕਾਰ ਸੁਖਜੀਤ ਕੌਰ ਕਹਾਣੀ ਵਿੱਚ ਕਈ ਵਾਰ ਹੁੰਦੀ ਦਿਖਾਈ ਦਿੰਦੀ ਹੈ। ਉਸ ਦੀ ਮਾਨਸਿਕਤਾ ਵਿਚਲਾ ਇਹ ਅੰਤਰ-ਵਿਰੋਧ ਉਨ੍ਹਾਂ ਦੀਆਂ ਵਿਭਿੰਨ ਭਾਸ਼ਾਵਾਂ‎,‎ ਰਹਿਣ-ਸਹਿਣ‎,‎ ਖਾਣ-ਪੀਣ ਆਦਿ ਦੀਆਂ ਆਦਤਾਂ ਦੇ ਸੰਦਰਭ ਵਿੱਚ ਉਭਰਦਾ ਹੈ। ਸ਼ੈਰਨ ਨੂੰ ਸੱਸ ਦੇ ਸਮਾਜਕ ਭਾਈਚਾਰੇ ਨਾਲ ਮੇਲ-ਜੋਲ ਰੱਖਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਇਸ ਨੂੰ ‘ਬੋਰੀਅਤ’ ਦਾ ਨਾਂ ਦਿੰਦੀ ਹੈ। ਇਸੇ ਤਰ੍ਹਾਂ ਸੁਖਜੀਤ ਨੂੰ ਘਰ ਵਿੱਚ ਪੰਜਾਬੀ ਦੀ ਅਣਹੋਂਦ ਆਪਣੇ ਬੇਪਛਾਣ ਹੋਣ ਨਾਲ ਜੁੜੀ ਪ੍ਰਤੀਤ ਹੁੰਦੀ ਹੈ। ਉਸ ਦੀ ਪੰਜਾਬੀ ਨੂੰਹ ਦੀ ਅਧੂਰੀ ਰਹਿ ਗਈ ਅਕਾਂਖਿਆ ਬਾਰ-ਬਾਰ ਉਸ ਦੇ ਸਨਮੁੱਖ ਖੜ੍ਹੀ ਹੁੰਦੀ ਹੈ। ਉਸ ਦੀ ਮਾਨਸਿਕਤਾ ਵਿਚਲੀ ਇਹ ਕਸ਼ਮਕਸ਼ ਹਰ ਵੇਲੇ ਅੰਗਰੇਜ਼ ਨੂੰਹ ਦੀ ਤੁਲਨਾ ਇੱਕ ਪੰਜਾਬੀ ਨੂੰਹ ਨਾਲ ਕਰਦੀ ਦਿਖਾਈ ਦਿੰਦੀ ਹੈ। ਉਹ ਤਸੱਵੁਰ ਕਰਦੀ ਹੈ:

“ਉਹ ਕਿਹੋ ਜਿਹੇ ਪਲ ਹੁੰਦੇ ਜੇ ਇਸ ਵਕਤ ਉਹ ਨੂੰਹ-ਸੱਸ ਰਲ ਕੇ ਸਰ੍ਹੋਂ‎,‎ ਪਾਲਕ ਤੇ ਬਰੌਕਲੀ ਨੂੰ ਛਿੱਲ-ਚੀਰ ਕੇ ਸਾਗ ਬਣਾ ਰਹੀਆਂ ਹੁੰਦੀਆਂ… ਤੇ ਨਾਲ ਦੀ ਨਾਲ ਬੀਤੇ ਹਫ਼ਤੇ ਦੀਆਂ ਜਮ੍ਹਾਂ ਹੋਈਆਂ ਗੱਲਾਂ ਵੀ ਸਾਂਝੀਆਂ ਕਰ ਰਹੀਆਂ ਹੁੰਦੀਆਂ। … ਪਰ ਕਿੱਥੇ… ਨਾ ਖਾਣ-ਪੀਣ ਦੀ ਸਾਂਝ ਤੇ ਨਾ ਬੋਲੀ ਦੀ।” 1

ਸੁਖਜੀਤ ਦਾ ਸਭਿਆਚਾਰਕ ਅਵਚੇਤਨ ਇਹ ਤਸਲੀਮ ਕਰਨ ਤੋਂ ਇਨਕਾਰੀ ਹੈ ਕਿ ਸ਼ੈਰਨ ਅੰਗਰੇਜ਼ ਹੋਣ ਕਾਰਨ ਇੱਕ ਵਧੀਆ ਨੂੰਹ ਸਾਬਿਤ ਹੋ ਸਕਦੀ ਹੈ। ਪੂੰਜੀਵਾਦੀ ਵਿਵਸਥਾ ਦੀ ਪ੍ਰਤਿਨਿਧ ਸ਼ੈਰਨ ਦੇ ਵਿਵਹਾਰ ਵਿੱਚੋਂ ਭਾਰਤੀ ਸਭਿਆਚਾਰ ਨਾਲ ਸੰਬੰਧਿਤ ਸੱਸ ਨੂੰ ਸੁਆਰਥ ਝਲਕਦਾ ਨਜ਼ਰ ਆਉਂਦਾ ਹੈ। ਓਪਨ ਸੁਸਾਇਟੀ ਦੀ ਉਪਜ ਸ਼ੈਰਨ ਸੁਖਜੀਤ ਦੇ ਪੰਜਾਬੀ‎,‎ ਆਗਿਆਕਾਰੀ‎,‎ ਪ੍ਰੇਮ-ਭਾਵ ਵਾਲੀ ਤੇ ਘਰੇਲੂ ਕੰਮਕਾਜ ਵਿੱਚ ਨਿਪੁੰਨ ਨੂੰਹ ਦੇ ਮਾਡਲ ਤੇ ਪੂਰੀ ਉਤਰਨ ਤੋਂ ਅਸਮਰੱਥ ਹੈ। ਸਥਿਤੀ ਦੀ ਵਿਡੰਬਨਾ ਇਹ ਹੈ ਕਿ ਸੁਖਜੀਤ ਤੇ ਸ਼ੈਰਨ ਦੋਵੇਂ ਹੀ ਇਕ-ਦੂਸਰੇ ਦੀ ਮਾਨਸਿਕਤਾ ਨੂੰ ਸਮਝਣ ਤੋਂ ਬੇਮੁੱਖ ਹਨ।

ਪਰਿਵਾਰਕ ਇਕਾਈ ਵਿੱਚ ਵਾਪਰ ਰਹੀ ਇਸ ਅੰਦਰੂਨੀ ਟੁੱਟ-ਭੱਜ ਵਿੱਚ ਸੁਖਜੀਤ ਇਕੱਲੀ ਇੱਕ ਪਾਸੇ ਹੈ ਤੇ ਬਾਕੀ ਪਰਿਵਾਰਕ ਮੈਂਬਰ ਦੂਸਰੇ ਪਾਸੇ। ਸੁਖਜੀਤ ਦਾ ਪਤੀ ਬਲਦੇਵ ਆਪਣੀ ਨੂੰਹ ਪ੍ਰਤਿ ਕੋਈ ਗਿਲਾ ਪ੍ਰਗਟ ਕਰਦਾ ਦਿਖਾਈ ਨਹੀਂ ਦਿੰਦਾ। ਉਸ ਦੀ ਅਜਿਹੀ ਸੋਚ ਪਿੱਛੇ ਉਸਦਾ ਪਰਿਵਾਰਕ ਪਿਛੋਕੜ ਕਾਰਜਸ਼ੀਲ ਹੈ। ਲੰਬੇ ਸਮੇਂ ਤੋਂ ਕੈਨੇਡਾ ਵਿੱਚ ਵੱਸੇ ਉਸ ਦੇ ਮਾਤਾ-ਪਿਤਾ ਕੈਨੇਡੀਅਨ ਸਭਿਆਚਾਰ ਨੂੰ ਹੀ ਅਪਨਾਈ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਵੱਡੇ ਪੁੱਤਰ ਦੇ ਵੈਸਟ-ਇੰਡੀਅਨ ਕੁੜੀ ਨਾਲ ਵਿਆਹ ਤੇ ਕੋਈ ਇਤਰਾਜ਼ ਨਹੀਂ ਹੈ। ਇਸ ਤੋਂ ਵੀ ਅੱਗੇ ਪੱਛਮ ਦੀ ਵਿਅਕਤੀਗਤ ਆਜ਼ਾਦੀ ਦੇ ਧਾਰਨੀ ਹੋਣ ਕਾਰਨ ਇਹੀ ਇੱਛਾ ਕਰਦੇ ਹਨ ਕਿ ਬਲਦੇਵ ਤੇ ਸੁਖਜੀਤ ਅਲੱਗ ਘਰ ਵਿੱਚ ਰਹਿਣ। ਭਾਵੇਂ ਕਿ ਕਹਾਣੀਕਾਰ ਨੇ ਬਲਦੇਵ ਨੂੰ ਪੂਰੀ ਤਰ੍ਹਾਂ ਪੂੰਜੀਵਾਦੀ ਵਿਵਸਥਾ ਦਾ ਧਾਰਨੀ ਨਹੀਂ ਦਿਖਾਇਆ ਪਰੰਤੂ ਉਪਰੋਕਤ ਕਾਰਨ ਉਸ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸੇ ਤਰ੍ਹਾਂ ਸੁਖਜੀਤ ਦਾ ਪੁੱਤਰ ਰਾਜੂ ਕੈਨੇਡੀਅਨ ਧਰਤੀ ਦਾ ਹੀ ਜੰਮਪਲ ਹੋਣ ਕਾਰਨ ਸਥਾਨਕ ਵਿਵਸਥਾ ਦਾ ਹੀ ਇੱਕ ਹਿੱਸਾ ਨਜ਼ਰ ਆਉਂਦਾ ਹੈ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਹ ਸਹਿਪਾਠਨ ਅੰਗਰੇਜ਼ ਸ਼ੈਰਨ ਨਾਲ ਦੋਸਤੀ ਤੇ ਫਿਰ ਵਿਆਹ ਕਰਵਾ ਲੈਂਦਾ ਹੈ‎,‎ ਭਾਵੇਂ ਕਿ ਇਸ ਅੰਤਰ-ਨਸਲੀ ਵਿਆਹ ਸੰਬੰਧ ਨੂੰ ਸਵੀਕ੍ਰਿਤੀ ਦੇਣਾ ਪੰਜਾਬੀ ਮਾਨਸਿਕਤਾ ਲਈ ਕੋਈ ਆਸਾਨ ਕਾਰਜ ਨਹੀਂ ਹੈ ਪਰੰਤੂ ਇਸਦੇ ਬਾਵਜੂਦ ਆਪਣੇ ਪੰਜਾਬੀ ਨੂੰਹ ਦੇ ਸੁਪਨਿਆਂ ਨੂੰ ਤਿਲਾਂਜਲੀ ਦਿੰਦੇ ਹੋਏ ਮਾਂ-ਬਾਪ ਇਕਲੌਤੇ ਪੁੱਤਰ ਦੇ ਵਿਆਹ ਨੂੰ ਰਜ਼ਾਮੰਦੀ ਦੇ ਦਿੰਦੇ ਹਨ। ਇਸੇ ਸੰਦਰਭ ਵਿੱਚ ਕੈਨੇਡੀਅਨ ਪੰਜਾਬੀ ਸਮੁਦਾਇ ਦੇ ਕੁੱਝ ਲੋਕਾਂ ਦੇ ਪ੍ਰਤਿਕਰਮ ਨੂੰ ਵੀ ਲੇਖਕ ਨੇ ਪ੍ਰਸਤੁੱਤ ਕੀਤਾ ਹੈ ਜੋ ਇਨ੍ਹਾਂ ਵਿਆਹ-ਸੰਬੰਧਾਂ ਵਿਰੁੱਧ ਟਿੱਪਣੀਆਂ ਕਰਦੇ ਹਨ।

ਇਸ ਕਹਾਣੀ ਵਿੱਚ ਪੱਛਮੀ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਧਿਰਾਂ ਦੀ ਸੋਚ ਦੇ ਆਪਸੀ ਟਕਰਾਉ ਦਾ ਆਭਾਸ ਰਚਨਾ ਦੇ ਆਰੰਭ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਫ਼ਲਸਰੂਪ ਪਰਿਵਾਰਕ ਇਕਾਈ ਵਿੱਚ ਟੁੱਟ-ਭੱਜ‎,‎ ਤਨਾਉ ਦੀ ਸਿਰਜਨਾ ਹੁੰਦੀ ਹੈ। ਰਾਜੂ ਤੇ ਉਸ ਦੀ ਪਤਨੀ ਸ਼ੈਰਨ ਚਾਹੁੰਦੇ ਹਨ ਕਿ ਘਰ ਵਿੱਚ ਸਵਿਮਿੰਗ-ਪੂਲ ਬਣਵਾਇਆ ਜਾਵੇ ਤਾਂ ਜੋ ਪੱਛਮੀ ਜੀਵਨ-ਜਾਚ ਅਨੁਸਾਰ ਜ਼ਿੰਦਗੀ ਦਾ ਭਰਪੂਰ ਮਜ਼ਾ ਲਿਆ ਜਾ ਸਕੇ। ਸਵਿਮਿੰਗ-ਪੂਲ ਦੀ ਇਹ ਯੋਜਨਾ ਜਦੋਂ ਸੁਖਜੀਤ ਦੇ ਅੱਗੇ ਪੇਸ਼ ਕੀਤੀ ਜਾਂਦੀ ਹੈ ਤਾਂ ਉਹ ਚਿਤੰਤ ਅਵਸਥਾ ਵਿੱਚ ਪ੍ਰਸ਼ਨ ਉਠਾਉਂਦੀ ਹੈ ਕਿ ਘਰ ਤੇ ਕਾਰਾਂ ਦੀਆਂ ਕਿਸ਼ਤਾਂ ਦੇ ਨਾਲ ਸੱਠ ਹਜ਼ਾਰ ਪੌਂਡ ਹੋਰ ਦੀ ਕਿਸ਼ਤ ਉਤਾਰਨ ਲਈ ਪੈਸੇ ਦਾ ਪ੍ਰਬੰਧ ਕਿਵੇਂ ਹੋਵੇਗਾ? ਪੁੱਤਰ ਦੁਆਰਾ ਦਿੱਤਾ ਗਿਆ ਪ੍ਰਸ਼ਨ ਦਾ ਉੱਤਰ ਸੁਖਜੀਤ ਲਈ ਗਹਿਰਾ ਤਨਾਉ ਤੇ ਸੰਕਟ ਉਤਪੰਨ ਕਰਦਾ ਹੈ। ਉਸ ਨੂੰ ਦੇਸ਼ ਵਿਚਲੀ ਜਿਹੜੀ ਜ਼ਮੀਨ ਆਪਣੇ ਮਾਂ-ਬਾਪ ਦੀ ਹੋਂਦ ਤੇ ਆਪਣੀ ਸ਼ਨਾਖਤ ਨਾਲ ਜੁੜੀ ਪ੍ਰਤੀਤ ਹੁੰਦੀ ਹੈ‎,‎ ਨੂੰਹ- ਪੁੱਤ ਲਈ ਕੇਵਲ ਉਹ ਅਜਿਹਾ ਜ਼ਮੀਨ ਦਾ ਟੁਕੜਾ ਹੈ ਜਿਸਨੂੰ ਵੇਚ ਕੇ ਸਵਿਮਿੰਗ-ਪੂਲ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਪੁੱਤਰ ਦੁਆਰਾ ਜ਼ਮੀਨ “ਸੈੱਲ” ਕਰ ਦੇਣ ਦੇ ਮਸ਼ਵਰੇ ਉਪਰੰਤ ਸੁਖਜੀਤ ਦੀ ਮਾਨਸਿਕਤਾ ਨੂੰ ਲੇਖਕ ਨੇ ਬਾਖ਼ੂਬੀ ਚਿਤਰਿਆ ਹੈ:

“ਸੈੱਲ ਸ਼ਬਦ ਸੁਖਜੀਤ ਕੌਰ ਦੇ ਸਿਰ `ਤੇ ਬੰਬ ਵਾਂਗ ਫਟਿਆ…। ਉਸ ਨੂੰ ਇੰਜ ਲੱਗਾ ਜਿਵੇਂ ਉਸਦਾ ਪੁੱਤ ਉਸ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਮਿੱਟੀ ਨੂੰ ਖ਼ੁਰਚ ਕੇ ਕਿਸੇ ਗਾਰਬੇਜ ਦੇ ਟੋਏ ਵਿੱਚ ਸੁੱਟਣੀ ਚਾਹ ਰਿਹਾ ਹੋਵੇ… ਪਲਾਂ ਵਿੱਚ ਹੀ ਉਸ ਦੀਆਂ ਨਸਾਂ `ਚ ਟੈਨਸ਼ਨ ਆ ਵੜੀ … ਇਨ੍ਹਾਂ ਨੂੰ ਤਾਂ ਬੱਸ ਆਪਣੇ ਮਤਲਬ ਹੀ ਦੀਂਹਦੇ ਆ… ਅਗਲੇ ਦੀ ਭਾਵੇਂ ਹੋਂਦ ਹੀ ਜਾਂਦੀ ਲੱਗੇ।”

ਪੰਜਾਬੀ ਜੀਵਨ ਵਿੱਚ ਜ਼ਮੀਨ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਉਸ ਦੀਆਂ ਜੜ੍ਹਾਂ‎,‎ ਵਜੂਦ‎,‎ ਪਹਿਚਾਣ ਤੇ ਰੁਤਬੇ ਨੂੰ ਸਥਾਪਤ ਕਰਨ ਵਾਲਾ ਮਹੱਤਵਪੂਰਨ ਬਿੰਦੂ ਹੈ। ਸੁਖਜੀਤ ਲਈ ਇਸਨੂੰ ਵੇਚਣਾ ਨਾ ਕੇਵਲ ਜੜ੍ਹਹੀਣ ਹੋਣ ਦਾ ਅਹਿਸਾਸ ਭੋਗਣਾ ਹੈ ਬਲਕਿ ਮਾਂ-ਬਾਪ‎,‎ ਚਾਚੇ ਦੀ ਪਹਿਚਾਣ/ਰੁਤਬੇ ਨੂੰ ਖ਼ਤਮ ਕਰਕੇ ਉਸ ਭੂਤਕਾਲ ਤੋਂ ਮਹਿਰੂਮ ਹੋਣਾ ਵੀ ਹੈ ਜਿਸਦਾ ਨਿਰੰਤਰ ਸਿਮਰਨ ਉਸ ਦੇ ਵਜੂਦ ਦਾ ਇੱਕ ਵਿਸ਼ੇਸ਼ ਅੰਗ ਬਣ ਚੁੱਕਾ ਹੈ। ਅਜਿਹੀ ਪ੍ਰਸਤੁਤੀ ਰਾਹੀਂ ਹੀ ਪੰਜਾਬੀ ਡਾਇਸਪੋਰਾ ਦੀ ਪੇਸ਼ਕਾਰੀ ਵਿੱਚ ਇਹ ਕਹਾਣੀ ਇੱਕ ਮਿਸਾਲ ਕਾਇਮ ਕਰਦੀ ਦਿਖਾਈ ਦਿੰਦੀ ਹੈ।

ਇਸ ਕਹਾਣੀ ਰਾਹੀਂ ਲੇਖਕ ਨੇ ਉਸ ਵਰਤਾਰੇ ਨੂੰ ਵੀ ਪੇਸ਼ ਕੀਤਾ ਹੈ ਜਿਸਦੇ ਅੰਤਰਗਤ ਪਰਵਾਸੀਆਂ ਤੋਂ ਤਾਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਥਾਨਕ ਸੁੱਖ ਸਭਿਆਚਾਰ ਨੂੰ ਪੂਰੀ ਤਰ੍ਹਾਂ ਅਪਨਾ ਲੈਣ ਪਰੰਤੂ ਮੁੱਖ ਸਭਿਆਚਾਰ ਖ਼ੁਦ ਗੌਣ ਸਭਿਆਚਾਰ ਤੋਂ ਪੂਰੀ ਤਰ੍ਹਾਂ ਨਿਰਲੇਪ ਰਹਿਣਾ ਚਾਹੁੰਦਾ ਹੈ। ਸੁਖਜੀਤ ਕੌਰ ਨੂੰ ਸ਼ਿਕਾਇਤ ਹੈ ਕਿ ਇਹ ਪ੍ਰਕਿਰਿਆ ਇੱਕ ਪਾਸੜ ਕਿਉਂ? ਮੁੱਖ ਸਭਿਆਚਾਰ ਨਾਲ ਸੰਬੰਧਿਤ ਉਸ ਦੀ ਨੂੰਹ ਸ਼ੈਰਨ ਪੰਜਾਬੀ ਪਰਿਵਾਰ ਵਿੱਚ ਰਹਿੰਦੀ ਹੋਈ ਵੀ ਉਨ੍ਹਾਂ ਦੇ ਸਭਿਆਚਾਰ ਵਿੱਚ ਕੋਈ ਦਿਲਚਸਪੀ ਕਿਉਂ ਨਹੀਂ ਲੈਂਦੀ? ਇਸ ਸੰਬੰਧੀ ਉਹ ਕਹਿੰਦੀ ਹੈ:

“ਤੁਸੀਂ ਗੋਰੇ ਲੋਕ ਸਾਨੂੰ ਇੰਮੀਗਰਾਂਟਾਂ ਨੂੰ ਤਾਂ ਇਹ ਕਹਿੰਦੇ ਆਂ ਪਈ ਅਸੀਂ ਤੁਹਾਡੀ ਕਲਚਰ `ਚ ਭਿੱਜਦੇ ਨਹੀਂ ਪਰ ਤੁਸੀਂ ਸਾਡੀਆਂ ਕਲਚਰਾਂ `ਚ ਕਿੰਨੀ ਕੁ ਦਿਲਚਸਪੀ ਲੈਂਨੇ ਆਂ… ਤੈਨੂੰ ਮੈਂ ਪੰਜਾਬੀ ਦੇ ਲਫ਼ਜ਼ ਸਿਖਾ-ਸਿਖਾ ਥੱਕ ਗਈ ਪਰ ਤੂੰ… ਸੱਤਾਂ ਸਾਲਾਂ `ਚ ਸਿਰਫ਼ ਚਾਲੀ ਪੰਜਾਹ ਲਫ਼ਜ਼‎,‎ ਉਹ ਵੀ ਜਿਹੜੇ ਤੇਰੇ ਕੰਮ ਦੇ ਆ।”

ਇਸ ਕਹਾਣੀ ਵਿੱਚ ਪਹਿਲੇ ਪੜਾਅ ਦੇ ਪਰਵਾਸੀ ਪੰਜਾਬੀਆਂ ਦੁਆਰਾ ਆਰਥਿਕ ਖੁਸ਼ਹਾਲੀ ਹਿੱਤ ਧਾਰਨ ਕੀਤੇ ਗਏ ਪਰਵਾਸ ਨੂੰ ਸੁਖਜੀਤ ਦੇ ਪਿਤਾ ਦੇ ਰੂਪ ਵਿੱਚ ਪ੍ਰਸਤੁਤ ਕੀਤਾ ਗਿਆ ਹੈ। ਉਹ ਪਹਿਲੇ ਪੜਾਅ ਦੇ ਉਸ ਪਰਵਾਸ ਨੂੰ ਪ੍ਰਤਿਬਿੰਬਤ ਕਰਦਾ ਹੈ ਜਿਸ ਅਧੀਨ ਕਮਾਈ ਕਰਕੇ ਵਤਨ ਵਾਪਿਸ ਪਰਤ ਜਾਣਾ ਹੈ। ਇਨ੍ਹਾਂ ਦੀ ਦੇਸ਼ ਵਿੱਚ ਉਡੀਕ ਕਰ ਰਹੇ ਪਰਿਵਾਰਕ ਮੈਂਬਰਾਂ ਦੀ ਮਾਨਸਿਕਤਾ ਨੂੰ ਸੁਖਜੀਤ ਤੇ ਉਸ ਦੀ ਮਾਂ ਰਾਹੀਂ ਪੇਸ਼ ਕੀਤਾ ਗਿਆ ਹੈ।

ਪਾਣੀ ਇਸ ਕਹਾਣੀ ਦਾ ਕੇਂਦਰੀ ਚਿਹਨ ਜਾਂ ਮੈਟਾਫ਼ਰ ਹੈ। ਜਿਸ ਤਰ੍ਹਾਂ ਵਿਭਿੰਨ ਸਥਾਨਾਂ ਦਾ ਪਾਣੀ ਨਦੀ‎,‎ ਨਾਲੇ‎,‎ ਦਰਿਆ‎,‎ ਸਮੁੰਦਰ‎,‎ ਝੀਲਾਂ ਆਦਿ ਸ੍ਰੋਤਾਂ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ ਇਸੇ ਤਰ੍ਹਾਂ ਵਿਭਿੰਨ‎,‎ ਧਰਤੀਆਂ‎,‎ ਦੇਸ਼ਾਂ‎,‎ ਸਥਾਨਾਂ ਦੇ ਇਨਸਾਨ ਵੀ ਪਰਵਾਸ ਧਾਰਨ ਕਰਕੇ ਇਕੱਠੇ ਹੋ ਜਾਂਦੇ ਹਨ। ਸੁਖਜੀਤ ਕੌਰ ਦਾ ਜੀਵਨ ਵੀ ਇਸਦੀ ਇੱਕ ਉਦਾਹਰਣ ਹੈ। ਉਹ ਜੰਮਪਲ ਪੰਜਾਬ ਦੀ ਹੈ ਪਰੰਤੂ ਵਿਆਹ ਉਪਰੰਤ ਸੱਤ ਸੁਮੰਦਰ ਪਾਰ ਕੈਨੇਡਾ ਦੀ ਧਰਤੀ ਦਾ ਅੰਗ ਬਣ ਜਾਂਦੀ ਹੈ। ਇਸ ਤੋਂ ਇਲਾਵਾ ਪਾਣੀ ਮੈਟਾਫ਼ਰ ਹੈ ਰਿਸ਼ਤਿਆਂ ਵਿਚਲੇ ਆਪਸੀ ਮੋਹ-ਪਿਆਰ‎,‎ ਅਪਣੱਤ ਦਾ। ਇਸੇ ਕਾਰਨ ਸੁਖਜੀਤ ਸ਼ੈਰਨ ਨੂੰ ਕਹਿੰਦੀ ਹੈ:

“ਸਾਡੇ ਇੱਥੇ ਸਮੁੰਦਰ ਝੀਲਾਂ ਭਾਵੇਂ ਨਹੀਂ ਹਨ ਪਰ ਧਰਤੀ ਹੇਠ ਬੜਾ ਪਾਣੀ ਏ… ਤੇ ਇਵੇਂ ਵੀ…਼ ਸਮਝ ਲੈ ਪਈ ਸਾਡੇ ਪੰਜਾਬੀਆਂ ਦੀਆਂ ਰੂਹਾਂ ਅੰਦਰ ਵੀ ਬੜਾ ਪਾਣੀ ਏ।” 4

ਇਸਦੇ ਵਿਪਰੀਤ ਕੈਨੇਡੀਅਨ ਲੋਕਾਂ ਦੀਆਂ ਰੂਹਾਂ ਵਿੱਚ ਉਸ ਨੂੰ ਪਾਣੀ ਦੀ ਜਗ੍ਹਾ ਖੁਸ਼ਕੀ ਹੀ ਨਜ਼ਰ ਆਉਂਦੀ ਹੈ। ਇਹ ਕਹਾਣੀ ਜਿਥੇ ਪਾਣੀ ਦੇ ਮੈਟਾਫ਼ਰ ਨੂੰ ਲੈ ਆਰੰਭ ਹੁੰਦੀ ਹੈ ਭਾਵ ਸਵਿਮਿੰਗ ਪੂਲ ਦੀ ਹੋਂਦ ਵੀ ਪਾਣੀ ਨਾਲ ਹੀ ਸੰਭਵ ਹੈ; ਤੇ ਇਹ ਸਵਿਮਿੰਗ ਪੂਲ ਇਸ ਬਿਰਤਾਂਤ ਵਿੱਚ ਪਰਿਵਾਰਕ ਰਿਸ਼ਤਿਆਂ ਵਿਚਲੀ ਟੁੱਟ-ਭੱਜ ਤੇ ਤਨਾਉ ਨੂੰ ਉਤਪੰਨ ਹੁੰਦਾ ਦਰਸਾਉਂਦਾ ਹੈ ਉਥੇ ਕਹਾਣੀ ਦੇ ਅੰਤ ਵਿੱਚ ਵੀ ਸੁਖਜੀਤ ਦੇ ਚਚੇਰੇ ਭਰਾ ਭੁੱਪੀ ਦਾ ਇਹ ਕਹਿਣਾ‎,‎” ਪੰਜਾਬ ਦੀ ਜ਼ਮੀਨ ਥੱਲਿਓਂ ਪਾਣੀ ਮੁੱਕ ਗਿਆ ਹੈ।” 5 ਪੰਜਾਬ ਵਿੱਚ ਵੀ ਰਿਸ਼ਤਿਆਂ ਦੀ ਖੁਰ ਰਹੀ ਪਹਿਚਾਣ ਨੂੰ ਪਾਣੀ ਦੇ ਮੈਟਾਫ਼ਰ ਰਾਹੀਂ ਦੀ ਪ੍ਰਸਤੁਤ ਕਰਦਾ ਹੇ। ਜਿਹੜਾ ਚਾਚਾ ਸਾਰੀ ਉਮਰ ਭਰਾ ਤੇ ਭਤੀਜੀ ਲਈ ਵਫ਼ਾਦਾਰ ਰਹਿੰਦਾ ਹੈ ਉਸ ਦੇ ਪੁੱਤਰ ਦੁਆਰਾ ਆਪਣਿਆਂ ਬੰਦਿਆ ਨੂੰ ਕੈਨੇਡਾ ਭੇਜਣ ਦੇ ਚੱਕਰ ਤੇ ਜ਼ਮੀਨ ਜਾਇਦਾਦ ਹੱੜਪਣ ਦੀ ਲਾਲਸਾ ਵੱਲ ਵੀ ਕਹਾਣੀ ਅੰਤ ਵਿੱਚ ਸੰਕੇਤ ਕਰ ਗਈ ਹੈ।

ਪਰਵਾਸੀ ਪੰਜਾਬੀ ਮਨੁੱਖ ਜਦੋਂ ਆਪਣੀ ਮੂਲ ਪਹਿਚਾਣ ਦੀ ਸਥਾਪਤੀ ਦੇ ਅਮਲ ਵਿੱਚ ਕਾਰਜਸ਼ੀਲ ਹੁੰਦਾ ਹੈ ਤਾਂ ਇਕੋ ਸਮੇਂ ਪਾਰ-ਸਭਿਆਚਾਰਕ ਤੇ ਅੰਤਰ-ਸਭਿਆਚਾਰਕ ਸਥਿਤੀਆਂ ਵਿੱਚੋਂ ਗੁਜ਼ਰਦਾ ਹੈ। ਕੈਨੇਡੀਅਨ ਪੰਜਾਬੀ ਕਹਾਣੀ ਦੇ ਸੰਦਰਭ ਵਿੱਚ ਇਹ ਅੰਤਰ-ਸਭਿਆਚਾਰਕ ਸਥਿਤੀ ਹੋਰ ਵੀ ਵਧੇਰੇ ਚੁਣੌਤੀ ਭਰਪੂਰ ਸਰੂਪ ਅਖ਼ਤਿਆਰ ਕਰ ਲੈਂਦੀ ਹੈ। ਕਿਉਂਕਿ ਇਥੇ ਇੱਕ ਪਾਸੇ ਬਸਤੀਵਾਦੀ‎,‎ ਸਾਮਰਾਜੀ ਪਿਛੋਕੜ ਵਾਲਾ ਅਤਿਵਿਕਸਿਤ ਉਦਯੋਗੀ -ਪੂੰਜੀਵਾਦੀ ਸਮਾਜ-ਪ੍ਰਬੰਧ ਵਾਲਾ ਦੇਸ਼ ਹੈ ਅਤੇ ਦੂਸਰੇ ਪਾਸੇ ਅਤੀਤ ਵਿੱਚ ਬਸਤੀਵਾਦੀ ਨਿਜ਼ਾਮ ਦੀ ਹੋਣੀ ਨੂੰ ਭੋਗ ਚੁੱਕਾ‎,‎ ਅਰਧ-ਸਾਮੰਤੀ ਤੇ ਵਿਕਸਿਤ ਪੂੰਜੀਵਾਦੀ ਸਰੂਪ ਵਾਲਾ ਸਮਾਜ-ਪ੍ਰਬੰਧ ਹੈ। ਇਨ੍ਹਾਂ ਪਰਿਸਥਿਤੀਆਂ ਵਿੱਚੋਂ ਗੁਜ਼ਰਦਾ ਪਰਵਾਸੀ ਪੰਜਾਬੀ ਮਨੁੱਖ ਜਿਥੇ ਇੱਕ ਪਾਸੇ ਮੁੱਖ ਸਭਿਆਚਾਰ ਵਿੱਚ ਆਪਣੀ ਵਿਲੱਖਣ ਪਹਿਚਾਣ ਦੀ ਸਥਾਪਤੀ ਲਈ ਕਾਰਜਸ਼ੀਲ ਹੈ ਉਥੇ ਦੂਸਰੇ ਪਾਸੇ ਆਪਣੇ ਹੀ ਸਭਿਆਚਾਰਕ ਦਾਇਰੇ‎,‎ ਪਰਿਵਾਰਕ ਇਕਾਈ ਨਾਲ ਸੰਬੰਧਿਤ ਮਸਲਿਆਂ ਦੇ ਸਨਮੁੱਖ ਹੈ। ਅਜਿਹੀ ਹੀ ਸਥਿਤੀ ਦਰਪੇਸ਼ ਹੈ ਕਹਾਣੀ “ਗੁਆਚੇ ਲੋਕ” ਦੇ ਪਾਤਰਾਂ ਅੱਗੇ। ਪੱਛਮ ਦੀ ਪੂੰਜੀਵਾਦੀ ਵਿਵਸਥਾ ਨੇ ਕਿਸ ਕਦਰ ਪਰਿਵਾਰਕ ਇਕਾਈ‎,‎ ਮਨੁੱਖੀ ਰਿਸ਼ਤਿਆਂ `ਤੇ ਨਾਂਹ-ਪੱਖੀ ਪ੍ਰਭਾਵ ਪਾਇਆ; ਦੇ ਸਮੱਸਿਆਕਾਰ ਨੂੰ ਇਹ ਕਹਾਣੀ ਆਪਣਾ ਵਸਤੂ ਬਣਾਉਂਦੀ ਹੈ। ਵਸਤਾਂ ਦੇ ਉਤਪਾਦਨ ਵਿੱਚ ਮਨੁੱਖ ਵੀ ਇੱਕ ਵਸਤ ਵਿੱਚ ਤਬਦੀਲ ਹੋਇਆ ਨਜ਼ਰ ਆਉਂਦਾ ਹੈ। ਲੇਖਕ ਨੇ ਇਸ ਕਹਾਣੀ ਵਿੱਚ ਸ਼ਮਸ਼ੇਰ ਸਿੰਘ ਦੀ ਪਰਿਵਾਰਕ ਜ਼ਿੰਦਗੀ ਦੇ ਹਵਾਲੇ ਨਾਲ ਕੈਨੇਡੀਅਨ ਜ਼ਿੰਦਗੀ ਦੀਆਂ ਰਾਜਸੀ‎,‎ ਧਾਰਮਿਕ‎,‎ ਆਰਥਿਕ ਅਤੇ ਸਭਿਆਚਾਰਕ ਕੜੀਆਂ ਵਿਕਸਿਤ ਪੂੰਜੀਵਾਦੀ ਵਿਵਸਥਾ ਦੀਆਂ ਮੂਲ ਅਲਾਮਤਾਂ ਦੇ ਰੂਪ ਵਿੱਚ ਪ੍ਰਸਤੁਤ ਕੀਤੀਆਂ ਹਨ। ਇਸ ਸਥਿਤੀ ਦੇ ਅੰਤਰਗਤ ਹੀ ਪਾਤਰ ਸ਼ਮਸ਼ੇਰ ਸਿੰਘ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਖ਼ਤਮ ਹੋ ਰਹੀ ਪਹਿਚਾਣ ਦੀ ਤ੍ਰਾਸਦੀ ਨੂੰ ਬਾਖ਼ੂਬੀ ਉਜਾਗਰ ਕੀਤਾ ਗਿਆ ਹੈ।

ਕਹਾਣੀ ਦਾ ਪਾਤਰ ਸ਼ਮਸ਼ੇਰ ਸਿੰਘ ਸਮਾਜ-ਵਿਗਿਆਨੀਆਂ ਦੁਆਰਾ ਦਿੱਤੇ ਗਏ ‘ਫੁਸਹ-ਫੁਲਲ’ 6 ਸਿਧਾਂਤ ਦੇ ਅੰਤਰਗਤ ਦੇਸ਼ ਵਿੱਚ ਦੋਸਤ ਦੇ ਸੁਆਰਥੀ ਚਰਿੱਤਰ ਤੋਂ ਉਦਾਸੀਨ ਹੋ ਕੇ‎,‎ ਔਲਾਦ ਦੇ ਭਵਿੱਖ ਦੀ ਉਸਾਰੀ ਹਿੱਤ ਆਰਥਿਕ ਤੌਰ `ਤੇ ਸਮ੍ਰਿਧ ਹੋਣ ਖਾਤਿਰ ਰਿਫ਼ਿਊਜੀ ਕੇਸ ਅਧੀਨ ਪਰਵਾਸ ਧਾਰਨ ਕਰਦਾ ਹੈ। ਉਸਦਾ ਪਰਵਾਸ ਦੂਸਰੇ ਪੜਾਅ ਨਾਲ ਸੰਬੰਧਿਤ ਹੈ ਜਿਸ ਵਿੱਚ ਦੇਸ਼ ਵਾਪਿਸ ਪਰਤਣ ਦੀ ਕੋਈ ਵੀ ਇੱਛਾ ਕਹਾਣੀ ਵਿੱਚੋਂ ਪ੍ਰਗਟ ਨਹੀਂ ਹੁੰਦੀ ਸਗੋਂ ਪਰਿਵਾਰ ਨੂੰ ਵੀ ਕੈਨੇਡਾ ਬੁਲਾ ਲਿਆ ਜਾਂਦਾ ਹੈ। ਪਰਿਵਾਰ ਦੀ ਆਮਦ ਉਪਰੰਤ ਘਟਨਾਕ੍ਰਮ ਸੁਖਦ ਤੇ ਖੁਸ਼ੀ ਭਰਪੂਰ ਹੈ। ਬਿਗਾਨੇ ਦੇਸ਼ ਵਿੱਚ ਹੌਲੀ-ਹੌਲੀ ਤਰੱਕੀ ਕਰ ਰਿਹਾ ਪਰਿਵਾਰ ਇਕ-ਦੂਸਰੇ ਦੇ ਸਾਥ ਵਿੱਚ ਖੁਸ਼ ਹੈ। ਉਨ੍ਹਾਂ ਦੀ ਇਸ ਖੁਸ਼ੀ ਦਾ ਪ੍ਰਗਟਾਵਾ ਲੇਖਕ ਨੇ ਨਵੇਂ ਘਰ ਦੀ ਹੋ ਰਹੀ ਪਾਰਟੀ ਵਿੱਚ ਦਰਸਾਇਆ ਹੈ:

“ਜਦੋਂ ਉਨ੍ਹਾਂ ਛੇਆਂ ਜਣਿਆਂ ਨੇ ਇੱਕ ਦੂਜੇ ਦੇ ਹੱਥ ਫੜ ਕੇ‎,‎ ਥਿਰਕਦੇ ਪੈਰਾਂ ਨਾਲ ਗੋਲ-ਦਾਇਰਾ ਬੰਨ੍ਹਿਆ ਤਾਂ ਸ਼ਮਸ਼ੇਰ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਦੀਆਂ ਜੁੜੀਆਂ ਬਾਹਾਂ ਘਰ ਦੇ ਅੰਦਰ ਹੀ ਨਹੀਂ‎,‎ ਬਾਹਰ ਤੱਕ ਫ਼ੈਲ ਗਈਆਂ ਹੋਣ‎,‎ ਘਰ ਦੇ ਚਾਰ-ਚੁਫ਼ੇਰੇ‎,‎ ਕਿਸੇ ਕਿਲੇ ਦੀ ਸੁਰੱਖਿਅਤ ਕੰਧ ਵਾਂਗ।” 7

“ਗੁਆਚੇ ਲੋਕ” ਕਹਾਣੀ ਦਾ ਚਿਹਨ-ਪ੍ਰਬੰਧ ਪੰਜਾਬੀ ਡਾਇਸਪੋਰਾ ਦੀ ਰੂਪ-ਵਿਧੀ ਨੂੰ ਪਹਿਚਾਨਣ ਅਤੇ ਬਿਰਤਾਂਤਣ ਦਾ ਯਤਨ ਕਰਦਾ ਹੈ। ਸ਼ਮਸ਼ੇਰ ਸਿੰਘ ਦੇ ਦੋਵੇਂ ਪੁੱਤਰ ਸੁਰਿੰਦਰ ਅਤੇ ਮਨਜਿੰਦਰ ਮੂਲ ਰੂਪ ਵਿੱਚ ਸਭਿਆਚਾਰਕ ਬਣਤਰ ਦੀ ਮੂਲ ਇਕਾਈ ਸਾਕਾਚਾਰੀ ਦੇ ਵਾਹਕ ਹਨ ਜਿਨ੍ਹਾਂ ਰਾਹੀਂ ਭਾਈਚਾਰਕ ਸਮੂਹ ਦੀ ਸਥਾਪਤੀ ਹੋਣੀ ਹੈ। ਪੰਜਾਬੀ ਸੁਭਾਅ ਸਾਕਾਚਾਰੀ ਦੇ ਵਿਸਤਾਰ ਰਾਹੀਂ ਭਾਈਚਾਰਕ ਵਿਸਤਾਰ ਦੀ ਪਰਿਕਲਪਨਾ ਕਰਦਾ ਹੈ ਇਸ ਲਈ ਪੰਜਾਬੀ ਮਾਨਸਿਕਤਾ ਦੀ ਡਾਇਸਪੋਰਿਕ ਚੇਤਨਾ ਦੀ ਇਹ ਸਫ਼ਲ ਪ੍ਰਸਤੁਤੀ ਹੈ। ਇਸੇ ਦੇ ਅੰਤਰਗਤ ਹੀ ਸ਼ਮਸ਼ੇਰ ਸਿੰਘ ਦਾ ਸਭਿਆਚਾਰਕ ਅਵਚੇਤਨ ਇਸ ਗੱਲ ਤੇ ਬਜ਼ਿਦ ਹੈ ਕਿ ਸਾਰੇ ਪਰਿਵਾਰ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਪਰੰਤੂ ਸਥਿਤੀ ਦੀ ਵਿਡੰਬਨਾ ਇਹ ਹੈ ਕਿ ਪੂੰਜੀਵਾਦੀ ਵਿਵਸਥਾ ਦੇ ਪ੍ਰਭਾਵ ਅਧੀਨ ਉਸ ਦੀ ਇਸ ਖਾਹਿਸ਼ ਦੇ ਵਿਪਰੀਤ ਪਰਿਵਾਰ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਸ਼ਮਸ਼ੇਰ ਸਿੰਘ ਦੇ ਛੋਟੇ ਨੂੰਹ-ਪੁੱਤ ਸੰਦੀਪ ਤੇ ਮਨਜਿੰਦਰ ਪੱਛਮੀ ਚਮਕ-ਦਮਕ ਤੇ ਪੂੰਜੀ ਦੀ ਦੌੜ ਵਿੱਚ ਇੰਨੇ ਗੁਆਚ ਜਾਂਦੇ ਹਨ ਕਿ ਹਫ਼ਤੇ ਦੇ ਅਖ਼ੀਰ ਤੇ ਵੀ ਉਹ ਪਰਿਵਾਰ ਨਾਲ ਸਮਾਂ ਬਤੀਤ ਕਰਨ ਦੀ ਥਾਂ ਬੈਂਕ ਵਾਲਿਆਂ ਨਾਲ ਮੀਟਿੰਗ‎,‎ ਕਲਚਰਲ-ਸ਼ੋਅ‎,‎ ਮੀਡੀਏ ਨਾਲ ਮੇਲ-ਮਿਲਾਪ ਤੇ ਬਿਜ਼ਨਿਸ-ਪਾਰਟੀਆ ਵਿੱਚ ਵਿਅਸਤ ਰਹਿੰਦੇ ਹਨ। ਪੂੰਜੀ ਇਕੱਤਰੀਕਰਣ ਦੀ ਦੌੜ ਵਿੱਚ ਉਹ ਆਪਣੇ ਹੀ ਸਮੁਦਾਇ ਦੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਪ੍ਰਕਿਰਿਆ ਵਿੱਚ ਪਹਿਲਾਂ ਉਹ ਪਰਿਵਾਰ ਤੋਂ ਅਲੱਗ ਹੁੰਦੇ ਹਨ ਤੇ ਉਪਰੰਤ ਉਨ੍ਹਾਂ ਦੀ ਗ੍ਰਹਿਸਥੀ ਵੀ ਖੰਡਿਤ ਹੋ ਜਾਂਦੀ ਹੈ।

ਕੈਨੇਡੀਅਨ ਪੰਜਾਬੀ ਸਮੁਦਾਇ ਵਿੱਚ ਗੁਰਦੁਆਰਿਆਂ ਦੇ ਵਪਾਰੀਕਰਨ‎,‎ ਜਾਤ-ਪਾਤ‎,‎ ਚੌਧਰਪੁਣੇ‎,‎ ਹੇਰਾਫ਼ੇਰੀ‎,‎ ਧਰਮ ਦੇ ਨਾਂ ਤੇ ਦੂਸ਼ਿਤ ਰਾਜਨੀਤੀ ਆਦਿ ਨੇ ਇਨ੍ਹਾਂ ਧਾਰਮਿਕ ਸੰਸਥਾਵਾਂ ਦੇ ਉਦਾਰਵਾਦੀ‎,‎ ਧਰਮ-ਨਿਰਪੱਖ ਤੇ ਰਾਸ਼ਟਰਵਾਦੀ ਅਕਸ ਨੂੰ ਠੇਸ ਪਹੁੰਚਾਈ ਹੈ। ਅਜਿਹੀਆਂ ਸਥਿਤੀਆਂ ਉਤਪੰਨ ਕਰਨ ਵਿੱਚ ਧਾਰਮਿਕ ਸੰਸਥਾਵਾਂ ਦੇ ਦੋਹਰੇ ਮਿਆਰਾਂ ਵਾਲੇ ਪ੍ਰਬੰਧਕ ਕਿਵੇਂ ਮੁੱਖ ਭੂਮਿਕਾ ਨਿਭਾਉਂਦੇ ਹਨ ਦੀ ਨਿਸ਼ਾਨਦੇਹੀ ਗੁਰਦੁਆਰਾ ਪ੍ਰਧਣਾਨ ਸੁੱਚਾ ਸਿੰਘ ਢੀਂਡਸਾ ਦੇ ਪਾਤਰ ਰਾਹੀਂ ਹੋ ਜਾਂਦੀ ਹੈ। ਉਹ ਗੁਰਦੁਆਰੇ ਦੇ ਫੰਡਾਂ `ਚ ਘਪਲੇਬਾਜ਼ੀ ਕਰਾਕੇ ਵੱਡੀ ਰਕਮ ਸੁਰਿੰਦਰ ਨਾਲ ਸਾਂਝ ਵਾਲੇ ਬਿਜ਼ਨਿਸ ਵਿੱਚ ਲਾਉਂਦਾ ਹੈ। ਸੁਰਿੰਦਰ ਦੀ ਇਸ ਬਿਜ਼ਨਿਸ ਵਿੱਚ ਭਾਈਵਾਲੀ‎,‎ ਪ੍ਰਧਾਨ ਤੋਂ ਪ੍ਰਭਾਵਿਤ ਹੋਣ ਤੇ ਪ੍ਰਧਾਨ ਦੁਆਰਾ ਉਨ੍ਹਾਂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ‎,‎ ਪਿਤਾ-ਪੁੱਤਰ ਵਿਚਕਾਰ ਡੂੰਘੀ ਵਿੱਥ ਦੇ ਕਾਰਨ ਬਣਦੇ ਹਨ। ਫ਼ਲਸਰੂਪ ਪਰਿਵਾਰ ਇੱਕ ਹੋਰ ਵਾਰ ਟੁੱਟਦਾ ਹੈ ਤੇ ਸ਼ਮੇਸ਼ਰ ਸਿੰਘ ਪਤਨੀ ਸਮੇਤ ਇਸ ਪੁੱਤਰ ਤੋਂ ਵੀ ਅਲੱਗ ਇੱਕ ਬੇਸਮੈਂਟ ਕਿਰਾਏ ਤੇ ਲੈ ਕੇ ਰਹਿਣ ਲੱਗਦਾ ਹੈ। ਉਸ ਦੀ ਪਤਨੀ ਜਸਬੀਰ ਕੌਰ ਲਗਾਤਾਰ ਪੁੱਤਾਂ ਤੇ ਪਤੀ ਨਾਲ ਜੁੜੀ ਲਗਭਗ ਹਰ ਸੰਭਵ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰੰਤੂ ਪਤਨੀ ਦੁਆਰਾ ਔਲਾਦ ਦਾ ਪੱਖ ਲੈਣ‎,‎ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੰਡਾਉਣ ਤੇ ਸ਼ਮਸ਼ੇਰ ਸਿੰਘ ਪ੍ਰਤਿ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਉਹ ਅੰਗਰੇਜ਼ ਔਰਤ ਜੁਲੀ ਕਾਰਟਰ ਨਾਲ ਸੰਬੰਧ ਸਥਾਪਿਤ ਕਰ ਲੈਂਦਾ ਹੈ। ਉਸਦਾ ਅਜਿਹਾ ਵਿਵਹਾਰ ਉਸ ਨੂੰ ਪਤਨੀ ਸਮੇਤ ਪੂਰੇ ਪਰਿਵਾਰ ਦੀਆ ਨਜ਼ਰਾਂ ਵਿੱਚ ਦੋਸ਼ੀ ਬਣਾ ਦਿੰਦਾ ਹੈ। ਇਸ ਸਾਰੇ ਮਾਨਸਿਕ ਸੰਤਾਪ ਨੂੰ ਭੋਗਦਿਆਂ ਉਹ ਲਿਵਰ ਖਰਾਬ ਹੋ ਜਾਣ ਕਾਰਨ ਸਰੀਰਕ ਤੌਰ `ਤੇ ਵੀ ਰੋਗੀ ਬਣ ਜਾਂਦਾ ਹੈ।

ਅੰਤਰ-ਸਭਿਆਚਾਰਕ ਸੰਬੰਧਾਂ ਦੇ ਅੰਤਰਗਤ ਸ਼ਮਸ਼ੇਰ ਸਿੰਘ‎,‎ ਜੇਮਜ਼ ਤੇ ਜੁਲੀ ਦੀ ਆਪਸੀ ਸਾਂਝ ਨੂੰ ਦੇਖਿਆ ਜਾ ਸਕਦਾ ਹੈ। ਜੇਮਸ਼ ਨੂੰ ਲੇਖਕ ਨੇ ਇੱਕ ਰੋਲ ਮਾਡਲ ਵਜੋਂ ਚਿਤਰਿਆ ਹੈ। ਅਜਿਹਾ ਇਨਸਾਨ ਜੋ ਕੇਵਲ ਤੇ ਕੇਵਲ ਦੂਸਰਿਆਂ ਦੀ ਭਲਾਈ ਹਿੱਤ ਹੀ ਸੋਚਦਾ ਹੈ। ਇੱਕ ਪਾਸੇ ਉਹ ਆਪਣੇ ਕ੍ਰਾਂਤੀਕਾਰੀ ਸੁਭਾਅ ਕਾਰਨ ਦੋਹਰੀ ਨੀਤੀ ਵਾਲੇ ਲੀਡਰਾਂ ਤੇ ਮੈਨਜਮੈਂਟ ਨੂੰ ਅੱਖਰਦਾ ਹੈ ਤਾਂ ਦੂਸਰੇ ਪਾਸੇ ਸਾਥੀ ਕਾਮਿਆਂ ਦੀ ਪਸੰਦ ਬਣਦਾ ਹੋਇਆ ‘ਰੰਗਮੰਚੀ ਸੰਸਥਾ’ ਤੇ ‘ਚਿਲਡਰਨ ਕੇਅਰ ਸੈਂਟਰ’ ਆਦਿ ਰਾਹੀਂ ਲੋਕ ਭਲਾਈ ਦੇ ਕੰਮਾਂ ਨਾਲ ਜੁੜਿਆ ਹੋਇਆ ਹੈ। ਮਰਨ ਉਪਰੰਤ ਵੀ ਉਹ ਆਪਣਾ ਲਿਵਰ ਸ਼ਮਸ਼ੇਰ ਸਿੰਘ ਨੂੰ ਦਾਨ ਕਰ ਜਾਂਦਾ ਹੈ। ਸ਼ਮਸ਼ੇਰ ਸਿੰਘ ਨਾਲ ਵਿਚਾਰ-ਵਟਾਂਦਰੇ ਵਿੱਚੋਂ ਹੀ ਕਹਾਣੀ ਦਾ ਮੂਲ ਸਰੋਕਾਰ ਵੀ ਉਜਾਗਰ ਹੁੰਦਾ ਹੈ। ਅਜੋਕੇ ਮਨੁੱਖ ਦੀ ਗੁਆਚ ਚੁੱਕੀ ਸ਼ਨਾਖਤ ਬਾਰੇ ਉਹ ਕਹਿੰਦਾ ਹੈ‎,‎” ਸੋਚੇ ਤਾਂ ਜੇ ਉਹ ਆਪਣੇ ਆਪ `ਚ ਹੋਵੇ‎,‎ ਉਹ ਤਾਂ ਗੁਆਚ ਚੁੱਕੈ…ਆਪਣੇ ਕੇਂਦਰੀ ਧੁਰੇ ਨਾਲੋਂ ਟੁੱਟ ਚੁੱਕੈ।” 8

ਸਥਿਤੀ ਦੀ ਵਿਡੰਬਨਾ ਇਹ ਹੈ ਕਿ ਗੁਆਚੇ ਹੋਏ ਇਨ੍ਹਾਂ ਲੋਕਾਂ ਵਿੱਚ ਸ਼ਾਮਿਲ ਸ਼ਮਸ਼ੇਰ ਸਿੰਘ ਦੇ ਪਰਿਵਾਰਕ ਜੀਅ ਉਸ ਨੂੰ ਮਨਜਿੰਦਰ ਦੇ ਘਰ ਕੇਵਲ ਇਸ ਲਈ ਲੈ ਕੇ ਜਾਣਾ ਚਾਹੁੰਦੇ ਹਨ ਕਿਉਂਕਿ ਐਮ਼ ਪੀ਼ ਦੀ ਚੋਣ ਲੜ ਰਹੇ ਇਸ ਪਾਤਰ ਦਾ ਅਕਸ ਪਰਿਵਾਰਕ-ਮੁੱਲਾਂ ਦੇ ਮੁੱਦਈ‎,‎ ਮਾਪਿਆਂ ਦੀ ਸਾਂਭ-ਸੰਭਾਲ ਕਰ ਰਹੇ ਪੁੱਤਰ ਦੇ ਤੌਰ ਤੇ ਉਘਾੜਿਆ ਜਾ ਸਕੇ। ਉਸ ਦੀ ਬਿਮਾਰੀ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਦਿਖਾਈ ਦਿੰਦੀ। ਇਸੇ ਦੇ ਸਮਵਿੱਥ ਅਜਿਹੀਆਂ ਸੰਸਥਾਵਾਂ ਵੀ ਕਾਰਜਸ਼ੀਲ ਹਨ ਜੋ ਬਿਨਾਂ ਕਿਸੇ ਜਾਣ-ਪਹਿਚਾਣ‎,‎ ਸਾਂਝ‎,‎ ਰਿਸ਼ਤੇ ਦੇ ਲੋਕਾਂ ਦੀ ਮਦਦ ਕਰਦੀਆਂ ਹਨ। ਅਜਿਹੀ ਹੀ ਇੱਕ ਲਿਵਰ ਕੇਅਰ ਸੰਸਥਾ ਦੇ ਉਪਰਾਲੇ ਕਾਰਨ ਉਸ ਨੂੰ ਨਵਾਂ ਜੀਵਨ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਲੇਖਕ ਸ਼ਮਸ਼ੇਰ ਸਿੰਘ ਰਾਹੀਂ ਪੂੰਜੀਵਾਦੀ ਵਿਵਸਥਾ ਵਿੱਚ ਰਿਸ਼ਤਿਆਂ ਦੀ ਖੁਰ ਰਹੀ ਪਹਿਚਾਣ ਤੇ ਚਿੰਤਾ ਵਿਅਕਤ ਕਰਦਾ ਹੈ ਜਿਸ ਵਿੱਚ ਘਰ ਤੇ ਪਰਿਵਾਰ ਦੋਹਾਂ ਤੋਂ ਮਹਿਰੂਮ ਹੋ ਕੇ ਜਿਉਣਾ ਵਿਅਕਤੀ ਵੀ ਹੋਣੀ ਹੋ ਨਿਬੜਦਾ ਹੈ। ਇਸਦੇ ਨਾਲ ਹੀ ਕੈਨੇਡੀਅਨ ਪੰਜਾਬੀ ਸਮੁਦਾਇ ਵਿੱਚ ਬਜ਼ੁਰਗ ਪੀੜ੍ਹੀ ਦੀ ਹੋ ਰਹੀ ਅਵਹੇਲਨਾ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਪਰਵਾਸੀ ਪੰਜਾਬੀਆਂ ਦੁਆਰਾ ਆਪਣੀ ਸਮੁਦਾਇ ਤੇ ਮੁੱਖ ਸਮਾਜ ਵਿੱਚ ਸਥਾਪਤੀ ਦਾ ਜ਼ਰੀਆ ਕੇਵਲ ਪੂੰਜੀ ਇਕਤਰੀਕਰਣ ਨੂੰ ਹੀ ਸਮਝਣ ਦੀ ਭੁੱਲ ਨੂੰ ਉਜਾਗਰ ਕੀਤਾ ਗਿਆ ਹੈ। ਇਸ ਮਨੋਰਥ ਦੀ ਪੂਰਤੀ ਹਿੱਤ ਉਹ ਦੰਭ ਰਚਦੇ‎,‎ ਹਥਕੰਡੇ ਵਾਰਤਦੇ‎,‎ ਅਖੌਤੀ ਸੇਵਾ ਦਾ ਨਾਅਰਾ ਲਾਉਂਦੇ‎,‎ ਦੂਸ਼ਿਤ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕਰਦੇ ਦਿਖਾਈ ਦਿੰਦੇ ਹਨ।

ਸਮਾਜ-ਵਿਗਿਆਨ ਦੀ ਦ੍ਰਿਸ਼ਟੀ ਤੋਂ ਦੇਖਿਆਂ ਕੈਨੇਡਾ ਵਿੱਚ ਪਹਿੜੇ ਪੜਾਅ ਦੇ ਪਰਵਾਸੀ ਪੰਜਾਬੀ ਜਿਥੇ ‘ਅਪਾਰਥੀਡ’ ਦੇ ਮਾਡਲ ਨੂੰ ਗ੍ਰਹਿਣ ਕਰਦੇ ਹੋਏ ਪੱਛਮੀ ਸਭਿਆਚਾਰ ਦੀ ਮੁੱਖਧਾਰਾ ਨਾਲੋਂ ਤਕਰੀਬਨ ਅਲਹਿਦਾ ਹੋਣ ਲਈ ਮਜਬੂਰ ਸਨ ਉਥੇ ਅਜੋਕੇ ਸਮੇਂ ਵਿੱਚ ਮੁੱਖਧਾਰਾ ਦੇ ਲੋਕਾਂ ਨਾਲ ਵਿਵਹਾਰਕ ਤੇ ਸਮਾਜਿਕ ਸਾਂਝ ਸਥਾਪਿਤ ਕਰਦੇ ਦਿਖਾਈ ਦਿੰਦੇ ਹਨ। ਇਸਦੀ ਮਿਸਾਲ “ਸੜਕਾਂ” ਕਹਾਣੀ ਦੇ ਪਰਵਾਸੀ ਪੰਜਾਬੀ ਪਾਤਰ ਅਜੀਤ ਤੇ ਮੁੱਖਧਾਰਾ ਨਾਲ ਸੰਬੰਧਿਤ ਪਾਤਰ ਜੈਕ ਦੇ ਆਪਸੀ ਸੰਬੰਧਾਂ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹ ਦੋਵੇਂ ਪਾਤਰ ‘ਹੁੰਦਲ ਐਂਡ ਹੈਰੀਸਨ ਟਰਕਿੰਗ ਕੰਪਨੀ’ ਦੇ ਨਾਂ ਹੇਠ ਇਕੱਠੇ ਕਾਰੋਬਾਰ ਕਰਦੇ‎,‎ ਆਪਸੀ ਸਾਂਝ ਨਿਭਾਉਂਦੇ ਹੋਏ ਹਰੇਕ ਸੰਘਰਸ਼ ਤੇ ਚੁਣੌਤੀ ਦਾ ਵੀ ਇਕੱਠੇ ਸਾਹਮਣਾ ਕਰਦੇ ਹਨ। ਉਹ ਇਕ-ਦੂਸਰੇ ਦੇ ਸਭਿਆਚਾਰ ਦੀ ਇੱਜ਼ਤ ਕਰਦੇ‎,‎ ਉਸ ਨੂੰ ਸਮਝਣ ਦੀ ਜਗਿਆਸਾ ਰੱਖਦੇ ਅਤੇ ਸੰਕਟਮਈ ਸਥਿਤੀਆਂ ਸਮੇਂ ਇਕ-ਦੂਸਰੇ ਨੂੰ ਸਹਾਰਾ ਦਿੰਦੇ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਸਾਰੇ ਵਰਤਾਰੇ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੀ ਸਾਂਝ ਤੇ ਸ਼ਮੂਲੀਅਤ ਵੀ ਮਹੱਤਵਪੂਰਨ ਹੈ। ਇਸੇ ਸੰਦਰਭ ਵਿੱਚ ਹੀ ਸਿੱਖ ਧਰਮ `ਚ ਸੇਵਾ ਤੇ ਈਸਾਈ ਧਰਮ `ਚ ਚੈਰਿਟੀ ਦੇ ਸਿਧਾਂਤਾਂ ਵਿੱਚ ਉਨ੍ਹਾਂ ਨੂੰ ਸੁਮੇਲਤਾ ਨਜ਼ਰ ਆਉਂਦੀ ਹੈ। ਜਿਥੇ ਗੁਰਬਾਣੀ ਵਿੱਚ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਦਾ ਸੰਕਲਪ ਹੈ ਉਥੇ ਈਸਾਈ ਮਤ ਵਿੱਚ ‘ਲਵ ਇਜ਼ ਗੌਡ’ ਦੇ ਸੰਕਲਪ ਨੂੰ ਸਾਹਮਣੇ ਰੱਖਦੇ ਹਨ। ਇਸੇ ਤਰ੍ਹਾਂ ‘ਵੰਡ ਛਕੋ’ ਦੇ ਸਮਵਿੱਥ ਹੀ ਫੂਡ-ਬੈਂਕਾਂ ਦੇ ਮਨੋਰਥ ਨੂੰ ਪ੍ਰਗਟਾਉਂਦੇ ਹਨ।

ਅਜੀਤ ਸਿੰਘ ਦੇ ਪਰਵਾਸ ਧਾਰਨ ਕਰਨ ਦੀ ਪਿੱਠਭੂਮੀ ਵਿੱਚ ਸਕੇ ਭਰਾ ਤੇ ਮਾਪਿਆਂ ਦੇ ਸੁਆਰਥ ਤੇ ਜ਼ਿਆਦਤੀ ਭਰੇ ਵਿਵਹਾਰ ਨੂੰ ਕਾਰਨ ਵਜੋਂ ਦੇਖਿਆ ਜਾ ਸਕਦਾ ਹੈ। ਕੈਨੇਡਾ ਪਹੁੰਚਣ ਉਪਰੰਤ ਤੇ ਫਿਰ ਪਰਿਵਾਰ ਨੂੰ ਵੀ ਸਥਾਪਿਤ ਕਰਨ ਦੇ ਆਹਰ ਵਿੱਚ ਉਸਦਾ ਪੁੱਤ-ਨੂੰਹ (ਲੱਖੀ ਤੇ ਮੀਨੂ) ਪੱਛਮੀ ਜੀਵਨ-ਸ਼ੈਲੀ ਨੂੰ ਅਪਣਾਉਂਦੇ‎,‎ ਨਿੱਜੀ ਹਿੱਤਾਂ ਦੇ ਟਕਰਾਉ ਕਾਰਨ ਪਰਿਵਾਰ ਤੋਂ ਬਣਦਾ ਹਿੱਸਾ ਲੈ ਕੇ ਅਲਹਿਦਾ ਹੋ ਜਾਂਦੇ ਹਨ। ਪਰਵਾਸੀ ਪੰਜਾਬੀ ਮਾਪਿਆਂ ਨੂੰ ਦਰਪੇਸ਼ ਨਵੀਂ ਪੀੜ੍ਹੀ ਦੇ ਸੰਕਟ ਦੀ ਇਹ ਇੱਕ ਮਿਸਾਲ ਹੈ। ਅਮਰੀਕਨ ਡਰੀਮ ਦੀ ਪੂਰਤੀ ਵਿੱਚ ਉਸਦਾ ਸਾਥ ਛੋਟਾ ਪੁੱਤਰ ਕਰਨ ਦਿੰਦਾ ਹੈ। ਇਸ ਨਾਲ ਕਾਰੋਬਾਰ ਵਿੱਚ ਲਗਾਤਾਰ ਵਾਧਾ ਹੁੰਦਾ ਹੇ। ਪਰੰਤੂ ਤ੍ਰਾਸਦਿਕ ਸਥਿਤੀ ਉਸ ਸਮੇਂ ਉਤਪੰਨ ਹੁੰਦੀ ਹੈ ਜਦੋਂ ਕਰਨ ਇੱਕ ਸੜਕ ਹਾਦਸੇ ਵਿੱਚ ਬਾਕੀ ਸਾਥੀਆਂ ਨੂੰ ਬਹਾਦਰੀ ਦਾ ਪ੍ਰਗਟਾਵਾ ਕਰਦਾ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦਾ ਹੈ ਪਰ ਖ਼ੁਦ ਇਸਦੀ ਚਪੇਟ ਵਿੱਚ ਆ ਜਾਂਦਾ ਹੈ। ਕਰਨ ਦੀ ਇਸ ਬਹਾਦਰੀ ਬਦਲੇ ਮਰਨ ਉਪਰੰਤ ਉਸ ਨੂੰ ਕੈਨੇਡਾ ਸਰਕਾਰ ਮੈਡਲ ਆਫ਼ ਬਰੇਵਰੀ ਨਾਲ ਸਨਮਾਨਿਤ ਕਰਦੀ ਹੈ ਜੋ ਕਿ ਕੈਨੇਡੀਅਨ ਪੰਜਾਬੀ ਸਮੁਦਾਇ ਲਈ ਮਾਣ ਵਾਲੀ ਗੱਲ ਹੋ ਨਿਬੜਦੀ ਹੈ। ਇਸ ਸਮੇਂ ਵੀ ਜੈਕ ਉਨ੍ਹਾਂ ਦੀਆਂ ਭਾਵਨਾਵਾਂ ਵਿੱਚ ਸ਼ਾਮਿਲ ਹੁੰਦਾ ਕਹਿੰਦਾ ਹੈ:

“ਆਪਾਂ ਨੂੰ ਮਾਣ ਹੈ ਕਿ ਆਪਣਾ ਕਰਨ ਅੱਜ ਕਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ `ਚ ਚਲਾ ਗਿਐ।” 9

ਇਸ ਕਹਾਣੀ ਰਾਹੀਂ ਲੇਖਕ ਟਰਕਿੰਗ ਦੇ ਕਾਰੋਬਾਰ ਵਿੱਚ ਸ਼ਾਮਿਲ ਪਰਵਾਸੀ ਪੰਜਾਬੀਆਂ ਦੀਆਂ ਘਾਟਾਂ‎,‎ ਪ੍ਰਾਪਤੀਆ‎,‎ ਸੰਘਰਸ਼ ਤੇ ਚੁਣੌਤੀਆਂ ਦਾ ਬਾਖ਼ੂਬੀ ਚਿਤਰਨ ਕਰਦਾ ਹੈ। ‘ਸੜਕਾਂ’ ਮੈਟਾਫ਼ਰ ਦੇ ਤੌਰ ਤੇ ਪ੍ਰਯੋਗ ਹੋਇਆ ਹੈ ਜੋ ਪੂੰਜੀਵਾਦੀ ਦੀ ਵਿਵਸਥਾ ਵਿੱਚ ਇਕ-ਦੂਸਰੇ ਤੋਂ ਅੱਗੇ ਲੰਘਣ ਦੀ ਨਿਰੰਤਰ ਲੱਗੀ ਦੌੜ ਨੂੰ ਦਰਸਾਉਂਦਾ ਹੈ ਤੇ ਇਹ ਦੌੜ ਹੀ ਅਜੋਕੇ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣਕੇ ਰਹਿ ਗਈ ਹੈ।

“ਜਰਨੈਲ ਸਿੰਘ ਦੇ ਸਰੋਕਾਰਾਂ ਦਾ ਘੇਰਾ ਪਰਵਾਸੀ ਪੰਜਾਬੀਆਂ ਦੇ ਸਮਾਚਾਰਾਂ ਤੇ ਸਮੱਸਿਆਵਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਮਾਨਵਵਾਦੀ ਦ੍ਰਿਸ਼ਟੀ ਅਤੇ ਸ਼ੁੱਭ-ਭਾਵੀ ਚਿੰਤਕ ਜਰਨੈਲ ਸਿੰਘ ਨੂੰ ਕੈਨੇਡੀਅਨ ਸਮਾਜ ਅਤੇ ਉਸ ਤੋਂ ਵੀ ਅਗਾਂਹ ਸੰਸਾਰ ਦੇ ਮਸਲਿਆਂ ਨਾਲ ਜੋੜਦੇ ਹਨ ਜਿਸਦੀ ਮਿਸਾਲ “ਟਾਵਰਜ਼” ਅਤੇ “ਬਰਫ਼ ਦੇ ਦਰਿਆ” ਨਾਉਂ ਦੀਆਂ ਕਹਾਣੀਆਂ ਹਨ … ਉਹ ਮਹਿਜ਼ ਪਰਵਾਸੀ ਨਹੀਂ ਸਗੋਂ ਵਿਸ਼ਵ ਚੇਤਨਾ ਵਾਲੇ ਲੇਖਕ ਵਜੋਂ ਉੱਭਰਦਾ ਹੈ।” 10 ਪਰਵਾਸੀ ਪੰਜਾਬੀ ਗਲਪ ਸਾਹਿਤ ਵਿੱਚ ਪਹਿਲੀ ਵਾਰ 11 ਸਤੰਬਰ 2001 ਨੂੰ ਵਾਪਰੀ ਵਰਲਡ ਟਰੇਡ ਸੈਂਟਰ ਦੀ ਤਬਾਹੀ ਅਤੇ ਅਮਰੀਕਾ ਦੁਆਰਾ ਇਰਾਕ ਉੱਤੇ ਹਮਲੇ ਨੂੰ ਜਰਨੈਲ ਸਿੰਘ “ਟਾਵਰਜ਼” ਕਹਾਣੀ ਦਾ ਵਸਤੂ ਬਣਾਉਂਦਾ ਹੈ। ਲੇਖਕ ਇਨ੍ਹਾਂ ਘਟਨਾਵਾਂ ਦੀ ਪਿੱਠਭੂਮੀ ਵਿੱਚ ਕਾਰਜਸ਼ੀਲ ਵਿਭਿੰਨ ਰਾਜਨੀਤਕ‎,‎ ਧਾਰਮਿਕ‎,‎ ਆਰਥਿਕ ਨੀਤੀਆਂ ਤੋਂ ਪਰਦਾ ਉਠਾਉਂਦਾ ਹੋਇਆ ਆਮ ਨਾਗਰਿਕ ਤੇ ਇਨ੍ਹਾਂ ਦੇ ਪਏ ਮਾਰੂ ਪ੍ਰਭਾਵ ਨੂੰ ਮਾਨਵਵਾਦੀ ਦ੍ਰਿਸ਼ਟੀਕੋਣ ਤੋਂ ਚਿਤਰਦਾ ਹੋਇਆ ਵਿਸ਼ਵ-ਸ਼ਾਂਤੀ ਦਾ ਸੁਨੇਹਾ ਦਿੰਦਾ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਕਹਾਣੀ ਦੇ ਪਾਤਰ ਵਿਲੀਅਮ ਤੇ ਉਸ ਦੀ ਪਤਨੀ ਐਂਜਲਾ ਘੋਰ ਨਿਰਾਸ਼ਾ ਤੇ ਚਿੰਤਾ ਦੀ ਅਵਸਥਾ ਵਿੱਚੋਂ ਗੁਜ਼ਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਧੀ ਸਟੇਸੀ ਹਮਲੇ ਦਾ ਸ਼ਿਕਾਰ ਹੋਈ ਬਿਲਡਿੰਗ ਵਿੱਚ ਹੀ ਮਾਰੀ ਜਾਂਦੀ ਹੈ। ਉਨ੍ਹਾਂ ਦਾ ਪੁੱਤਰ ਡੈਨਿਸ ਜੋ ਕਹਾਣੀ ਦੇ ਆਰੰਭ ਵਿੱਚ ਇਰਾਕ ਵਿਰੁੱਧ ਅਮਰੀਕਨ ਜੰਗ ਦਾ ਫ਼ੌਜੀ ਹੈ ਲਾਪਤਾ ਦਿਖਾਈ ਦਿੰਦਾ ਹੈ ਅਤੇ ਅੰਤ ਇਸ ਜੰਗ ਵਿੱਚ ਹੀ ਉਸ ਦੀ ਮੌਤ ਦੀ ਸੂਚਨਾ ਵੀ ਪ੍ਰਾਪਤ ਹੋ ਜਾਂਦੀ ਹੈ। ਇਸ ਅਮਰੀਕੀ ਦੰਪੱਤੀ ਦੁਆਰਾ ਔਲਾਦ ਵਿਹੂਣੇ ਹੋ ਜਾਣ ਦੀ ਅਤਿ ਦੁਖਦਾਈ ਮਾਨਸਿਕ ਦਸ਼ਾ ਨੂੰ ਲੇਖਕ ਨੇ ਬਾਖ਼ੂਬੀ ਚਿਤਰਿਤ ਕੀਤਾ ਹੈ। ਕਹਾਣੀ ਵਿੱਚ ਹਰ ਸਮੇਂ ਉਹ ਔਲਾਦ ਦੇ ਜੀਵਨ ਵੇਰਵਿਆਂ ਦਾ ਸਿਮਰਨ ਕਰਦੇ ਤੇ ਵਾਸਤਵਿਕਤਾ ਦੇ ਸਨਮੁੱਖ ਹੁੰਦੇੋ ਹੋਏ ਸੰਤਾਪ ਭੋਗਦੇ ਦਿਖਾਈ ਦਿੰਦੇ ਹਨ। ਲੇਖਕ ਦਰਸਾਉਂਦਾ ਹੈ ਕਿ ਨਾਗਰਿਕ ਚਾਹੇ ਕਿਸੇ ਵੀ ਦੇਸ਼ ਦਾ ਹੋਵੇ ਅਜਿਹੀਆਂ ਮੰਦਭਾਗੀਆਂ ਸਥਿਤੀਆਂ ਦਾ ਸਾਹਮਣਾ ਆਮ ਇਨਸਾਨਾਂ ਨੂੰ ਹੀ ਕਰਨਾ ਪੈਂਦਾ ਹੈ। ਇੱਕ ਪਾਸੇ ਤਾਂ ਜਾਰਜ ਬੁਸ਼ ਤੇ ਟੋਨੀ ਬਲੇਅਰ ਇਰਾਕ-ਜੰਗ ਦੀ ਜਿੱਤ ਦੇ ਜਸ਼ਨ ਮਨਾ ਰਹੇ ਹਨ ਤੇ ਦੂਸਰੇ ਪਾਸੇ ਇਸ ਜੰਗ ਦੇ ਸ਼ਿਕਾਰ ਨਿਰਦੋਸ਼ ਅਮਰੀਕੀ ਤੇ ਇਰਾਕੀ ਲੋਕ ਆਪਣੀ ਹੋਣੀ ਤੇ ਹੰਝੂ ਵਹਾ ਰਹੇ ਹਨ। ਇਨ੍ਹਾਂ ਤ੍ਰਾਸਦਿਕ ਸਥਿਤੀਆਂ ਦੀ ਪੇਸ਼ਕਾਰੀ ਅਬਦੁੱਲ ਦੇ ਭਰਾ ਤੇ ਉਸ ਦੇ ਪਰਿਵਾਰ ਦੀ ਮੌਤ‎,‎ ਡੈਨਿਸ ਦੀ ਮੌਤ‎,‎ ਅਪਾਹਜ ਹੋ ਗਿਆ ਅਲੀ ਤੇ ਉਸ ਦੇ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਅਤੇ ਹਜ਼ਾਰਾਂ ਉਹ ਬੇਗੁਨਾਹ ਲੋਕ ਜੋ ਟਾਵਰਾਂ ਤੇ ਇਰਾਕ ਵਿੱਚ ਜੰਗ ਦੇ ਸ਼ਿਕਾਰ ਬਣ ਗਏ ਦੇ ਰੂਪ ਵਿੱਚ ਕੀਤੀ ਗਈ ਹੈ। ਇੱਥੇ ਇੱਕ ਪਾਸੇ ਤਾਂ ਟਾਵਰਾਂ ਤੇ ਹਮਲਾ ਅਤਿਵਾਦੀਆਂ ਦਾ ਅਤਿ ਘਿਨਾਉਣਾ ਕਾਰਾ ਦਿਖਾਈ ਦਿੰਦਾ ਹੈ ਓਥੇ ਦੂਸਰੇ ਪਾਸੇ ਅਮਰੀਕਾ ਦੁਆਰਾ ਦੂਸਰੇ ਮੁਲਕਾਂ ਦੀਆਂ ਅੰਦਰੂਨੀ ਤੇ ਬਾਹਰੀ ਲੜਾਈਆਂ ਵਿੱਚ ਨਿਭਾਈ ਜਾਣ ਵਾਲੀ ਗ਼ਲਤ ਭੂਮਿਕਾ ਵੀ ਸਪੱਸ਼ਟ ਹੁੰਦੀ ਹੈ। ਇਸ ਕਹਾਣੀ ਦੇ ਮਾਧਿਅਮ ਰਾਹੀਂ ਲੇਖਕ ਉਸ ਧਾਰਮਿਕ ਕੱਟੜਤਾ ਦੀ ਵਿਰੋਧਤਾ ਕਰਦਾ ਹੈ ਜੋ ਹਿੰਸਕ ਤੇ ਦਹਿਸ਼ਤੀ ਕਾਰਵਾਈਆਂ ਨੂੰ ਜਨਮ ਦਿੰਦੀ ਹੈ। ਧਰਮ ਦੇ ਅਖੌਤੀ ਰੱਖਿਅਕਾਂ ਦੀ ਵਿਚਾਰਧਾਰਾ `ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਾ ਉਹ ਲਿਖਦਾ ਹੈ:

“ਰੱਖਿਅਕਾਂ ਦਾ ਅਹੂਤੀ ਸਿਧਾਂਤ ਇਹ ਸੀ ਕਿ ਜੇਕਰ ਬੰਦਾ ਆਪਣੇ ਦੀਨ ਅਤੇ ਨਸਲ ਦੀ ਖ਼ਾਤਰ ਬਰੂਦ ਨਾਲ ਜਾਨ ਉੜਾਵੇ ਜਾਂ ਖ਼ੁਦ ਬਰੂਦ ਬਣੇ ਜਾਂ ਸਵੈ ਸਮੇਤ ਹੋਰਨਾਂ ਨੂੰ ਬਰੂਦ ਬਣਾਵੇ ਤਾਂ ਉਹ ਬਹਿਸ਼ਤੀਂ ਜਾ ਪਹੁੰਚਦੈ…਼ ਆਪਣੇ ਲਈ ਸਦੀਵੀ ਚਾਨਣ ਤੇ ਦੂਜਿਆਂ ਲਈ ਕਦੀ ਨ ਮੁੱਕਣ ਵਾਲੀਆਂ ਘੁੱਪ ਹਨੇਰੀਆਂ ਰਾਤਾਂ।” 11

ਜਰਨੈਲ ਸਿੰਘ ਅਮਰੀਕਾ ਦੀਆਂ ਦੋਹਰੀਆਂ ਨੀਤੀਆਂ ਤੋਂ ਵੀ ਪਰਦਾ ਉਠਾਉਂਦਾ ਹੈ ਕਿ ਇੱਕ ਪਾਸੇ ਤਾਂ ਅਮਰੀਕਾ ਅਤਿਵਾਦ ਵਿਰੋਧੀ ਹੋਣ ਦਾ ਦੰਭ ਰਚ ਰਿਹਾ ਹੈ ਤੇ ਦੂਸਰੇ ਪਾਸੇ ਅਤਿਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਨੂੰ ਆਪਣਾ ਭਾਈਵਾਲ ਵੀ ਬਣਾਉਂਦਾ ਹੈ। ਇਰਾਕ ਜੰਗ ਦੁਆਰਾ ਅਮਰੀਕਾ ਦੀ ਉਸਦੇ ਤੇਲ-ਭੰਡਾਰ ਤੇ ਕਾਬਜ਼ ਹੋਣ ਦੀ ਨੀਤੀ ਦਾ ਖੁਲਾਸਾ ਵੀ ਕਹਾਣੀ ਦਾ ਪਾਤਰ ਅਬਦੁਲ ਹਮੇਦੀ ਕਰਦਾ ਹੈ। ਉਸ ਅਨੁਸਾਰ ਬੇਸ਼ਕ ਅਮਰੀਕਾ ਲੋੜਵੰਦ ਮੁਲਕਾਂ ਦੀ ਮਦਦ ਕਰਦਾ ਹੈ ਪਰੰਤੂ ਉਸਨੂੰ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਰਾਕ ਵਿੱਚ ਅਮਰੀਕੀ ਨੀਤੀਆਂ ਤੇ ਉਹ ਤਿੱਖਾ ਵਿਅੰਗ ਕਰਦਾ ਕਹਿੰਦਾ ਹੈ:

“ਸਦਾਮ ਦੀ ਹਕੂਮਤ ਖ਼ਤਮ ਕਰਨ ਤੋਂ ਬਾਅਦ ਉੱਥੋਂ ਦੇ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਅਮਰੀਕਾ ਦੀ ਸੀ। ਇਹਦੀਆਂ ਫੌਜਾਂ ਤੇਲ ਦੇ ਖੂਹਾਂ ਦੀ ਰਾਖੀ ਤੇ ਤਾਂ ਡਟ ਗਈਆਂ ਪਰ ਸਾਡੀ ਸਭਿਅਤਾ ਦਾ ਖਜ਼ਾਨਾ‎,‎ ਸਾਡਾ ਅਜਾਇਬ ਘਰ ਸ਼ਰੇਆਮ ਲੁਟਾ ਦਿੱਤਾ … ਓਥੇ ਦੋ ਲੱਖ ਦੇ ਕਰੀਬ ਵਡਮੁੱਲੀਆਂ ਵਸਤਾਂ ਸਨ।” 12

ਲੇਖਕ ਕੈਨੇਡਾ ਦੀ ਇਸ ਜੰਗ ਤੋਂ ਦੂਰ ਰਹਿਣ ਦੀ ਨੀਤੀ ਬਾਰੇ ਜਾਣਕਾਰੀ ਦਿੰਦਾ‎,‎ ਅਮਰੀਕੀ ਸੂਹੀਆ ਏਜੰਸੀਆਂ ਦੀ ਕਾਰਗੁਜ਼ਾਰੀ `ਤੇ ਵਿਅੰਗ ਕਰਦਾ ਹੈ ਅਤੇ ਐਰਿਕ ਜਿਹੇ ਪਾਤਰਾਂ ਦੀ ਵਪਾਰਕ ਸੋਚ‎,‎ ਨਿਜੀ ਸੁਆਰਥ ਨੂੰ ਵੀ ਪ੍ਰਗਟਾਉਂਦਾ ਹੈ ਜੋ ਨਸਲਵਾਦੀਆਂ ਵੱਲੋਂ ਹੋਏ ਹਮਲਿਆਂ ਕਾਰਨ ਉਸ ਸਮੁਦਾਇ ਦੇ ਲੋਕਾਂ ਦੁਆਰਾ ਖਰੀਦੀਆਂ ਜਾ ਰਹੀਆਂ ਗੰਨਾਂ ਦੀ ਵਿਕਰੀ ਤੋਂ ਬਹੁਤ ਖੁਸ਼ ਹਨ। ਉਸ ਨੂੰ ਅਜਿਹੀਆਂ ਘਟਨਾਵਾਂ ਦੇ ਵਾਪਰਨ ਦਾ ਕੋਈ ਦੁੱਖ ਨਹੀਂ ਹੈ।

ਅਮਰੀਕਾ ਅਤੇ ਪਰਵਾਸੀਆਂ ਦੇ ਆਪਸੀ ਸੰਬੰਧਾਂ ਬਾਰੇ ਪ੍ਰਵਰਨ ਦੀ ਸਿਰਜਨਾ ਕਰਦਾ ਲੇਖਕ ਦਰਸਾਉਂਦਾ ਹੈ ਕਿ ਬੇਸ਼ੱਕ ਸਥਾਨਕ ਸਮਾਜ ਦੇ ਵਿਕਾਸ ਵਿੱਚ ਪਰਵਾਸੀ ਜ਼ਿਕਰਯੋਗ ਭੂਮਿਕਾ ਅਦਾ ਕਰ ਰਹੇ ਹਨ ਪਰੰਤੂ ਫਿਰ ਵੀ ਇਨ੍ਹਾਂ ਨੂੰ ਸ਼ੱਕ ਦੀ ਦ੍ਰਿਸ਼ਟੀ ਤੋਂ ਹੀ ਦੇਖਿਆ ਜਾਂਦਾ ਹੈ। ਅਜਿਹੀ ਹੀ ਸੋਚ ਦਾ ਪ੍ਰਦਰਸ਼ਨ ਕਰਦਾ ਇੱਕ ਪਾਤਰ 11 ਸਤੰਬਰ ਦੀ ਘਟਨਾ ਲਈ ਸਮੁੱਚੇ ਪਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਪ੍ਰਤੀਤ ਹੁੰਦਾ ਹੈ:

“ਇਮੀਗਰਾਂਟ ਸਾਡੇ ਨਾਲ ਕੰਮ ਕਰਦੇ ਨੇ‎,‎ ਪਾਰਟੀਆਂ `ਚ ਸਾਡੇ ਨਾਲ ਖਾਂਦੇ ਪੀਂਦੇ ਨੇ‎,‎ ਕੁੱਝ ਸਾਡੇ ਦੋਸਤ ਵੀ ਹੈਨ ਪਰ ਸਾਨੂੰ ਉਨ੍ਹਾਂ ਬਾਰੇ ਕੁੱਝ ਨਹੀਂ ਪਤਾ ਕਿ ਉਹ ਖ਼ੈਰਖ਼ਾਹ ਅਮਰੀਕਾ ਦੇ ਹਨ ਜਾਂ ਕਿਸੇ ਹੋਰ ਦੇਸ਼ ਦੇ… ਅਗਲਿਆਂ ਨੇ ਸਾਡੇ ਹੀ ਦੇਸ਼ `ਚ ਟਰੇਨਿੰਗਾਂ ਲਈਆਂ‎,‎ ਸਾਡੇ ਹੀ ਜਹਾਜ਼ਾਂ `ਤੇ ਬੰਦਿਆਂ ਨੂੰ ਬੰਬ ਬਣਾਇਐ… ਮੈਂ ਸਮਝਦਾਂ ਏਥੋਂ ਦੀ ਆਜ਼ਾਦੀ ਨੂੰ ਐਬਿਊਜ਼ ਕੀਤਾ ਗਿਆ।” 13

ਇਸ ਟਿੱਪਣੀ `ਤੇ ਕਿੰਤੂ-ਪਰੰਤੂ ਕਰਦਾ ਭਾਰਤੀ ਮੂਲ ਦਾ ਪਾਤਰ ਬਲਜਿੰਦਰ ਦਰਸਾਉਂਦਾ ਹੈ ਕਿ ਅਮਰੀਕਾ ਦੇ ਵਿਕਾਸ ਵਿੱਚ ਇਨ੍ਹਾਂ ਹੀ ਪਰਵਾਸੀਆਂ ਦੁਆਰਾ ਵਿਭਿੰਨ ਸਮੱਸਿਆਵਾਂ ਦੇ ਬਾਵਜੂਦ ਪਾਏ ਗਏ ਮਹੱਤਵਪੂਰਨ ਯੋਗਦਾਨ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦਾ ਹੈ:

“ਐਬਿਊਜ਼ ਕਰਨ ਵਾਲੇ ਹੈਗੇ ਨੇ ਪਰ ਬਹੁਤ ਥੋੜ੍ਹੇ‎,‎ ਐਵੇਂ ਨਾਂ-ਮਾਤਰ/ਆਮ ਇਮੀਗਰਾਂਟਸ ਅਮਰੀਕਾ ਲਈ ਸੁਹਿਰਦ ਨੇ। ਭਾਵੇਂ ਉਨ੍ਹਾਂ ਨੂੰ ਨਸਲਵਾਦ ਅਤੇ ਹੋਰ ਦੁਰਵਿਵਹਾਰਾਂ ਦਾ ਸ਼ਿਕਾਰ ਹੋਣਾ ਪੈਂਦੈ ਫਿਰ ਵੀ ਉਹ ਅਮਰੀਕਾ ਦੇ ਵਿਕਾਸ `ਚ ਭਰਵਾਂ ਯੋਗਦਾਨ ਪਾ ਰਹੇ ਹਨ… ਇਸਦੇ ਹਰ ਦੁੱਖ ਦੀ ਪੀੜ ਮਹਿਸੂਸ ਕਰਦੇ ਹਨ।” 14

ਇਸ ਕਹਾਣੀ ਦੇ ਅੰਤ ਵਿੱਚ ਲੇਖਕ ਜ਼ਿੰਦਗੀ ਦੀ ਨਿਰੰਤਰਤਾ ਵੱਲ ਸੰਕੇਤ ਕਰਦਾ ਹੋਇਆ‎,‎ ਆਸ਼ਾਵਾਦੀ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦਾ‎,‎ ਵਿਸ਼ਵ-ਸ਼ਾਂਤੀ‎,‎ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਦ੍ਰਿਸ਼ਟੀਗੋਚਰ ਹੁੰਦਾ ਹੈ।

“ਬਰਫ਼ ਤੇ ਦਰਿਆ” ਕਹਾਣੀ ਰਾਹੀਂ ਲੇਖਕ ‘ਪ੍ਰਦੂਸ਼ਣ ਰੋਕੋ ਸੰਸਥਾ’ ਦੇ ਰੂਪ ਵਿੱਚ ਵਿਕਾਸ ਦੀ ਆੜ ਹੇਠ ਉਤਰ-ਵਾਸੀਆਂ ਦੀ ਧਰਤੀ‎,‎ ਬਰਫ਼‎,‎ ਹਵਾ‎,‎ ਜਲਧਾਰਾ ਤੇ ਇਥੋਂ ਤਕ ਕਿ ਉਨ੍ਹਾਂ ਦੇ ਸਭਿਆਚਾਰ ਨੂੰ ਵੀ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ ਦੀ ਵਿਰੋਧਤਾ ਕਰਦਾ ਹੈ। ਇਸ ਪ੍ਰੋਜੈਕਟ ਸੰਬੰਧੀ ਜਿੱਥੇ ਇੱਕ ਧਿਰ ਦੀ ਧਾਰਨਾ ਹੈ ਕਿ ਇਸ ਨਾਲ ਇਲਾਕੇ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ‎,‎ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਪ੍ਰਾਪਤ ਹੋਣਗੇ ਉਥੇ ਦੂਸਰੀ ਧਿਰ ਜੋ ਇਸ ਪ੍ਰੋਜੈਕਟ ਦੀ ਵਿਰੋਧਤਾ ਕਰਦੀ ਹੈ ਦੀ ਧਾਰਨਾ ਹੈ ਕਿ ਸਰਦੀਆਂ ਵਾਸਤੇ ਬਰਫ਼ ਦੀਆਂ ਤੇ ਗਰਮੀਆਂ ਵਾਸਤੇ ਪਾਣੀ ਦੀਆਂ ਖੇਡਾਂ ਦੇ ਮਨੋਰੰਜਨ ਕੰਪਲੈਕਸ ਦੀ ਉਸਾਰੀ ਦੇ ਪਿਛੋਕੜ ਵਿੱਚ ਆਰਥਿਕ ਸੁਆਰਥ ਕਾਰਜਸ਼ੀਲ ਹਨ। ਇਨ੍ਹਾਂ ਸੰਬੰਧੀ ਇਸ ਐਕਸ਼ਨ ਕਮੇਟੀ ਦੀ ਸੈਕਰੇਟਰੀ ਟਰੇਸੀ ਪਰਦਾ ਉਠਾਉਂਦੀ ਕਹਿੰਦੀ ਹੈ:

“…ਇੰਪੀਰੀਅਲ ਇੰਟਰਪ੍ਰਾਈਜ਼ ਕੰਪਨੀ ਦਾ ਅਸਲ ਮੰਤਵ ਬਿਜ਼ਨਿਸ ਏ‎,‎ ਬਿਜ਼ਨਿਸ ਵੀ ਸ਼ੁਹਦਾ ਜਿਹਾ। ਖੇਡਾਂ ਦੀ ਓਟ ਵਿਚ‎,‎ ਕੰਪਨੀ ਅਮੀਰ ਲੋਕਾਂ ਦੇ ਹੌਲੀਡੇਇੰਗ ਵਾਸਤੇ ਅਯਾਸ਼ੀ ਦੇ ਅੱਡੇ ਬਣਾ ਕੇ ਡਾਲਰ ਕੁੱਟਣੇ ਚਾਹੁੰਦੀ ਏ। ਇਹੋ ਜਿਹਾ ਬਿਜ਼ਨਿਸ ਜੇ ਪ੍ਰਦੂਸ਼ਣ ਨਹੀਂ ਖਿਲਾਰੇਗਾ ਤਾਂ ਹੋਰ ਕੀ ਕਰੇਗਾ…।” 15

ਪੱਛਮੀ ਸਮਾਜ ਵਿੱਚ ਪਰਿਵਾਰਾਂ ਦੇ ਟੁੱਟਣ ਦੀ ਦਰ ਲਗਾਤਾਰ ਵਧਦੀ ਰਹੀ ਹੈ। ਕੇਵਲ ਕੈਨੇਡਾ ਦੀ ਉਦਾਹਰਣ ਹੀ ਦੇਖਣੀ ਹੋਵੇ ਤਾਂ ਤਲਾਕਾਂ ਦੀ ਗਿਣਤੀ ਜੋ 1968 ਈ਼ ਵਿੱਚ 11000‎,‎ ਸੀ 1990 ਈ਼ ਵਿੱਚ 78‎,‎ 000 ਤੱਕ ਵਧ ਗਈ। 16 ਪੱਛਮੀ ਸਮਾਜ ਵਿੱਚ ਮਾਂ-ਬਾਪ ਦੀ ਖੰਡਿਤ ਗ੍ਰਹਿਸਥੀ ਦਾ ਦੁਖਾਂਤ ਔਲਾਦ ਨੂੰ ਕਿਵੇਂ ਭੋਗਣਾ ਪੈਂਦਾ ਹੈ ਦੀ ਮਿਸਾਲ ਕਹਾਣੀ ਦੇ ਪਾਤਰਾਂ ਸੋਫ਼ੀਆਂ ਤੇ ਸ਼ੌਨ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ। ਨੌਂ ਸਾਲ ਦੀ ਸੋਫ਼ੀਆ ਦੀ ਮਾਂ ਉਸ ਦੇ ਪਿਤਾ ਨੂੰ ਛੱਡ ਕੇ ਆਪਣੇ ਨਾਲ ਕੰਮ ਕਰਦੇ ਡਾਰਲ ਨਾਲ ਵਿਆਹ ਕਰਵਾ ਲੈਂਦੀ ਹੈ। ਆਪਣੇ ਪਿਤਾ ਦੀ ਯਾਦ‎,‎ ਮਤਰਏ ਪਿਤਾ ਤੇ ਭੈਣ-ਭਰਾਵਾਂ ਦੁਆਰਾ ਉਸ ਪ੍ਰਤਿ ਪਿਆਰ ਵਿਹੂਣਾ ਵਿਵਹਾਰ ਉਸ ਦੀ ਸ਼ਖਸੀਅਤ ਵਿੱਚ ਹਮੇਸ਼ਾ ਲਈ ਇੱਕ ਖਲਾਅ ਪੈਦਾ ਕਰ ਜਾਂਦਾ ਹੈ। ਇਸਦੇ ਵਿਪਰੀਤ ਸੱਤ ਸਾਲਾਂ ਦੇ ਸ਼ੌਨ ਦਾ ਪਿਤਾ ਕਿਸੇ ਖ਼ੂਬਸੂਰਤ ਔਰਤ ਨਾਲ ਘਰ ਛੱਡ ਕੇ ਚਲਾ ਜਾਂਦਾ ਹੈ। ਉਸ ਦੀ ਪਰਵਰਿਸ਼ ਦਾਦੀ ਤੇ ਮਾਂ ਕਰਦੀਆਂ ਹਨ। ਉੱਚੇ ਵਿਚਾਰਾਂ ਦੀ ਧਾਰਨੀ‎,‎ ਪ੍ਰਕਿਰਤੀ ਨਾਲ ਮੋਹ ਰੱਖਣ ਵਾਲੀ ਅਧਿਆਪਕ ਮਾਂ ਦੀ ਐਕਸੀਡੈਂਟ ਵਿੱਚ ਮੌਤ ਉਪਰੰਤ ਉਹ ਮਾਂ-ਪਿਆਰ ਤੋਂ ਵੀ ਮਹਿਰੂਮ ਹੋ ਜਾਂਦਾ ਹੈ। ਕਹਾਣੀ ਦੇ ਇਹ ਦੋਵੇਂ ਪਾਤਰ ਸੋਫ਼ੀਆਂ ਤੇ ਸ਼ੌਨ ਸਕੂਲ ਸਮੇਂ ਤੋਂ ਹੀ ਇਕ-ਦੂਸਰੇ ਦੇ ਕਰੀਬ ਆ ਜਾਂਦੇ ਹਨ ਪਰੰਤੂ ਆਪਣੇ-ਆਪਣੇ ਪਿਛੋਕੜ ਦੇ ਖਾਲੀਪਨ ਨੂੰ ਚੁੱਕੀ ਫ਼ਿਰਦੇ ਇਨ੍ਹਾਂ ਪਾਤਰਾਂ ਵਿੱਚੋਂ ਸੋਫ਼ੀਆ ਸ਼ੌਨ ਦੇ ਸੱਚੇ ਪਿਆਰ ਨੂੰ ਠੁਕਰਾ ਕੇ ਪੈਸਾ ਤੇ ਪਿਆਰ ਦੋਨਾਂ ਦੀ ਪ੍ਰਾਪਤੀ ਹਿੱਤ ਡੀਨ ਨਾਲ ਪਿਆਰ ਗੰਢ ਲੈਂਦੀ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਸੋਫ਼ੀਆ ਦੇ ਸ਼ੌਨ ਦੋਵੇਂ ਹੀ ਆਪਣੇ ਪਿਆਰ ਵਿੱਚ ਅਸਫ਼ਲ ਰਹਿੰਦੇ ਹਨ। ਫਿਰ ਪਾਤਰ ਪੱਛਮੀ ਸਮਾਜ ਦੀ ਨੌਜੁਆਨ ਪੀੜ੍ਹੀ ਦੀ ਪ੍ਰਤਿਨਿਧਤਾ ਕਰਦੇ ਦਿਖਾਈ ਦਿੰਦੇ ਹਨ ਜੋ ਮਾਪਿਆਂ ਦੀ ਅਲਹਿਦਗੀ ਵਿੱਚ ਉਨ੍ਹਾਂ ਦੇ ਪਿਆਰ ਤੋਂ ਮਹਿਰੂਮ‎,‎ ਰਿਸ਼ਤਿਆਂ ਦੀ ਪਰਪੱਕਤਾ ਤੋਂ ਅਣਜਾਣ ਰਹਿੰਦੇ‎,‎ ਕਠੋਰ ਜੀਵਨ-ਸਥਿਤੀਆਂ ਤੇ ਆਪਣੀ ਹੋਂਦ ਨਾਲ ਜੁੜੇ ਸੁਆਲਾਂ ਨੂੰ ਹੱਲ ਕਰਨ ਤੋਂ ਅਸਮਰੱਥ ਰਹਿੰਦੇ ਅਖ਼ੀਰ ਨਸ਼ਿਆਂ ਦਾ ਸਹਾਰਾ ਲੈਂਦੇ ਹਨ।

ਪੱਛਮੀ ਸਮਾਜ ਵਿੱਚ ਅਣਵਿਆਹੀਆਂ ਮਾਵਾਂ ਦੀ ਗਿਣਤੀ ਵਿੱਚ ਵੱਡੇ ਪੱਧਰ `ਤੇ ਵਾਧਾ ਹੋ ਰਿਹਾ ਹੈ। ਇਕੱਲੇ ਵਾਸ਼ਿੰਗਟਨ ਵਿੱਚ 1997 ਦੇ ਅੰਕੜਿਆਂ ਅਨੁਸਾਰ ਵਿਆਹੀਆਂ ਦੀ ਨਿਸਬਤ ਜ਼ਿਆਦਾ ਬੱਚੇ ਅਣਵਿਆਹੀਆਂ ਮਾਵਾਂ ਦੁਆਰਾ ਜਨਮੇ ਗਏ। 17 ਇਸ ਸੰਦਰਭ ਵਿੱਚ ਪੱਛਮੀ ਸਮਾਜ ਵਿੱਚ ਔਰਤ ਨੂੰ ਪ੍ਰਾਪਤ ਹੱਕਾਂ ਦੀ ਤਰਜਮਾਨੀ ਇਨ੍ਹਾਂ ਸਿੰਗਲ-ਮਦਰਜ਼ ਨੂੰ ਉਪਲਬਧ ਸਰਕਾਰੀ ਸਹੂਲਤਾਂ ਤੋਂ ਸਹਿਜੇ ਹੀ ਹੋ ਜਾਂਦੀ ਹੈ। ਇਸ ਰਾਹੀਂ ਉਹ ਜ਼ਿੰਦਗੀ ਤੋਂ ਹਾਰਨ ਜਾਂ ਸਮਾਜ ਤੋਂ ਕਿਨਾਰਾ ਕਰਨ ਦੀ ਥਾਂ ਸਰਕਾਰੀ ਸਹਾਇਤਾ ਤੇ ਸਹੂਲਤਾਂ ਦਾ ਲਾਭ ਉਠਾਉਂਦੀਆਂ ਜ਼ਿੰਦਗੀ ਨੂੰ ਨਵੀਂ ਤਰੱਕੀ ਵੱਲ ਲੈ ਜਾਂਦੀਆਂ ਹਨ। ਭਾਵੇਂ ਕਿ ਇਸ ਜੁੜੇ ਕੁੱਝ ਨਾਂਹ-ਪੱਖੀ ਪਹਿਲੂਆਂ ਵੱਲ ਵੀ ਕਹਾਣੀ ਸੰਕੇਤ ਕਰਦੀ ਹੈ। ਪੱਛਮੀ ਔਰਤ ਦੇ ਹੱਕਾਂ ਦੀ ਰਾਖੀ ਸਥਾਨਕ ਕਾਨੂੰਨ ਵਿਵਸਥਾ ਵੀ ਕਰਦੀ ਹੈ। ਇਸਦੀ ਬਦੌਲਤ ਹੀ ਸੋਫ਼ੀਆ ਡੀਨ ਜਿਹੇ ਧੋਖੇਬਾਜ਼ ਪ੍ਰੇਮੀ ਤੋਂ ਆਪਣੇ ਤੇ ਆਪਣੀ ਧੀ ਦੇ ਹੱਕਾਂ ਦੀ ਪ੍ਰਾਪਤੀ ਲਈ ਅਦਾਲਤ ਜਾਣ ਲਈ ਤਤਪਰ ਹੈ। ਇਸ ਕਹਾਣੀ ਦਾ ਸਿਰਲੇਖ ਬਰਫ਼ ਤੇ ਦਰਿਆ ਦੋਨੋਂ ਪਾਤਰਾਂ ਸੋਫ਼ੀਆਂ ਤੇ ਸ਼ੌਨ ਦੇ ਵਿਅਕਤੀਤਵ ਦੀ ਪ੍ਰਤੀਕਾਤਮਕ ਰੂਪ ਵਿੱਚ ਤਰਜਮਾਨੀ ਕਰਦਾ ਹੈ। ਜਿਥੇ ਸੰਕਟਮਈ ਸਥਿਤੀਆਂ ਦਾ ਸਾਹਮਣਾ ਕਰਦੀ ਸੋਫ਼ੀਆ ਨੂੰ ਆਪਣੀ ਹੋਂਦ ੳਸ ਬਰਫ਼ ਵਰਗੀ ਪ੍ਰਤੀਤ ਹੁੰਦੀ ਹੈ ਜਿਸ ਨੇ ਇਧਰ-ਉਧਰ ਹਵਾ ਦੇ ਥਪੇੜੇ ਖਾਂਦੀ ਨੇ ਆਪਣਾ ਵਜੂਦ ਗੁਆ ਲੈਣਾ ਹੈ ਉਥੇ ਆਪਣੇ ਹੱਕਾਂ ਦੀ ਰਾਖੀ ਤੇ ਹੋਈ ਜ਼ਿਆਦਤੀ ਦਾ ਬਦਲਾ ਲੈਣ ਲਈ ਉਹ ਬਰਫ਼ ਦਾ ਤੂਫ਼ਾਨ ਬਣ ਜਾਣਾ ਚਾਹੁੰਦੀ ਹੈ। ਸ਼ੌਨ ਦਰਿਆ ਵਾਂਗ ਨਿਰੰਤਰ ਵਗਦੇ ਰਹਿਣ ਦਾ ਪ੍ਰਤੀਕ ਹੈ ਅਤੇ ਬਰਫ਼ ਦਾ ਪਾਣੀ ਵਿੱਚ ਤਬਦੀਲ ਹੋ ਕੇ ਦਰਿਆ ਦਾ ਹਿੱਸਾ ਬਣਨਾ ਅਖ਼ੀਰ ਦੋਵਾਂ ਦੇ ਆਪਸੀ ਸੰਬੰਧਾਂ ਦੀ ਘਨਿਸ਼ਠਤਾ ਤੇ ਪਰਪੱਕਤਾ ਨੂੰ ਦਰਸਾਉਂਦਾ ਹੈ।

ਇਸ ਤਰ੍ਹਾਂ ਇਹ ਕਹਾਣੀਆਂ ਪੰਜਾਬੀ ਡਾਇਸਪੋਰਾ ਦੀ ਰੂਪ-ਵਿਧੀ ਅਤੇ ਸੁਭਾਅ ਨੂੰ ਪਹਿਚਾਨਣ ਦਾ ਸਫ਼ਲ ਯਤਨ ਕਰਦੀਆਂ ਹਨ। ਕਹਾਣੀਕਾਰ ਦੀ ਵਿਸ਼ੇਸ਼ਤਾ ਇਸ ਤੱਥ `ਚ ਸਹਿਜੇ ਦੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ ਕਿ ਇਨ੍ਹਾਂ ਕਹਾਣੀਆਂ ਦਾ ਵਸਤੂ ਕੇਵਲ ਪਰਵਾਸੀ ਪੰਜਾਬੀ ਸਮੁਦਾਇ ਨੂੰ ਦਰਪੇਸ਼ ਸਮੱਸਿਆਵਾਂ ਤਕ ਸੀਮਤ ਨਾ ਰਹਿ ਕੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਨ ਵੱਲ ਰੁਚਿਤ ਹੈ। ਇਸ ਵਿੱਚੋਂ ਹੀ ਲੇਖਕ ਦੀ ਵਿਸ਼ਵ-ਚੇਤਨਾ ਉਭਰਦੀ ਹੈ ਤੇ ਇਹ ਕਹਾਣੀ-ਸੰਗ੍ਰਹਿ ਪਰਵਾਸੀ ਪੰਜਾਬੀ ਗਲਪ ਸਾਹਿਤ ਦੀ ਨਿਸ਼ਚੇ ਹੀ ਇੱਕ ਪ੍ਰਾਪਤੀ ਹੋ ਨਿਬੜਦਾ ਹੈ।

ਹਵਾਲੇ ਤੇ ਟਿੱਪਣੀਆਂ

1਼ ਜਰਨੈਲ ਸਿੰਘ‎,‎ ਟਾਵਰਜ਼‎,‎ ਚੇਤਨਾ ਪ੍ਰਕਾਸ਼ਨ‎,‎ ਲੁਧਿਆਣਾ‎,‎ 2005‎,‎ ਪੰਨਾ - 38਼

2਼ ਉਹੀ‎,‎ ਪੰਨਾ - 36਼

3਼ ਉਹੀ‎,‎ ਪੰਨਾ - 38਼

4਼ ਉਹੀ‎,‎ ਪੰਨਾ - 50਼

5਼ ਉਹੀ‎,‎ ਪੰਨਾ - 56਼

6਼ ਅਕਾਲ ਅੰਮ੍ਰਿਤ ਕੌਰ‎,‎ ਪੰਜਾਬੀ ਗਲਪ: ਪਰਵਾਸੀ ਸਭਿਆਚਾਰ‎,‎ ਗੁਰੂ ਨਾਨਕ ਦੇਵ ਯੂਨੀਵਰਸਿਟੀ‎,‎ 2006‎,‎ ਪੰਨਾ - 81

7਼ ਜਰਨੈਲ ਸਿੰਘ‎,‎ ਟਾਵਰਜ਼‎,‎ ਪੰਨਾ - 62਼

8਼ ਉਹੀ‎,‎ ਪੰਨਾ - 65਼

9਼ ਉਹੀ‎,‎ ਪੰਨਾ - 134਼

10਼ ਰਘਬੀਰ ਸਿੰਘ ਸਿਰਜਣਾ‎,‎” ਸਰਵਰਕ ਤੇ ਅੰਕਿਤ ਸ਼ਬਦ” (ਲੇਖਕ ਜਰਨੈਲ ਸਿੰਘ)‎,‎ ਟਾਵਰਜ਼।

11. ਜਰਨੈਲ ਸਿੰਘ‎,‎ ਟਾਵਰਜ਼‎,‎ ਪੰਨਾ - 24

12 ਉਹੀ‎,‎ ਪੰਨਾ - 32

13. ਉਹੀ‎,‎ ਪੰਨਾ - 27

14. ਉਹੀ‎,‎ ਪੰਨਾ - 27

15. ਉਹੀ‎,‎ ਪੰਨਾ - 98

16।ਭਹਅਗਅਟ ੰਨਿਗਹ‎,‎ ਛਅਨਅਦਅਿਨ ੋੰਚਇਟੇ ਅਨਦ ਛੁਲਟੁਰੲ‎,‎ ੜਕਿਅਸ ਫੁਬਲਸਿਹਨਿਗ ੍ਹੋੁਸੲ ਫਵਟ। ਼ਟਦ।‎,‎ ਂੲੱ ਧੲਲਹ‎,‎ਿ 1997‎,‎ ਫ। - 100।

17।ਓਰਕਿ ਘਰੋਨਸੲਟਹ‎,‎"ਠਹੲ ਾਂਅਮਲਿਅਿਲ ੀਨਸਟਟਿੁਟੋਿਨ : ਠਹੲ ੳਲਇਨਅਟੲਦ ਼ਅਬੋੁਰ ਪਰੋਦੁਚਨਿਗ ੳਪਪੲਨਦਅਗੲ"‎,‎ ੳਮੲਰਚਿਅਨ ੋੰਚਇਟੇ : ੳ ਚਰਟਿਚਿਅਲ ੳਨਅਲੇਸਸਿ‎,‎ ੲਦਟਿੲਦ ਬੇ ਼ਅਰਰੇ ਠ। ੍ਰਏਨੋਲਦਸ‎,‎ ਝਅਮੲਸ ੰ। ੍ਹੲਨਸਲਨਿ‎,‎ ਧਅਵਦਿ ੰਚਕਏ ਛੋਮਪਅਨੇ ੀਨਚ।‎,‎ ਂੲੱ ੈੋਰਕ‎,‎ ੰਅਰਚਹ 1974‎,‎ ਫ - 272।

Read 4278 times Last modified on Friday, 30 October 2009 14:32
ਅਕਾਲ ਅੰਮ੍ਰਿਤ ਕੌਰ (ਡਾ਼)