You are here:ਮੁਖ ਪੰਨਾ»ਗ਼ਜ਼ਲਾਂ»ਤੈਨੂੰ ਵੀ ਮਾਣ ਆਪਣਾ‎

ਲੇਖ਼ਕ

Friday, 30 October 2009 15:16

ਤੈਨੂੰ ਵੀ ਮਾਣ ਆਪਣਾ‎

Written by
Rate this item
(1 Vote)

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎

ਹੋਵਾਂ ਮੈਂ ਆ ਕੇ ਦੱਸ ਤੂੰ‎,‎ ਕਿਉਂਕਰ ਮੁਥਾਜ ਤੇਰਾ।

ਕਾਇਰ ਵੀ ਹੋਣੀਆਂ ਦੀ‎,‎ ਜਦ ਸਾਣ ਤੇ  ਹੈ ਚੜ੍ਹਦਾ‎,‎

ਬਣਦਾ ਉਦੋਂ ਹੈ ਉਸ ਦਾ‎,‎ ਫੌਲਾਦ ਜਿਹਾ ਜੇਰਾ।

ਚੇਤਨ ਮਨੁੱਖ ਹੀ ਤਾਂ‎,‎ ਜੀਵਨ ਦਾ ਹਾਣ ਬਣਦੇ‎,‎

ਪੈਰਾਂ `ਚ ਵਾਟ ਹੁੰਦੀ‎,‎ ਸੋਚਾਂ ਦੇ ਵਿੱਚ ਸੁਵੇਰਾ।

ਮੈਂ ਜਿੰਦਗੀ ਨੂੰ ਤੇਰਾ‎,‎ ਨਾਂ ਲੈ ਕੇ ਹਾਕ ਮਾਰੀ‎,‎

ਉੰਝ ਬੋਲਿਆ ਕੋਈ ਨਾ‎,‎ ਪਰ ਗੂੰਜਿਆ ਚੁਫੇਰਾ।

ਅੱਖਾਂ `ਚੋਂ ਨੀਂਦ ਖੋਈ‎,‎ ਜਦ ਤੋਂ ਵਿਹਾਜ ਆਇਆ‎,‎

ਹਾਸੇ‎,‎ ਜਿਨ੍ਹਾਂ ਦੇ ਨੈਣੀਂ‎,‎ ਹੰਝੂਆਂ ਦਾ ਹੈ ਬਸੇਰਾ।

ਸੋਚਾਂ `ਚ ਤੂੰ ਹੀ ਵਸਿਆ‎,‎ ਘੁੰਮ ਦੇਖਿਆ ਚੁਫੇਰਾ‎,‎

ਰਲ਼ਦਾ ਨਾ ਤੇਰੇ ਚਿਹਰੇ ਦੇ ਨਾਲ਼ ਕੋਈ ਚਿਹਰਾ।

ਝੂਠਾ ਜੇ ਸੱਚ ਬੋਲੇ‎,‎ ਮੰਨਦਾ ਨਾ ਸੱਚ ਕੋਈ‎,‎

ਸੱਚੇ ਦੇ ਝੂਠ ਦਾ ਵੀ‎,‎ ਵਿਸ਼ਵਾਸ ਹੈ ਘਨੇਰਾ।

ਤੈਨੂੰ ਹੀ ਯਾਦ ਕਰ-ਕਰ‎,‎ ਨ੍ਹੇਰਾ ਉਜਾਲਦਾ ਹਾਂ‎,‎

ਸੂਰਜ ਦੇ ਹੁੰਦਿਆਂ ਵੀ‎,‎ ਰਹਿੰਦਾ ਏ ਜਦ ਹਨ੍ਹੇਰਾ

ਸ਼ੀਸ਼ੇ `ਚ ਦੇਖਦਾ ਹਾਂ‎,‎ ਮੁੜ-ਮੁੜ ਕੇ ਦੇਖਦਾ ਹਾਂ‎,‎

ਮੈਂ ਦੇਖਦਾ ਹਾਂ ਜਦ ਵੀ‎,‎ ਦਿਸਦਾ ਏ ਅਕਸ ਤੇਰਾ।

ਉਸ ਥਾਂ ਤੇ ਹੀ ਖੜ੍ਹਾ ਹਾਂ‎,‎ ਜਿਸ ਥਾਂ ਤੂੰ ਆਖਿਆ ਸੀ‎,‎

ਮੈਂ ਬਿਰਛ ਬਣ ਗਿਆ ਹਾਂ‎,‎ ਤੂੰ ਮਾਰਿਆ ਨਾ ਫੇਰਾ।

ਮਾਣੇ ਖੁਸ਼ੀ ਗਮੀ ਵੀ‎,‎ ਹਾਮੀਂ ਸੰਘਰਸ਼ ਦਾ ਵੀ‎,‎

ਤੂੰ ਹੈਂ ਮੁਹੱਬਤਾਂ ਦਾ ਸੁਖਮਿੰਦਰਾ ਚਿਤੇਰਾ।

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎

ਹੋਵਾਂ ਮੁਥਾਜ ਤੇਰਾ‎,‎ ਕਿਉਂਕਰ ਮੁਥਾਜ ਤੇਰਾ।

Read 1471 times Last modified on Friday, 30 October 2009 15:34