You are here:ਮੁਖ ਪੰਨਾ»ਜੀਵਨੀਆਂ»ਇਕਬਾਲ ਰਾਮੂਵਾਲੀਆ»12 - ਮਾਸਟਰ ਭਰਪੂਰ ਸਿੰਘ

ਲੇਖ਼ਕ

Thursday, 17 December 2009 05:02

12 - ਮਾਸਟਰ ਭਰਪੂਰ ਸਿੰਘ

Written by
Rate this item
(2 votes)

ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ ਲਈ ਸੀ, ਤਾਂ ਬਲਵੰਤ ਡੀ ਐਮ ਕਾਲਜ ਮੋਗੇ ਵਿੱਚ ਬੀ ਏ ਕਰ ਰਿਹਾ ਸੀ। ਉਨ੍ਹੀ ਦਿਨੀਂ ਦਸਵੀਂ (ਮੈਟਰਿਕ) ਕਰਨ ਤੋਂ ਬਾਅਦ ਕਾਲਜ ਜਾਈਦਾ ਸੀ ਜਿੱਥੇ ਦੋ ਸਾਲ ‘ਚ ਐਫ ਏ ਤੇ ਅਗਲੇ ਦੋ-ਸਾਲਾ ਕੋਰਸ ਰਾਹੀਂ ਬੀ ਏ ਮੁਕੰਮਲ ਕੀਤੀ ਜਾਂਦੀ ਸੀ। ਗਾਇਕੀ ਲਈ ਬੁੱਕਿੰਗ ਦਾ ਹੜ੍ਹ ਹੀ ਆ ਜਾਣ ਕਰ ਕੇ ਮੇਰੇ ਅਤੇ ਰਛਪਾਲ ਲਈ ਸਕੂਲ ਜਾਰੀ ਰੱਖਣਾ ਉੱਕਾ ਹੀ ਨਾ-ਮੁਮਕਿਨ ਹੋ ਗਿਆ। ਬਲਵੰਤ ਨੇ ਆਪਣੇ ਪ੍ਰੋਫ਼ੈਸਰਾਂ ਦੀ ਹਮਦਰਦੀ ਇਹ ਆਖ ਕੇ ਹਾਸਲ ਕਰ ਲਈ ਸੀ ਕਿ ਘਰ ਦੀਆਂ ਆਰਥਿਕ ਤੰਗੀਆਂ ਨਾਲ਼ ਜੂਝਣ ਲਈ ਉਸ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਗਾਇਕੀ ਵੀ ਕਰਨੀ ਪੈਣੀ ਹੈ। ਪ੍ਰੋਫ਼ੈਸਰ ਉਸ ਦੇ ਲੈਕਚਰ ਪੂਰੇ ਕਰ ਕੇ ਉਸ ਨੂੰ ਇਮਤਿਹਾਨ ਲਈ ਯੋਗ ਕਰਾਰ ਦੇਈ ਰਖਦੇ। ਹਫ਼ਤੇ ‘ਚ ਤਿੰਨ-ਤਿੰਨ, ਚਾਰ-ਚਾਰ ਦਿਨ ਦੂਰ-ਦੂਰ ਗਾਇਕੀ ਕਰਨ ਜਾਣ ਕਾਰਨ, ਬਾਪੂ ਨੂੰ ਮੇਰੀ ਤੇ ਰਛਪਾਲ ਦੀ ਪੜ੍ਹਾਈ ਵਿੱਚ ਪੈ ਰਹੇ ਅਟਕਾਅ ਦਾ ਫ਼ਿਕਰ ਤਾਂ ਸੀ, ਪਰ ਨਾਲ਼ ਹੀ, ਪੜ੍ਹਾਈ ਜਾਰੀ ਰੱਖਣ ਦੀ ਸੂਰਤ ‘ਚ, ਸਾਡੇ ਵੱਲੋਂ ਕਮਾਏ ਜਾਣ ਵਾਲ਼ੇ ਹਜ਼ਾਰਾਂ ਰੁਪਏ (ਜੋ ਅੱਜ ਦੇ ਲੱਖਾਂ ਦੇ ਬਰਾਬਰ ਸਨ) ਗੁਆਚਦੇ ਵੀ ਨਜ਼ਰ ਆ ਰਹੇ ਸਨ। ਇਸ ਲਈ ਬਾਪੂ, ਸਾਡੇ ਵੱਲੋਂ ਗਾਇਕੀ ਰਾਹੀਂ ਕਮਾਏ ਰੁਪਿਆਂ ਦੇ ਥੱਬੇ ਦੇਖ ਕੇ ਖਿੜ ਉੱਠਦਾ, ਪਰ ਤੁਰਤ ਹੀ ਸਾਡੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਸੋਚਦਿਆਂ ਡੂੰਘੀ ਚਿੰਤਾ ‘ਚ ਵੀ ਲਹਿ ਜਾਂਦਾ।

ਇਨ੍ਹੀ ਦਿਨੀਂ ਹੀ ਉਸ ਨੂੰ ਕਿਸੇ ਨੇ ਪੱਟੀ ਪੜ੍ਹਾ ਦਿੱਤੀ ਪਈ ਇਕਬਾਲ-ਰਛਪਾਲ ਆਪਣੀ ਪੜ੍ਹਾਈ ਤਾਂ ਦੋ-ਚਾਰ ਸਾਲ ਅਟਕ ਕੇ ਵੀ ਕਰ ਸਕਦੇ ਨੇ, ਪ੍ਰੰਤੂ ਉਨ੍ਹਾਂ ਦੀਆਂ ਛੋਟੀਆਂ ਉਮਰਾਂ ਕਾਰਨ ਉਨ੍ਹਾਂ ਨੂੰ ਮਿਲ਼ ਰਹੀ ਅੰਤਾਂ ਦੀ ਸ਼ੋਹਰਤ ਸ਼ਾਇਦ ਬਹੁਤਾ ਚਿਰ ਜੀਵਤ ਨਾ ਰਹਿ ਸਕੇ। ਇਸ ਲਈ ਚੋਟੀ ‘ਤੇ ਪਹੁੰਚੀ ਇਨ੍ਹਾਂ ਦੀ ਮਕਬੂਲੀਅਤ ਦਾ ਆਰਥਿਕ ਲਾਹਾ ਲੈ ਲੈਣਾ ਚਾਹੀਦਾ ਹੈ। ਬਾਪੂ ਕਹੇ ਮੈਂ ਮੁੰਡਿਆਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਫ਼ਸਰ ਬਣਾਉਣ ਦਾ ਸੁਪਨਾ ਪਾਲ਼ੀ ਬੈਠਾ ਆਂ, ਪਰ ਦੱਸਣ ਵਾਲ਼ੇ ਨੇ ਇਹ ਚਕੂੰਧਰ ਵੀ ਛੱਡ ਦਿੱਤੀ ਪਈ ਸਕੂਲਾਂ ‘ਚ ਪੜ੍ਹਾਉਣ ਦੀ ਥਾਂ ਮੁੰਡਿਆਂ ਨੂੰ ਪ੍ਰਾਈਵੇਟ ਹੀ ‘ਬੁੱਧੀਮਾਨੀ’ ਤੇ ‘ਗਿਆਨੀ’ ਕਰਾ ਕੇ ‘ਲੁਕਵੀਆਂ ਗਲ਼ੀਆਂ’ ਰਾਹੀਂ ਬੀ ਏ ਕਰਨ ਵੱਲ ਵਧਾਇਆ ਜਾ ਸਕਦਾ ਹੈ। ਫ਼ੈਸਲਾ ਹੋਇਆ ਕਿ ਦੋ ਤਿੰਨ ਸਾਲਾਂ ਲਈ ਸਕੂਲ ਤਿਆਗ ਕੇ ਗਾਇਕੀ ਲਈ ਧੜਾ-ਧੜ ਆ ਰਹੀ ਬੁੱਕਿੰਗ ਦਾ ਲਾਭ ਉਠਾਅ ਲਿਆ ਜਾਵੇ ਤੇ ਨਾਲ਼ ਦੀ ਨਾਲ਼ ‘ਬੁੱਧੀਮਾਨੀ’ ਦੀਆਂ ਕਿਤਾਬਾਂ ਪੜ੍ਹ ਕੇ ‘ਗਿਆਨੀ’ ਪਾਸ ਕਰਨ ਦਾ ਰੂਟ ਅਖ਼ਤਿਆਰ ਕਰ ਲਿਆ ਜਾਵੇ।

ਮੇਰੇ ਤੇ ਰਛਪਾਲ ਦੇ ਬਸਤਿਆਂ ਉੱਪਰ ਧੂੜ ਜੰਮਣ ਲੱਗੀ। ਸਿਆਹੀ ਵਾਲ਼ੀ ਦਵਾਤ ਸੁੱਕਣ ਲੱਗੀ। ਪੈੱਨਾਂ ਦੀਆਂ ਨਿੱਬਾਂ ਖ਼ਾਮੋਸ਼ ਹੋ ਗਈਆਂ। ਮੋਗੇ ਦੇ ਕਰਤਾਰ ਬੁੱਕ ਡਿਪੋ ਤੋਂ ਬੁੱਧੀਮਾਨੀ ਦੀਆਂ ‘ਸੈਕੰਡ-ਹੈਂਡ’ ਕਿਤਾਬਾਂ ਖ਼ਰੀਦ ਲਈਆਂ ਗਈਆਂ। ਉਨ੍ਹਾਂ ਦਿਨਾਂ ‘ਚ ਕਾਰਾਂ ਐਵੇਂ ਵਿਰਲੀਆਂ-ਵਿਰਲੀਆਂ ਤੇ ਸਿਰਫ਼ ਅਮੀਰ ਟੱਬਰਾਂ ਦੀ ਪਹੁੰਚ ਵਿੱਚ ਹੀ ਹੁੰਦੀਆਂ ਸਨ, ਇਸ ਲਈ ਗਾਇਕੀ ਦੇ ਨੇੜੇ-ਨੇੜੇ ਦੇ ਪ੍ਰੋਗਰਾਮਾਂ ਲਈ ਅਸੀਂ ਸਾਈਕਲਾਂ ਨੂੰ ਥਾਪੀ ਦੇਂਦੇ, ਅਤੇ ਦੂਰ ਦਾ ਸਫ਼ਰ ਬਸਾਂ ਜਾਂ ਰੇਲ-ਗੱਡੀਆਂ ਰਾਹੀਂ ਕਰਦੇ। ਬਾਪੂ ਨੇ ਹੁਕਮ ਕੀਤਾ: ਬਸਾਂ-ਰੇਲਾਂ ਦੇ ਸਫ਼ਰ ‘ਚ ਵਿਹਲੇ ਬੈਠਣ ਦੀ ਥਾਂ ਕਿਤਾਬਾਂ ਪੜ੍ਹੋ; ਗਾਇਕੀ ਦਾ ਪ੍ਰੋਗਰਾਮ ਤਾਂ ਦਿਨ ‘ਚ ਵੱਧ ਤੋਂ ਵੱਧ ਤਿੰਨ ਘੰਟੇ ਲਈ ਕਰਨਾ ਹੁੰਦਾ ਹੈ, ਇਸ ਲਈ, ਅੱਗੋਂ-ਪਿੱਛੋਂ ਦੇ ਸਮੇਂ ਦੌਰਾਨ, ਕਿਤਾਬਾਂ ‘ਚ ਗੁਆਚੋ!

ਬਾਪੂ ਦਾ ਨੁਸਖ਼ਾ ਤਾਂ ਧਨੰਤਰੀ ਸੀ, ਪਰ ਅਪਨਾਉਣਾ ਏਨਾ ਸੌਖਾ ਨਹੀਂ ਸੀ। ਸਾਈਕਲਾਂ ਦੇ ਸਫ਼ਰ ਦੌਰਾਨ ਕਿਤਾਬਾਂ ਪੜ੍ਹਨ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਹਰੇਕ ਰੂਟ ‘ਤੇ ਘੰਟੇ, ਪੌਣੇ ਘੰਟੇ ਦੀ ਉਡੀਕ ਬਾਅਦ ਚੱਲਣ ਵਾਲ਼ੀਆਂ ਬਸਾਂ ਆਮ ਤੌਰ ‘ਤੇ ਤੂੜੀ ਵਾਲ਼ੇ ਟਰੱਕ ਵਾਂਗ ਸਵਾਰੀਆਂ ਨਾਲ਼ ਤੂੜੀਆਂ ਹੁੰਦੀਆਂ; ਬਹੁਤੀ ਵਾਰੀ ਤਾਂ ਬਸਾਂ ਦੀਆਂ ਛੱਤਾਂ ਨੀਵੀਆਂ ਹੋਣ ਕਾਰਨ ਕਈ ਕਈ ਮੀਲ ਕੁੱਬੇ ਹੋ ਕੇ ਹੀ ਖੜ੍ਹਨਾਂ ਪੈਂਦਾ। ਅਗਰ ਕਿਤੇ ਭੁੱਲ-ਭੁਲੇਖੇ ਸੀਟ ਨਸੀਬ ਹੋ ਜਾਂਦੀ ਤਾਂ ਵਾਰ ਵਾਰ ਰੁਕਦੀ-ਤੁਰਦੀ ਤੇ ਸੜਕ ਤੋਂ ਆਸੇ-ਪਾਸੇ ਬੁਰਕ ਮਾਰਦੀ ਬਸ ਦੇ ਡਿੱਕ-ਡੋਲਿਆਂ ਨਾਲ਼ ਕਿਤਾਬਾਂ, ਹੱਥਾਂ ‘ਚੋਂ ਖਿਸਕ ਕੇ, ਪੈਰਾਂ ‘ਚ ਜਾ ਡਿਗਦੀਆਂ। ਅਕਸਰ ਹੀ ਕੁੱਝ ਕੁ ਮੀਲ ਦੇ ਸਫ਼ਰ ਬਾਅਦ ਹੀ ਊਂਘ ਆਉਣ ਲੱਗ ਜਾਂਦੀ ਤੇ ਮੱਥਾ ਅਗਲੀ ਸੀਟ ਦੀ ਢੋਅ ਨਾਲ਼ ਜਾ ਵਜਦਾ। ਗਾਇਕੀ ਦੇ ਬਹੁਤੇ ਪ੍ਰੋਗਰਾਮ ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ‘ਚ ਦੂਰ-ਦੁਰੇਡੇ ਖਿੰਡੇ ਪਿੰਡਾਂ ‘ਚੋਂ ਆਉਂਦੇ। ਅਸੀਂ ਬਠਿੰਡੇ ਤੋਂ ਦੂਰ ਕਿਸੇ ਸਟੇਸ਼ਨ ‘ਤੇ ਉੱਤਰਦੇ ਜਿੱਥੋਂ ਅੱਗੇ ਪਿੰਡ ‘ਚ ਜਾਣ ਲਈ ਸਾਡੇ ਮੇਜ਼ਬਾਨਾਂ ਵੱਲੋਂ ਸਾਡੇ ਲਈ ਊਠ ਭੇਜੇ ਹੁੰਦੇ। ਊਠਾਂ ਦੀਆਂ ਕਾਠੀਆਂ ‘ਤੇ ਟੁੰਗੇ, ਰੇਤੇ ਅਤੇ ਟਿੱਬਿਆਂ ਦਾ ਕਈ ਕਈ ਕੋਹਾਂ ਦਾ ਰਸਤਾ ਮਾਪਦੇ, ਅਸੀਂ ਟਿਕਾਣੇ ਪਹੁੰਚਦੇ ਤੇ ਢਾਈ-ਤਿੰਨ ਘੰਟੇ ਲੰਮਾਂ ਗਾਇਕੀ ਦਾ ਪ੍ਰੋਗਰਾਮ ਕਰ ਕੇ, ਅੱਵਲ ਤਾਂ ਰਾਤ ਨੂੰ ਹੀ ਅਗਲੀ ਮੰਜ਼ਿਲ ਵੱਲ ਚਾਲੇ ਪਾ ਦਿੰਦੇ ਤੇ ਜਾਂ ਫਿਰ ਅਗਲੀ ਸਵੇਰ ਦੇ ਸੂਰਜ ਚੜ੍ਹਦੇ ਨੂੰ ਊਠਾਂ ਰਾਹੀਂ ਕਈ ਮੀਲਾਂ ਤੈਅ ਕਰਕੇ ਵਾਪਿਸ ਰੇਲਵੇ ਸਟਸ਼ਨ ‘ਤੇ ਆ ਸਿਰ ਕਢਦੇ। ਇਸ ਲਈ ਕੁੱਝ ਕੁ ਦਿਨਾਂ ‘ਚ ਹੀ ਬੁੱਧੀਮਾਨੀ ਦੀਆਂ ਕਿਤਾਬਾਂ, ਚਮੜੇ ਦੇ ਬੈਗ਼ਾਂ ‘ਚ ਪੱਕੇ ਤੌਰ ‘ਤੇ ਸੌਂ ਗਈਆਂ।

ਬੁੱਕਿੰਗ ਦੀ ਝੜੀ ਏਨੀ ਭਰਵੀਂ ਲੱਗਣ ਲੱਗ ਪਈ ਕਿ ਹਫ਼ਤੇ ਦਾ ਐਵੇਂ ਇੱਕ-ਅੱਧਾ ਦਿਨ ਹੀ ਖ਼ਾਲੀ ਰਹਿੰਦਾ। ਅੱਜ ਜੇ ਕੋਟਕਪੂਰੇ ਦੇ ਕਿਸੇ ਪਿੰਡ ‘ਚ ਗਾਇਕੀ ਹੋ ਰਹੀ ਹੁੰਦੀ ਤਾਂ ਅਗਲੇ ਦਿਨ ਬਰਨਾਲ਼ੇ ਦੇ ਆਸ-ਪਾਸ ਤੇ ਉਸ ਤੋਂ ਅਗਲੇਰੇ ਦਿਨ ਫ਼ੀਰੋਜ਼ਪੁਰ ਦੀ ਵੱਖੀ ‘ਚ। ਖ਼ਾਨਾਬਦੋਸ਼ੀ ਦੇ ਇਸ ਜੀਵਨ ‘ਚ ਸਫ਼ਰ ਹੀ ਸਫ਼ਰ ਸੀ।। ਬੈਗ਼ਾਂ ‘ਚ ਵੱਧ ਤੋਂ ਵੱਧ ਤਿੰਨ ਕੁੜਤੇ-ਪਜਾਮੇ ਹੀ ਸਮਾਉਂਦੇ ਸਨ, ਇਸ ਲਈ ਇੱਕੋ ਹੀ ਕੁੜਤਾ ਉਦੋਂ ਤੀਕ ਸਰੀਰ ਨੂੰ ਅਲਵਿਦਾ ਨਾ ਕਹਿੰਦਾ ਜਦ ਤੀਕ ਮੈਲ਼ ਉਸ ਦੇ ਕਾਲਰਾਂ ‘ਚੋਂ ਦੁਹਾਈਆਂ ਪਾਉਣ ਨਾ ਲੱਗ ਜਾਂਦੀ। ਕਈ ਵਾਰ ਦੋ ਦੋ ਹਫ਼ਤੇ ਪਿੰਡ ਜਾਣ ਦੀ ਫ਼ੁਰਸਤ ਨਾ ਮਿਲ਼ਦੀ, ਤੇ ਬੇਬੇ ਕਾਲ਼ਜਾ ਫੜ ਕੇ ਸਾਨੂੰ ਉਡੀਕਦੀ ਰਹਿੰਦੀ।

ਅਕਸਰ ਹੀ ਰਾਤ ਦਾ ਵਿਸਰਾਮ ਬਠਿੰਡੇ ਕਰਨਾ ਪੈਂਦਾ। ਉੱਥੇ ਰੇਲਵੇ ਸਟੇਸ਼ਨ ਦੇ ਨੇੜੇ ਹੀ, ਇੱਕ ਢਾਬੇ ਉੱਪਰਲੇ ਇੱਕ ਵਿਸ਼ਾਲ ਚੌਬਾਰੇ ‘ਚ ‘ਹਿੰਮਤ’ ਨਾਮ ਦਾ ਵਿਅਕਤੀ ਇੱਕ ਸਰਾਂ ਚਲਾਉਂਦਾ ਸੀ। ਛੋਟੀ ਉਮਰ ‘ਚ ਹੀ ਕਿਰ ਗਏ ਸਾਰਿਆਂ ਦੰਦਾਂ ਵਾਲ਼ੇ, ਅੱਧਖੜ ਉਮਰ ਵਾਲ਼ੇ ਇਸ ਬਾਣੀਏਂ ਨੇ ਇਸ ਵੱਡ-ਅਕਾਰੀ ਚੌਬਾਰੇ ਨੂੰ, ਪਲਾਈ ਦੀਆਂ ਚਾਦਰਾਂ ਨਾਲ਼ ਵੀਹ-ਬਾਈ ਨਿੱਕੇ ਨਿੱਕੇ ਕੈਬਨਾਂ ਵਿੱਚ ਵੰਡ ਕੇ ਉਨ੍ਹਾਂ ‘ਚ ਇੱਕ, ਇੱਕ ਮੰਜਾ ਡਹਿਆ ਹੋਇਆ ਸੀ। ਕੈਬਨਾਂ ਉੱਪਰ ਛੱਤਾਂ ਦੀ ਅਣਹੋਂਦ ਕਾਰਨ ਚੌਬਾਰੇ ਦੀਆਂ ਛੱਤਾਂ ਨਾਲ਼ ਲਮਕਦੇ ਵੱਡੇ-ਵੱਡੇ ਫਰਾਂ ਵਾਲ਼ੇ ਤਿੰਨ, ਚਾਰ ਮੁੱਦਤ-ਪੁਰਾਣੇ ਪੱਖੇ ਕੈਬਨਾਂ ‘ਚ ਠਹਿਰੇ ਮੁਸਾਫ਼ਰਾਂ ਨੂੰ ਹਵਾ ਦੇਣ ਦੇ ਨਾਲ਼ ਖੜੱਕ ਖੜੱਕ ਦੀ ਅਵਾਜ਼ ਵੀ ਸੁਣਾਉਂਦੇ ਸਨ। ਕੈਬਿਨਾਂ ਵਿਚਕਾਰਲੀ ਪਲਾਈ ਏਨੀ ਮਹੀਨ ਸੀ ਕਿ ਨਾਲ਼ ਦੇ ਕੈਬਿਨ ‘ਚ ਸੁੱਤੇ ਮੁਸਾਫ਼ਰ ਦਾ ਸਾਹ ਵੀ ਸਾਫ਼ ਸੁਣਾਈ ਦੇਂਦਾ ਸੀ। ਗਰਮੀਆਂ ਦੇ ਦਿਨੀਂ ਉੱਪਰ ਲੈਣ ਲਈ ਮੈਲ਼ੀਆਂ-ਕੁਚੈਲ਼ੀਆਂ ਚਾਦਰਾਂ ਮਿਲ਼ਦੀਆਂ ਤੇ ਸਰਦੀਆਂ ਨੂੰ ਫਟੇ-ਪੁਰਾਣੇ ਕੰਬਲ਼। ਚੌਬਾਰੇ ਦੇ ਅੰਦਰ ਹੀ ਇੱਕ ਨੁੱਕਰੇ ਕੈਬਿਨ ਉਸਾਰ ਕੇ ਛੇ, ਸੱਤ ਚੁਲ੍ਹਾਨੁਮਾ ਟੱਟੀਆਂ ਬਣਾਈਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਉੱਠਦੀ, ਮਲ਼ਮੂਤਰ ਦੀ ਦੁਰਗੰਧ, ਸਾਰੇ ਚੌਬਾਰੇ ਵਿੱਚ ਫੈਲੀ ਹੁੰਦੀ। ਹਿੰਮਤ ਕੈਬਿਨ ਦਾ ਕਿਰਾਇਆ ਪੰਜ ਰੁਪਏ ਫੀ ਮੁਸਾਫ਼ਿਰ ਝਾੜਦਾ ਸੀ, ਪ੍ਰੰਤੂ ਅਸੀਂ ਕਿਉਂਕਿ ਇੱਕ ਤਾਂ ਹਰ ਹਫ਼ਤੇ, ਦੋ-ਹਫ਼ਤੇ ਬਾਅਦ ਉਸ ਦੀ ਸਰਾਂ ‘ਚ ਆਉਣ ਵਾਲ਼ੇ ਉਸ ਦੇ ਬਾਕਾਇਦਾ ਗਾਹਕ ਬਣ ਗਏ ਸਾਂ, ਤੇ ਦੂਸਰਾ ਅਸੀਂ ਤਿੰਨੇਂ ਦੋ ਜਾਂ ਤਿੰਨ ਮੰਜਿਆਂ ਦੀ ਥਾਂ ਇੱਕੋ ਉੱਤੇ ਹੀ ਇੱਕ-ਦੂਜੇ ‘ਚ ਘੁਸੜ ਕੇ ਸੌਣ ਗਿੱਝ ਗਏ ਸਾਂ, ਇਸ ਲਈ ਸਾਨੂੰ ਤਿੰਨਾਂ ਨੂੰ ਉਹ ਇੱਕੋ ਮੰਜੇ ਵਾਲ਼ਾ ਕੈਬਿਨ ਪੰਦਰਾਂ ਦੀ ਬਜਾਏ ਦਸ ਰੁਪੈਆਂ ‘ਚ ਹੀ ਦੇ ਦੇਂਦਾ ਸੀ।

ਇਸ ਸਾਲ ਸਿਆਲ਼ੋ-ਸਿਆਲ਼ ਸ਼ਾਦੀਆਂ ਦੇ ਸਮਾਗਮਾਂ ਅਤੇ ਧਾਰਮਿਕ ਦੀਵਾਨਾਂ ‘ਚ ਗਾਇਕੀ ਕਰਦਿਆਂ ਅਸੀਂ ਰੁੱਗਾਂ ਦੇ ਰੁੱਗ ਪੈਸਾ ਕਮਾ ਲਿਆ। ਗਹਿਣੇ ਦੇ ਪ੍ਰੋਨੋਟਾਂ ‘ਚ ਲਿਪਟੀ ਰਹਿ ਗਈ ਜ਼ਮੀਨ ‘ਚੋਂ ਅੱਧ-ਪਚੱਧ ਭੋਰ ਕੇ ਬਾਪੂ ਦੀ ਮੁੱਠੀ ‘ਚ ਕਰ ਦਿੱਤੀ ਗਈ। ਅਪਰੈਲ ਮਈ ‘ਚ ਪੇਂਡੂ ਲੋਕ ਕਣਕਾਂ ਦੀ ਵਢਾਈ ਤੇ ਗਹਾਈ ਰੁੱਝੇ ਹੋਣ ਕਾਰਨ ਗਾਇਕੀ ਦਾ ਕੰਮ ਮੱਠਾ ਹੋ ਗਿਆ, ਪਰ ਜੂਨ ਚੜ੍ਹਦਿਆਂ ਹੀ ਵਿਆਹਾਂ ਦਾ ਜ਼ੋਰ ਸਾਉਣ ਦੀਆਂ ਘਟਾਵਾਂ ਵਾਂਗ ਆ ਚੜ੍ਹਿਆ। ਸਾਰਾ ਜੂਨ, ਜੁਲਾਈ ਤੇ ਅਗਸਤ ਗਾਇਕੀ ਦੀ ਚੱਲ-ਸੋ-ਚੱਲ ਰਹੀ: ਅਧਿਓਂ ਬਹੁਤੀਆਂ ਤਾਰੀਖ਼ਾਂ ਦੋ ਦੋ ਮਹੀਨੇ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹੁੰਦੀਆਂ। ਜਿੱਥੇ ਵੀ ਗਾਇਕੀ ਕਰਨੀ ਹੁੰਦੀ, ਓਥੇ ਨੇੜੇ ਤੇੜੇ ਦੇ ਪਿੰਡਾਂ ‘ਚੋਂ ਆਏ ਹਜ਼ਾਰ ਹਜ਼ਾਰ ਲੋਕਾਂ ਦਾ ਇਕੱਠ ਹੋਇਆ ਹੁੰਦਾ। ਸ੍ਰੋਤੇ ਟਿਕਟਿਕੀ ਲਾ ਕੇ ਸਾਡੀ ਗਾਇਕੀ ਸੁਣਦੇ। ਨੋਟ ਵਰ੍ਹਦੇ। ਬੱਲੇ ਬੱਲੇ ਹੁੰਦੀ। ਗਾਇਕੀ ਦੇ ਸੈਸ਼ਨ ਦੇ ਖ਼ਾਤਮੇ ‘ਤੇ ਸਾਡੇ ਉਦਾਲ਼ੇ ਪ੍ਰਸੰਸਕਾਂ ਦਾ ਝੁਰਮਟ ਬੱਝ ਜਾਂਦਾ। ਰਾਤ ਨੂੰ ਸਾਡੇ ਉਤਾਰੇ ਵਾਲ਼ੇ ਘਰ ‘ਚ ਸਾਡੇ ਲਈ ਮੁਰਗ਼ੇ ਰਿਝਦੇ ਤੇ ਬੋਤਲਾਂ ਦੇ ਡੱਟ ਕੜੱਕ ਕੜੱਕ ਕਰਦੇ।

ਗਾਇਕੀ ਦੇ ਅਮੁੱਕ ਸਫ਼ਰ ਦੇ ਸਿੱਟੇ ਵਜੋਂ, ਪੜ੍ਹਾਈ-ਲਿਖਾਈ ‘ਚ ਮੇਰਾ ਸ਼ੌਕ ਲੁੜਕ ਕੇ ਰਹਿ ਗਿਆ। ‘ਬੁੱਧੀਮਾਨੀ’ ਦੀਆਂ ਕਿਤਾਬਾਂ ਬੈਗਾਂ ‘ਚੋਂ ਛਾਲ਼ਾਂ ਮਾਰ ਕੇ ਰੇਡੀਓ ਵਾਲ਼ੀ ਬੈਠਕ ‘ਚ ਬਣੀ ਅਲਮਾਰੀ ‘ਚ ਜਾ ਬਿਰਾਜੀਆਂ।

ਇਨ੍ਹੀ ਦਿਨੀਂ ਹੀ ਬਾਪੂ ਦੇ ਦਿਮਾਗ਼ ‘ਚ ਇੱਕ ਨਵਾਂ ਈ ਖ਼ਿਆਲ ਮੰਡਰਾਉਣ ਲੱਗਾ: ਅਖ਼ੇ ਪਾਸਪੋਰਟ ਬਣਵਾਓ ਤੇ ਸਿੰਘਾਪੁਰ ਮਲੇਸ਼ੀਆ ਨਿੱਕਲ਼ ਜਾਓ! ਓਥੇ ਕੋਈ ਢਾਡੀ-ਕਵੀਸ਼ਰ ਕਦੇ ਨਹੀਂ ਜਾਂਦਾ; ਇਸ ਲਈ ਓਥੇ ਦੇ ਪੰਜਾਬੀਆਂ ਨੂੰ ਗਾਇਕੀ ਦੀ ਡਾਢੀ ਭੁੱਖ ਹੋਵੇਗੀ। ਜੇ ਤੁਸੀਂ ਓਥੇ ਚਲੇ ਗਏ, ਓਥੋਂ ਦੇ ਪੰਜਾਬੀ ਤੁਹਾਡੀ ਕਵੀਸ਼ਰੀ ਸੁਣ ਕੇ ਤੁਹਾਡੀਆਂ ਜੇਬਾਂ ਭਰ ਦੇਣਗੇ।

ਬਲਵੰਤ ਨੇ ਇਸੇ ਸਾਲ ਜਦੋਂ ਗਾਇਕੀ ਕਰਦਿਆਂ, ਕਰਦਿਆਂ ਬੀ ਏ ਦੀ ਡਿਗਰੀ ਵੀ ਹਾਸਲ ਕਰ ਲਈ ਤਾਂ ਬਾਪੂ ਗਦ-ਗਦ ਹੋਇਆ ਫਿਰੇ ਕਿਉਂਕਿ ਉਨ੍ਹਾਂ ਵਕਤਾਂ ‘ਚ ਸਾਡੇ ਉਦਾਲ਼ੇ-ਪਦਾਲ਼ੇ ਦੇ ਪਿੰਡਾਂ ‘ਚ ਬੀ ਏ ਦਾ ਡਿਗਰੀ ਹੋਲਡਰ ਕੋਈ ਟਾਵਾਂ-ਟਾਵਾਂ ਹੀ ਹੋਵੇਗਾ। ਬਲਵੰਤ ਕੋਲ਼ ਹੁਣ ਦੋ ਰਸਤੇ ਸਨ: ਇੱਕ ਤਾਂ ਇਹ ਕਿ ਮੋਗੇ ਦੇ ਡੀ ਐਮ ਕਾਲਜ ‘ਚੋਂ ਟੀਚਿੰਗ ਦੀ ਡਿਗਰੀ (ਬੀ ਟੀ) ਲੈ ਕੇ ਕਿਤੇ ਅਧਿਆਪਕ ਲੱਗ ਜਾਵੇ, ਤੇ ਦੂਸਰਾ ਇਹ ਕਿ ਦੂਰ-ਦੂਰ ਫੈਲੀ ਸਾਡੇ ਕਵੀਸ਼ਰੀ ਜੱਥੇ ਦੀ ਪ੍ਰਸਿੱਧੀ ਦਾ ਲਾਹਾ ਲੈਣ ਲਈ ਗਾਇਕੀ ਦਾ ਕੰਮ ਹੀ ਚਲਾਈ ਜਾਵੇ। ਬੀ ਟੀ ਟੀਚਰ ਦੀ ਮਹੀਨੇ ਦੀ ਤਨਖਾਹ ਓਦੋਂ ਸੌ, ਸਵਾ-ਕੁ ਸੌ ਰੁਪਏ ਹੋਵੇਗੀ, ਪ੍ਰੰਤੂ ਏਨੇ ਪੈਸੇ ਤਾਂ ਗਾਇਕੀ ਰਾਹੀਂ ਅਸੀਂ ਇੱਕ ਦਿਨ ‘ਚ ਹੀ ਕਮਾ ਲੈਂਦੇ ਸਾਂ।

ਅਕਤੂਬਰ 1962 ‘ਚ ਜਦੋਂ ਚੀਨ ਨੇ ਭਾਰਤ ਉੱਪਰ ਹਮਲਾ ਕੀਤਾ, ਮੈਂ ਉਮਰ ਦੇ ਸਤ੍ਹਾਰਵੇਂ ਵਰ੍ਹੇ ਦਾ ਪਹਿਲਾ ਅੱਧ ਪੂਰਾ ਕਰ ਲਿਆ ਸੀ। ਕੱਤੇ ਦੀ ਬਿਜਾਈ ਜ਼ੋਰਾਂ ‘ਤੇ ਹੋਣ ਕਾਰਨ, ਪੇਂਡੂ ਲੋਕ ਗਲ਼-ਗਲ਼ ਤੀਕ ਕੰਮ ਵਿੱਚ ਰੁੱਝੇ ਹੋਏ ਸਨ। ਗਾਇਕੀ ਵੱਲੋਂ ਬਿਲਕੁਲ ਵਿਹਲੇ ਹੋਣ ਕਰ ਕੇ ਮੈਂ ਤੇ ਰਛਪਾਲ ਆਪਣੇ ਘਰ ਹੀ ਹੋਇਆ ਕਰਦੇ ਸਾਂ। ਅਸੀਂ ਸਵੇਰੇ ਉੱਠਦੇ ਤੇ ਚੁਲ੍ਹੇ ਉੱਪਰ ਪਤੀਲੇ ‘ਚ ਚਾਹ ਬਣਾ ਰਹੀ ਬੇਬੇ ਦੇ ਸਾਹਮਣੇ ਬੈਠ ਜਾਂਦੇ। ਬੇਬੇ ਨਾਸ਼ਤੇ ਦੇ ਪਰਾਉਠਿਆਂ ਲਈ ਆਟਾ ਗੁੰਨ੍ਹਦੀ ਤੇ, ਤਾਜ਼ੀ ਕੱਢੀ ਮੱਖਣੀ, ਦਹੀਂ ਵਾਲ਼ੇ ਕਟੋਰਿਆਂ ‘ਚ ਸੁੱਟਕੇ ਸਾਡੇ ਅਗਾੜੀ ਰੱਖ ਦਿੰਦੀ। ਮੈਂ ਅਤੇ, ਅੱਠਵੀਂ ਜਮਾਤ ‘ਚੋਂ ਹਟਾਇਆ ਰਛਪਾਲ, ਦਿਨ ਭਰ ਚਾਰਾ ਵੱਢਣ-ਕੁਤਰਨ, ਮੱਝਾਂ ਨੁਹਾਉਣ, ਸੰਨ੍ਹੀਆਂ ਕਰਨ ਅਤੇ ਗੋਹਾ ਹਟਾਉਣ ਵਰਗੇ ਨਿੱਕੇ-ਮੋਟੇ ਕੰਮਾਂ ‘ਚ ਰੁੱਝੇ ਰਹਿੰਦੇ। ਕਦੇ ਕਦੇ ਚਾਹ-ਗੁੜ, ਖੰਡ ਤੇ ਦਾਲ਼ਾਂ-ਮਸਾਲੇ ਆਦਿਕ ਖ਼ਰੀਦਣ ਲਈ ਇੱਕੋ ਸਾਈਕਲ ‘ਤੇ ਅਸੀਂ ਮੋਗੇ ਸ਼ਹਿਰ ਨੂੰ ਨਿੱਕਲ਼ ਜਾਂਦੇ। ਵਿਹਲੇ ਸਮੇਂ ‘ਚ ਖੁੱਤੀ ਉਦਾਲ਼ੇ ਬਾਂਟਿਆਂ ਨਾਲ਼ ਖੇਡ ਛੱਡਦੇ। ਲੁਧਿਆਣੇ ਜ਼ਿਲੇ ਦੇ ਪਿੰਡ ਬਾੜੇਵਾਲ ਦਾ ਵਸਨੀਕ, ਮੇਰੀ ਵੱਡੀ ਭਰਜਾਈ ਦਾ ਭਰਾ, ਮਾਸਟਰ ਭਰਪੂਰ ਸਿੰਘ ਇਨ੍ਹੀ ਦਿਨੀਂ ਕਿਤਾਬਾਂ ਦਾ ਝੋਲ਼ਾ ਭਰ ਕੇ ਸਾਡੇ ਪਿੰਡ ਆ ਬਿਰਾਜਿਆ। ਉਹ ਨੌਕਰੀ ਕਰਨ ਦੇ ਨਾਲ਼ ਨਾਲ਼ ਪ੍ਰਾਈਵੇਟਲੀ ਬੀ ਏ ਦੀ ਅੰਗਰੇਜ਼ੀ ਅਤੇ ਹਿਸਟਰੀ ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਸੀ। ਉਹ ਸਵਖ਼ਤੇ ਉੱਠਦਾ, ਤੇ ਨਹਾ-ਧੋ ਕੇ, ਦਾਹੜੀ ਦੇ ਹੇਠਲੇ ਪਾਸਿਓਂ ਕੰਨਾਂ ਕੋਲ਼ ਦੀ ਸਿਰ ਵੱਲ ਨੂੰ ਜਾਂਦੀ ਇੱਕ ਡੋਰੀ ਦੀ ਗੰਢ ਸਿਰ ਦੇ ਐਨ ਵਿਚਾਲ਼ੇ ਦੇ ਦੇਂਦਾ। ਫਿਰ ਉਹ ਆਪਣੇ ਝੋਲ਼ੇ ‘ਚੋਂ ਲੋਹੇ ਦੀ ਇੱਕ ਪਤਲੀ ਜਿਹੀ ਕਿੱਲੀ (ਬਾਜ) ਕਢਦਾ ਜਿਸ ਦੀ ਸਲੀਕੇਦਾਰ ਮੱਦਦ ਨਾਲ਼, ਉਹ ਆਪਣੀ ਦਾਹੜੀ ਨੂੰ ਡੋਰੀ ਦੇ ਹੇਠ ਥੁੰਨ ਲੈਂਦਾ। ਦੁਪਹਿਰ ਹੋਣ ਤੀਕ ਉਹ ਕਿਤਾਬਾਂ-ਕਾਪੀਆਂ ‘ਚ ਰੁੱਝਿਆ ਰਹਿੰਦਾ।

ਦੁਪਹਿਰ ਦੀ ਰੋਟੀ ਖਾ ਕੇ ਉਹ ਘੰਟੇ ਕੁ ਲਈ ਬਿਸਤਰੇ ਦੇ ਗਲ਼ ਲੱਗ ਜਾਂਦਾ। ਸੂਰਜ ਦੇ ਅਸਤਣ ਤੋਂ ਘੰਟਾ ਕੁ ਪਹਿਲਾਂ ਸਾਡੀ ਭਰਜਾਈ ਦਾ ਇਹ ਭਰਾ ਮੈਨੂੰ ਤੇ ਰਛਪਾਲ ਨੂੰ ਨਾਲ਼ ਲੈ ਕੇ ਸਾਡੇ ਖੇਤ ਵੱਲ ਨੂੰ ਨਿੱਕਲ਼ ਤੁਰਦਾ। ਖੇਤ ‘ਚ ਏਧਰ ਔਧਰ ਗੇੜੇ ਕੱਢਣ ਤੋਂ ਬਾਅਦ, ਮੁੜਦੇ ਵਕਤ ਅਸੀਂ ਅਗਲੀ ਸਵੇਰ ਲਈ ਸਾਰੇ ਟੱਬਰ ਵਾਸਤੇ ਕਿੱਕਰਾਂ ਤੋਂ ਦਾਤਣਾਂ ਵੀ ਲਾਹ ਲਿਆਉਂਦੇ।

ਸ਼ਾਮ ਦਾ ਰੰਗ ਸਾਂਵਲ਼ਾ  ਹੁੰਦਿਆਂ ਹੀ ਉਹ ਬਾਪੂ ਦੀ ਸ਼ਰਾਬ ਦੀਆਂ ਬੋਤਲਾਂ ਵਾਲ਼ੀ ਅਲਮਾਰੀ ਨਾਲ਼ ਗੁਫ਼ਤਗੂ ਕਰ ਕੇ ਇੱਕ ਬੋਤਲ ਉਠਾਅ ਲਿਆਉਂਦਾ। ਪਹਿਲਾ ਹਾੜਾ ਘੁੱਟ, ਘੁੱਟ ਕਰ ਕੇ ਨਿਘਾਰਨ ਤੋਂ ਬਾਅਦ ਉਹ ਮੈਨੂੰ ਤੇ ਰਛਪਾਲ ਨੂੰ ਕਵੀਸ਼ਰੀ ਸੁਣਾਉਣ ਲਈ ਆਖਦਾ। ਅਸੀਂ ਤੂੰਬੀ ਨੂੰ ਜਗਾ ਲੈਂਦੇ, ਤੇ ਸ਼ਾਹਣੀ ਕੌਲਾਂ, ਮਿਰਜ਼ਾ, ਜਾਂ ਕੋਈ ਹੋਰ ਕਿੱਸਾ ਛੋਹ ਲੈਂਦੇ। ਅਸੀਂ ਗਾਇਕੀ ਕਰਦੇ ਤਾਂ ਉਸ ਦੀਆਂ ਮੋਟੇ ਸ਼ੀਸ਼ਿਆ ਵਾਲ਼ੀਆਂ ਐਨਕਾਂ ਦੇ ਪਿਛਵਾੜਿਓਂ ਉਸ ਦੀਆਂ ਅੱਖਾਂ ‘ਚ ਸਰੂਰ ਟਪਕਣ ਲਗਦਾ। ਇੱਕ-ਦੂਜੀ ‘ਚ ਪੂਰੀ ਤਰ੍ਹਾਂ ਇੱਕਸਾਰ ਹੋਈਆਂ ਆਵਾਜ਼ਾਂ ‘ਚ ਜਦੋਂ ਅਸੀਂ ਲੰਮੀ ਹੇਕ ਲਾਉਂਦੇ ਤਾਂ ਉਹ ‘ਬਹੁਤ ਖ਼ੂਬ! ਬਹੁਤ ਖ਼ੂਬ’ ਆਖ ਕੇ ਆਪਣਾ ਸੱਜਾ ਹੱਥ ਸਾਡੇ ਵੱਲ ਵਧਾਅ ਦੇਂਦਾ। ਤੀਜੇ ਹਾੜੇ ਦੇ ਮੁੱਕਣ ਵੇਲ਼ੇ ਉਸ ਦੀਆਂ ਅੱਖਾਂ ‘ਚ ਅੱਥਰੂ ਟਪਕ ਉੱਠਦੇ।

ਇੱਕ ਦਿਨ ਜਦੋਂ ਅਸੀਂ ਖੇਤ ਗੇੜਾ ਮਾਰ ਰਹੇ ਸਾਂ ਤਾਂ ਭਰਪੂਰ ਸਿੰਘ ਕਹਿਣ ਲੱਗਾ: ਓਏ ਮੁੰਡਿਓ, ਤੁਸੀਂ ਗਾਉਂਦੇ ਤਾਂ ਵਧੀਆ ਓਂ, ਪਰ … ਸਕੂਲ ਕਿਓਂ ਛੱਡ ’ਤਾ?

-ਬਾਪੂ ਜੀ ਕਹਿੰਦੇ ਐ ਬਈ ਸਕੂਲ ਦਾ ਕੋਈ ਬਹੁਤਾ ਫ਼ਾਇਦਾ ਨੀ … ਤੁਸੀਂ ਸਿੰਘਾਪੁਰ ਮਲੇਸ਼ੀਆ ਚਲੇ ਜਾਓ ਤੇ ਰੱਜ ਕੇ ਪੈਸੇ ਕਮਾਓ, ਸਾਡਾ ਜਵਾਬ ਸੀ। –ਕਹਿੰਦੇ ਓਥੋਂ ਅੱਗੇ ਇੰਗਲੈਂਡ ਨੂੰ ਨਿੱਕਲ਼ ਜਾਇਓ।

-ਪਰ … ਸਿੰਘਾਪੁਰ ਮਲੇਸ਼ੀਆ ਤੁਸੀਂ ਸਾਰੀ ਉਮਰ ਤਾਂ ਨੀ ਗਾਈ ਜਾਓਂਗੇ … ਪਹਿਲੀ ਗੱਲ ਤਾਂ ਸਿੰਘਾਪੁਰ ਮਲੇਸ਼ੀਆ ਜਾਣਾ ਈ ਔਖੈ, ਤੇ ਇੰਗਲੈਂਡ ਪਹੁੰਚਣਾ ਤਾਂ ਓਦੂੰ ਵੀ ਮੁਹਾਲ ਐ … ਨਾਲ਼ੇ ਜੇ ਪੜ੍ਹਾਈ-ਲਿਖਾਈ ਪੱਲੇ ਨਾ ਹੋਈ ਤਾਂ ਇੰਗਲੈਂਡ ‘ਚ ਸਾਰੀ ਉਮਰ ਮਜ਼ਦੂਰੀ ਹੀ ਕਰੋਂਗੇ … ਜਾਂ ਵੱਧ ਤੋਂ ਵੱਧ ਕਿਸੇ ਗੁਰਦਵਾਰੇ ‘ਚ ਗ੍ਰੰਥੀ ਬਣ ਕੇ ਵਾਜੇ ਵਜਾਈ ਜਾਵੋਂਗੇ …

ਅਸੀਂ ਚੁੱਪ ਸਾਂ।

-ਮੈਂ ਤੁਹਾਨੂੰ ਦੱਸਾਂ ਇੱਕ ਗੱਲ? ਮਾਸਟਰ ਭਰਪੂਰ ਸਿੰਘ ਸੰਜੀਦਾ ਹੁੰਦਿਆਂ ਬੋਲਿਆ। –ਅੱਜ ਤਾਂ ਤੁਸੀਂ ਨਿਆਣੇ ਓਂ … ਭੋਲ਼ੇ-ਭਾਲ਼ੇ ਤੇ ਮਸੂਮ ਜਿਹੇ ਜਾਪਦੇ ਨੇ ਤੁਹਾਡੇ ਚਿਹਰੇ … ਇਸ ਲਈ ਲੋਕ ਤੁਹਾਨੂੰ ਹੱਥਾਂ ‘ਤੇ ਉਠਾਈ ਫਿਰਦੇ ਨੇ … ਪਰ ਜਦੋਂ ਤੁਸੀਂ 19-20 ਸਾਲ ਤੋਂ ਟੱਪ ਗਏ ਤਾਂ ਅੱਜ ਵਾਲ਼ੀ ਸ਼ੋਹਰਤ ਕਾਇਮ ਨੲ੍ਹੀਂ ਰਹਿਣੀ … ਹੋ ਸਕਦੈ ਓਦੋਂ ਨੂੰ ਤੁਹਾਡੇ ਵਰਗਾ ਈ ਕੋਈ ਨਵਾਂ ਗਵੱਈਆ ਉੱਠ ਖੜ੍ਹੇ … ਲੋਕਾਂ ਦੀ ਫ਼ਿਤਰਤ ਐ ਬਈ ਇਹ ਨਵੀਂ ਚੀਜ਼ ਨੂੰ ਟੁੱਟ ਕੇ ਪੈਂਦੇ ਐ … ਹੋ ਸਕਦੈ ਕੋਈ ਨਵਾਂ ਗਾਇਕ ਹੂੰਝਾ ਈ ਫੇਰ ਦੇਵੇ ਜਿਵੇਂ ਤੁਸੀਂ ਨਿੱਕਿਆਂ ਨਿੱਕਿਆਂ ਨੇ ਵੱਡੇ ਵੱਡੇ ਗਾਇਕਾਂ ਨੂੰ ਪਛਾੜ ਦਿੱਤੈ … ਪਰ ਜੇ ਪੜ੍ਹਾਈ ਛੱਡ ਦਿੱਤੀ ਤਾਂ ਕੀ ਕਰੋਂਗੇ ਉਸ ਵਕਤ ਜਦੋਂ ਤੁਹਾਡੀ ਗਾਇਕੀ ਦਾ ਕੰਮ ਉੱਕਾ ਈ ਮੱਠਾ ਪੈ ਗਿਆ? ਖੇਤੀ ਕਰਨ ਜੋਗੇ ਰਹਿਜੋਂਗੇ … ਕੀ ਪਿਐ ਖੇਤੀ ‘ਚ … ਮਿੱਟੀ ਨਾਲ਼ ਮਿੱਟੀ ਹੋਣ ਤੋਂ ਸਿਵਾ?

-ਬਾਈ ਜੀ ਸਾਨੂੰ ਤਾਂ ਪਤਾ ਨੀ … ਸਾਨੂੰ ਤਾਂ ਬਾਪੂ ਜੀ ਨੇ ਹਟਾਇਐ ਪੜ੍ਹਨੋਂ …

-ਮੈਂ ਕਰੂੰਗਾ ਮਾਸੜ ਜੀ (ਬਾਪੂ ਜੀ) ਨਾਲ਼ ਗੱਲ ਤੁਹਾਡੀ ਹਾਜ਼ਰੀ ‘ਚ ਈ … ਤੁਸੀਂ ਵੀ ਅਖਿਓ ਬਈ ਅਸੀਂ ਤਾਂ ਪੜ੍ਹਨ ਲੱਗਣੈ।

ਸ਼ਾਮ ਨੂੰ ਬਾਪੂ ਜੀ ਤੇ ਬਲਵੰਤ ਵੀ ਆ ਧਮਕੇ। ਮੈਂ ਤੇ ਰਛਪਾਲ ਆਂਡੇ ਉਬਾਲ਼ ਕੇ ਉਨ੍ਹਾਂ ਦੇ ਛਿਲਕੇ ਉਤਾਰਨ ਲੱਗੇ। ਕੁੱਕੜ ਦੀ ‘ਕਿਆਕੋ-ਕਿਆਕੋ’ ਕਰਾਉਣ ਤੋਂ ਬਾਅਦ, ਬਲਵੰਤ ਪਤੀਲੇ ‘ਚ ਕੜਛੀ ਮਾਰ ਰਿਹਾ ਸੀ। ਬੇਬੇ ਕੁੱਕੜ ਦੇ ਖੰਭ ਤੇ ਚਮੜੀ ਸਮੇਟ ਰਹੀ ਸੀ। ਬਾਪੂ ਨੇ ਆਪਣੇ ਲਈ ਤੇ ਮਾਸਟਰ ਭਰਪੂਰ ਲਈ ਦੋ ਗਲਾਸਾਂ ‘ਚ ਰੰਗੀਨੀਂ ਉਲੱਦ ਦਿੱਤੀ। ਸਾਨੂੰ ਪਾਣੀ ਦੀ ਗੜਵੀ ਲਿਆਉਣ ਦਾ ਹੁਕਮ ਹੋਇਆ। ਬਠਿੰਡੇ ਜ਼ਿਲ੍ਹੇ ‘ਚ ਪੈਂਦੇ ਮੰਡੀ ਕਲਾਂ ਪਿੰਡ ਦਾ, ਬਾਪੂ ਦਾ ਨਵਾਂ ਸਜਿਆ ਚੇਲਾ, ਕਰਤਾਰ ਗਿਆਨੀ, ਓਸ ਦਿਨ ਆਪਣੇ ਇੱਕ ਹੋਰ ਸਾਥੀ, ਗੁਰਦੇਵ ਸਿੰਘ ਰਾਮ ਨਿਵਾਸੀਏ ਨੂੰ, ਬਾਪੂ ਦੇ ‘ਚਰਨੀਂ’ ਲੁਆਉਣ ਲਈ ਆਇਆ ਹੋਇਆ ਸੀ। ਗਲਾਸ ਖ਼ਾਲੀ ਹੋਣ ਤੋਂ ਬਾਅਦ ਬਾਪੂ ਦੀਆਂ ਅੱਖਾਂ ‘ਚ ਜਿਓਂ ਹੀ ਗੁਲਾਬੀ ਸੁਰਮਾ ਟਪਕਣ ਲੱਗਾ, ਬਾਪੂ, ਗਿਆਨੀ ਕਰਤਾਰ ਵੱਲੀਂ, ਟੀਰੀਆ-ਅੰਦਾਜ਼ ‘ਚ ਝਾਕਿਆ। –ਹੋ ਜੇ ਫਿਰ ‘ਚਹੁੰ ਕੁ ਦਿਨਾਂ ਦਾ ਮੇਲਾ’, ਬਾਪੂ ਬੁਲ੍ਹ ਸੰਗੋੜ ਕੇ ਬੋਲਿਆ। ਗਿਆਨੀ ਗਲ਼ਾ ਸਾਫ਼ ਕਰਨ ਲਈ ਖੰਘੂਰਿਆ ਤੇ ਅਗਲੇ ਹੀ ਪਲ ਆਪਣਾ ਖੱਬਾ ਹੱਥ ਆਪਣੀ ਛਾਤੀ ‘ਤੇ ਟਿਕਾ ਕੇ ਅਤੇ ਸੱਜੇ ਹੱਥ ਨੂੰ ਹਵਾ ਹਵਾਲੇ ਕਰ ਕੇ ਉਸ ਨੇ ‘ਹੋਅਅਅਅਅਅ’ ਦੀ ਲੰਮੀ ਹੇਕ ਲਗਾ ਦਿੱਤੀ। ਉਸ ਦੀ ਕੜਕਦੀ ਆਵਾਜ਼ ਸਾਡੇ ਘਰ ਦੀਆਂ ਕੱਚੀਆਂ ਕੰਧਾਂ ਦੇ ਲਿਓੜ ਉਤਾਰਨ ਲੱਗੀ: ਉੱਠ ਜਾਗ ਮੁਸਾਫ਼ਿਰ ਤੂੰ, ਹੋਈ ਭੋਰ ਨਗਾਰੇ ਵੱਜੇ/ ਅੱਜ ਕਰਨਾ ਅੱਬ ਕਰਲਾ, ਕਰਨਾ ਕੱਲ੍ਹ ਸੋ ਕਰਲੈ ਅੱਜੇ

ਮੈਂ ਹਾਲੇ ਵੀ ਚੁਲ੍ਹੇ ਕੋਲ਼ ਬੈਠਾ ਸਾਂ। ਕਰਤਾਰ ਦਾ ਲੰਮੇਰੀ ਹੇਕ ‘ਚ ਲਾਇਆ ‘ਹੋਅਅਅਅ’ ਉੱਭਰਦਿਆਂ ਹੀ ਮੇਰੇ ਕਾਲਜੇ ‘ਚ ਤਿਤਲੀਆਂ ਉੱਡਣ ਲੱਗ ਪਈਆਂ ਸਨ, ਤੇ ਕੜਛੀ ਬਲਵੰਤ ਦੇ ਹੱਥੋਂ ਲੁਟਕ ਕੇ ਪਤੀਲੇ ਦੇ ਹਵਾਲੇ ਹੋ ਗਈ ਸੀ। ਕਰਤਾਰ ਅਜੇ ਆਪਣੀ ਪੰਗਤੀ ਦੇ ਅੱਧ ‘ਚ ਹੀ ਸੀ ਕਿ ਮੈਂ ਤੇ ਬਲਵੰਤ ਚੁੱਲ੍ਹੇ ਕੋਲ਼ੋਂ ਉੱਠ ਕੇ ਵਿਹੜੇ ‘ਚ ਲਾਈ ਬਾਪੂ ਪਾਰਸ ਦੀ ਮਹਿਫ਼ਲ ਕੋਲ਼ ਜਾ ਖਲੋਤੇ। ਕਰਤਾਰ ਨੇ ਜਿਓਂ ਹੀ ਆਪਣੀਆਂ ਦੋ ਸਤਰਾਂ ਮੁਕਾਈਆਂ, ਮੈਂ ਤੇ ਬਲਵੰਤ ਨੇ ਇੱਕ ਦੂਜੇ ਵੱਲ ਝਾਕ ਕੇ ਅਗਲੀਆਂ ਸਤਰਾਂ ਉਠਾਅ ਲਈਆਂ: ਗ਼ਫ਼ਲਤ ਵਿੱਚ ਬੀਤ ਗਿਆ, ਮੁੜ ਕੇ ਹੱਥ ਨੀ ਆਉਣਾ ਵੇਲਾ/ ਹੈ ਆਉਣ-ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾਂ ਦਾ ਮੇਲਾ।

ਰਛਪਾਲ ਨੇ ਕਰਦ ਨਾਲ ਫਾੜੀਆਂ ਕੀਤੇ ਆਂਡਿਆਂ ਨੂੰ ਪਲੇਟ ‘ਚ ਚਿਣ ਕੇ ਦੋ ਮੰਜਿਆਂ ਵਿਚਕਾਰ, ਸਿਰ ‘ਤੇ ਬੋਤਲ ਅਤੇ ਗਲਾਸ ਚੁੱਕੀ ਖਲੋਤੇ ਮੇਜ਼ ‘ਤੇ ਟਿਕਾਅ ਦਿੱਤਾ। ਦੋ-ਦੋ ਸਤਰਾਂ ਗਾਉਂਦੇ ਮੈਂ, ਬਲਵੰਤ ਤੇ ਕਰਤਾਰ, ਛੰਦ ਨੂੰ ਸਿਖ਼ਰ ਵੱਲ ਨੂੰ ਵਧਾਉਣ ਲੱਗੇ। ਹਾਲੇ ਅਸੀਂ ਛੰਦ ਦੇ ਅੱਧ-ਵਿਚਕਾਰ ਹੀ ਪਹੁੰਚੇ ਸਾਂ ਕਿ ਸਰੂਰ ਵਿੱਚ ਆਏ ਬਾਪੂ ਦੇ ਦੋਵੇਂ ਹੱਥ ਸੱਜੀਆਂ-ਖੱਬੀਆਂ ਕੱਛਾਂ ‘ਚ ਜਾ ਬਿਰਾਜੇ ਤੇ ਉਹ ਮੋਢਿਆਂ ਨੂੰ ਉਤਾਹਾਂ ਨੂੰ ਅਗਾਸ ਕੇ ਆਪਣੇ ਸਿਰ ਨੂੰ ਖੱਬੇ-ਸੱਜੇ ਹਿਲਾਉਣ ਲੱਗਾ। ਛੰਦ ਦੀਆਂ ਅਖ਼ੀਰਲੀਆਂ ਦੋ ਸਤਰਾਂ ਗਾਉਣ ਵੇਲ਼ੇ ਕਰਤਾਰ, ਬਲਵੰਤ ਅਤੇ ਮੇਰੀਆਂ ਆਵਾਜ਼ਾਂ ਪਾਣੀ ‘ਚ ਪਾਣੀ ਵਾਂਗ ਘੁਲ਼ ਗਈਆਂ। ਏਨੇ ਨੂੰ ਰਛਪਾਲ ਕਮਰੇ ‘ਚੋਂ ਢੱਡਾਂ ਤੇ ਤੂੰਬੀ ਚੁੱਕ ਲਿਆਇਆ। ਤੂੰਬੀ ਤੁਣਕੀ ਤੇ ਢੱਡਾਂ ਹਿਣਕਿਣ ਲੱਗੀਆਂ। ਪਲਾਂ ‘ਚ ਹੀ ਸਾਡੇ ਵਿਹੜੇ ‘ਚ ਛਪਾਰ ਦਾ ਮੇਲਾ ਉੱਤਰ ਆਇਆ। ਸਾਡਿਆਂ ਗਲ਼ਿਆਂ ‘ਚੋਂ ਇੱਕ ਤੋਂ ਦੂਜੀ ਆਈਟਮ ਕਿਰਦੀ ਗਈ ਤੇ ਮਾਸਟਰ ਭਰਪੂਰ ਸਿੰਘ ਵਾਰ ਵਾਰ ‘ਵਾਹ! ਵਾਹ!’ ਕਰਦਾ ਗਿਆ।

-ਰੋਟੀ ਖਾ ਲੋ ਹੁਣ, ਚੁਲ੍ਹੇ ਕੋਲ਼ੋਂ ਬੇਬੇ ਦੀ ਅਵਾਜ਼ ਆਈ

-ਖਾਨੇ ਆਂ ਮਾਸੀ ਜੀ, ਮਾਸਟਰ ਭਰਪੂਰ ਬੋਲਿਆ। –ਪਹਿਲਾਂ ਮੈਂ ਮਾਸੜ ਜੀ ਨਾਲ਼ ਇੱਕ ਗੱਲ ਕਰਨੀ ਐਂ।

ਭਰਪੂਰ ਦਾ ਜਵਾਬ ਸੁਣਦਿਆਂ ਬਾਪੂ ਨੇ ਆਪਣੀ ਧੌਣ ਨੂੰ ਝਟਕਾ ਮਾਰਿਆ ਅਤੇ ਆਪਣੀਆਂ ਗੜੂੰਦ ਹੋਈਆਂ ਅੱਖਾਂ ਭਰਪੂਰ ਦੇ ਚਿਹਰੇ ‘ਤੇ ਗੱਡ ਦਿੱਤੀਆਂ। –ਸੁਖ ਤਾਂ ਹੈ, ਮਾਸਟਰ ਜੀ? ਬਾਪੂ ਬੁੜਬੁੜਾਇਆ।

-ਸੁਖ ਈ ਐ, ਭਰਪੂਰ ਸੰਜੀਦਾ ਲਹਿਜੇ ‘ਚ ਬੋਲਿਆ। –ਮੈਨੂੰ ਇਕਬਾਲ ਤੇ ਰਛਪਾਲ ਦਾ ਫਿਕਰ ਲੱਗਿਆ ਹੋਇਐ … ਬਲਵੰਤ ਤਾਂ ਬੀ ਏ ਕਰ ਗਿਐ, ਪਰ ਇਹ ਦੋਵੇਂ ਤੁਸੀਂ ਸਕੂਲੋਂ ਕਿਓਂ ਹਟਾਅ ਲਏ ਨੇ?

ਬਾਪੂ ਦੇ ਦੰਦਾਂ ਦੇ ਪਿਛਵਾੜੇ ਬਰਫ਼ ਜੰਮਣ ਲੱਗੀ। ਤੂੰਬੀ ਸਹਿਮ ਗਈ। ਢੱਡਾਂ ਸੁੰਗੜ ਕੇ ਝੋਲ਼ੇ ‘ਚ ਦੜ ਗਈਆਂ। ਬਾਪੂ ਦੀਆਂ ਅੱਖਾਂ ਅਹਿੱਲ ਹੋ ਗਈਆਂ।

-ਬੱਸ ਹਟਾ ਲੇ, ਲੰਮੀ ਹੋ ਗਈ ਚੁੱਪ ਨੂੰ ਤ੍ਰੇੜਣ ਲਈ ਬਾਪੂ ਬੁੜਬੁੜਾਇਆ।

-ਮੇਰੇ ਖ਼ਿਆਲ ‘ਚ ਇਹ ਕੋਈ ਚੰਗਾ ਫ਼ੈਸਲਾ ਨਹੀਂ, ਮਾਸਟਰ ਭਰਪੂਰ ਰੁਸੇਵੇਂ ਅੰਦਾਜ਼ ‘ਚ ਬੋਲਿਆ। –ਠੀਕ ਐ ਅੱਜ ਮੋਟੀ ਕਮਾਈ ਕਰ ਕੇ ਘਰ ਦਾ ਮੂੰਹ-ਮੁਹਾਂਦਰਾ ਬਦਲ ਸੁੱਟਿਐ ਇਨ੍ਹਾਂ ਨੇ, ਪਰ ਮੁੰਡਿਆਂ ਦਾ ਫ਼ਿਊਚਰ ਕੀ ਐ ਗਾਇਕੀ ‘ਚ?

-ਮੈਨੂੰ ਕਿਸੇ ਨੇ ਦੱਿਸਐ ਪਈ ‘ਬੁੱਧੀਮਾਨੀ’ …

-ਓ ਛੱਡੇ ਪਰ੍ਹੇ ਮਾਸੜ ਜੀ, ਬਾਪੂ ਦੇ ਵਾਕ ਨੂੰ ਅੱਧ-ਵਿਚਾਲ਼ਿਓਂ ਕੱਟਦਿਆਂ ਭਰਪੂਰ ਖਿਝ ਕੇ ਬੋਲਿਆ। –ਬੁੱਧੀਮਾਨੀਆਂ ਗਿਆਨੀਆਂ ਤਾਂ ਉਮਰੋਂ ਟੱਪੇ ਵਿਅਕਤੀਆਂ ਦਾ ਰੂਟ ਐ … ਇਨ੍ਹਾਂ ਦੋਹਾਂ ਨੂੰ ਕੱਲ ਤੋਂ ਸਕੂਲ ਘੱਲਣ ਲੱਗੋ …

-ਠੀਕ ਐ ਬਾਪੂ ਜੀ, ਬਲਵੰਤ ਮਿਆਂਕਿਆ। –ਮੇਰਾ ਵੀ ਇਹੀ ਖ਼ਿਆਲ ਐ ਬਈ ਮੈਂ ਆਹ ਕਰਤਾਰ ਤੇ ਗੁਰਦੇਵ ਨੂੰ ਨਾਲ਼ ਲਾ ਕੇ ਦੋ ਤਿੰਨ ਸਾਲ ਜੱਥਾ ਚਲਾ ਲੈਨੈ, ਤੇ ਆਪਾਂ ਇਕਬਾਲ ਰਛਪਾਲ ਨੂੰ ਗਾਇਕੀ ਤੋਂ ਛੁੱਟੀ ਕਰ ਦੇਈਏ

ਅਗਲੀ ਸਵੇਰ ਚਾਹ ਦੀ ਗੜਵੀ ਮੇਜ਼ ਤੋਂ ਉਠਾਉਂਦਿਆਂ ਭਰਪੂਰ ਨੇ ਸਾਡੇ ਸਕੂਲ ਜਾਣ ਦੀ ਗੱਲ ਫੇਰ ਛੋਹ ਲਈ। ਬਾਪੂ ਨੇ ਖੀਸੇ ‘ਚ ਹੱਥ ਮਾਰਿਆ ਤੇ ਰੁਮਾਲ ‘ਚ ਲਪੇਟੀ ਨੋਟਾਂ ਦੀ ਥੱਬੀ ‘ਚੋਂ ਦਸ-ਦਸ ਦੇ ਦੋ ਨੋਟ ਭਰਪੂਰ ਵੱਲ ਵਧਾਅ ਦਿੱਤੇ।

-ਇਹ ਕਾਹਦੇ ਲਈ, ਹੈਰਾਨ ਹੋਇਆ ਭਰਪੂਰ ਬੋਲਿਆ।

-ਇਹ ਤੇਰੇ ਲਈ … ਇਕਬਾਲ ਨੂੰ ਅੱਜ ਮੋਗੇ ਲੈ ਜਾ ਤੇ ਦਸਵੀਂ ਦੀਆਂ ਕਿਤਾਬਾਂ ਖ਼ਰੀਦ ਦੇ … ਕੱਲ੍ਹ ਨੂੰ ਇਹਨੂੰ ਬੁੱਟਰ ਹਾਈ ਸਕੂਲ ‘ਚ ਦਾਖ਼ਲ ਕਰਾ ਦੇਵੀਂ …

-ਸਕੂਲ ਵਾਲ਼ਿਆਂ ਨੇ ਹੁਣ ਇਕਬਾਲ ਨੂੰ ਦਸਵੀਂ ‘ਚ ਲੈਣਾ ਨੲ੍ਹੀਂ … ਇਹਨੂੰ ਹੁਣ ਪ੍ਰਾਈਵੇਟ ਈ ਪੜ੍ਹਨਾ ਪੈਣੈ ਤੇ ਪ੍ਰਾਈਵੇਟ ਕੈਂਡੀਡੇਟ ਦੇ ਤੌਰ ‘ਤੇ ਈ ਦਾਖ਼ਲਾ ਘੱਲਣਾ ਪੈਣੈ …

-ਫਿਰ ਏਹਨੂੰ ਪੜ੍ਹਾਊ ਕੌਣ? ਬਾਪੂ ਨੇ ਸਵਾਲੀਆ ਨਜ਼ਰਾਂ ਭਰਪੂਰ ਮਾਸਟਰ ਦੇ ਮੱਥੇ ‘ਚ ਗੱਡ ਦਿੱਤੀਆਂ।

-ਅੰਗਰੇਜ਼ੀ ਤੇ ਹਿਸਾਬ ਮੈਂ ਪੜ੍ਹਾਦੂੰ … ਬਾਕੀ ਮਜ਼ਮੂਨਾਂ ਦੀਆਂ ਗਾਈਡਾਂ ਨਾਲ਼ ਕੰਮ ਸਰ ਜੂ …

ਉਸੇ ਦਿਨ ਰਛਪਾਲ ਨੂੰ ਪਿੰਡ ਵਾਲ਼ੇ ਸਕੂਲ ‘ਚ ਅੱਠਵੀਂ ਵਿੱਚ ਬਿਠਾਅ ਦਿੱਤਾ ਗਿਆ।

ਭਰਪੂਰ ਮੈਨੂੰ ਸੂਰਜ ਦੇ ਉੱਠਣ ਤੋਂ ਢੇਰ ਪਹਿਲਾਂ ਉਠਾਉਂਦਾ ਤੇ ਅੰਗਰੇਜ਼ੀ ਪੜ੍ਹਾਉਂਦਾ। ਉਹ ਮੈਨੂੰ ਮੋਗਿਓਂ ਲਿਆਂਦੀਆਂ ਗਾਈਡਾਂ (ਜਿੰਨ੍ਹਾਂ ‘ਚ ਸਰਲ ਭਾਸ਼ਾ ਵਿੱਚ ਦਸਵੀਂ ਦੇ ਹਰ ਮਜ਼ਮੂਨ ਲਈ ਸਵਾਲ ਅਤੇ ਜਵਾਬ ਦਿੱਤੇ ਹੋਏ ਸਨ) ਪੜ੍ਹਨ ਲਈ ਆਖਦਾ ਤੇ ਮੈਂ ਉਸ ਤੋਂ ਉਨ੍ਹਾਂ ਸਵਾਲਾਂ-ਜਵਾਬਾਂ ਦੀ ਵਿਆਖਿਆ ਸਮਝ ਲੈਂਦਾ ਜਿਹੜੇ ਮੇਰੇ ਦਿਮਾਗ਼ ਦੇ ਰੇਡਾਰ ਵਿੱਚ ਫ਼ਸਣ ਤੋਂ ਬਗ਼ਾਵਤੀ ਹੋਏ ਹੁੰਦੇ। ਮੇਰੇ ਲਈ ਸਭ ਤੋਂ ਵੱਡੀ ਚੁਣਾਉਤੀ ਹਿਸਾਬ ਦੇ ਦੋ ਪੇਪਰ ਸਨ। ਮਾਸਟਰ ਭਰਪੂਰ ਮੈਨੂੰ ਅਲਜਬਰਾ ਸਮਝਾਉਣ ਦੀ ਲੱਖ ਕੋਸ਼ਿਸ਼ ਕਰਦਾ ਪ੍ਰੰਤੂ ਅਲਜਬਰੇ ਦੇ ਫ਼ਾਰਮੂਲੇ ਮੇਰੇ ਲਈ ਕੀੜਿਆਂ ਦਾ ਭੌਣ ਹੋ ਨਿੱਬੜਦੇ। ਕੋਈ ਕਿਧਰ ਨਿੱਕਲ਼ ਜਾਂਦਾ ਤੇ ਕੋਈ ਕਿਧਰੇ। ਮੈਂ ਇੱਕ ਦੀ ਸ਼ਨਾਖ਼ਤ ਕਰਨ ਲਗਦਾ ਤਾਂ ਦੂਸਰੇ ਦੀ ਭੁੱਲ ਜਾਂਦਾ।

ਇਮਤਿਹਾਨ ਤੋਂ ਡੇਢ ਕੁ ਮਹੀਨਾ ਪਹਿਲਾਂ ਭਰਪੂਰ ਨੇ ਮੇਰੀ ਵੱਖ-ਵੱਖ ਮਜ਼ਮੂਨਾਂ ਉੱਪਰ ਪਕੜ ਦਾ ਗ਼ੈਰ-ਰਸਮੀਂ ਲੇਖਾ-ਜੋਖਾ ਕੀਤਾ। ਅੰਗਰੇਜ਼ੀ ਦੀਆਂ ਕਹਾਣੀਆਂ ਨੂੰ ਘੋਟਾ ਸੁਣ ਕੇ ਉਸ ਦੇ ਚਿਹਰੇ ‘ਤੇ ਖੇੜਾ ਟਪਕਣ ਲੱਗਾ। ਸਮਾਜਕ ਦੇ ਸਵਾਲਾਂ ਦੇ ਜੁਆਬ ਮੇਰੇ ਬੁੱਲ੍ਹਾਂ ‘ਚੋਂ ਨਲ਼ਕੇ ਦੇ ਪਾਣੀ ਵਾਂਗ ਗਿੜਨ ਲੱਗੇ। ਹਿਸਾਬ ਦੇ ਸਵਾਲਾਂ ਦੇ ਉੱਤਰਾਂ ‘ਚ ਕਾਣੋਂ ਦੇਖ ਕੇ ਉਹ ਉਦਾਸ ਹੋ ਗਿਆ। ਕਹਿਣ ਲੱਗਾ: ਬਾਕੀ ਸਭ ਤਾਂ ਠੀਕ ਲਗਦੈ … ਪਰ ਹਿਸਾਬ ਦਾ ਕੰਮ ਢਿੱਲਾ ਐ … ਜੇ ਹਿਸਾਬ ‘ਚੋਂ ਫੇਲ੍ਹ ਹੋ ਗਿਆ ਤਾਂ ਸਮਝ ਲੈ ਸਾਰਿਆਂ ‘ਚੋਂ ਈ ਫੇਲ੍ਹ … ਪਾਸ ਹੋਣ ਲਈ ਤੈਨੂੰ ਹਿਸਾਬ ਦੇ ਦੋਹਾਂ ਪੇਪਰਾਂ ਦਾ ਜੋੜ 66 ਫੀ ਸਦੀ ਲੈਣਾ ਪੈਣੈ … ਪਹਿਲਾ ਪੇਪਰ ਸਾਰਾ ਈ ਗਣਿਤ ਦਾ ਹੁੰਦੈ ਯਾਨੀ ਕਿ ਅਰਿਥਮੈਟਿਕ … ਤੇ ਦੂਸਰੇ ‘ਚ ਅੱਧੀ ਜੀਆਮੈਟਰੀ ਤੇ ਅੱਧਾ ਐਲਜਬਰਾ …

-ਪਰ ਬਾਈ ਜੀ, ਮੈਂ ਉਦਾਸ ਹੋ ਕੇ ਬੋਲਿਆ, ਐਲਜਬਰਾ ਤਾਂ ਮੇਰੇ ਸਮਝ ‘ਚ ਈ ਨੀ ਪੈਂਦਾ …

-ਜੇ ਤੂੰ ਪਾਸ ਹੋਣੈ ਹਿਸਾਬ ‘ਚੋਂ ਫਿਰ ਤੂੰ ਸਾਰਾ ਜ਼ੋਰ ਅਰਿਥਮੈਟਿਕ ਤੇ ਜੀਆਮੈਟਰੀ ‘ਤੇ ਲਾ ਦੇ … ਜਿਵੇਂ ਤੇਰੀ ਅਰਿਥਮੈਟਿਕ ‘ਤੇ ਪਕੜ ਚੰਗੀ ਐ, ਤੂੰ ਸੌ ‘ਚੋਂ ਪੰਜਾਹ ਨੰਬਰ ਨੀ ਛਡਦਾ … ਜੀਆਮੈਟਰੀ ‘ਚੋਂ ਜੇ ਤੂੰ ਪੰਜਾਹਾਂ ‘ਚੋਂ ਸੋਲਾਂ ਨੰਬਰ ਵੀ ਲੈ ਜੇਂ ਤਾਂ ਕੁੱਲ ਜੋੜ 66 ਹੋ ਜਾਵੇਗਾ, ਤੇ ਤੂੰ ਪਾਸ!

ਅਗਲੇ ਦਿਨ ਤੋਂ ਮੇਰੇ ਚਾਬੀ ਵਾਲ਼ੇ ਕਲਾਕ ਦਾ ਅਲਾਰਮ ਸਵੇਰੇ ਪੰਜ, ਸਾਢੇ ਪੰਜ ਦੀ ਬਜਾਏ, ਤੜਕਿਓਂ ਤਿੰਨ ਵਜੇ ਕੁੜਕਣ ਲੱਗਾ। ਜੀਆਮੈਟਰੀ ਤੇ ਅਰਿਥਮੈਟਿਕ ਮੇਰੇ ਲਈ ਨਿੱਤਨੇਮ ਬਣ ਕੇ ਖੁਲ੍ਹ ਜਾਂਦੇ। ਦਿਨਾਂ ‘ਚ ਹੀ ਜੀਆਮੈਟਰੀ ਦੀ ਸਾਰੀ ਕਿਤਾਬ ਮੇਰੇ ਪੋਟਿਆਂ ‘ਤੇ ਵਿਛ ਗਈ। ਸੁਪਨਿਆਂ ਵਿੱਚ ਵੀ ਤ੍ਰਿਕੋਣਾਂ, ਚਹੁ-ਭੁਜੀਆਂ ਤੇ ਥੀਓਰਮਾਂ ਤੈਰਨ ਲੱਗੀਆਂ। ਦਿਨੇਂ ਅੰਗਰੇਜ਼ੀ ਨੂੰ ਘੋਟੇ ਲਗਦੇ ਤੇ ਸਾਇੰਸ ਦੇ ਸਵਾਲਾਂ ਨਾਲ਼ ਮੱਥਾ ਲੱਗਾ ਰਹਿੰਦਾ। ਜਦੋਂ ਨੂੰ ਪੇਪਰਾਂ ਦੇ ਵਕਤ ਨੇ ਮੇਰੇ ਮੱਥੇ ਨੂੰ ਠੁੰਗੇਰਿਆ, ਅੰਗਰੇਜ਼ੀ ਦੇ ਦਸ ਸਾਲੇ ਪੇਪਰ ਮੇਰੀ ਜੀਭ ਦੇ ਉਦਾਲ਼ੇ ਲਿਪਟੇ ਪਏ ਸਨ।

ਉਨ੍ਹੀਂ ਦਿਨੀਂ ਦਸਵੀਂ, ਯਾਨੀ ਮੈਟਰਿਕੂਲੇਸ਼ਨ, ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲਿਆ ਕਰਦੀ ਸੀ ਕਿਉਂਕਿ ਅੱਜ ਵਾਲ਼ਾ ਪੰਜਾਬ ਸਿੱਖਿਆ ਬੋਰਡ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ। ਦਸਵੀਂ ਦਾ ਰੀਜ਼ਲਟ ਵੀ ਅੰਗਰੇਜ਼ੀ ਦੇ ਅਖ਼ਬਾਰ ਦ ਟ੍ਰਿਬਿਊਨ ਵਿੱਚ ਛਪਿਆ ਕਰਦਾ ਸੀ। ਆਖ਼ਰੀ ਪਰਚੇ ਤੋਂ ਡੇਢ ਕੇ ਮਹੀਨੇ ਬਾਅਦ ਮੈਨੂੰ ਰੀਜ਼ਲਟ ਦੀ ਉਡੀਕ ਸਤਾਉਣ ਲੱਗ ਪਈ। ਮੈਂ ਹਰ ਰੋਜ਼ ਸਵਰੇ ਸਾਈਕਲ ਚੁੱਕਦਾ ਤੇ ਮੋਗੇ ਅਖ਼ਬਾਰਾਂ ਵਾਲ਼ੀ ਦੁਕਾਨ ‘ਤੇ ਜਾ ਧਮਕਦਾ। ਆਖ਼ਿਰ ਉਹ ਦਿਨ ਵੀ ਆ ਗਿਆ ਜਿਸ ਨੂੰ ਮੈਂ ਬੜੇ ਹੀ ਸਹਿਮ ਪਰ ਬੜੀ ਹੀ ਤੀਬਰਤਾ ਨਾਲ਼ ਉਡੀਕ ਰਿਹਾ ਸਾਂ। ਅਖ਼ਬਾਰ ਖ਼ਰੀਦਿਆ, ਫਰੋਲ਼ਿਆ, ਤੇ ਘਰ ਲੈ ਆਂਦਾ। ਚਾਈਂ-ਚਾਈਂ ਬਾਪੂ ਜੀ ਦੇ ਬੈਗ਼ ਵਿੱਚੋਂ ਇੱਕ ਪੋਸਟਕਾਰਡ ਕੱਢਿਆ ਤੇ ਮਾਸਟਰ ਭਰਪੂਰ ਨੂੰ ਚਿੱਠੀ ਲਿਖੀ: ਸਤਿਕਾਰਯੋਗ ਵੀਰ ਜੀ, ਤੁਹਾਡੀ ਅਸ਼ੀਰਵਾਦ ਅਤੇ ਹੱਲਾਸ਼ੇਰੀ ਨਾਲ਼ ਮੈਂ ਮਿਹਨਤ ਕੀਤੀ। ਅੱਜ ਰੀਜ਼ਲਟ ਆ ਗਿਆ ਹੈ, ਅਤੇ ਮੈਂ ਪਾਸ ਹੋ ਗਿਆ ਹਾਂ। ਡਿਵਿਯਨ ਵੀ ਸੈਕੰਡ ਆਈ ਹੈ। ਬਾਪੂ ਜੀ ਨੇ ਅੱਗੋਂ ਕਾਲਜ ਵਿੱਚ ਪੜ੍ਹਨ ਦੀ ਸਹਿਮਤੀ ਦੇ ਦਿੱਤੀ ਹੈ!

Additional Info

  • Writings Type:: A single wirting
Read 1331 times
ਇਕਬਾਲ ਰਾਮੂਵਾਲੀਆ

ਜਨਮ: ਮੋਗੇ ਦੇ ਲਾਗੇ ਪਿੰਡ ਰਾਮੂਵਾਲਾ `ਚ ਮਾਤਾ ਦਿਲਜੀਤ ਕੌਰ ਤੇ ਪੇਟੋਂ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਘਰ 1946 `ਚ ਜਨਮਿਆਂ।

ਵਿੱਦਿਆ: ਅੱਠਵੀਂ ਜਮਾਤ ਪਿੰਡ ਦੇ ਸਕੂਲੋਂ ਤੇ ਦਸਵੀਂ ਪਿੰਡ ਬੁੱਟਰ ਤੋਂ ਕਰ ਕੇ ਬੀ.ਏ.ਡੀ.ਐਮ.ਕਾਲਜ ਮੋਗਾ ਤੋਂ।

ਸਰਵਿਸ: ਅੰਗਰੇਜ਼ੀ ਦੀ ਐਮ.ਏ.ਗੌਰਮਿੰਟ ਕਾਲਜ ਲੁਧਿਆਣੇ ਤੋਂ ਕਰ ਕੇ ਖਾਲਸਾ ਕਾਲਜ ਸੁਧਾਰ `ਚ ਪੰਜ ਸਾਲ ਅੰਗਰੇਜ਼ੀ ਦਾ ਲੈਕਚਰਰ। 1975 `ਚ ਕੈਨਡਾ ਚਲਾ ਗਿਆ ਜਿੱਥੇ ਫੈਕਟਰੀਆਂ `ਚ ਕੰਮ ਕਰਨ, ਟੈਕਸੀ ਚਲਾਉਣ ਤੇ ਦਰਬਾਨੀ ਕਰਨ ਦੇ ਨਾਲ਼ ਨਾਲ਼ ਯੂਨੀਵਰਸਿਟੀਆਂ `ਚ ਪੜ੍ਹਾਈ ਵੀ ਕਰੀ ਗਿਆ। 1985 ਤੋਂ ਕੈਨਡਾ `ਚ ਸਕੂਲ ਸਿਸਟਮ ਵਿੱਚ ਵਿਦਿਆਕਾਰ ਦੇ ਤੌਰ `ਤੇ ਕੰਮ ਕਰ ਰਿਹਾ ਹੈ।

ਕਿਤਾਬਾਂ: ਸ਼ਾਇਰੀ ਦੀਆਂ ਕੁੱਲ ਛੇ ਕਿਤਾਬਾਂ, ਇੱਕ ਕਾਵਿ-ਨਾਟਕ, ਦੋ ਨਾਵਲ ਅੰਗਰੇਜ਼ੀ `ਚ ਤੇ ਇੱਕ ਪੰਜਾਬੀ `ਚ।

ਪਤਾ: ਦੋ ਬੇਟੀਆਂ ਦਾ ਬਾਪ, ਅੱਜ ਕੱਲ ਟਰਾਂਟੋ ਦੇ ਨਜ਼ਦੀਕ ਬਰੈਂਪਟਨ ਸ਼ਹਿਰ ਦਾ ਵਸਨੀਕ।