Print this page
Wednesday, 03 March 2010 07:39

ਪੰਜਾਬੀ ਕੰਪਿਊਟਰ ਦੀਆਂ ਸਮੱਸਿਆਵਾਂ

Written by
Rate this item
(3 votes)
GulamAbbasReport GulamAbbasReport Abbas

ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀ ਨਾਲ਼ ਸੰਬੰਧਿਤ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ

ਕਿਰਪਾਲ ਸਿੰਘ ਪੰਨੂੰ

 

ਆਮ ਵਿਆਖਿਆ

ਸੂਚਨਾ ਵਟਾਂਦਰੇ ਲਈ, ਬੋਲੀ ਦੀ ਉਸਾਰੀ ਇੱਕ ਕਰਾਮਾਤੀ ਕਾਰਜ ਮੰਨਿਆਂ ਗਿਆ ਹੈ। ਪਰ ਇਸ ਵਿੱਚ ਬੋਲ ਚਾਲ ਵਾਲ਼ਿਆਂ ਦੀ, ਇੱਕ ਹੱਦ ਤੀਕਰ ਲੋੜੀਂਦੀ ਆਪਸੀ ਨੇੜਤਾ ਅਤੇ ਹਰਕਾਰੇ ਵਜੋਂ ਉਸ ਵਿੱਚ ਹਵਾ ਦਾ ਹੋਣਾ ਜ਼ਰੂਰੀ ਹੈ। ਸਮਾਂ ਪਾ ਕੇ, ਲਿਖਤਾਂ ਰਾਹੀਂ ਸੂਚਨਾ ਵਟਾਂਦਰਾ ਹੋਣ ਲੱਗਿਆ। ਪਹਿਲੋਂ ਪਹਿਲ ਇਹ ਵਟਾਂਦਰਾ ਚਟਾਨਾਂ, ਸਪੂਤਾਂ ਉੱਤੇ ਹੋਣ ਕਾਰਨ ਇੱਕ ਸਥਾਨੀ ਰਹਿ ਗਿਆ ਪਰ ‘ਇੱਕ ਸਮੇਂ’ ਤੋ ਮੁਕਤ ਹੋ ਗਿਆ। ਅਤੇ ਫਿਰ ਭੋਜ ਪੱਤਰ ਤੇ ਕਲਮ ਦੁਆਤ ਅਤੇ ਕਾਗ਼ਜ਼ ਦੇ ਆ ਜਾਣ ਨਾਲ਼ ਸੂਚਨਾ ਵਟਾਂਦਰੇ ਲਈ ਸਮਾ, ਸਥਾਨ ਆਦਿ ਦੀ ਮਜਬੂਰੀ ਖਤਮ ਹੋ ਗਈ। ਤੇ ਕੇਵਲ ਕਾਗ਼ਜ਼ ਨੂੰ ਲੈ ਜਾਣ, ਲੈ ਆਉਣ ਦੀ ਪਾਬੰਦੀ ਰਹਿ ਗਈ। ਕੰਪਿਊਟਰ ਨੇ ਆ ਕੇ ਸੂਚਨਾ ਵਟਾਂਦਰੇ ਨੂੰ ਇਸ ਤੋਂ ਵੀ ਮੁਕਤ ਕਰ ਦਿੱਤਾ ਹੈ। ਹੁਣ ਖਲਾਅ ਵਿੱਚ ਚੰਦ ਤੋਂ ਵੀ ਦੁਰਾਡੇ ਮਿੰਟਾਂ ਸਕਿੰਟਾਂ ਵਿੱਚ ਸੂਚਨਾ ਵਟਾਂਦਰਾ ਹੋ ਰਿਹਾ ਹੈ ਅਤੇ ਹੁਕਮ ਸੁਣਾਏ ਤੇ ਮੰਨੇਂ ਜਾ ਰਹੇ ਹਨ। ਜਾਪਦਾ ਤਾਂ ਇਹ ਹੈ ਕਿ ਕੰਪਿਊਟਰ ਨੇ ਸੂਚਨਾ ਵਟਾਂਦਰੇ ਪੱਖੋਂ ਸੱਤ ਸਮੁੰਦਰਾਂ ਦੀ ਦੂਰੀ ਹੁਣ 17 ਸੈੰਟੀਮੀਟਰਾਂ ਤੇ ਲੈ ਆਂਦੀ ਹੈ।

ਗੁਰਮੁਖੀ ਸ਼ਾਹਮੁਖੀ ਦੇ ਕੰਪਿਊਟਰੀਕਰਨ ਦੀ ਲੋੜ

ਇਹ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਹਰ ਖੇਤਰ ਦੀਆਂ ਹੀ ਨਵੀਆਂ ਪਰਾਪਤੀਆਂ ਦੀ ਕੁੰਜੀ ਕੰਪਿਊਟਰ ਦੇ ਹੱਥ ਵਿੱਚ ਹੈ। ਭਾਰਤ ਵਿੱਚ ਅਜੇ ਕੰਪਿਊਟਰ ਦੀ ਵਰਤੋਂ ਕੋਈ ਬਹੁਤੀ ਨਹੀਂ ਹੋਣ ਲੱਗੀ ਅਤੇ ਯੂਨੀਵਰਸਿਟੀਆਂ ਦੇ ਕਈ ਪਰੋਫੈੱਸਰ ਕੰਪਿਊਟਰ ਨੂੰ ਇੱਕ ਬੇਲੋੜੀ ਜਿਹੀ ਚੀਜ਼ ਸਮਝਦੇ ਹਨ ਅਤੇ ਆਪਣੇ ਮੌਲਕ ਕਾਰਜ ਕਾਗਜ ਅਤੇ ਕਲਮ ਨਾਲ਼ ਹੀ ਕਰਨਾ ਠੀਕ ਸਮਝਦੇ ਹਨ। ਪਰ ਪੱਛਮੀਂ ਦੇਸ਼ਾਂ ਵਿੱਚ ਕੰਪਿਊਟਰ ਹਰ ਖੇਤਰ ਵਿੱਚ ਪੂਰਨ ਤੌਰ ਤੇ ਛਾ ਚੁੱਕਿਆ ਹੈ। ਇਸ ਦੀ ਵਰਤੋਂ ਦੀ ਸਾਰਥਕਤਾ ਦੇਖ ਕੇ ਇਹ ਯਕੀਨ ਨਾਲ਼ ਕਿਹਾ ਜਾ ਸਕਦਾ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਵੀ ਕੰਪਿਊਟਰ ਹਰ ਖੇਤਰ ਵਿੱਚ ਹੀ ਆਪਣੇ ਪੈਰ ਪੂਰੀ ਤਰ੍ਹਾਂ ਨਾਲ਼ ਪਸਾਰ ਲਏਗਾ।

ਅਸਲ ਵਿੱਚ ਕੰਪਿਊਟਰ ਕੀ ਹੈ? ਇਹ ਹੋਰ ਕੁੱਝ ਵੀ ਨਹੀਂ ਹੈ, ਕੇਵਲ ਮਨੁੱਖ ਦੀ ਇੱਕ ਸਹਾਇਕ ਮਸ਼ੀਨ ਹੈ। ਪਰ ਇਸ ਦੇ ਕੰਮ ਕਰਨ ਦੀ ਸਮਰੱਥਾ ਬੇਅੰਤ ਅਤੇ ਅਥੱਕ ਹੈ। ਇਹ ਚਾਨਣ ਦੀ ਰਫਤਾਰ ਨਾਲ਼ ਚਾਨਣ ਖਿਲਾਰਦਾ ਹੈ। ਸੋ ਅੱਜ ਇਹ ਕਹਿਣ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ ਕਿ ਜਿਹੜਾ ਵੀ ਦੇਸ਼, ਭਾਸ਼ਾ, ਕੌਮ, ਮਜ਼ਹਬ ਆਦਿ ਕੰਪਿਊਟਰ ਦੀ ਵਰਤੋਂ ਵਿੱਚ ਪਛੜ ਜਾਏਗਾ ਉਹ ਸੰਸਾਰ ਵਿੱਚ ਹਰ ਪੱਖ ਤੋਂ ਹੀ ਦੂਸਰਿਆਂ ਤੋਂ ਪਛੜ ਜਾਏਗਾ। ਜੋ ਇਸ ਦੀ ਵਰਤੋਂ ਵਿੱਚ ਮੋਹਰੀ ਹੋਵੇਗਾ ਉਹ ਸੰਸਾਰ ਵਿੱਚ ਹਰ ਪੱਖ ਤੋਂ ਹੀ ਇੱਕ ਮੋਹਰੀ ਵਜੋਂ ਪਰਵਾਨਿਆਂ ਜਾਏਗਾ।

ਸਾਡੇ ਕੋਲ਼ ਇਸ ਦੀ ਸਭ ਤੋਂ ਵਧੀਆ ਅਤੇ ਪਰਤੱਖ ਉਧਾਰਣ ਮਿਸਟਰ ਬਿਲਗੇਟ ਦੀ ਹੈ। ਜੋ ਕੁੱਝ ਦਹਾਕੇ ਪਹਿਲੋਂ ਯੂਨੀਵਰਸਿਟੀ ਦਾ ਇੱਕ ਆਮ ਜਿਹਾ ਵਿਦਿਆਰਥੀ ਸੀ ਅਤੇ ਅੱਜ ਉਹ ਇਸ ਕੰਪਿਊਟਰ ਅਤੇ ਬਿਜਨਸ ਮੈਨੇਜਮੈੰਟ ਦੇ ਸਦਕਾ ਹੀ ਦੁਨੀਆਂ ਦੇ ਪਹਿਲੇ ਨੰਬਰ ਦੇ ਅਮੀਰਾਂ ਵਿੱਚੋਂ ਇੱਕ ਹੈ। ਬਿਲੀਅਨ ਡਾਲਰਾਂ ਤੀਕਰ ਤਾਂ ਉਹ ਦਾਨ ਹੀ ਕਰ ਦਿੰਦਾ ਹੈ।

ਇਸ ਲਈ ਜੇ ਅੱਜ ਪੰਜਾਬੀ ਭਾਸ਼ਾ ਆਪਣੀ ਹੋਂਦ ਬਣਾਈ ਰੱਖਣ ਅਤੇ ਹੋਰਾਂ ਭਾਸ਼ਾਵਾਂ ਤੋਂ ਮੋਹਰੀ ਹੋਣ ਦਾ ਸੰਕਲਪ ਰੱਖਦੀ ਹੈ ਤਾਂ ਇਸ ਨੂੰ ਕੰਪਿਊਟਰ ਦੀ ਵਰਤੋਂ ਵਿੱਚ ਸਮੇਂ ਦੇ ਹਾਣੀ ਹੀ ਨਹੀਂ ਸਗੋਂ ਇੱਕ ਮੋਹਰੀ ਵਜੋਂ ਉੱਭਰਨਾ ਹੋਵੇਗਾ।

 

 

ਹਰ ਸ਼ੈਅ ਬਦਲਣਹਾਰ ਹੈ

ਇਹ ਭਲੀ ਭਾਂਤ ਜਾਣਿਆਂ ਜਾਂਦਾ ਹੈ ਕਿ ਬੋਲੀਆਂ ਅਤੇ ਉਨ੍ਹਾਂ ਨੂੰ ਪਰਗਟਾਉਣ ਵਾਲ਼ੇ ਲਿੱਪੀ-ਚਿੰਨ੍ਹ ਬੋਲਣ ਵਾਲ਼ੇ ਲੋਕਾਂ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਕਿੱਤਿਆਂ ਦੇ ਨਾਲ਼-ਨਾਲ਼ ਬਦਲਣਹਾਰ ਹੁੰਦੇ ਹਨ। ਇਸੇ ਨਿਯਮ ਦੇ ਅਧੀਨ ਪੰਜਾਬੀ ਬੋਲਣ ਵਾਲ਼ੇ ਲੋਕਾਂ ਦੇ ਨਾਲ਼-ਨਾਲ਼ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਵੀ ਬਦਲਦੀ ਆਈ ਹੈ ਤੇ ਜੀਵਤ ਰਹਿਣ ਤੀਕਰ ਬਦਲਦੀ ਰਹੇਗੀ। ਇਹ ਵੀ ਇੱਕ ਸਰਵ ਪਰਵਾਨਿਤ ਨਿਯਮ ਹੈ ਕਿ ਜੋ ਸਮੇਂ ਅਤੇ ਵਾਤਾਵਰਣ ਅਨੁਸਾਰ ਬਦਲ ਜਾਂਦਾ ਹੈ, ਉਹ ਹੋਂਦ ਵਿੱਚ ਰਹਿੰਦਾ ਹੈ ਤੇ ਬਾਕੀ ਸਭ ਕੁੱਝ ਭੂਤ ਕਾਲ ਦੇ ਖਾਤੇ ਵਿੱਚ ਜਾ ਪੈਂਦਾ ਹੈ।

ਕਿਉਂਕਿ ਅਸਾਡਾ ਮੁੱਖ ਮੰਤਵ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਦੇ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਉੱਤੇ ਸੋਚ ਵਿਚਾਰ ਕਰਨ ਦਾ ਹੈ। ਇਸ ਲਈ ਮੁੱਖ ਤੌਰ ਤੇ ਇਨ੍ਹਾਂ ਦੋਹਾਂ ਲਿੱਪੀਆਂ ਦੇ ਉੱਤੇ ਹੀ ਧਿਆਨ ਦਾ ਕੇਂਦਰਤ ਰਹਿਣਾ ਉੱਚਿਤ ਰਹੇਗਾ।

ਕੰਪਿਊਟਰੀਕਰਨ ਅਤੇ ਅੱਖਰ

ਕੰਪਿਊਟਰੀ ਤਕਨੀਕ ਨੇ ਅੱਖਰ ਨੂੰ ਰਹਿਣ ਭਾਵੇਂ ਅ-ਖਰ ਹੀ ਦਿੱਤਾ ਹੈ ਪਰ ਇਸ ਨੂੰ ਤਰਲ ਪਦਾਰਥ ਦਾ ਰੂਪ ਦੇ ਦਿੱਤਾ ਹੈ। ਇਸ ਇਲੌਕਟਰੌਨਿਕ ਪਰਬੰਧ ਨੇ ਕਿਸੇ ਲਿਖਤ ਨੂੰ ਕੱਟਣ’ ਮੇਟਣ ਚੇਪਣ ਦਾ ਝਗੜਾ ਹੀ ਖਤਮ ਕਰ ਦਿੱਤਾ ਹੈ। ਕਿਸੇ ਵੀ ਅੱਖਰ ਜਾਂ ਸ਼ਬਦਾਂ ਦੇ ਭਾਗ ਨੂੰ ਕਿਤੋਂ ਚੱਕੋ ਅਤੇ ਕਿਤੇ ਰੱਖੋ ਉਹ ਉੱਥੇ ਹੀ ਫਿੱਟ ਹੋ ਜਾਂਦਾ ਹੈ। ਟੱਬ ਦੇ ਇੱਕ ਪਾਸੇ ਤੋਂ ਪਾਣੀ ਦਾ ਜੱਗ ਕੱਢਣ ਅਤੇ ਉਸੇ ਟੱਬ ਦੇ ਦੂਸਰੇ ਪਾਸੇ ਜੱਗ ਖਾਲੀ ਕਰ ਦੇਣ ਵਾਂਗ। ਕੋਈ ਅੱਖਰ ਕਿਸੇ ਥਾਂ ਤੋਂ ਕੱਢ ਲਵੋ ਤਾਂ ਉਸ ਥਾਂ ਤੋਂ ਅਗਲੇ ਸਾਰੇ ਹੀ ਉਤਨੀ ਥਾਂ ਉਸ ਵੱਲ ਨੂੰ ਚੱਲ ਪੈਂਦੇ ਹਨ। ਕੋਈ ਸ਼ਬਦ ਕਿਤੇ ਵੀ ਘਸੋੜ ਦਿਓ ਤਾਂ ਉਸ ਥਾਂ ਤੋਂ ਅਗਲੇ ਸਾਰੇ ਅੱਖਰ ਉਸਨੂੰ ਥਾਂ ਦੇਣ ਲਈ ਆਪਣੀ ਉਤਨੀ ਹੀ ਥਾਂ ਅੱਗੇ ਕਰ ਲੈਂਦੇ ਹਨ। ਹੋਰ ਤਾਂ ਹੋਰ ਕਿਸੇ ਵੀ ਦਸਤਾਵੇਜ਼ ਨੂੰ ਸੱਤ ਸਮੁੰਦਰੋਂ ਪਾਰ ਹੱਥੀਂ ਲੈ ਜਾਣ ਦੇ ਕਸ਼ਟ ਦੀ ਵੀ ਇਸਨੇ ਕਾਇਆ ਕਲਪ ਕਰ ਦਿੱਤੀ ਹੈ। ਹੁਣ ਘੰਟਿਆਂ, ਦਿਨਾਂ, ਮਹੀਨਿਆਂ ਦੀ ਥਾਂ ਪਲਾਂ ਵਿੱਚ ਹੀ ਸਾਰੇ ਸੰਸਾਰ ਵਿੱਚ ਕਿਸੇ ਦਸਤਾਵੇਜ਼ ਨੂੰ ਭੇਜਿਆ ਜਾ ਸਕਦਾ ਹੈ।

ਗੁਰਮੁਖੀ ਲਿੱਪੀ ਦਾ ਵਿਰਸਾ

ਜਦੋਂ ਅਸੀਂ ਗੁਰੂ-ਕਾਲ ਦੀ ਗੁਰਮੁਖੀ ਲਿੱਪੀ ਨੂੰ ਪਰਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਸਪਸ਼ਟ ਰੂਪ ਵਿੱਚ ਉੱਭਰ ਕੇ ਆਉਂਦਾ ਹੈ ਕਿ ਉਸ ਵੇਲ਼ੇ ਪੈਰ ਅੱਖਰ ਇੱਕ ਦਰਜਨ ਦੇ ਕਰੀਬ ( ੍ਹ  ੍ਰ  ੵ  ੍ਵ  ੍ਯ  ੍ਯ  ੑ ਃ  ੍ਚ  ੍ਤ  ੍ਨ  ੍ਟ ਆਦਿ) ਸਨ। ਜੋ ਜਾਪਦਾ ਹੈ ਕਿ ਦੇਵਨਾਗਰੀ ਅਤੇ ਗੁਰਮੁਖੀ ਦੇ ਆਪਸੀ ਸਹਿਯੋਗ ਕਾਰਨ ਸਨ। ਪਰ ਅਜੋਕੀ ਗੁਰਮੁਖੀ ਲਿੱਪੀ ਵਿੱਚ ਦੇਖਦੇ ਹਾਂ ਕਿ ਪੈਰ ਅੱਖਰਾਂ ਦੀ ਵਰਤੋਂ ਕੇਵਲ ਪੈਰ ਹ, ਰ ਅਤੇ ਵ ਤੀਕਰ ਹੀ ਸੀਮਤ ਹੋ ਕੇ ਰਹਿ ਗਈ ਹੈ। ਇਨ੍ਹਾਂ ਵਿੱਚੋਂ ਵੀ ਹੁਣ ਪੈਰ ਰ ਅਤੇ ਵ ਦੀ ਵਰਤੋਂ ਘਟ ਰਹੀ ਹੈ ਅਤੇ ਪੈਰ ਹ ਦੀ ਵਰਤੋਂ ਦੂਹਰੀ ਆਵਾਜ਼ ਦਾ ਨਵਾਂ ਸਵਾਲ ਖੜ੍ਹਾ ਕਰ ਰਹੀ ਹੈ। ਦੂਸਰੇ ਪਾਸੇ ਦੇਵਨਾਗਰੀ ਵਿੱਚ ਪੈਰ (ਜੁੜਵੇਂ) ਅੱਖਰਾਂ ਦੀ ਵਰਤੋਂ ਦੀ ਭਰਮਾਰ ਅੱਜ ਵੀ ਪਰਚਲਤ ਹੈ। ਉਸ ਵਿੱਚ ਜੁੜਵੇਂ ਅੱਖਰਾਂ ਦੀ ਗਿਣਤੀ ਦੇ ਘਟਣ ਦੀ ਪਰਵਿਰਤੀ ਦਿਖਾਈ ਨਹੀਂ ਦਿੰਦੀ।

ਪੰਜਾਬ ਵਿੱਚ ਇਸਲਾਮਿਕ ਸੱਭਿਆਚਾਰ ਦੇ ਰਚਮਿਚ ਜਾਣ ਨਾਲ਼ ਫਾਰਸੀ ਵੱਲੋਂ ਬਹੁਤ ਸਾਰੀਆਂ ਨਵੀਆਂ ਆਵਾਜ਼ਾਂ ਪੰਜਾਬੀਆਂ ਦਾ ਅੰਗ ਬਣ ਗਈਆਂ। ਉਨ੍ਹਾਂ ਵਿੱਚੋਂ ਕੁੱਝ ਕੁ ਨੂੰ ਪਰਗਟਾਉਣ ਲਈ ਗੁਰਮੁਖੀ ਲਿੱਪੀ ਵਿੱਚ ਪੈਰ ਬਿੰਦੀ ਦੀ ਕਾਢ ਕੱਢੀ ਗਈ। ਜਿਸ ਨਾਲ਼ ਗੁਰਮੁਖੀ ਲਿੱਪੀ ਵਿੱਚ ਮੂਲ ਆਵਾਜ਼ ਦੇ ਪੈਰ ਵਿੱਚ ਬਿੰਦੀ ਪਾ ਕੇ ਸ਼, ਖ਼, ਗ਼, ਜ਼ ਅਤੇ ਫ਼ ਦੀਆਂ ਆਵਾਜ਼ਾਂ ਦਾ ਪਰਗਟਾਵਾ ਕੀਤਾ ਗਿਆ। ਸ਼ ਪੈਰ ਬਿੰਦੀ ਦੀ ਹੋਂਦ ਬੇਸ਼ੱਕ ਦੇਵਨਾਗਰੀ ਵਿੱਚ ਪਹਿਲੋਂ ਹੀ ਹੈ ਸਗੋਂ ਇਹ ਦੋ ਆਵਾਜ਼ਾਂ (21 ਵਰਗਾ ਅਤੇ ਪੇਟ ਲਕੀਰ ਵਾਲ਼ਾ ਸ਼) ਦੇ ਰੂਪ ਵਿੱਚ ਹੈ। ਪਰ ਇਹ ਗੁਰਮੁਖੀ ਲਿੱਪੀ ਵਿੱਚ ਨਹੀਂ ਸੀ। ਇਸ ਦਾ ਵੱਡਾ ਸਬੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੈਰ ਬਿੰਦੀ ਵਾਲ਼ੇ ਅੱਖਰਾਂ ਅਤੇ ਅਧਕ ਦੀ ਵਰਤੋਂ ਨਹੀਂ ਹੋਈ। ਪੈਰ ਬਿੰਦ ਦੀ ਵਰਤੋਂ ਗੁਰੂ ਕਾਲ ਤੋਂ ਪਿੱਛੋਂ ਆ ਕੇ ਫਾਰਸੀ ਵੱਲੋਂ ਹੀ ਹੋਂਦ ਵਿੱਚ ਆਈ ਜਾਪਦੀ ਹੈ।

ਆਮ ਗੁਰਮੁਖੀ ਫੌਂਟਾਂ ਵਿੱਚ ਪੈਰ ਬਿੰਦੀ ਵਾਲ਼ੇ 6 ਅੱਖਰ ਕੀਅ ਬੋਰਡ ਦੀਆਂ 6 ਕੀਆਂ ਰੋਕਦੇ ਹਨ। ਪਰ ਡੀਆਰਚਾਤਰਿਕਵੈੱਬ ਵਿੱਚ ਪੈਰ ਬਿੰਦੀ ਲਈ ਇੱਕ ਹੀ ਕੀਅ ‘ਸ਼ਿਫਟ ਲੱਲਾ’ ਰੱਖੀ ਗਈ ਹੈ। ਇਸ ਤਰ੍ਹਾਂ ਕਰਨ ਨਾਲ਼ 5 ਕੀਆਂ ਦੀ ਬੱਚਤ ਹੋ ਗਈ ਹੈ। ਇਹ ਪੈਰ ਬਿੰਦੀ ਵਿਸ਼ੇਸ਼ ਅੱਖਰ ਬਨਾਉਣ ਲਈ ਗੁਰਮੁਖੀ ਦੇ ਕਿਸੇ ਵੀ ਅੱਖਰ ਦੇ ਪੈਰ ਵਿੱਚ ਪਾਈ ਜਾ ਸਕਦੀ ਹੈ। ਜਿਵੇਂ ੳ਼, ੲ਼ ਅਤੇ ਹ਼ ਆਦਿ। ਇਸ ਮੁੱਦੇ ਉੱਤੇ ਵੀ ਵਿੱਦਵਾਨਾਂ ਦੀ ਸੋਚ ਵਿਚਾਰ ਦੀ ਲੋੜ ਹੈ।

ਗੁਰਮੁਖੀ ਲਿੱਪੀ ਵਿੱਚ ਅਧਕ ਦੀ ਵਰਤੋਂ ਵੀ ਫਾਰਸੀ ਵਿੱਚੋਂ ਹੀ ਆਈ ਜਾਪਦੀ ਹੈ ਜੋ ਇੱਕ ਚਮਤਕਾਰੀ ਕਾਢ ਹੈ। ਇਸ ਨਾਲ਼ ਦੂਹਰੀ ਆਵਾਜ਼ ਵਾਲ਼ੇ ਅੱਖਰਾਂ ਦਾ ਪਰਗਟਾਵਾ ਵੀ ਸੌਖਾ ਹੋ ਗਿਆ ਅਤੇ ਦੇਵਨਾਗਰੀ ਵਾਲ਼ੇ ਜੁੜਵੇਂ ਅੱਖਰਾਂ ਦੀ ਆਵਾਜ਼ ਦੇ ਖਲਜਗਣ ਤੋਂ ਵੀ ਖਹਿੜਾ ਛੁੱਟ ਗਿਆ।

ਲ਼ ਦੀ ਆਵਾਜ਼ ਨਿਰੋਲ ਪੰਜਾਬੀ ਦੀ ਆਵਾਜ਼ ਹੈ। ਇਹ ਨਾ ਦੇਵਨਾਗਰੀ ਵਿੱਚ ਮਿਲ਼ਦੀ ਹੈ ਅਤੇ ਨਾ ਹੀ ਸ਼ਾਹਮੁਖੀ ਲਿੱਪੀ ਵਿੱਚ। ਪੰਜਾਬੀ ਸ਼ੁਭਾ ਵਿੱਚ ਤਾਂ ਸ਼ਾਇਦ ਇਸ ਦੀ ਵਰਤੋਂ ਲ ਦੀ ਆਵਾਜ਼ ਨਾਲ਼ੋਂ ਵੀ ਬਹੁਤੀ ਹੈ।

ਭਾਰਤ ਵਿੱਚ ਮੁਸਲਮਾਨ ਬਾਦਸ਼ਾਹਾਂ ਦੇ ਪਰਭਾਵ ਕਾਰਨ ਫਾਰਸ਼ੀ ਲਿੱਪੀ ਨੇ ਸਰਕਾਰੀ ਦਰਬਾਰੀ ਕਾਰਜਾਂ ਵਿੱਚ ਲੱਗਪੱਗ ਪੂਰਾ ਅਖਤਿਆਰ ਪਰਾਪਤ ਕਰ ਲਿਆ ਸੀ। ਪੰਜਾਬ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਵੀ ਇਹ ਕਾਰਜ ਫਾਰਸੀ ਵਿੱਚ ਹੀ ਹੁੰਦਾ ਰਿਹਾ। ਅੰਗਰੇਜਾਂ ਦੇ ਪੰਜਾਬ ਵਿੱਚ ਆਉਣ ਨਾਲ਼ ਭਾਵੇਂ ਕਿ ਉੱਪਰਲਾ ਕਾਰਜ ਅੰਗਰੇਜੀ ਵਿੱਚ ਹੋਣ ਲੱਗਾ ਪਰ ਆਮ ਲੋਕ ਫਾਰਸੀ ਲਿੱਪੀ ਦੀ ਹੀ ਵਰਤੋਂ ਕਰਦੇ ਰਹੇ। ਜਿਸ ਦਾ ਸਿੱਟਾ ਇਹ ਨਿਕਲ਼ਿਆ ਕਿ ਪੰਜਾਬ ਵਿੱਚੋਂ ਗੁਰਮੁਖੀ ਲਿੱਪੀ ਪਿੱਛੇ ਪੈ ਗਈ ਅਤੇ ਫਾਰਸੀ ਲਿੱਪੀ ਅੱਗੇ ਆ ਗਈ। ਮੁਸਲਮਾਨਾਂ ਦੀ ਪੰਜਾਬ ਵਿੱਚ ਜਨਮੀ ਦੂਜੀ ਤੀਜੀ ਪੀਹੜੀ ਲਿਖਦੀ ਤਾਂ ਫਾਰਸੀ ਲਿੱਪੀ ਵਿੱਚ ਹੀ ਰਹੀ ਪਰ ਇਸ ਦੇ ਨਾਲ਼-ਨਾਲ਼ ਆਮ ਲੋਕਾਂ ਦੀ ਬੋਲ ਚਾਲ ਵਿੱਚ ਪੰਜਾਬੀ ਵੀ ਆਪਣਾ ਪਰਭਾਵ ਪਾਉਂਦੀ ਗਈ। ਸ਼ਾਹਮੁਖੀ ਵਿੱਚ ਪੰਜਾਬੀ ਲਿਖਣ ਵਾਲ਼ਿਆਂ ਲਈ ਨਵੀਂ ਅੜਚਣ ਇਹ ਆਈ ਕਿ ਪੰਜਾਬੀ ਦੀਆਂ ਕੁੱਝ ਕੁ ਆਵਾਜ਼ਾਂ ਸ਼ਾਹਮੁਖੀ ਵਿੱਚ ਨਹੀਂ ਸਨ ਜਿਵੇਂ ਕਿ ਖ, ਘ, ਛ, ਝ, ਟ, ਠ, ਡ, ਢ, ਣ, ਥ, ਧ, ਫ, ਭ, ਲ਼, ੜ, ੜ੍ਹ ਆਦਿ। ਸ਼ਾਹਮੁਖੀ ਵਿੱਚ ਪੈਰ ਅੱਖਰ ਪਾਉਣ ਦਾ ਕੋਈ ਪਰਬੰਧ ਨਹੀਂ ਹੈ। ਸੋ ਸ਼ਾਹਮੁਖੀ ਨੂੰ ਵੀ ਪੰਜਾਬੀ ਦੇ ਲੱਗਪੱਗ ਸਮਾਨਾਂਨਤਰ ਹੋਣ ਲਈ ਕੁੱਝ ਕੁ ਨਵੇਂ ਚਿੰਨ ਘੜਨੇ ਪਏ ਜਿਵੇਂ ਕਿ ਦੋ-ਚਸ਼ਮੀ ਹੇ (ھ), (ਜੋ ਅਧਕ ਵਾਂਗ ਇੱਕ ਕਰਾਮਾਤੀ ਕਰਜ ਕਰਦੀ ਹੈ। ਇਸਦੀ ਟੇਕ ਲੈ ਕੇ ਸ਼ਾਹਮੁਖੀ ਗੁਰਮੁਖੀ ਦੀਆਂ ਲੱਗਪੱਗ ਦਰਜਨ ਤੋਂ ਵੱਧ ਆਵਾਜ਼ਾ ਪਰਗਟਾਉਣ ਦੇ ਯੋਗ ਹੋ ਗਈ) ਟੇ (ٹ), ਡਾਲ (ڈ), ਅਤੇ ੜੇ (ڑ) ਆਦਿ।

ਜਿਵੇਂ ਕਿ ਉੱਪਰ ਵਰਨਣ ਕੀਤਾ ਜਾ ਚੁੱਕਿਆ ਹੈ ਕਿ ਭਾਸ਼ਾਵਾਂ ਅਤੇ ਲਿੱਪੀਆਂ ਆਪਣੀ ਲੋੜ ਅਨੁਸਦਾਰ ਬਦਲਣ ਹਾਰ ਹਨ, ਸੋ ਅੱਜ ਕੰਪਿਊਟਰੀ ਯੰਤਰ ਦੀ ਵਰਤੋਂ ਦੇ ਆ ਜਾਣ ਨਾਲ਼ ਲਿੱਪੀਆਂ ਦੀਆਂ ਨਵੀਆਂ ਲੋੜਾਂ-ਥੋੜਾਂ ਉਜਾਗਰ ਹੋ ਰਹੀਆਂ ਹਨ ਅਤੇ ਹੋਰ ਹੋਣਗੀਆਂ। ਸਮੇਂ ਅਤੇ ਕੰਪਿਊਟਰ ਨੇ ਉਨ੍ਹਾਂ ਨਾਲ਼ ਵੀ ਦੋ ਚਾਰ ਹੋਣਾ ਹੈ ਅਤੇ ਹਰ ਟਿੱਬੇ ਟੋਏ ਨੇ ਆਖਰ ਨੂੰ ਹਮਵਾਰ ਹੋਣਾ ਹੈ।

ਲਿਖਣ ਢੰਗ ਦੇ ਬਦਲਦੇ ਸਰੂਪ

ਕੱਲ੍ਹ ਤੀਕਰ ਕਿਸੇ ਵੀ ਲਿੱਪੀ ਦੇ ਚਿੰਨ੍ਹ ਜਾਂ ਅੱਖਰ ਲਿਖਤੀ ਰੂਪ ਵਿੱਚ ਹੀ ਮਿਲ਼ਦੇ ਰਹੇ ਹਨ। ਭਾਵੇਂ ਕਿ ਇਹ ਚਟਾਨਾਂ, ਸਤੂਪਾ, ਸਤੰਭਾਂ, ਇਮਾਰਤਾਂ ਉੱਤੇ ਲਿਖੇ ਹੋਏ ਹੋਣ ਜਾਂ ਫਿਰ ਇਹ ਉਸ ਤੋਂ ਪਿੱਛੋਂ ਪਰਚਲਤ ਹੋਏ ਭੋਜ ਪੱਤਰਾਂ ਅਤੇ ਕਾਗ਼ਜਾਂ ਉੱਤੇ ਹੋਣ। ਉਸ ਹਾਲਤ ਵਿੱਚ ਚਿੰਨ੍ਹਾਂ ਦੇ ਨੈਣ-ਨਕਸ਼ਾਂ ਵਿੱਚ ਵਿਅਕਤੀ ਵਿਸ਼ੇਸ਼ ਦੀ ਲਿਖਣ ਸ਼ੈਲੀ ਦੀ ਮੋਹਰ ਲੱਗੀ ਹੋਈ ਹੁੰਦੀ ਸੀ। ਅਤੇ ਉਹ ਆਪਣੀ ਇੱਛਾ ਅਨੁਸਾਰ ਕੁੱਝ ਖੁੱਲ੍ਹਾਂ ਵੀ ਲੈ ਲੈਂਦਾ ਸੀ ਤੇ ਆਪਣੇ ਵਿਚਾਰ ਨੂੰ ਚੰਗੀ ਤਰ੍ਹਾਂ ਦਰਸਾਉਣ ਲਈ ਨਵੇਂ ਰੂਪ ਵੀ ਘੜ ਲੈਂਦਾ ਸੀ। ਪਰ ਪਹਿਲੋਂ ਟਾਈਪ ਰਾਈਟਰ ਦੇ ਆਉਣ ਨਾਲ਼ ਅਤੇ ਹੁਣ ਕੰਪਿਊਟਰ ਜੁੱਗ ਦੇ ਆਉਣ ਨਾਲ਼ ਇਹ ਸਥਿਤੀ ਬਦਲ ਗਈ ਹੈ।

ਇਸ ਹਾਲਤ ਵਿੱਚ ਲਿੱਪੀ ਘਾੜਾ ਕੋਈ ਹੋਰ ਹੁੰਦਾ ਹੈ ਅਤੇ ਵਰਤੋਂਕਾਰ ਕੋਈ ਹੋਰ। ਜਿਸ ਵਿੱਚ ਜੇ ਮਨ ਮਰਜੀ ਕਰਨ ਦਾ ਹੱਕ ਹੈ ਤਾਂ ਕੇਵਲ ਲਿੱਪੀ ਅੱਖਰਾਂ ਦੇ ਘਾੜੇ ਕੋਲ਼ ਹੀ ਹੈ। ਵਰਤੋਂਕਾਰ ਤਾਂ ਮਿਲਣ ਵਾਲ਼ੀਆਂ ਫੌਂਟਾਂ ਵਿੱਚੋਂ ਆਪਣੀ ਇੱਛਾ ਦੀ ਫੌਂਟ ਦੀ ਕੇਵਲ ਚੋਣ ਹੀ ਕਰ ਸਕਦਾ ਹੈ। ਅਸਲ ਵਿੱਚ ਤਾਂ ਉਸਨੇ ਕੀਅ ਬੋਰਡ ਦੀ ਕੋਈ ਕੀਅ ਪੰਛੀ ਦੇ ਇੱਕ-ਇੱਕ ਦਾਣਾ ਕਰਕੇ ਚੋਗ ਚੁਗਣ ਵਾਂਗ ਹੀ ਦੱਬਣੀ ਹੁੰਦੀ। ਉਨ੍ਹਾਂ ਅੱਖਰਾਂ ਦੇ ਨੈਣ-ਨਕਸ਼ ਤਾਂ ਪਹਿਲੋਂ ਹੀ ਬਣੇ ਹੋਏ ਹੁੰਦੇ ਹਨ। ਇਸ ਵਰਤਾਰੇ ਨੇ ਸੁੰਦਰ ਲਿਖਾਈ ਕਰਨ ਵਾਲ਼ਿਆਂ ਦੀ ਮਾਣਯੋਗ ਆਭਾ ਨੂੰ ਜਿੱਥੇ ਇੱਕ ਭਾਰੀ ਸੱਟ ਮਾਰੀ ਹੈ, ਉੱਥੇ ਘੀਚੂ-ਮੀਚੂ ਲਿਖਣ ਦੀ ਥਾਂ ਹਰ ਰਚਨਾ ਨੂੰ ਹੀ ਪੜ੍ਹਨਯੋਗ ਬਣਾ ਦਿੱਤਾ ਹੈ।

 

ਆਦਰਸ਼

ਕਿਸੇ ਵੀ ਭਾਸ਼ਾ ਦੀ ਲਿੱਪੀ ਦੇ ਆਦਰਸ਼ਕ ਕੰਪਿਊਟਰੀ ਕਰਨ ਵਿੱਚ ਦੋ ਤਿੰਨ ਪਰਮੁੱਖ ਪੱਖ ਹੁੰਦੇ ਹਨ। ਜਿਵੇਂ ਕਿ:

ਪਹਿਲਾ: ਲਿੱਪੀ ਅਜੇਹੀ ਹੋਵੇ ਜੋ ਉਸ ਲਿੱਪੀ ਦੀ ਵਰਤੋਂ ਕਰਨ ਵਾਲ਼ੇ ਲੋਕਾਂ ਦੀਆਂ ਸਾਰੀਆਂ ਆਵਾਜ਼ਾਂ ਨੂੰ ਆਸਾਨੀ ਨਾਲ਼ ਪਰਗਟਾ ਸਕੇ ਅਤੇ ਸੰਬੰਧਿਤ ਭਾਸ਼ਾ ਦੇ ਭੂਤ, ਵਰਤਮਾਨ ਅਤੇ ਭਵਿੱਖ ਦੀਆਂ ਰਚਨਾਵਾਂ ਨੂੰ ਠੀਕ-ਠੀਕ ਦਰਸਾ ਸਕੇ।

ਦੂਜਾ: ਲਿੱਪੀ ਅਜੇਹੀ ਹੋਵੇ ਇੱਕ ਦੂਜੀਆਂ ਲਿੱਪੀਆਂ ਦੇ ਬਦਲਾਓ ਦੇ ਅਨੁਕੂਲ ਹੋਵੇ।

ਤੀਜਾ: ਲਿੱਪੀ ਕੰਪਿਊਟਰੀ ਸਿਸਟਮ ਦੇ ਅਨੁਕੂਲ ਹੋਵੇ ਆਦਿ।

 

ਇੱਥੇ ਇਹ ਵੀ ਵਰਨਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਵੇਂ ਆਮ ਲੋਕਾਂ ਦਾ ਇੱਕੋ ਹੀ ਸੱਭਿਅਚਾਰ ਹੋਵੇ, ਉਨ੍ਹਾਂ ਦਾ ਇੱਕੋ ਹੀ ਖਿੱਤਾ ਤੇ ਕਿੱਤਾ ਹੋਵੇ ਫਿਰ ਵੀ ਇੱਕੋ ਹੀ ਅੱਖਰ ਲਈ ਕੱਢੀ ਗਈ ਕੰਠ ਆਵਾਜ਼ ਹਰ ਵਿਅਕਤੀ ਦੀ ਆਪੋ ਆਪਣੀ ਹੋਇਆ ਕਰਦੀ ਹੈ। ਇਸ ਦਾ ਭਾਵ ਇਹ ਹੈ ਕਿ ਇੱਕੋ ਬੋਲੀ ਵਿੱਚ ਥੋੜੇ ਜਾਂ ਬਹੁਤੇ ਫਰਕ ਨਾਲ਼ ਹਰ ਵਿਅਕਤੀ ਦੀ ਆਪਣੀ ਹੀ ਵਿਲੱਖਣ ਆਵਾਜ਼ ਹੁੰਦੀ ਹੈ। ਇਸ ਸੱਚ ਤੋਂ ਇਹ ਵਿਚਾਰ ਸਪਸ਼ਟ ਹੋ ਜਾਂਦਾ ਹੈ ਕਿ ਕੋਈ ਬੋਲੀ ਅਤੇ ਉਸ ਦੀ ਲਿੱਪੀ ਨਿੱਜ ਵਿੱਚ ਨਹੀਂ ਸਗੋਂ ਸਮੁੱਚ ਵਿੱਚ ਹੋਇਆ ਕਰਦੀ ਹੈ। ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਬੋਲੀ ਜਾਂ ਲਿੱਪੀ ਕਿਸੇ ਜਨ ਸਮੂਹ ਦੇ ਇਕੱਲੇ-ਇਕੱਲੇ ਵਿਅਕਤੀ ਦੀਆਂ ਆਵਾਜ਼ਾਂ ਨੂੰ ਨਹੀਂ ਦਰਸਾ ਸਕਦੀ ਸਗੋਂ ਸਮੁੱਚ ਦੇ ਰੂਪ ਵਿੱਚ ਹੀ ਦਰਸਾ ਸਕਦੀ ਹੈ। ਸੋ ਅੱਗੇ ਜੋ ਸੋਚ ਵਿਚਾਰ ਕੀਤੀ ਜਾਏਗੀ ਉਹ ਲਿੱਪੀ ਦੇ ਸਮੁੱਚ ਦੇ ਰੂਪ ਵਿੱਚ ਹੀ ਕੀਤੀ ਜਾਏਗੀ।

1. ਗੁਰਮੁਖੀ ਦੇ ਕੰਪਿਊਟਰੀਕਰਨ ਸੰਬੰਧੀ ਸਮੱਸਿਆਵਾਂ

ਗੁਰਮੁਖੀ ਲਿੱਪੀ, ਕੰਪਿਊਟਰੀਕਰਨ ਦੇ ਮੁੱਦੇ ਸੰਬੰਧੀ, ਕੁੱਝ ਕੁ ਸੂਝਵਾਨ ਨਿਸ-ਸਵਾਰਥ ਵਿੱਦਵਾਨਾਂ ਨੂੰ ਛੱਡ ਕੇ, ਆਮ ਤੌਰ ਤੇ ਅਨਾੜੀਆਂ, ਸਵਾਰਥੀਆਂ ਅਤੇ ਸ਼ਰਾਰਤੀਆਂ ਦੇ ਹੱਥ ਪਈ ਹੋਈ ਹੈ। ਜੋ ਅਰਾਜਕਤਾ ਦੇ ਦੌਰ ਕਾਰਨ ਮੌਕਾ ਮਿਲ਼ਦੇ ਹੀ ਇਸ ਦਾ ਨਾ ਸਹਾਰੇ ਜਾਣ ਵਾਲ਼ਾ ਅਤੇ ਨਾ ਪੂਰੇ ਜਾਣ ਵਾਲ਼ਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਅਨਾੜੀਆਂ ਦੀ ਇੱਛਾ ਤਾਂ ਸਹੀ ਹੈ ਪਰ ਉਨ੍ਹਾਂ ਦਾ ਗਿਆਨ ਅਧੂਰਾ ਹੈ ਫਿਰ ਵੀ ਉਹ ਧੜਾ-ਧੜਾ ਅਧੂਰੀਆਂ ਗੁਰਮੁਖੀ ਫੌਂਟਾਂ ਬਣਾਈ ਜਾ ਰਹੇ ਹਨ। ਸਵਾਰਥੀ ਕੇਵਲ ਆਪਣਾ ਨਾਂ ਅਤੇ ਧਨ ਕਮਾਉਣ ਦੀ ਇੱਛਾ ਨਾਲ਼ ਗਲਤ-ਮਲਤ ਜਾਂ ਤਰੋੜ-ਮਰੋੜ ਕੇ ਜਾਂ ਹਰ ਨਵੀਂ ਠੀਕ ਫੌਂਟ ਦੇ ਨਾਂ ਵਿੱਚ ਆਪਣੇ ਨਾਂ ਦਾ ਕੋਈ ਅੱਖਰ ਘਸੋੜ ਕੇ ਗੁਰਮੁਖੀ ਫੌਂਟਾਂ ਦੀ ਗਿਣਤੀ ਵਿੱਚ ਬੇਲੋੜਾ ਵਾਧਾ ਕਰਦੇ ਜਾ ਰਹੇ ਹਨ। ਸ਼ਰਾਰਤੀ, ਗੁਰਮੁਖੀ ਲਿੱਪੀ ਦੇ ਕੀਅ ਬੋਰਡ ਨੂੰ ਜਾਂ ਤਾਂ ਹਿੰਦੀ ਨਾਲ਼ ਨਰੜ ਕੇ ਨਵੀਂਆਂ ਦੁਸ਼ਵਾਰੀਆਂ ਖੜ੍ਹੀਆਂ ਕਰ ਰਹੇ ਹਨ ਜਾਂ ਫਿਰ ਆਪਣੇ ਆਕਾ ਦੇ ਹੁਕਮ ਅਨੁਸਾਰ ਅੰਨ੍ਹੇਵਾਹ ਚੰਗੇ ਕਾਰਜਾਂ ਦੀ ਬਦਖੋਈ ਅਤੇ ਗ਼ਲਤ ਕਾਰਜਾਂ ਲਈ ਅਰਜੋਈ ਕਰੀ ਜਾ ਰਹੇ ਹਨ। ਗੁਰਮੁਖੀ ਲਿੱਪੀ ਵਿੱਚ ਅਰਾਜਕਤਾ ਦਾ ਦੌਰ ਇਸ ਲਈ ਚੱਲ ਰਿਹਾ ਹੈ ਕਿ ਲੋਕ ਹਿਤੂ ਸਰਕਾਰ ਦਾ ਮੁੱਖ ਕਾਰਜ ਹੁੰਦਾ ਹੈ ਕਿ ਆਪਣੇ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਦਾ ਧਿਆਨ ਰੱਖਣਾ ਅਤੇ ਸਮਾਂ ਆਉਣ ਉੱਤੇ ਉਨ੍ਹਾਂ ਦੀ ਪੂਰਤੀ ਕਰਨਾ। ਪਰ ਪੰਜਾਬ ਸਰਕਾਰ, ਉਸਦਾ ਭਾਸ਼ਾ ਵਿਭਾਗ, ਪੰਜਾਬ ਦੀਆਂ ਸਾਰੀਆਂ ਹੀ ਯੂਨੀਵਰਸਿਟੀਆਂ ਇਸ ਮੁੱਦੇ ਉੱਤੇ ਘੂਕ ਸੁੱਤੀਆਂ ਹੋਈਆਂ ਜਾਪਦੀਆਂ ਹਨ ਜਾਂ ਫਿਰ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਵਿੱਚ ਸਿਰ ਸੁੱਟ ਕੇ ਜੁੜੀਆਂ ਹੋਈਆਂ ਹਨ। ਨਹੀਂ ਤਾਂ ਉਨ੍ਹਾਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਗੁਰਮੁਖੀ ਦੇ ਲਈ ਅਤੀ ਢੁਕਵੀਂ ਫੌਂਟ ਤਿਆਰ ਕਰਵਾਉਣ। ਜੋ ਭੂਤ, ਵਰਤਮਾਨ ਅਤੇ ਭਵਿੱਖ ਦੇ ਵੱਧ ਤੋਂ ਵੱਧ ਅਨੁਕੂਲ ਹੋਵੇ। ਅਤੇ ਜਿੱਥੋਂ ਤੀਕਰ ਉਨ੍ਹਾਂ ਦਾ ਆਪਣਾ ਕੰਟਰੌਲ ਹੈ, ਉਸਨੂੰ ਰੋਲ ਮਾਡਲ ਵਜੋਂ ਪੰਜਾਬੀ ਜਗਤ ਵਿੱਚ ਲਾਗੂ ਕਰਵਾਉਣ। ਸੋ ਪੰਜਾਬੀ ਪਿਆਰਿਆਂ ਨੁੰ ਉਪਰੋਕਤ ਵਿਅਕਤੀਆਂ ਤੋਂ ਬਚ ਕੇ ਚੱਲਣ ਅਤੇ ਸੁੱਤੇ ਫਰਜ਼ਾਂ ਨੂੰ ਜਗਾਉਣ ਦੀ ਬਹੁਤ ਲੋੜ ਹੈ।

ਗੁਰਮੁਖੀ ਫੌਂਟਾਂ ਦੀ ਉਸਾਰੀ ਅਤੇ ਵਿਓਂਤ ਲਈ ਡਾ: ਕੁਲਬੀਰ ਸਿੰਘ ਥਿੰਦ ਦਾ ਨਾਂ ਬੜੇ ਹੀ ਸਤਿਕਾਰ ਨਾਲ਼ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਦੇ ਸੱਚੇ ਸਪੂਤ ਵਾਂਗ ਸਭ ਤੋਂ ਪਹਿਲੋਂ ਇਸ ਵੰਗਾਰ ਦਾ ਬੀੜਾ ਚੁੱਕਿਆ ਅਤੇ ਲੋੜ ਅਨੁਸਾਰ ਆਪਣੀਆਂ ਗੁਰਮੁਖੀ ਫੌਂਟਾਂ ਵਿੱਚ ਲੋੜੀਂਦੀ ਸੁਧਾਈ ਕੀਤੀ। ਰਾੜਾ ਸਾਹਿਬ ਵਾਲ਼ੇ ਬਾਬਾ ਬਲਜਿੰਦਰ ਸਿੰਘ ਨੇ ਵੀ ਆਪਣੇ ਯਤਨ ਕਰਕੇ ਮਹਾਨ-ਕੋਸ਼ ਦੀਆਂ ਲੋੜਾਂ ਪੂਰਦੀ ‘ਸ਼੍ਰੀ ਅੰਗਦ’ ਫੌਂਟ ਤਿਆਰ ਕਰਵਾਈ। ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਸਭ ਤੋਂ ਵੱਧ ਢੁਕਵੀਂ ਗੁਰਮੁਖੀ ਫੌਂਟ ਨੂੰ ਮਾਨਤਾ ਦੇਵੇ ਅਤੇ ਆਪਣੇ ਸਾਰੇ ਅਦਾਰਿਆਂ ਵਿੱਚ ਉਸਨੂੰ ਲਾਗੂ ਕਰਵਾਏ। ਸਰਕਾਰੀ ਅਦਾਰਿਆਂ ਦਾ ਇਹ ਧਰਮ ਬਣਦਾ ਹੈ ਕਿ ਇਮਾਨਦਾਰੀ ਨਾਲ਼ ਸਭ ਤੋਂ ਢੁਕਵੀਂ ਗੁਰਮੁਖੀ ਫੌਂਟ ਦੀ ਸਰਕਾਰ ਨੂੰ ਸਲਾਹ ਦੇਣ ਅਤੇ ਉਸਨੂੰ ਲਾਗੂ ਕਰਨ ਲਈ ਬਾਰ-ਬਾਰ ਬੇਨਤੀ ਕਰਨ। ਤਾਂ ਕਿ ਪੰਜਾਬ ਵਿੱਚ ਫੌਂਟ ਦੀ ਵਰਤੋਂ ਦੀ ਏਕਤਾ ਆਏ ਅਤੇ ਇਸ ਬਹੁਰੰਗੀ ਬਹੁਤਾਤ ਦੇ ਕੋਹੜ ਤੋਂ ਛੁਟਕਾਰਾ ਮਿਲ਼ੇ। ਸਰਕਾਰ ਨੂੰ ਕਿਸੇ ਕੰਪਨੀ ਦਾ ਪਿਛਲੱਗ ਨਹੀਂ ਹੋਣਾ ਚਾਹੀਦਾ ਸਗੋਂ ਸਮੁੱਚ ਦੀ ਨਿਰਨਈ ਅਤੇ ਨਿਅੰਤਰੀ ਸ਼ਕਤੀ ਹੋਣਾ ਚਾਹੀਦਾ ਹੈ। ਕੰਪਨੀਆਂ ਸਰਕਾਰ ਦੇ ਪਿੱਛੇ ਆਪਣੇ ਆਪ ਲੱਗ ਜਾਣਗੀਆਂ।

ਕਿਸੇ ਹੱਦ ਤੀਕਰ ਇਸ ਸਮੱਸਿਆ ਦਾ ਹੱਲ ਯੂਨੀਕੋਡ ਫੌਂਟਾਂ ਨੇ ਕੀਤਾ ਹੈ ਪਰ ਉਨ੍ਹਾਂ ਦੇ ਲਾਗੂ ਹੋਣ ਵਿੱਚ ਅਜੇ ਕਿਤਨਾ ਹੋਰ ਸਮਾਂ ਲੱਗੇਗਾ, ਕਿਹਾ ਨਹੀਂ ਜਾ ਸਕਦਾ।

ਹੁਣ ਤਾਂ ਤਕਨੀਕ ਇਸ ਹਾਲਤ ਵਿੱਚ ਵੀ ਪਹੁੰਚ ਚੁੱਕੀ ਹੈ ਕਿ ‘ਫੋਨੈਟਿਕ’ ਅਤੇ ‘ਰਮਿੰਗਟਨ’ ਕੀਅ ਬੋਰਡ ਦਾ ਰੱਫੜ ਵੀ ਖਤਮ ਹੋ ਗਿਆ ਹੈ। ਇੱਕੋ ਆਸਕੀ ਫੌਂਟ ਨੂੰ ਫੋਨੈਟਿਕ ਵਿਧੀ ਨਾਲ਼ ਅਤੇ ਰਮਿੰਗਟਨ ਵਿਧੀ ਨਾਲ਼ ਬਿਨਾਂ ਫੌਂਟ ਵਿੱਚ ਬਦਲਾਓ ਲਿਆਂਦਿਆਂ ਸੌਖਿਆਂ ਅਤੇ ਸਫਲਤਾ ਨਾਲ਼ ਟਾਈਪ ਕੀਤਾ ਜਾ ਸਕਦਾ ਹੈ।

(1) ਚਿੰਨ੍ਹਾਂ ਦਾ ਦੂਹਰੇ ਕਾਰਜ ਕਰਨਾ

ਹਰ ਇੱਕ ਲਿੱਪੀ ਲਈ ਚੰਗਾ ਤਾਂ ਇਹੋ ਹੀ ਹੈ ਕਿ ਇੱਕ ਹੀ ਚਿੰਨ੍ਹ ਇੱਕੋ ਹੀ ਕੰਮ ਕਰੇ। ਭਾਵ, ਨਾ ਇੱਕ ਚਿੰਨ੍ਹ ਦੋ ਕੰਮ ਕਰੇ ਅਤੇ ਨਾ ਹੀ ਦੋ ਚਿੰਨ੍ਹ ਇੱਕੋ ਕਾਰਜ ਕਰਨ। ਗੁਰਮੁਖੀ ਲਿੱਪੀ ਤਰਕ ਦੀ ਇਸ ਕਸਵੱਟੀ ਉੱਤੇ ਪੂਰੀ ਤਾਂ ਉਤਰਦੀ ਹੈ ਪਰ ਕਿਧਰੇ-ਕਿਧਰੇ ਉਸ ਲਈ ਟੇਢਾ ਤਰਕ ਅਪਨਾਉਣਾ ਪੈਂਦਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਸਥਿਤੀ ਤਾਂ ਰੋਮਨ, ਹਿੰਦੀ ਅਤੇ ਸ਼ਾਹਮੁਖੀ ਆਦਿ ਲਿੱਪੀਆਂ ਵਿੱਚ ਵੀ ਹੈ। ਪਰ ਚੰਗਾ ਇਹੋ ਹੀ ਹੈ ਕਿ ਜੇ ਗੁਰਮੁਖੀ ਲਿੱਪੀ ਸਮੁੱਚੇ ਤੌਰ ਉੱਤੇ ਸਿੱਧਾ ਤਰਕ ਨਿਭਾ ਸਕੇ। ਇਸ ਲੇਖਕ ਦੇ ਵਿਚਾਰ ਅਨੁਸਾਰ ਇਹ ਸੰਭਵ ਹੈ।

ਗੁਰਮੁਖੀ ਲਿੱਪੀ ਵਿੱਚ ਬਿੰਦੀ, ਟਿੱਪੀ ਅਤੇ ਅਧਕ ਤਿੰਨ ਵੱਖੋ ਵੱਖ ਚਿੰਨ੍ਹ ਹਨ। ਗੁਰਮੁਖੀ ਵਿੱਚ ‘ਅਧਕ ਜੋੜੋ ਬਿੰਦੀ ਬਰਾਬਰ ਹੈ ਟਿੱਪੀ’ ਦਾ ਸੂਤਰ ਇੱਕ ਉੱਤਮ ਅਤੇ ਸਹੀ ਸੂਤਰ ਉਸਾਰਿਆ ਜਾ ਸਕਦਾ ਹੈ। ਪਰ ਦੇਖਿਆ ਗਿਆ ਹੈ ਕਿ ਆਮ ਵਰਤੋਂ ਵਿੱਚ ਇਹ ਲਾਗੂ ਨਹੀਂ ਹੁੰਦਾ। ਸ਼ਾਇਦ ਗੁਰਮੁਖੀ ਲਿੱਪੀ ਨੇ ਇਹ ਉਕਾਈ ਦੇਵਨਾਗਰੀ ਤੋਂ ਪਾਈ ਹੈ। ਉਸ ਵਿੱਚ ਅਧਕ ਅਤੇ ਟਿੱਪੀ ਨਹੀਂ ਹਨ ਤੇ ਉਸ ਦੀ ਥਾਂ ਉੱਤੇ ਬਹੁਤ ਸਾਰੇ ਜੁੜਿਤ ਅੱਖਰ ਹਨ। ਉਸ ਵਿੱਚ ਇਕੱਲੀ ਬਿੰਦੀ ਹੀ ਕਿਧਰੇ-ਕਿਧਰੇ ਬਿੰਦੀ ਅਤੇ ਟਿੱਪੀ ਦਾ ਅਰਥ ਸਾਰਦੀ ਹੈ।

ਗੁਰਮੁਖੀ ਦੀ ਤੂੰ ਨੂੰ ਦੇਵਨਾਗਰੀ ਵਿੱਚ तूं ਗੁਰਮੁਖੀ ਦੇ ਚੰਦ ਨੂੰ ਦੇਵਨਾਗਰੀ ਵਿੱਚ चन्द ਲਿਖਿਆ ਜਾਂਦਾ ਹੈ। ਤਰਕ ਅਨੁਸਾਰ ਲਿਖਣਾ ਤਾਂ ਗੁਰਮੁਖੀ ਵਿੱਚ ਵੀ ਤੂੰ ਨੂੰ ਤੂਂ ਹੀ ਚਾਹੀਦਾ ਹੈ ਪਰ ਇਹ ਦੇਖਣ ਨੂੰ ਕੁੱਝ ਓਪਰਾ ਜਿਹਾ ਜਾਪਦਾ ਹੈ। ਲਿੱਪੀਕਾਰਾਂ ਨੂੰ ਇਸ ਸਮੱਸਿਆ ਦਾ ਵੀ ਕੋਈ ਸਰਵ ਪਰਵਾਨਿਤ ਹੱਲ ਲੱਭਣਾ ਚਾਹੀਦਾ ਹੈ। ਤਾਂ ਕਿ ਦੁਲੈਂਕੜੇ ਨਾਲ਼ ਟਿੱਪੀ ਨਾ ਪਾਉਣੀ ਪਵੇ।

ਹੋਰ ਦੇਖੋ, ‘ਲਂਡਾ (ਲੰਡਾ ਨਹੀਂ) ਚਿੜਾ ਬਾਗਾਂ ਵਿੱਚ ਖੇਢੇ’ ਅਤੇ ‘ਲੰਡੀਕੋਤਲ’ ਲਿਖਣ ਲਈ ਬਿੰਦੀ ਅਤੇ ਟਿੱਪੀ ਦੀ ਸਹੀ ਵਰਤੋਂ ਇਹੋ ਹੀ ਬਣਦੀ ਹੈ।

(2) ਟਿੱਪੀ ਅਤੇ ਅਧਕ ਦੀ ੳ ਅਤੇ ਦੁਲਾਵਾਂ ਨਾਲ਼ ਵਰਤੋਂ

ਜਦੋਂ ਗੁਰਮੁਖੀ ਵਿੱਚ ਕੁੰਦ, ਗੁੰਦ, ਬੁੰਦੇ ਆਦਿ ਲਿਖਿਆ ਜਾਂਦਾ ਹੈ ਫਿਰ ਉੰਗਲ਼ ਦੀ ਥਾਂ ਉਂਗਲ਼ ਕਿਓਂ ਲਿਖਿਆ ਜਾਂਦਾ ਹੈ? ਇਸ ਦਾ ਉੱਤਰ ਪਰੰਪਰਾ ਜਾਂ ਪਰਚਲਤ ਹੋਣਾ ਕਿਹਾ ਜਾ ਸਕਦਾ ਹੈ। ਪਰ ਇਹ ਦੋਵੇਂ ਹੀ ਬਦਲਣਹਾਰ ਹਨ। ਹੱਥ ਨਾਲ਼ ਉੰਗਲ਼ ਲਿਖਣ ਵਿੱਚ ਕੋਈ ਔਕੜ ਨਹੀਂ ਹੈ। ਹਾਂ ਟਾਈਪ ਰਾਈਟਰ ਵਿੱਚ ਜਾਂ ਫਿਰ ਕੰਪਿਊਟਰੀ ਫੌਂਟ ਵਿੱਚ ਢੁਕਵੀਂ ਟਿੱਪੀ ਨਾ ਹੋਣ ਦਾ ਕਾਰਨ ਵੀ ਹੋ ਸਕਦਾ ਹੈ। ਪਰ ਹੁਣ ਤਾਂ ਗੁਰਮੁਖੀ ਫੌਂਟਾ ਵਿੱਚ ਇਸ ਵਿਸ਼ੇਸ਼ ਟਿੱਪੀ ਦਾ ਪਰਬੰਧ ਹੈ ਅਤੇ ਯੂਨੀਕੋਡ ਵਿੱਚ ਇੱਕੋ ਟਿੱਪੀ ਆਪਣੇ ਆਪ ਹੀ ਆਪਣੀ ਸਹੀ ਥਾਂ ਬਣਾ ਲੈਂਦੀ ਹੈ। ਹੁਣ ਦੇਖਣਾ ਇਹ ਹੈ ਕਿ ਸਿੱਧੇ ਤਰਕ ਅਨੁਸਾਰ ਉਂ ਅਤੇ ਉੰ ਵਿੱਚੋਂ ਕਿਹੜਾ ਢੁਕਵਾਂ ਹੈ ਅਤੇ ਕਿਹੜਾ ਅੱਗੇ ਨੂੰ ਅਪਨਾਉਣਾ ਚਾਹੀਦਾ ਹੈ।

ਇਸੇ ਤਰ੍ਹਾਂ ਨਾਲ਼ ਉਤਮ ਨੂੰ ਉੱਤਮ ਲਿਖਣਾ ਹੀ ਤਰਕ ਪੂਰਨ ਹੈ।

ਦੇਖਣ ਵਿੱਚ ਆਇਆ ਹੈ ਕਿ ਪੰਜਾਬੀ ਵਿੱਚ ਅਜੇਹੇ ਨਾਂ ਮਾਤਰ ਹੀ ਸ਼ਬਦ ਹੋਣਗੇ ਜਦੋਂ ਕਿ ਦੁਲਾਵਾਂ ਨਾਲ਼ ਅਧਕ ਜਾਂ ਟਿੱਪੀ ਪੈਂਦੀ ਹੋਵੇ। ਪਰ ਪੰਜਾਬੀ ਦਾ ਅੰਗਰੇਜ਼ੀ ਸੱਭਿਆਚਾਰ ਨਾਲ਼ ਸਿੱਧਾ ਸੰਬੰਧ ਜੁੜ ਜਾਣ ਨਾਲ਼ ਹੁਣ ਪੰਜਾਬੀ ਵਿੱਚ ਵੀ ਬਹੁਤ ਸਾਰੇ ਸ਼ਬਦ ਆ ਗਏ ਹਨ ਜਿਨ੍ਹਾਂ ਵਿੱਚ ਦੁਲਾਵਾਂ ਨਾਲ਼ ਅਧਕ ਅਤੇ ਟਿੱਪੀ ਦੀ ਵਰਤੋਂ ਦੀ ਲੋੜ ਤਰਕ ਪੂਰਨ ਵੀ ਹੈ ਅਤੇ ਜ਼ਰੂਰੀ ਵੀ ਹੈ। ਦੁਲਾਵਾਂ ਨਾਲ਼ ਅਧਕ ਪਾਉਣ ਨੂੰ ਪੂਰਨ ਰੂਪ ਵਿੱਚ ਪਰਵਾਨਗੀ ਮਿਲ਼ ਚੁੱਕੀ ਹੈ। ਜਿਵੇਂ ਹੈੱਡਮਾਸਟਰ, ਰੈੱਡ ਲਾਈਟ, ਸ਼ੈੱਡ ਬਨਾਉਣਾ ਆਦਿ ਪਰ ਦੁਲਾਵਾ ਨਾਲ਼ ਟਿੱਪੀ ਨੂੰ ਅਜੇ ਬਣਦਾ ਸਥਾਨ ਨਹੀਂ ਮਿਲ਼ਿਆ ਜੋ ਤਰਕ ਪੂਰਨ ਜ਼ਰੂਰੀ ਹੈ। ਜੋ ਬਿਨਾਂ ਕਿਸੇ ਖਾਸ ਯਤਨ ਦੇ ਪਾਈ ਜਾ ਸਕਦੀ ਹੈ। ਵੀਕਐੰਡ ਨੂੰ ਵੀਕਐਂਡ ਲਿਖਣਾ ਠੀਕ ਨਹੀਂ ਹੈ। ਜਿਵੇਂ  And ਐਂਡ ਅਤੇ End ਐੰਡ ਵਿਚਲਾ ਅੰਤਰ ਦੁਲਾਵਾਂ ਨਾਲ਼ ਟਿੱਪੀ ਪਾ ਕੇ ਹੀ ਸਹੀ ਦਰਸਾਇਆ ਜਾ ਸਕਦਾ ਹੈ। ਸੋ ਸਹੀ ਅਰਥ ਦਰਸਾਉਣ ਲਈ ਸਾਨੂੰ ਦੁਲਾਵਾਂ ਨਾਲ਼ ਟਿੱਪੀ ਦੀ ਵਰਤੋਂ ਅਪਣਾ ਲੈਣੀ ਚਾਹੀਦੀ ਹੈ।

ਇਹ ਵੀ ਦੇਖਣ ਵਿੱਚ ਆਇਆ ਹੈ ਕਿ ਅਸਾਡੇ ਲਿਖਾਰੀਆਂ ਨੇ ਸ਼ਾਹਮੁਖੀ ਦੀ ਇੱਕ ਭੈੜੀ ਆਦਤ ਅਪਣਾ ਲਈ ਹੈ। ਇਸ ਨੇ ਸਾਡੀ ਅਧਕ ਦੀ ਵਰਤੋਂ ਉੱਤੇ ਕੁਹਾੜਾ ਚਲਾ ਕੇ ਵਿੱਚ, ਇੱਕ ਕਿੱਤਾ (ਵਿਚ, ਇਕ, ਕਿਤਾ) ਆਦਿ ਵਿੱਚੋਂ ਇਸ ਨੂੰ ਸਾਂਗ ਦਿੱਤਾ ਹੈ। ਉਨ੍ਹਾਂ ਦਾ ਆਪਣਾ ਹੀ ਤਰਕ ਹੈ ਕਿ ਜਦੋਂ ਅਧਕ ਪਾਏ ਬਗੈਰ ਹੀ ਉਸਨੂੰ ਪੜ੍ਹਿਆ ਸਮਝਿਆ ਜਾ ਰਿਹਾ ਹੈ ਫਿਰ ਅਧਕ ਪਾਉਣ ਦਾ ਜੋਖਮ ਉਠਾਉਣ ਦੀ ਕੀ ਲੋੜ ਹੈ। ਸ਼ਾਹਮੁਖੀ ਵਾਲ਼ਿਆਂ ਨੇ ਤਾਂ ਆਪਣੀ ਮਜ਼ਬੂਰੀ ਹੱਥ ਹੋਰ ਵੀ ਬਹੁਤ ਸਾਰੀਆਂ ਲਗਾਂ ਮਾਤਰਾਂ ਤਿਆਗ ਦਿੱਤੀਆਂ ਹਨ। ਉਨ੍ਹਾਂ ਨੂੰ ਗੁਰਮੁਖੀ ਵਿੱਚ ਤਿਆਗਿਆਂ ਗੁਰਮੁਖੀ ਲਿੱਪੀ, ਗੁਰਮੁਖੀ ਲਿੱਪੀ ਹੀ ਨਹੀਂ ਰਹੇਗੀ ਸਗੋਂ ਕੁੱਝ ਹੋਰ ਹੀ ਲਂਡੀ ਜਿਹੀ ਲਿੱਪੀ ਬਣ ਜਾਇਗੀ। ਸਿੱਟਾ ਇਹ ਕਿ ਜਿਹੜੀ ਵੀ ਮਾਤਰਾ ਜਿੱਥੇ ਵੀ ਪੈਂਦੀ ਹੈ ਅਤੇ ਉਸ ਮਾਤਰਾ ਦੀ ਹੋਂਦ ਹੈ ਉਹ ਜ਼ਰੂਰ ਹੀ ਪਾਉਣੀ ਚਾਹੀਦੀ ਹੈ।

(3) ਨ ਤੇ ਣ ਦੀ ਵਰਤੋਂ

ਦੇਖਣ ਵਿੱਚ ਆਇਆ ਹੈ ਕਿ ਨ ਅਤੇ ਣ ਦੀ ਵਰਤੋਂ ਵੀ ਦੋ ਮੇਲ ਦੀ ਹੋ ਰਹੀ ਹੈ। ਉਸ ਦੋ ਮੇਲ ਵਿੱਚੋਂ ਨਿਸਚੇ ਹੀ ਇੱਕ ਗਲਤ ਹੈ। ਦੇਖੋ: ਵਰਨਣ ਬਨਾਮ ਵਰਣਨ, ਚਾਨਣ ਬਨਾਮ ਚਾਣਨ, ਮੰਨਣਾ ਬਨਾਮ ਮੰਣਨਾ ਆਦਿ ਅਜੇਹਾ ਕਰਨ ਵਿੱਚ ਹਿੰਦੀ ਦਾ ਅਤੇ ਸ਼ਾਹਮੁਖੀ ਦਾ ਭਰਵਾਵ ਪੈਂਦਾ ਦਿਖਾਈ ਦਿੰਦਾ ਹੈ। ਹਿੰਦੀ ਵਾਲ਼ੇ ਣ ਦੀ ਥਾਂ ਨ ਦੀ ਬਹੁਤੀ ਵਰਤੋਂ ਕਰਦੇ ਹਨ। ਜਦੋਂ ਕਿ ਸ਼ਾਹਮੁਖੀ ਵਿੱਚ ਣ ਪਰਚਲਤ ਨਹੀਂ ਹੋਇਆ। ਪਰ ਪੰਜਾਬੀ ਦੀ ਰੁਚੀ ਵਰਨਣ, ਚਾਨਣ, ਮੰਨਣਾ ਆਦਿ ਵਾਂਗ ਹੀ ਸਹੀ ਹੈ। ਭਾਵ ਜਿੱਥੇ ਨ ਅਤੇ ਣ ਦੀ ਆਵਾਜ਼ ਇਕੱਠੀ ਹੋਵੇ ਉੱਥੇ ਨ ਪਹਿਲੋਂ ਅਤੇ ਣ ਪਿੱਛੋਂ ਆਏਗਾ।

 

 

(4) ਅੱਧੇ ਹਾਹੇ ਜਾਂ ਪੈਰ ਹਾਹੇ ਦੀ ਵਰਤੋਂ

ਜਾਪਦਾ ਇਹ ਹੈ ਕਿ ਪੈਰ ਹਾਹਾ ਦੀ ਆਵਾਜ਼ ਦੇਵਨਾਗਰੀ ਵੱਲੋਂ ਪੰਜਾਬੀ ਨੂੰ ਮਿਲ਼ੀ ਹੈ ਅਤੇ ਅੱਧੇ ਹਾਹੇ ਦੀ ਆਵਾਜ਼ ਸ਼ਾਹਮੁਖੀ ਵੱਲੋਂ ਆਈ ਹੈ। ਪਰ ਗੁਰਮੁਖੀ ਲਿੱਪੀ ਅੱਜ ਤੀਕਰ ਇਨ੍ਹਾਂ ਦੋਹਾਂ ਆਵਾਜ਼ਾਂ ਨੂੰ ਨਵੇਕਲ਼ੇ ਰੂਪ ਵਿੱਚ ਨਹੀਂ ਦਰਸਾ ਸਕੀ।

ਪਰਚਲਤ ਨਿਯਮ ਇਹ ਹੈ ਕਿ ਪੈਰ ਅੱਖਰ ਮੁੱਖ ਅੱਖਰ ਤੋਂ ਪਿੱਛੋਂ ਬੋਲਿਆ ਜਾਂਦਾ ਹੈ ਅਤੇ ਅੱਧਾ ਬੋਲਿਆ ਜਾਂਦਾ ਹੈ। ਪੈਰ ਅੱਖਰ ਦੀ ਸਥਿਤੀ ਵਿੱਚ ਜੋ ਵੀ ਮਾਤਰਾ ਲੱਗਦੀ ਹੈ ਉਹ ਪੈਰ ਅੱਖਰ ਨਾਲ਼ ਲੱਗਦੀ ਹੈ। ਜਿਵੇਂ ਕਿ ‘ਉਨ੍ਹਾਂ, ਜਿਨ੍ਹਾਂ, ਗੜ੍ਹੀ, ਫੜ੍ਹਾਂ’ ਆਦਿ ਨਾਲ਼। ਪਰ ਜਦੋਂ ਅਸੀਂ ‘ਉਹਨਾਂ, ਜਿਹਨਾਂ ਤੇ ਪੀਹੜਾ’ ਲਿਖਦੇ ਹਾਂ ਤਾਂ ਹ ਦੀ ਆਵਾਜ਼ ਹੈ ਤਾਂ ਅੱਧੀ ਪਰ ਇਸਨੂੰ ਪੂਰਾ ਲਿਖਿਆ ਜਾਂਦਾ ਹੈ। ‘ਪਹਿਲਾ, ਕਹਿਣਾ, ਸਾਹਨ’ ਵਿੱਚ ਅੱਧੀ ਆਵਾਜ਼ ਨੂੰ ਕਿਵੇਂ ਦਰਸਾਇਆ ਜਾਵੇ? ਇਹ ਸੋਚਣ ਵਿਚਾਰਨ ਦਾ ਮੁੱਦਾ ਹੈ। ਜਦੋਂ ਕਿ ਗੁਰਮੁਖੀ ਦੇ ਬਾਕੀ ਸਾਰੇ ਅੱਖਰ ਜਦੋਂ ਮੁਕਤੇ ਜਾਂ ਮਾਤਰਾ ਨਾਲ਼ ਪੈਂਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਪੂਰੀ ਹੁੰਦੀ ਹੈ, ਤਾਂ ਫਿਰ ਹ ਦੀ ਆਵਾਜ਼ ਵੀ ਪੂਰੀ ਹੀ ਹੋਣੀ ਚਾਹੀਦੀ ਹੈ।

ਪੈਰ ਹ ਦੀ ਹਾਲਤ ਵਿੱਚ ‘ਉਹਨਾਂ, ਜਿਹਨਾਂ, ਸਾਹਨ’ ਨੂੰ ਕਰਮ ਅਨੁਸਾਰ ‘ਉਨ੍ਹਾਂ, ਜਿਨ੍ਹਾਂ ਅਤੇ ਸਾਨ੍ਹ’ ਲਿਖਣਾ ਗਲਤ ਜਾਪਦਾ ਹੈ। ਪਿਛਲੇ ਤਿੰਨੇ ਸ਼ਬਦ ਕਵਿਤਾ ਦਾ ਤੋਲ ਪੂਰਾ ਰੱਖਣ ਲਈ ਤਾਂ ਵਰਤੇ ਜਾ ਸਕਦੇ ਹਨ ਪਰ ਆਮ ਵਾਰਤਕ ਵਿੱਚ ਲਿਖਣੇ ਗਲਤ ਹੀ ਹੋਣਗੇ। ਇਸ ਹਾਲਤ ਵਿੱਚ ਇਸ ਵੇਲ਼ੇ ਤਾਂ ਹ ਦੇ ਪੈਰ ਵਿੱਚ ਹਲੰਤ ਪਾਉਣਾ ਹੀ ਹੱਲ ਜਾਪਦਾ ਹੈ ਜਿਵੇਂ ਕਿ ‘ਪਹਿੑਲਾ, ਕਹਿੑਣਾ, ਸਾਹੑਨ’ ਆਦਿ। ਹੋ ਸਕਦਾ ਹੈ ਕਿ ਵਿੱਦਵਾਨ ਲਿੱਪੀ ਉਸਰੱਈਏ ਇਸ ਦਾ ਕੋਈ ਇਸ ਤੋਂ ਵੀ ਵੱਧ ਢੁਕਵਾਂ ਹੱਲ ਕੱਢ ਲੈਣ।

(5) ਪੈਰ ਅੱਖਰ ਵਾਲ਼ੇ ਸ਼ਬਦ ਨਾਲ਼ ਦੋ ਮਾਤਰਾਵਾਂ ਦੀ ਲੋੜ

ਪੈਰ ਅੱਖਰ ਦੀ ਸਥਿਤੀ ਵਿੱਚ ਜੋ ਵੀ ਮਾਤਰਾ ਲੱਗਦੀ ਹੈ ਉਹ ਪੈਰ ਅੱਖਰ ਨਾਲ਼ ਲੱਗਦੀ ਹੈ।ਜਿਵੇਂ ਕਿ ਕ੍ਰਿ ਬਾਰਬਰ ਹੈ ਕ ਜੋੜੋ ੍ਰਿ ਅਤੇ ਪ੍ਰੀ ਬਰਾਬਰ ਹੈ ਪ ਜੋੜੋ  ੍ਰੀ ਅਤੇ ਕਿਸੇ ਵੀ ਅੱਖਰ ਨਾਲ਼ ਦੋ ਮੁੱਖ ਮਾਤਰਾਂ ਨਹੀਂ ਲਗਦੀਆਂ। ਹਾਂ ਕਿਸੇ ਮੁੱਖ ਮਾਤਰਾ ਨਾਲ਼ ਸਹਾਇਕ ਮਾਤਰਾ ਲੱਗ ਸਕਦੀ ਹੈ ਉਹ ਵੀ ਜੇ ਲਾਉਣ ਦੀ ਲੋੜ ਪਏ ਤਾਂ, ਜਿਵੇਂ ਕਿ ਕੁੱਤਾ, ਜਿੱਤ, ਚਿੰਤਾ, ਨੀਂਦ, ਵਿੱਚ   ੁੱ, ਿ ੱ,  ਿ ੰ, ੀ ਂ । ਮੁੱਖ ਮਾਤਰਾ ਦਾ ਭਾਵ ਕੰਨਾਂ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜੇ, ਲਾਮ, ਦੁਲਾਮ, ਹੋੜਾ ਅਤੇ ਕਨੌੜਾ ਤੋਂ ਹੈ ਅਤੇ ਸਹਾਇਕ ਮਾਤਰਾ ਦਾ ਭਾਵ ਬਿੰਦੀ, ਟਿੱਪੀ ਅਤੇ ਅਧਕ ਤੋਂ ਹੈ। ਪਰ ਸ਼ਿਰੀ ਨੂੰ ਲਿਖਣ ਦਾ ਢੰਗ ਸ਼੍ਰੀ ਹੈ ਅਤੇ ਸ਼ਿਰੀਮਾਨ ਨੂੰ ਸ਼੍ਰੀਮਾਨ ਹੀ ਲਿਖਿਆ ਜਾਂਦਾ ਹੈ। ਇਸ ਦੇ ਪਿੱਛੇ ਇਹ ਨਿਯਮ ਕੰਮ ਕਰਦਾ ਜਾਪਦਾ ਹੈ ਕਿ ਪੈਰ ਅੱਖਰ ਵਾਲ਼ੇ ਅੱਖਰ ਨੂੰ ਲੱਗੀ ਮਾਤਰਾ ਪੈਰ ਅੱਖਰ ਨੂੰ ਹੀ ਹੁੰਦੀ ਹੈ ਅਤੇ ਇੱਕ ਅੱਖਰ ਨੂੰ ਦੋ ਮੁੱਖ ਮਾਤਰਾਂ ਨਹੀਂ ਪੈ ਸਕਦੀਆਂ।

ਦੋ ਮਾਤਰਾਂ ਪਾਉਣ ਦੀ ਹਾਲਤ ਵਿੱਚ, ਕਿਓਂ ਨਾ ਪਾਈਆਂ ਗਈਆਂ ਇਨ੍ਹਾਂ ਦੋ ਮਾਤਰਾਂ ਦਾ ਨਵਾਂ ਨਿਯਮ ਇਹ ਸਵੀਕਾਰ ਕਰ ਲਿਆ ਜਾਵੇ ਕਿ ਪਹਿਲੀ ਮਾਤਰਾ ਪਹਿਲੇ ਮੁੱਖ ਅੱਖਰ ਨਾਲ਼ ਲੱਗੀ ਅਤੇ ਦੂਸਰੀ ਮੁੱਕ ਮਾਤਰਾ ਪੈਰ ਅੱਖਰ ਨੂੰ ਲੱਗੀ ਹੋਈ ਸਮਝੀ ਜਾਵੇ। ਫਿਰ ਉਪਰੋਕਤ ਸ਼ਬਦਾਂ ਨੂੰ ਪਰੰਪਰਾ ਬਦਲ ਕੇ ਸ਼੍ਰਿੀ ਅਤੇ ਸ਼੍ਰਿੀਮਾਨ ਲਿਖਿਆ ਜਾ ਸਕਦਾ ਹੈ। ਇਸ ਵਿੱਚ ਕੋਈ ਵੀ ਕੰਪਿਊਟਰੀ ਸਮੱਸਿਆ ਨਹੀਂ ਆਵੇਗੀ।

(6) ਸਿਹਾਰੀ ਦੀ ਥਾਂ ਅੱਖਰ ਤੋਂ ਪਿੱਛੋਂ

ਆਸਕੀ (ਪਰਚਲਤ) ਪੰਜਾਬੀ ਫੌਂਟਾਂ ਵਿੱਚ ਕੇਵਲ ਸਿਹਾਰੀ ਅਜੇਹੀ ਇੱਕੋ ਇੱਕ ਮਾਤਰਾ ਹੈ ਜੋ ਅੱਖਰ ਤੋਂ ਪਹਿਲੋਂ ਪੈਂਦੀ ਹੈ। ਜੋ ਹਰ ਲਿਹਾਜ ਨਾਲ਼ ਸਹੀ ਹੈ। ਪਰ ਕੰਪਿਊਟਰੀ ਪਰਬੰਧ ਵਿੱਚ ਕਿਸੇ ਸੂਚੀ ਨੂੰ a b c ਦੀ ਤਰਤੀਬ ਵਿੱਚ ਕਰਨ ਵੇਲ਼ੇ ਇਹ ਇੱਕ ਭਾਰੀ ਔਕੜ ਬਣਦੀ ਹੈ।

 

 

ਕੰਪਿਊਟਰ ਸਿਹਾਰੀ ਵਾਲ਼ੇ ਸਾਰੇ ਅੱਖਰਾਂ ਨੂੰ ਇੱਕ ਥਾਂ ਤੇ ਹੀ ਇਕੱਠੇ ਕਰ ਦਿੰਦਾ ਹੈ ਜਿਵੇਂ:

ਅਮਰਜੀਤ ਸਿੰਘ

ਬਲਜਿੰਦਰ ਕੌਰ

ਦਿਆਲ ਕੌਰ

ਨਿਹਾਲ ਸਿੰਘ

ਵਿਮਲਾ ਦੇਵੀ

ਕਰਨੈਲ ਕੌਰ

ਵਰਿਆਮ ਸਿੰਘ

ਭਾਵੇਂ ਕਿ ਵਰਤੋਂਕਾਰਾਂ ਨੇ ਕੰਪਿਊਟਰ ਵਿੱਚ ਸਿਹਾਰੀ ਪਹਿਲੋਂ ਆਉਣ ਦੀ ਸਮੱਸਆ ਨੂੰ ਦੂਰ ਕਰਨ ਲਈ ਕੋਈ ਨਾ ਕੋਈ ਟੇਡੀ ਵਿਧੀ ਅਪਣਾਈ ਹੋਈ ਹੈ। ਪਰ ਚੰਗਾ ਇਹੋ ਹੀ ਹੈ ਕਿ ਇਹ ਸਮੱਸਿਆ ਆਵੇ ਹੀ ਨਾ। ਯੂਨੀਕੋਡ ਫੌਂਟਾਂ ਵਿੱਚ ਇਸ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਵਿੱਚ ਸਿਹਾਰੀ ਪੈਂਦੀ ਆਪਣੀ ਇਸੇ ਅਸਲੀ ਥਾਂ ਉੱਤੇ ਹੀ ਹੈ ਪਰ ਟਾਈਪ ਅੱਖਰ ਤੋਂ ਪਿੱਛੋਂ ਕੀਤੀ ਜਾਂਦੀ ਹੈ। ਕੁੱਝ ਇਹੋ ਜਿਹੀ ਵਿਧੀ ਹੀ ਬੇਯੂਨੀਕੋਡ ਫੌਂਟਾਂ ਵਿੱਚ ਵੀ ਅਪਣਾਈ ਜਾਣ ਦੀ ਲੋੜ ਹੈ। ਅੰਗਰੇਜ਼ੀ ਵਾਲ਼ਿਆਂ ਨੇ ਵੀ ਆਪਣੀ ਲਿਖਣ ਵਿਧੀ ਨੂੰ ਕੰਪਿਊਟਰ ਅਤੇ ਆਪਣੀ ਲੋੜ ਦੇ ਅਨੁਕੂਲ ਬਦਲਿਆ ਹੈ। ਜਿਵੇਂ ਕਿ ਜੇ ਸਾਲ ਵਾਰ ਸੂਚੀ ਬਨਾਉਣੀ ਹੈ ਤਾਂ ਮਿਤੀ ਲਿਖਣ ਦੀ ਵਿਧੀ 2010 01 15 (ਸਾਲ, ਮਹੀਨਾ, ਤਾਰੀਖ), ਅਪਣਾਈ ਗਈ ਹੈ। ਇਵੇਂ ਮਹੀਨਾ ਵਾਰ ਲਈ ਜੇ 01 15 2010 (ਮਹੀਨਾ, ਤਾਰੀਖ, ਸਾਲ) ਅਤੇ ਮਿਤੀ ਵਾਰ ਲਈ 15 01 2010 (ਤਾਰੀਖ, ਮਹੀਨਾ, ਸਾਲ)।

(7) ਅੱਖਰਾਂ ਦੀ ਘਟ ਰਹੀ ਵਰਤੋਂ

ਗੁਰਮੁਖੀ ਵਿੱਚ ਙ ਅਤੇ ਞ ਦੀ ਵਰਤੋਂ ਅਜੋਕੀ ਪੰਜਾਬੀ ਵਿੱਚ ਨਾਂਹ ਦੇ ਬਰਾਬਰ ਰਹਿ ਗਈ ਹੈ। ਪਰ ਇਨ੍ਹਾਂ ਦੀ ਲੋੜ ਪੁਰਾਤਨ ਗਰੰਥਾਂ ਨੂੰ ਸਮਝਣ, ਲਿਖਣ ਅਤੇ ਹਵਾਲੇ ਦੇਣ ਲਈ ਪੈ ਜਾਂਦੀ ਹੈ। ਕੀਅ ਬੋਰਡ ਲੇਆਊਟ ਵਿੱਚ ਇਨ੍ਹਾਂ ਨੂੰ ਦੁਰਾਡੀ ਥਾਂ ਉੱਤੇ ਰੱਖਿਆ ਜਾ ਸਕਦਾ ਹੈ। ਜਿਵੇਂ ਕਿ ਡੀਆਰਚਾਤਰਿਕਵੈੱਬ ਵਿੱਚ ਇਨ੍ਹਾਂ ਨੂੰ ਸਿੰਬਲ ਚਾਰਟ ਵਿੱਚ ਰੱਖਿਆ ਗਿਆ ਹੈ।

(8) ਟਾਈਪ ਕਰਨ ਦੀਆਂ ਨਿੱਜੀ ਗਲਤੀਆਂ

ਕਿਉਂਕਿ ਕੰਪਿਊਟਰ ਉੱਤੇ ਟਾਈਪ ਕਰਨ ਵਾਲ਼ੇ ਬਹੁਤੇ ਵਿਅਕਤੀ ਸਵੈ-ਸਿੱਖਅਤ ਹੁੰਦੇ ਹਨ। ਜਾਂ ਕਿਸੇ ਲਿੱਪੀ ਦੀ ਸੈਟਿੰਗ ਦਾ ਪੂਰਨ ਗਿਆਨ ਨਾ ਹੋਣ ਕਾਰਨ ਉਹ ਟਾਈਪ ਕਰਨ ਲੱਗੇ ਨਿਰਧਾਰਤ ਵਿਧੀ ਅਪਨਾਉਣ ਦੀ ਥਾਂ ਆਪਣੀ ਨਿੱਜੀ ਸੋਚ ਵਰਤ ਲੈਂਦੇ ਹਨ। ਜਿਸ ਕਾਰਨ ਟਾਈਪ ਕੀਤੇ ਸ਼ਬਦ ਇੱਕੋ ਜੇਹੇ ਦਿਖਾਈ ਦੇਣ ਉੱਤੇ ਵੀ ਵੱਖੋ ਵੱਖ ਹੁੰਦੇ ਹਨ। ਜੋ ਕੰਪਿਊਟਰੀਕਰਨ ਦੀਆਂ ਅਗਲੀਆਂ ਸਹੂਲਤਾਂ ਜਿਵੇਂ ਸ਼ਬਦ ਜੋੜ ਚੈੱਕ, ਸਮਅਰਥੇ ਸ਼ਬਦ ਦੇਖਣ ਦੇ ਰੰਗ ਵਿੱਚ ਭੰਗ ਪਾਉਂਦੇ ਹਨ। ਦੇਖੋ (ਨੋਟ: ਅੰਤਰ ਦਿਖਾਉਣ ਲਈ ਗੁਰਮੁਖੀ ਅੱਖਰਾਂ ਨੂੰ ਅੰਗਰੇਜ਼ੀ ਵਿੱਚ ਬਦਲਿਆ ਗਿਆ ਹੈ।) ਰੂੰ, ਰੰੂ, (rUM, rMU), ਸੁੰਦਰ, ਸੰੁਦਰ  (suMdr, sMudr) ਅਤੇ ਤੁਹਾਨੂੰ, ਤੁੁਹਾਨੂੰ, (quhf nUM, quuhf nUM) ਕੂੰਡਾ, ਕੂੁੰਡਾ, (kUMzf, kUuMzf) ਲਿਖਣ ਦਾ ਅੰਤਰ। ਅਜੇਹੇ ਕੇਸਾਂ ਵਿੱਚ ਇੱਕ ‘ਆਮ ਸੁਧਾਰ’ ਲਈ ਬਣਾਇਆ ਹੋਇਆ ਪਰੋਗਰਾਮ ਚਲਾ ਲੈਣ ਨਾਲ਼ ਉਸ ਸਮੱਸਿਆ ਦਾ ਅੰਤ ਕੀਤਾ ਜਾ ਸਕਦਾ ਹੈ।

(9) ਇੱਕੋ ਆਵਾਜ਼ ਲਈ ਵੱਧ ਅੱਖਰ

ਪੰਜਾਬੀ ਵਿੱਚ ੳ, ਅ, ੲ ਅਤੇ ਓ ਦੇ ਚਾਰ ਅੱਖਰ ਇੱਕੋ ਅ ਆਵਾਜ਼ ਨੂੰ ਪਰਗਟ ਕਰਦੇ ਹਨ। ਇਨ੍ਹਾਂ ਵਿੱਚ ਕੇਵਲ ਸੰਸਕ੍ਰਿਤ ਦੀ ਤਰ੍ਹਾਂ ਵੱਖੋ ਵੱਖ ਮਾਤਰਾ ਲਾਉਣ ਦਾ ਹੀ ਫਰਕ ਹੈ। ਜੇ:

 

ਅ ਆ ਇ ਈ ਉ ਊ ਏ ਐ ਓ ਔ ਆਇਆ ਨੂੰ ਅ ਆ ਅਿ ਅੀ ਅੁ ਅੂ ਅੇ ਐ ਅੋ ਔ ਆਅਿਆ ਜਾਂ ੲ ੲਾ ਇ ਈ ੲੁ ੲੂ ਏ ੲੈ ੲੋ ੲੌ ੲਾਇੲਾ ਜਾਂ ੳ ੳਾ ੳਿ ੳੀ ਉ ਊ ੳੇ ੳੈ ਓ ੳੌ ੳਾੳਿੳਾ ਲਿਖ ਦਿੱਤਾ ਜਾਵੇ ਤਾਂ ਇਨ੍ਹਾਂ ਅੱਖਰਾਂ ਦੀਆਂ ਆਵਾਜ਼ਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਦੇਖਣ ਵਰਤਣ ਨੂੰ ਵੀ ੳ ਵਾਲ਼ੀ ਸਤਰ ਹੀ ਬਹੁਤੀ ਓਪਰੀ ਲੱਗਦੀ ਹੈ। ਭਵਿੱਖ ਦੀ ਵਰਤੋਂ ਲਈ ਜੇ ਇਕੱਲੇ ਅ ਜਾਂ ੲ ਨੂੰ ਸਵੀਕਾਰ ਕਰ ਲਿਆ ਜਾਵੇ ਤਾਂ ਕਿਵੇਂ ਰਹੇਗਾ? ਹੁਣ ਵੀ ੳ ਅਤੇ ੲ ਗੁਰਮੁਖੀ ਫੌਂਟ ਵਿੱਚ ਹਨ। ਇਨ੍ਹਾਂ ਇਕੱਲਿਆਂ ਦੀ ਵਰਤੋਂ ਨਹੀਂ ਦੇ ਬਰਾਬਰ ਹੈ ਅਤੇ ਯੂਨੀਕੋਡ ਵਿੱਚ ਤਾਂ ਇਹ ਕੇਵਲ ਦੇਖਣ ਲਈ ਹੀ ਹਨ ਇਨ੍ਹਾਂ ਦੀ ਵਰਤੋਂ ਹੈ ਹੀ ਨਹੀਂ।

ਇੱਕ ਅੱਖਰ ਕਰਨ ਨਾਲ਼ ਕੀਅ ਬੋਰਡ ਦੀਆਂ ਤਿੰਨ ਕੀਆਂ ਕਿਸੇ ਹੋਰ ਮੰਤਵ ਲਈ ਵਰਤੀਆਂ ਜਾ ਸਕਦੀਆਂ ਹਨ।

ਪੁਰਾਤਨ ਦਸਤਾਵੇਜ਼ਾਂ ਦੇ ਸਹੀ ਰੂਪ ਵਿੱਚ ਹਵਾਲੇ ਦੇਣ ਲਈ ਬਾਕੀ ਦੇ ਤਿੰਨ ਅੱਖਰ ਸਿੰਬਲ ਚਾਰਟ ਵਿੱਚ ਰੱਖੇ ਜਾ ਸਕਦੇ ਹਨ।

2. ਸ਼ਾਹਮੁਖੀ ਦੇ ਕੰਪਿਊਟਰੀਕਰਨ ਸੰਬੰਧੀ ਸਮੱਸਿਆਵਾਂ

ਗੁਰਮੁਖੀ ਦੇ ਮੁਕਾਬਲੇ ਵਿੱਚ ਸ਼ਾਹਮੁਖੀ ਦੇ ਕੰਪਿਊਟਰੀਕਰਨ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹਨ। ਕਾਰਨ; ਸ਼ਾਹਮੁਖੀ ਦਾ ਨਿਕਾਸ ਉਰਦੂ, ਫਾਰਸੀ ਰਾਹੀਂ ਅਰਬੀ ਲਿੱਪੀ ਵਿੱਚੋਂ ਹੋਇਆ ਹੈ। ਅਰਬੀ ਲਿੱਪੀ ਆਪਣੇ ਆਵਾਜ਼ ਚਿੰਨ੍ਹਾਂ ਨੂੰ ਨਾਲ਼ ਲੈ ਕੇ ਚੱਲੀ। ਭਾਵੇਂ ਉਹ ਬੇਲੋੜੇ ਹੀ ਹਨ ਫਿਰ ਵੀ ਅਰਬੀ ਲਿੱਪੀ ਨੇ ਫਾਰਸੀ ਲਿੱਪੀ ਵਿੱਚ ਆ ਕੇ ਵੀ ਆਪਣੇ ਉਹ ਆਵਾਜ਼ ਚਿੰਨ੍ਹਾਂ ਨੂੰ ਆਪਣੇ ਵਿਰਸੇ ਵਿੱਚ ਸੰਭਾਲ਼ ਰੱਖਿਆ ਹੈ ਅਤੇ ਫਾਰਸੀ ਦੀਆਂ ਲੋੜੀਂਦੀਆਂ ਆਵਾਜ਼ਾਂ ਦੇ ਚਿੰਨ੍ਹ ਉਨ੍ਹਾਂ ਵਿੱਚ ਹੋਰ ਜੋੜ ਲਏ ਹਨ। ਸ਼ਾਹਮੁਖੀ ਲਿੱਪੀ ਨੇ ਅਰਬੀ, ਫਾਰਸੀ ਤੋਂ ਵਿਰਸੇ ਵਿੱਚ ਮਿਲ਼ੇ ਆਵਾਜ਼ ਚਿੰਨ੍ਹ ਅੱਜ ਵੀ ਸੰਭਾਲ਼ੇ ਹੋਏ ਹਨ ਅਤੇ ਆਪਣੀ ਲੋੜ ਅਨੁਸਾਰ ਹੋਰ ਵੀ ਘੜ ਲਏ ਹਨ। ਸੋ ਸ਼ਾਹਮੁਖੀ ਵਿੱਚ ਅੱਜ ਵਾਧੂ ਆਵਾਜ਼ ਚਿੰਨ੍ਹਾਂ ਦੀ ਭਰਮਾਰ ਹੈ। ਜਿਨ੍ਹਾਂ ਦੀ ਨਾਂ ਤੇ ਸ਼ਾਹਮੁਖੀ ਵਿੱਚ ਲੋੜ ਹੈ ਅਤੇ ਨਾ ਹੀ ਉਰਦੂ ਵਿੱਚ। ਕਿਉਂਕਿ ਉਰਦੂ (ਛਉਣੀ ਦੀ ਭਾਸ਼ਾ) ਅਤੇ ਹਿੰਦੀ ਦਾ ਨਿਕਾਸ ਅਤੇ ਵਿਕਾਸ ਸੰਸਕ੍ਰਿਤ, ਪੰਜਾਬੀ, ਪਰਸ਼ੀਅਨ ਆਦਿ ਆਮ ਲੋਕਾਂ (ਵਿੱਦਵਾਨਾਂ ਦੀ ਨਹੀਂ) ਦੀ ਅੰਗਰੇਜਾਂ ਦੀ ਛਉਣੀ ਦੀ ਮਿਲਗੋਭਾ ਬੋਲੀ ਵਿੱਚੋਂ ਹੋਇਆ ਹੈ।

(1) ਸ਼ਾਹਮੁਖੀ ਲਿੱਪੀ ਦੇ ਵਾਧੂ ਚਿੰਨ੍ਹ

ਇੱਥੇ ਸ਼ਾਹਮੁਖੀ ਦੇ ਉਨ੍ਹਾਂ ਚਿਨ੍ਹਾਂ ਦਾ ਵਰਨਣ ਕੀਤਾ ਜਾ ਰਿਹਾ ਹੈ ਕਿ ਜੇ ਉਹ ਇਸ ਫੌਂਟ ਵਿੱਚ ਨਾ ਵੀ ਹੋਣ ਤਾਂ ਕਿਸੇ ਵੀ ਪੰਜਾਬੀ ਰਚਨਾ ਦੀ ਸਿਹਤ ਉੱਤੇ ਕੋਈ ਵੀ ਫਰਕ ਨਹੀਂ ਪੈਂਦਾ। ਜਿਵੇਂ ਕਿ ਗੋਲ਼ ਹੇ ਉੱਤੇ ਦੋ ਨੁਕਤੇ (ة) ਸੇ (ث) ਸੁਆਦ (ص) ਤੋਏ (ط) ਜ਼ੋਏ (ظ) ਜ਼ੁਆਦ (ض) ਤਿੰਨ ਨੁਕਤਿਆਂ ਵਾਲ਼ੀ ਜ਼ੇ (ژ) ਦੋ ਨੁਕਤੀ ਕਾਫ (ق) ਆਦਿ। ਇਨ੍ਹਾਂ ਆਵਾਜ਼ਾਂ ਦੇ ਚਿੰਨ੍ਹ ਪਹਿਲੋਂ ਹੀ ਇਸ ਫੌਂਟ ਵਿੱਚ ਪਏ ਹੋਏ ਹਨ। ਇਨ੍ਹਾਂ ਅੱਖਰਾਂ ਦੀ ਆਵਾਜ਼ ਦਾ ਅੰਤਰ ਕੇਵਲ ਅਰਬੀ ਜਾਂ ਫਾਰਸੀ ਵਾਲ਼ੇ ਹੀ ਸਮਝ ਸਕਦੇ ਹਨ, ਉਰਦੂ ਬੋਲਣ ਲਿਖਣ ਵਾਲ਼ੇ ਵੀ ਨਹੀਂ ਜਾਣਦੇ, ਸ਼ਾਹਮੁਖੀ ਬੋਲਣ ਵਾਲ਼ਿਆਂ ਨੂੰ ਤੇ ਕੀ ਪਤਾ ਹੋਵੇਗਾ। ਹੁਣ ਜੇ  ਤੋਏ ਦੇ ਤੋਤਾ (طوطا) ਨੂੰ ਤੇ ਦੇ ਤੋਤਾ (توتا) ਵਾਂਗ ਲਿਖਿਆ ਜਾਏ ਤਾਂ ਕੀ ਲਿਖਣ ਅਤੇ ਸਮਝਣ ਵਿੱਚ ਕੋਈ ਅੰਤਰ ਆ ਜਾਏਗਾ? ਨਿਸ਼ਚੇ ਹੀ ਨਹੀਂ। ਇਹ ਝਗੜਾ ਕੇਵਲ ਪਰੰਪਰਾ ਦਾ ਹੈ, ਜੋ ਆਪਣੇ ਆਪ ਵਿੱਚ ਸਦਾ ਹੀ ਤਰਲ ਹੋਇਆ ਕਰਦੀ ਹੈ। ਸੁਝਾ ਵਜੋਂ ੳ, ਅ, ਈ ਨੂੰ ਐਨ ਬਰਾਬਰ ਅਤੇ ਅਲਫ ਨੂੰ ਕੰਨੇ ਬਰਾਬਰ ਸਮਝਿਆ ਜਾ ਸਕਦਾ ਹੈ। ਦੇਖੋ ਪੰਨਾਂ 13

(2) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਅਲਫ

 ‘ਇੱਕ ਚਿੰਨ੍ਹ ਤੋਂ ਕੇਵਲ ਇੱਕੋ ਹੀ ਆਵਾਜ਼’ ਦੇ ਸੂਤਰ ਤੋਂ ਸ਼ਾਹਮੁਖੀ ਫੌਂਟ ਕੋਹਾਂ ਦੂਰ ਹੈ। ਜੋ ਇਸ ਦੀ ਬਹੁਤ ਵੱਡੀ ਕਮਜ਼ੋਰੀ ਹੈ। ਪਹਿਲਾ ਮੁੱਦਾ ਅਲਫ ਦਾ ਹੈ। ਇਹ ੳ, ਅ, ੲ ਦੀ ਆਵਾਜ਼ ਦਾ ਵੀ ਕੰਮ ਕਰਦੀ ਹੈ ਇਸ ਦੇ ਨਾਲ਼-ਨਾਲ਼ ਕੰਨੇ ਦਾ ਵੀ ਕਾਰਜ ਕਰਦੀ ਹੈ। ਕਿੰਨਾਂ ਚੰਗਾ ਹੋਵੇ ਜੇ ਅਲਫ ਕੇਵਲ ੳ, ਅ, ੲ ਦੀ ਆਵਾਜ਼ ਨੂੰ ਪਰਗਟਾਏ। ਕੰਨਾ ਵਾਲ਼ੀ ਅਲਫ ਪਹਿਲੀ ਨਾਲ਼ੋਂ ਥੋੜ੍ਹੀ ਬਦਲਵੀਂ ਹੋਵੇ। ਗੁਰਮੁਖੀ ਵਾਂਗ ਮਾਤਰਾ ਨਾਲ਼ ਸਬੰਧਤ ਅਲਫ ਦਾ ਬਦਲਵਾਂ ਇੱਕ ਹੀ ਚਿੰਨ੍ਹ ਮਿਲ਼ਦਾ ਹੈ। ਤੇ ਉਹ ਹੈ ਆ ਦੀ ਆਵਾਜ਼ ਨੂੰ ਦਰਸਾਉਂਦਾ ‘ਅਲਫ ਦੇ ਉੱਤੇ ਅਲਮੱਦਾ’।

(3) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਵਾਓ

ਵਾਓ ਇੱਕ ਅਜੇਹਾ ਚਿੰਨ੍ਹ ਹੈ ਜੋ ਚਾਰ ਪੰਜ ਮੰਤਵਾਂ ਵਾਸਤੇ ਵਰਤਿਆ ਜਾਂਦਾ ਹੈ। ਜਿਵੇਂ ਕਿ ਵਾਓ ਵਾਵੇ, ਵਾਓ ਹੋੜੇ, ਵਾਓ ਕਨੌੜੇ, ਵਾਓ ਦੁਲੈਂਕੜਾਂ ਅਤੇ ਵਾਓ-ਮਦੂਲਾ ਔਂਕੜ ਲਈ, ਜਿਸ ਵਿੱਚ ਸ਼ਾਹਮੁਖੀ ਵਾਲ਼ਿਆਂ ਨੇ ਹੁਣ ਮਦੂਲਾ ਪਾਉਣਾ ਹੀ ਛੱਡ ਦਿੱਤਾ ਹੈ। ਸ਼ਾਹਮੁਖੀ ਅਤੇ ਉਰਦੂ ਦੇ ਵਿੱਦਵਾਨ, ਆਪਣੀ ਵਿਦਵਾਨੀ ਦਾ ਮਾਣ ਕਰਦੇ ਹੋਏ ਇਹ ਦਾਹਵਾ ਕਰਦੇ ਹਨ ਕਿ ਉਨ੍ਹਾਂ ਨੂੰ ਮਾਤਰਾ ਬਿਨਾਂ ਲਿਖੇ ਗਏ ਵਿਚਾਰਾਂ ਨੂੰ ਸਹੀ ਸਮਝਣ ਵਿੱਚ ਕੋਈ ਔਕੜ ਨਹੀਂ ਆਉਂਦੀ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਪੜ੍ਹਨ ਵਾਲ਼ੇ ਉਹਨਾਂ ਜਿਤਨੇ ਆਲਮ ਫਾਜ਼ਲ ਨਹੀਂ ਹੁੰਦੇ ਅਤੇ ਵਿਚਾਰਾਂ ਨੂੰ ਸਹੀ ਹਾਲਤ ਵਿੱਚ ਸਮਝਣ ਦੀ ਉਨ੍ਹਾਂ ਨੂੰ ਵੀ ਲੋੜ ਹੈ। ਜਿਵੇਂ (کول) ਕੋਲ, ਕੌਲ, ਕੁਲ, ਕੂਲ ਵੀ ਅਤੇ ਕਵਲ ਵੀ ਪੜ੍ਹਿਆ ਜਾ ਸਕਦਾ ਹੈ। ਕੇਵਲ ਇਸ ਨੂੰ ਸਤਰ ਦੇ ਹਵਾਲੇ ਅਨੁਸਾਰ ਬੁੱਧੀ ਲਾ ਕੇ ਹੀ ਪੜ੍ਹਿਆ ਜਾ ਸਕਦਾ ਹੈ।

ਦੂਸਰਾ ਇਹ ਵੀ ਸਿੱਧ ਹੋ ਚੁੱਕਾ ਹੈ ਕਿ ਕਈ ਸ਼ਬਦ ਅਜੇਹੇ ਭੁਲੇਖਾ ਪਾਊ ਬਣ ਜਾਂਦੇ ਹਨ ਕਿ ਜਿਨ੍ਹਾਂ ਦੇ ਅਰਥਾਂ ਲਈ ਵੱਡੇ ਤੋਂ ਵੱਡੇ ਵਿੱਦਵਾਨ ਵੀ ਆਪਣਾ ਮੱਥਾ ਫੜਕੇ ਬਹਿ ਜਾਂਦੇ ਹਨ ਤੇ ਅਰਥ ਫਿਰ ਆਪੋ ਆਪਣੀ ਸੋਚ ਅਨੁਸਾਰ ਹੀ ਕਰਦੇ ਹਨ। ਅਜੇਹੇ ਸ਼ਬਦ ਇੱਕ ਨਹੀਂ ਬਹੁਤ ਸਾਰੇ ਹਨ। ਇੱਕ ਉਦਾਹਰਣ ਹੀ ਕਾਫੀ ਹੈ। ਕਿਲਾ, ਕਿੱਲਾ, ਕਲਾਹ ਕੁੱਲਾਹ ਅਰਥ ਕੱਢੇ ਜਾਂਦੇ ਹਨ (قلہ) ਦੇ। ਇਸ ਹਾਲਤ ਵਿੱਚ ਤਾਂ ਸ਼ਬਦ ਖਾਲੀ ਥਾਂ ਭਰਨ ਵਾਲ਼ੀ ਇੱਕ ਪਹੇਲੀ ਹੀ ਬਣ ਜਾਂਦਾ ਹੈ।

ਵਾਓ ਨਾਲ਼ ਵੀ ਕੋਈ ਨਿਸ਼ਾਨ ਲਾ ਕੇ ਵਖਰਾਇਆ ਜਾ ਸਕਦਾ ਹੈ। ਸੁਝਾ ਵਜੋਂ ਦੇਖੋ ਪੰਨਾਂ 13

(4) ਸ਼ਾਹਮੁਖੀ ਦਾ ਬਹੁ ਮੰਤਵੀ ਚਿੰਨ੍ਹ –ਨੂੰਨ

ਇਸੇ ਤਰ੍ਹਾਂ ਹੀ ਇਕੱਲਾ ਨੂੰਨ ਵੀ ਚਾਰ ਆਵਾਜ਼ਾਂ ਦੀ ਪ੍ਰਤੀਨਿਧਤਾ ਕਰਦਾ ਹੈ। ਜਿਵੇਂ ਨ, ਣ, ਬਿੰਦੀ ਅਤੇ ਟਿੱਪੀ।  (نند)ਨੂੰ ਨਣਦ, ਨਨਦ ਅਤੇ ਨੰਦ ਪੜ੍ਹਿਆ ਜਾ ਸਕਦਾ ਹੈ। ਨੂੰਨ ਦੀ ਹਾਲਤ ਵਿੱਚ ਨ, ਣ, ਬਿੰਦੀ ਅਤੇ ਟਿੱਪੀ ਦੇ ਚਿੰਨ੍ਹ ਨਿੱਖੜਵੇਂ ਹੋਣੇ ਚਾਹੀਦੇ ਹਨ। ਜਿਨ੍ਹਾਂ ਦਾ ਸੁਝਾ ਨਾਲ਼ ਨੱਥੀ ਕੀਤੇ ਗਏ ਅੰਤਕੇ ਚਾਰਟ ਵਿੱਚ ਦਿੱਤਾ ਗਿਆ ਹੈ।

(5) ਸ਼ਾਹਮੁਖੀ ਵਿੱਚ ਮਾਤਰਾਂ ਦਾ ਨਾ ਲਾਉਣਾ

ਇਹ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਉਰਦੂ, ਫਾਰਸੀ ਅਤੇ ਸ਼ਾਹਮੁਖੀ ਵਿੱਚ ਲਿਖਣ ਵਾਲ਼ੇ ਆਪਣੀ ਰਚਨਾਵਾਂ ਵਿੱਚ ਮਾਤਰਾਂ ਬਹੁਤ ਹੀ ਘੱਟ ਲਾਉਂਦੇ ਹਨ। ਇਨ੍ਹਾਂ ਦੇ ਬਹੁਤ ਸਾਰੇ ਵਿੱਦਵਾਨਾਂ ਨਾਲ਼ ਗੱਲ ਬਾਤ ਕਰ ਕੇ ਨਿੱਜੀ ਤੌਰ ਉੱਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ ਫੌਂਟਾਂ ਵਿੱਚ ਕੀਤੀਆਂ ਰਚਨਾਵਾਂ ਵਿੱਚ ਮਾਤਰਾ ਲਾਉਣੀਆਂ ਕਦੋਂ, ਕਿਓਂ ਅਤੇ ਕਿਵੇਂ ਬੰਦ ਹੋਈਆਂ। ਇਸ ਦਾ ਤਸੱਲੀ ਬਖਸ ਉੱਤਰ ਕੋਈ ਨਹੀਂ ਮਿਲ਼ਿਆ। ਆਪਣੇ ਤੌਰ ਤੇ ਜੋ ਸਿੱਟਾ ਕੱਢਿਆ ਗਿਆ ਹੈ ਉਹ ਇਸ ਪਰਕਾਰ ਹੈ:

ੳ) ਇਸਲਾਮ ਦੀਆਂ ਧਾਰਮਕ ਕਿਤਾਬਾਂ ਵਿੱਚ ਪੂਰੀਆਂ ਮਾਤਰਾਂ ਲਾਈਆਂ ਹੋਈਆਂ ਹਨ। ਇਸ ਲੇਖਕ ਨੇ ਕੁਰਾਨ ਸ਼ਰੀਫ ਵਿੱਚ ਸਾਰੀਆਂ ਮਾਤਰਾਂ ਲੱਗੀਆਂ ਹੋਈਆਂ ਆਪ ਦੇਖੀਆਂ ਹਨ।

ਅ) ਕੋਰਟ ਕਚਹਿਰੀਆਂ ਦੀ ਭਾਸ਼ਾ ਹੋਣ ਕਰਕੇ ਬੋਲਣ ਵਾਲ਼ੇ ਦੇ ਨਾਲ਼-ਨਾਲ਼ ਲਿਖਣ ਦੀ ਰੁਚੀ ਵੱਲੋਂ ਸਮੇਂ ਦੀ ਬੱਚਤ ਲਈ ਮਾਤਰਾਂ ਉੱਤੇ ਕੁਹਾੜਾ ਚਲਾਇਆ ਗਿਆ। ਅਤੇ ਇਸਨੂੰ ਸ਼ਾਰਟ ਹੈਂਡ ਟਾਈਪ ਬਣਾ ਦਿੱਤਾ ਗਿਆ।

ੲ) ਕੰਪਿਊਟਰ ਦੇ ਆਉਣ ਤੀਕਰ ਉਰਦੂ ਦੇ ਪ੍ਰਿੰਟਿੰਗ ਪ੍ਰੈੱਸ ਵਿੱਚ ਅੱਖਰ ਜੋੜਨ ਦਾ ਕੋਈ ਵੀ ਪਰਬੰਧ ਨਹੀਂ ਸੀ। ਕਿਤਾਬਾਂ ਅਤੇ ਅਖ਼ਬਾਰ, ਕਾਤਿਬ ਹੱਥੀਂ ਲਿਖਿਆ ਕਰਦੇ ਸਨ ਅਤੇ ਫਿਰ ਉਨ੍ਹਾਂ ਨੂੰ ਛਾਪਿਆ ਕਰਦੇ ਸਨ। ਇਹ ਕਾਤਿਬ ਵੀ ਆਪਣਾ ਕੰਮ ਛੇਤੀ ਪੂਰਾ ਕਰਨ ਲਈ ਮਾਤਰਾਂ ਦੀ ਕੁਰਬਾਨੀ ਦੇ ਦਿੰਦੇ ਸਨ।

ਸ) ਅੱਜ ਜਦੋਂ ਕਿ ਅਖ਼ਬਾਰਾਂ ਅਤੇ ਕਿਤਾਬਾਂ ਦੀ ਛਪਵਾਈ ਕੰਪਿਊਟਰ ਰਾਹੀਂ ਫਿਲਮਾਂ ਬਣਾ ਕੇ ਕਰਨੀ ਆਰੰਭ ਹੋ ਗਈ ਹੈ ਤਾਂ ਵੀ ਮਾਤਰਾਂ ਉੱਤੇ ਪਰੰਪਰਾ ਦੀ ਤਲਵਾਰ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਅਤੇ ਮਾਤਰਾ ਲਾਉਣ ਤੇ ਪੜ੍ਹਨ ਵਾਲ਼ੇ ਨੂੰ ਅਨਪੜ੍ਹ ਹੀ ਸਮਝਿਆ ਜਾਂਦਾ ਹੈ।

ਹ) ਲਾਹੌਰ ਦੇ ਇੱਕ ਲਿਖਾਰੀ ਨੇ ਇਸ ਲੇਖਕ ਨੂੰ ਇਹ ਵੀ ਦੱਸਿਆ ਕਿ ਸ਼ਾਹਮੁਖੀ ਦਾ ਇੱਕ ਕਵੀ (ਉਸਦਾ ਨਾਂ ਯਾਦ ਨਹੀਂ ਰਿਹਾ) ਆਪਣੀ ਹਰ ਰਚਨਾ ਵਿੱਚ ਪੂਰੀਆਂ ਮਾਤਰਾਂ ਲਾ ਕੇ ਭੇਜਦਾ ਸੀ ਤਾਂ ਕਿ ਉਸ ਦੀ ਰਚਨਾ ਨੂੰ ਠੀਕ-ਠੀਕ ਸਮਝਿਆ ਜਾ ਸਕੇ।

ਅੱਜ ਦਾ ਸੱਚ ਇਹ ਹੈ ਕਿ ਸ਼ਾਹਮੁਖੀ ਦੀਆਂ ਰਚਨਾਵਾਂ ਵਿੱਚ ਪੂਰੀਆਂ ਮਾਤਰਾਂ ਦਾ ਨਾ ਹੋਣਾ ਪਰੋਗਰਗਾਮਰਾਂ ਲਈ ਅਤੇ ਗੁਰਮੁਖੀ ਸ਼ਾਹਮੁਖੀ ਦੇ ਸੁਮੇਲ ਲਈ ਇੱਕ ਬੜਾ ਹੀ ਭਾਰੀ ਜੰਜਾਲ ਬਣ ਕੇ ਰਹਿ ਗਿਆ ਹੈ। ਇਸ ਨੇ ਕੰਪਿਊਟਰ ਦਾ ਕੰਮ ਸੈਂਕੜੇ ਹਜ਼ਾਰਾਂ ਗੁਣਾ ਔਖਾ ਕਰ ਦਿੱਤਾ ਹੈ ਤੇ ਫਿਰ ਵੀ ਕਿਸੇ ਹੱਦ ਤੀਕਰ ਅਧੂਰਾ। ਹੋਰ ਤਾਂ ਹੋਰ ਗੁਰਮੁਖੀ ਤੋਂ ਸ਼ਾਹਮੁਖੀ ਵੱਲ ਪਰੀਵਰਤਨ ਰਾਹੀਂ ਜਾਂਦਿਆਂ ਜੇ ਰਚਨਾ ਨਾਲ਼ ਸਹੀ ਮਾਤਰਾਂ ਲਾ ਦਿੱਤੀਆਂ ਜਾਣ ਉਹ ਵੀ ਸ਼ਾਹਮੁਖੀ ਦੇ ਵਿੱਦਵਾਨਾਂ ਨੂੰ ਸਵੀਕਾਰ ਨਹੀਂ ਹੁੰਦੀਆਂ। ਪਤਾ ਨਹੀਂ ਕਿਓਂ। ਸ਼ਾਇਦ ਅਜੇਹਾ ਹੋਣ ਨਾਲ਼ ਉਨ੍ਹਾਂ ਦੀ ਪਰੰਪਰਾ ਅਤੇ ਹਓਂ ਨੂੰ ਸੱਟ ਵੱਜਦੀ ਹੈ।

ਪਰੋਗਰਾਮਰ ਗੁਲਾਮ ਅੱਬਾਸ ਮਲਿਕ ਮਾਤਰਾ ਲਾਉਣ ਦੀ ਪੁਰਜ਼ੋਰ ਪਰੋੜ੍ਹਤਾ ਕਰਦਾ ਹੈ ਦੇਖੋ ਪੰਨਾ 15

3. ਗੁਰਮੁਖੀ ਸ਼ਾਹਮੁਖੀ ਦੇ ਪਰੀਵਰਤਨ ਦੀ ਔਖ ਸੌਖ

ਗੁਰਮੁਖੀ ਸ਼ਾਹਮੁਖੀ ਫੌਂਟਾਂ ਦਾ ਪਰੀਵਰਤਨ ਹੇਠ ਲਿਖੀਆਂ ਤਿੰਨ ਵਿਧੀਆਂ ਨਾਲ਼ ਕੀਤਾ ਜਾ ਸਕਦਾ ਹੈ:

ਕ) ਅੱਖਰ ਦਾ ਅੱਖਰ ਨਾਲ਼ ਜਾਂ ਇੱਕ ਦੋ ਅੱਖਰਾਂ ਦੇ ਜੋੜ ਨਾਲ਼ ਪਰੀਵਰਤਨ ਕਰ ਕੇ।

ਖ) ਸ਼ਬਦ ਦਾ ਸ਼ਬਦ ਨਾਲ਼ ਪਰੀਵਰਤਨ ਕਰ ਕੇ।

ਗ) ਪਹਿਲੋਂ ਸ਼ਬਦ ਦਾ ਸ਼ਬਦ ਨਾਲ਼ ਅਤੇ ਫਿਰ ਅੱਖਰ ਦਾ ਅੱਖਰ ਨਾਲ਼ ਪਰੀਵਰਤਨ ਕਰ ਕੇ।

ਸਭ ਤੋਂ ਸੌਖਾ ਅਤੇ ਸਹੀ ਕ) ਵਾਲ਼ੀ ਵਿਧੀ ਅੱਖਰ ਦਾ ਅੱਖਰ ਨਾਲ਼ ਪਰੀਵਰਤਨ ਕਰਨਾ ਹੈ। ਪਰ ਦੋਹਾਂ ਫੌਂਟਾਂ ਦਾ ਇੱਕ ਦੂਜੇ ਦੇ ਲੱਗ ਪੱਗ ਸਮਾਨਾਂਨਤਰ ਨਾ ਹੋਣ ਕਰਕੇ ਕੀਤਾ ਗ) ਵਿਧੀ ਵਾਲ਼ੇ ਸਿਸਟਮ ਨਾਲ਼ ਜਾ ਰਿਹਾ ਹੈ। ਜਿਸ ਵਿੱਚ ਲੱਖਾਂ ਸ਼ਬਦਾਂ ਦਾ ਸਬੰਧਤ ਸ਼ਬਦਾਂ ਨਾਲ਼ ਪਰੀਵਰਤਨ ਕਰਨ ਦੀ ਪਹਾੜ ਜਿੱਡੀ ਬੇਬਸੀ ਹੈ।

ਪਰ ਜੇ ਸ਼ਾਹਮੁਖੀ ਵਿੱਚ ਅਲਫ, ਵਾਓ ਅਤੇ ਨੂੰਨ ਦੇ ਬਹੁਮੰਤਵੀ ਅੱਖਰਾਂ ਦੀ ਥਾਂ ਇੱਕ ਮੰਤਵ ਇੱਕ ਅੱਖਰ ਹੋਵੇ ਅਤੇ ਰਚਨਾ ਵਿੱਚ ਪੂਰੀਆਂ ਲਗਾ ਮਾਤਰਾਂ ਸਹੀ ਰੂਪ ਵਿੱਚ ਲਾਈਆਂ ਹੋਈਆਂ ਹੋਣ ਤਾਂ ਸ਼ਾਹਮੁਖੀ ਤੋਂ ਗੁਰਮੁਖੀ ਦਾ ਪਰੀਵਰਤਨ ਕਰਨਾ ਅਸਲ ਵਿੱਚ ਬੱਚਿਆਂ ਦਾ ਇੱਕ ਖੇਹੑਲ ਬਣ ਜਾਏ। ਪਰੋਗਰਾਮਰ ਨੂੰ ਕੇਵਲ ਵੱਧ ਤੋਂ ਵੱਧ ਸੌ ਕੁ ਕਰੈੱਕਟਰਾਂ ਦਾ ਪਰੋਗਰਾਮ ਬਨਾਉਣਾ ਪਵੇਗਾ ਅਤੇ ਪੰਜਾਬੀ ਵਿੱਚ ਸੌ ਪ੍ਰਤੀ ਸੈਂਕੜਾ ਸਹੀ ਪਰੀਵਰਤਨ ਹੋ ਜਾਵੇਗਾ। ਪਰ ਹੁਣ ਮਾਤਰਾਂ ਦੀ ਅਣਹੋਂਦ ਵਿੱਚ ਅਤੇ ਤਿੰਨ ਬਹੁ ਮੰਤਵੀ ਕਰੈੱਕਟਰ ਹੋਣ ਕਰਕੇ ਪਰੋਗਰਾਮਰ ਨੂੰ ਲੱਖਾਂ ਸ਼ਬਦਾਂ ਦਾ ਪਰੋਗਰਾਮ ਤਿਆਰ ਕਰਨਾ ਪਵੇਗਾ। ਅਤੇ ਕਰੈੱਕਟਰ ਤੋਂ ਕਰੈੱਕਟਰ ਦਾ ਬਦਲਾਓ ਵੀ ਕਰਨਾ ਪਇਗਾ। ਤਾਂ ਕਿਧਰੇ ਚੰਗਾ ਕੰਮ ਚਲਾਊ ਪਰੋਗਰਾਮ ਤਿਆਰ ਹੋ ਸਕੇਗਾ। ਉਸ ਵਿੱਚ ਵੀ ਕਈ ਪਰਕਾਰ ਦੀਆਂ ਗਲਤੀਆਂ ਰਹਿ ਜਾਣ ਦੀ ਸੰਭਾਵਨਾ ਹੈ।

4. ਗੁਰਮੁਖੀ ਸ਼ਾਹਮੁਖੀ ਦਾ ਬਿਲਕੁੱਲ ਸਹੀ ਪਰੀਵਰਤਨ

ਚਾਹੇ ਚਿਤੰਨ, ਗੁਰਮੁਖੀ ਟਾਈਪ ਕਰਨ ਵਾਲ਼ਾ ਹੋਵੇ ਅਤੇ ਚਾਹੇ ਸ਼ਾਹਮੁਖੀ ਟਾਈਪ ਕਰਨ ਵਾਲ਼ਾ, ਉਸਦੀ ਰਚਨਾ ਵਿੱਚ ਘੱਟ ਜਾਂ ਵੱਧ ਗਲਤੀਆਂ ਦਾ ਹੋਣਾ ਕੁਦਰਤੀ ਹੈ। ਸਾਧਾਰਣ ਟਾਈਪ ਕਰਨ ਵਾਲ਼ਾ ਤਾਂ ਇਸ ਤੋਂ ਵੀ ਵੱਧ ਟਾਈਪ ਕਰਨ ਦੀਆਂ ਗਲਤੀਆਂ ਕਰ ਸਕਦਾ ਹੈ। ਸੋ, ਜੇ ਅਸੀਂ ਲੱਗ ਪੱਗ ਸਹੀ ਪਰੀਵਰਤਨ ਲੋੜਦੇ ਹਾਂ ਤਾਂ ਪਹਿਲੋਂ ਮੂਲ ਰਚਨਾ ਨੂੰ ਹੀ ਆਪਣੇ ਪਰੋਗਰਾਮ ਰਾਹੀਂ ਦਰੁਸਤ ਕਰਨਾ ਹੋਵੇਗਾ। ਉਸ ਲਈ ਸਾਨੂੰ ਹਰ ਮੂਲ ਰਚਨਾ ਨੂੰ ਸਹੀ ਸ਼ਬਦ ਜੋੜ ਚੈੱਕ ਅਤੇ ਟਾਈਪਿੰਗ ਗਲਤੀਆਂ ਦੇ ਆਮ ਸੁਧਾਰ ਪਰੋਗਰਾਮ ਰਾਹੀਂ ਛਾਨਣਾ ਹੋਵੇਗਾ। ਤਾਂ ਹੀ ਉਸ ਰਚਨਾ ਦਾ ਸਹੀ ਪਰੀਵਰਤਨ ਹੋ ਸਕਦਾ ਹੈ।

ਇਸ ਲਈ ਹਰ ਰਚਨਾਕਾਰ ਨੂੰ ਚਾਹੀਦਾ ਹੈ ਕਿ ਚਿਤੰਨ ਹੋ ਕੇ ਆਪਣੀ ਰਚਨਾ ਦੀ ਸੁਧਾਈ ਕਰੇ। ਉਸ ਵਿੱਚ ਸਾਰੀਆਂ ਸਹੀ ਮਾਤਰਾਂ ਲਾਵੇ। ਅੱਗੇ ਪਰੀਵਰਤਨ ਕਰਨ ਵਾਲ਼ੇ ਨੂੰ ਚਾਹੀਦਾ ਹੈ ਕਿ ਉਸ ਰਚਨਾ ਨੂੰ ਆਪਣੀ ਦਰੁਸਤੀ ਦੀ ਕਸਵੱਟੀ ਉੱਤੇ ਪਰਖੇ ਅਤੇ ਫਿਰ ਪਰੀਵਰਤਨ ਕਰੇ। ਅੱਗੇ ਪਰੀਵਰਤਨ ਕੀਤੀ ਹੋਈ ਰਚਨਾ ਨੂੰ ਫਿਰ ਉਸ ਫੌਂਟ ਦੀ ਦਰੁਸਤੀ ਦੀ ਕਸਵੱਟੀ ਉੱਤੇ ਪਰਖ ਕੇ ਹੀ ਉਸ ਕਾਰਜ ਨੂੰ ਸੰਪੂਰਨ ਸਮਝੇ।

5. ਸਿੱਟਾ

ਉਪਰੋਕਤ ਵਿਚਾਰਾਂ ਦੇ ਚਾਨਣ ਵਿੱਚ ਇਹ ਆਸ ਕੀਤੀ ਬਣਦੀ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਗੁਰਮੁਖੀ ਸ਼ਾਹਮੁਖੀ ਫੌਂਟਾਂ ਵਿੱਚ ਟਾਈਪ ਕਰਨ ਵਾਲ਼ੇ ਰਚਨਾਕਾਰ ਆਪਣੇ ਫਰਜ਼ ਨੂੰ ਪਛਾਨਣਗੇ, ਪੂਰੀਆਂ ਮਾਤਰਾਂ ਲਾਉਣ ਦੀ ਮਹੱਤਤਾ ਨੂੰ ਸਮਝਣਗੇ, ਅਤੇ ਪਰੋਗਰਾਮਰ ਵੀ ਏਧਰੋਂ ਓਧਰੋਂ ਤਕਨੀਕ ਚੋਰੀ ਕਰਨ ਦੀ ਥਾਂ ਆਪਣੇ ਕਿੱਤੇ ਨਾਲ਼ ਇਨਸਾਫ ਕਰਦੇ ਹੋਏ ਸੱਚੀ ਸੁੱਚੀ ਮਿਹਨਤ ਕਰਨਗੇ। ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਗੁਰਮੁਖੀ ਅਤੇ ਸ਼ਾਹਮੁਖੀ ਪਰੀਵਰਤਨ ਸੌ ਪ੍ਰਤੀ ਸੈਂਕੜਾ ਸਹੀ ਨਾ ਹੋ ਸਕੇ।

 

 

ਜਾਣਕਾਰੀ 1.

ਇਸ ਲੇਖਕ ਨੇ ਗੁਰਮੁਖੀ ਸ਼ਾਹਮੁਖੀ ਅਤੇ ਸ਼ਾਹਮੁਖੀ ਗੁਰਮੁਖੀ ਲਿੱਪੀ ਉੱਤੇ ਦਹਾਕੇ ਤੋਂ ਵੱਧ ਸਮੇਂ ਤੀਕਰ ਕੰਮ ਕੀਤਾ ਹੈ। ਅਤੇ ਪੰਜਾਬੀ ਸੰਸਾਰ ਵਿੱਚ ਸਭ ਤੋਂ ਪਹਿਲੋਂ ਸਨ 2000 ਵਿੱਚ ਇਹ ਦੋਵੇਂ ਪਰੀਵਰਤਨ ਤਿਆਰ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਬਹੁਤ ਸਾਰੀਆਂ ਸੰਸਥਾਵਾ ਵਿੱਚ ਇਸ ਦੀ ਪੇਸ਼ਕਾਰੀ ਕਰ ਚੁੱਕਿਆ ਹੈ। ਉਸ ਪਿੱਛੋਂ ਇਸ ਪਾਸੇ ਅੱਗੇ ਕੰਮ ਕਰਨ ਵਾਲ਼ੇ ਵੀ ਇਸ ਦੀਆਂ ਸੰਭਾਵਨਾਵਾਂ ਅਤੇ ਸਮੱਸਿਆਵਾਂ ਸੰਬੰਧੀ ਅਨੁਭਵੀ ਹੋਣ ਕਾਰਨ ਇਸ ਲੇਖਕ ਨਾਲ਼ ਆਮ ਹੀ ਸਲਾਹ ਮਸ਼ਵਰਾ ਕਰਦੇ ਰਹੇ ਹਨ। ਉਨ੍ਹਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡਾ: ਗੁਰਪ੍ਰੀਤ ਸਿੰਘ ਲਹਿਲ, ਇੰਗਲੈਂਡ ਦੇ ਡਾ: ਵਰਿੰਦਰ ਕਾਲੜਾ, ਲਾਹੌਰ ਦੇ ਹੁਣ ਫਰਾਂਸ ਵਿੱਚ ਇਸੇ ਵਿਸ਼ੇ ਵਿੱਚ ਪੀ.ਐੱਚਡੀ ਕਰ ਰਹੇ ਗੁਲਾਮ ਅੱਬਾਸ ਮਲਿਕ ਆਦਿ ਸ਼ਾਮਿਲ ਹਨ। ਸੋ ਇਸ ਖੇਤਰ ਵਿੱਚ ਇਸ ਲੇਖਕ ਦਾ ਇੱਕ ਅਮੀਰ ਅਨੁਭਵ ਹੈ।

ਜਾਣਕਾਰੀ 2.

ਪੰਜਾਬੀ ਭਾਸ਼ਾ ਦੀ ਲਿੱਪੀ ਨੂੰ ਗੁਰਮੁਖੀ ਲਿੱਪੀ ਨਾਂ ਦੇਣ ਦਾ ਲਾਭ ਤਾਂ ਇਹ ਹੋਇਆ ਹੈ ਕਿ ਪੰਜਾਬੀਆਂ ਦਾ ਇੱਕ ਵਰਗ ਧਾਰਮਿਕ ਭਾਵਨਾ ਅਧੀਨ ਇਸ ਨਾਲ਼ ਧੁਰ ਅੰਦਰ ਤੱਕ ਪਰਨਾਇਆ ਗਿਆ ਹੈ। ਪਰ ਪੰਜਾਬੀਆਂ ਦਾ ਬਾਕੀ ਦਾ ਵਰਗ ਉਸੇ ਭਾਵਨਾ ਅਧੀਨ ਇਸ ਨਾਲ਼ੋਂ ਦੂਰ ਵੀ ਚਲਿਆ ਗਿਆ ਹੈ। ਜੇ ਗੁਰਮੁਖੀ ਲਿੱਪੀ ਦਾ ਨਾਂ ਪੰਜਾਬੀ ਲਿੱਪੀ ਹੀ ਰਹੇ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਸਮਾਂ ਪਾ ਕੇ ਸਾਰੇ ਹੀ ਪੰਜਾਬੀ ਇਸ ਲਿੱਪੀ ਨਾਲ਼ ਮੁੜ ਜੁੜ ਜਾਣਗੇ। ਅੱਜ ਵਿੱਦਵਾਨਾਂ ਵਿੱਚ ਇੱਕ ਪੁਰਜ਼ੋਰ ਵਿਚਾਰਧਾਰਾ ਚੱਲ ਰਹੀ ਹੈ ਕਿ ਭਵਿੱਖ ਵਿੱਚ ਗੁਰਮੁਖੀ ਲਿੱਪੀ ਨੂੰ ਪੰਜਾਬੀ ਲਿੱਪੀ ਲਿਖਿਆ ਜਾਣਾ ਪੰਜਾਬੀ ਭਾਸ਼ਾ ਦੇ ਹਿਤ ਵਿੱਚ ਰਹੇਗਾ।

 

ਅੰਤਿਕਾ 1.

Table Gurmukhi Shahmukhi Fonts

ਨੋਟ: ਜਿਸ ਅੱਖਰ ਦੇ ਅੱਗੇ ਕਾਟਾ ਲਾਇਆ ਗਿਆ ਹੈ ਉਸਦੀ ਲੋੜ ਨਹੀਂ ਹੈ।

 

ਅਨ

ا

 

 اً

ੳ਼

ਅ਼

ੲ਼

ع

آ

ਆਂ

آں

اِ

اِی

اُ

اُوْ

اے

اَے

اوْ

اَوْ

ਅਂ

نْ

ਅੰ

انّ

ਅੱ

اّ

×

×

س

ث

ص

ش

ਹ਼×

ح

ਹੇ, ਦੋ

ਅੱਖੀ

هہہ

ھ

ਕ਼×

ک

ق

کھ

ਖ਼×

خ

گ

ਗ਼×

غ

گھ

گنّ

چ

چھ

ج

×

×

ذ

ض

ظ

جھ

جنّ

ٹ

ٹھ

ڈ

ڈھ

نھ

 

ਤ਼

ਤਨ

ت

ط

ۃً

تھ

د

دھ

ن

پ

پھ

ف

ب

بھ

م

×

ز

ژ

ر

੍ਰ

ر

ل

لھ

و

੍ਵ

و

ڑ

ੜ੍ਹ

ڑھ

ا

ਾਂ

اں

ਿ

ِ

ِی

 

ਵਾਓ-

ਮਦੂਲਾ

ُ

؀و

وْ

ُوْ

ی

ے

وْ

َوْ

نّ

نْ

ّ

 

ਅੰਤਿਕਾ 2.

 

ਗੁਲਾਮ ਅਬਾਸ ਮਲਿਕ ਇਨ੍ਹਾਂ ਅੱਖਰਾਂ ਦੀ ਸਿਫਾਰਸ ਕਰਦਾ ਹੈ।

 

Punjabi is traditionally written in Nastaleeq, a script rich in calligraphic content. Owing to complexities of rendering, the basic shapes identified above are unable to render the language in an acceptable form in Nasta'leeq. The characters of Punjabi also need diacritics to help in the proper pronunciation of the constituent word. The diacritics appear above or below a character to define a vowel or emphasize a particular sound. These diacritical marks are basis of the vowel system in Shahmukhi. There are a number of diacritics, the common ones being Zabar, Zer, and Pesh. Figure below shows the character Bey marked with these diacritics. Diacritics, though part of the language, are sparingly used. They are essential for removing ambiguities, natural language processing and speech synthesis.

 

-Gulam Abbas Malik

Read 5313 times Last modified on Wednesday, 03 March 2010 11:54
ਕਿਰਪਾਲ ਸਿੰਘ ਪੰਨੂੰ

Latest from ਕਿਰਪਾਲ ਸਿੰਘ ਪੰਨੂੰ