You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - 1
Sunday, 08 April 2018 01:48

ਕੌਰਵ ਸਭਾ - 1

Written by
Rate this item
(0 votes)

ਪਾਰਕ ਦਾ ਦੂਸਰਾ ਚੱਕਰ ਸ਼ੁਰੂ ਕਰਦਿਆਂ ਹੀ ਰਾਮ ਨਾਥ ਨੂੰ ਘਰੋਂ ਸੁਨੇਹਾ ਆ ਗਿਆ। ਮਾਇਆ ਨਗਰ ਤੋਂ ਫ਼ੋਨ ਆਇਆ ਸੀ। ਨੀਲਮ ਭੈਣ ਦੇ ਘਰ ਡਾਕਾ ਪਿਆ ਸੀ। ਸਾਰਾ ਟੱਬਰ ਜ਼ਖ਼ਮੀ ਸੀ। ਸੈਰ ਵਿਚੇ ਛੱਡੋ। ਘਰੇ ਆਓ, ਤੁਰੰਤ ਮਾਇਆ ਨਗਰ ਜਾਣਾ ਸੀ।

ਤੇਜ਼ ਤੁਰਨ ਕਾਰਨ ਰਾਮ ਨਾਥ ਦਾ ਸਾਹ ਪਹਿਲਾਂ ਹੀ ਚੜ੍ਹਿਆ ਹੋਇਆ ਸੀ। ਡਾਕੇ ਦੀ ਖ਼ਬਰ ਸੁਣਕੇ ਦਿਲ ਦੀ ਧੜਕਨ ਵੀ ਤੇਜ਼ ਹੋ ਗਈ। ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ।

ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰਦਾ ਰਾਮ ਨਾਥ ਘਾਹ ਉਪਰ ਬੈਠ ਗਿਆ। ਬੂਟ ਲਾਹੇ। ਪਸੀਨੇ ਦੀਆਂ ਬੂੰਦਾਂ ਪੂੰਝੀਆਂ। ਪਾਣੀ ਪੀਤਾ। ਅੱਖਾਂ ਤੇ ਛਿੱਟੇ ਮਾਰੇ। ਮਨ ਕੁੱਝ ਠਿਕਾਣੇ ਆਇਆ। ਘਰ ਜਾਣ ਲਈ ਉਹ ਬੇਟੀ ਦੇ ਮੋਪਡ ਪਿੱਛੇ ਬੈਠ ਗਿਆ।

ਘਰ ਗਏ ਨੂੰ ਪਤਨੀ ਸੰਗੀਤਾ ਨੇ ਹੋਈ ਘਟਨਾ ਦਾ ਵਿਸਤਾਰ ਦੱਸਿਆ।

ਡਾਕੇ ਨਾਲੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਸੀ ਕਿ ਫ਼ੋਨ ਨੀਲਮ ਦੇ ਕਿਸੇ ਗੁਆਂਢੀ ਦੇ ਘਰੋਂ ਆਇਆ ਸੀ। ਨੀਲਮ ਦੇ ਜੇਠ ਮੋਹਨ ਲਾਲ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਉਨ੍ਹਾਂ ਨੂੰ ਸੂਚਿਤ ਕਿਉਂ ਨਹੀਂ ਕੀਤਾ?

ਮੋਹਨ ਦਾ ਪਰਿਵਾਰ ਸਾਧਾਰਨ ਪਰਿਵਾਰ ਨਹੀਂ ਸੀ। ਉਹ ਮਾਇਆ ਨਗਰ ਦੇ ਚੁਣਵੇਂ ਘਰਾਂ ਵਿਚੋਂ ਇੱਕ ਗਿਣਿਆ ਜਾਂਦਾ ਸੀ। ਉਨ੍ਹਾਂ ਦਾ ਚੰਗਾ ਕਾਰੋਬਾਰ ਸੀ। ਸਰਕਾਰੇ ਦਰਬਾਰੇ ਪਹੁੰਚ ਸੀ। ਸਾਰੇ ਸ਼ਹਿਰ ਵਿੱਚ ਜਾਣ ਪਹਿਚਾਣ ਸੀ। ਕੀ ਉਨ੍ਹਾਂ ਵਿਚੋਂ ਕੋਈ ਮੌਕੇ ਵਾਲੀ ਥਾਂ ਤੇ ਨਹੀਂ ਸੀ ਪੁੱਜਾ? ਜੇ ਹਾਂ ਤਾਂ ਕਿਉਂ ਨਹੀਂ?

ਸ਼ਹਿਰ ਜਾਣ ਦੀ ਤਿਆਰੀ ਵਿੱਚ ਰੁੱਝੀ ਪਤਨੀ ਦੀ ਸਹਾਇਤਾ ਕਰਦਾ ਰਾਮ ਨਾਥ ਇਸ ਗੁੱਥੀ ਨੂੰ ਸੁਲਝਾਉਣ ਦਾ ਯਤਨ ਕਰਨ ਲੱਗਾ।

ਇਹ ਪ੍ਰਸ਼ਨ ਰਾਮ ਨਾਥ ਦੇ ਮਨ ਵਿੱਚ ਬਿਨਾਂ ਵਜ੍ਹਾ ਨਹੀਂ ਸੀ ਉੱਠ ਰਿਹਾ। ਇਸ ਦੇ ਪਿੱਛੇ ਵੱਡਾ ਪਿਛੋਕੜ ਸੀ।

ਕੁੱਝ ਦੇਰ ਤੋਂ ਦੋਹਾਂ ਪਰਿਵਾਰਾਂ ਵਿਚਕਾਰ ਖਿੱਚੋਤਾਣ ਚੱਲ ਰਹੀ ਸੀ। ਜਾਇਦਾਦ ਦਾ ਝਗੜਾ ਪਰਿਵਾਰਕ ਸਾਲਸਾਂ ਦੇ ਹੱਥੋਂ ਨਿਕਲ ਕੇ ਕਚਹਿਰੀ ਤਕ ਅੱਪੜ ਗਿਆ ਸੀ।

ਆਪਸ ਵਿੱਚ ਮੂੰਹ ਮੋਟੇ ਸਨ ਅਤੇ ਬੋਲਚਾਲ ਬੰਦ ਸੀ।

ਰਾਮ ਨਾਥ ਦਾ ਮੱਥਾ ਠਨਕ ਰਿਹਾ ਸੀ। ਕਿਧਰੇ ਇਹ ਵਾਰਦਾਤ ਉਸੇ ਪਰਿਵਾਰ ਨੇ ਨਾ ਕਰਾਈ ਹੋਵੇ?

ਉਸ ਪਰਿਵਾਰ ਉਪਰ ਵੀ ਰਾਮ ਨਾਥ ਬੇ ਵਜ੍ਹਾ ਸ਼ੱਕ ਨਹੀਂ ਸੀ ਕਰ ਰਿਹਾ।

ਕਿਸੇ ਹੋਰ ਵੱਲੋਂ ਨਹੀਂ, ਅਜਿਹੀ ਵਾਰਦਾਤ ਦੀ ਚਿਤਾਵਨੀ ਖੁਦ ਨੀਲਮ ਦੀ ਜਠਾਨੀ ਕੋਲੋਂ ਮਿਲੀ ਸੀ। ਚਾਚੇ ਭਤੀਜਿਆਂ ਵਿਚਕਾਰ ਸੌ ਮਨ ਮੁਟਾਵ ਹੋਇਆ ਹੋਵੇ। ਮਾਇਆ ਦੇਵੀ ਲਈ ਵੇਦ ਅਤੇ ਉਸਦਾ ਪਰਿਵਾਰ ਪਹਿਲਾਂ ਵਾਂਗ ਆਪਣਾ ਸੀ। ਮੋਹਨ ਦੇ ਜਿਊਂਦੇ ਹੋਰ ਗੱਲ ਸੀ। ਹੁਣ ਮੁੰਡੇ ਆਪ ਹੁਦਰੇ ਹੋਏ ਫਿਰਦੇ ਸਨ। ਉਨ੍ਹਾਂ ਦੇ ਚਾਲੇ ਠੀਕ ਨਹੀਂ ਸਨ। ਦਾਰੂ ਪੀਂਦੇ ਮੁੰਡਿਆਂ ਨੂੰ ਕਈ ਵਾਰ ਮਾਇਆ ਦੇਵੀ ਨੇ ਭੈੜੇ ਮਨਸੂਬੇ ਘੜਦੇ ਸੁਣਿਆ ਸੀ। ਕਦੇ ਉਹ ਆਖਦੇ ਸਨ ਚਾਚੇ ਵੇਦ ਨੂੰ ਆਪਣੇ ਡਉਲਿਆਂ ’ਤੇ ਮਾਣ ਹੈ। ਜਵਾਨੀ ਵਿੱਚ ਪਹਿਲਵਾਨੀ ਕਰਦੇ ਨੇ ਉਸ ਨੇ ਡਉਲੇ ਬਣਾਏ ਸਨ। ਉਹ ਵੇਦ ਦੇ ਡਉਲਿਆਂ ਦਾ ਚੂਰਮਾ ਬਣਾ ਦੇਣਗੇ। ਨੀਲਮ ਨੂੰ ਆਪਣੀ ਅਕਲ ਉਪਰ ਹੰਕਾਰ ਸੀ। ਉਹ ਉਸਦੇ ਦਿਮਾਗ਼ ਦੀ ਖੱਖੜੀ ਖੱਖੜੀ ਕਰ ਦੇਣਗੇ। ਨੇਹਾ ਵਿਚਾਰੀ ਨੇ ਕਦੇ ਕਿਸੇ ਦਾ ਕੁੱਝ ਨਹੀਂ ਸੀ ਵਿਗਾੜਿਆ। ਉਹ ਆਪਣੀ ਛੋਟੀ ਭੈਣ ਨੂੰ ਭਰੇ ਬਜ਼ਾਰ ਨੰਗਾ ਕਰਨ ਦੀ ਸੋਚ ਰਹੇ ਸਨ। ਵੇਦ ਦਾ ਇਕੋ ਇੱਕ ਵਾਰਿਸ ਕਮਲ ਉਨ੍ਹਾਂ ਦੀਆਂ ਅੱਖਾਂ ਵਿੱਚ ਵੱਧ ਰੜਕਦਾ ਸੀ।

ਕਦੇ ਕਦੇ ਉਹ ਉਸ ਦਾ ਕੰਡਾ ਕੱਢਣ ਦੀ ਬਕ ਬਕ ਕਰਿਆ ਕਰਦੇ ਸਨ।

ਹਮਦਰਦੀ ਵਜੋਂ ਮਾਇਆ ਦੇਵੀ ਨੇ ਵੇਦ ਨੂੰ ਸੁਝਾਅ ਦਿੱਤਾ ਸੀ। ਲੈ ਦੇ ਕਰਕੇ ਮੁੰਡਿਆਂ ਨਾਲ ਸਮਝੌਤਾ ਕਰ ਲਓ। ਕੱਲ੍ਹ ਨੂੰ ਕੋਈ ਭਾਣਾ ਵਰਤ ਗਿਆ ਤਾਂ ਉਸ ਨੂੰ ਉਲਾਂਭਾ ਨਾ ਦਿਓ।

ਰਾਮ ਨਾਥ ਨੂੰ ਇਸ ਤਾੜਨਾ ਦੀ ਖ਼ਬਰ ਮਿਲੀ ਸੀ, ਪਰ ਉਸਨੇ ਇਸ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ। ਕਾਨੂੰਨ ਦੀ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਨੂੰ ਅਪਰਾਧ ਵਿਗਿਆਨ ਪੜ੍ਹਾਇਆ ਜਾਂਦਾ ਸੀ। ਇਸ ਵਿਗਿਆਨ ਦੇ ਇੱਕ ਪਾਠ ਦਾ ਅਧਿਐਨ ਕਰਦੇ ਉਸ ਨੇ ਪੜ੍ਹਿਆ ਸੀ ਕਿ ਸਭਿਅਕ ਜਮਾਤਾਂ ਸਰੀਰਕ ਹਿੰਸਾ ਦਾ ਸਹਾਰਾ ਨਹੀਂ ਲੈਂਦੀਆਂ। ਖ਼ੂਨ ਖਰਾਬੇ ਦੀ ਥਾਂ ਉਹ ਕਾਨੂੰਨੀ ਲੜਾਈ ਲੜਨ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਹ ਕੇਵਲ ਸਿਧਾਂਤ ਹੀ ਨਹੀਂ ਸੀ। ਇਸ ਸਿਧਾਂਤ ਨੂੰ ਸੱਚ ਦੀ ਕਸਵੱਟੀ ’ਤੇ ਪੂਰਾ ਉਤਰਦੇ ਰਾਮ ਨਾਥ ਨਿਤ ਦੇਖਦਾ ਸੀ। ਇੱਕ ਭਈਆ ਦੂਸਰੇ ਭਈਏ ਦਾ ਪੰਜਾਹ ਰੁਪਏ ਦੇ ਝਗੜੇ ਕਾਰਨ ਗਲ਼ ਵੱਢ ਦਿੰਦਾ ਸੀ। ਪਰ ਮਾਇਆ ਨਗਰ ਵਿੱਚ ਲੋਕਾਂ ਦੇ ਮੁਕੱਦਮੇ ਵੀ ਚੱਲਦੇ ਸਨ ਅਤੇ ਸਾਂਝੇ ਕਾਰੋਬਾਰ ਵੀ। ਪਤੀ ਪਤਨੀ ਤਲਾਕ ਲੈ ਕੇ ਵੀ ਇੱਕ ਦੂਜੇ ਦੇ ਘਰ ਰਾਤ ਕੱਟ ਜਾਂਦੇ ਸਨ।

ਇਸੇ ਸਿਧਾਂਤ ’ਤੇ ਅਮਲ ਕਰਦਿਆਂ ਰਾਮ ਨਾਥ ਨੇ ਵੇਦ ਨੂੰ ਇਸ ਚਿਤਾਵਨੀ ਉਪਰ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ। ਹੁਣ ਉਸ ਨੂੰ ਆਪਣੀ ਇਸ ਸਲਾਹ ’ਤੇ ਪਛਤਾਵਾ ਹੋ ਰਿਹਾ ਸੀ।

ਮਾਇਆ ਨਗਰ ਵਿੱਚ ਜਾਣ ਲਈ ਰਾਮ ਨਾਥ ਨੇ ਟੈਕਸੀ ਮੰਗਵਾ ਲਈ। ਟਰੈਕਸੂਟ ਲਾਹ ਕੇ ਕੁੜਤਾ ਪਜਾਮਾ ਪਾ ਲਿਆ। ਅਲਮਾਰੀ ਵਿੱਚ ਹੱਥ ਮਾਰਿਆ। ਦਸ ਹਜ਼ਾਰ ਰੁਪਿਆ ਪਿਆ ਸੀ। ਚੁੱਕ ਕੇ ਬੋਝੇ ਪਾ ਲਿਆ।

ਛੋਟੇ ਭਰਾ ਮੰਗਤ ਨੂੰ ਬੁਲਾ ਕੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ। ਬੱਚਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਲਾਈ। ਵੀਹ ਹਜ਼ਾਰ ਦਾ ਚੈੱਕ ਕੱਟ ਕੇ ਉਸਨੂੰ ਫੜਾਇਆ।

ਦਿਨੇ ਉਹ ਬੈਂਕ ਵਿਚੋਂ ਪੈਸੇ ਕਢਵਾ ਲਏ। ਮਾਇਆ ਨਗਰ ਜਾਂਦਿਆਂ ਹੀ ਉਹ ਫ਼ੋਨ ਕਰੇਗਾ।

ਮਸਲਾ ਗੰਭੀਰ ਨਾ ਹੋਇਆ ਤਾਂ ਸ਼ਾਮ ਤਕ ਵਾਪਸ ਆ ਜਾਏਗਾ। ਲੋੜ ਪਈ ਤਾਂ ਮੰਗਤ ਨੂੰ ਬੁਲਾ ਲਏਗਾ।

ਰਾਮ ਨਾਥ ਦੇ ਸ਼ਹਿਰ ਤੋਂ ਮਾਇਆ ਨਗਰ ਦਾ ਰਸਤਾ ਇੱਕ ਘੰਟੇ ਦਾ ਸੀ। ਅੱਗੇ ਇਹ ਪੈਂਡਾ ਅੱਖ ਝਪਕਦਿਆਂ ਨਿਕਲ ਜਾਂਦਾ ਸੀ। ਅੱਜ ਹਰ ਪਲ ਜਿਵੇਂ ਜੁਗਾਂ ਜਿੱਡਾ ਲੰਬਾ ਹੋ ਗਿਆ ਸੀ। ਉਸਦਾ ਮਨ ਕਾਹਲਾ ਪੈ ਰਿਹਾ ਸੀ। ਉਸਨੂੰ ਨੀਲਮ ਦੇ ਪਰਿਵਾਰ ਦੀ ਚਿੰਤਾ ਖਾ ਰਹੀ ਸੀ। ਫ਼ੋਨ ’ਤੇ ਕਦੇ ਸੱਚ ਨਹੀਂ ਦੱਸਿਆ ਜਾਂਦਾ। ਬਹੁਤ ਕੁੱਝ ਛੁਪਾ ਲਿਆ ਲਗਦਾ ਸੀ। ਰੱਬ ਖੈਰ ਕਰੇ। ਮਨ ਹੀ ਮਨ ਉਹ ਪ੍ਰਾਰਥਨਾ ਕਰ ਰਿਹਾ ਸੀ।

ਇਹ ਵਾਰਦਾਤ ਕਿਸ ਨੇ ਕੀਤੀ ਹੋਏਗੀ?

ਕਾਰ ਦੇ ਮਾਇਆ ਨਗਰ ਦੇ ਰਾਹ ਪੈਂਦਿਆਂ ਹੀ ਰਾਮ ਨਾਥ ਦਾ ਜ਼ਿਹਨ ਪ੍ਰਸ਼ਨਾਂ ਨਾਲ ਭਰਨ ਲੱਗਾ।

ਅੱਜ ਕੱਲ੍ਹ ਕਾਲੇ ਕੱਛਿਆਂ ਵਾਲੇ ਅਜਿਹੀਆਂ ਵਾਰਦਾਤਾਂ ਵਿੱਚ ਰੁੱਝੇ ਹੋਏ ਹਨ।

ਹੋ ਸਕਦਾ ਹੈ ਇਹ ਵਾਰਦਾਤ ਅਜਿਹੇ ਕਿਸੇ ਗਰੋਹ ਨੇ ਕੀਤੀ ਹੋਵੇ?

ਦੂਸਰੇ ਹੀ ਪਲ ਉਸਨੇ ਕਾਲੇ ਕੱਛਿਆਂ ਵਾਲਿਆਂ ਦੇ ਇਸ ਵਾਰਦਾਤ ਵਿੱਚ ਸ਼ਾਮਲ ਹੋਣ ਨੂੰ ਨਕਾਰ ਦਿੱਤਾ। ਇਹ ਗਰੋਹ ਅਜਿਹੀ ਵਾਰਦਾਤ ਸ਼ਹਿਰਾਂ ਜਾਂ ਪਿੰਡਾਂ ਦੇ ਬਾਹਰਵਾਰ ਵੱਸੇ ਘਰਾਂ ਵਿੱਚ ਕਰਦਾ ਸੀ। ਨੀਲਮ ਦਾ ਘਰ ਸ਼ਹਿਰ ਦੇ ਪਚੱਗ ਵਿੱਚ ਸੀ। ਗਲੀ ਦੇ ਦੋਹੀਂ ਪਾਸੀਂ ਲੋਹੇ ਦੇ ਵੱਡੇ ਗੇਟ ਸਨ। ਪਹਿਰੇਦਾਰ ਸਾਰੀ ਰਾਤ ਪਹਿਰਾ ਦਿੰਦਾ ਸੀ।

ਇਹ ਵਾਰਦਾਤ ਕਿਸੇ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਈ ਜਾਪਦੀ ਸੀ।

ਰਾਮ ਨਾਥ ਦੀ ਹਦਾਇਤ ਉਪਰ ਡਰਾਈਵਰ ਨੇ ਗੱਡੀ ਸੌ ਦੀ ਸਪੀਡ ਉਪਰ ਛੱਡ ਦਿੱਤੀ। ਉਸੇ ਰਫ਼ਤਾਰ ਨਾਲ ਰਾਮ ਨਾਥ ਖਿਆਲੀ ਘੋੜੇ ਦੌੜਾ ਦੌੜਾ ਅਤੇ ਟੁੱਟੀਆਂ ਤੰਦਾਂ ਜੋੜ ਜੋੜ ਘਟਨਾ ਦੀ ਤਹਿ ਤਕ ਜਾਣ ਦਾ ਯਤਨ ਕਰਨ ਲੱਗਾ।

ਰਾਮ ਨਾਥ ਨੂੰ ਮੋਹਨ ਦੇ ਮੁੰਡਿਆਂ ’ਤੇ ਸ਼ੱਕ ਹੋ ਰਿਹਾ ਸੀ। ਪਰ ਉਹ ਵੇਦ ਦੇ ਪਰਿਵਾਰ ਦੇ ਖੂਨ ਦੇ ਪਿਆਸੇ ਬਣ ਜਾਣਗੇ, ਇਹ ਸੱਚਾਈ ਉਸ ਤੋਂ ਨਿਗਲੀ ਨਹੀਂ ਸੀ ਜਾ ਰਹੀ।

ਮੋਹਨ ਵੱਡਾ ਭਰਾ ਸੀ। ਵੇਦ ਛੋਟਾ ਸੀ। ਪਰ ਦੋਹਾਂ ਵਿਚਕਾਰ ਰਿਸ਼ਤਾ ਪਿਓ ਪੁੱਤਰਾਂ ਵਰਗਾ ਸੀ। ਮੋਹਨ ਉਮਰ ਵਿੱਚ ਵੇਦ ਨਾਲੋਂ ਕੇਵਲ ਦਸ ਸਾਲ ਵੱਡਾ ਸੀ, ਪਰ ਰੁਤਬੇ ਵਿੱਚ ਸੌ ਗੁਣਾ ਵੱਡਾ ਸੀ।

ਵੇਦ ਹਾਲੇ ਤੀਸਰੀ ਵਿੱਚ ਪੜ੍ਹਦਾ ਸੀ, ਜਦੋਂ ਮੋਹਨ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਮਾਇਆ ਨਗਰ ਦੇ ਮਸ਼ਹੂਰ ਇੰਜੀਨੀਅਰਿੰਗ ਕਾਲਜ ਵਿੱਚ ਦਾਖ਼ਲ ਹੋਇਆ ਸੀ। ਉਸ ਸਮੇਂ ਇਸ ਕਾਲਜ ਵਿੱਚ ਦਾਖ਼ਲਾ ਚੁਣਵੇਂ ਵਿਦਿਆਰਥੀਆਂ ਨੂੰ ਮਿਲਦਾ ਸੀ।

ਡਿਗਰੀ ਹਾਸਲ ਕਰਦਿਆਂ ਹੀ ਉਸਨੂੰ ਨੌਕਰੀ ਮਿਲ ਗਈ। ਪੀ.ਡਬਲਯੂ.ਡੀ.ਵਰਗਾ ਮਹਿਕਮਾ ਮਿਲ ਗਿਆ ਅਤੇ ਐਸ.ਡੀ.ਓ.ਦਾ ਰੁਤਬਾ। ਬਠਿੰਡੇ ਵਰਗੇ ਸ਼ਹਿਰ ਵਿੱਚ ਨਿਯੁਕਤੀ ਹੋ ਗਈ, ਜਿਹੜਾ ਓਹਨੀਂ ਦਿਨੀਂ ਤਰੱਕੀ ਦੀਆਂ ਮੰਜ਼ਲਾਂ ਛਾਲੀਂ ਤੈਅ ਕਰ ਰਿਹਾ ਸੀ। ਕਿਧਰੇ ਥਰਮਲ ਪਲਾਂਟ ਉਸਰ ਰਿਹਾ ਸੀ, ਕਿਧਰੇ ਖਾਦ ਫੈਕਟਰੀ। ਕਿਧਰੇ ਫੌਜੀ ਛਾਉਣੀ ਦਾ ਵਿਸਥਾਰ ਹੋ ਰਿਹਾ ਸੀ, ਕਿਧਰੇ ਹੋਟਲ ਸਿਨਮੇ ਉਸਰ ਰਹੇ ਸਨ।

ਆਵਾਜਾਈ ਨੂੰ ਸੌਖਾ ਬਨਾਉਣ ਲਈ ਸਰਕਾਰ ਸੜਕਾਂ ਦਾ ਜਾਲ ਵਿਛਾ ਰਹੀ ਸੀ।

ਸਰਕਾਰੀ ਇਮਾਰਤਾਂ ਧਰਤੀ ਦੀ ਹਿੱਕ ’ਤੇ ਖੁੰਭਾਂ ਵਾਂਗ ਉੱਗ ਰਹੀਆਂ ਸਨ।

ਮੋਹਨ ਲਾਲ ਹੱਥੀਂ ਕੰਮ ਕਰਕੇ ਖਾਣ ਵਾਲੇ ਪਰਿਵਾਰ ਵਿਚੋਂ ਆਇਆ ਸੀ। ਸਰੀਰਕ ਮਿਹਨਤ ਕਰਨ ਦੀ ਉਸ ਦੀ ਪਹਿਲੇ ਦਿਨੋਂ ਆਦਤ ਸੀ। ਦਿਮਾਗ਼ ਦੇਣ ਵਿੱਚ ਕੁਦਰਤ ਨੇ ਖੁੱਲ੍ਹ ਵਰਤੀ ਸੀ। ਦੋਹਾਂ ਦੇ ਸੁਮੇਲ ਨਾਲ ਮੋਹਨ ਦੇ ਕੰਮ ਦੀਆਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਹਰ ਸੜਕ, ਹਰ ਇਮਾਰਤ ਮਿਥੇ ਟੀਚੇ ਤੋਂ ਪਹਿਲਾਂ ਤਿਆਰ ਕਰਾਉਣ ਲਈ ਉਹ ਮਸ਼ਹੂਰ ਹੋ ਗਿਆ।

ਨਾਂ ਦੇ ਨਾਲ ਨਾਲ ਮੋਹਨ ਨੇ ਰੱਜਵਾਂ ਧਨ ਵੀ ਕਮਾਇਆ। ਲੇਬਰ ਦੇ ਠੇਕੇਦਾਰ ਤੋਂ ਲੈ ਕੇ ਲੁੱਕ ਸੀਮਿੰਟ ਦੇ ਠੇਕੇਦਾਰ ਤਕ ਉਸਨੂੰ ਕਮਿਸ਼ਨ ਦੇਣਾ ਪੈਂਦਾ ਸੀ। ਹੌਲੀ ਹੌਲੀ ਉਸ ਨੇ ਠੇਕੇਦਾਰਾਂ ਨਾਲ ਦੋਸਤੀ ਪਾ ਲਈ। ਕਮਿਸ਼ਨ ਦੀ ਥਾਂ ਉਨ੍ਹਾਂ ਨਾਲ ਹਿੱਸੇਦਾਰੀ ਕਰ ਲਈ।

ਸ਼ਹਿਰ ਦੇ ਇੱਕ ਸਿਰਕੱਢ ਠੇਕੇਦਾਰ ਨੇ ਉਸ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਨੂੰ ਆਪਣਾ ਜਵਾਈ ਬਣਾ ਲਿਆ। ਬਠਿੰਡੇ ਸ਼ਹਿਰ ਵਿੱਚ ਉਸਦੇ ਪੈਰ ਹੋਰ ਪੱਕੇ ਹੋ ਗਏ।

ਮੋਹਨ ਲਾਲ ਨੇ ਆਪਣੀ ਸਥਿਤੀ ਮਜ਼ਬੂਤ ਕਰਕੇ ਘਰ ਦੇ ਸੁਧਾਰ ਵੱਲ ਧਿਆਨ ਦਿੱਤਾ। ਕੱਚੇ ਪੱਕੇ ਮਕਾਨ ਦੀ ਥਾਂ ਦੋ ਮੰਜ਼ਲੀ ਇਮਾਰਤ ਉਸਾਰ ਦਿੱਤੀ। ਬਾਪ ਨੂੰ ਕਰਿਆਨੇ ਦੀ ਦੁਕਾਨ ਤੋਂ ਉਠਾ ਕੇ ਕੱਪੜੇ ਦੇ ਆਲੀਸ਼ਾਨ ਸ਼ੋਅ ਰੂਮ ਉਪਰ ਬੈਠਾ ਦਿੱਤਾ।

ਮੋਹਨ ਨੇ ਬਹੁਤ ਕੋਸ਼ਿਸ਼ ਕੀਤੀ। ਵੇਦ ਦੋ ਅੱਖਰ ਪੜ੍ਹਕੇ ਕੋਈ ਚੰਗੀ ਲਾਈਨ ਅਖ਼ਤਿਆਰ ਕਰ ਲਏ। ਡਾਕਟਰ ਬਣੇ ਜਾਂ ਇੰਜੀਨੀਅਰ। ਪਰ ਵੇਦ ਦਾ ਧਿਆਨ ਪੜ੍ਹਾਈ ਵੱਲ ਘੱਟ, ਖੇਡਾਂ ਵੱਲ ਜ਼ਿਆਦਾ ਸੀ। ਪਹਿਲਵਾਨੀ ਉਸਦਾ ਪਹਲਿਾ ਸ਼ੌਕ ਸੀ। ਉਹ ਸਾਰਾ ਦਿਨ ਡੰਡ ਬੈਠਕਾਂ ਕੱਢਣ ਵਿੱਚ ਬਿਤਾ ਦਿੰਦਾ ਸੀ।

ਅੱਜ ਕੱਲ੍ਹ ਦੇ ਦਿਨ ਹੁੰਦੇ ਤਾਂ ਮੋਹਨ ਉਸ ਨੂੰ ਡੋਨੇਸ਼ਨ ਦੇ ਕੇ ਕਿਧਰੇ ਦਾਖ਼ਲਾ ਲੈ ਦਿੰਦਾ। ਓਹਨੀਂ ਦਿਨੀਂ ਨੰਬਰਾਂ ਦੀ ਪੁੱਛ ਪੈਂਦੀ ਸੀ ਅਤੇ ਨੰਬਰ ਵੇਦ ਦੇ ਪੱਲੇ ਨਹੀਂ ਸਨ ਪੈਂਦੇ।

ਡਿਗਦੇ ਢਹਿੰਦੇ ਵੇਦ ਨੇ ਜਿਉਂ ਹੀ ਬੀ.ਏ.ਪਾਸ ਕੀਤੀ ਮੋਹਨ ਲਾਲ ਨੇ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਨਾਲ ਗੰਢ ਤੁੱਪ ਕਰਕੇ ਉਸਨੂੰ ਕਲਰਕ ਭਰਤੀ ਕਰਵਾ ਦਿੱਤਾ। ਨਾਲ ਪ੍ਰਧਾਨ ਤੋਂ ਵਾਅਦਾ ਲਿਆ, ਜਿਉਂ ਹੀ ਚੁੰਗੀ ਜਾਂ ਟੈਕਸ ਇੰਸਪੈਕਟਰ ਦੀ ਆਸਾਮੀ ਖਾਲੀ ਹੋਈ ਉਹ ਝੱਟ ਵੇਦ ਨੂੰ ਉੱਥੇ ਅੜਾ ਦੇਵੇਗਾ।

ਮੋਹਨ ਲਾਲ ਦੇ ਰੁਤਬੇ ਨੂੰ ਧਿਆਨ ਵਿੱਚ ਰੱਖਦਿਆਂ ਰਾਮ ਨਾਥ ਦੇ ਬਾਪ ਨੇ ਆਪਣੀ ਸਭ ਤੋਂ ਸੋਹਣੀ ਅਤੇ ਬੀ.ਏ.ਪਾਸ ਧੀ ਨੂੰ ਉਸ ਦੇ ਲੜ ਲਾ ਦਿੱਤਾ।

ਸਭ ਪਾਸਿਉਂ ਸੰਤੁਸ਼ਟ ਵੇਦ ਢੋਲੇ ਗਾਉਣ ਲੱਗਾ।

ਪੰਜ ਸਾਲ ਦੀ ਮਿਆਦ ਪੂਰੀ ਹੋਣ ਤੇ ਜਦੋਂ ਮੋਹਨ ਲਾਲ ਦੇ ਅਫ਼ਸਰ ਦੀ ਬਦਲੀ ਪਟਿਆਲੇ ਦੀ ਹੋਈ, ਉਹ ਮੋਹਨ ਲਾਲ ਨੂੰ ਬਦਲਵਾ ਕੇ ਪਟਿਆਲੇ ਲੈ ਗਿਆ। ਮੋਹਨ ਨੇ ਪਟਿਆਲੇ ਦਾ ਮੂੰਹ ਮੱਥਾ ਸੰਵਾਰ ਦਿੱਤਾ। ਨਾਲ ਆਪਣੀ ਤਜੌਰੀ ਭਰ ਲਈ।

ਤਰੱਕੀ ਲੈ ਕੇ ਅਫ਼ਸਰ ਮਾਇਆ ਨਗਰ ਚਲਾ ਗਿਆ। ਮੋਹਨ ਲਾਲ ਦੀ ਤਰੱਕੀ ਹੋਣ ਵਾਲੀ ਸੀ। ਤਰੱਕੀ ਵਿੱਚ ਕੋਈ ਵਿਘਨ ਨਾ ਪਏ ਇਸ ਲਈ ਮੋਹਨ ਲਾਲ ਨੂੰ ਅਫ਼ਸਰ ਦੇ ਖੰਭਾਂ ਦੀ ਜ਼ਰੂਰਤ ਸੀ।

ਅਫ਼ਸਰ ਨੇ ਮੋਹਨ ਲਾਲ ਦੀ ਬੇਨਤੀ ਝੱਟ ਪਰਵਾਨ ਕਰ ਲਈ। ਅੱਜ ਕੱਲ੍ਹ ਮਿਹਨਤੀ ਅਤੇ ਵਫ਼ਾਦਾਰ ਅਫ਼ਸਰਾਂ ਦੀ ਕਮੀ ਹੁੰਦੀ ਜਾ ਰਹੀ ਸੀ। ਮੋਹਨ ਵਿੱਚ ਇਹ ਦੋਵੇਂ ਗੁਣ ਸਨ। ਉਹ ਝੱਟ ਉਸਨੂੰ ਮਾਇਆ ਨਗਰ ਲੈ ਗਿਆ।

ਮਾਇਆ ਨਗਰ ਵਿੱਚ ਮੋਹਨ ਵਰਗੇ ਕਈ ਮਿਹਨਤੀ ਅਫ਼ਸਰ ਬੈਠੇ ਸਨ। ਉਹ ਵਫ਼ਾਦਾਰ ਭਾਵੇਂ ਘੱਟ ਸਨ ਪਰ ਜੁਗਾੜੀਏ ਵੱਧ ਸਨ।

ਮੋਹਨ ਲਾਲ ਅਫ਼ਸਰਾਂ ਦੀ ਭੀੜ ਵਿੱਚ ਗੁਆਚ ਗਿਆ।

ਪਰ ਦਰਿਆਵਾਂ ਦੇ ਵਹਾਅ ਠੱਲ੍ਹੇ ਨਹੀਂ ਰਹਿੰਦੇ। ਮੋਹਨ ਲਾਲ ਨੇ ਮਹਿਕਮੇ ਦਾ ਖਹਿੜਾ ਛੱਡ ਕੇ ਮਾਇਆ ਨਗਰ ਦੀਆਂ ਵਿਉਪਾਰਕ ਸੰਭਾਵਨਾਵਾਂ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ।

ਸੜਕਾਂ ’ਤੇ ਲੁੱਕ ਵਿਛਾਉਣ ਦਾ ਰਵਾਇਤੀ ਤਰੀਕਾ ਮਹਿੰਗਾ ਵੀ ਪੈ ਰਿਹਾ ਸੀ ਅਤੇ ਕੰਮ ਵੀ ਵਧੀਆ ਨਹੀਂ ਸੀ ਹੋ ਰਿਹਾ। ਸਰਕਾਰ ਨੇ ਸਾਰੇ ਫਾਇਦੇ ਨੁਕਸਾਨ ਵਿਚਾਰ ਕੇ ਮਿਕਸ ਪਲਾਂਟਾਂ ਵਿੱਚ ਤਿਆਰ ਕੀਤੇ ਮਾਲ ਨੂੰ ਸੜਕਾਂ ’ਤੇ ਵਿਛਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਝੱਟ ਮੋਹਨ ਲਾਲ ਨੇ ਆਪਣੇ ਤਜਰਬੇ ਤੋਂ ਫ਼ਾਇਦਾ ਉਠਾਉਣ ਦਾ ਮਨ ਬਣਾ ਲਿਆ।

ਜਿਸ ਜਿਸ ਅਫ਼ਸਰ ਨੇ ਮਿਕਸ ਪਲਾਂਟ ਚੱਲਣ ਵਿੱਚ ਮਦਦਗਾਰ ਸਾਬਤ ਹੋਣਾ ਸੀ, ਉਨ੍ਹਾਂ ਦੇ ਹਿੱਸੇ ਪੱਤੀਆਂ ਰੱਖ ਕੇ ਦਿਨਾਂ ਵਿੱਚ ਮਿਕਸ ਪਲਾਂਟ ਗੱਡ ਦਿੱਤਾ।

ਓਨਾ ਮਾਲ ਸੜਕਾਂ ’ਤੇ ਨਹੀਂ ਸੀ ਪੈਂਦਾ ਜਿੰਨਾ ਬਚ ਰਹਿੰਦਾ ਸੀ। ਓਨੀ ਕਮਾਈ ਸੜਕਾਂ ਤੇ ਮਾਲ ਵਿਛਾਅ ਕੇ ਨਹੀਂ ਸੀ ਹੁੰਦੀ, ਜਿੰਨੀ ਬਚੇ ਮਾਲ ਨੂੰ ਵੇਚ ਕੇ ਹੁੰਦੀ ਸੀ।

ਪਲਾਂਟ ਦਾ ਖਰਚਾ ਦੋ ਸਾਲ ਵਿੱਚ ਨਿਕਲ ਗਿਆ। ਜਦੋਂ ਤਕ ਮਿਕਸ ਪਲਾਂਟ ਵਿਚੋਂ ਹੁੰਦੀ ਕਮਾਈ ਦੀ ਸਮਝ ਹੋਰ ਵਿਉਪਾਰੀਆਂ ਨੂੰ ਲਗਦੀ, ਉਦੋਂ ਤਕ ਮੋਹਨ ਲਾਲ ਕਈ ਕਰੋੜ ਰੁਪਿਆ ਕਮਾ ਚੁੱਕਾ ਸੀ।

ਇਸ ਕਮਾਈ ਵਿਚੋਂ ਉਹ ਸ਼ਹਿਰ ਦੀ ਹੱਦ ’ਤੇ ਚਲਦੇ ਦੋ ਭੱਠੇ ਅਤੇ ਇੱਕ ਸ਼ੈਲਰ ਖਰੀਦ ਚੁੱਕਾ ਸੀ। ਕੋਇਲੇ ਦੀ ਦਲਾਲੀ ਵਿਚੋਂ ਚੰਗਾ ਪੈਸਾ ਬਣ ਰਿਹਾ ਸੀ। ਵਿਚੇ ਇਸ ਵਿਉਪਾਰ ਵਿੱਚ ਨਹੁੰ ਅਟਕਾ ਲਿਆ।

ਵਧੀਆ ਇੱਟ ਮਾਇਆ ਨਗਰ ਦੇ ਵਿਉਪਾਰੀ ਲੈ ਜਾਂਦੇ। ਪਿੱਲੀ ਇੱਟ ਵਧੀਆ ਇੱਟ ਦੇ ਭਾਅ ਸਰਕਾਰ ਦੀਆਂ ਸੜਕਾਂ ਅਤੇ ਇਮਾਰਤਾਂ ਵਿੱਚ ਖਪ ਜਾਂਦੀ। ਕੋਇਲੇ ਦੇ ਨਾਲ ਨਾਲ ਮੋਹਨ ਲਾਲ ਨੇ ਸਰਕਾਰ ਨੂੰ ਲੁੱਕ ਸਪਲਾਈ ਕਰਨ ਦੇ ਠੇਕੇ ਲੈ ਲਏ। ਚੌਥਾ ਹਿੱਸਾ ਕੋਲਤਾਰ ਮਾਇਆ ਨਗਰ ਪੁੱਜਦੀ। ਤਿੰਨ ਚੌਥਾਈ ਮਥੁਰਾ ਵਿੱਚ ਹੀ ਵਿਕ ਜਾਂਦੀ ਸੀ।

ਮੀਂਹ ਵਾਂਗ ਬਰਸਦੇ ਪੈਸੇ ਨੂੰ ਮੋਹਨ ਲਾਲ ਕਿਥੇ ਸੰਭਾਲੇ?

ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ। ਬਲੈਕ ਮਨੀ ਨੂੰ ਜਾਇਦਾਦ ਵਿੱਚ ਖਪਾਓ।

ਮਾਇਆ ਨਗਰ ਵਿੱਚ ਪਲਾਟਾਂ ਦੀ ਕੀਮਤ ਪੰਜਾਹ ਪੰਜਾਹ ਲੱਖ ਰੁਪਏ ਤਕ ਸੀ। ਇੱਕ ਨੰਬਰ ਦੇ ਲੱਖ ਨਾਲ ਵੀਹ ਲੱਖ ਛਪ ਜਾਂਦਾ ਸੀ।

ਇਸ ਧੰਦੇ ਵਿੱਚ ਸਭ ਤੋਂ ਵੱਧ ਲੁੱਟ ਸੀ। ਪਲਾਟਾਂ ਦੀ ਖ਼ਰੀਦੋ ਫਰੋਖ਼ਤ ਛੱਡ ਕੇ ਉਸ ਨੇ ਕਾਲੋਨੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ।

ਮਰਿਆਂ ਖਪਿਆਂ ਅਤੇ ਲਵਾਰਸਾਂ ਦੀ ਜ਼ਮੀਨ ਮਿੱਟੀ ਦੇ ਮੁੱਲ ਮਿਲਦੀ ਸੀ। ਮਾਲ ਮਹਿਕਮੇ ਅਤੇ ਪੁਲਿਸ ਦੇ ਅਫ਼ਸਰਾਂ ਨਾਲ ਮਿਲ ਕੇ ਮਿੱਟੀ ਸੋਨੇ ਵਿੱਚ ਬਦਲ ਜਾਂਦੀ ਸੀ।

ਕਾਲੋਨੀ ਦੇ ਧੰਦੇ ਨੇ ਇੱਕ ਹੋਰ ਫ਼ਾਇਦਾ ਕੀਤਾ। ਅਫ਼ਸਰਾਂ, ਸ਼ਾਹੂਕਾਰਾਂ ਅਤੇ ਵਿਉਪਾਰੀਆਂ ਨਾਲ ਵਾਹ ਪੈਣ ਲੱਗਾ। ਸਿਆਸੀ ਬੰਦਿਆਂ ਦਾ ਕਾਲਾ ਧਨ ਖਪਾਉਣ ਦਾ ਮੌਕਾ ਮਿਲਣ ਲੱਗਾ। ਉਸਦੀ ਜਾਣ ਪਹਿਚਾਣ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ।

ਸਾਰੇ ਅੜੇ ਕੰਮ ਚੁਟਕੀ ਚ ਹੋਣ ਲੱਗੇ।

ਦੋਸਤਾਂ ਦੇ ਨਾਲ ਨਾਲ ਦੁਸ਼ਮਣਾਂ ਦੀ ਗਿਣਤੀ ਵੀ ਵਧਣ ਲੱਗੀ। ਕਦੇ ਇਨਕਮਟੈਕਸ ਵਾਲਿਆਂ ਨੇ ਛਾਪੇ ਮਾਰੇ ਅਤੇ ਕਦੇ ਵਿਜੀਲੈਂਸ ਵਾਲਿਆਂ ਨੇ। ਉਸਦੀ ਜਾਇਦਾਦ ਦੀ ਪੜਤਾਲ ਹੋਈ, ਪਰਚੇ ਦਰਜ ਹੋਏ ਅਤੇ ਮੁਕੱਦਮੇ ਚੱਲਣ ਲੱਗੇ।

ਸਰਕਾਰੀ ਨੌਕਰੀ ਉਹ ਛੱਡਣੀ ਨਹੀਂ ਸੀ ਚਾਹੁੰਦਾ। ਉਸਦਾ ਰੁਤਬਾ ਵੱਡਾ ਸੀ।

ਸਰਕਾਰ ਵਿੱਚ ਪੁੱਛ ਬਣੀ ਹੋਈ ਸੀ। ਆਪਣੇ ਰੁਤਬੇ ਦੇ ਆਧਾਰ ’ਤੇ ਉਹ ਅਫਸਰਾਂ ਨੂੰ ਆਸਾਨੀ ਨਾਲ ਮਿਲ ਸਕਦਾ ਸੀ। ਕਲੱਬਾਂ ਹੋਟਲਾਂ ਵਿੱਚ ਜਾ ਸਕਦਾ ਸੀ।

ਅਫ਼ਸਰੀ ਦੇ ਨਾਲੋ ਨਾਲ ਵਿਉਪਾਰ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਬੱਚੇ ਹਾਲੇ ਛੋਟੇ ਸਨ। ਪਤਨੀ ਬਹੁਤੀ ਹੁਸ਼ਿਆਰ ਨਹੀਂ ਸੀ। ਮਾਇਆ ਨਗਰ ਵਿੱਚ ਹੋਰ ਸਭ ਕੁੱਝ ਸੀ, ਪਰ ਵਫ਼ਾਦਾਰੀ ਦਾ ਨਾਂ ਨਿਸ਼ਾਨ ਨਹੀਂ ਸੀ। ਕਿਹੜਾ ਕਦੋਂ ਠੱਗੀ ਮਾਰ ਜਾਏ, ਕੋਈ ਭਰੋਸਾ ਨਹੀਂ ਸੀ। ਜਿਹੜੇ ਬੰਦਿਆਂ ਨੂੰ ਮੋਹਨ ਨੇ ਦਿਹਾੜੀਦਾਰਾਂ ਤੋਂ ਠੇਕੇਦਾਰ ਬਣਾਇਆ ਸੀ, ਲੋੜ ਪੈਣ ’ਤੇ ਉਹੋ ਉਸ ਨੂੰ ਠਿੱਬੀ ਪਾ ਰਹੇ ਸਨ।

ਮੋਹਨ ਲਾਲ ਭਰੋਸਾ ਕਰੇ ਤਾਂ ਕਿਸ ’ਤੇ? ਇਸ ਸਮੱਸਿਆ ਦਾ ਹੱਲ ਉਸਦੀ ਪਤਨੀ ਮਾਇਆ ਨੇ ਸੁਝਾਇਆ ਸੀ।

"ਸਾਡੇ ਨੌਕਰ ਚਾਕਰ ਕੋਠੀਆਂ ਫੈਕਟਰੀਆਂ ਦੇ ਮਾਲਕ ਬਣ ਗਏ। ਵੇਦ ਨੂੰ ਸ਼ਹਿਰ ਕਿਉਂ ਨਹੀਂ ਬੁਲਾ ਲੈਂਦੇ! ਉਹ ਚਾਰ ਪੈਸੇ ਬਣਾ ਲਏਗਾ ਤਾਂ ਘਰ ਵਿੱਚ ਤਾਂ ਰਹਿਣਗੇ।

ਭਰਾ ਭਰਾ ਦੀ ਬਾਂਹ ਹੁੰਦਾ ਹੈ। ਅੜੇ ਥੁੜੇ ਬਰਾਬਰ ਖੜੇਗਾ।”

ਪਹਿਲਾਂ ਵੇਦ ਨੇ ਜਕੋ ਤੱਕੀ ਕੀਤੀ। ਵੇਦ ਦਾ ਆਪਣੇ ਸ਼ਹਿਰ ਵਿੱਚ ਵਧੀਆ ਗੁਜ਼ਾਰਾ ਹੋ ਰਿਹਾ ਸੀ। ਉਸਦਾ ਦਿਲ ਲੱਗਾ ਹੋਇਆ ਸੀ। ਉਸਨੂੰ ਮਾਇਆ ਦੀ ਬਹੁਤੀ ਭੁੱਖ ਨਹੀਂ ਸੀ।

ਪਰ ਨੀਲਮ ਨੂੰ ਜਦੋਂ ਇਸ ਪੇਸ਼ਕਸ਼ ਦਾ ਪਤਾ ਲੱਗਾ ਉਸਦੇ ਮੂੰਹ ਵਿੱਚ ਪਾਣੀ ਆ ਗਿਆ। ਮਾਇਆ ਨਗਰ ਨੂੰ ਭਾਰਤ ਦਾ ਮਾਨਚੈਸਟਰ ਆਖਿਆ ਜਾਂਦਾ ਸੀ। ਬੱਚੇ ਕਾਰੋਬਾਰ ਚਲਾਉਣ ਵਾਲੇ ਹੋਣ ਤਾਂ ਭਾਵੇਂ ਕਰੋੜਪਤੀ ਬਣ ਜਾਣ। ਪੜ੍ਹਨਾ ਹੋਵੇ ਤਾਂ ਘਰ ਬੈਠੇ ਡਾਕਟਰ ਬਣ ਸਕਦੇ ਸਨ, ਇੰਜੀਨੀਅਰ ਬਣ ਸਕਦੇ ਸਨ। ਉੱਚ ਕੋਟੀ ਦੇ ਹੋਰ ਕੋਰਸਾਂ ਲਈ ਯੂਨੀਵਰਸਿਟੀ ਸੀ। ਉੱਤਰੀ ਭਾਰਤ ਦੇ ਸਭ ਤੋਂ ਵੱਧ ਮਾਹਿਰ ਡਾਕਟਰ ਇਸੇ ਸ਼ਹਿਰ ਵਿੱਚ ਰਹਿੰਦੇ ਸਨ। ਮਨੋਰੰਜਨ ਲਈ ਹੋਟਲ ਸਨ, ਕਲੱਬ ਸਨ। ਖ਼ਰੀਦੋ ਫ਼ਰੋਖਤ ਲਈ ਦੁਨੀਆਂ ਭਰ ਦੇ ਸ਼ੋਅ ਰੂਮ।

ਨੀਲ਼ਮ ਦੀ ਆਰ ਤੋਂ ਤੰਗ ਆ ਕੇ ਵੇਦ ਨੇ ਆਪਣਾ ਮਨ ਬਦਲ ਲਿਆ। ਬੱਚਿਆਂ ਦੇ ਭਵਿੱਖ ਲਈ ਉਹ ਕੁੱਝ ਵੀ ਕਰਨ ਨੂੰ ਤਿਆਰ ਸੀ।

ਰਾਮ ਨਾਥ ਦੀ ਟੈਕਸੀ ਮਾਇਆ ਨਗਰ ਵੱਲ ਦੌੜ ਰਹੀ ਸੀ, ਪਰ ਰਾਮ ਨਾਥ ਸਮੇਂ ਨੂੰ ਪਿਛਾਂਹ ਵੱਲ ਮੋੜਨਾ ਚਾਹੁੰਦਾ ਸੀ।

ਚੰਗਾ ਹੁੰਦਾ ਜੇ ਵੇਦ ਆਪਣਾ ਸ਼ਹਿਰ ਨਾ ਛੱਡਦਾ। ਚੰਗਾ ਹੁੰਦਾ ਜੇ ਉਸ ਨੇ ਮੋਹਨ ਦੀ ਤਜਵੀਜ਼ ਠੁਕਰਾ ਦਿੱਤੀ ਹੁੰਦੀ। ਅੱਜ ਇਹ ਦਿਨ ਨਾ ਵੇਖਣਾ ਪੈਂਦਾ।

ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਰਾਮ ਲਕਸ਼ਮਨ ਵਾਲਾ ਪਿਆਰ ਸੁਗਰੀਵ ਬਾਲੀ ਵਿੱਚ ਬਦਲ ਜਾਏਗਾ।

ਜਦੋਂ ਤਕ ਵਿਉਪਾਰਕ ਸਾਂਝ ਮੋਹਨ ਅਤੇ ਵੇਦ ਵਿਚਕਾਰ ਰਹੀ ਸਭ ਅੱਛਾ ਹੁੰਦਾ ਰਿਹਾ। ਮੋਹਨ ਵੇਦ ਨੂੰ ਜੋ ਜ਼ਿੰਮੇਵਾਰੀ ਸੌਂਪਦਾ ਉਹ ਉਸ ਨੂੰ ਪੂਰੀ ਈਮਾਨਦਾਰੀ ਨਾਲ ਸਿਰੇ ਚੜ੍ਹਾਉਂਦਾ ਰਿਹਾ। ਮੋਹਨ ਜਿਥੇ ਆਖਦਾ, ਵੇਦ ਅੱਖਾਂ ਮੀਚ ਕੇ ਦਸਤਖ਼ਤ ਕਰ ਦਿੰਦਾ ਰਿਹਾ। ਬਦਲੇ ਵਿੱਚ ਮੋਹਨ ਉਸ ਨੂੰ ਹਿੱਸੇ ਆਉਂਦਾ ਮੁਨਾਫ਼ਾ ਬਿਨਾਂ ਕਿਸੇ ਘਾਟ ਵਾਧ ਦੇ ਦਿੰਦਾ ਰਿਹਾ।

ਜਦੋਂ ਵੇਦ ਮਾਇਆ ਨਗਰ ਆਇਆ ਸੀ ਉਸ ਦਾ ਸਾਰਾ ਸਮਾਨ ਇਕੋ ਫੋਰ ਵੀਲਰ ਵਿੱਚ ਆ ਗਿਆ ਸੀ।

ਹੁਣ ਵੇਦ ਕੋਲ ਸਭ ਕੁੱਝ ਸੀ। ਪੋਸ਼ ਕਾਲੋਨੀ ਵਿੱਚ ਪੰਜ ਸੌ ਗਜ਼ ਦੀ ਕੋਠੀ ਸੀ।

ਦੋ ਹੋਰ ਪਲਾਟ ਉਸ ਦੇ ਨਾਂ ਸਨ। ਮੋਹਨ ਦੀਆਂ ਕਈ ਫਰਮਾਂ ਵਿੱਚ ਉਹ ਹਿੱਸੇਦਾਰ ਸੀ।

ਪ੍ਰਾਪਰਟੀ ਡੀਲਰ ਦਾ ਉਸਦਾ ਆਪਣਾ ਵੱਖਰਾ ਕੰਮ ਸੀ। ਉਸਦਾ ਦਫ਼ਤਰ ਏਅਰ ਕੰਡੀਸ਼ਨ ਸੀ। ਉਸ ਕੋਲ ਏਅਰ ਕੰਡੀਸ਼ਨ ਕਾਰ ਸੀ। ਪਤਨੀ ਕੋਲ ਕਿਲੋ ਦੇ ਲਗਪਗ ਸੋਨਾ ਸੀ।

ਦੋਹਾਂ ਬੱਚਿਆਂ ਦੇ ਨਾਂ ਵੱਡੇ ਵੱਡੇ ਫਿਕਸ ਡਿਪਾਜ਼ਿਟ ਸਨ। ਵੇਦ ਦੀ ਸ਼ਰਾਫ਼ਤ ਕਾਰਨ ਆਪਣੇ ਕਾਰੋਬਾਰਾ ਵਿੱਚ ਉਸ ਦਾ ਨਾਂ ਇੱਜ਼ਤ ਨਾਲ ਲਿਆ ਜਾਂਦਾ ਸੀ।

ਨੀਲਮ ਚੰਗੇ ਖਿਆਲਾਂ ਦੀ ਧਾਰਨੀ ਸੀ। ਆਂਢ ਗੁਆਂਢ ਵਿੱਚ ਉਸਦੀ ਚੰਗੀ ਪੁੱਛਗਿੱਛ ਸੀ।

ਦੋਵੇਂ ਪਰਿਵਾਰ ਰੰਗਾਂ ਵਿੱਚ ਵੱਸਦੇ ਸਨ।

ਰਾਮ ਨਾਥ ਦੀ ਕਾਰ ਸਿਵਲ ਲਾਈਨ ਵਿੱਚ ਪ੍ਰਵੇਸ਼ ਕਰ ਗਈ। ਜਿਉਂ ਜਿਉਂ ਘਰ ਨੇੜੇ ਆ ਰਿਹਾ ਸੀ, ਉਸ ਦੇ ਦਿਲ ਦੀ ਧੜਕਨ ਤੇਜ਼ ਹੁੰਦੀ ਜਾ ਰਹੀ ਸੀ। ਪਤਾ ਨਹੀਂ ਅੱਗੋਂ ਕੀ ਸੁਨੇਹਾ ਮਿਲਣ ਵਾਲਾ ਹੈ? ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਕੋਈ ਮੈਂਬਰ ਦਮ ਵੀ ਤੋੜ ਸਕਦਾ ਸੀ।

ਮੌਤ ਦਾ ਖ਼ਿਆਲ ਆਉਂਦੇ ਹੀ ਰਾਮ ਨਾਥ ਦੇ ਮੱਥੇ ’ਤੇ ਤਰੇਲੀ ਆ ਗਈ। ਦਿਮਾਗ਼ ਨੂੰ ਘੁਮੇਰ ਚੜ੍ਹੀ। ਖੱਬੀ ਬਾਂਹ ਵਿੱਚ ਦਰਦ ਹੋਇਆ।

ਰਾਮ ਨਾਥ ਦੀ ਘਬਰਾਹਟ ਹੋਰ ਵਧ ਗਈ। ਇਹ ਸਭ ਹਾਰਟ ਅਟੈਕ ਦੀਆਂ ਨਿਸ਼ਾਨੀਆਂ ਸਨ।

ਹਾਰਟ ਅਟੈਕ ਦਾ ਖਿਆਲ ਆਉਂਦੇ ਹੀ ਰਾਮ ਨਾਥ ਨੂੰ ਫੇਰ ਮੋਹਨ ਲਾਲ ਦੀ ਯਾਦ ਆ ਗਈ।

ਇਹ ਮੋਹਨ ਨੂੰ ਹੋਈ ਹਾਰਟ ਅਟੈਕ ਦੀ ਬਿਮਾਰੀ ਹੀ ਸੀ ਜਿਸ ਨੇ ਦੋਹਾਂ ਪਰਿਵਾਰਾਂ ਦੀ ਸਾਂਝੀ ਕੰਧ ਵਿੱਚ ਤਰੇੜ ਪਾਈ ਸੀ।

ਪਹਿਲਾ ਅਟੈਕ ਉਸ ਨੂੰ ਦਸ ਸਾਲ ਪਹਿਲਾਂ ਹੋਇਆ ਸੀ। ਉਦੋਂ ਮੋਹਨ ਦੀ ਉਮਰ ਪੰਜਾਹ ਸਾਲ ਸੀ। ਬਾਈਪਾਸ ਸਰਜਰੀ ਕਰਵਾ ਕੇ ਉਹ ਨੌ ਬਰ ਨੌ ਹੋ ਗਿਆ ਸੀ। ਸਗੋਂ ਪਹਿਲਾਂ ਨਾਲੋਂ ਵੱਧ ਜਵਾਨ ਮਹਿਸੂਸ ਕਰਨ ਲੱਗਾ ਸੀ।

ਸਾਲ ਭਰ ਮੋਹਨ ਲਾਲ ਡਾਕਟਰਾਂ ਦੀਆਂ ਹਦਾਇਤਾਂ ’ਤੇ ਅਮਲ ਕਰਦਾ ਰਿਹਾ।

ਲੰਬੀਆਂ ਸੈਰਾਂ ਅਤੇ ਖਾਣ ਪੀਣ ਦਾ ਪਰਹੇਜ਼ ਕਰਦਾ ਰਿਹਾ।

ਵਧਦੇ ਕਾਰੋਬਾਰ ਨਾਲ ਦੋਸਤਾਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ। ਵਿਉਪਾਰਕ ਗੰਢਾਂ ਨੂੰ ਪੀਡਾ ਕਰਨ ਲਈ ਮਜਬੂਰਨ ਹੋਟਲਾਂ ਕਲੱਬਾਂ ਵਿੱਚ ਜਾਣਾ ਪਿਆ।

ਮੋਹਨ ਇਕੱਲਾ ਨਹੀਂ ਸੀ ਜਿਸ ਦੀ ਬਾਈਪਾਸ ਸਰਜਰੀ ਹੋਈ ਸੀ। ਇਥੇ ਅੱਧਿਆਂ ਨਾਲੋਂ ਵੱਧ ਵਿਉਪਾਰੀ ਸੀਨਾ ਚਿਰਵਾਈ ਫਿਰਦੇ ਸਨ। ਕੋਈ ਡਾਕਟਰਾਂ ਦੀ ਸਲਾਹ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ। ਖਾਧੇ ਪੀਤੇ ਬਿਨਾਂ ਮਾਨਸਿਕ ਤਨਾਅ ਦੂਰ ਹੋਣ ਵਾਲਾ ਨਹੀਂ ਸੀ। ਉਹ ਭੁੱਖੇ ਰਹਿਣ ਨਾਲੋਂ ਖਾਂਦੇ ਪੀਂਦੇ ਮਰਨ ਨੂੰ ਤਰਜੀਹ ਦਿੰਦੇ ਸਨ।

ਰੀਸੋ ਰੀਸ ਮੋਹਨ ਨੇ ਪਹਿਲਾਂ ਇੱਕ ਪੈੱਗ ਲੈਣਾ ਸ਼ੁਰੂ ਕੀਤਾ, ਫੇਰ ਦੋ ਅਤੇ ਅਖ਼ੀਰ ਤਿੰਨ।

ਜੇ ਵਿਉਪਾਰ ਵਧ ਰਿਹਾ ਸੀ ਤਾਂ ਉਮਰ ਵੀ ਵਧ ਰਹੀ ਸੀ।

ਉਧਰ ਉਸਦੇ ਸਾਥੀਆਂ ਵੱਲੋਂ ਘੁਟਾਲੇ ਕਰਨ ਦੀ ਗਿਣਤੀ ਵੱਧ ਰਹੀ ਸੀ। ਕਈ ਵਾਰ ਨੇੜਲਾ ਦੋਸਤ ਹੀ ਹੱਥ ’ਤੇ ਹੱਥ ਮਾਰ ਜਾਂਦਾ ਸੀ। ਗਿਲਾ ਕਰਨ ਤੇ ਆਖਦਾ ਸੀ “ਵਿਉਪਾਰ ਵਿੱਚ ਸਭ ਚਲਦਾ ਹੈ।”

ਘਾਟਿਆਂ ਵਾਧਿਆਂ ਅਤੇ ਖਿੱਚੋਤਾਣ ਕਾਰਨ ਮੋਹਨ ਲਾਲ ਦਾ ਮਾਨਸਿਕ ਤਨਾਉ ਵਧਣ ਲੱਗਾ। ਪਹਿਲਾਂ ਸ਼ੂਗਰ ਹੋਈ, ਫੇਰ ਖ਼ੂਨ ਦਾ ਦਬਾਅ ਹੇਠ ਉੱਤੇ ਹੋਣ ਲੱਗਾ।

ਡਾਕਟਰਾਂ ਨੇ ਖ਼ਤਰੇ ਦੀ ਘੰਟੀ ਖੜਕਾਈ। ਪਰਹੇਜ ਰੱਖੋ। ਖ਼ੂਨ ਗਾੜ੍ਹਾ ਹੁੰਦਾ ਜਾ ਰਿਹਾ ਸੀ। ਗਾੜ੍ਹਾ ਖ਼ੂਨ ਦਿਲ ’ਤੇ ਅਸਰ ਕਰ ਰਿਹਾ ਸੀ। ਦੋਬਾਰਾ ਸਰਜਰੀ ਨਹੀਂ ਹੋਣੀ।

ਦੋਬਾਰਾ ਹੋਇਆ ਅਟੈਕ ਜਾਨ ਲੇਵਾ ਸਾਬਤ ਹੋਣਾ ਹੈ।

ਡਾਕਟਰਾਂ ਦੀ ਚਿਤਾਵਨੀ ਦੇ ਬਾਵਜੂਦ ਦੂਸਰਾ ਅਟੈਕ ਹੋ ਗਿਆ।

ਫੌਰੀ ਤੌਰ ’ਤੇ ਉਸ ਅਟੈਕ ਦਾ ਅਸਰ ਮੋਹਨ ਲਾਲ ’ਤੇ ਨਹੀਂ ਸੀ ਹੋਇਆ। ਪਰ ਰਾਮ ਨਾਥ ਨੂੰ ਲਗਦਾ ਸੀ ਉਸ ਅਟੈਕ ਦਾ ਅਸਰ ਹੁਣ ਵੇਦ ਪਰਿਵਾਰ ਉਪਰ ਹੋਇਆ ਸੀ।

ਦੂਸਰੇ ਅਟੈਕ ਬਾਅਦ ਡਾਕਟਰਾਂ ਨੇ ਮੋਹਨ ਲਾਲ ਨੂੰ ਪੂਰੀ ਤਰ੍ਹਾਂ ਬਿਸਤਰ ਉਪਰ ਲਿਟਾ ਦਿੱਤਾ। ਹੁਣ ਸਮਾਂ ਮਾਨਸਿਕ ਤਨਾਅ ਤੋਂ ਦੂਰ ਰਹਿਣ ਦਾ ਸੀ। ਮਾਨਸਿਕ ਤਨਾਅ ਤੋਂ ਖਹਿੜਾ ਛੁਡਾਉਣ ਲਈ ਵਿਉਪਾਰ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਸੀ।

ਮੋਹਨ ਲਾਲ ਨੇ ਆਪਣੀ ਸਥਿਤੀ ਭਾਂਪ ਲਈ। ਉਸਦਾ ਕੋਈ ਵੀ ਦਿਨ ਆਖ਼ਰੀ ਦਿਨ ਹੋ ਸਕਦਾ ਸੀ।

ਲਾਲਚ ਵੱਸ ਪਹਿਲਾਂ ਉਹ ਗ਼ਲਤੀ ਕਰ ਬੈਠਾ ਸੀ। ਉਸਨੇ ਸਿਹਤ ਦੀ ਪਰਵਾਹ ਨਹੀਂ ਸੀ ਕੀਤੀ। ਉਹ ਦੋਬਾਰਾ ਗ਼ਲਤੀ ਕਰਨ ਵਾਲਾ ਨਹੀਂ ਸੀ। ਹੁਣ ਹਾਲਾਤ ਬਦਲੇ ਹੋਏ ਸਨ। ਹੁਣ ਕੋਠੀਆਂ, ਕਾਰਾਂ, ਕਾਰਖ਼ਾਨੇ, ਸੋਨਾ, ਚਾਂਦੀ ਸਭ ਵਾਧੂ ਹੋਇਆ ਪਿਆ ਸੀ। ਇਹ ਸੰਭਲ ਜਾਏ ਉਹੋ ਬਹੁਤ ਸੀ।

ਮੁੰਡੇ ਕਾਰੋਬਾਰ ਸੰਭਾਲਣ ਯੋਗ ਹੋ ਗਏ ਸਨ।

ਵੱਡਾ ਪੰਕਜ ਅਮਰੀਕਾ ਤੋਂ ਐਮ.ਬੀ.ਏ.ਕਰ ਆਇਆ ਸੀ। ਛੋਟੇ ਨੀਰਜ ਨੇ ਮਕੈਨੀਕਲ ਇੰਜੀਨੀਅਰਿੰਗ ਰੁੜਕੀ ਤੋਂ ਕੀਤੀ ਸੀ। ਦੋਹਾਂ ਵਿੱਚ ਲੋੜੀਂਦੀ ਕਾਬਲੀਅਤ ਹੈ ਸੀ।

ਮੋਹਨ ਨੇ ਪੈਸਾ ਬਥੇਰਾ ਕਮਾਇਆ ਸੀ ਪਰ ਰੁਲ ਖੁਲ ਕੇ। ਕਦੇ ਸੜਕਾਂ ’ਤੇ ਖੜੋ ਕੇ ਧੂੜਾਂ ਫੱਕ ਕੇ, ਅਤੇ ਕਦੇ ਸੜਦੀ ਲੁੱਕ ਦੇ ਧੂੰਏ ਨਾਲ ਫੇਫੜੇ ਗਾਲ ਕੇ। ਕਦੇ ਦਫ਼ਤਰਾਂ ਦੀ ਖਾਕ ਛਾਣੀ, ਕਦੇ ਅਫ਼ਸਰਾਂ ਦੇ ਹੁੱਕੇ ਭਰੇ।

ਮੋਹਨ ਚਾਹੁੰਦਾ ਸੀ ਉਸਦੇ ਬੱਚੇ ਇਸ ਇਤਿਹਾਸ ਨੂੰ ਨਾ ਦੁਹਰਾਉਣ। ਉਹ ਉਨ੍ਹਾਂ ਲਈ ਕੋਈ ਵੱਡਾ ਉਦਯੋਗ ਸਥਾਪਤ ਕਰਨਾ ਚਾਹੁੰਦਾ ਸੀ।

ਮੋਹਨ ਦੇ ਦੋਸਤਾਂ ਮਿੱਤਰਾਂ ਨੇ ਰਾਏ ਦਿੱਤੀ। ਇਨ੍ਹੀ ਦਿਨੀਂ ਲੋਹੇ ਦੇ ਵਿਉਪਾਰ ਦੀ ਚੜ੍ਹਤ ਸੀ। ਲੋਹੇ ਦੀਆਂ ਮਿੱਲਾਂ ਸੋਨੇ ਦੀਆਂ ਸਿੱਲਾਂ ਢਾਲ ਰਹੀਆਂ ਸਨ।

ਇਹ ਰਾਏ ਮੋਹਨ ਦੇ ਮਨ ਲੱਗ ਗਈ। ਉਹ ਲੋਹੇ ਦੀ ਮਿੱਲ ਦੇ ਸੁਪਨੇ ਦੇਖਣ ਲੱਗਾ।

ਦੋ ਏਕੜ ਦਾ ਪਲਾਟ। ਚਾਰੇ ਪਾਸੇ ਉੱਚੀ ਉੱਚੀ ਦੀਵਾਰ। ਪਲਾਟ ਦੇ ਵਿਚਕਾਰ ਵੱਡਾ ਸਾਰਾ ਪਲਾਂਟ। ਇੱਕ ਪਾਸੇ ਵੱਡਾ ਸਾਰਾ ਏਅਰ ਕੰਡੀਸ਼ਨ ਦਫ਼ਤਰ। ਦੂਜੇ ਪਾਸੇ ਨੌਕਰਾਂ ਦੇ ਕੁਆਟਰਾਂ ਦੀ ਕਤਾਰ। ਚਾਰ ਚਾਰ ਗੇਟ। ਹਰ ਗੇਟ ’ਤੇ ਪਹਿਰਾ। ਵੱਡੀਆਂ ਵੱਡੀਆਂ ਕਾਰਾਂ, ਨੋਟ, ਮਾਲਕ, ਸਲੂਟ।

ਕੁੱਝ ਦਿਨ ਸੋਚ ਵਿਚਾਰ ਕੇ ਮੋਹਨ ਨੇ ਲੋਹੇ ਦੀ ਮਿੱਲ ਲਾਉਣ ਦਾ ਐਲਾਨ ਕਰ ਦਿੱਤਾ। ਹੈਵੀ ਇੰਡਸਟਰੀ। ਸਾਰਾ ਕਾਲਾ ਧਨ ਇੱਕ ਥਾਂ ਖਪਾ ਦਿਓ।

ਕਰੋੜਾਂ ਰੁਪਏ ਦੇ ਇਸ ਖਲਜਗਣ ਵਿੱਚ ਵੇਦ ਪੈਣਾ ਨਹੀਂ ਸੀ ਚਾਹੁੰਦਾ। ਮਿੱਲ ਦੇ ਪਲਾਂਟ ਦੀ ਕੀਮਤ ਪੰਜਾਹ ਲੱਖ ਸੀ। ਮਸ਼ੀਨ ਦੀ ਕੀਮਤ ਦੋ ਕਰੋੜ। ਕਰੋੜ ਰੁਪਿਆ ਕੋਲੋਂ ਲਗਣਾ ਸੀ। ਕਈ ਕਰੋੜ ਦਾ ਸਰਕਾਰ ਕੋਲੋਂ ਕਰਜ਼ਾ ਲੈਣਾ ਸੀ। ਵੇਦ ਸੀ ਅਨਪੜ੍ਹ ਗਵਾਰ।

ਇਹ ਪੇਚੀਦਾ ਕੰਮ ਉਸਦੇ ਵੱਸ ਦਾ ਨਹੀਂ ਸੀ।

ਨੀਲਮ ਇੱਕ ਵਾਰ ਫੇਰ ਵੇਦ ਨੂੰ ਝੁਕਾਉਣ ਵਿੱਚ ਕਾਮਯਾਬ ਹੋ ਗਈ ਸੀ।

ਵੇਦ ਸਹਿਮਤ ਜ਼ਰੂਰ ਹੋ ਗਿਆ ਸੀ ਪਰ ਆਪਣੇ ਅੰਦਰੋਂ ਉਸ ਨੂੰ ਖ਼ਤਰੇ ਦੀਆਂ ਘੰਟੀਆਂ ਸੁਣਾਈ ਦੇਣ ਲੱਗੀਆਂ ਸਨ। ਮੋਹਨ ਨਾਲ ਸਾਂਝੇਦਾਰੀ ਕਰਨ ਵਿੱਚ ਹੋਰ ਗੱਲ ਸੀ। ਭਤੀਜਿਆਂ ਨਾਲ ਸਾਂਝੇਦਾਰੀ ਨਿਭੇਗੀ ਜਾਂ ਨਹੀਂ? ਇਸ ਬਾਰੇ ਵੇਦ ਨੂੰ ਯਕੀਨ ਨਹੀਂ ਸੀ। ਉਹ ਪੜ੍ਹੇ ਲਿਖੇ ਸਨ। ਕਾਰੋਬਾਰ ਨਵੇਂ ਢੰਗ ਦਾ ਸੀ। ਵੇਦ ਉਨ੍ਹਾਂ ਨਾਲ ਕਿਸ ਤਰ੍ਹਾਂ ਭਿੜੇਗਾ? ਉਸ ਦੀ ਸਮਝੋਂ ਬਾਹਰ ਸੀ।

ਦੀਪ ਨਗਰ ਮੁਹੱਲੇ ਵੱਲ ਜਾਂਦੇ ਰਾਮ ਨਾਥ ਨੂੰ ਅੱਜ ਵੇਦ ਦੀ ਅਕਲ ਦੀ ਸਮਝ ਆਈ ਸੀ। ਵੇਦ ਦੀ ਸੋਚ ਠੀਕ ਸੀ। ਨੀਲਮ ਗਲਤ ਸੀ। ਚੰਗਾ ਹੁੰਦਾ ਜੇ ਵੇਦ ਨੀਲਮ ਦੀ ਸਲਾਹ ਨੂੰ ਨਕਾਰਣ ਦਾ ਦਮ ਰੱਖਦਾ ਹੁੰਦਾ। ਅੱਜ ਉਨ੍ਹਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ।

ਵੇਦ ਨੂੰ ਇਸ ਕਾਰੋਬਾਰ ਦੀ ਕਦੇ ਸਮਝ ਨਹੀਂ ਸੀ ਆਈ। ਮੋਹਨ ਨੇ ਆਪਣੀ ਸਾਰੀ ਪੂੰਜੀ ਇਸ ਕਾਰੋਬਾਰ ਵਿੱਚ ਲਾ ਦਿੱਤੀ ਸੀ। ਉਸ ਦੇ ਪਿੱਛੇ ਲੱਗ ਕੇ ਵੇਦ ਨੇ ਆਪਣਾ ਸਾਰਾ ਨਿੱਕ ਸੁੱਕ ਮੋਹਨ ਨੂੰ ਫੜਾ ਦਿੱਤਾ। ਹੋਰ ਵੇਦ ਨੂੰ ਕੁੱਝ ਪਤਾ ਨਹੀਂ ਸੀ। ਪੈਸਾ ਕਿਥੋਂ ਆਇਆ, ਕਿੱਥੇ ਗਿਆ? ਲੋਨ ਕਿਥੋਂ ਲਿਆ ਗਿਆ? ਕਿਹੜੀ ਜਾਇਦਾਦ ਗਹਿਣੇ ਟਿਕੀ?

ਵਫ਼ਾਦਾਰ ਸਿਪਾਹੀ ਵਾਂਗ ਉਹ ਜਿੱਥੇ ਆਖਦੇ ਦਸਤਖ਼ਤ ਕਰਦਾ ਰਿਹਾ।

ਸਿਰ ਮੁਨਾਉਂਦੇ ਹੀ ਔਲੇ ਪੈਣ ਵਾਲੀ ਕਹਾਵਤ ਮੋਹਨ ਲਾਲ ਦੇ ਇਸ ਕਾਰੋਬਾਰ ਉਪਰ ਸਹੀ ਸਿੱਧ ਹੋਈ ਸੀ।

ਕੇਂਦਰ ਵਿੱਚ ਸਰਕਾਰ ਬਦਲ ਗਈ। ਨਵੀਂ ਸਰਕਾਰ ਨੇ ਸਖ਼ਤੀ ਕਰ ਦਿੱਤੀ। ਨਵੇਂ ਕਰਜ਼ਿਆਂ ਦੀਆਂ ਸ਼ਰਤਾਂ ਸਖ਼ਤ ਹੋ ਗਈਆਂ। ਸਬ ਸਿਡੀਆਂ ਘਟ ਗਈਆਂ। ਟੈਕਸਾਂ ਵਿੱਚ ਮਿਲਦੀਆਂ ਛੋਟਾਂ ਬੰਦ ਹੋ ਗਈਆਂ। ਆਮਦ ਦਰਾਮਦ ਦੀਆਂ ਸ਼ਰਤਾਂ ਢਿੱਲੀਆਂ ਹੋ ਗਈਆਂ। ਬਾਹਰੋਂ ਆਉਂਦਾ ਮਾਲ ਸਸਤਾ ਪੈਣ ਲੱਗਾ। ਕੱਚੇ ਮਾਲ ਅਤੇ ਬਿਜਲੀ ਦੀਆਂ ਦਰਾਂ ਵਧ ਗਈਆਂ। ਹੇਰਾ ਫੇਰੀਆਂ ਦੇ ਰਸਤੇ ਬੰਦ ਹੋ ਗਏ।

ਮਿੱਲ ਨੂੰ ਮਿਲਣ ਵਾਲੀ ਮਨਜ਼ੂਰੀ ਵਿੱਚ ਦੇਰ ਹੋਣ ਲੱਗੀ। ਖਰਚੇ ਵਧਣ ਲੱਗੇ।

ਬਜਟ ਹਿਚਕੋਲੇ ਖਾਣ ਲੱਗਾ।

ਦੂਜੇ ਪਾਸੇ ਮੋਹਨ ਦੀ ਬਿਮਾਰੀ ਵਧ ਗਈ। ਪੰਕਜ ਹੋਰਾਂ ਦੀ ਇੱਕ ਟੰਗ ਫੈਕਟਰੀ ਹੁੰਦੀ, ਦੂਜੀ ਦਿੱਲੀ।

ਵੇਦ ਨੂੰ ਕੁੱਝ ਪਤਾ ਨਹੀਂ ਸੀ। ਸਾਰਾ ਕਾਰੋਬਾਰ ਮੁਲਾਜ਼ਮ ਦੇਖ ਰਹੇ ਸਨ।

ਕਈ ਲੱਖ ਰੁਪਏ ਕਾਗਜ਼ ਪੱਤਰ ਤਿਆਰ ਕਰਨ ਅਤੇ ਰਿਸ਼ਵਤ ਦੇਣ ਵਿੱਚ ਖਰਚ ਹੋ ਚੁੱਕੇ ਸਨ। ਪਲਾਟ ਦੀਆਂ ਕਿਸ਼ਤਾਂ ਭਰੀਆਂ ਜਾ ਚੁੱਕੀਆਂ ਸਨ। ਮਸ਼ੀਨਰੀ ਲਈ ਐਡਵਾਂਸ ਭੇਜਿਆ ਜਾ ਚੁੱਕਿਆ ਸੀ। ਇਸ ਪੜਾਅ ’ਤੇ ਪੁੱਜ ਕੇ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ।

ਮਾਹਿਰਾਂ ਨੇ ਸਲਾਹ ਦਿੱਤੀ। ਔਖੇ ਸੌਖੇ ਮਿੱਲ ਚਾਲੂ ਕਰੋ। ਕਦੇ ਵੀ ਹਾਲਾਤ ਸੁਖਾਵੇਂ ਹੋ ਸਕਦੇ ਸਨ। ਮੁਕਾਬਲਾ ਸਖ਼ਤ ਹੋ ਚਲਿਆ ਸੀ। ਮੁਕਾਬਲੇ ਕਾਰਨ ਮਾੜੀਆਂ ਇਕਾਈਆਂ ਨੇ ਫੇਲ੍ਹ ਹੋ ਜਾਣਾ ਸੀ। ਪਿੱਛੇ ਬਚੀਆਂ ਇਕਾਈਆਂ ਨੇ ਫੇਰ ਕਾਰੋਬਾਰ ’ਤੇ ਭਾਰੂ ਹੋ ਜਾਣਾ ਸੀ।

ਇਸੇ ਖਿੱਚੋਤਾਣ ਵਿੱਚ ਮਿੱਲ ਦਾ ਸ਼ੁਰੂ ਹੋਣਾ ਦੋ ਸਾਲ ਪੱਛੜ ਗਿਆ।

ਇੱਕ ਪਾਸੇ ਮਸ਼ੀਨਰੀ ਦੀ ਕੀਮਤ ਵਧ ਗਈ। ਦੂਜੇ ਪਾਸੇ ਕਰਜ਼ੇ ਦੀਆਂ ਬਾਕੀ ਰਹਿੰਦੀਆਂ ਕਿਸ਼ਤਾਂ ਰੁਕ ਗਈਆਂ। ਕਰਜ਼ਾ ਮਿੱਲ ਦੀ ਉਸਾਰੀ ਦੇ ਹਿਸਾਬ ਨਾਲ ਮਿਲਣਾ ਸੀ। ਮੁਲਾਜ਼ਮਾਂ ਦਾ ਖਰਚਾ ਬੋਝ ਨੂੰ ਹੋਰ ਬੋਝਲ ਕਰਨ ਲੱਗਾ।

ਮੋਹਨ ਲਾਲ ਦਾ ਤੁਰਨਾ ਫਿਰਨਾ ਬੰਦ ਹੋ ਗਿਆ। ਉਸ ਦੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਕਟਰੀ ਵਿੱਚ ਪੈਣ ਵਾਲੇ ਘਾਟੇ ਦੀ ਗੱਲ ਉਸ ਤੋਂ ਛੁਪਾਈ ਗਈ ਸੀ।

ਪਰ ਬਿੱਲੀ ਨੂੰ ਕਿੰਨਾ ਚਿਰ ਬੋਰੇ ਵਿੱਚ ਛੁਪਾ ਕੇ ਰੱਖਿਆ ਜਾ ਸਕਦਾ ਹੈ? ਮੁੱਛਾਂ ਦਾੜ੍ਹੀ ਨਾਲੋਂ ਵੱਧ ਚੱਲੀਆਂ ਸਨ। ਮਿੱਲ ਦੈਂਤ ਦਾ ਰੂਪ ਧਾਰ ਗਈ ਸੀ। ਉਹ ਸਾਰੇ ਪੈਸੇ ਖਾ ਗਈ ਸੀ ਪਰ ਢਿੱਡ ਹਾਲੇ ਵੀ ਨਹੀਂ ਸੀ ਭਰਿਆ।

ਅਖ਼ੀਰ ਕੌੜਾ ਘੁੱਟ ਭਰਿਆ ਗਿਆ। ਮਿੱਲ ਦੀ ਉਸਾਰੀ ਰੋਕ ਕੇ ਉਸ ਨੂੰ ਵਿਕਰੀ ਤੇ ਲਗਾ ਦਿੱਤਾ ਗਿਆ।

ਦੋਹਾਂ ਪਰਿਵਾਰਾਂ ਦਾ ਬਹੁਤ ਕੁੱਝ ਇਸ ਮਿੱਲ ਨੇ ਨਿਗਲ ਲਿਆ ਸੀ। ਨੀਰਜ ਅਤੇ ਪੰਕਜ ਦੇ ਹੱਥੀਂ ਸਭ ਕੁੱਝ ਵਾਪਰਿਆ ਸੀ। ਇਸ ਲਈ ਉਨ੍ਹਾਂ ਨੂੰ ਪਏ ਘਾਟੇ ਦੀਆਂ ਬਾਰੀਕੀਆਂ ਦਾ ਪਤਾ ਸੀ। ਵੇਦ ਨੂੰ ਆਪਣੇ ਭਤੀਜਿਆਂ ਤੇ ਵਿਸ਼ਵਾਸ ਸੀ, ਉਸਨੇ ਸਬਰ ਕਰ ਲਿਆ ਸੀ।

ਪਰ ਨੀਲਮ ਨੂੰ ਇੰਨਾ ਘਾਟਾ ਕਿਵੇਂ ਪਿਆ? ਇਹ ਸਮਝ ਨਹੀਂ ਸੀ ਆ ਰਹੀ। ਮੋਹਨ ਲਾਲ ’ਤੇ ਭਰੋਸਾ ਕੀਤਾ ਜਾ ਸਕਦਾ ਸੀ। ਪਰ ਮਾਇਆ ਨਗਰ ਦੀ ਆਬੋ ਹਵਾ ਵਿੱਚ ਪਲੇ ਭਤੀਜਿਆਂ ਉੱਪਰ ਅੰਨ੍ਹੀ ਸ਼ਰਧਾ ਨਹੀਂ ਸੀ ਰੱਖੀ ਜਾ ਸਕਦੀ।

ਨੀਲਮ ਦੇ ਦੂਰ ਦੇ ਰਿਸ਼ਤੇ ਵਿਚੋਂ ਲਗਦੇ ਇੱਕ ਭਾਣਜੇ ਦੀ ਮਿੱਲ ਗੋਬਿੰਦਗੜ੍ਹ ਚਲਦੀ ਸੀ। ਉਹ ਪਿੱਛੇ ਜਿਹੇ ਉਸ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਮਿੱਲ ਮੁਨਾਫ਼ਾ ਕਮਾ ਰਹੀ ਸੀ।

ਵੇਦ ਨੇ ਨੀਲਮ ਨੂੰ ਸਮਝਾਇਆ। ਉਹ ਮਿੱਲ ਪੁਰਾਣੀ ਸੀ। ਪਲਾਟ ਅਤੇ ਮਸ਼ੀਨਰੀ ਪੁਰਾਣੇ ਭਾਅ ਵਿੱਚ ਖਰੀਦੇ ਹੋਏ ਸਨ। ‘ਗੁਡ ਵਿੱਲ’ ਬਣੀ ਹੋਈ ਸੀ। ਆਈ ਚਲਾਈ ਚੱਲ ਰਹੀ ਹੋਏਗੀ।

ਪਰ ਨੀਲਮ ਉਸ ਨਾਲ ਸਹਿਮਤ ਨਹੀਂ ਸੀ। ਉਹ ਸਵੇਰੇ ਸ਼ਾਮ ਵੇਦ ਨੂੰ ਤੁੰਨਣ ਲਗਦੀ। ਉਹ ਭਤੀਜਿਆਂ ਕੋਲੋਂ ਹਿਸਾਬ ਤਾਂ ਲਵੇ। ਪਤਾ ਤਾਂ ਲਗੇ ਘਾਟਾ ਕਿੱਥੇ ਪਿਆ ਸੀ? ਮਨ ਨੂੰ ਤਸੱਲੀ ਤਾਂ ਹੋਵੇ।

ਪਰ ਵੇਦ ਦੀ ਨਾ ਹਿਸਾਬ ਮੰਗਣ ਦੀ ਹਿੰਮਤ ਸੀ, ਨਾ ਉਸ ਨੇ ਹਿਸਾਬ ਮੰਗਿਆ।

ਪਏ ਘਾਟੇ ਅਤੇ ਵੇਦ ਦੀ ਜ਼ਿੱਦ ਤੋਂ ਤੰਗ ਆਈ ਨੀਲਮ ਨੇ ਗੁੱਸੇ ਦਾ ਇਜ਼ਹਾਰ ਆਪਣੇ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ।

ਭਤੀਜਿਆਂ ਦੀ ਹੇਰਾ ਫੇਰੀ ਦੀ ਸ਼ਿਕਾਇਤ ਪਹਿਲਾਂ ਉਸਨੇ ਦੂਰ ਦੇ ਰਿਸ਼ਤੇਦਾਰਾਂ ਕੋਲ ਕੀਤੀ। ਫੇਰ ਨੇੜੇ ਦੇ ਦੋਸਤਾਂ ਮਿੱਤਰਾਂ ਕੋਲ। ਇਸ਼ਕ ਮੁਸ਼ਕ ਵਾਂਗ ਉੱਡਦੀ ਉੱਡਦੀ ਗੱਲ ਮੋਹਨ ਤਕ ਅੱਪੜਦੀ ਰਹੀ। ਭਰਾ ਦੀ ਗਲਤੀ ’ਤੇ ਪਰਦਾ ਪਾਉਣ ਲਈ ਉਹ ਗੱਲ ਆਈ ਗਈ ਕਰਦਾ ਰਿਹਾ। “ਚੁਗਲੀ ਹੋਈ ਹੈ” ਆਖ ਕੇ ਗੱਲ ਟਾਲਦਾ ਰਿਹਾ।

ਪਰ ਜਦੋਂ ਇਹ ਗੱਲ ਪੰਕਜ ਦੇ ਸਹੁਰਿਆਂ ਤਕ ਅੱਪੜੀ ਅਤੇ ਫੇਰ ਸਹੁਰਿਆਂ ਰਾਹੀਂ ਪੰਕਜ ਕੋਲ ਤਾਂ ਮਸਲਾ ਮੋਹਨ ਲਾਲ ਦੇ ਹੱਥੋਂ ਨਿਕਲ ਗਿਆ।

ਕੁੱਝ ਦਿਨ ਘਰ ਵਿੱਚ ਘੁਸਰ ਮੁਸਰ ਹੋਈ। ਮੋਹਨ ਲਾਲ ਨੇ ਗੱਲ ਆਈ ਗਈ ਕਰਨ ਦਾ ਯਤਨ ਕੀਤਾ। ਪਰ ਮੁੰਡੇ ਇਕੋ ਜ਼ਿੱਦ ਫੜ ਕੇ ਬੈਠ ਗਏ। ਇਕੱਠ ਕਰੋ। ਹਿਸਾਬ ਕਿਤਾਬ ਮੂੰਹ ’ਤੇ ਮਾਰੋ। ਸਾਂਝੇ ਕਾਰੋਬਾਰ ਬੰਦ ਕਰੋ।

ਨੀਲਮ ਦੀ ਗਲਤੀ ਅਤੇ ਮੁੰਡਿਆਂ ਦੇ ਫੈਸਲੇ ਨੇ ਮੋਹਨ ਲਾਲ ਦੇ ਮਾਨਸਿਕ ਤਨਾਅ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਪਹਿਲਾਂ ਉਸਦਾ ਸ਼ੂਗਰ ਵਧਿਆ। ਫੇਰ ਦਿਲ ਦੀ ਧੜਕਣ।

ਫੇਰ ਉਸਨੂੰ ਤੀਸਰਾ ਅਟੈਕ ਹੋਇਆ ਅਤੇ ਦਿਲ ਦੀ ਧੜਕਣ ਬੰਦ ਹੋ ਗਈ।

“ਬੱਚਿਓ, ਮੌਤ ਦਾ ਸਮਾਂ ਅਤੇ ਸਥਾਨ ਪਹਿਲਾਂ ਤੋਂ ਨਿਸ਼ਚਿਤ ਹੈ। ਮੌਤ ਦਾ ਕੋਈ ਬਹਾਨਾ ਬਨਣਾ ਹੁੰਦਾ ਹੈ। ਇਸ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ।”

ਘਰ ਦੇ ਬਜ਼ੁਰਗਾਂ, ਪੰਡਤਾਂ ਅਤੇ ਸਾਧ ਸੰਤਾਂ ਨੇ ਪੰਕਜ ਹੋਰਾਂ ਨੂੰ ਬਹੁਤ ਸਮਝਾਇਆ।

ਪਰ ਉਹ ਆਪਣੇ ਬਾਪ ਦੀ ਬੇਵਕਤੀ ਮੌਤ ਦਾ ਜ਼ਿੰਮੇਵਾਰ ਵੇਦ ਪਰਿਵਾਰ ਨੂੰ ਠਹਿਰਾਉਣ ਤੋਂ ਬਾਜ ਨਾ ਆਏ।

ਮਿੱਲ ਵਿੱਚ ਪਏ ਘਾਟੇ, ਲੱਗੀ ਤੁਹਮਤ ਅਤੇ ਬਾਪ ਦੀ ਬੇਵਕਤੀ ਮੌਤ ਨੇ ਦੋਹਾਂ ਭਰਾਵਾਂ ਦੇ ਮਨਾਂ ਨੂੰ ਜ਼ਹਿਰ ਨਾਲ ਭਰ ਦਿੱਤਾ। ਸਾਰਾ ਦਿਨ ਉਹ ਇਕੋ ਨੁਕਤੇ ’ਤੇ ਸੋਚਦੇ ਰਹਿੰਦੇ। ਵੇਦ ਪਰਿਵਾਰ ਨੂੰ ਨੀਵਾਂ ਕਿਸ ਤਰ੍ਹਾਂ ਦਿਖਾਇਆ ਜਾਵੇ?

ਮੋਹਨ ਲਾਲ ਦੇ ਭੋਗ ਤੇ ਹੋਏ ਰਿਸ਼ਤੇਦਾਰਾਂ ਦੇ ਇਕੱਠ ਵਿੱਚ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਪਹਿਲਾਂ ਪੰਕਜ ਹੋਰਾਂ ਨੇ ਕੋਈ ਹੇਰਾ ਫੇਰੀ ਨਹੀਂ ਸੀ ਕੀਤੀ। ਫੇਰ ਵਾਧਾ ਘਾਟਾ ਕਰਕੇ ਪਿਆ ਘਾਟਾ ਦੁਗਣਾ ਦਿਖਾਇਆ ਗਿਆ। ਪਹਿਲਾਂ ਪਏ ਘਾਟੇ ਦੀ ਵੰਡ ਨਹੀਂ ਸੀ ਹੋਈ। ਹੁਣ ਪਾਈ ਪਾਈ ਦਾ ਭੁਗਤਾਨ ਮੰਗਿਆ ਗਿਆ। ਮਿੱਲ ਵਿੱਚ ਵੇਦ ਦਾ ਵੀਹ ਲੱਖ ਚਲਦਾ ਸੀ। ਉਸ ਵੱਲ ਪੰਜ ਲੱਖ ਹੋਰ ਨਿਕਲਦਾ ਸੀ। ਉਸ ਦਾ ਭੁਗਤਾਨ ਤਿੰਨ ਮਹੀਨੇ ਦੇ ਅੰਦਰ ਅੰਦਰ ਮੰਗਿਆ ਗਿਆ।

ਬਿਮਾਰੀ ਦੇ ਦਿਨਾਂ ਵਿੱਚ ਮੋਹਨ ਨੇ ਆਪਣੇ ਕਾਰੋਬਾਰ ਅਤੇ ਜਾਇਦਾਦ ਦਾ ਵੇਰਵਾ ਆਪਣੇ ਦੋਹਾਂ ਬੇਟਿਆਂ ਨੂੰ ਸਮਝਾ ਦਿੱਤਾ ਸੀ। ਅਜਿਹੀਆਂ ਬੇ ਨਾਮੀ ਜਾਇਦਾਦਾਂ ਦੀ ਲਿਸਟ ਲੰਬੀ ਸੀ ਜਿਨ੍ਹਾਂ ਦਾ ਅਸਲੀ ਮਾਲਕ ਮੋਹਨ ਸੀ ਪਰ ਕਾਗਜ਼ੀਂ ਪੱਤਰੀਂ ਵੇਦ ਦਾ ਨਾਂ ਬੋਲਦਾ ਸੀ।

ਅਜਿਹੇ ਕੁੱਝ ਲੈਣ ਦੇਣ ਅਮਨ ਅਮਾਨ ਨਾਲ ਨਿਬੜ ਗਏ। ਕੁੱਝ ਵਿੱਚ ਥੋੜ੍ਹਾ ਵਾਧਾ ਘਾਟਾ ਹੋਇਆ। ਕਿਤੇ ਕਿਤੇ ਤਕਰਾਰ ਹੋਇਆ। ਇੱਕ ਦੋ ਥਾਈਂ ਗੁੱਥੀ ਸਾਲਸਾਂ ਨੇ ਸੁਲਝਾਈ।

ਨਗਰ ਸੁਧਾਰ ਟਰੱਸਟ ਵੱਲੋਂ ਗੁਰਦੇਵ ਨਗਰ ਵਰਗੀ ਪੌਸ਼ ਕਲੋਨੀ ਵਿੱਚ ਅਲਾਟ ਹੋਏ ਇੱਕ ਹਜ਼ਾਰ ਗਜ਼ ਦੇ ਪਲਾਟ ਦਾ ਨਬੇੜਾ ਜਦੋਂ ਕਿਸੇ ਤਰ੍ਹਾਂ ਵੀ ਨਾ ਹੋਇਆ ਤਾਂ ਦੋਹਾਂ ਧਿਰਾਂ ਵਿਚਕਾਰ ਗਾਲੀ ਗਲੋਚ ਹੋਇਆ, ਜਾਨੋਂ ਮਾਰਨ ਅਤੇ ਘਰੋਂ ਉਜਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਵੇਦ ਆਖਦਾ ਸੀ ਉਸਨੇ ਇਹ ਪਲਾਟ ਆਪਣੇ ਬਲਬੂਤੇ ਉਪਰ ਅਲਾਟ ਕਰਵਾਇਆ ਸੀ। ਸਾਰੀ ਕੀਮਤ ਉਸਨੇ ਆਪਣੇ ਖਾਤੇ ਵਿਚੋਂ ਚੁਕਤਾ ਕੀਤੀ ਸੀ। ਟਰੱਸਟ ਦਾ ਚੇਅਰਮੈਨ ਮੋਹਨ ਲਾਲ ਦਾ ਵਾਕਿਫ਼ ਸੀ। ਯਾਰੀ ਨਿਭਾਉਣ ਲਈ ਪਲਾਟ ਦੀ ਲਾਟਰੀ ਵੇਦ ਦੇ ਨਾਂ, ਹੇਰਾ ਫੇਰੀ ਨਾਲ ਕੱਢੀ ਗਈ ਸੀ, ਇਹ ਗੱਲ ਦਰੁਸਤ ਸੀ। ਪਰ ਮੋਹਨ ਦੀ ਇਸ ਪਲਾਟ ਵਿੱਚ ਹਿੱਸਾ ਰੱਖਣ ਦੀ ਕੋਈ ਨੀਅਤ ਨਹੀਂ ਸੀ।

ਪੰਕਜ ਦਾ ਅਖਾਣ ਸੀ ਕਿ ਉਸ ਸਮੇਂ ਇਸ ਕਾਲੋਨੀ ਵਿੱਚ ਜ਼ਮੀਨ ਦਾ ਭਾਅ ਸੱਤ ਹਜ਼ਾਰ ਰੁਪਏ ਗਜ਼ ਸੀ। ਪਲਾਟ ਸੱਤ ਸੌ ਰੁਪਏ ਗਜ਼ ਦੇ ਹਿਸਾਬ ਨਾਲ ਅਲਾਟ ਹੋਇਆ ਸੀ। ਵੇਦ ਉਨ੍ਹੀਂ ਦਿਨੀਂ ਮੋਹਨ ਦੇ ਮੁਨਸ਼ੀ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਚੇਅਰਮੈਨ ਦਾ ਸਿਰ ਨਹੀਂ ਸੀ ਭਵਿਆਂ ਕਿ ਉਹ ਸੱਤਰ ਲੱਖ ਦਾ ਪਲਾਟ ਸੱਤਰ ਹਜ਼ਾਰ ਵਿੱਚ ਕਿਸੇ ਕਰਿੰਦੇ ਦੇ ਨਾਂ ਅਲਾਟ ਕਰਦਾ। ਇਹ ਪਲਾਟ ਉਨ੍ਹਾਂ ਦੇ ਬਾਪ ਦਾ ਸੀ। ਇਸ ਉਪਰ ਉਨ੍ਹਾਂ ਦਾ ਹੱਕ ਸੀ।

ਵੇਦ ਮੋਹਨ ਦੇ ਅਹਿਸਾਨ ਕਾਰਨ ਅੱਧਾ ਪਲਾਟ ਛੱਡਣ ਨੂੰ ਤਿਆਰ ਹੋ ਗਿਆ।

ਪੂਰਾ ਪਲਾਟ ਛੱਡ ਕੇ ਉਸਦੇ ਆਪਣੇ ਸੁਪਨੇ ਖੇਰੂੰ ਖੇਰੂੰ ਹੋ ਜਾਣੇ ਸਨ। ਇਹੋ ਪਲਾਟ ਉਸਦੀ ਧਰੋਹਰ ਸੀ। ਅੱਧੇ ਪਲਾਟ ਵਿੱਚ ਉਸ ਨੇ ਕਮਲ ਦੀ ਕੋਠੀ ਉਸਾਰਨ ਦਾ ਸੁਪਨਾ ਲਿਆ ਸੀ ਅਤੇ ਅੱਧਾ ਵੇਚ ਕੇ ਨੇਹਾ ਦਾ ਸ਼ਾਨਦਾਰ ਵਿਆਹ ਕਰਨ ਦਾ।

ਰਾਮ ਨਾਥ ਨੂੰ ਬੁਲਾ ਕੇ ਵੇਦ ਨੇ ਪਲਾਟ ਦੇ ਕਾਗਜ਼ ਪੱਤਰ ਦਿਖਾਏ। ਉਸ ਤੋਂ ਕਾਨੂੰਨੀ ਰਾਏ ਲਈ।

ਕਾਨੂੰਨੀ ਨੁਕਤੇ ਵੇਦ ਦੇ ਹੱਕ ਵਿੱਚ ਸਨ। ਅਲਾਟਮੈਂਟ ਹੋਈ ਨੂੰ ਅੱਠ ਸਾਲ ਹੋ ਗਏ ਸਨ। ਅਲਾਟਮੈਂਟ ਲਈ ਦਿੱਤੀ ਦਰਖ਼ਾਸਤ ਤੋਂ ਲੈ ਕੇ ਰਜਿਸਟਰੀ ਤਕ ਵੇਦ ਦਾ ਨਾਂ ਬੋਲਦਾ ਸੀ। ਸਾਰੀਆਂ ਕਿਸ਼ਤਾਂ ਵੇਦ ਨੇ ਚੈਕਾਂ ਰਾਹੀਂ ਭੁਗਤਾਈਆਂ ਸਨ। ਦੇਸ਼ ਦੀ ਕੋਈ ਅਦਾਲਤ ਪਲਾਟ ਵਿੱਚ ਮੋਹਨ ਦਾ ਹਿੱਸਾ ਬਹਾਲ ਨਹੀਂ ਸੀ ਕਰ ਸਕਦੀ।

ਰਾਮ ਨਾਥ ਨੂੰ ਆਪਣੀ ਇਸ ਕਾਨੂੰਨੀ ਰਾਏ ਤੇ ਅੱਜ ਪਛਤਾਵਾ ਹੋ ਰਿਹਾ ਸੀ। ਚੰਗਾ ਹੁੰਦਾ ਜੇ ਉਹ ਵਿੱਚ ਪੈ ਕੇ, ਲੈ ਦੇ ਕਰ ਕੇ ਝਗੜਾ ਨਿਪਟਾ ਦਿੰਦਾ। ਬਾਕੀ ਸਭ ਝਗੜੇ ਨਿਬੜ ਗਏ ਸਨ। ਅੱਡ ਵਿੱਡ ਹੋ ਕੇ ਕੋਈ ਰੁੱਖੀ ਖਾਂਦਾ ਕੋਈ ਚੋਪੜੀ ਖਾਂਦਾ, ਕਿਸੇ ਨੂੰ ਕਿਸੇ ਨਾਲ ਵਾਸਤਾ ਨਹੀਂ ਸੀ ਰਹਿਣਾ।

ਖਿਝੇ ਪੰਕਜ ਨੇ ਅਦਾਲਤ ਵਿੱਚ ਮੁਕੱਦਮਾ ਠੋਕ ਦਿੱਤਾ। ਗਾਹੇ ਬਗਾਹੇ ਧਮਕੀਆਂ ਦਿੰਦਾ ਰਹਿੰਦਾ।

“ਪਲਾਟ ਮੈਂ ਲੈ ਕੇ ਰਹਿਣਾ ਹੈ। ਅਦਾਲਤ ਰਾਹੀਂ ਨਾ ਮਿਲਿਆ ਉਂਝ ਲੈ ਲੈਣਾ ਹੈ।”

ਰਾਮ ਨਾਥ ਦਾ ਤਜਰਬਾ ਆਖ ਰਿਹਾ ਸੀ ਪੰਕਜ ਨੇ ਇਹ ਚੰਨ ‘ਉਂਝ’ ਪਲਾਟ ਲੈਣ ਲਈ ਚਾੜ੍ਹਿਆ ਸੀ।

Read 39 times Last modified on Sunday, 08 April 2018 01:57
ਮਿੱਤਰ ਸੈਨ ਮੀਤ

This e-mail address is being protected from spambots. You need JavaScript enabled to view it
More in this category: ਕੌਰਵ ਸਭਾ - 2 »