You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - 5
Sunday, 08 April 2018 02:06

ਕੌਰਵ ਸਭਾ - 5

Written by
Rate this item
(0 votes)

ਵਾਰਦਾਤ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਸੀ। ਪਰਿਵਾਰਾਂ ਦੇ ਚਾਰਾਂ ਜੀਆਂ ਦੇ ਵਾਕਫਕਾਰਾਂ ਦਾ ਆਪਣਾ ਆਪਣਾ ਘੇਰਾ ਸੀ। ਜਿਸ ਨੂੰ ਜਿਉਂ ਹੀ ਪਤਾ ਚੱਲਦਾ ਉਹ ਹੱਥਲਾ ਕੰਮ ਵਿਚੇ ਛੱਡ ਕੇ ਉਨ੍ਹਾਂ ਦੀ ਕੋਠੀ ਵੱਲ ਦੌੜ ਪੈਂਦਾ।

ਹਸਪਤਾਲੋਂ ਵਿਹਲਾ ਹੋ ਕੇ ਰਾਮ ਨਾਥ ਦੇ ਘਰ ਮੁੜਨ ਤਕ ਕੋਠੀ ਅੱਗੇ ਬਹੁਤ ਵੱਡੀ ਭੀੜ ਜੁੜ ਚੁੱਕੀ ਸੀ।

ਮੌਕਾ ਮੁਲਾਹਜ਼ਾ ਕਰਨ ਦੀ ਕਾਰਵਾਈ ਪੁਲਿਸ ਮੁਕੰਮਲ ਕਰ ਚੁੱਕੀ ਸੀ। ਵਾਰਦਾਤ ਬਹੁਤ ਸੁਲਝੇ ਢੰਗ ਨਾਲ ਕੀਤੀ ਗਈ ਸੀ। ਦੋਸ਼ੀਆਂ ਨੇ ਬਹੁਤੇ ਸਬਤ ਪਿੱਛੇ ਨਹੀਂ ਸਨ ਛੱਡੇ। ਮੌਕੇ ਤੋਂ ਇੱਕ ਰਾਡ ਜਿਸ ਨਾਲ ਸੱਟਾਂ ਮਾਰੀਆਂ ਗਈਆਂ ਸਨ ਅਤੇ ਇੱਕ ਬੈਗ, ਜਿਸ ਵਿੱਚ ਦੋਸ਼ੀ ਪੇਚਕਸ, ਚਾਬੀਆਂ ਪਾ ਕੇ ਲਿਆਏ ਸਨ, ਮਿਲਿਆ ਸੀ। ਹੱਥਾਂ ਪੈਰਾਂ ਦੇ ਨਿਸ਼ਾਨ ਬਹੁਤ ਧੁੰਦਲੇ ਸਨ। ਹੋਰ ਸਬੂਤ ਇਕੱਠੇ ਕਰਨ ਲਈ ਹੋਰ ਮਾਹਿਰਾਂ ਨੇ ਆਉਣਾ ਸੀ। ਇਸ ਲਈ ਕੋਠੀ ਦੇ ਮੁੱਖ ਹਿੱਸੇ ਨੂੰ, ਜਿਸ ਸਥਿਤੀ ਵਿੱਚ ਉਹ ਸੀ, ਉਸੇ ਵਿੱਚ ਰੱਖ ਕੇ, ਸਰਬ ਮੋਹਰ ਕਰ ਦਿੱਤਾ ਗਿਆ ਸੀ।

ਪੱਤਰਕਾਰ ਪੁਲਿਸ ਦੀ ਚੁੱਪ ’ਤੇ ਖਿਝੇ ਹੋਏ ਸਨ। ਪੁਲਿਸ ਪਤਾ ਨਹੀਂ ਕਿਉਂ ਮੂੰਹ ਨਹੀਂ ਸੀ ਖੋਲ੍ਹਦੀ। ਉਹ ਆਪਣੇ ਸੂਤਰਾਂ ਰਾਹੀਂ ਲੀਰ ਲੀਰ ਜੋੜ ਕੇ ਪਜਾਮਾ ਸਿਉਣ ਦਾ ਯਤਨ ਕਰ ਰਹੇ ਸਨ। ਪੁਲਿਸ ਉਨ੍ਹਾਂ ਨੂੰ ਲੋਕਾਂ ਦੀਆਂ ਇੰਟਰਵਿਊ ਲੈਣ ਤੋਂ ਕਈ ਵਾਰ ਰੋਕ ਚੁੱਕੀ ਸੀ। ਗੁਆਂਢੀਆਂ ਨੂੰ ਕੁੱਝ ਪਤਾ ਨਹੀਂ ਸੀ। ਗਲਤ ਤੱਥ ਛਾਪ ਕੇ ਕੇਸ ਦਾ ਭੱਠਾ ਨਾ ਬਿਠਾ ਦੇਣਾ। ਜਿੰਨਾ ਚਿਰ ਪੁਲਿਸ, ਪ੍ਰੈਸ ਨੋਟ ਜਾਰੀ ਨਹੀਂ ਕਰਦੀ, ਓਨਾ ਚਿਰ ਉਹ ਸਬਰ ਦਾ ਘੁੱਟ ਭਰੀ ਰੱਖਣ।

ਰਾਮ ਨਾਥ ਦੇ ਕੋਠੀ ਪੁੱਜਦਿਆਂ ਹੀ ਸਾਰੀ ਪੁਲਿਸ ਉਸ ਦੁਆਲੇ ਹੋ ਗਈ। ਵੇਦ ਦੇ ਰਿਸ਼ਤੇਦਾਰਾਂ ਨੇ ਸਾਰੀ ਜ਼ਿੰਮੇਵਾਰੀ ਉਸੇ ਉਪਰ ਸੁੱਟੀ ਸੀ। ਉਹ ਵਕੀਲ ਸੀ। ਇੱਕ ਵਕੀਲ ਤੋਂ ਵੱਧ ਹੋਰ ਕਿਸੇ ਨੂੰ ਕੀ ਪਤਾ ਹੋ ਸਕਦਾ ਹੈ ਕਿ ਪਰਚਾ ਕਿਵੇਂ ਦਰਜ ਕਰਾਉਣਾ ਹੈ?

ਉਹ ਜੋ ਕਰੇਗਾ, ਸਭ ਨੂੰ ਮਨਜ਼ੂਰ ਹੋਏਗਾ।

ਰਾਮ ਨਾਥ ਪਰਚੇ ਦੀ ਅਹਿਮੀਅਤ ਨੂੰ ਜਾਣਦਾ ਸੀ। ਸਾਰੇ ਮੁਕੱਦਮੇ ਦਾ ਆਧਾਰ ਇਸੇ ਪਰਚੇ ਨੇ ਬਨਣਾ ਸੀ। ਪਰਚਾ ਸਹੀ ਘਟਨਾ ’ਤੇ ਆਧਾਰਤ ਹੋਣਾ ਚਾਹੀਦਾ ਸੀ।

ਰਾਮ ਨਾਥ ਨੂੰ ਹੋਈ ਵਾਰਦਾਤ ਬਾਰੇ ਕੱਖ ਨਹੀਂ ਸੀ ਪਤਾ। ਦੋਸ਼ੀ ਦੋ ਸਨ, ਚਾਰ, ਦਸ ਜਾਂ ਬਾਰਾਂ? ਉਹ ਛੋਟੀ ਉਮਰ ਦੇ ਸਨ, ਅੱਧਖੜ ਜਾਂ ਵਡੇਰੀ ਉਮਰ ਦੇ? ਉਹ ਕੰਧ ਟੱਪ ਕੇ ਅੰਦਰ ਆਏ ਸਨ ਜਾਂ ਬੈੱਲ ਖੜਕਾ ਕੇ? ਉਨ੍ਹਾਂ ਕੋਲ ਚਾਕੂ ਸਨ, ਰਾਡ ਸਨ, ਛੁਰੇ ਸਨ ਜਾਂ ਸੋਟੀਆਂ? ਉਨ੍ਹਾਂ ਨੇ ਕਿਹੋ ਜਿਹੇ ਕਪੜੇ ਪਾਏ ਹੋਏ ਸਨ? ਪਾਏ ਸਨ ਜਾਂ ਨੰਗੇ ਧੜ ਸਨ? ਉਹ ਕੇਸਾਧਾਰੀ ਸਨ, ਮੋਨੇ ਜਾਂ ਮੌਲਵੀ ਕੱਟ। ਪਹਿਲਾਂ ਹਮਲਾ ਕਿਸ ਉਪਰ ਹੋਇਆ?

ਕਮਲ ਦਾ ਕਤਲ ਕਰਨ ਵਾਲਾ ਕੌਣ ਸੀ? ਨੇਹਾ ਨਾਲ ਬਲਾਤਕਾਰ ਕਿਸ ਨੇ ਕੀਤਾ?

ਇੱਕ ਨੇ ਕੀਤਾ ਜਾਂ ਵੱਧ ਨੇ? ਨੀਲਮ ਅਤੇ ਵੇਦ ਨੂੰ ਸੱਟਾਂ ਕਿਸ ਕਿਸ ਨੇ ਮਾਰੀਆਂ?

ਇਨ੍ਹਾਂ ਵਿਚੋਂ ਇੱਕ ਵੀ ਸਵਾਲ ਦਾ ਜਵਾਬ ਰਾਮ ਨਾਥ ਕੋਲ ਨਹੀਂ ਸੀ। ਕੋਰੀ ਕਲਪਨਾ ਦੇ ਆਧਾਰ ’ਤੇ ਪਰਚਾ ਦਰਜ ਕਰਾਉਣਾ ਘਾਤਕ ਸਿੱਧ ਹੋ ਸਕਦਾ ਸੀ। ਕਦੇ ਨਾ ਕਦੇ ਦੋਸ਼ੀਆਂ ਨੇ ਫੜੇ ਜਾਣਾ ਸੀ। ਉਨ੍ਹਾਂ ਨੇ ਹੋਈ ਵਾਰਦਾਤ ਦਾ ਵੇਰਵਾ ਆਪਣੇ ਵਕੀਲਾਂ ਨੂੰ ਦੱਸ ਦੇਣਾ ਸੀ। ਮੁਦਈ ਧਿਰ ਅਤੇ ਸਫ਼ਾਈ ਧਿਰ ਦੇ ਕਥਨਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੋਣਾ ਸੀ। ਦੋਹਾਂ ਕਥਨਾਂ ਵਿੱਚ ਤਾਲਮੇਲ ਬੈਠਾਉਣਾ ਅਸੰਭਵ ਹੋਣਾ ਸੀ।

ਨਤੀਜਨ ਦੋਸ਼ੀਆਂ ਨੂੰ ਸ਼ੱਕ ਦਾ ਫ਼ਾਇਦਾ ਹੋਣਾ ਸੀ।

ਰਾਮ ਨਾਥ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ। ਭੱਜ ਨੱਠ, ਮਾਨਸਿਕ ਤਨਾਅ ਅਤੇ ਭੁੱਖ ਪਿਆਸ ਕਾਰਨ ਉਹ ਦਿਮਾਗ਼ੀ ਅਤੇ ਜਿਸਮਾਨੀ ਦੋਹਾਂ ਤਰ੍ਹਾਂ ਨਾਲ ਥੱਕ ਚੁੱਕਾ ਸੀ। ਅਜਿਹੇ ਮੌਕਿਆਂ ’ਤੇ ਉਹ ਵੱਧ ਪੱਤੀ ਵਾਲੀ ਚਾਹ ਪੀ ਕੇ ਤਾਜ਼ਾ ਦਮ ਹੋਇਆ ਕਰਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਚਾਹ ਨਸੀਬ ਨਹੀਂ ਸੀ ਹੋ ਰਹੀ।

ਥਾਣੇਦਾਰ ਰਾਮ ਨਾਥ ਦੀ ਮਜਬੂਰੀ ਨੂੰ ਭਾਂਪ ਗਿਆ। ਰਾਏ ਮਸ਼ਵਰੇ ਲਈ ਉਹ ਰਾਮ ਨਾਥ ਨੂੰ ਇੱਕ ਪਾਸੇ ਲੈ ਗਿਆ।

“ਘਰ ਵਿੱਚ ਇੱਕ ਨੌਕਰ ਵੀ ਹੈ?” ਥਾਣੇਦਾਰ ਨੇ ਰਾਮ ਨਾਥ ਤੋਂ ਪੁੱਛਿਆ।

ਰਾਮ ਨਾਥ ਥਾਣੇਦਾਰ ਦਾ ਮਤਲਬ ਸਮਝ ਗਿਆ।

ਹੁਣ ਘਰੇਲੂ ਨੌਕਰ ਪਹਿਲਾਂ ਵਰਗੇ ਨਹੀਂ ਸਨ ਰਹੇ। ਪਿਛਲੇ ਇੱਕ ਸਾਲ ਵਿੱਚ ਮਾਇਆ ਨਗਰ ਵਿੱਚ ਲਗਾਤਾਰ ਕਈ ਘਟਨਾਵਾਂ ਘਟੀਆਂ ਸਨ, ਜਿਨ੍ਹਾਂ ਵਿੱਚ ਘਰੇਲੂ ਨੌਕਰਾਂ ਦਾ ਹੱਥ ਸੀ। ਥਾਣੇਦਾਰ ਨੇ ਆਪਣੀ ਗੱਲ ਸਮਝਾਉਣ ਲਈ ਇੱਕ ਤਾਜ਼ੀ ਉਦਾਹਰਣ ਦਿੱਤੀ।

ਪਿਛਲੇ ਹਫ਼ਤੇ ਇੱਕ ਬੈਂਕ ਮੈਨੇਜਰ ਦੇ ਨੌਕਰ ਨੇ ਰਾਤ ਦੇ ਖਾਣੇ ਵਿੱਚ ਬੇਹੋਸ਼ੀ ਵਾਲੀ ਦਵਾਈ ਮਿਲਾ ਦਿੱਤੀ। ਜਦੋਂ ਸਾਰਾ ਟੱਬਰ ਗੂੜ੍ਹੀ ਨੀਂਦ ਸੌਂ ਗਿਆ, ਨੌਕਰ ਨੇ ਕੋਠੀ ਦਾ ਗੇਟ ਸਾਥੀਆਂ ਲਈ ਖੋਲ੍ਹ ਦਿੱਤਾ। ਬੜੇ ਅਰਾਮ ਨਾਲ ਉਨ੍ਹਾਂ ਨੇ ਘਰ ਦਾ ਨਿੱਕ ਸੁੱਕ ਚੁੱਕਿਆ ਅਤੇ ਫਰਾਰ ਹੋ ਗਏ। ਅੱਜ ਤੱਕ ਨਾ ਨੌਕਰ ਦੀ ਉੱਘ ਸੁੱਘ ਮਿਲੀ ਸੀ, ਨਾ ਉਸਦੇ ਸਾਥੀਆਂ ਦੀ।

ਪਰ ਵੇਦ ਹੋਰਾਂ ਦਾ ਨੌਕਰ ਅਜਿਹਾ ਨਹੀਂ ਸੀ। ਸੱਤ ਸਾਲ ਦੇ ਨੂੰ ਉਸਦਾ ਚਾਚਾ ਉਸਨੂੰ ਪੰਜਾਬ ਲੈ ਆਇਆ ਸੀ। ਦੋ ਸਾਲ ਉਸਨੇ ਕਿਸੇ ਹੋਰ ਦੀ ਕੋਠੀ ਕੰਮ ਕੀਤਾ।

ਪੰਜ ਸਾਲ ਤੋਂ ਉਹ ਵੇਦ ਕੋਲ ਸੀ। ਨਾ ਕਦੇ ਉਹ ਪਿੰਡ ਜਾਂਦਾ ਸੀ, ਨਾ ਕੋਈ ਉਸਨੂੰ ਮਿਲਣ ਆਉਂਦਾ ਸੀ। ਸਾਲ ਬਾਅਦ ਉਸਦਾ ਚਾਚਾ ਆਉਂਦਾ ਸੀ। ਤਨਖ਼ਾਹ ਫੜ ਕੇ ਲੈ ਜਾਂਦਾ ਸੀ। ਵੇਦ ਨੇ ਨੌਕਰ ਨੂੰ ਪੁੱਤਰ ਵਾਂਗ ਰੱਖਿਆ ਹੋਇਆ ਸੀ।

ਰਾਮ ਨਾਥ ਉਸ ’ਤੇ ਅਜਿਹੀ ਵਾਰਦਾਤ ਦਾ ਸ਼ੱਕ ਨਹੀਂ ਸੀ ਕਰ ਸਕਦਾ।

ਨੌਕਰ ਦੀ ਪਰਿਵਾਰ ਨਾਲ ਨੇੜਤਾ ਥਾਣੇਦਾਰ ਦੇ ਸ਼ੱਕ ਨੂੰ ਹੋਰ ਪੱਕਾ ਕਰਨ ਲੱਗੀ।

ਪੈਸਾ ਧੇਲਾ ਕਿੱਥੇ ਹੈ? ਨੌਕਰ ਨੂੰ ਸਭ ਪਤਾ ਸੀ। ਹਾਲਾਤ ਬਦਲਦੇ ਦੇਰ ਨਹੀਂ ਲਗਦੀ।   ਬੰਦਾ ਕਦੋਂ ਭੈੜੀ ਸੁਹਬਤ ਵਿੱਚ ਪੈ ਜਾਵੇ ਕੁੱਝ ਨਹੀਂ ਆਖਿਆ ਜਾ ਸਕਦਾ। ਟੀ.ਵੀ. ਅਤੇ ਫ਼ਿਲਮਾਂ ਚੋਰੀ ਡਾਕੇ ਅਤੇ ਬਲਾਤਕਾਰ ਹੀ ਤਾਂ ਸਿਖਾਉਂਦੀਆਂ ਹਨ। ਵਿਹਲੇ ਨੌਕਰ ਸਾਰਾ ਦਿਨ ਟੀ.ਵੀ.ਅੱਗੇ ਬੈਠੇ ਰਹਿੰਦੇ ਹਨ। ਕਦੇ ਕਿਸੇ ਫ਼ਿਲਮ ਤੋਂ ਜਲਦੀ ਅਮੀਰ ਬਣਨ ਦੀ ਪ੍ਰੇਰਨਾ ਮਿਲ ਗਈ ਹੋਵੇ? ਇਸ ਬਾਰੇ ਕੁੱਝ ਨਹੀਂ ਸੀ ਆਖਿਆ ਜਾ ਸਕਦਾ।

ਰਾਮੂ ਨੂੰ ਟੀ.ਵੀ.ਦਾ ਸ਼ੌਕ ਸੀ। ਥਾਣੇਦਾਰ ਦੀ ਇਹ ਗੱਲ ਸੱਚੀ ਸੀ। ਦੋ ਮਹੀਨੇ ਪਹਿਲਾਂ ਹੀ ਵੇਦ ਨੇ ਆਪਣੇ ਦਫ਼ਤਰ ਦਾ ਟੀ.ਵੀ.ਬਦਲਿਆ ਸੀ। ਦਫ਼ਤਰ ਵਾਲਾ ਟੀ.ਵੀ.ਪੁਰਾਣੇ ਮਾਡਲ ਦਾ ਸੀ। ਵੇਚਣ ਦੀ ਗੱਲ ਚੱਲੀ ਤਾਂ ਕੋਈ ਦੋ ਹਜ਼ਾਰ ਤੋਂ ਵੱਧ ਦੇਣ ਨੂੰ ਤਿਆਰ ਨਾ ਹੋਇਆ। ਮਿੱਟੀ ਦੇ ਭਾਅ ਸੁੱਟਣ ਨਾਲੋਂ ਵੇਦ ਨੇ ਟੀ.ਵੀ.ਘਰ ਲਿਆ ਕੇ ਨੌਕਰ ਦੇ ਕਮਰੇ ਵਿੱਚ ਲਗਵਾ ਦਿੱਤਾ। ਨਾਲੇ ਨੌਕਰ ਦਾ ਮਨ ਪਰਚਿਆ ਰਹੂ, ਨਾਲ ਬੱਚਿਆਂ ਵਿੱਚ ਬੈਠ ਕੇ ਟੀ.ਵੀ.ਦੇਖਣ ਦੀ ਲੱਤ ਜਾਂਦੀ ਰਹੂ।

“ਨੌਕਰ ਹੈ ਕਿੱਥੇ?” ਰਾਮੂ ਦੇ ਹੱਕ ’ਚ ਜਾਂ ਵਿਰੁੱਧ ਬੋਲਣ ਤੋਂ ਪਹਿਲਾਂ ਰਾਮ ਨਾਥ ਨੇ ਮੁਖ ਅਫ਼ਸਰ ਤੋਂ ਨੌਕਰ ਬਾਰੇ ਪੁੱਛਿਆ।

“ਉਹ ਪੁਲਿਸ ਦੀ ਨਜ਼ਰ ਹੇਠ ਹੈ। ਪਰ ਉਸਦਾ ਵਰਤਾਰਾ ਅਜੀਬ ਹੈ।” ਮੁੱਖ ਅਫ਼ਸਰ ਰਾਮੂ ਕੋਲੋਂ ਘਟਨਾ ਸੰਬੰਧੀ ਮਿਲੇ ਵੇਰਵਿਆਂ ਬਾਰੇ ਰਾਮ ਨਾਥ ਨੂੰ ਦੱਸਣ ਲੱਗਾ।

ਪੁਲਿਸ ਦੇ ਪੁੱਜਣ ਤੱਕ ਉਹ ਆਪਣੇ ਕਮਰੇ ਵਿੱਚ ਘੂਕ ਸੁੱਤਾ ਹੋਇਆ ਸੀ। ਉਸਦਾ ਟੀ.ਵੀ.ਚੱਲ ਰਿਹਾ ਸੀ।

ਘਰ ਵਿੱਚ ਇਡੀ ਵਾਰਦਾਤ ਹੋ ਗਈ ਸੀ। ਘਰ ਦੇ ਸਾਰੇ ਮੈਂਬਰਾਂ ਦੀ ਮੁਲਜ਼ਮਾਂ ਨਾਲ ਹੱਥੋਪਾਈ ਹੋਈ ਸੀ। ਚੀਕ ਚਿਹਾੜਾ ਪਿਆ ਹੋਣਾ ਹੈ। ਸਮਾਨ ਦੀ ਟੁੱਟ ਭੱਜ ਹੋਈ ਸੀ।

ਬਹੁਤ ਸਾਰਾ ਸਮਾਨ ਬਾਹਰ ਗਿਆ ਸੀ। ਘਰ ਦੇ ਨੌਕਰ ਨੂੰ ਕੋਈ ਉੱਘ ਸੁੱਘ ਨਹੀਂ ਲੱਗੀ।

ਪੁਲਿਸ ਦੇ ਪੁੱਛਣ ਤੇ ਉਸਨੇ ਗੱਲ ਟਾਲ ਦਿੱਤੀ ਸੀ। ਰਾਤ ਦੇਰ ਤਕ ਉਹ ਘਰ ਦਾ ਕੰਮ ਕਰਦਾ ਰਿਹਾ ਸੀ। ਟੀ.ਵੀ.ਉਪਰ ਅਮਿਤਾਬ ਬਚਨ ਦੀ ਫ਼ਿਲਮ ਆਉਣ ਲੱਗੀ।

ਦੇਰ ਤਕ ਉਹ ਫ਼ਿਲਮ ਦੇਖਦਾ ਰਿਹਾ। ਫ਼ਿਲਮ ਦੇਖਦੇ ਦੇਖਦੇ ਪਤਾ ਨਹੀਂ ਕਦੋਂ ਉਸ ਨੂੰ ਨੀਂਦ ਆ ਗਈ। ਉਹ ਪੁਲਿਸ ਦੇ ਜਗਾਉਣ ਤੇ ਜਾਗਿਆ ਸੀ।

ਮੁੱਢਲੀ ਪੁੱਛ ਪੜਤਾਲ ’ਤੇ ਨੌਕਰ ਨੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਕਰੜੀ ਪੁੱਛ ਪੜਤਾਲ ਦੀ ਲੋੜ ਸੀ। ਹਾਲੇ ਸਮਾਂ ਸਖ਼ਤੀ ਕਰਨ ਦਾ ਨਹੀਂ ਸੀ। ਪਰ ਖੁਲ੍ਹੀ ਛੁੱਟੀ ਵੀ ਨਹੀਂ ਸੀ ਦਿੱਤੀ ਜਾ ਸਕਦੀ। ਉਸਨੂੰ ਪੁਚਕਾਰ ਕੇ ਰੱਖਣਾ ਸੀ ਅਤੇ ਭੱਜ ਜਾਣ ਦਾ ਮੌਕਾ ਨਹੀਂ ਸੀ ਦੇਣਾ।

ਇੱਕ ਹੌਲਦਾਰ ਨੌਕਰ ਉਪਰ ਨਜ਼ਰ ਰੱਖ ਰਿਹਾ ਸੀ। ਉਸਨੂੰ ਉਸਦੀ ਬਰਾਦਰੀ ਦਾ ਕੌਣ ਕੌਣ ਮਿਲਦਾ ਹੈ? ਮਿਲਦਾ ਹੈ ਤਾ ਕੀ ਗੱਲ ਕਰਦਾ ਹੈ? ਉਹ ਡਰਿਆ ਹੋਇਆ ਹੈ ਜਾਂ ਸਧਾਰਨ ਸਥਿਤੀ ਵਿੱਚ ਹੈ? ਤਫਤੀਸ਼ ਦੇ ਕਿਸੇ ਰਾਹ ਪੈਣ ਤਕ ਪੁਲਿਸ ਦੀ ਅੱਖ ਉਸ ਉਪਰ ਰਹਿਣੀ ਸੀ। ਪੁਲਿਸ ਨੂੰ ਰਾਮ ਨਾਥ ਦੇ ਸਹਿਯੋਗ ਦੀ ਜ਼ਰੂਰਤ ਸੀ।

ਰਾਮ ਨਾਥ ਨੂੰ ਨੌਕਰ ਨਾਲ ਕੋਈ ਹਮਦਰਦੀ ਨਹੀਂ ਸੀ। ਪਰ ਉਹ ਘਰ ਦੇ ਮੈਂਬਰਾਂ ਵਾਂਗ ਸੀ। ਪੱਕੇ ਸਬੂਤਾਂ ਬਿਨਾਂ ਉਸਦੇ ਕੁਟਾਪਾ ਨਾ ਚਾੜ੍ਹਿਆ ਜਾਵੇ। ਉਸਦੀ ਇਹੋ ਬੇਨਤੀ ਸੀ।

ਇਸ ਮਸਲੇ ਨੂੰ ਫੇਰ ਨਜਿੱਠ ਲਿਆ ਜਾਏਗਾ। ਹਾਲੇ ਸਮੱਸਿਆ ਇਹ ਸੀ ਕਿ ਪਰਚਾ ਕਿਸ ਦੇ ਖਿਲਾਫ ਅਤੇ ਕਿਸ ਦੇ ਬਿਆਨ ’ਤੇ ਦਰਜ ਕੀਤਾ ਜਾਵੇ?

ਜੇ ਨੌਕਰ ’ਤੇ ਸ਼ੱਕ ਨਾ ਹੁੰਦਾ ਤਾਂ ਪਰਚਾ ਉਸਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਉਸਨੂੰ ਚਸ਼ਮਦੀਦ ਗਵਾਹ ਬਣਾਇਆ ਜਾ ਸਕਦਾ ਸੀ।

ਪਰ ਥਾਣੇਦਾਰ ਇਸ ਨਾਲ ਸਹਿਮਤ ਨਹੀਂ ਸੀ। ਨੌਕਰ ਦੇ ਹੱਥ ਮੁਕੱਦਮੇ ਦੀ ਵਾਗਡੋਰ ਨਹੀਂ ਸੀ ਫੜਾਈ ਜਾ ਸਕਦੀ। ਕੀ ਪਤਾ ਹੈ ਕਾਤਲ ਕੌਣ ਨਿਕਲ ਆਵੇ? ਅਜਿਹੇ ਗਵਾਹ ਨੇ ਕੌਡੀਆਂ ਦੇ ਭਾਅ ਵਿਕ ਜਾਣਾ ਸੀ।

ਘੱਟੋ ਘੱਟ ਪਰਚਾ ਕਟਾਉਣ ਵਾਲਾ ਗਵਾਹ ਘਰ ਦਾ ਹੋਣਾ ਚਾਹੀਦਾ ਹੈ।

ਫੇਰ ਪਰਚਾ ਕੇਵਲ ਨੇਹਾ ਦੇ ਬਿਆਨ ਦੇ ਆਧਾਰ ’ਤੇ ਦਰਜ ਹੋ ਸਕਦਾ ਸੀ। ਡਾਕਟਰ ਨੇ ਵੀ ਉਸਨੂੰ ਬਿਆਨ ਦੇਣ ਦੇ ਯੋਗ ਕਹਿ ਦਿੱਤਾ ਸੀ।

ਥਾਣੇਦਾਰ ਅਤੇ ਵਕੀਲ ਇਕੋ ਸਿੱਟੇ ’ਤੇ ਪੁੱਜੇ। ਨੇਹਾ ਦੇ ਬਿਆਨ ਦੇ ਆਧਾਰ ’ਤੇ ਪਰਚਾ ਦਰਜ ਕਰ ਦਿੱਤਾ ਜਾਵੇ। ਦਸਤਖ਼ਤਾਂ ਨੂੰ ਕੌਣ ਪੁੱਛਦਾ ਹੈ? ਉਸਦੇ ਦਸਤਖ਼ਤ ਰਾਮ ਨਾਥ ਝਰੀਟ ਦੇਵੇ। ਥਾਣੇਦਾਰ ਤਸਦੀਕ ਕਰ ਦੇਵੇਗਾ। ਸੱਪ ਵੀ ਮਰ ਜਾਏਗਾ ਅਤੇ ਲਾਠੀ ਵੀ ਨਹੀਂ ਟੁੱਟੇਗੀ। ਨੇਹਾ ਨੂੰ ਤਕਲੀਫ਼ ਦੇਣ ਦੀ ਜ਼ਰੂਰਤ ਨਹੀਂ ਪਏਗੀ। ਪਰਚਾ ਵੀ ਦਰਜ ਹੋ ਜਾਏਗਾ।

ਹੁਣ ਮਸਲਾ ਇਹ ਸੀ ਕਿ ਪਰਚਾ ਕਿਸ ਦੇ ਖ਼ਿਲਾਫ਼ ਦਰਜ ਕਰਵਾਇਆ ਜਾਵੇ।

ਮੁੱਖ ਅਫ਼ਸਰ ਦੀ ਤਫ਼ਤੀਸ਼ ਆਖਦੀ ਸੀ ਕਿ ਵਾਰਦਾਤ ਕਾਲੇ ਕੱਛਿਆਂ ਵਾਲੇ ਗਰੋਹ ਨੇ ਕੀਤੀ ਸੀ। ਰਾਮ ਨਾਥ ਨੂੰ ਕਿਸੇ ਹੋਰ ’ਤੇ ਸ਼ੱਕ ਹੋਵੇ ਉਸ ਬਾਰੇ ਸੋਚ ਵਿਚਾਰ ਹੋ ਸਕਦੀ ਸੀ।

ਜੇ ਮਾਇਆ ਦੇਵੀ ਵੱਲੋਂ ਮੁੰਡਿਆਂ ਦੇ ਦੱਸੇ ਗਏ ਮਨਸੂਬਿਆਂ ਨੂੰ ਮਜ਼ਰੂਬਾਂ ਦੇ ਲੱਗੀਆਂ ਸੱਟਾਂ ਨਾਲ ਮਿਲਾ ਕੇ ਦੇਖਿਆ ਜਾਵੇ ਤਾਂ ਵਾਰਦਾਤ ਕਰਾਉਣ ਵਾਲੇ ਬੰਦਿਆਂ ਦੀ ਪਹਿਚਾਣ ਸਪੱਸ਼ਟ ਸੀ। ਸਾਜ਼ਸ਼ੀਆਂ ਨੇ ਅਸਲ ਮੁਲਜ਼ਮਾਂ ਦੇ ਨਾਂ ਆਪੇ ਦੱਸ ਦੇਣੇ ਸਨ।

ਰਾਮ ਨਾਥ ਨੇ ਦੋਹਾਂ ਪਰਿਵਾਰਾਂ ਵਿਚਕਾਰ ਚੱਲਦੇ ਝਗੜੇ ਅਤੇ ਪੰਕਜ ਹੋਰਾਂ ਵੱਲੋਂ ਮਿਲਦੀਆਂ ਧਮਕੀਆਂ ਦਾ ਵੇਰਵਾ ਮੁੱਖ ਅਫ਼ਸਰ ਨਾਲ ਸਾਂਝਾ ਕੀਤਾ।

ਥਾਣੇਦਾਰ ਨੇ ਇਨ੍ਹਾਂ ਵੇਰਵਿਆਂ ਨੂੰ ਆਪਣੀ ਡੇਅਰੀ ਵਿੱਚ ਨੋਟ ਤਾਂ ਕੀਤਾ, ਪਰ ਅਜਿਹੇ ਮਾਮੂਲੀ ਝਗੜਿਆਂ ਉਪਰ ਕਤਲ ਵਰਗੀ ਵਾਰਦਾਤ ਉਸ ਦੇ ਮਨ ਨਾ ਲੱਗੀ।

ਸ਼ੱਕ ਦੇ ਆਧਾਰ ’ਤੇ ਭਾਈ ਭਤੀਜਿਆਂ ਨੂੰ ਘੜੀਸਣਾ ਵੀ ਉਸ ਨੂੰ ਠੀਕ ਨਹੀਂ ਸੀ ਲੱਗਾ।

ਕੋਈ ਸਬੂਤ ਮਿਲਣ ’ਤੇ ਉਨ੍ਹਾਂ ਨੂੰ ਪਿਛੋਂ ਮੁਲਜ਼ਮ ਬਣਾਇਆ ਜਾ ਸਕਦਾ ਸੀ। ਪਰਚੇ ਵਿੱਚ ਨਾਂ ਦੇਣੇ ਸਿਆਣਪ ਨਹੀਂ ਸੀ।

ਮੁੱਖ ਅਫ਼ਸਰ ਨੇ ਇਹ ਨੇਕ ਸਲਾਹ ਕਈ ਕਾਰਨਾਂ ਕਰਕੇ ਦਿੱਤੀ ਸੀ।

ਪਹਿਲਾ ਕਾਰਨ ਇਹ ਸੀ ਕਿ ਹੁਣ ਤਕ ਦੀ ਤਫਤੀਸ਼ ਤੋਂ ਜਾਪਦਾ ਸੀ ਇਹ ਸਾਧਾਰਨ ਚੋਰੀ ਡਕੈਤੀ ਦੀ ਘਟਨਾ ਸੀ। ਕਿਸੇ ਰੱਜੇ ਪੁੱਜੇ ਪਰਿਵਾਰ ਵੱਲੋਂ ਅਜਿਹੀਆਂ ਘਟੀਆ ਸਾਜ਼ਿਸ਼ਾਂ ਨਹੀਂ ਘੜੀਆਂ ਜਾਂਦੀਆਂ। ਅਮੀਰ ਅਤੇ ਪਹੁੰਚ ਵਾਲੇ ਬੰਦਿਆਂ ਦਾ ਨਾਂ ਪਰਚੇ ਵਿੱਚ ਪਾ ਕੇ ਥਾਣੇਦਾਰ ਨੇ ਭਰਿੰਡਾਂ ਦੇ ਛੱਤੇ ਵਿੱਚ ਹੱਥ ਪਾ ਲੈਣਾ ਸੀ। ਉਸਨੂੰ ਡੰਗਾਂ ਤੋਂ ਸਿਵਾ ਕੁੱਝ ਨਹੀਂ ਸੀ ਲੱਭਣਾ।

ਦੂਸਰਾ ਕਾਰਨ ਨਮਕ ਹਰਾਮੀ ਹੋਣ ਦਾ ਡਰ ਸੀ। ਪੰਕਜ ਦਾ ਮੈਨੇਜਰ ਹਾਲੇ ਹੁਣ ਉਸ ਨੂੰ ਦਸ ਹਜ਼ਰ ਰੁਪਏ ਦੇ ਕੇ ਗਿਆ ਸੀ। ਮੈਨੇਜਰ ਨੂੰ ਇਸ ਆਸ਼ੋ ਲਈ ਪੰਕਜ ਦਾ ਦਿੱਲੀਉਂ ਫ਼ੋਨ ਆਇਆ ਸੀ। ਭਰਾਵਾਂ ਦੇ ਝਗੜੇ ਕਚਹਿਰੀ ਤਕ ਸੀਮਤ ਸਨ। ਨੰਹੁਆਂ ਨਾਲੋਂ ਮਾਸ ਅਲੱਗ ਨਹੀਂ ਹੁੰਦੇ। ਥਾਣੇਦਾਰ ਪੂਰੀ ਤਨ ਦੇਹੀ ਨਾਲ ਤਫ਼ਤੀਸ਼ ਕਰੇ। ਦੋਸ਼ੀ ਹਰ ਹਾਲ ਵਿੱਚ ਫੜੇ ਜਾਣ। ਪੰਕਜ ਨੂੰ ਖਰਚੇ ਦੀ ਕੋਈ ਪਰਵਾਹ ਨਹੀਂ ਸੀ। ਜਿਹੜੀ ਪਾਰਟੀ ਵਧੀਆ ਤਫ਼ਤੀਸ਼ ਕਰਾਉਣ ਲਈ ਥਾਣੇਦਾਰ ਨੂੰ ਦਸ ਹਜ਼ਾਰ ਰੁਪਏ ਦੇ ਰਹੀ ਸੀ, ਉਹ ਖ਼ੁਦ ਕਾਤਲ ਕਿਵੇਂ ਹੋ ਸਕਦੀ ਸੀ? ਥਾਣੇਦਾਰ ਤੋਂ ਇਹ ਸੱਚ ਨਿਗਲਿਆ ਨਹੀਂ ਸੀ ਜਾ ਰਿਹਾ।

ਤੀਸਰਾ ਅਤੇ ਅਹਿਮ ਕਾਰਨ ਇਹ ਸੀ ਕਿ ਰਾਮ ਨਾਥ ਦੇ ਇਸ ਇਸ਼ਾਰੇ ਕਾਰਨ ਪੁਲਿਸ ਨੂੰ ਪੰਕਜ ਹੋਰਾਂ ਨੂੰ ਧਮਕਾਉਣ ਦਾ ਮੌਕਾ ਮਿਲ ਜਾਣਾ ਸੀ। ਮੁਦਈ ਧਿਰ ਤੋਂ ਥਾਣੇਦਾਰ ਨੂੰ ਕੁੱਝ ਪੱਲੇ ਪੈਂਦਾ ਨਜ਼ਰ ਨਹੀਂ ਸੀ ਆਉਂਦਾ। ਮੁਲਜ਼ਮਾਂ ਨੇ ਪਤਾ ਨਹੀਂ ਕਦੋਂ ਫੜੇ ਜਾਣਾ ਸੀ। ਮੁੱਖ ਅਫ਼ਸਰ ਦੀ ਜੇਬ ਪੰਕਜ ਕੋਲੋਂ ਗਰਮ ਹੋਣੀ ਸੀ।

ਰਾਮ ਨਾਥ ਨੂੰ ਥਾਣੇਦਾਰ ਦੀ ਰਾਏ ਨਾਲ ਸਹਿਮਤ ਹੋਣਾ ਪਿਆ। ਬਿਨਾਂ ਭੈਣ ਭਨੋਈਏ ਦੀ ਸਲਾਹ ਦੇ ਇਹ ਕਦਮ ਉਸ ਲਈ ਬਦਨਾਮੀ ਦਾ ਟਿੱਕਾ ਬਣ ਸਕਦਾ ਸੀ।

ਹੋਰ ਵਿਚਾਰਨ ਵਾਲਾ ਕੁੱਝ ਨਹੀਂ ਸੀ।

ਨੇਹਾ ਦਾ ਫਰਜ਼ੀ ਬਿਆਨ ਕਲਮਬੰਦ ਕੀਤਾ ਗਿਆ।

ਰਾਤ ਦੇ ਦੋ ਤਿੰਨ ਵਜੇ ਉਹ ਆਪਣੇ ਕਮਰੇ ਵਿੱਚ ਪੜ੍ਹ ਰਹੀ ਸੀ। ਕੋਠੀ ਦੀ ਬੈੱਲ ਖੜਕੀ। ਉਸਨੇ ਆਪਣੇ ਪਾਪਾ ਨੂੰ ਜਗਾਇਆ। ਪਾਪੇ ਦੇ ਨਾਲ ਹੀ ਮੰਮੀ ਜਾਗ ਪਈ।

ਪਾਪਾ ਗੇਟ ’ਤੇ ਗਏ। ਦੋ ਕਮਾਂਡੋ ਵਰਦੀ ਵਾਲੇ ਬੰਦੇ ਗੇਟ ਤੇ ਖੜ੍ਹੇ ਸਨ। ਪੁਲਿਸ ਵਾਲੇ ਸਮਝ ਕੇ ਵੇਦ ਨੇ ਗੇਟ ਖੋਲ੍ਹ ਦਿੱਤਾ। ਦੋਸ਼ੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਮੂੰਹਾਂ 'ਤੇ ਕਾਲੇ ਮੜਾਸੇ ਬੰਨ੍ਹੇ ਸਨ। ਅੱਖਾਂ ’ਤੇ ਕਾਲੀਆਂ ਐਨਕਾਂ ਸਨ। ਉਨ੍ਹਾਂ ਨੇ ਆਖਿਆ, ਉਹ ਪੁਲਿਸ ਵਾਲੇ ਹਨ। ਉਨ੍ਹਾਂ ਦੀ ਕੋਠੀ ਵਿੱਚ ਇੱਕ ਚੋਰ ਛੁਪਿਆ ਹੈ। ਕੋਠੀ ਦੀ ਤਲਾਸ਼ੀ ਲੈਣੀ ਹੈ। ਇਸ ਬਹਾਨੇ ਉਹ ਕੋਠੀ ਅੰਦਰ ਆ ਗਏ। ਉਨ੍ਹਾਂ ਵਰਗੇ ਤਿੰਨ ਹੋਰ ਬੰਦੇ ਉਨ੍ਹਾਂ ਦੇ ਪਿੱਛੇ ਪਿੱਛੇ ਕੋਠੀ ਅੰਦਰ ਆ ਗਏ। ਕੁੱਝ ਲਾਬੀ ਵਿੱਚ ਆ ਗਏ ਕੁੱਝ ਬਾਹਰ ਖੜ੍ਹ ਗਏ। ਲਾਬੀ ਵਿੱਚ ਆ ਕੇ ਉਹ ਵੇਦ ਤੋਂ ਨਗਦੀ ਅਤੇ ਗਹਿਣਾ ਮੰਗਣ ਲੱਗੇ। ਅਲਮਾਰੀ ਦੀਆਂ ਚਾਬੀਆਂ ਮੰਗਣ ਲੱਗੇ। ਇਸ ਸ਼ੋਰ ਸ਼ਰਾਬੇ ਵਿੱਚ ਕਮਲ ਜਾਗ ਪਿਆ। ਉਹ ਲਾਬੀ ਵਿੱਚ ਆ ਗਿਆ। ਮੁਲਜ਼ਮਾਂ ਨਾਲ ਹੱਥੋਪਾਈ ਹੋ ਗਿਆ। ਹੁੰਦੀ ਲੜਾਈ ਦੇਖ ਕੇ ਬਾਹਰਲੇ ਦੋਸ਼ੀ ਅੰਦਰ ਆ ਗਏ। ਕਿਸੇ ਦੇ ਹੱਥ ਵਿੱਚ ਰਾਡ ਸੀ ਅਤੇ ਕਿਸੇ ਦੇ ਛੁਰਾ। ਹੱਥੋਪਾਈ ਵਿੱਚ ਉਨ੍ਹਾਂ ਦੇ ਮੂੰਹਾਂ ਉੱਤੋਂ ਕੱਪੜੇ ਲਹਿ ਗਏ। ਸਾਹਮਣੇ ਆਉਣ ’ਤੇ ਉਹ ਉਨ੍ਹਾਂ ਨੂੰ ਪਹਿਚਾਣ ਸਕਦੀ ਹੈ। ਇੱਕ ਨੇ ਕਮਲ ਦੇ ਢਿੱਡ ਵਿੱਚ ਛੁਰਾ ਮਾਰ ਦਿੱਤਾ। ਇੱਕ ਨੇ ਨੀਲਮ ਦੇ ਅਤੇ ਇੱਕ ਨੇ ਵੇਦ ਦੇ ਸੱਟਾਂ ਮਾਰ ਦਿੱਤੀਆਂ। ਨੇਹਾ ਨੂੰ ਧੂਹ ਕੇ ਉਨ੍ਹਾਂ ਨੇ ਕਮਰੇ ਵਿੱਚ ਬੰਦ ਕਰ ਦਿੱਤਾ। ਜਾਂਦੇ ਹੋਏ ਉਹ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ। ਘਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ। ਪਿੱਛੋਂ ਕੀ ਹੋਇਆ, ਉਸਨੂੰ ਕੁੱਝ ਪਤਾ ਨਹੀਂ ਸੀ।

ਨੇਹਾ ਦੇ ਦਸਤਖ਼ਤ ਰਾਮ ਨਾਥ ਤੋਂ ਕਰਵਾ ਕੇ ਮੁੱਖ ਅਫ਼ਸਰ ਨੇ ਰਾਹਤ ਮਹਿਸੂਸ ਕੀਤੀ। ਬਲਾ ਟਲੀ।

ਪਰਚਾ ਦਰਜ ਹੁੰਦਿਆਂ ਹੀ ਇਕੱਠ ਖਿੰਡਣ ਲੱਗਾ।

ਦੋ ਸਿਪਾਹੀ ਕਮਲ ਦੀ ਲਾਸ਼ ਲੈ ਕੇ ਹਸਪਤਾਲ ਵੱਲ ਤੁਰ ਪਏ।

ਬਾਕੀ ਦੀ ਪੁਲਿਸ ਥਾਣੇ ਨੂੰ ਤੁਰ ਪਈ। ਬਹੁਤ ਲਿਖਤ ਪੜ੍ਹਤ ਕਰਨ ਵਾਲੀ ਪਈ ਸੀ।

ਪੱਤਰਕਾਰ ਆਪਣੇ ਦਫ਼ਤਰਾਂ ਵੱਲ ਦੌੜੇ।

ਤਮਾਸ਼ਬੀਨ ਘਰਾਂ ਨੂੰ ਮੁੜ ਗਏ।

ਗਮਗ਼ੀਨ ਰਿਸ਼ਤੇਦਾਰਾਂ ਨੇ ਗਲੀ ਵਿੱਚ ਦਰੀਆਂ ਵਿਛਾ ਲਈਆਂ।

ਬੇਸਬਰੀ ਨਾਲ ਉਹ ਕਮਲ ਦੀ ਲਾਸ਼ ਦਾ ਇੰਤਜ਼ਾਰ ਕਰਨ ਲੱਗੇ।

ਕਦੋਂ ਉਹ ਵਾਪਸ ਆਏ, ਕਦੋਂ ਉਹ ਸਸਕਾਰ ਕਰਕੇ ਉਸਦੀ ਮਿੱਟੀ ਸਮੇਟਣ।

Additional Info

  • Writings Type:: A single wirting
Read 20 times Last modified on Sunday, 08 April 2018 02:10
ਮਿੱਤਰ ਸੈਨ ਮੀਤ

This e-mail address is being protected from spambots. You need JavaScript enabled to view it