You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - 9
Sunday, 08 April 2018 02:16

ਕੌਰਵ ਸਭਾ - 9

Written by
Rate this item
(0 votes)

ਪੱਚੀ ਲੱਖ ਦੀ ਅਬਾਦੀ ਵਾਲੇ ਇਸ ਮਾਇਆ ਨਗਰ ਵਿੱਚ ਪਰਵਾਸੀਆਂ ਦੀ ਗਿਣਤੀ ਛੇ ਤੋਂ ਸੱਤ ਲੱਖ ਵਿਚਕਾਰ ਅੰਦੀ ਜਾਂਦੀ ਸੀ। ਇਨ੍ਹਾਂ ਵਿਚੋਂ ਪੰਜ ਲੱਖ ਪਰਵਾਸੀ ਇਕੱਲੇ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਆ ਕੇ ਵੱਸੇ ਸਨ। ਸ਼ਹਿਰ ਦੇ ਬਾਹਰ ਹਰ ਪਾਸੇ ਇਨ੍ਹਾਂ ਪਰਵਾਸੀਆਂ ਦੀਆਂ ਕਾਲੋਨੀਆਂ ਸਨ। ਫੋਕਲ ਪੁਆਇੰਟ ਵਾਲੀ ਦਿਸ਼ਾ ਮਿੰਨੀ ਬਿਹਾਰ ਜਾਪਦੀ ਸੀ। ਇਨ੍ਹਾਂ ਕਾਲੋਨੀਆਂ ਦੇ ਦੁਕਾਨਦਾਰ ਵੀ ਭਈਏ ਸਨ ਅਤੇ ਮੁਹੱਲਿਆਂ ਦੇ ਪ੍ਰਧਾਨ ਵੀ। ਕੁੱਝ ਹਿੰਮਤੀ ਅਤੇ ਪਹਿਲਾਂ ਆਏ ਭਈਏ ਮਜ਼ਦੂਰੀ ਛੱਡ ਕੇ ਠੇਕੇਦਾਰ ਬਣੇ ਬੈਠੇ ਸਨ।

ਰਾਮ ਲੁਭਾਇਆ ਵਰਗੇ ਸੈਂਕੜੇ ਠੇਕੇਦਾਰ ਇਸ ਨਗਰ ਵਿੱਚ ਵੱਸਦੇ ਸਨ। ਕਪਤਾਨ ਕਿਸ ਰਾਮ ਲੁਭਾਏ ਨੂੰ ਫੜੇ?

ਕਪਤਾਨ ਨੇ ਮਾਇਆ ਨਗਰ ਦੀ ਖੁਫ਼ੀਆ ਸ਼ਾਖ਼ਾ ਨੂੰ ‘ਰੈਡ ਅਲਰਟ’ ਜਾਰੀ ਕੀਤਾ।

ਰਾਮੂ ਦੇ ਚਾਚੇ ਦਾ ਖੁਰਾ ਖੋਜਿਆ ਜਾਵੇ। ਜਿਥੇ ਮਿਲੇ ਉਸ ਨੂੰ ਚੁੱਕ ਲਿਆ ਜਾਵੇ। ਉਸ ਤੋਂ ਰਾਮ ਲੁਭਾਇਆ ਦਾ ਥਾਂ ਠਿਕਾਣਾ ਉਗਲਾ ਕੇ ਕਪਤਾਨ ਨੂੰ ਸੂਚਿਤ ਕੀਤਾ ਜਾਵੇ।

ਠੀਕ ਇਤਲਾਹ ਦੇਣ ਵਾਲੇ ਨੂੰ ਨਕਦ ਇਨਾਮ ਅਤੇ ਤਰੱਕੀ ਦਿੱਤੀ ਜਾਵੇਗੀ।

ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਖੁਫ਼ੀਆ ਵਿਭਾਗ ਨੇ ਪੂਰੀ ਜਾਣਕਾਰੀ ਹਾਸਲ ਕਰ ਲਈ। ਰਾਮ ਲੁਭਾਇਆ ਦੇ ਹੁਣ ਤਕ ਦੇ ਕਾਰਨਾਮਿਆਂ ਦੀ ਪੂਰੀ ਜਾਣਕਾਰੀ ਕਪਤਾਨ ਅੱਗੇ ਪੇਸ਼ ਕੀਤੀ ਗਈ।

ਰਾਮ ਲੁਭਾਇਆ ਵੀਹ ਸਾਲ ਪਹਿਲਾਂ ਪੰਜਾਬ ਆਇਆ ਸੀ। ਉਸਦੇ ਪਿੰਡ ਦਾ ਇੱਕ ਮਿਸਤਰੀ ਉਸ ਨੂੰ ਇਧਰ ਲੈ ਕੇ ਆਇਆ ਸੀ। ਪੰਜਾਬ ਵਿੱਚ ਓਨ੍ਹੀਂ ਦਿਨੀਂ ਮਿਸਤਰੀਆਂ ਦੀ ਦਿਹਾੜੀ ਅਸਮਾਨ ਛੋਂਹਦੀ ਸੀ। ਉਸਤਾਦ ਮਿਸਤਰੀ ਨੇ ਰਾਮ ਲੁਭਾਏ ਤੋਂ ਪਹਿਲਾਂ ਮਜ਼ਦੂਰੀ ਕਰਵਾਈ ਅਤੇ ਸਾਲ ਵਿੱਚ ਮਿਸਤਰੀਪੁਣਾ ਸਿਖਾ ਦਿੱਤਾ।

ਰਾਮ ਲੁਭਾਇਆ ਸਰੀਰ ਦਾ ਹੱਟਾ ਕੱਟਾ ਸੀ ਅਤੇ ਦਿਮਾਗ਼ ਦਾ ਤੇਜ਼। ਅੱਠ ਦੀ ਥਾਂ ਬਾਰਾਂ ਘੰਟੇ ਕੰਮ ਕਰਕੇ ਉਹ ਦੁਗਣੇ ਪੈਸੇ ਕਮਾਉਣ ਲੱਗਾ। ਦੋ ਸਾਲ ਬਾਅਦ ਪਿੰਡ ਜਾ ਕੇ ਆਪਣੇ ਚਾਚੇ ਦੇ ਦੋ ਮੁੰਡਿਆਂ ਨੂੰ ਇਧਰ ਲੈ ਆਇਆ। ਉਸਤਾਦ ਨੂੰ ਛੱਡ ਕੇ ਆਪਣੀ ਟੀਮ ਬਣਾ ਲਈ। ਸਾਲ ਵਿੱਚ ਉਹ ਮਿਸਤਰੀ ਬਣ ਗਏ। ਰਾਮ ਲੁਭਾਇਆ ਪਿੰਡ ਤੋਂ ਹੋਰ ਬੰਦੇ ਲੈ ਆਇਆ। ਛੇ ਸੱਤ ਸਾਲ ਵਿੱਚ ਉਸ ਦਾ ਬੜਾ ਵੱਡਾ ਜੁਗਾੜ ਖੜ੍ਹਾ ਹੋ ਗਿਆ।

ਉਸਤਾਦ ਤੋਂ ਪਹਿਲਾਂ ਇੱਕ ਕੋਠੀ ਦੇ ਪਲੱਸਤਰ ਦਾ ਠੇਕਾ ਲਿਆ। ਠੇਕੇਦਾਰੀ ਦੀ ਸਮਝ ਆਈ ਤਾਂ ਪੂਰੀ ਕੋਠੀ ਦੀ ਉਸਾਰੀ ਦਾ ਠੇਕਾ ਲੈ ਲਿਆ। ਚਾਰ ਪੈਸੇ ਬਣੇ ਤਾਂ ਤਿੰਨ ਤਿੰਨ ਚਾਰ ਚਾਰ ਕੋਠੀਆਂ ਇਕੱਠੀਆਂ ਫੜਨੀਆਂ ਸ਼ੁਰੂ ਕਰ ਦਿੱਤੀਆਂ।

ਮੋਟਰ ਸਾਈਕਲ ਸਿੱਖ ਲਿਆ। ਪਹਿਲਾਂ ਪੁਰਾਣਾ ਮੋਟਰ ਸਾਈਕਲ ਲਿਆ ਫੇਰ ਨਵਾਂ ਖਰੀਦ ਲਿਆ। ਪਿੰਡੋਂ ਬਾਲ ਬੱਚੇ ਲੈ ਆਇਆ। ਪਤਨੀ ਕੋਠੀਆਂ ਵਿੱਚ ਸਫ਼ਾਈ ਕਰਕੇ ਕਮਾਈ ਵਿੱਚ ਵਾਧਾ ਕਰਨ ਲੱਗੀ।

ਪਹਿਲਾਂ ਮਕਾਨ ਕਿਰਾਏ ’ਤੇ ਲਿਆ। ਫੇਰ ਛੋਟਾ ਜਿਹਾ ਬਣਿਆ ਬਣਾਇਆ ਘਰ ਖ਼ਰੀਦ ਲਿਆ।

ਚਾਰ ਪੈਸੇ ਵਾਧੂ ਹੋਏ ਤਾਂ ਉਸਨੇ ਦੋ ਸੌ ਗਜ਼ ਦਾ ਇੱਕ ਪਲਾਟ ਖੇਤਾਂ ਵਿੱਚ ਖ਼ਰੀਦ ਲਿਆ। ਪੁਰਾਣਾ ਮਲਬਾ ਲਿਆ ਕੇ ਚਾਰ ਕਮਰੇ ਖੜ੍ਹੇ ਕਰ ਲਏ। ਕਮਰਿਆਂ ਵਿੱਚ ਭਈਏ ਭਰ ਲਏ।

ਇਸ ਵਿਹੜੇ ਨੇ ਉਸਨੂੰ ਡਾਢਾ ਫ਼ਾਇਦਾ ਪਹੁੰਚਾਇਆ। ਲੇਬਰ ਹੱਥ ਹੇਠ ਰਹਿਣ ਲੱਗੀ। ਕਰਾਇਆ ਆਉਣ ਲੱਗਾ। ਵੱਡੇ ਮੁੰਡੇ ਨੂੰ ਉਸਨੇ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ। ਗੇੜਾ ਕੱਢ ਕੇ ਮਜ਼ਦੂਰਾਂ ਦੀ ਸਾਰੀ ਕਮਾਈ ਉਸੇ ਦੇ ਬੋਝੇ ਪੈਣ ਲੱਗੀ।

ਹੋਰ ਤਰੱਕੀ ਕਰਕੇ ਉਹ ਕੋਠੀਆਂ ਦੀ ਥਾਂ ਫੈਕਟਰੀਆਂ ਦੀ ਉਸਾਰੀ ਕਰਨ ਲੱਗਾ।

ਸਨਅਤਕਾਰਾਂ ਨਾਲ ਵਾਹ ਪਿਆ ਤਾਂ ਉਸਨੂੰ ਫੈਕਟਰੀਆਂ ਵਿੱਚ ਮਜ਼ਦੂਰ ਭਰਤੀ ਕਰਾਉਣ ਦਾ ਵੱਲ ਆ ਗਿਆ। ਉਸਾਰੀ ਦੀ ਠੇਕੇਦਾਰੀ ਦੇ ਨਾਲ ਨਾਲ ਉਹ ਫੈਕਟਰੀਆਂ ਨੂੰ ਲੇਬਰ ਸਪਲਾਈ ਕਰਨ ਲੱਗਾ।

ਨਾਲ ਦਾ ਪਲਾਟ ਲੈ ਕੇ ਹੋਰ ਕਮਰੇ ਉਸਾਰ ਲਏ। ਦੋ ਤਿੰਨ ਸੌ ਮਜ਼ਦੂਰਾਂ ਦੀ ਕਾਲੋਨੀ ਉਸਦੀ ਰਿਆਸਤ ਬਣ ਗਈ। ਇਸ ਕਾਲੋਨੀ ਦੇ ਬਹੁਤੇ ਵਸਨੀਕ ਉਸ ਨੇ ਬਿਹਾਰ ਤੋਂ ਲਿਆਂਦੇ ਸਨ। ਉਨ੍ਹਾਂ ਨੂੰ ਉਸਨੇ ਕੰਮ ਸਿਖਾਇਆ ਸੀ ਅਤੇ ਫੇਰ ਕੰਮ ’ਤੇ ਲਾਇਆ ਸੀ।

ਉਹ ਆਪਣੀ ਬਦਲੀ ਕਿਸਮਤ ਦਾ ਸਿਹਰਾ ਰਾਮ ਲੁਭਾਇਆ ਸਿਰ ਬੰਨ੍ਹਦੇ ਸਨ। ਉਸ ਦੇ ਇਸ਼ਾਰੇ ’ਤੇ ਜਾਨ ਦੇਣ ਤਕ ਜਾਂਦੇ ਸਨ।

ਵੋਟਾਂ ਵੇਲੇ ਰਾਮ ਲੁਭਾਇਆ ਦੀ ਕੀਮਤ ਕਈ ਗੁਣਾਂ ਵਧ ਜਾਂਦੀ ਸੀ। ਸਾਰੀਆਂ ਰਾਜਸੀ ਪਾਰਟੀਆਂ ਉਸਦੇ ਅੱਗੇ ਪਿੱਛੇ ਫਿਰਦੀਆਂ ਸਨ।

ਕਾਂਗਰਸ ਵਾਲਿਆਂ ਨੇ ਉਸ ਨੂੰ ਆਪਣਾ ਸਰਗਰਮ ਮੈਂਬਰ ਬਣਾ ਲਿਆ। ਕਾਲੋਨੀ ਦਾ ਪ੍ਰਧਾਨ ਥਾਪ ਕੇ ਉਸਨੂੰ ਆਪਣੀਆਂ ਵਿਸ਼ੇਸ਼ ਮੀਟਿੰਗਾਂ ਵਿੱਚ ਬੁਲਾਉਣ ਲੱਗੇ।

ਮਾਇਆ ਨਗਰ ਵਿੱਚ ਹੋਣ ਵਾਲੀਆਂ ਰੈਲੀਆਂ ਦਾ ਉਸ ਨੂੰ ਇੰਚਾਰਜ ਬਣਾ ਦਿੱਤਾ।

ਬੱਸਾਂ, ਟਰੱਕ, ਕਾਰਾਂ ਅਤੇ ਦਾਰੂ ਉਸਦੀ ਪਰਚੀ ’ਤੇ ਉਪਲਬਧ ਹੋਣ ਲੱਗੇ।

ਲੜਣ ਝਗੜਣ ਅਤੇ ਛੋਟੇ ਮੋਟੇ ਜੁਰਮ ਕਰਨ ਦੀ ਪੈਦਾਇਸ਼ੀ ਆਦਤ ਇਧਰ ਆਏ ਭਈਆ ਵਿੱਚ ਵੀ ਸੀ। ਆਏ ਦਿਨ ਪੁਲਿਸ ਉਸਦੀ ਕਾਲੋਨੀ ਵਿੱਚ ਚੱਕਰ ਮਾਰਦੀ ਸੀ।

ਲੈ ਦੇ ਕਰਕੇ ਉਹ ਆਪਣੀ ਕਾਲੋਨੀ ਦੇ ਬੰਦਿਆਂ ਨੂੰ ਛੁਡਾ ਦਿੰਦਾ। ਪੁਲਿਸ ਉਸ ਦੀ ਕਦਰ ਕਰਨ ਲੱਗੀ। ਪੁਲਿਸ ਉਸਦੀ ਸਿਫਾਰਸ਼ ’ਤੇ ਫੁੱਲ ਚੜ੍ਹਾਉਣ ਲੱਗੀ।

ਫੈਕਟਰੀਆਂ ਦੇ ਮਾਲਕ ਅਤੇ ਮਜ਼ਦੂਰ ਰਾਮ ਲੁਭਾਇਆ ਨੂੰ ਗੁੰਡਾ ਸਮਝਦੇ ਸਨ।

ਰਾਮ ਲੁਭਾਇਆ ਆਪਣੇ ਆਪ ਨੂੰ ਗੁੰਡਾ ਨਹੀਂ ਸੀ ਸਮਝਦਾ। ਛੋਟੀਆਂ ਮੋਟੀਆਂ ਲੜਾਈਆਂ ਝਗੜੇ, ਮਾਰਕੁਟਾਈ ਅਤੇ ਚੋਰੀ ਯਾਰੀ ਉਨ੍ਹਾਂ ਦੀ ਬਰਾਦਰੀ ਦਾ ਖਾਸਾ ਸੀ । ਸ਼ਹਿਰ ਦੇ ਪੱਕੇ ਬਸ਼ਿੰਦਿਆਂ ਨਾਲ ਉਸਨੇ ਕਦੇ ਪੰਗਾ ਨਹੀਂ ਸੀ ਲਿਆ। ਉਸਦੇ ਆਪਣੇ ਦੇਸ਼ ਵਾਸੀਆਂ ਦਾ ਕੀ ਸੀ( ਮਿੱਟੀ ਦੇ ਡਲਿਆਂ ਵਰਗੇ ਸਨ। ਜਦੋਂ ਮਰਜ਼ੀ ਕੱਟ ਲਓ । ਸਵੇਰ ਨੂੰ ਆ ਕੇ ਪੈਰ ਫੜ ਲੈਂਦੇ ਸਨ। ਜਚ ਉਹ ਛੋਟਾ ਮੋਟਾ ਲੀਡਰ ਸੀ ਤਾਂ ਆਪਣੀ ਬਰਾਦਰੀ ਦਾ ਸੀ।

ਉਸਦੀ ਬਸਤੀ ਵਿਚ ਚੋਰੀਆਂ, ਖੋਹਾਂ ਕਰਨ ਵਾਲੇ ਕੁਝ ਭਈਏ ਵੀ ਰਹਿੰਦੇ ਸਨ।

ਰਾਮ ਲੁਭਾਇਆ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਦਾ ਪਤਾ ਤਾਂ ਸੀ ਪਰ ਉਹ ਕਦੇ ਉਨ੍ਹਾਂ ਦਾ ਹਿੱਸੇਦਾਰ ਨਹੀਂ ਸੀ ਬਣਿਆ।

ਮੁਜਰਮਾਨਾ ਵਾਰਦਾਤ ਕਰਨ ਦਾ ਇਹ ਉਸ ਦਾ ਪਹਿਲਾ ਮੌਕਾ ਸੀ।

ਇਹ ਵਾਕਾ ਉਸ ਨੇ ਆਪਣੇ ਭਤੀਜੇ ਪੰਡਿਤ ਦੀਆਂ ਗੱਲਾਂ ਵਿਚ ਆ ਕੇ ਕੀਤਾ ਸੀ।

ਨਸ਼ੇ ਦੀ ਲੱਤ ਨੇ ਪੰਡਿਤ ਨੂੰ ਭੈੜੀ ਸੰਗਤ ਵਿਚ ਪਾ ਦਿੱਤਾ ਸੀ। ਨਸ਼ਾ ਖਰੀਦਣ ਲਈ ਪਹਿਲਾਂ ਉਸਨੇ ਛੋਟੀਆਂ ਮੋਟੀਆਂ ਚੋਰੀਆਂ ਕੀਤੀਆਂ। ਚੋਰੀਆਂ ਵਿਚ ਮਿਲੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਉਹ ਰਾਤ ਬਰਾਤੇ ਸੜਕਾਂ ‘ਤੇ ਖੜੋ ਕੇ ਖੋਹਾਂ ਕਰਨ ਲੱਗਾ। ਇਕ ਦੋ ਵਾਰ ਫੜਿਆ ਗਿਆ। ਠੇਕੇਦਾਰ ਦਾ ਨਾਂ ਲੈ ਕੇ ਛੁੱਟਦਾ ਰਿਹਾ। ਪਿਛਲੇ ਕੁਝ ਅਰਸੇ ਤੋਂ ਉਸਨੇ ਬਟੂਏ ਖੋਹਣ ਅਤੇ ਚੈਨੀਆਂ ਝਪਟਣ ਦਾ ਕੰਮ ਫੜਿਆ ਹੋਇਆ ਸੀ। ਸ਼ਹਿਰ ਵਿਚ ਦਹਿਸ਼ਤ ਫੈਲੀ ਹੋਈ ਸੀ। ਪੁਲਿਸ ਨੂੰ ਚਿੰਤਾ ਲੱਗੀ ਹੋਈ ਸੀ।

ਰਾਮ ਲੁਭਾਇਆ ਨੂੰ ਉਸਦੇ ਇਸ ਕਾਰਨਾਮੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁੰਡਾ ਸਟਾਫ਼ ਵਾਲੇ ਉਸ ਨੂੰ ਚੁੱਕ ਕੇ ਲੈ ਗਏ। ਉਸਨੇ ਕਈ ਵਾਰਦਾਤਾਂ ਮੰਨੀਆਂ ਅਤੇ ਕਈ ਸੁਨਿਆਰੇ ਫੜਾਏ।

ਚਾਰ ਮਹੀਨੇ ਦੀ ਕੈਦ ਕੱਟ ਕੇ ਉਹ ਹੁਣੇ ਬਾਹਰ ਆਇਆ ਸੀ। ਸੁਧਰਨ ਦੀ ਥਾਂ ਜੇਲ੍ਹ ਜਾ ਕੇ ਵਿਗੜ ਗਿਆ ਸੀ। ਪੇਸ਼ੇਵਰ ਮੁਜਰਮਾਂ ਨਾਲ ਉਸਦਾ ਸੰਬੰਧ ਹੋ ਗਿਆ ਸੀ।

ਜੇਲ੍ਹ ਬੈਠੇ ਕਿਸੇ ਉਸਤਾਦ ਨੇ ਉਸ ਲਈ ਇਸ ਸੁਪਾਰੀ ਦਾ ਪ੍ਰਬੰਧ ਕੀਤਾ ਸੀ। ਰਾਮ ਲੁਭਾਇਆ ਨੂੰ ਇਸ ਠੇਕੇ ਦਾ ਕੋਈ ਪਤਾ ਨਹੀਂ ਸੀ ਲਗਣਾ ਜੇ ਮਾਲਿਕ ਕਿਸੇ ਠੋਸ ਵਿਚੋਲੇ ਦੀ ਮੰਗ ਨਾ ਕਰਦੇ। ਉਨ੍ਹਾਂ ਨੇ ਇਸ ਕੰਮ ਦਾ ਇਕ ਲੱਖ ਰੁਪਇਆ ਦੇਣਾ ਸੀ।

ਇੰਨੀ ਰਕਮ ਕਿਸੇ ਚੋਰ ਉਚੱਕੇ ਨੂੰ ਨਹੀਂ ਸੀ ਦਿੱਤੀ ਜਾ ਸਕਦੀ। ਪੈਸੇ ਉਨ੍ਹਾਂ ਨੇ ਕਿਸੇ ਭਰੋਸੇਯੋਗ ਬੰਦੇ ਨੂੰ ਦੇਣੇ ਸਨ। ਇਕ ਸ਼ਰਤ ਉਨ੍ਹਾਂ ਦੀ ਹੋਰ ਸੀ। ਉਨ੍ਹਾਂ ਨੇ ਮੁਲਜ਼ਮਾਂ ਨੂੰ ਨਾ ਆਪਣੀ ਸ਼ਕਲ ਦਿਖਾਉਣੀ ਸੀ ਨਾ ਨਾਂ ਪਤਾ ਦੱਸਣਾ ਸੀ। ਇਹ ਜਾਣਕਾਰੀ ਕੇਵਲ ਵਿਚੋਲੇ ਕੋਲ ਹੋਣੀ ਚਾਹੀਦੀ ਸੀ।

ਭਤੀਜੇ ਦੇ ਕਾਰਨਾਮਿਆਂ ਤੋਂ ਚਾਚਾ ਅਤੇ ਚਾਚੇ ਦੀ ਟੋਕ ਟਕਾਈ ਤੋਂ ਭਤੀਜਾ ਦੁਖੀ ਸੀ। ਭਤੀਜੇ ਨੇ ਚਾਚੇ ਨਾਲ ਵਾਅਦਾ ਕੀਤਾ। ਉਸਨੂੰ ਚੋਖੀ ਰਕਮ ਮਿਲਣ ਵਾਲੀ ਸੀ। ਰਕਮ ਲੈ ਕੇ ਉਸਨੇ ਬੰਬੇ ਵਾਲੀ ਗੱਡੀ ਚੜ੍ਹ ਜਾਣਾ ਸੀ। ਮੁੜ ਉਸਨੇ ਮਾਇਆ ਨਗਰ ਵੱਲ ਮੂੰਹ ਨਹੀਂ ਸੀ ਕਰਨਾ।

ਚਾਚਾ ਕਈ ਦਿਨ ਸੋਚਦਾ ਰਿਹਾ। ਫਾਇਦੇ ਨੁਕਸਾਨ ਵਿਚਾਰਦਾ ਰਿਹਾ। ਠੇਕੇਦਾਰ ਨੂੰ ਇੱਕ ਫ਼ਾਇਦਾ ਇਹ ਹੋਣਾ ਸੀ ਕਿ ਉਸਦਾ ਨਿੱਤ ਦੇ ਕਲੇਸ਼ ਤੋਂ ਖਹਿੜਾ ਛੁੱਟ ਜਾਣਾ ਸੀ।

ਦੂਸਰਾ ਫ਼ਾਇਦਾ ਭਤੀਜੇ ਦਾ ਹੋਣਾ ਸੀ। ਸ਼ਾਇਦ ਉਹ ਸੁਧਰ ਜਾਵੇ। ਇੱਕ ਵਾਰ ਜੇ ਉਹ ਸੁੱਖ ਸਾਂਦ ਨਾਲ ਸ਼ਹਿਰੋਂ ਬਾਹਰ ਨਿਕਲ ਗਿਆ ਤਾਂ ਮੁੜ ਕੇ ਪੁਲਿਸ ਨੂੰ ਉਸਦਾ ਸੁਰਾਗ਼ ਨਹੀਂ ਸੀ ਲੱਭਣਾ। ਹਜ਼ਾਰਾਂ ਨਵੇਂ ਮਜ਼ਦੂਰ ਇਥੇ ਆਉਂਦੇ ਸਨ ਅਤੇ ਹਜ਼ਾਰਾਂ ਜਾਂਦੇ ਸਨ। ਕਿਸੇ ਦਾ ਪੱਕਾ ਠਿਕਾਣਾ ਨਹੀਂ ਸੀ। ਜਿਥੇ ਕੰਮ ਮਿਲ ਗਿਆ ਉਹੋ ਉਸਦਾ ਦੇਸ਼। ਇੱਕ ਵਾਰ ਘਰ ਛੱਡ ਕੇ ਗਏ ਮਜ਼ਦੂਰ ਦਾ ਥਾਂ ਠਿਕਾਣਾ ਸਕੇ ਸੰਬੰਧੀਆਂ ਨੂੰ ਪਤਾ ਨਹੀਂ ਚੱਲਦਾ। ਪੁਲਿਸ ਨੂੰ ਕਿਥੋਂ ਪਤਾ ਲੱਗਣਾ ਸੀ। ਅਜਿਹੇ ਬਥੇਰੇ ਭਈਆਂ ਬਾਰੇ ਠੇਕੇਦਾਰ ਨੂੰ ਪਤਾ ਸੀ, ਜਿਹੜੇ ਲੁੱਟਾਂ ਖੋਹਾਂ ਕਰਕੇ ਅਤੇ ਕੁੜੀਆਂ ਭਜਾ ਕੇ ਦੇਸ਼ ਮੁੜ ਗਏ ਸਨ। ਪੁਲਿਸ ਨੇ ਕਦੇ ਉਨ੍ਹਾਂ ਦੇ ਪਿੰਡਾਂ ਵੱਲ ਮੂੰਹ ਨਹੀਂ ਸੀ ਕੀਤਾ। ਇਥੇ ਡੰਡਾ ਖੜਕਾ ਕੇ ਮੁੜ ਜਾਇਆ ਕਰਦੇ ਸਨ। ਕੁੱਝ ਦੇਰ ਲਟਕ ਕੇ ਮਾਮਲਾ ਰਫ਼ਾ ਦਫ਼ਾ ਹੋ ਜਾਂਦਾ ਸੀ।

ਹਾਂ ਕਰਨ ਤੋਂ ਪਹਿਲਾਂ ਠੇਕੇਦਾਰ ਨੇ ਪੰਡਿਤ ਨੂੰ ਸ਼ਿਵ ਦਵਾਲੇ ਲਿਜਾ ਕੇ ਸਹੁੰ ਚੁਕਾਈ। ਮੁੜ ਕੇ ਨਾ ਉਹ ਕੋਈ ਜੁਰਮ ਕਰੇਗਾ ਅਤੇ ਨਾ ਮੁੜ ਮਾਇਆ ਨਗਰ ਵੱਲ ਮੂੰਹ ਕਰੇਗਾ।

ਪੱਕੇ ਪੈਰੀਂ ਹੋ ਕੇ ਠੇਕੇਦਾਰ ਨੇ ਮਾਲਕਾਂ ਨਾਲ ਗੱਲ ਕੀਤੀ।

ਮਾਲਕਾਂ ਨੇ ਕੀਤੇ ਜਾਣ ਵਾਲੇ ਜੁਰਮਾਂ ਅਤੇ ਉਸ ਬਦਲੇ ਦਿੱਤੀ ਜਾਣ ਵਾਲੀ ਰਕਮ ਦਾ ਵੇਰਵਾ ਦਿੱਤਾ। ਮੁਲਜ਼ਮਾਂ ਨੂੰ ਇੱਕ ਲੱਖ ਰੁਪਿਆ ਮਿਹਨਤਾਨਾ ਅਤੇ ਪੰਜ ਹਜ਼ਾਰ ਰੁਪਿਆ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਸਮਾਨ ਨੂੰ ਖਰੀਦਣ ਲਈ ਮਿਲਣਾ ਸੀ।

ਫੇਰ ਚਾਚੇ ਭਤੀਜੇ ਨੇ ਆਪਸ ਵਿੱਚ ਸ਼ਰਤਾਂ ਤੈਅ ਕੀਤੀਆਂ।

ਬਾਕੀ ਦੇ ਸਾਥੀਆਂ ਦਾ ਪ੍ਰਬੰਧ ਭਤੀਜੇ ਨੇ ਕਰਨਾ ਸੀ।

ਭਤੀਜੇ ਦੇ ਦੋ ਸਾਥੀਆਂ ਨੂੰ ਸੁਪਾਰੀ ਵਾਲੀ ਰਕਮ ਵਿਚੋਂ ਵੀਹ ਵੀਹ ਹਜ਼ਾਰ ਮਿਲਣਾ ਸੀ। ਕੋਠੀ ਵਿਚੋਂ ਮਿਲਣ ਵਾਲੀ ਨਕਦੀ ਅਤੇ ਸੋਨੇ ਵਿਚੋਂ ਤੀਜਾ ਹਿੱਸਾ। ਬਾਕੀ ਬਚਦੇ ਸੱਠ ਹਜ਼ਾਰ ਵਿਚੋਂ ਤੀਹ ਚਾਚੇ ਦਾ ਅਤੇ ਤੀਹ ਭਤੀਜੇ ਦਾ। ਲੁੱਟ ਦੇ ਬਾਕੀ ਬਚੇ ਸਮਾਨ ਵਿਚੋਂ ਅੱਧਾ ਚਾਚੇ ਦਾ ਅਤੇ ਅੱਧਾ ਭਤੀਜੇ ਦਾ।

ਅਸਲ ਯੋਜਨਾ ਤਹਿਤ ਠੇਕੇਦਾਰ ਦਾ ਕੰਮ ਮਾਲਕਾਂ ਅਤੇ ਮੁਲਜ਼ਮਾਂ ਵਿਚਕਾਰ ਕੜੀ ਬਨਣਾ ਸੀ। ਨਾ ਉਸਦੇ ਮੌਕੇ ਵਾਲੀ ਥਾਂ ’ਤੇ ਜਾਣਾ ਸੀ, ਨਾ ਵਾਰਦਾਤ ਵਿੱਚ ਹਿੱਸਾ ਲੈਣਾ ਸੀ।

ਠੇਕੇਦਾਰ ਦੀ ਮਾਇਆ ਨਗਰ ਵਿੱਚ ਚੰਗੀ ਸਰਦਾਰੀ ਸੀ। ਹੁਣ ਉਹ ਇਸ ਸ਼ਹਿਰ ਦਾ ਬਾਸ਼ਿੰਦਾ ਬਣ ਗਿਆ ਸੀ। ਬੱਚੇ ਸਕੂਲ ਪੜ੍ਹਨ ਪੈ ਗਏ ਸਨ। ਘਰ, ਪਲਾਟ, ਮੋਟਰ ਸਾਈਕਲ ਅਤੇ ਫ਼ੋਨ ਸਭ ਸਹੂਲਤਾਂ ਉਸ ਕੋਲ ਸਨ। ਪਿੱਛੇ ਪਿੰਡ ਉਹ ਚੌਧਰੀ ਅਤੇ ਸ਼ਾਹੂਕਾਰ ਅਖਵਾਉਣ ਲੱਗਾ ਸੀ। ਕੋਲਿਆਂ ਦੀ ਦਲਾਲੀ ਤੋਂ ਉਸਨੇ ਕੀ ਲੈਣਾ ਸੀ।

ਪਰ ਭਤੀਜੇ ਦੇ ਜ਼ੋਰ ਦੇਣ ’ਤੇ ਜਦੋਂ ਉਸ ਨੇ ਵਾਰਦਾਤ ਵਾਲੀ ਕੋਠੀ ਦਾ ਜਾਇਜ਼ਾ ਲਿਆ ਤਾਂ ਉਸਦੇ ਮੂੰਹ ਵਿੱਚ ਪਾਣੀ ਆ ਗਿਆ। ਕੋਠੀ ਚੰਗੇ ਸੇਠ ਦੀ ਸੀ। ਚੰਗਾ ਮਾਲ ਹੱਥ ਲੱਗਣ ਦੀ ਸੰਭਾਵਨਾ ਸੀ। ਜੁਰਮ ਬਹੁਤੇ ਸੰਗੀਨ ਨਹੀਂ ਸਨ ਕੀਤੇ ਜਾਣੇ। ਘਰ ਦੇ ਮੈਂਬਰਾਂ ਨੂੰ ਥੋੜ੍ਹੀ ਕੁੱਟ ਚਾੜ੍ਹਨੀ ਸੀ। ਕੁੜੀ ਦੀ ਬੇਇਜ਼ਤੀ ਕਰਨੀ ਸੀ।

ਠੇਕੇਦਾਰ ਬਹੁਤ ਅਜਿਹੇ ਭਈਆਂ ਨੂੰ ਜਾਣਦਾ ਸੀ ਜਿਹੜੇ ਕਾਲੇ ਕੱਛਿਆਂ ਵਾਲੇ ਬਣ ਕੇ ਲੁੱਟਾਂ ਖੋਹਾਂ ਕਰਦੇ ਸਨ। ਸੌ ਚੋਂ ਮਸਾਂ ਪੰਜ ਚਾਰ ਫੜੇ ਜਾਂਦੇ ਸਨ। ਬਾਕੀ ਕੇਸ ਰਫ਼ਾ ਦਫ਼ਾ ਹੋ ਜਾਂਦੇ ਸਨ।

ਡੋਲਦੇ ਮਨ ਨਾਲ ਚਾਚੇ ਨੇ ਭਤੀਜੇ ਦੀ ਇਹ ਜ਼ਿੱਦ ਵੀ ਪੁਗਾ ਦਿੱਤੀ।

ਆਖ਼ਰੀ ਵਕਤ ਤਕ ਠੇਕੇਦਾਰ ਦਾ ਕੋਠੀ ਅੰਦਰ ਜਾਣ ਦਾ ਕੋਈ ਇਰਾਦਾ ਨਹੀਂ ਸੀ। ਉਸਨੇ ਬਾਹਰ ਰਹਿ ਕੇ ਖ਼ਤਰਿਆਂ ਨੂੰ ਭਾਂਪਨਾ ਸੀ ਅਤੇ ਲੋੜ ਪੈਣ ’ਤੇ ਅੰਦਰਲਿਆਂ ਨੂੰ ਸੂਚਿਤ ਕਰਨਾ ਸੀ।

ਉਸਦਾ ਦੂਸਰਾ ਕੰਮ ਵਾਰਦਾਤ ਤੋਂ ਬਾਅਦ ਮਾਲ ਅਤੇ ਬੰਦਿਆਂ ਨੂੰ ਸਹੀ ਥਾਂ ਪੁੱਜਦੇ ਕਰਨਾ ਸੀ।

ਰਾਮ ਲੁਭਾਇਆ ਨੂੰ ਹਥਿਆਰ, ਬੈਗ, ਦਸਤਾਨੇ, ਕਾਲੇ ਕੱਪੜੇ ਅਤੇ ਕਾਲੀਆਂ ਐਨਕਾਂ ਖਰੀਦਣ ਲਈ ਪੰਜ ਹਜ਼ਾਰ ਰੁਪਏ ਮਿਲੇ ਸਨ। ਕੱਪੜੇ ਵਾਰਦਾਤ ਬਾਅਦ ਸਾੜ ਦਿੱਤੇ ਜਾਣੇ ਸਨ। ਫੇਰ ਨਵੇਂ ਕਿਉਂ ਖਰੀਦੇ ਜਾਣ? ਉਸਨੇ ਕਬਾੜੀ ਦੀ ਦੁਕਾਨ ਤੋਂ ਪੁਰਾਣੇ ਕੱਪੜੇ ਖਰੀਦ ਲਏ। ਚਾਕੂ, ਛੁਟੇ ਖਰੀਦਣ ਦੀ ਜ਼ਰੂਰਤ ਨਹੀਂ ਸੀ। ਕਿਸੇ ਦਾ ਕਤਲ ਥੋੜ੍ਹਾ ਕਰਨਾ ਸੀ। ਭੰਨ ਤੋੜ ਲਈ ਦੋ ਲੋਹੇ ਦੇ ਰਾਡ ਬਥੇਰੇ ਸਨ। ਰਾਡ ਅਤੇ ਬੈਗ ਉਹ ਮਾਲਕਾਂ ਦੀ ਫੈਕਟਰੀਉਂ ਚੁੱਕ ਲਿਆਇਆ। ਪੰਜ ਹਜ਼ਾਰ ਵਿਚੋਂ ਪੰਜ ਸੌ ਖਰਚ ਹੋਇਆ। ਪੰਤਾਲੀ ਸੌ ਬਚ ਗਿਆ। ਇਸ ਸ਼ੁਭ ਮਹੂਰਤ ’ਤੇ ਰਾਮ ਲੁਭਾਇਆ ਡਾਢਾ ਖੁਸ਼ ਹੋਇਆ ਸੀ।

ਭਤੀਜੇ ਦੇ ਸਾਥੀਆਂ ਨੂੰ ਮਿਲ ਕੇ ਚਾਚੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ।

ਇਹ ਤੇ ਖੂੰਖਾਰ ਮੁਲਜ਼ਮ ਸਨ। ਆਉਣਾ ਦੋ ਨੇ ਸੀ, ਆਏ ਤਿੰਨ ਸਨ। ਇੱਕ ਛੋਟੀ ਉਮਰ ਦਾ ਸੀ। ਕਹਿੰਦੇ ਉਹ ਨਵਾਂ ਚੇਲਾ ਮੁੰਨਿਆ ਸੀ। ਪਹਿਲੀ ਵਾਰ ਕੰਮ ’ਤੇ ਆਇਆ ਸੀ।

ਠੇਕੇਦਾਰ ਦਾ ਮੱਥਾ ਠਣਕਿਆ। ਭਤੀਜਾ ਆਪਣੇ ਉਸਤਾਦ ਦੀ ਚਾਲ ਵਿੱਚ ਫਸ ਗਿਆ ਸੀ। ਭਤੀਜੇ ਨੇ ਉਨ੍ਹਾਂ ਨੂੰ ਨਾਲ ਨਹੀਂ ਸੀ ਰਲਾਇਆ। ਉਨ੍ਹਾਂ ਨੇ ਭਤੀਜੇ ਨੂੰ ਨਾਲ ਰਲਾਇਆ ਸੀ। ਸੁਪਾਰੀ ਦੀਆਂ ਸ਼ਰਤਾਂ ਮੁਤਾਬਕ ਘਰ ਵਾਲਿਆਂ ਨੂੰ ਮਾਮੂਲੀ ਸੱਟਾਂ ਮਾਰੀਆਂ ਜਾਣੀਆਂ ਸਨ। ਪਰ ਪੰਡਿਤ ਦੇ ਸਾਥੀ ਕਤਲ ਦੀ ਤਿਆਰੀ ਕਰਕੇ ਆਏ ਸਨ।

ਉਨ੍ਹਾਂ ਕੋਲ ਦੋ ਹੱਥ ਲੰਬੇ ਛੁਰੇ ਅਤੇ ਤੇਜ਼ਧਾਰ ਚਾਕੂ ਸਨ। ਪਲਾਸ, ਪੇਚਕਸ ਅਤੇ ਹੋਰ ਨਿਕ ਸੁਕ ਤੋਂ ਇਲਾਵਾ ਉਨ੍ਹਾਂ ਕੋਲ ਸੇਫ਼ ਅਤੇ ਅਲਮਾਰੀਆਂ ਦੇ ਜਿੰਦੇ ਖੋਲ੍ਹਣ ਵਾਲੀ ਮਾਸਟਰ ਕੀ ਵੀ ਸੀ।

ਰਾਮ ਲੁਭਾਇਆ ਦਾ ਮਨ ਉਸਨੂੰ ਲਾਹਨਤਾਂ ਪਾਉਣ ਲੱਗਾ। ਉਸਨੂੰ ਲੱਗਾ ਉਹ ਅਤੇ ਉਸਦਾ ਭਤੀਜਾ ਕਿਸੇ ਗਹਿਰੀ ਸਾਜ਼ਸ਼ ਦਾ ਸ਼ਿਕਾਰ ਹੋ ਗਏ ਹਨ। ਹੱਥਕੜੀਆਂ ਲੱਗਣ ਹੀ ਵਾਲੀਆਂ ਸਨ। ਪਰ ਹੁਣ ਪਿੱਛੇ ਵੀ ਨਹੀਂ ਸੀ ਹਟਿਆ ਜਾ ਸਕਦਾ।

ਮਜਬੂਰੀ ਵੱਸ ਉਸਨੂੰ ਵੀ ਕੋਠੀ ਦੀ ਕੰਧ ਟੱਪਣੀ ਪੈ ਗਈ।

ਅੰਦਰ ਉਹੋ ਹੋਇਆ ਜਿਸਦਾ ਰਾਮ ਲੁਭਾਇਆ ਨੂੰ ਡਰ ਸੀ।

ਅਲਮਾਰੀ ਦੀਆਂ ਚਾਬੀਆਂ ਦੇਣ ਤੋਂ ਥੋੜ੍ਹੀ ਜਿਹੀ ਨਾਂਹ ਨੁਕਰ ਕਰਨ ਉਪਰ ਹੀ ਪੰਡਿਤ ਨੇ ਮਾਲਕਣ ਦੇ ਸਿਰ ਵਿੱਚ ਰਾਡ ਜੜ ਦਿੱਤੀ। ਉਹ ਭੁਆਟਣੀ ਖਾ ਕੇ ਜ਼ਮੀਨ ‘ਤੇ ਡਿੱਗ ਪਈ।

ਘਰਵਾਲੀ ਦੀ ਦੁਰਦਸ਼ਾ ਦੇਖ ਕੇ ਜਦੋਂ ਮਾਲਕ ਸਭ ਕੁੱਝ ਹਵਾਲੇ ਕਰਨ ਲਈ ਸਹਿਮਤ ਹੋ ਗਿਆ ਸੀ ਫੇਰ ਉਸ ਦੀਆਂ ਟੰਗਾਂ ਬਾਹਾਂ ਤੋੜਨ ਦੀ ਕੀ ਜ਼ਰੂਰਤ ਸੀ?

ਸਮਾਨ ਲੁੱਟਣ ਦੀ ਥਾਂ ਦੀਨਾ ਕੁੜੀ ਦੇ ਬੈਡਰੂਮ ਵਿੱਚ ਘੁਸ ਗਿਆ। ਛੋਟੇ ਕੱਪੜਿਆਂ ਵਿੱਚ ਅੱਧਨੰਗੀ ਪਈ ਕੁੜੀ ਦੇਖ ਕੇ ਉਸਦਾ ਮਨ ਮਚਲ ਗਿਆ। ਉਹ ਉਸ ਉਪਰ ਕੁੱਤਿਆਂ ਵਾਂਗ ਝੱਪਟ ਪਿਆ।

ਭੈਣ ਦਾ ਚੀਕ ਚਿਹਾੜਾ ਸੁਣ ਕੇ ਭਰਾ ਦੀ ਅੱਖ ਖੁੱਲ੍ਹ ਗਈ। ਉਹ ਕੁੜੀ ਦੇ ਬੈਡਰੂਮ ਵਿੱਚ ਜਾ ਕੇ ਦੀਨੇ ਨੂੰ ਧੂਹਣ ਲੱਗਾ।

ਪੰਚਮ ਨੇ ਉਸ ਨੂੰ ਘੜੀਸ ਕੇ ਲਾਬੀ ਵਿੱਚ ਲੈ ਆਂਦਾ। ਠੇਕੇਦਾਰ ਦੇ ਰੋਕਦੇ ਰੋਕਦੇ ਛੁਰਾ ਉਸਦੇ ਢਿੱਡ ਵਿੱਚ ਖੋਭ ਦਿੱਤਾ।

ਰਾਮ ਲੁਭਾਇਆ ਉਨ੍ਹਾਂ ਦੀਆਂ ਮਿੰਨਤਾਂ ਕਰਦਾ ਰਿਹਾ। ਪਹਿਲਾਂ ਮਾਲਕਾਂ ਨੂੰ ਨਾਲ ਲੈ ਕੇ ਸੋਨਾ ਚਾਂਦੀ ਲੈ ਲਵੋ। ਕਿਸੇ ਨੇ ਉਸਦੀ ਇੱਕ ਨਾ ਸੁਣੀ। ਲਗਦਾ ਸੀ ਉਨ੍ਹਾਂ ਨੂੰ ਪੈਸੇ ਧੇਲੇ ਵਿੱਚ ਘੱਟ ਅਤੇ ਕੁੱਟਮਾਰ ਵਿੱਚ ਜ਼ਿਆਦਾ ਦਿਲਚਸਪੀ ਸੀ।

ਜਦੋਂ ਸਾਰੇ ਮੈਂਬਰ ਬੇਹੋਸ਼ ਹੋ ਗਏ ਤਾਂ ਬਹੁਤ ਕੁੱਝ ਪੱਲੇ ਵੀ ਨਾ ਪਿਆ। ਜੋ ਜਿਸ ਦੇ ਹੱਥ ਆਇਆ ਲੈ ਕੇ ਦੌੜ ਪਿਆ।

ਕਾਲੀਏ ਨੇ ਇੱਕ ਰੰਗਦਾਰ ਟੀ.ਵੀ.ਚਾਦਰ ਵਿੱਚ ਲਪੇਟ ਲਿਆ। ਦੀਨੇ ਨੇ ਟੇਪਰਿਕਾਰਡਰ ਅਤੇ ਵੀ.ਸੀ.ਆਰ.ਸਮੇਟ ਲਿਆ। ਪੰਡਿਤ ਨੇ ਇੱਕ ਅਲਮਾਰੀ ਵਿੱਚ ਪਈਆਂ ਸਾੜ੍ਹੀਆਂ, ਸੂਟ ਅਤੇ ਹੋਰ ਨਿੱਕ ਸੁੱਕ ਨੂੰ ਇਕੱਠਾ ਕੀਤਾ ਅਤੇ ਗਠੜੀ ਵਿੱਚ ਬੰਨ੍ਹ ਲਿਆ। ਕੁੱਝ ਨਕਦੀ ਅਤੇ ਗਹਿਣੇ ਰਾਮ ਲੁਭਾਇਆ ਦੇ ਹੱਥ ਲਗ ਗਏ।

ਆਪਣੇ ਹਿੱਸੇ ਦਾ ਸਮਾਨ ਲੈ ਕੇ ਪੰਡਿਤ ਦੇ ਸਾਥੀ ਮੌਕੇ ਵਾਲੀ ਥਾਂ ਤੋਂ ਹੀ ਆਪਣੇ ਰਾਹ ਪੈ ਗਏ। ਪੰਡਿਤ ਆਪਣੇ ਕੁਆਟਰ ਚਲਾ ਗਿਆ।

ਸਾਰਾ ਦਿਨ ਰਾਮ ਲੁਭਾਇਆ ਆਪਣੇ ਘਰ ਛੁਪਿਆ ਰਿਹਾ। ਕਦੇ ਉਸ ਨੂੰ ਗ੍ਰਿਫ਼ਤਾਰ ਹੋਣ ਦਾ ਡਰ ਲਗਦਾ। ਕਦੇ ਹੱਥ ਲੱਗੇ ਮਾਲ ਨੂੰ ਦੇਖ ਕੇ ਖੁਸ਼ੀ ਹੁੰਦੀ।

ਠੇਕੇਦਾਰ ਸੋਚ ਰਿਹਾ ਸੀ। ਭਤੀਜੇ ਦੇ ਸਾਥੀ ਮੌਕੇ ’ਤੇ ਹੀ ਛਾਈਂ ਮਾਈਂ ਹੋ ਗਏ ਸਨ। ਭਤੀਜਾ ਕਦੋਂ ਦਾ ਬੰਬੇ ਵਾਲੀ ਗੱਡੀ ਚੜ੍ਹ ਚੁੱਕਾ ਹੋਣਾ ਹੈ। ਰਾਮ ਲੁਭਾਇਆ ਦਾ ਨਾਂ ਕਿਸ ਨੇ ਲੈਣਾ ਹੈ?

ਡਰ ਅਤੇ ਖੁਸ਼ੀ ਦੀ ਖਿਚੋਤਾਣ ਵਿੱਚ ਫਸਿਆ ਰਾਮ ਲੁਭਾਇਆ ਸਵੇਰ ਤੋਂ ਅੰਗਰੇਜ਼ੀ ਸ਼ਰਾਬ ਪੀ ਰਿਹਾ ਸੀ। ਉਹ ਸ਼ਰਾਬ ਗਮ ਗਲਤ ਕਰਨ ਲਈ ਪੀ ਰਿਹਾ ਸੀ ਜਾਂ ਖੁਸ਼ੀ ਮਨਾਉਣ ਲਈ, ਇਸਦੀ ਸੂਹ ਸੂਹੀਆਂ ਨੂੰ ਨਹੀਂ ਸੀ ਮਿਲ ਸਕੀ।

ਸਾਦੇ ਕੱਪੜਿਆਂ ਵਿੱਚ ਖੁਫ਼ੀਆ ਵਿਭਾਗ ਦੇ ਕਰਮਚਾਰੀਆਂ ਨੇ ਉਸਦੇ ਘਰ ਨੂੰ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਨੂੰ ਪੁਲਿਸ ਕਪਤਾਨ ਦੇ ਅਗਲੇ ਹੁਕਮਾਂ ਦੀ ਉਡੀਕ ਸੀ।

ਖੁਫ਼ੀਆ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਪਤਾਨ ਦਾ ਮਨ ਗਦਗਦ ਹੋ ਗਿਆ।

ਮਨ ਹੀ ਮਨ ਖੁਫ਼ੀਆ ਵਿਭਾਗ ਦੇ ਜਵਾਨਾਂ ਨੂੰ ਸਲੂਟ ਮਾਰਕੇ ਕਪਤਾਨ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।

“ਹੁਣ ਉਡੀਕ ਕਿਸਦੀ ਹੈ? ਤੁਰੰਤ ਕਾਰਵਾਈ ਕਰੋ।”

ਖੁਸ਼ੀ ਚ ਝੂਮਦੇ ਕਪਤਾਨ ਨੇ ਜਵਾਨਾਂ ਨੂੰ ਹੁਕਮ ਸੁਣਾਇਆ।

ਇੱਕ ਤਾੜਨਾ ਵੀ ਕੀਤੀ। ਰਾਮ ਲੁਭਾਇਆ ਦੀ ਗ੍ਰਿਫ਼ਤਾਰੀ ਦਾ ਅਸਲ ਕਾਰਨ ਗੁਪਤ ਰੱਖਿਆ ਜਾਵੇ।

Additional Info

  • Writings Type:: A single wirting
Read 20 times
ਮਿੱਤਰ ਸੈਨ ਮੀਤ

This e-mail address is being protected from spambots. You need JavaScript enabled to view it