You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 10-11

ਲੇਖ਼ਕ

Sunday, 08 April 2018 02:18

ਕੌਰਵ ਸਭਾ - ਕਾਂਡ 10-11

Written by
Rate this item
(0 votes)

-10-

 

ਸਵੇਰੇ ਨਸ਼ਾ ਉਤਰਣ ਤੋਂ ਪਹਿਲਾਂ ਹੀ ਪੁਲਿਸ ਨੇ ਠੇਕੇਦਾਰ ਨੂੰ ਆ ਦਬੋਚਿਆ।

ਪਹਿਲਾਂ ਰਾਮ ਲੁਭਾਇਆ ਨੂੰ ਲੱਗਾ ਉਹ ਸੁਪਨਾ ਦੇਖ ਰਿਹਾ ਹੈ। ਨਸ਼ੇ ਅਤੇ ਨੀਂਦ ਦੀ ਲੋਰ ਵਿੱਚ ਉਸਨੂੰ ਕਈ ਵਾਰ ਪੁਲਿਸ ਆਪਣੇ ਘਰ ਛਾਪੇ ਮਾਰਦੀ ਨਜ਼ਰ ਆਈ ਸੀ।

ਮਾਰ ਤੋਂ ਡਰਦਾ ਜਦੋਂ ਉਹ ਤ੍ਰਭਕਦਾ ਸੀ ਤਾਂ ਉਸਦੀ ਅੱਖ ਖੁਲ੍ਹ ਜਾਂਦੀ ਸੀ ਅਤੇ ਉਹ ਸੁਖ ਦਾ ਸਾਹ ਲੈਂਦਾ ਸੀ।

ਇਸ ਵਾਰ ਜਦੋਂ ਡਾਂਗਾਂ ਤਾੜ ਤਾੜ ਉਸਦੇ ਮੌਰਾਂ ਵਿੱਚ ਪੈਣ ਲੱਗੀਆਂ ਅਤੇ ਸਾਰੇ ਸਰੀਰ ਵਿਚੋਂ ਸੇਕ ਨਿਕਲਣ ਲੱਗਾ ਫੇਰ ਉਸਨੂੰ ਅਹਿਸਾਸ ਹੋਇਆ ਇਹ ਸੁਪਨਾ ਨਹੀਂ ਹਕੀਕਤ ਸੀ।

ਡੌਰ ਭੌਰ ਹੋਈ ਪਤਨੀ ਅਤੇ ਡਰੇ ਸਹਿਮੇ ਬੱਚੇ ਰਾਮ ਲੁਭਾਇਆ ’ਤੇ ਪੈਂਦੀ ਕੁੱਟ, ਸਬਰ ਦਾ ਘੁੱਟ ਭਰਦੇ ਦੇਖਦੇ ਰਹੇ।

ਕੁੱਝ ਪੁਲਸੀਏ ਘਰ ਦੀ ਤਲਾਸ਼ੀ ਲੈਣ ਲੱਗੇ। ਸਾਰਾ ਸਮਾਨ ਇਧਰ ਉਧਰ ਸੁੱਟਣ ਲੱਗੇ।

ਭਈਆਂ ਦੀਆਂ ਬਸਤੀਆਂ ਵਿੱਚ ਮੂੰਹ ਹਨੇਰੇ ਪੁਲਿਸ ਦੇ ਛਾਪੇ ਕੋਈ ਨਵੀਂ ਗੱਲ ਨਹੀਂ ਸੀ। ਘਰਾਂ ਦੀਆਂ ਤਲਾਸ਼ੀਆਂ ਦੌਰਾਨ ਮਿਲੇ ਕੀਮਤੀ ਸਮਾਨ ਦਾ ਜ਼ਬਤ ਹੋ ਜਾਣਾ ਵੀ ਕੋਈ ਅਣਹੋਣੀ ਗੱਲ ਨਹੀਂ ਸੀ।

ਇਸ ਵਾਰ ਵਿਲੱਖਣ ਗੱਲ ਇਹ ਸੀ ਮਾਰ ਕੁਟਾਰੀ ਅਤੇ ਤਲਾਸ਼ੀ ਕਿਸੇ ਆਮ ਭਈਏ ਦੀ ਨਹੀਂ, ਸਗੋਂ ਠੇਕੇਦਾਰ ਦੀ ਹੋ ਰਹੀ ਸੀ।

“ਲਿਆ ਬਈ ਰਾਤ ਵਾਲਾ ਮਾਲ ਲਿਆ? ਕਿੱਥੇ ਹੈ ਕੈਸ਼ ਅਤੇ ਗਹਿਣੇ? ਬਾਕੀ ਦੇ ਸਾਥੀ ਕਿਥੇ ਲਕੋਏ ਨੇ?”

“ਕੌਣ ਸਾ ਪੈਸਾ? ਕੌਣ ਸੇ ਬੰਦੇ?” ਕਰੜਾ ਹੱਡ ਹੋਣ ਕਾਰਨ ਰਾਮ ਲੁਭਾਇਆ ਮਾਰ ਝੱਲ ਰਿਹਾ ਸੀ”

ਰਾਮ ਲੁਭਾਇਆ ਦੀ ਪਤਨੀ ਤੋਂ ਪਤੀ ’ਤੇ ਪੈਂਦੀ ਮਾਰ ਝੱਲ ਨਾ ਹੋਈ। ਉਸਨੇ ਆਪਣੇ ਨਾਲੇ ਨਾਲ ਬੰਨ੍ਹੀ ਟਰੰਕ ਦੀ ਚਾਬੀ ਨਾਲੇ ਨਾਲੋਂ ਖੋਲ੍ਹ ਕੇ ਹੌਲਦਾਰ ਅੱਗੇ ਸੁੱਟ ਦਿੱਤੀ।

ਉਹ ਆਪ ਟਰੰਕ ਦੀ ਤਲਾਸ਼ੀ ਲੈ ਲਏ।

ਪਤਨੀ ਦਾ ਖਿਆਲ ਸੀ ਟਰੰਕ ਵਿੱਚ ਦੋ ਤਿੰਨ ਹਜ਼ਾਰ ਰੁਪਏ ਹੋਣਗੇ। ਉਹ ਲੈ ਕੇ ਪੁਲਿਸ ਟਲ ਜਾਏਗੀ।

ਇੱਕ ਸਿਪਾਹੀ ਨੇ ਟਰੰਕ ਵਿਹੜੇ ਵਿੱਚ ਚੁੱਕ ਲਿਆਂਦਾ। ਸਭ ਦੇ ਸਾਹਮਣੇ ਜਿੰਦਰਾ ਖੋਲ੍ਹਿਆ। ਅੰਦਰੋਂ ਬਰਾਮਦ ਹੋਇਆ ਸਮਾਨ ਦੇਖਕੇ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਸੱਤਰ ਹਜ਼ਾਰ ਦੀ ਨਕਦੀ ਦੇ ਨਾਲ ਨਾਲ ਦੋ ਕੀਮਤੀ ਸਾੜ੍ਹੀਆਂ ਅਤੇ ਇੱਕ ਸੋਨੇ ਦਾ ਨਿੱਗਰ ਹਾਰ ਟਰੰਕ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ।

ਨਕਦੀ ਠੇਕੇਦਾਰ ਦੀ ਹੋ ਸਕਦੀ ਸੀ। ਸਾੜ੍ਹੀਆਂ ਅਤੇ ਸੋਨੇ ਦਾ ਹਾਰ ਪਾਉਣ ਦੇ ਯੋਗ ਤੇ ਨਹੀਂ ਸੀ ਭਈਆ ਰਾਣੀ।

ਸਾੜ੍ਹੀਆਂ ਅਤੇ ਹਾਰ ਦੀ ਬਰਾਮਦਗੀ ’ਤੇ ਪੁਲਿਸ ਵਾਲੇ ਝੂਮ ਉੱਠੇ। ਘਟਨਾ ਦੀ ਪਹਿਲੀ ਲੜੀ, ਪਹਿਲਾ ਠੋਸ ਸਬੂਤ ਉਨ੍ਹਾਂ ਦੇ ਹੱਥ ਲੱਗ ਚੁੱਕਾ ਸੀ। ਕੜੀ ਨਾਲ ਕੜੀ ਜੋੜਨਾ ਹੁਣ ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ।

ਮੌਕੇ ਤੋਂ ਮਿਲੀ ਸਫ਼ਲਤਾ ਦੀ ਸੂਚਨਾ ਕਪਤਾਨ ਨੂੰ ਦਿੱਤੀ। ਅਗਲੀ ਕਾਰਵਾਈ ਲਈ ਰਹਿਨੁਮਾਈ ਮੰਗੀ ਗਈ।

ਕਪਤਾਨ ਦੀ ਹਦਾਇਤ ਉਪਰ ਉਸਦੇ ਘਰ ਦੀ ਮੁਕੰਮਲ ਤਲਾਸ਼ੀ ਲਈ ਗਈ।

ਹਿਸਾਬ ਕਿਤਾਬ ਵਾਲੀਆਂ ਕਾਪੀਆਂ, ਜੇਬ ਡਾਇਰੀ, ਬੈਗ, ਲੋਕਾਂ ਦੇ ਵਿਜ਼ਟਿੰਗ ਕਾਰਡ ਸਭ ਕਬਜ਼ੇ ਵਿੱਚ ਲੈ ਲਏ ਗਏ।

ਉਸਦੇ ਘਰ ਨੂੰ ਸੀਲ ਕਰ ਦਿੱਤਾ ਗਿਆ। ‘ਕਪਤਾਨ ਦੇ ਮੌਕਾ ਦੇਖਣ ਤਕ ਕੋਈ ਕਿਸੇ ਚੀਜ਼ ਨੂੰ ਹੱਥ ਨਾ ਲਾਵੇ।’ ਇਹ ਹੁਕਮ ਝਾੜਿਆ ਗਿਆ।

ਠੇਕੇਦਾਰ ਅਤੇ ਬਰਾਮਦ ਹੋਏ ਸਾਮਾਨ ਨੂੰ ਕਪਤਾਨ ਅੱਗੇ ਪੇਸ਼ ਕੀਤਾ ਗਿਆ।

ਕਪਤਾਨ ਨੇ ਹਿਸਾਬ ਕਿਤਾਬ ਵਾਲੀਆਂ ਕਾਪੀਆਂ ਫਰੋਲ ਕੇ ਉਨ੍ਹਾਂ ਸਾਰੇ ਬੰਦਿਆਂ ਦੀ ਲਿਸਟ ਬਣਾਈ ਜਿਨ੍ਹਾਂ ਨਾਲ ਠੇਕੇਦਾਰ ਦਾ ਲੈਣ ਦੇਣ ਸੀ।

ਵੇਦ ਕੋਠੀਆਂ, ਦੁਕਾਨਾਂ ਲੈਣ ਦੇਣ ਦਾ ਕੰਮ ਕਰਦਾ ਸੀ। ਛੋਟੀ ਮੋਟੀ ਮੁਰੰਮਤ ਲਈ ਉਸਨੂੰ ਮਿਸਤਰੀ ਮਜ਼ਦੂਰਾਂ ਦੀ ਲੋੜ ਪੈਂਦੀ ਸੀ। ਰਾਮ ਲੁਭਾਇਆ ਦੀ ਉਸ ਨਾਲ ਕੋਈ ਕੜੀ ਜੁੜੀ ਹੋ ਸਕਦੀ ਸੀ।

ਠੇਕੇਦਾਰ ਦੀ ਡਾਇਰੀ ਵਿੱਚ ਦਰਜ ਫ਼ੋਨ ਨੰਬਰਾਂ ਦੇ ਮਾਲਕਾਂ ਦੇ ਵੇਰਵੇ ਇਕੱਠੇ ਕੀਤੇ ਗਏ। ਉਨ੍ਹਾਂ ਵਿਚੋਂ ਇੱਕ ਨੰਬਰ ਪੰਕਜ ਦੇ ਮੋਬਾਈਲ ਫ਼ੋਨ ਦਾ ਵੀ ਸੀ।

ਪੁਲਿਸ ਕਪਤਾਨ ਨੇ ਮੁੱਖ ਅਫ਼ਸਰ ਵੱਲੋਂ ਇਸ ਮੁਕੱਦਮੇ ਸੰਬੰਧੀ ਤਿਆਰ ਕੀਤੀ ਰਿਪੋਰਟ ਉਪਰ ਪਹਿਲਾਂ ਸਰਸਰੀ ਨਜ਼ਰ ਮਾਰੀ ਸੀ। ਪਰਚੇ ਵਿੱਚ ਭਾਵੇਂ ਮੁਦਈ ਨੇ ਕਿਸੇ ’ਤੇ ਸ਼ੱਕ ਜ਼ਾਹਿਰ ਨਹੀਂ ਸੀ ਕੀਤਾ। ਵੈਸੇ ਰਾਮ ਨਾਥ ਨੇ ਵੇਦ ਪਰਿਵਾਰ ਨੂੰ ਪੰਕਜ ਤੋਂ ਮਿਲਦੀਆਂ ਧਮਕੀਆਂ ਦਾ ਜ਼ਿਕਰ ਕੀਤਾ ਸੀ। ਪੰਕਜ ਦਾ ਨਾਂ ‘ਸ਼ੱਕੀ ਬੰਦਿਆਂ’ ਵਿੱਚ ਬੋਲਦਾ ਸੀ।

ਪੁਲਿਸ ਕਪਤਾਨ ਨੇ ਇੱਕ ਵਾਰ ਫੇਰ ਰਿਪੋਰਟ ’ਤੇ ਨਜ਼ਰ ਮਾਰੀ। ਇਸ ਵਾਰ ਪੂਰੀ ਡੂੰਘਾਈ ਨਾਲ।

ਫੇਰ ਠੇਕੇਦਾਰ ਦੇ ਬੈਗ ਵਿਚੋਂ ਮਿਲੇ ਵਿਜ਼ਟਿੰਗ ਕਾਰਡਾਂ ਦੀ ਘੋਖ ਹੋਈ। ਉਨ੍ਹਾਂ ਵਿਚੋਂ ਇੱਕ ਪੰਕਜ ਦਾ ਸੀ।

ਪੰਕਜ ਅਤੇ ਠੇਕੇਦਾਰ ਵਿਚਕਾਰ ਸਥਾਪਤ ਹੋਈ ਇਸ ਦੂਜੀ ਕੜੀ ਨੇ ਕਪਤਾਨ ਲਈ ਅਗਲਾ ਰਸਤਾ ਖੋਲ੍ਹ ਦਿੱਤਾ।

ਪੰਕਜ ਦੇ ਪਿਛੋਕੜ, ਉਸ ਦੇ ਕਾਰੋਬਾਰ, ਫੈਕਟਰੀਆਂ ਵਿੱਚ ਬਣਦੇ ਪੁਰਜ਼ਿਆਂ, ਕੰਮ ਕਰਦੇ ਮਜ਼ਦੂਰਾਂ ਦੀ ਗਿਣਤੀ, ਸਭ ਪਹਿਲੂਆਂ ’ਤੇ ਵਿਸਤਰਤ ਜਾਣਕਾਰੀ ਹਾਸਲ ਕੀਤੀ ਗਈ।

ਕਪਤਾਨ ਨੂੰ ਰਾਮ ਨਾਥ ਦਾ ਪੰਕਜ ਹੋਰਾਂ ਉਪਰ ਕੀਤਾ ਸ਼ੱਕ ਸੱਚ ਵਿੱਚ ਬਦਲਦਾ ਨਜ਼ਰ ਆਉਣ ਲੱਗਾ।

ਪੰਕਜ ਸ਼ਹਿਰ ਦੇ ਗਿਣੇ ਚੁਣੇ ਸ਼ਹਿਰੀਆਂ ਵਿਚੋਂ ਇੱਕ ਸੀ। ਬਿਨਾਂ ਠੋਸ ਸਬੂਤ ਤੋਂ ਉਸ ਨੂੰ ਹੱਥ ਪਾਉਣਾ ਖ਼ਤਰੇ ਤੋਂ ਖਾਲੀ ਨਹੀਂ ਸੀ।

ਥਾਣੇ ਦੇ ਮੁੱਖ ਅਫ਼ਸਰ ਉਪਰ ਕਪਤਾਨ ਨੂੰ ਬਹੁਤਾ ਭਰੋਸਾ ਨਹੀਂ ਸੀ। ਉਹ ਮੁਲਜ਼ਮਾਂ ਕੋਲ ਮੁਖ਼ਬਰੀ ਕਰਕੇ ਖੇਡ ਵਿਗਾੜ ਸਕਦਾ ਸੀ।

ਇਸ ਤਫ਼ਤੀਸ਼ ਵਿੱਚ ਖੁਫ਼ੀਆ ਵਿਭਾਗ ਕਪਤਾਨ ਨੂੰ ਸਭ ਤੋਂ ਵੱਧ ਸਹਿਯੋਗ ਦੇ ਰਿਹਾ ਸੀ। ਇੱਕ ਵਾਰ ਫੇਰ ਇਸ ਵਿਭਾਗ ਦੀ ਪਿੱਠ ਥਾਪੜੀ ਗਈ।

ਠੇਕੇਦਾਰ ਨੇ ਪੰਕਜ ਲਈ ਕੀ ਕੀ ਕੰਮ ਕੀਤੇ? ਉਸ ਦੀ ਕਿਸੇ ਕੋਠੀ ਜਾਂ ਫੈਕਟਰੀ ਦੀ ਉਸਾਰੀ ਉਸ ਰਾਹੀਂ ਹੋਈ? ਕਦੇ ਉਨ੍ਹਾਂ ਲਈ ਠੇਕੇਦਾਰ ਨੇ ਮਜ਼ਦੂਰ ਭਰਤੀ ਕਰਕੇ ਦਿੱਤੇ? ਜੇ ਪੰਕਜ ਦਾ ਫ਼ੋਨ ਅਤੇ ਕਾਰਡ ਠੇਕੇਦਾਰ ਕੋਲ ਸੀ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਸੰਬੰਧ ਜ਼ਰੂਰ ਸੀ। ਇਹ ਕੀ ਸੰਬੰਧ ਸੀ? ਕਪਤਾਨ ਨੂੰ ਇਸਦੀ ਜਾਣਕਾਰੀ ਚਾਹੀਦੀ ਸੀ।

ਪ੍ਰਤੱਖ ਤੌਰ ’ਤੇ ਠੇਕੇਦਾਰ ਨੇ ਪੰਕਜ ਹੋਰਾਂ ਲਈ ਕੋਈ ਕੰਮ ਨਹੀਂ ਸੀ ਕੀਤਾ। ਪਿਛਲੇ ਸੱਤ ਦਿਨਾਂ ਵਿੱਚ ਦੋ ਵਾਰ ਉਹ ਪੰਕਜ ਦੀ ਫੈਕਟਰੀ ਵਿੱਚ ਗਿਆ ਸੀ। ਦੋਵੇਂ ਸਮੇਂ ਦੋਵੇਂ ਭਰਾ ਫੈਕਟਰੀ ਵਿੱਚ ਹਾਜ਼ਰ ਸਨ। ਠੇਕੇਦਾਰ ਅਤੇ ਮਾਲਕਾਂ ਵਿਚਕਾਰ ਇਕੱਲਿਆਂ ਗੱਲ ਹੋਈ ਸੀ। ਦੂਸਰੀ ਮੁਲਾਕਾਤ ਬਾਅਦ ਠੇਕੇਦਾਰ ਫੈਕਟਰੀ ਵਿਚੋਂ ਦੋ ਰਾਡ ਅਤੇ ਦੋ ਛੋਟੇ ਬੈਗ ਲੈ ਕੇ ਆਇਆ ਸੀ। ਇਸ ਸੰਬੰਧੀ ਇੰਦਰਾਜ ਫੈਕਟਰੀ ਦੇ ਰਿਕਾਰਡ ਵਿੱਚ ਹੋਇਆ ਸੀ।

ਪੁਲਿਸ ਕਪਤਾਨ ਨਿਸ਼ਾਨੇ ਦੇ ਬਹੁਤ ਨੇੜੇ ਪੁੱਜ ਚੁੱਕਾ ਸੀ। ਵਾਰਦਾਤ ਸਮੇਂ ਦੋਸ਼ੀਆਂ ਨੇ ਦੋ ਰਾਡਾਂ ਦੀ ਵਰਤੋਂ ਕੀਤੀ ਸੀ। ਇੱਕ ਮੌਕੇ ਤੋਂ ਬਰਾਮਦ ਹੋਈ ਸੀ। ਦੂਜੀ ਦੋਸ਼ੀ ਨਾਲ ਲੈ ਗਏ ਸਨ। ਇੱਕ ਬੈਗ ਮੌਕੇ ਵਾਲੀ ਥਾਂ ਤੋਂ ਬਰਾਮਦ ਹੋਇਆ ਸੀ। ਦੂਸਰਾ ਠੇਕੇਦਾਰ ਦੇ ਘਰੋਂ। ਬਸ ਹੁਣ ਇਹੋ ਤਸਦੀਕ ਕਰਨਾ ਬਾਕੀ ਸੀ ਕਿ ਇਹ ਰਾਡ ਅਤੇ ਬੈਗ ਉਹੋ ਸਨ, ਜਿਹੜੇ ਫੈਕਟਰੀਓਂ ਗਏ ਸਨ ਜਾਂ ਹੋਰ?

ਮੌਕੇ ਤੋਂ ਬਰਾਮਦ ਹੋਏ ਮਾਲ ਦਾ ਇੱਕ ਵਾਰ ਫੇਰ ਮੁਆਇਨਾ ਕੀਤਾ ਗਿਆ।

ਮੌਕੇ ਤੋਂ ਬਰਾਮਦ ਹੋਏ ਬੈਗ ਉਪਰ ਪੰਕਜ ਦੀ ਫੈਕਟਰੀ ਦਾ ਨਾਂ ਛਪਿਆ ਹੋਇਆ ਸੀ। ਪੰਕਜ ਅਜਿਹੇ ਬੈਗ ਆਪਣੇ ਮਜ਼ਦੂਰਾਂ ਨੂੰ ਤੋਹਫ਼ੇ ਵਜੋਂ ਦਿੰਦਾ ਸੀ। ਰਾਮ ਲੁਭਾਇਆ ਦੇ ਘਰੋਂ ਬਰਾਮਦ ਹੋਇਆ ਬੈਗ ਇਸਦੇ ਨਾਲ ਦਾ ਸੀ।

ਰਾਡ ਉਪਰ ਖ਼ੂਨ ਅਤੇ ਮਿੱਟੀ ਜੰਮੀ ਹੋਈ ਸੀ। ਰਾਡ ਨੂੰ ਸਾਫ਼ ਕਰਕੇ ਇਨ੍ਹਾਂ ਸਬੂਤਾਂ ਨੂੰ ਮਿਟਾਉਣ ਦਾ ਜ਼ੋਖਮ ਲੈਣ ਦਾ ਤਾਂ ਹੀ ਫ਼ਾਇਦਾ ਸੀ, ਜੇ ਪਹਿਲਾਂ ਇਹ ਪਤਾ ਲੱਗੇ ਕਿ ਪੰਕਜ ਦੀ ਫੈਕਟਰੀ ਵਿੱਚ ਬਣਦੇ ਪੁਰਜ਼ਿਆਂ ਉਪਰ ਕੋਈ ਮਾਰਕਾ ਲਗਦਾ ਸੀ ਜਾਂ ਨਹੀਂ।

ਖੁਫ਼ੀਆ ਵਿਭਾਗ ਨੇ ਇਸ ਨੁਕਤੇ ’ਤੇ ਪੜਤਾਲ ਕੀਤੀ।

ਨੀਰਜ ਦੀ ਫੈਕਟਰੀ ਵਿੱਚ ਬਣਦਾ ਸਾਮਾਨ ਉੱਚ ਕੋਟੀ ਦਾ ਸੀ। ਉਨ੍ਹਾਂ ਦੇ ਪੁਰਜ਼ੇ ਆਮ ਪੁਰਜ਼ਿਆਂ ਨਾਲੋਂ ਮਹਿੰਗੇ ਸਨ। ਆਪਣੀ ਪਹਿਚਾਣ ਬਣਾਉਣ ਲਈ ਉਹ ਆਪਣੇ ਹਰ ਪੁਰਜ਼ੇ ਉਪਰ ਆਪਣਾ ਮਾਰਕਾ ਲਾਉਂਦੇ ਸਨ। ਨਮੂਨੇ ਲਈ ਸੂਹੀਏ ਨੇ ਇੱਕ ਰਾਡ ਬਾਜ਼ਾਰ ਵਿਚੋਂ ਖਰੀਦੀ ਅਤੇ ਲਿਆ ਕੇ ਕਪਤਾਨ ਅੱਗੇ ਰੱਖ ਦਿੱਤੀ।

ਵਿਗਿਆਨਕ ਢੰਗਾਂ ਦੀ ਮਦਦ ਨਾਲ ਰਾਡ ਦਾ ਮੁਆਇਨਾ ਕੀਤਾ ਗਿਆ। ਖ਼ੂਨ ਦੇ ਇੱਕ ਧੱਬੇ ਹੇਠੋਂ ਨੀਰਜ ਦੀ ਫੈਕਟਰੀ ਦਾ ਮਾਰਕਾ ਨਜ਼ਰ ਆ ਰਿਹਾ ਸੀ।

ਪੰਕਜ ਅਤੇ ਨੀਰਜ ਦੀ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਚੁੱਕਾ ਸੀ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੰਨੇ ਸਬੂਤ ਕਾਫ਼ੀ ਸਨ।

ਰਾਤ ਦੇਰ ਗਏ ਪੁਲਿਸ ਕਪਤਾਨ ਨੇ ਪ੍ਰੈਸ ਕਾਨਫਰੰਸ ਬੁਲਾਈ। ਠੇਕੇਦਾਰ ਅਤੇ ਉਸ ਕੋਲੋਂ ਫੜੇ ਸਮਾਨ ਨੂੰ ਪੱਤਰਕਾਰਾਂ ਅੱਗੇ ਪੇਸ਼ ਕੀਤਾ।

ਬਾਕੀ ਦੇ ਦੋਸ਼ੀਆਂ ਦੇ ਸੁਰਾਗ਼ ਮਿਲਣ ਅਤੇ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦੇ ਕੇ ਪੱਤਰਕਾਰਾਂ ਨੂੰ ਵਿਦਾ ਕੀਤਾ।

 

-11-

 

ਪੁਲਿਸ ਰਾਹੀਂ ਪੰਕਜ ਨੂੰ ਸੂਹ ਮਿਲ ਚੁੱਕੀ ਸੀ। ਰਾਮ ਨਾਥ ਨੂੰ ਪੰਕਜ ਹੋਰਾਂ ਉਪਰ ਸ਼ੱਕ ਸੀ। ਡਰ ਅਤੇ ਗੁੱਸੇ ਕਾਰਨ ਉਨ੍ਹਾਂ ਨੇ ਹਸਪਤਾਲ ਵੱਲ ਮੂੰਹ ਨਹੀਂ ਸੀ ਕੀਤਾ।

ਉੱਡਦੀ ਉੱਡਦੀ ਖ਼ਬਰ ਰਿਸ਼ਤੇਦਾਰਾਂ ਦੇ ਕੰਨੀਂ ਜਾ ਪਈ।

ਬਹੁਤੇ ਸਾਂਝੇ ਰਿਸ਼ਤੇਦਾਰਾਂ ਦਾ ਝੁਕਾਅ ਝੁਕਦੇ ਪਲੜੇ ਵੱਲ ਸੀ। ਕਦੇ ਕਦੇ, ਕੋਈ

ਕੋਈ ਮਜਬੂਰੀ ਵੱਸ ਹਸਪਤਾਲ ਆਉਂਦਾ ਸੀ। ਓਪਰਿਆਂ ਵਾਂਗ ਘੜੀ ਦੋ ਘੜੀ ਬੈਠ ਕੇ, ਚੋਰਾਂ ਵਾਂਗ ਵਾਪਸ ਮੁੜ ਜਾਂਦਾ ਸੀ। ਅੰਦਰੋਂ ਰਿਸ਼ਤੇਦਾਰ ਡਰਦਾ ਰਹਿੰਦਾ ਸੀ ਕਿਧਰੇ ਮੋਹਨ ਦੇ ਪਰਿਵਾਰ ਨੂੰ ਉਸਦੇ ਵੇਦ ਪਰਿਵਾਰ ਨਾਲ ਜਾਗੇ ਹੇਜ ਦੀ ਮੁਖਬਰੀ ਨਾ ਹੋ ਜਾਵੇ।

ਕਿਧਰੇ ਉਹ ਉਨ੍ਹਾਂ ਦੇ ਮੂੰਹ ਲੱਗਣੋਂ ਨਾ ਰਹਿ ਜਾਵੇ।

ਪਰ ਨੀਲਮ ਦੇ ਪੇਕੇ ਪਹਿਲੇ ਦਿਨ ਤੋਂ ਕਾਵਾਂ ਵਾਂਗ ਇਕੱਠੇ ਹੋਏ ਬੈਠੇ ਸਨ।

ਰਾਮ ਨਾਥ ਹੋਰੀਂ ਤਿੰਨ ਭੈਣਾਂ ਅਤੇ ਤਿੰਨ ਭਰਾ ਸਨ। ਰਾਮ ਨਾਥ ਸਭ ਤੋਂ ਵੱਡਾ ਸੀ। ਫੇਰ ਨੀਲਮ ਸੀ। ਉਸ ਤੋਂ ਛੋਟਾ ਮੰਗਤ ਰਾਏ ਸੀ। ਉਹ ਬਿਜਲੀ ਮਹਿਕਮੇ ਵਿੱਚ ਜੂਨੀਅਰ ਇੰਜੀਨੀਅਰ ਸੀ। ਸਭ ਤੋਂ ਛੋਟਾ ਬੀ.ਡੀ.ਓ.ਦਫ਼ਤਰ ਵਿੱਚ ਸਟੈਨੋ ਸੀ। ਛੋਟੀਆਂ ਦੋਵੇਂ ਭੈਣਾਂ ਜੇ.ਬੀ.ਟੀ.ਪਾਸ ਸਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਵਾਂ ਸਨ।

ਉਨ੍ਹਾਂ ਦੇ ਪਤੀ ਸਰਕਾਰੀ ਸਕੂਲਾਂ ਦੇ ਅਧਿਆਪਕ ਸਨ।

ਰਾਮ ਨਾਥ ਦਾ ਸ਼ਹਿਰ ਮਾਇਆ ਨਗਰ ਤੋਂ ਸੱਤਰ ਪੰਝੱਤਰ ਕਿਲੋਮੀਟਰ ਦੂਰ ਸੀ।

ਰਾਮ ਨਾਥ ਦੀਆਂ ਬਾਕੀ ਰਿਸ਼ਤੇਦਾਰੀਆਂ ਮਾਇਆ ਨਗਰ ਤੋਂ ਉਲਟ ਦਿਸ਼ਾ ਵੱਲ ਸਨ।

ਨਤੀਜਨ ਕਿਸੇ ਰਿਸ਼ਤੇਦਾਰ ਦਾ ਪਿੰਡ ਮਾਇਆ ਨਗਰ ਤੋਂ ਸਵਾ ਸੌ ਕਿਲੋਮੀਟਰ ਦੂਰ ਸੀ ਅਤੇ ਕਿਸੇ ਦਾ ਡੇਢ ਸੌ ਕਿਲੋਮੀਟਰ।

ਫੇਰ ਵੀ ਤਿੰਨ ਦਿਨਾਂ ਤੋਂ ਬਾਰਾਂ ਦੇ ਬਾਰਾਂ ਜੀਅ ਘਰ ਬਾਰ ਛੱਡੀ ਹਸਪਤਾਲ ਡੇਰਾ ਲਾਈ ਬੈਠੇ ਸਨ।

ਰਾਮ ਨਾਥ ਦੇ ਭਰਾ ਅੱਡ ਅੱਡ ਰਹਿ ਕੇ ਵੀ ਇਕੱਠੇ ਸਨ। ਸ਼ੱਕਾਂ ਸ਼ੂਸ਼ਕਾਂ ਸਾਂਝੀਆਂ ਭਰਦੇ ਸਨ। ਇੱਕ ਦੂਜੇ ਨਾਲ ਪਿਆਰ ਭਾਵ ਅਤੇ ਆਉਣ ਜਾਣ ਬਣਿਆ ਹੋਇਆ ਸੀ।

ਲੋੜ ਪੈਣ ’ਤੇ ਉਹ ਤਨੋਂ ਮਨੋਂ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸਹਾਈ ਹੁੰਦੇ ਸਨ।

ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਉਪਰ ਪਹਾੜ ਜਿਡੀ ਇਹੋ ਜਿਹੀ ਮੁਸੀਬਤ ਪਹਿਲੀ ਵਾਰ ਟੁੱਟੀ ਸੀ। ਰਲ ਮਿਲ ਕੇ ਉਹ ਦੁੱਖ ਵੰਡਾਉਣ ਦਾ ਯਤਨ ਕਰ ਰਹੇ ਸਨ।

ਨੇਹਾ ਨੂੰ ਸਰੀਰਕ ਨਾਲੋਂ ਮਾਨਸਿਕ ਪ੍ਰੇਸ਼ਾਨੀ ਵੱਧ ਸੀ। ਉਸਦੀ ਹਾਲਤ ਨੀਮ ਪਾਗਲਾਂ ਵਰਗੀ ਸੀ। ਜਦੋਂ ਉਸਨੂੰ ਹੋਸ਼ ਆਉਂਦੀ ਸੀ ਉਹ ਆਪਣੇ ਵਾਲ ਪੁੱਟਣ ਲੱਗ ਜਾਂਦੀ ਸੀ।

ਉੱਚੀ ਉੱਚੀ ਚੀਕਾਂ ਮਾਰ ਮਾਰ ਕਮਲ ਨੂੰ ਅਵਾਜ਼ਾਂ ਮਾਰਦੀ ਸੀ। ਕਦੇ ਉਸ ਨੂੰ ਆਪਣੇ ਭੰਗ ਹੋਏ ਸੱਤ ਦਾ ਫਿਕਰ ਖਾਂਦਾ ਸੀ ਅਤੇ ਕਦੇ ਇਸੇ ਕਾਰਨ ਸਾਗਰ ਨਾਲੋਂ ਪ੍ਰੇਮ ਸੰਬੰਧਾਂ ਦੇ ਟੁੱਟਣ ਦਾ। ਕਦੇ ਉਹ ਆਤਮ ਹੱਤਿਆ ਕਰਨ ਦਾ ਇਰਾਦਾ ਜਤਾਉਂਦੀ ਸੀ ਅਤੇ ਕਦੇ ਦੋਸ਼ੀਆਂ ਨੂੰ ਕਤਲ ਕਰਨ ਦਾ।

ਡਾਕਟਰ ਨੇਹਾ ਨੂੰ ਬੇਹੋਸ਼ੀ ਦੇ ਟੀਕੇ ਲਾ ਰਹੇ ਸਨ। ਉਨ੍ਹਾਂ ਦੀ ਰਾਏ ਸੀ ਕਿ ਉਸ ਨੂੰ ਕਿਸੇ ਭੈਣ ਵਰਗੀ ਸਹੇਲੀ ਅਤੇ ਮਾਂ ਵਰਗੀ ਚਾਚੀ ਤਾਈ ਦੀ ਛਤਰ ਛਾਇਆ ਦੀ ਜ਼ਰੂਰਤ ਸੀ।

ਰਾਮ ਨਾਥ ਦੀ ਸਭ ਤੋਂ ਛੋਟੀ ਭੈਣ ਸੁਸ਼ਮਾ ਨੇ ਇਹ ਜ਼ਿੰਮੇਵਾਰੀ ਆਪਣੇ ਜ਼ਿੰਮੇ ਲਈ ਸੀ। ਉਹ ਨੇਹਾ ਦੀ ਮਾਸੀ ਸੀ, ਇਸ ਲਈ ਨੇਹਾ ਨੂੰ ਮਾਵਾਂ ਵਰਗਾ ਪਿਆਰ ਦੇ ਸਕਦੀ ਸੀ। ਉਨ੍ਹਾਂ ਦੀ ਉਮਰ ਵਿੱਚ ਸਾਰਾ ਸੱਤ ਸਾਲ ਦਾ ਫ਼ਰਕ ਸੀ। ਦੋਵੇਂ ਮਾਸੀ ਭਾਣਜੀ ਵਾਂਗ ਘੱਟ, ਸਹੇਲੀਆਂ ਵਾਂਗ ਵੱਧ ਰਹੀਆਂ ਸਨ। ਸੁਸ਼ਮਾ ਪਹਿਲੇ ਦਿਨ ਤੋਂ ਨੇਹਾ ਦੀ ਹਮਰਾਜ਼ ਸੀ। ਇਸ ਲਈ ਉਹ ਨੇਹਾ ਦੀ ਸਹੇਲੀ ਦੇ ਫਰਜ਼ ਵੀ ਨਿਭਾਅ ਸਕਦੀ ਸੀ।

ਬਿਨਾਂ ਸੰਗ ਸ਼ਰਮ ਮਹਿਸੂਸ ਕਰੇ ਸੁਸ਼ਮਾ ਪਲਵੀ ਦੇ ਘਰ ਡੇਰਾ ਲਾਈ ਬੈਠੀ ਸੀ।

ਮੰਗਤ ਅਤੇ ਉਸਦੀ ਪਤਨੀ ਸੁਜਾਤਾ ਵੇਦ ਦੀ ਦੇਖਭਾਲ ਵਿੱਚ ਜੁਟੇ ਹੋਏ ਸਨ।

ਵੇਦ ਦੀ ਟੰਗ ਕੱਟੇ ਜਾਣ ਤੋਂ ਬਚ ਗਈ ਸੀ। ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਸੀ। ਜੁਬਾੜੇ ਦੀ ਟੁੱਟੀ ਹੱਡੀ ਉਸ ਨੂੰ ਹੋਸ਼ ਨਹੀਂ ਸੀ ਆਉਣ ਦੇ ਰਹੀ।

ਤਿੰਨ ਦਿਨ ਆਈ.ਸੀ.ਯੂ.ਵਿੱਚ ਰੱਖਣ ਬਾਅਦ ਉਸ ਨੂੰ ਜਨਰਲ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ। ਬੇਹੋਸ਼ੀ ਵਿੱਚ ਹੋਣ ਕਾਰਨ ਉੱਪਰਲਿਆਂ ਨੂੰ ਉਸ ਦੀ ਕੋਈ ਤਕਲੀਫ਼ ਨਹੀਂ ਸੀ, ਪਰ ਉਨ੍ਹਾਂ ਨੂੰ ਚੌਵੀ ਘੰਟੇ ਉਸਦੇ ਸਿਰਹਾਣੇ ਬੈਠਣਾ ਪੈਂਦਾ ਸੀ।

ਬਾਕੀ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਨੀਲਮ ਉਪਰ ਸਨ।

ਨੀਲਮ ਦੀ ਹਾਲਤ ਨਾਜ਼ੁਕ ਸੀ। ਉਸਨੂੰ ਆਈ.ਸੀ.ਯੂ.ਵਿੱਚ ਰੱਖਿਆ ਗਿਆ ਸੀ। ਉਸਦੇ ਨੱਕ, ਗੱਲ੍ਹ ਅਤੇ ਪੇਟ ਵਿੱਚ ਨਾਲੀਆਂ ਫਿੱਟ ਕੀਤੀਆਂ ਗਈਆਂ ਸਨ। ਉਹ ਵੈਂਟੀਲੇਟਰ ਦੇ ਸਹਾਰੇ ਜ਼ਿੰਦਾ ਸੀ। ਕਿਸੇ ਵੀ ਸਮੇਂ ਭੈੜੀ ਖ਼ਬਰ ਆ ਸਕਦੀ ਸੀ। ਬਾਕੀ ਦੇ ਰਿਸ਼ਤੇਦਾਰ ਨੀਲਮ ਦੇ ਵਾਰਡ ਦੇ ਬਾਹਰ ਬੈਠੇ ਉਸਦੇ ਠੀਕ ਹੋਣ ਦੀ ਦੁਆ ਕਰ ਰਹੇ ਸਨ।

ਨੀਲਮ ਦੀਆਂ ਦਵਾਈਆਂ ਘਟਣ ਦੀ ਥਾਂ ਵੱਧਦੀਆਂ ਜਾ ਰਹੀਆਂ ਸਨ। ਟੈਸਟ ਅਤੇ ਸਕੈਨ ਵਾਰ ਵਾਰ ਹੋ ਰਹੇ ਸਨ। ਖੂਨ ਦਿੱਤਾ ਜਾ ਰਿਹਾ ਸੀ। ਦਿਲ ਦੀ ਧੜਕਣ ਕਦੇ ਵਧ ਜਾਂਦੀ ਸੀ ਅਤੇ ਕਦੇ ਘਟ ਜਾਂਦੀ ਸੀ।

ਰਾਮ ਨਾਥ ਸੀਨੀਅਰ ਡਾਕਟਰਾਂ ਨੂੰ ਪੁੱਛ ਪੁੱਛ ਹੰਭ ਚੁੱਕਾ ਸੀ।

“ਬੱਸ ਚੌਵੀ ਘੰਟੇ ਹੋਰ” ਆਖਕੇ ਡਾਕਟਰ ਉਸ ਨੂੰ ਟਾਲਦੇ ਆ ਰਹੇ ਸਨ।

 

-12-

 

ਚੌਵੀ ਚੌਵੀ ਘੰਟੇ ਕਰਕੇ ਇੱਕ ਹਫ਼ਤਾ ਲੰਘ ਚੁੱਕਾ ਸੀ। ਹਾਲੇ ਪ੍ਰਨਾਲਾ ਉੱਥੇ ਦਾ ਉੱਥੇ ਸੀ।

ਕੁੱਝ ਮਰੀਜ਼ਾਂ ਦੇ ਵਾਰਿਸ ਰਾਮ ਨਾਥ ਨੂੰ ਸਮਝਾਉਣ ਲੱਗੇ।

“ਇਹ ਹਸਪਤਾਲ ਨਾਂ ਦਾ ਹੀ ਵੱਡਾ ਹੈ। ਸਰਕਾਰੀ ਹਸਪਤਾਲਾਂ ਵਾਂਗ ਇਥੋਂ ਦੇ ਡਾਕਟਰਾਂ ਨੂੰ ਵੀ ਰਿਸ਼ਵਤ ਦੀ ਝਾਕ ਰਹਿੰਦੀ ਹੈ। ਇਨ੍ਹਾਂ ਡਾਕਟਰਾਂ ਨੇ ਇਸ ਲੁੱਟ ਦਾ ਨਾਂ ‘ਕਨਸਲਟੇਸ਼ਨ ਫੀ’ ਰੱਖਿਆ ਹੋਇਆ ਹੈ। ਕੋਠੀ ਜਾ ਕੇ ਡਾਕਟਰ ਦੀ ਮੁੱਠੀ ਗਰਮ ਕਰੋ। ਡਾਕਟਰ ਫੇਰ ਮੂੰਹ ਖੋਲ੍ਹਣਗੇ।”

ਲੋਕਾਂ ਦੇ ਤੁਨੇ ਤਨਾਏ ਰਾਮ ਨਾਥ ਇੱਕ ਹਜ਼ਾਰ ਰੁਪਿਆ ਲੈ ਕੇ ਸੀਨੀਅਰ ਡਾਕਟਰ ਦੀ ਕੋਠੀ ਪਹੁੰਚ ਗਿਆ। ਮਰੀਜ਼ ਦੀ ਹਾਲਤ ਸੰਬੰਧੀ ਕੁੱਝ ਸਵਾਲ ਪੁੱਛ ਕੇ ਉਸਨੇ ਰਾਏ ਮਸ਼ਵਰੇ ਵਾਲੀ ਫ਼ੀਸ ਉਸ ਵੱਲ ਵਧਾਈ।

“ਹਸਪਤਾਲ ਵਿੱਚ ਦਾਖ਼ਲ ਮਰੀਜ਼ ਦੀ ਹਾਲਤ ਸੰਬੰਧੀ ਪੁੱਛਣ ਦੀ ਕੋਈ ਫ਼ੀਸ ਨਹੀਂ ਲਗਦੀ। ਜਦੋਂ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ ਅਤੇ ਫੇਰ ਕਦੇ ਦਿਖਾਉਣ ਆਏ ਫੇਰ ਫ਼ੀਸ ਲਵਾਂਗੇ।”

ਆਖਕੇ ਡਾਕਟਰ ਨੇ ਰਾਮ ਨਾਥ ਦਾ ਹੱਥ ਮੋੜ ਦਿੱਤਾ।

ਰਾਮ ਨਾਥ ਦੀ ਸਮੱਸਿਆ ਉਸੇ ਤਰ੍ਹਾਂ ਕਾਇਮ ਸੀ।

ਨਿਓਰੋ ਵਾਰਡ ਦੇ ਕੁੱਝ ਮਰੀਜ਼ ਰਾਮ ਨਾਥ ਨੂੰ ਡਰਾਉਣ ਲੱਗੇ। ਹੱਡਾਂ ’ਤੇ ਬੀਤੀ ਦੇ ਆਧਾਰ ’ਤੇ ਉਹ ਆਖ ਸਕਦੇ ਸਨ ਕਿ ਨੀਲਮ ਦੀ ਹਾਲਤ ਦਿਨੋ ਦਿਨ ਨਿਘਰਦੀ ਜਾ ਰਹੀ ਸੀ। ਡਾਕਟਰ ਮਰੀਜ਼ ਦੇ ਮਰਨ ਤਕ ਕਿਸੇ ਨੂੰ ਰਾਹ ਨਹੀਂ ਦੇਣਗੇ। ਉਨ੍ਹਾਂ ਦਾ ਟੈਸਟਾਂ ਅਤੇ ਫੀਸਾਂ ਵਿੱਚ ਹਿੱਸਾ ਸੀ। ਮਰੀਜ਼ ਦੀ ਜਾਨ ਨਾਲੋਂ ਉਨ੍ਹਾਂ ਨੂੰ ਆਪਣੀ ਫ਼ੀਸ ਪਿਆਰੀ ਸੀ। ਉਹ ਦੁਹਾਈ ਦੇ ਦੇ ਆਖ ਰਹੇ ਸਨ, ਮਰੀਜ਼ ਨੂੰ ਕਿਧਰੇ ਹੋਰ ਦਿਖਾਓ।

ਹੋਰ ਉਹ ਕਿਸ ਨੂੰ ਦਿਖਾਉਣ? ਦਯਾਨੰਦ ਹਸਪਤਾਲ ਉੱਤਰੀ ਭਾਰਤ ਦੇ ਗਿਣਵੇਂ ਹਸਪਤਾਲਾਂ ਵਿਚੋਂ ਇੱਕ ਸੀ। ਇਸ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਨੀਲਮ ਦਾ ਇਲਾਜ ਹੋ ਰਿਹਾ ਸੀ। ਇਸ ਹਸਪਤਾਲ ਦੇ ਡਾਕਟਰ ਅੰਤਰ ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਸਨ। ਕਿਸੇ ਨਾ ਕਿਸੇ ਬਾਹਰਲੇ ਦੇਸ਼ ਦਾ ਉਨ੍ਹਾਂ ਨੂੰ ਆਪਣੇ ਤਜਰਬੇ ਉਸ ਦੇਸ਼ ਦੇ ਡਾਕਟਰਾਂ ਨਾਲ ਸਾਂਝੇ ਕਰਨ ਦਾ ਸੁਨੇਹਾ ਆਇਆ ਹੀ ਰਹਿੰਦਾ ਸੀ। ਨੀਲਮ ਆਈ.ਸੀ.ਯੂ.ਵਿੱਚ ਪਈ ਸੀ। ਉਸਨੂੰ ਬਚਾਉਣ ਲਈ ਹਰ ਆਧੁਨਿਕ ਤਕਨੀਕ ਦੀ ਵਰਤੋਂ ਹੋ ਰਹੀ ਸੀ। ਇਸ ਤੋਂ ਵੱਧ ਇਲਾਜ ਕੀ ਹੋ ਸਕਦਾ ਸੀ?

“ਇਕ ਵਾਰ ਅਪੋਲੋ ਦੇ ਡਾਕਟਰਾਂ ਦੀ ਰਾਏ ਲੈ ਲਓ। ਪਿੱਛੋਂ ਆਪਾਂ ਨੂੰ ਪਛਤਾਉਣਾ ਨਾ ਪਏ?”

ਕਮਲ ਦੇ ਇੱਕ ਦੋਸਤ ਦੇ ਪਿਤਾ ਨੇ, ਜਿਹੜਾ ਕਿ ਕਈ ਦਿਨਾਂ ਤੋਂ ਨੀਲਮ ਦਾ ਪਤਾ ਕਰਨ ਆ ਰਿਹਾ ਸੀ, ਇਹ ਗੱਲ ਆਖੀ ਤਾਂ ਰਾਮ ਨਾਥ ਦਾ ਮਨ ਡੋਲ ਗਿਆ।

ਰਾਮ ਨਾਥ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਨੂੰ ਇਕੱਠੇ ਕੀਤਾ।

ਸਭ ਨੀਲਮ ਦੇ ਸ਼ੁਭ ਚਿੰਤਕ ਸਨ। ਹਰ ਕੀਮਤ ’ਤੇ ਉਸਦੀ ਜਾਨ ਬਚਣੀ ਚਾਹੀਦੀ ਸੀ। ਸਭ ਦੀ ਇਹੋ ਰਾਏ ਸੀ।

ਉਪਰੋਂ ਸਭ ਰਿਸ਼ਤੇਦਾਰ ਦਿੱਲੀ ਲਿਜਾਣ ਦੀਆਂ ਸਲਾਹਾਂ ਦੇ ਰਹੇ ਸਨ ਪਰ ਖ਼ੁਦ ਦਿੱਲੀ ਜਾਣ ਤੋਂ ਡਰ ਰਹੇ ਸਨ।

ਦਿੱਲੀ ਜਾ ਕੇ ਇੱਕ ਨਹੀਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਸੀ।

ਸਭ ਤੋਂ ਗੰਭੀਰ ਸਮੱਸਿਆ ਪੈਸੇ ਦੀ ਸੀ। ਇਸ ਹਸਪਤਾਲ ਦੇ ਖ਼ਰਚਿਆਂ ਨੇ ਹੀ ਉਨ੍ਹਾਂ ਨੂੰ ਕੰਗਾਲ ਬਣਾ ਦਿੱਤਾ ਸੀ। ਅਪੋਲੋ ਹਸਪਤਾਲ ਇਸ ਨਾਲੋਂ ਕਈ ਗੁਣਾ ਮਹਿੰਗਾ ਸੀ। ਇਥੇ ਰੋਟੀ ਟੁੱਕ ਦਾ ਖ਼ਰਚਾ ਬਚ ਜਾਂਦਾ ਸੀ। ਆਉਂਦਾ ਜਾਂਦਾ ਕੋਈ ਰਿਸ਼ਤੇਦਾਰ ਰੋਟੀ ਨਾਲ ਲੈ ਆਉਂਦਾ ਸੀ। ਉਥੇ ਖਾਣੇ ਦਾ ਬਿੱਲ ਕਈ ਸੈਂਕੜਿਆਂ ਦਾ ਬਣਿਆ ਕਰਨਾ ਸੀ। ਇਥੋਂ ਪਿੰਡ ਬਹੁਤੇ ਦੂਰ ਨਹੀਂ ਸਨ। ਵੇਲੇ ਕੁਵੇਲੇ ਘਰ ਜਾ ਕੇ ਪਿਛਲਿਆਂ ਦੀ ਸਾਰ ਆਸਾਨੀ ਨਾਲ ਲਈ ਜਾ ਸਕਦੀ ਸੀ। ਦਿੱਲੀ ਦੇ ਕਰਾਏ ਭਰਦੇ ਰਿਸ਼ਤੇਦਾਰ ਜੇਬਾਂ ਖਾਲੀ ਕਰ ਬੈਠਣਗੇ। ਉਥੇ ਗਿਆ ਰਿਸ਼ਤੇਦਾਰ ਦਿੱਲੀ ਜੋਗਾ ਰਹਿ ਜਾਏਗਾ। ਪਿਛਲਿਆਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।

ਕਿਸੇ ਨਾ ਕਿਸੇ ਢੰਗ ਨਾਲ ਪੈਸੇ ਦੀ ਸਮੱਸਿਆ ਹੱਲ ਹੋ ਸਕਦੀ ਸੀ। ਹੁਣ ਤਕ ਪੈਸਾ ਰਿਸ਼ਤੇਦਾਰਾਂ ਦਾ ਲੱਗਿਆ ਸੀ। ਹੁਣ ਨੇਹਾ ਬੋਲਣ ਚਾਲਣ ਲਗ ਗਈ ਸੀ। ਸਾਫ਼ ਗੱਲ ਦੱਸ ਕੇ ਉਸ ਕੋਲੋਂ ਪੈਸਾ ਮੰਗਿਆ ਜਾ ਸਕਦਾ ਸੀ।

ਪਰ ਉਸ ਕੋਲ ਦਿੱਲੀ ਕੌਣ ਰਹੇਗਾ? ਇਹ ਸਮੱਸਿਆ ਹੱਲ ਹੋਣੀ ਮੁਸ਼ਕਲ ਜਾਪ ਰਹੀ ਸੀ।

ਦਿਮਾਗ਼ੀ ਮਰੀਜ਼ਾਂ ਦੇ ਇਲਾਜ ਲੰਬੇ ਹੁੰਦੇ ਹਨ। ਇਸ ਵਾਰਡ ਵਿੱਚ ਕਈ ਮਰੀਜ਼ ਛੇ ਛੇ ਮਹੀਨੇ ਤੋਂ ਪਏ ਸਨ। ਕੀ ਪਤਾ ਹੈ ਕਿੰਨਾ ਚਿਰ ਦਿੱਲੀ ਬੈਠਣਾ ਪਏ?

ਸੁਸ਼ਮਾ ਇੱਕ ਹਫ਼ਤੇ ਵਿੱਚ ਹੀ ਅੱਕ ਗਈ ਸੀ। ਆਨੇ ਬਹਾਨੇ ਉਹ ਘਰ ਜਾਣ ਦੀ ਇੱਛਾ ਪ੍ਰਗਟਾਅ ਚੁੱਕੀ ਸੀ। ਉਸ ਦੀਆਂ ਕਈ ਮਜਬੂਰੀਆਂ ਸਨ। ਉਸਦੀ ਨੌਕਰੀ ਕੱਚੀ ਸੀ। ਉਸਨੂੰ ਲੰਬੀ ਛੁੱਟੀ ਨਹੀਂ ਸੀ ਮਿਲ ਰਹੀ। ਉਸਨੂੰ ਡਰ ਸੀ ਕਿਧਰੇ ਲੰਬੀ ਛੁੱਟੀ ਪੱਕੀ ਛੁੱਟੀ ਵਿੱਚ ਨਾ ਬਦਲ ਜਾਏ। ਉਸ ਦੀਆਂ ਟਿਊਸ਼ਨਾਂ ਖਰਾਬ ਹੋ ਰਹੀਆਂ ਸਨ। ਸੱਸ ਬਿਮਾਰ ਸੀ। ਸੁਸ਼ਮਾ ਮਾਇਆ ਨਗਰ ਮਸਾਂ ਦਿਨ ਕੱਟ ਰਹੀ ਸੀ। ਦਿੱਲੀ ਜਾਣਾ ਉਸ ਲਈ ਸੰਭਵ ਨਹੀਂ ਸੀ।

ਰਾਮ ਨਾਥ ਦਾ ਪੁਲਿਸ ਖਹਿੜਾ ਨਹੀਂ ਸੀ ਛੱਡ ਰਹੀ। ਕਦੇ ਮੌਕਾ ਦੇਖਣ ਆ ਜਾਂਦੀ ਸੀ, ਕਦੇ ਗਵਾਹ ਖੜ੍ਹੇ ਕਰਾਉਣ। ਕਦੇ ਉਹ ਚੋਰੀ ਹੋਏ ਸਮਾਨ ਦੀ ਲਿਸਟ ਮੰਗ ਲੈਂਦੀ ਸੀ, ਕਦੇ ਚੋਰੀ ਹੋਏ ਸਮਾਨ ਦੇ ਬਿੱਲ। ਕਦੇ ਥਾਣੇ ਆ ਕੇ ਦੋਸ਼ੀਆਂ ਦੀ ਸ਼ਨਾਖ਼ਤ ਕਰੋ।

ਕਦੇ ਫੜੇ ਸਮਾਨ ਦੀ। ਤਿੰਨਾਂ ਭਰਾਵਾਂ ਵਿਚੋਂ ਇੱਕ ਭਰਾ ਦਾ ਸ਼ਹਿਰ ਰਹਿਣਾ ਵੀ ਜ਼ਰੂਰੀ ਸੀ। ਤਿੰਨਾਂ ਭਰਾਵਾਂ ਦੇ ਬੱਚੇ ਸ਼ਹਿਰ ਸਨ। ਇਕੱਲੇ ਬੱਚੇ ਓਦਰ ਜਾਂਦੇ ਸਨ। ਡਰ ਜਾਂਦੇ ਸਨ। ਉਨ੍ਹਾਂ ਦੀ ਦੇਖਭਾਲ ਲਈ ਅਸ਼ਵਨੀ ਨੂੰ ਸ਼ਹਿਰ ਛੱਡਿਆ ਗਿਆ ਸੀ।

“ਤੁਸੀਂ ਡਾਕਟਰਾਂ ਤੋਂ ਇਹ ਪੁੱਛੋ ਕਿ ਉਹ ਦਿੱਲੀ ਲਿਜਾਣ ਜੋਗੀ ਹੈ ਜਾਂ ਨਹੀਂ?

ਕੁੜੀ ਮਾਰਨੀ ਨਹੀਂ। ਮੈਂ ਰਹੂੰ ਉਸ ਕੋਲ!”

ਜਦੋਂ ਕਿਸੇ ਹੋਰ ਨੇ ਹੱਥ ਨਾ ਫੜਾਇਆ ਤਾਂ ਸੰਗੀਤਾ ਨੇ ਵੱਡੀ ਭਰਜਾਈ ਹੋਣ ਦੇ ਨਾਤੇ ਦਿੱਲੀ ਰਹਿਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਗੱਲ ਨਬੇੜੀ।

ਇਸ ਬਾਰੇ ਡਾਕਟਰਾਂ ਤੋਂ ਪੁੱਛੇ ਕੌਣ? ਮਰੀਜ਼ ਨੂੰ ਇਥੋਂ ਲਿਜਾਣ ਬਾਰੇ ਸੁਣਕੇ ਉਨ੍ਹਾਂ ਸੂਈ ਬਘਿਆੜੀ ਵਾਂਗ ਪੈਣਾ ਸੀ।

ਕਮਲ ਦੇ ਦੋਸਤ ਦੇ ਪਿਤਾ ਨੇ ਉਨ੍ਹਾਂ ਦੀ ਇਹ ਸਮੱਸਿਆ ਹੱਲ ਕਰ ਦਿੱਤੀ। ਉਸ ਦਾ ਤਾਇਆ ਅਪੋਲੋ ਹਸਪਤਾਲ ਦੇ ਡਰੱਗ ਸਟੋਰ ਦਾ ਠੇਕੇਦਾਰ ਸੀ। ਸਾਰੇ ਡਾਕਟਰਾਂ ਨਾਲ ਉਸਦੀ ਜਾਣ ਪਹਿਚਾਣ ਸੀ। ਜੇ ਨੀਲਮ ਦੇ ਟੈਸਟਾਂ ਦੀਆਂ ਰਿਪੋਰਟਾਂ ਅਤੇ ਦਵਾਈਆਂ ਦੀ ਲਿਸਟ ਮਿਲ ਜਾਵੇ ਤਾਂ ਉਹ ਘਰ ਬੈਠੇ ਉਨ੍ਹਾਂ ਦੀ ਰਾਏ ਹਾਸਲ ਕਰ ਕੇ ਦੇ ਸਕਦਾ ਸੀ।

ਅੰਨ੍ਹਾ ਕੀ ਭਾਲੇ ਦੋ ਅੱਖਾਂ! ਤੁਰੰਤ ਰਿਕਾਰਡ ਦਿੱਲੀ ਪੁੱਜਦਾ ਕੀਤਾ ਗਿਆ।

ਦਿੱਲੀ ਵਾਲੇ ਡਾਕਟਰਾਂ ਨੇ ਦਯਾਨੰਦ ਹਸਪਤਾਲ ਦੇ ਡਾਕਟਰਾਂ ਨਾਲ ਫ਼ੋਨ ’ਤੇ ਗੱਲ ਕਰ ਲਈ।

ਸ਼ਾਮ ਤਕ ਨਤੀਜਾ ਆ ਗਿਆ।

“ਫ਼ਿਕਰ ਵਾਲੀ ਕੋਈ ਗੱਲ ਨਹੀਂ ਸੀ। ਇਲਾਜ ਉਹੋ ਹੋ ਰਿਹਾ ਸੀ ਜੋ ਅਪੋਲੋ ਹਸਪਤਾਲ ਹੋਣਾ ਸੀ। ਮਰੀਜ਼ ਦੀ ਹਾਲਤ ਤਸੱਲੀ ਬਖਸ਼ ਸੀ। ਦੋ ਦਿਨਾਂ ਬਾਅਦ ਉਸ ਨੂੰ ਜਨਰਲ ਵਾਰਡ ਭੇਜ ਦਿੱਤਾ ਜਾਣਾ ਸੀ।”

ਸੱਮਮੁੱਚ ਇੰਝ ਹੀ ਹੋਇਆ।

ਦੋ ਦਿਨਾਂ ਬਾਅਦ ਉਸਨੂੰ ਖਤਰੇ ਤੋਂ ਬਾਹਰ ਘੋਸ਼ਿਤ ਕਰ ਦਿੱਤਾ ਗਿਆ।

ਆਈ.ਸੀ.ਯੂ.ਵਿਚੋਂ ਕੱਢ ਕੇ ਜਨਰਲ ਵਾਰਡ ਵਿੱਚ ਭੇਜ ਦਿੱਤਾ ਗਿਆ।

 

-13-

 

ਠੇਕੇਦਾਰ ਦੇ ਘਰ ਛਾਪਾ ਪੈਂਦਿਆਂ ਹੀ ਪੰਕਜ ਹੋਰਾਂ ਦੇ ਹੱਥਾਂ ਦੇ ਤੋਤੇ ਉੱਡ ਗਏ।

ਆਪਣੀ ਜਾਣੇ ਉਨ੍ਹਾਂ ਨੇ ਸਾਜ਼ਿਸ਼ ਬਹੁਤ ਸੋਚ ਵਿਚਾਰ ਕੇ ਘੜੀ ਸੀ। ਪਰ ਪੁਲਿਸ ਨੇ ਵਾਰਦਾਤ ਦੇ ਬਹੱਤਰ ਘੰਟਿਆਂ ਦੇ ਅੰਦਰ ਅੰਦਰ ਇੱਕ ਦੋਸ਼ੀ ਵੀ ਫੜ ਲਿਆ ਅਤੇ ਚੋਰੀ ਹੋਇਆ ਬਹੁਤ ਸਾਰਾ ਸਮਾਨ ਵੀ ਬਰਾਮਦ ਕਰ ਲਿਆ।

ਠੇਕੇਦਾਰ ਰਾਹੀਂ ਪੁਲਸ ਦੇ ਹੱਥ ਕਿਸੇ ਵੀ ਸਮੇਂ ਉਨ੍ਹਾਂ ਤਕ ਪੁੱਜ ਸਕਦੇ ਸਨ। ਚੰਗਾ ਹੋਵੇ ਜੇ ਪਹਿਲਾਂ ਹੀ ਮੌਕਾ ਸੰਭਾਲ ਲਿਆ ਜਾਵੇ। ਤਫ਼ਤੀਸ਼ ਜਿੱਥੇ ਹੈ ਉੱਥੇ ਹੀ ਰੁਕਵਾ ਦਿੱਤੀ ਜਾਵੇ। ਗ੍ਰਿਫ਼ਤਾਰੀ ਭਈਆਂ ਤਕ ਸੀਮਤ ਕਰਵਾ ਦਿੱਤੀ ਜਾਵੇ।

ਸਭ ਤੋਂ ਪਹਿਲਾਂ ਪੰਕਜ ਨੇ ਐਮ.ਪੀ.ਸਾਹਿਬ ਨੂੰ ਫ਼ੋਨ ਕੀਤਾ। ਉਹ ਘਰੋਂ ਬਾਹਰ ਨਾ ਜਾਣ। ਪੰਕਜ ਉਨ੍ਹਾਂ ਵੱਲ ਆ ਰਿਹਾ ਸੀ। ਉਸਨੂੰ ਬਾਬੂ ਜੀ ਦੀ ਸਹਾਇਤਾ ਦੀ ਜ਼ਰੂਰਤ ਸੀ।

ਪੰਕਜ ਨੇ ਠੀਕ ਸਮੇਂ ਫ਼ੋਨ ਕੀਤਾ ਸੀ। ਫ਼ੋਨ ਕੁੱਝ ਸਕਿੰਟ ਲੇਟ ਹੋਇਆ ਹੁੰਦਾ ਉਹ ਦਿੱਲੀ ਲਈ ਨਿਕਲ ਗਏ ਹੁੰਦੇ। ਬਾਬੂ ਜੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸੀ। ਬਹੁਤਾ ਲੇਟ ਹੋਣ ਦੀ ਗੁੰਜਾਇਸ਼ ਨਹੀਂ ਸੀ। ਪੰਕਜ ਨੂੰ ਉਨ੍ਹਾਂ ਨੇ ਤੁਰੰਤ ਬੁਲਾ ਲਿਆ।

“ਪੁਲਿਸ ਦੀ ਕੀ ਮਜਾਲ ਹੈ ਤੁਹਾਨੂੰ ਝੂਠੇ ਕੇਸ ਵਿੱਚ ਫਸਾ ਲਏ? ਠੀਕ ਹੈ ਭਤੀਜਿਆਂ ਦੀ ਚਾਚੇ ਨਾਲ ਮੁਕੱਦਮੇਬਾਜ਼ੀ ਚੱਲਦੀ ਹੈ। ਪਰ ਇਸਦਾ ਇਹ ਮਤਲਬ ਥੋੜ੍ਹਾ ਹੈ ਕਿ ਭਤੀਜੇ ਚਾਚੇ ਦੇ ਘਰ ਡਾਕਾ ਪਵਾ ਦੇਣਗੇ? ਚਾਚੇ ਦੇ ਮੁੰਡੇ ਦਾ ਕਤਲ ਕਰਵਾ ਦੇਣਗੇ। ਪੁਲਿਸ ਤੁਹਾਡੀ’ਵਾ ਵੱਲ ਨਹੀਂ ਝਾਕ ਸਕਦੀ।”

ਪੰਕਜ ਦੀ ਗੱਲ ਸੁਣਕੇ ਬਾਬੂ ਜੀ ਨੂੰ ਪੁਲਿਸ ਦੀ ਵਧੀਕੀ ’ਤੇ ਗੁੱਸਾ ਆਇਆ ਸੀ।

ਕਿਸੇ ਹੋਰ ਨੇ ਇਹ ਗੱਲ ਆਖੀ ਹੁੰਦੀ ਕਿ ਵਾਰਦਾਤ ਵਾਲੇ ਦਿਨ ਦੋਵੇਂ ਭਰਾ ਉਸ ਨਾਲ ਦਿੱਲੀ ਸਨ ਤਾਂ ਸ਼ਾਇਦ ਬਾਬੂ ਜੀ ਉਸਤੇ ਯਕੀਨ ਨਾ ਕਰਦੇ। ਪਰ ਹੁਣ ਇਹ ਗੱਲ ਉਹ ਖ਼ੁਦ ਆਖ ਰਹੇ ਸਨ। ਵਾਰਦਾਤ ਵਾਲੀ ਰਾਤ ਪੰਕਜ ਅਤੇ ਨੀਰਜ ਬਾਬੂ ਜੀ ਦੇ ਨਾਲ ਸਨ। ਉਸ ਤੋਂ ਇੱਕ ਦਿਨ ਪਹਿਲਾਂ ਉਹ ਇਕੱਠੇ ਦਿੱਲੀ ਗਏ ਸਨ। ਇਕੱਠੇ ਦਿੱਲੀ ਘੁੰਮਦੇ ਰਹੇ ਸਨ। ਵਾਰਦਾਤ ਦੀ ਖ਼ਬਰ ਉਨ੍ਹਾਂ ਨੂੰ ਦਿੱਲੀ ਮਿਲੀ ਸੀ। ਬਾਕੀ ਦੇ ਕੰਮ ਵਿੱਚ ਛੱਡਕੇ ਉਹ ਵਾਪਸ ਮਾਇਆ ਨਗਰ ਆ ਗਏ ਸਨ। ਫੇਰ ਪੰਕਜ ਅਤੇ ਉਸਦਾ ਭਰਾ ਵਾਰਦਾਤ ਵਿੱਚ ਭਾਗੀਦਾਰ ਕਿਸ ਤਰ੍ਹਾਂ ਹੋਏ? ਪੁਲਿਸ ਦੀ ਵਧੀਕੀ ’ਤੇ ਬਾਬੂ ਜੀ ਨੂੰ ਹੈਰਾਨੀ ਹੋ ਰਹੀ ਸੀ।

ਉਨ੍ਹਾਂ ਦਾ ਇਕੱਠੇ ਦਿੱਲੀ ਜਾਣ ਦਾ ਪ੍ਰੋਗਰਾਮ ਕਈ ਮਹੀਨੇ ਤੋਂ ਲਟਕਦਾ ਆ ਰਿਹਾ ਸੀ। ਕਈ ਕੰਮ ਅੜੇ ਪਏ ਸਨ। ਕਦੇ ਬਾਬੂ ਜੀ ਕੋਲ ਵਕਤ ਨਹੀਂ ਸੀ ਹੁੰਦਾ। ਕਦੇ ਪੰਕਜ ਨੂੰ ਅੜਚਨ ਪੈ ਜਾਂਦੀ ਸੀ।

ਬੜੀ ਮੁਸ਼ਕਲ ਨਾਲ ਦੋਹਾਂ ਧਿਰਾਂ ਨੂੰ ਇਕੱਠਿਆਂ ਵਿਹਲ ਮਿਲੀ ਸੀ। ਬਾਬੂ ਜੀ ਦੀ ਸਨਅਤ ਮੰਤਰੀ ਨਾਲ ਮੁਲਾਕਾਤ ਸੀ। ਬਾਬੂ ਜੀ ਮਾਇਆ ਨਗਰ ਲਈ ਭਾਰੇ ਉਦਯੋਗ ਦੀ ਮੰਗ ਕਰ ਰਹੇ ਸਨ। ਉਨ੍ਹਾਂ ਵਿਚੋਂ ਕੁੱਝ ਉਦਯੋਗਾਂ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਸੀ। ਮੰਤਰੀ ਅਤੇ ਐਮ.ਪੀ.ਵਿਚਕਾਰ ਇਸੇ ਮੁੱਦੇ ’ਤੇ ਵਿਚਾਰ ਹੋਣੀ ਸੀ।

ਪੰਕਜ ਹੋਰੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਨ ਨੂੰ ਫਿਰਦੇ ਸਨ।

ਕੁੱਝ ਦਿਨਾਂ ਤੋਂ ਪੰਕਜ ਨੂੰ ਦਿਲ ਦੀ ਕਿਸੇ ਬਿਮਾਰੀ ਦੇ ਲੱਗ ਜਾਣ ਦਾ ਸ਼ੱਕ ਪੈ ਰਿਹਾ ਸੀ। ਮਾਇਆ ਨਗਰ ਦੇ ਡਾਕਟਰਾਂ ਦੇ ਕੁੱਝ ਪੱਲੇ ਨਹੀਂ ਸੀ ਪੈ ਰਿਹਾ। ਉਹ ਦਿੱਲੀ ਦੇ ‘ਅਸਕਾਰਟ’ ਹਸਪਤਾਲ ਵਿੱਚ ਮੁਆਇਨਾ ਕਰਾਉਣਾ ਚਾਹੁੰਦਾ ਸੀ।

ਨਾਲੇ ਮੁਆਇਨਾ ਹੋ ਜਾਣਾ ਸੀ ਨਾਲੇ ਐਮ.ਪੀ.ਸਾਹਿਬ ਨਾਲ ਦੋ ਦਿਨਾਂ ਦੀ ਲੰਬੀ ਮੁਲਾਕਾਤ ਦੌਰਾਨ ਘਰੇਲੂ, ਵਿਉਪਾਰਕ ਅਤੇ ਜਨਤਕ ਮਸਲਿਆਂ ਉਪਰ ਵਿਚਾਰ ਵਟਾਂਦਰਾ ਹੋ ਜਾਣਾ ਸੀ। ਸੱਨਅਤ ਮੰਤਰੀ ਨਾਲ ਮੁਲਾਕਾਤ ਸੀ। ਕਿਸੇ ਨਵੇਂ ਪ੍ਰੋਜੈਕਟ ਤੇ ਹੱਥ ਵੱਜ ਸਕਦਾ ਸੀ।

ਬਾਬੂ ਜੀ ਲਈ ਵੀ ਉਨ੍ਹਾਂ ਦਾ ਸਾਥ ਸੁਖਾਵਾਂ ਸੀ। ਸਿਟੀ ਹੋਂਡਾ ਕਾਰ, ਸੇਵਾ ਲਈ ਦੋ ਅਮੀਰਜ਼ਾਦੇ ਤਿਆਰ ਬਰਤਿਆਰ। ਪੂੰਜੀ ਸੇਠਾਂ ਦੀ, ਸਿਫਾਰਸ਼ ਐਮ.ਪੀ.ਦੀ। ਕੋਈ ਮੋਟੀ ਮੁਰਗੀ ਹੱਥ ਲਗ ਗਈ ਤਾਂ ਮੁਫ਼ਤ ਮੁਫ਼ਤ ਵਿੱਚ ਬਾਬੂ ਜੀ ਦੀ ਉਮਰ ਭਰ ਦੀ ਰੋਟੀ ਦਾ ਜੁਗਾੜ ਬਣ ਜਾਣਾ ਸੀ।

ਦੋਵੇਂ ਭਰਾ, ਬਾਬੂ ਜੀ ਅਤੇ ਗੰਨਮੈਨ ਸਵੇਰੇ ਪੰਜ ਵਜੇ ਮਾਇਆ ਨਗਰੋਂ ਨਿਕਲੇ ਸਨ। ਨੌਂ ਵਜੇ ਉਹ ਐਮ.ਪੀ.ਸਾਹਿਬ ਦੇ ਫਲੈਟ ਤੇ ਪੁੱਜ ਗਏ ਸਨ। ਦੋ ਘੰਟੇ ਬਾਬੂ ਜੀ ਨੇ ਅਰਾਮ ਕੀਤਾ। ਫੇਰ ਘੰਟਾ ਫ਼ੋਨ ਘੁਮਾਏ। ਫਰੈਸ਼ ਹੋਏ, ਨਾਸ਼ਤਾ ਕੀਤਾ ਅਤੇ ਕੰਮਾਂਕਾਰਾਂ ਲਈ ਨਿਕਲ ਪਏ।

ਸਨਅਤ ਮੰਤਰੀ ਨੂੰ ਸ਼ਾਮ ਨੂੰ ਛੇ ਵਜੇ ਮਿਲਣਾ ਸੀ।

ਪੰਜ ਵਜੇ ਤਕ ਪੰਕਜ ਆਪਣਾ ਮੁਆਇਨਾ ਕਰਵਾ ਲਏ। ਤਦ ਤਕ ਬਾਬੂ ਜੀ ਛੋਟੇਮੋਟੇ ਕੰਮ ਨਬੇੜ ਲੈਣਗੇ।

ਪੰਜ ਵਜੇ ਤਕ ਪੰਕਜ ਦੇ ਹਸਪਤਾਲ ਵਿੱਚ ਟੈਸਟ ਹੁੰਦੇ ਰਹੇ। ਖ਼ੂਨ ਤੋਂ ਲੈ ਕੇ ਗੁਰਦੇ ਤਕ ਦੀ ਜਾਂਚ ਹੋਈ। ਹਰ ਟੈਸਟ ਦੀ ਰਿਪੋਰਟ ਠੀਕ ਆ ਰਹੀ ਸੀ। ਆਏ ਸਨ ਤਾਂ ਕੰਮ ਨਬੇੜਿਆ ਜਾਵੇ। ਕਿਸੇ ਸਿੱਟੇ ’ਤੇ ਪੁੱਜਿਆ ਜਾਵੇ। ਡਾਕਟਰ ਟੈਸਟਾਂ ਦੀ ਲਿਸਟ ਲੰਬੀ ਕਰਦੇ ਗਏ। ਪੰਕਜ ਬਿਨਾਂ ਝਿਜਕ ਪੈਸੇ ਭਰਦਾ ਰਿਹਾ।

ਕੋਈ ਨੁਕਸ ਲੱਭੇ ਤਾਂ ਡਾਕਟਰ ਕਿਸੇ ਸਿੱਟੇ ’ਤੇ ਪੁੱਜਣ। ਸਿੱਟੇ ’ਤੇ ਪੁੱਜਣ ਲਈ ਹੋਰ ਟੈਸਟ ਜ਼ਰੂਰੀ ਸਨ।

ਅਗਲੇ ਦਿਨ ਇੱਕ ਵਾਰ ਫਿਰ ਆਉਣ ਲਈ ਆਖਿਆ ਗਿਆ।

ਸਨਅਤ ਮੰਤਰੀ ਨਾਲ ਤੈਅ ਹੋਈ ਮੁਲਾਕਾਤ ਛੇ ਤੋਂ ਅੱਠ ਅਤੇ ਅੱਠ ਤੋਂ ਗਿਆਰਾਂ ਤਕ ਖਿਸਕ ਗਈ। ਮੰਤਰੀ ਵਿਦੇਸ਼ ਤੋਂ ਆਏ ਕਿਸੇ ਵਫ਼ਦ ਨਾਲ ਹੋ ਰਹੀ ਮੀਟਿੰਗ ਵਿੱਚ ਰੁੱਝਾ ਹੋਇਆ ਸੀ।

ਮੰਤਰੀ ਦੇ ਦਫ਼ਤਰ ਪੁੱਜਣ ਵਿੱਚ ਹੋ ਰਹੀ ਦੇਰੀ ਕਾਰਨ ਮੁਲਾਕਾਤੀਆਂ ਦੀ ਗਿਣਤੀ ਸੈਂਕੜਿਆਂ ਤਕ ਪੁੱਜ ਗਈ। ਸੂਬਿਆਂ ਦੇ ਕੁੱਝ ਮੰਤਰੀ ਅਤੇ ਹੋਰ ਐਮ.ਪੀ.ਮੁਲਾਕਾਤੀਆਂ ਵਿੱਚ ਸ਼ਾਮਲ ਹੋ ਗਏ। ਬਾਬੂ ਜੀ ਨੂੰ ਅਜਿਹੇ ਮਾਹੌਲ ਵਿੱਚ ਹੋਣ ਵਾਲੀ ਮੁਲਾਕਾਤ ਵਿਚੋਂ ਬਹੁਤਾ ਕੁੱਝ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਉਨ੍ਹਾਂ ਕੱਲ੍ਹ ਤਿੰਨ ਵਜੇ ਦਾ ਸਮਾਂ ਨਿਸ਼ਚਤ ਕਰਵਾਇਆ ਅਤੇ ਵਾਪਸ ਫਲੈਟ ’ਤੇ ਆ ਗਏ।

ਅਗਲਾ ਦਿਨ ਇਸੇ ਤਰ੍ਹਾਂ ਲੰਘਿਆ। ਇੱਕ ਵਜੇ ਤਕ ਦੋਵੇਂ ਭਰਾ ਹਸਪਤਾਲ ਵਿੱਚ ਰਹੇ। ਫੇਰ ਕੁੱਝ ਅਸਾਮੀਆਂ ਨਾਲ ਹਿਸਾਬ ਕਰਨ ਚਲੇ ਗਏ।

ਬਾਬੂ ਜੀ ਦਫ਼ਤਰਾਂ ਵਿੱਚ ਘੁੰਮਦੇ ਰਹੇ।

ਸਨਅਤ ਮੰਤਰੀ ਨਾਲ ਚਲਦੀ ਮੁਲਾਕਾਤ ਦੌਰਾਨ ਹੀ ਉਨ੍ਹਾਂ ਨੂੰ ਮਾਇਆ ਨਗਰ ਵਿੱਚ ਹੋਈ ਵਾਰਦਾਤ ਦੀ ਖ਼ਬਰ ਮਿਲੀ ਸੀ। ਬਾਬੂ ਜੀ ਦਾ ਲੋਕਾਂ ਦਾ ਨੁਮਾਇੰਦਾ ਹੋਣ ਕਾਰਨ ਅਤੇ ਪੰਕਜ ਹੋਰਾਂ ਦਾ ਵੇਦ ਨਾਲ ਭਾਈਚਾਰਾ ਹੋਣ ਕਾਰਨ ਉਨ੍ਹਾਂ ਦਾ ਮਾਇਆ ਨਗਰ ਪੁੱਜਣਾ ਜ਼ਰੂਰੀ ਸੀ।

ਬਾਬੂ ਜੀ ਨੇ ਬਾਕੀ ਦੇ ਪ੍ਰੋਗਰਾਮ ਮੁਲਤਵੀ ਕੀਤੇ ਅਤੇ ਗੱਡੀ ਮਾਇਆ ਨਗਰ ਵੱਲ ਮੋੜ ਲਈ।

ਵਾਰਦਾਤ ਤੋਂ ਕਰੀਬ ਚੌਵੀ ਘੰਟੇ ਪਹਿਲਾਂ ਤੋਂ ਦੋਵੇਂ ਭਰਾ ਬਾਬੂ ਜੀ ਦੇ ਨਾਲ ਸਨ।

ਉਨ੍ਹਾਂ ਦੀ ਹਾਜ਼ਰੀ ਅਸਕਾਰਟ ਵਰਗੇ ਹਸਪਤਾਲ ਵਿੱਚ ਲੱਗੀ ਹੋਈ ਸੀ। ਉੱਥੇ ਪੰਕਜ ਦੇ ਸਰੀਰ ਦੇ ਅੰਗ ਅੰਗ ਦਾ ਮੁਆਇਨਾ ਹੋਇਆ ਸੀ। ਇਸਦਾ ਸਬੂਤ ਕੰਪਿਊਟਰਾਂ ਵਿੱਚ ਦਰਜ ਸੀ। ਸਨਅਤ ਮੰਤਰੀ ਦੀ ਕੋਠੀ ਦਾਖ਼ਲ ਹੁੰਦੇ ਸਮੇਂ ਉਨ੍ਹਾਂ ਦੇ ਗੇਟ ਪਾਸ ਬਣੇ ਸਨ।

ਉਨ੍ਹਾਂ ਪਾਸਾਂ ਉਪਰ ਉਨ੍ਹਾਂ ਦੇ ਫੋਟੋ ਲੱਗੇ ਸਨ। ਸਭ ਤੋਂ ਵੱਡਾ ਸਬੂਤ ਬਾਬੂ ਜੀ ਖ਼ੁਦ ਸਨ।

ਇੱਕ ਐਮ.ਪੀ.ਝੂਠ ਥੋੜ੍ਹਾ ਬੋਲ ਸਕਦਾ ਸੀ।

ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਬਾਬੂ ਜੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਇਆ। ਲੋੜ ਪਈ ਉਹ ਮੁੱਖ ਮੰਤਰੀ ਨਾਲ ਗੱਲ ਕਰਨਗੇ। ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਤੋਂ ਦਖ਼ਲ ਦਿਵਾਉਣਗੇ।

ਐਮ.ਪੀ.ਦੇ ਥਾਪੜੇ ਨਾਲ ਪੰਕਜ ਹੋਰਾਂ ਨੂੰ ਰਾਹਤ ਤਾਂ ਮਿਲੀ ਪਰ ਉਨ੍ਹਾਂ ਦੇ ਧੜਕਦੇ ਦਿਲਾਂ ਨੂੰ ਠੱਲ੍ਹ ਨਾ ਪਈ। ਆਪਣੇ ਮਨ ਦਾ ਚੋਰ ਉਨ੍ਹਾਂ ਨੂੰ ਬੇਚੈਨ ਕਰ ਰਿਹਾ ਸੀ। ਬਾਬੂ ਜੀ ਨਾਲ ਭੇਤ ਸਾਂਝਾ ਕਰਨ ਦਾ ਹਾਲੇ ਵਕਤ ਨਹੀਂ ਸੀ। ਹੋ ਸਕਦਾ ਹੈ ਮਾਮਲਾ ਉਂਝ ਹੀ ਠੱਪ ਹੋ ਜਾਵੇ। ਆਪਣੇ ਪੈਰ ਆਪ ਕੁਹਾੜਾ ਮਾਰਨ ਦੀ ਜ਼ਰੂਰਤ ਨਹੀਂ ਸੀ।

ਪਰ ਤਸੱਲੀ ਤਾਂ ਹੀ ਹੋਣੀ ਸੀ ਜਦੋਂ ਕਪਤਾਨ ਵੱਲੋਂ ਕੋਈ ਹੁੰਗਾਰਾ ਮਿਲਣਾ ਸੀ।

ਘੱਟੋ ਘੱਟ ਇਹ ਤਾਂ ਪਤਾ ਲੱਗੇ ਕਿ ਤਫ਼ਤੀਸ਼ ਕਿਥੋਂ ਤਕ ਪੁੱਜੀ ਸੀ। ਇਹ ਜਾਨਣ ਲਈ ਬਾਬੂ ਜੀ ਨੇ ਪੁਲਿਸ ਕਪਤਾਨ ਨਾਲ ਸੰਪਰਕ ਕੀਤਾ। ਕੋਠੀਉਂ ਅਤੇ ਦਫ਼ਤਰੋਂ ਇਕੋ ਜਵਾਬ ਮਿਲਣ ਲੱਗਾ। ਸਾਹਿਬ ਬਾਹਰ ਗਏ ਹੋਏ ਹਨ। ਕਪਤਾਨ ਦੇ ਮੋਬਾਇਲ ਫ਼ੋਨ ਬੰਦ ਸਨ। ਵਾਇਰਲੈੱਸ ਸੈੱਟ ਰਾਹੀਂ ਵੀ ਉਨ੍ਹਾਂ ਦੀ ਮੌਜੂਦਗੀ ਵਾਲੀ ਥਾਂ ਬਾਰੇ ਪਤਾ ਨਹੀਂ ਸੀ ਲੱਗਿਆ।

ਬਾਬੂ ਜੀ ਦੇ ਮਨ ਵਿੱਚ ਸ਼ੱਕ ਦੇ ਬੀਜ ਪੁੰਗਰਣ ਲੱਗੇ। ਅੱਗੇ ਅਜਿਹਾ ਕਦੇ ਨਹੀਂ ਸੀ ਹੋਇਆ। ਜਦੋਂ ਚਾਹੋ ਕਪਤਾਨ ਨਾਲ ਸੰਪਰਕ ਹੋ ਜਾਂਦਾ ਸੀ। ਕਪਤਾਨ ਕਦੇ ਕੰਮ ਵਿੱਚ ਰੁੱਝਾ ਹੁੰਦਾ ਤਾਂ ਵਿਹਲਾ ਹੁੰਦੇ ਹੀ ਖੁਦ ਬਾਬੂ ਜੀ ਨੂੰ ਫ਼ੋਨ ਕਰਦਾ। ਕਪਤਾਨ ਨੂੰ ਇਥੇ ਲਿਆਉਣ ਅਤੇ ਫੇਰ ਇਥੇ ਜੰਮੇ ਰਹਿਣ ਵਿੱਚ ਬਾਬੂ ਜੀ ਦੀ ਅਹਿਮ ਭੂਮਿਕਾ ਸੀ।

ਕਪਤਾਨ ਜੇ ਉਸ ਨਾਲ ਸੰਪਰਕ ਤੋਂ ਟਲ ਰਿਹਾ ਸੀ ਤਾਂ ਇਸ ਪਿੱਛੇ ਕੋਈ ਰਾਜ਼ ਸੀ।

ਮਤਲਬ ਸਾਫ਼ ਸੀ। ਕਪਤਾਨ ਇਸ ਵਾਰਦਾਤ ਬਾਰੇ ਸੂਚਨਾ ਸਾਂਝੀ ਨਹੀਂ ਸੀ ਕਰਨਾ ਚਾਹੁੰਦਾ।

ਮਸਲਾ ਗੰਭੀਰ ਸੀ। ਲੋਕਾਂ ਦੀ ਸੁਰੱਖਿਆ ਅਤੇ ਸਰਕਾਰ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਸੀ। ਸਿਆਸਤ ਮੰਗ ਕਰਦੀ ਸੀ, ਕੌਮੀ ਹਿੱਤਾਂ ਨੂੰ ਨਿੱਜੀ ਹਿੱਤਾਂ ਨਾਲੋਂ ਪਹਿਲ ਦਿੱਤੀ ਜਾਵੇ।

ਬਾਬੂ ਜੀ ਦਾ ਭਲਾ ਟਲ ਜਾਣ ਵਿੱਚ ਸੀ।

“ਤੁਸੀਂ ਫਿਕਰ ਨਾ ਕਰੋ। ਮੈਂ ਦਿੱਲੀ ਚਲਿਆ ਹਾਂ। ਮੋਬਾਇਲ ਫ਼ੋਨ ਮੇਰੇ ਕੋਲ ਹੈ।

ਰਸਤੇ ਵਿੱਚ ਕਪਤਾਨ ਨਾਲ ਸੰਪਰਕ ਕਰਾਂਗਾ। ਫੇਰ ਤੁਹਾਨੂੰ ਦੱਸਾਂਗਾ। ਬੇ ਇਨਸਾਫ਼ੀ ਨਹੀਂ ਹੋਣ ਦਿਆਂਗਾ।”

‘ਬੇ ਇਨਸਾਫ਼ੀ’ ਸ਼ਬਦ ’ਤੇ ਜ਼ੋਰ ਦਿੰਦਿਆਂ ਬਾਬੂ ਜੀ ਕੋਠੀ ਵਿਚੋਂ ਬਾਹਰ ਨਿਕਲੇ ਅਤੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਵਿੱਚ ਬੈਠ ਗਏ।

ਬਾਬੂ ਜੀ ਦੇ ਮੂੰਹੋਂ ਨਿਕਲਿਆ ‘ਬੇ ਇਨਸਾਫ਼ੀ’ ਸ਼ਬਦ ਪੰਕਜ ਹੋਰਾਂ ਦੇ ਮਨਾਂ ਨੂੰ ਝੰਜੋੜਨ ਲੱਗਾ। ਉਨ੍ਹਾਂ ਨੂੰ ਲੱਗਾ ਜਿਵੇਂ ਬਾਬੂ ਜੀ ਨੂੰ ਸਭ ਕੁੱਝ ਪਤਾ ਲੱਗ ਗਿਆ ਸੀ। ਉਨ੍ਹਾਂ ਨੇ ਬੇ ਇਨਸਾਫ਼ੀ ਵਿਰੁੱਧ ਖੜੋਣ ਦਾ ਵਾਅਦਾ ਕੀਤਾ ਸੀ। ਪੰਕਜ ਹੋਰਾਂ ਦੇ ਹੱਕ ਵਿੱਚ ਖੜੋਣ ਦਾ ਨਹੀਂ।

ਇਨ੍ਹਾਂ ਹਾਲਤਾਂ ਵਿੱਚ ਉਨ੍ਹਾਂ ਨੂੰ ਬਾਬੂ ਜੀ ਤੋਂ ਬਹੁਤੀ ਆਸ ਨਹੀਂ ਸੀ ਰੱਖਣੀ ਚਾਹੀਦੀ।

ਆਪਣੇ ਵਿਰੁੱਧ ਆਪ ਹੀ ਨਤੀਜੇ ਕੱਢਦੇ ਪੰਕਜ ਅਤੇ ਨੀਰਜ ਖਾਲੀ ਹੱਥ ਵਾਪਸ ਮੁੜ ਪਏ।

 

-14-

 

ਹੁਣ ਉਹ ਕਿਧਰ ਜਾਣ? ਕਿਸ ਕੋਲ ਜਾਣ?

ਬਾਬੂ ਜੀ ਦੀ ਕੋਠੀ ਦੇ ਬਾਹਰ, ਚੌਰਾਹੇ ਕੋਲ ਖੜੋ ਕੇ ਉਹ ਸੋਚਣ ਲੱਗੇ।

“ਭਾਈ ਸਾਹਿਬ ਕਪਤਾਨ ਕੋਲ ਸਿਫ਼ਾਰਸ਼ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਸਾਡਾ ਨਾਂ ਵਿੱਚ ਆ ਗਿਆ ਹੈ ਜਾਂ ਹਾਲੇ ਬਚੇ ਹੋਏ ਹਾਂ? ਹੋ ਸਕਦਾ ਹੈ ਠੇਕੇਦਾਰ ਮਾਰ ਸਹਿ ਗਿਆ ਹੋਵੇ?”

ਨੀਰਜ ਕਾਹਲ ਵਿੱਚ ਕਦਮ ਪੁੱਟਣ ਦੇ ਹੱਕ ਵਿੱਚ ਨਹੀਂ ਸੀ।

“ਤੂੰ ਹਲੇ ਛੋਟਾ ਹੈਂ। ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਹਨ। ਹੁਣ ਤਕ ਉਹ ਕਦੋਂ ਦੇ ਮਸਲੇ ਦੀ ਤੈਅ ਤਕ ਪੁੱਜ ਗਏ ਹੋਣਗੇ। ਫੇਰ ਵੀ ਜੇ ਤੂੰ ਕਹਿੰਦਾ ਹੈਂ ਤਾਂ ਪਹਿਲਾਂ ਸ਼ੱਕ ਕੱਢ ਲੈਂਦੇ ਹਾਂ।”

ਛੋਟੇ ਭਰਾ ਦਾ ਦਿਲ ਰੱਖਣ ਲਈ ਪੰਕਜ ਨੀਰਜ ਨਾਲ ਸਹਿਮਤ ਹੋ ਗਿਆ।

“ਚੱਲ ਆਪਣੇ ਪ੍ਰਧਾਨ ਵੱਲ ਚੱਲ! ਉਹ ਆਪੇ ਰਾਹ ਲੱਭ !”

ਦਿਮਾਗ਼ ’ਤੇ ਬੋਝ ਪਾ ਕੇ ਪੰਕਜ ਨੇ ਈਜਹੇ ਮੋਹਤਬਰ ਦਾ ਨਾਂ ਸੋਚਿਆ, ਜਿਹੜਾ ਪੁਲਿਸ ਦੀ ਗੁਪਤ ਸੂਚਨਾ ਨੂੰ ਸੰਨ੍ਹ ਲਾ ਸਕਦਾ ਸੀ।

ਨੀਰਜ ਨੂੰ ਪੰਕਜ ਦਾ ਸੁਝਾਅ ਪਸੰਦ ਆਇਆ। ਅਗਲੇ ਹੀ ਪਲ ਉਨ੍ਹਾਂ ਨੇ ਗੱਡੀ ‘ਭਾਰੀ ਉਦਯੋਗ ਮਾਲਕ ਸੰਘ’ ਦੇ ਪ੍ਰਧਾਨ ਅਨਿਲ ਜੈਨ ਦੀ ਫੈਕਟਰੀ ਅੱਗੇ ਲਾ ਦਿੱਤੀ।

“ਬੱਚੂ ਕਿਉਂ ਘਬਰਾਉਂਦੇ ਹੋ? ਥਾਣੇਦਾਰ ਇਥੇ ਆਏਗਾ। ਆਪਣੀ ਜ਼ੁਬਾਨੀ ਸਭ ਕੁੱਝ ਦੱਸ ਕੇ ਜਾਏਗਾ।”

ਪ੍ਰਧਾਨ ਨੇ ਹੈਂਕੜ ਦਿਖਾਈ।

ਝੱਟ ਉਸਨੇ ਮੁੱਖ ਅਫ਼ਸਰ ਨੂੰ ਫ਼ੋਨ ਕੀਤਾ। ਨਾਲ ਇਸ਼ਾਰਾ ਵੀ। ਥਾਣੇਦਾਰ ਦਾ ਦਸ ਹਜ਼ਾਰ ਉਸਦੇ ਦਰਾਜ ਵਿੱਚ ਪਿਆ ਸੀ। ਨਾਲੇ ਉਹ ਆਪਣਾ ਨਜ਼ਰਾਨਾ ਲੈ ਜਾਏ ਨਾਲੇ ਤਾਜ਼ੀ ਸਥਿਤੀ ਉਪਰ ਰੋਸ਼ਨੀ ਪਾ ਜਾਏ।

ਮੁੱਖ ਅਫ਼ਸਰ ਤਫ਼ਤੀਸ਼ ਵਿੱਚ ਰੁੱਝਾ ਹੋਇਆ ਸੀ। ਇੱਕ ਮਿੰਟ ਦੀ ਫੁਰਸਤ ਨਹੀਂ ਸੀ। ਪਰ ਉਹ ਪ੍ਰਧਾਨ ਨੂੰ ਨਰਾਜ਼ ਵੀ ਨਹੀਂ ਸੀ ਕਰ ਸਕਦਾ। ਉਪਰੋਂ ਜਦੋਂ ਵੱਡੀ ਵਗਾਰ ਪੈਂਦੀ ਸੀ ਤਾਂ ਅੜਿਆ ਗੱਡਾ ਪ੍ਰਧਾਨ ਹੀ ਕੱਢਦਾ ਸੀ। ਵੱਡੇ ਸਨਅਤਕਾਰਾਂ ਦਾ ਉਹ ਪ੍ਰਧਾਨ ਸੀ। ਸਨਅਤਕਾਰਾਂ ਨੂੰ ਜਦੋਂ ਭੀੜ ਪੈਂਦੀ ਸੀ ਉਹ ਅਨਿਲ ਵੱਲ ਭੱਜਦੇ ਸਨ।

ਪ੍ਰਧਾਨ ਮੁੱਖ ਅਫ਼ਸਰ ਨੂੰ ਫ਼ੀਸ ਪਹਿਲਾਂ ਦਿਵਾਉਂਦਾ ਸੀ ਕੰਮ ਪਿੱਛੋਂ ਦੱਸਦਾ ਸੀ। ਪ੍ਰਧਾਨ ਦੀ ਪਹੁੰਚ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਤਕ ਸੀ। ਕਦੇ ਬਦਲੀ ਹੁੰਦੀ ਦਿੱਸੇ ਜਾਂ ਕਿਸੇ ਪੁੱਛ ਪੜਤਾਲ ਦਾ ਖ਼ਤਰਾ ਹੋਵੇ, ਉਹ ਝੱਟ ਫ਼ੋਨ ਖੜਕਾ ਕੇ ਠੱਲ੍ਹ ਪਾ ਦਿੰਦਾ ਸੀ।

ਮੁੱਖ ਅਫ਼ਸਰ ਪ੍ਰਧਾਨ ਨੂੰ ਨਾਂਹ ਨਹੀਂ ਸੀ ਕਰ ਸਕਦਾ।

ਰੇਡ ਕਰਨ ਦਾ ਬਹਾਨਾ ਲਾ ਕੇ ਉਹ ਪ੍ਰਧਾਨ ਦੀ ਫੈਕਟਰੀ ਪੁੱਜ ਗਿਆ।

ਪੰਕਜ ਅਤੇ ਨੀਰਜ ਮੁੱਖ ਅਫ਼ਸਰ ਦੇ ਮੱਥੇ ਨਹੀਂ ਸਨ ਲੱਗਣਾ ਚਾਹੁੰਦੇ। ਉਹ ਨਾਲ ਦੇ ਕਮਰੇ ਵਿੱਚ ਚਲੇ ਗਏ।

ਪ੍ਰਧਾਨ ਨੇ ਠੰਡਾ ਪਿਛੋਂ ਪੁੱਛਿਆ, ਨੋਟ ਪਹਿਲਾਂ ਪੇਸ਼ ਕੀਤੇ।

ਫੇਰ ਆਪਣੀ ਗਰਜ਼ ਦੱਸੀ।

ਪ੍ਰਧਾਨ ਕਤਲ ਕਾਂਡ ਬਾਰੇ ਕੁੱਝ ਜਾਨਣਾ ਚਾਹੁੰਦਾ ਸੀ। ਇਹ ਸੁਣ ਕੇ ਮੁੱਖ ਅਫ਼ਸਰ ਨੂੰ ਕਾਂਬਾ ਛਿੜ ਗਿਆ।

ਅਸਲੀਅਤ ਇਹ ਸੀ ਕਿ ਇਸ ਕੇਸ ਦੀ ਤਫ਼ਤੀਸ਼ ਕਪਤਾਨ ਖ਼ੁਦ ਕਰ ਰਿਹਾ ਸੀ।

ਕਿਸੇ ਗੱਲੋਂ ਕਪਤਾਨ ਨੂੰ ਮੁੱਖ ਅਫ਼ਸਰ ’ਤੇ ਸ਼ੱਕ ਹੋ ਗਿਆ ਸੀ। ਕਾਰਵਾਈ ਉਸ ਤੋਂ ਗੁਪਤ ਰੱਖੀ ਜਾ ਰਹੀ ਸੀ।

ਦਸ ਹਜ਼ਾਰ ਦੇ ਨੋਟ ਉਸਦੀ ਜੇਬ ਵਿੱਚ ਪੈ ਚੁੱਕੇ ਸਨ। ਇਨ੍ਹਾਂ ਨੂੰ ਹਜ਼ਮ ਕਰਨ ਲਈ ਉਸਨੂੰ ਝੂਠ ਬੋਲਣਾ ਪੈਣਾ ਸੀ।

“ਪੰਕਜ ਹੋਰਾਂ ਬਾਰੇ ਹਾਲੇ ਤਕ ਕੁੱਝ ਵੀ ਮਿਸਲ ’ਤੇ ਨਹੀਂ ਆਇਆ। ਉਂਗਲ ਉਨ੍ਹਾਂ ਵੱਲ ਉਠ ਰਹੀ ਹੈ। ਪਰ ਹਾਲੇ ਕੋਈ ਖ਼ਤਰਾ ਨਹੀਂ। ਵੈਸੇ ਸਾਵਧਾਨ ਰਹਿਣਾ ਚਾਹੀਦਾ ਹੈ।”

ਖ਼ੂਹ ਵਿੱਚ ਇੱਟ ਸੁੱਟ ਕੇ ਮੁੱਖ ਅਫ਼ਸਰ ਖਿਸਕ ਗਿਆ।

ਪ੍ਰਧਾਨ ਖੁਸ਼ ਸੀ। ਥਾਣੇ ਦਾ ਮੁੱਖ ਅਫ਼ਸਰ ਉਸ ਕੋਲ ਖੁਦ ਚੱਲ ਕੇ ਆਇਆ ਸੀ।

ਪ੍ਰਧਾਨ ਲਈ ਇਹ ਫ਼ਖਰ ਵਾਲੀ ਗੱਲ ਸੀ। ਜੇ ਉਹ ਕਹਿੰਦਾ ਸੀ ਕੋਈ ਖ਼ਤਰਾ ਨਹੀਂ ਤਾਂ ਸਮਝੋ ਕੋਈ ਖ਼ਤਰਾ ਨਹੀਂ।

ਪਰ ਪੰਕਜ ਹੋਰਾਂ ਦਾ ਮਨ ਟਿਕ ਨਹੀਂ ਸੀ ਰਿਹਾ। ਉਹ ਉਂਗਲ ਉਨ੍ਹਾਂ ਵੱਲ ਉੱਠਣ ਅਤੇ ਸਾਵਧਾਨ ਰਹਿਣ ਬਾਰੇ ਵੀ ਕਹਿ ਕੇ ਗਿਆ ਸੀ। ਇਨ੍ਹਾਂ ਸੰਕੇਤਾਂ ਦਾ ਮਤਲਬ ਸਮਝਣਾ ਚਾਹੀਦਾ ਸੀ।

ਪਹਿਲਾਂ ਠੇਕੇਦਾਰਾ ਦੇ ਫੜੇ ਜਾਣ ਅਤੇ ਉਸਦੇ ਘਰੋਂ ਚੋਰੀ ਹੋਏ ਸਮਾਨ ਦੇ ਫੜੇ ਜਾਣ ਦੀ ਖ਼ਬਰ ਨਿਕਲੀ ਸੀ। ਹੁਣੇ ਹੁਣੇ ਨਵੀਂ ਖ਼ਬਰ ਆਈ ਸੀ। ਪੁਲਿਸ ਨੇ ਠੇਕੇਦਾਰ ਕੋਲੋਂ ਇੱਕ ਜੇਬੀ ਡਾਇਰੀ ਫੜੀ ਸੀ। ਉਸ ਡਾਇਰੀ ਵਿੱਚ ਪੰਕਜ ਦਾ ਫ਼ੋਨ ਨੰਬਰ ਦਰਜ ਸੀ। ਉਸਦੀ ਜੇਬ ਵਿਚੋਂ ਉਨ੍ਹਾਂ ਦਾ ਵਿਜ਼ਟਿੰਗ ਕਾਰਡ ਵੀ ਨਿਕਲਿਆ ਸੀ। ਇਹ ਸਮਾਚਾਰ ਸ਼ੁਭ ਨਹੀਂ ਸਨ।

ਪ੍ਰਧਾਨ ਕੋਲ ਬੈਠੇ ਬੈਠੇ ਮੋਬਾਇਲ ਕੰਪਨੀ ਦੇ ਮੈਨੇਜ਼ਰ ਦਾ ਫ਼ੋਨ ਆ ਗਿਆ। ਪੁਲਿਸ ਪੰਕਜ ਹੋਰਾਂ ਦੇ ਫ਼ੋਨ ਨੰਬਰਾਂ ਦੀ ਲਿਸਟ ਅਤੇ ਉਨ੍ਹਾਂ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ ਕੀਤੇ ਫ਼ੋਨਾਂ ਦੀ ਸੂਚਨਾ ਲੈਣ ਆਈ ਸੀ। ਕੰਪਨੀ ਨੂੰ ਸ਼ੱਕ ਸੀ ਪੁਲਿਸ ਉਨ੍ਹਾਂ ਦੇ ਫ਼ੋਨ ਟੇਪ ਕਰ ਰਹੀ ਸੀ। ਉਹ ਕੰਪਨੀ ਦੇ ਪੱਕੇ ਗਾਹਕ ਸਨ। ਇਸ ਲਈ ਫ਼ੋਨ ਕੰਪਨੀ ਨੇ ਉਨ੍ਹਾਂ ਨੂੰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਇਆ ਸੀ। ਅੱਗੇ ਉਹ ਜੋ ਠੀਕ ਸਮਝਣ ਕਰਨ।

ਨੀਰਜ ਨੇ ਵੱਡੇ ਭਰਾ ਨੂੰ ਸਮਝਾਇਆ। ਹੁਣ ਹਵਾਈ ਕਿਲ੍ਹੇ ਉਸਾਰਨ ਦਾ ਸਮਾਂ ਨਹੀਂ ਸੀ। ਉਨ੍ਹਾਂ ਨੂੰ ਅੰਡਰ ਗਰਾਊਂਡ ਹੋ ਜਾਣਾ ਚਾਹੀਦਾ ਸੀ।

ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭਰੋਸੇ ਵਿੱਚ ਲੈ ਕੇ ਆਪਣੇ ਬਚਾਅ ਦੇ ਢੰਗ ਤਰੀਕੇ ਸੋਚਣੇ ਚਾਹੀਦੇ ਸਨ।

ਕਿਸੇ ਵਧੀਆ ਵਕੀਲ ਰਾਹੀਂ ਕਾਨੂੰਨੀ ਚਾਰਾਜੋਈ ਕਰਨੀ ਚਾਹੀਦੀ ਸੀ।

ਪੰਕਜ ਨੀਰਜ ਨਾਲ ਸਹਿਮਤ ਸੀ।

ਝੱਟ ਉਨ੍ਹਾਂ ਨੇ ਆਪਣੀ ਗੱਡੀ ਗੈਰਜ ਵਿੱਚ ਲਾ ਦਿੱਤੀ। ਮੋਬਾਈਲ ਫ਼ੋਨ ਬੰਦ ਕਰ ਦਿੱਤੇ।

ਅਗਲੀ ਨੀਤੀ ਘੜਨ ਲਈ ਉਹ ਪੰਕਜ ਦੇ ਸਾਂਢੂ ਦੇ ਭਰਾ ਅਜੇ ਦੀ ਫੈਕਟਰੀ ਜਾ ਬੈਠੇ।

 

-15-

 

ਅਜੇ ਪੰਕਜ ਨਾਲ ਸਹਿਮਤ ਸੀ।

ਜ਼ੋਖਮ ਉਠਾਉਣ ਦੀ ਗੁੰਜਾਇਸ਼ ਨਹੀਂ ਸੀ।

ਪੇਸ਼ਗੀ ਜ਼ਮਾਨਤ ਦੀ ਦਰਖਾਸਤ ਲਾਉਣੀ ਬਣਦੀ ਸੀ। ਜੇ ਮੁਕੱਦਮੇ ਵਿੱਚ ਨਾਂ ਪੈ ਗਿਆ ਤਾਂ ਪੁਲਿਸ ਦੇ ਚੱਕਰਾਂ ਅਤੇ ਗ੍ਰਿਫਤਾਰੀ ਤੋਂ ਬਚਾਅ ਹੋ ਜਾਏਗਾ। ਨਾਂ ਨਿਕਲ ਗਿਆ ਤਾਂ ਚਾਰ ਪੈਸਿਆਂ ਦੇ ਖਰਚ ਦਾ ਸਵਾਲ ਸੀ। ਅਜਿਹੇ ਮੌਕੇ ਪੈਸਿਆਂ ਬਾਰੇ ਨਹੀਂ ਸੀ ਸੋਚਿਆ ਜਾ ਸਕਦਾ।

ਦੀਵਾਨੀ ਮੁਕੱਦਮੇਬਾਜ਼ੀ ਪੰਕਜ ਨੇ ਬਹੁਤ ਕੀਤੀ ਸੀ। ਪਲਾਟਾਂ ਅਤੇ ਜ਼ਮੀਨਾਂ ਦੇ ਕਬਜ਼ੇ ਲੈਣ ਦੇਣ ਕਾਰਨ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਸੀ। ਫੈਕਟਰੀ ਲੱਗੀ ਤਾਂ ਲੇਬਰ ਨਾਲ ਟੇਟਾ ਪੈਣ ਲੱਗਾ। ਲੈਣ ਦੇਣ ਦੇ ਝਗੜੇ ਰਹਿਣ ਲੱਗੇ। ਕਦੇ ਕਿਸੇ ਨੇ ਉਧਾਰ ਮਾਰ ਲਿਆ। ਕਦੇ ਕਿਸੇ ਦਾ ਚੈੱਕ ਕੈਸ਼ ਨਹੀਂ ਹੋਇਆ।

ਫੌਜਦਾਰੀ ਮੁਕੱਦਮੇ ਦਾ ਸਾਹਮਣਾ ਉਸਨੂੰ ਪਹਿਲੀ ਵਾਰ ਕਰਨਾ ਪੈ ਰਿਹਾ ਸੀ।

ਅਜੇ ਉਨ੍ਹਾਂ ਦਾ ਰਿਸ਼ਤੇਦਾਰ ਪਿੱਛੋਂ, ਗੂੜ੍ਹਾ ਦੋਸਤ ਅਤੇ ਹਮਰਾਜ਼ ਪਹਿਲਾਂ ਸੀ। ਨਾਲੇ ਉਹ ਕਈ ਫੌਜਦਾਰੀ ਮੁਕੱਦਮੇ ਹੱਡਾਂ ’ਤੇ ਹੰਢਾ ਚੁੱਕਾ ਸੀ।

ਪਹਿਲੀ ਵਾਰ ਉਸਦਾ ਪੁਲਿਸ ਨਾਲ ਵਾਹ ਉਸ ਸਮੇਂ ਪਿਆ ਸੀ ਜਦੋਂ ਫੈਕਟਰੀ ਵਿੱਚ ਖੂਹ ਪੁੱਟਦੇ ਸਮੇਂ ਤਿੰਨ ਬੰਦੇ ਮਿੱਟੀ ਹੇਠ ਦੱਬ ਕੇ ਮਰ ਗਏ ਸਨ। ਮਾਮਲਾ ਅਣਗਹਿਲੀ ਅਤੇ ਲਾਪਰਵਾਹੀ ਦਾ ਬਣਦਾ ਸੀ। ਪਰ ਪੁਲਿਸ ਨੇ ਲਾਲਚ ਅਤੇ ਲੇਬਰ ਯੂਨੀਅਨ ਦੇ ਦਬਾਅ ਵਿੱਚ ਆ ਕੇ ਮੁਕੱਦਮਾ ਕਤਲ ਦਾ ਦਰਜ ਕਰ ਦਿੱਤਾ ਸੀ। ਮਜ਼ਦੂਰਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇ ਕੇ ਅਜੇ ਨੇ ਸਮਝੌਤਾ ਕਰ ਲਿਆ। ਬਿਨਾਂ ਲੀਡਰਾਂ ਦੀ ਸਹਿਮਤੀ ਦੇ ਹੋਇਆ ਸਮਝੌਤਾ ਲੀਡਰਾਂ ਨੂੰ ਪਸੰਦ ਨਹੀਂ ਸੀ। ਲੀਡਰਾਂ ਨੇ ਅਜੇ ਨੂੰ ਜੇਲ੍ਹ ਭੇਜਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਅਜੇ ਨੇ ਵੀ ਅੜੀ ਫੜ ਲਈ। ਉਹ ਉਮਰ ਕੈਦ ਕੱਟ ਆਏਗਾ। ਸਾਰਾ ਘਰ ਬਾਰ ਮੁਕੱਦਮੇ ਉਪਰ ਲਾ ਦੇਵੇਗਾ ਪਰ ਲੀਡਰਾਂ ਅੱਗੇ ਨਹੀਂ ਝੁਕੇਗਾ।

ਇਸ ਲੜਾਈ ਵਿੱਚ ਉਸ ਨੂੰ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਦੇ ਦਰਵਾਜ਼ੇ ਖੜਕਾਉਣੇ ਪਏ।

ਅਜੇ ਦਾ ਉਹੋ ਤਜਰਬਾ ਅਜੇ ਦੇ ਨਾਲ ਨਾਲ ਉਸਦੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਕੰਮ ਆ ਰਿਹਾ ਸੀ।

ਮਾਇਆ ਨਗਰ ਦੇ ਸਨਅਤਕਾਰਾਂ ਨੂੰ ਜੇ ਪੁਲਿਸ ਤਕ ਲੋੜ ਪੈਂਦੀ ਸੀ ਤਾਂ ਉਹ ਅਨਿਲ ਜੈਨ ਵੱਲ ਭੱਜਦੇ ਸਨ। ਜੇ ਕਚਹਿਰੀ ਜਾਣ ਦੀ ਨੌਬਤ ਆਉਂਦੀ ਸੀ ਤਾਂ ਅਜੇ ਵੱਲ ਦੌੜਦੇ ਸਨ।

ਅਜੇ ਦੀ ਫੈਕਟਰੀ ਬੈਠਿਆਂ ਹੀ ਉਨ੍ਹਾਂ ਆਪਣੇ ਇੱਕ ਦੋ ਹੋਰ ਦੋਸਤਾਂ ਨੂੰ ਫ਼ੋਨ ਕਰ ਦਿੱਤੇ। ਹੋ ਰਹੇ ਵਿਚਾਰ ਵਟਾਂਦਰੇ ਵਿੱਚ ਉਹ ਵੀ ਆਪਣੇ ਵਿਚਾਰ ਪੇਸ਼ ਕਰਨ।

ਸ਼ਹਿਰ ਵਿੱਚ ਦੋ ਚੋਟੀ ਦੇ ਵਕੀਲ ਸਨ। ਨੰਦ ਲਾਲ ਅਤੇ ਮਹਿੰਦਰ ਸਿੰਘ। ਅਜੇ ਦੋਹਾਂ ਨੂੰ ਅਜ਼ਮਾ ਚੁੱਕਾ ਸੀ।

ਕਾਨੂੰਨ ਦੀ ਜਾਣਕਾਰੀ ਵਿੱਚ ਮਹਿੰਦਰ ਸਿੰਘ ਨੰਦ ਲਾਲ ਨਾਲੋਂ ਵੱਧ ਮਾਹਿਰ ਸੀ।

ਪਰ ਉਹ ਇਮਾਨਦਾਰੀ ਵਾਲੀ ਘੋੜੀ ਚੜ੍ਹਿਆ ਹੋਇਆ ਸੀ। ਉਸਦਾ ਵਿਸ਼ਵਾਸ ਅਫ਼ਸਰਾਂ ਨਾਲ ਲੜਨ ਵਿੱਚ ਜ਼ਿਆਦਾ ਅਤੇ ਮਿਲਵਰਤਣ ਵਿੱਚ ਘੱਟ ਸੀ। ਅੱਜ ਦਾ ਜ਼ਮਾਨਾ ਹੋਰ ਸੀ। ਅੱਜ ਕੱਲ੍ਹ ਫੈਸਲੇ ਗੁਣਾਂ ਦੇ ਆਧਾਰ ’ਤੇ ਘੱਟ ਹੋਰ ਗੱਲਾਂ ਦੇ ਆਧਾਰ ’ਤੇ ਜ਼ਿਆਦਾ ਹੁੰਦੇ ਹਨ।

ਸਾਰੇ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਅਜੇ ਨੰਦ ਲਾਲ ਨੂੰ ਵਕੀਲ ਕਰਨ ਦੇ ਹੱਕ ਵਿੱਚ ਸੀ। ਉਹ ਫ਼ੀਸ ਜ਼ਰੂਰ ਠੋਕ ਕੇ ਲੈਂਦਾ ਸੀ ਪਰ ਫ਼ੀਸ ਤੈਅ ਹੋਣ ਬਾਅਦ ਸਾਇਲ ਦੀ ਸਿਰਦਰਦੀ ਮੁੱਕ ਜਾਂਦੀ ਸੀ। ਅਸਾਮੀ ਪੈਸਾ ਖਰਚਣ ਵਾਲੀ ਹੋਵੇ ਉਹ ਕਚਹਿਰੀ ਦੇ ਅਰਦਲੀ ਤੋਂ ਲੈ ਕੇ ਸੁਪਰੀਮ ਕੋਰਟ ਦੇ ਜੱਜ ਤਕ ਦੀ ਆਪੇ ਖਰੀਦੋ ਫ਼ਰੋਖਤ ਕਰ ਦਿੰਦਾ ਸੀ।

ਨੰਦ ਲਾਲ ਦੀ ਪੁਲਿਸ ਵਿਭਾਗ ਵਿੱਚ ਪੂਰੀ ਚੜ੍ਹਤ ਸੀ। ਉਸਦੇ ਫ਼ੋਨ ਉਪਰ ਕੰਮ ਹੁੰਦੇ ਸਨ। ਥਾਣੇਦਾਰ ਮਿਸਲ ਚੁੱਕੀ ਉਸਦੇ ਪਿੱਛੇ ਪਿੱਛੇ ਘੁੰਮਦੇ ਸਨ। ਇਹ ਮਾਇਆ ਜਾਲ ਉਸਨੇ ਆਪਣੀ ਲਿਆਕਤ ਦੇ ਸਿਰ ’ਤੇ ਬੁਣਿਆ ਸੀ। ਕਦੇ ਕਿਸੇ ਮੰਤਰੀ, ਵਿਧਾਇਕ ਜਾਂ ਪੁਲਿਸ ਅਫ਼ਸਰ ਨੂੰ ਕਚਹਿਰੀ ਦਾ ਮੂੰਹ ਦੇਖਣਾ ਪੈ ਜਾਏ ਤਾਂ ਉਹ ਨੰਦ ਲਾਲ ਵੱਲ ਦੌੜਦਾ ਸੀ। ਉਹ ਲੋਕ ਇਸਨੂੰ ਫ਼ੀਸ ਤਾਂ ਦਿੰਦੇ ਹੀ ਸਨ ਅੜੇ ਥੁੜੇ ਕੰਮ ਵੀ ਕਰਦੇ ਸਨ।

ਨੰਦ ਲਾਲ ਦੀ ਉਮਰ ਸੱਤਰ ਦੇ ਕਰੀਬ ਸੀ। ਜਿਹੜੇ ਕਦੇ ਉਸ ਕੋਲ ਮੈਜਿਸਟਰੇਟ ਹੋਇਆ ਕਰਦੇ ਸਨ ਉਹ ਹੁਣ ਹਾਈਕੋਰਟ ਦੇ ਜੱਜ ਸਨ। ਜਿਹੜੇ ਥਾਣੇਦਾਰ ਉਸ ਕੋਲ ਬੈਠ ਕੇ ਗਵਾਹੀਆਂ ਸਮਝਿਆ ਕਰਦੇ ਸਨ ਉਹ ਕਪਤਾਨ ਬਣੇ ਬੈਠੇ ਸਨ। ਪੁਰਾਣੇ ਅਫ਼ਸਰ ਪੁਰਾਣੇ ਮਿੱਤਰਾਂ ਦੀ ਕਦਰ ਕਰਦੇ ਸਨ। ਮੁਕੱਦਮੇ ਦੀਆਂ ਕਈ ਦਿੱਕਤਾਂ ਨੰਦ ਲਾਲ ਦਾ ਨਾਂ ਲੈਣ ਨਾਲ ਹੱਲ ਹੋ ਜਾਂਦੀਆਂ ਸਨ।

ਇਸ ਲਈ ਅਜੇ ਨੰਦ ਲਾਲ ਤੋਂ ਸਿਵਾ ਕਿਸੇ ਹੋਰ ਵਕੀਲ ਬਾਰੇ ਨਹੀਂ ਸੀ ਸੋਚ ਸਕਦਾ।

“ਜੇ ਹੋਰ ਕੋਈ ਔਪਸ਼ਨ ਹੈ ਹੀ ਨਹੀਂ ਫੇਰ ਦੇਰ ਕਿਉਂ ਕੀਤੀ ਜਾਵੇ? ਫ਼ੋਨ ਕਰੋ ਅਤੇ ਟਾਇਮ ਲਓ।”

ਘਬਰਾਇਆ ਨੀਰਜ ਸੋਚ ਵਿਚਾਰ ਵਿੱਚ ਸਮਾਂ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ।

“ਨੰਦ ਲਾਲ ਦੀ ਫ਼ੀਸ ਹੋਰਾਂ ਨਾਲੋਂ ਵੱਧ ਹੈ।”

ਅਜੇ ਨੇ ਹੋਣ ਵਾਲੇ ਖ਼ਰਚੇ ਬਾਰੇ ਸੂਚਿਤ ਕਰਨਾ ਆਪਣਾ ਫ਼ਰਜ਼ ਸਮਝਿਆ।

ਪੰਕਜ ਹੋਰਾਂ ਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਸੀ। ਅਲਮਾਰੀਆਂ ਨੋਟਾਂ ਨਾਲ ਭਰੀਆਂ ਪਈਆਂ ਸਨ। ਪੈਸਾ ਇੱਜ਼ਤ ਵਧਾਉਣ ਲਈ ਸੀ। ਪੈਸਾ ਬਚਾਉਣ ਲਈ ਇੱਜ਼ਤ ਨਹੀਂ ਸੀ ਗਵਾਈ ਜਾ ਸਕਦੀ। ਉਨ੍ਹਾਂ ਨੂੰ ਹਰ ਹੀਲੇ ਗ੍ਰਿਫ਼ਤਾਰੀ ਤੋਂ ਬਚਣਾ ਚਾਹੀਦਾ ਸੀ।

ਇਹ ਸੋਚ ਕੇ ਦੋਹਾਂ ਭਰਾਵਾਂ ਨੇ ਨੰਦ ਲਾਲ ਨੂੰ ਵਕੀਲ ਨਿਯੁਕਤ ਕਰਨ ਦੀ ਤਜਵੀਜ਼ ਮਨਜ਼ੂਰ ਕਰ ਦਿੱਤੀ।

ਅਜੇ ਨੇ ਨੰਦ ਲਾਲ ਨਾਲ ਸੰਪਰਕ ਕੀਤਾ।

ਹਾਲੇ ਉਹ ਕਚਹਿਰੀ ਵਿੱਚ ਬਹਿਸ ਕਰ ਰਿਹਾ ਸੀ। ਅੱਧੇ ਘੰਟੇ ਬਾਅਦ ਉਸ ਨੇ ਆਪਣੇ ਚੈਂਬਰ ਵਿੱਚ ਆ ਜਾਣਾ ਸੀ। ਉਹ ਕਚਹਿਰੀ ਆ ਕੇ ਗੱਲ ਕਰ ਲੈਣ।

ਇਸੇ ਦੌਰਾਨ ਪੰਕਜ ਦਾ ਸਾਲਾ ਆਪਣੇ ਦੋ ਸਾਥੀਆਂ ਨਾਲ ਉਥੇ ਆ ਪੁੱਜਾ।

ਹੋ ਰਹੇ ਵਿਚਾਰ ਵਟਾਂਦਰੇ ਵਿੱਚ ਉਹ ਆਪਣੇ ਤਜਰਬੇ ਸਾਂਝੇ ਕਰਨ ਲੱਗਾ।

“ਕਚਹਿਰੀ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਪੁਲਿਸ ਉਥੇ ਸਾਰਾ ਦਿਨ ਫਿਰਦੀ ਰਹਿੰਦੀ ਹੈ। ਕਿਸੇ ਵੀ ਸਮੇਂ ਦਬੋਚ ਸਕਦੀ ਹੈ। ਕਿਉਂ ਨਾ ਵਕੀਲ ਨੂੰ ਇਥੇ ਬੁਲਾ ਲਿਆ ਜਾਵੇ?”

ਦੋਬਾਰਾ ਨੰਦ ਲਾਲ ਨੂੰ ਫ਼ੋਨ ਕੀਤਾ ਗਿਆ।

ਨੰਦ ਲਾਲ ਕਿਸੇ ਦੇ ਘਰ ਜਾ ਕੇ ਸਲਾਹਾਂ ਦੇਣ ਵਾਲਾ ਵਕੀਲ ਨਹੀਂ ਸੀ। ਜਿਸ ਨੂੰ ਪਿਆਸ ਲੱਗੀ ਹੈ ਉਹ ਖੂਹ ਕੋਲ ਆਵੇ।

ਨੰਦ ਲਾਲ ਦੇ ਕੋਰੇ ਜਵਾਬ ਨਾਲ ਬੈਠੀ ਸਭਾ ਦੇ ਮੈਂਬਰਾਂ ਦੇ ਚਿਹਰੇ ਉੱਤਰ ਗਏ।

“ਜਿਹੜਾ ਵਕੀਲ ਹੁਣੇ ਗੱਲ ਕਰਨ ਨੂੰ ਤਿਆਰ ਨਹੀਂ ਅਜਿਹੇ ਵਕੀਲ ਨੂੰ ਗੋਲੀ ਮਾਰੋ।”

ਪੰਕਜ ਦੇ ਸਾਲੇ ਸਤੀਸ਼ ਦੇ ਇੱਕ ਦੋਸਤ ਨੇ ਮੱਤ ਪ੍ਰਗਟਾਇਆ। ਉਹ ਇਹ ਕੇਸ ਨੰਦ ਲਾਲ ਦੀ ਥਾਂ ਆਪਣੇ ਮਿੱਤਰ ਨੂੰ ਦਿਵਾਉਣਾ ਚਾਹੁੰਦਾ ਸੀ।

“ਨੰਦ ਲਾਲ ਬੁੱਢਾ ਹੋ ਗਿਆ ਹੈ। ਉਸਦਾ ਕੰਮ ਘਟ ਰਿਹਾ ਹੈ। ਸਿੰਗਲੇ ਦਾ ਕੰਮ ਚੜ੍ਹ ਰਿਹਾ ਹੈ। ਸਿੰਗਲਾ ਮੇਰਾ ਯਾਰ ਹੈ। ਉਸਨੂੰ ਇਥੇ ਬੁਲਾ ਲੈਂਦੇ ਹਾਂ। ਮੈਨੂੰ ਨਾਂਹ ਨਹੀਂ ਕਰੇਗਾ।” ਵਿਨੇ ਨੇ ਨੰਦ ਲਾਲ ਦੀ ਥਾਂ ਸਿੰਗਲੇ ਵਕੀਲ ਦਾ ਨਾਂ ਪੇਸ਼ ਕੀਤਾ।

“ਉਹ ਨੰਦ ਲਾਲ ਦਾ ਚੇਲਾ ਹੈ। ਚੇਲੇ ਗੁਰੂਆਂ ਤੋਂ ਅੱਗੇ ਨਹੀਂ ਲੰਘ ਸਕਦੇ। ਵਕੀਲ ਆਪਾਂ ਨੰਦ ਲਾਲ ਨੂੰ ਹੀ ਕਰਾਂਗੇ। ਰਾਏ ਮਸ਼ਵਰੇ ਲਈ ਸਿੰਗਲੇ ਨੂੰ ਬੁਲਾ ਲਓ। ਉਸਨੂੰ ਇਸ ਕੰਮ ਦੀ ਫ਼ੀਸ ਦੇ ਦੇਵਾਂਗੇ।”

ਅਜੇ ਨੂੰ ਵਿਨੇ ਦੀ ਨੰਦ ਲਾਲ ਦਾ ਨਾਂ ਰੱਦ ਕਰਨ ਦੀ ਤਜਵੀਜ਼ ਚੰਗੀ ਨਹੀਂ ਸੀ ਲੱਗੀ। ਉਸਨੇ ਮੋੜਵਾਂ ਜਵਾਬ ਦੇ ਕੇ ਆਪਣੀ ਤਜਵੀਜ ਬਚਾ ਲਈ। ਨਾਲੇ ਸਿੰਗਲੇ ਨੂੰ ਫ਼ੀਸ ਦੇਣ ਦਾ ਸੁਝਾਅ ਦੇ ਕੇ ਵਿਨੇ ਦੀ ਰੱਖ ਲਈ।

“ਨੰਦ ਲਾਲ ਲਾਲਚੀ ਸੁਭਾਅ ਦਾ ਬੰਦਾ ਹੈ। ਮੌਕਾ ਦੇਖਣ ਵੀ ਬਾਹਰ ਜਾਂਦਾ ਹੀ ਹੈ। ਬੁਰਕੀ ਸੁੱਟੋ ਇਥੇ ਆ ਜਾਏਗਾ।”

ਸਤੀਸ਼ ਨੰਦ ਲਾਲ ਦਾ ਭੇਤੀ ਸੀ। ਉਸਨੇ ਆਪਣੇ ਤਜਰਬੇ ਦੇ ਆਧਾਰ ’ਤੇ ਨੰਦ ਲਾਲ ਨੂੰ ਇਥੇ ਬੁਲਾਉਣ ਦੀ ਤਜਵੀਜ਼ ਪੇਸ਼ ਕੀਤੀ।

ਇੱਕ ਵਾਰ ਫੇਰ ਫ਼ੋਨ ਮਿਲਾਇਆ ਗਿਆ। ਮੀਟਿੰਗ ਵਿੱਚ ਸ਼ਾਮਲ ਹੋਣ ਦੀ ਵੱਖਰੀ ਫ਼ੀਸ ਦੇਣ ਦੀ ਪੇਸ਼ਕਸ਼ ਕੀਤੀ ਗਈ।

“ਪਹਿਲਾਂ ਫ਼ੀਸ ਤੈਅ ਕਰ ਲਓ। ਬਾਕੀ ਫੇਰ ਦੇਖਾਂਗੇ।”

ਇਸ ਵਾਰ ਨੰਦ ਲਾਲ ਦਾ ਰਵਈਆ ਨਰਮ ਸੀ।

“ਅੱਗੇ ਕਦੇ ਫ਼ੀਸ ਘੱਟ ਦਿੱਤੀ ਹੈ। ਇਹ ਮੇਰਾ ਆਪਣਾ ਕੰਮ ਹੈ। ਜੋ ਮੰਗੋਗੇ ਮਿਲ ਜਾਏਗਾ। ਆਓ ਸਹੀ।”

ਅਜੇ ਨੇ ਆਪਣੀ ਦੋਸਤੀ ਦਾ ਅਹਿਸਾਸ ਕਰਾਇਆ।

“ਮੈਂ ਇੱਕ ਲੱਖ ਰੁਪਿਆ ਫ਼ੀਸ ਲਵਾਂਗਾ। ਜੇ ਕੇਸ ਲੜਨਾ ਪਿਆ ਫੇਰ ਪੰਜਾਹ ਹਜ਼ਾਰ ਹੋਰ ਲੱਗਣਗੇ। ਜੇ ਸ਼ਰਤ ਮਨਜ਼ੂਰ ਹੋਵੇ ਤਾਂ ਅੱਧੀ ਫ਼ੀਸ ਅਤੇ ਗੱਡੀ ਭੇਜ ਦੇਵੋ।”

ਨੰਦ ਲਾਲ ਨੇ ਆਪਣੀ ਫ਼ੀਸ ਅਤੇ ਸ਼ਰਤਾਂ ਦੱਸੀਆਂ।

ਪੰਕਜ ਨੂੰ ਫ਼ੀਸ ਬਹੁਤ ਜ਼ਿਆਦਾ ਲੱਗੀ। ਅੱਗੇ ਕਦੇ ਉਸਨੇ ਵਕੀਲ ਨੂੰ ਪੰਜ ਹਜ਼ਾਰ ਤੋਂ ਵੱਧ ਨਹੀਂ ਸੀ ਦਿੱਤਾ। ਹਾਲੇ ਉਨ੍ਹਾਂ ਨੂੰ ਆਪਣਾ ਨਾਂ ਘੜੀਸੇ ਜਾਣ ਦਾ ਸ਼ੱਕ ਸੀ।

ਪੁਲਿਸ ਵੱਲੋਂ ਕੋਈ ਇਸ਼ਾਰਾ ਨਹੀਂ ਸੀ। ਹਾਲੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਦੇਣੀ ਸੀ। ਇਹ ਕੰਮ ਕਿਸੇ ਛੋਟੇ ਵਕੀਲ ਤੋਂ ਕਰਵਾਇਆ ਜਾ ਸਕਦਾ ਸੀ। ਜੇ ਪੁਲਿਸ ਪਿੱਛੇ ਪੈਣ ਲੱਗੀ ਫੇਰ ਨੰਦ ਲਾਲ ਨੂੰ ਵਕੀਲ ਕੀਤਾ ਜਾ ਸਕਦਾ ਸੀ।

“ਗੰਢਿਆਂ ਦੇ ਚੋਰ ਵਾਲੀ ਕਰਾਉਣ ਦਾ ਕੋਈ ਫ਼ਾਇਦਾ ਨਹੀਂ। ਕਿਧਰੇ ਇਹ ਨਾ ਹੋਵੇ ਕਿ ਲਾਲਚ ਵੱਸ ਗੱਠੇ ਵੀ ਖਾਣੇ ਪੈਣ, ਛਿੱਤਰ ਵੀ ਅਤੇ ਅਖ਼ੀਰ ਜੁਰਮਾਨਾ ਵੀ ਭਰਨਾ ਪਵੇ। ਫੇਰ ਕਿਹੜਾ ਨੰਦ ਲਾਲ ਨੇ ਘੱਟ ਫ਼ੀਸ ਲੈ ਲੈਣੀ ਹੈ। ਉਲਟਾ ਉਸਨੇ ਭਾਰਾ ਹੋ ਜਾਣੈ। ਕਿਸੇ ਹੋਰ ਵਕੀਲ ਨੂੰ ਦਿੱਤੀ ਫ਼ੀਸ ਖੂਹ ਖਾਤੇ ਪੈ ਜਾਣੀ ਹੈ।”

ਅਜੇ ਨੇ ਇੱਕ ਵਾਰ ਫੇਰ ਆਪਣਾ ਤਜਰਬਾ ਸਾਂਝਾ ਕੀਤਾ।

“ਠੀਕ ਹੈ। ਗੱਡੀ ਭੇਜੋ ਅਤੇ ਬੁਲਾਓ। ਸਿੰਗਲੇ ਨੂੰ ਵੀ ਬੁਲਾ ਲਓ। ਇੱਕ ਅਤੇ ਇੱਕ ਰਲਕੇ ਗਿਆਰਾਂ ਹੋ ਜਾਣਗੇ।”

ਨੀਰਜ ਨੇ ਝੱਟ ਫੈਸਲਾ ਸੁਣਾ ਦਿੱਤਾ।

 

-16-

 

ਸਿੰਗਲਾ ਨੰਦ ਲਾਲ ਨਾਲੋਂ ਪਹਿਲਾਂ ਪੁੱਜ ਗਿਆ।

ਸਿੰਗਲੇ ਨੂੰ ਕਿਸ ਕੇਸ ਬਾਰੇ ਬੁਲਾਇਆ ਜਾ ਰਿਹਾ ਹੈ ਇਸਦੀ ਜਾਣਕਾਰੀ ਉਸ ਨੂੰ ਪਹਿਲਾਂ ਦੇ ਦਿੱਤੀ ਗਈ ਸੀ। ਉਹ ਜਿੰਨੀ ਜਾਣਕਾਰੀ ਮਿਲ ਸਕਦੀ ਸੀ ਉਨੀ ਲੈ ਆਇਆ ਸੀ।

ਠੇਕੇਦਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਸੀ। ਮੈਜਿਸਟਰੇਟ ਨੇ ਉਸਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।

ਪੁਲਿਸ ਰਿਮਾਂਡ ਹਾਸਲ ਕਰਦੇ ਸਮੇਂ ਪੁਲਿਸ ਨੇ ਜੋ ਦਰਖ਼ਾਸਤ ਦਿੱਤੀ ਸੀ ਉਹ ਸਿੰਗਲਾ ਪੜ੍ਹ ਆਇਆ ਸੀ। ਉਸ ਦਰਖ਼ਾਸਤ ਤੋਂ ਅਜਿਹਾ ਕੋਈ ਸੰਕੇਤ ਨਹੀਂ ਸੀ ਮਿਲਦਾ ਜਿਸ ਤੋਂ ਪੰਕਜ ਹੋਰਾਂ ਦੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਬਾਰੇ ਅੰਦਾਜ਼ਾ ਲਗਦਾ ਹੋਵੇ। ਪੁਲਿਸ ਨੇ ਬਾਕੀ ਦੋਸ਼ੀਆਂ ਦੇ ਨਾਂ ਪਤੇ ਪੁੱਛਣ ਅਤੇ ਮਾਲ ਬਰਾਮਦ ਕਰਾਉਣ ਲਈ ਪੁਲਿਸ ਰਿਮਾਂਡ ਮੰਗਿਆ ਸੀ।

ਜਿਸ ਸਰਕਾਰੀ ਵਕੀਲ ਨੇ ਠੇਕੇਦਾਰ ਦਾ ਰਿਮਾਂਡ ਲਿਆ ਸੀ ਉਸ ਨਾਲ ਸਿੰਗਲੇ ਦਾ ਖਾਣ ਪੀਣ ਸੀ। ਸਿੰਗਲੇ ਨੇ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਸੀ। ਪਰ ਉਹ ਦੂਸਰੀ ਕਚਹਿਰੀ ਵਿੱਚ ਰੁੱਝਾ ਹੋਇਆ ਸੀ।

“ਜੇ ਕੁੱਝ ਖ਼ਰਚ ਕਰਨ ਦੀ ਇਜਾਜ਼ਤ ਹੋਵੇ ਤਾਂ ਮੈਂ ਉਸ ਕੋਲੋਂ ਮਿਸਲ ਦਾ ਹਾਲਚਾਲ ਪੁੱਛ ਸਕਦਾ ਹਾਂ।”

ਸਿੰਗਲੇ ਨੇ ਸਰਕਾਰੀ ਵਕੀਲ ਦੇ ਖਾਣ ਪੀਣ ਦੇ ਸੁਭਾਅ ਨੂੰ ਮੁੱਖ ਰੱਖ ਕੇ ਖਰਚੇ ਦੀ ਇਜਾਜ਼ਤ ਮੰਗੀ।

“ਪੈਸਿਆਂ ਦੀ ਪਰਵਾਹ ਨਾ ਕਰੋ। ਮਸਲਾ ਹੱਲ ਕਰੋ।” ਨੀਰਜ ਦੇ ਬੋਲਣ ਤੋਂ ਪਹਿਲਾਂ ਹੀ ਵਿਨੇ ਨੇ ਸਿੰਗਲੇ ਨੂੰ ਇਜਾਜ਼ਤ ਦੇ ਦਿੱਤੀ।

ਮੋਬਾਇਲ ਫ਼ੋਨ ’ਤੇ ਸਰਕਾਰੀ ਵਕੀਲ ਨਾਲ ਗੱਲ ਹੋਈ।

ਸਰਕਾਰੀ ਵਕੀਲ ਨੇ ਮਿਸਲ ਗੰਭੀਰਤਾ ਨਾਲ ਨਹੀਂ ਸੀ ਪੜ੍ਹੀ। ਅਦਾਲਤ ਦੇ ਬਾਹਰ ਸਟੂਡੈਂਟ ਯੂਨੀਅਨ ਮੁਜ਼ਾਹਰਾ ਕਰ ਰਹੀ ਸੀ। ਪੱਤਰਕਾਰਾਂ ਦੀ ਟੀਮ ਕੈਮਰੇ ਚੁੱਕੀ ਫਿਰਦੀ ਸੀ। ਮਹਿਲਾ ਮੁਕਤੀ ਸੰਮਤੀ ਆਪਣਾ ਮਜਮਾ ਲਾਈ ਬੈਠੀ ਸੀ। ਪਹਿਲੇ ਦਿਨ ਤੋਂ ਪ੍ਰੈਸ ਇਸ ਘਟਨਾ ਦਾ ਵਿਸਥਾਰ ਦੇ ਰਹੀ ਸੀ। ਰਿਮਾਂਡ ਮਿਲਣਾ ਹੀ ਮਿਲਣਾ ਸੀ। ਸਰਕਾਰੀ ਵਕੀਲ ਨੂੰ ਬਹੁਤੀ ਬਹਿਸ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ। ਇਸ ਲਈ ਉਸਨੇ ਮਿਸਲ ਨਹੀਂ ਸੀ ਘੋਖੀ।

“ਠੇਕੇਦਾਰ ਨੇ ਆਪਣੇ ਸਾਥੀਆਂ ਦੇ ਨਾਂ ਦੱਸ ਦਿੱਤੇ? ਕਿਸ ਕਿਸ ਦਾ ਨਾਂ ਲਿਆ ਹੈ? ਕੁੱਝ ਯਾਦ ਹੈ?”

“ਉਸ ਨੂੰ ਇਕੱਲੇ ਆਪਣੇ ਭਤੀਜੇ ਦੇ ਨਾਂ ਦਾ ਪਤਾ ਸੀ। ਬਾਕੀ ਭਤੀਜੇ ਨੂੰ ਜਾਣਦੇ ਸਨ। ਤੂੰ ਕਿਸ ਦਾ ਪੁੱਛਣਾ ਹੈ? ਸਾਫ਼ ਸਾਫ਼ ਦੱਸ।”

ਸਿੰਗਲੇ ਨੇ ਅੰਦਾਜ਼ਾ ਲਾਇਆ। ਗੱਲ ਹਾਲੇ ਭਈਆਂ ’ਤੇ ਰੁਕੀ ਹੋਈ ਸੀ। ਪੰਕਜ ਹੋਰਾਂ ਨੂੰ ਕੋਈ ਖ਼ਤਰਾ ਨਹੀਂ ਸੀ।

“ਯਾਰ ਅਸਲ ਗੱਲ ਇਹ ਹੈ ਕਿ ਵੇਦ ਦਾ ਮੇਰੇ ਦੋਸਤ ਨਾਲ ਦੀਵਾਨੀ ਝਗੜਾ ਚਲਦਾ ਹੈ। ਲਾਲਿਆਂ ਵਾਂਗ ਇਹ ਡਰੀ ਜਾਂਦੇ ਹਨ। ਮੈਂ ਇਨ੍ਹਾਂ ਬਾਰੇ ਪੁੱਛਣਾ ਸੀ।”

“ਬਾਈ ਜੀ ਸੱਚੀ ਗੱਲ ਇਹ ਹੈ ਕਿ ਮੈਂ ਮਿਸਲ ਦੀਆਂ ਜ਼ਿਮਨੀਆਂ ਨਹੀਂ ਪੜ੍ਹੀਆਂ।

ਜੇ ਬਹੁਤੀ ਗੱਲ ਹੈ ਥਾਣੇ ਜਾ ਆਉਂਦਾ ਹਾਂ। ਤੂੰ ਕਿਥੋਂ ਬੋਲਦਾ ਹੈਂ? ਥਾਣੇ ਜਾ ਕੇ ਮੈਂ ਤੇਰੇ ਕੋਲ ਆ ਜਾਂਦਾ ਹਾਂ।”

ਸਿੰਗਲੇ ਨੇ ਸਰਕਾਰੀ ਵਕੀਲ ਨੂੰ ਮਹਿਫ਼ਲ ਹੋਟਲ ਦਾ ਟਾਇਮ ਦੇ ਦਿੱਤਾ।

ਪੰਕਜ ਨੂੰ ਰਾਹਤ ਮਹਿਸੂਸ ਹੋਈ। ਹਾਲੇ ਤਕ ਬਚਾਅ ਸੀ।

ਪਰ ਸਿੰਗਲੇ ਦਾ ਧੁੜਕੂ ਦੂਰ ਨਹੀਂ ਸੀ ਹੋਇਆ। ਲਗਦਾ ਸੀ ਸਰਕਾਰੀ ਵਕੀਲ ਊਟ ਪਟਾਂਗ ਬੋਲ ਰਿਹਾ ਸੀ। ਉਸਨੇ ਮਿਸਲ ਪੜ੍ਹੀ ਨਹੀਂ ਸੀ। ਉਹ ਦੱਸੇ ਵੀ ਕੀ?

“ਹੋਰ ਕਿਸ ਪਾਸੇ ਸੰਪਰਕ ਕਰੀਏ?” ਸਿੰਗਲਾ ਹਾਲੇ ਸੋਚ ਹੀ ਰਿਹਾ ਸੀ ਕਿ ਬਾਬੂ ਨੰਦ ਲਾਲ ਜੀ ਆ ਧਮਕੇ।

ਸਿੰਗਲੇ ਨੇ ਖੜ੍ਹਾ ਹੋ ਕੇ ਉਸਦਾ ਸਵਾਗਤ ਕੀਤਾ। ਝੁਕ ਕੇ ਗੋਡੇ ਹੱਥ ਲਾਏ।

ਫੇਰ ਚੁੱਪ ਕਰਕੇ ਨੰਦ ਲਾਲ ਦੀਆਂ ਤਜਵੀਜ਼ਾਂ ਸੁਣਨ ਲੱਗਾ।

 

-17-

 

ਨੀਰਜ ਦੇ ਮੂੰਧਹੋਂ ਹੁਣ ਤਕ ਦੀ ਕਹਾਣੀ ਸੁਣ ਕੇ ਨੰਦ ਲਾਲ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ।

ਨੰਦ ਲਾਲ ਦੀ ਕਪਤਾਨ ਨਾਲ ਸਿੱਧੀ ਗੱਲ ਸੀ। ਪਰ ਹਾਲੇ ਉਹ ਸਿਰੇ ਦੇ ਡੰਡੇ ਨੂੰ ਹੱਥ ਨਹੀਂ ਸੀ ਪਾਉਣਾ ਚਾਹੁੰਦਾ। ਕਾਰਵਾਈ ਪਹਿਲੇ ਡੰਡੇ ਤੋਂ ਸ਼ੁਰੂ ਹੋਣੀ ਚਾਹੀਦੀ ਸੀ। ਜਾਣਕਾਰੀ ਸਹੀ ਵੀ ਮਿਲਣੀ ਸੀ ਅਤੇ ਸਸਤੀ ਵੀ।

ਸਭ ਤੋਂ ਪਹਿਲਾਂ ਨੰਦ ਲਾਲ ਨੇ ਥਾਣੇ ਦੇ ਮੁਨਸ਼ੀ ਨੂੰ ਟੋਹਿਆ। ਮੁਨਸ਼ੀ ਥਾਣੇ ਦੀ ਮਾਂ ਵਾਂਗ ਹੁੰਦਾ ਹੈ। ਥਾਣੇ ਵਿੱਚ ਹੋਣ ਵਾਲੀ ਹਰ ਕਾਰਵਾਈ ਦਾ ਉਸਨੂੰ ਇਲਮ ਹੁੰਦਾ ਹੈ।

ਮੌਕੇ ਅਤੇ ਦੋਸ਼ੀਆਂ ਕੋਲੋਂ ਬਰਾਮਦ ਹੋਇਆ ਮਾਲ ਮੁਨਸ਼ੀ ਕੋਲ ਜਮ੍ਹਾਂ ਹੁੰਦਾ ਹੈ।

ਮਾਲ ਫੜਿਆ ਵੱਧ ਹੁੰਦਾ ਹੈ ਪਰ ਕਾਗਜ਼ੀਂ ਪੱਤਰੀ ਘੱਟ ਦਿਖਾਇਆ ਹੁੰਦਾ ਹੈ। ਢੁਕਵੇਂ ਸਮੇਂ ’ਤੇ ਮਿਸਲ ਦਾ ਢਿੱਡ ਪੂਰਾ ਕੀਤਾ ਜਾਂਦਾ ਹੈ। ਮੁਨਸ਼ੀ ਕੋਲ ਰੱਖੇ ਮਾਲ ਕੋਲੋਂ ਇਹ ਪਤਾ ਲਗ ਜਾਂਦਾ ਹੈ ਕਿ ਪੁਲਿਸ ਅੱਗੋਂ ਕੀ ਕਰਨ ਵਾਲੀ ਹੈ?

ਨੰਦ ਲਾਲ ਇਹੋ ਅੰਦਾਜ਼ਾ ਲਾਉਣਾ ਚਾਹੁੰਦਾ ਸੀ।

“ਮਾਲਖ਼ਾਨੇ ਵਿੱਚ ਬਹੁਤ ਥੋੜ੍ਹਾ ਮਾਲ ਪੁੱਜਿਆ ਹੈ। ਬਹੁਤਾ ਮਾਲ ਕਪਤਾਨ ਨੇ ਆਪਣੇ ਕੋਲ ਰੱਖ ਰੱਖਿਆ ਹੈ। ਰਜਿਸਟਰ ਅਤੇ ਰੋਜ਼ਨਾਮਚੇ ਖਾਲੀ ਛੱਡੇ ਗਏ ਹਨ। ਪਤਾ ਨਹੀਂ ਕਪਤਾਨ ਕੀ ਹੁਕਮ ਕਰਦਾ ਹੈ?”

ਨੰਦ ਲਾਲ ਨੂੰ ਲੱਗਾ ਮੁਨਸ਼ੀ ਪੁਲਸੀਏ ਅੰਦਾਜ਼ ਵਿੱਚ ਗੋਲ ਮੋਲ ਗੱਲ ਕਰ ਰਿਹਾ ਸੀ।

ਮੁਨਸ਼ੀ ਹੁਣੇ ਨਮਕ ਹਰਾਮੀ ਕਰ ਜਾਏਗਾ, ਇਸਦੀ ਨੰਦ ਲਾਲ ਨੂੰ ਆਸ ਨਹੀਂ ਸੀ।

ਉਸਨੂੰ ਰਿਸ਼ਵਤ ਦੇ ਕੇਸ ਵਿਚੋਂ ਬਰੀ ਹੋਇਆਂ ਹਾਲੇ ਹਫ਼ਤਾ ਵੀ ਨਹੀਂ ਹੋਇਆ। ਜੇ ਨੰਦ ਲਾਲ ਵਿੱਚ ਨਾ ਪੈਂਦਾ ਤਾਂ ਗਵਾਹਾਂ ਨੇ ਗਵਾਹੀ ਤੋਂ ਇੱਕ ਇੰਚ ਇਧਰ ਉਧਰ ਨਹੀਂ ਸੀ ਹੋਣਾ। ਮੁਨਸ਼ੀ ਨੇ ਬਥੇਰਾ ਗਵਾਹਾਂ ਦੇ ਪੈਰੀਂ ਪੱਗ ਰੱਖੀ, ਬਥੇਰੇ ਰਿਸ਼ਤੇਦਾਰ ਢੋਏ, ਪਰ ਉਹ ਭਰੇ ਸੱਥ ਵਿੱਚ ਹੋਈ ਬੇਇਜ਼ਤੀ ਨੂੰ ਭੁੱਲਣ ਨੂੰ ਤਿਆਰ ਨਹੀਂ ਸਨ। ਮੁਨਸ਼ੀ ਨੇ ਉਨ੍ਹਾਂ ਨਾਲ ਬੁਰੀ ਕੀਤੀ ਸੀ। ਨਾਲੇ ਫ਼ੀਸ ਲੈ ਲਈ, ਨਾਲੇ ਚਾਲੂ ਭੱਠੀ ਫੜਕੇ ਕੇਸ ਬਣਾ ਦਿੱਤਾ, ਨਾਲੇ ਭਰੀ ਪੰਚਾਇਤ ਸਾਹਮਣੇ ਕੁਟਾਈ ਕਰ ਦਿੱਤੀ। ਉਨ੍ਹਾਂ ਦਾ ਗੁੱਸਾ ਤਾਂ ਹੀ ਠੰਡਾ ਹੁੰਦਾ ਸੀ ਜੇ ਮੁਨਸ਼ੀ ਨੂੰ ਸਜ਼ਾ ਹੋਵੇ। ਜਦੋਂ ਮੁਨਸ਼ੀ ਹੰਭ ਗਿਆ ਤਾਂ ਨੰਦ ਲਾਲ ਨੇ ਗਵਾਹਾਂ ਨੂੰ ਮਨਾਉਣ ਵਾਲੀ ਘੁੰਡੀ ਦੱਸੀ। ਮੁਨਸ਼ੀ ਨੇ ਉਹੋ ਬੰਦਾ ਜਾ ਫੜਿਆ। ਅਗਲੀ ਪੇਸ਼ੀ ਗਵਾਹ ਮੁੱਕਰ ਗਏ। ਮੁਨਸ਼ੀ ਬਰੀ ਹੋ ਗਿਆ।

ਲਗਦਾ ਸੀ ਉਹੋ ਮੁਲਜ਼ਮ ਹੁਣ ਨੰਦ ਲਾਲ ਨੂੰ ‘ਹੁਰਰ’ ਕਹਿ ਰਿਹਾ ਸੀ।

“ਪੁੱਤਰਾ ਬਾਪੂ ਨੂੰ ਗੋਲ ਮੋਲ ਜਵਾਬ ਨਾ ਦੇ। ਜੇ ਅਹਿਸਾਨ ਨਹੀਂ ਮੰਨਣਾ ਤਾਂ ਸ਼ਾਮ ਨੂੰ ਆਪਣੀ ਫ਼ੀਸ ਲੈ ਜਾਈਂ। ਪਰ ਗੱਲ ਸਹੀ ਦੱਸ।”

ਗੁੱਸੇ ਚ ਆਏ ਨੰਦ ਲਾਲ ਨੇ ਮੁਨਸ਼ੀ ਨੂੰ ਝਿੜਕਿਆ।

ਮੁਨਸ਼ੀ ਨੇ ਦਸ ਸੌਹਾਂ ਖਾਧੀਆਂ। ਉਹ ਸੱਚ ਬੋਲ ਰਿਹਾ ਸੀ। ਉਸਨੂੰ ਕੁੱਝ ਪਤਾ ਨਹੀਂ ਸੀ।

“ਚੰਗਾ ਇਉਂ ਦੱਸ ਬਈ ਸਹੀ ਜਾਣਕਾਰੀ ਕੌਣ ਦੇ ਸਕਦਾ ਹੈ?”

“ਭੁੱਲਰ, ਸਾਹਿਬ ਦਾ ਰੀਡਰ ਹੈ। ਲਿਖਾਪੜ੍ਹੀ ਉਹੋ ਕਰ ਰਿਹਾ ਹੈ। ਉਹੋ ਭੁੱਲਰ ਜਿਸ ਉਪਰ ਰੋਜ਼ਨਾਮਚਾ ਸਾੜਨ ਦਾ ਕੇਸ ਚੱਲ ਰਿਹਾ ਹੈ। ਤੁਸੀਂ ਉਸਦੇ ਵਕੀਲ ਹੋ।”

ਮੁਨਸ਼ੀ ਨੇ ਰੀਡਰ ਦੇ ਨਾਂ ਦੇ ਨਾਲ ਨਾਲ ਮੋਬਾਇਲ ਫ਼ੋਨ ਦਾ ਨੰਬਰ ਦੱਸ ਕੇ ਨੰਦ ਲਾਲ ਦੀ ਅੜਚਨ ਅਸਾਨ ਕਰ ਦਿੱਤੀ।

ਭੁੱਲਰ ਨੇ ਨੰਦ ਲਾਲ ਨੂੰ ਨਿਰਾਸ਼ ਨਹੀਂ ਸੀ ਹੋਣ ਦਿੱਤਾ।

ਸਰਕਾਰੀ ਵਕੀਲ ਅਤੇ ਮੁਨਸ਼ੀ ਸੱਚ ਬੋਲ ਰਹੇ ਸਨ। ਹਾਲੇ ਤਕ ਜੋ ਕਾਰਵਾਈ ਹੋਈ ਸੀ ਉਹ ਜ਼ੁਬਾਨੀ ਹੋਈ ਸੀ। ਮਿਸਲ ਠੱਪ ਸੀ। ਕੋਈ ਕੁੱਝ ਦੱਸੇ ਤਾਂ ਕਿਸ ਤਰ੍ਹਾਂ?

ਵੈਸੇ ਮਾਮਲਾ ਸ਼ੀਸ਼ੇ ਵਾਂਗ ਸਾਫ਼ ਸੀ।

ਪਹਿਲਾਂ ਠੇਕੇਦਾਰ ਮਾਰ ਸਹਿੰਦਾ ਰਿਹਾ। ਉਸ ਨੂੰ ਕੁਰਸੀ ਲਾਈ, ਘੋਟਾ ਲਾਇਆ, ਪੁੱਠਾ ਲਟਕਾਇਆ। ਪਰ ਉਹ ਟਸ ਤੋਂ ਮਸ ਨਾ ਹੋਇਆ। ਅਚਾਨਕ ਜਦੋਂ ਉਸਦਾ ਭਤੀਜਾ ਪੁਲਿਸ ਦੇ ਹੱਥ ਲਗ ਗਿਆ, ਉਹ ਫੋੜੇ ਵਾਂਗ ਫਿਸ ਪਿਆ।

ਸ਼ਹਿਰ ਦੇ ਸ਼ੇਰਪੁਰ ਚੌਂਕ ਵਿਚੋਂ ਇੱਕ ਬੱਸ ਹਰ ਰਾਤ ਬਿਹਾਰ ਨੂੰ ਜਾਂਦੀ ਸੀ। ਬੱਸ ਦੇ ਮਾਲਕਾਂ ਕੋਲ ਰੂਟ ਪਰਮਿਟ ਨਹੀਂ ਸੀ। ਅਫ਼ਸਰਾਂ ਦੀ ਸ਼ਹਿ ’ਤੇ ਕੰਮ ਦੋ ਨੰਬਰ ਵਿੱਚ ਹੋ ਰਿਹਾ ਸੀ। ਬੱਸ ਵਿੱਚ ਬਹੁਤੇ ਭਈਏ ਚੜ੍ਹਦੇ ਸਨ। ਬੱਸ ਤੁਰਨ ਤੋਂ ਪਹਿਲਾਂ ਪੁਲਿਸ ਭਈਆਂ ਉਪਰ ਸਰਸਰੀ ਜਿਹੀ ਨਜ਼ਰ ਮਾਰ ਲੈਂਦੀ ਸੀ।

ਉਸ ਦਿਨ ਇਸ ਵਾਰਦਾਤ ਕਾਰਨ ਪੁਲਿਸ ਨੇ ਸਟੇਸ਼ਨ ਅਤੇ ਬੱਸ ਅੱਡੇ ਉਪਰ ਸਖ਼ਤ ਪਹਿਰਾ ਲਾਇਆ ਹੋਇਆ ਸੀ। ਸ਼ਹਿਰੋਂ ਬਾਹਰ ਜਾਂਦੀ ਹਰ ਕਾਰ, ਬੱਸ ਦੀ ਤਲਾਸ਼ੀ ਹੋ ਰਹੀ ਸੀ।

ਸ਼ੇਰਪੁਰ ਚੌਂਖੀ ਦਾ ਇੰਚਾਰਜ ਕਪਤਾਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਸੀ। ਤਲਾਸ਼ੀ ਦੇ ਬਹਾਨੇ ਹਰ ਭਈਏ ਦਾ ਸਮਾਨ ਖੁਲ੍ਹਵਾ ਕੇ ਦਸ ਵੀਹ ਝਾੜ ਰਿਹਾ ਸੀ।

ਇੱਕ ਭਈਏ ਨੇ ਜਿਉਂ ਹੀ ਇੱਕ ਰੰਗਦਾਰ ਟੈਲੀਵਿਜ਼ਨ ਅਤੇ ਇੱਕ ਵੀ.ਸੀ.ਆਰ. ਬੱਸ ਦੇ ਪਿੱਛੇ ਬਣੇ ਬਾਕਸ ਵਿੱਚ ਰੱਖਿਆ ਝੱਟ ਉਸਨੇ ਭਈਏ ਨੂੰ ਦਬੋਚ ਲਿਆ। ਉਸ ਸਮੇਂ ਉਸਦੀ ਨੀਅਤ ਚਾਰ ਪੈਸੇ ਲੈ ਕੇ ਭਈਏ ਨੂੰ ਛੱਡ ਦੇਣ ਦੀ ਸੀ। ਉਸਨੂੰ ਨਹੀਂ ਸੀ ਪਤਾ ਕਿ ਵੱਡੀ ਮੱਛੀ ਜਾਲ ਵਿੱਚ ਫਸ ਚੁੱਕੀ ਸੀ।

ਬੱਸ ਦੇ ਮਾਲਕਾਂ ਨੇ ਇੰਚਾਰਜ ਦੇ ਇਸ ਰਵੱਈਏ ’ਤੇ ਇਤਰਾਜ਼ ਕੀਤਾ। ਪੁਲਿਸ ਨੂੰ ਫ਼ੀਸ ਇਸੇ ਖੱਜਲ ਖੁਆਰੀ ਤੋਂ ਬਚਣ ਲਈ ਦਿੱਤੀ ਜਾਂਦੀ ਸੀ। ਜੇ ਸਵਾਰੀਆਂ ਇਸ ਤਰ੍ਹਾਂ ਪ੍ਰੇਸ਼ਾਨ ਹੋਣਗੀਆਂ ਤਾਂ ਕੌਣ ਉਨ੍ਹਾਂ ਦੀ ਬੱਸ ਵਿੱਚ ਬੈਠੇਗਾ?

ਬੱਸ ਦੇ ਮਾਲਕ ਤੋਂ ਖਹਿੜਾ ਛੁਡਾਉਣ ਲਈ ਚੌਂਕੀ ਇੰਚਾਰਜ ਨੇ ਉਂਝ ਹੀ ਬਹਾਨਾ ਘੜ ਦਿੱਤਾ। ਦੀਪ ਨਗਰ ਹੋਈ ਡਕੈਤੀ ਵਿੱਚ ਇਹੋ ਜਿਹੇ ਸਮਾਨ ਦੀ ਚੋਰੀ ਹੋਈ ਸੀ।

ਸਾਹਬਿ ਦੀ ਸਖ਼ਤ ਹਦਾਇਤ ਸੀ। ਇਹੋ ਜਿਹਾ ਸਮਾਨ ਲੈ ਕੇ ਘੁੰਮ ਰਹੇ ਹਰ ਬੰਦੇ ਦੀ ਪੂਰੀ ਘੋਖ ਪੜਤਾਲ ਹੋਵੇ। ਉਹ ਉਸੇ ਹੁਕਮ ਦੀ ਪਾਲਣਾ ਕਰ ਰਿਹਾ ਸੀ।

ਮਨਘੜਤ ਕਹਾਣੀ ਘੜਦੇ ਇੰਚਾਰਜ ਨੂੰ ਫੁਰਨਾ ਫੁਰਿਆ। ਇਹ ਕਿਧਰੇ ਸੱਚਮੁੱਚ ਉਹੋ ਸਮਾਨ ਨਾ ਹੋਵੇ।

ਇੰਚਾਰਜ ਨੇ ਭਈਆ ਅਤੇ ਸਮਾਨ ਬੱਸ ਵਿਚੋਂ ਉਤਾਰ ਲਏ। ਉਹ ਬਿਨਾਂ ਪੁੱਛ ਪੜਤਾਲ ਦੇ ਭਈਏ ਨੂੰ ਨਹੀਂ ਛੱਡ ਸਕਦਾ। ਮਾਲਕ ਨੂੰ ਤਕਲੀਫ਼ ਹੈ ਤਾਂ ਕਪਤਾਨ ਨਾਲ ਗੱਲ ਕਰੇ।

ਮਾਲਕ ਕਿਸੇ ਝੰਜਟ ਵਿੱਚ ਪੈਣ ਨੂੰ ਤਿਆਰ ਨਹੀਂ ਸੀ। ਭਈਏ ਨੂੰ ਉਤਾਰ ਕੇ ਉਸਨੇ ਬੱਸ ਤੋਰ ਲਈ।

ਤੀਜੀ ਸ਼ਿਫਟ ਵਿੱਚ ਭਈਆ ਜੁਰਮ ਦਾ ਇਕਬਾਲ ਕਰਨ ਲੱਗਾ।

ਆਪਣੇ ਹਿੱਸੇ ਆਏ ਗਹਿਣੇ ਅਤੇ ਕੱਪੜੇ ਟਰੰਕ ਵਿਚੋਂ ਕੱਢ ਕੇ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤੇ। ਵਾਰਦਾਤ ਸਮੇਂ ਵਰਤੀ ਰਾਡ ਅਤੇ ਆਪਣੇ ਖ਼ੂਨ ਨਾਲ ਲਿਬੜੇ ਕੱਪੜੇ ਉਸਨੇ ਆਪਣੇ ਕੁਆਟਰ ਦੀਆਂ ਪਿਛਲੀਆਂ ਝਾੜੀਆਂ ਵਿਚੋਂ ਬਰਾਮਦ ਕਰਵਾ ਦਿੱਤੇ।

ਚਾਚੇ ਭਤੀਜੇ ਨੂੰ ਜਦੋਂ ਆਹਮਣੇ ਸਾਹਮਣੇ ਕੀਤਾ ਗਿਆ ਤਾਂ ਚਾਚੇ ਦੀਆਂ ਨਸਾਂ ਢਿੱਲੀਆਂ ਪੈ ਗਈਆਂ। ਉਸਨੇ ਸਾਜ਼ਿਸ਼ ਦੇ ਸਾਰੇ ਵੇਰਵੇ ਵਿਸਥਾਰ ਪੂਰਵਕ ਦੱਸ ਦਿੱਤੇ।

ਪੁਲਿਸ ਦੀ ਇੱਕ ਪਾਰਟੀ ਦੋਸ਼ੀਆਂ ਨੂੰ ਫੜਨ ਲਈ ਬਿਹਾਰ ਲਈ ਰਵਾਨਾ ਹੋ ਗਈ ਸੀ। ਦੂਜੀ ਪਾਰਟੀ ਪੰਕਜ ਹੋਰਾਂ ਉਪਰ ਨਜ਼ਰ ਰੱਖ ਰਹੀ ਸੀ।

“ਲੈ ਬਈ ਸੇਠ ਅਜੇ ਕੁਮਾਰ! ਕਹਾਣੀ ਸਾਫ਼ ਹੋ ਗਈ। ਆਪਣਾ ਨਾਂ ਮਿਸਲ ’ਤੇ ਆ ਚੁੱਕਾ ਹੈ।”

ਰੀਡਰ ਤੋਂ ਸਾਰਾ ਵੇਰਵਾ ਲੈ ਕੇ ਨੰਦ ਲਾਲ ਦੇ ਚਿਹਰੇ ’ਤੇ ਚਿੰਤਾ ਦੀ ਥਾਂ ਖੁਸ਼ੀ ਦੇ ਚਿੰਨ੍ਹ ਉਭਰੇ ਸਨ। ਉਸਨੂੰ ਆਪਣੀ ਕਾਰਗੁਜ਼ਾਰੀ ’ਤੇ ਫ਼ਖਰ ਹੋ ਰਿਹਾ ਸੀ। ਨੰਦ ਲਾਲ ਜੇ ਸੁਰਾਗ਼ ਨਾ ਕੱਢਦਾ ਤਾਂ ਪੁਲਿਸ ਨੇ ਦੋਹਾਂ ਭਰਾਵਾਂ ਨੂੰ ਸੁੱਤਿਆਂ ਨੂੰ ਦਬੋਚ ਲੈਣਾ ਸੀ।

ਸਾਲ ਭਰ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ।

ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਹੁਣ ਲਾਉਣੀ ਹੀ ਪੈਣੀ ਸੀ।

ਦਰਖ਼ਾਸਤ ਦਾ ਮਜ਼ਮੂਨ ਤਿਆਰ ਕਰਨ ਤੋਂ ਪਹਿਲਾਂ ਨੰਦ ਲਾਲ ਨੂੰ ਸਾਰੀ ਵਾਰਦਾਤ ਦਾ ਵੇਰਵਾ ਚਾਹੀਦਾ ਸੀ।

ਦੋਸ਼ੀਆਂ ਨੇ ਆਪਣੇ ਜੁਰਮ ਦਾ ਇਕਬਾਲ ਕਰਨਾ ਸੀ। ਇਹ ਇਕੱਲੇ ਵਕੀਲ ਦੀ ਹਾਜ਼ਰੀ ਵਿੱਚ ਹੋਣਾ ਚਾਹੀਦਾ ਸੀ। ਹੋਰਾਂ ਸਾਹਮਣੇ ਕੀਤਾ ਇਕਬਾਲ ਉਨ੍ਹਾਂ ਵਿਰੁੱਧ ਵਰਤਿਆ ਜਾ ਸਕਦਾ ਸੀ।

ਸੱਚ ਜਾਨਣ ਲਈ ਨੰਦ ਲਾਲ ਦੋਹਾਂ ਭਰਾਵਾਂ ਅਤੇ ਅਜੇ ਨੂੰ ਨਾਲ ਦੇ ਕਮਰੇ ਵਿੱਚ ਲੈ ਗਿਆ।

“ਤੁਸੀਂ ਮੁਕੱਦਮੇ ਵਿੱਚ ਫਸ ਗਏ ਹੋ। ਮੈਂ ਵਕੀਲ ਦੇ ਨਾਤੇ ਤੁਹਾਡਾ ਬਚਾਅ ਕਰਨਾ ਹੈ। ਮੇਰੇ ਕੋਲੋਂ ਗੱਲ ਛੁਪਾਉਣੀ ਨਹੀਂ। ਦਾਈ ਕੋਲੋਂ ਪੇਟ ਨਹੀਂ ਛੁਪਾਇਆ ਜਾ ਸਕਦਾ।

ਮੈਂ ਸਾਰੇ ਪੱਖ ਜਾਣ ਕੇ ਹੀ ਕੋਈ ਸਫ਼ਾਈ ਪੱਖ ਘੜ ਸਕਾਂਗਾ। ਇਸ ਲਈ ਸੱਚ ਸੱਚ ਦੱਸਣਾ।”

“ਇਕ ਕਾਨੂੰਨੀ ਨੁਕਤਾ ਹੋਰ ਦੱਸ ਦਿਆਂ। ਕਾਨੂੰਨ ਤੁਹਾਨੂੰ ਮੇਰੇ ਅੱਗੇ ਢਿੱਡ ਫਰੋਲਣ ਦਾ ਹੱਕ ਦਿੰਦਾ ਹੈ। ਮੇਰੇ ਉਪਰ ਕਾਨੂੰਨੀ ਪਾਬੰਦੀ ਹੈ। ਤੁਹਾਡੇ ਇਸ ਇਕਬਾਲ ਨੂੰ ਮੈਂ ਤੁਹਾਡੇ ਵਿਰੁੱਧ ਕਦੇ ਨਹੀਂ ਵਰਤ ਸਕਦਾ। ਤੁਹਾਡਾ ਵਕੀਲ ਨਾ ਰਹਿਣ ਪਿੱਛੋਂ ਵੀ ਨਹੀਂ।”

ਸੱਚ ਇਹ ਸੀ ਕਿ ਪੰਕਜ ਹੋਰਾਂ ਨੇ ਇੱਕ ਸਾਜ਼ਿਸ਼ ਘੜੀ ਸੀ। ਪਰ ਇਰਾਦਾ ਇਡਾ ਭਾਣਾ ਵਰਤਾਉਣ ਦਾ ਨਹੀਂ ਸੀ। ਉਹ ਮੂੰਹ ਫੱਟ ਚਾਚੀ ਅਤੇ ਸੱਪ ਵਾਂਗ ਫੱਨ ਚੁੱਕ ਰਹੇ ਕਮਲ ਨੂੰ ਥੋੜ੍ਹਾ ਜਿਹਾ ਸਬਕ ਸਿਖਾਉਣਾ ਚਾਹੁੰਦੇ ਸਨ। ਨਾ ਉਨ੍ਹਾਂ ਨੂੰ ਚਾਚੇ ਨਾਲ ਗਿਲਾ ਸੀ, ਨਾ ਨੇਹਾ ਨਾਲ। ਨੇਹਾ ਦੀ ਇੱਜ਼ਤ ਉਨ੍ਹਾਂ ਦੀ ਇੱਜ਼ਤ ਸੀ।

ਲਗਦਾ ਸੀ ਠੇਕੇਦਾਰ ਲਾਲਚ ਵਿੱਚ ਆ ਗਿਆ ਸੀ। ਵਾਅਦੇ ਮੁਤਾਬਕ ਠੇਕੇਦਾਰ ਨੇ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਹੋਣਾ। ਲੱਗਦਾ ਸੀ ਉਹ ਇੱਕ ਬੰਦੇ ਦੇ ਪੈਸੇ ਬਚਾਉਣਾ ਚਾਹੁੰਦਾ ਸੀ। ਹਥਿਆਰ ਅਤੇ ਕੱਪੜੇ ਖਰੀਦਣ ਲਈ ਉਸਨੂੰ ਪੰਜ ਹਜ਼ਾਰ ਅਲੱਗ ਦਿੱਤਾ ਗਿਆ ਸੀ। ਲਾਲਚ ਚ ਆਏ ਠੇਕੇਦਾਰ ਨੇ ਉਹ ਰਕਮ ਜੇਬ ਵਿੱਚ ਪਾ ਲਈ ਅਤੇ ਜਾਂਦਾ ਹੋਇਆ ਫੈਕਟਰੀ ਵਿਚੋਂ ਰਾਡ ਚੁੱਕ ਕੇ ਲੈ ਗਿਆ।

ਕਮਲ ਦਾ ਕਤਲ ਕਿਉਂ ਹੋਇਆ? ਨੇਹਾ ਦੀ ਇੱਜ਼ਤ ਕਿਉਂ ਲੁੱਟੀ ਗਈ? ਇਸ ਬਾਰੇ ਉਹ ਕੁੱਝ ਨਹੀਂ ਦੱਸ ਸਕਦੇ। ਇਨ੍ਹਾਂ ਘਟਨਾਵਾਂ ’ਤੇ ਉਨ੍ਹਾਂ ਨੂੰ ਸ਼ਰਮ ਵੀ ਆ ਰਹੀ ਸੀ ਅਤੇ ਪਛਤਾਵਾ ਵੀ ਹੋ ਰਿਹਾ ਸੀ।

“ਭੈੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ। ਜੋ ਹੋਣਾ ਸੀ ਹੋ ਗਿਆ। ਹੁਣ ਭਾਣਾ ਮੰਨੋ। ਮੈਂ ਆਪੇ ਤੁਹਾਡਾ ਬਚਾਅ ਕਰ ਲਵਾਂਗਾ।”

ਘਬਰਾਏ ਭਰਾਵਾਂ ਦਾ ਹੌਂਸਲਾ ਵਧਾ ਕੇ ਨੰਦ ਲਾਲ ਜ਼ਰੂਰੀ ਕਾਨੂੰਨੀ ਨੁਕਤੇ ਸਮਝਾਉਣ ਲੱਗਾ।

“ਮੁਕੱਦਮਾ ਲੜਨ ਦੇ ਤਿੰਨ ਸੁਨਹਿਰੀ ਅਸੂਲ ਹਨ। ਇਹ ਯਾਦ ਕਰ ਲਓ। ਮੁਕੱਦਮੇ ਵਾਲੀ ਜੋਕ ਕਈ ਸਾਲ ਤੁਹਾਡਾ ਖ਼ੂਨ ਪੀਏਗੀ। ਇਹ ਨੁਕਤੇ ਯਾਦ ਰਹੇ ਤਾਂ ਸੌਖ ਰਹੇਗੀ।”

“ਪਹਿਲਾ ਨੁਕਤਾ ਇਹ ਹੈ ਕਿ ਜਿਸ ਬੰਦੇ ਨੂੰ ਵੀ ਅੱਗੇ ਲਾਓ ਉਸ ’ਤੇ ਪੂਰਾ ਭਰੋਸਾ ਰੱਖੋ। ਇਥੇ ਮਿੰਟ ਮਿੰਟ ’ਤੇ ਪੈਰ ਤਿਲਕਦਾ ਹੈ। ਕਿਸੇ ਮਦਦ ਕਰ ਰਹੇ ਅਫ਼ਸਰ ਦੀ ਮਜਬੂਰੀ ਹੋ ਜਾਵੇ ਇਹ ਨਾ ਸਮਝਣਾ ਕਿ ਉਹ ਗਦਾਰੀ ਕਰ ਗਿਆ।

“ਦੂਜਾ ਨੁਕਤਾ ਹੈ ਸਬਰ ਰੱਖਣ ਦਾ। ਫੌਜਦਾਰੀ ਮੁਕੱਦਮਿਆਂ ਵਿੱਚ ਨਤੀਜੇ ਹੌਲੀਹੌਲੀ ਨਿਕਲਦੇ ਹਨ। ਤੱਤਾ ਲੱਕੋਗੇ ਤਾਂ ਜੀਭ ਸੜੇਗੀ।

“ਤੀਜਾ ਨੁਕਤਾ ਇਹ ਹੈ ਕਿ ਤੁਹਾਡੇ ਕੋਲ ਪੈਸੇ ਹਨ। ਇਸ ਨੂੰ ਦਿਲ ਖੋਲ੍ਹ ਕੇ ਵਰਤੋ।

ਮੁਕੱਦਮੇ ਦੀ ਖੇਡ ਸੱਪ ਸੀੜੀ ਵਾਲੀ ਖੇਡ ਹੈ। ਪਤਾ ਨਹੀਂ ਕਦੋਂ ਬਾਜ਼ੀ ਨੜਿਨਵੇਂ ਦੇ ਹਿੰਸੇ ‘ਤੇ ਪੁੱਜ ਕੇ ਜਿੱਤ ਵੱਲ ਜਾਣ ਦੀ ਥਾਂ ਕਿਸੇ ਸੱਪ ਦੇ ਮੂੰਹ ਵਿੱਚ ਪੈ ਕੇ ਸਿਫ਼ਰ ਵਾਲੇ ਅੰਨ੍ਹੇ ਖੂਹ ਵਿੱਚ ਜਾ ਡਿੱਗੇ। ਇਹ ਨਾ ਸਮਝਣਾ ਵਿਚਕਾਰਲਾ ਬੰਦਾ ਪੈਸੇ ਆਪ ਖਾ ਗਿਆ।

ਹੌਂਸਲਾ ਰੱਖ ਕੇ ਖੇਡ ਇੱਕ ਵਾਰ ਫੇਰ ਸਿਫ਼ਰ ਤੋਂ ਸ਼ੁਰੂ ਕਰੋ। ਦੇਖਣਾ ਅਖ਼ੀਰ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ।”

“ਇਸੇ ਤਰ੍ਹਾਂ ਕਰਾਂਗੇ।”

ਨੰਦ ਲਾਲ ਦਾ ਉਪਦੇਸ਼ ਪੰਕਜ ਹੋਰਾਂ ਨੂੰ ਅੰਮ੍ਰਿਤ ਬਾਣੀ ਵਾਂਗ ਲਗ ਰਿਹਾ ਸੀ।

ਉਨ੍ਹਾਂ ਨੇ ਇੱਕ ਇੱਕ ਨੁਕਤਾ ਗਹੁ ਨਾਲ ਸੁਣਿਆ ਅਤੇ ਆਪਣੇ ਦਿਮਾਗ਼ ਵਾਲੇ ਕੰਪਿਊਟਰ ਵਿੱਚ ‘ਲਾਕ’ ਕਰ ਦਿੱਤਾ।

“ਹੁਣ ਸੁਣੋ ਅਗਲੀ ਗੱਲ। ਮੁਕੱਦਮੇ ਨਾਲ ਸਬੰਧਤ ਹਰ ਅਹਿਲਕਾਰ ਨੂੰ ਮੈਂ ਸੰਭਾਲ ਲਵਾਂਗਾ। ਅਫ਼ਸਰਾਂ ਦੇ ਬੰਦੇ ਦੱਸਾਂਗਾ। ਅਫ਼ਸਰਾਂ ਤਕ ਪਹੁੰਚ ਕਰਨੀ ਤੁਹਾਡਾ ਕੰਮ ਹੈ।

ਕੋਈ ਹੀਲਾ ਨਾ ਬਣੇ ਹੱਥ ਖੜੇ ਕਰ ਦੇਣਾ। ਫੇਰ ਮੈਂ ਜਾਣਾਂ ਮੇਰਾ ਕੰਮ ਜਾਣੇ।

“ਸੈਸ਼ਨ ਜੱਜ ਤਕ ਪਹੁੰਚ ਕਰੋ। ਪੁਲਿਸ ਤੇ ਦਬਾਅ ਪਾਓ। ਤੁਹਾਡਾ ਬਹੁਤ ਰਸੂਖ਼ ਹੈ। ਸਿਆਸੀ ਬੰਦੇ ਫੜੋ। ਰਿਸ਼ਤੇਦਾਰ ਅਫ਼ਸਰਾਂ ਤੋਂ ਫ਼ੋਨ ਕਰਾਓ। ਹਾਲੇ ਕੁੱਝ ਨਹੀਂ ਵਿਗੜਿਆ। ਤਫ਼ਤੀਸ਼ ਇਥੇ ਰੁਕ ਸਕਦੀ ਹੈ।

“ਠੇਕੇਦਾਰ ਨੇ ਆਪਣਾ ਵਕੀਲ ਇੱਕ ਭਈਏ ਨੂੰ ਕੀਤਾ ਹੈ ਜਿਸ ਨੇ ਹਿੰਦੀ ਵਿੱਚ ਕਾਨੂੰਨ ਪੜ੍ਹਿਆ ਹੈ। ਪੜ੍ਹਿਆ ਹੈ ਜਾਂ ਉਂਝ ਹੀ ਡਿਗਰੀ ਲੈ ਆਇਆ ਇਹ ਵੀ ਪਤਾ ਨਹੀਂ ਹੈ। ਠੇਕੇਦਾਰ ਦਾ ਮੁਕੱਦਮਾ ਜੇ ਉਸ ਵਕੀਲ ਨੇ ਲੜਿਆ ਤਾਂ ਠੇਕੇਦਾਰ ਨਾਲੋਂ ਵੱਧ ਨੁਕਸਾਨ ਆਪਣਾ ਹੋਵੇਗਾ। ਠੇਕੇਦਾਰ ਦਾ ਹੋਰ ਪੁਲਿਸ ਰਿਮਾਂਡ ਨਾ ਮਿਲੇ ਅਤੇ ਤਫ਼ਤੀਸ਼ ਜਿਥੇ ਹੈ ਉਥੇ ਹੀ ਖੜੋ ਜਾਵੇ ਇਸ ਲਈ ਠੇਕੇਦਾਰ ਵੱਲੋਂ ਉੱਚ ਕੋਟੀ ਦਾ ਵਕੀਲ ਪੇਸ਼ ਹੋਣਾ ਚਾਹੀਦਾ ਹੈ। ਇਸ ਦਾ ਇੰਤਜ਼ਾਮ ਸਾਨੂੰ ਕਰਨਾ ਚਾਹੀਦਾ ਹੈ।”

ਨੰਦ ਲਾਲ ਠੇਕੇਦਾਰ ਦਾ ਵਕੀਲ ਨਹੀਂ ਬਣ ਸਕਦਾ। ਉਹ ਪੰਕਜ ਵੱਲੋਂ ਪੇਸ਼ ਹੋਏਗਾ।

ਠੇਕੇਦਾਰ ਅਤੇ ਪੰਕਜ ਦੋਹਾਂ ਵੱਲੋਂ ਪੇਸ਼ ਹੋਣ ਨਾਲ ਉਨ੍ਹਾਂ ਦੋਹਾਂ ਵਿਚਲੀ ਸਾਜ਼ਿਸ਼ ਜੱਗਰ ਹੋਏਗੀ। ਜੱਜ ਨੂੰ ਸ਼ੱਕ ਹੋਣਾ ਸੀ ਠੇਕੇਦਾਰ ਕੋਲ ਨੰਦ ਲਾਲ ਦੀ ਫ਼ੀਸ ਚੁਕਾਉਣ ਦੀ ਪਰੋਖੋਂ ਕਿਥੋਂ ਆ ਗਈ? ਉਸਨੇ ਅੰਦਾਜ਼ਾ ਲਾਉਣਾ ਸੀ, ਠੇਕੇਦਾਰ ਦੀ ਫ਼ੀਸ ਪੰਕਜ ਨੇ ਦਿੱਤੀ ਹੋਣੀ ਹੈ। ਇਹ ਸ਼ੱਕ ਉਨ੍ਹਾਂ ਨੇ ਜੱਜ ਦੇ ਦਿਮਾਗ਼ ਵਿੱਚ ਆਉਣ ਨਹੀਂ ਸੀ ਦੇਣਾ।

ਠੇਕੇਦਾਰ ਦਾ ਵਕੀਲ ਅਜਿਹਾ ਕੀਤਾ ਜਾਵੇ, ਜਿਸਦਾ ਸਬੰਧ ਨੰਦ ਲਾਲ ਦੇ ਚੈਂਬਰ ਨਾਲ ਨਾ ਹੋਵੇ।

ਨੰਦ ਲਾਲ ਨੇ ਵਕੀਲ ਦਾ ਨਾਂ ਆਪ ਸੁਝਾਅ ਦਿੱਤਾ। ਬਾਹਰ ਬੈਠਾ ਸਿੰਗਲਾ ਉਸਦਾ ਵਕੀਲ ਹੋਏਗਾ।

ਠੇਕੇਦਾਰ ਦੇ ਭਤੀਜੇ ਲਈ ਕੋਈ ਤੀਸਰਾ ਵਕੀਲ ਕੀਤਾ ਜਾਵੇ। ਭਤੀਜੇ ਦਾ ਵਕੀਲ ਜੇ ਸਿੰਗਲਾ ਬਣਾਇਆ ਗਿਆ ਤਾਂ ਚਾਚੇ ਭਤੀਜੇ ਦੀ ਸਾਂਝ ਸਾਬਤ ਹੋਏਗੀ।

ਨੰਦ ਲਾਲ ਦੀਆਂ ਨਸੀਅਤਾਂ ਪੰਕਜ ਹੋਰਾਂ ਨੂੰ ਦੁੱਧ ਘਿਓ ਦੀਆਂ ਨਾਲਾਂ ਵਰਗੀਆਂ ਲੱਗੀਆਂ। ਮਨ ਹੀ ਮਨ ਉਹ ਅਜੇ ਦੀ ਚੋਣ ਦੀ ਦਾਦ ਦੇਣ ਲੱਗੇ। ਉਨ੍ਹਾਂ ਨੂੰ ਯਕੀਨ ਹੋਣ ਲੱਗਾ, ਨੰਦ ਲਾਲ ਦੇ ਹੁੰਦਿਆਂ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ।

ਰਾਹਤ ਮਹਿਸੂਸ ਕਰਦੇ ਨੀਰਜ ਨੇ ਨੰਦ ਲਾਲ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ। ਪੈਸੇ ਦੀ ਉਨ੍ਹਾਂ ਕੋਲ ਕਮੀ ਨਹੀਂ ਸੀ। ਪੈਸਾ ਉਹ ਪਾਣੀ ਵਾਂਗ ਵਹਾ ਦੇਣਗੇ। ਨੰਦ ਲਾਲ ਉਨ੍ਹਾਂ ਦੇ ਮੁਕੱਦਮੇ ਦੀ ਵਾਗਡੋਰ ਸੰਭਾਲੇ। ਉਨ੍ਹਾਂ ਨੂੰ ਮੁਕਤੀ ਦਾ ਰਾਹ ਦੱਸੇ।

ਨੰਦ ਲਾਲ ਨੇ ਘੜੀ ਦੇਖੀ। ਉਸਨੂੰ ਫੈਕਟਰੀ ਆਇਆਂ ਦੋ ਘੰਟੇ ਹੋ ਗਏ ਸਨ। ਉਸਦਾ ਕਾਫ਼ੀ ਵਕਤ ਖ਼ਰਚ ਹੋ ਚੁੱਕਾ ਸੀ।

ਪੰਕਜ ਹੋਰੇ ਪੂਰੀ ਤਰ੍ਹਾਂ ਨੰਦ ਲਾਲ ਉਪਰ ਧਿੱਜ ਚੁੱਕੇ ਸਨ। ਨੰਦ ਲਾਲ ਨੇ ਤਾੜ ਲਿਆ। ਹੁਣ ਤਵਾ ਪੂਰਾ ਗਰਮ ਸੀ। ਰੋਟੀ ਸੇਕ ਲੈਣੀ ਚਾਹੀਦੀ ਸੀ।

“ਚੰਗਾ ਹੁਣ ਮੈਂ ਚਲਦਾ ਹਾਂ। ਅੱਧੀ ਫ਼ੀਸ ਮੈਨੂੰ ਮਿਲ ਗਈ। ਦਫ਼ਤਰ ਜਾ ਕੇ ਮੈਂ ਅਰਜ਼ੀ ਪੱਤਰ ਤਿਆਰ ਕਰਦਾ ਹਾਂ। ਘੰਟੇ ਕੁ ਨੂੰ ਆ ਕੇ ਨਾਲੇ ਕਾਗਜ਼ਾਂ ਪੱਤਰਾਂ ’ਤੇ ਦਸਤਖ਼ਤ ਕਰ ਦੇਣਾ ਨਾਲੇ ਬਾਕੀ ਫ਼ੀਸ ਪੁਜਦੀ ਕਰ ਦੇਣਾ।”

“ਠੀਕ ਏ ਸਰ!”

“ਇੱਕ ਆਖ਼ਰੀ ਨੁਕਤਾ ਹੋਰ। ਇਥੇ ਇੱਕ ਸੈਸ਼ਨ ਜੱਜ ਹੈ ਅਤੇ ਪੰਜ ਅਡੀਸ਼ਨਲ ਸੈਸ਼ਨ ਜੱਜ। ਇੱਕ ਨੂੰ ਛੱਡ ਕੇ ਬਾਕੀ ਸਭ ਨਾਲ ਆਪਣੀ ਸੂਤ ਹੈ। ਜੇ ਦਰਖ਼ਾਸਤ ਉਨ੍ਹਾਂ ਵਿਚੋਂ ਕਿਸੇ ਕੋਲ ਲਗ ਗਈ, ਫੇਰ ਆਪਾਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਪੈਣੀ।

ਤੁਸੀਂ ਕੋਸ਼ਿਸ਼ ਕਰਕੇ ਉਨ੍ਹਾਂ ਵਿਚੋਂ ਕਿਸੇ ਇੱਕ ਕੋਲ ਲਗਵਾ ਦਿਓ।”

“ਦੱਸੋ ਕਿਸ ਨੂੰ ਆਖੀਏ?” ਨੀਰਜ ਨੇ ਉਤਾਵਲਾ ਪੈਂਦੇ ਪੁੱਛਿਆ।

“ਸੈਸ਼ਨ ਜੱਜ ਨੂੰ। ਹੋਰ ਕਿਸ ਨੂੰ।”

“ਉਸ ਨੂੰ ਕਿਸ ਤੋਂ ਅਖਵਾਈਏ? ਕਚਹਿਰੀ ਦੇ ਬੰਦਿਆਂ ਨਾਲ ਸਾਡਾ ਵਾਹ ਵਾਸਤਾ ਨਹੀਂ ਹੈ।” ਸੈਸ਼ਨ ਜੱਜ ਦਾ ਨਾਂ ਸੁਣਦੇ ਹੀ ਦੋਹਾਂ ਭਰਾਵਾਂ ਦੇ ਚਿਹਰੇ ਉੱਤਰ ਗਏ।

“ਮੈਂ ਮਸਾਂ ਤੁਹਾਡਾ ਮੂਡ ਠੀਕ ਕੀਤਾ ਸੀ। ਤੁਸੀਂ ਫੇਰ ਮੂੰਹ ਲਟਕਾ ਲਏ। ਸੈਸ਼ਨ ਜੱਜ ਤਕ ਪਹੁੰਚ ਨਹੀਂ ਹੁੰਦੀ ਨਾ ਸਹੀ। ਸੁਪਰਡੈਂਟ ਨੂੰ ਟਿਕਾ ਲਓ।”

ਨੰਦ ਲਾਲ ਹੌਲੀ ਹੌਲੀ ਆਪਣਾ ਸ਼ਕੰਜਾ ਕੱਸ ਰਿਹਾ ਸੀ।

“ਤੁਸੀਂ ਸਾਨੂੰ ਚੱਕਰ ਵਿੱਚ ਨਾ ਪਾਓ। ਆਪੇ ਕਰੋ ਸਭ ਕੁੱਝ। ਸਾਨੂੰ ਬਸ ਖਰਚਾ ਦੱਸ ਦਿਉ।” ਅਜੇ ਨੇ ਜੋ ਹੁਣ ਤਕ ਚੁੱਪ ਬੈਠਾ ਸੀ ਦਖਲ ਦਿੱਤਾ।

ਇਹੋ ਨੰਦ ਲਾਲ ਚਾਹੁੰਦਾ ਸੀ।

“ਤੁਸੀਂ ਹੁਕਮ ਕਰੋ ਕਿਸ ਨੂੰ ਕੀ ਦੇਣਾ ਹੈ?” ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਪੰਕਜ ਨੇ ਪੁੱਛਿਆ।

ਕੋਈ ਹੋਰ ਵਕੀਲ ਹੋਵੇ ਵੀਹ ਹਜ਼ਾਰ ਦਾ ਬਿੱਲ ਬਣਾ ਦੇਵੇ। ਤੁਸੀਂ ਮੈਨੂੰ ਸਣੇ ਸਰਕਾਰੀ ਵਕੀਲ ਬਾਰਾਂ ਹਜ਼ਾਰ ਦੇ ਦੇਵੋ। ਹਿਸਾਬ ਮਾਵਾਂ ਧੀਆਂ ਦਾ। ਜੋ ਬਚਿਆ ਪੈਸਾ ਪੈਸਾ ਵਾਪਸ ਹੋ ਜਾਏਗਾ।”

ਉਂਗਲਾਂ ਦੇ ਪੋਟਿਆਂ ’ਤੇ ਹਿਸਾਬ ਲਾ ਕੇ ਨੰਦ ਲਾਲ ਨੇ ਖਰਚਾ ਜੋੜਿਆ।

“ਤੁਸੀਂ ਪੈਸੇ ਦੀ ਪਰਵਾਹ ਨਾ ਕਰੋ। ਪੰਜ ਦੀ ਥਾਂ ਪੰਜਾਹ ਖਰਚੋ। ਬੱਸ ਪੁਲਿਸ ਸਾਡੇ ਦਰਾਂ ’ਤੇ ਨਹੀਂ ਆਉਣੀ ਚਾਹੀਦੀ।”

ਆਖਦੇ ਪੰਕਜ ਨੇ ਬਾਰਾਂ ਦੀ ਥਾਂ ਪੰਦਰਾਂ ਹਜ਼ਾਰ ਨੰਦ ਲਾਲ ਦੇ ਹਵਾਲੇ ਕਰ ਦਿੱਤਾ।

“ਪੁਲਿਸ ਦੀ ਮਾਂ ਦੀ ਐਸੀ ਤੈਸੀ। ਆ ਜਾਣਾ ਸ਼ਾਮ ਨੂੰ। ਨਾਲੇ ਦਸਤਖ਼ਤ ਕਰ ਦੇਣਾ। ਨਾਲੇ ਫ਼ੀਸ ਪੁਜਦੀ ਕਰ ਦੇਣਾ।”

ਤੀਜੀ ਵਾਰ ਫ਼ੀਸ ਦੀ ਯਾਦ ਕਰਵਾ ਕੇ ਨੰਦ ਲਾਲ ਬਾਹਰ ਨਿਕਲਿਆ।

“ਸਿੰਗਲਾ, ਤੂੰ ਠੇਕੇਦਾਰ ਦਾ ਵਕੀਲ ਬਣੀਂ।”

ਗੇਟ ਤਕ ਛੱਡਣ ਆਏ ਸਿੰਗਲੇ ਨੂੰ ਪਿੱਠ ਥਾਪੜ ਕੇ ਅਸ਼ੀਰਵਾਦ ਦਿੰਦੇ ਨੰਦ ਲਾਲ ਨੇ ਅਹਿਸਾਸ ਕਰਵਾਇਆ ਜਿਵੇਂ ਉਸ ਨੇ ਸਿੰਗਲੇ ਨੂੰ ਇਸ ਕੇਸ ਵਿੱਚ ਵਕੀਲ ਨਿਯੁਕਤ ਕਰਵਾਇਆ ਸੀ।

 

-18-

 

ਨੰਦ ਲਾਲ ਦੇ ਫੈਕਟਰੀ ਰਹਿਣ ਤਕ ਸ਼ਿਸ਼ਟਾਚਾਰ ਭਾਰੂ ਰਿਹਾ ਸੀ। ਉਹ ਸੀਨੀਅਰ ਵਕੀਲ ਸੀ। ਉਸਨੂੰ ਗੁੱਸਾ ਬਹੁਤ ਆਉਂਦਾ ਸੀ। ਦੂਜੀ ਵਾਰੀ ਕੋਈ ਸਵਾਲ ਪੁੱਛ ਲਏ ਉਹ ਲਿਫਾਫਾ ਵਗਾਹ ਕੇ ਮਾਰਦਾ ਸੀ।

ਇਸੇ ਡਰੋਂ ਕਿਸੇ ਨੇ ਉਸ ਨਾਲ ਖੁਲ੍ਹ ਕੇ ਗੱਲ ਨਹੀਂ ਸੀ ਕੀਤੀ।

ਸਿੰਗਲਾ ਉਨ੍ਹਾਂ ਦੇ ਹਾਣ ਦਾ ਸੀ। ਦੋਸਤ ਮਿੱਤਰ ਸੀ। ਉਸ ਨਾਲ ਦਿਲ ਦੀ ਗੱਲ ਹੋ ਸਕਦੀ ਸੀ।

ਬਾਬੂ ਜੀ ਦੇ ਜਾਣ ਬਾਅਦ ਖੁੱਲ੍ਹ ਕੇ ਗੱਲਾਂ ਹੋਣ ਲੱਗੀਆਂ।

“ਬਾਬੂ ਜੀ ਬੜੇ ਚਾਲੂ ਪੁਰਜੇ ਹਨ। ਫ਼ੀਸ ਤੋਂ ਇਲਾਵਾ ਹੋਰ ਕਿੰਨੀ ਕੁੰਡੀ ਲਾ ਗਏ?”

ਸਿੰਗਲੇ ਨੇ ਮਿੱਤਰਾਂ ਨੂੰ ਚੌਕਸ ਕਰਨ ਅਤੇ ਉਨ੍ਹਾਂ ਦੇ ਮਨਾਂ ਵਿੱਚ ਆਪਣੀ ਥਾਂ ਬਨਾਉਣ ਦੀ ਨੀਅਤ ਨਾਲ ਪੁੱਛਿਆ।

ਨੰਦ ਲਾਲ ਨੇ ਅਜੇ ਦਾ ਮੂੰਹ ਬੰਨ੍ਹਿਆ ਸੀ। ਇਸ ਪੰਦਰਾਂ ਹਜ਼ਾਰ ਬਾਰੇ ਕਿਸੇ ਨਾਲ ਗੱਲ ਨਾ ਕੀਤੀ ਜਾਵੇ। ਰਿਸ਼ਵਤ ਦਾ ਮਾਮਲਾ ਸੀ। ਗੱਲ ਬਾਹਰ ਨਿਕਲਣ ’ਤੇ ਫ਼ਾਇਦਾ ਘੱਟ ਅਤੇ ਨੁਕਸਾਨ ਵੱ ਹੋਣਾ ਸੀ। ਬਦਨਾਮੀ ਤੋਂ ਡਰਦਾ ਅਫ਼ਸਰ ਕੰਮ ਉਲਟਾ ਕਰ ਸਕਦਾ ਸੀ।

ਉਹ ਭੇਤ ਖੋਲ੍ਹੇ ਜਾਂ ਨਾ। ਅਜੇ ਦੋਚਿੱਤੀ ਵਿੱਚ ਸੀ।

ਵਿਨੇ ਭਾਂਪ ਚੁੱਕਾ ਸੀ ਕਿ ਦਾਲ ਵਿੱਚ ਕੁੱਝ ਕਾਲਾ ਹੈ। ਉਹ ਸਿੰਗਲੇ ਦੀ ਧਾਂਕ ਜਮਾਉਣ ਲਈ ਰਾਜ਼ ਉਗਲਾਉਣ ਦਾ ਯਤਨ ਕਰਨ ਲੱਗਾ।

“ਥੋੜ੍ਹੇ ਜਿਹੇ ਲਏ ਹਨ। ਕਲਰਕਾਂ ਮੁਨਸ਼ੀਆਂ ਲਈ।”

ਪੰਕਜ ਨੇ ਚੁੱਪ ਤੋੜੀ।

“ਬੜਾ ਖਰਾਂਟ ਹੈ ਬੁੜ੍ਹਾ! ਡੇਢ ਲੱਖ ਲੈ ਕੇ ਸਬਰ ਨਹੀਂ ਆਇਆ। ਫਾਈਵ ਸਟਾਰ ਵਕੀਲ ਹੈ। ਅਹਿਲਕਾਰਾਂ ਦੀ ਫ਼ੀਸ ਵੀ ਫਾਈਵ ਸਟਾਰ ਰੇਟ ਦੇ ਹਿਸਾਬ ਨਾਲ ਲਈ ਹੋਏਗੀ।”

ਸਿੰਗਲੇ ਦੇ ਹੱਥ ਨੰਦ ਲਾਲ ਦੀ ਕਮਜ਼ੋਰੀ ਲਗ ਚੁੱਕੀ ਸੀ। ਇਸ ਕਮਜ਼ੋਰੀ ਨੂੰ ਜੱਗਰ ਕਰਕੇ ਉਹ ਦੂਹਰਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਪਹਲਿਾ, ਉਸਨੇ ਪੰਕਜ ਹੋਰਾਂ ਨੂੰ ਨੰਦ ਲਾਲ ਦੀ ਲੁੱਟ ਤੋਂ ਬਚਾ ਲੈਣਾ ਸੀ। ਦੂਜਾ, ਉਸਨੇ ਉਨ੍ਹਾਂ ਨੂੰ ਆਪਣੇ ’ਤੇ ਧਿਜਾ ਲੈਣਾ ਸੀ। ਅਜਿਹੇ ਕੇਸ ਵਿੱਚ ਪੈਸਾ ਪਾਣੀ ਵਾਂਗ ਵਹਿੰਦਾ ਹੈ। ਹਰ ਮੁਕਾਮ ’ਤੇ ਪੈਸੇ ਚੜ੍ਹਨੇ ਸਨ। ਹਰ ਮੁਕਾਮ ’ਤੇ ਵਿਚੋਲਿਆਂ ਨੂੰ ਹਿੱਸਾ ਪੱਤੀ ਮਿਲਣਾ ਸੀ। ਸਿੰਗਲਾ ਨੰਦ ਲਾਲ ਵਾਂਗ ਮੂੰਹ ਮੰਗੀ ਫ਼ੀਸ ਨਹੀਂ ਸੀ ਲੈ ਸਕਦਾ। ਉਸਨੇ ਆਪਣਾ ਘਰ ਹਿੱਸੇ ਪੱਤੀਆਂ ਨਾਲ ਪੂਰਾ ਕਰਨਾ ਸੀ। ਇਸ ਲਈ ਅਸਾਮੀ ਦਾ ਨੰਦ ਲਾਲ ਨਾਲੋਂ ਮੋਹ ਭੰਗ ਹੋਣਾ ਜ਼ਰੂਰੀ ਸੀ।

“ਦੇਖੋ ਕੰਮ ਹੋਣ ’ਤੇ ਆਪਾਂ ਨੂੰ ਲੈ ਦੇ ਕਰਨੀ ਪਏਗੀ। ਕਲਰਕਾਂ ਅਰਦਲੀਆਂ ਨੇ ਮੇਰੇ ਪਿੱਛੇ ਫਿਰਨੈ। ਦੂਹਰੀ ਫ਼ੀਸ ਆਪਾਂ ਦੇਣੀ ਨਹੀਂ। ਮੈਨੂੰ ਦੱਸੋ ਕਿਸ ਕਿਸ ਦੇ ਨਾਂ ਦੇ ਕਿੰਨੇ ਕਿੰਨੇ ਲੈ ਗਿਆ? ਉਨ੍ਹਾਂ ਨੂੰ ਮੈਂ ਬਾਬੂ ਪਿਛੇ ਲਾ ਦੇਵਾਂਗਾ।”

ਸਿੰਗਲਾ ਵਕੀਲਾਂ ਵਾਲੀਆਂ ਚਲਾਕੀਆਂ ਵਰਤ ਕੇ ਮਸਲੇ ਦੀ ਤੈਅ ਤਕ ਜਾਣ ਲੱਗਾ।

“ਪੰਦਰਾਂ ਹਜ਼ਾਰ ਲੈ ਗਏ। ਕਹਿੰਦੇ ਹਨ ਸੁਪਰਡੈਂਟ ਨਾਲ ਗੱਲ ਕਰਨੀ ਹੈ। ਦਰਖ਼ਾਸਤ ਮਰਜ਼ੀ ਦੇ ਜੱਜ ਕੋਲ ਲਗਵਾਣੀ ਹੈ। ਹੋਰ ਕਈਆਂ ਦੇ ਨਾਂ ਲੈਂਦੇ ਸਨ। ਸਾਨੂੰ ਕੀ ਪਤਾ ਹੈ ਕੌਣ ਕੀ ਹੁੰਦਾ ਹੈ?”

ਨੀਰਜ ਲਕੋ ਰੱਖਣ ਦੇ ਹੱਕ ਵਿੱਚ ਨਹੀਂ ਸੀ। ਦੋਵੇਂ ਉਨ੍ਹਾਂ ਦੇ ਵਕੀਲ ਸਨ। ਗੱਲ ਸਪੱਸ਼ਟ ਹੋਣੀ ਚਾਹੀਦੀ ਸੀ।

“ਕਰ ਦਿੱਤੀ ਨਾ ਉਹੋ ਗੱਲ। ਸਾਰਾ ਖਰਚ ਪੰਜ ਸੌ ਦਾ ਹੈ। ਸੁਪਰਡੈਂਟ ਨੂੰ ਫ਼ੀਸ ਦੇਵੋ ਜਾਂ ਨਾ ਇਕੋ ਗੱਲ ਹੈ। ਦਰਖਾਸਤਾਂ ਜੱਜ ਆਪ ਜੱਜਾਂ ਕੋਲ ਭੇਜਦਾ ਹੈ। ਇੱਕ ਸਟੈਨੋ, ਦੋ ਅਹਿਲਮੱਦ। ਰੀਡਰ ਅਤੇ ਚਪੜਾਸੀ। ਸਭ ਪੰਜਾਹ ਪੰਜਾਹ ਦੀ ਮਾਰ। ਬਹੁਤੀ ਤੇਜ਼ੀ ਹੋਵੇ ਤਾਂ ਸੌ। ਚਲੋ ਕੋਈ ਨਹੀਂ। ਅੱਗੋਂ ਤੋਂ ਚੌਕਸ ਰਹਿਣਾ। ਜੇ ਬਾਬੂ ਜੀ ਕਿਸੇ ਅਹਿਲਕਾਰ ਦੇ ਨਾਂ ਦੇ ਪੈਸੇ ਮੰਗਣ, ਆਖ ਦੇਣਾ ਸਿੰਗਲੇ ਨੇ ਗੱਲ ਕਰ ਲਈ ਹੈ। ਆਪੇ ਪਿੱਛੋਂ ਲਹਿ ਜਾਏਗਾ। ਨਹੀਂ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣਗੀਆਂ। ਇੱਕ ਵਾਰ ਮੂੰਹ ਪੈ ਗਿਆ ਪਿੱਛੋਂ ਜਵਾਬ ਦੇਣਾ ਔਖਾ ਹੋ ਜਾਏਗਾ। ਮੈਂ ਤੁਹਾਨੂੰ ਸਾਵਧਾਨ ਕਰਕੇ ਆਪਣਾ ਫਰਜ਼ ਨਿਭਾਅ ਦਿੱਤਾ। ਅੱਗੇ ਤੁਹਾਡੀ ਮਰਜ਼ੀ।”

“ਗੱਲ ਸਿਆਣੀ ਹੈ।”

ਆਖਦਾ ਪੰਕਜ ਸ਼ਸ਼ੋਪੰਜ ਵਿੱਚ ਪੈ ਗਿਆ। ਉਹ ਕਿਸ ਦੀ ਗੱਲ ਮੰਨੇ। ਦੋਵੇਂ ਦਰੁਸਤ ਲਗਦੇ ਸਨ। ਖ਼ੈਰ! ਜਦੋਂ ਉੱਖਲੀ ਵਿੱਚ ਸਿਰ ਆ ਗਿਆ ਤਾਂ ਮੂੰਗਲੀਆਂ ਦਾ ਕੀ ਡਰ?

ਸੋਚ ਕੇ ਪੰਕਜ ਨੇ ਗੱਲ ਅੱਗੇ ਤੋਰੀ।

“ਪੈਸਿਆਂ ਦਾ ਝੰਜਟ ਛੱਡੋ। ਜਿਹੜੇ ਤੁਹਾਡੇ ਕੋਲੋਂ ਮੰਗਣਗੇ ਉਨ੍ਹਾਂ ਨੂੰ ਤੁਸੀਂ ਦੇ ਦਿਓ। ਦਸ ਵੀਹ ਹਜ਼ਾਰ ਹੋਰ ਲਗ ਜਾਏਗਾ। ਇਹ ਦੱਸੋ ਪੇਸ਼ਗੀ ਜ਼ਮਾਨਤ ਮਿਲ ਵੀ ਜਾਏਗੀ?”

“ਸੱਚੀ ਗੱਲ ਸਮਝ ਲਓ। ਅਖ਼ਬਾਰਾਂ ਵਿੱਚ ਬਹੁਤ ਖ਼ਬਰਾਂ ਲਗ ਗਈਆਂ ਹਨ।

ਯੂਨੀਵਰਸਿਟੀ ਵਿੱਚ ਹੜਤਾਲ ਹੈ। ਸ਼ਹਿਰ ਵਿੱਚ ਜਲੂਸ ਨਿਕਲ ਰਿਹਾ ਹੈ। ਇਸ ਸਭ ਦਾ ਜੱਜਾਂ ’ਤੇ ਅਸਰ ਪਏਗਾ। ਪੁਲਿਸ ਸਾਡੀ ਸਹਾਇਤਾ ਕਰਨੋਂ ਘਬਰਾਏਗੀ। ਹਾਲੇ ਬਜ਼ਾਰ ਗਰਮ ਹੈ। ਫੇਰ ਵੀ ਆਪਾਂ ਹਿੰਮਤ ਨਹੀਂ ਹਾਰਨੀ। ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ। ਬੜੇ ਰਾਹ ਹਨ ਕਾਮਯਾਬੀ ਤਕ ਪੁੱਜਣ ਦੇ। ਸੈਸ਼ਨ ਜੱਜ ਵਧੀਆ ਬੰਦਾ ਹੈ।

ਦਰਖ਼ਾਸਤ ਆਪਣੇ ਕੋਲ ਰੱਖ ਲਏ, ਚੰਗਾ ਹੈ। ਉਹ ਕਿਸੇ ਦਬਾਅ ਅੱਗੇ ਨਹੀਂ ਝੁੱਕਦਾ।”

“ਸੈਸ਼ਨ ਜੱਜ ਦਾ ਕੋਈ ਬੰਦਾ?”

“ਸੱਚੀ ਗੱਲ ਇਹ ਹੈ ਕਿ ਉਸਦਾ ਕੋਈ ਬੰਦਾ ਨਹੀਂ। ਹਿੱਕ ਥਾਪੜ ਕੇ ਉਸ ਤੋਂ ਕੰਮ ਕਰਾਉਣ ਦੇ ਦਾਅਵੇਦਾਰ ਬਥੇਰੇ ਮਿਲਣਗੇ ਪਰ ਉਸ ਦੀ ਕੋਠੀ ਵੜਨ ਦੀ ਕਿਸੇ ਦੀ ਹਿੰਮਤ ਨਹੀਂ। ਇਹ ਮਸਲਾ ਰੱਬ ’ਤੇ ਛੱਡ ਦੇਵੋ।”

“ਹੋਰ ਕੀ ਕੀਤਾ ਜਾਵੇ?”

“ਫੌਰੀ ਕਰਨ ਵਾਲੀ ਗੱਲ ਇਹ ਕਿ ਕਿਵੇਂ ਨਾ ਕਿਵੇਂ ਪੁਲਿਸ ਤਕ ਪਹੁੰਚ ਕੀਤੀ ਜਾਵੇ। ਪੁਲਿਸ ਕਪਤਾਨ ਨੂੰ ਬੰਨ੍ਹਿਆ ਜਾਵੇ। ਫੇਰ ਰੈਂਕ ਮੁਤਾਬਕ ਛੋਟੇ ਥਾਣੇਦਾਰਾਂ ਦੀ ਮੁੱਠੀ ਗਰਮ ਕੀਤੀ ਜਾਵੇ। ਹਰ ਰੁਤਬੇ ਦੀ ਆਪਣੀ ਅਹਿਮੀਅਤ ਹੈ। ਸਭ ਦਾ ਮਾਣ ਕਰੋ।”

“ਪੁਲਿਸ ਕਪਤਾਨ ਦਾ ਕੋਈ ਸਹੀ ਬੰਦਾ?”

“ਬੰਦੇ ਉਸਦੇ ਬਥੇਰੇ ਹਨ। ਪਰ ਜੇ ਮੇਰੀ ਮੰਨਣੀ ਹੈ ਤਾਂ ਸਿੱਧੀ ਪਹੁੰਚ ਕਰੋ। ਜੇ ਕਿਸੇ ਸਿਆਸੀ ਬੰਦੇ ਜਾਂ ਰਿਸ਼ਤੇਦਾਰ ਦੇ ਪਿੱਛੇ ਭੱਜੇ, ਨਾਲੇ ਖੱਜਲ ਖ਼ੁਆਰ ਹੋਵੋਗੇ ਨਾਲੇ ਵੱਧ ਖ਼ਰਚ ਹੋ ਜਾਏਗਾ। ਸਿਫਾਰਸ਼ੀ ਪਹਿਲਾਂ ਆਪਣਾ ਢਿੱਡ ਭਰੇਗਾ। ਸਿਧੇ ਜਾਉਗੇ, ਅਫ਼ਸਰ ਖੁਸ਼ ਹੋਏਗਾ।”

“ਸਿੱਧੇ ਕਿਵੇਂ ਜਾਈਏ? ਉਹ ਕਪਤਾਨ ਹੈ। ਫੜ ਕੇ ਅੰਦਰ ਕਰ ਦਿਊ।”

“ਮੇਰਾ ਮਤਲਬ ਇੰਝ ਸਿੱਧੇ ਜਾਣ ਤੋਂ ਥੋੜ੍ਹਾ ਹੈ। ਮਤਲਬ ਹੈ ਸਿਫਾਰਸ਼ ਦੀ ਥਾਂ ਦਲਾਲ ਫੜੋ।”

“ਦਲਾਲ ਦੱਸੋ ਕੌਣ ਹੈ?”

“ਚੁੱਪ ਕਰਕੇ ਮੇਲੂ ਡੇਅਰੀ ਵਾਲੇ ਕੋਲ ਚਲੇ ਜਾਓ। ਉਹ ਸਾਫ਼ ਸੁਥਰਾ ਬੰਦਾ ਹੈ।

ਦਸ ਹਜ਼ਾਰ ਆਪ ਲਏਗਾ। ਮੂੰਹੋਂ ਮੰਗ ਕੇ। ਗੱਲ ਜੋ ਕਰੇਗਾ ਸੌਲਾਂ ਆਨੇ ਸਹੀ ਹੋਏਗੀ।

ਤੁਹਾਡੇ ਬੰਦੇ ਨੂੰ ਨਾਲ ਲੈ ਕੇ ਜਾਏਗਾ। ਗੱਲ ਮੂੰਹ ’ਤੇ ਕਰੇਗਾ। ਤੁਹਾਡੇ ਹੱਥੀਂ ਪੈਸੇ ਦਿਵਾਏਗਾ। ਅੱਗੇ ਪਿੱਛੇ ਲੋੜ ਪਈ ਨਾਲ ਜਾਏਗਾ।”

“ਠੀਕ ਹੈ। ਅਸੀਂ ਹੁਣੇ ਉਸ ਕੋਲ ਜਾਂਦੇ ਹਾਂ।”

“ਜਾਓ। ਕੋਈ ਦਿੱਕਤ ਆਵੇ ਮੈਨੂੰ ਫ਼ੋਨ ਕਰ ਦੇਣਾ। ਰਾਤ ਨੂੰ ਦਸ ਵਜੇ ਬਾਅਦ ਮੈਂ ਫ਼ੋਨ ਬੰਦ ਕਰ ਦਿੰਦਾ ਹਾਂ। ਅੱਜ ਖੁੱਲ੍ਹਾ ਰੱਖਾਂਗਾ। ਜਦੋਂ ਮਰਜ਼ੀ ਉਠਾ ਲੈਣਾ। ਹੁਣ ਮੈਂ ਚਲਦਾ ਹਾਂ। ਸਰਕਾਰੀ ਵਕੀਲ ਮੈਨੂੰ ਉਡੀਕ ਰਿਹਾ ਹੋਣਾ ਹੈ।”

ਘੜੀ ਦੇਖਦਾ ਸਿੰਗਲਾ ਘਰ ਜਾਣ ਲਈ ਉੱਠ ਖੜੋਤਾ।

“ਬੈਠੋ ਸਿੰਗਲਾ ਸਾਹਿਬ! ਤੁਸੀਂ ਆਪਣੀ ਫ਼ੀਸ ਦੱਸੀ ਨਹੀਂ। ਚਾਰ ਘੰਟੇ ਹੋ ਗਏ ਮਗਜ਼ ਖਪਾਈ ਕਰਦਿਆਂ ਨੂੰ।”

ਸਿੰਗਲੇ ਦਾ ਹੱਥ ਫੜ ਕੇ ਬੈਠਾਉਂਦੇ ਅਜੇ ਨੇ ਉਸਨੂੰ ਰੋਕਿਆ।

ਅੰਨ੍ਹਾ ਕੀ ਭਾਲੇ ਦੋ ਅੱਖਾਂ? ਹੋਰ ਸਿੰਗਲੇ ਨੂੰ ਕੀ ਚਾਹੀਦਾ ਸੀ?

“ਫ਼ੀਸ ਆਪਣਿਆਂ ਤੋਂ ਥੋੜ੍ਹਾ ਲਈਦੀ ਹੈ। ਇਹ ਮੇਰਾ ਆਪਣਾ ਕੰਮ ਹੈ।”

ਮੁੜ ਕੁਰਸੀ ਸੰਭਾਲਦੇ ਸਿੰਗਲੇ ਨੇ ਮਲਵੀਂ ਜੀਭ ਨਾਲ ਦੋਸਤਾਂ ਦਾ ਮਾਨ ਰੱਖਿਆ।

“ਘੋੜਾ ਘਾਹ ਨਾਲ ਦੋਸਤੀ ਪਾਏਗਾ ਤਾਂ ਖਾਏਗਾ ਕੀ? ਆਪਣੇ ਕੋਲ ਯਾਰਾਂ ਦੋਸਤਾਂ ਨੇ ਆਉਣੈ। ਯਾਰੀ ਦੋਸਤੀ ਇੱਕ ਥਾਂ। ਕਾਰੋਬਾਰ ਦੂਸਰੀ ਥਾਂ। ਤੁਸੀਂ ਆਪਣੀ ਫ਼ੀਸ ਦੱਸੋ।”

ਵਿਨੇ ਸਿੰਗਲਾ ਦਾ ਪੱਖ ਪੂਰਨ ਲੱਗਾ।

“ਮੰਗਣਾ ਮੈਂ ਕੀ ਹੈ! ਜਿਹੜੇ ਦੇਵੋਗੇ ਚੁੱਪ ਕਰਕੇ ਜੇਬ ਵਿੱਚ ਪਾ ਲਵਾਂਗਾ।”

“ਫੇਰ ਵੀ ਕੁੱਝ ਤਾਂ ਦੱਸੋ?” ਪੰਕਜ ਨੇ ਪੰਜ ਪੰਜ ਸੌ ਦੇ ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਹੱਥ ਵਿੱਚ ਫੜਦਿਆਂ ਪੁੱਛਿਆ।

ਸਿੰਗਲਾ ਕਿੰਨੀ ਫ਼ੀਸ ਮੰਗੇ ਉਸ ਨੂੰ ਸੁਝ ਨਹੀਂ ਸੀ ਰਿਹਾ। ਗਿਆਰਾਂ ਹਜ਼ਾਰ ਉਸ ਦੀ ਵੱਧ ਤੋਂ ਵੱਧ ਫ਼ੀਸ ਸੀ। ਆਮ ਤੌਰ ’ਤੇ ਉਸ ਨੂੰ ਪਚਵੰਜਾ ਸੌ ਮਿਲਦਾ ਸੀ। ਘੱਟ ਵੀ ਚੱਲ ਜਾਂਦੀ ਸੀ। ਇਥੇ ਘੱਟ ਮੰਗੇ ਜਾਂ ਵੱਧ? ਉਹ ਕਿਸੇ ਨਤੀਜੇ ’ਤੇ ਨਹੀਂ ਸੀ ਪੁੱਜ ਰਿਹਾ।

“ਮੈਂ ਕਿਹੜਾ ਬਾਬੂ ਜੀ ਹਾਂ ਕਿ ਲੱਖਾਂ ਵਿੱਚ ਮੰਗਾਂਗਾ। ਮੈਨੂੰ ਉਨ੍ਹਾਂ ਦਾ ਮੁਨਸ਼ੀਆਨਾ ਦੇ ਦੇਣਾ। ਹੋਰ ਦੱਸੋ!”

“ਜਾਨੀ ਪੰਦਰਾਂ ਹਜ਼ਾਰ!” ਵਿਨੇ ਨੇ ਦਸ ਫੀਸਦੀ ਦੇ ਹਿਸਾਬ ਨਾਲ ਹਿਸਾਬ ਲਾ ਕੇ ਆਖਿਆ।

“ਲਓ ਬਾਈ ਹਜ਼ਾਰ!” ਪੰਕਜ ਨੇ ਪੰਜ ਪੰਜ ਸੌ ਦੇ ਚੁਤਾਲੀ ਨੋਟ ਸਿੰਗਲੇ ਦੀ ਜੇਬ ਵਿੱਚ ਪਾ ਦਿੱਤੇ।

“ਸਰਕਾਰੀ ਵਕੀਲ ਦਾ ਖਰਚਾ ਵੀ ਲੈ ਲਓ।”

“ਕਿਉਂ ਛਿੱਤਰ ਮਾਰਦੇ ਹੋ! ਹਰ ਰੋਜ਼ ਇਕੱਠੇ ਖਾਂਦੇ ਪੀਂਦੇ ਹਾਂ।”

ਸਿੰਗਲਾ ਮਿਲੀ ਫ਼ੀਸ ਤੋਂ ਸੰਤੁਸ਼ਟ ਸੀ। ਉਹ ਭੁੱਖ ਦਿਖਾ ਕੇ ਆਪਣਾ ਵਕਾਰ ਨਹੀਂ ਸੀ ਘਟਾਉਣਾ ਚਾਹੁੰਦਾ।

“ਕੋਈ ਹੋਰ ਸਾਵਧਾਨੀ?”

“ਮੇਰਾ ਖਿਆਲ ਹੈ ਆਪਾਂ ਨੂੰ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੀਦਾ। ਘਰ ਵਿੱਚ ਜੇ ਕੋਈ ਗਲਤ ਚੀਜ਼ ਪਈ ਹੈ ਉਸਨੂੰ ਇਧਰ ਉਧਰ ਕਰ ਦਿਓ। ਪੁਲਿਸ ਦਾ ਕੋਈ ਵਸਾਹ ਨਹੀਂ। ਘਰੋਂ ਕੋਈ ਹੋਰ ਚੀਜ਼ ਨਾ ਮਿਲੇ ਤਾਂ ਵਿਸਕੀ ਦਾ ਕੇਸ ਪਾ ਦੇਵੇ। ਫੜੇ ਦਸਤਾਵੇਜ਼ਾਂ ਨੂੰ ਇਨਕਮ ਟੈਕਸ ਵਾਲਿਆਂ ਕੋਲ ਭੇਜ ਦੇਵੇ। ਘਰ ਪਏ ਕੈਸ਼ ਨੂੰ ਹਵਾਲੇ ਦੀ ਰਕਮ ਬਣਾ ਕੇ ਕੋਈ ਨਵੀਂ ਮੁਸੀਬਤ ਗਲ ਪਾ ਦੇਵੇ। ਅਸਲਾ, ਵਿਸਕੀ, ਸੋਨਾ, ਕੈਸ਼ ਸਭ ਖਿੰਡਾ ਦੇਵੋ।”

ਸਿੰਗਲੇ ਦੀ ਇਸ ਰਾਏ ਨੇ ਦੋਸਤਾਂ ਦੇ ਦਿਲ ਮੋਹ ਲਏ।

ਘਰ ਵਿੱਚ ਅਜਿਹਾ ਬਹੁਤ ਕੁੱਝ ਪਿਆ ਸੀ। ਇਹ ਸਭ ਗ਼ੈਰ ਕਾਨੂੰਨੀ ਸੀ, ਇਹ ਕਿਸੇ ਦੇ ਧਿਆਨ ਵਿੱਚ ਨਹੀਂ ਸੀ।

ਤੁਰੰਤ ਸਿੰਗਲੇ ਦੀ ਹਦਾਇਤ ’ਤੇ ਅਮਲ ਹੋਇਆ। ਨੀਰਜ ਨੇ ਘਰ ਫ਼ੋਨ ਖੜਕਾਇਆ। ਸਾਰਾ ਵਾਧੂ ਸਮਾਨ ਰਿਸ਼ਤੇਦਾਰਾਂ ਦੇ ਘਰ ਪਹੁੰਚਾ ਦਿਓ।

 

-19-

 

ਸਿੰਗਲੇ ਨੂੰ ਤੋਰ ਕੇ ਸਾਰੇ ਮਿੱਤਰ ਸਿਰ ਜੋੜ ਕੇ ਬੈਠ ਗਏ।

ਵਕੀਲਾਂ ਕੋਲੋਂ ਮਿਲੇ ਸੁਝਾਵਾਂ ਉਪਰ ਵਿਚਾਰ ਹੋਣ ਲੱਗੀ।

ਸਿੰਗਲਾ ਕਹਿੰਦਾ ਸੀ, ਸੈਸ਼ਨ ਜੱਜ ਤਕ ਪਹੁੰਚ ਕਰਨ ਦੀ ਲੋੜ ਨਹੀਂ। ਨੰਦ ਲਾਲ ਦੀ ਸਲਾਹ ਉਲਟ ਸੀ। ਸਿੰਗਲਾ ਕਹਿੰਦਾ ਸੀ ਸੈਸ਼ਨ ਜੱਜ ਕਿਸੇ ਦੀ ਮੰਨਦਾ ਨਹੀਂ। ਨੰਦ ਲਾਲ ਕਹਿੰਦਾ ਸੀ ਕਿਧਰੇ ਹੋਰ ਦਾਲ ਨਾ ਗਲੀ ਤਾਂ ਮੇਰੇ ਕੋਲ ਆ ਜਾਓ।

ਸਿੰਗਲਾ ਨੰਦ ਲਾਲ ਦੀਆਂ ਫੜ੍ਹਾਂ ਬਾਰੇ ਉਨ੍ਹਾਂ ਨੂੰ ਸੁਚੇਤ ਕਰ ਚੁੱਕਾ ਸੀ। ਬਾਬੂ ਦੇ ਉੱਚੇ ਰੇਟਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਤਜਰਬਾ ਹੋ ਚੁੱਕਾ ਸੀ।

ਫੇਰ ਕੀਤਾ ਜਾਵੇ ਤਾਂ ਕੀ? ਬਾਬੂ ਦੀ ਮੰਨੀ ਜਾਵੇ ਜਾਂ ਸਿੰਗਲੇ ਦੀ।

ਸੋਚ ਵਿਚਾਰ ਕੇ ਵਿਚਕਾਰਲਾ ਰਾਹ ਲੱਭਿਆ ਗਿਆ। ਸੈਸ਼ਨ ਜੱਜ ਤਕ ਪਹੁੰਚ ਜ਼ਰੂਰ ਕੀਤੀ ਜਾਵੇ। ਪਰ ਕਿਸੇ ਦਲਾਲ ਦੇ ਧੱਕੇ ਨਾ ਚੜ੍ਹਿਆ ਜਾਵੇ। ਕੋਈ ਨਿੱਜੀ ਦੋਸਤ ਫੜਿਆ ਜਾਵੇ।

ਕਈ ਨਾਂ ਵਿਚਾਰੇ ਗਏ। ਸਹਿਮਤੀ ਹਾਈ ਕੋਰਟ ਦੇ ਰਜਿਸਟਰਾਰ ਪ੍ਰਤਾਪ ਸਿੰਘ ਦੇ ਨਾਂ ’ਤੇ ਹੋਈ।

ਕੁੱਝ ਸਾਲ ਪਹਿਲਾਂ ਉਹ ਮਾਇਆ ਨਗਰ ਵਿੱਚ ਅਡੀਸ਼ਨਲ ਸੈਸ਼ਨ ਜੱਜ ਲੱਗਾ ਹੋਇਆ ਸੀ। ਮੋਹਨ ਲਾਲ ਨਾਲ ਉਸਦੀ ਦੋਸਤੀ ਸਤਲੁਜ ਕਲੱਬ ਵਿੱਚ ਹੋਈ ਸੀ।

ਉਨ੍ਹੀਂ ਦਿਨੀਂ ਮੋਹਨ ਲਾਲ ਇੱਕ ਨਵੀਂ ਕਾਲੋਨੀ ਉਸਾਰ ਰਿਹਾ ਸੀ। ਮੋਹਨ ਲਾਲ ਜਦੋਂ ਕੋਈ ਨਵੀਂ ਕਾਲੋਨੀ ਉਸਾਰਦਾ ਸੀ ਤਾਂ ਕੁੱਝ ਚੁਨਵੇਂ ਪਲਾਟ ਅਫ਼ਸਰਾਂ ਲਈ ਰਾਖਵੇਂ ਰੱਖਦਾ ਸੀ। ਪਹਿਲਾ ਕਿਸੇ ਸੈਸ਼ਨ ਜੱਜ ਲਈ, ਦੂਜਾ ਪੁਲਿਸ ਕਪਤਾਨ ਜਾਂ ਉਸ ਤੋਂ ਕਿਸੇ ਵੱਡੇ ਅਫ਼ਸਰ ਲਈ। ਤੀਜਾ, ਤਹਿਸੀਲਦਾਰ, ਐਸ.ਡੀ.ਐਮ.ਜਾਂ ਡੀ.ਸੀ.ਲਈ। ਚੌਥਾ ਇਨਕਮ ਟੈਕਸ ਦੇ ਕਿਸੇ ਅਫ਼ਸਰ ਅਤੇ ਪੰਜਵਾਂ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਜਾਂ ਕਮਿਸ਼ਨਰ ਲਈ। ਲੋੜ ਅਨੁਸਾਰ ਵਾਧ ਘਾਟ ਵੀ ਹੋ ਜਾਂਦੀ ਸੀ।

ਇੰਝ ਮੋਹਨ ਲਾਲ ਆਪਣੀ ਇੱਕ ਨੀਤੀ ਤਹਿਤ ਕਰਦਾ ਸੀ। ਇਸ ਨੀਤੀ ਤਹਿਤ ਸਭ ਨੂੰ ਫ਼ਾਇਦਾ ਹੁੰਦਾ ਸੀ।

ਅਫ਼ਸਰਾਂ ਦਾ ਕਾਲਾ ਧਨ ਖਪ ਜਾਂਦਾ ਸੀ। ਮੁਨਾਫ਼ਾ ਵੀ ਚੰਗਾ ਹੋ ਜਾਂਦਾ ਸੀ।

ਮੋਹਨ ਲਾਲ ਅਫ਼ਸਰਾਂ ਕੋਲੋਂ ਜ਼ਮੀਨ ਦੀ ਲਾਗਤ ਲੈਂਦਾ ਸੀ। ਕਾਲੋਨੀ ਦੇ ਵਿਕਾਸ ਉਪਰ ਹੋਏ ਖਰਚੇ ਦੀ ਵੀ ਉਨ੍ਹਾਂ ਨੂੰ ਛੋਟ ਹੁੰਦੀ ਸੀ।

ਇਵਜ ਵਿੱਚ ਮੋਹਨ ਲਾਲ ਨੂੰ ਆਪਣੇ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਲਈ ਖੁਲ੍ਹਾ ਪੈਸਾ ਮਿਲ ਜਾਂਦਾ ਸੀ। ਲੋੜ ਪੈਣ ’ਤੇ ਅਫ਼ਸਰ ਘੱਟ ਵਿਆਜ ’ਤੇ ਰਕਮ ਦੇ ਬੋਰੇ ਉਸ ਵੱਲ ਭੇਜ ਦਿੰਦੇ ਸਨ।

ਅਫ਼ਸਰਾਂ ਨੂੰ ਪਲਾਟ ਦੇਣ ਦਾ ਮੋਹਨ ਲਾਲ ਨੂੰ ਇੱਕ ਹੋਰ ਵੱਡਾ ਫ਼ਾਇਦਾ ਹੁੰਦਾ ਸੀ। ਜੇ ਕਾਲੋਨੀ ਬਜ਼ਾਰ ਦੇ ਭਾਅ ਜ਼ਮੀਨ ਖਰੀਦ ਕੇ ਉਸਾਰੀ ਜਾਵੇ ਫੇਰ ਖੱਟਣ ਨੂੰ ਕੁੱਝ ਨਹੀਂ ਸੀ। ਮੋਹਨ ਲਾਲ ਨੂੰ ਦੋ ਪੈਸੇ ਤਾਂ ਟੱਕਰਦੇ ਸਨ ਜੇ ਕੋਈ ਝਗੜੇ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਮਿਲੇ। ਕੌਡੀਆਂ ਦੇ ਭਾਅ ਮਿਲੀ ਜ਼ਮੀਨ ਮੁਕੱਦਮਿਆਂ ਦੀ ਖਾਣ ਹੁੰਦੀ ਸੀ। ਕਦੇ ਕੋਈ ਵਾਰਿਸ ਬੰਦੀ ਲੈ ਆਉਂਦਾ, ਕਦੇ ਕੋਈ ਪੁਲਿਸ ਚੜ੍ਹਾ ਲਿਆਉਂਦਾ। ਕੋਈ ਇਨਕਮ ਟੈਕਸ ਵਾਲਿਆਂ ਨੂੰ ਚਿੱਠੀ ਪਾ ਦਿੰਦਾ, ਕੋਈ ਚੜ੍ਹਦੇ ਇੰਤਕਾਲ ਵਿੱਚ ਟੰਗ ਅੜਾ ਦਿੰਦਾ।

ਜਿਸ ਮਹਿਕਮੇ ਵੱਲੋਂ ਕੋਈ ਅੜਚਣ ਹੁੰਦੀ ਮੋਹਨ ਲਾਲ ਉਸੇ ਮਹਿਕਮੇ ਦੇ ਅਫ਼ਸਰ ਨੂੰ ਅੱਗੇ ਕਰ ਦਿੰਦਾ। ਆਪਣਾ ਹਿਤ ਕਾਲੋਨੀ ਨਾਲ ਜੁੜਨ ਕਰਕੇ ਅਫ਼ਸਰ ਆਪੇ ਮਸਲਾ ਸੁਲਝਾ ਦਿੰਦਾ। ਕਈ ਕੰਮ ਅਫ਼ਸਰਾਂ ਦੀ ਆਪਣੀ ਕਲਮ ਨਾਲ ਹੋ ਜਾਂਦੇ। ਬਾਕੀ ਨਾਲ ਦੇ ਅਫ਼ਸਰਾਂ ਕੋਲੋਂ ਕਰਵਾ ਲੈਂਦੇ।

ਮੋਹਨ ਲਾਲ ਦੀ ਇਸ ਹੁਸ਼ਿਆਰੀ ਕਾਰਨ ਉਸਦੀ ਕਾਲੋਨੀ ਦੀ ਉਸਾਰੀ ਵਿੱਚ ਕਦੇ ਕੋਈ ਵਿਘਨ ਨਹੀਂ ਸੀ ਪਿਆ। ਇਸ ਵਿਉਪਾਰ ਵਿੱਚ ਉਸਦੀ ਚੰਗੀ ਭੱਲ ਸੀ। ਕਾਲੋਨੀ ਕੱਟੀ ਪਿਛੋਂ ਜਾਂਦੀ, ਵਿਕ ਪਹਿਲਾਂ ਜਾਂਦੀ।

ਪ੍ਰਤਾਪ ਸਿੰਘ ਨੂੰ ਮੋਹਨ ਲਾਲ ਨੇ ਚਾਰ ਸੌ ਗੱਜ ਦਾ ਇੱਕ ਪਲਾਟ ਅਤੇ ਤਿੰਨ ਦੁਕਾਨਾਂ ਦਿੱਤੀਆਂ ਸਨ।

ਨਵੀਂ ਕਾਲੋਨੀ ਦੇ ਪਹਿਲਾਂ ਵਿਕਦੇ ਪਲਾਟਾਂ ਦੀ ਕੀਮਤ ਘੱਟ ਪੈਂਦੀ ਸੀ। ਜਿਉਂਜਿਉਂ ਪਲਾਟ ਵਿਕਦੇ ਜਾਂਦੇ ਸਨ, ਤਿਉਂ ਤਿਉਂ ਮੁੱਲ ਵਧਦਾ ਜਾਂਦਾ ਸੀ। ਜਦੋਂ ਪਲਾਟ ਕੋਠੀਆਂ ਵਿੱਚ ਬਦਲ ਜਾਂਦੇ, ਮੁੱਲ ਅਸਮਾਨ ਛੋਹਣ ਲਗਦੇ।

ਪ੍ਰਤਾਪ ਸਿੰਘ ਨੂੰ ਕਿਹੜਾ ਪੈਸੇ ਦੀ ਘਾਟ ਸੀ। ਉਨ੍ਹਾਂ ਨੇ ਆਪਣਾ ਪਲਾਟ ਸਭ ਤੋਂ ਪਿੱਛੋਂ ਵੇਚਿਆ ਸੀ। ਉਨ੍ਹਾਂ ਨੂੰ ਲੱਖਾਂ ਰੁਪਏ ਮੁਨਾਫ਼ਾ ਹੋਇਆ ਸੀ। ਦੁਕਾਨਾਂ ਹਾਲੇ ਕੋਲ ਸਨ। ਪੰਜਾਹ ਹਜ਼ਾਰ ਵਾਲੀ ਦੁਕਾਨ ਪੰਜ ਲੱਖ ਦੀ ਹੋਈ ਪਈ ਸੀ।

ਇਹੋ ਨਹੀਂ, ਮੋਹਨ ਲਾਲ ਨੇ ਅਜਿਹੇ ਕਈ ਹੋਰ ਫ਼ਾਇਦੇ ਉਨ੍ਹਾਂ ਨੂੰ ਪਹੁੰਚਾਏ ਸਨ।

ਦੋਸਤੀ ਪਰਿਵਾਰਕ ਸਾਂਝ ਵਿੱਚ ਬਦਲ ਗਈ ਸੀ। ਕਿਸੇ ਐਤਵਾਰ ਮੋਹਨ ਲਾਲ ਸਮੇਤ ਪਰਿਵਾਰ ਪ੍ਰਤਾਪ ਸਿੰਘ ਦੀ ਕੋਠੀ ਹੁੰਦਾ, ਕਿਸੇ ਐਤਵਾਰ ਪ੍ਰਤਾਪ ਸਿੰਘ ਉਨ੍ਹਾਂ ਦੀ ਕੋਠੀ।

ਜਦੋਂ ਪ੍ਰਤਾਪ ਸਿੰਘ ਬਦਲ ਕੇ ਗਿਆ ਫੇਰ ਵੀ ਲੰਘਦੇ ਵੜਦੇ ਗੇੜਾ ਮਾਰ ਕੇ ਜਾਂਦਾ ਸੀ। ਬਹੁਤ ਆਉਣ ਜਾਣ ਮੋਹਨ ਲਾਲ ਦੀ ਮੌਤ ਬਾਅਦ ਘਟਿਆ ਸੀ। ਹਾਲੇ ਵੀ ਦੁਸਹਿਰੇ, ਦਿਵਾਲੀ ਨੂੰ ਪੰਕਜ ਹਾਜ਼ਰੀ ਲਗਵਾ ਕੇ ਆਉਂਦਾ ਸੀ। ਪਰਿਵਾਰਕ ਸੰਬੰਧ ਉਸੇ ਤਰ੍ਹਾਂ ਕਾਇਮ ਸਨ।

ਮੋਹਨ ਲਾਲ ਦੇ ਹੋਰ ਜੱਜਾਂ ਨਾਲ ਵੀ ਸੰਬੰਧ ਸਨ ਪਰ ਜ਼ਿਆਦਾ ਵਿਸ਼ਵਾਸ ਉਹ ਪ੍ਰਤਾਪ ਸਿੰਘ ’ਤੇ ਕਰਦਾ ਸੀ।

ਪ੍ਰਤਾਪ ਸਿੰਘ ਵਿੱਚ ਇੱਕ ਵਾਧਾ ਸੀ। ਉਹ ਆਪਣੇ ਅਫ਼ਸਰਾਂ ਨਾਲ ਬਣਾ ਕੇ ਰੱਖਦਾ ਸੀ। ਅਫ਼ਸਰਾਂ ਦੀ ਕੋਠੀ ਗੇੜਾ ਮਾਰਦਾ ਸੀ। ਬੱਚਿਆਂ ਨੂੰ ਖ਼ਰੀਦੋ ਫ਼ਰੋਖਤ ਕਰਵਾਉਂਦਾ ਸੀ। ਅਫ਼ਸਰਾਂ ਦੇ ਬੈਡਰੂਮ ਤਕ ਉਸਦੀ ਪਹੁੰਚ ਸੀ।

ਪ੍ਰਤਾਪ ਸਿੰਘ ਦੇ ਇਸੇ ਗੁਣ ਕਾਰਨ ਹਾਈਕੋਰਟ ਦੇ ਕੁੱਝ ਜੱਜਾਂ ਨੇ ਚੀਫ਼ ਕੋਲ ਸਿਫ਼ਾਰਸ਼ ਕਰਕੇ ਉਸ ਨੂੰ ਹਾਈਕੋਰਟ ਬੁਲਾਇਆ ਸੀ। ਉਹ ਦਫ਼ਤਰ ਘੱਟ, ਅਫ਼ਸਰਾਂ ਦੀਆਂ ਕੋਠੀਆਂ ਵਿੱਚ ਵੱਧ ਜਾਂਦਾ ਸੀ। ਉਸਦੇ ਹੁੰਦਿਆਂ ਅਫ਼ਸਰਾਂ ਨੂੰ ਨਿੱਜੀ ਕੰਮ ਦਾ ਫ਼ਿਕਰ ਨਹੀਂ ਸੀ ਰਹਿੰਦਾ। ਕਿਸੇ ਜੱਜ ਦੀ ਕੁੜੀ ਦੀ ਸ਼ਾਦੀ ਹੋਵੇ ਤਾਂ ਟੈਂਟ ਤੋਂ ਲੈ ਕੇ ਦਾਜ ਤਕ ਸਾਰੀ ਜ਼ਿੰਮੇਵਾਰੀ ਉਸਦੇ ਮੋਢਿਆਂ ’ਤੇ ਹੁੰਦੀ ਸੀ।

ਬਦਲੇ ਵਿੱਚ ਜੱਜ ਉਸਦੇ ਇਸ਼ਾਰਿਆਂ ’ਤੇ ਨੱਚਦੇ ਸਨ।

ਉਹ ਹਾਈਕੋਰਟ ਦਾ ਰਜਿਸਟਰਾਰ ਸੀ। ਉਸਦੀ ਆਪਣੀ ਤਾਕਤ ਘੱਟ ਨਹੀਂ ਸੀ।

ਹੇਠਲੇ ਜੱਜਾਂ ਦੀ ਜਾਨ ਉਸਦੀ ਮੁੱਠੀ ਵਿੱਚ ਹੁੰਦੀ ਸੀ। ਬਦਲੀਆਂ, ਤਰੱਕੀਆਂ, ਸ਼ਕਾਇਤਾਂ, ਸਭ ਉਸਦੇ ਹੱਥੋਂ ਨਿਕਲਦੀਆਂ ਸਨ। ਰਾਈ ਦਾ ਪਹਾੜ ਬਨਾਉਣਾ ਅਤੇ ਪਹਾੜ ਦੀ ਰਾਈ ਬਨਾਉਣੀ ਉਸਦੇ ਹੱਥ ਸੀ। ਰਜਿਸਟਰਾਰ ਦਾ ਆਖਾ ਮੋੜਨਾ ਸੌਖਾ ਨਹੀਂ ਸੀ। ਫੇਰ ਪ੍ਰਤਾਪ ਸਿੰਘ ਵਰਗੇ ਧੜੱਲੇਦਾਰ ਅਫ਼ਸਰ ਦਾ।

ਨੀਰਜ ਚਾਹੁੰਦਾ ਸੀ, ਪ੍ਰਤਾਪ ਸਿੰਘ ਨਾਲ ਗੱਲ ਫ਼ੋਨ ’ਤੇ ਕੀਤੀ ਜਾਵੇ।

ਅਜੇ ਨੇ ਨੀਰਜ ਦੀ ਨਾਦਾਨੀ ਤੇ ਉਸਨੂੰ ਝਿੜਕਿਆ। ਇਹ ਬੱਚਿਆਂ ਵਾਲੀ ਖੇਡ ਨਹੀਂ ਸੀ। ਪੰਕਜ ਅਤੇ ਨੀਰਜ ਹੁਣ ਮੁਲਜ਼ਮ ਸਨ। ਨਿਆਂਪਾਲਿਕਾ ਦੇ ਕੰਮ ਵਿੱਚ ਦਖ਼ਲ ਅੰਦਾਜ਼ੀ ਸੌਖਾ ਕੰਮ ਨਹੀਂ ਸੀ। ਫੂਕ ਫੂਕ ਕੇ ਕਦਮ ਚੁੱਕਣੇ ਪੈਣੇ ਸਨ। ਅਫ਼ਸਰ ਦੀ ਇੱਜ਼ਤ ਦਾ ਖ਼ਿਆਲ ਸਭ ਤੋਂ ਪਹਿਲਾਂ ਰੱਖਣਾ ਪੈਣਾ ਸੀ।

ਫ਼ੋਨ ਕਰਕੇ ਮਿਲਣ ਦਾ ਸਮਾਂ ਲਿਆ ਜਾਵੇ। ਮਿਲਿਆ ਚੰਡੀਗੜ੍ਹ ਜਾ ਕੇ ਜਾਵੇ।

ਕੋਠੀ ਦੀ ਥਾਂ ਕਿਸੇ ਹੋਟਲ ਜਾਂ ਕਲੱਬ ਵਿੱਚ।

ਮੁਲਾਕਾਤ ਸਮੇਂ ਧਿਆਨ ਰੱਖਿਆ ਜਾਵੇ। ਕਮਰੇ ਅਤੇ ਖਾਣੇ ਦਾ ਬਿੱਲ ਕਿਸੇ ਹੋਰ ਦੇ ਨਾਂ ਕਟਵਾਇਆ ਜਾਵੇ।

ਤਜਰਬੇ ਦੇ ਆਧਾਰ ’ਤੇ ਅਜੇ ਜੱਜਾਂ ਨੂੰ ਮਿਲਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਉਨ੍ਹਾਂ ਨੂੰ ਸੁਚੇਤ ਕਰਨ ਲੱਗਾ।

ਅਜੇ ਇਹ ਸਭ ਇਸ ਲਈ ਆਖ ਰਿਹਾ ਸੀ ਕਿਉਂਕਿ ਅਜਿਹੀ ਇੱਕ ਅਣਗਹਿਲੀ ਕਾਰਨ ਉਸਦਾ ਇੱਕ ਰਿਸ਼ਤੇਦਾਰ ਨੌਕਰੀ ਤੋਂ ਹੱਥ ਧੋ ਬੈਠਾ ਸੀ।

ਅਜੇ ਦੇ ਸਾਲੇ ਦੇ ਸਾਂਢੂ ਨੌਹਰੀਆ ਰਾਮ ਨੇ ਇੱਕ ਕਤਲ ਕੇਸ ਦਾ ਫੈਸਲਾ ਕਰਨਾ ਸੀ। ਦੋਵੇਂ ਪਾਰਟੀਆਂ ਕਰੋੜਪਤੀ ਸਨ। ਪੈਸਿਆਂ ਦੇ ਬਰੀਫ਼ ਕੇਸ ਭਰੀ ਫਿਰਦੀਆਂ ਸਨ।

ਜੱਜ ਸਾਰੀ ਉਮਰ ਈਮਾਨਦਾਰ ਰਿਹਾ ਸੀ। ਰਿਟਾਇਰਮੈਂਟ ਨੇੜੇ ਆ ਰਹੀ ਸੀ। ਦੋਸ਼ੀ ਵੈਸੇ ਵੀ ਬਰੀ ਕਰਨੇ ਸਨ। ਉਨ੍ਹਾਂ ਵੱਲੋਂ ਪੰਜਾਹ ਲੱਖ ਦੀ ਪੇਸ਼ਕਸ਼ ਆ ਚੁੱਕੀ ਸੀ। ਦਸ ਵੀਹ ਹੋਰ ਵਧ ਸਕਦੇ ਹਨ। ਵਿਚੋਲਗੀ ਇੱਕ ਸਾਥੀ ਜੱਜ ਕਰ ਰਿਹਾ ਸੀ। ਮਾਮਲਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾ ਰਿਹਾ ਸੀ। ਸਾਥੀ ਜੱਜ ਦੀ ਇਕੋ ਸ਼ਰਤ ਸੀ। ਨਹੌਰੀਆ ਰਾਮ ਜਾਂ ਉਸਦੀ ਪਤਨੀ ਇੱਕ ਵਾਰ ਅਸਾਮੀ ਨੂੰ ਮਿਲ ਲੈਣ। ‘ਪੈਸੇ ਆ ਗਏ’ ਆਖ ਦੇਣ। ਇਸ ਤਰ੍ਹਾਂ ਹੋਣ ਨਾਲ ਤਿੰਨਾਂ ਧਿਰਾਂ ਦੇ ਦਾਮਨ ਸਾਫ਼ ਰਹਿਣੇ ਸਨ। ਕਿਸੇ ਉਪਰ ਕਿਸੇ ਨੂੰ ਸ਼ੱਕ ਨਹੀਂ ਸੀ ਰਹਿਣਾ।

ਮੋਟੀ ਰਕਮ ਦਾ ਲਾਲਚ ਜੱਜ ਤੋਂ ਤਿਆਗ ਨਾ ਹੋਇਆ। ਸੱਠ ਲੱਖ ਵਿੱਚ ਉਸਨੇ ਹਾਂ ਕਰ ਦਿੱਤੀ।

ਜੱਜ ਦਾ ਛੋਟਾ ਭਰਾ ਫ਼ਰੀਦਾਬਾਦ ਰਹਿੰਦਾ ਸੀ। ਉਥੇ ਇੱਕ ਤਿੰਨ ਤਾਰਾ ਹੋਟਲ ਵਿੱਚ ਕਮਰਾ ਬੁੱਕ ਕਰਾਇਆ ਗਿਆ। ਜੱਜ ਨੇ ਸੋਚਿਆ ਸੀ ਉਥੇ ਤਕ ਕਿਸ ਮੋਏ ਨੇ ਪਿੱਛਾ ਕਰਨਾ ਸੀ।

ਅਸਾਮੀ ਨੂੰ ਕਿਹੜਾ ਸੁਪਨਾ ਆਉਂਦਾ ਸੀ ਕਿ ਪਿੱਛਾ ਹੋ ਰਿਹਾ ਹੈ। ਉਨ੍ਹਾਂ ਨੇ ਹੋਟਲ ਵਾਲਿਆਂ ਕੋਲ ਹੋਟਲ ਆਉਣ ਦਾ ਮਕਸਦ ਜੱਜ ਨੂੰ ਮਿਲਣਾ ਲਿਖਵਾ ਦਿੱਤਾ।

ਮੁਲਾਕਾਤ ਹੋਈ।

ਬਿੱਲ ਪਾਰਟੀ ਨੇ ਚੁਕਾਉਣਾ ਸੀ। ਚੁਕਾ ਦਿੱਤਾ।

ਵਿਰੋਧੀ ਧਿਰ ਨੇ ਖੋਜ ਕੱਢ ਲਈ।

ਹੋਰ ਸਭ ਸਬੂਤ ਜੱਜ ਦੇ ਹੱਕ ਵਿੱਚ ਸਨ। ਕੇਸ ਕਮਜ਼ੋਰ ਸੀ। ਦੋਸ਼ੀਆਂ ਦਾ ਬਰੀ ਕਰਨਾ ਜਾਇਜ਼ ਸੀ। ਪਰ ਜੱਜ ਨੇ ਮੁਲਜ਼ਮਾਂ ਨਾਲ ਹੋਟਲ ਵਿੱਚ ਮੁਲਾਕਾਤ ਕਿਉਂ ਕੀਤੀ?

ਕਮਰੇ ਅਤੇ ਖਾਣੇ ਦਾ ਖਰਚਾ ਮੁਲਜ਼ਮ ਨੇ ਕਿਉਂ ਚੁਕਾਇਆ? ਨੌਹਰੀਆ ਰਾਮ ਕੋਲ ਇਨ੍ਹਾਂ ਦੋਸ਼ਾਂ ਦਾ ਕੋਈ ਸਪੱਸ਼ਟੀਕਰਨ ਨਹੀਂ ਸੀ।

“ਕਿਸੇ ਜੱਜ ਕੋਲੋਂ ਕੰਮ ਲੈਣਾ ਹੈ ਤਾਂ ਧਿਆਨ ਨਾਲ ਲਿਆ ਜਾਵੇ। ਇਹ ਨਾ ਹੋਵੇ ਕਿ ਆਪਣੇ ਨਾਲ ਨਾਲ ਦੋਸਤ ਅਫ਼ਸਰਾਂ ਦਾ ਨੁਕਸਾਨ ਹੋ ਜਾਵੇ।”

ਅਜੇ ਦੇ ਮਸ਼ਵਰੇ ਅਨੁਸਾਰ ਪ੍ਰਤਾਪ ਸਿੰਘ ਨਾਲ ਫ਼ੋਨ ’ਤੇ ਗੱਲ ਹੋਈ।

ਚੰਡੀਗੜ੍ਹ ਜਾਣ ਦਾ ਜ਼ਿੰਮਾ ਅਜੇ ਅਤੇ ਪੰਕਜ ਨੇ ਲਿਆ। ਅਜੇ ਨੂੰ ਚੀਫ਼ ਜਸਟਿਸ ਦਾ ਪ੍ਰਾਈਵੇਟ ਸੈਕਟਰੀ ਵੀ ਜਾਣਦਾ ਸੀ। ਉਸਨੇ ਅਜੇ ਦੇ ਕਈ ਅੜੇ ਗੱਡੇ ਕੱਢੇ ਸਨ।

ਉਸ ਨਾਲ ਵੀ ਮੁਲਾਕਾਤ ਕੀਤੀ ਜਾਏਗੀ।

ਨੀਰਜ ਅਤੇ ਵਿਨੇ ਪਿੱਛੇ ਰਹਿ ਕੇ ਪੁਲਿਸ ਨੂੰ ਸੰਭਾਲਣਗੇ।

ਅਗਲੇ ਦਿਨ ਦੋਬਾਰਾ ਮਿਲਣ ਦੀ ਯੋਜਨਾ ਬਣਾ ਕੇ ਉਹ ਵਿਛੜ ਗਏ।

Additional Info

  • Writings Type:: A single wirting
Read 2256 times Last modified on Friday, 27 April 2018 01:48