ਲੇਖ਼ਕ

Friday, 13 April 2018 18:11

00. ਕਿਲੇ ਦੇ ਮੋਤੀ - ਭੂਮਿਕਾ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਇਹ ਪਰਿਵਾਰ ਦਾ ਇਤਿਹਾਸ ਇੱਕ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਬਾਰੇ ਹੈ, ਜਿਨ੍ਹਾਂ ਨੇ ਦਹਾਕਿਆਂ ਬੱਧੀ ਸਮਾਜਿਕ ਤੇ ਕਨੂੰਨ ਦੇ ਵਿਤਕਰੇ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਗੌਲਣਯੋਗ ਕਾਮਯਾਬੀ ਦਾ ਆਨੰਦ ਮਾਣਿਆ। ਇਸ ਕਿਤਾਬ ਨੂੰ ਇਸ ਰੂਪ ਵਿੱਚ ਆਉਣ ਲਈ ਪੰਜਾਹ ਸਾਲ ਲੱਗੇ ਅਤੇ ਇਸ ਵਿੱਚ ਕਈਆਂ ਨੇ ਯੋਗਦਾਨ ਪਾਇਆ। ਅਤੇ ਇਹ ਹੋਂਦ ਵਿੱਚ ਹੀ ਨਾ ਆਉਂਦੀ ਜੇ ਦੂਜੀ ਪੀੜ੍ਹੀ (ਪਰਵਾਸੀ ਮਾਪਿਆਂ ਦੇ ਬੱਚੇ) ਨਾ ਸਮਝਦੀ ਕਿ ਉਨ੍ਹਾਂ ਕੋਲ ਦੱਸਣ ਲਈ ਕਹਾਣੀ ਸੀ ਅਤੇ ਇਸ ਨੂੰ ਸਾਂਭਣ ਲਈ ਉਹ ਯਤਨ ਨਾ ਕਰਦੇ। ਇਸ ਕਿਤਾਬ ਦੇ  ਪ੍ਰਮੁੱਖ ਸਥਾਨ ਬ੍ਰਿਟਿਸ਼ ਕੋਲੰਬੀਆ ਅਤੇ ਪੰਜਾਬ ਹਨ, ਇਨ੍ਹਾਂ ਥਾਵਾਂ ਦਾ ਮੌਸਮ, ਭੂਗੋਲਿਕ ਰੂਪ-ਰੇਖਾ, ਬਨਸਪਤੀ, ਜੀਵ-ਜੰਤੂ, ਸੱਭਿਆਚਾਰ, ਰਵਾਇਤਾਂ, ਅਤੇ ਇਤਿਹਾਸ ਭਿੰਨ- ਭਿੰਨ ਹਨ, ਅਤੇ ਫਿਰ ਵੀ ਪਰਵਾਸੀਆਂ ਅਤੇ ਉਨ੍ਹਾਂ ਦੇ ਪਿੱਛੇ ਰਹੇ ਰਿਸ਼ਤੇਦਾਰਾਂ ਵਿੱਚ ਸਬੰਧ ਬਣੇ ਰਹੇ। ਪਰਿਵਾਰ ਦਾ ਪਿਛੋਕੜ ਸਿੱਖ ਹੈ, ਜਿਸਦਾ ਮਤਲਬ ਹੈ ਕਿ ਇਨ੍ਹਾਂ ਦਾ ਭਾਰਤ ਅਤੇ ਕਨੇਡਾ, ਦੋਹਾਂ ਥਾਵਾਂ `ਤੇ  ਵਿਲੱਖਣ ਅਤੇ ਘੱਟ ਗਿਣਤੀ ਵਾਲੇ ਲੋਕਾਂ ਨਾਲ ਸਬੰਧ ਸੀ। ਇਸਦੀ ਕਹਾਣੀ ਦੋ ਦੇਸ਼ਾਂ, ਜਿਹੜੇ ਅੱਧੀ ਦੁਨੀਆਂ ਦੇ ਫਾਸਲੇ `ਤੇ ਹਨ,  ਵਿੱਚ ਬਦਲਾਅ, ਚਣੌਤੀ, ਸਦਮੇ, ਦੂਰ-ਦ੍ਰਿਸ਼ਟੀ, ਸਾਹਸ ਅਤੇ ਪ੍ਰਾਪਤੀ ਬਾਰੇ ਹੈ।

ਇਹ ਆਮ ਸਿੱਖ ਪਰਿਵਾਰਾਂ ਵਰਗਾ ਪਰਿਵਾਰ ਨਹੀਂ ਪਰ ਇਹ ਇੱਕ ਅਜੇਹਾ ਪਰਿਵਾਰ ਹੈ, ਜਿਨ੍ਹਾਂ ਦੀਆਂ ਜ਼ਿੰਦਗੀਆਂ ਅਤੇ ਕਾਰਜ ਉਨ੍ਹਾਂ ਦੀ ਪਰਵਾਸੀ ਦੁਨੀਆਂ ਅਤੇ ਉਨ੍ਹਾਂ ਦੇ ਜੱਦੀ-ਪੁਸ਼ਤੀ ਘਰ ਵਿੱਚ ਹੋਏ-ਵਾਪਰੇ ਦੀ ਝਲਕ ਅਤੇ ਪ੍ਰਭਾਵ ਦਰਸਾਉਂਦੇ ਹਨ। ਇਨ੍ਹਾਂ ਦੇ ਗੋਤ ਦੇ ਸ਼ਬਦ-ਜੋੜ, ਸਾਨੂੰ ਕੁਝ ਦੱਸਦੇ ਹਨ। ਅੰਗ੍ਰੇਜ਼ੀ ਵਿੱਚ ਪਰਿਵਾਰ Siddoo ਲਿਖਦਾ ਹੈ, ਭਾਵੇਂ ਆਮ ਤੌਰ `ਤੇ ਇਸ ਨੂੰ Sidhu ਲਿਖਿਆ ਜਾਂਦਾ ਹੈ। ਕਪੂਰ ਸਿੰਘ ਸਿੱਧੂ, ਆਪਣੇ ਪਰਿਵਾਰ ਦੇ ਕਨੇਡਾ ਵਿੱਚ ਪਹਿਲੇ ਪਰਵਾਸੀ, ਨੇ ਪਹਿਲੀ ਸੰਸਾਰ ਜੰਗ ਦੇ ਸ਼ੁਰੂ ਵਿੱਚ ਇਹ ਸ਼ਬਦ ਜੋੜ ਬਦਲ ਲਿਆ, ਜਦੋਂ ਉਸ ਨੂੰ ਉੱਤਰੀ ਅਮਰੀਕਾ ਵਿੱਚ ਰਹਿੰਦੇ ਨੂੰ ਤਕਰੀਬਨ ਅੱਠ ਸਾਲ ਹੋ ਗਏ ਸਨ। ਉਸ ਨੇ ਇਸਦਾ ਕਾਰਣ ਇਹ ਦੱਸਿਆ ਕਿ ਇਸ ਨਾਲ ਅੰਗ੍ਰਜ਼ੀ ਬੋਲਣ ਵਾਲਿਆਂ ਨੂੰ ਉਚਾਰਨ ਵਿੱਚ ਸੌਖ ਰਹੇਗੀ। ਇੱਕ ਤਰ੍ਹਾਂ ਨਾਲ ਉਹ ਵਿਹਾਰਕ ਹੋ ਰਿਹਾ ਸੀ, ਅਤੇ ਜ਼ਿੰਦਗੀ ਪ੍ਰਤੀ ਪਹੁੰਚ ਲਈ ਉਹ ਇਸ `ਤੇ ਪੱਕਾ ਰਿਹਾ। ਪਰ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਆਪਣੇ ਪਿਛੋਕੜ ਤੋਂ ਪਿੱਠ ਮੋੜ ਗਿਆ ਜਾਂ ਇਸ ਤਰ੍ਹਾਂ ਕਰਨ ਲਈ ਉਸ ਨੇ ਆਪਣੀਆਂ ਬੇਟੀਆਂ ਨੂੰ ਉਤਸ਼ਾਹਤ ਕੀਤਾ। ਇੱਕ ਪਰਵਾਸੀ ਵਜੋਂ ਜਿਸ ਨੇ ਕਨੇਡਾ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ, ਉਹ ਆਪਣੇ ਦੇਸ਼ ਵਿੱਚ ਵਾਪਰ ਰਹੇ ਪ੍ਰਤੀ ਹਮੇਸ਼ਾ ਹੀ ਚੌਕਸ ਰਹਿੰਦਾ ਅਤੇ ਸਹਾਇਤਾ ਲਈ ਤਿਆਰ ਰਹਿੰਦਾ। ਇਸ ਵਤੀਰੇ ਨੇ  ਉਸਦੇ  ਭਾਰਤ ਵਿੱਚ ਯੋਗਦਾਨ ਨੂੰ ਹੀ ਯਕੀਨੀ ਨਹੀਂ ਬਣਾਇਆ, ਸਗੋਂ ਉਸਦੀ ਪਤਨੀ ਅਤੇ ਬੇਟੀਆਂ ਨੂੰ ਲੋਕ-ਭਲਾਈ ਦੇ ਕੰਮ ਕਰਨ ਦੇ ਕਾਬਲ ਬਣਾਇਆ।

ਉਸਦੀ ਬੇਟੀ ਸੁਰਜੀਤ ਕੌਰ ਸਿੱਧੂ ਨੇ 1959 ਵਿੱਚ ਪਰਿਵਾਰ ਦੇ ਇਤਿਹਾਸ ਬਾਰੇ ਸਮੱਗਰੀ  ਇਕੱਠੀ ਕਰਨੀ ਸ਼ੁਰੂ ਕੀਤੀ। ਪਰਿਵਾਰ ਦੇ ਪਿਕਰਿੰਗ ਓਂਟੇਰੀਓ ਤੋਂ ਪੁਰਾਣੇ ਮਿੱਤਰ, ਵਿਲੀਅਮ ਐੱਚ ਮੂਰ ਦੀ ਚਿੱਠੀ ਨੇ ਇਹ ਕੰਮ ਸ਼ੁਰੂ ਕਰਵਾਇਆ, ਅਤੇ ਸੁਰਜੀਤ ਕੋਲ ਵੇਹਲਾ ਸਮਾਂ ਸੀ, ਕਿਉਂ ਕਿ ਪਰਿਵਾਰ ਵੱਲੋਂ ਦਿਹਾਤੀ ਪੰਜਾਬ ਵਿੱਚ ਬਣਾਏ ਚੈਰੀਟੇਬਲ ਹਸਪਤਾਲ ਵਿੱਚ ਉਹ ਮਰੀਜ਼ਾਂ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਹੀ ਕਰਦੀ ਸੀ। ਮੂਰ ਦੇ ਕਈ ਪੱਖ ਸਨ- ਲੇਖਕ, ਭਾਸ਼ਣਕਾਰ, ਕਿਸਾਨ ਅਤੇ ਸਿਆਸਤਦਾਨ- ਜਿਸ ਲਈ ਸੁਰਜੀਤ ਦੇ ਪਿਤਾ ਨੇ 1914 ਦੀਆਂ ਗਰਮੀਆਂ ਵਿੱਚ ਕੰਮ ਕੀਤਾ ਸੀ। ਕਪੂਰ ਅਤੇ ਮੂਰ ਦਾ ਆਪਸੀ ਸੰਪਰਕ ਬਣਿਆ ਰਿਹਾ, ਅਤੇ ਦਸੰਬਰ 1959 ਵਿੱਚ, 'ਟਾਈਮ ਮੈਗਜ਼ੀਨ' ਦੇ ਕਨੇਡੀਅਨ ਅੰਕ ਵਿੱਚ ਪਰਿਵਾਰ ਦੇ ਹਸਪਤਾਲ ਬਾਰੇ ਲੇਖ ਪੜ੍ਹ ਕੇ ਮੂਰ ਨੇ ਸੁਰਜੀਤ ਨੂੰ ਚਿੱਠੀ ਲਿਖੀ। ਉਸ ਨੇ ਲਿਖਿਆ, "ਤੈਨੂੰ ਕਿਤਾਬ ਲਿਖਣੀ ਚਾਹੀਦੀ ਹੈ" ਅਤੇ ਨਾਲ ਇਹ ਵੀ ਤਾਕੀਦ ਕੀਤੀ ਕਿ "ਜ਼ਰੂਰ" ਅਤੇ "ਹੁਣੇ" ਲਿਖਣੀ ਚਾਹੀਦੀ ਹੈ। ਸੁਰਜੀਤ ਨੇ ਹਸਪਤਾਲ ਸ਼ੁਰੂ ਕਰਨ ਲਈ ਕੀਤੇ ਸੰਘਰਸ਼ ਬਾਰੇ ਤੁਰਤ ਲਿਖਣਾ ਸ਼ੁਰੂ ਕਰ ਦਿੱਤਾ। ਲਿਖਣਾ ਜਾਰੀ ਰੱਖਣ ਦਾ ਸੰਕਲਪ ਕਰਕੇ ਉਸ ਨੇ ਆਪਣੇ ਨੋਟ, ਡਾਇਰੀ, ਅਤੇ ਆਪਣੀ ਜ਼ਿੰਦਗੀ ਦੇ ਉਸ ਦੌਰ ਦੇ ਚਿੱਠੀ-ਪੱਤਰ ਸੰਭਾਲ ਲਏ।

ਵਰ੍ਹਿਆਂ-ਬੱਧੀ, ਸੁਰਜੀਤ ਅਤੇ ਉਸਦੀ ਭੈਣ, ਜੈਕੀ (ਜਗਦੀਸ਼), ਨੇ ਪਰਿਵਾਰ ਦੇ ਇਤਿਹਾਸ ਬਾਰੇ ਇਕੱਠਿਆਂ ਕੰਮ ਕੀਤਾ। ਜਿਹੜਾ ਕੁਝ ਉਹ ਜਾਣਦੀਆਂ ਸਨ, ਉਹ ਲਿਖ ਲਿਆ, ਅਖਬਾਰਾਂ ਤੇ ਰਸਾਲਿਆਂ ਦੇ ਲੇਖਾਂ ਦੀਆਂ ਕਾਤਰਾਂ ਸੰਭਾਲ ਲਈਆਂ, ਚਿੱਠੀ-ਪੱਤਰ ਜਮ੍ਹਾਂ ਕਰ ਲਿਆ (ਭਾਵੇਂ, ਉਨ੍ਹਾਂ ਦੇ ਲਗਾਤਾਰ ਕਨੇਡਾ ਤੋਂ ਭਾਰਤ ਜਾਣ ਕਰਕੇ ਬਹੁਤਾ ਗੁਆਚ ਗਿਆ), ਕਾਰੋਬਾਰ ਦੇ ਰਿਕਾਰਡ ਕੱਢਵਾ ਲਏ, ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਜਾਣਕਾਰੀ ਇਕੱਠੀ ਕਰ ਲਈ। 1980 ਵਿਆਂ ਦੇ ਸ਼ੁਰੂ ਵਿੱਚ, ਸੁਰਜੀਤ ਅਤੇ ਉਸਦੇ ਪਤੀ, ਅਵਤਾਰ ਨੇ ਰਿਸ਼ਤੇਦਾਰਾਂ ਅਤੇ ਹੋਰ ਜਿਹੜੇ ਸੁਰਜੀਤ ਦੇ ਮਾਪਿਆਂ ਨੂੰ ਜਾਣਦੇ ਸਨ, ਨਾਲ ਮੁਲਾਕਾਤਾਂ ਟੇਪ ਰਿਕਾਰਡ ਕਰ ਲਈਆਂ। ਵੀਹ ਸਾਲ ਬਾਅਦ, ਕੰਮ ਹਾਲੇ ਮੁਕੰਮਲ ਨਹੀਂ ਸੀ ਹੋਇਆ, ਉਨ੍ਹਾਂ ਨੇ ਇੱਕ ਖੋਜੀ (ਰੀਸਰਚਰ) ਨੂੰ ਭਰਤੀ ਕਰ ਲਿਆ ਜਿਸਨੇ ਕੁਝ ਹੋਰ ਸਮੱਗਰੀ ਇਕੱਠੀ ਕੀਤੀ ਅਤੇ ਕੁਝ ਹੋਰ ਮੁਲਾਕਾਤਾਂ ਨਾਲ ਜੋੜ ਦਿੱਤੀਆਂ। ਉਨ੍ਹਾਂ ਕੋਲ ਸਿਮਰਤੀਆਂ, ਬਿਆਨਾਂ, ਪੱਤਰਕਾਵਾਂ ਦੇ ਸਾਰਾਂਸ਼, ਮੁਲਾਕਾਤਾਂ ਦੇ ਹਿੱਸੇ, ਅਤੇ ਘਟਨਾ-ਚਿਤਰਾਂ ਦਾ ਵੱਡਾ ਹੋ ਰਿਹਾ ਖਰੜਾ ਸੀ, ਜਿਸ ਨੂੰ ਉਹ ਇੱਕ-ਦੂਜੇ ਨੂੰ ਭੇਜਦੇ, ਕੁਝ ਹੋਰ ਜੋੜਦੇ, ਕੁਝ ਸੋਧਦੇ। ਫਿਰ ਵੀ , ਇਹ ਖਰੜਾ ਉਨ੍ਹਾਂ ਨੂੰ ਕਿਤਾਬ ਦੀ ਸਮੱਗਰੀ ਤਾਂ ਲੱਗਦੀ ਸੀ ਪਰ ਹਾਲੇ ਕਿਤਾਬ ਨਹੀਂ।

ਮੈਂ ਪਹਿਲੀ ਵਾਰ ਸੁਰਜੀਤ ਨੂੰ 1990 ਵਿੱਚ ਉਦੋਂ ਮਿਲਿਆ, ਜਦੋਂ ਮੈਨੂੰ ਆਪਣੀ ਕਲਾਸ, ਜਿਸ ਨੂੰ ਮੈਂ ਪੜ੍ਹਾਉਂਦਾ ਸੀ, ਲਈ ਮੈਰੀ ਲੌਜ਼ਿਨ ਵੱਲੋਂ ਲਿਖੀ ਜਿੱਦੂ ਕ੍ਰਿਸ਼ਨਾਮੂਰਤੀ ਦੀ ਜੀਵਨੀ ਦੀਆਂ ਕਈ ਕਿਤਾਬਾਂ ਚਾਹੀਦੀਆਂ ਸਨ। ਉਹ ਮੇਰੇ ਲਈ ਕਿਤਾਬਾਂ ਲੱਭ ਸਕਦੀ ਸੀ, ਅਤੇ ਉਸ ਨੇ ਉਸੇ ਸਮੇਂ ਮੈਨੂੰ ਅਤੇ ਮੇਰੀ ਪਤਨੀ ਨੂੰ ਕ੍ਰਿਸ਼ਨਾਮੂਰਤੀ ਕੇਂਦਰ ਵਿੱਚ ਹਫਤੇ ਦੇ ਅੰਤ `ਤੇ ਹੋਣ ਵਾਲੇ ਰੀਟ੍ਰੀਟ  ਲਈ ਸੱਦਾ ਦੇ ਦਿੱਤਾ। ਇਹ ਕੇਂਦਰ ਉਹ ਅਤੇ ਉਸਦੀ ਭੈਣ ਵਿਕਟੋਰੀਆ ਨੇੜੇ ਸਵੈਨਵਿੱਕ ਸੜਕ `ਤੇ ਚਲਾਉਂਦੀਆਂ ਸਨ ਅਤੇ ਹਾਲੇ ਵੀ ਚਲਾਉਂਦੀਆਂ ਹਨ। ਉੱਥੇ ਸਾਡਾ ਚੰਗਾ ਸਮਾਂ ਲੰਘਿਆ, ਅਤੇ ਉਸ ਤੋਂ ਲੰਬੇ ਸਮੇਂ ਬਾਅਦ ਤੱਕ ਸਾਨੂੰ ਉੱਥੇ ਹੋਣ ਵਾਲੇ ਪ੍ਰੋਗਰਾਮਾਂ ਦੀਆਂ ਅਗਾਂਊਂ ਸੂਚਨਾਵਾਂ ਮਿਲਦੀਆਂ ਰਹੀਆਂ, ਪਰ ਅਸੀਂ ਮੁੜ ਉੱਥੇ ਜਾ ਨਾ ਸਕੇ। ਕੁਝ ਸਾਲਾਂ ਬਾਅਦ, ਸੁਰਜੀਤ ਨੇ ਸਾਨੂੰ ਦੋਹਾਂ ਨੂੰ  ਵੈਨਕੂਵਰ ਇਲਾਕੇ ਵਿੱਚ ਆਪਣੇ ਘਰ ਦੁਪਹਿਰ ਦੇ ਭੋਜਨ ਲਈ ਨਿਉਂਦਾ ਦਿੱਤਾ। ਮੈਨੂੰ ਨਹੀਂ ਲਗਦਾ ਕਿ ਉਸ ਨੂੰ ਮੇਰੇ ਨਾਲ ਪਹਿਲੀ ਮਿਲਣੀ ਯਾਦ ਸੀ। ਇਸਦੀ ਥਾਂ, ਉਸ ਨੂੰ ਕਿਸੇ ਨੇ ਦੱਸਿਆ ਸੀ ਕਿ ਸਿੱਖ ਭਾਈਚਾਰੇ ਦੇ ਇਤਿਹਾਸ ਬਾਰੇ ਮੈਂ ਮਾਹਰ ਸੀ ਜਿਸ ਨਾਲ ਉਹ ਸੰਪਰਕ ਕਰ ਸਕਦੀ ਸੀ। ਪਹਿਲੇ ਖਾਣੇ ਤੋਂ ਬਾਅਦ ਛੇ ਮਹੀਨਿਆਂ ਦੇ ਵਕਫੇ ਨਾਲ ਅਸੀਂ ਕਈ ਵਾਰ ਫਿਰ ਮਿਲੇ। ਉਸ ਸਮੇਂ ਦੌਰਾਨ ਸਿੱਧੂ ਪਰਿਵਾਰ ਦੇ ਇਤਿਹਾਸ ਬਾਰੇ ਮੈਂ ਸਲਾਹਕਾਰ ਤੋਂ ਲੇਖਕ ਬਣ ਗਿਆ। ਮੇਰਾ ਕੰਮ ਛੋਟੀਆਂ-ਮੋਟੀਆਂ ਸਲਾਹਾਂ ਦੇਣ ਤੋਂ  ਲਿਖਣ, ਖੋਜ ਕਾਰਜ ਨੂੰ ਵੱਡੇ ਪੱਧਰ `ਤੇ ਵਧਾਉਣ, ਅਤੇ ਕਹਾਣੀ ਨੂੰ ਪੇਸ਼ ਕਰਨ ਵਾਲਾ ਹੋ ਗਿਆ। ਮੈਂ ਕਹਾਣੀ  ਇਸ ਤਰੀਕੇ ਨਾਲ ਉਸਾਰਨ ਦੀ ਕੋਸ਼ਿਸ਼ ਕੀਤੀ ਕਿ ਇਹ ਵੱਧ ਤੋਂ ਵੱਧ ਉਪਯੋਗੀ ਹੋਵੇ, ਅਤੇ ਪਰਿਵਾਰ ਦੀ ਕਹਾਣੀ ਦੀ ਤੰਦ ਟੁੱਟੇ ਬਗੈਰ ਜਿੰਨੀ ਵੀ ਪ੍ਰਸੰਗਿਕ ਜਾਣਕਾਰੀ ਦਿੱਤੀ ਜਾ ਸਕਦੀ ਹੋਵੇ, ਦਿੱਤੀ ਜਾਵੇ।

ਮੇਰੀਆਂ ਪਹਿਲੀਆਂ ਦੋ ਕਿਤਾਬਾਂ ਵਿੱਚੋਂ ਇੱਕ ਸਿੱਖ ਯਾਤਰੀਆਂ ਵਾਲੇ ਕਾਮਾਗਾਟਾਮਾਰੂ ਜਹਾਜ਼ ਦੇ ਬਦਨਾਮ ਸਮੁੰਦਰੀ ਸਫਰ ਬਾਰੇ ਅਤੇ ਦੂਜੀ 1950ਵਿਆਂ ਦੇ ਇੱਕ ਸਿੱਖ ਪਰਵਾਸੀ ਦੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਹੈ, ਜਿਹੜੀ ਕਨੇਡਾ ਅਤੇ ਭਾਰਤ ਨੂੰ ਜੋੜਣ ਵਾਲੇ ਕਹਾਣੀ ਦੇ ਅੰਸ਼ ਪੇਸ਼ ਕਰਦੀ ਹੈ। ਇਸ ਕਿਤਾਬ ਦਾ ਵੱਡਾ ਪਸਾਰ ਹੈ, ਅਤੇ ਇਸ ਨੂੰ ਲਿਖਦਿਆਂ ਇੱਕ ਖੁਸ਼ਹਾਲ ਹੋ ਰਹੀ ਘੱਟ ਗਿਣਤੀ, ਜਿਸਦੀਆਂ ਦੋ ਦੇਸ਼ਾਂ ਵਿੱਚ ਜੜ੍ਹਾਂ ਹਨ, ਬਾਰੇ ਮੇਰੀ ਆਪਣੀ ਸਮਝ ਦੀ ਪੇਚੀਦਗੀ ਨੂੰ ਸਮਝਣ ਵਿੱਚ ਵੱਡਾ ਵਾਧਾ ਹੋਇਆ।

ਲੇਖਕ।

 

ਅਨੁਵਾਦਕ: ਹਰਪ੍ਰੀਤ ਸੇਖਾ

Read 260 times Last modified on Friday, 27 April 2018 02:45