ਲੇਖ਼ਕ

Friday, 13 April 2018 18:14

01. ਕਿਲੇ ਦੇ ਮੋਤੀ - ਮੋਢੀ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਵੈਨਕੂਵਰ ਦੇ ਪੱਤਰਕਾਰ ਆਰਟ ਮਕੈਨਜ਼ੀ ਨੇ 1956 ਵਿੱਚ ਇੱਕ ਵੀਕਐਂਡ ਮੈਗਜ਼ੀਨ ਵਾਸਤੇ ਲਿਖੇ ਆਪਣੇ ਲੇਖ ਵਿੱਚ ਕਪੂਰ ਸਿੰਘ ਸਿੱਧੂ ਨੂੰ ਸੰਕੋਚਵਾਨ (1)ਲਿਖਿਆ। ਕਪੂਰ ਉਸ ਵੇਲੇ 71 ਸਾਲ ਦਾ ਸੀ।  ਉਸ ਸਮੇਂ ਦੇ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਕਪੂਰ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤੇ ਕਾਮਯਾਬ ਬੰਦਾ ਸੀ। ਮਕੈਨਜ਼ੀ ਉਸਦੇ ਦਿਆਲੂ ਅਤੇ ਸ਼ਾਂਤ ਸੁਭਾਅ ਤੋਂ ਪ੍ਰਭਾਵਤ ਸੀ। ਜਦੋਂ ਮਕੈਨਜ਼ੀ ਆਪਣੇ ਲੇਖ ਵਾਸਤੇ ਖੋਜ ਕਰ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਕਪੂਰ ਆਰਾਮਦਾਇਕ ਪਰ ਦਿਖਾਵੇ ਤੋਂ ਰਹਿਤ ਘਰ ਵਿੱਚ ਰਹਿੰਦਾ ਸੀ। ਇਹ ਘਰ ਮੱਧ ਵਰਗੀ ਕਾਮੇ ਪਰਿਵਾਰਾਂ ਦੇ ਘਰਾਂ ਦੇ ਵਿਚਕਾਰ ਸੀ। ਕਪੂਰ ਉਸ ਮਕਾਨ ਵਿਚ ਕੋਈ ਵੀਹ ਸਾਲ ਤੋਂ ਉਪਰ ਰਿਹਾ। ਮਕੈਨਜ਼ੀ ਨੇ ਉਸ ਤੋਂ ਪੁੱਛਿਆ ਕਿ ਉਸ ਨੇ ਇਸ ਤੋਂ ਵੱਡਾ ਮਕਾਨ ਕਿਓਂ ਨਹੀਂ ਬਣਵਾਇਆ। ਕਪੂਰ ਨੇ ਜਵਾਬ ਵਿੱਚ ਕਿਹਾ ਕਿ ਉਸ ਨੂੰ ਨਾ ਤਾਂ ਇਸਦੀ ਜ਼ਰੂਰਤ ਸੀ ਤੇ ਨਾ ਹੀ ਸ਼ੌਂਕ। ਉਸ ਕੋਲ ਧਨ ਤਾਂ ਸੀ ਪਰ ਉਹ ਠਾਠ-ਬਾਠ ਵਾਲਾ ਮਕਾਨ ਨਹੀਂ ਸੀ ਚਾਹੁੰਦਾ।

1956 ਵਿੱਚ ਕਪੂਰ ਨੂੰ ਉੱਤਰੀ ਅਮਰੀਕਾ ਵਿੱਚ ਰਹਿੰਦਿਆਂ 50 ਸਾਲ ਤੋਂ ਉੱਪਰ ਹੋ ਗਏ ਸਨ। ਉਹ ਸਾਊਥ ਏਸ਼ੀਅਨ ਪ੍ਰਵਾਸੀਆਂ ਦੇ ਸੱਤ-ਅੱਠ ਹਜ਼ਾਰ ਦੇ ਪੂਰ ਵਿੱਚੋਂ ਇੱਕ ਸੀ, ਜਿਹੜੇ ਚੰਗੇਰੇ ਭਵਿੱਖ ਲਈ ਕਨੇਡਾ ਅਤੇ ਅਮਰੀਕਾ ਆਏ(2)। ਭਾਰਤ, ਜਿਹੜਾ ਉਹ ਪਿੱਛੇ ਛੱਡ ਕੇ ਆਇਆ ਸੀ, ਉਹ ਅੰਗ੍ਰੇਜ਼ਾਂ ਦੇ ਅਧੀਨ ਸੀ। ਬਾਅਦ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੀ ਜਨਮ-ਭੂਮੀ ਨੂੰ ਤਿਆਗ ਕੇ ਨਹੀਂ ਸੀ ਆਇਆ। ਉਸਦਾ ਪ੍ਰਵਾਸ ਕਰਨਾ ਸਾਹਸੀ ਵੀ ਸੀ ਤੇ ਸਿਆਸੀ ਵੀ। ਉਹ ਆਪਣੇ ਇੱਕ ਅਧਿਆਪਕ ਤੋਂ ਪ੍ਰਭਾਵਿਤ ਸੀ। ਉਹ ਅਧਿਆਪਕ ਅਕਸਰ ਆਖਦਾ, "ਮੁੰਡਿਓ, ਜੇ ਕਦੇ ਮੌਕਾ ਮਿਲਿਆ ਤਾਂ ਅਮਰੀਕਾ ਜਾ ਕੇ ਬਹੁਤ ਸਾਰੀ ਕਮਾਈ ਕਰਕੇ ਲਿਆਓ ਤੇ ਆ ਕੇ ਭਾਰਤ ਨੂੰ ਆਜ਼ਾਦ ਕਰਵਾਓ।" ਜਦੋਂ ਕਪੂਰ ਕਲਕੱਤੇ ਤੋਂ ਚੱਲਿਆ ਤਾਂ ਇਹ ਗੱਲ ਉਸਦੇ ਮਨ ਵਿੱਚ ਸੀ। ਅਮਰੀਕਾ ਪਹੁੰਚ ਕੇ ਉਹ ਸਾਊਥ ਏਸ਼ੀਅਨ ਭਾਈਚਾਰੇ ਦੇ ਹੋਰ ਪ੍ਰਵਾਸੀਆਂ ਨੂੰ ਮਿਲਿਆ, ਜਿਹੜੇ ਹਿੰਦੂ, ਮੁਸਲਮਾਨ ਤੇ ਸਿੱਖ ਸਨ। ਇਨ੍ਹਾਂ ਵਿੱਚ ਕੁਝ ਵਿਦਿਆਰਥੀ ਸਨ ਤੇ ਕੁਝ ਕਾਮੇ। ਬਹੁਤੇ ਪੰਜਾਬੀ ਹੀ ਸਨ ਪਰ ਕੁਝ ਕੁ ਭਾਰਤ ਦੇ ਹੋਰ ਭਾਗਾਂ ਵਿੱਚੋਂ ਵੀ ਸਨ। ਇਨ੍ਹਾਂ ਵਿੱਚ ਸਿਆਸੀ ਪਨਾਹਗੀਰ ਵੀ ਸਨ ਤੇ ਜੋਸ਼ੀਲੇ ਦੇਸ਼ ਭਗਤ ਵੀ, ਜਿਹੜੇ 1913 ਵਿੱਚ ਗਦਰ ਪਾਰਟੀ ਝੰਡੇ ਹੇਠ ਇੱਕ ਥਾਂ ਇਕੱਠੇ ਹੋਏ। ਇਹ ਪਾਰਟੀ ਉਨ੍ਹਾਂ ਨੇ ਭਾਰਤ ਲਈ ਆਜ਼ਾਦੀ ਦੀ ਲੜਾਈ ਲੜਨ ਖਾਤਿਰ ਬਣਾਈ। ਗਦਰੀ ਕਪੂਰ ਦੇ ਮਿੱਤਰ ਤਾਂ ਸਨ ਪਰ ਉਹ ਆਪ ਸਰਗਰਮ ਨਹੀਂ ਸੀ। ਉਸਦੀਆਂ ਬੇਟੀਆਂ ਨੂੰ ਵੀ ਉਸਦੇ ਗਦਰ ਪਾਰਟੀ ਨਾਲ ਸਬੰਧਾਂ ਦੀ ਜਾਣਕਾਰੀ ਨਹੀਂ ਸੀ।  ਉਨ੍ਹਾਂ ਨੂੰ ਗਦਰ ਪਾਰਟੀ ਨਾਲ ਉਸਦੀ ਹਮਦਰਦੀ ਬਾਰੇ ਗਿਆਨ ਜ਼ਰੂਰ ਸੀ। ਆਪਣੀ ਉਮਰ ਦੇ ਸੱਤਵੇਂ ਦਹਾਕੇ ਦੇ ਆਖਰੀ ਸਾਲਾਂ ਵਿੱਚ ਜਾ ਕੇ ਕਪੂਰ ਦੀਆਂ ਬੇਟੀਆਂ ਨੇ ਭਾਰਤੀ ਪੁਲਿਸ ਦੀ ਡਾਇਰੈਕਟਰੀ ਵਿੱਚ ਉਸਦਾ ਨਾਂ ਦੇਖਿਆ(3)। ਉਸ ਨੇ ਕਦੇ ਵੀ ਇਸ ਬਾਰੇ ਆਪਣੀਆਂ ਬੇਟੀਆਂ ਨਾਲ ਗੱਲ ਨਹੀਂ ਸੀ ਕੀਤੀ। ਭਾਰਤ ਦੀ ਪੁਲਿਸ ਉਸ ਨੂੰ ਖਤਰਨਾਕ ਸਮਝਦੀ ਸੀ। ਹੋਰ ਸੈਂਕੜੇ ਪ੍ਰਵਾਸੀ ਭਾਰਤੀਆਂ ਵਾਂਗ ਉਸਦੀ ਵੀ ਦਹਾਕਿਆਂ ਤੱਕ ਗੁਪਤ ਫਾਈਲ ਬਣਾਈ ਰੱਖੀ। ਇਸਦਾ ਅਸਰ ਉਸਨੇ ਉਦੋਂ ਦੇਖਿਆ, ਜਦੋਂ ਉਹ ਚੌਥਾਈ ਸਦੀ ਬਾਅਦ ਪਹਿਲੀ ਵਾਰ 1931 ਵਿੱਚ ਭਾਰਤ ਮੁੜਿਆ। ਪੁਲਿਸ ਨੇ ਉਸਦੀ ਇਸ ਫੇਰੀ ਦਾ ਟਰੈਕ ਰੱਖਿਆ ਭਾਵੇਂ ਇਹ ਉਸਦੀ ਪਰਿਵਾਰਕ ਫੇਰੀ ਸੀ। ਉਹ ਜਾਪਾਨੀ ਬੇੜੇ ਜੂਇਨ ਸੈਂਗ Yuen Sang ਰਾਹੀਂ 9 ਨਵੰਬਰ ਨੂੰ ਕਲਕੱਤੇ ਪਹੁੰਚਿਆ। ਪੁਲਿਸ ਨੂੰ ਇਸ ਬਾਰੇ ਜਾਣਕਾਰੀ ਸੀ। ਕਪੂਰ ਨੂੰ ਕਨੇਡਾ ਵਾਪਸ ਮੁੜਣ ਦੀ ਕਾਹਲ ਨਹੀਂ ਸੀ ਪਰ ਚੌਦਾਂ ਮਹੀਨਿਆਂ ਬਾਅਦ ਇੱਕ ਪੁਲਿਸ ਏਜੰਟ ਆਇਆ ਅਤੇ 'ਵੇਰੀਫੀਕੇਸ਼ਨ' ਵਾਸਤੇ ਉਨ੍ਹਾਂ ਦੇ ਪਾਸਪੋਰਟ ਮੰਗਣ ਲੱਗਾ। ਜ਼ਬਤ ਕੀਤੇ ਜਾਣ ਦੇ ਡਰੋਂ ਕਪੂਰ ਨੇ ਦੇਣੋਂ ਨਾਂਹ ਕਰ ਦਿੱਤੀ ਅਤੇ ਤਰੁੰਤ ਪ੍ਰੀਵਾਰ ਸਮੇਤ ਮੁੜ ਆਇਆ।

ਉਦੋਂ ਤੱਕ ਕਪੂਰ ਦਾ ਘਰ ਤੇ ਦਿਲ ਕਨੇਡਾ ਵਿਚ ਵਸ ਰਸ ਗਏ ਸਨ। ਭਾਵੇਂ ਉਸ ਸਮੇਂ ਉਹ ਅਤੇ ਬਾਕੀ ਸਾਊਥ ਏਸ਼ੀਅਨ ਭਾਈਚਾਰਾ ਸਿਖਰ ਦੇ ਪੱਖਪਾਤ ਤੇ ਵਿਤਕਰੇ ਦਾ ਸਾਹਮਣਾ ਕਰ ਰਹੇ ਸਨ। ਉਸ ਨੇ ਗੋਰੇ ਲੋਕਾਂ ਵੱਲੋਂ ਸਊਥ ਏਸ਼ੀਅਨਾਂ ਲਈ ਇਮੀਗਰੇਸ਼ਨ ਵਿੱਚ  ਖੜ੍ਹੀਆਂ ਕੀਤੀਆਂ ਅੜ੍ਹਚਣਾ ਦੇਖੀਆਂ। ਇਸ ਸਭ ਦੇ ਬਾਵਜੂਦ  ਉਸ ਨੇ ਤਰੱਕੀ ਕੀਤੀ ਅਤੇ 'ਆਪਣਿਆਂ' ਤੋਂ ਬਾਹਰ ਵਾਲੇ ਵੀ ਮਿੱਤਰ ਬਣਾਏ। ਉਹ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਉੱਤਰੀ ਅਮਰੀਕਾ ਪਹੁੰਚੇ ਬਹੁਤ ਥੋੜ੍ਹਿਆਂ ਵਿੱਚੋਂ ਇੱਕ ਸੀ, ਜਿਹੜੇ ਬਿਨਾਂ ਮੁਸ਼ਕਲ ਤੋਂ ਇੱਥੇ ਪਹੁੰਚੇ, ਵਸੇ ਅਤੇ ਆਪਣੀਆਂ ਜੜ੍ਹਾਂ ਲਾਈਆਂ। ਉਹ 1906 ਵਿੱਚ ਕਿਸੇ ਯੂਰਪੀਅਨ ਵਾਂਗ ਹੀ ਬਹੁਤ ਹੀ ਥੋੜ੍ਹੀਆਂ ਮੁਸ਼ਕਲਾਂ ਨਾਲ ਸਾਨਫਰਾਂਸਿਸਕੋ  ਪਹੁੰਚਿਆ। ਉਸ ਨੇ ਬਹੁਤ ਘੱਟ ਸਮੇਂ ਲਈ ਮਿਲੇ ਇਸ ਸੁਭਾਗ ਦਾ ਲਾਹਾ ਲਿਆ। ਉਸਦੇ ਪਹੁੰਚਣ ਤੋਂ ਛੇਤੀ ਬਾਅਦ ਹੀ ਕਨੇਡਾ ਅਤੇ ਅਮਰੀਕਾ ਦੀਆਂ ਬੰਦਰਗਾਹਾਂ ਤਕਰੀਬਨ ਹਰ ਸਾਊਥ ਏਸ਼ੀਅਨ ਪ੍ਰਵਾਸੀ ਨੂੰ ਵਾਪਸ ਮੋੜਣ ਲੱਗ ਪਈਆਂ ਸਨ। ਉਸਦੇ ਦੇਸ਼ੋਂ ਆਉਣ ਵਾਲੇ ਦੇਸ਼ ਵਾਸੀਆਂ ਲਈ ਇਮੀਗਰੇਸ਼ਨ ਦੀਆਂ ਅੜ੍ਹਚਣਾ ਵਧਦੀਆਂ ਹੀ ਗਈਆਂ ਤੇ ਇਹ ਸਿਲਸਿਲਾ ਚਾਲੀ ਤੋਂ ਪੰਜਾਹ ਸਾਲ ਤੱਕ ਚੱਲਿਆ। ਬਹੁਤ ਘੱਟ ਗਿਣਤੀ ਵਿੱਚ ਕੁਝ ਲੋਕ ਫਿਲਪੀਨ, ਮੈਕਸੀਕੋ ਤੇ ਯੂਰਪ ਰਾਹੀਂ ਪਹੁੰਚਣ ਵਿੱਚ ਕਾਮਯਾਬ ਵੀ ਹੋਏ।

ਕਪੂਰ ਉੱਤਰੀ ਅਮਰੀਕਾ ਵਿੱਚ ਹੀ ਟਿਕਿਆ ਰਿਹਾ ਭਾਵੇਂ ਉਸਦੇ ਬਹੁਤ ਸਾਰੇ ਸਾਥੀ ਭਾਰਤ  ਵਾਪਸ ਮੁੜ ਗਏ। ਕਨੇਡਾ ਅਤੇ ਅਮਰੀਕਾ ਦੇ ਪੈਸੇਫਿਕ ਤੱਟ `ਤੇ 1910 ਵਿੱਚ 7500 ਸਾਊਥ ਏਸ਼ੀਅਨ ਸਨ ਤੇ ਦਸ ਸਾਲ ਬਾਅਦ 3000 ਤੋਂ ਵੀ ਘੱਟ ਰਹਿ ਗਏ। ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਅੰਕੜੇ 1000 ਤੋਂ ਵੀ ਹੇਠ ਸੀ।(4) ਇਨ੍ਹਾਂ ਵਿੱਚ ਕਪੂਰ ਵੀ ਸੀ ਤੇ ਉਹ ਅਪਣੀਆਂ ਜੜ੍ਹਾਂ ਲਗਾ ਰਿਹਾ ਸੀ। ਉੱਤਰੀ ਅਮਰੀਕਾ ਨੂੰ ਛੱਡਣ ਲਈ ਉਨ੍ਹਾਂ ਦੇ ਕਈ ਕਾਰਣ ਸਨ। ਜਿਵੇਂ ਘਰ ਦੀ ਯਾਦ, ਭਾਰਤ ਨੂੰ ਬਰਤਾਨੀਆਂ ਤੋਂ ਆਜ਼ਾਦ ਕਰਵਾਉਣਾ ਜਾਂ ਨੌਕਰੀਆਂ ਦਾ ਖੁੱਸ ਜਾਣਾ। ਕੰਮਾਂ-ਕਾਰਾਂ ਵਿੱਚ ਮੰਦਵਾੜਾ ਪ੍ਰਵਾਸੀਆਂ ਨੂੰ ਬਾਹਰ ਧੱਕਣ ਵਿੱਚ ਸਹਾਈ ਹੁੰਦਾ ਤੇ ਕੰਮਾਂ ਵਿੱਚ ਤੇਜ਼ੀ ਵੇਲੇ ਇਮੀਗਰੇਸ਼ਨ ਵਿੱਚ ਔਕੜਾਂ ਨਵੇਂ ਆਉਣ ਵਾਲਿਆਂ ਲਈ ਔਖਿਆਈ ਪੇਸ਼ ਕਰਦੀਆਂ। ਇਸ ਤੋਂ ਬਿਨਾਂ ਭਾਰਤੀ ਕਾਮਿਆਂ ਲਈ ਨੌਕਰੀਆਂ ਘਟ ਰਹੀਆਂ ਸਨ। ਜਿਸਦਾ ਸਿੱਧਾ ਕਾਰਣ ਗੋਰੇ ਕਾਮਿਆਂ ਵੱਲੋਂ ਐਂਟੀ ਏਸ਼ੀਅਨ ਲੌਬੀ ਸੀ। ਉਹ ਸਰਕਾਰ ਅਤੇ ਕੰਮ-ਮਾਲਕਾਂ`ਤੇ ਦਬਾਅ ਪਾਉਂਦੇ ਕਿ ਏਸ਼ੀਅਨ ਕਾਮਿਆਂ ਨੂੰ ਕੰਮ ਨਾ ਦੇਣ। ਉਸ ਵੇਲੇ ਤੱਕ ਕਪੂਰ ਨੂੰ ਉੱਤਰੀ ਅਮਰੀਕਾ ਵਿੱਚ ਰਹਿੰਦਿਆਂ ਪੰਜ ਸਾਲ ਹੋ ਗਏ ਸਨ। ਉਸਦੇ ਸਾਥੀਆਂ ਲਈ ਦੋ ਤਰ੍ਹਾਂ ਦੀਆਂ ਨੌਕਰੀਆਂ ਮਿਲਣੀਆਂ ਕੁਝ ਅਸਾਨ ਸਨ। ਖੇਤ ਮਜ਼ਦੂਰੀ ਜਾਂ ਲੱਕੜ ਮਿੱਲ ਵਿੱਚ। ਕੈਲੇਫੋਰਨੀਆ ਵਿੱਚ ਆਮ ਤੌਰ `ਤੇ ਖੇਤ ਮਜ਼ਦੂਰੀ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੱਕੜ ਮਿੱਲਾਂ ਵਿੱਚ ਕੰਮ ਸੀ। ਪਹਿਲੀ ਸੰਸਾਰ ਜੰਗ ਵੇਲੇ ਕਪੂਰ ਇੱਕ ਛੋਟੀ ਜਿਹੀ ਆਰਾ ਮਿੱਲ ਦਾ ਮਾਲਕ ਬਣ ਗਿਆ। ਉਸ ਨੇ ਪੈਰ ਜਮਾਉਣ ਦਾ ਅਧਾਰ ਬਣਾ ਲਿਆ ਸੀ, ਜਦੋਂ ਕਿ ਉਸਦੇ ਸਾਥੀ ਇੱਥੋਂ ਵਾਪਸ ਜਾ ਰਹੇ ਸਨ।  1930-40 ਤੇ 50ਵਿਆਂ ਵਿੱਚ ਆਪਣੇ ਵਿਉਪਾਰ ਦੇ ਸਿਖਰ ਵੇਲੇ ਕਪੂਰ ਨੇ ਸੈਂਕੜੇ ਗੋਰੇ, ਪੰਜਾਬੀ, ਚੀਨੇ ਅਤੇ ਜਾਪਾਨੀ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ। ਉਸਦੇ ਭਾਈਚਾਰੇ ਦੇ ਲੋਕ ਸਤਿਕਾਰ ਨਾਲ ਉਸ ਨੂੰ 'ਬਾਬੂ ਜੀ' ਆਖ ਕੇ ਬਲਾਉਂਦੇ ਸਨ। ਗੋਰੇ ਉਸ ਨੂੰ ਕਪੂਰ ਜਾਂ ਮਿਸਟਰ ਕਪੂਰ ਸੱਦਦੇ। ਉਸਦੇ ਨਾਮ  ਨੂੰ ਗੋਤ ਵਾਂਗ ਵਰਤਦੇ।  ਉਸਦੀ ਛੋਟੀ ਬੇਟੀ ਸੁਰਜੀਤ ਬਚਪਨ ਵਿੱਚ ਸੋਚਦੀ ਸੀ ਕਿ ਕਪੂਰ ਉਸਦਾ ਗੋਤ ਹੈ। ਉਸ ਨੇ ਆਪਣੇ ਆਪ ਨੂੰ ਸੁਰਜੀਤ ਕਪੂਰ ਆਖ ਕੇ ਆਪਣੇ ਹੈਨਰੀ ਹਡਸਨ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਨੂੰ ਸ਼ਸ਼ੋਪੰਜ ਵਿੱਚ ਪਾ ਦਿੱਤਾ। ਉਸ ਤੋਂ ਇੱਕ ਸਾਲ ਵੱਡੀ ਉਸਦੀ ਭੈਣ ਆਪਣੇ ਅਧਿਆਪਕਾਂ ਨੂੰ ਆਪਣਾ ਸਹੀ ਨਾਂ ਜਗਦੀਸ਼ ਸਿੱਧੂ ਦੱਸਦੀ। ਕੁੜੀਆਂ ਦੇਖਦੀਆਂ ਕਿ ਉਨ੍ਹਾਂ ਦੇ ਪਿਤਾ ਦੀ ਬਹੁਤ ਇੱਜ਼ਤ ਹੁੰਦੀ ਸੀ। ਉਹ ਸੋਹਣਾ, ਸਲੀਕੇਦਾਰ ਤੇ ਮਿੱਠ-ਬੋਲੜਾ ਸੀ। ਉਹ ਸਪੈਸ਼ਲ ਮੇਚ ਦੇ ਕੇ ਬਣਾਇਆ ਨੀਲੇ ਰੰਗ ਦਾ  ਤਿੰਨ ਪੀਸ ਸੂਟ ਪਾ ਕੇ ਰੱਖਦਾ। ਸੁਰਜੀਤ ਤੇ ਜਗਦੀਸ਼ ਬਹੁਤ ਮਾਣ ਨਾਲ ਦੱਸਦੀਆਂ ਹਨ ਕਿ ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਯੂਰਪ ਦੇ ਟੂਰ `ਤੇ ਲੈ ਕੇ ਗਏ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਸੀ, "ਕੀ ਤੁਹਾਡਾ ਪਿਤਾ ਡਿਪਲੋਮੇਟ ਹੈ?" ਉਹ ਵੇਖਣ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਪ੍ਰਵਾਸੀ ਲੱਕੜ ਮਿੱਲ ਮਾਲਕ ਨਹੀਂ ਸੀ ਲਗਦਾ।

ਕਰਤਾਰ ਸਿੰਘ ਹੁੰਦਲ ਨੇ ਕਪੂਰ ਦੇ ਨਾਲ ਵੀ ਕੰਮ ਕੀਤਾ ਅਤੇ ਉਸਦੇ ਹੇਠ ਵੀ ਨੌਕਰੀ ਕੀਤੀ। ਉਹ ਕਪੂਰ ਨੂੰ ਦਹਾਕਿਆਂ ਤੋਂ ਜਾਣਦਾ ਸੀ। ਉਹ ਸਾਊਥ ਏਸ਼ੀਅਨ ਲੋਕਾਂ ਦੇ ਹੱਕਾਂ `ਤੇ ਵਧ-ਚੜ੍ਹ ਕੇ ਪਹਿਰਾ ਦੇਣ ਵਾਲਿਆਂ ਵਿੱਚੋਂ ਇੱਕ ਸੀ । ਕਪੂਰ ਦੀ ਮੌਤ ਤੋਂ ਬਾਅਦ ਜਦੋਂ ਇੱਕ ਅਖਬਾਰ ਨੇ ਕਰਤਾਰ ਸਿੰਘ ਹੁੰਦਲ ਤੋਂ ਕਪੂਰ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਕਪੂਰ ਸ਼ਾਂਤ ਤੇ ਨਰਮ ਸੁਭਾਅ ਦਾ ਬੰਦਾ ਸੀ। ਉਹ ਉਨਾਂ ਕੁ ਹੀ ਬੋਲਦਾ, ਜਿਸਦਾ ਕੋਈ ਮਤਲਬ ਹੁੰਦਾ। ਕਪੂਰ ਦੀਆਂ ਬੇਟੀਆਂ ਦੱਸਦੀਆਂ ਹਨ ਕਿ ਉਹ ਸੰਗਾਊ ਸੀ। ਉਸਦੀ ਛੋਟੀ ਬੇਟੀ , ਸੁਰਜੀਤ ਖੁੱਲ੍ਹ ਕੇ ਬੋਲਣ ਵਾਲੀ ਸੀ। ਜਦੋਂ ਇਹ ਪਰਿਵਾਰ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਤਾਂ ਬਹੁਤੀਆਂ ਗੱਲਾਂ ਸੁਰਜੀਤ ਨੇ ਹੀ ਕੀਤੀਆਂ।  ਇਹ 1957 ਦੀ ਗੱਲ ਹੈ। ਇਹ ਪਰਿਵਾਰ ਭਾਰਤ ਵਿੱਚ ਚੈਰੀਟੇਬਲ ਹਸਪਤਾਲ ਖੋਲ੍ਹਣ ਲਈ ਕਈ ਅੜ੍ਹਚਣਾ ਦਾ ਸਾਹਮਣਾ ਕਰ ਰਿਹਾ ਸੀ। ਉਹ ਪੰਜਾਬ ਤੋਂ ਦਿੱਲੀ ਨਹਿਰੂ ਦੇ ਘਰ ਉਸ ਨਾਲ ਗੱਲ ਕਰਨ ਆਏ ਸਨ। ਇਹ ਇੱਕ ਛੋਟੇ ਜਿਹੇ ਕਮਰੇ ਵਿੱਚ ਉਸਦੀ ਉਡੀਕ ਕਰ ਰਹੇ ਸਨ। ਜਦੋਂ ਨਹਿਰੂ ਅੰਦਰ ਆਇਆ ਤਾਂ ਇਹ ਸੁਰਜੀਤ ਹੀ ਸੀ, ਜਿਸਨੇ ਗੱਲਬਾਤ ਕੀਤੀ। ਉਹ ਉਦੋਂ ਤੀਹ ਸਾਲ ਦੀ ਸੀ ਅਤੇ ਡਾਕਟਰ ਬਣ ਚੁੱਕੀ ਸੀ। ਉਹ ਹੀ ਹਸਪਤਾਲ ਦੇ ਰਾਹ ਵਿੱਚ ਆ ਰਹੀਆਂ ਔਕੜਾਂ ਦਾ ਸਿੱਧਾ ਸਾਹਮਣਾ ਕਰ ਰਹੀ ਸੀ। ਇੱਥੇ ਪਿਓ-ਧੀ ਦੇ ਸੁਭਾਅ ਵਿਚਲੇ ਫਰਕ ਦਾ ਪਤਾ ਲਗਦਾ ਹੈ। ਧੀ ਮੂਹਰੇ ਲੱਗ ਕੇ ਬੋਲੀ ਅਤੇ ਪਿਓ ਪਿੱਛੇ ਹੋ ਕੇ ਬੈਠਾ ਸੀ।

ਜਦੋਂ ਕਪੂਰ ਬੋਲਦਾ ਸੀ ਤਾਂ ਉਸਦੇ ਬੰਦੇ ਉਸ ਨੂੰ ਧਿਆਨ ਨਾਲ ਸੁਣਦੇ ਸਨ। ਕਪੂਰ ਨੂੰ ਆਵਾਜ਼ ਉੱਚੀ ਨਹੀਂ ਸੀ ਕਰਨੀ ਪੈਂਦੀ। ਆਪਣੇ ਇੱਕ ਰਿਸ਼ਤੇਦਾਰ, ਗੁਰਦਿਆਲ ਸਿੰਘ ਤੇਜਾ ਨੂੰ ਉਸਨੇ 1920 ਵਿੱਚ 'ਮੇਓ ਮਿੱਲ ਐਟ ਮੇਓ ਸਾਈਡਿੰਗ' `ਤੇ ਕੰਮ ਕਰਨ ਲਈ ਕਨੇਡਾ ਸੱਦਵਾਇਆ ਸੀ। ਇਹ ਮਿੱਲ ਡੰਕਨ ਦੇ ਨੇੜੇ ਵੈਨਕੂਵਰ ਟਾਪੂ `ਤੇ ਸੀ। ਗੁਰਦਿਆਲ ਤਕੜੇ ਜੁੱਸੇ ਵਾਲਾ ਬੰਦਾ ਸੀ। ਛੇ ਫੁੱਟ ਦੋ ਇੰਚ ਲੰਬਾ 225 ਪੌਂਡ ਭਾਰਾ। ਸਿੱਧੂ ਕੁਨਬੇ ਦਾ ਸਖਤ ਜਾਨ ਬੰਦਾ। ਉਸਦੇ ਪੁੱਤਰ ਡੇਵ ਤੇਜਾ ਨੇ ਮੇਓ ਮਿੱਲ ਵਿੱਚ ਵਾਪਰੀ ਇੱਕ ਲੜਾਈ ਦੀ ਘਟਨਾ ਬਾਰੇ ਦੱਸਿਆ। ਇਸ ਲੜਾਈ ਵਿੱਚ ਉਸਦਾ ਬਾਪ ਸ਼ਾਮਿਲ ਸੀ ਤੇ ਕਪੂਰ ਦੇ ਦਖਲ ਨਾਲ ਇਹ ਮੁੱਕੀ ਸੀ। ਕਿਸੇ ਨੇ ਪੂਰੇ ਜ਼ੋਰ ਨਾਲ ਗੁਰਦਿਆਲ ਦੇ ਸਿਰ ਵਿੱਚ ਬੋਤਲ ਮਾਰੀ ਤੇ ਉਸਦੀ ਖੋਪੜੀ ਪਾਟ ਗਈ। ਉਸ ਨੂੰ ਹਸਪਤਾਲ ਭੇਜਣਾ ਪਿਆ।  ਹਸਪਤਾਲ ਤੋਂ ਆ ਕੇ ਉਸ ਨੇ ਆਪਣੇ ਹਮਲਾਵਰ ਨੂੰ ਲੱਭ ਕੇ ਕੁੱਟਿਆ ਅਤੇ ਉਸਦੀ ਪੁੜਪੜੀ `ਤੇ ਪਸਤੌਲ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡੇਵ ਤੇਜਾ ਨੇ ਦੱਸਿਆ ਕਿ ਉਸਦਾ ਪਿਤਾ ਆਪਣੇ ਇਸ ਕਾਰੇ `ਤੇ ਮਾਣ ਤਾਂ ਮਹਿਸੂਸ ਨਹੀਂ ਸੀ ਕਰਦਾ ਪਰ ਉਹ ਦਿਖਾਉਣਾ ਚਾਹੁੰਦਾ ਸੀ ਕਿ ਉਸ ਨਾਲ ਵਾਧੂ ਪੰਗੇ ਲੈਣੇ ਮਹਿੰਗੇ ਪੈ ਸਕਦੇ ਸਨ। ਇਕੱਠੇ ਹੋਏ ਪੰਜਾਬੀਆਂ ਦੇ ਵਿੱਚੋਂ ਰਾਹ ਬਣਾਉਂਦਾ ਕਪੂਰ ਉੱਥੇ ਪਹੁੰਚਿਆ ਤੇ ਗੁਰਦਿਆਲ ਨੂੰ ਪਸਤੌਲ ਦੇਣ ਲਈ ਆਖਣ ਲੱਗਾ। ਡੇਵ ਤੇਜਾ ਨੇ ਦੱਸਿਆ ਕਿ ਕਪੂਰ ਦੀ ਆਵਾਜ਼ ਸਹਿਜ ਤੇ ਅਸਰਦਾਰ ਸੀ। ਗੁਰਦਿਆਲ ਨੇ ਆਪਣਾ ਪਸਤੌਲ ਉਸ ਨੂੰ ਦੇ ਦਿੱਤਾ। ਗੁਰਦਿਆਲ ਨੂੰ ਜੇਲ੍ਹ ਜਾਣਾ ਪਿਆ। ਕਪੂਰ ਨੇ ਉਸ ਨੂੰ ਜਮਾਨਤ `ਤੇ ਰਿਹਾਅ ਕਰਵਾ ਲਿਆ।

ਇਹ ਲੜਾਈ ਹੋਰ ਵੀ ਅਰਥ -ਪੂਰਨ ਲੱਗਦੀ ਹੈ, ਜਦੋਂ ਇਹ ਪਤਾ ਲੱਗਦਾ ਹੈ ਕਿ ਮੇਓ ਮਿੱਲ ਵਿੱਚ ਪੰਜਾਬੀਆਂ ਦੇ ਦੋ ਧੜ੍ਹੇ ਸਨ। ਸਕੇ-ਸੋਧਰਿਆਂ ਦੇ ਦੋ ਧੜ੍ਹੇ ਰਲ਼ ਕੇ ਮਿੱਲ ਨੂੰ ਚਲਾਉਂਦੇ ਸਨ। ਇੱਕ ਪਾਸੇ ਦਾ ਕਪੂਰ ਮੋਹਤਬਰ ਸੀ ਤੇ ਦੂਜੇ ਦਾ ਮਈਆ ਸਿੰਘ, ਜਿਸਨੂੰ ਮੇਓ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ। ਵੈਨਕੂਵਰ ਟਾਪੂ ਦੇ ਪੁਰਾਣੇ ਜੰਗਲਾਂ ਵਿੱਚੋਂ ਲੰਘਦੀ ਰੇਲਵੇ ਲਾਈਨ ਦੁਆਲੇ ਵਸੀ  ਨਿੱਖੜਵੀਂ ਬੰਕ ਹਾਊਸ ਵਿੱਚ ਰਹਿਣ ਵਾਲੀ ਕਮਿਊਨਿਟੀ  ਦੇ ਇਹ ਦੋਨੋਂ ਆਗੂ ਸਨ। ਕੰਮ ਤੋਂ ਛੁੱਟੀ ਵੇਲੇ ਇਹ ਦੋਨੋਂ ਧਿਰਾਂ ਬਹੁਤ ਸਾਰਾ ਸਮਾਂ ਇਕੱਠੇ ਗੁਜ਼ਾਰਦੀਆਂ। ਹਿੰਦੂ ਬੰਕਹਾਊਸਾਂ ਵਿੱਚ ਇਕੱਠੇ ਸੌਂਦੇ ਤੇ ਇੱਕੋ ਰਸੋਈ ਵਿੱਚ ਖਾਂਦੇ। ਗੋਰੇ, ਚੀਨੇ ਤੇ ਜਾਪਾਨੀ ਆਪਣੇ-ਆਪਣੇ ਬੰਕ ਹਾਊਸਾਂ ਵਿੱਚ ਰਹਿੰਦੇ। ਹਰੇਕ ਬੰਕ ਹਾਊਸ ਵਿੱਚ ਪੰਜਾਹ ਤੋਂ ਸੱਠ ਤੱਕ ਬੰਦੇ ਸੌਂਦੇ। ਕਦੇ-ਕਦਾਈਂ ਪੰਜਾਬੀਆਂ ਵਿੱਚ ਖਿੱਚੋ-ਤਾਣ ਤੇ ਲੜਾਈ ਝਗੜੇ ਵੀ ਹੁੰਦੇ ਰਹਿੰਦੇ। ਮਾਰ੍ਹਕੇ ਵਾਲੀ ਗੱਲ ਇਹ ਸੀ ਕਿ ਮੇਓ-ਕਪੂਰ ਦੀ ਵਪਾਰਕ ਭਾਈਵਾਲੀ ਵੀਹ ਸਾਲ ਤੱਕ ਚੱਲੀ।

ਕਪੂਰ ਉੱਤਰੀ ਅਮਰੀਕਾ ਵਿੱਚ ਪਹਿਲੇ ਸੋਲ੍ਹਾਂ ਸਾਲ ਇਕੱਲਾ ਦੂਜੇ ਬੰਦਿਆਂ ਨਾਲ ਰਿਹਾ। ਉਹ ਅਠੱਤੀ ਸਾਲ ਦੇ ਲਗਭਗ ਹੋਵੇਗਾ, ਜਦੋਂ ਉਹ ਆਪਣੀ ਪਤਨੀ, ਬਸੰਤ ਕੌਰ ਨੂੰ ਭਾਰਤ ਤੋਂ ਲਿਆਇਆ। ਫਿਰ ਹੀ ਉਸ ਨੇ ਆਪਣੀ ਗ੍ਰਹਿਸਥੀ ਸ਼ੁਰੂ ਕੀਤੀ। ਇਹ ਕਹਾਣੀ ਕੁਝ ਇਸ ਤਰ੍ਹਾਂ ਸੀ:

ਜਦੋਂ ਉਨ੍ਹਾਂ ਦਾ ਵਿਆਹ ਹੋਇਆ, ਉਦੋਂ ਬਸੰਤ ਕੌਰ ਪੰਦਰਾਂ ਸਾਲ ਦੀ ਸੀ। ਵਿਆਹ ਤੋਂ ਬਾਅਦ ਉਹ ਆਪਣੇ ਮਾਪਿਆਂ ਦੇ ਘਰ ਹੀ ਰਹੀ ਕਿਉਂ ਕਿ ਕਪੂਰ ਹਾਲੇ ਪੜ੍ਹਦਾ ਸੀ ਅਤੇ ਉਹ ਆਪਣੇ ਘਰ ਨਹੀਂ ਸੀ ਰਹਿੰਦਾ। ਫਿਰ ਉਹ ਪ੍ਰਦੇਸ ਚਲਾ ਗਿਆ। ਤੇ ਫਿਰ ਕਨੇਡਾ ਦੀ ਐਂਟੀ ਇਮੀਗਰੇਸ਼ਨ ਨੀਤੀ ਨੇ ਉਨ੍ਹਾਂ ਨੂੰ ਅਲੱਗ ਕਰੀ ਰੱਖਿਆ। 1919 ਵਿੱਚ ਜਾ ਕੇ ਕਨੇਡਾ ਦੀ ਸਰਕਾਰ ਕੁਝ ਢਿੱਲੀ ਪਈ ਅਤੇ ਉਸ ਨੇ ਪੰਜਾਬੀਆਂ ਨੂੰ ਆਪਣੀਆਂ ਘਰਵਾਲੀਆਂ ਤੇ ਬੱਚਿਆਂ ਨੂੰ ਕਨੇਡਾ ਬੁਲਾਉਣ ਦੀ ਖੁੱਲ੍ਹ ਦਿੱਤੀ। ਕੁਝ ਵਿਉਂਤਾਂ ਬਣਾਉਣ ਤੇ ਚਿੱਠੀ-ਪੱਤਰ  ਤੋਂ ਬਾਅਦ 1923 ਦੇ ਸ਼ੁਰੂ ਵਿੱਚ ਕਪੂਰ ਦੇ ਵੱਡੇ ਭਰਾ ਦੇ ਨਾਲ ਬਸੰਤ ਕੌਰ ਕਨੇਡਾ ਪਹੁੰਚੀ। ਬਹੁਤ ਸਾਰੀਆਂ ਹੋਰ ਔਰਤਾਂ ਵੀ ਉਸਦੇ ਨਾਲ ਆਈਆਂ। ਫਿਰ ਹੋਰ ਔਰਤਾਂ ਆਉਣ ਲੱਗੀਆਂ। ਦੋ ਕੁ ਸਾਲਾਂ ਬਾਅਦ ਕਪੂਰ ਦਾ ਭਾਈਬੰਦ ਮੇਓ ਸਿੰਘ ਆਪਣੇ ਤੋਂ ਉਨ੍ਹੀਂ ਸਾਲ ਛੋਟੀ ਵਹੁਟੀ ਭਾਰਤ ਤੋਂ ਆਪਣੇ ਨਾਲ ਲਿਆਇਆ। ਮੇਓ ਦਾ ਵੱਡਾ ਭਰਾ ਘਨੱਈਆ ਵੀ ਆਪਣੀ ਘਰਵਾਲੀ ਲੈ ਆਇਆ। ਹੁਣ ਮੇਓ ਸਾਈਡਿੰਗ `ਤੇ ਇੱਕ ਛੋਟੀ ਜਿਹੀ ਕਮਿਊਨਿਟੀ ਬਣ ਗਈ ਸੀ। ਇਸ ਕਮਿਊਨਿਟੀ ਵਿੱਚ ਚਾਰ ਵੱਡੇ ਬੰਕ ਹਾਊਸ, ਵੀਹ ਤੋਂ ਉੱਪਰ ਇਕਹਿਰੇ  ਘਰ ਅਤੇ ਤਿੰਨ ਵੱਡੇ ਘਰ ਸਨ। ਪਹਿਲਾ ਮਕਾਨ ਮੇਓ ਦਾ ਸੀ ਅਗਲਾ ਘਨ੍ਹਈਏ ਦਾ ਤੇ ਕੁਝ ਵਿੱਥ ਨਾਲ ਕਪੂਰ ਦਾ। ਸਾਰੇ ਮਕਾਨਾਂ ਦਾ ਢਾਂਚਾ ਲੱਕੜ ਦਾ ਸੀ ਤੇ ਸਨ ਵੀ ਇੱਕੋ ਜਿੱਡੇ ਪਰ ਕਪੂਰ ਦੇ ਘਰ ਦਾ ਨਕਸ਼ਾ ਕੁਝ ਵੱਖਰਾ ਸੀ।

ਵੱਡੀ ਉਮਰ `ਚ ਜਾ ਕੇ ਗ੍ਰਹਿਸਥੀ ਸ਼ੁਰੂ ਕਰਨ ਕਰਕੇ ਕਪੂਰ ਤੇ ਬਸੰਤ ਕੌਰ ਨੂੰ ਲਗਦਾ ਸੀ ਕਿ ਉਨ੍ਹਾਂ ਦੇ ਘਰ ਬੱਚੇ ਨਹੀਂ ਪੈਦਾ ਹੋਣੇ। ਪਰ ਮੇਓ ਸਾਈਡਿੰਗ `ਤੇ ਇਕੱਠੇ ਰਹਿਣ ਦੇ ਪਹਿਲੇ ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਲਗਦਾ ਹੈ ਕਿ ਉਨ੍ਹਾਂ ਨੇ ਵੱਡੀ ਉਮਰ `ਚ ਸ਼ਾਦੀ-ਸ਼ੁਦਾ ਜੀਵਨ ਸ਼ੁਰੂ ਕਰਨ ਦੀ ਚੁਣੌਤੀ ਨੂੰ ਆਪਸੀ ਏਕੇ ਨਾਲ ਸਰ ਕਰ ਲਿਆ ਸੀ।  ਕਪੂਰ ਵਧੀਆ ਘਰੇਲੂ ਕਿਸਮ ਦਾ ਪਤੀ ਸਾਬਤ ਹੋਇਆ ਤੇ ਬਸੰਤ ਕੌਰ ਸਹਿਯੋਗ ਨਿਭਾਉਣ ਵਾਲੀ ਪਤਨੀ, ਜਿਸ ਨੇ ਮੇਓ ਸਾਈਡਿੰਗ `ਤੇ ਵਸੇ ਛੋਟੇ ਭਾਈਚਾਰੇ ਨੂੰ ਸੁਘੜ ਅਗਵਾਈ ਦਿੱਤੀ। ਜੈਕੀ ਤੇ ਸੁਰਜੀਤ ਉਨ੍ਹਾਂ ਦੇ ਸਵੇਰ ਵੇਲੇ ਦੇ ਨਿੱਤਨੇਮ ਨੂੰ ਬਹੁਤ ਪਿਆਰ ਨਾਲ ਯਾਦ ਕਰਦੀਆਂ ਹਨ, ਜਿਹੜਾ ਮੇਓ ਸਾਈਡਿੰਗ ਤੋਂ ਸ਼ੁਰੂ ਹੋਇਆ ਤੇ ਉਨ੍ਹਾਂ ਦੇ ਵੈਨਕੂਵਰ ਦੇ ਕੈਟਸੀਲੈਨੋ ਵਾਲੇ ਘਰ ਵਿੱਚ ਵੀ ਚਲਦਾ ਰਿਹਾ। 'ਡੈਡੀ' ਸਵੇਰੇ ਚਾਰ ਵਜੇ ਉੱਠਦੇ । ਲੱਕੜ ਵਾਲਾ ਚੁੱਲ੍ਹਾ ਬਾਲਦੇ, ਜਿਹੜਾ ਟੈਂਕ ਵਾਲੇ ਪਾਣੀ ਨੂੰ ਵੀ ਗਰਮ ਕਰਦਾ ਸੀ।  ਫਿਰ ਉਹ ਪਾਠ ਕਰਦੇ। 'ਮਾਂ' ਵੀ ਉਸੇ ਵੇਲੇ ਜਾਗਦੇ ਅਤੇ ਆਪਣੇ ਪੂਜਾ-ਪਾਠ ਵਿੱਚ ਲੀਨ ਹੋ ਜਾਂਦੇ। ਇਸ ਨੂੰ ਉਹ ਵਿਚਾਲੇ ਨਾ ਛੱਡਦੇ, ਨਬੇੜ ਕੇ ਹੀ ਉੱਠਦੇ। ਮਿੱਲ ਜਾਣ ਤੋਂ ਪਹਿਲਾਂ ਕਪੂਰ ਉਸ ਦਿਨ ਬਣਨ ਵਾਲੇ ਖਾਣੇ ਲਈ ਸਬਜ਼ੀਆਂ ਚੀਰ-ਛਿੱਲ ਦਿੰਦਾ ਤਾਂ ਕਿ ਬਸੰਤ ਕੌਰ ਦਾ ਕੰਮ ਘਟ ਜਾਵੇ। ਉਹ ਵੈਸ਼ਨੂੰ ਸੀ। ਜੇ ਕਿਸੇ ਦਿਨ ਮੀਟ ਬਣਨਾ ਹੁੰਦਾ, ਜਿਹੜਾ ਕਿ ਆਮ ਕਰਕੇ 'ਚਿਕਨ' ਹੀ ਹੁੰਦਾ, ਉਹ ਕਪੂਰ ਆਪ ਪਕਾਉਂਦਾ। ਬਸੰਤ ਕੌਰ ਕੁੱਤਿਆਂ ਤੋਂ ਬਿਨਾਂ ਕਿਸੇ ਲਈ ਮੀਟ ਨਾ ਰਿੰਨਦੀ। ਕੁੱਤਿਆਂ ਵਾਸਤੇ ਉਹ ਮੀਟ ਉਬਾਲ ਦਿੰਦੀ। ਆਪਣੀ ਪੀੜ੍ਹੀ ਦੀਆਂ ਹੋਰ ਸਿੱਖ ਔਰਤਾਂ ਵਾਂਗ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਸੀ।

ਕਪੂਰ ਅਤੇ ਬਸੰਤ ਕੌਰ ਨੇ ਆਪਣੀਆਂ ਧੀਆਂ ਨਾਲ ਬਹੁਤ ਗੂੜ੍ਹਾ ਰਿਸ਼ਤਾ ਕਾਇਮ ਕੀਤਾ। ਉਹ ਮਜ਼ਬੂਤ, ਯੋਗ ਅਤੇ ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਬਣੀਆਂ। ਉਹ ਆਪਣੇ ਮਾਪਿਆਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸਤਿਕਾਰ ਦੇਣ ਵਾਲੀਆਂ ਸਨ। ਬਸੰਤ ਕੌਰ ਨੇ ਅੰਗ੍ਰੇਜ਼ੀ ਸਿੱਖਣ ਲਈ ਬਹੁਤਾ ਤਰੱਦਦ ਨਾ ਕੀਤਾ। ਬਜ਼ਾਰੋਂ ਖ੍ਰੀਦੋ-ਫਰੋਖ਼ਤ ਕਰਨ ਜੋਗੀ ਅੰਗ੍ਰੇਜ਼ੀ ਉਹ ਬੋਲ ਲੈਂਦੀ। ਉਹ ਆਪਣੀ ਪੀੜ੍ਹੀ ਦੀਆਂ ਬਹੁਤ ਥੋੜ੍ਹੀਆਂ ਪੜ੍ਹੀਆਂ ਲਿਖੀਆਂ ਔਰਤਾਂ ਵਿੱਚੋਂ ਇੱਕ ਸੀ। ਉਹ ਚਾਰ ਭਸ਼ਾਵਾਂ ਵਿੱਚ ਲਿਖਣ ਜਾਣਦੀ ਸੀ। ਅੰਗ੍ਰੇਜ਼ੀ ਮਾਮੂਲੀ, ਪਰ ਪੰਜਾਬੀ, ਹਿੰਦੀ ਤੇ ਉਰਦੂ ਮੁਹਾਰਤ ਨਾਲ। ਭਾਰਤ ਤੋਂ ਆਉਣ ਵੇਲੇ ਉਹ ਆਪਣੇ ਨਾਲ ਮਗਰਲੀਆਂ ਤਿੰਨੇ ਭਸ਼ਾਵਾਂ ਦੀਆਂ ਕਿਤਾਬਾਂ  ਲਿਆਈ ਸੀ। ਉਸ ਨੇ ਉਹ ਕਿਤਾਬਾਂ ਆਪਣੀਆਂ ਬੱਚੀਆਂ ਨੂੰ ਪੜ੍ਹਣੀਆਂ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ। ਉਹ ਧਾਰਮਿਕ ਕਿਤਾਬਾਂ ਸਨ। ਧਾਰਮਿਕ ਵਿਸ਼ਵਾਸ਼ ਉਸਦੀ ਜ਼ਿੰਦਗੀ ਦੀ ਨੀਂਹ ਸੀ। ਕੁੜੀਆਂ ਜਾਣਦੀਆਂ ਸਨ ਕਿ ਉਹ ਪਾਠ ਕਰਨ ਵੇਲੇ ਵਿਘਨ ਬਰਦਾਸ਼ਿਤ ਨਹੀਂ ਸੀ ਕਰਦੀ। ਇਹ ਉਸਦਾ ਦਿਨ ਦਾ ਸਭ ਤੋਂ ਅਹਿਮ ਸਮਾਂ ਹੁੰਦਾ। ਉਹ ਬੇਟੀਆਂ ਨੂੰ ਰਮਾਇਣ ਵਿੱਚੋਂ ਕਹਾਣੀਆਂ ਸੁਣਾਉਂਦੀ ਜਾਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦੀਆਂ ਜਨਮ ਸਾਖੀਆਂ ਵਿੱਚੋਂ ਕੋਈ ਸਾਖੀ ਸੁਣਾਉਂਦੀ। ਉਸ ਨੂੰ ਇਹ ਸਾਖੀਆਂ ਯਾਦ ਸਨ ਤੇ ਉਹ ਸੁਣਾਉਣ ਦਾ ਤਰੀਕਾ ਵੀ ਜਾਣਦੀ ਸੀ। ਉਹ ਆਪਣੀਆਂ ਧੀਆਂ ਤੇ ਹੋਰਾਂ ਨੂੰ ਵੀ ਇਹ ਕਹਾਣੀਆਂ ਸੁਣਾ ਕੇ ਸੰਮੋਹਿਤ ਕਰ ਲੈਂਦੀ ਤੇ ਅਗਲੇ ਦੇ ਮਨਾਂ ਅੰਦਰ ਡੂੰਘੀ ਛਾਪ ਛੱਡ ਜਾਂਦੀ।

ਕਪੂਰ ਅਤੇ ਬਸੰਤ ਕੌਰ ਨੇ ਆਪਣੀਆਂ ਬੱਚੀਆਂ ਨੂੰ ਅਧਿਆਤਮਿਕ ਰਾਹ `ਤੇ ਚੱਲਣ ਦਾ ਮਹੱਤਵ ਦੱਸਿਆ। ਉਨ੍ਹਾਂ ਨੇ ਬੱਚੀਆਂ ਨੂੰ ਭਾਈਚਾਰੇ ਦੀ ਤਨ-ਮਨ-ਧਨ ਨਾਲ ਸੇਵਾ ਕਰਨਾ ਵੀ ਸਿਖਾਇਆ। ਮਾਪੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ।  ਬਸੰਤ ਕੌਰ ਹੋਰ ਧਰਮਾਂ ਦੇ ਲੋਕਾਂ ਨੂੰ ਕਹਿੰਦੀ, "ਤੁਹਾਡਾ ਰੱਬ ਹੀ ਮੇਰਾ ਰੱਬ ਹੈ।" ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀਆਂ ਬੇਟੀਆਂ ਡਾਕਟਰ ਬਣਨ। ਖਾਸ ਕਰਕੇ ਬਸੰਤ ਕੌਰ ਚਾਹੁੰਦੀ ਸੀ ਕਿ ਉਹ ਪੰਜਾਬ ਦੇ ਪਿੰਡਾਂ `ਚ ਜਾ ਕੇ ਡਾਕਟਰੀ ਸੇਵਾਵਾਂ ਨਿਭਾਉਣ। ਕੁੜੀਆਂ ਹਾਲੇ ਸਕੂਲ ਵਿੱਚ ਹੀ ਪੜ੍ਹਦੀਆਂ ਸਨ ਕਿ ਕਪੂਰ ਤੇ ਬਸੰਤ ਕੌਰ ਨੇ ਉਨ੍ਹਾਂ ਦੇ ਜੱਦੀ ਪਿੰਡ ਔੜ ਤੋਂ 25 ਕਿਲੋਮੀਟਰ ਦੂਰ ਫਗਵਾੜਾ ਕਸਬੇ ਵਿੱਚ ਹਸਪਤਾਲ ਲਈ ਇੱਕ ਪਲਾਟ ਖ੍ਰੀਦ ਲਿਆ। ਇਸ ਥਾਂ `ਤੇ ਉਹ ਚੈਰੀਟੇਬਲ ਹਸਪਤਾਲ ਉਸਾਰਨਾ ਚਾਹੁੰਦੇ ਸਨ, ਜਿੱਥੇ ਜੈਕੀ ਤੇ ਸੁਰਜੀਤ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰਕੇ ਕੰਮ ਸ਼ੁਰੂ ਕਰਨ। ਕੁੜੀਆਂ ਦੇ ਮੈਡੀਕਲ ਸਕੂਲ ਵਿੱਚ ਦਾਖਲੇ ਤੋਂ ਪਹਿਲਾਂ ਹੀ ਉਨ੍ਹਾਂ ਦੇ ਭਵਿੱਖ ਦਾ ਨਕਸ਼ਾ ਤਿਆਰ ਹੋ ਗਿਆ ਸੀ।

ਵੱਡੀਆਂ ਹੋ ਰਹੀਆਂ ਭੈਣਾਂ ਦੇ ਦਿਲ ਵਿੱਚ ਭਾਰਤ ਪ੍ਰਤੀ ਪਿਆਰ ਭਰਿਆ ਜਾ ਰਿਹਾ ਸੀ। ਉਨ੍ਹਾਂ ਨੇ ਆਪਣੇ ਮਾਪਿਆਂ ਤੋਂ ਸਿੱਖਿਆ ਕਿ ਇਹ ਦੇਸ਼ ਅਮੀਰ ਇਤਿਹਾਸ ਅਤੇ ਪ੍ਰੰਪਰਾਵਾਂ ਵਾਲਾ ਹੈ। ਉਨ੍ਹਾਂ ਨੇ ਆਪਣੀ ਮਾਂ ਤੋਂ ਸਿੱਖਿਆ ਕਿ ਉਨ੍ਹਾਂ ਦਾ ਸਿੱਖ ਧਰਮ ਆਦਮੀ-ਔਰਤਾਂ, ਛੋਟੀ ਜਾਂ ਵੱਡੀ ਜਾਤ ਸਭ ਦੀ ਕਦਰ ਕਰਨੀ ਦੱਸਦਾ ਹੈ। 'ਸੰਸਾਰ ਹੋਰ ਖੁਸ਼ਹਾਲ ਹੋ ਜਾਵੇ ਜੇ ਪੱਛਮ ਦੀ ਸਾਇੰਸ ਅਤੇ ਭਾਰਤ ਦੇ ਵਿਵੇਕ ਨੂੰ ਇੱਕਠਿਆਂ ਕੀਤਾ ਜਾਵੇ,' ਇਹ ਉਨ੍ਹਾਂ ਨੇ ਆਪਣੇ ਪਿਤਾ ਤੋਂ ਗ੍ਰਹਿਣ ਕੀਤਾ। ਇੱਕ ਵਾਰ ਕੈਟਸੀਲੈਨੋ ਹਾਈ ਸਕੂਲ ਵਿੱਚ ਪ੍ਰਾਚੀਨ ਇਤਿਹਾਸ ਪੜ੍ਹਦਿਆਂ ਸੁਰਜੀਤ ਨੇ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਕਿਉਂ ਕਿ ਉਸ ਵਿੱਚ ਭਾਰਤ ਦਾ ਜ਼ਿਕਰ ਨਹੀਂ ਸੀ ਆਇਆ। ਏਸ਼ੀਆ ਬਾਰੇ  ਇੱਕ ਵਾਕ ਵਿੱਚ ਹੀ ਸਾਰਾ ਏਸ਼ੀਆ ਕਵਰ ਕੀਤਾ ਹੋਇਆ ਸੀ ਤੇ ਫਿਰ ਮਿਸਰ ਤੇ ਯੂਰਪ ਬਾਰੇ ਵਰਨਣ ਸ਼ੁਰੂ ਹੋ ਜਾਂਦਾ ਸੀ। ਕਨੇਡਾ ਵਿੱਚ ਇਸੇ ਤਰ੍ਹਾਂ ਹੀ ਸੀ। ਉਨ੍ਹਾਂ ਦੇ ਪਿਤਾ ਨੇ ਦੱਸਿਆ, "ਉਹ ਹੋਰ ਕੁਝ ਨਹੀਂ ਪੜ੍ਹਾਉਂਦੇ।" ਸੁਰਜੀਤ ਨੂੰ ਇੱਕ ਗੱਲ ਹੋਰ ਵੀ ਭੈੜੀ ਲੱਗੀ ਸੀ, ਜਦੋਂ ਉਹ ਈਵੈਂਜਲਿਸਟ ਕ੍ਰਿਸ਼ਚੀਅਨ ਦਾ ਭਾਸ਼ਣ ਸੁਣਨ ਗਈ ਸੀ।

ਮਾਪਿਆਂ ਵੱਲੋਂ ਭੇਜੀਆਂ ਗਈਆਂ ਭੈਣਾਂ ਨੂੰ ਉਦੋਂ ਧੱਕਾ ਲੱਗਾ, ਜਦੋਂ ਵਿਖਿਆਨੀ ਨੇ ਭਾਰਤੀ ਧਾਰਮਿਕ ਪਰੰਪਰਾ ਨੂੰ ਫਨੀਅਰ ਸੱਪ, ਪਵਿੱਤਰ ਗਾਂ ਅਤੇ ਸੂਲਾਂ `ਤੇ ਪਏ ਫ਼ਕੀਰ ਦੀਆਂ ਸਲਾਈਡਾਂ ਦਿਖਾ ਕੇ ਪੇਸ਼ ਕੀਤਾ। ਸੁਰਜੀਤ ਨੂੰ ਇਹ ਅਪਮਾਨਜਨਕ ਲੱਗਾ। ਘਰ ਆ ਕੇ ਉਸ ਨੇ ਆਪਣੇ ਮਾਪਿਆਂ ਕੋਲ ਇਸਦਾ ਵਿਰੋਧ ਕੀਤਾ।  ਅਜੇਹੇ ਮੌਕਿਆਂ `ਤੇ 'ਡੈਡੀ' ਦੱਸਦੇ ਕਿ ਗੋਰੇ ਲੋਕ ਬਸਤੀਆਂ `ਤੇ ਆਪਣੀ ਪਕੜ ਨੂੰ ਜਾਇਜ਼ ਠਹਿਰਾਉਣ ਲਈ ਹੀ ਅਜੇਹੇ ਦ੍ਰਿਸ਼ ਪੇਸ਼ ਕਰਦੇ ਸਨ। ਪਰ ਇਹ ਗੱਲਾਂ ਉਸ ਨੂੰ ਤੰਗ ਨਹੀਂ ਸੀ ਕਰਦੀਆਂ ਭਾਵੇਂ ਉਹ ਭਾਰਤ ਦੀ ਆਜ਼ਾਦੀ ਦੇ ਹੱਕ ਵਿੱਚ ਸੀ। ਗੋਰਿਆਂ ਨਾਲ ਵਰਤਾਵ ਕਰਦਿਆਂ ਉਸ ਨੂੰ ਬਹੁਤ ਪਹਿਲਾਂ ਇਹ ਗੱਲ ਸਮਝ ਲੱਗ ਗਈ ਸੀ ਕਿ ਉਹ ਜਾਣ-ਬੁੱਝ ਕੇ ਬੇਇਜ਼ਤੀ ਨਹੀਂ ਸੀ ਕਰਦੇ ਸਗੋਂ ਉਹ ਭਾਰਤ ਪ੍ਰਤੀ ਬੇਸਮਝ ਸਨ। ਉਸ ਨੇ ਚੀਜ਼ਾਂ ਨੂੰ ਸੰਜਮ ਨਾਲ ਦੇਖਣ ਦਾ ਇਹ ਤਰੀਕਾ ਆਪਣੀਆਂ ਬੇਟੀਆਂ ਨੂੰ ਸਿਖਾਇਆ।

ਉਨ੍ਹਾਂ ਦੇ ਘਰ ਦੀ ਲਾਇਬ੍ਰੇਰੀ ਵਿੱਚ ਸ਼ਾਇਦ ਸਭ ਤੋਂ ਵਡਮੁੱਲੀ ਕਿਤਾਬ 'ਦਾ ਵਿਜ਼ਡਮ ਆਫ਼ ਚਾਈਨਾ ਐਂਡ ਇੰਡੀਆ' ਸੀ। ਇਸ ਕਿਤਾਬ ਨੂੰ ਚੀਨੀ ਮੂਲ ਦੇ ਅਮਰੀਕਨ ਲਿਨ ਯੂ ਟਾਂਗ ਨੇ ਸੰਪਾਦਿਤ ਕੀਤਾ ਸੀ। ਇਸ ਕਿਤਾਬ ਵਿੱਚ ਮਹਾਨ ਹਿੰਦੂ, ਬੋਧੀ ਤੇ ਕਨਫਿਊਜ਼ੀਅਨ ਸਿੱਖਿਆਵਾਂ ਹਨ। ਕਪੂਰ ਨੇ ਇਹ 1940 ਦੇ ਸ਼ੁਰੂ ਵਿੱਚ ਸੱਜਰੀ ਹੀ ਛਪੀ ਖ੍ਰੀਦ ਲਈ ਸੀ। ਉਸ ਲਈ ਇਹ ਵਡਮੁੱਲੀ ਸੀ ਕਿਉਂ ਕਿ ਇਹ ਬਹੁਤ ਸਾਰੇ ਅਧਿਆਤਮਿਕ ਰਸਤਿਆਂ ਦੇ ਵਿਵੇਕਸ਼ੀਲ ਵਿਚਾਰਾਂ ਨਾਲ ਭਰੀ ਪਈ ਸੀ। ਜਿਹੜਾ ਕੁਝ ਵੀ ਉਹ ਅਧਿਆਤਮ ਬਾਰੇ ਆਖਦਾ, ਬਸੰਤ ਕੌਰ ਉਸਦਾ ਸਮਰਥਨ ਕਰਦੀ। ਇਸੇ ਤਰ੍ਹਾਂ ਹੀ ਕਪੂਰ ਕਰਦਾ। ਬਸੰਤ ਕੌਰ ਚਾਹੁੰਦੀ ਸੀ ਕਿ ਉਸਦੀਆਂ ਬੇਟੀਆਂ ਧਰਮ ਬਾਰੇ ਸਿੱਖਣ ਅਤੇ ਦੂਜੇ ਧਰਮਾਂ ਨਾਲ ਭੇਦ-ਭਾਵ ਨਾ ਕਰਨ। ਜਦੋਂ ਉਹ ਔੜ ਰਹਿੰਦੀ ਸੀ ਤਾਂ ਹਿੰਦੂ ਤੇ ਸਿੱਖਾਂ ਨੂੰ ਬਰਾਬਰ ਦਾ ਦਾਨ ਦਿੰਦੀ। ਜਦੋਂ ਕੋਈ ਸਿੱਖ ਇਸ ਬਾਰੇ ਇਤਰਾਜ਼ ਕਰਦਾ ਤਾਂ ਉਹ ਕਹਿੰਦੀ, "ਤੁਹਾਨੂੰ ਇਸ ਨਾਲ ਕੀ? ਅਸੀਂ ਸਾਰੇ ਇੱਕ ਹਾਂ।" ਜਦੋਂ ਉਸਦੀਆਂ ਬੇਟੀਆਂ ਦੇ ਗਲਿਆਂ ਵਿੱਚੋਂ ਟੌਂਸਲ ਕੱਢਣ ਲਈ ਵਿਕਟੋਰੀਆ ਦੇ ਸੇਂਟ ਜ਼ੋਸਫ ਹਸਪਤਾਲ ਵਿੱਚ ਅਪ੍ਰੇਸ਼ਨ ਕੀਤੇ ਗਏ ਤਾਂ ਨੰਨ ਨੇ ਹਸਪਤਾਲ ਦੇ ਗਿਰਜਾਘਰ ਵਿੱਚ ਪ੍ਰਾਰਥਨਾ ਕਰਨ ਲਈ ਉਸ ਨੂੰ ਸੱਦ ਲਿਆ। ਬਸੰਤ ਕੌਰ ਲਈ ਇਹ ਸੱਦਾ ਪ੍ਰਵਾਨ ਕਰਨਾ ਸੁਭਾਵਕ ਸੀ। ਨੰਨ ਨੇ ਦੇਖਿਆ ਕਿ ਬਸੰਤ ਕੌਰ ਵੀ ਉਸ ਵਾਂਗ ਹੀ ਮਾਲਾ ਫੇਰ ਰਹੀ ਸੀ। ਇਹ ਉਨ੍ਹਾਂ ਦੀ ਸਾਂਝੀ ਜ਼ੁਬਾਨ ਸੀ, ਜਿਸਨੂੰ ਕਿਸੇ ਉਲੱਥੇ ਦੀ ਜ਼ਰੂਰਤ ਨਹੀਂ ਸੀ।

ਜੈਕੀ ਤੇ ਸੁਰਜੀਤ ਨੂੰ ਰੋਮਨ ਕੈਥੋਲਿਕ ਗਿਰਜੇ ਵਿਚਲੇ ਉਹ ਪਲ ਚੇਤੇ ਸਨ, ਜਿਹੜੇ ਉਨ੍ਹਾਂ ਦੀ ਮਾਂ ਦੇ ਦੂਜੇ ਧਰਮਾਂ ਬਾਰੇ ਖੁੱਲ -ਦਿਲੀ ਦਰਸਾਉਂਦੇ ਸਨ। ਉਹ ਆਪਣੀ ਸੀਮਤ ਅੰਗ੍ਰੇਜ਼ੀ ਤੋਂ ਉੱਪਰ ਉੱਠ ਖਲੋਤੀ ਸੀ। ਉਹ ਰੁਕਾਵਟਾਂ ਨੂੰ ਨਹੀਂ ਸੀ ਮੰਨਦੀ ਭਾਵੇਂ ਉਸਦਾ ਪਰਿਵਾਰ ਅਤੇ ਭਾਈਚਾਰਾ ਰੁਕਾਵਟਾਂ ਨਾਲ ਘਿਰਿਆ ਹੋਇਆ ਸੀ। ਉਸ ਵੇਲੇ ਸਿੱਖ ਅਤੇ ਹੋਰ ਸਾਊਥ ਏਸ਼ੀਅਨ ਬ੍ਰਿਟਿਸ਼ ਕੋਲੰਬੀਆ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਸਨ। ਉਹ ਫੈਡਰਲ, ਸੂਬਾਈ ਅਤੇ ਮਿਉਂਸਪਲ ਚੋਣਾਂ ਵਿੱਚ ਵੋਟ ਨਹੀਂ ਸੀ ਪਾ ਸਕਦੇ। ਬਹੁਤ ਸਾਰੇ ਥਾਵਾਂ `ਤੇ ਉਨ੍ਹਾਂ ਲਈ ਨੌਕਰੀਆਂ ਲਈ ਪਾਬੰਦੀਆਂ ਸਨ। ਉਹ ਹੋਰ ਕਨੇਡੀਅਨਾਂ ਵਾਂਗ ਆਪਣੇ ਰਿਸ਼ਤੇਦਾਰਾਂ ਨੂੰ ਕਨੇਡਾ ਨਹੀਂ ਸੀ ਮੰਗਵਾ ਸਕਦੇ। ਹਜਾਮਤ ਕਰਵਾਉਣ ਗਿਆਂ ਨੂੰ ਇਨਕਾਰ ਹੋ ਜਾਂਦਾ ਸੀ। ਸਿਨਮੇ ਵਿੱਚ ਬਾਲਕੋਨੀ ਵਿੱਚ ਬੈਠਣ ਲਈ ਕਿਹਾ ਜਾਂਦਾ ਸੀ। ਕਪੂਰ ਨੇ ਇਹ ਸਭ ਬਦਲਣ ਲਈ ਕੀਤੇ ਸੰਘਰਸ਼ ਵਿੱਚ ਮੁੱਖ ਭੂਮਿਕਾ ਨਿਭਾਈ। ਸਿੱਧੂ ਪਰਿਵਾਰ ਦੀ ਫੋਟੋ ਐਲਬਮ ਵਿੱਚ ਸੰਭਾਲੀਆਂ ਗਈਆਂ ਮਾਣ ਕਰਨਯੋਗ ਤਸਵੀਰਾਂ ਵਿੱਚ ਇੱਕ ਤਸਵੀਰ 1939 ਵਿੱਚ ਖਿੱਚੀ ਗਈ ਸੀ। ਇਸ ਫੋਟੋ ਵਿੱਚ ਕਨੇਡਾ ਵਿੱਚ ਸਿੱਖਾਂ ਅਤੇ ਹੋਰ ਇੰਡੋ-ਕਨੇਡੀਅਨਾਂ ਦੇ ਹੱਕਾਂ ਲਈ ਲੜਾਈ ਵਿੱਚ ਮੋਢੀ ਰੋਲ ਨਿਭਾਉਣ ਵਾਲੇ ਚਾਰ ਆਦਮੀ ਹਨ।  ਇਨ੍ਹਾਂ ਨੇ ਇਸ ਸੰਘਰਸ਼ ਵਿੱਚ ਮਾਇਕ ਯੋਗਦਾਨ ਵੀ ਪਾਇਆ।  ਇਨ੍ਹਾਂ ਚਾਰਾਂ ਵਿੱਚ ਕਪੂਰ ਇੱਕ ਹੈ। ਬਾਕੀ ਤਿੰਨਾਂ ਵਿੱਚ ਉਸਦਾ ਵਪਾਰਕ ਭਾਈਵਾਲ ਮੇਓ ਸਿੰਘ, ਉਨ੍ਹਾਂ ਦਾ ਬੁਲਾਰਾ ਤੇ ਨੀਤੀਘਾੜ੍ਹਾ ਡਾ. ਦੁਰਾਏ ਪਾਂਡੀਆ ਅਤੇ ਕਰਤਾਰ ਸਿੰਘ ਹੁੰਦਲ ਹਨ।

ਇਹ ਤਸਵੀਰ ਪ੍ਰਵਾਨਗੀ ਅਤੇ ਯੋਗ ਵਿਹਾਰ ਲਈ ਲੜੀ ਲੰਬੀ ਲੜਾਈ ਤੇ ਵੱਡੀ ਜਿੱਤ ਦੀ ਨਿਸ਼ਾਨਦੇਹੀ ਕਰਦੀ ਹੈ। ਇਮੀਗਰੇਸ਼ਨ ਦਾ ਮਸਲਾ ਹਾਲੇ ਉਵੇਂ ਹੀ ਸੀ। ਲੋਕਾਂ ਦੀ ਬੇਸਮਝੀ ਅਤੇ ਘੱਟ ਗਿਣਤੀ ਲੋਕਾਂ ਪ੍ਰਤੀ ਤੰਗ ਦਿਲੀ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿੰਦੀਆਂ ਸਨ। ਪਰ ਕਪੂਰ ਦਾ ਪਰਿਵਾਰ ਅਤੇ ਸਾਊਥ ਏਸ਼ੀਅਨ ਭਾਈਚਾਰੇ ਵਿੱਚੋਂ ਕਈ ਹੋਰ ਆਰਥਿਕ ਪੱਖੋਂ ਚੰਗੇ ਸਨ। ਖਾਸ ਕਰਕੇ ਕਪੂਰ ਨੇ ਸਮਾਜਕ ਤੇ ਵਪਾਰਕ ਜਗਤ ਵਿੱਚ ਚੰਗੀ ਪੈਂਠ ਬਣਾ ਲਈ ਸੀ, ਜਿਸ ਕਰਕੇ ਉਸਦੀ ਕਨੇਡਾ ਦੀ ਮੁੱਖ-ਧਾਰਾ ਦੇ ਲੋਕਾਂ ਤੱਕ ਪਹੁੰਚ ਹੋ ਗਈ ਸੀ। ਉਸ ਨੇ ਇਕ ਨਾਲੋਂ ਜ਼ਿਆਦਾ ਵਾਰੀ ਇਹ ਟਿੱਪਣੀ ਕੀਤੀ ਸੀ ਕਿ ਕਨੇਡਾ "ਅਮਲੀ ਰੂਪ ਵਿੱਚ ਕੌਮਾਂ ਦਾ ਇੱਕ ਇਕੱਠ ਸੀ"(6)।. ਉਸ ਨੇ ਬਹੁਤ ਸਾਰੇ ਪ੍ਰਭਾਵਸ਼ਾਲੀ ਐਂਗਲੋ-ਕਨੇਡੀਅਨ ਦੋਸਤ ਬਣਾਏ, ਜਿਨ੍ਹਾਂ ਤੱਕ ਉਹ ਵਪਾਰਕ ਜਾਂ ਘਰੇਲੂ ਸਹਾਇਤਾ ਲਈ ਪਹੁੰਚ ਕਰ ਸਕਦਾ ਸੀ ਜਾਂ ਜਿਨ੍ਹਾਂ ਦੀ ਉਸ ਨੇ ਮੱਦਦ ਕੀਤੀ। ਜਦੋਂ ਉਸ ਨੂੰ ਅਤੇ ਹੋਰ ਸਾਊਥ ਏਸ਼ੀਅਨਾਂ ਨੂੰ ਵੋਟ ਦਾ ਹੱਕ ਮਿਲਿਆ, ਉਦੋਂ ਉਸਦੀਆਂ ਬੇਟੀਆਂ ਟਰਾਂਟੋ ਵਿੱਚ ਡਾਕਟਰੀ ਦੀ ਪੜ੍ਹਾਈ ਕਰਦੀਆਂ ਸਨ ਅਤੇ ਪਰਿਵਾਰ ਇਸ ਉਡੀਕ ਵਿੱਚ ਸੀ ਕਿ ਉਹ ਭਾਰਤ ਜਾ ਕੇ ਡਾਕਟਰੀ ਸੇਵਾਵਾਂ ਨਿਭਾਉਣ। ਪਰਿਵਾਰ ਇਸ ਹਾਲਤ ਵਿੱਚ ਸੀ ਕਿ ਉਹ ਭਾਈਚਾਰੇ ਦੀ ਭਾਰਤ ਅਤੇ ਕਨੇਡਾ ਵਿੱਚ ਸੇਵਾ ਕਰ ਸਕੇ। ਇਹ ਉਨ੍ਹਾਂ ਦੇ ਪਰਿਵਾਰ ਦੀ ਕਹਾਣੀ ਦਾ ਇੱਕ ਵਚਿੱਤਰ ਅਧਿਆਏ ਹੋਣਾ ਸੀ। ਇਹ ਕਪੂਰ ਦੀ ਵਪਾਰ ਵਿੱਚ ਕਾਮਯਾਬੀ ਕਰਕੇ ਹੀ ਸੀ। ਉਨ੍ਹਾਂ ਦਾ ਤਜਰਬਾ ਇੱਕ ਸਦੀ ਪਹਿਲਾਂ ਕਨੇਡਾ ਆਏ ਪ੍ਰਵਾਸੀਆਂ ਵਰਗਾ ਵੀ ਸੀ ਤੇ ਨਿਵੇਕਲਾ ਵੀ।

Read 249 times Last modified on Friday, 27 April 2018 02:46