You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 30-39

ਲੇਖ਼ਕ

Friday, 27 April 2018 01:26

ਕੌਰਵ ਸਭਾ - ਕਾਂਡ 30-39

Written by
Rate this item
(0 votes)

ਪੁਲਿਸ ਨੇ ਪੰਕਜ ਹੋਰਾਂ ਨੂੰ ਪੇਸ਼ਗੀ ਜ਼ਮਾਨਤ ਦੇ ਫੈਸਲੇ ਤਕ ਨਾ ਫੜਨ ਦਾ ਭਰੋਸਾ ਦਿੱਤਾ ਸੀ। ਪੁਲਿਸ ਆਪਣੇ ਵਾਅਦੇ ਉਪਰ ਕਾਇਮ ਸੀ।

ਪਰ ਮੁਲਜ਼ਮ ਕੋਈ ਜੋਖ਼ਮ ਨਹੀਂ ਸੀ ਉਠਾ ਰਹੇ। ਉਹ ਪੁਲਿਸ ਦੀ ਅੱਖ ਤੋਂ ਬਚਣ ਲਈ ਘੰਟੇ ਘੰਟੇ ਬਾਅਦ ਥਾਂ ਬਦਲ ਰਹੇ ਸਨ।

ਨੰਦ ਲਾਲ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੋਇਆ ਸੀ। ਕਾਨੂੰਨ ਦਿਖਾ ਕੇ, ਰੌਲਾ ਪਾ ਕੇ ਉਸਨੇ ਪੰਜ ਚਾਰ ਦਿਨਾਂ ਲਈ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਵਾ ਦੇਣੀ ਸੀ। ਮੁਲਜ਼ਮਾਂ ਨੂੰ ਪੁਲਿਸ ਕੋਲ ਜਾ ਕੇ ਤਫ਼ਤੀਸ਼ ਵਿੱਚ ਸ਼ਾਮਲ ਹੋਣ ਅਤੇ ਪੁਲਿਸ ਦੇ ਸ਼ੱਕ ਦੂਰ ਕਰਨ ਦਾ ਹੁਕਮ ਕਰਵਾ ਦੇਣਾ ਸੀ। ਇੱਕ ਵਾਰ ਉਹ ਤਫ਼ਤੀਸ਼ ਵਿੱਚ ਸ਼ਾਮਲ ਹੋ ਗਏ, ਫੇਰ ਉਨ੍ਹਾਂ ਦੀ ਪੱਕੀ ਜ਼ਮਾਨਤ ਨੂੰ ਕੋਈ ਨਹੀਂ ਸੀ ਰੋਕ ਸਕਦਾ।

ਪੰਕਜ ਹੋਰੀਂ ਨੰਗ ਮਲੰਗ ਨਹੀਂ ਸਨ ਕਿ ਸ਼ਹਿਰ ਛੱਡ ਕੇ ਭੱਜ ਜਾਣਗੇ। ਉਹ ਕਰੋੜਾਂ ਦੇ ਮਾਲਕ ਸਨ। ਜਦੋਂ ਪੁਲਿਸ ਨੂੰ ਉਨ੍ਹਾਂ ਦੀ ਲੋੜ ਨਹੀਂ, ਫੇਰ ਉਨ੍ਹਾਂ ਨੂੰ ਜੇਲ੍ਹ ਡੱਕੀ ਰੱਖਣ ਦਾ ਕੀ ਮਤਲਬ? ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਹਾਜ਼ਰ ਰਹਿਣ ਲਈ ਉਹ ਭਾਰੀ ਤੋਂ ਭਾਰੀ ਜ਼ਮਾਨਤ ਦੇਣ ਲਈ ਤਿਆਰ ਸਨ। ਜੋ ਫੈਸਲਾ ਹੋਏਗਾ ਸਿਰ ਮੱਥੇ ‘ਤੇ। ਸਜ਼ਾ ਹੋਈ ਜੇਲ੍ਹ ਜਾਣਗੇ। ਇੱਜ਼ਤਦਾਰ ਬੰਦਿਆਂ ਨੂੰ ਬਿਨਾਂ ਮਤਲਬ ਜੇਲ੍ਹ ਵਿੱਚ ਨਹੀਂ ਸੀ ਡੱਕਿਆ ਜਾ ਸਕਦਾ। ਕਾਨੂੰਨ ਇਹੋ ਆਖਦਾ ਸੀ।

ਨੰਦ ਲਾਲ ਦੀ ਇਸ ਹੱਲਾਸ਼ੇਰੀ ਦੇ ਮੱਦੇ ਨਜ਼ਰ ਦੋਸ਼ੀ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦੀ ਯੋਜਨਾ ਘੜ ਰਹੇ ਸਨ। ਪੁਲਿਸ ਉਨ੍ਹਾਂ ਨੂੰ ਝੱਟ ਪੱਟ ਤਫ਼ਤੀਸ਼ ਵਿੱਚ ਸ਼ਾਮਲ ਕਰਨ ਲਈ ਸਹਿਮਤ ਹੋ ਚੁੱਕੀ ਸੀ। ਪੁੱਛ ਗਿੱਛ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਇੱਕ ਸੁਝਾਅ ਆਇਆ ਸੀ। ਵੈਸੇ ਇਹ ਕਾਨੂੰਨ ਸੀ ਕਿ ਪੁੱਛ ਗਿੱਛ ਦੌਰਾਨ ਦੋਸ਼ੀ ਇੱਕ ਡਾਕਟਰ ਅਤੇ ਇੱਕ ਵਕੀਲ ਆਪਣੇ ਨਾਲ ਰੱਖ ਸਕਦਾ ਸੀ। ਪੁਲਿਸ ਨੂੰ ਇਸ ਕਾਨੂੰਨ ਦੀ ਪਾਲਣਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਸੀ। ਪਰ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਅਦਾਲਤ ਵੱਲੋਂ ਨਵੇਂ ਹੁਕਮ ਜਾਰੀ ਕਰਵਾ ਲਏ ਜਾਣ ਤਾਂ ਠੀਕ ਰਹਿਣਾ ਸੀ। ਪੱਤਰਕਾਰ ਹਰਲ ਹਰਲ ਕਰਦੇ ਫਿਰਦੇ ਸਨ। ਕੋਈ ਭਰੋਸਾ ਨਹੀਂ, ਪੁੱਛ ਗਿੱਛ ਦੌਰਾਨ ਕੈਮਰੇ ਲੈ ਕੇ ਆ ਜਾਣ। ਉਨ੍ਹਾਂ ਦੀ ਹਾਜ਼ਰੀ ਵਿੱਚ ਪੁਲਿਸ ਨੂੰ ਸਖ਼ਤੀ ਵਰਤਣੀ ਪੈ ਸਕਦੀ ਸੀ। ਡਾਕਟਰਾਂ ਅਤੇ ਵਕੀਲਾਂ ਦੀ ਹਾਜ਼ਰੀ ਵਿੱਚ ਪੁਲਿਸ ਨੂੰ ਨਰਮ ਰਹਿਣਾ ਪੈਣਾ ਸੀ। ਪੱਤਰਕਾਰ ਵੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ।

ਪੁੱਛ ਗਿੱਛ ਨਿਰਵਿਘਨ ਹੋ ਜਾਣੀ ਸੀ।

ਪੰਕਜ ਸਿਵਲ ਸਰਜਨ ਨੂੰ ਭਰੋਸੇ ਵਿੱਚ ਲੈਣ ਦਾ ਯਤਨ ਕਰ ਰਿਹਾ ਸੀ। ਕਿਹੜਾ ਡਾਕਟਰ ਨਿਯੁਕਤ ਕੀਤਾ ਜਾਵੇ, ਉਸਦਾ ਨਾਂ ਸੁਝਾਅ ਰਿਹਾ ਸੀ।

ਪਰ ਉਧਰੋਂ ਦਰਖ਼ਾਸਤ ਸਾਧੂ ਸਿੰਘ ਦੇ ਲੱਗਣ ਅਤੇ ਪੇਸ਼ਗੀ ਜ਼ਮਾਨਤ ਦੇ ਇੱਕ ਦਿਨ ਲਈ ਟਲਣ ਦੀ ਖ਼ਬਰ ਨੇ ਸਭ ਦੇ ਸਿਰਾਂ ਵਿੱਚ ਸੌ ਘੜੇ ਪਾਣੀ ਪਾ ਦਿੱਤਾ।

ਨਵੇਂ ਸਿਰੇ ਤੋਂ ਨਵੀਆਂ ਯੋਜਨਾਵਾਂ ਘੜੀਆਂ ਜਾਣ ਲੱਗੀਆਂ।

ਅਜੇ ਨੂੰ ਨੰਦ ਲਾਲ ਵੱਲ ਦੌੜਾਇਆ ਗਿਆ। ਵਿਨੇ ਨੂੰ ਸਿੰਗਲੇ ਵੱਲ।

ਨੰਦ ਲਾਲ ਨੇ ਆਪਣੇ ਸੁਝਾਅ ਅਜੇ ਨੂੰ ਦੱਸ ਦਿੱਤੇ। ਸਿੰਗਲੇ ਦਾ ਕੁੱਝ ਕੰਮ ਬਾਕੀ ਸੀ। ਉਹ ਘੰਟੇ ਤਕ ਉਨ੍ਹਾਂ ਕੋਲ ਪੁੱਜ ਰਿਹਾ ਸੀ।

ਸਿੰਗਲੇ ਦੇ ਆਉਣ ਤੋਂ ਪਹਿਲਾਂ ਯਾਰ ਦੋਸਤ ਆਪਸ ਵਿੱਚ ਮਸ਼ਵਰਾ ਕਰਨ ਲੱਗੇ।

ਨੰਦ ਲਾਲ ਤੋਂ ਸਿਵਾ ਹਰ ਕੋਈ ਆਖ ਰਿਹਾ ਸੀ ਕਿ ਸਾਧੂ ਸਿੰਘ ਸਕੇ ਬਾਪ ਦਾ ਆਖਾ ਨਹੀਂ ਮੰਨਦਾ। ਪਰ ਨੰਦ ਲਾਲ ਜ਼ੋਰ ਦੇ ਰਿਹਾ ਸੀ ਕਿ ਸਾਧੂ ਸਿੰਘ ਤਕ ਪਹੁੰਚ ਕੀਤੀ ਜਾਵੇ। ਉਸਨੇ ਸਿਫਾਰਸ਼ੀਆਂ ਦੇ ਨਾਂ ਵੀ ਦੱਸੇ ਸਨ।

ਇੱਕ ਸਿਫਾਰਸ਼ ਪਟਿਆਲੇ ਸਾਧੂ ਸਿੰਘ ਦੇ ਕੁੜਮ ਦੀ ਸੀ।

ਦੂਜੀ ਬਠਿੰਡੇ ਉਸਦੇ ਸਾਲੇ ਦੀ।

ਨੰਦ ਲਾਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਹ ਨਾਂ ਸੁਣੇ ਸੁਣਾਏ ਨਹੀਂ ਹਨ।

ਇਹ ਸਿਫਾਰਸ਼ਾਂ ਨੰਦ ਲਾਲ ਪਰਖ ਚੁੱਕਾ ਸੀ। ਲੋਕਾਂ ਨੂੰ ਕੀ ਪਤਾ ਸੀ ਅੰਦਰ ਖ਼ਾਤੇ ਕੀ ਹੁੰਦਾ ਸੀ? ਸਿਆਣਾ ਜੱਜ ਇੱਕ ਅੱਧ ਕੇਸ ਵਿੱਚ ਪੈਸੇ ਲੈਂਦਾ ਸੀ। ਉਸੇ ਵਿਚੋਂ ਸਾਲ ਦਾ ਖਰਚ ਕੱਢ ਲੈਂਦਾ ਸੀ। ਪੰਕਜ ਦਾ ਕੇਸ ਸਾਲ ਦਾ ਖਰਚ ਕੱਢਣ ਵਾਲੇ ਕੇਸਾਂ ਵਿੱਚ ਆਉਂਦਾ ਸੀ।

ਨੰਦ ਲਾਲ ਜ਼ੋਰ ਦੇ ਰਿਹਾ ਸੀ। ਦੋਹਾਂ ਵਿਚੋਂ ਕਿਸੇ ਇੱਕ ਰਿਸ਼ਤੇਦਾਰ ਨੂੰ ਫੜ ਲਓ।

ਸਾਧੂ ਸਿੰਘ ਦੇ ਰਿਸ਼ਤੇਦਾਰਾਂ ਤਕ ਪਹੁੰਚ ਕੀਤੀ ਜਾਵੇ ਜਾਂ ਨਾ? ਇਸ ਭੰਬਲ ਭੂਸੇ ਵਿਚੋਂ ਨਿਕਲਣ ਲਈ ਸਿੰਗਲੇ ਦਾ ਇੰਤਜ਼ਾਰ ਹੋਣ ਲੱਗਾ।

ਹੁਣ ਤਕ ਸਿੰਗਲੇ ਦੇ ਮਸ਼ਵਰੇ ਜ਼ਿਆਦਾ ਵਜ਼ਨਦਾਰ ਸਿੱਧ ਹੋਏ ਸਨ। ਉਹ ਜੋ ਆਖਦਾ ਸੀ, ਸੱਚ ਨਿਕਲਦਾ ਸੀ। ਬਾਬੂ ਪੈਸੇ ਵੀ ਬਟੋਰੀ ਜਾਂਦਾ ਸੀ, ਕੁੱਝ ਪਲੇ ਵੀ ਨਹੀਂ ਸੀ ਪੈਂਦਾ।

ਤਾਰੀਖ਼ ਨੇੜੇ ਸੀ। ਸਮਾਂ ਥੋੜ੍ਹਾ ਸੀ। ਉਨ੍ਹਾਂ ਨੇ ਬਹੁਤ ਥਾਈਂ ਪਹੁੰਚ ਕਰਨੀ ਸੀ।

ਸਿੰਗਲੇ ਦੇ ਪੁੱਜਦੇ ਹੀ ਉਨ੍ਹਾਂ ਨੇ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ।

ਸਿੰਗਲੇ ਨੂੰ ਜਵਾਬ ਸੋਚ ਸਮਝ ਕੇ ਦੇਣੇ ਪੈ ਰਹੇ ਸਨ। ਇੱਕ ਪਾਸੇ ਉਸਨੇ ਨੰਦ ਲਾਲ ਦੀਆਂ ਚਲਾਕੀਆਂ ਨੂੰ ਨੰਗਾ ਕਰਨਾ ਸੀ। ਦੂਜੇ ਪਾਸੇ ਆਪਣੀ ਧੌੜੀ ਵੀ ਬਚਾ ਕੇ ਰੱਖਣੀ ਸੀ।

ਨੰਦ ਲਾਲ ਸਾਧੂ ਸਿੰਘ ਤਕ ਪਹੁੰਚ ਕਰਨ ਦਾ ਸੁਝਾਅ ਕਿਉਂ ਦੇ ਰਿਹਾ ਸੀ, ਇਹ ਸਿੰਗਲਾ ਚੰਗੀ ਤਰ੍ਹਾਂ ਜਾਣਦਾ ਸੀ। ਸਾਧੂ ਸਿੰਘ ਤਕ ਪਹੁੰਚ ਹੋਣ ਵਾਲੀ ਨਹੀਂ ਸੀ। ਟੱਕਰਾਂ ਮਾਰ ਮਾਰ ਪਾਰਟੀ ਨੇ ਥੱਕ ਜਾਣਾ ਸੀ। ਪਿਛੋਂ ਦਰਖ਼ਾਸਤ ਦੇ ਨਾ ਮਨਜ਼ੂਰ ਹੋਣ ’ਤੇ ਨੰਦ ਲਾਲ ਨੇ ਇਹ ਆਖ ਕੇ ਖਹਿੜਾ ਛੁਡਾ ਲੈਣਾ ਸੀ ਕਿ ਉਹ ਕੀ ਕਰੇ? ਸਿਫਾਰਸ਼ਾਂ ਬਿਨਾਂ ਅਜਿਹੇ ਕੰਮ ਨਹੀਂ ਹੋ ਸਕਦੇ। ਜੇ ਪਾਰਟੀ ਨੇ ਡੋਰੀ ਨੰਦ ਲਾਲ ਉਪਰ ਸੁੱਟ ਦਿੱਤੀ ਤਾਂ ਉਸਦੀਆਂ ਚਾਰੇ ਉਂਗਲਾਂ ਘਿਓ ਵਿੱਚ ਹੋ ਜਾਣੀਆਂ ਸਨ। ਆਪਣੇ ਬੰਦੇ ਰਾਹੀਂ ਸਿਫਾਰਸ਼ ਕਰਾਉਣ ਦੇ ਬਹਾਨੇ ਉਸਨੇ ਮੋਟੀ ਰਕਮ ਵਸੂਲ ਲੈਣੀ ਸੀ।

ਇਸ ਤਰ੍ਹਾਂ ਇਕੱਲਾ ਨੰਦ ਲਾਲ ਹੀ ਨਹੀਂ ਸੀ ਕਰ ਰਿਹਾ। ਆਪਣੀ ਭੱਲ ਬਣਾਈ ਰੱਖਣ ਲਈ ਹਰ ਵਕੀਲ ਨੂੰ ਇੰਝ ਕਰਨਾ ਪੈਂਦਾ ਸੀ। ਸਿੰਗਲਾ ਖ਼ੁਦ ਇਸ ਚਾਲ ਦੀ ਖੁਲ੍ਹ ਕੇ ਵਰਤੋਂ ਕਰਦਾ ਸੀ।

ਪਰ ਹੁਣ ਉਸਨੂੰ ਆਪਣੀ ਵਕਾਲਤ ਚਮਕਾਉਣ ਲਈ ਆਪਣੇ ਧੰਦੇ ਦੀ ਅਹਿਮ ਚਾਲ ਨੂੰ ਨੰਗਾ ਕਰਨਾ ਪੈ ਰਿਹਾ ਸੀ।

ਦੰਦਾਂ ਵਿੱਚ ਜੀਭ ਲੈ ਕੇ ਸਿੰਗਲੇ ਨੇ ਨੰਦ ਲਾਲ ਦੇ ਮਨਸ਼ੇ ਸਪੱਸ਼ਟ ਕੀਤੇ।

ਝੱਟ ਸਿੰਗਲੇ ਨੂੰ ਆਪਣਾ ਪਾਲਾ ਮਾਰਨ ਲੱਗਾ। ਕਿਧਰੇ ਸਿਫਾਰਸ਼ ਸਹੀ ਨਾ ਹੋਵੇ।

ਸਿੰਗਲੇ ਦੇ ਆਖੇ ਇਹ ਸਿਫਾਰਸ਼ ਤਕ ਪਹੁੰਚ ਨਾ ਕਰਨ। ਕੰਮ ਉਲਟ ਹੋਣਾ ਹੀ ਹੋਣਾ ਸੀ। ਕਿਧਰੇ ਠੂਠਾ ਸਿੰਗਲੇ ਸਿਰ ਨਾ ਫੁੱਟ ਜਾਵੇ।

ਸੋਚ ਸਮਝ ਕੇ ਸਿੰਗਲੇ ਨੇ ਵਿਚਕਾਰਲਾ ਰਾਹ ਅਪਣਾਇਆ।

“ਪਟਿਆਲੇ ਜਾਂ ਬਠਿੰਡੇ ਭੱਜਣ ਦੀ ਜ਼ਰੂਰਤ ਨਹੀਂ। ਮੇਰੇ ਕਈ ਮਿੱਤਰ ਉਥੇ ਵਕਾਲਤ ਕਰਦੇ ਹਨ। ਇਥੇ ਬੈਠਾ ਮੈਂ ਉਨ੍ਹਾਂ ਤੋਂ ਪਤਾ ਮੰਗਵਾ ਦਿੰਦਾ ਹਾਂ। ਤੁਹਾਡੇ ਬਥੇਰੇ ਰਿਸ਼ਤੇਦਾਰ ਉਥੇ ਹੋਣਗੇ। ਉਨ੍ਹਾਂ ਨੂੰ ਆਖੋ ਅੰਗਲੀ ਸੰਗਲੀ ਲੜਾਉਣ। ਜੇ ਗੱਲ ਬਣਦੀ ਦਿੱਸੀ, ਆਪਾਂ ਜਾ ਆਵਾਂਗੇ।”

“ਇਹ ਠੀਕ ਹੈ। ਮੇਰੀ ਮਾਸੀ ਪਟਿਆਲੇ ਪੰਜਾਬੀ ਬਾਗ਼ ਵਿੱਚ ਰਹਿੰਦੀ ਹੈ। ਸਾਧੂ ਸਿੰਘ ਦੇ ਕੁੜਮ ਦੀ ਕੋਠੀ ਦਾ ਨੰਬਰ ਸਤੱਤਰ ਹੈ। ਉਨ੍ਹਾਂ ਦਾ ਸੱਤਰ। ਸਭ ਇੱਕ ਦੂਜੇ ਨੂੰ ਜਾਣਦੇ ਹੋਣਗੇ।” ਅਜੇ ਨੇ ਆਪਣੀ ਵਾਕਫੀਅਤ ਕੱਢੀ।

“ਬਠਿੰਡੇ ਮੇਰਾ ਤਾਇਆ ਹੈ। ਪਾਵਰ ਕਲੋਨੀ ਦੇ ਬਾਹਰ ਉਸਦਾ ਕੱਪੜੇ ਦਾ ਸ਼ੋਅ ਰੂਮ ਹੈ। ਸਾਰੀ ਕਾਲੋਨੀ ਉਥੋਂ ਕੱਪੜਾ ਖਰੀਦਦੀ ਹੈ। ਉਹ ਸਾਰੀ ਸੂਹ ਕੱਢ ਦੇਵੇਗਾ।”

ਵਿਨੇ ਨੇ ਆਪਣੀ ਪਹਿਚਾਣ ਕੱਢੀ।

“ਤੁਸੀਂ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰੋ। ਆਖੋ ਘੰਟੇ ਤਕ ਦੱਸਣ। ਕੁੱਝ ਬਣਦਾ ਹੈ ਜਾਂ ਨਹੀਂ। ਉਨੀ ਦੇਰ ਆਪਾਂ ਅਗਲੀ ਕਾਰਵਾਈ ਬਾਰੇ ਸੋਚਦੇ ਹਾਂ।”

ਸਿੰਗਲੇ ਨੂੰ ਆਪਣੀ ਯੋਜਨਾ ਦੇ ਸਿਰੇ ਚੜ੍ਹ ਜਾਣ ’ਤੇ ਖੁਸ਼ੀ ਹੋ ਰਹੀ ਸੀ।

“ਦੱਸੋ ਹੋਰ ਕਿਸ ਕਿਸ ਤਕ ਪਹੁੰਚ ਕਰਨੀ ਹੈ?” ਰਿਸ਼ਤੇਦਾਰਾਂ ਨੂੰ ਫ਼ੋਨ ਕਰਵਾ ਕੇ ਪੰਕਜ ਨੇ ਅਗਲੀ ਕਾਰਵਾਈ ਬਾਰੇ ਪੁੱਛਿਆ।

“ਜੱਜ ਤੋਂ ਬਾਅਦ ਲੋੜ ਪਏਗੀ ਸਰਕਾਰੀ ਵਕੀਲ ਦੀ। ਪੁਲਿਸ ਆਪਾਂ ਗੱਠ ਲਈ।

ਇਹੋ ਵੱਡੇ ਖ਼ਰਚੇ ਨੇ। ਬਾਕੀ ਸੌ ਪੰਜਾਹ ਦੀ ਮਾਰ ਹਨ। ਕੋਈ ਫ਼ਿਕਰ ਵਾਲੀ ਗੱਲ ਨਹੀਂ।”

“ਸਰਕਾਰੀ ਵਕੀਲ ਨਾਲ ਕੌਣ ਗੱਲ ਕਰੇ?”

“ਮੈਂ ਕਰਾਂਗਾ। ਮੇਰਾ ਮਿੱਤਰ ਹੈ। ਤੁਹਾਡੀ ਆਹਮਣੇ ਸਾਹਮਣੇ ਗੱਲ ਕਰਵਾਵਾਂਗਾ।”

“ਦੇਣਾ ਲੈਣਾ ਕੀ ਹੋਏਗਾ?”

“ਹਾਲੇ ਦੋ ਤਿੰਨ ਹਜ਼ਾਰ ਦੇਵਾਂਗੇ। ਬਾਕੀ ਜਿਹੋ ਜਿਹਾ ਮੌਕਾ ਹੋਇਆ ਵਿਚਾਰ ਲਵਾਂਗੇ।”

ਸਿੰਗਲਾ ਜਾਣ ਬੁੱਝ ਕੇ ਘੱਟ ਖ਼ਰਚ ਗਿਣਵਾ ਰਿਹਾ ਸੀ। ਉਸਨੂੰ ਪਤਾ ਸੀ ਬਾਬੂ ਜੀ ਨੇ ਸਰਕਾਰੀ ਵਕੀਲ ਦਾ ਦਸ ਹਜ਼ਾਰ ਮੰਗਿਆ ਹੋਣਾ ਹੈ। ਉਸਨੂੰ ਦੇਣਾ ਉਸਨੇ ਹਜ਼ਾਰ ਪੰਦਰਾਂ ਸੌ ਹੈ। ਬਾਕੀ ਉਸਨੇ ਆਪ ਖਾ ਜਾਣਾ ਹੈ। ਸ਼ਾਇਦ ਉਹ ਹੁਣ ਤਕ ਸਰਕਾਰੀ ਵਕੀਲ ਲਈ ਪੈਸੇ ਮੰਗ ਚੁੱਕਾ ਹੋਵੇ। ਸਿੰਗਲੇ ਨੇ ਪਹਿਲਾਂ ਇਹ ਸਵਾਲ ਜਾਣ ਬੁੱਝ ਕੇ ਨਹੀਂ ਸੀ ਪੁੱਛਿਆ। ਹੁਣ ਇਸ ਬਾਰੇ ਪੁੱਛਣ ਦਾ ਉਚਿਤ ਸਮਾਂ ਸੀ।

“ਬਾਬੂ ਜੀ ਨਾਲ ਸਰਕਾਰੀ ਵਕੀਲ ਬਾਰੇ ਹੋਈ ਕੋਈ ਗੱਲ?”

“ਹਾਂ ਹੋਈ ਸੀ। ਉਹ ਕਹਿੰਦੇ ਸਨ ਸਰਕਾਰੀ ਵਕੀਲ ਨੂੰ ਦਸ ਹਜ਼ਾਰ ਦੇਣਾ ਪਏਗਾ।

ਪੰਜ ਪੰਜ ਸੌ ਨਾਇਬ ਕੋਰਟਾਂ ਦਾ। ਇੱਕ ਇੱਕ ਹਜ਼ਾਰ ਥਾਣੇਦਾਰ ਅਤੇ ਮੁਨਸ਼ੀ ਦਾ।”

ਬਾਬੂ ਅਤੇ ਸਿੰਗਲੇ ਦੇ ਰੇਟਾਂ ਵਿੱਚ ਫਰਕ ਦੇਖ ਕੇ ਅਜੇ ਨੂੰ ਖਿਝ ਚੜ੍ਹਨ ਲਗੀ।

“ਬਾਬੂ ਜੀ ਮੇਰੇ ਉਸਤਾਦ ਹਨ। ਉਨ੍ਹਾਂ ਦੀ ਬੁਰਾਈ ਕਰਨੀ ਮੇਰੀ ਗੁਸਤਾਖ਼ੀ ਹੈ।

ਪਰ ਤੁਸੀਂ ਮੇਰੇ ਸਾਇਲ ਹੋ। ਤੁਹਾਡੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਕਾਨੂੰਨੀ ਫਰਜ਼ ਹੈ।

ਮੈਂ ਇੱਕ ਵਾਰ ਫੇਰ ਆਖ ਰਿਹਾ ਹਾਂ, ਬਾਬੂ ਜੀ ਦੀ ਲੁੱਟ ਤੋਂ ਬਚੋ। ਸਰਕਾਰੀ ਵਕੀਲ ਦੇ ਨਾਂ ’ਤੇ ਲੈ ਦਸ ਹਜ਼ਾਰ ਲਏਗਾ, ਦੇਵੇਗਾ ਇੱਕ ਹਜ਼ਾਰ। ਸਰਕਾਰੀ ਵਕੀਲ ਨੂੰ ਸਭ ਪਤਾ ਹੁੰਦਾ ਹੈ, ਕਿਹੜੀ ਪਾਰਟੀ ਕਿੰਨੇ ਪੈਸੇ ਦੇਣ ਜੋਗੀ ਹੈ। ਡਰਦਾ ਉਹ ਬਾਬੂ ਨੂੰ ਉਲਾਂਭਾ ਤਾਂ ਦੇਵੇਗਾ ਨਹੀਂ, ਪਰ ਉਲਟ ਬਹਿਸ ਕਰਕੇ ਧਰਨ ਟਿਕਾਣੇ ਕਰ ਦੇਵੇਗਾ। ਪੈਸੇ ਆਪਣੇ ਹੱਥੀਂ ਦਿਓ। ਕਿਸੇ ’ਤੇ ਵਿਸ਼ਵਾਸ ਨਾ ਕਰੋ।”

“ਤੁਹਾਡੀ ਗੱਲ ਸਹੀ ਹੈ। ਪਹਿਲਾਂ ਵੀ ਦੇਖ ਚੁੱਕੇ ਹਾਂ। ਹੁਣ ਤੁਹਾਡੀ ਗੱਲ ’ਤੇ ਅਮਲ ਕਰਾਂਗੇ। ਜਦੋਂ ਕਿਸੇ ਅਫ਼ਸਰ ਦੇ ਨਾਂ ’ਤੇ ਪੈਸੇ ਮੰਗੇਗਾ ਆਖ ਦਿਆਂਗਾ ਸਿੰਗਲੇ ਨੇ ਗੱਲ ਕਰ ਲਈ ਹੈ।”

“ਉਹ ਬਹੁਤ ਸਮਝਦਾਰ ਬੰਦਾ ਹੈ। ਇੱਕ ਦੋ ਵਾਰ ਜਵਾਬ ਦਿੱਤਾ ਤਾਂ ਆਪਣੀ ਕਮਜ਼ੋਰੀ ਭਾਂਪ ਜਾਏਗਾ। ਮੁੜ ਤੁਹਾਡੇ ਵੱਲ ਮੂੰਹ ਨਹੀਂ ਕਰੇਗਾ।”

ਆਪਣੀ ਕਮਯਾਬੀ ਤੇ ਸਿੰਗਲੇ ਨੇ ਮਨ ਹੀ ਮਨ ਆਪਣੀ ਪਿੱਠ ਥਾਪੜਦਿਆਂ ਆਖਿਆ।

ਛੋਟੇ ਵੱਡੇ ਨੁਕਤਿਆਂ ’ਤੇ ਚਰਚਾ ਚੱਲ ਰਹੀ ਸੀ। ਇਸੇ ਦੌਰਾਨ ਫ਼ੋਨ ਆਉਣ ਲੱਗੇ।

ਪਹਿਲਾਂ ਪਟਿਆਲੇ ਤੋਂ ਫ਼ੋਨ ਆਇਆ। ਸਤੱਤਰ ਨੰਬਰ ਕੋਠੀ ਤਹਿਸੀਲਦਾਰ ਦੀ ਸੀ। ਨੰਦ ਲਾਲ ਗ਼ਲਤ ਆਖ ਰਿਹਾ ਸੀ। ਨਾ ਉਹ ਸ਼ਰਾਬੀ ਸੀ ਨਾ ਕਬਾਬੀ। ਪੰਝੱਤਰ ਸਾਲ ਉਸਦੀ ਉਮਰ ਸੀ। ਸਾਰਾ ਦਿਨ ਪਾਠ ਕਰਦਿਆਂ ਲੰਘਦਾ ਸੀ। ਰਿਸ਼ਵਤ ਕਦੇ ਉਨ੍ਹਾਂ ਨੇ ਆਪਣੇ ਸਮਿਆਂ ਵਿੱਚ ਨਹੀਂ ਸੀ ਲਈ। ਰੱਜੀ ਰੂਹ ਸਨ। ਪੁੱਤਰ ਦੀ ਲੱਖ ਰੁਪਏ ਮਹੀਨੇ ਦੀ ਪ੍ਰੈਕਟਿਸ ਸੀ। ਨੂੰਹ ਪ੍ਰੋਫੈਸਰ ਸੀ। ਟੱਬਰ ਸੁਖੀ ਵੱਸਦਾ ਸੀ। ਉਨ੍ਹਾਂ ਨੂੰ ਪੈਸੇ ਦੀ ਭੁੱਖ ਨਹੀਂ ਸੀ।

ਫੇਰ ਵੀ ਸ਼ੱਕ ਮਿਟਾਉਣ ਲਈ ਉਹ ਤਹਿਸੀਲਦਾਰ ਕੋਲ ਜਾ ਆਏ ਸਨ।

ਤਹਿਸੀਲਦਾਰ ਨਾਲ ਉਨ੍ਹਾਂ ਦੀ ਵੀਹ ਸਾਲ ਦੀ ਸਾਂਝ ਸੀ। ਪਰ ਤਹਿਸੀਲਦਾਰ ਨੇ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਸੀ। ਸਾਧੂ ਸਿੰਘ ਧਰਮਰਾਜ ਦੇ ਫਰਜ਼ ਅਦਾ ਕਰ ਰਿਹਾ ਸੀ।

ਉਹ ਸਾਧੂ ਸਿੰਘ ਦੇ ਕੰਮਾਂ ਵਿੱਚ ਦਖ਼ਲ ਨਹੀਂ ਸੀ ਦੇ ਸਕਦਾ।

ਝੱਟ ਕੁ ਪਿਛੋਂ ਬਠਿੰਡੇ ਤੋਂ ਰਿਪੋਰਟ ਮਿਲ ਗਈ।

ਸਾਧੂ ਸਿੰਘ ਦਾ ਸਾਲਾ ਉਨ੍ਹਾਂ ਦਾ ਗਾਹਕ ਸੀ। ਉਹ ਸਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਸਾਧੂ ਸਿੰਘ ਨਾਲ ਉਸਦੀ ਰਿਸ਼ਤੇਦਾਰੀ ਦਾ ਵੀ ਪਹਿਲਾਂ ਤੋਂ ਪਤਾ ਸੀ।

ਰਿਸ਼ਤੇਦਾਰਾਂ ਨੇ ਸਾਧੂ ਸਿੰਘ ਦੇ ਸਾਲੇ ਨਾਲ ਘਰ ਜਾ ਕੇ ਗੱਲ ਕੀਤੀ ਸੀ। ਨਾ ਉਸਦਾ ਦਿਲ ਨਾਂਹ ਕਰਨ ਨੂੰ ਕਰਦਾ ਸੀ ਨਾ ਮਾਇਆ ਨਗਰ ਆਉਣ ਨੂੰ। ਉਸਨੇ ਸ਼ਾਮ ਤਕ ਸੋਚਣ ਦਾ ਵਕਤ ਲਿਆ ਸੀ।

ਉਂਝ ਉਨ੍ਹਾਂ ਗੁਆਂਢ ਵਿਚੋਂ ਸੂਹ ਕੱਢ ਲਈ ਸੀ। ਗੁਆਂਢੀ ਆਖ ਰਹੇ ਸਨ “ਪਹਿਲਾਂ ਕਈ ਵਾਰ ਲੋਕ ਇਥੇ ਆਏ ਸਨ। ਉਹ ਲਾਲਚੀ ਸੁਭਾਅ ਦਾ ਬੰਦਾ ਹੈ। ਚੀਜ਼ ਵਸਤ ਲੈ ਕੇ ਰੱਖ ਲੈਂਦਾ ਹੈ। ਕੋਠੀ ਗੇੜਾ ਦੇ ਕੇ ਮੁੜ ਆਉਂਦਾ ਹੈ। ਜੱਜ ਉਸਦੀ ਉੱਕਾ ਨਹੀਂ ਸੁਣਦਾ। ਪਿਛੋਂ ਕਈ ਵਾਰ ਉਸਦਾ ਪਾਰਟੀਆਂ ਨਾਲ ਰੌਲਾ ਪਿਆ ਹੈ। ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ।”

ਇਨ੍ਹਾਂ ਰਿਪੋਰਟਾਂ ਬਾਅਦ ਸਿੰਗਲੇ ਦੀ ਹੋਰ ਚੜ੍ਹ ਮੱਚੀ।

ਆਖ਼ਰੀ ਫੈਸਲਾ ਲਿਆ ਗਿਆ।

ਸਾਧੂ ਸਿੰਘ ਦਾ ਨਾਂ ਤਕ ਨਹੀਂ ਲਿਆ ਜਾਏਗਾ। ਬਾਕੀਆਂ ਤਕ ਪਹੁੰਚ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ।

‘ਕਿਸ ਨੂੰ ਕੀ ਦੇਣਾ ਹੈ?’ ਅੱਗੋਂ ਤੋਂ ਇਹ ਸਭ ਸਿੰਗਲਾ ਤੈਅ ਕਰੇਗਾ।

 

-31-

 

ਸਰਕਾਰੀ ਵਕੀਲ ਦੀ ਆਓ ਭਗਤ ਦਾ ਪ੍ਰਬੰਧ ਹੋਟਲ ‘ਸਿਟੀ ਹਰਟ’ ਵਿੱਚ ਕੀਤਾ ਗਿਆ ਸੀ। ਪੰਕਜ ਨੇ ਇੱਕ ਕਮਰਾ ਉਨ੍ਹਾਂ ਲਈ ਰਾਖਵਾਂ ਰਖਵਾ ਦਿੱਤਾ ਸੀ।

ਮੂੰਹ ਹਨੇਰਾ ਹੁੰਦੇ ਹੀ ਇੱਕ ਗੱਡੀ ਪਹਿਲਾਂ ਸਿੰਗਲੇ ਦੇ ਘਰ ਗਈ। ਫੇਰ ਉਨ੍ਹਾਂ ਸਤਿੰਦਰ ਸਿੰਘ ਨੂੰ ਨਾਲ ਲਿਆ।

ਰਸਤੇ ਵਿੱਚ ਸਿੰਗਲੇ ਨੇ ਸਰਕਾਰੀ ਵਕੀਲ ਨਾਲ ਸੀਟੀ ਰਲਾਈ। ਅਸਾਮੀ ਮੋਟੀ ਸੀ। ਮੋਟੀ ਫ਼ੀਸ ਮਿਲਣੀ ਸੀ। ਅੱਗੇ ਸਿੰਗਲਾ ਤੀਸਰਾ ਹਿੱਸਾ ਲੈਂਦਾ ਸੀ। ਅੱਜ ਉਸਦਾ ਅੱਧ ਲੈਣ ਦਾ ਇਰਾਦਾ ਸੀ।

ਸਰਕਾਰੀ ਵਕੀਲ ਦੀ ਇੱਕ ਸ਼ਰਤ ਸੀ। ਨੰਦ ਲਾਲ ਉਸਨੂੰ ਦਸ ਹਜ਼ਾਰ ਦੀ ਪੇਸ਼ਕਸ਼ ਕਰ ਚੁੱਕਾ ਸੀ। ਸਿੰਗਲਾ ਜੋ ਵੱਧ ਦਿਵਾਏਗਾ ਉਸ ਵਿੱਚ ਉਸਦਾ ਅੱਧ ਹੋਏਗਾ।

ਨੰਦ ਲਾਲ ਵੱਲੋਂ ਨਹਿਲੇ ’ਤੇ ਮਾਰੇ ਦਹਿਲੇ ’ਤੇ ਸਿੰਗਲਾ ਹੈਰਾਨ ਰਹਿ ਗਿਆ। ਗੁਰੂ ਚੇਲੇ ਨੂੰ ਮਾਤ ਦੇ ਗਿਆ ਸੀ। ਬਾਜ਼ੀ ਹੱਥੋਂ ਜਾਂਦੀ ਦੇਖ ਕੇ ਉਸਨੇ ਸਰਕਾਰੀ ਵਕੀਲ ਨੂੰ ਉਂਗਲ ਲਾ ਦਿੱਤੀ ਸੀ।

“ਬਾਬੂ ਝੂਠ ਮਾਰ ਗਿਆ। ਉਹ ਪਾਰਟੀ ਤੋਂ ਦਸ ਹਜ਼ਾਰ ਮੰਗ ਰਿਹਾ ਸੀ। ਥੋਡੇ ਕਿਸੇ ਸਰਕਾਰੀ ਵਕੀਲ ਨੇ ਪਾਰਟੀ ਨੂੰ ਸਲਾਹ ਦਿੱਤੀ ਸੀ ਕਿ ਹਜ਼ਾਰ ਤੋਂ ਵੱਧ ਨਹੀਂ ਦੇਣਾ।

ਪਾਰਟੀ ਮੇਰੇ ’ਤੇ ਧਿਜਦੀ ਹੈ। ਮੈਂ ਉਨ੍ਹਾਂ ਨੂੰ ਝਾੜਿਆ। ਆਖਿਆ ਹਜ਼ਾਰ ਤਾਂ ਨਾਇਬ ਕੋਰਟ ਨਹੀਂ ਲੈਂਦਾ। ਇਹ ਵੱਡਾ ਸਰਕਾਰੀ ਵਕੀਲ ਹੈ। ਕਲਾਸ ਵਨ ਅਫ਼ਸਰ ਹੈ। ਜੱਜ ਉਸ ਨੂੰ ਪੁੱਛ ਕੇ ਫ਼ੈਸਲੇ ਕਰਦਾ ਹੈ। ਇੱਕ ਦਬਕਾ ਹੋਰ ਮਾਰਿਆ। ਦੱਸਿਆ ਕਿ ਸਰਕਾਰੀ ਵਕੀਲ ਮੁਦੱਈਆਂ ਦਾ ਵਕੀਲ ਹੁੰਦੈ। ਮੁਦਈ ਕੋਲੋਂ ਜੇ ਚੌਥਾ ਹਿੱਸਾ ਫ਼ੀਸ ਮਿਲ ਜਾਵੇ, ਸਰਕਾਰੀ ਵਕੀਲ ਉਸਨੂੰ ਤਰਜੀਹ ਦਿੰਦਾ ਹੈ। ਮੁਦਈ ਧਿਰ ਸਰਕਾਰੀ ਵਕੀਲਾਂ ਦੇ ਪਿੱਛੇ ਫਿਰਦੀ ਹੈ। ਸਰਕਾਰੀ ਵਕੀਲ ਨੇ ਇੱਕ ਧਿਰ ਨਾਲ ਗੱਲ ਕਰਨੀ ਹੈ। ਦੋਹਾਂ ਧਿਰਾਂ ਤੋਂ ਥੋੜ੍ਹਾ ਲੈ ਜਾਣੇ ਹਨ। ਤਾਂ ਗੱਲ ਬਣੀ ਹੈ। ਅਸੀਂ ਹਿੱਸਾ ਮੁਫ਼ਤ ਦਾ ਨਹੀਂ ਮੰਗਦੇ। ਸਾਨੂੰ ਬਥੇਰੀਆਂ ਟੱਕਰਾਂ ਮਾਰਨੀਆਂ ਪੈਂਦੀਆਂ ਹਨ ਪਾਰਟੀ ਨੂੰ ਲੀਹ ’ਤੇ ਲਿਆਉਣ ਲਈ।”

ਮੁਲਜ਼ਮ ਪਾਰਟੀ ਨੂੰ ਘੰਟਾ ਠਹਿਰ ਕੇ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਸੀ।

ਪਹਿਲਾ ਪੈੱਗ ਸਤਿੰਦਰ ਨੂੰ ਫੜਾਉਂਦਾ ਸਿੰਗਲਾ ਆਪਣੀ ਵਕਾਲਤ ਆਪ ਕਰਨ ਲੱਗਾ।

“ਤੁਸੀਂ ਵਕੀਲ ਲੋਕ ਬੜੇ ਉਸਤਾਦ ਹੁੰਦੇ ਹੋ। ਥੋਡੇ ਇਹ ਗੋਰਖ ਧੰਦੇ ਮੇਰੇ ਪੱਲੇ ਨਹੀਂ ਪੈਂਦੇ। ਬਾਬਾ ਜਿਵੇਂ ਮਰਜ਼ੀ ਕਰ ਲਈਂ।”

ਸਤਿੰਦਰ ਸਿੰਘ ਨੇ ਦੂਜਾ ਪੈੱਗ ਅੰਦਰ ਸੁੱਟਦਿਆਂ ਆਪਣੇ ਹਥਿਆਰ ਸੁੱਟ ਦਿੱਤੇ।

“ਤੂੰ ਦਸ ਹਜ਼ਾਰ ਮੰਗੀ, ਮੈਂ ਪੰਜ ਆਖੂੰ। ਜਿਥੇ ਟਿਕੇ ਟਿਕਾ ਲਵਾਂਗੇ। ਲੱਡੂ ਭੁਰਿਆ ਹੈ, ਸਾਰੇ ਮੂੰਹ ਮਿੱਠਾ ਕਰ ਲਈਏ। ਸੋਨੇ ਦੀ ਮੁਰਗੀ ਹੈ। ਇੱਕ ਇੱਕ ਕਰਕੇ ਆਂਡੇ ਖਾਵਾਂਗੇ।

ਅਗਲੀ ਪੇਸ਼ੀ ਹੋਰ ਝਾੜ ਲਵਾਂਗੇ।”

ਸਿੰਗਲਾ ਸਰਕਾਰੀ ਵਕੀਲ ਦੇ ਨਾਲ ਰਲਣ ਲਈ ਦੂਜਾ ਪੈੱਗ ਬਨਾਉਣ ਲੱਗਾ।

“ਜਿਵੇਂ ਆਖੇਂਗਾ, ਕਰ ਲਵਾਂਗੇ।”

“ਨਮਕ ਹਰਾਮ ਨਾ ਹੋਵੇ, ਇਸਦਾ ਕੋਈ ਢੰਗ ਤਰੀਕਾ ਸੋਚੋ! ਕੀ ਲੱਗਦਾ ਹੈ?

ਦਰਖ਼ਾਸਤ ਮਨਜ਼ੂਰ ਹੋ ਜਾਊ?”

“ਸਵਾਹ ਮਨਜ਼ੂਰ ਹੋ ਜਾਊ। ਇੰਨਾ ਗੰਭੀਰ ਮਾਮਲਾ ਹੈ। ਇਹ ਜੱਜ ਮੁਦਈ ਪੱਖੀ ਹੈ।”

“ਫੇਰ ਆਪਾਂ ਕਿਹੜੇ ਮੂੰਹ ਦਸ ਹਜ਼ਾਰ ਮੰਗੀਏ?”

“ਆਪਾਂ ਆਪਣੇ ਕੰਮ ਦੀ ਫ਼ੀਸ ਲੈਣੀ ਹੈ। ਚੁੱਪ ਰਹਿਣ ਦੀ। ਹੋਰ ਜੋ ਮੈਂ ਕਰ ਸਕਦਾ ਹਾਂ, ਉਹ ਮੈਂ ਕਰਨ ਨੂੰ ਤਿਆਰ ਹਾਂ।”

“ਚੁੱਪ ਤੂੰ ਅਦਾਲਤ ਵਿੱਚ ਕਰੀਂ। ਇਥੇ ਖੁੱਲ੍ਹ ਕੇ ਬੋਲ। ਤੂੰ ਬਹੁਤ ਪੁਰਾਣਾ ਸਰਕਾਰੀ ਵਕੀਲ ਹੈਂ। ਜ਼ਮਾਨਤ ਮਨਜ਼ੂਰ ਕਰਾਉਣ ਦਾ ਕੋਈ ਹੀਲਾ ਦੱਸ।”

“ਇਕ ਹੱਲ ਹੋ ਸਕਦਾ ਹੈ। ਸਾਧੂ ਸਿੰਘ ਨੇ ਆਖਿਆ ਹੈ, ਮਿਸਲ ਪੜ੍ਹਕੇ ਫੈਸਲਾ ਕਰਾਂਗੇ। ਜੇ ਕੱਲ੍ਹ ਨੂੰ ਮਿਸਲ ਨਾ ਆਈ ਉਸਨੇ ਫੈਸਲਾ ਕਰ ਦੇਣਾ ਹੈ। ਜ਼ੁਬਾਨੀ ਉਹ ਸੌ ਆਖਦਾ ਰਹੇ, ਪਰ ਫੈਸਲਾ ਕਰਦੇ ਸਮੇਂ ਮਿਸਲ ਤੋਂ ਬਾਹਰ ਨਹੀਂ ਜਾਣ ਲੱਗਾ। ਪਰਚੇ ਵਿੱਚ ਉਨ੍ਹਾਂ ਦਾ ਨਾਂ ਨਹੀਂ। ਖ਼ਬਰਾਂ ਦੇ ਆਧਾਰ ’ਤੇ ਜ਼ਮਾਨਤ ਰੱਦ ਹੋਣੋਂ ਰਹੀ। ਦਰਖ਼ਾਸਤ ਮਨਜ਼ੂਰ ਨਹੀਂ ਕਰੇਗਾ ਤਾਂ ਕੀ ਕਰੇਗਾ?”

ਸਤਿੰਦਰ ਦੇ ਇਸ ਸੁਝਾਅ ’ਤੇ ਸਿੰਗਲੇ ਦਾ ਮਨ ਗੁਲਾਬ ਵਾਂਗ ਖਿੜ ਗਿਆ। ਸਰਕਾਰੀ ਵਕੀਲ ਨੂੰ ਦਿੱਤੀ ਫ਼ੀਸ ਦਾ ਮੁੱਲ ਉਤਰ ਗਿਆ।

“ਇੱਕ ਵਾਰ ਜੇ ਕੁੱਝ ਦਿਨਾਂ ਲਈ ਪੇਸ਼ਗੀ ਜ਼ਮਾਨਤ ਮਨਜ਼ੂਰ ਹੋ ਗਈ, ਫੇਰ ਆਪਾਂ ਸੰਭਾਲ ਲਵਾਂਗੇ। ਉਨਾ ਚਿਰ ਮਿਸਲ ਪੇਸ਼ ਨਹੀਂ ਕਰਾਂਗੇ, ਜਿੰਨਾ ਚਿਰ ਤਫ਼ਤੀਸ਼ ਵਿੱਚ ਸ਼ਾਮਲ ਹੋ ਹੋ ਉਹ ਪੁਲਿਸ ਦੇ ਹੱਥ ਖੜ੍ਹੇ ਨਹੀਂ ਕਰਵਾ ਦਿੰਦੇ। ਜਦੋਂ ਪੁਲਿਸ ਆਖੂ, ਉਨ੍ਹਾਂ ਦੀ ਤਫ਼ਤੀਸ਼ ਮੁਕੰਮਲ ਹੈ ਫੇਰ ਜੱਜ ਜ਼ਮਾਨਤ ਕਿਸ ਆਧਾਰ ’ਤੇ ਰੱਦ ਕਰੂ?”

“ਮਿਸਲ ਕਿਸ ਤਰ੍ਹਾਂ ਰੋਕੀਏ? ਦੂਜੇ ਪਾਸੇ ਇੱਕ ਵਕੀਲ ਪੈਰਵਾਈ ਕਰ ਰਿਹਾ ਹੈ।

ਉਸਦਾ ਇਹ ਨਿਜੀ ਕੇਸ ਹੈ। ਸਾਰੇ ਕਾਨੂੰਨੀ ਦਾਅ ਪੇਚ ਜਾਣਦਾ ਹੈ। ਮੈਨੂੰ ਪਤਾ ਲੱਗਾ ਹੈ ਉਸਨੇ ਨਾਇਬ ਕੋਰਟ ਤੋਂ ਨੋਟਿਸ ਕਟਵਾ ਕੇ ਥਾਣੇ ਪਹੁੰਚਾ ਦਿੱਤਾ ਹੈ।”

“ਥਾਣੇ ਇੰਤਜ਼ਾਮ ਕਰ ਲਓ। ਪਹਿਲਾਂ ਦੱਸ ਦਿੰਦੇ, ਮੈਂ ਨੋਟਿਸ ਰੁਕਵਾ ਦਿੰਦਾ। ਉਹ ਵਕੀਲ ਸਾਰਾ ਦਿਨ ਮੇਰੇ ਸਿਰਹਾਣੇ ਬੈਠਾ ਰਿਹਾ। ਰੋਂਦਾ ਰਿਹਾ। ਮੈਨੂੰ ਤਰਸ ਆ ਗਿਆ।

ਮੈਂ ਨੋਟਿਸ ਉਸੇ ਨੂੰ ਫੜਾ ਦਿੱਤਾ। ਹਾਲੇ ਕੁੱਝ ਨਹੀਂ ਵਿਗੜਿਆ। ਮਿਸਲ ਰੋਕੋ। ਜ਼ਮਾਨਤ ਮਨਜ਼ੂਰ ਕਰਾਉਣ ਦਾ ਇਹੋ ਤਰੀਕਾ ਹੈ।”

“ਸਾਡਾ ਇਹ ਕੰਮ ਕਰੋ। ਤਫ਼ਤੀਸ਼ੀ ਨੂੰ ਫ਼ੀਸ ਦਿਵਾ ਦਿੰਦੇ ਹਾਂ। ਮਿਸਲ ਰੋਕੋ, ਕਰੋ ਥਾਣੇ ਫ਼ੋਨ।”

“ਮੈਨੂੰ ਛੋਟੇ ਮੋਟੇ ਕੰਮਾਂ ਵਿੱਚ ਨਾ ਘੜੀਸ। ਤਫ਼ਤੀਸ਼ੀ ਹਜ਼ਾਰ ਰੁਪਿਆ ਲੈਂਦਾ ਹੈ।

ਤੁਸੀਂ ਦਿੱਤਾ ਤਾਂ ਮਿਸਲ ਨਹੀਂ ਆਏਗੀ। ਉਨ੍ਹਾਂ ਨੇ ਦੇ ਦਿੱਤਾ ਆ ਜਾਏਗੀ। ਕਿਧਰੇ ਕੰਮ ਅੜਨ ਲੱਗਾ, ਫੇਰ ਮੈਂ ਫ਼ੋਨ ਕਰ ਦਿਆਂਗਾ।”

“ਠੀਕ ਹੈ, ਅਸੀਂ ਵਕੀਲ ਹਾਂ। ਸਾਡਾ ਕੰਮ ਕਚਹਿਰੀ ਤਕ ਹੈ। ਪਾਰਟੀ ਦੀ ਪੁਲਿਸ ਨਾਲ ਸਿੱਧੀ ਗੱਲ ਹੈ। ਉਨ੍ਹਾਂ ਨੂੰ ਸਲਾਹ ਦੇ ਦਿੰਦੇ ਹਾਂ। ਇਹ ਇੰਤਜ਼ਾਮ ਉਹ ਖ਼ੁਦ ਕਰਨ।”

ਜ਼ਮਾਨਤ ਕਰਾਉਣ ਦੇ ਸਾਰੇ ਪਹਿਲੂ ਵਿਚਾਰੇ ਜਾ ਚੁੱਕੇ ਸਨ। ਦਾਰੂ ਆਪਣਾ ਅਸਰ ਦਿਖਾਉਣ ਲੱਗ ਪਈ ਸੀ।

ਹੋਰ ਬੈਠੇ ਰਹਿਣ ਦਾ ਕੋਈ ਮਕਸਦ ਨਹੀਂ ਸੀ।

ਸਰਕਾਰੀ ਵਕੀਲ ਕਾਹਲਾ ਪੈਣ ਲਗਾ। ਪੰਕਜ ਦੇ ਲੇਟ ਹੋਣ ’ਤੇ ਖਿਝਣ ਲੱਗਾ।

ਪੰਕਜ ਕਿਧਰੇ ਰੁੱਝ ਗਿਆ ਸੀ। ਉਸਦੀ ਥਾਂ ਨੀਰਜ ਅਤੇ ਵਿਨੇ ਆ ਗਏ।

ਨੀਰਜ ਦੇ ਸਾਹਮਣੇ ਸਿੰਗਲੇ ਅਤੇ ਸਰਕਾਰੀ ਵਕੀਲ ਵਿੱਚ ਬਣੀ ਯੋਜਨਾ ਇੱਕ ਵਾਰ ਫੇਰ ਦੁਹਰਾਈ ਗਈ।

ਨੀਰਜ ਨੇ ਖ਼ੁਦ ਸਰਕਾਰੀ ਵਕੀਲ ਦੀ ਜੇਬ ਵਿੱਚ ਪੈਸੇ ਪਾਏ।

ਜੋ ਸਿੰਗਲੇ ਨੇ ਆਖਿਆ ਦੋਹਾਂ ਧਿਰਾਂ ਨੇ ਉਹ ਮਨਜ਼ੂਰ ਕਰ ਲਿਆ।

ਹੋਟਲ ਵਿੱਚ ਖੜ੍ਹ ਕੇ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਸੀ। ਨੀਰਜ ਝੱਟ ਮੇਲੂ ਰਾਮ ਕੋਲ ਜਾਏ। ਬਣੀ ਯੋਜਨਾ ਅਨੁਸਾਰ ਮਿਸਲ ਨੂੰ ਕਚਹਿਰੀ ਆਉਣ ਤੋਂ ਰੁਕਵਾਏ।

 

-32-

 

ਮਿਸਲ ਰੋਕਣਾ ਮੇਲੂ ਦੇ ਖੱਬੇ ਹੱਥ ਦੀ ਖੇਡ ਸੀ। ਮੇਲੂ ਨੇ ਸਿੱਧੀ ਕਪਤਾਨ ਨਾਲ ਗੱਲ ਕੀਤੀ। ਕਪਤਾਨ ਨੇ ਮੁੱਖ ਅਫ਼ਸਰ ਨੂੰ ਸਮਝਾਇਆ।

ਇਸ ਮੁਕੱਦਮੇ ਦੇ ਇੱਕ ਦੋਸ਼ੀ ਦੇ ਚੰਡੀਗੜ੍ਹ ਲੁਕੇ ਹੋਣ ਦੀ ਮੁਖ਼ਬਰੀ ਮਿਸਲ ਵਿੱਚ ਦਰਜ ਕੀਤੀ ਜਾਵੇ। ਨਰਿੰਦਰ ਨਾਥ ਹੌਲਦਾਰ ਦੀ ਸਰਪ੍ਰਸਤੀ ਹੇਠ ਇੱਕ ਪੁਲਿਸ ਪਾਰਟੀ ਬਣਾਈ ਜਾਵੇ। ਰੇਡ ਲਈ ਉਸ ਪਾਰਟੀ ਦੀ ਰਵਾਨਗੀ ਚੰਡੀਗੜ੍ਹ ਲਈ ਪਾਈ ਜਾਵੇ।

ਅਦਾਲਤ ਵਿੱਚ ਇੱਕ ਬੇਨਤੀ ਪੱਤਰ ਭੇਜਿਆ ਜਾਵੇ। ਉਸ ਵਿੱਚ ਲਿਖਿਆ ਜਾਵੇ।

ਅਦਾਲਤ ਦਾ ਹੁਕਮ ਲੇਟ ਪੁੱਜਾ ਸੀ। ਹੌਲਦਾਰ ਸਮੇਤ ਮਿਸਲ ਬਾਹਰ ਜਾ ਚੁੱਕੀ ਸੀ।

ਹੋਰ ਤਾਰੀਖ਼ ਪਾਈ ਜਾਵੇ।

ਕਪਤਾਨ ਤੋਂ ਫ਼ੋਨ ਕਰਵਾ ਕੇ ਮੇਲੂ ਨੇ ਮੁੱਖ ਅਫ਼ਸਰ ਨੂੰ ਫ਼ੋਨ ਕੀਤਾ। ਉਹ ਨਰਿੰਦਰ ਨਾਥ ਨੂੰ ਮੇਲੂ ਵੱਲ ਭੇਜ ਦੇਵੇ।

ਮੇਲੂ ਨੇ ਨਰਿੰਦਰ ਨਾਥ ਲਈ ਇੱਕ ਹਜ਼ਾਰ ਰੁਪਏ ਫੜ ਲਏ। ਦੋ ਬੋਤਲਾਂ ਵਿਸਕੀ ਦੀਆਂ ਮੰਗਵਾ ਲਈਆਂ। ਉਹ ਦਾਰੂ ਪਿਲਾ ਪਿਲਾ ਤਫ਼ਤੀਸ਼ੀ ਨੂੰ ਟੁਨ ਕਰ ਦੇਵੇਗਾ। ਦੋ ਦਿਨ ਉਸਨੇ ਬੇਹੋਸ਼ ਰਹਿਣਾ ਸੀ। ਮਿਸਲ ਨੂੰ ਉਸ ਨੇ ਕਿਥੇ ਲਿਜਾ ਸਕਣਾ ਸੀ। ਮੇਲੂ ਨੇ ਉਸਨੂੰ ਖ਼ੁਦ ਨੂੰ ਤੁਰਨ ਫਿਰਨ ਜੋਗਾ ਨਹੀਂ ਸੀ ਰਹਿਣ ਦੇਣਾ।

ਬੇਨਤੀ ਪੱਤਰ ਸਮੇਂ ਸਿਰ ਨਹੀਂ ਸੀ ਪੁੱਜਣਾ ਚਾਹੀਦਾ। ਜੇ ਇਹ ਸਮੇਂ ਸਿਰ ਪੁੱਜ ਗਿਆ ਤਾਂ ਸਾਧੂ ਸਿੰਘ ਨੇ ਦਰਖ਼ਾਸਤ ਮਨਜ਼ੂਰ ਕਰ ਲੈਣੀ ਸੀ। ਬਿਨਾਂ ਕੋਈ ਹੁਕਮ ਸੁਣਾਏ ਤਾਰੀਖ਼ ਪਾ ਦੇਣੀ ਸੀ।

ਇਹ ਮਸਲਾ ਵੀ ਮੇਲੂ ਨੇ ਹੱਲ ਕਰ ਦਿੱਤਾ।

ਮੁਨਸ਼ੀ ਹੱਥੋਂ ਪਰਵਾਨਾ ਲਿਖਵਾ ਕੇ ਮੁੱਖ ਅਫ਼ਸਰ ਦੇ ਰੀਡਰ ਨੂੰ ਫੜਾਇਆ ਗਿਆ।

ਪਰਵਾਨਾ ਕਦੋਂ ਜੱਜ ਨੂੰ ਫੜਾਉਣਾ ਹੈ ਉਹ ਉਸਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ।

ਮੇਲੂ ਨੇ ਰੀਡਰ ਨੂੰ ਵੀ ਡੇਅਰੀ ਬੁਲਾ ਲਿਆ। ਉਸਦੀ ਫ਼ੀਸ ਉਸਦੇ ਹਵਾਲੇ ਕੀਤੀ ਗਈ। ਟਹਿਲ ਸੇਵਾ ਲਈ ਉਸਨੂੰ ਨਰਿੰਦਰ ਨਾਥ ਨਾਲ ਬਿਠਾਇਆ ਗਿਆ।

ਰੀਡਰ ਨੇ ਥੋੜ੍ਹੀ ਜਿਹੀ ਹੁਸ਼ਿਆਰੀ ਵਰਤਣੀ ਸੀ। ਕੁੱਝ ਦੇਰ ਇੱਧਰ ਉਧਰ ਘੁੰਮਣਾ ਸੀ। ਜਦੋਂ ਇਸ ਕੇਸ ਦੀ ਸੁਣਵਾਈ ਹੋ ਜਾਵੇ, ਫੇਰ ਕਮਲਾ ਜਿਹਾ ਬਣ ਕੇ ਉਹ ਇਹ ਬੇਨਤੀ ਪੱਤਰ ਸਰਕਾਰੀ ਵਕੀਲ ਨੂੰ ਫੜਾ ਦੇਵੇ। ਸਰਕਾਰੀ ਵਕੀਲ ਤੋਂ ਮੁਆਫ਼ੀ ਮੰਗੇ।

ਫਾਟਕ ਬੰਦ ਹੋਣ ਕਾਰਨ ਉਹ ਲੇਟ ਹੋ ਗਿਆ। ਕੁੱਝ ਝਿੜਕਾਂ ਸਰਕਾਰੀ ਵਕੀਲ ਕੋਲੋਂ ਪੈਣਗੀਆਂ। ਉਹ ਬਰਦਾਸ਼ਤ ਕਰ ਲਏ। ਕੁੱਝ ਬੁਰਾ ਭਲਾ ਜੱਜ ਕੋਲੋਂ ਸੁਨਣਾ ਪੈ ਸਕਦਾ ਸੀ। ਉਸਦਾ ਉਹ ਮੁੱਲ ਲੈ ਲਏ।

ਪੁਲਿਸ ਮਹਿਕਮੇ ਨੂੰ ਮੇਲੂ ਰਾਮ ਨੇ ਸੰਭਾਲ ਲਿਆ। ਮੇਲੂ ਰਾਮ ਕਿਹੜਾ ਹਦਾਇਤਾਂ ਆਪਣੇ ਕੋਲੋਂ ਦੇ ਰਿਹਾ ਸੀ? ਉਹ ਉਹੋ ਕਰਵਾ ਰਿਹਾ ਸੀ ਜੋ ਪੁਲਿਸ ਕਪਤਾਨ ਚਾਹੁੰਦਾ ਸੀ।

 

-33-

 

ਪੰਕਜ ਹੋਰਾਂ ਦੀ ਅਰਜ਼ੀ ਦੀ ਸੁਣਵਾਈ ਸਭ ਤੋਂ ਪਹਿਲਾਂ ਹੋਣੀ ਸੀ।

ਸਾਰੀਆਂ ਕਚਹਿਰੀਆਂ ਵਿੱਚ ਅੱਜ ਇਸੇ ਕੇਸ ਦੀ ਚਰਚਾ ਸੀ।

ਪੰਕਜ ਹੋਰਾਂ ਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਸਵੇਰੇ ਨੌਂ ਵਜੇ ਤੋਂ ਕਚਹਿਰੀ ਪੁੱਜਣਾ ਸ਼ੁਰੂ ਹੋ ਗਏ ਸਨ। ਤੀਹ ਚਾਲੀ ਵੱਡੀਆਂ ਗੱਡੀਆਂ ਨੇ ਪਾਰਕਿੰਗ ਵਾਲੀ ਸਾਰੀ ਥਾਂ ਮੱਲ ਲਈ ਸੀ। ਪੰਜਾਹ ਸੱਠ ਮੋਟੇ ਤਾਜ਼ੇ ਸੇਠ, ਹੱਥਾਂ ਵਿੱਚ ਮੋਬਾਈਲ ਫ਼ੋਨ ਫੜ੍ਹੀ, ਹਰਲ ਹਰਲ ਕਰਦੇ ਇਧਰ ਉਧਰ ਫਿਰ ਰਹੇ ਸਨ। ਕਦੇ ਝੁਰਮਟ ਨੰਦ ਲਾਲ ਦੁਆਲੇ ਜੁੜ ਜਾਂਦਾ ਸੀ ਕਦੇ ਸਿੰਗਲੇ ਦੁਆਲੇ। ਪੰਕਜ ਦਾ ਸਾਲਾ ਆਏ ਮਹਿਮਾਨਾਂ ਨੂੰ ਕੋਕਾ ਕੋਲਾ ਵਰਤਾ ਰਿਹਾ ਸੀ। ਅਜੇ ਦਾ ਨੌਕਰ ਚਾਹ ਵਾਲੀ ਕੇਤਲੀ ਅਤੇ ਬਿਸਕੁਟ ਚੁੱਕੀ ਫਿਰਦਾ ਸੀ। ਪੈਰਵਾਈ ਕਰਨ ਆਏ ਸਮਰਥਕਾਂ ਦੇ ਚਿਹਰਿਆਂ ’ਤੇ ਕੋਈ ਤਨਾਅ ਨਹੀਂ ਸੀ। ਹਾਸਾ ਮਜ਼ਾਕ ਅਤੇ ਖਾਣ ਪੀਣ ਚੱਲ ਰਿਹਾ ਸੀ। ਪਿਕਨਿਕ ਵਰਗਾ ਮਾਹੌਲ ਸੀ।

ਦੂਜੀ ਧਿਰ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਜੁੜੀ ਖੜ੍ਹੀ ਸੀ।

ਰਾਮ ਨਾਥ ਸਰਕਾਰੀ ਵਕੀਲ ਦੇ ਦਫ਼ਤਰ ਵਿੱਚ ਬੈਠਾ ਮਿਸਲ ਦੀ ਉਡੀਕ ਕਰ ਰਿਹਾ ਸੀ।

ਬਾਹਰ ਖੜ੍ਹੇ ਨੌਜਵਾਨਾਂ ਵਿਚੋਂ ਕੁੱਝ ਪੱਤਰਕਾਰ ਸਨ ਅਤੇ ਕੁੱਝ ਕਮਲ ਦੇ ਦੋਸਤ।

ਕੁੱਝ ਨੀਲਮ ਦੇ ਪੇਕਿਆਂ ਵੱਲੋਂ ਆਏ ਰਿਸ਼ਤੇਦਾਰ। ਇਸ ਧਿਰ ਦੇ ਸਾਰੇ ਸਮਰਥਕ ਥੱਕੇ ਟੁੱਟੇ ਅਤੇ ਹਾਰੇ ਹਾਰੇ ਮਹਿਸੂਸ ਕਰ ਰਹੇ ਸਨ।

ਥਾਣੇਦਾਰ ਨੂੰ ਸਮੇਤ ਮਿਸਲ ਸਾਢੇ ਨੌਂ ਵਜੇ ਸਰਕਾਰੀ ਵਕੀਲ ਦੇ ਦਫ਼ਤਰ ਪੁੱਜ ਜਾਣਾ ਚਾਹੀਦਾ ਸੀ। ਜਦੋਂ ਮਿਸਲ ਪੌਣੇ ਦਸ ਵਜੇ ਤਕ ਵੀ ਨਾ ਪੁੱਜੀ ਤਾਂ ਸਤਿੰਦਰ ਸਿੰਘ ਨੇ ਰਾਮ ਨਾਥ ਨੂੰ ਸੁਚੇਤ ਕੀਤਾ। ਫ਼ੋਨ ਕਰਕੇ ਥਾਣਿਉਂ ਪਤਾ ਕੀਤਾ ਜਾਵੇ। ਦੇਰੀ ਦਾ ਕਾਰਨ ਪੁੱਛਿਆ ਜਾਵੇ।

ਥਾਣੇ ਵਾਲੇ ਪੈਰਾਂ ’ਤੇ ਪਾਣੀ ਨਹੀਂ ਸਨ ਪੈਣ ਦਿੰਦੇ। ਮੁਨਸ਼ੀ ਤੋਂ ਸਿਵਾ ਥਾਣੇ ਕੋਈ ਨਹੀਂ ਸੀ। ਮਿਸਲ ਕਿਥੇ ਹੈ, ਇਸ ਬਾਰੇ ਮੁਨਸ਼ੀ ਨੂੰ ਕੁੱਝ ਪਤਾ ਨਹੀਂ ਸੀ।

ਪੂਰੇ ਦਸ ਵਜੇ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਗਈ।

ਸਰਕਾਰੀ ਵਕੀਲ ਨੇ ਮਜਬੂਰੀ ਜ਼ਾਹਰ ਕੀਤੀ। ਥਾਣੇ ਤੋਂ ਮਿਸਲ ਨਹੀਂ ਸੀ ਆਈ।

ਕੁੱਝ ਦੇਰ ਇੰਤਜ਼ਾਰ ਕੀਤੀ ਜਾਵੇ।

ਇੰਤਜ਼ਾਰ ਕਰਨਾ ਸਾਧੂ ਸਿੰਘ ਦਾ ਅਸੂਲ਼ ਨਹੀਂ ਸੀ। ਮਿਸਲ ਸਮੇਂ ਸਿਰ ਪੁੱਜਣੀ ਚਾਹੀਦੀ ਸੀ। ਨਹੀਂ ਤਾਂ ਸਰਕਾਰੀ ਵਕੀਲ ਨੂੰ ਇੱਕ ਤਰਫ਼ਾ ਹੁਕਮ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਸੀ।

ਪਰ ਇਹ ਮਾਮਲਾ ਗੰਭੀਰ ਸੀ। ਉਸ ਨੂੰ ਸ਼ੱਕ ਹੋਇਆ ਮੁਲਜ਼ਮ ਪਾਰਟੀ ਉਸਦੀ ਸਖ਼ਤੀ ਦਾ ਨਜਾਇਜ਼ ਫ਼ਾਇਦਾ ਉੱਠਾ ਰਹੀ ਸੀ। ਮਿਸਲ ਨੂੰ ਜਾਣ ਬੁੱਝ ਕੇ ਲੇਟ ਕਰਵਾ ਰਹੀ ਸੀ।

ਇਨਸਾਫ਼ ਨੂੰ ਮੱਦੇ ਨਜ਼ਰ ਰਖਦੇ ਹੋਏ ਸਾਧੂ ਸਿੰਘ ਨੇ ਆਪਣਾ ਅਸੂਲ ਤੋੜਿਆ।

ਸਰਕਾਰੀ ਵਕੀਲ ਨੂੰ ਸਖ਼ਤ ਤਾੜਨਾ ਹੋਈ। ਉਹ ਖ਼ੁਦ ਥਾਣੇ ਫ਼ੋਨ ਕਰੇ। ਪਤਾ ਕਰੇ ਮਿਸਲ ਕਿਉਂ ਨਹੀਂ ਆਈ।

ਬਹਿਸ ਗਿਆਰਾਂ ਵਜੇ ਤਕ ਟਾਲ ਦਿੱਤੀ ਗਈ।

ਜਦੋਂ ਮਿਸਲ ਗਿਆਰਾਂ ਵਜੇ ਵੀ ਨਾ ਆਈ ਤਾਂ ਸਾਧੂ ਸਿੰਘ ਕੋਲ ਬਹਿਸ ਸੁਣਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਹੋਰ ਤਾਰੀਖ਼ ਪਾ ਕੇ ਉਹ ਆਪਣੇ ਆਪ ਨੂੰ ਮੁਦਈ ਧਿਰ ਨਾਲ ਨਹੀਂ ਸੀ ਜੋੜ ਸਕਦਾ।

ਨੰਦ ਲਾਲ ਵੱਲੋਂ ਕੱਲ੍ਹ ਵਾਲੀ ਬਹਿਸ ਦੁਹਰਾਈ ਗਈ।

ਕਾਇਦੇ ਅਨੁਸਾਰ ਨੰਦ ਲਾਲ ਤੋਂ ਬਾਅਦ ਸਰਕਾਰੀ ਵਕੀਲ ਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਗਿਆ। ਸਰਕਾਰੀ ਵਕੀਲ ਕੋਲ ਮਿਸਲ ਨਹੀਂ ਸੀ। ਮਿਸਲ ਬਿਨਾਂ ਬਹਿਸ ਨਹੀਂ ਸੀ ਹੋ ਸਕਦੀ। ਬਹਿਸ ਲਈ ਉਸਨੂੰ ਤਾਰੀਖ਼ ਚਾਹੀਦੀ ਸੀ।

ਰਾਮ ਨਾਥ ਬਹਿਸ ਕਰਨਾ ਚਾਹੁੰਦਾ ਸੀ। ਉਹ ਮਰਨ ਵਾਲੇ ਦਾ ਮਾਮਾ ਸੀ ਅਤੇ ਮੁਦਈ ਧਿਰ ਦਾ ਵਕੀਲ। ਦੋਹਾਂ ਕਾਰਨਾਂ ਕਰਕੇ ਬਹਿਸ ਕਰਨ ਦਾ ਉਸਦਾ ਹੱਕ ਬਣਦਾ ਸੀ।

ਸਫ਼ਾਈ ਧਿਰ ਦੇ ਵਕੀਲ ਉਸਨੂੰ ਬੇਹੇ ਕੜਾਹ ਵਾਂਗ ਪੈ ਗਏ। ਕਾਨੂੰਨ ਦੀਆਂ ਕਿਤਾਬਾਂ ਦੇ ਢੇਰ ਉਨ੍ਹਾਂ ਜੱਜ ਅੱਗੇ ਰੱਖ ਦਿੱਤੇ। ਇਹ ਸਰਕਾਰ ਦਾ ਕੇਸ ਸੀ। ਸਰਕਾਰ ਦਾ ਪੱਖ ਪੂਰਨ ਲਈ ਸਰਕਾਰੀ ਵਕੀਲ ਹਾਜ਼ਰ ਸੀ। ਮੁਦਈ ਧਿਰ ਦੇ ਵਕੀਲ ਨੂੰ ਬੋਲਣ ਦਾ ਕੋਈ ਹੱਕ ਨਹੀਂ ਸੀ। ਸੁਪਰੀਮ ਕੋਰਟ ਨੇ ਇੱਕ ਵਾਰ ਨਹੀਂ ਸੌ ਵਾਰ ਇਸ ਨਿਯਮ ਦੀ ਪ੍ਰੋੜਤਾ ਕੀਤੀ ਸੀ।

ਸਾਧੂ ਸਿੰਘ ਰਾਮ ਨਾਥ ਨੂੰ ਸੁਣਨ ਲਈ ਤਿਆਰ ਸੀ। ਪਰ ਉਸ ਕੋਲ ਵੀ ਪਰਚੇ ਤੋਂ ਸਿਵਾ ਪੇਸ਼ ਕਰਨ ਲਈ ਕੁੱਝ ਨਹੀਂ ਸੀ। ਪਰਚਾ ਨੰਦ ਲਾਲ ਪੜ੍ਹਕੇ ਸੁਣਾ ਚੁੱਕਾ ਸੀ।

ਬਾਕੀ ਜੋ ਰਾਮ ਨਾਥ ਨੇ ਦੱਸਣਾ ਸੀ, ਜੱਜ ਉਸਨੂੰ ਆਪਣੇ ਫੈਸਲੇ ਦਾ ਆਧਾਰ ਨਹੀਂ ਸੀ ਬਣਾ ਸਕਦਾ। ਇਸ ਲਈ ਰਾਮ ਨਾਥ ਦਾ ਬੋਲਣਾ ਜਾਂ ਨਾ ਬੋਲਣਾ ਇੱਕ ਬਰਾਬਰ ਸੀ।

ਪੁਲਿਸ ਦੀ ਇਸ ਅਣਗਹਿਲੀ ’ਤੇ ਜੱਜ ਨੇ ਸਖ਼ਤ ਨਰਾਜ਼ਗੀ ਪ੍ਰਗਟਾਈ। ਆਪਣੀ ਨਰਾਜ਼ਗੀ ਪ੍ਰਗਟਾਉਣ ਲਈ ਮਾਇਆ ਨਗਰ ਦੇ ਡੀ.ਆਈ.ਜੀ.ਨੂੰ ਵਿਸ਼ੇਸ਼ ਚਿੱਠੀ ਲਿਖਵਾਈ। ਮੁੱਖ ਅਫ਼ਸਰ ਵਿਰੁਧ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਹੋਈ। ਅਗਲੀ ਪੇਸ਼ੀ ‘ਤੇ ਮਿਸਲ ਪੇਸ਼ ਹੋਵੇ ਜਾਂ ਕਪਤਾਨ ਖ਼ੁਦ ਪੇਸ਼ ਹੋਵੇ।

ਅਗਲੀ ਪੇਸ਼ੀ ਤਿੰਨ ਦਿਨਾਂ ਦੀ ਪਾਈ ਗਈ। ਤਦ ਤਕ ਦੋਸ਼ੀਆਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਗਈ।

“ਲੈ ਬਈ ਪਹਿਲੀ ਬਾਜ਼ੀ ਮੈਂ ਜਿੱਤ ਦਿੱਤੀ। ਹੁਣ ਆਪਣਾ ਅਸਰ ਰਸੂਖ਼ ਵਰਤ ਕੇ ਤਫ਼ਤੀਸ਼ ਵਿੱਚ ਸ਼ਾਮਲ ਹੋ ਜਾਵੋ। ਜੋ ਕੁੱਝ ਪੁਲਿਸ ਤੁਹਾਥੋਂ ਪੁੱਛਣਾ ਚਾਹੁੰਦੀ ਹੈ, ਦੱਸ ਦੇਵੋ। ਜੋ ਰਿਕਾਰਡ ਮੰਗਦੀ ਹੈ, ਦੇ ਦੇਵੋ। ਫੇਰ ਦੇਖੋ, ਅਗਲੀ ਪੇਸ਼ੀ ਮੈਂ ਕਿਵੇਂ ਜ਼ਮਾਨਤ ਪੱਕੀ ਕਰਾਉਂਦਾ ਹਾਂ।”

ਕਚਹਿਰੀਉਂ ਬਾਹਰ ਨਿਕਲ ਕੇ, ਆਪਣੇ ਦੁਆਲੇ ਜੁੜੇ ਹਜੂਮ ਨੂੰ ਸੰਬੋਧਨ ਕਰਦੇ ਨੰਦ ਲਾਲ ਨੇ ਆਪਣੀ ਤਾਰੀਫ਼ ਆਪ ਕਰਨੀ ਸ਼ੁਰੂ ਕੀਤੀ।

“ਤਫ਼ਤੀਸ਼ ਵਿੱਚ ਸ਼ਾਮਲ ਹੋਣ ਸਮੇਂ ਵਕੀਲਾਂ ਨੂੰ ਨਾਲ ਲੈ ਜਾਣਾ। ਇੱਕ ਦੋਸ਼ੀ ਇੱਕ ਵਕੀਲ ਨਾਲ ਲਿਜਾ ਸਕਦੈ। ਦੋ ਵਕੀਲ ਲੈ ਜਾਣਾ। ਪੁਲਿਸ ਦੱਬੀ ਰਹੂ। ਸਿੰਗਲੇ ਨੂੰ ਸਾਰੇ ਕੇਸ ਦਾ ਪਤੈ। ਇਸ ਨੂੰ ਜ਼ਰੂਰ ਲਿਜਾਣਾ। ਥਾਣੇ ਜਾਣ ਦੀ ਫ਼ੀਸ ਵੱਖ ਹੁੰਦੀ ਹੈ।

ਉਹ ਸਿੰਗਲੇ ਨੂੰ ਦੇ ਦੇਣਾ।”

ਨੰਦ ਲਾਲ ਦੇ ਹਦਾਇਤਾਂ ਕਰਦੇ ਕਰਦੇ ਕਚਹਿਰੀ ਦੇ ਅਰਦਲੀ, ਗੰਨਮੈਨ, ਰੀਡਰ ਅਤੇ ਸਟੈਨੋ ਉਨ੍ਹਾਂ ਨੂੰ ਘੇਰ ਕੇ ਖੜ੍ਹ ਗਏ। ਝੁਕ ਝੁਕ ਸਲਾਮਾਂ ਕਰਨ ਅਤੇ ਮੁਬਾਰਕਾਂ ਦੇਣ ਲਗੇ।

“ਦਿਓ ਇਨ੍ਹਾਂ ਨੂੰ ਪੰਜਾਹ ਪੰਜਾਹ।”

ਅਜੇ ਨੇ ਝੱਟ ਪੰਜਾਹ ਪੰਜਾਹ ਦੇ ਨੋਟਾਂ ਦੀ ਝੜੀ ਲਾ ਦਿੱਤੀ।

“ਇਕ ਗੱਲ ਹੋਰ। ਕਿਸੇ ਪੱਤਰਕਾਰ ਨੂੰ ਫੜ ਕੇ ਖ਼ਬਰਾਂ ਲਗਵਾ ਦਿਓ। ਅਖ਼ਬਾਰ ਜਿਹੜੀ ਜ਼ਹਿਰ ਉਗਲਦੇ ਹਨ, ਉਸਦਾ ਉਨ੍ਹਾਂ ਨੂੰ ਮੋੜਵਾਂ ਜਵਾਬ ਮਿਲ ਜਾਏਗਾ।”

ਨੰਦ ਲਾਲ ਨੂੰ ਦੂਸਰੀ ਅਦਾਲਤ ਵਿਚੋਂ ਸੁਨੇਹਾ ਆ ਚੁੱਕਾ ਸੀ। ਅਦਾਲਤ ਵੱਲ ਜਾਂਦਾ ਜਾਂਦਾ ਉਹ ਹਦਾਇਤਾਂ ਦਿੰਦਾ ਰਿਹਾ।

“ਪ੍ਰੈੱਸ ਉਨ੍ਹਾਂ ਵੱਲ ਹੈ। ਆਪਣੀ ਖ਼ਬਰ ਕੌਣ ਲਾਏਗਾ?” ਨੰਦ ਲਾਲ ਦੇ ਨਾਲ ਨਾਲ ਤੁਰਦਾ ਅਜੇ ਤੌਖ਼ਲਾ ਪ੍ਰਗਟ ਕਰਨ ਲੱਗਾ।

“ਤੂੰ ਪੰਜਾਬ ਦਰਪਣ ਵਾਲੇ ਸ਼ਿੰਦੇ ਕੋਲ ਚਲਾ ਜਾ। ਮੇਰਾ ਨਾਂ ਲੈ ਦੇਈਂ। ਪੰਜ ਸੌ ਦਾ ਨੋਟ ਫੜਾ ਦੇਈਂ। ਦੇਖ ਕਿਸ ਤਰ੍ਹਾਂ ਖ਼ਬਰ ਲਗਦੀ ਹੈ, ਵੱਡੀਆਂ ਸੁਰਖ਼ੀਆਂ ਵਿੱਚ।”

ਖ਼ਬਰ ਦੀ ਤਲਬ ਸਾਇਲਾਂ ਨੂੰ ਘੱਟ ਨੰਦ ਲਾਲ ਨੂੰ ਜ਼ਿਆਦਾ ਸੀ।

ਦਰਪਣ ਸਮਾਚਾਰ ਸਮੂਹ ਦੇ ਅਖ਼ਬਾਰਾਂ ਨੂੰ ਸ਼ਹਿਰੀ ਲੋਕ ਪੜ੍ਹਦੇ ਸਨ। ਸ਼ਿੰਦੇ ਨੇ ਤਥਾਂ ਦੀ ਚਰਚਾ ਘੱਟ ਨੰਦ ਲਾਲ ਦੀ ਕਾਬਲੀਅਤ ਦੀ ਚਰਚਾ ਵੱਧ ਕਰਨੀ ਸੀ। ਉਸ ਚਰਚਾ ਨੇ ਮਾਇਆ ਨਗਰ ਵਾਸੀਆਂ ਨੂੰ ਪ੍ਰਭਾਵਿਤ ਕਰਨਾ ਸੀ। ਪ੍ਰਭਾਵਤ ਹੋਏ ਲੋਕਾਂ ਨੇ ਨੰਦ ਲਾਲ ਵੱਲ ਦੌੜਨਾ ਸੀ।

ਨੰਦ ਲਾਲ ਦਾ ਧੰਨਵਾਦ ਕਰਕੇ ਅਜੇ ਨੇ ਸਭ ਤੋਂ ਪਹਿਲਾਂ ਪੰਕਜ ਨੂੰ ਖ਼ੁਸ਼ਖ਼ਬਰੀ ਸੁਣਾਈ। ਹੁਣ ਲੁਕ ਛਿਪ ਕੇ ਫਿਰਨ ਦੀ ਜ਼ਰੂਰਤ ਨਹੀਂ ਸੀ। ਪੰਕਜ ਕਚਹਿਰੀ ਦੇ ਸਾਹਮਣੇ ਢਾਬੇ ਵਿੱਚ ਬੈਠਾ ਸੀ। ਸੂਚਨਾ ਮਿਲਦੇ ਹੀ ਉਹ ਕਚਹਿਰੀ ਆ ਗਿਆ।

ਪੇਸ਼ਗੀ ਜ਼ਮਾਨਤ ਦਾ ਹੁਕਮ ਜੇਬ ਵਿੱਚ ਪਾ ਕੇ ਨੀਰਜ ਅਤੇ ਵਿਨੇ ਮੇਲੂ ਦੀ ਡੇਅਰੀ ਵੱਲ ਹੋ ਲਏ। ਉਹ ਕਪਤਾਨ ਨਾਲ ਗੱਲ ਕਰੇ। ਉਨ੍ਹਾਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕਰਵਾਏ।

ਉਹ ਪੱਕੀ ਜ਼ਮਾਨਤ ਦੇ ਹੁਕਮ ਕਰਵਾ ਕੇ ਬੇਫਿਕਰ ਹੋਣ।

ਪੰਕਜ ਯਾਰਾਂ ਦੋਸਤਾਂ ਨੂੰ ਲੈ ਕੇ ਫੈਕਟਰੀ ਵੱਲ ਚੱਲ ਪਿਆ। ਕਈ ਦਿਨਾਂ ਤੋਂ ਦੋਸਤ ਮਾਨਸਿਕ ਤਨਾਅ ਵਿੱਚ ਸਨ। ਜਸ਼ਨ ਹੋਣਾ ਚਾਹੀਦਾ ਸੀ।

 

-34-

 

ਪੇਸ਼ਗੀ ਜ਼ਮਾਨਤ ਮਨਜ਼ੂਰ ਹੋਣ ਦੀ ਖ਼ਬਰ ਸੁਣ ਕੇ ਮੇਲੂ ਖੁਸ਼ੀ ਨਾਲ ਝੂਮ ਉੱਠਿਆ।

ਝੱਟ ਉਸ ਨੇ ਫਰਿਜ਼ ਵਿਚੋਂ ਬੋਤਲ ਕੱਢ ਲਈ।

ਸੋਫ਼ੀ ਰਹਿਣਾ ਨੀਰਜ ਹੋਰਾਂ ਦੀ ਮਜਬੂਰੀ ਸੀ। ਉਨ੍ਹਾਂ ਨੇ ਥਾਣੇ ਜਾ ਕੇ ਤਫ਼ਤੀਸ਼ ਵਿੱਚ ਸ਼ਾਮਲ ਹੋਣਾ ਸੀ। ਆਪਣਾ ਬਿਆਨ ਦਰਜ ਕਰਾਉਣਾ ਸੀ।

ਪਾਰਟੀ ਦਾ ਇੰਤਜ਼ਾਮ ਫੈਕਟਰੀ ਵਿੱਚ ਹੋ ਰਿਹਾ ਸੀ। ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੇ ਮੇਲੂ ਨੂੰ ਦਾਅਵਤ ਦਿੱਤੀ।

ਪਰ ਉਸ ਤੋਂ ਪਹਿਲਾਂ ਉਨ੍ਹਾਂ ਦੇ ਮਨੋਂ ਤਫ਼ਤੀਸ਼ ਵਿੱਚ ਸ਼ਾਮਲ ਹੋਣ ਦਾ ਬੋਝ ਲਹਿ ਜਾਣਾ ਚਾਹੀਦਾ ਸੀ।

ਇਹ ਅਦਾਲਤ ਦਾ ਹੁਕਮ ਸੀ। ਪੁਲਿਸ ਨੂੰ ਇਹ ਮੰਨਣਾ ਪੈਣਾ ਸੀ। ਸਾਰੀ ਪੁਲਿਸ ਮੁਲਜ਼ਮਾਂ ਦੇ ਨਾਲ ਸੀ। ਫੇਰ ਫ਼ਿਕਰ ਵਾਲੀ ਕਿਹੜੀ ਗੱਲ ਸੀ?

ਮੇਲੂ ਨੇ ਕਪਤਾਨ ਨੂੰ ਫ਼ੋਨ ਕੀਤਾ। ਉਹ ਤਫ਼ਤੀਸ਼ੀ ਨੂੰ ਹਦਾਇਤ ਕਰੇ। ਤਫ਼ਤੀਸ਼ੀ ਮਿਸਲ ਦਾ ਘਰ ਪੂਰਾ ਕਰੇ। ਅਜਿਹੀ ਜ਼ਿਮਨੀ ਲਿਖੇ, ਜਿਸ ਨੂੰ ਪੜ੍ਹਕੇ ਜੱਜ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰਨ ਲਈ ਮਜਬੂਰ ਹੋ ਜਾਏ।

ਇੰਝ ਕਰਨ ਵਿੱਚ ਕਪਤਾਨ ਨੂੰ ਕੋਈ ਇਤਰਾਜ਼ ਨਹੀਂ ਸੀ। ਪਰ ਉਸਨੂੰ ਇੱਕ ਦਿੱਕਤ ਪੇਸ਼ ਆ ਰਹੀ ਸੀ।

ਜੱਜ ਵੱਲੋਂ ਲਿਖੀ ਵਿਸ਼ੇਸ਼ ਚਿੱਠੀ ਡੀ.ਆਈ.ਜੀ.ਕੋਲ ਪੁੱਜ ਚੁੱਕੀ ਸੀ। ਮਿਸਲ ਕਚਹਿਰੀ ਕਿਉਂ ਨਹੀਂ ਗਈ? ਇਸ ਗੱਲ ’ਤੇ ਉਹ ਚਿੜਿਆ ਬੈਠਾ ਸੀ। ਮਿਸਲ ਉਸਨੇ ਆਪਣੇ ਕੋਲ ਮੰਗਵਾ ਲਈ ਸੀ। ਕਪਤਾਨ ਨੂੰ ਝਾੜ ਪੈ ਚੁੱਕੀ ਸੀ। ਡੀ.ਆਈ.ਜੀ.ਨੂੰ ਵਿਸ਼ਵਾਸ ਵਿੱਚ ਲੈਣਾ ਜ਼ਰੂਰੀ ਸੀ।

ਮੇਲੂ ਨੇ ਕਪਤਾਨ ਦੀ ਮਜਬੂਰੀ ਨੀਰਜ ਨੂੰ ਸਮਝਾਈ।

“ਡੀ.ਆਈ.ਜੀ.ਨਾਲ ਗੱਲ ਕਰਨੀ ਹੈ ਤਾਂ ਕਰੋ। ਜੋ ਦੇਣਾ ਹੈ, ਦਿਓ। ਬੱਸ ਖਹਿੜਾ ਛੁਡਾਓ।”

ਨੀਰਜ ਮਸਲਾ ਲਟਕਾਉਣ ਦੇ ਹੱਕ ਵਿੱਚ ਨਹੀਂ ਸੀ।

ਮੇਲੂ ਨੇ ਡੀ.ਆਈ.ਜੀ.ਨਾਲ ਸੰਪਰਕ ਕੀਤਾ। ਮੀਟਿੰਗ ਤੈਅ ਹੋ ਗਈ।

ਮਦਦ ਦਾ ਮੁੱਲ ਦੋ ਪੇਟੀਆਂ (ਦੋ ਲੱਖ) ਚੁਕਾਇਆ ਗਿਆ।

ਦੋਸ਼ੀ ਹਾਲੇ ਚੁੱਪ ਕਰਕੇ ਬੈਠੇ ਰਹਿਣ। ਪੇਸ਼ੀ ਤੋਂ ਇੱਕ ਦਿਨ ਪਹਿਲਾਂ ਡੀ.ਆਈ.ਜੀ. ਤਫ਼ਤੀਸ਼ੀ ਅਤੇ ਮਲਜ਼ਮਾਂ ਨੂੰ ਆਪਣੀ ਕੋਠੀ ਬੁਲਾਏਗਾ। ਆਪਣੀ ਹਾਜ਼ਰੀ ਵਿੱਚ ਜ਼ਿਮਨੀ ਲਿਖਵਾਏਗਾ। ਨਾਲ ਆਪਣੀ ਤਸਦੀਕ ਪਾਏਗਾ। ਤਾਂ ਦੋਸ਼ੀਆਂ ਦਾ ਕੰਮ ਬਣੇਗਾ।

ਡੀ.ਆਈ.ਜੀ.ਤੋਂ ਥਾਪੜਾ ਲੈ ਕੇ ਸਾਰੀ ਟੋਲੀ ਫੈਕਟਰੀ ਪੁੱਜ ਗਈ। ਨਵੀਂ ਖ਼ੁਸ਼ਖਬਰੀ ਨੇ ਜਸ਼ਨ ਵਿੱਚ ਨਵੀਂ ਰੂਹ ਫੂਕ ਦਿੱਤੀ।

ਦੇਰ ਰਾਤ ਤਕ ਜਸ਼ਨ ਚਲਦਾ ਰਿਹਾ।

 

-35-

 

ਪੰਕਜ ਅਤੇ ਨੀਰਜ ਕਈ ਦਿਨਾਂ ਦੇ ਦੇਸ਼ ਨਿਕਾਲੇ ਬਾਅਦ ਪਹਿਲੀ ਵਾਰ ਘਰ ਸੁੱਤੇ ਸਨ।

ਸੌਣ ਤੋਂ ਪਹਿਲਾਂ ਉਨ੍ਹਾਂ ਨੇ ਘਰਦਿਆਂ ਨੂੰ ਸਖ਼ਤ ਹਦਾਇਤ ਕੀਤੀ ਸੀ। ਉਨ੍ਹਾਂ ਨੂੰ ਕੱਚੀ ਨੀਂਦ ਵਿਚੋਂ ਉਠਾਉਣ ਦੀ ਜੁਅਰਤ ਨਾ ਕੀਤੀ ਜਾਵੇ।

ਪਰ ਫ਼ੌਜਦਾਰੀ ਮੁਕੱਦਮਿਆਂ ਵਿੱਚ ਫਸੇ ਲੋਕ ਕਦੇ ਸੁਖ ਦੀ ਨੀਂਦ ਨਹੀਂ ਸੌਂ ਸਕਦੇ।

ਹਾਲੇ ਉਨ੍ਹਾਂ ਨੂੰ ਸੁੱਤਿਆਂ ਤਿੰਨ ਘੰਟੇ ਵੀ ਨਹੀਂ ਸਨ ਹੋਏ ਕਿ ਸਿੰਗਲੇ ਦੇ ਫ਼ੋਨ ’ਤੇ ਫ਼ੋਨ ਖੜਕਣ ਲਗੇ।

ਪੰਜਾਬੀ ਤੋਂ ਲੈ ਕੇ ਅੰਗਰੇਜ਼ੀ ਤਕ ਹਰ ਅਖ਼ਬਾਰ ਨੇ ਉਨ੍ਹਾਂ ਦੇ ਕੇਸ ਨਾਲ ਸਬੰਧਤ ਖ਼ਬਰਾਂ ਛਾਪੀਆਂ ਸਨ। ਸਿੰਗਲੇ ਅਤੇ ਸਰਕਾਰੀ ਵਕੀਲ ਨੂੰ ਵਿਚੇ ਘੜੀਸਿਆ ਗਿਆ ਸੀ। ਸਿੰਗਲੇ, ਸਤਿੰਦਰ ਸਿੰਘ ਅਤੇ ਨੀਰਜ ਦੀ ਸਿਟੀ ਹਾਰਟ ਹੋਟਲ ਦੇ ਬਾਹਰ ਇਕੱਠੇ ਖੜਿਆਂ ਦੀ ਫੋਟੋ ਤਕਰੀਬਨ ਹਰ ਅਖ਼ਬਾਰ ਵਿੱਚ ਛਪੀ ਸੀ। ਸਿੰਗਲੇ ਦੇ ਸਰਕਾਰੀ ਵਕੀਲ ਨੂੰ ਉਸਦੀ ਕੋਠੀਉਂ ਲੈ ਕੇ ਆਉਣ ਤੋਂ ਲੈ ਕੇ ਕੋਠੀ ਛੱਡਣ ਤਕ ਦਾ ਵੇਰਵਾ ਖ਼ਬਰਾਂ ਵਿੱਚ ਦਿੱਤਾ ਗਿਆ ਸੀ। ਸਿੰਗਲੇ ਦਾ ਕੁੱਝ ਨਹੀਂ ਸੀ ਵਿਗੜਨ ਲੱਗਾ। ਉਹ ਪ੍ਰਾਈਵੇਟ ਵਕੀਲ ਸੀ। ਜੋ ਮਰਜ਼ੀ ਕਰੇ। ਸਰਕਾਰੀ ਵਕੀਲ ਦੀ ਮਿਲੀ ਭੁਗਤ ਸਾਬਤ ਹੋ ਜਾਣ ਨਾਲ ਉਸਦੀ ਨੌਕਰੀ ਨੂੰ ਖ਼ਤਰਾ ਸੀ। ਸਤਿੰਦਰ ਸਿੰਘ ਵਾਰ ਵਾਰ ਫ਼ੋਨ ਕਰ ਰਿਹਾ ਸੀ।

ਇਹੋ ਨਹੀਂ। ਮੇਲੂ ਅਤੇ ਨਰਿੰਦਰ ਨਾਥ ਦੀ ਮਿਲੀ ਭੁਗਤ ਦੀ ਖ਼ਬਰ ਵੀ ਲੂਣ ਮਿਰਚ ਲਾ ਕੇ ਛਾਪੀ ਗਈ ਸੀ। ਸ਼ਰਾਬੀ ਹਾਲਤ ਵਿੱਚ ਉਸਨੂੰ ਮੇਲੂ ਦੀ ਡੇਅਰੀ ਵਿੱਚ ਲੰਮਾ ਪਿਆ ਦਿਖਾਇਆ ਗਿਆ ਸੀ। ਥਾਣੇ ਦੇ ਰਿਕਾਰਡ ਦਾ ਹਵਾਲਾ ਦੇ ਕੇ ਇਹ ਸਿੱਧ ਕੀਤਾ ਗਿਆ ਸੀ ਕਿ ਹਵਾਲਦਾਰ ਕਿਧਰੇ ਨਹੀਂ ਸੀ ਗਿਆ। ਮਾਇਆ ਨਗਰ ਵਿੱਚ ਹਾਜ਼ਰ ਸੀ। ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਉਸਦੇ ਬਾਹਰ ਜਾਣ ਦਾ ਡਰਾਮਾ ਰਚਿਆ ਗਿਆ ਸੀ।

ਨਰਿੰਦਰ ਦੇ ਸੁਨੇਹੇ ਆ ਰਹੇ ਸਨ। ਉਸਨੇ ਮਿਸਲ ਕਪਤਾਨ ਦੇ ਕਹਿਣ ’ਤੇ ਰੋਕੀ ਸੀ। ਉਸਨੂੰ ਮੁਅੱਤਲ ਹੋਣ ਤੋਂ ਬਚਾਇਆ ਜਾਵੇ।

ਪੁਲਿਸ ਦੀ ਇਸ ਜਿਆਦਤੀ ਵਿਰੁਧ ਮੁਜ਼ਾਹਰੇ, ਧਰਨੇ ਅਤੇ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ।

ਸਾਰਾ ਮਾਇਆ ਨਗਰ ਜਾਗ ਚੁੱਕਾ ਸੀ। ਪੰਕਜ ਹੋਰੀਂ ਸੁੱਤੇ ਪਏ ਸਨ। ਉਨ੍ਹਾਂ ਨੂੰ ਜਾਗ ਜਾਣਾ ਚਾਹੀਦਾ ਸੀ।

ਜਦੋਂ ਵਾਰ ਵਾਰ ਫ਼ੋਨ ਕਰਨ ’ਤੇ ਕਿਸੇ ਨੇ ਫ਼ੋਨ ਨਾ ਚੁੱਕਿਆ ਤਾਂ ਮਜਬੂਰਨ ਸਿੰਗਲੇ ਨੂੰ ਉਨ੍ਹਾਂ ਦੀ ਕੋਠੀ ਜਾਣਾ ਪਿਆ।

ਦੋ ਅਖ਼ਬਾਰ ਸਿੰਗਲੇ ਕੋਲ ਆਉਂਦੇ ਸਨ। ਬਾਕੀ ਦੇ ਅਖ਼ਬਾਰ ਉਸਨੇ ਰਸਤੇ ਵਿਚੋਂ ਖਰੀਦ ਲਏ। ਅਖ਼ਬਾਰਾਂ ਵਿੱਚ ਛਾਪਣ ਲਈ ਜਿਵੇਂ ਅੱਜ ਹੋਰ ਕੋਈ ਖ਼ਬਰ ਹੀ ਨਹੀਂ ਸੀ।

ਸਭ ਅਖ਼ਬਾਰਾਂ ਨੇ ਇਸੇ ਮਿਲੀ ਭੁਗਤ ਦੇ ਚਰਚੇ ਚਟਕਾਰੇ ਲੈ ਲੈ ਛਾਪੇ ਸਨ।

ਕਈ ਦਿਨਾਂ ਬਾਅਦ ਮਸਾਂ ਦੋਵੇਂ ਭਰਾ ਤਨਾਅ ਮੁਕਤ ਹੋਏ ਸਨ। ਦੇਰ ਰਾਤ ਤਕ ਉਹ ਪੀਂਦੇ ਰਹੇ ਸਨ। ਹੁਣ ਆਸਾਨੀ ਨਾਲ ਉਨ੍ਹਾਂ ਦੀ ਅੱਖ ਨਹੀਂ ਸੀ ਖੁਲ੍ਹ ਰਹੀ।

ਅਚਾਨਕ ਸਿੰਗਲੇ ਨੂੰ ਘਰ ਆਇਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਦੋਹਾਂ ਨੂੰ ਤਰੇਲੀਆਂ ਆਉਣ ਲੱਗੀਆਂ। ਬਲੱਡ ਪ੍ਰੈਸ਼ਰ ਉਪਰ ਹੇਠ ਹੋਣ ਲਗਾ। ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ।

ਘਬਰਾਏ ਉਹ ਵਿਚਾਰ ਵਿਟਾਂਦਰੇ ਲਈ ਬੈਡ ਰੂਮ ਵਿੱਚ ਹੀ ਬੈਠ ਗਏ।

ਸਿੰਗਲੇ ਨੇ ਇੱਕ ਇੱਕ ਕਰਕੇ ਸਾਰੇ ਅਖ਼ਬਾਰ ਉਨ੍ਹਾਂ ਅੱਗੇ ਰੱਖੇ। ਕਿਸ ਖ਼ਬਰ ਦਾ ਕਿਸ ਉੱਪਰ ਕੀ ਪ੍ਰਭਾਵ ਪਏਗਾ, ਇਸਦੀ ਜਾਣਕਾਰੀ ਦਿੱਤੀ। ਸਰਕਾਰੀ ਵਕੀਲ ਅਤੇ ਹੌਲਦਾਰ ਦੇ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਕੀਤਾ।

ਸਰਕਾਰੀ ਵਕੀਲ ਅਤੇ ਹੌਲਦਾਰ ਦੀ ਪੰਕਜ ਹੋਰਾਂ ਨੂੰ ਕੋਈ ਪਰਵਾਹ ਨਹੀਂ ਸੀ।

ਕੀਤੇ ਕੰਮ ਦੇ ਉਨ੍ਹਾਂ ਨੂੰ ਪੈਸੇ ਮਿਲੇ ਸਨ। ਨਫ਼ੇ ਨੁਕਸਾਨ ਦੇ ਉਹ ਖ਼ੁਦ ਜ਼ਿੰਮੇਵਾਰ ਸਨ।

ਸਿੰਗਲਾ ਇਸ ਤਰਕ ਨਾਲ ਸਹਿਮਤ ਨਹੀਂ ਸੀ। ਸਰਕਾਰੀ ਵਕੀਲ ਦਾ ਨੁਕਸਾਨ ਪੰਕਜ ਹੋਰਾਂ ਦਾ ਨੁਕਸਾਨ ਸੀ। ਜੇ ਹੁਣ ਉਨ੍ਹਾਂ ਦਾ ਬਚਾਅ ਕਰ ਲਿਆ ਗਿਆ ਤਾਂ ਅਫ਼ਸਰਾਂ ਵਿੱਚ ਭਰੋਸਾ ਬਣਿਆ ਰਹੇਗਾ। ਨਹੀਂ ਤਾਂ ਅਗੋਂ ਤੋਂ ਅਫ਼ਸਰ ਮਦਦ ਕਰਨੋਂ ਹੱਟ ਜਾਣਗੇ।

ਅਫ਼ਸਰ ਮਿੱਟੀ ਦਾ ਮਾਨ ਨਹੀਂ ਹੁੰਦਾ। ਇੱਕ ਵਾਰ ਪੜਤ ਖ਼ਰਾਬ ਹੋ ਗਈ ਤਾਂ ਕਿਸੇ ਨੇ ਨੋਟਾਂ ਦੇ ਬੋਰਿਆਂ ਉਪਰ ਵੀ ਧਾਰ ਨਹੀਂ ਮਾਰਨੀ। ਹਰ ਅਫ਼ਸਰ ਉਨ੍ਹਾਂ ਨੂੰ ਕੜਾਕਾ ਚਾੜ੍ਹਦਾ ਰਹੇਗਾ।

ਨਰਿੰਦਰ ਨਾਥ ਦਾ ਬਹੁਤਾ ਨੁਕਸਾਨ ਹੋਣ ਵਾਲਾ ਨਹੀਂ ਸੀ। ਉਸ ਵਿਰੁਧ ਕਾਰਵਾਈ ਕਪਤਾਨ ਨੇ ਕਰਨੀ ਸੀ। ਕਪਤਾਨ ਨੇ ਆਪੇ ਮੌਕਾ ਸੰਭਾਲ ਲੈਣਾ ਸੀ।

ਫ਼ਿਕਰ ਸਰਕਾਰੀ ਵਕੀਲ ਦਾ ਸੀ।

ਅਜੇ ਦਾ ਇੱਕ ਜੀਜਾ ਆਈ.ਏ.ਐਸ.ਅਫ਼ਸਰ ਸੀ। ਪਹਿਲਾਂ ਉਹ ਗ੍ਰਹਿ ਸਕੱਤਰ ਰਿਹਾ ਸੀ। ਸਤਿੰਦਰ ਸਿੰਘ ਦਾ ਮਹਿਕਮਾ ਗ੍ਰਹਿ ਸਕੱਤਰ ਦੇ ਅਧੀਨ ਸੀ। ਜ਼ਰੂਰ ਉਸਦੀ ਪਹਿਲੇ ਮਹਿਕਮੇ ਵਿੱਚ ਬਣਦੀ ਹੋਵੇਗੀ।

ਅਜੇ ਨੂੰ ਜਗਾਇਆ ਗਿਆ। ਕੰਮ ਸਮਝਾਇਆ ਗਿਆ।

ਕੁੱਝ ਦੇਰ ਬਾਅਦ ਉਸਦਾ ਫ਼ੋਨ ਆ ਗਿਆ। ਸਰਕਾਰੀ ਵਕੀਲ ਬੇਫ਼ਿਕਰ ਰਹੇ। ਮਾੜੀ ਮੋਟੀ ਝਾੜ ਝੰਬ ਹੋ ਸਕਦੀ ਸੀ। ਨੁਕਸਾਨ ਨਹੀਂ ਸੀ ਹੋਣ ਲੱਗਾ।

ਸਰਕਾਰੀ ਵਕੀਲ ਵੱਲੋਂ ਬੇਫ਼ਿਕਰ ਹੋ ਕੇ ਉਹ ਆਪਣੇ ਬਚਾਅ ਦੀਆਂ ਸਕੀਮਾਂ ਘੜਨ ਲਗੇ।

 

-36-

 

ਹੜਤਾਲਾਂ ਧਰਨਿਆਂ ਦਾ ਕਿਸੇ ਨੂੰ ਫ਼ਿਕਰ ਨਹੀਂ ਸੀ। ਅਜਿਹੇ ਹਰ ਕੇਸ ਵਿੱਚ ਧਰਨੇ ਵੱਜਦੇ ਸਨ। ਪਹਿਲੇ ਦਿਨ ਗਿਣਤੀ ਪੰਜ ਸੱਤ ਸੌ ਹੁੰਦੀ ਸੀ। ਦੂਜੇ ਦਿਨ ਦੋ ਤਿੰਨ ਸੌ।

ਹਫ਼ਤੇ ਬਾਅਦ ਇਹ ਗਿਣਤੀ ਪੰਜਾਹ ਸੱਠ ’ਤੇ ਪੁੱਜ ਜਾਂਦੀ ਸੀ। ਫੇਰ ਘਰ ਘਰ ਦੇ ਰਹਿ ਜਾਂਦੇ ਸਨ। ਹੋਰ ਮਹੀਨੇ ਬਾਅਦ ਸਭ ਖੇਡਣੇ ਖਿੰਡ ਜਾਂਦੇ ਸਨ। ਪੈਰਵੀ ਕਰਨ ਵਾਲਾ ਟਾਵਾਂ ਟੱਲਾ ਰਹਿ ਜਾਂਦਾ ਸੀ। ਇਸ ਕੇਸ ਵਿੱਚ ਇਸੇ ਤਰ੍ਹਾਂ ਹੋ ਰਿਹਾ ਸੀ। ਤਮਾਸ਼ਬੀਨਾਂ ਦੀ ਗਿਣਤੀ ਦਿਨੋ ਦਿਨ ਘਟ ਰਹੀ ਸੀ।

ਜਿਹੜੀ ਚਮਕ ਬਾਕੀ ਸੀ, ਉਹ ਪ੍ਰੈਸ ਦੀ ਮਿਹਰਬਾਨੀ ਕਰਕੇ ਸੀ। ਹੜਤਾਲਾਂ ਅਤੇ ਧਰਨਿਆਂ ਦੀਆਂ ਖ਼ਬਰਾਂ ਬੜੇ ਯੋਜਨਾ ਬੱਧ ਤਰੀਕੇ ਨਾਲ ਛਾਪੀਆਂ ਜਾ ਰਹੀਆਂ ਸਨ।

ਹਰ ਨਾਅਰਾ ਮਾਰਨ ਵਾਲੇ ਦੀ ਫ਼ੋਟੋ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਛਪ ਰਹੀ ਸੀ। ਮੁਹੱਲੇ ਦੇ ਪ੍ਰਧਾਨ ਤਕ ਦਾ ਨਾਂ ਕਿਸੇ ਨਾ ਕਿਸੇ ਅਖ਼ਬਾਰ ਵਿੱਚ ਛਪ ਰਿਹਾ ਸੀ। ਆਪਣੀ ਫ਼ੋਟੋ ਅਖ਼ਬਾਰ ਵਿੱਚ ਛਪਵਾਉਣ ਦੇ ਲਾਲਚ ਵਿੱਚ ਲੋਕ ਵਧ ਚੜ੍ਹ ਕੇ ਹੜਤਾਲਾਂ ਧਰਨਿਆਂ ਵਿੱਚ ਹਿੱਸਾ ਲੈ ਰਹੇ ਸਨ।

ਸਿੰਗਲੇ ਦੀ ਰਾਏ ਸੀ, ਜੇ ਪ੍ਰੈੱਸ ਚੁੱਪ ਕਰ ਜਾਏ ਤਾਂ ਸਭ ਮਸਲੇ ਹੱਲ ਹੋ ਜਾਣ।

ਪ੍ਰੈਸ ਹੀ ਤਾਂ ਕਾਬੂ ਨਹੀਂ ਸੀ ਹੋ ਰਹੀ। ਪ੍ਰੈੱਸ ਕਲੱਬ ਦਾ ਸਕੱਤਰ ਨੇਹਾ ਦਾ ਪ੍ਰੇਮੀ ਸੀ। ਉਨ੍ਹਾਂ ਦੀ ਸਗਾਈ ਹੋਣ ਵਾਲੀ ਸੀ। ਇਸ ਘਟਨਾ ਨਾਲ ਉਸਦਾ ਨਿਜ ਜੁੜਿਆ ਹੋਇਆ ਸੀ। ਉਸਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਉਸਦਾ ਦਿਲ ਇਨਸਾਫ਼ ਦੀ ਪੁਕਾਰ ਕਰ ਰਿਹਾ ਸੀ। ਸਾਰੇ ਪੱਤਰਕਾਰ ਤਨੋਂ ਮਨੋਂ ਉਸਦਾ ਸਾਥ ਦੇ ਰਹੇ ਸਨ। ਆਸ਼ਕਾਂ ਨੂੰ ਨੱਥ ਪਾਉਣਾ ਦਰਿਆਵਾਂ ਦੇ ਵਹਿਣਾਂ ਨੂੰ ਮੋੜਨ ਵਾਂਗ ਔਖਾ ਸੀ।

ਸਾਗਰ ਦਾ ਨੇਹਾ ਨਾਲੋਂ ਮੋਹ ਭੰਗ ਕੀਤਾ ਜਾਣਾ ਚਾਹੀਦਾ ਸੀ। ਇਹ ਠੀਕ ਸੀ ਕਿ ਪਰਚੇ ਵਿੱਚ ਨੇਹਾ ਨਾਲ ਹੋਏ ਬਲਾਤਕਾਰ ਦਾ ਜ਼ਿਕਰ ਨਹੀਂ ਸੀ। ਇਸ ਤੱਥ ਨੂੰ ਇੱਕ ਸੋਚੀ ਸਮਝੀ ਚਾਲ ਤਹਿਤ ਛੁਪਾ ਲਿਆ ਗਿਆ ਸੀ। ਪਰ ਹਰ ਜ਼ੁਬਾਨ ਉਪਰ ਹੋਏ ਬਲਾਤਕਾਰ ਦੀ ਚਰਚਾ ਸੀ। ਕਈ ਅਖ਼ਬਾਰਾਂ ਨੇ ਆਪਣੀਆਂ ਪਹਿਲੇ ਦਿਨ ਦੀਆਂ ਖ਼ਬਰਾਂ ਵਿੱਚ ਬਲਾਤਕਾਰ ਦਾ ਜ਼ਿਕਰ ਕੀਤਾ ਸੀ। ਸਾਗਰ ਦੇ ਮਨ ਵਿੱਚ ਨੇਹਾ ਦੀ ਅਪਵਿੱਤਰਤਾ ਦਾ ਵਿਸ਼ ਘੋਲਿਆ ਜਾਣਾ ਚਾਹੀਦਾ ਸੀ। ਉਸਨੂੰ ਜੂਠ ਨਾਲੋਂ ਨਾਤਾ ਤੋੜਨ ਲਈ ਪ੍ਰੇਰਿਆ ਜਾਣਾ ਚਾਹੀਦਾ ਸੀ।

ਜਿੰਨਾ ਚਿਰ ਇਹ ਯੋਜਨਾ ਸਿਰੇ ਨਹੀਂ ਚੜ੍ਹਦੀ ਉਨਾ ਚਿਰ ਪੱਤਰਕਾਰਾਂ ਦਾ ਖਹਿੜਾ ਛੱਡ ਕੇ ਅਖ਼ਬਾਰਾਂ ਦੇ ਸੰਪਾਦਕਾਂ ਨਾਲ ਸੰਪਰਕ ਕੀਤਾ ਜਾਵੇ। ਕੁੱਝ ਇਸ਼ਤਿਹਾਰ ਫੌਰੀ ਤੌਰ ਤੇ ਅਖ਼ਬਾਰਾਂ ਨੂੰ ਦਿੱਤੇ ਜਾਣ। ਵੱਡੇ ਇਸ਼ਤਿਹਾਰਾਂ ਦਾ ਵਾਅਦਾ ਕੀਤਾ ਜਾਵੇ।

ਅਖ਼ਬਾਰਾਂ ਦੀ ਗਿਣਤੀ ਕਿਹੜਾ ਦੋ ਚਾਰ ਸੀ, ਬਈ ਖਰੀਦ ਲਏ ਜਾਣ। ਕੁੱਲ ਮਿਲਾ ਕੇ ਤੀਹ ਚਾਲੀ ਅਖ਼ਬਾਰ ਮਾਇਆ ਨਗਰ ਵਿੱਚ ਆਉਂਦੇ ਸਨ। ਇਸ਼ਤਿਹਾਰਾਂ ਦਾ ਰੇਟ ਬੜਾ ਮਹਿੰਗਾ ਸੀ। ਅੰਗਰੇਜ਼ੀ ਅਖ਼ਬਾਰਾਂ ਦੀ ਤਾਂ ਨੁੱਕਰ ਵਿੱਚ ਇਸ਼ਤਿਹਾਰ ਦੇਣਾ ਮੁਸ਼ਕਲ ਸੀ। ਵੱਡੇ ਇਸ਼ਤਿਹਾਰ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ।

ਇਸ ਸਮੱਸਿਆ ਨੂੰ ਨਜਿਠਣ ਲਈ ਸਾਰੇ ਉਦਯੋਗ ਪਤੀਆਂ ਨੂੰ ਇੱਕ ਜੁਟ ਹੋ ਜਾਣਾ ਚਾਹੀਦਾ ਸੀ। ਮਾਇਆ ਨਗਰ ਵਿੱਚ ਹਜ਼ਾਰਾਂ ਅਜਿਹੇ ਉਦਯੋਗ ਸਨ, ਜਿਨ੍ਹਾਂ ਦੇ ਵੱਡੇ ਇਸ਼ਤਿਹਾਰ ਅਖ਼ਬਾਰਾਂ ਵਿੱਚ ਛਪਦੇ ਸਨ। ਉਨ੍ਹਾਂ ਨੂੰ ਆਪਣੀਆਂ ਪਬਲੀਸਿਟੀ ਏਜੰਸੀਆਂ ਰਾਹੀਂ ਅਖ਼ਬਾਰਾਂ ’ਤੇ ਦਬਾਅ ਪਾਉਣਾ ਚਾਹੀਦਾ ਸੀ। ਬਹੁਤਾ ਨਹੀਂ ਤਾਂ ਪੰਕਜ ਹੋਰਾਂ ਦੇ ਆਪਣੇ ਅਤੇ ਰਿਸ਼ਤੇਦਾਰਾਂ ਦੇ ਇਸ਼ਤਿਹਾਰ ਇਸ ਯੋਜਨਾ ਤਹਿਤ ਦਿੱਤੇ ਜਾਣੇ ਚਾਹੀਦੇ ਸਨ। ਅਖ਼ਬਾਰ ਛੋਟਾ ਹੋਵੇ ਜਾਂ ਵੱਡਾ। ਇਸ਼ਤਿਹਾਰ ਬਿਨ੍ਹਾਂ ਕਿਸੇ ਦਾ ਗੁਜ਼ਾਰਾ ਨਹੀਂ।

ਮਜਬੂਰੀ ਵੱਸ ਅਖ਼ਬਾਰਾਂ ਨੂੰ ਉਨ੍ਹਾਂ ਨਾਲ ਸਮਝੌਤਾ ਕਰਨਾ ਪੈਣਾ ਸੀ।

ਸਿੰਗਲੇ ਦਾ ਇਹ ਸੁਝਾਅ ਵੀ ਵਜ਼ਨਦਾਰ ਸੀ। ਪੰਕਜ ਆਪਣੇ ਸਾਥੀਆਂ ਨਾਲ ਇਸ ਵਿਸ਼ੇ ਤੇ ਗੱਲ ਕਰੇਗਾ। ਹੋਰ ਨਹੀਂ ਤਾਂ ਖ਼ਬਰਾਂ ਦਾ ਸੁਰ ਮੱਠਾ ਪਏਗਾ। ਕਦੇ ਕਦੇ ਉਨ੍ਹਾਂ ਦਾ ਪੱਖ ਛਪ ਜਾਇਆ ਕਰੇਗਾ।

ਸਾਰੇ ਪੱਤਰਕਾਰ ਸਾਗਰ ਨਾਲ ਸਹਿਮਤ ਨਹੀਂ ਸਨ ਹੋ ਸਕਦੇ। ਹਰ ਸੰਸਥਾ ਵਿੱਚ ਵਿਰੋਧੀ ਧਿਰ ਵੀ ਹੁੰਦੀ ਹੈ। ਵਿਰੋਧੀ ਧਿਰ ਦੀ ਪਹਿਚਾਣ ਕੀਤੀ ਜਾਵੇ। ਤੋਹਫ਼ੇ ਦੇ ਕੇ ਅਤੇ ਪਾਰਟੀਆਂ ਵਿੱਚ ਬੁਲਾ ਕੇ ਉਸ ਧਿਰ ਤੋਂ ਫ਼ਾਇਦਾ ਉਠਾਇਆ ਜਾਵੇ।

ਵਿਦਿਆਰਥੀਆਂ ਦੀ ਏਕਤਾ ਨੂੰ ਖੋਰਾ ਲਾਇਆ ਜਾਵੇ। ਇਹ ਉਮਰ ਬਾਂਦਰਾਂ ਵਰਗੀ ਹੁੰਦੀ ਹੈ। ਜਿਸ ਕੰਮ ਪਿੱਛੇ ਪਾ ਦਿੱਤੇ, ਪੈ ਜਾਂਦੇ ਹਨ। ਚੰਗੇ ਮਾੜੇ ਨਤੀਜਿਆਂ ਬਾਰੇ ਨਹੀਂ ਸੋਚਦੇ। ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਸਨ। ਇਮਤਿਹਾਨ ਸਿਰ ਉਪਰ ਸਨ। ਹੜਤਾਲ ਲੰਬੀ ਹੋ ਗਈ ਤਾਂ ਕਈਆਂ ਦਾ ਸਾਲ ਮਾਰਿਆ ਜਾਏਗਾ। ਹੜਤਾਲੀ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਪੁਲਿਸ ’ਤੇ ਜ਼ੋਰ ਪਾ ਰਹੇ ਸਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰੋ।

ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇ। ਤਿਮਾਹੀ ਇਮਤਿਹਾਨਾਂ ਦੀ ਡੇਟ ਸ਼ੀਟ ਨੋਟਿਸ ਬੋਰਡ ਉਪਰ ਲਗਵਾਈ ਜਾਵੇ। ਇਮਤਿਹਾਨ ਸਿਰ ਤੇ ਆ ਜਾਣ ਨਾਲ ਅੱਧੇ ਵਿਦਿਆਰਥੀ ਆਪਣੇ ਕਮਰਿਆਂ ਵਿੱਚ ਬੰਦ ਹੋ ਜਾਣਗੇ। ਬਾਕੀ ਉਨ੍ਹਾਂ ਨੂੰ ਦੇਖੋ ਦੇਖੀ ਖਿੰਡ ਜਾਣਗੇ। ਮਾਪੇ ਉਨ੍ਹਾਂ ਨੂੰ ਹੜਤਾਲਾਂ ਦਾ ਖਹਿੜਾ ਛੱਡ ਕੇ ਪੜ੍ਹਨ ਲਈ ਪ੍ਰੇਰਣਗੇ।

ਵਾਕਿਫ਼ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਰਾਹੀਂ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਦਾ ਯਤਨ ਕੀਤਾ ਜਾਵੇ।

ਸਿੰਗਲੇ ਦੇ ਸਭ ਸੁਝਾਅ ਬਹੁਤ ਕੀਮਤੀ ਸਨ। ਪੁਲਿਸ ਤੇ ਪੈਂਦੇ ਦਬਾਅ ਨੂੰ ਘੱਟ ਕਰਨ ਲਈ ਇਨ੍ਹਾਂ ਹੱਥ ਕੰਡਿਆਂ ਦੀ ਵਰਤੋਂ ਜ਼ਰੂਰੀ ਸੀ। ਪਰ ਇਨ੍ਹਾਂ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਬਹੁਤ ਸਮਾਂ ਲਗਣਾ ਸੀ। ਉਨ੍ਹਾਂ ਅੱਗੇ ਫੌਰੀ ਸਮੱਸਿਆ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਵਾਉਣ ਅਤੇ ਪੁਲਿਸ ਕੋਲੋਂ ਖਹਿੜਾ ਛਡਾਉਣ ਦੀ ਸੀ। ਪਹਿਲਾਂ ਇਸ ਬਾਰੇ ਸੋਚਿਆ ਜਾਵੇ।

ਪੇਸ਼ਗੀ ਜ਼ਮਾਨਤ ਤਾਂ ਮਨਜ਼ੂਰ ਹੋਣੀ ਸੀ, ਜੇ ਤਫ਼ਤੀਸ਼ ਵਿੱਚ ਸ਼ਾਮਲ ਹੋਇਆ ਜਾਵੇ।

ਇੱਕ ਵਾਰ ਜੇ ਤਫ਼ਤੀਸ਼ ਵਿੱਚ ਸ਼ਾਮਲ ਹੋ ਗਏ, ਫੇਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ।

ਇਸ ਆਧਾਰ ’ਤੇ ਪਹਿਲਾਂ ਤਾਂ ਸਾਧੂ ਸਿੰਘ ਨੇ ਹੀ ਜ਼ਮਾਨਤ ਲੈ ਲੈਣੀ ਸੀ। ਉਸਨੇ ਨਾਂਹ ਕਰ ਦਿੱਤੀ ਤਾਂ ਹਾਈ ਕੋਰਟੋਂ ਜ਼ਮਾਨਤ ਵੱਟ ’ਤੇ ਸੀ।

ਪਰ ਪੰਕਜ ਖ਼ਤਰਾ ਮੰਨ ਰਿਹਾ ਸੀ। ਬਦਲੇ ਹਲਾਤਾਂ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਸ਼ਾਮਲ ਤਫ਼ਤੀਸ਼ ਨਹੀਂ ਸੀ ਕਰਨਾ।

“ਕਿਉਂ ਨਹੀਂ ਕਰਨਾ? ਅਦਾਲਤ ਦਾ ਹੁਕਮ ਸਾਡੇ ਕੋਲ ਹੈ। ਜੇ ਕਪਤਾਨ ਜਾਂ ਡੀ.ਆਈ.ਜੀ.ਮਦਦ ਕਰੇ ਤਾਂ ਤਫ਼ਤੀਸ਼ ਵਿੱਚ ਸ਼ਾਮਲ ਹੋਣ ਵਿੱਚ ਕੋਈ ਅੜਚਨ ਨਹੀਂ ਹੈ।”

ਸਿੰਗਲੇ ਦੇ ਕਹਿਣ ਤੇ ਮੇਲੂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ। ਉਸ ਰਾਹੀਂ ਜਾਣਿਆ ਜਾਵੇ ਕਿ ਪੁਲਿਸ ਇਨ੍ਹਾਂ ਖ਼ਬਰਾ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੀ ਹੈ।

ਪੁਲਿਸ ਕਪਤਾਨ ਨੇ ਚੌਵੀ ਘੰਟੇ ਦੇ ਅੰਦਰ ਅੰਦਰ ਦੋ ਅਸਲ ਦੋਸ਼ੀਆਂ ਨੂੰ ਫੜ ਕੇ ਮੁੱਖ ਮੰਤਰੀ ਦਾ ਵਿਸ਼ਵਾਸ ਜਿੱਤ ਲਿਆ ਸੀ। ਇੱਕ ਦੋ ਭਾਸ਼ਣਾਂ ਵਿੱਚ ਉਹ ਕਪਤਾਨ ਦੀ ਇਸ ਕਾਰਗੁਜ਼ਾਰੀ ਦੀ ਤਾਰੀਫ਼ ਕਰ ਚੁੱਕਾ ਸੀ। ਮੁੱਖ ਮੰਤਰੀ ਦੀ ਹੋ ਰਹੀ ਤਫ਼ਤੀਸ਼ ‘ਤੇ ਤਸੱਲੀ ਸੀ। ਕਪਤਾਨ ਨੂੰ ਕਿਸੇ ਪਾਸਿਉਂ ਕੋਈ ਖ਼ਤਰਾ ਨਹੀਂ ਸੀ।

ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਖ਼ਬਰਾਂ ਦੀ ਬਹੁਤੀ ਪਰਵਾਹ ਨਹੀਂ ਸੀ ਹੋਣੀ ਚਾਹੀਦੀ। ਆਪਣੇ ਉੱਚ ਅਧਿਕਾਰੀਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਉਹ ਆਪਣੀ ਹਾਥੀਆਂ ਵਾਲੀ ਮਸਤ ਚਾਲ ਚੱਲਦੇ ਰਹਿੰਦੇ ਹਨ।

ਮੇਲੂ ਦਾ ਮੋਬਾਈਲ ਫ਼ੋਨ ਬੰਦ ਸੀ। ਘਰ ਫ਼ੋਨ ਕੀਤਾ। ਪਤਾ ਲੱਗਾ ਅਖਾੜੇ ਵਿੱਚ ਗਿਆ ਹੈ। ਅਖਾੜੇ ਤੋਂ ਪਤਾ ਲੱਗਾ ਡੇਅਰੀ ਚਲਾ ਗਿਆ। ਡੇਅਰੀ ਵਾਲਿਆਂ ਪਹਿਲਾਂ ਆਖਿਆ ਗੱਲ ਕਰਾਉਂਦੇ ਹਾਂ। ਫੇਰ ਪੁੱਛਿਆ ਕੌਣ ਬੋਲਦਾ ਹੈ? ਪੰਕਜ ਦਾ ਨਾਂ ਫ਼ੋਨ ਸੁਣਨ ਵਾਲੇ ਨੇ ਅੱਗੇ ਦੱਸਿਆ। ਅਗੋਂ ਜਵਾਬ ਆਇਆ “ਆਖਦੇ ਬਾਹਰ ਗਏ ਹਨ। ਕੱਲ੍ਹ ਮਿਲਣਗੇ।”

ਮੇਲੂ ਦੀ ਇਸ ਹਰਕਤ ਦੇ ਸੰਕੇਤ ਸਪੱਸ਼ਟ ਸਨ। ਅਫ਼ਸਰ ਖ਼ਬਰਾਂ ’ਤੇ ਖਫ਼ਾ ਸਨ।

ਹਾਲ ਦੀ ਘੜੀ ਕਿਸੇ ਮਦਦ ਦੀ ਕੋਈ ਸੰਭਾਵਨਾ ਨਹੀਂ ਸੀ।

ਫ਼ਿਕਰ ਵਾਲੀ ਕੋਈ ਗੱਲ ਨਹੀਂ ਸੀ। ਹਾਲੇ ਦੋ ਦਿਨ ਬਾਕੀ ਸਨ। ਦੋ ਦਿਨਾਂ ਵਿੱਚ ਦਿੱਲੀ ਫ਼ਤਹਿ ਹੋ ਸਕਦੀ ਸੀ। ਇਹ ਕਿਹੜਾ ਮਸਲਾ ਸੀ?

ਸਿੰਗਲੇ ਨੇ ਪੰਕਜ ਹੋਰਾਂ ਦਾ ਹੌਸਲਾ ਵਧਾਇਆ।

ਹਾਲੇ ਮੂੰਹ ਹਨੇਰਾ ਸੀ। ਸਭ ਅਫ਼ਸਰ ਸੁੱਤੇ ਹੋਏ ਸਨ। ਦਿਨ ਚੜ੍ਹਨ ’ਤੇ ਫੇਰ ਯਤਨ ਕੀਤੇ ਜਾਣਗੇ।

ਕੁੱਝ ਵੀ ਹੋਵੇ ਉਹ ਪੇਸ਼ਗੀ ਜ਼ਮਾਨਤ ਹਾਸਲ ਕਰਕੇ ਰਹਿਣਗੇ।

 

-37-

 

ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਉਪਰ ਅੱਜ ਆਖ਼ਰੀ ਸੁਣਵਾਈ ਸੀ।

ਅੱਜ ਵੀ ਦਰਖ਼ਾਸਤ ਪਹਿਲੇ ਨੰਬਰ ’ਤੇ ਲੱਗੀ ਸੀ। ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਉਲਟ ਸਨ।

ਪਹਿਲਾ ਮੁੱਖ ਅਫ਼ਸਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਨਵਾਂ ਮੁੱਖ ਅਫ਼ਸਰ ਮਿਸਲ ਘੰਟਾ ਪਹਿਲਾਂ ਲੈ ਆਇਆ ਸੀ। ਕੇਸ ਦੇ ਸੰਖੇਪ ਹਾਲਾਤ ਉਸਨੇ ਜ਼ੁਬਾਨੀ ਯਾਦ ਕਰ ਰੱਖੇ ਸਨ। ਸਰਕਾਰੀ ਵਕੀਲ ਦੀ ਸਹੂਲਤ ਲਈ ਉਸਨੇ ਇੱਕ ਲਿਖਤੀ ਨੋਟ ਤਿਆਰ ਕਰ ਲਿਆ ਸੀ। ਅਹਿਮ ਗਵਾਹਾਂ ਅਤੇ ਦਸਤਾਵੇਜ਼ਾਂ ਉਪਰ ਉਸਨੇ ਫਲੈਗ ਲਗਾ ਲਏ ਸਨ।

ਪਹਿਲੇ ਸਰਕਾਰੀ ਵਕੀਲ ਨੂੰ ਹੇਠਲੀ ਅਦਾਲਤ ਵਿੱਚ ਬਦਲ ਦਿੱਤਾ ਗਿਆ ਸੀ।

ਨਵਾਂ ਸਰਕਾਰੀ ਵਕੀਲ ਪੂਰੀ ਤਿਆਰੀ ਕਰਕੇ ਆਇਆ ਸੀ। ਕੱਲ੍ਹ ਰਾਮ ਨਾਥ ਉਸਨੂੰ ਮਿਲਿਆ ਸੀ। ਅੱਧੇ ਘੰਟੇ ਦੀ ਵਿਹਲ ਕੱਢ ਕੇ ਉਸਨੇ ਰਾਮ ਨਾਥ ਵੱਲੋਂ ਸੁਝਾਏ ਹਰ ਨੁਕਤੇ ਨੂੰ ਗਹੁ ਨਾਲ ਸੁਣਿਆ ਅਤੇ ਸਮਝਿਆ ਸੀ। ਕੁੱਝ ਅਹਮਿ ਫੈਸਲਿਆਂ ਦੀਆਂ ਨਕਲਾਂ ਉਹ ਘਰੋਂ ਲੈ ਕੇ ਆਇਆ ਸੀ। ਇਨ੍ਹਾਂ ਫੈਸਲਿਆਂ ਦੇ ਆਧਾਰ ’ਤੇ ਦਰਖ਼ਾਸਤ ਰੱਦ ਕਰਾਏ ਜਾਣ ਦਾ ਯਤਨ ਕੀਤਾ ਜਾਣਾ ਸੀ।

ਇਸ ਵਾਰ ਸਰਕਾਰੀ ਵਕੀਲ ਦੇ ਦਫ਼ਤਰ ਬਾਹਰ ਜੁੜੀ ਭੀੜ ਦੇ ਚਿਹਰਿਆਂ ਉੱਪਰ ਰੌਣਕ ਅਤੇ ਉਤਸ਼ਾਹ ਸੀ।

ਸਿੰਗਲਾ ਨਵੇਂ ਸਰਕਾਰੀ ਵਕੀਲ ਨਾਲ ਸੰਪਰਕ ਕਰਨ ਲਈ ਤਰਲੋ ਮੱਛੀ ਹੋ ਰਿਹਾ ਸੀ। ਨੌਂ ਵਜੇ ਤਕ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਅਦਾਲਤ ਵਿੱਚ ਕਿਸ ਸਰਕਾਰੀ ਵਕੀਲ ਨੇ ਜਾਣਾ ਹੈ। ਜਦੋਂ ਸੁਦਰਸ਼ਨ ਕੁਮਾਰ ਇਸ ਮਿਸਲ ਦੇ ਤੱਥ ਨੋਟ ਕਰਨ ਲੱਗਾ ਫੇਰ ਪਤਾ ਲੱਗਾ ਅੱਜ ਉਸਦੀ ਵਾਰੀ ਸੀ।

ਇਹ ਸਰਕਾਰੀ ਵਕੀਲ ਸੀ ਤਾਂ ਦੂਜਿਆਂ ਨਾਲੋਂ ਜੂਨੀਅਰ, ਪਰ ਕੰਮ ਦੂਜਿਆਂ ਨਾਲੋਂ ਵੱਧ ਜਾਣਦਾ ਸੀ। ਬਹੁਤਾ ਲਾਲਚੀ ਨਹੀਂ ਸੀ। ਜੋ ਮਿਲ ਗਿਆ, ਲੈ ਲੈਂਦਾ ਸੀ। ਇੱਕ ਉਸ ਵਿੱਚ ਹੋਰ ਗੁਣ ਸੀ। ਜਦੋਂ ਪੈਸੇ ਲੈ ਲਏ, ਫੇਰ ਕੰਮ ਕਰਾਉਣ ਦਾ ਯਤਨ ਕਰਦਾ ਸੀ। ਕੰਮ ਦਾ ਭੇਤੀ ਸੀ। ਕਿਸੇ ਨਾ ਕਿਸੇ ਮੋਰੀ ਨਿਕਲ ਕੇ ਕੰਮ ਕਰਾ ਲੈਂਦਾ ਸੀ। ਆਪਣੇ ਇਨ੍ਹਾਂ ਗੁਣਾਂ ਕਰਕੇ ਉਹ ਵਕੀਲਾਂ ਅਤੇ ਸਾਇਲਾਂ ਵਿੱਚ ਸਤਿਕਾਰਿਆ ਜਾਂਦਾ ਸੀ।

ਪਹਿਲੇ ਸਰਕਾਰੀ ਵਕੀਲ ਨਾਲ ਸ਼ਰੇਆਮ ਘੁੰਮ ਕੇ ਸਿੰਗਲਾ ਗ਼ਲਤੀ ਕਰ ਚੁੱਕਾ ਸੀ। ਉਹ ਹੁਣ ਉਸ ਗ਼ਲਤੀ ਨੂੰ ਦੁਹਰਾਉਣਾ ਨਹੀਂ ਸੀ ਚਾਹੁੰਦਾ।

ਉਹ ਨਵੇਂ ਸਰਕਾਰੀ ਵਕੀਲ ਨਾਲ ਗੱਲ ਕਰੇ ਤਾਂ ਕਿਸ ਤਰ੍ਹਾਂ?

ਸੋਚ ਵਿਚਾਰ ਕੇ ਸਿੰਗਲੇ ਨੇ ਜੁਗਤ ਲੜਾਈ। ਆਪਣੇ ਮੁਨਸ਼ੀ ਰਾਹੀਂ ਉਸਨੇ ਨਾਇਬ ਕੋਰਟ ਨਾਲ ਸੰਗਲੀ ਅੜਾਈ। ਦਸ ਹਜ਼ਾਰ ਦੀ ਗੁੱਟੀ ਉਸਦੇ ਹੱਥ ਫੜਾਈ। ਕਿਵੇਂ ਨਾ ਕਿਵੇਂ ਉਹ ਸੁਦਰਸ਼ਨ ਨੂੰ ਮੁਦਈ ਦੇ ਚੁੰਗਲ ਵਿਚੋਂ ਛੁਡਾਏ ਅਤੇ ਸਿੰਗਲੇ ਦਾ ਸੁਨੇਹਾ ਪਹੁੰਚਾਏ।

ਬਾਕੀ ਕੰਮ ਵਿਚੇ ਛੱਡ ਕੇ ਨਾਇਬ ਕੋਰਟ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਜਾ ਖੜੋਤਾ।

ਨਾਇਬ ਕੋਰਟ ਦੀ ਫ਼ੀਸ ਸੌ ਰੁਪਿਆ ਸੀ। ਹੁਣ ਉਸਦੇ ਬੋਝੇ ਹਜ਼ਾਰ ਪਿਆ ਸੀ।

ਨਾਇਬ ਕੋਰਟ ਨੂੰ ਆਪਣੀ ਫ਼ੀਸ ਹਜ਼ਮ ਕਰਨ ਦੀ ਕਾਹਲ ਸੀ। ਉਹ ਫ਼ੀਸ ਮਿਲਣ ਦੀ ਖ਼ਬਰ ਸਰਕਾਰੀ ਵਕੀਲ ਦੇ ਕੰਨੀਂ ਪਾਏ ਅਤੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਏ। ਅਗੋਂ ਸਰਕਾਰੀ ਵਕੀਲ ਜਾਣੇ, ਸਿੰਗਲਾ ਜਾਣੇ।

ਆਨੇ ਬਹਾਨੇ ਕਈ ਵਾਰ ਨਾਇਬ ਕੋਰਟ ਸਰਕਾਰੀ ਵਕੀਲ ਕੋਲ ਗਿਆ। ਗੱਲ ਕਰਨ ਦਾ ਯਤਨ ਕੀਤਾ। ਇਸ਼ਾਰੇ ਕੀਤੇ। ਪਰ ਰਾਮ ਨਾਥ ਇੱਕ ਮਿੰਟ ਲਈ ਵੀ ਉਸਨੂੰ ਇਕੱਲਾ ਨਹੀਂ ਸੀ ਛੱਡ ਰਿਹਾ।

ਦੇਖਦੇ ਦੇਖਦੇ ਦਸ ਵੱਜਣ ਵਿੱਚ ਪੰਜ ਮਿੰਟ ਰਹਿ ਗਏ। ਸਰਕਾਰੀ ਵਕੀਲ ਦਾ ਅਦਾਲਤ ਜਾਣ ਦਾ ਸਮਾਂ ਹੋ ਗਿਆ।

ਪੂਰੇ ਦਸ ਵਜੇ ਪਹਿਲੀ ਆਵਾਜ਼ ਪੈਣੀ ਸੀ।

“ਚਲੀਏ ਜਨਾਬ! ਦਸ ਵੱਜਣ ਵਾਲੇ ਨੇ।” ਜਦੋਂ ਰਾਮ ਨਾਥ ਨੇ ਸਰਕਾਰੀ ਵਕੀਲ ਕੋਲੋਂ ਉਠਣ ਦਾ ਨਾਂ ਹੀ ਨਾ ਲਿਆ ਤਾਂ ਨਾਇਬ ਕੋਰਟ ਨੇ ਹੋ ਚੁੱਕੇ ਸਮੇਂ ਦੀ ਯਾਦ ਕਰਵਾ ਕੇ ਉਸਨੂੰ ਕੁਰਸੀ ਤੋਂ ਉਠਾਉਣ ਦਾ ਯਤਨ ਕੀਤਾ।

“ਹਾਂ ਚੱਲ! ਮਿਸਲਾਂ ਸੰਭਾਲ! ਆਹ ਕਿਤਾਬਾਂ ਵੀ ਚੁੱਕ ਲੈ ….।”

ਮਿਸਲਾਂ ਅਤੇ ਕਿਤਾਬਾਂ ਨਾਇਬ ਕੋਰਟ ਦੇ ਹਵਾਲੇ ਕਰਕੇ ਸੁਦਰਸ਼ਨ ਉੱਠ ਖੜੋਤਾ।

ਸੁਦਰਸ਼ਨ ਤੇਜ਼ ਤੁਰਨ ਦਾ ਆਦੀ ਸੀ। ਉਸਦੀ ਇਸ ਆਦਤ ਦਾ ਨਾਇਬ ਕੋਰਟ ਨੂੰ ਪਤਾ ਸੀ।

ਉਸੇ ਰਫ਼ਤਾਰ ਨਾਲ ਨਾਇਬ ਕੋਰਟ ਨੇ ਸਰਕਾਰੀ ਵਕੀਲ ਦੇ ਕਦਮ ਨਾਲ ਕਦਮ ਮਿਲਾਉਣਾ ਸ਼ੁਰੂ ਕਰ ਦਿੱਤਾ।

ਰਾਮ ਨਾਥ ਬਹੁਤ ਪਿੱਛੇ ਰਹਿ ਚੁੱਕਾ ਸੀ।

ਆਲਾ ਦੁਆਲਾ ਘੋਖ ਕੇ ਨਾਇਬ ਕੋਰਟ ਨੇ ਸੁਦਰਸ਼ਨ ਦੇ ਕੰਨ ਵਿੱਚ ਘੁਸਰ ਮੁਸਰ ਕੀਤੀ।

“ਜਨਾਬ ਸਿੰਗਲੇ ਨੇ ਦਸ ਹਜ਼ਾਰ ਭੇਜਿਆ ਹੈ। ਮੇਰੀ ਜ਼ੇਬ ਵਿੱਚ ਹੈ। ਕਹਿੰਦਾ ਹੈ ਮਦਦ ਕਰ ਦੇਣਾ।”

“ਤੂੰ ਮੈਨੂੰ ਮਰਵਾਏਂਗਾ। ਪਹਿਲੇ ਸਰਕਾਰੀ ਵਕੀਲ ਦਾ ਪਤਾ ਨਹੀਂ ਕੀ ਬਣੂ।

ਮੁਦੱਈਆਂ ਦੇ ਸੂਹੀਏ ਸੀ.ਆਈ.ਏ.ਨਾਲੋਂ ਘੱਟ ਨਹੀਂ। ਫੜੇ ਜਾਵਾਂਗੇ। ਕੱਲ੍ਹ ਨੂੰ ਆਪਣੀ ਖ਼ਬਰ ਛਪ ਜਾਏਗੀ।”

ਸੁਦਰਸ਼ਨ ਜੋਖ਼ਮ ਲੈਣ ਨੂੰ ਤਿਆਰ ਨਹੀਂ ਸੀ।

“ਕੁਝ ਨਹੀਂ ਹੁੰਦਾ ਜਨਾਬ। ਮੈਂ ਆਪੇ ਸੰਭਾਲ ਲਊਂ।”

“ਤੂੰ ਇੱਕ ਕੰਮ ਕਰ। ਪਹਿਲਾਂ ਉਨ੍ਹਾਂ ਨਾਲ ਗੱਲ ਖੋਲ੍ਹ ਲੈ। ਸਾਨੂੰ ਥੋੜ੍ਹੀ ਬਹੁਤ ਬਹਿਸ ਕਰਨੀ ਪਊ। ਦੂਜੀ ਸ਼ਰਤ ਇਹ ਕਿ ਕੰਮ ਬਣੇ ਜਾਂ ਨਾ ਅਸੀਂ ਫ਼ੀਸ ਰੱਖ ਲੈਣੀ ਹੈ।”

“ਇਹ ਮੈਂ ਸਮਝਾ ਦਿੱਤਾ ਹੈ। ਉਹ ਤੁਹਾਡੀ ਬਹਿਸ ਕੋਲੋਂ ਡਰਦੇ ਹਨ। ਕਹਿੰਦੇ ਬਹੁਤਾ ਉੱਚੀ ਨਾ ਬੋਲਣਾ। ਸਹਿੰਦੀ ਸਹਿੰਦੀ ਬਹਿਸ ਕਰਨਾ। ਕਿਤਾਬਾਂ ਘੱਟ ਪੇਸ਼ ਕਰਨੀਆਂ।”

“ਫੇਰ ਠੀਕ ਹੈ। ਦੇਖ ਲਵਾਂਗੇ।”

ਸੁਦਰਸ਼ਨ ਦੇ ਹਾਂ ਕਰਨ ’ਤੇ ਪਹਿਲਾਂ ਨਾਇਬ ਕੋਰਟ ਨੇ ਸੁੱਖ ਦਾ ਸਾਹ ਲਿਆ। ਫੇਰ ਮੁਲਜ਼ਮ ਧਿਰ ਨੇ।

ਸਰਕਾਰੀ ਵਕੀਲ ਦੇ ਅਦਾਲਤ ਵਿੱਚ ਵੜਦਿਆਂ ਹੀ ਘੁਸਰ ਮੁਸਰ ਸ਼ੁਰੂ ਹੋ ਗਈ।

ਜੱਜ ਦੇ ਸੱਜੇ ਹੱਥ ਸਰਕਾਰੀ ਧਿਰ ਖੜੋ ਗਈ। ਖੱਬੇ ਹੱਥ ਮੁਲਜ਼ਮ ਧਿਰ।

ਜੱਜ ਦੇ ਬਿਲਕੁਲ ਸਾਹਮਣੇ ਪੰਦਰਾਂ ਕੁ ਕੁਰਸੀਆਂ ਪਈਆਂ ਸਨ, ਜਿਨ੍ਹਾਂ ਉਪਰ ਹੋਰ ਮੁਕੱਦਮਿਆਂ ਦੀ ਬਹਿਸ ਕਰਨ ਆਏ ਵਕੀਲ ਬੈਠੇ ਸਨ। ਕੁਰਸੀਆਂ ਦੇ ਪਿੱਛੇ ਬੈਂਚ ਸਨ, ਜਿਹੜੇ ਆਮ ਜਨਤਾ ਲਈ ਸਨ। ਇਨ੍ਹਾਂ ਬੈਂਚਾਂ ਉਪਰ ਪੰਕਜ ਹੋਰਾਂ ਦੇ ਸਮਰਥਕਾਂ ਨੇ ਕਬਜ਼ਾ ਕਰ ਰੱਖਿਆ ਸੀ। ਮੁਦਈ ਧਿਰ ਦੇ ਸਮਰਥਕ ਸਰਕਾਰੀ ਵਕੀਲ ਦੇ ਪਿੱਛੇ ਬਚੀ ਖਾਲੀ ਥਾਂ ਉਪਰ ਖੜੋ ਗਏ।

ਕੁੱਝ ਪੱਤਰਕਾਰ ਵੀ ਆਏ ਸਨ। ਉਹ ਹੱਥਾਂ ਵਿੱਚ ਨੋਟ ਬੁੱਕ ਫੜੀ ਕਿਸੇ ਅਜਿਹੀ ਥਾਂ ਖੜੋਨ ਲਈ ਤਰਲੋ ਮੱਛੀ ਹੋ ਰਹੇ ਸਨ, ਜਿਥੋਂ ਦੋਹਾਂ ਧਿਰਾਂ ਦੀ ਬਹਿਸ ਅਸਾਨੀ ਨਾਲ ਸੁਣੀ ਜਾ ਸਕੇ।

ਅੱਜ ਸਕੂਲਾਂ ਵਿੱਚ ਛੁੱਟੀ ਸੀ, ਕਈ ਦਿਨਾਂ ਤੋਂ ਇਸ ਕੇਸ ਦੇ ਕਿੱਸੇ ਅਖ਼ਬਾਰਾਂ ਵਿੱਚ ਛਪ ਰਹੇ ਸਨ। ਅੱਜ ਹੋਣ ਵਾਲੀ ਅੰਤਿਮ ਬਹਿਸ ਦੀ ਖ਼ਬਰ ਮੋਟੀਆਂ ਸੁਰਖ਼ੀਆਂ ਵਿੱਚ ਲੱਗੀ ਸੀ। ਜ਼ਿੱਦ ਕਰਕੇ ਕੁੱਝ ਬੱਚੇ ਆਪਣੇ ਮਾਪਿਆਂ ਨਾਲ ਕਚਹਿਰੀ ਆ ਗਏ ਸਨ।

ਟੀ.ਵੀ.ਉਪਰ ਆਉਂਦੇ ਨਾਟਕਾਂ ਅਤੇ ਫ਼ਿਲਮਾਂ ਵਿੱਚ ਉਹ ਅਦਾਲਤ ਦੇ ਸੀਨ ਅਕਸਰ ਵੇਖਦੇ ਸਨ। ਮਿੰਟਾਂ ਵਿੱਚ ਵਕੀਲ ਕੇਸ ਦਾ ਪਾਸਾ ਪਲਟ ਦਿੰਦੇ ਸਨ। ਅੱਜ ਉਹ ਵਕੀਲਾਂ ਦੀ ਨੋਕ ਝੋਕ ਅੱਖੀਂ ਦੇਖਣ ਆਏ ਸਨ।

ਵੱਡਿਆਂ ਨੇ ਬੱਚਿਆਂ ਦਾ ਸਤਿਕਾਰ ਕੀਤਾ। ਉਨ੍ਹਾਂ ਨੂੰ ਸਭ ਤੋਂ ਅੱਗੇ ਖੜੋ ਕੇ ਕਾਰਵਾਈ ਦੇਖਣ ਅਤੇ ਸੁਣਨ ਦਾ ਮੌਕਾ ਦਿੱਤਾ।

ਸਰਕਾਰੀ ਵਕੀਲ ਦੇ ਬਹਿਸ ਸ਼ੁਰੂ ਕਰਦਿਆਂ ਹੀ ਚਾਰੇ ਪਾਸੇ ਸੰਨਾਟਾ ਛਾ ਗਿਆ।

ਸਭ ਨੇ ਸਾਹ ਘੁੱਟ ਲਏ। ਸਰਕਾਰੀ ਵਕੀਲ ਪਤਾ ਨਹੀਂ ਕਿਸ ਕਿਸ ਰਹੱਸ ਤੋਂ ਪਰਦਾ ਚੁੱਕਣ ਜਾ ਰਿਹਾ ਸੀ।

ਸਰਕਾਰੀ ਵਕੀਲ ਨੇ ਪਹਿਲਾਂ ਵੇਦ ਅਤੇ ਮੋਹਨ ਦੇ ਪਰਿਵਾਰਾਂ ਦਾ ਪਿਛੋਕੜ ਦੱਸਿਆ। ਉਨ੍ਹਾਂ ਦਾ ਅਸਲੀ ਸ਼ਹਿਰ ਕਿਹੜਾ ਸੀ। ਉਹ ਮਾਇਆ ਨਗਰ ਕਦੋਂ ਅਤੇ ਕਿਉਂ ਆਏ? ਉਨ੍ਹਾਂ ਵਿੱਚ ਕੀ ਕੀ ਸਾਂਝਾ ਸੀ ਅਤੇ ਹੁਣ ਕਿਸ ਗੱਲ ਕਾਰਨ ਪੁਆੜਾ ਪਿਆ ਸੀ।

ਫੇਰ ਉਸਨੇ ਹੋਈ ਵਾਰਦਾਤ ਦਾ ਵੇਰਵਾ ਦਿੱਤਾ। ਕਿਸ ਸਮੇਂ ਕੋਠੀ ਵਿੱਚ ਕੌਣ ਕੌਣ ਮੌਜੂਦ ਸੀ। ਕਿਸ ਕਿਸ ਮੁਲਜ਼ਮ ਨੇ, ਕਿਸ ਕਿਸ ਮਜਰੂਬ ਦੇ, ਕਿਸ ਕਿਸ ਹਥਿਆਰ ਨਾਲ, ਕਿਥੇ ਕਿਥੇ ਸੱਟ ਮਾਰੀ। ਕਿਹੜਾ ਕਿਹੜਾ ਸਮਾਨ ਲੁੱਧਟਿਆ। ਕਿਹੜਾ ਕਿਹੜਾ ਮੁਲਜ਼ਮ ਕਦੋਂ ਫੜਿਆ। ਉਸ ਕੋਲੋਂ ਲੁੱਟ ਦਾ ਕਿਹੜਾ ਕਿਹੜਾ ਸਮਾਨ ਬਰਾਮਦ ਹੋਇਆ।

ਸਰਕਾਰੀ ਵਕੀਲ ਇਹ ਸਭ ਕੁੱਝ ਮਿਸਲ ਵਿਚੋਂ ਪੜ੍ਹ ਪੜ੍ਹ ਸੁਣਾ ਰਿਹਾ ਸੀ। ਉਸਦਾ ਅਟਕ ਅਟਕ ਕੇ ਪੜ੍ਹਨਾ ਸਭ ਨੂੰ ਉਕਤਾ ਰਿਹਾ ਸੀ।

ਪੰਜ ਚਾਰ ਮਿੰਟਾਂ ਬਾਅਦ ਦਰਸ਼ਕਾਂ ਵਿੱਚ ਛਾਈ ਖ਼ਾਮੋਸ਼ੀ ਟੁੱਟਣ ਲੱਗੀ। ਬੱਚਿਆਂ ਵਿੱਚ ਸਭ ਤੋਂ ਵੱਧ ਬੇਚੈਨੀ ਸੀ। ਉਹ ਆਪਸ ਵਿੱਚ ਘੁਸਰ ਮੁਸਰ ਕਰਨ ਲੱਗੇ। ਇਹ ਸਭ ਉਨ੍ਹਾਂ ਨੇ ਅਖ਼ਬਾਰ ਵਿਚੋਂ ਪੜ੍ਹ ਰੱਖਿਆ ਸੀ। ਸਰਕਾਰੀ ਵਕੀਲ ਕਿਹੜੀ ਨਵੀਂ ਗੱਲ ਦੱਸ ਰਿਹਾ ਸੀ? ਉਹ ਇੱਕ ਦੂਜੇ ਤੋਂ ਪੁੱਛਣ ਲੱਗੇ।

“ਪਾਪਾ ਕੀ ਇਹੋ ਬਹਿਸ ਹੈ?” ਇੱਕ ਬੱਚੇ ਨੇ, ਜੋ ਜ਼ਿਆਦਾ ਹੀ ਉਕਤਾ ਗਿਆ ਸੀ, ਆਪਣੇ ਪਾਪਾ ਤੋਂ ਪੁੱਛਿਆ।

“ਚੁੱਪ!” ਦਬਕਾ ਮਾਰ ਕੇ ਪਾਪਾ ਨੇ ਬੱਚੇ ਨੂੰ ਚੁੱਪ ਕਰਵਾ ਦਿੱਤਾ। ਬੱਚਾ ਸੀ। ਉਸਨੂੰ ਨਹੀਂ ਸੀ ਪਤਾ ਅਦਾਲਤ ਦੀ ਕਾਰਵਾਈ ਉਪਰ ਉਂਗਲ ਚੁੱਕਣਾ ਅਦਾਲਤ ਦੀ ਤੌਹੀਨ ਸਮਝੀ ਜਾਂਦੀ ਸੀ ਅਤੇ ਇਸ ਗੁਸਤਾਖ਼ੀ ਬਦਲੇ ਸਜ਼ਾ ਹੋ ਸਕਦੀ ਸੀ।

ਬੱਚਾ ਸਹਿਮ ਗਿਆ। ਚੁੱਪ ਕਰਕੇ ਉਹ ਬਹਿਸ ਦਾ ਅਗਲਾ ਹਿੱਸਾ ਸਮਝਣ ਦਾ ਯਤਨ ਕਰਨ ਲੱਗਾ।

ਸਰਕਾਰੀ ਵਕੀਲ ਦੀ ਸੁਰ ਉੱਚੀ ਹੋਣ ਲੱਗੀ। ਉਸ ਵਿੱਚ ਗੁੱਸਾ ਵੀ ਰਲਣ ਲਗਾ।

ਉਹ ਪੰਕਜ ਅਤੇ ਨੀਰਜ ਨੂੰ ਫਟਕਾਰਨ ਲਗਾ। ਪੰਕਜ ਹੋਰਾਂ ਵੱਲੋਂ ਠੇਕੇਦਾਰ ਨੂੰ ਦਿੱਤੀ ਸੁਪਾਰੀ ਅਤੇ ਮੋਬਾਈਲ ਫ਼ੋਨ ਉਪਰ ਘੜੀ ਸਾਜ਼ਿਸ਼ ਦੇ ਵੇਰਵੇ ਦੇਣ ਲੱਗਾ। ਪੰਕਜ ਦੀਆਂ ਫੈਕਟਰੀਆਂ ਦੇ ਰਜਿਸਟਰ ਅਤੇ ਉਨ੍ਹਾਂ ਦੇ ਇੰਦਰਾਜ ਜੱਜ ਨੂੰ ਦਿਖਾਉਣ ਲੱਗਾ।

ਅਖ਼ੀਰ ਵਿੱਚ ਉਸਨੇ ਠੇਕੇਦਾਰ ਅਤੇ ਉਸਦੇ ਭਤੀਜੇ ਪੰਡਿਤ ਦੇ ਇਕਬਾਲੀਆ ਬਿਆਨ ਪੜ੍ਹਕੇ ਸੁਣਾਏ।

ਫੇਰ ਉਸਨੇ ਅਦਾਲਤ ਤੋਂ ਮੰਗ ਕੀਤੀ। ਤਫ਼ਤੀਸ਼ ਅਧੂਰੀ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਪੁਲਿਸ ਦਾ ਸਾਥ ਨਹੀਂ ਸੀ ਦਿੱਤਾ। ਜਿੰਨਾ ਚਿਰ ਦੋਸ਼ੀਆਂ ਦੀ ਪੁਲਿਸ ਹਿਰਾਸਤ ਵਿੱਚ ਪੁੱਛਗਿੱਛ ਨਹੀਂ ਹੁੰਦੀ, ਉਨਾ ਚਿਰ ਹਨੇਰਿਆਂ ਵਿੱਚ ਘੜੀਆਂ ਸਾਜ਼ਿਸ਼ਾਂ ਨੂੰ ਉਜਾਗਰ ਨਹੀਂ ਸੀ ਕੀਤਾ ਜਾ ਸਕਦਾ।

ਦੋਸ਼ੀ ਧਿਰ ਬਹੁਤ ਅਮੀਰ ਸੀ। ਬਾਹਰ ਰਹਿ ਕੇ ਇਨ੍ਹਾਂ ਨੇ ਪੈਸੇ ਨਾਲ ਗਵਾਹਾਂ ਨੂੰ ਖਰੀਦ ਲੈਣਾ ਸੀ। ਜਿਹੜੇ ਖਰੀਦੇ ਨਹੀਂ ਜਾ ਸਕਦੇ, ਉਨ੍ਹਾਂ ਨੂੰ ਡਰਾ ਜਾਂ ਮਰਵਾ ਦੇਣਾ ਸੀ। ਗਵਾਹੀਆਂ ਭੁਗਤ ਜਾਣ ਤਕ ਉਨ੍ਹਾਂ ਦਾ ਜੇਲ੍ਹ ਅੰਦਰ ਰਹਿਣਾ ਜ਼ਰੂਰੀ ਸੀ।

ਆਪਣੀ ਬਹਿਸ ਖ਼ਤਮ ਕਰਨ ਬਾਅਦ ਸਰਕਾਰੀ ਵਕੀਲ ਨੇ ਰਾਮ ਨਾਥ ਨੂੰ ਬੋਲਣ ਦੀ ਇਜਾਜ਼ਤ ਦਿੱਤੀ। ਉਹ ਚਾਹੇ ਤਾਂ ਸਥਿਤੀ ਹੋਰ ਸਪੱਸ਼ਟ ਕਰ ਸਕਦਾ ਸੀ।

ਰਾਮ ਨਾਥ ਕੋਲ ਕਹਿਣ ਲਈ ਵਾਧੂ ਕੁੱਝ ਨਹੀਂ ਸੀ। ਸਰਕਾਰੀ ਵਕੀਲ ਸਭ ਕੁੱਝ ਕਹਿ ਚੁੱਕਾ ਸੀ। ਉਸਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ।

“ਫ਼ਿਲਮਾਂ ਵਾਲੇ ਸਵਾਲ ਜਵਾਬ ਤਾਂ ਹੋਏ ਨਹੀਂ।” ਇੱਕ ਬੱਚੇ ਨੇ ਦੂਜੇ ਨੂੰ ਪੁੱਛਿਆ।

ਦੂਜੇ ਨੇ ਇਹੋ ਪ੍ਰਸ਼ਨ ਆਪਣੇ ਪਾਪਾ ਅੱਗੇ ਰੱਖਿਆ ਜਿਹੜਾ ਅਕਸਰ ਕਚਹਿਰੀ ਆਉਂਦਾ ਜਾਂਦਾ ਰਹਿੰਦਾ ਸੀ।

“ਇਥੇ ਇਸੇ ਤਰ੍ਹਾਂ ਹੁੰਦਾ ਹੈ। ਫ਼ਿਲਮਾਂ ਵਿੱਚ ਝੂਠ ਮੂਠ ਹੁੰਦਾ ਹੈ। ਸਿਰ ਨਾ ਖਾਓ।

ਚੁੱਪ ਕਰਕੇ ਸੁਣਦੇ ਰਹੋ। ਨਹੀਂ ਤਾਂ ਬਾਹਰ ਚਲੇ ਜਾਓ।”

ਪਾਪਾ ਨੂੰ ਕਿਸੇ ਅਰਦਲੀ ਕੋਲੋਂ ਪੈਣ ਵਾਲੀ ਝਿੜਕ ਦਾ ਡਰ ਸੀ। ਅਰਦਲੀ ਦੀ ਝਿੜਕ ਤੋਂ ਪਹਿਲਾਂ ਹੀ ਉਸਨੇ ਬੱਚਿਆਂ ਨੂੰ ਝਿੜਕ ਦਿੱਤਾ।

ਚੁੱਪ ਕਰਕੇ ਬੱਚੇ ਹੁਕਮ ਦੀ ਪਾਲਣਾ ਕਰਨ ਲੱਗੇ।

ਬਾਬੂ ਨੰਦ ਲਾਲ ਨੇ ਵੀ ਆਪਣੀ ਬਹਿਸ ਦੋਹਾਂ ਪਰਿਵਾਰਾਂ ਦੇ ਪਿਛੋਕੜ ਤੋਂ ਸ਼ੁਰੂ ਕੀਤੀ। ਪਰ ਨੰਦ ਲਾਲ ਦਾ ਇਹ ਪਿਛੋਕੜ ਦੱਸਣ ਦਾ ਮਕਸਦ ਸਰਕਾਰੀ ਵਕੀਲ ਨਾਲੋਂ ਵੱਖਰਾ ਸੀ।

ਇਹ ਮੋਹਨ ਲਾਲ ਦਾ ਆਪਣੇ ਭਰਾ ਪ੍ਰਤੀ ਪਿਆਰ ਸੀ, ਜਿਸਨੇ ਉਸਨੂੰ ਇੱਕ ਕਲਰਕ ਤੋਂ ਕਰੋੜਪਤੀ ਬਣਾਇਆ। ਕੋਈ ਬਦਨੀਅਤੀ ਹੁੰਦੀ, ਪਹਿਲਾਂ ਹੀ ਭਬੀਖਣ ਵਾਂਗ ਉਸਨੂੰ ਸੋਨੇ ਦੀ ਲੰਕਾ ਵਿਚੋਂ ਬਾਹਰ ਕੱਢਿਆ ਹੁੰਦਾ। ਚਾਚੇ ਭਤੀਜਿਆਂ ਵਿੱਚ ਚਲਦੀ ਮੁਕੱਦਮੇਬਾਜ਼ੀ ਸਾਧਾਰਨ ਕਿਸਮ ਦੀ ਸੀ। ਮਾਇਆ ਨਗਰ ਵਿੱਚ ਅਜਿਹਾ ਕਿਹੜਾ ਪਰਿਵਾਰ ਹੈ, ਜਿਸਦੀ ਜਾਇਦਾਦ ਨੂੰ ਲੈ ਕੇ ਮੁਕੱਦਮੇਬਾਜ਼ੀ ਨਹੀਂ ਚੱਲਦੀ। ਦਸ ਲੱਖ ਦਾ ਪਲਾਟ ਪੰਕਜ ਹੋਰਾਂ ਲਈ ਬਹੁਤੀ ਅਹਿਮੀਅਤ ਨਹੀਂ ਰੱਖਦਾ। ਇਸ ਮੁਕੱਦਮੇ ਦੇ ਬਾਵਜੂਦ ਦੋਹਾਂ ਪਰਿਵਾਰਾਂ ਵਿੱਚ ਸੁੱਖ ਦੁੱਖ ਦੀ ਸਾਂਝ ਸੀ। ਤਿਥ ਤਿਉਹਾਰ ’ਤੇ ਆਉਣ ਜਾਣ ਸੀ। ਵੇਦ ਬਿਆਨ ਦੇਣ ਦੇ ਕਾਬਲ ਹੁੰਦਾ ਉਹ ਕਦੇ ਭਤੀਜਿਆਂ ਨੂੰ ਮੁਕੱਦਮੇ ਵਿੱਚ ਨਾ ਘੜੀਸਦਾ।

ਉਸਦਾ ਰਿਸ਼ਤੇਦਾਰ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਅਮੀਰ ਪਰਿਵਾਰ ਨੂੰ ਮੁਕੱਦਮੇ ਵਿੱਚ ਘੜੀਸ ਰਿਹਾ ਸੀ। ਮਕਸਦ ਸਾਫ਼ ਸੀ। ਪੈਸਾ ਬਟੋਰਨਾ।

ਕਰੋੜਪਤੀ ਭਰਾਵਾਂ ਤੋਂ ਪੈਸੇ ਝਾੜਨ ਲਈ ਪੁਲਿਸ ਨੇ ਜੋ ਸਬੂਤ ਘੜੇ ਸਨ, ਉਹ ਕੋਈ ਅਹਿਮੀਅਤ ਨਹੀਂ ਰੱਖਦੇ। ਦੋ ਚਾਰ ਨਹੀਂ ਹਜ਼ਾਰਾਂ ਰਾਡ ਆਏ ਦਿਨ ਦੋਸ਼ੀਆਂ ਦੀ ਫੈਕਟਰੀ ਵਿੱਚ ਬਣਦੇ ਸਨ। ਪੰਜਾਹ ਰੁਪਏ ਇਸਦੀ ਕੀਮਤ ਸੀ। ਸਾਰਾ ਬਜ਼ਾਰ ਰਾਡਾਂ ਨਾਲ ਭਰਿਆ ਪਿਆ ਸੀ। ਜਿਸ ਦੁਕਾਨ ਤੋਂ ਮਰਜ਼ੀ ਖਰੀਦ ਲਓ। ਕੀ ਸਬੂਤ ਹੈ ਕਿ ਇਹ ਰਾਡ ਪੰਕਜ ਨੇ ਠੇਕੇਦਾਰ ਨੂੰ ਦਿੱਤਾ। ਕੋਈ ਕਮਲੇ ਤੋਂ ਕਮਲਾ ਬੰਦਾ ਵੀ ਜੁਰਮ ਕਰਦੇ ਸਮੇਂ ਆਪਣੇ ਟਰੇਡ ਮਾਰਕ ਵਾਲੇ ਹਥਿਆਰ ਨਹੀਂ ਵਰਤੇਗਾ। ਇਹ ਮੁੰਡੇ ਵੱਡੀਆਂਵੱ ਡੀਆਂ ਡਿਗਰੀਆਂ ਲਈ ਫਿਰਦੇ ਸਨ। ਇਡੀ ਵੱਡੀ ਬੇਵਕੂਫ਼ੀ ਕਰਨ ਵਾਲੇ ਨਹੀਂ ਸਨ।

ਮੌਕੇ ਤੋਂ ਬਰਾਮਦ ਹੋਏ ਬੈਗਾਂ ਵਰਗੇ ਹਜ਼ਾਰਾਂ ਬੈਗ ਪੰਕਜ ਹੋਰਾਂ ਨੇ ਆਪਣੇ ਵਰਕਰਾਂ ਵਿੱਚ ਵੰਡੇ ਸਨ। ਵੇਦ ਦੇ ਘਰ ਵੀ ਗਏ ਸਨ। ਇਹ ਕਿਸ ਤਰ੍ਹਾਂ ਆਖਿਆ ਜਾ ਸਕਦਾ ਸੀ ਕਿ ਬਰਾਮਦ ਹੋਏ ਬੈਗ ਨੀਰਜ ਨੇ ਠੇਕੇਦਾਰ ਨੂੰ ਦਿੱਤੇ ਸਨ। ਠੇਕੇਦਾਰ ਪੁਲਿਸ ਹਿਰਾਸਤ ਵਿੱਚ ਸੀ। ਉਸਦੀ ਡੇਅਰੀ ਵਿੱਚ ਜੋ ਚਾਹੋ ਲਿਖਵਾਇਆ ਜਾ ਸਕਦਾ ਸੀ। ਪੁਲਿਸ ਨੇ ਲਿਖਵਾ ਲਿਆ। ਮੋਬਾਈਲ ਫ਼ੋਨ ਪੰਕਜ ਦਾ ਹੈ ਹੀ ਨਹੀਂ। ਕੈਸ਼ ਕਾਰਡ ਵਾਲਾ ਫ਼ੋਨ ਸੀ। ਜਿਹੜਾ ਮਰਜ਼ੀ ਬਜ਼ਾਰ ਵਿਚੋਂ ਖਰੀਦ ਲਏ। ਕਿਸ ਆਧਾਰ ’ਤੇ ਆਖਿਆ ਜਾ ਰਿਹਾ ਸੀ ਕਿ ਮੋਬਾਈਲ ਫ਼ੋਨ ਨੀਰਜ ਦਾ ਸੀ? ਸਭ ਝੂਠ ਸੀ। ਸਾਜ਼ਿਸ਼ ਸੀ।

ਦੋਵੇਂ ਦੋਸ਼ੀ ਤਫ਼ਤੀਸ਼ ਵਿੱਚ ਸ਼ਾਮਲ ਹੋ ਚੁੱਕੇ ਸਨ। ਪੁਲਿਸ ਦੇ ਹਰ ਪ੍ਰਸ਼ਨ ਦਾ ਉੱਤਰ ਦੇ ਚੁੱਕੇ ਸਨ। ਜੋ ਕੁੱਝ ਇਨ੍ਹਾਂ ਨੂੰ ਪਤਾ ਸੀ, ਦੱਸ ਦਿੱਤਾ ਗਿਆ ਸੀ। ਮੁਕੱਦਮੇ ਦੀ ਸਮਾਇਤ ਕਈ ਸਾਲ ਚਲਣੀ ਸੀ। ਸ਼ੱਕ ਦੇ ਆਧਾਰ ’ਤੇ ਪੜ੍ਹੇ ਲਿਖੇ ਮੁੰਡਿਆਂ ਨੂੰ ਜੇਲ੍ਹ ਵਿੱਚ ਨਹੀਂ ਸੀ ਸਾੜਿਆ ਜਾ ਸਕਦਾ। ਕਾਨੂੰਨ ‘ਜੇਲ੍ਹ ਦੀ ਥਾਂ ਬੇਲ’ (ਜ਼ਮਾਨਤ) ਦਾ ਪੱਖੀ ਸੀ।

ਨੰਦ ਲਾਲ ਦੀ ਤਕਰੀਰ ਵਿੱਚ ਕੁੱਝ ਦਮ ਸੀ। ਅਦਾਲਤ ਵਿੱਚ ਖੜ੍ਹੀ ਜਨਤਾ ਉਸ ਨੂੰ ਧਿਆਨ ਨਾਲ ਸੁਣ ਰਹੀ ਸੀ। ਬਹੁਤੇ ਲੋਕ ਮਨ ਹੀ ਮਨ ਉਸ ਨਾਲ ਸਹਿਮਤ ਹੋ ਰਹੇ ਸਨ। ਇੰਨੇ ਅਮੀਰ ਲੋਕ ਜੇ ਜੇਲ੍ਹ ਭੇਜ ਦਿੱਤੇ ਗਏ, ਇਨ੍ਹਾਂ ਦਾ ਵਿਉਪਾਰ ਤਬਾਹ ਹੋ ਜਾਏਗਾ। ਇੱਜ਼ਤ ਮਿੱਟੀ ਵਿੱਚ ਰੁਲ ਜਾਏਗੀ। ਇਹ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ। ਜੇਲ੍ਹ ਵਿੱਚ ਇਨ੍ਹਾਂ ਤੋਂ ਇੱਕ ਰਾਤ ਨਹੀਂ ਕੱਟੀ ਜਾਣੀ। ਏਅਰ ਕੰਡੀਸ਼ਨ ਵਿੱਚ ਸੌਣ ਵਾਲਿਆਂ ਨੂੰ ਮੱਛਰਾਂ ਵਿਚਕਾਰ ਨੀਂਦ ਕਿਸ ਤਰ੍ਹਾਂ ਆਏਗੀ? ਇਹ ਬਿਮਾਰ ਪੈ ਜਾਣਗੇ, ਪਾਗ਼ਲ ਹੋ ਜਾਣਗੇ। ਸਾਲ ਅੰਦਰ ਰਹਿ ਕੇ ਜੇ ਬਰੀ ਹੋਏ ਉਸਦਾ ਕੀ ਫ਼ਾਇਦਾ ਹੋਏਗਾ? ਨੰਦ ਲਾਲ ਦੀ ਦਲੀਲ ਸਹੀ ਸੀ। ਅੰਤਮ ਫੈਸਲੇ ਤਕ ਉਨ੍ਹਾਂ ਨੂੰ ਬਾਹਰ ਰਹਿਣਾ ਚਾਹੀਦਾ ਸੀ।

“ਬਾਬੂ ਜੀ ਗੇਟ ਕੀਪਰ ਨੇ ਆਪਣੇ ਰਜਿਸਟਰ ਵਿੱਚ ਜਿਹੜੀ ਐਂਟਰੀ ਕੀਤੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ?” ਬਹਿਸ ਨੂੰ ਵਿਚੇ ਰੋਕ ਕੇ ਸਾਧੂ ਸਿੰਘ ਨੇ ਪ੍ਰਸ਼ਨ ਉਠਾਇਆ।

ਇਹੋ ਇੱਕ ਨੁਕਤਾ ਸੀ ਜਿਸ ਬਾਰੇ ਨੰਦ ਲਾਲ ਕੋਲ ਕੋਈ ਢੁਕਵਾਂ ਜਵਾਬ ਨਹੀਂ ਸੀ। ਦਿਲ ਹੀ ਦਿਲ ਉਹ ਸਰਕਾਰੀ ਵਕੀਲ ਦਾ ਧੰਨਵਾਦ ਕਰ ਰਿਹਾ ਸੀ, ਜਿਸਨੇ ਇਹ ਸਬੂਤ ਜੱਜ ਦੇ ਧਿਆਨ ਵਿੱਚ ਨਹੀਂ ਸੀ ਲਿਆਂਦਾ। ਹੁਣ ਜੱਜ ਨੇ ਦੁਖਦੀ ਰਗ ’ਤੇ ਹੱਥ ਰੱਖਿਆ ਸੀ ਤਾਂ ਕੁੱਝ ਕਹਿਣਾ ਪੈਣਾ ਸੀ।

ਗੇਟ ਕੀਪਰ ਨੂੰ ਦੋ ਦਿਨ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਸੀ। ਡਰਾ ਧਮਕਾ ਕੇ ਉਸ ਤੋਂ ਰਜਿਸਟਰ ਵਿੱਚ ਕਟਿੰਗ ਕਰਵਾਈ ਗਈ ਸੀ।

“ਪੁਲਿਸ ਨੂੰ ਇੰਨਾ ਕੁੱਝ ਕਰਨ ਦੀ ਕੀ ਜ਼ਰੂਰਤ ਸੀ? ਚਲੋ ਕੋਈ ਨਹੀਂ! ਕੁੱਝ ਹੋਰ ਕਹਿਣਾ ਹੈ?” ਨੰਦ ਲਾਲ ਦੀ ਦਲੀਲ ਜੱਜ ਨੇ ਮਿਨ੍ਹਾ ਜਿਹਾ ਮੁਸਕਰਾ ਕੇ ਨਕਾਰ ਦਿੱਤੀ।

ਜੱਜ ਦੀ ਮੁਸਕਰਾਹਟ ਨੰਦ ਲਾਲ ਦੇ ਸੀਨੇ ਵਿੱਚ ਕਟਾਰ ਵਾਂਗ ਖੁਭ ਗਈ। ਉਹ ਜੱਜ ਦਾ ਰੁਖ ਭਾਂਪ ਗਿਆ। ਅਸਲ ਮੁੱਦੇ ਤੋਂ ਧਿਆਨ ਮੋੜਨ ਲਈ ਉਸਨੇ ਬਹਿਸ ਦਾ ਰੁੱਖ ਬਦਲਿਆ।

ਵਾਰਦਾਤ ਵਾਲੇ ਦਿਨ ਮੁਲਜ਼ਮ ਦਿੱਲੀ ਬੈਠੇ ਸਨ। ਸ਼ਹਿਰ ਦਾ ਐਮ.ਪੀ.ਉਨ੍ਹਾਂ ਦੇ ਨਾਲ ਸੀ। ਕੇਂਦਰੀ ਮੰਤਰੀ ਦੇ ਘਰ ਉਨ੍ਹਾਂ ਦੀ ਹਾਜ਼ਰੀ ਲੱਗੀ ਸੀ। ਅੰਤਰ ਰਾਸ਼ਟਰੀ ਪ੍ਰਸਿਧੀ ਵਾਲੇ ਹਸਪਤਾਲ ਵਿੱਚ ਉਨ੍ਹਾਂ ਦੇ ਟੈਸਟ ਹੋਏ ਸਨ। ਸਾਰਾ ਰਿਕਾਰਡ ਅਰਜ਼ੀ ਨਾਲ ਲਾਇਆ ਗਿਆ ਸੀ। ਵਾਰਦਾਤ ਦੀ ਸਾਜ਼ਿਸ਼ ਘੜੀ ਹੁੰਦੀ ਤਾਂ ਮੁਲਜ਼ਮਾਂ ਦਾ ਦਿਲ ਧੜਕਦਾ ਹੁੰਦਾ।

ਬਲੱਡ ਪ੍ਰੈਸ਼ਰ ਵਧਿਆ ਹੁੰਦਾ। ਪਰ ਉਹ ‘ਨਾਰਮਲ’ ਸਨ। ਜਦੋਂ ਉਨ੍ਹਾਂ ਨੇ ਸਾਜ਼ਿਸ਼ ਘੜੀ ਹੀ ਨਹੀਂ ਸੀ, ਉਨ੍ਹਾਂ ਉਪਰ ਅਸਰ ਕਿਥੋਂ ਹੋਣਾ ਸੀ।

“ਜੇ ਉਹ ਨਾਰਮਲ ਸਨ, ਫੇਰ ਹਸਪਤਾਲ ਕਿਉਂ ਗਏ? ਟੈਸਟਾਂ ਵਿੱਚ ਬਿਮਾਰੀ ਦਾ ਨਾਮੋ ਨਿਸ਼ਾਨ ਨਹੀਂ। ਫੇਰ ਇਹ ਟੈਸਟ ਕਿਉਂ ਕਰਵਾਏ? ਸ਼ਹਿਰੋਂ ਗ਼ੈਰ ਹਾਜ਼ਰੀ ਦੇ ਪੱਕੇ ਸਬੂਤ ਘੜਨ ਲਈ? ਕਿਸੇ ਸਿਆਣੇ ਵਕੀਲ ਦੇ ਚੰਡੇ ਲੱਗਦੇ ਹਨ!”

ਸਾਧੂ ਸਿੰਘ ਨੇ ਇੱਕ ਵਾਰ ਫੇਰ ਨੰਦ ਲਾਲ ਦੀਆਂ ਦਲੀਲਾਂ ਨੂੰ ਕੱਟਿਆ। ਮਾਹੌਲ ਨੂੰ ਸੁਖਾਵਾਂ ਬਨਾਉਣ ਲਈ ਸਾਜ਼ਿਸ਼ ਵਿੱਚ ਕਿਸੇ ਵਕੀਲ ਦੇ ਸ਼ਾਮਲ ਹੋਣ ਦੀ ਚੁਸਕੀ ਲਈ। ਇਸ਼ਾਰਾ ਨੰਦ ਲਾਲ ਵੱਲ ਸੀ।

ਇਸ਼ਾਰਾ ਸਮਝ ਕੇ ਬਾਕੀ ਵਕੀਲ ਮੁਸਕਰਾ ਪਏ। ਨੰਦ ਲਾਲ ਦੇ ਚਿਹਰੇ ਉਪਰ ਹਵਾਈਆਂ ਉੱਡਣ ਲੱਗੀਆਂ।

“ਇਹ ਕਿਹੜਾ ਵਾਰਦਾਤ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਸਾਜ਼ਿਸ਼ ਦੇ ਮੁਲਜ਼ਮ ਹਨ। ਸਾਜ਼ਿਸ਼ ਘੜ ਕੇ ਕਿਤੇ ਵੀ ਜਾਇਆ ਜਾ ਸਕਦਾ ਹੈ। ਮੈਡੀਕਲ ਟੈਸਟ, ਐਮ.ਪੀ. ਦਾ ਸਾਥ ਤੁਹਾਡੀ ਕੋਈ ਮਦਦ ਨਹੀਂ ਕਰ ਰਹੇ! ਉਲਟਾ ਇਹ ਸਬੂਤ ਤੁਹਾਡੇ ਉਲਟ ਜਾ ਰਹੇ ਹਨ।”

ਜੋ ਬਹਿਸ ਸਰਕਾਰੀ ਵਕੀਲ ਨੂੰ ਕਰਨੀ ਚਾਹੀਦੀ ਸੀ, ਉਹ ਸਾਧੂ ਸਿੰਘ ਕਰ ਰਿਹਾ ਸੀ।

ਜੱਜ ਵੱਲੋਂ ਉਠਾਏ ਜਾ ਰਹੇ ਇਨ੍ਹਾਂ ਨੁਕਤਿਆਂ ਉਪਰ ਸਰਕਾਰੀ ਵਕੀਲ ਨੂੰ ਨਮੋਸ਼ੀ ਹੋ ਰਹੀ ਸੀ। ਜੱਜ ਉਸਦੀ ਨੀਅਤ ਉਪਰ ਸ਼ੱਕ ਕਰ ਰਿਹਾ ਸੀ। ਵੈਸੇ ਉਹ ਖੁਸ਼ ਹੋ ਰਿਹਾ ਸੀ। ਉਹ ਮੁਕੱਦਮੇ ਦੀ ਕਹਾਣੀ ਦੱਸ ਕੇ ਚੁੱਪ ਕਰ ਗਿਆ ਸੀ। ਜੋ ਬਹਿਸ ਹੁਣ ਜੱਜ ਕਰ ਰਿਹਾ ਸੀ ਉਹ ਉਸਨੂੰ ਕਰਨੀ ਚਾਹੀਦੀ ਸੀ ਪਰ ਉਸਨੇ ਨਹੀਂ ਸੀ ਕੀਤੀ। ਇੰਝ ਕਰਕੇ ਉਸਨੇ ਦਸ ਹਜ਼ਾਰ ਹਜ਼ਮ ਕਰ ਲਿਆ ਸੀ। ਪਾਰਟੀ ਹੁਣ ਉਸਨੂੰ ਉਲਾਂਭਾ ਨਹੀਂ ਸੀ ਦੇ ਸਕਦੀ।

ਜੱਜ ਨੇ ਖ਼ੁਦ ਨੁਕਤੇ ਉਠਾ ਕੇ ਉਸਦੀ ਮੁਸ਼ਕਲ ਹੱਲ ਕਰ ਦਿੱਤੀ। ਫੈਸਲਾ ਕੀ ਹੋਣਾ ਹੈ? ਸਪੱਸ਼ਟ ਨਜ਼ਰ ਆ ਰਿਹਾ ਸੀ। ਦਰਖ਼ਾਸਤ ਰੱਦ ਹੋਣ ਨਾਲ ਸਰਕਾਰੀ ਵਕੀਲ ਦੀ ਬੱਲੇ ਬੱਲੇ ਹੋ ਜਾਣੀ ਸੀ। ਉਸਦੇ ਦੋਵੇਂ ਹੱਥ ਲੱਡੂ ਸਨ।

“ਮੈਂ ਕੁੱਝ ਫੈਸਲੇ ਲੈ ਕੇ ਆਇਆ ਹਾਂ। ਹਜ਼ੂਰ ਦਾ ਹੁਕਮ ਹੋਵੇ ਤਾਂ ਪੇਸ਼ ਕਰਾਂ।”

ਨੰਦ ਲਾਲ ਦੇ ਇਹ ਆਖਣ ’ਤੇ ਜੂਨੀਅਰ ਵਕੀਲ ਕਿਤਾਬਾਂ ਚੁੱਕ ਚੁੱਕ ਉਸਨੂੰ ਫੜਾਉਣ ਲੱਗੇ।

“ਰਹਿਣ ਦਿਓ। ਸੌਰੀ। ਮੇਰੀ ਰਾਏ ਵਿੱਚ ਇਹ ਪੇਸ਼ਗੀ ਜ਼ਮਾਨਤ ਵਾਲਾ ਕੇਸ ਨਹੀਂ।

ਪੁਲਿਸ ਨੂੰ ਤਫ਼ਤੀਸ਼ ਮੁਕੰਮਲ ਕਰ ਲੈਣ ਦਿਓ।”

ਆਖਦੇ ਜੱਜ ਨੇ ਤੁਰੰਤ ਫ਼ੈਸਲਾ ਸੁਣਾ ਦਿੱਤਾ।

 

-38-

 

“ਅਜਿਹੇ ਡਰਪੋਕ ਜੱਜ ਤੋਂ ਇਨਸਾਫ਼ ਦੀ ਝਾਕ ਰੱਖਣਾ ਬੇਵਕੂਫ਼ੀ ਹੈ। ਵੱਡੇ ਈਮਾਨਦਾਰ! ਬਦਨਮੀ ਤੋਂ ਡਰਦੇ ਅਮੀਰ ਬੰਦਿਆਂ ਨੂੰ ਬਣਦਾ ਹੱਕ ਨਹੀਂ ਦਿੰਦੇ। ਇਹ ਸਰਾਸਰ ਬੇਇਨਸਾਫ਼ੀ ਹੈ।”

ਕਚਹਿਰੀਉਂ ਬਾਹਰ ਆਉਂਦਾ ਨੰਦ ਲਾਲ ਉਲਟ ਹੋਏ ਹੁਕਮ ਦਾ ਕਾਰਨ ਜੱਜ ਦੀ ਈਮਾਨਦਾਰੀ ਨੂੰ ਠਹਿਰਾਉਣ ਲੱਗਾ।

“ਘਬਰਾਓ ਨਾ ਮੁੰਡਿਓ। ਉਪਰ ਬਥੇਰੀਆਂ ਅਦਾਲਤਾਂ ਹਨ। ਉਹ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੋਂ ਨਹੀਂ ਡਰਦੀਆਂ। ਆਪਾਂ ਅਪੀਲ ਕਰਾਂਗੇ।”

ਬਿਨਾਂ ਕਿਸੇ ਤੋਂ ਪੁੱਛੇ ਨੰਦ ਲਾਲ ਨੇ ਆਪਣੀ ਜੇਬ ਵਿਚੋਂ ਮੋਬਾਈਲ ਫ਼ੋਨ ਕੱਢਿਆ ਅਤੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਸੁੰਦਰ ਸਿੰਘ ਦਾ ਨੰਬਰ ਮਿਲਾਉਣ ਲੱਗਾ।

“ਮੈਂ ਸੁੰਦਰ ਸਿੰਘ ਨੂੰ ਫ਼ੋਨ ਕਰ ਰਿਹਾ ਹਾਂ। ਉਹ ਫ਼ੌਜਦਾਰੀ ਦਾ ਚੋਟੀ ਦਾ ਵਕੀਲ ਹੈ। ਸਾਡੀਆਂ ਕਾਨੂੰਨ ਦੀਆਂ ਕਿਤਾਬਾਂ ਪੜ੍ਹਕੇ ਦੇਖੋ। ਅੱਧੇ ਫੈਸਲਿਆਂ ਉਪਰ ਉਸ ਦਾ ਨਾਂ ਛਪਿਆ ਹੁੰਦਾ ਹੈ। ਉਸਦਾ ਜੇ ਵਕਾਲਤ ਨਾਮਾ ਲਗ ਜਾਏ, ਸਮਝੋ ਕੰਮ ਹੋ ਗਿਆ।

ਮੈਂ ਉਸਨੂੰ ਪਹਿਲਾਂ ਹੀ ਬੰਨ੍ਹ ਦਿਆਂ। ਕਿਧਰੇ ਦੂਸਰੀ ਧਿਰ ਉਸ ਨੂੰ ਆਪਣੇ ਨਾਲੋਂ ਪਹਿਲਾਂ ਵਕੀਲ ਨਾ ਕਰ ਲਏ।”

ਦੂਸਰੇ ਪਾਸੇ ਘੰਟੀ ਵੱਜ ਰਹੀ ਸੀ, ਪਰ ਕੋਈ ਲਾਈਨ ਉਪਰ ਨਹੀਂ ਸੀ ਆ ਰਿਹਾ।

ਮਿਲੇ ਸਮੇਂ ਦੌਰਾਨ ਨੰਦ ਲਾਲ ਇੱਕ ਵਾਰ ਫੇਰ ਸੁੰਦਰ ਸਿੰਘ ਦੀਆਂ ਖ਼ੂਬੀਆਂ ਗਿਣਾਉਣ ਲੱਗਾ: “ਪਹਿਲੀ ਸਰਕਾਰ ਵਿੱਚ ਉਹ ਐਡਵੋਕੇਟ ਜਨਰਲ ਸੀ। ਹਾਈ ਕੋਰਟ ਦੇ ਕਈ ਜੱਜ ਉਸਦੀ ਸਿਫਾਰਸ਼ ’ਤੇ ਭਰਤੀ ਹੋਏ ਹਨ। ਜਦੋਂ ਸਰਕਾਰ ਬਦਲੀ, ਇਸ ਨੇ ਖ਼ੁਦ ਹਾਈ ਕੋਰਟ ਦਾ ਜੱਜ ਬਣ ਜਾਣਾ ਹੈ। ਉਥੇ ਜੱਜਾਂ ਅਤੇ ਵਕੀਲਾਂ ਦੇ ਧੜੇ ਬਣੇ ਹੋਏ ਹਨ। ਕੋਈ ਕਿਸੇ ਦਾ ਜਮਾਤੀ ਹੈ, ਕੋਈ ਗੁਰ ਭਾਈ। ਕੋਈ ਕਿਸੇ ਦਾ ਭਤੀਜਾ ਹੈ, ਕੋਈ ਭਾਣਜਾ। ਜੱਜ ਦੇਖ ਦੇਖ ਟਿੱਕੇ ਕੱਢਦੇ ਹਨ। ਜੇ ਵਕੀਲ ਆਪਣੇ ਧੜੇ ਦਾ ਹੋਵੇ ਤਾਂ ਉਸਦੇ ਸਾਇਲ ਨੂੰ ਫਾਂਸੀ ਦੇ ਫੰਦੇ ਤੋਂ ਮੋੜ ਲਿਆਉਂਦੇ ਹਨ। ਵਕੀਲ ਵਿਰੋਧੀ ਧੜੇ ਦਾ ਹੋਵੇ ਤਾਂ ਅਗਲੇ ਦੇ ਦਸ ਸਾਲ ਪਹਿਲਾਂ ਬਰੀ ਹੋਏ ਸਾਇਲ ਨੂੰ ਮੋੜ ਕੇ ਕੈਦ ਕੋਠੜੀ ਵਿੱਚ ਸੁੱਟ ਦਿੰਦੇ ਹਨ।

ਆਪਣੇ ਵਕੀਲ ਦੀ ਇਹ ਖੂਬੀ ਹੈ। ਉਹ ਸਭ ਧੜਿਆਂ ਨਾਲ ਬਣਾ ਕੇ ਰੱਖਦਾ ਹੈ। ਚੰਗੀਆਂ ਪਾਰਟੀਆਂ ਦੇ ਕੇਸ ਲੈਂਦਾ ਹੈ। ਹਰ ਤਰ੍ਹਾਂ ਦੇ ਜੱਜ ਤੋਂ ਹਰ ਤਰੀਕਾ ਵਰਤ ਕੇ ਕੰਮ ਕਰਾਉਂਦਾ ਹੈ।”

ਨੰਦ ਲਾਲ ਦੀਆਂ ਗੱਲਾਂ ਸੁਣ ਕੇ ਅਜੇ ਅਤੇ ਉਸਦੇ ਸਾਥੀਆਂ ਦੇ ਦਿਲ ਧੜਕਨ ਲੱਗੇ। ਕਿਧਰੇ ਅਜਿਹਾ ਵਕੀਲ ਹੱਥੋਂ ਨਾ ਨਿਕਲ ਜਾਏ। ਉਨ੍ਹਾਂ ਦੇ ਮਨ ਵਕੀਲ ਨੂੰ ਜਲਦੀ ਕਰ ਲੈਣ ਲਈ ਕਾਹਲੇ ਪੈਣ ਲੱਗੇ।

ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ। ਸੁੰਦਰ ਸਿੰਘ ਨੇ ਫ਼ੋਨ ਚੁੱਕ ਲਿਆ ਸੀ।

“ਆਹ ਬਈ ਸਾਡੇ ਇਥੇ ਇੱਕ ਜੱਜ ਹੈ ਸਾਧੂ ਸਿੰਘ। ਨਾਂ ਹੀ ਸਾਧੂ ਹੈ। ਉਂਝ ਪੂਰਾ ਪਾਖੰਡੀ ਹੈ। ਮੇਰਾ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਇਸ ਕਰਕੇ ਰੱਦ ਕਰ ਦਿੱਤੀ ਕਿਉਂਕਿ ਮੇਰੀ ਪਾਰਟੀ ਅਮੀਰ ਹੈ। … ਬੰਦੇ ਇਹ ਮੇਰੇ ਨੇ। ਇਨ੍ਹਾਂ ਦਾ ਕੰਮ ਕਰਾਉਣੈ। ਸ਼ਾਮ ਤੱਕ ਤੇਰੇ ਕੋਲ ਪੁੱਜ ਰਹੇ ਹਨ। ਸਮਝਣਾ ਮੈਂ ਆ ਗਿਆ। ਬਹੁਤ ਇੰਤਜ਼ਾਰ ਨਾ ਕਰਾਈਂ। ਝੱਟ ਫਾਰਗ ਕਰ ਦੇਈਂ। ਫ਼ੀਸ ਜਾਇਜ਼ ਲੈਣੀ ਹੈ। ਕੰਮ ਹਰ ਹੀਲੇ ਕਰਾਉਣਾ ਹੈ। ਤੂੰ ਆਪਣਾ ਰਸੂਖ਼ ਵੀ ਵਰਤਣਾ ਹੈ। ਪਾਰਟੀ ਭਰੋਸੇ ਵਾਲੀ ਹੈ। ਕੋਈ ਗੱਲ ਬਾਹਰ ਨਹੀਂ ਨਿਕਲੇਗੀ।

ਇਹ ਮੇਰੀ ਗਰੰਟੀ ਹੈ।”

ਸੁੰਦਰ ਸਿੰਘ ਕੋਲ ਪੰਕਜ ਹੋਰਾਂ ਦੀ ਸਿਫਾਰਸ਼ ਕਰਕੇ ਨੰਦ ਲਾਲ ਨੇ ਇੱਕ ਵਿਜ਼ਟਿੰਗ ਕਾਰਡ ਆਪਣੀ ਜੇਬ ਵਿਚੋਂ ਕੱਢਿਆ ਅਤੇ ਅਜੇ ਨੂੰ ਫੜਾਉਂਦਿਆਂ ਉਸ ਦੀ ਸਮੱਸਿਆ ਹੋਰ ਆਸਾਨ ਕਰਨ ਲੱਗਾ: “ਸੁੰਦਰ ਸਿੰਘ ਨੇ ਦੱਸਿਆ ਹੈ ਕਿ ਜਿਹੜੇ ਦੋ ਜੱਜਾਂ ਦਾ ਬੈਂਚ ਹੁਣ ਦਰਖ਼ਾਸਤਾਂ ਸੁਣ ਰਿਹਾ ਹੈ, ਉਹ ਉਸਦੇ ਲੰਗੋਟੀਏ ਯਾਰ ਹਨ। ਇਸ ਬੈਂਚ ਦੇ ਜੱਜਾਂ ਨੇ ਦੋ ਦਿਨਾਂ ਬਾਅਦ ਬਦਲ ਜਾਣਾ ਹੈ। ਅੱਗੇ ਆਉਣ ਵਾਲੇ ਜੱਜ ਬਹੁਤ ਮਾੜੇ ਹਨ। ਕੰਮ ਕਰਾਉਣ ਦਾ ਇਹੋ ਚੰਗਾ ਮੌਕਾ ਹੈ। ਅੱਜ ਹੀ ਨੱਠ ਜਾਓ।”

ਹਰ ਤਰੀਕਾ ਵਰਤ ਕੇ ਨੰਦ ਲਾਲ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਅਸਾਮੀ ਸੁੰਦਰ ਸਿੰਘ ਕੋਲ ਪੁੱਜੇ ਅਤੇ ਉਹ ਵੀ ਜਲਦੀ ਤੋਂ ਜਲਦੀ। ਸੁੰਦਰ ਸਿੰਘ ਨੇ ਪਚਵੰਜਾ ਹਜ਼ਾਰ ਫ਼ੀਸ ਲੈਣੀ ਸੀ। ਅੱਧ ਦਾ ਬੈਂਕ ਡਰਾਫਟ ਨੰਦ ਲਾਲ ਨੂੰ ਘਰ ਬੈਠੇ ਆ ਜਾਣਾ ਸੀ। ਉਨੀ ਕਮਾਈ ਨੰਦ ਲਾਲ ਨੂੰ ਆਪਣੀ ਵਕਾਲਤ ਦੀ ਸੀ ਉਨੀ ਹਾਈ ਕੋਰਟ ਦੇ ਵਕੀਲਾਂ ਕੋਲੋਂ ਮਿਲਦੇ ਹਿੱਸੇ ਦੀ। ਇਥੇ ਮੁਕੱਦਮਾ ਕਈ ਸਾਲ ਚਲਦਾ ਸੀ। ਬਹੁਤ ਮਗਜ਼ ਖਪਾਈ ਹੁੰਦੀ ਸੀ। ਉਥੋਂ ਫ਼ੀਸ ਇੱਕ ਫ਼ੋਨ ਘੁਮਾਉਣ ਨਾਲ ਆ ਜਾਂਦੀ ਸੀ।

“ਮੈਂ ਆਪਣਾ ਜੂਨੀਅਰ ਨਾਲ ਭੇਜ ਦਿਆਂਗਾ। ਤੁਹਾਨੂੰ ਹਰ ਕੰਮ ਵਿੱਚ ਸੌਖ ਰਹੇਗੀ।”

ਨੰਦ ਲਾਲ ਅਸਾਮੀ ਦੇ ਇਧਰ ਉਧਰ ਹੋ ਜਾਣ ਦੀ ਹਰ ਸੰਭਾਵਨਾ ’ਤੇ ਰੋਕ ਲਾਉਣਾ ਚਾਹੁੰਦਾ ਸੀ।

“ਮੈਂ ਹਾਂ ਬਾਬੂ ਜੀ! ਮੈਂ ਹੁਕਮ ਦੀ ਨਕਲ ਤਿਆਰ ਕਰਵਾ ਰਿਹਾ ਹਾਂ। ਨਕਲ ਤਿਆਰ ਹੁੰਦੇ ਹੀ ਚੰਡੀਗੜ੍ਹ ਨੂੰ ਤੁਰ ਪਵਾਂਗੇ।”

ਪੰਕਜ ਦੇ ਦੋ ਹੋਰ ਸਮਰਥਕਾਂ ਨੂੰ ਹੋਏ ਹੁਕਮ ਦੀਆਂ ਬਾਰੀਕੀਆਂ ਸਮਝਾ ਰਹੇ ਸਿੰਗਲੇ ਦਾ ਇੱਕ ਕੰਨ ਨੰਦ ਲਾਲ ਦੀਆਂ ਗੱਲਾਂ ਵੱਲ ਸੀ। ਉਹ ਨੰਦ ਲਾਲ ਦੀਆਂ ਰਮਜ਼ਾਂ ਸਮਝ ਰਿਹਾ ਸੀ। ਗੱਲੀਂ ਗੱਲੀਂ ਉਸਨੇ ਸੁੰਦਰ ਸਿੰਘ ਨੂੰ ਸਮਝਾ ਦਿੱਤਾ ਸੀ ਪਾਰਟੀ ਅਮੀਰ ਹੈ।

ਮਤਲਬ ਕਿ ਫ਼ੀਸ ਠੋਕ ਕੇ ਲਏ। ਨਾਲ ਇਹ ਵੀ ਸਮਝਾ ਦਿੱਤਾ ਸੀ ਜੱਜਾਂ ਦੇ ਨਾਂ ਉਪਰ ਵੀ ਫ਼ੀਸ ਲਈ ਜਾ ਸਕਦੀ ਸੀ। ਨਾਲ ਜੂਨੀਅਰ ਭੇਜ ਕੇ ਸਿੰਗਲੇ ਦੀ ਰੋਟੀ ਵਿੱਚ ਲੱਤ ਮਾਰੀ ਜਾ ਰਹੀ ਸੀ।

ਸਿੰਗਲਾ ਕਿਹੜਾ ਘੱਟ ਸੀ। ਉਹ ਨੰਦ ਲਾਲ ਦਾ ਹੀ ਚੇਲਾ ਸੀ। ਬਾਜ਼ੀ ਹੱਥੋਂ ਜਾਂਦੀ ਦੇਖ ਕੇ ਉਸਨੇ ਆਪਣੀ ਟੰਗ ਅੜਾ ਲਈ।

“ਚੱਲ ਠੀਕ ਹੈ। ਕੋਈ ਦਿਕਤ ਆਵੇ ਮੈਨੂੰ ਫ਼ੋਨ ਕਰ ਲੈਣਾ। ਫ਼ੀਸ ਵੱਧ ਘੱਟ ਕਰਵਾ ਦੇਵਾਂਗਾ।”

ਦੂਸਰੀ ਅਦਾਲਤ ਜਾਣ ਤੋਂ ਪਹਿਲਾਂ ਨੰਦ ਲਾਲ ਨੇ ਸਿੰਗਲੇ ਦੀ ਪਿੱਠ ਥਾਪੜੀ।

ਇਹ ਕੀ ਇਸ਼ਾਰਾ ਸੀ, ਸਿੰਗਲੇ ਨੂੰ ਸਮਝ ਨਹੀਂ ਸੀ ਆਇਆ।

ਤਿਆਰ ਹੋਣ ਲਈ ਫ਼ੈਸਲੇ ਦੀ ਨਕਲ ਨੂੰ ਕਈ ਹੱਥਾਂ ਥਾਈਂ ਨਿਕਲਣਾ ਪੈਣਾ ਸੀ।

ਸਟੈਨੋ ਨੇ ਇਸ ਨੂੰ ਟਾਈਪ ਕਰਨਾ ਸੀ। ਜੱਜ ਨੇ ਗਲਤੀਆਂ ਠੀਕ ਕਰਨੀਆਂ ਸਨ। ਸਟੈਨੋ ਨੇ ਦੋਬਾਰਾ ਹੁਕਮ ਟਾਈਪ ਕਰਨਾ ਸੀ। ਫੇਰ ਜੱਜ ਦੇ ਉਸ ਉਪਰ ਦਸਤਖ਼ਤ ਹੋਣੇ ਸਨ।

ਜੱਜ ਦੇ ਦਸਤਖ਼ਤਾਂ ਬਾਅਦ ਮਿਸਲ ਰੀਡਰ ਕੋਲ ਜਾਣੀ ਸੀ। ਉਸਨੇ ਮਿਸਲ ਆਪਣੇ ਰਜਿਸਟਰ ਵਿੱਚ ਚੜ੍ਹਾ ਕੇ ਅਹਿਲਮੱਦ ਕੋਲ ਭੇਜਣੀ ਸੀ। ਅਹਿਲਮੱਦ ਨੇ ਆਪਣੇ ਰਜਿਸਟਰ ਵਿੱਚ ਚੜ੍ਹਾ ਕੇ ਨਕਲ ਕਲਰਕ ਕੋਲ ਭੇਜਣੀ ਸੀ। ਕਾਪੀ ਕਲਰਕ ਨੇ ਨਕਲ ਤਿਆਰ ਕਰਨੀ ਸੀ। ਉਸ ਨਕਲ ’ਤੇ ਰੀਡਰ ਦੇ ਦਸਤਖ਼ਤ ਹੋਣੇ ਸਨ। ਅਰਦਲੀ ਨੇ ਮੋਹਰਾਂ ਲਾਉਣੀਆਂ ਸਨ। ਫੇਰ ਕਾਪੀ ਕਲਰਕ ਨੇ ਆਪਣੇ ਰਜਿਸਟਰ ਵਿੱਚ ਦਰਜ ਕਰਕੇ ਨਕਲ ਵਕੀਲ ਦੇ ਹਵਾਲੇ ਕਰਨੀ ਸੀ।

ਜੇ ਇਸ ਕਾਰਵਾਈ ਨੂੰ ਆਪਣੇ ਆਪ ਹੋਣ ਦਿੱਤਾ ਜਾਵੇ ਤਾਂ ਨਕਲ ਮਿਲਣ ਨੂੰ ਇੱਕ ਮਹੀਨਾ ਲੱਗ ਸਕਦਾ ਸੀ। ਸਿੰਗਲੇ ਨੂੰ ਇਹ ਹੁਕਮ ਇੱਕ ਘੰਟੇ ਦੇ ਅੰਦਰ ਅੰਦਰ ਚਾਹੀਦਾ ਸੀ। ਪਾਰਟੀ ਦੇ ਕਿਸੇ ਹੋਰ ਵਿਚੋਲੇ ਦੇ ਹੱਥ ਚੜ੍ਹ ਜਾਣ ਦਾ ਜਿੰਨਾ ਖ਼ਤਰਾ ਨੰਦ ਲਾਲ ਨੂੰ ਸੀ, ਉਸ ਤੋਂ ਵੱਧ ਖ਼ਤਰਾ ਸਿੰਗਲੇ ਨੂੰ ਸੀ। ਸਿੰਗਲਾ ਝੱਟ ਪੱਟ ਚੰਡੀਗੜ੍ਹ ਦੇ ਰਸਤੇ ਪੈਣਾ ਚਾਹੁੰਦਾ ਸੀ।

ਇਨ੍ਹਾਂ ਸਾਰੇ ਅਹਿਲਕਾਰਾਂ ਦੀ ਬੱਝਵੀਂ ਫ਼ੀਸ ਪੰਜਾਹ ਰੁਪਏ ਪ੍ਰਤੀ ਅਹਿਲਕਾਰ ਸੀ।

ਨੰਦ ਲਾਲ ਨੇ ਨਕਲ ਤਿਆਰ ਕਰਾਉਣੀ ਹੁੰਦੀ ਤਾਂ ਰੇਟ ਦੁੱਗਣੇ ਤਿੱਗਣੇ ਲਗਦੇ। ਬਹੁਤੇ ਉਸ ਨੇ ਖ਼ੁਦ ਰੱਖਣੇ ਸਨ, ਥੋੜ੍ਹੇ ਅਹਿਲਕਾਰਾਂ ਨੂੰ ਦੇਣੇ ਸਨ।

ਸਿੰਗਲੇ ਦੀ ਨਜ਼ਰ ਪੰਜ ਸੌ ਦੀ ਥਾਂ ਪੰਜਾਹ ਹਜ਼ਾਰ ਉਪਰ ਲੱਗੀ ਹੋਈ ਸੀ।

“ਹਾਲੇ ਦੋ ਵੱਜੇ ਨੇ। ਆਪਾਂ ਚਾਰ ਵਜੇ ਤੋਂ ਪਹਿਲਾਂ ਨਹੀਂ ਚੱਲ ਸਕਦੇ। ਨਾ ਚੱਲਣ ਦਾ ਕੋਈ ਫ਼ਾਇਦਾ ਹੈ। ਵਕੀਲਾਂ ਨੇ ਆਪਾਂ ਨੂੰ ਸੱਤ ਵਜੇ ਤੋਂ ਬਾਅਦ ਮਿਲਣਾ ਹੈ। ਘਰ ਆ ਕੇ ਉਹ ਦੋ ਘੰਟੇ ਆਰਾਮ ਕਰਦੇ ਹਨ। ਫੇਰ ਦਫ਼ਤਰ ਬੈਠਦੇ ਹਨ। ਚਾਰ ਸਾਢੇ ਚਾਰ ਚੱਲਾਂਗੇ। ਹੁਣ ਤੁਸੀਂ ਦੋ ਘੰਟੇ ਹੋਰ ਕੰਮ ਕਰ ਲਓ। ਚਾਰ ਵਜੇ ਮੈਨੂੰ ਇਥੋਂ ਲੈ ਲੈਣਾ। ਉਨਾ ਚਿਰ ਮੈਂ ਨਕਲ ਤਿਆਰ ਕਰਵਾਉਂਦਾ ਹਾਂ।”

ਸਿੰਗਲਾ ਬਿਨਾਂ ਆਖੇ ਹੀ ਪੰਕਜ ਹੋਰਾਂ ਨਾਲ ਚੰਡੀਗੜ੍ਹ ਜਾਣ ਲਈ ਤਿਆਰ ਹੋ ਗਿਆ।

ਪਾਰਟੀ ਨਾਲ ਹਾਲੇ ਚੰਡੀਗੜ੍ਹ ਕੀਤੇ ਜਾਣ ਵਾਲੇ ਵਕੀਲ ਬਾਰੇ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਰਸਤੇ ਵਿੱਚ ਸਿੰਗਲੇ ਨੇ ਉਨ੍ਹਾਂ ਨਾਲ ਹੋਣਾ ਸੀ। ਦੋ ਘੰਟਿਆਂ ਦੌਰਾਨ ਸਿੰਗਲੇ ਨੇ ਅਸਾਮੀ ਨੂੰ ਸੁੰਦਰ ਸਿੰਘ ਦੀ ਖੁਰਲੀ ਤੋਂ ਮੋੜ ਕੇ ਕਿਸੇ ਹੋਰ ਦੇ ਕਿੱਲੇ ‘ਤੇ ਜਾ ਬੰਨ੍ਹਣਾ ਸੀ।

ਡੋਰੇ ਪੈ ਗਏ ਤਾਂ ਸਿੰਗਲੇ ਦਾ ਵੀਹ ਹਜ਼ਾਰ ਖਰਾ। ਨਾ ਪਏ ਤਾਂ ਮੌਜ ਮੇਲਾ ਹੀ ਸਹੀ।

ਸਿੰਗਲਾ ਆਪਣੇ ਮਨ ਵਿੱਚ ਲੱਡੂ ਭੋਰ ਰਿਹਾ ਸੀ।

ਸਿੰਗਲੇ ਨੇ ਸਾਧੂ ਸਿੰਘ ਦੇ ਅਰਦਲੀ ਨੂੰ ਆਪਣੇ ਕੋਲ ਬੁਲਾਇਆ। ਉਸਦੀ ਪਿੱਠ ਥਾਪੜ ਕੇ ਉਸ ਨੂੰ ਫੂਕ ਛਕਾਈ: “ਲੈ ਛੋਟੇ ਭਾਈ ਤੇਰੇ ਹੁੰਦੇ ਮੇਰੀ ਪਿੱਠ ਨਹੀਂ ਲੱਗਣੀ ਚਾਹੀਦੀ। ਹੁਕਮ ਦੀ ਨਕਲ ਮੈਨੂੰ ਚਾਰ ਵਜੇ ਮਿਲਣੀ ਚਾਹੀਦੀ ਹੈ।”

“ਮੈਂ ਪਹਿਲਾਂ ਤਿਆਰ ਕਰਵਾ ਦੂੰ ਜਨਾਬ! ਫ਼ਿਕਰ ਨਾ ਕਰੋ।”

ਸਿੰਗਲੇ ਦੇ ਗੋਡਿਆਂ ਵੱਲ ਝੁਕਦਾ ਅਰਦਲੀ ਹੁਕਮ ਦੀ ਪਾਲਣਾ ਦਾ ਯਕੀਨ ਦਿਵਾਉਣ ਲਗਾ।

“ਇੰਝ ਕਰੋ … ਸਟੈਨੋ, ਰੀਡਰ … ਕੁੱਲ ਬਣੇ ਪੰਜ … ਇਸ ਨੂੰ ਪੰਜ ਸੌ … ਨਹੀਂ ਚਲੋ ਛੇ ਸੌ ਰੁਪਏ ਦਿਓ … । ਇਹ ਸਭ ਨੂੰ ਆਪੇ ਦੇ ਦੇਵੇਗਾ …”

ਅਜੇ ਨੂੰ ਕੋਲ ਬੁਲਾ ਕੇ ਸਿੰਗਲੇ ਨੇ ਅਰਦਲੀ ਨੂੰ ਛੇ ਸੌ ਰੁਪਏ ਦੇਣ ਦਾ ਹੁਕਮ ਸੁਣਾਇਆ।

“ਲੈ ਹੁਣ ਸਾਰੇ ਕੰਮ ਤੂੰ ਆਪ ਕਰਨੇ ਹਨ। ਹੁਕਮ ਠੀਕ ਸਮੇਂ ’ਤੇ ਮੇਰੇ ਕੈਬਨ ਵਿੱਚ ਪੁੱਜ ਜਾਣਾ ਚਾਹੀਦੈ।”

ਪਹਿਲਾਂ ਸਿੰਗਲੇ ਨੇ ਅਰਦਲੀ ਨੂੰ ਤਾੜਿਆ।

ਫੇਰ ਅਰਦਲੀ ਦੀਆਂ ਤਾਕਤਾਂ ਬਾਰੇ ਅਜੇ ਨੂੰ ਜਾਣਕਾਰੀ ਦੇਣ ਲੱਗਾ, “ਇਸ ਅਰਦਲੀ ਨੇ ਸਾਰੇ ਅਹਿਲਕਾਰਾਂ ਦੇ ਹੱਥਾਂ ’ਤੇ ਸਰ੍ਹੋਂ ਜਮਾ ਦੇਣੀ ਹੈ। ਉਨਾ ਚਿਰ ਇਸ ਨੇ ਉਨ੍ਹਾਂ ਦੇ ਸਿਰ ’ਤੇ ਖੜ੍ਹੇ ਰਹਿਣਾ ਹੈ, ਜਿੰਨਾ ਚਿਰ ਇਸਦਾ ਕੰਮ ਨਹੀਂ ਹੁੰਦਾ। ਜੱਜ ਕੋਲ ਇਹ ਘੜੀ ਘੜੀ ਜਾਂਦੈ। ਸਭ ਤੋਂ ਪਹਿਲਾਂ ਇਸ ਨੇ ਇਸੇ ਹੁਕਮ ’ਤੇ ਦਸਤਖ਼ਤ ਕਰਾਉਣੇ ਹਨ। ਬੱਸ ਹੁਕਮ ਆਪਣੇ ਕੋਲ ਪੁੱਜਿਆ ਸਮਝੋ।”

ਚਾਰ ਵਜੇ ਇਕੱਠੇ ਹੋਣ ਦਾ ਪ੍ਰੋਗਰਾਮ ਬਣਾ ਕੇ ਉਹ ਵਿਛੜ ਗਏ।

 

-39-

 

ਪਹਿਲਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ।

ਚੰਡੀਗੜ੍ਹ ਦੇ ਅੱਧ ਵਿੱਚ ਪੁੱਜ ਕੇ ਸਿੰਗਲੇ ਨੇ ਆਪਣੇ ਮਤਲਬ ਦੀ ਗੱਲ ਛੇੜੀ: “ਆਪਾਂ ਸਿੱਧਾ ਸੁੰਦਰ ਸਿੰਘ ਕੋਲ ਜਾਣਾ ਹੈ ਜਾਂ ਕਿਸੇ ਹੋਰ ’ਤੇ ਵੀ ਵਿਚਾਰ ਕਰਨਾ ਹੈ?”

“ਜਿਵੇਂ ਤੁਸੀਂ ਠੀਕ ਸਮਝੋ। ਆਪਾਂ ਨੂੰ ਮਤਲਬ ਕੰਮ ਤਕ ਹੈ।”

ਹਾਲੇ ਤਕ ਅਜੇ, ਪੰਕਜ ਅਤੇ ਸਤੀਸ਼ ਨੇ ਨੰਦ ਲਾਲ ਦੇ ਸੁਝਾਅ ’ਤੇ ਅਮਲ ਕਰਨ ਦਾ ਮਨ ਬਣਾਇਆ ਸੀ। ਸਿੰਗਲਾ ਕਿਧਰੇ ਹੋਰ ਜਾਣਾ ਚਾਹੁੰਦਾ ਸੀ ਤਾਂ ਉਸ ਨਾਂ ਉਪਰ ਵਿਚਾਰ ਹੋ ਸਕਦਾ ਸੀ।

ਅਜੇ ਦੇ ਕਈ ਸੀਨੀਅਰ ਵਕੀਲ ਵਾਕਿਫ਼ ਸਨ। ਸਤੀਸ਼ ਦਾ ਇੱਕ ਰਿਸ਼ਤੇਦਾਰ ਮੈਜਿਸਟਰੇਟ ਸੀ। ਉਸਦਾ ਸਹੁਰਾ ਨਾਮੀ ਵਕੀਲ ਸੀ। ਆਏ ਦਿਨ ਉਸਦਾ ਨਾਂ ਅਖ਼ਬਾਰਾਂ ਵਿੱਚ ਛਪਦਾ ਰਹਿੰਦਾ ਸੀ। ਦੋਵੇਂ ਆਪਣੇ ਵਾਕਿਫ਼ ਵਕੀਲਾਂ ਕੋਲ ਜਾਣਾ ਤਾਂ ਚਾਹੁੰਦੇ ਸਨ ਪਰ ਅੰਦਰੋਂ ਡਰ ਰਹੇ ਸਨ। ਕੰਮ ਅਹਿਮ ਸੀ। ਕਿਧਰੇ ਹੇਠਲੀ ਅਦਾਲਤ ਵਾਂਗ ਸਿਰੇ ਨਾ ਚੜ੍ਹਿਆ ਤਾਂ ਉਨ੍ਹਾਂ ਸਿਰ ਸਵਾਹ ਪੈਣੀ ਸੀ। ਜਿਥੇ ਪੰਕਜ ਚਾਹੇ, ਉਥੇ ਹੀ ਜਾਣਾ ਚਾਹੀਦਾ ਸੀ।

“ਵੱਡਾ ਵਕੀਲ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਕਿ ਹਰ ਹਾਲ ਵਿੱਚ ਕੰਮ ਹੋ ਜਾਏਗਾ। ਕੰਮ ਹੋਣਾ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਕੇਸ ਵਿੱਚ ਜੇ ਦਮ ਹੋਵੇ ਫੇਰ ਮੇਰੇ ਵਰਗਾ ਨਵਾਂ ਵਕੀਲ ਵੀ ਕੇਸ ਜਿੱਤ ਦਿੰਦਾ ਹੈ। ਨਹੀਂ ਤਾਂ ਬਾਬੂ ਨੰਦ ਲਾਲ ਵਰਗੇ ਡੇਢ ਲੱਖ ਲੈਣ ਵਾਲੇ ਵੀ ਹਾਰ ਜਾਂਦੇ ਹਨ।

“ਸੁੰਦਰ ਸਿੰਘ ਸਿਆਣਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਉਸਦਾ ਜੱਜਾਂ ਨਾਲ ਬੈਠਣ ਉਠਣ ਹੈ, ਇਹ ਵੀ ਠੀਕ ਹੈ। ਪਰ ਕੇਸ ਜ਼ਿਆਦਾ ਹੋਣ ਕਾਰਨ ਉਸ ਕੋਲ ਕੰਮ ਵੱਲ ਧਿਆਨ ਦੇਣ ਦਾ ਵਕਤ ਨਹੀਂ ਹੈ। ਹਾਈ ਕੋਰਟ ਵਿੱਚ ਤੀਹ ਅਦਾਲਤਾਂ ਹਨ।

ਹਰ ਅਦਾਲਤ ਵਿੱਚ ਉਸਦੇ ਦੋ ਤਿੰਨ ਕੇਸ ਲੱਗੇ ਹੁੰਦੇ ਹਨ। ਇੱਕ ਅਨਾਰ ਸੌ ਬਿਮਾਰ।

ਹਰ ਸਾਇਲ ਉਸਨੂੰ ਆਪਣੀ ਅਦਾਲਤ ਵੱਲ ਖਿੱਚਦਾ ਹੈ। ਜਿਸ ਅਦਾਲਤ ਵਿੱਚ ਫਸ ਗਿਆ, ਫਸ ਗਿਆ। ਬਾਕੀ ਕੇਸ ਮੇਰੇ ਵਰਗੇ ਜੂਨੀਅਰ ਵਕੀਲ ਕਰਦੇ ਹਨ।

“ਬਾਬੂ ਨੂੰ ਬੇਸ਼ਕ ਫ਼ੋਨ ਕਰ ਦਿੱਤਾ ਹੈ ਖੁੱਲ੍ਹਾ ਸਮਾਂ ਦਿਓ। ਤੁਸੀਂ ਦੇਖ ਲੈਣਾ, ਉਸ ਕੋਲ ਗੱਲ ਕਰਨ ਦੀ ਵਿਹਲ ਨਹੀਂ ਹੋਣੀ। ਮਸਾਂ ਇੱਕ ਦੋ ਮਿੰਟ ਦੇਵੇਗਾ। ਉਹ ਵੀ ਫ਼ੀਸ ਤੈਅ ਕਰਨ ਤੱਕ। ਫੇਰ ਆਖੇਗਾ ਕੇਸ ਮੇਰੇ ਜੂਨੀਅਰ ਨੂੰ ਸਮਝਾ ਦੇਵੋ। ਜੂਨੀਅਰ ਜੂਨੀਅਰ ਹੁੰਦੈ। ਹਾਈ ਕੋਰਟ ਵਿੱਚ ਸਾਰਾ ਮੁੱਲ ਦਰਖ਼ਾਸਤ ਦੀ ਡਰਾਫ਼ਟਿੰਗ ਦਾ ਹੁੰਦੈ। ਜੱਜਾਂ ਦਾ ਮਨ ਦਰਖ਼ਾਸਤ ਪੜ੍ਹ ਕੇ ਬਣ ਜਾਂਦਾ ਹੈ। ਇੱਕ ਵਾਰ ਬਣਿਆ ਮਨ ਬਦਲਣਾ ਔਖਾ ਹੋ ਜਾਂਦੈ। ਇਸ ਸਾਹਿਬ ਕੋਲ ਦਰਖ਼ਾਸਤ ਲਿਖਾਉਣ ਦਾ ਟਾਇਮ ਨਹੀਂ। ਜੂਨੀਅਰ ਵਕੀਲਾਂ ਨੂੰ ਮੋਟੇ ਮੋਟੇ ਨੁਕਤੇ ਦੱਸ ਦਿੰਦਾ ਹੈ। ਬਾਕੀ ਲੂਣ ਮਸਾਲਾ ਉਹ ਲਾਉਂਦੇ ਹਨ। ਉਨ੍ਹਾਂ ਕੋਲੋਂ ਵੀਹ ਨੁਕਤੇ ਰਹਿ ਜਾਂਦੇ ਹਨ। ਜੇ ਕੰਮ ਛੋਟੇ ਵਕੀਲਾਂ ਨੇ ਕਰਨਾ ਹੈ, ਫੇਰ ਫ਼ੀਸ ਵੱਡੇ ਵਕੀਲ ਦੀ ਕਿਉਂ ਦਿੱਤੀ ਜਾਵੇ?”

ਸਿੰਗਲੇ ਨੇ ਸੁੰਦਰ ਸਿੰਘ ਦੀਆਂ ਖਾਮੀਆਂ ਗਿਣਨੀਆਂ ਸ਼ੁਰੂ ਕੀਤੀਆਂ।

“ਤੁਸੀਂ ਬਾਬੂ ਜੀ ਨੂੰ ਫ਼ੋਨ ਕਰਦੇ ਸੁਣਿਆ ਹੈ। ਉਨ੍ਹਾਂ ਨੇ ਕਈ ਪੰਗੇ ਪਾ ਦਿੱਤੇ।

ਆਖ ਦਿੱਤਾ ਪਾਰਟੀ ਅਮੀਰ ਹੈ। ਹੁਣ ਸੁੰਦਰ ਸਿੰਘ ਲੱਖ ਰੁਪਿਆ ਫ਼ੀਸ ਮੰਗੇਗਾ। ਇਹ ਅੜੀਅਲ ਸੁਭਾਅ ਦਾ ਬੰਦਾ ਹੈ। ਜੋ ਮੂੰਧਹੋਂ ਨਿਕਲ ਗਿਆ, ਉਸ ਤੋਂ ਇਸਨੇ ਦੁਆਨੀ ਘੱਟ ਨਹੀਂ ਕਰਨੀ। ਫੇਰ ਆਖ ਦਿੱਤਾ, ਜੱਜ ਨਾਲ ਗੱਲ ਕਰ ਲਈਂ। ਜੱਜ ਦੇ ਨਾਂ ’ਤੇ ਜੋ ਮੰਗ ਲਿਆ ਉਹ ਦੇਣਾ ਪਏਗਾ। ਪਹਿਲਾਂ ਉਸਨੇ ਦੱਸਣਾ ਕੁੱਝ ਨਹੀਂ। ਆਪਣੀ ਫ਼ੀਸ ਲੈ ਕੇ ਜੱਜ ਦੀ ਫ਼ੀਸ ਦੱਸੇਗਾ। ਨਾਂਹ ਨੁੱਕਰ ਕੀਤੀ ਲਫ਼ਾਫ਼ਾ ਵਗਾਹ ਕੇ ਮਾਰੇਗਾ। ਉਸਨੂੰ ਦਿੱਤੀ ਫ਼ੀਸ ਖੂਹ ਖਾਤੇ ਜਾਊ।”

ਸੁੰਦਰ ਸਿੰਘ ਤੋਂ ਬਾਅਦ ਸਿੰਗਲਾ ਨੰਦ ਲਾਲ ਦੀਆਂ ਚੁਗਲੀਆਂ ਕਰਨ ਲੱਗਾ।

“ਹਾਲੇ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਉਸ ਦੇ ਬਰਾਬਰ ਦਾ ਕੋਈ ਹੋਰ ਵਕੀਲ ਦੇਖ ਲਓ।”

ਅਜੇ ਨੇ ਸਿੰਗਲੇ ਦੀ ਹਾਂ ਵਿੱਚ ਹਾਂ ਮਿਲਾਈ। ਨੰਦ ਲਾਲ ਨੂੰ ਉਸਨੇ ਵਕੀਲ ਕਰਵਾਇਆ ਸੀ। ਉਸਦੀ ਕਾਰਗੁਜ਼ਾਰੀ ਬਹੁਤੀ ਵਧੀਆ ਨਹੀਂ ਸੀ। ਫ਼ਜ਼ੂਲ ਖਰਚੀ ਕਰਵਾਕਰਵਾ ਉਸਨੇ ਅਜੇ ਦੀ ਬਦਨਾਮੀ ਕਰਵਾਈ ਸੀ। ਜੇ ਸੁੰਦਰ ਸਿੰਘ ਨੇ ਇਸੇ ਤਰ੍ਹਾਂ ਕੀਤਾ ਅਜੇ ਦੀ ਹੋਰ ਬਦਨਾਮੀ ਹੋਏਗੀ। ਉਹ ਆਪਣੇ ਮੱਥੇ ’ਤੇ ਕਲੰਕ ਦਾ ਹੋਰ ਟਿੱਕਾ ਨਹੀਂ ਸੀ ਲਗਾਵਾਉਣਾ ਚਾਹੁੰਦਾ।

“ਆਪਣਾ ਕੇਸ ਬਹੁਤਾ ਪੇਚੀਦਾ ਨਹੀਂ ਹੈ। ਹੇਠਾਂ ਸਾਡੀ ਜ਼ਮਾਨਤ ਅਖ਼ਬਾਰਾਂ ਨੇ ਨਹੀਂ ਹੋਣ ਦਿੱਤੀ। ਹਾਈ ਕੋਰਟ ਵਿੱਚ ਅਜਿਹੇ ਦਬਾਅ ਨਹੀਂ ਚੱਲਦੇ। ਪਹਿਲੀ ਪੇਸ਼ੀ ’ਤੇ ਮਹੀਨੇ ਡੇਢ ਮਹੀਨੇ ਲਈ ਜ਼ਮਾਨਤ ਮਨਜ਼ੂਰ ਹੋ ਜਾਏਗੀ। ਇੰਨੇ ਵਿੱਚ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਸਮਝੌਤਾ ਕਰ ਲਵਾਂਗੇ। ਚਾਰ ਪੈਸੇ ਦੇ ਕੇ ਪੁਲਿਸ ਕੋਲੋਂ ਪੜਤਾਲ ਕਰਵਾ ਲਵਾਂਗੇ। ਨਿਰਦੋਸ਼ ਸਾਬਤ ਹੋ ਜਾਵਾਂਗੇ। ਵੱਡੇ ਵਕੀਲ ਨੇ ਦੱਸੋ ਕੀ ਕਰਨੈ?”

“ਤੁਹਾਡੇ ਵਿਚਾਰ ਵਿੱਚ ਕਿਸ ਵਕੀਲ ਕੋਲ ਜਾਣਾ ਚਾਹੀਦਾ ਹੈ?” ਸਤੀਸ਼ ਕੁੱਝ ਵਕੀਲਾਂ ਨੂੰ ਜਾਣਦਾ ਸੀ। ਸਿੰਗਲਾ ਉਨ੍ਹਾਂ ਵਿਚੋਂ ਕਿਸੇ ਦਾ ਨਾਂ ਲਵੇ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਸੀ।

“ਮੈਂ ਆਪਣੇ ਉਸਤਾਦ ਜਗਜੀਤ ਸਿੰਘ ਨੂੰ ਕਈ ਵਾਰ ਪਰਖ ਕੇ ਦੇਖਿਆ ਹੈ। ਉਹ ਲਾਅ ਕਾਲਜ ਵਿੱਚ ਪ੍ਰੋਫੈਸਰ ਰਿਹਾ ਹੈ। ਕਾਨੂੰਨ ’ਤੇ ਉਸਦੀ ਬਹੁਤ ਪਕੜ ਹੈ। ਇਕਇਕ ਨੁਕਤਾ ਅੱਡ ਅੱਡ ਕਰਕੇ ਰੱਖ ਦਿੰਦਾ ਹੈ। ਪ੍ਰੋਫੈਸਰੀ ਛੱਡ ਕੇ ਵਕਾਲਤ ਸ਼ੁਰੂ ਕੀਤੀ ਤਾਂ ਦਿਨਾਂ ਵਿੱਚ ਚਮਕ ਗਿਆ। ਮੁੱਖ ਮੰਤਰੀ ਦੇ ਬਹੁਤ ਨੇੜੇ ਹੈ। ਉਹ ਇਸ ਨੂੰ ਐਡਵੋਕੇਟ ਜਨਰਲ ਲਾਉਂਦਾ ਸੀ। ਇਨ੍ਹਾਂ ਨੇ ਜਵਾਬ ਦੇ ਦਿੱਤਾ। ਕਹਿੰਦੈ ਨੌਕਰੀ ਨਹੀਂ ਕਰਨੀ। ਹਾਈ ਕੋਰਟ ਦੇ ਅੱਧੇ ਸਰਕਾਰੀ ਵਕੀਲ ਇਸਦੇ ਸ਼ਗਿਰਦ ਨੇ। ਉਸਤਾਦ ਸਾਹਮਣੇ ਬੋਲਦਿਆਂ ਉਨ੍ਹਾਂ ਦੀ ਘਿੱਗੀ ਬੱਝ ਜਾਂਦੀ ਹੈ।

“ਉਸ ਤਕ ਆਪਣਾ ਪੂਰਾ ਜ਼ੋਰ ਹੈ। ਆਪ ਦਰਖ਼ਾਸਤ ਲਿਖਵਾਏਗਾ। ਫ਼ੀਸ ਵਿੱਚ ਅੜ ਕੜ ਨਹੀਂ ਕਰੇਗਾ। ਮੇਰਾ ਖਿਆਲ ਹੈ ਘੱਟੋ ਘੱਟ ਉਸਦੀ ਰਾਏ ਜ਼ਰੂਰ ਲੈ ਲੈਣੀ ਚਾਹੀਦੀ ਹੈ। ਉਹ ਨਾ ਜਚਿਆ ਸੁੰਦਰ ਸਿੰਘ ਕੋਲ ਆ ਜਾਵਾਂਗੇ।”

ਚੰਡੀਗੜ੍ਹ ਦੀ ਜੂਹ ਵਿੱਚ ਵੜਨ ਤੋਂ ਪਹਿਲਾਂ ਪਹਿਲਾਂ ਸਿੰਗਲਾ ਆਪਣਾ ਕੇਸ ਤਿਆਰ ਕਰ ਲੈਣਾ ਚਾਹੁੰਦਾ ਸੀ।

“ਫੇਰ ਮੋੜੀਏ ਗੱਡੀ ਪ੍ਰੋਫੈਸਰ ਵੱਲ?”

ਪ੍ਰੋਫੈਸਰ ਦੀ ਕੋਠੀ ਵੱਲ ਮੁੜਨ ਤੋਂ ਪਹਿਲਾਂ ਸਿੰਗਲੇ ਨੇ ਪੰਕਜ ਤੋਂ ਪੁੱਛਿਆ।

ਡੇਢ ਘੰਟੇ ਦੇ ਇਸ ਸਫ਼ਰ ਦੌਰਾਨ ਪੰਕਜ ਖ਼ਾਮੋਸ਼ ਰਿਹਾ ਸੀ। ਨਾਲ ਬੈਠੇ ਦੋਸਤ ਕੀ ਗੱਲ ਕਰ ਰਹੇ ਸਨ, ਉਸਨੂੰ ਕੁੱਝ ਪਤਾ ਨਹੀਂ ਸੀ। ਉਸਦੀ ਮੱਤ ਜਿਹੀ ਮਾਰੀ ਗਈ ਸੀ।

ਉਹ ਬੁਰੇ ਬੁਰੇ ਖ਼ਿਆਲਾਂ ਵਿੱਚ ਉਲਝਿਆ ਹੋਇਆ ਸੀ। ਕਦੇ ਉਸ ਨੂੰ ਲੱਗਦਾ ਸੀ ਜਿਵੇਂ ਪੁਲਿਸ ਉਸਨੂੰ ਗ੍ਰਿਫ਼ਤਾਰ ਕਰ ਰਹੀ ਸੀ। ਉਹ ਅੱਗੇ ਦੌੜ ਰਿਹਾ ਸੀ। ਪੁਲਿਸ ਉਸਦਾ ਪਿੱਛਾ ਕਰ ਰਹੀ ਸੀ। ਕਦੇ ਉਸ ਨੂੰ ਲਗਦਾ ਉਸ ਨੂੰ ਹੱਥ ਕੜੀ ਲਾ ਕੇ ਸਾਰੇ ਬਜ਼ਾਰਾਂ ਵਿੱਚ ਘੁੰਮਾਇਆ ਜਾ ਰਿਹਾ ਸੀ। ਕਦੇ ਉਸਨੂੰ ਫ਼ਿਲਮਾਂ ਦੇ ਸੀਨ ਯਾਦ ਆਉਂਦੇ। ਕਿਸੇ ਫ਼ਿਲਮ ਦੇ ਹੀਰੋ ਵਾਂਗ ਉਹ ਕੈਦੀਆਂ ਵਾਲੇ ਚਿੱਧਟੇ ਕਪੜੇ ਪਾਈ ਕਦੇ ਚੱਕੀ ਪੀਸ ਰਿਹਾ ਸੀ ਅਤੇ ਕਦੇ ਪੱਥਰ ਤੋੜ ਰਿਹਾ ਸੀ।

“ਕਿਹੜੇ ਪ੍ਰੋਫੈਸਰ ਵੱਲ?” ਅਰਧ ਚੇਤਨ ਅਵਸਥਾ ਵਿੱਚ ਵਿਚਰਦੇ ਪੰਕਜ ਨੂੰ ਕੁੱਝ ਪਤਾ ਨਹੀਂ ਸੀ, ਉਹ ਕਿਸ ਪ੍ਰੋਫੈਸਰ ਦੀ ਗੱਲ ਕਰ ਰਹੇ ਸਨ।

“ਵਕੀਲ ਸੁੰਦਰ ਸਿੰਘ ਨੂੰ ਕਰਨਾ ਹੈ ਜਾਂ ਜਗਜੀਤ ਸਿੰਘ ਨੂੰ?”

ਦੋਹਾਂ ਵਕੀਲਾਂ ਦੇ ਗੁਣਾਂ ਔਗੁਣਾਂ ਬਾਰੇ ਸਮਝਾ ਕੇ ਸਤੀਸ਼ ਨੇ ਫੈਸਲਾ ਪੰਕਜ ਉਪਰ ਸੁੱਟਦਿਆਂ ਪੁੱਛਿਆ।

“ਸਭ ਤੋਂ ਪਹਿਲਾਂ ਆਪਾਂ ਪ੍ਰਤਾਪ ਸਿੰਘ ਅੰਕਲ ਵੱਲ ਚੱਲਣਾ ਹੈ। ਤੁਰਨ ਤੋਂ ਪਹਿਲਾਂ ਮੇਰੀ ਉਨ੍ਹਾਂ ਨਾਲ ਗੱਲ ਹੋਈ ਸੀ। ਉਹ ਕਹਿੰਦੇ ਸੀ ਸਾਰੀ ਕਾਰਵਾਈ ਮੈਥੋਂ ਪੁੱਛ ਕੇ ਕਰਨੀ।

ਉਹ ਆਪਣਾ ਇੰਤਜ਼ਾਰ ਕਰ ਰਹੇ ਹੋਣਗੇ। ਪਹਿਲਾਂ ਆਪਾਂ ਉਧਰ ਚੱਲਦੇ ਹਾਂ। ਫੇਰ ਕੋਈ ਫੈਸਲਾ ਕਰਾਂਗੇ।”

ਅਜੇ ਅਤੇ ਸਤੀਸ਼ ਦੇ ਮਨੋਂ ਤਾਂ ਬੋਝ ਲਹਿ ਗਿਆ, ਪਰ ਸਿੰਗਲੇ ਦਾ ਮਨ ਮਸੋਸਿਆ ਗਿਆ। ਉਸਦੀ ਯੋਜਨਾ ਧਰੀ ਧਰਾਈ ਰਹਿ ਗਈ।

Additional Info

  • Writings Type:: A single wirting
Read 75 times Last modified on Friday, 27 April 2018 02:22