You are here:ਮੁਖ ਪੰਨਾ»ਨਾਵਲ»ਕੌਰਵ ਸਭਾ»ਕੌਰਵ ਸਭਾ - ਕਾਂਡ 90-99

ਲੇਖ਼ਕ

Friday, 27 April 2018 02:10

ਕੌਰਵ ਸਭਾ - ਕਾਂਡ 90-99

Written by
Rate this item
(0 votes)

-90-

 

ਪਹਿਲਾ ਪੈੱਗ ਅੰਦਰ ਜਾਂਦੇ ਹੀ ਸੰਤੋਖ ਸਿੰਘ ਦਾ ਥਕੇਵਾਂ ਲਹਿ ਗਿਆ। ਦੂਜੇ ਪੈੱਗ ਨੇ ਉਸਨੂੰ ਤਾਜ਼ਾ ਦਮ ਕਰ ਦਿੱਤਾ।

ਪੰਦਰਾਂ ਹਜ਼ਾਰ ਦੇ ਨੋਟਾਂ ਨੇ ਉਸਦੇ ਦਿਮਾਗ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ।

ਕੰਪਿਊਟਰ ਵਾਂਗ ਉਹ ਮੁਕੱਦਮੇ ਦੀਆਂ ਖਾਮੀਆਂ ਫੜਨ ਲੱਗਾ।

ਇਥੇ ਬੰਤ ਸਿੰਘ ਦਾ ਕੋਈ ਕੰਮ ਨਹੀਂ ਸੀ। ਸੰਤੋਖ ਸਿੰਘ ਨੇ ਖ਼ਾਮੀਆਂ ਫੜਨੀਆਂ ਸਨ। ਰੀਡਰ ਨੇ ਦੂਰ ਕਰਨੀਆਂ ਸਨ। ਬੰਤ ਸਿੰਘ ਨੂੰ ਕਬਾਬ ਵਿੱਚ ਹੱਡੀ ਨਹੀਂ ਸੀ ਬਨਣਾ ਚਾਹੀਦਾ।

ਬੰਤ ਸਿੰਘ ਨੇ ਹੋਟਲ ਦੇ ਮੈਨੇਜਰ ਨੂੰ ਹਦਾਇਤ ਕੀਤੀ। ਇਸ ਖ਼ਰਚੇ ਨੂੰ ਵਗਾਰ ਨਾ ਸਮਝਿਆ ਜਾਵੇ। ਬਿਲ ਦਾ ਭੁਗਤਾਨ ਪੰਕਜ ਕਰੇਗਾ। ਚੀਜ਼ ਵਸਤ ਵਰਤਾਉਣ ਵਿੱਚ ਕਿਰਸ ਨਾ ਕੀਤੀ ਜਾਵੇ।

ਸਾਹਿਬ ਦਾ ਫ਼ੋਨ ਆਉਣ ਦੇ ਬਹਾਨੇ ਬੰਤ ਸਿੰਘ ਉਥੋਂ ਖਿਸਕ ਗਿਆ।

ਤੁਰਨ ਤੋਂ ਪਹਿਲਾਂ ਉਸਨੇ ਰੀਡਰ ਨੂੰ ਹਦਾਇਤ ਕੀਤੀ। ਜੇ ਚਲਾਨ ’ਤੇ ਪਹਿਲਾਂ ਦਸਤਖ਼ਤ ਹੋ ਜਾਣ ਤਾਂ ਠੀਕ। ਨਹੀਂ ਤਾਂ ਜਦੋਂ ਸੰਤੋਖ ਸਿੰਘ ਖਾਣੇ ਦਾ ਆਰਡਰ ਲਿਖਵਾਵੇ ਰੀਰਡ ਬੰਤ ਸਿੰਘ ਨੂੰ ਫ਼ੋਨ ਕਰ ਦੇਵੇ। ਉਹ ਵਾਪਸ ਆ ਕੇ ਆਪੇ ਚਲਾਨ ਪਾਸ ਕਰਵਾ ਲਏਗਾ।

“ਪੰਕਜ ਅਤੇ ਨੀਰਜ ਨੂੰ ਸਾਜ਼ਿਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਜ਼ਿਸ਼ ਹੁੰਦੀ ਕਿਸ ਗਵਾਹ ਨੇ ਸੁਣੀ ਸੀ? ਉਹ ਬਿਆਨ ਕਿਥੇ ਹੈ? ਮੈਨੂੰ ਲੱਭ ਨਹੀਂ ਰਿਹਾ।”

ਬੰਤ ਸਿੰਘ ਦੇ ਤੁਰ ਜਾਣ ’ਤੇ ਖੁਲ੍ਹ ਮਹਿਸੂਸ ਕਰਦੇ ਸੰਤੋਖ ਸਿੰਘ ਨੇ ਪਹਿਲਾ ਨੁਕਤਾ ਉਠਾਇਆ।

“ਉਹ ਬੇ ਕਸੂਰ ਸਾਬਤ ਹੋ ਗਏ ਹਨ। ਅਫ਼ਸਰਾਂ ਨੇ ਉਹ ਬਿਆਨ ਲੁਹਾ ਦਿੱਤਾ।

ਉਸ ਬਿਆਨ ਦੀ ਹੁਣ ਕੋਈ ਜ਼ਰੂਰਤ ਨਹੀਂ।”

“ਬਹੁਤ ਜ਼ਰੂਰਤ ਹੈ। ਪੁਲਿਸ ਰਿਮਾਂਡ ਲੈਣ ਸਮੇਂ ਉਸ ਬਿਆਨ ਦਾ ਜ਼ਿਕਰ ਦਰਖ਼ਾਸਤ ਵਿੱਚ ਕੀਤਾ ਗਿਆ ਸੀ। ਮੁਦਈ ਧਿਰ ਨੇ ਆਖਣੈ ਪੁਲਿਸ ਨੇ ਉਹ ਬਿਆਨ ਖੁਰਦ ਬੁਰਦ ਕਰ ਦਿੱਤੈ। ਮਿਸਲ ਵਿੱਚ ਰੱਦੋ ਬਦਲ ਕਰ ਦਿੱਤੀ। ਪਹਿਲਾ ਬਿਆਨ ਜੇ ਹੈ ਤਾਂ ਉਹ ਲਾ। ਨਹੀਂ ਨਵਾਂ ਲਿਖ!”

“ਕਿਸ ਗਵਾਹ ਦਾ ਬਿਆਨ ਲਿਖਾਂ ਜਨਾਬ?”

“ਜਿਸਦਾ ਪਹਿਲਾਂ ਲਿਖਿਆ ਸੀ। ਕਹਾਣੀ ਨੂੰ ਕੁਦਰਤੀ ਰੰਗ ਦੇ। ਸਾਜ਼ਿਸ਼ ਫੈਕਟਰੀ ਵਿੱਚ ਘੜੀ ਦਿਖਾ। ਉਨ੍ਹਾਂ ਦੇ ਮੁਨੀਮ ਨੂੰ ਗਵਾਹ ਬਣਾ। ਸਾਜ਼ਿਸ਼ਾਂ ਸੱਤ ਦਰਵਾਜ਼ਿਆਂ ਅੰਦਰ ਬੰਦ ਹੋ ਕੇ, ਖਾਸ ਖਾਸ ਬੰਦਿਆਂ ਵਿੱਚ ਬੈਠ ਕੇ ਘੜੀਆਂ ਜਾਂਦੀਆਂ ਹਨ।”

“ਠੀਕ ਹੈ ਜਨਾਬ! ਲਿਖ ਦਿੰਦਾ ਹਾਂ।”

“ਤੂੰ ਉਸਦਾ ਬਿਆਨ ਚੇਪ! ਮੈਂ ਸਿਮਲ ਅੱਗੇ ਪੜ੍ਹਦਾ ਹਾਂ।”

“ਗਵਾਹਾਂ ਤੋਂ ਮੁਲਜ਼ਮਾਂ ਦੀ ਸ਼ਨਾਖ਼ਤ ਨਹੀਂ ਕਰਵਾਈ?”

“ਨਹੀਂ ਜਨਾਬ! ਇੱਕ ਗਵਾਹ ਹਾਲੇ ਤੱਕ ਬੇਹੋਸ਼ ਹੈ। ਦੂਜੇ ਦੇ ਜੁਬਾੜੇ ਦੀ ਹੱਡੀ ਟੁੱਟੀ ਹੋਈ ਹੈ। ਨਾ ਬੋਲਣ ਦੇ ਕਾਬਲ ਸੀ ਨਾ ਤੁਰਨ ਫਿਰਨ ਦੇ। ਕੁੜੀ ਨੂੰ ਨਾ ਘਰ ਦੇ ਮੁਲਜ਼ਮਾਂ ਸਾਹਮਣੇ ਕਰਨਾ ਚਾਹੁੰਦੇ ਸਨ, ਨਾ ਡਾਕਟਰ। ਸ਼ਨਾਖ਼ਤ ਪਰੇਡ ਕਿਸ ਤਰ੍ਹਾਂ ਹੁੰਦੀ?”

“ਇਸ ਮਜਬੂਰੀ ਦਾ ਜ਼ਿਕਰ ਜਿਮਨੀ ਵਿੱਚ ਕੀਤਾ ਹੈ? ਜੇ ਨਹੀਂ ਤਾਂ ਹੁਣ ਕਰ!

ਕੱਲ੍ਹ ਨੂੰ ਮੁਦਈ ਧਿਰ ਨੇ ਆਖਣਾ ਹੈ ਸਾਨੂੰ ਕਿਸੇ ਨੇ ਬੁਲਾਇਆ ਨਹੀਂ। ਅਸੀਂ ਸ਼ਨਾਖ਼ਤ ਕਰਨ ਲਈ ਤਿਆਰ ਸੀ। ਪਿਛੋਂ ਤਫ਼ਤੀਸ਼ੀ ਨੂੰ ਅਦਾਲਤ ਵਿੱਚ ਸ਼ਹਾਦਤ ਦੇਣ ਗਏ ਨੂੰ ਖਹਿੜਾ ਛੁਡਾਉਣਾ ਔਖਾ ਹੋ ਜਾਏਗਾ।”

“ਲਓ ਜਨਾਬ।”

“ਇਸ ਖ਼ਾਮੀ ਨੂੰ ਦੂਰ ਕਰਨ ਲਈ ਅਜਿਹੇ ਗਵਾਹ ਖੜ੍ਹੇ ਕਰ, ਜਿਨ੍ਹਾਂ ਸਾਹਮਣੇ ਦੋਸ਼ੀਆਂ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ ਹੋਵੇ। ਮਤਲਬ ਗੈਰ ਅਦਾਲਤੀ ਇਕਬਾਲੀਆ ਬਿਆਨ ਲਿਖ।”

“ਵੇਦ ਅਤੇ ਨੇਹਾ ਦੇ ਤਤੀਮੇ ਬਿਆਨ ਲਿਖ। ਇਨ੍ਹਾਂ ਵਿੱਚ ਮੁਲਜ਼ਮਾਂ ਦੇ ਨਾਂ ਅਤੇ ਹੁਲੀਏ ਲਿਖ। ਪੰਚਮ ਨੂੰ ਕਮਲ ਦਾ ਕਤਲ ਕਰਦੇ ਦਿਖਾ। ਦੀਨੇ ਨੂੰ ਬਲਾਤਕਾਰ। ਠੇਕੇਦਾਰ ਨੀਲਮ ਦੇ ਸੱਟਾਂ ਮਾਰੇ ਅਤੇ ਕਾਲੀਆ ਵੇਦ ਦੇ। ਪੰਡਿਤ ਤੋਂ ਲੁੱਟ ਖਸੁੱਟ ਕਰਵਾ।”

“ਇਸ ਤਰਾਂ ਕਰਨ ਨਾਲ ਦੋਸ਼ੀਆਂ ਦਾ ਨੁਕਸਾਨ ਹੋ ਜਾਏਗਾ। ਸਾਡੇ ਅਫ਼ਸਰ ਨਰਾਜ਼ ਹੋਣਗੇ। ਜੇ ਗਵਾਹ ਇਸੇ ਤਰ੍ਹਾਂ ਗਵਾਹੀ ਦੇ ਗਏ ਫੇਰ?”

“ਕਿਸੇ ਦਾ ਨੁਕਸਾਨ ਹੁੰਦਾ ਹੈ ਹੁੰਦਾ ਰਹੇ। ਮੈਂ ਕੱਚਾ ਚਲਾਨ ਪਾਸ ਨਹੀਂ ਕਰਨਾ।

ਅਫ਼ਸਰਾਂ ਨੂੰ ਰਿਆਇਤ ਮਨਜ਼ੂਰ ਹੈ ਪੰਕਜ ਅਤੇ ਨੀਰਜ ਦੀ। ਉਸਦਾ ਹੱਲ ਆਪਣੇ ਕੋਲ ਹੈ। ਗਵਾਹ ਉਨ੍ਹਾਂ ਦੀ ਮਰਜ਼ੀ ਦੇ ਖੜ੍ਹੇ ਕਰ। ਜਿਹੜੇ ਉਨ੍ਹਾਂ ਦੇ ਆਖੇ ਅਦਾਲਤ ਵਿੱਚ ਮੁੱਕਰ ਜਾਣ। ਇਸ ਤਰ੍ਹਾਂ ਕਰਨ ਨਾਲ ਨਾਲੇ ਸੱਪ ਮਰ ਜਾਏਗਾ ਨਾਲੇ ਸੋਟੀ ਬਚ ਰਹੇਗੀ।

ਅਸੀਂ ਆਖ ਸਕਾਂਗੇ ਮਿਸਲ ’ਤੇ ਸਬੂਤ ਲਿਆਂਦੇ ਗਏ ਸਨ। ਗਵਾਹ ਮੁੱਕਰ ਗਏ ਤਾਂ ਅਸੀਂ ਕੀ ਕਰੀਏ?”

“ਕਮਾਲ ਹੈ ਜਨਾਬ ਦੇ ਦਿਮਾਗ਼ ਦੀ। ਮੈਂ ਬਹੁਤ ਸਿਆਣੇ ਸਿਆਣੇ ਥਾਣੇਦਾਰਾਂ ਨਾਲ ਕੰਮ ਕੀਤਾ ਹੈ। ਤੁਹਾਡੇ ਵਰਗੀ ਹੁਸ਼ਿਆਰੀ ਪਹਿਲੀ ਵਾਰੀ ਦੇਖੀ ਹੈ। ਬੜੀ ਚੁਸਤੀ ਨਾਲ ਮਿਸਲ ਬਣਾਈ ਹੈ। ਸਭ ਦੀਆਂ ਪੌਂ ਬਾਰਾਂ ਹੋ ਗਈਆਂ।”

“ਫ਼ੂਕ ਨਾ ਛਕਾ। ਕੰਮ ਕਰ।”

ਅੱਧੀ ਰਾਤ ਤਕ ਸੰਤੋਖ ਸਿੰਘ ਖਾਮੀਆਂ ਫੜਦਾ ਰਿਹਾ। ਰੀਡਰ ਉਨ੍ਹਾਂ ਨੂੰ ਦੂਰ ਕਰਦਾ ਰਿਹਾ।

ਕੁੱਝ ਗਵਾਹ ਰੀਡਰ ਨੇ ਆਪਣੀ ਮਰਜ਼ੀ ਦੇ ਘਸੋੜ ਲਏ। ਗਵਾਹੀ ਸਮੇਂ ਉਹ ਉਨ੍ਹਾਂ ਦਾ ਮੁੱਲ ਵੱਟੇਗਾ। ਰੀਡਰ ਆਖੇਗਾ ਉਹ ਗਵਾਹੀ ਦੇਣਗੇ। ਆਖੇਗਾ ਮੁੱਕਰ ਜਾਣਗੇ।

ਸਭ ਦੇ ਉੱਲੂ ਸਿੱਧੇ ਹੁੰਦਿਆਂ ਹੀ ਚਲਾਨ ਪਾਸ ਹੋ ਗਿਆ।

 

-91-

 

ਚਲਾਨ ਦੇ ਅਦਾਲਤ ਵਿੱਚ ਪੇਸ਼ ਹੁੰਦਿਆਂ ਹੀ ਸੋਸਾਇਟੀ ਦੀਆਂ ਵੱਖ ਵੱਖ ਇਕਾਈਆਂ ਆਪਣੇ ਆਪ ਹਰਕਤ ਵਿੱਚ ਆ ਗਈਆਂ।

ਸੋਸਾਇਟੀ ਦਾ ਸ਼ਕਤੀਸ਼ਾਲੀ ਪ੍ਰਾਪੇਗੰਡਾ ਸੈੱਲ ਸੀਨੀਅਰ ਐਡਵੋਕੇਟ ਸੁਰਿੰਦਰ ਨਾਥ ਦੀ ਦੇਖ ਰੇਖ ਵਿੱਚ ਕੰਮ ਕਰਦਾ ਸੀ। ਉਹ ਐਲ.ਐਲ਼.ਐਮ.ਪਾਸ ਸੀ। ‘ਫੌਜਦਾਰੀ ਨਿਆਂਪ੍ਰਬੰਧ’

ਉਪਰ ਉਸਨੇ ਖੋਜ ਕੀਤੀ ਸੀ। ਉਸਦੇ ਖੋਜ ਪੱਤਰ ਦੇਸ਼ ਦੇ ਪ੍ਰਸਿੱਧ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਸਨ। ਪੰਜਾਬ ਪੁਲਿਸ ਅਕਾਦਮੀ ਦਾ ਉਹ ਵਿਜ਼ਟਿੰਗ ਪ੍ਰੋਫੈਸਰ ਸੀ। ਅਦਾਲਤਾਂ ਅਤੇ ਪੁਲਿਸ ਦੇ ਕੰਮ ਕਾਜ ਦਾ ਉਸਨੂੰ ਡੂੰਘਾ ਅਧਿਐਨ ਸੀ। ਬਹਿਸਮੁਬਾਹਸਿਆਂ ਲਈ ਉਸਨੂੰ ਰੇਡੀਓ ਅਤੇ ਟੀ.ਵੀ.ਉਪਰ ਬੁਲਾਇਆ ਜਾਂਦਾ ਸੀ। ਕਾਨੂੰਨ ਦੇ ਮੁਲਜ਼ਮਾਂ ਦੇ ਹੱਕ ਵਿੱਚ ਭੁਗਤਣ ਦੇ ਰੁਝਾਨ ਤੋਂ ਉਹ ਬਹੁਤ ਦੁਖੀ ਸੀ। ਇਸ ਲਈ ਮੁਲਜ਼ਮਾਂ ਹੱਥੋਂ ਪੀੜਤ ਹੋਏ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਸੀ।

ਇਹ ਸੈੱਲ ਮੁਕੱਦਮੇ ਦੀਆਂ ਖਾਮੀਆਂ ਦੇ ਨਾਲ ਨਾਲ ਮੁਕੱਦਮੇ ਨਾਲ ਜੁੜੇ ਹਰ ਅਫ਼ਸਰ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਦਾ ਸੀ। ਅਫ਼ਸਰਾਂ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀਆਂ ਨੂੰ ਮੀਡੀਏ ਰਾਹੀਂ ਲੋਕਾਂ ਸਾਹਮਣੇ ਲਿਆਉਂਦਾ ਸੀ। ਇਸ ਤਰ੍ਹਾਂ ਮੁਕੱਦਮੇ ਦੇ ਛਪੇ ਤੱਥ ਅਤੇ ਪੱਖ ਜੱਜਾਂ ਸਾਹਮਣੇ ਆਉਂਦੇ ਸਨ। ਅਖ਼ਬਾਰਾਂ ਰਾਹੀਂ ਮਿਲੀ ਜਾਣਕਾਰੀ ਜੱਜਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਦੀ ਸੀ। ਪ੍ਰਭਾਵਿਤ ਹੋਏ ਮਨ ਸਹੀ ਫੈਸਲਾ ਕਰਨ ਲਈ ਪ੍ਰੇਰਿਤ ਹੁੰਦੇ ਸਨ। ਇਹੋ ਇਸ ਸੈੱਲ ਦਾ ਉਦੇਸ਼ ਸੀ।

ਮੁਕੱਦਮੇ ਦੇ ਕਾਨੂੰਨੀ ਨੁਕਤਿਆਂ ਦੀ ਘੋਖ ਕਰਨ ਦੀ ਜ਼ਿੰਮੇਵਾਰੀ ਲੀਗਲ ਸੈੱਲ ਦੀ ਸੀ। ਇਹ ਸੈੱਲ ਫ਼ੌਜਦਾਰੀ ਕਾਨੂੰਨ ਦੇ ਤਿੰਨ ਮਾਹਿਰ ਵਕੀਲਾਂ ਰਾਹੀਂ ਚਲਾਇਆ ਜਾ ਰਿਹਾ ਸੀ। ਊਧਮ ਸਿੰਘ ਸੈੱਲ ਦਾ ਸਰਪ੍ਰਸਤ ਸੀ। ਉਸਦੀ ਲਿਆਕਤ ਦਾ ਸਿੱਕਾ ਦਿੱਲੀ ਤਕ ਚਲਦਾ ਸੀ। ਵੈਸੇ ਉਸਦੀ ਫ਼ੀਸ ਇੱਕ ਲੱਖ ਰੁਪਿਆ ਸੀ। ਸੋਸਾਇਟੀ ਦੀ ਸੇਵਾ ਉਹ ਮੁਫ਼ਤ ਕਰਦਾ ਸੀ।

ਊਧਮ ਸਿੰਘ ਨੇ ਆਪਣੇ ਚੇਲਿਆਂ ਨੂੰ ਸਰਗਰਮ ਕੀਤਾ। ਉਹ ਇੱਕ ਇੱਕ ਗਵਾਹ ਦਾ ਬਿਆਨ ਪੜ੍ਹਨ। ਜ਼ਿਮਨੀਆਂ ਦਾ ਅਧਿਐਨ ਕਰਨ। ਡਾਕਟਰੀ ਰਿਪੋਰਟਾਂ ਘੋਖਣ।

ਖ਼ਾਮੀਆਂ ਨੂੰ ਫੜਨ। ਊਧਮ ਸਿੰਘ ਨੂੰ ਦੱਸਣ।

ਸੋਸਾਇਟੀ ਦੀ ਨਿਸ਼ਕਾਮ ਸੇਵਾ ਨੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਪ੍ਰੇਰਿਤ ਕੀਤਾ ਸੀ। ਕੁੱਝ ਸੇਵਾ ਮੁਕਤ ਪੁਲਿਸ ਅਫ਼ਸਰ, ਮਾਲ ਅਫ਼ਸਰ, ਹੱਥ ਲਿਖਤ ਮਾਹਿਰ, ਡਾਕਟਰ ਅਤੇ ਪ੍ਰਾਈਵੇਟ ਜਾਸੂਸਾਂ ਨੇ ਆਪਣੀਆਂ ਸੇਵਾਵਾਂ ਸੋਸਾਇਟੀ ਨੂੰ ਸਮਰਪਿਤ ਕੀਤੀਆਂ ਹੋਈਆਂ ਸਨ। ਜਿਥੇ ਪੁਲਿਸ ਨਹੀਂ ਸੀ ਪੁੱਜਦੀ ਉੱਥੇ ਇਹ ਪੁੱਜ ਜਾਂਦੇ ਸਨ। ਇਸ ਸੈੱਲ ਦਾ ਨਾਂ ਪੈਰਵਾਈ ਸੈੱਲ ਸੀ।

ਮਾਇਕ ਸਹਾਇਤਾ ਲਈ ਕਲੱਬ ਹਾਜ਼ਰ ਸਨ। ਲਾਇਨ ਅਤੇ ਰੋਟਰੀ ਕਲੱਬ ਨੇ ਬੱਝਵੀਂ ਸਹਾਇਤਾ ਲਾਈ ਹੋਈ ਸੀ। ਭਗਤ ਸਿੰਘ ਕਲੱਬ ਅਤੇ ਨਹਿਰੂ ਕਲੱਬ ਲੋੜ ਪੈਣ ’ਤੇ ਵੱਡੀਆਂ ਰਕਮਾਂ ਲੈ ਕੇ ਹਾਜ਼ਰ ਹੋ ਜਾਂਦੇ ਸਨ।

ਮੁਨਸ਼ੀ, ਟਾਈਪਿਸਟ, ਸਟੈਨੋ ਅਤੇ ਕਲਰਕ ਵੀ ਪਿੱਛੇ ਨਹੀਂ ਸਨ। ਆਪਣੀ ਆਪਣੀ ਹੈਸੀਅਤ ਅਨੁਸਾਰ ਉਹ ਵੀ ਹਿੱਸਾ ਪਾ ਰਹੇ ਸਨ।

ਇਨ੍ਹਾਂ ਇਕਾਈਆਂ ਦੇ ਕੰਮ ਵਿੱਚ ਇਕਸੁਰਤਾ ਰੱਖਣ ਲਈ ਇੱਕ ਤਾਲ ਮੇਲ ਕਮੇਟੀ ਬਣੀ ਹੋਈ ਸੀ। ਇਸ ਕਮੇਟੀ ਦੀ ਦੇਖ ਰੇਖ ਹਰੀਸ਼ ਰਾਏ ਕੋਲ ਸੀ।

ਸੋਸਾਇਟੀ ਦੇ ਮੁਕੱਦਮਾ ਆਪਣੇ ਹੱਥ ਲੈਂਦਿਆਂ ਹੀ ਨਤੀਜੇ ਸਾਹਮਣੇ ਆਉਣ ਲਗੇ।

ਪੰਚਮ ਦੀ ਜ਼ਮਾਨਤ ਦੀ ਦਰਖ਼ਾਸਤ ਦੀ ਸੁਣਵਾਈ ਤੋਂ ਪਹਿਲਾਂ ਪਹਿਲਾਂ ਪੈਰਵਾਈ ਸੈੱਲ ਨੇ ਆਪਣੀ ਰਿਪੋਰਟ ਪੇਸ਼ ਕੀਤੀ।

ਪੰਚਮ ਦਾ ਪਿੰਡ ਉਹ ਨਹੀਂ ਸੀ ਜੋ ਪੁਲਿਸ ਆਖ ਰਹੀ ਸੀ। ਨਾ ਉਸਦੇ ਪੰਜ ਭਾਈ ਸਨ ਅਤੇ ਤਿੰਨ ਭੈਣਾਂ। ਉਸਦੀ ਮਾਂ ਦਾ ਨਾਂ ਉਹ ਨਹੀਂ ਸੀ ਜੋ ਮਿਸਲ ਵਿੱਚ ਦਰਜ ਕੀਤਾ ਗਿਆ ਸੀ। ਉਹ ਸੀਤਾ ਮੜੀ ਦਾ ਰਹਿਣ ਵਾਲਾ ਸੀ। ਛੋਟੇ ਹੁੰਦਿਆਂ ਉਸਦੇ ਮਾਂਬਾਪ ਹੜ੍ਹਾਂ ਵਿੱਚ ਰੁੜ੍ਹ ਗਏ ਸਨ। ਭੁੱਖਾ ਮਰਦਾ ਅਤੇ ਧੱਕੇ ਖਾਂਦਾ ਖਾਂਦਾ ਉਹ ਪੰਜਾਬ ਪੁੱਜ ਗਿਆ। ਪੰਜ ਸਾਲ ਤੋਂ ਮਾਇਆ ਨਗਰ ਵਿੱਚ ਰਹਿ ਰਿਹਾ ਸੀ। ਮਿਹਨਤ ਕਰਕੇ ਇਥੇ ਵੀ ਪੇਟ ਨਹੀਂ ਸੀ ਭਰਦਾ। ਛੋਟੇ ਛੋਟੇ ਜੁਰਮ ਕਰਦਾ ਉਹ ਡਾਕੇ ਮਾਰਨ ਲਗ ਪਿਆ। ਉਸ ’ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਸਨ। ਪੁਲਿਸ ਨੇ ਉਸਨੂੰ ਬਿਹਾਰੋਂ ਨਹੀਂ ਸੀ ਫੜਿਆ। ਇਸ ਨਗਰ ਵਿਚੋਂ ਫੜਿਆ ਸੀ। ਉਸਦੀ ਉਮਰ ਚੌਵੀ ਪੱਚੀ ਸਾਲ ਸੀ। ਆਪਣੇ ਪਾਲੇ ਤੋਂ ਡਰਦੀ ਪੁਲਿਸ ਮਿਸਲ ਵਿੱਚ ਦਰਜ ਉਸਦੇ ਫਰਜ਼ੀ ਪਿੰਡ ਅਤੇ ਜਨਮ ਮਿਤੀ ਦੀ ਘੋਖ ਕਰਨ ਨਹੀਂ ਸੀ ਗਈ। ਅਗਲੀ ਪੇਸ਼ੀ ’ਤੇ ਨਾ ਡਾਕਟਰ ਨੇ ਆਉਣਾ ਸੀ, ਨਾ ਪੁਲਿਸ ਨੇ ਰਿਪੋਰਟ ਪੇਸ਼ ਕਰਨੀ ਸੀ। ਡਾਕਟਰ ਨੇ ਪੰਕਜ ਹੋਰਾਂ ਦੇ ਪਿੱਛੇ ਲੱਗ ਕੇ ਝੂਠੀ ਰਿਪੋਰਟ ਤਿਆਰ ਕੀਤੀ ਸੀ। ਜਾਣ ਬੁਝ ਕੇ ਉਸਨੇ ਐਕਸਰੇ ਫਿਲਮਾਂ ਰਿਪੋਰਟ ਨਾਲ ਨਹੀਂ ਸਨ ਲਾਈਆਂ। ਹੁਣ ਉਹ ਪੇਸ਼ ਹੋਣੋਂ ਡਰ ਰਿਹਾ ਸੀ।

ਇੰਝ ਹੀ ਹੋਇਆ। ਮੁਖ ਅਫ਼ਸਰ ਨੇ ਦਰਖ਼ਾਸਤ ਭੇਜੀ। ਜ਼ਰੂਰੀ ਰੁਝੇਵਿਆਂ ਕਾਰਨ ਉਹ ਬਿਹਾਰ ਨਹੀਂ ਜਾ ਸਕਿਆ। ਹੋਰ ਪੇਸ਼ੀ ਦਿੱਤੀ ਜਾਵੇ। ਡਾਕਟਰ ਨੇ ਆਪਣੀ ਮਜਬੂਰੀ ਜ਼ਾਹਿਰ ਕੀਤੀ। ਉਸਨੂੰ ਪਟਿਆਲੇ ਦੇ ਸੈਸ਼ਨ ਜੱਜ ਨੇ ਗਵਾਹੀ ਲਈ ਬੁਲਾ ਲਿਆ ਸੀ।

ਉਸ ਕੇਸ ਨੂੰ ਜਲਦੀ ਨਬੇੜਨ ਦੇ ਹੁਕਮ ਹਾਈ ਕੋਰਟ ਵੱਲੋਂ ਆਏ ਸਨ। ਉਸਦਾ ਪਟਿਆਲੇ ਜਾਣਾ ਜ਼ਰੂਰੀ ਸੀ। ਉਸਨੂੰ ਵੀ ਪੇਸ਼ੀ ਚਾਹੀਦੀ ਸੀ।

ਸਫ਼ਾਈ ਧਿਰ ਜਾਣੋ ਜਾਣ ਸੀ।

ਉਹ ਦਰਖ਼ਾਸਤ ਉਪਰ ਬਹਿਸ ਕਰਨ ਤੋਂ ਟਲ ਗਈ।

ਇਸ ਟਾਲੇ ਦੇ ਕਈ ਕਾਰਨ ਸਨ।

ਪਹਿਲਾ ਕਾਰਨ ਇਹ ਸੀ ਕਿ ਬਦਲੇ ਹਾਲਾਤ ਵਿੱਚ ਪੰਚਮ ਨੂੰ ਅਠਾਰਾਂ ਸਾਲ ਤੋਂ ਘੱਟ ਉਮਰ ਦਾ ਸਾਬਤ ਕਰਨਾ ਮੁਸ਼ਕਿਲ ਸੀ।

ਦੂਜਾ ਕਾਰਨ ਇਹ ਸੀ ਕਿ ਉਸਦੀ ਟੁੱਟੀ ਲੱਤ ਦੀ ਹਾਲਤ ਬਹੁਤ ਭੈੜੀ ਸੀ। ਹੱਡ ਜੁੜ ਨਹੀਂ ਸਨ ਰਹੇ। ਪੀਕ ਕਾਬੂ ਵਿੱਚ ਨਹੀਂ ਸੀ ਆ ਰਹੀ। ਲੱਤ ਕਿਸੇ ਵੀ ਸਮੇਂ ਕੱਟੀ ਜਾ ਸਕਦੀ ਸੀ। ਜੇਲ੍ਹ ਅੰਦਰ ਰਹਿ ਕੇ ਲੱਤ ਕਟਵਾਈ ਤਾਂ ਖ਼ਰਚਾ ਸਰਕਾਰ ਦਾ ਹੋਣਾ ਸੀ। ਬਾਹਰ ਆ ਕੇ ਇਲਾਜ ਕਰਾਉਣ ਦਾ ਖ਼ਰਚਾ ਪੰਕਜ ਨੂੰ ਭਰਨਾ ਪੈਣਾ ਸੀ। ਖ਼ਰਚਾ ਲੱਖ ਤਕ ਆ ਸਕਦਾ ਸੀ। ਉਸਨੂੰ ਜ਼ਮਾਨਤ ’ਤੇ ਰਿਹਾਅ ਕਰਾਉਣਾ ਬਹੁਤ ਮਹਿੰਗਾ ਪੈਣਾ ਸੀ।

ਤੀਜਾ ਕਾਰਨ ਇਹ ਸੀ ਕਿ ਪੰਡਿਤ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਸੀ। ਉਸ ਤੋਂ ਇੱਕ ਇੱਕ ਲੱਖ ਰੁਪਏ ਦੀ ਜ਼ਮਾਨਤ ਦੇਣ ਵਾਲੇ ਦੋ ਜਾਮਨ ਮੰਗੇ ਗਏ ਸਨ। ਇਹ ਵੀ ਸ਼ਰਤ ਸੀ ਕਿ ਜਾਮਨ ਪੰਜਾਬੀ ਹੋਣ ਅਤੇ ਉਨ੍ਹਾਂ ਦੀ ਜਾਇਦਾਦ ਤਹਿਸੀਲਦਾਰ ਵੱਲੋਂ ਤਸਦੀਕ ਹੋਵੇ। ਅਜਿਹੇ ਜ਼ਮਾਨਤੀ ਪੰਡਿਤ ਨੂੰ ਨਹੀਂ ਸਨ ਲੱਭਣੇ। ਉਸਨੇ ਜੇ ਬਾਹਰ ਆਉਣਾ ਸੀ ਤਾਂ ਉਸ ਨੂੰ ਪੰਕਜ ਦੀ ਸ਼ਰਨ ਆਉਣਾ ਪੈਣਾ ਸੀ।

ਪੰਡਿਤ ਨੇ ਉਹ ਸਭ ਸ਼ਰਤਾਂ ਮੰਨ ਲਈਆਂ ਜਿਹੜੀਆਂ ਪੰਚਮ ਅੱਗੇ ਰੱਖੀਆਂ ਗਈਆਂ ਸਨ।

ਫੇਰ ਨਵੀਂ ਖੀਰ ਪਕਾਉਣ ਨਾਲੋਂ ਪੱਕੀ ਖੀਰ ਕਿਉਂ ਨਾ ਖਾਧੀ ਜਾਵੇ।

ਪੰਚਮ ਨੂੰ ਕਿਸ਼ੋਰ ਘੋਸ਼ਿਤ ਹੋਣ ਤੋਂ ਰੋਕਣਾ ਸੋਸਾਇਟੀ ਦੀ ਪਹਿਲੀ ਜਿੱਤ ਸੀ।

 

-92-

 

ਸੋਸਾਇਟੀ ਦਾ ਮੁੱਖ ਉਦੇਸ਼ ਮੁਕੱਦਮੇ ਨੂੰ ਤੇਜ਼ੀ ਨਾਲ ਚਲਾਉਣਾ ਸੀ। ਜਿੰਨੇ ਗਵਾਹ ਤੇਜ਼ੀ ਨਾਲ ਭੁਗਤਣਗੇ ਉਨੇ ਨਤੀਜੇ ਚੰਗੇ ਨਿਕਲਣਗੇ।

ਇਸ ਨੀਤੀ ਤਹਿਤ ਸੋਸਾਇਟੀ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ।

ਸੁਸਤ ਪੈ ਚੁੱਕੇ ਮੀਡੀਏ ਨੂੰ ਮੁੜ ਚੁਸਤ ਕੀਤਾ ਗਿਆ। ਮੁਕੱਦਮੇ ਦੀ ਹਰ ਅਦਾਲਤੀ ਕਾਰਵਾਈ ਦੀ ਰਿਪੋਰਟ ਟਿਪਣੀ ਸਹਿਤ ਹਰ ਛੋਟੇ ਵੱਡੇ ਅਖ਼ਬਾਰ ਵਿੱਚ ਛਪਣ ਲੱਗੀ।

ਇਨ੍ਹਾਂ ਰਿਪੋਰਟਾਂ ਦਾ ਅਫ਼ਸਰਾਂ ’ਤੇ ਅਸਰ ਹੋਣ ਲੱਗਾ।

ਸਫ਼ਾਈ ਧਿਰ ਦੇ ਵਕੀਲਾਂ ਨੂੰ ਬਿਨਾਂ ਮਤਲਬ ਤਰੀਕਾਂ ਲੈਣ ਵਿੱਚ ਦਿੱਕਤ ਆਉਣ ਲੱਗੀ।

ਕੋਈ ਸਾਧਾਰਨ ਮੁਕੱਦਮਾ ਹੁੰਦਾ ਤਾਂ ਮੁਲਜ਼ਮਾਂ ਦੇ ਵਕੀਲਾਂ ਨੇ ਦੋਸ਼ੀਆਂ ਨੂੰ ਚਲਾਨ ਦੀਆਂ ਮਿਲੀਆਂ ਨਕਲਾਂ ਦੇ ਅਧੂਰੀਆਂ ਹੋਣ ਦੇ ਬਹਾਨੇ, ਤਰੀਕਾਂ ’ਤੇ ਤਰੀਕਾਂ ਲਈ ਜਾਣੀਆਂ ਸਨ। ਨਕਲਾਂ ਪੂਰੀਆਂ ਕਰਨ ਲਈ ਜੱਜ ਨੇ ਸਰਕਾਰੀ ਵਕੀਲ ਨੂੰ ਹੁਕਮ ਦੇਣਾ ਸੀ। ਸਰਕਾਰੀ ਵਕੀਲ ਨੇ ਵੱਟਾ ਮੁੱਖ ਅਫ਼ਸਰ ਵੱਲ ਰੋੜ੍ਹ ਦੇਣਾ ਸੀ। ਮੁੱਖ ਅਫ਼ਸਰ ਨੇ ਕਿਸੇ ਹੌਲਦਾਰ ਦੀ ਡਿਊਟੀ ਲਾ ਦੇਣੀ ਸੀ। ਹੌਲਦਰ ਨੇ ਸੌ ਦੋ ਸੌ ਰੁਪਏ ਪੱਲਿਉਂ ਖ਼ਰਚਣ ਤੋਂ ਕਤਰਾਉਣਾ ਸੀ। ਆਨੇ ਬਹਾਨੇ ਤਰੀਕ ਲੈ ਲੈਣੀ ਸੀ। ਅਗਲੀ ਪੇਸ਼ੀ ’ਤੇ ਨਵਾਂ ਹੌਲਦਾਰ ਆਉਣਾ ਸੀ। ਪਿਛਲੀ ਕਾਰਵਾਈ ਫੇਰ ਦੁਹਰਾਈ ਜਾਣੀ ਸੀ। ਸੌ ਰੁਪਏ ਦੇ ਖ਼ਰਚੇ ਦਾ ਮੁੱਲ ਦਸ ਪੇਸ਼ੀਆਂ ਪੈਣਾ ਸੀ। ਹਾਰ ਕੇ ਜੱਜ ਨੇ ਸਫ਼ਾਈ ਧਿਰ ਦੇ ਵਕੀਲਾਂ ਨੂੰ ਨਕਲਾਂ ਆਪਣੇ ਖ਼ਰਚੇ ’ਤੇ ਕਰਵਾਉਣ ਦੀ ਬੇਨਤੀ ਕਰਨੀ ਸੀ। ਮੁਕੱਦਮਾ ਲਟਕਾਉਣ ਦੇ ਮਕਸਦ ਵਿੱਚ ਕਾਮਯਾਬ ਹੋਏ ਵਕੀਲਾਂ ਨੇ ਉਧਰ ਉਸਦਾ ਹੁਕਮ ਮੰਨਣ ਦਾ ਅਹਿਸਾਨ ਕਰਨਾ ਸੀ। ਨਕਲਾਂ ਮੰਗਣ ਦੀ ਮੰਗ ਵਿੱਚੇ ਛੱਡ ਦੇਣੀ ਸੀ।

ਇਸ ਕੇਸ ਵਿੱਚ ਇੰਝ ਨਹੀਂ ਸੀ ਹੋਇਆ। ਪਹਿਲੀ ਹੀ ਪੇਸ਼ੀ ਜੱਜ ਨੇ ਸਰਕਾਰੀ ਵਕੀਲ ਅਤੇ ਸਫ਼ਾਈ ਧਿਰ ਦੇ ਵਕੀਲਾਂ ਨੂੰ ਘੇਰ ਲਿਆ ਸੀ। ਉਨੀ ਦੇਰ ਉਨ੍ਹਾਂ ਨੂੰ ਬਾਹਰ ਨਹੀਂ ਸੀ ਜਾਣ ਦਿੱਤਾ, ਜਿੰਨਾ ਚਿਰ ਮੁੱਖ ਅਫ਼ਸਰ ਨੇ ਨਕਲਾਂ ਪੁਰੀਆਂ ਨਹੀਂ ਕਰ ਦਿੱਤੀਆਂ।

ਅਗਲੀ ਕਾਰਵਾਈ ਮੈਜਿਸਟਰੇਟ ਵੱਲੋਂ ਚਲਾਨ ਸੈਸ਼ਨ ਸਪੁਰਦ ਕਰਨ ਦੀ ਸੀ।

ਸਾਧਾਰਨ ਮੁਕੱਦਮਾ ਹੁੰਦਾ ਤਾਂ ਮੈਜਿਸਟਰੇਟ ਨੇ ਇਹ ਹੁਕਮ ਲਿਖਾਉਂਦੇ ਦੋ ਤਿੰਨ ਪੇਸ਼ੀਆਂ ਲੰਘਾ ਦੇਣੀਆਂ ਸਨ। ਹੁਕਮ ਲਿਖਾਉਣ ਲਈ ਉਸਨੂੰ ਮਿਸਲ ਪੜ੍ਹਨੀ ਪੈਣੀ ਸੀ।

ਚਾਰ ਪੰਨਿਆਂ ਦਾ ਹੁਕਮ ਲਿਖਾਉਣਾ ਪੈਣਾ ਸੀ। ਇੰਨੀ ਹਿੰਮਤ ਬਟੋਰਨ ਲਈ ਜੱਜ ਨੂੰ ਦੋ ਤਿੰਨ ਮਹੀਨੇ ਲਗ ਜਾਣੇ ਸਨ।

ਇਸ ਮੁਕੱਦਮੇ ਵਿੱਚ ਇੰਝ ਨਹੀਂ ਸੀ ਹੋਇਆ। ਮੈਜਿਸਟਰੇਟ ਨੂੰ ਪਤਾ ਸੀ ਉਸਨੇ ਆਲਸ ਕੀਤੀ ਤਾਂ ਕਿਸੇ ਪਾਸਿਉਂ ਅਖ਼ਬਾਰ ਵਿੱਚ ਸੁਰਖੀ ਲਗ ਜਾਣੀ ਸੀ। “ਮੈਜਿਸਟਰੇਟ ਦੀ ਅਣਗਹਿਲੀ ਕਾਰਨ ਚਾਰ ਮੁਲਜ਼ਮ ਦੋ ਮਹੀਨੇ ਦੀ ਵਾਧੂ ਕੈਦ ਕੱਟਣ ਲਈ ਮਜਬੂਰ।”

ਇਸ ਖ਼ਬਰ ਨਾਲ ਮੈਜਿਸਟਰੇਟ ਦੀ ਖਿਚਾਈ ਹੋਣੀ ਸੀ।

ਡਰਦੇ ਮੈਜਿਸਟਰੇਟ ਨੇ ਮੁਕੱਦਮਾ ਸੈਸ਼ਨ ਜੱਜ ਵੱਲ ਤੋਰ ਦਿੱਤਾ।

ਸੈਸ਼ਨ ਜੱਜ ਵੀ ਅਖ਼ਬਾਰ ਪੜ੍ਹਦਾ ਸੀ। ਪਤਾ ਸੀ ਅੱਜ ਦੀ ਕਰਵਾਈ ਦੀ ਰਿਪੋਰਟ ਅਖ਼ਬਾਰ ਵਿੱਚ ਛਪੇਗੀ। ਜੋ ਹੋਰ ਤਰੀਕ ਪਾਈ ਤਾਂ ਨੁਕਤਾਚੀਨੀ ਹੋਏਗੀ। ਮੁਕੱਦਮਾ ਕਿਸ ਐਡੀਸ਼ਨਲ ਸੈਸ਼ਨ ਜੱਜ ਕੋਲ ਭੇਜਿਆ ਜਾਵੇ ਇਹ ਸੋਚਣ ਲਈ ਜੱਜ ਨੂੰ ਤਿੰਨ ਤਰੀਕ ਪਾਉਣ ਦੀ ਹਿੰਮਤ ਨਾ ਪਈ। ਮੁਕੱਦਮਾ ਗੁੰਝਲਦਾਰ ਸੀ। ਪਹਿਲੀ ਪੇਸ਼ੀ ਮੁਕੱਦਮਾ ਸਾਧੂ ਸਿੰਘ ਦੇ ਹਵਾਲੇ ਹੋ ਗਿਆ। ਆਪਣਾ ਦਾਮਨ ਬਚਾ ਕੇ ਜੇ ਕੋਈ ਜੱਜ ਇਨਸਾਫ਼ ਕਰ ਸਕਦਾ ਸੀ ਤਾਂ ਉਹ ਸਾਧੂ ਸਿੰਘ ਹੀ ਸੀ।

ਸਾਧੂ ਸਿੰਘ ਨੇ ਵੀ ਕੋਈ ਢਿੱਲ ਨਾ ਦਿਖਾਈ। ਸਫ਼ਾਈ ਧਿਰ ਨੂੰ ਜੇ ਦੋਸ਼ੀਆਂ ਉਪਰ ਲੱਗੇ ਦੋਸ਼ਾਂ ਉਪਰ ਕੋਈ ਇਤਰਾਜ਼ ਸੀ ਤਾਂ ਉਹ ਅਗਲੀ ਪੇਸ਼ੀ ਬਹਿਸ ਕਰਨ। ਬਹਿਸ ਦੀ ਤਿਆਰੀ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ।

ਸਾਧਾਰਨ ਮੁਕੱਦਮਾ ਹੁੰਦਾ ਤਾਂ ਇਹ ਬਹਿਸ ਕਈ ਪੇਸ਼ੀਆਂ ਲਟਕਦੀ। ਕਦੇ ਸੀਨੀਅਰ ਵਕੀਲ ਕਿਧਰੇ ਰੁੱਝਾ ਹੁੰਦਾ। ਕਦੇ ਵਕੀਲ ਦੀਆਂ ਕਿਤਾਬਾਂ ਵਿਹਲੀਆਂ ਨਾ ਹੁੰਦੀਆਂ।

ਜੱਜ ਨੂੰ ਵੀ ਕੋਈ ਕਾਹਲ ਨਹੀਂ ਸੀ ਹੋਣੀ। ਉਸਦੀ ਅਦਾਲਤ ਵਿੱਚ ਸੱਤ ਸੱਤ ਅੱਠਅੱ ਠ ਸਾਲ ਪੁਰਾਣੇ ਕਈ ਮੁਕੱਦਮੇ ਚੱਲਦੇ ਸਨ। ਹਾਈ ਕੋਰਟ ਪੁਰਾਣੇ ਕੇਸਾਂ ਦਾ ਫੈਸਲਾ ਜਲਦੀ ਕਰਨ ’ਤੇ ਜ਼ੋਰ ਦਿੰਦੀ ਸੀ। ਫੈਸਲੇ ਜਲਦੀ ਕਿਉਂ ਨਹੀਂ ਹੋ ਰਹੇ ਇਸ ਬਾਰੇ ਜੱਜ ਤੋਂ ਪੁੱਛਦੀ ਸੀ। ਇਸ ਲਈ ਨਵੇਂ ਮੁਕੱਦਮੇ ਵੱਲ ਜੱਜ ਦਾ ਧਿਆਨ ਓਨਾ ਚਿਰ ਨਹੀਂ ਸੀ ਜਾਂਦਾ, ਜਿੰਨਾ ਚਿਰ ਮੁਕੱਦਮਾ ਪੁਰਾਣਾ ਨਹੀਂ ਸੀ ਹੋ ਜਾਂਦਾ। ਨਵੇਂ ਕੇਸ ਦੀ ਸੁਣਵਾਈ ਕਰਨ ਲਈ ਜੱਜ ਨੂੰ ਦੋ ਮਿੰਟ ਕੱਢਣੇ ਦੁਸ਼ਵਾਰ ਲਗਦੇ ਹਨ।

ਇਸ ਮੁਕੱਦਮੇ ਵਿੱਚ ਇੰਝ ਨਹੀਂ ਸੀ ਹੋਇਆ। ਜੱਜ ਬਹਿਸ ਸੁਣਨ ਲਈ ਤਿਆਰ ਸੀ। ਸਰਕਾਰੀ ਵਕੀਲ ਮਿਸਲ ਪੜ੍ਹਕੇ ਆਇਆ ਸੀ।

ਸਫ਼ਾਈ ਧਿਰ ਦੇ ਵਕੀਲਾਂ ਨੇ ਇੱਕ ਦਿਨ ਪਹਿਲਾਂ ਮੀਟਿੰਗ ਕੀਤੀ। ਨਤੀਜਾ ਕੱਢਿਆ, ਬਹਿਸ ਕਰਨ ਦਾ ਕੋਈ ਲਾਭ ਨਹੀਂ ਸੀ। ਫੈਸਲਾ ਗਵਾਹੀਆਂ ਦੇ ਆਧਾਰ ’ਤੇ ਹੋਣਾ ਸੀ। ਦੋਸ਼ੀਆਂ ਉਪਰ ਅਦਾਲਤ ਜੋ ਦੋਸ਼ ਲਾਉਂਦੀ ਹੈ, ਲੱਗਣ ਦਿੱਤੇ ਜਾਣ।

ਸਫ਼ਾਈ ਧਿਰ ਦੇ ਬਿਨਾਂ ਬਹਿਸ ਕੀਤਿਆਂ ਕਾਰਵਾਈ ਅੱਗੇ ਤੋਰਨ ਨਾਲ ਜੱਜਾ ਜਾ ਇੱਕ ਘੰਟਾ ਬਚ ਗਿਆ।

ਸਾਧੂ ਸਿੰਘ ਨੂੰ ਸਫ਼ਾਈ ਧਿਰ ਦੇ ਇਸ ਮਿਲਵਰਤਣ ਭਰਪੂਰ ਫੈਸਲੇ ’ਤੇ ਖ਼ੁਸ਼ੀ ਹੋਈ।

ਸਭ ਨੂੰ ਪਤਾ ਸੀ ਬਹਿਸ ਦੀ ਕੋਈ ਕਾਨੂੰਨੀ ਅਹਿਮੀਅਤ ਨਹੀਂ ਸੀ। ਮਕਸਦ ਰੌਲਾ ਪਾ ਕੇ ਸਾਇਲਾਂ ਨੂੰ ਖ਼ੁਸ਼ ਕਰਨਾ ਸੀ। ਇਥੇ ਸਾਇਲਾਂ ਨੂੰ ਖ਼ੁਸ਼ ਕਰਨ ਦੀ ਕਿਸੇ ਨੂੰ ਜ਼ਰੂਰਤ ਨਹੀਂ ਸੀ।

“ਜਿਹੜੇ ਦੋਸ਼ੀ ਬੇਕਸੂਰ ਦੱਸੇ ਗਏ ਹਨ, ਉਨ੍ਹਾਂ ਨੂੰ ਬੁਲਾਉਣ ਦੀ ਸਲਾਹ ਹੈ ਜਾਂ ਨਹੀਂ?”

ਅਗਲੀ ਤਾਰੀਖ਼ ਪਾਉਣ ਤੋਂ ਪਹਿਲਾਂ ਸਾਧੂ ਸਿੰਘ ਨੇ ਸਰਕਾਰੀ ਵਕੀਲ ਕੋਲੋਂ ਪੁੱਛਿਆ।

ਬੁਲਾਉਣੇ ਨੇ ਜਨਾਬ!” ਸਰਕਾਰੀ ਵਕੀਲ ਦੇ ਕੁੱਝ ਬੋਲਣ ਤੋਂ ਪਹਿਲਾਂ ਹੀ ਰਾਮ ਨਾਥ ਬੋਲ ਪਿਆ।

“ਤੁਹਾਡੀ ਨਹੀਂ, ਮਰਜ਼ੀ ਸਰਕਾਰੀ ਵਕੀਲ ਦੀ ਚੱਲਣੀ ਹੈ, ਮੈਂ ਉਸ ਕੋਲੋਂ ਪੁੱਛਿਆ ਹੈ।”

ਰਾਮ ਨਾਥ ਦੇ ਜਵਾਬ ਉਪਰ ਇਤਰਾਜ਼ ਕਰਦਿਆਂ ਸਾਧੂ ਸਿੰਘ ਨੇ ਉਸਨੂੰ ਆਪਣੇ ਅਧਿਕਾਰਾਂ ਦਾ ਅਹਿਸਾਸ ਕਰਾਇਆ ਅਤੇ ਸਰਕਾਰੀ ਵਕੀਲ ਤੋਂ ਇੱਕ ਵਾਰ ਫੇਰ ਆਪਣੇ ਪ੍ਰਸ਼ਨ ਦਾ ਉੱਤਰ ਪੁੱਛਿਆ।

“ਬੁਲਾਣੇ ਪੈਣੇ ਹਨ ਜਨਾਬ।”

ਸਰਕਾਰੀ ਵਕੀਲ ਢਿੱਲੀ ਜਿਹੀ ਆਵਾਜ਼ ਵਿੱਚ ਬੋਲਿਆ ਜਿਵੇਂ ਚਾਹੁੰਦਾ ਹੋਵੇ ਉਸਦੇ ਸ਼ਬਦ ਕਿਸੇ ਹੋਰ ਦੇ ਕੰਨ ਵਿੱਚ ਨਾ ਪੈਣ।

“ਫੇਰ ਸਾਰੇ ਗਵਾਹ ਬੁਲਾਉਣੇ ਹਨ ਜਾਂ ਉਨ੍ਹਾਂ ਨਾਲ ਸੰਬੰਧਤ?”

“ਸਾਰੇ ਕੀ ਕਰਨੇ ਨੇ ਜਵਾਬ! ਪਹਿਲਾਂ ਇਕੱਲਾ ਮੁਦਈ ਬੁਲਾਵਾਂਗੇ। ਬਾਕੀ ਗਵਾਹ ਪੰਕਜ ਹੋਰਾਂ ਦੇ ਤਲਬ ਹੋਣ ਬਾਅਦ ਬੁਲਾਵਾਂਗੇ।”

ਜੱਜ ਇਹੋ ਸੁਨਣਾ ਚਾਹੁੰਦਾ ਸੀ।

“ਠੀਕ ਹੈ। ਜਿਹੜਾ ਜਿਹੜਾ ਗਵਾਹ ਬੁਲਾਉਣਾ ਹੋਵੇ ਉਸ ਦਾ ਨਾਂ ਸਟੈਨੋ ਨੂੰ ਲਿਖਾ ਦੇਣਾ। ਉਹ ਉਸੇ ਗਵਾਹ ਨੂੰ ਤਲਬ ਕਰਨ ਦਾ ਹੁਕਮ ਕਰ ਦੇਵੇਗਾ।”

ਦੋਹਾਂ ਧਿਰਾਂ ਦੀ ਸਹੂਲਤ ਮੁਤਾਬਕ ਜੱਜ ਨੇ ਗਵਾਹੀਆਂ ਲਈ ਤਾਰੀਖ਼ ਨਿਸ਼ਚਤ ਕੀਤੀ।

ਬਾਕੀ ਦਾ ਕੰਮ ਸਰਕਾਰੀ ਵਕੀਲ ’ਤੇ ਛੱਡ ਕੇ ਜੱਜ ਬਾਕੀ ਕੰਮ ਭਗਤਾਉਣ ਲੱਗਾ।

 

-93-

 

ਅਗਲੀ ਪੇਸ਼ੀ ਉਪਰ ਨੇਹਾ ਦਾ ਬਿਆਨ ਹੋਣਾ ਸੀ।

ਆਪਣੇ ਬਿਆਨ ਰਾਹੀਂ ਨੇਹਾ ਨੇ ਆਪਣੀ ਹੱਡ ਬੀਤੀ ਅਤੇ ਅੱਖੀਂ ਦੇਖੀ ਘਟਨਾ ਜੱਜ ਨੂੰ ਸੁਣਾਉਣੀ ਸੀ।

ਸਫ਼ਾਈ ਧਿਰ ਨੇ ਉਸ ਕਹਾਣੀ ਨੂੰ ਝੂਠਾ ਸਾਬਤ ਕਰਨ ਲਈ ਉਸ ਉਪਰ ਪ੍ਰਸ਼ਨਾਂ ਦੀ ਝੜੀ ਲਾਉਣੀ ਸੀ। ਪ੍ਰਸ਼ਨਾਂ ਦੀ ਇਸ ਝੜੀ ਨੂੰ ਕਾਨੂੰਨੀ ਭਾਸ਼ਾ ਵਿੱਚ ਜਿਰ੍ਹਾ ਆਖਦੇ ਹਨ।

ਜਿਰ੍ਹਾ ਵਿੱਚ ਕਿਹੜੇ ਸਵਾਲ ਪੁੱਛੇ ਜਾ ਸਕਦੇ ਸਨ ਅਤੇ ਉਨ੍ਹਾਂ ਦਾ ਕੀ ਉੱਤਰ ਹੋਣਾ ਚਾਹੀਦਾ ਸੀ, ਇਸ ਬਾਰੇ ਨੇਹਾ ਨੂੰ ਸੋਸਾਇਟੀ ਦੇ ਵਕੀਲਾਂ ਵੱਲੋਂ ਸਮਝਾਇਆ ਜਾਣਾ ਸੀ।

ਜੇ ਅੱਖੀ ਦੇਖੀ ਘਟਨਾ ਬਿਆਨ ਕਰਨੀ ਹੈ, ਫੇਰ ਇਸ ਵਿੱਚ ਸਮਝਣ ਸਮਝਾਉਣ ਵਾਲੀ ਕਿਹੜੀ ਗੱਲ ਹੈ?

ਪੁੱਛਣ ’ਤੇ ਮਾਮੇ ਨੇ ਉਸਨੂੰ ਇਸ ਨੁਕਤੇ ’ਤੇ ਪਿਛਲਾ ਭੇਤ ਸਮਝਾਇਆ ਸੀ।

ਫੌਜਦਾਰੀ ਕਾਨੂੰਨ ਦੋਸ਼ੀਆਂ ਨੂੰ ਬੇਕਸੂਰ ਮੰਨ ਕੇ ਚਲਦਾ ਸੀ। ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਮੁਦਈ ਧਿਰ ਨੂੰ ਠੋਸ ਸਬੂਤ ਪੇਸ਼ ਕਰਨੇ ਪੈਂਦੇ ਸਨ। ਠੋਸ ਸਬੂਤਾਂ ਦਾ ਮਤਲਬ ਸੀ ਉਹ ਤੱਥ ਜਿਨ੍ਹਾਂ ਤੋਂ ਦੋਸ਼ੀ ਦਾ ਸੌ ਫ਼ੀ ਸਦੀ ਮੁਲਜ਼ਮ ਹੋਣਾ ਸਿੱਧ ਹੁੰਦਾ ਹੋਵੇ। ਜੇ ਕਹਾਣੀ ਸ਼ੱਕੀ ਲੱਗਣ ਲੱਗੇ, ਇਸਦਾ ਫ਼ਾਇਦਾ ਦੋਸ਼ੀਆਂ ਨੂੰ ਮਿਲਦਾ ਸੀ। ਸ਼ੱਕ ਦੇ ਆਧਾਰ ‘ਤੇ ਉਸਨੂੰ ਬਰੀ ਕਰ ਦਿੱਤਾ ਜਾਂਦਾ ਸੀ।

ਆਪਣੀ ਗੱਲ ਸਪੱਸ਼ਟ ਕਰਨ ਲਈ ਮਾਮੇ ਨੇੁ ਇੱਕ ਉਦਾਹਰਣ ਦਿੱਤੀ। ਚਾਰ ਦੋਸ਼ੀਆਂ ਨੇ ਇੱਕ ਬੰਦੇ ਨੂੰ ਡਾਂਗਾਂ ਨਾਲ ਕੁੱਟ ਕੁੱਟ ਮਾਰ ਦਿੱਤਾ। ਡਾਕਟਰ ਦੀ ਰਾਏ ਵਿੱਚ ਮੌਤ ਸਿਰ ਵਿੱਚ ਲੱਗੀ ਇੱਕ ਸੱਟ ਕਾਰਨ ਹੋਈ ਸੀ। ਗਵਾਹ ਇਹ ਦੱਸਣੋਂ ਉੱਕ ਗਏ ਕਿ ਸਿਰ ਵਿੱਚ ਸੱਟ ਕਿਸਨੇ ਮਾਰੀ ਸੀ। ਅਦਾਲਤ ਨੂੰ ਕਾਤਲ ਪਛਾਨਣਾ ਮੁਸ਼ਕਲ ਹੋ ਗਿਆ। ਸ਼ੱਕ ਦੇ ਆਧਾਰ ’ਤੇ ਚਾਰੇ ਦੋਸ਼ੀ ਬਰੀ ਹੋ ਗਏ।

ਜੇ ਇਹ ਗਵਾਹ ਕਿਸੇ ਚੰਗੇ ਵਕੀਲ ਦੇ ਚੰਡੇ ਹੁੰਦੇ ਉਹ ਝੱਟ ਆਖ ਦਿੰਦੇ “ਮਰਨ ਵਾਲੇ ਦਾ ਸਿਰ ਨੱਥਾ ਸਿੰਘ ਨੇ ਪਾੜਿਆ ਸੀ।” ਇੰਨਾ ਆਖਣ ਨਾਲ ਨੱਥਾ ਸਿੰਘ ਨੂੰ ਉਮਰ ਕੈਦ ਹੋ ਜਾਣੀ ਸੀ।

ਕਾਨੂੰਨ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਮੁਦਈ ਧਿਰ ਨੂੰ ਸੱਚ ਵਿੱਚ ਝੂਠ ਰਲਾਉਣਾ ਪੈਂਦਾ ਸੀ। ਕਹਾਣੀ ਨੂੰ ਕਾਨੂੰਨੀ ਨੁਕਤਿਆਂ ਅਨੁਸਾਰ ਢਾਲਣਾ ਪੈਂਦਾ ਸੀ।

ਇਸ ਲਈ ਨੇਹਾ ਨੂੰ ਬਿਆਨ ਸਮਝਾਉਣਾ ਜ਼ਰੂਰੀ ਸੀ।

ਬਿਆਨ, ਠੋਸ ਸਬੂਤ, ਸੱਚ ਨੂੰ ਝੂਠ ਦੀ ਪਾਣ। ਨੇਹਾ ਦੇ ਕੁੱਝ ਪੱਲੇ ਨਹੀਂ ਸੀ ਪੈ ਰਿਹਾ।

ਜਦੋਂ ਪੁਲਿਸ ਵੱਲੋਂ ਤੋੜ ਮਰੋੜ ਕੇ ਲਿਖੇ ਨੇਹਾ ਦੇ ਬਿਆਨ ਉਸਨੂੰ ਯਾਦ ਕਰਨ ਲਈ ਫੜਾਏ ਗਏ, ਉਸਨੂੰ ਮਾਮੇ ਦੀਆਂ ਗੱਲਾਂ ਦੀ ਸਮਝ ਪੈਣ ਲੱਗੀ।

ਜੋ ਘਟਨਾ ਨੇਹਾ ਦੇ ਪਰਿਵਾਰ ਨਾਲ ਵਾਪਰੀ ਸੀ ਉਹ ਇਸ ਪ੍ਰਕਾਰ ਸੀ। ਅੱਧੀ ਰਾਤ ਦਾ ਸਮਾਂ ਸੀ। ਨੇਹਾ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ। ਕਮਲ ਆਪਣੇ ਕਮਰੇ ਵਿੱਚ ਸੀ। ਮੰਮੀ ਪਾਪਾ ਆਪਣੇ ਬੈੱਡ ਰੂਮ ਵਿੱਚ। ਪਹਿਲਾਂ ਕੀ ਹੋਇਆ ਨੇਹਾ ਨੂੰ ਕੁੱਝ ਪਤਾ ਨਹੀਂ। ਉਸਨੂੰ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਨੌਜਵਾਨ ਉਸਦੇ ਬੈੱਡ ਉਪਰ ਆ ਚੜ੍ਹਿਆ। ਕਮਰੇ ਦੀ ਬੱਤੀ ਬੰਦ ਸੀ। ਦੋਸ਼ੀ ਦੇ ਹੱਥ ਵਿੱਚ ਫੜੀ ਬੈਟਰੀ ਦੀ ਰੋਸ਼ਨੀ ਨੇਹਾ ਦੀਆਂ ਅੱਖਾਂ ਵਿੱਚ ਪੈ ਰਹੀ ਸੀ। ਨੇਹਾ ਨੇ ਨਾਇਟੀ ਪਹਿਣੀ ਹੋਈ ਸੀ। ਬਿਜਲੀ ਦੇ ਡਿੱਗਣ ਵਾਂਗ ਉਹ ਸਿੱਧਾ ਉਸ ਉਪਰ ਆ ਡਿਗਿਆ। ਬੈਟਰੀ ਇੱਕ ਪਾਸੇ ਸੁੱਟ ਕੇ ਉਸਨੇ ਖਾਲੀ ਹੋਏ ਹੱਥ ਨਾਲ ਨੇਹਾ ਦਾ ਮੂੰਹ ਬੰਦ ਕਰ ਦਿੱਤਾ। ਦੂਜੇ ਹੱਥ ਨਾਲ ਉਸਨੇ ਮਿੰਟੀ ਸਕਿੰਟੀ ਉਸਦੇ ਕੱਪੜੇ ਪਾੜ ਦਿੱਤੇ। ਫਿਲਮਾਂ ਵਿੱਚ ਦਿਖਾਏ ਜਾਂਦੇ ਬਲਾਤਕਾਰ ਵਰਗਾ ਕੁੱਝ ਨਹੀਂ ਸੀ ਵਾਪਰਿਆ। ਨਾ ਨੇਹਾ ਨੂੰ ਭੱਜਣ ਦਾ ਮੌਕਾ ਮਿਲਿਆ ਸੀ ਨਾ ਫੜਫੜਾਉਣ ਦਾ।

ਨਾ ਟੇਬਲ ਲੈਂਪ ਜਾਂ ਕੁਰਸੀ ਨਾਲ ਬਲਾਤਕਾਰੀ ’ਤੇ ਹਮਲਾ ਕਰਨ ਦਾ। ਨੇਹਾ ਥੋੜ੍ਹਾ ਬਹੁਤ ਜੁਡੋ ਕਰਾਟੇ ਜਾਣਦੀ ਸੀ। ਪਰ ਕੋਈ ਦਾਅ ਬਲਾਤਕਾਰੀ ਨੂੰ ਉਪਰੋਂ ਲਾਹੁਣ ਵਿੱਚ ਕਾਮਯਾਬ ਨਹੀਂ ਸੀ ਹੋਇਆ। ਉਹ ਨੇਹਾ ਉਪਰ ਪਹਾੜ ਵਾਂਗ ਜੰਮ ਕੇ ਬੈਠ ਗਿਆ। ਭਿੱਜੇ ਖੰਭਾਂ ਵਾਲੀ ਚਿੜੀ ਵਾਂਗ ਉਹ ਫੜਫੜਾਉਣ ਤੋਂ ਸਿਵਾ ਕੁੱਝ ਨਹੀਂ ਸੀ ਕਰ ਸਕੀ।

ਇੰਨੇ ਵਿੱਚ ਬਾਹਰੋਂ ਕਮਲ ਦੇ ਭੱਜੇ ਆਉਣ ਦੀ ਆਹਟ ਸੁਣਾਈ ਦਿੱਤੀ। ਕਮਲ ਨੇ ਕਮਰੇ ਵਿੱਚ ਵੜਦਿਆਂ ਹੀ ਪਹਿਲਾਂ ਬਿਜਲੀ ਦਾ ਬਟਨ ਦਬਾਇਆ। ਅਚਾਨਕ ਹੋਈ ਰੋਸ਼ਨੀ ਕਾਰਨ ਬਲਾਤਕਾਰੀ ਬੁਖਲਾ ਗਿਆ। ਉਸਨੇ ਨੇਹਾ ਨੂੰ ਛੱਡ ਕੇ ਕਮਲ ’ਤੇ ਹਮਲਾ ਕਰ ਦਿੱਤਾ।

ਨੇਹਾ ਦੇ ਬੈੱਡ ਤੋਂ ਉੱਠ ਕੇ ਸੰਭਲਣ ਤੋਂ ਪਹਿਲਾਂ ਹੀ ਉਹ ਹੱਥੋਪਾਈ ਹੁੰਦੇ ਹੁੰਦੇ ਲਾਬੀ ਵਿੱਚ ਪਹੁੰਚ ਗਏ। ਕਮਲ ਅਤੇ ਬਲਾਤਕਾਰੀ ਨੂੰ ਗੁਥਮ ਗੁਥਾ ਹੋਇਆ ਦੇਖ ਕੇ ਇੱਕ ਨਕਾਬ ਪੋਸ਼ ਨੇ ਚਾਕੂ ਦੇ ਦੋ ਵਾਰ ਕਮਲ ਦੇ ਢਿੱਡ ਵਿੱਚ ਕਰ ਦਿੱਤੇ। ਕਮਲ ਉਥੇ ਹੀ ਢੇਰ ਹੋ ਗਿਆ।

ਨੇਹਾ ਪਹਿਲਾਂ ਆਪਣਾ ਨੰਗੇਜ਼ ਢੱਕੇ, ਕਮਲ ਨੂੰ ਸੰਭਾਲੇ ਜਾਂ ਕਾਤਲਾਂ ਦਾ ਪਿੱਛਾ ਕਰੇ? ਨੇਹਾ ਨੂੰ ਕੁੱਝ ਨਹੀਂ ਸੀ ਸੁਝਿਆ।

ਦੇਖਦੇ ਦੇਖਦੇ ਦੋ ਨਕਾਬ ਪੋਸ਼ ਵੇਦ ਅਤੇ ਨੀਲਮ ਨੂੰ ਲਾਬੀ ਵਿੱਚ ਲਿਆਏ। ਉਨ੍ਹਾਂ ਕੋਲੋਂ ਗਹਿਣੇ ਅਤੇ ਨਕਦੀ ਮੰਗਣ ਲਗੇ। ਕੁੱਟ ਮਾਰ ਕਰਕੇ ਪੇਟੀਆਂ ਅਤੇ ਅਲਮਾਰੀਆਂ ਦੇ ਜਿੰਦੇ ਖੋਲ੍ਹਣ ਲਈ ਮਜਬੂਰ ਕਰਨ ਲਗੇ।

ਨੇਹਾ ਭੱਜ ਕੇ ਉਨ੍ਹਾਂ ਵੱਲ ਹੋਈ ਤਾਂ ਇੱਕ ਨਕਾਬ ਪੋਸ਼ ਨੇ ਉਸਦੀ ਹਿੱਕ ਵਿੱਚ ਕੱਸ ਕੇ ਘਸੁੰਨ ਜੜ੍ਹ ਦਿੱਤਾ। ਉਹ ਬੇਹੋਸ਼ ਹੋ ਗਈ। ਪਿੱਛੋਂ ਕੀ ਹੋਇਆ ਉਸਨੂੰ ਕੁੱਝ ਪਤਾ ਨਹੀਂ ਸੀ।

ਪਿੱਛੋਂ ਟੁੱਟੀ ਕੜੀ ਨੂੰ ਵੇਦ ਨੇ ਜੋੜਿਆ ਸੀ। ਚਾਰ ਨਕਾਬਪੋਸ਼ ਪਤਾ ਨਹੀਂ ਕਿਸ ਤਰ੍ਹਾਂ ਕੋਠੀ ਅੰਦਰ ਘੁਸ ਆਏ। ਇੱਕ ਨੇਹਾ ਦੇ ਕਮਰੇ ਅੱਗੇ ਖੜੋ ਗਿਆ ਇੱਕ ਕਮਲ ਦੇ। ਦੋ ਨਕਾਬਪੋਸ਼ਾਂ ਨੇ ਨੀਲਮ ਅਤੇ ਵੇਦ ਨੂੰ ਉਠਾ ਲਿਆ। ਉਹ ਨਕਦੀ ਅਤੇ ਗਹਿਣਾ ਮੰਗਣ ਲਗੇ। ਬਚਾਅ ਦਾ ਕੋਈ ਸਾਧਨ ਨਹੀਂ ਸੀ। ਜੋ ਕੁੱਝ ਘਰ ਵਿੱਚ ਸੀ ਉਹ ਉਨ੍ਹਾਂ ਨੇ ਚੋਰਾਂ ਦੇ ਹਵਾਲੇ ਕਰ ਦਿੱਤਾ। ਚੋਰਾਂ ਨੂੰ ਸ਼ਾਇਦ ਆਸ ਨਾਲੋਂ ਘੱਟ ਮਾਲ ਮਿਲਿਆ ਸੀ। ਉਹ ਹੋਰ ਮਾਲ ਦੀ ਮੰਗ ਕਰਨ ਲੱਗੇ। ਘਰ ਵਿੱਚ ਕੁੱਝ ਹੋਰ ਹੁੰਦਾ ਤਾਂ ਉਹ ਦਿੰਦੇ।

ਖਿਝੇ ਮੁਲਜ਼ਮ ਕੁੱਟ ਮਾਰ ਕਰਨ ਲੱਗੇ।

ਇੰਨੇ ਵਿੱਚ ਨੇਹਾ ਦੇ ਕਮਰੇ ਅੱਗੇ ਖੜ੍ਹੇ ਨਕਾਬਪੋਸ਼ ਨੂੰ ਪਤਾ ਨਹੀਂ ਕੀ ਭੂਤ ਚੜ੍ਹਿਆ।

ਉਹ ਨੇਹਾ ਦੇ ਕਮਰੇ ਅੰਦਰ ਵੜ ਗਿਆ। ਅੱਗੇ ਕੀ ਹੋਇਆ ਨੇਹਾ ਨੂੰ ਪਤਾ ਸੀ।

ਬਿਜਲੀ ਦੀ ਲਿਸ਼ਕੋਰ ਵਾਂਗ ਘੜੀ ਇਸ ਘਟਨਾ ਦੌਰਾਨ ਨੇਹਾ ਨੂੰ ਨਕਾਬਪੋਸ਼ਾਂ ਦੀ ਉਮਰ, ਬੋਲੀ, ਹੁਲੀਏ ਜਾਂ ਨਾਂ ਪਤਿਆਂ ਦਾ ਕੁੱਝ ਪਤਾ ਨਹੀਂ ਸੀ ਲੱਗਾ। ਉਸਨੂੰ ਇਕੋ ਚੀਜ਼ ਯਾਦ ਸੀ। ਉਸਦੇ ਬਲਾਤਕਾਰੀ ਵਿਚੋਂ ਆਉਂਦੀ ਬੂ, ਉਸਦਾ ਭਾਰ, ਉਸਦੀ ਜਕੜ।

ਮਾਮਾ ਆਖਦਾ ਸੀ ਨੇਹਾ ਵੱਲੋਂ ਇੰਝ ਬਿਆਨਿਆ ਸੱਚ ਅਦਾਲਤ ਲਈ ਦੋਸ਼ੀਆਂ ਨੂੰ ਸਜ਼ਾ ਕਰਨ ਲਈ ਕਾਫ਼ੀ ਨਹੀਂ ਸੀ। ਇੰਝ ਨਾ ਕਮਲ ਦੇ ਕਾਤਲ ਦੀ ਪਹਿਚਾਣ ਹੁੰਦੀ ਸੀ, ਨਾ ਵੇਦ ਅਤੇ ਨੀਲਮ ਨੂੰ ਸੱਟਾਂ ਮਾਰਨ ਵਾਲੇ ਦੀ। ਨਾ ਨੇਹਾ ਨੂੰ ਕਿਸੇ ਦੋਸ਼ੀ ਦਾ ਨਾਂ ਪਤਾ, ਪਤਾ ਸੀ, ਨਾ ਹੁਲੀਆ। ਅਦਾਲਤ ਦੇ ਹੱਥ ਵਿੱਚ ਇਨਸਾਫ਼ ਦੀ ਤੱਕੜੀ ਸੀ।

ਉਸ ਲਈ ਦੋਵੇਂ ਪੱਲੜੇ ਬਰਾਬਰ ਸਨ। ਸ਼ੱਕ ਦੇ ਆਧਾਰ ’ਤੇ ਭੈੜੇ ਤੋਂ ਭੈੜੇ ਬੰਦੇ ਨੂੰ ਵੀ ਸਜ਼ਾ ਨਹੀਂ ਸੀ ਕੀਤੀ ਜਾ ਸਕਦੀ।

ਇਸੇ ਸ਼ੱਕ ਨੂੰ ਦੂਰ ਕਰਨ ਲਈ ਪੁਲਿਸ ਨੇ ਨੇਹਾ ਦੇ ਬਿਆਨ ਨੂੰ ਤੋੜਿਆ ਮਰੋੜਿਆ ਸੀ।

ਜਦੋਂ ਪਰਚਾ ਕੱਟਿਆ ਗਿਆ, ਉਸ ਸਮੇਂ ਨੇਹਾ ਬੇਹੋਸ਼ ਸੀ। ਪੁਲਿਸ ਨੂੰ ਕਾਰਵਾਈ ਮੁਕੰਮਲ ਕਰਨ ਦੀ ਕਾਹਲ ਸੀ। ਲੋੜ ਅਨੁਸਾਰ ਨੇਹਾ ਦਾ ਬਿਆਨ ਲਿਖ ਲਿਆ ਗਿਆ ਸੀ।

ਪਿਛੋਂ ਹਾਲਾਤ ਬਦਲ ਗਏ। ਦੋਸ਼ੀ ਫੜੇ ਗਏ। ਮਾਲ ਬਰਾਮਦ ਹੋ ਗਿਆ। ਨੇਹਾ ਨੂੰ ਹੋਸ਼ ਆ ਗਈ। ਘਟੀ ਘਟਨਾ ਦੇ ਵੇਰਵੇ ਪ੍ਰਾਪਤ ਹੋ ਗਏ।

ਬਦਲੇ ਹਾਲਾਤ ਅਨੁਸਾਰ ਪਰਚੇ, ਅਸਲੀਅਤ ਅਤੇ ਕਾਨੂੰਨ ਦੀਆਂ ਲੋੜਾਂ ਵਿੱਚ ਤਾਲਮੇਲ ਬਿਠਾਉਣ ਲਈ ਪੁਲਿਸ ਨੇ ਨਵੇਂ ਬਿਆਨ ਘੜ ਲਏ।

ਨੇਹਾ ਨੂੰ ਜਿਸ ਨਵੇਂ ਬਿਆਨ ਨੂੰ ਯਾਦ ਕਰਨ ਲਈ ਆਖਿਆ ਜਾ ਰਿਹਾ ਸੀ ਉਹ ਇਸ ਪ੍ਰਕਾਰ ਸੀ: ਘਟਨਾ ਵਾਲੀ ਰਾਤ ਸਾਰਾ ਪਰਿਵਾਰ ਆਪਣੇ ਆਪਣੇ ਕਮਰਿਆਂ ਵਿੱਚ ਸੁੱਤਾ ਹੋਇਆ ਸੀ। ਚਾਰ ਬੰਦੇ ਕੋਠੀ ਦੀਆਂ ਕੰਧਾਂ ਟੱਪ ਕੇ ਉਨ੍ਹਾਂ ਦੀ ਕੋਠੀ ਵਿੱਚ ਦਾਖ਼ਲ ਹੋ ਗਏ। ਖੜਕਾ ਸੁਣ ਕੇ ਨੇਹਾ ਦੀ ਅੱਖ ਖੁਲ੍ਹ ਗਈ। ਖੜਕਾ ਕਿਸ ਕਾਰਨ ਹੋਇਆ ਹੈ?

ਅੱਧ ਸੁੱਤੀ ਅਵਸਥਾ ਵਿੱਚ ਉਹ ਜਾਇਜ਼ਾ ਲੈਣ ਲੱਗੀ। ਉਸਨੇ ਦੇਖਿਆ ਦੋ ਬੰਦੇ ਨੀਲਮ ਅਤੇ ਵੇਦ ਦੇ ਕਮਰੇ ਵਿੱਚ ਖੜ੍ਹੇ ਸੇਫ਼ ਦੀਆਂ ਚਾਬੀਆਂ ਮੰਗ ਰਹੇ ਸਨ। ਵੇਦ ਨੇ ਅਲਮਾਰੀ ਵਿੱਚ ਪਿਆ ਸੋਨਾ ਅਤੇ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਉਹ ਸਮਾਨ ਆਪਣੀਆਂ ਜੇਬਾਂ ਵਿੱਚ ਪਾ ਲਿਆ। ਉਹ ਹੋਰ ਗਹਿਣੇ ਮੰਗਣ ਲੱਗੇ। ਵੇਦ ਹੋਰਾਂ ਦੇ ਮਜਬੂਰੀ ਜ਼ਾਹਿਰ ਕਰਨ ਤੇ ਉਹ ਉਨ੍ਹਾਂ ਨੂੰ ਕੁੱਟਣ ਲੱਗੇ। ਨੀਲਮ ਦੇ ਸਿਰ ਵਿੱਚ ਰਾਡ ਮਾਰਨ ਵਾਲੇ ਦਾ ਨਾਂ ਪੰਡਤ, ਵੇਦ ਦੀਆਂ ਲੱਤਾਂ ਬਾਹਾਂ ਤੋੜਨ ਵਾਲੇ ਦਾ ਨਾਂ ਕਾਲੀਆ ਸੀ। ਮਾਂ ਬਾਪ ਨੂੰ ਬਚਾਉਣ ਲਈ ਨੇਹਾ ਅੱਗੇ ਆਈ। ਉਸਦੇ ਕਮਰੇ ਦੀ ਬੱਤੀ ਜਗਦਿਆਂ ਹੀ ਉਸਦੇ ਦਰਵਾਜ਼ੇ ਅੱਗੇ ਖੜ੍ਹਾ ਇੱਕ ਦੋਸ਼ੀ ਉਸਦੇ ਕਮਰੇ ਵਿੱਚ ਆ ਵੜਿਆ। ਉਹ ਦੀਨਾ ਸੀ। ਚਾਕੂ ਦਿਖਾ ਕੇ ਉਸਨੇ ਨੇਹਾ ਨੂੰ ਚੁੱਪ ਕਰਵਾ ਦਿੱਤਾ। ਜ਼ਬਰਦਸਤੀ ਉਸ ਨਾਲ ਮੂੰਹ ਕਾਲਾ ਕੀਤਾ। ਛੱਟਪਟਾਉਂਦੀ ਨੇਹਾ ਕੋਲੋਂ ਮੇਜ਼ ਤੇ ਪਿਆ ਟੇਬਲ ਲੈਂਪ ਜ਼ਮੀਨ ਉਪਰ ਡਿਗ ਗਿਆ। ਹੋਏ ਖੜਕੇ ਨਾਲ ਕਮਲ ਜਾਗ ਪਿਆ। ਉਹ ਨੇਹਾ ਦੇ ਕਮਰੇ ਵੱਲ ਦੌੜਿਆ। ਉਸਦੇ ਕਮਰੇ ਅੱਗੇ ਖੜ੍ਹੇ ਪੰਚਮ ਨੇ ਉਸਨੂੰ ਦਬੋਚ ਲਿਆ। ਨੇਹਾ ਦੇ ਦੇਖਦੇਦੇਖਦੇ ਉਸਨੇ ਕਮਲ ਦੇ ਢਿੱਡ ਵਿੱਚ ਚਾਕੂ ਮਾਰ ਦਿੱਤੇ। ਉਹ ਉੱਥੇ ਹੀ ਢੇਰ ਹੋ ਗਿਆ।

ਠੇਕੇਦਾਰ ਨਾਂ ਦੇ ਦੋਸ਼ੀ ਨੇ ਉਨ੍ਹਾਂ ਨੂੰ ਹੁਕਮ ਦਿੱਤਾ, “ਸਮਾਨ ਚੁੱਕ ਕੇ ਭੱਜ ਚੱਲੋ।” ਜਾਂਦੇਜਾਂਦੇ ਉਹ ਨੇਹਾ ਦੀ ਹਿੱਕ ਵਿੱਚ ਦੋ ਤਿੰਨ ਘਸੁੰਨ ਮਾਰ ਗਏ। ਉਹ ਬੇਹੋਸ਼ ਹੋ ਗਈ।

ਇਸ ਵਾਰਦਾਤ ਦੌਰਾਨ ਦੋਸ਼ੀਆਂ ਨੇ ਆਪਸ ਵਿੱਚ ਗੱਲਾਂ ਕੀਤੀਆਂ ਸਨ। ਉਹ ਗੱਲਬਾਤ ਤੋਂ ਭਈਏ ਜਾਪਦੇ ਸਨ। ਗੱਲਾਂ ਕਰਦੇ ਉਹ ਇੱਕ ਦੂਜੇ ਦਾ ਨਾਂ ਲੈਂਦੇ ਸਨ।

ਪਹਿਲਾ ਦੂਜੇ ਨੂੰ ਪੰਡਿਤ ਆਖਦਾ ਸੀ, ਦੂਜਾ ਤੀਜੇ ਨੂੰ ਦੀਨਾ। ਉਨ੍ਹਾਂ ਦੇ ਨਾਵਾਂ ਦੇ ਨਾਲਨਾਲ ਨੇਹਾ ਨੇ ਉਨ੍ਹਾਂ ਦੇ ਕੱਦ, ਹੁਲੀਏ ਤੇ ਉਮਰ ਯਾਦ ਕਰ ਲਈ ਸੀ, ਜਿਸ ਬਾਰੇ ਪਿਛੋਂ ਉਸਨੇ ਪੁਲਿਸ ਨੂੰ ਦੱਸ ਦਿੱਤਾ ਸੀ।

ਇਸ ਮੁੱਖ ਬਿਆਨ ਤੋਂ ਇਲਾਵਾ ਕੁੱਝ ਛੋਟੇ ਬਿਆਨ ਵੀ ਲਿਖੇ ਗਏ ਸਨ। ਕਿਸੇ ਵਿੱਚ ਨੇਹਾ ਵੱਲੋਂ ਥਾਣੇ ਆ ਕੇ ਦੋਸ਼ੀਆਂ ਕੋਲੋਂ ਬਰਾਮਦ ਹੋਏ ਸਮਾਨ ਨੂੰ ਸ਼ਨਾਖ਼ਤ ਕਰਨ ਬਾਰੇ ਦਰਜ ਸੀ ਅਤੇ ਕਿਸੇ ਵਿੱਚ ਦੋਸ਼ੀਆਂ ਦੇ ਵਾਰਦਾਤ ਸਮੇਂ ਪਹਿਨੇ ਕਪੜਿਆਂ ਨੂੰ ਸ਼ਨਾਖ਼ਤ ਕਰਨ ਬਾਰੇ।

ਇਨ੍ਹਾਂ ਬਿਆਨਾਂ ਵਿੱਚ ਦਰਜ ਕੁੱਝ ਵੀ ਇੰਝ ਨੇਹਾ ਦੇ ਸਾਹਮਣੇ ਨਹੀਂ ਸੀ ਵਾਪਰਿਆ।

ਇਸ ਲਈ ਬਿਆਨ ਯਾਦ ਕਰਨ ਵਿੱਚ ਉਸਨੂੰ ਦਿਕਤ ਮਹਿਸੂਸ ਹੋ ਰਹੀ ਸੀ।

“ਮਾਮਾ ਮੈਥੋਂ ਏਡਾ ਵੱਡਾ ਝੂਠ ਨਹੀਂ ਬੋਲਿਆ ਜਾਣਾ।” ਖਿਝੀ ਨੇਹਾ ਨੇ ਮਾਮੇ ਕੋਲ ਮਜਬੂਰੀ ਜ਼ਾਹਰ ਕੀਤੀ।

“ਬੋਲਣਾ ਪੈਣਾ ਹੈ ਧੀਏ! ਸਾਡੇ ਕਾਨੂੰਨ ਦਾ ਇਹੋ ਦੁਖਾਂਤ ਹੈ। ਸੱਚ ਬੋਲੀਏ ਤਾਂ ਦੋਸ਼ੀ ਬਰੀ ਹੋ ਜਾਂਦੇ ਹਨ। ਝੂਠ ਬੋਲੀਏ ਤਾਂ ਨਿਰਦੋਸ਼ ਵੀ ਸਜ਼ਾ ਪਾ ਜਾਂਦੇ ਹਨ।”

ਭੰਬਲ ਭੂਸੇ ਵਿੱਚ ਪਈ ਨੇਹਾ ਕੋਲ ਚੁੱਪ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ।

 

-94-

 

ਲੱਖ ਯਤਨ ਕਰਨ ’ਤੇ ਵੀ ਨੇਹਾ ਨੂੰ ਬਿਆਨ ਯਾਦ ਨਹੀਂ ਸੀ ਹੋ ਰਿਹਾ।

ਬਿਆਨ ਰਾਹੀਂ ਉਸਨੂੰ ਵਾਰਦਾਤ ਯਾਦ ਕਰਨ ਲਈ ਆਖਿਆ ਜਾ ਰਿਹਾ ਸੀ।

ਵਾਰਦਾਤ ਯਾਦ ਆਉਂਦਿਆਂ ਹੀ ਉਸਦਾ ਸਾਰਾ ਸਰੀਰ ਕੰਬਣ ਲਗਦਾ। ਦਿਮਾਗ਼ ਫਟਨ ਲਗਦਾ। ਸਾਰਾ ਸਰੀਰ ਬਦਬੂ ਨਾਲ ਭਰ ਜਾਂਦਾ। ਉਸਨੂੰ ਆਪਣੇ ਆਪ ਨਾਲ, ਆਪਣੇ ਸਰੀਰ ਨਾਲ ਘਿਰਣਾ ਹੋਣ ਲਗਦੀ।

ਉਸਦੀ ਇੱਜ਼ਤ ਲੁੱਟੀ ਗਈ ਸੀ। ਨਾਲ ਹੀ ਉਸਦਾ ਭਵਿੱਖ ਲੁੱਟਿਆ ਗਿਆ ਸੀ।

ਨੇਹਾ ਦਾ ਸ਼ਹਿਰ ਛੁੱਟ ਗਿਆ ਸੀ। ਉਸਦੀ ਪੜ੍ਹਾਈ ਛੁੱਟ ਗਈ ਸੀ। ਉਸਦਾ ਪ੍ਰੇਮੀ ਉਸਨੂੰ ਛੱਡ ਗਿਆ ਸੀ। ਨੇਹਾ ਦੇ ਵਿਆਹ ਦੇ ਸੁਪਨੇ ਚਕਨਾਚੂਰ ਹੋ ਗਏ ਸਨ। ਕਿਸੇ ਪੜ੍ਹੇਲਿਖੇ ਛੈਲ ਛਬੀਲੇ ਨੌਜਵਾਨ ਨਾਲ ਜ਼ਿੰਦਗੀ ਬਸਰ ਕਰਨ ਦਾ ਸੁਪਨਾ ਇੱਕ ਹਵਾਈ ਕਿਲ੍ਹਾ ਬਣ ਕੇ ਰਹਿ ਗਿਆ ਸੀ। ਹੁਣ ਉਸਦੇ ਪੱਲੇ ਕੋਈ ਦਹਾਜੂ, ਚਾਰ ਬੱਚਿਆਂ ਦਾ ਬਾਪ, ਅਪਾਹਜ ਜਾਂ ਮੰਦ ਬੁੱਧੀ ਪੈਣਾ ਸੀ। ਕਿਸੇ ਲੋੜਵੰਦ ਨੇ ਪਹਿਲਾਂ ਉਸਨੂੰ ਚੱਟ ਚੁੰਮ ਕੇ ਪਰਵਾਨ ਕਰਨਾ ਸੀ, ਪਿੱਛੋਂ ਬਲਾਤਕਾਰ ਨੂੰ ਯਾਦ ਕਰਵਾ ਕਰਵਾ ਉਸਨੂੰ ਤੁਨਦੇ ਰਹਿਣਾ ਸੀ।

ਬਿਆਨ ਯਾਦ ਕਰਦਿਆਂ ਕਮਲ ਦੇ ਪੇਟ ਵਿੱਚ ਵੱਜਦੇ ਛੁਰਿਆਂ ਦਾ ਦ੍ਰਿਸ਼ ਤਾਜ਼ਾ ਹੋ ਜਾਂਦਾ ਸੀ। ਕਮਲ ਦੇ ਤਰਲੇ ਅਤੇ ਚੀਕਾਂ ਉਸਦੇ ਕੰਨਾਂ ਨੂੰ ਚੀਰਨ ਲਗਦੇ ਸਨ। ਉਸਨੂੰ ਆਪਣੇ ਆਪ ’ਤੇ ਅਫ਼ਸੋਸ ਹੁੰਦਾ ਸੀ। ਕਮਲ ਦੀ ਮੌਤ ਦੀ ਜ਼ਿੰਮੇਵਾਰ ਉਹ ਸੀ। ਨਾ ਉਹ ਪੈਦਾ ਹੁੰਦੀ ਨਾ ਕੋਈ ਉਸਦੀ ਇੱਜ਼ਤ ਲੁੱਟਦਾ। ਨਾ ਕਮਲ ਮੁਕਾਬਲਾ ਕਰਦਾ, ਨਾ ਕਤਲ ਹੁੰਦਾ।

ਹੁਣ ਕਮਲ ਬਿਨਾਂ ਸਾਰੇ ਟੱਬਰ ਦੀ ਜ਼ਿੰਦਗੀ ਨਰਕ ਬਣੀ ਪਈ ਸੀ। ਮਾਂ ਬਾਪ ਦਾ ਜ਼ਿੰਦਗੀ ਦਾ ਉਦੇਸ਼ ਖ਼ਤਮ ਹੋ ਗਿਆ ਸੀ। ਵੇਦ ਨੇ ਹੁਣ ਕੰਮ ਕਾਰ, ਭੱਜ ਨੱਠ ਅਤੇ ਕਮਾਈ ਕਿਸ ਲਈ ਕਰਨੀ ਸੀ?

ਹੁਣ ਨੇਹਾ ਬਿਨਾਂ ਭਰਾਵਾਂ ਵਾਲੀ ਭੈਣ ਸੀ। ਬਿਨਾਂ ਭਰਾਵਾਂ ਵਾਲੀਆਂ ਕੁੜੀਆਂ ਨਾਲ ਕੋਈ ਨਾਤਾ ਨਹੀਂ ਜੋੜਦਾ। ਮਾਂ ਬਾਪ ਨੇ ਸਦਾ ਥੋੜ੍ਹਾ ਬੈਠਾ ਰਹਿਣਾ ਹੈ? ਮਾਂ ਬਾਪ ਦੇ ਮਰਨ ਬਾਅਦ ਕੁੜੀਆਂ ਦਾ ਪੇਕਿਆਂ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ। ਨੇਹਾ ਵੈਸੇ ਵੀ ਚੰਗੇ ਵਰ ਦੇ ਕਾਬਲ ਨਹੀਂ ਸੀ ਰਹੀ। ਕਮਲ ਦੀ ਘਾਟ ਉਸਦੇ ਜ਼ਖ਼ਮਾਂ ’ਤੇ ਹੋਰ ਨਮਕ ਛਿੜਕਦੀ ਸੀ।

ਵੇਦ ਤੁਰਨ ਫਿਰਨ ਤਾਂ ਲੱਗ ਗਿਆ ਸੀ ਪਰ ਉਸਦੇ ਜੋੜਾਂ ਵਿੱਚ ਚੌਵੀ ਘੰਟੇ ਦਰਦ ਹੁੰਦਾ ਰਹਿੰਦਾ ਸੀ। ਖਾਣ ਪੀਣ ਵਿੱਚ ਦਿਕਤ ਆਉਂਦੀ ਸੀ। ਕੰਮ ਕਾਰ ਠੱਪ ਸੀ। ਪਹਿਲਾ ਪੈਸਾ ਖ਼ੂਹ ਖਾਤੇ ਪੈ ਚੁੱਕਾ ਸੀ। ਨਵਾਂ ਕਾਰੋਬਾਰ ਸ਼ੁਰੂ ਕਰਨ ਨੂੰ ਉਸਦਾ ਦਿਲ ਨਹੀਂ ਸੀ ਕਰਦਾ। ਪੈਸੇ ਦੀ ਦੌੜ ਨੇ ਉਸਨੂੰ ਪਹਿਲਾਂ ਹੀ ਨਾਨਕੇ ਯਾਦ ਕਰਵਾ ਰੱਖੇ ਸਨ। ਘਰ ਬੈਠ ਕੇ ਝੂਰਣ ਤੋਂ ਸਿਵਾ ਉਹ ਕੁੱਝ ਨਹੀਂ ਸੀ ਕਰਦਾ।

ਨੀਲਮ ਉੱਠਣ ਬੈਠਣ ਲਗ ਗਈ ਸੀ। ਪਰ ਦਿਮਾਗ਼ੀ ਸੱਟ ਕਾਰਨ ਉਸਨੂੰ ਬਹੁਤਾ ਕੁੱਝ ਯਾਦ ਨਹੀਂ ਸੀ ਰਹਿੰਦਾ। ਕਦੇ ਕਦੇ ਉਸਨੂੰ ਕਮਲ ਦੀ ਮੌਤ ਦਾ ਅਹਿਸਾਸ ਹੁੰਦਾ।

ਉਸ ਸਮੇਂ ਉਹ ਇਉਂ ਵੈਣ ਪਾ ਪਾ ਉਸਨੂੰ ਰੋਣ ਲਗਦੀ ਜਿਵੇਂ ਪੰਜਾਹ ਸਾਲ ਪਹਿਲਾਂ ਬੁੜ੍ਹੀਆਂ ਸਿਆਪਾ ਕਰਦੇ ਸਮੇਂ ਵੈਣ ਪਾਉਂਦੀਆਂ ਸਨ। ਨੇਹਾ ਨਾਲ ਹੋਏ ਬਲਾਤਕਾਰ ਦੀ ਜੇ ਕਦੇ ਉਸਨੂੰ ਯਾਦ ਆਉਂਦੀ ਤਾਂ ਉਹ ਉਸਨੂੰ ਹਿੱਕ ਨਾਲ ਲਾ ਕੇ ਡੁਸਕਣ ਲਗਦੀ।

ਉਸਦਾ ਬਿਨਾਂ ਮਤਲਬ ਸਿਰ ਪਲੋਸਦੀ ਰਹਿੰਦੀ। ਵਾਰ ਵਾਰ ਚੁੰਮਣ ਲਗਦੀ।

ਕਦੇ ਉਹ ਸਭ ਕੁੱਝ ਭੁੱਲ ਜਾਂਦੀ। ਕਮਲ ਦੇ ਦੇਰ ਤਕ ਘਰ ਨਾ ਮੁੜਨ ਅਤੇ ਨੇਹਾ ਦੇ ਕਾਲਜ ਨਾ ਜਾਣ ਦੇ ਕਾਰਨ ਪੁੱਛਦੀ।

“ਕਾਰ ਕੌਣ ਲੈ ਗਿਆ? ਮੋਟਰ ਸਾਈਕਲ ਕਿੱਥੇ ਹੈ? ਤੂੰ ਸਾਦੇ ਕੱਪੜੇ ਕਿਉਂ ਪਾਏ ਹਨ?”

ਅਜਿਹੇ ਪ੍ਰਸ਼ਨ ਪੁੱਛ ਪੁੱਛ ਉਹ ਨੇਹਾ ਨੂੰ ਰੋਣ ਲਈ ਮਜਬੂਰ ਕਰ ਦਿੰਦੀ।

ਨੀਲਮ ਜ਼ਿੰਦਾ ਲਾਸ਼ ਵਾਂਗ ਸੀ। ਡਾਕਟਰ ਦੀ ਰਾਏ ਸੀ, ਉਸਦੀ ਸਿਹਤ ਵਿੱਚ ਦਸ ਪੰਦਰਾਂ ਫੀ ਸਦੀ ਹੋਰ ਸੁਧਾਰ ਹੋ ਸਕਦਾ ਸੀ। ਇਸ ਤੋਂ ਵੱਧ ਨਹੀਂ।

ਉਂਝ ਨੀਲਮ ਤਕੜੀ ਦਿਸਦੀ ਸੀ। ਆਪਣੀ ਕਿਰਿਆ ਆਪ ਸੋਧ ਰਹੀ ਸੀ। ਦਿਨੋਦਿਨ ਉਹ ਬੁਢਾਪੇ ਵੱਲ ਵੱਧ ਰਹੀ ਸੀ। ਵੇਦ ਦੇ ਹੱਡ ਕਮਜ਼ੋਰ ਪੈ ਗਏ ਸਨ। ਉਸ ਤੋਂ ਆਪਣਾ ਆਪ ਨਹੀਂ ਸੀ ਸੰਭਲਦਾ। ਨੇਹਾ ਪਿਛੋਂ ਇਨ੍ਹਾਂ ਨੂੰ ਕੌਣ ਸੰਭਾਲੇਗਾ? ਇਹੋ ਸੋਚਸੋਚ ਨੇਹਾ ਪਾਗਲਾਂ ਵਰਗੀ ਹੋ ਜਾਂਦੀ ਸੀ।

ਨਾਨਕੇ ਆ ਕੇ ਮਾਹੌਲ ਕੁੱਝ ਬਦਲਿਆ ਸੀ। ਨਵਾਂ ਆਂਢ ਗੁਆਂਢ। ਨਵੇਂ ਰਿਸ਼ਤੇਦਾਰ। ਮਾਮੇ ਮਾਮੀਆਂ। ਉਨ੍ਹਾਂ ਦੇ ਬੱਚੇ। ਆਥਣ ਉੱਗਣ ਕੋਈ ਨਾ ਕੋਈ ਉਨ੍ਹਾਂ ਦੇ ਘਰ ਆ ਜਾਂਦਾ। ਨੇਹਾ ਨੂੰ ਸਮਝਾ ਜਾਂਦਾ: “ਹੁਣ ਤੂੰ ਹੀ ਕਮਲ ਦੀ ਥਾਂ ਲੈਣੀ ਹੈ। ਆਪਣੇ ਉਜੜੇ ਪਰਿਵਾਰ ਨੂੰ ਸੰਭਾਲਣਾ ਹੈ। ਜ਼ਮਾਨਾ ਬਹੁਤ ਅੱਗੇ ਲੰਘ ਚੁੱਕਾ ਹੈ। ਪਰਾਏ ਮਰਦਾਂ ਨਾਲ ਸਬੰਧ ਹੁਣ ਪਹਿਲਾਂ ਜਿੰਨੇ ਇਤਰਾਜ਼ ਯੋਗ ਨਹੀਂ ਰਹੇ। ਤੇਰੇ ਵਰਗੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਲੋਕਾਂ ਨੇ ਮੰਗ ਕੇ ਲੈਣਾ ਹੈ। ਆਪਣੇ ਆਪ ਨੂੰ ਸੰਭਾਲ, ਆਪਣੇ ਭੂਤ ਨੂੰ ਭੁੱਲ ਜਾ।”

ਪਰ ਮਾਮਾ ਨੇਹਾ ਨੂੰ ਭੂਤ ਭੁੱਲਣ ਨਹੀਂ ਸੀ ਦਿੰਦਾ। ਉਹ ਨੇਹਾ ਨੂੰ ਵਾਰਦਾਤ ਦੀ ਹਰ ਬਰੀਕੀ ਯਾਦ ਕਰਨ ਲਈ ਮਜਬੂਰ ਕਰ ਰਿਹਾ ਸੀ।

ਜਦੋਂ ਨੇਹਾ ਨੂੰ ਵਿਹਲ ਮਿਲਦੀ ਉਹ ਰਾਮ ਨਾਥ ਦੀ ਲਾਇਬਰੇਰੀ ਵਿੱਚ ਜਾ ਬੈਠਦੀਕਾਨੂੰਨ ਗਵਾਹਾਂ ਕੋਲੋਂ ਝੂਠ ਕਿਉਂ ਬੁਲਵਾਉਂਦਾ ਹੈ? ਇਸ ਪਹੇਲੀ ਨੂੰ ਸੁਲਝਾਉਣ ਲਈ ਪਹਿਲਾਂ ਹੋਏ ਫੈਸਲੇ ਪੜ੍ਹਨ ਲਗਦੀ।

ਕਿਤਾਬਾਂ ਪੜ੍ਹਦੀ ਪੜ੍ਹਦੀ ਉਹ ਵੱਡਾ ਵਕੀਲ ਬਣਨ ਦੇ ਸੁਪਨੇ ਦੇਖਣ ਲਗਦੀ।

ਕਦੇ ਉਸਨੂੰ ਲਗਦਾ ਉਹ ਕਾਲਾ ਕੋਟ ਪਾਈ ਧੂੰਆਂਧਾਰ ਬਹਿਸ ਕਰ ਰਹੀ ਹੈ। ਕਦੇ ਲਗਦਾ ਧੜਾਧੜ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਸਜ਼ਾ ਕਰਵਾ ਰਹੀ ਹੈ।

ਪਰ ਆਪਣਾ ਬਿਆਨ ਯਾਦ ਕਰਦੀ ਨੇਹਾ ਨੂੰ ਤ੍ਰੇਲੀਆਂ ਆਉਣ ਲਗਦੀਆਂ।

ਜਿਉਂ ਜਿਉਂ ਗਵਾਹੀ ਦੀ ਤਾਰੀਖ ਨੇੜੇ ਆ ਰਹੀ ਸੀ, ਤਿਉਂ ਤਿਉਂ ਉਸਦੀ ਭੁੱਖ ਮਰਦੀ ਜਾ ਰਹੀ ਸੀ। ਮਨ ਉਖੜਦਾ ਜਾ ਰਿਹਾ ਸੀ। ਉਹ ਚਾਦਰ ਓੜ ਕੇ ਪੈ ਜਾਂਦੀ।

ਘੰਟਿਆਂ ਬੱਧੀ ਪਈ ਰਹਿੰਦੀ। ਛੱਤ ਵੱਲ ਤੱਕਦੀ ਰਹਿੰਦੀ। ਛੱਤ ਉਪਰ ਕਤਲ, ਬਲਾਤਕਾਰ ਅਤੇ ਲੁੱਟ ਖੋਹ ਦੇ ਦ੍ਰਿਸ਼ ਉਘੜਨ ਲਗਦੇ। ਇਹ ਦ੍ਰਿਸ਼ ਦੇਖ ਦੇਖ ਉਸਦਾ ਮਨ ਚੀਕਾਂ ਮਾਰਨ ਅਤੇ ਰੋਣ ਕੁਰਲਾਉਣ ਨੂੰ ਕਰਨ ਲਗਦਾ।

ਪੇਸ਼ੀ ਵਿੱਚ ਬਹੁਤ ਦਿਨ ਬਾਕੀ ਸਨ। ਉਸ ਦਿਨ ਤਕ ਉਹ ਪਾਗਲ ਹੋ ਜਾਏਗੀ?

ਬਿਆਨ ਯਾਦ ਕਰਦੀ ਨੇਹਾ ਨੂੰ ਮਹਿਸੂਸ ਹੋਣ ਲਗਦਾ।

“ਮਾਮਾ ਜੀ ਬਿਆਨ ਦਿੱਤੇ ਬਿਨਾਂ ਨਹੀਂ ਸਰਦਾ?” ਅਜਿਹੀ ਮਨੋ ਸਥਿਤੀ ਤੋਂ ਘਬਰਾਈ ਨੇਹਾ ਰਾਮ ਨਾਥ ਨਾਲ ਤੌਖਲਾ ਸਾਂਝਾ ਕਰਨ ਲਗਦੀ।

“ਬਿਆਨ ਪੜ੍ਹਦਿਆਂ ਮੈਨੂੰ ਟੈਨਸ਼ਨ ਹੋਣ ਲਗਦੀ ਹੈ। ਸਭ ਕੁੱਝ ਭੁੱਲ ਜਾਂਦਾ ਹੈ।

ਕਮਲ ਯਾਦ ਆ ਜਾਂਦਾ ਹੈ। ਮੇਰਾ ਮਨ ਰੋਣ ਨੂੰ ਕਰਨ ਲਗਦਾ ਹੈ। ਜੋ ਅਸਲ ਵਾਪਰਿਆ, ਉਹ ਸਭ ਯਾਦ ਹੈ। ਜੋ ਵੱਧ ਘਸੋੜਿਆ ਹੈ ਉਸਦਾ ਇੱਕ ਅੱਖਰ ਵੀ ਯਾਦ ਨਹੀਂ ਹੁੰਦਾ।

ਦੋਸ਼ੀਆਂ ਦੇ ਨਾਂ ਉਲਟ ਪੁਲਟ ਹੋ ਜਾਂਦੇ ਹਨ। ਹੁਲੀਏ ਭੁੱਲ ਜਾਂਦੇ ਹਨ। ਕੋਈ ਇੰਨਾ ਕੁੱਝ ਕਿਸ ਤਰ੍ਹਾਂ ਯਾਦ ਰੱਖ ਸਕਦਾ ਹੈ?”

“ਤੇਰੀ ਗੱਲ ਠੀਕ ਹੈ। ਪਰ ਕਾਨੂੰਨ ਅੰਨ੍ਹਾ ਅਤੇ ਨਿਰਦਈ ਹੈ। ਉਹ ਇਹੋ ਮੰਗ ਕਰਦਾ ਹੈ।”

“ਕਦੇ ਜੱਜ ਦੇ ਕਿਸੇ ਨੇ ਸੱਟ ਨਹੀਂ ਮਾਰੀ ਹੋਣੀ। ਨਹੀਂ ਤਾਂ ਉਹ ਇਸ ਤਰ੍ਹਾਂ ਦੀ ਮੰਗ ਕਦੇ ਨਾ ਕਰਦਾ।”

“ਰਾਜਧਾਨੀਆਂ ਵਿੱਚ ਬੈਠੇ ਕਾਲਿਆਂ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਘੁੰਮਦੇ ਅਤੇ ਏਅਰ ਕੰਡੀਸ਼ਨ ਦਫ਼ਤਰਾਂ ਵਿੱਚ ਬੈਠ ਕੇ ਫੈਸਲੇ ਕਰਨ ਵਾਲੇ ਜੱਜਾਂ ਨੂੰ ਆਮ ਜਨਤਾ ਦੇ ਦੁੱਖਾਂ ਦਾ ਕੀ ਪਤੈ? ਉਨ੍ਹਾਂ ਨੂੰ ਮੁਲਜ਼ਮ ਦੇ ਮਨੁੱਖੀ ਅਧਿਕਾਰਾਂ ਦਾ ਖ਼ਿਆਲ ਤਾਂ ਰਹਿੰਦਾ ਹੈ ਪਰ ਮੁਦਈ ਦੇ ਦੁੱਖਾਂ ਦਾ ਨਹੀਂ।”

“ਤੁਸੀਂ ਕਹਿੰਦੇ ਸੀ ਮੈਂ ਬਲਾਤਕਾਰ ਵਾਲੀ ਗੱਲ ਲੁਕੋ ਲਈ ਹੈ। ਪਰ ਮੇਰੇ ਬਿਆਨ ਵਿੱਚ ਇਸਦਾ ਜ਼ਿਕਰ ਹੈ।”

ਨੇਹਾ ਨੂੰ ਦਸਿਆ ਗਿਆ ਸੀ। ਬਦਨਾਮੀ ਤੋਂ ਬਚਣ ਲਈ ਬਲਾਤਕਾਰ ਵਾਲੀ ਘਟਨਾ ਨੂੰ ਛੁਪਾ ਲਿਆ ਗਿਆ ਸੀ। ਪਰ ਉਸਦੇ ਬਿਆਨ ਵਿੱਚ ਇਸ ਘਟਨਾ ਦਾ ਜ਼ਿਕਰ ਸੀ।

ਬਲਾਤਕਾਰ ਦੀਨੇ ਨੇ ਕੀਤਾ ਸੀ। ਇਹ ਵੀ ਲਿਖਿਆ ਸੀ। ਖਿਝੀ ਨੇਹਾ ਮਾਮੇ ਤੋਂ ਸਪਸ਼ਟੀਕਰਨ ਮੰਗ ਰਹੀ ਸੀ।

“ਆਪਣੀ ਡਾਕਟਰੀ ਰਿਪੋਰਟ ਦੇਖ। ਡਾਕਟਰ ਨੇ ਸਾਫ਼ ਲਿਖਿਆ ਹੈ। ਲੜਕੀ ਪਾਕ ਹੈ। ਪਰਚੇ ਵਿੱਚ ਬਲਾਤਕਾਰ ਦਾ ਜ਼ਿਕਰ ਨਹੀਂ। ਪਿੱਛੋਂ ਪਤਾ ਨਹੀਂ ਪੁਲਿਸ ਨੇ ਇਸ ਜੁਰਮ ਨੂੰ ਕਿਉਂ ਘਸੋੜ ਲਿਆ?”

“ਮਾਮਾ ਫੇਰ ਇਹ ਮੇਰਾ ਬਿਆਨ ਕਿਸ ਤਰ੍ਹਾਂ ਹੋਇਆ? ਬਿਆਨ ਲਿਖਣ ਤੋਂ ਪਹਿਲਾਂ ਮੈਨੂੰ ਕਿਸੇ ਨੇ ਪੁੱਛਿਆ ਕਿਉਂ ਨਹੀਂ?”

“ਪੁਲਿਸ ਵਾਲੇ ਬਿਆਨ ਆਪ ਲਿਖ ਲੈਂਦੇ ਹਨ। ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਗਵਾਹ ਕਚਹਿਰੀ ਵਿੱਚ ਜਾ ਕੇ ਫਸ ਜਾਂਦਾ ਹੈ। ਪੁਲਿਸ ਵੱਲੋਂ ਆਪੇ ਲਿਖੇ ਬਿਆਨ ਨੂੰ ਸਹੀ ਮੰਨੇ ਤਾਂ ਵਾਰਦਾਤ ਦੀ ਤਰਤੀਬ ਬਦਲ ਜਾਂਦੀ ਹੈ। ਨਾ ਮੰਨੇ ਤਾਂ “ਬਿਆਨ ਸੋਧ ਲਿਆ” ਇਹ ਆਖ ਦਿੱਤਾ ਜਾਂਦਾ ਹੈ। ਦੋਵੀਂ ਪਾਸੀਂ ਫ਼ਾਇਦਾ ਦੋਸ਼ੀ ਨੂੰ ਹੁੰਦਾ ਹੈ।

ਕੀ ਕਰਿਆ ਜਾਵੇ? ਕਾਨੂੰਨ ਨੇ ਪੁਲਿਸ ਨੂੰ ਅੰਨ੍ਹੇ ਅਖ਼ਤਿਆਰ ਦਿੱਤੇ ਹੋਏ ਹਨ।”

“ਹੁਣ ਮੈਨੂੰ ਦਸੋ ਮੈਂ ਕੀ ਬਿਆਨ ਦੇਵਾਂ? ਆਹ ਹੋਰ ਊਟ ਪਟਾਂਗ ਜਿਹਾ ਵੀ ਲਿਖਿਆ ਹੋਇਐ।”

ਮਹਾਂਨਗਰ ਵਿੱਚ ਪਲਣ ਕਰਕੇ ਨੇਹਾ ਖੁਲ੍ਹੇ ਵਿਚਾਰਾਂ ਦੀ ਸੀ। ਔਰਤ ਮਰਦ ਦੇ ਰਿਸ਼ਤਿਆਂ ਬਾਰੇ ਉਹ ਮਾਮੇ ਨਾਲ ਖੁਲ੍ਹ ਕੇ ਗੱਲ ਕਰ ਸਕਦੀ ਸੀ। ਫੇਰ ਵੀ ਬਿਆਨਾਂ ਵਿੱਚ ਦਰਜ ਕੁੱਝ ਤੱਥਾਂ ਬਾਰੇ ਗੱਲ ਕਰਨ ਤੋਂ ਉਹ ਝਿਜਕ ਰਹੀ ਸੀ।

ਮਾਮਾ ਵੀ ਧਰਤੀ ਵਿੱਚ ਧੱਸਦਾ ਜਾ ਰਿਹਾ ਸੀ। ਬੇਟੀਆਂ ਵਰਗੀ ਭਾਣਜੀ ਨੂੰ ਬਲਾਤਕਾਰ ਦੀਆਂ ਬਾਰੀਕੀਆਂ ਸਮਝਾਉਂਦਿਆਂ ਉਸਨੂੰ ਸ਼ਰਮ ਆ ਰਹੀ ਸੀ।

ਨੇਹਾ ਦਾ ਇਸ਼ਾਰਾ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਉਸਦੇ ਅੰਡਰਵੀਅਰ ਬਾਰੇ ਸੀ। ਅੰਡਰਵੀਅਰ ਉਪਰ ਲੱਗੇ ਖ਼ੂਨ ਦੇ ਧੱਬਿਆਂ ਬਾਰੇ ਸੀ। ਉਸਦਾ ਇਸ਼ਾਰਾ ਬੈੱਡ ’ਤੇ ਵਿਛੀ ਚਾਦਰ ਅਤੇ ਦੋਸ਼ੀ ਦੇ ਕਪੜਿਆਂ ਵੱਲ ਸੀ, ਜਿਨ੍ਹਾਂ ਉਪਰ ਵੀਰਯ ਦੇ ਧੱਬੇ ਹੋਣ ਦਾ ਜ਼ਿਕਰ ਸੀ।

“ਦੋਸ਼ੀ ਬਰੀ ਹੁੰਦਾ ਹੈ ਹੋ ਜਾਵੇ। ਆਪਾਂ ਇਸ ਗਵਾਹੀ ਤੋਂ ਮੁੱਕਰ ਜਾਵਾਂਗੇ। ਮੈਂ ਤੇਰੇ ਭਵਿੱਖ ਉਪਰ ਕਾਲੇ ਧੱਬੇ ਨਹੀਂ ਲੱਗਣ ਦੇਣੇ।”

ਨੇਹਾ ਦਾ ਇਸ਼ਾਰਾ ਸਮਝ ਕੇ ਰਾਮ ਨਾਥ ਉਸ ਦੀਆਂ ਚਿੰਤਾਵਾਂ ਨੂੰ ਮਿਟਾਉਣ ਦਾ ਯਤਨ ਕਰਨ ਲੱਗਾ।

“ਪਿਛੋਂ ਪੁਲਿਸ ਦੋਸ਼ੀਆਂ ਦੇ ਹੱਕ ਵਿੱਚ ਹੋ ਗਈ। ਕਿਹੜਾ ਆਪਾਂ ਨੂੰ ਕਿਸੇ ਨੇ ਪੁੱਛ ਕੇ ਕੁੱਝ ਕੀਤੈ। ਜੋ ਦਿਲ ਆਇਆ ਲਿਖ ਲਿਆ।”

“ਹੁਣ ਮੈਂ ਸੱਚ ਬੋਲਾਂ ਕਿ ਝੂਠ?”

“ਮੈਂ ਕੀ ਦੱਸਾਂ! ਕਾਨੂੰਨ ਸਾਨੂੰ ਨਾ ਸੱਚ ਬੋਲਣ ਦਿੰਦੈ ਨਾ ਝੂਠ। ਸੱਚ ਬੋਲਾਂਗੇ ਤਾਂ ਤੱਥਾਂ ਨੇ ਕਾਨੂੰਨ ਦੁਆਰਾ ਘੜੀ ਜੁਰਮ ਦੀ ਪਰਿਭਾਸ਼ਾ ਵਿੱਚ ਫਿਟ ਨਹੀਂ ਬੈਠਣਾ। ਦੋਸ਼ੀ ਬਰੀ ਹੋ ਜਾਣਗੇ। ਇੱਕ ਝੂਠ ਬੋਲਿਆ ਤਾਂ ਉਸਨੂੰ ਛੁਪਾਉਣ ਲਈ ਸੌ ਝੂਠ ਹੋਰ ਬੋਲਣੇ ਪੈਣਗੇ। ਝੂਠ ਫੜਿਆ ਜਾਏਗਾ। ਸਾਡੀ ਕਹਾਣੀ ਸ਼ੱਕੀ ਕਹਿਲਾਏਗੀ। ਫ਼ਾਇਦਾ ਫੇਰ ਦੋਸ਼ੀਆਂ ਨੂੰ ਪੁੱਜੇਗਾ।”

“ਮਤਲਬ ਦੋਸ਼ੀ ਕਿਸੇ ਤਰ੍ਹਾਂ ਵੀ ਸਜ਼ਾ ਦੇ ਭਾਗੀ ਨਹੀਂ ਹੋਣਗੇ?”

“ਹੋਣਗੇ ਕਿਉਂ ਨਹੀਂ? ਆਪਾਂ ਕਰਵਾ ਕੇ ਛੱਡਾਂਗੇ। ਆਪਾਂ ਸੱਚ ਅਤੇ ਝੂਠ ਦਾ ਇਹੋ ਜਿਹਾ ਮਿਸ਼ਰਣ ਕਰਾਂਗੇ ਕਿ ਸੱਚ ਵਿਚੋਂ ਝੂਠ ਲੱਭਣਾ ਮੁਸ਼ਕਲ ਹੋ ਜਾਏਗਾ। ਤੂੰ ਹਾਲੇ ਆਪਣੇ ਬਿਆਨ ਯਾਦ ਕਰ। ਫੇਰ ਮੈਂ ਤੈਨੂੰ ਜਿਰ੍ਹਾ ਸਮਝਾਵਾਂਗਾ। ਫੇਰ ਤੈਨੂੰ ਊਧਮ ਸਿੰਘ ਵੀ ਜਿਰ੍ਹਾ ਸਮਝਾਉਣਗੇ। ਉਨ੍ਹਾਂ ਦਾ ਬਹੁਤ ਤਜਰਬਾ ਹੈ। ਉਨ੍ਹਾਂ ਦੇ ਸਮਝਾਉਣ ਤੋਂ ਬਾਅਦ ਸਫ਼ਾਈ ਧਿਰ ਦੇ ਵਕੀਲ ਤੈਨੂੰ ਇੱਕ ਵੀ ਪ੍ਰਸ਼ਨ ਵਿੱਚ ਨਹੀਂ ਉਲਝਾ ਸਕਣਗੇ।”

ਰਾਮਨਾਥ ਨੇਹਾ ਦਾ ਮਨੋਬਲ ਉੱਚਾ ਚੁਕਣ ਦਾ ਯਤਨ ਕਰਨ ਲੱਗਾ। “ਗਵਾਹ ਬਿਆਨ ਆਪ ਦੇਵੇ। ਦੋਸ਼ੀ ਵੱਲੋਂ ਸਵਾਲ ਉਸਦਾ ਵਕੀਲ ਪੁੱਛੇ। ਇਹ ਬੜੀ ਬੇ ਇਨਸਾਫ਼ੀ ਹੈ, ਨਾ ਬਰਾਬਰੀ ਹੈ। ਜਾਂ ਮੁਦਈ ਤੋਂ ਸਵਾਲ ਦੋਸ਼ੀ ਪੁੱਛੇ। ਜਾਂ ਮੁਦਈ ਵੱਲੋਂ ਜਵਾਬ ਉਸਦਾ ਵਕੀਲ ਦੇਵੇ। ਫੇਰ ਤਾਂ ਗੱਲ ਬਣੇ।”

ਸਫ਼ਾਈ ਧਿਰ ਵੱਲੋਂ ਬਲਾਤਕਾਰ ਦੀ ਪੀੜਾ ਝੱਲਦੀ ਲੜਕੀ ਕੋਲੋਂ ਕਿਹੋ ਜਿਹੇ ਪ੍ਰਸ਼ਨ ਪੁੱਛੇ ਜਾਂਦੇ ਹਨ, ਇਸ ਦੇ ਕੁੱਝ ਨਮੂਨੇ ਨੇਹਾ ਨੂੰ ਆਪਣੇ ਮਾਮੇ ਦੀਆਂ ਮਿਸਲਾਂ ਵਿਚੋਂ ਮਿਲੇ ਸਨ। ਅਜਿਹੇ ਘਿਣਾਉਣੇ ਸਵਾਲਾਂ ਦਾ ਉਹ ਕੀ ਜਵਾਬ ਦੇਵੇਗੀ? ਇਹੋ ਸੋਚ ਸੋਚ ਨੇਹਾ ਘਬਰਾ ਰਹੀ ਸੀ। ਇਸੇ ਘਬਰਾਹਟ ਦਾ ਹੱਲ ਉਹ ਮਾਮੇ ਕੋਲੋਂ ਪੁੱਛ ਰਹੀ ਸੀ।

ਰਾਮ ਨਾਥ ਕੋਲ ਨੇਹਾ ਦੇ ਹਰ ਪ੍ਰਸ਼ਨ ਦਾ ਇਕੋ ਘਸਿਆ ਪਿੱਟਿਆ ਉੱਤਰ ਸੀ: “ਕਾਨੂੰਨ ਦੋਸ਼ੀਆਂ ਦੇ ਹੱਕ ਵਿੱਚ ਭੁਗਤਦਾ ਹੈ।”

“ਫੇਰ ਅਜਿਹੇ ਕਾਨੂੰਨ ਨੂੰ ਬਦਲ ਕਿਉਂ ਨਹੀਂ ਦਿੱਤਾ ਜਾਂਦਾ?”

“ਬਦਲੇ ਕੌਣ? ਬਦਲਣ ਵਾਲੇ ਖ਼ੁਦ ਮੁਜਰਮ ਹਨ। ਇਹ ਖ਼ਾਮੀਆਂ ਉਨ੍ਹਾਂ ਨੂੰ ਰਾਸ ਆਉਂਦੀਆਂ ਹਨ। ਲੋਕਾਂ ਨਾਲੋਂ ਉਨ੍ਹਾਂ ਨੂੰ ਆਪਣੀ ਵੱਧ ਚਿੰਤਾ ਹੈ।”

ਨੇਹਾ ਚੁੱਪ ਕਰ ਗਈ। ਅੱਗੇ ਨਾ ਨੇਹਾ ਕੋਲ ਕੁੱਝ ਪੁੱਛਣ ਲਈ ਸੀ ਨਾ ਰਾਮ ਨਾਥ ਕੋਲ ਕੁੱਝ ਦੱਸਣ ਲਈ।

 

-95-

 

ਨੇਹਾ ਦਾ ਬਿਆਨ ਸ਼ੁਕਰਵਾਰ ਨੂੰ ਹੋਣਾ ਸੀ।

ਘਰ ਬੈਠੀ ਨੇਹਾ ਆਪਣੇ ਬਿਆਨਾਂ ਨੂੰ ਘੋਟਾ ਲਾ ਰਹੀ ਸੀ। ਜਿਰ੍ਹਾ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਅਤੇ ਉੱਤਰਾਂ ਵਿੱਚ ਤਾਲ ਮੇਲ ਬਿਠਾ ਰਹੀ ਸੀ।

ਐਤਵਰ ਨੂੰ ਉਸਨੂੰ ਮਾਇਆ ਨਗਰ ਬੁਲਾਇਆ ਗਿਆ ਸੀ। ਸੋਸਾਇਟੀ ਦੇ ਵਕੀਲਾਂ ਵੱਲੋਂ ਉਸਦੀ ਤਿਆਰੀ ਦਾ ਜਾਇਜ਼ਾ ਲਿਆ ਜਾਣਾ ਸੀ। ਰਹਿੰਦੀ ਕਮੀ ਨੂੰ ਦੂਰ ਕੀਤਾ ਜਾਣਾ ਸੀ।

ਰਾਮ ਨਾਥ ਇਹਨੀਂ ਦਿਨੀਂ ਆਪਣੇ ਇੱਕ ਕੇਸ ਦੀ ਤਿਆਰੀ ਵਿੱਚ ਰੁੱਝਾ ਹੋਇਆ ਸੀ। ਇਹ ਬਲਾਤਕਾਰ ਦਾ ਕੇਸ ਸੀ। ਕੁੱਝ ਦਿਨਾਂ ਤੋਂ ਉਹ ਗਵਾਹਾਂ ਦੇ ਬਿਆਨਾਂ ਅਤੇ ਕਾਨੂੰਨ ਦੀਆਂ ਕਿਤਾਬਾਂ ਨਾਲ ਖੌਝਲ ਰਿਹਾ ਸੀ। ਜਾਪਦਾ ਸੀ ਉਸਤੋਂ ਬਹਿਸ ਤਿਆਰ ਨਹੀਂ ਸੀ ਹੋ ਰਹੀ।

ਨੇਹਾ ਨੂੰ ਬਲਾਤਕਾਰ ਨਾਲ ਸਬੰਧਤ ਮੁਕੱਦਮਾ ਪੜ੍ਹਨਾ ਚੰਗਾ ਲਗਦਾ ਸੀ।

ਮਾਮੇ ਨੂੰ ਕੇਸ ਵਿੱਚ ਖੁੱਭਿਆ ਦੇਖ ਕੇ ਨੇਹਾ ਕੇਸ ਦੇ ਤੱਥ ਜਾਨਣ ਲਈ ਉਤਾਵਲੀ ਹੋਣ ਲਗਦੀ।

ਇੱਕ ਰਾਤ ਉਸਨੇ ਮਿਸਲ ਚੁੱਕੀ ਅਤੇ ਪੜ੍ਹਨੀ ਸ਼ੁਰੂ ਕਰ ਦਿੱਤੀ।

ਖੇਤਾਂ ਵਿੱਚ ਕੱਖ ਚੁਗਣ ਗਈ ਛਿੰਦੋ ਨਾਲ ਹਰਬੰਸ ਨੇ ਜਬਰੀ ਮੂੰਹ ਕਾਲਾ ਕੀਤਾ ਸੀ। ਕੁੜੀ ਕੰਮੀਆਂ ਦੀ ਸੀ ਅਤੇ ਮੁੰਡਾ ਜ਼ਿਮੀਦਾਰਾਂ ਦਾ। ਪਿੰਡ ਵਿੱਚ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਮੁੱਢ ਕਦੀਮ ਤੋਂ ਇਸੇ ਤਰ੍ਹਾਂ ਹੁੰਦਾ ਆਇਆ ਸੀ। ਜ਼ਮੀਨਾਂ ਵਾਂਗ ਕੰਮੀਆਂ ਦੀਆਂ ਨੂੰਹਾਂ ਧੀਆਂ ਨੂੰ ਜ਼ਿਮੀਦਾਰ ਆਪਣੀ ਮਲਕੀਅਤ ਸਮਝਦੇ ਆ ਰਹੇ ਸਨ। ਉਹ ਜਦੋਂ ਚਾਹੁਣ ਉਨ੍ਹਾਂ ਨੂੰ ਵਰਤ ਸਕਦੇ ਸਨ।

ਪਹਿਲਾਂ ਮੁੰਡਿਆਂ ਦੀ ਝਾੜ ਝੰਬ ਕਰਕੇ ਮਸਲਾ ਪਿੰਡ ਪੱਧਰ ’ਤੇ ਨਿਬੇੜ ਲਿਆ ਜਾਂਦਾ ਸੀ। ਇਸ ਵਾਰ ਵੀ ਸਰਪੰਚ ਤੋਂ ਲੈ ਕੇ ਪੁਲਿਸ ਤਕ ਨੇ ਮਸਲਾ ਰਫ਼ਾ ਦਫ਼ਾ ਕਰਨ ਦਾ ਯਤਨ ਕੀਤਾ ਸੀ। ਮੁਆਫ਼ੀ ਦੇ ਨਾਲ ਨਾਲ ਮੁਆਵਜ਼ੇ ਦੀ ਪੇਸ਼ਕਸ਼ ਹੋਈ ਸੀ। ਪਰ ਪਿੰਡ ਵਿੱਚ ਨਵੀਂ ਬਣੀ ਖੇਤ ਮਜ਼ਦੂਰ ਸਭਾ ਨੇ ਪੇਸ਼ ਨਾ ਜਾਣ ਦਿੱਤੀ।

ਜਲਸੇ ਜਲੂਸਾਂ ਤੋਂ ਡਰਦੀ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ।

ਖਿਝੀ ਪੁਲਿਸ ਨੇ ਦੋਸ਼ੀ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਕੁਆਰੀ ਕੁੜੀ ਨੂੰ ਉਨ੍ਹਾਂ ਪੇਸ਼ਾਵਰ ਔਰਤ ਬਣਾ ਦਿੱਤਾ। ਡਾਕਟਰ ਨੇ ਪੁਲਿਸ ਕਾਰਵਾਈ ਉਪਰ ਮੋਹਰ ਲਾ ਦਿੱਤੀ।

ਉਸਨੇ ਕੁੜੀ ਨੂੰ ਸੰਭੋਗ ਕਰਨ ਦੀ ਆਦੀ ਬਣਾ ਦਿੱਤਾ।

ਰਾਮ ਨਾਥ ਹਰਬੰਸ ਦਾ ਵਕੀਲ ਸੀ। ਉਸਨੇ ਛਿੰਦੋ ਤੋਂ ਜਿਰ੍ਹਾ ਸਮੇਂ ਜੋ ਸਵਾਲ ਪੁੱਛੇ ਉਹ ਬਲਾਤਕਾਰ ਨਾਲੋਂ ਵੱਧ ਸ਼ਰਮਨਾਕ ਅਤੇ ਦਰਦਨਾਕ ਸਨ।

ਸਵਾਲ ਜਵਾਬ ਪੜ੍ਹਦੀ ਨੇਹਾ ਨੂੰ ਲੱਗਣ ਲੱਗਾ ਜਿਵੇਂ ਉਹ ਅਦਾਲਤ ਵਿੱਚ ਖੜ੍ਹੀ ਸੀ ਅਤੇ ਸਵਾਲ ਉਸੇ ਨੂੰ ਪੁੱਛੇ ਜਾ ਰਹੇ ਸਨ।

ਨੇਹਾ ਨੂੰ ਆਪਣੇ ਵਕੀਲ ਮਾਮੇ ’ਤੇ ਗੁੱਸਾ ਆਇਆ। ਉਸਨੇ ਆਪਣੀ ਧੀਆਂ ਵਰਗੀ ਕੁੜੀ ਨੂੰ ਭਰੀ ਕਚਹਿਰੀ ਵਿੱਚ ਨੰਗਿਆਂ ਕੀਤਾ ਸੀ।

ਇਹ ਕੋਈ ਪੁੱਛਣ ਵਾਲਾ ਸਵਾਲ ਸੀ ਕਿ ਉਸਨੇ ਸਭ ਤੋਂ ਪਹਿਲਾਂ ਕਿਸ ਨਾਲ ਸੰਭੋਗ ਕੀਤਾ ਸੀ? ਡਾਕਟਰ ਕਹਿੰਦਾ ਸੀ ਛਿੰਦੋ ਦਾ ਕੁਆਰ ਪਰਦਾ ਬਹੁਤ ਪਹਿਲਾਂ ਦਾ ਫਟਿਆ ਹੋਇਆ ਸੀ। ਮਾਮੇ ਨੇ ਪੁੱਛਿਆ ਸੀ ਛਿੰਦੋ ਨੇ ਇਹ ਕੁਆਰ ਪਰਦਾ ਕਿਸ ਕੋਲੋਂ ਫੜਵਾਇਆ ਸੀ? ਦੋਸ਼ੀ ਨੇ ਛਿੰਦੋ ਦੇ ਕਪੜੇ ਕਿਸ ਤਰ੍ਹਾਂ ਲਾਹੇ? ਖਿਚ ਧੂਹ ਵਿੱਚ ਕਪੜੇ ਫਟੇ ਕਿਉਂ ਨਾ? ਸਲਵਾਰ ਦਾ ਨਾਲਾ ਟੁੱਟਾ ਜਾਂ ਨਹੀਂ? ਬਿਨਾਂ ਨਾਲੇ ਦੇ ਉਸਨੇ ਸਲਵਾਰ ਕਿਸ ਤਰ੍ਹਾਂ ਪਾਈ? ਉਸਦਾ ਅੰਡਰ ਵੀਅਰ ਕਿਸ ਨੇ ਲਾਹਿਆ? ਬਰੈਜਰ ਦੀ ਹੱਕ ਟੁੱਟੀ ਜਾਂ ਨਾ? ਉਸਨੂੰ ਜ਼ਮੀਨ ਉਪਰ ਲਿਟਾਇਆ ਜਾਂ ਮੰਜੇ ਉੱਪਰ? ਮੰਜੇ ਉਪਰ ਚਾਦਰ ਵਿਛੀ ਸੀ ਜਾਂ ਉਹ ਖੁਰਦੜਾ ਸੀ? ਸਰੀਰ ’ਤੇ ਝਰੀਟਾਂ ਕਿਉਂ ਨਹੀਂ ਵੱਜੀਆਂ? ਛਿੰਦੋ ਨੇ ਹਰਬੰਸ ਦੇ ਮੂੰਹ ’ਤੇ ਨਹੁੰਦਰਾਂ ਕਿਉਂ ਨਹੀਂ ਮਾਰੀਆਂ? ਸੰਭੋਗ ਕਿਰਿਆ ਕਿੰਨਾ ਚਿਰ ਚੱਲੀ? ਕਪੜੇ ਪਹਿਲਾਂ ਕਿਸ ਨੇ ਪਾਏ? ਅੰਡਰ ਵੀਅਰ ’ਤੇ ਖ਼ੂਨ ਕਿਉਂ ਨਹੀਂ ਲੱਗਾ? ਦੋਸ਼ੀ ਨੇ ਉਸਨੂੰ ਚੁੰਮਿਆਂ? ਛਿੰਦੋ ਨੇ ਦੰਦੀਆਂ ਕਿਉਂ ਨਾ ਵੱਢੀਆਂ? ਛਾਤੀਆਂ ਪੁੱਟੀਆਂ? ਛਿੰਦੋ ਚੁੱਪਚਾਪ ਸਭ ਕੁੱਝ ਕਿਉਂ ਬਰਦਾਸ਼ਤ ਕਰਦੀ ਰਹੀ?

ਫੇਰ ਮਾਮੇ ਨੇ ਛਿੰਦੋ ਸਿਰ ਦੋਸ਼ ਮੜ੍ਹੇ। ਛਿੰਦੋ ਦੇ ਆਪਣੇ ਵਿਹੜੇ ਦੇ ਧੀਰੇ ਨਾਲ ਸਬੰਧ ਸਨ। ਹਰਬੰਸ ਨੇ ਛਿੰਦੋ ਨੂੰ ਕਈ ਵਾਰ ਉਸ ਨਾਲ ਮੂੰਹ ਕਾਲਾ ਕਰਦੀ ਨੂੰ ਫੜਿਆ ਸੀ।

ਇਸੇ ਲਈ ਛਿੰਦੋ ਨੂੰ ਹਰਬੰਸ ਨਾਲ ਚਿੜ ਸੀ।

ਜਵਾਬ ਦਿੰਦੀ ਛਿੰਦੋ ਦਾ ਕੀ ਹਾਲ ਹੋਇਆ ਹੋਏਗਾ, ਨੇਹਾ ਇਹ ਮਹਿਸੂਸ ਕਰ ਸਕਦੀ ਸੀ।

ਛਿੰਦੋ ਤੋਂ ਇੱਕ ਵਕੀਲ ਨੇ ਸਵਾਲ ਪੁੱਛੇ ਸਨ। ਨੇਹਾ ਤੋਂ ਪੰਜ ਵਕੀਲਾਂ ਨੇ ਸਵਾਲ ਪੁੱਛਣੇ ਸਨ। ਮਾਇਆ ਨਗਰ ਦੇ ਚੁਸਤ ਚਲਾਕ ਵਕੀਲਾਂ ਨੇ ਨੇਹਾ ਦੀ ਕਈ ਗੁਣਾ ਦੁਰਗਤ ਕਰਨੀ ਸੀ।

ਛਿੰਦੋ ਵਾਲੀ ਮਿਸਲ ਪੜ੍ਹਨ ਬਾਅਦ ਨੇਹਾ ਨੂੰ ਅਦਾਲਤ ਕੌਰਵ ਸਭਾ ਜਾਪਣ ਲੱਗੀ।

ਉਹ ਆਪਣੇ ਹੋਣ ਵਾਲੇ ਚੀਰ ਹਰਨ ਤੋਂ ਡਰਨ ਲਗੀ।

“ਮਾਮਾ ਜੀ ਤੁਸੀਂ ਮੈਨੂੰ ਕਦੇ ਇਹ ਤਾਂ ਦਸਿਆ ਨਹੀਂ ਕਿ ਮੇਰੇ ਕੋਲੋਂ ਇਹੋ ਜਿਹੇ ਪ੍ਰਸ਼ਨ ਪੁੱਛੇ ਜਾਣਗੇ? ਨਾ ਉਨ੍ਹਾਂ ਦਾ ਉੱਤਰ ਸਮਝਾਇਆ।”

ਊਟ ਪਟਾਂਗ ਸਵਾਲਾਂ ਤੋਂ ਘਬਰਾਈ ਨੇਹਾ ਨੇ ਮਾਮੇ ਨੂੰ ਘੇਰ ਲਿਆ।

ਸ਼ਰਮ ਦੇ ਮਾਰੇ ਰਾਮ ਨਾਥ ਦੇ ਮੱਥੇ ’ਤੇ ਪਸੀਨੇ ਦੀਆਂ ਬੂੰਦਾਂ ਟਪਕਣ ਲੱਗੀਆਂ।

ਰਾਮ ਨਾਥ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਨੇਹਾ ਕਦੇ ਇਸ ਮਿਸਲ ਨੂੰ ਪੜ੍ਹ ਲਏਗੀ।

ਰਾਮ ਨਾਥ ਵੱਲੋਂ ਕੀਤੀ ਜਿਰ੍ਹਾ ਉਪਰ ਕਿੰਤੂ ਕਰੇਗੀ।

ਰਾਮ ਨਾਥ ਨੂੰ ਆਪਣੇ ਆਪ ਅਤੇ ਆਪਣੇ ਕਿੱਤੇ ਨਾਲ ਘ੍ਰਿਣਾ ਹੋਣ ਲੱਗੀ।

ਕਾਨੂੰਨ ਦੀ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਨੂੰ ਪੜ੍ਹਾਇਆ ਗਿਆ ਸੀ। ਵਕੀਲ ਦਾ ਕੰਮ ਕਿਸੇ ਪਾਰਟੀ ਦਾ ਪੱਖ ਪੂਰਨਾ ਨਹੀਂ ਸੀ। ਉਸਦਾ ਫਰਜ਼ ਸਚਾਈ ਸਾਹਮਣੇ ਲਿਆ ਕੇ ਜੱਜ ਨੂੰ ਸਚਾਈ ਤਕ ਪੁੱਜਣ ਵਿੱਚ ਮਦਦ ਕਰਨਾ ਸੀ। ਹੋ ਇਸਦੇ ਉਲਟ ਰਿਹਾ ਸੀ।

ਵਕੀਲ ਦਾ ਇਕੋ ਇੱਕ ਉਦੇਸ਼ ਹਰ ਹੀਲੇ ਆਪਣੀ ਧਿਰ ਨੂੰ ਬਚਾਉਣਾ ਬਣ ਗਿਆ ਸੀ।

ਜਿੱਤ ਹਾਸਲ ਕਰਨ ਲਈ ਅਸਲੀਅਤ ਨੂੰ ਛੁਪਾਇਆ ਹੀ ਨਹੀਂ ਉਲਟਾ ਤੋੜ ਮਰੋੜ ਕੇ ਆਪਣੇ ਹੱਕ ਵਿੱਚ ਭੁਗਤਾਇਆ ਜਾਂਦਾ ਸੀ।

ਆਪਣੇ ਹੱਡਾਂ ’ਤੇ ਦੁੱਖ ਹੰਢਾ ਕੇ ਰਾਮ ਨਾਥ ਨੂੰ ਮੁਦਈ ਦੀ ਪੀੜ ਸਮਝ ਆਈ ਸੀ।

ਬਹਿਸ ਦੀ ਤਿਆਰੀ ਕਰਦੇ ਸਮੇਂ ਰਾਮ ਨਾਥ ਨੂੰ ਛਿੰਦੋ ਵਿਚੋਂ ਨੇਹਾ ਨਜ਼ਰ ਆਉਣ ਲਗਦੀ ਸੀ। ਹਰਬੰਸ ਨੂੰ ਨਿਰਦੋਸ਼ ਸਾਬਤ ਕਰਦੇ ਰਾਮ ਨਾਥ ਨੂੰ ਉਸਦੀ ਆਤਮਾ ਲਾਹਨਤਾਂ ਪਾਉਣ ਲਗਦੀ ਸੀ। ਰਾਮ ਨਾਥ ਵੱਲੋਂ ਵਰਤੀਆਂ ਕਾਨੂੰਨੀ ਚਾਲਾਂ ਕਾਰਨ ਹਰਬੰਸ ਨੇ ਬਰੀ ਹੋ ਜਾਣਾ ਸੀ। ਸਭ ਕੁੱਝ ਲੁਟਾ ਚੁੱਕੀਆਂ ਛਿੰਦੋਆਂ ਅਤੇ ਨੇਹਾ ਦੇ ਪੱਲੇ ਇਨਸਾਫ਼ ਦੀ ਥਾਂ ਉਮਰ ਭਰ ਦੀਆਂ ਆਹਾਂ ਪੈਣੀਆਂ ਸਨ।

ਰਾਮ ਨਾਥ ਹਰਬੰਸ ਦੇ ਹੱਕ ਵਿੱਚ ਬਹਿਸ ਕਰੇ ਜਾਂ ਮਿਸਲ ਉਸਦੇ ਹੱਥ ਫੜਾ ਦੇਵੇ?

ਕੁੱਝ ਦਿਨਾਂ ਤੋਂ ਰਾਮ ਨਾਥ ਇਸ ਸਮੱਸਿਆ ਨਾਲ ਜੂਝ ਰਿਹਾ ਸੀ।

ਰਾਮ ਨਾਥ ਦੇ ਇੱਕ ਮੁਕੱਦਮਾ ਛੱਡ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਸੀ ਹੋ ਜਾਣਾ। ਕਿਸੇ ਹੋਰ ਵਕੀਲ ਨੇ ਹਰਬੰਸ ਨੂੰ ਬੋਚ ਲੈਣਾ ਸੀ। ਉਸਨੂੰ ਬਰੀ ਕਰਵਾ ਦੇਣਾ ਸੀ।

ਪਰ ਕਦੇ ਤਾਂ ਕਿਸੇ ਨੂੰ ਇਨਸਾਫ਼ ਦੇ ਪੱਖ ਵਿੱਚ ਖਲੋਣ ਦੀ ਪਹਿਲ ਕਰਨੀ ਪੈਣੀ ਸੀ। ਇਹ ਸੋਚ ਕੇ ਉਹ ਝੂਠ ਦੇ ਇਸ ਪਲੰਦੇ ਨੂੰ ਠੋਕਰ ਮਾਰਨੀ ਚਾਹੁੰਦਾ ਸੀ।

ਇਸੇ ਮਾਨਸਿਕ ਦੁਬਿਧਾ ਕਾਰਨ ਉਸ ਤੋਂ ਬਹਿਸ ਤਿਆਰ ਨਹੀਂ ਸੀ ਹੋ ਰਹੀ।

ਨੇਹਾ ਦੇ ਇਸ ਪ੍ਰਸ਼ਨ ਨੇ ਉਸਦੇ ਅੰਦਰ ਉੱਠੇ ਜਵਾਰ ਭਾਟੇ ਨੂੰ ਹੋਰ ਉਛਾਲ ਦਿੱਤਾ।

ਕਦੇ ਦੁਸ਼ਾਸ਼ਣ ਬਣ ਕੇ ਰਾਮ ਨਾਥ ਨੇ ਛਿੰਦੋ ਦੇ ਚੀਰ ਹਰਣ ਦਾ ਸਵਾਦ ਲਿਆ ਸੀ। ਹੁਣ ਕਿਸੇ ਹੋਰ ਨੇ ਉਹੋ ਕੌਰਵ ਬਣ ਕੇ ਨੇਹਾ ਬੇਟੀ ਦਾ ਚੀਰ ਹਰਣ ਕਰਨਾ ਸੀ।

ਭੀਸ਼ਮ ਪਿਤਾਮਾ ਵਾਂਗ ਮਜਬੂਰ ਰਾਮ ਨਾਥ ਨੇ ਛਟਪਟਾ ਕੇ ਰਹਿ ਜਾਣਾ ਸੀ।

“ਮੈਂ ਤੈਨੂੰ ਕੀ ਸਮਝਾਉਂਦਾ! ਮੈਨੂੰ ਆਪਣੇ ਆਪ ’ਤੇ ਸ਼ਰਮ ਆਉਂਦੀ ਸੀ। ਅਸੀਂ ਸਭ ਵਕੀਲ, ਸਭ ਛਿੰਦੋਆਂ ਅਤੇ ਨੇਹਾ ਦੇ ਗੁਨਾਹਗਾਰ ਹਾਂ। ਬੇਟੀਓ ਮੈਨੂੰ ਮੁਆਫ਼ ਕਰੋ।”

ਆਖਦਾ ਰਾਮ ਨਾਥ ਬੱਚਿਆਂ ਵਾਂਗ ਰੋਣ ਲੱਗਾ। ਉਸਦੀਆਂ ਅੱਖਾਂ ਵਿਚੋਂ ਵਹੇ ਹੰਝੂ ਉਸਦੇ ਮਨ ਦੀ ਮੈਲ ਧੋਣ ਲੱਗੇ।

 

-96-

 

ਸ਼ਹਿਰ ਆ ਕੇ ਵੇਦ ਪਰਿਵਾਰ ਸੰਭਲਣ ਲੱਗਾ।

ਨੀਲਮ ਦਾ ਦੁੱਖ ਘਰ ਦੇ ਕੰਮ ਭੁਲਾ ਦਿੰਦਾ। ਵੇਦ ਨੇ ਕੁੱਝ ਦੋਸਤ ਬਣਾ ਲਏ। ਉਹ ਉਨ੍ਹਾਂ ਕੋਲ ਬੈਠਣ ਲੱਗਾ। ਦੁੱਖ ਸਾਂਝਾ ਕਰਨ ਦੀ ਠਾਹਰ ਬਣ ਗਈ। ਨੇਹਾ ਮਾਮੇ, ਮਾਮੀਆਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਪਰਚੀ ਰਹਿੰਦੀ। ਕਦੇ ਕਦੇ ਉਹ ਕਾਨੂੰਨ ਦੀਆਂ ਕਿਤਾਬਾਂ ਪੜ੍ਹਨ ਲਗਦੀ। ਕਾਨੂੰਨ ਦੀਆਂ ਕਲਾਬਾਜ਼ੀਆਂ ਸਮਝਦੀ ਸਮਝਦੀ ਮਨ ਦੀ ਕੁੜੱਤਣ ਭੁੱਲ ਜਾਂਦੀ।

ਰਾਮ ਨਾਥ ਨੂੰ ਲੱਗਦਾ ਸੀ ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕੁੱਝ ਮਹੀਨਿਆਂ ਵਿੱਚ ਹਾਲਾਤ ਆਮ ਵਰਗੇ ਹੋ ਜਾਣਗੇ।

ਪਰ ਜਦੋਂ ਤੋਂ ਨੇਹਾ ਗਵਾਹੀ ਦੀ ਤਿਆਰੀ ਕਰਨ ਲੱਗੀ ਸੀ ਉਦੋਂ ਤੋਂ ਉਹ ਉੱਖੜੀ ਉੱਖੜੀ ਰਹਿਣ ਲੱਗੀ ਸੀ।

ਰਾਮ ਨਾਥ ਉਸ ਦੀ ਬੇਚੈਨੀ ਦਾ ਕਾਰਨ ਸਮਝਦਾ ਸੀ। ਤਾਜ਼ਾ ਹੋਈਆਂ ਯਾਦਾਂ ਉਸਦੇ ਮਨ ਦੇ ਟਿਕੇ ਪਾਣੀਆਂ ਵਿੱਚ ਰੋੜੇ ਸੁੱਟ ਰਹੀਆਂ ਸਨ।

ਰਾਮ ਨਾਥ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ। ਕਿਸੇ ਨਾ ਕਿਸੇ ਤਰ੍ਹਾਂ ਇਸ ਵਾਰ ਨੇਹਾ ਦਾ ਬਿਆਨ ਹੋ ਜਾਵੇ। ਉਸਦਾ ਅਤੀਤ ਨਾਲੋਂ ਖਹਿੜਾ ਛੁੱਟ ਜਾਵੇ। ਉਹ ਭਵਿੱਖ ਨਾਲ ਲੜਨ ਦੇ ਯੋਗ ਹੋ ਜਾਵੇ।

ਪਰ ਸਭ ਕੁੱਝ ਮਰਜ਼ੀ ਅਨੁਸਾਰ ਥੋੜ੍ਹਾ ਵਾਪਰਦਾ ਹੈ!

ਸ਼ਨੀਵਾਰ ਨੂੰ ਮਾਇਆ ਨਗਰੋਂ ਸੁਨੇਗਾ ਆ ਗਿਆ। ਐਤਵਾਰ ਨੂੰ ਆਉਣ ਦੀ ਲੋੜ ਨਹੀਂ ਹੈ।

ਪਿਛਲੀ ਵਾਰੀ ਸਰਕਾਰੀ ਵਕੀਲ ਤੋਂ ਗ਼ਲਤੀ ਹੋਈ ਸੀ। ਮੁਕੱਦਮੇ ਨੂੰ ਉਸਨੇ ਗਹਿਰਾਈ ਨਾਲ ਨਹੀਂ ਸੀ ਘੋਖਿਆ। ਸਾਧਾਰਨ ਕੇਸਾਂ ਵਾਂਗ ਪਰਚਾ ਦਰਜ ਕਰਾਉਣ ਵਾਲੇ ਗਵਾਹ ਨੂੰ ਪਹਿਲਾਂ ਬੁਲਾ ਲਿਆ ਸੀ। ਇਸ ਮੁਕੱਦਮੇ ਦੇ ਹਾਲਾਤ ਹੋਰ ਤਰ੍ਹਾਂ ਦੇ ਸਨ। ਪੰਕਜ ਅਤੇ ਨੀਰਜ ਨੇ ਵਾਰਦਾਤ ਵਿੱਚ ਸਿੱਧਾ ਹਿੱਸਾ ਨਹੀਂ ਸੀ ਲਿਆ। ਉਨ੍ਹਾਂ ਉਪਰ ਸਾਜ਼ਿਸ਼ ਰਚ ਕੇ ਜੁਰਮ ਕਰਾਉਣ ਦਾ ਦੋਸ਼ ਸੀ। ਨੇਹਾ ਨੂੰ ਇਸ ਸਾਜ਼ਿਸ਼ ਬਾਰੇ ਕੁੱਝ ਪਤਾ ਨਹੀਂ ਸੀ। ਮਿਸਲ ਮੁਤਾਬਕ ਸਾਜ਼ਿਸ਼ ਪੰਕਜ ਦੇ ਮੁਨੀਮ ਦੀ ਹਾਜ਼ਰੀ ਵਿੱਚ ਘੜੀ ਗਈ ਸੀ। ਪੰਕਜ ਹੋਰਾਂ ਦਾ ਜੁਰਮ ਸਾਬਤ ਕਰਨ ਲਈ ਪਹਿਲਾਂ ਮੁਨੀਮ ਦੀ ਗਵਾਹੀ ਹੋਣੀ ਚਾਹੀਦੀ ਸੀ। ਗੇਟ ਕੀਪਰ ਨੇ ਠੇਕੇਦਾਰ ਨੂੰ ਫੈਕਟਰੀ ਆਉਂਦੇ ਜਾਂਦੇ ਦੇਖਿਆ ਸੀ। ਉਸਦੇ ਫੈਕਟਰੀ ਅੰਦਰ ਜਾਣ ਦਾ ਇੰਦਰਾਜ਼ ਗੇਟ ਕੀਪਰ ਦੇ ਰਜਿਸਟਰ ਵਿੱਚ ਹੋਇਆ ਸੀ। ਨਾਲੇ ਰਜਿਸਟਰ ਉਪਰ ਠੇਕੇਦਾਰ ਦੇ ਦਸਤਖ਼ਤ ਸਨ। ਠੇਕੇਦਾਰ ਦੀ ਪੰਕਜ ਹੋਰਾ ਨਾਲ ਹੋਈ ਮੁਲਾਕਾਤ ਗੇਟ ਕੀਪਰ ਨੇ ਸਾਬਤ ਕਰਨੀ ਸੀ। ਫੈਕਟਰੀ ਵਿਚੋਂ ਵਾਰਦਾਤ ਕਰਨ ਲਈ ਠੇਕੇਦਾਰ ਨੂੰ ਦੋ ਬੈਗ ਅਤੇ ਦੋ ਲੋਹੇ ਦੇ ਰਾਡ ਦਿੱਤੇ ਗਏ ਸਨ। ਇਸ ਸੰਬੰਧੀ ਇੰਦਰਾਜ ਸਟੋਰ ਕੀਪਰ ਨੇ ਆਪਣੇ ਰਜਿਸਟਰ ਵਿੱਚ ਕੀਤਾ ਸੀ। ਇਹ ਰਾਡ ਅਤੇ ਬੈਗ ਮੌਕੇ ਤੋਂ ਬਰਾਮਦ ਹੋਏ ਸਨ। ਇਹ ਸਬੂਤ ਸਟੋਰ ਕੀਪਰ ਨੇ ਦੇਣੇ ਸਨ। ਠੇਕੇਦਾਰ ਨੇ ਵਾਰਦਾਤ ਤੋਂ ਕੁੱਝ ਦਿਨ ਪਹਿਲਾਂ ਅਤੇ ਫੇਰ ਵਾਰਦਾਤ ਵਾਲੇ ਦਿਨ ਦੋਹਾਂ ਭਰਾਵਾਂ ਨਾਲ ਮੋਬਾਇਲ ਫ਼ੋਨ ’ਤੇ ਗੱਲ ਕੀਤੀ ਸੀ। ਇਹ ਗੱਲਬਾਤ ਸਾਜ਼ਿਸ਼ ਨੂੰ ਸਿਰੇ ਚੜ੍ਹਾਉਣ ਬਾਰੇ ਹੋਈ ਸੀ।

ਇਸ ਲਈ ਮੋਬਾਇਲ ਫ਼ੋਨ ਕੰਪਨੀ ਦੇ ਮੁਲਾਜ਼ਮ ਦੀ ਗਵਾਹੀ ਨੇਹਾ ਤੋਂ ਪਹਿਲਾਂ ਹੋਣੀ ਚਾਹੀਦੀ ਸੀ।

ਸਰਕਾਰੀ ਵਕੀਲ ਦੀ ਇਸ ਗ਼ਲਤੀ ਕਾਰਨ ਅਗਲੀ ਪੇਸ਼ੀ ’ਤੇ ਕੋਈ ਕਾਰਵਾਈ ਨਹੀਂ ਹੋ ਸਕੇਗੀ। ਪਹਿਲਾਂ ਸਾਜ਼ਿਸ਼ ਸਾਬਤ ਕਰਨ ਵਾਲੇ ਗਵਾਹਾਂ ਨੂੰ ਬੁਲਾਇਆ ਜਾਏਗਾ।

ਫੇਰ ਪੰਕਜ ਹੋਰੇ ਮੁਲਜ਼ਮ ਬਣਦੇ ਹਨ ਜਾਂ ਨਹੀਂ? ਇਸ ਮੁੱਦੇ ਉਪਰ ਬਹਿਸ ਹੋਏਗੀ। ਜੇ ਜੱਜ ਮੁਦਈ ਧਿਰ ਨਾਲ ਸਹਿਮਤ ਹੋਇਆ ਤਾਂ ਪੰਕਜ ਹੋਰਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਹੋਏਗਾ। ਪੰਕਜ ਹੋਰੇ ਹਾਈ ਕੋਰਟ ਅਪੀਲ ਕਰਨਗੇ। ਪਤਾ ਨਹੀਂ ਕਿੰਨੇ ਸਾਲ ਮਾਮਲਾ ਹਾਈ ਕੋਰਟ ਵਿੱਚ ਲਟਕੇਗਾ।

ਫੇਰ ਨੇਹਾ ਦੀ ਗਵਾਹੀ ਦੇਣ ਦੀ ਵਾਰੀ ਆਏਗੀ। ਉਸ ਸਮੇਂ ਤਕ ਨੇਹਾ ਸਾਰੀ ਗਵਾਹੀ ਭੁੱਲ ਚੁੱਕੀ ਹੋਏਗੀ। ਹੁਣੇ ਉਸ ਦੇ ਮਨ ’ਤੇ ਬੋਝ ਪਾਉਣ ਦਾ ਕੋਈ ਫ਼ਾਇਦਾ ਨਹੀਂ ਸੀ।

ਪ੍ਰਧਾਨ ਦੇ ਇਸ ਸੁਨੇਹੇ ’ਤੇ ਰਾਮ ਨਾਥ ਨੂੰ ਸਰਕਾਰੀ ਵਕੀਲ ਨਾਲੋਂ ਵੱਧ ਆਪਣੇ ਆਪ ’ਤੇ ਗਿਲਾ ਹੋਇਆ। ਸਰਕਾਰੀ ਵਕੀਲ ਸਰਕਾਰੀ ਮੁਲਾਜ਼ਮ ਸੀ। ਗ਼ਲਤੀਆਂ ਕਰਨਾ ਉਸ ਦਾ ਹੱਕ ਸੀ। ਉਸਦੀ ਤਨਖ਼ਾਹ ਉਪਰ ਇਨ੍ਹਾਂ ਗ਼ਲਤੀਆਂ ਦਾ ਕੋਈ ਅਸਰ ਨਹੀਂ ਸੀ। ਰਾਮ ਨਾਥ ਨੇ ਅਣਗਹਿਲੀ ਕਿਉਂ ਕੀਤੀ? ਜੇ ਉਸਨੇ ਮਿਸਲ ਧਿਆਨ ਨਾਲ ਪੜ੍ਹੀ ਹੁੰਦੀ ਤਾਂ ਉਸਨੇ ਪਹਿਲੇ ਦਿਨ ਹੀ ਗ਼ਲਤੀ ਫੜੀ ਹੁੰਦੀ। ਨੇਹਾ ਨੂੰ ਇਸ ਵਾਧੂ ਦੀ ਮਾਨਸਿਕ ਪੀੜਾ ਤੋਂ ਬਚਾਇਆ ਹੁੰਦਾ।

ਜੋ ਹੋ ਗਿਆ ਸੋ ਹੋ ਗਿਆ। ਮੁੜ ਅਜਿਹੀ ਗ਼ਲਤੀ ਨਾ ਹੋਵੇ ਇਸ ਲਈ ਰਾਮ ਨਾਥ ਨੇ ਮਿਸਲ ਦਾ ਅੱਖਰ ਅੱਖਰ ਪੜ੍ਹਿਆ। ਹਰ ਚੰਗਾ ਮਾੜਾ ਨੁਕਤਾ ਵਿਚਾਰਿਆ।

ਮਿਸਲ ਪੜ੍ਹ ਕੇ ਰਾਮ ਨਾਥ ਦਾ ਦਿਲ ਧੱਕ ਧੱਕ ਕਰਨ ਲੱਗਾ। ਸਾਰੀ ਮਿਸਲ ਕਮਜ਼ੋਰੀਆਂ ਨਾਲ ਭਰੀ ਪਈ ਸੀ। ਵੇਦ, ਨੀਲਮ ਅਤੇ ਨੇਹਾ ਤੋਂ ਬਿਨਾਂ ਬਾਕੀ ਦੇ ਸਾਰੇ ਗਵਾਹ ਪੰਕਜ ਹੋਰਾਂ ਨੂੰ ਪੁੱਛ ਕੇ ਰੱਖੇ ਗਏ ਲਗਦੇ ਸਨ। ਗੇਟ ਕੀਪਰ, ਸਟੋਰ ਕੀਪਰ ਅਤੇ ਮੁਨੀਮ ਪੰਕਜ ਹੋਰਾਂ ਦੇ ਟੁਕੜਿਆਂ ’ਤੇ ਪਲਦੇ ਸਨ। ਕਿਸੇ ਵੀ ਕੀਮਤ ਉਪਰ ਉਹ ਮਾਲਕਾਂ ਦੇ ਵਿਰੁਧ ਨਹੀਂ ਸਨ ਭੁਗਤ ਸਕਦੇ।

ਇਨ੍ਹਾਂ ਦੀ ਗਵਾਹੀ ਬਿਨਾਂ ਮਿਸਲ ’ਤੇ ਕੋਈ ਸਬੂਤ ਨਹੀਂ ਸੀ ਆਉਣਾ। ਬਿਨਾਂ ਠੋਸ ਸਬੂਤਾਂ ਦੇ ਕਿਸੇ ਨੇ ਪੰਕਜ ਹੋਰਾਂ ਨੂੰ ਬਤੌਰ ਮੁਲਜ਼ਮ ਨਹੀਂ ਸੀ ਬੁਲਾਉਣਾ।

ਰਾਮ ਨਾਥ ਨੂੰ ਲੱਗਣ ਲੱਗਾ ਉਸ ਨਾਲ ਧੋਖਾ ਹੋਇਆ ਸੀ। ਦੋਵੇਂ ਭਰਾ ਪੱਕੇ ਤੌਰ ‘ਤੇ ਮੁਕੱਦਮੇ ਵਿਚੋਂ ਨਿਕਲ ਚੁੱਕੇ ਸਨ।

ਰਾਮ ਨਾਥ ਨੂੰ ਆਪਣੀ ਕੰਜੂਸੀ ਅਤੇ ਅਣਗਹਿਲੀ ਉਪਰ ਪਛਤਾਵਾ ਹੋਣ ਲੱਗਾ।

ਲੋਕਾਂ ਨੂੰ ਉਹ ਸਰਕਾਰੀ ਵਕੀਲਾਂ ਨੂੰ ਮਿਲ ਕੇ ਖਾਮੀਆਂ ਦੂਰ ਕਰਾਉਣ ਦੀ ਸਲਾਹ ਦਿੰਦਾ ਸੀ। ਖ਼ੁਦ ਉਹ ਘੇਸਲ ਵੱਟ ਗਿਆ ਸੀ।

ਜੇ ਉਹ ਪੁਲਿਸ ਦੀ ਗੱਲ ਮੰਨ ਕੇ ਸਰਕਾਰੀ ਵਕੀਲ ਨੂੰ ਮਿਲਿਆ ਹੁੰਦਾ ਤਾਂ ਸ਼ਾਇਦ ਮੁਕੱਦਮੇ ਦਾ ਇਹ ਹਸ਼ਰ ਨਾ ਹੁੰਦਾ।

ਵੈਸੇ ਇਹ ਕੋਈ ਸਾਧਾਰਨ ਮੁਕੱਦਮਾ ਨਹੀਂ ਸੀ। ਮਾਮਲਾ ਪੁਲਿਸ ਮੁਖੀ ਤਕ ਵਿਚਾਰਿਆ ਜਾ ਚੁਕਾ ਸੀ। ਕਈਆਂ ਅਫ਼ਸਰਾਂ ਦੀਆਂ ਮਿਸਲ ਉਪਰ ਟਿਪਣੀਆਂ ਆ ਚੁਕੀਆਂ ਸਨ। ਮਿਸਲ ਵਿਚ ਰੱਦੋ ਬਦਲ ਕਰਨਾ ਨਾ ਸਰਕਾਰੀ ਵਕੀਲ ਦੇ ਵੱਸ ਵਿਚ ਸੀ ਨਾ ਥਾਣੇਦਾਰ ਦੇ। ਪੈਸੇ ਖ਼ਰਚ ਕੇ ਵੀ ਉਹੋ ਹੋਣਾ ਸੀ ਜੋ ਹੋਇਆ ਹੋਇਆ ਸੀ।

ਆਪਣੇ ਹੱਕ ਵਿਚ ਤਰਕ ਘੜ ਕੇ ਰਾਮ ਨਾਥ ਨੇ ਆਪਣੇ ਪ੍ਰਤੀ ਆਪਣੇ ਮਨ ਵਿਚ ਜਾਗੀ ਗਲਿਆਨੀ ਨੰ ਦੂਰ ਕੀਤਾ।

ਸਟੋਰ ਕੀਪਰ ਅਤੇ ਗੇਟ ਕੀਪਰ ਮੁਕੱਦਮੇ ਦੇ ਅਹਿਮ ਗਵਾਹ ਸਨ। ਉਨਾਂਹ ਦੀ ਥਾਂ ਕਿਸੇ ਹੋਰ ਗਵਾਹ ਨੂੰ ਖੜ੍ਹਾ ਨਹੀਂ ਸੀ ਕੀਤਾ ਜਾ ਸਕਦਾ। ਮੁਨੀਮ ਦੀ ਥਾਂ ਕੋਈ ਹੋਰ ਗਵਾਹ ਖੜ੍ਹਾ ਕੀਤਾ ਜਾ ਸਕਦਾ ਸੀ। ਉਹ ਗਵਾਹ ਮਾਇਆ ਨਗਰ ਦਾ ਹੋਣਾ ਚਾਹੀਦਾ ਸੀ। ਰਾਮ ਨਾਥ ਨੂੰ ਮਾਇਆ ਨਗਰ ਦੀ ਚਿੜੀ ਤਕ ਨਹੀਂ ਸੀ ਜਾਣਦੀ। ਜੇ ਪੁਲਿਸ ਰਾਮ ਨਾਥ ਦੀ ਗੱਲ ਮੰਨ ਲੈਂਦੀ ਅਤੇ ਮੁਨੀਮ ਦੀ ਥਾਂ ਕੋਈ ਹੋਰ ਗਵਾਹ ਮੰਗਦੀ ਤਾ ਰਾਮ ਨਾਥ ਮਾਇਆ ਨਗਰ ਦੇ ਰਈਸਾਂ ਵਿਰੁਧ ਗਵਾਹੀ ਦੇ ਸਕਣ ਵਾਲਾ ਬੰਦਾ ਕਿਥੋਂ ਲਿਆਉਂਦਾ ( ਉਸ ਗਵਾਹ ਦੀਆਂ ਅੱਖਾਂ ਵੀ ਪੈਸੇ ਦੀ ਚਕਾ ਚੌਂਧ ਵਿਚ ਚੁੰਧਿਆ ਜਾਣੀਆਂ ਸਨ। ਅਦਾਲਤ ਵਿਚ ਆ ਕੇ ਉਸਨੇ ਵੀ ਉਹੋ ਆਖਣਾ ਸੀ ਜੋ ਹੁਣ ਮੁਨੀਮ ਨੇ ਆਖਣਾ ਸੀ।

ਮੁਨੀਮ ਸਾਹਮਣੇ ਸਾਜ਼ਿਸ਼ ਨਹੀਂ ਸੀ ਘੜੀ ਗਈ। ਮੁਨੀਮ ਨੂੰ ਬਿਨਾਂ ਪੁੱਛੇ ਪੁਲਿਸ ਨੇ ਉਸਦਾ ਬਿਆਨ ਲਿਖ ਲਿਆ ਸੀ। ਉਸਨੰ ਝੂਠ ਬੋਲਣ ਲਈ ਮਜਬੂਰ ਨਹੀ ਸੀ ਕੀਤਾ ਜਾ ਸਕਦਾ। ਪਰ ਜੋ ਗਵਾਹ ਸੱਚੇ ਸਨ, ਉਨ੍ਹਾਂ ਤੋਂ ਤਾਂ ਸੱਚ ਅਖਵਾਇਆ ਜਾ ਸਕਦਾ ਸੀ। ਰਾਮ ਨਾਥ ਨੂੰ ਲਗਦਾ ਸੀ ਨਾ ਸਟੋਰ ਕੀਪਰ ਨੇ ਸੱਚ ਬੋਲਣਾ ਸੀ ਨਾ ਗੇਟ ਕੀਪਰ ਨੇ।

ਇਨ੍ਹਾਂ ਗਵਾਹਾਂ ਤੋਂ ਸੱਚ ਕਿਸ ਤਰ੍ਹਾਂ ਬੁਲਵਾਇਆ ਜਾਵੇ ( ਰਾਮ ਨਾਥ ਤੋਂ ਇਹ ਗੱਥੀ ਸੁਲਝ ਨਹੀਂ ਸੀ ਰਹੀ।

ਪੇਸ਼ੀ ਪਵਾ ਕੇ ਰਾਮ ਨਾਥ ਪ੍ਰਧਾਨ ਦੁਆਲੇ ਹੋ ਗਿਆ।

“ਇਹੋ ਰੋਣਾ ਹੈ। ਜੱਜ ਫੜ੍ਹਾਂ ਮਾਰਦੇ ਹਨ। ਦੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਅਸੀਂ ਕਰਦੇ ਹਾਂ। ਅਸਲ ਵਿਚ ਫੈਸਲੇ ਦੀ ਵਾਗਡੋਰ ਗਵਾਹ ਦੇ ਹੱਥ ਵਿਚ ਹੈ। ਉਹ ਜੇ ਝੂਠ ਮੂਠ ਆਖ ਦੇਵੇ ਜੁਰਮ ਉਸਦੇ ਸਾਹਮਣੇ ਹੋਇਆ ਹੈ ਤਾਂ ਦੋਸ਼ੀ ਨੂੰ ਸਜ਼ਾ। ਉਹ ਅੱਖਾਂ ਸਾਹਮਣੇ ਹੋਏ ਜੁਰਮ ਤੋਂ ਜੇ ਅੱਖਾਂ ਮੀਚ ਲਏ ਤਾਂ ਦੋਸ਼ੀ ਬਰੀ। ਗਵਾਹ ਦੀ ਲਗਾਮ ਕਿਸੇ ਦੇ ਹੱਥ ਨਹੀਂ। ਉਹ ਸੱਚ ਬੋਲੇ ਜਾਂ ਝੂਠ ਕੋਈ ਪੁੱਛ ਪੜਤਾਲ ਨਹੀਂ।”

ਪ੍ਰਧਾਨ ਰਾਮ ਨਾਥ ਨਾਲ ਸਹਿਮਤ ਸੀ। ਗਵਾਹ ਕੁਝ ਵੀ ਆਖ ਸਕਦੇ ਸਨ। ਮੁਦਈ ਧਿਰ ਨੂੰ ਨੁਕਸਾਨ ਪਹੰਚਾ ਸਕਦੇ ਸਨ।

“ਪਰ ਕਸੂਰ ਗਵਾਹਾਂ ਦਾ ਨਹੀਂ ਸਾਡੇ ਢਾਂਚੇ ਦਾ ਹੈ। ਵਿਗਿਆਨ ਚੰਦ ਦੀ ਹਿੱਕ ‘ਤੇ ਪੈਰ ਰੱਖ ਕੇ ਮੰਗਲ ਗ੍ਰਹਿ ਤਕ ਪੁੱਜ ਗਿਆ ਹੈ। ਅਸੀਂ ਅਠਾਰਾਂ ਸੋ ਬਹੱਤਰ ਦੇ ਕਾਨੰਨ ਨੂੰ ਜੱਫ਼ਾ ਮਾਰੀ ਬੈਠੇ ਹਾਂ। ਹਰ ਜੁਰਮ ਨੂੰ ਸਾਬਤ ਕਰਨ ਲਈ ਚਸ਼ਮ ਦੀਦ ਗਵਾਹ ਚਾਹੀਦੇ ਹਨ। ਵਿਗਿਆਨਿਕ ਜੁਗਤਾਂ ਅਸੀਂ ਨੇੜੇ ਨਹੀਂ ਢੁੱਕਣ ਦਿੰਦੇ। ਹਨੇ੍ਹਰੇ ਕਮਰਿਆਂ ਵਿਚ ਘੜੀਆਂ ਸਾਜ਼ਿਸ਼ਾਂ ਨੂੰ ਸੁਣਨ ਵਾਲੇ ਗਵਾਹ ਕਿਥੋਂ ਆਉਣਗੇ ( ਕਾਨੰਨ ਦਾ ਢਿੱਡ ਭਰਨ ਲਈ ਝੂਠੇ ਗਵਾਹ ਖੜੇ੍ਹ ਕੀਤੇ ਜਾਣਗੇ। ਝੂਠ ਦੇ ਪੈਰ ਨਹੀਂ ਹੰਦੇ। ਕਹਾਣੀ ਸ਼ੱਕੀ ਬਣੇਗੀ । ਸ਼ੱਕ ਦਾ ਫ਼ਾਇਦਾ ਮੁਲਜ਼ਮ ਨੂੰ ਮਿਲੇਗਾ। ਉਹ ਬਰੀ ਹੋ ਜਾਏਗਾ। ਮੁਦਈ ਦੇਖਦਾ ਰਹਿ ਜਾਏਗਾ। ਇਸੇ ਬੇਇਨਸਾਫ਼ੀ ਵਿਰੁਧ ਸਾਡੀ ਲੜਾਈ ਹੈ।”

ਪ੍ਰਧਾਨ ਇਕੱਲੇ ਰਾਮ ਨਾਥ ਦੀ ਨਹੀਂ ਸਮੁੱਚੀ ਸਮੱਸਿਆ ਦੇ ਹੱਲ ਲਈ ਜੂਝ ਰਿਹਾ ਸੀ।

“ਕਾਨੂੰਨ ਪਤਾ ਨਹੀਂ ਕਦੋਂ ਬਦਲੇਗਾ( ਆਪਾਂ ਆਪਣੀ ਬਣੀ ਅੱਜ ਨਬੇੜਨੀ ਹੈ ।”

ਰਾਮ ਨਾਥ ਨੂੰ ਪ੍ਰਧਾਨ ਦੀਆਂ ਸੁਪਨਮਈ ਗੱਲਾਂ ਵਿਚ ਬਹੁਤੀ ਦਿਲਚਸਪੀ ਨਹੀਂ ਸੀ। ਉਸਨੰ ਆਪਣੀ ਚਿੰਤਾ ਖਾ ਰਹੀ ਸੀ।

“ਜੇ ਅਸੀਂ ਇਸ ਢਾਂਚੇ ਨੂੰ ਬਦਲਣ ਲਈ ਲੜਾਂਗੇ ਤਾਂ ਜ਼ਰੂਰ ਕਿਸੇ ਦਿਨ ਬਦਲੇਗਾ । ਪਹਿਲਾਂ ਅਵਾਜ਼ ਇਕ ਮੁਕੱਦਮੇ ਵਿਚ ਉੱਠੇਗੀ। ਦੇਖੋ ਦੇਖੀ ਸਭ ਵਿਚ ਉੱਠਣ ਲੱਗੇਗੀ।

ਇਕ ਦਿਨ ਇਹ ਅਵਾਜ਼ ਕਚਹਿਰੀ ਵਿਚੋਂ ਨਿਕਲ ਕੇ ਸੜਕਾਂ ‘ਤੇ ਆ ਜਾਏਗੀ। ਸਰਕਾਰ ਦੇ ਕੰਨ ‘ਤੇ ਜੰਅ ਸਰਕੇਗੀ। ਤਖ਼ਤ ਹਿੱਲਣਗੇ। ਨਵੇਂ ਕਾਨੰਨ ਬਨਣਗੇ।”

“ਆਪਾਂ ਉਸ ਸਮੇਂ ਤਕ ਇੰਤਜ਼ਾਰ ਨਹੀਂ ਕਰ ਸਕਦੇ। ਆਪਣੀ ਪੇਸ਼ੀ ਵਿਚ ਇਕ ਮਹੀਨਾ ਬਾਕੀ ਹੈ। ਆਪਾਂ ਨੂੰ ਹੁਣੇ ਕੋਈ ਇੰਤਜ਼ਾਮ ਕਰਨਾ ਪੈਣਾ ਹੈ।”

ਰਾਮ ਨਾਥ ਨੇ ਇਕ ਵਾਰ ਫੇਰ ਪ੍ਰਧਾਨ ਨੂੰ ਆਪਣੇ ਮੁਕੱਦਮੇ ਵੱਲ ਮੋੜਿਆ।

“ਤੁਸੀਂ ਘਬਰਾਓ ਨਾ। ਅਸੀਂ ਇਸ ਮੁਕੱਦਮੇ ਦੇ ਇਕ ਇਕ ਗਵਾਹ ਨੂੰ ਮਿਲਾਂਗੇ । ਉਸਦੀ ਆਤਮਾ ਨੂੰ ਝੰਜੋੜਾਂਗੇ। ਅਦਾਲਤ ਵਿਚ ਸਹੰ ਖਵਾਉਣ ਦੀ ਰਸਮ ਫਰਜ਼ੀ ਹੁੰਦੀ ਹੈ। ਅਸੀਂ ਗਵਾਹਾਂ ਦੇ ਘਰ ਧਰਮ ਗ੍ਰੰਥ ਲੈ ਕੇ ਜਾਵਾਂਗੇ। ਉਨ੍ਹਾਂ ਉਪਰ ਹੱਥ ਰਖਵਾ ਕੇ ਸੱਚ ਬੋਲਣ ਦੀ ਸਹੰ ਖਵਾਵਾਂਗੇ। ਮੈਨੂੰ ਆਸ ਹੈ ਸਾਨੂੰ ਕਾਮਯਾਬੀ ਮਿਲੇਗੀ।”

“ਜੇ ਪੈਸੇ ਨੇ ਧਾਰਮਿਕ ਭਾਵਨਾਵਾਂ ਨੂੰ ਦਬਾ ਦਿੱਤਾ(“

“ਫੇਰ ਵਿਗਿਆਨਕ ਢੰਗ ਤਰੀਕੇ ਅਪਨਾਵਾਂਗੇ। ਸਟੋਰ ਕੀਪਰ ਦੀਆਂ ਹੱਥ ਲਿਖਤਾਂ ਦੇ ਸੈਕੜੇ ਨਮੂਨੇ ਆਪਾਂ ਨੂੰ ਮਿਲ ਜਾਣਗੇ। ਉਹ ਹਾਸਿਲ ਕਰਕੇ ਉਨ੍ਹਾਂ ਦਾ ਮਿਲਾਨ ਰਜਿਸਟਰਾਂ ਨਾਲ ਕਰਵਾਵਾਂਗੇ। ਠੇਕੇਦਾਰ ਦੇ ਦਸਤਖ਼ਤ ਮਿਸਲ ਉਪਰ ਮੋਜੂਦ ਹਨ।

ਉਸਦਾ ਮਿਲਾਨ ਗੇਟ ਕੀਪਰ ਦੇ ਰਜਿਸਟਰ ਉਪਰਲੇ ਉਸਦੇ ਦਸਤਖ਼ਤਾਂ ਨਾਲ ਕਰਵਾਵਾਂਗੇ। ਜਦੋਂ ਮਾਹਿਰਾਂ ਨੇ ਰਜਿਸਟਰਾਂ ਵਿਚਲੀਆਂ ਉਨ੍ਹਾਂ ਦੀਆਂ ਲਿਖਤਾਂ ਨੂੰ ਉਨ੍ਹਾਂ ਦਾ ਹੋਣਾ ਕਰਾਰ ਦੇ ਦਿੱਤਾ ਫੇਰ ਗਵਾਹ ਕਿਵੇਂ ਮੁੱਕਰਨਗੇ (“

“ਅਦਾਲਤ ਨੇ ਸਾਨੂੰ ਮਾਹਿਰ ਬੁਲਾਉਣ ਦੀ ਇਜਾਜ਼ਤ ਨਹੀਂ ਦੇਣੀ। ਜਦੋਂ ਲਿਖਤਾਂ ਲਿਖਣ ਵਾਲੇ ਖ਼ੁਦ ਹਾਜ਼ਰ ਹੋਣਗੇ ਤਾਂ ਦੂਜੇ ਦਰਜੇ ਦੀ ਸ਼ਹਾਦਤ ਦੀ ਇਜਾਜ਼ਤ ਕੌਣ ਦੇਵੇਗਾ (“

“ਇਜਾਜ਼ਤ ਲਵਾਂਗੇ ) ਨਹੀਂ ਦੇਵੇਗੀ ਅਸੀਂ ਜੱਦੋਜਹਿਦ ਕਰਾਂਗੇ।”

“ਮੁਨੀਮ ਦਾ ਕੀ ਕਰਾਂਗੇ (“

“ਉਸਨੂੰ ਅਸੀਂ ਨਹੀਂ ਛੇੜਾਂਗੇ। ਉਸਨੂੰ ਸੱਚ ਬੋਲਣ ਦੀ ਖੁੱਲ੍ਹ ਹੋਵੇਗੀ। ਤੁਸੀਂ ਆਪਣੇ ਤੌਰ ‘ਤੇ ਗਵਾਹਾਂ ਨੂੰ ਮਿਲੋ। ਉਨ੍ਹਾਂ ਨੂੰ ਸੱਚ ਬੋਲਣ ਲਈ ਪ੍ਰੇਰੋ। ਸ਼ਾਇਦ ਮਿਹਨਤ ਪੱਲੇ ਪੈ ਜਾਵੇ।”

“ਮੈਂ ਕੋਸ਼ਿਸ ਕਰ ਚੁੱਕਾ ਹਾਂ। ਉਨ੍ਹਾਂ ਦੀ ਫੈਕਟਰੀ ਕਿਲ੍ਹੇ ਵਰਗੀ ਹੈ। ਬਿਨਾਂ ਮਾਲਕਾਂ ਦੀ ਇਜਾਜ਼ਤ ਦੇ ਉਥੇ ਪਰਿੰਦਾ ਵੀ ਫਰ ਨਹੀਂ ਮਾਰ ਸਕਦਾ। ਮੇਰਾ ਗਵਾਹਾਂ ਨੂੰ ਮਿਲਣਾ ਅਸੰਭਵ ਹੈ।”

“ਹਿੰਮਤ ਨਹੀ ਹਾਰਨੀ। ਯਤਨ ਕਰਨਾ ਸਾਡਾ ਫਰਜ਼ ਹੈ। ਫੈਕਟਰੀ ਜਾਣ ਦੀ ਥਾਂ ਉਨ੍ਹਾਂ ਦੇ ਘਰ ਜਾਓ। ਰਿਸ਼ਤੇਦਾਰਾਂ ਰਾਹੀਂ ਮਿਲੇ। ਤੁਸੀਂ ਆਪਣੇ ਯਤਨ ਕਰੋ। ਸੋਸਾਇਟੀ ਆਪਣੇ ਯਤਨ ਕਰੇਗੀ। ਆਸ ਹੈ ਕੋਈ ਸਿੱਟਾ ਜ਼ਰੂਰ ਨਿਕਲੇਗਾ।”

“ਜਿਵੇਂ ਤੁਹਾਡੀ ਮਰਜ਼ੀ।”

“ਤੁਸੀਂ ਕੱਲ੍ਹ ਨੂੰ ਆ ਕੇ ਰੀਡਰ ਤੋਂ ਸੰਮਨ ਤਿਆਰ ਕਰਵਾ ਲਓ। ਮੈਂ ਕਪਤਾਨ ਨੂੰ ਆਖ ਕੇ ਮੁੱਖ ਅਫ਼ਸਰ ‘ਤੇ ਜ਼ੋਰ ਪਵਾਵਾਂਗਾ। ਗਵਾਹਾਂ ਦੇ ਬਿਆਨ ਜਿਸ ਤਫ਼ਤੀਸ਼ੀ ਨੇ ਲਿਖੇ ਹਨ ਉਹ ਉਸ ਤੋਂ ਸੱਚ ਬੁਲਵਾਏ। ਮੁਲਜ਼ਮ ਧਿਰ ਦੇ ਪੈ੍ਰਸ਼ਰ ਤੋਂ ਗਵਾਹਾਂ ਨੂੰ ਬਚਾਏ।”

ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕਰਕੇ ਰਾਮ ਨਾਥ ਨੂੰ ਕੁਝ ਰਾਹਤ ਮਹਿਸੂਸ ਹੋਈ ।

ਉਸਨੂੰ ਲੱਗਾ ਕੁਝ ਨਾ ਕੁਝ ਉਨ੍ਹਾਂ ਦੇ ਹੱਕ ਵਿਚ ਜ਼ਰੂਰ ਹੋਏਗਾ।

 

-97-

 

ਪੁਲਿਸ ਖਾਧਾ ਨਮਕ ਇੰਨੀ ਜਲਦੀ ਹਰਾਮ ਕਰ ਦੇਵੇਗੀ, ਪੰਕਜ ਨੂੰ ਇਹ ਆਸ ਨਹੀਂ ਸੀ।

ਅੱਗੇ ਮੁੱਕਦਮੇ ਬਾਰੇ ਜੋ ਕਿਧਰੇ ਨਿੱਛ ਵੀ ਵੱਜਦੀ ਸੀ ਤਾਂ ਉਸਨੂੰ ਕਈ ਪਾਸਿਉਂ ਖ਼ਬਰ ਮਿਲ ਜਾਂਦੀ ਸੀ। ਮੁਨਸ਼ੀ ਦੀ ਕੋਸ਼ਿਸ ਸੀ ਉਹ ਸਭ ਤੋਂ ਪਹਿਲਾਂ ਖ਼ਬਰ ਦੇ ਕੇ ਇਨਾਮ ਦਾ ਹੱਕਦਾਰ ਬਣੇ। ਰੀਡਰ ਉਸ ਤੋ ਕਾਹਲਾ ਹੁੰਦਾ ਸੀ। ਮੁੱਖ ਅਫ਼ਸਰ ਵੀ ਪਿੱਛੇ ਨਹੀਂ ਸੀ ਰਹਿੰਦਾ। ਇਕ ਦੋ ਵਾਰ ਤਾਂ ਕਪਤਾਨ ਨੇ ਖੁਦ ਉਸਨੂੰ ਉਪਰੋਂ ਮੰਡਰਾ ਰਹੇ ਖ਼ਤਰੇ ਬਾਰੇ ਸਾਵਧਾਨ ਕੀਤਾ ਸੀ।

ਇਸ ਵਾਰ ਸਾਰੀ ਕਾਰਵਾਈ ਚੁੱਪ ਚਾਪ ਹੋਈ ਸੀ।

ਅਗਲੀ ਪੇਸ਼ੀ ਵਿਚ ਇਕ ਮਹੀਨਾ ਬਾਕੀ ਸੀ। ਪੰਕਜ ਨੇ ਸੋਚਿਆ ਸੀ ਗਵਾਹਾਂ ਦੇ ਸੰਮਨ ਦੋ ਚਾਰ ਦਿਨ ਪਹਿਲਾਂ ਆਉਣਗੇ। ਅੱਗੇ ਇਸੇ ਤਰ੍ਹਾਂ ਹੁੰਦਾ ਸੀ। ਸੰਮਨ ਤਾਮੀਲ ਕਰਾਉਣ ਵਾਲਾ ਸਿਪਾਹੀ ਸਿੱਧਾ ਉਨ੍ਹਾਂ ਦੀ ਫੈਕਟਰੀ ਆਉਂਦਾ ਸੀ। ਸੌ ਦੋ ਸੌ ਲੈ ਕੇ ਉਸਦੀ ਮਰਜ਼ੀ ਪੁੱਛਦਾ ਸੀ। ਜਿਸ ਗਵਾਹ ਦੇ ਸੰਮਨ ਤਾਮੀਲ ਕਰਾਉਣ ਲਈ ਪੰਕਜ ਕਹਿੰਦਾ, ਉਸੇ ਦੇ ਸੰਮਨ ਤਾਮੀਲ ਹੁੰਦੇ ਸਨ। ਬਾਕੀ ਦੇ ਸੰਮਨ ਬਹਾਨਿਆਂ ਨਾਲ ਵਾਪਸ ਹੋ ਜਾਂਦੇ ਸਨ।

ਵਕੀਲਾਂ ਨੇ ਪੰਕਜ ਨੂੰ ਸਲਾਹ ਦਿੱਤੀ ਸੀ। ਪੇਸ਼ੀ ਤੋਂ ਇਕ ਹਫ਼ਤਾ ਪਹਿਲਾਂ ਗਵਾਹਾਂ ਨੂੰ ਪਿੰਡ ਭੇਜ ਦਿੱਤਾ ਜਾਵੇ। ਮੁਨੀਮ ਦੀ ਤਾਮੀਲ ਕਰਵਾ ਦਿੱਤੀ ਜਾਵੇ। ਮੁਨੀਮ ਦੀ ਗਵਾਹੀ ਜ਼ਬਾਨੀ ਸੀ। ਉਸਨੂੰ ਇਸ ਪੇਸ਼ੀ ‘ਤੇ ਮੁਕਰਾ ਲਿਆ ਜਾਵੇ। ਬਾਕੀ ਗਵਾਹਾਂ ਨੇ ਗਵਾਹੀ ਰਿਕਾਰਡ ਮੁਤਾਬਕ ਦੇਣੀ ਸੀ। ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁਕਰਾਉਣਾ ਮੁਸ਼ਕਲ ਸੀ। ਸੋਚ ਵਿਚਾਰ ਕੇ ਕਿਸੇ ਹੋਰ ਪੇਸ਼ੀ ਤੇ ਉਨ੍ਹਾਂ ਨੂੰ ਭੁਗਤਾ ਲਿਆ ਜਾਏਗਾ।

ਸਭ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ।

ਪੇਸ਼ੀ ਦੇ ਅਗਲੇ ਹੀ ਦਿਨ ਪੁਲੀਸ ਨੇ ਚਾਰਾਂ ਗਵਾਹਾਂ ਦੇ ਸੰਮਨ ਕਟਵਾ ਲਏ। ਸੰਮਨ ਤਾਮੀਲ ਕਰਾਉਣ ਮੁੱਖ ਅਫ਼ਸਰ ਖ਼ੁਦ ਗਿਆ। ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਉਸ ਨੇ ਗਵਾਹਾਂ ਨੂੰ ਤਾੜਿਆ।

“ਸੱਚ ਬੋਲਣਾ ਹੈ। ਕਿਸੇ ਲਾਲਚ ਵਿਚ ਆ ਕੇ ਝੂਠ ਬੋਲਿਆ ਤਾਂ ਨਤੀਜੇ ਭੈੜੇ ਨਿਕਲਣਗੇ। ਗਵਾਹੀ ਦੇਣ ਜ਼ਰੂਰ ਆਉਣਾ ਹੈ। ਨਾ ਆਏ ਤਾਂ ਗ੍ਰਿਫ਼ਤਾਰੀ ਵਾਰੰਟ ਨਿਕਲਣਗੇ। ਕੁਝ ਦਿਨ ਲਈ ਜੇਲ੍ਹ ਯਾਤਰਾ ਕਰਨੀ ਪਏਗੀ।”

ਮੁੱਖ ਅਫ਼ਸਰ ਦੀ ਧਮਕੀ ਦਾ ਗਵਾਹਾਂ ‘ਤੇ ਅਸਰ ਹੋਇਆ ਸੀ। ਉਹ ਡਰੇ ਬੈਠੇ ਸਨ। ਪੰਕਜ ਨੇ ਹਜ਼ਾਰ ਵਾਰ ਸਮਝਾਇਆ। ਇਹ ਬਾਂਦਰ ਘੁਰਕੀ ਸੀ। ਪਰ ਉਨ੍ਹਾਂ ਦੇ ਮਨੋਂ ਡਰ ਨਿਕਲ ਨਹੀਂ ਸੀ ਰਿਹਾ।

ਮੁੱਖ ਅਫ਼ਸਰ ਨੇ ਸੋਚ ਸਮਝ ਕੇ ਧਮਕੀ ਦਿੱਤੀ ਸੀ। ਕਵਾਹਾਂ ਨੂੰ ਸੱਚ ਬੋਲਣ ਅਤੇ ਹਾਜ਼ਰ ਹੋਣ ਲਈ ਆਖਿਆ ਸੀ। ਇਸ ਧਮਕੀ ਵਿਰੁਧ ਕੋਈ ਕਾਨੂੰਨੀ ਚਾਰਾਜੋਈ ਸੰਭਵ ਨਹੀਂ ਸੀ।

ਹੈਰਾਨੀ ਦੀ ਗੱਲ ਹੋਰ ਸੀ। ਸੱਚੇ ਗਵਾਹਾਂ ਦਾ ਝੂਠ ਬੋਲਣ ਤੋਂ ਡਰਨਾ ਜਾਇਜ਼ ਸੀ। ਪਰ ਮੁਨੀਮ ਉਪਰ ਸੱਚ ਬੋਲਣ ਉਪਰ ਕਿਸੇ ਨੇ ਕੋਈ ਪਾਬੰਦੀ ਨਹੀਂ ਸੀ ਲਾਈ।

ਸਭ ਨੂੰ ਪਤਾ ਸੀ ਉਸਦੇ ਸਾਹਮਣੇ ਕਿਸੇ ਨੇ ਕੋਈ ਸਾਜ਼ਿਸ਼ ਨਹੀਂ ਘੜੀ। ਇਹੋ ਉਸਨੇ ਜੱਜ ਨੂੰ ਦੱਸਣਾ ਸੀ। ਉਹ ਸੱਚ ਬੋਲਣ ਤੋਂ ਟਲ ਰਿਹਾ ਸੀ।

ਗਵਾਹ ਜੇ ਮਿਸਲ ਮੁਤਾਬਕ ਗਵਾਹੀ ਦੇ ਗਏ ਪੰਕਜ ਹੋਰਾਂ ਦਾ ਭੱਠਾ ਬੈਠ ਜਾਣਾ ਸੀ।

ਪੰਕਜ ਨੇ ਮੁੱਖ ਅਫ਼ਸਰ ਕੋਲੋਂ ਇਸ ਕਰੋਪੀ ਦਾ ਕਾਰਨ ਪੁੱਛਿਆ। ਉਸਨੇ ਗੇਂਦ ਕਪਤਾਨ ਦੇ ਪਾਲੇ ਵੱਲ ਰੇੜ੍ਹ ਦਿੱਤੀ। ਕਪਤਾਨ ਨੇ ਅੱਗੇ ਖਿਸਕਾ ਦਿੱਤੀ। ਹੁਕਮ ਮੁੱਖਮੰ ਤਰੀ ਦਾ ਸੀ ਪਰ ਆਇਆ ਪੁਲਿਸ ਮੁਖੀ ਰਾਹੀਂ ਸੀ।

ਪੁਲੀਸ ਮੁਖੀ ਤਕ ਪੰਕਜ ਦੀ ਸਿੱਧੀ ਪਹੁੰਚ ਨਹੀਂ ਸੀ। ਉਸਨੇ ਬਘੇਲ ਸਿੰਘ ਨਾਲ ਗੱਲ ਕੀਤੀ।

ਹੁਣ ਉਨ੍ਹਾਂ ਤੋਂ ਕੀ ਗੁਸਤਾਖ਼ੀ ਹੋਈ ਸੀ( ਵਾਅਦੇ ਅਨੁਸਾਰ ਪੂਰੀ ਰਕਮ ਵਿਧਾਇਕ ਕੋਲ ਪੁੱਜ ਚੁੱਕੀ ਸੀ। ਮੁੱਖ ਮੰਤਰੀ ਨਰਾਜ਼ ਕਿਉਂ ਸੀ ( ਕੋਈ ਨਵੀਂ ਵਗਾਰ ਕਰਨੀ ਸੀ ਤਾਂ ਉਹ ਤਿਆਰ ਸਨ। ਉਨ੍ਹਾਂ ਨੂੰ ਮੁੜ ਖੂਹ ਵਿਚ ਕਿਉਂ ਸੁੱਟਿਆ ਜਾ ਰਿਹਾ ਸੀ ( ਬਘੇਲ ਸਿੰਘ ਨੇ ਸਹੰ ਖਾਧੀ। ਉਸਨੂੰ ਇਸ ਕਾਰਵਾਈ ਦਾ ਕੋਈ ਇਲਮ ਨਹੀਂ ਸੀ । ਉਹ ਕਦੋਂ ਦਾ ਮੁਕੱਦਮੇ ਨਾਲੋਂ ਨਾਤਾ ਤੋੜ ਚੁੱਕਾ ਸੀ। ਮੁੱਖ ਮੰਤਰੀ ਵੱਲੋਂ ਕੋਈ ਇਸ਼ਾਰਾ ਹੋਇਆ ਹੋਵੇ, ਇਹ ਉਹ ਪੁੱਛ ਕੇ ਦੱਸ ਸਕਦਾ ਸੀ।

ਬਘੇਲ ਸਿੰਘ ਨੇ ਪੜਤਾਲ ਕਰਕੇ ਦੱਸਿਆ। ਮੁੱਖ ਮੰਤਰੀ ਵੱਲੋਂ ਕੋਈ ਇਸ਼ਾਰਾ ਨਹੀਂ ਸੀ। ਮੁਕਾਮੀ ਪੁਲਿਸ ਸੋਸਾਇਟੀ ਕੋਲੋਂ ਡਰ ਰਹੀਂ ਸੀ। ਅਫ਼ਸਰ ਤਫ਼ਤੀਸ਼ ਦੋਰਾਨ ਵੱਡੀਆਂ ਗ਼ਲਤੀਆਂ ਕਰ ਬੈਠੇ ਸਨ। ਉਨ੍ਹਾਂ ਨੂੰ ਆਪਣਾ ਪਾਲਾ ਮਾਰ ਰਿਹਾ ਸੀ। ਡਰਦੇ ਉਹ ਪ੍ਰਧਾਨ ਦੇ ਇਸ਼ਾਰਿਆਂ ‘ਤੇ ਨੱਚ ਰਹੇ ਸਨ।

ਇਹ ਅਦਾਲਤ ਦਾ ਮਾਮਲਾ ਸੀ। ਅਦਾਲਤ ਦੇ ਮਾਮਲੇ ਵਿਚ ਮੁੱਖ ਮੰਤਰੀ ਦਖ਼ਲ ਨਹੀਂ ਸੀ ਦੇ ਸਕਦਾ। ਚੋਣਾਂ ਸਿਰ ‘ਤੇ ਸਨ। ਉਹ ਸੋਸਾਇਟੀ ਨੂੰ ਨਰਾਜ਼ ਕਰਕੇ ਮੀਡੀਏ ਨੂੰ ਆਪਣੇ ਵਿਰੁਧ ਅੱਗ ਉਗਲਣ ਦਾ ਮੌਕਾ ਵੀ ਨਹੀਂ ਸੀ ਦੇ ਸਕਦਾ।

ਪੰਕਜ ਨੇ ਫੇਰ ਵਕੀਲਾਂ ਨਾਲ ਸਲਾਹ ਕੀਤੀ।

ਵਕੀਲਾਂ ਨੂੰ ਖ਼ਤਰੇ ਦੀ ਘੰਟੀ ਵੱਜਦੀ ਸੁਣਾਈ ਦੇਣ ਲੱਗੀ।

ਸਭ ਤੋਂ ਅਹਿਮ ਗਵਾਹ ਮੁਨੀਮ ਸੀ। ਪੁਲੀਸ ਨੇ ਉਸਨੂੰ ਵੀ ਸੱਚ ਬੋਲਣ ਲਈ ਆਖਿਆ ਸੀ। ਸੱਚ ਬੋਲਣ ਤੋਂ ਗੁਰੇਜ਼ ਕਰਕੇ ਉਹ ਸ਼ਰਾਰਤ ਕਰ ਰਿਹਾ ਸੀ। ਲਗਦਾ ਸੀ ਕਾਨੂੰਨ ਦੇ ਕਿਸੇ ਭੇਤੀ ਨੇ ਉਸਨੂੰ ਉਸਦੀ ਗਵਾਈ ਦੀ ਅਹਿਮੀਅਤ ਸਮਝਾ ਦਿੱਤੀ ਸੀ। ਉਹ ਸੱਚ ਬੋਲਣ ਦਾ ਮੁੱਲ ਮੰਗ ਰਿਹਾ ਸੀ। ਉਸਦੀ ਰਮਜ਼ ਸਮਝੋ। ਉਸ ਨਾਲ ਗੱਲ ਕਰੋ। ਉਸਦਾ ਬਣਦਾ ਮੁੱਲ ਪਾਵੋ।

ਸਟੋਰ ਕੀਪਰ ਅਤੇ ਗੇਟ ਕੀਪਰ ਡਰੇ ਹੋਏ ਸਨ। ਉਨ੍ਹਾਂ ਦੇ ਡਰ ਨੂੰ ਧਿਆਨ ਵਿਚ ਰੱਖਿਆ ਜਾਵੇ। ਰਜਿਸਟਰਾਂ ਵਿਚ ਇੰਦਰਾਜ ਉਨ੍ਹਾਂ ਦੇ ਕਲਮੀ ਹਨ, ਇਹ ਉਨ੍ਹਾਂ ਤੋਂ ਮੰਨਵਾ ਲਿਆ ਜਾਵੇ। ਜੇ ਲਿਖਤਾਂ ਤੋਂ ਉੱਕਾ ਹੀ ਮੁਕਰਿਆ ਗਿਆ ਤਾਂ ਅਦਾਲਤ ਨੇ ਰਾਏ ਲਈ ਹੱਥ ਲਿਖਤਾਂ ਦੇ ਮਾਹਿਰਾਂ ਨੂੰ ਬੁਲਾ ਲੈਣਾ ਸੀ। ਮਾਹਿਰਾਂ ਨੂੰ ਲਿਖਤਾਂ ਉਨ੍ਹਾਂ ਦੇ ਕਲਮੀ ਹੋਣਾ ਮੰਨਣਾ ਪੈਣਾ ਸੀ। ਗੇਟ ਕੀਪਰ ਨਾਲੋਂ ਮਾਹਿਰਾਂ ਦੀ ਗਵਾਹੀ ਨੇ ਵੱਧ ਮਹੱਤਵਪੂਰਣ ਬਣ ਜਾਣਾ ਸੀ। ਇਹ ਗਵਾਹਾਂ ਲਈ ਖ਼ਤਰਨਾਕ ਹੋਣਾ ਸੀ ਅਤੇ ਮੁਲਜ਼ਮਾਂ ਲਈ ਵੀ।

ਪੰਕਜ ਹੋਰਾਂ ਦੇ ਬਚਾਅ ਲਈ ਗਵਾਹਾਂ ਤੋਂ ਸਪਸ਼ਟੀਕਰਣ ਲੈ ਲਿਆ ਜਾਵੇ। ਇਹ ਇੰਦਰਾਜ ਪੁਲੀਸ ਨੇ ਉਨ੍ਹਾਂ ਨੂੰ ਡਰਾ ਕੇ ਅਤੇ ਥਾਣੇ ਬਿਠਾ ਕੇ ਕਰਾਏ ਸਨ। ਨਾ ਉਹ ਕਿਸੇ ਠੇਕੇਦਾਰ ਨੂੰ ਜਾਣਦੇ ਸਨ, ਨਾ ਉਹ ਕਦੇ ਉਨ੍ਹਾਂ ਦੀ ਫੈਕਟਰੀ ਆਇਆ ਸੀ।

ਅਜਿਹੇ ਬਿਆਨਾਂ ਨਾਲ ਸੱਪ ਵੀ ਮਰ ਜਾਣਾ ਸੀ ਅਤੇ ਲਾਠੀ ਵੀ ਬਚ ਰਹਿਣੀ ਸੀ।

ਮੁਨੀਮ ਦੇ ਮਨ ਦੀ ਘੁੰਡੀ ਖੋਹਲੀ ਜਾਵੇ। ਜਿੰਨਾ ਚਿਰ ਪੂਰੀ ਤਸੱਲੀ ਨਹੀਂ ਹੁੰਦੀ, ਉਸਨੂੰ ਅਦਾਲਤ ਵਿਚ ਪੇਸ਼ ਹੋਣ ਤੋਂ ਰੋਕਿਆ ਜਾਵੇ।

ਸਾਰੇ ਗਵਾਹ ਪੰਜ ਪੰਜ ਛੇ ਛੇ ਸਾਲ ਤੋਂ ਉਨ੍ਹਾਂ ਕੋਲ ਨੌਕਰ ਸਨ। ਉਨ੍ਹਾਂ ਨੂੰ ਮਾਲਕਾਂ ਦੇ ਖਾਧੇ ਨਮਕ ਦੀ ਸ਼ਰਮ ਸੀ। ਮਾਲਕਾਂ ਨਾਲ ਅੱਖ ਮਿਲਾ ਕੇ ਮਾਲਕਾਂ ਵਿਰੁਧ ਗਵਾਹੀ ਦੇਣ ਦੀ ਉਨ੍ਹਾਂ ਦੀ ਜੁਅਰਤ ਨਹੀਂ ਸੀ।

ਪਰ ਗਵਾਈ ਸਮੇਂ ਪੰਕਜ ਹੋਰਾਂ ਨੇ ਅਦਾਲਤ ਵਿਚ ਹਾਜ਼ਰ ਨਹੀਂ ਸੀ ਹੋਣਾ। ਇਹ ਕਾਨੂੰਨੀ ਦਿਕਤ ਉਨ੍ਹਾਂ ਦੇ ਵਿਰੁਧ ਜਾ ਰਹੀ ਸੀ।

ਹਾਲ ਦੀ ਘੜੀ ਪੰਕਜ ਅਤੇ ਨੀਰਜ ਦੋਸ਼ੀ ਨਹੀਂ ਸਨ। ਦੋਸ਼ੀ ਬਣੇ ਬਿਨਾਂ ਉਹ ਕਾਰਵਾਈ ਵਿਚ ਹਿੱਸਾ ਨਹੀਂ ਸਨ ਲੈ ਸਕਦੇ। ਗਵਾਹ ਉਨ੍ਹਾਂ ਦੇ ਵਿਰੁਧ ਭੁਗਤਣੇ ਸਨ । ਪਰ ਭੁਗਤਣੇ ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਸਨ।

ਸਾਧੂ ਸਿੰਘ ਕਾਇਦਾ ਕਾਨੂੰਨ ਜਾਣਦਾ ਸੀ। ਕਾਨੂੰਨ ਦੀ ਉਸਨੇ ਸਖ਼ਤੀ ਨਾਲ ਪਾਲਣਾ ਕਰਨੀ ਸੀ। ਇਨ੍ਹਾਂ ਗਵਾਹਾਂ ਨੇ ਗਵਾਹੀ ਪੰਕਜ ਹੋਰਾਂ ਵਿਰੁਧ ਦੇਣੀ ਸੀ ਜਾਂ ਠੇਕੇਦਾਰ ਵਿਰੁਧ। ਬਾਕੀ ਦੇ ਵਕੀਲਾਂ ਨੂੰ ਉਸਨੇ ਇਨ੍ਹਾਂ ਗਵਾਹਾਂ ਉਪਰ ਜਿਰ੍ਹਾ ਨਹੀਂ ਸੀ ਕਰਨ ਦੇਣੀ। ਠੇਕੇਦਾਰ ਦਾ ਵਕੀਲ ਅਣਜਾਨ ਸੀ। ਉਸਨੇ ਪੰਕਜ ਹੋਰਾਂ ਦਾ ਪੱਖ ਤਾਂ ਕੀ ਪੂਰਨਾ ਸੀ, ਉਸਤੋਂ ਠੇਕੇਦਾਰ ਦਾ ਪੱਖ ਵੀ ਨਹੀਂ ਸੀ ਪੂਰਿਆ ਜਾਣਾ।

ਇਸ ਅੜਚਨ ਦੇ ਦੋ ਹੱਲ ਸਨ। ਪਹਿਲਾ ਇਹ ਕਿ ਠੇਕੇਦਾਰ ਨੂੰ ਕੋਈ ਚੰਗਾ ਵਕੀਲ ਕਰ ਕੇ ਦਿੱਤਾ ਜਾਵੇ। ਇਸ ਲਈ ਠੇਕੇਦਾਰ ਸਹਿਮਤ ਨਹੀਂ ਸੀ। ਉਹ ਪੰਕਜ ਉਪਰ ਯਕੀਨ ਨਹੀਂ ਸੀ ਕਰ ਰਿਹਾ। ਉਹ ਪਹਿਲਾਂ ਉਸ ਨੂੰ ਫਸਾ ਚੁੱਕੇ ਸਨ। ਆਪ ਨਿਕਲ ਗਏ ਸਨ। ਅੱਗੇ ਵੀ ਉਨ੍ਹਾਂ ਇੰਝ ਹੀ ਕਰਨਾ ਸੀ। ਚੰਗਾ ਮਾੜਾ ਉਸਨੂੰ ਆਪਣੇ ਵਕੀਲ ਤੇ ਯਕੀਨ ਸੀ।

ਦੂਜਾ ਰਸਤਾ ਇਹ ਸੀ ਕਿ ਠੇਕੇਦਾਰ ਦੇ ਵਕੀਲ ਨੂੰ ਤਿਆਰੀ ਕਰਵਾ ਦਿੱਤੀ ਜਾਵੇ ।

ਦੂਸਰਾ ਰਸਤਾ ਅਪਣਾਇਆ ਗਿਆ।

ਪੇਸ਼ੀ ਵਾਲੇ ਦਿਨ ਚਾਰਾਂ ਵਿਚੋਂ ਤਿੰਨ ਗਵਾਹ ਪੇਸ਼ ਕੀਤੇ ਗਏ।

ਗਵਾਹਾਂ ਉਪਰ ਸੋਸਾਇਟੀ ਵਾਲਿਆਂ ਨੇ ਪਤਾ ਨਹੀਂ ਕੀ ਟੂਣਾ ਝਾੜਿਆ ਸੀ।

ਕਚਹਿਰੀ ਵੜਦਿਆਂ ਹੀ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ। ਪੰਕਜ ਵੱਲੋਂ ਸਮਝਾਇਆ ਇਕ ਵੀ ਨੁਕਤਾ ਉਨ੍ਹਾਂ ਨੂੰ ਯਾਦ ਨਾ ਰਿਹਾ।

ਗੀਤਾ ਤੇ ਹੱਥ ਰੱਖ ਕੇ ਸਹੰ ਖਾਣ ਬਾਅਦ ਉਨ੍ਹਾਂ ਦੀਆਂ ਲੱਤਾਂ ਕੰਬਣ ਲਗ ਪਈਆਂ।

ਰੱਬ ਦੀ ਮਾਰ ਤੋਂ ਡਰਦੇ ਉਹ ਝੂਠ ਬੋਲਣਾ ਭੁੱਲ ਗਏ।

ਸਰਕਾਰੀ ਵਕੀਲ ਨੇ ਦੋ ਦੋ ਤਿੰਨ ਤਿੰਨ ਹੀ ਪ੍ਰਸ਼ਨ ਪੁੱਛੇ।

“ਕੀ ਤੁਸੀਂ ਠੇਕੇਦਾਰ ਨੂੰ ਪਹਿਚਾਣਦੇ ਹੋ ( ਕੀ ਉਹ ਕਦੇ ਤੁਹਾਡੀ ਫੈਕਟਰੀ ਆਇਆ ( ਕੀ ਤੁਸੀਂ ਉਸਦੀ ਆਮਦ ਦਾ ਇੰਦਰਾਜ ਆਪਣੇ ਰਜਿਸਟਰ ਵਿਚ ਕੀਤਾ ( ਉਹ ਫੈਕਟਰੀਉਂ ਕੀ ਕੀ ਸਮਾਨ ਲੈ ਕੇ ਗਿਆ ( ਉਸਦਾ ਜ਼ਿਕਰ ਤੁਸੀਂ ਆਪਣੇ ਸਟਾਕ ਰਜਿਸਟਰ ਵਿਚ ਕੀਤਾ (“

ਗਵਾਹ ਝੋਟੇ ਵਾਂਗ ਹਾਂ ਵਿਚ ਸਿਰ ਹਿਲਾਉਂਦੇ ਰਹੇ।

ਠੇਕੇਦਾਰ ਦੇ ਵਕੀਲ ਨੂੰ ਜੱਜ ਨੇ ਬਹੁਤੀ ਜਿਰ੍ਹਾ ਦੀ ਇਜਾਜ਼ਤ ਨਾ ਦਿੱਤੀ। ਗਵਾਹਾਂ ਨੇ ਇਕ ਵਾਰ ਫੇਰ ਗਵਾਹੀ ਦੇਣ ਆਉਣਾ ਸੀ। ਉਸ ਸਮੇਂ ਉਸਨੂੰ ਖੁੱਲ੍ਹੀ ਜਿਰ੍ਹਾ ਦਾ ਮੋਕਾ ਮਿਲਣਾ ਸੀ।

ਮੁਨੀਮ ਦੀ ਥਾਂ ਮੁਨੀਮ ਦਾ ਮੁੰਡਾ ਹਾਜ਼ਰ ਹੋਇਆ।

ਮੁਨੀਮ ਬਿਮਾਰ ਸੀ। ਉਸਨੂੰ ਟੱਟੀਆਂ ਲੱਗੀਆਂ ਸਨ। ਉਹ ਤੁਰਨ ਫਿਰਨ ਦੇ ਕਾਬਲ ਨਹੀਂ ਸੀ। ਸਬੂਤ ਵਜੋਂ ਮੁੰਡਾ ਡਾਕਟਰ ਕੋਲੋਂ ਸਰਟੀਫਿਕੇਟ ਲੈ ਕੇ ਆਇਆ ਸੀ।

ਮੁਨੀਮ ਦੀ ਇਸ ਚਲਾਕੀ ਨੇ ਸਾਧੂ ਸਿੰਘ ਦਾ ਪਾਰਾ ਚਾੜ੍ਹ ਦਿੱਤਾ।

“ਟੱਟੀਆਂ ਲੱਗੀਆਂ ਨਹੀਂ, ਲੱਗ ਜਾਣਗੀਆਂ। ਪਰਸੋਂ ਨੂੰ ਪੇਸ਼ ਕਰੋ। ਨਹੀਂ ਤਾਂ ਉਹ ਜੇਲ੍ਹ ਜਾਣ ਲਈ ਤਿਆਰ ਰਹੇ।”

ਸਾਧੂ ਸਿੰਘ ਨੇ ਮੁਨੀਮ ਦੇ ਮੁੰਡੇ ਨੂੰ ਦਬਕਾਇਆ। ਨਾਲ ਡਾਕਟਰ ਨੂੰ ਨੋਟਿਸ ਜਾਰੀ ਕੀਤਾ। ਮੁਨੀਮ ਦੀ ਬਿਮਾਰੀ ਦਾ ਰਿਕਾਰਡ ਲੈ ਕੇ ਉਹ ਵੀ ਹਾਜ਼ਰ ਹੋਵੇ।

 

-98-

 

ਤਿੰਨ ਦਿੰਨਾਂ ਦੀ ਪੇਸ਼ੀ।

ਜੱਜ ਦਾ ਤੇਜ਼ੀ ਨਾਲ ਮੁਕੱਦਮਾ ਚਲਾਉਣਾ ਪੰਕਜ ਹੋਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ।

ਉਨ੍ਹਾਂ ਨੇ ਅਖ਼ਬਾਰਾਂ ਵਿਚ ਪੜ੍ਹਿਆ ਸੀ ਫ਼ੋਜਦਾਰੀ ਮੁਕੱਦਮੇ ਸਾਲਾਂ ਬੱਧੀ ਚੱਲਦੇ ਰਹਿੰਦੇ ਸਨ। ਤਿੰਨ ਸਾਲ ਦੀ ਸਜ਼ਾ ਵਾਲੇ ਜੁਰਮਾਂ ਵਿਚ ਦੋਸ਼ੀਆਂ ਨੂੰ ਬਾਰਾਂ ਬਾਰਾਂ ਸਾਲ ਜੇਲ੍ਹ ਵਿਚ ਬੈਠਿਆਂ ਲੰਘ ਜਾਂਦੇ ਸਨ। ਉਨ੍ਹਾਂ ਦੇ ਮੁਕੱਦਮਿਆਂ ਦੀ ਸਮਾਇਤ ਪੂਰੀ ਨਹੀਂ ਸੀ ਹੁੰਦੀ।

ਉਪਰਲੀਆਂ ਅਦਾਲਤਾਂ ਹੇਠਲੀਆਂ ਅਦਾਲਤਾਂ ਨੂੰ ਝਾੜਾਂ ਪਾਉਂਦੀਆਂ ਸਨ। ਮੁਕੱਦਮੇ ਜਲਦੀ ਨਬੇੜੋ। ਮੁਕੱਦਮੇ ਫੇਰ ਵੀ ਲਟਕਦੇ ਰਹਿੰਦੇ ਸਨ।

ਇਥੇ ਉਲਟ ਹੋ ਰਿਹਾ ਸੀ। ਮੁਲਜ਼ਮ ਮੁਕੱਦਮਾ ਲਟਕਾਉਣਾ ਚਾਹੰਦੇ ਸਨ। ਜੱਜ ਮੁਕਾਉਣਾ ਚਾਹੰਦਾ ਸੀ।

ਪੂਰਾ ਜ਼ੋਰ ਲਾਉਣ ਦੇ ਬਾਵਜੂਦ ਪਹਿਲੇ ਦੋਂ ਗਵਾਹ ਉਨ੍ਹਾਂ ਦੇ ਉਲਟ ਭੁਗਤੇ ਸਨ।

ਮੁਨੀਮ ਅੰਦਰ ਜਾ ਕੇ ਕੀ ਆਖੇਗਾ ( ਇਕ ਮਹੀਨੇ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਵੀ ਉਹ ਉਸਦੀ ਚੁੱਪ ਨਹੀਂ ਸਨ ਤੁੜਵਾ ਸਕੇ।

ਪੰਕਜ ਦੇ ਸੂਹੀਏ ਮੁਨੀਮ ‘ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਨੇ ਰਿਪੋਰਟ ਦਿੱਤੀ ਸੀ।

ਸੋਸਾਇਟੀ ਵਾਲਿਆਂ ਨੇ ਹਾਲੇ ਤਕ ਉਸ ਨਾਲ ਸੰਪਰਕ ਨਹੀਂ ਸੀ ਕੀਤਾ।

ਇਕ ਅਹਿਮ ਗਵਾਹ ਨਾਲ ਮੁਦਈ ਨੇ ਸੰਪਰਕ ਨਾ ਕੀਤਾ ਹੋਵੇ, ਇਹ ਨਾ ਪੰਕਜ ਮੰਨਣ ਲਈ ਤਿਆਰ ਸੀ, ਨਾ ਉਸਦੇ ਵਕੀਲ।

ਸਭ ਨੂੰ ਸ਼ੱਕ ਸੀ ਮੁਦਈ ਧਿਰ ਨੇ ਮੁਨੀਮ ਨਾਲ ਕੋਈ ਗੁਪਤ ਸਮਝੌਤਾ ਕੀਤਾ ਸੀ । ਇਸੇ ਕਾਰਨ ਉਹ ਖ਼ਾਮੋਸ਼ ਸੀ। ਪੰਕਜ ਨਾਲ ਇਸੇ ਲਈ ਉਹ ਕੋਈ ਵਾਅਦਾ ਕਰਨ ਲਈ ਤਿਆਰ ਨਹੀਂ ਸੀ।

ਪੰਕਜ ਦੇ ਵਕੀਲਾਂ ਨੇ ਸਲਾਹ ਦਿੱਤੀ। ਗਵਾਹੀ ਤਕ ਉਸਨੂੰ ਪਲੋਸ ਕੇ ਰੱਖਿਆ ਜਾਵੇ। ਉਸਦਾ ਹਰ ਨਖਰਾ ਬਰਦਾਸ਼ਤ ਕੀਤਾ ਜਾਵੇ।

ਪੰਕਜ ਪਹਿਲਾਂ ਹੀ ਹੁਸ਼ਿਆਰੀ ਵਰਤ ਰਿਹਾ ਸੀ। ਜਿਸ ਦਿਨ ਤੋਂ ਪੁਲਿਸ ਨੇ ਮੁਨੀਮ ਨੂੰ ਗਵਾਹ ਰੱਖਿਆ ਸੀ, ਉਸੇ ਦਿਨ ਤੋਂ ਉਸਦੀ ਸੇਵਾ ਜਵਾਈਆਂ ਵਾਂਗ ਹੋ ਰਹੀ ਸੀ ।

ਮੁਨੀਮ ਨੂੰ ਵੀ ਆਪਣੇ ਵਿਸ਼ੇਸ਼ ਰੁਤਬੇ ਦਾ ਅਹਿਸਾਸ ਸੀ। ਆਪਣੇ ਅੜੇ ਕੰਮ ਕਢਾਉਣ ਦਾ ਉਸਨੂੰ ਮਸਾਂ ਮੌਕਾ ਮਿਲਿਆ ਹੋਇਆ ਸੀ।

ਕਾਫ਼ੀ ਦੇਰ ਤੋਂ ਉਹ ਆਪਣੇ ਜਵਾਈ ਲਈ ਕਿਸ਼ਤਾਂ ਉਪਰ ਪਲਾਟ ਦੀ ਮੰਗ ਕਰਦਾ ਆ ਰਿਹਾ ਸੀ। ਕਿਸ਼ਤ ਰਕਮ ਦੇ ਵਿਆਜ ਨਾਲੋਂ ਘੱਟ ਦੇਣਾ ਚਾਹੁੰਦਾ ਸੀ। ਇਸ ਕਾਰਨ ਪੰਕਜ ਉਸਨੂੰ ਟਾਲਦਾ ਆ ਰਿਹਾ ਸੀ। ਹੁਣ ਜਦੋਂ ਉਸਨੇ ਇਹ ਮੰਗ ਦੁਹਰਾਈ ਤਾਂ ਉਹ ਨਾਂਹ ਨਹੀਂ ਸੀ ਕਰ ਸਕਿਆ।

ਕਿਸ਼ਤਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਉਸਨੇ ਰਜਿਸਟਰੀ ਵੀ ਕਰਵਾ ਦਿੱਤੀ।

“ਤੇਰਾ ਜਵਾਈ ਸਾਡਾ ਵੀ ਕੁਝ ਲਗਦਾ ਹੈ। ਉਸਨੂੰ ਕਹਿ ਬਾਕੀ ਬਚਦੀ ਰਕਮ ਦੇ ਦੋ ਕਮਰੇ ਉਸਾਰ ਲਵੇ। ਸਿਰ ਘਸੋਣ ਜੋਗਾ ਹੋ ਜਾਵੇ।”

ਪੰਜਾਹ ਹਜ਼ਾਰ ਦੀ ਛੋਟ ਦਿੰਦੇ ਪੰਕਜ ਨੇ ਮੁਨੀਮ ਨੂੰ ਮਸ਼ਵਰਾ ਦਿੱਤਾ ਸੀ।

ਪੰਕਜ ਦੇ ਸਾਲੇ ਦੇ ਸੁਸਰਾਲ ਦੀ ਸਾਈਕਲ ਬਣਾਉਣ ਦੀ ਫ਼ੈਕਟਰੀ ਸੀ। ਉਨ੍ਹਾਂ ਦੇ ਸਾਈਕਲਾਂ ਦੀ ਮੰਡੀ ਵਿਚ ਪੂਰੀ ਮੰਗ ਸੀ। ਪਿੰਡਾਂ ਦੀਆਂ ਦੁਕਾਨਾਂ ਵਾਲੇ ਵੀ ਦੋ ਤਿੰਨ ਸਾਈਕਲ ਹਰ ਰੋਜ਼ ਵੇਚ ਦਿੰਦੇ ਸਨ। ਮੁਨੀਮ ਦਾ ਵੱਡਾ ਮੁੰਡਾ ਸਾਈਕਲ ਰਿਪੇਅਰ ਦੀ ਦੁਕਾਨ ਦਰਦਾ ਸੀ। ਮੁਨੀਮ ਪੰਕਜ ਦੇ ਕਈ ਵਾਰ ਹਾੜੇ ਕੱਢ ਚੁੱਕਾ ਸੀ। ਜੇ ਉਸਦੇ ਮੁੰਡੇ ਨੂੰ ਏਜੰਸੀ ਮਿਲ ਜਾਵੇ ਉਸਦੇ ਵਾਰੇ ਨਿਆਰੇ ਹੋ ਜਾਣ।

ਏਜੰਸੀ ਉਹ ਮਨਿਸਟਰ ਦੇ ਆਖੇ ਨਹੀਂ ਸਨ ਦਿੰਦੇ। ਏਜੰਸੀ ਦਾ ਮਤਲਬ ਸੀ ਤੀਹ ਚਾਲੀ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਕਮਾਈ। ਪੰਕਜ ਨੇ ਰਿਸ਼ਤੇਦਾਰਾਂ ਨੂੰ ਅਜਿਹਾ ਸਵਾਲ ਨਹੀਂ ਸੀਂ ਪਾਇਆ।

ਹੁਣ ਮੁਨੀਮ ਇਹ ਮੰਗ ਵੀ ਦੁਹਰਾ ਰਿਹਾ ਸੀ।

ਪੰਕਜ ਨੇ ਆਪਣੀ ਪਤਨੀ ਨਾਲ ਗੱਲ ਕੀਤੀ। ਉਸਨੂੰ ਮੁਨੀਮ ਦੀ ਗਵਾਹੀ ਦੀ ਅਹਿਮੀਅਤ ਸਮਝਾਈ। ਪੇਕਿਆਂ ਕੋਲੋਂ ਏਜੰਸੀ ਦੇਣ ਦੀ ਸਿਫਾਰਿਸ਼ ਕਰਾਈ।

ਮੁਨੀਮ ਦਾ ਢਿੱਡ ਭਰ ਨਹੀਂ ਸੀ ਰਿਹਾ। ਹਰ ਰੋਜ਼ ਉਹ ਨਵੀਂ ਸਕੀਮ ਘੜ ਲਿਆਉਂਦਾ ਸੀ।

ਵਕੀਲਾਂ ਦੀ ਸਲਾਹ ‘ਤੇ ਪੰਕਜ ਹਰ ਕੌੜਾ ਘੁੱਟ ਭਰਦਾ ਜਾ ਰਿਹਾ ਸੀ।

ਅਗਲੀ ਪੇਸ਼ੀ ਦੋ ਦਿਨਾਂ ਬਾਅਦ ਹੋਣੀ ਸੀ। ਮੁਨੀਮ ਇਨ੍ਹਾਂ ਦੋ ਦਿਨਾਂ ਦਾ ਭਰਪੂਰ ਫ਼ਾਇਦਾ ਉਠਾ ਰਿਹਾ ਸੀ। ਜਿਵੇਂ ਉਸਨੂੰ ਪਤਾ ਸੀ, ਗਵਾਹੀ ਬਾਅਦ ਉਸਦੀ ਨੌਕਰੀਉਂ ਛੁੱਟੀ ਹੋਣ ਵਾਲੀ ਸੀ।

ਪੰਕਜ ਦਾ ਦਿਲ ਧੜਕ ਰਿਹਾ ਸੀ। ਮੁਨੀਮ ਦੇ ਲਾਲਚ ਕਾਰਨ ਉਸਨੂੰ ਚਿੰਤਾ ਹੋ ਰਹੀ ਸੀ। ਉਹ ਡਰ ਰਿਹਾ ਸੀ, ਮੁਨੀਮ ਕਿਧਰੇ ਫ਼ਾਇਦੇ ਉਠਾ ਕੇ ਵੀ ਉਨ੍ਹਾਂ ਦੇ ਉਲਟ ਨਾ ਭੁਗਤ ਜਾਵੇ।

ਪੰਕਜ ਦਾ ਸ਼ੱਕ ਫਜ਼ੂਲ ਸੀ। ਮੁਨੀਮ ਨੇ ਲਾਲਚ ਜ਼ਰੂਰ ਕੀਤਾ ਸੀ ਪਰ ਬੇਵਫ਼ਾਈ ਨਹੀਂ।

ਅਦਾਲਤ ਵਿਚ ਉਹ ਨਿਧੜਕ ਹੋ ਕੇ ਮਾਲਕਾਂ ਨਾਲ ਖਲੋਇਆ। ਉਸਦੇ ਸਾਹਮਣੇ ਕਦੇ ਕਿਸੇ ਨੇ ਕੋਈ ਸਾਜ਼ਿਸ਼ ਨਹੀਂ ਸੀ ਘੜੀ।

ਮੁਨੀਮ ਨੂੰ ਭੁਗਤਾ ਕੇ ਪੰਕਜ ਨੇ ਮਸਾਂ ਸੁਖ ਦਾ ਸਾਹ ਲਿਆ।

 

-99-

 

ਪੰਕਜ ਹੋਰਾਂ ਦੇ ਸੁਖਾਂ ਦੇ ਸਾਹਾਂ ਦੀ ਗਿਣਤੀ ਦਸ ਤਕ ਵੀ ਨਹੀਂ ਸੀ ਪੁੱਜੀ ਕਿ ਜੱਜ ਨੇ ਉਨ੍ਹਾਂ ਦੀ ਜਾਨ ਫੇਰ ਸੁੱਕਣੇ ਪਾ ਦਿੱਤੀ।

“ਕਿਉਂ ਪੀ.ਪੀ. ਸਾਹਿਬ, ਪੰਕਜ ਹੋਰਾਂ ਨੂੰ ਤਲਬ ਕਰਨ ਦੀ ਦਰਖ਼ਾਸਤ ਦੇਣੀ ਹੈ (“

ਮੁਨੀਮ ਦੀ ਗਵਾਹੀ ਖ਼ਤਮ ਹੁੰਦਿਆਂ ਹੀ ਜੱਜ ਨੇ ਸਰਕਾਰੀ ਵਕੀਲ ਤੋਂ ਪੁੱਛਿਆ।

ਦਰਸ਼ਕਾਂ ਵਾਲੇ ਬੈਂਚਾਂ ਉਪਰ ਬੈਠੇ ਪੰਕਜ ਉਪਰ ਇਹ ਸਵਾਲ ਬੰਬ ਵਾਂਗ ਵੱਜਾ।

ਪੰਕਜ ਨੂੰ ਦੱਸਿਆ ਗਿਆ ਸੀ, ਸਰਕਾਰੀ ਵਕੀਲ ਪਹਿਲੀ ਪੇਸ਼ੀ ਉਪਰ ਉਨ੍ਹਾਂ ਨੂੰ ਤਲਬ ਕਰਨ ਦੀ ਦਰਖ਼ਾਸਤ ਨਹੀਂ ਦੇਵੇਗਾ। ਉਹ ਕੁਝ ਦਿਨਾਂ ਦਾ ਸਮਾਂ ਮੰਗੇਗਾ। ਅਗਲੀ ਪੇਸ਼ੀ ‘ਤੇ ਜੇ ਲੋੜ ਪਈ ਤਾਂ ਦਰਖ਼ਾਸਤ ਦਿੱਤੀ ਜਾਵੇਗੀ। ਦਰਖ਼ਾਸਤ ਦਾ ਜਵਾਬ ਦੇਣ ਲਈ ਵਕੀਲ ਸਮਾਂ ਮੰਗਣਗੇ। ਜਵਾਬ ਦਿੰਦਿਆਂ, ਬਹਿਸ ਕਰਦਿਆਂ ਕਈ ਪੇਸ਼ੀਆਂ ਪੈ ਜਾਣਗੀਆਂ।

ਜ਼ਿਲ੍ਹਾ ਅਟਾਰਨੀ ਨੇ ਪੰਕਜ ਨੂੰ ਵਿਸ਼ਵਾਸ ਦਿਵਾਇਆ ਸੀ। ਜਿਥੋਂ ਤਕ ਹੋ ਸਕਿਆ ਦਰਖ਼ਾਸਤ ਦੇਣ ਤੋਂ ਟਲਿਆ ਜਾਏਗਾ। ਉਨ੍ਹਾਂ ਖ਼ਿਲਾਫ਼ ਦਰਖ਼ਾਸਤ ਦੇਣ ਜੋਗੇ ਸਬੂਤ ਮਿਸਲ ‘ਤੇ ਨਹੀਂ ਸਨ ਆਏ। ਮੁਨੀਮ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ। ਸਟੋਰ ਕੀਪਰ ਅਤੇ ਗੇਟ ਕੀਪਰ ਠੇਕੇਦਾਰ ਦੇ ਫੈਕਟਰੀ ਆਉਣ ਨੂੰ ਤਾਂ ਸਾਬਤ ਕਰਦੇ ਸਨ, ਘੜੀ ਸਾਜ਼ਿਸ਼ ਨੂੰ ਨਹੀਂ। ਠੇਕੇਦਾਰ ਮਜ਼ਦੂਰਾਂ ਦਾ ਨੇਤਾ ਸੀ। ਲੇਬਰ ਦਾ ਠੇਕੇਦਾਰ ਸੀ। ਆਪਣੇ ਬੰਦਿਆਂ ਨੂੰ ਮਿਲਣ ਉਹ ਫੈਕਟਰੀ ਆਉਂਦਾ ਜਾਂਦਾ ਰਹਿੰਦਾ ਸੀ। ਮਾਲਕ ਆਪਣੇ ਵਰਕਰਾਂ ਨੂੰ ਬੈਗ ਤੋਹਫ਼ੇ ਵਜੋਂ ਦਿੰਦੇ ਰਹਿੰਦੇ ਸਨ। ਕਿਸੇ ਵਰਕਰ ਨੇ ਆਪਣਾ ਬੈਗ ਠੇਕੇਦਾਰ ਨੂੰ ਦਿਵਾ ਦਿੱਤਾ ਹੋਵੇ ਇਸ ਵਿਚ ਕਿਹੜੀ ਅਣ ਹੋਣੀ ਗੱਲ ਸੀ। ਬੈਗ ਦੀ ਕੀਮਤ ਪੰਦਰਾਂ ਵੀਹ ਰੁਪਏ ਸੀ। ਠੇਕੇਦਾਰ ਨੂੰ ਵੀ ਇਹ ਤੋਹਫ਼ੇ ਵਿਚ ਦਿੱਤੇ ਜਾ ਸਕਦੇ ਸਨ। ਦੋਂ ਬੈਗ ਦੇਣ ਨਾਲ ਸਾਜਿਸ਼ ਸਾਬਤ ਨਹੀਂ ਹੋ ਜਾਂਦੀ। ਆਈ. ਜੀ. ਵਰਗਾ ਉੱਚ ਅਧਿਕਾਰੀ ਪੰਕਜ ਹੋਰਾਂ ਨੂੰ ਬੇ ਕਸੂਰ ਕਰਾਰ ਦੇ ਚੁੱਕਾ ਸੀ। ਉਸ ਸਮੇਂ ਵੀ ਇਨ੍ਹਾਂ ਗਵਾਹਾਂ ਦੇ ਬਿਆਨ ਮਿਸਲ ਉਪਰ ਆ ਚੁੱਕੇ ਸਨ। ਆਈ. ਜੀ. ਇਨ੍ਹਾਂ ਗਵਾਹੀਆਂ ਨਾਲ ਸਹਿਮਤ ਨਹੀਂ ਸੀ ਹੋਇਆ।

ਉਸਨੇ ਇਨ੍ਹਾਂ ਗਵਾਹੀਆਂ ਨੂੰ ਝੂਠੀਆਂ ਆਖ ਕੇ ਪੰਕਜ ਹੋਰਾਂ ਨੂੰ ਸੱਚਾ ਆਖਿਆ ਸੀ।

ਸਰਕਾਰੀ ਵਕੀਲਾਂ ਨੇ ਆਈ. ਜੀ. ਦੀ ਰਿਪੋਰਟ ਨਾਲ ਸਹਿਮਤੀ ਪ੍ਰਗਟਾਈ ਸੀ। ਸਰਕਾਰੀ ਵਕੀਲ ਦਾ ਆਪਣੀ ਰਿਪੋਰਟ ਦੇ ਵਿਰੁਧ ਜਾਣ ਦਾ ਮਤਲਬ ਹੀ ਨਹੀਂ ਸੀ।

ਜ਼ਿਲ੍ਹਾ ਅਟਾਰਨੀ ਨੇ ਇਹ ਵੀ ਯਕੀਨ ਦਿਵਾਇਆ ਸੀ। ਆਪਣੇ ਸਰਕਾਰੀ ਵਕੀਲ ਨੂੰ ਉਸਨੇ ਇਸ ਆਸ਼ੇ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਉਹ ਅਗਲੀ ਪੇਸ਼ੀ ਤੋਂ ਪਹਿਲਾਂ ਉਸਨੂੰ ਮਿਲ ਕੇ ਆਪਣੀ ਤਸੱਲੀ ਕਰ ਲੈਣ।

ਪਰ ਸਾਧੂ ਸਿੰਘ ਨੇ ਪੰਕਜ ਹੋਰਾਂ ਨੂੰ ਸਰਕਾਰੀ ਵਕੀਲ ਨੂੰ ਮਿਲਣ ਦਾ ਮੌਕਾ ਹੀ ਨਹੀਂ ਸੀ ਦਿੱਤਾ।

“ਜੀ ਜਨਾਬ )” ਸਰਕਾਰੀ ਵਕੀਲਾਂ ਅਤੇ ਪ੍ਰਧਾਨ ਦੇ ਮੂੰਹੋਂ ਇਕੱਠਿਆਂ ਇਹ ਸ਼ਬਦ ਨਿਕਲੇ।

“ਲਿਆਓ ਫੇਰ।”

“ਦਰਖ਼ਾਸਤ ਹਾਲੇ ਤਿਆਰ ਕਰਨੀ ਹੈ। ਜਨਾਬ ਛੋਟੀ ਜਿਹੀ ਤਾਰੀਖ਼ ਪਾ ਦਿਓ।”

ਜ਼ਿਲ੍ਹਾ ਅਟਾਰਨੀ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਵਕੀਲ ਨੇ ਪੇਸ਼ੀ ਮੰਗੀ।

“ਦਰਖ਼ਾਸਤ ਮੈਂ ਤਿਆਰ ਕਰ ਰੱਖੀ ਹੈ।”

ਆਖ ਕੇ, ਪ੍ਰਧਾਨ ਨੇ ਆਪਣੇ ਲਿਫ਼ਾਫ਼ੇ ਵਿਚੋਂ ਦਰਖ਼ਾਸਤ ਕੱਢ ਕੇ ਸਰਕਾਰੀ ਵਕੀਲ ਦੇ ਅੱਗੇ ਰੱਖ ਦਿੱਤੀ।

“ਕਰੋਗੇ ਇਸ ਉਪਰ ਆਪਣੇ ਦਸਤਖ਼ਤ (“

ਅਚਾਨਕ ਸਾਹਮਣੇ ਆ ਟਿਕੀ ਦਰਖ਼ਾਸਤ ਦੇਖ ਕੇ ਡੌਰ ਭੌਰ ਹੋਏ ਸਰਕਾਰੀ ਵਕੀਲ ਤੋਂ ਪ੍ਰਧਾਨ ਨੇ ਵਿਅੰਗਮਈ ਅੰਦਾਜ਼ ਨਾਲ ਪੁੱਛਿਆ। ਸਖ਼ਤ ਰਵੱਈਆ ਅਪਣਾ ਕੇ ਪ੍ਰਧਾਨ ਸਰਕਾਰੀ ਵਕੀਲ ਨੂੰ ਇਹ ਜਤਾਉਣਾ ਚਾਹੁੰਦਾ ਸੀ ਕਿ ਉਸਨੂੰ ਅਫ਼ਸਰਾਂ ਅਤੇ ਮੁਲਜ਼ਮਾਂ ਵਿਚਕਾਰ ਪੱਕ ਰਹੀ ਖਿਚੜੀ ਦਾ ਪਤਾ ਸੀ।

“ਕਿਉਂ ਨਹੀਂ )” ਨਾਂਹ ਕਰਨ ਦਾ ਸਰਕਾਰੀ ਵਕੀਲ ਕੋਲ ਕੋਈ ਬਹਾਨਾ ਨਹੀਂ ਸੀ।

ਬੁਝੇ ਮਨ ਨਾਲ ਉਸਨੇ ਦਸਤਖ਼ਤ ਝਰੀਟ ਦਿੱਤੇ।

“ਸਾਨੂੰ ਇਸ ਦਰਖ਼ਾਸਤ ਦੀ ਨਕਲ ਦਿਓ। ਅਸੀਂ ਬਹਿਸ ਕਰਾਂਗੇ।” ਮੁਲਜ਼ਮਾਂ ਦੇ ਵਕੀਲ ਦਰਖ਼ਾਸਤ ਦੀ ਨਕਲ ਮੰਗਣ ਲਗੇ।

“ਇਹ ਦਰਖ਼ਾਸਤ ਅਦਾਲਤ ਅਤੇ ਪੰਕਜ ਹੋਰਾਂ ਦੇ ਵਿਚਕਾਰ ਹੈ। ਉਨ੍ਹਾਂ ਦੋਸ਼ੀਆਂ ਦੇ ਤੁਸੀਂ ਵਕੀਲ ਨਹੀਂ। ਤੁਹਾਨੂੰ ਇਸ ਦਰਖ਼ਾਸਤ ਉਪਰ ਬਹਿਸ ਕਰਨ ਦਾ ਕੋਈ ਅਧਿਕਾਰ ਨਹੀਂ।”

ਸਫ਼ਾਈ ਧਿਰ ਦੀ ਬੇਨਤੀ ਜੱਜ ਨੇ ਠੁਕਰਾ ਦਿੱਤੀ।

ਝਟ ਸਰਕਾਰੀ ਵਕੀਲ ਦੀ ਦਰਖ਼ਾਸਤ ਮਨਜ਼ੂਰ ਹੋ ਗਈ।

ਪੰਕਜ ਅਤੇ ਨੀਰਜ ਨੂੰ ਦੋਸ਼ੀ ਠਹਿਰਾਇਆ ਗਿਆ। ਅਗਲੀ ਪੇਸ਼ੀ ਪੇਸ਼ ਹੋਣ ਦਾ ਹੁਕਮ ਸੁਣਾਇਆ ਗਿਆ।

Additional Info

  • Writings Type:: A single wirting
Read 64 times