ਲੇਖ਼ਕ

Friday, 27 April 2018 02:35

02. ਕਿਲੇ ਦੇ ਮੋਤੀ - ਜਗੀਰਦਾਰ ਪਰਿਵਾਰ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਅਤੇ ਬਸੰਤ ਕੌਰ ਬਾਰੇ ਅੰਗ੍ਰੇਜ਼-ਕਨੇਡੀਅਨਾਂ ਨੂੰ ਸਮਝਾਉਣਾ ਪਰਿਵਾਰ ਲਈ ਐਨਾ ਅਸਾਨ ਨਹੀਂ ਸੀ। ਉਨ੍ਹਾਂ ਬਾਰੇ ਦੱਸਣ ਲਈ ਬਹੁਤ ਕੁਝ ਸੀ। ਉਹ ਬਰਤਾਨੀਆਂ ਦੇ ਅਧੀਨ ਪੰਜਾਬ ਸੂਬੇ ਦੇ ਸਿੱਖ ਪਰਿਵਾਰਾਂ ਵਿੱਚੋਂ ਆਏ ਸਨ। ਮੁਸਲਿਮ ਅਤੇ ਹਿੰਦੂ ਬਹੁਗਿਣਤੀ ਵਾਲੇ ਸੂਬੇ ਵਿੱਚ ਸਿੱਖ ਛੋਟੀ ਪਰ ਸਿਰਕੱਢ ਘੱਟ ਗਿਣਤੀ ਜਮਾਤ ਸੀ। ਉਨ੍ਹਾਂ ਦੇ ਪਰਿਵਾਰਾਂ ਨੇ ਅੰਗ੍ਰੇਜ਼ਾਂ ਵੱਲੋਂ ਪੰਜਾਬ ਉੱਤੇ ਕਬਜ਼ਾ ਕਰਨ ਮਗਰੋਂ ਆਪਣੇ ਰੁਤਬੇ ਗੁਆ ਲਏ ਸਨ। ਪਿੰਡਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਲਈ ਹਾਲੇ ਵੀ ਮਾਣਯੋਗ ਥਾਂ ਸੀ। ਇਹ ਥਾਂ ਉਨ੍ਹਾਂ ਦੇ ਵਡੇਰਿਆਂ ਨੇ ਉਨ੍ਹੀਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਉੱਚੀਆਂ ਪਦਵੀਆਂ `ਤੇ ਕੰਮ ਕਰਕੇ ਬਣਾਈ ਸੀ। ਕਪੂਰ ਅਤੇ ਬਸੰਤ ਕੌਰ ਨੂੰ ਆਪਣੇ ਪੁਰਖਿਆਂ ਦੀਆਂ ਕਈ ਪੀੜ੍ਹੀਆਂ ਬਾਰੇ ਜਾਣਕਾਰੀ ਸੀ। ਕਪੂਰ ਦੇ ਵਡੇਰਿਆਂ ਦਾ ਪਿਛੋਕੜ ਰਾਜਕੁਮਾਰਾਂ ਨਾਲ ਜੁੜਦਾ ਸੀ। ਉਨ੍ਹਾਂ ਦੇ ਪਰਿਵਾਰਾਂ ਦਾ ਸਬੰਧ ਦਿਹਾਤੀ ਪੰਜਾਬ ਦੇ ਉੱਚੇ ਖਾਨਦਾਨਾਂ ਨਾਲ ਸੀ। ਉਹ ਵੱਡੇ ਲੋਕਾਂ ਵਿੱਚ ਗਿਣੇ ਜਾਂਦੇ ਸਨ। ਉਨ੍ਹਾਂ ਦੇ ਆਲੇ-ਦੁਆਲੇ ਦੇ ਪੇਂਡੂ ਇੱਜ਼ਤ ਵਜੋਂ ਉਨ੍ਹਾਂ ਦਾ ਭੂਪਵਾਦੀ ਖਿਤਾਬ 'ਜਾਗੀਰਦਾਰ' ਯਾਦ ਰੱਖਦੇ ਸਨ। ਇਹ ਖਿਤਾਬ ਉਨ੍ਹਾਂ ਨੂੰ ਕੁਝ ਪੀੜ੍ਹੀਆਂ ਹੀ ਪਹਿਲਾਂ ਮਿਲਿਆ ਸੀ, ਜਦੋਂ ਉੱਥੇ ਸਿੱਖ ਮਹਾਰਾਜੇ ਦਾ ਰਾਜ ਸੀ, ਜਿਸਦਾ ਹੁਣ ਬਹੁਤਾ ਹਿੱਸਾ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਹੈ।

ਕਪੂਰ 1885 ਵਿੱਚ ਪੰਜਾਬ ਵਿੱਚ ਪੈਦਾ ਹੋਇਆ। ਉਸਦਾ ਪਿੰਡ ਖੜੌਦੀ ਸੀ। ਇਹ ਪਿੰਡ ਹਿਮਾਲਾ ਪਰਬਤ ਦੇ ਕੰਢੀ  ਇਲਾਕੇ, ਸ਼ਿਵਾਲਿਕ ਦੀਆਂ ਪਹਾੜੀਆਂ ਤੋਂ 25 ਕਿਲੋਮੀਟਰ ਦੂਰੀ `ਤੇ ਹੈ। ਬਚਪਨ ਵਿੱਚ ਉਹ ਉੱਤਰ-ਪੂਰਬ ਵੱਲ ਦੇਖਦਿਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਦੇਖ ਸਕਦਾ ਸੀ। ਦੱਖਣ ਅਤੇ ਪੱਛਮ ਵੱਲ ਦੂਰ ਤੱਕ ਫੈਲੇ ਪੱਧਰੇ ਖੇਤ ਸਨ। ਅੱਜ ਵੀ ਇਸੇ ਕਿਸਮ ਦਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਫਰਕ ਏਨਾਂ ਹੈ ਕਿ ਹੁਣ ਪੱਕੀਆਂ ਸੜਕਾਂ ਹਨ, ਮੋਟਰ-ਗੱਡੀਆਂ ਚਲਦੀਆਂ ਹਨ, ਬਿਜਲੀ ਦੀਆਂ ਤਾਰਾਂ ਦੇ ਜਾਲ ਹਨ, ਸੈੱਲ ਫੋਨਾਂ ਦੇ ਟਰਾਂਸਮਿਸ਼ਨ ਟਾਵਰ ਹਨ ਅਤੇ ਨਵੀਆਂ ਇਮਾਰਤਾਂ ਵਾਸਤੇ ਇੱਟਾਂ ਬਣਾਉਣ ਵਾਲੇ ਖਤਰਨਾਕ ਹੱਦ ਤੱਕ ਇੱਟਾਂ ਦੇ ਭੱਠੇ ਹਨ। ਹਾਲੇ ਵੀ ਪਹਾੜਾਂ ਤੋਂ ਜਿੰਨੀ ਦੂਰੀ ਤੇ ਜਾਂਦੇ ਹੋ, ਉਨੀ ਹੀ ਵਧੇਰੇ ਖੁਸ਼ਕੀ ਹੈ। ਇੱਥੋਂ ਤਿੰਨ ਸੌ ਕਿਲੋਮੀਟਰ ਦੂਰ ਰਾਜਸਥਾਨ ਦਾ ਥਾਰ ਅਤੇ ਪਾਕਿਸਤਾਨ ਦੇ ਚਲੋਸਿਤਾਨ ਕੰਡਿਆਲੇ ਮਾਰੂਥਲ ਹਨ।

ਖੜੌਦੀ ਦੇ ਕਿਸਾਨ ਪਰਿਵਾਰ ਕਿਸਮਤ ਵਾਲੇ ਰਹੇ ਹਨ। ਉਹ ਸ਼ਿਵਾਲਿਕ ਦੇ ਲਘੂ, ਹਰਿਆਵਲ ਵਾਲੇ 'ਪੰਜਾਬ ਦੇ ਬਾਗਾਂ' ਵਾਲੇ ਇਲਾਕੇ ਵਿੱਚ ਬੈਠੇ ਹਨ। ਪਹਾੜਾਂ ਦੇ ਨੇੜੇ ਹੋਣ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੈ ਅਤੇ ਵਰਖਾ ਵੀ ਉਚਿਤ ਮਾਤਰਾ ਵਿੱਚ ਹੋ ਜਾਂਦੀ ਹੈ। ਖੂਹਾਂ ਵਿਚਲੇ ਪਾਣੀ ਅਤੇ ਸਾਲ ਦੇ ਤਿੰਨ ਸੌ ਦਿਨ ਧੁੱਪ ਹੋਣ ਕਰਕੇ ਕਣਕ, ਮੱਕੀ, ਬਾਜਰਾ, ਚੌਲ ਤੇ ਗੰਨਾਂ ਇੱਥੇ ਪੈਦਾ ਹੁੰਦਾ ਹੈ। ਪਿਛਲੀ ਅੱਧੀ ਸਦੀ ਦੌਰਾਨ ਖੂਹਾਂ ਦੀ ਖੁਦਾਈ ਹੋਣ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਚਲਿਆ ਗਿਆ ਹੈ ਪਰ ਹੋਰ ਇਲਾਕਿਆਂ ਨਾਲੋਂ ਹਾਲੇ ਵੀ ਉੱਚਾ ਹੈ, ਜਿੱਥੇ ਖੇਤੀ ਨਹਿਰਾਂ ਤੇ ਖੂਹਾਂ ਦੇ ਪਾਣੀ `ਤੇ ਨਿਰਭਰ ਕਰਦੀ ਹੈ। ਇਹ ਨਹਿਰਾਂ ਦੂਰ ਪਹਾੜਾਂ ਤੋਂ ਪਾਣੀ ਲਿਆਉਂਦੀਆਂ ਹਨ।(1)

ਜਦੋਂ ਕਪੂਰ ਨੇ ਖੜੌਦੀ ਨੂੰ ਛੱਡਿਆ ਸੀ, ਉਸ ਵੇਲੇ ਵੀ ਇਸਦਾ ਆਕਾਰ ਅੱਜ ਜਿੰਨਾਂ ਹੀ ਸੀ। ਇੱਕ ਆਮ ਪਿੰਡ ਵਾਂਗ 135 ਹੈਕਟਰ ਜ਼ਮੀਨ ਵਿੱਚ ਘਿਰਿਆ 150 ਕੁ ਘਰਾਂ ਵਾਲਾ। ਕਨੇਡਾ ਦੇ ਪ੍ਰੇਰੀ ਇਲਾਕੇ ਦਾ ਕਿਸਾਨ ਇਹ ਦੇਖ ਕੇ ਹੈਰਾਨ ਹੋਵੇਗਾ ਕਿ ਉਸਦੇ ਇੱਕ ਪਰਿਵਾਰ ਜਿੰਨੀ ਜ਼ਮੀਨ ਵਿੱਚ ਐਨੇ ਲੋਕ ਰਹਿੰਦੇ ਅਤੇ ਖੇਤੀ ਕਰਦੇ ਹਨ। ਯਕੀਨਨ ਪ੍ਰੇਰੀ ਦਾ ਕਿਸਾਨ ਸਾਲ ਵਿੱਚ ਤਿੰਨ ਫਸਲਾਂ ਨਹੀਂ ਉਗਾ ਸਕਦਾ, ਜਿਵੇਂ ਉਹ ਉਗਾਉਂਦੇ ਹਨ। ਪੰਜਾਬ ਦੀ ਖੇਤੀ ਦਾ ਅਰਥ-ਸ਼ਾਸ਼ਤਰ ਕਨੇਡਾ ਨਾਲੋਂ ਬਹੁਤ ਵੱਖਰਾ ਹੈ। ਉੱਥੇ ਹੱਥੀਂ ਮਜ਼ਦੂਰੀ ਜ਼ਿਆਦਾ ਹੈ ਅਤੇ ਮਸ਼ੀਨਰੀ ਘੱਟ। ਅੱਜ ਉੱਥੇ ਪੇਂਡੂ ਪਿੰਡ ਤੋਂ ਬਾਹਰ ਜਾ ਕੇ ਵੀ ਕਮਾਈ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਵਿਦੇਸੀਂ ਬੈਠੇ ਰਿਸ਼ਤੇਦਾਰ ਵੀ ਸਹਾਇਤਾ ਕਰਦੇ ਹਨ। ਇਸ ਕਰਕੇ ਸਾਰੇ ਖੇਤੀ `ਤੇ ਸਿੱਧੇ ਨਿਰਭਰ ਨਹੀਂ ਜਿਵੇਂ ਪਹਿਲਾਂ ਮਾਲਕ, ਕਾਸ਼ਤਕਾਰ ਅਤੇ ਉਨ੍ਹਾਂ ਦੇ ਕਾਮੇ ਹੁੰਦੇ ਸਨ।

ਦੂਰ ਦੁਮੇਲ ਤੱਕ ਖੇਤਾਂ ਅਤੇ ਫਸਲਾਂ ਨੇ ਜ਼ਮੀਨ ਮੱਲੀ ਹੋਈ ਹੈ। ਖੜੌਦੀ ਦੇ ਖੇਤ ਨਾਲ ਲੱਗਵੇਂ ਪਿੰਡਾਂ ਦੇ ਖੇਤਾਂ ਨਾਲ ਜੁੜਵੇਂ ਹਨ। ਪੂਰਬ ਵਾਲੇ ਪਾਸੇ ਪਾਲਦੀ, ਪੱਛਮ ਵੱਲ ਹਕੂਮਤਪੁਰ, ਨੰਗਲ ਕਲਾਂ ਉੱਤਰ ਵੱਲ ਅਤੇ ਟੋਹਾਣਾ ਦੱਖਣ ਵੱਲ। ਇਨ੍ਹਾਂ ਪਿੰਡਾਂ ਤੇ ਖੇਤਾਂ ਤੋਂ ਅੱਗੇ ਹੋਰ ਪਿੰਡ ਤੇ ਖੇਤ। ਇੱਕ ਪਿੰਡ ਦੀ ਆਬਾਦੀ ਤੋਂ ਅਗਲੇ ਪਿੰਡ ਦੀ ਆਬਾਦੀ ਖੇਤਾਂ ਵਿਚਲੀਆਂ ਡੰਡੀਆਂ ਅਤੇ ਪਹਿਆਂ ਰਾਹੀਂ ਦੋ ਕੁ ਕਿਲੋਮੀਟਰ ਤੋਂ ਵੀ ਘੱਟ ਹੈ। ਕਨੇਡਾ ਦੇ ਪ੍ਰੇਰੀ ਇਲਾਕੇ ਵਾਂਗ ਦਿਹਾਤੀ ਇਲਾਕਾ ਪੱਧਰਾ ਹੈ ਭਾਵੇਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਦੂਰ ਖੜੌਦੀ ਦੁਆਲੇ ਮਾਮੂਲੀ ਜਿਹੀ ਢਲਾਨ ਵੀ ਹੈ, ਜਿਹੜੀ ਦੇਖਣ ਵਿੱਚ ਨਹੀਂ ਲੱਗਦੀ। ਜੇ ਤੁਸੀਂ ਪੱਛਮ ਵੱਲ ਇੱਕ ਕਿਲੋਮੀਟਰ ਜਾਵੋ ਤਾਂ ਦਸ ਕੁ ਫੁੱਟ ਨਿਵਾਣ ਹੈ। ਇੱਕ ਕਿਲੋਮੀਟਰ ਹੋਰ ਅੱਗੇ ਦਸ ਫੁੱਟ ਹੋਰ ਨਿਵਾਣ।  ਉੱਪਰਲੀ ਸ਼੍ਰੇਣੀ ਦੇ ਲੋਕਾਂ ਨੇ ਨਿਕਾਸ ਦੀ ਸਹੂਲਤ ਅਤੇ ਪੱਛੋਂ ਦੀ ਹਵਾ ਲੈਣ ਲਈ ਥੋੜ੍ਹਾ ਉੱਚੀਆਂ ਥਾਵਾਂ `ਤੇ, ਭਾਵੇਂ ਇਹ ਕੁਝ ਕੁ ਮੀਟਰ ਹੀ ਸਹੀ, ਘਰ ਬਣਾਏ ਹੋਏ ਹਨ। ਪਿੰਡ ਦੇ ਬਾਕੀ ਘਰਾਂ ਦੇ ਝੁੰਡ ਵੱਡੇ ਘੇਰਿਆਂ ਵਿੱਚ ਪੂਰਬ ਵੱਲ ਬਣੇ ਹੋਏ ਹਨ। ਨੀਵੀਂ ਥਾਂ ਪਿੰਡ ਦੇ ਸਭ ਤੋਂ ਕਮਜ਼ੋਰ ਅਤੇ ਦੂਜਿਆਂ `ਤੇ ਸਭ ਤੋਂ ਵੱਧ ਨਿਰਭਰ ਲੋਕਾਂ ਨੂੰ ਦਿੱਤੀ ਗਈ ਹੈ। ਇਹ ਤਰੀਕਾ ਸ਼ਾਇਦ ਸੈਂਕੜੇ ਸਾਲ ਪਹਿਲਾਂ ਸ਼ੁਰੂ ਹੋਇਆ ਹੋਵੇ। ਪਰ ਬਸੰਤ ਕੌਰ ਦੇ ਔੜ ਜਾਂ ਉਸ ਤੋਂ ਬਾਅਦ  ਖੜੌਦੀ ਵਿੱਚ ਪਲੇਗ ਵੇਲੇ ਪਿੰਡ ਵਾਲਿਆਂ ਨੇ ਆਬਾਦੀ ਦੀ ਥਾਂ ਬਦਲ ਲਈ ਸੀ। ਪੁਰਾਣੀ ਆਬਾਦੀ ਵਾਲੇ ਘਰ ਮਿੱਟੀ ਦੇ ਬਣੇ ਹੋਏ ਸਨ ਅਤੇ ਖੁਰ ਕੇ ਬਿਨਾਂ ਕੋਈ ਨਿਸ਼ਾਨ ਛੱਡੇ ਖੇਤਾਂ ਵਿੱਚ ਬਦਲ ਗਏ।

ਕਪੂਰ ਦੇ ਪਰਿਵਾਰ ਕੋਲ ਜ਼ਮੀਨ ਦੀ ਮਾਲਕੀ ਸੀ, ਜਿਹੜੀ ਅੱਜ ਵੀ ਖੜੌਦੀ ਦੇ 40 ਪ੍ਰਤੀਸ਼ਤ ਪਰਿਵਾਰਾਂ ਦੇ ਬਰਾਬਰ ਦੀ ਸੀ। ਬਾਕੀ ਦੇ ਪਰਿਵਾਰ ਜਾਂ ਤਾਂ ਜ਼ਮੀਨ ਠੇਕੇ `ਤੇ ਵਾਹੁੰਦੇ ਸਨ ਜਾਂ ਖੇਤਾਂ ਵਿੱਚ ਨੌਕਰ ਸਨ।(2) ਖੇਤ ਮਾਲਕਾਂ ਦੀਆਂ ਚਾਰ ਬਿਰਾਦਰੀਆਂ ਸਨ। ਇਨ੍ਹਾਂ ਵਿੱਚੋਂ ਕਪੂਰ ਸਿੰਘ ਸਿੱਧੂ ਦੀ ਬਰਾਦਰੀ ਸਭ ਤੋਂ ਪਿੱਛੋਂ ਵਸਣ ਵਾਲੀ ਅਤੇ ਸਭ ਤੋਂ ਮਹੱਤਵਪੂਰਨ ਸੀ। ਪਿੰਡ ਦੇ ਵਿਚਾਲੇ ਇੱਟਾਂ ਦੀ ਉੱਜੜੀ ਹੋਈ ਥਾਂ `ਤੇ ਕਦੇ ਪਰਿਵਾਰ ਦਾ ਘਰ ਸੀ। ਉੱਚੀਆਂ ਕੰਧਾਂ ਵਾਲਾ ਵਿਹੜਾ ਘਾਹ-ਫੂਸ ਅਤੇ ਢੱਠੀਆਂ ਇੱਟਾਂ ਨਾਲ ਭਰਿਆ ਪਿਆ ਹੈ। ਡਿੱਗੂੰ-ਡਿੱਗੂੰ ਕਰਦੇ ਮਕਾਨ ਦੇ ਅੰਦਰ ਵੜਨਾ ਸੁਰੱਖਿਅਤ ਨਹੀਂ ਪਰ ਕਦੇ ਇਹ ਥਾਂ ਜਗੀਰ ਦੇ ਮਾਲਕ, ਜਗੀਰਦਾਰ, ਦੀ ਰਿਹਾਇਸ਼ ਸੀ, ਜਿਸ ਨੂੰ ਲੋਕ ਸਤਿਕਾਰ ਵਜੋਂ  ਸੈਨਾ ਦੇ ਖਿਤਾਬ ਦੇ ਸੂਚਕ, 'ਸਰਦਾਰ ਜੀ' ਆਖ ਕੇ ਬੁਲਾਉਂਦੇ। ਕਪੂਰ ਦੇ ਪੁਰਖੇ ਹਰੀਕਾ ਪੱਤਣ ਪਿੰਡ ਤੋਂ ਆਏ ਸਨ, ਜਿਹੜਾ ਕੁਝ ਦੂਰੀ `ਤੇ ਹੈ। ਉਨ੍ਹੀਵੀਂ ਸਦੀ ਦੇ ਪਹਿਲੇ ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ  ਲਈ ਫੌਜ ਵਿੱਚ ਸੇਵਾਵਾਂ ਨਿਭਾਉਣ ਬਦਲੇ ਕਪੂਰ ਦੇ ਪੜਦਾਦੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ `ਚ ਦੋ ਪਿੰਡਾਂ ਦੀ ਜਗੀਰ ਮਿਲੀ ਸੀ। ਇਹ ਪਿੰਡ ਫਤਹਿਪੁਰ ਅਤੇ ਖੜੌਦੀ ਸਨ। ਪਰਿਵਾਰ ਦੀ ਕਹਾਣੀ ਅਨੁਸਾਰ ਜਦੋਂ ਕਪੂਰ ਦਾ ਪੜਦਾਦਾ ਆਪਣੀ ਜਗੀਰ `ਤੇ ਕਬਜ਼ਾ ਲੈਣ ਲਈ ਇੱਕ ਛੋਟੇ ਜਿਹੇ ਪਿੰਡ ਵਿੱਚ ਰਾਹ ਪੁੱਛਣ ਲਈ ਰੁਕਿਆ, ਜਿਹੜਾ ਉਹ ਸੋਚਦਾ ਸੀ ਕਿ ਰਾਹ ਵਿੱਚ ਸੀ ਤਾਂ ਉਸ ਨੂੰ ਕਿਸੇ ਦੱਸਿਆ, "ਸਰਦਾਰ ਜੀ, ਤੁਸੀਂ ਖੜੌਦੀ ਪਹੁੰਚ ਗਏ ਹੋ।"

1982 ਵਿੱਚ ਕਪੂਰ ਦੀ ਭਰਜਾਈ ਨੇ ਇੱਕ ਇੰਟਰਵਿਊ ਦੌਰਾਨ ਯਾਦ ਕਰਕੇ ਦੱਸਿਆ ਕਿ ਦੋਹਾਂ ਪਿੰਡਾਂ ਤੋਂ 500 ਰੁਪਏ ਸਾਲ ਦੇ ਮਾਮਲੇ ਦੀ ਉਗਰਾਹੀ ਹੋ ਜਾਂਦੀ ਸੀ । ਉਹ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਦੱਸ ਰਹੀ ਸੀ ਜਿਹੜੀ ਉਸ ਤੱਕ ਪੀਹੜੀ ਦਰ ਪੀਹੜੀ ਸੁਣੀ-ਸੁਣਾਈ ਪਹੁੰਚੀ ਸੀ। ਜਗੀਰਦਾਰ ਦੇ ਤੌਰ `ਤੇ ਕਪੂਰ ਦਾ ਪੜਦਾਦਾ ਸਰਦਾਰ ਨਿਹਾਲ ਸਿੰਘ ਉਗਰਾਹੀ ਵਿੱਚ ਨਕਦ ਜਾਂ ਦਾਣਾ-ਫੱਕਾ ਲੈਂਦਾ ਸੀ। ਉਹ ਉਗਰਾਹੀ ਦਾ ਅੱਠਵਾਂ ਹਿੱਸਾ ਸਰਕਾਰ ਨੂੰ ਦਿੰਦਾ ਸੀ ਤੇ ਬਾਕੀ ਉਸਦਾ ਹੁੰਦਾ। ਉਹ ਅਤੇ ਉਸਦਾ ਪਰਿਵਾਰ ਇਸ ਉਗਰਾਹੀ ਦਾ ਅਨੰਦ ਅੰਗ੍ਰੇਜ਼ਾਂ ਦੇ ਆਉਣ ਤੱਕ ਮਾਣਦੇ ਰਹੇ। ਅੰਗ੍ਰੇਜ਼ ਉਨ੍ਹਵੀਂ ਸਦੀ ਦੇ ਅੱਧ ਤੱਕ ਪੰਜਾਬ ਪਹੁੰਚ ਗਏ ਸਨ। ਉਨ੍ਹਾਂ ਨੇ ਮਾਮਲਾ ਉਗਰਾਹੁਣ ਦਾ ਸਾਰਾ ਢਾਂਚਾ ਬਦਲ ਦਿੱਤਾ। ਜਗੀਰਾਂ ਖਤਮ ਕਰ ਦਿੱਤੀਆਂ। ਉਨ੍ਹਾਂ ਨੇ ਪਿੰਡ ਦੇ ਮੁਖੀਆਂ ਨੂੰ ਮਾਮਲਾ ਉਗਰਾਹੁਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹ ਉਨ੍ਹਾਂ ਨੂੰ ਉਗਰਾਹੀ ਦਾ ਪੰਜ ਪ੍ਰਤੀਸ਼ਤ ਦਿੰਦੇ। ਉਗਰਾਹੀ ਕਰਨ ਵਾਲੇ ਮੁਖੀ ਨੂੰ ਅੰਗ੍ਰੇਜ਼ੀ-ਪੰਜਾਬੀ ਦੇ ਰਲਾਅ ਨਾਲ ਨੰਬਰ-ਦਾਰ ਕਿਹਾ ਜਾਣ ਲੱਗਾ ਜਾਂ ਥੋੜ੍ਹਾ ਵਿਗਾੜ ਕੇ ਲੰਬੜਦਾਰ। ਪੁਰਾਣੇ ਜਗੀਰਦਾਰਾਂ ਅਤੇ ਨਵੇਂ ਲੰਬੜਦਾਰਾਂ ਵਿੱਚ ਸ਼ਰੀਕੇਬਾਜ਼ੀ ਹਾਲੇ ਤੱਕ ਕਾਇਮ ਹੈ। 1964 ਵਿੱਚ ਕਪੂਰ ਦੀ ਬੇਟੀ ਸੁਰਜੀਤ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰ ਅਵਤਾਰ ਸਿੰਘ ਨਾਲ ਸ਼ਾਦੀ ਹੋਈ ਤਾਂ ਇਹ ਜਗੀਰਦਾਰ ਅਤੇ ਲੰਬੜਦਾਰ ਪਰਿਵਾਰਾਂ ਦਾ ਮੇਲ ਸੀ। ਉਨ੍ਹਾਂ ਦੀ ਬੇਟੀ ਚੰਦਾ, ਜਿਹੜੀ ਬਹੁਤਾ ਕਨੇਡਾ ਵਿੱਚ ਹੀ ਵੱਡੀ ਹੋਈ ਪਰ ਭਾਰਤ ਵਿੱਚ ਵੀ ਕੁਝ ਸਮਾਂ ਰਹੀ, ਆਖਦੀ ਹੈ ਕਿ ਉਹ ਆਪਣੀ ਪਛਾਣ ਪਰਿਵਾਰ ਦੇ ਜਗੀਰਦਾਰ ਪਾਸੇ ਵਜੋਂ ਕਰਵਾਉਂਦੀ ਹੈ ਕਿਉਂ ਕਿ ਉਹ ਸਿੱਖ ਮਹਾਰਾਜੇ ਦੇ ਨੌਕਰ ਸਨ, ਅੰਗ੍ਰੇਜ਼ਾਂ ਦੇ ਨਹੀਂ।

ਪੰਜਾਬ ਵਿੱਚ ਜਗੀਰਦਾਰ ਪਰਿਵਾਰ ਆਪਸ ਵਿੱਚ ਹੀ ਵਿਆਹ-ਸ਼ਾਦੀ ਕਰਦੇ। ਕਪੂਰ ਸਿੰਘ ਸਿੱਧੂ( ਕਨੇਡਾ ਜਾ ਕੇ ਉਸ ਨੇ ਆਪਣੇ ਸਿੱਧੂ ਸ਼ਬਦ ਦੇ ਯੂ ਅੱਖਰ ਦੀ ਥਾਂ ਦੋ ਓ ਅੱਖਰ ਲਾਉਣੇ ਸ਼ੁਰੂ ਕਰ ਦਿੱਤੇ) ਅਤੇ ਬਸੰਤ ਕੌਰ ਸੰਧੂ ਦੀ ਸ਼ਾਦੀ ਇਸਦੀ ਉਦਾਹਰਣ ਹੈ। ਪਹਿਲਾਂ 1894 ਵਿੱਚ ਜਦੋਂ ਉਹ ਹਾਲੇ ਬੱਚੇ ਹੀ ਸਨ ਤਾਂ ਉਨ੍ਹਾਂ ਦੀ ਮੰਗਣੀ ਦੀ ਰਸਮ ਹੋਈ ਅਤੇ ਗਿਆਰਾਂ ਸਾਲ ਪਿੱਛੋਂ ਉਨ੍ਹਾਂ ਦਾ ਵਿਆਹ ਹੋਇਆ।(4) ਬਸੰਤ ਕੌਰ ਦੇ ਪਿਤਾ ਨੇ ਹੀ ਰਿਸ਼ਤੇ ਦੀ ਗੱਲ ਚਲਾਈ। ਉਸ ਨੂੰ ਕਿਸੇ ਰਿਸ਼ਤੇਦਾਰ ਨੇ ਵੀਹ ਕਿਲੋਮੀਟਰ ਦੂਰ ਪਿੰਡ ਤੋਂ ਇੱਕ ਤੀਖਣ ਬੁੱਧੀ ਅਤੇ ਘੁੰਗਰਾਲੇ ਕੇਸਾਂ ਵਾਲੇ ਮੁੰਡੇ ਦੀ ਦੱਸ ਪਾਈ ਸੀ। ਇਹ ਰਵਾਇਤ ਹੀ ਸੀ ਕਿ ਕੁੜੀ ਵਾਲੇ ਪਹਿਲ ਕਰਦੇ। ਬਾਕੀ ਰਸਮਾਂ ਵੀ ਦੋਹਾਂ ਪਰਿਵਾਰਾਂ ਨੇ ਰਵਾਇਤ ਅਨੁਸਾਰ ਹੀ ਕੀਤੀਆਂ। ਇੱਕੋ ਪਿੰਡ ਦੇ ਮੁੰਡੇ-ਕੁੜੀ ਦਾ ਵਿਆਹ ਨਹੀਂ ਸੀ ਹੁੰਦਾ ਤੇ ਨਾ ਹੀ ਇੱਕ ਗੋਤ ਵਿੱਚ। ਸਿੱਧੂ ਮੁੰਡੇ ਸਿੱਧੂਆਂ ਦੇ ਨਹੀਂ ਵਿਆਹੇ ਜਾਂਦੇ ਸਨ। ਇੱਥੋਂ ਤੱਕ ਕਿ ਬਰਾੜਾਂ ਦੇ ਵੀ ਨਹੀਂ (ਬਹੁਤ ਪਹਿਲਾਂ ਕਿਸੇ ਝਗੜੇ ਕਾਰਣ ਕੁਝ ਸਿੱਧੂਆਂ ਨੇ ਆਪਣੇ ਨਾਂ ਨਾਲ ਬਰਾੜ ਲਾਉਣਾ ਸ਼ੁਰੂ ਕਰ ਦਿੱਤਾ ਸੀ)। ਦੋਹਾਂ ਪਰਿਵਾਰਾਂ ਨੇ ਆਪਣੇ ਜੱਟ ਪਿਛੋਕੜ `ਚੋਂ ਹੀ ਰਿਸ਼ਤੇ ਲੱਭਣੇ ਸਨ। ਜੱਟ Scythian ਕਬੀਲੇ ਦੀ ਵੰਸ਼ ਹਜ਼ਾਰ ਸਾਲ ਪਹਿਲਾਂ ਪੱਛਮ ਤੋਂ ਮੈਦਾਨੀ ਇਲਾਕੇ ਉੱਤੇ ਧਾੜਵੀ ਬਣਕੇ ਆਏ ਅਤੇ  ਜਿਹੜੇ ਪੰਜਾਬ ਦੇ ਪਿੰਡਾਂ ਵਿਚਲੀ ਜ਼ਮੀਨ ਦੇ ਪ੍ਰਮੁੱਖ ਮਾਲਕ ਬਣੇ ਰਹੇ।(5) ਇਸ ਤੋਂ ਬਿਨਾਂ ਇੱਕ ਚੰਗਾ ਸਿੱਖ ਪਰਿਵਾਰ ਰਿਸ਼ਤੇ ਲਈ ਸਿੱਖ ਪਰਿਵਾਰ ਹੀ ਲੱਭੇਗਾ। ਦੋਹਾਂ ਪਰਿਵਾਰਾਂ ਦੀ ਆਪਣੇ ਰੁਤਬੇ ਅਤੇ ਬਰਾਬਰ ਦੇ ਮਾਣ-ਸਨਮਾਨ ਵਾਲਾ ਪਰਿਵਾਰ ਲੱਭਣ ਦੀ ਕੋਸ਼ਿਸ਼ ਹੋਵੇਗੀ। ਇਨ੍ਹਾਂ ਸਾਰੇ ਪੱਖਾਂ ਨੇ ਰਲ ਕੇ ਦੋਨਾਂ ਜਗੀਰਦਾਰ ਪਰਿਵਾਰਾਂ ਨੂੰ ਇਕੱਠੇ ਕਰ ਦਿੱਤਾ।

ਪਰਿਵਾਰ ਦੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਬਾਅਦ ਵਿੱਚ ਕਪੂਰ ਤੇ ਬਸੰਤ ਕੌਰ ਨੂੰ ਦੱਸੀ ਗਈ ਕਿ ਮੰਗਣੇ ਦੀ ਰਸਮ ਵੇਲੇ ਬਸੰਤ ਕੌਰ ਚਾਰ ਸਾਲ ਦੀ ਸੀ ਅਤੇ ਕਪੂਰ ਨੌਂ ਸਾਲ ਦਾ। ਬਸੰਤ ਕੌਰ ਨੇ ਕਪੂਰ ਦੇ ਚੂੰਢੀ ਵੱਡ ਕੇ ਉਸ ਨੂੰ ਰੁਆ ਦਿੱਤਾ ਅਤੇ ਸਾਰੇ ਹੱਸ ਪਏ ਸਨ। ਬਾਅਦ ਦੀ ਜ਼ਿੰਦਗੀ ਵਿੱਚ ਜਦੋਂ ਹਾਸਾ-ਮਜ਼ਾਕ ਚੱਲਦਾ ਤਾਂ ਬਸੰਤ ਕੌਰ ਆਪਣੀ ਲੱਤ ਉੱਤੇ ਰੱਖਦੀ। ਉਹ ਵੱਡੇ ਅਤੇ ਬਾਜ਼ਾਰ ਵਾਲੇ ਪਿੰਡ ਤੋਂ ਸੀ ਅਤੇ ਕਪੂਰ ਛੋਟੇ ਪਿੰਡ ਤੋਂ। ਮੁਕਾਬਲਤਨ ਕਪੂਰ ਦਿਹਾਤੀ ਮੁੰਡਾ ਸੀ। ਬਸੰਤ ਕੌਰ ਆਪਣੇ ਪਰਿਵਾਰ ਦੀਆਂ ਸੱਤ ਪੁਸ਼ਤਾਂ ਬਾਰੇ ਜਾਣਦੀ ਸੀ। ਕਪੂਰ ਇਹੀ ਜਾਣਦਾ ਸੀ ਕਿ ਉਹ ਸ਼ਾਹੀ ਸਿੱਧੂ ਬਰਾਦਰੀ ਦੀ ਹਰੀਕੇ ਸ਼ਾਖਾ ਨਾਲ ਸਬੰਧਤ ਸੀ, ਜਿਨ੍ਹਾਂ ਦਾ ਹਾਲੇ ਵੀ ਪਟਿਆਲਾ ਰਿਆਸਤ ਵਿੱਚ ਰਾਜ ਸੀ। ਬਸੰਤ ਕੌਰ ਦੇ ਪੁਰਖੇ ਵੀ ਮਾਹਾਰਾਜਾ ਰਣਜੀਤ ਸਿੰਘ ਲਈ ਲੜੇ ਅਤੇ ਉਨ੍ਹਾਂ ਨੂੰ ਵੀ ਜਗੀਰ ਮਿਲੀ, ਜਿਹੜੀ ਪੰਜ ਪਿੰਡਾਂ ਦੀ ਸੀ, ਕਪੂਰ ਕਿਆਂ ਵਾਂਗ ਦੋ ਦੀ ਨਹੀਂ। ਔੜ ਉਨ੍ਹਾਂ ਪੰਜਾਂ ਪਿੰਡਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ `ਚ ਵਸੇ ਊਨਾਂ ਦੇ ਸੈਨਿਕ ਹੈਡਕੁਆਟਰ ਤੋਂ ਔੜ ਆ ਕੇ ਕਿਲਾ ਬਣਵਾਇਆ। ਕਿਲੇ ਦਾ ਵਿਹੜਾ ਐਡਾ ਵੱਡਾ ਸੀ ਕਿ ਉਸ ਵਿੱਚ ਪੱਚੀ ਘੋੜੇ ਅਤੇ ਪੰਜ ਹਾਥੀ ਰੱਖ ਸਕਦੇ ਸਨ। ਇਸ ਕਿਲੇ ਦਾ ਕੁਝ ਹਿੱਸਾ ਹਾਲੇ ਵੀ ਪਰਿਵਾਰ ਦਾ ਘਰ ਹੈ।  ਪਰ ਇਸਦੀ ਦੋ ਸਦੀਆਂ ਦੌਰਾਨ ਹੋਈ ਵੰਡ-ਵੰਡਾਈ ਅਤੇ ਨਵੀਂ ਉਸਾਰੀ ਕਾਰਣ ਪੂਰੀ ਰੂਪ-ਰੇਖਾ ਦੀ ਨਿਸ਼ਾਨਦੇਹੀ ਕਰਨੀ ਅਸੰਭਵ ਹੈ।

ਅੰਗ੍ਰੇਜ਼ਾਂ ਵੱਲੋਂ ਜਗੀਰ ਦੀ ਆਮਦਨ ਅਤੇ ਫੌਜ ਦੇ ਅਧਿਕਾਰ ਤੋਂ ਵਾਂਝਿਆਂ ਕਰਨ ਤੋਂ ਬਾਅਦ ਬਸੰਤ ਕੌਰ ਦਾ ਪਿਤਾ ਹਾਕਮ ਸਿੰਘ ਸੰਧੂ ਔੜ ਵਿੱਚ ਪਟਵਾਰੀ ਲੱਗ ਗਿਆ। ਪਟਵਾਰੀ ਵਜੋਂ ਉਹ ਪਿੰਡ ਦੀ ਜ਼ਮੀਨੀ ਮਲਕੀਅਤ ਅਤੇ ਪੈਦਾਵਾਰ ਦੇ ਦਸਤਾਵੇਜ਼ ਤਿਆਰ ਕਰਦਾ। ਜ਼ਮੀਨ ਦੇ ਨਕਸ਼ੇ ਅਤੇ ਕਾਸ਼ਤ ਦੀ ਪੂਰੀ ਰੀਪੋਰਟ ਦੇ ਦਸਤਾਵੇਜ਼ ਬਣਾਉਂਦਾ। ਉਹ ਹਰੇਕ ਫਸਲ ਦੀ ਰੁੱਤੇ, ਪੱਤਝੜ, ਬਸੰਤ ਅਤੇ ਗਰਮੀਆਂ ਵਿੱਚ ਖੇਤਾਂ ਵਿੱਚ ਜਾਂਦਾ ਅਤੇ ਅੰਕੜੇ ਇਕੱਠੇ ਕਰਦਾ। ਉਹ ਆਪਣਾ ਕੰਮ ਐਨੀ ਕੁਸ਼ਲਤਾ ਨਾਲ ਕਰਦਾ ਕਿ ਉਸ ਨੂੰ ਨਾਇਬ-ਤਹਿਸੀਲਦਾਰ ਦੀ ਤਰੱਕੀ ਮਿਲ ਗਈ, ਜਿਸਦਾ ਕੰਮ ਪਿੰਡਾਂ ਦੇ ਪਟਵਾਰੀਆਂ ਦੀ ਨਿਗਰਾਨੀ ਕਰਨਾ ਹੁੰਦਾ। ਤਰੱਕੀ ਦਾ ਮਤਲਬ ਸੀ ਕਿ ਆਪਣੇ ਪਿੰਡ ਅਤੇ ਜਲੰਧਰ ਜ਼ਿਲ੍ਹੇ ਤੋਂ ਦੂਰ ਜਾਣਾ। ਪਰ ਉਸ ਨੇ ਇਨਕਾਰ ਕਰ ਦਿੱਤਾ। ਉਹ ਆਪਣੇ ਪਿੰਡ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ।

ਹਾਕਮ ਸਿੰਘ ਪੜ੍ਹਿਆ-ਲਿਖਿਆ ਵੀ ਸੀ ਅਤੇ ਸਾਧੂ ਸੁਭਾਅ ਵੀ। ਉਸਦੇ ਪਰਿਵਾਰ ਨੂੰ ਯਾਦ ਹੈ ਕਿ ਬਸੰਤ ਕੌਰ ਉਸਦੀ ਲਾਡਲੀ ਧੀ ਸੀ। ਇੱਥੋਂ ਤੱਕ ਕਿ ਉਹ ਆਪਣੇ ਬੇਟੇ ਸੁੰਦਰ ਸਿੰਘ ਨਾਲੋਂ ਵੀ ਆਪਣੀ ਬੇਟੀ ਨੂੰ ਜ਼ਿਆਦਾ ਚਾਹੁੰਦਾ ਸੀ। ਸੁੰਦਰ ਸਿੰਘ ਆਪਣੇ ਪਰਿਵਾਰ ਦੀ ਰਵਾਇਤ ਨੂੰ ਅਪਣਾ ਕੇ ਯੂਨਾਨੀ ਡਾਕਟਰ ਬਣਿਆ। ਪੁਰਾਤਨ ਯੂਨਾਨ ਦੀ ਇਹ ਡਾਕਟਰੀ ਪ੍ਰੰਪਰਾ ਅਰਬਾਂ ਰਾਹੀਂ ਭਾਰਤ ਵਿੱਚ ਪਹੁੰਚੀ ਸੀ। ਉਸ ਵੇਲੇ ਭਾਵੇਂ ਪੰਜਾਬ ਦੇ ਪਿੰਡਾਂ ਵਿੱਚ ਕੁੜੀਆਂ ਲਈ ਸਕੂਲੀ ਪੜ੍ਹਾਈ ਦਾ ਪ੍ਰਬੰਧ ਨਹੀਂ ਸੀ ਫਿਰ ਵੀ ਹਾਕਮ ਸਿੰਘ ਨੇ ਆਪਣੀ ਬੇਟੀ ਨੂੰ ਘਰ ਵਿੱਚ ਹੀ ਪੜ੍ਹਾਇਆ।  ਬਸੰਤ ਕੌਰ ਨੇ ਆਪਣੇ ਪਿਤਾ ਕੋਲੋਂ ਸਿੱਖਾਂ ਦੀ ਗੁਰਮੁੱਖੀ ਦੇ ਨਾਲ ਨਾਲ ਦੇਵਨਾਗਰੀ ਅਤੇ ਉਰਦੂ ਵੀ ਸਿੱਖੀਆਂ। ਉਸ ਨੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਇਸਾਈਆਂ ਦੀਆਂ ਸਿੱਖਿਆਵਾਂ ਬਾਰੇ ਵੀ ਸੋਝੀ ਪ੍ਰਾਪਤ ਕੀਤੀ।

ਬਸੰਤ ਕੌਰ ਦੀ ਮਾਂ, ਬਿਸ਼ਨ ਕੌਰ, ਮੁਕੇਰੀਆਂ ਤੋਂ ਸੀ। ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸੈਨਿਕ ਹੈਡਕੁਆਟਰ ਊਨਾਂ ਦੇ ਨੇੜੇ ਹੈ। ਉਹ ਹਿੰਦੂ ਅਤੇ ਸਿੱਖਾਂ ਦੀਆਂ ਸਿਖਿਆਵਾਂ ਵਿੱਚ ਬਿਨਾਂ ਕੋਈ ਭੇਦ-ਭਾਵ ਕੀਤਿਆਂ ਵੱਡੀ ਹੋਈ ਸੀ ਅਤੇ ਇਹੀ ਵਿਚਾਰ ਉਸ ਨੇ ਸਾਰੀ ਉਮਰ ਰੱਖੇ। ਉਹ ਨਰੋਈ ਕਾਠੀ ਵਾਲੀ ਸੀ ਅਤੇ ਉਸ ਨੇ ਲੰਬੀ ਉਮਰ ਭੋਗੀ। ਉਹ 1956 ਵਿੱਚ ਛਿਆਨਵੇਂ ਸਾਲ ਦੀ ਉਮਰ ਵਿੱਚ ਮਰੀ। ਉਹ ਪੰਜਾਹ ਸਾਲ ਤੋਂ ਵੀ ਵੱਧ ਸਮੇਂ ਲਈ ਵਿਧਵਾ ਰਹੀ ਕਿਉਂ ਕਿ ਹਾਕਮ ਸਿੰਘ ਦੀ ਪਲੇਗ ਨਾਲ ਮੌਤ ਹੋ ਗਈ ਸੀ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪਲੇਗ ਨੇ ਪੰਜਾਬ ਵਿੱਚ ਹੂੰਝਾ ਫੇਰ ਦਿੱਤਾ ਸੀ।

ਉਸਦੀ ਮੌਤ ਦੀ ਕਹਾਣੀ ਬਾਰੇ ਜੈਕੀ ਅਤੇ ਸੁਰਜੀਤ ਨੂੰ ਪੂਰੀ ਜਾਣਕਾਰੀ ਸੀ ਭਾਵੇਂ ਉਹ ਉਨ੍ਹਾਂ ਦੇ ਜਨਮ ਤੋਂ ਬਹੁਤ ਪਹਿਲਾਂ ਚੱਲ ਵਸਿਆ ਸੀ।  ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮਰਨ ਵੇਲੇ ਉਸਦਾ ਸਿਰ ਬਸੰਤ ਕੌਰ ਦੀ ਗੋਦ ਵਿੱਚ ਸੀ ਅਤੇ ਉਹ ਅਰਦਾਸ ਕਰਨ ਲਈ ਆਖ ਰਿਹਾ ਸੀ। ਇਹ ਪਰਿਵਾਰ ਜਾਨਵਰਾਂ ਨੂੰ ਪਿਆਰ ਕਰਦਾ ਸੀ ਤੇ ਉਸਦਾ ਛੋਟਾ ਕੁੱਤਾ ਉਸਦੇ ਨਾਲ ਮੰਜੇ `ਤੇ ਪਿਆ ਸੀ। ਜਦੋਂ ਮੌਤ ਨੇੜੇ ਆਈ ਤਾਂ ਹਾਕਮ ਸਿੰਘ ਨੇ ਕਿਹਾ , "ਦੇਖ, ਉਹ ਮੈਨੂੰ ਲੈਣ ਆ ਗਏ।"  ਬਸੰਤ ਕੌਰ ਨੇ ਪੁੱਛਿਆ , "ਕੌਣ?" ਉਸ ਨੇ ਜਵਾਬ ਦਿੱਤਾ ਕਿ ਦੋ ਘੋੜੇ ਘਰ ਦੇ ਮੂਹਰੇ ਖੜ੍ਹੇ ਹਨ। ਇੱਕ ਘੋੜੇ ਉੱਪਰ ਚਿੱਟੇ ਚੋਲੇ ਵਾਲਾ ਕੋਈ ਬੈਠਾ ਹੈ ਤੇ ਦੂਜੇ ਦੀ ਕਾਠੀ ਖਾਲੀ ਹੈ। "ਉਹ ਮੇਰੇ ਵਾਸਤੇ ਹੈ" ਉਸ ਨੇ ਕਿਹਾ । ਬਸੰਤ ਕੌਰ ਪਾਠ ਕਰਦੀ ਰਹੀ, ਜਦੋਂ ਉਸ ਨੇ ਪਾਠ ਪੂਰਾ ਕੀਤਾ ਤਾਂ ਹਾਕਮ ਸਿੰਘ ਨੇ ਅੱਖਾਂ ਮੀਚ ਲਈਆਂ। ਉਹ ਪੂਰਾ ਹੋ ਚੁੱਕਾ ਸੀ। ਉਸਦੇ ਛੋਟੇ ਕੁੱਤੇ ਨੇ ਉਸ ਤੋਂ ਬਾਅਦ ਕੁਝ ਨਾ ਖਾਧਾ ਅਤੇ ਉਹ ਤਿੰਨ ਹਫਤਿਆਂ ਦੇ ਵਿੱਚ ਮਰ ਗਿਆ।

ਬਸੰਤ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਨਾਲ ਬਹੁਤ ਘਬਰਾ ਗਈ ਸੀ। ਉਹ ਰੋਂਦੀ ਰਹਿੰਦੀ। ਫਿਰ ਸੁਪਨੇ ਵਿੱਚ ਆ ਕੇ ਹਾਕਮ ਸਿੰਘ ਨੇ ਉਸ ਨੂੰ ਦੱਸਿਆ ਕਿ ਉਹ ਦੀਵਾਨਖਾਨੇ ਵਿੱਚ ਜਾਵੇ, ਜਿੱਥੇ ਉਸ ਨੂੰ ਦੋ ਲੱਡੂਆਂ ਦਾ ਪ੍ਰਸਾਦ ਮਿਲੇਗਾ। ਉਸ ਨੇ ਸਾਵਧਾਨ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ ਨਹੀਂ ਤਾਂ ਉਹ ਫਿਰ ਕਦੇ ਵੀ ਉਸ ਨੂੰ ਦਿਖਾਈ ਨਹੀਂ ਦੇਵੇਗਾ। ਲਾਹੌਰ ਅਤੇ ਦਿੱਲੀ ਦੇ ਸ਼ਾਹੀ ਘਰਾਂ ਵਾਂਗ ਜਗੀਰਦਾਰ ਦੇ ਪਿੰਡ ਵਾਲੇ ਘਰ ਵਿੱਚ ਘਰਦੇ ਬੰਦਿਆਂ ਦੇ ਬੈਠਣ ਲਈ ਕਮਰਾ ਬਣਿਆ ਹੋਇਆ ਸੀ, ਜਿਸਦਾ ਬੂਹਾ ਵੇਹੜੇ ਵੱਲ ਖੁੱਲ੍ਹਦਾ ਸੀ। ਬਸੰਤ ਕੌਰ ਨੇ ਲੱਡੂ ਲੱਭਣ ਲਈ ਕਾਹਲੀ ਵਿੱਚ ਵਿਹੜਾ ਪਾਰ ਕੀਤਾ। ਉਹ ਉਤਸ਼ਾਹ ਅਤੇ ਉਤੇਜਨਾ ਨਾਲ ਐਨੀ ਭਰੀ ਹੋਈ ਸੀ ਕਿ ਉਦੋਂ ਹੀ ਆਪਣੀ ਭਰਜਾਈ ਨੂੰ ਦੱਸ ਬੈਠੀ। ਤੇ ਉਸਦਾ ਪਿਤਾ ਮੁੜ ਕਦੇ ਵੀ ਉਸ ਨੂੰ ਸੁਪਨੇ ਵਿੱਚ ਦਿਖਾਈ ਨਾ ਦਿੱਤਾ।

ਕਪੂਰ ਅਤੇ ਉਸਦੇ ਦੋਨੋਂ ਭਰਾਵਾਂ ਕੋਲ ਆਪਣੇ ਪਿਤਾ ਸਰਦਾਰ ਸ਼ਾਮ ਸਿੰਘ ਸਿੱਧੂ ਬਾਰੇ ਏਨੀ ਨਿੱਘੀ ਕੋਈ ਯਾਦ ਨਹੀਂ। ਉਹ ਛੇ ਫੁੱਟ ਚਾਰ ਇੰਚ ਲੰਬਾ ਅਨੁਸ਼ਾਸਨ ਪਸੰਦ ਬੰਦਾ ਸੀ। ਉਨ੍ਹਾਂ ਦੇ ਬਚਪਨ ਵੇਲੇ ਉਹ ਬਹੁਤਾ ਘਰੋਂ ਬਾਹਰ ਹੀ ਰਿਹਾ। ਲੰਬੀ ਗੈਰਹਾਜ਼ਰੀ ਤੋਂ ਬਾਅਦ ਜਿਸ ਦਿਨ ਉਹ ਘਰ ਮੁੜਿਆ ਤਾਂ ਮੁੰਡੇ ਉਸ ਤੋਂ ਕਤਰਾ ਕੇ ਖੇਤਾਂ ਵੱਲ ਚਲੇ ਗਏ। ਕਪੂਰ ਦੇ ਛੋਟੇ ਭਰਾ, ਤਾਰੇ ਨੂੰ ਉਸਦੀਆਂ ਕਰਾਰੀਆਂ ਚੁਪੇੜਾਂ ਯਾਦ ਹਨ। ਖੇਤਾਂ ਵਿੱਚ ਕੰਮ ਕਰਦਿਆਂ ਜੇ ਕਦੇ ਤਾਰਾ ਉਸਦੇ ਆਖੇ ਦੀ ਅਣਗਹਿਲੀ ਕਰ ਜਾਂਦਾ ਜਾਂ ਵਾਧੂ ਦੀ ਛੇੜ-ਛਾੜ ਕਰ ਦਿੰਦਾ ਤਾਂ ਪਿਤਾ ਬਿਨਾਂ ਕੋਈ ਸ਼ਬਦ ਬੋਲੇ ਚੁਪੇੜ ਜੜ ਦਿੰਦਾ। ਇਹ ਸਭ ਉਦੋਂ ਹੋਣ ਲੱਗਾ ਸੀ, ਜਦੋਂ ਉਨ੍ਹਾਂ ਦਾ ਪਿਤਾ ਫੌਜ ਵਿੱਚੋਂ ਸੇਵਾ-ਮੁਕਤ ਹੋ ਕੇ ਆਇਆ ਸੀ। ਉਸ ਨੂੰ ਸੱਤ ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ। ਉਹ ਅੰਗ੍ਰੇਜ਼ਾਂ ਦੇ ਰਾਜ ਵਿੱਚ ਦੂਜੀ ਸਿੱਖ ਲਾਂਸਰ ਵਿੱਚ ਹਵਲਦਾਰ ਸੀ। ਬਦਕਿਸਮਤੀ ਨਾਲ ਉਹ ਕੁੱਤਿਆਂ ਨੂੰ ਪਿਆਰ ਨਹੀਂ ਸੀ ਕਰਦਾ। ਇਸਦੀ ਉਸ ਨੂੰ ਕੀਮਤ ਵੀ ਤਾਰਨੀ ਪਈ। ਉਸਦੀ ਸੂਬੇਦਾਰ ਵਜੋਂ ਤਰੱਕੀ ਰੁਕ ਗਈ। ਉਸਦਾ ਇੱਕ ਵੱਡਾ ਅੰਗ੍ਰੇਜ਼ ਅਫਸਰ ਆਪਣਾ ਕੁੱਤਾ ਸ਼ਾਮ ਸਿੰਘ ਦੇ ਹਵਾਲੇ ਕਰਕੇ ਆਪਣੀ ਘਰਵਾਲੀ ਨਾਲ ਛੁੱਟੀਆਂ ਮਨਾਉਣ ਚਲਾ ਗਿਆ। ਜਦੋਂ ਉਹ ਵਾਪਸ ਆਇਆ ਤਾਂ ਕੁੱਤੇ ਦੀ ਮੰਦੀ ਹਾਲਤ ਦੇਖ ਕੇ ਉਸ ਨੇ ਸ਼ਾਮ ਸਿੰਘ ਦੀ ਤਰੱਕੀ ਰੋਕ ਦਿੱਤੀ।

ਸ਼ਾਮ ਸਿੰਘ ਸੱਠ ਸਾਲ ਦੀ ਉਮਰ ਵਿੱਚ ਟੀਬੀ ਨਾਲ ਮਰਨ ਤੋਂ ਪਹਿਲਾਂ ਆਪਣੀ ਸੇਵਾ-ਮੁਕਤੀ ਦੇ ਕੁਝ ਸਾਲਾਂ ਦੌਰਾਨ ਬੀਮਾਰ ਹੀ ਰਿਹਾ। ਉਸਦੀ ਬੀਮਾਰੀ ਵੇਲੇ ਉਸਦੀ ਨੂੰਹ ਦਾ ਭਰਾ ਸੁੰਦਰ ਸਿੰਘ ਯੂਨਾਨੀ ਡਾਕਟਰ ਉਸਦਾ ਇਲਾਜ ਕਰਦਾ ਸੀ। ਉਸਦਾ ਸਭ ਤੋਂ ਛੋਟਾ ਪੁੱਤ, ਤਾਰਾ ਉਸ ਵੇਲੇ ਹਾਲੇ ਛੋਟੀ ਉਮਰ ਦਾ ਹੀ ਸੀ। ਦਹਾਕਿਆਂ ਬਾਅਦ ਜਦੋਂ ਤਾਰਾ ਆਪ ਬੁੱਢਾ ਹੋ ਗਿਆ ਸੀ, ਉਸ ਨੇ ਉਨ੍ਹਾਂ ਪਲਾਂ ਨੂੰ ਯਾਦ ਕਰਕੇ ਦੱਸਿਆ ਕਿ ਜਦੋਂ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸਦਾ ਪਿਤਾ ਨਹੀਂ ਬਚੇਗਾ ਜੇ ਉਹ ਅੰਦਰ ਜਾ ਕੇ ਕੋਈ ਗੱਲ ਕਰਨੀ ਚਾਹੁੰਦਾ ਹੈ ਤਾਂ ਕਰ ਲਵੇ। ਤਾਰਾ ਉਸ ਕੋਲ ਨਹੀਂ ਗਿਆ। "ਮੈਂ ਬੱਚਾ ਸੀ, ਮੈਂ ਕੀ ਕਹਿੰਦਾ?"

ਤਾਰੇ, ਕਪੂਰ ਅਤੇ ਉਨ੍ਹਾਂ ਦੇ ਵੱਡੇ ਭਰਾ ਭਗਵਾਨ ਦੀ ਮਾਂ ਆਸੀ ਕੌਰ ਪਹਿਲਾਂ ਹੀ ਮਰ ਚੁੱਕੀ ਸੀ। ਤਾਰਾ ਹਾਲੇ ਬਹੁਤ ਛੋਟਾ ਸੀ ਜਦੋਂ ਉਸਦੀ ਮਾਂ ਆਪਣੇ ਪੇਕੀਂ ਸਮਰਾਏ ਗਈ ਪਲੇਗ ਨਾਲ ਬੀਮਾਰ ਪੈ ਗਈ। ਤਾਰੇ ਨੂੰ ਉਸ ਬਾਰੇ ਬਹੁਤ ਥੋੜ੍ਹਾ ਯਾਦ ਹੈ। ਉਹ ਯਾਦ ਕਰਕੇ ਦੱਸਦਾ ਹੈ ਕਿ ਉਹ ਚੰਗੀ ਪਰ ਕੱਟੜ ਸੀ। ਉਸਦੀ ਮੌਤ ਤੋਂ ਬਾਅਦ ਤਾਰਾ ਕੁਝ ਦੇਰ ਆਪਣੀ ਛੋਟੀ ਮਾਸੀ ਕੋਲ ਫਤਿਹਪੁਰ ਰਿਹਾ ਤੇ ਕੁਝ ਦੇਰ ਆਪਣੇ ਪਿਤਾ ਕੋਲ। ਪਿਤਾ ਦੀ ਮੌਤ ਤੋਂ ਬਾਅਦ ਉਹ ਬਹੁਤ ਦੇਰ ਤੱਕ ਆਪਣੀ ਭੂਆ ਕੋਲ ਰਿਹਾ। ਦੂਜੇ ਪਾਸੇ ਕਪੂਰ ਉਦੋਂ ਐਡਾ ਕੁ ਸੀ ਕਿ ਆਪਣੀ ਮਾਂ ਨਾਲ ਅੰਦਰੋਂ ਜੁੜ ਚੁੱਕਾ ਸੀ। ਉਸਦੀ ਮੌਤ ਦਾ ਦੁੱਖ ਉਸ ਨੇ ਮਹਿਸੂਸ ਕੀਤਾ। ਉਸਦੀ ਦੇਖਭਾਲ ਉਸਦੀ ਇੱਕ ਹੋਰ ਮਾਸੀ, ਨਿੱਕੋ ਨੇ ਆਪਣਾ ਬੱਚਾ ਸਮਝ ਕੇ ਕੀਤੀ।

ਘਰਦਿਆਂ ਵੱਲੋਂ ਸਕੂਲ ਭੇਜਣ ਲਈ ਕਪੂਰ ਨੂੰ ਚੁਣਿਆ ਗਿਆ। ਪ੍ਰਤੱਖ ਹੈ ਕਿ ਉਹ ਹੁਸ਼ਿਆਰ ਵੀ ਸੀ ਤੇ ਲੁਭਾਉਣਾ ਵੀ। ਆਪਣੇ ਮਾਪਿਆਂ ਦਾ ਲਾਡਲਾ ਸੀ ਤੇ ਪਿੱਛੋਂ ਮਾਸੀ ਦਾ ਵੀ ਚਹੇਤਾ ਬਣਿਆ। ਮਾਸੀ ਉਸ ਨੂੰ ਆਪਣਿਆਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ। ਸੁਰਜੀਤ ਨੇ ਜਦੋਂ ਆਪਣੇ ਪਰਿਵਾਰ ਦਾ ਇਤਿਹਾਸ ਜਾਣਨ ਲਈ ਆਪਣੇ ਚਾਚੇ ਨਾਲ ਇੰਟਰਵਿਊ ਕੀਤੀ ਤਾਂ ਉਸ ਨੂੰ ਪੁੱਛਿਆ ਕਿ ਸਾਰੇ ਭਰਾਵਾਂ ਵਿੱਚੋਂ ਮਾਂ ਦਾ ਲਾਡਲਾ ਕੌਣ ਸੀ? ਉਸ ਨੇ ਬਿਨਾਂ ਝਿਜਕ ਜਵਾਬ ਦਿੱਤਾ, " ਜਿਹੜਾ ਸਕੂਲ ਗਿਆ।" ਕਈ ਵਾਰ ਉਨ੍ਹਾਂ ਦਾ ਪਿਤਾ ਤਾਰੇ ਨੂੰ ਕਪੂਰ ਦਾ ਖਾਣਾ ਫੜਾਉਣ ਲਈ ਸਕੂਲ ਭੇਜਦਾ। ਕਪੂਰ ਦਾ ਹਾਈ ਸਕੂਲ ਬਜਵਾੜਾ ਪਿੰਡ ਵਿੱਚ ਸੀ। ਇਹ ਉਨ੍ਹਾਂ ਦੇ ਪਿੰਡ ਤੋਂ ਤੀਹ ਕਿਲੋਮੀਟਰ ਦੂਰ ਸੀ। ਖਾਣੇ ਵਿੱਚ ਦਹੀਂ, ਘਿਓ, ਰੋਟੀ ਤੇ ਕੋਈ ਫਲ ਹੁੰਦਾ। ਸੁਰਜੀਤ ਨੇ ਤਾਰੇ ਨੂੰ ਪੁੱਛਿਆ ਕਿ ਉਸ ਨੂੰ ਕਦੇ ਗੁੱਸਾ ਨਹੀਂ ਸੀ ਆਉਂਦਾ ਕਿ ਕਪੂਰ ਨੂੰ ਸਭ ਤੋਂ ਚੰਗੇ ਕੱਪੜੇ ਅਤੇ ਖਾਣਾ ਮਿਲਦਾ ਸੀ। "ਨਹੀਂ, ਇਹ ਉਸਦਾ ਹੱਕ ਸੀ," ਤਾਰੇ ਨੇ ਜਵਾਬ ਦਿੱਤਾ। ਤਾਰੇ ਨੇ ਇਸਦੀ ਕਦੇ ਉਮੀਦ ਨਹੀਂ ਸੀ ਰੱਖੀ ਕਿ ਉਹ ਵੀ ਸਕੂਲ ਜਾਵੇਗਾ। ਜੇ ਕਿਸੇ ਪਰਿਵਾਰ ਨੇ ਆਪਣੇ ਪੁੱਤ ਨੂੰ ਪੜ੍ਹਾਉਣਾ ਹੁੰਦਾ ਤਾਂ ਉਹ ਕਿਸੇ ਇੱਕ ਨੂੰ ਹੀ ਪੜ੍ਹਾਉਂਦੇ। ਤਾਰਾ ਸੋਚਦਾ ਕਿ ਉਨ੍ਹਾਂ ਦਾ ਪਿਤਾ ਖਾਸ ਬੰਦਾ ਸੀ। ਇਸੇ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਪੜ੍ਹਣੇ ਪਾਇਆ। ਜੇ ਉਹ ਫੌਜ ਵਿੱਚ ਜਾਣ ਕਰਕੇ ਪਿੰਡੋਂ ਨਾ ਨਿਕਲਿਆ ਹੁੰਦਾ ਤਾਂ ਉਸ ਨੇ ਇੱਕ ਨੂੰ ਵੀ ਸਕੂਲ ਨਹੀਂ ਸੀ ਭੇਜਣਾ। ਇਸ ਤਰ੍ਹਾਂ ਤਾਰੇ ਨੇ ਆਪਣੇ ਪਿਤਾ ਦੀ ਪੀੜ੍ਹੀ ਅਤੇ ਆਪਣੀ ਸੋਚ ਦਾ ਖੁਲਾਸਾ ਕੀਤਾ।

ਤਾਰੇ ਨੂੰ ਸਕੂਲ ਜਾਣ ਦਾ ਕਦੇ ਵੀ ਖਿਆਲ ਨਹੀਂ ਸੀ ਆਇਆ। ਉਸਦੀ ਜ਼ਿੰਮੇਵਾਰੀ ਚਰਾਂਦਾਂ ਵਿੱਚ ਮੱਝਾਂ ਚਾਰਨ ਦੀ ਸੀ। ਸਕੂਲ ਲੱਗਣ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਕਪੂਰ ਦੀ ਵੀ ਸੀ।  ਛੇ ਸਾਲਾਂ ਦਾ ਹੋ ਕੇ ਉਹ ਪਾੜ੍ਹਾ ਬਣਿਆ। ਮਾਹਲਪੁਰ ਦੇ ਪ੍ਰਾਇਮਰੀ ਸਕੂਲ ਤੱਕ ਪਹੁੰਚਣ ਲਈ ਉਹ ਅੱਠ ਕਿਲੋਮੀਟਰ ਤੁਰ ਕੇ ਜਾਂਦਾ। ਮਾਹਲਪੁਰ ਕੁਝ ਹਜ਼ਾਰ ਲੋਕਾਂ ਦੀ ਵਸੋਂ ਵਾਲਾ ਕਸਬਾ ਸੀ। ਇਹ ਹੁਸ਼ਿਆਰਪੁਰ ਨੂੰ ਜਾਂਦੀ ਮੁੱਖ ਸੜਕ `ਤੇ ਸੀ। ਇੱਥੇ ਥਾਣਾ ਵੀ ਸੀ। ਸਕੂਲ ਵਿੱਚ ਉਹ ਖੁੱਲ੍ਹੇ ਅਸਮਾਨ ਹੇਠ ਜ਼ਮੀਨ `ਤੇ ਬੈਠ ਕੇ ਪੜ੍ਹਦਾ। ਸਕੂਲ ਉਹ ਚਾਰ ਦੀਵਾਰੀ ਦੇ ਬਾਹਰ ਜੁੱਤੀ ਲਾਹ ਕੇ ਵੜਦਾ। ਸਕੂਲ ਵਿੱਚ ਉਸਦਾ ਜੀਅ ਲੱਗਦਾ। ਤੁਰਨ ਦੀ ਔਖਿਆਈ ਬਾਰੇ ਸ਼ਕਾਇਤ ਨਹੀਂ ਸੀ ਕਰਦਾ ਸਗੋਂ ਸਾਝਰੇ ਉਚੇਚ ਨਾਲ ਉੱਠਦਾ। ਘਰਦੇ ਕੱਤੇ ਸੂਤ ਦਾ ਝੱਗਾ ਤੇ ਨਿੱਕਰ ਪਾਉਂਦਾ। ਰੰਗਦਾਰ ਪੱਗ ਬੰਨ੍ਹਦਾ। ਪੂਰੀ ਪੱਗ, ਕੇਸਕੀ ਨਹੀਂ। ਜਮਾਤਾਂ ਨੂੰ ਵਖਰਿਆਉਣ ਲਈ ਪੱਗਾਂ ਦੇ ਵੱਖ ਵੱਖ ਰੰਗ ਹੁੰਦੇ ਜਿਵੇਂ ਗੁਲਾਬੀ, ਨੀਲਾ, ਪੀਲਾ ਜਾਂ ਜਾਮਣੀ। ਉਹ ਸਵੇਰ-ਸ਼ਾਮ ਖੇਤਾਂ ਵਿੱਚੋਂ ਤੁਰ ਕੇ ਸਕੂਲ ਜਾਣ-ਆਉਣ ਨੂੰ ਯਾਦ ਕਰਕੇ ਹਮੇਸ਼ਾ ਖੁਸ਼ ਹੁੰਦਾ। ਉਸਦੇ ਰਾਹ ਵਿੱਚ ਇੱਕ ਥਾਂ ਅੰਬਾਂ ਦੇ ਬਾਗ ਦੀ ਛਾਂ ਪੈਂਦੀ ਤੇ ਇੱਕ ਜਗ੍ਹਾ ਛੋਟਾ ਜਿਹਾ ਜੰਗਲੀ ਇਲਾਕਾ। ਮਾਹਲਪੁਰ ਨੂੰ ਜਾਣ ਵੇਲੇ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸ਼ਿਵਾਲਿਕ ਵਿੱਚੋਂ ਨਿਕਲਦੀਆਂ ਹਰੀਆਂ ਝਾੜੀਆਂ ਵਿਚ ਘਿਰੀਆਂ ਕੂਲ੍ਹਾਂ ਦੇ ਨੇੜੇ ਹੁੰਦਾ ਜਾਂਦਾ, ਜਿੱਥੇ ਜੰਗਲੀ ਜਾਨਵਰ ਹੁੰਦੇ। ਉੱਥੇ ਉਸ ਨੇ ਹਿਰਨ, ਖਰਗੋਸ਼ ਅਤੇ ਬਟੇਰੇ ਦੇਖੇ। ਕਦੇ-ਕਦਾਈਂ ਬਘਿਆੜ ਜਾਂ ਗਿੱਦੜ ਵੀ, ਜਿਸ ਨਾਲ ਉਸ ਨੇ ਉਮਰ ਭਰ ਲਈ ਕੁਦਰਤ ਦੀ ਝਲਕ ਦੇਖ ਲਈ।

ਜਿਸ ਬਾਗ ਕੋਲ ਦੀ ਉਹ ਦਿਹਾੜੀ ਵਿੱਚ ਦੋ ਵਾਰ ਲੰਘਦਾ ਸੀ, ਉੱਥੇ ਇੱਕ ਸਾਧੂ ਰਹਿੰਦਾ ਸੀ। ਉਸਦੇ ਦੁਆਲੇ ਉਸਦੇ ਸ਼ਰਧਾਲੂ ਬੈਠੇ ਹੁੰਦੇ। ਉੱਥੋਂ ਲੰਘਦਾ ਕਪੂਰ ਉਸ ਨੂੰ ਮੱਥਾ ਟੇਕਦਾ। ਇਹ ਨਿੱਤਨੇਮ ਕਪੂਰ ਲਈ ਮਹੱਤਵਪੂਰਨ ਸੀ ਕਿਉਂ ਕਿ ਇਹ ਸੰਭਾਵਨਾਵਾਂ ਭਰਪੂਰ ਸੀ। ਸਾਧੂ ਨੇ ਵੀ ਮੁੰਡੇ ਵਿੱਚ ਦਿਲਚਸਪੀ ਦਿਖਾਈ। ਇੱਕ ਵਾਰ ਉਸ ਨੇ ਕਪੂਰ ਦੇ ਪੈਰ ਦੀ ਤਲੀ ਦੇਖ ਕੇ ਕਿਹਾ, "ਤੇਰੇ ਇੱਥੇ ਪਦਮ ਹੈ। ਤੂੰ ਰਾਜਾ ਬਣੇਂਗਾ ਜਾਂ ਫਕੀਰ।"

ਕਪੂਰ ਦਸ ਸਾਲ ਦਾ ਸੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਉਸ ਨੂੰ ਇੱਕ ਜੋਸ਼ੀਲਾ ਦੇਸ਼ ਭਗਤ ਅਧਿਆਪਕ ਮਿਲਿਆ। ਉਹ ਆਪਣੇ ਵਿਦਿਆਰਥੀਆਂ ਨੂੰ ਆਖਦਾ ਕਿ ਅਮਰੀਕਾ ਜਾਓ। ਬਹੁਤ ਸਾਰੀ ਕਮਾਈ ਕਰੋ ਤੇ ਆ ਕੇ ਭਾਰਤ ਨੂੰ ਆਜ਼ਾਦ ਕਰਵਾਓ। ਸਾਲ ਬਾਅਦ ਕਪੂਰ ਨੇ ਪੜ੍ਹਾਈ ਵਾਸਤੇ ਅੰਗ੍ਰੇਜ਼ੀ ਦਾ ਵਿਸ਼ਾ ਚੁਣ ਲਿਆ, ਜਿਹੜਾ ਬ੍ਰਿਟਿਸ਼ ਇੰਡੀਆ ਸਿਵਲ ਸਰਵਿਸਜ਼ ਵਿੱਚ ਨੌਕਰੀ ਕਰਨ ਲਈ ਜ਼ਰੂਰੀ ਸੀ। ਉਸ ਵਰਗੇ ਲੜਕੇ ਲਈ ਇਹ ਢੁੱਕਵੀਂ ਚੋਣ ਲਗਦੀ ਹੋਵੇਗੀ। ਉਸਦੀ ਪੀੜ੍ਹੀ ਦੇ ਹੋਰ ਬਹੁਤ ਸਾਰੇ ਪੜ੍ਹੇ-ਲਿਖੇ ਪੰਜਾਬੀਆਂ ਵਾਂਗ ਉਹ ਵੀ ਤਿੰਨ ਭਸ਼ਾਵਾਂ ਵਿੱਚ ਲਿਖਣਾ ਸਿੱਖ ਰਿਹਾ ਸੀ। ਪੰਜਾਬੀ ਲਈ ਗੁਰਮੁਖੀ ਲਿਪੀ, ਉਰਦੂ ਅਤੇ ਅੰਗ੍ਰੇਜ਼ੀ। ਉਸ ਨੇ ਸਾਰੀ ਉਮਰ ਤਿੰਨਾਂ ਭਸ਼ਾਵਾਂ `ਤੇ ਰਵਾਨਗੀ ਕਾਇਮ ਰੱਖੀ।(6) ਉਸਦੀ ਅੰਗ੍ਰੇਜ਼ੀ ਬੋਲਣ ਦੀ ਯੋਗਤਾ ਉਸਦੇ ਅਮਰੀਕਾ ਜਾਣ ਵਿੱਚ ਸਹਾਈ ਹੋਈ। ਹਾਈ ਸਕੂਲ ਕਰਨ ਲਈ ਉਹ ਬਜਵਾੜੇ ਦੇ ਹਾਈ ਸਕੂਲ ਦੀ ਨੌਵੀਂ ਜਮਾਤ ਵਿੱਚ ਦਾਖਲ ਹੋਇਆ। ਇਹ ਹੁਸ਼ਿਆਰਪੁਰ ਦੇ ਨੇੜੇ ਸੀ ਅਤੇ ਖੜੌਦੀ ਤੋਂ ਪੈਦਲ ਚੱਲ ਕੇ ਜਾਣ ਲਈ ਬਹੁਤ ਦੂਰ ਪੈਂਦਾ ਸੀ। ਪਰ ਉਸ ਵੇਲੇ ਉਸਦੀ ਮਾਸੀ, ਨਿੱਕੋ ਉਸਦੀ ਦੇਖ-ਭਾਲ ਕਰਦੀ ਸੀ। ਉਹ ਉਸਦੇ ਪਿੰਡ ਰਹਿੰਦਾ ਸੀ। ਕਪੂਰ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਸਦਾ ਪਿਤਾ ਵੀ ਉਸ ਨੂੰ ਹਾਈ ਸਕੂਲ ਪਾਸ ਕਰਦੇ ਨੂੰ ਦੇਖਣ ਤੱਕ ਜਿਉਂਦਾ ਨਾ ਰਿਹਾ।

ਹਾਈ ਸਕੂਲ ਤੋਂ ਬਾਅਦ ਕਪੂਰ ਨੇ ਕੋਲਕਤੇ ਵਿੱਚ ਬਿਜ਼ਨਸ ਸਕੂਲ ਵਿੱਚ ਦਾਖਲਾ ਲੈ ਲਿਆ, ਜਿੱਥੇ ਉਸ ਨੇ ਬੁੱਕ ਕੀਪਿੰਗ ਅਤੇ ਸ਼ੌਰਟ ਹੈਂਡ ਸਿੱਖੀ।(7) ਆਪਣੇ ਪਰਿਵਾਰ ਦੀ ਪਤਲੀ ਮਾਲੀ ਹਾਲਤ ਦੇਖ ਕੇ ਉਸ ਨੂੰ ਕਿਸੇ ਸਹਾਰੇ ਦੀ ਝਾਕ ਨਹੀਂ ਸੀ ਭਾਵੇਂ ਉਸਦਾ ਪਿਤਾ ਜਿਉਂਦਾ ਵੀ ਹੁੰਦਾ ਅਤੇ ਨਾ ਹੀ ਉਸ ਨੂੰ ਆਪਣੇ ਵੱਡੇ ਭਰਾ ਭਗਵਾਨ ਤੋਂ ਕੋਈ ਉਮੀਦ ਸੀ। ਪਰ ਉਸ ਨੂੰ ਆਪਣੇ ਹੋਣ ਵਾਲੇ ਸਹੁਰੇ ਹਾਕਮ ਸਿੰਘ ਸੰਧੂ ਤੋਂ ਸਹਾਇਤਾ ਮਿਲੀ। ਉਸ ਨੇ ਕਪੂਰ ਨੂੰ ਪੈਸੇ ਭੇਜੇ। ਹਾਕਮ ਸਿੰਘ ਨੇ ਚੰਗੇ ਪੰਜਾਬੀ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਆਪਣੀ ਧੀ ਦੇ ਮੰਗੇਤਰ ਦੀ ਮੱਦਦ ਕੀਤੀ। ਛੇਤੀ ਬਾਅਦ ਹੀ ਜਦੋਂ ਉਸਦੀ ਧੀ ਪੰਦਰਾਂ ਸਾਲ ਦੀ ਹੋਈ ਅਤੇ ਕਪੂਰ ਵੀਹ ਸਾਲ ਦਾ ਤਾਂ ਉਨ੍ਹਾਂ ਦਾ ਔੜ ਵਿਖੇ ਵਿਆਹ ਕਰ ਦਿੱਤਾ।(8) ਉਹ ਉੱਥੇ ਹੀ ਆਪਣੇ ਪਰਿਵਾਰ ਕੋਲ ਰਹੀ। ਕਪੂਰ ਆਪਣੀ ਪੜ੍ਹਾਈ ਪੂਰੀ ਕਰਨ ਲਈ 1800 ਕਿਲੋਮੀਟਰ ਦੂਰ ਸ਼ਹਿਰੀ ਵਾਤਾਵਰਣ ਵਿੱਚ ਚਲਾ ਗਿਆ, ਜਿਹੜਾ ਦਿਹਾਤੀ ਪੰਜਾਬ ਤੋਂ ਭਿੰਨ ਸੀ। ਉਹ ਉਸ ਤੀਖਣ ਮੌਕੇ ਕੋਲਕਤੇ ਵਿੱਚ ਹੀ ਸੀ ਜਦੋਂ ਸਥਾਨਕ ਬੰਗਾਲੀਆਂ, ਖਾਸ ਕਰਕੇ ਬੰਗਾਲੀ ਵਿਦਿਆਰਥੀਆਂ ਨੇ ਅੰਗ੍ਰੇਜ਼ੀ ਰਾਜ ਵਿਰੁੱਧ ਦਿਖਾਵਾ ਕੀਤਾ। ਜੇ ਇਹ ਉਸਦੇ ਕੋਲਕਤਾ ਦੇ ਅਨੁਭਵਾਂ ਦਾ ਮਹੱਤਵਪੂਰਨ ਹਿੱਸਾ ਸੀ ਤਾਂ ਉਸ ਨੇ ਬਾਅਦ ਵਿੱਚ ਇਸ ਬਾਰੇ ਕਦੇ ਜ਼ਿਕਰ ਨਹੀਂ ਕੀਤਾ। ਜੇ ਕੋਈ ਗੱਲ ਉਸ ਨੇ ਕੀਤੀ ਤਾਂ ਉਹ ਉਨ੍ਹਾਂ ਦੋ ਜਵਾਨ ਅੰਗ੍ਰੇਜ਼ ਔਰਤਾਂ ਬਾਰੇ ਸੀ, ਜਿਹੜੀਆਂ ਉਸ ਵਿੱਚ ਦਿਲਚਸਪੀ ਲੈਂਦੀਆਂ ਸਨ ਅਤੇ ਜਿਨ੍ਹਾਂ ਨੇ ਉਸ ਨਾਲ ਅੰਗ੍ਰੇਜ਼ੀ ਸਾਹਿਤ ਅਤੇ ਕਵਿਤਾ ਪੜ੍ਹਣ ਲਈ ਸਮਾਂ ਗੁਜ਼ਾਰਿਆ।

ਪੰਜਾਬੀਆਂ ਵਿੱਚ ਵਿਆਹ ਪ੍ਰਤੀ ਇੱਕ ਤਕੜੀ ਭਾਵਨਾ ਹੈ। ਉਹ ਵਿਆਹ ਨੂੰ ਪਤੀ-ਪਤਨੀ ਦਾ ਹੀ ਮੇਲ ਨਹੀਂ ਸਮਝਦੇ ਸਗੋਂ ਪਰਿਵਾਰਾਂ ਦਾ ਬੰਧਨ ਮੰਨਦੇ ਹਨ। ਇਸੇ ਭਾਵਨਾ ਤਹਿਤ ਹੀ ਕਪੂਰ ਤੇ ਬਸੰਤ ਕੌਰ ਨੇ ਦੂਰ ਰਹਿ ਕੇ ਵੀ ਆਪਣਾ ਸੰਬੰਧ ਕਾਇਮ ਰੱਖਿਆ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੀ ਦੋਵੇਂ ਪਰਿਵਾਰ ਆਪਸ ਵਿੱਚ ਵਰਤਣ ਲੱਗੇ ਸਨ। ਜਦੋਂ ਸ਼ਾਮ ਸਿੰਘ ਸਿੱਧੂ ਮਰ ਰਿਹਾ ਸੀ ਤਾਂ ਇਹ ਹਾਕਮ ਸਿੰਘ ਸੰਧੂ ਦਾ ਡਾਕਟਰ ਬੇਟਾ ਹੀ ਸੀ, ਜਿਹੜਾ ਉਸਦਾ ਇਲਾਜ ਕਰਦਾ ਸੀ। ਅਤੇ ਵਿਆਹ ਤੋਂ ਬਾਅਦ ਬਸੰਤ ਕੌਰ ਅਕਸਰ ਖੜੌਦੀ ਦਾ ਚੱਕਰ ਮਾਰਦੀ। ਪਰਿਵਾਰ ਦਾ ਸੇਵਕ ਘੋੜੇ ਦੀ ਲਗਾਮ ਫੜ ਕੇ ਮੂਹਰੇ ਤੁਰਦਾ ਤੇ ਬਸੰਤ ਕੌਰ ਨੂੰ ਕਪੂਰ ਦੇ ਪਰਿਵਾਰ ਨਾਲ ਮਿਲਾ ਲਿਆਉਂਦਾ। ਉਹ ਸਭ ਦੀ ਮਨ-ਭਾਉਂਦੀ ਸੀ ਕਿਉਂ ਕਿ ਉਨ੍ਹਾਂ ਵਿੱਚ ਉਹ ਇਕੱਲੀ ਹੀ ਪੜ੍ਹੀ-ਲਿਖੀ ਸੀ ਤੇ ਉਨ੍ਹਾਂ ਨੂੰ ਕਹਾਣੀਆਂ ਸੁਣਾਉਂਦੀ ਸੀ। ਉਸਦੇ ਪਹੁੰਚਣ ਸਾਰ ਸਾਰੇ ਕਾਹਲੀ ਵਿੱਚ ਆਪਣੇ ਕੰਮ ਨਬੇੜ ਕੇ ਵਿਹੜੇ ਵਿੱਚ ਇਕੱਠੇ ਹੋ ਜਾਂਦੇ। ਉਹ ਰਮਾਇਣ ਅਤੇ ਮਹਾਂਭਾਰਤ ਵਿੱਚੋਂ ਕਹਾਣੀਆਂ ਸੁਣਾਉਂਦੀ। ਗੁਰੂ ਨਾਨਕ ਦੇਵ ਦੀਆਂ ਸਾਖੀਆਂ ਸੁਣਾਉਂਦੀ।

ਉਸ ਨੇ ਆਪਣੇ ਘਰਵਾਲੇ ਦੀ ਗੈਰਹਾਜ਼ਰੀ ਵਿੱਚ ਉਸਦੇ ਪਰਿਵਾਰ ਨਾਲ ਬਹੁਤ ਸਹਿਜ ਨਾਲ ਹੀ ਸਬੰਧ ਬਣਾਈ ਰੱਖੇ। ਕਪੂਰ ਨੇ ਜ਼ਰੂਰ ਹੀ ਇਸਦਾ ਮੁੱਲ ਪਾਇਆ ਹੋਵੇਗਾ।  1953 ਵਿੱਚ ਕਪੂਰ ਨੇ ਕਨੇਡਾ ਦੇ ਇੱਕ ਅਖਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ, "ਕਨੇਡਾ ਦੀ ਇਮੀਗਰੇਸ਼ਨ ਦੀਆਂ ਬੇਰਹਿਮ ਪਾਬੰਦੀਆਂ ਨੇ 16 ਸਾਲ ਸਾਨੂੰ ਵੱਖ ਕਰੀ ਰੱਖਿਆ। ਸ਼ਾਇਦ ਉਹ ਹੋਰਾਂ ਦੇ ਵਿਆਹ ਬਰਬਾਦ ਕਰ ਦਿੰਦੇ ਪਰ ਸਾਡੇ ਨੂੰ ਨਹੀਂ ਕਰ ਸਕੇ।"(9) ਆਖਰ ਨੂੰ ਜਦ ਉਹ ਮਿਲੇ, ਉਨ੍ਹਾਂ ਦਾ ਵਿਆਹ ਨਿਭਿਆ, ਕਿਉਂਕਿ ਉਹ ਇੱਕ-ਦੂਜੇ ਲਈ ਢੁੱਕਵੇਂ ਸਨ। ਜੁਦਾਈ ਦੇ ਦਿਨਾਂ ਵਿੱਚ ਬਸੰਤ ਕੌਰ ਵੱਲੋਂ ਤਰੱਦਦ ਕਰਕੇ ਆਪਣੇ ਸਹੁਰੀਂ ਜਾਣਾ ਵੀ ਸਹਾਈ ਹੋਇਆ ਅਤੇ ਉਨ੍ਹਾਂ ਦੇ ਸਮਾਜਕ ਤੇ ਸਭਿਆਚਾਰਕ ਮਾਹੌਲ ਨੇ ਵੀ ਉਨ੍ਹਾਂ ਨੂੰ ਆਪਸ ਵਿੱਚ ਬੰਨ੍ਹੀ ਰੱਖਣ ਵਿੱਚ ਮੱਦਦ ਕੀਤੀ ਭਾਵੇਂ ਉਹ ਦੁਨੀਆਂ ਦੇ ਵਿਰੋਧੀ ਕੋਨਿਆਂ ਵਿੱਚ ਬੈਠੇ ਸਨ।

Read 118 times Last modified on Friday, 27 April 2018 02:46