ਲੇਖ਼ਕ

Friday, 27 April 2018 02:38

03. ਕਿਲੇ ਦੇ ਮੋਤੀ - ਪ੍ਰਵਾਸੀ ਜੱਥੇ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਦੀ ਜਵਾਨੀ ਦੇ ਸਾਲਾਂ ਦੌਰਾਨ ਉਸਦੇ ਜ਼ਿਲ੍ਹੇ ਦੇ ਉਤਸ਼ਾਹੀ ਤੇ ਦਲੇਰ ਨੌਜਵਾਨਾਂ ਵਿੱਚ ਪ੍ਰਦੇਸ ਜਾਣ ਦਾ ਪ੍ਰਬਲ ਸੁਪਨਾ ਸੀ। ਆਲੇ-ਦੁਆਲੇ ਦੇ ਹਰੇਕ ਪਿੰਡ `ਚੋਂ ਕੋਈ ਨਾ ਕੋਈ ਪ੍ਰਦੇਸ ਗਿਆ ਹੋਇਆ ਸੀ। ਕਈ ਪਰਿਵਾਰ ਅਜੇਹੇ ਵੀ ਸਨ ਜਿਨ੍ਹਾਂ ਦੇ ਬੰਦੇ ਹਾਲੇ ਵੀ ਬਾਹਰ ਨੌਕਰੀਆਂ ਕਰਦੇ ਸਨ ਜਿਵੇਂ ਮਲਾਇਆ, ਸਿੰਗਾਪੁਰ, ਹਾਂਗਕਾਂਗ ਜਾਂ ਸੰਘਾਈ ਤੇ ਪਿੱਛੋਂ ਆਸਟਰੇਲੀਆ ਵਿੱਚ ਵੀ। ਬਹੁਤ ਸਾਰੇ ਕੁਝ ਸਾਲ ਪ੍ਰਦੇਸੀਂ ਰਹਿ ਕੇ ਆਪਣੇ ਪਰਿਵਾਰਾਂ ਵਿੱਚ ਮੁੜ ਆਉਂਦੇ ਸਨ ਅਤੇ ਬਾਕੀ ਜ਼ਿੰਦਗੀ ਆਪਣੇ ਪਿੰਡਾਂ ਵਿੱਚ ਬਤਾਉਂਦੇ। ਕੁਝ ਪੰਜਾਬ ਅਤੇ ਸਮੁੰਦਰੋਂ ਪਾਰ ਆਪਣੇ ਚੁਣੇ ਹੋਏ ਦੇਸ਼ ਦਰਮਿਆਨ ਗੇੜੇ ਲਾਉਂਦੇ ਰਹਿੰਦੇ। ਕਈ ਕਦੇ ਵੀ ਨਾ ਮੁੜਦੇ। ਉਨ੍ਹਾਂ ਸਾਰਿਆਂ ਦੀਆਂ ਕਹਾਣੀਆਂ ਨੌਜਵਾਨਾਂ ਨੂੰ ਉਤਸ਼ਾਹਤ ਕਰਦੀਆਂ। ਜੇ ਉਨ੍ਹਾਂ ਨੂੰ ਖੁੱਲ੍ਹ ਹੁੰਦੀ ਅਤੇ ਜਾਣ ਦੇ ਸਾਧਨ ਹੁੰਦੇ ਤਾਂ ਉਹ ਕਦੇ ਵੀ ਮੌਕਾ ਨਾ ਖੁੰਝਾਉਂਦੇ। ਮਰਦ ਪ੍ਰਧਾਨ ਪਰਿਵਾਰਾਂ ਵਿੱਚ ਬਾਹਰ ਜਾਣ ਦੀ ਆਗਿਆ ਆਪਣੇ ਆਪ ਹੀ ਨਹੀਂ ਸੀ ਮਿਲ ਜਾਂਦੀ। ਵਡੇਰੇ ਫੈਸਲਾ ਕਰਦੇ। ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾਂਦੀ। ਨੌਜਵਾਨਾਂ ਨੇ ਜਿੰਨੇ  ਦੂਰ ਵਾਲੇ ਦੇਸ਼ ਜਾਣਾ ਹੁੰਦਾ, ਓਨਾ ਹੀ ਜ਼ਿਆਦਾ ਖਰਚ ਆਉਂਦਾ। ਪੈਸੇ ਨੂੰ ਖਰਚਣ ਦੇ ਮਾਮਲੇ ਆਮ ਤੌਰ `ਤੇ ਵੱਡੇ ਹੀ ਤਹਿ ਕਰਦੇ।

ਕਪੂਰ ਦੀ ਪੜ੍ਹਾਈ ਨੇ ਉਸਦੀ ਸਥਿਤੀ ਬਾਕੀ ਗਰਾਈਆਂ ਨਾਲੋਂ ਵੱਖਰੀ ਕਰ ਦਿੱਤੀ ਸੀ। ਉਸ ਨੂੰ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਖੁੱਲ੍ਹ ਮਿਲ ਗਈ ਸੀ। ਜਦੋਂ ਉਸ ਨੇ ਉੱਤਰੀ ਅਮਰੀਕਾ ਜਾਣਾ ਸੀ ਤਾਂ ਉਹ ਸਹਾਇਤਾ ਲਈ ਆਪਣੇ ਵੱਡਿਆਂ ਕੋਲ ਨਹੀਂ ਗਿਆ ਸਗੋਂ ਆਪਣੀ ਕਿਸ਼ੋਰ ਪਤਨੀ ਕੋਲ ਗਿਆ, ਜਿਹੜੀ ਆਪਣੇ ਮਾਪਿਆਂ ਕੋਲ ਰਹਿੰਦੀ ਸੀ। ਉਸਦਾ ਕਪੂਰ ਦੇ ਨਾਲ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਇਹ 1906 ਦੀ ਗੱਲ ਹੈ, ਜਦੋਂ ਕਪੂਰ ਮਾਹਲਪੁਰ ਇਲਾਕੇ ਦੇ ਬੰਦਿਆਂ ਦੇ ਜੱਥੇ ਨਾਲ ਰਲਿਆ। ਉਹ ਕਲਕੱਤੇ ਜਾਣ ਲਈ ਨੇੜੇ ਦੇ ਰੇਲਵੇ ਸਟੇਸ਼ਨ ਤੱਕ ਤੁਰ ਕੇ ਗਏ। ਜੱਥੇ ਦੇ ਬੰਦੇ ਉਸ ਨੂੰ ਨਾਲ ਲਿਜਾਣਾ ਚਾਹੁੰਦੇ ਸਨ। ਇਹ ਕਪੂਰ ਦੀ ਮੁਟਿਆਰ ਪਤਨੀ ਵੱਲੋਂ ਸਹਾਇਤਾ ਕਰਨ ਕਰਕੇ ਹੀ ਸੰਭਵ ਹੋਇਆ।

ਕਪੂਰ ਨੇ ਕੋਲਕਤਾ ਵਿੱਚ ਥੋੜ੍ਹੇ ਸਮੇਂ ਲਈ ਇੱਕ ਅੰਗ੍ਰੇਜ਼ ਕੋਲ ਕਲਰਕ ਦੀ ਨੌਕਰੀ ਕੀਤੀ ਸੀ। ਇਹ ਅੰਗ੍ਰੇਜ਼ ਉਸ ਨੂੰ ਬਿਜ਼ਨਿਸ ਸਕੂਲ ਵਿੱਚ ਪੜ੍ਹਦਿਆਂ ਮਿਲਿਆ ਸੀ। ਕਪੂਰ ਨੂੰ ਜ਼ਰੂਰ ਹੀ ਉਸ ਲਈ ਕੰਮ ਕਰਦਿਆਂ ਚੰਗਾ ਲੱਗਦਾ ਹੋਵੇਗਾ ਇਸ ਕਰਕੇ ਹੀ ਉਹ ਪਿੱਛੋਂ ਵੀ ਉਸ ਬਾਰੇ ਵਧੀਆ ਰਾਇ ਰੱਖਦਾ ਸੀ। ਪਰ ਉਸ ਨੇ ਉੱਥੇ ਅਠਾਰਾਂ ਜਾਂ ਵੀਹ ਦਿਨ ਹੀ ਕੰਮ ਕੀਤਾ। ਉਸ ਨੇ ਆਪਣੇ ਪਿੰਡਾਂ ਵੱਲ ਦੇ ਇੱਕ ਉੱਦਮੀ ਨੌਜਵਾਨ, ਪਿਆਰਾ ਸਿੰਘ ਲੰਗੇਰੀ ਦੀ ਗੱਲ ਸੁਣ ਕੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਪਿਆਰਾ ਸਿੰਘ ਮਾਹਲਪੁਰ ਦੇ ਨੇੜੇ ਲੰਗੇਰੀ ਪਿੰਡ ਤੋਂ ਸੀ। ਉਹ ਆਪਣੇ ਆਸੇ-ਪਾਸੇ ਦੇ ਪਿੰਡਾਂ ਤੋਂ ਅਮਰੀਕਾ ਜਾ ਕੇ ਕਮਾਈ ਕਰਨ ਦੇ ਚਾਹਵਾਨ ਨੌਜਵਾਨਾਂ ਦਾ ਆਗੂ ਤੇ ਪ੍ਰਬੰਧਕ ਸੀ, ਜਿਨ੍ਹਾਂ ਨੇ ਪ੍ਰਵਾਸ ਕਰਨਾ ਸੀ। ਉਹ ਕਪੂਰ ਤੋਂ ਥੋੜ੍ਹਾ ਹੀ ਵੱਡਾ ਸੀ। ਉਹ ਚੰਗਾ ਖਿਡਾਰੀ ਅਤੇ ਸਾਬਕਾ ਫੌਜੀ ਸੀ। ਪਰ ਉਹ ਪੰਜਾਬੀ ਹੀ ਜਾਣਦਾ ਸੀ। ਸਾਰੇ ਜੱਥੇ ਵਿੱਚੋਂ ਕੋਈ ਵੀ ਅੰਗ੍ਰੇਜ਼ੀ ਨਹੀਂ ਸੀ ਬੋਲਦਾ। ਪਿਆਰਾ ਸਿੰਘ ਲੰਗੇਰੀ ਪੰਜਾਬ ਤੋਂ ਖਾਸ ਇਸ ਕਰਕੇ ਹੀ ਕਪੂਰ ਨੂੰ ਮਿਲਣ ਕੋਲਕਤੇ ਗਿਆ ਕਿ ਉਹ ਉਨ੍ਹਾਂ ਦੇ ਨਾਲ ਅਮਰੀਕਾ ਚੱਲੇ। ਉਹ ਸਿਰਫ ਕਪੂਰ ਦੇ ਨਾਂ ਤੋਂ ਹੀ ਵਾਕਿਫ ਸੀ। ਪਹਿਲਾਂ ਕਪੂਰ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਉਹ ਸਾਰੀ ਉਮਰ ਪਾੜ੍ਹਾ ਹੀ ਰਿਹਾ ਸੀ ਇਸ ਕਰਕੇ ਉਸ ਕੋਲੋਂ ਹੱਥੀਂ ਮਜ਼ਦੂਰੀ ਨਹੀਂ ਹੋਵੇਗੀ। ਇਸ ਕਿਸਮ ਦਾ ਕੰਮ ਹੀ ਉਨ੍ਹਾਂ ਨੂੰ ਅਮਰੀਕਾ ਵਿੱਚ ਮਿਲਣਾ ਸੀ।  ਪਿਆਰਾ ਸਿੰਘ ਨੇ ਪ੍ਰਸਤਾਵ ਰੱਖਿਆ ਕਿ ਜੇ ਉਹ ਉਨ੍ਹਾਂ ਦਾ ਦੁਭਾਸ਼ੀਆ ਬਣ ਕੇ ਜਾਵੇਗਾ ਤਾਂ ਭਾਰਾ ਕੰਮ ਬਾਕੀ ਕਰਨਗੇ ਅਤੇ ਆਪਣੀ ਕਮਾਈ `ਚੋਂ ਉਸ ਨੂੰ ਹਿੱਸਾ ਦੇ ਦਿਆ ਕਰਨਗੇ।(1) ਪੰਜਾਬੀ ਬੋਲਦੇ ਦਿਹਾਤੀਆਂ ਨੇ ਇਸ ਤਰ੍ਹਾਂ ਅੰਗ੍ਰੇਜ਼ੀ ਤੋਂ ਬਿਨਾਂ ਕੰਮ ਚਲਾਉਣ ਦਾ ਤਰੀਕਾ ਲੱਭ ਲਿਆ।

ਮਾਹਲਪੁਰ ਇਲਾਕੇ ਦੇ ਬੰਦਿਆਂ ਲਈ ਉੱਤਰੀ ਅਮਰੀਕਾ ਨਵੀਂ ਮੰਜ਼ਿਲ ਸੀ। ਖਾਸ ਕਰਕੇ ਪੰਜਾਬੀ ਕਈ ਪੁਸ਼ਤਾਂ ਤੋਂ ਸਿਪਾਹੀ, ਕਿੱਤਾਕਾਰ, ਉਦਯੋਗਪਤੀ ਅਤੇ ਮਜ਼ਦੂਰੀ ਦਾ ਕੰਮ ਕਰਨ ਪ੍ਰਦੇਸੀਂ ਜਾਂਦੇ ਰਹੇ ਸਨ। ਬਸੰਤ ਕੌਰ ਦਾ ਚਾਚਾ ਆਤਮਾ ਸਿੰਘ ਸੰਧੂ ਵੀ ਬਹੁਤ ਘੁੰਮਿਆ। ਉਹ ਮਲਾਇਆ, ਆਸਟਰੇਲੀਆ ਅਤੇ ਅਖੀਰ ਵਿੱਚ ਅਰਜਨਟਾਈਨਾਂ ਗਿਆ। ਉਸ ਕੋਲ ਪੜ੍ਹਾਈ ਸੀ। ਉਹ ਯੂਨਾਨੀ ਡਾਕਟਰੀ ਸਿੱਖਿਆ ਹੋਇਆ ਸੀ। ਦੰਦਾਂ ਦੀ ਡਾਕਟਰੀ ਅਤੇ ਸਰਜਨ ਦੀ ਸਿਖਲਾਈ ਵੀ ਉਸ ਕੋਲ ਸੀ। ਮਲਾਇਆ ਵਿੱਚ ਉਸ ਨੇ ਸੁਲਤਾਨ ਦੇ ਪਰਿਵਾਰ ਦੇ ਇੱਕ ਜੀਅ ਦਾ ਇਲਾਜ ਕੀਤਾ ਅਤੇ ਇਨਾਮ ਵਜੋਂ ਉਸ ਨੂੰ ਸੋਨੇ ਦੀਆਂ ਦੋ ਥਾਲੀਆਂ ਮਿਲੀਆਂ।  1890 ਵਿੱਚ ਉਹ ਆਸਟਰੇਲੀਆ ਵਿੱਚ ਆਪਣੇ ਲੋਕਾਂ ਦੇ ਇੱਕ ਛੋਟੇ ਜਿਹੇ ਭਾਈਚਾਰੇ ਨੂੰ ਮਿਲਿਆ। ਇਸਦਾ ਨੁਕਸਾਨ ਹੀ ਹੋਇਆ। ਬਸੰਤ ਕੌਰ ਦੇ ਪਿਤਾ ਨੇ ਉੱਡਦੀ ਜਿਹੀ ਗੱਲ ਸੁਣੀ ਕਿ ਆਤਮੇ ਨੇ ਦਾੜ੍ਹੀ ਅਤੇ ਸਿਰ ਦੇ ਕੇਸ ਕਟਵਾ ਦਿੱਤੇ ਸਨ। ਇਸ ਖਬਰ ਨੇ ਉਸ ਨੂੰ ਐਨਾ ਬੇਚੈਨ ਕੀਤਾ ਕਿ ਉਹ ਪੁਸ਼ਟੀ ਕਰਨ ਲਈ ਸਟੀਮਰ ਰਾਹੀਂ ਆਸਟਰੇਲੀਆ ਪਹੁੰਚ ਗਿਆ। ਪਰ ਇਹ ਗੱਲ ਸੱਚੀ ਨਹੀਂ ਸੀ। ਉਹ ਕਪੂਰ ਦੇ ਉੱਤਰੀ ਅਮਰੀਕਾ ਜਾਣ ਤੋਂ ਪਹਿਲਾਂ ਵਾਪਸ ਮੁੜ ਆਇਆ ਸੀ।

1900 ਤੱਕ ਉੱਤਰੀ ਅਮਰੀਕਾ ਪੰਜਾਬੀ ਦਿਹਾਤੀਆਂ ਦੀ ਅਭਿਲਾਸ਼ਾ ਤੋਂ ਪਰ੍ਹਾਂ ਹੀ ਰਿਹਾ। ਅਪ੍ਰੈਲ 1899 ਵਿੱਚ ਚਾਰ ਪਗੜੀਧਾਰੀ ਸਿੱਖਾਂ ਨੇ ਸਾਨਫਰਾਂਸਿਸਕੋ ਪਹੁੰਚ ਕੇ ਐਨੀ ਕੁ ਜਿਗਿਆਸਾ ਪੈਦਾ ਕਰ ਦਿੱਤੀ ਕਿ 'ਸਾਨਫਰਾਂਸਿਸਕੋ ਕਰੋਨੀਕਲ' ਵਿੱਚ ਇੱਕ ਛੋਟਾ ਜਿਹਾ ਲੇਖ ਛਪ ਗਿਆ। ਉਸ ਵਿੱਚ ਲਿਖਿਆ ਸੀ "ਬਹੁਤ ਚਿਤਰਮਈ ਗਰੁੱਪ, ਜਿਹੜਾ ਬਹੁਤ ਦੇਰ ਬਾਅਦ ਦੇਖਣ ਨੂੰ ਮਿਲਿਆ।"(2) ਉਹ ਚੀਨ ਰਾਹੀਂ ਆਏ ਸਨ, ਜਿੱਥੇ ਉਨ੍ਹਾਂ ਨੇ ਵੀਹ ਸਾਲ ਪੁਲਿਸ ਅਤੇ ਫੌਜ ਵਿੱਚ ਬਿਤਾਏ ਸਨ। ਉਨ੍ਹਾਂ ਤੋਂ ਬਾਅਦ ਕੁਝ ਹੋਰ ਸਿੱਖ ਕੈਲੇਫੋਰਨੀਆ ਪਹੁੰਚੇ। ਉਹ ਬਹੁਤਾ ਕਰਕੇ ਉਹੀ ਬੰਦੇ ਸਨ, ਜਿਨ੍ਹਾਂ ਨੇ ਅੰਗ੍ਰੇਜ਼ਾਂ ਹੇਠ ਸ਼ੰਘਾਈ ਜਾਂ ਹਾਂਗਕਾਂਗ ਵਿੱਚ ਨੌਕਰੀ ਕੀਤੀ ਸੀ। 1904 ਦੇ ਸ਼ੁਰੂ ਵਿੱਚ ਵੈਨਕੂਵਰ ਦੇ ਅਖਬਾਰਾਂ ਵਿੱਚ ਪੰਜ-ਦਸ ਪੰਜਾਬੀਆਂ ਦੇ ਪਹੁੰਚਣ ਦੀਆਂ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।  ਅਤੇ ਫੇਰ ਅੰਕੜੇ ਵਧਦੇ ਗਏ। ਜਦੋਂ ਉਹ ਬੰਦੇ ਕੰਮ ਲੱਭਣ ਵਿੱਚ ਕਾਮਯਾਬ ਹੋ ਜਾਂਦੇ, ਇਸਦੀਆਂ ਖਬਰਾਂ ਪੰਜਾਬ ਪਹੁੰਚ ਜਾਂਦੀਆਂ। ਪਰ ਲਗਦਾ ਹੈ ਕਿ ਪਿਆਰਾ ਸਿੰਘ ਲੰਗੇਰੀ ਅਤੇ 1906 ਤੇ 1907 ਵਿੱਚ ਆਉਣ ਵਾਲੇ ਹੋਰ ਬਹੁਤ ਸਾਰੇ ਲੋਕ ਕਨੇਡੀਅਨ ਪੈਸੇਫਿਕ ਸਟੀਮਸ਼ਿੱਪ ਕੰਪਨੀ ਦੇ ਪੰਜਾਬੀ ਵਿੱਚ ਵੰਡੇ ਜਾਂਦੇ ਇਸ਼ਤਿਹਾਰਾਂ ਤੋਂ ਉਤਸ਼ਾਹਿਤ ਹੋਏ ਸਨ। ਸਟੀਮਸ਼ਿੱਪ ਕੰਪਨੀ ਦੇ ਏਜੰਟ ਕੋਲਕਤੇ ਅਤੇ ਪੰਜਾਬ ਦੇ ਪਿੰਡਾਂ ਦੀਆਂ ਕੰਧਾਂ ਜਾਂ ਪੁਲਿਸ ਥਾਣਿਆਂ ਵਿੱਚ ਇਸ਼ਤਿਹਾਰ ਲਾ ਦਿੰਦੇ, ਜਿਵੇਂ ਮਾਹਲਪੁਰ ਦੇ ਥਾਣੇ ਵਿੱਚ ਲਾਇਆ ਸੀ। ਇਹ ਇਸ਼ਤਿਹਾਰ ਸਿੱਧਾ ਪੰਜਾਬੀ ਬੰਦਿਆਂ ਨੂੰ ਸੰਬੋਧਨ ਹੁੰਦੇ, ਜਿਹੜੇ ਵੈਨਕੂਵਰ ਆਉਣਾ ਚਾਹੁੰਦੇ ਹੋਣ। ਇਸ਼ਤਿਹਾਰ ਵਿੱਚ ਵੇਰਵੇ ਨਾਲ ਰਾਹ, ਕਿਰਾਏ, ਰਸਤੇ ਵਿੱਚ ਖਾਣੇ ਦੇ ਖਰਚੇ, ਡਾਕਟਰੀ ਕਾਰਵਾਈ ਅਤੇ ਕਨੇਡਾ ਦੇ ਇਮੀਗਰੇਸ਼ਨ ਅਫਸਰਾਂ ਨੂੰ ਯਕੀਨ ਦਵਾਉਣ ਲਈ ਨਾਲ ਲਿਜਾਣ ਵਾਲੇ ਧਨ ਬਾਰੇ ਲਿਖਿਆ ਹੁੰਦਾ। ਕਨੇਡੀਅਨ ਪੈਸੇਫਿਕ ਸਟੀਮਸ਼ਿੱਪ ਕੰਪਨੀ ਨੂੰ ਪੰਜਾਬੀਆਂ ਨੂੰ ਕਨੇਡਾ ਲਿਜਾਣ ਵਿੱਚ ਆਪਣੇ ਭਵਿੱਖ ਦਾ ਕਾਰੋਬਾਰ ਦਿਸਦਾ ਸੀ।

ਕਪੂਰ ਨੇ ਵੀ ਸ਼ਾਇਦ ਇਹੋ-ਜਿਹੇ ਇਸ਼ਤਿਹਾਰ ਕੋਲਕਤਾ ਦੇ ਡਾਕਖਾਨੇ ਵਿੱਚ ਦੇਖੇ ਹੋਣ। 1941 ਵਿੱਚ ਸੀ ਬੀ ਸੀ ਰੇਡੀਓ `ਤੇ ਕਪੂਰ ਦੀ ਜ਼ਿੰਦਗੀ `ਤੇ ਅਧਾਰਤ ਇੱਕ ਡਰਾਮੇ ਵਿੱਚ ਉਸ ਨੂੰ ਕਨੇਡੀਅਨ ਪੈਸੇਫਿਕ ਸਟੀਮਸ਼ਿੱਪ ਦੇ ਇਸ਼ਤਿਹਾਰ ਨਿਹਾਰਦੇ ਦਾ ਇੱਕ ਕਲਪਿਤ ਦ੍ਰਿਸ਼ ਪੇਸ਼ ਕੀਤਾ ਗਿਆ ਸੀ।(4) ਪਰ ਉਸ ਨੇ ਆਪਣੀਆਂ ਬੇਟੀਆਂ ਨੂੰ ਦੱਸਿਆ ਕਿ ਉਸ ਨੇ ਪਿਆਰਾ ਸਿੰਘ ਲੰਗੇਰੀ ਵੱਲੋਂ ਉਸ ਨੂੰ ਭਰਤੀ ਕਰਨ  ਤੋਂ ਪਹਿਲਾਂ ਕਦੇ ਵੀ ਪ੍ਰਵਾਸ ਬਾਰੇ ਨਹੀਂ ਸੀ ਸੋਚਿਆ। ਜਦੋਂ ਉਹ ਪਿਆਰਾ ਸਿੰਘ ਹੋਰਾਂ ਦੇ ਨਾਲ ਜਾਣਾ ਮੰਨ ਗਿਆ ਤਾਂ ਉਸ ਨੇ ਆਪਣੇ ਛੋਟੇ ਭਰਾ ਨੂੰ ਚਿੱਠੀ ਲਿਖੀ ਕਿ ਉਹ ਵੀ ਨਾਲ ਚੱਲੇ। ਤਾਰਾ ਉਸ ਵੇਲੇ ਸਤਾਰਾਂ ਸਾਲ ਦਾ ਸੀ ਅਤੇ ਖੜੌਦੀ ਹੀ ਰਹਿੰਦਾ ਸੀ। ਚਿੱਠੀ ਪਾ ਕੇ ਕਪੂਰ ਕਲਕੱਤੇ ਤੋਂ ਪੰਜਾਬ ਲਈ ਗੱਡੀ ਚੜ੍ਹ ਗਿਆ। ਇਹ 1906 ਦੀਆਂ ਗਰਮੀਆਂ ਦੇ ਅੱਧ ਦੀ ਗੱਲ ਹੈ। ਉਸਦਾ ਪਹਿਲਾ ਪੜਾਅ ਔੜ ਵਿੱਚ ਆਪਣੇ ਸਹੁਰੇ ਪਰਿਵਾਰ ਦਾ ਕਿਲਾ ਸੀ, ਜਿੱਥੇ ਉਸ ਨੇ ਬਸੰਤ ਕੌਰ ਨਾਲ ਗੱਲ ਕੀਤੀ। ਉਸ ਨੂੰ ਆਪਣੇ ਨਾਲ ਲਿਜਾਣ ਵਿੱਚ ਜ਼ਿਆਦਾ ਸਿਆਣਪ ਸੀ ਪਰ ਉਹ ਸੋਲ੍ਹਾਂ ਸਾਲ ਦੀ ਉਮਰ ਵਿੱਚ ਨਾਲ ਨਹੀਂ ਸੀ ਜਾਣਾ ਚਾਹੁੰਦੀ। ਪਰ ਕਪੂਰ ਨੂੰ ਪੈਸੇ ਚਾਹੀਦੇ ਸਨ। ਬਸੰਤ ਕੌਰ ਨੇ ਆਪਣੇ ਸੋਨੇ ਦੇ ਗਹਿਣੇ ਉਸ ਨੂੰ ਵੇਚਣ ਲਈ ਦੇ ਦਿੱਤੇ ਤਾਂ ਕਿ ਉਹ ਕਿਰਾਏ ਅਤੇ ਹੋਰ ਖਰਚ ਜੋਗੇ ਪੈਸੇ ਇਕੱਠੇ ਕਰ ਸਕੇ। ਆਪਣੀ ਸਾਰੀ ਜ਼ਿੰਦਗੀ ਬਸੰਤ ਕੌਰ ਨੂੰ ਗਹਿਣਿਆਂ ਨਾਲ ਬਹੁਤਾ ਲਗਾਵ ਨਹੀਂ ਰਿਹਾ। ਉਸ ਦੀਆਂ ਧੀਆਂ ਨੇ ਕਦੇ ਵੀ ਉਸ ਨੂੰ ਗਹਿਣੇ ਪਹਿਨਦੀ ਨਹੀਂ ਦੇਖਿਆ। ਪਰ ਇੱਕ ਰਵਾਇਤੀ ਵਹੁਟੀ ਵਾਂਗ ਉਸ ਨੇ ਵਿਆਹ ਵੇਲੇ ਭਾਰੇ ਗਹਿਣੇ ਪਾਏ। ਛਾਪਾਂ, ਵੰਗਾਂ, ਨੱਥ, ਝੁਮਕੇ, ਹਾਰ, ਝਾਂਜਰਾਂ ਇਹ ਸਭ ਵਿਆਹੁਤਾ ਜੀਵਨ ਵਿੱਚ ਆਪਣੇ ਕੋਲ ਰੱਖਣ ਲਈ ਉਸਦਾ  ਇਸਤਰੀ ਧਨ ਸੀ। ਸੁਨਿਆਰ ਦੀ ਤੱਕੜੀ ਅਨੁਸਾਰ ਇਨ੍ਹਾਂ ਗਹਿਣਿਆਂ ਦਾ ਭਾਰ ਢਾਈ ਜਾਂ ਤਿੰਨ ਪੌਂਡ ਸੀ। ਉਹ ਆਪਣੇ ਇਸ ਖਜ਼ਾਨੇ ਕੋਲ ਪਹੁੰਚੀ ਅਤੇ ਯਾਤਰਾ `ਤੇ ਜਾ ਰਹੇ ਆਪਣੇ ਪਤੀ ਨੂੰ ਸੌਂਪ ਦਿੱਤਾ।

ਜਦੋਂ ਕਪੂਰ ਔੜ ਵਿੱਚ ਸੀ ਤਾਂ ਤਾਰਾ ਰੇਲਗੱਡੀ ਲੈ ਕੇ ਕੋਲਕਤੇ ਪਹੁੰਚ ਗਿਆ। ਉਸ ਨੂੰ ਆਸ ਸੀ ਕਿ ਉਹ ਕਪੂਰ ਨੂੰ ਉੱਥੇ ਮਿਲੇਗਾ। ਨਤੀਜੇ ਵਜੋਂ ਦੋਨੋਂ ਇੱਕ ਦੂਜੇ ਨੂੰ ਮਿਲ ਨਾ ਸਕੇ। ਬਹੁਤ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨਾਲ ਕੀ ਹੋਇਆ ਸੀ। ਤਾਰੇ ਨੇ ਆਪਣੇ ਇਸ ਸਾਹਸੀ ਕਾਰਨਾਮੇ ਦਾ ਕੁਝ ਹਿੱਸਾ ਦੱਸਿਆ ਅਤੇ ਬਾਕੀ ਦਾ ਟੁਕੜਿਆਂ ਨੂੰ ਜੋੜ ਕੇ ਸਮਝਿਆ ਜਾ ਸਕਦਾ ਹੈ। ਤਾਰੇ ਦਾ ਕਿੱਸਾ ਕਪੂਰ ਨਾਲੋਂ ਜ਼ਿਆਦਾ ਘਟਨਾਵਾਂ ਭਰਪੂਰ ਹੈ ਅਤੇ ਕਪੂਰ ਦੀ ਕਹਾਣੀ ਨੂੰ ਹੋਰ ਅਮੀਰ ਬਣਾਉਂਦਾ ਹੈ। (5) ਤਾਰੇ ਨੂੰ ਕਨੇਡਾ ਜਾਣ ਲਈ ਪੈਸੇ ਚਾਹੀਦੇ ਸਨ। ਇਸ ਵਾਸਤੇ ਉਸ ਨੇ ਆਪਣੇ ਵੱਡੇ ਭਰਾ ਭਗਵਾਨ ਨੂੰ ਸਵਾਲ ਪਾਇਆ। ਉਸ ਨੇ ਪਿੰਡ ਦੇ ਸੂਦਖੋਰ ਕੋਲੋਂ ਕਰਜ਼ਾ ਚੁੱਕਿਆ। ਤਾਰੇ ਨੇ ਮਾਹਲਪੁਰ ਦੇ ਇਲਾਕੇ `ਚੋਂ ਸਫਰ ਕਰਨ ਲਈ ਦਸ ਜਾਂ ਪੰਦਰਾਂ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਰਲਾ ਲਿਆ। ਇਸ ਤਰ੍ਹਾਂ ਉਸਦਾ ਆਪਣਾ ਜੱਥਾ ਬਣ ਗਿਆ। ਇਹ ਸਭ ਕੁਝ ਤਾਰੇ ਦੇ ਨਾ ਪੜ੍ਹ ਸਕਣ ਦਾ ਨਤੀਜਾ ਸੀ। ਉਸ ਨੇ ਜਦੋਂ ਕਿਸੇ ਪੜ੍ਹੇ-ਲਿਖੇ ਨੂੰ ਕਪੂਰ ਦੀ ਚਿੱਠੀ ਪੜ੍ਹ ਕੇ ਸਣਾਉਣ ਲਈ ਕਿਹਾ ਤਾਂ ਚਿੱਠੀ ਦੀ ਇਬਾਰਤ ਜਨਤਕ ਹੋ ਗਈ। ਮਾਹਲਪੁਰ ਇਲਾਕੇ ਦੇ ਕਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਨੇਡਾ ਨੂੰ ਇੱਕ ਜੱਥਾ ਜਾ ਰਿਹਾ ਸੀ ਜਿਸਦੇ ਸਫਰ ਦਾ ਕਰਾਇਆ ਤਿੰਨ ਸੌ ਰੁਪਏ ਹੋਵੇਗਾ ਅਤੇ ਕਨੇਡਾ ਵਿੱਚ ਇੱਕ ਦਿਨ ਦੀ ਕਮਾਈ ਸੱਤ ਰੁਪਏ ਹੋਵੇਗੀ। ਇਸ ਨੂੰ ਸਮਝਣ ਲਈ ਕਿ ਇਸਦਾ ਕੀ ਮਤਲਬ ਸੀ ਉਸ ਵੇਲੇ ਭਾਰਤੀ ਸੈਨਾ ਵਿੱਚ ਇੱਕ ਸੈਨਿਕ ਦੀ ਆਮਦਨ ਦੇਖੀ ਜਾ ਸਕਦੀ ਹੈ ਜਿਹੜੀ ਮਹੀਨੇ ਦੇ ਨੌਂ ਰੁਪਏ ਸੀ। ਖੜੌਦੀ ਅਤੇ ਆਸੇ-ਪਾਸੇ ਦੇ ਪਿੰਡਾਂ ਤੋਂ ਬਹੁਤ ਸਾਰੇ ਨੌਜਵਾਨ ਕਹਿੰਦੇ, "ਚਲੋ, ਚੱਲੀਏ।" ਜਾਣ ਲਈ ਉਹ ਮਾਹਲਪੁਰ ਥਾਣੇ ਵਿੱਚ ਸਵੇਰ ਦੇ ਤਿੰਨ ਜਾਂ ਚਾਰ ਵਜੇ ਇਕੱਠੇ ਹੋਏ, ਜਿੱਥੋਂ ਉਨ੍ਹਾਂ ਨੇ ਆਪਣੇ ਕਲੀਅਰੈਂਸ ਪੇਪਰ ਪਹਿਲਾਂ ਹੀ ਚੁੱਕ ਲਏ ਸਨ। ਇਹ ਇਸ ਤਰ੍ਹਾਂ ਸੀ ਜਿਵੇਂ ਸਦੀਆਂ ਤੋਂ ਸਲਤਨਤਾਂ ਵਿੱਚ ਸ਼ਾਸਕਾਂ ਵੱਲੋਂ ਦਿਹਾਤੀਆਂ ਉੱਪਰ ਨੇੜੇ ਤੋਂ ਨਿਗ੍ਹਾ ਰੱਖੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਬਾਹਰ ਜਾਣ ਲਈ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਸੀ। ਮਾਹਲਪੁਰ ਤੋਂ ਕਈ ਘੰਟੇ ਤੁਰ ਕੇ ਉਹ ਸਵੇਰੇ ਕਚਹਿਰੀ ਖੁੱਲ੍ਹਣ ਮੌਕੇ ਹੁਸ਼ਿਆਰਪੁਰ ਅੱਪੜੇ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚੇ। ਉੱਥੋਂ ਉਨ੍ਹਾਂ ਨੇ ਸਮੁੰਦਰ ਪਾਰ ਜਾਣ ਵਾਸਤੇ ਆਗਿਆ ਲੈਣੀ ਸੀ। ਹੁਸ਼ਿਆਰਪੁਰ ਤੋਂ ਉਹ ਡੇਢ ਦਿਨ ਵਿੱਚ ਨੇੜਲੇ ਰੇਲਵੇ ਸਟੇਸ਼ਨ ਜਲੰਧਰ ਪਹੁੰਚੇ। ਉੱਥੇ ਉਹ ਪਾਸਪੋਰਟ ਦਫਤਰ ਗਏ ਅਤੇ "ਬ੍ਰਿਟਿਸ਼ ਇੰਡੀਅਨ/ ਇੰਡੀਅਨ ਇੰਪਾਇਰ" ਪਾਸਪੋਰਟ ਲਏ ਅਤੇ ਰੇਲ ਦੇ ਤੀਜੇ ਦਰਜੇ ਦੇ ਡੱਬੇ ਵਿੱਚ ਸਵਾਰ ਹੋ ਗਏ। ਰੇਲ ਰਾਹੀਂ ਘੱਟੋ-ਘੱਟ ਦੋ ਦਿਨਾਂ ਵਿੱਚ ਕੋਲਕਤੇ ਦੇ ਹਾਵੜਾ ਸਟੇਸ਼ਨ ਪਹੁੰਚੇ।(6) ਸਾਰੇ ਰਾਹ ਉਹ ਇਹੀ ਸੋਚਦੇ ਰਹੇ ਕਿ ਜਹਾਜ਼ ਚੱਲਣ ਤੋਂ ਪਹਿਲਾਂ ਉਹ ਕਪੂਰ ਦੇ ਜੱਥੇ ਨੂੰ ਮਿਲ ਪੈਣਗੇ।

ਕੋਲਕਤੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਕਪੂਰ ਪੰਜਾਬ ਗਿਆ ਹੋਇਆ ਸੀ। ਉਨ੍ਹਾਂ ਨੂੰ ਪੱਕਾ ਪਤਾ ਨਹੀਂ ਸੀ ਕਿ ਉਹ ਕਿਉਂ ਗਿਆ ਸੀ-ਸ਼ਾਇਦ ਛੁੱਟੀ ਮਨਾਉਣ। ਕਈਆਂ ਦਾ ਵਿਚਾਰ ਸੀ ਕਿ ਵਾਪਸ ਘਰੀਂ ਮੁੜਿਆ ਜਾਵੇ। ਪਰ ਕੁਝ ਕਹਿੰਦੇ ਕਿ ਐਨੀ ਦੂਰ ਆਏ ਹੀ ਹਾਂ ਤਾਂ ਪਿੱਛੇ ਮੁੜਣ ਦੀ ਬਜਾਏ ਅੱਗੇ ਚੱਲਿਆ ਜਾਵੇ। ਇਹ ਇੱਜ਼ਤ ਦਾ ਸਵਾਲ ਸੀ ਕਿ ਹਾਂਗਕਾਂਗ ਪਹੁੰਚੇ ਤੋਂ ਬਿਨਾਂ ਹੀ ਪਿੰਡ ਮੁੜਿਆ ਜਾਵੇ। ਹਾਂਗਕਾਂਗ ਘੱਟੋ-ਘੱਟ ਅੱਧ ਵਿੱਚ ਤਾਂ ਸੀ। ਜੇ ਉਹ ਐਨੀ ਛੇਤੀ ਵਾਪਸ ਮੁੜ ਗਏ ਤਾਂ ਪਿੰਡ ਜਾ ਕੇ ਕੀ ਮੂੰਹ ਦਿਖਾਉਣਗੇ! ਨੌਜਵਾਨ ਤਾਰਾ ਜੱਥੇ ਦੀ ਇੱਕਮੁੱਠਤਾ ਅਤੇ ਮਾਣ ਵਿੱਚ ਯਕੀਨ ਰੱਖਦਾ ਸੀ। ਜੇ ਕੁਝ ਕੁ ਜਾਣਗੇ ਤਾਂ ਸਾਰਿਆਂ ਨੂੰ ਹੀ ਜਾਣਾ ਚਾਹੀਦਾ ਹੈ। ਇਹ ਉਨ੍ਹਾਂ ਦੀ ਗੱਲਬਾਤ ਦਾ ਧੁਰਾ ਸੀ। ਹਾਂਗਕਾਂਗ ਤੱਕ ਦੀ ਸਮੁੰਦਰੀ ਯਾਤਰਾ ਖਰ੍ਹਵੀ ਸੀ, ਜਿਵੇਂ ਸਾਲਾਂ ਤੋਂ ਹੋਰ ਪੰਜਾਬੀਆਂ ਨੂੰ ਲੱਗਦੀ ਆਈ ਸੀ। ਜਿਸ ਜਹਾਜ਼ ਉੱਤੇ ਤਾਰਾ ਅਤੇ ਉਸਦੇ ਸਾਥੀ ਸਵਾਰ ਹੋਏ ਸਨ, ਉਸ ਨੂੰ ਤਾਰਾ ਛੋਟਾ ਸਮੁੰਦਰੀ ਜਹਾਜ਼ ਆਖਦਾ ਸੀ। ਉਸ ਨੂੰ ਯਾਦ ਸੀ ਕਿ ਹਾਂਗਕਾਂਗ ਪਹੁੰਚਣ ਲਈ ਉਨ੍ਹਾਂ ਨੂੰ ਪੰਦਰਾਂ-ਸੋਲਾਂ ਦਿਨ ਲੱਗੇ ਸਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਰੰਗੂਨ ਅਤੇ ਸਿੰਗਾਪੁਰ ਦੀਆਂ ਬੰਦਰਗਾਹਾਂ `ਤੇ ਥੋੜ੍ਹਾ-ਥੋੜ੍ਹਾ ਚਿਰ ਰੁਕ ਕੇ ਸਿੱਧੇ ਹੀ ਗਏ। ਜਹਾਜ਼ ਵਿੱਚ ਬਿਨਾਂ ਕਿਸੇ ਮੰਜੇ ਤੋਂ ਜਹਾਜ਼ ਦੀ ਸਭ ਤੋਂ ਸਸਤੀ ਥਾਂ `ਤੇ ਉਹ ਆਪਣੇ ਬਿਸਤਰੇ ਹੇਠਾਂ ਹੀ ਵਿਛਾ ਲੈਂਦੇ। ਇਹ ਥਾਂ ਆਮ ਤੌਰ `ਤੇ ਗਿੱਲੀ ਹੀ ਰਹਿੰਦੀ ਕਿਉਂ ਕਿ ਜਹਾਜ਼ ਵੱਡੀਆਂ ਲਹਿਰਾਂ ਵਿੱਚੋਂ ਦੀ ਲੰਘਦਾ ਸੀ ਅਤੇ ਉਸ ਥਾਂ ਪਾਣੀ ਆ ਜਾਂਦਾ ਸੀ।

ਹਾਂਗਕਾਂਗ ਦੀ ਬੰਦਰਗਾਹ ਤੋਂ ਬਾਰਾਂ ਕੁ ਬਲਾਕ ਕੁਈਨਜ਼ ਰੋਡ`ਤੇ ਪੂਰਬ ਵੱਲ ਚੱਲ ਕੇ ਉਨ੍ਹਾਂ ਨੂੰ ਗੁਰਦਾਵਾਰਾ ਲੱਭ ਗਿਆ। ਇਸ ਗੁਰਦਵਾਰੇ ਨੂੰ ਹਾਂਗਕਾਂਗ ਦੀਆਂ ਸਿੱਖ ਸੰਗਤਾਂ ਨੇ ਪੰਜ ਕੁ ਸਾਲ ਪਹਿਲਾਂ ਬਣਾਇਆ ਸੀ। ਉਹ ਗੁਰਦਵਾਰੇ ਦੇ ਸੌਣ ਲਈ ਬਣਾਏ ਕਮਰਿਆਂ ਵਿੱਚ ਰਹੇ ਅਤੇ ਆਪਣਾ ਖਾਣਾ ਆਪ ਪਕਾਉਂਦੇ ਸਨ, ਜਿਵੇਂ ਹੋਰ ਯਾਤਰੀ ਕਰਦੇ ਸਨ। ਉਹ ਹਾਂਗਕਾਂਗ ਹਨੇਰਾ ਉੱਤਰੇ ਤੋਂ ਬਾਅਦ ਪਹੁੰਚੇ ਸਨ ਇਸ ਕਰਕੇ ਚੀਨੀ ਕਿਸ਼ਤੀਆਂ ਨਾਲ ਭਰੀ ਬੰਦਰਗਾਹ ਦਾ ਅਦਭੁੱਤ ਨਜ਼ਾਰਾ ਤਾਰਾ ਅਗਲੀ ਸਵੇਰ ਹੀ ਦੇਖ ਸਕਿਆ। ਹਾਂਗਕਾਂਗ ਵਿੱਚ ਹਫ਼ਤਾ ਰਹਿ ਕੇ ਉਨ੍ਹਾਂ ਨੇ ਵੈਨਕੂਵਰ ਜਾਣ ਲਈ ਸਟੀਮਸ਼ਿੱਪ ਫੜਿਆ। ਉਨ੍ਹਾਂ ਦਾ ਪਹਿਲਾ ਜਹਾਜ਼ ਜਾਪਾਨੀ ਸੀ। ਜਿਵੇਂ ਤਾਰਾ ਦੱਸਦਾ ਸੀ ਕਿ ਇਹ ਗੋਰੇ ਲੋਕਾਂ ਵੱਲੋਂ ਚਲਾਇਆ ਜਾਂਦਾ ਸੀ। ਅਸਲ ਵਿੱਚ ਇਹ ਕਨੇਡੀਅਨ ਪੈਸੇਫਿਕ ਸਟੀਮਸ਼ਿੱਪ ਕੰਪਨੀ ਦਾ ਕੋਇਲੇ ਨਾਲ ਚੱਲਣ ਵਾਲਾ ਇਮਪ੍ਰੈੱਸ ਆਫ ਜਾਪਾਨ ਸੀ, ਜਿਸ ਨੂੰ ਚੱਲਦਿਆਂ ਸੋਲ੍ਹਾਂ ਸਾਲ ਹੋ ਗਏ ਸਨ। ਇਸ ਨੂੰ ਨਵੇਂ ਯਾਤਰੀ-ਜਹਾਜ਼ਾਂ ਨੇ ਛੋਟਾ ਲੱਗਣ ਲਾ ਦਿੱਤਾ ਸੀ ਜਾਂ ਇਹ ਨਵੇਂ ਯਾਤਰੀ ਜਹਾਜ਼ਾਂ ਮੂਹਰੇ ਬੌਣਾ ਲਗਦਾ ਸੀ। ਫਿਰ ਵੀ ਇਮਪ੍ਰੈੱਸ ਆਫ ਜਾਪਾਨ ਵਿੱਚ 93 ਪਹਿਲੇ ਅਤੇ ਦੂਜੇ ਦਰਜੇ ਦੀਆਂ ਯਾਤਰੀ ਕੈਬਿਨਾਂ ਆਮ ਤੌਰ `ਤੇ ਯੂਰਪੀਅਨ ਲੋਕਾਂ ਵਾਸਤੇ ਅਤੇ 394 ਯਾਤਰੀਆਂ ਲਈ ਖਸਤਾ ਥਾਂ ਜਿਹੜੀ ਕਿ ਆਮ ਤੌਰ ਤੇ ਚੀਨੇ ਲੋਕਾਂ ਲਈ ਹੁੰਦੀ ਸੀ।(8) ਤਾਰੇ ਨੇ ਸਟੀਅਰੇਜ ਵਿੱਚ ਸਫਰ ਕਰਨ ਦੇ 150 ਰੁਪਏ (13ਡਾਲਰ) ਦਿੱਤੇ ਸਨ। ਤਾਰੇ ਦੇ ਨਾਲ 103 ਹੋਰ ਪੰਜਾਬੀ ਸਨ। ਤਕਰੀਬਨ ਸਾਰੇ ਹੀ ਸਿੱਖ, ਜਿਨ੍ਹਾਂ ਨੇ ਆਪਣਾ ਸਫਰ ਸਿੰਘਾਪੁਰ ਜਾਂ ਹਾਂਗਕਾਂਗ ਤੋਂ ਸ਼ੁਰੂ ਕੀਤਾ ਸੀ। ਸਟੀਅਰੇਜ ਡੈੱਕ `ਤੇ ਖੁੱਲ੍ਹੇ ਅਸਮਾਨ ਹੇਠ ਸੌਣ ਲਈ ਫੱਟੇ ਲੱਗੇ ਹੋਏ ਸਨ। ਪੈਸੇਫਿਕ ਨੂੰ ਪਾਰ ਕਰਦਿਆਂ 20-25 ਦਿਨਾਂ ਦੇ ਲੰਬੇ ਸਮੇਂ ਲਈ ਖਰੂਦੀ ਨੌਜਵਾਨਾਂ ਵਾਸਤੇ ਟਿਕ ਕੇ ਬਹਿਣਾ ਮੁਸ਼ਕਲ ਸੀ। ਤਾਰੇ ਨੇ ਦੱਸਿਆ ਕਿ ਉਸਦੇ ਸਾਥੀਆਂ ਅਤੇ ਹੋਰ ਪੰਜਾਬੀਆਂ ਵਿਚਕਾਰ ਲੜਾਈਆਂ ਵੀ ਹੋਈਆਂ। ਉਸ ਨੇ ਦੱਸਿਆ ਕਿ ਖੜੌਦੀ ਤੋਂ ਉਸਦੇ ਤਾਏ ਜਾਂ ਚਾਚੇ ਦਾ ਪੁੱਤ ਭਰਾ ਨੱਥਾ ਸਿੰਘ ਲੜਾਕੂ ਬੰਦਾ ਸੀ। ਉਸ ਦੀ ਕਈਆਂ ਨਾਲ ਲੜਾਈ ਹੋਈ। ਪਰ ਜਹਾਜ਼ ਵਿੱਚ ਸਵਾਰ ਬਹੁਤੀਆਂ ਸਵਾਰੀਆਂ ਲੜਾਈ ਦੇ ਮੂਡ ਵਿੱਚ ਨਹੀਂ ਸਨ ਕਿਉ ਕਿ ਸਮੁੰਦਰੀ ਸਫਰ ਕਾਰਣ ਉਨ੍ਹਾਂ ਨੂੰ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਸਨ। ਉਨ੍ਹਾਂ ਦੀ ਟਿਕਟ ਵਿੱਚ ਖਾਣਾ ਵੀ ਸ਼ਾਮਿਲ ਸੀ ਪਰ ਬਹੁਤ ਸਾਰੇ ਖਾਣੇ ਵਾਲੀ ਥਾਂ `ਤੇ ਪਹੁੰਚ ਹੀ ਨਹੀਂ ਸੀ ਸਕਦੇ ਤੇ ਹੋਰਾਂ ਦੇ ਹੱਥੀਂ ਆਪਣਾ ਖਾਣਾ ਮੰਗਵਾਉਂਦੇ।

ਕੁਝ ਬੰਦਿਆਂ ਨੂੰ ਪਤਾ ਸੀ ਕਿ ਕਨੇਡਾ ਪਹੁੰਚਣ `ਤੇ ਕੀ ਹੋਵੇਗਾ ਅਤੇ ਜਿਉਂ ਹੀ ਅਕਤੂਬਰ 1906 ਵਿੱਚ ਇਮਪ੍ਰੈੱਸ ਵੈਨਕੂਵਰ ਪਹੁੰਚਿਆ, ਉਨ੍ਹਾਂ ਨੇ ਤਾਰੇ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀ ਉਮਰ ਇੱਕ ਸਾਲ ਵਧਾ ਕੇ ਅਠ੍ਹਾਰਾਂ ਸਾਲ ਦੱਸੇ। ਇੱਕ ਹੋਰ ਮੁੰਡੇ ਨੂੰ ਛੱਡ ਕੇ ਉਹ ਸਭ ਤੋਂ ਛੋਟਾ ਸੀ। ਜਹਾਜ਼ ਨੂੰ ਵੈਨਕੂਵਰ ਡਾਊਨ ਟਾਊਨ ਦੇ ਨਾਲ ਲੱਗਵੇਂ ਘਾਟ `ਤੇ ਸੋਮਵਾਰ  ਬਾਅਦ ਦੁਪਹਿਰ 2 ਵਜੇ ਬੰਨ੍ਹਿਆਂ ਗਿਆ । ਸਾਰੇ 103 ਹਿੰਦੂਆਂ (ਕਨੇਡਾ ਦੇ ਅਖਬਾਰ ਉਨ੍ਹਾਂ ਨੂੰ ਇਸੇ ਨਾਮ ਨਾਲ ਲਿਖਦੇ ਸਨ) ਨੂੰ ਘਾਟ ਦੇ ਨਾਲ ਬਣੇ ਲੱਕੜ ਦੇ ਢਾਂਚੇ ਵਾਲੇ ਪਰਵਾਸੀ ਨਜ਼ਰਬੰਦੀ ਹਸਪਤਾਲ ਵਿੱਚ ਲਿਆਂਦਾ ਗਿਆ। ਇਸ ਵਿੱਚ ਪੰਜਾਹ ਬੰਦਿਆਂ ਲਈ ਥਾਂ ਸੀ ਅਤੇ ਕੁਝ ਥਾਂ ਮਿਆਨੀ ਵਿੱਚ ਵੀ ਸੀ।(9) ਡਾਕਟਰਾਂ ਨੇ ਦੱਸਿਆ ਕਿ ਬਾਰਾਂ ਪੰਜਾਬੀਆਂ ਨੂੰ ਕੁੱਕਰੇ (ਅੱਖਾਂ ਦਾ ਰੋਗ) ਸਨ। ਕੁਝ ਨੂੰ ਮੌਸਮ ਦੀ ਅਚਾਨਕ ਬਦਲੀ ਕਾਰਣ ਬੁਖਾਰ ਸੀ ਪਰ ਬਹੁਤੇ ਤੰਦਰੁਸਤ ਸਨ। ਪਰ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਕੰਮ ਲੱਭਣ ਤੱਕ ਨਜ਼ਰਬੰਦ ਹੀ ਰੱਖਿਆ ਗਿਆ। ਰੋਜ਼ਾਨਾ ਅਖਬਾਰਾਂ ਅਨੁਸਾਰ ਸ਼ੁਕਰਵਾਰ ਤੱਕ ਸੋਲ੍ਹਾਂ ਨੂੰ ਛੱਡ ਕੇ ਬਾਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਨਾਲ ਲੱਗਵੇਂ ਸ਼ਹਿਰਾਂ ਵਿੱਚ ਇਮਾਰਤਾਂ ਬਣਾਉਣ ਲਈ ਪਲਾਟਾਂ ਦੀ ਸਫਾਈ ਜਾਂ ਦੂਰ ਬ੍ਰਿਟਿਸ਼ ਕੋਲੰਬੀਆ ਦੇ ਵਿਚਕਾਰਲੇ ਹਿੱਸੇ ਵਿੱਚ ਰੇਲਵੇ `ਤੇ ਕੰਮ ਕਰਨ ਲਈ ਲਿਜਾਇਆ ਗਿਆ।(10) ਤਾਰੇ ਦੀ ਯਾਦ ਅਨੁਸਾਰ ਹਫ਼ਤੇ ਦੀ ਨਜ਼ਰਬੰਦੀ ਤੋਂ ਬਾਅਦ ਉਸ ਤੋਂ ਅਤੇ ਉਸਦੇ ਸਾਥੀਆਂ ਤੋਂ ਨਜ਼ਰਬੰਦੀ ਦੌਰਾਨ ਖਾਣੇ ਦੇ ਪੰਜ-ਪੰਜ ਡਾਲਰ ਲੈ ਕੇ ਛੱਡ ਦਿੱਤਾ। ਉਸ ਨੇ ਦੱਸਿਆ ਕਿ ਹਸਪਤਾਲ ਜੇਲ੍ਹ ਵਾਂਗ ਸੀ। ਉਨ੍ਹਾਂ ਨੂੰ ਖਾਣਾ ਤਾਂ ਦਿੱਤਾ ਜਾਂਦਾ ਸੀ ਪਰ ਆਪ ਪਕਾਉਣ ਲਈ ਕਿਹਾ ਜਾਂਦਾ ਸੀ। ਇਹ ਖਾਣਾ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਕਿਸੇ ਕੰਮ ਨਾ ਆਉਂਦਾ। ਉਹ ਮੀਟ ਨਹੀਂ ਸੀ ਖਾਂਦੇ ਅਤੇ ਬਿਸਕੁਟਾਂ ਨੂੰ ਇਨਕਾਰ ਕਰ ਦਿੰਦੇ ਸਨ। ਉਨ੍ਹਾਂ ਨੂੰ ਡਰ ਸੀ ਕਿ ਗਾਂ ਦਾ ਮਾਸ ਵਰਤਿਆ ਗਿਆ ਹੋਵੇਗਾ। ਕਦੇ ਹਸਪਤਾਲ ਦੀ ਖਿੜਕੀ ਰਾਹੀਂ ਉਨ੍ਹਾਂ ਨੂੰ ਕੋਈ ਹਮਵਤਨੀ ਦਿਸਦਾ ਤਾਂ ਉਹ ਉੱਚੀ ਆਵਾਜ਼ ਵਿੱਚ ਪੁੱਛਦੇ, "ਇੱਥੇ ਮੇਰੇ ਪਿੰਡੋਂ ਹੈ ਕੋਈ?" ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਨੂੰ ਬਹੁਤ ਥੋੜ੍ਹੇ 'ਆਪਣੇ' ਲੱਭੇ।

ਤਾਰੇ ਨੇ ਦੱਸਿਆ ਕਿ ਇਮਪ੍ਰੈੱਸ ਆਫ ਜਾਪਾਨ ਦੇ 103 ਮੁਸਾਫਰਾਂ ਵਿੱਚੋਂ "ਕਈ ਏਧਰ ਚਲੇ ਗਏ, ਕਈ ਓਧਰ " ਪਰ ਉਸਦੇ ਮਾਹਲਪੁਰ ਦੇ ਸਾਥੀ ਇੱਕ ਸਾਥ ਰਹੇ। ਅੰਗ੍ਰੇਜ਼ੀ ਨਾ ਜਾਣਦਾ ਹੋਣ ਕਰਕੇ ਉਸ ਨੂੰ ਕੋਈ ਸਮਝ ਨਹੀਂ ਸੀ ਕਿ ਬੀ. ਸੀ. ਵਿੱਚ ਪਹੁੰਚ ਕੇ ਉਨ੍ਹਾਂ ਨੇ ਕੀ ਹਲਚਲ ਪੈਦਾ ਕੀਤੀ ਸੀ, ਜਿੱਥੇ ਚੀਨੇ ਅਤੇ ਜਾਪਾਨੀਆਂ ਦੇ ਵਿਰੁੱਧ ਤਕੜੀ ਲਾਬੀ ਹੋਂਦ ਵਿੱਚ ਸੀ। ਭਾਰਤ ਤੋਂ ਬੀ ਸੀ ਵਿੱਚ ਪ੍ਰਵਾਸ ਬਹੁਤ ਧੀਮੀ ਚਾਲੇ ਸ਼ੁਰੂ ਹੋਇਆ। ਅਗਸਤ 1906 ਤੋਂ ਪਹਿਲਾਂ ਕਿਸੇ ਨਵੇਂ ਬੰਦੇ ਦੇ ਪਹੁੰਚਣ ਤੋਂ ਬਿਨਾਂ  ਮਹੀਨੇ ਹੀ ਗੁਜ਼ਰ ਜਾਂਦੇ। ਇਸਦਾ ਸੇਹਰਾ ਸਟੀਮਸ਼ਿੱਪ ਕੰਪਨੀ ਦੇ ਏਜੰਟਾਂ ਸਿਰ ਬੱਝਦਾ ਹੈ ਜਿਨ੍ਹਾਂ ਦੇ ਪੰਜਾਬ ਵਿੱਚ ਲਾਏ ਇਸ਼ਤਿਹਾਰਾਂ ਦੀ ਬਦੌਲਤ ਸੈਂਕੜੇ ਹੀ 'ਹਿੰਦੂ' ਕਨੇਡੀਅਨ ਪੈਸੇਫਿਕ ਸਟੀਮਸ਼ਿੱਪ ਦੇ ਜਹਾਜ਼ਾਂ `ਚੋਂ ਉਤਰਨ ਲੱਗੇ। ਤਾਰਾ ਇਸਦੇ ਦਰਮਿਆਨ ਹੀ ਆਇਆ। ਅਗਸਤ ਵਿੱਚ ਇਮਪ੍ਰੈੱਸ ਆਫ ਚਾਈਨਾ ਰਾਹੀਂ 250 ਬੰਦੇ ਆਏ। ਫਿਰ ਟਾਰਟਰ ਰਾਹੀਂ 300 ਅਤੇ ਸਤੰਬਰ ਵਿੱਚ ਇਮਪ੍ਰੈੱਸ ਆਫ ਇੰਡੀਆ ਰਾਹੀਂ 250 ਪਹੁੰਚੇ। ਫਿਰ ਅਕਤੂਬਰ ਵਿੱਚ ਅਥੇਨੀਅਨ ਰਾਹੀਂ 120 ਪੰਜਾਬੀ ਆਏ। ਦੋ ਹਫਤੇ ਬਾਅਦ ਇਮਪ੍ਰੈੱਸ ਆਫ ਜਾਪਾਨ ਰਾਹੀਂ ਤਾਰਾ ਤੇ ਉਸਦੇ ਸਾਥੀ ਉੱਤਰੇ। ਅਖੀਰ ਵਿੱਚ ਸਾਲ ਦੀ ਸਭ ਤੋਂ ਵੱਡੀ ਗਿਣਤੀ 696 ਬੰਦੇ ਟਾਰਟਰ ਰਾਹੀਂ ਪਹੁੰਚੇ। ਬਹੁਤ ਪਿੱਛੋਂ ਬੀ ਸੀ ਦੇ ਪੰਜਾਬੀ ਭਾਈਚਾਰੇ ਨੇ ਇਸ ਨੂੰ 'ਸੱਤ ਸੌ ਵਾਲਾ ਜਹਾਜ਼' ਕਿਹਾ। ਇਸੇ ਤਰ੍ਹਾਂ ਸਾਲ ਬਾਅਦ ਪਹੁੰਚੇ ਮੌਨਟੀਗ ਨੂੰ 'ਨੌਂ ਸੌ ਵਾਲਾ ਜਹਾਜ਼' ਦਾ ਨਾਂ ਦਿੱਤਾ।

ਤਾਰੇ ਦੇ ਪਹੁੰਚਣ ਤੋਂ ਮਹੀਨਾ ਬਾਅਦ ਟਾਰਟਰ ਰਾਹੀਂ ਆਏ ਸੱਤ ਸੌ ਪੰਜਾਬੀਆਂ ਵਿੱਚੋਂ ਬਹੁਤਿਆ ਕੋਲ ਪਹਿਲੀ ਰਾਤ ਕੱਟਣ ਲਈ ਕੋਈ ਥਾਂ ਨਹੀਂ ਸੀ। ਨਾ ਕੋਈ ਠਾਹਰ ਤੇ ਨਾ ਰਾਤ ਕੱਟਣ ਲਈ ਕੋਈ ਸੁੱਕਾ ਥਾਂ। ਉਹ ਸ਼ਹਿਰ ਵਿੱਚ ਵੜ ਗਏ ਅਤੇ ਜਿੱਥੇ ਸੂਤ ਲੱਗਾ, ਡੇਰੇ ਲਾ ਲਏ। ਅਗਲੀ ਰਾਤ ਪੁਲਿਸ ਨੇ ਅੱਸੀ ਬੰਦਿਆਂ ਨੂੰ ਕੋਰੇ ਨਾਲ ਭਰੀ ਧਰਤੀ ਉੱਤੇ ਲਿਟੇ ਲੱਭਿਆ, ਜਿਹੜੇ ਬੱਦਲਾਂ ਨਾਲ ਕੱਜੇ ਅਸਮਾਨ ਹੇਠ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਬਾਅਦ ਹੀ ਸ਼ਹਿਰ ਦੇ ਅਧਿਕਾਰੀਆਂ ਨੂੰ ਪ੍ਰਵਾਸੀਆਂ ਦੇ ਸਿਰ ਲੁਕਾਉਣ ਲਈ ਆਸਰਾ ਦੇਣ ਦਾ ਖਿਆਲ ਆਇਆ, ਜਿਸਦੀ ਉਨ੍ਹਾਂ ਨੇ ਪ੍ਰਵਾਸੀਆਂ ਤੋਂ ਵਸੂਲੀ ਵੀ ਕੀਤੀ।(12) ਤਾਰਾ ਅਤੇ ਉਸਦੇ ਸਾਥੀ ਜਦੋਂ ਅਕਤੂਬਰ ਵਿੱਚ ਪਹੁੰਚੇ, ਉਨ੍ਹਾਂ ਲਈ ਹਾਲਾਤ ਬੇਹਤਰ ਸਨ। ਜਦੋਂ ਉਹ ਆਪਣੇ ਮੋਢਿਆਂ ਨਾਲ ਬਿਸਤਰਬੰਦ ਲਟਕਾਈ ਨਜ਼ਰਬੰਦੀ ਹਸਪਤਾਲ ਵਿੱਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਇੱਕ ਗੋਰੀ ਔਰਤ  ਵੱਲੋਂ ਚਲਾਇਆ ਜਾਂਦਾ ਕਿਰਾਏ ਦਾ ਘਰ ਲੱਭ ਪਿਆ ਅਤੇ ਉਹ ਉੱਥੇ ਟਿਕ ਗਏ। ਉਨ੍ਹਾਂ ਵਿੱਚੋਂ ਕੁਝ ਨੂੰ ਅੰਗ੍ਰੇਜ਼ੀ ਆਉਂਦੀ ਸੀ ਅਤੇ ਉਹ ਕੰਮ ਲਈ ਏਧਰ-ਓਧਰ ਪੜਤਾਲ ਕਰਨ ਲੱਗੇ। ਜਿਸ ਨੂੰ ਵੀ ਕੁਝ ਕਮਾਈ ਹੋ ਜਾਂਦੀ, ਉਹ ਭੋਜਨ ਦੀ ਸਮੱਗਰੀ ਲੈ ਆਉਂਦਾ ਅਤੇ ਬਾਕੀਆਂ ਨਾਲ ਵੰਡ ਲੈਂਦਾ। ਨੌਜਵਾਨ ਤਾਰੇ ਅਤੇ ਉਸਦੇ ਕੁਝ ਸਾਥੀਆਂ ਨੂੰ ਇੱਕ ਗੋਰੇ ਲਈ ਅੱਗ ਵਾਸਤੇ ਲੱਕੜੀਆਂ ਕੱਟਣ ਦੇ ਕੰਮ ਲਈ ਸ਼ਹਿਰ ਦੇ ਬਾਹਰਵਾਰ ਭੇਜਿਆ ਗਿਆ, ਜਿੱਥੇ ਕੁਝ ਕੁ ਘਰ ਸਨ।

ਤਾਰੇ ਦਾ ਕੰਮ ਨਾਲ ਇਹ ਪਹਿਲਾ ਵਾਹ ਸੀ ਅਤੇ ਇਹ ਠੀਕ ਨਹੀਂ ਨਿਭਿਆ। ਉਹ ਇੱਕ ਅਜਨਬੀ ਦੇਸ਼ ਵਿੱਚ ਸੀ। ਉਹ ਹਾਲੇ ਮੱਸਫੱਟ ਹੀ ਸੀ ਤੇ ਉਸ ਨੂੰ ਨੌਕਰਾਂ ਵਾਲਾ ਕੰਮ ਕਰਨ ਲਈ ਕਿਹਾ ਗਿਆ ਸੀ। ਉਸਦੇ ਦਿਮਾਗ ਵਿੱਚ ਸੀ ਕਿ ਗੋਰਾ ਉਨ੍ਹਾਂ ਦੀ ਹੋਂਦ ਨੂੰ ਸਮਝਦਾ ਹੀ ਕੁਝ ਨਹੀਂ ਸੀ " ਗਰੀਬ ਲੋਕ ਆਏ ਆ ਇਨ੍ਹਾਂ ਤੋਂ ਲੱਕੜਾਂ ਪੜਵਾਓ" ਜਦੋਂ ਘਰ ਦੀ ਸਵਾਣੀ ਦੁੱਧ ਅਤੇ ਬ੍ਰੈੱਡ ਲੈ ਕੇ ਆਈ ਤਾਂ ਤਾਰੇ ਅਤੇ ਉਸਦੇ ਸਾਥੀਆਂ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਰਨ। ਭਾਵੇਂ ਉਹ ਭੁੱਖੇ ਸਨ ਪਰ ਉਹ ਸੋਚਦੇ ਸਨ ਕਿ ਹੋ ਸਕਦਾ ਹੈ ਕਿ ਬ੍ਰੈੱਡ ਵਿੱਚ ਗਾਂ ਦੀ ਚਰਬੀ ਹੋਵੇ। ਘਰਦੇ ਨਿਆਣਿਆਂ ਨਾਲ ਉਹ ਖੇਡਣ ਲੱਗੇ ਸਨ। ਪਹਿਲਾਂ ਉਨ੍ਹਾਂ ਵਿੱਚ ਅਜਨਬੀਪੁਣਾ ਸੀ ਪਰ ਬਆਦ ਵਿੱਚ ਉਹ ਖੁੱਲ੍ਹ ਗਏ। ਬੱਚੇ ਪੱਗਾਂ ਵਾਲੇ ਸਿੱਖਾਂ `ਤੇ ਹੱਸਦੇ। ਤਾਰੇ ਦਾ ਇੱਕ ਹੱਟਾ-ਕੱਟਾ ਸਾਥੀ, ਗੰਗਾ ਸਿੰਘ ਉਂਗਲਾਂ ਦੇ ਪਟਾਕੇ ਪੁਆ ਕੇ ਬੱਚਿਆਂ ਨੂੰ ਘਰ ਦੇ ਅੰਦਰ ਵੱਲ ਦੌੜਾ ਦਿੰਦਾ ਪਰ ਬੱਚੇ ਜਿਗਿਆਸਾ ਵੱਸ ਥੋੜ੍ਹੀ ਦੇਰ ਬਾਅਦ ਫਿਰ ਬਾਹਰ ਆ ਜਾਂਦੇ। ਇਸ ਤਰ੍ਹਾਂ ਕਰਦਿਆਂ ਉਹ ਖੁੱਲ੍ਹ ਗਏ ਅਤੇ ਸਾਰਾ ਦਿਨ ਇਸੇ ਖੇਡ ਵਿੱਚ ਲੱਗੇ ਰਹੇ। ਖੇਡਦਿਆਂ ਉਹ ਲੱਕੜਾਂ ਪਾੜਣੀਆਂ ਭੁੱਲ ਗਏ। ਸ਼ਾਮ ਵੇਲੇ ਬੱਚਿਆਂ ਦੇ ਮਾਪਿਆਂ ਵਿੱਚੋਂ ਇੱਕ ਨੇ ਸਿੱਖ ਜਵਾਨਾਂ ਨੂੰ ਇੱਕ ਪਰਚੀ ਫੜਾ ਦਿੱਤੀ। ਤਾਰਾ ਅਤੇ ਉਸਦੇ ਸਾਥੀ ਪਰਚੀ ਲੈ ਕੇ ਖੁਸ਼ ਸਨ। ਆਪਣੇ ਟਿਕਾਣੇ `ਤੇ ਪਹੁੰਚ ਕੇ ਉਨ੍ਹਾਂ ਨੇ ਉਹ ਪਰਚੀ ਖੜੌਦੀ ਵਾਲੇ ਆਸਾ ਸਿੰਘ ਨੂੰ ਦਿਖਾਈ। ਉਹ ਅੰਗ੍ਰੇਜ਼ੀ ਪੜ੍ਹ ਲੈਂਦਾ ਸੀ। ਪਰਚੀ `ਤੇ ਲਿਖਿਆ ਸੀ " ਤੁਸੀਂ ਕੋਈ ਕੰਮ ਨਹੀਂ ਕੀਤਾ। ਕੱਲ੍ਹ ਵਾਸਤੇ ਤੁਹਾਡੇ ਲਈ ਕੋਈ ਕੰਮ ਨਹੀਂ।(13)

ਪੱਤਝੜ ਅਤੇ ਸਰਦੀਆਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਲੱਭਣਾ ਔਖਾ ਹੁੰਦਾ ਸੀ। ਤਾਰੇ ਨਾਲ ਜਹਾਜ਼ ਵਿੱਚ ਆਏ ਕੁਝ ਬੰਦਿਆਂ ਨੂੰ ਛੇ ਸੌ ਕਿਲੋਮੀਟਰ ਦੂਰ ਰੈਵਲਸਟੋਕ ਵਿੱਚ ਕਨੇਡੀਅਨ ਪੈਸੇਫਿਕ ਰੇਲਵੇ ਲਈ ਮਜ਼ਦੂਰੀ ਕਰਨ ਲਈ ਭੇਜਿਆ ਗਿਆ। ਬਰਫ ਪੈਂਦੀ ਹੋਣ ਕਰਕੇ ਉਹ ਕੁਝ ਦਿਨਾਂ ਬਾਅਦ ਹੀ ਵਾਪਸ ਮੁੜ ਆਏ। ਦੋ ਹਫਤਿਆਂ ਬਾਅਦ ਟਾਰਟਰ ਰਾਹੀਂ ਪਹੁੰਚੇ ਸੱਤ ਸੌ ਪੰਜਾਬੀਆਂ ਨਾਲ ਮਾਮਲੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਤਾਰਾ ਤੇ ਉਸਦੇ ਸਾਥੀ ਇੱਕ ਕੰਮ ਤੋਂ ਦੂਜੇ ਕੰਮ ਵੱਲ ਭੱਜਦੇ। ਕਦੇ ਉਹ ਇੱਕ ਥਾਂ ਕੰਮ ਕਰਦੇ ਕਦੇ ਕਿਸੇ ਹੋਰ ਥਾਂ। ਸੱਤ ਰੁਪਏ ਦਿਹਾੜੀ, ਜਿਸਦੀ ਉਨ੍ਹਾਂ ਨੂੰ ਉਮੀਦ ਸੀ, ਉਹ ਪੂਰੀ ਨਹੀਂ ਸੀ ਹੋ ਰਹੀ।  ਆਪਣੇ ਹਮਵਤਨੀਆਂ ਤੋਂ ਉਨ੍ਹਾਂ ਨੇ ਸੁਣਿਆ ਕਿ ਅਮਰੀਕਾ `ਚ ਰੇਲਵੇ ਵਿੱਚ ਬਹੁਤ ਕੰਮ ਮਿਲ ਜਾਂਦਾ ਸੀ। ਇਸ ਲਈ ਉਹ ਸਾਲ ਦੇ ਅਖੀਰ ਜਾਂ 1907 ਦੇ ਸ਼ੁਰੂ ਵਿੱਚ ਫੈਰੀ ਰਾਹੀਂ ਵਿਕਟੋਰੀਆ ਪਹੁੰਚੇ। ਉਦੋਂ ਫੈਰੀ ਦਿਹਾੜੀ ਵਿੱਚ ਦੋ ਗੇੜੇ ਲਾਉਂਦੀ ਸੀ। ਵਿਕਟੋਰੀਆ ਤੋਂ ਉਹ ਪੈਸੇਫਿਕ ਸਟੀਮਸ਼ਿੱਪ ਰਾਹੀਂ ਸਾਨਫਰਾਂਸਿਸਕੋ ਪਹੁੰਚੇ। ਤਾਰੇ ਨੂੰ ਯਾਦ ਸੀ ਕਿ ਉਹ ਕਿਰਾਇਆ ਸਾਢੇ ਬਾਰਾਂ ਡਾਲਰ ਸੀ। ਸਾਨਫਰਾਂਸਿਸਕੋ ਉਹ ਸਿੱਧੇ ਰੁਜ਼ਗਾਰ ਦਫਤਰ ਪਹੁੰਚੇ। ਉੱਥੋਂ ਉਨ੍ਹਾਂ ਨੂੰ ਤਿੰਨ ਸੌ ਕਿਲੋਮੀਟਰ ਦੂਰ ਭੇਜਿਆ ਗਿਆ। ਲਗਦਾ ਹੈ ਕਿ ਇਹ ਸਫਰ ਉਨ੍ਹਾਂ ਨੇ ਰੇਲਗੱਡੀ ਰਾਹੀਂ ਕੀਤਾ ਹੋਵੇਗਾ। ਕੈਲੇਫੋਰਨੀਆ ਦੇ ਸੈਕਰਾਮੈਂਟੋ ਨੂੰ ਲੰਘ ਕੇ ਉਹ ਸੀਅਰਾ ਨਿਵਾਡਾ ਪਹਾੜਾਂ ਵਿੱਚ ਸਦਰਨ ਪੈਸੇਫਿਕ ਰੇਲਵੇ ਦਾ ਕੰਮ ਕਰਨ ਗਏ। ਮੁੱਖ ਪਟੜੀ ਦੀ ਮੁਰੰਮਤ ਕਰਨ ਅਤੇ ਨਵੀਂ ਪਟੜੀ ਵਿਛਾਉਣ ਦਾ ਕੰਮ ਸੀ। ਸਦਰਨ ਪੈਸੇਫਿਕ ਦੀ ਉਸ ਵੇਲੇ ਦੀ ਇੱਕ ਫੋਟੋ ਵਿੱਚ ਅਠਾਈ ਦਾੜ੍ਹੀ ਅਤੇ ਪੱਗਾਂ ਵਾਲੇ ਸਿੱਖ ਇਕੱਠੇ ਫੋਟੋ ਖਿਚਵਾਉਣ ਲਈ ਪਟੜੀ ਉੱਪਰ ਖੜ੍ਹੇ ਦਿਸਦੇ ਹਨ। ਪਟੜੀ ਲਈ ਬਣਾਏ ਰਾਹ ਦੀ  ਡੂੰਘੀ ਢਲਾਣ `ਤੇ ਉਹ ਹੱਥਾਂ ਵਿੱਚ ਕੰਧਾਲੀਆਂ ਅਤੇ ਬੇਲਚੇ ਲਈ ਖੜ੍ਹੇ ਹਨ। ਇਹ ਤਾਰੇ ਦੀ ਦੁਨੀਆਂ ਬਣ ਗਈ।

ਤਾਰੇ ਦਾ ਮੁੱਢਲਾ ਜੱਥਾ ਦਸ ਜਾਂ ਪੰਦਰਾਂ ਬੰਦਿਆ ਦਾ ਸੀ ਪਰ ਹੋਰ ਸਿੱਖਾਂ ਦੇ ਨਾਲ ਜੁੜਣ ਨਾਲ ਇਹ ਵੱਡਾ ਹੋ ਗਿਆ। ਤਾਰੇ ਨੂੰ ਬਹੁਤ ਹੈਰਾਨੀ ਹੋਈ ਜਦੋਂ ਉਨ੍ਹਾਂ ਦੇ ਨਾਲ ਰਲੇ ਸਿੱਖਾਂ ਵਿੱਚ ਕਪੂਰ ਵੀ ਸੀ। ਤਾਰਾ ਤੇ ਉਸਦੇ ਸਾਥੀ ਪਟੜੀ ਦੇ ਨਾਲ ਨਾਲ ਤੰਬੂਆਂ ਵਿੱਚ ਰਹਿੰਦੇ ਸਨ। ਇਹ ਤੰਬੂ ਉਨ੍ਹਾਂ ਨੂੰ ਠੇਕੇਦਾਰ ਨੇ ਦਿੱਤੇ ਸਨ। ਉਹ ਆਪਣਾ ਖਾਣਾ ਆਪ ਪਕਾਉਂਦੇ ਅਤੇ ਆਪਣੇ ਕੱਪੜੇ-ਲੱਤੇ ਆਪ ਹੀ ਧੋਂਦੇ। ਉਨ੍ਹਾਂ ਦੇ ਗੋਰੇ  ਅਫਸਰਾਂ ਨੇ ਉਨ੍ਹਾਂ ਨੂੰ ਹੋਰ ਤੰਬੂ ਗੱਡਣ ਲਈ ਆਖਿਆ ਕਿਉਂ ਕਿ ਉਨ੍ਹਾਂ ਦੇ ਹੋਰ ਹਮਵਤਨੀ ਵੀ ਆ ਰਹੇ ਸਨ। ਤਾਰੇ ਦੇ ਕਹਿਣ ਵਾਂਗ ਕੁਝ ਹੋਰ 'ਆਪਣੇ' ਆ ਰਹੇ ਸਨ। ਇਹ ਵਾਧਾ ਕੋਈ ਸਵਾਗਤ ਕਰਨ ਵਾਲਾ ਨਹੀਂ ਸੀ ਕਿਉਂ ਕਿ ਨਵਿਆਂ ਦੇ ਆਉਣ ਨਾਲ ਨੌਕਰੀਆਂ ਵਿੱਚ ਮੁਕਾਬਲਾ ਹੋਣ ਦੀ ਸੰਭਾਵਨਾ ਸੀ। ਜਦੋਂ ਨਵੇਂ ਬੰਦੇ ਪਹੁੰਚੇ, ਉਦੋਂ ਮੀਂਹ ਪੈ ਰਿਹਾ ਸੀ ਅਤੇ ਤਾਰਾ ਆਪਣੇ ਤੰਬੂ ਵਿੱਚ ਬੈਠਾ ਸੀ। ਨਵਿਆਂ ਵਿੱਚੋਂ ਕੁਝ ਤੰਬੂਆਂ ਦੇ ਪਰਦੇ ਚੁੱਕ ਕੇ ਅੰਦਰ ਦੇਖਦੇ। ਇਸ ਤਰ੍ਹਾਂ ਉਨ੍ਹਾਂ ਦੀ ਜਾਣ-ਪਹਿਚਾਣ ਸ਼ੁਰੂ ਹੋ ਗਈ। ਜਿਵੇਂ ਇੱਕ ਪੰਜਾਬੀ ਦੂਜੇ ਪੰਜਾਬੀ ਨੂੰ ਅਕਸਰ ਹੀ ਪੁੱਛਦਾ ਹੈ "ਤੂੰ ਕਿੱਥੋਂ ਹੈ?" ਤਾਰੇ ਨੇ ਕਪੂਰ ਨੂੰ ਬਿਨਾਂ ਸਿਆਣੇ ਇਹ ਸਵਾਲ ਪੁੱਛ ਲਿਆ। ਦੋਹਾਂ ਦੀ ਸ਼ਕਲ ਬਦਲ ਗਈ ਸੀ। ਕਪੂਰ ਦੇ ਪੂਰੀ ਦਾੜ੍ਹੀ ਆ ਗਈ ਸੀ ਅਤੇ ਤਾਰਾ ਆਦਮੀਆਂ ਵਾਂਗ ਦਿਸਣ ਲੱਗ ਪਿਆ ਸੀ। ਉਨ੍ਹਾਂ ਨੇ ਬਹੁਤ ਦੇਰ ਤੋਂ ਇੱਕ-ਦੂਜੇ ਨੂੰ ਨਹੀਂ ਸੀ ਦੇਖਿਆ ਅਤੇ ਕਈ ਸਾਲਾਂ ਤੋਂ ਇੱਕਠੇ ਨਹੀਂ ਸੀ ਰਹੇ। ਖੜੌਦੀ ਵਾਲੇ ਆਸਾ ਸਿੰਘ ਨੇ ਤਾਰੇ ਨੂੰ ਦੱਸਿਆ, "ਇਹ ਤੇਰਾ ਭਰਾ ਹੈ।"(14)

ਕਪੂਰ ਅਤੇ ਉਸਦਾ ਜੱਥਾ ਤਾਰੇ ਹੋਰਾਂ ਤੋਂ ਕੁਝ ਹਫਤੇ ਬਾਅਦ ਕੋਲਕਤੇ ਤੋਂ ਚੱਲੇ ਸਨ। ਹਾਂਗਕਾਂਗ ਤੋਂ ਉਹ ਤੀਜੇ ਦਰਜੇ ਦੀ ਸਟੀਅਰੇਜ ਰਾਹੀਂ ਸਾਨਫਰਾਂਸਿਸਕੋ ਪਹੁੰਚੇ। ਹੋ ਸਕਦਾ ਹੈ ਕਿ ਇਹ ਯੋਕੋਹਾਮਾ ਰਾਹੀਂ ਚੱਲਣ ਵਾਲਾ ਜਾਪਾਨੀ ਸਟੀਮਸ਼ਿੱਪ ਹੋਵੇ।(15) ਇਹ ਸਮੁੰਦਰੀ ਸਫਰ ਇੱਕ ਮਹੀਨੇ ਦਾ ਸੀ, ਜਿਹੜਾ ਵੈਨਕੂਵਰ ਪਹੁੰਚਣ ਨਾਲੋਂ ਜ਼ਿਆਦਾ ਸੀ। ਉਨ੍ਹਾਂ ਨੇ ਕਨੇਡਾ ਲਈ ਚੱਲਣ ਵਾਲੇ ਜਹਾਜ਼ ਦੀ ਉਡੀਕ ਕੀਤੇ ਬਿਨਾਂ ਪਹਿਲੇ ਮਿਲੇ ਜਹਾਜ਼ ਨੂੰ ਹੀ ਪਕੜ ਲਿਆ। ਉਹ ਨਵੰਬਰ ਵਿੱਚ ਸਾਨਫਰਾਂਸਿਸਕੋ ਪਹੁੰਚੇ। ਉੱਥੇ ਉਹ ਕੰਮ ਲੱਭਣ ਲੱਗੇ। ਤਾਰੇ ਤੇ ਉਸਦੇ ਜੱਥੇ ਵਾਂਗ ਇਨ੍ਹਾਂ ਨੂੰ ਵੀ ਸ਼ਹਿਰਾਂ ਵੱਲ ਤੋਰ ਦਿੱਤਾ। ਪਹਿਲਾਂ ਸੈਕਰਾਮੈਂਟੋ ਵਾਦੀ ਤੋਂ ਅੱਗੇ ਓਰੋਵਿੱਲ ਸ਼ਹਿਰ ਵੱਲ। ਇਹ ਥਾਂ ਪਹਾੜਾਂ ਵਿੱਚ ਵੈਸਟਰਨ ਰੇਲਵੇ ਦਾ ਲਾਂਘਾ ਸੀ ਕਪੂਰ ਆਪਣੇ ਸਾਥੀਆਂ ਲਈ ਕੰਮ ਲੱਭਣ ਲਈ 65 ਕਿਲੋਮੀਟਰ ਤੁਰ ਕੇ ਗਿਆ ਅਤੇ ਫਿਰ ਉਨ੍ਹਾਂ ਨੂੰ ਤਿੰਨ ਘੋੜਾ-ਬੱਘੀਆਂ ਰਾਹੀਂ ਉੱਥੇ ਲੈ ਕੇ ਗਿਆ। ਇਹ ਬੱਘੀਆਂ ਠੇਕੇਦਾਰ ਨੇ ਦਿੱਤੀਆਂ ਸਨ।  ਇੱਕ ਬੱਘੀ ਨੂੰ ਖਿੱਚਣ ਲਈ ਘੋੜਿਆਂ ਦੀ ਟੀਮ ਹੁੰਦੀ ਸੀ। (16) ਇੱਕ ਸਮਾਂ ਅਜੇਹਾ ਵੀ ਆਇਆ ਜਦੋਂ ਦੋਨੋਂ ਭਰਾ ਇਹ ਨਹੀਂ ਸੀ ਜਾਣਦੇ ਕਿ ਉਹ ਇੱਕੋ ਦੇਸ਼ ਵਿੱਚ ਹਨ ਅਤੇ ਉਹ ਇੱਕ ਸਿੱਧੀ ਲਾਈਨ ਵਿੱਚ ਤਕਰੀਬਨ100 ਕਿਲੋਮੀਟਰ ਦੀ ਵਿੱਥ `ਤੇ ਸਨ। ਕਪੂਰ ਹਮੇਸ਼ਾ ਆਪਣੇ ਸਾਥੀਆਂ ਲਈ ਕੰਮ ਦੀ ਤਲਾਸ਼ ਵਿੱਚ ਰਹਿੰਦਾ। ਉਸ ਨੇ ਵੈਸਟਰਨ ਪੈਸੇਫਿਕ ਰੇਲਵੇ ਦੇ ਟਾਕਰੇ `ਤੇ ਸਦਰਨ ਪੈਸੇਫਿਕ ਰੇਲਵੇ ਵਿੱਚ ਕੰਮ ਲੱਭ ਲਿਆ। ਜਦੋਂ ਉਸ ਨੇ ਅਤੇ ਉਸਦੇ ਸਾਥੀਆਂ ਨੇ ਵੈਸਟਰਨ ਰੇਲਵੇ ਵਿੱਚ ਕੰਮ ਛੱਡ ਦਿੱਤਾ ਤਾਂ ਠੇਕੇਦਾਰ ਨੇ ਉਨ੍ਹਾਂ ਨੂੰ ਆਪਣੀਆਂ ਬੱਘੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਹ ਓਰਵਿਲ ਤੱਕ ਤੁਰ ਕੇ ਗਏ। ਉੱਥੋਂ ਉਹ ਦੱਖਣ ਵੱਲ ਗਏ, ਜਿੱਥੇ ਵੈਸਟਰਨ ਪੈਸੇਫਿਕ ਰੇਲਵੇ ਦੀ ਮੁੱਖ ਲਾਈਨ ਸਦਰਨ ਨੂੰ ਕੱਟਦੀ ਸੀ। ਤਾਰੇ ਦੇ ਕੈਂਪ ਵਿੱਚ ਪਹੁੰਚਣ ਨਾਲ ਉਨ੍ਹਾਂ ਦੀਆਂ ਇਹ ਸਾਰੀਆਂ ਮੁਸ਼ਕਲਾਂ ਪਿੱਛੇ ਰਹਿ ਗਈਆਂ।

ਕੈਲੇਫੋਰਨੀਆ ਵਿੱਚ ਅਗਲੇ ਪੰਜ ਸਾਲ ਦੋਨੋਂ ਭਰਾ ਇੱਕ ਥਾਂ ਤੋਂ ਦੂਜੀ ਥਾਂ ਕੰਮ ਬਦਲਦੇ ਇਕੱਠੇ ਰਹੇ। ਕਪੂਰ ਉਨ੍ਹਾਂ ਲਈ ਕੰਮ ਲੱਭਦਾ। ਉਹ ਉਨ੍ਹਾਂ ਦਾ ਦੁਭਾਸ਼ੀਆ, ਫੋਰਮੈਨ ਅਤੇ ਟਾਈਮ ਕੀਪਰ ਹੁੰਦਾ। ਉਸਦੀ ਡਿਊਟੀ ਹੱਥੀਂ ਮਜ਼ਦੂਰੀ ਕਰਨ ਦੀ ਨਹੀਂ ਸੀ ਪਰ ਉਹ ਇਹ ਵੀ ਕਰਦਾ। ਉਸ ਵੇਲੇ ਪ੍ਰਵਾਸੀਆਂ ਬਾਰੇ ਹੋਈ ਅਮਰੀਕਨ ਕਾਂਗਰੇਸ਼ਨਲ ਇਨਕੁਆਇਰੀ  ਵਿੱਚ ਉਸਦੇ ਕਰਤੱਵ ਨੂੰ ਬਿਆਨ ਕੀਤਾ ਗਿਆ। ਪੁੱਛ ਪੜਤਾਲ ਕਰਨ ਵਾਲੇ ਖੋਜੀਆਂ ਨੇ ਪਾਇਆ ਕਿ ਬਹੁਤ ਥਾਵਾਂ ਤੋਂ ਆਏ ਪ੍ਰਵਾਸੀ ਕਾਮਿਆਂ ਵਿੱਚ ਸਾਊਥ ਏਸ਼ੀਅਨ ਕਾਮਿਆਂ ਦੀ ਗਿਣਤੀ ਥੋੜ੍ਹੀ ਸੀ। ਇਨ੍ਹਾਂ ਖੋਜੀਆਂ ਨੇ ਲਿਖਿਆ ਕਿ ਸਾਊਥ ਏਸ਼ੀਅਨ ਜੱਥੇ ਬਣਾ ਕੇ ਕੰਮ ਲੱਭਣ ਜਾਂਦੇ ਹਨ ਅਤੇ ਕੰਮ ਦੇਣ ਵਾਲੇ ਨਾਲ ਇਨ੍ਹਾਂ ਦਾ ਮੁਖੀ ਗੱਲਬਾਤ ਕਰਦਾ ਹੈ। ਪਰ ਉਨ੍ਹਾਂ ਦਾ ਜੱਥੇਬੰਦਕ ਢਾਂਚਾ ਘੱਟ ਸੰਗਠਿਤ ਹੁੰਦਾ ਹੈ।  ਉਦਾਹਰਣ ਦੇ ਤੌਰ `ਤੇ ਜਾਪਾਨੀ ਅਤੇ ਚੀਨਿਆਂ ਦੇ ਮੈਂਬਰ ਜ਼ਿਆਦਾ ਆਤਮ ਨਿਰਭਰ ਹੁੰਦੇ ਹਨ। ਸਾਊਥ ਏਸ਼ੀਅਨਾਂ ਦੇ ਮੁਖੀ ਕਾਮਿਆਂ ਤੋਂ ਕਮਿਸ਼ਨ ਨਹੀਂ ਲੈਂਦੇ ਜਿਵੇਂ ਜਾਪਾਨੀ ਲੈਂਦੇ ਹਨ। ਫੋਰਮੈਨ ਦੇ ਤੌਰ `ਤੇ ਕਪੂਰ ਆਪਣੇ ਸਾਥੀਆਂ ਨਾਲੋਂ ਜ਼ਿਆਦਾ ਕਮਾਉਂਦਾ ਸੀ। ਬਹੁਤ ਸਾਲ ਪਿੱਛੋਂ ਉਸ ਨੇ ਇੱਕ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ ਦਿਹਾੜੀ ਦੇ ਦੋ ਡਾਲਰ ਮਿਲਦੇ ਸਨ ਅਤੇ ਉਸਦੇ ਸਾਥੀਆਂ ਨੂੰ ਪੌਣੇ ਦੋ ਡਾਲਰ।(17) ਇਸ ਭਾਅ ਨਾਲ ਉਹ ਮਹੀਨੇ ਦੇ ਪੰਜਾਹ ਡਾਲਰ ਬਚਾ ਸਕਦਾ ਸੀ । ਚਣੌਤੀ ਇਹ ਸੀ ਕਿ ਉਸ ਨੂੰ ਲਗਾਤਾਰ ਕੰਮ ਮਿਲਦਾ ਰਹੇ ਤੇ ਉਹ ਸਾਲ ਦੇ ਛੇ ਸੌ ਡਾਲਰ ਬਚਾ ਸਕੇ।

ਸਦਰਨ ਪੈਸੇਫਿਕ ਦੀ ਨੌਕਰੀ ਕੁਝ ਮਹੀਨਿਆਂ ਤੱਕ ਚੱਲੀ। ਫਿਰ ਸਾਰੇ ਜੱਥੇ ਨੇ ਆਪਣੇ ਬਿਸਤਰਬੰਦ ਬੰਨ੍ਹੇ ਅਤੇ ਮੈਰਿਸਵਿਲ ਨੂੰ ਚਾਲੇ ਪਾ ਦਿੱਤੇ, ਜਿੱਥੇ ਸਦਰਨ ਰੇਲਵੇ ਦੀ ਸ਼ਾਖਾ ਲਾਈਨ ਤੇ ਵੈਸਟਰਨ ਪੈਸੇਫਿਕ ਦੀ ਮੁੱਖ ਲਾਈਨ ਕੱਟਦੀਆਂ ਸਨ। ਇਹ ਕੈਲੇਫੋਰਨੀਆ ਵਿੱਚ ਜੱਥੇ ਦਾ ਮੁੱਖ ਅੱਡਾ ਬਣ ਗਿਆ। ਮੈਰਿਸਵਿਲ ਵਿੱਚ ਤਾਰੇ ਅਤੇ ਉਸਦੇ ਕੁਝ ਸਾਥੀਆਂ ਨੂੰ ਪਹਿਲੀ ਰਾਤ ਜੇਲ੍ਹ ਵਿੱਚ ਗੁਜ਼ਾਰਨੀ ਪਈ, ਕਿਉਂ ਕਿ ਉਨ੍ਹਾਂ ਨੇ ਖੁੱਲ੍ਹੇ ਮੈਦਾਨ ਵਿੱਚ ਅੱਗ ਬਾਲ ਲਈ ਸੀ। ਪੁਲਿਸ ਉਦੋਂ ਹੀ ਪਹੁੰਚ ਗਈ। ਇੱਕ ਰਾਤ ਅੰਦਰ ਰੱਖ ਕੇ ਅਗਲੀ ਸਵੇਰ ਪੰਜ ਡਾਲਰ ਪ੍ਰਤੀ ਬੰਦਾ ਜਰਮਾਨਾ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਕਪੂਰ ਲਗਾਤਾਰ ਕੰਮ ਦੀ ਭਾਲ ਵਿੱਚ ਰਹਿੰਦਾ। ਜਦੋਂ ਉੱਥੇ ਹੋਰ ਪੰਜਾਬੀ ਆ ਗਏ ਤਾਂ ਉਨ੍ਹਾਂ ਦੇ ਜੱਥੇ ਵਿੱਚ ਸਿਖਰ ਦੀ ਗਿਣਤੀ 150 ਪਹੁੰਚ ਗਈ। ਉਸ ਨੇ ਤਾਰੇ ਲਈ ਰੇਲਵੇ, ਪਸ਼ੂਆਂ ਦੇ ਵਾੜ੍ਹੇ ਅਤੇ ਲੱਕੜ ਦੀ ਮਿੱਲ ਵਿੱਚ ਕੰਮ ਲੱਭ ਕੇ ਦਿੱਤੇ।

ਨਵੰਬਰ 1909 ਵਿੱਚ ਵੈਸਟਰਨ ਪੈਸੇਫਿਕ ਰੇਲਵੇ ਦੀ ਮੁੱਖ ਲਾਈਨ ਦਾ ਕੰਮ ਮੁੱਕਣ ਤੋਂ ਬਾਅਦ ਕੰਮ ਵਿੱਚ ਮੰਦਾ ਆ ਗਿਆ। ਇਸ ਬਾਰੇ ਸਰਕਾਰੀ ਦਫਤਰੀ ਦਸਤਾਵੇਜ਼ਾਂ ਵਿੱਚ ਪੜ੍ਹਿਆ ਜਾ ਸਕਦਾ ਹੈ, ਜਿਸ ਵਿੱਚ ਦਰਜ ਹੈ ਕਿ ਇਸ ਨਾਲ ਸਾਊਥ ਏਸ਼ੀਅਨਾਂ ਦੀ ਕਨੇਡਾ ਮੁੜਣ ਦੀ ਲਹਿਰ ਚੱਲ ਪਈ। ਸਰਹੱਦ ਦੇ ਦੋਹਾਂ ਪਾਸਿਆਂ ਦੇ ਸਰਕਾਰੀ ਅਹੁਦੇਦਾਰ ਇਸਦਾ ਸੇਹਰਾ ਇਕੱਲੇ ਵੈਸਟਰਨ ਰੇਲਵੇ ਦਾ ਕੰਮ ਮੁੱਕਣ ਸਿਰ ਹੀ ਨਹੀਂ ਬੰਨ੍ਹਦੇ ਸਗੋਂ ਕੈਲੇਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਸਟੇਟ ਦੇ ਗੋਰੇ ਕਾਮਿਆਂ ਦੇ ਦੁਸ਼ਮਣੀ ਭਰੇ ਵਤੀਰੇ ਸਿਰ ਵੀ ਬੰਨ੍ਹਦੇ ਹਨ। ਇਸ ਤੋਂ ਬਾਅਦ ਤਾਰੇ ਦਾ ਮਿੱਲ ਵਿੱਚ ਐਕਸੀਡੈਂਟ ਹੋ ਗਿਆ। ਉਹ ਲੱਕੜਾਂ ਨੂੰ ਚਿਣ ਰਿਹਾ ਸੀ। ਉਸਦੀ ਪਿੱਠ `ਤੇ ਗਹਿਰੀ ਚੋਟ ਲੱਗੀ। ਸੇਹਤਯਾਬ ਹੋਣ ਲਈ ਕਪੂਰ ਦੇ ਆਦੇਸ਼ ਅਨੁਸਾਰ ਕੈਂਪ ਦੀ ਖੁੱਲ੍ਹੀ ਹਵਾ ਵਿੱਚ ਬੈਠ ਕੇ ਉਹ ਮੱਠੀ-ਮੱਠੀ ਅੱਗ `ਤੇ ਚਿਕਨ ਸੂਪ ਪਕਾ ਕੇ ਪੀਂਦਾ। ਇਸ ਖੁਰਾਕ ਨੂੰ ਤਾਰਾ ਬੁਢਾਪੇ ਤੱਕ ਯਾਦ ਕਰਦਾ ਰਿਹਾ। 1912 ਵਿੱਚ ਕੰਮ ਵਾਲਾ ਭੋਗ ਹੀ ਪੈ ਗਿਆ। ਕਦੇ-ਕਦਾਈਂ ਏਧਰ-ਓਧਰ ਹੀ ਦਿਹਾੜੀ ਲੱਗਦੀ। ਕਪੂਰ ਨੇ ਸੋਚਿਆ ਕਿ ਇਸ ਵਿੱਚ ਕੋਈ ਤੁਕ ਨਹੀਂ ਕਿ ਦੋਨੋਂ ਜਮ੍ਹਾਂ ਕੀਤੀ ਪੂੰਜੀ ਨੂੰ ਵਰਤਣ। ਇਸ ਲਈ ਉਸ ਨੇ ਤਾਰੇ ਨੂੰ ਵਾਪਸ ਪੰਜਾਬ ਭੇਜ ਦਿੱਤਾ। ਤਾਰੇ ਅਨੁਸਾਰ ਇਹ ਕਪੂਰ ਦਾ ਫੈਸਲਾ ਸੀ। ਭਰਾ ਮੁੜ 14 ਸਾਲ ਇਕੱਠੇ ਨਾ ਹੋਏ।

ਦੋਨਾਂ ਭਰਾਵਾਂ ਦੀ ਕਹਾਣੀ, ਉੱਤਰੀ ਅਮਰੀਕਾ ਵਿੱਚ ਆਏ ਪਹਿਲੇ ਪ੍ਰਵਾਸੀਆਂ ਦੀ ਕਹਾਣੀ ਬਿਆਨਦੀ ਹੈ। ਮੋਢੀ ਪ੍ਰਵਾਸੀਆਂ ਵਿੱਚੋਂ ਬਹੁਤ ਸਾਰੇ ਇੱਕ ਦਹਾਕੇ ਦੇ ਅੰਦਰ ਵਾਪਸ ਆਪਣੇ ਘਰਾਂ ਨੂੰ ਪਰਤ ਗਏ।  ਇਸ ਹਿਸਾਬ ਨਾਲ ਤਾਰੇ ਦੀ ਮਿਸਾਲ ਵੀ ਰਵਾਇਤੀ ਹੀ ਸੀ। ਪਰ ਜਿਹੜੇ ਕਪੂਰ ਵਰਗੇ ਇੱਥੇ ਰਹਿ ਗਏ, ਉਨ੍ਹਾਂ ਨੇ ਕਨੇਡਾ-ਅਮਰੀਕਾ ਵਿੱਚ ਪੰਜਾਬੀਆਂ ਦੀਆਂ ਜੜ੍ਹਾਂ ਡੂੰਘੀਆਂ ਕਰ ਦਿੱਤੀਆਂ। ਕਪੂਰ ਉੱਤਰੀ ਅਮਰੀਕਾ ਵਿੱਚ ਸੀ ਅਤੇ ਉਸਦਾ ਬਾਕੀ ਪਰਿਵਾਰ ਜਿਵੇਂ ਭਰਾ ਤਾਰਾ ਤੇ ਭਗਵਾਨ, ਹੋਰ ਰਿਸ਼ਤੇਦਾਰ, ਬਸੰਤ ਕੌਰ ਤੇ ਉਸਦਾ ਪਰਿਵਾਰ ਭਾਰਤ ਵਿੱਚ ਸਨ। ਭਾਰਤ ਵਾਲੇ ਪਰਿਵਾਰ ਲਈ ਉੱਤਰੀ ਅਮਰੀਕਾ ਨਾਲ ਤਾਲਮੇਲ ਬਹੁਤ ਮਹੱਤਵਪੂਰਨ ਸੀ। ਦੂਰੀ ਅਤੇ ਸਮੇਂ ਦੇ ਗੁਜ਼ਰਨ ਦੇ ਬਾਵਜੂਦ ਵੀ ਪਰਿਵਾਰਕ ਬੰਧਨ ਕਾਇਮ ਰਹਿੰਦੇ। ਕਪੂਰ ਦੇ ਪਰਿਵਾਰ ਵਾਂਗ ਇਹ ਪੰਜਾਬੀਆਂ ਵਿੱਚ ਆਮ ਹੀ ਸੀ, ਜਿਨ੍ਹਾਂ ਦੇ ਪਰਿਵਾਰ ਦਾ ਕੋਈ ਬੰਦਾ ਸਮੁੰਦਰੋਂ ਪਾਰ ਦੀ ਦੂਰੀ `ਤੇ ਹੁੰਦਾ। ਫਿਰ ਵੀ ਉਹ ਸਕੀਰੀਆਂ ਅਤੇ ਵਿਆਹਾਂ ਦੀਆਂ ਵਫਾਦਾਰੀਆਂ ਅਤੇ ਅਸ਼ਾਵਾਂ ਕਾਰਣ ਆਪਸ ਵਿੱਚ  ਬੱਝੇ ਰਹਿੰਦੇ।

Read 117 times