ਲੇਖ਼ਕ

Friday, 27 April 2018 02:52

04. ਕਿਲੇ ਦੇ ਮੋਤੀ - ਕਨੇਡਾ ਵਿੱਚ ਵਸੇਬਾ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਅਤੇ ਉਸਦੇ ਸਾਥੀ ਜਿੱਥੇ ਵੀ ਗਏ, ਅੰਗ੍ਰੇਜ਼ੀ ਹਕੂਮਤ ਦਾ ਪ੍ਰਛਾਵਾਂ ਉੱਥੇ ਹੀ ਪਿਆ ਹੋਇਆ ਸੀ। ਭਾਵੇਂ ਉਹ ਇਸ ਇੱਛਾ ਦੇ ਧਾਰਨੀ ਹੁੰਦੇ ਕਿ ਅੰਗਰੇਜ਼ ਭਾਰਤ ਛੱਡ ਜਾਣ ਜਾਂ  ਉਨ੍ਹਾਂ ਦੀ ਹੋਂਦ ਦੇ ਸੱਚ ਨੂੰ ਸਵੀਕਾਰਨ ਲਈ ਰਜ਼ਾਮੰਦ ਹੁੰਦੇ, ਪਰ ਉਹ ਇਸ ਸੱਚ ਨੂੰ ਨਜ਼ਰ ਅੰਦਾਜ ਨਹੀਂ ਕਰ ਸਕੇ। ਜਦੋਂ ਉਹ ਭਾਰਤ ਤੋਂ ਬਾਹਰ ਯਾਤਰਾ ਕਰਦੇ ਤਾਂ ਵਪਾਰ ਦੀਆਂ ਦਿਸ਼ਾਵਾਂ ਅਤੇ ਉਨ੍ਹਾਂ ਦਾ ਸਫ਼ਰ, ਉਨ੍ਹਾਂ ਦੀ ਮੰਜ਼ਲ ਲਈ ਵਸੀਲੇ ਬਣਨ ਵਾਲੀਆਂ ਬੰਦਰਗਾਹਾਂ ਅਤੇ ਬਸਤੀਆਂ ਆਮ ਕਰਕੇ ਅੰਗ੍ਰੇਜ਼ ਹਕੂਮਤ ਦੇ ਹੇਠ ਹੁੰਦੀਆਂ। ਜੇ ਨਾ ਹੁੰਦੀਆਂ ਤਾਂ ਉਨ੍ਹਾਂ ਦੇ ਹਕੂਮਤ ਨਾਲ ਰਾਜਦੂਤਕ ਸਬੰਧ ਹੁੰਦੇ। ਇੱਥੋਂ ਤੱਕ ਕਿ ਜਦੋਂ ਉਹ ਅਮਰੀਕਾ ਪਹੁੰਚ ਗਏ, ਅੰਗਰੇਜ਼ੀ ਹਕੂਮਤ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਫਿਰ ਵੀ ਦਖਲ ਸੀ। ਭਾਰਤ ਵਿਚ ਬਰਤਾਨਵੀ ਹਕੂਮਤ ਬਾਰੇ ਘਰ ਤੋਂ ਦੂਰ ਰਹਿਕੇ ਉਹ ਜ਼ਿਆਦਾ ਗੰਭੀਰਤਾ ਨਾਲ ਗੱਲ ਕਰਦੇ ਪਰ ਮਸਲੇ ਦੇ ਹੱਲ ਲਈ ਉਨ੍ਹਾਂ ਦੇ ਵਿਚਾਰਾਂ ਵਿੱਚ ਭਿੰਨਤਾ ਸੀ ਕਿ ਸਮੇਂ ਦੀ ਉਡੀਕ ਕੀਤੀ ਜਾਵੇ ਜਾਂ ਹਥਿਆਰਬੰਦ ਕਾਰਵਾਈ ਕੀਤੀ ਜਾਵੇ। ਵਿਦੇਸ਼ ਵਿੱਚ ਆਪਣੇ ਹਮਵਤਨੀ ਨੌਜਵਾਨ ਸਾਥੀਆਂ ਨਾਲ ਰਹਿੰਦਿਆਂ  ਉਨ੍ਹਾਂ ਨੂੰ ਪੜ੍ਹਣ, ਲਿਖਣ, ਛਪਣ, ਭਾਸ਼ਣ ਦੇਣ ਜਾਂ ਵਿਚਾਰ ਵਟਾਂਦਰਾ ਕਰਨ ਲਈ ਖੁੱਲ੍ਹ ਸੀ।  ਪਰਿਵਾਰਾਂ, ਵਡੇਰਿਆਂ ਜਾਂ ਪੁਲਿਸ ਦੀ ਦਖਲ ਅੰਦਾਜੀ ਨਹੀਂ ਸੀ। ਇਹ ਉਨ੍ਹਾਂ ਲਈ ਤਕੜਾ ਰਾਜਨੀਤਕ ਤਜਰਬਾ ਸੀ। ਵਿਦੇਸ਼ ਵਿੱਚ ਉਨ੍ਹਾਂ ਦੇ ਨੇੜੇ ਦੇ ਮਿੱਤਰ, ਉਨ੍ਹਾਂ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਨਾਲ ਜਾਂ ਪਿੱਛੋਂ ਪਹੁੰਚੇ, ਉਨ੍ਹਾਂ ਦੇ ਨੇੜਲੇ ਪਿੰਡਾਂ ਤੋਂ ਨੌਜਵਾਨ ਹੁੰਦੇ ਸਨ। ਉਨ੍ਹਾਂ ਦੇ ਨੇੜਲੇ ਮਿੱਤਰ ਉਹ ਵੀ ਹੁੰਦੇ, ਜਿਹੜੇ ਉਸ ਸਮੇਂ ਦੇ ਸਭ ਤੋਂ ਮਹੱਤਵ ਪੂਰਨ ਸਵਾਲ `ਤੇ ਉਨ੍ਹਾਂ ਨਾਲ ਸਹਿਮਤ ਹੁੰਦੇ। ਸਵਾਲ ਸੀ ਆਜ਼ਾਦੀ ਤੇ ਇਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ। ਜਦੋਂ ਉਹ ਕੰਮ ਦੀ ਭਾਲ ਵਿੱਚ ਏਧਰ-ਓਧਰ ਜਾਂਦੇ ਤਾਂ ਉਹ ਸਾਂਝੇ ਪਿਛੋਕੜ ਵਾਲੇ ਲੋਕਾਂ ਅਤੇ ਆਪਣੇ ਹਮ ਖਿਆਲੀ ਦੋਸਤਾਂ ਉੱਤੇ ਨਿਰਭਰ ਹੁੰਦੇ। ਕਪੂਰ ਦੇ ਸਮਾਜਕ ਸਬੰਧ ਵੱਖ-ਵੱਖ ਟੋਲੀਆਂ ਦੇ ਵੱਖ ਵੱਖ ਤਜਰਬੇ ਵਾਲੇ ਲੋਕਾਂ ਨਾਲ ਸਨ।  ਪਰ ਬਹੁਤੇ ਉਸਦੇ ਗੁਆਂਢੀ ਪਿੰਡਾਂ ਤੋਂ ਉਸੇ ਵਰਗੇ ਨਰਮ ਰਾਜਨੀਤਕ ਖਿਆਲਾਂ ਵਾਲੇ ਸਨ।

ਉੱਤਰੀ ਅਮਰੀਕਾ ਵਿੱਚ ਆਪਣੇ ਮੁੱਢਲੇ ਸਾਲਾਂ ਦੌਰਾਨ ਤਾਰਾ ਤੇ ਕਪੂਰ ਆਪਣੇ ਉਸ ਸਮੇਂ ਦੇ ਸਾਰੇ ਪੰਜਾਬੀ ਪ੍ਰਵਾਸੀਆਂ ਵਾਂਗ ਸਾਹਸੀ ਸਨ। ਵਿਕਟੋਰੀਆ ਤੋਂ ਸਾਨਫਰਾਂਸਿਸਕੋ ਲਈ ਚੱਲਣਾ ਤਾਰੇ ਲਈ ਮਾਮੂਲੀ ਗੱਲ ਸੀ ਕਿਉਂ ਕਿ ਅੱਧੇ ਸੰਸਾਰ ਦਾ ਉਹ ਪਹਿਲਾਂ ਹੀ ਸਫਰ ਕਰ ਆਇਆ ਸੀ। ਯਾਤਰਾ ਕਰਨ ਦੀ ਚਾਹਤ ਉਸਦਾ ਅਤੇ ਉਸਦੇ ਸਾਥੀਆਂ ਦਾ ਸਾਂਝਾ ਲੱਛਣ ਸੀ। ਉਨ੍ਹਾਂ ਨੂੰ ਤਾਂ ਚੰਗੇ ਮੌਕੇ ਦੀ ਤਲਾਸ਼ ਸੀ। ਜੇ ਉਹ ਇੱਕ ਥਾਂ ਤੋਂ ਨਿਰਾਸ਼ ਹੋ ਜਾਦੇ ਤਾਂ ਹੋਰ ਥਾਂ ਬਾਰੇ ਕਹਾਣੀਆਂ ਸੁਣਨ ਨੂੰ ਤਿਆਰ ਹੁੰਦੇ। ਉਹ ਆਪਣੇ ਜਾਨਣ ਵਾਲਿਆਂ ਤੋਂ ਜਿਹੜਾ ਕੁਝ ਸੁਣਦੇ, ਉਸਦਾ ਇਤਬਾਰ ਕਰਦੇ। ਉਹ ਆਪਣੇ ਆਪ ਵੀ ਉਹ ਦੇਖਣਾ ਚਾਹੁੰਦੇ। ਉਹ ਉਨ੍ਹਾਂ ਮਹਾਨ ਸਖ਼ਸ਼ੀਅਤਾਂ ਦੇ ਮਗਰ ਵੀ ਲੱਗਦੇ, ਜਿਨ੍ਹਾਂ ਨੇ ਆਪਣੇ ਆਪ ਤੀਬਰਤਾ ਨਾਲ ਤੁਰ ਫਿਰ ਕੇ ਦੇਖਿਆ ਸੀ। ਕਪੂਰ ਦੀ ਆਪਣੀ ਚਾਹਨਾ ਉਸ ਨੂੰ ਦੂਰ ਉੱਤਰੀ ਓਨਟੇਰੀਓ ਵਿੱਚ ਇਕ ਅਜੇਹੇ ਥਾਂ ਲੈ ਗਈ ਜਿੱਥੇ ਬਹੁਤ ਥੋੜ੍ਹੇ ਕਨੇਡੀਅਨ ਉਦੋਂ ਜਾਂ ਹੁਣ ਪਹੁੰਚੇ। ਭਾਵੇਂ ਉਹ ਉੱਥੇ ਨਹੀਂ ਠਹਿਰਿਆ ਪਰ ਉਸ ਨੇ ਦਿਖਾ ਦਿੱਤਾ ਕਿ ਸਾਰਾ ਉੱਤਰੀ ਅਮਰੀਕਾ ਉਸਦੀ ਮਾਰ ਥੱਲੇ ਹੈ। ਕਪੂਰ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਜੜ੍ਹਾਂ ਲਾਈਆਂ। ਉਸਨੇ ਹੋਰ ਬਹੁਤ ਸਾਰੇ ਮੋਢੀ ਪੰਜਾਬੀਆਂ ਵਾਂਗ ਦੇਸ਼ ਦੇ ਰੌਕੀ ਪਹਾੜਾਂ ਤੋਂ ਪੂਰਬ ਵਾਲੇ ਪਾਸੇ ਦੀ ਥਾਂ ਪੱਛਮ ਵਾਲਾ ਪਾਸਾ ਚੁਣਿਆ। ਇਹ ਮੋਢੀ ਰੌਕੀ ਪਹਾੜਾਂ ਨੂੰ ਕਨੇਡਾ-ਅਮਰੀਕਾ ਦੀ ਸਰਹੱਦ ਤੋਂ ਵੀ ਵੱਡਾ ਨਾਕਾ ਸਮਝਦੇ ਸਨ। ਬਹੁਤੇ ਮੋਢੀ ਅਠਾਰਾਂ ਮਹੀਨਿਆਂ ਦੇ ਦੌਰਾਨ 1906 ਦੀਆਂ ਗਰਮੀਆਂ ਤੋਂ ਲੈ ਕੇ 1907 ਦੀ ਪੱਤਝੜ ਤੱਕ ਵੈਨਕੂਵਰ ਅਤੇ ਵਿਕਟੋਰੀਆ ਪਹੁੰਚੇ। (1) ਤਾਰੇ ਵਾਂਗ ਬਹੁਤੇ ਛੇਤੀ ਹੀ ਅਮਰੀਕਾ ਵਿੱਚ ਹੋਰ ਸੰਭਾਵਨਾ ਭਰਪੂਰ ਭਵਿੱਖ ਵਾਲੀ ਥਾਂ ਵੱਲ ਚੱਲ ਪਏ। ਤਾਰੇ ਤੋਂ ਪਹਿਲਾਂ ਪਹੁੰਚੇ ਜੱਥੇ ਦੱਖਣ ਵੱਲ ਹੋਰ ਅੱਗੇ ਅੱਗੇ ਚੱਲਦੇ ਗਏ। ਰੇਲਵੇ ਵਿੱਚ ਕੰਮ ਲੱਭਦੇ ਪਹਿਲਾਂ ਉਹ ਵਾਸ਼ਿੰਗਟਨ ਸਟੇਟ ਗਏ ਫੇਰ ਓਰੇਗਨ ਅਤੇ ਕੈਲੇਫੋਰਨੀਆ। ਕੈਲੇਫੋਰਨੀਆ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਖੇਤਾਂ ਵਿੱਚ ਕੰਮ ਕਰਨ ਨਾਲ ਵੀ ਤਕਰੀਬਨ ਰੇਲਵੇ ਜਿੰਨੀ ਹੀ ਕਮਾਈ ਹੋ ਜਾਂਦੀ ਸੀ। ਤਾਰਾ ਅਤੇ ਕਪੂਰ ਸੈਕਰਾਮੈਂਟੋ ਵਾਦੀ ਦੇ ਮੈਰਿਸਵਿਲ ਵਿੱਚ ਉਦੋਂ ਜਿਹੇ ਹੀ ਪਹੁੰਚੇ, ਜਦੋਂ ਪੰਜਾਬੀਆਂ ਨੂੰ ਪਹਿਲੀ ਵਾਰ ਫਲ ਤੋੜਣ ਦਾ ਕੰਮ ਮਿਲਿਆ। ਇਕ ਸਾਲ ਦੇ ਅੰਦਰ ਅੰਦਰ ਕੁਝ ਪੰਜਾਬੀ ਦੱਖਣ ਵੱਲ ਹੋਰ ਬਹੁਤ ਅੱਗੇ ਇੰਪੀਰੀਅਲ ਅਤੇ ਸੈਨ ਜੋਏਕਮ ਵਾਦੀਆਂ ਵਿੱਚ ਖੰਡ ਵਾਲੀਆਂ ਚੁਕੰਦਰਾਂ ਦੇ ਖੇਤਾਂ ਅਤੇ ਸੰਤਰੇ ਦੀਆਂ ਝਿੜੀਆਂ ਵਿੱਚ ਕੰਮ ਕਰਨ ਲੱਗੇ ਸਨ।(2)   ਵੈਨਕੂਵਰ ਟਾਪੂ ਤੋਂ ਸੈਨ ਜੋਏਕਮ ਵਾਦੀ ਵਿੱਚ ਤੇਜ਼ੀ ਨਾਲ ਹੋਈ ਹਫੜਾ-ਦਫੜੀ ਤੋਂ ਬਾਅਦ ਮੋਢੀ ਪੰਜਾਬੀ ਕੈਲੇਫੋਰਨੀਆ ਦੇ ਖੇਤਾਂ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੱਕੜ ਦੀ ਸਨਅਤ ਵਿੱਚ ਸਥਾਪਿਤ ਹੋ ਗਏ। ਇਸ ਤੋਂ ਪਿੱਛੋਂ ਬਹੁਤ ਥੋੜ੍ਹਿਆਂ ਨੇ ਅੱਗੇ ਜਾਣ ਦੀ ਸੋਚੀ ਪਰ ਇਹ ਹਿੰਮਤ ਦੀ ਘਾਟ ਕਰਕੇ ਨਹੀਂ ਸੀ।

1914 ਵਿੱਚ ਜਦੋਂ ਕਪੂਰ ਓਨਟੇਰੀਓ ਸੂਬੇ ਵਿੱਚ ਗਿਆ ਤਾਂ ਉਸਦੇ ਥੋੜ੍ਹੇ ਚਿਰ ਲਈ ਰਹੇ ਮਾਲਕ ਅਤੇ ਚੰਗੇ ਤੇ ਨਵੇਕਲੇ ਦੋਸਤ ਵਿਲੀਅਮ ਐੱਚ ਮੂਰ ਨੇ ਉਸ ਨੂੰ ਉੱਥੇ ਰੁਕਣ ਲਈ ਜ਼ੋਰ ਪਾਇਆ ਕਿਉਂ ਕਿ ਉੱਥੇ ਸਾਊਥ ਏਸ਼ੀਅਨਾਂ ਨਾਲ ਯੋਗ ਵਿਹਾਰ ਹੁੰਦਾ ਸੀ, ਘੱਟੋ ਘੱਟ ਕਾਨੂੰਨ ਵਿੱਚ ਤਾਂ ਹੁੰਦਾ ਹੀ ਸੀ। ਬੀ ਸੀ ਵਿੱਚ ਉਨ੍ਹਾਂ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਿਆਂ ਕਰ ਦਿੱਤਾ ਸੀ ਪਰ ਫਿਰ ਵੀ ਉਹ ਰਹਿਣ ਲਈ ਕਨੇਡਾ ਵਿੱਚ ਬੀ ਸੀ ਸੂਬੇ ਨੂੰ ਹੀ ਚੁਣਦੇ ਸਨ। ਕੈਲੇਫੋਰਨੀਆ ਵਿੱਚ ਉਹ ਏਸ਼ੀਅਨ ਲੋਕਾਂ ਦੀ ਵਿਰੋਧੀ ਜੱਥੇਬੰਦੀ ਤੋਂ ਫਿਰਕੂ ਅਵਾਜੇ ਸੁਣਦੇ, ਨਾਗਰਿਕਤਾ ਲੈਣ ਦਾ ਉਨ੍ਹਾਂ ਨੂੰ ਹੱਕ ਨਹੀਂ ਸੀ ਤੇ ਨਾ ਹੀ ਜ਼ਮੀਨਾਂ ਦੇ ਮਾਲਕ ਬਣਨ ਦਾ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਉੱਥੇ ਸਥਾਪਿਤ ਹੋਣਾ ਚੁਣਿਆ।  ਇਸ ਨੂੰ ਕਿਵੇਂ ਸਮਝੀਏ? ਮੋਢੀ ਪੰਜਾਬੀ ਇੱਥੇ ਆਉਣ ਲਈ ਇੱਕ-ਦੂਜੇ `ਤੇ ਨਿਰਭਰ ਕਰਦੇ ਸਨ ਇਸ ਲਈ ਉਹ ਇਕੱਠੇ ਰਹੇ। ਜੇ ਹੋਰ ਜ਼ਿਆਦਾ ਲੋਕਾਂ ਨੂੰ ਕਨੇਡਾ ਅਤੇ ਅਮਰੀਕਾ ਆਉਣ ਦੀ ਆਗਿਆ ਹੁੰਦੀ, ਹੋਰ ਵਪਾਰਾਂ ਵਿੱਚ ਕੰਮ ਮਿਲਦਾ ਅਤੇ ਭੂਗੋਲਿਕ ਤੌਰ ਤੇ ਵੱਖ ਵੱਖ ਥਾਵਾਂ `ਤੇ ਭੇਜਿਆ ਜਾਂਦਾ ਤਾਂ ਬਹੁਤ ਸੁਖਾਲਾ ਰਹਿਣਾ ਸੀ। ਪਰ ਬੀ ਸੀ ਅਤੇ ਕੈਲੇਫੋਰਨੀਆ ਵਿੱਚ ਖਾਸ ਤੌਰ ਤੇ ਅਕਰਸ਼ਕ ਵਾਤਾਵਰਣ ਸੀ। ਇੱਥੇ ਨਵੀਂ ਤੇ ਛੇਤੀ ਨਾਲ ਵਧਣ ਵਾਲੀ ਆਰਥਿਕਤਾ ਸੀ ਅਤੇ ਚੰਗੇ ਮੌਕਿਆਂ ਲਈ ਖੁੱਲ੍ਹੇ ਰਾਹ ਸਨ ਜਿਨ੍ਹਾਂ ਨੂੰ ਮੋਢੀ ਪੰਜਾਬੀ ਕਾਬੂ ਹੇਠ ਕਰਨ ਲਈ ਤਿਆਰ ਸਨ।

ਚੰਗੇ ਭਵਿੱਖ ਦੇ ਵਧੀਆ ਮੌਕੇ ਕਿੱਥੇ ਹਨ, ਇਸ ਬਾਰੇ ਉਨ੍ਹਾਂ ਨੂੰ ਇੱਕ ਦੂਜੇ ਤੋਂ ਹੀ ਪਤਾ ਲਗਦਾ ਸੀ। ਚਿੱਠੀਆਂ, ਤਾਰਾਂ ਰਾਹੀਂ ਜਾਂ ਮੂੰਹੋ-ਮੂੰਹੀਂ ਦੋਸਤ, ਰਿਸ਼ਤੇਦਾਰ ਤੇ ਗਰਾਈਂ ਇੱਕ-ਦੂਜੇ ਨੂੰ ਦੱਸ ਦਿੰਦੇ ਸਨ। ਪਹਿਲੀ ਸੰਸਾਰ ਜੰਗ ਵੇਲੇ ਕਨੇਡੀਅਨ ਇਮੀਗਰੇਸ਼ਨ ਵਿਭਾਗ  'ਜੰਗ -ਮੌਕੇ' ਵਾਲੀ ਤਾਕਤ ਦੀ ਵਰਤੋਂ ਕਰਕੇ ਕਨੇਡਾ ਵਿੱਚ ਪੰਜਾਬੀਆਂ ਅਤੇ ਦੂਸਰੇ ਸਾਊਥ ਏਸ਼ੀਅਨਾਂ ਦੀਆਂ ਤਾਰਾਂ ਰੋਕ ਲੈਂਦੇ। ਵਿਭਾਗ ਬਰਤਾਨੀਆ ਵਿਰੋਧੀ ਕਾਰਵਾਈਆਂ ਦੇ ਸਬੂਤ ਲੱਭਦਾ ਸੀ। ਪਰ ਉਨ੍ਹਾਂ ਨੂੰ ਰੋਕੀਆਂ ਤਾਰਾਂ ਵਿੱਚੋਂ ਕੋਈ ਸਬੂਤ ਨਾ ਮਿਲਿਆ। ਉਹ ਸਾਰੀਆਂ ਤਾਰਾਂ ਕੰਮ ਅਤੇ ਨੌਕਰੀਆਂ ਬਾਰੇ ਸਨ। ਜਿਵੇਂ: "ਵਾਰਡਨਰ ਨੂੰ ਛੇਤੀ ਆ ਜਾ। ਤੇਰੇ ਅਤੇ ਜਗਤ ਸਿੰਘ ਲਈ ਨੌਕਰੀਆਂ ਹਨ।" ਜਾਂ "ਚਾਰ ਹੋਰ ਬੰਦੇ ਭੇਜੋ" ਜਾਂ "ਤੂੰ ਅਤੇ ਧਰਮਪਾਲ ਛੇਤੀ ਆ ਜੋ। ਮਿੱਲ ਸੋਮਵਾਰ ਚੱਲਣੀ ਹੈ।" ਤਿੰਨ ਸਾਲਾਂ ਲਈ ਵਿਭਾਗ ਨੇ ਇਸ ਤਰ੍ਹਾਂ ਦੀਆਂ ਤਾਰਾਂ ਫਾਈਲਾਂ ਵਿੱਚ ਰੱਖੀਆਂ। ਸਬੂਤ ਦੇ ਤੌਰ `ਤੇ ਉਨ੍ਹਾ ਨੇ ਜਿਹੜਾ ਕੁਝ ਲੱਭਿਆ ਉਹ ਇਹ ਸੀ ਕਿ  ਬੀ ਸੀ ਵਿੱਚ ਮੋਢੀ ਪੰਜਾਬੀਆਂ ਦਾ ਨੌਕਰੀਆਂ ਲੱਭਣ ਲਈ ਰਾਬਤਾ ਸੀ। (3)

ਪੰਜਾਬੀਆਂ ਦਾ ਇਹ ਮੇਲ-ਜੋਲ ਸ਼ੁਰੂ ਤੋਂ ਹੀ ਬੀ ਸੀ ਤੋਂ ਕੈਲੇਫੋਰਨੀਆ ਤੱਕ ਸੀ। ਕਪੂਰ ਨੇ ਬੀ ਸੀ ਵਿੱਚ ਪਹੁੰਚਣ ਤੋਂ ਕਿਤੇ ਪਹਿਲਾਂ ਉੱਥੇ ਆਪਣਾ ਰਾਬਤਾ ਕਾਇਮ ਕਰ ਲਿਆ ਸੀ। ਉਸਦਾ ਮਹੱਤਵਪੂਰਨ ਸੰਪਰਕ ਉਸ ਸਮੇਂ ਦੇ ਸਿੱਖ ਪਰਚਾਰਕ ਅਤੇ ਸਮਾਜ ਸੇਵਕ ਪ੍ਰੋਫੈਸਰ ਤੇਜਾ ਸਿੰਘ ਸੀ, ਜਿਸਨੂੰ ਬਾਅਦ ਵਿੱਚ ਸੰਤ ਤੇਜਾ ਸਿੰਘ ਕਰਕੇ ਵੀ ਜਾਣਿਆ ਜਾਣ ਲੱਗਾ। ਉਹ ਅਤੇ ਉਸਦਾ ਪੰਜ ਮੈਂਬਰੀ  ਧਰਮ-ਪ੍ਰਚਾਰਕ ਜੱਥਾ ਮਈ 1909 ਵਿੱਚ ਮੈਰਿਸਵਿਲ ਪਹੁੰਚਿਆ। ਉਨ੍ਹਾਂ ਦਾ ਇਹ ਟੂਰ ਪੈਸੇਫਿਕ ਤੱਟ ਤੇ ਵਸਦੇ ਪੰਜਾਬੀ ਕਾਮਿਆਂ ਵਾਸਤੇ ਸੀ । ਕਪੂਰ ਉਨ੍ਹਾਂ ਬੰਦਿਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਉਹ ਆਪਣੀਆਂ ਯੋਜਨਾਵਾਂ ਵਿੱਚ ਸ਼ਾਮਿਲ ਕਰਦਾ ਸੀ।(4)

ਪ੍ਰੋਫੈਸਰ ਤੇਜਾ ਸਿੰਘ ਅਮਰੀਕਾ ਦੇ ਪੂਰਬੀ ਤੱਟ `ਤੇ ਇੱਕ ਵਿਦਿਆਰਥੀ ਵਜੋਂ ਆਇਆ ਸੀ। 1908 ਦੀਆਂ ਗਰਮੀਆਂ ਵਿੱਚ ਉਸ ਨੇ ਕੋਲੰਬੀਆ ਯੂਨੀਵਰਸਿਟੀ ਵਿੱਚ ਸਿੱਖੀ ਬਾਰੇ ਦੋ ਭਾਸ਼ਣ ਦਿੱਤੇ। ਉਸਦੇ ਇਨ੍ਹਾਂ ਭਾਸ਼ਣਾਂ ਬਾਰੇ ਕਿਸੇ ਅਖ਼ਬਾਰ ਵਿੱਚ ਛਪਿਆ ਲੇਖ ਦੇਖ ਕੇ ਵੈਨਕੂਵਰ ਦੇ ਸਿੱਖਾਂ ਨੇ ਉਸ ਨੂੰ ਸੱਦਾ ਭੇਜਿਆ। ਇਸ ਤੱਟ ਤੇ ਵਸਦੇ ਪੰਜਾਬੀ ਬੋਲਦੇ ਕਾਮਿਆਂ ਨੂੰ ਇਸ ਲੇਖ ਬਾਰੇ ਕੁਝ ਨਹੀਂ ਸੀ ਪਤਾ ਲੱਗਣਾ ਜੇ ਸਿਆਟਲ ਰਹਿੰਦਾ ਪੜ੍ਹਿਆ-ਲਿਖਿਆ ਬੰਗਾਲੀ ਸਰਗਰਮੀ ਤਾਰਕਨਾਥ ਦਾਸ ਇਹ ਲੇਖ ਨਾ ਦੇਖਦਾ। ਦਾਸ ਨੇ ਪ੍ਰੌਫੈਸਰ ਤੇਜਾ ਸਿੰਘ ਬਾਰੇ ਆਪਣੇ ਸਿੱਖ ਦੋਸਤਾਂ ਨੂੰ ਦੱਸਿਆ। ਉਨ੍ਹਾਂ ਨੇ ਤੇਜਾ ਸਿੰਘ ਨੂੰ ਲਿਖਿਆ ਕਿਉਂ ਕਿ ਉਨ੍ਹਾਂ ਨੂੰ ਇੱਕ ਪ੍ਰਬੰਧਕ ਦੀ ਲੋੜ ਸੀ, ਜਿਹੜਾ ਉਨ੍ਹਾਂ ਦੀ ਕਨੇਡਾ ਦੀ ਸਰਕਾਰ ਨੂੰ ਅਰਜ਼ੀ ਲਿਖਣ ਵਿੱਚ ਮੱਦਦ ਕਰ ਸਕੇ। ਇਹ ਦਰਖਾਸਤ ਉਹ ਸਹੀ ਵਿਹਾਰ ਬਾਰੇ ਕਰਨਾ ਚਾਹੁੰਦੇ ਸਨ ਖਾਸ ਕਰਕੇ ਇਮੀਗਰੇਸ਼ਨ ਵਿੱਚ।

ਤੇਜਾ ਸਿੰਘ ਪ੍ਰਸ਼ੰਸਾ ਦੀ ਹੱਦ ਤੱਕ ਇਸਦੇ ਯੋਗ ਸੀ। ਉਸ ਕੋਲ ਕਾਨੂੰਨ ਦੀ ਡਿਗਰੀ ਸੀ ਅਤੇ ਉਸ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਐਮ ਏ  ਕੀਤੀ ਹੋਈ ਸੀ। ਉਸ ਨੇ ਥੋੜ੍ਹੇ ਸਮੇਂ ਲਈ ਲਾਹੌਰ ਵਿੱਚ ਵਕਾਲਤ ਵੀ ਕੀਤੀ। ਉਸ ਨੇ ਬ੍ਰਿਟਿਸ਼ ਇੰਡੀਆ ਸਿਵਲ ਸਰਵਿਸ ਦੇ ਨੌਰਦਰਨ ਇੰਡੀਅਨ ਸਾਲਟ ਡੀਪਾਰਟਮੈਂਟ ਵਿੱਚ ਰੈਵੀਨਿਊ ਅਫ਼ਸਰ ਵਜੋਂ ਨੌਕਰੀ ਵੀ ਕੀਤੀ। ਉਹ ਆਪਣੀ ਉਮਰ ਦੇ ਵੀਹਵਿਆਂ ਦੇ ਪਿਛਲੇ ਅੱਧ ਵਿੱਚ ਖਾਲਸਾ ਕਾਲਜ ਅਮ੍ਰਿਤਸਰ ਦਾ ਵਾਈਸ ਪ੍ਰਿੰਸੀਪਲ ਤੇ ਬਾਅਦ ਵਿੱਚ ਕਾਰਜਕਾਰੀ ਪ੍ਰਿੰਸੀਪਲ ਵੀ ਰਿਹਾ। ਇਹ ਅੰਗਰੇਜ਼ੀ ਮਾਧਿਅਮ ਵਾਲੀ ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਸੀ। ਉਹ ਉਚੇਰੀ ਵਿਦਿਆ ਲਈ ਵਿਦੇਸ਼ ਗਿਆ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਟੀਚਰ ਟਰੇਨਿੰਗ ਪ੍ਰੋਗਰਾਮ ਵਿੱਚ ਦਾਖਲ ਹੋ ਗਿਆ। ਉਸ ਤੋਂ ਪਹਿਲਾਂ ਉਸ ਨੇ ਯੂਨਾਈਟਡ ਕਿੰਗਡਮ ਦੀ ਕੇਮਬ੍ਰਿੱਜ ਵਿੱਚ ਪੰਜ ਟਰਮਾਂ ਬਿਤਾਈਆਂ ਸਨ। ਉਸ ਨੂੰ ਹਾਵਰਡ ਵਿੱਚ ਵੀ ਦਾਖਲਾ ਮਿਲ ਗਿਆ ਸੀ ਪਰ ਉਸ ਨੇ ਕੁਝ ਸਮੇਂ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਪਰ ਬਾਅਦ ਵਿੱਚ ਇਸ ਨੂੰ ਪ੍ਰਵਾਨ ਕਰ ਲਿਆ। ਇਹ ਉਸਦਾ ਬੱਤੀ ਸਾਲ ਦੀ ਉਮਰ ਤੱਕ ਦਾ ਇਤਿਹਾਸ ਸੀ।

ਤੇਜਾ ਸਿੰਘ ਦਾ ਇੱਕ ਹੋਰ ਪੱਖ ਵੀ ਸੀ, ਜਿਸ ਕਰਕੇ ਉੱਤਰੀ ਅਮਰੀਕਾ ਵਿੱਚ ਉਸਦੀ ਬਹੁਤ ਆਓ-ਭਗਤ ਹੋਈ।  ਉਸਦੇ ਬਹੁਤ ਸਾਰੇ ਗੋਰੇ ਵਫਾਦਾਰ ਮਿੱਤਰ ਅਤੇ ਪੈਰੋਕਾਰ ਸਨ। ਲੋਕਾਂ ਨੂੰ ਪੂਰਬੀ ਧਰਮਾਂ ਵੱਲ ਖਿੱਚ ਸੀ। ਕੁਝ ਨੂੰ ਥੀਓਸੌਫੀ ਰਾਹੀਂ। ਥੀਓਸੌਫੀ ਰੂਸ ਦੀ ਜੰਮੀ ਅਧਿਆਤਮਵਾਦੀ ਮੈਡਮ ਹੈਲਨ ਬਲਾਵਟਸਕੀ ਦਾ ਤੀਹ ਸਾਲਾ ਭੇਦ ਭਰਿਆ ਵਿਗਿਆਨ ਸੀ। ਤੇਜਾ ਸਿੰਘ ਦੇ ਕੁਝ ਪੈਰੋਕਾਰ ਨਿਊਯੌਰਕ ਤੋਂ ਹੋ ਗਏ ਸਨ ਅਤੇ ਬਾਕੀ ਵੈਨਕੂਵਰ ਵਿੱਚ ਉਸ ਵੱਲ ਖਿੱਚੇ ਗਏ ਸਨ। ਉਸ ਨਾਲ ਉਹ ਗੁਰੂ ਵਾਂਗ ਵਿਹਾਰ ਕਰਦੇ ਸਨ। ਉਸ ਨਾਲ ਨੇੜੇ ਤੋਂ ਦਾਰਸ਼ਨਿਕ ਗੱਲਾਂ ਕਰਨ ਲਈ ਉਸ ਨੂੰ ਆਪਣੇ ਘਰ ਬੁਲਾਉਂਦੇ ਸਨ। ਲਗਦਾ ਹੈ ਕਿ ਉਸ ਨੇ ਆਪਣੀ ਫਰਾਟੇਦਾਰ ਅੰਗਰੇਜ਼ੀ, ਸਪਸ਼ਟਤਾ, ਵਿਦਵਤਾ ਅਤੇ ਡੂੰਘੀ ਗੰਭੀਰਤਾ, ਜਿਹੜੀ ਉਹ ਬਿਨਾਂ ਮੁਸਕਰਾਏ ਆਪਣੇ ਸਜੀਵ ਕਥਨਾ ਨਾਲ ਪ੍ਰਗਟਾਉਂਦਾ ਸੀ, ਨਾਲ ਉਨ੍ਹਾਂ ਨੂੰ ਕੀਲ ਲਿਆ ਸੀ।  ਸਿੰਘ ਦੀ ਅਧਿਆਤਮਕ ਯਾਤਰਾ ਆਪਣੀ ਉਮਰ ਦੇ ਵੀਹਵਿਆਂ ਵਿੱਚ, ਜਦੋਂ ਉਹ ਖਾਲਸਾ ਕਾਲਜ ਦਾ ਵਾਈਸ ਪ੍ਰਿੰਸੀਪਲ ਹੁੰਦਾ ਸੀ, ਸ਼ੁਰੂ ਹੋਈ ਸੀ। ਉਸ ਤੋਂ ਪਹਿਲਾਂ ਉਹ ਧਾਰਮਿਕ ਨਹੀਂ ਸੀ ਸਗੋਂ ਸ਼ੰਕਾਵਾਦੀ ਸੀ। ਉਸਦਾ ਆਪਣਾ ਪਰਿਵਾਰ ਮੋਨਾ ਅਤੇ ਖਾਲਸਾ ਸਿੱਖ ਰਵਾਇਤਾਂ ਵਾਲਾ ਨਹੀਂ ਸੀ ਪਰ ਤੇਜਾ ਸਿੰਘ ਦਾ ਪਾਲਣ-ਪੋਸਣ ਕੇਸਾਧਾਰੀ ਬੱਚੇ ਵਜੋਂ ਕੀਤਾ ਗਿਆ। ਅਮ੍ਰਿਤਸਰ ਰਹਿੰਦਿਆ ਉਸਦਾ ਮਿਲਾਪ ਅਧਿਆਤਮਵਾਦੀ ਸਲਾਹਕਾਰ ਨਾਲ ਹੋਇਆ। ਉਹ ਇੱਕ ਸੰਤ ਸੀ, ਧਾਰਮਿਕ ਪੁਰਸ਼। ਉਸਦੀ ਪ੍ਰੇਰਣਾ ਨਾਲ ਤੇਜਾ ਸਿੰਘ ਨੇ ਪੰਜ ਕਕਾਰ ਪਹਿਨਣੇ ਸ਼ੁਰੂ ਕੀਤੇ। ਇਸੇ ਸੰਤ ਨੇ ਉਸ ਨੂੰ ਵਿਦੇਸ਼ ਵਿੱਚ ਉੱਚ ਸਿੱਖਿਆ ਲੈਣ ਅਤੇ ਵਿਦੇਸ਼ੀ ਸਿੱਖਾਂ ਕੋਲ ਧਰਮ ਪ੍ਰਚਾਰ ਲਈ ਭੇਜਿਆ।  ਸੰਤ ਨੇ ਉਸ ਨੂੰ ਖਰਚ ਲਈ ਸਹਾਇਤਾ ਵਜੋਂ 125 ਰੁਪਏ ਦਿੱਤੇ ਅਤੇ ਕੁਝ  ਨਸੀਹਤਾਂ ਵੀ ਦਿੱਤੀਆਂ ਜਿਵੇਂ : ਆਪਣੇ ਸਿੱਖੀ ਸਰੂਪ ਵਿੱਚ ਰਹਿਣਾ, ਅਧਿਆਤਮਕ ਜ਼ਿੰਦਗੀ ਜਿਉਣੀ,  ਗੁਰਦਵਾਰੇ ਲੱਭਣੇ ਅਤੇ ਮੂੜ੍ਹ ਸਰੋਤਿਆਂ ਨਾਲ ਸਮੇਂ ਨੂੰ ਬਰਬਾਦ ਨਾ ਕਰਨਾ।(5)

ਤੇਜਾ ਸਿੰਘ ਦੇ ਪੈਰੋਕਾਰਾਂ ਵਿੱਚੋਂ ਇੱਕ ਅਧਖੜ ਉਮਰ ਦਾ ਵਿਲੱਖਣ ਸੂਰਤ ਵਾਲਾ ਅਮਰੀਕਨ ਅੰਗਰੇਜ਼ ਸੀ। ਉਸਦਾ ਨਾਂ ਟੀ ਸੀ ਕਰਾਫਰਡ ਸੀ। ਉਹ ਮਾਈਨਿੰਗ ਪਰਮੋਟਰ ਸੀ। ਉਸ ਨੂੰ ਆਪਣੇ ਵਪਾਰ ਕਰਕੇ ਕੈਲੇਫੋਰਨੀਆ ਤੋਂ ਅਲਾਸਕਾ ਤੇ  ਲੰਡਨ ਜਾਣਾ ਪੈਂਦਾ। ਕਰਾਫਰਡ ਕੈਲੇਫੋਰਨੀਆ ਦੇ ਪਸਾਡੇਨਾ ਸ਼ਹਿਰ ਵਿੱਚ ਰਹਿੰਦਾ ਸੀ ਪਰ ਆਮ ਕਰਕੇ ਯਾਤਰਾ ਤੇ ਰਹਿੰਦਾ। ਉਹ ਤੇਜਾ ਸਿੰਘ ਨੂੰ ਲੰਡਨ ਵਿੱਚ ਮਿਲਿਆ ਸੀ। ਫਿਰ ਨਿਊਯਾਰਕ ਵਿੱਚ ਮਿਲ ਕੇ ਸ਼ਰਧਾ ਨਾਲ ਰੋਜ਼ ਦੀ ਅਰਦਾਸ ਅਤੇ ਸਮਾਧੀ ਵਿੱਚ ਭਾਗ ਲੈਣ ਲੱਗਾ। ਸਿੰਘ ਨੇ ਉਸਦਾ ਨਾਂ ਹਿੰਮਤ ਦਾਸ ਰੱਖ ਦਿੱਤਾ।  ਜਿਸਦਾ ਮਤਲਬ ਹੈ "ਹਿੰਮਤੀ" ਅਤੇ "ਰੱਬ ਦਾ ਨੌਕਰ"। ਕਰਾਫਰਡ ਕੈਲੇਫੋਰਨੀਆ ਦੇ ਜੈਕਸਨਵਿਲ ਸ਼ਹਿਰ ਵਿੱਚ ਸੋਨੇ ਦੀ ਖਾਨ ਦਾ ਮਾਲਕ ਸੀ। ਉਸਦਾ ਇਹ ਨਿਵੇਸ਼ ਮਾੜਾ ਚੱਲ ਰਿਹਾ ਸੀ। ਉਸ ਨੇ ਇਸਦੀ ਸਹਾਇਤਾ ਲਈ ਤੇਜਾ ਸਿੰਘ ਤੱਕ ਪਹੁੰਚ ਕੀਤੀ। ਉਸ ਨੂੰ ਹੈਰਾਨੀਜਕ ਹੱਦ ਤੱਕ ਪੰਜਾਬੀ ਭਾਵਨਾਵਾਂ ਦੀ ਸਮਝ ਸੀ। ਉਸ ਨੇ ਆਰਥਿਕ ਸਹਾਇਤਾ ਲਈ ਤੇਜਾ ਸਿੰਘ ਦੇ ਪੈਰਾਂ ਵਿੱਚ ਆਪਣੀ ਟੋਪੀ ਰੱਖ ਦਿੱਤੀ। ਇਹ ਨਿਰਮਾਣਤਾ ਅਤੇ ਆਪਣੇ ਆਪ ਨੂੰ ਛੋਟਾ ਦਿਖਾਉਣ ਦੀ ਕਿਰਿਆ ਸੀ, ਜਿਸ ਨੇ ਆਪਣਾ ਜਾਦੂ ਚਲਾ ਲਿਆ।

ਕਰਾਫਰਡ ਨੂੰ ਤੇਜਾ ਸਿੰਘ ਵੱਲੋਂ ਆਪਣੇ ਹਮਵਤਨੀਆਂ ਕੋਲੋਂ ਧਨ ਇੱਕਠਾ ਕਰਨ ਦੀ ਯੋਗਤਾ ਦੀ ਆਸ਼ਾ ਸੀ ਭਾਵੇਂ ਸਿੰਘ ਕੋਲ ਧਨ ਨਾ ਵੀ ਹੁੰਦਾ। ਇਹ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦਾ ਆਰੰਭ ਸੀ। ਇਸ ਕੰਪਨੀ ਨੂੰ ਤੇਜਾ ਸਿੰਘ ਨੇ ਵੈਨਕੂਵਰ ਵਿੱਚ ਦਸੰਬਰ 1908 ਵਿੱਚ ਸਿੱਖ ਪਰਵਾਸੀਆਂ ਲਈ ਨਿਵੇਸ਼ ਕਰਨ ਦੇ ਸਾਧਨ ਵਜੋਂ ਸ਼ੁਰੂ ਕੀਤਾ। ਦਿਹਾੜੀ ਦੇ ਡੇਢ ਜਾਂ ਦੋ ਡਾਲਰ ਕਮਾਉਣ ਵਾਲੇ ਬੰਦਿਆਂ ਤੋਂ ਉਸ ਨੇ ਪੰਜਾਹ ਹਜ਼ਾਰ ਡਾਲਰ ਇੱਕਠੇ ਕਰ ਲਏ। ਉਨ੍ਹਾਂ ਦੀ ਤਰਫੋਂ ਉਸ ਨੇ ਕਰਾਫਰਡ ਦੀ ਖਾਨ ਦੇ ਢਾਈ ਲੱਖ ਹਿੱਸੇ ਖ੍ਰੀਦ ਲਏ। ਉਸ ਨੇ ਬੁਰਾਰਡ ਇਨਲਿੱਟ ਦੇ ਉੱਤਰ ਵਾਲੇ ਕੰਢੇ, ਵੈਨਕੂਵਰ ਦੇ ਦੂਜੇ ਪਾਸੇ ਪਾਣੀ ਕੰਢੇ ਵਾਲੀ ਮੁੱਖ ਜ਼ਮੀਨ ਦੇ 152 ਏਕੜ ਵੀ ਖ੍ਰੀਦੇ। ਉਸ ਨੇ ਕੁਝ ਹੋਰ ਜਾਇਦਾਦ ਵੀ ਖ੍ਰੀਦੀ। ਉਸ ਨੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਜਿਸਟਰਡ ਕੰਪਨੀ ਵਜੋਂ ਸਥਾਪਤ ਕੀਤਾ ਅਤੇ ਪੈਸੇਫਿਕ ਤੱਟ ਦੇ ਪੰਜਾਬੀ ਪ੍ਰਵਾਸੀਆਂ ਦੇ ਨਿਵੇਸ਼ ਨੂੰ ਸੁਰੱਖਿਅਤ ਕੀਤਾ। ਉਹ ਕਰਾਫਰਡ ਦੀ ਖਾਨ ਦੇਖਣ ਲਈ ਮਈ 1909 ਵਿੱਚ ਜੈਕਸਨਵਿਲ ਗਿਆ। ਤਕਰੀਬਨ ਇਸੇ ਸਮੇਂ ਉਸਨੇ ਕੈਲੇਫੋਰਨੀਆ ਦੇ ਸਿੱਖ ਨਿਵੇਸ਼ਕਾਰਾਂ ਦੇ ਪ੍ਰਤੀਨਿਧ ਵਜੋਂ ਕਪੂਰ ਨੂੰ ਭਰਤੀ ਕੀਤਾ। ਪਿਆਰਾ ਸਿੰਘ ਲੰਗੇਰੀ ਅਤੇ ਹੋਰਨਾਂ ਨਾਲ ਰਲ ਕੇ ਕਪੂਰ ਕੈਲੇਫੋਰਨੀਆ ਦੇ ਪਰਵਾਸੀਆਂ ਕੋਲੋਂ ਪੰਜਾਬ ਦੇ ਪਿੰਡਾਂ ਲਈ ਸਕੂਲ ਅਤੇ ਜਲੰਧਰ ਸ਼ਹਿਰ `ਚ ਹਾਈ ਸਕੂਲ ਖੋਲ੍ਹਣ ਲਈ ਉਗਰਾਹੀ ਕਰ ਰਿਹਾ ਸੀ। ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਨੂੰ ਐਹੋ ਜਿਹੇ ਬੰਦੇ ਹੀ ਚਾਹੀਦੇ ਸਨ।(6)

ਤੇਜਾ ਸਿੰਘ ਕੋਲ ਨਿਵੇਸ਼ ਕਰਨ ਲਈ ਆਪਣੀ ਕੋਈ ਪੂੰਜੀ ਨਹੀਂ ਸੀ ਤੇ ਨਾ ਹੀ ਉਹ ਕੋਈ ਨਫਾ ਕਮਾਉਣਾ ਚਾਹੁੰਦਾ ਸੀ। ਉਸਦਾ ਨਿਸ਼ਾਨਾ ਪ੍ਰਵਾਸੀ ਪੰਜਾਬੀਆਂ ਲਈ ਅਜੇਹਾ ਨਿਵੇਸ਼ ਕਰਨ ਦਾ ਸਾਧਨ ਸਥਾਪਤ ਕਰਨਾ ਸੀ, ਜਿਸ ਦੀ ਉਹ ਆਪ ਨਿਗਰਾਨੀ ਕਰਨ। ਇਸ ਨੂੰ ਸਥਾਪਤ ਕਰਨ ਵਿੱਚ ਉਹ ਛੇਤੀ ਹੀ ਕਾਮਯਾਬ ਹੋ ਗਿਆ ਕਿਉਂ ਕਿ ਪੱਛਮੀ ਤੱਟ ਵੱਲ ਉਸਦੇ ਮੁੱਢਲੇ ਦਿਨਾਂ ਵਿੱਚ ਹਰ ਕੋਈ ਉਸਦਾ ਆਦਰ-ਮਾਣ ਕਰਦਾ ਸੀ। ਸਿੱਖ ਅਤੇ ਪੰਜਾਬੀ ਭਾਈਚਾਰਾ ਉਸਦੇ ਪੜ੍ਹਿਆ-ਲਿਖਿਆ ਹੋਣ ਕਰਕੇ ਅਤੇ ਅਧਿਅਤਮਿਕ ਤੌਰ `ਤੇ  ਪਰਪੱਕ ਹੋਣ ਕਰਕੇ ਉਸਦੇ ਪ੍ਰਭਾਵ ਥੱਲੇ ਸੀ। ਉਹ ਉਸਦੀ ਅਗਵਾਈ ਅਤੇ ਸਲਾਹ ਲੈਣ ਲਈ ਤਿਆਰ ਬਰ ਤਿਆਰ ਸਨ। ਪਰ ਛੇਤੀ ਹੀ  ਨਿੰਦਕ ਵੀ ਪੈਦਾ ਹੋ ਗਏ। ਧਨ ਦੇ ਮਾਮਲੇ ਵਿੱਚ ਸ਼ਕਾਇਤਾਂ ਅਤੇ ਕਲੰਕ ਤੋਂ ਅਧਿਆਤਮਿਕ ਆਗੂ ਵੀ ਬਚ ਨਾ ਸਕਿਆ। ਭਾਈਚਾਰੇ ਦੇ ਕੁਝ ਲੋਕਾਂ ਦਾ ਵਿਸ਼ਵਾਸ਼ ਸੀ ਕਿ ਉਨ੍ਹਾਂ ਦੀ ਨਿਵੇਸ਼ ਪੂੰਜੀ ਦਾ ਦੁਰਉਪਯੋਗ ਹੋ ਰਿਹਾ ਸੀ ਜਾਂ ਗਬਨ ਹੋ ਰਿਹਾ ਸੀ। ਤੇਜਾ ਸਿੰਘ ਬੀ. ਸੀ. ਵਿੱਚ ਇਕ ਮੁਸਾਫਿਰ ਤੋਂ ਵੱਧ ਨਹੀਂ ਸੀ। ਉਸ ਨੇ ਕੁਝ ਹਫਤਿਆਂ ਦੀ ਫੇਰੀ ਵਿੱਚ ਹੀ ਮਿਸਾਲ ਸਥਾਪਿਤ ਕਰ ਦਿੱਤੀ ਸੀ। ਉਸਦਾ ਮੁੱਖ ਟਿਕਾਣਾ ਨਿਊਯਾਰਕ ਹੀ ਸੀ ਫੇਰ ਕੇਂਬ੍ਰਿਜ, ਮੈਸੀਚਿਊਟਸ, ਜਿੱਥੇ ਉਹ ਵਿਦਿਆਰਥੀ ਸੀ। ਅਖੀਰ ਵਿੱਚ ਉਹ ਹਾਵਰਡ ਤੋਂ ਆਪਣੀ ਐਮ ਏ ਕਰਨ ਤੋਂ ਡੇਢ ਸਾਲ ਬਾਅਦ 1913 ਵਿੱਚ ਭਾਰਤ ਚਲਾ ਗਿਆ। ਕਪੂਰ ਉਸ ਨਾਲ ਬਹੁਤਾ ਸਮਾਂ ਨਹੀਂ ਬਿਤਾ ਸਕਿਆ। ਪਰ ਉਸ ਦੁਆਰਾ ਪ੍ਰਭਾਵਿਤ ਜਾਂ ਉਤੇਜਿਤ ਕੀਤੀਆਂ ਵਫਾਦਾਰੀਆਂ ਜਾਂ ਵਿਵਾਦਾਂ ਨੇ ਕਪੂਰ ਦੇ ਕੈਲੇਫੋਰਨੀਆ ਵਿਚਲੇ ਆਖਰੀ ਸਾਲ ਅਤੇ ਬੀ. ਸੀ. ਵਿੱਚ ਪਹਿਲੇ ਸਾਲ ਨੂੰ ਪ੍ਰਭਾਵਿਤ ਕੀਤਾ।

1910 ਵਿੱਚ ਕਪੂਰ ਨੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਵਪਾਰ ਵਾਸਤੇ ਵੈਨਕੂਵਰ ਪਹੁੰਚਣ ਲਈ ਕੋਸ਼ਿਸ਼ ਕੀਤੀ ਅਤੇ ਹਰ ਵਾਰ ਕਨੇਡੀਅਨ ਇਮੀਗਰੇਸ਼ਨ ਦੇ ਅਧਿਕਾਰੀਆਂ ਨੇ ਉਸ ਨੂੰ ਦਾਖਲ ਹੋਣ ਤੋਂ ਇਨਕਾਰ ਕੀਤਾ।(7) ਉਸਦੇ ਤੇਜਾ ਸਿੰਘ ਨਾਲ ਸਬੰਧ ਵੀ ਕੋਈ ਮੱਦਦਗਾਰ ਸਾਬਤ ਨਾ ਹੋਏ। ਭਾਰਤੀ ਐਕਟੇਵਿਸਟਾਂ ਅਨੁਸਾਰ ਤੇਜਾ ਸਿੰਘ ਨਰਮ ਖਿਆਲੀ ਸੀ। ਅਸਲ  ਵਿੱਚ ਉਸਦੇ ਸੱਚ-ਮੁੱਚ ਹੀ ਪੰਜਾਬ ਵਿੱਚ ਉੱਪਰਲੀ ਸ਼੍ਰੇਣੀ ਦੇ ਰੂੜ੍ਹੀਵਾਦੀ ਸਿੱਖਾਂ ਨਾਲ ਸਬੰਧ ਸਨ। ਉਹ ਕੱਟੜ ਸਿੱਖ ਵੀ ਸੀ ਅਤੇ ਬਰਤਾਨਵੀ ਸ਼ਾਸ਼ਕਾਂ `ਤੇ ਨਿਰਭਰ ਵੀ। ਉਸ ਨੇ ਭਾਰਤ ਵਿੱਚ ਅੰਗ੍ਰੇਜ਼ਾਂ ਦੀ ਹੋਂਦ ਨੂੰ ਪ੍ਰਵਾਨ ਕਰ ਲਿਆ ਸੀ। ਪਰ ਉਸ ਨੇ ਬਰਤਾਨੀਆ ਹਕੂਮਤ ਤੋਂ ਇਹ ਮੰਗ ਕੀਤੀ ਕਿ ਉਹ ਭਾਰਤੀਆਂ ਨੂੰ ਸਵੈ-ਹਕੂਮਤ ਦਾ ਇਕ ਵੱਡਾ ਹੱਕ ਦੇਵੇ। ਉਸਦਾ ਇਹ ਕਥਨ ਹੀ ਉਸ ਨੂੰ ਕਨੇਡੀਅਨ ਇਮੀਗਰੇਸ਼ਨ ਵਿਭਾਗ ਦੇ ਸਲਤਨਤ ਪੱਖੀ ਅਫਸਰਾਂ ਨੂੰ ਨਾਖੁਸ਼ ਕਰਨ ਲਈ ਕਾਫੀ ਸੀ। ਤੇਜਾ ਸਿੰਘ ਨੇ ਵੈਨਕੂਵਰ ਵਿੱਚ ਸ਼ਰੇਆਮ ਕਿਹਾ ਸੀ ਬਰਤਾਨੀਆ ਨੂੰ ਚਾਹੀਦਾ ਹੈ ਕਿ ਭਾਰਤ ਵਿੱਚ ਹਥਿਆਰਬੰਦ ਬਗਾਵਤ ਨੂੰ ਟਾਲਣ ਲਈ ਘਰੇਲੂ ਸਰਕਾਰ ਨੂੰ ਸਵੀਕਾਰ ਕਰੇ। ਉਹ ਹਿੰਸਾ ਦੀ ਵਕਾਲਤ ਨਹੀਂ ਸੀ ਕਰ ਰਿਹਾ, ਸਗੋਂ ਸਧਾਰਣ ਚਿਤਾਵਨੀ ਦੇ ਰਿਹਾ ਸੀ ਕਿ ਜੇ ਬਰਤਾਨੀਆ ਆਪਣੇ ਨਿਆਂ ਅਤੇ ਲੋਕਤੰਤਰ ਦੇ ਮਿਆਰ ਬਾਰੇ ਕੀਤੇ ਜਾਂਦੇ ਪ੍ਰਚਾਰ `ਤੇ ਖਰਾ ਨਹੀਂ ਉਤਰਦਾ ਤਾਂ ਇਹ ਵਾਪਰ ਸਕਦਾ ਸੀ। ਇਮੀਗਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਹਿੰਸਾ ਦੀ ਚਿਤਾਵਨੀ ਤੇ ਉਸ ਨੂੰ ਉਤਸ਼ਾਹਤ ਕਰਨ ਵਿੱਚ ਕੋਈ ਫਰਕ ਨਾ ਦੇਖਿਆ। ਉਹ ਤੇਜਾ ਸਿੰਘ ਨੂੰ ਖਤਰਨਾਕ ਆਦਮੀ ਸਮਝਦੇ ਸਨ ਪਰ ਉਨ੍ਹਾਂ ਨੇ ਤੇਜਾ ਸਿੰਘ ਨੂੰ ਕਨੇਡਾ ਵਿੱਚ ਆਉਣ ਤੇ ਜਾਣ ਦਿੱਤਾ ਕਿਉਂ ਕਿ ਉਹ ਜਾਣਦੇ ਸਨ ਕਿ ਤੇਜਾ ਸਿੰਘ ਦੇ ਗੋਰੇ ਅਤੇ ਸਾਊਥ ਏਸ਼ੀਅਨ ਪੈਰੋਕਾਰ ਸਨ, ਜਿਹੜੇ ਕੋਈ ਵੱਡੀ ਹਲਚਲ ਮਚਾਉਣ ਦੇ ਯੋਗ ਸਨ।

ਕਪੂਰ ਦੋ ਵਾਰ ਅਸਫਲ ਰਹਿਣ ਤੋਂ ਬਾਅਦ ਅਖ਼ੀਰ 1912 ਵਿੱਚ ਕਨੇਡਾ ਪਹੁੰਚ ਗਿਆ। ਕੈਲੇਫੋਰਨੀਆ ਵਿੱਚ ਕੰਮ `ਚ ਖੜੋਤ ਆਉਣ ਕਰਕੇ ਉਸ ਨੇ ਆਪਣੇ ਭਰਾ ਤਾਰੇ ਨੂੰ ਭਾਰਤ ਵਾਪਸ ਭੇਜ ਦਿੱਤਾ ਅਤੇ ਆਪ ਬੀ ਸੀ ਵਿੱਚ ਵੜਨ ਲਈ ਬਲੇਨ ਵਾਲੀ ਸਰਹੱਦ ਤੋਂ ਕੋਸ਼ਿਸ਼ ਕੀਤੀ ਪਰ ਉਸ ਨੂੰ ਇਨਕਾਰ ਹੋ ਗਿਆ। ਜਦੋਂ ਉਹ ਵਾਪਸ ਕੈਲੇਫੋਰਨੀਆ ਮੁੜਿਆ ਤਾਂ ਉਸਦੇ ਸਾਥੀਆਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਕੋਈ ਹੋਰ ਨਾਂ ਅਤੇ ਪਛਾਣ ਬਣਾ ਲਵੇ ਜਿਵੇਂ ਹੋਰ ਕਈਆਂ ਨੇ ਬਣਾਈ ਸੀ ਸਮੇਤ ਉਸਦੇ ਦੋਸਤ ਪਿਆਰਾ ਸਿੰਘ ਲੰਗੇਰੀ ਦੇ।  ਪਿਆਰਾ ਸਿੰਘ ਉਹੀ ਸੀ, ਜਿਸਨੇ ਉਸਨੂੰ ਭਾਰਤ ਛੱਡਣ ਲਈ ਮਨਾਇਆ ਸੀ। ਕੈਲੇਫੋਰਨੀਆ ਰਹਿੰਦੇ ਉਹ ਇੱਕ-ਦੂਜੇ ਦੇ ਐਨਾ ਨੇੜੇ ਆ ਗਏ ਕਿ ਆਪਣੇ-ਆਪ ਨੂੰ ਧਰਮ-ਭਰਾ ਅਖਵਾਉਣ ਲੱਗੇ। ਪਿਆਰਾ ਸਿੰਘ ਹੁਣ ਵਿਕਟੋਰੀਆ ਵਿੱਚ ਕਰਮ ਸਿੰਘ ਦੇ ਨਾਂ ਨਾਲ ਰਹਿ ਰਿਹਾ ਸੀ। ਉਹ ਕਨੇਡਾ ਵਿੱਚ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੇ ਤੌਰ `ਤੇ ਆਇਆ ਸੀ ਅਤੇ ਉਸ ਨੇ ਕਪੂਰ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਸਲਾਹ ਦਿੱਤੀ। ਉਸ ਨੇ ਕਪੂਰ ਨੂੰ ਦੱਸਿਆ ਕਿ ਕਨੇਡਾ ਅਦਭੁੱਤ ਪਹਾੜਾਂ ਵਾਲਾ ਖੂਬਸੂਰਤ ਦੇਸ਼ ਹੈ। ਪਰ ਕਪੂਰ ਨੇ ਠਾਣ ਲਿਆ ਸੀ ਕਿ ਜੇ ਉਹ ਜਾਵੇਗਾ ਤਾਂ ਆਪਣੇ ਅਸਲੀ ਨਾਂ ਨਾਲ, ਨਹੀਂ ਤਾਂ ਨਹੀ। ਉਸ ਨੇ ਸ਼ਾਇਦ ਸੋਚਿਆ ਕਿ ਕਨੇਡੀਅਨ ਇਮੀਗਰੇਸ਼ਨ ਦੇ ਅਫਸਰ ਮਰਜ਼ੀ ਦੇ ਮਾਲਕ ਸਨ। ਅਫਸਰ ਦੀ ਜਾਤੀ ਸਮਝ `ਤੇ ਬਹੁਤ ਕੁਝ ਨਿਰਭਰ ਕਰਦਾ ਸੀ। ਇਮੀਗਰੇਸ਼ਨ ਦਫਤਰ ਦਾ ਕਿਹੋ ਜਿਹਾ ਰੁਖ ਸੀ, ਜਿਸ ਵਿੱਚ ਅਫਸਰ ਕੰਮ ਕਰਦਾ ਸੀ ਜਾਂ ਉਸ ਕੋਲ ਜੋ ਜਾਣਕਾਰੀ ਸੀ। ਵੈਨਕੂਵਰ ਦੇ ਇਮੀਗਰੇਸ਼ਨ ਦਫਤਰ, ਜਿਸਦੀ ਜ਼ਿੰਮੇਵਾਰੀ ਬਲੇਨ ਬਾਰਡਰ `ਤੇ ਸੀ, ਨੇ ਕਪੂਰ ਨੂੰ ਸ਼ੱਕੀ ਲੋਕਾਂ ਦੀ ਸੂਚੀ ਵਿੱਚ ਪਾਇਆ ਹੋਇਆ ਸੀ । ਪਰ ਵਿਕਟੋਰੀਆ ਵਾਲਿਆਂ ਨੇ ਨਹੀਂ, ਜਿੱਥੇ ਉਹ 1912 ਦੇ ਕ੍ਰਿਸਮਸ ਦੇ ਦਿਨਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਪਹੁੰਚ ਗਿਆ ਸੀ।

ਵੈਨਕੂਵਰ ਆਈਲੈਂਡ `ਤੇ ਸੂਬੇ ਦੀ ਛੋਟੀ ਜਿਹੀ ਰਾਜਧਾਨੀ ਵਿਕਟੋਰੀਆ ਵਿੱਚ ਅਗਲੇ ਡੇਢ ਸਾਲ ਤੱਕ ਕਪੂਰ ਦਾ ਘਰ ਰਿਹਾ। ਉਸ ਕੋਲ ਕੈਲੇਫੋਰਨੀਆ ਵਿੱਚ ਪੰਜਾਂ ਸਾਲਾਂ ਵਿੱਚ ਬਚਾਈ ਜਮ੍ਹਾਂ ਪੂੰਜੀ ਸੀ। ਉਸ ਨੇ ਆਪਣੀ ਪੂੰਜੀ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਥਾਵਾਂ `ਤੇ ਨਿਵੇਸ਼ ਕੀਤੀ । ਦੋ ਵੱਖ ਵੱਖ ਚਿਕਾਂ, ਜਿਨ੍ਹਾਂ ਦਾ ਕੁੱਲ ਜੋੜ $750.80 ਸੀ, ਨਾਲ ਉਸ ਨੇ ਡੇਅਰੀ ਫਾਰਮ ਖ੍ਰੀਦਿਆ। ਇਹ ਚਿਕਾਂ ਲੱਭੂ ਅਤੇ ਲਾਲ ਸਿੰਘ ਦੇ ਨਾਂ `ਤੇ ਲਿਖੀਆਂ ਗਈਆਂ ਸਨ। ਕਿਰਾਏ ਦੇ ਥਾਂ `ਤੇ ਖੋਲ੍ਹੀ ਡੇਅਰੀ ਵਿੱਚ ਗਾਵਾਂ ਦਾ ਛੋਟਾ ਜਿਹਾ ਵੱਗ , ਢਾਰਾ, ਘਾਹ, ਇੱਕ ਟੱਟੂ ਅਤੇ ਆਉਣ-ਜਾਣ ਲਈ ਇੱਕ ਘੋੜੀ ਸੀ।(8) ਉਸ ਨੇ ਵਿਕਟੋਰੀਆ ਅਤੇ ਵੈਨਕੂਵਰ ਵਿੱਚ ਕੁਝ ਜ਼ਮੀਨ ਜਾਇਦਾਦ ਵੀ ਖ੍ਰੀਦੀ ਅਤੇ ਕੁਝ ਪੂੰਜੀ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਵਿੱਚ ਨਿਵੇਸ਼ ਵੀ ਕੀਤੀ। ਉਸਦੇ ਡੇਅਰੀ ਦੇ ਦੋ ਮਹੀਨਿਆਂ ਦੇ ਰਿਕਾਰਡ ਦੱਸਦੇ ਹਨ ਕਿ ਉਸਨੂੰ ਖਰਚ ਕੱਢ ਕੇ ਅੱਸੀ ਜਾਂ ਨੱਬੇ ਡਾਲਰ ਪ੍ਰਤੀ ਮਹੀਨਾ ਆਮਦਨ ਸੀ। ਇਸਦਾ ਮਤਲਬ ਸੀ ਕਿ ਉਹ ਇੱਕ ਸਧਾਰਣ ਲੱਕੜ ਕਾਮੇ ਦੀ ਆਮਦਨ ਤੋਂ ਜ਼ਿਆਦਾ ਇੱਕਲੇ ਇਸ ਵਪਾਰ ਵਿੱਚੋਂ ਹੀ ਕਮਾਈ ਕਰਦਾ ਸੀ। ਉਸਦਾ ਜ਼ਿਆਦਾ ਦੁੱਧ ਇੱਕ  ਠੇਕੇਦਾਰ ਹੀ ਲਿਜਾਂਦਾ ਸੀ ਪਰ ਕਪੂਰ ਤੋਂ ਕੁਝ ਹੋਰ ਘਰ ਵੀ ਦੁੱਧ ਲਿਜਾਂਦੇ ਸਨ। ਗਾਹਕਾਂ ਬਾਰੇ ਉਸਨੇ ਉਨ੍ਹਾਂ ਦੇ ਸੁਭਾਅ ਜਾਂ ਕਿਸੇ ਹੋਰ ਵਿਸ਼ੇਸ਼ਤਾ ਨਾਲ ਜੋੜ ਕੇ ਨਾਂ ਰੀਕਾਰਡ ਕੀਤੇ ਹੋਏ ਸਨ ਜਿਵੇਂ, "ਰੈੱਡ ਹਾਊਸ","ਵਾਈਟ ਹਾਊਸ," "ਓਲਡ ਲੇਡੀ," "ਸਮ ਵਾਈਟ ਮੈਨ," ਅਤੇ ਇਕ ਪੰਜਾਬੀ ਅਤੇ ਅੰਗ੍ਰਜ਼ੀ ਨੂੰ ਰਲਾ ਕੇ ,"ਰੋਣੇ ਵਾਲੀ ਲੇਡੀ"। ਰੋਣੇ ਵਾਲੀ ਲੇਡੀ ਦਾ ਜ਼ਿਕਰ ਉਸਦੇ ਖਾਤੇ ਵਿੱਚ ਇੱਕ ਵਾਰ 1 ਸਤੰਬਰ 1913 ਨੂੰ $1.75 ਦੁੱਧ ਦੇ ਭੁਗਤਾਨ ਵਜੋਂ ਦਰਜ ਸੀ। (9)

ਵਿਕਟੋਰੀਆ ਵਿੱਚ ਕਪੂਰ ਦੇ ਘੇਰੇ ਵਿੱਚ ਉਸਦਾ ਧਰਮ ਭਰਾ ਪਿਆਰਾ ਸਿੰਘ ਲੰਗੇਰੀ, ਕਰਤਾਰ ਸਿੰਘ ਹੁੰਦਲ ਅਤੇ ਡਾ. ਸੁੰਦਰ ਸਿੰਘ ਸਨ। ਇਹ ਸਾਰੇ ਪ੍ਰਤਿਬੱਧ ਐਕਟੇਵਿਸਟ ਸਨ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਦੇ ਮੁਕਾਬਲੇ ਨਰਮ ਖਿਆਲੀ ਸਨ। ਕਰਤਾਰ ਉਤਸ਼ਾਹ ਨਾਲ ਪੱਤਰਕਾਰ ਦੇ ਤੌਰ `ਤੇ  ਇੱਕ ਨੀਵੀਂ ਛੱਤ ਵਾਲੀ ਇੱਕ ਮੰਜ਼ਲੀ ਕੋਠੜੀ ਵਿੱਚ ਸਖਤ ਮੇਹਨਤ ਕਰਦਾ ਸੀ। ਇਹ ਵਿਕਟੋਰੀਆ ਵਿੱਚ 630ਸਪੀਡ ਐਵੇਨਿਊ `ਤੇ ਸ਼ਹਿਰ ਦੀ ਧੁੰਨੀ ਵੱਲ ਜਾਂਦੀ ਮੁੱਖ ਸੜਕ ਤੋਂ ਰਤਾ ਕੁ ਹਟਵੀ ਸੀ। ਉਹ ਉੱਥੋਂ ਪੰਜਾਬੀ ਅਤੇ ਅੰਗ੍ਰੇਜ਼ੀ ਵਿੱਚ ਤ੍ਰੈ-ਮਾਸਿਕ ਅਖਬਾਰ ਕੱਢਦਾ ਸੀ। ਉਹ ਅਤੇ ਸੁੰਦਰ ਸਿੰਘ ਇਸਦਾ ਪ੍ਰਚਾਰ "ਕਨੇਡਾ ਵਿੱਚ ਇਕੱਲਾ ਹਿੰਦੁਸਤਾਨੀ ਅਖਬਾਰ" ਵਜੋਂ ਕਰਦੇ ਸਨ। ਇਸਦਾ ਨਾਂ 'ਸੰਸਾਰ' ਸੀ। 1912 ਵਿੱਚ 'ਸੰਸਾਰ' ਦੇ ਪਹਿਲੇ ਕੁਝ ਅੰਕ ਪੰਜਾਬੀ ਵਿੱਚ ਹੱਥ ਨਾਲ ਲਿਖੇ ਹੋਏ ਸਨ, ਜਿਸਦੀਆਂ ਸਾਈਕਲੋ ਸਟਾਈਲ ਨਾਲ ਕਾਪੀਆਂ ਕਰਦੇ ਸਨ। ਪਰ 1913 ਵਿੱਚ ਅਖਬਾਰ ਨੇ ਪੰਜਾਬੀ ਵਿੱਚ ਟਾਈਪ  ਕਰਨ ਵਾਲੀ ਪਰੈੱਸ ਲਾ ਲਈ (ਇਸ ਨੂੰ ਹੱਥੀਂ ਸੈੱਟ ਕੀਤਾ ਜਾਂਦਾ ਸੀ)। ਇਹ ਉਨ੍ਹਾਂ ਨੇ ਇੰਗਲੈਂਡ ਤੋਂ ਮੰਗਵਾਈ ਸੀ।  ਸੁੰਦਰ ਅਤੇ ਕਰਤਾਰ ਨੇ ਸਾਊਥ ਏਸ਼ੀਅਨ ਭਾਈਚਾਰੇ ਵਿੱਚੋਂ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਤੋਂ ਧਨ ਇੱਕਠਾ ਕੀਤਾ। ਉਹ  ਧਰਮ ਨਿਰਪੱਖ ਪਰਚਾ ਕੱਢਦੇ ਸਨ। ਸੁੰਦਰ ਅੰਗਰੇਜ਼ੀ ਵਿੱਚ ਲਿਖਦਾ ਸੀ ਅਤੇ ਮੁੱਖਧਾਰਾ ਦੀਆਂ ਅੰਗਰੇਜ਼ੀ ਅਖਬਾਰਾਂ ਵਿੱਚੋਂ ਸਬੰਧਤ ਕਹਾਣੀਆਂ ਦੀਆਂ ਨਕਲਾਂ ਲਾਉਂਦਾ ਸੀ। ਕਰਤਾਰ ਪੰਜਾਬੀ ਵਾਲਾ ਹਿੱਸਾ ਪਿਆਰਾ ਸਿੰਘ ਦੀ ਮੱਦਦ ਨਾਲ ਲਿਖਦਾ। ਜਦੋਂ ਕਪੂਰ ਵਿਕਟੋਰੀਆ ਵਿੱਚ ਸਥਾਪਤ ਹੋ ਗਿਆ ਤਾਂ ਉਹ ਵੀ ਸਹਾਇਤਾ ਕਰਨ ਲੱਗਾ।(10)

ਇਸ ਗਰੁੱਪ ਵਿੱਚ ਚਾਰ ਵੱਖ ਵੱਖ ਵਿਅਕਤੀਤਵ ਅਤੇ ਤਜਰਬੇ ਵਾਲੇ ਆਦਮੀ ਸਨ, ਜਿਨ੍ਹਾਂ ਦਾ ਨਿਸ਼ਾਨਾ ਇੱਕ ਸੀ ਕਿ ਬਰਤਾਨਵੀ ਅਤੇ ਕਨੇਡੀਅਨਾਂ ਨੂੰ ਪ੍ਰੇਰਿਤ ਕਰਨਾ ਕਿ ਮਹਾਰਾਣੀ ਵਿਕਟੋਰੀਆ ਦੇ ਇਕਰਾਰ ਦਾ ਆਦਰ ਕਰਨ, ਜਿਹੜਾ ਉਸਨੇ ਅੱਧੀ ਸਦੀ ਪਹਿਲਾਂ ਭਾਰਤ ਦੇ ਲੋਕਾਂ ਨਾਲ ਕੀਤਾ ਸੀ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੀ ਸਾਰੀ ਪਰਜਾ ਪ੍ਰਤੀ ਇੱਕੋ ਜਿਹਾ ਫਰਜ਼ ਨਿਭਾਏਗੀ।  ਯਾਦ ਰੱਖਣ ਲਈ ਉਹ ਮਹਾਰਾਣੀ ਵਿਕਟੋਰੀਆ ਦਾ ਇਹ ਵਾਅਦਾ ਆਪਣੇ ਮਾਸਿਕ ਅੰਗ੍ਰੇਜ਼ੀ ਅਖਬਾਰ 'ਆਰੀਅਨ' ਦੇ ਮੁੱਖ ਸਫੇ ਦੇ ਮੱਥੇ `ਤੇ ਲਿਖਦੇ। 'ਆਰੀਅਨ' ਉਹ 'ਸੰਸਾਰ' ਤੋਂ ਪਹਿਲਾਂ ਕੱਢਣ ਲੱਗੇ ਸਨ। ਚਾਰਾਂ ਆਦਮੀਆਂ ਵਿੱਚੋਂ ਪਿਆਰਾ ਸਿੰਘ ਸਭ ਤੋਂ ਜ਼ਿਆਦਾ ਧਾਰਮਿਕ ਬਿਰਤੀ ਵਾਲਾ ਅਤੇ ਗੁਰਬਾਣੀ ਦਾ ਗਿਆਤਾ ਸੀ। ਉਸਦੇ ਧਾਰਮਿਕ ਵਿਚਾਰਾਂ ਵਾਲਾ ਹੋਣ ਕਰਕੇ ਉਸਦੇ ਪੰਜਾਬੀ ਸਾਥੀ ਸਤਿਕਾਰ ਨਾਲ ਉਸ ਨੂੰ 'ਭਾਈ' ਆਖਦੇ। 1953 ਵਿੱਚ ਲਿਖੀ ਆਪਣੀ  ਆਤਮ-ਕਥਾ ਵਿੱਚ ਉਹ ਮੰਨਦਾ ਹੈ ਕਿ ਉਹ ਕਦੇ ਇੱਕ ਸ਼ਰਾਬੀ ਅਤੇ ਝਗੜਾਲੂ ਕਿਸਮ ਦਾ ਹੁੰਦਾ ਸੀ। ਉਹ ਪੰਜਾਬੀ ਲੇਖਕ ਭਾਈ ਵੀਰ ਸਿੰਘ ਦੇ ਨਾਵਲ ਅਤੇ ਸਿੱਖਾਂ ਦੇ ਇਤਿਹਾਸ 'ਤਵਾਰੀਖ ਖਾਲਸਾ' ਤੋਂ ਪ੍ਰਭਾਵਤ ਹੋ ਕੇ ਬਦਲਿਆ ਅਤੇ ਵਿਦੇਸ਼ੀ ਧਰਤੀ `ਤੇ ਪਰਵਾਸ ਧਾਰਨ ਕਰ ਗਿਆ। ਧਾਰਮਿਕ ਅਤੇ ਰਾਜਨੀਤਕ ਬਣ ਕੇ ਉਸ ਨੇ ਸੌਂਹ ਖਾਧੀ ਕਿ ਉਹ ਆਪਣਾ ਸਮਾਂ ਕੌਮ ਦੇ ਲੇਖੇ ਲਾਵੇਗਾ। ਕੈਲੇਫੋਰਨੀਆ ਵਿੱਚ ਜਦੋਂ ਕਪੂਰ ਸਿੰਘ ਅਤੇ ਉਸਦੇ ਸਾਥੀ ਦਸ ਘੰਟੇ ਦੀ ਦਿਹਾੜੀ ਲਾ ਕੇ ਆਪਣੇ ਟਿਕਾਣੇ ਤੇ ਪਹੁੰਚਦੇ ਤਾਂ ਰੋਟੀਆਂ ਪਕਾ-ਖਾ ਕੇ ਉਹ ਚੌਕੜੀਆਂ ਮਾਰ ਕੇ ਬੈਠ ਜਾਂਦੇ। ਭਾਈ ਪਿਆਰਾ ਸਿੰਘ ਲੰਗੇਰੀ ਤੇ ਇੱਕ ਹੋਰ ਆਦਮੀ ਕੀਰਤਨ ਸੋਹਿਲਾ ਦਾ ਪਾਠ ਕਰਦੇ। ਬਾਕੀ ਸਭ ਸੁਣਦੇ।

ਬਾਅਦ ਵਿੱਚ ਉਹ ਵਿਕਟੋਰੀਆ ਚਲਾ ਗਿਆ। ਉੱਥੇ ਉਹ ਸਿੱਖਾਂ ਵੱਲੋਂ ਬਣਾਏ ਜਾ ਰਹੇ ਲਾਲ ਇੱਟਾਂ ਵਾਲੇ ਗੁਰਦਵਾਰੇ ਦੀ ਇਮਾਰਤ ਦੇ ਮੁਕੰਮਲ ਹੋਣ ਤੋਂ ਪਹਿਲਾਂ ਪਹੁੰਚ ਗਿਆ ਸੀ। ਇਹ ਬ੍ਰਿਟਿਸ਼ ਕੋਲੰਬੀਆ ਅਤੇ ਕਨੇਡਾ ਵਿੱਚ ਉਸਾਰਿਆ ਜਾ ਰਿਹਾ ਤੀਜਾ ਗੁਰਦੁਵਾਰਾ ਸੀ। ਜਦੋਂ ਇਹ ਗੁਰਦਵਾਰਾ ਅਕਤੂਬਰ 1912 ਵਿੱਚ ਸੰਗਤਾਂ ਲਈ ਖੋਲ੍ਹਿਆ ਗਿਆ ਤਾਂ ਭਾਈ ਪਿਆਰਾ ਸਿੰਘ ਲੰਗੇਰੀ ਇਸਦਾ ਪਹਿਲਾ ਗਰੰਥੀ ਥਾਪਿਆ ਗਿਆ। ਉਹ ਗੁਰਦਵਾਰੇ ਦੇ ਪਿੱਛੇ ਬਣਾਏ ਇੱਕ ਛੋਟੇ ਘਰ ਵਿੱਚ ਰਹਿਣ ਲੱਗਾ।(12)ਇਹ 1210 ਟੋਪਾਜ ਐਵੇਨਿਊ ਪਤੇ ਵਾਲੀ ਜਗ੍ਹਾ ਕਰਤਾਰ ਸਿੰਘ ਹੁੰਦਲ ਦੀ ਸਪੀਡ ਐਵੇਨਿਊ `ਤੇ ਪ੍ਰਿਟਿੰਗ ਪ੍ਰੈੱਸ ਵਾਲੀ ਥਾਂ ਤੋਂ ਮਸਾਂ ਵੀਹ ਮਿੰਟ ਦੇ ਪੈਦਲ ਰਾਹ `ਤੇ ਸੀ। ਗੁਰਦਵਾਰਾ ਇੱਕ ਪੂਜਾ-ਪਾਠ ਲਈ ਥਾਂ ਸੀ ਪਰ ਇਹ ਪਿਆਰਾ ਸਿੰਘ ਅਤੇ ਉਸਦੇ ਸਾਥੀਆਂ ਲਈ ਵਿਚਾਰ ਵਿਟਾਂਦਰਾ ਕਰਨ ਵਾਲੀ ਥਾਂ ਵੀ ਸੀ। ਜਿਹੜਾ ਕੁਝ ਵੀ ਉਹ ਇਨ੍ਹਾਂ ਮੀਟਿੰਗਾਂ ਵਿੱਚ ਕਹਿੰਦੇ, ਉਹ ਆਪਣੇ ਅਖਬਾਰ 'ਸੰਸਾਰ' ਵਿੱਚ ਇਸਦੀ ਰੀਪੋਰਟ ਦਿੰਦੇ ਅਤੇ ਇਸ ਅਖਬਾਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ। ਭਾਵੇਂ ਪਿਆਰਾ ਸਿੰਘ ਅੰਗ੍ਰੇਜ਼ੀ ਨਹੀਂ ਸੀ ਪੜ੍ਹ ਸਕਦਾ ਪਰ ਉਸਨੂੰ ਸੇਂਟ ਪਾਲ ਬਾਰੇ ਏਨੀ ਕੁ ਜਾਣਕਾਰੀ ਸੀ ਕਿ ਆਪਣੀ ਰਾਜਨੀਤਕ ਗੱਲ ਕਹਿਣ ਲਈ ਇਸ ਨੂੰ ਵਰਤਿਆ। ਉਸਦਾ ਕਹਿਣਾ ਸੀ ਕਿ ਸੇਂਟ ਪਾਲ ਰੋਮਨ ਸਲਤਨਤ ਵਿੱਚ ਕਿਤੇ ਵੀ ਬਿਨਾਂ ਰੋਕ-ਟੋਕ ਦੇ ਯਾਤਰਾ ਕਰ ਸਕਦਾ ਹੈ ਪਰ ਬਰਤਾਨੀਆ ਦੀ ਪਰਜਾ ਬਰਤਾਨਵੀ ਸਲਤਨਤ ਵਿੱਚ ਨਹੀਂ ਕਰ ਸਕਦੀ। ਉਸ ਨੇ ਵਿਕਟੋਰੀਆ ਗੁਰਦਵਾਰੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਹ ਆਖਿਆ ਸੀ। ਅੰਗ੍ਰੇਜ਼ੀ ਸਮਝਣ ਵਾਲਿਆਂ ਲਈ ਇਸਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਕਰਕੇ 'ਸੰਸਾਰ' ਵਿੱਚ ਵੀ ਛਾਪਿਆ ਗਿਆ।(13)

ਕਰਤਾਰ ਸਿੰਘ ਹੁੰਦਲ, ਜਿਸਨੂੰ ਪੰਜਾਬੀਆਂ ਵਿੱਚ ਉਸਦੇ ਛੋਟੇ ਨਾਂ 'ਕੈਂਚੀ' ਕਰਕੇ ਵੀ ਜਾਣਿਆ ਜਾਂਦਾ ਸੀ, ਇਸ ਗਰੁੱਪ ਦਾ ਮੈਂਬਰ ਸੀ, ਜਿਸਨੇ ਕਨੇਡੀਅਨ ਮੁੱਖਧਾਰਾ ਸਮਾਜ ਵਿੱਚ ਬਹੁਤ ਉਘੜਵੇਂ ਤੌਰ `ਤੇ ਪ੍ਰਵੇਸ਼ ਕੀਤਾ। ਪੰਜਾਬੀਆਂ ਲਈ ਉਸਦਾ ਛੋਟਾ ਨਾਂ ਉਸਦੀ ਅੰਗ੍ਰੇਜ਼ੀ ਸ਼ੈਲੀ ਵੱਲ ਇਸ਼ਾਰਾ ਕਰਦਾ ਸੀ। ਇਹ ਨਾਂ ਜ਼ੁਬਾਨ ਦੀ ਬਦਲੀ ਵਿੱਚੋਂ ਲੰਘ ਕੇ ਬਣਿਆ ਸੀ। ਉਸਨੇ ਆਪਣੇ ਨਾਂ ਦੇ ਅੰਗ੍ਰੇਜ਼ੀ ਉਚਾਰਣ ਨੂੰ ਉਸੇ ਲਹਿਜੇ ਵਿੱਚ ਪ੍ਰਵਾਨ ਕਰ ਲਿਆ ਸੀ ਅਤੇ ਉਸਦੇ ਪੰਜਾਬੀ ਹਮਵਤਨੀਆਂ ਨੇ ਉਸਦਾ ਪੰਜਾਬੀ ਵਿੱਚ ਉਲਥਾ ਕਰ ਲਿਆ ਸੀ।  Kartar(KrTAR) ਦਾ Carter ਬਣ ਗਿਆ ਸੀ। ਇਹ ਪੰਜਾਬੀਆਂ ਨੂੰ  Cutter ਵਾਂਗ ਸੁਣਦਾ ਜਿਸਦਾ Scissors ਬਣ ਗਿਆ। ਇਸਦੀ ਪੰਜਾਬੀ ਕੈਂਚੀ ਹੋ ਗਈ। ਕਪੂਰ ਅਤੇ ਭਾਈ ਪਿਆਰਾ ਸਿੰਘ ਵਾਂਗ ਉਹ ਸ਼ਿਵਾਲਕ ਦੇ ਨੇੜੀਓਂ ਮਾਹਲਪੁਰ ਕਸਬੇ ਤੋਂ ਆਇਆ ਸੀ, ਜਿੱਥੇ ਕਪੂਰ ਸਕੂਲ ਪੜ੍ਹਿਆ ਸੀ। ਉਸਦੀ ਮਾਂ ਮਾਹਲਪੁਰ ਤੋਂ ਸੀ। ਉਸਦਾ ਪਿਤਾ ਅਮ੍ਰਿਤਸਰ ਦੇ ਨੇੜੇ ਬੰਡਾਲਾ ਗੁਰੂ ਤੋਂ ਸੀ। ਜਦੋਂ ਕਰਤਾਰ ਦੀ ਮਾਂ ਦਾ ਦਿਹਾਂਤ ਹੋਇਆ ਤਾਂ ਕਰਤਾਰ ਅਤੇ ਉਸਦੇ ਤਿੰਨ ਛੋਟੇ ਭਰਾ ਆਪਣੇ ਨਾਨਕੀਂ ਮਾਹਲਪੁਰ ਚਲੇ ਗਏ।(14)ਇਸ ਲਈ ਭਾਵੇਂ ਉਹ ਅਮ੍ਰਿਤਸਰ ਜ਼ਿਲ੍ਹੇ ਦਾ ਅਸਲੀ ਪੁੱਤਰ ਸੀ ਪਰ ਉਹ ਵੱਡਾ ਮਾਹਲਪੁਰ ਵਿੱਚ ਹੀ ਹੋਇਆ। ਇਹ ਵੱਖਰੇ ਸਬੰਧ ਪੇਂਡੂ ਪੰਜਾਬੀ ਸਮਾਜ ਵਿੱਚ ਮਹੱਤਵਪੂਰਨ ਸਨ।

1960 ਵਿੱਚ ਕਰਤਾਰ ਦਾ ਭਤੀਜਾ ਤਲਮਿੰਦਰ ਜਦੋਂ ਵੈਨਕੂਵਰ ਪਹੁੰਚਿਆ ਤਾਂ ਕਰਤਾਰ ਨੇ ਉਸਨੂੰ  ਆਪਣੇ ਪਹਿਲੇ ਦਿਨਾਂ ਦੀ  ਇੱਕ ਕਹਾਣੀ ਸੁਣਾਈ। ਕਰਤਾਰ ਦੇ ਦਫਤਰ ਨੇੜੇ ਪੈਂਦੇ ਇਕ ਕੈਫੇਟੇਰੀਏ ਵਿੱਚ ਉਸ ਨੂੰ ਕੌਫੀ ਨਾਲ ਐਪਲ ਪਾਈ ਅਤੇ ਆਈਸਕਰੀਮ ਵਰਤਾਈ ਗਈ। ਇਹ ਕਰਤਾਰ ਲਈ ਵਿਦੇਸ਼ੀ ਭੋਜਨ ਸੀ ਪਰ ਉਸ ਨੂੰ ਤੁਰੰਤ ਪਸੰਦ ਆ ਗਿਆ। ਆਪਣੇ ਅੰਕਲ ਨਾਲ ਹੋਈਆਂ ਗੱਲਾਂ-ਬਾਤਾਂ ਨੂੰ ਯਾਦ ਕਰਕੇ ਅਤੇ ਉਸਦੀ ਆਪਣੀ ਖੋਜ ਨਾਲ ਜਿਹੜੀ ਕਹਾਣੀ ਸਾਹਮਣੇ ਆਈ ਉਸ ਅਨੁਸਾਰ ਜਦੋਂ ਕਰਤਾਰ ਅਠਾਰਾਂ ਸਾਲ ਦਾ ਸੀ, ਉਸ ਨੇ ਖਾਲਸਾ ਕਾਲਜ ਅਮ੍ਰਿਤਸਰ ਤੋਂ ਮੈਟ੍ਰਿਕ ਕੀਤੀ। ਉੱਥੇ ਹੀ ਤੇਜਾ ਸਿੰਘ ਵਾਈਸ ਪ੍ਰਿੰਸੀਪਲ ਸੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਬਣਿਆ। ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਸਿੱਖ ਧਾਰਮਿਕ ਲਹਿਰ ਦੀਆਂ ਰਵਾਇਤੀ ਸਿੱਖਿਆਵਾਂ ਗ੍ਰਹਿਣ ਕਰਦਿਆਂ ਅੰਗ੍ਰੇਜ਼ੀ ਵਿੱਚ ਵਧੀਆ ਸਿਖਿਆ ਪ੍ਰਾਪਤ ਕੀਤੀ। ਕਾਲਜ ਦੇ ਬਰਤਾਨਵੀ ਸ਼ਾਸਨ ਨਾਲ ਨੇੜੇ ਦੇ ਸਬੰਧ ਸਨ। ਆਪਣੀ ਪੜ੍ਹਾਈ ਪੂਰੀ ਕਰਕੇ ਕਰਤਾਰ ਸਿੰਘ ਨੇ ਮਾਹਲਪੁਰ ਮੁੜ ਕੇ ਖਾਲਸਾ ਐਲੀਮੈਂਟਰੀ ਸਕੂਲ ਦੀ ਸਥਾਪਨਾ ਕੀਤੀ। ਦੋ ਸਾਲ ਬਾਅਦ ਉਸ ਨੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ। ਦਿਖਾਵੇ ਵਜੋਂ ਉਹ ਕੌਰਨਿਲ ਵਿੱਚ ਖੇਤੀ ਦੀ ਪੜ੍ਹਾਈ ਲਈ ਦਾਖਲ ਹੋਇਆ। ਤੇਜਾ ਸਿੰਘ ਨਾਲ ਸਬੰਧ ਜਲਦੀ ਹੀ ਉਸ ਨੂੰ ਵਿਕਟੋਰੀਆ ਲੈ ਗਏ।

ਪੈਸੇਫਿਕ ਤੱਟ ਦੇ ਅਮਰੀਕਨ ਇਮੀਗਰੇਸ਼ਨ ਅਫ਼ਸਰ ਬਹੁਤੇ ਸਾਊਥ ਏਸ਼ੀਅਨ ਪ੍ਰਵਾਸੀਆਂ ਨੂੰ ਵਾਪਸ ਮੋੜ ਰਹੇ ਸਨ। ਪਰ ਸਰਹੱਦ ਪਾਰ ਕਰਨ ਲਈ ਮਜ਼ਦੂਰਾਂ ਨਾਲੋਂ ਵਿਦਿਆਰਥੀਆਂ ਨੂੰ ਸੌਖ ਸੀ ਅਤੇ ਐਟਲਾਂਟਿਕ ਬੰਦਰਗਾਹਾਂ ਰਾਹੀਂ ਹੋਰ ਵੀ ਸੌਖ ਸੀ। ਕਰਤਾਰ ਸਿੰਘ ਨੇ ਇਸਦਾ ਲਾਭ ਉਠਾਇਆ। 1911 ਦੀ ਬਸੰਤ ਰੁੱਤ ਵਿੱਚ ਮਾਹਲਪੁਰ ਦੇ ਚਾਰ-ਪੰਜ ਹੋਰ ਸਿੱਖਾਂ ਨਾਲ ਕੋਇਲੇ ਵਾਲੇ ਸਮੁੰਦਰੀ ਜਹਾਜ਼ ਰਾਹੀਂ ਬੰਬੇ ਤੋਂ ਮਾਰਸੇ ਅਤੇ ਫਿਰ ਨਿਊਯਾਰਕ ਪਹੁੰਚਿਆ। ਉਸ ਨੇ ਆਪਣੇ ਭਤੀਜੇ ਤਲਮਿੰਦਰ ਨੂੰ ਦੱਸਿਆ ਕਿ ਉਹ ਸਾਰੇ ਰਾਹ ਸਤਿਨਾਮ-ਵਾਹਿਗੁਰੂ ਦਾ ਦਿਨ-ਰਾਤ ਜਾਪ ਕਰਦੇ ਰਹੇ। ਉਨ੍ਹਾਂ ਨੂੰ ਚਿੰਤਾ ਸੀ ਕਿ ਜਹਾਜ਼ `ਤੇ ਬੰਨ੍ਹੀਆਂ ਤਿੰਨ ਗਊਆਂ ਜਹਾਜ਼ ਦੇ ਅਮਲੇ ਦੇ ਖਾਣੇ ਲਈ ਵੱਢੀਆਂ ਜਾਣਗੀਆਂ। ਪਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਬਾਵਜੂਦ ਵੀ ਨਿਊਯਾਰਕ ਪਹੁੰਚਦਿਆਂ ਤੱਕ ਗਊਆਂ ਹਜ਼ਮ ਹੋ ਗਈਆਂ ਸਨ। ਅਮਰੀਕਾ ਵਿੱਚ ਪਹੁੰਚ ਕੇ ਆਪਣੀ ਤਨਖਾਹ ਮਿਲਣ ਬਾਅਦ ਉਨ੍ਹਾਂ ਦਾ ਪਹਿਲਾ ਕੰਮ ਯਾਤਰਾ ਦੀ ਤਿਆਰੀ ਲਈ ਸਮਾਨ ਖ੍ਰੀਦਣਾ ਸੀ। ਉਨ੍ਹਾਂ ਨੇ ਪਿੱਠੂ, ਕੱਪ, ਚਮਚੇ, ਕਾਂਟੇ, ਸਾਬਣ ਅਤੇ ਤੌਲੀਏ ਖ੍ਰੀਦੇ। ਕਮੀਜਾਂ ਅਤੇ ਪੈਂਟਾਂ ਵੀ ਖ੍ਰੀਦੀਆਂ ਕਿਉਂ ਕਿ ਮਾਹਲਪੁਰ ਤੋਂ ਨਾਲ ਲਿਆਂਦੇ ਕੱਪੜੇ ਕੋਲੇ ਦੀ ਸਵਾਹ ਨਾਲ ਖਰਾਬ ਹੋ ਗਏ ਸਨ। ਨਿਊਯਾਰਕ ਤੋਂ ਉਹ ਕੈਲੇਫੋਰਨੀਆ ਪਹੁੰਚੇ। ਸੈਕਰਾਮੈਂਟੋ ਵਾਦੀ ਵਿੱਚ ਸਟਾਕਟਨ ਸਿੱਖਾਂ ਦਾ ਧੁਰਾ ਬਣ ਚੁੱਕਿਆ ਸੀ। ਉੱਥੇ ਸਟਾਕਟਨ ਇਲਾਕੇ ਦੇ ਸਭ ਤੋਂ ਜ਼ਿਆਦਾ ਕਾਮਯਾਬ ਸਿੱਖ ਜਿਮੀਦਾਰ ਜਵਾਲਾ ਸਿੰਘ ਦੇ ਘਰ ਕਰਤਾਰ ਅਪਣੇ ਪੁਰਾਣੇ ਅਧਿਆਪਕ ਪ੍ਰੋਫੈਸਰ ਤੇਜਾ ਸਿੰਘ ਨੂੰ ਮਿਲਿਆ। ਤੇਜਾ ਸਿੰਘ ਨੇ ਹਾਰਵਰਡ ਤੋਂ ਆਪਣੀ ਡਿਗਰੀ ਮੁਕੰਮਲ ਕਰ ਲਈ ਸੀ ਅਤੇ ਕੈਲੇਫੋਰਨੀਆ ਵਿੱਚ ਭਾਰਤ ਨੂੰ ਤਿਆਰੀ ਕਰਦਾ ਅਟਕਿਆ ਹੋਇਆ ਸੀ। ਉਹ ਕਰਤਾਰ ਸਿੰਘ ਨੂੰ ਵਿਕਟੋਰੀਆ ਲਿਆਇਆ। ਉਸ ਨੂੰ ਸਥਾਨਕ ਮਿੱਲ ਵਿੱਚ ਨੌਕਰੀ ਲੱਭ ਕੇ ਦਿੱਤੀ ਅਤੇ ਉਸ ਨੂੰ ਡਾ. ਸੁੰਦਰ ਸਿੰਘ ਨਾਲ ਮਿਲਾਇਆ। ਡਾ. ਸੁੰਦਰ ਸਿੰਘ ਦੀ ਦੇਖ-ਰੇਖ ਹੇਠ ਬਾਈ ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਨੇ ਪ੍ਰਕਾਸ਼ਨ ਦਾ ਕੰਮ ਸਿੱਖਣਾ ਸ਼ੁਰੂ ਕੀਤਾ। ਲਿਖਣਾ, ਸੰਪਾਦ ਕਰਨਾ, ਛਾਪਣਾ ਅਤੇ ਵੰਡਣਾ । ਇਹ ਉਹਦੀ ਉਮਰ ਭਰ ਦੀ ਗਤੀਵਿਧੀ ਬਣ ਜਾਣੀ ਸੀ।(15)

ਡਾ. ਸੁੰਦਰ ਸਿੰਘ ਮੈਡੀਕਲ ਡਾਕਟਰ ਸੀ। ਉਸ ਨੇ ਸਕਾਟਲੈਂਡ ਵਿੱਚ ਗਲਾਸਗੋ ਮੈਡੀਕਲ ਸਕੂਲ ਵਿੱਚ ਸਿਖਿਆ ਪ੍ਰਾਪਤ ਕੀਤੀ ਸੀ ਅਤੇ ਫਿਰ ਲੰਡਨ ਵਿੱਚ ਮੈਡੀਕਲ ਲਾਈਸੰਸ ਬੋਰਡ ਤੋਂ ਲਾਈਸੰਸ ਲਿਆ ਸੀ।  ਉਹ 1911 ਵਿੱਚ ਜਵਾਨ ਬੰਦਾ ਸੀ। ਕਪੂਰ ਤੇ ਪਿਆਰਾ ਸਿੰਘ ਤੋਂ ਤਿੰਨ ਵਰ੍ਹੇ ਵੱਡਾ ਅਤੇ ਕਰਤਾਰ ਤੋਂ ਸੱਤ ਸਾਲ। ਫਿਰ ਵੀ ਉਹ ਵੈਨਕੂਵਰ ਦੀ ਹੋਮਰ ਸਟਰੀਟ `ਤੇ ਸੇਵਾ ਮੁਕਤੀ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਉਸ ਨੇ ਅਮਰੀਕਨ ਇਮੀਗਰੇਸ਼ਨ ਅਫਸਰਾਂ ਨੂੰ 1910 ਵਿੱਚ ਇਹੀ ਦੱਸਿਆ ਸੀ, ਜਦੋਂ ਉਸ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।(16) ਉਸ ਨੇ ਆਪਣਾ ਜ਼ਮੀਨ-ਜਾਇਦਾਦ ਦਾ ਕਾਰੋਬਾਰ ਦੱਸਿਆ। ਦਲਾਲ ਵਜੋਂ ਨਹੀਂ, ਸਗੋਂ ਆਪਣੇ ਲਈ ਖ੍ਰੀਦਣ-ਵੇਚਣ ਦਾ। ਉਸ ਨੇ ਆਪਣੀ ਕੁੱਲ ਪੂੰਜੀ ਪੰਜ ਹਜ਼ਾਰ ਡਾਲਰ ਦੱਸੀ। ਉਸ ਨੇ ਦੱਸਿਆ ਕਿ ਉਹ ਲੰਡਨ ਵਿੱਚ ਡਾਕਟਰੀ ਕਰਦਾ ਸੀ ਅਤੇ ਫਿਰ ਦੋ ਸਾਲ ਜਹਾਜ਼ ਵਿੱਚ ਸਰਜਨ ਦੇ ਤੌਰ `ਤੇ ਬਿਤਾਏ, ਜਿੱਥੇ ਉਸਦੀ ਕਮਾਈ ਅੱਠ ਤੋਂ ਦਸ ਪੌਂਡ ਪ੍ਰਤੀ ਮਹੀਨਾ ਸੀ।  ਉਸ ਨੂੰ ਸਮੁੰਦਰ ਪਸੰਦ ਨਹੀਂ ਸੀ ਇਸ ਕਰਕੇ ਉਸ ਨੇ ਇਹ ਨੌਕਰੀ ਛੱਡ ਦਿੱਤੀ। ਕਨੇਡਾ ਵਿੱਚ ਪੰਜ ਸਾਲ ਤੋਂ ਵੀ ਉੱਪਰ ਐਨੇ ਸਰਗਰਮ ਰਹੇ ਡਾ. ਸੁੰਦਰ ਸਿੰਘ ਦੀ ਕਹਾਣੀ ਬਾਰੇ ਹੁਣ ਸੁਰਾਗ ਲਾਉਣਾ ਹੈਰਾਨ ਕਰਨ ਜਿੰਨਾ ਮੁਸ਼ਕਲ ਹੈ। ਇਸ ਵਿਆਖਿਆ ਦਾ ਇੱਕ ਹਿੱਸਾ ਇਹ ਵੀ ਹੈ ਕਿ ਉਹ 1914 ਵਿੱਚ ਬੀ ਸੀ ਦੇ ਸਿੱਖ ਭਾਈਚਾਰੇ ਵਿੱਚੋਂ ਗਾਇਬ ਹੋ ਗਿਆ ਅਤੇ ਕਦੇ ਵੀ ਨਾ ਮੁੜਿਆ। ਪਰ ਜਦੋਂ ਉਹ ਉੱਥੇ ਸੀ, ਉਹ ਵੈਨਕੂਵਰ ਇਮੀਗਰੇਸ਼ਨ ਵਿਭਾਗ ਸਮੇਤ ਕਈਆਂ ਲਈ ਬੁਝਾਰਤ ਸੀ। ਵੈਨਕੂਵਰ ਇਮੀਗਰੇਸ਼ਨ ਵਿਭਾਗ ਦਾ  ਇੰਨਸਪੈਕਟਰ ਡਬਲਯੂ ਸੀ ਹੌਪਕਿਨਸਨ ਸੀ। ਉਹ  ਐਂਗਲੋ-ਇੰਡੀਅਨ ਸੀ। ਉਸਨੇ ਪੰਜਾਬ ਵਿੱਚ ਵੀ ਪੁਲਿਸ ਦੀ ਨੌਕਰੀ ਕੀਤੀ ਅਤੇ ਕੋਲਕਤਾ ਵਿੱਚ ਵੀ। ਉਹ ਹਿੰਦੀ ਬੋਲਦਾ ਸੀ ਤੇ ਕੁਝ ਪੰਜਾਬੀ ਵੀ। ਉਸ ਨੇ ਵੈਨਕੂਵਰ ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਮੁੱਖ  ਕਿਰਦਾਰਾਂ ਦੇ ਪਿਛੋਕੜ ਦੀ ਥਹੁ ਲੈਣ ਲਈ ਬਹੁਤ ਸਮਾਂ ਗੁਜ਼ਾਰਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਸੁੰਦਰ ਸਿੰਘ ਵੈਨਕੂਵਰ ਵਿੱਚ ਸੈੱਟ ਹੋ ਗਿਆ ਹੈ ਤਾਂ ਉਸ ਨੇ ਆਪਣੇ ਪੰਜਾਬੀ ਮੁਖਬਰਾਂ ਨੂੰ ਉਸ ਬਾਰੇ ਪੁੱਛਿਆ ਪਰ ਉਨ੍ਹਾਂ ਕੋਲ ਸੁੰਦਰ ਸਿੰਘ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਸੀ।

ਹੋ ਸਕਦਾ ਹੈ ਕਿ ਹੌਪਕਨਸਿਨ ਨੇ ਗਲਤ ਲੋਕਾਂ ਤੋਂ ਪੁੱਛਿਆ ਹੋਵੇ। 1909 ਵਿੱਚ ਕਨੇਡਾ ਆਉਣ ਲਈ ਡਾ. ਸੁੰਦਰ ਸਿੰਘ ਨੇ ਸਿੱਧਾ ਰਾਹ ਚੁਣਿਆ ਕਿਉਂ ਕਿ ਉਹ ਇੱਥੇ ਲੋਕਾਂ ਨੂੰ ਜਾਣਦਾ ਸੀ। ਉਹ ਲਿਵਰਪੂਲ ਤੋਂ ਐਲਨ ਲਾਈਨ ਸਟੀਮਰ ਰਾਹੀਂ 5 ਮਾਰਚ ਨੂੰ ਹੈਲੀਫੈਕਸ ਪਹੁੰਚਿਆ। ਮਹੀਨੇ ਦੇ ਅੱਧ ਤੱਕ ਮਹਾਂਦੀਪ ਪਾਰ ਕਰਕੇ ਵੈਨਕੂਵਰ ਪਹੁੰਚ ਗਿਆ। ਥੋੜ੍ਹੇ ਸਮੇਂ ਬਾਅਦ ਹੀ ਉਸ ਨੇ ਸਾਊਥ ਏਸ਼ੀਅਨ ਲੋਕਾਂ ਦੇ ਗੜ੍ਹ ਵਾਲੇ ਫਰੇਜ਼ਰਵਿਊ ਇਲਾਕੇ ਵਿੱਚ ਬੈਂਕ ਖਾਤਾ ਖੋਲ੍ਹ ਲਿਆ। ਹੋ ਸਕਦਾ ਹੈ ਕਿ ਮਾਹਲਪੁਰ ਇਲਾਕੇ ਨਾਲ ਉਸਦੇ ਕੁਝ ਪਰਿਵਾਰਕ ਸਬੰਧ ਹੋਣ ਪਰ ਆਪ ਉਹ ਅਮ੍ਰਿਤਸਰ ਤੋਂ ਸੀ। ਉਸਦੀ ਪਤਨੀ  ਅਤੇ ਬੱਚਾ ਉੱਥੇ ਹੀ ਸਨ । ਇਹ ਉਸ ਸਮੇਂ ਦੇ ਪੰਜਾਬੀ ਬੰਦੇ ਲਈ ਕੋਈ ਵੱਖਰੀ ਗੱਲ ਨਹੀਂ ਸੀ। ਕੁਝ ਵੀ ਹੋਵੇ, ਵੈਨਕੂਵਰ ਤੋਂ ਗਾਇਬ ਹੋਣ ਤੋਂ ਬਾਅਦ ਵੀ ਉਹ ਆਪਣੇ ਮਾਹਲਪੁਰ ਵਾਲੇ ਦੋਸਤਾਂ ਦੇ ਸੰਪਰਕ ਵਿੱਚ ਰਿਹਾ। ਉਹ ਪੰਦਰਾਂ ਸਾਲਾਂ ਬਾਅਦ ਪਿਆਰੇ ਅਤੇ ਕਰਤਾਰ ਨਾਲ ਫੋਟੋ ਖਿਚਵਾਉਣ ਲਈ ਇੱਕ ਫੋਟੋ ਸਟੂਡੀਓ ਵਿੱਚ ਉਨ੍ਹਾਂ ਨੂੰ ਮਿਲਿਆ। ਸੰਭਾਵਨਾ ਹੈ ਕਿ ਇਹ ਟਰਾਂਟੋ ਸ਼ਹਿਰ ਵਿੱਚ ਸੀ।

ਸੁੰਦਰ ਸਿੰਘ ਨੇ ਕਨੇਡਾ ਵਿੱਚ ਦੋ ਜਾਂ ਤਿੰਨ ਸਾਲ ਦਾਹੜੀ ਅਤੇ ਪੱਗ ਰੱਖੀ ਰੱਖੇ। ਫਿਰ ਉਹ ਆਪਣੇ ਸਿਰ ਦੇ ਕੇਸਾਂ ਨੂੰ ਕਟਵਾਉਣ ਲੱਗਾ ਅਤੇ ਦਾਹੜੀ ਨੂੰ ਕੁਤਰਨ ਤੇ ਸ਼ੇਵ ਕਰਨ ਲੱਗਾ। ਉਹ ਆਮ ਤੌਰ `ਤੇ ਟੋਪੀ ਪਹਿਨਦਾ ਪਰ ਖਾਸ ਮੌਕਿਆਂ `ਤੇ ਦਿਖਾਵੇ ਵਜੋਂ ਪੱਗ ਪਹਿਨਦਾ। ਉਸ ਨੇ ਵਿਕਟੋਰੀਆ ਗੁਰਦੁਵਾਰੇ ਦੇ ਉਦਘਾਟਨ ਵੇਲੇ ਪੱਗ ਬੰਨ੍ਹੀ ਸੀ। ਟਰਾਂਟੋ ਦੇ ਵਪਾਰੀਆਂ ਦੀ ਇੱਕ ਪਾਰਟੀ ਵਿੱਚ ਵੀ ਉਸ ਨੇ ਗੂੜ੍ਹੇ ਪੀਲੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਉਸ ਪਾਰਟੀ ਵਿੱਚ ਉਹ ਇਕੱਲਾ ਸਿੱਖ ਸੀ। ਇਹ ਇੱਕ ਦਿਨਾ  ਜੇਲ੍ਹ ਦੇ ਖੇਤ ਅਤੇ ਗੁਆਲਫ ਸ਼ਹਿਰ ਦੇ ਖੇਤੀਬਾੜੀ ਕਾਲਜ ਦਾ ਟੂਰ ਸੀ। ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਪਸੰਦ ਕਰਦਾ ਸੀ। ਉਸਨੇ ਕਨੇਡੀਅਨਾਂ ਨੂੰ ਤੇਜ਼ ਅਤੇ ਸਾਫ ਬੁਲਾਰੇ ਦੇ ਤੌਰ ਤੇ ਪ੍ਰਭਾਵਿਤ ਕਰ ਲਿਆ ਸੀ ਪਰ ਕਈ ਸੋਚਦੇ ਸਨ ਕਿ ਉਹ ਧਿਆਨ ਖਿੱਚਣ ਲਈ ਕੁਝ ਜ਼ਿਆਦਾ ਹੀ ਚਾਹਵਾਨ ਸੀ।(17) ਉਸਦੇ ਤਜਰਬੇ-ਗਲਾਸਗੋ ਅਤੇ ਲੰਡਨ ਵਿੱਚ ਬਿਤਾਏ ਸਮੇਂ, ਅਤੇ ਲਿਵਰਪੂਲ ਤੇ ਅਰਜਨਟਾਈਨਾਂ ਵਿਚਕਾਰ ਚਲਦੇ ਬਰਤਾਨਵੀ ਸਮੁੰਦਰੀ ਜਹਾਜ਼ ਵਾਲੇ ਸਮੇਂ -ਨੇ ਉਸਦੇ ਐਂਗਲੋ-ਕਨੇਡੀਅਨ ਲੋਕਾਂ ਨਾਲ ਗੱਲਬਾਤ ਕਰਨ ਲਈ ਵਿਸ਼ਵਾਸ਼ ਵਿੱਚ ਵਾਧਾ ਕੀਤਾ ਸੀ। ਇਸ ਵਿਸ਼ਵਾਸ਼ ਨੇ ਉਸਦੇ ਪੂਰਬ ਵੱਲ ਪਹਿਲੇ ਟ੍ਰਿੱਪ ਵੇਲੇ ਉੱਘੜਵਾਂ ਦਿਖਾਵਾ ਕਰਨ ਵਿੱਚ ਮਦਦ ਕੀਤੀ।

ਵੈਨਕੂਵਰ ਵਿੱਚ ਇਮੀਗਰੇਸ਼ਨ ਅਫਸਰਾਂ ਲਈ ਉਹ ਗੜਬੜੀ ਫੈਲਾਉਣ ਵਾਲਾ ਇੱਕ ਹੋਰ ਸਿੱਖ ਸੀ। ਉਸਦੇ ਸ਼ਹਿਰ ਵਿੱਚ ਹੋਣ ਬਾਰੇ ਜਾਣਕਾਰੀ ਮਿਲਣ `ਤੇ ਉਹ ਉਸ ਨੂੰ ਵਾਪਸ ਮੋੜਣਾ ਚਾਹੁੰਦੇ ਸਨ। ਪਰ ਉਸਦੇ ਅੰਤੜੀ ਦੀ ਸੋਜ਼ ਨਾਲ ਹਸਪਤਾਲ ਦਾਖਲ ਹੋਣ ਅਤੇ ਟੀ ਵੀ ਹੋਣ ਦੇ ਭੁਲੇਖੇ ਕਾਰਣ ਕੈਮਲੂਪਸ ਸ਼ਹਿਰ ਦੇ ਸੈਨੇਟੋਰੀਅਮ ਵਿੱਚ ਭੇਜਣ ਕਾਰਣ ਅਧਿਕਾਰੀਆਂ ਨੂੰ ਪਿੱਛੇ ਹਟਣਾ ਪਿਆ।(18) ਉਨ੍ਹਾਂ ਨੂੰ ਜ਼ਰੂਰ ਹੀ ਉਸਨੂੰ ਵਾਪਸ ਭੇਜਣ ਵਾਲੇ ਕੇਸ ਦੀ ਤਾਕਤ ਬਾਰੇ ਸ਼ੱਕ ਹੋਵੇਗਾ ਕਿਉਂ ਕਿ ਹੈਲੀਫੈਕਸ ਵਾਲੇ ਇਮੀਗਰੇਸ਼ਨ ਅਫਸਰ ਨੇ ਹੋਰ ਪਰਵਾਸੀਆਂ ਵਾਂਗ ਉਸ ਨੂੰ ਵੀ ਬਿਨਾਂ ਕਿਸੇ ਰੋਕ ਟੋਕ ਦੇ ਦਾਖਲ ਹੋਣ ਦਿੱਤਾ ਸੀ। ਉਸ ਨੂੰ ਸੈਨੇਟੋਰੀਅਮ ਵਿੱਚੋਂ ਛੁੱਟੀ ਮਿਲਣ `ਤੇ ਵੈਨਕੂਵਰ ਦੇ ਇਮੀਗਰੇਸ਼ਨ ਦਫਤਰ ਨੇ ਉਸਦੇ ਵਾਪਸ ਭੇਜਣ ਵਾਲੇ ਕੇਸ ਨੂੰ ਛੱਡ ਦਿੱਤਾ ਅਤੇ ਉਹ ਕਨੇਡਾ ਵਿੱਚ ਰਹਿ ਪਿਆ। ਇਸ ਨਾਲ ਉਹ ਨਵੰਬਰ 1911 ਵਿੱਚ ਓਟਵਾ ਨੂੰ ਜਾਣ ਵਾਲੇ ਚਾਰ ਜਣਿਆਂ ਦੇ ਵਫਦ ਵਿੱਚ ਸ਼ਾਮਿਲ ਹੋਣ ਲਈ ਆਜ਼ਾਦ ਹੋ ਗਿਆ। ਇਸ ਵਫਦ ਵਿੱਚ ਉਸ ਸਮੇਤ ਪ੍ਰੋਫੈਸਰ ਤੇਜਾ ਸਿੰਘ, ਲੂਇਸ ਡਬਲਯੂ ਹਾਲ (ਵਿਕਟੋਰੀਆ ਤੋਂ ਪਰਿਸਬੀਟੇਰੀਅਨ ਧਰਮ ਪ੍ਰਚਾਰਕ)ਅਤੇ ਰਾਜਾ ਸਿੰਘ ਸਨ। ਰਾਜਾ ਸਿੰਘ ਇਕ ਹੋਰ ਪੜ੍ਹਿਆ ਲਿਖਿਆ ਸਿੱਖ ਸੀ ਜਿਸਨੇ ਬੌਕਸਰ ਰੀਬੇਲੀਅਨ ਵੇਲੇ ਚੀਨ ਵਿੱਚ ਬਰਤਾਨਵੀ ਜਹਾਜ਼ ਦੇ ਹਸਪਤਾਲ ਵਿੱਚ ਨੌਕਰੀ ਕੀਤੀ ।(19) ਉਹ ਸਰਕਾਰ ਕੋਲ  ਮੰਗ ਲੈ ਕੇ ਗਏ ਸਨ ਕਿ ਉਹ ਮੋਢੀ ਸਾਊਥ ਏਸ਼ੀਅਨਾਂ ਨੂੰ ਕਨੇਡਾ ਵਿੱਚ ਆਪਣੀਆਂ ਪਤਨੀਆਂ ਮੰਗਵਾਉਣ ਦੀ ਇਜ਼ਾਜਤ ਦੇਵੇ। ਇਹ ਸਭ ਤੋਂ ਜ਼ਿਆਦਾ ਜਜ਼ਬਾਤੀ ਮਸਲਾ ਸੀ, ਜਿਹੜਾ ਉਨ੍ਹਾਂ ਨੇ ਓਟਵਾ ਕੋਲ ਇਮੀਗਰੇਸ਼ਨ ਦੀਆਂ ਬੇਰਹਿਮ ਰੋਕਾਂ ਨੂੰ ਨਰਮ ਕਰਨ ਦੀ ਕੋਸ਼ਿਸ਼ ਲਈ ਉਠਾਇਆ। ਉਹ ਰੇਲਗੱਡੀ ਰਾਹੀਂ ਸ਼ੁਕਰਵਾਰ ਨੂੰ ਓਟਵਾ ਪਹੁੰਚੇ ਅਤੇ ਗ੍ਰਹਿ ਮੰਤਰੀ ਨੂੰ ਅਗਲੇ ਸੋਮਵਾਰ ਨੂੰ ਮਿਲੇ। ਅਤੇ ਬੀ ਸੀ ਦੇ  ਐਮ ਪੀ ਅਤੇ ਅਧਿਕਾਰੀਆਂ ਸਮੇਤ ਬੁੱਧਵਾਰ ਨੂੰ ਫਿਰ ਮੰਤਰੀ ਨੂੰ ਮਿਲੇ। ਦੋ ਹਫਤਿਆਂ ਬਾਅਦ ਇੱਕ ਵਾਰ ਫਿਰ ਮਿਲੇ ਪਰ ਨਤੀਜਾ ਨਿਕਲਿਆ ਕਿ ਕੋਈ ਵੀ ਰਿਆਇਤ ਨਹੀਂ ਮਿਲੇਗੀ। ਵਾਪਸ ਵੈਨਕੂਵਰ ਪਹੁੰਚ ਕੇ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਦਾ ਇਹ ਉਦੇਸ਼ ਅਸਫਲ ਰਿਹਾ ਸੀ।

ਸੁੰਦਰ ਸਿੰਘ ਦੂਜਿਆਂ ਨਾਲੋਂ ਜ਼ਿਆਦਾ ਲੰਬਾ ਸਮਾਂ ਪੂਰਬ ਵਿੱਚ ਰਿਹਾ ਅਤੇ ਵੱਡੀ ਗਿਣਤੀ ਵਿੱਚ ਦੂਜਿਆਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਹੋਇਆ। ਉਹ 28 ਦਸੰਬਰ 1911 ਨੂੰ ਕਨੇਡੀਅਨ ਕਲੱਬ ਵਿੱਚ ਮੁੱਖ ਬੁਲਾਰਾ ਸੀ ਅਤੇ ਫਿਰ ਮੁਕਾਬਲੇ ਦੇ ਐਮਪਾਇਰ ਕਲੱਬ ਵਿੱਚ 25 ਜਨਵਰੀ ਨੂੰ । ਇਨ੍ਹਾਂ ਕਲੱਬਾਂ ਵਿੱਚ ਉਸਨੇ ਸ਼ਹਿਰ ਦੇ ਸ਼੍ਰੇਸ਼ਠ ਵਰਗ ਦੀਆਂ ਬੈਠਕਾਂ ਨੂੰ ਸੰਬੋਧਨ ਕੀਤਾ, ਜਿਸਨੇ ਕੌਮ ਦਾ ਧਿਆਨ ਖਿੱਚਿਆ। ਇੱਕ ਮਹੀਨਾ ਬਾਅਦ ਉਹ ਟਰਾਂਟੋ ਦੇ ਲੇਬਰ ਟੈਂਪਲ ਵਿੱਚ ਬੋਲਿਆ। ਇਸ ਭਾਸ਼ਣ ਦੀ ਬਹੁਤ ਥਾਵਾਂ ਤੇ ਖਬਰ ਲੱਗੀ। ਉਹ ਭਾਵੇਂ ਬਹੁਤਿਆਂ ਨੂੰ ਆਪਣੇ ਦ੍ਰਿਸ਼ਟੀਕੋਣ ਬਾਰੇ ਪ੍ਰਭਾਵਿਤ ਨਾ ਕਰ ਸਕਿਆ ਹੋਵੇ ਪਰ ਉਸ ਨੂੰ ਓਟਵਾ, ਮਾਂਟਰੀਅਲ ਤੇ ਟਰਾਂਟੋ ਦੇ  ਅਖਬਾਰਾਂ ਵਿੱਚ ਭਰਵੀਂ ਥਾਂ ਮਿਲੀ। ਉਸਨੇ ਅਖਬਾਰਾਂ ਦੀਆਂ ਖਬਰਾਂ ਅਤੇ ਸੰਪਾਦਕੀ  ਟਿੱਪਣੀਆਂ ਨੂੰ 'ਨਿਮਰ ਅਤੇ ਹਮਦਰਦੀ ਭਰਪੂਰ' ਕਿਹਾ।((20) ਉਸ ਨੇ ਪੂਰਬੀ ਕਨੇਡਾ ਖਾਸ ਕਰਕੇ ਟਰਾਂਟੋ ਵਿੱਚ ਬਹੁਤ ਸਾਰੇ ਦੋਸਤ ਅਤੇ ਸਹਿਯੋਗੀ ਬਣਾਏ। ਇਹ ਸਾਰੇ ਥੀਓਸੌਫਿਸਟ ਅਤੇ ਹੋਰ ਕ੍ਰਿਸ਼ਚੀਅਨ ਚਰਚ ਗਰੁੱਪਾਂ ਜਿਵੇਂ ਕੁਐਕਰਸ, ਯੂਨੀਟੇਰੀਅਨ ਅਤੇ ਪਰਿਸਬੀਟੇਰੀਅਨ ਵਿੱਚੋਂ ਸਨ। ਉਹ ਉਸੇ ਵੇਲੇ ਕੁਝ ਉਨ੍ਹਾਂ ਲੋਕਾਂ ਰਾਹੀਂ ਹੀ ਟਰਾਂਟੋ ਦੇ ਉੱਘੇ ਵਪਾਰੀਆਂ ਅਤੇ ਪੇਸ਼ੇਵਾਰ ਲੋਕਾਂ ਨੂੰ ਮਿਲਿਆ(21)। ਡਾ. ਸੁੰਦਰ ਸਿੰਘ ਵੱਲੋਂ 1911-12 ਦੀ ਕ੍ਰਿਸਮਸ ਰੁੱਤੇ ਟਰਾਂਟੋ ਵਿੱਚ ਬਣਾਏ ਸਬੰਧ ਹੀ ਬਾਅਦ ਵਿੱਚ ਕਪੂਰ ਦੀ ਟਰਾਂਟੋ ਦੇ ਉੱਘੇ ਵਪਾਰੀ ਅਤੇ ਬਾਅਦ ਵਿੱਚ ਲੇਖਕ ਅਤੇ ਭਾਸ਼ਣਕਾਰ ਬਣੇ ਵਿਲੀਅਮ ਐੱਚ ਮੂਰ ਨਾਲ ਲੰਬੀ ਦੋਸਤੀ ਦਾ ਅਧਾਰ ਬਣੇ। ਅਤੇ ਇਹ ਸ਼ਾਇਦ ਮੂਰ ਦੀ ਹੀ ਮੇਹਰਬਾਨੀ ਸੀ ਕਿ ਬਾਅਦ ਵਿੱਚ ਕਪੂਰ ਦਾ ਉੱਤਰੀ ਓਨਟੇਰੀਓ ਦੀ ਤਿੱਖੀ ਠੰਢ ਨਾਲ ਵਾਸਤਾ ਪਿਆ।

ਕਨੇਡਾ ਵਿੱਚ ਵਿਕਟੋਰੀਆ ਸ਼ਹਿਰ ਨਾਲ ਕਪੂਰ ਦਾ ਸਭ ਤੋਂ ਪਹਿਲਾਂ ਵਾਸਤਾ ਪਿਆ ਸੀ।  ਉੱਥੇ ਪਹੁੰਚਣ ਦੇ ਸਮੇਂ ਤੋਂ ਹੀ ਜਿਨ੍ਹਾਂ ਲੋਕਾਂ ਸੰਗ ਉਹ ਰਿਹਾ, ਉਸ ਤੋਂ ਉਸਦੀ ਸਖਸ਼ੀਅਤ ਦਾ ਪਤਾ ਲਗਦਾ ਸੀ।  ਉਸਦੇ ਤਕਰੀਬਨ ਸਾਰੇ ਹੀ ਦੋਸਤ ਅਤੇ ਸਾਥੀ ਮਾਹਲਪੁਰ ਇਲਾਕੇ ਤੋਂ ਸਨ ਪਰ ਹਰ ਇੱਕ ਦੇ ਆਪਣੇ ਗੁਣ ਸਨ। ਪਿਆਰਾ ਸਿੰਘ ਲੰਗੇਰੀ ਉਸ ਨਾਲ ਪੰਜ ਸਾਲ ਭਰਾਵਾਂ ਵਾਂਗ ਰਿਹਾ। ਉਹ ਲਗਾਤਾਰ ਕਪੂਰ ਲਈ ਸਿੱਖ ਰਵਾਇਤਾਂ ਲਈ ਸਮਰਪਣ ਦੀ ਉਦਾਹਰਣ ਸੀ। ਕਪੂਰ ਨਾਲ ਉਸ ਨੇ ਪ੍ਰੋਫੈਸਰ ਤੇਜਾ ਸਿੰਘ ਦਾ ਸਬੰਧ ਬਣਾਇਆ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਵਿਕਟੋਰੀਆ ਵਿੱਚ ਆਪਣਾ ਘੇਰਾ ਬਣ ਗਿਆ। ਤੇਜਾ ਸਿੰਘ ਸਦਕਾ ਹੀ ਉਨ੍ਹਾਂ ਦੀ ਡਾ. ਸੁੰਦਰ ਸਿੰਘ ਅਤੇ ਕਰਤਾਰ ਸਿੰਘ ਨਾਲ ਭਾਈਵਾਲੀ ਪੈ ਗਈ ਅਤੇ ਇਸ ਭਾਈਵਾਲੀ ਸਦਕਾ ਉਹ ਹੋਰ ਹਮਦਰਦ ਐਂਗਲੋ-ਕਨੇਡੀਅਨ ਲੋਕਾਂ ਨੂੰ ਮਿਲੇ। ਵਿਕਟੋਰੀਆ ਵਿੱਚ ਕਪੂਰ ਦਾ ਮਾਹਲਪੁਰੀਆਂ ਨਾਲ ਸਮਾਜਕ ਮਿਲਵਰਤਣ ਸੀ ਅਤੇ ਇਹ ਹੋਰ ਅੱਗੇ ਵਧਣ ਲਈ ਰਸਤਾ ਵੀ ਸੀ। ਇਸ ਸਮਾਜਕ ਮਿਲਵਰਤਣ ਰਾਹੀਂ ਉਹ ਵਪਾਰ(ਡੇਅਰੀ ਅਤੇ ਜ਼ਮੀਨ-ਜਾਇਦਾਦ) ਕਰਨ ਦੇ ਯੋਗ ਹੋਇਆ। ਉਹ ਆਪਣਾ ਕਾਰੋਬਾਰ ਕਰਦਾ ਹੋਇਆ ਉਸ  ਉਦੇਸ਼ ਨੂੰ ਵੀ ਸਹਿਯੋਗ ਦਿੰਦਾ ਰਿਹਾ, ਜਿਸ ਨਾਲ ਉਹ ਧੁਰ ਅੰਦਰੋਂ ਜੁੜਿਆ ਹੋਇਆ ਸੀ। ਇਹ ਉਦੇਸ਼ ਸੀ ਭਾਰਤ ਦੀ ਆਜ਼ਾਦੀ ਅਤੇ ਕਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਯੋਗ ਵਿਹਾਰ ਹੋਵੇ।

Read 123 times