You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»05. ਕਿਲੇ ਦੇ ਮੋਤੀ - ਬ੍ਰਿਟਿਸ਼ ਕੋਲੰਬੀਆ ਵਿੱਚ ਮੁਸੀਬਤ

ਲੇਖ਼ਕ

Friday, 27 April 2018 02:55

05. ਕਿਲੇ ਦੇ ਮੋਤੀ - ਬ੍ਰਿਟਿਸ਼ ਕੋਲੰਬੀਆ ਵਿੱਚ ਮੁਸੀਬਤ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚਿਆਂ ਹਾਲੇ ਬਹੁਤੀ ਦੇਰ ਨਹੀਂ ਸੀ ਹੋਈ ਕਿ ਉਸਦੇ ਭਾਈਚਾਰੇ ਵਿੱਚ ਧਮਕੀਆਂ ਅਤੇ ਹਿੰਸਾ ਕਾਰਣ ਵਿਸਫੋਟਕ ਸਥਿਤੀ ਬਣ ਗਈ ਸੀ। ਇਸ ਕਰਕੇ ਉਸਦੀ ਪਹਿਲੀ ਠਹਿਰ ਛੋਟੀ ਹੀ ਰਹੀ। ਇਹ ਸਿਰਫ ਅਠਾਰਾਂ ਮਹੀਨੇ ਹੀ ਸਨ। ਮਾਇਕ ਤੌਰ `ਤੇ ਉਹ  ਵਿਕਟੋਰੀਆ ਵਿੱਚ ਜ਼ਮੀਨੀ ਨਿਵੇਸ਼ ਅਤੇ ਛੋਟੇ ਕਾਰੋਬਾਰ ਨਾਲ ਠੀਕ ਸੀ। ਪਰ ਉਹ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ, ਜਿਨ੍ਹਾਂ ਨੂੰ ਖਾੜਕੂਆਂ ਦਾ ਵਤੀਰਾ ਚਿੜਾਉਣਾ ਲੱਗਦਾ। ਖਾੜਕੂਆਂ ਲਈ ਭਾਰਤ ਦਾ ਮਸਲਾ ਬਾਕੀ ਸਭ ਨਾਲੋਂ ਉੱਪਰ ਸੀ ਅਤੇ ਜਿਹੜਾ ਉਨ੍ਹਾਂ ਨੂੰ ਲੱਗਦਾ ਕਿ ਵੱਖਰੀ ਤਰ੍ਹਾਂ ਸੋਚਦਾ ਸੀ, ਉਸ ਨੂੰ ਉਹ ਧਮਕੀਆਂ ਦਿੰਦੇ। ਜਦੋਂ ਖਾੜਕੂਆਂ ਨੇ ਕਪੂਰ ਦੇ ਦੋਸਤਾਂ ਨੂੰ ਧਮਕਾਇਆ ਤਾਂ ਕਪੂਰ ਆਪਣੇ ਬਹੁਤ ਕਰੀਬੀਆਂ ਨਾਲ ਉੱਥੋਂ ਚਲਾ ਗਿਆ। ਭਾਈਚਾਰੇ ਦੇ ਨਰਮ ਖਿਆਲੀ ਅਤੇ ਖਾੜਕੂ ਸ਼ਾਇਦ ਇਕੱਠੇ ਹੋ ਕੇ ਕਨੇਡਾ ਦੀ ਨਸਲਵਾਦੀ ਇਮੀਗਰੇਸ਼ਨ ਨੀਤੀ ਨਾਲ ਲੜ ਸਕਦੇ ਸਨ।  ਪਰ ਸੰਕਟਮਈ ਸਮੇਂ ਵਿੱਚ ਕਪੂਰ ਅਤੇ ਉਸਦੇ ਸਾਥੀਆਂ ਨੂੰ ਲੱਗਾ ਕਿ ਉਨ੍ਹਾਂ ਦੇ ਹੀ ਹਮਵਤਨੀਆਂ ਨੇ ਉਨ੍ਹਾਂ ਨੂੰ ਇਸ ਜੱਦੋ-ਜਹਿਦ ਵਿੱਚੋਂ ਪਾਸੇ ਕਰ ਦਿੱਤਾ ਸੀ।  ਉਨ੍ਹਾਂ ਦੀ ਜਾਤੀ ਸਥਿਤੀ ਲਈ ਹੋਰ ਖਤਰਾ ਪੈਦਾ ਹੋ ਗਿਆ ਸੀ ਅਤੇ ਇਸ ਪਲ ਉਨ੍ਹਾਂ ਨੇ ਕਨੇਡਾ ਦੇ ਪੂਰਬ ਵੱਲ ਜਾਣ ਦਾ ਫੈਸਲਾ ਕਰ ਲਿਆ।

ਜਦੋਂ ਕਪੂਰ ਪਹਿਲੀ ਵਾਰ ਵਿਕਟੋਰੀਆ ਪਹੁੰਚਿਆ ਸੀ ਤਾਂ ਉਹ ਥੋੜ੍ਹੀ ਦੇਰ ਲਈ ਨਿਕਲੇ ਪੰਜਾਬੀ-ਅੰਗ੍ਰੇਜ਼ੀ ਅਖਬਾਰ 'ਸੰਸਾਰ' ਦੇ ਕੰਮ ਵਿੱਚ ਪਿਆਰਾ ਸਿੰਘ ਲੰਗੇਰੀ, ਕਰਤਾਰ ਸਿੰਘ ਹੁੰਦਲ ਅਤੇ ਡਾ. ਸੁੰਦਰ ਸਿੰਘ ਨਾਲ ਰਲ ਗਿਆ ਸੀ। ਉਨ੍ਹਾਂ ਨੇ ਧਮਕੀਆਂ ਨਾਲੋਂ ਪ੍ਰੇਰਣਾ ਵਾਲਾ ਰਸਤਾ ਚੁਣਿਆ। ਇਹ ਉਨ੍ਹਾਂ ਦੇ ਪਰਚੇ ਦੀ ਰਾਜਨੀਤੀ ਸੀ। ਪਰਚੇ ਦੀ ਅੰਗ੍ਰੇਜ਼ੀ ਵਾਲੀ ਸਮੱਗਰੀ ਵਿੱਚ ਸਹਾਇਤਾ ਕਰਕੇ ਕਪੂਰ ਕਨੇਡੀਅਨ ਰਾਜਨੀਤੀਵਾਨਾਂ ਅਤੇ ਕਨੇਡੀਅਨ ਲੋਕਾਂ ਨੂੰ ਦਲੀਲ ਸਹਿਤ ਅਪੀਲ ਕਰਦਾ। ਇਹੀ ਅਪੀਲ ਓਟਵਾ ਗਏ ਵਫਦ ਨੇ ਕੀਤੀ ਅਤੇ ਡਾ. ਸੁੰਦਰ ਸਿੰਘ ਨੇ ਕਨੇਡੀਅਨ ਕਲੱਬ, ਐਮਪਾਇਰ ਕਲੱਬ ਅਤੇ ਲੇਬਰ ਟੈਂਪਲ ਵਿੱਚ ਕੀਤੀ। ਇਹ ਉਹੀ ਅਪੀਲ ਸੀ, ਜਿਹੜੀ ਸੁੰਦਰ ਸਿੰਘ ਅਤੇ ਕਰਤਾਰ ਹੁੰਦਲ ਨੇ 'ਆਰੀਅਨ' ਅਖਬਾਰ ਵਿੱਚ ਉਠਾਈ। ਅਤੇ ਇਹੀ ਮੁੱਖ ਦਲੀਲ ਸੀ, ਜਿਹੜੀ ਉਨ੍ਹਾਂ ਦਾ ਭਾਈਚਾਰਾ ਅਗਲੇ ਚਾਲ਼ੀ ਸਾਲ ਉਠਾਉਂਦਾ ਰਿਹਾ।

ਉਹ ਕਨੇਡੀਅਨਾਂ ਤੋਂ ਸਿੱਖਾਂ ਵਾਸਤੇ ਵਾਜਬ ਅਤੇ ਨਿਆਂਪੂਰਨ ਵਿਹਾਰ ਚਾਹੁੰਦੇ ਸਨ ਅਤੇ ਆਪਣਾ ਖਾਸ ਗੁਣ ਦੱਸਦੇ ਸਨ - ਬਰਤਾਨੀਆ ਦੀ ਪਰਜਾ ਹੋਣ ਦਾ ਆਪਣਾ ਦਰਜਾ। ਸਲਤਨਤ ਲਈ ਲੜਾਈ ਕਰ ਰਹੇ ਉਨ੍ਹਾਂ ਦੇ ਬੰਦਿਆਂ ਦੀਆਂ ਕੁਰਬਾਨੀਆਂ, ਬਰਤਾਨੀਆ ਲਈ ਉਨ੍ਹਾਂ ਦੀ ਵਫਾਦਾਰੀ, ਕਨੇਡਾ ਵਿੱਚ ਉਨ੍ਹਾਂ ਵੱਲੋਂ ਕੀਤੀ ਸਖਤ ਮੇਹਨਤ ਅਤੇ ਆਰਥਿਕਤਾ ਵਿੱਚ ਪਾਇਆ ਯੋਗਦਾਨ। ਕਿਸੇ ਉਚਿਤ ਸਮੇਂ `ਤੇ ਕਪੂਰ ਦਾ ਸਹਿਯੋਗੀ ਡਾ. ਸੁੰਦਰ ਸਿੰਘ ਕਨੇਡੀਅਨ ਸਰੋਤਿਆਂ ਨੂੰ ਬੈਠ ਕੇ ਸੁਨਣ ਲਈ ਮਜਬੂਰ ਕਰ ਸਕਦਾ ਸੀ। ਐਮਪਾਇਰ ਕਲੱਬ ਵਿੱਚ ਜਦੋਂ ਉਸ ਨੇ ਕਿਹਾ ਸੀ ਕਿ ਬੰਦਿਆਂ ਨੂੰ ਕਨੇਡਾ ਵਿੱਚ ਆਪਣੀਆਂ ਬੀਵੀਆਂ ਲਿਆਉਣ ਲਈ ਇਸ ਕਰਕੇ ਆਗਿਆ ਨਹੀਂ ਮਿਲਦੀ ਕਿਉਂ ਕਿ ਉਹ ਸਿੱਖ ਸਨ ਤਾਂ ਉਸਦੀ ਇਸ ਅਲੋਚਨਾ ਨਾਲ ਤਾੜੀਆਂ ਨਾਲ ਹਾਲ ਗੂੰਜ ਉੱਠਿਆ ਸੀ।

ਵੈਨਕੂਵਰ ਦੀਆਂ ਸੜਕਾਂ `ਤੇ ਹਮਦਰਦੀ ਲੈਣ ਨਾਲੋਂ ਟਰਾਂਟੋ ਦੇ ਅਮੀਰ ਸਰੋਤਿਆਂ ਤੋਂ ਤਾੜੀਆਂ ਬਟੋਰਨੀਆਂ ਕਿਤੇ ਸੌਖੀਆਂ ਸਨ। ਵੱਡੀ ਗਿਣਤੀ ਵਿੱਚ ਬ੍ਰਿਟਿਸ਼ ਕੋਲੰਬੀਅਨ ਏਸ਼ੀਅਨਾਂ ਦੇ ਵਿਰੋਧੀ ਅੰਦੋਲਨਕਾਰੀ ਐੱਚ. ਐੱਚ. (ਹੈਰੀ) ਸਟੀਵਨਜ਼ ਦੀਆਂ ਕੀਲ ਲੈਣ ਵਾਲੀਆਂ ਲਿਖਤਾਂ ਨੂੰ ਚੰਦਾ ਭੇਜਦੇ ਸਨ। ਕੰਜ਼ਰਵਟਿਵ ਪਾਰਟੀ ਦਾ ਐਮ ਪੀ ਵੈਨਕੂਵਰ ਤੋਂ ਪਹਿਲੀ ਵਾਰ 1911 ਵਿੱਚ ਚੁਣਿਆ ਗਿਆ ਸੀ। ਉਹ ਆਪਣੀ ਪਹਿਲੀ ਟਰਮ ਵਿੱਚ ਹੀ ਬੀ ਸੀ ਤੋਂ ਇਕ ਪ੍ਰਭਾਵਸ਼ਾਲੀ ਆਵਾਜ਼  ਵਿੱਚ ਪ੍ਰਤੱਖ ਦਿਸਦਾ ਸੀ। ਉਹ ਇੱਕ ਇਸਾਈ ਉਪਦੇਸ਼ਕ ਅਤੇ ਛੋਟਾ ਕਾਰੋਬਾਰੀ ਸੀ। ਉਹ ਲੋਕਾਂ ਦਾ ਬੰਦਾ ਸੀ।  ਉਹ ਸੰਘਰਸ਼ ਕਰਦੇ ਬਰਤਾਨਵੀ ਪਰਵਾਸੀ ਮਾਪਿਆਂ ਦਾ ਪੁੱਤਰ  ਅਤੇ ਆਪੇ ਬਣਿਆ ਕਾਮਯਾਬ ਬੰਦਾ ਸੀ। ਉਹ ਬੀ ਸੀ ਦੇ ਗੋਰੇ ਸਮਾਜ ਦੇ ਇੱਕ ਵੱਡੇ ਵਰਗ ਲਈ ਬੋਲਦਾ ਸੀ। ਉਹ ਬਾਈ ਸਾਲ ਦੀ ਉਮਰ ਵਿੱਚ 'ਬੌਕਸਰ ਰੀਬੇਲੀਅਨ' ਵੇਲੇ ਚੀਨ ਗਿਆ। ਉਹ ਉੱਥੇ ਅਮਰੀਕਨ ਸੈਨਾ ਨਾਲ ਸਹਾਈ ਸੇਵਾਵਾਂ ਵਿੱਚ ਵਲੰਟੀਅਰ ਦੇ ਤੌਰ `ਤੇ ਗਿਆ ਸੀ। ਅਤੇ ਜਿਹੜਾ ਕੁਝ ਵੀ ਉਸ ਨੇ "ਵਿਦੇਸ਼ੀ ਅਤੇ ਭੀੜ ਭਰੇ" ਦੇਸ਼ ਵਿੱਚ ਵਾਪਰਦਾ ਦੇਖਿਆ, ਉਸ ਨੇ ਉਸਨੂੰ ਏਸ਼ੀਅਨ ਪ੍ਰਵਾਸੀਆਂ ਦਾ ਕੱਟੜ ਵਿਰੋਧੀ ਬਣਾ ਦਿੱਤਾ। ਇਹੀ ਉਸਦਾ ਮੁੱਖ ਮੁੱਦਾ ਸੀ, ਜਦੋਂ ਉਹ 1911 ਵਿੱਚ ਐਮ ਪੀ ਚੁਣਿਆ ਗਿਆ। ਹਾਊਸ ਆਫ ਕਾਮਨ ਵਿੱਚ ਦਿੱਤੀ ਉਸਦੀ ਪਲੇਠੀ ਤਕਰੀਰ ਦਾ ਵੀ ਇਹ ਕੇਂਦਰੀ ਨੁਕਤਾ ਸੀ ਜਦੋਂ ਉਸ ਨੇ ਮਸ਼ਹੂਰ ਦਾਅਵਾ  ਕਨੇਡਾ "ਵਾਈਟ ਮੈਨਸ ਕੰਟਰੀ"  ਦੁਹਰਾਇਆ ਅਤੇ ਕਿਹਾ ਕਿ ਸਰਕਾਰ ਨੂੰ ਇਹ ਇਸੇ ਤਰ੍ਹਾਂ ਹੀ ਰੱਖਣਾ ਚਾਹੀਦਾ ਹੈ। ਉਹ ਭਾਰਤ ਅਤੇ ਭਾਰਤੀ ਲੋਕਾਂ ਪ੍ਰਤੀ ਜਨਤਕ ਤੌਰ `ਤੇ ਬੇਹੱਦ ਅਪਮਾਨਜਨਕ  ਟਿੱਪਣੀਆਂ ਕਰਦਾ। 'ਸੰਸਾਰ' ਨੇ ਇਸ ਦਾ ਜਵਾਬ ਇਹ ਕਹਿੰਦੇ ਹੋਏ ਦਿੱਤਾ ਕਿ ਸਟੀਵਨਜ਼ ਦੀਆਂ ਗਾਲ਼੍ਹਾਂ "ਰੰਗ ਕਾਰਨ ਵਿਤਕਰਾ" ਸੀ।' ਕਪੂਰ ਅਤੇ ਉਸਦੇ ਐਕਟੇਵਿਸਟ ਦੋਸਤ ਸਟੀਵਨਜ਼ ਵਰਗੇ ਬੰਦਿਆਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।  ਇਹੀ 'ਆਰੀਅਨ' ਅਤੇ 'ਸੰਸਾਰ' ਦਾ ਉਦੇਸ਼ ਸੀ ਅਤੇ ਇਹੀ 'ਹਿੰਦੂ ਫਰੈਂਡ ਸੁਸਾਇਟੀ ਆਫ ਵਿਕਟੋਰੀਆ' ਦਾ ਉਦੇਸ਼ ਸੀ। ਇਸ ਸੁਸਾਇਟੀ ਨੂੰ ਕਪੂਰ ਅਤੇ ਉਸਦੇ ਸਾਥੀਆਂ ਨੇ ਬਣਾਇਆ ਸੀ। ਉਨ੍ਹਾਂ ਨੇ ਵਿਕਟੋਰੀਆ ਵਿੱਚ ਕੁਝ ਗੋਰੇ ਲੋਕਾਂ ਦੀਆਂ ਸੰਸਥਾਵਾਂ ਦਾ ਸਮਰਥਨ ਵੀ ਪ੍ਰਾਪਤ ਕੀਤਾ। ਵਿਕਟੋਰੀਆ ਦੇ ਡਾਊਨ ਟਾਊਨ ਵਾਲੀ ਫਸਟ ਪ੍ਰੈਸਬੀਟੇਰੀਅਨ ਚਾਈਨਿਜ਼ ਚਰਚ ਦਾ ਪ੍ਰਚਾਰਕ ਲੂਇਸ ਡਬਲਿਊ ਹਾਲ ਸਭ ਤੋਂ ਜ਼ਿਆਦਾ ਸਮਰਪਣ ਵਾਲਾ ਸੀ। 'ਲੂਇਸ ਹਾਲ' ਸੱਠ ਸਾਲ ਦਾ ਅਮਰੀਕਨ ਸੀ। ਉਹ ਕਨੇਡੀਅਨ ਔਰਤ ਨਾਲ ਵਿਆਹਿਆ ਸੀ। ਉਹ ਵਿਕਟੋਰੀਆ ਵਿੱਚ 1892 ਤੋਂ, ਜਦੋਂ ਤੋਂ ਪਹਿਲੀ ਵਾਰ ਚੀਨਿਆਂ ਦੇ ਮਿਸ਼ਨ ਦੀ ਸ਼ੁਰੂਆਤ ਹੋਈ ਸੀ, ਰਹਿ ਰਿਹਾ ਸੀ। ਉਹ ਤੇਜਾ ਸਿੰਘ ਨੂੰ 1908 ਤੋਂ ਜਾਣਦਾ ਸੀ। ਉਦੋਂ ਤੇਜਾ ਸਿੰਘ ਪਹਿਲੀ ਵਾਰ ਉੱਥੇ ਆਇਆ ਸੀ। ਉਹ, ਤੇਜਾ ਸਿੰਘ, ਡਾ. ਸੁੰਦਰ ਸਿੰਘ ਅਤੇ ਰਾਜਾ ਸਿੰਘ ਨਾਲ 1911 ਵਿੱਚ ਸਰਕਾਰ ਕੋਲ ਸਾਊਥ ਏਸ਼ੀਅਨ ਬੰਦਿਆਂ ਨੂੰ ਆਪਣੇ ਬੱਚੇ ਅਤੇ ਪਤਨੀਆਂ ਨੂੰ ਕਨੇਡਾ ਮੰਗਵਾਉਣ ਦੀ ਇਜਾਜ਼ਤ ਦੇਣ ਦਾ ਮੁੱਦਾ ਲੈ ਕੇ ਓਟਵਾ ਵੀ ਗਿਆ। ਪਰ ਉਹ ਅਸਫਲ ਰਹੇ। ਵਿਕਟੋਰੀਆ ਦੇ ਸਿੱਖਾਂ ਨੇ ਹਾਲ  ਨੂੰ 1913 ਵਿੱਚ ਇੱਕ ਅਰਜ਼ੀ ਦੇ ਕੇ ਸਿਆਟਲ ਵੀ ਭੇਜਿਆ। ਪਰ ਅਸਫਲਤਾ ਹੀ ਹੱਥ ਲੱਗੀ। ਇਹ ਅਰਜ਼ੀ 197 ਪੰਜਾਬੀ ਪ੍ਰਵਾਸੀਆਂ ਵੱਲੋਂ ਸੀ, ਜਿਨ੍ਹਾਂ ਨੂੰ  ਅਮਰੀਕਾ ਤੋਂ ਵਾਪਸ ਮੋੜ ਦਿੱਤਾ ਗਿਆ ਸੀ।(3)

1911 ਵਿੱਚ ਰੇਲਗੱਡੀ ਰਾਹੀਂ ਤਿੰਨ ਸਿੱਖਾਂ ਨਾਲ ਓਟਵਾ ਦਾ ਸਫਰ ਕਰਦਿਆਂ ਲੂਇਸ ਹਾਲ ਬਹੁਤ ਛੇਤੀ ਹੀ ਸਿੱਖੀ ਬਾਰੇ ਬਹੁਤ ਕੁਝ ਜਾਣ ਗਿਆ। ਉਸ ਕੋਲ ਰੇਲ ਵਿੱਚ ਚਾਰ ਦਿਨ ਸਿੱਖਾਂ ਬਾਰੇ ਪੜ੍ਹਣ ਲਈ ਸਨ ਅਤੇ ਉਸ ਕੋਲ ਇਸ ਬਾਰੇ ਗੱਲਾਂ ਕਰਨ ਲਈ ਤੇਜਾ ਸਿੰਘ ਵਰਗਾ ਅਧਿਆਤਮਵਾਦੀ ਟੀਚਰ ਸੀ। ਆਪਣੀ ਸਵੈ-ਜੀਵਨੀ ਵਿੱਚ ਤੇਜਾ ਸਿੰਘ ਦੱਸਦਾ ਹੈ ਕਿ ਹਾਲ ਨੇ ਪੂਰਬ ਵੱਲ ਜਾਂਦਿਆ ਸਿੱਖਾਂ ਦੇ ਦਸਵੇਂ ਗੁਰੂ ਬਾਰੇ ਕਿਤਾਬ ਪੜ੍ਹ ਦਿੱਤੀ ਸੀ ਅਤੇ ਕਹਿਣ ਲੱਗਾ, "ਗੁਰੂ ਗੋਬਿੰਦ ਸਿੰਘ! ਗੁਰੂ ਗੋਬਿੰਦ ਸਿੰਘ!!ਜੇ ਮੈਂ ਇਹ ਕਿਤਾਬ ਜਵਾਨੀ ਵੇਲੇ ਪੜ੍ਹ ਲੈਂਦਾ ਤਾਂ ਮੈਂ ਗੋਬਿੰਦ ਸਿੰਘ ਦਾ ਸਿੱਖ ਬਣ ਜਾਣਾ ਸੀ।"(4) ਅਸਲ ਵਿੱਚ ਹਾਲ ਨੇ ਆਪਣਾ ਧਰਮ ਪ੍ਰੀਵਰਤਨ ਕਰਨ ਬਾਰੇ ਪੇਸ਼ਕਸ਼ ਨਹੀਂ ਸੀ ਕੀਤੀ, ਆਪਣੀ ਪ੍ਰੌੜ ਉਮਰ ਕਰਕੇ ਉਸ ਨੇ ਇਸ ਨੂੰ ਜ਼ਰੂਰੀ ਨਹੀਂ ਸਮਝਿਆ। ਪਰ ਵਿਕਟੋਰੀਆ ਵਿੱਚ ਉਸ ਨੇ ਸਿੱਖ ਧਰਮ ਬਾਰੇ ਐਨੇ ਉਤਸ਼ਾਹ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਿ ਗੋਰੇ ਲੋਕਾਂ ਵਿੱਚ ਉਸਦੀ ਸਾਖ ਬਦਲੇ ਹੋਏ ਧਰਮ ਵਾਲੇ ਦੀ ਬਣ ਗਈ ਸੀ। ਉਸ ਬਾਰੇ ਇਸੇ ਤਰ੍ਹਾਂ ਹੀ  ਇਮੀਗਰੇਸ਼ਨ ਵਿਭਾਗ ਦੇ ਐਂਗਲੋ-ਇੰਡੀਅਨ ਇਮੀਗਰੇਸ਼ਨ ਅਫਸਰ, ਹੌਪਕਿਨਸਨ ਨੇ ਆਪਣੀ ਓਟਵਾ ਨੂੰ ਭੇਜੀ ਰੀਪੋਰਟ ਵਿੱਚ ਲਿਖਿਆ ਸੀ।

ਹੋ ਸਕਦਾ ਹੈ ਕਿ ਹਾਲ ਨੇ ਹੀ ਇਸਾਬਲ ਰੌਸ ਬਰੌਡ ਦੀ ਹਿੰਦੂ ਫਰੈਂਡ ਸੁਸਾਇਟੀ ਆਫ ਵਿਕਟੋਰੀਆ ਨਾਲ ਜਾਣ-ਪਹਿਚਾਣ ਕਰਵਾਈ ਹੋਵੇ। ਉਹ ਸ਼ਹਿਰ ਵਿੱਚ 1913 ਵਿੱਚ ਪਹੁੰਚੀ ਸੀ ਅਤੇ ਸਿੱਖਾਂ ਨਾਲ "ਅਨ-ਕਰਿਸ਼ਚੀਅਨ" ਵਿਹਾਰ ਹੁੰਦੇ  ਨੂੰ ਅੱਖੀਂ ਦੇਖ ਕੇ ਛੇਤੀ ਹੀ ਬੇਚੈਨੀ ਮਹਿਸੂਸ ਕਰਨ ਲੱਗੀ। ਪਹਿਲਾਂ ਉਹ ਓਨਟੇਰੀਓ ਦੇ ਪੇਂਡੂ ਅਤੇ ਛੋਟੇ ਇਲਾਕੇ ਦੇ ਪ੍ਰੈਸਬੀਟੇਰੀਅਨ ਅਤੇ ਸਕੌਟਿਸ਼ ਵਾਤਾਵਰਣ ਵਿੱਚ ਰਹਿੰਦੀ ਸੀ। ਉਸਦਾ ਪਤੀ ਉਸ ਨਾਲੋਂ ਉਮਰ ਵਿੱਚ ਕਾਫੀ ਛੋਟਾ ਸੀ ਤੇ ਪ੍ਰੈਸਬੀਟੇਰੀਅਨ ਪਾਦਰੀ ਸੀ। ਉਸਦੀ ਮੌਤ ਤੋਂ ਬਾਅਦ ਉਹ ਵਿਕਟੋਰੀਆ ਆ ਗਈ ਅਤੇ ਵਿਧਾਨ ਸਭਾ ਦੀ ਇਮਾਰਤ ਤੋਂ ਇੱਕ ਬਲਾਕ ਦੂਰ ਬੰਦਰਗਾਹ ਦੇ ਨੇੜੇ ਇੱਕ ਘਰ ਵਿੱਚ ਰਹਿਣ ਲੱਗੀ। ਚਰਚ ਵਿੱਚ ਨਿਯਮ ਨਾਲ ਜਾਂਦੀ ਰਹਿਣ ਕਾਰਣ ਉਸ ਨੂੰ ਭਲੀ ਭਾਂਤ ਪਤਾ ਸੀ ਕਿ ਕਨੇਡੀਅਨ ਇਸਾਈ ਲੋਕ ਸਮੁੰਦਰੋਂ ਪਾਰ ਧਰਮ ਪ੍ਰਚਾਰ ਲਈ ਕਿੰਨਾ ਧਨ ਦਿੰਦੇ ਸਨ। ਉਸ ਨੂੰ ਛੇਤੀ ਹੀ ਵਿਸ਼ਵਾਸ਼ ਹੋ ਗਿਆ ਕਿ ਇੱਥੇ ਸਿੱਖਾਂ ਨਾਲ ਅਯੋਗ ਵਿਹਾਰ ਉਨ੍ਹਾਂ ਦੇ ਭਾਰਤ ਵਿੱਚ ਧਰਮ ਪ੍ਰਚਾਰ ਦੀਆਂ ਕੋਸ਼ਿਸ਼ਾਂ ਲਈ ਕਿੰਨਾ ਨੁਕਸਾਨਦੇਹ ਹੋ ਸਕਦਾ ਸੀ। ਇਸੇ ਹੀ ਦ੍ਰਿਸ਼ਟੀਕੋਣ ਤੋਂ ਉਸ ਨੇ ਸਿੱਖਾਂ ਨਾਲ ਯੋਗ ਵਿਹਾਰ ਕਰਨ ਲਈ ਕਨੇਡੀਅਨ ਇਸਾਈ ਚਰਚਾਂ ਨੂੰ ਸੰਬੋਧਨ ਕਰਦੀ ਪੱਤ੍ਰਿਕਾ ਛਾਪੀ। ਇਸ ਵਿੱਚ ਉਸ ਨੇ ਡਾ. ਸੁੰਦਰ ਸਿੰਘ ਦੀ ਸਮੱਗਰੀ ਅਤੇ ਸ਼ਬਦਾਂ ਨੂੰ ਥੋਕ ਵਿੱਚ ਵਰਤਿਆ। ਉਸ ਨੇ ਪੁੱਛਿਆ ਕਿ ਜੇ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਵੇ ਕਿ ਹਲਾਤ ਕਿੰਨੇ ਗੰਭੀਰ ਸਨ ਤਾਂ "ਭਾਰਤ ਵਿੱਚ ਅਧਰਮੀ ਲੋਕ ਧਰਮ ਪ੍ਰਚਾਰਕਾਂ ਨੂੰ ਆਖ ਸਕਦੇ ਹਨ ਕਿ ਤੁਹਾਡਾ ਪ੍ਰਚਾਰ ਸੱਚਾ ਨਹੀਂ, ਤੁਸੀਂ ਆਪਣੇ ਦੇਸ਼ ਵਿੱਚ ਹਿੰਦੂਆਂ ਨਾਲ ਅਨਿਆਂਪੂਰਕ ਵਿਹਾਰ ਕਰਦੇ ਹੋ।"(5)

ਵੈਨਕੂਵਰ ਅਤੇ ਵਿਕਟੋਰੀਆ ਦੇ ਸਿੱਖਾਂ ਨਾਲ ਕਿਸੇ ਵੀ ਹੋਰ ਚਰਚ ਨਾਲੋਂ  ਪ੍ਰੈਸਬੀਟੇਰੀਅਨ ਚਰਚ ਦੇ ਸਬੰਧ ਜ਼ਿਆਦਾ ਨੇੜਲੇ ਸਨ। ਇਸਦਾ ਕਾਰਣ ਇਹ ਸੀ ਕਿ ਕਨੇਡਾ ਦੇ ਪ੍ਰੈਸਬੀਟੇਰੀਅਨਾਂ ਵਿੱਚ ਬਹੁਤ ਸਾਰੇ ਸੇਵਾ-ਮੁਕਤ ਧਰਮ ਪ੍ਰਚਾਰਕ ਸਨ, ਜਿਨ੍ਹਾਂ  ਨੇ ਭਾਰਤ ਵਿੱਚ ਜਾਂ ਵੈਸਟ ਇੰਡੀਜ਼ ਵਿੱਚ ਸਾਊਥ ਏਸ਼ੀਅਨ ਪ੍ਰਵਾਸੀਆਂ ਦੀ ਵੰਸ਼ ਲਈ ਸੇਵਾਵਾਂ ਨਿਭਾਈਆਂ ਸਨ। ਉਹ ਸਿੱਖਾਂ ਵਿੱਚ ਜਾਤੀ ਤੌਰ `ਤੇ ਦਿਲਚਸਪੀ ਲੈਂਦੇ ਸਨ। ਕਪੂਰ ਦੇ  ਸਹਿਯੋਗੀ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਚਾਹੁੰਦੇ ਸਨ ਕਿ ਗੋਰੇ ਸਮਾਜ ਵਿੱਚੋਂ ਕੋਈ ਰੁਤਬੇ ਵਾਲਾ ਇਨਸਾਨ ਸਾਊਥ ਏਸ਼ੀਅਨਾਂ ਦੀ ਖਾਤਿਰ ਬੋਲੇ। ਇਨ੍ਹਾਂ ਦੀ ਹੱਲਾਸ਼ੇਰੀ ਨਾਲ ਸਥਾਨਕ ਪ੍ਰਚਾਰਕਾਂ ਨੇ ਪ੍ਰੈਸਬੀਟੇਰੀਅਨ ਚਰਚ ਦੀ ਕੌਮੀ ਸੰਸਥਾ ਨਾਲ ਸੰਪਰਕ ਕੀਤਾ ਕਿਉਂ ਕਿ ਉਹ ਹਾਲ ਅਤੇ ਉਸਦੀ ਉਦਾਹਰਣ ਤੋਂ ਪ੍ਰਭਾਵਤ ਸਨ। ਹਾਲ ਨੇ ਪ੍ਰੈਸਬੀਟੇਰੀਅਨ ਧਰਮ ਪ੍ਰਚਾਰਕ ਹੋਣ ਦੇ ਨਾਤੇ ਸਿੱਖਾਂ ਦਾ ਧਰਮ ਪ੍ਰੀਵਰਤਨ ਕਰਨ ਦੀ ਕੋਸ਼ਿਸ਼ ਤੋਂ ਬਿਨਾਂ ਮੱਦਦ ਕੀਤੀ ਸੀ।(6) ਅਖੀਰ ਪ੍ਰੈਸਬੀਟੇਰੀਅਨਾਂ ਦੇ ਟਰਾਂਟੋ ਸਥਿਤ ਵਿਦੇਸ਼ੀ ਪ੍ਰਚਾਰ ਬੋਰਡ ਨੇ ਦੋ ਸੇਵਾ ਮੁਕਤ ਪਾਦਰੀ ਬੀ. ਸੀ. ਨੂੰ ਭੇਜ ਦਿੱਤੇ। ਇਨ੍ਹਾਂ ਪਾਦਰੀਆਂ ਨੇ ਟਰਿਨੀਡੈਡ ਵਿੱਚ ਸਾਊਥ ਏਸ਼ੀਅਨਾਂ ਵਿੱਚ ਕੰਮ ਕਰਦਿਆਂ ਹਿੰਦੀ ਸਿੱਖ ਲਈ ਸੀ। ਉਹ ਕੁਝ ਕੁ ਦਾ ਧਰਮ ਬਦਲਣ ਖਾਤਰ ਲੰਮੀ ਅਤੇ ਸਖਤ ਮੇਹਨਤ ਕਰਨ ਦੇ ਚਾਹਵਾਨ ਸਨ। ਧਰਮ ਪ੍ਰੀਵਰਤਨ ਉਨ੍ਹਾਂ ਦਾ ਮੁਢਲਾ ਨਿਸ਼ਾਨਾ ਸੀ ਇਹ ਗੱਲ ਡਾ. ਸੁੰਦਰ ਸਿੰਘ ਅਤੇ ਕਰਤਾਰ ਸਿੰਘ ਦੇ ਦਿਮਾਗ ਵਿੱਚ ਨਹੀਂ ਸੀ।

ਉਨ੍ਹਾਂ ਵਿੱਚੋਂ ਇੱਕ ਪਾਦਰੀ 1913 ਵਿੱਚ ਵੈਨਕੂਵਰ ਆਇਆ ਅਤੇ ਦੂਜਾ 1914 ਵਿੱਚ ਵਿਕਟੋਰੀਆ। ਜੇ ਉਨ੍ਹਾਂ ਨੂੰ ਤੁਰੰਤ ਹੀ ਪਤਾ ਨਹੀਂ ਲੱਗਾ ਤਾਂ ਛੇਤੀ ਹੀ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੇ ਸਖਤ ਅਤੇ ਬਿਨਾਂ ਕਿਸੇ ਫਲ ਵਾਲਾ ਕੰਮ ਲੈ ਲਿਆ ਸੀ। ਨੋਵਾ ਸਕੋਸ਼ੀਆ ਤੋਂ ਸਕੋਟਿਸ਼-ਕਨੇਡੀਅਨ ਵਿਲੀਅਮ ਐਲ ਮਕਰੇਅ ਇੱਕ ਦਹਾਕੇ ਤੋਂ ਵੀ ਵੱਧ ਸਮੇ ਲਈ ਡਟਿਆ ਰਿਹਾ। ਉਹ ਲਗਾਤਾਰ ਅੰਗ੍ਰੇਜ਼ੀ ਤੇ ਬਾਈਬਲ ਦੀਆਂ ਕਲਾਸਾਂ ਅਤੇ ਪੂਜਾ ਲਈ ਸੇਵਾਵਾਂ ਪੇਸ਼ ਕਰਦਾ, ਜਿਸ ਵਿੱਚ ਵਿਰਲੇ ਟਾਵੇਂ ਕੋਈ ਦਰਜਨ ਦੇ ਕਰੀਬ ਸਿੱਖ ਤੇ ਹਿੰਦੂ ਸ਼ਾਮਲ ਹੁੰਦੇ। ਮਕਰੇਅ ਨੇ ਪ੍ਰਵਾਨ ਕੀਤਾ ਕਿ ਸਿੱਖ ਮੱਤ ਵਿੱਚ ਬਹੁਤ ਸੱਚ ਹੈ ਜਿਹੜਾ ਉਸ ਨੂੰ ਆਪਣੇ ਰਾਹ ਦਾ ਅੜਿੱਕਾ ਲਗਦਾ ਸੀ। ਉਸ ਨੇ ਇਸ ਨੂੰ ਇਸ ਤਰ੍ਹਾਂ ਦੇਖਿਆ: ਜਿੰਨਾਂ ਜ਼ਿਆਦਾ ਸੱਚ ਇਸਾਈ ਮੱਤ ਤੋਂ ਬਿਨਾਂ ਕਿਸੇ ਹੋਰ ਧਰਮ ਵਿੱਚ ਹੁੰਦਾ, "ਉਨੀਂ ਹੀ ਕੱਟੜਤਾ ਨਾਲ ਉਸਦੇ ਸ਼ਰਧਾਲੂ ਉਸ ਨਾਲ ਜੁੜੇ ਰਹਿੰਦੇ।" ਪਰ ਉਸਦੀ ਸਿਰਫ ਇਹੀ ਸਮੱਸਿਆ ਨਹੀਂ ਸੀ। ਉਸਦਾ ਇਸਾਈ ਪ੍ਰਚਾਰ ਬਹੁਤ ਸਾਰੇ ਸਿੱਖਾਂ ਲਈ ਭੜਕਾਊ ਸੀ ਖਾਸ ਕਰਕੇ ਗੁਰਦਵਾਰੇ ਦੇ ਆਗੂਆਂ ਲਈ ਜਿਹੜੇ  ਤਕਰੀਬਨ ਉਸੇ ਸਮੇਂ ਤੋਂ ਹੀ ਖਾੜਕੂ ਰੁਖ ਅਖਤਿਆਰ ਕਰ ਰਹੇ ਸਨ, ਜਦੋਂ ਤੋਂ ਮਕਰੇਅ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ।(7)

ਵੈਨਕੂਵਰ ਅਤੇ ਵਿਕਟੋਰੀਆ ਵਿੱਚ ਪ੍ਰੈਸਬੀਟੇਰੀਅਨਾਂ ਦਾ ਪ੍ਰਚਾਰ ਸਿਰਫ ਸਾਈਡਸ਼ੋਅ ਹੀ ਸੀ। ਜਦੋਂ ਕੁ ਕਪੂਰ ਵਿਕਟੋਰੀਆ ਵਿੱਚ ਸੈੱਟ ਹੋਇਆ, ਉਦੋਂ ਕੁ ਹੀ ਸਿੱਖ ਭਾਈਚਾਰੇ ਵਿੱਚ ਰਾਜਨੀਤਕ ਤੁਫਾਨ ਉਠ ਖਲੋਤਾ ਸੀ।  ਮਾਰਚ 1913 ਵਿੱਚ ਤੇਜਾ ਸਿੰਘ ਦੇ ਭਾਰਤ ਮੁੜਣ ਤੋਂ ਪਹਿਲਾਂ ਹੀ ਸਥਾਨਕ ਸਿੱਖ ਰਹਿਨੁਮਾਵਾਂ ਵਿੱਚ ਪ੍ਰੀਵਰਤਨ ਹੋਣ ਲੱਗਾ ਸੀ। ਤੇਜਾ ਸਿੰਘ ਅਤੇ ਸੁੰਦਰ ਸਿੰਘ ਨੇ ਆਪਣਾ ਪ੍ਰਭਾਵ ਗੁਆ ਲਿਆ ਸੀ। ਉਨ੍ਹਾਂ ਦੀ ਥਾਂ ਅਣਪੜ੍ਹ ਅਤੇ ਜਿਹੜੇ ਅੰਗ੍ਰੇਜ਼ੀ ਨਹੀਂ ਬੋਲ ਸਕਦੇ ਸਨ ਅਤੇ ਜਿਨ੍ਹਾਂ ਦੀ ਰਾਜਨੀਤੀ ਖਾੜਕੂ ਸੀ, ਨੇ ਲੈ ਲਈ ਸੀ। ਤੇਜਾ ਸਿੰਘ ਦੇ ਵੈਨਕੂਵਰ ਤੋਂ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਤੋਂ ਤਿੰਨ ਮਹੀਨੇ ਬਾਅਦ ਅਤੇ ਪ੍ਰਭਾਵਸ਼ਾਲੀ ਗਰਮ ਖਿਆਲੀ ਭਗਵਾਨ ਸਿੰਘ ਜੱਖ ਦੇ ਪਹੁੰਚਣ ਨਾਲ ਖਾੜਕੂ ਪਾਰਟੀ ਨੇ ਤਾਕਤ ਅਤੇ ਗਤੀ ਫੜ ਲਈ। ਭਗਵਾਨ ਸਿੰਘ ਜੂਨ ਦੇ ਸ਼ੁਰੂ ਵਿੱਚ ਵਿਕਟੋਰੀਆ ਪਹੁੰਚਿਆ ਸੀ। ਉਹ ਸੰਯੋਗਵਸ 'ਇਮਪ੍ਰੈੱਸ ਆਫ ਰਸ਼ੀਆ' ਦੀ ਪਲੇਠੀ ਯਾਤਰਾ ਰਾਹੀਂ ਸਫਰ ਕਰ ਰਿਹਾ ਸੀ। ਇਸ ਬੇੜੇ ਦੇ ਨੌਂ ਦਿਨਾਂ ਦੇ ਰਿਕਾਰਡ ਤੋੜ ਸਮੇਂ ਵਿੱਚ ਪੈਸੇਫਿਕ ਨੂੰ ਪਾਰ ਕਰਕੇ ਵਿਕਟੋਰੀਆ ਪਹੁੰਚਣ ਕਰਕੇ ਅਨੇਕਾਂ ਪ੍ਰਸ਼ੰਸਕ ਸਨ। ਇਸ ਵਿੱਚ ਛੁੱਟੀਆਂ ਮਨਾਉਣ ਵਾਲੇ ਧਨਾਢ ਯਾਤਰੀਆਂ ਦਾ ਇਕੱਠ ਸੀ। ਇਸ ਬੇੜੇ ਵਿੱਚ ਸਵਾਰ ਹਜ਼ਾਰ ਸਵਾਰੀਆਂ ਵਿੱਚ ਪੰਜ ਸਾਊਥ ਏਸ਼ੀਅਨ ਸਨ ਜਿਨ੍ਹਾਂ ਵਿੱਚੋਂ ਭਗਵਾਨ ਸਿੰਘ ਇੱਕ ਸੀ। ਉਹ  ਇਮੀਗਰੇਸ਼ਨ ਦੇ ਜਾਲ ਵਿੱਚੋਂ ਬਿਨਾਂ ਕਿਸੇ ਤਕਲੀਫ ਦੇ ਫਿਸਲ ਗਿਆ ਸੀ ।(8)

ਭਗਵਾਨ ਸਿੰਘ ਜੱਖ ਅਮ੍ਰਿਤਸਰ ਤੋਂ ਬ੍ਰਾਹਮਣ ਸਿੱਖ ਸੀ। ਉਸਦੀ ਬ੍ਰਾਹਮਣ ਪਹਿਚਾਣ ਕਰਕੇ ਕੁਝ ਸਿੱਖਾਂ ਅੰਦਰ ਉਸ ਬਾਰੇ ਥੋੜ੍ਹੀ ਜਿਹੀ ਸ਼ੰਕਾ ਸੀ। ਉਸਦੇ ਅਮ੍ਰਿਤਸਰ ਤੋਂ ਹੋਣ ਕਰਕੇ ਪੰਜਾਬ ਦੇ ਹੋਰ ਖਿੱਤੇ ਨਾਲ ਸਬੰਧਤ ਲੋਕਾਂ ਅੰਦਰ ਉਸ ਪ੍ਰਤੀ ਅਵਿਸ਼ਵਾਸ਼ ਨੂੰ ਉਤੇਜਿਤ ਕੀਤਾ ਸੀ। ਪਰ ਆਪਣੀ ਤੀਹ ਸਾਲ ਦੀ ਉਮਰ ਤੱਕ ਉਸ ਨੇ ਪੰਜਾਬੀਆਂ ਵਿੱਚ ਆਪਣੀ ਸਾਖ ਅੰਗ੍ਰੇਜ਼ਾਂ ਖਿਲਾਫ ਆਜ਼ਾਦੀ ਘੁਲਾਟੀਏ ਵਾਲੀ ਬਣਾ ਲਈ ਸੀ। ਉਹ ਕਨੇਡਾ ਵਿੱਚ ਕਿਸੇ ਹੋਰ ਦੀ ਸ਼ਨਾਖਤ, ਜਿਹੜਾ ਪਹਿਲਾਂ ਦੇਸ਼ ਵਿੱਚ ਰਹਿੰਦਾ ਸੀ, ਨਾਲ ਦਾਖਲ ਹੋਇਆ ਸੀ।  ਇਮੀਗਰੇਸ਼ਨ ਅਫਸਰ ਡਬਲਿਊ ਸੀ ਹੌਪਕਿਨਸਨ ਨੇ ਉਸਦੇ ਕਨੇਡਾ ਵਿੱਚ ਦਾਖਲੇ ਸਮੇਂ ਉਸ ਦੀ ਇੰਟਰਵਿਊ ਲਈ ਸੀ। ਉਸ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਭਾਵੇਂ ਭਗਵਾਨ ਸਿੰਘ ਦੀ ਦੱਖਣ ਪੂਰਬੀ ਏਸ਼ੀਆ ਦੇ ਸਿੱਖ ਭਾਈਚਾਰਿਆਂ ਵਿੱਚ ਚੰਗੀ ਪੈਂਠ ਸੀ। ਬਰਮਾ ਤੋਂ ਥਾਈਲੈਂਡ, ਮਲਾਇਆ ਸਟਰੇਟਸ, ਜਾਵਾ, ਸੁਮਟਰਾ, ਬੋਰਨੀਓ, ਸਿੰਗਾਪੁਰ ਅਤੇ ਹਾਂਗਕਾਂਗ। ਉਹ ਤਕੜਾ ਬੁਲਾਰਾ ਸੀ ਅਤੇ ਹਿੰਦੂ, ਮੁਸਲਿਮ ਅਤੇ ਸਿੱਖ ਗਰੰਥਾਂ ਦਾ ਗਿਆਤਾ। ਉਹ ਬਰਤਾਨਵੀ ਬਸਤੀਆਂ ਅਤੇ ਉਨ੍ਹਾਂ ਦੇਸ਼ਾਂ ਵਿੱਚ, ਜਿੱਥੇ ਬਰਤਾਨਵੀ ਹਕੂਮਤ ਦਾ ਪ੍ਰਭਾਵ ਸੀ, ਸਰਕਾਰ ਦੇ ਖਿਲਾਫ ਬੇਧੜਕ ਹੋ ਕੇ ਬੋਲਦਾ। ਉਹ ਪੰਜਾਬੀ ਵਿੱਚ ਆਪਣੇ ਭਾਸ਼ਣਾਂ ਵਿੱਚ ਸੰਕੇਤਕ ਅਲੰਕਾਰ ਅਤੇ ਸਪਸ਼ਟ ਉਦਾਹਰਣਾਂ ਦਿੰਦਾ। ਉਹ ਹਾਂਗਕਾਂਗ ਦੇ ਗੁਰਦਵਾਰੇ ਦਾ ਤਿੰਨ ਸਾਲ ਮੁੱਖ ਗਰੰਥੀ ਰਿਹਾ। ਇਨ੍ਹਾਂ ਤਿੰਨਾਂ ਸਾਲਾਂ ਵਿੱਚ ਬਰਤਾਨਵੀ ਹਕੂਮਤ ਨੇ ਉਸ ਨੂੰ ਬਗਾਵਤੀ ਸਿੱਖਿਆਵਾਂ ਦੇਣ ਦੇ ਦੋਸ਼ ਵਿੱਚ ਦੋ ਵਾਰ ਗ੍ਰਿਫਤਾਰ ਕੀਤਾ ਪਰ ਦੋਨੋਂ ਵਾਰ ਦੋਸ਼ ਵਾਪਸ ਲੈ ਲਏ। ਹਾਂਗਕਾਂਗ ਤੋਂ ਉਹ ਬ੍ਰਿਟਿਸ਼ ਕੋਲੰਬੀਆ ਆ ਗਿਆ। ਉਸਦੇ ਦੋਸਤਾਂ ਅਤੇ ਹਮਾਇਤੀਆਂ ਨੇ ਹਾਂਗਕਾਂਗ ਤੋਂ ਉਸ ਨੂੰ ਵੱਡੀ ਵਿਦਾਇਗੀ ਦਿੱਤੀ। ਬੀ. ਸੀ. ਵਿੱਚ ਉਹ ਆਪਣੇ ਹਮ-ਵਤਨੀਆਂ ਨੂੰ ਜੱਥੇਬੰਦ ਕਰਨ ਲੱਗਾ। ਇਸ ਲਈ ਉਸ ਨੇ ਵੈਨਕੂਵਰ ਦੇ ਸਿੱਖ ਗੁਰਦਵਾਰੇ ਨੂੰ ਆਪਣਾ ਮੁੱਖ ਅੱਡਾ ਬਣਾ ਲਿਆ। ਉੱਥੇ ਉਹ ਬੇਸਮੈਂਟ ਵਿੱਚ ਹਫਤੇਵਾਰ ਰਾਜਨੀਤਕ ਬੈਠਕਾਂ ਕਰਦਾ।

ਭਗਵਾਨ ਸਿੰਘ ਕਨੇਡਾ ਵਿੱਚ ਛੇ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਸਕਿਆ। ਇਮੀਗਰੇਸ਼ਨ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਉਸ ਨੂੰ ਧੱਕੇ ਦੇ ਕੇ ਕੱਢ ਦਿੱਤਾ। ਵੈਨਕੂਵਰ ਅਤੇ ਵਿਕਟੋਰੀਆ ਦੇ ਅਖਬਾਰਾਂ ਵਿੱਚ ਵਰਨਣ ਅਨੁਸਾਰ ਉਸਦਾ ਜਾਣਾ ਇੱਕ ਅਸਾਧਾਰਨ ਮਾਮਲਾ ਸੀ। ਉਸ ਨੂੰ ਕੱਪੜੇ ਬਦਲਣ ਜਾਂ ਆਪਣਾ ਸਮਾਨ ਲੈਣ ਦਾ ਸਮਾਂ ਦਿੱਤੇ ਬਿਨਾਂ ਹੀ ਉਸਦਾ ਬਿਸਤਰਾ ਗੋਲ ਕਰ ਦਿੱਤਾ। ਜਹਾਜ਼ ਦੇ ਘਾਟ `ਤੇ ਉਹ ਅਧਿਕਾਰੀਆਂ ਨਾਲ ਹੱਥੋਪਾਈ ਹੋਇਆ। ਬਹੁਤ ਸਾਰੇ ਪੁਲਸੀਆਂ ਨੇ ਉਸ ਨਾਲ ਘੁਲ ਕੇ ਉਸਦੇ ਹੱਥਕੜੀ ਲਾਈ ਅਤੇ ਗੈਂਗਵੇਅ ( ਕਿਨਾਰੇ ਤੋਂ ਜਹਾਜ਼ ਤੱਕ ਪਹੁੰਚਣ ਦਾ ਰਾਹ) ਰਾਹੀਂ ਹੁੰਦੇ ਹੋਏ ਉਸ ਨੂੰ  ਵਾਪਸ ਮੁੜ ਰਹੇ 'ਇਮਪ੍ਰੈੱਸ ਆਫ ਜਾਪਾਨ' ਤੱਕ ਲੈ ਗਏ। ਉਸ ਵੇਲੇ ਉਸਦਾ ਵਕੀਲ ਉਸ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਵੈਨਕੂਵਰ ਵਿੱਚ ਇਮੀਗਰੇਸ਼ਨ ਦਾ ਮੁੱਖ ਅਫਸਰ ਖੁਦ ਭਗਵਾਨ ਸਿੰਘ ਨੂੰ ਬਾਹਰ ਕੱਢਣ ਦੇ ਮਾਮਲੇ ਦੀ ਨਿਗਰਾਨੀ ਕਰ ਰਿਹਾ ਸੀ। ਕੁਝ ਕਨੇਡੀਅਨਾਂ ਨੂੰ ਇਸ ਅਧਿਕਾਰੀ ਦੀ ਸਖਤ ਅਤੇ ਆਪਹੁਦਰੀ ਪਹੁੰਚ ਅਤੇ ਇਸ ਨਾਲ ਸਿੱਖਾਂ ਨਾਲ ਸਬੰਧਾਂ ਵਿੱਚ ਤਰੇੜ ਦੀ ਚਿੰਤਾ ਸੀ।(10) ਪਰ ਭਗਵਾਨ ਸਿੰਘ ਜੱਖ ਆਪਣੇ ਭਾਈਚਾਰੇ ਵਿੱਚ ਦੁਫਾੜ ਪਾਉਣ ਵਾਲੀ ਤਾਕਤ ਸੀ। ਉਸਦੇ ਕੁਝ ਹਮਵਤਨੀਆਂ ਨੇ ਉਸਦੇ ਜਾਣ ਨਾਲ ਰਾਹਤ ਮਹਿਸੂਸ ਕੀਤੀ। ਕਪੂਰ ਅਤੇ ਉਸਦੇ ਦੋਸਤ ਵੀ ਉਨ੍ਹਾਂ ਵਿੱਚੋਂ ਸਨ।

ਭਗਵਾਨ ਸਿੰਘ ਨਾਲ ਮੱਤਭੇਦ ਉਸਦੇ ਤਰੀਕੇ ਨਾਲ ਸਨ, ਟੀਚੇ ਨਾਲ ਨਹੀਂ। ਉਸਦੀ ਹੋਂਦ ਦੁਫਾੜਪਾਊ ਸੀ ਭਾਵੇਂ ਉਹ ਰਾਸ਼ਟਰਵਾਦੀ ਸੀ ਅਤੇ ਸਾਰੇ ਭਾਰਤੀਆਂ ਦੇ ਸਾਂਝੇ ਟੀਚੇ ਲਈ ਲੜ ਰਿਹਾ ਸੀ, ਨਾ ਸਿਰਫ ਸਿੱਖਾਂ ਦੀ ਆਜ਼ਾਦੀ ਵਾਸਤੇ ਹੀ। ਉਸ ਨੇ ਬੀ. ਸੀ. ਦੇ ਸਿੱਖਾਂ ਨੂੰ ਕਿਹਾ ਕਿ ਉਹ ਮਹਾਨ ਸਿੱਖ ਗੁਰੂਆਂ ਦੀ ਅਰਦਾਸ 'ਫਤਹਿ' ਦੀ ਥਾਂ ਭਾਰਤ-ਮਾਤਾ ਦੇ ਆਦਰ ਵਜੋਂ ਸਾਰੇ ਭਾਰਤੀਆਂ ਦਾ ਗੀਤ 'ਬੰਦੇ-ਮਾਤਰਮ' ਗਾਉਣ। ਆਪਣੇ ਤਕੜੇ ਵਿਅਕਤੀਤਵ ਦੇ ਕਾਰਣ ਉਹ ਬਹੁਤਿਆਂ ਨੂੰ ਇਸ ਤਰ੍ਹਾਂ ਕਰਨ ਲਈ ਪ੍ਰੇਰਨ ਵਿੱਚ ਸਫਲ ਹੋ ਗਿਆ।(11) ਉਸਨੇ ਵੈਨਕੂਵਰ ਦੇ  ਗੁਰਦਵਾਰੇ ਨੂੰ ਆਪਣੇ ਮੁੱਖ ਰਾਜਨੀਤਕ ਆਧਾਰ ਵਜੋਂ ਵਰਤਿਆ ਅਤੇ ਉਸ ਨੇ ਆਪਣੀ ਤਾਕਤ ਦਾ ਘੇਰਾ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਭਾਈਚਾਰੇ ਨੂੰ ਦੋਫਾੜ ਹੋਣ ਵੱਲ ਧੱਕਿਆ। 'ਸੰਸਾਰ' ਉਸਦੇ ਨਸ਼ਾਨਿਆਂ ਵਿੱਚੋਂ ਇੱਕ ਸੀ ਅਤੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ  ਕੰਪਨੀ ਵੀ। ਇਨ੍ਹਾਂ ਦੋਹਾਂ ਨਾਲ ਸਬੰਧਤ ਹੋਣ ਕਰਕੇ ਕਪੂਰ ਅਤੇ ਪਿਆਰਾ ਸਿੰਘ ਲੰਗੇਰੀ ਵੀ ਉਸਦੀ ਮਾਰ ਹੇਠ ਆ ਗਏ। ਬਾਜ਼ੀ ਸਿਰ ਧੜ ਦੀ ਸੀ ਕਿਉਂ ਕਿ ਭਗਵਾਨ ਸਿੰਘ ਜੱਖ  ਅਤੇ ਉਸਦੇ ਪੈਰੋਕਾਰ ਆਪਣੇ ਵਿਰੋਧੀਆਂ ਨੂੰ ਗਦਾਰ ਆਖਦੇ ਸਨ। ਉਨ੍ਹਾਂ ਨੂੰ ਕੋਈ ਵਿਚਕਾਰਲਾ ਰਾਹ ਮਨਜ਼ੂਰ ਨਹੀਂ ਸੀ।

'ਸੰਸਾਰ' ਨਾਲ ਜਿਹੜਾ ਕੁਝ ਵਾਪਰਿਆ, ਉਸ ਬਾਰੇ ਕਪੂਰ ਦਾ ਸਭ ਤੋਂ ਨਜਦੀਕੀ ਦੋਸਤ ਭਾਈ ਪਿਆਰਾ ਸਿੰਘ ਲੰਗੇਰੀ ਇੱਕ ਯਾਦ ਪੱਤਰ ਛੱਡ ਗਿਆ ਸੀ। ਇਸ ਵਿੱਚ ਉਸ ਨੇ ਲਿਖਿਆ ਕਿ ਉਸਦੇ ਗਰੁੱਪ, ਜਿਸ ਵਿੱਚ ਡਾ. ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ, ਉਹ ਆਪ ਅਤੇ ਕੁਝ ਹੋਰਾਂ ਨੇ ਪੰਜਾਬੀ ਜ਼ੁਬਾਨ ਵਿੱਚ ਛਾਪਾਖਾਨਾ ਸ਼ੁਰੂ ਕਰਨ ਲਈ ਸਾਊਥ ਏਸ਼ੀਅਨ ਭਾਈਚਾਰੇ ਦੇ ਹਰ ਭਾਗ ਤੱਕ ਪਹੁੰਚ ਕੀਤੀ। ਉਸ ਧਨ ਨਾਲ ਉਨ੍ਹਾਂ ਨੇ ਵਿਕਟੋਰੀਆ ਵਿੱਚ ਸਪੀਡ ਐਵੀਨਿਊ `ਤੇ ਜਾਇਦਾਦ ਖ੍ਰੀਦੀ। ਉਸ ਵਿੱਚ ਉਨ੍ਹਾਂ ਨੇ ਆਪਣਾ ਦਫਤਰ ਖੋਲ੍ਹਿਆ ਅਤੇ ਛਾਪਾਖਾਨਾ ਲਾਇਆ। ਭਾਈ ਪਿਆਰਾ ਸਿੰਘ ਨੇ ਸਪਸ਼ਟ ਲਿਖਿਆ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਅਖਬਾਰ ਫਿਰਕਾਪ੍ਰਸਤ ਨਹੀਂ ਹੋਵੇਗਾ। ਉਹ ਕਿਸੇ ਖਾਸ ਧਰਮ ਦੇ ਦ੍ਰਿਸ਼ਟੀਕੋਣ ਨੂੰ ਨਹੀਂ ਉਭਾਰਨਗੇ।  ਇਸ ਪੈਂਤੜੇ ਨੇ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਧਨ ਦੇਣ ਅਤੇ ਅਖਬਾਰ ਲਗਵਾਉਣ ਲਈ ਉਤਸ਼ਾਹਤ ਕੀਤਾ। ਭਗਵਾਨ ਸਿੰਘ ਜੱਖ ਦੇ ਵਿਕਟੋਰੀਆ ਪਹੁੰਚਣ ਨਾਲ ਗੜਬੜ ਸ਼ੁਰੂ ਹੋ ਗਈ। ਉਹ ਖਾੜਕੂ ਲੇਖ ਲੈ ਕੇ ਆਉਂਦਾ ਅਤੇ 'ਸੰਸਾਰ' ਵਿੱਚ ਛਾਪਣ ਲਈ ਆਖਦਾ। ਸੰਪਾਦਕ ਦੇ ਤੌਰ `ਤੇ ਕਰਤਾਰ ਸਿੰਘ ਉਨ੍ਹਾਂ ਨੂੰ ਛਾਪਣ ਤੋਂ ਇਨਕਾਰ ਕਰ ਦਿੰਦਾ। ਉਸ ਨੂੰ ਡਰ ਸੀ ਕਿ ਬਗਾਵਤੀ ਅਤੇ ਬਰਤਾਨਵੀ ਵਿਰੋਧ ਵਾਲੀ  ਸਮੱਗਰੀ ਖੁੱਲ੍ਹੇਆਮ ਛਾਪਣ ਕਾਰਣ ਕਨੇਡਾ ਦੀ ਸਰਕਾਰ 'ਸੰਸਾਰ' ਨੂੰ ਬੰਦ ਕਰਵਾ ਸਕਦੀ ਸੀ। ਇਸ ਦੇ ਜਵਾਬ ਵਿੱਚ ਭਗਵਾਨ ਸਿੰਘ  'ਸੰਸਾਰ' ਅਤੇ ਸਪੀਡ ਐਵੇਨਿਊ ਵਾਲੀ ਜਾਇਦਾਦ ਨੂੰ ਆਪਣੇ ਕਾਬੂ ਹੇਠ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗਾ। ਉਹ ਇਸ ਨੂੰ ਬੀ. ਸੀ. ਦੀਆਂ ਤਿੰਨ ਗੁਰਦਵਾਰਾ ਸੁਸਾਇਟੀਆਂ ਵਿੱਚੋਂ ਸਭ ਤੋਂ ਪੁਰਾਣੀ, ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧ ਹੇਠ ਲਿਆਉਣ ਦਾ ਚਾਹਵਾਨ ਸੀ। ਆਰੰਭ ਵਿੱਚ ਡਾ. ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ ,ਭਾਈ ਪਿਆਰਾ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਆਪਣੀ ਧਰਮ-ਨਿਰਪੱਖ ਅਖ਼ਬਾਰ ਨੂੰ ਇੱਕ ਧਾਰਮਿਕ ਸੁਸਾਇਟੀ ਦੇ ਕਬਜ਼ੇ ਹੇਠ ਦੇਣ ਤੋਂ ਇਨਕਾਰ ਕਰ ਦਿੱਤਾ।(12)

ਭਾਈ ਪਿਆਰਾ ਸਿੰਘ ਦੀ ਸੰਖੇਪ 'ਆਤਮ-ਕਥਾ', 'ਸੰਸਾਰ' ਅਤੇ ਥੋੜ੍ਹੇ ਸਮੇਂ ਲਈ ਹੀ ਚੱਲੇ ਵਿਰੋਧਭਾਵੀ ਟਾਕਰੇ ਦੇ ਅਖਬਾਰ 'ਹਿੰਦੁਸਤਾਨੀ' ਵਿੱਚ ਪਹਿਲਾਂ ਹੀ ਛਪੇ ਵਿੱਚ ਵਾਧਾ ਕਰਦੀ ਹੈ।(13) ਭਗਵਾਨ ਸਿੰਘ ਜੱਖ ਦੇ ਕਨੇਡਾ ਵਿੱਚ ਹੋਣ ਸਮੇਂ ਹੀ ਧੜੇਬੰਦਕ ਲੜਾਈ ਚੱਲ ਰਹੀ ਸੀ ਪਰ ਉਸਦੇ ਕਨੇਡਾ ਵਿਚੋਂ ਜਾਣ ਤੋਂ ਬਾਅਦ ਇਹ ਹੋਰ ਤੇਜ਼ ਹੋ ਗਈ। ਉਸਦੇ ਦੋਸਤਾਂ ਨੂੰ ਯਕੀਨ ਸੀ ਕਿ ਭਾਈਚਾਰੇ ਦੇ ਵਿੱਚੋਂ ਹੀ ਕਿਸੇ ਮੁਖਬਰ ਨੇ ਇਮੀਗਰੇਸ਼ਨ ਵਿਭਾਗ ਨੂੰ ਉਸ ਬਾਰੇ ਸੂਹ ਦਿੱਤੀ ਸੀ। ਉਹ ਆਖਦੇ ਸਨ ਕਿ ਭਗਵਾਨ ਸਿੰਘ ਤਾਂ ਸਿਰਫ ਪੰਜਾਬੀ ਹੀ ਬੋਲਦਾ ਸੀ ਇਸ ਕਰਕੇ ਇਮੀਗਰੇਸ਼ਨ ਵਾਲਿਆਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਕੀ ਬੋਲਦਾ ਰਿਹਾ  ਸੀ। ਕੀ ਉਹ ਬਗਾਵਤੀ ਸੀ ਜਾਂ ਨਹੀਂ। ਅਤੇ ਉਨ੍ਹਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਗਲਤ ਨਾਂ ਨਾਲ ਕਨੇਡਾ ਵਿੱਚ ਵੜਿਆ ਸੀ?(14) ਬੇਲਾ ਸਿੰਘ `ਤੇ ਉਂਗਲਾਂ ਉੱਠਦੀਆਂ ਸਨ। ਉਹ ਬਰਤਾਨਵੀ- ਭਾਰਤੀ ਫੌਜ ਦਾ ਸਾਬਕਾ ਸਿਗਨਲਰ ਸੀ। ਉਹ ਰਵਾਂ ਅੰਗ੍ਰੇਜ਼ੀ ਬੋਲਦਾ ਸੀ।  ਉਹ 1913 ਵਿੱਚ ਭਗਵਾਨ ਸਿੰਘ ਦੇ ਨਾਲ ਹੀ 'ਇਮਪ੍ਰੈੱਸ ਆਫ ਰਸ਼ੀਆ' ਰਾਹੀਂ ਵਾਪਸ ਕਨੇਡਾ ਆਇਆ ਸੀ। ਉਹ ਬਹੁਤਾ ਸਮਾਂ ਵੈਨਕੂਵਰ ਇਮੀਗਰੇਸ਼ਨ ਦੇ ਦਫਤਰ ਵਿੱਚ ਹੀ ਗੁਜ਼ਾਰਦਾ ਸੀ। ਉਹ ਉਨ੍ਹਾਂ ਲਈ ਐਨਾ ਉਪਯੋਗੀ ਸੀ ਕਿ ਉਨ੍ਹਾਂ ਨੇ ਉਸ ਨੂੰ ਤਨਖਾਹ `ਤੇ ਹੀ ਰੱਖ ਲਿਆ ਸੀ।

ਭਗਵਾਨ ਸਿੰਘ ਜੱਖ ਦੇ ਦੇਸ਼ ਨਿਕਾਲੇ ਦੇ ਦੋ ਮਹੀਨਿਆਂ ਵਿੱਚ 'ਸੰਸਾਰ' ਨੇ ਦੋ ਵਾਰ ਖਾੜਕੂਆਂ ਦੇ ਵਿਰੋਧ ਨੂੰ ਵੰਗਾਰਿਆ ਅਤੇ ਤਿੰਨ ਮਹੀਨਿਆ ਦੇ ਵਕਫੇ ਬਾਅਦ ਇੱਕ ਵਾਰ ਫਿਰ ਆਖਰੀ ਵਾਰ।  ਇਨ੍ਹਾਂ ਅੰਕਾਂ ਵਿੱਚੋਂ ਪਹਿਲੇ ਅੰਕ ਵਿੱਚ ਬੇਲਾ ਸਿੰਘ ਦਾ ਨਾਂ ਇੱਕ ਜੱਥੇਬੰਦੀ ਦੇ ਨਵੇਂ ਗਿਆਰਾਂ ਮੈਂਬਰਾਂ ਵਿੱਚ ਦਰਜ ਸੀ। ਇਸ ਜੱਥੇਬੰਦੀ ਦਾ ਨਾਂ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਸੀ, ਜਿਸਦੇ ਮੁੱਖ ਅਧਿਕਾਰੀ ਕਪੂਰ ਦੇ ਦੋਸਤ ਡਾ. ਸੁੰਦਰ ਸਿੰਘ, ਕਰਤਾਰ ਸਿੰਘ ਅਤੇ ਪਿਆਰਾ ਸਿੰਘ ਸੀ। ਪਰਤਵੀਂ ਨਜ਼ਰੇਂ ਬੇਲਾ ਸਿੰਘ ਨਾਲ ਕਿਸੇ ਸਬੰਧ ਨੂੰ ਸਵੀਕਾਰਨਾ ਇੱਕ ਕਾਹਲਾ ਫੈਸਲਾ ਹੋਵੇਗਾ। ਕਿਉਂ ਕਿ ਕੁਝ ਮਹੀਨਿਆਂ ਬਾਅਦ ਹੀ ਉਹ ਵੈਨਕੂਵਰ ਦੇ ਗੁਰਦਵਾਰੇ ਵਿੱਚ ਨੌਂ ਸਿੱਖਾਂ `ਤੇ ਗੋਲੀ ਚਲਾਉਣ, ਜਿਨ੍ਹਾਂ ਵਿੱਚ ਦੋ ਦੀ ਮੌਤ ਹੋ ਗਈ ਸੀ ਕਾਰਣ ਬਦਨਾਮ ਹੋ ਗਿਆ ਸੀ। ਉਹ ਪਹਿਲਾਂ ਹੀ ਅੰਦਾਜ਼ਾ ਨਹੀਂ ਲਾ ਸਕੇ ਹੋਣਗੇ ਕਿ ਕੀ ਵਾਪਰੇਗਾ। ਭਗਵਾਨ ਸਿੰਘ ਜੱਖ ਦੇ ਪਹੁੰਚਣ ਨਾਲ ਹਿੰਸਾ ਦਾ ਜਿਹੜਾ ਦੌਰ ਚੱਲਿਆ ਸੀ, ਬੇਲਾ ਸਿੰਘ ਵਾਲੀ ਗੋਲੀ ਚਲਾਉਣ ਦੀ ਘਟਨਾ ਇਸਦਾ ਸਿਖਰ ਸੀ। ਬੇਲਾ ਸਿੰਘ ਦਾ ਦਾਅਵਾ ਸੀ ਕਿ ਉਸਨੇ ਇਹ ਕਾਰਾ ਆਪਣੀ ਜਾਨ ਦੇ ਖਤਰੇ ਦੇ ਡਰੋਂ ਕੀਤਾ। ਵੈਨਕੂਵਰ ਅਤੇ ਵਿਕਟੋਰੀਆ ਦੇ ਹਲਾਤ ਖਾੜਕੂਆਂ, ਨਰਮ ਖਿਆਲੀਆਂ ਅਤੇ ਸ਼ੱਕੀ ਸੂਹੀਆਂ ਲਈ ਇੱਕੋ ਜਿੰਨੇ ਖਤਰਨਾਕ ਹੋ ਗਏ ਸਨ। ਇਹ ਸਭ ਕਪੂਰ ਦੀ ਕਹਾਣੀ ਦਾ ਮਹੱਤਵਪੂਰਨ ਹਿੱਸਾ ਹੈ ਕਿਉਂ ਕਿ ਇਸ ਨੇ ਉਸਦੇ ਦੋਸਤਾਂ ਨੂੰ ਪ੍ਰਭਾਵਿਤ ਕੀਤਾ ਅਤੇ ਅਖੀਰ ਵਿੱਚ ਉਸ ਦੇ ਬ੍ਰਿਟਿਸ਼ ਕੋਲੰਬੀਆ ਨੂੰ ਛੱਡਣ ਦਾ ਕਾਰਣ ਬਣਿਆ।

ਭਾਈ ਪਿਆਰਾ ਸਿੰਘ ਨੇ ਕਿਹਾ ਕਿ 'ਸੰਸਾਰ' ਕਰਕੇ ਲੜਾਈ ਐਨੀ ਤੇਜ਼ ਹੋ ਗਈ ਅਤੇ 'ਸੰਸਾਰ' ਦਾ ਸਟਾਫ ਭਾਈਚਾਰੇ ਵਿੱਚ ਐਨਾ ਬਦਨਾਮ ਹੋ ਗਿਆ ਕਿ ਲੋਕ ਉਨ੍ਹਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਲੱਗੇ। 9 ਜਨਵਰੀ 1914 ਨੂੰ ਉਹ ਅਤੇ ਕਪੂਰ ਮਾਹੌਲ ਨੂੰ ਸ਼ਾਂਤਮਈ ਕਰਨ ਦੀ ਕੋਸ਼ਿਸ਼ ਲਈ 'ਸੰਸਾਰ' ਦੇ ਇੱਕ ਵਫਦ ਵਿੱਚ ਸ਼ਾਮਿਲ ਹੋਏ। ਉਹ ਵੈਨਕੂਵਰ ਦੇ ਸਿੱਖ ਗੁਰਦਵਾਰੇ ਦੀ ਬੇਸਮੈਂਟ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਮਿਲੇ। ਕਪੂਰ ਅਤੇ ਪਿਆਰਾ 'ਸੰਸਾਰ' ਵੱਲੋਂ ਬੋਲੇ। ਉਹ ਦੋਨੋਂ ਸਪਸ਼ਟ ਤੌਰ `ਤੇ ਸ਼ਾਂਤੀ ਅਤੇ ਸਮਝੌਤਾ ਚਾਹੁੰਦੇ ਸਨ। ਨਾ ਹੀ ਸੁੰਦਰ ਸਿੰਘ ਉੱਥੇ ਸੀ ਤੇ ਨਾ ਹੀ ਕਰਤਾਰ ਸਿੰਘ, ਇਸ ਕਰਕੇ ਮਾਮਲਾ ਮੌਕੇ `ਤੇ ਹੀ ਨਾ ਸੁਲਝ ਸਕਿਆ। ਇਹ ਸਭ ਕੁਝ ਖਾਲਸਾ ਦਿਵਾਨ ਸੁਸਾਇਟੀ ਦੀ ਕਾਰਵਾਈ ਦੇ ਵਿੱਚ ਦਰਜ ਹੈ । ਉਸ ਤੋਂ ਬਾਅਦ ਵਿੱਚ ਕੀ ਵਾਪਰਿਆ ਇਹ ਉੱਥੇ ਦਰਜ ਨਹੀਂ ਹੈ।(16) ਦੋ ਮਹੀਨਿਆਂ ਬਾਅਦ 'ਸੰਸਾਰ' ਨੇ ਆਪਣਾ ਆਖਰੀ ਅੰਕ ਛਾਪਿਆ। ਇਹ ਆਖਰੀ ਸੀ ਕਿਉਂਕਿ ਕਿਸੇ ਨੇ ਸਪੀਡ ਐਵੇਨਿਊ ਵਾਲੇ ਦਫਤਰ ਨੂੰ ਅੱਗ ਲਾ ਦਿੱਤੀ ਸੀ। ਉਸ ਵੇਲੇ ਪਿਆਰਾ ਸਿੰਘ ਇਮਾਰਤ ਦੇ ਵਿੱਚ ਸੁੱਤਾ ਪਿਆ ਸੀ। ਉਹ ਅੱਗ ਲਾਉਣ ਵਾਲਿਆਂ ਦੇ ਮਗਰ ਭੱਜਿਆ ਪਰ ਕਿਸੇ ਨੂੰ ਪਕੜ ਨਾ ਸਕਿਆ। ਉਸ ਤੋਂ ਬਾਅਦ ਅਖਬਾਰ ਨੂੰ ਜਾਰੀ ਰੱਖਣਾ ਮੁਸ਼ਕਲ ਸੀ।(17)

'ਸੰਸਾਰ' ਦੀ ਮੌਤ ਸਾਨ ਫਰਾਂਸਿਸਕੋ ਤੋਂ  ਇੱਕ ਨਵੇਂ ਕ੍ਰਾਂਤੀਕਾਰੀ ਹਫਤਾਵਾਰੀ ਅਖਬਾਰ 'ਗਦਰ' ਦੇ ਸ਼ੁਰੂ ਹੋਣ ਤੋਂ ਕੁਝ ਮਹੀਨੇ ਬਾਅਦ ਹੋਈ ਸੀ। ਉਹ ਪੰਜਾਬੀ ਅਤੇ ਉਰਦੂ ਵਿੱਚ ਛਪਦਾ ਸੀ। ਇਸ ਅਖਬਾਰ ਅਤੇ ਇਸ ਵੱਲੋਂ ਸਮੁੰਦਰੋਂ ਪਾਰਲੇ ਸਿੱਖਾਂ ਵਿੱਚ ਪੈਦਾ ਕੀਤੇ ਕ੍ਰਾਂਤੀਕਾਰੀ ਅੰਦੋਲਨ ਨੇ ਬਰਤਾਨਵੀ ਹਕੂਮਤ ਲਈ ਖਤਰਨਾਕ ਚੁਣੌਤੀ ਪੈਦਾ ਕਰ ਦਿੱਤੀ ਸੀ। ਉਸ ਵੇਲੇ ਗਾਂਧੀ ਅਤੇ ਉਸਦਾ ਧੀਮੀਂ ਗਤੀ ਦਾ ਵਿਰੋਧ ਭਾਰਤ ਦੀ ਆਜ਼ਾਦੀ ਦੀ ਲਹਿਰ `ਤੇ ਹਾਵੀ ਸੀ। ਗਦਰ ਨੂੰ ਸ਼ੁਰੂ ਕਰਨ ਵਾਲੇ ਕੈਲੇਫੋਰਨੀਆ ਦੇ ਬਹੁਤ ਸਾਰੇ ਭਾਰਤ ਨੂੰ ਛੱਡ ਕੇ ਆਏ ਸਿੱਖ, ਹਿੰਦੂ ਅਤੇ ਮੁਸਲਮਾਨ ਸਨ। ਉਨ੍ਹਾਂ ਦੇ ਘੇਰੇ ਵਿੱਚ ਭਗਵਾਨ ਸਿੰਘ ਜੱਖ ਵੀ ਸੀ ਜਿਹੜਾ ਮੁੜ ਕੇ ਉੱਤਰੀ ਅਮਰੀਕਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ ਤੇ ਸਾਨ ਫਰਾਂਸਿਸਕੋ ਪਹੁੰਚ ਕੇ ਗਦਰੀਆਂ ਨਾਲ ਰਲ ਗਿਆ ਸੀ। 'ਗਦਰ' ਅਖਬਾਰ ਦੇ ਮੱਥੇ `ਤੇ ਨੌਜਵਾਨ ਭਾਰਤੀਆਂ ਨੂੰ ਛੇਤੀ ਹਥਿਆਰ ਚੁੱਕਣ ਦੀ ਨਸੀਹਤ ਕੀਤੀ ਹੁੰਦੀ। ਉਸਦਾ ਪਹਿਲਾ ਪੰਜਾਬੀ ਅੰਕ 9 ਦਸੰਬਰ 1913 `ਚ ਨਿਕਲਿਆ। ਕੁਝ ਦਿਨਾਂ ਵਿੱਚ ਹੀ ਇਸਦੀਆਂ ਕਾਪੀਆਂ ਵੈਨਕੂਵਰ ਪਹੁੰਚ ਗਈਆਂ। ਉੱਥੇ ਗੁਰਦਵਾਰੇ ਵਿੱਚ ਇਸ ਨੂੰ ਉੱਚੀ ਪੜ੍ਹ ਕੇ ਸੁਣਾਇਆ ਗਿਆ, ਜਿੱਥੇ  ਹਿੰਦੂ  ਅਤੇ ਮੁਸਲਮਾਨ ਖਾੜਕੂ ਸਿੱਖਾਂ ਨੂੰ ਆ ਮਿਲੇ ਸਨ।(18)

'ਗਦਰ' ਬੰਬ ਬਣਾਉਣ ਅਤੇ ਬੰਬ ਸੁੱਟਣ ਵਾਲਿਆ ਦੇ ਸੋਹਿਲੇ ਗਾਉਂਦਾ ਅਤੇ ਨੌਜਵਾਨਾਂ ਵੱਲੋਂ ਦਮਨਕਾਰੀਆਂ ਨੂੰ ਮਾਰਨ ਲਈ ਵਧੇ ਹੌਂਸਲੇ ਦੀ ਗੱਲ ਕਰਦਾ। ਇਹ ਬਗਾਵਤ ਦੇ ਪ੍ਰਚਾਰ ਦਾ ਆਪਣੇ ਆਪ ਹੀ ਵਰਨਣ ਹੈ।  ਇਹ ਦੇਸ਼ ਭਗਤਾਂ ਵਿੱਚ ਲੰਡਨ, ਪੈਰਿਸ, ਜਿਨੇਵਾ, ਨਿਊ ਯਾਰਕ, ਸਾਨ ਫਰਾਂਸਿਸਕੋ, ਵੈਨਕੂਵਰ, ਫਿਜੀ, ਅਤੇ ਨਟਾਲ ਵਿੱਚ ਹਨੇਰੀ ਵਾਂਗ ਫੈਲ ਰਿਹਾ ਸੀ। ਉਹ ਸਾਰੇ ਰਲਕੇ ਇੱਕੋ ਮੰਤਵ ਲਈ ਕੰਮ ਕਰ ਰਹੇ ਸਨ। ਭੈੜੀ ਹੋਣੀ ਦੀ ਸੂਚਕ ਇਹ ਸੀ ਕਿ ਇਸਦੇ ਸੰਪਾਦਕਾਂ ਨੇ ਕਨੇਡਾ ਵਿੱਚ ਇੱਕ 'ਦੇਸ਼ ਧਰੋਹੀ ਪਾਰਟੀ'  ਨੂੰ 'ਸਿੰਗਲ ਆਊਟ' ਕੀਤਾ। ਉਨ੍ਹਾਂ ਦਾ ਮਤਲਬ ਸੁੰਦਰ ਸਿੰਘ ਦੇ ਗਰੁੱਪ ਤੋਂ ਸੀ, ਜਿਨ੍ਹਾਂ ਨੂੰ ਉਹ  "ਪੜ੍ਹੇ-ਲਿਖੇ ਹਿੰਦੁਸਤਾਨੀ" ਆਖਦੇ ਸਨ ਤੇ ਜਿਹੜੇ ਸਹਾਇਤਾ ਕਰਨ ਦਾ ਪਾਖੰਡ ਕਰਦੇ ਸਨ ਪਰ ਅਸਲ ਵਿੱਚ " ਜੜ੍ਹਾਂ ਵੱਢ" ਰਹੇ ਸਨ। ਗਦਰ ਦੇ ਸੰਪਾਦਕਾਂ ਨੇ ਪਹਿਲਾਂ ਹੀ ਗੁੱਸੇ ਭਰੇ ਹਾਲਾਤ ਵਿੱਚ ਵਾਧਾ ਕਰਨ ਵਾਲੀ ਸ਼ਬਦਾਵਲੀ ਵਰਤੀ।(19)

ਇਹ ਸਭ ਕੁਝ ਵਾਪਰ ਰਿਹਾ ਸੀ ਜਦੋਂ ਹਾਂਗਕਾਂਗ ਤੋਂ 21 ਮਈ 1914 ਦੀ ਰਾਤ ਨੂੰ 376 ਪੰਜਾਬੀ ਮੁਸਾਫਰਾਂ ਵਾਲਾ  ਜਹਾਜ਼ ਕਾਮਾਗਾਟਾਮਾਰੂ ਕਨੇਡਾ ਦੇ ਪਾਣੀਆਂ ਵਿੱਚ ਅੱਪੜ ਗਿਆ। ਇਹ ਜਹਾਜ਼ ਪੰਜਾਬੀਆਂ ਲਈ ਇੱਕ ਕੌੜੀ ਯਾਦ ਹੈ। ਸਿਰਫ ਇਸ ਕਰਕੇ ਨਹੀਂ ਕਿ ਕਨੇਡਾ ਦੀ ਸਰਕਾਰ ਨੇ ਇਸਦੇ ਮੁਸਾਫਿਰਾਂ ਨੂੰ ਉਤਰਨ ਦੀ ਆਗਿਆ ਨਹੀਂ ਸੀ ਦਿੱਤੀ ( ਕੁਝ ਕੁ ਨੂੰ ਛੱਡਕੇ, ਜਿਹੜੇ ਪਹਿਲਾਂ ਹੀ ਕਨੇਡਾ ਵਿੱਚ ਰਹਿੰਦੇ ਸਨ) ਪਰ ਇਸ ਕਰਕੇ ਕਿ ਸਰਕਾਰ ਨੇ ਮੁਸਾਫਿਰਾਂ ਨੂੰ ਉਨ੍ਹਾਂ ਦੀ ਸੇਹਤ ਅਤੇ ਸੁੱਖ ਨੂੰ ਨਜ਼ਰ-ਅੰਦਾਜ਼ ਕਰਕੇ ਦੋ ਮਹੀਨੇ ਲਈ ਵੈਨਕੂਵਰ ਦੀ ਬੰਦਰਗਾਹ `ਤੇ ਜਹਾਜ਼ ਵਿੱਚ ਹੀ ਬੰਦੀ ਬਣਾਈ ਰੱਖਿਆ ਸੀ ਅਤੇ ਫਿਰ ਜਲ ਸੈਨਾ ਦਾ ਛੋਟਾ ਜੰਗੀ ਜਹਾਜ਼ ਮਗਰ ਲਾ ਕੇ ਉਨ੍ਹਾਂ ਨੂੰ ਮੋੜ ਦਿੱਤਾ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨੇ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਨੂੰ ਉਤਸ਼ਾਹਤ ਕੀਤਾ ਕਿ ਉਹ ਕਨੇਡਾ ਦੀ ਇਮੀਗਰੇਸ਼ਨ ਦੀਆਂ ਪੱਖਪਾਤੀ ਨੀਤੀਆਂ ਨੂੰ ਚੁਣੌਤੀ ਦੇਣ ਅਤੇ ਜਦੋਂ ਜਹਾਜ਼ ਹਾਲੇ ਪੈਸੇਫਿਕ ਨੂੰ ਪਾਰ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਵੈਨਕੂਵਰ ਵਿੱਚ ਉਨ੍ਹਾਂ ਦੀ ਮੱਦਦ ਲਈ ਇੱਕ ਕਮੇਟੀ ਬਣਾਈ। ਕਪੂਰ ਅਤੇ ਉਸਦੇ ਦੋਸਤਾਂ ਨੇ ਜ਼ਰੂਰ ਹੀ ਅਨੁਭਵ ਕੀਤਾ ਹੋਵੇਗਾ ਕਿ ਉਹ ਕਿਵੇਂ ਅਲੱਗ-ਥਲੱਗ ਸਨ ਕਿਉਂ ਕਿ 'ਸੰਸਾਰ' ਨਾਲ ਸਬੰਧਤ ਕਿਸੇ ਵੀ ਬੰਦੇ ਨੂੰ ਇਸ ਕਮੇਟੀ ਵਿੱਚ ਨਹੀਂ ਸੀ ਲਿਆ ਗਿਆ । ਖਾੜਕੂਆਂ ਦੇ 'ਸੰਸਾਰ' ਨਾਲ ਮੱਤਭੇਦ ਬਹੁਤ ਡੂੰਘੇ ਸਨ ਇਸੇ ਕਰਕੇ ਉਨ੍ਹਾਂ ਨੂੰ ਕਮੇਟੀ ਵਿੱਚ ਨਹੀਂ ਸੀ ਰੱਖਿਆ ਗਿਆ।

ਕਪੂਰ ਦਾ ਦੋਸਤ ਡਾ. ਸੁੰਦਰ ਸਿੰਘ ਜਹਾਜ਼ ਦੇ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਹੀ ਓਟਵਾ ਵੱਲ ਚੱਲ ਪਿਆ।  ਉਸ ਨੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ  ਦੇ ਕਨੂੰਨੀ ਸਲਾਹਕਾਰ  ਲੋਰਿੰਗ ਕ੍ਰਿਸਟੀ ਨਾਲ 29 ਮਈ ਦੀ ਮੁਲਾਕਾਤ ਦਾ ਸਮਾਂ ਲੈ ਲਿਆ। ਕ੍ਰਿਸਟੀ ਪ੍ਰਭਾਵਸ਼ਾਲੀ ਸਰਕਾਰੀ ਵਕੀਲ ਸੀ, ਜਿਸਦੀ ਪ੍ਰਧਾਨ ਮੰਤਰੀ ਤੱਕ ਸਿੱਧੀ ਪਹੁੰਚ ਸੀ। ਪਰ ਉਹ ਉਲਟ ਦਿਸ਼ਾ ਵੱਲ ਚਲਾ ਗਿਆ। ਕਿਉਂ ਕਿ ਕ੍ਰਿਸਟੀ ਦੇ ਨੇੜੇ ਫਰੈਡਰਿਕ ਚਾਰਲਸ ਬਲੇਅਰ ਨਾਂ ਦਾ ਇਮੀਗਰੇਸ਼ਨ ਅਧਿਕਾਰੀ ਸੀ, ਜਿਸਦੇ ਵੈਨਕੂਵਰ ਦੇ ਸਿੱਖਾਂ ਬਾਰੇ ਬਹੁਤ ਸਖਤ ਅਤੇ ਨਾਂਹਪੱਖੀ ਵਿਚਾਰ ਸਨ। ਇਹ ਮੁਲਾਕਾਤ ਮੁੱਢ ਵਿੱਚ ਹੀ ਨਾਕਾਮਯਾਬ ਹੋ ਗਈ। ਪਿੱਛੋਂ ਕ੍ਰਿਸਟੀ ਨੇ ਇੱਕ ਲੰਮਾ ਯਾਦਪੱਤਰ ਲਿਖਿਆ ਉਸ ਵਿੱਚ ਇਸ ਬਾਰੇ ਦੇਖਿਆ ਜਾ ਸਕਦਾ ਹੈ।  ਉਸ ਅਨੁਸਾਰ ਡਾਕਟਰ ਇੱਕ ਗੜਬੜ ਕਰਨ ਵਾਲਾ "ਹਿੰਦੂ", "ਚਾਲਬਾਜ਼ ਪਰ ਵਿਸ਼ੇਸ਼ ਚਲਾਕ ਜਾਂ ਸੂਝਵਾਨ ਨਹੀਂ"। ਅਤੇ ਬਲੇਅਰ ਨੇ ਇਹ ਵੀ ਦਰਜ ਕੀਤਾ ਕਿ ਸੁੰਦਰ ਸਿੰਘ ਦਾੜ੍ਹੀ ਨੂੰ ਸ਼ੇਵ ਕਰਦਾ ਹੋਣ ਕਰਕੇ ਆਪਣੇ ਭਾਈਚਾਰੇ ਵਿੱਚ ਸਤਿਕਾਰਿਆ ਨਹੀਂ ਜਾਂਦਾ। ਇਸ ਕਰਕੇ ਕ੍ਰਿਸਟੀ ਨੇ ਉਸਨੂੰ ਬਹੁਤਾ ਭਾਅ ਨਹੀਂ ਦਿੱਤਾ। ਉਸ ਅਨੁਸਾਰ ਉਹ ਆਪਣੇ ਆਪ ਤੋਂ ਬਿਨਾਂ ਕਿਸੇ ਦਾ ਪ੍ਰਤੀਨਿਧ ਨਹੀਂ ਸੀ ਜਾਂ ਵੱਧ ਤੋਂ ਵੱਧ ਕਿਸੇ ਬਹੁਤ ਛੋਟੇ ਧੜੇ ਦਾ ਹੋ ਸਕਦਾ ਸੀ। ਉਸ ਨੇ  ਸਿੰਘ ਦਾ ਆਉਣਾ ਇਹ ਸਮਝ ਕੇ ਰੱਦ ਕਰ ਦਿੱਤਾ ਕਿ ਉਹ ਆਪਣੇ ਭਾਈਚਾਰੇ ਵਿੱਚ ਮੁੜ ਆਦਰਯੋਗ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਾਇਦ ਇਸ ਵਿੱਚ ਕੁਝ ਸਚਾਈ ਹੋਵੇ ਪਰ ਜਿਹੜਾ ਕੁਝ ਡਾਕਟਰ ਨੇ ਕਹਿਣਾ ਚਾਹਿਆ ਸੀ, ਉਹ ਹੋਰ ਗੰਭੀਰ ਸੁਣਵਾਈ ਦਾ ਅਧਿਕਾਰੀ ਸੀ। (20)

ਡਾਕਟਰ  ਮੁਲਾਕਾਤ ਵਿੱਚ ਦੋ ਸੁਝਾਅ ਲੈ ਕੇ ਆਇਆ। ਉਹ ਚਾਹੁੰਦਾ ਸੀ ਓਟਵਾ ਮੁਸਾਫਰਾਂ ਨੂੰ ਜ਼ਮਾਨਤ `ਤੇ ਜਹਾਜ਼ ਤੋਂ ਉੱਤਰਨ ਦੇਵੇ ਜਦੋਂ ਕਿ ਉਨ੍ਹਾਂ ਦਾ ਕੇਸ ਅਦਾਲਤ ਵਿੱਚ ਸੀ। ਇਸ ਨਾਲ ਉਹ ਜਹਾਜ਼ `ਤੇ ਰਹਿਣ ਦੇ ਖਰਚ ਤੋਂ ਬਚ ਜਾਣਗੇ, ਜਿਸ ਨੂੰ ਕਿ ਉਨ੍ਹਾਂ ਨੇ ਕਿਰਾਏ `ਤੇ ਲਿਆ ਸੀ। ਅਤੇ ਉਹ ਚਾਹੁੰਦਾ ਸੀ ਕਿ ਭਾਰਤ ਤੋਂ ਪਰਵਾਸ ਦੇ ਸਾਰੇ ਮਾਮਲੇ ਦੀ ਜਨਰਲ ਇਨਕੁਆਇਰੀ ਹੋਵੇ। ਇੱਕ ਨੀਤੀ ਬਣਾਉਣ ਲਈ ਸਾਰੀਆਂ ਸਬੰਧਤ ਧਿਰਾਂ ਨੂੰ ਇਕੱਠਿਆਂ ਕੀਤਾ ਜਾਵੇ ਜਿਵੇਂ ਟਰੇਡ ਯੂਨੀਅਨਾਂ, ਨਗਰ ਪਾਲਿਕਾਵਾਂ ਅਤੇ ਭਾਰਤ ਤੋਂ ਪਰਵਾਸੀ। ਉਸ ਨੇ ਇਹ ਨਹੀ ਕਿਹਾ ਕਿ ਨਤੀਜਾ ਕੀ ਹੋਣਾ ਚਾਹੀਦਾ ਸੀ ਪਰ ਉਸ ਨੇ ਸੋਚਿਆ ਕਿ ਪੂਰਨ ਬੰਦਿਸ਼ ਅਤੇ ਬਿਨਾਂ ਰੁਕਾਵਟ ਤੋਂ ਲੰਘਣ ਦੇ ਵਿਚਕਾਰਲਾ ਕੋਈ ਰਾਹ ਲੱਭਿਆ ਜਾ ਸਕੇ।  ਜਿਹੜਾ ਕੁਝ ਵੀ ਸਿੰਘ ਨੇ ਕਿਹਾ ਉਹ ਕ੍ਰਿਸਟੀ ਨੂੰ ਸ਼ੱਕੀ ਲੱਗਾ ਅਤੇ ਉਸ ਨੇ ਇਸ ਮਿਸ਼ਨ ਦੀਆਂ ਲੁਕਵੀਆਂ ਗਰਜ਼ਾਂ ਅਤੇ ਉਦੇਸ਼ਾਂ ਨੂੰ ਪੜ੍ਹ ਕੇ ਇਸ ਮੁਲਾਕਾਤ ਨੂੰ ਅਜੇਹੇ ਤਾਬੜਤੋੜ ਸਵਾਲਾਂ ਵਿੱਚ ਬਦਲ ਦਿੱਤਾ ਕਿ ਸਿੰਘ ਜ਼ਰੂਰ ਹੀ ਸਮਝ ਗਿਆ ਹੋਵੇਗਾ ਕਿ ਉੱਥੋਂ ਕਿਸੇ ਕਿਸਮ ਦੀ ਸਹਾਇਤਾ ਨਹੀਂ ਮਿਲਣ ਵਾਲੀ।

ਡਾ. ਸੁੰਦਰ ਸਿੰਘ ਓਟਵਾ ਤੋਂ ਟਰਾਂਟੋ ਚਲਾ ਗਿਆ, ਜਿੱਥੇ ਉਹ ਆਪਣੇ ਦੋ ਸਾਲ ਪਹਿਲਾਂ ਦੇ ਗੇੜੇ ਕਾਰਣ ਕੁਝ ਪ੍ਰਭਾਵਸ਼ਾਲੀ  ਐਂਗਲੋ-ਕਨੇਡੀਅਨਾਂ ਨੂੰ ਜਾਣਦਾ ਸੀ। ਜੂਨ 1914 ਤੱਕ ਉਹ ਟਰਾਂਟੋ ਦੇ ਡਾਊਨ ਟਾਊਨ ਵਿੱਚ 261 ਚਰਚ ਸਟਰੀਟ `ਤੇ ਰਹਿਣ ਲੱਗ ਪਿਆ। ਸ਼ਾਇਦ ਉਸ ਨੂੰ ਉਮੀਦ  ਹੋਵੇ ਕਿ ਉਹ ਸਰਕਾਰ ਤੋਂ ਰਿਆਇਤਾਂ ਲੈ ਕੇ ਬ੍ਰਿਟਿਸ਼ ਕੋਲੰਬੀਆ ਮੁੜੇਗਾ ਪਰ ਅਜੇਹਾ ਵਾਪਰਿਆ ਨਹੀਂ। ਭਾਈ ਪਿਆਰਾ ਸਿੰਘ ਅਤੇ ਕਪੂਰ ਕੁਝ ਹਫਤਿਆਂ ਬਾਅਦ ਉਸ ਨੂੰ ਉੱਥੇ ਆ ਮਿਲੇ। ਕਰਤਾਰ ਸਿੰਘ ਹੁੰਦਲ ਵੀ ਉਨ੍ਹਾਂ ਗਰਮੀਆਂ ਵਿੱਚ ਆ ਗਿਆ ਅਤੇ ਉਨ੍ਹਾਂ ਦੇ ਗਰੁੱਪ ਦੇ ਹੋਰ ਮੈਂਬਰ ਵੀ। ਆਪਣੀ ਆਤਮ-ਕਥਾ ਵਿੱਚ ਭਾਈ ਪਿਆਰਾ ਸਿੰਘ ਨੇ ਲਿਖਿਆ ਕਿ ਜਦੋਂ 'ਸੰਸਾਰ' ਨੂੰ ਕੱਢਣਾ ਅਸੰਭਵ ਹੋ ਗਿਆ ਅਤੇ ਉਹ ਅਤੇ ਉਸਦੇ ਦੋਸਤ ਕਾਮਾਗਾਟਾਮਾਰੂ ਲਈ ਜਿੰਨਾ ਕੁਝ ਕਰ ਸਕਦੇ ਸਨ ਕਰ ਚੁੱਕੇ, ਉਹ ਬੇਵਸ ਹੋ ਕੇ ਟਰਾਂਟੋ ਗਿਆ। ਬਹੁਤ ਸਾਲਾਂ ਬਾਅਦ ਕਪੂਰ ਨੇ ਵਿਸਥਾਰ ਦਿੱਤਾ ਕਿ ਉਹ ਅਜੇਹੀ ਥਾਂ ਲੱਭਦਾ ਸੀ ਜਿਹੜੀ ਬ੍ਰਿਟਿਸ਼ ਕੋਲੰਬੀਆ ਤੋਂ ਜ਼ਿਆਦਾ ਲੋਕ ਭਲਾਈ ਵਾਲੀ ਹੋਵੇ ਇਸੇ ਕਰਕੇ ਉਹ ਓਂਟੇਰੀਓ ਗਿਆ। ਉਸ ਨੇ ਸਾਊਥ ਏਸ਼ੀਅਨ ਭਾਈਚਾਰੇ ਅੰਦਰਲੇ ਵਿਵਾਦ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਭਾਈਚਾਰਾ ਪਾਟੋਧਾੜ ਹੋ ਗਿਆ ਸੀ ਅਤੇ ਮਾਰਧਾੜ ਅਤੇ ਕਤਲ ਹੋਣ ਲੱਗੇ ਸਨ। ਉਹ ਅਤੇ ਉਸਦੇ ਦੋਸਤ ਰੂਪੋਸ਼ ਹੋ ਗਏ। ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੇ ਹਮਵਤਨੀਆਂ ਵਿਚਲੇ ਗਲਤ ਅਨਸਰ ਉਨ੍ਹਾਂ ਨੂੰ ਲੱਭ ਸਕਣ।

ਉਸ ਸਤੰਬਰ ਵਿੱਚ ਟਰਾਂਟੋ ਵਿੱਚ ਕਰਤਾਰ ਸਿੰਘ ਨੂੰ ਲਿਖੀ ਇੱਕ ਚਿੱਠੀ ਇਹ ਸਪਸ਼ਟ ਕਰਦੀ ਹੈ।(22) ਚਿੱਠੀ ਲਿਖਣ ਵਾਲਾ ਬਤਨ ਸਿੰਘ ਸੀ। ਉਹ 'ਸੰਸਾਰ' ਵਿੱਚ ਸਹਾਇਕ ਕੰਪੋਜ਼ੀਟਰ ਸੀ ਅਤੇ ਹਾਲੇ ਵੀ 'ਸੰਸਾਰ' ਦੀ 630 ਸਪੀਡ ਐਵੇਨਿਊ ਵਾਲੀ ਜਾਇਦਾਦ `ਤੇ ਰਹਿੰਦਾ ਸੀ। ਜਦੋਂ ਕਰਤਾਰ ਸਿੰਘ ਨੇ ਵੈਨਕੂਵਰ ਅਤੇ ਕੈਲਗਿਰੀ ਰਾਹੀਂ ਪੂਰਬ ਵੱਲ ਜਾਣ ਲਈ ਵਿਕਟੋਰੀਆ ਨੂੰ ਛੱਡਿਆ ਤਾਂ ਬਤਨ ਸਿੰਘ ਉਸ ਨੂੰ ਬੰਦਰਗਾਹ ਤੱਕ ਛੱਡਣ ਗਿਆ ਅਤੇ ਬਾਅਦ ਵਿੱਚ ਉਸ ਨੇ ਕਰਤਾਰ ਦੇ ਟਿਕਾਣੇ ਨੂੰ ਗੁਪਤ ਰੱਖਿਆ। ਚਿੱਠੀ ਵਿੱਚ ਉਨ੍ਹਾਂ ਛੇ ਜਾਂ ਸੱਤ ਸਿੱਖਾਂ ਦਾ ਜ਼ਿਕਰ ਹੈ ਜਿਹੜੇ ਉਨ੍ਹਾਂ ਨੂੰ ਬੰਦਰਗਾਹ `ਤੇ ਦਿਸੇ ਸਨ ਅਤੇ ਕਰਤਾਰ ਨੇ ਉਸ ਨੂੰ ਉਨ੍ਹਾਂ ਬਾਰੇ ਸਾਵਧਾਨ ਕੀਤਾ ਸੀ। ਉਸ ਤੋਂ ਬਾਅਦ ਕੁਝ ਹੋਰ ਸਿੱਖ ਵੀ ਸਪੀਡ ਐਵੇਨਿਊ ਤੇ ਆਉਂਦੇ ਰਹੇ ਅਤੇ 'ਸੰਪਾਦਕ ਜੀ' ਬਾਰੇ ਪੁੱਛਦੇ। ਉਹ ਕਰਤਾਰ ਸਿੰਘ ਲਈ ਇਹੋ ਨਾਮ ਵਰਤਦੇ ਸਨ। ਭਾਵੇਂ ਉਹ ਦੇਖਣ ਨੂੰ ਦੋਸਤ ਲੱਗਦੇ ਪਰ ਬਤਨ ਉਨ੍ਹਾਂ ਨੂੰ ਟਾਲ ਦਿੰਦਾ। ਉਹ ਆਖਦਾ 'ਸੰਪਾਦਕ ਜੀ' ਹੁਣੇ ਬਾਹਰ ਗਏ ਸਨ ਜਾਂ ਕਿਸੇ ਕੰਮ ਗਏ ਸਨ। ਉਹ ਇਹ ਨਹੀਂ ਸੀ ਦੱਸਦਾ ਕਿ ਉਹ ਸ਼ਹਿਰ ਛੱਡ ਗਏ ਸਨ। ਸੁੰਦਰ ਸਿੰਘ ਦੀ ਗੈਰਹਾਜ਼ਰੀ ਤੋਂ ਇਨਕਾਰੀ ਨਹੀਂ ਸੀ ਹੋਇਆ ਜਾ ਸਕਦਾ ਪਰ ਬਤਨ ਉਸਦਾ ਅਤੇ ਕਰਤਾਰ ਦਾ ਪਤਾ ਨਹੀਂ ਸੀ ਦੱਸਦਾ। ਕਿਸੇ ਨੇ 'ਸੰਸਾਰ' ਦੀਆਂ ਪੁਰਾਣੀਆਂ ਕਾਪੀਆਂ ਬਾਰੇ ਪੁੱਛਿਆ ਤਾਂ ਬਤਨ ਨੇ ਦੱਸਿਆ ਕਿ ਡਾ. ਸੁੰਦਰ ਸਿੰਘ ਨੇ ਸਾੜ ਦਿੱਤੀਆਂ। ਇਹ ਚਿੱਠੀ ਲਿਖਣ ਤੋਂ ਪਹਿਲਾਂ ਦੇ ਹਫਤਿਆਂ ਵਿੱਚ ਸਿੱਖ ਭਾਈਚਾਰਾ ਬਦਲੇ ਦੇ ਕਤਲ ਅਤੇ ਹਮਲਿਆਂ ਨਾਲ ਝੰਜੋੜਿਆ ਗਿਆ ਸੀ ਜਿਸ ਵਿੱਚ ਇਮੀਗਰੇਸ਼ਨ ਦੇ ਸੂਹੀਏ ਬੇਲਾ ਸਿੰਘ ਵੱਲੋਂ ਵੈਨਕੂਵਰ ਦੇ ਗੁਰਦਵਾਰੇ ਵਿੱਚ ਕੀਤੇ ਕਤਲ ਵੀ ਸ਼ਾਮਿਲ ਸਨ। ਉਸ ਤੋਂ ਬਾਅਦ ਬਤਨ ਨੇ ਲਿਖਿਆ ਕਿ ਕੋਈ ਹੋਰ ਗੜਬੜ ਨਹੀਂ ਹੋਈ ਅਤੇ ਉਹ ਆਪਣੇ ਆਪ ਨੂੰ ਕੋਈ ਖਤਰਾ ਨਹੀਂ ਮਹਿਸੂਸ ਕਰਦਾ ਸੀ, ਉਹ ਘਰ ਦੇ ਨੇੜੇ ਹੀ ਰਹਿੰਦਾ ਸੀ ਤੇ ਜਦੋਂ ਵੀ ਹੋ ਸਕਿਆ ਪੂਰਬ ਵੱਲ ਆਉਣ ਦੀ ਯੋਜਨਾ ਬਣਾ ਰਿਹਾ ਸੀ।

ਕਪੂਰ ਨੇ ਬ੍ਰਿਟਿਸ਼ ਕੋਲੰਬੀਆ ਨੂੰ ਇਸ ਕਰਕੇ ਛੱਡਿਆ ਸੀ ਕਿ ਉਸ ਨੂੰ ਵਾਤਾਵਰਣ ਵਿਰੋਧੀ ਲਗਦਾ ਸੀ- ਗੋਰਿਆਂ ਦਾ ਵਤੀਰਾ ਅਤੇ ਉਸਦੇ ਆਪਣੇ ਲੋਕਾਂ ਦਾ ਗੁੱਸੇ ਵਿੱਚ ਵੰਡੇ ਹੋਣਾ- ਅਤੇ ਉਹ ਇਸ ਕਰਕੇ ਵੀ ਛੱਡ ਗਿਆ ਕਿਉਂ ਕਿ ਉਸਦੇ ਦੋਸਤ ਜਾ ਰਹੇ ਸਨ। ਉਸਦੇ ਭਾਈਚਾਰੇ ਦੇ ਗਰਮ ਦਲੀਆਂ ਨੇ ਉਸ ਨੂੰ ਕਰਤਾਰ ਸਿੰਘ ਹੁੰਦਲ ਅਤੇ ਡਾ. ਸੁੰਦਰ ਸਿੰਘ ਵਾਂਗ ਵੱਖ ਨਹੀਂ ਸੀ ਰੱਖਿਆ ਅਤੇ ਉਸ ਨੇ ਕਦੇ ਵੀ ਉਨ੍ਹਾਂ ਵਾਂਗ ਵਿਰੋਧ ਦਾ ਸਾਹਮਣਾ ਨਹੀਂ ਸੀ ਕੀਤਾ ਪਰ ਉਹ ਉਨ੍ਹਾਂ ਦੇ ਕੈਂਪ ਨਾਲ ਸਬੰਧਤ ਸੀ। ਉਸਦੇ ਕਨੇਡਾ ਵਿਚਲੇ ਲਗਭਗ ਸਾਰੇ ਹਮਵਤਨੀਆਂ ਵਾਂਗ ਉਸਦਾ ਵਿਸ਼ਵਾਸ਼ ਵੀ ਸੀ ਕਿ ਭਾਰਤ ਅਤੇ ਬਾਹਰ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਭਾਰਤ ਵਿੱਚ ਬਰਤਾਨਵੀ ਰਾਜ ਹੋਣ ਕਰਕੇ ਸੀ। ਪਰ ਇਸ ਨੂੰ ਬਦਲਣ ਦੇ ਸੰਘਰਸ਼ ਵਿੱਚ ਉਹ ਨਰਮ ਖਿਆਲੀਆਂ ਨਾਲ ਖੜ੍ਹਾ ਸੀ ਅਤੇ ਉਸਦੀ ਵਫਾਦਾਰੀ ਉਨ੍ਹਾਂ ਨਾਲ ਸੀ। ਉਸ ਨੇ ਕਨੇਡਾ ਤੋਂ ਆਸ ਨਹੀਂ ਸੀ ਛੱਡੀ ਇਸੇ ਕਰਕੇ ਉਸ ਨੇ ਭਾਈ ਪਿਆਰਾ ਸਿੰਘ ਦੇ ਮਗਰ ਓਂਟੇਰੀਓ ਜਾਣ ਨੂੰ ਚੁਣਿਆ ਅਤੇ ਇਹ ਭਾਰਤ ਮੁੜਣ ਲਈ ਢੁੱਕਵਾਂ ਸਮਾਂ ਨਹੀਂ ਸੀ। ਅਸਲ ਵਿੱਚ ਜਾਣ ਲਈ ਨਾ ਹੀ ਬ੍ਰਿਟਿਸ਼ ਕੋਲੰਬੀਆ ਅਤੇ ਨਾ ਹੀ ਪੰਜਾਬ ਸੁਰੱਖਿਅਤ ਸਨ । ਓਂਟੇਰੀਓ ਨੇ ਉਸ ਨੂੰ ਆਸ਼ਾਵਾਦੀ ਭਵਿੱਖ  ਲਈ ਤਾਜ਼ਾ ਥਾਂ ਅਤੇ ਨਵੀਂ ਸ਼ੁਰੂਆਤ ਦਿੱਤੀ।

Read 126 times