ਲੇਖ਼ਕ

Tuesday, 01 May 2018 12:12

06. ਕਿਲੇ ਦੇ ਮੋਤੀ - ਓਂਟੇਰੀਓ ਵਿੱਚ ਸ਼ਰਨ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

1914 ਵਿੱਚ ਯੂਰਪ ਵਿੱਚ ਜੰਗ ਦੀ ਸ਼ੁਰੂਆਤ ਨਾਲ ਕਨੇਡਾ ਦੇ ਪੰਜਾਬੀਆਂ ਨੂੰ ਨਾ ਟਾਲਣਯੋਗ ਫੈਸਲਿਆਂ, ਜਿਨ੍ਹਾਂ ਦੇ ਬੁਨਿਆਦੀ ਨਤੀਜੇ ਵੱਖਰੇ ਸਨ, ਦਾ ਸਾਹਮਣਾ ਕਰਨਾ ਪਿਆ। ਕੁਝ ਦੇਸ਼ ਭਗਤੀ ਦੇ ਉਤਸ਼ਾਹ ਨਾਲ ਭਰੇ, ਇਸ ਉਮੀਦ ਨਾਲ ਕਿ ਉਹ ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਬਰਤਾਨਵੀ ਰਾਜ ਨਾਲ ਭਿੜਣਗੇ, ਭਾਰਤ ਚਲੇ ਗਏ । ਦੂਜੇ  ਜੰਗ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਬੀ. ਸੀ. ਦੀ ਆਰਥਿਕਤਾ ਵਿੱਚ ਥੋੜ੍ਹੇ ਸਮੇਂ ਲਈ ਨਿਘਾਰ ਆਉਣ ਕਰਕੇ ਆਪਣੀਆਂ ਨੌਕਰੀਆਂ ਗਵਾ ਲੈਣ ਕਰਕੇ ਵਾਪਸ ਮੁੜ ਗਏ।  ਫਿਰ ਵੀ ਕੁਝ ਕੁ, ਜਿਨ੍ਹਾਂ ਵਿੱਚ ਕਪੂਰ ਵੀ ਸ਼ਾਮਿਲ ਸੀ, ਨੇ ਜਿਹੜੇ ਵੀ ਉਨ੍ਹਾਂ ਨੂੰ ਮੌਕੇ ਮਿਲੇ, ਉਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ  ਕਨੇਡਾ ਵਿੱਚ ਰਹਿਣ ਨੂੰ ਚੁਣਿਆ। ਇਸ ਤਰ੍ਹਾਂ ਦੇ ਇਤਿਹਾਸਕ ਪਲਾਂ ਵਿੱਚ ਦੋਸਤਾਂ ਵਿੱਚ ਵੀ ਡੂੰਘਾਈ ਨਾਲ ਮੱਤਭੇਦ ਹੋ ਸਕਦੇ ਸਨ ਕਿ ਕੀ ਕੀਤਾ ਜਾਵੇ। ਇਹੀ ਕੇਸ ਕਪੂਰ ਅਤੇ ਉਸਦੇ ਸਭ ਤੋਂ ਨਜਦੀਕੀ ਦੋਸਤ ਭਾਈ ਪਿਆਰਾ ਸਿੰਘ ਦਾ ਸੀ। ਪਰ ਹੈਰਾਨੀਜਨਕ ਤੌਰ ਤੇ ਉਨ੍ਹਾਂ ਦੀ ਦੋਸਤੀ ਜਿਉਂ ਦੀ ਤਿਉਂ ਕਾਇਮ ਰਹੀ। ਉਹ ਇਕੱਠੇ ਸਨ ਅਤੇ ਨਵੇਂ ਹੀ ਓਂਟੇਰੀਓ ਵਿੱਚ ਆਏ ਸਨ, ਜਦੋਂ ਜੰਗ ਸ਼ੁਰੂ ਹੋ ਗਈ। ਪਰ ਉਨ੍ਹਾਂ ਵਿੱਚ ਅੰਤਰ ਪਹਿਲਾਂ ਹੀ ਉੱਠ ਖਲੋਤਾ ਸੀ ਕਿਉਂ ਕਿ ਕਪੂਰ ਨੇ ਆਪਣੀ ਦਾੜ੍ਹੀ ਸ਼ੇਵ ਕਰ ਦਿੱਤੀ ਸੀ ਅਤੇ ਆਪਣੀ ਪੱਗ ਉਤਾਰ ਦਿੱਤੀ ਸੀ ਜਦੋਂ ਕਿ ਪਿਆਰਾ ਸਿੰਘ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ।

ਟਰਾਂਟੋ ਦੇ ਯੂਨੀਅਨ ਸਟੇਸ਼ਨ `ਤੇ ਰੇਲਗੱਡੀ ਤੋਂ ਉੱਤਰਨ ਦੇ ਛੇਤੀ ਬਾਅਦ ਹੀ ਕਪੂਰ ਡਾਊਨ ਟਾਊਨ ਦੇ ਵਪਾਰਕ ਕੇਂਦਰ ਦੇ ਧੁਰ ਅੰਦਰ ਇੱਕ ਨਾਈ ਦੀ ਦੁਕਾਨ `ਚ ਜਾ ਵੜ੍ਹਿਆ। ਉਸ ਨੇ ਕੈਂਚੀ ਅਤੇ ਪੱਛਣੇ ਨੂੰ ਪਹਿਲਾਂ ਹੀ ਆਪਣੀ ਦਾੜ੍ਹੀ `ਤੇ ਵਰਤ ਲਿਆ ਸੀ ਇਸ ਕਰਕੇ ਉਸਦੇ ਚੇਹਰੇ ਤੇ ਉਭੜ ਖਾਭੜ ਵਾਲ ਸਨ ਪਰ ਉਸਦੇ ਪੱਗ ਬੰਨ੍ਹੀ ਹੋਈ ਸੀ। ਜਦੋਂ ਉਹ ਆਪਣੀ ਪੱਗ ਦੇ ਸਾਢੇ ਚਾਰ ਮੀਟਰ ਕੱਪੜੇ ਨੂੰ ਸਿਰ ਤੋਂ ਉਧੇੜਣ ਲੱਗਾ ਤਾਂ ਦੁਕਾਨ ਵਿੱਚ ਬੈਠੇ ਸਾਰੇ ਉਸ ਵੱਲ ਉਤਸੁਕਤਾ ਨਾਲ ਦੇਖਣ ਲੱਗੇ। ਉਸਦੇ ਸਿਰ ਉੱਪਰਲੇ ਵਾਲ  ਚੰਗੀ ਤਰ੍ਹਾਂ ਵਾਹ ਕੇ ਸਿਰ `ਤੇ ਜੂੜੇ ਵਿੱਚ ਬੱਝੇ ਹੋਏ ਸਨ। ਫਿਰ ਉਸ ਨੇ ਆਪਣੀ ਪਹਿਲੀ ਹਜਾਮਤ ਲਈ ਆਖਿਆ।(1)

ਇਹ ਕਹਾਣੀ ਉਸ ਨੇ ਬਿਆਲੀ ਸਾਲ ਬਾਅਦ ਇੱਕ ਪੱਤਰਕਾਰ ਨੂੰ ਇੱਕ ਮੁਲਾਕਾਤ ਵਿੱਚ ਦੱਸੀ। ਉਸ ਪੱਤਰਕਾਰ ਨੇ ਟਿੱਪਣੀ ਕੀਤੀ ਕਿ ਨਾਈ ਦੀ ਉਹ ਦੁਕਾਨ ਕਿੰਗ ਸਟਰੀਟ `ਤੇ ਸੀ ਅਤੇ 14 ਜੂਨ 1914 ਦਾ ਦਿਨ ਸੀ। ਜਿਹੜਾ ਕੁਝ ਵੀ ਇਸ ਪੱਤਰਕਾਰ ਨੇ ਲਿਖਿਆ ਸਾਡੇ ਲਈ ਉਹ ਵਰਨਣ ਕਪੂਰ ਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਪਲਾਂ ਨਾਲ ਸਬੰਧਤ ਹੈ। ਤਾਰੀਖ ਸ਼ਾਇਦ ਗਲਤ ਹੋਵੇ ਕਿਉਂ ਕਿ ਉਸ ਦਿਨ ਐਤਵਾਰ ਬਣਦਾ ਹੈ ਅਤੇ "ਚੰਗਾ ਟਰਾਂਟੋ" ਨਾਂ ਨਾਲ ਸੱਦੇ ਜਾਂਦੇ ਸ਼ਹਿਰ ਵਿੱਚ ਨਾਈ ਦੀਆਂ ਦੁਕਾਨਾਂ ਉਸ ਦਿਨ ਬੰਦ ਹੋਣਗੀਆਂ। ਹੋ ਸਕਦਾ ਹੈ ਕਿ ਕਪੂਰ ਨੇ ਆਪਣੀ ਦਾੜ੍ਹੀ ਨੂੰ ਐਤਵਾਰ ਨੂੰ ਕਤਰਿਆ ਹੋਵੇ ਅਤੇ ਹਜਾਮਤ ਅਤੇ ਸ਼ੇਵ ਕਰਵਾਉਣ ਸੋਮਵਾਰ ਗਿਆ ਹੋਵੇ। ਭਾਵੇਂ ਇਹ ਹੈਰਾਨੀਜਨਕ ਨਹੀਂ ਪਰ ਜਿਹੜੀ ਗੱਲ ਧਿਆਨ ਖਿੱਚਦੀ ਹੈ ਕਿ ਉਸ ਨੂੰ ਆਪਣੀ ਉਸ ਹਜਾਮਤ ਦਾ ਸਮਾਂ ਅਤੇ ਥਾਂ ਯਾਦ ਸਨ। ਉਸ ਲਈ ਇਹ ਕਾਰਜ ਬਹੁਤ ਹੀ ਮਹੱਤਵਪੂਰਨ ਹਵੇਗਾ।

ਕਪੂਰ ਦੇ ਮਿੱਤਰ ਕਰਤਾਰ ਸਿੰਘ ਤੋਂ ਅਸੀਂ ਇਸਦੀ ਮਹੱਤਤਾ ਦਾ ਅੰਦਾਜ਼ਾ ਲਾ ਸਕਦੇ ਹਾਂ, ਜਿਸ ਨੇ ਟਰਾਂਟੋ ਆਉਣ ਤੋਂ ਬਾਅਦ ਹੀ ਤਕਰੀਬਨ ਉਸੇ ਸਮੇਂ ਤੇ ਆਪਣੀ ਦਾਹੜੀ ਅਤੇ ਪੱਗ ਨੂੰ ਛੱਡਿਆ ਸੀ। ਇੱਕ ਪੱਤਰਕਾਰ ਹੋਣ ਦੇ ਨਾਤੇ ਉਸ ਨੇ ਆਪਣਾ ਇਹ ਅਨੁਭਵ ਲਿਖਤੀ ਬਿਆਨ ਕੀਤਾ ਜਿਹੜਾ ਕਪੂਰ ਨੇ ਨਹੀਂ ਕੀਤਾ। ਉਸ ਨੇ ਲਿਖਿਆ ਕਿ ਆਪਣੀ ਦਾੜ੍ਹੀ ਅਤੇ ਪੱਗ ਨੂੰ ਛੱਡਣਾ ਬਹੁਤ ਸਾਰੇ ਧਰਾਤਲਾਂ `ਤੇ ਇੱਕ ਵੱਡੀ ਕੁਰਬਾਨੀ ਸੀ।  ਉਸ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਖਾੜਕੂ ਸਿੱਖ ਸਮਝਿਆ। ਇਸ ਤੋਂ ਉਸਦਾ ਮਤਲਬ ਸੀ ਕਿ ਉਹ ਜਿਹੜਾ ਆਪਣੇ ਮੱਤ ਅਤੇ ਇਕਰਾਰ ਪ੍ਰਤੀ ਗੰਭੀਰ ਹੋਵੇ।  ਭਾਈਚਾਰੇ ਦਾ ਆਗੂ ਅਤੇ ਮਸ਼ਹੂਰ ਬੰਦਾ ਹੋਣਾ, ਉਸਦੀ ਦੁਚਿੱਤੀ ਵਿੱਚ ਵਾਧਾ ਕਰਦਾ ਸੀ। ਅਤੇ ਸਾਰੇ ਆਮ ਸਿੱਖਾਂ ਵਾਂਗ ਜਾਂ ਅਮ੍ਰਿਤਧਾਰੀ ਸਿੱਖ ਬੰਦਿਆਂ ਵਾਂਗ ਉਸ ਨੇ ਵੀ ਆਪਣੇ ਧਰਮ ਦੇ ਉੱਘੜਵੇਂ ਚਿੰਨ੍ਹਾਂ ਦਾੜ੍ਹੀ ਅਤੇ ਪੱਗ ਰੱਖਣ ਦੀ ਪ੍ਰੀਤਿਗਿਆ ਕੀਤੀ ਸੀ।(2) ਆਪਣੀ ਦਾਹੜੀ ਕੇਸਾਂ ਨੂੰ ਕਟਵਾ ਕੇ ਉਸ ਨੇ ਆਪਣੀ ਪ੍ਰੀਤਿਗਿਆ ਦੀ ਬੇਅਦਬੀ ਕੀਤੀ ਸੀ ਅਤੇ ਆਪਣੇ ਧਾਰਮਿਕ ਭਰਾਵਾਂ ਨੂੰ ਤਿਲਾਂਜਲੀ ਦਿੱਤੀ ਸੀ। ਬਾਅਦ ਵਿੱਚ ਕਨੇਡੀਅਨ ਸਮਾਜ ਨੂੰ ਹੋਰ ਜਾਣ ਕੇ ਉਸ ਨੇ ਮਹਿਸੂਸ ਕੀਤਾ ਕਿ ਬਹੁਤੇ ਕਨੇਡੀਅਨਾਂ -ਭਾਵੇਂ ਉਹ ਕਹਿਣ ਵਿੱਚ ਝਿਜਕ ਮਹਿਸੂਸ ਕਰਦੇ- ਨੂੰ ਇਹ ਬੇਹੂਦਾ ਲੱਗਦਾ ਕਿ ਦਾੜ੍ਹੀ ਅਤੇ ਕੇਸਾਂ ਨੂੰ ਕੱਟਣਾ ਦਿਲ ਦੁਖੀ ਕਰਦਾ ਸੀ। ਪਰ ਉਸਦਾ ਦਿਲ ਦੁਖਿਆ।

ਕਰਤਾਰ ਸਿੰਘ ਇਸ ਮਸਲੇ (ਜਿਸ ਕਰਕੇ ਉਸ ਨੂੰ ਦਾੜ੍ਹੀ ਕੇਸਾਂ ਨੂੰ ਤਿਆਗਣ ਪਿਆ) ਦੇ ਦੂਜੇ ਪਹਿਲੂ ਨੂੰ "ਸਿੱਖ ਦੀ ਕਨੇਡਾ ਵਿੱਚ ਸਮੱਸਿਆ" ਕਹਿੰਦਾ ਸੀ।  ਕਨੇਡੀਅਨਾਂ ਦੀ ਦਲੀਲ ਕਿ ਸਿੱਖ ਕਦੇ ਵੀ ਕਨੇਡੀਅਨ ਜੀਵਨ ਦੇ ਤੌਰ-ਤਰੀਕੇ ਨਹੀਂ ਅਪਨਾਉਣਗੇ ਕਿਉਂ ਕਿ ਉਹ ਆਪਣੇ ਰੀਤੀ ਰਿਵਾਜਾਂ ਅਤੇ ਪਹਿਰਾਵੇ ਬਾਰੇ ਹਠੀ ਹਨ। ਕਰਤਾਰ ਨੂੰ ਇਹ ਦਲੀਲ ਤੰਗ ਕਰਦੀ ਸੀ। ਕਰਤਾਰ ਸਿੰਘ ਨੇ ਵਿਆਖਿਆ ਦਿੱਤੀ ਕਿ ਉਸ ਨੇ ਮਹਿਸੂਸ ਕੀਤਾ ਕਿ ਦਾੜ੍ਹੀ ਅਤੇ ਕੇਸਾਂ ਨੂੰ ਰੱਖ ਕੇ ਉਹ ਕਦੇ ਵੀ ਇਸ ਦਲੀਲ ਨੂੰ ਰੱਦ ਨਹੀਂ ਕਰ ਸਕਦਾ। ਇਸ ਲਈ ਉਸ ਨੇ ਕਨੇਡਾ ਦੇ ਤੌਰ ਤਰੀਕੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਇਨ੍ਹਾਂ ਦਾ ਤਿਆਗ ਕੀਤਾ। ਉਹ ਕਹਿੰਦਾ ਕਿ ਜਦੋਂ ਉਸ ਨੇ ਇਹ ਕੀਤਾ, ਉਹ ਇੱਕ ਨਵੀਂ ਦੁਨੀਆਂ ਵਿੱਚ ਪ੍ਰਵੇਸ਼ ਕਰ ਗਿਆ ਅਤੇ ਕਨੇਡੀਅਨ ਬਣਨ ਲਈ ਚੁਣੌਤੀ ਅਤੇ ਮੁਸ਼ਕਿਲਾਂ ਨਾਲ ਭਰਪੂਰ ਰਾਹ `ਤੇ ਆਪਣੇ ਆਪ ਨੂੰ ਧਕੇਲ ਦਿੱਤਾ।

ਕਪੂਰ ਅਤੇ ਕਰਤਾਰ ਨੇ ਤਕਰੀਬਨ ਇੱਕੋ ਵੇਲੇ ਆਪਣੇ ਕੇਸ ਕਟਵਾਏ । ਡਾ. ਸੁੰਦਰ ਸਿੰਘ ਨੇ ਦੋ ਸਾਲ ਪਹਿਲਾਂ, ਜਦੋਂ ਉਸਦੇ ਸਬੰਧ ਖਾੜਕੂਆਂ ਨਾਲ ਵਿਗੜਣੇ ਸ਼ੁਰੂ ਹੋਏ, ਵੈਨਕੂਵਰ ਜਾਂ ਵਿਕਟੋਰੀਆ ਵਿੱਚ ਕਟਵਾਏ।(3) ਕਪੂਰ ਅਤੇ ਕਰਤਾਰ ਨੇ ਕਾਮਾਗਾਟਾਮਾਰੂ ਸਾਕੇ ਤੋਂ ਭਾਵੁਕ ਹੋ ਕੇ ਇਹ ਕੀਤਾ। ਜਦੋਂ ਕਪੂਰ ਕਿੰਗ ਸਟਰੀਟ ਵਾਲੀ ਨਾਈ ਦੀ ਦੁਕਾਨ ਵਿੱਚ ਆਪਣੇ ਕੇਸ ਕਟਵਾਉਣ ਵੜਿਆ, ਉਸ ਵੇਲੇ ਕਾਮਾਗਾਟਾਮਾਰੂ ਦੇ ਮੁਸਾਫਿਰ ਜਹਾਜ਼ ਤੋਂ ਥੱਲੇ ਉਤਰਨ ਲਈ ਉਡੀਕ ਕਰ ਰਹੇ ਸਨ। ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਉਨ੍ਹਾਂ ਲਈ ਸਰਗਰਮ ਸੀ। ਫਿਰ ਉਹ ਚਲਾ ਗਿਆ ਅਤੇ ਬਾਕੀ ਦੀ ਗਰਮੀ ਦੀ ਰੁੱਤ `ਚ ਉਸ ਨੇ ਇਹ ਕਹਾਣੀ ਦੂਰ ਤੋਂ ਵੇਖੀ।

ਜਹਾਜ਼ ਨੂੰ ਧੱਕੇ ਨਾਲ ਵਾਪਸ ਭਾਰਤ ਮੋੜ ਦਿੱਤਾ ਗਿਆ। ਅਕਤੂਬਰ 1914 ਦੇ ਸ਼ੁਰੂ ਵਿੱਚ ਉਸ ਨੇ ਖਬਰਾਂ ਪੜ੍ਹੀਆਂ ਕਿ ਮੁਸਾਫਿਰਾਂ ਨੇ ਆਪਣੀ ਲੰਬੀ ਸਮੁੰਦਰੀ ਯਾਤਰਾ ਤੋਂ ਬਾਅਦ ਭਾਰਤ ਪਹੁੰਚ ਕੇ ਕੋਲਕਤੇ ਨੇੜੇ ਬਜਬਜ ਘਾਟ `ਤੇ ਹੁੱਲ੍ਹੜਬਾਜੀ ਕੀਤੀ। ਸੈਨਿਕਾਂ ਨੇ ਉਨ੍ਹਾਂ `ਤੇ ਸਿੱਧੀ ਗੋਲੀ ਚਲਾਈ ਅਤੇ ਪਹਿਲੀਆਂ ਸਰਕਾਰੀ ਰੀਪੋਰਟਾਂ ਮੁਤਾਬਕ ਸੋਲ੍ਹਾਂ ਮੁਸਾਫਿਰ ਮਾਰੇ ਗਏ। ਬਾਅਦ ਦੀਆਂ ਰੀਪੋਰਟਾਂ ਵਿੱਚ ਇਹ ਗਿਣਤੀ ਵੀਹ ਤੱਕ ਪਹੁੰਚ ਗਈ। ਹੁੱਲ੍ਹੜਬਾਜ਼ੀ ਅਤੇ ਗੋਲੀਬਾਰੀ ਤੋਂ ਬਾਅਦ ਬਹੁਤੇ ਮੁਸਾਫਿਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂ ਉਨ੍ਹਾਂ ਦੇ ਪਿੰਡਾਂ ਵਿੱਚ ਵਾਪਸ ਲਿਜਾਕੇ ਉਨ੍ਹਾਂ ਨੂੰ ਪਿੰਡਾਂ `ਚ ਨਜ਼ਰਬੰਦ ਕਰ ਦਿੱਤਾ।(4) ਭਾਰਤ ਸਰਕਾਰ ਨੇ ਤਕਰੀਬਨ ਸਾਰਿਆਂ ਨੂੰ ਹੀ ਕ੍ਰਾਂਤੀਕਾਰੀ ਜਾਂ ਉਨ੍ਹਾਂ ਦੇ ਹਮਦਰਦ ਸਮਝਿਆ। ਸਾਲਾਂ ਬਾਅਦ ਕਪੂਰ ਨੇ ਆਪਣੀਆਂ ਬੇਟੀਆਂ ਨਾਲ ਕਾਮਾਗਾਟਾਮਾਰੂ ਬਾਰੇ ਗੱਲ ਕਰਦਿਆਂ ਕਨੇਡਾ ਵਿੱਚ ਮੋਢੀ ਪੰਜਾਬੀਆਂ ਵੱਲੋਂ ਜਹਾਜ਼ `ਤੇ ਡੱਕੇ ਮੁਸਾਫਿਰਾਂ ਦੀ ਸਹਾਇਤਾ ਨਾ ਕਰ ਸਕਣ ਦੀ ਅਸਫਲਤਾ `ਤੇ ਜ਼ੋਰ ਦਿੱਤਾ। ਉਸ ਨੇ ਉਨ੍ਹਾਂ ਗਰਮੀਆਂ ਵਿੱਚ ਭਾਈਚਾਰੇ ਵਿਚਲੀ ਫੁੱਟ ਦੀ ਵੀ ਗੱਲ ਕੀਤੀ ਜਿਸਦਾ ਸੇਹਰਾ ਉਸ ਨੇ ਇਮੀਗਰੇਸ਼ਨ ਵਿਭਾਗ ਦੀ ਜੋੜ -ਤੋੜ ਦੀ ਨੀਤੀ ਨੂੰ ਦਿੱਤਾ ਖਾਸ ਕਰਕੇ ਐਂਗਲੋ-ਇੰਡੀਅਨ ਇਮੀਗਰੇਸ਼ਨ ਅਫਸਰ ਡਬਲਿਯੂ ਸੀ ਹੌਪਕਿਨਸਨ ਨੂੰ। ਇਸ ਔਖੀ ਘੜੀ ਦੇ ਦਰਮਿਆਨ ਕਪੂਰ ਨੇ ਕਨੇਡੀਅਨ ਬਨਣ ਦਾ ਫੈਸਲਾ ਕੀਤਾ ਜਿਹੜਾ ਉਸਨੂੰ ਟਰਾਂਟੋ ਲੈ ਕੇ ਗਿਆ ਅਤੇ ਕਿੰਗ ਸਟਰੀਟ ਵਾਲੀ ਨਾਈ ਦੀ ਦੁਕਾਨ `ਤੇ।(5)

ਭਾਈ ਪਿਆਰਾ ਸਿੰਘ ਲੰਗੇਰੀ ਕਪੂਰ ਤੋਂ ਕੁਝ ਪਹਿਲਾਂ ਓਂਟੇਰੀਓ ਪਹੁੰਚਿਆ। ਉਸਦੇ ਵਿਰੋਧੀ ਖਾੜਕੂਆਂ ਵੱਲੋਂ 'ਸੰਸਾਰ' ਦੇ ਦਫਤਰ ਨੂੰ ਅੱਗ ਲਾਉਣ ਤੋਂ ਬਾਅਦ ਅਤੇ ਕਾਮਾਗਾਟਾਮਾਰੂ ਦੇ ਵੈਨਕੂਵਰ ਦੀ ਬੰਦਰਗਾਹ `ਤੇ ਲੱਗਣ ਤੋਂ ਬਾਅਦ ਪਿਆਰਾ ਸਿੰਘ ਓਂਟੇਰੀਓ ਗਿਆ। ਉਸ ਨੇ ਕਪੂਰ ਨੂੰ ਆਪਣੇ ਮਗਰ ਆਉਣ ਲਈ ਕਿਹਾ ਅਤੇ ਕਪੂਰ ਨੇ ਉਸੇ ਤਰ੍ਹਾਂ ਕੀਤਾ। ਪਿਆਰਾ ਸਿੰਘ ਉਸ ਵੇਲੇ ਟਰਾਂਟੋ ਤੋਂ ਤੀਹ ਕਿਲੋਮੀਟਰ ਪੂਰਬ ਵੱਲ ਪਿਕਰਿੰਗ ਸ਼ਹਿਰ ਦੇ ਨੇੜੇ ਰੋਜ਼ਬੈਂਕ ਵਿੱਚ ਲੇਕਸ਼ੋਰ ਕੰਟਰੀ ਅਸਟੇਟ `ਤੇ ਕੰਮ ਕਰਦਾ ਸੀ। ਉਸ ਨੇ ਆਪਣੀ ਦਾਹੜੀ ਅਤੇ ਪੱਗ ਰੱਖੀ ਹੋਈ ਸੀ। ਇਸਦਾ ਉਸਨੇ ਕਦੇ ਵੀ ਤਿਆਗ ਨਹੀਂ ਕੀਤਾ ਪਰ ਇਸਦਾ ਕਪੂਰ ਨਾਲ ਦੋਸਤੀ `ਤੇ ਕੋਈ ਫਰਕ ਨਹੀਂ ਪਿਆ।  ਉਹ ਹਮੇਸ਼ਾ ਹੀ "ਧਰਮ ਭਰਾ" ਰਹੇ। ਕਪੂਰ ਉਸ ਕੋਲ ਆਇਆ ਅਤੇ ਉਸਦੇ ਬੌਸ ਵਿਲੀਅਮ ਮੂਰ ਨੂੰ ਮਿਲਿਆ। ਵਿਲੀਅਮ ਟਰਾਂਟੋ ਵਿੱਚ ਵਕੀਲ ਸੀ ਅਤੇ ਰੇਲਵੇ ਵਿੱਚ ਅਫਸਰ ਸੀ। ਉਹ ਰੋਜ਼ਬੈਂਕ ਵਾਲੀ ਜਾਇਦਾਦ ਨੂੰ ਛੁੱਟੀਆਂ ਅਤੇ ਵੀਕਐਂਡ ਵਾਸਤੇ ਆਬਾਦ ਕਰ ਰਿਹਾ ਸੀ ਅਤੇ ਅਖੀਰ ਵਿੱਚ ਸੇਵਾਮੁਕਤ ਹੋ ਕੇ ਉੱਥੇ ਰਹਿਕੇ ਆਪਣਾ ਸਮਾਂ ਲਿਖਣ ਵੱਲ ਲਾਉਣ ਦਾ ਇਰਾਦਾ ਰੱਖਦਾ ਸੀ। ਉਸ ਨੇ ਪਿਛਲੇ ਸਾਲ ਹੀ ਝੀਲ ਦੇ ਕਿਨਾਰੇ ਉੱਚੀ ਥਾਂ `ਤੇ ਵੱਡਾ ਘਰ ਬਣਾਇਆ ਸੀ। ਪੁਰਾਣੇ ਹੋਏ ਤੋਂ ਇਸ ਘਰ ਨੂੰ ਅੱਗ ਨੇ ਤਬਾਹ ਕਰ ਦਿੱਤਾ ਸੀ। ਉੱਥੋਂ ਦੇ ਬੱਚੇ ਉਸ ਘਰ ਨੂੰ ਕਿਲੇ ਵਜੋਂ ਜਾਣਦੇ ਸਨ।(6)

ਮੂਰ ਨੇ ਉਨ੍ਹਾਂ ਗਰਮੀਆਂ ਵਿੱਚ ਬੀ. ਸੀ. ਤੋਂ ਆਏ ਬਹੁਤ ਸਾਰੇ ਸਿੱਖਾਂ ਨੂੰ ਨੌਕਰੀਆਂ ਦਿੱਤੀਆਂ। ਉਹ ਖਾਸ ਕਰਕੇ ਭਾਈ ਪਿਆਰਾ ਸਿੰਘ ਦਾ ਪ੍ਰਸ਼ੰਸਕ ਸੀ। ਉਹ ਉਸ ਨੂੰ ਕਰਮ ਵਜੋਂ ਜਾਣਦਾ ਸੀ। ਪਿਆਰਾ ਸਿੰਘ ਨੇ ਇਹ ਨਾਂ ਕਨੇਡਾ ਵਿੱਚ ਦਾਖਲ ਹੋਣ ਲਈ ਵਰਤਿਆ ਸੀ। ਇਸ ਦੋਸਤੀ ਵਿੱਚ ਛੇਤੀ ਹੀ ਕਪੂਰ ਵੀ ਸ਼ਾਮਿਲ ਹੋ ਗਿਆ। ਭਾਈ ਪਿਆਰਾ ਸਿੰਘ ਇੱਕ ਵਧੀਆ ਘੋੜਸਵਾਰ ਸੀ। ਉਸਦੇ ਫੌਜ ਵਿਚਲੇ ਤਿੰਨ ਸਾਲਾਂ ਵਿੱਚੋਂ ਇੱਕ ਸਾਲ ਘੋੜਸਵਾਰ ਸੈਨਾ ਵਿੱਚ ਬੀਤਿਆ ਸੀ। ਸ਼ਾਇਦ ਇਹ ਇਕੱਲਾ ਗੁਣ ਹੀ ਮੂਰ ਦੇ ਪਰਿਵਾਰ ਵਿੱਚ ਥਾਂ ਬਣਾਉਣ ਲਈ ਕਾਫੀ ਹੁੰਦਾ । ਉਸਦਾ ਬੱਚਿਆਂ ਨਾਲ ਵਿਹਾਰ ਵੀ ਚੰਗਾ ਸੀ। ਉਸ ਨੇ ਮੂਰ ਦੇ ਮੁੰਡਿਆਂ,  ਜਿਹੜੇ ਉਸ ਵੇਲੇ ਨੌਂ ਅਤੇ ਤੇਰ੍ਹਾਂ ਸਾਲ ਦੇ ਸਨ, ਨੂੰ ਘੋੜਸਵਾਰੀ ਸਿਖਾਈ। ਉਸ ਨੇ ਸ਼ਾਇਦ ਉਨ੍ਹਾਂ ਦੀ ਚਾਰ ਸਾਲ ਦੀ ਬੇਟੀ ਨੂੰ ਵੀ ਇਹ ਸਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਮੂਰ ਦੇ ਨਾਲ ਮਿਲਾਪ ਨਾਲ ਉਹ ਓਂਟੇਰੀਓ ਦੇ ਪੁਰਾਣੇ ਸੈੱਟ ਹੋਏ ਅਤੇ ਸੰਸਾਰ ਨੂੰ ਖੁੱਲ੍ਹੀ ਨਿਗ੍ਹਾ ਨਾਲ ਦੇਖਣ ਵਾਲੇ ਪਰਿਵਾਰ ਨੂੰ ਮਿਲਿਆ। ਮੂਰ ਦਾ ਪਿਤਾ ਜਾਣਿਆ-ਪਛਾਣਿਆ ਇਸਾਈ ਮੱਤ ਦਾ ਪ੍ਰਚਾਰਕ ਸੀ ਅਤੇ ਉਸ ਨੇ ਇੱਕੋ ਨਸਲ ਦੇ ਇਨਾਮ ਜੇਤੂ ਘੋੜੇ ਵੀ ਪੈਦਾ ਕੀਤੇ।(7) ਉਸਦੀ ਪਤਨੀ ਯੂਨੀਟਰੇਨੀਅਨ ਸੀ ਜਿਹੜਾ ਉਸ ਵੇਲੇ ਵੀ ਹੁਣ ਵਾਂਗ ਹੀ ਇੱਕ ਛੋਟਾ ਇਸਾਈ ਫਿਰਕਾ ਸੀ ਅਤੇ ਉਦਾਰ ਤੇ ਆਜ਼ਾਦ ਵਿਚਾਰਾਂ ਵਾਲਿਆਂ ਨੂੰ ਆਪਣੇ ਵੱਲ ਖਿੱਚਦਾ ਸੀ। ਆਪਣੇ ਵਿਆਹ ਦੇ ਕੁਝ ਸਾਲਾਂ ਬਾਅਦ ਮੂਰ ਵੀ ਆਪਣੀ ਪਤਨੀ ਦੀ ਯੂਨੀਟਰੇਨੀਅਨ ਸੰਗਤ ਵੱਲ ਝੁਕ ਗਿਆ। ਮੂਰ ਵੱਲੋਂ ਬਾਅਦ ਵਿੱਚ ਲਿਖੀਆਂ ਕਿਤਾਬਾਂ ਤੋਂ ਜਾਣਿਆ ਜਾ ਸਕਦਾ ਹੈ ਕਿ ਉਹ ਖੁੱਲ੍ਹੇ ਵਿਚਾਰਾਂ ਵਾਲਾ ਤੇ ਬਹੁਤ ਪੜ੍ਹਣ ਵਾਲਾ ਸੀ, ਜਿਸਦੀ ਬਹੁਤ ਸਾਰੀਆਂ ਚੀਜ਼ਾਂ ਵਿੱਚ ਦਿਲਚਸ਼ਪੀ ਸੀ, ਜਿਨ੍ਹਾਂ ਵਿੱਚ ਪੂਰਬੀ ਧਰਮ ਵੀ ਸਨ ।(8)

ਟਰਾਂਟੋ ਵਿੱਚ ਮੂਰ ਦੇ ਦੋਸਤਾਂ ਵਿੱਚ ਥੀਓਸੋਫਿਸਟਾਂ ਦਾ ਇੱਕ ਛੋਟਾ ਗਰੁੱਪ ਵੀ ਸੀ। ਇਹ ਥੀਓਸੋਫਿਸਟ ਹਲੇਨਾ ਬਲਾਵਤਸਕੀ ਦੀ ਪੂਰਬ ਬਾਰੇ ਪੁਰਾਤਨ ਜਾਣਕਾਰੀ ਵਾਲੀ ਪ੍ਰਭਾਵਸ਼ਾਲੀ ਅਤੇ ਵਿਵਾਦਪੂਰਨ ਕਿਤਾਬ 'ਦਾ ਸੀਕਰੇਟ ਡੌਕਟਰੀਨ' ਦੇ ਕਾਰਣ ਹਿੰਦੂਮੱਤ ਅਤੇ ਬੁੱਧਮੱਤ ਵੱਲ ਖਿੱਚੇ ਗਏ ਸਨ। ਇਹ ਕਿਤਾਬ ਕੋਈ ਚੌਥਾਈ ਕੁ ਸਦੀ ਪਹਿਲਾਂ ਛਪੀ ਸੀ। ਮੂਰ ਦਾ ਇੱਕ ਦੋਸਤ, ਜੌਰਜ ਮਿਕਮੂਰਟਰੇ ਟਰਾਂਟੋ ਦੀ ਥੀਓਸੌਫੀਕਲ ਸੁਸਾਇਟੀ ਦਾ ਮੈਂਬਰ ਸੀ। ਉਹ ਨੇਮ ਪੂਰਵਕ ' ਦਾ ਸੀਕਰੇਟ ਡੌਕਟਰੀਨ' ਦੀਆ ਕਾਪੀਆਂ ਅਤੇ ਹੋਰ ਥੀਓਸੌਫਿਕਲ ਸਾਹਿਤ ਮੰਗਵਾਉਂਦਾ ਰਹਿੰਦਾ। ਇਨ੍ਹਾਂ ਨੂੰ ਕੋਈ ਵੀ ਉਸ ਕੋਲੋਂ ਲੈ ਸਕਦਾ ਸੀ। (9) 1914 ਦੀਆਂ ਗਰਮੀਆਂ ਵਿੱਚ ਡਾ. ਸੁੰਦਰ ਸਿੰਘ ਦੇ ਨਾਲ ਟਰਾਂਟੋ ਪਹੁੰਚੇ ਸਿੱਖਾਂ ਵਿੱਚ ਮੂਰ ਵਾਂਗ ਮੈਕਮੂਰਟਰੇ ਵਰਗੇ ਥੀਓਸੌਫਿਸਟ ਵੀ ਮਿੱਤਰਤਾ ਵਾਲੀ ਰੁਚੀ ਰੱਖਦੇ ਸਨ। ਮੂਰ ਭਾਵੇਂ ਡਾ. ਸੁੰਦਰ ਸਿੰਘ ਨੂੰ ਥੀਓਸੌਫਿਸਟਾਂ ਰਾਹੀਂ ਮਿਲਿਆ ਹੋਵੇ ਜਾਂ  ਐਮਪਾਇਰ ਕਲੱਬ, ਜਾਂ  ਕਨੇਡੀਅਨ ਕਲੱਬ ਜਾਂ ਤਿੰਨਾਂ ਰਾਹੀ ਪਰ ਉਨ੍ਹਾਂ ਦੀ ਮਿਲਣੀ ਜ਼ਰੂਰ ਹੀ ਮਹੱਤਵਪੂਰਨ ਪਲ ਹੋਣਗੇ ਜਿਸ ਕਰਕੇ ਪਿਆਰਾ ਸਿੰਘ ਮੂਰ ਕੋਲ ਗਿਆ । ਉਹ ਵੈਨਕੂਵਰ ਤੋਂ ਆਉਣ ਤੋਂ ਤੁਰੰਤ ਬਾਅਦ ਮੂਰ ਦੇ ਟਰਾਂਟੋਂ ਤੋਂ ਬਾਹਰ ਖੇਤਾਂ ਵਿੱਚ ਪਹੁੰਚ ਗਿਆ। ਕਪੂਰ ਵੀ ਉਸਦੇ ਮਗਰ ਹੀ ਪਹੁੰਚ ਗਿਆ ਅਤੇ ਉਸ ਨੂੰ ਮੂਰ ਦੀ ਆਦਰਯੋਗ ਅਤੇ ਸਹਿਯੋਗੀ ਮਿੱਤਰਤਾ ਮਿਲ ਗਈ, ਜਿਹੜੀ ਉਮਰ ਭਰ ਨਿਭੀ। ਕਪੂਰ ਦਾ ਥੀਓਸੌਫਿਸਟਾਂ ਨਾਲ ਵੀ ਮੇਲਜੋਲ ਸਥਾਪਿਤ ਹੋ ਗਿਆ, ਜਿਨ੍ਹਾਂ ਦਾ ਆਧਾਰ ਥੀਓਸੌਫਿਸਟਾਂ ਵੱਲੋਂ ਭਾਰਤ ਦੀਆਂ ਰਵਾਇਤਾਂ ਦੀ ਕਦਰ ਕਰਨਾ ਸੀ।

ਨਾ ਹੀ ਭਾਈ ਪਿਆਰਾ ਸਿੰਘ ਤੇ ਨਾ ਹੀ ਕਪੂਰ ਲੰਬੇ ਸਮੇਂ ਲਈ ਮੂਰ ਨਾਲ ਰਹੇ ਪਰ ਮੂਰ ਉਨ੍ਹਾਂ ਦੀ ਉਸਦੇ ਖੇਤ ਛੱਡਕੇ ਵੱਖ ਵੱਖ ਦਿਸ਼ਾਵਾਂ ਵੱਲ ਜਾਣ ਤੋਂ ਬਾਅਦ ਵੀ ਲਗਾਤਾਰ ਸਹਾਇਤਾ ਕਰਦਾ ਰਿਹਾ। ਨੌਕਰੀਆਂ ਲੱਭਣੀਆਂ ਮੂਰ ਲਈ ਔਖਾ ਕੰਮ ਨਹੀਂ ਸੀ। ਉਹ ਨੌਰਦਰਨ ਰੇਲਵੇ ਵਿੱਚ ਉੱਚ ਅਧਿਕਾਰੀ ਸੀ ਅਤੇ ਇਸਦੇ ਮਾਲਕ ਵਿਲੀਅਮ ਮਕੈਨਜ਼ੀ ਦਾ ਸੱਜਾ ਹੱਥ ਸੀ। ਵਿਲੀਅਮ ਮਕੈਨਜ਼ੀ ਕਨੇਡਾ ਦਾ ਵੱਡਾ ਪੂੰਜੀਪਤੀ ਅਤੇ ਰੇਲਵੇ ਦਾ ਨਿਰਮਾਤਾ ਸੀ। ਸਾਲ 1914 ਦੀਆਂ ਗਰਮੀਆਂ ਵਿੱਚ, ਕਨੇਡੀਅਨ ਨੌਰਦਰਨ ਰੇਲਵੇ ਸੀ ਪੀ ਆਰ ਦੇ ਮੁਕਾਬਲੇ ਵਿੱਚ ਦੇਸ਼ ਭਰ ਵਿੱਚ ਚੱਲਣ ਵਾਲਾ ਰੇਲਵੇ ਸਿਸਟਮ ਮੁਕੰਮਲ ਕਰਨ ਤੋਂ ਕੁਝ ਮਹੀਨੇ ਦੀ ਹੀ ਦੂਰੀ `ਤੇ ਸੀ। ਮੂਰ ਦਾ ਮਾਲਕ ਮਕੈਨਜ਼ੀ ਇੱਕ ਪ੍ਰਾਈਵੇਟ ਕੰਪਨੀ ਦਾ ਵੀ ਮਾਲਕ ਸੀ। ਇਹ ਕੰਪਨੀ ਟਰਾਂਟੋ ਦੀ ਸ਼ਹਿਰੀ ਅਤੇ ਅੰਤਰ-ਸ਼ਹਿਰੀ ਬਿਜਲਈ ਰੇਲਵੇ ਪ੍ਰਬੰਧ ਨੂੰ ਚਲਾਉਦੀਂ ਸੀ। ਮੂਰ ਟਰਾਂਟੋ ਰੇਲਵੇ ਕੰਪਨੀ ਦਾ ਸਕੱਤਰ ਸੀ ਅਤੇ ਉਸਦੀ ਜ਼ਿੰਮੇਵਾਰੀ ਇਸ ਰੇਲਵੇ ਦੀਆਂ ਸੇਵਾਵਾਂ ਨੂੰ ਚਲਾਉਣ ਦੀ ਸੀ।(10) ਜਦੋਂ ਕਪੂਰ ਨੇ ਖੇਤ ਛੱਡਣ ਦਾ ਫੈਸਲਾ ਲਿਆ ਤਾਂ ਮੂਰ ਨੇ ਜ਼ਰੂਰ ਹੀ ਉਸਦੀ ਅਗਲੀ ਨੌਕਰੀ ਦੀ ਅਗਵਾਈ ਕੀਤੀ ਹੋਵੇਗੀ, ਜਿਹੜੀ ਟਰਾਂਟੋ ਤੋਂ ਨਿਊਮਾਰਕੀਟ ਜਾਣ ਵਾਲੀ ਅੰਤਰ ਸ਼ਹਿਰੀ ਲਾਈਨ  ਸੈਕਸ਼ਨ ਗੈਂਗ ਬਿਲਡਿੰਗ `ਤੇ ਸੀ। ਇਹ ਮੂਰ ਵੱਲੋਂ ਚਲਾਏ ਜਾਂਦੇ ਰੇਲਵੇ ਪ੍ਰਬੰਧ ਦਾ ਹੀ ਇੱਕ ਹਿੱਸਾ ਸੀ। ਕਰਤਾਰ ਸਿੰਘ ਹੁੰਦਲ ਨੇ ਵੀ ਟਰਾਂਟੋ ਦੇ ਯੂਨੀਅਨ ਸਟੇਸ਼ਨ `ਤੇ ਕੁਝ ਸਮਾਂ ਨੌਕਰੀ ਕੀਤੀ। ਇਹ ਇੱਕ ਹੋਰ ਰੇਲਵੇ ਦੀ ਨੌਕਰੀ ਸੀ, ਜਿਹੜੀ ਸ਼ਾਇਦ ਮੂਰ ਦੀ ਮੱਦਦ ਨਾਲ ਹੀ ਲੱਭੀ ਗਈ ਹੋਵੇਗੀ।(11) ਨਾ ਹੀ ਕਰਤਾਰ, ਨਾ ਹੀ ਕਪੂਰ ਤੇ ਨਾ ਹੀ ਪਿਆਰਾ ਉਨ੍ਹਾਂ ਦੇ ਟਰਾਂਟੋਂ ਪਹੁੰਚਣ ਸਾਰ ਹੀ ਮੂਰ ਵੱਲੋਂ ਕੀਤੀ ਮੱਦਦ ਨੂੰ ਕਦੇ ਭੁੱਲ ਸਕੇ।

ਉਨ੍ਹਾਂ ਗਰਮੀਆਂ ਵਿੱਚ ਜਦੋਂ ਯੂਰਪ ਵਿੱਚ ਜੰਗ ਸ਼ੁਰੂ ਹੋਈ, ਗਦਰ ਪਾਰਟੀ ਦੇ ਆਗੂਆਂ ਨੇ ਬਿਨਾਂ ਕਿਸੇ ਦੇਰੀ ਜਾਂ ਪੁਨਰ ਵਿਚਾਰ ਦੇ ਪਰਵਾਸੀ ਭਾਰਤੀਆਂ ਨੂੰ ਆਖਿਆ ਕਿ ਦੇਸ਼ ਜਾ ਕੇ ਭਾਰਤ ਦੀ ਆਜ਼ਾਦੀ ਲਈ ਲੜੋ। ਬਰਤਾਨੀਆਂ ਵੱਲੋਂ 4 ਅਗਸਤ ਨੂੰ ਜੰਗ ਦੇ ਐਲਾਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਗਦਰ ਦੇ ਆਗੂਆਂ ਨੇ ਕੈਲੇਫੋਰਨੀਆ ਵਿੱਚ ਜਨਤਕ ਮੀਟਿੰਗਾਂ ਕੀਤੀਆਂ। ਉਨ੍ਹਾਂ ਦੇ ਭਾਸ਼ਣ ਉਕਸਾਊ ਅਤੇ ਜੋਸ਼ ਭਰਪੂਰ ਸਨ ਪਰ ਇੱਕ ਹਮਦਰਦ ਅਨੁਸਾਰ ਕਿਸੇ ਕੋਲ ਵੀ ਸਪਸ਼ਟ ਪਲੈਨ ਨਹੀਂ ਸੀ ਕਿ ਵਾਪਸ ਜਾ ਕੇ ਕਿਵੇਂ ਕ੍ਰਾਂਤੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੀਆਂ ਬੈਠਕਾਂ ਜਾਂ ਯੋਜਨਾਵਾਂ ਵਿੱਚੋਂ ਕੁਝ ਵੀ ਲੁਕਵਾਂ ਨਹੀਂ ਸੀ। ਇਸਦੀਆਂ ਅਮਰੀਕਾ ਦੇ ਅਖਬਾਰਾਂ ਵਿੱਚ ਖੁੱਲ੍ਹੇਆਮ ਖਬਰਾਂ ਲਗਦੀਆਂ ਸਨ। ਅਤੇ ਗਦਰ ਅਖਬਾਰ ਦੇ ਅਗਸਤ ਮਹੀਨੇ ਦੇ ਪਹਿਲੇ ਅੰਕ ਵਿੱਚ ਹਥਿਆਰ ਚੁੱਕਣ ਦਾ ਸੱਦਾ ਛਾਪਿਆ ਗਿਆ ਸੀ। ਇਸ ਅਖਬਾਰ ਨੂੰ ਦੂਰ ਦੂਰ ਵੱਡੀ ਗਿਣਤੀ ਵਿੱਚ ਵੰਡਿਆ ਗਿਆ। ਇਸ ਨੇ ਬਰਤਾਨਵੀ ਸਰਕਾਰ ਦੇ ਸੂਹੀਆਂ ਦਾ ਕੰਮ ਸੌਖਾ ਕਰ ਦਿੱਤਾ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪਾਰਟੀ ਕੀ ਕਰ ਰਹੀ ਸੀ।(12)

ਭਾਈ ਪਿਆਰਾ ਸਿੰਘ ਨੇ ਗਦਰ ਦੀ ਪੁਕਾਰ ਸੁਣਦੇ ਸਾਰ ਹੀ ਇਹ ਫੈਸਲਾ ਕਰ ਲਿਆ ਕਿ ਉਹ ਇਸ ਵਿੱਚ ਹਿੱਸਾ ਲਵੇਗਾ। ਉਸ ਨੇ ਕਪੂਰ ਨੂੰ ਵੀ ਆਪਣੇ ਨਾਲ ਭਾਰਤ ਲਿਜਾਣ ਲਈ ਪ੍ਰੇਰਿਆ । ਕਪੂਰ ਨੇ ਇਨਕਾਰ ਕਰ ਦਿੱਤਾ। ਉਸ ਨੇ ਜਵਾਬ ਦਿੱਤਾ ਕਿ ਜਦੋਂ ਉਸ ਨੇ ਦਾੜ੍ਹੀ ਅਤੇ ਪੱਗ ਤਿਆਗ ਦਿੱਤੇ ਸਨ, ਉਹ ਉਦੋਂ ਹੀ ਕਨੇਡੀਅਨ ਬਣ ਗਿਆ ਸੀ ਅਤੇ ਉਹ ਕਨੇਡਾ ਵਿੱਚ ਹੀ ਰਹੇਗਾ ਪਰ ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਉਸਦੀ ਆਰਥਿਕ ਅਤੇ ਨੈਤਿਕ ਤੌਰ `ਤੇ ਸਹਾਇਤਾ ਕਰੇਗਾ ਅਤੇ ਆਉਂਦੇ ਸਾਲਾਂ ਵਿੱਚ ਉਸ ਨੇ ਇਹ ਕੀਤਾ ਵੀ।(13) ਉਨ੍ਹਾਂ ਦੀ ਇਹ ਗੱਲਬਾਤ ਛੋਟੀ ਸੀ ਕਿਉਂ ਕਿ ਪਿਆਰਾ ਸਿੰਘ ਗਦਰੀਆਂ ਦੇ ਪਹਿਲੇ ਜੱਥੇ ਵਿੱਚ ਸ਼ਾਮਿਲ ਹੋਣ ਲਈ ਕਾਹਲਾ ਸੀ ਜਿਨ੍ਹਾਂ ਦੀ 15 ਅਗਸਤ ਨੂੰ ਸਾਨ ਫਰਾਂਸਿਸਕੋ ਤੋਂ ਸਮੁੰਦਰੀ ਯਾਤਰਾ ਰਾਹੀਂ ਭਾਰਤ ਜਾਣ ਦੀ ਯੋਜਨਾ ਸੀ। ਟਰਾਂਟੋ ਤੋਂ ਰੇਲ ਰਾਹੀਂ ਪੰਜ ਹਜ਼ਾਰ ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਉਹ ਕੈਲੇਫੋਰਨੀਆ ਪਹੁੰਚਿਆ। ਉੱਥੇ ਉਸ ਨੇ ਦੋ ਹਫਤੇ ਉਡੀਕ ਕੀਤੀ। ਇਹ ਜੱਥਾ 29 ਅਗਸਤ ਨੂੰ ਕੋਰੀਆ ਸਟੀਮਸ਼ਿੱਪ ਰਾਹੀਂ ਰਵਾਨਾ ਹੋਇਆ। ਉਹ ਕੈਲੇਫੋਰਨੀਆ ਵਿੱਚ ਸਟਾਕਟਨ ਗੁਰਦੁਆਰੇ ਰਿਹਾ। ਉੱਥੇ ਉਹ ਅੱਗ ਦੀ ਨਾਲ਼ ਭਗਵਾਨ ਸਿੰਘ ਜੱਖ ਨੂੰ ਮਿਲਿਆ ਜਿਸ ਨੂੰ 1913 ਵਿੱਚ ਕਨੇਡਾ ਵਿੱਚੋਂ ਦੇਸ਼ ਨਿਕਾਲਾ ਮਿਲ ਗਿਆ ਸੀ। ਉਹ ਹੁਣ ਪੱਛਮੀ ਤੱਟ `ਤੇ ਕ੍ਰਾਂਤੀਕਾਰੀ ਦੇਸ਼ ਭਗਤਾਂ ਨੂੰ ਵਾਪਸ ਪਰਤਣ ਲਈ ਪ੍ਰੇਰ ਰਿਹਾ ਸੀ। ਹੋਰ ਵੱਡੇ ਗਦਰੀ ਆਗੂਆਂ ਵਾਂਗ ਉਹ ਆਪ ਵੀ ਵਾਪਸ ਨਹੀਂ ਸੀ ਜਾ ਰਿਹਾ ਸਗੋਂ ਦੂਰ ਤੋਂ ਹੀ ਅੰਦੋਲਨ ਚਲਾ ਰਿਹਾ ਸੀ। ਜੱਥੇ ਵਿੱਚ ਸ਼ਾਮਿਲ ਸੂਹੀਆਂ ਰਾਹੀਂ ਭਾਰਤ ਵਿਚਲੀ ਪੁਲਿਸ ਨੂੰ ਇਤਲਾਹ ਮਿਲੀ ਕਿ ਪਿਆਰਾ ਸਿੰਘ ਦੇ ਭਗਵਾਨ ਸਿੰਘ ਨਾਲ ਸਬੰਧ ਸਨ। ਇਹ ਸੂਚਨਾ ਦਿੱਲੀ ਵਿੱਚ ਉਸਦੀ ਪੁਲਿਸ ਫਾਈਲ ਤੱਕ ਪਹੁੰਚ ਗਈ।(14)

ਗਦਰੀਆਂ ਦਾ ਪਰੋਗ੍ਰਾਮ ਇਨਾਂ ਖੁੱਲ੍ਹੇਆਮ ਸੀ ਕਿ ਸਾਨ ਫਰਾਂਸਿਸਕੋ ਵਿੱਚ ਬਰਤਾਨਵੀ ਕੌਂਸਲ ਜਨਰਲ ਅਤੇ ਵੈਨਕੂਵਰ ਵਿੱਚ ਕਨੇਡੀਅਨ ਇਮੀਗਰੇਸ਼ਨ ਅਫਸਰ ਡਬਲਿਊ ਸੀ ਹਾਪਕਿਨਸਨ ਨੇ ਜੱਥੇ ਵਿੱਚ ਜਾਣ ਵਾਲੇ ਹਰੇਕ ਬੰਦੇ ਦਾ ਨਾਂ ਅਤੇ ਜਿਸ ਜਹਾਜ਼ ਰਾਹੀਂ ਉਹ ਗਏ ਸਨ, ਉਸਦਾ ਨਾਂ ਭਾਰਤ ਤੱਕ ਪਹੁੰਚਾ ਦਿੱਤਾ। ਜਿਹੜੇ ਸਾਨ ਫਰਾਂਸਿਸਕੋ ਤੋਂ ਨਿਪੋਨ ਯੂਸੇਨ ਕੇਸਾ ਜਹਾਜ਼ ਰਾਹੀਂ ਗਏ ਸਨ, ਉਹ ਸਿੱਧੇ ਕੋਲਕਤੇ ਵਿੱਚ ਉਡੀਕ ਰਹੀ ਪੁਲਿਸ ਦੇ ਹੱਥਾਂ ਵਿੱਚ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਥਾਂ ਤੇ ਹੀ ਗ੍ਰਿਫਤਾਰ ਕਰ ਲਿਆ। 'ਕੋਰੀਆ' ਪੈਸੇਫਿਕ ਸਟੀਮਸ਼ਿੱਪ ਕੰਪਨੀ ਦਾ ਜਹਾਜ਼ ਸੀ ਜਿਹੜਾ ਹਾਂਗਕਾਂਗ ਜਾਂਦਾ ਸੀ, ਪਿਆਰਾ ਸਿੰਘ ਦੀ ਚੰਗੀ ਕਿਸਮਤ ਨੂੰ ਉਸ ਨੇ ਦੋ ਹੋਰ ਦੋਸਤਾਂ ਨਾਲ ਸ਼ੰਘਾਈ ਰਾਹੀਂ ਜਾਣ ਲਈ ਇਸ ਨੂੰ ਨਾਗਾਸਾਕੀ ਵਿੱਚ ਪਹਿਲਾਂ ਹੀ ਛੱਡ ਦਿੱਤਾ ਸੀ। ਪੁਲਿਸ ਨੂੰ ਇਸਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਕਦੋਂ ਪਹੁੰਚੇਗਾ। ਅਕਤੂਬਰ ਦੇ ਅੱਧ ਵਿੱਚ ਉਹ ਅਤੇ ਉਸਦੇ ਦੋਸਤ ਹਾਂਗਕਾਂਗ ਦੇ ਇੱਕ ਛੋਟੇ ਸਟੀਮਰ 'ਫਾਓ ਸੈਂਗ' ਰਾਹੀਂ ਕੋਲਕਤੇ ਪਹੁੰਚੇ ਸਨ। ਉਨ੍ਹਾਂ ਵੱਲ ਕਿਸੇ ਦਾ ਧਿਆਨ ਨਾ ਗਿਆ। ਉਸੇ ਦਿਨ ਬਾਅਦ ਵਿੱਚ ਉਨ੍ਹਾਂ ਦਾ ਬਜ਼ਾਰ ਵਿੱਚ ਪੁਲਿਸ ਨਾਲ ਟਾਕਰਾ ਹੋਇਆ ਅਤੇ ਉਨ੍ਹਾਂ ਨੂੰ ਫੜੇ ਜਾਣ ਦਾ ਖਤਰਾ ਮਹਿਸੂਸ ਹੋਇਆ ਪਰ ਉਨ੍ਹਾਂ ਨੇ ਛੇਤੀ ਵਿੱਚ ਗੱਲ ਕੀਤੀ ਅਤੇ ਉਥੋਂ ਨਿਕਲ ਗਏ।

ਅਖੀਰ 12 ਅਪ੍ਰੈਲ 1915 ਨੂੰ ਭਾਈ ਪਿਆਰਾ ਸਿੰਘ ਨੂੰ ਭਾਰਤੀ ਪੁਲਿਸ ਨੇ ਉਸਦੇ ਪਿੰਡ ਲੰਗੇਰੀ ਤੋਂ 8 ਕਿਲੋਮੀਟਰ ਦੱਖਣ ਵੱਲ ਗ੍ਰਿਫਤਾਰ ਕਰ ਲਿਆ। ਪੁਲਿਸ ਨੂੰ ਪਿੰਡ ਦੇ ਜ਼ੈਲਦਾਰ ਨੇ ਸੂਹ ਦਿੱਤੀ ਸੀ। ਉਸ ਵੇਲੇ ਤੱਕ ਪਿਆਰਾ ਸਿੰਘ ਨੂੰ ਭਾਰਤ ਆਏ ਛੇ ਮਹੀਨੇ ਹੋ ਗਏ ਸਨ। ਉਹ ਹਮੇਸ਼ਾ ਚਲਦਾ ਫਿਰਦਾ ਰਹਿੰਦਾ ਪਰ ਬਹੁਤਾ ਪਿੰਡ ਦੇ ਆਸ ਪਾਸ ਹੀ। ਉਹ ਮਾਹਲਪੁਰ ਪੁਲਿਸ ਕੋਲ ਹਾਜ਼ਰੀ ਲਵਾਉਣ ਲਈ ਤਿੰਨ ਮਹੀਨੇ ਬਾਅਦ ਗਿਆ ਅਤੇ ਫਿਰ ਉਸ ਨੂੰ ਪਿੰਡ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਉਹ ਲਾਪਤਾ ਜਾਂ ਭਗੌੜਾ ਹੋ ਗਿਆ ਜਿਵੇਂ ਪੁਲਿਸ ਨੇ ਆਪਣੇ ਰਿਕਾਰਡ ਵਿੱਚ ਦਰਜ ਕੀਤਾ। ਉਸਦੇ ਸਾਧੂ ਦੇ ਭੇਸ ਵਿੱਚ ਘੁੰਮਣ ਨੇ ਪੁਲਿਸ ਦੀ ਸ਼ੱਕ ਨੂੰ ਹੋਰ ਪੱਕਾ ਕੀਤਾ । ਉਨ੍ਹਾਂ ਨੇ ਧਾਰਨਾ ਬਣਾ ਲਈ ਕਿ ਉਹ ਗਦਰੀਆਂ ਨਾਲ ਮਿਲਿਆ ਹੋਇਆ ਸੀ ਅਤੇ ਸਿੱਖ ਪਲਟਨਾਂ ਨੂੰ ਬਗਾਵਤ ਦਾ ਪਾਠ ਪੜ੍ਹਾਉਂਦਾ ਸੀ ਜਾਂ ਲੁੱਟ-ਖੋਹ ਦੀਆਂ ਜਾਂ ਅਸਲਾ ਖਾਨਿਆਂ `ਤੇ ਧਾਵਾ ਬੋਲਣ ਦੀਆਂ ਯੋਜਨਾਵਾਂ ਬਣਾਉਂਦਾ ਸੀ ਅਤੇ ਆਪਣੇ ਆਪ ਨੂੰ ਸਾਧੂ ਦੇ ਭੇਸ ਹੇਠ ਲੁਕੋ ਲੈਂਦਾ ਸੀ। ਉਸ ਨੇ ਬਾਅਦ ਵਿੱਚ ਚੱਲੇ ਮੁਕੱਦਮੇ ਵੇਲੇ ਇਸ ਤੋਂ ਇਨਕਾਰ ਕਰ ਦਿੱਤਾ ਪਰ ਬਹੁਤ ਸਾਲਾਂ ਬਾਅਦ ਲਿਖੀ ਆਤਮ-ਕਥਾ ਵਿੱਚ ਇਸ ਨੂੰ ਮੰਨ ਲਿਆ। ਉਹ ਬਹੁਤਾ ਕਰਕੇ ਲੰਗੇਰੀ ਦੇ ਦਸ ਕਿਲੋਮੀਟਰ ਘੇਰੇ ਵਿੱਚ ਸਰਗਰਮ ਸੀ। ਇੱਕ ਥਾਂ `ਤੇ ਦੋ ਦਿਨ ਤੋਂ ਵੱਧ ਨਹੀਂ ਸੀ ਟਿਕਦਾ। ਉਹ ਰਾਤ ਨੂੰ ਆਉਂਦਾ-ਜਾਂਦਾ ਅਤੇ ਪਿੰਡਾਂ ਦੇ ਘਰਾਂ ਵਿੱਚ ਜਾ ਕੇ  ਕ੍ਰਾਂਤੀਕਾਰੀ ਪਾਠ ਪੜ੍ਹਾਉਂਦਾ। ਇੱਕ ਵਾਰ ਉਸ ਨੇ  ਉੱਤਰ-ਪੱਛਮੀ ਸਰਹੱਦੀ ਸੂਬੇ  ਦੇ ਕੋਹਾਟ ਵਿੱਚ ਸਿਪਾਹੀਆਂ ਅਤੇ ਘੋੜ ਸਵਾਰ ਸੈਨਿਕਾਂ ਨੂੰ ਬਗਾਵਤ ਦਾ ਪਾਠ ਪੜ੍ਹਾਉਣ ਲਈ  ਦੋ ਹਫਤੇ ਬਿਤਾਏ। ਉਸ ਵੇਲੇ ਮਾਹਲਪੁਰ ਇਲਾਕੇ ਦੇ  ਸੈਨਿਕ ਉੱਥੇ ਤਾਇਨਾਤ ਸਨ। ਇਸ ਤੋਂ ਬਿਨਾਂ ਉਹ ਆਮ ਤੌਰ `ਤੇ ਆਪਣੇ ਜਾਣੇ-ਪਛਾਣੇ ਪੇਂਡੂ ਇਲਾਕੇ ਵਿੱਚ ਵਿਚਰਦਾ।(15) ਉੱਥੇ ਵੀ  ਜਿਹੜੇ ਪੇਂਡੂਆਂ `ਤੇ ਉਸ ਨੂੰ ਬਹੁਤਾ ਭਰੋਸਾ ਨਾ ਹੁੰਦਾ, ਉੱਥੋ ਆਪਣਾ ਟਿਕਾਣਾ ਛੇਤੀ ਬਦਲ ਲੈਂਦਾ।

ਉਸਦੀ ਗ੍ਰਿਫਤਾਰੀ ਤੋਂ ਦੋ ਮਹੀਨੇ ਬਾਅਦ ਪੁਲਿਸ ਉਸ ਨੂੰ ਮੁਕੱਦਮੇ ਲਈ ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਲੈ ਕੇ ਗਈ। ਅਦਾਲਤ ਨੇ ਦੇਖਿਆ ਕਿ ਗ੍ਰਿਫਤਾਰੀ ਵੇਲੇ ਉਹ ਜ਼ਖ਼ਮੀ ਹੋਇਆ ਸੀ।  ਪੁਲਿਸ ਸਬ ਇੰਸਪੈਕਟਰ ਅਤੇ ਉਸਦੇ ਘੋੜਸਵਾਰ ਪੇਂਡੂ ਸਾਥੀਆਂ ਦੇ ਪਹੁੰਚਣ ਨਾਲ ਉਹ ਸਾਧੂ ਦੀ ਕੁਟੀਆ ਵਿੱਚੋਂ ਭੱਜ ਨਿਕਲਿਆ ਅਤੇ ਮੀਲਾਂ ਦੂਰ ਖੇਤਾਂ ਵਿੱਚ ਭੱਜਦਾ ਰਿਹਾ ਪਰ ਉਹ ਘੋੜਸਵਾਰਾਂ ਦੇ ਅੱਗੇ ਹਮੇਸ਼ਾ ਲਈ ਤਾਂ ਦੌੜ ਨਹੀਂ ਸੀ ਸਕਦਾ ਅਤੇ ਅਖੀਰ ਵਿੱਚ ਉਹ ਸਬ ਇੰਸਪੈਕਟਰ ਅਤੇ ਕੰਡਿਆਲੀ ਝਾੜੀ ਦੇ ਵਿਚਕਾਰ ਫਸ ਗਿਆ। ਉਸਦੀ ਬਹੁਤ ਕੁੱਟਮਾਰ ਹੋਈ। ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ, ਸੁੱਜੀਆਂ ਬੰਦ ਅੱਖਾਂ ਅਤੇ ਪੱਚਰ ਨਾਲ ਬੰਨ੍ਹੀ ਟੁੱਟੀ ਲੱਤ ਨਾਲ ਜੇਲ੍ਹ ਵਿੱਚ ਸੁੱਟ ਦਿੱਤਾ। ਆਪਣੀ ਗ੍ਰਿਫਤਾਰੀ ਵੇਲੇ ਉਹ ਸਬ ਇੰਸਪੈਕਟਰ ਨਾਲ ਭਿੜ ਪਿਆ ਸੀ। ਉਸ ਨੇ ਲੰਬੇ ਹੱਥੇ ਵਾਲਾ ਗੰਡਾਸਾ ਉਸਦੇ ਪੱਟ ਵੱਲ ਵਾਹਿਆ ਸੀ ਅਤੇ ਜੱਜਾਂ ਨੇ ਉਸ ਵੱਲੋਂ ਕੀਤੇ ਅਪਰਾਧਾਂ ਦੀ ਸੂਚੀ ਵਿੱਚ ਇਸ ਨੂੰ ਜੋੜ ਦਿੱਤਾ ਸੀ। ਉਸ ਨੂੰ ਉਮਰ ਕੈਦ ਹੋਈ। ਪੱਛਮੀ ਪੰਜਾਬ ਦੇ ਰਾਵਲਪਿੰਡੀ ਵਿੱਚ ਉਸਨੇ ਸਜ਼ਾ ਭੁਗਤਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਅੰਡੇਮਾਨ ਟਾਪੂ ਵਿੱਚ ਪੋਰਟ ਬਲੇਅਰ ਕਾਲੇਪਾਣੀ ਸੈਲੂਲਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਉਸ ਅਪ੍ਰੈਲ ਅਤੇ 1917 ਦੇ ਵਿਚਕਾਰ ਲਾਹੌਰ ਦੀ ਅਦਾਲਤ ਵਿੱਚ ਚੱਲੇ ਬਗਾਵਤੀ ਕੇਸਾਂ ਦੀਆਂ ਲੰਮੀਆਂ ਲੜੀਆਂ ਵਿੱਚੋਂ ਉਸ ਵਾਲਾ ਕੇਸ ਇੱਕ ਸੀ। ਜਿਸ ਵਿੱਚ ਤੇਈ ਫਾਂਸੀਆਂ ਹੋਈਆਂ।(16)

ਕਪੂਰ ਦੀਆਂ ਬੇਟੀਆਂ  1950ਵਿਆਂ ਵਿੱਚ ਪਿਆਰਾ ਸਿੰਘ ਲੰਗੇਰੀ ਨੂੰ ਮਿਲੀਆਂ। ਜੈਕੀ ਨੇ ਸੋਚਿਆ ਕਿ ਉਸ ਵੱਲੋਂ ਹੁਣ ਤੱਕ ਸੁਣੀਆਂ ਆਵਾਜ਼ਾਂ ਵਿੱਚੋਂ ਇਹ ਸਭ ਤੋਂ ਨਰਮ ਅਤੇ ਪਿਆਰੀ ਆਵਾਜ਼ ਸੀ। ਸੁਰਜੀਤ ਦੇ ਮਨ ਨੂੰ  ਉਸਦੇ ਅਰਦਾਸ ਕਰਨ ਵੇਲੇ ਵਾਲੀ ਆਵਾਜ਼ ਟੁੰਬ ਗਈ। ਸੁਰਜੀਤ ਨੇ ਉਸ ਨੂੰ ਅਰਦਾਸ ਕਰਨ ਲਈ ਕਿਹਾ ਸੀ ਅਤੇ ਪਿਆਰਾ ਸਿੰਘ ਨੇ ਤਾਕਤ ਨਾਲ ਉੱਚੀ ਆਵਾਜ਼ ਵਿੱਚ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਸੁਰਜੀਤ ਨੂੰ ਦਿਲ ਦੀ ਡੂੰਘਾਈ ਤੱਕ ਛੋਹ ਗਈ।  ਉਸ ਨੇ ਪੁਲਿਸ ਹਿਰਾਸਤ ਵਿੱਚ ਖਾਧੀ ਕੁੱਟ ਮਾਰ ਅਤੇ ਪੋਰਟ ਬਲੇਅਰ ਦੀ ਕਾਲ ਕੋਠੜੀ ਵਿੱਚ ਭੋਗੀ ਇਕੱਲਤਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਉਹ ਅਰਦਾਸਾਂ ਅਤੇ ਸਮਾਧੀ ਕਰਕੇ ਜਿਉਂਦਾ ਰਹਿ ਸਕਿਆ ਅਤੇ ਜੇਲ੍ਹ ਦੇ ਸਮੇਂ ਦੌਰਾਨ ਅਰਦਾਸ ਕਰਦੇ ਸਮੇਂ ਉਸ ਨੂੰ ਰੂਹਾਨੀ ਸ਼ਕਤੀ ਦਾ ਅਹਿਸਾਸ ਹੋਇਆ।(17)

ਉਮਰ ਕੈਦ ਦੇ ਪੰਜ ਸਾਲ ਕੱਟਣ ਤੋਂ ਬਾਅਦ ਪਿਆਰਾ ਸਿੰਘ ਨੂੰ ਆਮ ਮੁਆਫੀ ਅਧੀਨ 1920 ਵਿੱਚ ਰਿਹਾਅ ਕਰ ਦਿੱਤਾ ਗਿਆ। ਉਸ ਨੇ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰੱਖੀਆਂ, ਜਿਸ ਕਰਕੇ ਉਸ ਨੂੰ 1923 ਅਤੇ 1926 ਵਿਚਕਾਰ ਢਾਈ ਸਾਲ ਹੋਰ ਕੈਦਖਾਨੇ ਵਿੱਚ ਕੱਟਣੇ ਪਏ। ਉਸਦੀ 1920 ਵਾਲੀ ਰਿਹਾਈ ਦੇ ਸਮੇਂ ਕੁਝ ਹੋਰ ਗਦਰੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ ਪਰ ਬਾਕੀ ਹੋਰ ਬਹੁਤ  ਸਾਲ ਜੇਲ੍ਹ ਵਿੱਚ ਰਹੇ।  ਇੱਕ ਆਦਮੀ, ਜਿਹੜਾ ਪਿਆਰਾ ਸਿੰਘ ਦੇ ਹੱਕ ਵਿੱਚ ਖੜ੍ਹਾ ਹੋਇਆ, ਉਹ ਸੀ ਉਸਦਾ ਪੁਰਾਣਾ ਪਿਕਰਿੰਗ ਓਂਟੇਰੀਓ ਤੋਂ ਡੇਅਰੀ ਫਾਰਮ ਮਾਲਕ ਵਿਲੀਅਮ ਮੂਰ। ਜਦੋਂ ਪਿਆਰਾ ਸਿੰਘ ਜੇਲ੍ਹ ਵਿੱਚ ਦੁੱਖ ਭੋਗ ਰਿਹਾ ਸੀ, ਉਸ ਵੇਲੇ ਮੂਰ ਨੇ ਜੰਗ ਕਾਰਣ ਫਰਾਂਸੀਸੀ ਅਤੇ ਅੰਗ੍ਰੇਜ਼ ਕਨੇਡਾ ਵਿੱਚ ਪਈ ਕੌੜੀ ਤਰੇੜ ਨੂੰ ਮਿਟਾਉਣ ਲਈ ਇਕ ਲਹਿਰ ਸ਼ੁਰੂ ਕੀਤੀ ਪਰ ਅਸਫਲ ਰਿਹਾ। ਇਸ ਲਹਿਰ ਦਾ ਨਾਂ ਬੌਨ ਇਨਟੇਂਟੇ ਸੀ ਅਤੇ ਇਸ ਨਾਲ ਮੂਰ ਦਾ ਨਾਂ ਅਖਬਾਰਾਂ ਵਿੱਚ ਆ ਗਿਆ। ਉਸ ਵੇਲੇ ਤੱਕ ਕਪੂਰ ਵਾਪਸ ਬ੍ਰਿਟਿਸ਼ ਕੋਲੰਬੀਆ  ਪਹੁੰਚ ਗਿਆ ਸੀ। ਜਦੋਂ ਉਸ ਨੇ ਮੂਰ ਦਾ ਨਾਂ ਅਖਬਾਰ ਵਿੱਚ ਦੇਖਿਆ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਮੂਰ ਨੂੰ ਭਾਈ ਪਿਆਰਾ ਸਿੰਘ ਦੀ ਮੱਦਦ ਕਰਨ ਲਈ ਲਿਖੇਗਾ। ਮੂਰ ਦੇ ਜੰਗ ਵੇਲੇ ਦੀ ਸਾਂਝੀ ਸਰਕਾਰ ਵਿੱਚ ਲਿਬਰਲਾਂ ਨਾਲ ਸਬੰਧ ਸਨ। ਉਸ ਨੇ ਉਹ ਕੁਝ ਕੀਤਾ, ਜਿਹੜਾ ਕਰ ਸਕਦਾ ਸੀ। ਪਿਆਰਾ ਸਿੰਘ ਦੇ ਦੋਸਤਾਂ ਨੂੰ ਯਕੀਨ ਸੀ ਕਿ ਮੂਰ ਦੇ ਦਖਲ ਕਾਰਣ ਹੀ ਇਹ ਸੰਭਵ ਹੋਇਆ ਅਤੇ ਉਨ੍ਹਾ ਦਾ ਇਹ ਅਹਿਸਾਸ ਛਿਣਭੰਗਰ ਨਹੀਂ ਸੀ। ਕਪੂਰ ਨੂੰ ਮੂਰ ਦੀ ਦਿਆਲਤਾ ਪੱਚੀ ਸਾਲ ਬਾਅਦ ਵੀ ਯਾਦ ਸੀ ਜਦੋਂ ਉਸ ਨੇ ਪਿਕਰਿੰਗ ਨੇੜੇ ਇੱਕ ਖੇਤ ਵਿੱਚ ਜਾਣ ਤੋਂ ਬਾਅਦ ਮੂਰ ਨੂੰ ਧੰਨਵਾਦ ਦਾ ਪੱਤਰ ਲਿਖਿਆ। ਉਹ ਮੁੜ ਤੋਂ ਉਸ ਬਾਰੇ ਜ਼ਿਕਰ ਕਰਨ ਲਈ ਮਜਬੂਰ ਹੋ ਗਿਆ, ਜਿਹੜਾ ਕੁਝ ਮੂਰ ਨੇ ਕਰਮ ਲਈ ਕੀਤਾ ਸੀ। ਮੂਰ ਭਾਈ ਪਿਆਰਾ ਸਿੰਘ ਨੂੰ ਹਾਲੇ ਵੀ ਇਸੇ ਨਾਂ ਨਾਲ ਜਾਣਦਾ ਸੀ।(18)

ਕਪੂਰ ਅਤੇ ਭਾਈ ਪਿਆਰਾ ਸਿੰਘ ਦੋਸਤ ਸਨ ਜਿਹੜੇ ਸੜਕ ਦੇ ਇਤਿਹਾਸਕ ਦੁਸਾਂਗੇ `ਤੇ ਵੱਖ ਵੱਖ ਰਾਹਾਂ `ਤੇ ਚਲੇ ਗਏ ਸਨ। ਕਪੂਰ ਦੀ ਕਹਾਣੀ ਦਾ ਪਿਆਰਾ ਸਿੰਘ ਮਹੱਤਵਪੂਰਨ ਹਿੱਸਾ ਸੀ। ਉਹ ਉਸ ਚੋਣ ਦੀ ਪ੍ਰਤੀਨਿਧਤਾ ਕਰਦਾ ਸੀ ਜਿਹੜੀ ਕਪੂਰ ਨੇ ਨਹੀਂ ਸੀ ਕੀਤੀ ਅਤੇ ਉਸ ਅਨੁਭਵ ਦਾ, ਜਿਸਦੀ ਕਪੂਰ ਨੇ ਕੋਸ਼ਿਸ਼ ਨਹੀਂ ਸੀ ਕੀਤੀ ਪਰ ਇਸ ਚੋਣ ਅਤੇ ਅਨੁਭਵ ਦੀ ਕਦਰ ਕਰਦਾ ਸੀ। ਕਪੂਰ ਕੋਲ ਹੋਰ ਵੀ ਚੋਣਾਂ ਸਨ ਕਿਉਂ ਕਿ ਜਿਸ ਪਲ ਗਦਰ ਨੇ ਹਥਿਆਰ ਉਠਾਉਣ ਲਈ ਕਿਹਾ ਸੀ ਉਸ ਵੇਲੇ ਉਸਦੇ 'ਸੰਸਾਰ' ਵਾਲੇ ਸਹਿਯੋਗੀ ਡਾ. ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਉਸੇ ਉਦੇਸ਼ ਲਈ ਨਵੇਂ ਰਾਹਾਂ ਦੀ ਭਾਲ ਕਰ ਰਹੇ ਸਨ। ਉਨ੍ਹਾਂ ਦੇ ਕੇਸ ਵਿੱਚ, ਉਨ੍ਹਾਂ ਦਾ ਉਦੇਸ਼ ਕਨੇਡਾ ਵਿੱਚ ਉਨ੍ਹਾਂ ਦੇ ਹਮਵਤਨੀਆਂ ਲਈ ਨਿਆਂਪੂਰਨ ਮੌਕੇ ਜਿੱਤਣਾ ਸੀ। ਕਪੂਰ ਦੀ ਜ਼ਿੰਦਗੀ ਵੀ ਉਨ੍ਹਾਂ ਦੇ ਨਾਲ ਹੀ ਜੁੜੀ ਹੋਈ ਸੀ ਖਾਸ ਕਰਕੇ ਕਰਤਾਰ ਸਿੰਘ ਨਾਲ।

ਡਾ. ਸੁੰਦਰ ਸਿੰਘ ਅਖੀਰ ਅੱਖੋਂ ਓਹਲੇ ਹੋ ਗਿਆ ਪਰ ਉਹ ਤੁਰੰਤ ਨਹੀਂ ਸੀ ਹੋਇਆ।  ਟਰਾਂਟੋ ਵਿੱਚ ਸੈੱਟ ਹੋਣ ਤੋਂ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਹਮਵਤਨੀਆਂ ਲਈ ਪੂਰੇ ਤਾਣ ਨਾਲ ਕੰਮ ਕਰਦਾ ਰਿਹਾ। ਉਹ ਓਂਟੇਰੀਓ ਤੋਂ ਸੰਘਰਸ਼ ਕਰਦਾ ਸੀ। ਰਾਜਧਾਨੀ ਓਟਵਾ ਦੇ ਨੇੜੇ ਹੋਣ ਦਾ ਉਸ ਨੂੰ ਲਾਭ ਸੀ। ਕਰਤਾਰ ਸਿੰਘ ਨਾਲ ਰਲ ਕੇ ਉਸ ਨੇ ਕਨੇਡਾ-ਇੰਡੀਆ ਕਮੇਟੀ ਬਣਾਈ । ਇਸ ਵਿੱਚ ਉਨ੍ਹਾਂ ਨੇ ਕਪੂਰ, ਉਨ੍ਹਾਂ ਦੇ ਕੁਝ ਸਿੱਖ ਮਿੱਤਰਾਂ ਦੀ ਛੋਟੀ ਮੰਡਲੀ ਜਿਹੜੀ ਪੂਰਬ ਵੱਲ ਟਰਾਂਟੋ ਆਈ ਸੀ ਅਤੇ  ਟਰਾਂਟੋ ਦੇ ਕੁਝ ਪ੍ਰਮੁੱਖ ਨਾਗਰਿਕ ਵੀ ਨਾਲ ਰਲਾ ਲਏ। ਜਿਹੜਾ ਕੁਝ ਵੀ ਉਹ ਵਿਕਟੋਰੀਆ ਵਿੱਚ ਹਿੰਦੂ ਫਰੈਂਡ ਸੁਸਾਇਟੀ ਰਾਹੀਂ ਕਰਦੇ ਸਨ, ਹੂਬਹੂ ਉਹੀ ਕਰ ਰਹੇ ਸਨ। 'ਸੰਸਾਰ' ਬੰਦ ਹੋ ਗਿਆ ਸੀ ਪਰ ਹੁਣ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਕੋਲ ਨਵਾਂ ਪ੍ਰਕਾਸ਼ਨ ਸੀ, 'ਕਨੇਡਾ ਐਂਡ ਇੰਡੀਆ: ਏ ਜਰਨਲ ਆਫ ਇਨਫਰਮੇਸ਼ਨ ਐਂਡ ਕੌਨਸਲੀਏਸ਼ਨ' ਅਤੇ ਪੈਂਫਲਿਟ ਵੀ ਛਾਪਦੇ। ਇਹ ਸਭ ਲਗਾਤਾਰ ਲੌਬੀ ਦੀਆਂ ਸਰਗਰਮੀਆਂ ਸਨ। ਜਦੋਂ ਉਨ੍ਹਾਂ ਨੂੰ ਮੱਦਦ ਦੀ ਲੋੜ ਹੁੰਦੀ, ਕੁਝ ਟਰਾਂਟੋ ਵਾਸੀ ਉਨ੍ਹਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੰਦੇ, ਜਿਸ ਲਈ ਉਹ ਉਨ੍ਹਾਂ ਦੇ ਦਿਲੋਂ ਧੰਨਵਾਦੀ ਸਨ। ਇਨ੍ਹਾਂ ਵਿੱਚ ਮੂਰ ਤੋਂ ਇਲਾਵਾ ਆਰਥਰ ਹਾਕ, ਸੈਮੂਅਲ ਟੋਮਸ ਵੁਡ, ਡਾ. ਲੀਲਾ ਡੇਵਿਸ, ਐਲਬਰਟ ਸਟਾਫਰਡ ਸਮਾਈਥ ਅਤੇ ਬਹੁਤ ਹੋਰ ਸਨ। ਉਨ੍ਹਾਂ ਦੀਆਂ ਮੁੱਖ ਸਰਗਰਮੀਆਂ ਜੰਗ ਵਾਲੇ ਸਾਲਾਂ ਦੌਰਾਨ 1915 ਤੋਂ 1918 ਤੱਕ ਚਲਦੀਆਂ ਰਹੀਆਂ।(19)

ਆਰਥਰ ਹਾਕ ਪੱਤਰਕਾਰ ਅਤੇ ਕਨੇਡੀਅਨ ਨੌਰਦਰਨ ਰੇਲਵੇ ਦਾ ਸਾਬਕਾ ਪ੍ਰਚਾਰ ਕਰਤਾ ਸੀ। ਉਹ ਮੂਰ ਦੇ ਨਾਲ ਕੰਮ ਕਰਦਾ ਸੀ। ਉਸਦੀ ਮੂਰ ਨਾਲ ਮਿੱਤਰਤਾ ਹੀ  ਜੰਗ ਸਮੇਂ ਸ਼ੁਰੂ ਕੀਤੀ ਲਹਿਰ ਬੌਨ ਐੱਨਟੇਨਟੀ ਦਾ ਆਧਾਰ ਬਣੀ ਸੀ। ਸੈਮੂਅਲ ਟੋਮਸ ਵੁੱਡ ਵੀ ਪੱਤਰਕਾਰ ਸੀ। ਉਹ 'ਟਰਾਂਟੋ ਗਲੋਬ' ਵਿੱਚ ਕੁਦਰਤ ਬਾਰੇ ਲਿਖਣ ਵਾਲਾ ਨਾਮੀ ਪੱਤਰਕਾਰ ਅਤੇ ਪ੍ਰਾਈਵੇਟ ਪਾਰਟੀਆਂ ਦੇ ਆਪਸੀ ਸੌਦੇ ਵਿੱਚ ਸਰਕਾਰ ਦਖਲ ਨਾ ਦੇਵੇ, ਇਸ ਵਿਚਾਰ ਦਾ ਧਾਰਨੀ  ਅਤੇ ਇੱਕ ਟੈਕਸ ਦਾ ਹਮਾਇਤੀ ਸੀ। ਇੱਕ ਨੌਜਵਾਨ ਵਜੋਂ ਉਸ ਨੇ ਟਰਾਂਟੋ ਐਂਟੀ ਪੌਵਰਟੀ ਸੁਸਾਇਟੀ ਦੀ ਨੀਂਹ ਰੱਖੀ। ਲੀਲਾ ਡੇਵਿਸ ਮਾਈਕਰੋਸਕੋਪਿਕ ਅਨਾਟਮੀ ਦੀ ਓਂਟੇਰੀਓ ਮੈਡੀਕਲ ਕੌਲਜ ਆਫ ਵੋਮੈੱਨ ਵਿੱਚ ਲੈਕਚਰਰ ਸੀ। ਕਾਲਜ ਦੀ ਨਿਰਮਾਤਾ ਐਮਲੀ ਸਟੋਵ ਜਿਹੜੀ ਐਕਟੇਵਿਸਟ ਅਤੇ ਨਾਰੀਵਾਦੀ ਸੀ, ਵਾਂਗ ਉਹ ਵੀ ਥੀਓਸੌਫਿਸਟ ਅਤੇ ਸਮਾਜਵਾਦੀ ਸੀ। ਅਤੇ ਐਲਬਰਟ ਸਟਾਫਰਡ ਸਮਾਈਥ ਕਨੇਡਾ ਵਿੱਚ ਥੀਓਸੌਫੀਕਲ ਲਹਿਰ ਦਾ ਨਿਰਮਾਤਾ ਸੀ। ਉਹ ਵੀ ਪੱਤਰਕਾਰ ਸੀ, ਟਰਾਂਟੋ ਪਰੈੱਸ ਕਲੱਬ ਦਾ ਸਾਬਕਾ ਪ੍ਰਧਾਨ, ਬਹੁਤ ਪਿੱਛੋਂ 'ਹੈਮਿਲਟਨ ਸਪੈਕਟੇਟਰ' ਦਾ ਸੰਪਾਦਕ, ਊਰਜਾ ਨਾਲ ਭਰਪੂਰ ਬੰਦਾ, ਜਿਹੜਾ ਸ਼ਹਿਰ ਦੇ ਬਹੁਤ ਸਾਰੇ ਸਾਹਿਤਕ ਗਰੁੱਪਾਂ ਵਿੱਚ ਸਰਗਰਮ ਸੀ। ਕੋਨ ਸਮਾਈਥ ਉਸਦਾ ਪੁੱਤਰ ਸੀ ਜਿਸਦਾ ਨਾਂ ਕਨੇਡੀਅਨ ਖੇਡਾਂ ਦੇ ਸ਼ੌਕੀਨਾਂ ਦੀਆਂ ਪੁਸ਼ਤਾਂ ਤੱਕ ਹਾਕੀ ਨਾਲ ਜੁੜ ਗਿਆ ਜਦੋਂ ਉਸ ਨੇ 'ਟਰਾਂਟੋ' ਹਾਕੀ ਟੀਮ ਨੂੰ ਖਰੀਦ ਕੇ ਉਸਦਾ ਨਾਂ 'ਮੇਪਲ ਲੀਫਸ' ਰੱਖਿਆ।(20)

ਕਰਤਾਰ ਸਿੰਘ ਹੁੰਦਲ ਲਈ ਥੀਓਸੋਫਿਸਟ ਬੇਹੱਦ ਮਹੱਤਵਪੂਰਨ ਸਨ ਅਤੇ ਉਸ ਨੇ ਅਗਲੇ ਚੌਦਾਂ ਸਾਲਾਂ ਦੇ ਸਮੇਂ ਵਿੱਚੋਂ ਬਹੁਤਾ ਸਮਾਂ ਟਰਾਂਟੋ ਦੇ ਗਰੁੱਪ ਨੂੰ ਸਮਰਪਤ ਕਰ ਦਿੱਤਾ ਖਾਸ ਕਰਕੇ ਉਨ੍ਹਾਂ ਦੀ ਖਬਰ-ਪੱਤਰੀ ਦੇ ਸੰਪਾਦਕ ਵਜੋਂ। ਕੁਝ ਸਮੇਂ ਲਈ ਉਹ ਅਤੇ ਸੁੰਦਰ ਸਿੰਘ ਪ੍ਰੈਸਬੇਟੇਰੀਅਨ ਮਿਸ਼ਨ ਬੋਰਡ ਨਾਲ ਸੰਪਰਕ ਵਿੱਚ ਰਹੇ, ਜਿਹੜੇ ਉਨ੍ਹਾਂ ਦੀਆਂ ਸਰਗਰਮੀਆਂ ਵਿੱਚ ਸਹਾਈ ਆਵਾਜ਼ ਬਣਦੇ ਸਨ। ਪਰ ਪ੍ਰੈਸਬੇਟੇਰੀਅਨਾਂ ਨੇ ਡਾ. ਸੁੰਦਰ ਸਿੰਘ ਬਾਰੇ ਸਾੜੇ ਵਾਲਾ ਵਿਚਾਰ ਬਣਾ ਲਿਆ ਸੀ। ਇਹ ਸਿੱਖਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਅਤੇ ਟਰਾਂਟੋ ਵਿੱਚ ਸੁਣੀਆ ਕਹਾਣੀਆ ਦਾ ਨਤੀਜਾ ਸੀ। ਉਹ ਥੋੜ੍ਹੇ ਸਮੇਂ ਲਈ ਵਿਕਟੋਰੀਆ ਤੋਂ ਆਏ ਅਤੇ ਨਵੇਂ ਹੀ ਸਿੱਖ ਤੋਂ ਇਸਾਈ ਬਣੇ, ਗੇਂਦਾ ਸਿੰਘ ਨਾਲ ਇੱਕੋ ਘਰ ਵਿੱਚ ਰਿਹਾ ਸੀ। ਉਨ੍ਹਾਂ ਦੇ ਪੈਸਿਆਂ ਨੂੰ ਲੈ ਕੇ ਆਪਸੀ ਮੱਤਭੇਦ ਸਨ। ਪ੍ਰੈਸਬੇਟੇਰੀਅਨ ਗੇਂਦਾ ਸਿੰਘ ਦੇ ਪਾਸੇ ਦੀ ਕਹਾਣੀ ਬਾਰੇ ਜਾਣਦੇ ਸਨ। ਇਸ ਨੇ ਉਨ੍ਹਾਂ ਦੇ ਸੁੰਦਰ ਸਿੰਘ ਪ੍ਰਤੀ ਨਜ਼ਰੀਏ ਨੂੰ ਵਿਗਾੜਣ ਵਿੱਚ ਸ਼ਹਿ ਦਿੱਤੀ। ਫਿਰ ਵੀ ਉਹ ਦੱਬਣ ਵਾਲਾ ਨਹੀਂ ਸੀ। ਉਹ ਪ੍ਰੈਸਬੇਟੇਰੀਅਨਾਂ ਤੋਂ ਕੁਐਕਰਸ ਵੱਲ ਮੁੜ ਗਿਆ, ਜਿਹੜੇ ਉਸ ਨੂੰ ਹਰ ਐਤਵਾਰ ਨੂੰ ਬਆਦ ਦੁਪਹਿਰ ਮੇਟਲੈਂਡ ਸਟਰੀਟ ਵਾਲੇ ਬੈਠਕ ਘਰ ਵਿੱਚ ਭਾਰਤ ਦੇ ਧਰਮਾਂ ਬਾਰੇ ਬੋਲਣ ਲਈ ਬਲਾਉਂਦੇ। ਇਹ 1915 ਦੀਆਂ ਗਰਮੀਆਂ ਦੀ ਰੁੱਤ ਦੀ ਗੱਲ ਸੀ। ਉਸ ਤੋਂ ਬਾਅਦ ਉਹ ਗਾਇਬ ਹੋ ਗਿਆ ਅਤੇ 'ਸੰਸਾਰ' ਨਾਲ ਸ਼ੁਰੂ ਹੋਈਆਂ ਸਰਗਰਮੀਆਂ ਦਾ ਮੁੱਖ ਧੁਰਾ ਕਰਤਾਰ ਹੁੰਦਲ ਬਣ ਗਿਆ।

ਸੁੰਦਰ ਸਿੰਘ ਅਤੇ ਕਰਤਾਰ ਸਿੰਘ ਕੁਐਕਰਸ ਨੂੰ ਆਪਣੇ ਟਰਾਂਟੋ ਵਿਚਲੇ ਥੀਓਸੋਫਿਸਟ ਮਿੱਤਰਾਂ ਰਾਹੀਂ ਮਿਲੇ ਸਨ। ਥੀਓਫੈਸਟਾਂ ਰਾਹੀਂ ਉਹ ਵੱਖ ਵੱਖ ਕ੍ਰਿਸ਼ਚੀਅਨ ਰਵਾਇਤਾਂ ਨਾਲ ਸਬੰਧਤ ਲੋਕਾਂ ਨੂੰ ਮਿਲੇ, ਜਿਹੜੇ ਮਨ ਦੇ ਫਲਸਫੇ ਅਤੇ ਪੂਰਬੀ ਧਰਮਾਂ ਵਿੱਚ ਦਿਲਚਸਪੀ ਲੈਂਦੇ ਸਨ। ਫੀਲੈਕਸ ਬੇਲਚਰ ਟਰਾਂਟੋ ਗਰੁੱਪ ਦਾ ਪੱਕਾ ਸਮਰਥਕ ਸੀ ਅਤੇ ਸਾਊਥ ਏਸ਼ੀਅਨਾਂ ਦਾ ਸਭ ਤੋਂ ਵੱਧ ਮੱਦਦਗਾਰ ਸੀ। ਉਹ ਬਦਲ ਕੇ ਕੂਐਕਰਸ ਬਣਿਆ ਸੀ ਅਤੇ ਲਗਾਤਾਰ ਅਭਿਆਸ ਕਰਦਾ ਸੀ। ਟਰਾਂਟੋ ਸੁਸਾਇਟੀ ਦੇ ਬਾਕੀ ਮੁੱਖਧਾਰਾ ਦੇ ਚਰਚਾਂ ਜਿਵੇਂ ਪ੍ਰੈਸਬੇਟੇਰੀਅਨ, ਮੈਥੋਡਿਸਟ ਅਤੇ ਰੀਫੋਰਮਡ ਏਪੀਸਕਿਪਲ ਵਿੱਚ ਜਾਂਦੇ ਸਨ। ਉਹ ਹੋਰ ਭਾਈਚਾਰਿਆਂ ਨਾਲ ਵੀ ਸਬੰਧਤ ਸਨ ਜਿਵੇਂ ਮੇਸਨਸ ਅਤੇ ਔਰੈਂਜ ਔਰਡਰਸ ਅਤੇ ਉਹ ਵੱਖ ਵੱਖ ਵਪਾਰਾਂ, ਕਿੱਤਿਆਂ ਅਤੇ ਕਲਾਵਾਂ ਦੀ ਵੀ ਪ੍ਰਤਿਨਿਧਤਾ ਕਰਦੇ ਸਨ। ਟਰਾਂਟੋ ਵਿੱਚ ਆਪਣੀ ਲੰਬੀ ਰਿਹਾਇਸ਼ ਦੇ ਅਖੀਰ ਨੇੜੇ ਕਰਤਾਰ ਸਿੰਘ ਨੇ ਟਰਾਂਟੋ ਦੀ ਥੀਸੋਫਿਕਲ ਸੁਸਾਇਟੀ ਦੇ ਲੰਬੇ ਸਮੇਂ ਤੋਂ ਮੈਂਬਰ ਦੀ ਅਰਥੀ ਨੂੰ ਮੋਢਾ ਦਿੱਤਾ। ਅਰਥੀ ਨੂੰ ਮੋਢਾ ਦੇਣ ਵਾਲਾ ਉਸਦਾ ਦੂਜਾ ਸਾਥੀ 'ਗਰੁੱਪ ਆਫ ਸੈਵਨ' ਦਾ ਚਿੱਤਰਕਾਰ, ਲਾਰੈਨ ਹੈਰਿਸ ਸੀ। ਉਸ ਮੌਕੇ `ਤੇ ਉਨ੍ਹਾਂ ਦੋਹਾਂ ਦੀ ਫੋਟੋ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਕਰਤਾਰ ਸਿੰਘ ਐਂਗਲੋ- ਕਨੇਡੀਅਨਾਂ ਦੀ ਦੁਨੀਆਂ ਵਿੱਚ ਕਿੰਨਾ ਦੂਰ ਤੱਕ ਧਸ ਗਿਆ ਸੀ। ਉਸਦੇ ਥੀਓਸੌਫੀਕਲ ਸੁਸਾਇਟੀ ਨਾਲ ਜੁੜੇ ਹੋਣ ਕਾਰਣ ਇਹ ਹੋਇਆ।(22)

ਟਰਾਂਟੋ ਵਿੱਚ ਆਪਣਾ ਬਹੁਤਾ ਸਮਾਂ ਕਰਤਾਰ ਸਿੰਘ ਨੇ ਅਕਾਂਊਟੈਂਟ ਅਤੇ ਦਫਤਰ ਮੈਨੇਜਰ ਦੇ ਤੌਰ `ਤੇ ਕੰਮ ਕੀਤਾ। ਆਪਣੇ ਪਹਿਲੇ ਸਾਲਾਂ ਦੌਰਾਨ ਕਰਤਾਰ ਦਫਤਰਾਂ ਦੀਆਂ ਫਰਸ਼ਾਂ ਸਾਫ ਕਰਦਾ ਸੀ ਜਾਂ ਟਰਾਂਟੋਂ ਦੀਆਂ ਸੜਕਾਂ ਤੋਂ ਬੇਲਚੇ ਨਾਲ ਬਰਫ ਹਟਾਉਂਦਾ ਸੀ। ਉਸ ਨੂੰ ਕਿਸੇ ਠੰਡੇ ਦਿਨ "ਯੌਰਕ ਸਟਰੀਟ `ਤੇ ਜੇਕਬ ਦੇ ਕਾਹਵਾ ਘਰ ਵਿੱਚੋਂ ਦਸ ਪੈਸੇ ਦੀਆਂ " ਦੋ ਡਬਲਰੋਟੀਆਂ "  "ਵਰਦਾਨ" ਲਗਦੀਆਂ ਸਨ।  ਉਨ੍ਹਾਂ ਦਿਨਾਂ ਵਿੱਚ ਵੀ ਕਰਤਾਰ ਉਨ੍ਹਾਂ ਲੋਕਾਂ ਨੂੰ ਜਾਣਦਾ ਸੀ, ਜਿਹੜੇ ਉਸਦੇ ਕਲਾਵਾਂ ਅਤੇ ਸਾਹਿਤ ਵਿੱਚ ਦਿਲਚਸਪੀ ਨੂੰ ਹੱਲਾਸ਼ੇਰੀ ਦੇ ਸਕਦੇ ਸਨ। ਇੱਕ ਵਾਰ 1916 ਵਿੱਚ ਹਫਤਾਵਾਰੀ ਅਖਬਾਰ 'ਕਨੇਡੀਅਨ ਕਰੀਅਰ' ਦੇ ਸੰਪਾਦਕ ਅਤੇ ਬਾਅਦ ਵਿੱਚ 'ਟਰਾਂਟੋ ਸਟਾਰ' ਦੇ ਸੰਗੀਤ ਅਲੋਚਕ, ਅਗੱਸਟਸ ਬਰਾਈਡਲ ਨੇ ਕਰਤਾਰ ਨੂੰ ਰਬਿੰਦਰ ਨਾਥ ਟੈਗੋਰ ਦੇ ਲਿਖੇ ਨਾਟਕ 'ਚਿਤਰਾ' ਦੀਆਂ ਟਿਕਟਾਂ ਦਿੱਤੀਆਂ। ਇਹ ਨਾਟਕ 'ਕੰਟਰੀ ਕੋਰਟ ਬਿਲਡਿੰਗ' ਦੇ ਉੱਪਰ ਬਣੇ ਬਰਾਈਡਲਸ ਆਰਟਸ ਐਂਡ ਲੈਟਰਸ ਕਲੱਬ ਵਿੱਚ ਸੀ। ਉੱਥੇ ਕਰਤਾਰ ਨੂੰ ਟਰਾਂਟੋ ਥੀਏਟਰ ਅਤੇ ਕਨੇਡੀਅਨ ਲਿਟਲ ਥੀਏਟਰ ਲਹਿਰ ਦੇ ਮੋਢੀਆਂ ਨੂੰ ਦੇਖਣ ਦਾ ਮੌਕਾ ਮਿਲਿਆ। ਆਪਣੇ ਥੀਓਸੌਫੀਕਲ ਸੁਸਾਇਟੀ ਵਾਲੇ ਮਿੱਤਰ ਅਤੇ ਸਲਾਹਕਾਰ ਅਤੇ ਹਾਕੀ ਸਮਰਾਟ ਦੇ ਪਿਤਾ ਅਲਬਰਟ ਸਟਾਫਰਡ ਸਮਾਈਥ ਰਾਹੀਂ ਕਰਤਾਰ ਕਵੀ ਬਲਿਸ ਕਾਰਮਨ ਨੂੰ ਮਿਲਿਆ। ਇਹ ਮੇਲ ਸਪਾਡੀਨਾ ਕਰੈਸੈਂਟ ਦੇ ਨੇੜੇ ਇੱਕ ਸਕੂਲ ਵਿੱਚ ਟਰਾਂਟੋ ਸਾਹਿਤ ਕਲੱਬ ਦੀ ਇੱਕ ਬੈਠਕ ਵਿੱਚ ਹੋਇਆ। ਉੱਥੇ 'ਮੈਕ-ਕਲੇਲੈਂਡ ਐਂਡ ਸਟੀਵਰਟ' ਦਾ ਪ੍ਰਭਾਵਸ਼ਾਲੀ ਸੰਪਾਦਕ ਡੌਨਲਡ ਫਰੈਂਚ ਵੀ ਮਿਲ ਪਿਆ। ਉਸ ਨੂੰ ਸਮਝ ਸੀ ਕਿ ਉਹ ਇਨ੍ਹਾਂ ਬੈਠਕਾਂ ਰਾਹੀਂ  ਕਨੇਡੀਅਨ ਸਾਹਿਤ ਦੇ ਜਨਮ ਦਾ ਗਵਾਹ ਬਣ ਰਿਹਾ ਸੀ ਅਤੇ ਉਸ ਨੇ  ਆਪਣੇ ਆਪ ਨੂੰ  ਇਸ ਦੇ ਵਿਕਾਸ ਨਾਲ ਜੋੜਿਆ। (23)

ਪਹਿਲੀ ਆਲਮੀ ਜੰਗ ਦੇ ਸਮੇਂ ਦੌਰਾਨ ਇਹ ਕਰਤਾਰ ਦੀ ਕਹਾਣੀ ਸੀ। ਕਪੂਰ ਕਿਸੇ ਹੋਰ ਢੰਗ ਨਾਲ ਕਨੇਡਾ ਨੂੰ ਤੁਰ ਫਿਰ ਕੇ ਦੇਖ ਰਿਹਾ ਸੀ। 1915 ਵਿੱਚ ਆਪਣੇ ਕੁਝ ਸਿੱਖ ਦੋਸਤਾਂ ਨਾਲ ਉਹ ਸੱਤ ਸੌ ਕਿਲੋਮੀਟਰ ਉੱਤਰ ਵੱਲ, ਜਿਸ ਨੂੰ ਉਦੋਂ ਲੋਕ 'ਦਾ ਨਿਊ ਓਂਟੇਰੀਓ' ਕਹਿੰਦੇ ਸਨ, ਗਿਆ। ਟਰਾਂਸਕੌਂਟੀਨੈਟਲ ਰੇਲਵੇ ਦੀ ਲਾਈਨ ਹਾਲੇ ਮੁਕੰਮਲ ਹੋਈ ਹੀ ਸੀ ਅਤੇ ਇਸ ਰਾਹੀਂ ਮੂਰ ਉੱਤਰੀ ਓਂਟੇਰੀਓ ਦੇ ਕੁਝ ਹਿੱਸਿਆਂ ਅਤੇ ਕਿਊਬੈਕ ਵਿੱਚ ਰੇਲ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਦਾ ਸੀ। ਉਹ ਥਾਂ ਭਵਿੱਖ ਵਿੱਚ ਖੇਤੀ ਲਈ ਬਹੁਤ ਢੁੱਕਵੀਂ ਲੱਗਦੀ ਸੀ। ਇਹ ਵਧੀਆ ਚੀਕਣੀ ਮਿੱਟੀ ਵਾਲਾ ਇਲਾਕਾ ਸੀ ਜਿੱਥੇ ਕੋਈ 12 ਮਿਲੀਅਨ ਹੈਕਟੇਅਰ ਦੇ ਲਗਭਗ ਪੱਧਰੀ ਉਪਜਾਊ ਭੂਮੀ ਅਤੇ ਭੂਰੇ ਰੰਗ ਦੀ ਚੀਕਣੀ ਮਿੱਟੀ ਸੀ। ਇਸਦਾ ਨਵੇਂ ਖੇਤੀ ਫਰੰਟੀਅਰ ਵਜੋਂ ਪ੍ਰਚਾਰ ਹੋ ਰਿਹਾ ਸੀ। ਪੂਰਬੀ ਕਨੇਡਾ ਵਿੱਚ ਪੰਜਾਹ ਸਾਲਾਂ ਵਿੱਚ ਪਹਿਲਾ ਵਧੀਆ ਖੇਤੀ ਖੇਤਰ ਖੁੱਲ੍ਹਣ ਜਾ ਰਿਹਾ ਸੀ। ਸਮੇਂ ਨੇ ਦਿਖਾਇਆ ਕਿ ਪਹਿਲੀਆਂ ਅਸ਼ਾਵਾਂ ਕਾਫੀ ਗੈਰ-ਅਸਲੀਅਤੀ ਸਨ। ਗਰਮੀਆਂ ਦੀਆਂ ਰੁੱਤਾਂ ਬਹੁਤ ਛੋਟੀਆਂ ਸਨ ਅਤੇ ਵਿੱਚੋਂ ਹੀ ਕਈ ਵਾਰ ਕੋਰਾ ਪੈ ਜਾਂਦਾ, ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਢ ਪੈਂਦੀ ਅਤੇ ਕੋਰੇ ਦੇ ਹੇਠ ਜ਼ਿਆਦਤਰ ਧਰਤੀ ਸਿੱਲ੍ਹੀ ਰਹਿੰਦੀ। ਸਥਾਪਤ ਹੋਣ ਵਾਲੇ  ਕਦੇ ਵੀ 3% ਤੋਂ ਵੱਧ ਅਖੌਤੀ ਵਧੀਆ ਚੀਕਣੀ ਮਿੱਟੀ ਵਾਲੇ ਇਲਾਕੇ ( ਗਰੇਟ ਕਲੇਅ ਬੈਲਟ) ਨੂੰ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਨਾ ਬਦਲ ਸਕੇ। ਜਿਹੜੀ ਭੂਮੀ ਉਨ੍ਹਾ ਵਰਤੋਂਯੋਗ ਕੀਤੀ ਉਸ ਵਿੱਚ ਵੀ ਉਹ ਘਾਹ, ਜੌਂ, ਜਵੀਂ ਅਤੇ ਪੱਠੇ ਉਗਾਉਂਦੇ ਪਰ ਕਣਕ ਕਦੇ ਵੀ ਨਹੀਂ ਉਗਾ ਸਕੇ ਅਤੇ ਦੋ ਕੁ ਪੁਸ਼ਤਾਂ ਵਿੱਚ ਉਹ ਮੈਦਾਨ ਛੱਡ ਗਏ। 1950 ਵਿੱਚ ਇੱਕ ਅਮਰੀਕਨ ਜੀਓਗਰਾਫਰ ਨੇ ਪਤਨ ਹੋ ਰਹੇ ਸਥਾਪਤ ਇਲਾਕੇ ਦੇ ਹਾਸ਼ੀਏ ਦਾ ਸਰਵੇਖਣ ਕਰਦਿਆਂ ਦੇਖਿਆ ਕਿ ਵਲਗਣ ਕੀਤੀ ਹੋਈ ਧਰਤੀ ਜੜੀ-ਬੂਟੀਆਂ ਅਤੇ ਜੰਗਲ ਵਿੱਚ ਬਦਲ ਰਹੀ ਸੀ, ਘਾਹ ਦੀਆਂ ਬੱਝੀਆਂ ਭਰੀਆਂ ਭੁੱਲੇ-ਵਿਸਰੇ ਹੋਏ ਖੇਤਾਂ ਵਿੱਚ ਗਲ਼ ਰਹੀਆਂ ਸਨ, ਘਰ, ਸਕੂਲ ਅਤੇ ਚਰਚ ਢਹਿ ਰਹੇ ਸਨ। ਇਹ ਸਭ ਆਬਾਦਕਾਰਾਂ ਨੇ ਤਿਆਗ ਦਿੱਤਾ ਸੀ ਅਤੇ ਉਹ ਹੱਥ ਖੜ੍ਹੇ ਕਰ ਗਏ ਸਨ।(24)

ਇਸ ਵਧੀਆ ਚੀਕਣੀ ਮਿੱਟੀ ਵਾਲੇ ਇਲਾਕੇ ਵਿੱਚ ਸਭ ਤੋਂ ਪਹਿਲਾਂ ਵਸਣ ਵਾਲਿਆਂ ਨੇ ਕਪੂਰ ਤੋਂ ਚਾਰ ਜਾਂ ਪੰਜ ਸਾਲ ਪਹਿਲਾਂ ਹੀ ਇਸ ਥਾਂ ਨੂੰ ਸਾਫ ਕਰਨਾ ਸ਼ੁਰੂ ਕੀਤਾ ਸੀ। ਬਹੁਤੇ ਫਰਾਂਸੀਸੀ -ਕਨੇਡੀਅਨ ਸਨ ਅਤੇ ਕਪੂਰ ਉਨ੍ਹਾਂ ਵਿੱਚੋਂ ਕੁਝ ਨੂੰ ਗਵਾਂਢੀਆਂ ਵਜੋਂ ਜਾਨਣ ਲੱਗਾ। ਕੁਝ ਨੇ ਟਰਾਂਸਕੌਨਟੀਨੈਂਟਲ ਰੇਲਵੇ ਦੇ ਇਸ ਇਲਾਕੇ ਵਿੱਚੋਂ ਲੰਘਣ ਤੋਂ ਰਤਾ ਕੁ ਪਹਿਲਾਂ ਹੀ ਸਫਾਈ ਸ਼ੁਰੂ ਕੀਤੀ ਸੀ। ਰੇਲਵੇ ਦੇ ਥੋੜ੍ਹਾ ਹੋਰ ਅੱਗੇ ਵਧਣ ਨਾਲ ਕੁਝ ਹੋਰ ਲੋਕ ਪਹੁੰਚ ਗਏ ਅਤੇ ਕਪੂਰ ਤੇ ਉਸਦੇ ਸਿੱਖ ਮਿੱਤਰ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਹੜੇ ਰੇਲਵੇ ਦੇ ਮੁਕੰਮਲ ਹੋਣ ਤੋਂ ਕੁਝ ਚਿਰ ਬਾਅਦ ਪਹੁੰਚੇ। ਸੈਂਕੜੇ ਕਿਲੋਮੀਟਰ ਪਥਰੀਲੇ ਜੰਗਲੀ ਇਲਾਕੇ ਰਾਹੀਂ ਸਫਰ ਕਰਨ ਪਿੱਛੋਂ ਵਸੋਂ ਦੀ ਪਹਿਲੀ ਨਿਸ਼ਾਨੀ `ਤੇ ਹੀ ਕਪੂਰ ਰੇਲਗੱਡੀ ਵਿੱਚੋਂ ਉੱਤਰ ਗਿਆ। ਇਹ ਨੈਲੀ ਝੀਲ `ਤੇ ਸੀ, ਇਹ ਉੱਤਰੀ ਝੀਲ ਦੇ ਨੇੜੇ ਉਸੇ ਨਾਂ ਵਾਲਾ ਰੇਲਵੇ ਦਾ ਰੁਕਣ ਥਾਂ ਸੀ। ਉੱਥੇ ਉੱਭੜ-ਖਾਭੜ ਸੜਕਾਂ ਦਾ ਜਾਲ ਸੀ ਅਤੇ ਪਟੜੀ ਦੇ ਦੋਹੀਂ ਪਾਸੀਂ ਦਰਖਤਾਂ ਦੇ ਅਣਘੜ ਟਾਹਣੇ ਪਏ ਸਨ। ਨੈਲੀ ਝੀਲ `ਤੇ ਰੇਲਵੇ ਪਟੜੀ ਦੇ ਨੇੜੇ ਕਪੂਰ ਨੇ 160 ਏਕੜ ਜ਼ਮੀਨ ਕਬਜ਼ੇ ਵਿੱਚ ਲੈ ਲਈ ਅਤੇ ਚੀੜ, ਦਿਆਰ, ਆਲਡਰ ਅਤੇ ਬਰਚ ਦੇ ਰਲਵੇਂ ਦਰਖਤਾਂ ਵਾਲੇ ਜੰਗਲ ਨੂੰ ਸਾਫ ਕਰਨ ਲੱਗਾ। ਸੂਬੇ ਦੀ ਸਰਕਾਰ ਨੇ ਇਸ ਇਲਾਕੇ ਨੂੰ ਵਰਗ ਮੀਲ ਦੇ ਬਲਾਕ ਵਿੱਚ ਵਿਉਂਤ ਬੱਧ ਕੀਤਾ ਹੋਇਆ ਸੀ, ਹਰ ਇਕ ਬਲਾਕ ਨੂੰ ਚਾਰ ਪਲਾਟਾਂ ਵਿੱਚ ਵੰਡਿਆ ਹੋਇਆ ਸੀ। ਇਹ ਵਿਉਂਤ ਯਕੀਨ ਦਿਵਾਉਂਦੀ ਸੀ ਕਿ ਇਹ ਪੇਂਡੂ ਇਲਾਕਾ ਪੂਰੀ ਤਰ੍ਹਾਂ ਆਬਾਦ ਹੋਣ ਤੋਂ ਬਾਅਦ ਵੀ ਸੁੰਨਾ ਦਿਸੇ। ਕਿਸੇ ਕਿਸਮਤ ਵਾਲੇ ਅਬਾਦਕਾਰ ਕੋਲ ਸ਼ਾਇਦ ਅੱਧੇ ਕਿਲੋਮੀਟਰ `ਤੇ ਕੋਈ ਗਵਾਂਢੀ ਹੋਵੇ। ਇਹ ਭੂਗੋਲਿਕ ਖੰਡ ਮਾੜੇ ਨਿਕਾਸ ਅਤੇ ਦਲਦਲ ਕਾਰਣ ਐਨਾ ਟੁੱਟਿਆ ਹੋਇਆ ਸੀ ਕਿ ਗਵਾਂਢੀ ਕਈ ਕਿਲੋਮੀਟਰ ਦੀ ਵਿੱਥ `ਤੇ ਸਨ ਅਤੇ ਵਿਚਕਾਰ  ਜੰਗਲੀ ਝਾੜੀਆਂ ਸਨ। ਇਹ ਸ਼ਾਇਦ ਮੂਰ ਹੀ ਹੋਵੇ ਜਿਸ ਨੇ ਕਪੂਰ ਨੂੰ ਪ੍ਰੇਰਿਆ ਕਿ ਉਸ ਨਵੇਂ ਥਾਂ `ਤੇ ਜਾਵੇ, ਜਿੱਥੇ ਉਹ ਜ਼ਮੀਨ ਨੂੰ ਸਾਫ ਕਰਕੇ ਬਹੁਤ ਸਾਰੇ ਏਕੜਾਂ ਦਾ ਮਾਲਕ ਬਣ ਸਕਦਾ ਸੀ ਅਤੇ ਕੁਝ ਵਿੱਚ ਖੇਤੀ ਕਰ ਸਕਦਾ ਸੀ। ਪੰਜਾਬ ਤੋਂ ਆਏ ਪਰਵਾਸੀ ਨੂੰ ਨਵੇਂ ਅਬਾਦਕਾਰ ਦੇ ਤੌਰ `ਤੇ ਚੀਕਣੀ ਮਿੱਟੀ ਵਾਲੀ ਇਸ ਜ਼ਮੀਨ ਦੀ ਮਾਲਕੀ ਕਿਸੇ ਰਾਜਕੁਮਾਰ ਦੀ ਰਿਆਸਤ ਵਰਗੀ ਲਗਦੀ ਹੋਵੇਗੀ। ਪੰਜਾਬ ਵਿੱਚ ਓਨੀ ਜ਼ਮੀਨ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦੇ ਸਕਦੀ ਸੀ। ਭਾਵੇਂ ਕਪੂਰ ਨੇ ਮੂਰ ਦੇ ਖੇਤਾਂ ਵਿੱਚ ਇਹ ਜਾਨਣ ਜੋਗਾ ਸਮਾਂ ਗੁਜ਼ਾਰ ਲਿਆ ਸੀ ਕਿ ਕਨੇਡਾ ਦੀ ਖੇਤੀਬਾੜੀ ਦਾ ਅਰਥਸ਼ਾਸ਼ਤਰ ਪੰਜਾਬ ਨਾਲੋਂ ਬਹੁਤ ਵ਼ੱਖਰਾ ਸੀ। ਪਰ ਮੂਰ ਨੂੰ ਖੁਦ ਵੀ ਚੀਕਣੀ ਮਿੱਟੀ ਵਾਲੇ ਇਲਾਕੇ ਦੀਆਂ ਸੰਭਾਵਨਾਵਾਂ ਦਾ ਯਕੀਨ ਸੀ ਉਸ ਨੇ ਪਹਿਲਾਂ ਹੀ ਤਾੜ ਲਿਆ ਸੀ ਕਿ ਇਹ ਖੇਤਰ 'ਸੰਤੁਸ਼ਟ ਹਵੇਲੀਆਂ' ਵਾਲਾ ਹੋਵੇਗਾ। ਪਰ ਉਸ ਨੇ ਇਹ ਸ਼ੁਰੂ ਹੋਈ ਰੇਲਵੇ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਸੀ। ਉਸ ਨੇ ਇਸ ਨੂੰ  ਅਜੇਹੇ ਵਿਅਕਤੀ ਦੇ ਤੌਰ `ਤੇ ਵੀ ਦੇਖਿਆ, ਜਿਹੜਾ ਕਨੇਡੀਅਨ ਇਕਾਂਤਾਂ ਵਿਚਕਾਰ ਪੁਲ ਉਸਾਰਦਾ ਸੀ। ਇਹ ਦੇਖਣ ਤੋਂ ਬਾਅਦ ਕਿ ਅੰਗ੍ਰੇਜ਼ ਕਨੇਡੀਅਨ ਉੱਤਰ ਵਿੱਚ ਆਬਾਦ ਹੋਣੋ ਫਰਾਂਸੀਸੀ ਕਨੇਡੀਅਨਾਂ ਨਾਲੋਂ ਜ਼ਿਆਦਾ ਹਿਚਕਚਾਉਂਦੇ ਸਨ। ਇਸ ਵਿਸ਼ੇ ਵਿੱਚ ਦਿਲਚਸਪੀ ਹੋਣ ਕਰਕੇ ਹੀ ਉਸ ਕੋਲ ਉਸਦੇ ਮੇਜ਼ `ਤੇ ਕਲੇਅ ਬੈਲਟ ਬਾਰੇ ਕਪੂਰ ਨੂੰ ਦਿਖਾਉਣ ਲਈ ਕਿਤਾਬਚਾ ਪਿਆ ਸੀ। ਇਹ ਫਰਾਂਸੀਸੀ ਕਨੇਡੀਅਨਾਂ ਲਈ ਫਰਾਂਸੀਸੀ ਵਿੱਚ ਲਿਖੀ ਹੋਈ ਸੀ ਪਰ ਇਸ ਵਿੱਚ ਭੁਗੋਲ ਨੂੰ ਦਿਖਾਉਂਦੇ ਬਹੁਤ ਸੁੰਦਰ ਰੰਗਾਂ ਵਾਲੇ ਨਕਸ਼ੇ ਸਨ। (25) ਇਹ ਨਕਸ਼ੇ ਅਤੇ ਮੂਰ ਦਾ ਜੋਸ਼ ਕਪੂਰ ਲਈ ਪ੍ਰੇਰਣਾ ਸਰੋਤ ਬਣੇ ਹੋਣਗੇ।

ਉੱਥੇ ਲੋਕ ਸਰਦੀਆਂ ਵਿੱਚ ਕੰਮ ਕਰਦੇ ਸਨ ਅਤੇ ਬਹਾਰ ਰੁੱਤੇ ਜ਼ਮੀਨ ਦੇ ਖੁਸ਼ਕ ਹੋਣ ਨੂੰ ਉਡੀਕਦੇ ਆਰਾਮ ਕਰਦੇ ਸਨ।  ਗਰਮੀਆਂ ਅਤੇ ਪੱਤਝੜ ਵਿੱਚ ਫਿਰ ਕੰਮ ਚੱਲ ਪੈਂਦਾ।  ਕਪੂਰ ਨੇ ਸਰਕਾਰ ਵੱਲੋਂ ਲੋੜੀਂਦੀਆਂ ਆਬਾਦੀ ਦੀਆਂ ਮੰਗਾਂ ਪੂਰੀਆਂ ਕਰ ਲਈਆਂ ਸਨ। ਜਿਵੇਂ ਘੱਟੋ ਘੱਟ 370 ਵਰਗ ਫੁੱਟ ਦੀ ਲੱਕੜ ਦੀ ਝੌਂਪੜੀ ਬਣਾਉਣੀ ਅਤੇ ਸਾਲ ਵਿੱਚ ਘੱਟੋ ਘੱਟ ਛੇ ਮਹੀਨੇ ਇਸ ਵਿੱਚ ਰਹਿਣਾ , ਅਤੇ ਸਾਲ ਵਿੱਚ ਦੋ ਏਕੜ ਜ਼ਮੀਨ ਸਾਫ ਕਰਨੀ ਅਤੇ ਇਸ ਵਿੱਚ ਬਿਜਾਈ ਕਰਨੀ ਜਦੋਂ ਤੱਕ 15 ਏਕੜ ਖੇਤੀਯੋਗ ਜ਼ਮੀਨ ਕਬਜ਼ੇ ਹੇਠ ਨਹੀਂ ਆਉਂਦੀ। ਉਸ ਤੋਂ ਬਾਅਦ ਉਹ ਜ਼ਮੀਨ ਆਪਣੇ ਨਾਂ ਕਰਨ ਦੀ ਅਰਜ਼ੀ ਦੇ ਸਕਦਾ ਸੀ। ਬਾਰਾਂ ਕਿਲੋਮੀਟਰ ਦੀ ਦੂਰੀ `ਤੇ ਵੱਡੇ ਹੋ ਰਹੇ ਪਿੰਡ ਈਰੋਕੁਆਏ ਫਾਲਜ਼ ਵਿੱਚ 'ਦਾ ਅਬਿਟੀਬੀ  ਪਾਵਰ ਐਂਡ ਪੇਪਰ ਕੰਪਨੀ' ਨੇ ਹਾਲ ਹੀ ਵਿੱਚ ਪਲਪ ਤੇ ਪੇਪਰ ਮਿੱਲ ਲਾਈ ਸੀ, ਜਿਸ ਨੇ ਅਗਸਤ 1914 ਵਿੱਚ ਪਹਿਲਾ ਛਾਪੇ ਵਾਲਾ ਕਾਗਜ਼ ਪੈਦਾ ਕੀਤਾ ਸੀ। ਕਪੂਰ ਕੋਲ ਉਸਦੇ ਸੌਫਟਵੁੱਡ ਵਣ ਲਈ ਮੰਡੀ ਸੀ।  ਜਦੋਂ ਰੁੱਤ ਬਦਲਦੀ ਉਹ ਪਲਪਵੁੱਡ ਕੱਟਦਾ, ਦਰਖੱਤਾਂ ਦੇ ਮੁੱਢ ਕੱਢਦਾ, ਸਫਾਈ ਕਰਦਾ, ਬੀਜਦਾ ਅਤੇ ਝਾੜ ਇਕੱਠਾ ਕਰਦਾ। ਉਹ ਗਰਮੀਆਂ `ਚ ਮੱਛਰਾਂ ਰੁੱਤੇ ਅਤੇ ਸਰਦੀਆਂ ਦੇ ਮਨਫੀ ਚਾਲੀ ਡਿਗਰੀ ਤਾਪਮਾਨ ਵਿੱਚੋਂ ਗੁਜ਼ਰਦਾ। ਉਸ ਨੇ ਆਪਣੀ ਜ਼ਮੀਨ ਵਿੱਚ ਮੂਸ,ਕਾਲੇ ਰਿੱਛ, ਬਘਿਆੜ ਅਤੇ ਲਾਲ ਲੂੰਬੜੀਆਂ ਨੂੰ ਫਿਰਦੇ ਦੇਖਿਆ। ਇਸ ਤਰ੍ਹਾਂ ਦੇ ਤਜਰਬਿਆਂ ਕਰਕੇ ਉਸ ਨੇ  ਉੱਤਰ ਵੱਲ ਦੀ ਕੁਦਰਤ ਨੇੜਿਓਂ ਹੋ ਕੇ ਦੇਖੀ।  ਇੱਕ ਕਹਾਣੀ ਉਸ ਨੇ ਬਾਅਦ ਵਿੱਚ ਆਪਣੀਆਂ ਧੀਆਂ ਨੂੰ ਦੱਸੀ ਕਿ ਇੱਕ ਰਾਤ ਇੱਕ ਫੁੰਕਾਰੇ ਮਾਰਦੇ ਅਤੇ ਧਰਤੀ `ਤੇ ਪੈਰ ਪਟਕਾਉਂਦੇ ਬੁੱਲ ਮੂਸ ਨੇ ਨੇੜੇ ਵਗਦੀ ਕੂਲ ਵਿੱਚ ਏਨਾਂ ਭੂਸਰ ਕੇ  ਹੰਗਾਮਾ ਕੀਤਾ ਕਿ ਉਸ ਨੂੰ ਲੱਗਾ ਕਿ ਉਹ ਆ ਕੇ ਉਸਦੀ ਝੌਂਪੜੀ ਨੂੰ ਵੀ ਮਲੀਆਮੇਟ ਕਰ ਦੇਵੇਗਾ। (26)

1916 ਵਿੱਚ ਕਪੂਰ ਨੇ ਬ੍ਰਿਟਿਸ਼ ਕੋਲੰਬੀਆ ਤੋਂ ਆਏ ਸੱਦੇ ਨੂੰ ਪ੍ਰਵਾਨ ਕਰ ਲਿਆ ਅਤੇ ਉਸਦੀ ਓਂਟੇਰੀਓ ਵਿਚਲੀ ਮੁਹਿੰਮ ਖਤਮ ਹੋ ਗਈ। ਉਸਦੇ ਨੈਲੀ ਝੀਲ `ਤੇ ਸਮੇਂ ਦੌਰਾਨ ਸ਼ਾਇਦ ਉਸ ਨੂੰ ਕਪੂਸਕੇਸਿੰਗ ਵਿੱਚ ਜੰਗ ਵੇਲੇ ਕੈਦੀ ਕੈਂਪ ਬਾਰੇ ਜਾਣਕਾਰੀ ਨਾ ਹੋਵੇ। ਇਹ ਉਸ ਤੋਂ 140 ਕਿਲੋਮੀਟਰ ਹੋਰ ਅਗਾਂਹ ਰੇਲਵੇ ਪਟੜੀ `ਤੇ ਸੀ।  ਜੇ ਉਸ ਨੂੰ ਇਸ ਬਾਰੇ ਪਤਾ ਹੁੰਦਾ ਤਾਂ ਸ਼ਾਇਦ ਉਸ ਨੂੰ ਕੈਂਪ ਵਿਚਲੇ ਬੰਦਿਆਂ ਨਾਲ ਹਮਦਰਦੀ ਹੁੰਦੀ। ਜਦੋਂ ਉਹ ਆਪਣੇ ਖੇਤਾਂ ਵਿੱਚਲੇ ਦਰਖਤ ਡੇਗ ਰਿਹਾ ਸੀ, ਉਦੋਂ ਹਜ਼ਾਰ ਤੋਂ ਉੱਪਰ ਯੂਕਰੇਨੀਅਨ ਕੈਦੀ  ਸਰਕਾਰ ਦੇ ਤਜਰਬੇ ਕਰਨ ਵਾਲੇ ਖੇਤਾਂ ਦੀ ਜ਼ਮੀਨ ਸਾਫ ਕਰ ਰਹੇ ਸਨ। ਇੱਥੇ ਉਨ੍ਹਾਂ ਨੇ ਕਲੇਅ ਬੈਲਟ ਵਿੱਚ ਖੇਤੀ ਦੀਆਂ ਸੰਭਾਵਨਾਵਾਂ ਦੀ ਪਰਦ੍ਰਸ਼ਨੀ ਕਰਨੀ ਸੀ। ਉਹ ਘੱਟ ਤੋਂ ਘੱਟ ਸੁਰੱਖਿਆ ਵਾਲੇ ਕੈਂਪ ਵਿੱਚ ਸਨ, ਜਿੱਥੋਂ ਫਰਾਰ ਹੋਣ ਦਾ ਕੋਈ ਵੀ ਮੌਕਾ ਨਹੀਂ ਸੀ। ਇਹ ਥਾਂ ਸੈਕੜੇ ਕਿਲੋਮੀਟਰਾਂ ਤੱਕ ਦਲਦਲੀ ਜੰਗਲ ਨਾਲ ਘਿਰਿਆ ਹੋਇਆ ਸੀ, ਜਿਹੜਾ ਗਰਮੀਆਂ ਵਿੱਚ ਮੱਛਰਾਂ ਨਾਲ ਭਰਿਆ ਹੁੰਦਾ ਅਤੇ ਸਰਦੀਆਂ ਵਿੱਚ ਇੱਥੇ ਖਤਰਨਾਕ ਹੱਦ ਤੱਕ ਠੰਢ ਹੁੰਦੀ। ਰੇਲਵੇ ਰਾਹੀਂ ਹੀ ਇੱਥੋਂ ਨਿਕਲਿਆ ਜਾ ਸਕਦਾ ਸੀ ਪਰ ਉਸ ਵਿੱਚ ਜ਼ਿਆਦਾ ਜਨਤਾ ਹੋਣ ਕਰਕੇ ਕੋਸ਼ਿਸ਼ ਵੀ ਨਹੀਂ ਸੀ ਕੀਤੀ ਜਾ ਸਕਦੀ। ਜੰਗ ਤੋਂ ਬਾਅਦ ਸਰਕਾਰ ਨੇ ਸੈਨਿਕ ਆਬਾਦਕਾਰਾਂ ਨੂੰ ਕਲੇਅਬੈਲਟ ਵਿੱਚ ਭੇਜਿਆ ਅਤੇ 1930 ਵਿਆਂ ਵਿਚਲੇ ਮੰਦਵਾੜੇ ਵੇਲੇ ਦੱਖਣੀ ਸ਼ਹਿਰਾਂ ਦੇ ਬੇਰੁਜ਼ਗਾਰ ਹੁਨਰੀ-ਕਾਮਿਆਂ ਨੂੰ ਵੀ ਇੱਥੇ ਭੇਜਿਆ। ਸਾਲਾਂ ਬਾਅਦ 1947 ਵਿੱਚ ਕਪੂਰ ਨੇ ਓਂਟੇਰੀਓ ਦੇ ਜਵਾਨ ਸਾਬਕਾ ਫੌਜੀ ਜਿਸਦਾ ਨਾਂ ਐਰਿਕ ਸਮਿੱਥ ਸੀ, ਨੂੰ ਨੌਕਰੀ `ਤੇ ਰੱਖਿਆ। ਸਮਿੱਥ ਦੇ ਪਿਤਾ ਦੀ ਟਰਾਂਟੋ ਵਾਲੀ ਨੌਕਰੀ ਮੰਦਵਾੜੇ ਦੀ ਸ਼ੁਰੂਆਤ ਵਿੱਚ ਹੀ ਜਾਂਦੀ ਰਹੀ ਅਤੇ ਉਸ ਨੇ ਆਪਣੇ ਪਰਿਵਾਰ ਨਾਲ ਆਪਣਾ ਨਿਵਾਸ ਕੈਪਸੂਕੇਸਿੰਗ ਇਲਾਕੇ ਵਿੱਚ ਕਰ ਲਿਆ। ਜਦੋਂ ਸਮਿੱਥ ਅਤੇ ਕਪੂਰ ਕਲੇਅ ਬੈਲਟ ਬਾਰੇ ਗੱਲਬਾਤ ਕਰਦੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਕਪੂਰ ਨੂੰ ਇਹ ਦਿਹਾਤੀ ਇਲਾਕਾ ਪਸੰਦ ਨਹੀਂ ਸੀ, ਖਾਸ ਕਰਕੇ ਨਿਰਦਈ ਸਰਦੀਆਂ। ਅਤੇ ਸਮਿੱਥ ਕੋਲ ਇਸ ਬਾਰੇ ਕੋਈ ਦਲੀਲ ਨਾ ਹੁੰਦੀ।(27)

ਕਪੂਰ ਨੇ ਉੱਤਰੀ ਅਮਰੀਕਾ ਵਿੱਚ ਪਹੁੰਚਣ ਦੇ ਪੰਤਾਲੀ ਸਾਲ ਤੋਂ ਉੱਪਰ ਤੱਕ ਆਪਣੇ ਵਿੱਤੀ ਇਤਿਹਾਸ ਦਾ ਮੋਟਾ ਜਿਹਾ ਸਾਰ ਹੀ ਛੱਡਿਆ ਸੀ।  ਇਸ ਸਾਰ ਅਨੁਸਾਰ ਉਸਦੇ ਅਮਰੀਕਾ ਵਿੱਚ ਰਹਿਣ ਦੇ ਪੰਜ ਸਾਲਾਂ ਵਿੱਚ ਉਸ ਨੇ 4000 ਡਾਲਰ ਜੋੜੇ, ਅਤੇ ਵਿਕਟੋਰੀਆ ਵਿੱਚ ਅਗਲੇ ਡੇਢ ਸਾਲਾਂ ਦੌਰਾਨ 3400 ਡਾਲਰ। ਅਤੇ ਉਸਦੇ ਬੀ ਸੀ ਵਿੱਚ ਪਹੁੰਚਣ ਸਾਰ ਹੀ ਉਸਦੀ ਸੰਪਤੀ ਲਗਾਤਾਰ ਵਧਣ ਲੱਗੀ। ਪਰ ਉਸਦੇ ਓਂਟੇਰੀਓ ਵਾਲੇ ਸਮੇਂ ਬਾਰੇ ਉਸ ਨੇ ਕੋਈ ਵੇਰਵਾ ਨਹੀਂ ਦਿੱਤਾ। ਭਾਵੇਂ ਇਹ ਓਂਟੇਰੀਓ ਹੀ ਸੀ, ਜਿਸ ਨੂੰ  ਉਸ ਨੇ ਕਨੇਡਾ ਵਿੱਚ ਆਪਣਾ ਘਰ ਬਣਾਉਣ ਦਾ ਫੈਸਲਾ ਕੀਤਾ ਸੀ ਅਤੇ ਉਹ ਵੀ ਭਾਈ ਪਿਆਰਾ ਸਿੰਘ ਦੇ ਭਾਰਤ ਨੂੰ ਵਾਪਸ ਜਾਣ ਦੀ ਪੁਰਜ਼ੋਰ ਸਲਾਹ ਦੇਣ ਦੇ ਬਾਵਜੂਦ। ਕਪੂਰ ਨੇ ਐਂਗਲੋ-ਕਨੇਡੀਅਨ ਤੌਰ-ਤਰੀਕਿਆਂ ਨੂੰ ਕਰਤਾਰ ਸਿੰਘ ਹੁੰਦਲ ਜਿੰਨਾ ਨਹੀਂ ਅਪਣਾਇਆ ਪਰ ਉਸ ਨੇ ਕਨੇਡਾ ਦੇ ਚੰਗੇ ਅਤੇ ਮਾੜੇ ਪੱਖਾਂ ਵਿੱਚ ਤਵਾਜ਼ਨ ਰੱਖਣ ਦਾ ਤਰੀਕਾ ਜਾਣ ਲਿਆ ਸੀ। (28)

ਭਾਵੇਂ ਕਪੂਰ, ਕਰਤਾਰ ਸਿੰਘ ਅਤੇ ਪਿਆਰਾ ਸਿੰਘ ਨੇ ਉਨ੍ਹਾਂ ਗਰਮੀਆਂ ਦੌਰਾਨ ਟਰਾਂਟੋ ਵਿੱਚ ਸ਼ਰਨ ਲੈਣ ਵੇਲੇ ਵੱਖ ਵੱਖ ਰਸਤੇ ਅਖਤਿਆਰ ਕੀਤੇ ਸਨ ਪਰ ਉਨ੍ਹਾਂ ਦੇ ਫੈਸਲਿਆਂ  ਨੇ ਸਾਰੇ ਸੰਭਾਵੀ ਰਾਹ ਨਹੀਂ ਸੀ ਵਿਚਾਰੇ। ਉਨ੍ਹਾਂ ਗਰਮੀਆਂ ਅਤੇ ਪੱਤਝੜ ਵਿੱਚ ਮੂਰ ਦੀ ਸੰਪਤੀ `ਤੇ ਮਾਹਲਪੁਰ ਇਲਾਕੇ ਦਾ ਇੱਕ ਹੋਰ ਸਿੱਖ ਨੌਜਵਾਨ ਬੁੱਕਣ ਸਿੰਘ ਕੰਮ ਕਰਦਾ ਸੀ। ਉਹ ਵੀ ਵੈਨਕੂਵਰ ਤੋਂ ਹੀ ਟਰਾਂਟੋ ਆਇਆ ਸੀ। ਉਸਦੇ ਇਤਿਹਾਸ ਬਾਰੇ ਟਰਾਂਟੋ ਦੇ ਫੋਟੋਗਰਾਫਰ ਅਤੇ ਖੋਜੀ ਸੰਦੀਪ ਸਿੰਘ ਬਰਾੜ ਨੇ ਹਾਲ ਹੀ ਵਿੱਚ ਪਤਾ ਲਗਾਇਆ ਹੈ। ਸੰਦੀਪ ਭਾਰਤ ਦੇ ਜੰਗੀ ਮੈਡਲ ਇਕੱਠੇ ਕਰਦਾ ਹੈ। ਬਰਤਾਨਵੀ ਵਿਕਰੇਤਾ ਕੋਲੋਂ ਬਰਾੜ ਨੇ ਇੱਕ ਜੇਤੂ ਮੈਡਲ ਖ੍ਰੀਦਿਆ ਜਿਸ `ਤੇ ਬੈਂਸ ਦਾ ਨਾਂ, ਰੁਤਬਾ ਅਤੇ ਲੜੀ ਨੰਬਰ ਉੱਕਰਿਆ ਹੋਇਆ ਸੀ। ਜਦੋਂ ਉਸ ਨੇ ਸਮਝਿਆ ਕਿ ਇਹ ਮੈਡਲ ਕਿਸੇ ਸਿੱਖ ਦਾ ਹੈ ਜਿਹੜਾ ਪਹਿਲੀ ਸੰਸਾਰ ਜੰਗ ਵੇਲੇ ਕਨੇਡਾ ਦੀ ਫੌਜ ਵੱਲੋਂ ਲੜਿਆ ਤਾਂ ਉਹ ਓਟਵਾ `ਚ ਪੁਰਾਤਨ ਦਸਤਾਵੇਜ਼ਾਂ ਦੀ ਖੋਜ ਪੜਤਾਲ ਕਰਨ ਲੱਗਾ ਅਤੇ ਉਸਦੇ ਪਰਿਵਾਰ ਬਾਰੇ ਪੁੱਛਣ ਲੱਗਾ।(29)

ਜਿਹੜਾ ਕੁਝ ਬਰਾੜ ਨੇ ਲੱਭਿਆ, ਉਸ ਅਨੁਸਾਰ ਇੱਕ ਚੌਦਾਂ ਸਾਲ ਦਾ ਮੁੰਡਾ 1907 ਵਿੱਚ ਮਾਹਲਪੁਰ ਇਲਾਕੇ ਤੋਂ ਪਰਵਾਸ ਕਰਨ ਵਾਲੇ ਇੱਕ ਜੱਥੇ ਨਾਲ ਰਲ ਗਿਆ। ਇਹ ਕਪੂਰ ਦੇ ਪ੍ਰਵਾਸ ਤੋਂ ਇੱਕ ਸਾਲ ਬਾਅਦ ਦੀ ਗੱਲ ਸੀ। ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਮੁੰਡਾ ਇੱਕ ਜਵਾਨ ਮਰਦ ਬਣਿਆ ਜਿਸ ਨੇ ਖਾਨ ਵਿੱਚ ਕੰਮ ਕੀਤਾ ਅਤੇ ਓਂਟੇਰੀਓ ਵਿੱਚ ਉਸ ਨੇ ਮੂਰ ਲਈ ਕੰਮ ਕੀਤਾ। ਉਸ ਨੇ 1915 ਦੀ ਬਸੰਤ ਰੁੱਤ ਵਿੱਚ ਮੂਰ ਦੀ ਨੌਕਰੀ ਛੱਡ ਦਿੱਤੀ ਅਤੇ ਇਨਫੈਂਟਰੀ ਬਟਾਲੀਅਨ ਵਿੱਚ ਭਰਤੀ ਹੋ ਗਿਆ, ਜਿਹੜੀ ਪੂਰਬੀ ਓਂਟੇਰੀਓ ਦੇ ' ਸਕਾਟਸ ਕਨੇਡੀਅਨਾਂ' ਦੀ ਲਾਮਬੰਦੀ ਕਰਦੀ ਸੀ। ਅਗਸਤ ਦੇ ਅਖੀਰ ਵਿੱਚ ਉਹ ਇੰਗਲੈਂਡ ਨੂੰ ਜਾ ਰਹੇ ਕਨੇਡੀਅਨ ਸੈਨਿਕ ਜਹਾਜ਼ 'ਸਕੈਂਡਿਨੇਵੀਅਨ' `ਤੇ ਸੀ। ਛੇ ਮਹੀਨਿਆਂ ਬਾਅਦ ਉਹ 'ਕਨੇਡੀਅਨ ਐਕਸਪੀਡਿਸ਼ਨੇਰੀ ਫੋਰਸ' ਨਾਲ ਫਲੈਂਡਰ ਵਿੱਚ ਮੋਰਚੇ `ਤੇ ਸੀ। ਉਸ ਨੇ ਯੇਪਰਸ ਸੈਕਟਰ ਵਿੱਚ 100 ਦਿਨ ਮੋਰਚੇ `ਤੇ ਸੇਵਾ ਨਿਭਾਈ ਅਤੇ ਇੱਕ ਮਹੀਨੇ ਦੇ ਵਕਫੇ ਵਿੱਚ ਦੋ ਵਾਰ ਫੱਟੜ ਹੋਇਆ। ਇੱਕ ਵਾਰ ਬੰਬ ਦੇ ਛੱਰੇ ਸਿਰ ਦੇ ਇੱਕ ਪਾਸੇ ਵੱਜੇ ਅਤੇ ਦੂਜੀ ਵਾਰ ਗੋਡੇ ਅਤੇ ਪਿੰਜਣੀ ਵਿੱਚ ਗੋਲੀ ਲੱਗੀ। ਉਹ 1915-16 ਦੀਆਂ ਗਰਮੀਆਂ ਦੇ ਅਖੀਰ, ਪੱਤਝੜ ਅਤੇ ਸਰਦੀਆਂ ਵਿੱਚ ਅੰਗ੍ਰੇਜ਼ ਮਿਲਟਰੀ ਹਸਪਤਾਲਾਂ ਵਿੱਚ ਸੇਹਤਯਾਬ ਹੁੰਦਾ ਰਿਹਾ। ਜੇ ਉਸ ਅੰਦਰ ਟੀ ਬੀ ਦੇ ਸੰਕੇਤ ਨਾ ਮਿਲਦੇ ਤਾਂ ਉਸ ਨੂੰ ਵਾਪਸ ਮੋਰਚੇ `ਤੇ ਭੇਜ ਦਿੱਤਾ ਜਾਣਾ ਸੀ। ਮਾਰਚ 1916 ਵਿੱਚ ਉਸਦੇ ਰੋਗ ਦੀ ਪਛਾਣ ਪੱਕੀ ਹੋ ਗਈ। ਉਹ ਅਗਲੇ ਪੰਦਰਾਂ ਮਹੀਨੇ ਦੱਖਣੀ ਤੱਟ `ਤੇ ਹੇਸਟਿੰਗਜ਼ ਵਿੱਚ ਇੱਕ ਛੋਟੇ ਹਸਪਤਾਲ ਵਿੱਚ ਬਿਮਾਰੀ ਨਾਲ ਘੁਲਦਾ ਰਿਹਾ। ਉਹ ਹਸਪਤਾਲੀ ਜਹਾਜ਼ ਰਾਹੀਂ 1917 ਵਿੱਚ ਵਾਪਸ ਕਨੇਡਾ ਪਰਤਿਆ। ਉਸ ਨੇ ਆਪਣੀ ਹਿਯਾਤੀ ਦਾ ਆਖਰੀ ਸਾਲ ਓਂਟੇਰੀਓ ਸੂਬੇ ਦੇ ਕਿਚਨਰ ਸ਼ਹਿਰ ਵਿੱਚ ਮਿਲਟਰੀ ਹਸਪਤਾਲ ਵਿੱਚ ਗੁਜ਼ਾਰਿਆ। ਅਗਸਤ 1918 ਵਿੱਚ ਚੌਵੀ ਸਾਲ ਦੀ ਉਮਰ ਵਿੱਚ ਮਰਨ ਤੋਂ ਬਾਅਦ ਉਸ ਨੂੰ ਕਿਚਨਰ ਵਿੱਚ ਸੈਨਿਕਾਂ ਦੀ ਕਬਰ ਵਿੱਚ ਦਫਨਾਇਆ ਗਿਆ। ਉਸਦੇ ਮਾਹਲਪੁਰ ਵਿੱਚ ਰਿਸ਼ਤੇਦਾਰਾਂ ਨਾਲ ਉਸਦਾ 1907 ਵਿੱਚ ਦੇਸ਼ ਛੱਡਣ ਤੋਂ ਬਾਅਦ ਕੋਈ ਰਾਬਤਾ ਨਹੀਂ ਸੀ ਹੋਇਆ ਅਤੇ ਉਸ ਬਾਰੇ ਪਹਿਲੀ ਖਬਰ ਕਨੇਡੀਅਨ ਫੌਜ ਵੱਲੋਂ ਉਸਦੀ ਮੌਤ ਦਾ ਪਰਵਾਨਾ ਸੀ, ਜਿਹੜਾ ਉਨ੍ਹਾਂ ਨੇ 'ਕਿਸੇ ਜਿਉਂਦੇ ਰਿਸ਼ਤੇਦਾਰ' ਨੂੰ ਸੰਬੋਧਨ ਕਰਕੇ ਭੇਜਿਆ ਸੀ।

ਬੁੱਕਣ ਸਿੰਘ ਬੈਂਸ ਦੇ ਦੂਜੀ ਵਾਰ ਫੱਟੜ ਹੋਣ ਤੋਂ ਤਿੰਨ ਹਫਤੇ ਬਾਅਦ ਉਸਦਾ ਨਾਂ ਕਨੇਡੀਅਨ ਫੌਜ ਦੇ ਫੱਟੜਾਂ ਦੀ ਰੋਜ਼ਾਨਾ ਛਪਦੀ ਸੂਚੀ ਵਿੱਚ ਛਪਿਆ। 'ਟਰਾਂਟੋ ਸਟਾਰ' ਅਖਬਾਰ ਨੇ ਉਸ ਦਿਨ ਫੱਟੜਾਂ ਦੀ ਸੂਚੀ ਵਿੱਚ ਦਰਜ ਸਾਰੇ ਸਥਾਨਕ ਬੰਦਿਆ ਦੇ ਨਾਲ-ਨਾਲ ਉਸ ਬਾਰੇ ਵੀ ਸੰਖੇਪ ਕਹਾਣੀ ਛਾਪੀ। ਪਹਿਲੀ ਸੰਸਾਰ ਜੰਗ ਵੇਲੇ ਕਨੇਡਾ ਦੇ ਅਖਬਾਰਾਂ ਵਿੱਚ ਇਹ ਕਾਲਮ ਲਗਾਤਾਰ ਛਪਦਾ ਸੀ।(30) ਵੇਰਵੇ ਤੋਂ ਇਹ ਸਪਸ਼ਟ ਹੈ ਕਿ 'ਟਰਾਂਟੋ ਸਟਾਰ' ਨੂੰ ਬੈਂਸ ਬਾਰੇ ਬਹੁਤੀ ਜਾਣਕਾਰੀ- ਉਹ ਕਦੋਂ ਓਂਟੇਰੀਓ ਆਇਆ, ਕਿੱਥੇ ਕੰਮ ਕੀਤਾ, ਅਤੇ ਉਹ ਪਹਿਲਾ ਸਿੱਖ ਸੀ ਜਿਸ ਨੇ ਕਨੇਡੀਅਨ ਫੌਜ ਵਿੱਚ ਸੇਵਾਵਾਂ ਨਿਭਾਈਆਂ- ਇਹ ਵਿਲੀਅਮ ਐੱਚ ਮੂਰ ਤੋਂ ਮਿਲੀ। ਇਸਦੀ ਪੂਰੀ ਸੰਭਾਵਨਾ ਹੈ ਕਿ ਮੂਰ ਨੇ ਹੀ ਅਖਬਾਰ ਨੂੰ ਬੈਂਸ ਬਾਰੇ ਲਿਖਣ ਲਈ ਉਤਸ਼ਾਹਤ ਕੀਤਾ ਹੋਵੇ। ਮੂਰ ਅਚਾਨਕ ਹੀ ਟਰਾਂਟੋ ਆਏ ਅਤੇ ਉਸ ਲਈ ਕੰਮ ਕਰਦੇ ਸਿੱਖਾਂ ਬਾਰੇ ਜੋ ਕੁਝ ਵੀ ਸੁਣਦਾ ਜਾਂ ਦੇਖਦਾ, ਉਸ ਨੂੰ ਉਹ ਦਿਲਚਸਪੀ ਅਤੇ ਫਿਕਰ ਨਾਲ ਗ੍ਰਹਿਣ ਕਰਦਾ। ਕੀ ਉਸ ਨੇ ਬੈਂਸ ਨੂੰ ਫੌਜ ਵਿੱਚ ਜਾਣ ਲਈ ਪ੍ਰੇਰਿਆ, ਇਸ ਬਾਰੇ ਅਸੀਂ ਨਹੀਂ ਜਾਣਦੇ। ਉਹ ਇਹ ਜ਼ਰੂਰ ਸੋਚਦਾ ਸੀ ਕਿ ਭਾਰਤ ਤੋਂ ਆਏ ਪਰਵਾਸੀਆਂ ਲਈ ਓਂਟੇਰੀਓ ਬੀ. ਸੀ. ਨਾਲੋਂ ਬੇਹਤਰ ਅਤੇ ਘੱਟ ਪੱਖਪਾਤੀ ਥਾਂ ਸੀ ਅਤੇ ਉਸ ਨੇ ਕਪੂਰ ਨੂੰ ਉੱਥੇ ਟਿਕਣ ਦੀ ਸਲਾਹ ਦਿੱਤੀ ਸੀ। ਪਰ ਕਪੂਰ ਕੋਲ, ਦੂਜਿਆਂ ਵਾਂਗ ਹੀ, ਚੱਲਣ ਲਈ ਆਪਣੀ ਦਿਸ਼ਾ ਸੀ।

Read 121 times Last modified on Tuesday, 01 May 2018 12:33