ਲੇਖ਼ਕ

Tuesday, 01 May 2018 12:14

07. ਕਿਲੇ ਦੇ ਮੋਤੀ - ਲੱਕੜ ਦਾ ਕਾਰੋਬਾਰ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਪੰਜਾਬੀ ਮਾਇਕ ਤੌਰ `ਤੇ ਅੱਗੇ ਵਧਣ ਲਈ ਉੱਤਰੀ ਅਮਰੀਕਾ ਆਏ। ਕਪੂਰ ਵੀ ਇਸੇ ਤਰ੍ਹਾਂ ਦਾ ਸੀ। ਇਸ ਪੱਖੋਂ ਉਹ ਕਿਸੇ ਵੀ ਤਰ੍ਹਾਂ ਲੀਹੋਂ ਹਟਵਾਂ ਨਹੀਂ ਸੀ ਭਾਵੇਂ ਪੇਂਡੂ ਪੰਜਾਬੀ ਸਮਾਜ ਵਿੱਚ ਉਸਦਾ ਮੁਕਾਮ ਸੀ, ਪੜ੍ਹਾਈ ਸੀ, ਨੌਕਰੀ ਸੀ, ਅਗਾਂਹ ਦੀ ਆਸ ਅਤੇ ਜੱਦੀ ਜਾਇਦਾਦ ਸੀ। ਜਿਮੀਂਦਾਰ ਪਰਿਵਾਰ ਵਿੱਚੋਂ ਪੜ੍ਹਿਆ-ਲਿਖਿਆ ਹੋਣ ਦੇ ਨਾਤੇ ਉਹ ਪੰਜਾਬ ਦੇ ਪੇਂਡੂ ਸ਼੍ਰੇਸ਼ਠ ਵਰਗ ਨਾਲ ਸਬੰਧਤ ਸੀ। ਉਸ ਨੂੰ ਯਕੀਨ ਸੀ ਕਿ ਉਸਦੀ ਜ਼ਿੰਦਗੀ ਕਰੋੜਾਂ ਭਾਰਤੀਆਂ ਨਾਲੋ ਬੇਹਤਰ ਹੋਵੇਗੀ ਪਰ ਉਸਦੀ ਹੋਰ ਅੱਗੇ ਜਾਣ ਦੀ ਚਾਹ ਸੀ।  ਜਦੋਂ ਉਸ ਨੇ ਪਰਵਾਸ ਧਾਰਿਆ, ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਜਿਹੜੇ ਮਜ਼ਦੂਰੀ ਦੇ ਕੰਮ ਮਿਲੇ, ਉਹ ਉਸ ਨਾਲੋਂ ਜ਼ਿਆਦਾ ਕਮਾਈ ਵਾਲੇ ਕੰਮ ਲੱਭਦੇ ਸਨ। ਅੱਡ-ਅੱਡ ਥਾਵਾਂ `ਤੇ ਕੰਮ ਕਰਦਿਆਂ ਉਹ ਜਾਣ ਗਏ ਸਨ ਕਿ ਉੱਤਰੀ ਅਮਰੀਕਾ ਵਿੱਚ ਕਿਵੇਂ ਚੀਜ਼ਾਂ ਕੰਮ ਕਰਦੀਆਂ ਸਨ ਅਤੇ ਕਿੱਥੇ ਅੱਗੇ ਵਧਣ ਲਈ ਜ਼ਿਆਦਾ ਮੌਕੇ ਸਨ। ਬੇਤਰਤੀਬੇ ਢੰਗ ਨਾਲ   ਰਲ ਮਿਲ ਕੇ ਉਨ੍ਹਾਂ ਨੇ ਛੇਤੀ ਹੀ ਪਛਾਣ ਲਿਆ ਕਿ ਸਭ ਤੋਂ ਵਧੀਆ ਭਵਿੱਖ ਕਿੱਥੇ ਸੀ। ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲ ਅਤੇ ਲੱਕੜ ਉਦਯੋਗ ਸੀ। ਇਸ ਉਦਯੋਗ ਵਿੱਚ ਕਈ ਸਾਲ ਕੰਮ ਕਰਨ ਪਿੱਛੋਂ (ਜੰਗ ਸ਼ੁਰੂ ਹੋਣ ਵੇਲੇ ਕਈ ਪਿੱਛੇ ਰਹਿ ਪਏ ਸਨ) ਕਈ ਬੰਦੇ ਆਪਣਾ ਕੰਮ ਸ਼ੁਰੂ ਕਰਨ ਲਈ ਤਿਆਰ ਸਨ। ਉਨ੍ਹਾਂ ਦੀ ਪਹਿਲ ਕਦਮੀ ਕਪੂਰ ਨੂੰ ਵਾਪਸ ਬੀ. ਸੀ. ਮੋੜ ਲਿਆਈ। ਬੀ. ਸੀ. ਵਿੱਚ 1914 ਦੀ ਪੱਤਝੜ ਵਿੱਚ ਖਾੜਕੂਆਂ ਦੇ ਭਾਰਤ ਜਾਣ ਨਾਲ ਹਾਲਾਤ ਸ਼ਾਂਤਮਈ ਹੋ ਗਏ ਸਨ।

ਉਹ ਅਕਤੂਬਰ 1916 ਵਿੱਚ ਕੁਝ ਆਰਾ ਮਿੱਲ ਦੇ ਕਾਮਿਆਂ ਅਤੇ ਬੰਕ ਹਾਊਸ ਦੇ ਬੰਦਿਆਂ ਦਾ ਹਿੱਸੇਦਾਰ ਬਣਕੇ ਵਾਪਸ ਬੀ. ਸੀ. ਆ ਗਿਆ। ਉਨ੍ਹਾਂ ਨੇ ਇੱਕ ਆਰਾ ਮਿੱਲ ਖਰੀਦ ਲਈ ਅਤੇ ਕਪੂਰ ਨੂੰ ਇਸਦਾ ਹਿਸਾਬ-ਕਿਤਾਬ ਸੰਭਾਲਣ ਲਈ ਆਖਿਆ। ਇਸ ਗਰੁੱਪ ਦਾ ਆਗੂ ਬੰਕਹਾਊਸ ਦਾ ਰਸੋਈਆ ਸੀ। ਉਸਦੀ ਰਸੋਈ ਇੱਕ ਚੁੰਬਕੀ ਥਾਂ ਸੀ, ਜਿੱਥੇ ਸਿੱਖ ਮਿੱਲ- ਕਾਮੇ ਖਾਣੇ ਤੋਂ ਬਾਅਦ ਗੱਲਾਂਬਾਤਾਂ ਕਰਨ ਅਤੇ ਸਲਾਹਾਂ ਕਰਨ ਲਈ ਰੁਕ ਜਾਂਦੇ। ਉਸਦਾ ਨਾਂ ਮੇਓ ਸਿੰਘ ਸੀ। ਉਹ ਅਤੇ ਉਸਦੇ ਨੇੜਲੇ ਸਾਥੀ ਪਾਲਦੀ ਤੋਂ ਸਨ। ਇਹ ਪਿੰਡ ਕਪੂਰ ਦੇ ਪਿੰਡ ਖੜੌਦੀ ਦੇ ਪੂਰਬ ਵੱਲ ਨਾਲ ਲੱਗਵਾਂ ਹੈ।

1906 ਅਤੇ 1907 ਵਿੱਚ ਪਾਲਦੀ ਦੇ ਬੰਦੇ ਖੜੌਦੀ ਅਤੇ ਹੋਰ ਮਾਹਲਪੁਰ ਇਲਾਕੇ ਦੇ ਬੰਦਿਆਂ ਦੇ ਨਾਲ ਹੀ ਉੱਤਰੀ ਅਮਰੀਕਾ ਲਈ ਚੱਲੇ ਸਨ। ਕਪੂਰ ਵਾਂਗ ਹੀ ਮੇਓ ਵੀ ਕੈਲੇਫੋਰਨੀਆ ਗਿਆ ਅਤੇ ਬਾਅਦ ਵਿੱਚ ਕਨੇਡਾ ਪਹੁੰਚਿਆ। ਉਹ ਛੋਟੇ ਜੁੱਸੇ ਵਾਲਾ ਸੀ, ਭਾਰੇ ਕੰਮ ਲਈ ਢੁੱਕਵਾਂ ਨਹੀਂ ਸੀ ਪਰ ਸੂਝਵਾਨ, ਮਿਲਾਪੜਾ ਅਤੇ ਉੱਦਮੀ ਸੀ। ਕਪੂਰ ਤੋਂ ਉਲਟ ਉਹ ਥੋੜ੍ਹਾ ਪੜ੍ਹਿਆ ਸੀ ਪਰ ਉਹ ਬੀ. ਸੀ. ਵਿੱਚ ਪਹੁੰਚਣ ਤੋਂ ਛੇਤੀ ਬਾਅਦ ਹੀ ਆਪਣੇ ਆਪ ਅੰਗ੍ਰੇਜ਼ੀ ਸਿੱਖਣ ਲੱਗਾ। ਕਪੂਰ ਦੇ ਪਹੁੰਚਣ ਤੋਂ ਪਹਿਲਾਂ ਹੀ ਮੇਓ ਆਪਣੀ ਪਿਛਲੀ ਜੇਬ ਵਿੱਚ ਅਖਬਾਰ ਰੱਖਣ ਲੱਗ ਪਿਆ ਸੀ ਤਾਂ ਕਿ ਉਹ ਕਿਸੇ ਵੀ ਅਗ੍ਰੇਜ਼ੀ ਬੋਲਣ ਵਾਲੇ ਤੋਂ ਸ਼ਬਦਾਂ ਦੇ ਅਰਥ ਪੁੱਛ ਸਕੇ, ਜਿਨ੍ਹਾਂ ਦੀ ਉਸ ਨੂੰ ਸਮਝ ਨਹੀਂ ਸੀ ਪਈ ਹੁੰਦੀ। ਕਲੇਅਰੈਂਸ ਮਾਰਟਿਨ ਉਸਦਾ ਖਾਸ ਅਧਿਆਪਕ ਸੀ। ਉਹ ਚੌਦਾਂ ਸਾਲਾਂ ਦਾ ਪਰੋਟੈਸਟੈਂਟ ਆਇਰਿਸ਼ ਪਰਿਵਾਰ ਦਾ ਪਿਓ -ਬਾਹਰਾ ਮੁੰਡਾ ਸੀ। ਉਸ ਨੂੰ ਮੇਓ ਨੇ ਮਿੱਲ ਦੇ ਦੁਆਲੇ ਨਿੱਕੇ-ਮੋਟੇ ਕੰਮ ਲਈ ਨੌਕਰੀ ਦਿੱਤੀ ਹੋਈ ਸੀ। ਮੇਓ ਜ਼ਰੂਰ ਹੀ ਆਪਣੀ ਲਿਖਾਈ ਦਾ ਅਭਿਆਸ ਲਗਨ ਨਾਲ ਕਰਦਾ ਹੋਵੇਗਾ, ਕਿਉਂ ਕਿ ਦਸਤਾਵੇਜ਼ਾਂ `ਤੇ ਉਸਦੇ ਦਸਤਖਤ ਰਵਾਂ ਅਤੇ ਵਧੀਆ ਬਣਤਰ ਵਿੱਚ ਹਨ। ਉਸਦਾ ਨਾਂ ਮਈਆ ਸੀ। ਪਰ ਉਸ ਨੇ ਐਂਗਲੋ-ਕਨੇਡੀਅਨਾਂ ਲਈ ਇਸ ਨੂੰ ਬੋਲਣ ਅਤੇ ਯਾਦ ਰੱਖਣ ਲਈ ਸੌਖਾ ਕਰਨ ਲਈ ਇਸਦਾ ਅੰਗ੍ਰੇਜ਼ੀਕਰਨ ਕਰ ਦਿੱਤਾ। ਉਹ ਸੋਚਦਾ ਸੀ ਕਿ ਇਹ ਵਪਾਰ ਲਈ ਚੰਗਾ ਸੀ । ਛੇਵਾਂ 'ਅਰਲ ਆਫ ਮੇਓ' ਭਾਰਤ ਦਾ ਵਾਇਸਰਾਏ ਸੀ ਇਸ ਲਈ ਸ਼ਾਇਦ ਇਹ ਨਾਂ ਉਸ ਨੂੰ ਸੁਣਨ ਵਿੱਚ ਚੰਗਾ ਲਗਦਾ ਹੋਵੇ।(1)

ਮੇਓ ਸਿੰਘ ਅਤੇ ਪੰਜਾਬੀਆਂ ਤੇ ਜਾਪਾਨੀਆਂ ਦੀ ਰਲਵੀਂ ਟੋਲੀ ਫੈਰਨਰਿੱਜ ਲੰਬਰ ਵਿੱਚ ਕੰਮ ਕਰਦੇ ਸਨ। ਇਹ ਆਰਾ ਮਿੱਲ ਫਰੇਜ਼ਰ ਦਰਿਆ ਦੇ ਕਿਨਾਰੇ ਸੀ ਅਤੇ ਇਹ ਰੋਜ਼ਡੇਲ ਦੇ ਆਸੇ-ਪਾਸੇ ਦੇ ਪੇਂਡੂ ਇਲਾਕੇ ਦੇ ਕਿਸਾਨਾਂ ਨੂੰ ਲੱਕੜ ਅਤੇ ਲੱਕੜ ਦੀਆਂ ਖਪਰੈਲਾਂ ਪਹੁੰਚਾਉਂਦੇ ਸੀ। ਰੋਜ਼ਡੇਲ ਵੈਨਕੂਵਰ ਤੋਂ 90 ਕਿਲੋਮੀਟਰ ਪੂਰਬ ਵੱਲ ਹੈ। 1913 ਵਿੱਚ ਲੱਕੜ ਦੀ ਮੰਡੀ ਵਿੱਚ ਲੰਬੀ ਗਿਰਾਵਟ ਵੇਲੇ  ਮਿੱਲ ਦੇ ਬੰਦ ਹੋਣ ਕਾਰਣ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ। ਅਗਲੀ ਬਸੰਤ ਰੁੱਤ `ਚ ਮੇਓ ਨੇ ਰੋਜ਼ਡੇਲ ਵਿੱਚ 40 ਏਕੜ ਦਾ ਖੇਤ ਠੇਕੇ `ਤੇ ਲਿਆ ਅਤੇ ਉਸਦੀ ਟੋਲੀ ਦੇ ਪੈਂਤੀ ਬੰਦਿਆਂ ਨੇ ਸਾਂਝੀ ਖੇਤੀ ਦੇ ਤੌਰ `ਤੇ ਰਲ ਕੇ ਆਲੂ ਬੀਜੇ। ਜਿਹੜਾ ਕੁਝ ਮੇਓ ਨੇ ਅੱਗੇ ਚੱਲ ਕੇ ਕੀਤਾ, ਉਸ ਨੇ ਉਸਦੀ ਫੇਲ੍ਹ ਹੋਣ ਦੇ ਬਾਵਜੂਦ ਅੱਗੇ ਵਧਣ ਦੀ ਯੋਗਤਾ ਨੂੰ ਸਿੱਧ ਕੀਤਾ। ਰੁੱਤ ਦੇ ਅੰਤ `ਤੇ ਉਹ ਆਲੂ ਵੇਚਣ ਵਿੱਚ ਨਾਕਾਮ ਰਿਹਾ। ਉਸ ਨੇ ਮਾਲਕ ਦੇ ਸੂਰਾਂ ਲਈ ਆਲੂ ਖੇਤਾਂ ਵਿੱਚ ਹੀ ਰਹਿਣ ਦਿੱਤੇ। ਉਸ ਨੇ ਖੇਤ ਦੇ ਮਾਲਕ ਨੂੰ ਕਿਰਾਏ ਦੀ ਕਿਸ਼ਤ ਬਦਲੇ ਇਨ੍ਹਾਂ ਦੀ ਪੇਸ਼ਕਸ਼ ਕੀਤੀ। ਉਸਦੀ ਟੋਲੀ ਹਾਲੇ ਵੀ ਮਿੱਲ ਵਾਲੇ ਥਾਂ `ਤੇ ਬੰਕਹਾਊਸ ਵਿੱਚ ਰਹਿੰਦੇ ਸਨ ਅਤੇ ਕਦੇ ਕਦਾਈਂ ਖੇਤਾਂ ਵਿੱਚ ਜਿਹੜਾ ਕੰਮ ਮਿਲਦਾ, ਉਹ ਕਰ ਲੈਂਦੇ। ਮੇਓ ਵਾਪਸ ਫਰਨਰਿੱਜ ਲੰਬਰ ਦੇ ਮਾਲਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਮਿੱਲ ਠੇਕੇ `ਤੇ ਦੇਣ ਲਈ ਰਾਜ਼ੀ ਕਰ ਲਿਆ। ਮੇਓ ਅਤੇ ਉਸਦੇ ਹਿੱਸੇਦਾਰਾਂ ਨੇ ਇਸ ਮਿੱਲ ਨੂੰ ਚੀਮ ਲੰਬਰ ਕੰਪਨੀ ਦੇ ਨਾਂ ਨਾਲ ਚਲਾਇਆ। ਇਹ ਨਾਂ ਉਨ੍ਹਾਂ ਨੇ ਚੀਮ ਪਰਬਤ ਕਰਕੇ ਰੱਖਿਆ। ਇਸ ਪਹਾੜ ਨੂੰ ਉਹ ਪੂਰਬ ਵੱਲ ਦੇਖ ਸਕਦੇ ਸਨ। ਉਨ੍ਹਾਂ ਨੇ ਮਿੱਲ 1 ਅਕਤੂਬਰ 1915 ਨੂੰ ਸ਼ੁਰੂ ਕੀਤੀ। ਉਸ ਵੇਲੇ ਸਮਾਂ ਉਨ੍ਹਾਂ ਦੇ ਹੱਕ ਵਿੱਚ ਸੀ। ਉਸੇ ਵਕਤ ਲੰਬਰ ਵਪਾਰ ਦਾ ਪੁਨਰ-ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਕਮਾਈ ਕੀਤੀ। ਉਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕਰਨ ਵੇਲੇ  ਕਪੂਰ ਨੂੰ ਲਿਖਿਆ ਕਿ ਉਹ ਪੂਰੇ ਹਿੱਸੇਦਾਰ ਵਜੋਂ ਉਨ੍ਹਾਂ ਨਾਲ ਆ ਰਲੇ।(2)

ਮੁੱਢ ਵਿੱਚ ਮੇਓ ਅਤੇ ਉਸਦੇ ਹਿੱਸੇਦਾਰ ਹੁਸੈਨ ਰਹੀਮ ਤੋਂ ਕਾਰੋਬਾਰੀ ਸਲਾਹਾਂ ਲੈਂਦੇ। ਉਹ ਪੰਜਾਹ ਸਾਲ ਦਾ ਪੜ੍ਹਿਆ-ਲਿਖਿਆ ਗੁਜਰਾਤੀ ਵਪਾਰੀ ਸੀ। ਉਹ ਅੰਗ੍ਰੇਜ਼ੀ ਵਿੱਚ ਰਵਾਂ ਸੀ। ਕਨੇਡਾ ਵਿੱਚ ਉਹ 1910 ਵਿੱਚ ਆਇਆ ਅਤੇ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ ਸੀ ਪਰ ਪੰਜਾਬੀਆਂ ਵਿੱਚ ਇਹ ਪ੍ਰਚਲਤ ਸੀ ਕਿ ਉਹ ਅਸਲ ਵਿੱਚ ਹਿੰਦੂ ਸੀ ਅਤੇ ਉਸ ਨੇ ਜਾਪਾਨ ਵਿੱਚ ਕੋਬੇ  ਦੇ ਸ਼ਾਹੂਕਾਰਾਂ ਤੋਂ ਬਚਣ ਲਈ ਆਪਣਾ ਨਾਂ ਬਦਲਿਆ ਸੀ। ਉੱਥੇ ਉਹ ਪੰਦਰਾਂ ਸਾਲ ਕਪਾਹ ਦੇ ਵਪਾਰ ਵਿੱਚ ਕਾਰੋਬਾਰ ਕਰਦਾ ਰਿਹਾ।(3) ਵੈਨਕੂਵਰ ਵਿੱਚ ਉਹ ਆਪਣੇ ਆਪ ਨੂੰ ਆਪਣੇ ਦੇਸ਼ ਵਾਸੀਆਂ ਦੇ ਸਰਗਰਮ ਯੋਧੇ ਦੇ ਤੌਰ `ਤੇ ਅੱਗੇ ਲੈ ਆਇਆ। ਕਾਮਾਗਾਟਾਮਾਰੂ ਦੇ ਮੁਸਾਫਿਰਾਂ ਦੀ ਸਹਾਇਤਾ ਲਈ ਬਣੀ ਸ਼ੋਰ ਕਮੇਟੀ ਵਿੱਚ ਉਸ ਨੇ ਬਹੁਤ ਨੁਮਾਇਆਂ ਭੂਮਿਕਾ ਨਿਭਾਈ। ਮੇਓ ਤੇ ਉਸਦੇ ਭਾਈਵਾਲ ਰਹੀਮ `ਤੇ ਭਰੋਸਾ ਕਰਦੇ ਸਨ। ਦੁਰਭਾਗਵਸ ਉਹ ਸਿਗਰਟ ਪੀਂਦਾ ਸੀ ਪਰ ਸਿੱਖ ਇਹ ਨਹੀਂ ਪੀਂਦੇ। ਉਹ ਮੇਓ ਦੇ ਦਫਤਰ ਵਿੱਚ ਲੰਬੀਆਂ ਬੈਠਕਾਂ ਦੌਰਾਨ ਗੱਲਾਂ ਕਰਦਾ ਸਿਗਰਟਾਂ ਦਾ ਧੂੰਆਂ ਵੀ ਉਡਾਉਂਦਾ। ਮੇਓ ਨੇ ਉਸ ਨੂੰ ਕਿਹਾ ਕਿ ਜਾਂ ਤਾਂ ਸਿਗਰਟ ਪੀਣੀ ਛੱਡ ਦੇਵੇ ਜਾਂ ਉਨ੍ਹਾਂ ਤੋਂ ਦੂਰ ਰਹੇ। ਰਹੀਮ ਨੇ ਦੂਰ ਰਹਿਣ ਨੂੰ ਚੁਣਿਆ। ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਕਪੂਰ ਨੂੰ ਕਹਿਣ ਕਿ ਓਂਟੇਰੀਓ ਤੋਂ ਵਾਪਸ ਆ ਜਾਵੇ ਤਾਂ ਕਿ ਗਰੁੱਪ ਕੋਲ ਅਜੇਹਾ ਹਿੱਸੇਦਾਰ ਹੋਵੇ ਜਿਹੜਾ ਚੰਗੀ ਅੰਗ੍ਰੇਜ਼ੀ ਬੋਲਦਾ ਹੋਵੇ ਅਤੇ ਹਿਸਾਬ-ਕਿਤਾਬ ਕਰਨਾ ਜਾਣਦਾ ਹੋਵੇ।(4)  ਇਸ ਸਲਾਹ ਕਰਕੇ ਉਹ ਪ੍ਰਸ਼ੰਸਾ ਦਾ ਹੱਕਦਾਰ ਹੈ।

ਕਪੂਰ ਨੇ ਦੋ ਰੱਦ ਕੀਤੀਆਂ ਚਿਕਾਂ ਆਪਣੇ ਵੰਸ਼ ਲਈ ਸੰਭਾਲ ਲਈਆਂ ਸਨ। ਇਹ ਉਸ ਨੇ 1917 ਵਿੱਚ ਬ੍ਰਿਟਿਸ਼ ਕੋਲੰਬੀਆ ਮੁੜ ਕੇ ਕੱਟੀਆਂ ਸਨ। ਇੱਕ ਉਸ ਨੇ ਫੈਰਨਰਿੱਜ ਲੰਬਰ ਤੋਂ ਸਟੀਲ ਖ੍ਰੀਦਣ ਲਈ ਰੋਜ਼ਡੇਲ ਵਾਲੀ ਮਿੱਲ ਦੇ ਮਾਲਕ ਨੂੰ ਦਿੱਤੀ ਸੀ।(5) ਦੂਜੀ ਸਟਰਾਅਬੇਰੀ ਹਿੱਲ `ਚ ਸੀ ਐੱਨ ਆਰ ਦੀ ਲਾਈਨ  `ਤੇ ਚਲਦੀ ਆਰਾ ਮਿੱਲ ਦੇ ਖਰਚਿਆਂ ਲਈ ਸੀ। ਇਹ ਵੈਨਕੂਵਰ ਦੇ ਨੇੜੇ ਨਿਊਵੈਸਟਮਨਿਸਟਰ ਦੇ ਦੱਖਣ ਵਿੱਚ ਸੀ।(6) ਇਹ ਦੋਨੋਂ ਚਿੱਕਾਂ ਆਪਸ ਵਿੱਚ ਕੁਝ ਦਿਨਾਂ ਦੀ ਵਿੱਥ ਨਾਲ ਹੀ ਲਿਖੀਆਂ ਗਈਆਂ ਸਨ। ਇਹ ਇਸ ਗੱਲ ਦਾ ਸਬੂਤ ਹਨ ਕਿ ਕਪੂਰ, ਮੇਓ ਅਤੇ ਉਨ੍ਹਾਂ ਦੇ ਹਿੱਸੇਦਾਰਾਂ ਕੋਲ ਲੰਬੇ ਸਮੇਂ ਲਈ ਕਾਰੋਬਾਰ ਦੀਆਂ ਯੋਜਨਾਵਾਂ ਸਨ। ਉਹ ਜਾਣਦੇ ਸਨ ਕਿ ਰੋਜ਼ਡੇਲ ਵਿੱਚ ਸਾਰੀ ਜੰਗਲੀ ਲੱਕੜੀ ਵਰਤੀ ਜਾ ਚੁੱਕੀ ਸੀ। ਸਟਰਾਅਬੇਰੀ ਵਿੱਚ ਮਿੱਲ ਲੈ ਕੇ ਉਨ੍ਹਾਂ ਦੀ  ਦੋ ਕੁ ਸਾਲ ਹੋਰ ਚਲਾਉਣ ਦੀ ਵਿਉਂਤ ਸੀ ਅਤੇ ਉਹ ਸਰਗਰਮੀ ਨਾਲ ਵੱਧ ਸੰਭਾਵਨਾਵਾਂ ਵਾਲੀ ਅਤੇ ਬੇਹਤਰ ਥਾਂ ਦੀ ਭਾਲ ਵਿੱਚ ਸਨ।

ਜਿਹੜਾ ਕੁਝ ਉਹ ਚਾਹੁੰਦੇ ਸਨ, ਉਸਦੇ ਮਿਲਣ ਤੋਂ ਪਹਿਲਾਂ ਕਪੂਰ ਅਤੇ ਮੇਓ ਨੇ ਕਈ ਕੰਪਨੀਆਂ ਬਣਾਈਆਂ ਜਿਵੇਂ, 'ਦਾ ਪੈਸੇਫਿਕ ਗ੍ਰੇਟ ਲੰਬਰ ਐਂਡ ਸ਼ਿੰਗਲ ਕੰਪਨੀ, ਦਾ ਕੋਆਪਰੇਟਿਵ ਟਿੰਬਰ ਐਂਡ ਲੌਗਿੰਗ ਕੰਪਨੀ ਅਤੇ ਦਾ ਮੇਓ ਲੰਬਰ ਕੰਪਨੀ।  ਪਿੱਛੋਂ ਵਾਲੀ ਕੰਪਨੀ ਇੱਕ ਵੱਡਾ ਅਤੇ ਟਿਕਾਊ ਉਦਯੋਗ ਬਣਿਆ ਜਦੋਂ ਕਿ ਦੂਜੀਆਂ ਬਿਨਾਂ ਕੋਈ ਨਿਸ਼ਾਨੀ ਛੱਡੇ ਅਲੋਪ ਹੋ ਗਈਆਂ। ਅਕਤੂਬਰ 1916 ਵਿੱਚ ਕਪੂਰ, ਮੇਓ ਅਤੇ ਮਹਿਲਪੁਰ ਦੇ ਤਿੰਨ ਹੋਰ ਨਿਵੇਸ਼ਕਾਰਾਂ ਨੇ 4000 ਡਾਲਰ ਹਰੇਕ ਨੇ ਮੇਓ ਲੰਬਰ ਕੰਪਨੀ ਵਿੱਚ "ਬਾਅਦ ਵਿੱਚ ਚੁਨਣ ਵਾਲੀਆਂ ਥਾਵਾਂ" ਤੇ ਲੰਬਰ ਘੜਣ ਲਈ ਪਾਏ। ਇਸ ਕੰਪਨੀ ਨੂੰ ਉਨ੍ਹਾਂ ਨੇ ਸਟਰਾਅਬੈਰੀ ਹਿੱਲ  ਵਾਲੀ ਮਿੱਲ ਨੂੰ ਚਲਾਉਣ ਲਈ ਵਰਤਿਆ ਜਦੋਂ ਉਹ ਕੁਝ ਵੱਡਾ ਕਰਨ ਲਈ ਤਿਆਰ ਹੋ ਰਹੇ ਸਨ। ਹੁਸੈਨ ਰਹੀਮ ਨੇ ਉਨ੍ਹਾਂ ਨੂੰ ਵੈਨਕੂਵਰ ਟਾਪੂ `ਤੇ ਰੇਲਵੇ ਦੀ ਜ਼ਮੀਨ  ਦੇਖਣ ਦੀ ਸਲਾਹ ਦਿੱਤੀ।(7)

ਬੀ. ਸੀ. ਵਿੱਚ ਸਮੁੰਦਰ ਦੇ ਕਿਨਾਰੇ ਲੱਕੜ ਦੀਆਂ ਗੇਲੀਆਂ ਬਣਾਉਣ ਦਾ ਕੰਮ ਸੁਖਾਲ਼ਾ ਸੀ।  ਉੱਥੇ ਲੱਕੜਹਾਰੇ ਦਰੱਖਤਾਂ ਨੂੰ ਸਿੱਧਾ ਪਾਣੀ ਵਿੱਚ ਸੁੱਟਦੇ ਜਾਂ ਕਿਨਾਰੇ ਤੋਂ ਡੌਂਕੀ ਇੰਜਣਾਂ ਨਾਲ ਗੇਲੀਆਂ ਨੂੰ ਰੇੜ੍ਹਦੇ ਅਤੇ ਤੈਰ ਰਹੀਆਂ ਗੇਲੀਆਂ ਨੂੰ ਕਿਸੇ ਨੇੜਲੀ ਆਰਾ ਮਿੱਲ ਵੱਲ ਠੇਲ੍ਹਦੇ। ਉਸ ਜ਼ਮਾਨੇ ਵਿੱਚ ਉਹ ਸਮੁੰਦਰੀ ਕਿਨਾਰੇ ਦੇ ਨੇੜੇ ਸਭ ਤੋਂ ਸੌਖੀ ਪਹੁੰਚ ਵਾਲੀ ਵਣ ਨੂੰ ਹੀ ਹੱਥ ਪਾਉਂਦੇ, ਇਸ ਤਰ੍ਹਾਂ ਉਹ ਸੈਂਕੜੇ ਕਿਲੋਮੀਟਰ ਦੂਰ ਤੱਕ ਕੰਮ ਚਲਾਉਂਦੇ। ਇਹ ਵੈਨਕੂਵਰ ਦੇ ਉੱਤਰ ਵੱਲ, ਸਮੁੰਦਰੀ ਲਾਂਘੇ ਦੇ ਅਲੱਗ-ਥਲੱਗ ਕਿਨਾਰਿਆਂ `ਤੇ ਅਤੇ ਵੈਨਕੂਵਰ ਟਾਪੂ ਦੇ ਦੂਰ ਵਾਲੇ ਸਿਰੇ ਉੱਤੇ ਹੁੰਦਾ। ਉਹ ਸੜਕੀ ਆਵਾਜਾਈ ਅਤੇ ਲੱਕੜੀ ਢੋਆ-ਢੁਆਈ ਲਈ ਸੜਕਾਂ ਬਣਾਉਣ ਦੇ ਖਰਚ ਤੋਂ ਬਚਦੇ। ਕੋਸਟਲ ਲੌਗਿੰਗ ਵਾਲੇ ਵੱਡੀਆਂ-ਛੋਟੀਆਂ ਸਭ ਤਰ੍ਹਾਂ ਦੀਆਂ ਕੰਪਨੀਆਂ ਨੂੰ ਆਪਣੇ ਵੱਲ ਖਿੱਚਦੇ। ਇਹ ਅਜੇਹਾ ਇਲਾਕਾ ਸੀ, ਜਿੱਥੇ ਸਾਊਥ ਏਸ਼ੀਅਨਾਂ ਨੂੰ ਵੜਣ ਦੀ ਮਨਾਹੀ ਸੀ ਕਿਉਂ ਕਿ ਸਮੁੰਦਰ ਨਾਲ ਲਗਦਾ ਜੰਗਲ ਸੂਬਾ ਸਰਕਾਰ ਦੇ ਅਖਤਿਆਰ ਹੇਠ ਕਰਾਊਨ ਲੈਂਡ ਸੀ। ਸਾਊਥ ਏਸ਼ੀਅਨ ਬੀ. ਸੀ. ਵਿੱਚ ਕਰਾਊਨ ਲੈਂਡ ਤੋਂ ਜੰਗਲੀ ਲੱਕੜ ਨਹੀਂ ਸੀ ਕੱਟ ਸਕਦੇ ਕਿਉਂ ਕਿ ਉਹ ਵੋਟ ਪਾਉਣ ਵਾਲੇ ਨਾਗਰਿਕ ਨਹੀਂ ਸਨ ਅਤੇ ਇਹ ਇਸ ਕਰਕੇ ਸੀ ਕਿਉਂ ਕਿ  ਮਹਾਰਾਣੀ ਦੀ ਸਰਕਾਰ ਨੇ ਉਨ੍ਹਾਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਸੀ। ਤਟਵਰਤੀ ਜੰਗਲਾਂ ਵਿੱਚੋਂ ਉਨ੍ਹਾਂ ਦੀ ਅਲਹਿਦਗੀ ਕੋਈ ਹਾਦਸਾ ਨਹੀਂ ਸੀ ਸਗੋਂ ਇਹ ਸੂਬੇ ਦੇ ਰਾਜਨੀਤੀਵਾਨਾਂ ਦੀ ਸੋਚੀ ਸਮਝੀ ਚਾਲ ਸੀ ਜਿਹੜੇ ਗੋਰੇ ਵੋਟਰਾਂ ਦੇ ਜਜ਼ਬਾਤ ਨੂੰ ਏਸ਼ੀਅਨਾਂ ਦੇ ਵਿਰੁੱਧ ਹੱਲਾਸ਼ੇਰੀ ਦਿੰਦੇ ਸਨ।

ਫਰੇਜ਼ਰ ਵੈਲੀ ਵਿੱਚ ਬਹੁਤੀ ਪ੍ਰੱਮੁਖ ਲੱਕੜ ਡੁਮੀਨੀਅਨ ਰੇਲਵੇ ਬੈਲਟ ਵਿੱਚ ਖੜ੍ਹੀ ਸੀ, ਜਿਸਦਾ ਰਕਬਾ ਚਤਾਲੀ ਹਜ਼ਾਰ ਵਰਗ ਕਿਲੋਮੀਟਰ ਤੋਂ ਜ਼ਿਆਦਾ ਸੀ। ਇਹ ਚੁਣਵੀਂ ਜ਼ਮੀਨ ਸੂਬਾ ਸਰਕਾਰ ਨੇ 1871 ਵਿੱਚ ਕਨੇਡੀਅਨ ਪੈਸੇਫਿਕ ਵਿੱਚ ਪੂੰਜੀ ਲਾਉਣ ਲਈ ਓਟਵਾ ਦੇ ਹਵਾਲੇ ਕਰ ਦਿੱਤੀ ਸੀ। ਸੂਬਾ ਸਰਕਾਰ ਦੀਆਂ ਨੀਤੀਆਂ ਉੱਥੇ ਲਾਗੂ ਨਹੀਂ ਸੀ ਹੁੰਦੀਆ ਇਸ ਕਰਕੇ ਸਾਊਥ ਏਸ਼ੀਅਨ ਲੱਕੜਹਾਰਿਆਂ ਨੂੰ ਇੱਥੋਂ ਮਨਾਹੀ ਨਹੀਂ ਸੀ। ਪਰ ਮੇਓ, ਕਪੂਰ ਅਤੇ ਉਨ੍ਹਾਂ ਦੇ ਹਿੱਸੇਦਾਰ ਦੂਰ ਦੇ ਭਵਿੱਖ ਬਾਰੇ ਸੋਚਦੇ ਸਨ। ਮਸਲਾ ਫਰੇਜ਼ਰ ਵੈਲੀ ਵਿੱਚ ਜੰਗਲੀ ਉਦਯੋਗ ਦੇ ਭਵਿੱਖ ਦਾ ਨਹੀਂ ਸੀ, ਜਿੱਥੇ ਛੋਟੀਆਂ-ਵੱਡੀਆਂ ਸੌ ਤੋਂ ਵੱਧ ਆਰਾ ਮਿੱਲਾਂ, ਸ਼ਿੰਗਲ ਮਿੱਲਾਂ, ਟਾਈ ਮਿੱਲਾਂ ਅਤੇ ਪਲਪ ਮਿੱਲਾਂ ਆਉਣ ਵਾਲੇ ਸਮੇਂ ਵਿੱਚ ਚੱਲਣੀਆਂ ਸਨ।(8) ਮਸਲਾ ਇਹ ਸੀ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਹਿੱਸੇ ਵਿੱਚ ਉੱਥੇ ਕੀ ਆਵੇਗਾ, ਜਿੱਥੇ ਜੰਗਲ ਪਹਿਲਾਂ ਹੀ ਹੋਰ ਕੰਪਨੀਆਂ ਦੇ ਹੱਥਾਂ ਵਿੱਚ ਸੀ। ਰੋਜ਼ਡੇਲ ਅਤੇ ਸਟਰਾਅਬੈਰੀ ਵਿੱਚ ਉਨ੍ਹਾਂ ਨੇ ਮਾਮੂਲੀ ਮਿੱਲਾਂ ਨਾਲ ਸ਼ੁਰੂਆਤ ਕੀਤੀ ਸੀ, ਜਿਹੜੀਆਂ ਆਪਣੇ ਲਾਭਦਾਇਕ ਜੀਵਨ ਦੇ ਅਖੀਰ ਤੱਕ ਪਹੁੰਚ ਰਹੀਆਂ ਸਨ। ਇਸ ਕਰਕੇ ਹੀ ਉਨ੍ਹਾਂ ਨੇ ਵੈਨਕੂਵਰ ਟਾਪੂ ਵਿੱਚ ਰੇਲਵੇ ਦੀ ਜ਼ਮੀਨ ਦੇਖਣ ਵਾਲੀ ਰਹੀਮ ਦੀ ਸਲਾਹ ਵੱਲ ਤਵੱਜੋ ਦਿੱਤੀ ਸੀ। ਉੱਥੇ ਉਹ ਦੂਰ ਭਵਿੱਖ ਤੱਕ ਜੰਗਲੀ ਲੱਕੜ ਦੇ ਅਧਿਕਾਰ ਲੈ ਸਕਦੇ ਸਨ।

1912 ਵਿੱਚ ਸੀ ਪੀ ਆਰ ਨੇ ਡੰਕਨ ਤੋਂ ਪੱਛਮ ਵੱਲ ਕੋਵੀਚਨ ਝੀਲ ਤੱਕ ਸੈਂਤੀ ਕਿਲੋਮੀਟਰ ਲੰਬੀ ਰੇਲਵੇ ਲਾਈਨ ਮੁਕੰਮਲ ਕਰ ਲਈ ਸੀ। ਉਦੋਂ ਡੰਕਨ ਛੇ ਸੌ ਵਾਸੀਆਂ ਵਾਲਾ ਪਿੰਡ ਸੀ। ਸੀ ਪੀ ਆਰ ਪਹਿਲਾਂ ਹੀ ਇਸਕੁਆਮਾਲਟ ਅਤੇ ਨਨਾਇਮੋ ਰੇਲਵੇ ਚਲਾਉਂਦੀ ਸੀ। ਇਹ ਵੈਨਕੂਵਰ ਟਾਪੂ ਦੇ ਦੱਖਣ-ਪੂਰਬੀ ਪਾਸੇ  ਚਲਦੀ ਸੀ। ਕੋਵੀਚਨ ਝੀਲ ਵਾਲੀ ਸ਼ਾਖਾ ਲਾਈਨ ਦੇ ਬਣਨ  ਨਾਲ ਪੁਰਾਣੀ ਖੜ੍ਹੀ  ਡਗਲਸ ਫਰ, ਵੈਸਟਰਨ ਰੈੱਡ ਸੀਡਰ ਅਤੇ ਸਿਟਕਾ ਸਪਰੂਸ ਤੱਕ ਪਹੁੰਚ ਹੋ ਗਈ ਸੀ। ਇਹ ਜੰਗਲੀ ਲੱਕੜ ਸੂਬੇ ਵਿੱਚ ਸਭ ਤੋਂ ਵਧੀਆ ਸੀ। ਇਹ ਵੈਸਟਰਨ ਵਾਈਟ ਫਰ ਅਤੇ ਵੈਸਟਰਨ ਹੈਮਲਾਕ ਦੇ ਨਾਲ ਵੱਡੀ ਹੋਈ ਸੀ।  ਅਤੇ ਰੇਲਵੇ ਪਟੜੀ ਦੇ ਦੋਹੀਂ ਪਾਸੀਂ ਪੰਦਰਾਂ ਮੀਲ ਤੱਕ ਇਹ ਲੱਕੜੀ ਰੇਲਵੇ ਦੀ ਜ਼ਮੀਨ `ਤੇ ਸੀ ਇਸ ਕਰਕੇ ਸਾਊਥ ਏਸ਼ੀਅਨਾਂ ਲਈ ਮਨਾਹੀ ਨਹੀਂ ਸੀ। ਓਂਟੇਰੀਓ ਦੇ ਨੈਲੀ ਝੀਲ `ਤੇ, ਜਿੱਥੇ ਕਪੂਰ ਜ਼ਮੀਨ ਦੀ ਸਫਾਈ ਕਰਦਾ ਸੀ, ਉੱਥੇ ਉੱਚੇ ਤੋਂ ਉੱਚੇ ਦਰਖਤ 75 ਜਾਂ 100 ਫੁੱਟ ਉੱਚੇ ਹੁੰਦੇ । ਕੋਵੀਚਨ ਝੀਲ ਇਲਾਕੇ ਵਿੱਚ ਆਮ ਦਰੱਖਤ 150ਫੁੱਟ ਉੱਚਾ ਸੀ, ਜਿਸ ਤੋਂ ਭਾਰੀ ਲੱਕੜ ਪੈਦਾ ਹੁੰਦੀ ਅਤੇ ਸੰਸਾਰਕ ਮੰਡੀ ਵਿੱਚ ਉਸਦੀ ਅਸਧਾਰਨ ਕੀਮਤ ਹੁੰਦੀ। ਗੇਲੀਆਂ ਐਡੀਆਂ ਵੱਡੀਆਂ ਹੁੰਦੀਆਂ ਕਿ ਚੌਵੀ ਫੁੱਟ ਲੰਬੀ ਗੇਲੀ ਨੂੰ ਗੇਲੀਆਂ ਵਾਸਤੇ ਬਣੀਆਂ ਲੀਹਾਂ `ਤੇ ਖਿੱਚਣ ਲਈ ਦਰਜਨ ਘੋੜੇ ਜੋੜਨੇ ਪੈਂਦੇ। ਇਨ੍ਹਾਂ ਗੇਲੀਆਂ ਨੂੰ ਤੱਟਵਰਤੀ ਮਿੱਲਾਂ ਵਿੱਚ ਲਿਜਾਣ  ਵਾਲੀ ਸੀ ਪੀ ਆਰ ਦੀ ਇਹ ਰੇਲਵੇ ਲਾਈਨ ਸਭ ਤੋਂ ਲਾਭਦਾਇਕ ਕਾਰੋਬਾਰ ਕਰਦੀ ਸੀ। ਇਸ ਲਾਈਨ ਕਰਕੇ ਇਹ ਇਲਾਕਾ ਆਰਾ ਮਿੱਲ ਵਾਲਿਆਂ ਅਤੇ ਲੱਕੜਹਾਰਿਆਂ ਲਈ ਖੁੱਲ੍ਹ ਗਿਆ ਸੀ। ਕਪੂਰ, ਮੇਓ ਅਤੇ ਉਨ੍ਹਾਂ ਦੇ ਹਿੱਸੇਦਾਰਾਂ ਨੇ ਲੱਕੜ ਕਾਰੋਬਾਰ ਵਿੱਚ ਮੁੜ ਕੇ ਆਏ ਉਛਾਲ ਦੇ ਮੌਕੇ ਦਾ ਲਾਹਾ ਲੈਣ ਲਈ ਫੁਰਤੀ ਵਰਤੀ।(9)

ਮੇਓ ਨੇ ਮਿੱਲ ਵਾਸਤੇ ਡੰਕਨ ਤੋਂ ਪੱਛਮ ਵੱਲ ਐਸਕੁਆਮਾਲਟ ਅਤੇ ਨਨਾਇਮੋ ਰੇਲਵੇ ਦੀ ਕੋਵੀਚਨ ਸ਼ਾਖਾ ਉੱਤੇ ਮਨਭਾਉਂਦੀ ਥਾਂ ਲੱਭੀ। ਇਸ ਥਾਂ `ਤੇ ਮੇਓ ਮਿੱਲ ਅਤੇ ਪਿੰਡ ਹੋਣਾ ਸੀ। ਇਹ ਭਾਰੀ ਜੰਗਲੀ ਲੱਕੜ ਦੇ ਧੁਰ ਵਿਚਕਾਰ ਸੀ। ਮੇਓ ਨੇ ਬਾਅਦ ਵਿੱਚ ਜ਼ਿਕਰ ਕੀਤਾ ਕਿ ਉਸਦੀ ਇਸ ਇਲਾਕੇ ਨਾਲ ਸ਼ੁਰੂਆਤ ਨਿਰਾਸ਼ਾਜਨਕ ਸੀ। ਉਹ ਵਿਕਟੋਰੀਆ ਤੋਂ ਡੰਕਨ ਬੱਸ ਰਾਹੀਂ ਪਹੁੰਚਿਆ। ਡੰਕਨ ਵਿੱਚ ਦੋ ਹੋਟਲਾਂ ਨੇ ਉਸ ਨੂੰ ਕਮਰਾ ਨਾ ਦਿੱਤਾ ਅਤੇ ਉਸ ਨੇ ਰੇਲਵੇ ਵਿਭਾਗ ਦੇ ਆਦਮੀ ਦੀ ਝੁੱਗੀ ਵਿੱਚ ਰਾਤ ਗੁਜਾਰੀ। ਪ੍ਰਤੱਖ ਸੀ ਕਿ ਹੋਟਲ ਵਾਲਿਆਂ ਕੋਲ ਪਗੜੀਦਾਰੀ 'ਹਿੰਦੂ' ਵਾਸਤੇ ਕਮਰਾ ਨਹੀਂ ਸੀ। ਕਿਸੇ ਨੇ ਉਸ ਨੂੰ ਰੇਲਵੇ ਦੇ ਸੈਕਸ਼ਨ ਮੈਨ ਨੂੰ ਲੱਭਣ ਦੀ ਸਲਾਹ ਦਿੱਤੀ ਤੇ ਦੱਸਿਆ ਕਿ ਉਹ ਵੀ 'ਹਿੰਦੂ' ਸੀ। ਉਹ ਹਨੇਰੇ ਵਿੱਚ ਪਟੜੀ `ਤੇ ਉਸ ਨੂੰ ਲੱਭਣ ਤੁਰ ਪਿਆ। ਉਹ ਆਦਮੀ ਵੀ ਸਿੱਖ ਨਿਕਲਿਆ। ਉਹ ਬਹੁਤ ਖਸਤਾ ਹਾਲਤ ਵਿੱਚ ਰਹਿ ਰਿਹਾ ਸੀ। ਮੇਓ ਨੇ ਜਦੋਂ ਉਸਦੇ ਇੱਕੋ-ਇੱਕ ਬਿਸਤਰੇ ਦਾ ਕੰਬਲ ਝਾੜਿਆ ਤਾਂ ਉਸ ਵਿੱਚੋਂ ਚੂਹਾ ਨਿਕਲਿਆ।  ਮੇਓ ਉਸ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਮਿਲਿਆ। ਅਗਲੇ ਦਿਨ ਉਸ ਨੇ ਆਪਣੀ ਚਾਰ ਪਹੀਆਂ ਵਾਲੀ ਦਸਤੀ ਟਰਾਲੀ ਉੱਤੇ ਰੇਲਵੇ ਪਟੜੀ ਦੇ ਨਾਲ ਨਾਲ ਕੋਵੀਚਨ ਝੀਲ ਵੱਲ ਜਾਣ ਲਈ ਪੁੱਛਿਆ। ਮੇਓ ਨੇ ਹਾਂ ਕਰ ਦਿੱਤੀ।  ਬਾਰਾਂ ਕਿਲੋਮੀਟਰ ਅੱਗੇ ਪਟੜੀ ਦੇ ਦੱਖਣ ਵੱਲ ਮੇਓ ਨੂੰ ਆਪਣੀ ਭਵਿੱਖ ਵਿੱਚ ਲੱਗਣ ਵਾਲੀ ਮਿੱਲ ਲਈ ਥਾਂ ਦਿਸ ਪਈ। ਇਹ ਕੂਲ ਦੇ ਨਾਲ ਸੀ। ਜਿਸ `ਤੇ ਬੰਨ੍ਹ ਮਾਰਕੇ ਗੇਲੀਆਂ ਛਾਂਟਣ ਲਈ ਛੱਪੜ ਬਣਾਇਆ ਜਾ ਸਕਦਾ ਸੀ। ਇਸ ਥਾਂ `ਤੇ ਮੇਓ ਲੰਬਰ ਕੰਪਨੀ ਨੇ ਸੀ ਪੀ ਆਰ ਤੋਂ ਜੰਗਲੀ ਲੱਕੜ ਦਾ ਇਲਾਕਾ ਖ੍ਰੀਦਿਆ। ਸ਼ੁਰੂ ਵਿੱਚ 400 ਏਕੜ ਦਸ ਡਾਲਰ ਪ੍ਰਤੀ ਏਕੜ ਦੇ ਹਿਸਾਬ , ਫਿਰ 250 ਏਕੜ ਹੋਰ  ਅਤੇ ਉਸ ਤੋਂ ਬਾਅਦ ਰੇਲਵੇ ਤੋਂ ਉੱਤਰ ਵੱਲ ਨਾਲ ਵਧ ਰਹੇ ਇਲਾਕੇ ਵਿੱਚ ਲੱਕੜ ਕੱਟਣ ਦੇ ਹੱਕ ਲੈ ਲਏ।(10) 1917 ਦੀ ਪੱਤਝੜ ਵਿੱਚ ਮੇਓ ਕੰਪਨੀ ਨੇ ਆਈਲੈਂਡ ਲੰਬਰ ਕੰਪਨੀ ਤੋਂ ਨਿਲਾਮੀ ਵਿੱਚ ਮਸ਼ੀਨਰੀ ਖ੍ਰੀਦ ਲਈ। ਇਸ ਕੰਪਨੀ ਨੇ ਸਾਲ ਪਹਿਲਾਂ ਹੀ ਡੰਕਨ ਵਿੱਚ ਆਪਣੀ ਮਿੱਲ ਬੰਦ ਕੀਤੀ ਸੀ। 1917-18 ਦੇ ਸਿਆਲਾਂ ਵਿੱਚ ਜਦੋਂ ਮਿੱਲ ਬਣ ਰਹੀ ਸੀ,ਕਪੂਰ, ਮੇਓ ਅਤੇ ਉਨ੍ਹਾਂ ਦੇ ਹਿੱਸੇਦਾਰਾਂ ਨੇ ਰਿਹਾਇਸ਼ ਲਈ ਤੰਬੂ ਲਾ ਲਿਆ ਅਤੇ 1918 `ਚ ਮਾਰਚ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਪੈਦਾਵਾਰ ਸ਼ੁਰੂ ਕਰ ਦਿੱਤੀ। ਬੰਦ ਹੋਈ ਆਈਲੈਂਡ ਲੰਬਰ ਕੰਪਨੀ ਤੋਂ ਉਨ੍ਹਾਂ ਨੂੰ ਚੀਨੇ ਮਿੱਲ ਕਾਮੇ, ਫਾਲਰਜ਼, ਸੜਕਾਂ `ਤੇ ਕੰਮ ਕਰਨ ਵਾਲੇ ਕਾਮੇ ਅਤੇ ਰੇਲਵੇ ਅਮਲਾ ਵੀ ਮਿਲ ਗਿਆ।(11)

ਭਾਫ ਨਾਲ ਚੱਲਣ ਵਾਲੀ ਇਹ ਮਿੱਲ ਸ਼ੁਰੂ ਹੋਣ ਵੇਲੇ ਚਾਲੀ ਤੋਂ ਪੰਜਾਹ ਹਜ਼ਾਰ ਬੋਰਡ ਫੁੱਟ ਦਿਹਾੜੀ ਦੇ ਬਣਾ ਦਿੰਦੀ ਅਤੇ ਪਝੰਤਰ ਰੇਲ ਦੇ ਡੱਬੇ ਹਰ ਮਹੀਨੇ ਭੇਜ ਦਿੰਦੀ। ਇਹ ਬੀ. ਸੀ. ਦੇ ਮਿਆਰ ਮੁਤਾਬਕ ਠੀਕ ਆਕਾਰ ਦੀ ਮਿੱਲ ਸੀ, ਇਹ ਅੰਕੜੇ ਬਹੁਤ ਕੁਝ ਦੱਸਦੇ ਹਨ ਕਿਉਂ ਕਿ ਬੀ. ਸੀ. ਵੱਡੀਆਂ ਅਤੇ ਸਭ ਤੋਂ ਸਮਰੱਥ ਮਸ਼ੀਨਾਂ ਨਾਲ ਦੇਸ਼ ਦੀ ਲੱਕੜ ਪੈਦਾ ਕਰਨ ਵਾਲਾ ਮੁੱਖ ਸੂਬਾ ਬਣ ਰਿਹਾ ਸੀ। ਮੇਓ ਦੇ ਗੇਲੀਆਂ ਬਣਾਉਣ ਦੇ ਕਾਰੋਬਾਰ ਨੇ  ਗੇਲੀਆਂ ਦੇ ਆਕਾਰਾਂ, ਭਾਫ ਨਾਲ ਚੱਲਣ ਵਾਲੇ ਡੌਂਕੀ ਇੰਜਣਾਂ, ਅਤੇ ਜੰਗਲਾਂ ਵਿੱਚੋਂ ਢੋਆ-ਢੁਆਈ ਲਈ ਵਰਤੇ ਜਾਂਦੇ ਭਾਫ ਵਾਲੇ ਰੇਲ ਇੰਜਣਾਂ ਕਾਰਣ ਪੂਰਬੀ ਕਨੇਡਾ ਦੇ ਲੱਕੜ ਮਾਹਰਾਂ ਨੂੰ ਪ੍ਰਭਾਵਿਤ ਕੀਤਾ ਹੋਵੇਗਾ। ਬੀ. ਸੀ.  ਵਿੱਚ ਇਸ ਉਦਯੋਗ ਵਿੱਚ ਰੇਲਵੇ ਦਾ ਉਪਯੋਗ 1880 ਵਿਆਂ ਵਿੱਚ ਸ਼ੁਰੂ ਹੋਇਆ ਸੀ ਪਰ ਲੇਕ ਕੋਵੀਚਨ ਜ਼ਿਲ੍ਹੇ ਵਰਗੇ ਇਲਾਕਿਆਂ ਦੇ ਖੁੱਲ੍ਹਣ ਨਾਲ, ਇਹ ਨਵੀਂ ਮਹੱਤਤਾ ਹਾਸਲ ਕਰ ਰਿਹਾ ਸੀ। ਦੇਸ਼ ਦੇ ਵੱਡੇ ਹਿੱਸੇ ਵਿੱਚ ਲੌਗਿੰਗ ਦਾ ਕੰਮ ਪੱਤਝੜ ਅਤੇ ਸਰਦੀਆਂ ਵਿੱਚ ਹੁੰਦਾ, ਜਿੱਥੇ ਗੇਲੀਆਂ ਨੂੰ ਬਰਫ਼ ਦੇ ਉਪਰੋਂ ਕਿਸੇ ਨੇੜੇ ਦੀ ਝੀਲ ਜਾਂ ਦਰਿਆ ਤੱਕ ਖਿੱਚਣ ਲਈ ਘੋੜੇ ਅਤੇ ਬਰਫ਼ ਰੇੜ੍ਹੀਆਂ ਦੀ ਵਰਤੋਂ ਕੀਤੀ ਜਾਂਦੀ ਅਤੇ ਉੱਥੋਂ ਮਿੱਲ ਤੱਕ ਤਾਰ ਕੇ ਲਿਜਾਣ ਲਈ ਬਰਫ ਦੇ ਪਿਘਲਣ ਦੀ ਬਹਾਰ ਰੁੱਤ ਤੱਕ ਉਡੀਕ ਕੀਤੀ ਜਾਂਦੀ। ਬੀ. ਸੀ. ਵਿੱਚ ਦਰਖਤਾਂ ਦਾ ਸਾਈਜ਼ ਅਤੇ ਔਖਾ ਇਲਾਕਾ ਜ਼ਿਆਦਾ ਸਨਅਤੀ ਪਹੁੰਚ ਅਤੇ ਜ਼ਿਆਦਾ ਧਨ ਦੀ ਮੰਗ ਕਰਦਾ ਸੀ। ਮੇਓ ਮਿੱਲ ਵਾਲੇ ਕੱਟੇ ਦਰਖਤਾਂ ਨੂੰ ਘੋੜਿਆਂ ਅਤੇ ਟਰੱਕਾਂ ਰਾਹੀਂ ਲਿਆਉਂਦੇ ਪਰ ਇਹ ਰੇਲ ਲਾਈਨ ਦੇ ਸਹਿਯੋਗ ਨਾਲ ਸੀ। ਰੇਲ ਦੀ ਲਾਈਨ ਹਰੇ ਜੰਗਲਾਂ ਵਿੱਚ ਦੂਰ ਤੱਕ ਵਿਛੀ ਹੋਈ ਸੀ। ਪੈਦਾਵਰ ਸ਼ੁਰੂ ਹੋਣ ਦੇ ਵੀਹ ਮਹੀਨਿਆਂ ਦੇ ਵਿੱਚ ਹੀ ਮੇਓ ਕੰਪਨੀ ਕੋਲ ਤਿੰਨ ਕਿਲੋਮੀਟਰ ਲੰਬੀ ਰੇਲਵੇ ਲਾਈਨ ਸੀ, ਜਿਸ ਉੱਪਰ ਉਹ ਛੋਟੀਆਂ ਅਤੇ ਨਿਵਾਣ ਵਾਲੀਆਂ ਪਟੜੀਆਂ `ਤੇ ਚੱਲਣ ਵਾਲੇ ਸ਼ੇਅ ਲੋਕੋਮੋਟਿਵ ਨਾਲ ਖੁੱਲ੍ਹੀ ਛੱਤ ਵਾਲੀਆਂ ਬੱਘੀਆਂ ਖਿੱਚਦੇ । ਪਟੜੀ ਦੇ ਨਾਲ ਨਾਲ ਬੱਜਰੀ ਦੀ ਸੜਕ ਸੀ ਅਤੇ ਜਿਸਦੇ ਦੁਆਲੇ ਕੱਚੀਆਂ ਸੜਕਾਂ ਦਾ ਜਾਲ ਸੀ। ਇਨ੍ਹਾਂ ਸੜਕਾਂ ਤੇ ਚਲਾਉਣ ਲਈ ਉਨ੍ਹਾਂ ਕੋਲ ਛੇ ਟਰੱਕ ਸਨ। ਬੀ. ਸੀ. ਵਿੱਚ ਲੰਬਰ ਉਦਯੋਗ ਦੇ ਵਧਣ ਦੀ ਗਤੀ ਦੇ ਨਾਲ ਹੀ ਮੇਓ ਕੰਪਨੀ ਵਧ ਰਹੀ ਸੀ। (12)

ਮੇਓ ਮਿੱਲ ਆਪਣੇ ਚੱਲਣ ਦੇ ਪਹਿਲੇ ਸਾਲ ਹੀ ਅੱਗ ਦੀ ਲਪੇਟ ਵਿੱਚ ਆ ਗਈ ਸੀ ਪਰ ਹਿੱਸੇਦਾਰਾਂ ਨੇ ਅਗਲੇ ਸਾਲ ਹੀ ਇਸ  ਨੂੰ ਮੁੜ ਖੜ੍ਹੀ ਕਰ ਲਿਆ। ਫਿਰ ਇਸਦੇ ਤੀਜੇ ਸਾਲ, ਮਾਰਚ 1920 ਵਿੱਚ ਡੰਕਨ ਦੇ ਅੱਗ ਬੁਝਾਊ ਅਮਲੇ ਦੇ ਸੇਵਕ ਮਿੱਲ ਵਿੱਚ ਅੱਗ ਬੁਝਾਉਣ ਆਏ। ਇਸ ਅੱਗ ਨਾਲ ਇੱਕ ਨਵੀਂ ਮਸ਼ੀਨ ਅਤੇ ਮਿੱਲ ਦੇ ਵੇਹੜੇ ਵਿੱਚ ਪਈ ਤਿਆਰ ਲੱਕੜ ਦਾ ਬਹੁਤ ਹਿੱਸਾ ਸੜ ਗਿਆ। ਇਸ ਅੱਗ ਦੌਰਾਨ ਨੇੜੇ ਦੀ ਮਿੱਲ ਹਿੱਲਕ੍ਰਿਸਟ ਤੋਂ ਸਹਾਇਤਾ ਪਹੁੰਚੀ। ਇਹ ਮਿੱਲ ਪੰਜ ਕਿਲੋਮੀਟਰ ਦੂਰੀ `ਤੇ ਸੀ ਅਤੇ ਇਸਦਾ ਮਾਲਕ ਇੰਗਲੈਂਡ ਦਾ ਜੰਮਪਲ ਕਾਰਲਟਨ ਸਟੋਨ ਸੀ, ਜਿਸ ਨੇ ਸਿੱਖਾਂ ਦੇ ਇੱਕ ਵੱਡੇ ਦਲ ਨੂੰ ਨੌਕਰੀ ਦਿੱਤੀ ਹੋਈ ਸੀ। ਨਾਨਾਇਮੋ ਐਂਡ ਇਸਕੁਆਮਾਲਟ ਰੇਲਵੇ ਨੇ ਵੀ ਸਹਾਇਤਾ ਲਈ ਰੇਲ ਦਾ ਇੰਜਣ ਭੇਜਿਆ, ਜਿਸ ਨੇ ਮਾਲ ਨਾਲ ਭਰੇ ਹੋਏ ਤਿੰਨ ਡੱਬੇ ਖਤਰੇ `ਚੋਂ ਬਾਹਰ ਖਿੱਚ ਲਿਆਂਦੇ। ਇਸ ਅੱਗ ਨਾਲ ਭਾਰੀ ਨੁਕਸਾਨ ਹੋਇਆ ਸੀ। ਸਥਾਨਕ ਅਖਬਾਰ 'ਕੋਵੀਚਨ ਲੀਡਰ' ਨੇ ਖਬਰ ਲਾਈ ਕਿ ਮਾਲਕਾਂ ਨੇ ਪੂਰੀ ਇੰਸ਼ਿਓਰੈਂਸ ਵੀ ਨਹੀਂ ਸੀ ਕਰਵਾਈ। ਇਨ੍ਹਾਂ ਅੱਗਾਂ ਨਾਲ ਕਪੂਰ, ਮੇਓ ਅਤੇ ਹਿੱਸੇਦਾਰ ਨੂੰ ਭਾਰੀ ਨੁਕਸਾਨ ਹੋਇਆ। ਉਸ ਵੇਲੇ ਲੱਕੜ ਦੀਆਂ ਕੀਮਤਾਂ ਸਿਰੇ ਉੱਪਰ ਸਨ। ਇਹ ਕੀਮਤ ਬੇਮਿਸਾਲ ਪੈਂਤੀ ਡਾਲਰ ਪ੍ਰਤੀ ਹਜ਼ਾਰ ਬੋਰਡ ਫੁੱਟ ਸੀ। ਬਾਕੀ ਦਾ ਦਹਾਕਾ ਇਹ ਕੀਮਤ ਕੋਈ ਚੌਦਾਂ ਤੋਂ ਅਠਾਰਾਂ ਡਾਲਰ ਰਹੀ। ਫਿਰ ਵੀ ਉਨ੍ਹਾਂ ਕੋਲ ਪੈਸਾ ਸੀ, ਸਾਖ ਬਣੀ ਹੋਈ ਸੀ, ਅਤੇ ਇਸ ਸੰਕਟ ਵਿੱਚੋਂ ਨਿਕਲਣ ਲਈ ਪੈਦਾਵਾਰ ਦੀਆਂ ਸੰਭਾਵਨਾਵਾਂ ਸਨ ਅਤੇ ਉਨ੍ਹਾਂ ਕੰਮ ਜਾਰੀ ਰੱਖਿਆ।(13)

1920 ਵਿੱਚ ਕਪੂਰ ਅਤੇ ਮੇਓ ਨੇ ਡੰਕਨ ਨੇੜ੍ਹੇ ਇੱਕ ਹੋਰ ਛੋਟੀ ਮਿੱਲ ਖ੍ਰੀਦ ਲਈ। ਇਸ ਦਾ ਨਾਂ ਟੈਨਸਰ ਲੰਬਰ ਸੀ ਅਤੇ ਇਹ ਡੰਕਨ ਦੀ ਐਂਗਲੋ-ਕਨੇਡੀਅਨ ਕੰਪਨੀ ਨਾਲ ਸਬੰਧਤ ਸੀ। ਆਪਣੇ ਅਧੀਨ ਲੈਣ ਤੋਂ ਬਾਅਦ ਕਪੂਰ ਅਤੇ ਮੇਓ ਨੇ ਇਸ ਨੂੰ ਚਾਰ ਸਾਲਾਂ ਤੱਕ ਮੇਓ ਲੰਬਰ ਕੰਪਨੀ ਦੀ ਸਹਾਇਕ ਕੰਪਨੀ ਵਜੋਂ  ਚਲਾਇਆ।  ਇਹ ਆਪਣੇ ਖਰਚੇ ਹੀ ਮਸਾਂ ਚੁੱਕਦੀ ਸੀ ਪਰ ਮੂਲਧਨ ਨਿਵੇਸ਼ ਵਜੋਂ ਲਾਭਕਾਰੀ ਸੀ, ਸ਼ਾਇਦ ਮਸ਼ੀਨਰੀ ਤੇ ਹੋਰ ਸਾਜ਼ੋ-ਸਮਾਨ ਨੂੰ ਮੇਓ ਲੰਬਰ ਕੰਪਨੀ ਨੂੰ ਸੌਂਪਣ ਕਰਕੇ। ਟੈਨਸਰ ਦਾ ਮੇਓ ਮੁੱਖ ਹਿੱਸੇਦਾਰ ਸੀ। ਪਰ ਕਪੂਰ ਕੋਲ ਵੀ ਵੱਡਾ ਹਿੱਸਾ ਸੀ ਅਤੇ ਉਸ ਨੇ ਚਾਰ ਸਾਲਾਂ ਵਿੱਚ ਇਸ ਵਿੱਚੋਂ 2000 ਡਾਲਰ ਕਮਾਏ।(14)

ਇਸੇ ਸਮੇਂ ਕਪੂਰ ਵੈਨਕੂਵਰ ਟਾਪੂ `ਤੇ ਤੀਜੀ ਮਿੱਲ ਵਿੱਚ ਵੀ ਭਾਈਵਾਲ ਸੀ। 1917 ਤੋਂ 1924 ਤੱਕ ਉਹ ਵਰਜੀਨੀਆਂ ਲੰਬਰ ਕੰਪਨੀ ਦਾ ਮੁੱਖ ਹਿੱਸੇਦਾਰ ਸੀ। ਇਹ ਮੇਓ ਮਿੱਲ ਦੇ ਉੱਤਰ-ਪੱਛਮ ਵਿੱਚ ਨੱਬੇ ਕਿਲੋਮੀਟਰ `ਤੇ ਕੂੰਬਜ਼ ਨੇੜੇ ਸੀ। ਇੱਕ ਛੋਟੀ ਰੇਲਵੇ ਲਾਈਨ ਵਰਜੀਨੀਆ ਮਿੱਲ ਨੂੰ ਇਸਕੁਆਮਾਲਟ ਐਂਡ ਨਨਾਇਮੋ ਰੇਲਵੇ ਦੀ ਸ਼ਾਖਾ ਲਾਈਨ ਨਾਲ ਜੋੜਦੀ ਸੀ ਜਿਹੜੀ 1914 ਵਿੱਚ ਪੋਰਟ ਅਲਬਰਨੀ ਪਹੁੰਚੀ ਸੀ। ਇਸ ਮਿੱਲ ਦਾ ਮੈਨੇਜਰ ਅਤੇ ਮੁੱਖ ਹਿੱਸੇਦਾਰ ਅਮਰ ਸਿੰਘ ਸੰਘਾ ਸੀ। ਉਸਦਾ ਮੇਓ ਮਿੱਲ ਵਿੱਚ ਵੀ ਹਿੱਸਾ ਸੀ। ਉਹ ਕਪੂਰ ਤੋਂ ਇੱਕ ਸਾਲ ਵੱਡਾ ਸੀ। ਉਹ ਕਪੂਰ ਨੂੰ ਜਵਾਨੀ ਵੇਲੇ ਤੋਂ ਹੀ ਜਾਣਦਾ ਹੋਵੇਗਾ।

ਕਪੂਰ ਵਾਂਗ ਹੀ ਅਮਰ ਸਿੰਘ ਸੰਘਾ ਨੇ ਪ੍ਰਾਇਮਰੀ ਮਾਹਲਪੁਰ ਦੇ ਸਕੂਲ ਤੋਂ ਕੀਤੀ ਤੇ ਬਜਵਾੜਾ ਦੇ ਸੈਕੰਡਰੀ ਸਕੂਲ ਵਿੱਚ ਗਿਆ। ਉਥੋਂ ਉਨ੍ਹਾਂ ਦੇ ਰਸਤੇ ਅਲੱਗ ਹੋ ਗਏ। ਅਮਰ ਨੇ ਲਾਹੌਰ ਤੋਂ ਇੰਜੀਨੀਰਿੰਗ ਦੀ ਟ੍ਰੇਨਿੰਗ ਕੀਤੀ ਅਤੇ ਫੇਰ ਪੂਰਬੀ ਅਫਰੀਕਾ ਵਿੱਚ ਕੰਮ ਕੀਤਾ ਅਤੇ ਫੇਰ 1914 ਵਿੱਚ ਕਨੇਡਾ ਨੂੰ ਪਰਵਾਸ ਕਰਨ ਤੋਂ ਪਹਿਲਾਂ ਮਾਹਲਪੁਰ ਵਿੱਚ ਆਟੇ ਦੀ ਮਿੱਲ ਦਾ ਮਾਲਕ ਬਣਿਆ। ਉਹ 28 ਜੁਲਾਈ ਨੂੰ ਵਿਕਟੋਰੀਆ ਉੱਤਰਿਆ। ਉਸ ਪਲ ਕਾਮਾਗਾਟਾਮਾਰੂ ਦੇ ਮੁਸਾਫਰ ਏਸ਼ੀਆ ਨੂੰ ਵਾਪਸ ਰਾਹ ਵਿੱਚ ਜਾ ਰਹੇ ਸਨ।  ਉਹ ਵੈਨਕੂਵਰ ਵਿੱਚ ਉੱਤਰਨ ਲਈ ਸਫਲ ਨਹੀਂ ਸੀ ਹੋ ਸਕੇ। ਲੱਗਦਾ ਹੈ ਕਿ ਅਮਰ ਨੇ ਕਨੇਡਾ ਵਿੱਚ ਗਲਤ ਪੇਪਰਾਂ ਨਾਲ ਪ੍ਰਵੇਸ਼ ਕੀਤਾ। ਉਹ ਕਨੇਡਾ ਵਿੱਚ ਦੋ ਨਾਂ ਜਵਾਲਾ ਸਿੰਘ ਤੇ ਅਮਰ ਸਿੰਘ ਵਰਤਦਾ ਸੀ। ਵਿਕਟੋਰੀਆ ਵਿੱਚ ਉਸ ਨੇ ਵਿਲਸਨ ਨਾਂ ਦੇ ਇੱਕ ਬੰਦੇ ਨਾਲ ਮਿਲ ਕੇ ਬੰਦਰਗਾਹ ਦੇ ਨੇੜੇ ਹੈਰਲਡ ਸਟਰੀਟ `ਤੇ ਲੁਹਾਰਾ ਅਤੇ ਬੱਘੀਆਂ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ। ਉਸਦੇ ਗਦਰ ਪਾਰਟੀ ਵਿੱਚ ਦੋਸਤ ਸਨ ਅਤੇ ਉਹ ਜਨਵਰੀ 1916 ਵਿੱਚ ਗਦਰ ਦੀ ਮੀਟਿੰਗ ਵਿੱਚ ਬੋਲਣ ਕੈਲੇਫੋਰਨੀਆ ਵਿੱਚ ਫਰਿਜ਼ਨੋ ਗਿਆ। ਇਸਦੀ ਪੂਰੀ ਖਬਰ ਭਾਰਤ ਵਿੱਚ ਪੁਲਿਸ ਕੋਲ ਪਹੁੰਚ ਗਈ। ਪਰ ਕੁਝ ਵੀ ਹੋਵੇ, ਉਸਦਾ ਧਿਆਨ ਲੱਕੜ ਕਾਰੋਬਾਰ ਵੱਲ ਚਲਾ ਗਿਆ ਅਤੇ ਇਸ ਨਾਲ ਉਹ ਕਪੂਰ ਨੂੰ ਫਿਰ ਮਿਲ ਪਿਆ।(15)

ਅਮਰ ਸਿੰਘ ਸੰਘਾ ਸਕਰੂਲੀ ਪਿੰਡ ਤੋਂ ਆਇਆ ਸੀ। ਇਸ ਕਰਕੇ ਉਹ ਮੇਓ ਅਤੇ ਵਰਜੀਨੀਆ ਲੰਬਰ ਕੰਪਨੀਆਂ ਵਿੱਚਲੇ ਆਪਣੇ ਹਿੱਸੇਦਾਰਾਂ ਵਿੱਚ ਜਾਣਿਆ-ਪਛਾਣਿਆ ਸੀ। ਇਨ੍ਹਾਂ ਕੰਪਨੀਆਂ ਦੇ ਮੁੱਖ ਹਿੱਸੇਦਾਰ ਤਿੰਨ ਨਾਲ ਲੱਗਵੇਂ ਪਿੰਡਾਂ ਤੋਂ ਸਨ। ਖੜੌਦੀ ਪੱਛਮ ਵਿੱਚ, ਪਾਲਦੀ ਵਿਚਕਾਰ ਅਤੇ ਸਕਰੂਲੀ ਪੂਰਬ ਵਿੱਚ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਦੇ ਉਸ ਵੇਲੇ ਦੇ ਸਰਕਾਰੀ ਨਕਸ਼ੇ ਉੱਪਰ ਕ੍ਰਮਵਾਰ 98,99 ਅਤੇ 100 ਨੰਬਰ ਸਨ।( ਇਸ ਤਹਿਸੀਲ ਵਿੱਚ ਤਿੰਨ ਸੌ ਤੋਂ ਵੱਧ ਪਿੰਡ ਸਨ ਅਤੇ ਜ਼ਿਲ੍ਹੇ ਵਿੱਚ ਤੇਰ੍ਹਾਂ ਸੌ ਤੋਂ ਉੱਪਰ)ਸਕਰੂਲੀ, ਪਾਲਦੀ ਅਤੇ ਖੜੌਦੀ ਛੇ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਹਨ। ਇਸ ਛੋਟੇ ਜਿਹੇ ਥਾਂ ਦੀ ਕਨੇਡਾ ਵਿੱਚ ਪੰਜਾਬੀਆਂ ਲਈ ਬਹੁਤ ਮਹੱਤਤਾ ਹੈ। ਮੇਓ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਾਲਦੀ ਦੇ ਬੰਦੇ ਮੇਓ ਮਿੱਲ ਨਾਲ ਜੁੜੇ ਹੋਏ ਸਨ। ਉਨ੍ਹਾਂ ਵਿੱਚੋਂ ਇੱਕ ਦੁੰਮਣ ਸਿੰਘ ਸੀ, ਜਿਸਦੇ ਪੁੱਤਰ ਹਰਬ(ਹਰਬੰਸ) ਦੁੰਮਣ ਨੇ ਬਾਅਦ ਵਿੱਚ ਆਪਣੇ ਆਪ ਨੂੰ ਬੀ. ਸੀ. ਜੰਗਲਾਤ ਉਦਯੋਗ ਵਿੱਚ ਮਹਾਂਮਾਨਵ ਵਜੋਂ ਸਥਾਪਤ ਕਰ ਲਿਆ ਸੀ। ਪਾਲਦੀ ਦੇ ਬੰਦਿਆਂ ਦੀ ਤਰਫੋਂ ਉਨ੍ਹਾਂ ਦੇ ਹਿੱਸੇ ਮੇਓ ਅਤੇ ਦੁੰਮਣ ਦੇ ਨਾਂ ਸਨ। ਵਰਜੀਨੀਆ ਲੰਬਰ ਵਿੱਚ ਸਕਰੂਲੀ ਦੇ ਦੋ ਬੰਦੇ ਅਮਰ ਸਿੰਘ ਅਤੇ ਇੱਕ ਬ੍ਰਾਹਮਣ, ਜਿਸਦਾ ਨਾਂ ਪੰਡਿਤ ਬਾਲ ਮੁਕੰਦ ਸੀ, ਮੁੱਖ ਹਿੱਸੇਦਾਰ ਸਨ। ਦੂਜੇ ਹਿੱਸੇਦਾਰ ਗੜ੍ਹਸ਼ੰਕਰ ਤਹਿਸੀਲ ਦੇ ਗਵਾਂਢੀ ਪਿੰਡਾਂ ਜਿਵੇਂ ਮਾਹਲਪੁਰ, ਲੰਗੇਰੀ, ਮੋਰਾਂਵਾਲੀ, ਅਤੇ ਮੈਲੀ , ਅਤੇ ਇੱਕ ਜਲੰਧਰ ਜ਼ਿਲ੍ਹੇ ਤੋਂ ਸੀ, ਜਿਸਦੇ ਪਰਿਵਾਰਕ ਸਬੰਧ ਇਨ੍ਹਾ ਪਿੰਡਾਂ ਵਿੱਚੋਂ ਕਿਸੇ ਨਾਲ ਸਨ। ਸਥਾਨ ਅਤੇ ਪਰਿਵਾਰਕ ਸਬੰਧਾਂ ਕਰਕੇ ਹੀ ਇਹ ਹਿੱਸੇਦਾਰ ਆਪਸ ਵਿੱਚ ਬੱਝੇ ਹੋਏ ਸਨ।

ਬਹੁਤੇ ਹਿੱਸੇਦਾਰ ਸਿੱਖ ਹੀ ਸਨ ਪਰ ਦੋ ਕੁ ਹਿੰਦੂ ਸਨ ਜਿਵੇਂ ਮਿੱਠ ਬੋਲੜਾ, ਪੰਡਿਤ ਬਾਲ ਮੁਕੰਦ। ਅਤੇ ਮੇਓ ਕੰਪਨੀ ਨੇ ਦੋ ਜ਼ਾਤਾਂ ਦੇ ਸਿੱਖਾਂ ਨੂੰ ਇਕੱਠਿਆਂ ਕੀਤਾ ਹੋਇਆ ਸੀ। ਇਹ ਜੱਟ ਅਤੇ ਮਿਨਹਾਸ ਰਾਜਪੂਤ ਸਨ। ਇਨ੍ਹਾਂ ਜ਼ਾਤਾਂ ਵਿੱਚ ਆਪਸੀ ਵਿਆਹ ਨਹੀਂ ਸੀ ਹੁੰਦੇ ਭਾਵੇਂ ਇਹ ਲੰਬੇ ਸਮੇਂ ਤੋਂ ਨਾਲ ਲੱਗਵੇਂ ਪਿੰਡਾਂ ਵਿੱਚ ਰਹਿੰਦੇ ਸਨ। ਕਪੂਰ ਵਾਂਗ ਅਮਰ ਸਿੰਘ ਸੰਘਾ ਵੀ ਜੱਟ ਸੀ ਪਰ ਮੇਓ ਸਿੰਘ, ਦੁੰਮਣ ਸਿੰਘ ਅਤੇ ਪਾਲਦੀ ਤੋਂ ਹੋਰ ਹਿੱਸੇਦਾਰ ਰਾਜਪੂਤ ਮਿਨਹਾਸ ਸਨ। ਇਸ ਵੱਖਰੇਵੇਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮਹੱਤਤਾ ਨਹੀਂ ਸੀ ਜਿਵੇਂ ਕਾਰੋਬਾਰ, ਕੰਮ, ਇਕੱਠੇ ਖਾਣਾ, ਇਕੱਠੇ ਉੱਠਣਾ-ਬੈਠਣਾ ਅਤੇ ਪਾਠ ਕਰਨਾ। ਪਾਲਦੀ ਵਿੱਚ ਮਿਨਹਾਸ ਰਾਜਪੂਤਾਂ ਕੋਲ ਜ਼ਮੀਨਾਂ ਸਨ ਅਤੇ ਉਹ ਪਿੰਡ ਦੇ ਅਖੌਤੀ ਛੋਟੀਆਂ ਜ਼ਾਤਾਂ ਦੇ ਲੋਕਾਂ ਨੂੰ ਕਾਮੇ ਰੱਖਦੇ ਸਨ। ਇਸੇ ਤਰ੍ਹਾਂ ਹੀ ਖੜੌਦੀ ਅਤੇ ਸਕਰੂਲੀ ਦੇ ਜੱਟ ਸਨ। ਉਹ ਵੀ ਜ਼ਮੀਨਾਂ ਦੇ ਮਾਲਕ ਸਨ ਅਤੇ ਕੰਮ `ਤੇ ਰੱਖਦੇ ਸਨ। ਪਰ ਕਪੂਰ ਦੇ ਜੱਟ ਅਤੇ ਮੇਓ ਦੇ ਮਿਨਹਾਸ ਰਾਜਪੂਤ , ਦੋਵੇਂ ਧੜ੍ਹੇ ਆਪਣੀ ਬੰਸਾਵਲੀ ਬਾਰੇ ਸੁਚੇਤ ਸਨ। ਇਹੀ ਉਨ੍ਹਾਂ ਦੇ ਮੁਕਾਬਲੇ ਅਤੇ ਸੰਭਾਵਕ ਤਣਾਵ ਦਾ ਕਾਰਣ ਸੀ। ਇਹ ਮੁਕਾਬਲਾ ਉਨ੍ਹਾਂ ਲੋਕਾਂ ਵਿੱਚ ਸੀ, ਜਿਨ੍ਹਾਂ ਦੇ ਵਖਰੇਵੇਂ ਘੱਟ ਅਤੇ ਸਮਾਨਤਾਵਾਂ ਜ਼ਿਆਦਾ ਸਨ।

ਪੰਜਾਬ ਵਿੱਚ ਬਹੁਤ ਜ਼ਾਤਾਂ ਦੇ ਲੋਕ ਜ਼ਮੀਨਾਂ ਦੇ ਮਾਲਕ ਸਨ ਪਰ ਜੱਟ ਜ਼ਿਆਦਾ ਗਿਣਤੀ ਵਿੱਚ ਸਨ ਅਤੇ ਸਭ ਤੋਂ ਕਾਮਯਾਬ। ਇਨ੍ਹਾਂ ਕਾਰਣਾ ਕਰਕੇ ਉਹ ਰਾਜਨੀਤਕ ਤੌਰ `ਤੇ ਸਭ ਤੋਂ ਜ਼ਿਆਦਾ ਸਮਰੱਥ ਸਨ। ਇਹ ਸਾਰੇ ਪੱਖ ਉਨ੍ਹਾਂ ਦੇ ਮਾਣ ਵਿੱਚ ਵਾਧਾ ਕਰਦੇ ਸਨ। ਰਾਜਪੂਤਾਂ ਨੂੰ ਆਪਣੇ ਬਹਾਦਰ ਅਤੇ ਰਾਜਕਰਤਾ ਪੁਰਖਿਆਂ ਤੋਂ ਵਿਰਸੇ ਵਿੱਚ ਚੋਖਾ ਮਿਲਿਆ ਅਤੇ ਉਨ੍ਹਾਂ ਕੋਲ ਵੀ ਬਰਾਬਰ ਦਾ ਰੁਤਬਾ ਸੀ। ਪਰ ਮਿਨਹਾਸ ਰਾਜਪੂਤਾਂ ਨੂੰ ਗੁਆਂਢੀ ਪੰਜਾਬੀ ਅਸਲੀ ਰਾਜਪੂਤ ਨਹੀਂ ਸੀ ਮੰਨਦੇ। ਉਨ੍ਹਾਂ ਨੂੰ ਉਹ ਦਿਖਾਵੇ ਦੇ ਰਾਜਪੂਤ ਅਤੇ ਛੋਟੀ ਜਾਤ ਵਾਲੇ ਸਮਝਦੇ ਸਨ। ਸਬੂਤ ਵਜੋਂ ਉਹ ਦੱਸਦੇ ਕਿ ਮਿਨਹਾਸ ਰਾਜਪੂਤਾਂ ਦੇ ਰਾਜਪੂਤਾਂ ਵਿੱਚ ਵਿਆਹ ਨਹੀਂ ਹੁੰਦੇ। ਅਤੇ ਉਨ੍ਹਾਂ ਦੇ ਵਿਆਹ ਦੇ ਰਿਵਾਜ ਵੱਖਰੇ ਸਨ। ਉਨ੍ਹਾਂ ਦੇ ਪਰਿਵਾਰ ਕੁੜੀਆਂ ਆਪਸ ਵਿੱਚ ਵਿਆਹ ਲੈਂਦੇ ਸਨ ਅਤੇ ਵਿਧਵਾ ਨੂੰ ਦੁਬਾਰਾ ਵਿਆਹ ਦਿੰਦੇ ਸਨ ਪਰ ਅਸਲੀ ਰਾਜਪੂਤ ਇਸ ਤਰ੍ਹਾਂ ਨਹੀਂ ਸੀ ਕਰਦੇ। ਜੱਟ ਉਨ੍ਹਾਂ ਨੂੰ ਰਾਜਪੂਤ ਨਹੀਂ ਸੀ ਸਮਝਦੇ ਸਗੋਂ ਮੈਹਤੋਂ ਕਹਿੰਦੇ ਸਨ ਅਤੇ ਉਹ ਵੀ ਨੀਵਾਂ ਦਿਖਾਉਣ ਵਾਲੇ ਲਹਿਜ਼ੇ ਵਿੱਚ। ਜਦੋਂ ਬਰਤਾਨਵੀਆਂ ਨੇ ਪੰਜਾਬ ਦੇ ਜਾਤੀ ਵਿਗਿਆਨ ਦਾ ਪਹਿਲੀਆਂ ਵਿੱਚ ਸਰਵੇਖਣ ਕਰਵਾਇਆ ਤਾਂ ਉਨ੍ਹਾਂ ਨੇ ਮਹਿਤੋਆਂ ਨੂੰ ਮਿਲਦੇ-ਜੁਲਦੇ ਨਾਂ ਵਾਲੇ ਛੋਟੀ ਜਾਤੀ ਨਾਲ ਸਬੰਧਤ ਦੱਸਿਆ। ਪਰ ਬਰਤਾਨਵੀ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਉੱਤਮ ਕਿਸਾਨ ਕਿਹਾ।

ਪੰਜਾਬ ਵਿੱਚ ਜੱਟਾਂ ਦੇ ਮੁਕਾਬਲੇ ਮਿਨਹਾਸ ਰਾਜਪੂਤ ਨਿਗੂਣੀ ਗਿਣਤੀ ਵਿੱਚ ਸਨ। ਉਹ ਗੜ੍ਹਸ਼ੰਕਰ ਤਹਿਸੀਲ ਅਤੇ ਨਾਲ ਲੱਗਵੇਂ ਜਲੰਧਰ ਜ਼ਿਲ੍ਹੇ ਦੇ ਕੁਝ ਹਿੱਸੇ ਵਿੱਚ ਸਿਰਫ ਵੀਹ ਪਿੰਡਾਂ ਵਿੱਚ ਵਸਦੇ ਸਨ। ਆਪਣੇ ਪਿੰਡਾਂ ਵਿੱਚ ਵੀ, ਜਿੱਥੇ ਉਹ ਸੰਘਣੀ ਗਿਣਤੀ ਵਿੱਚ ਸਨ, ਉਹ ਪਿੰਡ ਦੀ ਸੱਤ ਪ੍ਰਤੀਸ਼ਤ ਜ਼ਮੀਨ ਦੇ ਮਾਲਕ ਸਨ। ਉਨ੍ਹਾਂ ਦੇ ਦੁਆਲੇ ਜੱਟ, ਅਸਲੀ ਰਾਜਪੂਤ ਅਤੇ ਹੋਰ ਖੇਤੀ ਕਰਨ ਵਾਲੀਆਂ ਜ਼ਾਤਾਂ ਦੇ ਲੋਕ ਸਨ। ਭਾਵੇਂ ਉਹ ਪੰਜਾਬ ਦੇ ਕਿਸਾਨਾਂ ਵਿੱਚ ਘੱਟ ਗਿਣਤੀ ਵਿੱਚ ਸਨ ਪਰ ਉਨ੍ਹਾਂ ਦੇ ਪਿੰਡ ਬਹੁਤ ਦੇਰ ਤੋਂ ਸਭ ਤੋਂ ਵੱਧ ਉੱਨਤੀ ਕਰਨ ਵਾਲਿਆਂ ਵਿੱਚੋਂ ਸਨ। ਜਦੋਂ ਮੇਓ ਅਤੇ ਉਸਦੇ ਹੋਰ ਪੇਂਡੂ ਭਾਈਬੰਦ ਕਨੇਡਾ ਵਿੱਚ ਆਏ, ਉਹ ਆਪਣੇ ਪਿਛੋਕੜ ਦਾ ਵਿਸ਼ਵਾਸ਼ ਅਤੇ ਉੱਦਮ ਆਪਣੇ ਨਾਲ ਲੈ ਕੇ ਆਏ। ਕਪੂਰ ਉਨ੍ਹਾਂ ਦੇ ਨੇੜੇ ਹੀ ਜਵਾਨ ਹੋਇਆ ਸੀ ਅਤੇ ਉਹ ਕਾਰੋਬਾਰ ਵਿੱਚ ਉਨ੍ਹਾਂ ਦਾ ਹਿੱਸੇਦਾਰ ਬਣਨ ਵਿੱਚ ਹਿਚਕਚਾਇਆ ਨਹੀਂ।(16)

ਕਪੂਰ ਅਤੇ ਉਸਦੇ ਹਿੱਸੇਦਾਰ ਬੀ. ਸੀ. ਵਿੱਚ ਨਿਵੇਸ਼ ਕਰ ਰਹੇ ਸਨ ਜਦੋਂ ਕਿ ਉਨ੍ਹਾਂ ਦੇ ਹਮਵਤਨੀਂ ਇੱਥੋਂ ਵਾਪਸ ਜਾ ਰਹੇ ਸਨ। 1916 ਵਿੱਚ ਕਪੂਰ ਦੇ ਓਂਟੇਰੀਓ ਤੋਂ ਵਾਪਸ ਮੁੜਣ ਤੱਕ ਬੀ. ਸੀ. ਵਿੱਚ ਪੰਜਾਬੀਆਂ ਦੀ ਵਸੋਂ ਗਿਆਰਾਂ ਸੌ ਤੋਂ ਵੀ ਥੱਲੇ ਹੋ ਗਈ ਸੀ। ਇਹ 1908 ਤੋਂ ਪਹਿਲਾਂ ਕਨੇਡਾ ਆਏ ਪੰਜ ਹਜ਼ਾਰ ਤੋਂ ਵੱਧ ਪੰਜਾਬੀਆਂ ਦਾ ਇੱਕ ਛੋਟਾ ਹਿੱਸਾ ਹੀ ਸੀ। ਆਰੰਭ ਵਿੱਚ ਆਏ ਪਰਵਾਸੀਆਂ ਵਿੱਚੋਂ ਅੱਧੇ ਅਮਰੀਕਾ ਚਲੇ ਗਏ, ਬਹੁਤ ਸਾਰੇ ਹੋਰ 1913 ਵਿੱਚ ਸ਼ੁਰੂ ਹੋਏ ਮੰਦਵਾੜੇ ਵੇਲੇ ਕਨੇਡਾ ਨੂੰ ਛੱਡ ਗਏ ਅਤੇ ਪਿਆਰਾ ਸਿੰਘ ਲੰਗੇਰੀ ਵਰਗੇ ਹੋਰ 1914 ਅਤੇ 1915 ਵਿੱਚ ਗਦਰੀਆਂ ਵੱਲੋਂ ਹਥਿਆਰ ਚੁੱਕਣ ਦਾ ਸੁਨੇਹਾ ਸੁਣ ਕੇ ਵਾਪਸ ਘਰੀਂ ਪਰਤ ਗਏ। ਇਨ੍ਹਾਂ ਵਿੱਚੋਂ ਮਗਰਲਿਆਂ ਦੇ ਕਨੇਡਾ ਵਾਪਸ ਮੁੜਣ ਦੇ ਮੌਕੇ ਬਹੁਤ ਘਟ ਗਏ ਕਿਉਂ ਕਿ ਕਨੇਡਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਸ਼ੱਕੀ ਕ੍ਰਾਂਤੀਕਾਰੀਆਂ ਵਜੋਂ ਉਨ੍ਹਾਂ ਦੇ ਨਾਵਾਂ ਦੇ ਨਾਲ ਕਾਲੇ ਚਿਨ੍ਹ ਲਾ ਦਿੱਤੇ ਸਨ। ਜੰਗ ਦੇ ਦਿਨਾਂ ਵਿੱਚ ਗਏ ਬੰਦਿਆਂ ਦੀ ਥਾਂ ਕੋਈ ਨਵਾਂ ਨਹੀਂ ਆਇਆ ਅਤੇ 1918 ਤੱਕ ਪੰਜਾਬੀਆਂ ਦੀ ਗਿਣਤੀ ਸੱਤ ਸੌਂ ਤੱਕ ਸੁੰਗੜ ਗਈ।(17) ਜੰਗ ਦੇ ਖਤਮ ਹੋਣ ਤੋਂ ਬਾਅਦ ਕੁਝ ਬੰਦੇ ਮੁੜ ਆਏ। ਉਹ ਪੰਜਾਬ ਤੋਂ ਕੁਝ ਖਾਸ ਥਾਵਾਂ ਤੋਂ ਆਏ ਸਨ। ਮਾਹਲਪੁਰ ਦਾ ਇਲਾਕਾ ਇਨ੍ਹਾਂ ਵਿੱਚੋਂ ਇੱਕ ਸੀ ਅਤੇ ਮੇਓ ਤੇ ਵਰਜੀਨੀਆਂ ਲੰਬਰ ਕੰਪਨੀਆਂ ਇਸ ਦਾ ਵੱਡਾ ਕਾਰਣ ਸਨ।

ਮਾਹਲਪੁਰ ਤਿਕੋਣੇ ਇਲਾਕੇ ਵਿੱਚ ਪੈਂਦਾ ਹੈ, ਜਿਸ ਨੂੰ ਪੰਜਾਬ ਵਿੱਚ ਦੁਆਬਾ (ਦੋ ਦਰਿਆ) ਕਹਿੰਦੇ ਹਨ ਕਿਉਂ ਕਿ ਇਸ ਦੀਆਂ ਹੱਦਾਂ ਦੋ ਦਰਿਆਵਾਂ, ਬਿਆਸ ਅਤੇ ਸਤਲੁਜ ਨਿਸ਼ਚਤ ਕਰਦੀਆਂ ਹਨ। ਇਸ ਇਲਾਕੇ ਵਿੱਚੋਂ ਆਏ ਹੋਰਨਾਂ ਵਾਂਗ ਕਪੂਰ ਵੀ ਦੁਆਬੀਆ ਹੀ ਕਿਹਾ ਜਾਂਦਾ ਸੀ। ਅਤੇ ਉਹ ਅਜੇਹੇ ਪਰਵਾਸੀ ਭਾਈਚਾਰੇ ਨਾਲ ਰਹਿੰਦਾ ਸੀ ਜਿਹੜਾ ਆਪਣੀ ਸਥਾਨਕ ਮੁਕਾਬਲੇਬਾਜ਼ੀ ਅਤੇ ਪਿੱਛੋਂ ਨਾਲ ਲਿਆਂਦੀਆਂ ਧਾਰਨਾਵਾਂ ਨੂੰ ਨਹੀਂ ਸੀ ਭੁੱਲਿਆ। ਸਤਲੁਜ ਦੇ ਦੱਖਣ ਵਾਲੇ ਪਾਸੇ ਵਾਲਿਆਂ ਨੂੰ ਮਲਵਈ ਆਖਦੇ, ਬਿਆਸ ਤੋਂ ਪੱਛਮ ਵਾਲਿਆਂ ਨੂੰ ਮੁਝੈਲ। ਹਰੇਕ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਬੇਹਤਰ ਸਮਝਦਾ।(18) ਪੰਜਾਬ ਵਿੱਚ ਪਰਿਵਾਰ ਇਨ੍ਹਾਂ ਹੱਦਾਂ ਦੇ ਪਾਰ ਵਿਆਹ ਨਾ ਕਰਦੇ ਅਤੇ ਪਰਵਾਸੀਆਂ ਨੇ ਵੀ ਇਹੀ ਵਿਹਾਰ ਕਾਇਮ ਰੱਖਿਆ। ਪੰਜਾਬੀਆਂ ਵਿੱਚ ਇਸ ਗੱਲ ਦਾ  ਫਰਕ ਪੈਂਦਾ ਸੀ ਕਿ ਅਗਲਾ ਦੁਆਬੀਆ, ਮਲਵਈ ਜਾਂ ਮੁਝੈਲ ਸੀ, ਜਾਂ ਕੋਈ ਜੱਟ ਸੀ, ਰਾਜਪੂਤ ਜਾਂ ਮਿਨਹਾਸ ਰਾਜਪੂਤ ਸੀ  ਅਤੇ ਜਾਂ ਹਿੰਦੂ , ਸਿੱਖ ਜਾਂ ਮੁਸਲਮਾਨ ਸੀ। ਹਾਲਾਤ ਨੇ ਕਪੂਰ ਨੂੰ ਆਪਣੇ ਦੁਆਬੀਏ ਸਾਥੀਆਂ, ਜਿਹੜੇ ਜੱਟ ਅਤੇ ਮਿਨਹਾਸ ਰਾਜਪੂਤ ਸਨ, ਨਾਲ ਮਿਲਾ ਦਿੱਤਾ ਸੀ ਪਰ ਆਪ ਉਹ ਦੋਸਤੀਆਂ ਪਾਉਣ ਵਿੱਚ ਖੁੱਲ੍ਹੇ ਵਿਚਾਰਾਂ ਦਾ ਸੀ।

ਬਾਕੀ ਸਾਥੀਆਂ ਵਾਂਗ ਕਪੂਰ ਦੇ ਦਿਮਾਗ ਵਿੱਚ ਵੀ ਪੰਜਾਬ ਹਮੇਸ਼ਾ ਰਹਿੰਦਾ ਸੀ ਅਤੇ ਉਹ ਆਪਣੇ ਪਰਿਵਾਰਾਂ ਦੀਆਂ ਮੰਗਾਂ ਦਾ ਹੁੰਗਾਰਾ ਭਰਦੇ ਜਾਂ ਆਪਣੇ ਪਿੰਡਾਂ ਦੀ ਸਹਾਇਤਾ ਕਰਦੇ  ਅਤੇ ਜ਼ਿਲ੍ਹੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਜਾਂ ਕੌਮੀ ਉਦੇਸ਼ ਵਿੱਚ ਹਿੱਸਾ ਪਾਉਂਦੇ। ਜੰਗ ਦੇ ਸਾਲਾਂ ਦੌਰਾਨ ਬੀ. ਸੀ. ਦਾ ਪੰਜਾਬੀ ਭਾਈਚਾਰਾ ਭਾਈ ਮੇਵਾ ਸਿੰਘ ਦੀ ਯਾਦ ਵਿੱਚ ਰਸਮਾਂ ਨਿਭਾਉਣ ਅਤੇ ਭਾਸ਼ਣਾਂ ਵਾਸਤੇ ਹਰ ਸਾਲ ਇਕੱਠਾ ਹੋਣ ਲੱਗਾ। ਮੇਵਾ ਸਿੰਘ ਨੂੰ ਜਨਵਰੀ 1915 ਵਿੱਚ ਨਿਊਵੈਸਟਮਨਿਸਟਰ ਦੀ ਫੈਡਰਲ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਉਸ ਨੇ ਵੈਨਕੂਵਰ ਦੀ ਅਦਾਲਤ ਦੇ ਵਰਾਂਡੇ ਵਿੱਚ ਇਮੀਗਰੇਸ਼ਨ ਇੰਸਪੈਕਟਰ ਡਬਲੂਯ ਸੀ ਹਾਪਕਿਨਸਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਭਾਈਚਾਰਾ ਉਨ੍ਹਾਂ ਸੱਤ ਹਮਵਤਨੀ ਕ੍ਰਾਂਤੀਕਾਰੀਆਂ ਨੂੰ ਵੀ ਯਾਦ ਕਰਦਾ, ਜਿਨ੍ਹਾਂ ਨੂੰ 1914 ਦੀ ਪੱਤਝੜ ਵਿੱਚ ਜਹਾਜ਼ ਚੜ੍ਹਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਬਰਤਾਨਵੀਆਂ ਨੇ ਗ੍ਰਿਫਤਾਰ ਕੀਤਾ, ਮੁਕੱਦਮਾ ਚਲਾਇਆ ਅਤੇ ਫਾਂਸੀ ਦਿੱਤੀ ਗਈ। ਇਨ੍ਹਾਂ ਵਿੱਚੋਂ ਪਹਿਲੇ ਨੂੰ 16 ਨਵੰਬਰ 1915 ਨੂੰ ਫਾਂਸੀ ਲਟਕਾਇਆ ਅਤੇ ਆਖਰੀ ਨੂੰ ਜੂਨ 1917 ਵਿੱਚ। ਇੱਕ ਨੂੰ ਛੱਡ ਕੇ ਬਾਕੀਆਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਫਾਂਸੀ ਟੰਗਿਆ। ਉਨ੍ਹਾਂ ਵਿੱਚ ਵੈਨਕੂਵਰ ਦੇ ਗੁਰਦਵਾਰੇ ਦਾ ਸਾਬਕਾ ਗ੍ਰੰਥੀ ਬਲਵੰਤ ਸਿੰਘ ਖੁਰਦਪੁਰ ਵੀ ਸੀ। ਉਸ ਨੂੰ ਦਸੰਬਰ 1914 ਵਿੱਚ ਵੈਨਕੂਵਰ ਤੋਂ ਜਹਾਜ਼ ਵਿੱਚ ਚੜ੍ਹਾਇਆ ਅਤੇ ਉਹ ਬੈਂਕਾਕ ਤੱਕ ਹੀ ਜਾ ਸਕਿਆ। ਉੱਥੇ ਉਹ ਐਨਾ ਬਿਮਾਰ ਹੋ ਗਿਆ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।(19) ਥਾਈਲੈਂਡ ਦੀ ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚੋਂ ਗ੍ਰਿਫ਼ਤਾਰ ਕਰਕੇ ਸਿੰਗਾਪੁਰ ਵਿੱਚ ਬਰਤਾਨਵੀਆਂ ਦੇ ਹਵਾਲੇ ਕਰ ਦਿੱਤਾ। ਉੱਥੋਂ ਉਸ ਨੂੰ ਭਾਰਤ ਭੇਜਿਆ ਗਿਆ। ਲਾਹੌਰ ਦੀ ਅਦਾਲਤ ਵਿੱਚ ਉਸ ਉੱਪਰ ਮੁਕੱਦਮਾ ਚਲਾਇਆ, ਉਸ ਨੂੰ ਕਨੇਡਾ ਅਤੇ ਦੂਰ ਪੂਰਬ ਵਿੱਚ ਕੀਤੀਆਂ ਗਰਮ ਤਕਰੀਰਾਂ ਅਤੇ ਰੱਖੇ ਸਾਥ ਦਾ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ।(20)

ਕਨੇਡਾ ਦੇ ਸਿੱਖ ਇਨ੍ਹਾਂ ਫਾਂਸੀਆਂ ਕਰਕੇ ਹਾਲੇ ਵੀ ਗੁੱਸੇ ਵਿੱਚ ਸਨ। ਉਨ੍ਹਾਂ ਨੇ 1917-18 ਦੀਆਂ ਸਰਦੀਆਂ ਵਿੱਚ ਕਨੇਡਾ ਦੀਆਂ ਸੈਨਿਕ ਸੇਵਾਵਾਂ ਦੀ ਸੂਚੀ ਵਿੱਚ ਨਾਂ ਦੇਣੋ ਨਾਂਹ ਕਰ ਦਿੱਤੀ। ਕਨੇਡਾ ਨੇ ਛੇ ਮਹੀਨੇ ਪਹਿਲਾਂ ਹੀ ਜਬਰੀ ਭਰਤੀ ਕਰਨੀ ਸ਼ੁਰੂ ਕੀਤੀ ਸੀ। ਛੋਟੇ ਭਾਈਚਾਰੇ ਲਈ ਇਹ ਮਸਲਾ ਜਾਤੀ ਸੀ। ਕਪੂਰ ਬਲਵੰਤ ਸਿੰਘ ਖੁਰਦਪੁਰ ਨੂੰ ਜਾਣਦਾ ਸੀ। ਉਹ ਕਪੂਰ ਦੇ ਵਰਜੀਨੀਆ ਲੰਬਰ ਮਿੱਲ ਦੇ ਹਿੱਸੇਦਾਰ ਲਛਮਣ ਸਿੰਘ ਦਾ ਗਰਾਂਈ ਸੀ। ਉਨ੍ਹਾ ਦਾ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਸੀ। 1913 ਅਤੇ 1914 ਵਿੱਚ ਜਦੋਂ ਕਪੂਰ ਅਤੇ ਉਸਦੇ ਦੋਸਤ ਖਾੜਕੂਆਂ ਦੇ ਨਿਸ਼ਾਨੇ `ਤੇ ਸਨ, ਉਸ ਵੇਲੇ ਵੈਨਕੂਵਰ ਦਾ ਪੰਜਾਬੀ ਭਾਈਚਾਰਾ ਦੋਫਾੜ ਸੀ। ਦੇਸ਼ ਦੀ ਆਜ਼ਾਦੀ ਲਈ ਲੜਣ ਵਾਲਿਆਂ ਨਾਲ ਉਸ ਨੂੰ ਹਮਦਰਦੀ ਸੀ। ਉਸਦਾ ਸਭ ਤੋਂ ਨੇੜੇ ਦਾ ਦੋਸਤ ਭਾਈ ਪਿਆਰਾ ਸਿੰਘ ਲੰਗੇਰੀ ਆਜ਼ਾਦੀ ਘੁਲਾਟੀਆ ਸੀ ਅਤੇ ਕਪੂਰ ਉਨ੍ਹਾਂ ਸਾਰਿਆਂ ਦੀ ਕਦਰ ਕਰਦਾ ਸੀ, ਜਿਨ੍ਹਾਂ ਨੇ ਭਾਰਤ ਲਈ ਆਪਾ ਵਾਰ ਦਿੱਤਾ ਸੀ। ਉਸਦੇ ਦੇਸ਼ ਵਾਸੀ ਚਾਹੁੰਦੇ ਸਨ ਕਿ ਉਹ ਇਸਦੇ ਨਾਇਕਾਂ ਨੂੰ ਪਛਾਨਣ ਲਈ ਮੋਢੀ ਭੂਮਿਕਾ ਨਿਭਾਵੇ ਅਤੇ ਕਪੂਰ ਨੇ ਇਹ ਜ਼ਿੰਮੇਵਾਰੀ ਪ੍ਰਵਾਨ ਕਰ ਲਈ ਸੀ।

ਸ਼ਹੀਦ ਮੇਵਾ ਸਿੰਘ ਦੀ ਯਾਦ ਵਿੱਚ ਹੋਣ ਵਾਲਾ ਇਕੱਠ ਆਮ ਤੌਰ `ਤੇ ਨਿਊਵੈਸਟਮਨਿਸਟਰ ਦੇ ਬਾਹਰਵਰ ਫਰੇਜ਼ਰ ਮਿੱਲਜ਼ ਦੇ ਗੁਰਦਵਾਰੇ ਵਿੱਚ ਹੁੰਦਾ ਸੀ। ਪਰ ਜਨਵਰੀ 1918 ਵਿੱਚ ਭਾਈਚਾਰਾ ਸਟਰਾਅਬੈਰੀ ਹਿੱਲ ਮਿੱਲ ਵਿੱਚ ਇਕੱਠਾ ਹੋਇਆ। ਇਸ ਮਿੱਲ ਦੇ ਮਾਲਕ ਕਪੂਰ, ਮੇਓ ਅਤੇ ਉਨ੍ਹਾਂ ਦੇ ਹਿੱਸੇਦਾਰ ਸਨ। ਇਸ ਵਾਰ ਉਹ ਬਰਤਾਨਵੀ ਰਾਜ ਦੇ ਖਿਲਾਫ ਲੜਣ ਵਾਲੇ ਕਨੇਡਾ ਦੇ ਸਾਰੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਨ। ਜੇਲ੍ਹਾਂ ਵਿੱਚ ਬੰਦ ਗਦਰੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਧਨ ਇਕੱਠਾ ਕਰਨ ਲਈ ਕਨੇਡਾ ਦੇ ਸਿੱਖਾਂ ਨੇ 1921 ਵਿੱਚ ਇੱਕ ਕਮੇਟੀ ਬਣਾਈ। ਕਪੂਰ ਅੱਗੇ ਵਧ ਕੇ ਇਸ ਕਮੇਟੀ ਦਾ ਮੈਂਬਰ ਬਣਿਆ ਅਤੇ ਉਸ ਨੇ ਮੋਢੀ ਦਾ ਰੋਲ ਨਿਭਾਇਆ।(21) ਉਸ ਵੇਲੇ ਭਾਰਤ ਵਿੱਚ  ਸਰਵ-ਭਾਰਤੀ ਕਾਂਗਰਸ ਲਹਿਰ ਦਾ ਗਾਂਧੀ ਪ੍ਰਮੁੱਖ ਆਗੂ ਸੀ। ਕਨੇਡੀਅਨ ਹੋਣ ਦੀ ਸਹੂਲਤ ਵਜੋਂ ਕਪੂਰ ਗਾਂਧੀ ਦਾ ਹਮਾਇਤੀ ਬਣ ਗਿਆ। ਉਹ ਦੇਸ਼ ਲਈ ਖੜ੍ਹਣ ਵਾਲੇ ਨਾਇਕਾਂ ਦੀ ਕਦਰ ਕਰਦਾ ਸੀ ਪਰ ਨਾਲ ਹੀ ਉਸ ਨੇ ਗਾਂਧੀ ਦੇ ਅਹਿੰਸਾਵਾਦੀ ਰਾਹ ਨੂੰ ਪਛਾਣਿਆ। ਜਨਵਰੀ 1922 ਵਿੱਚ ਯੂਨਾਈਟਡ ਇੰਡੀਆ ਹੋਮ ਰੂਲ ਲੀਗ ਦੀ ਬੈਠਕ ਵਿੱਚ ਕਪੂਰ ਗਾਂਧੀ ਦੀ ਕਾਂਗਰਸ ਦੇ ਕੰਮਾਂ ਦੀ ਹਮਾਇਤ ਵਿੱਚ ਬੋਲਿਆ। ਇੱਕ ਮਹੀਨਾ ਬਾਅਦ ਉਸ ਨੇ ਇੱਕ ਹੋਰ ਪੰਜਾਬੀ ਪਰਵਾਸੀ ਸੰਸਥਾ, ਦੁਆਬਾ ਪ੍ਰੈੱਸ ਐਸੋਸੀਏਸ਼ਨ ਆਫ਼ ਅਮੈਰਿਕਾ ਦੀ ਪ੍ਰਧਾਨਗੀ ਕਰਦਿਆਂ ਪਿਆਰਾ ਸਿੰਘ ਲੰਗੇਰੀ ਦੀਆਂ ਚਿੱਠੀਆਂ ਪੜ੍ਹ ਕੇ ਸੁਣਾਈਆਂ। ਪਿਆਰਾ ਸਿੰਘ ਕਪੂਰ ਦਾ ਦੋਸਤ ਸੀ ਅਤੇ ਦੋ ਸਾਲ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਦੁਆਬੀਆਂ ਅਤੇ ਮਲਵਈਆਂ, ਨਰਮ ਖਿਆਲੀ ਅਤੇ ਖਾੜਕੂਆਂ ਦੇ ਵਿਚਕਾਰ, ਜਿਹੜਾ ਕੁਝ ਵੀ ਵਾਪਰ ਰਿਹਾ ਸੀ, ਕਪੂਰ ਉਸਦੇ ਵਿਚਾਲੇ ਹੁੰਦਾ। ਮੁਸੀਬਤਾਂ ਦਾ ਸਾਹਮਣਾ ਕਰ ਰਹੇ ਛੋਟੇ ਪਰਵਾਸੀ ਭਾਈਚਾਰੇ ਵਿੱਚ ਵਖਰੇਵਿਆਂ ਨੂੰ ਮੇਟਣ ਲਈ ਉਸ ਨੂੰ ਜੱਦੋ-ਜਹਿਦ ਕਰਨੀ ਪੈਂਦੀ।

1920 ਜੁਲਾਈ ਦੇ ਸ਼ੁਰੂ ਵਿੱਚ ਕਪੂਰ ਯੂਨਾਈਟਡ ਇੰਡੀਆ ਹੋਮ ਰੂਲ ਲੀਗ ਦੀ ਬੀ. ਸੀ. ਸ਼ਾਖਾ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਇਹ ਗਾਂਧੀ ਦੀ ਕਾਂਗਰਸ ਲਹਿਰ ਨਾਲ ਮੇਲ ਖਾਂਦੀ ਸੀ। ਇਸ ਤਰ੍ਹਾਂ ਦੀਆਂ ਜੱਥੇਬੰਦੀਆਂ ਛੇਤੀ ਹੀ ਬਣਾਈਆਂ ਜਾ ਸਕਦੀਆਂ ਹਨ ਤੇ ਪਹਿਲਾਂ ਹੀ ਖਤਮ ਹੋ ਜਾਂਦੀਆਂ ਹਨ, ਇੱਥੋਂ ਤੱਕ ਕਿ ਗਾਂਧੀ ਦੇ ਅਸੂਲਾਂ ਨਾਲ ਖੜ੍ਹਣ ਤੋਂ ਬਿਨਾਂ ਹੀ। ਇਹ ਜੱਥੇਬੰਦੀ ਵੀ ਇੱਕ ਸਾਲ ਦੇ ਅੰਦਰ ਹੀ ਪਰਖੀ ਗਈ , ਜਦੋਂ ਭਾਰਤ ਵਿਚਲੀ ਯੂਨਾਈਟਡ ਇੰਡੀਆ ਹੋਮ ਰੂਲ ਲੀਗ ਦੇ ਦੱਖਣ ਭਾਰਤੀ ਨਿਰਮਾਤਾ, ਆਰ ਐੱਸ ਹਾਰਦੀਕਰ ਧਨ ਇਕੱਠਾ ਕਰਨ ਉੱਤਰੀ ਅਮਰੀਕਾ ਦੀ ਫੇਰੀ `ਤੇ ਆਏ। ਇਸ ਟੂਰ ਦੌਰਾਨ ਹਾਰਦੀਕਰ ਵੈਨਕੂਵਰ ਦੇ ਗੁਰਦਵਾਰੇ ਅਤੇ ਸਿਆਟਲ ਦੇ ਲੇਬਰ ਟੈਂਪਲ ਵਿੱਚ ਬੋਲੇ। ਕਨੇਡੀਅਨ ਸਰਕਾਰ ਦੇ ਪੰਜਾਬੀ ਬੋਲਦੇ ਇੱਕ ਏਜੰਟ ਨੇ ਵੰਡ ਪਾਉਣ ਲਈ ਉਹ ਸਭ ਕੁਝ ਕੀਤਾ, ਜਿਹੜਾ ਉਹ ਕਰ ਸਕਦਾ ਸੀ। ਦਿਖਾਵੇ ਵਜੋਂ ਉਹ ਹਾਰਦੀਕਰ ਦਾ ਹਮਾਇਤੀ ਸੀ ਪਰ ਅੰਦਰੋਂ ਉਹ ਪੰਜਾਬੀ ਸੂਹੀਆਂ ਨੂੰ ਉਸਦੇ ਖਿਲਾਫ ਉਕਸਾਉਂਦਾ ਸੀ।(22) ਪਰ ਹਾਰਦੀਕਰ ਨੇ ਆਪ ਵੀ ਅਹਿੰਸਾ ਬਾਰੇ ਦੋ-ਪਾਸੜ ਬੋਲਦਿਆਂ ਸ੍ਰੋਤਿਆਂ ਵਿੱਚ ਬੈਠੇ ਗੋਰਿਆਂ ਨੂੰ  ਭੰਬਲਭੂਸੇ ਵਿੱਚ ਪਾ ਦਿੱਤਾ। ਸਿਆਟਲ ਦੇ ਲੇਬਰ ਟੈਂਪਲ ਵਿੱਚ ਜਦੋਂ ਇੱਕ ਅਮਰੀਕਨ ਨੇ ਹਾਰਦੀਕਰ ਨੂੰ ਪੁੱਛਿਆ ਕਿ ਅਮਰੀਕਨ ਕਿਸ ਤਰ੍ਹਾਂ ਭਾਰਤੀਆਂ ਦੀ ਆਜ਼ਾਦੀ ਲਈ ਯੋਗਦਾਨ ਪਾ ਸਕਦੇ ਸਨ, ਹਾਰਦੀਕਰ ਦਾ ਜਵਾਬ ਸੀ, "ਗੋਲੀ-ਸਿੱਕੇ, ਰੀਵਾਲਵਰਾਂ, ਬੰਦੂਕਾਂ, ਗੋਲਿਆਂ ਨਾਲ" ਆਪਣੇ ਆਪ ਨੂੰ ਦਰੁਸਤ ਕਰਨ ਤੋਂ ਪਹਿਲਾਂ ਕਿ ਉਸ ਨੂੰ ਕੀ ਕਹਿਣਾ ਚਾਹੀਦਾ ਸੀ, ਉਹ ਇਹ ਜਵਾਬ ਦੇ ਗਿਆ। ਫਿਰ ਉਸ ਨੇ ਕਿਹਾ ਕਿ ਉਸਦੀ ਲਹਿਰ ਅਹਿੰਸਾਮਈ ਹੈ ਅਤੇ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹਥਿਆਰ ਨਹੀਂ ਵਰਤੇਗਾ। ਉਸਦੀ ਫੇਰੀ ਤੋਂ ਬਾਅਦ ਹੋਮ ਰੂਲ ਲੀਗ ਦੀ ਬੀ. ਸੀ. ਵਿਚਲੀ ਸ਼ਾਖਾ ਢਹਿ-ਢੇਰੀ ਹੋ ਗਈ ਪਰ ਇੱਕ ਸਾਲ ਬਾਅਦ ਹਿੰਦੁਸਤਾਨੀ ਸਵਰਾਜ ਸੁਸਾਇਟੀ ਨੇ ਇਸਦੀ ਥਾਂ ਲੈ ਲਈ ਅਤੇ ਕਪੂਰ ਇਸਦਾ ਵੀ ਪ੍ਰਧਾਨ ਸੀ। ਬਹੁਤ ਸਾਲਾਂ ਬਾਅਦ ਉਹ ਇੱਕ ਹੋਰ ਸੰਸਥਾ ਕਨੇਡੀਅਨ ਹਿੰਦੁਸਤਾਨੀ ਕਾਂਗਰਸ ਦਾ ਪ੍ਰਧਾਨ ਬਣਿਆ। ਇਹ ਸੰਸਥਾ ਵੀ ਗਾਂਧੀ ਦੇ ਆਦਰਸ਼ ਅਤੇ ਮੰਤਵਾਂ ਦੀ ਹਮਾਇਤੀ ਸੀ।(23)

1921 ਵਿੱਚ ਜਦੋਂ ਹਾਰਦੀਕਰ ਬੀ. ਸੀ.  ਵਿੱਚ ਆਇਆ ਸੀ, ਉਸ ਵੇਲੇ ਸਾਰੇ ਸੂਬੇ ਵਿੱਚ ਮਸਾਂ 950 ਪੰਜਾਬੀ ਸਨ, ਉਨ੍ਹਾਂ ਵਿੱਚੋਂ ਬਹੁਤ ਥੋੜ੍ਹੀ ਗਿਣਤੀ ਔਰਤਾਂ ਦੀ ਸੀ। ਬਹੁਤੇ ਆਦਮੀ ਮਜ਼ਦੂਰੀ ਕਰਦੇ ਸਨ। ਤਕਰੀਬਨ ਅੱਧੇ ਲੱਕੜ ਉਦਯੋਗ ਵਿੱਚ ਕੰਮ ਕਰਦੇ ਸਨ ਅਤੇ ਬਾਕੀ ਰੇਲਵੇ ਦੀ ਉਸਾਰੀ ਜਾਂ ਫੂਡ ਪਰੋਸੈਸਿੰਗ ਵਿੱਚ ਕੰਮ ਕਰਦੇ ਸਨ। ਦੋ ਸਾਲਾਂ ਦੇ ਵਿੱਚ ਤਕਰੀਬਨ ਸਾਰੇ ਹੀ ਆਰਾ ਮਿੱਲਾਂ ਵਿੱਚ ਕੰਮ ਕਰਨ ਲੱਗੇ। ਕਪੂਰ ਅਤੇ ਮੇਓ ਵਰਗੇ ਉਦਯੋਗਪਤੀਆਂ ਨੂੰ ਮਿਲੀ ਸਫਲਤਾ ਇਸਦਾ ਮੁੱਖ ਕਾਰਣ ਸੀ। ਛੋਟੇ ਉਦਯੋਗਪਤੀਆਂ ਨੂੰ ਵੀ ਸਫਲਤਾ ਮਿਲ ਰਹੀ ਸੀ। 1922 ਵਿੱਚ ਇੱਕ ਭਾਰਤੀ ਵਿਦਵਾਨ ਨੇ ਕੁਝ ਸਮਾਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਕੇ ਇੱਥੇ ਵਸੇ  ਪੰਜਾਬੀਆਂ ਅਤੇ ਹੋਰ ਸਾਊਥ ਏਸ਼ੀਅਨਾਂ ਦੀਆਂ ਗਤੀਵਿਧੀਆਂ ਨੂੰ ਦਸਤਾਵੇਜ਼ ਕੀਤਾ। ਉਸ ਨੇ ਗਿਣਤੀ ਕੀਤੀ ਕਿ ਦੋ ਗਰੋਸਰੀ ਸਟੋਰ,  ਦੋ ਸ਼ਿੰਗਲ ਮਿੱਲਾਂ, ਪੰਜਾਹ ਬਾਲਣ ਵਾਲੀ ਲੱਕੜ ਦੇ ਟਾਲ ਅਤੇ ਪੱਚੀ ਫਾਰਮਾਂ ਦੇ ਮਾਲਕ ਸਾਊਥ ਏਸ਼ੀਅਨ ਸਨ। ਉਸ ਨੇ ਛੇ ਲੰਬਰ ਕੰਪਨੀਆਂ ਅਤੇ ਸੱਤ ਲੰਬਰ ਕੈਂਪ ਗਿਣੇ। ਇਨ੍ਹਾਂ ਲੰਬਰ ਕੰਪਨੀਆਂ ਵਿੱਚੋਂ ਤਿੰਨਾਂ ਦਾ ਕਪੂਰ ਮੁੱਖ ਹਿੱਸੇਦਾਰ ਸੀ ਜਿਨ੍ਹਾਂ ਦਾ ਆਪਣਾ ਗੇਲੀਆਂ ਬਣਾਉਣ ਦਾ ਕਾਰੋਬਾਰ ਸੀ। ਉਹ ਵੱਡਾ ਕਾਰੋਬਾਰੀ ਸੀ। ਇਸ ਭਾਈਚਾਰੇ ਦੀ ਕਨੇਡਾ ਵਿਚਲੀ ਕਮਾਈ ਉੱਪਰ ਪੰਜਾਬ ਰਹਿੰਦੇ ਰਿਸ਼ਤੇਦਾਰ ਤੇ ਗਰਾਂਈ ਰਸ਼ਕ ਕਰਦੇ।

1922 ਦੇ ਅਖੀਰ ਤੱਕ ਕਪੂਰ ਨੂੰ ਉੱਤਰੀ ਅਮਰੀਕਾ ਵਿੱਚ ਰਹਿੰਦਿਆਂ ਸੋਲ੍ਹਾਂ ਸਾਲ ਹੋ ਗਏ ਸਨ। ਜਦੋਂ ਉਸਦੇ ਬਹੁਤੇ ਹਮਵਤਨੀ ਵਾਪਸ ਮੁੜ ਗਏ ਸਨ, ਉਹ ਇੱਥੇ ਹੀ ਰਿਹਾ ਸੀ। ਉਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨਾਂ ਪ੍ਰਤੀ ਵਿਆਪਕ ਵਿਰੋਧ ਅਤੇ ਪੱਖਪਾਤੀ ਵਤੀਰੇ ਦੇ ਬਾਵਜੂਦ ਉਹ ਸਫਲ ਰਿਹਾ ਸੀ। ਉਸ ਨੇ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਉੱਤਰੀ ਅਮਰੀਕਾ ਵਿੱਚ ਆਪਣੀ ਜ਼ਿੰਦਗੀ ਬਣਾਵੇਗਾ। ਇਸ ਆਸ਼ੇ ਨੂੰ ਪੂਰਾ ਕਰਨ ਲਈ ਉਹ ਲਗਾਤਾਰ ਮੇਹਨਤ ਕਰਦਾ ਰਿਹਾ। ਉਸ ਨੇ ਕਦੇ ਵੀ ਭਾਰਤ ਜਾਂ ਭਾਰਤੀ ਸਭਿਆਚਾਰ ਪ੍ਰਤੀ ਆਪਣੇ ਪਿਆਰ ਨੂੰ ਨਹੀਂ ਵਿਸਾਰਿਆ ਸੀ ਤੇ ਨਾ ਹੀ ਭਾਰਤ ਨੂੰ ਆਜ਼ਾਦ ਕਰਵਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ। ਛੋਟਾ ਪ੍ਰਵਾਸੀ ਭਾਈਚਾਰਾ ਕਨੇਡਾ ਵਿੱਚ ਉਸਦੇ ਸੰਸਾਰ ਦਾ ਦਿਲ ਸੀ ਪਰ ਉਸ ਨੇ ਐਂਗਲੋ-ਕਨੇਡੀਅਨਾਂ ਵਿੱਚੋਂ ਵੀ ਚੰਗੇ ਮਿੱਤਰ ਬਣਾਏ ਅਤੇ ਉਹ ਆਪਣੇ ਹਮਵਤਨੀਆਂ ਅਤੇ ਕਨੇਡੀਅਨ ਮੁੱਖਧਾਰਾ ਵਿਚਕਾਰ ਮਹੱਤਵਪੂਰਨ ਪੁਲ ਵਾਂਗ ਵਿਚਰਿਆ। ਉਸਦੀ ਧਾਰਨਾ ਸੀ ਕਿ ਕਨੇਡਾ ਵਿੱਚ ਉਸ ਲਈ ਅਤੇ ਉਸਦੇ ਭਾਈਚਾਰੇ ਲਈ ਭਵਿੱਖ ਹੈ। ਮਾਰ੍ਹਕੇ ਦੀ ਗੱਲ ਇਹ ਹੈ ਕਿ ਉਹ ਆਪਣੀ ਇਸ ਧਾਰਨਾ ਨੂੰ ਜਿਉਂ ਰਿਹਾ ਸੀ।

Read 111 times Last modified on Tuesday, 01 May 2018 12:33