You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»08. ਕਿਲੇ ਦੇ ਮੋਤੀ - ਮੇਓ ਸਾਈਡਿੰਗ `ਤੇ ਔਰਤਾਂ ਅਤੇ ਬੱਚੇ

ਲੇਖ਼ਕ

Tuesday, 01 May 2018 12:15

08. ਕਿਲੇ ਦੇ ਮੋਤੀ - ਮੇਓ ਸਾਈਡਿੰਗ `ਤੇ ਔਰਤਾਂ ਅਤੇ ਬੱਚੇ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਦੀ ਪੀੜ੍ਹੀ ਦੀਆਂ ਔਰਤਾਂ ਘਰਾਂ ਅਤੇ ਪਿੰਡਾਂ ਵਿੱਚ ਹੀ ਰਹਿੰਦੀਆਂ ਸਨ, ਜਦੋਂ ਕਿ ਆਦਮੀਆਂ ਵਿੱਚੋਂ ਬਹੁਤੇ ਯਾਤਰਾ ਕਰਦੇ ਸਨ। ਮਲਾਹਾਂ ਦੇ ਭਾਈਚਾਰੇ ਵਾਂਗ ਔਰਤਾਂ ਆਪਣੇ ਪਿਓਆਂ ਅਤੇ ਪਤੀਆਂ ਨੂੰ ਸਮੁੰਦਰੀ ਯਾਤਰਾ ਲਈ ਤੋਰ ਕੇ ਦੂਰ ਦੁਮੇਲ ਤੱਕ ਉਨ੍ਹਾਂ ਨੂੰ ਜਾਂਦਿਆਂ ਦੇਖਦੀਆਂ, ਜਦੋਂ ਤੱਕ ਉਹ ਦਿਸਣੋਂ ਨਾ ਹਟ ਜਾਂਦੇ। ਅਤੇ ਫਿਰ ਉਨ੍ਹਾਂ ਦੀ ਵਾਪਸੀ ਦੀ ਉਡੀਕ ਕਰਦੀਆਂ। ਉਨ੍ਹਾਂ ਵਿੱਚੋਂ ਕੁਝ ਸਾਲਾਂ ਬਾਅਦ ਮੁੜ ਆਉਂਦੇ ਪਰ ਕਈ ਵਾਪਸ ਆਉਣ ਵਿੱਚ ਸਫਲ ਨਾ ਹੁੰਦੇ। ਕਪੂਰ ਦਾ ਦੋਸਤ ਕਰਤਾਰ ਸਿੰਘ ਹੁੰਦਲ ਆਪਣੀ ਛੋਟੀ ਉਮਰ ਦੀ ਪਤਨੀ ਨੂੰ ਪਿੱਛੇ ਛੱਡ ਕੇ ਗਿਆ ਸੀ, ਜਿਸ ਨੂੰ ਬਾਅਦ ਵਿੱਚ ਉਹ  ਕਦੇ ਵੀ ਨਾ ਮਿਲਿਆ। ਜਦੋਂ ਕਰਤਾਰ ਦੇ ਪਿਤਾ ਨੂੰ ਯਕੀਨ ਹੋ ਗਿਆ ਕਿ ਉਹ ਵਾਪਸ ਨਹੀਂ ਮੁੜੇਗਾ ਤਾਂ ਉਸ ਨੇ ਉਸਦੀ ਛੱਡੀ ਹੋਈ ਪਤਨੀ ਉੱਪਰ ਕਰਤਾਰ ਦੇ ਛੋਟੇ ਭਰਾ ਤੋਂ ਚਾਦਰ ਪਵਾ ਦਿੱਤੀ। ਜੱਟ ਸਿੱਖਾਂ ਵਿੱਚ ਇਸ ਤਰ੍ਹਾਂ ਦੀ ਸਹੂਲਤ ਵਿਧਵਾ ਔਰਤਾਂ ਲਈ ਹੁੰਦੀ ਸੀ।(1) ਪਿੰਡ ਦੇ ਸਮਾਜ ਦੀ ਤਾਕਤ ਬਹੁਤੇ ਵਿਆਹਾਂ ਨੂੰ ਸਬੂਤਾ ਰੱਖਦੀ ਭਾਵੇਂ ਪਤੀ ਦੇਰ ਤੋਂ ਬਾਹਰ ਗਏ ਹੋਣ। ਔਰਤਾਂ ਬਾਕੀ ਦੇ ਪਰਿਵਾਰ ਦੇ ਸਾਥ ਵਿੱਚ ਖੁਸ਼ ਰਹਿੰਦੀਆਂ। ਇਹ ਪਰਿਵਾਰ ਭਾਵੇਂ ਉਸਦੇ ਪਤੀ ਦਾ ਹੋਵੇ ਜਿਵੇਂ ਕਰਤਾਰ ਦੀ ਘਰਵਾਲੀ ਦਾ ਕੇਸ ਸੀ ਜਾਂ ਆਪਣੇ ਪੇਕਿਆਂ ਦਾ ਜਿਵੇਂ ਬਸੰਤ ਕੌਰ ਦਾ। ਅਖੀਰ `ਤੇ ਬਹੁਤੇ ਘਰਵਾਲੇ ਵਾਪਸ ਮੁੜੇ ਜਾਂ ਪਤਨੀਆਂ ਨੂੰ ਆਪਣੇ ਨਾਲ ਲੈ ਗਏ। ਦੋਹਾਂ ਕੇਸਾਂ ਵਿੱਚ ਹੀ ਪਤਨੀਆਂ ਨੇ ਆਪਣੇ ਪਤੀਆਂ ਨੂੰ ਪਿੰਡਾਂ ਦੀਆਂ ਕਦਰਾਂ-ਕੀਮਤਾਂ ਨਾਲ ਜੁੜਣ ਵਿੱਚ ਮੱਦਦ ਕੀਤੀ, ਜਿਨ੍ਹਾਂ ਨੂੰ ਉਹ ਪਿੱਛੇ ਛੱਡ ਗਏ ਸਨ ਜਾਂ ਭੁੱਲ ਗਏ ਸਨ।

ਕਨੇਡਾ ਵਿੱਚ ਸਾਊਥ ਏਸ਼ੀਅਨ ਬੰਦਿਆਂ ਲਈ ਆਪਣੀਆਂ ਬੀਵੀਆਂ ਨੂੰ ਆਪਣੇ ਕੋਲ ਬੁਲਾਉਣ ਦਾ ਹੱਕ ਭਾਵੁਕ ਮਸਲਾ ਸੀ, ਜਿਸ ਨੂੰ ਹੱਲ ਹੋਣ ਵਿੱਚ ਵਰ੍ਹੇ ਲੱਗ ਗਏ। ਕਪੂਰ ਹਾਲੇ ਕੈਲੇਫੋਰਨੀਆ ਹੀ ਸੀ ਜਦੋਂ ਦੋ ਐਕਟੇਵਿਸਟ ਬਲਵੰਤ ਸਿੰਘ ਖੁਰਦਪੁਰ ਅਤੇ ਭਾਗ ਸਿੰਘ ਭਿਖੀਵਿੰਡ ਭਾਰਤ ਆਪਣੇ ਪਰਿਵਾਰਾਂ ਕੋਲ  ਗਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਕਨੇਡਾ ਲਿਆਉਣ ਲਈ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ। ਇਸ ਤਰ੍ਹਾਂ ਕਰਨ ਦਾ ਮਤਲਬ ਆਪਣੇ ਭਾਈਚਾਰੇ ਨੂੰ ਮੱਦਦ ਪਹੁੰਚਾਉਣਾ ਸੀ। ਜਦੋਂ ਉਨ੍ਹਾਂ ਦਾ ਜਹਾਜ਼ ਜਨਵਰੀ 1912 ਵਿੱਚ ਵੈਨਕੂਵਰ ਦੀ ਬੰਦਰਗਾਹ `ਤੇ ਲੱਗਿਆ ਤਾਂ ਸੱਤ ਸੌ ਸਿੱਖ ਹਮਾਇਤੀਆਂ ਦਾ ਸ਼ੋਰ ਮਚਾਉਂਦਾ ਇਕੱਠ ਉਨ੍ਹਾਂ ਦੇ ਸਵਾਗਤ ਲਈ ਇੱਕਠਾ ਹੋਇਆ ਅਤੇ ਉਨ੍ਹਾਂ ਦੇ ਕਨੇਡਾ ਵਿਚਲੇ ਹਮਵਤਨੀਆਂ ਨੇ ਅਗਲੇ ਛੇ ਮਹੀਨੇ ਅੰਦੋਲਨ ਕੀਤਾ। ਆਖਰ ਓਟਵਾ ਕੁਝ ਢਿੱਲਾ ਪਿਆ ਅਤੇ ਪਰਿਵਾਰਾਂ ਨੂੰ ਇੱਥੇ ਰਹਿਣ ਦਿੱਤਾ ਅਤੇ ਨਾਲ ਹੀ ਸਪਸ਼ਟ ਕੀਤਾ ਕਿ ਭਾਈਚਾਰੇ ਵਿੱਚੋਂ ਕੋਈ ਹੋਰ ਇਸ ਵਿਹਾਰ ਦੀ ਉਮੀਦ ਨਾ ਰੱਖੇ। ਅਸਲ ਵਿੱਚ ਜਦੋਂ ਵੀ ਸਰਕਾਰ ਨੂੰ ਵੰਗਾਰਨ ਵਾਲੇ ਲੋਕ ਇਸਦੇ ਫੈਸਲਿਆਂ ਨਾਲ ਲੜਣ ਲਈ ਆਪਣਾ ਦ੍ਰਿੜ੍ਹ ਇਰਾਦਾ ਤੇ ਅਟੱਲਤਾ ਦਿਖਾਉਂਦੇ ਅਤੇ ਲੋੜੀਂਦੇ ਸਾਧਨ ਜੁਟਾਉਂਦੇ , ਸਰਕਾਰ ਪਿੱਛੇ ਹਟ ਜਾਂਦੀ। ਇਮੀਗਰੇਸ਼ਨ ਵਿਭਾਗ ਨੇ ਢਿੱਲਾ ਪੈ ਕੇ ਔਰਤਾਂ ਨੂੰ ਇੱਥੇ ਉੱਤਰਨ ਦੀ ਆਗਿਆ ਦੇ ਦਿੱਤੀ। ਕਿਸੇ ਕਨੂੰਨੀ ਟਕਰਾਅ ਅਤੇ ਮਿਸਾਲ ਬਣਨ ਤੋਂ ਬਚਣ ਲਈ ਇਸ ਕੇਸ ਨੂੰ "ਰਹਿਮ ਦੇ ਆਧਾਰ `ਤੇ" ਆਖ ਦਿੱਤਾ।  ਅਤੇ ਇਹ ਸਵੀਕਾਰ ਕਰਨ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਕੋਲ ਦਾਖਲੇ ਦਾ ਹੱਕ ਸੀ। ਸਰਕਾਰੀ ਅੰਕੜੇ ਦੱਸਦੇ ਹਨ ਕਿ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਛੇ ਸਾਲਾਂ ਵਿੱਚ ਸਿਰਫ ਸੱਤ ਔਰਤਾਂ ਅਤੇ ਬਾਰਾਂ ਬੱਚੇ ਦੇਸ਼ ਵਿੱਚ ਦਾਖਲ ਹੋਏ। (2)ਇਨ੍ਹਾਂ ਔਰਤਾਂ ਅਤੇ ਬੱਚਿਆਂ ਵਿੱਚੋਂ ਕੁਝ ਤੁਰੰਤ ਹੀ ਕਨੇਡਾ ਨੂੰ ਛੱਡ ਗਏ। ਇਸ ਲਈ ਜੰਗ ਖਤਮ ਹੋਣ ਤੱਕ ਇੱਥੇ ਕਦੇ ਵੀ ਇੱਕੋ ਵੇਲੇ ਤਿੰਨ ਜਾਂ ਚਾਰ ਪਰਿਵਾਰਾਂ ਤੋਂ ਵੱਧ ਨਹੀਂ ਸੀ। ਇਹ ਉੱਭਰਵੀਆਂ ਅਤੇ ਕੁਝ ਮਾਮਲਿਆਂ ਵਿੱਚ ਦੁਖਦਾਈ ਕਹਾਣੀਆਂ ਵਾਲਾ ਇੱਕ ਛੋਟਾ ਗਰੁੱਪ ਸੀ। ਦੋ ਕੁ ਸਾਲਾਂ ਬਾਅਦ ਭਾਰਤ ਵਾਪਸ ਮੁੜਣ ਵਾਲਿਆਂ ਵਿੱਚ  ਐਕਟੇਵਿਸਟ ਬਲਵੰਤ ਸਿੰਘ ਦੀ ਪਤਨੀ ਅਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਵੀ ਸਨ। 1914 ਦੀ ਪੱਤਝੜ ਵਿੱਚ ਉਹ ਬਲਵੰਤ ਸਿੰਘ ਦੇ ਨਾਲ ਹੀ ਸਾਨਫ੍ਰਾਂਸਿਸਕੋ ਤੋਂ ਜਹਾਜ਼ ਚੜ੍ਹੇ ਅਤੇ ਸਿੰਗਾਪੁਰ ਤੱਕ ਬਲਵੰਤ ਸਿੰਘ ਦੇ ਨਾਲ ਗਏ, ਉੱਥੇ ਬਲਵੰਤ ਸਿੰਘ ਨੂੰ ਗਦਰ ਦਾ ਕੰਮ ਸੀ । ਉਹ ਉੱਥੇ ਰੁਕ ਗਿਆ ਅਤੇ ਪਰਿਵਾਰ ਭਾਰਤ ਚਲਿਆ ਗਿਆ। ਬਾਅਦ ਵਿੱਚ ਉਹ ਉਸ ਨੂੰ ਕਦੇ ਵੀ ਨਾ ਮਿਲ ਸਕੇ। ਭਾਗ ਸਿੰਘ ਦੀ ਪਤਨੀ, ਹਰਨਾਮ ਕੌਰ 1914 ਦੇ ਸ਼ੁਰੂ ਵਿੱਚ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਨੌਂ ਦਿਨਾਂ ਬਾਅਦ ਡਾਕਟਰੀ ਗੁੰਝਲਾਂ ਕਾਰਣ ਮਰ ਗਈ। ਇਹ ਭਾਣਾ ਭਾਗ ਸਿੰਘ ਦੇ ਬੇਲਾ ਸਿੰਘ ਵਾਲੇ ਬਦਨਾਮ ਗੋਲੀਕਾਂਡ ਵਿੱਚ ਮਰਨ ਤੋਂ ਸੱਤ ਮਹੀਨੇ ਪਹਿਲਾਂ ਵਾਪਰਿਆ। ਉਸਦੇ ਸਸਕਾਰ ਦੀਆਂ ਸਨਸਨੀਖੇਜ਼ ਖਬਰਾਂ ਵੈਨਕੂਵਰ ਦੇ ਅਖਬਾਰਾਂ ਦੇ ਪਹਿਲੇ ਸਫੇ `ਤੇ ਛਪੀਆਂ।

ਇਨ੍ਹਾਂ ਅਖਬਾਰਾਂ ਨੇ ਸ਼ਾਇਦ ਕੋਸ਼ਿਸ਼ ਨਾ ਕੀਤੀ ਹੋਵੇ ਕਿ ਪਤਾ ਕਰਨ ਕਿ ਹਰਨਾਮ ਕੌਰ ਦੇ ਬੱਚਿਆਂ ਨਾਲ ਕੀ ਬੀਤਿਆ। ਉਹ ਉਸ ਭਾਈਚਾਰੇ ਵਿੱਚ ਅਨਾਥ ਹੋ ਗਏ ਸਨ, ਜਿੱਥੇ ਸਾਰੇ ਮਰਦ ਹੀ ਸਨ। ਜੇ ਇਨ੍ਹਾਂ ਅਖਬਾਰਾਂ ਨੇ ਪੜਤਾਲ ਕੀਤੀ ਹੁੰਦੀ ਤਾਂ ਇਨ੍ਹਾਂ ਨੂੰ ਪਤਾ ਲੱਗਦਾ ਕਿ ਨਵ-ਜਨਮੀ ਬੱਚੀ ਅਤੇ ਇੱਕ ਛੋਟੇ ਮੁੰਡੇ ਦੀ ਜ਼ਿੰਮੇਵਾਰੀ ਵੈਨਕੂਵਰ ਦੇ ਗੁਰਦਵਾਰੇ ਨੇ ਉਠਾਈ ਅਤੇ ਇਨ੍ਹਾਂ ਬੱਚਿਆਂ ਦੀ ਸੰਭਾਲ 'ਇੱਕ ਗੋਰੀ ਔਰਤ' (ਗੁਰਦਵਾਰੇ ਦੇ ਰਿਕਾਰਡ ਵਿੱਚ ਇਸੇ ਤਰ੍ਹਾਂ ਦਰਜ ਹੈ) ਦੇ ਸਪੁਰਦ ਕੀਤੀ। ਇਸ ਔਰਤ ਦਾ ਨਾਂ ਐਨੀ ਰਾਈਟ ਸੀ ਅਤੇ ਪੰਜਾਬੀ ਨਾਂ ਬੀਬੀ ਲਾਭ ਕੌਰ। ਉਸ ਨੇ ਆਪਣੇ ਕੁਝ ਰਿਸ਼ਤੇਦਾਰਾਂ ਦੇ ਵਿਰੋਧ ਦੇ ਬਾਵਜੂਦ ਛੇ ਸਾਲ ਪਹਿਲਾਂ ਮੁਨਸ਼ਾ ਸਿੰਘ ਨਾਲ ਵਿਆਹ ਕਰਵਾਇਆ ਸੀ। ਨੌਜਵਾਨ ਸਿੱਖ, ਮੁਨਸ਼ਾ ਸਿੰਘ ਅੰਗ੍ਰੇਜ਼ੀ ਵਿੱਚ ਰਵਾਂ ਸੀ। ਦੋ ਸਿੱਖ ਅਨਾਥ ਬੱਚਿਆਂ ਲਈ ਐਨੀ ਰਾਈਟ ਸਭ ਤੋਂ ਢੁੱਕਵੀਂ ਪਾਲਣਹਾਰੀ ਮਾਂ ਸੀ ਪਰ ਗੁਰਦਵਾਰੇ ਦੀ ਪ੍ਰਬੰਧਕੀ ਕਮੇਟੀ ਪੰਜਾਬੀ ਮਾਂ ਤੋਂ ਬਿਨਾਂ ਵੱਡੀ ਹੋ ਰਹੀ ਬੱਚੀ ਲਈ ਫਿਕਰਮੰਦ ਸੀ। ਅਤੇ ਉਨ੍ਹਾਂ ਨੇ ਜਦੋਂ ਬੱਚੀ ਛੇ ਸਾਲ ਦੀ ਹੋਈ ਐਨੀ ਤੋਂ ਵਾਪਸ ਲੈ ਕੇ ਪੰਜਾਬ ਭੇਜ ਦਿੱਤੀ।(3)

ਪਹਿਲੀ ਸੰਸਾਰ ਜੰਗ ਵੇਲੇ ਕਨੇਡਾ ਵਿੱਚ ਰਹਿ ਰਹੀਆਂ ਦੋ ਜਾਂ ਤਿੰਨ ਸਾਊਥ ਏਸ਼ੀਅਨ ਔਰਤਾਂ ਵਿੱਚ ਹੀਰਾ ਸਿੰਘ ਦੀ ਪਤਨੀ ਅਤੇ ਹਾਕਮ ਸਿੰਘ ਹੁੰਦਲ ਦੀ ਮਾਂ ਵੀ ਸਨ। ਇਹ ਆਦਮੀ ਭਾਰਤੀ ਸੈਨਾ ਦੇ ਸੇਵਾ-ਮੁਕਤ ਸੈਨਿਕ ਸਨ ਅਤੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਮੁੱਢਲੇ ਡਾਇਰੈਕਟਰ। ਬ੍ਰਿਟਿਸ਼ ਕੋਲੰਬੀਆ ਵਿੱਚ ਜਾਇਦਾਦ ਬਣਾਉਣ ਤੋਂ ਬਾਅਦ ਉਹ ਆਪਣੇ ਪਰਿਵਾਰਾਂ ਨੂੰ ਲੈਣ ਭਾਰਤ ਗਏ। 1911 ਵਿੱਚ ਵਾਪਸੀ ਵੇਲੇ ਹੀਰਾ ਸਿੰਘ ਨੂੰ ਇਮੀਗਰੇਸ਼ਨ ਵਿਭਾਗ ਨਾਲ ਦੇਸ਼ ਨਿਕਾਲੇ ਦੇ ਆਦੇਸ਼ਾਂ ਬਾਰੇ ਤਿੰਨ ਮਹੀਨੇ ਜੱਦੋ-ਜਹਿਦ ਕਰਨੀ ਪਈ ਅਤੇ ਅਖੀਰ ਆਪਣੀ ਪਤਨੀ ਅਤੇ ਤਿੰਨ ਸਾਲਾ ਬੇਟੀ ਨੂੰ ਲੈ ਆਇਆ ਅਤੇ ਇਹ ਆਗਿਆ 'ਰਹਿਮ ਦੇ ਅਧਾਰ `ਤੇ' ਸੀ। 1912 ਦੀ ਬਹਾਰ ਰੁੱਤ ਦੇ ਪਿਛਲੇ ਪੱਖ ਵਿੱਚ ਉਸਦੀ ਪਤਨੀ ਨੇ ਵੈਨਕੂਵਰ ਵਿੱਚ ਸਲਵੇਸ਼ਨ ਆਰਮੀ ਦੇ ਪ੍ਰਸੂਤ ਘਰ ਵਿੱਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਇਹ ਤੀਜਾ ਸਾਊਥ ਏਸ਼ੀਅਨ ਬੱਚਾ ਸੀ, ਜਿਸਦਾ ਜਨਮ ਕਨੇਡਾ ਵਿੱਚ ਹੋਇਆ ਸੀ।(4)

ਇਹ ਇੱਕ ਕਨੇਡੀਅਨ ਪਰਿਵਾਰ ਦੀ ਸ਼ੁਰੂਆਤ ਸੀ ਅਤੇ ਹਾਕਮ ਸਿੰਘ ਹੁੰਦਲ ਦੇ ਬੱਚਿਆਂ ਦੇ ਪਹੁੰਚਣ ਨਾਲ ਇੱਕ ਹੋਰ ਪਰਿਵਾਰ ਦੀ ਸ਼ੁਰੂਆਤ ਹੋਈ। ਉਸਦੀ ਮਾਂ ਬਿਸ਼ਨ ਕੌਰ ਅਤੇ ਉਸਦੇ ਚਾਰ ਛੋਟੀ ਉਮਰ ਦੇ ਪੁੱਤਰ ਅਠਾਰਾਂ ਮਹੀਨੇ ਹਾਂਗਕਾਂਗ  ਦੇ ਗੁਰਦਵਾਰੇ ਵਿੱਚ ਰਹਿੰਦੇ ਹੋਏ ਕਨੇਡਾ ਦੀ ਸਰਕਾਰ ਵੱਲੋਂ ਆਉਣ ਦੀ ਆਗਿਆ ਨੂੰ ਹਸਰਤ ਭਰੀਆਂ ਅੱਖਾਂ ਨਾਲ ਉਡੀਕਦੇ ਰਹੇ।(5) ਇਹ ਇਜਾਜ਼ਤ ਅਖੀਰ ਜੁਲਾਈ 1913 ਵਿੱਚ 'ਰਹਿਮ ਦੇ ਅਧਾਰ' ਵਜੋਂ ਆਈ। ਹਾਕਮ ਸਿੰਘ ਹੁੰਦਲ ਨੇ ਉਨ੍ਹਾਂ ਵਾਸਤੇ ਵੈਨਕੂਵਰ ਦੇ ਪੁਆਇੰਟ ਗਰੇਅ ਇਲਾਕੇ ਵਿੱਚ ਇੱਕ ਘਰ ਤਿਆਰ ਕਰ ਰੱਖਿਆ ਸੀ। ਇੱਥੇ ਹੀ ਬੱਚੇ ਸਥਾਨਕ ਐਲੀਮੈਂਟਰੀ ਅਤੇ ਹਾਈ ਸਕੂਲ ਵਿੱਚ ਗਏ ਅਤੇ ਬਾਅਦ ਵਿੱਚ ਇੰਡੋ-ਕਨੇਡੀਅਨ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਬਣਾਉਂਦੇ ਹੋਏ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚੇ।(6)

ਕਪੂਰ ਇਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸਦੇ ਵਿਕਟੋਰੀਆ ਵਿੱਚ 'ਸੰਸਾਰ' ਦੇ ਸਟਾਫ ਮੈਂਬਰ ਹੋਣ ਦੇ ਦੌਰਾਨ 'ਸੰਸਾਰ' ਨੇ ਇਮੀਗਰੇਸ਼ਨ ਵਿਭਾਗ ਨਾਲ ਇਨ੍ਹਾਂ ਦੀ ਜੱਦੋ-ਜਹਿਦ ਦੀਆਂ ਕਈਆਂ ਖਬਰਾਂ ਲਾਈਆਂ ਸਨ। ਕਪੂਰ ਦੇ ਸਹਿਯੋਗੀ ਅਤੇ 'ਸੰਸਾਰ' ਦੇ ਸੰਪਾਦਕ ਕਰਤਾਰ ਸਿੰਘ ਹੁੰਦਲ ਦੀ ਹਾਕਮ ਨਾਲ ਰਿਸ਼ਤੇਦਾਰੀ ਸੀ। ਇਸ ਤੋਂ ਇਲਾਵਾ ਕਪੂਰ ਵਾਂਗ ਹਾਕਮ ਸਿੰਘ ਵੀ ਜਗੀਰਦਾਰ ਪਰਿਵਾਰ ਨਾਲ ਸਬੰਧਤ ਸੀ ਅਤੇ ਉਨ੍ਹਾਂ ਦੇ ਖਾਨਦਾਨੀ ਰੁਤਬੇ ਦੀ ਸਾਂਝ ਉਨ੍ਹਾਂ ਦੀ ਨਿੱਜੀ ਸਾਂਝ ਦਾ ਆਧਾਰ ਬਣੀ। ਬਾਅਦ ਵਿੱਚ ਜਦੋਂ ਕਪੂਰ ਅਤੇ ਉਸਦਾ ਪਰਿਵਾਰ ਕੈਟਸੀਲੈਨੋ ਇਲਾਕੇ ਵਿੱਚ ਰਹਿੰਦੇ ਸਨ, ਹਾਕਮ ਸਿੰਘ (ਉਸ ਵੇਲੇ ਬਜ਼ੁਰਗ ਹੋ ਗਿਆ ਸੀ) ਆਮ ਹੀ ਅਲਮਾ ਸਟਰੀਟ ਤੋਂ ਯੌਰਕ ਸਟਰੀਟ ਤੱਕ ਵੀਹ ਬਲਾਕ ਤੁਰ ਕੇ ਉਨ੍ਹਾਂ ਦੇ ਘਰ ਆਉਂਦਾ। ਉਸ ਨਾਲ ਉਸਦਾ ਕੁੱਤਾ ਹੁੰਦਾ ਅਤੇ ਹੱਥ ਵਿੱਚ ਖੂੰਡੀ ਹੁੰਦੀ। ਕਪੂਰ ਦੇ ਬੱਚਿਆਂ ਨੂੰ ਆਪਣੀ ਮਾਂ ਤੋਂ ਪਤਾ ਲੱਗਾ ਕਿ ਪੰਜਾਬ ਵਿੱਚ ਕਿਸੇ ਜਾਗੀਰਦਾਰ ਦੀ ਪਛਾਣ ਉਸ ਕੋਲ ਘੋੜੇ, ਕੁੱਤੇ ਅਤੇ ਖੂੰਡੀ ਤੋਂ ਹੁੰਦੀ ਸੀ। ਇਹ ਨਿਸ਼ਾਨੀਆਂ ਸਨ। ਉਸ ਵੇਲੇ ਜਗੀਰਦਾਰ ਕੋਲ ਵੈਨਕੂਵਰ ਵਿੱਚ ਘੋੜਾ ਤਾਂ ਨਹੀਂ ਸੀ ਪਰ ਕੁੱਤਾ ਅਤੇ ਖੂੰਡੀ ਜ਼ਰੂਰ ਸਨ।(7)

ਕਪੂਰ ਉਦੋਂ ਓਂਟੇਰੀਓ ਵਿੱਚ ਹੀ ਰਹਿੰਦਾ ਸੀ, ਜਦੋਂ ਉਸ ਨੇ ਪਹਿਲੀ ਵਾਰ 1915-16 ਵਿੱਚ ਬਸੰਤ ਕੌਰ ਨੂੰ ਕਨੇਡਾ ਮੰਗਵਾਉਣ ਲਈ ਅਪਲਾਈ ਕੀਤਾ ਸੀ।  ਇਹ ਸਮਾਂ ਉਸਦੇ ਨਾਈ ਦੀ ਦੁਕਾਨ ਵਿੱਚ ਵੜਣ ਤੋਂ ਸਾਲ ਤੋਂ ਥੋੜ੍ਹਾ ਕੁ ਪਿੱਛੋਂ ਸੀ, ਜਦੋਂ ਉਸ ਨੇ ਕਨੇਡਾ ਦੇ ਸਮਾਜ ਵਿੱਚ ਫਿੱਟ ਹੋਣ ਲਈ ਆਪਣੀ ਦਿੱਖ ਬਦਲਣ ਲਈ ਪਹਿਲੀ ਸ਼ੇਵ ਕਰਵਾਈ ਅਤੇ ਕੇਸ ਕਟਵਾਏ ਸਨ। ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਹੈ ਕਿ ਉਸਦੇ ਰਾਜਨੀਤਕ ਪਹੁੰਚ ਵਾਲੇ ਮਿੱਤਰ, ਵਿਲੀਅਮ ਮੂਰ ਜਿਹੜਾ ਉਸ ਨੂੰ ਓਂਟੇਰੀਓ ਵਿੱਚ ਰਹਿਣ ਲਈ ਜ਼ੋਰ ਪਾਉਂਦਾ ਸੀ ਨੇ ਹੀ ਉਸ ਨੂੰ ਬਸੰਤ ਕੌਰ ਦੇ ਦਾਖਲੇ ਲਈ ਇਮੀਗਰੇਸ਼ਨ ਵਿਭਾਗ ਨੂੰ ਅਰਜ਼ੀ ਲਿਖਣ ਲਈ ਪ੍ਰੇਰਿਆ ਹੋਵੇ। ਉਹ ਉਸ ਵੇਲੇ ਪੱਚੀ ਸਾਲ ਦੀ ਸੀ ਅਤੇ ਉਨ੍ਹਾਂ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ ਪਰ ਉਨ੍ਹਾਂ ਨੇ ਹਾਲੇ ਇਕੱਠੇ ਰਹਿਣ ਲੱਗਣਾ ਸੀ।

1916 ਦੀ ਜਨਵਰੀ ਦੇ ਸ਼ੁਰੂ ਵਿੱਚ ਕਪੂਰ ਦੀ ਅਰਜ਼ੀ ਓਟਵਾ ਦੇ ਇਮੀਗਰੇਸ਼ਨ ਸੁਪਰਡੈਂਟ, ਵਿਲੀਅਮ ਡੰਕਨ ਸਕੌਟ ਦੀ ਮੇਜ਼ `ਤੇ ਪਹੁੰਚੀ। ਵਿਲੀਅਮ ਡੰਕਨ ਸਕੌਟ ਬਹੁਤ ਪੁਰਾਣਾ ਅਫਸਰ ਸੀ। ਜਦੋਂ ਤੋਂ ਪੰਜਾਬੀ ਕਨੇਡਾ ਵਿੱਚ ਆਉਣ ਲੱਗੇ ਸਨ ਅਤੇ ਜਦੋਂ ਤੋਂ ਉਨ੍ਹਾਂ ਨੂੰ ਰੋਕਣ ਲਈ ਸਥਾਨਕ ਲੋਕਾਂ ਦਾ ਦਬਾਅ ਵਧਿਆ ਸੀ, ਉਹ ਉਦੋਂ ਤੋਂ ਹੀ ਸਾਊਥ ਏਸ਼ੀਅਨ ਲੋਕਾਂ ਦੀ ਫਾਈਲ ਤੋਂ ਜਾਣੂੰ ਸੀ। ਜੰਗ ਦੇ ਸਮੇਂ ਵੇਲੇ ਉਹ ਸਾਊਥ ਏਸ਼ੀਅਨ ਲੋਕਾਂ ਦੇ ਕੇਸ ਨੂੰ ਮੁੜ ਵਿਚਾਰਨ ਲੱਗਾ। ਅਤੇ ਆਪਣੇ ਤੋਂ ਉੱਪਰਲੇ ਅਫ਼ਸਰਾਂ ਨੂੰ ਭੇਜੇ ਯਾਦ-ਪੱਤਰਾਂ ਵਿੱਚ ਉਸ ਨੇ ਬੀਵੀਆਂ ਅਤੇ ਬੱਚਿਆਂ ਦੇ ਦਾਖਲੇ ਦੀ ਵਕਾਲਤ ਕੀਤੀ। ਕਪੂਰ ਇਸ ਬਾਰੇ ਨਹੀਂ ਸੀ ਜਾਣਦਾ ਪਰ ਸਕੌਟ ਨੇ ਉਸਦੀ ਅਰਜ਼ੀ ਨੂੰ ਸਹਿਯੋਗ ਦਿੱਤਾ ਸੀ ਅਤੇ ਕਨੇਡਾ ਵਿੱਚ ਸਾਊਥ ਏਸ਼ੀਅਨਾਂ ਪ੍ਰਤੀ ਇਮੀਗਰੇਸ਼ਨ ਨੀਤੀ ਨੂੰ ਮੁੜ ਉਦਾਰਤਾ ਨਾਲ ਵਿਚਾਰਨ ਲਈ ਇਸ ਅਰਜ਼ੀ ਨੂੰ ਦਲੀਲ ਵਜੋਂ ਵਰਤਿਆ ਸੀ। ਕਪੂਰ ਦੇ ਨਰਮ ਖਿਆਲੀ ਰਾਜਨੀਤਕ ਵਿਚਾਰ ਅਤੇ ਉਸਦੀ ਕਾਮਯਾਬੀ ਕਾਰਣ ਉਸਦਾ ਕੇਸ ਅੱਗੇ ਵਿਚਾਰਨ ਲਈ ਢੁੱਕਵਾਂ ਸੀ। ਪਰ ਇਹ ਇੱਥੋਂ ਤੱਕ ਹੀ ਰਿਹਾ। ਸਰਕਾਰ ਵਿੱਚ ਰਾਜਨੀਤਕ ਮੁਖੀ ਬੀ. ਸੀ. ਦੇ ਗੋਰੇ ਵੋਟਰਾਂ ਨੂੰ ਆਪਣੇ ਵਿਰੁੱਧ ਕਰਨ ਦਾ ਹਾਲੇ ਖਤਰਾ ਨਹੀਂ ਸੀ ਸਹੇੜਣਾ ਚਾਹੁੰਦੇ।(8)

ਬਸੰਤ ਕੌਰ ਸੱਤ ਹੋਰ ਸਾਲ ਲੰਘਣ ਤੋਂ ਬਾਅਦ ਹੀ ਕਪੂਰ ਕੋਲ ਆ ਸਕੀ। ਜੰਗ ਦੇ ਪਹਿਲੇ ਸਾਲਾਂ ਵਿੱਚ ਕਪੂਰ ਦੇ ਦੋਸਤ ਕਰਤਾਰ ਸਿੰਘ ਹੁੰਦਲ, ਡਾ: ਸੁੰਦਰ ਸਿੰਘ ਅਤੇ ਉਨ੍ਹਾਂ ਦੇ ਅੰਗ੍ਰੇਜ਼ -ਕਨੇਡੀਅਨ ਦੋਸਤਾਂ ਦੇ ਇੱਕ ਛੋਟੇ ਗਰੁੱਪ ਨੇ ਅਖਬਾਰਾਂ ਰਾਹੀਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤਾਂ ਵਿੱਚ ਦਲੀਲ ਦਿੱਤੀ ਕਿ ਯੂਰਪ ਵਿੱਚ ਕਨੇਡੀਅਨ ਅਤੇ ਭਾਰਤੀ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੇ ਸਨ, ਇਸ ਲਈ ਭਾਰਤੀ ਕਨੇਡਾ ਵਿੱਚ ਬੇਹਤਰ ਸਲੂਕ ਦੇ ਅਧਿਕਾਰੀ ਸਨ।(9) ਜਿਨ੍ਹਾਂ ਲੋਕਾਂ ਤੱਕ ਉਨ੍ਹਾਂ ਨੇ ਪਹੁੰਚ ਕੀਤੀ, ਸਕੌਟ ਉਨ੍ਹਾਂ ਵਿੱਚੋਂ ਇੱਕ ਸੀ। ਅਤੇ ਲੰਡਨ ਤੋਂ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ਸੁਨੇਹੇ ਮਿਲ ਰਹੇ ਸਨ ਕਿ ਕਨੇਡਾ ਦੀ ਇਮੀਗਰੇਸ਼ਨ ਨੀਤੀ ਸਿੱਖਾਂ ਨੂੰ ਪੰਜਾਬ ਅਤੇ ਭਾਰਤੀ ਸੈਨਾ ਵਿੱਚ ਐਨਾ ਤੰਗ ਕਰ ਰਹੀ ਸੀ ਕਿ ਇਸ ਨੇ ਭਾਰਤ ਵਿੱਚ ਬਰਤਾਨਵੀ ਸਲਤਨਤ ਦੀ ਸਲਾਮਤੀ ਨੂੰ ਧਮਕਾ ਦਿੱਤਾ ਸੀ।

1917 ਦੀ ਪੱਤਝੜ ਵਿੱਚ ਓਟਵਾ ਵਿੱਚ ਅਫਸਰਸ਼ਾਹੀ ਅਤੇ ਸਿਆਸਤਦਾਨ, ਪਤਨੀਆਂ ਅਤੇ ਬੱਚਿਆਂ ਨੂੰ ਦਾਖਲੇ ਦੀ ਛੋਟ ਦੇਣ ਦੀ ਸ਼ਬਦਾਵਲੀ ਲਈ ਹੀ ਰਾਜ਼ੀ ਹੋਏ ਪਰ ਇਹ ਅਗਲੇ ਸੋਲ੍ਹਾਂ ਮਹੀਨੇ ਨੀਤੀ ਨਹੀਂ ਬਣੀ ਅਤੇ ਅਖੀਰ ਮਾਰਚ 1919 ਵਿੱਚ ਬਣ ਗਈ। ਪਰ ਬੀ. ਸੀ. ਦੇ ਗੋਰੇ ਲੋਕਾਂ ਵਿੱਚ ਵਿਵਾਦ ਖੜ੍ਹਾ ਹੋਣ ਦੇ ਡਰੋਂ ਇਹ ਨੀਤੀ ਚੁੱਪ ਕੀਤੇ ਹੀ ਬਣੀ। ਹੋਰ ਸਾਊਥ ਏਸ਼ੀਅਨਾਂ ਵਾਂਗ ਕਪੂਰ ਤੇ ਬਸੰਤ ਕੌਰ ਲਈ ਇਸ ਵਿੱਚ ਵੱਡੇ ਅੜਿੱਕੇ ਸਨ।  ਕਨੇਡਾ ਦੀ ਸਰਕਾਰ ਮੰਗ ਕਰਦੀ ਸੀ ਕਿ ਪਤਨੀ ਜਾਂ ਬੱਚੇ ਕੋਲ ਪੰਜਾਬ ਵਿੱਚ ਕਮਿਸ਼ਨਰ ਜਾਂ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਸਰਟੀਫੀਕੇਟ ਹੋਵੇ, ਜਿਹੜਾ ਕਨੇਡਾ ਤੋਂ ਸਪੌਂਸਰ ਕਰਨ ਵਾਲੇ ਪਤੀ ਜਾਂ ਪਿਤਾ ਨਾਲ ਰਿਸ਼ਤੇ ਨੂੰ ਤਸਦੀਕ ਕਰੇ। ਪੰਜਾਬ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਕਾਂਟ-ਛਾਂਟ ਕਰਨ ਲਈ ਇਹ ਇੱਕ ਹੋਰ ਦਸਤਾਵੇਜ਼ ਸੀ ਅਤੇ ਦੇਰੀ ਕਰਨ ਦਾ ਇੱਕ ਹੋਰ ਸਾਧਨ ਅਤੇ ਔਰਤਾਂ ਨੂੰ ਇੱਕ ਸਾਲ ਤੋਂ ਅਗਲੇ ਸਾਲ ਤੱਕ ਇਜਾਜ਼ਤਨਾਮੇ ਦੀ ਉਡੀਕ ਵਿੱਚ ਵਾਧਾ। ਕਨੇਡਾ ਦਾ ਇਮੀਗਰੇਸ਼ਨ ਵਿਭਾਗ ਇਸ ਸਮੱਸਿਆ ਅਤੇ ਕਨੇਡਾ ਵਿਚਲੇ ਪੰਜਾਬੀਆਂ ਦੀ ਨਿਰਾਸ਼ਾ ਬਾਰੇ ਭਲੀ-ਭਾਂਤ ਜਾਣਦਾ ਸੀ ਪਰ ਦੋ ਸਾਲ ਪਿੱਛੋਂ ਵੀ ਇਸ ਸਮੱਸਿਆ ਦੇ ਹੱਲ ਲਈ ਉਹ ਭਾਰਤ ਦੇ ਅਫਸਰਾਂ ਨਾਲ ਗੱਲਬਾਤ ਨਹੀਂ ਸੀ ਕਰ ਰਹੇ।(10)

ਇਸ ਨਵੀਂ ਨੀਤੀ ਤਹਿਤ ਪਹਿਲੀਆਂ ਦੋ ਔਰਤਾਂ 1921 ਵਿੱਚ ਆਈਆਂ।(11) ਅਗਲੇ ਸਾਲ ਬਸੰਤ ਕੌਰ ਨੇ ਸੱਤ ਹੋਰ ਔਰਤਾਂ, ਬਹੁਤ ਸਾਰੇ ਬੰਦਿਆਂ ਅਤੇ ਕੁਝ ਬੱਚਿਆਂ ਨਾਲ ਭਾਰਤ ਨੂੰ ਛੱਡਿਆ। ਜਿਵੇਂ ਆਮ ਤੌਰ `ਤੇ ਦਿਹਾਤੀ  ਪੰਜਾਬੀ ਕਰਦੇ ਸਨ, ਉਨ੍ਹਾਂ ਨੇ ਵੀ ਜੱਥੇ ਦੇ ਰੂਪ ਵਿੱਚ ਹੀ ਯਾਤਰਾ ਕੀਤੀ। ਵੱਖ-ਵੱਖ ਪਿੰਡਾਂ ਤੋਂ ਚੱਲ ਕੇ, ਇਕੱਠੇ ਸਫਰ ਕਰਨ ਦੀ ਯੋਜਨਾ ਨਾਲ ਉਹ ਇੱਕੋ ਵੇਲੇ ਜਹਾਜ਼ ਵਿੱਚ ਸਵਾਰ ਹੋਏ ਅਤੇ ਸਾਰੇ ਸਫਰ ਦੌਰਾਨ ਇਕੱਠੇ ਰਹੇ। ਕੁਝ ਔਰਤਾਂ ਦੇ ਨਾਲ ਉਨ੍ਹਾਂ ਦੇ ਪਤੀ ਸਨ, ਜਿਹੜੇ ਉਨ੍ਹਾਂ ਨੂੰ ਲੈਣ ਹੀ ਕਨੇਡਾ ਤੋਂ ਮੁੜੇ ਸਨ ਅਤੇ ਉਨ੍ਹਾਂ ਕੋਲ ਜੱਥੇ ਦੀ ਅਗਵਾਈ ਕਰਨ ਲਈ ਯਾਤਰਾ ਦਾ ਅਭਿਆਸ ਸੀ। ਕਪੂਰ ਦਾ ਵੱਡਾ ਭਰਾ, ਭਗਵਾਨ ਜਿਹੜਾ ਕਨੇਡਾ ਵਿੱਚ ਕੁਝ ਦੇਰ ਰਹਿ ਕੇ ਭਾਰਤ ਵਿੱਚ ਹੀ ਸੀ, ਉਹ ਬਸੰਤ ਕੌਰ ਨੂੰ ਨਾਲ ਲੈ ਕੇ ਆਇਆ। ਇਸ ਸਫਰ ਦੌਰਾਨ ਉਸ ਨੇ ਕਪੂਰ ਦੇ ਭਰੋਸੇ ਨਾਲ ਖਿਲਵਾੜ ਕੀਤਾ, ਜਿਹੜਾ ਐਨਾ ਗੰਭੀਰ ਸੀ ਕਿ ਕਪੂਰ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਿਆ। ਕਪੂਰ ਨੇ ਉਸ ਨੂੰ ਯੂਰਪ ਰਾਹੀਂ ਦੋ ਪਹਿਲੇ ਦਰਜੇ ਦੇ ਸਫਰ ਵਾਸਤੇ ਪੈਸੇ ਭੇਜੇ ਪਰ ਉਹ ਬਸੰਤ ਕੌਰ ਨੂੰ ਸਟੀਅਰੇਜ ਕਲਾਸ ਰਾਹੀਂ ਹਾਂਗਕਾਂਗ ਵੱਲ ਦੀ ਲੈ ਕੇ ਆਇਆ ਅਤੇ ਬਾਕੀ ਬਚੇ ਪੈਸੇ ਆਪਣੇ ਕੋਲ ਹੀ ਰੱਖ ਗਿਆ।  ਹਾਂਗਕਾਂਗ ਰਾਹੀਂ ਸਫਰ ਕਰਨ ਲਈ ਉਹ ਇਹ ਦਲੀਲ ਦੇ ਸਕਦਾ ਸੀ ਕਿ ਉਸ ਨੇ ਹੋਰ ਆਉਣ ਵਾਲਿਆਂ ਦੇ ਨਾਲ ਹੀ ਇਹ ਰਸਤਾ ਚੁਣਿਆਂ ਪਰ ਉਹ ਜਾਣਦਾ ਸੀ ਕਿ ਕਪੂਰ ਇਸਦੀ ਉਮੀਦ ਨਹੀਂ ਸੀ ਰੱਖਦਾ। ਤਕਰੀਬਨ ਤੀਹ ਸਾਲ ਪਿੱਛੋਂ ਜਦੋਂ ਕਪੂਰ ਦੀਆਂ ਬੇਟੀਆਂ ਮੁਟਿਆਰਾਂ ਹੋ ਕੇ ਭਾਰਤ ਗਈਆਂ ਤਾਂ ਭਗਵਾਨ ਨੇ ਉਨ੍ਹਾਂ ਨੂੰ ਦੱਸਿਆ ਕਿ 1906 ਵਿੱਚ ਉਸ ਨੇ ਉਨ੍ਹਾਂ ਦੇ ਪਿਓ ਨੂੰ ਯੂਰਪ ਰਾਹੀਂ ਉੱਤਰੀ ਅਮਰੀਕਾ ਜਾਣ ਲਈ ਪਹਿਲੇ ਦਰਜੇ ਦੀ ਟਿਕਟ ਲੈ ਕੇ ਦਿੱਤੀ। ਇਹ ਸੱਚ ਨਹੀਂ ਸੀ। ਅਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਜੈਕੀ ਅਤੇ ਸੁਰਜੀਤ ਨੇ ਆਪਣੇ ਪਿਤਾ ਨੂੰ ਗੁੱਸੇ ਵਿੱਚ ਉਬਲਦੇ ਦੇਖਿਆ। "ਕੁੜੀਆਂ ਸਾਹਮਣੇ ਝੂਠ ਨਾ ਬੋਲ", ਉਹ ਬੋਲਿਆ।(12)

ਜਦੋਂ ਬਸੰਤ ਕੌਰ ਨੇ ਭਾਰਤ ਛੱਡਿਆ, ਉਹ ਹਾਲੇ ਘੁੰਡ ਕੱਢਦੀ ਸੀ। ਇਹ ਪਰਦੇ ਦੀ ਰਸਮ ਪੰਜਾਬੀ ਔਰਤਾਂ ਬਾਹਰਲੇ ਲੋਕਾਂ ਵਿੱਚ ਜਾਂ ਸਤਿਕਾਰ ਨਾਲ ਆਪਣੇ ਪਰਿਵਾਰ ਦੇ ਵੱਡੇ ਮਰਦਾਂ ਤੋਂ ਚੇਹਰਾ ਲੁਕਾਉਣ ਲਈ ਵਰਤਦੀਆਂ ਸਨ। ਕਨੇਡਾ ਵਿੱਚ ਕਪੂਰ ਨੇ ਉਸ ਨੂੰ ਇਹ ਰਸਮ ਛੱਡਣ ਲਈ ਪ੍ਰੇਰਿਆ ਅਤੇ ਉਹ ਬਿਨਾਂ ਕਿਸੇ ਹੀਲ-ਹੁੱਜਤ ਦੇ ਮੰਨ ਗਈ। ਫਿਰ ਵੀ ਕਨੇਡਾ ਆਉਣ ਵੇਲੇ ਰਸਤੇ ਵਿੱਚ ਜਦੋਂ ਉਹ ਹਾਂਗਕਾਂਗ ਦੀਆਂ ਤੰਗ ਗਲ਼ੀਆਂ ਵਿੱਚ ਭਗਵਾਨ ਦੇ ਮਗਰ ਚੱਲ ਰਹੀ ਸੀ ਤਾਂ ਘੁੰਡ ਨਾਲ ਉਸ ਨੂੰ ਵੇਖਣ ਵਿੱਚ ਅੜਿੱਕਾ ਪੈ ਰਿਹਾ ਸੀ ਅਤੇ ਉਹ ਬਲਦਾਂ ਵਾਲੀ ਗੱਡੀ ਉੱਪਰ ਲੱਦੇ ਲੋਹੇ ਦੇ ਸਰੀਆਂ ਨਾਲ ਟਕਰਾ ਗਈ। ਉਸਦੇ ਮੱਥੇ ਵਿੱਚ ਡੂੰਘਾ ਜ਼ਖਮ ਹੋ ਗਿਆ। ਉਸ ਨੇ ਕੋਲੋਂ ਲੰਘਦੇ ਕਿਸੇ ਰਾਹੀ ਤੋਂ ਸੁਣਿਆ," ਬੇਟੀ, ਤੇਰੇ ਸਿਰ `ਚੋਂ ਖੂਨ ਵਗ ਰਿਹਾ ਹੈ।"(13)

ਬਹੁਤ ਸਾਲਾਂ ਬਾਅਦ ਬਸੰਤ ਕੌਰ ਨੇ ਇਹ ਕਹਾਣੀ ਆਪਣੀਆਂ ਬੇਟੀਆਂ ਨੂੰ ਦੱਸੀ। ਉਸ ਨੇ ਦੱਸਿਆ ਕਿ ਉਸ ਨੂੰ ਡਰ ਸੀ ਕਿ ਇਸ ਸੱਟ ਕਾਰਣ ਉਹ ਕਿਤੇ ਮੈਡੀਕਲ ਵਿੱਚੋਂ ਫੇਲ੍ਹ ਨਾ ਹੋ ਜਾਵੇ। ਸਾਰੇ ਪ੍ਰਵਾਸੀਆਂ ਨੂੰ ਹਾਂਗਕਾਂਗ ਵਿੱਚ ਕਨੇਡਾ ਵੱਲ ਜਾਣ ਵਾਲੇ ਜਹਾਜ਼ `ਤੇ ਚੜ੍ਹਣ ਤੋਂ ਪਹਿਲਾਂ ਡਾਕਟਰੀ ਮੁਆਇਨਾ ਪਾਸ ਕਰਵਾਉਣਾ ਪੈਂਦਾ ਸੀ। ਜਦੋਂ ਇਹ ਮੁਆਇਨਾ ਹੋਇਆ ਤਾਂ ਉਹ ਫੇਲ੍ਹ ਹੋ ਗਈ। ਉਹ  ਜ਼ਖ਼ਮ ਕਰਕੇ ਨਹੀਂ ਸਗੋਂ ਉਸਦੇ ਰੋਣ ਨਾਲ ਲਾਲ ਹੋਈਆਂ ਅੱਖਾਂ ਕਰਕੇ ਫੇਲ੍ਹ ਹੋਈ ਸੀ। ਆਪਣਾ ਪਿੰਡ ਅਤੇ ਦੇਸ਼ ਛੱਡਣ ਲਈ ਉਹ ਭਾਵਨਾਤਮਕ ਤੌਰ `ਤੇ ਤਿਆਰ ਸੀ ਕਿਉਂ ਕਿ ਉਸਦੇ ਬਹੁਤ ਥੋੜ੍ਹੇ ਨੇੜੇ ਦੇ ਰਿਸ਼ਤੇਦਾਰ ਉੱਥੇ ਸਨ। ਉਸਦੇ ਪਿਤਾ ਦੀ ਬਹੁਤ ਸਾਲ ਪਹਿਲਾਂ ਮੌਤ ਹੋ ਗਈ ਸੀ, ਅਤੇ ਉਸਦਾ ਭਰਾ ਸੁੰਦਰ ਸਿੰਘ ਅਫਰੀਕਾ ਵਿੱਚ ਪ੍ਰਵਾਸ ਕਰ ਗਿਆ ਸੀ, ਜਿੱਥੇ ਉਸਦੀ 1920 ਵਿੱਚ ਮੌਤ ਹੋ ਗਈ ਸੀ। ਉਸਦਾ ਚਾਚਾ ਆਤਮਾ ਸਿੰਘ ਸੰਧੂ ਅਰਜਨਟਾਈਨਾ ਚਲਾ ਗਿਆ ਸੀ ਅਤੇ ਉਸਦੀ ਮੌਤ ਦੀ ਖਬਰ ਹਾਲ ਹੀ ਵਿੱਚ ਔੜ ਪਹੁੰਚੀ ਸੀ। ਉਸਦੇ ਨੇੜੇ ਦੇ ਪਰਿਵਾਰ ਵਿੱਚੋਂ ਉਸਦੀ ਮਾਂ ਹੀ ਸੀ, ਜਿਹੜੀ ਪਿੱਛੇ ਰਹਿ ਗਈ ਸੀ। ਪਰ ਉਸ ਨੂੰ ਕਨੇਡਾ ਆਉਣ ਦੇ ਰਾਹ ਵਿੱਚ ਵਿਦੇਸ਼ੀ ਆਲੇ-ਦੁਆਲੇ ਕਾਰਣ ਘਰ ਦੇ ਵਿਛੋੜੇ ਦਾ ਦੁੱਖ ਸਤਾਉਣ ਲੱਗਾ। ਜਦੋਂ ਹਾਂਗਕਾਂਗ ਵਿੱਚ ਡਾਕਟਰ ਨੇ ਉਸਦਾ ਡਾਕਟਰੀ ਮੁਆਇਨਾ ਕੀਤਾ ਤਾਂ ਉਸ ਨੂੰ ਅੱਖਾਂ ਵਿੱਚ ਲਾਲੀ ਦਿਸੀ ਅਤੇ ਉਸ ਨੇ ਇਸ ਨੂੰ ਕੁੱਕਰੇ ਕਰਾਰ ਦੇ ਦਿੱਤਾ। ਇਹ ਅੱਖਾਂ ਦੀ ਜਲਣ ਦਾ ਇਕ ਕਿਸਮ ਦਾ ਛੂਤ ਦਾ ਰੋਗ ਹੈ, ਜਿਸ ਨੂੰ ਕਨੇਡਾ ਅਤੇ ਅਮਰੀਕਾ ਦੇ ਇਮੀਗਰੇਸ਼ਨ ਵਾਲੇ ਡਾਕਟਰ ਸਾਊਥ ਏਸ਼ੀਅਨ ਪ੍ਰਵਾਸੀਆਂ ਵਿੱਚੋਂ ਲੱਭਦੇ ਅਤੇ ਇਸ ਨੂੰ ਜਾਣਬੁੱਝ ਕੇ ਉਨ੍ਹਾਂ ਨੂੰ ਫੇਲ੍ਹ ਕਰਨ ਲਈ ਵਰਤਦੇ। ਹਾਂਗਕਾਂਗ ਵਾਲੇ ਡਾਕਟਰ ਨੇ ਬਸੰਤ ਕੌਰ ਅਤੇ ਉਸਦੀਆਂ ਚਾਰ ਹੋਰ ਸਾਥਣਾਂ ਦੀਆਂ ਅੱਖਾਂ ਵਿੱਚ ਕੁੱਕਰੇ ਲੱਭੇ। ਉਨ੍ਹਾਂ ਪੰਜਾਂ ਨੂੰ ਇਲਾਜ (ਅੱਖਾਂ ਨੂੰ ਧੋਣਾ, ਵੈਸਲੀਨ ਅਤੇ ਰੋਗਾਣੂੰ-ਨਾਸ਼ਕ ਦਵਾਈ ਦਾ ਇਸਤੇਮਾਲ) ਲਈ ਉੱਥੇ ਰਹਿਣਾ ਪੈਣਾ ਸੀ ਅਤੇ ਬਾਕੀ ਚਲੇ ਗਏ। ਹਾਂਗਕਾਂਗ ਦੇ ਗੁਰਦਵਾਰੇ ਵਿੱਚ (ਇੱਥੋਂ ਗੁਜ਼ਰਨ ਵਾਲੇ ਹਰੇਕ ਸਿੱਖ ਯਾਤਰੀ ਦੀ ਇੱਥੇ ਠਹਿਰ ਹੁੰਦੀ) ਇਸ ਬਿਨ ਕਿਆਸੇ ਅਸਥਾਈ ਥਾਂ `ਤੇ ਲਮਕਾ ਦੇ ਅਨੁਭਵ ਨੇ ਉਨ੍ਹਾਂ ਨੂੰ ਉਮਰ ਭਰ ਲਈ ਦੋਸਤੀਆਂ ਦਿੱਤੀਆਂ। ਇਸ ਨਾਲ ਉਨ੍ਹਾਂ ਦਾ ਸਫਰ ਵੀ ਛੇ ਮਹੀਨੇ ਲੰਬਾ ਹੋ ਗਿਆ। ਉਨ੍ਹਾਂ ਨੇ 1922 ਵਿੱਚ ਘਰ ਛੱਡਿਆ ਸੀ ਪਰ ਬੀ. ਸੀ. ਵਿੱਚ 1923 ਵਿੱਚ ਪਹੁੰਚੇ।

ਕਪੂਰ ਨਹੀਂ ਜਾਣਦਾ ਸੀ ਕਿ ਉਹ ਕਿਸ ਜਹਾਜ਼ ਰਾਹੀਂ ਪਹੁੰਚ ਰਹੇ ਸਨ ਇਸ ਲਈ ਉਨ੍ਹਾਂ ਦੇ ਸਵਾਗਤ ਲਈ ਕੋਈ ਵੀ ਨਹੀਂ ਸੀ ਪਹੁੰਚਿਆ, ਜਦੋਂ ਉਨ੍ਹਾਂ ਦੇ ਜਹਾਜ਼ ਨੇ ਵਿਲੀਅਮ ਹੈੱਡ ਕੁਆਰਨਟਾਈਨ ਸਟੇਸ਼ਨ `ਤੇ ਆਪਣਾ ਲੰਗਰ ਸੁੱਟਿਆ। ਵਿਕਟੋਰੀਆ ਅਤੇ ਵੈਨਕੂਵਰ ਪਹੁੰਚਣ ਵਾਲੇ ਸਾਰੇ ਜਹਾਜ਼ ਪਹਿਲਾਂ ਇੱਥੇ ਰੁਕਦੇ। ਇੱਥੇ ਉਹ ਵਿਲੀਅਮ ਹੈੱਡ ਦਾ ਧਰਤੀ ਦਾ ਤੰਗ ਹਿੱਸਾ ਦੇਖ ਸਕਦੇ ਸਨ, ਜਿੱਥੇ ਹਸਪਤਾਲ ਦੀਆਂ ਇਮਾਰਤਾਂ ਤੇ ਸਟਾਫ਼ ਅਤੇ ਸ਼ਿੰਗਾਰਿਆ ਹੋਇਆ ਘਾਹ ਵਾਲਾ ਵਿਹੜਾ ਸੀ ਅਤੇ ਜਿਸ ਦੇ ਪਿਛੋਕੜ ਵਿੱਚ ਬੀ. ਸੀ. ਦੀ ਜੰਗਲੀ ਤੱਟ-ਰੇਖਾ ਸੀ। ਬਸੰਤ ਕੌਰ ਅਤੇ ਭਗਵਾਨ ਉੱਥੇ ਹੀ ਜਹਾਜ਼ ਤੋਂ ਬਾਹਰ ਆਏ ਅਤੇ ਕਪੂਰ ਨੂੰ ਮੇਓ ਸਾਈਡਿੰਗ `ਤੇ ਤਾਰ ਪਾ ਕੇ ਰਾਤ ਕੁਆਰਟੀਨ ਹਸਪਤਾਲ ਵਿੱਚ ਹੀ ਗੁਜ਼ਾਰੀ। ਉਹ ਉੱਥੋਂ ਅੱਸੀ ਕਿਲੋਮੀਟਰ ਦੂਰ ਸੀ। ਕਪੂਰ ਅਗਲੀ ਸਵੇਰ ਉੱਥੇ ਪਹੁੰਚਿਆ। ਉਸ ਨੇ ਵੈਨਕੂਵਰ ਵਿੱਚ ਯੌਰਕ ਐਵੇਨਿਊ `ਤੇ ਪਹਿਲਾਂ ਹੀ ਜ਼ਮੀਨ ਖ੍ਰੀਦ ਲਈ ਸੀ ਅਤੇ ਉਸ ਉੱਪਰ ਇੱਕ ਮਕਾਨ ਬਣਵਾ ਲਿਆ ਸੀ। ਇੱਥੋਂ ਸਮੁੰਦਰ ਅਤੇ ਪਹਾੜ ਨਜ਼ਰ ਆਉਂਦੇ। ਉਸ ਕੋਲ ਮੇਓ ਸਾਈਡਿੰਗ ਵਿੱਚ ਵੀ ਮਕਾਨ ਸੀ। ਉਸ ਨੂੰ ਸ਼ੱਕ ਸੀ ਕਿ ਛੋਟੇ ਸ਼ਹਿਰ ਵਰਗੇ ਪਿੰਡ ਵਿੱਚ ਵੱਡੀ ਹੋਈ ਹੋਣ ਕਰਕੇ ਉਹ ਦੂਰ ਆਰਾ ਮਿੱਲ `ਤੇ ਵਸੀ ਇੱਕ ਛੋਟੀ ਕਮਿਊਨਿਟੀ ਵਿੱਚ ਖੁਸ਼ ਨਹੀਂ ਰਹੇਗੀ। ਜਦੋਂ ਉਸ ਨੇ ਪੁੱਛਿਆ ਕਿ ਉਹ ਕਿੱਥੇ ਰਹਿਣਾ ਚਾਹੇਗੀ ਤਾਂ ਬਸੰਤ ਕੌਰ ਨੇ ਜਿਹੜਾ ਜਵਾਬ ਦਿੱਤਾ, ਉਹ ਉਨ੍ਹਾਂ ਦੇ ਉਸ ਤੋਂ ਬਾਅਦ ਦੇ ਰਿਸ਼ਤੇ ਨੂੰ ਪ੍ਰਭਾਸ਼ਿਤ ਕਰਦਾ ਸੀ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਦਰਸ਼ਨ ਕਰਨ ਆਈ ਸੀ ਅਤੇ ਉਹ ਇਸ ਨਾਲ ਸੰਤੁਸ਼ਟ ਸੀ। ਜਿੱਥੇ ਵੀ ਉਹ ਰਹੇਗਾ, ਇਹੀ ਉਸਦੀ ਖਾਹਿਸ਼ ਹੋਵੇਗੀ।(14)

ਕਪੂਰ ਵੱਲੋਂ ਬਸੰਤ ਕੌਰ ਨੂੰ ਦਿੱਤੀ ਚੋਣ ਵਿਚਾਰਨਯੋਗ ਸੀ ਪਰ  ਇਸ ਕਰਕੇ ਅਣਯਥਾਰਥਕ ਸੀ ਕਿ ਉਸ ਨੇ ਫਰਜ਼ ਕਰ ਲਿਆ ਸੀ ਕਿ ਉਹ ਸ਼ਾਇਦ ਅਜਨਬੀਆਂ ਵਿੱਚ ਬਿਗਾਨੀ ਧਰਤੀ `ਤੇ ਉਸ ਦੀਆਂ ਫੇਰੀਆਂ ਨੂੰ ਉਡੀਕਦੀ ਰਹਿਣਾ ਚਾਹੇਗੀ। ਫਿਰ ਵੀ ਉਸਦੀ ਖੁੱਲ੍ਹ ਦੇਣ ਦੀ ਇੱਛਾ ਖਾਸ ਸੀ ਅਤੇ ਹਰ ਨਵੀਂ ਪੰਜਾਬੀ ਪਤਨੀ ਆਪਣੇ ਪਤੀ ਜਾਂ ਕਿਸੇ ਰਿਸਤੇਦਾਰ ਤੋਂ ਇਸਦੀ ਆਸ ਨਹੀਂ ਰੱਖਦੀ। ਕੁਝ ਵੀ ਹੋਵੇ, ਇਹ ਸਨੇਹਪੂਰਨ ਸੀ। ਇਹ ਇੱਕ ਵੱਖਰੀ ਗੱਲ ਸੀ।  ਉਸ ਸਮੇਂ ਕਨੇਡਾ ਆਈਆਂ ਔਰਤਾਂ ਵਿੱਚ ਇੱਕ ਧਨ ਕੌਰ ਜੌਹਲ ਸੀ। ਉਸਦਾ ਘਰਵਾਲਾ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹ ਵੈਨਕੂਵਰ ਵਿੱਚ ਆਰਾ ਮਿੱਲ ਦੇ ਬੰਕਹਾਊਸ ਵਿੱਚ ਰਹਿੰਦੇ ਸਨ। ਉਹ ਪੰਦਰਾਂ ਟਰੱਕਾਂ ਨਾਲ ਕਾਰੋਬਾਰ ਕਰਦੇ ਸਨ ਅਤੇ ਉਨ੍ਹਾਂ ਨੇ ਪੱਚੀ ਬੰਦਿਆਂ ਨੂੰ ਕੰਮ `ਤੇ ਰੱਖਿਆ ਹੋਇਆ ਸੀ। ਵੱਡੇ ਭਰਾਵਾਂ ਦੀਆਂ ਪਤਨੀਆਂ ਪੰਜਾਬ ਵਿੱਚ ਉਨ੍ਹਾਂ ਦੇ ਪਿੰਡ ਰਹਿੰਦੀਆਂ ਸਨ। ਉਨ੍ਹਾਂ ਨੇ ਛੋਟੇ ਭਰਾ ਨੂੰ ਵਿਆਹ ਕਰਵਾਉਣ ਲਈ ਭਾਰਤ ਭੇਜਿਆ ਅਤੇ ਉਹ ਦੋ ਸਾਲਾਂ ਦੀ ਗੈਰਹਾਜ਼ਰੀ ਤੋਂ ਬਾਅਦ ਆਪਣੀ ਪਤਨੀ ਧਨ ਕੌਰ ਅਤੇ ਆਪਣੀ ਬੱਚੀ ਨਾਲ ਕਨੇਡਾ ਮੁੜਿਆ। ਜਦੋਂ ਉਨ੍ਹਾਂ ਦਾ ਜਹਾਜ਼ ਜਾਪਾਨ ਵਿੱਚ ਬੰਦਰਗਾਹ `ਤੇ ਲੱਗਾ, ਬਾਜ਼ਾਰ ਤੋਂ ਚੀਜ਼ਾਂ ਵੇਚਣ ਕਈ ਲੋਕ ਜਹਾਜ਼ `ਤੇ ਆ ਗਏ। ਉਸ ਨੇ ਇੱਕ ਸਕਰਟ ਖ੍ਰੀਦ ਲਈ ਅਤੇ ਆਪਣੀ ਪਤਨੀ ਨੂੰ ਜ਼ੋਰ ਪਾਉਣ ਲੱਗਾ ਕਿ ਵੈਨਕੂਵਰ ਜਹਾਜ਼ ਤੋਂ ਉਤਰਨ ਵੇਲੇ ਇਸ ਨੂੰ ਪਹਿਨੇ। ਉਸਦੇ ਵੈਨਕੂਵਰ ਪਹੁੰਚਣ ਤੋਂ ਕੁਝ ਦਿਨ ਬਾਅਦ ਤੱਕ ਵੀ ਉਹ ਪੰਜਾਬੀ ਸੂਟ(ਸਲਵਾਰ ਕਮੀਜ਼) ਪਹਿਨਦੀ ਰਹੀ, ਜਦੋਂ ਤੱਕ ਕਿ ਘਰ ਦੇ ਮੁਖੀ, ਉਸਦੇ ਵੱਡੇ ਜੇਠ ਨੇ ਇਨ੍ਹਾਂ ਨੂੰ ਲੱਕੜ ਵਾਲੇ ਸਟੋਵ ਵਿੱਚ ਸਾੜ ਨਾ ਦਿੱਤਾ।

ਭਰਾਵਾਂ ਨੇ ਉਨ੍ਹਾਂ ਦੇ ਰਹਿਣ ਲਈ ਇੱਕ ਘਰ ਖ੍ਰੀਦ ਕੇ ਦਿੱਤਾ, ਖਾਣਾ ਪਕਾਉਣ ਅਤੇ ਬੱਚੇ ਦੀ ਦੇਖ-ਭਾਲ ਲਈ ਇੱਕ ਜਾਪਾਨੀ ਕੁੜੀ ਨੂੰ ਨੌਕਰ ਰੱਖਿਆ ਅਤੇ ਧੰਨ ਕੌਰ ਦੇ ਪਹੁੰਚਣ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਨੇ ਨਵੀਂ 1923 ਮਾਡਲ ਦੀ ਸ਼ੈਵਰਲੇ ਕਾਰ ਖ੍ਰੀਦੀ। ਅਗਲੇ ਦਿਨ ਉਸਦੇ ਜੇਠ ਨੇ ਉਸ ਨੂੰ ਕਾਰ ਚਲਾਉਣੀ ਸਿਖਾਈ ਅਤੇ ਉਸ ਤੋਂ ਬਾਅਦ ਹਰ ਰੋਜ਼ ਉਹ ਦਸ ਬਲਾਕ ਕਾਰ ਚਲਾ ਕੇ ਆਰਾ ਮਿੱਲ `ਤੇ ਬੰਦਿਆਂ ਨੂੰ ਦੁਪਹਿਰ ਦਾ ਖਾਣਾ ਦੇਣ ਜਾਂਦੀ। ਬਾਅਦ ਵਿੱਚ ਉਹ ਆਪਣੀਆਂ ਸਹੇਲੀਆਂ ਨੂੰ ਵੀ ਕਾਰ `ਤੇ ਲਿਜਾਣ ਲੱਗ ਪਈ। ਇਹ ਸਹੇਲੀਆਂ ਵੈਨਕੂਵਰ ਵਿੱਚ ਸੈੱਟ ਹੋਣ ਵਾਲੀਆਂ ਚਾਰ ਹੋਰ ਜਵਾਨ ਪੰਜਾਬਣਾਂ ਸਨ। ਉਹ ਉਨ੍ਹਾਂ ਨੂੰ ਬੀਚ `ਤੇ, ਵੁੱਡਵਰਡ ਸਟੋਰ `ਚ ਖ੍ਰੀਦੋ-ਫਰੋਖਤ ਕਰਨ ਜਾਂ ਸ਼ਾਇਦ ਏਧਰ-ਓਧਰ ਘੁੰਮਣ ਲਈ ਲੈ ਜਾਂਦੀ। ਇਹ ਸ਼ਹਿਰ ਦੀ ਜ਼ਿੰਦਗੀ ਸੀ।  ਧੰਨ ਕੌਰ ਲਈ ਇਹ ਇਕੱਲਤਾ ਅਤੇ ਹੰਝੂਆਂ ਨਾਲ ਸ਼ੁਰੂ ਹੋਈ ਸੀ ਪਰ ਪਿਆਰ ਭਰੇ ਗ੍ਰਹਿਸਥ ਅਤੇ ਵੱਡੇ ਹੋ ਰਹੇ ਪਰਿਵਾਰ ਕਾਰਣ ਹਰੀ-ਭਰੀ ਹੋ ਗਈ। ਘਰ ਦੇ ਬੰਦੇ ਨਹੀਂ ਸੀ ਚਾਹੁੰਦੇ ਕਿ ਉਹ ਅੰਗ੍ਰੇਜ਼-ਕਨੇਡੀਅਨਾਂ ਦੇ ਤੰਗ ਨਜ਼ਰੀਏ ਵਾਲੇ ਵਾਤਾਵਰਣ ਵਿੱਚ ਵਿਰੋਧਭਾਵੀ ਧਿਆਨ ਖਿੱਚੇ ਇਸ ਕਰਕੇ ਹੀ ਉਹ ਪੱਛਮੀ ਪਹਿਰਾਵਾ ਪਹਿਨਣ ਲਈ  ਜ਼ੋਰ ਪਾਉਂਦੇ ਸਨ।(15)

ਮੇਓ ਸਾਈਡਿੰਗ `ਤੇ ਬਸੰਤ ਕੌਰ ਪੰਜਾਬੀ ਸੂਟ ਪਹਿਨਦੀ ਸੀ। ਉਸ ਨੇ ਪੱਛਮੀ ਪਹਿਰਾਵਾ ਵੀ ਅਪਣਾ ਲਿਆ ਸੀ ਪਰ ਉਹ ਆਪਣੀ ਪੀੜ੍ਹੀ ਦੀਆਂ ਕਨੇਡਾ ਵਿੱਚ ਹੋਰ ਪੰਜਾਬੀ ਔਰਤਾਂ ਵਾਂਗ ਦੁਪੱਟਾ ਵੀ ਰੱਖਦੀ। ਇਹ ਕਰਨਾ ਸੁਖਾਲਾ ਸੀ ਪਰ ਪੰਜਾਬੀ ਸੂਟ ਸਵਾਉਣੇ ਮੁਸ਼ਕਲ ਸਨ ਕਿਉਂ ਕਿ ਇੱਥੋਂ ਦੇ ਦਰਜ਼ੀਆਂ ਨੂੰ ਇਹ ਸਿਉਣੇ ਨਹੀਂ ਸੀ ਆਉਂਦੇ।

ਮੇਓ ਸਾਈਡਿੰਗ `ਤੇ ਕਪੂਰ ਨੇ ਮਕਾਨ ਬਨਵਾਉਣ ਲਈ ਜਾਪਾਨੀ ਮਜ਼ਦੂਰ ਰੱਖੇ। ਇਹ ਕਨੇਡੀਅਨ ਫਾਰਮ ਹਾਊਸ ਸਟਾਈਲ ਦਾ ਕਲੈਪਬੋਰਡ ਬਣਤਰ ਵਾਲਾ ਵੱਡਾ ਦੋ-ਮੰਜ਼ਿਲਾ ਮਕਾਨ ਸੀ।  ਇਸ ਦੇ ਤਿੰਨ ਪਾਸੇ ਵਰਾਂਡਾ ਸੀ ਅਤੇ ਇਹ ਤਿੰਨ ਏਕੜ ਦੀ ਲਾਟ ਵਿੱਚ ਬਣਿਆ ਹੋਇਆ ਸੀ ਅਤੇ ਇਸਦੇ ਆਲੇ ਦੁਆਲੇ ਕਿੱਲੀਆਂ ਦੀ ਵਾੜ ਸੀ ਜਿਸਦੇ ਪਿੱਛੇ ਹੇਮਲੌਕ ਦੇ ਦਰੱਖਤ ਸਨ। ਮੇਓ, ਉਸਦੇ ਵੱਡੇ ਭਰਾ ਘਨੱਈਆ ਅਤੇ ਦੁੰਮਣ ਸਿੰਘ ਨੇ ਵੀ ਛੇਤੀ ਪਿੱਛੋਂ ਆਪਣੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੇ ਮਕਾਨ ਹੋਰ ਗੁੰਝਲਦਾਰ ਛੱਤਾਂ ਵਾਲੇ ਸਨ ਅਤੇ ਉਨ੍ਹਾਂ ਦੇ ਮੂਹਰਲੇ ਹਿੱਸੇ ਵਿੱਚ ਬਣੇ ਪੋਰਚਾਂ `ਤੇ ਛੱਤਾਅ ਵੀ ਕੀਤਾ ਹੋਇਆ ਸੀ। ਪਰ ਜਦੋਂ ਬਸੰਤ ਕੌਰ ਪਹਿਲੀ ਵਾਰ ਉੱਥੇ ਪਹੁੰਚੀ ਸੀ, ਉਦੋਂ ਕਪੂਰ ਦਾ ਘਰ ਵੱਧ ਪ੍ਰਭਾਵਸ਼ਾਲੀ ਸੀ, ਉਸਦੇ ਪਿੱਛੇ ਦਰਖਤਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਅਤੇ ਦੋ ਕਿਲੋਮੀਟਰ ਦੂਰੀ `ਤੇ ਪਹਾੜੀ 60 ਦਾ ਆਕਾਰ ਸੀ, ਜਿੱਥੇ ਲੱਕੜਹਾਰੇ ਮਿੱਲ ਵਾਸਤੇ ਦਰੱਖਤ ਡੇਗਦੇ।  ਪਹਾੜੀ 60 ਲੌਗਿੰਗ ਟਰੇਨਾਂ ਦਾ ਟਿਕਾਣਾ ਸੀ। ਟਰੇਨਾਂ ਮੇਓ ਸਾਈਡਿੰਗ ਤੋਂ ਟਰੈਕਾਂ `ਤੇ ਚੜ੍ਹਦੀਆਂ, ਜਿਹੜੇ ਘਰ ਤੋਂ ਨੱਬੇ ਮੀਟਰ ਪੂਰਬ ਵੱਲ ਸਨ।

ਘਰ ਦੇ ਮੂਹਰੋਂ ਬਿਨਾਂ ਰੋਗਨ ਵਾਲੇ ਖੁਰਧਰੇ ਗੈਰਾਜ, ਕੰਪਨੀ ਦੇ ਦਫਤਰਾਂ ਦੀਆਂ ਇਮਾਰਤਾਂ, ਬੰਕ ਹਾਊਸ, ਵਾਸ਼-ਹਾਊਸ (ਗੁਸਲਖਾਨੇ) ਅਤੇ ਇਕੱਲੇ ਬੰਦਿਆਂ ਲਈ ਕੁੱਕ-ਹਾਊਸ (ਰਸੋਈਆਂ) ਅਤੇ ਕੁਝ ਕਾਮਿਆਂ ਦੇ ਪਰਿਵਾਰਾਂ ਵਾਲੇ ਘਰ ਦਿਸਦੇ ਸਨ।  ਇਨ੍ਹਾਂ ਚੋਂ ਬਹੁਤੀਆਂ ਇਮਾਰਤਾਂ ਸੀ ਪੀ ਆਰ ਦੀ ਇਸਕੁਆਮਾਲਟ ਐਂਡ ਨਨਾਇਮੋ ਰੇਲਵੇ ਲਾਈਨ ਦੇ ਨਾਲ ਨਾਲ ਬਣੀਆਂ ਹੋਈਆਂ ਸਨ। ਸਾਰਿਆ ਨਾਲੋਂ ਵੱਡੀ ਦੋ ਮੰਜ਼ਲੀ ਇਮਾਰਤ ਕੰਪਨੀ ਦੇ ਦਫਤਰ ਅਤੇ ਸਟੋਰ  ਦੀ ਸੀ। ਇਸ ਸਟੋਰ ਵਿੱਚੋਂ ਮੇਓ ਕੰਪਨੀ ਦੇ  ਜੰਗਲਾਂ ਵਿੱਚ ਅਤੇ ਮਿੱਲ ਵਿੱਚ ਕੰਮ ਕਰਨ ਵਾਲੇ ਸੈਂਕੜੇ ਕਾਮੇ ਕੂਪਨਾਂ ਬਦਲੇ ਰਾਸ਼ਨ ਲੈਂਦੇ। ਸੀ ਪੀ ਆਰ ਦੀ ਲਾਈਨ ਦੇ ਜੰਕਸ਼ਨ ਅਤੇ ਲੌਗਿੰਗ ਰੇਲਵੇ ਦੇ ਨੇੜੇ ਇੱਕ ਛੋਟੇ ਢਾਂਚੇ ਵਾਲਾ ਚਬੂਤਰਾ ਸੀ। ਇਹ ਰੇਲਵੇ ਦੇ ਸਵਿੱਚਮੈਨ ਦਾ ਸਟੇਸ਼ਨ ਸੀ। ਸੀ ਪੀ ਆਰ ਦੀ ਪਟੜੀ ਦੇ ਦੂਜੇ ਪਾਸੇ ਚਿਮਨੀ ਸਟੈਕਸ, ਲੰਬਰ ਪਾਈਲਸ,ਅਤੇ ਪਲੈਨਿੰਗ, ਲੇਥ ਤੇ ਸਾਅਮਿੱਲ ਦੇ ਛੱਤੜੇ ਸਨ। ਦਿਹਾੜੀ ਵਿੱਚ ਇੱਕ ਜਾਂ ਦੋ ਵਾਰ ਇੱਕ ਡੱਬੇ ਵਾਲੀ ਮੁਸਾਫਰ ਰੇਲਗੱਡੀ ਮੇਓ ਸਾਈਡਿੰਗ `ਤੇ ਆਉਂਦੀ। ਜੇ ਕਿਸੇ ਨੂੰ  ਟਿਕਟ ਖ੍ਰੀਦਣਾ ਵਾਰਾ ਖਾਂਦਾ ਤਾਂ ਇਹ ਮੇਓ ਸਾਈਡਿੰਗ `ਤੇ ਆਉਣ-ਜਾਣ ਦਾ ਸੌਖਾ ਤਰੀਕਾ ਸੀ। ਕੁਝ ਕਾਮੇ ਅਤੇ ਕੁਝ ਜਾਪਾਨੀ ਔਰਤਾਂ ਅਤੇ ਬੱਚੇ ਖਰਚ ਬਚਾਉਣ ਲਈ ਡੰਕਨ ਤੋਂ ਤੇਰਾਂ ਕਿਲੋਮੀਟਰ ਪਟੜੀ ਦੇ ਨਾਲ ਨਾਲ ਤੁਰ ਕੇ ਆਉਂਦੇ। ਇਸਦਾ ਬਦਲ ਬੱਸ ਵੀ ਸੀ, ਜਿਹੜੀ ਜੰਗਲਾਂ ਵਿੱਚੋਂ ਵਿੰਗੇ-ਟੇਢੇ ਰਾਹ ਲੰਘ ਕੇ ਕੋਵੀਚਨ ਰੋਡ ਤੋਂ ਫੜੀ ਜਾ ਸਕਦੀ ਸੀ। ਇਸ ਵਿੰਗੇ-ਟੇਢੇ ਰਾਹ ਨੂੰ ਉਦੋਂ ਜਿਹੇ ਹੀ ਮੋਟਰ ਗੱਡੀਆਂ ਲਈ ਚੌੜਾ ਅਤੇ ਅਪਗਰੇਡ ਕੀਤਾ ਗਿਆ ਅਤੇ ਕਪੂਰ ਨੇ ਕਾਰ ਖ੍ਰੀਦ ਲਈ। ਇਹ ਸ਼ੈਵਰਲੇ ਦੇ ਵਿਰਸੇ ਦੀ ਪਹਿਲੀ ਕਾਰ ਸੀ। ਇਹ ਉਦਯੋਗ ਵਾਲੇ ਪਿੰਡ ਅਤੇ ਕੁਝ ਕੱਟੇ ਹੋਏ ਜੰਗਲ ਵਾਲੇ ਦਿਹਾਤੀ ਖੇਤਰ ਦੀ ਜ਼ਿੰਦਗੀ ਸੀ।

1923 ਵਿੱਚ ਬਹੁ-ਨਸਲੀ ਮਰਦ ਗਲਬੇ ਵਾਲੀ ਕਮਿਊਨਿਟੀ ਵਿੱਚ ਬਸੰਤ ਕੌਰ ਪਹਿਲੀ ਸਾਊਥ ਏਸ਼ੀਅਨ ਔਰਤ ਸੀ। ਉਸਦੀਆਂ ਔਰਤ ਸਾਥਣਾਂ ਵਿੱਚ ਕੁਝ ਗੋਰੀਆਂ ਅਤੇ ਕੁਝ ਜਾਪਾਨਣਾਂ ਸਨ। ਪਰ ਉਨ੍ਹਾਂ ਨਾਲ ਉਸ ਨੂੰ ਬੋਲੀ ਦੀ ਵੱਡੀ ਸਮੱਸਿਆ ਸੀ। ਕੁਝ ਮਾਵਾਂ ਸਨ, ਜਿਨ੍ਹਾਂ ਦੇ ਬੱਚੇ ਇੱਕ ਛੋਟੇ ਆਕਾਰ ਦੇ ਸਕੂਲ ਵਿੱਚ ਜਾਂਦੇ ਸਨ। ਇਹ ਸਕੂਲ ਮਿੱਲ ਦੇ ਪੂਰਬ ਵਾਲੇ ਪਾਸੇ ਰੇਲਵੇ ਦੀ ਪਟੜੀ ਦੇ ਦੂਜੇ ਪਾਸੇ ਮੁੱਢਾਂ ਵਿੱਚ ਘਿਰਿਆ ਹੋਇਆ ਸੀ। ਮੇਓ ਕੰਪਨੀ ਨੇ ਸਕੂਲ ਦੀ ਇਮਾਰਤ ਲਈ ਦੋ ਸਾਲ ਪਹਿਲਾਂ ਇਮਾਰਤੀ ਲੱਕੜ ਲਾ ਦਿੱਤੀ ਸੀ। ਇਸ ਸਕੂਲ ਵਿੱਚ ਪਹਿਲਾਂ ਗੋਰੇ ਬੱਚੇ ਦਾਖਲ ਹੋਏ ਅਤੇ ਫਿਰ ਜਾਪਾਨੀ। ਪਿੰਡ ਦੇ ਪੱਛਮ ਵਿੱਚ ਜਾਪਾਨੀਆਂ ਨੇ ਆਪਣੇ ਇਲਾਕੇ ਵਿੱਚ ਸਕੂਲ ਲਈ ਇੱਕ ਵੱਖਰੀ ਇਮਾਰਤ ਉਸਾਰ ਲਈ। ਇਸ ਵਿੱਚ ਉਹ ਸਕੂਲ ਤੋਂ ਬਾਅਦ ਜਾਪਾਨੀ ਵਿੱਚ ਕਲਾਸਾਂ ਲਾਉਂਦੇ ਅਤੇ ਇਸ ਨੂੰ ਜਾਪਾਨੀ ਕਮਿਊਨਿਟੀ ਸੈਂਟਰ ਵਜੋਂ ਵਰਤਦੇ। ਜਦੋਂ ਮੀਂਹ ਨਾਲ ਸਕੂਲ ਵੱਲ ਜਾਂਦੀਆਂ ਡੰਡੀਆਂ ਉੱਪਰ ਚਿੱਕੜ ਹੋ ਜਾਂਦਾ ਤਾਂ ਬੱਚੇ ਫੱਟਿਆਂ `ਤੇ ਤੁਰਦੇ ਅਤੇ ਮਿੱਲ ਦੇ ਨੇੜੇ ਤਖਤਿਆਂ ਦੇ ਰਾਹ `ਤੇ ਤੁਰ ਕੇ ਸਕੂਲ ਪਹੁੰਚਦੇ। ਬੱਚਿਆਂ ਨੂੰ ਸਵੇਰ ਅਤੇ ਸ਼ਾਮ ਸਕੂਲ ਜਾਂਦੇ-ਆਉਂਦੇ ਬਸੰਤ ਕੌਰ ਆਪਣੇ ਘਰੋਂ ਦੇਖ ਸਕਦੀ ਸੀ। ਆਪਣੇ ਘਰੋਂ ਗੁਰਦਵਾਰੇ ਜਾਣ ਲਈ ਬਸੰਤ ਕੌਰ ਥੋੜ੍ਹੀ ਦੂਰ ਪੱਛਮ ਵੱਲ ਜਾਂਦੀ। ਰਸਤੇ ਵਿੱਚ ਉਹ ਉਨ੍ਹਾਂ ਪਲਾਟਾਂ ਨੂੰ ਪਾਰ ਕਰਦੀ, ਜਿੱਥੇ ਮੇਓ ਅਤੇ ਉਸਦੇ ਭਰਾ ਨੇ ਮਕਾਨ ਬਣਵਾਉਣੇ ਸਨ। ਗੁਰਦਵਾਰੇ ਦੀ ਇਮਾਰਤ ਪਿੰਡ ਵਿੱਚ ਸਭ ਤੋਂ ਪਹਿਲਾਂ ਬਣੀਆਂ ਇਮਾਰਤਾਂ ਵਿੱਚੋਂ ਇੱਕ ਸੀ। ਇਹ ਇੱਕ ਮੰਜਲੀ ਇਮਾਰਤ ਸੀ ਜਿਸਦੇ ਨਾਲ ਵਰਾਂਡਾ ਸੀ ਅਤੇ ਸਿੱਖ ਰਵਾਇਤ ਅਨੁਸਾਰ ਚਾਰੇ ਪਾਸੇ ਦਰਵਾਜ਼ੇ ਸਨ। ਗੁਰਦਵਾਰਾ ਅਤੇ ਉਸਦਾ ਘਰ ਛੇਤੀ ਹੀ ਉਸਦੇ ਮੁੱਖ ਆਸਰੇ ਬਣ ਗਏ।

ਬਸੰਤ ਕੌਰ ਨੇ ਕਪੂਰ ਨਾਲ ਬਰਾਬਰੀ ਵਾਲੀ ਸਾਂਝ ਬਣਾਈ। ਉਸ ਕੋਲ ਤਕੜੀਆਂ ਕਦਰਾਂ-ਕੀਮਤਾਂ ਸਨ ਅਤੇ ਉਹ ਨਿਰਮਾਣ ਸੁਭਾਅ ਵਾਲੀ ਸੀ।  ਕਪੂਰ ਆਪ ਵੀ ਆਧੁਨਿਕ ਆਦਮੀ ਸੀ। ਭਾਵੇਂ ਉਹ ਪ੍ਰੰਪਰਾਗਤ ਸਭਿਆਚਾਰ ਵਿੱਚੋਂ ਆਇਆ ਸੀ ਪਰ ਉਹ ਆਪਣੇ ਸਮੇਂ ਨਾਲੋਂ ਕਈ ਪੱਖਾਂ ਵਿੱਚ ਅੱਗੇ ਸੀ। ਉਨ੍ਹਾਂ ਦੇ ਇਕੱਠਿਆਂ ਪਹਿਲੇ ਕੁਝ ਸਾਲਾਂ ਦੌਰਾਨ ਉਸ ਨੇ ਇੱਕ ਅਨੋਖਾ ਕਦਮ ਚੁੱਕਿਆ ਅਤੇ ਮੇਓ ਲੰਬਰ ਕੰਪਨੀ ਵਿੱਚ ਬਸੰਤ ਕੌਰ ਨੂੰ ਹਿੱਸੇਦਾਰ ਬਣਾ ਲਿਆ। ਮੇਓ ਸਿੰਘ ਅਤੇ ਕਪੂਰ ਕੋਲ ਤਿੰਨ ਚੌਥਾਈ ਹਿੱਸੇ ਸਨ। ਦੋਹਾਂ ਦੇ ਹਿੱਸੇ ਬਰਾਬਰ ਸਨ। ਬਾਕੀ ਹਿੱਸੇ ਚੌਦਾਂ ਲੋਕਾਂ ਵਿੱਚ ਵੰਡੇ ਹੋਏ ਸਨ।  ਇਨ੍ਹਾਂ ਚੌਦਾਂ ਵਿੱਚ ਬਸੰਤ ਕੌਰ ਇਕੱਲੀ ਔਰਤ ਸੀ। ਕਪੂਰ ਨੇ ਉਸ ਨੂੰ ਸਤਿਕਾਰ ਅਤੇ ਪਿਆਰ ਨਾਲ ਇਸ ਦੁਨੀਆਂ ਵਿੱਚ ਲਿਆਂਦਾ ਸੀ। ਉਹ ਬਸੰਤ ਕੌਰ ਦੀ ਸੇਹਤ ਬਾਰੇ ਵੀ ਚਿੰਤਤ ਸੀ। ਕਨੇਡਾ ਪਹੁੰਚਣ ਤੋਂ ਲੰਬਾ ਸਮਾਂ ਪਿੱਛੋਂ ਵੀ ਉਸਦੀ ਸੇਹਤ ਮਾੜੀ ਹੀ ਰਹੀ। ਉਹ ਬਹੁਤੀ ਵਾਰ ਖਾਣੇ ਤੋਂ ਇਨਕਾਰ ਕਰ ਦਿੰਦੀ। ਇਸ ਲਈ ਕਪੂਰ ਉਸ ਨੂੰ ਇੱਕ ਡਾਕਟਰ ਨੂੰ ਦਿਖਾਉਣ ਡੰਕਨ ਲੈ ਕੇ ਗਿਆ। ਡਾਕਟਰ ਨੇ ਉਸ ਨੂੰ ਸਲਾਹ ਦਿੱਤੀ ਕਿ ਇਸ ਤਰ੍ਹਾਂ ਦੇ ਠੰਡੇ ਮੌਸਮ ਵਿੱਚ ਉਸ ਨੂੰ ਮੀਟ ਅਤੇ ਆਂਡੇ ਖਾਣੇ ਚਾਹੀਦੇ ਸਨ। ਉਸ ਸਮੇਂ ਦੀਆਂ ਤਕਰੀਬਨ ਸਾਰੀਆਂ ਹੀ ਪੰਜਾਬੀ ਔਰਤਾਂ ਵਾਂਗ ਉਹ ਵੀ ਸ਼ਾਕਾਹਾਰੀ ਸੀ ਅਤੇ ਡਾਕਟਰ ਦੀ ਸਲਾਹ ਨਾਲ ਉਹ ਇਸ ਨੂੰ ਛੱਡਣ ਵਾਲੀ ਨਹੀਂ ਸੀ। ਫਿਰ ਵੀ ਕਪੂਰ ਉਸਦੀਆਂ ਪਾਠ ਕਰਨ ਦੀਆਂ ਹਦਾਇਤਾਂ `ਤੇ ਫੁੱਲ ਚੜ੍ਹਾਉਂਦਾ ਸੀ। ਇਹ ਬਸੰਤ ਕੌਰ ਦਾ ਬੁਨਿਆਦੀ ਅਸੂਲ ਸੀ। ਉੱਤਰੀ ਅਮਰੀਕਾ ਵਿੱਚ ਆਪਣੇ ਸੋਲ੍ਹਾਂ ਸਾਲਾਂ ਦੌਰਾਨ ਕਪੂਰ ਪਾਠ ਕਰਨਾ ਭੁੱਲ ਗਿਆ ਸੀ। ਬਸੰਤ ਕੌਰ ਨੇ ਉਸ ਨੂੰ ਜਪੁਜੀ ਸਾਹਿਬ ਦੀਆਂ ਅਠੱਤੀ ਪੌੜ੍ਹੀਆਂ ਦਾ ਪਾਠ ਕਰਨਾ ਸਿਖਾਇਆ ਅਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਇਹ ਪਾਠ ਕਰਨ ਲਈ ਸਵੇਰੇ ਸਵੱਖਤੇ ਉੱਠਦਾ ਰਿਹਾ।

1925 ਦੀ ਮਾਰਚ ਦੇ ਅਖੀਰ `ਚ ਧਰਤੀ `ਤੇ ਤਿੰਨ ਫੁੱਟ ਬਰਫ਼ ਪਈ ਸੀ। ਇਹ ਸ਼ਾਂਤ ਸਰਦੀਆਂ ਲਈ ਮਸ਼ਹੂਰ ਇਲਾਕੇ ਲਈ ਅਸਾਧਾਰਨ ਗੱਲ ਸੀ। ਇਸ ਮੌਸਮ ਵਿੱਚ ਕਪੂਰ ਕਾਹਲੀ ਨਾਲ ਬਸੰਤ ਕੌਰ ਨੂੰ ਡੰਕਨ ਦੇ ਕਿੰਗਜ਼ ਡਾਟਰਜ਼ ਹਸਪਤਾਲ ਲੈ ਕੇ ਗਿਆ। ਉੱਥੇ ਉਨ੍ਹਾਂ ਦੀ ਪਹਿਲੀ ਬੇਟੀ, ਜਗਦੀਸ਼ ਦਾ ਜਨਮ ਹੋਇਆ। ਬਾਅਦ ਵਿੱਚ ਜਗਦੀਸ਼ ਨੂੰ ਸਾਰੇ ਜੈਕੀ ਆਖਣ ਲੱਗੇ। ਡੇਢ ਸਾਲ ਬਾਅਦ ਉਨ੍ਹਾਂ ਦੀ ਦੂਜੀ ਬੇਟੀ ਸੁਰਜੀਤ ਦਾ ਮੇਓ ਸਾਈਡਿੰਗ `ਤੇ ਹੀ ਜਨਮ ਹੋਇਆ। ਉਸਦਾ ਜਨਮ ਐਨੀ ਛੇਤੀ ਹੋ ਗਿਆ ਕਿ ਉਨ੍ਹਾਂ ਨੂੰ ਡੰਕਨ ਜਾਣ ਦਾ ਮੌਕਾ ਹੀ ਨਾ ਮਿਲਿਆ। ਨਵੀਂ ਮਾਂ ਹੋਣ ਕਰਕੇ ਬਸੰਤ ਕੌਰ ਨੂੰ ਆਮ ਤੌਰ `ਤੇ ਆਂਟੀ ਬੋਵਿਅਰ (ਬੱਚੇ ਉਸ ਨੂੰ ਇਸੇ ਨਾਂ ਨਾਲ ਜਾਣਦੇ ਸਨ) ਦੀ ਮੱਦਦ ਮਿਲ ਜਾਂਦੀ। ਬਿਨਾਂ ਬੱਚੇ ਤੋਂ ਅਧੇੜ ਉਮਰ ਦੀ ਇਜ਼ਾਬਿਲ ਬੋਵਿਅਰ ਮੇਓ ਲੰਬਰ ਦੇ ਦਫਤਰ ਦੇ ਸ਼ਾਂਤ ਸੁਭਾਅ ਵਾਲੇ ਮੈਨੇਜਰ ਦੀ ਪਤਨੀ ਸੀ। ਜੌਰਜ ਅਤੇ ਇਜ਼ਾਬਿਲ ਬੋਵਿਅਰ ਡੰਕਨ ਰਹਿੰਦੇ ਸਨ। ਪਰ ਇਜ਼ਾਬਿਲ ਬਹੁਤਾ ਸਮਾਂ ਬੱਚੀ ਜੈਕੀ ਨਾਲ ਗੁਜ਼ਾਰਦੀ ਅਤੇ ਉਸ ਨੂੰ ਚਾਹੁਣ ਲੱਗੀ। ਬੋਵਿਅਰ ਜੋੜੀ ਮੈਥੋਡਿਸਟ(ਇੱਕ ਇਸਾਈ ਸੰਪਰਦਾਇ)ਸਨ। ਜੌਰਜ ਦਾ ਛੋਟਾ ਭਰਾ, ਜਿਸਦਾ ਨਾਂ ਪਹਿਲੀਆਂ `ਚ ਮੈਥੋਡਿਸਟ ਆਗੂ ਦੇ ਨਾਂ ਜੌਨ ਵੈਸਲੀ ਵਾਲਾ ਸੀ, ਉਹ ਚੀਨ ਵਿੱਚ ਧਰਮ ਪ੍ਰਚਾਰਕ ਸੀ। ਜਿਵੇਂ ਸੁਰਜੀਤ ਨੂੰ ਯਾਦ ਸੀ, ਬੋਵਿਅਰ ਆਮ ਹੀ ਮੇਓ ਸਾਈਡਿੰਗ `ਤੇ ਕਪੂਰ ਦੇ ਘਰ ਅਤੇ ਸਕੂਲ ਵਿੱਚ ਇਸਾਈ ਪ੍ਰਚਾਰਕਾਂ ਨੂੰ ਲਿਆਉਂਦੇ। ਇਹ ਪ੍ਰਚਾਰਕ ਚੁੱਕਵੇਂ ਗਰਾਮੋਫੋਨ ਦੀ ਆਵਾਜ਼ ਉੱਚੀ ਕਰਦੇ ਅਤੇ ਭਜਨ  ਗਾਉਂਦੇ। ਪਰਿਵਾਰ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਗਾਉਣ ਲੱਗਦੇ। ਬਸੰਤ ਕੌਰ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੀ ਪਰ ਜਦੋਂ ਉਹ ਧਰਮ ਬਦਲਣ ਦੀ ਗੱਲ ਕਰਦੇ ਤਾਂ ਉਹ ਇੱਕੋ ਜਵਾਬ ਨਾਲ ਗੱਲ ਮੁਕਾ ਦਿੰਦੀ। ਉਸਦਾ ਜਵਾਬ ਹੁੰਦਾ, "ਨਹੀਂ, ਤੁਹਾਡਾ ਰੱਬ ਹੀ ਮੇਰਾ ਰੱਬ ਹੈ।" ਆਂਟੀ ਬੋਵਿਅਰ ਨੇ ਕਪੂਰ ਨੂੰ ਕਦੇ ਵੀ ਧਰਮ ਬਦਲਣ ਲਈ ਨਹੀਂ ਸੀ ਕਿਹਾ ਅਤੇ ਬੱਚੀਆਂ ਦੀ ਯਾਦ ਵਿੱਚ ਉਹ ਨਿੱਘੀ, ਸਨੇਹਪੂਰਨ ਅਤੇ ਮਿਲਣ-ਗਿਲਣ ਵਾਲੀ ਔਰਤ ਸੀ। ਉਸਦੇ ਟਾਕਰੇ `ਤੇ ਉਸਦਾ ਘਰਵਾਲਾ ਦਿਆਲੂ ਪਰ ਸੰਗਾਊ ਅਤੇ ਚੁੱਪ ਰਹਿਣਾ ਸੀ।

ਆਂਟੀ ਬੋਵਿਅਰ ਨੇ ਜੈਕੀ ਦੀ ਸੰਭਾਲ ਵੇਲੇ ਮੱਦਦ ਕੀਤੀ ਸੀ ਪਰ ਸੁਰਜੀਤ ਦੇ ਜਨਮ ਵੇਲੇ ਬਸੰਤ ਕੌਰ ਨੇ ਇੱਕ ਔਰਤ, ਕੀਕੂ ਉਰਾਬੇ ਨੂੰ ਰੱਖ ਲਿਆ। ਉਸਦੇ ਘਰਵਾਲੇ, ਟੋਮਨ ਦਾ ਸਬੰਧ ਰੋਜ਼ਡੇਲ ਵਿੱਚ ਪੰਜਾਬੀ ਤੇ ਜਾਪਾਨੀ ਕਾਮਿਆਂ ਦੀ ਮੰਡਲੀ ਨਾਲ ਸੀ। ਮੇਓ ਸਾਈਡਿੰਗ `ਤੇ ਉਸ ਨੇ ਕਪੂਰ ਦਾ ਮਕਾਨ ਬਣਾਉਣ ਵਿੱਚ ਮੱਦਦ ਕੀਤੀ ਅਤੇ ਫਿਰ ਮੇਓ ਅਤੇ ਘਨ੍ਹੱਈਏ ਦੇ ਵੀ। ਉਰਾਬੇ ਜੋੜੀ ਦੇ ਤਿੰਨ ਬੱਚੇ ਸਨ। ਉਨ੍ਹਾਂ ਦੇ ਸਭ ਤੋਂ ਛੋਟੇ ਬੱਚੇ, ਸ਼ਗੀਕੋ ਦਾ ਜਨਮ 1921 ਵਿੱਚ ਹੋਇਆ। ਉਹ ਪੋਲੀਓ ਕਾਰਣ ਥੋੜ੍ਹਾ ਲੰਗੜਾਉਂਦਾ ਸੀ। ਕਪੂਰ ਦੇ ਘਰ ਕੰਮ ਕਰਨ ਵੇਲੇ ਕੀਕੂ ਉਸ ਨੂੰ ਆਪਣੇ ਨਾਲ ਰੱਖਦੀ। ਸ਼ਗੀਕੋ, ਜਿਸ ਨੂੰ ਘਰ ਤੋਂ ਬਾਹਰ ਜਾਨ ਵੀ ਆਖਦੇ, ਮਿਸਿਜ਼ ਕਪੂਰ ਨੂੰ ਨਘੋਚੀ ਔਰਤ ਵਜੋਂ ਯਾਦ ਰੱਖਦਾ। ਇੱਕ ਖਾਸ ਘਟਨਾ ਨੇ ਉਸਦਾ ਇਹ ਪ੍ਰਭਾਵ ਬਣਾਇਆ। ਬਸੰਤ ਕੌਰ ਨੇ ਉਸ ਨੂੰ ਸੰਤਰਾ ਦਿੱਤਾ ਪਰ ਉਸ ਨੂੰ ਅਖਬਾਰ `ਤੇ ਬੈਠ ਕੇ ਛਿੱਲਣ ਲਈ ਕਿਹਾ ਤਾਂ ਕਿ ਉਸਦਾ ਕੀਮਤੀ ਭਾਰਤੀ ਗਲੀਚਾ ਖਰਾਬ ਨਾ ਹੋ ਜਾਵੇ।

ਜਦੋਂ ਕਪੂਰ ਅਤੇ ਬਸੰਤ ਕੌਰ ਨੇ ਆਪਣਾ ਪਰਿਵਾਰ ਹਾਲੇ ਸ਼ੁਰੂ ਹੀ ਕੀਤਾ ਸੀ, ਉਰਾਬੇ ਜੋੜੀ ਨੇ ਆਪਣਾ ਪਰਿਵਾਰ ਮੁਕੰਮਲ ਕਰ ਲਿਆ ਸੀ। ਅਤੇ ਬੱਚੇ ਪਾਲਣ ਦੀ ਇਹ ਅਗੇਤੀ ਸ਼ੁਰੂਆਤ ਕਨੇਡਾ ਵਿੱਚ ਜਾਪਾਨੀਆਂ ਅਤੇ ਸਾਊਥ ਏਸ਼ੀਅਨਾਂ ਦੀ ਸਥਿਤੀ ਬਾਰੇ ਕੁਝ ਦੱਸਦੀ ਸੀ। ਜਾਪਾਨੀ ਬੰਦਿਆਂ ਨੇ ਕਨੇਡਾ ਵਿੱਚ ਆਪਣੀਆਂ ਔਰਤਾਂ ਨੂੰ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਲਿਆਉਣਾ ਸ਼ੁਰੂ ਕਰ ਦਿੱਤਾ ਸੀ। ਇਹ ਸਾਊਥ ਏਸ਼ੀਅਨਾਂ ਤੋਂ ਇੱਕ ਦਹਾਕਾ ਪਹਿਲਾਂ ਸੀ। ਉਹ ਇਸ ਤਰ੍ਹਾਂ ਕਨੇਡਾ ਅਤੇ ਜਾਪਾਨ ਦਰਮਿਆਨ 1908 ਵਿੱਚ ਹੋਏ ਸਮਝੌਤੇ ਦੇ ਤਹਿਤ ਕਰਨ ਲੱਗੇ ਸਨ। ਇਹ ਸਮਝੌਤਾ ਵੀਹ ਸਾਲ ਚੱਲਿਆ। ਚੀਨਿਆਂ ਵਾਸਤੇ ਸਥਿਤੀ ਵੱਖਰੀ ਸੀ। ਵੈਨਕੂਵਰ, ਵਿਕਟੋਰੀਆ ਜਾਂ ਨਨਾਇਮੋ ਦੇ ਚਾਈਨਾਟਾਊਨਾਂ ਦੇ ਕੁਝ ਕੁ ਚੀਨੇ ਵਪਾਰੀਆਂ ਦੀਆਂ ਪਤਨੀਆਂ ਅਤੇ ਪਰਿਵਾਰ ਉਨ੍ਹਾਂ ਨਾਲ ਸਨ। ਪਰ ਸੂਬੇ ਦੀ ਵੱਡੀ ਗਿਣਤੀ ਚੀਨਿਆਂ ਦੇ ਨਾਲ ਨਹੀਂ ਸਨ। ਅਤੇ ਇਮੀਗਰੇਸ਼ਨ ਹੈੱਡ ਟੈਕਸ ਜਿਹੜਾ ਸਿਰਫ ਚੀਨਿਆਂ ਨੂੰ ਹੀ ਦੇਣਾ ਪੈਂਦਾ ਸੀ, ਉਸਦਾ ਇਸ ਵਿੱਚ ਵੱਡਾ ਹਿੱਸਾ ਸੀ। ਬੰਦਿਆਂ ਲਈ ਆਪਣੀਆਂ ਪਤਨੀਆਂ ਨੂੰ ਇਸ ਦੇਸ਼ ਵਿੱਚ ਲਿਆਉਣਾ ਵਾਰਾ ਨਹੀਂ ਸੀ ਖਾਂਦਾ। ਕਨੇਡਾ ਦੇ ਇਮੀਗਰੇਸ਼ਨ ਮਹਿਕਮੇ ਨੇ ਮੇਓ ਸਾਈਡਿੰਗ ਦੇ ਵਿਕਾਸ `ਤੇ ਅਭੁੱਲ ਪੈਟਰਨ ਠੋਸ ਦਿੱਤਾ ਸੀ। ਪਹਿਲੇ ਕੁਝ ਪਰਿਵਾਰ ਗੋਰੇ ਅਤੇ ਜਾਪਾਨੀ ਸਨ।  ਇਸ ਥਾਂ ਨੂੰ ਚਲਾਉਣ ਵਾਲੇ ਪੰਜਾਬੀਆਂ ਦੀ ਪਰਿਵਾਰਕ ਜ਼ਿੰਦਗੀ ਕਨੇਡਾ ਵੱਲੋਂ ਭਾਰਤ ਤੋਂ ਔਰਤਾਂ ਅਤੇ ਬੱਚੇ ਲਿਆਉਣ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਕਪੂਰ ਅਤੇ ਬਸੰਤ ਕੌਰ ਵੱਲੋਂ ਘਰ ਬੰਨ੍ਹਣ ਨਾਲ ਸ਼ੁਰੂ ਹੋਈ। ਚੀਨੇ, ਜਿਹੜੇ ਮੇਓ ਸਾਈਡਿੰਗ `ਤੇ ਕੰਮ ਕਰਨ ਵਾਲਿਆਂ ਵਿੱਚ ਤਕਰੀਬਨ ਅੱਧੇ ਸਨ,  ਬਿਨ- ਪਰਵਾਰੇ  ਆਦਮੀ ਸਨ ਅਤੇ ਬੰਕਹਾਊਸਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਵਸੇਬਾ ਪਿੰਡ ਦੇ ਇੱਕ ਪਾਸੇ ਮਿੱਲ ਦੇ ਟੋਭੇ ਕੋਲ ਸੀ।

ਬਸੰਤ ਕੌਰ ਨੇ ਕਪੂਰ ਨੂੰ ਪ੍ਰੇਰਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਸੱਦੇ ਅਤੇ ਕਪੂਰ ਨੇ ਆਉਂਦੇ ਸਾਲਾਂ ਵਿੱਚ ਉਨ੍ਹਾਂ ਨੂੰ ਮੰਗਵਾਉਣਾ ਸ਼ੁਰੂ ਕਰ ਦਿੱਤਾ। ਉਸਦਾ ਭਰਾ ਤਾਰਾ 1926 ਵਿੱਚ ਆਇਆ। ਉਹ ਕੈਲੇਫੋਰਨੀਆ ਛੱਡਣ ਤੋਂ ਚੌਦਾਂ ਸਾਲ ਬਾਅਦ ਮੁੜਿਆ। ਉਸ ਕੋਲ ਕਨੇਡਾ ਦਾ ਰਿਹਾਇਸ਼ੀ ਪਰਵਾਨਾ ਨਹੀਂ ਸੀ ਪਰ ਉਹ ਫਿਰ ਆਪ ਆਉਣ ਅਤੇ ਆਪਣੇ ਨਾਲ ਆਪਣੀ ਪਤਨੀ, ਬਲਵੰਤ ਕੌਰ ਨੂੰ ਲਿਆਉਣ  ਵਿੱਚ ਕਾਮਯਾਬ ਹੋ ਗਿਆ। (18) ਬਾਕੀ ਬਾਅਦ ਵਿੱਚ ਆਏ, ਕਪੂਰ ਦੇ ਘਰ ਆਉਣ-ਜਾਣ ਵਾਲਿਆਂ ਨੂੰ ਬਸੰਤ ਕੌਰ ਖਿੜੇ ਮੱਥੇ ਮਿਲਦੀ। ਉਨ੍ਹਾਂ ਲਈ ਖਾਣਾ ਬਣਾਉਣ ਵਿੱਚ ਰੁੱਝੀ ਰਹਿੰਦੀ। ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਘੇਰੇ ਵਿੱਚੋਂ ਕੋਈ ਵੀ ਕਦੋਂ ਵੀ ਆ ਜਾਂਦਾ। 1925 ਦੀ ਪੱਤਝੜ ਰੁੱਤੇ ਮੇਓ ਸਿੰਘ ਭਾਰਤ ਚਲਾ ਗਿਆ ਅਤੇ ਤਕਰੀਬਨ ਦੋ ਸਾਲ ਬਾਅਦ ਆਪਣੀ ਉੱਨੀਂ ਸਾਲਾਂ ਦੀ ਵਹੁਟੀ, ਬਿਸ਼ਨ ਕੌਰ ਦੇ  ਨਾਲ ਪਰਤਿਆ। ਅਤੇ ਮੇਓ ਦਾ ਵੱਡਾ ਭਰਾ ਘਨ੍ਹੱਈਆ ਅਤੇ ਉਨ੍ਹਾਂ ਦਾ ਗਰਾਈਂ ਦੁੰਮਣ ਸਿੰਘ ਵੀ ਅਗਲੇ ਸਾਲਾਂ ਵਿੱਚ ਆਪਣੀਆਂ ਪਤਨੀਆਂ ਲੈ ਆਏ। ਹੋਰ ਰਿਸ਼ਤੇਦਾਰ ਆਏ ਅਤੇ ਮੇਓ ਸਾਈਡਿੰਗ `ਤੇ ਹੋਰ ਜਨਮ ਹੋਏ। ਇਨ੍ਹਾਂ ਦੀ ਸ਼ੁਰੂਆਤ ਮੇਓ ਅਤੇ ਬਿਸ਼ਨ ਕੌਰ ਦੇ 1927 ਵਿੱਚ ਪਹਿਲੇ ਬੱਚੇ ਨਾਲ ਹੋਈ। ਇਨ੍ਹਾਂ ਸਾਲਾਂ ਵਿੱਚ ਮੇਓ ਸਾਈਡਿੰਗ ਪੰਜਾਬ ਦੇ ਪਾਲਦੀ ਅਤੇ ਖੜੌਦੀ ਪਿੰਡਾਂ ਦਾ ਹੀ ਵਿਸਥਾਰ ਬਣ ਰਹੀ ਸੀ। ਇਹ ਪਿੰਡ ਮੇਓ ਅਤੇ ਕਪੂਰ ਦੇ ਸਨ। ਕਪੂਰ ਦੀਆਂ ਬੇਟੀਆਂ ਦੁਆਲੇ ਖੜੌਦੀ ਵਾਲੇ ਰਿਸ਼ਤੇਦਾਰਾਂ ਦੀ ਨਿੱਘੀ ਹੋਂਦ ਰਹਿੰਦੀ। ਉਨ੍ਹਾਂ ਦੇ ਘਰ ਸਾਹਮਣੇ ਦਲੀਪ ਆਂਟੀ ਦਾ ਘਰ ਸੀ, ਲੌਗਿੰਗ ਰੇਲਵੇ ਪਟੜੀ ਦੇ ਦੂਜੇ ਪਾਸੇ ਹਰਨਾਮ ਆਂਟੀ ਦਾ, ਮਾਨ ਕੌਰ ਆਂਟੀ ਦਾ ਅਤੇ ਅੰਕਲ ਬਲਵੰਤ ਦੀ ਭੈਣ ਦਾ ਘਰ ਸੀ। ਇਹ ਤਿੰਨੇ ਘਰ ਇੱਕ ਲਾਈਨ ਵਿੱਚ ਸਨ। ਉਸਦੇ ਦੱਖਣ ਵਿੱਚ ਸੀ ਪੀ ਆਰ ਦੀ ਲਾਈਨ ਦੇ ਪਾਰ ਦਲੀਪ ਅੰਕਲ ਰਹਿੰਦੇ ਸਨ।

ਕਪੂਰ ਕੁਝ ਹਫਤਿਆਂ ਬਾਅਦ  ਬਸੰਤ ਕੌਰ ਅਤੇ ਬੇਟੀਆਂ ਨੂੰ ਨਾਲ ਲੈ ਕੇ ਦੋ ਘੰਟੇ ਕਾਰ ਚਲਾ ਕੇ ਵਿਕਟੋਰੀਆ ਜਾਂਦਾ। ਜਾਣ ਤੋਂ ਪਹਿਲਾਂ ਬਸੰਤ ਕੌਰ ਰਿਸ਼ਤੇਦਾਰਾਂ ਤੋਂ ਪੁੱਛਦੀ ਕਿ ਜੇ ਉਨ੍ਹਾਂ ਨੇ ਵਿਕਟੋਰੀਆ ਤੋਂ ਕੁਝ ਮੰਗਵਾਉਣਾ ਹੋਵੇ ਤਾਂ ਲਿਆਉਣ ਵਾਲੀਆਂ ਚੀਜ਼ਾਂ ਦੀ ਪਰਚੀ ਬਣਾ ਦੇਣ। ਫਿਰ ਜਦੋਂ ਸੁਰਜੀਤ ਕੁਝ ਵੱਡੀ ਹੋਈ ਤਾਂ ਉਹ ਉਨ੍ਹਾਂ ਘਰਾਂ ਤੋਂ ਪਰਚੀ ਲੈਣ ਜਾਣ ਲੱਗੀ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੇਓ ਸਾਈਡਿੰਗ ਕੰਪਨੀ ਦੇ ਸਟੋਰ ਅਤੇ ਫਲ ਤੇ ਸਬਜ਼ੀਆਂ ਚੀਨੇ, ਬਿੰਗ ਚੌਂਗ ਤੋਂ ਮਿਲ ਜਾਂਦੀਆਂ।   ਬਿੰਗ ਚੌਂਗ ਹਫਤੇ ਵਿੱਚ ਇੱਕ ਵਾਰੀ ਮਿੱਲ `ਤੇ ਆਪਣਾ ਖਸਤਾ ਹਾਲ ਵਾਲਾ ਕਾਲਾ ਟਰੱਕ ਲੈ ਕੇ ਆਉਂਦਾ। ਉੱਥੇ ਔਰਤਾਂ ਦਾ ਇਕੱਠਾ ਹੋਇਆ ਝੁੰਡ ਟਰੱਕ ਦਾ ਇੰਜਣ ਬੰਦ ਹੋਣ ਤੋਂ ਪਹਿਲਾਂ ਹੀ ਟਰੱਕ ਦੁਆਲੇ ਲਟਕਦੀਆਂ ਮੁਲਾਇਮ ਸ਼ੀਟਾਂ ਨੂੰ ਪਾਸੇ ਕਰਕੇ ਅੰਦਰ ਝਾਕਣ ਲੱਗਦਾ।(19)ਅਤੇ ਮੇਓ ਸਾਈਡਿੰਗ `ਤੇ ਘਰਾਂ ਵਿੱਚ  ਖਾਧ ਪਦਾਰਥਾਂ ਦੇ ਆਪਣੇ ਪ੍ਰਬੰਧ ਵੀ ਹੁੰਦੇ। ਕਪੂਰ ਦੇ ਘਰ ਦੇ ਪਿਛਵਾੜੇ `ਤੇ ਬਗੀਚਾ ਸੀ, ਗਾਵਾਂ,ਬੱਕਰੀਆਂ ਤੇ ਮੁਰਗੀਆਂ ਵਾਲਾ ਢਾਰਾ ਸੀ। ਇਹ ਸਾਰਾ ਕੁਝ ਰਸੋਈਏ ਦਾ ਕਾਰਜ-ਖੇਤਰ ਸੀ, ਜਿਸਨੂੰ ਪੰਜਾਬੀ ਕਾਬਲੀ ਆਖਦੇ। ਜਦੋਂ ਕਪੂਰ ਨੇ ਕਾਰੋਬਾਰ ਲਈ ਵਿਕਟੋਰੀਆ ਜਾਣਾ ਹੁੰਦਾ, ਉਦੋਂ ਖ੍ਰੀਦੋ-ਫਰੋਖਤ ਕਰਨ ਦਾ ਮੌਕਾ ਬਣ ਜਾਂਦਾ। ਪਰਿਵਾਰ ਆਮ ਤੌਰ `ਤੇ ਡੇਵਿਡ ਸਪੈਂਸਰ ਡੀਪਾਰਟਮੈਂਟ ਸਟੋਰ `ਤੇ ਜਾਂਦਾ। ਇਹ ਸਟੋਰ ਵਿਕਟੋਰੀਆ ਦੇ ਡਾਊਨ-ਟਾਊਨ ਇਲਾਕੇ ਵਿੱਚ ਪੂਰੇ ਬਲਾਕ ਵਿੱਚ ਫੈਲਿਆ ਹੋਇਆ ਸੀ। ਬਸੰਤ ਕੌਰ ਨੂੰ ਖ੍ਰੀਦੋ-ਫਰੋਖਤ ਕਰਨ ਜੋਗੀ ਅੰਗ੍ਰੇਜ਼ੀ ਆਉਂਦੀ ਸੀ, ਉਸ ਤੋਂ ਵੱਧ ਨਹੀਂ। ਉਹ ਰਾਹ ਵਿੱਚ ਖਾਣ ਲਈ ਖਾਣਾ ਤਿਆਰ ਕਰਕੇ ਨਾਲ ਬੰਨ੍ਹ ਲੈਂਦੀ ਪਰ ਕਦੇ-ਕਦੇ ਕੁੜੀਆਂ ਨੂੰ ਰੈਸਟੋਰੈਂਟ ਵਿੱਚ ਖਾਣ ਦਾ ਵੀ ਮੌਕਾ ਮਿਲ ਜਾਂਦਾ। ਉਹ ਕਰੁਟੋਨ ਨਾਲ ਗੰਢਿਆਂ ਦਾ ਸੂਪ ਅਤੇ ਤਲੀ ਮੱਛੀ ਤੇ ਆਲੂ (ਫਿਸ਼ ਐਂਡ ਚਿਪਸ) ਖਾਂਦੀਆਂ। ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਖਾਂਦੀਆਂ  ਦੇਖਦੀ ਪਰ ਆਪਣੇ ਸ਼ਾਕਾਹਾਰੀ ਸਿਧਾਂਤ ਨੂੰ ਢਿੱਲਾ ਨਾ ਕਰਦੀ। ਜੇ ਕਪੂਰ ਨੇ ਕਾਰੋਬਾਰ ਲਈ ਜ਼ਿਆਦਾ ਸਮਾਂ ਜਾਣਾ ਹੁੰਦਾ ਤਾਂ ਉਹ ਬਸੰਤ ਕੌਰ ਅਤੇ ਕੁੜੀਆਂ ਨੂੰ ਬੀਕਨ ਹਿੱਲ ਪਾਰਕ ਵਿੱਚ ਛੱਡ ਜਾਂਦਾ, ਜਿੱਥੇ ਜੈਕੀ ਤੇ ਸੁਰਜੀਤ ਪੀਂਘਾਂ ਝੂਟਦੀਆਂ।

ਕਪੂਰ ਨੇ ਘਰ ਦੇ ਪਿਛਵਾੜੇ ਵਿੱਚ ਵੀ ਉਨ੍ਹਾਂ ਲਈ ਪੀਂਘਾਂ ਬਣਾ ਕੇ ਦਿੱਤੀਆਂ ਸਨ। ਕੁੜੀਆਂ ਨੂੰ ਮੇਓ ਸਾਈਡਿੰਗ ਦੀਆਂ ਪਹਿਲੀਆਂ ਯਾਦਾਂ ਵਿੱਚੋਂ ਉਸ ਪਿਛਵਾੜੇ ਅਤੇ ਪੀਂਘਾ ਦੀ ਸਭ ਤੋਂ ਵੱਧ ਯਾਦ ਸੀ। ਭਾਈ ਜੀ, ਜਾਂ ਕਾਬਲੀ,  ਕੁਆਰਾ ਰਸੋਈਆ, ਜਿਹੜਾ ਵੱਡੇ ਬਗੀਚੇ ਦੀ ਸੰਭਾਲ ਕਰਦਾ ਅਤੇ ਪਸ਼ੂਆਂ ਦੀ ਦੇਖਭਾਲ ਕਰਦਾ ਬਹੁਤਾ ਦੋਸਤਾਨਾ ਨਹੀਂ ਸੀ। ਉਹ ਔਰਤਾਂ ਅਤੇ ਬੱਚਿਆਂ ਤੋਂ ਲਾਂਭੇ ਰਹਿੰਦਾ। ਕੁੜੀਆਂ ਉਸ ਨੂੰ ਮੁਰਗਾ ਕੱਟਦੇ ਨੂੰ ਮੰਤਰ-ਮੁਗਧ ਹੋ ਕੇ ਦੇਖਦੀਆਂ ਅਤੇ ਮੁਰਗਾ ਬਿਨਾਂ ਸਿਰ ਤੋਂ ਦੌੜਦਾ। ਭਾਈ ਜੀ ਦਿਹਾੜੀ `ਚ ਦੋ ਵਾਰ ਘਰ ਅੰਦਰ ਦੁੱਧ ਦੀਆਂ ਬਾਲਟੀਆਂ ਲੈ ਕੇ ਆਉਂਦਾ। ਇੱਕ ਬਾਲਟੀ ਵਿੱਚ ਜੈਕੀ ਲਈ ਬੱਕਰੀ ਦਾ ਦੁੱਧ ਹੁੰਦਾ। ਗਾਂ ਦਾ ਦੁੱਧ ਉਸ ਨੂੰ ਮਾਫਕ ਨਹੀਂ ਸੀ। ਡੰਕਨ ਵਾਲੇ ਡਾਕਟਰ ਦੀ ਸਲਾਹ ਤੋਂ ਬਾਅਦ ਕਪੂਰ ਨੇ ਬੱਕਰੀਆਂ ਖ੍ਰੀਦੀਆਂ। ਕੁਝ ਬੱਕਰੀਆਂ ਭਾਈ ਜੀ ਦੀ ਦੇਖ ਰੇਖ ਹੇਠ ਵੱਡੀਆਂ ਹੋਈਆਂ ਅਤੇ ਸੌ ਤੋਂ ਉੱਪਰ ਦਾ ਇੱਜੜ ਬਣ ਗਿਆ। ਸਾਰੀਆਂ ਬੱਕਰੀਆਂ ਚਿੱਟੀਆਂ ਸਨ। ਕਾਬਲੀ ਤੋਂ ਕਿਤੇ ਵੱਧ ਪਿਆਰ ਕਰਨ ਵਾਲਾ "ਡੈਡੀ" ਮੈਕਲੀਨ ਸੀ। ਉਹ ਰੇਲਵੇ ਦਾ ਸਵਿੱਚਮੈਨ ਸੀ। ਉਹ ਮੁੱਖ ਲਾਈਨ ਅਤੇ ਲੌਗਿੰਗ ਲਾਈਨ ਦੇ ਕਾਟ `ਤੇ ਨਿਗਰਾਨੀ ਕਰਦਾ ਸੀ। ਉਸਦੇ ਅੰਦਰੋਂ ਬੱਚਿਆਂ ਪ੍ਰਤੀ ਪਿਆਰ ਫੁੱਟ-ਫੁੱਟ ਪੈਂਦਾ ਸੀ। ਅਤੇ ਕੁੜੀਆਂ ਜਦੋਂ ਬਟਰਕੱਪ ਲੈਣ ਜਾਂ ਕਿਸੇ ਹੋਰ ਬਹਾਨੇ ਉਸਦੀ ਝੁੱਗੀ ਵਿੱਚ ਜਾਂਦੀਆਂ ਤਾਂ ਬਹੁਤ ਖੇਡ-ਤਮਾਸ਼ਾ ਹੁੰਦਾ। ਇੱਕ ਵਾਰ ਉਹ ਉਸ ਕੋਲ ਗਈਆਂ ਹੋਈਆਂ ਸਨ' ਜਦੋਂ ਇੱਕ ਜਾਪਾਨੀ ਲੌਗਰ ਦਾ ਮ੍ਰਿਤਕ ਸਰੀਰ ਇੱਕ ਖੁੱਲ੍ਹੇ ਡੱਬੇ ਰਾਹੀਂ ਲਿਆਂਦਾ ਗਿਆ ਸੀ। ਉਸਦਾ ਸਰੀਰ ਢਕਿਆ ਹੋਇਆ ਸੀ ਅਤੇ ਸਿਰਫ ਉਸਦੇ ਬੂਟ ਹੀ ਦਿਸਦੇ ਸਨ। ਉਨ੍ਹਾਂ ਨੂੰ ਇਹ ਦੇਖ ਕੇ ਧੱਕਾ ਲੱਗਾ ਸੀ। ਪਰ ਗੇਲੀਆਂ ਢੋਣ ਵਾਲੀ ਰੇਲਗੱਡੀ ਨਾਲ ਉਨ੍ਹਾਂ ਦਾ ਬਹੁਤ ਖੁਸ਼ੀ ਵਾਲਾ ਸਬੰਧ ਸੀ ਕਿਉਂ ਕਿ ਉਨ੍ਹਾਂ ਦਾ ਪਿਤਾ ਕਈ ਵਾਰ ਉਨ੍ਹਾਂ ਨੂੰ ਘੁਮਾਉਣ ਲਈ ਪਟੜੀ `ਤੇ ਲੈ ਜਾਂਦਾ। ਉਹ ਖੁੱਲ੍ਹੀ ਛੱਤ ਵਾਲੇ ਡੱਬੇ `ਤੇ ਚੜ੍ਹ ਜਾਂਦੀਆਂ। ਉਨ੍ਹਾਂ ਦਾ ਪਿਤਾ ਸਿਰਿਆਂ `ਤੇ ਅਖਬਾਰ ਵਿਛਾਅ ਦਿੰਦਾ ਤਾਂ ਕਿ ਉਹ ਆਪਣੇ ਪੈਰ ਲਟਕਾ ਲੈਣ ਅਤੇ ਉਨ੍ਹਾਂ ਦੇ ਸੂਤੀ ਕੱਪੜੇ ਗੰਦੇ ਨਾ ਹੋਣ। ਪੰਤਾਲੀ ਮਿੰਟ ਦੇ ਸਹਿਜ ਚਾਲ ਗੇੜੇ ਤੋਂ ਪਿੱਛੋਂ -ਬੱਚਿਆਂ ਦੇ ਮਨ ਵਿੱਚ ਇਹ ਬਹੁਤ ਲੰਬਾ ਸਮਾਂ ਸੀ-ਉਹ ਲੌਗਿੰਗ ਕੈਂਪ ਵਿੱਚ ਪਹੁੰਚਦੇ। ਉੱਥੇ ਥੋੜ੍ਹੇ ਜਿਹੇ ਬੰਕਹਾਊਸ ਹੁੰਦੇ ਅਤੇ ਉਨ੍ਹਾਂ ਦੇ ਲਿੱਬੜਣ ਲਈ ਇੱਕ ਕੂਲ੍ਹ ਵਗਦੀ ਹੁੰਦੀ।

ਕਪੂਰ ਅਤੇ ਬਸੰਤ ਕੌਰ ਨੇ ਮੇਓ ਸਾਈਡਿੰਗ `ਤੇ ਇੱਕ ਦਹਾਕੇ ਤੋਂ ਵੱਧ ਸਮਾਂ ਬਿਤਾਇਆ। ਇਸ ਦਹਾਕੇ ਵਿੱਚ ਉਹ ਇੱਕ ਸਾਲ ਲਈ ਭਾਰਤ ਗਏ। ਕਿਤਾਬਾਂ ਤੇ ਬਸੰਤ ਕੌਰ ਵੱਲੋਂ ਸੁਣਾਈਆਂ ਜਾਂਦੀਆਂ ਕਹਾਣੀਆਂ ਤੋਂ ਇਲਾਵਾ ਜੈਕੀ ਤੇ ਸੁਰਜੀਤ ਲਈ ਨੌਂ ਤੇ ਦਸ ਸਾਲ ਦੀ ਉਮਰ ਤੱਕ ਇਹ ਮਿੱਲ ਵਾਲੀ ਜਗ੍ਹਾ ਹੀ ਸਾਰਾ ਸੰਸਾਰ ਸੀ, ਜਿਸ ਨੂੰ ਉਹ ਜਾਣਦੀਆਂ ਸਨ। ਮੇਓ ਸਾਈਡਿੰਗ `ਤੇ ਉਨ੍ਹਾਂ ਦੀ ਸੁਰੱਖਿਅਤ ਪਰਿਵਾਰਕ ਜ਼ਿੰਦਗੀ ਸੀ। ਉਹ ਆਪਣੇ ਭੈਣ-ਭਰਾਵਾਂ(ਕਜ਼ਨ) ਅਤੇ ਦੋ ਗੋਰੀਆਂ ਨਾਲ ਖੇਡਦੀਆਂ।  ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਰਿਸ਼ਤੇ ਵਿੱਚੋਂ ਲਗਦੇ ਭਰਾਵਾ ਤੋਂ ਬਿਨਾਂ ਕਿਸੇ ਮੁੰਡੇ ਨਾਲ ਨਾ ਖੇਡਣ ਦਿੰਦੀ। ਉਨ੍ਹਾਂ ਦੇ ਪਿਛਲੇ ਪਾਸੇ ਲਗਾਤਾਰ ਚੱਲਦੀ ਆਰਾ ਮਿੱਲ ਹੁੰਦੀ ਅਤੇ ਬਾਹਰ ਮਨ ਨੂੰ ਭਰਮਾਉਂਦੇ ਸੀਨ। ਉਨ੍ਹਾਂ ਦੇ ਅਗਲੇ ਦਰਵਾਜ਼ੇ ਅੱਗੇ, ਇੱਕ ਬਹੁ-ਨਸਲੀ , ਬਹੁ-ਸਭਿਆਚਾਰਕ ਪਿੰਡ ਉੱਸਰ ਗਿਆ ਸੀ, ਅਤੇ ਉਨ੍ਹਾਂ ਦਾ ਪਿਤਾ ਅਤੇ ਉਸ ਦੇ ਭਾਈਵਾਲ ਇਸ ਦੇ ਮਾਲਕ ਅਤੇ ਮੁੱਖ ਥੰਮ ਸਨ।

ਪਿੰਡ ਦੀ ਹੋਂਦ ਦਾ ਇੱਕੋ-ਇੱਕ ਮਕਸਦ ਮਿੱਲ ਸੀ ਅਤੇ ਉਹ ਮਿੱਲ ਵਿੱਚ ਤਾਜ਼ੀ ਗੇਲੀ ਨੂੰ ਚੀਰਦੇ ਆਰੇ ਦੀ ਤਿੱਖੀ ਤੇ ਡੂੰਘੀ ਆਵਾਜ਼ ਨੂੰ ਸੰਗੀਤ ਵਾਂਗ ਪਛਾਨਣਾ ਸਿੱਖ ਗਏ ਸਨ। ਜੰਗਲ ਵੀ ਬਹੁਤਾ ਦੂਰ ਨਹੀਂ ਸੀ ਅਤੇ ਉਹ ਆਪਣੇ ਚਚੇਰੇ-ਭੈਣ ਭਰਾਵਾਂ ਨਾਲ ਰੇਲਵੇ ਦੇ ਨਾਲ ਨਾਲ ਬਲੈਕਬੇਰੀ ਤੋੜਣ ਦੀ ਮੁਹਿੰਮ ਨੂੰ ਬਹੁਤ ਪਿਆਰ ਨਾਲ ਯਾਦ ਕਰਦੀਆਂ। ਇੱਕ ਵਾਰ ਉਹ ਆਪਣੇ ਪਿਤਾ ਨਾਲ ਜੰਗਲ ਵਿੱਚ ਖੜ੍ਹੀਆਂ ਸਨ ਅਤੇ ਉਨ੍ਹਾਂ ਨੇ ਇੱਕ ਹਿਰਨ ਦੇਖਿਆ। ਇਹ ਉਨ੍ਹਾਂ ਦਾ ਮਨ-ਭਾਉਂਦਾ ਪਲ ਸੀ। ਇਹੀ ਕੁਝ ਉਹ ਲੱਭਣ ਆਏ ਸਨ ਅਤੇ ਉਨ੍ਹਾਂ ਦੇ ਪਿਤਾ ਕੋਲ ਰਫਲ ਸੀ। " ਗੋਲੀ ਚਲਾਓ, ਡੈਡੀ," ਉਨ੍ਹਾਂ ਨੇ ਕਿਹਾ। ਉਸ ਨੇ ਗੋਲੀ ਚਲਾਈ ਪਰ ਨਿਸ਼ਾਨਾ ਚੁੱਕ ਗਿਆ। ਪਰ ਉਹ ਕਦੇ ਵੀ ਨਹੀਂ ਭੁੱਲੀਆਂ ਕਿ ਉਸ ਨੇ ਜਾਣ ਬੁੱਝ ਕੇ ਨਿਸ਼ਾਨਾ ਚੁਕਾਇਆ ਸੀ ਕਿਉਂ ਕਿ ਉਹ ਐਨਾ ਦਿਆਲੂ ਸੀ ਕਿ ਜਾਨਵਰ ਨੂੰ ਮਾਰਨ ਵਾਸਤੇ ਨਿਸ਼ਾਨਾਂ ਨਹੀਂ ਸੀ ਬੰਨ੍ਹ ਸਕਦਾ।

ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਕਪੂਰ ਨੇ ਉਸ ਨੂੰ ਕਨੇਡਾ ਬੁਲਾਇਆ ਸੀ ਜੇ ਉਸ ਵੇਲੇ ਉਸਦਾ ਭਰਾ ਅਤੇ ਚਾਚਾ ਔੜ ਵਿੱਚ ਹੁੰਦੇ ਤਾਂ ਉਹ ਕਦੇ ਵੀ ਕਨੇਡਾ ਨਾ ਆਉਂਦੀ। ਉਹ ਆਪਣੇ ਪਰਿਵਾਰ ਨਾਲ ਐਨੀ ਜੁੜੀ ਹੋਈ ਸੀ ਤੇ ਉਸ ਨਾਲੋਂ ਐਨਾ ਦੂਰ ਸੀ। ਪਰ ਉਹ ਆਈ ਅਤੇ ਮੇਓ ਸਾਈਡਿੰਗ `ਤੇ ਉਸ ਨੇ ਅਤੇ ਕਪੂਰ ਨੇ ਹੂਬਹੂ ਓਹੋ ਜਿਹੀ ਨੇੜਤਾ ਵਾਲਾ ਪਰਿਵਾਰ ਬਣਾ ਲਿਆ, ਜਿਸ ਨੂੰ ਉਹ ਛੱਡ ਕੇ ਆਈ ਸੀ। ਬਹੁਤ ਸਾਲ ਕਪੂਰ ਨੇ ਕਨੇਡਾ ਵਿੱਚ ਜਾਇਦਾਦ ਬਣਾਉਂਦਿਆਂ ਆਪਣੀਆਂ ਪਰਿਵਾਰਕ ਭਾਵਨਾਵਾਂ ਨੂੰ ਦਬਾ ਕੇ ਰੱਖਿਆ ਸੀ। ਜਦੋਂ ਹੀ ਕਨੇਡਾ ਦੀ ਸਰਕਾਰ ਨੇ ਉਸਦੀ ਘਰਵਾਲੀ ਨੂੰ ਇੱਥੇ ਆਉਣ ਦਿੱਤਾ, ਅਤੇ ਜਦੋਂ ਹੀ ਬਸੰਤ ਕੌਰ ਨੇ ਸ਼ਹਿਰ ਦੀ ਥਾਂ ਉਸਦੇ ਨਾਲ ਰਹਿਣ ਨੂੰ ਪਹਿਲ ਦਿੱਤੀ ਕਪੂਰ  ਘਰੇਲੂ ਜ਼ਿੰਦਗੀ ਲਈ ਵਚਨਬੱਧ ਹੋ ਗਿਆ। ਇਹ ਕਪੂਰ ਦਾ ਸੁਭਾਅ ਹੋ ਸਕਦਾ ਜਾਂ ਬਸੰਤ ਕੌਰ ਦੀ ਅਗਵਾਈ ਜਾਂ ਦੋਹਾਂ ਦੀ ਸਾਂਝੀ ਸਿਆਣਪ, ਪਰ ਵਿਆਹ ਤੋਂ ਪਿੱਛੋਂ ਸਾਲਾਂ ਲੰਬੀ ਦੂਰੀ ਤੋਂ ਬਾਅਦ ਉਹ ਇੱਕ ਸੰਯੁਕਤ ਜੀਵਨ ਸਾਥ ਵਿੱਚ ਬੱਝੇ ਅਤੇ ਦੋ ਬੱਚਿਆ ਦਾ ਪਾਲਣ ਕੀਤਾ ਅਤੇ ਇਹ ਬੱਚੇ ਦੋਹਾਂ ਮਾਪਿਆਂ ਨੂੰ ਬਰਾਬਰ ਪਿਆਰ ਅਤੇ ਸਤਿਕਾਰ ਕਰਦੇ ਸਨ ਅਤੇ ਕਦੇ ਵੀ ( ਨਿੱਕੀ ਤੋਂ ਨਿੱਕੀ ਗੱਲ `ਤੇ ਵੀ ਨਹੀਂ) ਇੱਕ ਤੋਂ ਹਾਂ ਨਹੀਂ ਕਰਾ ਸਕੇ ਜੇ ਦੂਜੇ ਨੇ ਨਾਂਹ ਕੀਤੀ ਹੋਵੇ।

Read 106 times Last modified on Tuesday, 01 May 2018 12:33