You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»09. ਕਿਲੇ ਦੇ ਮੋਤੀ - ਕਨੇਡਾ ਅਤੇ ਭਾਰਤ ਵਿੱਚ ਪਿੰਡ ਦੀ ਜ਼ਿੰਦਗੀ

ਲੇਖ਼ਕ

Tuesday, 01 May 2018 12:17

09. ਕਿਲੇ ਦੇ ਮੋਤੀ - ਕਨੇਡਾ ਅਤੇ ਭਾਰਤ ਵਿੱਚ ਪਿੰਡ ਦੀ ਜ਼ਿੰਦਗੀ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਾਰੋਬਾਰੀ ਤੇ ਪਰਿਵਾਰਕ ਬੰਦੇ ਅਤੇ ਕਮਿਊਨਿਟੀ ਆਗੂ  ਕਪੂਰ ਦੀ ਲੱਕੜ ਮਿੱਲ ਵਾਲੇ ਪਿੰਡ ਵਿੱਚ ਜ਼ਿੰਦਗੀ ਸ਼ਾਨਦਾਰ ਤੇ ਵੱਖਰੀ ਸੀ। ਅਤੇ ਇਹ ਬਸੰਤ ਕੌਰ ਵਾਸਤੇ ਜ਼ਿੰਦਗੀ ਦੇ ਉਸ ਪੜਾਅ `ਤੇ ਜਿਹੋ-ਜਿਹੀ ਸ਼ਹਿਰ ਵਿੱਚ ਹੋਣੀ ਸੀ, ਉਸ ਨਾਲੋਂ ਸ਼ਾਇਦ ਵੱਧ ਲਾਹੇਵੰਦ ਸੀ। ਅਤੇ ਕੁੜੀਆਂ ਲਈ ਉਤੇਜਨਾ ਭਰਪੂਰ ਸੀ ਭਾਵੇਂ ਉਨ੍ਹਾਂ ਦੇ ਮਾਪੇ ਉਨ੍ਹਾਂ `ਤੇ ਨਜ਼ਰ ਰੱਖਦੇ ਸਨ। ਜੈਕੀ ਦੇ ਸ਼ਬਦਾਂ ਵਿੱਚ ਉਹ ਬਹੁਤ ਸਖਤ ਸਨ। ਕੁੜੀਆਂ ਉਸ ਸਮੇਂ ਦੇ ਬਾਕੀ ਕਨੇਡਾ ਤੋਂ ਭਿੰਨ ਇੱਕ ਬਹੁ-ਨਸਲੀ ਵਾਤਾਵਰਣ ਵਿੱਚ ਕਨੇਡੀਅਨਾਂ ਦੇ ਤੌਰ `ਤੇ ਵੱਡੀਆਂ ਹੋ ਰਹੀਆਂ ਸਨ। ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਕਿਤਾਬਾਂ, ਯਾਤਰਾ ਅਤੇ ਵੱਡਿਆਂ ਨਾਲ ਗੱਲ-ਬਾਤ ਤੇ ਵਿਚਾਰ-ਵਿਟਾਂਦਰੇ ਲਈ ਉਤਸ਼ਾਹਿਤ ਕਰਕੇ ਦੁਨੀਆਂ ਬਾਰੇ ਸਿਖਾਉਣਾ ਚਾਹੁੰਦਾ ਸੀ। ਅਤੇ ਬਾਹਰਲੀ ਦੁਨੀਆਂ ਲੱਕੜ ਵਾਲੇ ਪਿੰਡ ਪਹੁੰਚ ਜਾਂਦੀ, ਜਦੋਂ ਕਪੂਰ ਅਸਾਧਾਰਣ ਲੋਕਾਂ ਨੂੰ ਸੱਦ ਕੇ ਪ੍ਰਾਹੁਣਚਾਰੀ ਕਰਦਾ। ਉਨ੍ਹਾਂ ਦੀ ਮਾਤਾ ਉਨ੍ਹਾਂ ਨੂੰ ਆਪ ਮਿਸਾਲ ਬਣ ਕੇ ਅਤੇ ਕਹਾਣੀਆਂ ਦੱਸ ਕੇ ਧਰਮ ਬਾਰੇ ਸਿੱਖਿਆ ਦਿੰਦੀ। ਆਪਣੇ ਪਿਤਾ ਰਾਹੀਂ ਉਨ੍ਹਾਂ ਨੇ ਭਾਈਚਾਰੇ ਦੇ ਵੱਡੇ ਮਸਲਿਆ ਬਾਰੇ ਜਾਣਿਆਂ ਜਿਵੇਂ ਭਾਰਤ ਵਿੱਚ ਆਜ਼ਾਦੀ ਦੀ ਲਹਿਰ ਅਤੇ ਕਨੇਡਾ ਵਿੱਚ ਹੱਕਾਂ ਲਈ ਜੱਦੋ-ਜਹਿਦ ਕਰਨਾ। ਉਹ ਕੁਦਰਤ ਨੂੰ ਪਿਆਰ ਕਰਦਿਆਂ ਵੱਡੀਆਂ ਹੋਈਆਂ, ਜਿਹੜੀ ਉਨ੍ਹਾਂ ਦੀ ਸਰਦਲ ਦੇ ਬਾਹਰ ਸੀ,  ਪਰਬਤ ਅਤੇ ਜੰਗਲ ਉਨ੍ਹਾਂ ਲਈ ਕੁਦਰਤ ਦਾ ਤੋਹਫਾ ਸੀ, ਅਤੇ ਮੇਓ ਮਿੱਲ ਦਾ ਪੂਰਾ ਦ੍ਰਿਸ਼ ਉਨ੍ਹਾਂ ਦੇ ਘਰੋਂ ਦਿਸਦਾ।

ਲੱਕੜ ਦੇ ਕਾਰੋਬਾਰ ਕਾਰਣ ਹੀ ਉਹ ਮੇਓ ਸਾਈਡਿੰਗ `ਤੇ ਸਨ ਅਤੇ ਇਹ 1920 ਵਾਲੇ ਤੇਜ਼ੀ ਦੇ ਸਮੇਂ ਵਧੀਆ ਕਾਰਗੁਜ਼ਾਰੀ ਕਰ ਰਿਹਾ ਸੀ। ਦਹਾਕੇ ਦੇ ਅਖੀਰ ਤੱਕ ਕਪੂਰ, ਮੇਓ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਮੇਓ ਸਾਈਡਿੰਗ `ਤੇ ਤਕਰੀਬਨ ਚਾਰ ਸੌ ਕਾਮੇ ਰੱਖੇ ਹੋਏ ਸਨ। ਉਨ੍ਹਾਂ ਕੋਲ ਇਸੇ ਆਕਾਰ ਦੀ ਦੂਜੀ ਮਿੱਲ ਪੰਜਾਹ ਕਿਲੋਮੀਟਰ ਦੱਖਣ ਵੱਲ ਸੂਕ ਝੀਲ `ਤੇ ਸੀ ਅਤੇ ਉਹ ਅਠਾਰਾਂ ਕਿਲੋਮੀਟਰ ਪੱਛਮ ਵੱਲ ਕੋਵੀਚਿਨ ਝੀਲ ਦੇ ਨੇੜੇ ਤੀਜੀ ਮਿੱਲ ਲਾਉਣ ਦੀ ਯੋਜਨਾ ਬਣਾ ਰਹੇ ਸਨ। ਉੱਥੇ ਉਨ੍ਹਾਂ ਕੋਲ ਦਰੱਖਤਾਂ ਨਾਲ ਭਰੀ ਜ਼ਮੀਨ ਸੀ। ਮੇਓ ਸਾਈਡਿੰਗ `ਤੇ ਉਹ ਮੇਓ ਲੰਬਰ ਕੰਪਨੀ ਦੇ ਨਾਂ ਹੇਠ ਕਾਰੋਬਾਰ ਕਰਦੇ ਰਹੇ। ਸੂਕ ਅਤੇ ਕੋਵੀਚਿਨ ਝੀਲਾਂ `ਤੇ ਕਪੂਰ ਲੰਬਰ ਕੰਪਨੀ ਦੇ ਨਾਂ ਹੇਠ। ਤਿੰਨਾਂ ਹੀ ਥਾਵਾਂ `ਤੇ ਕਪੂਰ ਤੇ ਮੇਓ ਮੁੱਖ ਹਿੱਸੇਦਾਰ ਸਨ। ਉਨ੍ਹਾਂ ਕੋਲ ਸਹਾਇਕ ਕੰਪਨੀਆਂ, ਟੈਨਸਰ ਲੰਬਰ ਅਤੇ ਮਾਰੋਕਾ ਲੰਬਰ ਵੀ ਸਨ, ਜਿਨ੍ਹਾਂ ਰਾਹੀਂ ਉਹ ਹੋਰ ਮਿੱਲਾਂ, ਮਸ਼ੀਨਰੀ ਅਤੇ ਇਮਾਰਤੀ ਲੱਕੜ ਦੇ ਮਾਲਕ ਬਣਦੇ ਪਰ ਮੇਓ ਸਾਈਡਿੰਗ ਵਾਲੀ ਮਿੱਲ ਤੇ ਜੰਗਲ ਅਤੇ ਸੂਕ ਝੀਲ ਵਾਲੀ ਮਿੱਲ ਤੇ ਜੰਗਲ ਉਨ੍ਹਾਂ ਦੀ ਮੁੱਖ ਸੰਪਤੀ ਸਨ। ਵਰਜੀਨੀਆ ਮਿੱਲ ਨਾਲ ਕਪੂਰ ਦਾ  ਸਬੰਧ ਨਹੀਂ ਸੀ ਰਿਹਾ ਪਰ ਉਸ ਨੇ ਅਤੇ ਮੇਓ ਨੇ ਮਿਲ ਕੇ ਜਿੰਨਾ ਵਿਸਥਾਰ ਕੀਤਾ ਉਹ ਇਸ ਨਾਲੋਂ ਵੱਧ ਸੀ।(1)

ਕਪੂਰ ਲੰਬਰ ਕੰਪਨੀ ਪੰਜ ਹਜ਼ਾਰ ਏਕੜ, ਜਿਸ ਵਿੱਚ ਬਹੁਤੇ ਫਰ ਦੇ ਦਰਖਤ ਸਨ, ਅਤੇ ਪਹਿਲਾਂ ਕਦੇ ਕੱਟੇ ਨਹੀਂ ਸੀ ਗਏ, ਨਾਲ 1927 ਵਿੱਚ ਸੂਕ ਝੀਲ ਦੇ ਇਲਾਕੇ ਵਿੱਚ ਚੱਲਣੀ ਸ਼ੁਰੂ ਹੋਈ। ਇਸਦੀ ਮਿੱਲ ਵਿਕਟੋਰੀਆ ਤੋਂ ਕੋਵੀਚਨ ਝੀਲ ਤੱਕ ਨਵੀਂ ਬਣੀ ਸੀ ਐੱਨ ਆਰ ਦੀ ਪਟੜੀ `ਤੇ ਪੈਂਦੀ ਸੀ ਅਤੇ ਕਦੇ ਵਿਕਟੋਰੀਆ ਤੇ ਡੰਕਨ ਵਿਚਾਲੇ ਅਤੇ ਸੂਕ ਝੀਲ ਦੇ ਪੂਰਬ ਵੱਲ ਦੀ ਜਾਂਦੇ ਘੋੜਾ-ਬੱਘੀਆਂ ਦੇ ਰਾਹ ਵਿੱਚ ਸਥਿਤ ਸੀ। ਪਰ ਇਹ ਰਾਹ ਹੁਣ ਵਗਦਾ ਨਹੀਂ ਸੀ। ਲੰਬੀ ਵਾਦੀ ਵਿੱਚ ਪਹਾੜੀ ਚੋਟੀਆਂ ਵਿੱਚ ਘਿਰੀ ਇੱਕ ਛੋਟੀ ਰਮਣੀਕ ਝੀਲ `ਤੇ ਲੌਗਿੰਗ ਕੈਂਪ ਸੀ। ਇਹ ਲੌਗਿੰਗ ਰੇਲਵੇ ਨਾਲ ਦੋ ਕਿਲੋਮੀਟਰ ਚੜ੍ਹਾਈ `ਤੇ ਸੀ। ਇਹ ਵੌਲਫ ਝੀਲ ਸੀ, ਜਿਹੜੀ ਮਿੱਲ ਤੋਂ ਦੋ ਸੌ ਮੀਟਰ ਉਚਾਈ `ਤੇ ਸੀ। ਮਿੱਲ ਨਾਲ ਕੰਪਨੀ ਨੇ ਮੇਓ ਵਰਗਾ ਹੀ ਇੱਕ ਪਿੰਡ ਬਣਾ ਲਿਆ ਸੀ ਜਿੱਥੇ ਸੱਠ ਜਾਂ ਸੱਤਰ ਇਮਾਰਤਾਂ ਸਨ। ਇਨ੍ਹਾਂ ਵਿੱਚ ਵੱਖਰੇ ਗੁਸਲਖਾਨਿਆਂ ਵਾਲੇ ਬੰਕ ਹਾਊਸ, ਇੱਕ ਸਟੋਰ ਅਤੇ ਗੋਰੇ, ਜਾਪਾਨੀ, ਸਾਊਥ-ਏਸ਼ੀਅਨ ਅਤੇ ਚੀਨਿਆਂ ਲਈ ਵੱਖ ਵੱਖ ਚਾਰ ਰਸੋਈਆਂ ਸਨ। ਜੰਗਲ ਦੇ ਨਾਲ ਲੱਗਵੀਂ,  ਛੋਟੀ ਇੱਕ ਕਮਰੇ ਅਤੇ ਦੋਹਾਂ ਪਾਸਿਆਂ ਤੋਂ ਢਲਵੀਂ ਛੱਤ ਵਾਲੀ ਸਕੂਲ ਦੀ ਇਮਾਰਤ ਸੀ। ਇਸਦੇ ਇੱਕ ਪਾਸੇ ਖਿੜਕੀਆਂ, ਦੂਜੇ ਪਾਸੇ ਪ੍ਰਵੇਸ਼ ਦਰਵਾਜ਼ਾ ਅਤੇ ਅਗਲੇ ਪਾਸੇ ਅੰਦਰ ਲੱਗੇ ਲੋਹੇ ਦੇ ਬਣੇ ਲੱਕੜ ਬਾਲਣ ਵਾਲੇ ਸਟੋਵ ਦੀ ਚਿਮਨੀ ਸੀ। ਪਿੰਡ ਵਿੱਚ ਮੋਟਰ ਗੱਡੀ ਰਾਹੀਂ ਆਉਣ ਵਾਲਿਆਂ ਦੀਆਂ ਗੱਡੀਆਂ ਤਖਤਿਆਂ ਦੀ ਸੜਕ ਉੱਪਰ ਖੜ-ਖੜ ਕਰਦੀਆਂ ਅਤੇ ਹੁੱਝਕੇ ਮਾਰਦੀਆਂ। ਇਹ ਸੜਕ ਪੰਦਰਾਂ ਲੱਕੜ ਦੇ ਗੈਰਾਜਾਂ ਦੇ ਮੂਹਰੇ ਬਣੀ ਹੋਈ ਸੀ। ਇਹ ਗੈਰਾਜ ਲੌਗਿੰਗ ਟਰੱਕਾਂ ਅਤੇ ਮੇਓ ਤੇ ਕਪੂਰ ਦੀਆਂ ਕਾਰਾਂ ਲਈ ਵਰਤੇ ਜਾਂਦੇ। ਸੂਕ ਵਿੱਚ ਕੰਮ ਕਰਨ ਵਾਲੇ ਬਹੁਤੇ ਜਾਪਾਨੀ ਪਰਿਵਾਰਾਂ ਵਾਲੇ ਸਨ ਅਤੇ ਉਨ੍ਹਾਂ ਦੇ ਘਰਾਂ ਦੇ ਮੂਹਰੇ ਦਿਲ-ਖਿੱਚਵੇਂ ਬਗੀਚੇ ਬਣੇ ਹੋਏ ਸਨ। ਮੇਓ ਕੋਲ ਉੱਥੇ ਘਰ ਸੀ। ਕਪੂਰ ਕੋਲ ਪਹਿਲਾਂ ਨਹੀਂ ਸੀ ਪਰ ਫਿਰ ਉਸ ਨੇ ਕੰਪਨੀ ਦੇ ਅਕਾਂਊਂਟੈਂਟ ਸੈਮ ਕੋਵਨ ਵਾਲਾ ਮਕਾਨ ਲੈ ਲਿਆ। ਕਪੂਰ ਦਾ ਇਹ ਸੂਕ ਝੀਲ ਵਾਲਾ ਪਿੰਡ ਮੇਓ ਸਾਈਡਿੰਗ ਨਾਲੋਂ ਵੀ ਜ਼ਿਆਦਾ ਅਲੱਗ-ਥਲੱਗ ਸੀ। ਇਹ ਵਿਕਟੋਰੀਆ ਤੋਂ ਪੰਜਾਹ ਕਿਲੋਮੀਟਰ ਦੂਰ ਸੀ। ਪਰ  ਇਸ ਲੌਗਿੰਗ ਸੜਕ ਤੇ ਉਚਾਈਆਂ, ਨਿਵਾਣਾਂ, ਵਿੰਗ-ਵਲ਼  ਅਤੇ ਵੱਡੇ ਪੱਥਰਾਂ ਦੇ ਦੁਆਲੇ ਮੋੜ-ਘੋੜਾਂ ਕਾਰਣ ਮੋਟਰ ਗੱਡੀ ਰਾਹੀਂ ਸਾਰੀ ਦਿਹਾੜੀ ਲੱਗ ਜਾਂਦੀ।

ਕਪੂਰ ਮਿੱਲ ਚਲਦੀ ਨੂੰ ਡੇਢ ਸਾਲ ਹੋ ਗਿਆ ਸੀ, ਜਦੋਂ ਬੰਗਾਲੀ ਕਵੀ ਅਤੇ ਸਾਹਿਤ ਦਾ ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਬੀ. ਸੀ. ਵਿੱਚ ਆਇਆ। ਉਹ ਨੈਸ਼ਨਲ ਕਾਊਂਸਲ ਆਫ ਐਜੂਕੇਸ਼ਨ ਦੀ ਕਾਨਫਰੰਸ ਵਿੱਚ ਮੁੱਖ ਬੁਲਾਰੇ ਵਜੋਂ ਆਇਆ ਸੀ।(ਇਹ ਕਨੇਡਾ ਦੀ ਪ੍ਰਭਾਵਸ਼ਾਲੀ ਐਸੋਸੀਏਸ਼ਨ ਸੀ, ਜਿਸਦਾ ਸਬੰਧ ਦੇਸ਼-ਭਗਤੀ, ਸਲੇਬਸ ਅਤੇ ਨਾਗਰਿਕਤਾ ਨਾਲ ਸੀ)  ਕਾਨਫਰੰਸ ਵਿੱਚ ਭਾਗ ਲੈਣ ਆਏ ਟੈਗੋਰ ਦਾ ਅਪ੍ਰੈਲ 1929 ਵਿੱਚ ਇਹ ਕੇਵਲ ਇੱਕ ਹੀ ਗੇੜਾ ਸੀ, ਭਾਵੇਂ ਉਹ ਦੁਨੀਆਂ ਘੁੰਮਣ ਵਾਲਾ ਸੀ ਅਤੇ ਉਸਦੇ ਯੂਰਪ ਅਤੇ ਅਮਰੀਕਾ ਵਿੱਚ ਭਾਸ਼ਣ ਦੇਣ ਲਈ ਦੌਰੇ ਲਗਦੇ ਰਹਿੰਦੇ। ਇਸ ਦੌਰੇ ਦੌਰਾਨ ਕੈਲੇਫੋਰਨੀਆ ਜਾਣ ਤੋਂ ਪਹਿਲਾਂ ਉਹ ਸਿਰਫ ਵਿਕਟੋਰੀਆ ਅਤੇ ਵੈਨਕੂਵਰ ਰੁਕਿਆ। ਟੈਗੋਰ ਭਾਰਤੀ ਕੌਮੀ ਪ੍ਰਤੀਕ ਸੀ। ਵਿਦੇਸ਼ਾਂ ਵਿੱਚ ਉਸ ਨੂੰ ਤਵੱਜੋ ਮਿਲਦੀ ਅਤੇ ਦੇਸ਼ ਵਿੱਚ ਪਿਆਰ। ਬੀ. ਸੀ. ਦੇ ਸਿੱਖਾਂ ਨੇ ਗਰਮ-ਜੋਸ਼ੀ ਨਾਲ ਉਸ `ਤੇ ਆਪਣਾ ਹੱਕ ਜਤਾਇਆ ਭਾਵੇਂ ਉਸਦਾ ਬੰਗਾਲੀ ਸਭਿਆਚਾਰ ਉਨ੍ਹਾਂ ਨਾਲੋਂ ਇਸ ਤਰ੍ਹਾਂ ਭਿੰਨ ਹੈ, ਜਿਵੇਂ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦਾ। ਉਨ੍ਹਾਂ ਨੇ ਉਸ ਨਾਲ ਭਾਰਤੀ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਉਸਦੀ ਜੈ-ਜੈ ਕਾਰ ਦਾ ਆਨੰਦ ਮਾਣਿਆ। ਉਹ ਵੈਨਕੂਵਰ ਵਿੱਚ ਚਾਰ ਵਾਰ ਅਤੇ ਵਿਕਟੋਰੀਆ ਵਿੱਚ ਇੱਕ ਵਾਰ ਬੋਲਿਆ। ਉਨ੍ਹਾਂ ਰਾਤਾਂ ਵਿੱਚ ਉਸ ਨੂੰ ਸੁਣਨ ਲਈ ਵੈਨਕੂਵਰ ਅਤੇ ਵਿਕਟੋਰੀਆ ਦੇ ਅੰਗ੍ਰੇਜ਼-ਕਨੇਡੀਅਨਾਂ ਦੀਆਂ ਕਤਾਰਾਂ ਬਲਾਕਾਂ ਤੱਕ ਫੈਲ ਗਈਆਂ। ਵੈਨਕੂਵਰ ਠਹਿਰ ਦੌਰਾਨ ਉਸ ਨੇ ਇੱਕ ਸ਼ਾਮ ਉਸਦੇ ਸਤਿਕਾਰ ਵਿੱਚ ਗੁਰਦਵਾਰੇ ਇਕੱਠੀ ਹੋਈ ਸੰਗਤ ਨਾਲ ਕੀਰਤਨ ਸਰਵਣ ਕੀਤਾ। ਉਸ ਨੇ ਵਿਕਟੋਰੀਆ ਦੇ ਗੁਰਦਵਾਰੇ ਵਿੱਚ ਵਿਸਾਖੀ ਦਿਹਾੜੇ ਦੇ ਜਸ਼ਨਾਂ  ਵਿੱਚ ਭਾਗ ਲੈਣ ਜਾਣਾ ਸੀ, ਪਰ ਉਸਦੇ ਬਿਮਾਰ ਹੋ ਜਾਣ ਕਾਰਣ ਆਖਰੀ ਮੌਕੇ  ਉਸ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਉਹ ਖਿਮਾ ਦਾ ਜਾਚਕ ਸੀ ਪਰ ਉਹ ਸੱਤਰ ਦੇ ਨੇੜੇ ਸੀ ਅਤੇ ਐਨੀ ਭੱਜ ਨੱਠ ਹੁਣ ਉਸ ਲਈ ਸੌਖੀ ਨਹੀਂ ਸੀ। ਉਸਦੇ ਵਿਕਟੋਰੀਆ ਪਹੁੰਚਣ ਵੇਲੇ ਬੰਦਰਗਾਹ `ਤੇ ਸਿੱਖਾਂ ਦਾ ਇਕੱਠ ਉਸਦੇ ਸਵਾਗਤ ਵਿੱਚ ਫੁੱਲਾਂ ਦੇ ਹਾਰ ਲੈ ਕੇ ਖੜ੍ਹਾ ਸੀ ਅਤੇ ਉਸਦੇ ਵਾਪਸ ਜਾਣ ਤੋਂ ਪਹਿਲਾਂ ਸਿੱਖਾਂ ਦੇ ਨੁਮਾਇੰਦਿਆਂ ਨੇ ਉਸ ਨੂੰ ਵਿਕਟੋਰੀਆ ਦੇ ਐਮਪਰੈੱਸ ਹੋਟਲ ਵਿੱਚ ਵਿਦਾਇਗੀ ਪਾਰਟੀ ਦਿੱਤੀ ਅਤੇ ਸੋਨੇ ਦੀ ਥੈਲੀ ਭੇਂਟ ਕੀਤੀ। ਅਤੇ ਉਸ ਨੂੰ ਕਿਹਾ ਕਿ ਭਾਰਤ ਵਿੱਚ ਆਪਣੇ ਚੰਗੇ ਕੰਮਾਂ ਲਈ ਜਿਵੇਂ ਉਹ ਚਾਹੇ ਇਸ ਨੂੰ ਵਰਤੇ।(2)

ਕਪੂਰ ਕੋਲ ਕੋਈ ਕਾਰਣ ਨਹੀਂ ਸੀ ਕਿ ਉਹ ਟੈਗੋਰ ਦੀ ਇਸ ਫੇਰੀ ਬਾਰੇ ਲਿਖਦਾ ਪਰ ਉਸਦੇ ਸੰਪਾਦਕ ਅਤੇ ਪੱਤਰਕਾਰ ਮਿੱਤਰ, ਕਰਤਾਰ ਸਿੰਘ ਹੁੰਦਲ ਨੇ ਇਸ ਬਾਰੇ ਲਿਖਿਆ ਅਤੇ ਉਸ ਅਵਸਰ ਦਾ ਬੋਧ ਸਾਨੂੰ ਉਸੇ ਰਾਹੀਂ ਹੋਇਆ। ਉਸ ਵੇਲੇ ਲਈ ਗਈ ਇੱਕ ਸਮੂਹ ਫੋਟੋ ਵਿੱਚ, ਟੈਗੋਰ  ਦੇ ਪਿੱਛੇ ਕਰਤਾਰ ਖੜ੍ਹਾ ਹੈ। ਫੋਟੋ ਵਿੱਚ ਵੈਨਕੂਵਰ ਅਤੇ ਵਿਕਟੋਰੀਆ ਦੇ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਮੈਂਬਰ ਵੀ ਖੜ੍ਹੇ ਹਨ ਪਰ ਕਰਤਾਰ ਬੀ. ਸੀ. ਵਿੱਚ ਟੈਗੋਰ ਦਾ ਰਾਹਨੁਮਾ ਹੋਣ ਨਾਤੇ ਖੜ੍ਹਾ ਸੀ।(3) ਉਸੇ ਵੇਲੇ ਉਹ ਮਸ਼ਹੂਰ ਧਰਮ ਪ੍ਰਚਾਰਕ ਅਤੇ ਗਾਂਧੀ ਦੇ ਸੰਗੀ ਚਾਰਲਸ ਫਰੀਅਰ ਐਂਡਰੀਊਜ਼ ਦਾ ਵੀ ਮੇਜ਼ਬਾਨ ਸੀ। ਐਂਡਰਿਊ ਟੈਗੋਰ ਦੀ ਕਵਿਤਾ ਦਾ ਅਨੁਵਾਦਕ ਅਤੇ ਸੰਪਾਦਕ ਵੀ ਸੀ।(4) ਉਹ ਆਪਣੀ ਉੱਤਰੀ ਅਮਰੀਕਾ ਦੀ ਯਾਤਰਾ ਦੇ ਅਖੀਰ `ਤੇ ਨਿਊਯਾਰਕ ਤੋਂ ਬੀ. ਸੀ. ਆਇਆ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਟੈਗੋਰ ਵੀ ਉੱਥੇ ਹੋਵੇਗਾ ਅਤੇ ਦੋਨਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਉੱਚ ਵਿਦਿਆ ਪ੍ਰਾਪਤ ਅਤੇ ਦੋਹਾਂ ਸਭਿਆਚਾਰਾਂ ਦੇ ਗਿਆਤਾ, ਕਰਤਾਰ ਸਿੰਘ ਦੇ ਸਿਰ ਆ ਪਈ।(ਟੈਗੋਰ ਤੇ ਐਂਡਰਿਊਜ਼ ਇੱਕ-ਦੂਜੇ ਦੇ ਚੰਗੀ ਤਰ੍ਹਾਂ ਜਾਣੂੰ ਸਨ) ਵਿਕਟੋਰੀਆ ਠਹਿਰ ਦੇ ਦੌਰਾਨ ਐਂਡਰਿਊਜ਼ ਨੇ ਮਹਾਤਮਾ ਗਾਂਧੀ ਬਾਰੇ ਉਸ ਨਾਲ ਭਾਰਤ ਅਤੇ ਸਾਊਥ ਅਫਰੀਕਾ ਵਿੱਚ ਕੰਮ ਕਰਦਿਆਂ ਬਿਤਾਏ ਸਾਲਾਂ ਬਾਰੇ ਆਪਣੀ ਛਪਣ ਵਾਲੀ ਕਿਤਾਬ ਦੀ ਭੂਮਿਕਾ ਲਿਖ ਦਿੱਤੀ।(5) ਕੁਝ ਪਲਾਂ ਲਈ ਬੀ. ਸੀ. ਦੇ ਸਿੱਖਾਂ ਨੂੰ ਦੋ ਵਿਸ਼ਵ ਪ੍ਰਸਿੱਧ ਹਸਤੀਆਂ ਅਤੇ ਭਾਰਤ ਦੀ ਆਜ਼ਾਦੀ ਦੇ ਦੋ ਹਮਾਇਤੀਆਂ ਦਾ ਧਿਆਨ ਮਿਲ ਗਿਆ। ਟੈਗੋਰ ਨੇ ਆਪਣੇ ਜਾਣ ਦੇ ਪਲਾਂ ਵੇਲੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਜਿਸ ਦੇਸ਼ ਵਿੱਚ ਉਹ ਸੈੱਟ ਹੋਏ ਸਨ, ਉਸ ਨੂੰ ਗਲ ਲਗਾ ਲੈਣ:" ਆਪਣੇ ਆਪ ਨੂੰ ਚੰਗੇ ਕਨੇਡੀਅਨ ਸਿੱਧ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦਿਓ।" ਉਨ੍ਹਾਂ ਦਾ ਰਸਮੀ ਜਵਾਬ (ਕਰਤਾਰ ਸਿੰਘ ਨੇ ਲਿਖਿਆ)ਵੀ ਉਸੇ ਵਿਚਾਰ ਦੀ ਪ੍ਰਤੀਧੁਨੀ ਹੀ ਸੀ-ਉਹ ਉਸ ਦੇਸ਼ ਦੇ, ਜਿੱਥੇ ਉਹ ਰਹਿੰਦੇ ਸਨ ਅਤੇ ਭਾਰਤ ਜਿੱਥੋਂ ਉਹ ਆਏ ਸਨ, ਦੇ ਕਾਬਲ ਨਾਗਰਿਕ ਬਣਨ ਦੇ ਯਤਨ ਕਰਨਗੇ।(6)

ਬੰਗਾਲੀ ਕਵੀ ਅਤੇ ਪੰਜਾਬੀ ਸਮਾਜ ਸੇਵਕ ਦੇ ਇਕੱਠਿਆਂ ਕੁਝ ਦਿਨ ਗੁਜ਼ਾਰਨ ਤੋਂ ਬਾਅਦ ਇਹ ਸ਼ਬਦ ਸਹਿਮਤੀ ਨਾਲ ਅਤੇ ਕੁਦਰਤੀ ਬਾਹਰ ਆਏ। ਇਹ ਕਰਤਾਰ ਸਿੰਘ ਦੀਆਂ ਭਾਵਨਾਵਾਂ ਨੂੰ ਹੂਬਹੂ ਬਿਆਨ ਕਰਦੇ ਸਨ। ਸਾਊਥ ਏਸ਼ੀਅਨ ਭਾਈਚਾਰੇ ਵਿੱਚੋਂ ਕੋਈ ਵੀ ਕਰਤਾਰ ਸਿੰਘ ਜਿੰਨਾਂ ਅੰਗ੍ਰੇਜ਼ ਕਨੇਡੀਅਨਾਂ ਦੀ ਜ਼ਿੰਦਗੀ ਅਤੇ ਸਭਿਆਚਾਰ ਵਿੱਚ ਡੂੰਘਾ ਨਹੀਂ ਉਤਰਿਆ ਸੀ ਅਤੇ ਫਿਰ ਵੀ ਭਾਰਤ ਬਾਰੇ ਫਿਕਰ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਉਸ ਅੰਦਰ ਬਲਦੀ ਸੀ। ਉਸਦੀ ਇਹ ਇੱਛਾ ਟਰਾਂਟੋ ਵਿੱਚ ਲੰਬੇ ਬਨਵਾਸ ਤੋਂ ਬਾਅਦ ਵੀ ਜਿਉਂਦੀ ਰਹੀ। ਉੱਥੇ ਉਹ ਆਪਣੇ ਹਮਵਤਨੀਆਂ ਤੋਂ ਦੂਰ, ਇੱਕ ਛੋਟੀ ਪਰ ਸਰਗਰਮ ਅਧਿਆਤਮਕ ਅਤੇ ਬੌਧਿਕ ਥੀਓਸੌਫੀਕਲ ਸੁਸਾਇਟੀ ਵਿੱਚ ਰਹਿਣ ਲੱਗਾ। ਉਹ ਸਾਲਾਂ ਬੱਧੀ ਸੁਸਾਇਟੀ ਦਾ ਆਸਰਾ ਰਿਹਾ। ਉਹ ਕਈ ਕੰਮਾਂ ਦੀ ਸੇਵਾ ਨਿਭਾਉਂਦਾ ਜਿਵੇਂ ਲਾਇਬਰੇਰੀਅਨ, ਸਕੱਤਰ, ਖਜ਼ਾਨਚੀ ਅਤੇ ਖਬਰ-ਪੱਤਰੀ ਦਾ  ਸਮਰਪਿਤ ਸੰਪਾਦਕ। ਜਦੋਂ ਕਰਤਾਰ ਨੇ  ਪਹਿਲੀ ਵਾਰ ਇਥੋਂ ਜਾਣ ਦੀ ਗੱਲ ਕੀਤੀ ਤਾਂ ਕਨੇਡਾ ਵਿੱਚ ਥੀਓਸੌਫੀਕਲ ਲਹਿਰ ਦੇ ਜਨਮ-ਦਾਤਾ, ਐਲਬਰਟ ਈ ਐਸ ਸਮਾਈਥ ਨੇ 'ਕਨੇਡੀਅਨ ਥੀਓਸੌਫਿਸਟ' ਵਿੱਚ ਦੁੱਖ ਜ਼ਾਹਰ ਕੀਤਾ। ਉਸ ਨੇ ਲਿਖਿਆ ਕਿ ਕਰਤਾਰ ਕਿਸੇ ਵੀ ਤਰ੍ਹਾਂ 'ਸੰਤ' ਹੋਣ ਤੋਂ ਘੱਟ ਨਹੀਂ।(7) ਕਰਤਾਰ ਨੇ ਐਲਾਨ ਕੀਤਾ ਸੀ ਕਿ ਉਹ ਵਾਪਸ ਭਾਰਤ ਜਾ ਰਿਹਾ ਸੀ ਪਰ ਉਸ ਨੇ ਆਪਣਾ ਇਰਾਦਾ ਬਦਲ ਲਿਆ ਅਤੇ ਆਪਣੇ ਹਮਵਤਨੀਆਂ ਲਈ ਕੰਮ ਕਰਨ ਵਾਸਤੇ ਬੀ. ਸੀ. ਵਿੱਚ ਸੈੱਟ ਹੋ ਗਿਆ। ਕਪੂਰ, ਜਿਸ ਨੇ ਉਸ ਨੂੰ ਨੌਕਰੀ ਦਿੱਤੀ ਸੀ, ਨੇ ਸ਼ਾਇਦ ਉਸ ਨੂੰ ਇਰਾਦਾ ਬਦਲਣ ਲਈ ਪ੍ਰੇਰਿਆ ਹੋਵੇ। ਕੁਝ ਵੀ ਹੋਵੇ, ਕਰਤਾਰ ਨੇ ਆਪਣੇ ਟਰਾਂਟੋ ਵਾਲੇ ਦੋਸਤਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਕਨੇਡੀਅਨ ਸਮਝਦਾ ਹੈ ਅਤੇ ਉਸ ਨੇ ਸੰਕਲਪ ਕੀਤਾ ਹੈ ਕਿ ਉਹ ਸਿੱਖਾਂ ਦੀ ਬਾਕੀ ਕਨੇਡਾ ਨਾਲ ਅਤੇ ਕਨੇਡਾ ਦੀ ਸਿੱਖਾਂ ਨਾਲ ਸਾਂਝ ਪਵਾਉਣ ਦਾ ਰਸਤਾ ਲੱਭੇਗਾ।(8)

ਕਪੂਰ ਦੀ ਮੱਦਦ ਨਾਲ ਕਰਤਾਰ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਅਖਬਾਰ ਕੱਢਣ ਦਾ ਇੱਕ ਦਲੇਰ ਹੰਭਲਾ ਮਾਰਿਆ। ਇਸ ਅਖਬਾਰ ਦਾ ਨਾਂ 'ਇੰਡੀਆ ਐਂਡ ਕੇਨੇਡਾ: ਏ ਜਰਨਲ ਆਫ ਇੰਟਰਪਰੈਟੇਸ਼ਨ ਐਂਡ ਇਨਫਰਮੇਸ਼ਨ' ਰੱਖਿਆ। ਇਹ ਉਸਦਾ ਇਕੱਲੇ ਦਾ ਯਤਨ ਸੀ ।  ਉਹ ਆਪ ਹੀ ਵਿਉਂਤ ਕਰਦਾ ਅਤੇ ਆਪ ਹੀ ਟਾਈਪ ਕਰਦਾ। ਇਹ ਕੰਮ ਉਹ ਵੈਨਕੂਵਰ ਵਿੱਚ ਚਾਰ ਐਵੀਨਿਊ ਦੇ ਇੱਕ ਸਟੋਰ ਦੇ ਪਿਛਲੇ ਕਮਰੇ ਨੂੰ ਵੰਡ ਕੇ ਬਣਾਈ ਥਾਂ ਵਿੱਚ ਕਰਦਾ ਅਤੇ ਫੇਰ ਵਾਈਨ ਅਤੇ ਚਾਰ ਐਵੇਨਿਊ ਦੇ ਕੋਨੇ `ਤੇ ਉਸਤੋਂ ਥੋੜ੍ਹੀ ਜਿਹੀ ਖੁੱਲ੍ਹੀ ਥਾਂ ਵਿੱਚ ਕਰਨ ਲੱਗਾ। ਉਹ ਕੁਝ ਫੰਡਾਂ ਲਈ ਕਪੂਰ `ਤੇ ਨਿਰਭਰ ਕਰਦਾ ਅਤੇ ਕੁਝ ਚੰਦਿਆਂ ਅਤੇ ਇਸ਼ਤਿਹਾਰਾਂ ਰਾਹੀਂ ਇਕੱਠੇ ਕਰ ਲੈਂਦਾ। ਮੇਓ ਵੀ ਦਿਆਲਤਾ ਨਾਲ ਚੰਦੇ ਦਿੰਦਾ। ਕਰਤਾਰ ਸਿੰਘ ਦੇ ਅੰਗਰੇਜ਼ੀ ਵਿੱਚ ਪਹਿਲੇ ਅੰਕ ਨੇ ਮੁੱਖਧਾਰਾ ਪ੍ਰੈੱਸ ਦਾ ਖੁਸ਼ ਕਰਨ ਵਾਲਾ ਧਿਆਨ ਖਿੱਚਿਆ ਅਤੇ ਉਸ ਨੇ 1929 ਅਤੇ 1930 ਵਿੱਚ ਮਹੀਨਾਵਾਰ ਸੱਤ ਅੰਕ ਕੱਢਣ ਤੋਂ ਬਾਅਦ ਦੋ-ਭਾਸ਼ੀ ਵਾਲੀ ਕੋਸ਼ਿਸ਼ ਬੰਦ ਕਰ ਦਿੱਤੀ ਅਤੇ ਆਪਣਾ ਸਾਰਾ ਧਿਆਨ ਪੰਜਾਬੀ ਵਿੱਚ ਪੰਦਰਵਾੜਾ ਕੱਢਣ `ਤੇ ਲਾ ਦਿੱਤਾ। ਉਸ ਵਿੱਚ ਉਹ ਭਾਈਚਾਰੇ ਦੇ ਅੰਦਰਲੇ ਮਸਲੇ, ਪਰਿਵਾਰਕ ਭੰਡੀ-ਪਰਚਾਰ, ਜਿਸ ਬਾਰੇ ਹਰ ਕੋਈ ਗੱਲਬਾਤ ਕਰ ਰਿਹਾ ਹੁੰਦਾ, ਨਿੱਜੀ ਖਾਰਾਂ ਅਤੇ ਲੋਕਾਂ ਦੀਆਂ ਝੜਪਾਂ ਦੇ ਨਾਲ ਨਾਲ ਭਾਈਚਾਰੇ ਦੀਆਂ ਪ੍ਰਾਪਤੀਆਂ ਅਤੇ ਜਸ਼ਨਾਂ ਬਾਰੇ ਸਪਸ਼ਟ ਲਿਖਦਾ। ਉਸਦਾ ਮਕਸਦ ਸਿੱਖਿਆ ਦੇਣਾ ਸੀ। ਪੰਜਾਬੀ ਅੰਕ ਵਿੱਚ ਉਹ ਕਠੋਰ ਹੋ ਸਕਦਾ ਸੀ, ਜਦੋਂ ਉਹ ਸੋਚਦਾ ਕਿ ਭਾਈਚਾਰੇ ਦਾ ਮਿਆਰ ਬਹੁਤ ਥੱਲੇ ਡਿੱਗ ਪਿਆ ਜਾਂ  ਲੋਕ ਜ਼ਿਆਦਾ ਹੀ ਲੋਭੀ, ਤੰਗ ਦਿਲ ਅਤੇ ਨਿੱਜ ਮੁਫਾਦੀ, ਜਾਂ ਸੌੜੇ ਖੇਤਰੀ ਅਤੇ ਫਿਰਕੂ ਭਿੰਨਤਾਵਾਂ ਵਿੱਚ ਉਲਝੇ ਹੋਏ ਸਨ। ਅੰਗ੍ਰੇਜ਼ੀ ਅੰਕ ਵਿੱਚ ਉਹ ਭਾਈਚਾਰੇ ਨੂੰ ਹਮੇਸ਼ਾ ਹਾਂ-ਪੱਖੀ ਰੋਸ਼ਨੀ ਵਿੱਚ ਪੇਸ਼ ਕਰਦਾ।(9)

ਅਖਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੇ ਬੀ. ਸੀ. `ਚ ਸਿੱਖ ਵਸੋਂ ਵਾਲੇ ਵੈਨਕੂਵਰ ਇਲਾਕੇ ਅਤੇ ਟਾਪੂ `ਚ ਵਿਕਟੋਰੀਆ ਇਲਾਕੇ ਦੀ ਯਾਤਰਾ ਕੀਤੀ ਅਤੇ ਇਸ ਫੇਰੀ ਦੌਰਾਨ ਉਸ ਨੇ ਮੇਓ ਤੇ ਕਪੂਰ ਮਿੱਲਾਂ ਦੇਖੀਆਂ। ਅਖਬਾਰ ਦੇ ਤੀਜੇ ਅੰਕ ਵਿੱਚ ਉਸ ਨੇ ਕਪੂਰ ਦੀ ਅੰਗ੍ਰੇਜ਼ੀ ਭਾਸ਼ਾ ਵਿੱਚ ਜੀਵਨੀ ਪੇਸ਼ ਕੀਤੀ। ਉਸ ਨੇ ਲਿਖਿਆ ਕਿ ਕਪੂਰ ਪਰਵਾਸੀ ਆਇਆ ਸੀ ਅਤੇ ਲੱਕੜ ਉਦਯੋਗ ਵਿੱਚ ਜਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ, ਜਿਸ ਨੇ ਸੈਂਕੜੇ ਬੰਦਿਆਂ ਨੂੰ ਰੁਜ਼ਗਾਰ ਦਿੱਤਾ, ਜਿਹੜਾ ਬਹੁਤ ਸਭਿਅਕ ਸੀ, ਜਿਸ ਕੋਲ ਬੀ. ਸੀ. ਵਿੱਚ ਬਹੁਤ ਜਾਇਦਾਦ ਸੀ ਪਰ ਜਿਹੜਾ ਬੀ. ਸੀ. ਵਿੱਚ ਵੋਟ ਨਹੀਂ ਪਾ ਸਕਦਾ ਅਤੇ ਜਿਸ ਕੋਲ ਨਾਗਰਿਕਤਾ ਵਾਲੇ ਸਾਰੇ ਹੱਕ ਨਹੀਂ। ਉਸ ਨੇ ਪੁੱਛਿਆ , " ਇੱਕ ਈਸਟ-ਇੰਡੀਅਨ ਜਿਸ ਨੇ ਕਨੇਡਾ ਨੂੰ ਅਪਣਾਇਆ ਅਤੇ ਇੱਕ ਸੱਚੇ ਕਨੇਡੀਅਨ ਹੋਣ ਦੀਆਂ ਸ਼ਰਤਾਂ ਨੂੰ ਇਸ ਸ਼ਾਨਦਾਰ ਤਰੀਕੇ ਨਾਲ ਪੂਰਾ ਕੀਤਾ, ਉਸ ਨਾਲ ਕਨੇਡਾ ਦੀ ਸਰਕਾਰ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰੇਗੀ?" ਇਹ ਕਰਤਾਰ ਦਾ ਕੇਂਦਰੀ ਨੁਕਤਾ ਸੀ ਅਤੇ ਕਪੂਰ ਇਸ ਦੀ ਸਭ ਤੋਂ ਢੁੱਕਵੀਂ ਮਿਸਾਲ।

ਉਸ ਸਮੇਂ ਕਪੂਰ ਦਾ ਮਿੱਤਰ ਅਤੇ ਧਰਮ ਭਰਾ, ਭਾਈ ਪਿਆਰਾ ਸਿੰਘ ਲੰਗੇਰੀ ਜਿਹੜਾ ਭਾਰਤ ਵਿੱਚ  ਦੂਜੀ ਵਾਰ ਜੂਨ 1926 ਵਿੱਚ ਜੇਲ੍ਹ ਤੋਂ ਰਿਹਾਅ ਹੋ ਗਿਆ ਸੀ, ਉਹ ਵੀ  ਕਨੇਡਾ ਵਿੱਚ  ਸੀ। ਉਹ ਮਈ 1928 ਵਿੱਚ ਸਾਨ ਫਰਾਂਸਿਸਕੋ ਰਾਹੀਂ ਕਨੇਡਾ ਪਹੁੰਚਿਆ ਸੀ। ਉਹ ਭਾਈਚਾਰੇ ਲਈ ਵੱਡੀ ਸਖਸ਼ੀਅਤ ਸੀ। ਉਸ ਨੇ  ਅਪ੍ਰੈਲ 1929 ਵਿੱਚ ਵਿਕਟੋਰੀਆ ਦੇ ਗੁਰਦਵਾਰੇ ਵਿੱਚ ਵਿਸਾਖੀ ਦਿਹਾੜੇ `ਤੇ ਸੰਗਤਾਂ ਨੂੰ ਸੰਬੋਧਨ ਕੀਤਾ (ਜਦੋਂ ਟੈਗੋਰ ਨੇ ਆਉਣਾ ਰੱਦ ਕੀਤਾ ਸੀ) ਭਾਰਤ ਵਿੱਚ ਪੁਲਿਸ ਦੀਆਂ ਫਾਈਲਾਂ `ਚ  ਉਸ ਨੂੰ ਖਤਰਨਾਕ ਦਰਜ ਕੀਤਾ ਹੋਇਆ ਸੀ ਕਿ ਉਹ ਹਾਲੇ ਵੀ ਕੈਲੇਫੋਰਨੀਆ `ਚ ਗਦਰ ਪਾਰਟੀ ਦੇ ਕਾਰਜ਼ਸ਼ੀਲਾਂ ਨਾਲ ਅਤੇ ਭਾਰਤ ਵਿੱਚ ਕ੍ਰਾਂਤੀਕਾਰੀ ਤੇ ਸਰਕਾਰ ਵਿਰੋਧੀ ਜੱਥੇਬੰਦੀਆਂ ਨਾਲ ਕੰਮ ਕਰਦਾ ਸੀ। ਕਪੂਰ, ਕਰਤਾਰ ਅਤੇ ਲਗਭਗ ਸਾਰੇ ਹੀ ਕਨੇਡੀਅਨ ਸਿੱਖਾਂ ਨੇ ਉਸਦਾ ਸਵਾਗਤ ਕੀਤਾ। ਕੁਝ ਸ਼ੱਕੀ ਉਸਦੀ ਵਫਾਦਾਰੀ ਅਤੇ ਇਮਾਨਦਾਰੀ `ਤੇ ਸਵਾਲ ਵੀ ਉਠਾਉਂਦੇ ਸਨ । ਉਹ ਪੁੱਛਦੇ ਸਨ ਕਿ ਉਹ ਕਿਉਂ ਆਜ਼ਾਦ ਸੀ ਜਦੋਂ ਕਿ ਗਦਰ ਦੇ ਨਾਇਕ ਜੇਲ੍ਹਾਂ ਵਿੱਚ ਬੰਦ ਸਨ। ਪਰ ਕਰਤਾਰ ਅਤੇ ਕਪੂਰ ਉਸ ਨੂੰ ਦੋਸਤ, ਇਕ ਮਹਾਨ ਆਦਮੀ ਅਤੇ ਕੌਮੀ ਯੋਧੇ ਵਜੋਂ ਪਿਆਰ ਕਰਦੇ ਸਨ । ਭਾਈ ਪਿਆਰਾ ਸਿੰਘ ਦੇ ਭਾਰਤ ਵਾਪਸ ਜਾਣ ਵਾਲੀ ਸ਼ਾਮ ਨੂੰ ਕਰਤਾਰ ਨੇ 'ਇੰਡੀਆ ਐਂਡ ਕਨੇਡਾ' ਅਖਬਾਰ ਦੇ ਪੰਜਾਬੀ ਅੰਕ ਦੇ ਪਹਿਲੇ ਸਫੇ `ਤੇ ਉਸਦੀ ਤਸਵੀਰ ਲਾਈ ਅਤੇ ਉਸ ਨੂੰ 'ਨਿਰਛੱਲ ਅਤੇ ਬਹਾਦਰ ਸੇਵਾਦਾਰ' ਕਿਹਾ, ਜਿਹੜਾ ਆਪਣੇ ਭਾਈਚਾਰੇ ਅਤੇ ਦੇਸ਼ ਲਈ ਨਿਰੰਤਰ ਕੰਮ ਕਰਦਾ ਸੀ। ਇਸੇ ਤਰ੍ਹਾਂ ਹੀ ਵਿਕਟੋਰੀਆ ਦੇ ਸਿੱਖ ਮਹਿਸੂਸ ਕਰਦੇ ਸਨ, ਜਿਨ੍ਹਾਂ ਨੇ ਉਸਦੇ ਵਿਦਾਇਗੀ ਇਕੱਠ ਵੇਲੇ ਉਸ ਨੂੰ ਤਲਵਾਰ ਅਤੇ ਥੈਲੀਆਂ ਭੇਂਟ ਕੀਤੀਆਂ।(10)

ਇਸ ਸਮੇਂ ਦੌਰਾਨ ਕਪੂਰ ਆਪ ਵੀ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਸਥਾਨਕ ਜੱਥੇਬੰਦੀਆਂ ਨਾਲ ਸਰਗਰਮ ਸੀ।  ਇੱਕ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਕਨੇਡੀਅਨ ਸ਼ਾਖਾ ਸੀ ਅਤੇ ਦੂਜੀ 'ਵਾਰ ਕਾਊਂਸਲ ਆਫ ਦਾ ਹਿੰਦੁਸਤਾਨੀ ਕਾਂਗਰਸ'। ਕਰਤਾਰ ਸਿੰਘ ਨਾਲ ਰਲ ਕੇ ਉਸ ਨੇ ਭਗਤ ਸਿੰਘ ਦੀ ਕਾਨੂੰਨੀ ਰਾਖੀ ਲਈ ਫੰਡ ਵੀ ਇਕੱਠੇ ਕੀਤੇ। ਭਗਤ ਸਿੰਘ ਇੱਕੀ ਸਾਲ ਦਾ ਪੰਜਾਬੀ ਕ੍ਰਾਂਤੀਕਾਰੀ ਸੀ, ਜਿਸ ਨੇ ਆਪਣੇ ਸਹਿਯੋਗੀ ਬੀ ਕੇ ਦੱਤ ਨਾਲ ਮਿਲ ਕੇ ਦਿੱਲੀ ਦੇ ਸੈਂਟਰਲ ਅਸੈਂਬਲੀ ਹਾਲ ਵਿੱਚ ਦਰਸ਼ਕ ਗੈਲਰੀ `ਚੋਂ ਦੋ ਬੰਬ ਸੁੱਟੇ ਸਨ।(11) ਬੰਬਾਂ ਨੇ ਥੋੜ੍ਹਾ ਹੀ ਨੁਕਸਾਨ ਕੀਤਾ। ਉਸ ਨੇ ਖੁੱਲ੍ਹੇ-ਆਮ ਆਪਣੀ ਗ੍ਰਿਫਤਾਰੀ ਦਿੱਤੀ ਭਾਵੇਂ ਉਸ `ਤੇ ਅਤੇ ਉਹਦੇ ਸਾਥੀਆਂ `ਤੇ ਇਕ ਪੁਲਿਸ ਅਫਸਰ ਦੇ ਕਤਲ ਦੇ ਦੋਸ਼ ਲੱਗੇ ਹੋਏ ਸਨ। ਉਹ ਜੁਲਾਈ 1929 ਤੱਕ ਆਪਣੇ ਫਾਂਸੀ ਦੇ ਮੁਕੱਦਮੇ ਤੱਕ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਿੱਚ ਬਹੁਤ ਹਰਮਨ ਪਿਆਰਾ ਹੋ ਚੁੱਕਾ ਸੀ। ਇੱਕ ਅਦੁਭੁੱਤ ਦੇਸ਼ ਭਗਤ ਅਤੇ ਸ਼ਹੀਦ ਜਿਹੜਾ ਫਾਂਸੀ ਤੋਂ ਬਚਣ ਲਈ ਆਪਣੇ ਕਾਰਨਾਮੇ ਤੋਂ ਮੁੱਕਰਿਆ ਨਹੀਂ। ਕਪੂਰ ਅਤੇ ਕਰਤਾਰ ਸਿੰਘ ਨੇ ਕਨੇਡਾ ਵਿੱਚ ਫੰਡ ਇਕੱਤਰ ਕਰਨ ਲਈ ਰਲ ਕੇ ਕੰਮ ਕੀਤਾ। ਉਹ ਭਗਤ ਸਿੰਘ ਦੇ ਮੁੱਢਲੇ ਮੁਕੱਦਮੇ ਅਤੇ ਲੰਡਨ ਦੀ ਪਰੀਵੀ ਕਾਊਂਸਲ ਅੱਗੇ ਅਪੀਲ ਕਰਨ ਲਈ ਚੋਟੀ ਦੇ ਵਕੀਲਾਂ ਦੀ ਫੀਸ ਵਾਸਤੇ ਇਹ ਫੰਡ ਇਕੱਠੇ ਕਰ ਰਹੇ ਸਨ। ਮੁਖਬਰਾਂ ਨੇ ਫੰਡ ਇਕੱਠਾ ਕਰਨ ਦੀ ਰੀਪੋਰਟ ਭਾਰਤ ਦੀ ਪੁਲਿਸ ਦੀਆਂ ਫਾਈਲਾਂ ਭਰਨ ਲਈ ਭੇਜ ਦਿੱਤੀ। (12)

ਭਾਰਤ ਵਿੱਚ ਪੁਲਿਸ ਕੋਲ ਕਪੂਰ ਦੇ ਗਦਰ ਪਾਰਟੀ ਦੇ ਕ੍ਰਾਂਤੀਕਾਰੀਆਂ ਨਾਲ ਸਬੰਧਾਂ ਦੀਆਂ ਖਬਰਾਂ ਸਨ। ਇਹ ਗਦਰੀ ਹੁਣ ਕੈਲੇਫੋਰਨੀਆ ਦੇ ਸਟਾਕਟਨ ਦੇ ਸਿੱਖਾਂ ਦੇ ਕੇਂਦਰ ਵਿੱਚ ਸਨ। ਇਹ ਉਸਦੇ ਕਰਤਾਰ ਸਿੰਘ ਨਾਲ ਮਿਲ ਕੇ ਭਾਈਚਾਰੇ ਦੇ ਕੰਮਾਂ ਅਤੇ ਛਪਾਈ ਲਈ ਫੰਡ ਇਕੱਠਾ ਕਰਨ ਦੇ ਯਤਨਾਂ ਕਾਰਣ ਜ਼ਾਹਰ ਹੋ ਗਏ।  ਉਹ ਇਸ ਸਿਲਸਿਲੇ ਵਿੱਚ ਸਰਹੱਦ ਦੇ ਦੋਹੀਂ ਪਾਸੀਂ ਸਾਊਥ ਏਸ਼ੀਅਨ ਆਗੂਆਂ ਨੂੰ ਮਿਲਿਆ। ਜਦੋਂ ਕਪੂਰ 1928 ਵਿੱਚ ਗਦਰ ਦੇ ਪ੍ਰਤਿਨਿਧਾਂ ਨੂੰ ਸਿਆਟਲ ਮਿਲਣ ਗਿਆ, ਭਾਰਤ ਦੀ ਪੁਲਿਸ ਨੂੰ ਇਸਦੀ ਜਾਣਕਾਰੀ ਮਿਲ ਗਈ। ਅਤੇ ਉਹ ਇਹ ਵੀ ਜਾਣ ਗਏ ਕਿ ਉਹ ਕਰਤਾਰ ਅਤੇ ਦੋ ਹੋਰ ਸਿੱਖਾਂ ਨਾਲ ਰਲ ਕੇ ਗਦਰੀ ਆਗੂਆਂ ਨਾਲ ਗੱਲਬਾਤ ਕਰਨ ਲਈ ਦੁਬਾਰਾ 1929 ਦੇ ਅਖੀਰ ਵਿੱਚ ਗਿਆ। ਨਵੀਂ ਦਿੱਲੀ ਵਿੱਚ ਸੂਹੀਆ ਪੁਲਿਸ ਦੇ ਡਾਇਰੈਕਟਰ ਦੀਆਂ ਫਾਈਲਾਂ ਅਨੁਸਾਰ ਗਦਰੀ ਆਗੂ ਚਾਹੁੰਦੇ ਸਨ ਕਿ ਕਨੇਡਾ ਦੇ ਬਹੁਤ ਸਾਰੇ ਸਿੱਖ ਗਦਰ ਪਾਰਟੀ ਦਾ ਕੰਮ ਕਰਨ ਲਈ ਭਾਰਤ ਜਾਣ ਅਤੇ ਕਪੂਰ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਉਹ ਕਨੇਡਾ ਨਹੀਂ ਛੱਡਣਾ ਚਾਹੁੰਦਾ। ਪਰ ਹਲਾਤ ਦਾ ਕੁਝ ਹੋਰ ਪਿਛੋਕੜ ਸੀ, ਜੋ ਇਸ ਸੰਖੇਪ ਸਾਰ ਵਿੱਚੋਂ ਗੁੰਮ ਹੈ।

ਦੋ ਕੁ ਸਾਲ ਪਹਿਲਾਂ ਗਦਰ ਪਾਰਟੀ ਸੋਵੀਅਤ ਸੰਘ ਅਤੇ ਮਾਰਕਸਵਾਦ ਵੱਲ ਝੁਕ ਗਈ ਸੀ। ਇਸ ਮੋੜ ਅਤੇ ਪਾਰਟੀ ਦੀਆਂ ਗੁਪਤ ਕਾਰਵਾਈਆਂ ਦੇ ਪੁਨਰ ਜੀਵਨ ਕਾਰਣ 1927 ਤੋਂ 1931 ਦਰਮਿਆਨ ਕੈਲੇਫੋਰਨੀਆ ਦੇ ਸਾਊਥ ਏਸ਼ੀਅਨ ਲੋਕਾਂ ਦੇ ਆਪਸ ਵਿੱਚ ਦੋ ਦਰਜਨ ਤੋਂ ਵੱਧ ਕਤਲ ਹੋਏ।(13) ਖਾੜਕੂ ਆਪਣੇ ਭਾਈਚਾਰੇ ਦੇ ਸ਼ੱਕੀ ਸੂਹੀਆਂ ਨੂੰ ਨਿਸ਼ਾਨਾ ਬਣਾਉਦੇਂ ਸਨ। ਕਪੂਰ ਅਤੇ ਕਰਤਾਰ ਸਿੰਘ ਨੇ ਆਪਣੀ ਦੂਰੀ ਬਣਾਈ ਰੱਖੀ। ਉਹ ਇਹ ਕਰਨ ਦੇ ਯੋਗ ਇਸ ਕਰਕੇ ਹੋਏ ਕਿ ਚੰਗੀ ਕਿਸਮਤ ਨੂੰ ਹਿੰਸਾ ਕਾਰਣ ਪੰਜਾਬੀ ਕੈਲੇਫੋਰਨੀਆ ਵਿੱਚ ਸੀਮਤ ਹੋ ਗਏ। ਹਮੇਸ਼ਾ ਦੀ ਤਰ੍ਹਾਂ ਕਪੂਰ ਆਪਣੀ ਲਾਈਨ `ਤੇ ਸਥਿਰ ਰਿਹਾ। ਉਸਦਾ ਆਪਣੇ ਦੋਸਤ ਭਾਈ ਪਿਆਰਾ ਸਿੰਘ ਲੰਗੇਰੀ ਅਤੇ ਦੇਸ਼ ਪ੍ਰੇਮੀ ਭਗਤ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ ਕਾਰਣ ਉਨ੍ਹਾਂ ਨਾਲ  ਲਗਾਓ  ਸੀ ਪਰ ਉਸਦੇ ਨਿਸ਼ਾਨੇ 1914 ਵਿੱਚ ਜਦੋਂ ਉਸ ਨੇ ਦਾੜ੍ਹੀ ਅਤੇ ਪੱਗ ਤਿਆਗ ਦਿੱਤੇ ਸਨ, ਉਦੋਂ ਤੋਂ ਹੀ ਨਹੀਂ ਸੀ ਡੋਲੇ। ਉਹ ਹਾਲੇ ਵੀ ਆਪਣਾ ਕੰਮ, ਆਪਣਾ ਯੋਗਦਾਨ, ਅਤੇ ਆਪਣਾ ਭਵਿੱਖ ਕਨੇਡਾ ਵਿੱਚ ਦੇਖਦਾ ਸੀ।

1931 ਵਿੱਚ ਉਹ ਆਪਣੇ ਪਰਿਵਾਰ ਨੂੰ ਭਾਰਤ ਲੈ ਗਿਆ। ਪਰ ਇਹ ਆਰਥਿਕ ਮੰਦਵਾੜੇ ਵੇਲੇ ਕੌਮਾਂਤਰੀ ਮੰਡੀ ਵਿੱਚ ਬੀ. ਸੀ. ਦੀ ਲੱਕੜ ਦੇ ਢਹਿ ਢੇਰੀ ਹੋਣ ਤੋਂ ਬਾਅਦ ਸੀ, ਇਸਦਾ ਰਾਜਨੀਤਕ ਕਾਰਣ ਨਹੀਂ ਸੀ। ਮੰਦਵਾੜੇ ਨੇ ਲੱਕੜ ਦੀ ਮੰਡੀ `ਤੇ ਅਸਰ ਪਾਉਣ ਲਈ ਕੁਝ ਸਮਾਂ ਲਗਾਇਆ। ਇਹ ਅਕਤੂਬਰ 1929 ਵਿੱਚ ਵਾਲ ਸਟਰੀਟ `ਚ ਤਬਾਹੀ ਆਉਣ ਤੋਂ ਬਾਅਦ ਕੁਝ ਮਹੀਨੇ ਠੀਕ ਠਾਕ ਚਲਦੀ ਰਹੀ। ਇੱਥੋਂ ਤੱਕ ਕੇ 1930 ਦੀਆਂ ਗਰਮੀਆਂ ਵਿੱਚ ਖਤਮ ਹੋ ਰਹੇ ਜੰਗਲਾਂ ਵਿੱਚ ਕਟਾਈ ਦੀਆਂ ਕੀਮਤਾਂ ਵਧਣ ਅਤੇ ਗੇਲੀਆਂ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਜਿਸ ਨਾਲ ਲੱਕੜਾਂ ਕੱਟਣ ਦਾ ਬਹੁਤਾ ਕੰਮ ਬੰਦ ਹੋ ਗਿਆ ਸੀ, ਇਸਦੇ ਬਾਵਜੂਦ ਵੀ ਕੋਵੀਚਨ ਜ਼ਿਲ੍ਹੇ ਦੀਆਂ ਤਕਰੀਬਨ ਸਾਰੀਆਂ ਹੀ ਮਹੱਤਵਪੂਰਨ ਮਿੱਲਾਂ ਹਾਲੇ ਵੀ ਕੰਮ ਕਰ ਰਹੀਆਂ ਸਨ। ਜੂਨ ਵਿੱਚ ਮੇਓ ਦੇ ਹਿੱਲਕ੍ਰਿਸਟ ਵਾਲੇ ਗੁਆਂਢੀ ਦੀ ਮਿੱਲ, ਬੰਦ ਹੋਣ ਵਾਲੀਆਂ ਮਿੱਲਾਂ ਵਿੱਚੋਂ ਪਹਿਲੀ ਸੀ, ਅਤੇ ਪੱਛਮੀ ਤੱਟ ਦੇ ਲੱਕੜ ਉਦਯੋਗ ਨੇ ਪੈਦਾਵਰ ਘਟਾ ਦਿੱਤੀ।(14) ਫਿਰ ਅਗਸਤ 1930 ਵਿੱਚ ਕਪੂਰ ਦੀ ਸੂਕ ਵਾਲੀ ਮਿੱਲ ਅਤੇ  ਲੱਕੜ ਦੇ ਕੁਝ ਭੰਡਾਰ ਨੂੰ ਅੱਗ ਨੇ ਤਬਾਹ ਕਰ ਦਿੱਤਾ। ਅੱਗ ਸੀ ਐੱਨ ਆਰ ਤੋਂ ਸ਼ੁਰੂ ਹੋਈ ਸੀ, ਸ਼ਾਇਦ ਰੇਲਵੇ ਦੇ ਇੰਜਣ ਦੀ ਚੰਗਿਆੜੀ ਕਾਰਣ । ਅੱਗ ਪਹਿਲਾਂ ਸਾਰਾ ਦਿਨ ਸੀ ਐੱਨ ਆਰ ਦੀ ਜਾਇਦਾਦ `ਤੇ ਲੱਗੀ ਰਹੀ ਤੇ ਅਗਲੇ ਦਿਨ ਰੇਲਵੇ ਪਟੜੀ ਦੇ ਦੂਜੇ ਪਾਸੇ ਮਿੱਲ ਨੂੰ ਪੈ ਗਈ। ਕਪੂਰ ਨੇ ਸੀ ਐੱਨ ਆਰ ਉੱਤੇ $150000(ਲੰਬੀ ਕਨੂੰਨੀ ਲੜਾਈ ਸ਼ੁਰੂ ਕੀਤੀ) ਦੇ ਹਰਜਾਨੇ ਦਾ ਮੁਕੱਦਮਾ ਠੋਕ ਦਿੱਤਾ ਅਤੇ ਮਹੀਨੇ ਅੰਦਰ ਹੀ ਆਸਵੰਦ ਹੋ ਕੇ ਮਿੱਲ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ।(15) ਪਰ ਮੰਦਵਾੜਾ ਡੂੰਘਾ ਫੈਲ ਗਿਆ ਅਤੇ ਬੀ. ਸੀ. ਲੱਕੜ ਦੀ ਕੌਮਾਂਤਰੀ ਮੰਡੀ -ਅਮਰੀਕਾ ਦਾ ਪੂਰਬੀ ਹਿੱਸਾ, ਜਾਪਾਨ, ਯੂ ਕੇ ਅਤੇ ਯੂਰਪ-ਢਹਿਢੇਰੀ ਹੋ ਗਈ। 31 ਅਕਤੂਬਰ 1930 ਨੂੰ ਮੇਓ ਕੰਪਨੀ ਨੇ ਆਪਣੀ ਮਿੱਲ ਬੰਦ ਕਰ ਦਿੱਤੀ ਅਤੇ ਕੁਝ ਚੌਂਕੀਦਾਰਾਂ ਨੂੰ ਛੱਡ ਕੇ ਬਾਕੀ ਕਾਮਿਆਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਹਰੇਕ ਜਾਣਦਾ ਸੀ ਕਿ ਸ਼ਾਇਦ ਮੰਦੇ ਦੇ ਹਾਲਾਤ ਬਹੁਤ ਦੇਰ ਤੱਕ ਰਹਿਣ ਅਤੇ ਮੇਓ ਦੇ ਬਹੁਤ ਸਾਰੇ ਕਾਮੇ ਭਾਰਤ ਆਪਣੇ ਪਿੰਡਾਂ ਵੱਲ ਚਲੇ ਗਏ, ਜਿੱਥੇ ਉਹ ਥੋੜ੍ਹੇ ਨਾਲ ਗੁਜ਼ਾਰਾ ਕਰ ਸਕਦੇ ਸਨ।

ਮਿੱਲ ਬੰਦ ਹੋਈ ਨੂੰ ਤਕਰੀਬਨ ਸਾਲ ਹੋ ਚੱਲਿਆ ਸੀ, ਜਦੋਂ ਸਿੱਧੂ ਭਾਰਤ ਵਿੱਚ ਬਸੰਤ ਕੌਰ ਦੀ ਸੱਤਰ ਸਾਲਾ ਮਾਂ ਨੂੰ  ਮਿਲਣ ਲਈ ਕਨੇਡਾ ਤੋਂ ਚੱਲੇ। ਨਾਨੀ ਬਿਸ਼ਨ ਕੌਰ ਸੰਧੂ ਆਪਣੀ ਬਿਨਾਂ ਬੱਚੇ ਤੋਂ ਵਿਧਵਾ ਨੂੰਹ, ਪ੍ਰੀਤਮ ਕੌਰ ਨਾਲ ਔੜ ਰਹਿੰਦੀ ਸੀ। ਉਹ ਕਨੇਡਾ ਆਉਣ ਦੀ ਚਾਹਵਾਨ ਨਹੀਂ ਸੀ ਪਰ ਬਸੰਤ ਨਾਲ ਲਗਾਤਾਰ ਚਿੱਠੀ-ਪੱਤਰ ਰਾਹੀਂ ਜੁੜੀ ਰਹਿੰਦੀ ਸੀ। ਇਸ ਫੇਰੀ ਨਾਲ ਉਸ ਨੂੰ ਆਪਣੀਆਂ ਦੋਹਤੀਆਂ ਨੂੰ ਮਿਲਣ ਦਾ ਮੌਕਾ ਮਿਲਣਾ ਸੀ। ਕਪੂਰ ਦੇ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਕਨੇਡਾ ਵਿੱਚ ਸਨ, ਖੜੌਦੀ ਰਿਸ਼ਤੇਦਾਰਾਂ ਤੋਂ ਬਿਨਾਂ ਖਾਲੀ ਸੀ ਇਸ ਲਈ ਉਸ ਨੇ ਅਤੇ ਬਸੰਤ ਕੌਰ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਸਮਾਂ ਔੜ ਅਤੇ ਖੜੌਦੀ ਵਿੱਚ ਵੰਡਣ ਦੀ ਕੋਈ ਜ਼ਰੂਰਤ ਨਹੀਂ।

ਜੈਕੀ ਛੇ ਸਾਲ ਦੀ ਸੀ ਅਤੇ ਸੁਰਜੀਤ ਦਾ ਪੰਜਵਾਂ ਜਨਮ ਦਿਨ ਹਾਲੇ ਲੰਘਿਆ ਹੀ ਸੀ, ਜਦੋਂ 3 ਅਕਤੂਬਰ 1931 ਨੂੰ ਵਿਕਟੋਰੀਆ ਤੋਂ ਜਾਪਾਨ ਰਾਹੀਂ ਭਾਰਤ ਵੱਲ ਜਾਂਦੇ ਸਟੀਮਸ਼ਿੱਪ ਵਿੱਚ ਸਵਾਰ ਹੋਏ। ਜੈਕੀ ਉਦੋਂ ਐਨੀ ਕੁ ਵੱਡੀ ਹੋ ਗਈ ਸੀ ਕਿ ਉਸ ਨੂੰ ਯਾਦ ਸੀ ਕਿ ਜਹਾਜ਼ ਦੇ ਜਾਪਾਨ ਵਿੱਚ ਕੋਬੇ ਬੰਦਰਗਾਹ `ਤੇ ਲਗਦੇ ਸਮੇਂ ਪੂਰਾ ਚੰਦ ਚਮਕ ਰਿਹਾ ਸੀ ਅਤੇ ਦੋਹਾਂ ਕੁੜੀਆਂ ਨੂੰ ਕੋਬੇ ਦਾ ਭੀੜਾ ਅਤੇ ਝੰਡੀਆਂ ਤੇ ਬੁਲਬਲਿਆਂ ਨਾਲ ਸ਼ਿੰਗਾਰਿਆ ਬਾਜ਼ਾਰ ਵੀ ਯਾਦ ਸੀ ਜਿਸ ਰਾਹੀਂ ਉਹ ਸੁੰਦਰ ਬੁੱਧ ਮੰਦਰ ਵਿੱਚ ਗਏ। ਮੰਦਰ ਵਿੱਚ ਉਨ੍ਹਾਂ ਨੇ ਢੋਲ ਦੀ ਆਵਾਜ ਨਾਲ ਪ੍ਰਵੇਸ਼ ਕੀਤਾ ਅਤੇ ਉੱਥੇ ਹੋਰ ਧਰਮਾਂ ਪ੍ਰਤੀ ਉਦਾਰ ਵਿਚਾਰਾਂ ਵਾਲੀ ਉਨ੍ਹਾਂ ਦੀ ਮਾਂ ਨੇ ਅਰਦਾਸ ਕੀਤੀ।  ਉਨ੍ਹਾਂ ਨੂੰ ਹਾਂਗਕਾਂਗ ਅਤੇ ਸੀਲੋਨ ਰਾਹੀਂ ਕਲਕੱਤੇ ਪਹੁੰਚਣ ਲਈ ਮਹੀਨੇ ਤੋਂ ਵੱਧ ਸਮਾਂ ਲੱਗਾ। ਉਨ੍ਹਾਂ ਨੂੰ ਇਸ ਸਫਰ ਬਾਰੇ ਕਪੂਰ ਵੱਲੋਂ ਰੋਜ਼ਾਨਾ ਅੰਗ੍ਰੇਜ਼ੀ ਵਿੱਚ ਦਿੱਤੇ ਜਾਂਦੇ ਸਬਕ ਤੋਂ ਇਲਾਵਾ ਹੋਰ ਥੋੜ੍ਹਾ ਕੁਝ ਹੀ ਯਾਦ ਸੀ। ਜਦੋਂ ਉਹ ਸਫਰ ਕਰ ਰਹੇ ਸਨ, ਭਾਰਤ ਵਿੱਚ ਸੂਹੀਆ ਪੁਲਿਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਸੀ। ਉਨ੍ਹਾਂ ਨੂੰ ਤਰੀਕਾਂ ਬਾਰੇ ਵੀ ਪਤਾ ਸੀ ਕਿ ਕਦੋਂ ਇਹ ਕਨੇਡਾ ਤੋਂ ਚੱਲੇ ਅਤੇ ਕਦੋਂ ਭਾਰਤ ਪਹੁੰਚਣਗੇ।

ਉਨ੍ਹਾਂ ਨੇ ਪੰਦਰਾਂ ਮਹੀਨੇ ਔੜ ਵਿੱਚ ਗੁਜ਼ਾਰੇ। ਇਹ ਪਿੰਡ ਦਾ ਘਰ ਕਦੇ ਉਨ੍ਹਾਂ ਦੇ ਪੜਨਾਨੇ ਦਾ  ਕਿਲਾ ਹੋਇਆ ਕਰਦਾ ਸੀ, ਜਿੱਥੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿੱਚ ਜਗੀਰਦਾਰ ਹੋਣ ਦੇ ਨਾਤੇ ਆਪਣੇ ਹਾਥੀ ਅਤੇ ਘੋੜੇ ਰੱਖਦਾ ਸੀ। ਭਾਵੇਂ ਕਿਲੇ ਦੀ ਵੰਡ ਵੀ ਹੋਈ ਅਤੇ ਇਸਦੀਆਂ ਕੰਧਾਂ ਨਾਲ ਦੇ ਘਰਾਂ ਵਿੱਚ ਸ਼ਾਮਲ ਹੋ ਗਈਆਂ ਸਨ ਫਿਰ ਵੀ ਪਰਿਵਾਰ ਨੇ ਇਸਦਾ ਵੱਡਾ ਹਿੱਸਾ ਸੰਭਾਲ ਲਿਆ ਜਿਸ ਵਿੱਚ ਵੱਡਾ ਕੰਧਾਂ ਵਿੱਚ ਘਿਰਿਆ ਪੱਕਾ ਵਿਹੜਾ ਵੀ ਸੀ। ਉਹ ਘਰ ਦੇ ਉੱਪਰਲੇ ਹਿੱਸੇ ਤੋਂ ਵੇਹੜੇ ਤੋਂ ਪਾਰ ਹਰੇ-ਭਰੇ ਖੇਤਾਂ ਨੂੰ ਦੇਖ ਸਕਦੇ ਸਨ, ਜਿਨ੍ਹਾਂ ਦੇ ਵਿਚਾਲੇ ਅੱਧੇ ਏਕੜ ਵਿੱਚ ਚੌਰਸ ਕੁੰਡ(ਸਰੋਵਰ) ਸੀ, ਜਿਸ ਨੂੰ ਪਿੰਡ ਦੇ ਇੱਕ ਆਦਮੀ ਨੇ ਬਣਵਾਇਆ ਸੀ, ਜਿਹੜਾ ਮੁਗਲ ਸੁਲਤਾਨ ਜਹਾਂਗੀਰ ਦੇ ਰਾਜ ਵਿੱਚ ਵਜ਼ੀਰ ਬਣ ਗਿਆ ਸੀ। ਤਕਰੀਬਨ ਤਿੰਨ ਸਦੀਆਂ ਬਾਅਦ ਵੀ ਇਹ ਚੰਗੀ ਹਾਲਤ ਵਿੱਚ ਸੀ, ਅੰਦਰ ਵੱਲ ਤਿੰਨੇ ਪਾਸੇ ਪਾਣੀ ਵੱਲ ਪਹੁੰਚਦੀਆਂ ਚੌਦਾਂ ਪੌੜੀਆਂ ਉੱਤੇ ਹਾਲੇ ਵੀ ਫਾਰਸੀ ਇੱਟਾਂ ਦੀ ਚਿਣਾਈ ਕਾਇਮ ਸੀ।(16) ਸੰਧੂ ਕਿਲੇ ਦੇ ਨਾਲ ਲੱਗਵੇਂ ਅਤੇ ਪਿੰਡ ਦੇ ਆਗੂਆਂ ਦੇ ਘਰਾਂ ਦੇ ਮੇਹਨਤ ਨਾਲ ਬਣਾਏ ਮੁੱਖ ਦਰਵਾਜ਼ੇ, ਲੱਕੜ ਦੇ ਦਰਵਾਜ਼ਿਆਂ `ਤੇ ਸੁੰਦਰ ਖੁਦਾਈ ਅਤੇ ਫਾਰਸੀ ਇੱਟਾਂ ਦੀ ਚਿਣਾਈ ਪਿੰਡ ਦੇ ਪ੍ਰਾਚੀਨ ਹੋਣ ਦੀ ਗਵਾਹੀ ਭਰਦੇ ਸਨ।

ਉਹ ਸਿੱਖ ਤੇ ਹਿੰਦੂਆਂ ਦੀਆਂ ਧਾਰਮਿਕ ਛੁੱਟੀਆਂ ਦੇ ਪੂਰੇ ਚੱਕਰ ਤੋਂ ਵੱਧ ਸਮਾਂ ਔੜ ਵਿੱਚ ਰਹੇ। ਕੁੜੀਆਂ ਆਪਣੇ ਮਕਾਨ ਦੇ ਨਾਲ ਲਗਦੀ ਭੀੜੀ ਗਲੀ ਵਿੱਚ ਜੁਲਾਈ ਵਿੱਚ ਖੇਡੇ ਗਏ ਨਾਟਕ ਨੂੰ ਕਦੇ ਨਹੀਂ ਭੁੱਲੀਆਂ। ਇਹ ਭਗਵਾਨ ਕ੍ਰਿਸ਼ਨ ਦੇ ਜੇਲ੍ਹ ਵਿੱਚ ਜਨਮ ਅਤੇ ਉਸ ਨੂੰ ਦੈਂਤ ਰਾਜੇ ਤੋਂ ਬਚਾ ਕੇ ਲਿਜਾਣ, ਜਿਸ ਨੇ ਉਸ ਨੂੰ ਜਨਮ ਸਾਰ ਹੀ ਮਾਰ ਦੇਣਾ ਸੀ, ਦਾ ਡਰਾਮਾ ਸੀ। ਜਾਂ ਅਕਤੂਬਰ ਵਿੱਚ ਦੁਸਹਿਰੇ ਦਾ ਤਿਉਹਾਰ, ਜਦੋਂ ਪਿੰਡ ਵਾਲੇ ਰਾਮ ਅਤੇ ਸੀਤਾ ਅਤੇ ਉਨ੍ਹਾਂ ਦਾ ਗੰਗਾ ਨੂੰ ਪਾਰ ਕਰਨ ਵਾਲੀ ਕਹਾਣੀ ਨੂੰ ਖੇਡਦੇ ਅਤੇ ਆਪਣੇ ਅੱਧੇ ਏਕੜ ਵਿੱਚ ਫੈਲੇ ਪ੍ਰਾਚੀਨ ਸਰੋਵਰ ਨੂੰ ਗੰਗਾ ਦਰਿਆ ਬਣਾ ਲੈਂਦੇ। ਉਹ ਪਿੰਡ ਦੀ ਜ਼ਿੰਦਗੀ ਦੀ ਧੜਕਣ ਤੋਂ ਜਾਣੂੰ ਹੋ ਗਈਆਂ ਸਨ ਅਤੇ ਸਬਜ਼ੀ-ਭਾਜੀ ਤੇ ਹੋਰ ਨਿੱਕ-ਸੁੱਕ ਵੇਚਣ ਵਾਲਿਆਂ ਦੀਆਂ ਆਵਾਜਾਂ ਤੋਂ ਵਾਕਿਫ ਹੋ ਗਈਆਂ ਸਨ, ਜਿਹੜੇ ਭਾਂਤ-ਭਾਂਤ ਦੀਆਂ ਚੀਜ਼ਾਂ ਵੇਚਣ ਉਨ੍ਹਾਂ ਦੇ ਦਰਵਾਜ਼ੇ ਤੇ ਆਉਂਦੇ। ਅਤੇ ਉਹ ਸ਼ੋਰ ਮਚਾਉਂਦੇ ਬਾਜ਼ਾਰ ਵਿੱਚ ਜਾਂਦੀਆਂ, ਜਿਹੜਾ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨਾਲ ਭਰਿਆ ਹੁੰਦਾ। ਇਹ ਪਹਾੜੀ ਅਤੇ ਮੈਦਾਨੀ ਲੋਕਾਂ ਦੇ ਮਿਲਣ ਦਾ ਥਾਂ ਸੀ। ਸੁਰਜੀਤ ਪਰਿਵਾਰ ਦੇ ਮਿੱਤਰ ਹਰਨਾਮ ਸਿੰਘ ਦੇ ਮੋਢਿਆਂ `ਤੇ ਸਵਾਰ ਹੋ ਕੇ ਜਾਂਦੀ। ਉਹ ਛੇ ਫੁੱਟ ਤੋਂ ਵੀ ਉੱਚਾ ਸੀ ਅਤੇ ਉਨ੍ਹਾਂ ਦੀ ਨਾਨੀ ਉਨ੍ਹਾਂ ਨੂੰ ਹਰ ਉਹ ਚੀਜ਼ ਦੇ ਕੇ  ਵਿਗਾੜਦੀ, ਜਿਹੜੀ ਵੱਲ ਉਹ ਉਂਗਲ ਕਰ ਦਿੰਦੀਆਂ। ਉਨ੍ਹਾਂ ਨੇ ਮਿੱਟੀ ਦੇ ਅੱਗ `ਤੇ ਪਕਾਏ ਅਤੇ ਚਮਕੀਲੇ ਰੰਗਾਂ ਵਾਲੇ ਕਾਫੀ ਰਵਾਇਤੀ ਭਾਰਤੀ ਖਿਡਾਉਣੇ ਇਕੱਠੇ ਕਰ ਲਏ ਜਿਵੇਂ  ਪੰਛੀ, ਜਾਨਵਰ, ਨਾਇਕ, ਦੇਵਤੇ ਅਤੇ ਗੱਡੇ ਜਿਨ੍ਹਾਂ ਦੀ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਹੁੰਦੀ।

ਔੜ ਵਿੱਚ ਇਨ੍ਹਾਂ ਮਹੀਨਿਆ ਦੌਰਾਨ ਉਨ੍ਹਾਂ ਦਾ ਪਿਤਾ ਰੋਜ਼ਾਨਾ ਉਨ੍ਹਾਂ ਨੂੰ ਅੰਗ੍ਰੇਜ਼ੀ ਦੇ ਸਬਕ ਦਿੰਦਾ ਅਤੇ ਮਾਤਾ ਪੰਜਾਬੀ ਸਿਖਾਉਂਦੀ ਅਤੇ ਹਿੰਦੂ ਮਹਾਂਕਾਵਿ ਰਮਾਇਣ ਤੇ ਮਹਾਂਭਾਰਤ ਵਿੱਚੋਂ ਕਹਾਣੀਆਂ ਅਤੇ ਸਿੱਖ ਰਵਾਇਤਾਂ ਅਤੇ ਇਤਿਹਾਸ ਬਾਰੇ ਦੱਸਦੀ। ਕੁੜੀਆਂ ਹਮੇਸ਼ਾਂ ਆਪਣੇ ਮਾਂ-ਬਾਪ ਅਤੇ ਨਾਨੀ ਦੀ ਦੇਖ-ਰੇਖ ਹੇਠ ਹੁੰਦੀਆਂ। ਉਨ੍ਹਾਂ ਨੂੰ ਕਦੇ ਵੀ ਵੇਹੜੇ ਦੇ ਦਰਵਾਜ਼ੇ ਤੋਂ ਬਾਹਰ ਉੱਥੋਂ ਦੇ ਨਿਆਣਿਆਂ ਨਾਲ ਖੇਡਣ ਲਈ ਨਹੀਂ ਸੀ ਜਾਣ ਦਿੱਤਾ ਜਾਂਦਾ। ਇਸ ਦੀ ਥਾਂ ਉਨ੍ਹਾਂ ਦੀ ਮਾਂ ਗਵਾਂਢੀ ਬੱਚਿਆਂ ਨੂੰ ਆਪਣੇ ਵੇਹੜੇ ਵਿੱਚ ਖੇਡਣ ਲਈ ਸੱਦ ਲੈਂਦੀ ਅਤੇ ਆਪ ਨਿਗਰਾਨੀ ਰੱਖਦੀ।

ਔੜ ਉਨ੍ਹਾਂ ਦਾ ਮੁੱਖ ਅੱਡਾ ਸੀ ਅਤੇ ਉਨ੍ਹਾਂ ਦੇ ਮਾਪੇ ਸਿੱਖ ਤੇ ਹਿੰਦੂ ਧਰਮ ਸਥਾਨਾਂ ਦੀ ਯਾਤਰਾ ਕਰਦੇ, ਜਿਵੇਂ ਆਨੰਦਪੁਰ ਸਾਹਿਬ, ਨਨਕਾਣਾ ਸਾਹਿਬ, ਹਰਦਵਾਰ ਅਤੇ ਰਿਸ਼ੀਕੇਸ਼।  ਕਦੇ ਉਹ ਕੁੜੀਆਂ ਨੂੰ ਨਾਨੀ ਕੋਲ ਛੱਡ ਜਾਂਦੇ ਅਤੇ ਕਦੇ ਆਪਣੇ ਨਾਲ ਲੈ ਜਾਂਦੇ। ਇਕ ਸੈਰ-ਸਪਾਟੇ ਵੇਲੇ ਉਨ੍ਹਾਂ ਨੇ ਸਤਲੁਜ ਦਰਿਆ ਤੱਕ ਬੱਸ ਰਾਹੀਂ ਸਫਰ ਕੀਤਾ ਅਤੇ ਰਾਤ ਸਤਲੁਜ ਦਰਿਆ ਦੇ ਕੰਢੇ `ਤੇ ਬਿਤਾਈ-ਉੱਥੇ ਕੋਈ ਹੋਟਲ ਨਹੀਂ ਸੀ-ਅਤੇ ਅਗਲੇ ਦਿਨ ਬੇੜੀ ਰਾਹੀਂ ਉਨ੍ਹਾਂ ਨੇ ਦਰਿਆ ਪਾਰ ਕੀਤਾ ਅਤੇ ਥੋੜ੍ਹੀ ਦੂਰੀ ਤੇ ਚਮਕਦੀ ਸਫੈਦ ਸਮਾਧ `ਤੇ ਗਏ ਜਿਹੜੀ ਪੰਜਾਬ ਦੇ ਮੈਦਾਨੀ ਇਲਾਕੇ ਦੇ ਕੰਢੇ `ਤੇ ਹੈ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਉਸਦੇ ਪਿੱਛੇ ਖੜ੍ਹੀਆਂ ਹਨ। ਉਹ ਆਪਣੇ ਮਾਪਿਆਂ ਨਾਲ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੀ ਜਨਮ-ਭੂਮੀ ਨਨਕਾਣਾ ਸਾਹਿਬ ਵੀ ਗਈਆਂ ਅਤੇ ਅੱਗੇ ਪੱਛਮੀਂ ਪੰਜਾਬ ਦੇ ਮੁਸਲਮ ਖਿੱਤੇ  ਵਿੱਚ ਜਾਣ ਦੀ ਵੀ ਬਾਜ਼ੀ ਮਾਰ ਲਈ। ਕੁੜੀਆਂ ਲਈ ਸਭ ਤੋਂ ਜ਼ਿਆਦਾ ਯਾਦ ਵਾਲੀ ਘਟਨਾ ਉਹ ਸੀ, ਜਦੋਂ ਪਿਸ਼ਾਵਰ ਵਾਦੀ ਵਿੱਚ ਇੱਕ ਚਲਦੀ ਬੱਸ ਵਿੱਚ ਦੋ ਯਾਤਰੀ ਲੜਣ ਲੱਗੇ ਅਤੇ ਅਫਰਾ-ਤਫਰੀ ਮਚਾ ਦਿੱਤੀ।  ਇੱਕ ਯੂਰਪੀਅਨ ਪੁਲਿਸ ਵਾਲਾ ਬੱਸ ਵਿੱਚ ਚੜ੍ਹਿਆ ਅਤੇ ਛੇ ਸਾਲਾਂ ਦੀ ਜੈਕੀ ਨੇ ਅੱਗੇ ਆਪਣੀ ਸੀਟ `ਤੋਂ ਸਭ ਲਈ ਘੋਸ਼ਣਾ ਕਰ ਦਿੱਤੀ, "ਹੁਣ ਅੰਗ੍ਰੇਜ਼ ਇੱਥੇ ਆ ਗਿਆ ਹੈ, ਸਾਰਾ ਕੁਝ ਠੀਕ ਹੋ ਜਾਵੇਗਾ।"

ਸ਼ਿਵਾਲਕ ਦੀਆਂ ਪਹਾੜੀਆਂ ਵਾਲੇ ਟੂਰ ਦੀ ਕਹਾਣੀ ਨੂੰ ਕਈ ਵਾਰ ਦੁਹਰਾ ਕੇ ਪਰਿਵਾਰ ਇਹ ਪ੍ਰਭਾਵ ਦਿੰਦਾ ਸੀ ਕਿ ਉਨ੍ਹਾਂ ਨੇ ਇਸ ਨੂੰ  ਜਿੰਦਾ ਰੱਖਿਆ ਸੀ। ਇਸਦਾ ਸਬੰਧ ਇੱਕ ਹੋਰ ਕ੍ਰਿਸ਼ਮੇ ਦੀ ਦੁਨੀਆਂ ਨਾਲ ਸੀ।  ਉਹ ਆਪਣੀ ਨਾਨੀ ਸੰਧੂ ਦੇ ਜਨਮ ਵਾਲੇ ਪਿੰਡ ਨੂੰ ਲੱਭਣ ਲਈ ਊਨਾਂ ਤੱਕ ਬਸ `ਤੇ ਗਏ। ਉਹ ਹਨੇਰਾ ਪਏ ਤੋਂ ਬਸ ਵਿੱਚੋਂ ਉੱਤਰੇ। ਬੱਦਲ ਗਰਜ ਰਹੇ ਸਨ। ਕੁੜੀਆਂ ਡਰੀਆਂ ਹੋਈਆਂ ਸਨ ਅਤੇ ਬਸੰਤ ਕੌਰ ਨੂੰ ਪਤਾ ਨਹੀਂ ਸੀ ਕਿ ਕਿਹੜਾ ਰਾਹ ਉਸਦੀ ਮਾਂ ਦੇ ਪਿੰਡ ਨੂੰ ਜਾਂਦਾ ਸੀ। ਉਨ੍ਹਾਂ ਨੂੰ ਇੱਕ ਵੱਡਾ ਕਾਲੇ ਰੰਗ ਦਾ ਕੁੱਤਾ ਦਿਸਿਆ। ਉਹ ਪੂਛ ਹਿਲਾ ਰਿਹਾ ਸੀ। ਬਸੰਤ ਕੌਰ ਨੇ ਕਪੂਰ ਨੂੰ ਕਿਹਾ, "ਚਲੋ, ਇਸ ਕੁੱਤੇ ਦੇ ਮਗਰ ਚੱਲੀਏ।" ਕੁੱਤਾ ਉਨ੍ਹਾਂ ਨੂੰ ਪਰਿਵਾਰ ਦੇ ਘਰ ਲੈ ਗਿਆ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ। ਬਸੰਤ ਕੌਰ ਦੇ ਚਿੱਤ ਵਿੱਚ ਆਈ ਕਿ ਕੁੱਤੇ ਨੂੰ ਦੁੱਧ ਪਾਵੇ ਪਰ ਉਹ ਅਲੋਪ ਹੋ ਗਿਆ ਸੀ। ਉਨ੍ਹਾਂ ਵੱਲੋਂ ਨਿਸ਼ਾਨੀਆਂ ਦੱਸੇ ਜਾਣ ਬਾਅਦ ਰਿਸ਼ਤੇਦਾਰਾਂ ਨੇ ਕੁੱਤੇ ਨੂੰ ਪਛਾਣ ਲਿਆ ਅਤੇ ਅਸਚਰਜ ਰਹਿ ਗਏ ਕਿਉਂ ਕਿ ਉਹ ਕੁੱਤਾ ਤਾਂ ਕਈ ਸਾਲ ਪਹਿਲਾਂ ਮਰ ਚੁੱਕਾ ਸੀ ਪਰ ਜਦੋਂ ਕੋਈ ਬਿਪਤਾ ਵਿੱਚ ਹੁੰਦਾ, ਉਹ ਪ੍ਰਗਟ ਹੋ ਜਾਂਦਾ ਸੀ।

ਜਿਹੜੇ ਲੋਕ ਕਪੂਰ ਦੇ ਪੰਜਾਬ ਪਰਤਣ ਬਾਰੇ ਨਹੀਂ ਸੀ ਜਾਣਦੇ, ਉਨ੍ਹਾਂ ਲਈ ਉਹ ਵਿਦੇਸ਼ ਰਹਿੰਦਾ ਇੱਕ ਬਹੁਤ ਹੀ  ਰੁਝੇਵਿਆਂ ਵਾਲਾ ਕਾਮਯਾਬ ਪ੍ਰਵਾਸੀ ਸੀ। ਪਰ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਉਸ ਨੂੰ ਚਾਹ ਪਾਰਟੀ ਦੇ ਸੱਦੇ ਕਰਾਣ ਉਹ ਕਈਆਂ ਦੀਆਂ ਨਜ਼ਰਾਂ ਵਿੱਚ ਆ ਗਿਆ। ਰਾਜਕੁਮਾਰ ਅੰਗ੍ਰੇਜ਼ਾਂ ਦੇ ਬੇਹੱਦ ਪ੍ਰਭਾਵ ਥੱਲੇ ਸੀ, ਉਸ ਸਮੇਂ ਦਾ ਸਭ ਤੋਂ ਵੱਧ ਗੌਲਣਯੋਗ ਸਿੱਖ, ਖਿਡਾਰੀ, ਰਾਜਦੂਤ, ਮਿਲਟਰੀ ਮੈਨ ਅਤੇ ਸਿੱਧੂਆਂ ਦੇ ਉਸੇ ਘਰਾਣੇ `ਚੋਂ ਸੀ, ਜਿਸ ਵਿੱਚੋਂ ਕਪੂਰ ਸੀ। ਕਨੇਡਾ ਤੋਂ ਇੱਕ ਸਿੱਖ, ਜਿਹੜਾ ਐਨਾ ਕੁ ਉੱਘਾ ਸੀ ਕਿ ਉਸ ਨੂੰ ਮਹਾਰਾਜੇ ਵੱਲੋਂ ਸੱਦਾ ਆਇਆ,  ਇਸ ਨਾਲ ਕਪੂਰ ਪੁਲਿਸ ਦੇ ਧਿਆਨ ਵਿੱਚ ਆ ਗਿਆ। 1933 ਦੇ ਸ਼ੁਰੂ ਵਿੱਚ ਇੰਟੈਲੀਜੈਂਸ ਬਿਊਰੋ ਦਾ ਇੱਕ ਏਜੰਟ ਔੜ ਆਇਆ ਅਤੇ ਕਪੂਰ ਨੂੰ "ਪੜਤਾਲ ਕਰਨ ਲਈ" ਆਪਣਾ ਪਾਸਪੋਰਟ ਦਿਖਾਉਣ ਲਈ ਆਖਣ ਲੱਗਾ। ਕਪੂਰ ਨੇ ਇਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਲੱਗਦਾ ਸੀ ਕਿ ਇਹ ਵਾਪਸ ਨਹੀਂ ਮਿਲੇਗਾ। ਉਸਦੀ ਗਦਰ ਪਾਰਟੀ ਨਾਲ ਸਾਂਝ ਅਤੇ ਭਾਈ ਪਿਆਰਾ ਸਿੰਘ ਨਾਲ ਦੋਸਤੀ ਲੁਕੀ ਹੋਈ ਨਹੀਂ ਸੀ। ਭਾਰਤ ਵਿੱਚ ਬਿਨਾਂ ਪਾਸਪੋਰਟ ਤੋਂ ਕਿਸੇ ਜਾਲ ਵਿੱਚ ਫਸਣ ਨਾਲੋਂ ਉਸ ਨੇ ਵਾਪਸ ਮੁੜਣ ਦੀ ਇੱਕ ਦਮ ਯੋਜਨਾ ਬਣਾ ਲਈ। ਉਹ ਆਪਣੇ ਪਰਿਵਾਰ ਨਾਲ ਫਰਵਰੀ 1933 ਵਿੱਚ ਵਾਪਸ ਕਨੇਡਾ ਪਰਤ ਆਇਆ। ਵਿਕਟੋਰੀਆ ਵਿੱਚ ਜਹਾਜ਼ `ਚੋਂ ਬਾਹਰ ਨਿਕਲਦਿਆਂ ਦਾ ਭਾਰੀ ਬਰਫਬਾਰੀ ਨੇ ਸਵਾਗਤ ਕੀਤਾ। ਉਹ ਵਾਪਸ 19 ਸਾਲ ਭਾਰਤ ਨਹੀਂ ਗਿਆ, ਉਦੋਂ ਤੱਕ ਬਰਤਾਨਵੀ ਭਾਰਤ ਛੱਡ ਚੁੱਕੇ ਸਨ।(17)

ਮੇਓ ਸਾਈਡਿੰਗ `ਤੇ ਉਨ੍ਹਾਂ ਨੇ ਆਪਣੇ ਪੁਰਾਣੇ ਮਕਾਨ ਦੀ ਥਾਂ ਨਵਾਂ ਮਕਾਨ ਲੱਭ ਲਿਆ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਪੁਰਾਣਾ ਮਕਾਨ ਅੱਗ ਦੀ ਲਪੇਟ ਵਿੱਚ ਆ ਗਿਆ ਸੀ। ਉਹ ਆਪਣੇ ਮਕਾਨ ਦੀ ਸੰਭਾਲ ਦੀ ਜ਼ਿੰਮੇਵਾਰੀ ਕਪੂਰ ਦੇ ਗਰਾਂਈ ਨਾਰੰਗ ਸਿੰਘ ਗਿੱਲ ਦੀ ਛੋਟੀ ਉਮਰ ਦੀ ਪਤਨੀ, ਹਰਨਾਮ ਕੌਰ ਨੂੰ ਸੌਂਪ ਕੇ ਗਏ ਸਨ। ਇਹ ਦੇਖਣ ਕਿ ਸਭ ਕੁਝ ਠੀਕ-ਠਾਕ ਸੀ ਅਤੇ ਉਨ੍ਹਾਂ ਦੇ ਕੁੱਤੇ, ਪ੍ਰਿੰਸ ਨੂੰ ਖਾਣਾ ਪਾਉਣ ਤੇ ਘੁਮਾਉਣ ਲਈ ਉਹ ਹਰ ਰੋਜ਼ ਗੇੜਾ ਮਾਰਦੀ। ਉਸ ਨੂੰ ਪਤਾ ਨਹੀਂ ਲੱਗਾ ਕਿ ਅੱਗ ਕਿਵੇਂ ਲੱਗੀ। ਇਹ ਭਾਣਾ ਰਾਤ ਨੂੰ ਵਾਪਰਿਆ। ਹੋ ਸਕਦਾ ਹੈ ਕਿ ਕਿਸੇ ਦੀ ਸ਼ਰਾਰਤ ਹੋਵੇ ਅਤੇ ਘਰ ਸਾਰਾ ਤਬਾਹ ਹੋ ਗਿਆ।(18) ਮੇਓ ਨੇ ਆਪਣੇ ਮਕਾਨ ਵਰਗਾ ਮਕਾਨ ਹੀ ਕਪੂਰ ਦੇ ਪਰਿਵਾਰ ਲਈ ਬਣਵਾ ਦਿੱਤਾ। ਹੁਣ ਇੱਕ-ਦੂਜੇ ਦੇ ਨਾਲ ਨਾਲ ਦੋ ਇੱਕੋ ਜਿਹੇ ਮਕਾਨ ਸਨ। 15 ਮਾਰਚ 1933 ਨੂੰ ਮੇਓ ਮਿੱਲ ਦੇ ਦੁਬਾਰਾ ਚੱਲਣ ਮੌਕੇ ਤੱਕ ਕਪੂਰ ਦਾ ਪਰਿਵਾਰ ਆਪਣੇ ਨਵੇਂ ਮਕਾਨ ਵਿੱਚ ਸੈੱਟ ਹੋ ਗਿਆ ਸੀ। ਲੱਕੜ ਦੇ ਕਾਰੋਬਾਰ ਵਿੱਚ ਸੁਧਾਰ ਹੋ ਰਿਹਾ ਸੀ ਅਤੇ ਕਪੂਰ ਮਿੱਲ ਵੀ ਚਲਣੀ ਸ਼ੁਰੂ ਹੋ ਗਈ। ਜੇ ਕਪੂਰ ਨੂੰ ਕਿਸੇ ਤਸੱਲੀ ਦੀ ਜ਼ਰੂਰਤ ਸੀ ਤਾਂ ਇਹ ਉਸ ਨੂੰ ਉਸਦੇ ਪਿਕਰਿੰਗ ਵਾਲੇ ਪੁਰਾਣੇ ਦੋਸਤ ਵਿਲੀਅਮ ਮੂਰ ਤੋਂ ਮਿਲੀ। ਮੂਰ ਹੁਣ ਲਿਬਰਲ ਪਾਰਟੀ ਦਾ ਐਮ ਪੀ ਅਤੇ ਅਰਥ-ਸ਼ਾਸ਼ਤਰ ਦਾ ਵਿਸ਼ਲੇਸ਼ਕ ਸੀ। ਉਸ ਪੱਤਝੜ ਵਿੱਚ ਉਹ ਵੈਨਕੂਵਰ ਵਿੱਚ ਬੀ. ਸੀ. ਦੇ ਕਾਰੋਬਾਰੀ ਆਦਮੀਆਂ ਨਾਲ ਦੁਨੀਆਂ ਦੇ ਮੰਦਵਾੜੇ `ਚੋਂ ਉਭਰਨ ਬਾਰੇ ਗੱਲ ਕਰਨ ਆਇਆ।(19)

ਕਪੂਰ ਨੇ ਅਗਲੇ ਢਾਈ ਸਾਲ ਆਪਣੇ ਪਰਿਵਾਰ ਨੂੰ ਮੇਓ ਸਾਈਡਿੰਗ `ਤੇ ਰੱਖਿਆ। ਉੱਥੇ ਕੁੜੀਆਂ ਸਕੂਲ ਜਾਂਦੀਆਂ।  ਕਪੂਰ ਵੱਲੋਂ ਉਨ੍ਹਾਂ ਨੂੰ ਘਰ ਪੜ੍ਹਾਏ ਜਾਣ ਕਰਕੇ ਸੁਰਜੀਤ ਸਿੱਧਾ ਦੂਜੀ ਅਤੇ ਜੈਕੀ ਤੀਜੀ ਜਮਾਤ ਵਿੱਚ ਗਈਆਂ। ਭਾਵੇਂ ਪਰਿਵਾਰ ਮੇਓ ਸਾਈਡਿੰਗ `ਤੇ ਰਹਿੰਦਾ ਸੀ ਪਰ ਕ੍ਰਿਸਮਸ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਕਪੂਰ ਮਿੱਲ ਤੇ ਵੀ ਸਮਾਂ ਬਿਤਾਉਂਦੇ। ਉੱਥੇ ਜੈਕੀ ਨੇ ਅਕਾਊਂਟੈਂਟ ਦੀ ਸ਼ਰਾਰਤੀ ਬੇਟੀ, ਬਾਰਬਰਾ ਕੋਵਨ ਨੂੰ ਸਹੇਲੀ ਬਣਾਇਆ। ਕੁੜੀਆਂ ਉਦੋਂ ਛੋਟੀਆਂ ਸਨ ਪਰ ਉਨ੍ਹਾਂ ਨੂੰ ਦੋ ਵਿਦਵਾਨਾਂ ਦੀਆਂ ਫੇਰੀਆਂ ਬਾਰੇ ਯਾਦ ਸੀ। ਇਹ ਵਿਦਵਾਨ ਕਪੂਰ ਦੇ ਸੂਕ ਝੀਲ ਵਾਲੇ ਪਿੰਡ ਨੂੰ ਪੜ੍ਹਣ ਅਤੇ ਇਕਾਂਤਵਾਸ ਲਈ ਵਰਤਦੇ। ਉਨ੍ਹਾਂ ਵਿੱਚੋਂ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੱਪਲਾਂਵਾਲਾ ਪਿੰਡ ਤੋਂ ਅਨੋਖਾ ਹੀ ਸਿੱਖ, ਸਾਧੂ ਸਿੰਘ ਧਾਮੀ ਸੀ। ਉਹ ਸੋਲ੍ਹਾਂ ਸਾਲ ਦੀ ਉਮਰ ਵਿੱਚ ਮਿੱਲਾਂ ਵਿੱਚ ਕੰਮ ਕਰਨ ਲਈ 1922 ਵਿੱਚ ਵੈਨਕੂਵਰ ਆਇਆ। ਮਿੱਲ ਵਿੱਚ ਕੰਮ ਕਰਦਿਆਂ ਉਹ ਜੌਨ੍ਹ ਔਲੀਵਰ ਹਾਈ ਸਕੂਲ ਵੀ ਜਾਂਦਾ। ਉਹ ਬ੍ਰਿਟਿਸ਼ ਕੋਲੰਬੀਆ, ਤੇ ਫਿਰ ਅਲਬਰਟਾ, ਬਰਕਲੇ ਅਤੇ ਟਰਾਂਟੋ ਦੀਆਂ ਯੂਨੀਵਰਸਿਟੀਆਂ ਵਿੱਚ ਗਿਆ। 1937 ਤੱਕ ਉਸ ਨੇ ਜੌਨ੍ਹ ਡੇਵੀ `ਤੇ ਥੀਸਸ ਲਿਖ ਕੇ ਫਲਾਸਫੀ ਵਿੱਚ ਟਰਾਂਟੋ ਤੋਂ ਪੀ ਐੱਚ ਡੀ ਕਰ ਲਈ ਸੀ। ਇਨ੍ਹਾਂ ਸਾਲਾਂ ਦੌਰਾਨ ਕਪੂਰ ਦਾ ਪਿੰਡ ਉਸ ਲਈ ਇਕ ਕਿਸਮ ਦੀ ਠਾਹਰ ਸੀ। ਪੜ੍ਹਣ ਅਤੇ ਲਿਖਣ ਲਈ ਢੁੱਕਵੀਂ ਥਾਂ। ਪੀ ਐੱਚ ਡੀ ਕਰਨ ਤੋਂ ਪੰਜ ਸਾਲ ਬਾਅਦ ਧਾਮੀ ਨੂੰ ਇੰਟਰਨੈਸ਼ਨਲ ਲੇਬਰ ਔਰਗੇਨਾਈਜ਼ੇਸ਼ਨ (ਉਸ ਵੇਲੇ ਅਸਥਾਈ ਤੌਰ `ਤੇ ਇਸ ਸੰਸਥਾ ਦਾ ਮੁੱਖ ਦਫਤਰ ਮਾਂਟਰੀਅਲ ਵਿੱਚ ਸੀ) ਨਾਲ ਪੱਕੀ ਨੌਕਰੀ ਮਿਲ ਗਈ। ਇਸ ਨੌਕਰੀ ਲਈ ਉਹ ਬਰਤਾਨਵੀ-ਭਾਰਤ ਦੇ ਓਟਵਾ ਵਿੱਚ ਪਹਿਲੇ ਰਾਜਦੂਤਕ ਪ੍ਰਤੀਨਿਧ ਟਰੇਡ ਕਮਿਸ਼ਨਰ, ਮੂਲ ਰਾਜ ਅਹੂਜਾ ਦਾ ਧੰਨਵਾਦੀ ਸੀ। ਬਹੁਤ ਸਾਲਾਂ ਬਾਅਦ ਜਨੇਵਾ ਵਿੱਚ ਆਪਣੀ ਸੇਵਾ-ਮੁਕਤੀ ਦੌਰਾਨ ਉਸ ਨੇ ਅੰਗ੍ਰੇਜ਼ੀ ਵਿੱਚ ਭਾਵ-ਉਤੇਜਕ ਨਾਵਲ, 'ਮਲੂਕਾ' ਲਿਖਿਆ। ਇਹ ਨਾਵਲ ਉਨ੍ਹਾਂ ਪੰਜਾਬੀਆਂ ਬਾਰੇ ਹੈ, ਜਿਨ੍ਹਾਂ ਨੂੰ ਉਹ ਫਰੇਜ਼ਰ ਦਰਿਆ `ਤੇ ਮਿੱਲ ਵਿੱਚ ਕੰਮ ਕਰਨ ਦੌਰਾਨ ਜਾਣਦਾ ਸੀ, ਉਨ੍ਹਾਂ ਵਿੱਚੋਂ ਕੁਝ ਅਨਪੜ੍ਹ ਸਨ ਅਤੇ ਉਸ ਤੋਂ ਚਿੱਠੀਆਂ ਪੜ੍ਹਵਾਉਂਦੇ ਅਤੇ ਉਨ੍ਹਾਂ ਦੇ ਜਵਾਬ ਲਿਖਵਾਉਂਦੇ ਸਨ।

ਧਾਮੀ ਦੇ ਕਪੂਰ ਪਿੰਡ ਵਿੱਚ ਰਹਿਣ ਦੌਰਾਨ ਕੁੱਕ-ਹਾਊਸ ਵਿਚਾਰ ਵਿਟਾਂਦਰੇ ਦਾ ਕੇਂਦਰ ਬਣ ਜਾਂਦਾ। ਉੱਥੇ ਧਾਰਮਿਕ, ਸਾਹਿਤ ਜਾਂ ਰਾਜਨੀਤਕ ਮਸਲਿਆਂ ਬਾਰੇ ਬਹਿਸਾਂ ਹੁੰਦੀਆਂ। ਕਪੂਰ ਆਪਣੀਆਂ ਬੇਟੀਆਂ ਨੂੰ ਉਨ੍ਹਾਂ ਵਿੱਚ ਬੈਠ ਕੇ ਸੁਨਣ ਲਈ ਪ੍ਰੇਰਦਾ ਅਤੇ ਉਹ ਇਸ ਲਈ ਚਾਹਵਾਨ ਹੁੰਦੀਆਂ।(20) ਬਾਅਦ ਵਿੱਚ ਧਾਮੀ ਨੇ ਆਪ ਵੀ ਕਿਹਾ ਕਿ ਸਿੱਖ ਕੁੱਕ-ਹਾਊਸ ਉਸਦੀ ਆਪਣੀ ਪਹਿਲੀ ਯੂਨੀਵਰਸਿਟੀ ਸੀ। ਉਹ ਆਪਣੇ ਨਿੱਜੀ ਅਨੁਭਵ ਤੋਂ ਜਾਣਦਾ ਸੀ ਕਿ ਕੁੱਕ-ਹਾਊਸ ਦੇ ਸਰੋਤਿਆਂ ਨੂੰ ਸੰਭਾਲਨਾ ਮੁਸ਼ਕਲ ਹੁੰਦਾ ਸੀ। ਗਦਰੀ ਕ੍ਰਾਂਤੀਕਾਰੀ ਜਿਹੜੇ ਕਮਿਊਨਿਜ਼ਮ ਨਾਲ ਪਰਣਾਏ ਹੋਏ ਸਨ ਅਤੇ ਸੋਵੀਅਤ ਯੂਨੀਅਨ ਦੇ ਪ੍ਰਸੰਸਕ ਸਨ,  ਕਪੂਰ ਵਰਗੇ ਗਾਂਧੀ ਉਪਾਸ਼ਕ ਅਤੇ ਨਰਮ ਖਿਆਲੀ, ਅਤੇ ਧਾਰਮਿਕ ਕੌਮ-ਪ੍ਰਸਤ ਜਿਹੜੇ ਸਿੱਖੀ ਰਾਹ ਨਾਲ ਜੁੜੇ ਹੋਏ ਸਨ, ਰਲਕੇ  ਬੈਠਦੇ। ਕਿਸੇ ਕੋਲ ਆਦਰ-ਭਾਵ ਨਹੀਂ ਸੀ। ਕੋਈ ਵੀ ਫਿੱਕਾ ਭਾਸ਼ਣ ਜਾਂ ਆਮ ਜਿਹੀ ਜਾਣਕਾਰੀ ਇਹ ਰੌਲਾ ਸ਼ੁਰੂ ਕਰਵਾ ਦਿੰਦੀ, "ਬਹਿਜਾ,ਬਹਿਜਾ, ਕੁੱਕਹਾਊਸ ਦੀਆਂ ਕੰਧਾਂ ਵੀ ਇਹ ਜਾਣਦੀਐਂ।" ਜੇ ਕੋਈ ਪੜ੍ਹ ਕੇ ਗੱਲ ਦੱਸ ਰਿਹਾ ਹੁੰਦਾ ਤਾਂ ਅਵਾਜ਼ੇ ਕੱਸੇ ਜਾਂਦੇ, "ਪਰਚੇ ਨੂੰ ਅੱਗ ਲਾ ਤੇ ਸਾਨੂੰ ਮੂੰਹ ਜਬਾਨੀ ਦੱਸ।" ਅਤੇ ਭਾਵੇਂ ਕਵਿਤਾਵਾਂ ਸੁਣਾਉਣਾ ਮਸ਼ਹੂਰ ਸੀ ਅਤੇ ਤਾਂਘਵਾਨ ਪੰਜਾਬੀ ਲੱਕੜ ਮਿੱਲ ਕਾਮੇ ਕਵੀ ਸੁਣਾਉਣ ਲਈ ਤਤਪਰ ਹੁੰਦੇ, ਕੁੱਕ ਹਾਊਸ ਦੇ ਸਰੋਤੇ ਕਮਜ਼ੋਰ ਤੁਕਬੰਦੀ ਜਾਂ ਖੁੱਲ੍ਹੀ ਕਵਿਤਾ ਵਰਗੇ ਵਿਦੇਸ਼ੀ ਸੰਕਲਪ ਨਕਾਰ ਦਿੰਦੇ। "ਇਹ ਕਵਿਤਾ ਨਹੀਂ। ਇਹ ਆਪਮੁਹਾਰੀ ਵਾਰਤਕ ਹੈ।" ਉਹ ਆਖਦੇ।(21)

ਦੂਜਾ ਵਿਦਵਾਨ ਜਿਹੜਾ ਕਪੂਰ ਪਿੰਡ ਵਿੱਚ ਗੇੜਾ ਮਾਰਦਾ, ਉਹ ਅਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਤੋਂ ਅਨੂਪ ਸਿੰਘ ਢਿੱਲੋਂ ਸੀ। ਉਹ ਹਾਰਵਰਡ ਯੂਨੀਵਰਸਿਟੀ ਲਈ ਰਾਜਨੀਤੀ ਸ਼ਾਸਤਰ ਵਿੱਚ ਪੀ ਐੱਚ ਡੀ ਦਾ ਖੋਜ-ਪ੍ਰਬੰਧ ਲਿਖ ਰਿਹਾ ਸੀ। ਇਹ ਉਸ ਨੇ 1935 ਵਿੱਚ ਮੁਕੰਮਲ ਕਰ ਲਿਆ। 'ਕੌਮਾਂਤਰੀ ਮਜ਼ਦੂਰ ਜੱਥੇਬੰਦੀ' ਉਸਦਾ ਵਿਸ਼ਾ ਸੀ। ਹੋ ਸਕਦਾ ਹੈ ਕਿ ਇਸ ਵਿਸ਼ੇ ਲਈ ਉਸਦੇ ਮਿੱਤਰ ਧਾਮੀ ਨੇ ਪ੍ਰੇਰਿਆ ਹੋਵੇ ਜਿਸ ਨੇ ਅਖੀਰ ਇਸ ਨੂੰ ਆਪਣੇ ਪੇਸ਼ੇ ਲਈ ਚੁਣਿਆ ਸੀ। ਢਿੱਲੋਂ ਅਤੇ ਧਾਮੀ ਉੱਤਰੀ ਅਮਰੀਕਾ ਵਿੱਚ ਇੱਕੋ ਵੇਲੇ ਹੀ ਪਹੁੰਚੇ ਸਨ, ਪਰ ਧਾਮੀ ਪੰਜ ਸਾਲ ਵੱਡਾ ਹੋਣ ਕਰਕੇ ਪੜ੍ਹਾਈ ਵਿੱਚ ਅੱਗੇ-ਅੱਗੇ  ਰਿਹਾ। ਉਹ ਹਾਰਵਰਡ ਵਿੱਚ ਦਾਖਲ ਹੋਣ ਤੋਂ ਪਹਿਲਾਂ ਬਰਕਲੇ ਅਤੇ ਕੈਨਸਸ ਗਿਆ। ਪੀ ਐੱਚ ਡੀ ਦੀ ਖੋਜ ਦੌਰਾਨ ਅਤੇ ਬਾਅਦ ਵਿੱਚ ਜਦੋਂ ਉਹ ਨਿਊਯਾਰਕ ਰਹਿੰਦਾ ਸੀ, ਉਹ ਕਨੇਡਾ ਦੇ ਸਾਊਥ ਏਸ਼ੀਅਨਾਂ ਵੱਲੋਂ ਉਨ੍ਹਾਂ ਦੇ ਹੱਕਾਂ ਲਈ ਲਾਬੀ ਕਰਨ ਲਈ ਦੋ ਵਾਰ ਓਟਵਾ ਗਿਆ। ਉਸ ਨੇ ਇਸੇ ਤਰ੍ਹਾਂ ਅਮਰੀਕਾ ਦੇ ਸਾਊਥ ਏਸ਼ੀਅਨਾਂ ਲਈ ਕੀਤਾ ਸੀ। ਇੱਕ ਸੰਪਰਕ, ਹਿਊ ਕੀਨਲੇਸਾਈਡ ਨੂੰ ਧਾਮੀ ਅਤੇ ਢਿੱਲੋਂ ਨੇ ਮਿਲਕੇ ਆਪਣੇ ਨਾਲ ਕੀਤਾ। ਉਹ ਵਿਦੇਸ਼ ਮੰਤਰਾਲੇ  ਵਿੱਚ ਹਮਦਰਦ ਵੱਡਾ ਅਫਸਰ ਸੀ । ਉਸ ਨੇ ਦੋ ਸਾਲ ਯੂ. ਬੀ. ਸੀ. ਵਿੱਚ ਪੜ੍ਹਾਇਆ ਸੀ ਅਤੇ ਉਸਦੇ ਬਚਪਨ ਦੀਆਂ ਜੜ੍ਹਾਂ ਬੀ. ਸੀ. ਵਿੱਚ ਸਨ। ਬੀ. ਸੀ. ਵਿੱਚ ਸਾਊਥ ਏਸ਼ੀਅਨਾਂ ਲਈ ਬਰਾਬਰੀ ਦੇ ਹੱਕਾਂ ਦੇ ਸੰਘਰਸ਼ ਲਈ ਕੁਝ ਸਮੇਂ ਲਈ ਢਿੱਲੋਂ ਅਤੇ ਧਾਮੀ ਰਾਹੀਂ ਕਪੂਰ ਦਾ ਪਿੰਡ ਕਮਾਂਡ ਪੋਸਟ ਬਣ ਗਿਆ।

ਕਪੂਰ ਪਿੰਡ ਦੇ ਬੱਚਿਆਂ ਵਿੱਚ ਇੱਕ ਅਜਾਇਬ ਸਿੱਧੂ ਸੀ। ਉਹ ਆਪਣੇ ਪਿਤਾ, ਨਿਰੰਜਣ ਕੋਲ 1930 ਵਿੱਚ ਸੱਤ ਸਾਲ ਦੀ ਉਮਰ ਵਿੱਚ ਆਇਆ ਸੀ। ਨਿਰੰਜਣ ਅਣਪੜ੍ਹ ਸੀ। ਉਹ ਆਰਾ ਮਿੱਲ ਵਿੱਚ ਕੰਮ ਕਰਦਾ ਸੀ ਅਤੇ ਕਪੂਰ ਦਾ ਮਸੇਰ ਸੀ(ਕਪੂਰ ਦੀ ਮਾਸੀ, ਨਿੱਕੋ ਦਾ ਪੁੱਤ)। ਨਿਰੰਜਣ ਤਿੰਨ ਸਾਲ ਤੋਂ ਕਨੇਡਾ ਰਹਿੰਦਾ ਸੀ ਅਤੇ ਉਸ ਵੇਲੇ ਛੋਟਾ ਅਜਾਇਬ ਆਪਣੀ ਮਾਂ, ਦਾਦੀ ਅਤੇ ਆਪਣੇ ਤਿੰਨ ਸਾਲਾਂ ਦੇ ਛੋਟੇ ਭਰਾ ਨਾਲ ਖੜੌਦੀ ਵਿੱਚ ਰਹਿੰਦਾ ਸੀ ਅਤੇ ਇੱਕ ਸਾਲ ਲਈ ਨਾਲ ਦੇ ਪਿੰਡ ਸਕੂਲ ਗਿਆ। ਇੱਕ ਪੀੜ੍ਹੀ ਪਹਿਲਾਂ ਕਪੂਰ ਵਾਂਗ ਉਹ ਵੀ ਖੜੌਦੀ ਦੇ ਹੋਰ ਪਾੜ੍ਹਿਆਂ ਨਾਲ ਕਈ ਕਿਲੋਮੀਟਰ ਤੁਰ ਕੇ ਸਕੂਲ ਜਾਂਦਾ ਸੀ। ਉਸ ਨੂੰ ਕਦੇ ਵੀ ਸਮਝ ਨਹੀਂ ਆਈ ਕਿ ਉਸਦੇ ਮਾਪਿਆਂ ਨੇ ਉਸਨੂੰ ਕਨੇਡਾ ਭੇਜਣ ਦਾ ਫੈਸਲਾ ਕਿਓਂ ਕੀਤਾ ਅਤੇ ਨਾ ਹੀ ਉਸ ਨੂੰ ਪੁੱਛਣ ਦਾ ਮੌਕਾ ਮਿਲਿਆ। ਉਸਦੀ ਮਾਂ ਨਹੀਂ ਸੀ ਜਾ ਰਹੀ ਅਤੇ ਨਾ ਹੀ ਉਹ ਕਦੇ ਗਈ, ਅਤੇ ਉਹ ਖੜੌਦੀ ਦੇ ਨਾਰੰਗ ਸਿੰਘ ਗਿੱਲ, ਨਾਰੰਗ ਦੀ ਸੋਲ੍ਹਾਂ ਸਾਲਾਂ ਦੀ ਨਵੀਂ ਨਵੇਲੀ ਵਹੁਟੀ, ਹਰਨਾਮ ਕੌਰ ਅਤੇ ਮੇਓ ਦੇ ਪਿੰਡ ਪਾਲਦੀ ਵਾਲੇ ਦੁੰਮਣ ਸਿੰਘ ਤੇ ਉਸਦੀ ਘਰਵਾਲੀ ਪ੍ਰਭੀ ਨਾਲ ਯਾਤਰਾ ਕਰ ਰਿਹਾ ਸੀ। ਦੋਵੇਂ ਬੰਦੇ ਅੱਧਖੜ ਉਮਰ ਦੇ ਸਨ ਅਤੇ ਕਨੇਡਾ ਵਿੱਚ ਕਈ ਸਾਲ ਗੁਜ਼ਾਰਨ ਤੋਂ ਬਾਅਦ ਉਹ ਆਪਣੇ ਘਰ ਪੰਜਾਬ ਆਪਣੀਆਂ ਜਵਾਨ ਪਤਨੀਆਂ ਨੂੰ ਲੈਣ ਆਏ ਸਨ। ਦੁੰਮਣ ਸਿੰਘ ਵੀ ਆਪਣੇ ਭਤੀਜੇ, ਮੀਤੂ ਨੂੰ ਆਪਣੇ ਨਾਲ ਲੈ ਕੇ ਚੱਲਿਆ ਸੀ ਅਤੇ ਅਫਸਰਾਂ ਨੂੰ ਦੱਸਿਆ  ਕਿ ਉਹ ਉਸਦਾ ਪੁੱਤਰ ਸੀ। ਅਜਾਇਬ ਤੇ ਮੀਤੂ ਨੇ ਜਹਾਜ਼ ਨੂੰ ਵੱਡਿਆਂ ਨਾਲੋਂ ਜ਼ਿਆਦਾ ਤੁਰ ਫਿਰ ਕੇ ਵੇਖਿਆ। ਉਨ੍ਹਾਂ ਨੇ ਹੋਰ ਯਾਤਰੀਆਂ ਅਤੇ ਜਹਾਜ਼ ਦੇ ਅਮਲੇ ਨਾਲ ਸਾਂਝਾਂ ਪਾਈਆਂ, ਜਿਹੜੇ ਉਨ੍ਹਾਂ ਨੂੰ ਖੇਡਣ ਲਈ ਖਿਡਾਉਣੇ ਦਿੰਦੇ ਸਨ(ਹੋਰ ਬਹੁਤ ਸਾਰੇ ਪੰਜਾਬੀਆਂ ਵਾਂਗ ਇਹ ਪਰਿਵਾਰ ਵੀ ਜਹਾਜ਼ ਦੇ ਡਾਈਨਿੰਗਰੂਮ ਵਿੱਚ ਨਹੀਂ ਸੀ ਖਾਂਦੇ ਅਤੇ ਆਪਣਾ ਅਲੱਗ ਪਕਾਉਂਦੇ ਸਨ)। ਰੂਟ ਆਮ ਵਾਲਾ ਹੀ ਸੀ: ਕਲਕੱਤੇ ਤੱਕ ਰੇਲਗੱਡੀ, ਹਾਂਗਕਾਂਗ ਤੱਕ ਛੋਟਾ ਜਹਾਜ਼, ਇੱਕ ਮਹੀਨਾ ਉੱਥੇ ਗੁਰਦਵਾਰੇ ਵਿੱਚ ਅਤੇ ਵੱਡਾ ਜਹਾਜ਼ ਕਨੇਡਾ ਤੱਕ। ਅਜਾਇਬ ਜਾਣਦਾ ਸੀ ਕਿ ਇਹ ਅਮਰੀਕਨ ਜਹਾਜ਼ ਸੀ, ਪਰੈਜ਼ੀਡੈਂਟ ਲਾਈਨ ਨਾਲ ਸਬੰਧਤ, ਅਤੇ ਇਹ 1930 ਦੀ ਜਨਵਰੀ ਦੇ ਅਖੀਰ ਵਿੱਚ ਵਿਕਟੋਰੀਆ ਬੰਦਰਗਾਹ `ਤੇ ਲੱਗਿਆ।(23) ਉਹ ਪਹਿਲਾਂ ਮੇਓ ਸਾਈਡਿੰਗ ਗਿਆ ਅਤੇ ਫਿਰ ਕਪੂਰ ਪਿੰਡ ਅਤੇ ਅਗਲੇ ਸਾਲਾਂ ਵਿੱਚ ਉਹ ਦੋਹਾਂ ਥਾਵਾਂ ਦੇ ਸਕੂਲਾਂ ਵਿੱਚ ਗਿਆ।

ਕਪੂਰ ਪਿੰਡ ਵਿੱਚ ਅਜਾਇਬ ਆਪਣੇ ਪਿਤਾ ਨਾਲ ਅਕਾਊਂਟੈਂਟ, ਸੈਮ ਕੋਵਨ ਦੇ ਘਰ ਰਿਹਾ ਅਤੇ ਕੁਝ ਸਮਾਂ ਬੰਕਹਾਊਸ ਵਿੱਚ। ਉਹ ਆਪਣਾ ਖਾਣਾ ਸਾਊਥ ਏਸ਼ੀਅਨ ਕੁੱਕਹਾਊਸ ਤੋਂ ਲੈਂਦਾ, ਉੱਥੇ ਰਸੋਈਆ ਉਸ ਨੂੰ ਭੀੜ ਤੋਂ ਪਹਿਲਾਂ ਖਵਾ ਦਿੰਦਾ। ਅਤੇ ਬਹੁਤ ਵਾਰੀ ਉਹ ਚੈਲਮਰਾਂ (ਕਪੂਰ ਪਿੰਡ ਵਿੱਚ ਰਹਿੰਦੇ ਗੋਰੇ ਪਰਿਵਾਰਾਂ ਵਿੱਚੋਂ ਇੱਕ) ਨਾਲ ਖਾ ਲੈਂਦਾ। ਉਨ੍ਹਾਂ ਦਾ ਪੁੱਤ ਅਜਾਇਬ ਦਾ ਹਾਣੀ ਹੋਣ ਕਰਕੇ ਉਹ ਉਸ ਨੂੰ ਆਪਣੇ ਘਰ ਸੱਦ ਲੈਂਦੇ। ਉਨ੍ਹਾਂ ਦੇ ਘਰ ਵਿੱਚ ਉਹ ਯੂਰਪੀਅਨ  ਭੋਜਨ ਖਾਣਾ ਸਿੱਖ ਗਿਆ ਅਤੇ ਇੱਕ ਬਹੁਤ ਹੀ ਅਨੰਦਪੂਰਨ ਛੁੱਟੀਆਂ ਵਿੱਚ ਉਹ ਚੈਲਮਰਾਂ ਨਾਲ ਟਾਪੂ `ਤੇ ਅਗਾਂਹ ਦੋ ਹਫਤੇ ਦੇ ਕੈਂਪ `ਤੇ ਗਿਆ।  ਕਪੂਰ ਪਿੰਡ ਵਿੱਚ ਹੀ ਮੁੰਡਿਆਂ ਦੇ ਲੱਭਣ ਲਈ ਬਹੁਤ ਕੁਝ ਸੀ। ਜਦੋਂ ਕੋਈ ਦੇਖ ਨਾ ਰਿਹਾ ਹੁੰਦਾ ਤਾਂ ਉਹ ਰੇਲ ਦੀ ਪਟੜੀ `ਤੇ ਹੱਥ ਨਾਲ ਖਿੱਚਣ ਵਾਲੀ ਟਰਾਲੀ ਨਾਲ ਖੇਡਦੇ। ਸੂਕ ਝੀਲ, ਜਿਸਦੀ ਉੱਥੇ ਰਹਿਣ ਵਾਲਾ ਚੌਂਕੀਦਾਰ ਰਾਖੀ ਕਰਦਾ, ਕਿਉਂ ਕਿ ਉਹ ਵਿਕਟੋਰੀਆ `ਚ ਪੀਣ ਵਾਲੇ ਪਾਣੀ ਦਾ ਭੰਡਾਰ ਸੀ, ਤੱਕ ਟੱਪ ਕੇ ਨਹੀਂ ਸੀ ਪਹੁੰਚਿਆ ਜਾ ਸਕਦਾ ਪਰ ਉਹ ਮੁੰਡਿਆਂ ਦੀ ਪਹੁੰਚ ਤੋਂ ਪਰ੍ਹੇ ਨਹੀਂ ਸੀ। ਉਹ ਵਾੜ ਵਿੱਚੋਂ ਵਿਰਲਾਂ ਲੱਭ ਲੈਂਦੇ । ਇਸ ਤਰ੍ਹਾਂ ਉਹ ਝੀਲ ਵਿੱਚ ਤੈਰਨ ਲਈ ਨਹੀਂ ਸੀ ਕਰਦੇ ਸਗੋਂ ਇੱਕ ਵਰਜਿਤ ਥਾਂ `ਤੇ ਪਹੁੰਚਣ ਲਈ ਕਰਦੇ। ਦਰਿਆ ਦਾ ਇੱਕ ਕੁਦਰਤੀ ਨਾਲਾ ਸੂਕ ਝੀਲ ਵਿੱਚ ਡਿੱਗਦਾ ਸੀ, ਜਿਹੜਾ ਛਿੱਟੇ ਪਾਉਣ ਜਾਂ ਬੇੜ੍ਹੀ ਠੇਲਣ ਲਈ ਵਧੀਆ ਥਾਂ ਸੀ। ਅਤੇ ਉਹ ਨੇੜੇ ਹੀ ਇੱਕ ਖੇਤ ਦੇ ਬਾਗ ਵਿੱਚੋਂ ਸੇਬ ਤੋੜਦੇ।

ਅਜਾਇਬ ਨੇ ਪੰਦਰਾਂ ਘਰਾਂ ਵਿੱਚ ਅਖਬਾਰ ਸੁੱਟਣ ਦਾ ਇੱਕ ਰੂਟ ਲੈ ਲਿਆ। ਇਹ ਸੌਖਾ ਰੂਟ ਨਹੀਂ ਸੀ ਕਿਉਂ ਕਿ ਤਿੱਖੀਆਂ ਢਲਾਣਾਂ `ਤੇ ਤੁਰਨ ਲਈ ਜਾਨ ਮਾਰਨੀ ਪੈਂਦੀ ਸੀ ਅਤੇ ਹਫਤੇ ਵਿੱਚ ਤਿੰਨ ਵਾਰ ਅਖਬਾਰ ਡਾਕ ਵਿੱਚ ਆਉਂਦੇ ਇਸ ਲਈ ਉਸ ਕੋਲ ਤਿੰਨ ਦਿਨਾਂ ਦੇ ਅਖਬਾਰ ਚੁੱਕੇ ਹੁੰਦੇ। ਉਹ ਸਥਾਨਕ ਡੇਰੀ ਫਾਰਮ ਤੋਂ ਕਪੂਰ ਪਿੰਡ ਦੇ ਚੀਨੇ ਕਾਮਿਆਂ ਨੂੰ ਦੁੱਧ ਲਿਆ ਕੇ ਦਿੰਦਾ। ਪੰਦਰਵੇਂ ਸਾਲ ਨੂੰ ਪਹੁੰਚਦਿਆਂ ਉਹ ਆਪਣੇ ਆਪ ਨੂੰ ਐਨਾ ਕੁ ਅਮੀਰ ਸਮਝਣ ਲੱਗ ਪਿਆ ਕਿ ਉਸ ਨੇ ਅਠਾਈ ਡਾਲਰਾਂ ਦੀ ਇੱਕ ਕਾਰ ਖ੍ਰੀਦ ਲਈ, ਜਿਹੜੇ ਉਸ ਨੇ ਦੋ ਕਿਸ਼ਤਾਂ ਵਿੱਚ ਦੇਣੇ ਸਨ। ਇਹ ਇੱਕ ਪੁਰਾਣੀ ਪੈਂਤੀ ਹਾਰਸ ਪਾਵਰ ਵਾਲੀ ਡੂਰੈਂਟ ਮੋਟਰ ਕੰਪਨੀ ਦੀ ਮਾਡਲ ਟੀ ਸਟਾਰ ਕਾਰ ਸੀ। ਜੇ ਇਹ ਕਾਰ ਨਵੀਂ  ਹੁੰਦੀ ਤਾਂ ਇਸਦੀ ਕੀਮਤ ਦਸ ਜਾਂ ਬਾਰਾਂ ਗੁਣਾਂ ਵੱਧ ਹੁੰਦੀ। ਉਹ ਦੂਜਿਆਂ ਨੂੰ ਦੇਖ ਕੇ ਕਿ ਉਹ ਕਿਵੇਂ ਗੇਅਰ ਬਦਲਦੇ ਅਤੇ ਸਟੇਰਿੰਗ ਘੁੰਮਾਉਦੇਂ ਸਨ ਉਸੇ ਤਰ੍ਹਾਂ ਆਪਣੀ ਕਾਰ `ਤੇ ਅਭਿਆਸ ਕਰਕੇ ਆਪ ਹੀ ਕਾਰ ਚਲਾਉਣੀ ਸਿੱਖ ਗਿਆ। ਲਾਈਸੰਸ ਲੈਣ ਲਈ ਉਹ ਕਾਰ ਚਲਾ ਕੇ ਆਪਣੇ ਦੋਸਤ ਨਾਲ ਡੰਕਨ ਗਿਆ ਅਤੇ ਆਪਣੇ ਆਪ ਨੂੰ  ਇਮਤਿਹਾਨ ਲਈ ਪੇਸ਼ ਕਰ ਦਿੱਤਾ। ਜਦੋਂ ਉਹ ਪਾਸ ਕਰ ਗਿਆ, ਇੱਕ ਪੁਲਿਸ ਵਾਲੇ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਤਰ੍ਹਾਂ ਉੱਥੇ ਪਹੁੰਚਿਆ ਸੀ। ਉਸ ਨੇ ਕਿਹਾ ਕਿ ਉਹ ਜਿਸ ਬੰਦੇ ਨਾਲ ਉੱਥੇ ਪਹੁੰਚਿਆ ਸੀ, ਉਹ ਕਿਸੇ ਸਟੋਰ ਵਿੱਚ ਖ੍ਰੀਦੋ-ਫਰੋਖਤ ਕਰ ਰਿਹਾ ਸੀ। ਉਸ ਨੇ ਇਹ ਨਹੀਂ ਦੱਸਿਆ ਕਿ ਉਹ ਵੀ ਉਸ ਵਰਗਾ ਹੀ ਬਿਨਾਂ ਲਾਈਸੰਸ ਤੋਂ ਮੁੰਡਾ ਹੀ ਸੀ।(24)

ਇੱਕ ਮੁੰਡੇ ਦੇ ਤੌਰ `ਤੇ -ਮੁੰਡਾ ਵੀ ਉਹ ਜਿਹੜਾ ਹਰੇਕ ਦੀ ਆਮ ਨਿਗਰਾਨੀ ਹੇਠ ਸੀ ਅਤੇ ਕਿਸੇ ਦੀ ਵੀ ਖਾਸ ਨਿਗਰਾਨੀ ਹੇਠ ਨਹੀਂ ਸੀ-ਅਜਾਇਬ ਨੇ ਢੇਰ ਸਾਰੀ ਆਜ਼ਾਦੀ ਦਾ ਲੁਤਫ ਉਠਾਇਆ, ਕਪੂਰ ਦੀਆਂ ਬੇਟੀਆਂ ਤੋਂ ਕਿਤੇ ਵੱਧ। ਪਰ ਉਹ ਹਾਣੀ ਸਨ ਅਤੇ ਚਚੇਰੇ-ਭੈਣ ਭਰਾ ਸਨ ਇਸ ਲਈ ਉਹ ਉਸ ਨਾਲ ਸਮਾਂ ਗੁਜ਼ਾਰਦੀਆਂ, ਜਦੋਂ ਉਹ ਕਪੂਰ ਪਿੰਡ ਜਾਂਦੀਆਂ ਜਾਂ ਉਹ ਮੇਓ ਆਉਂਦਾ। ਬਾਅਦ ਵਿੱਚ ਜਦੋਂ ਉਹ ਹਾਈ ਸਕੂਲ ਜਾਂਦਾ ਸੀ, ਉਹ ਕਪੂਰ ਦੇ ਘਰ ਵੈਨਕੂਵਰ ਵਿੱਚ ਉਨ੍ਹਾਂ ਨਾਲ ਰਿਹਾ । ਉਹ ਤਿੰਨੇ ਕੁਝ ਸਾਂਝੀਆਂ ਯਾਦਾਂ ਨਾਲ ਵੱਡੇ ਹੋਏ ਸਨ, ਜਿਨ੍ਹਾਂ ਵਿੱਚ ਪਰਿਵਾਰ ਦਾ ਕਾਰ ਰਾਹੀਂ ਮੇਪਲ ਬੇਅ `ਤੇ ਸਮੁੰਦਰ ਤੱਕ ਜਾਣਾ ਵੀ ਸੀ। ਇਹ ਡੰਕਨ ਦੇ ਪੂਰਬ ਵਿੱਚ ਸੀ। ਉੱਥੇ ਉਹ ਬੀਚ `ਤੇ ਬੈਠ ਕੇ ਕਪੂਰ ਦੇ ਬਣਾਏ ਹੈਮ ਵਾਲੇ ਸੈਂਡਵਿਚਾਂ ਦਾ ਆਨੰਦ ਮਾਣਦੇ(ਬਸੰਤ ਕੌਰ ਮੀਟ ਵਾਲਾ ਖਾਣਾ ਨਹੀਂ ਬਣਾਉਂਦੀ ਸੀ)। ਵਾਪਸੀ ਵੇਲੇ ਉਹ ਆਈਸ ਕਰੀਮ ਲੈਣ ਵਾਸਤੇ ਸ਼ਹਿਰ ਵਿੱਚ ਰੁਕਦੇ।

ਦੋਨੋਂ ਭੈਣਾਂ ਵੀ ਉਨ੍ਹਾਂ ਲੋਕਾਂ ਵੱਲ ਹੀ ਆਕਰਸ਼ਤ ਸਨ, ਜਿਨ੍ਹਾਂ ਵੱਲ ਅਜਾਇਬ। ਮੇਓ ਸਾਈਡਿੰਗ `ਤੇ ਚਿੱਟੀ ਦਾਹੜੀ ਵਾਲਾ ਭਾਈ ਜੀ, ਹਰਨਾਮ ਸਿੰਘ ਜਿਹੜਾ ਗੁਰਦਵਾਰੇ `ਚ ਸੇਵਾ ਵੇਲੇ ਉਚਾਰਨ ਤਾਂ ਵਧੀਆ ਕਰਦਾ ਪਰ ਬੋਲਦਾ ਬਹੁਤ ਤੇਜ਼ ਸੀ। ਉਸਦੇ ਕਾਹਲੀ ਨਾਲ ਬੋਲਣ ਕਰਕੇ ਉਸ ਨੂੰ ਜੌਨ ਸਾਅ ਆਖਦੇ। ਉਹ ਧਿਆਨ ਤੇ ਇਕਾਗਰਤਾ ਦੀ ਮੰਗ ਕਰਦਾ, ਉਹ ਔਰਤਾਂ `ਤੇ ਚਿੱਲਾਉਂਦਾ ਕਿ ਉਹ ਗੱਲਾਂ ਨਾ ਕਰਨ ਅਤੇ ਉਨ੍ਹਾਂ ਨੂੰ ਆਪਣੇ ਬੇਚੈਨ ਬੱਚਿਆਂ ਨੂੰ ਬਾਹਰ ਲੈ ਜਾਣ ਲਈ ਆਖਦਾ। ਮੇਓ ਵਾਲਾ ਅਟੰਕ ਰਸੋਈਆ, ਕਾਬਲੀ, ਜਿਹੜਾ ਉਨ੍ਹਾਂ ਦੇ ਸਬਜ਼ੀਆਂ ਵਾਲੇ ਬਗੀਚੇ ਦੀ ਦੇਖ-ਭਾਲ ਕਰਦਾ ਅਤੇ ਚਿੱਟੀਆਂ ਬੱਕਰੀਆਂ ਰੱਖਦਾ, ਗੁਰਬਚਨ ਸਿੰਘ; ਪਿਆਰਾ ਵਿਹਾਰ ਕਰਨ ਵਾਲਾ ਕਪੂਰ ਪਿੰਡ ਵਾਲਾ ਰਸੋਈਆ, ਸ਼ਾਨਦਾਰ ਬਾਗ ਵਾਲਾ, ਫੁੱਲਾਂ ਨੂੰ ਪਿਆਰ ਕਰਨ ਵਾਲਾ ਅਤੇ ਕਾਬਲੀ ਤੋਂ ਲਏ ਬੱਕਰੀਆਂ ਦੇ ਵੱਗ, ਜਿਨ੍ਹਾਂ ਦੇ ਮਗਰ ਬੱਚੇ ਭੱਜਦੇ ਅਤੇ ਉਨ੍ਹਾਂ ਉੱਪਰ ਚੜ੍ਹਣ ਦੀ ਕੋਸ਼ਿਸ਼ ਕਰਦੇ, ਅਤੇ ਉਸਦਾ ਢੋਲਕ, ਜਿਸ ਨੂੰ ਉਹ ਕੀਰਤਨ ਵੇਲੇ ਵਜਾਉਂਦਾ, ਜਿਹੜਾ ਉਹ ਬੰਕਹਾਊਸ ਦੀ ਬੇਸਮੈਂਟ ਵਿੱਚ ਇੱਕ ਖਾਸ ਕਮਰੇ ਵਿੱਚ ਕਰਦੇ। ਦਾੜ੍ਹੀ ਵਾਲਾ ਭਾਊ, ਜਿਹੜਾ ਰੇਲਵੇ ਦੇ ਬੰਦ ਡੱਬੇ ਵਿੱਚ ਰਹਿੰਦਾ ਅਤੇ ਬਜ਼ੁਰਗ ਪੰਜਾਬੀ, ਜਿਹੜਾ ਆਪਣੇ ਆਪ ਨੂੰ "ਕਾਓ ਬੁਆਏ" ਹੋਣ ਦਾ ਦਾਅਵਾ ਕਰਦਾ, ਜਿਸ ਨਾਲ ਅਜਾਇਬ ਗੱਲਾਂ ਕਰਨ ਦਾ ਲੁੱਤਫ ਲੈਂਦਾ ਅਤੇ ਜਿਸਨੂੰ ਆਪਣੀਆਂ ਗਾਵਾਂ ਨਾਲ ਲੱਭਿਆ ਜਾ ਸਕਦਾ ਸੀ ਜਾਂ ਘੋੜੇ ਅਤੇ ਬੱਘੀ ਨਾਲ ਪੁਲ ਨੇੜੇ ਛੱਤੜਿਆਂ ਦੇ ਕੋਲ।

ਦੋਨੋਂ ਭੈਣਾਂ ਵੀ ਉਨ੍ਹਾਂ ਅਧਿਆਪਕਾਂ ਨੂੰ ਜਾਣਦੀਆਂ ਸਨ, ਜਿਨ੍ਹਾਂ ਨੂੰ ਅਜਾਇਬ- ਕਪੂਰ ਪਿੰਡ ਦੇ ਛੋਟੇ ਜਿਹੇ ਸਕੂਲ ਵਿੱਚ ਮਿਸ ਪੋਲਰਡ ਅਤੇ ਮੇਓ ਵਿੱਚ ਮਿਸ ਵਿਨਸਟੇਨਲੀ ਤੇ ਮਿਸ ਫਰਗੂਸਨ ਭਾਵੇਂ ਮਿਸ ਪੋਲਰਡ ਨੂੰ ਜੈਕੀ ਤੇ ਸੁਰਜੀਤ ਦੂਰੀ ਤੋਂ ਹੀ ਜਾਣਦੀਆਂ ਸਨ। ਕੁੜੀਆਂ ਦੀ ਪੜ੍ਹਾਈ ਮੇਓ ਸਾਈਡਿੰਗ `ਤੇ ਹੁੰਦੀ। ਪਹਿਲਾਂ ਇੱਕ ਸਕੂਲ ਹੀ ਹੁੰਦਾ ਸੀ ਪਰ ਬਾਅਦ ਵਿੱਚ ਵੱਡੇ ਬੱਚਿਆਂ ਲਈ ਪਹਾੜੀ ਦੇ ਉੱਪਰ ਇੱਕ ਹੋਰ ਸਕੂਲ ਬਣਾਇਆ ਗਿਆ, ਜਿਸ ਨੂੰ 'ਅਪਰ ਸਕੂਲ' ਆਖਦੇ। ਇਹ ਮਿਸ ਫਰਗੂਸਨ ਦਾ ਇਲਾਕਾ ਸੀ, ਜਿੱਥੇ ਉਹ ਸਖਤੀ ਵਰਤਦੀ ਅਤੇ ਬੱਚੇ ਉਸ ਤੋਂ ਡਰਦੇ ਅਤੇ  ਸੁਰਜੀਤ ਦੀ ਯਾਦ ਵਿੱਚ ਉਸ ਨਾਲ ਕੋਈ ਲਗਾਵ ਨਹੀਂ ਸੀ। ਇੱਕ ਵਾਰ ਉਸ ਨੇ ਸੁਰਜੀਤ ਨੂੰ ਕਿਸੇ ਹੋਰ ਦੇ ਭੁਲੇਖੇ ਸੱਤ ਵਾਰ ਫੁੱਟੇ ਨਾਲ ਮਾਰਿਆ। ਉਸ ਨੂੰ ਲੱਗਾ ਕਿ ਸੁਰਜੀਤ ਕਾਨਾਫੂਸੀ ਕਰ ਰਹੀ ਸੀ। ਮਿਸ ਫਰਗੂਸਨ ਸ਼ਰਾਰਤਾਂ ਲਈ ਯੋਗ ਨਿਸ਼ਾਨਾ ਸੀ। ਸਭ ਤੋਂ ਵਧੀਆ ਸ਼ਰਾਰਤ ਇੱਕ ਮੁੰਡੇ ਵੱਲੋਂ ਕੀਤੀ ਗਈ ਜਿਸ ਨੇ ਉਸ ਨੂੰ ਗੁਲਾਬ ਦੇ ਫੁੱਲ ਦਾ ਤੋਹਫਾ ਪੇਸ਼ ਕੀਤਾ, ਜਿਸ ਉੱਪਰ ਬਹੁਤ ਸਾਰੀਆਂ ਮਿਰਚਾਂ ਛਿੜਕੀਆਂ ਹੋਈਆਂ ਸਨ। ਫੁੱਲ ਲੈ ਕੇ ਉਸਦੇ ਚੇਹਰੇ `ਤੇ ਮੁਸਕਰਾਹਟ ਆ ਗਈ ਫਿਰ ਉਸ ਨੇ ਉਸ ਨੂੰ ਸੁੰਘਿਆ ਅਤੇ ਛਿੱਕਾਂ ਦੀ ਝੜੀ ਲਾ ਦਿੱਤੀ। ਮਿਸ ਵਿਨਸਟੇਨਲੀ ਸਭ ਤੋਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਉਹ ਛੋਟੀ ਉਮਰ ਦੀ ਸੀ। ਇੱਕ ਵਾਰ ਬੱਚਿਆਂ ਨੂੰ ਕਲਾਸ ਤੋਂ ਬਾਅਦ ਡੱਡੀਆਂ ਫੜਣ ਦੀ ਖੇਡ ਤੋਂ ਹਟਾਉਣ ਕਰਕੇ ਉਨ੍ਹਾਂ ਨੇ ਮਿਸ ਵਿਨਸਟੇਨਲੀ `ਤੇ  "ਸ਼ਰਮ,ਸ਼ਰਮ" ਦੇ ਆਵਾਜ਼ਿਆਂ ਦੀ ਵਾਛੜ ਕਰ ਦਿੱਤੀ। ਉਨ੍ਹਾਂ ਨੇ ਉਸ ਨੂੰ ਇੱਕ ਵੱਡੇ ਮੁੰਡੇ ਨਾਲ ਰੇਲ ਦੀ ਪਟੜੀ ਦੇ ਨਾਲ ਤੁਰਦਿਆਂ ਵੇਖ ਲਿਆ ਸੀ ਤੇ ਉਹ ਮੁੰਡਾ ਬਹੁਤ ਬਦਨਾਮ ਸੀ।

ਮਿਸ ਵਿਨਸਟੇਨਲੀ ਅਤੇ ਮਿਸ ਫਰਗੂਸਨ ਦਾ ਮੇਓ ਸਿੰਘ ਤੇ ਸਿੱਧੂ ਪਰਿਵਾਰਾਂ ਨਾਲ ਵਿਹਾਰ ਆਦਰਯੋਗ ਪਰ ਉਚੇਚ ਵਾਲਾ ਸੀ। ਉਨ੍ਹਾਂ ਨੂੰ ਸਮਝ ਸੀ ਕਿ ਇਹ ਲੋਕ ਪਿੰਡ ਦੇ ਮਾਲਕ ਅਤੇ ਉਨ੍ਹਾਂ ਨੂੰ ਨੌਕਰੀਆਂ ਦੇਣ ਵਾਲੇ ਸਨ। ਹਰ ਸਵੇਰ ਬਸੰਤ ਕੌਰ ਅਧਿਆਪਕਾਂ ਵਾਸਤੇ ਜੈਕੀ ਦੇ ਹੱਥ ਤਾਜ਼ਾ ਦੁੱਧ ਭੇਜਦੀ ਪਰ ਇੱਕ ਸੰਗਾਊ ਕੁੜੀ ਲਈ ਇਹ ਝਿਜਕ ਵਾਲਾ ਕੰਮ ਸੀ ਭਾਵੇਂ ਅਧਿਆਪਕ ਦੁੱਧ ਖੁਸ਼ ਹੋ ਕੇ ਫੜਦੇ। ਸਾਰੇ ਮਾਪਿਆਂ ਦੇ ਪੂਰੇ ਸਹਿਯੋਗ ਨਾਲ ਅਧਿਆਪਕ ਸਕੂਲ ਵਿੱਚ ਸਲਾਨਾ ਕ੍ਰਿਸਮਸ ਮਨਾਉਂਦੇ। ਉਹ ਕ੍ਰਿਸਮਸ ਰੁੱਖ ਸਜਾਉਂਦੇ, ਸਜਾਵਟ ਕਰਦੇ ਅਤੇ ਤੋਹਫਿਆਂ ਦਾ ਲੈਣ-ਦੇਣ ਹੁੰਦਾ। ਬਸੰਤ ਕੌਰ ਸਵੇਰ ਵੇਲੇ ਬਾਕਾਇਦਾ ਸਕੂਲ ਆਉਂਦੀ ਅਤੇ ਕੁੜੀਆਂ ਤੇ ਮੁੰਡਿਆਂ ਦੀਆਂ ਸੀਟਾਂ ਨੂੰ ਵੱਖ-ਵੱਖ ਕਰ ਦਿੰਦੀ। ਮਿਸ ਵਿਨਸਟੇਨਲੀ ਜਾਂ ਮਿਸ ਫਰਗੂਸਨ ਚੁੱਪ ਕਰਕੇ ਉਸਦੇ ਜਾਣ ਦੀ ਉਡੀਕ ਕਰਦੀਆਂ ਅਤੇ ਉਸਦੇ ਜਾਣ ਤੋਂ ਬਾਅਦ ਸੀਟਾਂ ਨੂੰ ਮੁੜ ਪਹਿਲਾਂ ਵਾਲੀ ਥਾਂ ਕਰ ਦਿੰਦੀਆਂ। ਕਦੇ-ਕਦੇ ਦੋਹਾਂ ਅਧਿਆਪਕਾਂ ਨੂੰ ਸਿੱਧੂ ਆਪਣੇ ਮਹੀਨੇਵਾਰ ਜਾਂ ਪੰਦਰਵਾੜੇ ਵਾਲੇ ਵਿਕਟੋਰੀਆ ਦੇ ਗੇੜੇ ਵੇਲੇ ਆਪਣੇ ਨਾਲ ਆਪਣੀ ਸ਼ੈਵਰਲੇ ਕਾਰ ਵਿੱਚ ਲੈ ਜਾਂਦੇ। ਜੈਕੀ ਮਿਸ ਫਰਗੂਸਨ ਤੋਂ ਭੈਭੀਤ, ਪਿਛਲੀ ਸੀਟ `ਤੇ ਅਧਿਆਪਕਾਂ ਦੇ ਨਾਲ ਬੈਠਦੀ ਅਤੇ ਸੁਰਜੀਤ ਆਪਣੇ ਮਾਪਿਆਂ ਨਾਲ ਮੂਹਰਲੀ ਸੀਟ `ਤੇ ਬੈਠਦੀ। ਮਿਸ ਵਿਨਸਟੇਨਲੇ ਅਲਾਸਕਾ ਵਿੱਚ ਰਹੀ ਸੀ ਅਤੇ ਉਹ ਇੱਕ ਖੇਡ ਜਾਣਦੀ ਸੀ ਜਿਸਦਾ ਨਾਂ ਸੀ "ਅੱਖਾਂ ਮੀਚੋ" ਉਹ ਆਖਦੀ, "ਆਪਾਂ ਅਲਾਸਕਾ ਜਾ ਰਹੇ ਹਾਂ" ਅਤੇ ਉਹ  ਸਾਹਸੀ ਕਾਰਨਾਮੇ ਦੀ ਵਿਆਖਿਆ ਕਰਦੀ। ਇੱਕ ਗੇੜੇ ਵੇਲੇ ਵਿਕਟੋਰੀਆ ਤੋਂ ਤੀਹ ਕਿਲੋਮੀਟਰ ਬਾਹਰ ਵੱਲ ਮਾਲਾਹਟ ਪਾਸ ਦੀ ਵਲ-ਵਲੇਵੇਂ ਖਾਂਦੀ ਸੜਕ `ਤੇ ਮਿਸ ਵਿਨਸਟੇਨਲੀ ਨੇ ਆਪਣੇ ਰੁਮਾਲ ਵਿੱਚ ਉਲਟੀ ਕਰ ਦਿੱਤੀ ਪਰ ਇਸ ਬਾਰੇ ਕੁਝ ਨਾ ਬੋਲੀ ਅਤੇ ਪਾਸੇ ਵਾਲੀ ਛੋਟੀ ਖਿੜਕੀ ਰਾਹੀਂ ਇਸ ਨੂੰ ਬਾਹਰ ਸੁੱਟ ਦਿੱਤਾ। ਮਿਸ ਫਰਗੂਸਨ ਚੁੱਪ ਰਹੀ, ਅਤੇ ਜੈਕੀ ਇਸ ਬਾਰੇ ਬੋਲਣ ਤੋਂ ਘਬਰਾਉਂਦੀ ਸੀ। ਕਪੂਰ ਨੂੰ ਇਸ ਬਾਰੇ ਘਰ ਪਹੁੰਚਣ ਤੋਂ ਬਾਅਦ ਹੀ ਪਤਾ ਲੱਗਾ।

ਫਿਰ ਵੀ ਸਕੂਲ ਅਤੇ ਅਧਿਆਪਕ ਮੇਓ ਸਾਈਡਿੰਗ ਦਾ ਅਟੁੱਟ ਹਿੱਸਾ ਸੀ ਅਤੇ ਜਦੋਂ ਵੀ ਪੰਜਾਬੀ ਸਿੱਖ ਪਿੰਡ ਵਿੱਚ ਕੋਈ ਤਿਉਹਾਰ ਮਨਾਉਂਦੇ, ਸਕੂਲ ਇਸ ਵਿੱਚ ਹਿੱਸਾ ਲੈਂਦਾ। ਤਿਉਹਾਰ ਬਹੁਤ ਰੁਝੇਵਿਆਂ ਭਰਪੂਰ ਹੁੰਦੇ। ਸਾਰਾ ਪਿੰਡ ਬੀ. ਸੀ. ਦੇ ਸਿੱਖਾਂ ਦੇ ਵੱਡੇ ਇਕੱਠ ਦੀ ਪ੍ਰਾਹੁਣਚਾਰੀ ਕਰਦਾ। ਮੇਓ ਗੁਰਦਵਾਰਾ ਬ੍ਰਿਟਿਸ਼ ਕੋਲੰਬੀਆ ਦੇ ਛੇ ਗੁਰਦਵਾਰਿਆਂ ਵਿੱਚੋਂ ਇੱਕ ਸੀ। ਤਿੰਨ ਗੁਰਦਵਾਰੇ ਵੈਨਕੂਵਰ ਇਲਾਕੇ ਵਿੱਚ ਅਤੇ ਤਿੰਨ ਵਿਕਟੋਰੀਆ ਇਲਾਕੇ ਵਿੱਚ ਸਨ।  ਬੀ. ਸੀ. ਵਿੱਚ ਚੌਦਾਂ ਸੌ ਲੋਕਾਂ ਵਾਲੇ ਭਾਈਚਾਰੇ ਲਈ ਛੇ ਗੁਰਦਵਾਰੇ ਸਨ। ਨੇੜੇ ਦਾ ਗੁਰਦਵਾਰਾ  ਸੀ ਪੀ ਆਰ ਦੀ ਲਾਈਨ ਦੇ ਨਾਲ ਸਿਰਫ ਪੰਜ ਕਿਲੋਮੀਟਰ ਦੂਰੀ `ਤੇ ਹਿੱਲਕ੍ਰਿਸਟ ਲੰਬਰ ਮਿੱਲ ਵਿੱਚ ਸੀ। ਸਭ ਤੋਂ ਦੂਰ ਵਾਲਾ ਐਬਸਫੋਰਡ ਵਿੱਚ ਸੀ। ਇਹ ਵੈਨਕੂਵਰ ਦੇ ਪੂਰਬ ਵੱਲ ਪਝੰਤਰ ਕਿਲੋਮੀਟਰ `ਤੇ ਸੀ। ਇੱਥੋਂ ਦੇ ਲੋਕ ਮੇਓ ਸਾਈਡਿੰਗ `ਤੇ ਪਹੁੰਚਣ ਲਈ ਕਿਰਾਏ ਦੀ ਬੱਸ ਰਾਹੀਂ ਜਾਂਦੇ, ਸਟਰੇਟ ਆਫ ਜੌਰਜੀਆ ਨੂੰ ਬੀ. ਸੀ. ਕੋਸਟਲ਼ ਸਟੀਮਸ਼ਿੱਪ ਦੀ ਫੈਰੀ ਨਾਲ ਪਾਰ ਕਰਦੇ ਅਤੇ ਫਿਰ ਟਾਪੂ ਦੇ ਹਾਈਵੇ ਰਾਹੀਂ ਮੇਓ ਸਾਈਡਿੰਗ `ਤੇ ਪਹੁੰਚ ਜਾਂਦੇ। ਸਹਿਮਤੀ ਨਾਲ ਤਕਰੀਬਨ ਹਰ ਗੁਰਦਵਾਰੇ ਵਿੱਚ ਸਾਲ `ਚ ਇੱਕ ਮੁੱਖ ਸਿੱਖ ਤਿਉਹਾਰ ਮਨਾਇਆ ਜਾਂਦਾ ਜਿਵੇਂ ਗੁਰੂ ਨਾਨਕ ਦੇਵ ਦਾ ਗੁਰਪੁਰਬ,ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ, ਵਿਸਾਖੀ ਦਿਹਾੜਾ ਜਾਂ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਵਸ। ਮੇਓ ਗੁਰਦਵਾਰੇ ਵਿੱਚ 1 ਜੁਲਾਈ(ਉਦੋਂ ਡੁਮੀਨਿਅਨ ਡੇਅ ਆਖਦੇ ਸਨ)ਨੂੰ ਜੋੜ-ਮੇਲਾ ਹੁੰਦਾ । ਸਾਰੇ ਸੂਬੇ ਵਿੱਚੋਂ ਲੋਕ ਜਲੂਸ ਲਈ ਇਕੱਠੇ ਹੁੰਦੇ। ਇਸ ਦੀ ਅਗਵਾਈ ਬੈਂਡ ਅਤੇ ਪੰਜ ਪਿਆਰੇ ਕਰਦੇ। ਇਸ ਤੋਂ ਬਾਅਦ ਤਿੰਨ ਦਿਨ ਕੀਰਤਨ ਚੱਲਦਾ ਅਤੇ ਅਗਲੇ ਦਿਨ ਖੇਡਾਂ ਹੁੰਦੀਆਂ ਜਿਵੇਂ ਰੱਸਾ-ਕਸ਼ੀ, ਘੋਲ, ਗੱਤਕਾ, ਕਬੱਡੀ ਅਤੇ ਬੱਚਿਆਂ ਤੇ ਵੱਡਿਆਂ, ਮਰਦਾਂ ਤੇ ਔਰਤਾਂ ਦੀਆਂ ਦੌੜਾਂ। ਮੇਓ ਸਾਈਡਿੰਗ `ਤੇ ਇਨ੍ਹਾਂ ਖੇਡਾਂ ਵਿੱਚ ਖਾਸ ਮਹਿਕ ਹੁੰਦੀ ਕਿਉਂ ਕਿ ਟੀਮਾਂ ਵਿੱਚ ਕੋਈ ਵੀ ਜਿਹੜਾ ਖੇਡਣਾ ਚਾਹੁੰਦਾ ਹੁੰਦਾ ਸ਼ਾਮਲ ਹੋ ਸਕਦਾ ਸੀ, ਜਿਵੇਂ ਪੰਜਾਬੀ, ਚੀਨੇ, ਜਾਪਾਨੀ ਜਾਂ ਗੋਰੇ।(25)

ਜੋਨ(ਟੇਲਰ)ਮੇਓ, ਜਿਹੜੀ ਨਨਾਇਮੋ ਨੇੜੇ ਇੱਕ ਫਾਰਮ ਵਿੱਚ ਵੱਡੀ ਹੋਈ ਅਤੇ 1953 ਵਿੱਚ ਮੇਓ ਦੇ ਪਲੇਠੇ ਪੁੱਤਰ, ਰਜਿੰਦੀ ਨਾਲ ਵਿਆਹੀ ਗਈ ਅਤੇ ਬਾਅਦ ਵਿੱਚ ਉਸ ਨੇ ਮੇਓ ਬਾਰੇ ਇੱਕ ਕਿਤਾਬ ਲਿਖੀ, ਜਿਸ ਵਿੱਚ ਮੇਓ ਦੇ ਪੁਰਾਣੇ ਵਸਨੀਕਾਂ ਤੋਂ ਇਕੱਠੀਆਂ ਕੀਤੀਆਂ ਕਹਾਣੀਆਂ ਸਨ। ਉਸ ਨੇ ਉੱਥੇ ਹੁੰਦੇ ਜੋੜ-ਮੇਲਿਆਂ ਵਿਚਲੇ ਉਤਸ਼ਾਹ ਨੂੰ ਇਸ ਤਰ੍ਹਾਂ ਬਿਆਨ ਕੀਤਾ : ਸਕੂਲ ਦੇ ਬੱਚੇ ਹਫਤਾ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੰਦੇ। ਉਹ ਰੱਸੀਆਂ ਨਾਲ ਟੰਗਣ ਲਈ ਰੰਗਦਾਰ ਕਾਗਜ਼ਾਂ ਦੀਆਂ ਝੰਡੀਆਂ ਬਣਾਉਂਦੇ। ਇਹ ਗੁਰਦਵਾਰੇ ਤੋਂ ਕੁੱਕਹਾਊਸ ਅਤੇ ਬੰਕ ਹਾਊਸਾਂ ਤੱਕ ਟੰਗੀਆਂ ਹੁੰਦੀਆਂ। ਆਉਣ ਵਾਲੇ ਬੰਦਿਆਂ ਅਤੇ ਮੁੰਡਿਆਂ ਦੀ ਖਾਤਰ ਸਫਾਈਆਂ ਅਤੇ ਹੋਰ ਤਿਆਰੀਆਂ ਸ਼ੂਰੂ ਹੋ ਜਾਂਦੀਆਂ। ਬੰਦੇ ਅਤੇ ਮੁੰਡੇ ਗੁਰਦਵਾਰੇ ਦੀ ਜ਼ਮੀਨੀ ਮੰਜ਼ਿਲ `ਤੇ ਰਹਿੰਦੇ। ਔਰਤਾਂ ਅਤੇ ਕੁੜੀਆਂ ਘਰਾਂ ਵਿੱਚ ਜਾ ਪੈਂਦੀਆਂ। ਬੈਂਡ ਦੇ ਸਾਜ਼ਿੰਦੇ ਮਿੱਲ ਚੋਂ ਛੁੱਟੀ ਕਰਕੇ  ਬਸਾਂ ਰਾਹੀਂ ਆਉਣ ਵਾਲੇ ਪ੍ਰਾਹੁਣਿਆਂ ਦੇ ਸਵਾਗਤ ਲਈ ਮੂਹਰੇ ਜਾਂਦੇ ਅਤੇ ਉਨ੍ਹਾਂ ਨੂੰ ਗੁਰਦਵਾਰੇ ਤੱਕ ਲੈ ਕੇ ਜਾਂਦੇ। ਸ਼ੁਕਰਵਾਰ ਸ਼ਾਮ ਨੂੰ ਖਾਸ ਸਮਾਂ ਹੁੰਦਾ, ਜਦੋਂ ਗੁਰਦਵਾਰੇ ਦੇ ਸਾਹਮਣੇ  ਅਰਦਾਸ ਅਤੇ ਕੀਰਤਨ ਹੁੰਦਾ ਅਤੇ ਸੁਨਹਿਰੀ ਰੰਗ ਦੇ ਨਿਸ਼ਾਨ ਸਾਹਬ ਦੀ ਸੇਵਾ ਹੁੰਦੀ। ਕੁੱਕਹਾਊਸ ਵਿੱਚ ਲਗਾਤਾਰ ਗੱਲਾਂ-ਬਾਤਾਂ ਚਲਦੀਆਂ। ਕਹਾਣੀਆਂ ਸੁਣੀਆਂ-ਸੁਣਾਈਆਂ ਜਾਂਦੀਆਂ। ਹੁਲਾਸ ਭਰੇ ਬੱਚੇ ਪਿੰਡ ਵਿੱਚ ਭੱਜੇ ਫਿਰਦੇ, ਅਜੇਹੇ ਮੌਕਿਆਂ `ਤੇ ਬਣਾਈਆਂ ਦੋਸਤੀਆਂ ਨੂੰ ਮੁੜ ਤਾਜ਼ਾ ਕਰਦੇ। ਉਸ ਦੌਰ ਵਿੱਚ ਸਿੱਖ ਭਾਈਚਾਰਾ ਛੋਟਾ ਸੀ ਅਤੇ ਵੱਡੇ ਇਲਾਕੇ ਵਿੱਚ ਖਿੱਲਰਿਆ ਹੋਇਆ ਸੀ। ਇਨ੍ਹਾਂ ਜੋੜ-ਮੇਲਿਆਂ ਵੇਲੇ ਮਿਲਣਾ-ਗਿਲਣਾ ਇਸ ਵਿੱਚ ਸਹਾਇਤਾ ਕਰਦਾ ਕਿ ਹਰ ਕੋਈ ਦੂਜੇ ਨੂੰ ਜਾਣਦਾ ਸੀ।(26)

ਮੇਓ ਸਾਈਡਿੰਗ `ਤੇ ਸਮੇਂ ਨੇ ਜੈਕੀ ਤੇ ਸੁਰਜੀਤ ਦਾ ਵਾਹ ਕੁਝ ਗੰਭੀਰ ਅਤੇ ਡਰਾਉਣੇ ਪਲਾਂ ਨਾਲ ਵੀ ਪਾਇਆ। ਇੱਕ ਰਾਤ ਮਿੱਲ ਨੂੰ ਅੱਗ ਲੱਗ ਗਈ ਅਤੇ ਅੱਗ ਦੀਆਂ ਲਾਟਾਂ ਨੂੰ ਉਹ ਆਪਣੇ ਘਰੋਂ ਦੇਖ ਸਕਦੀਆਂ ਸਨ। ਇਹ ਉਦੋਂ ਵਾਪਰਿਆ ਜਦੋਂ ਬਹੁਤ ਤੇਜ਼ ਹਨੇਰੀ ਵਗ ਰਹੀ ਸੀ। ਉਹ ਆਪਣੇ ਮਾਪਿਆਂ ਨਾਲ ਖੜ੍ਹੀਆਂ ਸਨ ਅਤੇ ਉਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਉੱਡਦੀਆਂ ਦੇਖਿਆ। ਇਸ ਹਨੇਰੀ ਵਿੱਚ ਜੈਕੀ ਨੇ ਆਪਣੇ ਮਾਪਿਆਂ ਨੂੰ ਇਹ ਆਖ ਕੇ ਪ੍ਰਭਾਵਿਤ ਕਰ ਦਿੱਤਾ ਕਿ " ਡਰੋ ਨਾ, ਪ੍ਰਮਾਤਮਾ ਰਾਖੀ ਕਰੇਗਾ।" ਜਦੋਂ ਜੈਕੀ ਚੌਥੀ ਜਮਾਤ ਵਿੱਚ ਸੀ ਅਤੇ ਸੁਰਜੀਤ ਤੀਜੀ ਵਿੱਚ, ਉਨ੍ਹਾਂ ਨੇ ਸਕੂਲ ਤੋਂ ਸਿਰਫ ਤਿੰਨ ਸੌ ਮੀਟਰ ਦੂਰ ਡੰਕਨ ਵਾਲੀ ਸੜਕ `ਤੇ ਦਾਹ-ਸਸਕਾਰ ਹੁੰਦਾ ਦੇਖਿਆ। ਪਾਲਦੀ ਤੋਂ ਇੱਕ ਸਿੱਖ ਚੜ੍ਹਾਈ ਕਰ ਗਿਆ ਸੀ। ਜੈਕੀ ਤੇ ਸੁਰਜੀਤ ਸਸਕਾਰ `ਤੇ ਆਪਣੇ ਮਾਪਿਆਂ ਨਾਲ ਉਸ ਸੜਕ `ਤੇ ਗਈਆਂ। ਮੌਤ ਨਾਲ ਇਸ ਸਿੱਧੇ ਸਾਹਮਣੇ ਨੇ ਉਨ੍ਹਾਂ `ਤੇ ਡੂੰਘਾ ਅਸਰ ਪਾਇਆ। ਤਕਰੀਬਨ ਉਸੇ ਸਮੇਂ ਹੀ ਉਨ੍ਹਾਂ ਨੂੰ ਸਕੂਲ ਦੀ ਇੱਕ ਦਿਲਚਸਪ ਸਾਥਣ ਵਿਛੋੜਾ ਦੇ ਗਈ, ਉਹ ਉਨ੍ਹਾਂ ਨਾਲੋਂ ਕੁਝ ਕੁ ਛੋਟੀ ਸੀ।  ਇਹ ਰਜਿੰਦਰ ਸੀ, ਮੇਓ ਸਿੰਘ ਤੇ ਉਸਦੀ ਪਤਨੀ ਦੀ ਦੂਜੀ ਔਲਾਦ, ਸਿਰਫ ਛੇ ਸਾਲ ਦੀ ਸੀ। ਉਹ ਸਕੂਲ ਤੋਂ ਘਰ ਪਹੁੰਚੀ, ਘਰ ਖਾਲ੍ਹੀ ਸੀ, ਅਤੇ ਉਸ ਨੇ ਲੱਕੜ ਵਾਲੇ ਸਟੋਵ ਨੂੰ ਬਾਲਣ ਦੀ ਕੋਸ਼ਿਸ਼ ਕੀਤੀ ਪਰ ਗਲਤੀ ਨਾਲ ਅੱਗ ਕੱਪੜਿਆਂ ਨੂੰ ਲਾ ਲਈ ਅਤੇ ਅੱਗ ਨਾਲ ਝੁਲਸ ਕੇ ਮਰ ਗਈ।(27)

ਮੇਓ ਸਾਈਡਿੰਗ `ਤੇ ਜੈਕੀ ਤੇ ਸੁਰਜੀਤ ਨੇ ਖਾਣੇ ਵਾਲੇ ਮੇਜ਼ `ਤੇ ਵਿਛੇ ਮੋਮੀ ਕਾਗਜ਼ ਦੇ ਮੇਜ਼ਪੋਸ਼ ਤੋਂ ਭੂਗੋਲ ਸਿੱਖਿਆ। ਉਸ ਉੱਪਰ ਦੁਨੀਆਂ ਦਾ ਨਕਸ਼ਾ ਬਣਿਆ ਹੋਇਆ ਸੀ। ਕਪੂਰ ਉਨ੍ਹਾਂ ਨੂੰ ਦੱਸਦਾ ਕਿ ਕਿੱਥੇ-ਕਿੱਥੇ ਉਹ ਗਏ ਸਨ ਅਤੇ ਕਿੱਥੇ ਨਹੀਂ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਅੱਧੀ ਦੁਨੀਆਂ ਅਤੇ ਪੰਜਾਬ ਘੁੰਮ ਲਿਆ ਸੀ। ਕਨੇਡਾ ਅਤੇ ਭਾਰਤ ਦੋਹਾਂ ਦੇਸਾਂ ਵਿੱਚ ਹੀ ਉਨ੍ਹਾਂ ਨੇ ਸੁਰੱਖਿਆ ਵਾਲੀ ਜ਼ਿੰਦਗੀ ਬਿਤਾਈ, ਰੱਖਿਅਕ ਮਾਪਿਆਂ ਵੱਲੋਂ ਉਨ੍ਹਾਂ ਦਾ ਪਾਲਣ-ਪੋਸਣ ਹੋਇਆ। ਉਹ ਉਨ੍ਹਾਂ ਦੇ ਖੇਡ-ਸਾਥੀਆਂ ਦੀ ਚੋਣ ਕਰਦੇ ਅਤੇ ਕੋਸ਼ਿਸ਼ ਕਰਦੇ ਕਿ ਉਹ ਘਰ ਅਤੇ ਪਰਿਵਾਰ ਦੇ ਘੇਰੇ ਵਿੱਚੋਂ ਹੀ ਹੋਣ। ਪਰ ਜੈਕੀ ਤੇ ਸੁਰਜੀਤ ਨੇ ਉਨ੍ਹਾਂ ਦੀ ਉਮਰ ਦੇ ਆਮ ਕਨੇਡੀਅਨ ਬੱਚਿਆਂ ਨਾਲੋਂ ਕਿਤੇ ਦੂਰ ਤੱਕ ਸਫਰ ਕੀਤਾ ਅਤੇ ਐਨੇ ਦੇਸ਼ ਦੇਖ ਲਏ, ਜਿੰਨਿਆਂ ਬਾਰੇ ਬਹੁਤ ਥੋੜ੍ਹੇ ਕਨੇਡੀਅਨ ਬੱਚੇ ਕਲਪਨਾ ਕਰ ਸਕਦੇ। ਅਤੇ ਲੱਕੜ ਵਾਲੇ ਪਿੰਡ, ਕਪੂਰ ਤੇ ਮੇਓ ਸਾਈਡਿੰਗ `ਤੇ ਉਹ ਇੱਕ ਕੌਮਾਂਤਰੀ ਭਾਈਚਾਰੇ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ਆਂਟੀਆਂ, ਅੰਕਲ, ਅਤੇ ਚਚੇਰੇ-ਮਮੇਰੇ ਭੈਣ-ਭਰਾ ਸਨ, ਰਿਸ਼ਤੇਦਾਰ, ਜਿਨ੍ਹਾਂ ਨੂੰ ਕਪੂਰ ਇੱਥੇ ਲੈ ਕੇ ਆਇਆ ਸੀ, ਇਸ ਲਈ ਉਹ ਇੱਕ ਵਿਸਤ੍ਰਿਤ ਪਰਿਵਾਰ  ਵਿੱਚ ਸਨ, ਜਿਵੇਂ ਉਸਦੇ ਪਿੰਡ ਖੜੌਦੀ ਵਿੱਚ ਵੱਡੀਆਂ ਹੋ ਰਹੀਆਂ ਹੋਣ। ਪਰ ਮੇਓ ਅਤੇ ਕਪੂਰ ਪਿੰਡਾਂ ਦੀ ਵਸੋਂ ਬਹੁ-ਨਸਲੀ ਅਤੇ ਬਹੁ-ਕੌਮੀ ਸੀ। ਸਾਲ 1934-35 ਦੀ ਸਕੂਲੀ ਫੋਟੋ ਵਿੱਚ  ਮੇਓ ਦੇ ਛੋਟੇ ਸਕੂਲ ਦੇ ਅਠਾਰਾਂ ਅਤੇ ਵੱਡੇ ਸਕੂਲ ਦੇ ਵੀਹ ਬੱਚੇ ਸਕੂਲ ਦੇ ਬਾਹਰ ਲੱਕੜ ਦੀਆਂ ਪੌੜੀਆਂ ਉੱਪਰ ਹਨ, ਚਮਕਦੇ ਚੇਹਰਿਆਂ ਵਾਲੇ ਇਹ ਬੱਚੇ ਜਾਪਾਨੀ, ਗੋਰੇ ਅਤੇ ਸਾਊਥ ਏਸ਼ੀਅਨ ਹਨ। ਉਹ ਵਖਰੇਵੇਂ ਤੋਂ ਅਣਜਾਣ ਦਿਸਦੇ ਹਨ। ਜੈਕੀ ਦੋ ਜਾਪਾਨੀ ਕੁੜੀਆਂ ਦੇ ਵਿਚਕਾਰ ਆਰਾਮ ਨਾਲ ਬੈਠੀ ਹੈ ਅਤੇ ਸੁਰਜੀਤ ਇੱਕ ਲਾਈਨ ਵਿੱਚ ਦੋ ਜਾਪਾਨੀ ਮੁੰਡਿਆਂ, ਇੱਕ ਗੋਰੀ ਕੁੜੀ ਅਤੇ ਇੱਕ ਹੋਰ ਸਾਊਥ ਏਸ਼ੀਅਨ ਕੁੜੀ ਨਾਲ ਬੈਠੀ ਹੈ। ਇਹ ਮੇਓ ਪਿੰਡ ਦੇ ਸਕੂਲ ਵਿੱਚ ਸੁਭਾਵਕ ਸੀ।

ਕਪੂਰ ਲਈ ਮੰਦਵਾੜੇ ਵਾਲੇ ਸਾਲ ਬਹੁਤ ਸਾਲਾਂ ਤੋਂ ਜੋਸ਼ ਭਰਪੂਰ ਅਤੇ ਭੱਜ-ਨੱਠ ਵਾਲੀ ਜ਼ਿੰਦਗੀ ਤੋਂ ਰਾਹਤ ਲੈ ਕੇ ਆਏ ਸਨ। ਕਈ ਸਾਲ ਉਹ ਜਾਇਦਾਦ ਖ੍ਰੀਦਣ, ਕਾਰੋਬਾਰ ਸਥਾਪਤ ਕਰਨ ਅਤੇ ਭਾਈਚਾਰੇ ਵਿੱਚ ਵੱਡਾ ਰੋਲ ਨਿਭਾਉਣ ਵਿੱਚ ਰੁੱਝਿਆ ਰਿਹਾ ਸੀ। ਡੇਢ ਸਾਲ ਦੇ ਕਰੀਬ, ਜਦੋਂ ਉਸਦੀਆਂ ਬੇਟੀਆਂ ਬਹੁਤ ਕੁਝ ਸਿੱਖਣ ਵਾਲੀ ਉਮਰ ਵਿੱਚ ਸਨ, ਉਹ ਬਸੰਤ ਕੌਰ ਨਾਲ ਮਿਲ ਕੇ ਉਨ੍ਹਾਂ ਨਾਲ ਬਹੁਤ ਸਾਰਾ ਸਮਾਂ ਬਿਤਾਉਣ ਦੇ ਯੋਗ ਸੀ ਅਤੇ ਉਹ ਪੜ੍ਹਣਾ ਸਿੱਖ ਰਹੀਆਂ ਸਨ ਤੇ ਉਨ੍ਹਾਂ ਨੂੰ ਉਸ ਨੇ ਘਰ ਵਿੱਚ ਹੀ ਪੜ੍ਹਾਇਆ। ਇਸ ਸਮੇਂ ਦੌਰਾਨ ਉਸ ਨੇ ਬਸੰਤ ਕੌਰ ਅਤੇ ਬੇਟੀਆਂ ਨਾਲ ਆਪਣੇ ਪੰਜਾਬ ਨੂੰ ਤੁਰ ਫਿਰ ਕੇ ਦੇਖਿਆ। ਜਦੋਂ ਉਹ ਵਾਪਸ ਕਨੇਡਾ ਮੁੜਿਆ, ਉਹ ਮੇਓ ਨਾਲ ਰਲ ਕੇ ਮੁੜ ਲੱਕੜ ਦੇ ਕਾਰੋਬਾਰ ਵਿੱਚ ਰੁੱਝ ਗਿਆ, ਪਰ ਭਾਰਤ ਵਿੱਚ ਉਸਦੇ ਅਸਥਾਈ ਡੇਰੇ ਨੇ ਉਸ ਨੂੰ ਬਦਲਾਵ ਅਤੇ ਆਉਣ ਵਾਲੇ ਬਦਲਾਵ ਲਈ ਤਿਆਰ ਕਰ ਦਿੱਤਾ।

Read 120 times Last modified on Tuesday, 01 May 2018 12:33