You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»10. ਕਿਲੇ ਦੇ ਮੋਤੀ - ਭਾਈਵਾਲੀ ਦਾ ਅੰਤ: ਸ਼ਹਿਰ ਵਿੱਚ ਜ਼ਿੰਦਗੀ

ਲੇਖ਼ਕ

Tuesday, 01 May 2018 12:18

10. ਕਿਲੇ ਦੇ ਮੋਤੀ - ਭਾਈਵਾਲੀ ਦਾ ਅੰਤ: ਸ਼ਹਿਰ ਵਿੱਚ ਜ਼ਿੰਦਗੀ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਪੂਰ ਪੰਜਾਬੀ ਭਾਈਵਾਲੀ ਅੰਦਰ ਹੀ ਖੁਸ਼ਹਾਲ ਹੋਇਆ, ਜਿਹੜੀ ਅੰਗ੍ਰੇਜ਼ੀ ਬੋਲਣ ਵਾਲੇ ਕਨੇਡੀਅਨਾਂ ਨਾਲ ਵਰਤੋਂ ਵਿਹਾਰ ਕਰਨ ਲਈ ਉਸ ਉੱਪਰ ਨਿਰਭਰ ਕਰਦੀ ਸੀ। ਉਹ ਸ਼ਾਇਦ ਇਸ ਰੋਲ ਵਿੱਚ ਅਸਰਦਾਰ ਸੀ ਕਿਉਂ ਕਿ ਉਹ ਕੁਦਰਤ ਵੱਲੋਂ ਹੀ ਇੱਕ ਸ਼ਾਂਤ ਸੁਭਾਅ ਵਾਲਾ ਆਦਮੀ ਸੀ। ਉਸਦੇ ਆਪਣੇ ਹਮਵਤਨੀ ਛੇਤੀ ਲੜਾਈ ਲਈ ਤਿਆਰ ਹੋ ਜਾਂਦੇ, ਪਰਿਵਾਰਕ ਅਤੇ ਜ਼ਾਤੀ ਵਖਰੇਵੇਂ ਸੰਭਾਵੀ ਝਗੜੇ ਦੇ ਕਾਰਣ ਬਣਦੇ। ਅਤੇ ਗੋਰਿਆ ਦੇ ਸੰਸਾਰ, ਜਿਸ ਵਿੱਚ ਉਹ ਕੰਮ ਕਰਦਾ ਸੀ ਨੇ ਸਾਊਥ ਏਸ਼ੀਅਨਾਂ ਲਈ ਸਖਤ ਅਤੇ ਵਿਰੋਧ ਵਾਲੀ ਨਾਕਾਬੰਦੀ ਕੀਤੀ ਹੋਈ ਸੀ। ਕਪੂਰ, ਮੇਓ ਅਤੇ ਉਨ੍ਹਾਂ ਦੇ ਪੰਜਾਬੀ ਹਿੱਸੇਦਾਰਾਂ ਨੂੰ ਇਕੱਠੇ ਹੋਣ ਅਤੇ ਰਲ ਕੇ ਕਾਰੋਬਾਰ ਸ਼ੁਰੂ ਕਰਨ ਦੀ ਜ਼ਰੂਰਤ ਸੀ, ਅਤੇ ਉਨ੍ਹਾਂ ਨੇ ਅੜਿੱਕਿਆਂ ਦੇ ਬਾਵਜੂਦ ਇਹ ਕਾਮਯਾਬੀ ਨਾਲ ਕੀਤਾ। ਉਹ ਸਹਾਇਕ ਗੋਰੇ ਕਨੇਡੀਅਨ ਦੋਸਤਾਂ ਅਤੇ ਕਾਰੋਬਾਰੀ ਹਿੱਸੇਦਾਰਾਂ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਸੀ ਕਰ ਸਕਦੇ, ਜਾਂ ਅਗਾਂਹਵਧੂ ਵਤੀਰੇ ਤੋਂ ਬਿਨਾਂ, ਜਾਂ ਸਫਲਤਾ ਦੀ ਆਸ ਅਤੇ ਇਸ ਦੀ ਹੌਲੀ-ਹੌਲੀ ਪ੍ਰਾਪਤੀ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਹਠੀ ਅਤੇ ਫੈਸਲਾਕੁਨ ਵਤੀਰਾ ਉਨ੍ਹਾਂ ਨੂੰ ਦੂਰ ਤੱਕ ਲੈ ਕੇ ਗਿਆ ਅਤੇ ਉਨ੍ਹਾਂ ਨੂੰ ਹਾਰ ਮੰਨੇ ਤੋਂ ਬਿਨਾਂ ਪਿੱਛੇ ਵੀ ਮੁੜਣਾ ਪਿਆ। ਜਿੰਨੀ ਦੂਰ ਤੱਕ ਉਹ ਭਾਈਵਾਲੀ ਨਿਭਾਅ ਸਕਦੇ ਸੀ, ਉਨ੍ਹਾਂ ਨੇ ਨਿਭਾਈ। ਇਹ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਸੀ ਪਰ ਇਹ ਕੰਧ `ਤੇ ਨਹੀਂ ਸੀ ਲਿਖਿਆ ਕਿ ਇਹ ਹਮੇਸ਼ਾ ਲਈ ਰਹੇਗੀ, ਅਤੇ ਇੱਕ ਆਖਰੀ ਭਿਆਨਕ ਅੱਗ ਨੇ ਇਸ ਨੂੰ ਸਮਾਪਤ ਕਰ ਦਿੱਤਾ।

ਇਹ ਅੱਗ 25 ਦਸੰਬਰ 1934 ਨੂੰ ਮੇਓ ਲੰਬਰ ਕੰਪਨੀ ਵਿੱਚ ਲੱਗੀ। ਇਹ ਵਾਕਿਆ ਕਪੂਰ ਦੇ ਭਾਰਤ ਤੋਂ ਵਾਪਸ ਮੁੜ ਕੇ ਦੁਬਾਰਾ ਮਿੱਲ ਖੋਲ੍ਹਣ ਦੇ ਇੱਕੀ ਮਹੀਨੇ ਬਾਅਦ ਦਾ ਸੀ। ਕ੍ਰਿਸਮਸ ਵਾਲੀ ਰਾਤ ਨੂੰ ਤੇਜ਼ ਹਨੇਰੀ ਨੇੜੇ ਦੇ ਦਰਖਤਾਂ ਤੋਂ ਅੱਗ ਦੀਆਂ ਲਾਟਾਂ ਆਰਾ ਮਿੱਲ ਅਤੇ ਪਲੇਨਰ ਮਿੱਲ ਵਿੱਚ ਲੈ ਆਈ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ 2 ਮਿਲੀਅਨ ਬੋਰਡ ਫੁੱਟ ਇਮਾਰਤੀ ਲੱਕੜ ਵੀ ਸੜ ਗਈ, ਜਿਹੜੀ ਬਾਹਰ ਜਾਣ ਲਈ ਤਿਆਰ ਸੀ। ਇਹੀ ਅੱਗ ਸੀ ਜਿਹੜੀ ਜੈਕੀ ਤੇ ਸੁਰਜੀਤ ਨੇ ਆਪਣੇ ਮਾਪਿਆਂ ਨਾਲ ਆਪਣੇ ਘਰੋਂ ਦੇਖੀ ਸੀ। ਇਹ ਮੇਓ ਸਾਈਡਿੰਗ `ਤੇ ਪਹਿਲਾਂ ਲੱਗੀਆਂ ਅੱਗਾਂ ਨਾਲੋਂ ਜ਼ਿਆਦਾ ਨੁਕਸਾਨ ਕਰਨ ਵਾਲੀ ਸੀ ਕਿਉਂ ਕਿ ਲੱਕੜ ਦੀਆਂ ਕੀਮਤਾਂ ਮੰਦਵਾੜੇ ਤੋਂ ਪਹਿਲਾਂ ਵਾਲੇ ਲੈਵਲ ਤੋਂ ਕਿਤੇ ਘੱਟ ਸਨ ਅਤੇ ਮਿੱਲ ਨੂੰ ਦੁਬਾਰਾ ਬੰਨ੍ਹਣਾ 1920 ਵਿਆਂ ਤੋਂ ਜ਼ਿਆਦਾ ਅਨਿਸ਼ਚਤ ਸੀ। ਫਿਰ ਵੀ ਮੇਓ ਇਹ ਕਰਨ ਲਈ ਦ੍ਰਿੜ੍ਹ ਸੀ ਅਤੇ ਉਸ ਨੇ ਇੱਕ ਸਾਲ ਦੇ ਵਿੱਚ ਨਵੀਂ ਮਿੱਲ ਖੜ੍ਹੀ ਕਰਕੇ ਸ਼ੁਰੂ ਕਰ ਲਈ। ਕਪੂਰ ਹਰ ਹਾਲਤ ਵਿੱਚ ਪਾਸੇ ਹੋਣ ਲਈ ਤਿਆਰ ਸੀ। ਉਹ ਜੈਕੀ ਤੇ ਸੁਰਜੀਤ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਪਾਉਣਾ ਚਾਹੁੰਦਾ ਸੀ ਅਤੇ ਉਹ ਪਹਿਲਾਂ ਹੀ ਵੈਨਕੂਵਰ ਮੂਵ ਹੋਣ ਬਾਰੇ ਵਿਚਾਰ ਕਰ ਰਿਹਾ ਸੀ, ਜਿੱਥੇ ਉਸ ਕੋਲ ਮਕਾਨ ਸੀ।

ਜੇ ਉਨ੍ਹਾਂ ਦੀ ਵੰਡ ਖੁਸ਼ੀਨਾਵੇਂ ਹੁੰਦੀ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਤੁਰੰਤ ਸਮੇਟ ਲੈਣੇ ਸਨ ਕਿਉਂ ਕਿ ਮੇਓ ਲੰਬਰ ਵਿੱਚ ਕਪੂਰ ਤੇ ਮੇਓ ਦੇ ਬਰਾਬਰ 40 ਪ੍ਰਤੀਸ਼ਤ ਹਿੱਸੇ ਸਨ। ਪਰ ਉਨ੍ਹਾਂ ਦੇ ਚੌਦ੍ਹਾਂ ਹੋਰ ਹਿੱਸੇਦਾਰ ਸਨ, ਜਿਨ੍ਹਾਂ ਵਿੱਚੋਂ ਬਹੁਤੇ ਪਾਲਦੀ ਅਤੇ ਖੜੌਦੀ ਤੋਂ ਰਿਸ਼ਤੇਦਾਰ ਸਨ। ਕਪੂਰ ਤੇ ਮੇਓ ਸਾਈਡਿੰਗ ਦੀਆਂ ਮਿੱਲਾਂ ਅਤੇ ਲੌਗਿੰਗ ਕੈਂਪਾਂ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਗਰਾਂਈਂ ਉਨ੍ਹਾਂ ਦੇ ਪਿੱਛੇ ਡਟੇ ਖੜ੍ਹੇ ਸਨ। ਕੁਝ ਸਮੇਂ ਤੋਂ ਅੰਦਰੇ-ਅੰਦਰ ਨਰਾਜ਼ਗੀ ਚੱਲ ਰਹੀ ਸੀ। ਇੱਕ ਪਰਿਵਾਰਕ ਗੁੱਟ ਜੱਟਾਂ ਦਾ ਸੀ ਤੇ ਦੂਜਾ ਮਿਨਹਾਸ ਰਾਜਪੂਤਾਂ ਦਾ। ਉਨ੍ਹਾਂ ਵਿੱਚ ਆਪਸੀ ਖਹਿਬਾਜ਼ੀ ਸੀ। ਕਪੂਰ ਦੇ ਜੱਟ ਸ਼ੱਕ ਕਰਦੇ ਸਨ ਕਿ ਉਨ੍ਹਾਂ ਨੂੰ ਕਾਰੋਬਾਰ ਵਿੱਚੋਂ ਬਾਹਰ ਕੱਢਣ ਲਈ ਅੱਗ ਜਾਣ-ਬੁੱਝ ਕੇ ਲਾਈ ਗਈ ਸੀ। ਮੇਓ ਸਾਈਡਿੰਗ ਅਤੇ ਕਪੂਰ ਪਿੰਡ ਦੁਸ਼ਮਣੀ-ਭਾਵ ਵਾਲੇ ਥਾਂ ਬਣ ਗਏ ਸਨ। ਨਵੇਂ ਸਾਲ ਤੋਂ ਪਹਿਲੀ ਸ਼ਾਮ ਨੂੰ ਜੈਕੀ ਤੇ ਸੁਰਜੀਤ ਨੇ ਆਪਣੀ ਮਾਂ ਨੂੰ ਕੁਵੇਲੇ ਠੰਡੀ ਤੇ ਤਾਰਿਆਂ ਭਰੀ ਰਾਤ ਵਿੱਚ ਨੌਕਰ ਨਾਲ ਬਾਹਰ ਰੇਲ ਪਟੜੀ ਦੇ ਨਾਲ ਕਪੂਰ ਪਿੰਡ ਵੱਲ ਜਾਂਦੇ ਦੇਖਿਆ। ਉਸਦੇ ਹੱਥ ਵਿੱਚ ਰਫਲ਼ ਸੀ। ਕਪੂਰ ਮਿੱਲ ਦੇ ਦਫਤਰ ਵਿੱਚ ਕਿਸੇ ਨਾਲ ਮੀਟਿੰਗ ਕਰ ਰਿਹਾ ਸੀ ਅਤੇ ਮੀਟਿੰਗ ਬਹੁਤ ਲੰਬੀ ਹੋ ਗਈ ਸੀ। ਬਸੰਤ ਕੌਰ ਨੂੰ ਚਿੰਤਾ ਹੋਈ। ਉਹ ਮੇਓ ਦੇ ਬੰਦਿਆਂ ਦੀਆਂ ਗੱਲਾਂ ਸੁਣ ਕੇ ਚੌਕੰਨੀ ਹੋ ਗਈ। ਉਹ ਸੰਕੇਤਕ ਤੌਰ `ਤੇ ਆਖ ਰਹੇ ਸਨ ਕਿ ਕਪੂਰ ਕਿਸੇ ਵੀ ਬੰਦੂਕਧਾਰੀ ਲਈ ਸੌਖਾ ਨਿਸ਼ਾਨਾ ਹੋਵੇਗਾ।  ਕੁੜੀਆਂ ਨੂੰ ਆਪਣੀ ਮਾਂ ਦਾ ਤੁਰਤ ਜਵਾਬ ਚੇਤੇ ਸੀ ਕਿ ਜੇ ਕਪੂਰ ਨੂੰ ਕੁਝ ਹੋ ਗਿਆ ਤਾਂ ਉਹ ਬਦਲੇ ਵਿੱਚ ਦਸ ਬੰਦੇ ਮਾਰ ਕੇ ਆਪਣੇ ਗੋਲੀ ਮਾਰ ਲਵੇਗੀ। ਇਹ ਉਸ ਔਰਤ ਵੱਲੋਂ ਆਖਿਆ ਗਿਆ ਜਿਸ ਨੂੰ ਭਾਈਚਾਰਾ ਮਾਂ ਵਾਲੀ ਛਵੀ ਵਜੋਂ ਸਤਿਕਾਰਦਾ ਸੀ। ਸ਼ਾਂਤੀ ਦੀ ਰਾਜਦੂਤ, ਜਿਹੜੀ ਮੇਓ ਸਾਈਡਿੰਗ ਦੀਆਂ ਔਰਤਾਂ ਨਾਲ ਸੁਹੇਲਪੁਣਾ ਬਣਾ ਕੇ ਰੱਖਦੀ।

ਮੇਓ ਮਿੱਲ `ਤੇ ਅੱਗ ਲੱਗਣ ਤੋਂ ਪਹਿਲਾਂ ਦੋਨੋਂ ਧਿਰਾਂ ਕੰਪਨੀਆਂ ਦੇ ਪ੍ਰਬੰਧ, ਨੌਕਰੀਆਂ ਵੰਡਣ, ਮੁਨਾਫੇ ਦੀ ਵੰਡ ਅਤੇ ਜਾਤੀ ਮਾਮਲਿਆਂ ਨੂੰ ਲੈ ਕੇ ਬਹਿਸ ਕਰਦੀਆਂ। ਦੋ ਵਿਰੋਧੀ ਧਿਰਾਂ ਦਾ ਬਹੁਤ ਸਾਰੇ ਮੁੱਦਿਆਂ ਬਾਰੇ ਅਤੇ ਬਹੁਤ ਸਾਰੀਆਂ ਉੱਚੀਆਂ ਅਵਾਜ਼ਾਂ ਨਾਲ ਝਗੜਾ ਹੁੰਦਾ। ਵਿਅੰਗ ਦੀ ਗੱਲ ਇਹ ਸੀ ਕਿ ਕੇਵਲ ਇੱਕ ਮਹੀਨਾ ਪਹਿਲਾਂ ਹੀ ਕਪੂਰ ਨੇ ਸੋਚਿਆ ਸੀ ਕਿ ਮੇਓ ਅਤੇ ਉਸਦੇ ਸਾਥੀ ਹੋਰ ਸਮਝਦਾਰ ਹੋ ਰਹੇ ਸਨ।(2) ਪਰ ਅੱਗ ਨੇ ਸਭ ਕੁਝ ਸਿਖਰ `ਤੇ ਪਹੁੰਚਾ ਦਿੱਤਾ। ਦਹਾਕਿਆਂ ਬਾਅਦ ਇੱਕ ਮੁਲਾਕਾਤ ਦੌਰਾਨ ਕਪੂਰ ਦੇ ਛੋਟੇ ਭਰਾ ਤਾਰੇ ਨੇ ਹੱਥੋ-ਪਾਈ ਬਾਰੇ ਦੱਸਿਆ। ਕਪੂਰ ਨੂੰ ਮੇਓ ਸਾਈਡਿੰਗ `ਤੇ ਆਪਣੇ ਗੈਰਾਜ ਵਿੱਚ ਕਾਰ ਲਾਉਂਦੇ ਨੂੰ ਕੁਝ ਬੰਦਿਆਂ ਨੇ ਰੋਕ ਲਿਆ; ਮੇਓ ਦੇ ਸਭ ਤੋਂ ਵੱਡੇ ਲੜਾਕਿਆਂ ਵਿੱਚੋਂ ਇੱਕ ਨੇ ਕਪੂਰ ਧਿਰ ਦੇ ਇੱਕ ਤਕੜੇ ਬੰਦੇ ਗੁਰਦਿਆਲ ਸਿੰਘ ਤੇਜਾ `ਤੇ ਹੱਲਾ ਬੋਲ ਦਿੱਤਾ ਅਤੇ ਗੁਰਦਿਆਲ ਪਿਸਤੌਲ ਲੈ ਕੇ ਆ ਗਿਆ ਅਤੇ ਬਦਲੇ ਵਿੱਚ ਗੋਲੀ ਮਾਰਨ ਹੀ ਲੱਗਾ ਸੀ।  ਅਤੇ ਤਾਰੇ ਨੇ ਆਪਣੇ ਭੜਕਣ ਬਾਰੇ ਵੀ ਦੱਸਿਆ ਕਿ ਉਸ ਨੇ ਇੱਕ ਹੋਰ ਨੂੰ ਦਾੜ੍ਹੀ ਪੁੱਟਣ ਦੀ ਧਮਕੀ ਦਿੱਤੀ। ਗਰੰਥੀ, ਹਰਨਾਮ ਸਿੰਘ ਜੌਨ੍ਹ ਸਾਅ ਨੇ ਵਿੱਚ ਪੈ ਕੇ ਸੁਲਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਪੂਰ ਦੇ ਸਾਥੀਆਂ ਨੂੰ ਉਹ ਪੱਖਪਾਤੀ ਲਗਦਾ ਸੀ। ਇੱਥੋ ਤੱਕ ਕੇ ਕਪੂਰ ਮਿੱਲ ਵਾਲਾ ਅਕਾਊਂਟੈਂਟ ਸੈਮ ਕੋਵਨ ਵੀ ਕਪੂਰ ਦੇ ਸਾਥੀਆਂ ਦੀ ਸ਼ੱਕ ਅਨੁਸਾਰ ਮੇਓ ਦਾ ਏਜੰਟ ਸੀ।(3)

ਗੁੱਸੇ-ਗਿਲੇ ਦੇ ਬਾਵਜੂਦ ਕਾਰੋਬਾਰ ਚਲਦਾ ਰਿਹਾ। ਮੇਓ ਸਾਈਡਿੰਗ ਅਤੇ ਕਪੂਰ ਪਿੰਡ `ਚ ਲੌਗਿੰਗ ਓਪਰੇਸ਼ਨ ਲਗਾਤਾਰ ਚਲਦੇ ਰਹੇ ਅਤੇ ਕਪੂਰ ਮਿੱਲ ਦਾ ਉਤਪਾਦਨ ਪਹਿਲਾਂ ਵਾਂਗ ਹੀ ਰਿਹਾ। ਪਰ ਮੁੱਖ ਹਿੱਸੇਦਾਰਾਂ ਨੂੰ ਗਰਮ ਮਾਹੌਲ ਵਿੱਚ ਗੁੰਝਲਦਾਰ ਵਪਾਰ ਨੂੰ ਸੁਲਝਾਉਣਾ ਪੈਣਾ ਸੀ। ਮੇਓ ਸਿੰਘ ਦਾ ਕਪੂਰ ਮਿੱਲ ਵਿੱਚ ਵੱਡਾ ਹਿੱਸਾ ਸੀ ਤੇ ਇਵੇਂ ਹੀ ਕਪੂਰ ਦਾ ਮੇਓ ਮਿੱਲ ਵਿੱਚ। ਅਤੇ ਜੰਗਲ ਵਾਲੀ ਜ਼ਮੀਨ ਦੇ ਪ੍ਰਬੰਧ ਲਈ ਦੋਵੇਂ ਬੰਦੇ  ਵੱਖ-ਵੱਖ ਪਹੁੰਚ ਦੀ ਵਕਾਲਤ ਕਰਦੇ ਸਨ। ਮੇਓ ਟੈਕਸਾਂ ਵਿੱਚ ਹੇਰਾ ਫੇਰੀ ਕਰਕੇ ਇਸਦੇ ਨਤੀਜੇ ਖੁਸ਼ੀ ਨਾਲ ਭੁਗਤਣ ਲਈ ਤਿਆਰ ਸੀ, ਦਰੱਖਤ ਕੱਟਣ ਤੋਂ ਬਾਅਦ ਜ਼ਮੀਨ ਦੀ ਮਲਕੀਅਤ ਸਰਕਾਰ ਦੇ ਨਾਂ ਹੁੰਦੀ ਫਿਰਦੀ। ਕਪੂਰ ਭਵਿੱਖ ਵੱਲ ਦੇਖਦਾ ਸੀ, ਉਹ ਜੰਗਲੀ ਜ਼ਮੀਨ ਨੂੰ ਕੋਲ ਰੱਖਣ ਵਿੱਚ ਯਕੀਨ ਰੱਖਦਾ ਸੀ ਅਤੇ ਨਵੇਂ ਦਰੱਖਤਾਂ ਦੇ ਵੱਡੇ ਹੋਣ ਦੀ ਉਡੀਕ ਕਰਨੀ ਚਾਹੁੰਦਾ ਸੀ। ਜਿਸਦਾ ਮਤਲਬ ਸੀ ਕਿ ਦਰੱਖਤ ਲਾਉਣ ਤੋਂ ਬਾਅਦ ਲਗਾਤਾਰ ਜ਼ਮੀਨ `ਤੇ ਟੈਕਸਾਂ ਦਾ ਭੁਗਤਾਨ ਕੀਤਾ ਜਾਵੇ। ਮੇਓ ਨਾਲ ਗੱਲਬਾਤ ਦੌਰਾਨ ਕਪੂਰ ਨੇ ਐਲ. ਸੀ. ਲੇਟਨ ਤੋਂ ਸਲਾਹ ਲਈ। ਉਹ ਇਸਕੁਅਮਾਲਟ ਐਂਡ ਨਾਨਾਇਮੋ ਰੇਲਵੇ ਦੇ ਜ਼ਮੀਨ ਵਿਭਾਗ ਵਿੱਚ ਕੰਮ ਕਰਦਾ ਸੀ ਅਤੇ ਕਪੂਰ ਨੇ ਉਸ ਨੂੰ ਖੁੱਲ੍ਹੇ ਦਿਲ ਨਾਲ ਧਨ ਉਧਾਰ ਦਿੱਤਾ ਸੀ। ਲੇਟਨ ਨੇ ਰਾਜ਼ੀਨਾਮੇ ਦਾ ਸੁਝਾਅ ਦਿੱਤਾ ਤੇ ਉਹ ਕਪੂਰ ਨੇ ਸਫਲਤਾ ਪੂਰਵਕ ਮੇਓ ਨੂੰ ਪੇਸ਼ ਕਰ ਦਿੱਤਾ। ਇਸ ਰਾਜ਼ੀਨਾਮੇ ਨੇ ਮੇਓ ਨੂੰ ਅੜਿੱਕੇ ਪਾਸੇ ਕਰਕੇ ਨਵੀਂ ਮਿੱਲ ਵਿੱਚ ਉਤਪਾਦਨ ਸ਼ੁਰੂ ਕਰਨ ਵਿੱਚ ਮੱਦਦ ਕੀਤੀ, ਜਿਸ ਲਈ ਉਹ ਉਤਾਵਲਾ ਸੀ। ਕਪੂਰ ਦੇ ਵਿਚਾਰ ਅਨੁਸਾਰ ਉਸ ਨੂੰ ਜ਼ਾਇਜ਼ ਭਾਅ ਮਿਲ ਗਿਆ ਸੀ ਤੇ ਸਹੀ ਨਿਪਟਾਰਾ ਹੋ ਗਿਆ ਸੀ।(4)

ਮੇਓ ਸਾਈਡਿੰਗ `ਤੇ ਮੇਓ ਨੇ 1935 ਦੇ  ਅਖੀਰ ਵਿੱਚ ਦੁਬਾਰਾ ਮਿੱਲ ਬਣਾ ਲਈ ਸੀ। ਇਸ ਮਿੱਲ ਨੂੰ ਚਲਾਉਣ ਲਈ ਉਸ ਨੇ ਨਵੀਂ ਮੇਓ ਬਰਦਰਜ਼ ਟਿੰਬਰ ਕੰਪਨੀ ਬਣਾ ਲਈ। ਉਸਦਾ ਵੱਡਾ ਭਰਾ ਘਨੱਈਆ ਇਸ ਵਿੱਚ ਛੋਟਾ ਹਿੱਸੇਦਾਰ ਸੀ ਅਤੇ ਕਪੂਰ ਇਸ ਵਿੱਚ ਸ਼ਾਮਲ ਨਹੀਂ ਸੀ। ਪਰ ਉਹ ਕਪੂਰ ਨਾਲ ਸੂਕ ਝੀਲ ਵਾਲੀ ਕਪੂਰ ਕੰਪਨੀ ਵਿੱਚ ਲਗਾਤਾਰ ਫਰਵਰੀ 1955 `ਚ ਮੇਓ ਦੀ ਮੌਤ ਤੱਕ ਹਿੱਸੇਦਾਰ ਰਿਹਾ।(5) ਫਿਰ ਵੀ ਉਨ੍ਹਾਂ ਦੇ ਨਿੱਜੀ ਸਬੰਧ ਬਿਲਕੁਲ ਰਸਮੀ ਰਹੇ। ਬਿਨਾਂ ਜ਼ਰੂਰਤ ਤੋਂ ਕੋਈ ਸੰਪਰਕ ਨਹੀਂ ਉਹ ਵੀ ਹੋਰ ਲੋਕਾਂ ਰਾਹੀਂ ਜਿਵੇਂ ਵੈਨਕੂਵਰ ਵਾਲੇ ਅਕਾਂਊਟੈਂਟ, ਵਾਲਟਰ ਜੈਕਲਿਨ ਜਾਂ ਭਾਈਚਾਰੇ ਦੀ ਖਾਤਰ, ਵਿਕਟੋਰੀਆ ਤੇ  ਓਟਵਾ ਵਿੱਚ ਲਾਬੀ ਦੀਆਂ ਕੋਸ਼ਿਸ਼ਾਂ ਨੂੰ ਸਾਂਝੀ ਸਰਪਰਸਤੀ ਦੇਣ ਵੇਲੇ। ਕਦੇ ਬਹੁਤ ਹੀ ਕਾਮਯਾਬ ਹਿੱਸੇਦਾਰੀ ਦਾ ਸਰਗਰਮ ਹਿੱਸਾ 1935 ਵਿੱਚ ਸਮਾਪਤ ਹੋ ਗਿਆ।(6) ਇਸਦੇ ਅੰਤ ਦਾ ਇਸ਼ਾਰਾ ਮੇਓ ਨੇ ਮੇਓ ਸਾਈਡਿੰਗ ਦਾ ਨਾਂ ਆਪਣੇ ਪੰਜਾਬ ਵਾਲੇ ਪਿੰਡ ਦੇ ਨਾਂ `ਤੇ ਪਾਲਦੀ ਬਦਲਣ ਲਈ ਡਾਕਖਾਨੇ ਵਿੱਚ ਅਰਜ਼ੀ ਦੇ ਕੇ ਕਰ ਦਿੱਤਾ ਸੀ।

ਕਪੂਰ ਨੇ ਆਪਣਾ ਪਰਿਵਾਰ 1935 ਦੀਆਂ ਗਰਮੀਆਂ ਵਿੱਚ ਸਕੂਲ ਸਾਲ ਸ਼ੁਰੂ ਹੋਣ ਦੇ ਵੇਲੇ ਵੈਨਕੂਵਰ ਮੂਵ ਕਰ ਲਿਆ। ਸੁਰਜੀਤ ਐਡੀ ਕੁ ਵੱਡੀ ਹੋ ਗਈ ਸੀ ਕਿ ਉਹ ਯਾਦ ਰੱਖ ਸਕਦੀ ਸੀ, ਜਦੋਂ ਉਹ ਆਖਰੀ ਵੇਰ ਆਪਣੀ ਕਾਰ ਵਿੱਚ ਸਵਾਰ  ਮੇਓ ਸਾਈਡਿੰਗ ਵਾਲੇ ਘਰ ਵੱਲ ਦੇਖਦੀ ਰਹੀ ਸੀ, ਜਦੋਂ ਤੱਕ ਉਹ ਅੱਖਾਂ ਤੋਂ ਓਹਲੇ ਨਹੀਂ ਸੀ ਹੋ ਗਿਆ। ਕਪੂਰ ਨੇ 1921 ਵਿੱਚ ਵੈਨਕੂਵਰ ਦੀ ਯੌਰਕ ਸਟਰੀਟ `ਤੇ ਮਕਾਨ ਬਣਵਾ ਲਿਆ ਸੀ ਅਤੇ ਉਹ ਬੈਂਕ ਆਫ ਕਮਰਸ ਦੇ ਬਰਾਂਚ ਮੈਨੇਜਰ ਨੂੰ ਕਿਰਾਏ `ਤੇ ਦਿੱਤਾ ਹੋਇਆ ਜਿਹੜੀ ਬੈਂਕ ਨਾਲ ਉਹ ਕਾਰੋਬਾਰ ਕਰਦਾ ਸੀ। ਮੈਨੇਜਰ ਅਤੇ ਉਸਦਾ ਪਰਿਵਾਰ ਉਸ ਮਕਾਨ ਵਿੱਚ ਹੀ ਰਹਿੰਦੇ ਸਨ, ਜਦੋਂ ਕਪੂਰ ਆਪਣੇ ਪਰਿਵਾਰ ਸਮੇਤ ਫੈਰੀ ਰਾਹੀਂ ਪਹੁੰਚ ਗਿਆ। ਕੁਝ ਰਾਤਾਂ ਸਿੱਧੂਆਂ ਨੇ ਵੈਸਟ ਵੈਨਕੂਵਰ ਵਿੱਚ ਕੈਪੀਲੇਨੋ ਦਰਿਆ `ਤੇ ਲੋਹੇ ਦੀਆਂ ਥੰਮੀਆਂ ਵਾਲੇ ਪੁਲ ਦੇ ਹੇਠ ਆਪਣੀ ਸ਼ੈਵਰਲੇ ਕਾਰ ਵਿੱਚ ਗੁਜ਼ਾਰੀਆਂ ਅਤੇ ਸਵੇਰ ਨੂੰ ਉਹ ਦਰਿਆ ਕਿਨਾਰੇ ਮੂੰਹ-ਹੱਥ ਧੋ ਲੈਂਦੇ। ਅਤੇ ਫਿਰ ਬੈਂਕ ਮੈਨੇਜਰ ਵੱਲੋਂ ਉਨ੍ਹਾਂ ਦਾ ਮਕਾਨ ਖਾਲ੍ਹੀ ਕਰਨ ਤੋਂ ਬਾਅਦ ਮਕਾਨ ਦੀ ਮੁਰੰਮਤ ਦੌਰਾਨ ਉਹ ਨੇੜੇ ਹੀ ਵੈਸਟ ਸੈਂਕੰਡ ਐਵੇਨਿਊ `ਤੇ ਰਹਿੰਦੇ ਆਪਣੇ ਪੰਜਾਬੀ ਦੋਸਤਾਂ ਦੇ ਨਾਲ ਕੁਝ ਸਮਾਂ ਰਹੇ।

ਦੋ ਰਾਤਾਂ ਸ਼ੈਵਰਲੇ ਕਾਰ ਵਿੱਚ ਕੱਟਣੀਆਂ, ਵੈਨਕੂਵਰ ਵਿੱਚ ਉਸ ਆਦਮੀ ਦੇ ਪਰਿਵਾਰ ਦੀ ਅਤਿ ਸਾਦੀ ਸ਼ੁਰੂਆਤ ਸੀ, ਜਿਸ ਨੂੰ ਪਹਿਲਾਂ ਹੀ ਮੁੱਖਧਾਰਾ ਦੇ ਅਖਬਾਰ  'ਕਾਮਯਾਬ ਪੰਜਾਬੀ ਆਦਮੀ' ਲਿਖ ਚੁੱਕੇ ਸਨ। ਪਰ ਨਾ ਹੀ ਕਪੂਰ ਇਸ ਸਾਦਗੀ ਤੋਂ ਡਰਦਾ ਸੀ ਤੇ ਨਾ ਹੀ ਬਸੰਤ ਕੌਰ, ਅਤੇ ਉਨ੍ਹਾਂ ਨੇ ਸ਼ਾਇਦ ਕਾਰ ਵਿੱਚ ਠਹਿਰਣ ਨੂੰ ਪਹਿਲ ਇਸ ਕਰਕੇ ਦਿੱਤੀ ਹੋਵੇ ਕਿ ਉਹ ਅਜੇਹੇ ਹੋਟਲ ਦੀ ਭਾਲ ਵਿੱਚ, ਜਿਹੜਾ ਸਾਊਥ ਏਸ਼ੀਅਨਾਂ ਨੂੰ ਠਹਿਰਨ ਦੀ ਇਜ਼ਾਜਤ ਦਿੰਦਾ ਹੋਵੇ,  ਸ਼ਹਿਰ ਵਿੱਚ ਵਾਧੂ ਗੇੜ੍ਹੇ ਲਾ ਕੇ ਆਪਣੀ ਹੇਠੀ ਨਾ ਕਰਵਾਉਣਾ ਚਾਹੁੰਦੇ ਹੋਣ। ਉਨ੍ਹਾਂ ਸਾਲਾਂ ਵਿੱਚ ਨਸਲਵਾਦ ਬਹੁਤ ਥਾਵਾਂ `ਤੇ ਆਪਣਾ ਚੇਹਰਾ ਦਿਖਾ ਜਾਂਦਾ ਜਿਵੇਂ ਹਜਾਮਤ ਦੀਆਂ ਦੁਕਾਨਾਂ ਦੇ ਬੂਹੇ ਏਸ਼ੀਅਨ ਲੋਕਾਂ ਲਈ ਬੰਦ ਹੁੰਦੇ, ਸਵਿਮਿੰਗ-ਪੂਲਾਂ ਵਿੱਚ ਉਨ੍ਹਾਂ ਦੇ ਦਾਖਲੇ `ਤੇ ਰੋਕ ਸੀ ਅਤੇ ਹੋਟਲ ਉਨ੍ਹਾਂ ਨੂੰ ਕਮਰੇ ਨਹੀਂ ਸੀ ਦਿੰਦੇ।(7) ਵੈਨਕੂਵਰ ਟਾਪੂ ਤੋਂ ਫੈਰੀ ਵਿੱਚ ਜਿਸ ਨੂੰ ਵੀ ਵਾਰਾ ਖਾਂਦਾ, ਉਹ ਨਿੱਜੀ ਕਮਰਾ ਲੈ ਸਕਦਾ ਸੀ, ਜਿਵੇਂ ਕਪੂਰ ਕਰਦਾ ਸੀ। ਪਰ ਫੈਰੀ ਵਿੱਚ ਸਸਤੀ ਥਾਂ ਵਾਲੇ  ਪੰਜਾਹ ਸੈਂਟ ਅਤੇ ਇੱਕ ਡਾਲਰ ਵਾਲੇ  ਬੰਕ ਨਿੱਖੜਵੇਂ ਸਨ। ਏਸ਼ੀਅਨਾਂ ਅਤੇ ਆਦਿ ਵਾਸੀਆਂ ਵਾਸਤੇ ਬੰਕਾਂ ਨਾਲੋਂ ਗੋਰਿਆਂ ਦੇ ਬੰਕ ਵਿੱਥ ਨਾਲ ਹੁੰਦੇ। ਇਹ ਸਿੱਧੂਆਂ ਵੱਲੋਂ ਪੁਲ ਹੇਠ ਆਪਣੀ ਕਾਰ ਵਿੱਚ ਰਾਤਾਂ ਗੁਜ਼ਾਰਨ ਦੀ ਪਿੱਠ-ਭੂਮੀ ਸੀ। ਲੰਬੀ ਉਡੀਕ ਤੋਂ ਬਾਅਦ ਉਹ ਆਪਣੇ ਕੈਟਸੀਲੇਨੋ ਇਲਾਕੇ ਵਿੱਚ 2416 ਯੌਰਕ ਐਵੇਨਿਊ ਵਾਲੇ ਦੋ-ਮੰਜ਼ਿਲਾ ਮਕਾਨ ਵਿੱਚ ਰਹਿਣ ਲੱਗੇ। ਕਪੂਰ ਤੇ ਬਸੰਤ ਕੌਰ ਆਪਣੀ ਬਾਕੀ ਜ਼ਿੰਦਗੀ ਉਸ ਮਕਾਨ ਵਿੱਚ ਹੀ ਰਹੇ।

ਜੈਕੀ ਤੇ ਸੁਰਜੀਤ ਹੈਨਰੀ ਹਡਸਨ ਐਲੀਮੈਂਟਰੀ ਸਕੂਲ ਵਿੱਚ ਦਾਖਲ ਹੋ ਗਈਆਂ।  ਇਹ ਸੋਲ੍ਹਾਂ ਕਮਰਿਆਂ ਦਾ ਇੱਟਾਂ ਵਾਲਾ ਸਕੂਲ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਬਣਿਆ ਸੀ ਅਤੇ ਉਨ੍ਹਾਂ ਦੇ ਘਰ ਤੋਂ ਸਾਢੇ ਪੰਜ ਬਲਾਕਾਂ `ਤੇ ਸੀ। ਪਹਿਲੇ ਦਿਨ ਉਨ੍ਹਾਂ ਦੀ ਮਾਂ ਤੇ ਪਿਓ ਦੋਨੋਂ ਉਨ੍ਹਾ ਨੂੰ ਤੁਰ ਕੇ ਸਕੂਲ ਛੱਡ ਕੇ ਆਏ। ਹੈਨਰੀ ਹਡਸਨ ਵਿੱਚ ਸੁਰਜੀਤ ਨੂੰ ਪਹਿਲੀ ਵਾਰ ਆਪਣੇ ਅਸਲੀ ਗੋਤ ਦਾ ਪਤਾ ਲੱਗਾ। ਪਹਿਲਾਂ ਉਸ ਨੇ ਆਪਣੀ ਅਧਿਆਪਕ, ਮਿਸ ਮਕਗਲਸ਼ਨ ਨੂੰ ਆਪਣਾ ਗੋਤ 'ਕਪੂਰ' ਦੱਸ ਕੇ ਭੰਬਲਭੂਸੇ ਵਿੱਚ ਪਾ ਦਿੱਤਾ ਸੀ, ਜਦੋਂ ਕਿ ਉਸਦੀ ਭੈਣ ਨੇ ਆਪਣੀ ਅਧਿਆਪਕਾ ਨੂੰ 'ਸਿੱਧੂ' ਦੱਸਿਆ ਸੀ। ਸੁਰਜੀਤ ਨੇ ਹਮੇਸ਼ਾ ਹੀ ਗੋਰੇ ਲੋਕਾਂ ਵੱਲੋਂ ਆਪਣੇ ਪਿਤਾ ਨੂੰ "ਮਿਸਟਰ ਕਪੂਰ" ਸੰਬੋਧਨ ਕਰਦਿਆਂ ਸੁਣਿਆ ਸੀ। ਕੁੜੀਆਂ ਉਦੋਂ ਨੌਂ ਤੇ ਦਸ ਸਾਲ ਦੀਆਂ ਸਨ ਅਤੇ ਚੌਥੇ ਤੇ ਪੰਜਵੇਂ ਗਰੇਡ ਵਿੱਚ ਦਾਖਲ ਹੋਈਆਂ ਸਨ। ਉਹ ਇੱਕ ਛੋਟੇ ਜਿਹੇ ਦਿਹਾਤੀ ਸਕੂਲ, ਜਿੱਥੇ ਤਿੰਨ ਚੌਥਾਈ ਵਿਦਿਆਰਥੀ ਜਾਂ ਜਾਪਾਨੀ ਸਨ ਜਾਂ ਪੰਜਾਬੀ, ਤੋਂ ਬਦਲ ਕੇ ਸ਼ਹਿਰ ਦੇ ਵੱਡੇ ਸਕੂਲ ਵਿੱਚ ਆਈਆਂ ਸਨ ਅਤੇ ਇਸ ਸਕੂਲ ਦੀ ਸੰਖਿਆ ਤਿੰਨ ਚੌਥਾਈ ਗੋਰੇ ਵਿਦਿਆਰਥੀਆਂ ਦੀ ਸੀ। ਇਸ ਸਕੂਲ ਦਾ ਪ੍ਰਿੰਸੀਪਲ, ਮਿਸਟਰ ਗੌਰਡਨ, ਵੱਖਰਾ ਰਹਿਣ ਵਾਲਾ ਅਤੇ ਦਬਕਾਉਣ ਵਾਲਾ ਸੀ। ਚਾਲ੍ਹੀ ਤੋਂ ਵੱਧ ਵਿਦਿਆਰਥੀਆਂ ਵਾਲੀਆਂ ਜਮਾਤਾਂ ਵਿੱਚ ਸਿਰਫ ਉਹੀ ਸਾਊਥ ਏਸ਼ੀਅਨ ਸਨ। ਅਤੇ ਜੰਗ ਤੋਂ ਪਹਿਲਾਂ ਦੇ ਉਨ੍ਹਾਂ ਸਾਲਾਂ ਵਿੱਚ ਸਕੂਲ ਜਾਣ ਵਾਲੀਆਂ ਜਾਪਾਨੀ ਕੁੜੀਆਂ ਨੇੜੇ ਨਹੀਂ ਸੀ ਰਹਿੰਦੀਆਂ, ਇਸ ਲਈ ਉਨ੍ਹਾਂ ਨਾਲ ਸਾਂਝ ਪਾਉਣੀ ਔਖੀ ਸੀ। ਬਸੰਤ ਕੌਰ ਕੁੜੀਆਂ ਦੀ ਮੁੰਡਿਆਂ ਨਾਲ ਦੋਸਤੀ ਦੇ ਵਿਰੁੱਧ ਪਹਿਲਾਂ ਵਾਂਗ ਹੀ ਸਾਵਧਾਨ ਰਹਿੰਦੀ ਅਤੇ ਉਹ ਜੈਕੀ ਤੇ ਸੁਰਜੀਤ ਨੂੰ ਸਹੇਲੀਆਂ ਦੇ ਘਰ ਨਾ ਜਾਣ ਦਿੰਦੀ। "ਥੋਡੇ ਕੋਲ ਇੱਥੇ ਹੀ ਬਥੇਰਾ ਥਾਂ ਹੈ ਤੁਹਾਨੂੰ ਹੋਰ ਲੋਕਾਂ ਦੇ ਘਰ ਜਾਣ ਦੀ ਕੋਈ ਲੋੜ ਨਹੀਂ," ਉਹ ਆਖਦੀ ਅਤੇ ਇਸਦੀ ਥਾਂ ਉਹ ਉਨ੍ਹਾਂ ਨੂੰ ਸਹੇਲੀਆਂ ਘਰ ਲਿਆਉਣ ਲਈ ਪ੍ਰੇਰਦੀ। ਉਨ੍ਹਾਂ ਦੀ ਮਨਭਾਉਂਦੀ ਇੱਕ ਲੀਸਾ ਵੈਬਰ ਸੀ ਅਤੇ ਦੂਸਰੀ ਮਾਰਥਾ(ਮੈਟੀ) ਮਕੈਨਜ਼ੀ। ਉਹ 1546 ਯੀਊ ਸਟਰੀਟ `ਤੇ ਰਹਿੰਦੀ ਸੀ। ਇਹ ਯੌਰਕ ਐਵੇਨਿਊ ਦੇ ਮੋੜ `ਤੇ ਹੀ ਸੀ। ਉਹ ਸੁਰਜੀਤ ਦੀ ਉਮਰ ਦੀ ਹੀ ਸੀ ਅਤੇ ਉਸਦੇ ਕੇਸ ਜੈਕੀ ਵਾਂਗ ਸ਼ਾਨਦਾਰ ਤੇ ਘੁੰਗਰਾਲੇ ਸਨ ਪਰ ਚਮਕਣੇ ਲਾਲ। ਸਿੱਧੂਆਂ ਦੇ ਘਰ ਮੂਹਰੇ ਗਲੀ ਵਿੱਚ ਬੇਸਬਾਲ ਖੇਡਣ ਜਾਂ ਘਰ ਦੀ ਬੇਸਮੈਂਟ ਵਿੱਚ ਹੋਰ ਖੇਡਾਂ ਖੇਡਣ ਵਾਲੀਆਂ ਕੁੜੀਆਂ ਵਿੱਚ ਮਾਰਥਾ ਤੇ ਲੀਸਾ ਵੀ ਹੁੰਦੀਆਂ। ਹਫਤੇ ਦੇ ਅਖੀਰ `ਤੇ ਜਦੋਂ ਉਨ੍ਹਾਂ ਦੀਆਂ ਸਹੇਲੀਆਂ ਨੂੰ ਫਿਲਮਾਂ ਦੇਖਣ ਲਈ ਪੈਸੇ ਮਿਲਦੇ, ਜੈਕੀ ਤੇ ਸੁਰਜੀਤ ਆਪਣੇ ਪਿਤਾ ਤੋਂ ਉਨ੍ਹਾਂ ਦੇ ਨਾਲ ਜਾਣ ਬਾਰੇ ਪੁੱਛਦੀਆਂ। ਉਹ ਹਮੇਸ਼ਾ ਆਖਦਾ, "ਆਪਣੀ ਮਾਂ ਤੋਂ ਪੁੱਛੋ।" ਅਤੇ ਤਕਰੀਬਨ ਹਰ ਵਾਰ ਉਹ ਨਾਂਹ ਆਖਦੀ।

ਕੁੜੀਆਂ ਨੂੰ ਸਕੂਲ ਵਿੱਚ ਆਪਣੇ ਆਪ ਨੂੰ ਢਾਲਣ ਵਿੱਚ ਕੋਈ ਦਿੱਕਤ ਨਹੀਂ ਆਈ। ਬਾਅਦ ਵਿੱਚ ਜਦੋਂ ਉਹ ਜੂਨੀਅਰ ਹਾਈ ਸਕੂਲ  ਜਾਂਦੀਆਂ ਸਨ ਤਾਂ ਰਸਤੇ ਵਿੱਚ ਇੱਕ ਘਰ ਦੇ ਸਾਹਮਣੇ ਇੱਕ ਛੋਟਾ ਮੁੰਡਾ "ਹਿੰਦੂ, ਹਿੰਦੂ" ਆਖਦਾ। ਕੁਝ ਸਮੇਂ ਲਈ ਉਨ੍ਹਾਂ ਦੇ ਮਾਪੇ  ਆਪਣੀ ਨੌਕਰਾਣੀ ਨੂੰ ਉਨ੍ਹਾਂ ਦੇ ਨਾਲ ਭੇਜਣ ਲੱਗੇ। ਪਰ ਇਹ ਬਦਸਲੂਕੀ ਦਾ ਮਾਮਲਾ ਨਿਵੇਕਲਾ ਸੀ। ਇਹ ਨੌਕਰਾਣੀ, ਉਨ੍ਹਾਂ ਦੇ ਯੌਰਕ ਐਵੇਨਿਊ ਵਾਲੇ ਘਰ ਵਿੱਚ ਵੱਖ-ਵੱਖ ਸਮੇਂ `ਤੇ ਰਹੀਆਂ ਨੌਕਰਾਣੀਆਂ ਵਿੱਚੋਂ ਇੱਕ ਸੀ। ਪਹਿਲੀ ਜਰਮਨ ਕੁੜੀ ਸੀ, ਫਿਰ ਮੈਰੀ ਲੋਵਨ, ਜਿਸਦੇ ਪਰਿਵਾਰ ਨੇ ਰੂਸ ਤੋਂ ਪਰਵਾਸ ਕੀਤਾ ਸੀ, ਫਿਰ ਇੱਕ ਹੋਰ ਮੈਰੀ, ਇਹ ਵੀ ਜਰਮਨ ਹੀ ਸੀ, ਉਸ ਤੋਂ ਬਾਅਦ ਸਿਲਵੀਆ ਅਤੇ ਉਸ ਤੋਂ ਬਾਅਦ ਇੱਕ ਨਾਸਿਖੀ ਕੁੜੀ, ਜਿਹੜੀ ਸਾਰੇ ਹੀ ਪਰਿਵਾਰ ਅਨੁਸਾਰ ਬਹੁਤ ਹੀ ਮੂਰਖ ਸੀ ਕਿਉਂ ਕਿ ਉਹ ਕੂੜੇ-ਕਰਕਟ ਨੂੰ ਬਾਹਰ ਸੁੱਟਣ ਦੀ ਬਜਾਏ ਘਰ ਦੀ ਬੇਸਮੈਂਟ ਵਿੱਚ ਟੱਬ ਦੇ ਹੇਠ ਛੁਪਾ ਦਿੰਦੀ। ਉਨ੍ਹਾਂ ਦੇ ਯੌਰਕ ਐਵੇਨੀਊ `ਤੇ ਲੰਬੇ ਸਮੇਂ ਲਈ ਗਵਾਂਢੀਆਂ ਵਿੱਚੋਂ ਇੱਕ ਛੋਟਾ ਸਮੁੰਦਰੀ ਸੌਦਾਗਰ, ਐਲਫਰਡ ਜੇ. ਟਰੇਮੀਅਰ ਸੀ। ਜੈਕੀ ਤੇ ਸੁਰਜੀਤ ਉਸ ਨੂੰ "ਮਿਸਟਰ ਟਰੇਮੀਅਰ" ਆਖ ਕੇ ਬੁਲਾਉਂਦੀਆਂ। ਪਹਿਲੇ ਸਾਲਾਂ ਵਿੱਚ ਉਹ ਬਹੁਤਾ ਸਮਾਂ ਬਾਹਰ ਸਮੁੰਦਰ ਵਿੱਚ ਹੀ ਰਿਹਾ ਅਤੇ ਫਿਰ ਉਹ ਇੱਕ ਹਸਮੁੱਖ ਤੇ ਖੂਬਸੂਰਤ ਔਰਤ ਨਾਲ ਵਿਆਹਿਆ ਗਿਆ, ਜਿਹੜੀ ਉਸ ਨਾਲੋਂ ਕਿਤੇ ਵੱਧ ਹੁੰਦੜਹੇਲ ਸੀ। ਦੁੱਖ ਦੀ ਗੱਲ ਕਿ ਉਹ ਮਰ ਗਈ ਅਤੇ ਟਰੇਮੀਅਰ  ਮਕਾਨ ਵੇਚਣਾ ਚਾਹੁੰਦਾ ਸੀ ਅਤੇ ਕਪੂਰ ਨੇ ਉਹ ਖ੍ਰੀਦ ਲਿਆ। ਫਿਰ ਜਦੋਂ ਟਰੇਮੀਅਰ ਲੰਬੀ ਗੈਰਹਾਜ਼ਰੀ ਤੋਂ ਬਾਅਦ ਮੁੜਿਆ ਤਾਂ ਉਸ ਨੂੰ ਰਹਿਣ ਲਈ ਥਾਂ ਦੀ ਜ਼ਰੂਰਤ ਸੀ। ਉਹ ਸਿੱਧੂਆਂ ਦੀ ਬੇਸਮੈਂਟ ਵਿੱਚ ਰਹਿਣ ਲੱਗਾ ਅਤੇ ਉਹ ਬਹੁਤ ਸਾਲਾਂ ਤੱਕ ਘਰ-ਬਾਰ ਦਾ ਹਿੱਸਾ ਬਣਿਆ ਰਿਹਾ।

ਸ਼ਹਿਰ ਵਿੱਚ ਵੀ ਸਿੱਧੂ ਪਰਿਵਾਰ ਦਾ ਘਰ ਸੁਰੱਖਿਅਤ ਆਲ੍ਹਣਾ ਬਣਿਆ ਰਿਹਾ ਜਿਵੇਂ ਮੇਓ ਵਿੱਚ ਸੀ, ਜਿਸਦੇ ਬੂਹੇ ਪ੍ਰਾਹੁਣਿਆਂ ਲਈ ਹਮੇਸ਼ਾ ਖੁੱਲ੍ਹੇ ਹੁੰਦੇ ਪਰ ਪਰਿਵਾਰ ਲਈ ਇਹ ਮੁਕੰਮਲ ਦੁਨੀਆਂ ਸੀ। ਇੱਕ ਮੌਕੇ ਨੇ ਜੈਕੀ ਦੀਆਂ ਹਮੇਸ਼ਾ ਲਈ ਆਪਣੇ ਪਿਤਾ ਪ੍ਰਤੀ ਭਾਵਨਾਵਾਂ ਪ੍ਰਗਟ ਕੀਤੀਆਂ। ਇੱਕ ਸਰਦੀਆਂ ਦੇ ਦਿਨ ਜਦੋਂ ਜ਼ਮੀਨ `ਤੇ ਦੋ ਜਾਂ ਤਿੰਨ ਫੁੱਟ ਬਰਫ ਪਈ ਹੋਈ ਸੀ ਅਤੇ ਉਹ ਬਾਲਸਮ ਸਟਰੀਟ `ਤੇ ਉਸ ਨਾਲ  ਪਾਰਕ ਜਾ ਰਹੀ ਸੀ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸਕੇਟਿੰਗ ਕਰਦੇ ਦੇਖਣਾ ਸੀ। ਜੈਕੀ ਨੇ ਉਸਦਾ ਹੱਥ ਫੜਿਆ ਹੋਇਆ ਸੀ, ਅਤੇ ਇਸਦਾ ਨਿੱਘ ਠੰਡੇ  ਦਿਨ ਵਿੱਚ ਉਸ ਨੂੰ ਆਰਾਮ ਪਹੁੰਚਾ ਰਿਹਾ ਸੀ, ਜਿਹੜਾ ਹਮੇਸ਼ਾ ਹੀ ਉਸ ਨੇ ਉਸਦੇ ਸਾਥ ਵਿੱਚ ਮਹਿਸੂਸ ਕੀਤਾ। ਸੁਰਜੀਤ ਦੀ ਯਾਦ ਵੀ ਲੱਗਭਗ ਇਸੇ ਵਰਗੀ ਹੀ ਸੀ ਪਰ ਇਹ ਇੱਕ ਸਿਆਲਾਂ ਦੇ ਦਿਨਾਂ ਵਿੱਚ ਡੀਅਰ ਲੇਕ `ਤੇ ਕਪੂਰ ਜੰਗਲ ਵਿੱਚ ਸੀ। ਅਤੇ ਉਨ੍ਹਾਂ ਦਾ ਆਪਣੀ ਮਾਂ ਨਾਲ ਬੰਧਨ ਵੀ ਇਨਾਂ ਹੀ ਤਕੜਾ ਸੀ। ਉਹ ਆਪਣੇ ਦੋਹਾਂ ਮਾਪਿਆਂ ਪ੍ਰਤੀ ਇਕੋ ਜਿੰਨੇ ਲਗਾਵ ਅਤੇ ਦੋਹਾਂ ਪ੍ਰਤੀ ਬਰਾਬਰ ਦੀ  ਵਫਾਦਾਰੀ ਕਰਦੀਆਂ ਵੱਡੀਆਂ ਹੋਈਆਂ। ਜਦੋਂ ਉਹ ਸੌਦਾ-ਪੱਤਾ ਖ੍ਰੀਦਣ ਯੌਰਕ ਐਵੇਨਿਊ `ਤੇ ਜਾ ਰਹੀਆਂ ਸਨ(ਇਹ ਇੱਕ ਤੋਂ ਵੱਧ ਵਾਰ ਹੋਇਆ), ਇੱਕ ਔਰਤ ਰੁੱਕ ਕੇ ਆਖਣ ਲੱਗੀ, "ਤੁਹਾਡਾ ਪਿਤਾ ਬਹੁਤ ਸੋਹਣਾ ਹੈ।" ਉਨ੍ਹਾ ਦਾ ਜਵਾਬ ਸੀ, " ਤੇ ਸਾਡੀ ਮਾਂ ਵੀ।" ਤੇ ਔਰਤ ਬੋਲੀ, "ਅੱਛਾ!"

ਉਨ੍ਹਾਂ ਦਾ ਮਕਾਨ ਇਲਾਕੇ ਦੇ ਹੋਰਾਂ ਨਾਲ ਮਿਲਦਾ ਸੀ, ਨਾਲ ਲੱਗਵੇਂ ਮਕਾਨਾਂ ਨਾਲੋਂ ਵੱਡਾ ਪਰ ਮੂਹਰਲਾ ਛੱਜਾ ਤਕਰੀਬਨ ਸਾਰਿਆਂ ਦਾ ਹੀ ਇੱਕੋ ਜਿਹਾ ਸੀ, ਜਿਸ ਤੱਕ ਲੱਕੜ ਦੀਆਂ ਪੌੜੀਆਂ ਜਾਂਦੀਆਂ ਸਨ। ਰਹਿਣ ਲਈ ਬਹੁਤੀ ਥਾਂ ਮੁੱਖ ਮੰਜ਼ਿਲ `ਤੇ ਹੀ ਸੀ, ਜਿਸ ਵਿੱਚ ਰਸੋਈ, ਗੁਸਲਖਾਨਾ, ਬੈਠਕ, ਖਾਣੇ ਵਾਲਾ ਕਮਰਾ ਅਤੇ ਦੋ ਸੌਣ ਕਮਰੇ ਸਨ। ਦੂਜੀ ਮੰਜਿਲ ਅੱਧੀ ਸੀ ਅਤੇ ਅੰਦਰੋਂ ਢਾਲਵੀਂ ਛੱਤ ਸੀ, ਜਿੱਥੇ ਦੋ ਸੌਣ ਕਮਰੇ ਅਤੇ ਗੁਸਲਖਾਨਾ ਸੀ। ਜੈਕੀ ਉੱਥੇ ਸੌਂਦੀ। ਸੁਰਜੀਤ ਦਾ ਵੀ ਆਪਣਾ ਕਮਰਾ ਸੀ ਪਰ ਜਦੋਂ ਉਹ ਐਲੀਮੈਂਟਰੀ ਸਕੂਲ ਵਿੱਚ ਜਾਂਦੀ ਸੀ, ਆਪਣੀ ਮਾਂ ਨਾਲ ਸੌਂਦੀ, ਕੋਈ ਅਣਸੁਖਾਵੀਂ ਗੱਲ, ਮਾਂ ਦੀ ਸ਼ਾਂਤੀ ਭਰੀ ਮੌਜੂਦਗੀ ਨਾਲ ਹਮੇਸ਼ਾ ਹੱਲ ਹੋ ਜਾਂਦੀ। ਉਨ੍ਹਾਂ ਦਾ ਪਿਤਾ ਸਵੱਖਤੇ ਉੱਠ ਜਾਂਦਾ, ਆਪਣੇ ਅਲੱਗ ਕਮਰੇ ਵਿੱਚ ਪਾਠ ਕਰਦਾ ਅਤੇ ਰਸੋਈ ਵਿੱਚ ਲੱਕੜ ਵਾਲੇ ਸਟੋਵ ਦਾ ਖਿਆਲ ਰੱਖਦਾ, ਜਿਸ ਉੱਪਰ ਪਰਿਵਾਰ ਦੇ ਨਹਾਉਣ ਲਈ ਪਾਣੀ ਗਰਮ ਹੋ ਰਿਹਾ ਹੁੰਦਾ। ਕੈਟਸੀਲੇਨੋ ਵਿੱਚ ਠੰਢ ਦੇ ਦਿਨੀਂ ਕੁੜੀਆਂ ਪੜ੍ਹਣ ਲਈ ਰਸੋਈ ਵਿੱਚ ਬੈਠਦੀਆਂ, ਜਿੱਥੇ ਭੱਠੀ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਅਤੇ ਉਹ ਆਪਣੇ ਪੈਰ ਭੱਠੀ ਵੱਲ ਕਰ ਲੈਂਦੀਆਂ।

ਪਰਿਵਾਰ ਦੀ ਆਪਣੀ ਸੰਗੀਤ ਮੰਡਲੀ ਸੀ। ਸੁਰਜੀਤ ਢੋਲਕ ਵਜਾਉਂਦੀ, ਕਪੂਰ ਜਾਂ ਜੈਕੀ ਹਰਮੋਨੀਅਮ ਵਜਾਉਂਦੇ। ਕਪੂਰ ਗਾਉਂਦਾ ਅਤੇ ਕੁੜੀਆਂ ਨੂੰ  ਉਸਦੀ ਅਵਾਜ਼ ਪਿਆਰੀ ਲੱਗਦੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ। ਉਹ ਸਿੱਖ ਭਗਤੀ ਦੇ ਗੀਤ ਅਤੇ ਉਰਦੂ ਜ਼ੁਬਾਨ ਦਾ ਪੁਰਾਣਾ ਕੌਮੀ ਗੀਤ "ਸਾਰੇ ਜਹਾਂ ਸੇ ਅੱਛਾ " ਗਾਉਂਦੇ ਅਤੇ ਇਸ ਸੋਚ ਨਾਲ ਨਿੱਘ ਮਹਿਸੂਸ ਕਰਦੇ ਕਿ ਮੁਸਲਮਾਨ ਕਵੀ, ਇਕਬਾਲ ਨੇ ਸਾਰੇ ਹਿੰਦੁਸਤਾਨੀਆਂ ਦੀਆਂ ਉਨ੍ਹਾਂ ਦੀ ਮਾਤ-ਭੂਮੀ ਪ੍ਰਤੀ ਭਾਵਨਾਵਾਂ ਨੂੰ ਕਿਸ ਖੂਬਸੂਰਤੀ ਨਾਲ ਬਿਆਨ ਕੀਤਾ ਸੀ। ਉਹ ਉਦਾਸ ਹੋ ਗਏ, ਜਦੋਂ ਉਸਦੀ ਜ਼ੁਬਾਨ 1947 ਦੀ ਵੰਡ ਤੋਂ ਬਾਅਦ  ਭਾਰਤ ਵਿੱਚ ਆਪਣਾ ਰੁਤਬਾ ਗੁਆ ਬੈਠੀ ਅਤੇ ਇਕਬਾਲ ਨੂੰ ਨਵੇਂ ਪਾਕਿਸਤਾਨ ਦਾ ਕੌਮੀ ਕਵੀ ਥਾਪ ਦਿੱਤਾ। ਭਾਰਤ ਵੱਲੋਂ 1947 ਵਿੱਚ ਜਿਹੜਾ ਬੰਗਾਲੀ-ਸੰਸਕ੍ਰਿਤ ਕੌਮੀ ਗੀਤ "ਬੰਦੇ ਮਾਤਰਮ" ਅਪਣਾਇਆ ਗਿਆ, ਉਹ ਜੈਕੀ ਤੇ ਸੁਰਜੀਤ ਲਈ ਉਨੀ ਰਵਾਨਗੀ ਵਾਲਾ ਨਹੀਂ ਬਣ ਸਕਿਆ, ਜਿੰਨੀ ਰਵਾਨਗੀ ਵਾਲਾ ਉਹ ਗੀਤ ਸੀ , ਜਿਸ ਨੂੰ ਗਾਉਂਦੀਆਂ ਉਹ ਵੱਡੀਆਂ ਹੋਈਆਂ ਸਨ। ਪਰ ਉਨ੍ਹਾਂ ਦੀ ਪਸੰਦ ਦਾ ਦਾਇਰਾ ਮੋਕਲਾ ਸੀ, ਉਨ੍ਹਾਂ ਦੇ ਖਜ਼ਾਨੇ ਵਿੱਚ ਉਹ ਗੀਤ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਕਨੇਡੀਅਨ ਬੱਚਿਆਂ ਨੇ ਰੇਡੀਓ ਤੋਂ ਸੁਣ ਕੇ, ਸਕੂਲ ਜਾਂ ਦੋਸਤਾਂ ਤੋਂ ਸਿੱਖਿਆ ਸੀ ਜਿਵੇਂ "ਲਿਟਲ ਬਰਾਊਨ ਜੱਗ". "ਰੈੱਡ ਰਿਵਰ ਵੈਲੀ", ਅਤੇ "ਸਪਰਿੰਗ ਟਾਈਮ ਇਨ ਰੌਕੀਜ਼"। ਇਹ ਉਨ੍ਹਾਂ ਦੇ ਕਾਰ ਸਫਰ ਦੌਰਾਨ ਮਨ-ਭਾਉਂਦੇ ਸਨ ਅਤੇ ਉਨ੍ਹਾਂ ਦੀ ਪੰਜਾਬੀ ਬੋਲਦੀ ਮਾਂ ਵੱਲੋਂ ਆਮ ਫ਼ਰਮਾਇਸ਼ ਕੀਤੇ ਜਾਂਦੇ ਸਨ। ਕ੍ਰਿਸਮਸ ਤੇ ਈਸਟਰ ਵੇਲੇ ਪਰਿਵਾਰ ਸ਼ੌਰਟ ਵੇਵ-ਰੇਡੀਓ ਦੁਆਲੇ ਜੁੜ ਬੈਠਦਾ, ਜਿਹੜਾ ਕਪੂਰ ਨੇ ਵੈਨਕੂਵਰ ਮੂਵ ਹੋਣ ਤੋਂ ਬਾਅਦ ਖ੍ਰੀਦਿਆ ਸੀ। ਉਹ ਲੰਡਨ ਦੇ ਵੈਸਟਮਨਿਸਟਰ ਗਿਰਜੇ ਤੋਂ ਪ੍ਰਸਾਰਿਤ ਹੁੰਦੇ ਲਾਤੀਨੀ ਭਾਸ਼ਾ ਵਿੱਚ ਕੈਥੋਲਿਕ ਇਸਾਈ ਸੇਵਾਵਾਂ ਨੂੰ ਸੁਣਦੇ ਅਤੇ ਉਹ ਪਵਿੱਤਰ ਸੰਗੀਤ ਉਨ੍ਹਾਂ ਦੀਆਂ ਅੱਖਾਂ ਵਿੱਚ ਅਕਸਰ ਹੰਝੂ ਲਿਆ ਦਿੰਦਾ।

ਆਪਣੇ ਦੁਆਲੇ ਫੈਲੀ ਭਾਰਤ ਪ੍ਰਤੀ ਅਗਿਆਨਤਾ ਨਾਲ ਕੁੜੀਆਂ ਜੱਦੋ-ਜਹਿਦ ਕਰਦੀਆਂ। ਆਪਣੇ ਸਕੂਲ ਦੇ ਸਾਲਾਂ ਦੌਰਾਨ ਜਦੋਂ ਵੀ ਭਾਰਤ ਦਾ ਵਿਸ਼ਾ ਅੱਗੇ ਆਉਂਦਾ, ਸੁਰਜੀਤ ਬਚਾਅ ਵਾਲਾ ਵਤੀਰਾ ਅਪਣਾ ਲੈਂਦੀ। ਇਹ ਉਦੋਂ ਵਾਪਰਦਾ, ਜਦੋਂ ਉਹ ਯੌਰਕ ਐਵੇਨਿਊ `ਤੇ ਬਾਈਬਲ ਦੀਆਂ ਬੈਠਕਾਂ ਵਿੱਚ ਜਾਂਦੀਆਂ ਤੇ ਭਾਸ਼ਣ ਸੁਣਦੀਆਂ, ਜਿਸ ਵਿੱਚ ਭਾਰਤ ਵਿੱਚੋਂ ਇਸਾਈ ਪ੍ਰਚਾਰਕਾਂ ਵੱਲੋਂ "ਪਛੜੇਪਨ" ਅਤੇ ਅੰਧ-ਵਿਸ਼ਵਾਸ਼" ਨੂੰ ਖਦੇੜਨ ਦੀਆਂ ਗੱਲਾਂ ਹੁੰਦੀਆਂ ਅਤੇ ਇਸ ਤੋਂ ਬਾਅਦ ਖੂਬ ਤਾੜੀਆਂ ਵੱਜਦੀਆਂ। ਇਹ ਸਕੂਲ ਵਿੱਚ ਵੀ ਵਾਪਰਦਾ। ਮਿਸਟਰ ਸ਼ਾਪੀਰੋ, ਜਿਸ ਨੂੰ ਉਹ ਬਹੁਤ ਪਸੰਦ ਕਰਦੀ ਸੀ, ਨੇ ਵਿਸ਼ਵ ਇਤਿਹਾਸ ਵਿੱਚ ਸਭਿੱਅਤਾ ਦੀ ਉਸਾਰੀ ਬਾਰੇ ਪੜ੍ਹਾਉਂਦਿਆਂ  ਭਾਰਤ ਅਤੇ ਚੀਨ ਬਾਰੇ ਇੱਕ ਵਾਕ ਨਾਲ ਹੀ ਸਾਰ ਦਿੱਤਾ। ਅਤੇ ਨੌਵੀਂ ਜਮਾਤ ਵਿੱਚ ਮਿਸਿਜ਼ ਹਿਗਨਬੌਟਮ ਨੇ ਸਮਾਜਕ ਵਿਗਿਆਨ ਪੜ੍ਹਾਉਂਦਿਆ ਨਿਰਾਦਰੀ ਭਾਵ `ਚ ਕਿਹਾ, " ਭਾਰਤ ਵਿੱਚ, ਯਕੀਨਣ ਜਦੋਂ ਪਤੀ ਮਰ ਜਾਂਦਾ ਹੈ ਤਾਂ ਪਤਨੀ ਉਸਦੇ ਨਾਲ ਹੀ ਸੜ ਜਾਂਦੀ ਹੈ।" ਉਸ ਕੋਲ 'ਸਤੀ' ਪ੍ਰਥਾ ਦੀ ਉਲਝੀ ਹੋਈ ਧਾਰਨਾ ਸੀ, ਜਿਸ ਬਾਰੇ ਸੁਰਜੀਤ ਨੇ ਕਦੇ ਨਹੀਂ ਸੀ ਸੁਣਿਆ। ਉਸ ਨੇ ਕਰੜੀ ਆਵਾਜ਼ ਵਿੱਚ ਕਿਹਾ, "ਓ ਮਿਸਿਜ਼ ਹਿਗਨਬੌਟਮ, ਉਹ ਇਸ ਤਰ੍ਹਾਂ ਨਹੀਂ ਕਰਦੇ।" ਨਾਖੁਸ਼ ਲਗਦੀ ਅਧਿਆਪਕ ਨੇ ਕਿਹਾ, "ਤੂੰ ਇਸ ਤਰ੍ਹਾਂ ਨਹੀਂ ਬੋਲ ਸਕਦੀ" ਅਤੇ ਉਸ ਨੂੰ ਸਜ਼ਾ ਦੇ ਦਿੱਤੀ। ਜਦੋਂ ਇਸ ਬਾਰੇ ਸਕੂਲ ਵੱਲੋਂ ਘਰ ਚਿੱਠੀ ਆਈ ਤਾਂ ਕਪੂਰ ਨੇ ਆਪਣੀ ਬੇਟੀ ਨੂੰ ਯਾਦ ਕਰਵਾਇਆ ਕਿ ਜਦੋਂ ਭਾਰਤ ਵਿੱਚ ਪਹਿਲਾਂ ਸਭਿੱਅਤਾ ਮਹਿਕਦੀ ਸੀ, ਉਦੋਂ ਯੂਰਪੀਅਨ ਗੁਫਾਵਾਂ ਵਿੱਚ ਰਹਿੰਦੇ ਸਨ।" (8)

ਕਪੂਰ ਆਪਣੀ ਮਿੱਲ ਅਤੇ ਲੌਗਿੰਗ ਓਪਰੇਸ਼ਨ ਦੇਖਣ ਲਗਾਤਾਰ ਵੈਨਕੂਵਰ ਟਾਪੂ `ਤੇ ਜਾਂਦਾ ਰਹਿੰਦਾ। ਛੁੱਟੀਆਂ ਦੌਰਾਨ ਉਹ ਪਰਿਵਾਰ ਨੂੰ ਕਪੂਰ ਪਿੰਡ ਲੈ ਜਾਂਦਾ ਅਤੇ ਬਾਅਦ ਵਿੱਚ ਸ਼ਾਨੀਗਨ ਝੀਲ `ਤੇ, ਜਿੱਥੇ ਉਨ੍ਹਾਂ ਕੋਲ ਕੌਟੇਜ ਸੀ। ਉਹ ਵਿਕਟੋਰੀਆ ਤੋਂ ਪੁਰਾਣੇ ਅਤੇ ਬਹੁਤ ਘੱਟ ਵਰਤੇ ਜਾਂਦੇ ਘੋੜਾ-ਬੱਘੀ ਵਾਲੇ ਰਾਹ `ਤੇ ਕਾਰ ਰਾਹੀਂ ਜਾਂਦੇ। ਇਸ ਰਾਹ ਵਿੱਚ ਸਾਰੇ ਵਿਕਟੋਰੀਆ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਨ ਵਾਲਾ ਭੰਡਾਰ ਸੀ। ਉੱਥੇ ਕੋਈ ਰੁਕ ਨਹੀਂ ਸੀ ਸਕਦਾ ਪਰ ਉਹ ਰਾਹ ਵਿੱਚ ਸੋਹਣੇ ਝਰਨੇ ਨੂੰ ਦੇਖਣ ਲਈ ਰੁਕ ਜਾਂਦੇ। ਉਹ ਇਸ ਰਸਤੇ ਨੂੰ ਪਸੰਦ ਕਰਦੇ ਸਨ। ਉਹ ਇੱਥੇ ਜੰਗਲ ਵਿੱਚ ਅਸੀਮ ਸ਼ਾਤੀਂ ਮਹਿਸੂਸ ਕਰਦੇ ਅਤੇ ਹਿਰਨ ਦੇਖਣ ਦਾ ਮੌਕਾ ਵੀ ਮਿਲ ਸਕਦਾ ਸੀ, ਸ਼ਾਇਦ ਰਾਹ ਪਾਰ ਕਰਦੇ ਹਿਰਨੀ ਜਾਂ ਹਿਰਨੋਟੇ ਵੀ ਦਿਖ ਸਕਦੇ। ਕਪੂਰ ਪਿੰਡ ਪਹੁੰਚ ਕੇ ਉਹ ਰੇਲਵੇ ਪਟੜੀ ਦੇ ਨਾਲ ਅਤੇ ਪਟੜੀ ਤੋਂ ਪਾਸੇ ਛੋਟੇ ਰਾਹਾਂ `ਤੇ ਤੁਰਦੇ। ਕਪੂਰੀ ਜਮੀਨ ਵਿੱਚ ਦੋ ਝੀਲਾਂ, ਵੁਲਫ ਝੀਲ ਅਤੇ ਡੀਅਰ ਝੀਲ ਦਰੱਖਤਾਂ ਵਿੱਚ ਘਿਰੀਆਂ ਹੋਈਆਂ ਸਨ, ਜਿਨ੍ਹਾਂ ਨੂੰ ਛੇਤੀ ਹੀ ਕੱਟਿਆ ਜਾਣਾ ਸੀ। ਆਪਣੇ ਪਿਤਾ ਨਾਲ ਤੁਰ ਕੇ ਕਪੂਰ ਪਿੰਡ ਤੋਂ ਕ੍ਰਿਸਮਸ ਰੁੱਖ ਵੱਢ ਕੇ ਲਿਆਉਣ ਦੀ ਮੁਹਿੰਮ ਕੁੜੀਆਂ ਲਈ ਇੱਕ ਸਜੀਵ ਯਾਦ ਸੀ। ਇੱਕ ਮਸ਼ਹੂਰ ਗਰਮੀਆਂ ਮੌਕੇ, ਜਦੋਂ ਉਹ ਹਾਈ ਸਕੂਲ ਵਿੱਚ ਸਨ, ਉਹ ਆਪਣੇ ਨਾਲ ਸਕੂਲ ਦੀਆਂ ਤਿੰਨ ਸਾਥਣਾਂ ਨੂੰ ਵੈਨਕੂਵਰ ਟਾਪੂ `ਤੇ ਲਿਆਈਆਂ। ਇੱਕ ਲਾਲ ਕੇਸਾਂ ਵਾਲੀ ਮਾਰਥਾ ਮਕੈਨਜ਼ੀ ਸੀ। ਉਸ ਵੇਲੇ ਤੱਕ ਉਨ੍ਹਾਂ ਦੇ ਚਚੇਰੇ ਭਰਾ, ਅਜਾਇਬ ਸਿੰਘ ਕੋਲ ਉਸਦੀ ਦੂਜੀ ਕਾਰ, ਓਲਡਸਮੋਬਾਈਲ ਸੀ, ਅਤੇ ਉਹ ਕੁੜੀਆਂ ਨੂੰ ਕਾਰ `ਤੇ ਗੇੜੀਆਂ ਲਵਾਉਣ ਦਾ ਆਨੰਦ ਮਾਣ ਰਿਹਾ ਸੀ। ਕਦੇ ਉਹ ਡੰਕਨ ਵੀ ਚਲੇ ਜਾਂਦੇ ਅਤੇ ਵਿਕਟੋਰੀਆ ਤੱਕ ਵੀ ਗੇੜਾ ਮਾਰ ਆਉਂਦੇ।(9)

ਕਪੂਰ ਨੇ ਕਦੇ ਵੀ ਖਾਸ ਤਵੱਜੋ ਨਹੀਂ ਭਾਲੀ, ਅਤੇ ਮਾਰਚ 1938 ਦੀ ਇੱਕ ਬੁਰੀ ਘਟਨਾ ਨੇ ਉਸ ਨੂੰ ਇਸ ਪ੍ਰਤੀ ਹੋਰ ਵੀ ਚੌਕੰਨਾ ਕਰ ਦਿੱਤਾ। ਉਸਦੇ ਖਿਆਲ ਅਨੁਸਾਰ ਪਦਾਰਥਕ ਕਾਮਯਾਬੀ ਪਰਚਾਰ ਕਰਨ ਲਈ ਨਹੀਂ ਹੁੰਦੀ, ਅਤੇ ਇਹ ਭਾਵਨਾ ਉਸ ਘਟਨਾ ਤੋਂ ਬਾਅਦ ਹੋਰ ਵੀ ਤਕੜੀ ਹੋ ਗਈ, ਜਦੋਂ ਉਸਦੇ ਘਰ ਤੋਂ ਚਾਰ ਬਲਾਕ `ਤੇ ਹੀ ਦੋ ਪੰਜਾਬੀ ਬੰਦਿਆਂ ਨੇ ਪਸਤੌਲ ਦੀ ਨੋਕ `ਤੇ ਉਸ ਕੋਲੋਂ ਧਨ ਮੰਗਿਆ।(10) ਉਨ੍ਹਾਂ ਵਿੱਚੋਂ ਦਾੜ੍ਹੀ ਵਾਲੇ ਨੇ ਲਾਲ ਛਾਪੇ ਵਾਲੀ ਪਤਲੀ ਪੱਗ ਦੇ ਵਲੇਟੇ ਮਾਰੇ ਹੋਏ ਸਨ ਅਤੇ ਦੂਜੇ ਦਾ ਚੇਹਰਾ ਸਫਾ-ਚੱਟ ਸੀ ਅਤੇ ਉਸ ਨੇ ਚੇਹਰਾ ਢਕਣ ਦੀ ਕੋਸ਼ਿਸ਼ ਵਿੱਚ ਆਪਣੀ ਟੋਪੀ ਹੇਠ ਵੱਲ ਕੀਤੀ ਹੋਈ ਸੀ। ਉਹ ਕਪੂਰ ਲਈ ਅਜਨਬੀ ਸਨ, ਪਰ ਉਨ੍ਹਾਂ ਨੂੰ ਇਸ ਗਵਾਂਢ ਵਿੱਚ ਕਈ ਵਾਰ ਦੇਖਿਆ ਗਿਆ ਸੀ ਅਤੇ ਪੁਲਿਸ ਨੇ ਘਟਨਾ ਤੋਂ ਛੇ ਦਿਨਾਂ ਦੇ ਵਿੱਚ ਉਨ੍ਹਾਂ ਦਾ ਖੁਰਾ ਅਸਥਾਈ ਕਮਰਿਆ ਵਿੱਚ ਨੱਪ ਲਿਆ। ਇਸ ਤਰ੍ਹਾਂ ਵਾਪਰਿਆ ਕਿ ਕਮਰਿਆਂ ਵਾਲੇ ਘਰਾਂ ਦੀਆਂ ਮੈਨੇਜਰ ਜਾਪਾਨੀ ਔਰਤਾਂ ਸਨ- ਮਿਸਿਜ਼ ਯਾਮਾਸ਼ੀਟਾ ਅਤੇ ਮਿਸਿਜ਼ ਸਜ਼ੂਕੀ- ਇਹ ਉਸ ਸਮੇਂ ਦੇ ਵੈਨਕੂਵਰ ਦੇ ਨਮੂਨੇ ਦੀ ਝਲਕ ਸੀ।

ਮੁਕੱਦਮੇ ਦੇ ਮੁੱਢਲੇ ਦੌਰ ਵਿੱਚ ਸੁਰਜੀਤ ਤੇ ਮਾਰਥਾ ਮਕੈਨਜ਼ੀ, ਜਿਹੜੀਆਂ ਉਸ ਵੇਲੇ ਗਿਆਰਾਂ ਸਾਲ ਦੀਆਂ ਸਨ, ਨੇ ਗਵਾਹੀ ਦਿੱਤੀ ਕਿਉਂ ਕਿ ਲੁੱਟ ਦੀ ਕੋਸ਼ਿਸ਼ ਤੋਂ ਕੁਝ ਮਿੰਟ ਪਹਿਲਾਂ ਹੀ ਉਨ੍ਹਾਂ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਦਾ ਟਾਕਰਾ 12:50 `ਤੇ ਹੋਇਆ ਸੀ, ਜਦੋਂ ਉਹ ਘਰ ਖਾਣਾ ਖਾ ਕੇ ਵਾਪਸ ਹੈਨਰੀ ਹਡਸਨ ਐਲੀਮੈਂਟਰੀ ਸਕੂਲ ਨੂੰ ਜਾ ਰਹੀਆਂ ਸਨ। ਦੋ ਦਰਵਾਜ਼ਿਆਂ ਵਾਲੀ ਫੋਰਡ ਕਾਰ ਉਨ੍ਹਾਂ ਦੇ ਬਰਾਬਰ ਆ ਕੇ ਰੁਕੀ ਅਤੇ ਮੁਸਾਫਿਰ ਸੀਟ `ਤੇ ਬੈਠੇ ਬੰਦੇ ਨੇ ਸੁਰਜੀਤ ਨੂੰ ਪੰਜਾਬੀ ਵਿੱਚ ਪੁੱਛਿਆ ਕਿ ਉਸਦਾ ਪਿਤਾ ਘਰ ਹੀ ਸੀ। ਉਸੇ ਹੀ ਜ਼ੁਬਾਨ ਵਿੱਚ ਜਵਾਬ ਦਿੰਦਿਆਂ, ਉਸ ਨੇ ਕਿਹਾ, "ਹਾਂ।" ਦੋ ਗ੍ਰਿਫਤਾਰ ਕੀਤੇ ਬੰਦਿਆਂ ਵਿੱਚੋਂ ਅਦਾਲਤੀ ਕਮਰੇ ਵਿੱਚ ਸੁਰਜੀਤ ਨੇ ਉਸ ਨੂੰ ਪਛਾਣ ਲਿਆ।(11)

ਉਹ ਬੰਦੇ ਸਿੱਧੇ ਸਿੱਧੂਆਂ ਦੇ ਘਰ ਗਏ, ਜਿੱਥੇ ਲਾਲ ਪੱਗ ਵਾਲੇ ਨੇ ਮੂਹਰਲੇ ਦਰਵਾਜ਼ੇ ਦੀ ਘੰਟੀ ਵਜਾਈ। ਕਪੂਰ ਦਰਵਾਜ਼ੇ `ਤੇ ਆਇਆ। ਉਹ ਇਸ ਆਦਮੀ ਦੇ ਸ਼ੱਕੀ ਵਿਹਾਰ ਨੂੰ ਦੇਖ ਕੇ ਬੇਚੈਨ ਹੋਇਆ। ਉਹ ਅਸੱਭਿਅਕ ਤਰੀਕੇ ਨਾਲ ਧੁੱਸ ਦੇ ਕੇ ਅੰਦਰ ਵੜ ਗਿਆ ਸੀ ਤੇ ਆਖਣ ਲੱਗਾ ਕਿ ਉਸ ਨੇ ਕਪੂਰ ਤੋਂ ਅੰਗਰੇਜ਼ੀ ਦੀ ਚਿੱਠੀ ਪੜ੍ਹਵਾਉਣੀ ਸੀ। ਉਸ ਨੇ ਕੰਬਦੇ ਹੱਥਾਂ ਨਾਲ ਚਿੱਠੀ ਕੱਢਣ ਲਈ ਜੇਬਾਂ ਫਰੋਲੀਆਂ ਪਰ ਚਿੱਠੀ ਨਾ ਲੱਭੀ ਅਤੇ ਉਹ ਕਾਰ ਵਿੱਚੋਂ ਲੱਭਣ ਲਈ ਚਲਾ ਗਿਆ। ਪੰਜ ਮਿੰਟਾਂ ਬਾਅਦ ਕਪੂਰ ਉਸ ਨੂੰ ਲੱਭਣ ਗਲੀ ਵਿੱਚ ਗਿਆ। ਪਹਿਲਾਂ ਉਹ ਤੁਰ ਕੇ ਲੱਭਣ ਗਿਆ ਅਤੇ ਫਿਰ ਆਪਣੀ ਕਾਰ ਲੈ ਗਿਆ। ਛੇਤੀ ਹੀ ਉਸ ਨੇ ਉਹ ਯੌਰਕ ਐਵੇਨਿਊ ਅਤੇ ਅਰਬਿਊਟਸ ਦੇ ਕੋਨੇ `ਤੇ ਕਾਰ ਵਿੱਚ ਬੈਠੇ ਦੇਖੇ। ਜਦੋਂ ਕਪੂਰ ਨੇ ਆਪਣੀ ਕਾਰ ਰੋਕੀ, ਲਾਲ ਪੱਗ ਵਾਲਾ ਮੁਸਾਫਿਰ ਸੀਟ ਵਾਲੇ ਪਾਸੇ ਆ ਗਿਆ। ਕਪੂਰ ਹਾਲੇ ਵੀ ਨਹੀਂ  ਸਮਝਿਆ ਸੀ ਕਿ ਉਹ ਕੀ ਚਾਹੁੰਦੇ ਸਨ ਅਤੇ ਉਸ ਨੇ ਦਰਵਾਜ਼ਾ ਖੋਲ੍ਹ ਦਿੱਤਾ। ਬੰਦੇ ਨੇ ਆਪਣੀ ਪਸਤੌਲ ਕਪੂਰ ਦੀਆਂ ਆਂਤੜੀਆਂ ਵਿੱਚ ਖੋਭ ਦਿੱਤੀ। ਬੰਦੇ ਕੋਲ ਹੱਥ ਲਿਖਤ ਵਾਲੀ ਇੱਕ ਛੋਟੀ ਪਰਚੀ ਸੀ ਅਤੇ ਉਹ ਹੁਣ ਹੌਲੀ ਆਵਾਜ਼ ਵਿੱਚ ਅੰਗ੍ਰੇਜ਼ੀ  ਬੋਲਿਆ। ਉਹ ਚਾਹੁੰਦਾ ਸੀ ਕਿ ਕਪੂਰ ਤੁਰੰਤ ਪੈਸੇ ਕਢਵਾਉਣ ਲਈ ਆਪਣੀ ਕਾਰ ਬੈਂਕ  ਵੱਲ ਤੋਰੇ, ਪਰ ਕਪੂਰ ਹਮਲਾਵਰ ਦੇ ਹੱਥ ਵਿੱਚੋਂ ਗੰਨ ਖੋਹਣ ਅਤੇ ਉਸ ਨੂੰ ਕਾਰ ਵਿੱਚੋਂ ਬਾਹਰ ਧੱਕਣ ਵਿੱਚ ਕਾਮਯਾਬ ਹੋ ਗਿਆ। ਆਦਮੀ ਆਪਣੀ ਫੋਰਡ ਕਾਰ ਵੱਲ ਨੱਠਿਆ ਅਤੇ ਆਪਣੇ ਜੋਟੀਦਾਰ ਸਮੇਤ ਉੱਥੋਂ ਨੌ ਦੋ ਗਿਆਰਾਂ ਹੋ ਗਿਆ ਅਤੇ ਪਿੱਛੇ ਕਪੂਰ ਦੀ ਕਾਰ ਵਿੱਚ ਰੀਵੌਲਵਰ, ਪਰਚੀ, ਕੁਝ ਕਾਰਤੂਸ ਅਤੇ ਗੱਤੇ ਦਾ ਡੱਬਾ ਸ਼ਾਇਦ ਧਨ ਪਾਉਣ ਲਈ ਲਿਆਂਦਾ ਹੋਵੇ, ਛੱਡ ਗਿਆ। ਇਸ ਛੋਟੀ ਮੁੱਠਭੇੜ ਵਿੱਚ ਕਪੂਰ ਦੀ ਵਿਚਕਾਰਲੀ ਉਂਗਲ ਜ਼ਖਮੀ ਹੋਈ ਅਤੇ ਸੱਜੇ ਹੱਥ `ਤੇ ਝਰੀਟਾਂ ਅਤੇ ਜ਼ਖਮ ਹੋਇਆ। ਪਰ ਉਸ ਨੇ ਫੋਰਡ ਦੀ ਪਲੇਟ ਦੇ ਨੰਬਰ ਨੋਟ ਕਰ ਲਏ, ਜਿਹੜੀ ਸਥਾਨਕ ਕਾਰ ਵਿਕਰੇਤਾ ਤੋਂ ਕਿਰਾਏ `ਤੇ ਲਈ ਗਈ ਸੀ ਅਤੇ ਇਹ ਕੁਝ ਸਮੇਂ ਦੀ ਹੀ ਗੱਲ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਲੁੱਟ ਦੇ ਸਹਿਮ ਤੋਂ ਬਾਅਦ ਕਪੂਰ ਨੇ ਫੈਸਲਾ ਕੀਤਾ ਕਿ ਉਹ ਕੁੱਤਾ ਲਵੇਗਾ, ਅਤੇ ਗਰੈਨਵੈਲ ਸਟਰੀਟ `ਤੇ ਹੋਰ ਦੁਕਾਨਾਂ ਦੇ ਵਿਚਕਾਰ ਪਾਲਤੂ ਜਾਨਵਰਾਂ ਦੀ ਦੁਕਾਨ ਤੋਂ ਉਨ੍ਹਾਂ ਨੇ ਦੁਕਾਨਦਾਰ ਦੀ ਸਲਾਹ `ਤੇ ਖਾਨਦਾਨੀ ਨਸਲ ਦਾ ਡੋਬਰਮੈਨ ਪਿਨਚਰ ਕੁੱਤਾ ਖ੍ਰੀਦ ਲਿਆ। ਦੋਨੋਂ ਮਾਪੇ ਅਤੇ ਬੱਚੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਸਨ, ਪਰ ਇਹ ਕੁੱਤਾ ਕੋਈ ਚੰਗੀ ਚੋਣ ਨਹੀਂ ਸੀ। ਇਹ ਉਨ੍ਹਾਂ ਦੇ ਘਰ ਅਤੇ ਪਿਛਵਾੜੇ ਨਾਲੋਂ ਕੁਝ ਜ਼ਿਆਦਾ ਹੀ ਵੱਡਾ ਅਤੇ ਚੁਸਤ ਹੋ ਗਿਆ ਸੀ ਅਤੇ ਉਸ ਨੂੰ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਧਿਆਨ ਅਤੇ ਕਰਵਾਈ ਜਾਂਦੀ ਕਸਰਤ ਨਾਲੋਂ ਜਿਆਦਾ ਦੀ ਲੋੜ ਸੀ। ਭਾਵੇਂ ਦੁਕਾਨ ਦੇ ਮਾਲਕ ਨੇ ਕਿਹਾ ਸੀ ਕਿ ਇਸ ਕੁੱਤੇ ਨੂੰ ਸਿਖਲਾਈ ਦਿੱਤੀ ਗਈ ਸੀ ਪਰ ਉਸ ਨੇ ਗਵਾਂਢੀਆਂ ਦੇ ਕੁੱਤੇ `ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਮਧੋਲ ਸੁੱਟਿਆ ਸੀ ਅਤੇ ਇਸ ਨੇ ਸਾਰਿਆਂ ਨੂੰ ਉਦਾਸ ਕਰ ਦਿੱਤਾ ਸੀ। ਕਪੂਰ ਨੇ ਇਸ ਨੂੰ ਇੱਕ ਖੇਤ ਵਿੱਚ ਭੇਜ ਕੇ ਇਸ ਤੋਂ ਖਹਿੜਾ ਛੁਡਾ ਲਿਆ। ਡੋਬਰਮੈਨ ਦੇ ਨਾਲ ਪਰਿਵਾਰ ਨੇ ਇੱਕ ਹੋਰ ਕਾਲੇ ਰੰਗ ਦਾ ਕੱਟੀ ਪੂਛ ਵਾਲਾ ਕਤੂਰਾ ਲਿਆ ਸੀ। ਇਹ ਦੂਜੇ ਕੁੱਤੇ ਦੇ ਨਾਲ ਉਨ੍ਹਾਂ ਨੂੰ ਮੁਫਤ ਵਿੱਚ ਮਿਲ ਗਿਆ ਸੀ ਅਤੇ ਅਗਲੇ ਅਠਾਰਾਂ ਸਾਲ ਉਨ੍ਹਾਂ ਨੇ ਇਸ ਕੁੱਤੇ ਨਾਲ ਜ਼ਿੰਦਗੀ ਨੂੰ ਮਾਣਿਆ। ਡੋਬਰਮੈਨ ਤੋਂ ਉਲਟ ਇਹ ਹੁਸ਼ਿਆਰ ਸੀ  ਭਾਵੇਂ ਕਿ ਉਹ ਛੋਟੇ ਲੈਬ ਦੀ ਨਸਲ ਦਾ ਕੁੱਤਾ ਸੀ, ਜਿਸ ਨੂੰ ਉਹ ਪ੍ਰੈਂਸ ਆਖਦੇ, ਉਨ੍ਹਾਂ ਦਾ ਕੁੱਤੇ ਲਈ ਇਹ ਮਨਭਾਉਂਦਾ ਨਾਂ ਸੀ। ਬਹੁਤ ਸਾਲ ਬਾਅਦ ਇਸਦਾ ਸਭ ਤੋਂ ਮਸ਼ਹੂਰ ਦਿਲਚਸਪ ਕਾਰਨਾਮਾ ਖੜ੍ਹੀ ਕਾਰ ਵਿੱਚੋਂ ਖੁੱਲ੍ਹੀ ਖਿੜਕੀ ਰਾਹੀਂ ਬਾਹਰ ਦੌੜਣਾ ਸੀ। ਕਪੂਰ ਤੇ ਬਸੰਤ ਕੌਰ ਵੈਨਕੂਵਰ  ਡਾਊਨ ਟਾਊਨ ਦੇ ਸਪੈਂਸਰ ਡੀਪਾਰਟਮੈਂਟ ਸਟੋਰ ਵਿੱਚ ਖ੍ਰੀਦੋ-ਫਰੋਖਤ ਕਰ ਰਹੇ ਸਨ ਜਦੋਂ ਇਹ ਕਈ ਕਿਲੋਮੀਟਰ ਦੌੜ ਕੇ ਸਾਰਿਆਂ ਨੂੰ ਹੈਰਾਨ ਕਰਦਾ ਯੌਰਕ ਐਵੇਨਿਊ ਵਾਲੇ ਘਰ ਦੇ ਮੂਹਰਲੇ ਪੋਰਚ ਤੱਕ ਪਹੁੰਚ ਗਿਆ। ਇਹ ਬਹੁਤ ਸਾਰੇ ਸਾਲਾਂ ਦੌਰਾਨ ਰੱਖੇ ਗਏ ਕਈ ਕੁੱਤਿਆਂ ਵਿੱਚੋਂ ਇੱਕ ਸੀ, ਜਿਸ ਲਈ ਬਸੰਤ ਕੌਰ ਮੀਟ ਤਿਆਰ ਕਰ ਦਿੰਦੀ, ਭਾਵੇਂ ਉਹ ਆਪਣੇ ਪਰਿਵਾਰ ਵਾਸਤੇ ਤਿਆਰ ਨਹੀਂ ਸੀ ਕਰਦੀ।

ਦੋਹਾਂ ਸੰਭਾਵੀ ਲੁਟੇਰਿਆਂ `ਤੇ ਮੁੱਢਲੇ ਮੁਕੱਦਮੇ ਵੇਲੇ ਸਰਕਾਰੀ ਵਕੀਲ ਨੇ ਕਪੂਰ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਨੂੰ ਜਾਣਦਾ ਸੀ। ਉਸ ਸਮੇਂ ਕੇਵਲ 1350 ਦੇ ਕਰੀਬ ਸਾਊਥ ਏਸ਼ੀਅਨ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਸਨ, ਇਸ ਲਈ ਕਿਸੇ ਦੱਸੇ ਨਾਂ ਜਾਂ ਚੇਹਰੇ ਨੂੰ ਪਛਾਨਣਾ ਅਸੰਭਵ ਨਹੀਂ ਸੀ, ਕਿਉਂ ਕਿ ਭਾਈਚਾਰਾ ਬਾਕਾਇਦਾ ਇੱਕ ਜਾਂ ਦੂਜੇ ਗੁਰਦਵਾਰੇ ਜੋੜ-ਮੇਲਿਆਂ ਅਤੇ ਹੋਰ ਸਮਾਗਮਾਂ `ਤੇ ਇੱਕਠਾ ਹੁੰਦਾ ਰਹਿੰਦਾ। ਕਪੂਰ ਨੂੰ ਲੱਗਦਾ ਸੀ ਕਿ ਉਸ ਨੇ ਦੋਹਾਂ ਵਿੱਚੋਂ ਇੱਕ ਨੂੰ ਸ਼ਾਇਦ ਕਿਤੇ ਦੇਖਿਆ ਹੋਵੇ ਪਰ ਉਸ ਨੂੰ ਪੱਕਾ ਯਕੀਨ ਨਹੀਂ ਸੀ। ਜਦੋਂ ਵਕੀਲ ਨੇ ਪੁੱਛਿਆ ਕਿ ਦੋਹਾਂ ਵਿੱਚੋਂ ਕਿਸੇ ਨੇ ਉਸ ਲਈ ਕਦੇ ਕੰਮ ਕੀਤਾ ਸੀ, ਕਪੂਰ ਨੇ ਸਪਸ਼ਟ ਕੀਤਾ ਕਿ ਭਾਵੇਂ ਉਸ ਨੇ ਬਹੁਤ ਸਾਰੇ ਬੰਦਿਆਂ ਨੂੰ ਕੰਮ `ਤੇ ਰੱਖਿਆ ਹੋਇਆ ਸੀ ਪਰ ਉਹ ਆਪ ਸਿੱਧਾ ਬੰਦਿਆਂ ਨੂੰ ਨੌਕਰੀ `ਤੇ ਨਹੀਂ ਸੀ ਰੱਖਦਾ, ਇਸ ਲਈ ਉਹ ਕੁਝ ਨਹੀਂ ਆਖ ਸਕਦਾ। ਜਿਨ੍ਹਾਂ ਪੰਜਾਬੀਆਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ, ਉਹ ਉਸਦੇ ਰਿਸ਼ਤੇਦਾਰ, ਗਰਾਈਂ, ਮਾਹਲਪੁਰ ਇਲਾਕੇ ਦੇ ਲੋਕ ਜਾਂ ਭਾਈਚਾਰੇ ਦੇ ਆਗੂ ਸਨ। ਅਤੇ ਉਸਦੀ ਯੌਰਕ ਐਵੇਨਿਊ `ਤੇ ਜ਼ਿੰਦਗੀ  ਸਿਰਫ ਪੰਜਾਬੀ ਵਾਤਾਵਰਣ ਤੱਕ ਹੀ ਸੀਮਤ ਨਹੀਂ ਸੀ ਰਹੀ। ਕਨੇਡੀਅਨ ਵੀ ਉਸਦੇ ਦੋਸਤ ਅਤੇ ਸਹਿਯੋਗੀ ਬਣ ਗਏ ਸਨ।

ਕਪੂਰ ਦੇ ਵਧੇ ਘੇਰੇ ਵਿੱਚ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਕਰਤਾਰ ਸਿੰਘ ਹੁੰਦਲ ਵੀ ਜਾਣਦਾ ਸੀ। ਕੁਝ ਸਮੇਂ ਲਈ ਕਰਤਾਰ ਸਿੰਘ ਤਕਰੀਬਨ ਰੋਜ਼ ਹੀ ਉਸਦੇ ਯੌਰਕ ਐਵੇਨਿਊ ਵਾਲੇ ਘਰ ਵਿੱਚ ਆਉਂਦਾ। ਉਹ ਆਪਣੇ ਨਿਯਮਤ ਅਖਬਾਰ 'ਇੰਡੀਆ ਐਂਡ ਕਨੇਡਾ' ਦੇ ਅੰਗ੍ਰੇਜ਼ੀ ਭਾਸ਼ਾ ਦੇ ਆਖਰੀ ਅੰਕਾਂ ਨੂੰ ਤਿਆਰ ਕਰਦਾ। ਮੁੱਢ ਵਿੱਚ ਉਹ ਫੋਰਥ ਐਵੇਨਿਊ ਤੇ ਵਾਈਨ ਸਟਰੀਟ `ਤੇ ਵਪਾਰਕ ਇਮਾਰਤ ਵਿੱਚ ਇਸ ਨੂੰ ਛਾਪਦਾ, ਪਰ 1936 ਵਿੱਚ ਉਸ ਨੇ ਆਪਣਾ ਛਾਪਾਖਾਨਾ ਕਪੂਰ ਦੇ ਘਰ ਦੀ ਬੇਸਮੈਂਟ ਵਿੱਚ ਤਬਦੀਲ ਕਰ ਲਿਆ, ਜਿੱਥੇ ਉਹ ਬਹੁਤ ਸਮੇਂ ਲਈ ਹੱਥਾਂ ਨਾਲ ਟਾਈਪ ਸੈੱਟ ਕਰਦਾ। ਕੁਝ ਸਮੇਂ ਲਈ ਉਹ ਸੂਕ ਝੀਲ ਵਾਲੀ ਮਿੱਲ ਵਿੱਚ ਕਪੂਰ ਦਾ ਅਕਾਊਂਟ ਮੈਨੇਜਰ ਰਿਹਾ। ਪਰ ਉਸਦੀ ਲੰਬੇ ਸਮੇਂ ਲਈ ਰਿਹਾਇਸ਼ ਵੈਨਕੂਵਰ ਦੀ ਗਰੈਨਵੈਲ ਸਟਰੀਟ ਇਲਾਕੇ ਵਿੱਚ ਰਹੀ ਜਾਂ ਬਾਰਨਿਟ ਪਿੰਡ ਵਿੱਚ, ਜਿੱਥੇ ਉਹ ਐਲੀਸ ਮੈਰੀਅਨ ਕਰਟਸ ਨਾਲ ਰਹਿੰਦਾ ਸੀ। ਉਹ ਕਰਤਾਰ ਨਾਲੋਂ ਜ਼ਰਾ ਕੁ ਵੱਡੀ ਸੀ ਅਤੇ ਓਂਟੇਰੀਓ ਤੋਂ ਸੀ। ਉਹ ਕਰਤਾਰ ਨੂੰ ਬਹੁਤ ਚਾਹੁੰਦੀ ਸੀ ਅਤੇ ਉਸਦੀ ਪੁੱਤ ਵਾਂਗ ਦੇਖ-ਭਾਲ ਕਰਦੀ ਸੀ( ਉਹ ਉਸ ਵੇਲੇ ਚਾਲ੍ਹੀਆਂ ਦੇ ਅੱਧ ਵਿੱਚ ਸੀ)। ਉਹ ਉਸ ਨੂੰ ਟਰਾਂਟੋ ਵਿੱਚ ਥੀਓਸੌਫੀਕਲ ਸੁਸਾਇਟੀ ਰਾਹੀਂ ਮਿਲਿਆ ਸੀ ਅਤੇ ਉਹ ਉਸ ਨਾਲ ਹੀ ਵੈਨਕੂਵਰ ਆ ਗਈ ਸੀ। ਸਿੱਧੂ ਉਸ ਨੂੰ ਮਿਲਾਪੜੀ ਅਤੇ ਇੱਕ ਨੇਕ ਔਰਤ ਵਜੋਂ ਜਾਣਦੇ ਸਨ ਅਤੇ ਉਹ ਆਪਣੇ ਛੋਟੇ ਕੱਦ-ਕਾਠ ਅਤੇ ਸਿਰ ਦੇ ਜੂੜੇ ਕਾਰਣ ਦੂਰੋਂ ਹੀ ਪਛਾਣੀ ਜਾ ਸਕਦੀ ਸੀ। ਕਰਤਾਰ ਅਤੇ ਐਲਿਸ ਰਾਹੀਂ ਉਹ ਵੈਨਕੂਵਰ ਵਿੱਚ ਥੀਓਸੌਫੀਕਲ ਗਰੁੱਪ ਨਾਲ ਜੁੜ ਗਏ ਅਤੇ ਜਿੱਦੂ ਕ੍ਰਿਸ਼ਨਾਮੂਰਤੀ ਦੇ ਨਾਂ ਤੋਂ ਜਾਣੂੰ ਹੋਏ, ਜਿਹੜਾ ਬਾਅਦ ਵਿੱਚ ਜੈਕੀ ਤੇ ਸੁਰਜੀਤ ਦੀ ਜ਼ਿੰਦਗੀ ਦਾ ਪ੍ਰਭਾਵਸ਼ਾਲੀ ਹਿੱਸਾ ਬਣਿਆ।

ਉਨ੍ਹਾਂ ਦਾ ਪਰਿਵਾਰਕ ਡਾਕਟਰ, ਵਾਸ਼ਿੰਗਟਨ ਈ. ਵਿਲਕਸ ਥੀਓਸੋਫਿਸਟ ਸੀ, ਜਿਸ ਨੂੰ ਉਹ ਕਰਤਾਰ ਸਿੰਘ ਰਾਹੀਂ ਮਿਲੇ। ਡਾਕਟਰੀ ਸਲਾਹਾਂ ਲਈ ਉਹ ਜੌਰਜੀਆ ਸਟਰੀਟ `ਤੇ ਸਥਿਤ ਮੈਡੀਕਲ ਡੈਂਟਲ ਇਮਾਰਤ ਵਿੱਚ ਉਸਦੇ ਦਫਤਰ ਜਾਂਦੇ। ਇਹ ਹੋਟਲ ਵੈਨਕੂਵਰ ਦੇ ਸਾਹਮਣੇ ਸੀ। ਵਿਲਕਸ ਉਸੇ ਪਤੇ ਤੋਂ ਥੀਓਸੌਫੀਕਲ ਸੁਸਾਇਟੀ ਦੀ ਔਰਫੀਅਸ ਲੌਜ ਵੀ ਚਲਾਉਂਦਾ। ਉਹ ਥੀਓਸੌਫੀਕਲ ਬੈਠਕਾਂ ਵਿੱਚ ਭਾਗ ਲੈਣ ਜਾਂਦੇ ਜਾਂ ਭਾਸ਼ਣ ਸੁਣਨ ਜਾਂਦੇ। ਜੈਕੀ ਤੇ ਸੁਰਜੀਤ ਆਪਣੇ ਪਿਤਾ ਨਾਲ ਜਾਂਦੀਆਂ, ਉਨ੍ਹਾਂ ਦੀ ਮਾਂ ਉੱਥੇ ਨਹੀਂ ਸੀ ਜਾਂਦੀ ਕਿਉਂ ਕਿ ਭਾਸ਼ਣ ਅੰਗ੍ਰੇਜ਼ੀ ਵਿੱਚ ਹੁੰਦੇ। ਵਿਲਕਸ ਬਰਤਾਨਵੀ ਪ੍ਰਵਾਸੀ ਡਾਕਟਰ ਵਜੋਂ ਪਹਿਲੀ ਸੰਸਾਰ ਜੰਗ ਤੋਂ ਥੋੜ੍ਹਾ ਪਹਿਲਾਂ ਤੋਂ ਹੀ ਥੀਓਸੌਫਿਕਲ ਸੁਸਾਇਟੀ ਦਾ ਮੁੱਖ ਮੈਂਬਰ ਸੀ। ਉਹ ਲਗਪਗ ਇੱਕ ਦਹਾਕੇ ਤੱਕ ਨਨਾਇਮੋ ਵਿੱਚ ਡਾਕਟਰੀ ਕਰਦਾ ਰਿਹਾ ਅਤੇ ਫਿਰ 1920 ਵਿਆਂ ਦੇ ਸ਼ੁਰੂ ਵਿੱਚ ਵੈਨਕੂਵਰ ਤਬਦੀਲ ਹੋ ਗਿਆ ਅਤੇ ਆਪਣੇ ਨਾਲ ਹੀ ਆਪਣੀਆਂ ਕੌਮੀ ਥੀਓਸੌਫੀਕਲ ਸੁਸਾਇਟੀ ਦੀਆਂ ਗਤੀਵਿਧੀਆਂ ਲੈ ਆਇਆ। ਕਰਤਾਰ ਉਦੋਂ ਟਰਾਂਟੋ ਹੀ ਰਹਿੰਦਾ ਸੀ, ਜਦੋਂ ਉਸ ਨੇ ਪਹਿਲੀ ਵਾਰ ਵਿਲਕਸ ਨੂੰ ਸੁਸਾਇਟੀ ਦੇ ਕੌਮੀ ਪ੍ਰਬੰਧ ਵਿੱਚ ਸਮਕਾਲੀ ਮੈਂਬਰ ਵਜੋਂ ਜਾਣਿਆਂ ਅਤੇ ਉਨ੍ਹਾਂ ਦਾ ਸਬੰਧ ਉਸਦੇ ਵੈਨਕੂਵਰ ਮੁੜਣ ਪਿੱਛੋਂ ਸੁਭਾਵਿਕ ਤੌਰ `ਤੇ ਜਾਰੀ ਰਿਹਾ।

1930 ਵਿੱਚ ਕਨੇਡਾ ਦੀ ਥੀਓਸੌਫੀਕਲ ਸੁਸਾਇਟੀ ਇਸਦੇ ਪੰਜ ਸੌ ਦੇ ਕਰੀਬ ਮੈਂਬਰ ਹੋਣ ਦਾ ਦਾਅਵਾ ਕਰਦੀ ਸੀ, ਇਨ੍ਹਾਂ ਵਿੱਚੋਂ ਅੱਧੇ ਟਰਾਂਟੋ ਵਿੱਚ ਸਨ ਅਤੇ ਅੱਧੇ ਬਾਕੀ ਦੇਸ਼ ਵਿੱਚੋਂ।(12) ਵੈਨਕੂਵਰ ਵਿੱਚ ਇਸਦੀਆਂ ਦੋ ਲੌਜ ਸਨ ਅਤੇ ਔਰਫੀਅਸ ਲੌਜ ਨੂੰ ਵਿਲਕਸ ਬਹੁਤ ਸਾਲ ਚਲਾਉਂਦਾ ਰਿਹਾ। ਇਹ ਵੱਡੀ ਸੀ ਅਤੇ ਇਸਦੇ ਤੀਹ ਪੇਡ ਅਪ ਮੈਂਬਰ ਸਨ। ਥੀਓਸੌਫਿਸਟਾਂ ਦਰਮਿਆਨ ਵਿਲਕਸ ਪਰੰਪਰਾ ਵਾਦੀ ਸੀ, ਇਸ ਵਿੱਚ ਉਹ ਇਲਹਾਮ ਬਾਰੇ ਆਪਣੀ ਅਧਿਆਤਮਕ ਖੋਜ ਲਈ  ਹੈਲਨਾ ਬਲਾਵਟਸਕੀ ਦੇ ਮੁੱਢਲੇ ਸਿਧਾਂਤਾਂ ਤੱਕ ਸੀਮਤ ਸੀ। ਹੈਲਨਾ ਬਲਾਟਵਸਕੀ,  ਜਾਰ ਦੇ ਬਰਾਬਰ ਰੁਤਬੇ ਵਾਲੀ ਰੂਸੀ ਇਸਤਰੀ, ਨੇ 1870 ਵਿੱਚ ਕੌਮਾਂਤਰੀ ਥੀਓਸੌਫੀਕਲ ਲਹਿਰ ਸ਼ੁਰੂ ਕੀਤੀ। ਬਲਾਵਟਸਕੀ ਦੁਆਲੇ ਕੋਈ ਵੀ ਵਿਵਾਦ( ਦੋਸ਼ ਕਿ ਉਹ ਠੱਗ ਤੇ ਢੌਂਗੀ ਸੀ) ਵਿਲਕਸ ਦੇ ਜ਼ਿੰਦਗੀ ਭਰ ਦੇ ਉਤਸ਼ਾਹ ਨੂੰ ਮੱਠਾ ਨਹੀਂ ਕਰ ਸਕਿਆ, ਜਿਹੜਾ ਉਸ ਨੇ ਬਲਾਵਟਸਕੀ ਦੀਆਂ ਭਾਰਤ ਅਤੇ ਮਿਸਰ ਦੇ ਪੁਰਾਤਨ ਵਿਵੇਕ ਬਾਰੇ ਪ੍ਰਭਾਵਸ਼ਾਲੀ ਲਿਖਤਾਂ ਰਾਹੀਂ ਮਹਿਸੂਸ ਕੀਤਾ ਸੀ। ਉਸ ਨੂੰ ਖੇਦ ਸੀ ਕਿ ਬਲਾਵਟਸਕੀ ਦੀ ਮੌਤ ਤੋਂ ਬਾਅਦ ਲਹਿਰ ਦੇ ਨਵੇਂ ਆਗੂਆਂ ਨੇ ਉਸਦਾ ਨਾਂ ਅਤੇ ਉਸਦੀਆਂ ਲਿਖਤਾਂ ਨੂੰ ਕੇਂਦਰ ਤੋਂ ਪਾਸੇ ਧੱਕ ਦਿੱਤਾ।  ਫਿਰ ਵੀ ਉਹ ਉਸ ਸੁਸਾਇਟੀ ਲਈ ਸਖਤ ਮੇਹਨਤ ਕਰਦਾ ਰਿਹਾ, ਜਿਹੜੀ ਬਹੁਤਿਆਂ ਨੂੰ ਟੁੰਬਦੀ ਸੀ ਕਿਉਂ ਕਿ ਇਸਦੇ ਦਰਵਾਜ਼ੇ ਕਿਸੇ ਵੀ ਸੰਪਰਦਾਇ, ਨਸਲ, ਲਿੰਗ, ਜ਼ਾਤ ਜਾਂ ਰੰਗ ਨਾਲ ਸਬੰਧਿਤ ਵਿਅਕਤੀ ਲਈ ਖੁੱਲ੍ਹੇ ਸਨ ਅਤੇ  ਕਿਉਂ ਕਿ ਇਹ ਕਿਸੇ ਵੀ ਸਿਧਾਂਤ ਨੂੰ ਪਰਣਾਈ ਹੋਈ ਨਹੀਂ ਸੀ।

ਇਹ ਅਧਿਆਤਮਕ ਰਹੱਸ ਬਾਰੇ ਖੁੱਲ੍ਹੇ ਮਨ ਵਾਲੀ ਜਿਗਿਆਸਾ ਹੀ ਸੀ, ਜਿਹੜੀ ਕਪੂਰ ਅਤੇ ਉਸਦੀਆਂ ਬੇਟੀਆਂ ਨੂੰ ਵਿਲਕਸ ਦੀਆਂ ਥੀਓਸੌਫੀਕਲ ਬੈਠਕਾਂ ਵਿੱਚ ਲੈ ਕੇ ਆਈ। ਥੀਓਸੌਫੀਕਲ ਸੁਸਾਇਟੀ ਦੇ ਅੰਦਰ ਹੀ ਕਰਤਾਰ ਵਾਂਗ ਕਪੂਰ ਨੇ ਵੀ ਲੋਕ ਲੱਭ ਲਏ, ਜਿਹੜੇ ਭਾਰਤ ਦੀ ਆਜ਼ਾਦੀ ਬਾਰੇ ਮੰਗ ਨਾਲ ਹਮਦਰਦੀ ਰੱਖਦੇ ਸਨ, ਜਿਸ ਬਾਰੇ ਉਸ ਸਮੇਂ ਦੇ ਕਨੇਡੀਅਨ ਆਮ ਤੌਰ `ਤੇ ਨਹੀਂ ਸਮਝਦੇ ਸਨ। ਬਰਤਾਨੀਆ ਵਿੱਚ ਜਨਮੀ ਬਹੁਤ ਵੱਡੀ ਐਕਟੇਵਿਸਟ , ਐਨੀ ਬੇਸੈਂਟ , ਬਲਾਵਟਸਕੀ ਦੀ ਮੌਤ ਤੋਂ ਬਾਅਦ ਕੌਮਾਂਤਰੀ ਥੀਓਸੌਫੀਕਲ ਸੁਸਾਇਟੀ ਦੀ ਪ੍ਰਧਾਨ ਬਣੀ, ਜਿਹੜੀ 1933 ਵਿੱਚ ਆਪਣੀ ਮੌਤ ਤੱਕ ਪ੍ਰਧਾਨ ਬਣੀ ਰਹੀ। ਉਹ ਪਹਿਲੀ ਸੰਸਾਰ ਜੰਗ ਦੌਰਾਨ ਭਾਰਤ ਦੀ ਜੇਲ੍ਹ ਵਿੱਚ ਨਜ਼ਰਬੰਦ ਰਹੀ ਕਿਉਂ ਕਿ ਉਹ ਉੱਥੇ ਹੋਮ ਰੂਲ ਲਈ ਅੰਦੋਲਨ ਕਰਦੀ ਸੀ। ਉਸ ਨੇ ਥੀਓਫਿਸਟਾਂ ਲਈ ਬਸਤੀਵਾਦ ਦੇ ਵਿਰੁੱਧ ਤਕੜੀ ਉਦਾਹਰਣ ਕਾਇਮ ਕਰ ਦਿੱਤੀ, ਭਾਵੇਂ ਕੁਝ ਕਨੇਡੀਅਨ ਵੀ ਇਸ ਵਿਸ਼ੇ `ਤੇ ਉਸ ਨਾਲ ਸਹਿਮਤ ਸਨ।  ਉਹ ਇਸ ਨਾਲ ਸਹਿਮਤ ਸਨ ਕਿ  ਭਾਰਤ ਨੂੰ ਅਖੀਰ  ਹੋਮ ਰੂਲ ਮਿਲਣਾ ਚਾਹੀਦਾ ਸੀ ਪਰ ਉਹ ਉਸ ਤਾਂਘ ਨੂੰ ਨਹੀਂ ਸੀ ਸਮਝਦੇ, ਜਿਹੜੀ ਨਿਡਰ ਅਤੇ ਅੱਤਵਾਦੀ ਕਾਰਵਾਈਆਂ ਨੂੰ ਉਚਿਤ ਠਹਿਰਾਵੇ। 'ਜਿਹੜੇ ਉਡੀਕ ਕਰਨਗੇ, ਉਨ੍ਹਾਂ ਕੋਲ ਸਭ ਚੱਲ  ਕੇ ਆਵੇਗਾ' ਇਹ ਉਨ੍ਹਾਂ ਦੀ ਧਾਰਨਾ ਸੀ। ਉਨ੍ਹਾਂ ਦੀ ਰੁਚੀ ਇਹ ਸੋਚਣ ਵੱਲ ਸੀ ਕਿ ਬਰਤਾਨਵੀ ਉੱਚਿਤ ਅਤੇ ਹਿੱਤਕਾਰੀ ਰਾਜ ਪ੍ਰਬੰਧ ਚਲਾ ਰਹੇ ਸਨ। ਕਪੂਰ ਅਤੇ ਕਰਤਾਰ ਨੂੰ ਇਨ੍ਹਾਂ ਧਾਰਨਾਵਾਂ ਦੀ ਡੂੰਘੀ ਖੱਡ ਨੂੰ ਅਣਡਿੱਠ ਕਰਨਾ ਪੈਣਾ ਸੀ, ਇੱਥੋਂ ਤੱਕ ਕਿ ਉਨ੍ਹਾਂ ਦੇ ਥੀਓਸੌਫੀਕਲ ਸਿਆਣੇ ਦੋਸਤਾਂ ਦੀਆਂ ਧਾਰਨਾਵਾਂ ਨੂੰ ਵੀ।(14) ਫਿਰ ਵੀ ਸੁਸਾਇਟੀ ਨੇ ਉਨ੍ਹਾਂ ਨੂੰ ਉੱਘੇ, ਪ੍ਰਭਾਵਸ਼ਾਲੀ ਅਤੇ ਦਿਸਲਚਸ਼ਪ ਕਨੇਡੀਅਨਾਂ ਨਾਲ ਜੋੜਿਆ, ਖਾਸ ਕਰਕੇ ਕਲਾ ਦੇ ਖੇਤਰ ਵਾਲੇ।

ਇਹ ਕੋਈ ਅਚਨਚੇਤ ਨਹੀਂ ਵਾਪਰਿਆ ਸੀ  ਕਿ ਕਪੂਰ ਵੀ ਉਸੇ ਵਕਤ ਥੀਓਸੌਫੀ ਵਿੱਚ ਆਪਣੀ ਰੁਚੀ ਦਿਖਾਉਣ ਲੱਗਾ, ਜਦੋਂ ਵਿਕਟੋਰੀਆ ਦੇ ਦੋ ਉੱਘੇ ਵਾਸੀ, ਕਲਾਕਾਰ ਐਮਲੀ ਕਾਰ ਅਤੇ ਨਾਵਲਕਾਰ ਐਥਿਲ ਵਿਲਸਨ। ਉਨ੍ਹਾਂ ਦਾ ਸਾਂਝਾ ਪ੍ਰੇਰਨਾ-ਸਰੋਤ 'ਗਰੁੱਪ ਆਫ ਸੈਵਨ' ਦਾ ਚਤੇਰਾ ਲਾਰਿਨ ਹੈਰਿਸ ਸੀ। ਉਹ ਕਾਰ ਅਤੇ ਵਿਲਸਨ ਦਾ ਦੋਸਤ ਸੀ। ਉਹ ਟਰਾਂਟੋ ਦੇ ਦਿਨਾਂ ਤੋਂ ਕਰਤਾਰ ਦਾ ਵੀ ਮਿੱਤਰ ਸੀ। ਟਰਾਂਟੋ ਵਿੱਚ ਹੈਰਿਸ ਥੀਓਸੌਫੀ ਅਤੇ ਕਲਾ ਸਿਖਾਉਂਦਾ ਸੀ। 1940 ਵਿੱਚ ਹੈਰਿਸ ਦੇ ਵੈਨਕੂਵਰ ਵਿੱਚ ਮੂਵ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਕਰਤਾਰ ਨੇ ਉਸਦੀ ਕਪੂਰ ਅਤੇ ਉਸਦੇ ਪਰਿਵਾਰ ਨਾਲ ਜਾਣ-ਪਹਿਚਾਣ ਕਰਵਾਈ। ਕਰਤਾਰ ਉਨ੍ਹਾਂ ਨੂੰ ਹੈਰਿਸ ਦੇ ਪੱਛਮੀ ਵੈਨਕੂਵਰ ਦੇ ਬ੍ਰਿਟਿਸ਼ ਪਰੌਪਰਟੀਜ਼ ਵਿਚਲੇ ਅਸਥਾਈ ਟਿਕਾਣੇ `ਤੇ ਲੈ ਕੇ ਗਿਆ। ਇਹ ਮੌਕਾ ਉਨ੍ਹਾਂ ਲਈ ਅਭੁੱਲ ਹੋ ਨਿਬੜਿਆ ਕਿਉਂ ਕਿ ਉੱਥੇ ਉਨ੍ਹਾਂ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਹੋਇਆ ਅਤੇ ਸਵਾਗਤ ਕਰਤਾ ਵੀ ਉਹ ਸੀ, ਜਿਸ ਨੂੰ ਉਹ ਨਾਮਵਰ ਅਤੇ ਮਹੱਤਵਪੂਰਨ ਕਨੇਡੀਅਨ ਸਮਝਦੇ ਸਨ। ਉਹ ਕਿਸਮਤ ਦੀ ਖੇਡ ਬਾਰੇ ਵੀ ਜਾਣਦੇ ਸਨ ਕਿ ਬ੍ਰਿਟਿਸ਼ ਪਰੌਪਰਟੀਜ਼ ਵਿੱਚ ਉਨ੍ਹਾਂ ਵਰਗੇ ਏਸ਼ੀਅਨਾਂ ਨੂੰ ਘਰ ਅਤੇ ਪਲਾਟ ਵੇਚਣ ਦੇ ਵਿਰੁੱਧ ਇਕਰਾਰਨਾਮੇ ਹੋਏ ਸਨ।(15) ਕਰਤਾਰ ਕਨੇਡਾ ਦੇ ਸੱਭਿਆਚਾਰਕ ਦ੍ਰਿਸ਼ ਤੋਂ ਵਾਕਿਫ ਸੀ ਅਤੇ ਉਸ ਰਾਹੀਂ ਕਪੂਰ ਅਤੇ ਉਸਦੀਆਂ ਬੇਟੀਆਂ ਵੀ ਇਸ ਦੀਆਂ ਜਾਣੂੰ ਹੋ ਗਈਆਂ ਸਨ। ਹੈਰਿਸ ਦੇ ਘਰ ਮਿਲਣ ਜਾਣਾ ਇਸਦੀ ਇਕ ਮਿਸਾਲ ਸੀ।

ਕਪੂਰ ਆਪਣੇ ਕਾਰੋਬਾਰ ਰਾਹੀਂ ਵੀ ਗੈਰ-ਸਿੱਖਾਂ ਨੂੰ ਜਾਣਦਾ ਸੀ, ਇਹ ਕੇਵਲ ਵੈਨਕੂਵਰ ਟਾਪੂ ਵਿੱਚ ਹੀ ਨਹੀਂ, ਵੈਨਕੂਵਰ ਇਲਾਕੇ ਵਿੱਚ ਵੀ ਸਨ। ਉਸ ਨੇ 1938 ਦੀਆਂ ਗਰਮੀਆਂ ਵਿੱਚ ਵੈਨਕੂਵਰ ਇਲਾਕੇ ਵਿੱਚ ਮਿੱਲ ਲਈ ਥਾਂ ਦੇਖਣੀ ਸ਼ੁਰੂ ਕਰ ਦਿੱਤੀ। ਉਸ ਨੂੰ ਅਨੁਮਾਨ ਸੀ ਕਿ ਸੂਕ ਝੀਲ ਵਾਲੇ ਜੰਗਲ ਵਿੱਚ ਖੜ੍ਹੇ ਦਰਖਤ ਮੁੱਕਣ ਵਾਲੇ ਸਨ। ਅਗਸਤ ਵਿੱਚ ਉਸ ਨੇ ਨਵੀਂ ਕੰਪਨੀ ਬਣਾ ਲਈ, ਜਿਸਦਾ ਨਾਂ ਮੌਡਰਨ ਸਾਅਮਿੱਲਜ਼ ਰੱਖਿਆ। ਉਸਦਾ ਛੋਟਾ ਭਰਾ ਤਾਰਾ, ਅਪਣੇ ਪਰਿਵਾਰ ਸਮੇਤ ਹਾਲੇ ਭਾਰਤ ਗਿਆ ਹੀ ਸੀ, ਪਰ ਉਹ ਹਿੱਸੇਦਾਰੀ ਪਾਉਣਾ ਚਾਹੁੰਦਾ ਸੀ ਅਤੇ ਕਪੂਰ ਨੇ 40 ਪ੍ਰਤੀਸ਼ਤ ਹਿੱਸੇ ਉਸ ਨੂੰ ਦੇ ਦਿੱਤੇ ਅਤੇ 60 ਪ੍ਰਤੀਸ਼ਤ ਆਪ ਰੱਖ ਲਏ। ਸਚਾਈ ਇਹ ਸੀ ਕਿ ਤਾਰੇ ਕੋਲ ਲਾਉਣ ਲਈ ਇੱਨਾਂ ਧਨ ਨਹੀਂ ਸੀ ਅਤੇ ਕਪੂਰ ਨੇ ਆਪਣਾ ਨਿਵੇਸ਼ ਵਧਾ ਦਿੱਤਾ, ਇਸ ਲਈ 1940 ਤੱਕ ਉਹ 78 ਪ੍ਰਤੀਸ਼ਤ ਦਾ ਮਾਲਕ ਬਣ ਗਿਆ, ਇਸ ਵਿੱਚੋਂ ਕੁਝ ਉਸ ਨੇ ਬਸੰਤ ਕੌਰ, ਜੈਕੀ ਤੇ ਸੁਰਜੀਤ ਦੇ ਨਾਂ ਕਰ ਦਿੱਤਾ। ਮੌਡਰਨ ਸਾਅਮਿੱਲਜ਼ ਸਿਰਫ ਸਿੱਧੂ ਪਰਿਵਾਰ ਦੀ ਮਲਕੀਅਤ ਸੀ ਅਤੇ ਕੋਈ ਹੋਰ ਪੰਜਾਬੀ ਇਸ ਵਿੱਚ ਹਿੱਸੇਦਾਰ ਨਹੀਂ ਸੀ ਅਤੇ ਇਸ ਨੂੰ ਇਸੇ ਤਰ੍ਹਾਂ ਰੱਖਣ ਲਈ ਭਰਾਵਾਂ ਅਤੇ ਚਚੇਰੇ-ਭਰਾਵਾਂ ਦਾ ਸਾਝਾਂ ਫੈਸਲਾ ਸੀ। ਕੁੱਲ ਮਿਲਾ ਕੇ ਅੱਠ ਸਿੱਧੂ ਇਸਦੇ ਹਿੱਸੇਦਾਰ ਸਨ। ਜਿਨ੍ਹਾਂ ਵਿੱਚ ਕਪੂਰ ਤੇ ਉਸਦਾ ਪਰਿਵਾਰ, ਤਾਰਾ, ਚਚੇਰਾ ਭਰਾ ਕਸ਼ਮੀਰ, ਚਚੇਰਾ ਭਰਾ ਅਜਾਇਬ ਅਤੇ ਉਸਦਾ ਪਿਤਾ ਨਿਰੰਜਣ। ਇਨ੍ਹਾਂ ਤੋਂ ਇਲਾਵਾ ਦੋ ਅੰਗ੍ਰੇਜ਼-ਕਨੇਡੀਅਨਾਂ ਕੋਲ ਵੀ ਇੱਕ-ਇੱਕ ਹਿੱਸਾ ਸੀ। ਇਹ ਸਨ ਕੰਪਨੀ ਦਾ ਅਕਾਊਂਟੈਂਟ, ਡੌਨ ਡੇਵਰ ਅਤੇ ਇਨਸ਼ਓਰੈਂਸ ਤੇ ਰੀਅਲ ਅਸਟੇਟ ਏਜੰਟ, ਜਿਮ ਆਰਮਸਟਰੌਂਗ। ਕਪੂਰ ਆਰਮਸਟਰੌਂਗ ਨਾਲ ਖਾਸ ਨੇੜਤਾ ਮਹਿਸੂਸ ਕਰਦਾ ਸੀ। ਉਹ ਦੱਖਣੀ ਓਂਟੇਰੀਓ ਦੇ ਦਿਹਾਤੀ ਇਲਾਕੇ ਵਿੱਚੋਂ ਇੱਕ ਪਾਦਰੀ ਦਾ ਪੁੱਤਰ ਸੀ ਅਤੇ ਕਪੂਰ ਦਾ ਹਮਉਮਰ। ਆਰਮਸਟਰੌਂਗ ਤੇ ਉਸਦੀ ਪਤਨੀ, ਔਲਿਵ, ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਦੇ ਨਿੱਘੇ ਅਤੇ ਵਿਸ਼ਵਾਸ਼ਪਾਤਰ ਦੋਸਤ ਬਣ ਗਏ।(16)

ਆਰਮਸਟਰੌਂਗ ਨੇ ਬੁਰਾਰਡ ਇਨਲਿਟ `ਤੇ ਬਾਰਨਿਟ ਪਿੰਡ ਨੇੜੇ ਬਰਨਬੀ ਮਾਊਂਨਟੇਨ (ਉਦੋਂ ਉਸ ਨੂੰ ਸਨੇਕ ਹਿੱਲ ਆਖਦੇ ਸਨ) ਦੀ ਛਾਂ ਹੇਠ ਮਿੱਲ ਲਈ ਇੱਕ ਸ਼ਾਨਦਾਰ ਥਾਂ ਲੱਭ ਲਈ। ਇਹ ਥਾਂ ਢੁੱਕਵੀਂ ਇਸ ਕਰਕੇ ਸੀ ਕਿ ਇਹ ਜ਼ਮੀਨ ਖਾੜੀ ਦੇ ਕਿਨਾਰੇ ਤੋਂ ਸੀ ਪੀ ਆਰ ਦੀ ਮੁੱਖ ਪਟੜੀ ਤੱਕ ਫੈਲੀ ਹੋਈ ਸੀ ਅਤੇ ਕਪੂਰ ਦੇ ਕੈਟਸੀਲੈਨੋ ਵਾਲੇ ਘਰ ਤੋਂ ਤੇਈ ਕਿਲੋਮੀਟਰ ਪੂਰਬ ਵੱਲ ਸੀ। ਗੇਲੀਆਂ ਦਰਿਆ ਰਾਹੀਂ ਪਹੁੰਚ ਸਕਦੀਆਂ ਸਨ ਅਤੇ ਤਿਆਰ ਲੱਕੜ ਰੇਲਵੇ ਰਾਹੀਂ ਬਾਹਰ ਭੇਜੀ ਜਾ ਸਕਦੀ ਸੀ। ਉੱਥੇ ਕੱਟਣ ਲਈ ਦਰੱਖਤ ਨਹੀਂ ਸਨ। ਇਹ ਪਹਿਲੇ ਚਾਲ੍ਹੀ ਸਾਲਾਂ ਦੌਰਾਨ ਕੱਟ ਦਿੱਤੇ ਗਏ ਸਨ। ਇਸ ਥਾਂ `ਤੇ ਸਦੀ ਦੇ ਸ਼ੁਰੂ ਤੋਂ ਪਹਿਲੀ ਸੰਸਾਰ ਜੰਗ ਤੱਕ ਅਤੇ ਫਿਰ 1920 ਵਿਆਂ ਦੇ ਸ਼ੁਰੂ ਤੋਂ 1931 ਤੱਕ ਇੱਕ ਵੱਡੀ ਆਰਾ ਮਿੱਲ ਚਲਦੀ ਸੀ। ਪ੍ਹੀੜੀ ਦਰ ਪ੍ਹੀੜੀ ਇਹ ਮਿੱਲ ਇੱਕ ਪਰਿਵਾਰ ਦੇ ਵਾਰਸ ਚਲਾਉਂਦੇ ਰਹੇ। ਅਤੇ ਅੰਤ ਹੜਤਾਲ ਦੀ ਧਮਕੀ ਕਾਰਣ ਬੰਦ ਹੋ ਗਈ ਸੀ। ਇਸ ਥਾਂ ਦੇ ਪੱਛਮੀ ਵਾਲੇ ਅੱਧ ਵਿੱਚ ਮਿੱਲ ਦਾ ਕੰਕਰੀਟ ਦਾ ਢਾਂਚਾ ਢੱਠਾ ਹੋਇਆ ਸੀ। ਇਹ ਥਾਂ ਟੈਕਸ ਭੁਗਤਾਨ ਲਈ ਵਿਕਰੀ `ਤੇ ਸੀ। ਪਹਿਲੇ ਮਾਲਕਾਂ ਨੇ ਟੈਕਸ ਨਹੀਂ ਸੀ ਦਿੱਤੇ ਅਤੇ ਇਹ ਜਾਇਦਾਦ ਬਰਨਬੀ ਦੀ ਨਗਰਪਾਲਿਕਾ ਦੇ ਨਾਂ ਲੱਗ ਗਈ ਸੀ। ਕਪੂਰ ਪੂਰਬੀ ਹਿੱਸੇ ਦੇ ਪੰਤਾਲੀ ਏਕੜ ਖ੍ਰੀਦਣੇ ਚਾਹੁੰਦਾ ਸੀ। ਇਹ ਹਿੱਸਾ ਖਾੜੀ ਵਿੱਚ ਜਾਂਦਾ ਸੀ ਅਤੇ ਕਿਨਾਰੇ ਦੇ ਨਾਲ 20 ਏਕੜ ਪਾਣੀ ਵਿੱਚ ਘਾਟ, ਫਲੋਟਸ ਅਤੇ ਲੌਗ ਬੂਮਜ਼ ਦੇ ਅਧਿਕਾਰ ਮਿਲਣੇ ਸਨ ਅਤੇ ਨਾਲ ਹੀ ਦਰਿਆ ਦੀ ਸਿਰਫ ਉੱਪਰਲੀ ਸਤਹਿ ਦੀ ਨਹੀਂ ਸਗੋਂ ਦਰਿਆ ਦੇ ਹੇਠ ਤੱਕ ਦੀ ਮਾਲਕੀਅਤ ਮਿਲਣੀ ਸੀ। ਕਿਉਂ ਕਿ ਇਹ ਜਾਇਦਾਦ ਨਗਰਪਾਲਿਕਾ ਦੀ ਸੀ ਅਤੇ ਉਹ ਸਾਊਥ ਏਸ਼ੀਅਨ ਸੀ ਇਸ ਲਈ ਕਪੂਰ ਸਿੱਧਾ ਇਸ ਨੂੰ ਖ੍ਰੀਦ ਨਹੀਂ ਸੀ ਸਕਦਾ(ਉਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨਾਂ ਲਈ ਇਕ ਹੋਰ ਪੱਖਪਾਤ ਦਾ ਨਕਸ਼) ਪਰ ਇਸ ਸਮੱਸਿਆ ਲਈ ਇੱਕ ਰਾਹ ਸੀ ਅਤੇ ਇਸਦਾ ਉਪਯੋਗ ਆਰਮਸਟਰੋਂਗ ਨੇ ਮੌਡਰਨ ਸਾਅਮਿੱਲਜ਼ ਦੇ ਮੂਹਰਲੇ ਬੰਦੇ ਦੀ  ਭੂਮਿਕਾ ਨਿਭਾ ਕੇ ਕੀਤਾ। ਇਸ ਬਦਲੇ ਉਸ ਨੇ ਮਿੱਲ ਦਾ ਇੱਕ ਹਿੱਸਾ ਕਮਾਇਆ। ਜਦੋਂ ਖ੍ਰੀਦ ਦਾ ਕੰਮ ਮੁਕੰਮਲ ਹੋ ਗਿਆ, ਕਪੂਰ ਨੇ ਕੰਪਨੀ ਦਾ ਨਾਂ ਮੌਡਰਨ ਸਾਅਮਿੱਲਜ਼ ਤੋਂ ਬਦਲ ਕੇ ਕਪੂਰ ਸਾਅਮਿੱਲਜ਼ ਕਰ ਦਿੱਤਾ, ਬਚਾਅ ਨਾਲ ਇਹ ਦਿਸਣ ਲਾ ਦਿੱਤਾ ਕਿ ਇਸ ਕੰਪਨੀ ਦੇ ਮਾਲਕ ਸਾਊਥ ਏਸ਼ੀਅਨ ਸਨ।(17)

ਕਪੂਰ ਨੇ ਪੁਰਾਣੀ ਮਿੱਲ ਨਾਲ ਸਬੰਧਤ ਕਿਰਾਏ ਦੇ ਘਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਇੱਕ ਨਵਾਂ ਬੰਕ ਹਾਊਸ ਤੇ ਕੁੱਕ ਹਾਊਸ ਬਣਵਾ ਲਏ ਅਤੇ ਉਨ੍ਹਾਂ ਵਿੱਚ ਅਧੁਨਿਕ ਬਿਜਲੀ ਅਤੇ ਪਲੰਬਿੰਗ ਫਿੱਟ ਕਰਵਾ ਦਿੱਤੀ। ਉਹ ਆਪਣੀ ਮਿੱਲ ਲਈ ਗੇਲੀਆਂ ਖੁੱਲ੍ਹੀ ਮੰਡੀ ਵਿੱਚੋਂ ਖ੍ਰੀਦਦਾ ਅਤੇ ਫਿਰ 1943 ਵਿੱਚ ਉਸ ਨੇ ਵੈਨਕੂਵਰ ਟਾਪੂ `ਤੇ ਸੀ ਪੀ ਆਰ ਦੀ ਇਸਕੁਆਮਾਲਟ ਐਂਡ ਨਨਾਇਮੋ ਰੇਲਵੇ ਤੋਂ ਦਰੱਖਤ ਕੱਟਣ ਦੇ ਅਧਿਕਾਰ ਖ੍ਰੀਦ ਲਏ। ਦਰੱਖਤ ਕੱਟਣ ਦੇ ਅਧਿਕਾਰ ਖੇਤਰ ਦੀ ਸੀਮਾ ਸ਼ਾਨੀਗਨ ਝੀਲ ਤੋਂ ਕੁਝ ਕਿਲੋਮੀਟਰ `ਤੇ ਨੌਂ ਸੌ ਮੀਟਰ ਉੱਚੇ ਕੋਕਸੀਲਾਹ ਰੈੱਜ, ਸੂਕ ਝੀਲ `ਤੇ ਉਸਦੇ ਪੁਰਾਣੇ ਥਾਂ ਦੇ ਉੱਤਰ ਅਤੇ ਪੂਰਬ ਵਿੱਚ, ਅਤੇ ਟਾਪੂ ਦੇ ਪੂਰਬੀ ਤੱਟ ਦੇ ਨੇੜੇ ਤੱਕ ਸੀ। ਰੇਲਵੇ ਤੋਂ ਸਲਾਨਾ ਵਾਧੇ ਨਾਲ ਉਸ ਨੇ ਪੰਜ ਸਾਲਾਂ ਵਿੱਚ ਚੌਦਾਂ ਹਜ਼ਾਰ ਏਕੜ ਤੱਕ ਆਪਣਾ ਘੇਰਾ ਵਧਾ ਲਿਆ। ਉਸ ਨੇ  ਦਸ ਕਿਲੋਮੀਟਰ ਲੰਬੀ ਬੱਜਰੀ ਦੀ ਸੜਕ ਬਣਵਾਈ ਅਤੇ  ਕੋਕਸਿਲਾਹ ਦਰਿਆ ਦੇ ਨਾਲ ਹੋਰ ਜਾਇਦਾਦਾਂ ਵਿੱਚੋਂ ਲਾਂਘੇ ਦੇ ਅਧਿਕਾਰ ਲੈ ਲਏ। ਇਹ ਬਣਾਉਣ ਨਾਲ ਉਹ ਵੈਨਕੂਵਰ ਦੇ ਜਾਣੇ-ਪਛਾਣੇ ਪੱਤਰਕਾਰ, ਨੱਚਣ-ਗਾਉਣ ਮੰਡਲੀ ਦੇ ਪ੍ਰਬੰਧਕ ਅਤੇ ਕਲਾ ਪ੍ਰੇਮੀ, ਲਿਲੀ ਲੇਵਰਲੌਕ ਨਾਲ ਮੁਕੱਦਮੇ ਵਿੱਚ ਉਲਝ ਗਿਆ। ਉਸਦੀ ਜ਼ਮੀਨ ਰਾਹ ਵਿੱਚ ਪੈਂਦੀ ਸੀ ਅਤੇ ਉਸਦਾ ਇਤਰਾਜ਼ ਸੀ ਕਿ ਸੜਕ ਨਾਲ ਇਲਾਕੇ ਦੀ ਸੁੰਦਰਤਾ `ਤੇ ਅਸਰ ਪਵੇਗਾ। ਪਰ ਇਸ ਨਾਲ ਕਪੂਰ ਰੁਕਿਆ ਨਹੀਂ। ਉਸ ਨੇ ਕੈਂਪ ਸਥਾਪਤ ਕਰ ਲਿਆ ਅਤੇ ਲੌਗਰਾਂ ਨੂੰ ਨੌਕਰੀ ਦੇ ਕੇ ਕੰਮ ਸ਼ੁਰੂ ਕਰ ਦਿੱਤਾ। ਕੁਝ ਕਾਮੇ ਡੰਕਨ ਤੋਂ ਕਾਰ ਰਾਹੀਂ ਆਉਂਦੇ ਅਤੇ ਹੋਰ ਕੈਂਪ ਵਿੱਚ ਹੀ ਬੰਕਹਾਊਸਾਂ ਵਿੱਚ ਰਹਿੰਦੇ। ਉਸ ਕੋਲ ਸੂਕ ਝੀਲ ਵਿੱਚ ਟਰੱਕ ਤੇ ਹੋਰ ਸਾਜ਼ੋ-ਸਮਾਨ ਸੀ, ਜਿਹੜਾ ਉਹ ਹੁਣ ਨਵੇਂ ਥਾਂ `ਤੇ ਲੈ ਗਏ। ਉਸਦੇ ਆਪਣੇ ਬੰਦੇ, ਜਿਨ੍ਹਾਂ ਵਿੱਚ ਬਹੁਤ ਸਾਰੇ ਸਵੀਡਨ ਤੋਂ ਵੀ ਸਨ, ਦਰੱਖਤਾਂ ਦਾ ਬਹੁਤਾ ਕੰਮ ਸੰਭਾਲ ਲੈਂਦੇ ਸਨ ਪਰ ਉਹ ਗੇਲੀਆਂ ਦਾ ਕੁਝ ਕੰਮ ਉਪ-ਠੇਕੇ `ਤੇ ਵੀ ਦਿੰਦਾ।

ਗੇਲੀਆਂ ਨੂੰ ਉਹ ਸ਼ਵਾਨੀਗਨ ਤੋਂ ਬੱਜਰੀ ਦੀ ਸੜਕ ਰਾਹੀਂ ਟਰੱਕਾਂ `ਤੇ ਲੱਦ ਕੇ ਨੇੜਲੇ ਰੇਲਵੇ ਸਾਈਡਿੰਗ ਤੱਕ ਲਿਜਾਂਦੇ ਅਤੇ ਰੇਲ ਰਾਹੀਂ ਬਹੁਤ ਥੋੜ੍ਹੀ ਦੂਰੀ `ਤੇ ਮਿੱਲ ਬੇਅ ਦੇ ਸਮੁੰਦਰੀ ਤੱਟ ਤੱਕ  ਲਿਜਾਂਦੇ ਅਤੇ ਉੱਥੋਂ ਜੌਰਜੀਆ ਸਟਰੇਟ ਰਾਹੀਂ 120 ਕਿਲੋਮੀਟਰ ਦੂਰੀ `ਤੇ ਬੁਰਾਰਡ ਇਨਲਿੱਟ ਤੱਕ ਲੌਗ ਬੂਮਜ਼ ਨੂੰ ਟੋਅ ਕਰਕੇ ਲਿਜਾਂਦੇ।  ਬਾਰਨੈੱਟ ਪਹੁੰਚ ਕੇ ਇੱਕ ਕਿਲੋਮੀਟਰ ਤੱਕ ਮਿੱਲ ਦੇ ਕਿਨਾਰੇ ਬੂਮ ਤਰਦੇ। ਮਿੱਲ ਵਿੱਚੋਂ ਤਿਆਰ ਲੱਕੜ ਸੀ ਪੀ ਆਰ ਦੇ ਖੁੱਲ੍ਹੇ ਡੱਬਿਆਂ ਰਾਹੀਂ ਬਾਹਰ ਜਾਂਦਾ। ਇਹ ਸੌਦੇ ਦਾ ਹੀ ਇੱਕ ਹਿੱਸਾ ਸੀ ਕਿ ਉਨ੍ਹਾਂ ਦੇ ਜੰਗਲਾਂ ਵਿਚਲੇ ਦਰੱਖਤਾਂ ਤੋਂ ਤਿਆਰ ਹੋਈ ਲੱਕੜ ਉਨ੍ਹਾਂ ਦੀ ਰੇਲ ਰਾਹੀਂ ਹੀ ਬਾਹਰ ਜਾਵੇਗੀ।(18) ਰੇਲ ਰਾਹੀਂ ਢੁਆਈ ਦੇ ਖਰਚ ਨੂੰ ਘਟਾਉਣ ਲਈ ਕਪੂਰ ਨੇ ਬਾਰਨੈੱਟ ਮਿੱਲ `ਤੇ ਭੱਠਾ ਬਣਵਾ ਲਿਆ ਤਾਂ ਕਿ ਉਨ੍ਹਾਂ ਨੂੰ ਭਾਰੀ ਹਰੀ ਲੱਕੜ ਨਾ ਲੱਦਣੀ ਪਵੇ ਅਤੇ ਉਸਦੀ ਥਾਂ ਭੱਠੇ ਨਾਲ ਸੁਕਾਈ ਹਲਕੀ ਲੱਕੜ ਭੇਜਣ।

ਬਾਰਨੈੱਟ ਵਾਲੀ ਮਿੱਲ ਨੇ ਪਰਿਵਾਰ ਨੂੰ ਹਫਤੇ ਦੇ ਅੰਤ `ਤੇ ਕਿਤੇ ਜਾਣ ਲਈ ਇੱਕ ਹੋਰ ਟਿਕਾਣਾ ਦੇ ਦਿੱਤਾ। ਉਨ੍ਹਾਂ ਦੇ ਛੋਟੇ ਰਿਸ਼ਤੇ `ਚੋਂ ਲਗਦੇ ਭੈਣ-ਭਰਾ ਉੱਥੇ ਰਹਿੰਦੇ ਸਨ: ਭੈਣ ਦਲਜੀਤ, ਗੁਰਮੀਤ ਅਤੇ ਹਰਜੀਤ ਅਤੇ ਉਨ੍ਹਾਂ ਦਾ ਮਤਰੇਆ ਵੱਡਾ ਭਰਾ ਹਰਦੇਵ, ਜਿਸਦਾ ਪਿਤਾ ਗੁਰਦਿਆਲ ਸਿੰਘ ਤੇਜਾ (ਉਹੀ ਗੁਰਦਿਆਲ ਜਿਹੜਾ ਮੇਓ `ਤੇ ਲੜਾਈ-ਝਗੜਿਆਂ ਲਈ ਮਸ਼ਹੂਰ ਸੀ) ਕਪੂਰ ਦੀ ਮਿੱਲ ਵਿੱਚ ਹੀ ਕੰਮ ਕਰਦਾ ਸੀ। ਬਾਰਨੈੱਟ ਮਿੱਲ ਖੁੱਲ੍ਹਣ ਤੋਂ ਪਹਿਲਾਂ ਤੇਜਾ ਪਰਿਵਾਰ ਡੰਕਨ ਅਤੇ ਪੋਰਟ ਅਲਬਰਨੀ ਰਹਿੰਦਾ ਸੀ। ਬਾਰਨੈੱਟ `ਤੇ ਉਨ੍ਹਾਂ ਕੋਲ ਮਿੱਲ ਦੇ ਪਾਣੀ ਵਿੱਚ ਤਰਦੇ ਘਰ ਵਿੱਚ ਅਸਥਾਈ ਟਿਕਾਣਾ ਸੀ। ਉੱਥੇ ਗੇਲੀਆਂ ਦੇ ਬੂਮ ਵਿਚਾਲੇ ਦੋ ਤਰਦੇ ਘਰ ਹੁੰਦੇ ਸਨ। ਬਾਰਨੈੱਟ ਪਿੰਡ ਵਿੱਚ ਹਾਈਵੇ ਉਪਰ ਇੱਕ ਕਮਰੇ ਵਾਲੇ ਸਕੂਲ ਵਿੱਚ ਬੱਚੇ ਪੜ੍ਹਦੇ ਸਨ ਅਤੇ ਵਾਧੂ ਸਮੇਂ ਦੌਰਾਨ ਉਹ ਸਕੂਲ ਦੇ ਮੈਦਾਨ ਅਤੇ ਮਿੱਲ ਦੇ ਤਖਤਿਆਂ ਵਾਲੇ ਵੇਹੜੇ ਵਿੱਚ ਖੇਡਦੇ। ਉਨ੍ਹਾਂ ਦੀਆਂ ਖੇਡਾਂ ਵਿੱਚ ਗੇਂਦ ਨੂੰ ਬੁੜਕਾਉਣਾ, ਟੱਪਣਾ, ਜਾਂ ਉਹ ਖੇਡਾਂ ਹੁੰਦੀਆਂ ਜਿਨ੍ਹਾਂ ਵਿੱਚ ਇਸ਼ਾਰਿਆਂ ਦੇ ਨਾਲ ਲੱਭਣਾ ਅਤੇ ਬੁੱਝਣਾ ਹੁੰਦਾ।  ਉਨ੍ਹਾਂ ਕੋਲ ਇੱਕ ਜਰਸੀ ਗਾਂ ਸੀ, ਉਹ ਉਸ ਨੂੰ ਚਾਰਾ ਪਾਉਣਾ ਪਸੰਦ ਕਰਦੇ, ਭਾਵੇਂ ਪਹਿਲਾਂ ਉਹ  ਉਸਦਾ ਦੁੱਧ ਪੀਣ ਤੋਂ ਇਨਕਾਰੀ ਸਨ।(19) ਉਹ ਦੁਕਾਨਾਂ ਤੋਂ ਬੋਤਲਾਂ ਵਿੱਚ ਮਿਲਦੇ ਦੁੱਧ ਨੂੰ ਤਰਜੀਹ ਦਿੰਦੇ ਸਨ। ਗਾਂ ਪਾਲਤੂ ਸੀ ਜਿਹੜੀ ਉਨ੍ਹਾਂ ਦੀ ਮਾਂ ਦੇ ਮੋਢੇ ਤੇ ਆਪਣਾ ਬੁਥਾੜ ਰੱਖ ਕੇ ਤੁਰਦੀ। ਛੋਟੇ ਸਕੂਲ ਦੇ ਕਾਮੇ ਮਾਪਿਆਂ ਦੇ ਗੋਰੇ ਬੱਚੇ ਉਨ੍ਹਾਂ ਨੂੰ ਹਠ ਨਾਲ ਆਪਣੇ ਨਾਲ ਨਾ ਰਲਾਉਂਦੇ। ਸਕੂਲ ਦੇ ਵੇਹੜੇ ਵਿੱਚ ਉਹ ਸੌਫਟਬਾਲ ਖੇਡਣ ਲਈ ਜੁੜਦੇ ਪਰ ਉਨ੍ਹਾਂ ਨੂੰ ਕਦੇ ਬੈਟ ਨਾਲ ਵਾਰੀ ਨਾ ਮਿਲਦੀ, ਇਸ ਬਾਰੇ ਉਹ ਫਰਜ਼ ਕਰ ਲੈਂਦੇ ਕਿ ਇਹ ਉਨ੍ਹਾਂ ਦੇ ਸਾਊਥ ਏਸ਼ੀਅਨ ਹੋਣ ਕਰਕੇ ਸੀ। ਬਹੁਤ ਸਾਲਾਂ ਬਾਅਦ ਜਦੋਂ ਦਲਜੀਤ ਆਪਣੀ ਹਮ ਜਮਾਤਣ ਨੂੰ ਬਾਰਨੈੱਟ ਪਿੰਡ ਬਾਰੇ ਯਾਦਾਂ ਦੇ ਸੰਗ੍ਰਹਿ ਵਿੱਚ ਹਿੱਸਾ ਪਾਉਂਦਿਆਂ ਮਿਲੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਗੈਰ-ਮਿੱਤਰਤਾ ਵਾਲੇ ਵਤੀਰੇ ਦਾ ਸਬੰਧ ਧਨ ਨਾਲ ਸੀ, ਨਸਲ ਨਾਲ ਨਹੀਂ। ਗੋਰੇ ਪਰਿਵਾਰ ਮੰਦਵਾੜੇ ਵਿੱਚੋਂ ਬਹੁਤੇ ਔਖੇ ਸਮੇਂ ਦੇਖ ਕੇ ਬਾਹਰ ਆਏ ਸਨ ਅਤੇ ਤੇਜਾ ਪਰਿਵਾਰ ਹਮੇਸ਼ਾ ਸਾਫ-ਸੁਥਰੀਆਂ ਅਤੇ ਵਧੀਆ ਪੁਸ਼ਾਕਾਂ ਵਿੱਚ ਹੁੰਦਾ, ਉਹ ਮੁਕਾਬਲਤਨ ਜ਼ਿਆਦਾ ਅਮੀਰ ਲੱਗਦੇ ਸਨ।(20)

ਹਫਤੇ ਦੇ ਅੰਤ `ਤੇ ਜਦੋਂ ਕਪੂਰ ਆਪਣੇ ਪਰਿਵਾਰ ਨੂੰ ਮਿੱਲ `ਤੇ ਲੈ ਕੇ ਆਉਂਦਾ, ਬਸੰਤ ਕੌਰ ਤੇਜਾ ਬੱਚਿਆਂ ਨੂੰ ਪੰਜਾਬੀ ਸਿਖਾਉਂਦੀ। ਕਦੇ -ਕਦੇ ਉਹ ਮਿੱਲ ਦੇ ਥਾਂ ਵਿਚਲੀ ਰੋੜੀਆਂ ਵਾਲੀ ਬੀਚ `ਤੇ ਕੰਬਲ ਵਿਛਾਅ ਕੇ ਬੈਠ ਜਾਂਦੇ ਪਰ ਆਮ ਕਰਕੇ ਬੰਕਹਾਊਸ ਦੇ ਕਮਰੇ ਵਿੱਚ ਬੈਠਦੇ। ਕਪੂਰ ਆਮ ਹੀ ਉਨ੍ਹਾਂ ਨੂੰ ਆਪਣੀ ਕਾਰ ਧੋਣ ਲਈ ਆਖਦਾ ਅਤੇ ਇਵਜ਼ਾਨੇ ਵਿੱਚ ਉਨ੍ਹਾਂ ਨੂੰ ਇਨਾਮ ਦਿੰਦਾ। ਉਹ ਵੀ ਕਪੂਰ ਪਰਿਵਾਰ ਦੇ ਘਰ ਪੈਸੇਫਿਕ ਸਟੇਜ ਕੋਚ ਬੱਸ ਰਾਹੀਂ ਵੈਨਕੂਵਰ ਜਾਂਦੇ ਅਤੇ ਫਿਰ ਸਟਰੀਟ ਕਾਰ  ਰਾਹੀਂ ਯੌਰਕ ਐਵੇਨੀਊ ਪਹੁੰਚਦੇ। ਇਹ ਵੱਡੀ ਮੁਹਿੰਮ ਹੁੰਦੀ ਪਰ ਉਨ੍ਹਾਂ ਲਈ ਇਹ ਖਾਸ ਦਿਨ ਹੁੰਦਾ ਕਿਉਂ ਕਿ ਹਰ ਵਾਰ ਉੱਥੇ ਗਿਆਂ ਨੂੰ ਆਈਸਕਰੀਮ ਮਿਲਦੀ ਸੀ।  ਹਫਤੇ ਅੰਤ `ਤੇ ਬਾਰਨੈੱਟ ਜਾਣਾ, ਜੈਕੀ ਤੇ ਸੁਰਜੀਤ ਲਈ ਵੀ ਖਾਸ ਹੁੰਦਾ। ਉਦਯੋਗਿਕ ਜਾਇਦਾਦ `ਤੇ ਬਾਹਰਵਰ ਦਾ ਅਨੁਭਵ ਉਨ੍ਹਾਂ ਨੂੰ ਮਨ-ਪ੍ਰਚਾਵਾ ਲਗਦਾ। ਉਹ ਤਰ ਰਹੀਆਂ ਗੇਲੀਆਂ `ਤੇ ਚੜ੍ਹਦੇ ਅਤੇ ਜੈਕੀ ਬੁਰਾਰਡ ਇਨਲੈੱਟ ਦੇ ਤਾਜ਼ੇ ਪਾਣੀ ਵਿੱਚ ਚੁੱਭੀ ਲਾਉਂਦੀ ਜਾਂ ਉਹ ਬੀਚ `ਤੇ ਤੁਰਦੇ  ਜਾਂ ਉਹ ਮਿੱਲ ਦੇ ਵੇਹੜੇ ਵਿੱਚ ਛੂਹਣ-ਛੁਪਾਈ ਖੇਡਦੀਆਂ। ਐਤਵਾਰ ਨੂੰ ਮਿੱਲ ਵਿੱਚ ਸ਼ਾਂਤੀ ਹੁੰਦੀ ਸਿਰਫ ਮਿੱਲਰਾਈਟ ਹੀ ਕੰਮ ਕਰਦੇ ਹੁੰਦੇ ਅਤੇ ਮਿੱਲ ਦੇ ਵੇਹੜੇ ਵਿੱਚ ਫੱਟਿਆਂ ਦੀਆਂ ਧਾਕਾਂ ਤੋਂ ਸਿਵਾਏ ਕੁਝ ਨਾ ਹੁੰਦਾ। ਇਹ ਬੱਚਿਆਂ ਲਈ  ਖੇਡ ਦਾ ਮੈਦਾਨ ਬਣ ਜਾਂਦਾ। ਕਦੇ ਕਦਾਈਂ ਉਹ ਕਿਸੇ ਹਿਰਨ ਨੂੰ ਬੁਰਾਰਡ ਪਾਰ ਕਰਕੇ ਆਪਣੇ ਵੱਲ ਆਉਂਦਾ ਦੇਖਦੀਆਂ, ਹਿਰਨ ਬਰਨਬੀ ਮਾਊਂਟੇਨ ਦੇ ਵੱਡੇ ਹੋ ਰਹੇ ਦਰੱਖਤਾਂ ਵੱਲ ਨਿਕਲ ਜਾਂਦਾ।  ਮੁਰਗਾਬੀਆਂ ਅਤੇ  ਸਮੁੰਦਰੀ ਕਿਨਾਰੇ ਵਾਲੇ ਪੰਛੀਆਂ ਨੂੰ ਦੇਖਣ ਅਤੇ ਸੁਨਣ ਲਈ ਇਹ ਢੁੱਕਵਾਂ ਥਾਂ ਸੀ।  ਉਹ ਐਤਵਾਰ ਨੂੰ ਆਪਣੇ ਪਿਤਾ ਨਾਲ ਬਿਤਾਏ ਉਸ ਸਮੇਂ ਦਾ ਸੁਆਦ ਲੈਂਦੀਆਂ, ਜਾਇਦਾਦ ਦੇ ਕਿਨਾਰੇ ਤੱਕ ਉਸਦੇ ਨਾਲ ਨਾਲ ਤੁਰਦੀਆਂ ਅਤੇ ਉਹ ਮਿੱਲ ਬਾਰੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਉਨ੍ਹਾਂ ਨੂੰ ਦੱਸਦਾ ਅਤੇ ਉਹ ਸੁਣਦੀਆਂ।(21)

ਮਿੱਲ ਵਿੱਚ ਕਪੂਰ ਦੇ ਦਫਤਰ ਦੀ ਕੰਧ ਉੱਪਰ ਵੈਨਕੂਵਰ ਟਾਪੂ ਦਾ ਨਕਸ਼ਾ ਲੱਗਾ ਹੋਇਆ ਸੀ, ਅਤੇ ਉਹ ਪ੍ਰਾਹੁਣਿਆਂ ਨੂੰ ਆਪਣੇ ਕਾਰੋਬਾਰ ਦੇ ਭੂਗੋਲ, ਲੌਗਾਂ ਦੇ ਭੰਡਾਰ ਅਤੇ ਮਿੱਲ ਬੇਅ ਤੱਕ ਦੇ ਰੂਟ ਬਾਰੇ ਦੱਸਣ ਲਈ ਤਿਆਰ ਰਹਿੰਦਾ। ਇਹ ਨਕਸ਼ਾ ਅਤੇ ਮੇਓ ਵਾਲੇ ਘਰ ਵਿਚ ਮੋਮੀ ਕਾਗਜ਼ ਵਾਲੇ ਮੇਜ਼ਪੋਸ਼ ਉੱਪਰਲਾ ਦੁਨੀਆਂ ਦਾ ਨਕਸ਼ਾ ਜੈਕੀ ਅਤੇ ਸੁਰਜੀਤ ਲਈ ਜਾਣੇ-ਪਛਾਣੇ ਚਿੱਤਰ ਸਨ, ਬ੍ਰਹਿਮੰਡ ਵਿੱਚ ਉਨ੍ਹਾਂ ਦੀ ਥਾਂ ਦੀ ਸ਼ਨਾਖਤ ਕਰਨ ਵਾਲੇ। ਕਪੂਰ ਅਤੇ ਬਸੰਤ ਕੌਰ ਨੇ ਉਨ੍ਹਾਂ ਲਈ ਅਮੀਰ  ਕਨੇਡੀਅਨ ਤਜਰਬਾ ਪੈਦਾ ਕਰ ਦਿੱਤਾ ਸੀ: ਸ਼ਹਿਰ ਦੀ ਜ਼ਿੰਦਗੀ ਅਤੇ ਸ਼ਹਿਰ ਦਾ ਸਕੂਲ , ਜਿੱਥੇ ਉਹ ਮਾਰਥਾ ਮਕੈਨਜ਼ੀ ਵਰਗੀਆਂ ਸਹੇਲੀਆਂ ਦੇ ਸਾਥ ਵਿੱਚ ਵੱਡੀਆਂ ਹੋਈਆਂ ਅਤੇ ਨਾਲ ਦੀ ਨਾਲ ਹੀ ਕੁਦਰਤ ਦੇ ਨੇੜੇ ਵੀ ਸਮਾਂ ਬਿਤਾਇਆ ਜਿਵੇਂ ਸੂਕ ਝੀਲ, ਸ਼ਾਨੀਗਨ ਝੀਲ ਜਾਂ ਇੱਥੋਂ ਤੱਕ ਕਿ ਬੁਰਾਰਡ ਇਨਲੈੱਟ `ਤੇ ਵੀ ਭਾਵੇਂ ਹਮੇਸ਼ਾ ਪਿੱਠ-ਭੂਮੀ `ਤੇ ਉਦਯੋਗ ਹੀ ਰਿਹਾ, ਜਿਸ ਨੂੰ ਉਨ੍ਹਾਂ ਨੇ ਵਾਤਾਵਰਣ ਦੇ ਹਿੱਸੇ ਦੇ ਤੌਰ `ਤੇ ਹੀ ਕਬੂਲ ਲਿਆ।

ਉਹ ਸ਼ਹਿਰ ਵਿੱਚ ਵੀ ਆਪਣੇ ਮਾਪਿਆਂ ਦੇ ਪੰਜਾਬੀ ਦੋਸਤਾਂ ਦੇ ਘਰੀਂ ਜਾਂਦੀਆਂ ਅਤੇ ਆਪਣੇ ਅੰਕਲਾਂ, ਆਂਟੀਆਂ ਅਤੇ ਰਿਸ਼ਤੇਦਾਰੀਆਂ `ਚੋਂ ਭੈਣ-ਭਰਾਵਾਂ ਨੂੰ ਮਿਲਦੀਆਂ ਅਤੇ ਉਹ ਸੈਕਿੰਡ ਐਵੇਨਿਊ ਵਾਲੇ ਗੁਰਦਵਾਰੇ ਜਾਂ ਐਬਸਫੋਰਡ ਵਾਲੇ ਗੁਰਦਵਾਰੇ ਵਿੱਚ ਤਿਉਹਾਰਾਂ `ਤੇ ਜਾਂਦੀਆਂ। ਅਜੇਹੇ ਖਾਸ ਮੌਕਿਆਂ `ਤੇ ਬਸੰਤ ਕੌਰ ਹੋਰ ਔਰਤਾਂ ਨਾਲ ਲੱਗ ਕੇ ਗੁਰਦਵਾਰੇ ਦੀ ਰਸੋਈ ਵਿੱਚ ਲੰਗਰ ਬਣਾਉਣ ਦੀ ਸੇਵਾ ਕਰਦੀ। ਕਪੂਰ ਗੁਰਦਵਾਰੇ ਦੀ ਸਿਆਸਤ ਤੋਂ ਪਾਸੇ ਰਹਿੰਦਾ। ਉਹ ਕਲੀਨ ਸ਼ੇਵ ਹੋਣ ਕਰਕੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰ ਵੀ ਨਹੀਂ ਸੀ ਸਕਦਾ। ਪਰ ਜਦੋਂ ਕਮੇਟੀ ਧਨ ਲਈ ਪੁੱਛਦੀ ਤਾਂ ਉਹ ਅੱਗੇ ਆ ਜਾਂਦਾ। ਵੈਨਕੂਵਰ ਮੂਵ ਹੋਣ ਦੇ ਸਾਲ ਅੰਦਰ ਹੀ ਉਸ ਨੇ ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦਾ ਮੋਜ਼ੈਕ ਖ੍ਰੀਦ ਕੇ ਦਿੱਤਾ। ਜਿਹੜਾ ਵੀਨਸ ਦੇ ਕੱਚ ਵਿੱਚ ਫਰਾਂਸੀਸੀ ਮੀਨਾਕਾਰੀ ਵਾਲਾ ਸੀ(22). ਸਿੱਖਾਂ ਨੇ ਇਸ ਨੂੰ ਆਪਣੇ ਅਠਾਈ ਸਾਲ ਪੁਰਾਣੇ ਗੁਰਦਵਾਰੇ ਦੇ ਮੂਹਰੇ ਲਾ ਦਿੱਤਾ, ਜਦੋਂ ਉਹ ਵੈਨਕੂਵਰ ਦੀ ਗੋਲਡਨ ਜੁਬਲੀ ਵੇਲੇ ਇਸ ਨੂੰ ਨਵੀਂ ਦਿੱਖ ਪ੍ਰਦਾਨ ਕਰ ਰਹੇ ਸਨ। ਉਹ ਇਮਾਰਤ ਬਹੁਤ ਪਹਿਲਾਂ ਵੇਚ ਦਿੱਤੀ ਗਈ ਅਤੇ ਢਾਹ ਦਿੱਤੀ ਗਈ ਸੀ, ਪਰ ਇਹ ਮੋਜ਼ੈਕ 1969 ਵਿੱਚ ਪੁਰਾਣੇ ਗੁਰਦਵਾਰੇ ਦੀ ਥਾਂ ਨਵੇਂ ਬਣੇ ਗੁਰਦਵਾਰੇ ਦੇ ਮੁੱਖ ਦਰਵਾਜ਼ੇ `ਤੇ ਲੱਗ ਗਿਆ।

ਆਪਣੇ ਮਾਪਿਆਂ ਦੀ ਮੇਹਰਬਾਨੀ ਸਦਕਾ ਕੁੜੀਆਂ ਭਾਰਤ ਅਤੇ ਇਸਦੇ ਸਭਿਆਚਾਰ ਨਾਲ ਡੂੰਘਾਈ ਨਾਲ ਜੁੜ ਕੇ ਵੱਡੀਆਂ ਹੋਈਆਂ, ਇਸ ਲਈ ਉਹ ਕਨੇਡੀਅਨ ਬੱਚੇ ਸਨ, ਜਿਹੜੇ ਆਪਣੀਆਂ ਜੜ੍ਹਾਂ ਤੋਂ ਜਾਣੂੰ ਸਨ ਤੇ ਇਸਦਾ ਖਜ਼ਾਨਾ ਉਨ੍ਹਾਂ ਕੋਲ ਸੀ।  ਉਹ ਪੰਜਾਬੀ ਬੋਲ ਲੈਂਦੀਆਂ ਸਨ ਅਤੇ ਬਚਪਨ ਤੋਂ ਹੀ ਸਿੱਖ ਧਰਮ ਦੀ ਸਵੇਰ ਅਤੇ ਸ਼ਾਮ ਦੀ ਬਾਣੀ, ਜਪੁਜੀ ਅਤੇ ਸੋਦਰ ਰਹਿਰਾਸ ਦਾ ਪਾਠ ਕਰਦੀਆਂ ਸਨ ਅਤੇ ਨਾਲ ਹੀ ਗੁਰੂ ਨਾਨਕ ਦੀ ਆਸਾ ਦੀ ਵਾਰ ਦੀਆਂ ਚੌਵੀ ਪਾਉੜੀਆਂ ਦਾ ਪਾਠ ਵੀ ਕਰਦੀਆਂ। ਲਗਾਤਾਰ ਮਾਂ ਦੇ ਰੂਪ ਅਤੇ ਉਸਦਾ ਮਾਲਾ ਦੇ ਮਣਕੇ ਫੇਰਦਿਆਂ ਸ਼ਾਤੀ ਨਾਲ ਭਰਿਆ ਹੋਣਾ ਅਤੇ ਕਿਤੇ ਜਾਣ ਵੇਲੇ ਲਗਾਤਾਰ ਹੌਲੀ ਆਵਾਜ਼ ਵਿੱਚ 'ਸਤਿਨਾਮ' ਬੋਲ ਕੇ  ਪ੍ਰਮਾਤਮਾ ਨੂੰ ਯਾਦ ਕਰਨਾ ਉਨ੍ਹਾਂ ਸਾਹਮਣੇ ਭਗਤੀ ਦੀ ਲਗਾਤਾਰ ਮਿਸਾਲ ਸੀ। ਮਾਂ-ਪਿਓ ਦੋਨਾਂ ਨੇ ਉਨ੍ਹਾਂ ਨੂੰ ਵਿਸ਼ਵ-ਵਿਆਪੀ ਧਾਰਮਿਕ ਰੰਗ-ਢੰਗ ਲਈ  ਉਤਸ਼ਾਹਤ ਕੀਤਾ, ਅਤੇ ਸਿੱਖ ਧਰਮ ਉਨ੍ਹਾਂ ਲਈ ਮਹੱਤਵਪੂਰਨ ਸੀ ਪਰ ਉਨ੍ਹਾਂ `ਤੇ ਸਾਰੇ ਦੇ ਸਾਰੇ ਰਵਾਇਤੀ ਰੀਤੀ-ਰਿਵਾਜ ਥੋਪੇ ਨਹੀਂ ਗਏ। ਆਪਣੇ ਬਚਪਨ ਵੱਲ ਪਿਛਲਝਾਤ ਮਾਰਦੇ ਸੁਰਜੀਤ ਨੂੰ ਯਾਦ ਨਹੀਂ ਕਿ ਕਦੇ ਵੀ ਸਿੱਖਾਂ ਦਾ ਪਵਿੱਤਰ ਗਰੰਥ 'ਗੁਰੂ ਗਰੰਥ ਸਾਹਿਬ' ਉਨ੍ਹਾਂ ਦੇ ਘਰ ਹੋਵੇ।(23) ਜਿਹੜਾ ਕੁੱਝ ਉਸ ਨੂੰ ਯਾਦ ਸੀ, ਉਸ ਅਨੁਸਾਰ ਪਰਿਵਾਰ ਦੀ ਲਾਇਬ੍ਰੇਰੀ  ਗਾਂਧੀ, ਟੈਗੋਰ, ਸਰੋਜਨੀ ਨਾਈਡੂ, ਵਿਵੇਕਾਨੰਦ ਅਤੇ ਹੋਰ ਮਸ਼ਹੂਰ ਭਾਰਤੀ ਕਵੀਆਂ ਅਤੇ ਸੰਤਾਂ ਦੀਆਂ ਕਿਤਾਬਾਂ ਨਾਲ ਭਰੀ ਪਈ ਸੀ। ਉਸ ਨੂੰ ਰੇਡੀਓ `ਤੇ ਕ੍ਰਿਸਮਸ ਦੀਆਂ ਸੇਵਾਵਾਂ ਸੁਨਣਾ ਅਤੇ ਥੀਓਸੌਫੀਕਲ ਬੈਠਕਾਂ ਵਿੱਚ ਜਾਣਾ ਵੀ ਯਾਦ ਸੀ। ਆਪਣੇ ਪਰਿਵਾਰ ਦੇ ਸੁਰੱਖਿਅਤ ਘੇਰੇ ਦੇ ਅੰਦਰ, ਜੈਕੀ ਤੇ ਸੁਰਜੀਤ ਪੂਰਬ ਅਤੇ ਪੱਛਮ ਦੀਆਂ ਅਧਿਆਤਮਕ ਰਵਾਇਤਾਂ ਦਾ ਏਕੀਕਰਨ ਕਰਨਾ ਸੁਭਾਵਿਕ ਹੀ ਸਿੱਖ ਗਈਆਂ।

Read 115 times Last modified on Tuesday, 01 May 2018 12:34