You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»11. ਕਿਲੇ ਦੇ ਮੋਤੀ - ਵੋਟ ਦੇ ਹੱਕ ਤੋਂ ਵਾਂਝੇ ਨਾਗਰਿਕ

ਲੇਖ਼ਕ

Tuesday, 01 May 2018 12:19

11. ਕਿਲੇ ਦੇ ਮੋਤੀ - ਵੋਟ ਦੇ ਹੱਕ ਤੋਂ ਵਾਂਝੇ ਨਾਗਰਿਕ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਕਨੇਡਾ ਵਿੱਚ ਪਹੁੰਚਣ ਵੇਲੇ ਤੋਂ ਹੀ ਕਪੂਰ ਅਤੇ ਉਸਦੇ ਹਮਵਤਨੀਆਂ ਲਈ ਕਮਾਈ ਕਰਨੀ ਅਤੇ ਯੋਗ ਵਿਹਾਰ ਲਈ ਲੜਾਈ ਲੜਣੀ ਬਰਾਬਰ ਦੀਆਂ ਤਰਜੀਹਾਂ ਸਨ। ਸਮੇਂ ਦੇ ਨਾਲ, ਦੂਜੇ ਦਰਜੇ ਦੇ ਸ਼ਹਿਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਮਦਨ ਵਧਾ ਕੇ ਅਤੇ ਜਾਇਦਾਦ ਬਣਾ ਕੇ ਗੌਲਣ ਯੋਗ ਮੱਲਾਂ ਮਾਰੀਆਂ।  ਆਰਥਿਕ ਸਫਲਤਾ ਨਾਲ ਉਹ ਯੋਗ ਵਿਹਾਰ ਵਾਸਤੇ ਸੰਘਰਸ਼  ਕਰਨ ਲਈ ਬੇਹਤਰ ਹਾਲਤ ਵਿੱਚ ਹੋ ਗਏ। ਇਸ ਨਾਲ ਉਹ ਆਪਣੀ ਆਵਾਜ਼ ਬੁਲੰਦ ਕਰਨ ਦੇ ਯੋਗ ਹੋਏ ਅਤੇ ਉਹ ਓਟਵਾ ਵਿੱਚ ਸਭ ਤੋਂ ਵੱਧ ਤਾਕਤਵਰ ਸਰਕਾਰੀ ਕਰਮਚਾਰੀਆਂ ਨੂੰ ਲਾਬੀ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ। ਉਹ ਇੱਕ ਚੰਗੇ ਬੁਲਾਰੇ ਦੀ ਕੀਮਤ ਪ੍ਰਤੀ ਵੀ ਚੌਕਸ ਸਨ ਅਤੇ ਉਹ ਨਿਰੰਤਰ ਭਾਰਤ ਤੋਂ ਕਿਸੇ ਵਿਅਕਤੀਗਤ ਗੁਣਾਂ ਅਤੇ ਯੋਗਤਾਵਾਂ ਵਾਲੇ ਬੰਦੇ ਦੀ ਭਾਲ ਵਿੱਚ ਰਹਿੰਦੇ ਜਿਹੜਾ ਕਨੇਡਾ ਦੇ ਰਾਜਸੀ ਆਗੂਆਂ ਉੱਪਰ ਹਿੱਤਕਾਰੀ ਪ੍ਰਭਾਵ ਪਾ ਸਕੇ। ਉਨ੍ਹਾਂ ਨੇ ਦਹਾਕਿਆਂ ਦੌਰਾਨ ਕਈ ਵਫਦ ਓਟਵਾ ਨੂੰ ਭੇਜੇ ਪਰ ਹਰ ਵਾਰ ਨਿਰਾਸ਼ ਹੁੰਦੇ, ਜਦੋਂ ਉਹ ਖਾਲੀ ਹੱਥ ਵਾਪਸ ਮੁੜ ਆਉਂਦੇ। ਪਰ ਇਤਿਹਾਸ ਉਨ੍ਹਾਂ ਦੇ ਹੱਕ ਵਿੱਚ ਸੀ। ਕਨੇਡੀਅਨਾਂ ਦਾ ਵਤੀਰਾ ਬਦਲੇਗਾ ਅਤੇ ਭਾਰਤ ਨੂੰ ਮਿਲੀ ਆਜ਼ਾਦੀ  ਅਖੀਰ ਆਪਣਾ ਪ੍ਰਭਾਵ ਪਾਏਗੀ। 1939 ਵਿੱਚ ਜੰਗ ਸ਼ੁਰੂ ਹੋਣ ਨਾਲ ਅੰਤ ਦੀ ਸ਼ੁਰੂਆਤ ਹੋਈ। ਇਸ ਮੌਕੇ ਦੀ ਸੰਭਾਵਨਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਸਨ।

ਦੂਜੀ ਸੰਸਾਰ ਜੰਗ ਦੇ ਸ਼ੁਰੂ ਵੇਲੇ ਚਚੇਰਾ ਭਰਾ, ਅਜਾਇਬ (ਹੁਣ ਸੋਲ੍ਹਾਂ ਸਾਲ ਦਾ ਸੀ) ਕੁਝ ਸਮੇਂ ਲਈ ਯੌਰਕ ਐਵੇਨੀਊ `ਤੇ ਰਿਹਾ। ਸੱਤ ਸਾਲ ਦੀ ਉਮਰ ਤੋਂ ਉਹ ਮੇਓ ਸਾਈਡਿੰਗ ਅਤੇ ਸੂਕ ਝੀਲ ਵਾਲੇ ਕਪੂਰ ਪਿੰਡ ਵਿੱਚ ਵੱਡਾ ਹੋਇਆ ਅਤੇ ਉੱਥੇ ਇੱਕ ਕਮਰੇ ਵਾਲੇ ਸਕੂਲ ਵਿੱਚ ਗਿਆ।  ਸਤੰਬਰ 1939 ਵਿੱਚ ਉਹ ਹਾਈ ਸਕੂਲ ਵਿੱਚ ਇੱਕ ਸਾਲ ਲਾਉਣ ਲਈ ਵੈਨਕੂਵਰ ਆਇਆ। ਉਸਦਾ ਪਿਤਾ, ਨਿਰੰਜਣ ਬਾਰਨੈੱਟ ਮਿੱਲ `ਤੇ ਬੰਕਹਾਊਸ ਵਿੱਚ ਰਹਿੰਦਾ ਸੀ ਪਰ ਅਜਾਇਬ ਕੈਟਸੀਲੇਨੋ ਹਾਈ ਸਕੂਲ ਦੇ ਨੇੜੇ, ਕਪੂਰ ਦੇ ਪਰਿਵਾਰ ਨਾਲ ਠਹਿਰਿਆ।

ਜਿਉਂ ਹੀ ਇਹ ਵਾਪਰਿਆ, ਅਜਾਇਬ 3 ਸਤੰਬਰ ਨੂੰ ਵਿਕਟੋਰੀਆ ਤੋਂ ਚੱਲ ਪਿਆ, ਅਤੇ ਜਦੋਂ ਉਹ ਵੈਨਕੂਵਰ ਪਹੁੰਚਿਆ, ਉਸ ਨੇ ਬਰਤਾਨੀਆ ਵੱਲੋਂ ਜਰਮਨੀ ਵਿਰੁੱਧ ਜੰਗ ਦੀ ਘੋਸ਼ਣਾ ਦੀਆਂ ਅਖਬਾਰ ਵਿੱਚ ਸੁਰਖੀਆਂ ਦੇਖੀਆਂ। ਕੁਝ ਸਾਲ ਬਾਅਦ ਅਤੇ ਜੰਗ ਮੁੱਕਣ ਤੋਂ ਪਹਿਲਾਂ ਉਹ ਬਰਾਡਵੇਅ ਸਟਰੀਟ `ਤੇ ਸਥਿੱਤ ਵੈਨਕੂਵਰ ਟੈਕਨੀਕਲ ਸਕੂਲ ਤੋਂ ਪਾਸ ਹੋ ਗਿਆ ਅਤੇ ਰੌਇਲ ਕਨੇਡੀਅਨ ਏਅਰ ਫੋਰਸ ਵਾਸਤੇ ਵਲੰਟੀਅਰ ਕੰਮ ਕਰਨ ਲੱਗਾ। ਇਹ ਸੇਵਾ ਉਸ ਨੇ ਮਕੈਨਿਕ ਦੇ ਤੌਰ `ਤੇ ਸਸਕੈਚਵਨ ਵਿੱਚ ਕੌਮਨਵੈਲਥ ਏਅਰ ਟਰੇਨਿੰਗ ਪ੍ਰੋਗਰਾਮ ਦੀ ਸਹਾਇਤਾ ਲਈ ਨਿਭਾਈ। ਏਅਰ ਫੋਰਸ ਵਿੱਚ ਵੜਣ ਲਈ ਉਸਦੇ ਪ੍ਰਿੰਸੀਪਾਲ, ਜੇਮਜ਼ ਸਿੰਕਲੇਅਰ ਨੇ ਉਸਦੀ ਤਕੜੀ ਸਹਾਇਤਾ ਕੀਤੀ। ਉਸ ਨੇ ਏਅਰ ਫੋਰਸ ਦੀ ਭਰਤੀ ਕਰਨ ਵਾਲਿਆਂ ਨੂੰ ਕਿਹਾ ਕਿ ਜੇ ਉਹ ਉਸਦੇ ਕਿਸੇ ਵੀ ਮੁੰਡੇ ਨੂੰ ਲਿਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਇਹ ਸਾਊਥ ਏਸ਼ੀਅਨ ਮੁੰਡਾ ਵੀ ਲਿਜਾਣਾ ਪਵੇਗਾ। ਸਿੰਕਲੇਅਰ ਨੂੰ ਸਖਤ ਹੋਣਾ ਪੈਣਾ ਸੀ,  ਕਿਉਂ ਕਿ ਬੀ. ਸੀ. ਵਿੱਚ ਲੋਕਾਂ ਵੱਲੋਂ ਸੈਨਾ ਦਾ ਵਿਰੋਧ ਕਰਨ ਤੋਂ ਬਾਅਦ ਜੰਗੀ ਸੈਨਾ ਦੇ ਬੋਰਡ ਨੇ ਸਾਊਥ ਏਸ਼ੀਅਨ ਵਾਲੰਟੀਅਰ ਲੈਣੋਂ ਰੋਕ ਦਿੱਤੇ ਸਨ। ਬੋਰਡ ਵੱਲੋਂ ਆਪਣੀ ਨੀਤੀ ਨੂੰ ਜਾਇਜ਼ ਦੱਸਣ ਲਈ ਕਮਜ਼ੋਰ ਦਲੀਲ ਇਹ ਦਿੱਤੀ ਗਈ ਕਿ ਸਾਊਥ ਏਸ਼ੀਅਨ ਸੈਨਾ ਵਿੱਚ ਫਿੱਟ ਨਹੀ ਬੈਠਦੇ ਕਿਉਂ ਕਿ ਉਨ੍ਹਾਂ ਲਈ ਸਪੈਸ਼ਲ ਖਾਣਾ ਚਾਹੀਦਾ ਸੀ।(1)

ਜੰਗ ਨੇ ਅਜਾਇਬ ਦੀ ਸਮੱਸਿਆ ਹੱਲ ਕਰ ਦਿੱਤੀ ਜਿਸ ਬਾਰੇ ਉਹ ਛੋਟੀ ਉਮਰ ਦਾ ਹੋਣ ਕਰਕੇ ਮੁਸ਼ਕਲ ਨਾਲ ਹੀ ਕੁਝ ਜਾਣਦਾ ਸੀ। ਉਹ ਆਪਣੇ ਪਿਤਾ ਅਤੇ ਉਸ ਸਮੇਂ ਬੀ. ਸੀ. ਵਿੱਚ ਰਹਿ ਰਹੇ ਸੈਂਕੜੇ ਹੋਰ ਸਾਊਥ ਏਸ਼ੀਅਨਾਂ ਵਾਂਗ ਗੈਰ-ਕਨੂੰਨੀ ਇੰਮੀਗ੍ਰਾਂਟ ਸੀ। ਕੁਝ ਨੇ ਚੋਰੀ ਛਿਪੇ ਕਨੇਡਾ-ਅਮਰੀਕਾ ਵਾਲੀ ਸਰਹੱਦ ਪਾਰ ਕੀਤੀ ਸੀ, ਉਨ੍ਹਾਂ ਵਿੱਚੋਂ ਕੁਝ ਵਾਇਆ ਮੈਕਸੀਕੋ ਆਏ ਅਤੇ ਫਿਰ ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਖਿਸਕ ਗਏ ਅਤੇ ਅਖੀਰ ਕਨੇਡਾ ਪਹੁੰਚ ਗਏ। ਦੂਜੇ ਵਿਕਟੋਰੀਆ, ਵੈਨਕੂਵਰ, ਜਾਂ ਹੈਲੀਫੈਕਸ ਵੀ ਉੱਤਰੇ ਅਤੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਉਨ੍ਹਾਂ ਨੇ ਸੌਂਹ ਚੁੱਕ ਕੇ ਹਲਫਨਾਮਾ ਦਿੱਤਾ ਕਿ ਉਹ ਕਨੇਡਾ ਸਿਰਫ ਮਹਿਮਾਨ ਵਜੋਂ ਆਏ ਸਨ ਪਰ ਅਸਲ ਵਿੱਚ ਉਹ ਬਹੁਤ ਸਾਲ ਰਹਿਣ ਲਈ ਠਾਣ ਕੇ ਆਏ ਸਨ। ਕਈਆਂ ਨੇ ਫਰਜ਼ੀ ਨਾਂ ਵਰਤੇ ਸਨ ਅਤੇ ਪੁਸ਼ਟੀ ਲਈ ਉਨ੍ਹਾਂ ਕੋਲ ਝੂਠੇ ਹਲਫੀਆ ਬਿਆਨਾਂ ਰਾਹੀਂ ਲਏ ਪਾਸਪੋਰਟ ਹੁੰਦੇ, ਜਾਲ੍ਹੀ ਦਸਤਾਵੇਜ਼ ਜਾਂ ਭਾਰਤ ਵਿੱਚ ਕਨੇਡਾ ਤੋਂ ਮੁੜੇ ਬੰਦਿਆਂ ਤੋਂ ਟਰੈਵਲ ਪਰਮਿਟ ਖ੍ਰੀਦੇ ਹੁੰਦੇ। ਅਤੇ ਕਈਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਬਹੁਤ ਸਾਲ ਪਹਿਲਾਂ ਕਨੇਡਾ ਵਿੱਚ ਪਰਵਾਸ ਧਾਰਿਆ ਸੀ ਅਤੇ ਹੁਣ ਉਹ ਭਾਰਤ ਵਿੱਚ ਕੁਝ ਸਮਾਂ ਬਿਤਾ ਕੇ ਵਾਪਸ ਆਏ ਸਨ। ਕੁਝ ਸੂਰਤਾਂ ਵਿੱਚ ਕਹਾਣੀ ਦਾ ਕੁਝ ਹਿੱਸਾ ਸੱਚ ਸੀ ਕਿਉਂ ਕਿ ਬੰਦੇ ਭਾਰਤ ਅਤੇ ਕਨੇਡਾ ਵਿੱਚ ਆਉਂਦੇ-ਜਾਂਦੇ ਸਨ (ਕਈ ਵਾਰ ਇੱਕ ਤੋਂ ਜ਼ਿਆਦਾ ਵਾਰ)। ਅਤੇ ਉਹ ਉਹੀ ਫਰਜ਼ੀ ਸ਼ਨਾਖਤਾਂ ਵਰਤੀ ਜਾਂਦੇ, ਜਿਹੜੀਆਂ ਪਹਿਲੀ ਵਾਰ ਵਰਤੀਆਂ ਸਨ।

ਜਿਹੜੇ ਜੋੜੇ ਨੇ ਅਜਾਇਬ ਨੂੰ, ਜਦੋਂ ਉਹ ਸੱਤ ਸਾਲ ਦਾ ਸੀ, ਆਪਣੇ ਨਾਲ ਕਨੇਡਾ ਲਿਆਂਦਾ ਸੀ, ਉਹ ਖੜੌਦੀ ਤੋਂ ਨਰੰਗ ਸਿੰਘ ਗਿੱਲ ਅਤੇ ਉਸਦੀ ਨਾਬਾਲਗ ਪਤਨੀ, ਹਰਨਾਮ ਕੌਰ ਸੀ।  ਜਦੋਂ ਸੁਰਜੀਤ (ਆਪਣੇ ਪਰਿਵਾਰ ਦਾ ਇਤਿਹਾਸ ਜਾਨਣ ਲਈ) ਨੇ ਪੰਜਾਹ ਸਾਲ ਤੋਂ ਵੱਧ ਸਮੇਂ ਬਾਅਦ ਹਰਨਾਮ ਕੌਰ ਨਾਲ ਮੁਲਾਕਾਤ ਰਿਕਾਰਡ ਕੀਤੀ, ਉਸਦੀ ਬਜ਼ੁਰਗ ਆਂਟੀ ਨੇ ਆਪਣੇ ਦਰਾਜ਼ਾਂ ਦੀ ਫਰੋਲਾ-ਫਰਾਲੀ ਕਰਕੇ ਆਪਣਾ ਬ੍ਰਿਟਿਸ਼-ਇੰਡੀਆ ਪਾਸਪੋਰਟ ਲੱਭਿਆ, ਜਿਸ ਉੱਪਰ 1930 ਵਿੱਚ ਵਿਕਟੋਰੀਆ ਪਹੁੰਚਣ ਦੀ ਮੋਹਰ ਲੱਗੀ ਹੋਈ ਸੀ। ਇੱਕ ਪਲ ਲਈ ਉਹ ਦੋਨੋਂ ਹੈਰਾਨ ਰਹਿ ਗਈਆਂ ਕਿਉਂ ਕਿ ਪਾਸਪੋਰਟ `ਤੇ ਲਿਖਿਆ ਸੀ "ਹਰਨਾਮ ਕੌਰ ਵਾਈਫ ਆਫ ਇੰਦਰ ਸਿੰਘ", ਜਿਹੜਾ ਉਸਦੇ ਘਰਵਾਲੇ ਦਾ ਨਾਂ ਨਹੀਂ ਸੀ। ਪਰ ਯਾਦ ਨੇ ਤੁਰੰਤ ਜਵਾਬ ਸੁਝਾਅ ਦਿੱਤਾ ਕਿ ਉਸ ਨੇ ਜ਼ਰੂਰ ਹੀ ਕੋਈ ਹੋਰ ਨਾਂ ਵਰਤਿਆ ਹੋਵੇਗਾ।(2) ਅਜੇਹੀ ਗੱਲ ਕੋਈ ਵਿਲੱਖਣ ਨਹੀਂ ਸੀ ਜਦੋਂ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਬੰਦੇ ਦੇਸ਼ ਵਿੱਚ ਗੈਰ-ਕਨੂੰਨੀ ਤਰੀਕੇ ਨਾਲ ਵੜੇ ਸਨ। ਪਰ ਇਸਦਾ ਮਤਲਬ ਸੀ ਕਿ ਜਦੋਂ ਬੱਚਾ ਅਜਾਇਬ ਕਨੇਡਾ ਵਿੱਚ ਉੱਤਰਿਆ ਤਾਂ ਉਹ, ਜਿਸ ਪਿਤਾ ਦੇ ਨਾਲ ਆਇਆ ਸੀ, ਉਸ ਦੀ ਕਨੂੰਨੀ ਰਿਹਾਇਸ਼ੀ ਹੈਸੀਅਤ ਨਹੀਂ ਸੀ ਅਤੇ ਜਿਸ ਜੋੜੇ ਨਾਲ ਉਸ ਨੇ ਪੁੱਤਰਾਂ ਵਰਗਾ ਬਣ ਕੇ ਯਾਤਰਾ ਕੀਤੀ, ਉਹ ਕਨੂੰਨੀ ਰਹਾਇਸ਼ੀ ਰੁਤਬੇ ਤੋਂ ਵਾਂਝੇ ਸਨ। ਕਿਸੇ ਤਰ੍ਹਾਂ ਇਮੀਗਰੇਸ਼ਨ ਦੇ ਅਫਸਰਾਂ ਨੇ ਉਨ੍ਹਾਂ ਸਾਰਿਆਂ ਨੂੰ ਲੰਘਣ ਦੇ ਦਿੱਤਾ।

ਅਜਾਇਬ ਦੇ ਆਲ਼ੇ-ਦੁਆਲ਼ੇ ਗੈਰ-ਕਾਨੂੰਨੀ ਪਰਵਾਸੀ ਸਨ ਜਿਵੇਂ ਉਸਦਾ ਪਿਤਾ, ਉਸਦਾ ਚਾਚਾ ਤਾਰਾ(ਕਪੂਰ ਦਾ ਭਰਾ), ਨਰੰਗ  ਗਿੱਲ ਅਤੇ ਹੋਰ ਬਹੁਤ ਸਾਰੇ। ਇਮੀਗਰੇਸ਼ਨ ਵਿਭਾਗ ਨੂੰ ਸੱਚੀਂ ਹੀ ਬਹੁਤ ਥੋੜ੍ਹਾ ਪਤਾ ਸੀ ਕਿ ਦੇਸ਼ ਵਿੱਚ ਕੌਣ-ਕੌਣ ਸਨ, ਇਸਦੀ ਤਾਂ ਗੱਲ ਹੀ ਛੱਡੋ ਕਿ ਉਹ ਕਿਵੇਂ ਆਏ ਸਨ ਭਾਵੇਂ ਵਿਭਾਗ ਨੇ ਕਈ ਮਸ਼ਹੂਰ ਅਫਸਰਾਂ ਨੂੰ ਗੈਰ-ਕਨੂੰਨੀ ਪਰਵਾਸੀਆਂ ਦਾ ਖੁਰਾ ਨੱਪਣ ਲਈ ਨੌਕਰੀ ਦਿੱਤੀ ਹੋਈ ਸੀ। ਵਿਅਕਤੀਗਤ ਅਫਸਰਾਂ ਨੂੰ ਮਿਲੀ ਪਾਵਰ ਨੇ ਹਲਾਤ ਨੂੰ ਗੁੰਝਲਦਾਰ ਕੀਤਾ ਹੋਇਆ ਸੀ। ਉਹ ਸਖਤ ਅਤੇ  ਕੋਈ ਸਮਝੌਤਾ ਨਾ ਕਰਨ ਵਾਲੇ ਵੀ ਹੋ ਸਕਦੇ ਸਨ ਪਰ ਉਹ ਲਚਕਦਾਰ ਵੀ ਹੋ ਸਕਦੇ ਸਨ, ਅਤੇ ਕਈ ਵਾਰ ਉਹ ਕਿਸੇ ਨੂੰ ਰਹਿਣ ਦੀ ਇਜ਼ਾਜਤ ਦੇ ਦਿੰਦੇ, ਜਦੋਂ ਕਿ ਸਖਤ ਅਸੂਲ ਇਸ ਤੋਂ ਉਲਟ ਕਰਨ ਲਈ ਅਦੇਸ਼ ਦੇ ਰਹੇ ਹੁੰਦੇ। ਸਿੱਖ ਭਾਈਚਾਰੇ ਵਿੱਚ ਅਫਸਰਾਂ ਦੀ ਸ਼ਵੀ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਉਹ ਕੁਝ ਲੋਕਾਂ ਦੇ ਮਗਰ ਪੈਣ ਦੀ ਥਾਂ ਉਨ੍ਹਾਂ ਦੀ ਢਾਲ ਬਣਦੇ ਸਨ ਖਾਸ ਕਰਕੇ ਜਿਨ੍ਹਾਂ ਬਾਰੇ ਭਾਈਚਾਰੇ ਨੂੰ ਪਤਾ ਸੀ ਕਿ ਉਹ ਮੁਖਬਰ ਸਨ ਅਤੇ ਵਿਭਾਗ ਦੀਆਂ ਆਪਣੀਆਂ ਫਾਈਲਾਂ ਤੋਂ ਵੀ ਪਤਾ ਲਗਦਾ ਹੈ ਕਿ ਉਹ ਵੱਖ-ਵੱਖ ਮੌਕਿਆਂ `ਤੇ ਵੱਖ-ਵੱਖ ਅਸੂਲ ਵਰਤਦੇ ਸਨ। ਉਦਾਹਰਣ ਦੇ ਤੌਰ `ਤੇ 1937 ਵਿੱਚ ਸ਼ੁਰੂ ਹੋਇਆ ਰੱਖਾ ਸਿੰਘ ਦਾ ਕੇਸ । ਇਹ ਇਕਵੰਜਾ ਸਾਲਾ ਸਿੱਖ, ਟੈਕਸਸ ਤੋਂ ਆਪਣੀ ਮੈਕਸੀਕਨ ਪਤਨੀ ਨਾਲ ਚੋਰੀ ਅਮਰੀਕਾ-ਕਨੇਡਾ ਵਾਲੀ ਸਰਹੱਦ ਪਾਰ ਆਇਆ, ਜਿਸ ਬਾਰੇ ਇਮੀਗਰੇਸ਼ਨ ਵਿਭਾਗ ਨੂੰ ਕੁਝ ਮਹੀਨਿਆਂ ਦੇ ਅੰਦਰ ਖਬਰ ਮਿਲ ਗਈ। ਸਚਾਈ ਇਹ ਸੀ ਕਿ ਉਸਦੀ ਪਤਨੀ ਨਾਲ ਹੋਣ ਕਰਕੇ ਇਮੀਗਰੇਸ਼ਨ ਅਧਿਕਾਰੀਆਂ ਦਾ ਵਤੀਰਾ ਨਰਮ ਹੋ ਗਿਆ ਸੀ ਅਤੇ ਉਸ ਵਿਰੁੱਧ ਦੇਸ਼ ਨਿਕਾਲੇ ਦੇ ਹੁਕਮ ਹੋਣ ਤੋਂ ਦੋ ਸਾਲ ਬਾਅਦ ਤੱਕ ਵੀ ਲਾਗੂ ਨਹੀਂ ਸੀ ਕੀਤੇ। ਪਰ ਜਿਹੜੇ ਕੇਸਾਂ ਵਿੱਚ ਉਹ ਹੱਥ ਧੋ ਕੇ ਵੀ ਮਗਰ ਪਏ , ਜਿਹੜੇ ਬੰਦਿਆਂ ਨੂੰ ਉਨ੍ਹਾਂ ਨੇ ਨਿਸ਼ਾਨਾ ਬਣਾਇਆ ਉਹ ਹਠੀ ਹੋ ਕੇ ਮੁਕਾਬਲੇ ਕਰਦੇ ਸਨ, ਦੇਸ਼ ਨਿਕਾਲੇ ਦੇ ਹੁਕਮਾਂ ਵਿਰੁੱਧ ਹਰ ਪੜਾਅ `ਤੇ ਅਪੀਲ ਕਰਦੇ ਅਤੇ ਜਦੋਂ ਫੈਸਲਾ ਉਨ੍ਹਾਂ ਦੇ ਵਿਰੁੱਧ ਹੋ ਜਾਂਦਾ, ਉਹ ਲਾਪਤਾ ਹੋ ਜਾਂਦੇ। ਸਤੰਬਰ 1939 ਵਿੱਚ ਵਿਭਾਗ ਕੋਲ ਪੱਚੀ ਕੇਸ ਖੁੱਲ੍ਹੇ ਹੋਏ ਸਨ, ਕਈ ਬਹੁਤ ਸਾਲਾਂ ਤੋਂ ਚੱਲ ਰਹੇ ਸਨ। ਕੋਈ ਨਹੀਂ ਜਾਣਦਾ ਸੀ ਕਿ ਹੋਰ ਕਿੰਨੇ ਸਨ, ਪਰ ਅਜਾਇਬ ਉਨ੍ਹਾ ਵਿੱਚੋਂ ਇੱਕ ਸੀ।(3)

ਮੇਓ ਸਿੰਘ ਦੇ ਪਰਿਵਾਰ ਨੇ ਪਾਸਪੋਰਟ ਅਤੇ ਹੋਰ ਪੱਤਰ ਸੰਭਾਲੇ ਹੋਏ ਸਨ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਕਿਵੇਂ ਪੰਜਾਬੀ ਇਮੀਗਰੇਸ਼ਨ ਦੇ ਅੜਿੱਕਿਆਂ ਨੂੰ ਪਾਰ ਕਰਦੇ ਸਨ ਅਤੇ ਕਿਵੇਂ ਉਨ੍ਹਾਂ ਨੇ ਵਿਭਾਗ ਦੀ ਮੱਦਦ ਨਾਲ ਕੀਤਾ ਅਤੇ ਮੇਓ ਦੇ ਕੇਸ ਵਿੱਚ ਡੰਕਨ ਦੇ ਪ੍ਰਮੁੱਖ ਵਿਅਕਤੀਆਂ ਜਿਵੇਂ ਮੇਅਰ, ਪੋਸਟਮਾਸਟਰ, ਬੈਂਕ ਮੈਨੇਜਰ, ਹਾਈ ਸਕੂਲ ਦਾ ਪ੍ਰਿੰਸੀਪਾਲ ਅਤੇ ਵਪਾਰੀਆਂ ਦੀ ਜੱਥੇਬੰਦੀ ਦੇ ਸੈਕਟਰੀ  ਦੀਆਂ ਲਿਖਤੀ ਚਿੱਠੀਆਂ ਉਸਦੇ ਹੱਕ ਵਿੱਚ ਸਨ, ਜਿਹੜੇ ਸਮਝਦੇ ਸਨ ਕਿ ਸਿੱਖਾਂ ਦੀ ਇਸ ਮਿੱਲ ਦਾ ਇਲਾਕੇ ਦੀ ਆਰਥਿਕਤਾ `ਤੇ ਕੀ ਅਸਰ ਸੀ।(4)

1927 ਦੀਆਂ ਗਰਮੀਆਂ ਦੇ ਅਖੀਰ ਵਿੱਚ ਜਦੋਂ ਉਹ ਆਪਣੀ ਨਵੀਂ ਵਹੁਟੀ, ਬਿਸ਼ਨ ਕੌਰ, ਜਿਹੜੀ ਹਾਲੇ ਵੀਹ ਸਾਲ ਦੀ ਵੀ ਨਹੀਂ ਸੀ, ਨੂੰ ਲੈ ਕੇ ਆਇਆ ਤਾਂ ਮੇਓ ਦੋ ਮੁੰਡੇ ਵੀ ਨਾਲ ਲਿਆਇਆ। ਉਹ ਯੂਰਪ ਵੱਲ ਦੀ ਆਇਆ ਸੀ ਅਤੇ ਆਪਣੇ ਟਰੈਵਲ ਏਜੰਟ, ਬਰਕਲੇ ਸਟਰੀਟ ਲੰਡਨ ਵਾਲੇ ਟੌਮਸ ਕੁੱਕ ਐਂਡ ਸੰਨਜ਼ , ਦੀ ਸਲਾਹ `ਤੇ ਓਟਵਾ ਦੀ ਇਮੀਗਰੇਸ਼ਨ ਵੱਲੋਂ ਇੱਕ ਚਿੱਠੀ ਲੈ ਕੇ ਭਾਰਤ ਤੋਂ ਚੱਲਿਆ। ਚਿੱਠੀ ਵਿੱਚ ਲਿਖਿਆ ਸੀ ਕਿ ਜਦੋਂ ਉਨ੍ਹਾਂ ਦਾ 'ਕੋਨਾਰਡ ਲਾਈਨਰ ਐੱਨਟੋਨੀਆ' ਕਿਉਬੈਕ ਦੀ ਬੰਦਰਗਾਹ `ਤੇ ਲੱਗੇ, ਉਸਦੇ ਸਾਰੇ ਗਰੁੱਪ (ਇੱਕ ਹੋਰ ਪਰਿਵਾਰ ਉਨ੍ਹਾਂ ਨਾਲ ਸੀ) ਨੂੰ ਉੱਤਰਨ ਦੀ ਆਗਿਆ ਦਿੱਤੀ ਜਾਵੇ। ਜਹਾਜ਼ ਕੰਪਨੀਆਂ ਬਕਾਇਦਾ ਉਨ੍ਹਾਂ ਮੁਸਾਫਰਾਂ ਦੀ ਛਾਣਬੀਣ ਕਰਦੀਆਂ ਜਿਨ੍ਹਾਂ ਦੀ ਇਮੀਗਰੇਸ਼ਨ ਨਾਲ ਸਮੱਸਿਆ ਹੋ ਸਕਦੀ ਇਸ ਲਈ ਮੇਓ ਨੂੰ ਆਪਣੀ ਘਰਵਾਲੀ ਅਤੇ ਹੋਰ ਨਵੇਂ ਪਰਵਾਸੀ ਜਿਨ੍ਹਾਂ ਨੂੰ ਉਹ ਆਪਣੇ ਨਾਲ ਕਨੇਡਾ ਲਿਆ ਰਿਹਾ ਸੀ ਵਾਸਤੇ ਟਿਕਟਾਂ ਖ੍ਰੀਦਣ ਲਈ ਉਹ ਚਿੱਠੀ ਚਾਹੀਦੀ ਸੀ। ਉਸ ਨੇ ਚਿੱਠੀ ਲੈ ਲਈ । ਇਹ ਵਿਕਟੋਰੀਆ ਵਾਲੇ ਇਮੀਗਰੇਸ਼ਨ ਅਫਸਰ ਦੇ ਸਹਿਯੋਗ ਦੀ ਮੇਹਰਬਾਨੀ ਨਾਲ ਮਿਲੀ। ਇਹ ਦਸਤਾਵੇਜ਼ ਉਸ ਲਈ ਅਤੇ ਉਸਦੀ ਵਹੁਟੀ ਲਈ ਖਜ਼ਾਨਾ ਸੀ, ਉਸਦੇ ਕਨੇਡਾ ਪਹੁੰਚਣ ਦਾ ਸਮਾਰਕ, ਅਤੇ ਉਨ੍ਹਾਂ ਨੇ ਇਸ ਨੂੰ ਫਰੇਮ ਵਿੱਚ ਜੜਾ ਕੇ ਆਪਣੇ ਮੇਓ ਸਾਈਡਿੰਗ ਵਾਲੇ ਘਰ ਦੇ ਲਿਵਿੰਗ-ਰੂਮ ਦੀ ਕੰਧ ਉੱਪਰ ਟੰਗਿਆ ਹੋਇਆ ਸੀ। ਚਿੱਠੀ ਵਿੱਚ ਦਰਜ ਨਾਵਾਂ ਵਿੱਚ ਦੂਜੇ ਪਰਿਵਾਰ ਦੇ ਮੈਂਬਰਾਂ ਦੇ ਨਾਲ, ਮੇਓ, ਉਸਦੀ ਪਤਨੀ, ਅਤੇ ਦੋ ਮੁੰਡੇ, ਬਿਸ਼ਨ ਅਤੇ ਸ਼ੰਕਰ ਦੇ ਨਾਂ ਸਨ। ਵੱਡਾ ਬਿਸ਼ਨ ਸੋਲ੍ਹਾਂ ਸਾਲ ਦਾ ਸੀ ਅਤੇ ਉਸਦੀ ਪਾਸਪੋਰਟ ਵਾਲੀ ਫੋਟੋ ਦਿਖਾਉਂਦੀ ਹੈ ਕਿ ਉਸਦੇ ਮੁੱਛਾਂ ਅਤੇ ਹਲਕੀ ਜਿਹੀ ਦਾੜ੍ਹੀ ਆਈ ਹੋਈ ਸੀ। ਮੇਓ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੱਸਿਆ ਸੀ, ਹੋ ਸਕਦਾ ਹੈ ਕਿ ਕਿਹਾ ਹੋਵੇ ਕਿ ਪਹਿਲੇ ਵਿਆਹ ਤੋਂ ਸਨ।(5)

ਅਸਲ ਵਿੱਚ ਬਿਸ਼ਨ ਅਤੇ ਸ਼ੰਕਰ ਪਾਲਦੀ ਪਿੰਡ ਦੇ ਗੰਗਾ ਸਿੰਘ ਦੇ ਪੁੱਤਰ ਸਨ, ਜਿਹੜਾ ਆਪ ਵੀ ਗੈਰ-ਕਨੂੰਨੀ ਇਮੀਗਰਾਂਟ ਸੀ। ਮੇਓ ਨੇ ਗੰਡਾ ਸਿੰਘ ਦੇ ਪੁੱਤਰ ਆਪਣੇ ਨਾਲ ਲਿਆ ਕੇ ਉਸ `ਤੇ ਉਪਕਾਰ ਕੀਤਾ ਸੀ। ਅਤੇ ਇਸ ਬਦਲੇ ਉਸ ਨੇ ਕਿਸੇ ਵੀ ਨਾਂਹ-ਪੱਖੀ ਨਤੀਜਿਆਂ ਦਾ ਸਾਹਮਣਾ ਨਹੀਂ ਕੀਤਾ ਭਾਵੇਂ ਇਮੀਗਰੇਸ਼ਨ ਵਿਭਾਗ ਕੋਲ ਸਾਲ ਦੇ ਅੰਦਰ ਹੀ ਇਸ ਗੱਲ ਦਾ ਸਬੂਤ ਸੀ ਕਿ ਉਹ ਉਸਦੇ ਪੁੱਤਰ ਨਹੀਂ ਸਨ। ਸਬੂਤ ਭਾਰਤ ਤੋਂ ਆਇਆ ਸੀ, ਅਤੇ ਭਾਰਤ ਦੀ ਸਰਕਾਰ ਵੱਲੋਂ ਪਰ ਕਿਸੇ ਵੀ ਕਾਰਣ ਵੱਸ (ਕਿਸੇ ਭਰੋਸੇਯੋਗ ਪ੍ਰਮਾਣ ਦੀ ਘਾਟ, ਜਾਂਚ ਕਰਨ ਲਈ ਅਫਸਰਾਂ ਦੀ ਘਾਟ, ਜਾਂ ਮੇਓ ਦੀ ਪ੍ਰਭਾਵਸ਼ਾਲੀ ਲੋਕਾਂ ਨਾਲ ਦੋਸਤੀ ਕਾਰਣ) ਵਿਭਾਗ ਨੇ ਮਾਮਲਾ ਰਫਾ-ਦਫਾ ਕਰ ਦਿੱਤਾ। ਦੋ ਸਾਲ ਬਾਅਦ ਬਿਸ਼ਨ ਨੇ ਇੱਕ ਹੋਰ ਨਾਂ, ਸੋਹਣ, ਨਾਲ ਅਤੇ ਗੰਡਾ ਸਿੰਘ ਦੇ ਪੁੱਤਰ ਵਜੋਂ ਭਾਰਤ ਦਾ ਮੁੜਵਾਂ ਗੇੜਾ ਲਾਇਆ। ਉਹ ਸਾਲ ਬਾਅਦ ਬਿਨਾਂ ਕਿਸੇ ਕਠਿਨਾਈ ਕਨੇਡਾ ਵਿੱਚ ਮੁੜ ਦਾਖਲ ਹੋਇਆ ਅਤੇ ਕਈ ਸਾਲਾਂ ਤੱਕ ਇਮੀਗਰੇਸ਼ਨ ਅਧਿਕਾਰੀਆਂ ਦੀਆਂ ਨਜ਼ਰਾਂ ਵਿੱਚ ਨਾ ਆਇਆ। ਫਿਰ ਇੱਕ ਪੰਜਾਬੀ ਮੁਖਬਰ ਨੇ ਉਨ੍ਹਾਂ ਨੂੰ ਉਸਦਾ ਕੇਸ ਘੋਖਣ ਲਈ ਉਤੇਜਿਤ ਕੀਤਾ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਇਹ ਗਲਤ ਬਿਆਨੀ ਦਾ ਕੇਸ ਸੀ। ਫਿਰ ਲੰਬੀ ਜੱਦੋ-ਜਹਿਦ ਸ਼ੁਰੂ ਹੋਈ :ਸੁਣਵਾਈ, ਦੇਸ਼-ਨਿਕਾਲੇ ਦੇ ਹੁਕਮ,ਅਪੀਲ, ਅਪੀਲ ਖਾਰਜ ਅਤੇ ਅਦਾਲਤ ਵੱਲੋਂ ਇਮੀਗਰੇਸ਼ਨ ਵਿਭਾਗ ਵਿਰੁੱਧ ਰੋਕ ਦੇ ਹੁਕਮ। ਇਸ ਤਰ੍ਹਾਂ ਸਤੰਬਰ 1939 ਵਿੱਚ ਵਿਭਾਗ ਦੀਆਂ ਫਾਈਲਾਂ ਦੇ ਪੱਚੀ ਕੇਸਾਂ ਵਿੱਚੋਂ ਬਿਸ਼ਨ ਸਿੰਘ ਦਾ ਕੇਸ ਇੱਕ ਬਣਿਆ।(6)

ਮਹਿਕਮੇ ਕੋਲ ਬਹੁਤ ਹੀ ਥੋੜ੍ਹੇ ਕੇਸ ਹੋਣੇ ਸੀ, ਜੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕ ਇੱਕ-ਦੂਜੇ ਦੀ ਮੁਖਬਰੀ ਨਾ ਕਰਦੇ। ਤਿੱਖੀਆਂ ਵੰਡਾਂ ਅਤੇ ਪਰਿਵਾਰਕ, ਜਾਤੀ ਅਤੇ ਖੇਤਰੀ ਵਫਾਦਾਰੀਆਂ ਵਾਲੇ ਇੱਕ ਛੋਟੇ ਤੰਗ ਪ੍ਰਵਾਸੀ ਗਰੁੱਪ ਦੀ ਜ਼ਿੰਦਗੀ ਦਾ ਮੁਖਬਰੀ ਇੱਕ ਨਾਖੁਸ਼ਗਵਾਰ ਪੱਖ ਸੀ। ਬਾਹਰਲੇ  ਕਿਸੇ ਹਮਲੇ ਵਿਰੁੱਧ ਇਹ ਸਭ ਇੱਕਜੁੱਟ ਹੋ ਜਾਂਦੇ ਪਰ ਨਿੱਜੀ ਲੜਾਈ ਜਾਂ ਜੇ ਬਲੈਕਮੇਲ ਦਾ ਮਕਸਦ ਉੱਠ ਖੜੋਂਦਾ, ਇੱਕ ਧੜਾ ਦੂਜੇ ਧੜੇ ਦੀ ਮੁਖਬਰੀ ਕਰ ਦਿੰਦਾ ਜਿਵੇਂ ਦੁਆਬੀਆ ਕਿਸੇ ਮਲਵਈ ਦੀ ਅਤੇ ਕੋਈ ਮਲਵਈ ਕਿਸੇ ਦੁਆਬੀਏ ਦੀ। ਅਤੇ ਉਹ ਇਹ ਕਿਸੇ ਛੋਟ ਲਈ ਕਰ ਦਿੰਦੇ ਕਿਉਂ ਕਿ ਇਮੀਗਰੇਸ਼ਨ ਵਿਭਾਗ ਮੁਖਬਰਾਂ ਦੇ ਨਾਂ ਨਸ਼ਰ ਨਹੀਂ ਸੀ ਕਰਦਾ।  ਕਈ ਵਾਰ ਮੁਖਬਰ ਆਪ ਵੀ ਗੈਰਕਨੂੰਨੀ ਪ੍ਰਵਾਸੀ ਹੁੰਦੇ ਪਰ ਉਨ੍ਹਾਂ ਨੂੰ ਇਮੀਗਰੇਸ਼ਨ ਅਧਿਕਾਰੀਆਂ ਦੀ ਓਟ ਹੁੰਦੀ ਜਾਂ ਭਾਈਚਾਰਾ ਇਓਂ ਸੋਚਦਾ। ਇਹ ਭੱਦੀ ਹਾਲਤ ਛੇਦਾਂ ਵਾਲੇ ਇਮੀਗਰੇਸ਼ਨ ਅੜਿੱਕੇ ਅਤੇ ਗੈਰਕਨੂੰਨੀ ਤੌਰ `ਤੇ ਦੇਸ਼ ਵਿੱਚ ਵੜੇ ਪਰਵਾਸੀਆਂ ਦੀ ਕਮਜ਼ੋਰੀ ਦੀ ਬਦੌਲਤ ਸੀ। ਭਾਈਚਾਰਾ ਚਾਹੁੰਦਾ ਸੀ (ਜੇ ਕਦੇ ਇਸ ਨੂੰ ਪ੍ਰਾਪਤ ਕਰ ਸਕਦਾ) ਕਿ ਸਿਰਫ ਜੀਵਨ-ਸਾਥੀਆਂ ਅਤੇ ਬੱਚਿਆਂ ਨੂੰ ਹੀ ਨਹੀਂ, ਸਗੋਂ ਇਸ ਤੋਂ ਵਧੇਰੇ ਫੈਲਰੇ ਗਰੁੱਪ, ਰਿਸ਼ਤੇਦਾਰਾਂ ਅਤੇ ਗਰਾਂਈਆਂ ਨੂੰ ਵੀ ਦੇਸ਼ ਦਾਖਲੇ ਦਾ ਯੋਗ ਹੱਕ ਮਿਲੇ। ਪਰ ਜ਼ਿਆਦਾ ਫਿਕਰ ਇਸ ਗੱਲ ਦਾ ਸੀ ਕਿ ਦੇਸ਼ ਵਿੱਚ ਪਹਿਲਾਂ ਤੋਂ ਹੀ ਆਏ ਹੋਇਆਂ ਦੀ ਰਾਖੀ ਹੋਵੇ ਜਿਹੜੇ ਸਾਲਾਂ ਤੋਂ ਇੱਥੇ ਰਹਿ ਰਹੇ ਸਨ ਤੇ ਕੰਮ ਕਰ ਰਹੇ ਸਨ ਅਤੇ ਹਮੇਸ਼ਾ ਮੁਖਬਰੀ ਅਤੇ ਦੇਸ਼-ਨਿਕਾਲੇ ਦੇ ਡਰ ਦੀ ਤਲਵਾਰ ਉਨ੍ਹਾਂ ਦੇ ਸਿਰ ਲਟਕਦੀ ਰਹਿੰਦੀ। ਸਰਕਾਰ ਨੂੰ ਲਾਬੀ ਕਰਨ ਦੀਆਂ ਕੋਸ਼ਿਸ਼ਾਂ ਦੀ ਸਹਾਇਤਾ ਕਰਨ ਲਈ ਮੇਓ ਅਤੇ ਕਪੂਰ ਆਪਸੀ ਮੱਤਭੇਦਾਂ ਦੇ ਬਾਵਜੂਦ  ਇਸ ਮੁੱਦੇ `ਤੇ ਇਕੱਠੇ ਹੋ ਗਏ ।(7)

ਦੋ ਸਿੱਖ ਵਿਦਵਾਨ ਅਤੇ ਸਮਾਜ-ਸੇਵਕ, ਸਾਧੂ ਸਿੰਘ ਧਾਮੀ ਅਤੇ ਅਨੂਪ ਸਿੰਘ ਢਿੱਲੋਂ, ਜਿਹੜੇ ਸੂਕ ਝੀਲ ਵਾਲੇ ਕਪੂਰ ਪਿੰਡ ਜਾਂਦੇ ਸਨ, ਅਪ੍ਰੈਲ 1938 ਵਿੱਚ ਸਾਊਥ ਏਸ਼ੀਅਨਾਂ ਦਾ ਦੇਸ਼ ਨਿਕਾਲਾ ਰੋਕਣ ਲਈ ਦਬਾਅ ਪਾਉਣ ਲਈ ਓਟਵਾ ਗਏ। ਉਨ੍ਹਾਂ ਨੇ ਇਮੀਗਰੇਸ਼ਨ ਦੇ ਡਾਇਰੈਕਟਰ, ਫ੍ਰੈਡਰਿਕ ਚਾਰਲਸ ਬਲੇਅਰ ਅਤੇ ਵਿਦੇਸ਼ ਮੰਤਰਾਲੇ ਵਿੱਚ ਦੋਸਤ ਦਿਸਦੇ ਹਿਊ ਕੀਨਲੇਸਾਈਡ ਨਾਲ ਗੱਲ ਕੀਤੀ ਪਰ ਕੋਈ ਨਤੀਜਾ ਨਾ ਨਿਕਲਿਆ।(8) ਜਿਹੜਾ ਕੁਝ ਸਿੱਖਾਂ ਨੂੰ ਬਹੁਤ ਹੀ ਵਾਜਿਬ ਲਗਦਾ ਸੀ, ਉਹ ਬਲੇਅਰ ਨੂੰ ਖਾਸ  ਛੋਟ ਲਗਦੀ ਸੀ। ਬਲੇਅਰ ਇੱਕ ਸਖਤ ਸੁਭਾਅ ਵਾਲੇ ਵਿਭਾਗ ਦਾ ਮੁਖੀ ਸੀ, ਜਿਸ ਨੇ ਮੰਦਵਾੜੇ ਦੌਰਾਨ ਹਜ਼ਾਰਾਂ ਪ੍ਰਵਾਸੀਆਂ ਨੂੰ ਦੇਸ਼-ਨਿਕਾਲਾ ਦਿੱਤਾ ਸੀ, ਜਿਹੜੇ ਜਰਮਨ, ਸਕੰਡੈਨੇਵੀਆਈ, ਮੱਧ ਤੇ ਪੂਰਬੀ ਯੂਰਪੀਅਨ ਅਤੇ ਬਹੁਤ ਸਾਰੇ ਬਰਤਾਨਵੀ ਸਨ। ਇਹ ਜਲਾਵਤਨੀਏ ਬੇਰੁਜ਼ਗਾਰ ਸਨ ਅਤੇ ਖੈਰਾਤ `ਤੇ ਸਨ, ਗਰਮ ਖਿਆਲੀ ਰਾਜਨੀਤਿਕ ਗਤੀਵਿਧੀਆਂ ਨਾਲ ਜੁੜੇ ਹੋਏ ਸਨ,  ਸੇਹਤ ਦੀਆਂ ਸਮੱਸਿਆਵਾਂ ਸਨ, ਜਾਂ ਕਾਨੂੰਨ ਵਿਰੋਧੀ ਗਤੀਵਿਧਿਆਂ ਕਰਦੇ ਸਨ। ਉਨ੍ਹਾਂ ਦੇ ਬਿਸਤਰੇ ਗੋਲ ਕਰਕੇ ਬਲੇਅਰ ਦੇ ਵਿਭਾਗ ਨੇ ਮਾਲਕਾਂ, ਮਜ਼ਦੂਰਾਂ, ਨਗਰਪਾਲਕਾਵਾਂ ਅਤੇ ਓਟਵਾ ਦੇ ਪੂਰੀ ਤਨਦੇਹੀ ਨਾਲ ਹੱਕ ਪੂਰੇ ਸਨ ਅਤੇ ਯੂਨੀਅਨਾਂ, ਚਰਚ ਗਰੁੱਪਾਂ, ਅਤੇ ਵਿਦੇਸ਼ੀ ਸਰਕਾਰਾਂ ਦੇ ਵਿਰੋਧ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਸੀ।(9) ਭਾਵੇਂ ਬਲੇਅਰ ਬਹੁਤ ਥੋੜ੍ਹੇ ਸਾਊਥ ਏਸ਼ੀਅਨ ਕੇਸਾਂ ਤੋਂ ਵਾਕਿਫ ਸੀ ਪਰ ਉਹ ਉਨ੍ਹਾਂ ਨੂੰ ਰਾਜਨੀਤਕ ਤੌਰ `ਤੇ ਮਹੱਤਵਪੂਰਨ ਸਮਝਦਾ ਸੀ  ਕਿਉਂ ਕਿ ਬੀ. ਸੀ. ਵਿੱਚ ਏਸ਼ੀਅਨ ਵਿਰੋਧੀ ਲਾਬੀ ਸਰਗਰਮ ਸੀ।

ਜਦੋਂ ਜੰਗ ਸ਼ੁਰੂ ਹੋਈ, ਕਨੇਡਾ ਵਿਚਲੇ ਸਾਊਥ ਏਸ਼ੀਅਨ ਆਪਣਾ ਕੇਸ ਹੋਰ ਮਜ਼ਬੂਤ ਬਣਾ ਸਕੇ ਕਿਉਂ ਕਿ ਬਰਤਾਨਵੀ ਭਾਰਤ ਦੀ ਵਫਾਦਾਰੀ ਪ੍ਰਤੀ ਚਿੰਤਤ ਸਨ। ਜ਼ਰੂਰਤ ਵੇਲੇ ਭਾਰਤ ਵਿਚਲੇ ਭਾਰਤੀਆਂ ਨੂੰ ਬਰਤਾਨਵੀ ਸਾਮਰਾਜ ਦੀ ਮੱਦਦ ਲਈ ਬੁਲਾਇਆ ਗਿਆ ਸੀ ਅਤੇ ਨਾ ਹੀ ਬਰਤਾਨਵੀ ਅਤੇ ਨਾ ਹੀ ਕਨੇਡਾ ਦੀਆਂ ਸਰਕਾਰਾਂ ਮਾੜਾ ਪ੍ਰਚਾਰ ਚਾਹੁੰਦੀਆਂ ਸਨ। ਕਪੂਰ ਅਤੇ ਭਾਈਚਾਰੇ ਦੇ ਹੋਰ ਪੜ੍ਹੇ-ਲਿਖੇ ਮੈਂਬਰਾਂ ਨੇ ਇਹ ਗੱਲ ਛੇਤੀ ਭਾਂਪ ਲਈ। ਕਿਸੇ ਵੀ ਘਟਨਾ ਵੇਲੇ ਉਹ ਓਟਵਾ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ।  1939 ਦੀਆਂ ਗਰਮੀਆਂ ਵਿੱਚ ਉਨ੍ਹਾਂ ਨੇ ਇੱਕ ਨਵਾਂ ਬੁਲਾਰਾ, ਡਾ. ਦੁਰਾਈ ਪਾਲ ਪਾਂਡੀਆ ਲੱਭ ਲਿਆ। ਉਹ ਤੇਤੀ ਸਾਲਾ ਤਾਮਿਲ ,ਪੜ੍ਹਿਆ-ਲਿਖਿਆ ਪ੍ਰਭਾਵਸ਼ਾਲੀ ਬੁਲਾਰਾ ਸੀ। ਉਸਦਾ ਪਿੰਡ ਦੱਖਣੀ ਭਾਰਤ ਵਿੱਚ ਤਿਰੂਨਲਵੇਲੀ ਸ਼ਹਿਰ ਦੇ ਨੇੜੇ ਸੀ। ਇਹ ਭਾਰਤ ਵਿੱਚ ਪੰਜਾਬ ਤੋਂ ਦੂਜੇ ਸਿਰੇ `ਤੇ ਹੈ। ਪਾਂਡੀਏ ਨੇ ਇੰਗਲੈਂਡ ਵਿੱਚ ਵਿਦਿਆ ਪ੍ਰਾਪਤ ਕੀਤੀ। ਉਸ ਨੇ ਐਮ. ਏ. ਔਕਸਫੋਰਡ ਦੇ ਬੇਲੀਅਲ ਕਾਲਜ ਤੋਂ, ਪੀ ਐੱਚ ਡੀ ਯੂਨੀਵਰਸਿਟੀ ਆਫ ਲੰਡਨ ਤੋਂ ਅਤੇ ਬਰਿਸਟਰ ਦੀ ਟਰੇਨਿੰਗ ਲੰਡਨ ਵਿੱਚ ਮਿਡਲ ਟੈਂਪਲ ਦੇ ਇਨਜ਼ ਆਫ ਕੋਰਟ ਤੋਂ ਲਈ। ਉਸ ਨੇ ਆਪਣੀਆਂ ਡਿਗਰੀਆਂ ਦੀ ਵਧਾ-ਚੜ੍ਹਾ ਕੇ ਲਿਸਟ ਬਣਾਈ, ਉਹ ਵੀ ਲਿਸਟ ਵਿੱਚ ਸ਼ਾਮਿਲ ਕਰ ਲਈਆਂ ਸਨ, ਜਿਹੜੀਆਂ ਸ਼ੁਰੂ ਕੀਤੀਆਂ ਸਨ ਪਰ ਪੂਰੀਆਂ ਨਹੀਂ ਕੀਤੀਆਂ ਸਨ, ਪਰ ਉਸਦੀ ਵਿਦਵਤਾ, ਰੰਗ-ਢੰਗ ਅਤੇ ਸਖਸ਼ੀਅਤ ਤੋਂ ਲਗਦਾ ਸੀ ਕਿ ਉਹ ਇਨ੍ਹਾਂ ਡਿਗਰੀਆਂ ਦਾ ਮਾਲਕ ਸੀ।

1939 ਵਿੱਚ ਪਾਂਡੀਆ ਕਲੰਬੋ ਵਿੱਚ ਸੀਲੋਨ ਯੂਨੀਵਰਸਿਟੀ ਵਿੱਚ ਸੀ। ਉਸ ਸਾਲ ਉਹ ਚਨੇਈ ਦੇ ਦੱਖਣ ਵਿੱਚ ਅਦਾਇਰ ਦਰਿਆ ਦੇ ਕਿਨਾਰੇ ਬਾਗ ਵਾਲੀ ਮਹਿੰਗੀ ਜਾਇਦਾਦ ਅਤੇ ਮਹਿਲ ਵਿੱਚ ਬਣੇ ਥੀਓਸੌਫੀਕਲ ਸੁਸਾਇਟੀ ਦੇ ਮੁੱਖ ਟਿਕਾਣੇ  `ਤੇ ਗਿਆ।  ਉਹ ਚਨੇਈ ਵਿੱਚ ਆਪਣੀ ਪੜ੍ਹਾਈ ਦੇ ਪਹਿਲੇ ਦਿਨਾਂ ਵਿੱਚ ਹੀ ਸੁਸਾਇਟੀ ਨਾਲ ਜੁੜ ਗਿਆ ਸੀ। ਅਦਾਇਰ ਮੁੱਖ ਟਿਕਾਣੇ ਤੇ ਰਹਿੰਦਿਆਂ ਉਹ ਥੀਓਸੌਫੀਕਲ ਸੁਸਾਇਟੀ ਦੀ ਸ਼੍ਰੇਸ਼ਠ ਅਗਵਾਈ ਹੇਠ ਕਨੇਡਾ ਭਰ `ਚ ਭਾਸ਼ਣ ਕਰਨ ਲਈ ਟੂਰ `ਤੇ ਜਾਣ ਲਈ ਸਹਿਮਤ ਹੋ ਗਿਆ। (10) ਉਸਦਾ ਟੂਰ ਮਈ 1939 ਵਿੱਚ ਵੈਨਕੂਵਰ ਤੋਂ ਸ਼ੁਰੂ ਹੋਇਆ। ਉੱਥੇ ਉਹ ਕਲੱਬਾਂ, ਚਰਚ ਗਰੁੱਪਾਂ, ਰਾਜਨੀਤਕ ਕਲੱਬਾਂ, ਅਤੇ ਥੀਓਸੌਫੀਕਲ ਸੁਸਾਇਟੀ ਦੇ ਦੋ ਸਥਾਨਿਕ ਖੇਮਿਆਂ ਵਿੱਚ ਤੀਹ ਵਾਰ ਸਰੋਤਿਆਂ ਦੇ ਸਨਮੁਖ ਹੋਇਆ । ਦੋ ਮਹੀਨਿਆਂ ਦੌਰਾਨ ਉਹ ਵੈਨਕੂਵਰ ਤੋਂ ਵਿਕਟੋਰੀਆ, ਕੈਲਗਿਰੀ, ਐਡਮਿੰਟਨ, ਸਸਕਾਟੂਨ, ਵਿਨੀਪੈਗ, ਹੈਮਿਲਟਨ, ਟਰਾਂਟੋ ਅਤੇ ਅਖੀਰ ਮਾਂਟਰੀਅਲ ਗਿਆ। ਉਸਦਾ ਸਮਾਂ ਰੁਝੇਵਿਆਂ ਭਰਪੂਰ ਸੀ। ਆਮ ਤੌਰ `ਤੇ ਉਹ ਦਿਹਾੜੀ ਵਿੱਚ ਦੋ ਥਾਵਾਂ `ਤੇ  ਭਾਸ਼ਣ, ਜਮਾਤ ਲਾਉਣ ਅਤੇ ਥੀਓਸੌਫੀ ਅਤੇ ਨੈਤਿਕਤਾ, ਪੁਨਰ-ਜਨਮ, ਪੂਰਬੀ ਤੇ ਪੱਛਮੀ ਸਭਿੱਅਤਾ ਦੇ ਨਵੇਂ ਰੁਝਾਨ, ਭਾਰਤ ਦੀਆਂ ਅਧਿਆਤਮਕ ਰਵਾਇਤਾਂ ਅਤੇ ਇਸ ਤਰ੍ਹਾਂ ਦੇ ਵਿਸ਼ਿਆਂ ਬਾਰੇ ਬੋਲਦਾ।

ਪਾਂਡੀਆ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਮੈਂਬਰ ਸੀ ਅਤੇ ਕੁਝ ਦੇਰ ਲਈ ਉਹ ਮਹਾਤਮਾ ਗਾਂਧੀ ਦਾ ਸਕੱਤਰ ਵੀ ਰਿਹਾ। ਉਸਦੇ ਆਦਰਸ਼ ਭਾਸ਼ਣਾਂ ਵਿੱਚੋਂ "ਗਾਂਧੀ, ਜਿਵੇਂ ਮੈਂ ਉਸ ਨੂੰ ਜਾਣਦਾਂ" ਇੱਕ ਸੀ ਅਤੇ ਉਸ ਨੇ ਆਪਣੇ ਕਨੇਡੀਅਨ ਸਰੋਤਿਆਂ ਨੂੰ ਗਾਂਧੀ ਬਾਰੇ ਵਿਆਖਿਆ ਨਾਲ ਪ੍ਰਭਾਵਤ ਕਰ ਲਿਆ। ਉਸ ਨੇ ਦੱਸਿਆ ਕਿ ਗਾਂਧੀ ਦੋ ਕਿਤਾਬਾਂ, ਨਿਊ ਟੈਸਟਾਮੈਂਟ ਅਤੇ ਭਗਵਤ ਗੀਤਾ ਦੀਆਂ ਸਿੱਖਿਆਵਾਂ ਨਾਲ ਮਨੁੱਖਤਾ ਨੂੰ ਬਦਲ ਸਕਦਾ ਸੀ। ਹਮਿਲਟਨ ਦੇ ਮੇਅਰ ਨੇ ਪਾਂਡੀਏ ਨੂੰ ਹਵਾਈ ਜਹਾਜ਼ ਰਾਹੀਂ ਆਪਣੇ ਸ਼ਹਿਰ ਉੱਤੋਂ ਗੇੜਾ ਲਵਾਇਆ, ਟਰਾਂਟੋ ਦੇ ਰੋਟਰੀ ਕਲੱਬ ਦਾ ਪ੍ਰਧਾਨ ਉਸ ਨੂੰ ਆਪਣੀ ਗੱਡੀ ਵਿੱਚ ਸੌ ਕਿਲੋਮੀਟਰ ਦੂਰ ਦਿਹਾਤੀ ਇਲਾਕੇ ਵਿੱਚ ਰੋਟਰੀ ਦੇ ਪ੍ਰਾਹੁਣੇ ਆਏ ਪਤਵੰਤਿਆਂ ਨੂੰ ਮਿਲਾਉਣ ਲਈ ਲੈ ਕੇ ਗਿਆ ਅਤੇ 'ਲੀਗ ਫਾਰ ਪੀਸ ਐਂਡ ਰੀਫੋਰਮ' ਜੱਥੇਬੰਦੀ ਦੀਆਂ ਔਰਤਾਂ ਨੇ ਟਰਾਂਟੋ ਯੂਨੀਵਰਸਿਟੀ ਦੇ ਹਾਰਟ ਹਾਊਸ ਵਿੱਚ ਉਸ ਨਾਲ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ।  ਥੀਓਸੌਫੀਕਲ ਸੁਸਾਇਟੀ ਦੇ ਆਗੂ ਮੈਂਬਰਾਂ ਨੇ ਔਕਸਫੋਰਡ ਅਤੇ ਲੰਡਨ ਨੂੰ ਉਸਦੀ ਯੋਗਤਾ ਬਾਰੇ ਜਾਂਚ ਕਰਨ ਲਈ ਪੱਤਰ ਪਾਏ ਅਤੇ ਸਿੱਟਾ ਕੱਢਿਆ ਕਿ ਉਹ ਧੋਖੇਬਾਜ਼ ਸੀ, ਇਸਤੋਂ ਬਾਅਦ ਉਹ ਵਿਵਾਦ ਦਾ ਵਿਸ਼ਾ ਬਣ ਗਿਆ। ਪਰ ਬਹੁਤੇ ਲੋਕਾਂ ਨੇ ਉਸਦੇ ਬੋਲਾਂ ਅਤੇ ਉਸਦੇ ਟੂਰ ਨੂੰ ਹੀ ਸੱਚ ਮੰਨਿਆ, ਜਿਸ ਨੇ ਬਹੁਤ ਸਾਰਾ ਧਿਆਨ ਖਿੱਚਿਆ ਸੀ ਅਤੇ ਕਾਮਯਾਬ ਸੀ।

ਵੈਨਕੂਵਰ ਵਿੱਚ ਡਾ. ਪਾਂਡੀਆ ਸਿੱਖ ਗੁਰਦਵਾਰੇ ਗਿਆ। ਇਹ ਭਾਰਤ ਤੋਂ ਆਏ ਉੱਘੇ ਪ੍ਰਾਹੁਣੇ ਲਈ ਜ਼ਰੂਰੀ ਸੀ, ਅਤੇ ਉਹ ਥੀਓਸੌਫਿਕਲ ਸੁਸਾਇਟੀ ਦੀ ਔਰਫੀਅਸ ਲੌਜ ਵਿੱਚ ਕਪੂਰ ਤੇ ਕਰਤਾਰ ਸਿੰਘ ਹੁੰਦਲ ਨੂੰ ਮਿਲਣ ਤੋਂ ਬਾਅਦ ਇਸ ਨੂੰ ਨਜ਼ਰਅੰਦਾਜ ਨਹੀਂ ਸੀ ਕਰ ਸਕਦਾ। ਜਦੋਂ ਉਸ ਨੇ ਗੁਰਦਵਾਰੇ ਵਿੱਚ ਸਿੱਖ ਆਗੂਆਂ ਨਾਲ ਗੱਲਾਂ ਕੀਤੀਆਂ, ਉਨ੍ਹਾਂ ਨੇ ਦੇਸ਼ ਨਿਕਾਲੇ ਦੀ ਸਮੱਸਿਆ ਬਾਰੇ ਦੁਖੜਾ ਫਰੋਲਿਆ, ਅਤੇ ਉਸ ਨੇ ਸਹਾਇਤਾ ਕਰਨ ਦਾ ਵਾਅਦਾ ਕੀਤਾ। ਬਾਅਦ ਵਿੱਚ ਉਸ ਨੂੰ ਯਾਦ ਸੀ ਕਿ ਜਿਸ ਆਦਮੀ ਨੇ ਉਸ ਕੋਲ ਪਹਿਲੀ ਵਾਰ ਇਸ ਵਿਸ਼ੇ ਬਾਰੇ ਗੱਲ ਕੀਤੀ, ਉਹ ਈਸ਼ਰ ਸਿੰਘ ਬੈਂਸ ਸੀ ਅਤੇ ਉਹ ਕਰਤਾਰ ਸਿੰਘ ਅਤੇ ਕਪੂਰ ਦਾ ਦੋਸਤ ਸੀ, ਜਿਸ ਨੂੰ ਉਸਦੇ ਹਮਵਤਨੀ 'ਉਡਾਰੂ' ਆਖਦੇ ਕਿਉਂ ਕਿ ਉਹ ਹਵਾਬਾਜ਼ ਵੀ ਸੀ ਅਤੇ ਹਵਾਈ ਛਤਰੀ ਦੀ ਉਡਾਣ ਭਰਨ ਵਾਲਾ (ਪੈਰਾਸ਼ੂਟਿਸਟ) ਵੀ ਸੀ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ (ਇੱਕ ਹੋਰ ਦੁਆਬੀਆ) ਤੋਂ ਸੀ ਅਤੇ 1907 ਵਿੱਚ ਬਿਨਾਂ ਕਿਸੇ ਨੂੰ ਦੱਸੇ ਤੇਰ੍ਹਾਂ ਸਾਲ ਦੀ ਉਮਰ ਵਿੱਚ ਘਰੋਂ ਭੱਜ ਗਿਆ ਅਤੇ ਆਪਣੇ ਦੂਰ ਦੇ ਰਿਸ਼ਤੇਦਾਰ ਭਰਾ ਨਾਲ ਪ੍ਰਵਾਸ ਧਾਰ ਗਿਆ।( ਉਸਦੇ ਮਾਪੇ ਮਰ ਚੁੱਕੇ ਸਨ ਅਤੇ ਉਸ ਨੇ ਪੰਜਾਹ ਸਾਲ ਬਾਅਦ ਆਪਣੇ ਪਰਿਵਾਰ ਨੂੰ ਚਿੱਠੀ ਲਿਖੀ)। ਜਦੋਂ ਉਹ 'ਮੌਨਟੀਗਲ' ਜਹਾਜ਼ ਰਾਹੀਂ ਕਨੇਡਾ ਪਹੁੰਚਿਆ, ਉਹ ਬਹੁਤ ਥੋੜ੍ਹੀ ਅੰਗ੍ਰੇਜ਼ੀ ਜਾਣਦਾ ਸੀ ਪਰ ਉਸ ਕੋਲ ਮਿਡਲ ਸਕੂਲ ਤੱਕ ਦੀ ਵਿਦਿਆ ਸੀ ਅਤੇ ਉਸਦੀ ਮਸ਼ੀਨੀ ਕੰਮਾਂ ਵਿੱਚ ਡੂੰਘੀ ਦਿਲਚਸਪੀ ਸੀ। ਤਕਰੀਬਨ ਤੀਹ ਸਾਲ ਬਾਅਦ ਉਹ ਤਜਰਬੇਕਾਰ ਮਕੈਨਿਕ, ਹਵਾਬਾਜ਼ੀ ਅਤੇ ਮਕੈਨਿਕ ਬਾਰੇ ਅੰਗ੍ਰੇਜ਼ੀ ਵਿੱਚ ਛਪੀ ਕਿਸੇ ਵੀ ਲਿਖਤ ਦਾ ਤਾਂਘਵਾਨ ਪਾਠਕ, ਕਾਰੋਬਾਰੀ(ਦੁਕਾਨ ਦਾ ਮਾਲਕ), ਲੱਕੜ ਕੈਂਪ ਦਾ ਸੰਚਾਲਕ, ਕਾਰਖਾਨੇਦਾਰ ਅਤੇ ਕੈਲੇਫੋਰਨੀਆ ਦੇ ਵਾਰਨ ਸਕੂਲ ਆਫ ਏਅਰੋਨਾਟਿਕਸ ਤੋਂ ਹਵਾਬਾਜ਼ੀ ਦਾ ਕੋਰਸ ਪਾਸ ਸੀ। ਹਵਾਬਾਜ਼ੀ ਤੋਂ ਉਤਸ਼ਾਹਤ ਹੋ ਕੇ ਉਹ ਹਵਾਈ ਛੱਤਰੀ (ਪੈਰਾਸ਼ੂਟਿੰਗ)ਦੀ ਉਡਾਣ ਵੱਲ ਰੁਚਿਤ ਹੋ ਗਿਆ ਅਤੇ ਉਸ ਨੇ ਅਪ੍ਰੈਲ 1930 ਵਿੱਚ ਵਿਕਟੋਰੀਆ `ਚ ਭਾਰੀ ਇਕੱਠ ਕਰ ਲਿਆ, ਜਦੋਂ ਉਸ ਨੇ ਬਹੁ-ਚਰਚਿਤ ਛਲਾਂਗ ਲਾਈ।(12) ਉਸ ਨੇ ਲਿੰਡਬਰਗ ਦੀ 1927 ਵਿੱਚ ਮਸ਼ਹੂਰ ਟਰਾਂਸ-ਐਟਲਾਂਟਕ ਉਡਾਣ ਤੋਂ ਪ੍ਰਭਾਵਿਤ ਹੋ ਕੇ ਹਵਾ ਵਿੱਚ ਉੱਡਣ ਲਈ ਕੋਈ ਸਮਾਂ ਨਹੀਂ ਗਵਾਇਆ।

ਈਸ਼ਰ ਬੈਂਸ ਤਿੰਨ ਸਿੱਖਾਂ ਦੇ ਵਫਦ ਦੀ ਅਗਵਾਈ ਕਰਦਿਆਂ ਰੇਲ ਗੱਡੀ ਰਾਹੀਂ ਬੀ. ਸੀ. ਤੋਂ ਓਟਵਾ ਪਹੁੰਚਿਆ, ਜਿੱਥੇ ਉਨ੍ਹਾਂ ਨੇ ਪਾਂਡੀਆ ਨੂੰ ਮਿਲਣਾ ਸੀ, ਜਿਹੜਾ 1939 ਦੀ ਜੁਲਾਈ ਦੇ ਸ਼ੁਰੂ ਵਿੱਚ ਆਪਣੇ ਟੂਰ ਦੇ ਅੰਤਲੇ ਪੜਾਅ `ਤੇ ਸੀ । ਇਹ ਉਨ੍ਹਾਂ ਸਾਰਿਆਂ ਦਾ ਪੂਰਬੀ ਕਨੇਡਾ ਵੱਲ ਪਹਿਲਾ ਗੇੜਾ ਸੀ। ਅਖੀਰ ਵਿੱਚ ਇਸ ਵਫਦ ਦਾ ਭਾਰੀ ਖਰਚ ਹੋਇਆ- ਅੰਦਾਜ਼ਨ ਛੇ ਹਜ਼ਾਰ ਡਾਲਰ ਤੋਂ ਸੱਤ ਹਜ਼ਾਰ ਡਾਲਰ, ਜਿਹੜੀ ਬੀ. ਸੀ. ਵਿੱਚ ਇੱਕ ਆਰਾ ਮਿੱਲ ਦੇ ਕਾਮੇ ਦੀ ਕਈ ਸਾਲਾਂ ਦੀ ਕਮਾਈ ਸੀ। ਕਪੂਰ ਅਤੇ ਮੇਓ ਸਿੰਘ ਨੇ ਸਭ ਤੋਂ ਜ਼ਿਆਦਾ ਰਾਸ਼ੀ ਨਾਲ ਯੋਗਦਾਨ ਪਾ ਕੇ ਪਾਂਡੀਆ ਅਤੇ ਉਸਦੇ ਉਦੇਸ਼ ਨੂੰ ਸਹਿਯੋਗ ਦੇਣ ਦਾ ਵਾਅਦਾ ਪੂਰਾ ਕੀਤਾ। ਇਸ ਤਰ੍ਹਾਂ ਦੀ ਮੱਦਦ ਅਤੇ ਪਾਂਡੀਆ ਦੀ ਅਗਵਾਈ  ਕਾਰਣ ਵਫਦ ਦੇ ਮੈਂਬਰ ਓਟਵਾ ਦੇ ਸ਼੍ਰੇਸ਼ਠ ਹੋਟਲ, ਸ਼ੈਟੋ ਲੌਰੀਅਰ ਵਿੱਚ ਠਹਿਰੇ। ਪਾਂਡੀਆ ਅਨੁਸਾਰ ਤਾਕਤ ਵਿਚਲੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਪ੍ਰਭਾਵਤ ਹੁੰਦੇ ਸਨ। ਉਸਦਾ ਵਿਸ਼ਵਾਸ਼ ਸੀ ਕਿ ਸ਼ੁਰੂਆਤ ਸਿਖਰ ਤੋਂ ਕਰਨੀ ਚਾਹੀਦੀ ਹੈ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ, ਵਿਲੀਅਮ ਲੈਨ ਮਕੈਨਜ਼ੀ ਕਿੰਗ ਨਾਲ ਉਸਦੇ ਪਾਰਲੀਮੈਂਟ ਹਿੱਲ `ਤੇ ਪੂਰਬੀ ਬਲਾਕ ਵਿੱਚ ਸਥਿਤ ਦਫਤਰ ਤੋਂ ਸ਼ੁਰੂਆਤ ਕੀਤੀ। ਪਾਂਡੀਆ ਨੂੰ ਬਹੁਤ ਪਿੱਛੋਂ ਵੀ ਲੋਕਾਂ ਦੀਆਂ ਨਜ਼ਰਾਂ ਚੇਤੇ ਸਨ, ਜਿਹੜੀਆਂ ਉਨ੍ਹਾਂ ਨੇ ਸ਼ੈਟੋ ਲੌਰੀਅਰ ਤੋਂ ਪਾਰਲੀਮੈਂਟ ਹੈੱਲ ਤੱਕ ਦੀ ਥੋੜ੍ਹੀ ਜਿਹੀ ਦੂਰੀ ਤੁਰਕੇ ਪਾਰ ਕਰਦਿਆਂ ਖਿੱਚੀਆਂ ਸਨ। ਭੂਰੀ ਚਮੜੀ ਅਤੇ ਪੱਗਾਂ (ਉਨ੍ਹਾਂ ਵਿੱਚ ਦੋ ਪੱਗਾਂ ਵਾਲੇ ਸਨ) ਕਾਰਣ ਉਹ ਦੇਸ਼ ਦੀ ਰਾਜਧਾਨੀ ਦੇ ਛੋਟੇ ਸ਼ਹਿਰ ਦੀਆਂ ਗਲ਼ੀਆਂ ਵਿੱਚ ਬਹੁਤ ਵੱਖਰੇ ਮਹਿਸੂਸ ਕਰਦੇ ਸਨ।

ਪਾਂਡੀਆ ਵਾਂਗ ਈਸ਼ਰ ਸਿੰਘ ਬੈਂਸ ਵੀ ਪੰਜ ਫੁੱਟ ਸੱਤ ਇੰਚ ਲੰਬਾ ਸੀ, ਪਰ ਦੂਜੇ ਦੋ, ਸੀ ਪੀ ਆਰ ਵਾਸਤੇ ਲੰਬਾ ਸਮਾਂ ਦੁਭਾਸ਼ੀਆ ਰਹੇ ਨੈਨਾ ਸਿੰਘ ਕੰਦੋਲਾ, ਅਤੇ ਬਤਨ ਸਿੰਘ ਧੂਤ ਵੱਡੀਆਂ ਪੱਗਾਂ ਵਾਲੇ ਸਨ। ਪਾਂਡੀਆ ਸੋਚਦਾ ਸੀ ਕਿ ਉਨ੍ਹਾਂ ਦੇ ਆਕਾਰ ਨੇ ਪ੍ਰਧਾਨ ਮੰਤਰੀ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਝਟਕਾ ਵੀ ਲਾਇਆ। ਉਹ ਟੁੰਬਿਆ ਗਿਆ ਲਗਦਾ ਸੀ, ਜਦੋਂ ਉਸ ਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਰਿਸ਼ਟ-ਪੁਸ਼ਟ  ਬੰਦਿਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ ਭਾਵੇਂ ਉਨ੍ਹਾਂ ਨੇ ਕਨੇਡਾ ਵਿੱਚ ਬਹੁਤ ਸਾਲ ਕੰਮ ਕੀਤਾ ਸੀ। ਕਿੰਗ, ਯਕੀਨਣ ਸਿੱਖਾਂ ਬਾਰੇ ਕਿਸੇ ਨਾਂਹ-ਪੱਖੀ ਕਹਾਣੀ ਦੀਆਂ ਵੱਡੀਆਂ ਉਲਝਣਾ ਬਾਰੇ ਸੋਚ ਰਿਹਾ ਸੀ। ਜੰਗ ਹੁਣ ਨੇੜੇ ਹੀ ਲਗਦੀ ਸੀ ਅਤੇ ਉਹ ਤੇ ਉਸਦੇ ਅਫਸਰ ਪਹਿਲੀ ਸੰਸਾਰ ਜੰਗ ਵੇਲੇ ਭਾਰਤ ਵਿੱਚ ਬਰਤਾਨਵੀਆਂ ਨੂੰ ਅਸੰਤੁਸ਼ਟ ਸਿੱਖਾਂ ਵੱਲੋਂ ਦਿੱਤੀ ਧਮਕੀ ਬਾਰੇ ਜਾਗਰੂਕ ਸਨ। ਪਾਂਡੀਆ ਨੂੰ ਕਿੰਗ ਦੇ ਸਿੱਖ ਭਾਈਚਾਰੇ ਨਾਲ ਪੁਰਾਣੇ ਤਜਰਬੇ ਬਾਰੇ ਅਪੂਰਨ ਗਿਆਨ ਸੀ। ਕਿੰਗ ਨੇ ਇੱਕ ਆਦਮੀ ਵਾਲੇ ਰੋਇਲ ਕਮਿਸ਼ਨ ਦਾ 1907 ਵਿੱਚ ਵੈਨਕੂਵਰ ਵਿੱਚ ਸੰਚਾਲਨ ਕੀਤਾ ਸੀ, ਜਿਹੜਾ ਏਸ਼ੀਅਨ ਵਿਰੋਧੀ ਦੰਗਿਆਂ ਤੋਂ ਬਾਅਦ ਬੈਠਾਇਆ ਗਿਆ ਸੀ। ਅਸਲ ਵਿੱਚ ਕਿੰਗ ਨੇ ਜਿਹੜੇ ਪ੍ਰਸਤਾਵ ਸੁਝਾਏ ਸਨ, ਕਨੇਡਾ ਨੇ 1908 ਵਿੱਚ ਭਾਰਤ ਤੋਂ ਇਮੀਗਰੇਸ਼ਨ ਰੋਕ ਕੇ ਲਾਗੂ ਕਰ ਦਿੱਤੇ ਸਨ। ਪਰ ਪਾਂਡੀਆ ਨੇ ਕਿੰਗ ਦੇ ਚੇਹਰੇ ਤੋਂ ਆਦਰ ਅਤੇ ਹਮਦਰਦੀ ਪੜ੍ਹੀ, ਚੇਹਰੇ `ਤੇ  ਪ੍ਰਗਟ ਹੋਏ ਇਹ ਲੱਛਣ ਬਾਅਦ ਵਿੱਚ ਅਸਲੀ ਸਿੱਧ ਹੋਏ। ਬਾਅਦ ਵਿੱਚ ਜਦੋਂ ਪਾਂਡੀਆ ਦਾ ਇਮੀਗਰੇਸ਼ਨ ਦੇ ਡਾਇਰੈਕਟਰ, ਫ੍ਰੈਡਰਿੱਕ ਚਾਰਲਸ ਬਲੇਅਰ ਨਾਲ ਖਾਸ ਮੁੱਦਿਆਂ `ਤੇ ਫੈਸਲਾ ਹੋਇਆ ਜਿਹੜਾ ਕੱਟੜ,ਅੰਗ੍ਰੇਜ਼ ਕੇਂਦਰਿਤ ਅਤੇ ਹੰਢਿਆ ਹੋਇਆ ਅਫਸਰ ਸੀ, ਉਹ ਉਸ ਨੂੰ ਭਲਾਮਾਣਸ ਅਤੇ ਸ਼ਿਸਟਾਚਾਰੀ ਲੱਗਿਆ। ਉਹ ਬਹੁਤ ਸਾਰੇ ਪ੍ਰਸ਼ਨ ਪੁੱਛਦਾ ਅਤੇ ਆਪਣਾ ਬਹੁਤ ਸਾਰਾ ਸਮਾਂ ਦੇਣ ਲਈ ਤਿਆਰ ਦਿੱਸਦਾ ਪਰ ਬੁਨਿਆਦੀ ਤੌਰ `ਤੇ ਬੇਕਾਰ। ਪਰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਇਸ ਵਫਦ ਨੂੰ ਧਿਆਨ ਨਾਲ ਸੁਣਨ ਦੀ ਤਾਕੀਦ ਨੂੰ ਅਣਮੰਨੇ ਜਿਹੇ ਮਨ ਨਾਲ ਹੀ ਪ੍ਰਵਾਨ ਕਰਦਾ ਸੀ। ਆਪਣੀਆਂ ਮੰਗਾਂ ਮਨਵਾਉਣ ਲਈ ਪਾਂਡੀਆ ਨੇ ਆਪਣੀਆਂ ਕੋਸ਼ਿਸ਼ਾਂ ਦਾ ਘੇਰਾ ਚੌੜਾ ਕਰ ਲਿਆ। ਉਹ ਤਿੰਨਾਂ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਲਾਬੀ ਕਰਨ ਲੱਗਾ ਅਤੇ ਆਪਣੇ ਪੱਖ ਦਾ ਪ੍ਰਚਾਰ ਅਖਬਾਰਾਂ ਅਤੇ ਰੇਡੀਓ ਰਾਹੀਂ ਕਰਦਾ। ਪਾਰਲੀਮੈਂਟ ਦੇ ਨੇੜੇ ਪ੍ਰਤਿਸ਼ਠਾ ਵਾਲੀ ਸ਼ੈਟੋ ਲੌਰੀਅਰ ਵਿੱਚ ਕਮਰੇ ਲਏ ਹੋਣ ਨੇ ਵੀ ਮੱਦਦ ਕੀਤੀ। ਉਹ ਸਟਾਈਲ ਨਾਲ ਕੰਮ ਕਰਦਾ, ਕਈ ਦਿਨਾਂ ਦੀ ਰੇਲ ਯਾਤਰਾ ਤੋਂ ਪਰਹੇਜ਼ ਕਰਦਿਆਂ ਉਹ ਟਰਾਂਸ ਕਨੇਡਾ ਏਅਰਲਾਈਨ ਦੇ ਜੌੜੇ ਇੰਜਣਾਂ ਵਾਲੇ ਲੌਕਹੀਡ ਹਵਾਈ ਜਹਾਜ਼ ਰਾਹੀਂ ਪੰਦਰਾਂ ਘੰਟਿਆਂ ਵਿੱਚ ਵੈਨਕੂਵਰ ਪਹੁੰਚ ਗਿਆ, ਇਹ ਚੋਣ ਤਿੰਨ ਮਹੀਨੇ ਪਹਿਲਾਂ ਮੌਜੂਦ ਨਹੀਂ ਸੀ। ਇਸ ਤਰ੍ਹਾਂ ਜੁਲਾਈ ਮਹੀਨਾ ਅਲੋਪ ਹੋ ਗਿਆ ਅਤੇ ਅਗਸਤ ਵੀ ਬਿਨਾਂ ਕਿਸੇ ਰਾਜ਼ੀਨਾਮੇ ਤੋਂ ਹੱਥੋਂ ਖਿਸਕ ਗਿਆ। ਪਾਂਡੀਆ ਦੇਸ਼ ਨਿਕਾਲੇ ਰੋਕਣਾ ਚਾਹੁੰਦਾ ਸੀ ਅਤੇ ਬਲੇਅਰ ਯਕੀਨ ਚਾਹੁੰਦਾ ਸੀ ਕਿ ਭਾਈਚਾਰਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਿਆਉਣੋਂ ਹਟ ਜਾਵੇਗਾ। ਅਤੇ ਇਨ੍ਹਾਂ ਮੁੱਦਿਆਂ ਉੱਤੇ ਉਨ੍ਹਾਂ ਨੇ ਕੋਈ ਪ੍ਰਗਤੀ ਨਾ ਕੀਤੀ।

ਇਹ ਉਲਝਣ ਸਤੰਬਰ ਵਿੱਚ ਟੁੱਟੀ, ਜਦੋਂ ਕਨੇਡਾ ਨੇ ਜਰਮਨੀ ਨਾਲ ਜੰਗ ਦੀ ਰਸਮੀ ਘੋਸ਼ਣਾ ਕਰ ਦਿੱਤੀ। ਇਹ ਮੌਕਾ-ਮੇਲ ਨਹੀਂ ਸੀ। ਘੋਸ਼ਣਾ ਦੇ ਪਹਿਲੇ ਦਿਨ ਹੀ ਵਿਦੇਸ਼ ਮੰਤਰਾਲੇ ਦੇ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ, ਓ.ਡੀ. ਸਕਿਲਟਨ ਨੇ ਬਲੇਅਰ ਨੂੰ ਲਿਖਿਆ ਕਿ ਸਮਾਂ ਆ ਗਿਆ ਸੀ ਕਿ ਕਨੇਡਾ ਦੇ ਸਿੱਖਾਂ ਨਾਲ ਮਸਲੇ ਹੱਲ ਕਰ ਲਏ ਜਾਣ। ਉਸ ਨੇ ਨਿਰਪੱਖ ਭਾਸ਼ਾ ਵਰਤੀ ਪਰ ਕੋਈ ਸ਼ੱਕ ਨਾ ਰਹਿਣ ਦਿੱਤੀ ਕਿ ਮਾਮਲਾ ਗੰਭੀਰ ਸੀ। ਉਸ ਨੇ ਬਲੇਅਰ ਨੂੰ 1914 ਵਾਲੇ ਕਾਮਾਗਾਟਾਮਾਰੂ ਬਾਰੇ ਯਾਦ ਕਰਵਾਇਆ। ਸਕਿਲਟਨ , ਅਤੇ ਸੰਭਾਵੀ ਤੌਰ `ਤੇ ਪ੍ਰਧਾਨ ਮੰਤਰੀ ਵੀ, ਨਹੀਂ ਚਾਹੁੰਦੇ ਸਨ ਕਿ ਉਹ ਕੁਝ ਦੁਬਾਰਾ ਵਾਪਰੇ ਜਿਹੜਾ ਭਾਰਤ ਵਿੱਚ ਵਾਪਰਿਆ ਸੀ, ਅਤੇ ਖਾਸ ਕਰਕੇ ਸਿੱਖ ਫੌਜੀ ਟੁਕੜੀਆਂ ਵਿੱਚ, ਜਦੋਂ ਕਨੇਡਾ ਨੇ ਪਹਿਲੀ ਸੰਸਾਰ ਜੰਗ ਦੇ ਸ਼ੁਰੂ ਹੋਣ ਤੋਂ ਪਹਿਲੀ ਸ਼ਾਮ ਨੂੰ ਪੰਜਾਬੀ ਮੁਸਾਫਰਾਂ ਨਾਲ ਭਰੀ ਕਿਸ਼ਤੀ ਵਾਪਸ ਮੋੜ ਦਿੱਤੀ ਸੀ। ਬਲੇਅਰ ਨੇ ਇਸ ਨੁਕਤੇ ਨੂੰ ਸਮਝਿਆ ਅਤੇ ਦਿਨਾਂ ਵਿੱਚ ਹੀ ਉਸ ਨੇ ਸਾਊਥ ਏਸ਼ੀਅਨਾਂ ਵਿਰੁੱਧ ਜਾਂਚ ਅਤੇ ਦੇਸ਼ ਨਿਕਾਲੇ ਰੋਕ ਦਿੱਤੇ ਅਤੇ ਪਾਂਡੀਆ ਨੂੰ ਯਕੀਨ ਦਿਵਾਇਆ ਕਿ ਸਰਕਾਰ ਉਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਦੇਸ਼ ਨਿਕਾਲਾ ਨਹੀਂ ਦੇਵੇਗੀ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਸੀ।  ਉਸ ਵੇਲੇ ਬਲੇਅਰ ਕੋਲ ਪੱਚੀ ਕੇਸਾਂ ਦੇ ਦਸਤਾਵੇਜ਼ ਸਨ ਅਤੇ ਇਹ ਵਿਭਾਗ ਸੁਚੇਤ ਸੀ ਕਿ ਹੋ ਸਕਦਾ ਸੀ ਕਿ ਚਾਲ੍ਹੀ ਜਾਂ ਪੰਜਾਹ ਹੋਰ ਕੇਸ ਹੋਣ। ਇਹ ਅੰਦਾਜ਼ਾ ਪਾਂਡੀਆ ਨੇ ਦੱਸਿਆ ਸੀ।

ਪਾਂਡੀਆ ਨੇ ਵੈਨਕੂਵਰ ਵੱਲ ਜਾਣ ਲਈ ਰੇਲਗੱਡੀ ਫੜੀ ਅਤੇ ਔਖੇ ਪਰ ਅਖੀਰ ਵਿੱਚ ਸਫਲ ਕੰਮ ਦੀ ਸ਼ੁਰੂਆਤ ਕਰ ਦਿੱਤੀ ਜਿਸ ਨੇ ਉਸ ਨੂੰ ਨਵੰਬਰ ਦੇ ਅਖੀਰ ਤੱਕ ਕਨੇਡਾ ਵਿੱਚ ਰੱਖਿਆ। ਪਹਿਲੀ ਸਮੱਸਿਆ ਹੋਰ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਸੀ। ਉਸ ਨੇ ਹਮੇਸ਼ਾ ਨਾਂਹ ਕਹਿਣ ਵਾਲੇ ਗੁਰਦਿੱਤ ਸਿੰਘ ਬਿਲਗਾ ਨਾਲ ਗੱਲ ਕੀਤੀ ਜਿਹੜਾ ਧੱਕੜ ਵਿਅਕਤੀਤਵ ਵਾਲਾ ਸਮਾਜ ਸੇਵਕ ਸੀ। ਉਸ ਨੇ ਪਹਿਲਾਂ ਉਸਦੇ ਓਟਵਾ ਵਾਲੇ ਮਿਸ਼ਨ ਨੂੰ ਛੁਟਿਆਇਆ ਅਤੇ ਇਸ ਨੂੰ ਧਨ ਦੀ ਬਰਬਾਦੀ ਦੱਸਿਆ, ਅਤੇ ਦਾਅਵਾ ਕੀਤਾ ਕਿ ਅਜੇਹੇ ਵਫਦ ਵਿਅਰਥ ਸਨ। ਹੁਣ ਪਾਂਡੀਆ ਨੇ ਪੱਚੀ ਕੇਸਾਂ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ, ਉਸ ਨੇ ਆਪਣੀ ਸੂਚੀ ਨੂੰ ਵਧਾਉਣ ਲਈ ਗੁਰਦਿੱਤ ਸਿੰਘ ਨੂੰ ਪੁੱਛਿਆ ਕਿ ਉਹ ਕਦੇ ਕਿਸੇ ਦੇ ਪੁੱਤਰ ਨੂੰ ਆਪਣੇ ਨਾਲ ਇਸ ਦੇਸ਼ ਵਿੱਚ ਲਿਆਇਆ ਸੀ। ਹਾਂ, ਉਹ ਆਪਣੇ ਭਤੀਜੇ ਨੂੰ ਲਿਆਇਆ ਸੀ। ਇਸ ਲਈ ਪਾਂਡੀਆ ਨੇ ਉਸਦੇ ਭਤੀਜੇ ਦਾ ਨਾਂ ਇਮੀਗਰੇਸ਼ਨ ਵਿਭਾਗ ਦੀ ਸੂਚੀ ਵਿੱਚ ਦਰਜ ਕਰ ਲਿਆ ਅਤੇ ਇਸ ਸੱਚ ਦਾ ਪ੍ਰਚਾਰ ਕੀਤਾ ਕਿ ਉਸ ਨੇ ਸਾਰਿਆਂ ਲਈ ਆਮ ਮੁਆਫੀ ਪ੍ਰਾਪਤ ਕਰ ਲਈ ਸੀ, ਇਹ ਸਿਰਫ ਉਨ੍ਹਾਂ ਲਈ ਹੀ ਨਹੀਂ ਸੀ ਜਿਨ੍ਹਾਂ ਬਾਰੇ ਵਿਭਾਗ ਪਹਿਲਾਂ ਹੀ ਜਾਣਦਾ ਸੀ। ਫਿਰ ਲੋਕਾਂ ਨੇ ਵੱਡੀ ਗਿਣਤੀ ਵਿੱਚ ਨਾਂ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਅਤੇ ਨਵੰਬਰ ਦੇ ਅਖੀਰ ਤੱਕ ਪਾਂਡੀਆ ਕੋਲ 218 ਨਾਂ ਸਨ, ਇੱਕ ਔਰਤ ਤੋਂ ਬਿਨਾਂ ਇਹ ਸਾਰੇ ਆਦਮੀ ਸਨ।  ਉਸਦੀ ਸਫਲਤਾ ਐਡੀ ਵੱਡੀ ਸੀ ਕਿ ਉਸ ਨੂੰ ਇਹ ਪ੍ਰੇਸ਼ਾਨੀ ਲੱਗੀ। ਉਸ ਨੇ ਕਿਆਸ ਨਹੀਂ ਸੀ ਲਾਇਆ ਕਿ ਐਨੇ ਲੋਕ ਅੱਗੇ ਆਉਣਗੇ ਅਤੇ ਉਸ ਨੇ ਬਲੇਅਰ ਨੂੰ ਇਸਦੀ ਚਿਤਾਵਨੀ ਨਹੀਂ ਸੀ ਦਿੱਤੀ। ਕੁਝ ਸਮੇਂ ਲਈ ਲੱਗਿਆ ਕਿ ਕੁੱਲ ਜੋੜ 300 ਤੱਕ ਪਹੁੰਚੇਗਾ, ਪਰ ਕੁਝ ਪਿੱਛੇ ਹੀ ਰਹੇ ਜਾਂ ਦੇਸ਼ ਤੋਂ ਬਾਹਰ ਸਨ। ਪਰ 218 ਵੀ ਅਸਾਧਾਰਨ ਸੰਖਿਆ ਲਗਦੀ ਸੀ ਜਦੋਂ ( ਦੋ ਸਾਲ ਬਾਅਦ ਹੋਈ ਕੌਮੀ ਮਰਦਮ ਸ਼ੁਮਾਰੀ ਅਨੁਸਾਰ) ਸਾਰੇ ਸੂਬੇ ਵਿੱਚ ਚੌਦਾਂ ਸਾਲ ਤੋਂ ਉੱਪਰ ਉਮਰ ਦੇ ਸਾਊਥ ਏਸ਼ੀਅਨ ਬੰਦਿਆਂ ਦੀ ਗਿਣਤੀ 750 ਤੋਂ ਵੀ ਘੱਟ ਸੀ।

1939 ਦੇ ਨਵੰਬਰ ਅਖੀਰ `ਚ ਪਾਂਡੀਆ ਵੈਨਕੂਵਰ ਤੋਂ ਕੈਲੇਫੋਰਨੀਆ ਚਲਿਆ ਗਿਆ। ਉਸਦਾ ਇਰਾਦਾ ਸੀ ਕਿ ਅਗਲੇ ਬਹੁਤ ਸਾਰੇ ਮਹੀਨੇ ਉਹ ਅਮਰੀਕਾ ਵਿੱਚ ਛੋਟੇ ਸਾਊਥ ਏਸ਼ੀਅਨ ਭਾਈਚਾਰੇ ਦੇ ਹੱਕ ਵਿੱਚ ਲੜੇਗਾ। ਜਿਹੜਾ ਕੁਝ ਉਸ ਨੇ ਕਨੇਡਾ ਵਿੱਚ ਪ੍ਰਾਪਤ ਕੀਤਾ ਉਸਦਾ ਕਪੂਰ ਦੇ ਬਹੁਤ ਸਾਰੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਫਾਇਦਾ ਹੋਇਆ। ਗੈਰਕਨੂੰਨੀ ਪਰਵਾਸੀਆਂ ਵਜੋਂ ਨਾਂ ਦਰਜ ਕਰਵਾਉਣ ਵਾਲੇ ਬੰਦਿਆਂ ਵਿੱਚੋਂ ਅੱਠ ਬੰਦੇ ਕਪੂਰ ਦੇ ਪਿੰਡ, ਖੜੌਦੀ ਤੋਂ ਸਨ ਅਤੇ ਗਿਆਰਾਂ ਬੰਦੇ ਮੇਓ ਦੇ ਪਿੰਡ ਪਾਲਦੀ ਤੋਂ ਸਨ। ਕਪੂਰ ਦੇ ਛੋਟੇ ਭਰਾ ਤਾਰੇ ਨੇ ਵੀ ਆਪਣਾ ਨਾਂ ਦਰਜ ਕਰਵਾਇਆ ਅਤੇ  ਅਜਾਇਬ ਅਤੇ ਅਜਾਇਬ ਦੇ ਪਿਤਾ, ਨਿਰੰਜਣ ਨੇ ਵੀ। ਨਾਂ ਦਰਜ ਕਰਵਾਉਣ ਵਾਲਿਆਂ ਵਿੱਚੋਂ ਬਹੁਤੀ ਗਿਣਤੀ  ਮਾਹਲਪੁਰ ਤੋਂ ਦਸ ਜਾਂ ਪੰਦਰਾਂ ਕਿਲੋਮੀਟਰ ਦੇ ਘੇਰੇ ਵਿੱਚੋਂ ਸੀ, ਜਿੱਥੇ ਕਪੂਰ ਸਕੂਲ `ਚ ਪੜ੍ਹਦਾ ਰਿਹਾ ਸੀ। ਦੋ-ਤਿਹਾਈ ਕਪੂਰ ਦੇ ਦੁਆਬਾ ਇਲਾਕੇ ਦੇ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹੇ ਵਿੱਚੋਂ ਸਨ।

ਬਹੁਤ ਹੋਰਾਂ ਵਾਂਗ ਕਪੂਰ ਦੇ ਭਰਾ ਤਾਰੇ ਦੀ ਕਹਾਣੀ ਵੀ ਗੁੰਝਲਦਾਰ ਸੀ ਅਤੇ ਆਮ ਮਾਫੀ ਦੀ ਸੂਚੀ ਵਿੱਚ ਨਾਂ ਦਰਜ ਕਰਵਾਉਣ ਤੋਂ ਉਦੋਂ ਬਾਅਦ ਹੀ ਉਸਦੀ ਜ਼ਿੰਦਗੀ ਸੌਖੀ ਨਹੀਂ ਹੋ ਗਈ। ਉਸ ਨੇ ਪਹਿਲਾਂ ਉਦੋਂ ਅਵਾਸ ਧਾਰਿਆ ਜਦੋਂ ਭਾਰਤ ਵਿੱਚੋਂ ਆਉਣ ਵਾਲਿਆਂ ਲਈ ਕੋਈ ਸਰਕਾਰੀ ਨਿਯਮ ਨਹੀਂ ਸੀ ਹੁੰਦੇ, ਪਰ ਜਦੋਂ ਉਹ ਕੈਲੇਫੋਰਨੀਆ ਅਤੇ ਫਿਰ ਭਾਰਤ ਮੁੜ ਗਿਆ ਉਸ ਨੇ ਆਪਣਾ ਰਿਹਾਇਸ਼ੀ ਰੁਤਬਾ ਗਵਾ ਦਿੱਤਾ।  ਫਿਰ ਉਹ ਕਿਸੇ ਤਰ੍ਹਾਂ 1926 ਵਿੱਚ ਕਨੇਡਾ ਆਉਣ ਵਿੱਚ ਕਾਮਯਾਬ ਹੋ ਗਿਆ ਅਤੇ ਫਿਰ ਆਪਣੀ ਦੂਜੀ ਤੇ ਜਵਾਨ ਪਤਨੀ, ਬਲਵੰਤ ਕੌਰ ( ਜਿਸ ਨੂੰ ਉਹ ਆਦਤ ਵੱਸ ਆਪਣੀ ਪਹਿਲੀ ਪਤਨੀ ਦੇ ਨਾਂ ਬੇਅੰਤ ਕੌਰ ਨਾਲ ਬਲਾਉਂਦਾ) ਨੂੰ ਲਿਆਇਆ। ਜਦੋਂ ਉਹ ਮੇਓ ਸਾਈਡਿੰਗ ਅਤੇ ਸੂਕ ਝੀਲ `ਤੇ ਕੰਮ ਕਰਦਾ ਸੀ, ਉਨ੍ਹਾਂ ਦੇ ਤਿੰਨ ਬੱਚੇ (ਤਿੰਨ ਮੁੰਡੇ, ਲਖਬੀਰ, ਗੁਰਦੇਵ, ਬਲ਼ਦੇਵ) ਪੈਦਾ ਹੋਏ। ਅਤੇ ਉਸ ਨੇ  ਇਹ ਸਭ ਬਿਨਾਂ ਕਿਸੇ ਕਨੂੰਨੀ ਰਿਹਾਇਸ਼ੀ ਰੁਤਬੇ ਤੋਂ ਹੀ ਕੀਤਾ।  ਸਮਝਿਆ ਜਾ ਸਕਦਾ ਸੀ ਕਿ ਉਹ ਰਹਿਣ ਲਈ ਵਚਨਬੱਧ ਨਹੀਂ ਸੀ। 1939 ਵਿੱਚ ਉਹ ਆਪਣੇ ਪਰਿਵਾਰ ਨੂੰ ਭਾਰਤ ਲੈ ਗਿਆ, ਪਰ ਜਦੋਂ ਬਾਰਨੈਟ ਮਿੱਲ ਖੁੱਲ੍ਹੀ, ਉਹ ਉਨ੍ਹਾਂ ਤੋਂ ਬਿਨਾਂ ਵਾਪਸ ਆ ਗਿਆ। ਜਦੋਂ ਉਸ ਨੇ ਆਪਣਾ ਨਾਂ ਗੈਰ ਕਨੂੰਨੀ ਪਰਵਾਸੀ ਵਜੋਂ ਦਰਜ ਕਰਵਾਇਆ ਬਾਅਦ ਵਿੱਚ ਉਸੇ ਸਾਲ ਉਸ ਨੇ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕੀਤਾ ਕਿਉਂ ਕਿ ਇਮੀਗਰੇਸ਼ਨ ਵਿਭਾਗ ਆਮ ਮੁਆਫੀ ਵਾਲੀ ਸੂਚੀ ਵਿੱਚ ਦਰਜ ਲੋਕਾਂ ਨੂੰ ਆਪਣੇ ਪਰਿਵਾਰ ਸੱਦਣ ਦੀ ਆਗਿਆ ਨਹੀਂ ਸੀ ਦਿੰਦਾ। ਜੰਗ ਦੇ ਸਾਲਾਂ ਦੌਰਾਨ ਉਹ ਕਨੇਡਾ ਵਿੱਚ ਇਕੱਲਾ ਰਿਹਾ। ਅਖੀਰ ਵਿੱਚ, ਜੰਗ ਖਤਮ ਹੋਣ ਤੋਂ ਦੋ ਸਾਲ ਬਾਅਦ ਆਪਣੇ ਹੱਥ ਵਿੱਚ ਇਮੀਗਰੇਸ਼ਨ ਵਿਭਾਗ ਤੋਂ ਆਗਿਆ ਪੱਤਰ ਲੈ ਕੇ ਉਸ ਨੇ ਆਪਣੀ ਪਤਨੀ ਨੂੰ ਚਿੱਠੀ ਲਿਖੀ ਕਿ ਉਹ ਉਨ੍ਹਾਂ ਨੂੰ ਲੈਣ ਵਾਸਤੇ ਆ ਰਿਹਾ ਸੀ। ਖੜੌਦੀ ਵਿੱਚ ਦੋ ਮਹੀਨੇ ਠਹਿਰਣ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਹਵਾਈ ਰਸਤੇ ਲੈ ਆਇਆ (ਕਨੇਡੀਅਨ ਸਿੱਖਾਂ ਵਿੱਚ ਹਵਾਈ ਸਫਰ ਦੀ ਚੋਣ ਵਧ ਗਈ ਸੀ)(13)

ਕਪੂਰ ਦਾ ਵੱਡਾ ਭਰਾ, ਭਗਵਾਨ 1930ਵਿਆਂ ਵਿੱਚ ਭਾਰਤ ਵਾਪਸ ਚਲਾ ਗਿਆ ਸੀ, ਭਾਵੇਂ ਉਸਦਾ ਪੁੱਤਰ, ਕਸ਼ਮੀਰ, ਜਿਹੜਾ ਕਨੇਡਾ ਵਿੱਚ ਸਤਾਰਾਂ ਸਾਲ ਦੀ ਉਮਰੇ 1928 ਵਿੱਚ ਆਇਆ ਸੀ, ਉਦੋਂ ਤੋਂ ਹੀ ਆਉਂਦਾ ਜਾਂਦਾ ਰਿਹਾ ਸੀ, 1940 ਵਿੱਚ ਬਾਰਨੈੱਟ ਮਿੱਲ ਦਾ ਮੈਨੇਜਰ ਬਣ ਕੇ ਹਾਲ ਹੀ ਵਿੱਚ ਵਾਪਸ ਪਰਤਿਆ ਸੀ।(14) ਕਾਰੋਬਾਰ ਵਧੀਆ ਚੱਲ ਰਿਹਾ ਸੀ, ਜਿਸ ਕਰਕੇ ਪਰਿਵਾਰ ਦੇ ਮੈਂਬਰ ਭਾਰਤ ਵਿੱਚ ਜਾਂ ਕਨੇਡਾ ਵਿੱਚ ਆਰਾਮ ਨਾਲ ਰਹਿਣ ਦੇ ਯੋਗ ਹੋ ਗਏ ਸਨ। ਕਪੂਰ ਵਾਸਤੇ ਹੋਰ ਗੱਲ ਸੀ ਕਿਉਂ ਕਿ ਮੁੱਖ ਮਾਲਕ ਅਤੇ ਮੈਨੇਜਰ ਹੋਣ ਦੇ ਨਾਤੇ ਉਸ ਨੂੰ ਵੈਨਕੂਵਰ ਵਿੱਚ ਹੀ ਰਹਿਣਾ ਪੈਣਾ ਸੀ, ਪਰ ਉਸ ਨੂੰ ਇਹ ਕੋਈ ਔਖਿਆਈ ਨਹੀਂ ਸੀ ਲਗਦੀ ਕਿਉਂ ਕਿ ਉਸਦਾ ਉੱਤਰੀ ਅਮਰੀਕਨ ਜ਼ਿੰਦਗੀ ਨਾਲ ਬਹੁਤ ਤਕੜਾ ਲਗਾਓ ਸੀ।

ਇੱਕ ਤਰੀਕੇ ਨਾਲ ਉਸਦੇ ਕਾਰਾਂ ਚਲਾਉਣ ਦੇ ਪਿਆਰ ਕਾਰਣ ਵੀ ਦੇਸ਼ ਉਸ ਨੂੰ ਇੱਥੇ ਰੋਕ  ਸਕਿਆ। ਇਸ ਰਾਹੀਂ ਉਸਦੇ ਯਾਤਰਾ ਕਰਨ ਦੇ ਸ਼ੌਕ ਦਾ ਭੁੱਸ ਪੂਰਾ ਹੋ ਜਾਂਦਾ, ਇਹ ਚਾਹਤ ਉਸ ਨੇ ਆਪਣੀਆਂ ਬੇਟੀਆਂ ਨੂੰ ਵੀ ਦਿੱਤੀ। ਖਾਣ ਵਾਲੇ ਮੇਜ਼ ਉੱਪਰਲਾ ਮੋਮੀ ਕਾਗਜ਼ ਦਾ ਮੇਜ਼ਪੋਸ਼ ਵਾਲਾ ਨਕਸ਼ਾ ਸਿੱਖਿਆ ਦੇਣ ਵਾਲਾ ਇਨਾਮੀ ਸੰਦ ਹੋ ਗੁਜ਼ਰਿਆ, ਪਰ ਇੱਥੋਂ ਤੱਕ ਕਿ ਪਰਿਵਾਰ ਦੀ ਕਾਰ ਵੀ ਉਸ ਤੋਂ ਜ਼ਿਆਦਾ ਸਹਾਈ ਹੋਈ। ਹਰੇਕ ਗਰਮੀਆਂ ਦੀ ਰੁੱਤੇ, ਜਦੋਂ ਸਕੂਲ ਬੰਦ ਹੁੰਦੇ, ਉਹ ਆਪਣੇ ਪਰਿਵਾਰ ਨੂੰ ਕਾਰ ਰਾਹੀਂ ਕੈਲੇਫਰੋਨੀਆ ਲੈ ਜਾਂਦਾ। ਉੱਥੇ ਯੂਬਾ ਸਿਟੀ ਅਤੇ ਮੈਰਿਸਵਿਲ ਵਿੱਚ ਉਹ ਆਪਣੇ 'ਤੇਜਾ'  ਭਰਾਵਾਂ ਨੂੰ ਮਿਲਣ ਜਾਂਦੇ। ਇਹ ਉਸਦੀ ਭੂਆ ਦੇ ਪੁੱਤਰ ਸਨ। ਅਤੇ ਜੰਗ ਵਾਲੀਆਂ ਪਹਿਲੀਆਂ ਦੋਨਾਂ ਗਰਮੀਆਂ ਦੌਰਾਨ, ਜਦੋਂ ਗੈਸ ਦੀ ਰਾਸ਼ਨਬੰਦੀ ਕਾਰਣ ਇਹ ਅਸੰਭਵ ਸੀ, ਉਹ ਪੂਰਬ ਵੱਲ ਐਟਲਾਂਟਕ ਤੱਟ ਤੱਕ ਜਾਂ ਸੈਂਟ ਲਾਰੈਂਸ ਤੱਕ ਕਾਰ ਲੈ ਗਿਆ।

1940 ਵਿੱਚ ਪਰਿਵਾਰ ਆਪਣੇ ਛੋਟੇ ਕੁੱਤੇ ਪ੍ਰਿੰਸ ਨਾਲ ਕਾਰ ਰਾਹੀਂ ਨਿਊ ਯਾਰਕ ਸ਼ਹਿਰ ਗਿਆ।  ਉੱਥੇ ਉਹ ਨਿਊ ਯਾਰਕ ਦੇ ਦੁਨੀਆਂ ਭਰ ਦੇ ਮੇਲੇ ਅਤੇ ਨਵੀਆਂ ਖੋਜਾਂ ਜਿਵੇਂ ਟੈਲੀਵਿਜ਼ਨ ਦੀ ਨੁਮਾਇਸ਼ ਦੇਖਣ ਗਏ ਸਨ। ਜਾਣ ਵੇਲੇ ਉਨ੍ਹਾਂ ਨੇ ਡਾਕੋਟਾ ਅਤੇ ਸ਼ਿਕਾਗੋ ਵੱਲ ਦੀ ਉੱਤਰੀ ਰੂਟ ਚੁਣਿਆ। ਵਾਪਸੀ ਵੇਲੇ ਉਨ੍ਹਾਂ ਨੇ ਪੈਨਸਲਵੇਨੀਆ ਤੇ ਮੈਰੀਲੈਂਡ ਦੀ ਸਰਹੱਦ ਪਾਰ ਕੀਤੀ ਅਤੇ ਅਮਰੀਕਾ ਦੇ ਦੱਖਣੀ ਭਾਗ ਰਾਹੀਂ ਕੈਲੇਫੋਰਨੀਆ ਰਹਿੰਦੇ ਰਿਸ਼ਤੇਦਾਰਾਂ ਕੋਲ  ਆਪਣੀ ਸਲਾਨਾ ਫੇਰੀ ਲਈ ਯੂਬਾ ਸਿਟੀ ਪਹੁੰਚੇ। ਹਮੇਸ਼ਾ ਦੀ ਤਰ੍ਹਾਂ ਉਹ ਕਈ ਕਿਲੋਮੀਟਰਾਂ ਤੱਕ ਭਜਨ ਅਤੇ ਮਸ਼ਹੂਰ ਅਮਰੀਕਨ ਗੀਤ ਗਾਉਂਦੇ, ਜਾਂ ਕਪੂਰ ਵੱਲੋਂ ਆਪਣੀ ਜ਼ਿੰਦਗੀ ਅਤੇ ਤਜਰਬਿਆਂ ਬਾਰੇ ਕਹਾਣੀਆਂ ਸੁਣਾਈਆ ਜਾਂਦੀਆਂ, ਬਸੰਤ ਕੌਰ ਆਪਣੀ ਮਾਲਾ ਦੇ ਮਣਕੇ ਫੇਰਦੀ ਅਤੇ ਚੁੱਪ-ਚਾਪ ਪਾਠ ਕਰਦੀ। ਉਸ ਵੇਲੇ ਤੱਕ ਪਰਿਵਾਰ ਵਿੱਚ ਸਿਰਫ ਬਸੰਤ ਕੌਰ ਹੀ ਸ਼ਾਕਾਹਾਰੀ ਸੀ ਅਤੇ ਸੜਕਾਂ ਉੱਤੇ ਬਣੇ ਕਾਹਵਿਆਂ ਵਿੱਚ ਤਲੇ ਆਲੂਆਂ ਤੋਂ ਬਿਨਾਂ ਕੋਈ ਹੋਰ ਸ਼ਾਕਾਹਾਰੀ ਭੋਜਨ ਲੱਭਣਾ ਮੁਸ਼ਕਲ ਹੁੰਦਾ ਪਰ ਉਹ ਕੋਈ ਸ਼ਿਕਾਇਤ ਨਾ ਕਰਦੀ। ਜਦੋਂ ਰਾਤ ਉੱਤਰਨ ਵਾਲੀ ਹੁੰਦੀ, ਉਹ ਕੋਈ ਮੋਟਲ ਲੱਭਦੇ। ਸੁਰਜੀਤ ਉਦੋਂ ਚੌਦਾਂ ਸਾਲ ਦੀ ਸੀ, ਉਹ ਅੰਦਰ ਜਾ ਕੇ ਕਮਰੇ ਬਾਰੇ ਪੁੱਛਦੀ। ਉਸਦੀ ਭੈਣ ਹੁਣ ਕੁਝ ਸਮੇਂ ਲਈ ਕਾਰ ਚਲਾਉਣ ਯੋਗੀ ਹੋ ਗਈ ਸੀ ਪਰ ਉਹ ਮੋਟਲ ਦੇ ਦਫਤਰ ਵਿੱਚ ਜਾਣ ਤੋਂ ਸੰਗਦੀ, ਉਸਦੀ ਮਾਂ ਅੰਗ੍ਰੇਜ਼ੀ ਨਹੀਂ ਸੀ ਬੋਲਦੀ, ਅਤੇ ਉਸਦਾ ਪਿਤਾ ਆਪਣੀ ਕਾਰ ਦੇ ਸਟੇਰਿੰਗ ਨੂੰ ਫੜੀ ਬੈਠਾ ਹੁੰਦਾ, ਕਾਰ ਦਾ ਇੰਜਣ ਚੱਲ ਰਿਹਾ ਹੁੰਦਾ, ਕਿਉਂ ਕਿ ਕੁਝ ਮੋਟਲ ਪਾਲਤੂ ਜਾਨਵਰਾਂ ਦੀ ਆਗਿਆ ਨਹੀਂ ਸੀ ਦਿੰਦੇ ਅਤੇ  ਉਨ੍ਹਾਂ ਨੂੰ ਬਿਨਾਂ ਉੱਤਰੇ ਹੀ ਕਿਸੇ ਹੋਰ ਮੋਟਲ ਵੱਲ ਜਾਣਾ ਪੈ ਸਕਦਾ ਹੁੰਦਾ। ਅਮਰੀਕਾ ਦੇ ਦੱਖਣ ਵਿੱਚ ਇੱਕ ਮੋਟਲ `ਚ ਕਾਊਂਟਰ ਦੇ ਪਿੱਛੇ ਖੜ੍ਹੀ ਔਰਤ ਨੇ ਸੁਰਜੀਤ ਨੂੰ ਇਹ ਆਖ ਕੇ ਸਿੱਧਾ ਹੀ ਜਵਾਬ ਦੇ ਦਿੱਤਾ ਕਿ "ਅਸੀਂ ਰੰਗਦਾਰ ਲੋਕਾਂ ਨੂੰ ਨਹੀਂ ਰੱਖਦੇ।" ਉਹ ਔਰਤ ਭੈਂਗੀ ਹੋਣ ਕਰਕੇ ਇਹ ਪਲ ਹੋਰ ਵੀ ਨਾ-ਭੁੱਲਣਯੋਗ ਬਣ ਗਏ।  ਉਸਦੇ ਰੁੱਖੇਪਣ ਨੇ ਸੁਰਜੀਤ ਨੂੰ ਧੱਕਾ ਪਹੁੰਚਾਇਆ, ਉਸ ਨੇ ਇਸ ਤਰ੍ਹਾਂ ਦੇ ਤੱਟ-ਫੱਟ ਪੱਖਪਾਤੀ ਵਤੀਰੇ ਦਾ ਸਿੱਧੇ ਤੌਰ `ਤੇ ਪਹਿਲਾਂ ਕਦੇ ਸਾਹਮਣਾ ਨਹੀਂ ਸੀ ਕੀਤਾ।

ਅਗਲ਼ੀਆਂ ਗਰਮੀਆਂ ਵਿੱਚ ਉਨ੍ਹਾਂ ਨੇ ਆਪਣਾ ਹੀ ਦੇਸ਼ ਦੇਖਣ ਲਈ ਕਿਊਬਿਕ ਸ਼ਹਿਰ ਤੱਕ ਕਾਰ ਚਲਾਈ। ਜਦੋਂ ਉਹ ਮੈਡੀਸਨ ਹੈਟ ਸ਼ਹਿਰ `ਚੋਂ ਲੰਘ ਰਹੇ ਸਨ, ਸੀ ਬੀ ਸੀ ਰੇਡੀਓ ਤੋਂ ਕਪੂਰ ਬਾਰੇ ਡਰਾਮੇ ਦਾ ਪ੍ਰਸਾਰਣ ਹੋ ਰਿਹਾ ਸੀ। ਇਹ ਡਰਾਮਾ ਟਰਾਂਟੋ ਦੇ ਪੱਤਰਕਾਰ, ਐਲੀਸਟਰ ਗਰੋਸਾਰਟ(ਜਿਹੜਾ ਬਾਅਦ ਵਿੱਚ ਸੈਨੇਟਰ ਗਰੋਸਾਰਟ ਬਣਿਆ) ਨੇ ਖੋਜਿਆ ਅਤੇ ਲਿਖਿਆ ਸੀ। ਉਹ ਉਸ ਵੇਲੇ ਸੀ ਬੀ ਸੀ ਦੇ ਜੰਗੀ ਕੋਸ਼ਿਸ਼ਾਂ ਨਾਲ ਸਬੰਧਤ ਪ੍ਰੋਗਰਾਮਾਂ ਦਾ ਨਿਗਰਾਨ ਸੀ ਅਤੇ ਇਹ ਡਰਾਮਾ 'ਨਵੇਂ ਕਨੇਡੀਅਨ' ਸਿਰਲੇਖ ਲੜੀ ਦਾ ਇੱਕ ਹਿੱਸਾ ਸੀ। ਇਸ ਨਾਲ " ਬਰਤਾਨਵੀ ਭਾਰਤ ਦੇ ਸੂਰਮੇ ਸਿਪਾਹੀਆਂ" ਨੂੰ ਮੁੱਢਲੀ ਸ਼ਰਧਾਂਜ਼ਲੀ ਦਾ ਜੰਗੀ ਸਮੇਂ  ਨਾਲ ਸਬੰਧ ਸਥਾਪਤ ਹੋ ਗਿਆ। ਇਹ ਸਿਪਾਹੀ ਉਸ ਵੇਲੇ ਬਰਤਾਨਵੀ, ਆਸਟਰੇਲੀਅਨ ਅਤੇ ਫਰੀ ਫਰੈਂਚ ਫੌਜਾਂ ਦੇ ਸਾਥੀ ਬਣਕੇ ਇਰਾਕ ਅਤੇ ਸਿਰੀਆ ਵਿੱਚ ਲੜ ਰਹੇ ਸਨ। ਪ੍ਰਸਾਰਣ ਤੋਂ ਪਹਿਲਾਂ ਸੀ ਬੀ ਸੀ ਨੇ ਕਪੂਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਲੱਭਣ ਵਿੱਚ ਕਾਮਯਾਬ ਨਾ ਹੋ ਸਕੇ ਇਸ ਲਈ ਉਹ ਅਤੇ ਉਸਦਾ ਪਰਿਵਾਰ ਇਹ ਸੁਨਣ ਤੋਂ ਖੁੰਝ ਗਏ। ਬਾਅਦ ਵਿੱਚ ਉਨ੍ਹਾਂ ਨੇ ਗਰੋਸਾਰਟ ਦਾ ਖਰੜ੍ਹਾ ਪੜ੍ਹਿਆ, ਜਿਹੜਾ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ। ਰੌਕੀ ਪਹਾੜਾਂ ਵਿੱਚ ਉਹ ਸ਼ੈਟੋ ਲੇਕ ਲੂਈਸ ਅਤੇ ਬੈਂਫ ਸਪਰਿੰਗ ਹੋਟਲ ਵਿੱਚ ਠਹਿਰੇ। ਟਰਾਂਟੋ ਵਿੱਚ ਉਹ ਰੌਇਲ ਯੌਰਕ ਅਤੇ ਓਟਵਾ ਵਿੱਚ ਸ਼ੈਟੋ ਲੌਰੀਅਰ ਵਿੱਚ ਠਹਿਰੇ , ਇਹ ਸਾਰੇ ਰੇਲਵੇ ਦੇ ਉੱਚ ਦੁਮਾਲੜੇ ਹੋਟਲ ਸਨ। ਬਹੁਤ ਥੋੜ੍ਹੇ ਕਨੇਡੀਅਨਾਂ ਨੇ ਦੇਸ਼ ਨੂੰ ਇਸ ਤਰ੍ਹਾਂ ਦੇਖਿਆ, ਜਿਵੇਂ ਉਨ੍ਹਾਂ ਨੇ ਦੇਖਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਪਹਾੜਾਂ ਦੇ ਪਾਰ ਜਾਣਾ ਸਿਰਫ ਗਰਮੀਆਂ ਵਿੱਚ ਸੰਭਵ ਸੀ।  ਫਰੇਜ਼ਰ ਤੇ ਟੌਮਸਨ ਦਰਿਆਵਾਂ ਦੇ ਲਹਿਰਦਾਰ ਰਾਹਾਂ ਉੱਤੇ ਸਟੇਰਿੰਗ `ਤੇ ਪੂਰੀ ਪਕੜ ਦੀ ਜ਼ਰੂਰਤ ਪੈਂਦੀ ਸੀ, ਜਿੱਥੇ ਟਰੱਕਾਂ ਨੂੰ ਪਾਸ ਕਰਨ ਵਾਲੇ ਵਾਹਣਾਂ ਲਈ ਹਾਈਵੇਅ ਬਹੁਤ ਤੰਗ ਸੀ ਅਤੇ ਬਹੁਤ ਸਾਰੇ ਅੰਨ੍ਹੇ ਮੋੜ ਸਨ। ਉਹ ਇਸ ਰੂਟ ਦੇ ਦਸਤੂਰ ਨੂੰ ਸਿੱਖ ਗਏ ਸਨ। ਉਹ ਅੰਨ੍ਹੇ ਮੋੜ `ਤੇ ਰੁੱਕ ਜਾਂਦੇ, ਹਾਰਨ ਮਾਰਦੇ ਅਤੇ ਜਵਾਬੀ ਹਾਰਨ ਦੀ ਉਡੀਕ ਕਰਦੇ, ਅਤੇ ਗੱਡੀ `ਚੋਂ ਬਾਹਰ ਆ ਕੇ ਸਮਝੌਤਾ ਕਰਦੇ ਕਿ ਕੌਣ ਪਿੱਛੇ ਹਟੇ, ਇਹ ਇਸ ਗੱਲ `ਤੇ ਨਿਰਭਰ ਸੀ ਕਿ ਕੌਣ ਜ਼ਿਆਦਾ ਔਖੀ ਹਾਲਤ ਵਿੱਚ ਸੀ। ਉਸ ਪਰਿਵਾਰ ਲਈ, ਜਿਹੜਾ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਅਫਗਾਨਿਸਤਾਨ ਦੀ ਸਰਹੱਦ ਨੇੜੇ ਪੇਸ਼ਾਵਰ ਵਾਦੀ ਵਿੱਚ ਬੱਸ ਰਾਹੀਂ ਸਫਰ ਕਰ ਚੁੱਕਾ ਸੀ, ਉਹ ਇਸ ਨੂੰ ਐਡਵੈਂਚਰ ਵਜੋਂ ਲੈਂਦੇ।

ਸਾਰੇ ਕਨੇਡੀਅਨ ਰੂਟ `ਤੇ ਚਲਦਿਆਂ ਉਨ੍ਹਾਂ ਨੇ ਨਵਾਂ 'ਓਂਟੇਰੀਓ ਹਾਈਵੇਅ 11' ਲਿਆ ਅਤੇ ਸੱਤ ਸੌ ਕਿਲੋਮੀਟਰ ਉੱਤਰੀ ਓਂਟੇਰੀਓ , ਦੂਰ ਸੁਪੀਰੀਅਰ ਝੀਲ ਦੇ ਉੱਤਰ ਵੱਲ, ਨਿਪੀਗਨ ਝੀਲ ਦੇ ਨੇੜੇ ਸਿੱਧੀਆਂ ਖੜ੍ਹੀਆਂ ਚਟਾਨਾਂ ਨੂੰ ਪਾਰ ਕਰਦਿਆਂ ਅਤੇ ਰਸਤੇ ਵਿੱਚ ਕਿਲੋਮੀਟਰਾਂ ਤੱਕ ਫੈਲੀ ਦਲਦਲ  ਅਤੇ ਝੀਲਾਂ ਵਾਲੇ ਇਲਾਕੇ `ਚੋਂ ਲੰਘਦਿਆਂ ਉਹ ਖਾਨਾਂ ਵਾਲੇ ਸ਼ਹਿਰ ਕੈਪੂਸਕੇਸਿੰਗ ਤੇ ਕੋਚਰਨ ਪਹੁੰਚੇ। ਇਸ ਰਸਤੇ ਵਿੱਚ ਬਹੁਤ ਥਾਵਾਂ `ਤੇ ਹਾਲੇ ਸੜਕ ਬਣ ਰਹੀ ਸੀ, ਧੂੜ ਭਰੀ ਬੱਜਰੀ ਵਾਲੀ ਸੜਕ ਤੋਂ ਲੰਘਦਿਆਂ ਅਖੀਰ ਉਹ ਨਵੀਂ ਬਣੀ ਦੋ ਲੇਨਾਂ ਵਾਲੀ ਸੜਕ `ਤੇ ਚੜ੍ਹ ਗਏ, ਜਿਸਦੇ ਮੱਧ ਵਿੱਚ ਚਿੱਟੀ ਲਾਈਨ ਚਮਕਦੀ ਸੀ। ਇਸ ਰਾਹ ਆਉਣ ਲਈ ਕਪੂਰ ਨੂੰ ਸ਼ਾਨਦਾਰ ਉੱਤਰੀ ਦ੍ਰਿਸ਼ ਦੇਖਣ ਦੇ ਨਾਲ ਨਾਲ ਨੀਲ ਝੀਲ ਕੋਲੋਂ ਲੰਘਣ ਦਾ ਵੀ ਉਤਸ਼ਾਹ ਸੀ, ਜਿੱਥੇ ਉਹ 1915 ਅਤੇ 1916 ਵਿੱਚ ਰਿਹਾ ਸੀ। ਭਾਵੇਂ ਸਿੱਧੂ ਕਦੇ ਵੀ ਕਪੂਰ ਵੱਲੋਂ ਜ਼ਮੀਨ ਸਾਫ ਕਰਨ ਅਤੇ ਝੌਂਪੜੀ ਬਣਾਉਣ ਵਾਲੀ ਕਹਾਣੀ ਨੂੰ ਨਹੀਂ ਸੀ ਭੁੱਲੇ ਪਰ ਜਿਹੜਾ ਕੁਝ ਉਨ੍ਹਾਂ ਨੇ ਨੀਲ ਝੀਲ `ਤੇ ਦੇਖਿਆ ਉਹ ਕੁਝ ਵੀ ਯਾਦ ਰੱਖਣ ਵਾਲਾ ਨਹੀਂ ਸੀ। ਜਦੋਂ ਉਹ ਕਿਉਬੈਕ ਪਹੁੰਚੇ , ਉਨ੍ਹਾਂ ਨੇ ਮਹਿਸੂਸ ਕੀਤਾ ਜਿਵੇਂ ਕਿਸੇ ਨਵੀਂ ਥਾਂ ਪਹੁੰਚ ਗਏ ਹੋਣ, ਬਾਕੀ ਕਨੇਡਾ ਤੋਂ ਅਲੱਗ, ਇੱਕ ਦਰੱਖਤ ਨਾਲ ਪੇਸ਼ਾਬ ਕਰ ਰਹੇ ਬੰਦੇ ਦੇ ਦ੍ਰਿਸ਼ ਨੇ ਸਾਰੇ ਪ੍ਰਭਾਵ ਦਾ ਨਿਚੋੜ ਪੇਸ਼ ਕਰ ਦਿੱਤਾ। ਉਹ ਭਾਰਤ ਵਿਚਲੇ ਭਾਰਤੀਆਂ ਵਰਗੇ ਸਨ। ਉਨ੍ਹਾਂ ਨੇ ਇੱਕ-ਦੂਜੇ ਨੂੰ ਕਿਹਾ, "ਕਿੰਨਾ ਬੇਹੂਦਾ।" ਜੈਕੀ ਤੇ ਸੁਰਜੀਤ ਨੇ ਹਾਈ ਸਕੂਲ ਵਿੱਚ ਫਰਾਂਸੀਸੀ ਪੜ੍ਹੀ ਹੋਣ ਕਰਕੇ ਕਿਉਬੈਕ ਸ਼ਹਿਰ ਵਿੱਚ ਉਨ੍ਹਾਂ ਨੂੰ ਕੋਈ ਔਖਿਆਈ ਨਹੀਂ ਆਈ। ਉਸ ਤੋਂ ਬਾਅਦ ਉਹ ਉਸੇ ਰਾਹ ਵਾਪਸ ਵੈਨਕੂਵਰ ਪਰਤ ਗਏ, ਜਿਸ ਰਾਹ ਆਏ ਸਨ।

ਉਸ ਸਾਲ ਸਤੰਬਰ ਮਹੀਨੇ ਵਿੱਚ ਸੁਰਜੀਤ ਕੈਟਸੀਲੈਨੋ ਹਾਈ ਸਕੂਲ ਵਿੱਚ ਦਸਵੀਂ ਵਿੱਚ ਗਈ ਅਤੇ ਜੈਕੀ ਗਿਆਰ੍ਹਵੀਂ ਵਿੱਚ। ਉਸ ਸਕੂਲ ਸਾਲ ਦੌਰਾਨ ਬਾਹਰਲੀ ਦੁਨੀਆਂ ਉਨ੍ਹਾਂ ਦੀਆਂ ਜਮਾਤਾਂ ਦੇ ਕਮਰਿਆਂ ਵਿੱਚ ਬਹੁਤ ਗੜਬੜ ਵਾਲੇ ਤਰੀਕੇ ਨਾਲ ਘੁਸਪੈਂਠ ਕਰ ਗਈ। ਸੁਰਜੀਤ ਅਤੇ ਜੈਕੀ ਦੀਆਂ ਮੇਓ ਅਤੇ ਸ਼ਹਿਰ ਵਾਲੇ ਸਕੂਲਾਂ ਵਿੱਚ ਹਮੇਸ਼ਾ ਜਾਪਾਨੀ ਜਮਾਤਣਾਂ ਰਹੀਆਂ ਸਨ। ਬਹੁਤ ਸਾਰੇ ਜਾਪਾਨੀ-ਕਨੇਡੀਅਨ ਵਿਦਿਆਰਥੀ ਉਨ੍ਹਾਂ ਦੇ ਕੈਟਸਲੈਨੋ ਹਾਈ ਸਕੂਲ ਦੀਆਂ ਜਮਾਤਾਂ ਵਿੱਚ ਬੈਠਦੇ ਸਨ ਪਰ ਕਨੇਡੀਅਨ ਸਰਕਾਰ ਵੱਲੋਂ ਜਾਪਾਨੀ-ਕਨੇਡੀਅਨਾਂ ਨੂੰ ਤੱਟਵਰਤੀ ਇਲਾਕਿਆਂ ਵਿੱਚੋਂ ਦੂਰ ਜਾਣ ਦੇ ਹੁਕਮਾਂ ਤੋਂ ਬਾਅਦ 1942 ਦੀਆਂ ਗਰਮੀਆਂ ਤੱਕ ਸਾਰੇ ਚਲੇ ਗਏ ਸਨ। ਕੁਝ ਸਮੇਂ ਲਈ ਇਨ੍ਹਾਂ ਕੱਢੇ ਗਏ ਲੋਕਾਂ ਨੂੰ ਹੇਸਟਿੰਗਜ਼ ਪਾਰਕ ਦੇ ਮੇਲੇ ਵਾਲੇ ਮੈਦਾਨ ਵਿੱਚ ਰੱਖਿਆ ਗਿਆ, ਅਤੇ ਜੈਕੀ ਤੇ ਸੁਰਜੀਤ ਆਪਣੀਆਂ ਜਮਾਤਣਾਂ ਤੇ ਸਹੇਲੀਆਂ ਨਾਲ ਵਾੜ ਦੇ ਵਿੱਚੋਂ ਹੀ ਗੱਲਾਂ ਕਰ ਸਕਦੀਆਂ। ਪਰ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਸੂਬੇ ਦੇ ਅੰਦਰਲੇ ਹਿੱਸੇ ਵੱਲ ਭੇਜੇ ਜਾਣ ਤੋਂ ਬਾਅਦ ਉਹ ਮੁੜ ਉਨ੍ਹਾਂ ਨੂੰ ਕਦੇ ਵੀ ਨਾ ਮਿਲ ਸਕੀਆਂ। ਇਹ ਸਭ ਐਨਾਂ ਅਣਕਿਆਸਿਆ ਅਤੇ ਅਚਣਚੇਤ ਵਾਪਰਿਆ ਕਿ ਇਸ ਨੂੰ ਬਰਦਾਸ਼ਤ ਕਰਨਾ ਅਤੇ ਕਬੂਲਣਾ ਬਹੁਤ ਔਖਾ ਸੀ।

ਕੁੜੀਆਂ ਜਾਣਦੀਆਂ ਸਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਡਾਕਟਰ ਬਣਨ ਦੀ ਆਸ ਕਰਦੇ ਸਨ, ਅਤੇ ਉਹ ਸਕੂਲ ਵਿੱਚ ਸਖਤ ਮੇਹਨਤ ਕਰਦੀਆਂ। ਸੁਰਜੀਤ ਨੇ ਐਨੀ ਵਧੀਆ ਕਾਰਗੁਜ਼ਾਰੀ ਕੀਤੀ ਕਿ ਉਸਦੇ ਅਧਿਆਪਕਾਂ ਨੇ ਉਸ ਨੂੰ ਅਗਲੇ ਸਾਲ ਲਈ ਹੁਸ਼ਿਆਰ ਜਮਾਤ ਲਈ ਚੁਣ ਲਿਆ, ਜਦੋਂ ਉਸ ਨੇ ਇੱਕ ਸਾਲ ਵਿੱਚ ਹੀ ਦੋ ਜਮਾਤਾਂ ਕਰ ਲਈਆਂ। ਇਸਦਾ ਮਤਲਬ ਸੀ ਕਿ ਉਹ ਆਪਣੀ ਭੈਣ ਦੇ ਨਾਲ ਹੀ ਇੱਕੋ ਵੇਲੇ ਹਾਈ ਸਕੂਲ ਪਾਸ ਕਰ ਗਈ। ਪਰ ਘਰ ਨੇ ਉਨ੍ਹਾਂ ਨੂੰ ਸਕੂਲ ਤੋਂ ਮਿਲਦੀ ਜਾਣਕਾਰੀ ਦਾ ਸੰਤੁਲਨ ਕਾਇਮ ਰੱਖਿਆ, ਖਾਸ ਕਰਕੇ ਜਦੋਂ ਗੱਲ ਤਾਜ਼ਾ ਘਟਨਾਵਾਂ ਅਤੇ ਦੁਨੀਆਂ ਬਾਰੇ ਵਿਚਾਰਾਂ `ਤੇ ਆਉਂਦੀ ਸੀ।  ਅੰਤਰਰਾਸ਼ਟਰੀ ਖਬਰਾਂ  ਕਪੂਰ ਆਮ ਤੌਰ `ਤੇ ਰੇਡੀਓ `ਤੇ ਬੀ ਬੀ ਸੀ ਤੋਂ ਸੁਣਦਾ, ਅਤੇ ਸੀ ਪੀ ਆਰ ਸਟੇਸ਼ਨ ਦੇ ਸਾਹਮਣੇ ਪਾਸੇ ਉਸਦੀਆਂ ਕੁਝ ਮਨਪਸੰਦ ਅਖਬਾਰਾਂ ਦੀ ਦੁਕਾਨ ਸੀ, ਜਿੱਥੋਂ ਉਹ 'ਮਾਨਚੈਸਟਰ ਗਾਰਡੀਅਨ', ਜਾਂ 'ਕ੍ਰਿਸਚੀਅਨ ਸਾਇੰਸ ਮੌਨੀਟਰ' ਲੈਂਦਾ। ਵੈਨਕੂਵਰ ਦੇ ਤਿੰਨ ਰੋਜ਼ਾਨਾ ਅਖਬਾਰ, ਦਾ ਸਨ, ਦਾ ਪਰੋਵੈਂਸ ਅਤੇ ਨਿਊਜ਼- ਹੈਰਲਡ  ਉਸ ਕੋਲ ਆਉਂਦੇ ਹੀ ਸਨ।

ਕਪੂਰ ਅਖਬਾਰ ਦੀਆਂ ਕਤਰਾਂ ਨੂੰ ਇੱਕ ਫਾਈਲ ਵਿੱਚ ਸੰਭਾਲ ਕੇ ਰੱਖਦਾ।  ਇਹ ਉਸ ਨੇ ਦਸੰਬਰ 1941 ਵਿੱਚ ਜਾਪਾਨੀਆਂ ਦੇ ਪਰਲ ਹਾਰਬਰ `ਤੇ ਹਮਲਾ ਕਰਨ ਤੋਂ ਬਾਅਦ ਸ਼ੁਰੂ ਕੀਤਾ। ਪਰਲ ਹਾਰਬਰ ਤੋਂ ਇੱਕ ਹਫਤਾ ਬਾਅਦ ਉਸ ਨੇ ਪੈਸੇਫਿਕ ਦੇ ਜੰਗ ਵਾਲੇ ਇਲਾਕੇ ਦੇ ਪੂਰੇ ਇੱਕ ਸਫੇ ਦੇ ਨਕਸ਼ੇ ਨੂੰ ਪਾਸੇ ਰੱਖ ਲਿਆ। ਜਿਹੜੀ ਗੱਲ ਦੀ ਉਸ ਨੂੰ ਪਰਵਾਹ ਸੀ, ਉਸ ਬਾਰੇ ਉਸ ਵੱਲੋਂ ਸੰਭਾਲੀਆਂ ਅਗਲੇ ਕੁਝ ਮਹੀਨਿਆਂ ਅਤੇ ਸਾਲਾਂ ਦੀਆਂ ਅਖਬਾਰੀ ਕਤਰਨਾ ਤੋਂ ਪ੍ਰਤੱਖ ਦਿਸਦਾ ਸੀ। ਭਾਰਤ ਬਾਰੇ ਗਤੀਵਿਧੀਆਂ  ਨੂੰ ਉਹ ਗਹੁ ਨਾਲ ਦੇਖਦਾ ਸੀ। ਉਹ ਹਰੇਕ ਕਹਾਣੀ ਨੂੰ ਸੰਭਾਲ ਕੇ ਰੱਖਦਾ ਜਿਸ ਵਿੱਚ, ਬਰਤਾਨੀਆ ਵੱਲੋਂ ਭਾਰਤ ਦੀ ਆਜ਼ਾਦੀ ਦਾ ਵਾਅਦਾ ਹੁੰਦਾ,  ਜਿਸ ਵਿੱਚ ਅਮਰੀਕਨ ਇਸ ਵਿਸ਼ੇ ਬਾਰੇ ਕੀ ਆਖ ਰਹੇ ਸਨ, ਜਿਸ ਵਿੱਚ ਕੀਆ-ਸ਼ੈਕ ਅਤੇ ਉਸਦੀ ਚੀਨੀ ਸਰਕਾਰ ਕੀ ਆਖਦੀ ਸੀ, ਅਤੇ ਜਿਸ ਵਿੱਚ ਬਰਤਾਨੀਆਂ ਦੀਆਂ ਜੰਗ ਵੇਲੇ ਭਾਰਤ ਦੇ ਕੌਮੀ ਆਗੂਆਂ, ਨਹਿਰੂ ਤੇ ਗਾਂਧੀ ਦਾ ਸਹਿਯੋਗ ਜਿੱਤਣ ਦੀਆਂ ਕੋਸ਼ਿਸ਼ਾਂ  ਬਾਰੇ ਲਿਖਿਆ ਹੁੰਦਾ। ਜਦੋਂ ਜਾਪਾਨੀਆਂ ਨੇ ਬਰਮਾ ਦੇ ਧੁਰ ਅੰਦਰ ਪੜਛੇ ਲਾਹੇ, ਉਦੋਂ ਕਪੂਰ ਨੇ ਦਿੱਲੀ ਵਿੱਚ ਬਰਤਾਨਵੀ ਸਰਕਾਰ ਵੱਲੋਂ ਸਰ ਸਟਾਫਰਡ ਕ੍ਰਿਪਸ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਮਹਾਤਮਾ ਗਾਂਧੀ ਤੇ ਮੁਸਲਿਮ ਲੀਗ ਵੱਲੋਂ ਮੁਹੰਮਦ ਅਲੀ ਜਿਨਾਹ ਵਿਚਕਾਰ ਸੌਦੇਬਾਜ਼ੀ ਵਿੱਚ ਹੋਈ ਪ੍ਰਗਤੀ ਨੂੰ ਦੇਖਿਆ। ਅਪ੍ਰੈਲ 1942 ਦੇ ਸ਼ੁਰੂ ਵਿੱਚ ਜਦੋਂ ਵੈਨਕੂਵਰ ਦੇ ਅਖਬਾਰਾਂ ਦੀਆ ਮੁੱਖ ਸੁਰਖੀਆਂ ਝਟਕੇ ਵਾਲੀਆਂ ਖਬਰਾਂ ਕਿ ਜਾਪਾਨੀ ਜਹਾਜ਼ਾਂ ਨੇ ਸ਼੍ਰੀ ਲੰਕਾ ਦੇ ਤੱਟ ਨੇੜੇ ਹਵਾਈ ਜਹਾਜਾਂ ਵਾਲਾ ਬਰਤਾਨਵੀ ਬੇੜਾ ਡੋਬ ਦਿੱਤਾ ਅਤੇ ਬੰਗਾਲ ਦੀ ਖਾੜੀ ਵਿੱਚ ਦੋ ਗਸ਼ਤੀ ਜਹਾਜ਼ਾਂ ਨੂੰ ਵੀ, ਜਿਹੜੀ ਖਬਰ ਦੁਆਲੇ ਕਪੂਰ ਨੇ ਚੱਕਰ ਲਾਇਆ ਉਹ ਕ੍ਰਿਪਸ ਮਿਸ਼ਨ ਦੀ ਅਸਫਲਤਾ ਬਾਰੇ ਸੀ( ਭਾਰਤ ਦੀ ਆਜ਼ਾਦੀ ਬਾਰੇ ਕ੍ਰਿਪਸ ਦੀ ਯੋਜਨਾ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਨਕਾਰਨਾ)।

ਪੂਰੀ ਜੰਗ ਦੇ ਦੌਰਾਨ ਕਪੂਰ ਦੀ ਅਖਬਾਰਾਂ ਪੜ੍ਹਣ ਦੀ ਅਜੇਹੀ ਸ਼ੈਲੀ ਸੀ।  ਇੱਥੋਂ ਤੱਕ ਕਿ ਜੂਨ 1944 ਦੇ ਸ਼ੁਰੂ ਵਿੱਚ ਜਦੋਂ ਇਤਿਹਾਦੀ ਮੁਲਕਾਂ ਨੇ ਯੂਰਪ ਵਿੱਚ ਦੂਜਾ ਮੋਰਚਾ ਖੋਲ੍ਹ ਦਿੱਤਾ ਸੀ, ਉਸ ਨੇ ਭਾਰਤ ਬਾਰੇ ਖਬਰ ਜਾਂ ਭਾਰਤੀ ਤੱਤ ਬਾਰੇ ਕਹਾਣੀਆਂ ਲਈ ਅਖਬਾਰ ਛਾਣ ਮਾਰੇ। 8 ਜੂਨ 1944 ਨੂੰ, ਡੀ ਡੇਅ ਦੀ ਸ਼ੁਰੂਆਤ ਦੇ ਦੋ ਦਿਨ ਬਾਅਦ , ਅਖਬਾਰਾਂ ਵਿੱਚ ਕਨੇਡੀਅਨ ਫੌਜਾਂ ਦੇ ਫਰਾਂਸੀਸੀ ਸ਼ਹਿਰ ਕਾਅਨ ਦੇ ਬਾਹਰਵਾਰ ਅੱਗੇ ਵਧਣ ਦੀਆਂ ਵੱਡੀਆਂ ਸੁਰਖੀਆਂ ਸਨ, ਕਪੂਰ ਨੇ ਨੰਦ ਸਿੰਘ ਬਾਰੇ ਕੁਝ ਲਾਈਨਾਂ ਵਾਲੀ ਪ੍ਰਾਈਵੇਟ ਖਬਰ `ਤੇ ਨਿਸ਼ਾਨ ਲਾਇਆ ਹੋਇਆ ਸੀ, ਜਿਸ ਨੇ ਬਰਮਾ ਵਿੱਚ ਇੱਕ ਪਲਟਨ ਦੀ ਅਗਵਾਹੀ ਕਰਨ ਬਦਲੇ ਵਿਕਟੋਰੀਆ ਕਰਾਸ ਜਿੱਤਿਆ ਸੀ।

ਕਪੂਰ ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਕਨੇਡਾ ਵਿੱਚ ਆਪਣੇ ਭਾਈਚਾਰੇ ਬਾਰੇ ਕਹਾਣੀਆਂ ਦੀਆਂ ਕਤਰਨਾਂ  ਸੰਭਾਲ ਕੇ ਰੱਖਦਾ। ਅਪ੍ਰੈਲ 1942 ਵਿੱਚ ਕਪੂਰ ਨੇ ਸ਼ਹਿਰ ਦੇ ਸਭ ਤੋਂ ਵੱਧ ਹਮਦਰਦ ਅਖਬਾਰ, ਵੈਨਕੂਵਰ ਨਿਊਜ਼-ਹੈਰਲਡ ਵਿੱਚ ਇੱਕ ਬਿਆਨ ਦਿੱਤਾ। ਉਸੇ ਲੇਖ ਵਿੱਚ ਛੱਤੀ ਸਾਲਾ ਪੜ੍ਹੇ-ਲਿਖੇ ਸਿੱਖ , ਜੈਰੀ ਹੁੰਦਲ ਦਾ ਜ਼ਿਕਰ ਸੀ। ਉਹ ਯੂ. ਬੀ. ਸੀ. ਦਾ ਪੜ੍ਹਿਆ ਹੋਇਆ ਸੀ ਅਤੇ 1913 ਵਿੱਚ ਰਹਿਮ ਦੇ ਆਧਾਰ `ਤੇ ਕਨੇਡਾ ਵਿੱਚ ਦਾਖਲ ਹੋਏ ਹੁੰਦਲ ਭਰਾਵਾਂ ਵਿੱਚੋਂ ਇੱਕ ਸੀ। ਕਪੂਰ ਅਤੇ ਹੁੰਦਲ, ਗਾਂਧੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਕ੍ਰਿਪਸ ਦੀ ਆਜ਼ਾਦੀ ਬਾਰੇ ਯੋਜਨਾ ਨੂੰ ਨਕਾਰਨ ਤੋਂ ਬਾਅਦ  ਬੋਲ ਰਹੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਉਹ ਕਨੇਡੀਅਨਾਂ ਨੂੰ ਯਕੀਨ ਦਿਵਾਉਣਗੇ ਕਿ ਕਾਂਗਰਸ ਫਾਸ਼ੀਵਾਦ ਵਿਰੋਧੀ ਸੀ ਅਤੇ ਜਾਪਾਨੀਆ ਨਾਲ ਲੜੇਗੀ ਪਰ ਇਸਦੇ ਆਗੂ ਬਿਨਾਂ ਕਿਸੇ ਹੋਰ ਦੇਰੀ ਦੇ ਆਪਣੀ ਸਰਕਾਰ ਦੀ ਵਿਵਸਥਾ ਦੀ ਆਸ ਰੱਖਦੇ ਸਨ। ਕਪੂਰ ਦਾ ਵਿਸ਼ਵਾਸ਼ ਸੀ ਕਿ ਸਮਝੌਤਾ  ਵਿਚਾਲੇ ਟੁੱਟਣ ਦਾ ਕਾਰਣ ਬਰਤਾਨੀਆ ਵੱਲੋਂ ਯੋਗ ਪੇਸ਼ਕਸ਼ ਨਾ ਕਰਨਾ ਸੀ। ਨਾ ਹੀ ਉਸਨੇ ਤੇ ਨਾ ਹੀ ਜੈਰੀ ਹੁੰਦਲ ਨੇ ਸੋਚਿਆ ਕਿ ਮੁਸਲਿਮ ਲੀਗ ਦੀਆਂ ਮੰਗਾਂ ਜਾਇਜ਼ ਸਨ  ਜਾਂ ਧਾਰਮਿਕ ਤੇ ਸਭਿਆਚਾਰਕ ਪਾੜੇ ਨੇ ਭਾਰਤ ਨੂੰ ਸਰਕਾਰ ਚਲਾਉਣ ਦੇ ਅਯੋਗ ਬਣਾ ਦਿੱਤਾ ਸੀ। 'ਨਿਊਜ਼-ਹੈਰਲਡ ਦੇ ਰੀਪੋਰਟਰ (ਉਸ ਨੇ ਕਪੂਰ ਦੀ ਵਿਆਖਿਆ ਬਜ਼ੁਰਗ ਅਤੇ ਸੋਹਣੇ ਵਜੋਂ ਕੀਤੀ) ਨੇ  ਕਪੂਰ ਦੇ ਵਿਚਾਰਾਂ ਬਾਰੇ ਲਿਖਿਆ ਕਿ ਉਨ੍ਹਾਂ ਦੀ ਆਪਣੀ ਸਰਕਾਰ ਭਾਰਤ ਵਿੱਚ ਅਫਰਾ-ਤਫਰੀ ਨਹੀਂ ਲਿਆਵੇਗੀ। " ਉਹ ਧਰਮ ਖਾਤਰ ਆਪਸ ਵਿੱਚ ਨਹੀਂ ਲੜਨਗੇ" ਕਪੂਰ ਨੇ ਉਸ ਨੂੰ ਦੱਸਿਆ। "ਉਹ ਭੁੱਖੇ ਹਨ, ਉਹ ਦਾਲ-ਰੋਟੀ ਚਾਹੁੰਦੇ ਹਨ।"(15) ਉਸਦੀ ਟਿੱਪਣੀ ਦੀ ਉਲਝਣ ਇਹ ਸੀ ਕਿ ਕੀ ਉਨ੍ਹਾਂ ਨੂੰ ਬਰਤਾਨੀਆਂ ਦੇ ਥੱਲੇ ਦਾਲ-ਰੋਟੀ ਨਹੀਂ ਮਿਲਦੀ ਸੀ।

ਕਪੂਰ ਅਤੇ ਹੋਰ ਉੱਘੇ ਸਾਊਥ ਏਸ਼ੀਅਨ ਕਨੇਡਾ ਵਿੱਚ ਆਪਣੀ ਹਾਲਤ ਬਾਰੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਕਸਦ ਵਾਸਤੇ, ਉਨ੍ਹਾਂ ਨੇ ਗਾਂਧੀ ਦੇ ਲੰਮੇ ਸਮੇਂ ਲਈ ਰਹੇ ਸਹਿਯੋਗੀ ਨੂੰ ਭਰਤੀ ਕੀਤਾ, ਜਿਸ ਨੇ ਜਨਵਰੀ 1942 ਵਿੱਚ ਹੋਟਲ ਜੌਰਜੀਆ ਵਿੱਚ ਵੈਨਕੂਵਰ ਦੇ ਲਾਇਨਜ਼ ਕਲੱਬ ਨਾਲ ਗੱਲ ਕੀਤੀ। ਇਹ ਅੰਗ੍ਰੇਜ਼ ਯਹੂਦੀ, ਹੈਨਰੀ ਪੋਲਕ ਸੀ। ਉਹ ਗਾਂਧੀ ਦਾ ਤਕਰੀਬਨ ਚਾਲ੍ਹੀ ਸਾਲ ਤੋਂ ਪੈਰੋਕਾਰ ਸੀ, ਗਾਂਧੀ ਦੇ ਦੱਖਣੀ ਅਫਰੀਕਾ ਵਿੱਚ ਤਜਰਬੇ ਵਾਲੇ ਪਰਗਣੇ, ਫੀਨੈਕਸ ਫਾਰਮ ਦੇ ਦਿਨਾਂ ਤੋਂ। ਪੋਲਕ ਕਨੇਡਾ ਦੇ ਪੂਰਬੀ ਹਿੱਸੇ ਵਿੱਚ ਭਾਸ਼ਣ ਦੇਣ ਆਇਆ ਹੋਇਆ ਸੀ, ਅਤੇ ਕਪੂਰ, ਮੇਓ ਤੇ ਕਰਤਾਰ ਸਿੰਘ ਨੇ ਉਸ ਨੂੰ ਬੀ. ਸੀ. ਵਿੱਚ ਸੂਬਾ ਸਰਕਾਰ ਦੇ ਮੈਂਬਰਾਂ ਨਾਲ ਗੱਲ ਕਰਨ ਅਤੇ ਬਹੁਤ ਸਾਰੇ ਥਾਵਾਂ `ਤੇ ਭਾਸ਼ਣ ਦੇਣ ਦਾ ਸੱਦਾ ਦਿੱਤਾ। ਸੱਦਾ ਦੇਣ ਦਾ ਖਿਆਲ ਸ਼ਾਇਦ ਕਰਤਾਰ ਸਿੰਘ ਨੂੰ ਆਇਆ ਹੋਵੇ ਅਤੇ ਉਸ ਨੇ ਉਸ ਨੂੰ ਇੱਥੇ ਲਿਆਉਣ ਲਈ ਖਰਚ ਦੀ ਪੂਰਤੀ ਲਈ ਮੇਓ ਤੇ ਕਪੂਰ ਨੂੰ ਨਾਲ ਰਲਾ ਲਿਆ ਹੋਵੇ। ਕਪੂਰ ਨੇ ਅਖਬਾਰ ਦੀ ਉਹ ਕਾਤਰ ਸੰਭਾਲ ਲਈ, ਜਿਸ ਵਿੱਚ ਪੋਲਕ ਵੱਲੋਂ ਹੋਟਲ ਜੌਰਜੀਆ ਵਿੱਚ ਲਾਇਨਜ਼ ਕਲੱਬ ਦੇ ਮੈਂਬਰਾਂ ਸਾਹਮਣੇ ਬ੍ਰਿਟਿਸ਼ ਕੋਲੰਬੀਆ ਨੂੰ ਅਪੀਲ ਕੀਤੀ ਗਈ ਸੀ ਕਿ ਇਸਦੇ ਸਿੱਖ ਨਾਗਰਿਕਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇ। ਪੋਲਕ ਨੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ: "ਜੇ ਸਿੱਖ, ਕਨੇਡੀਅਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਾਂਗਕਾਂਗ ਵਿੱਚ ਲੜਨ ਅਤੇ ਮਰਨ ਦੇ ਯੋਗ ਸਨ, ਉਹ ਕਨੇਡਾ ਵਿੱਚ ਵੋਟ ਪਾਉਣ ਦੇ ਵੀ ਯੋਗ ਸਨ।"(16) ਜਾਪਾਨੀਆਂ ਨੇ ਕੁਝ ਹਫਤੇ ਪਹਿਲਾਂ ਹੀ ਹਾਂਗਕਾਂਗ `ਤੇ ਕਬਜ਼ਾ ਕੀਤਾ ਸੀ, ਇਸ ਲਈ ਪੋਲਕ ਦੀ ਟਿੱਪਣੀ ਵਿਸ਼ੇ ਨਾਲ ਸਬੰਧਿਤ ਸੀ। ਜਦੋਂ ਉਹ ਵੈਨਕੂਵਰ ਵਿੱਚ ਬੋਲ ਰਿਹਾ ਸੀ, ਉਦੋਂ ਕਨੇਡੀਅਨਾਂ ਵਿੱਚ ਜਬਰੀ ਭਰਤੀ ਨੂੰ ਲੈ ਕੇ ਬਹਿਸ ਛਿੜ ਪਈ ਸੀ ਜਿਸ ਕਰਕੇ ਫਰਾਂਸੀਸੀ ਅਤੇ ਅੰਗ੍ਰੇਜ਼ ਕਨੇਡੀਅਨ ਆਪਸ ਵਿੱਚ ਬੁਰੀ ਤਰ੍ਹਾਂ ਨਾਲ ਵੰਡੇ ਗਏ ਸਨ। ਪੋਲਕ ਦੇ ਬੋਲਣ ਤੋਂ ਇੱਕ ਹਫਤਾ ਬਾਅਦ ਹੀ ਪ੍ਰਧਾਨ ਮੰਤਰੀ, ਕਿੰਗ ਨੇ ਜਬਰੀ ਭਰਤੀ ਬਾਰੇ ਲੋਕ-ਮੱਤ ਦੀ ਘੋਸ਼ਣਾ ਕਰ ਦਿੱਤੀ। ਕਪੂਰ ਨੇ ਜਬਰੀ ਭਰਤੀ ਵਾਲੇ ਵਿਵਾਦ ਬਾਰੇ ਕੋਈ ਵੀ ਕਹਾਣੀ ਨੂੰ ਸੰਭਾਲ ਕੇ ਨਾ ਰੱਖਿਆ। ਪਰ ਜਬਰੀ ਭਰਤੀ ਦੇ ਲਾਗੂ ਹੋਣ ਤੋਂ ਬਾਅਦ, ਉਸ ਨੇ ਲੇਖਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ, ਜਿਹੜੇ ਇਸ ਮਸਲੇ ਨਾਲ ਸਬੰਧਿਤ ਸਨ ਕਿ ਜਵਾਨ ਸਿੱਖਾਂ ਨੂੰ ਜਬਰੀ ਭਰਤੀ ਦੇ ਨੋਟਿਸ ਆਉਣ ਵੇਲੇ ਕੀ ਵਾਪਰਿਆ ਜਾਂ ਵੋਟ ਦੇ ਹੱਕ ਦੀ ਲੜਾਈ ਵਿੱਚ ਸਰਗਰਮ ਹੋ ਕੇ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿਖਾਈ।

ਬਹੁਤ ਸਾਰੇ ਸਿੱਖ ਜਬਰੀ ਭਰਤੀ ਕਾਰਣ ਗੁੱਸੇ ਵਿੱਚ ਸਨ। ਜਵਾਨ ਬੰਦੇ ਸੋਚਦੇ ਸਨ ਕਿ ਉਹ ਕਿਉਂ ਉਸ ਦੇਸ਼ ਖਾਤਰ ਲੜਣ ਜਿਹੜਾ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੰਦਾ, ਅਤੇ ਗੁਰਦਵਾਰਾ ਸੁਸਾਇਟੀ ਨੇ ਜਬਰੀ ਭਰਤੀ ਹੋਇਆਂ ਦੀ ਸਹਾਇਤਾ ਲਈ ਕਨੂੰਨੀ ਸੰਸਥਾ, ਬਰਡ ਐਂਡ ਬਰਡ, ਨਾਲ ਸੰਪਰਕ ਕੀਤਾ, ਜਿਨ੍ਹਾਂ `ਤੇ ਉਹ ਲੰਬੇ ਸਮੇਂ ਤੋਂ ਭਰੋਸਾ ਕਰਦੀ ਸੀ। ਚੌਵੀ ਸਾਲਾ ਕਮਿਉਨਿਸਟ ਅਤੇ ਯੂਨੀਅਨ ਦਾ ਕਾਰਜ-ਕਰਤਾ, ਦਰਸ਼ਨ ਸਿੰਘ ਸੰਘਾ, ਜਿਹੜਾ ਮਾਹਲਪੁਰ ਨੇੜੇ ਲੰਗੇਰੀ ਪਿੰਡ ਤੋਂ ਸੀ, ਨੂੰ ਸਭ ਤੋਂ ਪਹਿਲਾਂ ਨੋਟਿਸ ਮਿਲਿਆ। ਉਹ ਵਿਦਿਆਰਥੀ ਵਜੋਂ ਕਨੇਡਾ ਆਇਆ ਸੀ ਅਤੇ, ਸਾਧੂ ਸਿੰਘ ਧਾਮੀ ਤੇ ਹੋਰਨਾਂ ਵਾਂਗ ਆਪਣੀ ਯੂ. ਬੀ. ਸੀ. ਵਿੱਚ ਪੜ੍ਹਾਈ ਦਾ ਖਰਚ ਤੋਰਨ ਲਈ ਉਸ ਨੇ ਕਈ ਮਿੱਲਾਂ ਵਿੱਚ ਕੰਮ ਕੀਤਾ ਸੀ। ਪਾਸ ਹੋਣ ਤੋਂ ਬਾਅਦ ਉਹ ਕਪੂਰ ਦੀ ਬਾਰਨੈੱਟ ਵਾਲੀ ਮਿੱਲ ਵਿੱਚ ਕੰਮ ਕਰਦਾ ਸੀ। ਜਦੋਂ ਉਸ ਨੂੰ ਇਹ ਨੋਟਿਸ ਮਿਲਿਆ, ਉਸ ਨੇ ਕਪੂਰ ਸਮੇਤ ਕਈ ਬੰਦਿਆਂ ਨਾਲ ਗੱਲ ਕੀਤੀ, ਜਿਨ੍ਹਾ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਉੱਨੀ ਦੇਰ ਸੈਨਾ ਵਿੱਚ ਹਾਜ਼ਰੀ ਲਵਾਏ, ਜਿੰਨੀ ਦੇਰ ਵਕੀਲ ਨਹੀਂ ਦੱਸਦੇ ਕਿ ਉਹ ਕੀ ਕਰ ਸਕਦੇ ਸਨ। ਇਸ ਲਈ ਦਰਸ਼ਨ ਸਿਰਫ ਇੱਕੋ ਭੂਰੇ ਵਿਅਕਤੀ ਵਜੋਂ ਵਰਨਨ, ਬੀ. ਸੀ. ਵਿੱਚ ਸਿਖਲਾਈ ਕੈਂਪ ਵਿੱਚ ਗਿਆ ਅਤੇ ਚਾਰ ਮਹੀਨੇ ਤੱਕ ਇੱਕ ਰੰਗਰੂਟ ਵਜੋਂ ਜ਼ਿੰਦਗੀ ਭੋਗਦਾ ਰਿਹਾ ਫਿਰ ਉਸ ਨੂੰ ਜਾਣ ਦਿੱਤਾ ਗਿਆ।(17)

ਦਰਸ਼ਨ ਸਿੰਘ ਸੰਘਾ ਲਈ ਵਰਨਨ ਦੇ ਸਿਖਲਾਈ ਕੈਂਪ ਵਿੱਚੋਂ ਬਾਹਰ ਆਉਣਾ ਹੀ ਕਾਫੀ ਨਹੀਂ ਸੀ। ਉਸ ਨੇ ਆਪਣੀ ਪੀੜ੍ਹੀ ਦੇ ਹੋਰ ਪੜ੍ਹੇ-ਲਿਖੇ ਸਾਊਥ ਏਸ਼ੀਅਨਾਂ ਨਾਲ ਰਲ ਕੇ ਅੰਦੋਲਨ ਸ਼ੁਰੂ ਕਰ ਦਿੱਤਾ। ਉਹ ਚਾਹੁੰਦੇ ਸਨ ਕਿ ਨਸਲੀ ਅੜਿੱਕਿਆਂ ਨੂੰ ਦੂਰ ਕੀਤਾ ਜਾਵੇ ਅਤੇ ਵੋਟ ਦੇ ਹੱਕ ਸਮੇਤ ਉਨ੍ਹਾਂ ਨਾਲ ਪੂਰੇ ਨਾਗਰਿਕ ਵਜੋਂ ਵਿਹਾਰ ਹੋਵੇ ਅਤੇ ਜੇ ਇਸ ਤਰ੍ਹਾਂ ਨਹੀਂ ਕਰਨਾ ਤਾਂ ਜਬਰੀ ਭਰਤੀ ਤੋਂ ਛੋਟ ਹੋਵੇ।  ਨਗਿੰਦਰ ਸਿੰਘ ਗਿੱਲ, ਪੈਂਤੀ ਸਾਲ ਦੀ ਉਮਰ ਵਿੱਚ ਖਾਲਸਾ ਦੀਵਾਨ ਸੁਸਾਇਟੀ ਦਾ ਸਕੱਤਰ ਸੀ, ਉਸ ਨੇ ਇਸ ਅੰਦੋਲਨ ਵਿੱਚ ਆਗੂ ਦਾ ਰੋਲ ਨਿਭਾਇਆ। ਇਸੇ ਤਰ੍ਹਾਂ ਜੈਰੀ ਹੁੰਦਲ ਅਤੇ ਹਜ਼ਾਰਾ ਸਿੰਘ ਗਰਚਾ ਨੇ ਵੀ, ਜਿਸ ਨੇ ਹਾਲ ਹੀ ਵਿੱਚ ਅਲਬਰਟਾ ਯੂਨੀਵਰਸਿਟੀ ਤੋਂ ਸਾਇੰਸ ਵਿੱਚ ਐਮ. ਐਸ ਸੀ ਪੂਰੀ ਕੀਤੀ ਸੀ। ਉਹ ਅਖਬਾਰਾਂ ਨਾਲ ਮੁਲਾਕਾਤਾਂ ਕਰਦੇ, ਕੋਆਪਰੇਟਿਵ ਕੌਮਨਵੈਲਥ ਫੈਡਰੇਸ਼ਨ(ਸੀ ਸੀ ਐਫ, ਸਮਾਜਵਾਦੀ ਵਿਰੋਧੀ ਪਾਰਟੀ) ਦੇ ਮੈਂਬਰਾਂ ਨਾਲ ਗੱਲ ਕਰਦੇ, ਮਜ਼ਦੂਰ ਜੱਥੇਬੰਦੀਆਂ ਅਤੇ ਓਟਵਾ ਤੇ ਵਿਕਟੋਰੀਆ ਵਿੱਚ ਸਰਕਾਰਾਂ ਨੂੰ ਪੱਤਰ ਲਿਖਦੇ। ਨਗਿੰਦਰ ਸਿੰਘ ਨੇ ਇੱਕ ਪੱਤਰਕਾਰ ਨੂੰ ਸਧਾਰਨ ਸ਼ਬਦਾਂ ਵਿੱਚ ਕਿਹਾ : "ਅਸੀਂ ਬਰਤਾਨਵੀ ਪਰਜਾ ਹਾਂ, ਅਸੀਂ ਕਨੇਡਾ ਵਾਸਤੇ ਲੜਣ ਲਈ ਤਿਆਰ ਹਾਂ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਕਿਉਂ ਨਹੀਂ।"

ਇਨ੍ਹਾਂ ਬੰਦਿਆਂ ਨੇ ਇੱਕ ਦੋਸਤ ਅਤੇ ਸਲਾਹਕਾਰ ਲੱਭਿਆ। ਉਹ ਸੱਤਰ ਸਾਲਾ, ਇੰਡੀਆ ਸਿਵਲ ਸਰਵਿਸ ਦਾ ਸੇਵਾ-ਮੁਕਤ ਅਫਸਰ, ਸਰ ਰੌਬਰਟ ਇਰਸਕਾਈਨ ਹੌਲੈਂਡ ਸੀ। ਉਹ ਕਦੇ ਰਾਜਪੁਤਾਨਾਂ ਦਾ ਚੀਫ ਕਮਿਸ਼ਨਰ ਰਿਹਾ ਸੀ ਅਤੇ ਹੁਣੇ ਜਿਹੇ ਹੀ ਵਿਕਟੋਰੀਆ ਵਿੱਚ ਸੈੱਟ ਹੋਇਆ ਸੀ। ਹੌਲੈਂਡ ਨੇ ਵਿਕਟੋਰੀਆ ਅਤੇ ਓਟਵਾ ਭੇਜਣ ਲਈ ਪਟੀਸ਼ਨਾਂ ਦੇ ਖਰੜੇ ਬਣਾਉਣ ਵਿੱਚ ਉਨ੍ਹਾਂ ਦੀ ਮੱਦਦ ਕੀਤੀ। ਉਸ ਨੇ ਮਾਰਚ 1943 ਵਿੱਚ ਸੂਬੇ ਦੀ ਕੈਬਨਿਟ ਅਤੇ  ਆਇਰਲੈਂਡ ਦੇ ਜਨਮੇ, ਪ੍ਰੀਮੀਅਰ, ਜੌਨ ਹਾਰਟ ਨੂੰ ਮਿਲਣ ਵਾਲੇ ਵਫਦ ਦੀ ਅਗਵਾਈ ਕੀਤੀ। ਇਸ ਵਫਦ ਵਿੱਚ ਵਿਰੋਧੀ ਪਾਰਟੀ ਸੀ ਸੀ ਐਫ ਦਾ ਆਗੂ, ਹਾਰਲਡ ਵਿੰਚ, ਲੰਬਰ ਵਰਕਰ ਯੂਨੀਅਨ ਦਾ ਪ੍ਰਧਾਨ, ਹਾਰਲਡ ਪਿੱਚਰ ਅਤੇ ਨੌਂ ਸਿੱਖ ਸ਼ਾਮਿਲ ਸਨ। ਸਿੱਖਾਂ ਵਿੱਚੋਂ ਦੋ ਕਲੀਨ-ਸ਼ੇਵਨ, ਸੈਨਿਕ ਵਰਦੀ ਵਿੱਚ ਰੰਗਰੂਟ ਸਨ ਅਤੇ ਇੱਕ ਆਮ ਜਾਕਟ ਅਤੇ ਟਾਈ ਵਾਲਾ ਪਹਿਲੀ ਸੰਸਾਰ ਜੰਗ ਵੇਲੇ ਦਾ ਸੈਨਿਕ ਸੀ, ਜਿਸ ਦੀ ਹਿੱਕ ਉੱਤੇ ਮੈਡਲ ਸਜੇ ਹੋਏ ਸਨ। ਕੋਈ ਵੀ ਇਨ੍ਹਾਂ ਸੰਕੇਤਕ ਚਿੰਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਸੀ ਕਰ ਸਕਦਾ। ਇਹ ਉਹ ਲੋਕ ਸਨ ਜਿਨ੍ਹਾਂ ਨੇ ਕੌਮ ਅਤੇ ਸਲਤਨਤ ਦੀ ਸੇਵਾ ਕੀਤੀ ਸੀ।(19)

ਛੇ ਹਫਤੇ ਪਹਿਲਾਂ ਇਨ੍ਹਾਂ ਹੀ ਸਿੱਖਾਂ ਨੇ ਵੈਨਕੂਵਰ ਦਾ ਸ਼ਾਨਦਾਰ ਤੇ ਵੱਡਾ ਥੀਏਟਰ, ਔਰਫੀਅਮ, ਦੋ ਹਜ਼ਾਰ ਲੋਕਾਂ ਦੇ ਵਿਸ਼ਾਲ ਇਕੱਠ ਲਈ ਬੁੱਕ ਕੀਤਾ ਸੀ। ਬਹੁਤਾ ਇਕੱਠ ਔਰਫਿਅਮ ਵਿੱਚ ਗੁਰਦਵਾਰੇ ਤੋਂ ਆਇਆ ਸੀ। ਉੱਥੇ ਉਹ ਆਪਣੇ ਦਸਵੇਂ ਗੁਰੂ ਦਾ ਜਨਮ ਦਿਹਾੜਾ ਮਨਾਉਣ ਲਈ ਦਿਨ ਭਰ ਕੀਰਤਨ ਅਤੇ ਅਰਦਾਸ ਕਰਦੇ ਰਹੇ ਸਨ। ਸਿੱਖ ਕੈਲੰਡਰ `ਤੇ ਇੱਕ ਅਜੇਹਾ ਦਿਹਾੜਾ ਸੀ, ਜਦੋਂ ਸੂਬੇ ਭਰ `ਚੋਂ ਸਿੱਖ ਇਕੱਠੇ ਹੁੰਦੇ ਅਤੇ ਇਸੇ ਕਰਕੇ ਇੱਕੋ ਵੇਲੇ ਐਨੇ ਲੋਕਾਂ ਦਾ ਇੱਕਠੇ ਹੋਣਾ ਸੰਭਵ ਹੋ ਸਕਿਆ। ਥੀਏਟਰ ਵਿੱਚ, ਸਟੇਜ ਉੱਪਰ  ਦਰਸ਼ਨ ਸੰਘਾ, ਨਗਿੰਦਰ ਗਿੱਲ ਅਤੇ ਹਜ਼ਾਰਾ ਗਰਚਾ ਦੇ ਨਾਲ 'ਵੈਨਕੂਵਰ ਹੈਰਲਡ-ਨਿਊਜ਼ ਦਾ ਖੱਬੇ-ਪੱਖੀ ਸੰਪਾਦਕੀ ਡਾਇਰੈਕਟਰ, ਇਲਮੋਰ ਫਿਲਪੌਟ, ਸੀ ਸੀ ਐਫ ਦਾ ਆਗੂ ਹਾਰਲਡ ਵੈਂਚ, ਯੂਨੀਅਨ ਨੇਤਾ ਹੈਰਲਡ ਪ੍ਰਿਟਚਟ, ਅਤੇ ਸੀ ਸੀ ਐਫ ਦੇ ਐਮ ਐਲ ਏ ਡੌਰਥੀ ਸਟੀਵ ਸ਼ਾਮਿਲ ਸਨ। ਫਿਲਪੌਟ ਨੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ। ਇਹ ਸੰਤਾਲੀ ਸਾਲਾ ਜੰਗੀ ਸੈਨਿਕ ਜੰਗ ਦੌਰਾਨ ਫੱਟੜ ਹੋਣ ਕਾਰਣ ਦੋ ਫਾਹੁੜੀਆਂ ਦੇ ਸਹਾਰੇ ਚਲਦਾ ਸੀ। ਉਸਦੇ ਬੋਲਾਂ ਨੇ ਹਾਜ਼ਰੀਨ ਦਾ ਧਿਆਨ ਖਿੱਚ ਲਿਆ: "ਸਾਨੂੰ ਆਪਣੇ ਸਿਰ ਸ਼ਰਮ ਨਾਲ ਝੁਕਾ ਲੈਣੇ ਚਾਹੀਦੇ ਹਨ ਜਦੋਂ ਅਸੀਂ ਕਿਸੇ ਬੰਦੇ ਨੂੰ ਕਨੇਡਾ ਲਈ ਲੜਣ ਵਾਸਤੇ ਧੱਕਦੇ ਹਾਂ ਪਰ ਉਸ ਨੂੰ ਵੋਟ ਪਾਉਣ ਦਾ ਹੱਕ ਦੇਣ ਤੋਂ ਇਨਕਾਰ ਕਰਦੇ ਹਾਂ।"(20)

ਆਪਣੇ ਸੁਭਾਅ ਅਨੁਸਾਰ ਸਟੇਜ ਅਤੇ ਮਸ਼ਹੂਰੀ ਤੋਂ ਗੁਰੇਜ਼ ਕਰਦਾ ਹੋਇਆ ਕਪੂਰ ਬਾਲਕੋਨੀ ਵਿੱਚ ਜੈਕੀ ਤੇ ਸੁਰਜੀਤ ਨਾਲ ਬੈਠਾ ਸੀ।  ਪਰ ਉਹ ਪੂਰੀ ਤਰ੍ਹਾਂ ਇਸ ਵਿੱਚ ਆਪਣੀ ਭੂਮਿਕਾ ਨਿਭਾ ਰਿਹਾ ਸੀ ਅਤੇ ਚਾਹੁੰਦਾ ਸੀ ਕਿ ਉਸਦੀਆਂ ਬੇਟੀਆਂ ਵੀ ਇਸ ਵਿੱਚ ਹਿੱਸਾ ਲੈਣ। ਇਹ ਰਾਤ ਉਸਦੇ ਪਰਿਵਾਰ ਅਤੇ ਭਾਈਚਾਰੇ ਲਈ ਆਪਣੇ ਗੋਰੇ ਦੋਸਤਾਂ ਵੱਲੋਂ ਖੁੱਲ੍ਹ ਕੇ ਦਿੱਤੇ ਸਹਿਯੋਗ ਨੂੰ ਮਾਨਣ ਦੀ ਸੀ। ਜਦੋਂ ਸ਼ਾਮ ਦੀ ਸ਼ੁਰੂਆਤ ਹੋਈ, ਜੈਕੀ ਸਿੱਖ ਨੌਜਵਾਨਾਂ ਦੀ ਤਿੱਕੜੀ ਵਿੱਚ ਸਟੇਜ `ਤੇ ਥੋੜ੍ਹੇ ਸਮੇਂ ਲਈ ਆਈ। ਉਨ੍ਹਾਂ ਨੇ ਸੰਗੀਤ ਦਾ ਇੱਕ ਛੋਟਾ ਪ੍ਰੋਗਰਾਮ ਪੇਸ਼ ਕੀਤਾ। ਨੋਰੀਨ ਨੇ ਗੀਤ ਗਾਇਆ, ਬਚਨ ਸਿੰਘ ਮਿਨਹਾਸ ਨੇ ਵਾਜੇ ਨਾਲ ਸਾਥ ਦਿੱਤਾ ਅਤੇ ਜੈਕੀ (ਅਖਬਾਰ ਦੀ ਖਬਰ ਅਨੁਸਾਰ ਜਗਦੀਸ਼ ਕਪੂਰ) ਨੇ ਪੀਆਨੋ ਵਜਾਈ।(21)

ਕੁਝ ਵੀ ਹੋਵੇ,  1943 ਵਿੱਚ ਸਮਾਜਵਾਦੀ ਪਾਰਟੀ, ਲੱਕੜ-ਕਾਮਿਆਂ ਦੀ ਯੂਨੀਅਨ, ਨਿਊਜ਼-ਹੈਰਲਡ ਅਤੇ ਭਾਰਤ ਵਿੱਚ ਬਰਤਾਨਵੀ ਸ਼ਾਸਨ ਦੇ ਉੱਘੇ ਸੇਵਾ-ਮੁਕਤ ਅਫਸਰ ਦਾ ਸਹਿਯੋਗ ਅਤੇ ਸਹਾਇਤਾ ਕਾਫੀ ਨਹੀਂ ਸੀ। ਸਰਕਾਰ ਦੇ ਕੁਝ ਮੈਂਬਰ ਪ੍ਰੇਰਨਯੋਗ ਸਨ, ਪਰ ਬਾਕੀ ਨਹੀਂ ਸਨ, ਅਤੇ ਆਮ ਲੋਕ ਵਾੜ ਦੇ ਦੋਨੋਂ ਪਾਸੇ ਸਨ, ਬਹੁਤ ਸਾਰੇ ਹਾਲੇ ਵੀ ਕਨੇਡਾ ਨੂੰ ਸਿਰਫ ਇਸਾਈਆਂ, ਅੰਗ੍ਰੇਜ਼ਾਂ ਅਤੇ ਗੋਰਿਆਂ ਦਾ ਹੀ ਦੇਸ਼ ਮੰਨਦੇ ਸਨ। ਵੈਨਕੂਵਰ ਦੀ  ਮਨਿਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ, ਪਾਦਰੀ ਕੈਨਿਨ ਜ਼ੀ ਵਿਲਸਨ ਨੇ ਅਖਬਾਰਾਂ ਨੂੰ ਦੱਸਿਆ ਕਿ ਉਹ ਦੋ ਕਾਰਣਾ ਕਰਕੇ ਸਾਊਥ ਏਸ਼ੀਅਨਾਂ ਨੂੰ ਵੋਟ ਦਾ ਹੱਕ ਦੇਣ ਵਾਲੀ ਕਿਸੇ ਵੀ ਪਟੀਸ਼ਨ ਨੂੰ ਸਹਿਯੋਗ ਨਹੀਂ ਦੇਵੇਗਾ, ਪਹਿਲਾ ਕਿ ਏਸ਼ੀਆ ਦੇ ਕਾਫਰਾਂ ਨਾਲ ਇੱਕ-ਮਿਕ ਹੋਣਾ ਆਸਾਨ ਨਹੀਂ ਤੇ ਦੂਜਾ ਭਾਰਤ ਨੇ ਸਲਤਨਤ ਪ੍ਰਤੀ ਬਹੁਤੀ ਵਫਾਦਾਰੀ ਦਾ ਪ੍ਰਗਟਾਵਾ ਨਹੀਂ ਕੀਤਾ।(22) ਇਸ ਤਰ੍ਹਾਂ ਦੇ ਬੋਲਾਂ ਨੇ ਕਾਫੀ ਫਰਕ ਪਾਇਆ। ਬੀ. ਸੀ. ਦੇ ਪ੍ਰੀਮੀਅਰ, ਜੌਨ ਹਾਰਟ ਅਤੇ ਉਸਦੀ ਗਠਬੰਧਨ ਵਾਲੀ ਕੈਬਨਿਟ ਦੇ ਮੈਂਬਰਾਂ ਨੇ ਮਾਰਚ 1943 ਵਿੱਚ ਮੰਗਲਵਾਰ ਦੀ ਸਵੇਰ ਨੂੰ ਉਨ੍ਹਾਂ ਨੂੰ ਮਿਲਣ ਆਏ ਸਿੱਖਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਦੋਸਤਾਨਾ ਵਾਅਦੇ ਕਰਕੇ ਉਨ੍ਹਾਂ ਨੂੰ ਵਾਪਸ ਤੋਰਿਆ, ਸਮੇਂ ਨੇ ਪ੍ਰਗਟ ਕਰ ਦਿੱਤਾ ਕਿ ਇਸਦਾ ਕਿੰਨਾਂ ਘੱਟ ਮਤਲਬ ਸੀ।(23) ਚਾਰ ਹੋਰ ਸਾਲਾਂ ਦੇ ਸੰਘਰਸ਼ (ਜੰਗ ਖਤਮ ਹੋਣ ਤੋਂ ਦੋ ਸਾਲ ਬਾਅਦ) ਤੋਂ ਬਾਅਦ ਹੀ ਜੌਨ ਹਾਰਟ ਦੀ ਸਰਕਾਰ ਨੇ ਅਖੀਰ ਵੋਟ ਦਾ ਅਧਿਕਾਰ ਦਿੱਤਾ।

ਪੂਰੀ ਕਨੇਡੀਅਨ ਨਾਗਰਿਕਤਾ ਲੈਣ ਦੀ ਲੰਬੀ ਲੜਾਈ ਜਾਰੀ ਰੱਖਣ ਲਈ ਸਬਰ ਅਤੇ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਸੀ। ਅਤੇ ਕਪੂਰ ਦੇ ਕੇਸ ਵਿੱਚ ਇਹ ਸਬਰ ਅਤੇ ਦਿਆਲਤਾ ਉਸਦੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹੋਰ ਕਨੇਡੀਅਨਾਂ ਨਾਲ  ਵਿਹਾਰ ਦੇ ਮੁੱਖ ਲੱਛਣ ਸਨ। ਬਹੁਤ ਸਾਲਾਂ ਬਾਅਦ ਕਿਸੇ ਬਜ਼ੁਰਗ ਵੱਲੋਂ ਆਪਣੀ ਯਾਦਾਸ਼ਤ ਨੂੰ ਇਕੱਠੀ ਕਰਕੇ ਕਪੂਰ ਨੂੰ ਲਿਖੀ ਇੱਕ ਚਿੱਠੀ ਵਿੱਚ ਉਸ ਨੇ ਕਪੂਰ ਤੇ ਬਸੰਤ ਕੌਰ ਵੱਲੋਂ ਪੰਜਾਬੀ ਤਰੀਕੇ ਨਾਲ ਕੀਤੀ ਪ੍ਰਾਹੁਣਚਾਰੀ ਦਾ ਵਰਨਣ ਕੀਤਾ ਸੀ। ਇਹ ਚਿੱਠੀ ਫਰੈੱਡ ਜੇ ਲਾਰੰਸ ਵੱਲੋਂ ਲਿਖੀ ਗਈ ਸੀ। ਉਹ ਕਦੇ ਵੈਨਕੂਵਰ ਵਿੱਚ ਸੀਵਿਊ ਪ੍ਰਾਇਮਰੀ ਸਕੂਲ ਦਾ ਪ੍ਰਿੰਸੀਪਾਲ ਰਿਹਾ ਸੀ। ਪਰਿਵਾਰ ਨਾਲ ਉਸਦਾ ਇਤਫਾਕਨ ਮੇਲ ਜੈਕੀ ਰਾਹੀਂ ਸ਼ੁਰੂ ਹੋਇਆ ਸੀ।  ਨਾ ਹੀ ਜੈਕੀ ਤੇ ਨਾ ਹੀ ਸੁਰਜੀਤ ਕਦੇ ਉਸ ਸਕੂਲ ਗਈਆਂ ਸਨ, ਪਰ ਉਸ ਨੇ ਜੈਕੀ ਨਾਲ ਸੇਂਟ ਪਾਲ ਹਸਪਤਾਲ ਵਿੱਚ ਗੱਲ ਕੀਤੀ ਸੀ, ਜਿੱਥੇ ਜੈਕੀ ਮਰੀਜ਼ ਸੀ ਅਤੇ ਉਹ ਕਿਸੇ ਦਾ ਪਤਾ ਲੈਣ ਆਇਆ ਸੀ। ਜੈਕੀ ਉੱਥੇ ਸਤਾਰਾਂ ਦਿਨਾਂ ਤੋਂ ਦਾਖਲ ਸੀ। ਉਸਦੇ ਕੰਨ ਦੇ ਪਿੱਛੇ ਮਾਸਟੋਇਡ ਹੱਡੀ ਵਿੱਚ ਇਨਫੈਕਸ਼ਨ ਹੋਣ ਕਰਕੇ ਦਰਦਨਾਕ ਤੇ ਖਤਰਨਾਕ ਸਰਜਰੀ ਹੋਈ ਸੀ। ਫਰੈੱਡ ਨੇ ਉਸ ਨਾਲ ਦੋਸਤਾਨਾ ਗੱਲਾਂ ਕੀਤੀਆਂ। ਕਪੂਰ ਪਰਿਵਾਰ ਨੇ ਉਸ ਨੂੰ ਆਪਣੇ ਘਰ ਰਾਤ ਦੇ ਖਾਣੇ ਦਾ ਨਿਉਂਦਾ ਦੇ ਦਿੱਤਾ। ਨਿਉਂਦੇ ਵਾਲੀ ਸ਼ਾਮ ਉਨ੍ਹਾਂ ਨੇ ਕੁੜੀਆਂ ਦੇ ਦੋ ਹੋਰ ਅਧਿਆਪਕਾਂ ਅਤੇ ਜੈਰੀ ਹੁੰਦਲ, ਜਿਹੜਾ ਉਸ ਵੇਲੇ ਕਨੂੰਨ ਦਾ ਵਿਦਿਆਰਥੀ ਸੀ, ਨੂੰ ਵੀ ਸੱਦਾ ਦੇ ਦਿੱਤਾ। ਬਸੰਤ ਕੌਰ(ਕਪੂਰ ਨੇ ਬਣਾਉਣ ਵਿੱਚ ਸਹਾਇਤਾ ਕੀਤੀ) ਵੱਲੋਂ ਪੇਸ਼ ਕੀਤੀ ਭਾਰਤੀ ਤਰਕਾਰੀ ਨੂੰ ਲਾਰੈਂਸ ਕਦੇ ਵੀ ਨਾ ਭੁੱਲ ਸਕਿਆ। ਭਾਰਤੀ ਖਾਣੇ ਦਾ ਸਵਾਦ ਚੱਖਣ ਦਾ ਇਹ ਉਸਦਾ ਅਤੇ ਉਸਦੀ ਪਤਨੀ ਦਾ ਪਹਿਲਾ ਮੌਕਾ ਸੀ। ਵਾਪਸੀ ਵੇਲੇ ਲਾਰੈਂਸ ਨੂੰ ਗੁੱਟ ਘੜੀ ਤੇ ਉਸਦੀ ਪਤਨੀ ਨੂੰ ਗਹਿਣੇ ਅਤੇ ਸੰਤਰੇ ਦਿੱਤੇ ਗਏ ਅਤੇ ਕਾਰ ਰਾਹੀਂ ਉਨ੍ਹਾਂ ਨੂੰ ਘਰ ਛੱਡ ਕੇ ਗਏ। ਉਹ ਇਸ ਸਭ ਨਾਲ ਨਿਹਾਲ ਹੋ ਗਏ ਸਨ। ਉਹ ਦੁਬਾਰਾ ਰਾਤ ਦੇ ਖਾਣੇ ਅਤੇ ਮਨੋਰੰਜਨ ਦੇ ਪ੍ਰੋਗਰਾਮ `ਤੇ ਆਏ । ਇਹ ਪ੍ਰੋਗਰਾਮ ਜੈਕੀ, ਸੁਰਜੀਤ  ਅਤੇ ਉਨ੍ਹਾਂ ਦੀਆਂ ਕੁਝ ਸਕੂਲ ਦੀਆਂ ਸਹੇਲੀਆਂ ਨੇ ਰਲ ਕੇ ਪਰਿਵਾਰ ਦੀ ਬੇਸਮੈਂਟ ਵਿੱਚ ਰੌਲੇ-ਰੱਪੇ ਵਾਲੇ ਕਮਰੇ ਵਿੱਚ ਬਣਾਇਆ ਸੀ। ਅਜੇਹੀਆਂ ਸ਼ਾਮਾਂ ਦੀ ਵਿਆਖਿਆ ਉਸ ਨੇ ਆਪਣੀ ਲੰਬੀ ਸਕੂਲ ਅਧਿਆਪਕ ਦੀ ਨੌਕਰੀ ਦੌਰਾਨ ਖਾਸ ਮੌਕੇ ਵਜੋਂ ਕੀਤੀ।  ਲਾਰੈਂਸ ਅਤੇ ਉਸਦੀ ਪਤਨੀ ਲਈ ਵੱਖ-ਵੱਖ ਪਿਛੋਕੜ ਵਾਲੇ ਜਵਾਨਾਂ ਨੂੰ ਇਸ ਤਰ੍ਹਾਂ ਆਰਾਮ ਨਾਲ, ਆਪਣੇ ਆਪ ਤੋਂ ਅਣਜਾਣ ਅਤੇ ਕੁਦਰਤੀ ਤੌਰ `ਤੇ ਵਿਚਰਦੇ ਦੇਖਣਾ ਬਹੁਤ ਯਾਦਗਾਰੀ ਅਤੇ ਪ੍ਰਸ਼ੰਸਾਮਈ ਸੀ। ਉਹ ਇਸ ਲਈ ਢੁੱਕਵੇਂ ਸ਼ਬਦ ਨਹੀਂ ਲੱਭ ਸਕਿਆ, ਪਰ ਉਸ ਨੇ ਫਿਰ ਵੀ ਕੋਸ਼ਿਸ਼ ਕੀਤੀ: " ਸੰਸਾਰ ਦੇ ਅੱਧ `ਚੋਂ ਚੱਲ ਕੇ ਆਏ ਇੱਕ ਪਰਵਾਸੀ ਪਰਿਵਾਰ ਨੇ ਸਾਡੇ ਕਨੇਡੀਅਨ ਲੋਕਾਂ ਦਾ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ, ਜਿਨ੍ਹਾਂ ਨੇ ਨਵੇਂ ਆਇਆਂ ਤੋਂ ਬਹੁਤ ਕੁਝ ਸਿੱਖਣਾ ਹੈ।"(24)

ਜਿਹੜਾ ਕੁਝ ਲਾਰੈਂਸ ਨੇ ਲਿਖਿਆ ਉਸ ਵਿੱਚ ਉਸ ਨੂੰ ਤਨਜ਼ ਦੀ ਕੋਈ ਸੋਝੀ ਨਹੀਂ। ਉਸ ਨੂੰ ਸ਼ਾਇਦ ਗਿਆਨ ਨਹੀਂ ਸੀ ਕਿ ਸਾਊਥ ਏਸ਼ੀਅਨਾਂ ਨੇ ਵੋਟ ਦੇ ਹੱਕ ਤੋਂ ਬਿਨਾਂ ਸ਼ਹਿਰੀਆਂ ਵਜੋਂ  ਕਿਹੜੀਆਂ ਕਾਨੂੰਨੀ ਅੜ੍ਹਚਣਾ ਦਾ ਸਾਹਮਣਾ ਕੀਤਾ ਜਿਹੜੇ ਜਿਊਰੀ ਦੀਆਂ ਸੇਵਾਵਾਂ, ਸਰਕਾਰੀ ਨੌਕਰੀਆਂ ਤੇ ਠੇਕਿਆਂ, ਅਤੇ ਬਹੁਤ ਸਾਰੇ ਕਲੱਬਾਂ, ਕਾਹਵਾ ਘਰਾਂ, ਸਿਨਮਿਆਂ, ਬੀਅਰ ਘਰਾਂ ਅਤੇ ਨਾਚ ਘਰਾਂ ਤੋਂ ਬਾਹਰ ਰੱਖੇ ਜਾਂਦੇ ਅਤੇ ਜਿਨ੍ਹਾਂ ਨੂੰ ਕਈ ਹਜਾਮਤ ਦੀਆਂ ਦੁਕਾਨਾਂ ਅਤੇ ਹੋਟਲ `ਚ ਕਮਰੇ ਦੇਣ ਤੋਂ ਇਨਕਾਰ ਕੀਤਾ ਜਾਂਦਾ। ਇੱਕ ਚੰਗੇ ਮੇਜ਼ਬਾਨ ਵਾਂਗ ਕਪੂਰ ਨੇ ਆਪਣੇ ਪ੍ਰਾਹੁਣਿਆਂ ਨੂੰ ਦੇਸ਼ ਨਿਕਾਲੇ ਦੇ ਮਸਲੇ, ਵੋਟ ਦੇ ਹੱਕ, ਆਪਣੇ ਭਾਈਚਾਰੇ ਦੀਆਂ ਹੋਰ ਔਕੜਾਂ, ਜਾਂ ਉਸਦੀ ਭਾਰਤ ਦੇ ਭਵਿੱਖ ਬਾਰੇ ਚਿੰਤਾ ਬਾਰੇ ਕੋਈ ਗੱਲ ਛੇੜ ਕੇ ਤੰਗ ਨਾ ਕੀਤਾ। ਇਸਦੀ ਥਾਂ ਉਸ ਨੇ ਲਾਰੈਂਸ ਦੀ ਬਿਨਾਂ ਕਿਸੇ ਨਸਲੀ ਜਾਂ ਧਾਰਮਿਕ ਅੜਿੱਕੇ ਅਤੇ ਬਿਨਾਂ ਕੋਈ ਕਸ਼ਟਦਾਇਕ ਰਾਜਨੀਤਕ ਮਸਲੇ ਦੀ ਗੱਲ ਛੋਹੇ ਪ੍ਰਾਹੁਣਚਾਰੀ ਕੀਤੀ। ਜੇ ਲਾਰੈਂਸ ਨੇ ਕੋਈ ਪ੍ਰਸ਼ਨ ਪੁੱਛੇ ਹੋਣ ਤਾਂ ਉਸ ਨੇ ਸ਼ਾਇਦ ਮਹਿਸੂਸ ਕਰ ਲਿਆ ਹੋਵੇ ਕਿ ਕਪੂਰ ਤੇ ਬਸੰਤ ਕੌਰ ਆਪਣੀਆਂ ਬੱਚੀਆਂ ਦੇ ਕਿੰਨੇ ਰੱਖਿਅਕ ਸਨ, ਜੈਕੀ ਤੇ ਸੁਰਜੀਤ ਵੱਲੋਂ ਆਪਣੀਆਂ ਅੰਗ੍ਰੇਜ਼ ਕਨੇਡੀਅਨ ਸਹੇਲੀਆਂ ਤੇ ਅਧਿਆਪਕਾਂ ਨੂੰ ਘਰ ਬੁਲਾਉਣ `ਤੇ ਕਿੰਨੇ ਖੁਸ਼ ਹੁੰਦੇ ਸਨ, ਅਤੇ ਇਨ੍ਹਾਂ ਹੀ ਸਹੇਲੀਆਂ ਦੇ ਘਰੀਂ ਆਪਣੀਆਂ ਬੱਚੀਆਂ ਨੂੰ ਭੇਜਣ ਵਿੱਚ ਕਿੰਨਾ ਹਿਚਕਚਾਉਂਦੇ ਸਨ। ਉਨ੍ਹਾਂ ਨੇ ਪੰਜਾਬੀ ਜਗੀਰਦਾਰ ਪਰਿਵਾਰਾਂ ਦੀਆਂ ਕਦਰਾਂ ਸੰਭਾਲ ਕੇ ਰੱਖੀਆਂ ਹੋਈਆਂ ਸਨ। ਲਾਰੈਂਸ ਲਈ ਇਹ ਉਤਸ਼ਾਹਜਨਕ ਸੀ ਕਿ ਉਸਦੀ ਆਓ-ਭਗਤ ਬਹੁਤ ਦੂਰੀ ਤੋਂ ਆਏ ਲੋਕ ਕਰਦੇ ਸਨ, ਭਾਵੇਂ ਉਸਦੀ ਚਿੱਠੀ ਤੋਂ ਪਤਾ ਲੱਗਦਾ ਸੀ ਕਿ ਉਸਨੂੰ ਪੱਕਾ ਪਤਾ ਨਹੀਂ ਸੀ ਕਿ ਉਹ ਕਿੱਥੋਂ ਆਏ ਸਨ। ਉਹ ਮੱਧ ਪੂਰਬ `ਤੋਂ ਸੋਚਦਾ ਲੱਗਦਾ ਸੀ। ਇਹ ਉਨ੍ਹਾਂ ਦੀ ਪ੍ਰਾਹੁਣਚਾਰੀ ਦੇ ਨਿੱਘ ਦਾ ਜਾਦੂ ਸੀ, ਜਿਸ ਨੇ ਉਸ ਨੂੰ ਪ੍ਰਭਾਵਿਤ ਕੀਤਾ ਅਤੇ ਜਿਸ ਨੂੰ ਉਹ ਕਦੇ ਨਹੀਂ ਭੁੱਲਿਆ।

Read 114 times Last modified on Tuesday, 01 May 2018 12:34