You are here:ਮੁਖ ਪੰਨਾ»ਅਨੁਵਾਦ»ਕਿਲੇ ਦੇ ਮੋਤੀ - ਇੱਕ ਇੰਡੋ-ਕਨੇਡੀਅਨ ਪਰਿਵਾਰ ਦੀ ਸ਼ਾਨਾਮੱਤੀ ਕਹਾਣੀ»12. ਕਿਲੇ ਦੇ ਮੋਤੀ - ਵਿਹਾਰੀ ਰੂਪ ਵਿੱਚ ਇੱਕ ਅਸਲੀ ਸੰਯੁਕਤ ਰਾਸ਼ਟਰ

ਲੇਖ਼ਕ

Tuesday, 01 May 2018 12:21

12. ਕਿਲੇ ਦੇ ਮੋਤੀ - ਵਿਹਾਰੀ ਰੂਪ ਵਿੱਚ ਇੱਕ ਅਸਲੀ ਸੰਯੁਕਤ ਰਾਸ਼ਟਰ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਜਦੋਂ ਕਨੇਡਾ ਨੇ ਘੱਟ ਗਿਣਤੀ ਵਾਲੇ ਭਾਈਚਾਰਿਆਂ ਨੂੰ ਪੂਰੀ ਸਵੀਕ੍ਰਿਤੀ ਅਤੇ ਮਾਨਤਾ ਦੇਣ ਵੱਲ ਵਧਣਾ (ਛੋਟੇ ਕਦਮਾਂ ਨਾਲ ) ਸ਼ੁਰੂ ਕੀਤਾ, ਇੰਡੋ-ਕਨੇਡੀਅਨਾਂ ਦੇ ਜੈਕੀ ਤੇ ਸੁਰਜੀਤ ਵਾਲੀ ਪੀੜ੍ਹੀ ਬਾਲਗ ਉਮਰ ਵਿੱਚ ਪਹੁੰਚ ਗਈ ਸੀ। ਉਨ੍ਹਾਂ ਕੋਲ ਪੇਸ਼ਾ ਚੁਨਣ ਲਈ ਜ਼ਿਆਦਾ ਖੁੱਲ੍ਹ ਸੀ, ਜਿਹੜੀ ਉਨ੍ਹਾਂ ਦੇ ਮਾਪਿਆਂ ਨੂੰ ਨਹੀਂ ਸੀ ਮਿਲੀ।  ਉਨ੍ਹਾਂ ਕੋਲ ਮੁਹਾਰਤ, ਵਿੱਦਿਆ ਅਤੇ ਇਸ ਤਰ੍ਹਾਂ ਚੁਨਣ ਦਾ ਦ੍ਰਿਸ਼ਟੀਕੋਣ ਸੀ, ਭਾਵੇਂ ਉਨ੍ਹਾਂ ਨੇ ਆਪਣੀਆਂ ਜੜ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਹੀ ਰੱਖੀਆਂ ਸਨ। ਇਹ ਇੰਡੋ-ਕਨੇਡੀਅਨ ਜਵਾਨ ਪੰਜਾਬ ਦੇ ਕਿਸੇ ਪੇਂਡੂ ਵਾਂਗ ਤਕੜੀਆਂ ਪਰਿਵਾਰਕ ਭਾਵਨਾਵਾਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਾਲ ਬਾਲਗ ਉਮਰ ਵਿੱਚ ਪਹੁੰਚੇ। ਉਹ ਆਪਣੇ ਮਾਪਿਆਂ ਦੇ ਦੱਸੇ ਰਾਹਾਂ ਨੂੰ ਇਸ ਹੱਦ ਤੱਕ ਪ੍ਰਵਾਨ ਕਰਦੇ ਜਿਨ੍ਹਾਂ ਨੂੰ ਜਵਾਨ ਕਨੇਡੀਅਨ ਬਾਲਗ ਕਦੇ ਵੀ ਨਾ ਕਰਦੇ, ਇੱਥੋਂ ਤੱਕ ਕਿ ਜੰਗ ਵੇਲੇ ਜਾਂ ਜੰਗ ਤੋਂ ਥੋੜ੍ਹਾ ਬਾਅਦ ਵੇਲੇ ਵੀ ਨਹੀਂ ਸੀ ਕਰਦੇ। ਵਿਆਹਾਂ ਦੇ ਮਾਮਲਿਆਂ ਵਿੱਚ ਇਹ ਬਹੁਤ ਪ੍ਰਤੱਖ ਸੀ। ਕਨੇਡਾ ਵਿੱਚ ਪੰਜਾਬੀ ਮਾਪੇ ਆਪਣੇ ਬੱਚਿਆ ਦੇ ਰਿਸ਼ਤੇ ਪੰਜਾਬੀ ਮਿਆਰ ਮੁਤਾਬਿਕ ਆਪ ਚੁਣਦੇ। ਇਹ ਹੋਰ ਤਰੀਕਿਆਂ ਵਿੱਚ  ਵੀ ਪ੍ਰਤੱਖ ਸੀ। ਕਪੂਰ ਤੇ ਬਸੰਤ ਕੌਰ ਆਪਣੀਆਂ ਬੇਟੀਆਂ ਨੂੰ ਉੱਚੀ ਤਾਲੀਮ ਦੇਣ ਅਤੇ ਡਾਕਟਰ ਬਣਾਉਣ ਅਤੇ ਇਹ ਵਿਚਾਰਨ ਕਰਕੇ ਕਿ ਉਨ੍ਹਾਂ ਨੂੰ ਵਿਆਹੁਣ ਨਾਲੋਂ ਜੀਵਨ ਦਾ ਨਿਸ਼ਾਨਾਂ ਵਧੇਰੇ ਮਹੱਤਵਪੂਰਨ ਸੀ, ਹੋਰ ਪੰਜਾਬੀ ਮਾਪਿਆਂ ਨਾਲੋਂ ਭਿੰਨ ਸਨ। ਪਰ ਉਹ ਬੇਟੀਆਂ ਨੂੰ ਘਰ ਦੇ ਨੇੜੇ ਰੱਖਣ ਕਰਕੇ ਹੋਰ ਪੰਜਾਬੀ ਮਾਪਿਆਂ ਵਰਗੇ ਹੀ ਸਨ। ਜਦੋਂ ਕੁੜੀਆਂ ਨੇ ਹਾਈ ਸਕੂਲ ਪਾਸ ਕਰ ਲਿਆ ਅਤੇ ਯੂਨੀਵਰਸਿਟੀ ਗਈਆਂ, ਉਨ੍ਹਾਂ ਨੇ ਇਹੀ ਵਤੀਰਾ ਕਾਇਮ ਰੱਖਿਆ।

ਜੈਕੀ ਤੇ ਸੁਰਜੀਤ ਨੇ 1943 ਦੀ ਪੱਤਝੜ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਲਾਸਾਂ ਸ਼ੁਰੂ ਕੀਤੀਆਂ। ਉਹ ਇਕੱਠੀਆਂ ਹੀ ਜਾਂਦੀਆਂ ਕਿਉਂ ਕਿ ਸੁਰਜੀਤ ਨੇ ਕੈਟਸੀਲੈਨੋ ਹਾਈ ਸਕੂਲ ਵਿੱਚੋਂ ਚੁਣੇ ਹੋਏ ਪੈਂਤੀ ਹੋਰ ਵਿਦਿਆਰਥੀਆਂ ਨਾਲ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਇੱਕ ਸਾਲ ਵਿੱਚ ਹੀ ਕਰ ਲਈਆਂ ਸਨ, ਇਸ ਲਈ ਉਸ ਨੇ ਹਾਈ ਸਕੂਲ ਜੈਕੀ ਦੇ ਨਾਲ ਹੀ ਛੱਡਿਆ। ਇਸ ਬਾਰੇ ਤਾਂ ਕੋਈ ਸਵਾਲ ਹੀ ਨਹੀਂ ਸੀ ਕਿ ਉਨ੍ਹਾਂ ਨੇ ਕੀ ਪੜ੍ਹਣਾ ਸੀ। ਉਨ੍ਹਾਂ ਦੇ ਮਾਪਿਆਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਡਾਕਟਰ ਬਨਣਗੀਆਂ ਅਤੇ ਉਨ੍ਹਾਂ ਦੇ ਜੱਦੀ ਦੇਸ਼ ਦਾ ਰਿਣ ਉਤਾਰਨ ਲਈ ਭਾਰਤ ਵਿੱਚ ਡਾਕਟਰੀ ਕਰਨਗੀਆਂ। ਕਪੂਰ ਨੇ ਭਾਈ ਪਿਆਰਾ ਸਿੰਘ ਲੰਗੇਰੀ ਦੀ ਸਹਾਇਤਾ ਨਾਲ, ਬਸੰਤ ਕੌਰ ਦੇ ਪਿੰਡ ਔੜ ਨੇੜੇ, ਫਗਵਾੜਾ ਕਸਬੇ ਵਿੱਚ ਪਹਿਲਾਂ ਹੀ ਹਸਪਤਾਲ ਲਈ ਥਾਂ ਖਰੀਦ ਲਈ ਸੀ, ਜਿੱਥੇ ਜੈਕੀ ਤੇ ਸੁਰਜੀਤ ਨੇ ਹਸਪਤਾਲ ਚਲਾਉਣਾ ਸੀ। ਕੁੜੀਆਂ ਜਾਣਦੀਆਂ ਸਨ ਕਿ ਜੇ ਉਹ ਇਸ ਯੋਜਨਾ ਤੋਂ ਥਿੜ੍ਹਕ ਗਈਆਂ ਤਾਂ ਉਨ੍ਹਾਂ ਦੇ ਮਾਪੇ ਬਹੁਤ ਨਿਰਾਸ਼ ਹੋਣਗੇ। ਫਿਰ ਵੀ ਆਪਣੇ ਹਾਈ ਸਕੂਲ ਦੇ ਅਖੀਰਲੇ ਸਾਲ ਦੌਰਾਨ ਸੁਰਜੀਤ ਨੇ ਆਪਣੇ ਬਦਲੇ ਹੋਏ ਵਿਚਾਰ ਦਾ ਐਲਾਨ ਕਰ ਦਿੱਤਾ ਕਿ ਉਹ ਵਕੀਲ ਬਣੇਗੀ। ਕਪੂਰ ਨੇ ਕਿਹਾ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਪਰ ਅਗਲੇ ਸਾਹ ਹੀ ਉਸ ਨੇ ਨਾਲ ਇਹ ਵੀ ਜੋੜ ਦਿੱਤਾ ਕਿ ਉਸ ਨੁੰ ਦੁੱਖ ਪਹੁੰਚੇਗਾ ਜੇ ਉਸਦੀ ਬੇਟੀ ਰੋਜ਼ੀ-ਰੋਟੀ ਦੀ ਖਾਤਰ ਝੂਠ ਬੋਲੇਗੀ। ਸੁਰਜੀਤ ਉਸਦੀ ਬਹੁਤ ਇੱਜ਼ਤ ਕਰਦੀ ਸੀ ਇਸ ਲਈ ਉਸ ਨੇ ਆਪਣਾ ਵਿਚਾਰ ਤਿਆਗ ਦਿੱਤਾ।

ਉਦੋਂ ਯੂ. ਬੀ. ਸੀ. ਛੋਟੀ ਯੂਨੀਵਰਸਿਟੀ ਸੀ, ਜਿਸ ਵਿੱਚ ਤਕਰੀਬਨ ਪੱਚੀ ਸੌ ਵਿਦਿਆਰਥੀ ਪੜ੍ਹਦੇ ਸਨ ਅਤੇ ਇਸਦਾ ਕੈਂਪਸ ਮੰਦਵਾੜੇ ਤੋਂ ਪਹਿਲਾਂ ਦੇ ਦਿਨਾਂ ਵਾਂਗ ਹੀ ਘੱਟ ਵਿਕਾਸ ਵਾਲਾ ਸੀ। ਜਦੋਂ ਜੈਕੀ ਤੇ ਸੁਰਜੀਤ ਨੇ ਪਹਿਲੀ ਵਾਰ ਉੱਥੇ ਦਾਖਲਾ ਲਿਆ, ਯੂ. ਬੀ. ਸੀ. ਨੇ ਵੀਹ ਸਾਲ ਤੱਕ ਕੋਈ ਨਵੀਂ ਇਮਾਰਤ ਨਹੀਂ ਸੀ ਉਸਾਰੀ। ਉੱਥੇ ਮੈਡੀਕਲ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਸੀ ਅਤੇ ਭੈਣਾਂ ਨੇ ਪ੍ਰੀਮੈਡ ਲਈ ਆਰਟਸ ਤੇ ਸਾਇੰਸ ਦੇ ਰਲਵੇਂ ਕੋਰਸਾਂ ਵਿੱਚ ਦਾਖਲਾ ਲੈ ਲਿਆ। ਉਨ੍ਹਾਂ ਦੀ ਅੱਗੇ ਮਗਿੱਲ ਜਾਂ ਟਰਾਂਟੋ ਯੂਨੀਵਰਸਿਟੀ ਜਾਣ ਦੀ ਯੋਜਨਾ ਸੀ। ਯੂਨੀਵਰਸਿਟੀ ਦੇ ਕੈਂਪਸ ਵਿੱਚ ਪਹੁੰਚਣ ਲਈ ਉਨ੍ਹਾਂ ਦੇ ਯੌਰਕ ਐਵੇਨਿਊ ਵਾਲੇ ਘਰ ਤੋਂ ਬਿਜਲਈ  ਸਟਰੀਟਕਾਰ ਰਾਹੀਂ ਅੱਧਾ ਘੰਟਾ ਲੱਗਦਾ ਸੀ। ਇਸ ਲਈ ਹਲਚਲ ਮਚਾਉਣ ਵਾਲੀ ਸੁਰਜੀਤ ਨੇ ਕਾਰ ਦੀ ਮੰਗ ਕੀਤੀ। ਕਪੂਰ ਮੰਨ ਗਿਆ ਪਰ ਉਹ ਉਨ੍ਹਾਂ ਨੂੰ ਕਾਰ ਖ੍ਰੀਦਣ ਲਈ ਆਪਣੇ ਨਾਲ ਨਾ ਲੈ ਕੇ ਗਿਆ। ਉਹ ਕੋਈ ਕੀਮਤੀ ਕਾਰ ਮੰਗਦੀਆਂ ਸਨ ਪਰ ਉਸਦੀ ਥਾਂ ਕਪੂਰ ਨੇ ਚਾਰ ਦਰਵਾਜ਼ਿਆਂ ਵਾਲੀ ਡੌਜ ਕਾਰ ਖ੍ਰੀਦ ਦਿੱਤੀ, ਜਿਸਦੇ ਗੇਅਰ ਵਾਲੀ ਹੱਥੀ ਕਾਰ ਦੇ ਫਰਸ਼ `ਤੇ ਸੀ। ਕਾਲੇ ਰੰਗ ਦੀ ਹੋਣ ਕਰਕੇ ਸੁਰਜੀਤ ਨੂੰ ਇਹ ਕਬਰਸਤਾਨ ਨੂੰ ਮੁਰਦੇ ਲਿਜਾਣ ਵਾਲੀ ਗੱਡੀ ਲਗਦੀ ਸੀ। ਉਸ ਨੂੰ ਲੱਗਾ ਕਿ ਇਹ ਉਸ ਵੱਲੋਂ ਹੁਣ ਤੱਕ ਦੇਖੀਆਂ ਕਾਰਾਂ ਵਿੱਚੋਂ, ਸਭ ਤੋਂ ਬਦਸੂਰਤ ਸੀ। ਯਕੀਨਨ, ਉਸ ਨੇ ਇਸ ਬਾਰੇ ਇਤਰਾਜ਼ ਕੀਤਾ। ਪਰ ਕਪੂਰ ਨੇ ਕਿਹਾ ਕਿ ਉਹ ਇਸ ਕਾਰ ਅਤੇ ਪਬਲਿਕ ਸਟਰੀਟ ਕਾਰ ਵਿੱਚੋਂ ਜਿਹੜੀ ਮਰਜ਼ੀ ਚੁਣ ਲਵੇ ਇਸ ਲਈ ਭੈਣਾਂ ਨੇ ਉਸ ਕਾਰ ਨੂੰ ਚੁਣ ਲਿਆ।

ਯੂ.ਬੀ.ਸੀ. ਵਿੱਚ ਆਪਣੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਰਸਾਇਣਕ ਵਿਗਿਆਨ, ਭੌਤਿਕ ਵਿਗਿਆਨ, ਜੰਤੂ ਵਿਗਿਆਨ, ਗਣਿਤ ਅਤੇ ਅੰਗ੍ਰੇਜ਼ੀ ਦੀ ਪੜ੍ਹਾਈ ਕੀਤੀ। ਜਿਸ ਅਧਿਆਪਿਕਾ ਨੇ ਉਨ੍ਹਾਂ ਦੀਆਂ ਯਾਦਾਂ ਵਿੱਚ ਅਮਿੱਟ ਨਿਸ਼ਾਨ ਛੱਡਿਆ ਸੀ, ਉਹ ਡੀਨ ਮਾਡਸਲੇ (ਡੌਰਥੀ ਮਾਡਸਲੇ)ਸੀ। ਉਹ ਔਰਤਾਂ ਦੀ ਡੀਨ ਅਤੇ ਅੰਗ੍ਰੇਜ਼ੀ ਅਧਿਆਪਿਕਾ ਸੀ। ਭੈਣਾਂ ਪਹਿਲੇ ਦਿਨ ਮੁਲਾਕਾਤ ਦਾ ਸਮਾਂ ਲੈ ਕੇ ਉਸ ਨੂੰ ਮਿਲੀਆਂ। ਉਨ੍ਹਾਂ ਨੇ ਆਪਣੀ ਮਾਂ ਦੇ ਕਹੇ ਅਨੁਸਾਰ ਢਿੱਲੇ ਪਜਾਮੇ ਪਾਏ ਹੋਏ ਸਨ। ਆਪਣੇ ਸਕੂਲ ਸਮੇਂ ਦੌਰਾਨ ਉਹ ਸਕਰਟਾਂ ਅਤੇ ਆਪਣੀਆਂ ਜਮਾਤਣਾਂ ਵਰਗੇ ਕੱਪੜੇ ਪਹਿਨ ਲੈਂਦੀਆਂ ਸਨ, ਪਰ ਬਸੰਤ ਕੌਰ ਨੇ ਫੈਸਲਾ ਕੀਤਾ ਕਿ ਉਹ ਮੁਟਿਆਰਾਂ ਹੋ ਗਈਆਂ ਹੋਣ ਕਰਕੇ ਅਤੇ ਯੂਨੀਵਰਸਿਟੀ ਪੜ੍ਹਦੀਆਂ ਹੋਣ ਕਰਕੇ ਉਨ੍ਹਾਂ ਨੂੰ ਆਪਣੀਆਂ ਲੱਤਾਂ ਕੱਜ ਕੇ ਰੱਖਣੀਆਂ ਚਾਹੀਦੀਆਂ ਸਨ। ਜਦੋਂ ਹੀ ਉਹ ਮਾਡਸਲੇ ਦੇ ਵੱਡੇ ਦਫਤਰ ਵਿੱਚ ਦਾਖਲ ਹੋਈਆਂ, ਉਸ ਨੇ ਉਨ੍ਹਾਂ ਦੇ ਢਿੱਲੇ ਪਜਾਮਿਆਂ `ਤੇ ਨਿਗ੍ਹਾ ਮਾਰੀ ਤੇ ਤਿੱਖੀ ਆਵਾਜ਼ `ਚ ਬੋਲੀ, " ਉਮੀਦ ਹੈ ਕਿ ਤੁਸੀਂ ਇੱਥੇ ਹੰਗਾਮਾ ਨਹੀਂ ਖੜ੍ਹਾ ਕਰੋਂਗੀਆਂ।" ਪ੍ਰਤੱਖ ਸੀ ਕਿ ਉਸ ਨੇ ਰਜ਼ਾਮੰਦੀ ਨਹੀਂ ਦਿੱਤੀ। 1940ਵਿਆਂ ਵਿੱਚ ਉੱਤਰੀ ਅਮਰੀਕਾ ਦੀਆਂ ਔਰਤਾਂ ਦਫਤਰਾਂ, ਜਮਾਤਾਂ ਜਾਂ ਘੁੰਮਣ-ਫਿਰਨ ਵੇਲੇ ਫਰਾਕਾਂ, ਜਾਂ ਸਕਰਟਾਂ ਅਤੇ  ਬਲਾਊਜ਼ ਪਹਿਨ ਕੇ ਜਾਂਦੀਆਂ। ਲੰਬੀਆਂ ਮਹੀਨ ਜੁਰਾਬਾਂ (ਸਟੌਕਿੰਗਜ਼) ਜ਼ਰੂਰੀ ਹੁੰਦੀਆਂ । ਖੁੱਲ੍ਹੇ ਪਜਾਮੇ ਸਿਰਫ ਘਰਾਂ ਵਿੱਚ ਅਤੇ ਗੈਰ-ਰਸਮੀ ਪਹਿਨਣ ਲਈ ਰਾਖਵੇਂ ਹੁੰਦੇ। ਨਿੰਮੋਝੂਣੀਆਂ ਹੋਈਆਂ ਜੈਕੀ ਤੇ ਸੁਰਜੀਤ  ਸਮਝ ਗਈਆਂ ਕਿ ਉਨ੍ਹਾਂ ਨੇ ਗਲਤ ਕੱਪੜੇ ਪਹਿਨਣ ਦੀ ਚੋਣ ਕੀਤੀ ਸੀ। ਉਸ ਸ਼ਾਮ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਇਸ ਬਾਰੇ ਲੰਬਾ ਵਿਚਾਰ-ਵਿਟਾਂਦਰਾ ਕੀਤਾ। ਉਨ੍ਹਾਂ ਦੀ ਮਾਂ ਨੂੰ ਧੱਕਾ ਲੱਗਾ ਕਿ ਕੁੜੀਆਂ  ਸਕਰਟਾਂ ਪਹਿਨਣ ਦੀ ਤਵੱਕੋ ਰੱਖਦੀਆਂ ਸਨ ਅਤੇ ਆਪਣੀਆਂ ਲੱਤਾਂ ਦਿਖਾਉਣਗੀਆਂ ਪਰ ਉਸ ਨੇ ਕੋਈ ਬਹਿਸ ਨਾ ਕੀਤੀ, ਅਤੇ ਉਸ ਵੇਲੇ ਤੋਂ ਉਹ ਹੋਰ ਯੂਨੀਵਰਸਿਟੀ ਦੀਆਂ ਔਰਤਾਂ ਵਾਂਗ ਕੱਪੜੇ ਪਹਿਨਣ ਲੱਗੀਆਂ। ਬਾਅਦ ਵਿੱਚ ਚੌਸਰ ਤੋਂ ਮਿਲਟਨ ਤੱਕ ਸਾਹਿਤ ਪੜ੍ਹਾਉਣ ਵਾਲੀ  ਮਾਡਸਲੇ ਉਨ੍ਹਾਂ ਨੂੰ ਚੰਗੀ ਲੱਗਣ ਲੱਗੀ।  ਪਰ ਪਹਿਲੇ ਟਕਰਾਅ ਕਾਰਣ ਉਹ ਉਸ ਨੂੰ ਕਦੇ ਵੀ ਨਹੀਂ ਭੁੱਲ ਸਕੀਆਂ ਜਿਵੇਂ ਉਹ ਕਈ ਹੋਰ ਅਧਿਆਪਕਾਂ ਨੂੰ ਭੁੱਲ ਗਈਆਂ ਸਨ।

ਕੈਟਸੀਲੇਨੋ ਹਾਈ ਸਕੂਲ ਤੋਂ ਉਨ੍ਹਾਂ ਦੀ ਹੋਰ ਕੋਈ ਵੀ ਸਹੇਲੀ ਹਾਈ ਸਕੂਲ ਤੋਂ ਅੱਗੇ ਨਹੀਂ ਸੀ ਗਈ ਸਵਾਏ ਵਿਵੀਅਨ ਵੌਂਗ ਦੇ। ਉਨ੍ਹਾਂ ਦੇ ਗਰੁੱਪ ਵਿੱਚ ਉਹ ਇੱਕੋ ਇੱਕ ਚੀਨਣ ਸੀ, ਜਿਹੜੀ ਯੌਰਕ ਐਵੇਨਿਊ ਦੇ ਨੇੜੇ ਹੀ ਰਹਿੰਦੀ ਸੀ ਅਤੇ ਯੂਨੀਵਰਸਿਟੀ ਦੇ ਪਹਿਲੇ ਸਾਲ ਦੌਰਾਨ ਉਨ੍ਹਾਂ ਦੇ ਨਾਲ ਹੀ ਕਾਰ `ਤੇ ਜਾਂਦੀ ਸੀ।(1) ਆਮ ਤੌਰ `ਤੇ ਉਹ ਆਪ ਹੀ ਯੂਨੀਵਰਸਿਟੀ ਜਾਂਦੀਆਂ-ਆਉਂਦੀਆਂ। ਸੁਰਜੀਤ ਕਾਰ ਚਲਾਉਂਦੀ। ਉਹ ਸਖਤ ਮੇਹਨਤ ਕਰਦੀਆਂ, ਲਗਨ ਨਾਲ ਕਲਾਸਾਂ ਲਾਉਂਦੀਆਂ ਅਤੇ ਲੰਬੇ ਸਮੇਂ ਲਈ ਪੜ੍ਹਦੀਆਂ। ਉਹ ਆਪਣੇ ਮਾਪਿਆਂ ਨੂੰ ਨਿਮੋਸ਼ ਨਹੀਂ ਕਰਨਾ ਚਾਹੁੰਦੀਆਂ ਸਨ। ਉਹ ਪੜ੍ਹਾਈ ਤੋਂ ਬਿਨਾਂ ਹੋਰ ਗਤੀਵਿਧੀਆਂ ਵਿੱਚ ਹਿੱਸਾ ਨਾ ਲੈਂਦੀਆਂ, ਨਾਚ ਲਈ ਨਾ ਜਾਂਦੀਆਂ ਜਾਂ ਕੈਂਪਸ ਵਿੱਚ ਹੁੰਦੇ ਵੱਡੇ ਸਮਾਗਮਾਂ ਵਿੱਚ ਹਾਜ਼ਰੀ ਨਾ ਭਰਦੀਆਂ। ਜੇ ਉਹ ਵੇਹਲਾ ਸਮਾਂ ਮੁੰਡਿਆਂ ਦੀ ਸੰਗਤ ਵਿੱਚ ਗੁਜ਼ਾਰਨਾਂ ਸ਼ੁਰੂ ਕਰਦੀਆਂ ਤਾਂ ਉਨ੍ਹਾਂ ਦੇ ਮਾਪੇ ਇਤਰਾਜ਼ ਕਰਦੇ। ਉਨ੍ਹਾਂ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਕੋਈ ਸਹੇਲੀ ਵੀ ਨਾ ਬਣਾਈ, ਅਤੇ ਇਸ ਦੀ ਉਨ੍ਹਾਂ ਨੂੰ ਕੋਈ ਚਿੰਤਾ ਵੀ ਨਹੀਂ ਸੀ। ਹਫਤੇ ਦੇ ਅੰਤ `ਤੇ ਉਹ ਆਪਣੇ ਮਾਪਿਆਂ ਨਾਲ ਬਾਰਨੈਟ ਜਾਂਦੀਆਂ ਅਤੇ ਆਪਣੇ ਰਿਸ਼ਤੇ ਦੇ ਭੈਣ-ਭਰਾਵਾਂ ਨਾਲ ਮਿੱਲ ਦੇ ਵੇਹੜੇ ਵਿੱਚ ਫੁੱਟਬਾਲ ਜਾਂ ਬਾਸਕਟਬਾਲ ਖੇਡਦੀਆਂ। ਇਸ ਤਰ੍ਹਾਂ ਪੜ੍ਹਾਈ ਤੋਂ ਕੁਝ ਰਾਹਤ ਲੈਂਦੀਆਂ। ਜਦੋਂ ਉਹ ਕਿਸੇ ਵਿਚਾਰ-ਵਟਾਂਦਰੇ ਜਾਂ ਬਹਿਸ ਵਿੱਚ ਪੈਂਦੀਆਂ ਤਾਂ ਇਹ ਯੂਨੀਵਰਸਿਟੀ ਦੀ ਥਾਂ ਪਰਿਵਾਰ ਦੀ ਕੋਈ ਬੈਠਕ ਹੁੰਦੀ। ਇਹ ਆਮ ਹੀ ਵਾਪਰਦਾ ਜਦੋਂ ਉਨ੍ਹਾਂ ਦੇ ਬਾਰਨੈਟ ਵਾਲੇ ਰਿਸ਼ਤੇ ਦੇ ਭੈਣ-ਭਰਾ ਉਨ੍ਹਾਂ ਨੂੰ ਮਿਲਣ ਆਉਂਦੇ। ਉਨ੍ਹਾਂ ਦਾ ਅੰਕਲ ਗੁਰਦਿਆਲ ਸਿੰਘ ਤੇਜਾ, ਭਾਰਤ ਤੋਂ ਕਾਲਜ ਪਾਸ ਸੀ ਅਤੇ ਹਮੇਸ਼ਾ ਮਿੱਲ ਦੇ ਵੇਹੜੇ ਅਤੇ ਗੁਰਦਵਾਰੇ ਵਿੱਚ ਬੇਝਿਜਕ ਬੋਲਦਾ। ਉਹ ਪੰਜਾਬੀ ਭਾਈਚਾਰੇ ਦੇ ਕੁਝ ਪੱਕੇ ਕਮਿਉਨਿਸਟਾਂ ਵਿੱਚੋਂ ਇੱਕ ਸੀ। ਉਹ  ਸੁਰਜੀਤ ਨੂੰ ਉਕਸਾਉਣ ਵਾਸਤੇ ਆਪਣੇ ਵਿਚਾਰ ਜੋਸ਼ ਨਾਲ ਪੇਸ਼ ਕਰਦਾ ਅਤੇ ਉਹ ਜਾਲ ਵਿੱਚ ਫਸ ਜਾਂਦੀ  ਅਤੇ ਉਹ ਮਜ਼ੇ ਨਾਲ ਬਹਿਸ ਕਰਦੇ ਪਰ ਤੇਜਾ ਦੀ ਘਰਵਾਲੀ, ਹਰਬੰਸ ਕੌਰ ਅਤੇ ਗਿਆਰਾਂ ਸਾਲਾ ਵੱਡੀ ਬੇਟੀ, ਦਿਲਜੀਤ ਪਰੇਸ਼ਾਨੀ ਵਿੱਚ ਸਿਰ ਝੁਕਾਈ ਬੈਠ ਜਾਂਦੀਆਂ ਕਿਉਂ ਕਿ ਉਹ ਮਹਿਮਾਨ ਹੁੰਦੇ ਸਨ ਅਤੇ ਉਹ ਮੇਜ਼ਬਾਨ ਦੀ ਬੇਟੀ ਨਾਲ ਬਹਿਸ ਕਰ ਰਿਹਾ ਹੁੰਦਾ ਸੀ। ਹਰ ਵਾਰ ਜਦੋਂ ਉਹ ਮਿਲਣ ਜਾਂਦੇ ਹਰਬੰਸ ਕੌਰ ਗੁਰਦਿਆਲ ਨੂੰ ਆਖਦੀ ਕਿ ਉਹ ਸੁਰਜੀਤ ਨੂੰ ਉਕਸਾਏ ਨਾ, ਪਰ ਉਹ ਕਦੇ ਵੀ ਰੁਕ ਨਾ ਸਕਿਆ।(2)

ਪੜ੍ਹਾਈ ਵਿੱਚ ਕੀਤੀ ਸਖਤ ਮੇਹਨਤ ਨੂੰ ਮਈ 1945 ਵਿੱਚ ਫਲ ਪਿਆ' ਜਦੋਂ ਜੈਕੀ ਤੇ ਸੁਰਜੀਤ ਨੂੰ ਪਤਾ ਲੱਗਾ ਕਿ ਉਹ ਯੂ.ਬੀ.ਸੀ. ਵਿੱਚ ਆਪਣੇ ਅਖੀਰਲੇ ਸਾਲ ਵਿੱਚ ਫਸਟ-ਕਲਾਸ ਨਾਲ ਪਾਸ ਹੋਈਆਂ ਸਨ। ਉਦੋਂ 'ਵੈਨਕੂਵਰ ਸਨ' ਤੇ 'ਵੈਨਕੂਵਰ ਪਰੋਵਿੰਸ' ਅਖਬਾਰਾਂ ਵਿੱਚ ਯੂ.ਬੀ.ਸੀ. ਦੇ ਵਿਦਿਆਰਥੀਆਂ ਦੇ ਨਤੀਜੇ ਛਪਦੇ ਸਨ ਅਤੇ ਕਪੂਰ ਨੇ ਮਾਣ ਨਾਲ ਦੋਹਾਂ ਅਖਬਾਰਾਂ ਦੇ ਨਾਵਾਂ ਦੀ ਸੂਚੀ ਵਾਲੇ ਸਫੇ ਸੰਭਾਲੇ ਹੋਏ ਸਨ।

ਉਸੇ ਹਫਤੇ ਹੀ ਜਦੋਂ ਯੂਰਪ ਵਿੱਚ ਜੰਗ ਖਤਮ ਹੋਈ, ਯੂਨਾਈਟਡ ਨੇਸ਼ਨ ਦੀ ਮੋਢੀ ਕਾਨਫਰੰਸ ਲਈ ਸਾਨਫਰਾਂਸਿਸਕੋ ਵਿੱਚ ਦੁਨੀਆਂ ਦੇ ਆਗੂਆਂ ਦੇ ਇਕੱਠ ਵੱਲ ਕਪੂਰ ਨੇ ਪੂਰਾ ਧਿਆਨ ਦਿੱਤਾ। ਉਸਦਾ 'ਵੈਨਕੂਵਰ ਨਿਊਜ਼-ਐਡਵਰਟਾਈਜ਼ਰ' ਵਾਲਾ ਦੋਸਤ, ਇਲਮੋਰ ਫਿਲਪੌਟ ਸਥਾਨਕ ਰੇਡੀਓ ਉੱਪਰ 10 ਵਜੇ ਰਾਤ ਨੂੰ ਤਬਸਰਾ ਕਰਨ ਵਾਲੇ ਰਿਪੋਰਟਰਾਂ ਵਿੱਚੋਂ ਇੱਕ ਸੀ।(3) ਸਾਨਫਰਾਂਸਿਸਕੋ ਵਾਲੀ ਕਾਨਫਰੰਸ ਦਾ ਭਾਰਤ ਲਈ ਕੀ ਮਤਲਬ ਹੋਵੇਗਾ ਇਹ ਜਾਨਣ ਲਈ ਹੀ ਕਪੂਰ ਉਸ ਵੱਲ ਨਿਗਾਹ ਟਿਕਾਈ ਬੈਠਾ ਸੀ ਅਤੇ ਉੱਥੇ ਇਕੱਲਾ ਫਿਲਪੌਟ ਹੀ ਉਸਦਾ ਨਿੱਜੀ ਸੰਪਰਕ ਨਹੀਂ ਸੀ ਸਗੋਂ ਵਿਦਵਾਨ ਅਤੇ ਸਮਾਜ-ਸੇਵਕ ਅਨੂਪ ਸਿੰਘ ਢਿੱਲੋਂ, ਜਿਹੜਾ ਸੂਕ ਝੀਲ ਵਾਲੇ ਕਪੂਰ ਪਿੰਡ ਆਇਆ ਸੀ ਅਤੇ ਕਪੂਰ ਦੇ ਭਾਈਚਾਰੇ ਲਈ ਓਟਵਾ ਗਿਆ ਸੀ, ਵੀ ਸਾਨਫਰਾਂਸਿਸਕੋ ਵਿੱਚ ਸੀ ਅਤੇ ਅਖਬਾਰਾਂ ਨੇ ਉਸਦਾ ਜ਼ਿਕਰ ਕੀਤਾ ਸੀ। ਭਾਰਤ ਦੀ ਪ੍ਰਤੀਨਿਧਤਾ ਦਾ ਮਸਲਾ ਸੀ। ਕਾਨਫਰੰਸ ਵਿੱਚ ਸ਼ਾਮਲ ਸੀਟਾਂ ਵਾਲੇ ਛਿਆਲੀ ਦੇਸ਼ਾਂ ਵਿੱਚੋਂ ਭਾਰਤ ਇੱਕ ਸੀ, ਪਰ ਇਹ ਬਰਤਾਨਵੀ ਸਲਤਨਤ ਦੇ ਹਿੱਸੇ ਵਜੋਂ ਪੇਸ਼ ਹੋਇਆ। ਸ਼ਾਮਲ ਹੋਣ ਵਾਲੇ ਵਫਦ ਮੈਂਬਰਾਂ ਨੂੰ ਨਵੀਂ ਦਿੱਲੀ ਵਿੱਚ ਬਰਤਾਨਵੀ ਸ਼ਾਸਨ ਨੇ ਚੁਣਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ  ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਿਤ ਨੂੰ ਰੋਸ ਪ੍ਰਗਟ ਕਰਨ ਲਈ ਭੇਜ ਰਹੀ ਸੀ, ਅਤੇ ਸਾਨਫਰਾਂਸਿਸਕੋ ਵਿੱਚ ਕਾਂਗਰਸ ਦੇ ਪ੍ਰਤੀਨਿਧ ਵਜੋਂ  ਅਨੂਪ ਢਿੱਲੋਂ ਉਸਦੇ ਪਹੁੰਚਣ ਦੀਆਂ ਤਿਆਰੀਆਂ ਕਰ ਰਿਹਾ ਸੀ। ਉਸ ਨੇ ਭਾਰਤ ਦੀ ਸੀਟ ਲਈ ਬਰਤਾਨਵੀ ਸ਼ਾਸਨ ਵੱਲੋਂ ਥੋਪੇ ਵਫਦਕਾਰੀਆਂ ਨੂੰ "ਇੱਕ ਮਖੌਲ" ਕਿਹਾ।(4) ਕਪੂਰ ਇਸ ਬਾਰੇ ਖਾਸ ਪ੍ਰਸੰਨਤਾ ਨਾਲ ਪੜ੍ਹ ਸਕਦਾ ਸੀ, ਕਿਉਂ ਕਿ ਬੋਲਣ ਵਾਲਾ ਉਸਦਾ ਚੰਗੀ ਜਾਣ-ਪਹਿਚਾਣ ਵਾਲਾ ਸੀ।

ਸਤੰਬਰ 1945 ਦੀ ਉਸ ਪੱਤਝੜ ਵਿੱਚ ਜੈਕੀ ਤੇ ਸੁਰਜੀਤ ਘਰ ਤੋਂ ਦੂਰ ਟਰਾਂਟੋ ਯੂਨੀਵਰਸਿਟੀ ਵਿੱਚ ਦਾਖਲ ਹੋ ਗਈਆਂ। ਇਸਦਾ ਪ੍ਰਬੰਧ ਕਰਨ ਲਈ ਉਹ ਟਰਾਂਟੋ ਇਲਾਕੇ ਵਿੱਚੋਂ ਆਪਣੇ ਪਿਤਾ ਦੇ ਪੁਰਾਣੇ ਮਿੱਤਰ, ਵਿਲੀਅਮ ਮੂਰ ਦੀਆਂ ਧੰਨਵਾਦੀ ਸਨ। ਜੂਨ ਮਹੀਨੇ ਵਿੱਚ ਉਹ ਸੱਤਰ ਸਾਲ ਦੀ ਉਮਰ ਵਿੱਚ ਲਿਬਰਲ ਐਮ ਪੀ ਵਜੋਂ ਪਾਰਲੀਮੈਂਟ `ਚ ਦਸ ਸਾਲ ਸੇਵਾ ਨਿਭਾਅ ਕੇ ਆਪਣੀ ਸੀਟ ਛੱਡ ਕੇ ਸੇਵਾ ਮੁਕਤ ਹੋ ਕੇ ਮੂਰਲੈਂਡ ਰਹਿਣ ਲੱਗਾ ਸੀ। ਇਹ ਉਸਦਾ ਟਰਾਂਟੋ ਦੇ ਪੂਰਬ ਵਿੱਚ ਰੋਸਬੈਂਕ ਵਿੱਚ ਝੀਲ ਕਿਨਾਰੇ ਵਾਲਾ ਫਾਰਮ ਸੀ, ਜਿੱਥੇ 1914 ਵਿੱਚ ਕਪੂਰ ਤੇ ਪਿਆਰਾ ਸਿੰਘ ਲੰਗੇਰੀ ਕੰਮ ਕਰਦੇ ਸਨ। ਜਿਹੜੇ ਸਿੱਖਾਂ ਦਾ ਉਹ ਉਸ ਵੇਲੇ ਦੋਸਤ ਬਣਿਆ, ਉਨ੍ਹਾਂ ਵਿੱਚੋਂ ਕਰਤਾਰ ਸਿੰਘ ਹੁੰਦਲ ਨੂੰ ਉਹ ਸਭ ਤੋਂ ਜ਼ਿਆਦਾ ਜਾਣਦਾ ਸੀ ਕਿਉਂ ਕਿ ਕਰਤਾਰ ਸਿੰਘ ਟਰਾਂਟੋ ਵਿੱਚ ਬਹੁਤ ਸਾਲਾਂ ਤੱਕ ਰਿਹਾ ਸੀ। ਕਪੂਰ ਨੇ ਕਰਤਾਰ ਸਿੰਘ (ਉਸ ਵੇਲੇ ਕਰਤਾਰ ਉਸਦਾ ਦੋਸਤ ਹੋਣ ਦੇ ਨਾਲ ਉਸਦਾ ਕਰਮਚਾਰੀ ਵੀ ਸੀ) ਨੂੰ ਕਿਹਾ ਕਿ ਉਹ ਮੂਰ ਨੂੰ ਸੰਪਰਕ ਕਰੇ ਅਤੇ ਉਸ ਨੂੰ ਜੈਕੀ ਤੇ ਸੁਰਜੀਤ ਦੇ ਦਾਖਲੇ ਦਾ ਪ੍ਰਬੰਧ ਕਰਨ ਲਈ ਕਹੇ। ਕੇਵਲ ਇੱਕ ਅੜਿੱਕਾ ਇਹ ਸੀ ਕਿ ਮੈਡੀਕਲ ਸਕੂਲ ਨੇ ਦੋ ਭੈਣਾਂ ਨੂੰ ਇੱਕੋ ਵੇਲੇ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਮੂਰ ਨੇ ਟਰਾਂਟੋ ਦੇ ਚਾਰ ਆਰਟਸ ਕਾਲਜਾਂ ਵਿੱਚੋਂ ਸਭ ਤੋਂ ਛੋਟੇ ਵੱਲ ਸੁਰਜੀਤ ਨੂੰ ਸੇਧਿਤ ਕਰ ਦਿੱਤਾ। ਇਹ ਟਰੈਨਿਟੀ ਦਾ ਐਂਗਲੀਕਨ ਕਾਲਜ, ਟਰਾਂਟੋ ਕੈਂਪਸ ਦੇ ਉੱਤਰੀ ਕਿਨਾਰੇ `ਤੇ ਸੀ। ਜੈਕੀ ਸਿੱਧਾ ਮੈਡੀਸਨ ਵਿੱਚ ਗਈ ਅਤੇ ਸੁਰਜੀਤ ਸਾਲ ਮਗਰੋਂ। ਕੁੜੀਆਂ ਦੀ ਟਰਾਂਟੋ ਵਿੱਚ ਠਹਿਰ ਦੌਰਾਨ ਮੂਰ ਕਦੇ-ਕਦਾਈਂ ਉਨ੍ਹਾਂ ਨੂੰ ਆਪਣੇ ਫਾਰਮ `ਤੇ ਆਉਣ ਦਾ ਸੱਦਾ ਦਿੰਦਾ ਅਤੇ ਉਹ ਬੱਸ ਰਾਹੀਂ ਇੱਕ ਘੰਟੇ ਵਿੱਚ ਪਿਕਰਿੰਗ ਪਹੁੰਚਦੀਆਂ, ਜਿੱਥੇ ਉਹ ਉਨ੍ਹਾਂ ਨੂੰ ਮਿਲਦਾ। ਉਹ ਦਿਓ-ਕੱਦ, ਭਾਰੇ ਚੇਹਰੇ ਵਾਲਾ, ਰਤਾ ਕੁ ਕੁੱਬਾ, ਦਿਆਲੂ ਤੇ ਖਰਚੀਲਾ ਅਤੇ ਉਨ੍ਹਾਂ ਨੂੰ ਦੇਖ ਕੇ ਹਮੇਸ਼ਾ ਖੁਸ਼ ਦਿਸਦਾ। ਉਹ ਉਨ੍ਹਾਂ ਨੂੰ ਉਪਰਲੀ ਮੰਜ਼ਿਲ `ਤੇ ਆਪਣੇ ਪੜ੍ਹਣ ਵਾਲੇ ਕਮਰੇ ਵਿੱਚ ਲੈ ਜਾਂਦਾ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ, ਕਰਤਾਰ ਸਿੰਘ ਹੁੰਦਲ ਅਤੇ ਭਾਈ ਪਿਆਰਾ ਸਿੰਘ ਲੰਗੇਰੀ ਦੀ ਘੋੜਸਵਾਰੀ ਦੀਆਂ ਗੱਲਾਂ ਸੁਣਾਉਂਦਾ। ਪਿਆਰਾ ਸਿੰਘ ਨੂੰ ਉਹ ਹਾਲੇ ਵੀ ਕਰਮ ਸਿੰਘ ਹੀ ਆਖਦਾ ਸੀ।

ਮੂਰ ਟਰਾਂਟੋ ਦੇ ਹੰਟ ਕਲੱਬ ਦਾ ਮੈਂਬਰ ਸੀ, ਜਿੱਥੇ ਉਹ ਘੋੜੇ `ਤੇ ਸਵਾਰ ਹੋ ਕੇ  ਸ਼ਿਕਾਰੀ ਕੁੱਤਿਆਂ ਨਾਲ ਟਰਾਂਟੋ ਦੇ ਪੂਰਬ ਵਿੱਚ ਸਕਾਰਬਰੋ ਬਲੱਫ ਦੇ ਨੇੜੇ ਸ਼ਿਕਾਰ ਕਰਦਾ। ਫਿਰ 1930ਵਿਆਂ ਦੇ ਸ਼ੁਰੂ ਵਿੱਚ ਉਹ ਗੌਲਫ ਖੇਡਣ ਵੱਲ ਰੁਚਿਤ ਹੋ ਗਿਆ। ਉਹ ਟਰਾਂਟੋ ਕਲੱਬ ਅਤੇ ਟਰਾਂਟੋ ਦੇ ਡਾਊਨ ਟਾਊਨ ਵਾਲੇ ਯੂਨੀਵਰਸਿਟੀ ਕਲੱਬਾਂ ਦਾ ਮੈਂਬਰ ਸੀ ਅਤੇ ਉਹ ਕਲਾ ਨਾਲ ਸਬੰਧਤ ਭਾਈਚਾਰੇ ਵਿੱਚ ਵੀ ਸਰਗਰਮ ਸੀ। ਜਦੋਂ ਉਹ 1940 ਵਿੱਚ ਐਮ ਪੀ ਦੀ ਚੋਣ ਲਈ ਦੁਬਾਰਾ ਖੜ੍ਹਾ ਹੋਇਆ, ਉਸ ਨੇ ਰੈਲੀ ਦੀ ਸਟੇਜ ਉੱਪਰ ਵੱਡੀ ਪਿਆਨੋ ਰੱਖ ਦਿੱਤੀ ਤਾਂ ਕਿ ਨੌਰਮਨ ਵਿਲਕਸ, (ਜਿਹੜਾ ਉਸਦਾ ਸਹਿਯੋਗੀ ਵੀ ਸੀ ਤੇ ਪਿਆਨੋ-ਵਾਦਕ  ਵੀ ਅਤੇ ਟਰਾਂਟੋ ਕਨਸਵੇਟਰੀ ਆਫ ਮਿਊਜ਼ਿਕ ਦਾ ਪ੍ਰਿੰਸੀਪਾਲ ਸੀ) ਉਸਦੀ ਰਾਜਨੀਤਕ ਤਕਰੀਰ ਤੋਂ ਪਹਿਲਾਂ ਆਪਣਾ ਹੁਨਰ ਦਿਖਾ ਸਕੇ।(5) ਜੇ ਕੋਈ ਟਰਾਂਟੋ ਦੇ ਸਭਿਆਚਾਰਕ ਤੇ ਕਾਰੋਬਾਰੀ ਸ਼੍ਰੇਸ਼ਠਾਂ ਨੂੰ ਜਾਣਦਾ ਸੀ ਤਾਂ ਉਹ ਮੂਰ ਸੀ। ਇਨ੍ਹਾਂ ਵਿੱਚ ਥੀਓਸੌਫੀਕਲ ਸੁਸਾਇਟੀ ਦੇ ਮੈਂਬਰ ਵੀ ਸ਼ਾਮਲ ਸਨ।

1945 ਦੀ ਪੱਤਝੜ ਵਿੱਚ ਜਦੋਂ ਜੈਕੀ ਤੇ ਸੁਰਜੀਤ ਆਪਣੀ ਪੜ੍ਹਾਈ ਵਿੱਚ ਹਾਲੇ ਸੈੱਟ ਹੋਣ ਲੱਗੀਆਂ ਸਨ, ਵੈਨਕੂਵਰ ਤੋਂ ਕਪੂਰ ਤੇ ਬਸੰਤ ਕੌਰ ਉਨ੍ਹਾਂ ਨੂੰ ਮਿਲਣ ਆ ਗਏ। ਇੱਕ ਸ਼ਾਮ ਉਹ ਮੂਰ ਦੇ ਫਾਰਮ ਹਾਊਸ ਵਿੱਚ ਵੀ ਗਏ, ਜਿੱਥੇ ਮੂਰ ਤੇ ਉਸਦੀ ਪਤਨੀ, ਮੇਬਲ ਨੇ ਉਨ੍ਹਾਂ ਦੀ ਆਓ-ਭਗਤ ਕੀਤੀ। ਜਿਹੜਾ ਆਦਮੀ ਉਨ੍ਹਾਂ ਨੂੰ ਕਾਰ ਰਾਹੀਂ ਉੱਥੇ ਲੈ ਕੇ ਗਿਆ, ਉਹ ਟਰਾਂਟੋ ਦੀ ਥੀਓਸੌਫੀਕਲ ਸੁਸਾਇਟੀ ਤੋਂ ਮੂਰ ਤੇ ਕਰਤਾਰ ਸਿੰਘ ਦਾ ਪੁਰਾਣਾ ਮਿੱਤਰ, ਜੌਰਜ ਮੈਕ ਮੂਟਰੇ ਸੀ।

ਜੈਕੀ ਤੇ ਸੁਰਜੀਤ ਨੂੰ ਪੂਰਾ ਚੇਤਾ ਨਹੀਂ ਸੀ ਕਿ ਉਹ ਟਰਾਂਟੋ ਠਹਿਰ ਦੌਰਾਨ ਕਿਵੇਂ ਵੈਲਮਾ ਵਾਲਿਸ ਦੇ ਘਰ ਰਹਿਣ ਲੱਗੀਆਂ। ਹੋ ਸਕਦਾ ਹੈ ਕਿ ਮੂਰ ਅਤੇ ਉਸਦੇ ਦੋਸਤਾਂ ਦੀ ਵਾਕਫੀ ਰਾਹੀਂ  ਉਹ ਹੋਸਟਲ ਜਾਂ ਕੈਂਪਸ ਦੇ ਨੇੜਲੇ ਕਮਰਿਆਂ ਦੀ ਥਾਂ ਇਸ ਦਿਆਲੂ ਔਰਤ ਨਾਲ ਰਹਿਣ ਲੱਗੀਆਂ ਹੋਣ। ਜਾਂ ਹੋ ਸਕਦਾ ਹੈ ਕਿ ਕਰਤਾਰ ਸਿੰਘ ਦੀ ਮੇਹਰਬਾਨੀ ਹੋਈ ਹੋਵੇ, ਜਿਹੜਾ ਉਸ ਜੁਲਾਈ ਵਿੱਚ ਹਵਾਈ ਰਸਤੇ ਆਪਣੇ ਥੀਓਸੌਫੀਕਲ ਦੋਸਤਾਂ ਨੂੰ ਮਿਲਣ ਅਇਆ ਸੀ। ਇਹ ਉਸਦੀ ਪਹਿਲੀ ਉਡਾਣ ਸੀ ਅਤੇ ਹਵਾ ਵਿੱਚ ਕਨੇਡਾ ਦੇ ਤਿੰਨ ਹਜ਼ਾਰ ਮੀਲ ਦੇ ਦ੍ਰਿਸ਼ ਨੇ ਉਸ ਨੂੰ ਮੁਗਧ ਕਰੀ ਰੱਖਿਆ।(7) ਵਿਲਮਾ ਆਂਟੀ ਦਾ ਫੌਕਸਬਾਰ ਸੜਕ `ਤੇ ਤਿੰਨ ਮੰਜ਼ਿਲਾ ਮਕਾਨ ਸੀ। ਚਾਰ ਸੌ ਮੀਟਰ ਲੰਬੇ ਅਰਧ ਗੋਲੇ ਵਿੱਚ ਪੈਂਤੀ ਘਰਾਂ ਵਾਲਾ ਇਹ ਰਾਈਸੀ ਖੇਤਰ ਆਵਾਜਾਈ ਵਾਲੀਆਂ ਦੋ ਮੁੱਖ ਸੜਕਾਂ ਸੇਂਟ ਕਲੇਅਰ ਤੇ ਐਵੇਨੀਊ ਰੋਡ ਦੇ ਵਿਚਕਾਰ ਪੈਂਦਾ ਸੀ। ਫੌਕਸਬਾਰ ਸੜਕ ਅਤੇ ਸੈਂਟ ਕਲੇਅਰ ਵਾਲੇ ਕੋਨੇ `ਤੇ ਪ੍ਰੋਟੈਸਟੈਂਟ ਚਰਚ ਸੀ। ਵਿਲਮਾ ਆਂਟੀ ਹਰ ਐਤਵਾਰ ਇਸ ਚਰਚ ਵਿੱਚ ਜਾਂਦੀ।

ਵਿਲਮਾ, ਐਡਵਰਡ ਵਿਲਸਨ ਵਾਲੇਸ ਦੀ ਵਿਧਵਾ ਸੀ, ਜਿਹੜਾ ਟਰਾਂਟੋ ਯੂਨੀਵਸਿਟੀ ਦੇ ਵਿਕਟੋਰੀਆ ਕਾਲਜ ਅਤੇ ਯੂਨਾਈਟਡ ਚਰਚ ਕਾਲਜ ਦਾ ਪ੍ਰਧਾਨ ਅਤੇ ਚਾਂਸਲਰ ਰਿਹਾ ਸੀ। ਉਹ ਉਸਦੀ ਦੂਜੀ ਪਤਨੀ ਸੀ ਅਤੇ ਐਡਵਰਡ ਦੇ ਚੀਨ ਤੋਂ ਮੁੜਣ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਇਆ ਸੀ, ਜਿੱਥੇ ਉਸਦੀ ਪਹਿਲੀ ਪਤਨੀ ਮਰ ਗਈ ਸੀ। ਉਹ ਪੱਛਮੀ ਚੀਨ ਵਿੱਚ 1927 ਤੱਕ ਵੀਹ ਸਾਲ ਤੋਂ ਉੱਤੇ ਧਰਮ ਪ੍ਰਚਾਰਕ ਰਿਹਾ ਸੀ। ਕੌਮਨਿਸਟਾਂ ਅਤੇ ਚੀਆਂਗ ਕਾਈਸ਼ੇਕ ਵਿਚਕਾਰ ਲੜਾਈ ਦੌਰਾਨ ਉਹ ਆਪਣੇ ਗਿਆਰਾਂ ਸਾਲਾ ਪੁੱਤਰ, ਐਡੀ ਨਾਲ ਉੱਥੋਂ ਨਿਕਲ ਕੇ ਟਰਾਂਟੋ ਆ ਗਿਆ। (8) 1930 ਤੋਂ 1941 ਤੱਕ ਉਹ ਵਿਕਟੋਰੀਆ ਕਾਲਜ ਦਾ ਚਾਂਸਲਰ ਰਿਹਾ। ਉਹ ਸਿਰਫ ਇਕਾਹਟ ਸਾਲ ਦਾ ਸੀ, ਜਦੋਂ ਪੂਰਾ ਹੋ ਗਿਆ। ਵਿਲਮਾ ਉਸ ਨਾਲੋਂ ਚਾਰ ਸਾਲ ਛੋਟੀ ਸੀ। ਅਕਤੂਬਰ 1942 ਵਿੱਚ ਉਸਨੂੰ ਦੂਜਾ ਸਦਮਾ ਪਹੁੰਚਿਆ, ਜਦੋਂ ਉਸਦਾ ਮਤਰੇਆ ਪੁੱਤਰ, ਐਡੀ, ਜਿਹੜਾ ਉਸ ਵੇਲੇ ਰੋਇਲ ਕਨੇਡੀਅਨ ਏਅਰਫੋਰਸ ਵਿੱਚ ਫਲਾਈਇੰਗ ਅਫਸਰ ਲੱਗਾ ਹੋਇਆ ਸੀ, ਯੁੱਧ ਵਿੱਚ ਲਾਪਤਾ ਹੋ ਗਿਆ ਅਤੇ ਮਰਿਆ ਸਮਝ ਲਿਆ ਗਿਆ। ਜੈਕੀ ਤੇ ਸੁਰਜੀਤ ਨੂੰ ਇਹ ਕਹਾਣੀ ਵਿਲਮਾ ਦੇ ਨਾਲ ਰਹਿੰਦਿਆਂ ਪਤਾ ਲੱਗੀ।

ਸਵੇਰ ਵੇਲੇ, ਜੈਕੀ ਦੇ ਜ਼ੋਰ ਪਾਉਣ ਨਾਲ (ਕਿਉਂ ਕਿ ਉਹ ਸੈਰ ਕਰਨ ਦੀ ਇੱਛਕ ਸੀ) ਉਹ ਪੈਦਲ ਜਾਂਦੀਆਂ। ਉਹ ਦੱਖਣ ਵੱਲ ਐਵੇਨਿਊ ਸੜਕ  ਅਤੇ ਫਿਰ ਯੂਨੀਵਰਸਿਟੀ ਐਵੇਨਿਊ ਤੋਂ ਕੈਂਪਸ ਦੇ ਦੂਰ ਵਾਲੇ ਪਾਸੇ ਤਿੰਨ ਕਿਲੋਮੀਟਰ ਤੁਰਦੀਆਂ। ਸਾਰਾ ਰਾਹ ਢਲਾਣ `ਤੇ ਸੀ। ਇਹ ਵਾਟ ਉਨ੍ਹਾਂ ਦੇ ਯੌਰਕ ਐਵੇਨੀਊ ਵਾਲੇ ਘਰ ਤੋਂ ਯੂ. ਬੀ. ਸੀ. ਵਿਚਲੀ ਵਿੱਥ ਤੋਂ ਕਿਤੇ ਘੱਟ ਸੀ।  ਸ਼ਾਮ ਵੇਲੇ ਉਹ ਬੱਸ ਰਾਹੀਂ ਪਰਤਦੀਆਂ। ਉਨ੍ਹਾਂ ਨੂੰ ਨਾਸ਼ਤਾ ਬਣਾਉਣ ਜਾਂ ਸ਼ਾਮ ਵੇਲੇ ਹਲਕਾ ਭੋਜਨ ਪਕਾਉਣ ਲਈ ਵਿਲਮਾ ਦੀ ਰਸੋਈ ਮੁਫਤ ਵਿੱਚ ਮਿਲ ਜਾਂਦੀ ਅਤੇ ਉਹ ਦੁਪਿਹਰ ਦਾ ਭੋਜਨ ਆਮ ਤੌਰ `ਤੇ ਟਰਾਂਟੋ(ਰੋਇਲ) ਕਨਸਰਵੇਟਰੀ ਆਫ ਮਿਊਜ਼ਿਕ ਦੀ ਕੰਟੀਨ ਵਿੱਚ ਖਾਂਦੀਆਂ, ਜਿਹੜੀ ਉਸ ਵੇਲੇ ਹਾਈਜੀਨ ਐਂਡ ਪਾਇਥੌਲਿਜੀ ਬਿਲਡਿੰਗ, ਟਰਾਂਟੋ ਜਨਰਲ ਹਸਪਤਾਲ, ਅਤੇ ਬੱਚਿਆਂ ਦੇ ਹਸਪਤਾਲ ਦੇ ਨੇੜੇ ਸੀ, ਜਿੱਥੇ ਉਨ੍ਹਾਂ ਦੀਆਂ ਕਲਾਸਾਂ ਲਗਦੀਆਂ ਸਨ।  ਐਤਵਾਰ ਨੂੰ ਉਹ ਤਿੰਨੇ, ਜੈਕੀ, ਸੁਰਜੀਤ ਤੇ ਵਿਲਮਾ ਆਂਟੀ ਮਿਲ ਕੇ ਰਾਤ ਦਾ ਖਾਣਾ ਪਕਾਉਂਦੀਆਂ, ਜਿਹੜਾ ਉਹ ਵਿਲਮਾ ਆਂਟੀ ਦੇ ਚਰਚ `ਤੋਂ ਮੁੜਣ ਤੋਂ ਬਾਅਦ ਦਿਨ ਦੇ ਵਿਚਾਲੇ ਜਿਹੇ ਖਾ ਲੈਂਦੀਆਂ।

ਸ਼ਨਿੱਚਰਵਾਰ ਬਾਅਦ ਦੁਪਹਿਰ ਵਿਲਮਾ ਆਂਟੀ ਹਮੇਸ਼ਾ ਰੇਡੀਓ `ਤੇ ਸਥਾਨਕ ਸੀ. ਬੀ. ਸੀ. ਸਟੇਸ਼ਨ ਲਾ ਲੈਂਦੀ, ਜਿਸ `ਤੇ ਟੈਕਸਕੋ ਦੀ ਸਰਪ੍ਰਸਤੀ ਹੇਠ ਨਿਊ ਯੌਰਕ ਮੈਟਰੋਪੁਲਿਟਨ ਓਪਰਾ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੁੰਦਾ। ਜਦੋਂ ਉੱਚੀ ਆਵਾਜ਼ ਵਿੱਚ ਲੱਗੇ ਰੇਡੀਓ `ਤੇ ਬਰਲੀਏਜ਼, ਬੁਜ਼ੇ, ਪੁਚੀਨੀ ਜਾਂ ਵੈਗਨਰ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜ ਰਹੀ ਹੁੰਦੀ,  ਜੈਕੀ ਤੇ ਸੁਰਜੀਤ ਪੜ੍ਹਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ। ਉਨ੍ਹਾਂ ਨੂੰ ਇਹ ਔਖਾ ਲਗਦਾ ਪਰ ਉਨ੍ਹਾਂ ਨੇ ਕਲਾਸੀਕਲ ਸੰਗੀਤ ਨੂੰ ਪਿਆਰ ਕਰਨਾ ਸਿੱਖ ਲਿਆ ਅਤੇ ਉਨ੍ਹਾਂ ਨੂੰ ਇਹ ਜਾਣਿਆ-ਪਹਿਚਾਣਿਆ ਲੱਗਣ ਲੱਗਾ। ਅਤੇ ਜਦੋਂ ਉਨ੍ਹਾਂ ਨੇ ਦਿਲਚਸਪੀ ਦਿਖਾਈ, ਵਿਲਮਾ ਆਂਟੀ ਉਨ੍ਹਾਂ ਦੀ ਪੱਛਮੀ ਕਲਾਸੀਕਲ ਸੰਗੀਤ ਦੀਆਂ ਰਵਾਇਤਾਂ ਨਾਲ ਸਾਂਝ ਪਵਾਉਣ ਲਈ ਉਨ੍ਹਾਂ ਨੂੰ ਖੁਸ਼ੀ ਨਾਲ ਟਰਾਂਟੋ ਦੇ ਮੈਸੀ ਹਾਲ ਜਾਂ ਈਟਨ ਦੇ ਆਡੀਟੋਰੀਅਮ ਵਿੱਚ ਹੋ ਰਹੇ ਸੰਗੀਤ ਸਮਾਰੋਹਾਂ ਵਿੱਚ ਲਿਜਾਣ ਲੱਗੀ। ਇੱਕ ਸਾਲ ਗਰਮੀਆਂ ਵਿੱਚ ਸਿੱਧੂਆਂ ਨੇ ਉਸ ਨੂੰ ਵੈਨਕੂਵਰ ਸੱਦਿਆ, ਅਤੇ ਉਨ੍ਹਾਂ ਦਾ ਆਪਸੀ ਰਿਸ਼ਤਾ ਐਨੀ ਸਹਿਜਤਾ ਵਿੱਚ ਪਹੁੰਚ ਗਿਆ ਕਿ ਇੱਕ ਵਾਰ ਜਦੋਂ ਵਿਲਮਾ ਆਂਟੀ  ਛੁੱਟੀਆਂ ਕੱਟਣ ਲਈ ਲੰਬੇ ਸਮੇਂ ਲਈ ਫਲੋਰਿਡਾ ਗਈ, ਬਸੰਤ ਕੌਰ ਫੌਕਸਬਾਰ ਵਾਲੇ ਘਰ ਵਿੱਚ ਆ ਕੇ ਕਈ ਮਹੀਨੇ ਕੁੜੀਆਂ ਨਾਲ ਰਹੀ।(9)

ਉਨ੍ਹਾਂ ਨੂੰ ਵਿਲਮਾ ਆਂਟੀ ਨਾਲ ਰਹਿੰਦਿਆਂ ਤਿੰਨ ਸਾਲ ਹੋ ਗਏ ਸਨ ਜਦੋਂ ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਬਾਰੇ ਕੁਝ ਦੱਸ ਕੇ ਹੈਰਾਨ ਕਰ ਦਿੱਤਾ।  ਉਸ ਨੇ ਟਰਾਂਟੋ ਰਹਿੰਦੇ ਇੱਕ ਫਰੀਲਾਂਸ ਲੇਖਕ ਦਾ ਬੀ. ਸੀ. ਦੇ ਸਿੱਖਾਂ ਬਾਰੇ ਟਰਾਂਟੋ ਦੇ ਕਲਾ ਅਤੇ ਜਨਤਕ ਵਿਚਾਰਾਂ ਵਾਲੇ ਰਸਾਲੇ, 'ਸੈਚਰਡੇਅ ਨਾਈਟ'  ਵਿੱਚ ਲੇਖ ਪੜ੍ਹਿਆ ਸੀ। ਲੇਖ ਵਿੱਚ ਕਪੂਰ ਦਾ ਜ਼ਿਕਰ ਸੀ ਅਤੇ ਉਸਦੀ ਵਿਆਖਿਆ ਬਹੁਤ ਧਨੀ, ਸੈਂਕੜੇਂ ਕਾਮਿਆਂ ਵਾਲੀ ਮਿੱਲ ਦੇ ਮਾਲਕ ਐਂਗਲੋ-ਸੈਕਸਨ ਦੇ ਨਾਲ ਨਾਲ ਸਾਊਥ ਏਸ਼ੀਅਨ ਵਜੋਂ ਕੀਤੀ ਗਈ ਸੀ। 'ਧਨੀ' ਵਾਲੇ ਹਿੱਸੇ ਨੇ ਜੈਕੀ ਤੇ ਸੁਰਜੀਤ ਨੂੰ ਹੈਰਾਨ ਕੀਤਾ ਸੀ। ਸੁਰਜੀਤ ਹੱਸ ਪਈ ਤੇ ਵਿਲਮਾ ਆਂਟੀ ਨੂੰ ਦੱਸਣ ਲੱਗੀ ਕਿ ਰਸਾਲੇ ਨੂੰ ਗਲਤੀ ਲੱਗੀ ਸੀ ਕਿਉਂ ਕਿ ਉਨ੍ਹਾਂ ਦੇ ਪਿਤਾ ਨੇ ਕਦੇ ਵੀ ਇਹ ਇਸ਼ਾਰਾ ਤੱਕ ਨਹੀਂ ਸੀ ਕੀਤਾ ਕਿ ਉਹ ਇੱਕ ਆਮ ਆਦਮੀ ਨਾਲੋਂ ਵੱਧ ਕੁਝ ਸੀ।

ਸੁਰਜੀਤ ਤੇ ਜੈਕੀ ਆਪ ਵੀ ਟਰਾਂਟੋ ਦੀ ਯੂਨੀਵਰਸਿਟੀ `ਚ ਡਾਕਟਰੀ ਦੀ ਪੜ੍ਹਾਈ ਵਿੱਚ ਇੰਡੋ-ਕਨੇਡੀਅਨ ਔਰਤਾਂ ਹੋਣ ਦੇ ਨਾਤੇ ਅਸਾਧਾਰਨ ਸਨ। ਉਹ ਆਪਣੀਆਂ ਕਲਾਸਾਂ ਵਿੱਚ ਆਲੇ-ਦੁਆਲੇ ਦੇਖਦੀਆਂ ਤਾਂ ਉਨ੍ਹਾਂ ਨੂੰ ਇੱਕ ਔਰਤ ਤੇ ਨੌਂ ਜਾਂ ਦਸ ਆਦਮੀਆਂ ਦੀ ਅਨੁਪਾਤ ਦਿਸਦੀ, ਭਾਰਤੀ ਪਿਛੋਕੜ ਅਤੇ ਕਨੇਡਾ ਵਿੱਚ ਪਾਲਣ-ਪੋਸਣ ਵਾਲੇ ਜੋੜ ਦਾ ਉਨ੍ਹਾਂ ਤੋਂ ਸਵਾਏ ਹੋਰ ਕੋਈ ਵੀ ਨਾ ਦਿਸਦਾ। ਟਰਾਂਟੋ ਵਿੱਚ ਕਈ ਪੀੜ੍ਹੀਆਂ ਤੋਂ ਔਰਤਾਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਸਨ ਪਰ ਹਮੇਸ਼ਾ ਬਹੁਤ  ਘੱਟ ਗਿਣਤੀ ਵਿੱਚ।(11) ਜਦੋਂ ਜੈਕੀ ਤੇ ਸੁਰਜੀਤ ਉੱਥੇ ਸਨ, ਉਨ੍ਹਾਂ ਦਾ ਸਾਹਮਣਾ ਭਾਰਤ ਤੋਂ ਜਾਂ ਵਿਦੇਸ਼ਾਂ ਵਿੱਚ ਵਸੇ ਭਾਰਤੀ ਭਾਈਚਾਰੇ ਵਿੱਚੋਂ  ਕੁਝ ਔਰਤਾਂ ਨਾਲ ਹੋਇਆ। ਸੁਰਜੀਤ ਦੀ ਜਮਾਤ ਵਿੱਚ ਮੁੰਬਈ(ਬੰਬੇ) ਤੋਂ ਇੱਕ ਪਾਰਸੀ ਔਰਤ, ਜ਼ੀਨਤ ਕਰੀਮਬੁਆਏ ਸੀ, ਜਿਹੜੀ ਇੱਕ ਚੰਗੀ ਸਹੇਲੀ ਬਣ ਗਈ। ਸੁਰਜੀਤ ਟਰਿਨਟੀ ਕਾਲਜ ਵਿੱਚ ਲਕਸ਼ਮੀ ਰਾਓ ਨੂੰ ਮਿਲੀ। ਉਹ ਬੰਗਾਲ ਦੀ ਖਾੜੀ `ਚ ਪੁਰੀ ਦੇ ਹਿੰਦੂ ਪਰਿਵਾਰ ਵਿੱਚੋਂ ਸੀ ਜਿਹੜਾ ਇਸਾਈ ਹੋ ਗਿਆ ਸੀ, ਸ਼ਾਇਦ ਐਂਗਲੀਕਨ ਕਾਲਜ ਵਿੱਚ ਉਸਦੀ ਹੋਂਦ ਹੀ ਇਹ ਦਰਸਾ ਰਹੀ ਸੀ। ਲਕਸ਼ਮੀ ਰਾਓ ਨੇ  ਜਨਤਕ ਸੇਹਤ ਪਾਸ ਕਰ ਲਈ ਸੀ ਅਤੇ ਉਹ ਟਰਿਨਟੀ `ਚ ਔਰਤਾਂ ਦੀ ਰਿਹਾਇਸ਼ ਵਿੱਚ ਡੌਨ ਵਜੋਂ ਰਹਿੰਦੀ ਸੀ, ਜਿਸਦਾ ਕੰਮ ਉੱਥੇ ਰਹਿੰਦੇ ਅੰਡਰ-ਗਰੈਜੂਏਟ ਵਿਦਿਆਰਥੀਆਂ ਨੂੰ ਸੇਧ ਦੇਣਾ ਤੇ ਉਨ੍ਹਾਂ ਦੀ ਨਿਗਰਾਨੀ ਕਰਨਾ ਸੀ

ਦੋ ਹੋਰ ਸਹੇਲੀਆਂ, ਟਰਿਨੀਡੈਡ ਤੋਂ ਦੋ ਭੈਣਾਂ ਸਨ, ਐਗਨਸ ਤੇ ਸਿਲਵੀਆ ਰਾਮਚਰਨ, ਜਿਹੜੀਆਂ ਆਪ ਵੀ ਡਾਕਟਰੀ ਦੀਆਂ ਵਿਦਿਆਰਥਣਾਂ ਸਨ ਅਤੇ ਬਹੁਤ ਹੁਸ਼ਿਆਰ ਸਨ। ਸਿਲਵੀਆ ਗੋਲਡਮੈਡਲਿਸਟ ਸੀ। ਇਹ ਭੈਣਾਂ ਟਰਿਨੀਡੈਡ ਦੇ ਪ੍ਰੈਸਬੇਟੇਰੀਅਨ ਸਕੂਲ ਦੀਆਂ ਇਸਾਈ ਸਨ, ਜਿਹੜੀਆਂ ਟਰਾਂਟੋ ਠਹਿਰ ਦੌਰਾਨ ਆਪਣੇ ਹਿੰਦੂ ਵਿਰਸੇ ਵੱਲ ਆਕਰਸ਼ਿਤ  ਹੋਣਾ ਸ਼ੁਰੂ ਹੋ  ਗਈਆਂ ਸਨ ਅਤੇ ਉਨ੍ਹਾਂ ਨੇ ਆਪਣੇ ਨਾਮ ਬਦਲ ਕੇ ਆਮਲਾ ਤੇ ਸਵਿੱਤਰੀ ਰੱਖ ਲਏ ਸਨ, ਭਾਵੇਂ ਜੈਕੀ ਤੇ ਸੁਰਜੀਤ ਉਨ੍ਹਾਂ ਨੂੰ ਐਗਨਸ ਤੇ ਸਿਲਵੀਆ ਹੀ ਕਹਿੰਦੀਆਂ ਰਹੀਆਂ। ਜੈਕੀ ਤੇ ਸੁਰਜੀਤ ਕੁਦਰਤੀ ਤੌਰ `ਤੇ ਹੀ ਇਨ੍ਹਾਂ ਭਾਰਤੀ ਔਰਤਾਂ ਵੱਲ ਖਿੱਚੀਆਂ ਗਈਆਂ, ਭਾਵੇਂ ਉਹ ਆਪਣੀਆਂ ਅੰਗ੍ਰੇਜ਼-ਕਨੇਡੀਅਨ ਜਮਾਤਣਾਂ ਨਾਲ ਵਧੇਰੇ ਸੌਖ ਮਹਿਸੂਸ ਕਰਦੀਆਂ ਸਨ। ਜਮਾਤਾਂ ਤੋਂ ਬਾਹਰ ਉਹ ਮਰਦ ਵਿਦਿਆਰਥੀਆਂ ਨਾਲ ਘੁਲਦੀਆਂ-ਮਿਲਦੀਆਂ ਨਹੀਂ ਸਨ, ਚਾਹੇ ਉਹ ਛੋਟੇ ਹੁੰਦੇ ਚਾਹੇ ਵੱਡੀ ਉਮਰ ਦੇ, ਜਿਹੜੇ ਉੱਥੇ ਵੱਡੀ ਗਿਣਤੀ ਵਿੱਚ ਸਨ। ਵਿਲਮਾ ਆਂਟੀ ਨਾਲ ਆਰਾਮ ਨਾਲ ਰਹਿੰਦਿਆਂ ਹੋਇਆਂ ਉਹ ਆਪਸ ਵਿੱਚ ਇੱਕ-ਦੂਜੇ `ਤੇ ਬਹੁਤ ਨਿਰਭਰ ਕਰਦੀਆਂ ਸਨ।

ਟਰਾਂਟੋ ਦੇ ਮੈਡੀਕਲ ਸਕੂਲ ਵਿੱਚ ਸੁਰਜੀਤ ਦੀ ਜਮਾਤ ਵਿੱਚ ਆਪਣੇ ਪਹਿਲੇ ਸਾਲਾਂ ਅਤੇ ਸਮੇਤ ਜੈਕੀ ਦੀ ਜਮਾਤ ਦੇ ਵਿਲੱਖਣ ਗੱਲ ਇਹ ਸੀ ਕਿ ਜੰਗ ਤੋਂ ਬਾਅਦ ਸੈਨਿਕਾਂ ਦੀ ਪੜ੍ਹਾਈ ਵੱਲ ਵਾਪਸੀ ਸੀ। ਸੁਰਜੀਤ ਦੀ ਜਮਾਤ ਨੂੰ "ਸਾਬਕਾ ਫੌਜੀਆਂ ਦੀ ਜਮਾਤ" ਕਿਹਾ ਜਾਣ ਲੱਗਾ ਸੀ। ਕੁਝ ਵਿਦਿਆਰਥੀ ਸਿੱਧੇ ਹਾਈ ਸਕੂਲ ਤੋਂ ਮੈਡੀਕਲ ਸਕੂਲ ਵਿੱਚ ਆਏ ਸਨ ਪਰ ਸਾਬਕਾ ਫੌਜੀਆਂ ਨੇ ਵੱਖਰਾ ਵਾਤਾਵਰਣ ਪੈਦਾ ਕਰ ਦਿੱਤਾ ਸੀ, ਪ੍ਰੌੜਤਾ ਦਾ ਖਮੀਰ ਜੋੜ ਦਿੱਤਾ ਸੀ ਅਤੇ ਬੇਅਦਬੀ ਦਾ ਵੀ। ਅਸਲ ਵਿੱਚ ਸੁਰਜੀਤ ਲਈ ਇਹ ਮੁੜ ਯਾਦ ਦਿਵਾਉਣ ਵਾਲਾ ਸੀ ਕਿ ਵਡੇਰੀ ਉਮਰ ਦੇ ਅਤੇ ਜੰਗ ਦੇ ਤਜਰਬੇ ਵਾਲੇ ਵਿਦਿਆਰਥੀ ਵੀ ਪ੍ਰੋਫੈਸਰਾਂ ਸਾਹਮਣੇ ਸ਼ਾਂਤ ਹੋ ਜਾਂਦੇ ਸਨ। ਜਦੋਂ ਉਹ ਦਿਲ ਦੇ ਮਾਹਰ ਡਾਕਟਰ ਨਾਲ ਦਸਾਂ ਜਣਿਆਂ ਦੇ ਗਰੁੱਪ ਵਿੱਚ  ਟਰਾਂਟੋ ਜਨਰਲ ਹਸਪਤਾਲ  ਮਰੀਜ਼ਾਂ ਨੂੰ ਦੇਖਣ ਜਾਂਦੇ, ਸੁਰਜੀਤ ਨੇ ਦੇਖਿਆ ਕਿ ਹਰ ਕੋਈ ਇੱਕ ਛੋਟਾ ਜਿਹਾ ਸਵਾਲ ਪੁੱਛਣ ਲਈ ਭੈਅ-ਭੀਤ ਹੁੰਦਾ ਸੀ। ਅਤੇ ਇਹੀ ਮਾਹਰ ਡਾਕਟਰ ਪ੍ਰੋਗਰਾਮ ਦੇ ਅੰਤ `ਤੇ ਪਾਰਟੀ ਤੋਂ ਬਾਅਦ ਘੱਟ ਰੋਹਬ ਵਾਲਾ ਲੱਗਾ ਜਦੋਂ ਸੁਰਜੀਤ ਤੇ ਉਸਦੇ ਜਮਾਤੀਆਂ ਨੇ ਉਸ ਨੂੰ ਐਲੀਵੇਟਰ ਦੇ ਨੇੜੇ ਸ਼ਰਾਬੀ ਹਾਲਤ ਵਿੱਚ ਖੜ੍ਹਾ ਦੇਖਿਆ, ਉਸ ਨੇ ਆਪਣੀ ਟੋਪੀ ਨੂੰ ਅੱਖਾਂ ਵੱਲ ਖਿੱਚਿਆ ਹੋਇਆ ਸੀ , ਜੀਭ ਬਾਹਰ ਕੱਢ ਕੇ ਬੁਲਬਲੀਆਂ ਬੁਲਾ ਰਿਹਾ ਸੀ।

ਜੈਕੀ ਤੇ ਸੁਰਜੀਤ ਨੇ ਦੇਖਿਆ ਕਿ ਸਾਬਕਾ ਫੌਜੀ ਜਿਹੜੇ ਸਵੈ-ਭਰੋਸੇ ਵਾਲੇ ਲਗਦੇ ਅਤੇ ਕਈ ਵਾਰ ਭਾਰੀ ਉਤਸ਼ਾਹ ਵਿੱਚ ਹੁੰਦੇ, ਉਹ ਡਾਕਟਰ ਐਲਨ ਬਰਾਊਨ ਵਰਗੇ ਪ੍ਰੋਫੈਸਰਾਂ ਦੀ ਹਾਜ਼ਰੀ ਵਿੱਚ ਸਾਵਧਾਨ ਹੋ ਜਾਂਦੇ। ਡਾਕਟਰ ਬਰਾਊਨ ਕਨੇਡਾ ਵਿੱਚ ਬੱਚਿਆਂ ਦੇ ਰੋਗਾਂ ਦਾ ਮਾਹਰ ਸੀ ਅਤੇ ਹਮੇਸ਼ਾ ਉਚੇਚਤਾਪੂਰਨ ਕੱਪੜੇ ਪਹਿਨਦਾ, ਜਿਸ ਨਾਲ ਉਸਦੀ ਸ਼ਖਸੀਅਤ ਦੂਰ-ਵਰਤੀ ਤੇ ਸ਼ਾਹਾਨਾ ਲਗਦੀ।  ਉਹ ਜਮਾਤ ਵਿੱਚ ਚਿਰੋਕੇ ਪਹੁੰਚਣ ਵਾਲਿਆਂ ਲਈ ਜਮਾਤ ਦੇ ਦਰਵਾਜੇ ਹੁਕਮੀ ਲਿਹਜੇ ਵਿੱਚ ਬੰਦ ਕਰ ਦਿੰਦਾ। ਇੱਕ ਵਾਰ ਜਦੋਂ ਉਹ ਆਪ ਪਛੜਕੇ ਪਹੁੰਚਿਆ, ਕੁਝ ਸਾਬਕਾ ਫੌਜੀਆਂ ਨੇ ਸਾਹਸੀ ਸ਼ਰਾਰਤ ਕਰਦਿਆਂ ਉਸ ਲਈ ਦਰਵਾਜ਼ਾ ਬੰਦ ਕਰ ਦਿੱਤਾ। ਸੁਰਜੀਤ ਨੇ ਦੇਖਿਆ ਕਿ ਜਦੋਂ ਡਾ. ਬਰਾਊਨ ਨੇ ਬਾਹਰੋਂ ਦਰਵਾਜ਼ਾ ਖੜਕਾਇਆ , ਅਤੇ ਸਾਰੇ, ਇੱਥੋਂ ਤੱਕ ਕੇ ਸਭ ਤੋਂ ਦਲੇਰ ਵੀ, ਉਸੇ ਤਰ੍ਹਾਂ ਬੈਠੇ ਰਹੇ, ਡਰਦੇ ਕਿ ਜਿੰਦਾ ਖੋਲ੍ਹ ਕੇ ਸਭ ਤੋਂ ਪਹਿਲਾਂ ਕੌਣ ਉਸਦੇ ਮੱਥੇ ਲੱਗੇਗਾ। ਜਦੋਂ ਉਹ ਜਮਾਤ ਵਿੱਚ ਦਾਖਲ ਹੋਇਆ, ਉਸ ਨੇ ਧਮਕੀ ਦਿੱਤੀ ਕਿ ਉਹ ਜਮਾਤ ਨੂੰ ਹੋਰ ਨਹੀਂ ਪੜ੍ਹਾਏਗਾ, ਪਰ ਬਾਅਦ ਵਿੱਚ ਸਾਰਿਆਂ ਵੱਲੋਂ ਲਿਖਤੀ ਗਲਤੀ ਮੰਨਣ ਨਾਲ ਸ਼ਾਂਤ ਹੋ ਗਿਆ। ਯਕੀਨਨ ਹੀ ਜਮਾਤ ਮੁਆਫੀ ਦੀ ਹੱਕਦਾਰ ਸੀ। ਬਰਾਊਨ ਤੋਂ ਸੁਰਜੀਤ ਐਨੀ ਪ੍ਰਭਾਵਤ ਸੀ ਕਿ ਉਸ ਨੇ ਆਪ ਵੀ ਬੱਚਿਆਂ ਦੇ ਰੋਗਾਂ ਦੀ ਮਾਹਰ ਬਣਨ ਦਾ ਫੈਸਲਾ ਕਰ ਲਿਆ।

ਬਰਾਊਨ ਨੇ ਭਾਵੇਂ ਸੁਰਜੀਤ ਦੇ ਪ੍ਰਭਾਵਿਤ ਹੋਣ ਵਿੱਚ ਵੱਡਾ ਹਿੱਸਾ ਪਾਇਆ ਹੋਵੇ, ਪਰ ਜਦੋਂ ਸਮਾਂ ਆਇਆ, ਸੁਰਜੀਤ ਨੇ ਮਾਹਰ ਬਨਣ ਲਈ ਆਪਣਾ ਨਿਗਰਾਨ ਹਿੰਮਤੀ, ਜੌਨ੍ਹ ਐਫ ਮੈਕ ਕ੍ਰੇਰੀ ਨੂੰ ਚੁਣਿਆ। ਉਹ 1945 ਵਿੱਚ ਆਪਣੀ ਉਮਰ ਦੇ ਤੀਜੇ ਦਹਾਕੇ ਦੇ ਮੱਧ ਵਿੱਚ ਸੀ, ਜਦੋਂ ਉਹ ਰੌਇਲ ਕਨੇਡੀਅਨ ਏਅਰਫੋਰਸ ਦੀ ਮੈਡੀਕਲ ਸ਼ਾਖਾ ਵਿੱਚ ਤਿੰਨ ਸਾਲ ਦੀ ਸਮੁੰਦਰੋਂ ਪਾਰ ਸੇਵਾ ਨਿਭਾ ਕੇ ਟਰਾਂਟੋ ਵਿੱਚ ਆਪਣੇ ਪਰਿਵਾਰ ਦੇ ਵੱਡੇ ਕਲੀਨਿਕ ਨਾਲ ਆ ਜੁੜਿਆ। ਜੰਗ ਦੇ ਆਖਰੀ ਪੜਾਅ `ਤੇ ਉਸ ਨੇ ਸੁਪਰੀਮ ਐਲਾਇਡ ਕੋਮਾਂਡ ਹੇਠ ਨਿਯੁਕਤੀ ਨੂੰ ਪ੍ਰਵਾਨ ਕਰ ਲਿਆ ਅਤੇ ਉਸਦਾ ਪੱਛਮੀ ਹਾਲੈਂਡ ਤੇ ਬੈਲਜੀਅਮ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਤੇ ਅਸੰਤੁਲਿਤ ਭੋਜਨ ਅਤੇ ਬਿਲਸਨ ਦੇ ਨਜ਼ਰਬੰਦੀ ਕੈਂਪ ਵਿੱਚ ਮੌਤ ਦੇ ਪੰਜੇ `ਚੋਂ ਨਿਕਲਣ ਵਾਲਿਆਂ ਦੀ ਮੰਦੀ ਹਾਲਤ ਨਾਲ ਸਿੱਧਾ ਵਾਹ ਪਿਆ। ਉਹ ਉਨ੍ਹਾਂ ਐਲਾਇਡ ਅਫਸਰਾਂ ਵਿੱਚੋਂ ਸੀ ਜਿਨ੍ਹਾਂ ਨੂੰ ਡੱਚ ਸਰਕਾਰ ਨੇ ਜੰਗ ਦੇ ਖਾਤਮੇ ਵੇਲੇ ਆਮ ਜਨਤਾ ਦੀ ਸੇਵਾ ਕਰਨ ਲਈ ਮਾਣ ਦਿੱਤਾ।(12) ਟਰਾਂਟੋ ਵਿੱਚ ਉਹ ਮੈਡੀਕਲ ਸਕੂਲ ਵਿੱਚ ਪੜ੍ਹਾਉਣ ਦੇ ਨਾਲ ਨਾਲ ਆਪਣੇ ਪਰਿਵਾਰਕ ਕਲੀਨਿਕ ਵਿੱਚ ਵੀ ਕੰਮ ਕਰਦਾ। ਜੈਕੀ ਤੇ ਸੁਰਜੀਤ ਉਸ ਨੂੰ  ਨਿੱਘਾ, ਹਸਮੁਖ, ਵਚਨ ਬੱਧ, ਅਤੇ ਹਮਦਰਦੀ ਭਰਪੂਰ ਮੈਡੀਕਲ ਪ੍ਰੋਫੈਸਰ ਵਜੋਂ ਜਾਣਦੀਆਂ ਸਨ। ਪਿੱਛੋਂ, 1951 ਵਿੱਚ ਉਹ ਯੂ. ਬੀ. ਸੀ. ਦੇ ਨਵੇਂ ਮੈਡੀਕਲ ਸਕੂਲ ਵਿੱਚ ਬੱਚਿਆਂ ਦੇ ਰੋਗਾਂ ਦੇ ਵਿਭਾਗ ਦਾ ਮੁਖੀ ਬਣ ਕੇ ਵੈਨਕੂਵਰ ਆ ਗਿਆ।  ਇਸ ਨਾਲ ਸੁਰਜੀਤ ਨੂੰ ਆਪਣੇ ਘਰ ਵਿੱਚ ਰਹਿੰਦਿਆਂ ਉਸ ਨਾਲ ਆਪਣੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕਰਨੀ ਸੰਭਵ ਹੋ ਗਈ।

ਕਪੂਰ ਤੇ ਬਸੰਤ ਕੌਰ ਆਪਣੀਆਂ ਬੇਟੀਆਂ ਨਾਲ ਚਿੱਠੀਆਂ ਅਤੇ ਹਫਤੇ ਬਾਅਦ ਫੋਨ ਰਾਹੀਂ ਸੰਪਰਕ ਵਿੱਚ ਰਹਿੰਦੇ। ਕਪੂਰ ਅੱਧ-ਪਚੱਧੀ ਚਿੱਠੀ ਅੰਗ੍ਰੇਜ਼ੀ ਵਿੱਚ ਲਿਖਦਾ ਤੇ ਬਸੰਤ ਕੌਰ ਪੰਜਾਬੀ ਵਿੱਚ। ਚਿੱਠੀਆਂ ਵਿੱਚ ਉਹ ਮੌਸਮ, ਸਿੱਖ ਭਾਈਚਾਰੇ ਅੰਦਰਲੀਆਂ ਗਤੀਵਿਧੀਆਂ ਖਾਸ ਕਰਕੇ ਧੜ੍ਹਿਆਂ ਵਿੱਚ ਲੜਾਈ, ਮਿੱਲ ਜਾਂ ਲੰਬਰ ਕੈਂਪਾਂ ਬਾਰੇ ਯੋਜਨਾਵਾਂ, ਅਤੇ ਕੁੱਤੇ ,ਪ੍ਰਿੰਸ ਬਾਰੇ ਲਿਖਦੇ। ਜੈਕੀ ਕਿਉਂ ਕਿ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਪਰਿਵਾਰ ਵਿੱਚ ਸਭ ਤੋਂ ਜ਼ਿਆਦਾ ਜਾਨਵਰਾਂ ਨੂੰ ਪਿਆਰ ਕਰਦੀ ਸੀ ਇਸ ਲਈ ਉਸਦੀ ਖੁਸ਼ੀ ਲਈ ਕਈ ਵਾਰ ਉਹ ਲਿਖਦੇ, "ਪ੍ਰਿੰਸ ਤੇਰੇ ਲਈ ਹੌਕੇ ਭਰਦਾ ਹੈ" ਜਾਂ ਚਿੱਠੀ ਦੇ ਅੰਤ ਵਿੱਚ ਲਿਖਦੇ,"ਪਿਆਰ ਨਾਲ, ਡੈਡੀ, ਮੰਮੀ ਅਤੇ ਪ੍ਰਿੰਸ"। ਸ਼ਾਇਦ ਉਹ ਮਿਸਿਜ਼ ਵਾਲੇਸ, ਜਿਸਨੂੰ ਜੈਕੀ ਤੇ ਸੁਰਜੀਤ ਵਿਲਮਾ ਆਂਟੀ ਆਖਦੀਆਂ, ਲਈ ਉਹ ਸਿੱਖ ਆਦਤ ਅਨੁਸਾਰ "ਸਤਿ ਸ੍ਰੀ ਆਕਾਲ" ਲਿਖਦੇ ਹੋਣ। ਕਦੇ ਕਦਾਈਂ ਕਪੂਰ ਚਿੱਠੀ ਵਿੱਚ ਕੁਝ ਡਾਲਰਾਂ ਦੇ ਨੋਟ ਰੱਖ ਦਿੰਦਾ ਅਤੇ ਲਿਖ ਦਿੰਦਾ ਕਿ ਉਹ ਆਪਣੇ ਮਨ-ਭਾਉਂਦੇ ਥਾਂ ਖਾਣਾ ਖਾ ਆਉਣ।(13)

ਜੈਕੀ ਤੇ ਸੁਰਜੀਤ ਨੂੰ ਟਰਾਂਟੋ ਆਇਆਂ ਹਾਲੇ ਕੁਝ ਹਫਤੇ ਹੀ ਹੋਏ ਸਨ, ਜਦੋਂ ਉਸ ਨੇ  ਸ਼ਾਨੀਗਨ ਝੀਲ `ਤੇ ਲੱਗੀ ਭਿਆਨਕ ਅੱਗ ਬਾਰੇ ਲਿਖਿਆ ਜਿਸ ਨੇ ਇੱਕ ਭੀੜੀ ਵਾਦੀ ਨੂੰ ਹੂੰਝਾ ਫੇਰ ਦਿੱਤਾ ਅਤੇ ਆਪਣੇ ਰਸਤੇ ਵਿੱਚ ਆਏ ਸਾਰੇ ਦਰਖੱਤਾਂ ਨੂੰ ਹਜ਼ਮ ਕਰ ਲਿਆ ਅਤੇ ਨਾਲ ਹੀ ਵੱਡੀ ਗਿਣਤੀ ਵਿੱਚ ਢੋਆਈ ਲਈ ਚਿਣੀਆਂ ਹੋਈਆਂ ਗੇਲੀਆਂ ਨੂੰ ਵੀ ਨਸ਼ਟ ਕਰ ਦਿੱਤਾ। ਉਚਾਈ `ਤੇ ਖੜ੍ਹੇ ਹਰੇ ਦਰਖੱਤਾਂ ਤੱਕ ਪਹੁੰਚਦਿਆਂ ਅੱਗ ਸਿੱਥਲ ਪੈ ਗਈ ਅਤੇ ਲੌਗਿੰਗ ਕੈਂਪ ਤੋਂ ਤਿੰਨ ਕਿਲੋਮੀਟਰ ਦੀ ਦੂਰੀ `ਤੇ ਰੁੱਕ ਗਈ। ਕਪੂਰ ਲੰਬਰ ਕੰਪਨੀ ਨੂੰ ਇਸਦਾ ਅੰਦਾਜ਼ਨ ਦੋ ਲੱਖ ਡਾਲਰ ਨੁਕਸਾਨ ਹੋਇਆ।(14) ਟਰਾਂਟੋ ਵਿੱਚ ਉਨ੍ਹਾਂ ਦੇ ਦੂਜੇ ਸਾਲ ਦੇ ਅੱਧ ਵਿੱਚ ਕਪੂਰ ਨੇ ਫੋਨ ਰਾਹੀਂ ਉਨ੍ਹਾਂ ਨੂੰ ਇੱਕ ਹੋਰ ਭਿਆਨਕ ਅੱਗ ਬਾਰੇ ਦੱਸਿਆ, ਜਿਸ ਨੇ ਆਪਣੇ ਅੱਠਵੇਂ ਸਾਲ ਵਿੱਚ ਚੱਲ ਰਹੀ ਬਾਰਨੈੱਟ ਵਾਲੀ ਮਿੱਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੰਪਨੀ ਨੂੰ ਪੰਜ ਲੱਖ ਡਾਲਰ ਦਾ ਨੁਕਸਾਨ ਹੋ ਗਿਆ। ਇਹ ਕੋਨੇ ਕੱਢਣ ਵਾਲੇ ਆਰੇ ਦੀ ਮੁਰੰਮਤ ਕਰਦਿਆਂ ਪਿਘਲੀ ਧਾਤ ਦੇ ਚੰਘਿਆੜੇ ਨਾਲ ਸ਼ੁਰੂ ਹੋਈ ਅਤੇ ਛੇਤੀ ਹੀ ਹੱਥੋਂ ਨਿਕਲ ਗਈ ਜਦੋਂ ਗਰਮ ਲੋਹਾ ਲੱਕੜ ਦੇ ਬੂਰੇ ਅਤੇ ਗਰੀਸ ਵਿੱਚ ਡਿੱਗਿਆ। ਮਕੈਨਿਕ ਪਾਣੀ ਵਾਲੀਆਂ ਬਾਲਟੀਆਂ ਵੱਲ ਦੌੜੇ ਪਰ ਉਨ੍ਹਾਂ ਵਿੱਚ ਬਰਫ ਜੰਮੀ ਪਈ ਸੀ।(15) ਜੈਕੀ ਤੇ ਸੁਰਜੀਤ ਨੂੰ ਚਿੰਤਾ ਸੀ ਕਿ ਉਨ੍ਹਾਂ ਨੂੰ ਸ਼ਾਇਦ ਆਪਣੀ ਪੜ੍ਹਾਈ ਵਿਚਾਲੇ ਛੱਡਣੀ ਪਵੇ। ਪਰ 1940 ਵਿਆਂ ਵਿੱਚ ਲੱਕੜ ਦਾ ਕਾਰੋਬਾਰ ਚੰਗਾ ਸੀ। ਕਪੂਰ ਕੰਪਨੀ ਚੱਲਦੀ ਰਹੀ, ਅਤੇ ਕਪੂਰ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਪਈ ਕਿ ਉਹ ਆਰਥਿਕ ਮੰਦਹਾਲੀ ਵਿੱਚ ਸੀ।

ਕੁੜੀਆਂ ਹਮੇਸ਼ਾ ਕ੍ਰਿਸਮਸ, ਈਸਟਰ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਘਰ ਆਉਂਦੀਆਂ, ਪਰ ਬਹਾਰ ਰੁੱਤ ਵਾਲੀ ਟਰਮ ਵਿੱਚ ਉਹ ਹਫਤੇ ਦੇ ਅੰਤ `ਤੇ ਵਿਲਮਾ ਆਂਟੀ ਨਾਲ ਉਸਦੀ ਗਰਮੀਆਂ ਲਈ ਬਣੀ ਕੌਟੇਜ ਵਿੱਚ ਚਲੀਆਂ ਜਾਂਦੀਆਂ। ਇਹ ਟਰਾਂਟੋ ਦੇ ਉੱਤਰ-ਪੂਰਬ ਵੱਲ ਵੁੱਡਲੈਂਡਸ ਦਿਹਾਤੀ ਇਲਾਕੇ ਵਿੱਚ ਸੀ।(ਉੱਥੇ ਜਾਣ ਵੇਲੇ ਵਿਲਮਾ ਆਂਟੀ ਦੀ ਕਾਰ  ਸੁਰਜੀਤ ਚਲਾਉਂਦੀ)। ਗਰਮੀਆਂ ਅਤੇ ਛੁੱਟੀਆਂ ਵਿੱਚ ਘਰ ਪਰਤਣ ਕਰਕੇ ਅਤੇ ਟਰਾਂਟੋ ਠਹਿਰ ਦੌਰਾਨ ਮਾਪਿਆਂ ਨਾਲ ਫੋਨ ਤੇ ਚਿੱਠੀਆਂ ਰਾਹੀਂ ਲਗਾਤਾਰ ਸੰਪਰਕ ਹੋਣ ਕਰਕੇ ਜੈਕੀ ਤੇ ਸੁਰਜੀਤ ਨੂੰ ਪਤਾ ਲਗਦਾ ਰਹਿੰਦਾ ਸੀ ਕਿ ਵੈਨਕੂਵਰ ਵਿੱਚ ਕੀ ਵਾਪਰ ਰਿਹਾ ਸੀ, ਖਾਸ ਕਰਕੇ ਵੋਟ ਦਾ ਹੱਕ ਲੈਣ ਦੇ ਲਗਾਤਾਰ ਸੰਘਰਸ਼ ਬਾਰੇ। ਓਂਟੇਰੀਓ ਵਿੱਚ, ਜਿਉਂ ਹੀ ਉਹ ਵੋਟ ਪਾਉਣ ਦੀ ਉਮਰ ਵਿੱਚ ਪਹੁੰਚਦੀਆਂ, ਜੇ ਉੱਥੇ ਵੋਟਾਂ ਪੈਂਦੀਆਂ ਹੁੰਦੀਆਂ ਤਾਂ ਉਹ ਵੋਟ ਪਾ ਸਕਦੀਆਂ ਸਨ। ਉਨ੍ਹਾਂ ਦਾ ਚਚੇਰਾ ਭਰਾ, ਅਜਾਇਬ, ਜਿਹੜਾ ਉਨ੍ਹਾਂ ਤੋਂ ਕੁਝ ਸਾਲ ਵੱਡਾ ਸੀ, ਨੇ ਜੂਨ 1945 ਦੀਆਂ ਫੈਡਰਲ ਚੋਣਾਂ ਵਿੱਚ ਵੋਟ ਪਾਈ ਸੀ। ਉਹ ਯੂਕੋਨ ਦੇ ਵਾਈਟਹੌਰਸ ਵਿੱਚ ਯੂ ਐਸ ਏਅਰਫੋਰਸ ਦੇ ਰੀਫਿਊਲਿੰਗ ਸਟੌਪ `ਤੇ ਮਕੈਨਕ ਵਜੋਂ ਕੰਮ ਕਰਦਾ ਸੀ।(16) "ਤੂੰ ਇੱਥੇ ਵੋਟ ਪਾ ਸਕਦਾ ਹੈਂ" ਕਿਸੇ ਨੇ ਉਸ ਨੂੰ ਦੱਸਿਆ, ਇਸ ਲਈ ਉਸ ਨੇ ਪਾ ਦਿੱਤੀ। ਕਨੇਡਾ ਵਿੱਚ ਇਕੱਲਾ ਬ੍ਰਿਟਿਸ਼ ਕੋਲੰਬੀਆ ਹੀ ਸੀ, ਜਿੱਥੇ ਸਾਊਥ ਏਸ਼ੀਅਨ ਵੋਟ ਨਹੀਂ ਸੀ ਪਾ ਸਕਦੇ ਅਤੇ ਇਹ ਦੁਰਭਾਗਾ ਸੱਚ ਤਕਰੀਬਨ ਚਾਲ੍ਹੀ ਸਾਲ ਤੱਕ ਇਵੇਂ ਹੀ ਰਿਹਾ। ਇਸ ਤਰ੍ਹਾਂ 1907 `ਚ ਸ਼ੁਰੂ ਹੋਇਆ ਸੀ, ਜਦੋਂ  ਵਿਧਾਨ ਸਭਾ ਨੇ ਭਾਰਤ ਤੋਂ ਆਏ ਪਰਵਾਸੀਆਂ ਤੋਂ ਵੋਟ ਦਾ ਹੱਕ ਖੋਹ ਲਿਆ ਸੀ, ਜਿਵੇਂ ਉਨ੍ਹਾਂ ਨੇ ਪਹਿਲਾਂ ਚੀਨ ਅਤੇ ਜਾਪਾਨ ਤੋਂ ਆਉਣ ਵਾਲੇ ਪ੍ਰਵਾਸੀਆਂ ਨਾਲ ਕੀਤਾ ਸੀ।

ਜੈਕੀ ਤੇ ਸੁਰਜੀਤ ਉਦੋ ਹਾਈ ਸਕੂਲ ਜਾਂਦੀਆਂ ਸਨ, ਜਦੋਂ ਉਹ ਓਰਫੀਅਮ ਥੀਏਟਰ ਵਿੱਚ ਹੋਏ ਵਿਸ਼ਾਲ ਇਕੱਠ ਵਿੱਚ ਸ਼ਾਮਿਲ ਹੋਈਆਂ ਸਨ। ਉਹ ਇਕੱਠ ਵੋਟ ਦੇ ਹੱਕ ਲਈ ਵਿਆਕੁਲ ਸੀ। ਉਹ ਯੂ. ਬੀ. ਸੀ. ਵਿੱਚ ਦੂਜੇ ਸਾਲ ਦੀਆਂ ਵਿਦਿਆਰਥਣਾਂ ਸਨ, ਜਦੋਂ ਵਿਧਾਨ ਸਭਾ ਦੇ ਸਪੀਕਰ ਨੇ ਸਾਊਥ ਏਸ਼ੀਅਨਾਂ ਨੂੰ ਵੋਟ ਦਾ ਹੱਕ ਦੇਣ ਵਾਲੇ ਬਿੱਲ ਨੂੰ ਰੱਦ ਕਰ ਦਿੱਤਾ ਸੀ ਅਤੇ ਸਰਕਾਰ ਦੇ ਇੱਕ ਉੱਘੇ ਮੈਂਬਰ ਨੇ ਸਾਊਥ ਏਸ਼ੀਅਨਾਂ ਪ੍ਰਤੀ ਬਹੁਤ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਸਪੀਕਰ ਨੇ ਤਕਨੀਕੀ ਕਾਰਵਾਈ ਨਾਲ ਫੈਸਲਾ ਸੁਣਾਇਆ ਸੀ, ਪਰ ਇਹ ਸੂਬੇ ਦੇ ਸਕੱਤਰ, ਜਿਹੜਾ ਲੇਬਰ ਮੰਤਰੀ ਵੀ ਸੀ, ਵੱਲੋਂ ਬਿੱਲ ਦਾ ਜ਼ੋਰਦਾਰ ਵਿਰੋਧ ਕਰਨ ਤੋਂ ਬਾਅਦ ਹੋਇਆ। ਉਸਦਾ ਨਾਂ ਜੌਰਜ ਪੀਅਰਸਨ ਸੀ ਤੇ ਉਹ ਵੈਨਕੂਵਰ ਟਾਪੂ ਦੇ ਨਨਾਇਮੋ ਸ਼ਹਿਰ ਤੋਂ ਐਮ ਐਲ ਏ ਸੀ। ਪੀਅਰਸਨ  ਹੋਰ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨਾਂ ਵਾਂਗ, ਅਤੇ ਤਕਰੀਬਨ ਹਰ ਦੂਜੇ ਪਰਵਾਸੀ ਦੇ ਬਰਤਾਨੀਆਂ ਤੋਂ ਹੋਣ ਵਾਂਗ, ਆਪ ਵੀ ਪਰਵਾਸੀ ਸੀ। ਉਹ ਉਸ ਨੂੰ ਕਨੇਡਾ ਵਿੱਚ ਮਿਲੇ ਰਾਜਸੀ ਅਧਿਕਾਰਾਂ ਨੂੰ ਦਾਤ ਵਜੋਂ ਲੈਂਦਾ ਸੀ। ਉਹ ਅੰਗ੍ਰੇਜ਼ ਮਿਡਲੈਂਡ ਦੇ ਕੋਇਲੇ ਦੀ ਖਾਨ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਦਾ ਪੁੱਤਰ ਸੀ, ਜਿਹੜਾ 1899 ਵਿੱਚ ਉੱਨੀਂ ਸਾਲ ਦੀ ਉਮਰ ਵਿੱਚ ਪ੍ਰਵਾਸੀ ਬਣ ਕੇ ਆਇਆ ਸੀ ਅਤੇ ਨਨਾਇਮੋ ਵਿੱਚ ਵਸ ਗਿਆ ਸੀ। ਉਸ ਨੇ ਕਰਿਆਨੇ ਦੀ ਦੁਕਾਨ ਦੇ ਕਲਰਕ ਵਜੋਂ ਸ਼ੁਰੂਆਤ ਕੀਤੀ ਅਤੇ ਸ਼ਹਿਰ `ਚ ਕਰਿਆਨੇ ਦੇ ਥੋਕ ਦੇ ਵਪਾਰੀ ਵਜੋਂ ਉੱਪਰ ਉਠਿਆ। ਆਪਣੀ ਉਮਰ ਦੇ ਚੌਥੇ ਦਹਾਕੇ ਦੇ ਅਖੀਰ ਵਿੱਚ ਉਹ ਸਿਆਸਤ ਵਿੱਚ ਕੁੱਦ ਪਿਆ ਅਤੇ ਉਦੋਂ ਤੋਂ ਹੀ ਨਨਾਇਮੋ ਸ਼ਹਿਰ ਦੀ ਪ੍ਰਤੀਨਿਧਤਾ ਕਰਦਾ ਆ ਰਿਹਾ ਸੀ। ਉਹ ਲੇਬਰ ਮੰਤਰੀ ਦੇ ਅਹੁਦੇ `ਤੇ ਇੱਕ ਦਹਾਕੇ ਤੋਂ ਪੱਕਾ ਹੀ ਟਿਕਿਆ ਹੋਇਆ ਸੀ। ਉਸਦੇ ਏਸ਼ੀਅਨਾਂ ਨਾਲ ਵਿਹਾਰ ਤੋਂ ਬਿਨਾਂ ਉਸਦਾ ਆਮ ਰਿਕਾਰਡ ਸਮਝਦਾਰ ਤੇ ਅੱਗੇ ਵਧੂ ਸੀ।

ਪੀਅਰਸਨ ਦਾ ਮਹਿਕਮਾ ਹਰ ਸਾਲ ਏਸ਼ੀਅਨਾਂ ਕੋਲ ਉਦਯੋਗਿਕ ਨੌਕਰੀਆਂ ਦਾ ਹਿਸਾਬ ਰੱਖਦਾ। ਇਹ ਇੱਕ ਕਿਸਮ ਦਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦਾ ਸੂਚਨਾ  ਕਾਰਡ ਸੀ ਕਿ ਉਹ ਏਸ਼ੀਅਨਾਂ ਨੂੰ ਇਨ੍ਹਾਂ ਨੌਕਰੀਆਂ ਤੋਂ ਬਾਹਰ ਰੱਖਣ ਵਿੱਚ ਕਿੰਨਾਂ ਕਾਮਯਾਬ ਰਹੀ।(17) 1942 ਵਿੱਚ ਪੀਅਰਸਨ ਦਾ ਇਸ ਤੱਟ ਤੋਂ ਜਾਪਾਨੀਆਂ ਨੂੰ ਬਾਹਰ ਕੱਢਣ ਵਿੱਚ ਤਕੜਾ ਪ੍ਰਭਾਵ ਸੀ। ਉਸ ਨੂੰ ਕਨੇਡਾ ਵਿੱਚ ਜੰਮੇ-ਪਲੇ ਜਾਪਾਨੀ-ਕਨੇਡੀਅਨਾਂ ਦੇ ਹੱਕਾਂ ਦੀ ਕੋਈ ਕਦਰ ਨਹੀਂ ਸੀ।(18) ਅਤੇ ਮਾਰਚ 1944, ਇੱਕ ਪ੍ਰਾਈਵੇਟ ਮੈਂਬਰ ਦੇ ਬਿੱਲ ਜਿਸਨੇ ਸਾਊਥ ਏਸ਼ੀਅਨਾਂ ਨੂੰ ਵੋਟ ਦਾ ਹੱਕ ਦੇਣਾ ਸੀ, ਦੇ ਪ੍ਰਤੀਕਰਮ ਵਿੱਚ ਉਸਦਾ ਦਾਅਵਾ ਸੁਰਖੀਆਂ  ਬਣਿਆ  ਕਿ ਕਿਸੇ ਵੀ ਹੋਰ ਗਰੁੱਪ ਨੇ ਉਸਦੇ ਵਿਭਾਗ ਨੂੰ ਓਨੀ ਤੰਗੀ ਨਹੀਂ ਦਿਤੀ, ਜਿੰਨੀ "ਹਿੰਦੂਆਂ ਨੇ", ਮੁਖ ਤੌਰ `ਤੇ ਉਨ੍ਹਾਂ ਦੀ ਹੋਂਦ ਨੇ (ਉਸ ਨੇ ਜ਼ੋਰ ਦੇ ਕੇ ਕਿਹਾ) ਸੂਬੇ `ਚ ਹਰੇਕ ਦਾ ਜਿਉਣ ਪੱਧਰ ਨੀਵਾਂ ਕੀਤਾ।(19)

ਇਸ ਭੜਾਕੇ ਵਿੱਚ ਉਸ ਨੇ ਸਾਊਥ ਏਸ਼ੀਅਨ ਕੰਮ-ਮਾਲਕਾਂ ਤੇ ਉਨ੍ਹਾਂ ਲਈ ਕੰਮ ਕਰਨ ਵਾਲੇ ਸਾਊਥ ਏਸ਼ੀਅਨਾਂ ਨੂੰ "ਬੇਇਤਬਾਰੇ, ਬੇਈਮਾਨ, ਫਰੇਬੀ ਅਤੇ ਨਾਮਿਲਵਰਤਨ" ਵਾਲੇ ਕਿਹਾ। ਉਸ ਨੇ ਕਪੂਰ ਤੇ ਮੇਓ ਦਾ ਨਾਂ ਨਹੀਂ ਲਿਆ , ਜਿਨ੍ਹਾਂ ਦੇ ਲੰਬਰ ਓਪਰੇਸ਼ਨ ਉਸ ਤੋਂ ਅਗਲੇ ਚੋਣ ਹਲਕੇ ਵਿੱਚ ਸਨ ਪਰ ਸ਼ਾਇਦ ਉਸ ਨੇ ਲਿਆ ਵੀ ਹੋਵੇ। ਕੁਝ ਮਹੀਨੇ ਬਾਅਦ ਉਸ ਨੇ ਕਮਜ਼ੋਰ ਜਿਹੀ ਕੋਸ਼ਿਸ਼ ਨਾਲ ਸੋਧ ਦਾ ਪ੍ਰਸਤਾਵ ਰੱਖਿਆ ਕਿ ਜਿਹੜੇ ਏਸ਼ੀਅਨਾਂ ਨੇ ਫੌਜ ਵਿੱਚ ਸੇਵਾ ਨਿਭਾਈ ਹੋਵੇ, ਉਨ੍ਹਾਂ ਨੂੰ ਵੋਟ ਦਾ ਹੱਕ ਦਿੱਤਾ ਜਾਵੇ। ਬਹੁਤੇ ਬ੍ਰਿਟਿਸ਼ ਕੋਲੰਬੀਅਨਾਂ ਨੇ ਪੀਅਰਸਨ ਦੀਆਂ ਮੁੱਢਲੀਆਂ ਗਾਲ੍ਹਾਂ ਦੀ ਵਾਛੜ ਨੂੰ ਬੇਸੁਆਦਾ ਤੇ ਉਸਦੇ ਅਗਲੇ ਵਿਚਾਰ ਨੂੰ ਅਧੂਰਾ ਕਿਹਾ। ਜਨਤਕ ਮੱਤ ਉਸਦੇ ਵਿਰੋਧ ਵਿੱਚ ਵਧ ਰਿਹਾ ਸੀ ਅਤੇ ਅਪ੍ਰੈਲ1945 ਇਸਦਾ ਸਬੂਤ ਸੀ, ਜਦੋਂ ਸਾਊਥ ਏਸ਼ੀਅਨਾਂ ਨੂੰ ਵੋਟ ਦਾ ਹੱਕ ਦੇਣ ਵਾਲਾ ਬਿੱਲ ਵਿਧਾਨ ਸਭਾ ਵਿੱਚ ਸਿਰਫ ਦੋ ਵੋਟਾਂ ਕਾਰਣ ਪਾਸ ਹੋਣੋ ਰਹਿ ਗਿਆ।(20) ਕਿਵੇਂ ਵੀ ਹੋਵੇ, ਹਾਲੇ ਵੀ ਵੱਡੀ ਗਿਣਤੀ ਵਿੱਚ ਲੋਕ ਪੀਅਰਸਨ ਦੇ ਪਿੱਛੇ ਸਨ, ਅਤੇ ਜੰਗ ਤੋਂ ਬਾਅਦ ਅਕਤੂਬਰ 1945 ਵਾਲੀਆਂ ਪਹਿਲੀਆਂ ਸੂਬਾਈ ਚੋਣਾਂ ਵਿੱਚ ਉਹ ਆਪਣੀ ਕ੍ਰਿਤੀ ਵਰਗ ਦੀ ਨਨਾਇਮੋ ਵਾਲੀ ਸੀਟ ਫੈਸਲਾਕੁਨ ਵੋਟਾਂ ਨਾਲ ਜਿੱਤ ਗਿਆ।(21)

ਉਸ ਵੇਲੇ, ਜੈਕੀ ਤੇ ਸੁਰਜੀਤ ਟਰਾਂਟੋ ਦੀ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਸਨ। ਆਪਣੇ ਪਿਤਾ ਦੀ ਮੇਹਰਬਾਨੀ ਨਾਲ ਉਨ੍ਹਾਂ ਤੱਕ ਵੋਟ ਦੇ ਹੱਕ ਲਈ ਸੰਘਰਸ਼ ਦੀ  ਉੱਨਤੀ ਬਾਰੇ ਖਬਰ ਪਹੁੰਚਦੀ ਰਹਿੰਦੀ ਜਿਹੜਾ ਉਨ੍ਹਾਂ ਦੇ ਟਰਾਂਟੋ ਵਿੱਚ ਦੂਜੇ ਸਾਲ ਦੌਰਾਨ ਅੱਗੇ ਵਧਣ ਲੱਗਾ ਸੀ।  ਡਾ. ਦੁਰਾਈ ਪਾਲ ਪਾਂਡੀਆ, ਇੰਡੀਅਨ ਨੈਸ਼ਨਲ ਪਾਰਟੀ ਦਾ ਕਾਰਜ-ਕਰਤਾ ਅਤੇ ਇੱਕ ਵਾਰ ਥੀਓਸੌਫੀਕਲ ਸੁਸਾਇਟੀ ਦਾ ਬੁਲਾਰਾ, ਬੀ. ਸੀ. ਵਿੱਚ ਵਾਪਸ ਪਹੁੰਚ ਗਿਆ ਸੀ ਅਤੇ ਵੋਟ ਦੀ ਲੜਾਈ ਦੀ ਅਗਵਾਈ ਕਰ ਰਿਹਾ ਸੀ। ਇਹ ਉਹੀ ਡਾ. ਪਾਂਡੀਆ ਸੀ, ਜਿਹੜਾ 1939 ਵਿੱਚ ਦੋ ਸੌ ਤੋਂ ਉੱਪਰ ਗੈਰ-ਕਾਨੂੰਨੀ ਪਰਵਾਸੀਆਂ ਦੀ ਆਮ-ਮੁਆਫੀ ਦੇ ਸਮਝੌਤੇ ਵੇਲੇ ਬਹੁਤ ਕਾਰਗਰ ਸਿੱਧ ਹੋਇਆ ਸੀ। ਭਾਈਚਾਰੇ ਦੇ ਆਗੂਆਂ ਦੇ ਇੱਕ ਗਰੁੱਪ, ਜਿਸਦੇ ਮੁਖੀ ਕਪੂਰ, ਮੇਓ ਅਤੇ ਕਪੂਰ ਦਾ ਦੋਸਤ ਤੇ ਬਾਰਨੈੱਟ ਮਿੱਲ ਦਾ ਮੈਨੇਜਰ ਕਰਤਾਰ ਸਿੰਘ ਸੀ, ਨੇ ਟਰਿਨੀਡੈਡ ਵਿੱਚ ਪੋਰਟ ਆਫ ਸਪੇਨ ਵਿੱਚ ਉਸ ਨੂੰ ਤਾਰ ਪਾਈ, ਜਿੱਥੇ ਉਹ ਵੈਸਟ ਇੰਡੀਜ਼ ਵਿੱਚ ਸਾਊਥ ਏਸ਼ੀਅਨਾਂ ਲਈ ਕੰਮ ਕਰ ਰਿਹਾ ਸੀ। ਉਹ ਚਾਹੁੰਦੇ ਸਨ ਕਿ ਉਹ ਆਪਣੀ ਊਰਜਾ ਦੀ ਦਿਸ਼ਾ ਬਦਲ ਕੇ ਕਨੇਡਾ ਵਿਚਲੇ ਸਾਊਥ ਏਸ਼ੀਅਨਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਵਰਤੇ।(22)

ਪਾਂਡੀਆ ਸਮਝ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਰਲ ਕੇ ਕੰਮ ਕਰਨ ਲਈ ਤਿਆਰ ਸਨ। ਉਸ ਨੂੰ ਪਤਾ ਸੀ ਕਿ ਉਨ੍ਹਾਂ ਵਿੱਚ ਧੜੇਬੰਦੀ ਸੀ। ਉਸ ਨੂੰ ਵੈਨਕੂਵਰ ਵਿੱਚ ਆਏ ਨੂੰ ਕੁਝ ਦਿਨ ਹੀ ਹੋਏ ਸਨ ਜਦੋਂ ਪੰਦਰਾਂ ਜਾਂ ਵੀਹ ਬੰਦਿਆਂ ਦਾ ਇੱਕ ਵਫਦ, ਉਸਦੇ ਦਰਵਾਜੇ `ਤੇ ਪਹੁੰਚਿਆ। ਉਨ੍ਹਾਂ ਵਿੱਚ ਗੁਰਦਵਾਰੇ ਦਾ ਸਾਬਕਾ ਤੇ ਹੋਣ ਵਾਲਾ ਪ੍ਰਧਾਨ ਸ਼ਾਮਿਲ ਸੀ, ਕੱਟੜ ਵਿਰੋਧੀ ਅਤੇ ਇੱਕ-ਦੂਜੇ ਉੱਪਰ ਗੁਰਦਵਾਰੇ ਦੇ ਲੇਖੇ-ਜੋਖੇ ਅਤੇ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦੇ ਸਨ। ਉਨ੍ਹਾਂ ਨੇ ਇੱਕ-ਦੂਜੇ ਉੱਪਰ ਪਹਿਲਾਂ ਹੀ ਫੌਜਦਾਰੀ ਤੇ ਗੈਰਫੌਜਦਾਰੀ ਮੁਕੱਦਮੇ ਕੀਤੇ ਹੋਏ ਸਨ। ਪਾਂਡੀਆ ਨੇ ਉਨ੍ਹਾਂ ਤੋਂ ਮੁਕੱਦਮੇ ਵਾਪਸ ਕਰਵਾਏ ਅਤੇ ਵਾਅਦਾ ਕੀਤਾ ਕਿ ਉਹ ਆਪ ਖਾਤਿਆਂ ਦੀ ਪੜਤਾਲ ਕਰੇਗਾ। ਇਸ ਮਕਸਦ ਲਈ ਉਸ ਨੇ ਇੱਕ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਉਸ ਤੋਂ ਇਲਾਵਾ, ਕਪੂਰ ਅਤੇ ਦੋ ਪੰਜਾਬੀ ਹਿੰਦੂ, ਸਕਰੂਲੀ ਤੋਂ ਪੰਡਿਤ ਬਾਲਮੁਕੰਦ ਤੇ ਬਿਲਗਾ ਤੋਂ ਮੁਨਸ਼ੀ ਰਾਮ ਸਨ। ਉਹ ਚਾਰੇ ਪ੍ਰਤੱਖ ਤੌਰ `ਤੇ ਨਿਰਪੱਖ ਸਨ। ਬਾਲਮੁਕੰਦ ਇੱਕ ਵਾਰ ਕਪੂਰ ਦਾ ਕਾਰੋਬਾਰ ਵਿੱਚ ਭਾਈਵਾਲ ਰਿਹਾ ਸੀ ਅਤੇ ਸੂਕ ਵਿੱਚ ਸੁਪਰਡੈਂਟ ਸੀ। ਕਪੂਰ ਜਿਹੜਾ ਅਜੇਹੇ ਝੁਮੇਲਿਆਂ ਤੋਂ ਦੂਰ ਰਹਿਣ ਦੀ ਪੂਰੀ ਵਾਹ ਲਾਉਂਦਾ ਸੀ, ਨੇ ਜੈਕੀ ਤੇ ਸੁਰਜੀਤ ਨੂੰ ਉਮੀਦ ਨਾਲ ਲਿਖਿਆ ਕਿ ਸ਼ਾਇਦ ਕਮੇਟੀ ਭਵਿੱਖ `ਚ ਭਾਈਚਾਰੇ ਅੰਦਰ ਸ਼ਾਂਤੀ ਲੈ ਆਵੇ।(23) ਕੁਝ ਸਮੇਂ ਲਈ ਪਾਂਡੀਏ ਨੇ ਗੁਰਦਵਾਰੇ ਦੇ ਧੜਿਆਂ ਨੂੰ  ਮਨਾ ਲਿਆ ਕਿ ਸਾਰਿਆਂ ਦੀ ਭਲਾਈ ਲਈ ਉਹ ਗਿਲੇ-ਸ਼ਿਕਵੇ ਪਾਸੇ ਕਰ ਦੇਣ।

ਬਹੁਤ ਸਾਰੇ ਸਿੱਖ, ਜਿਨ੍ਹਾਂ ਨੇ ਪਾਂਡੀਏ ਨੂੰ ਸੱਦਿਆ ਸੀ, ਅੰਗ੍ਰੇਜ਼ੀ ਬੋਲਦੇ ਸਨ-ਕਪੂਰ, ਕਰਤਾਰ, ਈਸ਼ਰ ਸਿੰਘ, ਨਗਿੰਦਰ ਸਿੰਘ ਅਤੇ ਮੇਓ। ਪਰ ਘੱਟ ਪੜ੍ਹੇ-ਲਿਖੇ ਜਿਵੇਂ ਗੁਰਦਿੱਤ ਸਿੰਘ ਬਿਲਗਾ, ਪੁਰਾਣਾ ਸਮਾਜ ਸੇਵਕ ਤੇ ਹੁਣ ਵੈਨਕੂਵਰ ਗੁਰਦਵਾਰੇ ਦਾ ਪ੍ਰਧਾਨ, ਵੀ ਮੁੱਖ ਸਹਿਯੋਗੀ ਅਤੇ ਪ੍ਰਬੰਧਕ ਸਨ। ਸਾਰੇ ਪਾਂਡੀਏ ਦੇ ਪਿੱਛੇ ਸਨ, ਉਸਦੀ ਕਦਰ ਕਰਦੇ ਸਨ ਕਿਉਂ ਕਿ ਉਹ ਉੱਚ ਸਿੱਖਿਆ ਪ੍ਰਾਪਤ, ਬੁਲਾਰਾ, ਤਜਰਬੇਕਾਰ ਅਤੇ ਭਾਰਤ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਚੰਗੇ ਸਬੰਧਾਂ ਵਾਲਾ ਸੀ। ਉਹ ਸਾਰੇ ਪੰਜਾਬੀ ਸਿੱਖ ਸਨ ਤੇ ਪਾਂਡੀਆ ਚਨੇਈ ਤੋਂ ਤਾਮਿਲ, ਪਰ ਉਹ ਚਾਹੁੰਦੇ ਸਨ ਕਿ ਉਹ ਕਨੇਡੀਅਨ ਜਨਤਾ ਅਤੇ ਕਨੇਡੀਅਨ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨਾਲ ਬੈਠਕਾਂ ਸਮੇਂ ਉਨ੍ਹਾਂ ਦੀ ਪ੍ਰਤੀਨਿਧਤਾ ਕਰੇ। ਉਸ `ਤੇ ਵਿਸ਼ਵਾਸ਼ ਕਰਦਿਆਂ ਉਹ ਚਾਹੁੰਦੇ ਸਨ ਕਿ ਉਹ ਸੁਘੜਤਾ ਨਾਲ, ਰਾਜਦੂਤਕ ਅਤੇ ਜ਼ੋਰਦਾਰ ਤਰੀਕੇ ਨਾਲ ਪੇਸ਼ ਹੋਵੇ। ਉਨ੍ਹਾਂ ਨੇ ਉਸ ਨੂੰ ਸਾਰੀ ਜਾਣਕਾਰੀ ਅਤੇ ਸਬੂਤ ਦੇ ਦਿੱਤੇ ਸਨ(ਜਿਹੜੇ ਕਰਤਾਰ ਕੋਲ ਹੋਰ ਕਿਸੇ ਨਾਲੋਂ ਵੀ ਜ਼ਿਆਦਾ, ਉਂਗਲਾਂ ਦੇ ਪੋਟਿਆਂ `ਤੇ ਸਨ), ਪਰ ਉਹ ਪਾਂਡੀਏ ਵੱਲ ਦੇਖਦੇ ਸਨ ਕਿ ਇਹ ਸਭ ਕੁਝ ਉਹ ਅੱਗੇ ਪਹੁੰਚਦਾ ਕਰੇ। ਕਰਤਾਰ ਤੇ ਕਪੂਰ ਰਲ ਕੇ ਇਹ ਲੜਾਈ ਪਹਿਲੀ ਸੰਸਾਰ ਜੰਗ ਤੋਂ ਵੀ ਪਹਿਲਾਂ ਦੇ ਲੜ ਰਹੇ ਸਨ, ਅਤੇ ਉਹ ਪੂਰੀ ਤਰ੍ਹਾਂ ਤਿਆਰ ਸਨ ਕਿ ਪਾਂਡੀਏ ਵਰਗਾ ਬੰਦਾ ਉਨ੍ਹਾਂ ਲਈ ਬੋਲੇ।

ਕਰਤਾਰ, ਕਪੂਰ ਅਤੇ ਸਾਊਥ ਏਸ਼ੀਅਨ ਭਾਈਚਾਰੇ ਦੇ ਹੋਰ ਆਗੂਆਂ ਨੇ ਇੱਕ ਗਰੁੱਪ ਵਜੋਂ ਕਦੇ ਵੀ ਇਸ ਵਰਤਾਵ ਨੂੰ ਕਬੂਲ ਨਹੀਂ ਸੀ ਕੀਤਾ ਜਿਹੜਾ ਪ੍ਰਵਾਸੀਆਂ ਵਜੋਂ ਉਨ੍ਹਾਂ ਨਾਲ ਹੋਇਆ ਅਤੇ ਨਾ ਹੀ ਇਸ ਬਾਰੇ ਕਦੇ ਚੁੱਪ ਹੋਏ ਸਨ। ਕਨੇਡਾ ਵਿੱਚ ਪਹੁੰਚਣ ਵੇਲੇ ਤੋਂ ਹੀ ਉਹ ਸੰਘਰਸ਼ ਵਿੱਚ ਪੈ ਗਏ ਸਨ, ਅਤੇ ਉਹ ਆਪਣੇ ਛੋਟੇ ਜਿਹੇ ਭਾਈਚਾਰੇ (ਦੂਜੀ ਸੰਸਾਰ ਜੰਗ ਦੇ ਖਾਤਮੇ ਵੇਲੇ ਤਕਰੀਬਨ ਅਠ੍ਹਾਰਾਂ ਸੌ) ਨੂੰ ਕਨੇਡਾ ਅਤੇ ਭਾਰਤ ਵਿੱਚ ਆਪਣੇ ਨਿਸ਼ਾਨੇ ਤੋਂ ਥਿੜ੍ਹਕਣ ਤੋਂ ਬਚਾਉਣ ਵਿੱਚ ਅਸਰਦਾਰ ਰਹੇ।(24) ਇਸ ਸਭ ਨੂੰ ਖਤਮ ਕਰਨ ਲਈ ਉਹ ਸੂਝਵਾਨ ਤੇ ਪ੍ਰਸਿੱਧ ਹਸਤੀਆਂ ਨੂੰ ਸਿਲਸਿਲੇਵਾਰ ਲੈ ਕੇ ਆਏ, ਜਿਹੜੇ ਗਾਂਧੀ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨਾਲ ਜੁੜੇ ਹੋਏ ਸਨ ਅਤੇ ਜਿਨ੍ਹਾਂ ਕੋਲ ਰੁਤਬਾ ਅਤੇ ਪ੍ਰਸਿੱਧੀ ਸੀ। ਉਹ ਜਨਤਾ ਦਾ ਧਿਆਨ ਵੀ ਖਿੱਚ ਸਕਦੇ ਸਨ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਾਂ ਸੂਬੇ ਦੇ ਪ੍ਰੀਮੀਅਰ ਜਾਂ ਉਸਦੀ ਕੈਬਨਿਟ ਨਾਲ ਸਿੱਧੀ ਗੱਲ ਕਰਨ ਦੇ ਯੋਗ ਵੀ ਸਨ।

1940 ਵਿੱਚ ਵੱਡੀ ਮਹਿਮਾ ਵਾਲੀ ਸਮਾਜ-ਸੇਵਿਕਾ ਅਤੇ ਫਿਲਮ ਅਦਾਕਾਰਾ ਕਮਲਾਦੇਵੀ ਚਟੋਪਧਿਆਏ, ਪਾਂਡੀਆ ਨਾਲ ਓਟਵਾ ਗਈ। ਇਹ ਉਸਦੇ ਅਮਰੀਕਾ ਵਿੱਚ ਛੇ ਮਹੀਨਿਆਂ ਦੀ ਠਹਿਰ ਦੌਰਾਨ ਸੀ (ਇਸ ਠਹਿਰ ਦੌਰਾਨ ਉਸਦਾ ਰਾਸ਼ਟਰਪਤੀ ਨਾਲ ਚਾਹ ਦਾ ਪ੍ਰੋਗਰਾਮ ਸੀ ਅਤੇ ਇਲਨੋਅਰ ਰੋਜ਼ਵਿਲਟ ਦੀ ਅਗਵਾਈ ਵਿੱਚ ਵਾਈਟ ਹਾਊਸ ਦਾ ਨਿੱਜੀ ਟੂਰ)।(25) ਉਹ ਬਹੁਤ ਜ਼ਿਆਦਾ ਹਰਮਨ ਪਿਆਰੀ ਸੀ। 1942 ਵਿੱਚ ਉਹ ਸਿਆਟਲ ਤੋਂ ਹਵਾਈ ਸਫਰ ਨਾਲ ਵੈਨਕੂਵਰ ਪਹੁੰਚੀ। ਖਿਮਾ ਜਾਚਨਾ ਨਾਲ  ਭਰੇ ਮੇਅਰ ਨੇ ਉਸ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਉਹ ਹਵਾਈ ਅੱਡੇ `ਤੇ ਵਾਪਰੀ ਘਟਨਾ ਲਈ ਭੁੱਲ ਬਖਸ਼ਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਵੈਨਕੂਵਰ ਹਵਾਈ ਅੱਡੇ `ਤੇ ਕਮਲਾਦੇਵੀ ਨੂੰ ਇਮੀਗਰੇਸ਼ਨ ਅਧਿਕਾਰੀਆਂ ਨੇ ਖਤਰਨਾਕ ਅਤਿਵਾਦੀ ਵਜੋਂ ਰੱਦ ਕਰ ਦਿੱਤਾ ਸੀ, ਅਤੇ ਉਹ ਵਾਪਸ ਜਾਣ ਤੋਂ ਇਨਕਾਰੀ ਕਈ ਘੰਟੇ ਬੈਂਚ `ਤੇ ਬੈਠੀ ਰਹੀ ਸੀ।

1942 ਵਿੱਚ  ਗਾਂਧੀ ਦੇ ਚੇਲੇ, ਅੰਗ੍ਰੇਜ਼, ਹੈਨਰੀ ਪੋਲਕ, ਨੇ ਵੀ ਓਟਵਾ ਦਾ ਸਫਰ ਕੀਤਾ ਅਤੇ ਫਿਰ ਪੂਰਬੀ ਕਨੇਡਾ ਵਿੱਚ ਆਪਣੇ ਭਾਸ਼ਣ ਟੂਰ ਦੇ ਅੰਤ ਵਿੱਚ ਵੈਨਕੂਵਰ ਤੇ ਵਿਕਟੋਰੀਆ ਆਇਆ। 1945 ਦੀ ਬਹਾਰ ਰੁੱਤੇ ਪੂਜਨੀਕ ਦੇਸ਼ ਭਗਤ ਅਤੇ ਸੰਸਦਵਾਦੀ ਪੰਡਿਤ ਹਿਰਦੇ ਨਾਥ ਕੁਨਜ਼ਰੂ ਵਰਜੀਨੀਆ ਸ਼ਹਿਰ ਵਿੱਚ ਕਾਨਫਰੰਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਰੁਕਿਆ। ਅਤੇ 1946 ਦੀ ਪੱਤਝੜ ਰੁੱਤੇ ਇੱਕ ਹੋਰ ਭਾਰਤੀ ਦੇਸ਼ ਭਗਤ, ਪੱਤਰਕਾਰ ਅਤੇ ਲੇਖਕ, ਕੋਦੰਡਾ ਰਾਓ ਮਾਂਟਰੀਅਲ ਵਿੱਚ ਅੰਤਰ ਰਾਸ਼ਟਰੀ ਮਜ਼ਦੂਰ ਜੱਥੇਬੰਧਕ ਕਮੇਟੀ ਦੀ ਬੈਠਕ ਤੋਂ ਬਾਅਦ ਪੱਛਮੀ ਤੱਟ `ਤੇ ਆਇਆ। ਇਹ ਉਸਦਾ ਵੈਨਕੂਵਰ ਵਿੱਚ ਇੱਕ ਦਹਾਕੇ ਵਿੱਚ ਦੂਜਾ ਗੇੜਾ ਸੀ। ਅਜੇਹੇ ਮੌਕਿਆਂ `ਤੇ ਬਹੁਤੇ ਵਾਰੀ ਕਪੂਰ ਤੇ ਉਸਦੇ ਪਰਿਵਾਰ ਨੂੰ ਤਰੱਦਦ ਕਰਨਾ ਪੈਂਦਾ। ਉਹ ਪ੍ਰਬੰਧ ਕਰਨ ਵਿੱਚ ਸਹਿਯੋਗ ਕਰਦੇ, ਕਿਸੇ ਹੋਟਲ ਵਿੱਚ ਰਾਤ ਦੀ ਪਾਰਟੀ ਜਾਂ ਯੌਰਕ ਐਵੇਨਿਊ `ਤੇ ਦੁਪਹਿਰ ਦੇ ਖਾਣੇ ਦਾ ਸੱਦਾ ਦਿੰਦੇ, ਜਾਂ ਪ੍ਰਾਹੁਣਿਆਂ ਨੂੰ ਆਪਣੇ ਘਰ ਰੱਖਦੇ। ਆਉਣ ਵਾਲੀਆਂ ਇਨ੍ਹਾਂ ਸਾਰੀਆਂ ਹਸਤੀਆਂ ਨੇ ਲੋਕਾਂ ਦਾ ਧਿਅਨ ਖਿੱਚਿਆ ਅਤੇ ਦੇਸ਼ ਅਤੇ ਸੂਬੇ ਦੇ ਮਹੱਤਵਪੂਰਨ ਸਿਆਸਤਦਾਨਾਂ ਤੱਕ ਪਹੁੰਚ ਕੀਤੀ। ਕਿਸੇ ਨੇ ਵੀ ਬਦਲਾਅ ਵਿੱਚ ਕਾਮਯਾਬੀ ਪ੍ਰਾਪਤ ਨਾ ਕੀਤੀ, ਪਰ ਸਾਰਿਆਂ ਨੇ ਜ਼ਮੀਨ ਤਿਆਰ ਕਰਨ ਵਿੱਚ ਯੋਗਦਾਨ ਪਾਇਆ।

ਕਰਤਾਰ, ਕਪੂਰ ਅਤੇ ਹੋਰਾਂ ਨੇ ਅਖੀਰ ਵਿੱਚ ਡਾ. ਪਾਂਡੀਆ ਨੂੰ ਆਪਣੇ ਪ੍ਰਤੀਨਿਧ ਵਜੋਂ ਬੀ. ਸੀ. ਵਿੱਚ ਲੈ ਕੇ ਆਂਦਾ ਅਤੇ ਉਸ ਨੇ ਆਪਣੇ ਪੈਰ ਸੂਬੇ ਦੀ ਰਾਜਧਾਨੀ, ਵਿਕਟੋਰੀਆ ਅਤੇ ਬਾਅਦ ਵਿੱਚ ਵੈਨਕੂਵਰ ਵਿੱਚ ਜਮਾ ਲਏ, ਜਿੱਥੇ ਉਹ ਹੋਟਲ ਵੈਨਕੂਵਰ ਵਿੱਚ ਰਿਹਾ। ਉਸ ਨੇ ਸਰਵਿਸ ਕਲੱਬਾਂ ,ਚਰਚ ਗਰੁੱਪਾਂ, ਰੇਡੀਓ  ਅਤੇ ਅਖਬਾਰਾਂ, ਅਤੇ ਸਿੱਧਾ ਸੂਬੇ ਦੇ ਪ੍ਰੀਮੀਅਰ ਤੇ ਉਸਦੀ ਕੈਬਨਿਟ ਨਾਲ ਗੱਲ ਕੀਤੀ। ਸੰਯੋਗਵਸ, ਵਿਧਾਨ ਸਭਾ ਨੇ  ਚੋਣ ਐਕਟ ਦੀ ਪੜਚੋਲ ਲਈ  ਪਹਿਲਾਂ ਹੀ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਸੀ। ਅਤੇ ਜਦੋਂ ਕਮੇਟੀ ਦੀ 1946 ਦੀ ਪੱਤਝੜ ਵਿੱਚ ਦੋ ਦਿਨਾਂ ਲਈ ਬੈਠਕ ਹੋਈ , ਪਾਂਡੀਆ ਉੱਥੇ ਵਫਦ ਸਮੇਤ ਹਾਜ਼ਰ ਸੀ। ਇਸ ਵਫਦ ਵਿੱਚ ਲੱਕੜ ਦੇ ਵਪਾਰੀ ਕਪੂਰ ਤੇ ਮੇਓ, ਪੱਤਰਕਾਰ, ਸਮਾਜ ਸੇਵਕ ਅਤੇ ਬੁੱਧੀਜੀਵੀ, ਕਰਤਾਰ, ਵਪਾਰੀ ਅਤੇ ਜੋਸ਼ੀਲਾ ਉਡਾਰੂ ਈਸ਼ਰ ਸਿੰਘ, ਮਲਵਈ ਬੁਲਾਰਾ ਨਗਿੰਦਰ ਸਿੰਘ ਅਤੇ ਉਸਦਾ ਗੁਰਦਵਾਰੇ ਦਾ ਵਿਰੋਧੀ ਦੁਆਬੀਆ ਗੁਰਦਿੱਤ ਸਿੰਘ ਬਿਲਗਾ ਸਮਾਜਵਾਦੀ ਵਿਰੋਧੀ ਪਾਰਟੀ ਸੀ ਸੀ ਐਫ ਦੀ ਸਾਊਥ ਏਸ਼ੀਅਨ ਦੇ ਇਸ ਕਾਰਜ ਨੂੰ ਤਕੜੀ ਹਮਾਇਤ ਸੀ ਅਤੇ ਹੱਲਾਸ਼ੇਰੀ ਵਾਲੀ ਗੱਲ ਇਹ ਸੀ ਕਿ  ਗਠਬੰਧਨ ਵਾਲੀ ਸਰਕਾਰ ਦੇ ਮੈਂਬਰ ਵੀ ਅਖੀਰ ਸਹਿਮਤ ਹੋ ਰਹੇ ਸਨ ਅਤੇ ਮੁਖ ਧਾਰਾ ਦੇ ਅਖਬਾਰ ਵੀ।(26)

'ਵੈਨਕੂਵਰ ਨਿਊਜ਼-ਹੈਰਲਡ' ਵਿਚਲੇ ਕਾਲਮਾਂ ਰਾਹੀਂ ਇਲਮੋਰ ਫਿਲਪੌਟ ਉਨ੍ਹਾਂ ਪਾਠਕਾਂ ਨੂੰ ਝੰਜੋੜਣ ਦੀ ਕੋਸ਼ਿਸ਼ ਕਰਦਾ ਸੀ, ਜਿਹੜੇ ਸੋਚਦੇ ਸਨ ਕਿ ਹਾਰੇ ਹੋਏ ਨਾਜ਼ੀ ਜਰਮਨੀ ਨਾਲ ਉਨ੍ਹਾਂ ਦਾ ਕੁਝ ਨਹੀਂ ਮਿਲਦਾ।  ਉਹ ਹਿਟਲਰ ਤੇ ਉਸਦੀ ਉੱਤਮ ਨਸਲ ਦੇ ਮਜ਼ਾਕ ਉਡਾਉਂਦੇ ਡਿਜ਼ਨੀ ਕਾਰਟੂਨਾਂ `ਤੇ ਕਿਵੇਂ ਹੱਸ ਸਕਦੇ ਸਨ ਜਦੋਂ ਉਹ ਆਪ ਆਪਣੇ ਘੱਟ ਗਿਣਤੀ ਸਿੱਖਾਂ ਨਾਲ ਬੇਦਰਦੀ ਨਾਲ ਪੇਸ਼ ਆਉਂਦੇ ਸਨ।(27) ਉਹ ਇੱਕਲਾ ਨਹੀਂ ਸੀ, ਜਿਹੜਾ ਇਹ ਪੁੱਛਦਾ ਸੀ, ਉਸਦਾ ਕਾਲਮ ਬਹੁਤ ਸਾਰੇ ਲੋਕਾਂ ਤੱਕ ਪਹੁੰਚਦਾ ਸੀ। ਅਤੇ ਉਸ ਨੇ ਕਨੇਡੀਅਨਾਂ ਨੂੰ ਪੁੱਛਣ ਲਈ ਕਿ ਉਹ ਕਿੱਥੇ ਖੜ੍ਹੇ ਸਨ ਢੁੱਕਵਾਂ ਮੌਕਾ ਚੁਣਿਆ ਸੀ (ਨਾਜ਼ੀਆਂ ਵਿਰੁੱਧ ਜਿੱਤ ਦਾ ਮੌਕਾ)। ਉਸ ਪੱਤਝੜ ਤੱਕ ਜਨਮਤ ਨੇ ਐਨਾ ਫੈਸਲਾਕੁਨ ਮੋੜ ਕੱਟਿਆ ਕਿ ਜਦੋਂ ਪਾਂਡੀਆ, ਕਪੂਰ, ਕਰਤਾਰ ਅਤੇ ਵਫਦ ਦੇ ਬਾਕੀ ਮੈਂਬਰ ਵਿਧਾਨ ਸਭਾ ਦੇ ਬੈਠਕ ਕਮਰੇ ਵਿੱਚ ਦਾਖਲ ਹੋਏ, ਲੜਾਈ ਵੱਡੀ ਗਿਣਤੀ ਵਿੱਚ ਜਿੱਤੀ ਜਾ ਚੁੱਕੀ ਸੀ। ਸੱਤ ਮੈਂਬਰੀ ਚੋਣ ਐਕਟ ਕਮੇਟੀ ਚੀਨੇ ਕਨੇਡੀਅਨਾਂ ਅਤੇ ਈਸਟ ਇੰਡੀਅਨਾਂ ਵੱਲੋਂ ਦਬਾਅ ਥੱਲੇ ਸੀ ਅਤੇ ਦੋਨਾਂ ਏਸ਼ੀਅਨ ਗਰੁੱਪਾਂ ਨੂੰ ਵੋਟ ਦਾ ਹੱਕ ਦੇਣ ਲਈ ਸਹਿਮਤ ਹੋ ਗਈ। (ਜਾਪਾਨੀ ਕਨੇਡੀਅਨਾਂ, ਜਿਨ੍ਹਾਂ ਦਾ ਦੇਸ਼ ਜੰਗ ਵੇਲੇ ਦੁਸ਼ਮਣ ਸੀ, ਨੂੰ ਇੱਕ ਸਾਲ ਹੋਰ ਉਡੀਕ ਕਰਨੀ ਪਈ।)

ਚੋਣ ਐਕਟ ਵਿੱਚ ਤਬਦੀਲੀ ਦੇ ਵਿਧਾਨ ਸਭਾ ਵਿੱਚ ਪਾਸ ਹੋਣ ਤੱਕ ਪਾਂਡੀਆ ਵਿਕਟੋਰੀਆ `ਚ ਹੋਟਲ ਵਿੱਚ ਰਿਹਾ। ਉਹ ਚੀਨਿਆਂ ਦੇ ਕੇਸ ਨੂੰ ਸਾਊਥ ਏਸ਼ੀਅਨਾਂ ਦੇ ਕੇਸ ਨਾਲੋਂ ਵੱਖਰਾ ਰੱਖਣਾ ਚਾਹੁੰਦਾ ਸੀ, ਵਿਧਾਨ ਸਭਾ ਦੇ ਮੈਂਬਰਾਂ ਨੂੰ ਲਾਬੀ ਕਰਨ ਵੇਲੇ ਇਹ ਉਸਦੀ ਕਾਰਜਨੀਤੀ ਸੀ। ਕਰਤਾਰ, ਕਪੂਰ ਤੇ ਉਸਦੇ ਆਲੇ-ਦੁਆਲੇ ਦੇ ਹੋਰ ਸਿੱਖਾਂ ਵਾਂਗ ਪਾਂਡੀਆ ਵੀ ਸੋਚਦਾ ਸੀ ਕਿ ਸਾਊਥ ਏਸ਼ੀਅਨਾਂ ਦਾ ਕੇਸ ਜ਼ਿਆਦਾ ਤਾਕਤਵਰ ਸੀ ਕਿਉਂ ਕਿ ਉਹ ਬਰਤਾਨਵੀ ਪਰਜਾ ਸੀ, ਜਿਹੜੀ ਬਰਤਾਨਵੀ ਬਸਤੀ ਤੋਂ ਆਈ ਸੀ।(28) ਜਨਵਰੀ 1947 ਵਿੱਚ ਕਨੇਡੀਅਨ ਨਾਗਰਿਕਤਾ ਐਕਟ ਦੇ ਲਾਗੂ ਹੋਣ ਨਾਲ ਪਾਂਡੀਆ ਦੀ ਉਪਰੋਕਤ ਦਲੀਲ ਹਲਕੀ ਪੈ ਗਈ ਕਿਉਂ ਕਿ ਉਸ ਵਿੱਚ ਕਨੇਡੀਅਨਾਂ ਨੂੰ ਸੰਪੂਰਨ ਪ੍ਰਭਾਸ਼ਿਤ ਕੀਤਾ ਗਿਆ ਸੀ  ਅਤੇ ਬਰਤਾਨਵੀ ਪਰਜਾ ਵਜੋਂ ਨਹੀਂ। ਜੇ ਪਾਂਡੀਆ ਅਤੇ ਦੂਜਿਆਂ ਨੇ ਇਸ ਤਰ੍ਹਾਂ ਸੋਚਿਆ ਹੁੰਦਾ ਤਾਂ ਸ਼ਾਇਦ ਉਹ ਚੋਣ ਐਕਟ ਦੀ ਦੂਜੀ ਪੜ੍ਹਤ ਵੇਲੇ ਚੀਨਿਆਂ ਦੇ ਨਾਲ ਰਲ ਕੇ ਉਸ ਸੋਧ ਦਾ ਵਿਰੋਧ ਕਰਦੇ, ਜਿਸ ਰਾਹੀਂ ਅੰਗ੍ਰੇਜ਼ੀ ਜਾਂ ਫਰਾਂਸੀਸੀ ਵਿੱਚੋਂ ਕੋਈ ਵੀ ਭਾਸ਼ਾ ਨਾ ਬੋਲਣ ਵਾਲੇ ਨੂੰ ਅਯੋਗ ਕਰਾਰ ਦਿੱਤਾ ਜਾਣਾ ਸੀ( ਇੱਕ ਹੱਥ ਦੇ ਕੇ, ਦੂਜੇ ਹੱਥ ਉਸ ਵਿੱਚੋਂ ਕੁਝ ਵਾਪਸ ਲੈਣ ਵਾਲੀ ਗੱਲ)

ਇਸ ਸੋਧ ਦੇ ਬਾਵਜੂਦ ਵੀ ਸਾਊਥ ਏਸ਼ੀਅਨਾਂ ਤੇ ਚੀਨਿਆਂ ਨੇ 2 ਅਪ੍ਰੈਲ 1947 ਨੂੰ ਇੱਕ ਵੱਡੀ ਜਿੱਤ ਦੇ ਜਸ਼ਨ ਮਨਾਏ, ਜਦੋਂ ਵਿਧਾਨ ਸਭਾ ਨੇ ਚੋਣ ਐਕਟ ਨੂੰ ਜ਼ੀਰੋ ਦੇ ਮੁਕਾਬਲੇ ਛਿਆਲੀ ਵੋਟਾਂ ਨਾਲ ਪਾਸ ਕਰ ਦਿੱਤਾ, ਦੋ ਮੈਂਬਰ ਗੈਰ-ਹਾਜ਼ਰ ਸਨ। ਕਨੇਡਾ ਵਿੱਚ ਪੈਂਤੀ ਸਾਲ ਰਹਿਣ ਦੇ ਬਾਅਦ ਆਖਰਕਾਰ ਕਪੂਰ ਨੂੰ ਪੂਰੇ ਕਨੇਡੀਅਨ (ਜਾਂ ਇਸਦੇ ਨੇੜੇ-ਤੇੜੇ) ਦੇ ਤੌਰ `ਤੇ ਮਾਨਤਾ ਮਿਲ ਗਈ।  ਇਸੇ ਤਰ੍ਹਾਂ ਉਸਦੇ ਹੋਰ ਹਮਵਤਨੀਆਂ ਨੂੰ ਵੀ, ਪਰ ਜਿਹੜੇ ਅੰਗ੍ਰੇਜ਼ੀ ਨਹੀਂ ਸੀ ਬੋਲਦੇ ਜਾਂ ਜਿਨ੍ਹਾਂ ਕੋਲ ਪੱਕੀ ਕਨੂੰਨੀ ਰਿਹਾਇਸ਼ ਨਹੀਂ ਸੀ ਉਨ੍ਹਾਂ ਤੋਂ ਬਿਨਾਂ। ਅਤੇ ਚਾਰ ਮਹੀਨੇ ਬਾਅਦ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਦਿਨ ਆ ਗਿਆ, 15 ਅਗਸਤ, ਜਦੋਂ ਬਰਤਾਨਵੀ ਭਾਰਤ ਚੋਂ ਨਿਕਲ ਗਏ ਅਤੇ ਅਖੀਰ ਕਪੂਰ ਦੀ ਮਾਂ-ਭੂਮੀ ਆਜ਼ਾਦ ਹੋ ਗਈ। "ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ," ਉਸਦੀ ਬੇਟੀ, ਸੁਰਜੀਤ ਨੇ ਬਾਅਦ ਵਿੱਚ ਆਪਣੀ ਕਾਪੀ ਵਿੱਚ ਲਿਖਿਆ।

ਪਰ ਫਿਰ ਵੀ ਪਾਂਡੀਆ ਦਾ ਕੰਮ ਪੂਰਾ ਨਹੀਂ ਸੀ ਹੋਇਆ। ਸਾਊਥ ਏਸ਼ੀਅਨ ਫੈਡਰਲ ਚੋਣਾਂ ਵਿੱਚ ਵੋਟ ਪਾ ਸਕਦੇ ਸਨ ਜੇ ਉਨ੍ਹਾਂ ਕੋਲ ਸੁਬਾਈ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਹੁੰਦਾ, ਇਸ ਲਈ ਇਹ ਮਸਲਾ ਹੱਲ ਹੋ ਗਿਆ ਸੀ। ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਉਨ੍ਹਾਂ ਕੋਲ ਨਗਰਪਾਲਿਕਾ ਚੋਣਾਂ ਵਿੱਚ ਵੋਟ ਪਾਉਣ ਦਾ ਹੱਕ ਨਹੀਂ ਸੀ ਅਤੇ ਇਮੀਗਰੇਸ਼ਨ ਦਾ ਵੀ ਵੱਡਾ ਮਸਲਾ ਸੀ ਕਿਉਂ ਕਿ ਭਾਰਤ ਤੋਂ ਜੀਵਨ-ਸਾਥੀ ਤੇ ਬੱਚਿਆਂ ਤੋਂ ਬਿਨਾਂ ਕਨੇਡਾ ਹੋਰ ਕਿਸੇ ਪਰਵਾਸੀ ਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਦਿੰਦਾ ਅਤੇ ਪਾਂਡੀਆ ਵੱਲੋਂ ਆਮ ਮੁਆਫੀ ਲਈ 218 ਗੈਰ-ਕਾਨੂੰਨੀ ਪਰਵਾਸੀਆਂ ਦੀ ਦਿੱਤੀ ਲਿਸਟ ਜਿਹੜੀ ਉਸ ਨੇ 1939 ਵਿੱਚ ਕੀਤੇ ਸਮਝੌਤੇ ਤੋਂ ਬਾਅਦ ਦਿੱਤੀ ਸੀ, ਉਨ੍ਹਾਂ ਵਿੱਚੋਂ ਹਾਲੇ ਕਿਸੇ ਨੂੰ ਵੀ ਕਾਨੂੰਨੀ ਰਿਹਾਇਸ਼ ਦਾ ਰੁਤਬਾ ਨਹੀਂ ਸੀ ਮਿਲਿਆ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ। ਕਪੂਰ ਇਸ ਮਸਲੇ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿਉਂ ਕਿ ਉਸਦਾ ਛੋਟਾ ਭਰਾ, ਤਾਰਾ ਉਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਵਿੱਚੋਂ ਇੱਕ ਸੀ, ਅਤੇ ਉਸਦਾ ਪਰਿਵਾਰ  ਖੜੌਦੀ ਵਿੱਚ ਬੱਝਿਆ ਹੋਇਆ ਸੀ। 1946 ਦੀ ਪੱਤਝੜ ਰੁੱਤੇ, ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚਣ ਤੋਂ ਛੇਤੀ ਬਾਅਦ ਹੀ ਪਾਂਡੀਆ ਓਟਵਾ ਗਿਆ ਅਤੇ ਉਸ ਨੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਸਵੀਕਾਰ ਕਰਵਾਇਆ ਕਿ ਆਪਣੇ ਨਜ਼ਦੀਕੀ ਪਰਿਵਾਰ ਨੂੰ ਬੁਲਾਉਣ ਦੀ ਆਗਿਆ ਦੇਣ ਤੋਂ ਬਿਨਾਂ ਲੋਕਾਂ ਨੂੰ ਇੱਥੇ ਰਹਿਣ ਦੇਣਾ ਬੇਹੂਦਗੀ ਸੀ। ਉਸਦੇ ਜਾਣ ਤੋਂ ਬਾਅਦ ਸਰਕਾਰ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਹਰਕਤ ਵਿੱਚ ਆਈ, 1947 ਦੀ ਅਗਸਤ ਦੇ ਪਿਛਲੇ ਪੱਖ ਨੀਤੀਆਂ ਨੂੰ ਬਦਲਿਆ, ਇਤਫਾਕਨ ਭਾਰਤ ਦੀ ਆਜ਼ਾਦੀ ਤੋਂ ਇੱਕ ਹਫਤਾ ਬਾਅਦ ।(29) 218 ਬੰਦਿਆਂ ਨੂੰ ਅਖੀਰ ਕਾਨੂੰਨੀ ਰਿਹਾਇਸ਼ੀ ਰੁਤਬਾ ਮਿਲ ਗਿਆ ਅਤੇ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਸਪੌਂਸਰ ਕਰਨ ਦੇ ਯੋਗ ਹੋ ਗਏ। ਉਨ੍ਹਾਂ ਵਿੱਚੋਂ ਤਕਰੀਬਨ ਸੌ ਬੰਦਿਆਂ ਦੀਆਂ ਪਤਨੀਆਂ ਭਾਰਤ ਵਿੱਚ ਸਨ। ਤਾਰਾ ਛੇਤੀ ਹੀ ਆਪਣੀ ਬੀਵੀ ਅਤੇ ਬੱਚਿਆਂ ਨੂੰ ਲੈਣ ਚਲਾ ਗਿਆ।

ਪਾਂਡੀਆ, ਕਪੂਰ, ਕਰਤਾਰ, ਮੇਓ ਅਤੇ ਵੈਨਕੂਵਰ ਤੇ ਵਿਕਟੋਰੀਆ ਦੇ ਗੁਰਦਵਾਰਿਆਂ ਦੇ ਆਗੂਆਂ ਨੇ ਆਪਣਾ ਧਿਆਨ  ਨਗਰਪਾਲਿਕਾ ਲਈ ਵੋਟ ਦਾ ਹੱਕ ਲੈਣ ਵੱਲ ਕਰ ਲਿਆ। ਸਤੰਬਰ 1947 ਵਿੱਚ ਉਹ ਬੀ. ਸੀ. ਦੀਆਂ ਨਗਰਪਾਲਿਕਾਵਾਂ ਦੀ ਯੂਨੀਅਨ ਦੀ ਸਲਾਨਾ ਤਿੰਨ-ਰੋਜ਼ਾ ਕਨਵੈਸ਼ਨ  ਵਿੱਚ ਗਏ। ਉਸ ਸਾਲ ਇਹ ਵੈਨਕੂਵਰ ਦੇ ਪੂਰਬ ਵਿੱਚ ਇੱਕ ਤਫਰੀਹਗਾਹ ਵਾਲੇ ਕਸਬੇ, ਹੈਰੀਸਨ ਹਾਟ ਸਪਰਿੰਗ ਵਿੱਚ ਸੀ। ਕਪੂਰ ਤੇ ਮੇਓ ਨੇ ਸਾਰਾ ਖਰਚ ਚੁੱਕਿਆ ਪਰ ਇਸ ਤੋਂ ਵੀ ਮਹੱਤਵਪੂਰਨ ਇਹ ਸੀ ਕਿ ਉਹ ਉੱਥੇ ਸਨ ਅਤੇ ਵਫਦਕਾਰੀਆਂ ਨਾਲ ਘੁਲ-ਮਿਲ ਰਹੇ ਸਨ , ਇਸ ਤਰ੍ਹਾਂ ਉਹ ਸਭ ਨੂੰ ਯਾਦ ਕਰਵਾ ਰਹੇ ਸਨ ਕਿ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਕੁਝ ਬਹੁਤ ਕਾਮਯਾਬ ਸਖਸ਼ੀਅਤਾਂ ਸਨ ਜਿਨ੍ਹਾਂ ਨੇ ਸੈਂਕੜੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਸਨ, ਕੀਮਤੀ ਜਾਇਦਾਦਾਂ ਦੇ ਮਾਲਕ ਸਨ ਅਤੇ ਬਹੁਤ ਸਾਰਾ ਟੈਕਸ ਅਦਾ ਕਰਦੇ ਸਨ।

ਪਾਂਡੀਏ ਨੂੰ ਦੋ ਵਾਰ ਸਟੇਜ ਤੋਂ ਬੋਲਣ ਦਾ ਮੌਕਾ ਮਿਲਿਆ ਅਤੇ ਇਸਦਾ ਲਾਭ ਉਠਾਉਂਦਿਆਂ ਉਸ ਨੇ ਪੱਕਾ ਕੀਤਾ ਕਿ ਇਹ ਨੁਕਤਾ ਸਭ ਦੇ ਕੰਨੀਂ ਪਵੇ। ਉਸਨੇ ਟਿੱਪਣੀ ਕੀਤੀ ਕਿ ਕਪੂਰ ਤੇ ਮੇਓ ਕੋਲ ਗੋਰੇ ਕਰਮਚਾਰੀ ਵੀ ਸਨ ਜਿਹੜੇ ਵੋਟ ਪਾ ਸਕਦੇ ਸਨ, ਪਰ ਉਹ ਆਪ ਨਹੀਂ। ਪਾਂਡੀਆ ਨੇ ਵੱਡੀ ਤਸਵੀਰ ਦਿਖਾਉਂਦਿਆਂ ਨਵੀਂ ਯੂਨਾਈਟਡ ਨੇਸ਼ਨ ਦੇ ਉੱਚੇ ਅਸੂਲਾਂ ਦੀ ਪ੍ਰਸੰਸਾ ਕੀਤੀ, ਇਸਦੇ ਨਾਲ ਹੀ ਭਾਰਤੀ ਉਪ ਮਹਾਂਦੀਪ ਵਿੱਚੋਂ ਬਰਤਾਨਵੀਆਂ ਦੇ ਬਾਹਰ ਨਿਕਲਣ ਅਤੇ ਹਾਲ ਹੀ ਵਿੱਚ ਸਾਊਥ ਏਸ਼ੀਅਨਾਂ ਨੂੰ ਫੈਡਰਲ ਤੇ ਸੂਬਾਈ ਵੋਟ ਦੇ ਹੱਕ ਦੀ ਵੀ। ਦੁਨੀਆਂ ਅੱਗੇ ਵੱਲ ਵਧ ਰਹੀ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਨਗਰਪਾਲਿਕਾਵਾਂ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ। ਹੈਰੀਸਨ ਹਾਟ ਸਪਰਿੰਗ ਵਿੱਚ ਕਿਸੇ ਨੇ ਵੀ ਉਸ ਨਾਲ ਬਹਿਸ ਨਾ ਕੀਤੀ। ਸਾਰੇ ਸੂਬੇ ਦੀਆਂ ਨਗਰਪਾਲਿਕਾਵਾਂ ਦੇ ਵਫਦਕਾਰੀ ਹੁਣ ਸਾਊਥ ਏਸ਼ੀਅਨਾਂ ਨੂੰ ਨਗਰਪਾਲਿਕਾ ਲਈ ਵੋਟ ਦਾ ਅਧਿਕਾਰ ਦੇਣ ਦੇ ਹੱਕ ਵਿੱਚ ਸਨ। ਅਕਤੂਬਰ 1947 ਵਿੱਚ ਪਾਂਡੀਆ, ਕਪੂਰ, ਕਰਤਾਰ ਤੇ ਈਸ਼ਰ ਵੱਲੋਂ  ਵੈਨਕੂਵਰ ਕਾਉਂਸਲ ਦੀ ਬੈਠਕ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੈਨਕੂਵਰ ਸ਼ਹਿਰ, ਜਿਸਦਾ ਆਪਣਾ ਵਿਧਾਨ ਸੀ, ਵੀ ਛੇਤੀ ਹੀ ਸਿੱਧਾ ਹੋ ਗਿਆ । ਇਸ ਨਾਲ ਨਗਰਪਾਲਿਕਾ ਐਕਟ ਵਿੱਚ ਸੋਧ ਕਰਨ ਲਈ ਰਾਹ ਪੱਧਰਾ ਹੋ ਗਿਆ, ਜਿਹੜਾ ਆਉਂਦੇ ਅਪ੍ਰੈਲ ਵਿੱਚ ਸੂਬੇ ਦੀ ਵਿਧਾਨ ਸਭਾ ਵਿੱਚ ਪਾਸ ਹੋ ਗਿਆ।(30) ਇਸ ਨਾਲ, ਕਨੇਡਾ ਵਿੱਚ ਅੱਧੀ ਸਦੀ ਤੱਕ ਪੂਰੀ ਨਾਗਰਿਕਤਾ ਤੋਂ ਵਾਂਝੇ ਰੱਖਣ ਦਾ ਅੰਤ ਹੋ ਗਿਆ। ਕਪੂਰ ਤੇ ਉਸਦੇ ਦੋਸਤ ਜਾਣਦੇ ਸਨ ਕਿ ਜੰਗ ਤੋਂ ਬਾਅਦ ਲੋਕਾਂ ਦੇ ਨਜ਼ਰੀਏ ਵਿੱਚ ਆਈ ਤੇਜ਼ ਤਬਦੀਲੀ ਨੇ ਉਨ੍ਹਾਂ ਦੀ ਕਿੰਨੀ ਸਹਾਇਤਾ ਕੀਤੀ ਸੀ। ਪਰ ਉਨ੍ਹਾਂ ਨੂੰ ਆਪਣੀ ਸਖਤ ਮੇਹਨਤ ਨਾਲ ਕੀਤੀ ਪ੍ਰਾਪਤੀ `ਤੇ ਵੀ ਮਾਣ ਸੀ। ਉਨ੍ਹਾਂ ਦੀ ਜਿੱਤ ਉਨ੍ਹਾਂ ਨੂੰ ਦਿੱਤੀ ਨਹੀਂ ਗਈ। ਉਨ੍ਹਾਂ ਨੇ ਇਸ ਲਈ ਲੰਬੀ ਤੇ ਸਖਤ ਲੜਾਈ ਲੜੀ।(31)

1947-48 ਦੀਆਂ ਪੂਰੀਆਂ ਸਰਦੀਆਂ ਦੌਰਾਨ ਪਾਂਡੀਆ ਫੈਡਰਲ ਸਰਕਾਰ `ਤੇ ਇਮੀਗਰੇਸ਼ਨ ਲਈ ਨਰਮੀ ਵਰਤਣ ਲਈ ਜ਼ੋਰ ਪਾਉਂਦਾ ਰਿਹਾ। ਉਹ ਜੋਸ਼ ਭਰਿਆ ਸੀ।  ਉਹ ਸੋਚਦਾ ਸੀ ਕਿ ਕਨੇਡਾ ਘੱਟੋ ਘੱਟ ਅਮਰੀਕਾ ਜਿੰਨੀ ਢਿੱਲ ਦੇ ਸਕਦਾ ਸੀ। ਉਹ ਜਾਣਦਾ ਸੀ ਕਿ ਵਾਸ਼ਿੰਗਟਨ ਡੀ ਸੀ ਵਿੱਚ ਉਸਦੇ ਸਮਕਾਲੀ ਸਾਊਥ ਏਸ਼ੀਅਨਾਂ ਦੇ ਲੌਬੀਇਸਟ, ਅਨੂਪ ਸਿੰਘ ਢਿੱਲੋਂ ਨੇ ਭਾਰਤ ਤੋਂ ਅਮਰੀਕਾ  ਲਈ 100 ਪਰਵਾਸੀਆਂ ਦਾ ਸਲਾਨਾ ਕੋਟਾ ਪ੍ਰਾਪਤ ਕਰ ਲਿਆ ਸੀ। ਰਾਸ਼ਟਰਪਤੀ ਟਰੂਮੈਨ ਨੇ ਜੁਲਾਈ 1946 ਵਿੱਚ ਇਸ ਨੂੰ ਕਨੂੰਨ ਬਣਾ ਦਿੱਤਾ। ਵਾਸ਼ਿੰਗਟਨ ਦੇ ਬਹੁਤੇ ਸਿਆਸਤਦਾਨ ਸਮਝਦੇ ਸਨ ਕਿ ਇਸ ਨਾਲ ਅਮਰੀਕਾ ਦੇ ਭਾਰਤ ਨਾਲ ਸਬੰਧ ਸਥਾਪਤ ਹੋਣ  ਨੂੰ ਸਹਾਇਤਾ ਮਿਲੇਗੀ। ਪਾਂਡੀਆ ਸੋਚਦਾ ਸੀ ਕਿ ਕਨੇਡਾ ਨੂੰ ਆਪਣੀਆਂ ਇਮੀਗਰੇਸ਼ਨ ਨੀਤੀਆਂ ਨੂੰ ਢਿੱਲਾ ਕਰਕੇ ਇਹ ਲਾਭ ਦੇਖਣੇ ਚਾਹੀਦੇ ਸਨ।  ਓਟਵਾ ਵਿੱਚ ਉਹ ਇਮੀਗਰੇਸ਼ਨ ਦੇ ਡਾਇਰੈਕਟਰ, ਆਰਥਰ ਜੋਲਫੀ ਅਤੇ ਡਿਪਟੀ ਮੰਤਰੀ , ਹਿਊ ਕੀਨਲੇਸਾਈਡ(ਜਿਸ ਨੂੰ ਜੋਲਫੀ ਰੀਪੋਰਟ ਦਿੰਦਾ ਸੀ) ਨੂੰ ਮਿਲਿਆ। ਦੋਹੇਂ ਬੰਦੇ ਸਾਊਥ ਏਸ਼ੀਅਨਾਂ ਦੇ ਕੇਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ - ਕੀਨਲੇਸਾਈਡ ਆਪਣੇ ਵਿਦੇਸ਼ ਮੰਤਰਾਲੇ ਦੇ ਸਾਲਾਂ ਤੋਂ ਅਤੇ ਜੋਲਫੀ ਇਮੀਗਰੇਸ਼ਨ ਵਿੱਚ ਆਪਣੇ ਲੰਬੇ ਪੇਸ਼ੇ ਕਾਰਣ। ਦੋਹਾਂ ਦੀ ਬ੍ਰਿਟਿਸ਼ ਕੋਲੰਬੀਆ ਨਾਲ ਨੇੜਲੀ ਸਾਂਝ ਸੀ। ਕੀਨਲੇਸਾਈਡ ਦੀ ਕਿਸ਼ੋਰ ਉਮਰ ਇੱਥੇ ਬੀਤੀ ਸੀ ਅਤੇ ਜੋਲਫੀ  ਵੈਨਕੂਵਰ ਦੇ ਇਮੀਗਰੇਸ਼ਨ ਦਫਤਰ ਵਿੱਚ ਦਹਾਕੇ ਦੇ ਕਰੀਬ ਰਿਹਾ ਸੀ। ਕੀਨਲੇਸਾਈਡ ਹਮੇਸ਼ਾ ਸਾਊਥ ਏਸ਼ੀਅਨਾਂ ਦਾ ਹਮਦਰਦ ਰਿਹਾ ਸੀ , ਪਰ ਜੋਲਫੀ ਘੱਟ ਹਮਦਰਦ ਸੀ।(32)

ਬਾਅਦ ਵਿੱਚ , ਪਾਂਡੀਆ ਨੇ ਸੋਚਿਆ ਕਿ ਓਟਵਾ ਤੋਂ ਤਿੰਨ ਸਾਲ ਬਾਅਦ ਮਿਲਣ ਵਾਲੀ ਛੋਟੀ ਪਰ ਮਹੱਤਵਪੂਰਨ ਰਿਆਇਤ ਲਈ ਉਸ ਨੇ ਜ਼ਮੀਨ ਤਿਆਰ ਕਰ ਦਿੱਤੀ ਸੀ। ਇਸ ਛੋਟ ਵਿੱਚ ਭਾਰਤ ਤੋਂ 150 ਪਰਵਾਸੀਆਂ ਦਾ ਸਲਾਨਾ ਕੋਟਾ ਅਤੇ ਇਸਦੇ ਨਾਲ ਪਾਕਿਸਤਾਨ ਤੇ ਸ਼੍ਰੀਲੰਕਾ ਤੋਂ ਵੀ ਇਸ ਤੋਂ ਘੱਟ ਗਿਣਤੀ ਵਿੱਚ। ਜਦੋਂ ਉਸ ਨੇ ਪਹਿਲਾਂ ਜੋਲਫੀ ਤੇ ਉਸਦੇ ਵਿਭਾਗ ਨਾਲ ਗੱਲ ਕੀਤੀ ਸੀ ਉਨ੍ਹਾਂ ਨੇ ਕਿਸੇ ਵੀ ਛੋਟ ਦਾ ਵਿਰੋਧ ਕੀਤਾ ਸੀ ( ਪਰ ਫਿਰ ਵੀ ਦਲੀਲ ਭਰਪੂਰ) ਕਿਉਂ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਤੋਂ ਬਾਅਦ ਹੋਰ ਮੰਗਾਂ ਉੱਠਣਗੀਆਂ, ਨਾ ਸਿਰਫ ਸਾਊਥ ਏਸ਼ੀਅਨਾਂ ਵੱਲੋਂ ਸਗੋਂ ਚੀਨਿਆਂ ਅਤੇ ਹੋਰ ਏਸ਼ੀਅਨ ਗਰੁੱਪਾਂ ਵੱਲੋਂ ਵੀ। ਅਤੇ ਪ੍ਰਧਾਨ ਮੰਤਰੀ, ਕਿੰਗ ਲੋਕਾਂ ਦੇ ਵਿਚਾਰ ਜਾਣੇ ਤੋਂ ਪਹਿਲਾਂ ਕੋਈ ਵੀ ਫੈਸਲਾ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਉਸ ਨੇ ਬੂਹੇ ਖੋਲ੍ਹਣ ਲਈ ਆਪਣੇ ਅਫਸਰਾਂ `ਤੇ ਕੋਈ ਜ਼ੋਰ ਨਹੀਂ ਪਾਇਆ। ਭਾਰਤ ਦੀ ਆਜ਼ਾਦੀ ਪਾਂਡੀਆ ਦੇ ਹੱਕ ਵਿੱਚ ਜਾਂਦੀ ਸੀ, ਜਿਸਦਾ ਮਤਲਬ ਸੀ ਕਨੇਡਾ-ਭਾਰਤ ਦੇ ਸਬੰਧ। ਜੂਨ 1948 ਵਿੱਚ ਉਸਦੇ ਕਨੇਡਾ ਛੱਡਣ ਤੋਂ ਬਾਅਦ  ਕਨੇਡਾ ਦੀ ਕੈਬਨਿਟ ਨੇ ਉਸਦੇ ਪ੍ਰਸਤਾਵ ਨੂੰ ਦੇਖਿਆ। ਉਸ ਸਮੇਂ ਕਿੰਗ ਤੇ ਉਸਦੇ ਮੰਤਰੀਆਂ ਨੇ ਇਸ ਨੂੰ ਮੁੱਢੋਂ ਹੀ ਰੱਦ ਨਾ ਕੀਤਾ (ਉਹ ਸਿਰਫ ਫੈਸਲੇ ਨੂੰ ਲਮਕਾਉਂਦੇ ਰਹੇ) ਅਤੇ ਅਖੀਰ ਕਿੰਗ ਦੀ ਸਰਕਾਰ ਨੇ 1951 ਵਿੱਚ ਛੋਟਾ ਜਿਹਾ ਕੋਟਾ ਜਾਰੀ ਕੀਤਾ। ਇਸਦਾ ਕੁਝ ਸੇਹਰਾ ਪਾਂਡੀਆਂ ਦੀਆਂ ਕੋਸ਼ਿਸ਼ਾਂ ਸਿਰ ਵੀ ਬੱਝਦਾ ਸੀ।(33)

ਪਾਂਡੀਆ ਦੇ ਮਿਸ਼ਨ ਦਾ ਅੰਤ ਮਈ 1948 `ਚ ਹੋ ਗਿਆ, ਜਦੋਂ ਪਹਿਲੇ ਭਾਰਤੀ ਹਾਈਕਮਿਸ਼ਨਰ, ਐੱਚ ਐਸ ਮਲਿਕ ਨੇ ਓਟਵਾ ਵਿੱਚ ਆਪਣਾ ਅਹੁਦਾ ਸੰਭਾਲ ਲਿਆ। ਕਮਿਸ਼ਨਰ ਵਿਕਟੋਰੀਆ ਵਿੱਚ ਉਤਰਿਆ। ਉਸ ਤੋਂ ਕੁਝ ਦਿਨ ਬਾਅਦ ਪਾਂਡੀਆ ਹੈਲੀਫੈਕਸ ਤੋਂ ਕੋਨਾਰਡ ਲਾਈਨਰ ਦੇ ਮਿੳਰੋਟੇਨੀਆ ਰਾਹੀਂ ਅੰਗ੍ਰੇਜ਼ਾਂ ਦੀ ਸਾਊਥਹੈਂਪਟਨ ਬੰਦਰਗਾਹ ਵੱਲ ਵਿਦਾ ਹੋ ਗਿਆ। ਪਾਂਡੀਆ ਇਕੱਲਾ ਹੀ ਯਾਤਰਾ ਨਹੀਂ ਸੀ ਕਰ ਰਿਹਾ।  ਜਦੋਂ ਉਹ ਵਿਕਟੋਰੀਆ ਵਿੱਚ ਸੀ, ਉਹ ਸੀ ਸੀ ਐਫ ਦੀ ਕਾਰਜ਼ਸ਼ੀਲ, ਮਿਉਰੀਅਲ ਹੌਲਵੇਅ ਨੂੰ ਮਿਲਿਆ ਸੀ। ਉਹ ਅਮਨਪਸੰਦ ਘੱਟ ਗਿਣਤੀਆਂ, ਹਟਰਾਈਟ, ਮੈਨੋਨਾਈਟ, ਅਤੇ ਡਾਊਖੋਬਰ ਦੇ ਹੱਕਾਂ ਲਈ ਲਾਬੀ ਕਰ ਰਹੀ ਸੀ ਤੇ ਪਾਂਡੀਆ ਸਾਊਥ ਏਸ਼ੀਅਨਾਂ ਦੇ, ਅਤੇ ਉਸ ਨੇ ਆਪਣੀ ਕੁਝ ਊਰਜਾ ਪਾਂਡੀਆ ਦੇ ਕਾਰਜ ਵਿੱਚ ਲਾ ਦਿੱਤੀ। ਉਹ ਛੱਤੀ ਸਾਲ ਦੀ ਸੀ ਤੇ ਉਹ ਇਕਤਾਲੀ ਸਾਲ ਦਾ, ਉਮਰ ਵਿੱਚ ਕੋਈ ਵੱਡਾ ਫਰਕ ਨਹੀਂ ਸੀ, ਪਰ ਉਨ੍ਹਾਂ ਦਾ ਪਿਛੋਕੜ ਦੋ ਵੱਖ-ਵੱਖ ਕੋਨਿਆਂ ਤੋਂ ਸੀ, ਇੱਕ ਉੱਚੀ ਵਿਦਿਆ ਪ੍ਰਾਪਤ ਤੇ ਘੁੰਮਿਆ-ਫਿਰਿਆ ਭਾਰਤੀ ਅਤੇ  ਇੱਕ ਅੰਗ੍ਰੇਜ਼-ਕਨੇਡੀਅਨ ਔਰਤ ਜਿਸਦੇ ਕੰਮ-ਕਾਜੀ ਮਾਪੇ ਉਸ ਨੂੰ ਦੋ ਸਾਲ ਦੀ ਉਮਰ ਵਿੱਚ ਕਨੇਡਾ ਲੈ ਕੇ ਆਏ ਸਨ। ਉਸਦੀ ਜ਼ਿੰਦਗੀ ਦੇ ਪਹਿਲੇ ਸਾਲ ਵੈਨਕੂਵਰ ਅਤੇ ਬਰਤਾਨਵੀ ਉਦਯੋਗਿਕ ਸ਼ਹਿਰ, ਵੁਲਰਹੈਂਪਟਨ ਵਿੱਚ ਬੀਤੇ ਸਨ, ਜਿੱਥੇ ਉਸਦਾ ਜਨਮ ਹੋਇਆ ਅਤੇ ਜਿੱਥੇ ਉਸਦਾ ਪਰਿਵਾਰ, ਜਦੋਂ ਉਹ ਵੱਡੀ ਹੋ ਰਹੀ ਸੀ, ਪੰਜ ਸਾਲਾਂ ਬਾਅਦ ਵਾਪਸ ਮੁੜ ਆਇਆ ਸੀ। ਉਸਦਾ ਪਿਤਾ ਇੰਜੀਨੀਅਰਿੰਗ ਦਾ ਹੁਨਰੀ-ਕਾਮਾ ਸੀ, ਉਸਦਾ ਦਾਦਾ ਕੋਇਲੇ ਦਾ ਦੁਕਾਨਦਾਰ, ਅਤੇ ਉਸਦਾ ਸਭ ਤੋਂ ਵੱਡਾ ਭਰਾ ਕਨੇਡੀਅਨ ਸੈਨਾ ਵਿੱਚ ਭਰਤੀ ਹੋਣ ਤੋਂ ਪਹਿਲਾਂ ਜਹਾਜ਼ਾਂ ਦੇ ਕਾਰਖਾਨੇ ਵਿੱਚ ਗਲ਼ੀਆਂ ਕੱਢਣ ਵਾਲੀ ਮਸ਼ੀਨ ਚਲਾਉਂਦਾ ਸੀ।

ਪਾਂਡੀਆ ਰਾਹੀਂ ਮਿਉਰਿਅਲ, ਸਿੱਧੂ ਪਰਿਵਾਰ ਦੇ ਸਮਾਜਿਕ ਘੇਰੇ ਵਿੱਚ ਦਾਖਲ ਹੋ ਗਈ। ਅਤੇ ਉਸ ਨਾਲ ਵਿਆਹ ਕਰਵਾ ਕੇ ਪਾਂਡੀਆ ਨੇ ਪੱਕਾ ਕਰ ਲਿਆ ਕਿ ਉਹ ਇੱਕ ਦਿਨ ਕਨੇਡਾ ਪਰਤੇਗਾ, ਭਾਵੇਂ ਨਾ ਹੀ ਉਸ ਨੂੰ ਤੇ ਨਾ ਹੀ ਮਿਉਰੀਅਲ ਨੂੰ ਅੰਦਾਜ਼ਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਕਿੰਨਾ ਸਮਾਂ ਵੈਨਕੂਵਰ ਵਿੱਚ ਗੁਜ਼ਰੇਗਾ। ਜਦੋਂ ਉਹ 1948 ਵਿੱਚ ਹੈਲੀਫੈਕਸ ਵੱਲ ਰਵਾਨਾ ਹੋਏ, ਉਨ੍ਹਾਂ ਦਾ ਨਿਸ਼ਚਾ ਸੀ ਕਿ ਉਹ ਭਾਰਤ ਵਿੱਚ ਪੱਕੇ ਤੌਰ `ਤੇ ਟਿਕਣਗੇ। ਕਨੇਡਾ ਤੋਂ ਭਾਰਤ ਨੂੰ ਪਰਵਾਸ ਕਰਨ ਵਾਲੀਆਂ ਦੁਰਲੱਭ ਹਸਤੀਆਂ ਵਿੱਚੋਂ ਮਿਉਰਿਅਲ ਇੱਕ ਸੀ। ਰਸਤੇ ਵਿੱਚ ਉਹ ਲੰਡਨ ਵਿਖੇ ਲੰਬਾ ਸਮਾਂ ਰੁਕੇ, ਜਿੱਥੇ ਉਨ੍ਹਾਂ ਦੀ ਬੇਟੀ, ਅਰੁਨਾ ਦਾ ਜਨਮ ਹੋਇਆ, ਪਰ ਅਖੀਰ ਵਿੱਚ ਉਹ ਦਿੱਲੀ ਪਹੁੰਚ ਗਏ। ਉੱਥੇ ਉਨ੍ਹਾਂ ਨੇ ਦੇਸ਼ ਦੇ ਮੁੱਖ ਪਤੇ, ਗੌਰਮਿੰਟ ਹਾਊਸ, ਵਿੱਚ ਆਪਣਾ ਸਮਾਨ ਜਾ ਰੱਖਿਆ। ਇਹ 285 ਕਮਰਿਆਂ ਵਾਲਾ ਮਹਿਲ ਜੂਨ 1948 ਵਿੱਚ ਅਖੀਰਲੇ ਵਾਇਸਰਾਏ ਲਾਰਡ ਲੂਇਸ ਮਾਊਂਟਬੇਟਨ ਨੇ ਖਾਲੀ ਕੀਤਾ ਸੀ। ਪਾਂਡੀਆ, ਮਿਉਰੀਅਲ ਤੇ ਬੱਚੀ ਭਾਰਤ ਦੇ ਨਵੇਂ ਗਵਰਨਰ ਜਨਰਲ, ਚੱਕਰਵਰਤੀ ਰਾਜਗੁਪਾਲਾਚਾਰੀਆ ਦੇ ਮਹਿਮਾਨ ਵਜੋਂ ਇੱਥੇ ਟਿਕੇ ਸਨ, ਉਸ ਨੇ ਪਾਂਡੀਆ ਦਾ ਚਨੇਈ ਤੋਂ ਤਾਮਿਲ ਭਾਈ ਅਤੇ ਭਾਰਤ ਦੇ ਨੌਕਰ ਵਜੋਂ, ਜਿਸ ਨੇ ਸਮੁੰਦਰੋਂ ਪਾਰ ਬਹੁਤ ਸਾਲਾਂ ਤੱਕ ਭਾਰਤੀਆਂ ਦੀ ਸੇਵਾ ਕੀਤੀ ਸੀ, ਸਵਾਗਤ ਕੀਤਾ। ਸਪਸ਼ਟ ਸੀ ਕਿ ਪਾਂਡੀਆ ਨੂੰ ਭਵਿੱਖ ਵਿੱਚ ਕੋਈ ਮਹੱਤਵਪੂਰਨ ਸਰਕਾਰੀ ਨੌਕਰੀ ਉਡੀਕ ਰਹੀ ਸੀ। ਬਦਕਿਸਮਤੀ ਨੂੰ , ਮਿਉਰੀਅਲ ਤੇ ਬੱਚੀ ਅਰੁਨਾ, ਦੋਨੋਂ ਬਿਮਾਰ ਹੋ ਗਈਆਂ ਅਤੇ 1954 ਤੱਕ ਉਹ ਸਾਰੇ ਵੈਨਕੂਵਰ ਰਹਿਣ ਲਈ ਵਾਪਸ ਆ ਗਏ।

ਪਾਂਡੀਆ ਵਰਗਾ ਵਿਆਹ ਬ੍ਰਿਟਿਸ਼ ਕੋਲੰਬੀਆ ਵਿੱਚ  ਲਗਪਗ ਨਾ ਸੁਣਿਆ ਵਰਗਾ ਹੀ ਸੀ। 1943 ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਮਾਨਵਜਾਤੀ ਵਿਗਿਆਨੀ (ਐਥਨੋਗਰਾਫਰ), ਮਾਰੀਅਨ ਡਬਲਿਯੂ ਸਮਿੱਥ ਨੇ ਸੂਬੇ ਵਿੱਚ ਕਈ ਸਿੱਖਾਂ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਵਿੱਚ ਯੌਰਕ ਐਵੇਨਿਊ ਵਾਲੇ ਘਰ ਤੇ ਬਾਰਨੈੱਟ ਮਿੱਲ ਵਾਲੇ ਸਿੱਧੂ ਵੀ ਸ਼ਾਮਿਲ ਸਨ।  ਸਮਿੱਥ ਨੇ ਮਿਸ਼ਰਿਤ ਵਿਆਹਾਂ ਬਾਰੇ ਪੁੱਛਿਆ ਅਤੇ ਉਸ ਨੂੰ ਪਤਾ ਲੱਗਾ ਕਿ ਚਾਲ੍ਹੀ ਸਾਲਾਂ ਵਿੱਚ ਸਿਰਫ ਤਿੰਨ ਸਿੱਖਾਂ ਨੇ ਕਨੇਡੀਅਨ ਔਰਤਾਂ ਨਾਲ ਵਿਆਹ ਕਰਵਾਇਆ ਸੀ। ਪਰ ਕਨੇਡਾ ਵਿੱਚ ਜਵਾਨ ਹੋਈ (ਉਦੋਂ ਜੈਕੀ ਤੇ ਸੁਰਜੀਤ ਸਮੇਤ ਪੰਦਰਾਂ ਜਾਂ ਵੀਹ ਔਰਤਾਂ ਸਨ ਅਤੇ ਇਨ੍ਹਾਂ ਦੀ ਦਿੱਖ  ਪੱਛਮੀਂ ਰੰਗ-ਢੰਗ ਦੀ ਸੀ) ਕਿਸੇ ਵੀ ਸਿੱਖ ਔਰਤ ਨੇ ਕਨੇਡੀਅਨ ਬੰਦੇ ਨਾਲ ਵਿਆਹ ਨਹੀਂ ਕਰਵਾਇਆ।

ਸਾਊਥ ਏਸ਼ੀਅਨ ਭਾਈਚਾਰੇ ਵਿੱਚ ਤਕਰੀਬਨ 150 ਵਿਆਹੇ-ਵਰ੍ਹੇ ਜੋੜੇ ਅਤੇ ਉਨ੍ਹਾਂ ਦੇ ਚਾਰ ਸੌ ਬੱਚੇ ਸਨ, ਉਨ੍ਹਾਂ ਤੋਂ ਇਲਾਵਾ ਸੱਤ ਸੌ `ਕੱਲੇ-ਕਾਰੇ ਬੰਦੇ ਬੰਕਹਾਊਸਾਂ ਵਿੱਚ ਰਹਿੰਦੇ ਸਨ ਜਾਂ ਰਲ ਕੇ ਘਰ ਜਾਂ ਕਮਰੇ ਕਿਰਾਏ `ਤੇ ਲੈਂਦੇ ਸਨ।(34) ਇਨ੍ਹਾਂ '`ਕੱਲੇ-ਕਾਰਿਆਂ' ਵਿੱਚੋਂ ਬਹੁਤਿਆਂ ਦੀਆਂ ਪਤਨੀਆਂ ਭਾਰਤ ਵਿੱਚ ਸਨ, ਪਰ ਕਈ ਅਣਵਿਆਹੇ ਵੀ ਸਨ। ਇਨ੍ਹਾਂ ਅਣਵਿਆਹੇ ਬੰਦਿਆਂ ਕੋਲ ਕਨੇਡੀਅਨ ਔਰਤਾਂ ਨੂੰ ਮਿਲਣ ਦੇ ਬਹੁਤ ਘੱਟ ਮੌਕੇ ਹੁੰਦੇ ਸਨ ਕਿਉਂ ਕਿ ਕੰਮ ਤੋਂ ਸਿਵਾਏ ਉਨ੍ਹਾਂ ਦੇ ਕਨੇਡੀਅਨਾਂ ਨਾਲ ਸਮਾਜਿਕ ਸਬੰਧ ਨਾਂ-ਮਾਤਰ ਹੀ ਸਨ। ਇੱਥੋਂ ਤੱਕ ਕਿ ਕੁਝ ਕੁ ਜਿਹੜੇ ਪੜ੍ਹੇ-ਲਿਖੇ ਸਨ ਅਤੇ ਦਫਤਰੀ ਕੰਮ ਕਰਦੇ ਸਨ, ਆਖਦੇ ਸਨ ਕਿ ਉਨ੍ਹਾਂ ਲਈ ਕੰਮ ਤੋਂ ਬਾਹਰ ਗੋਰੇ ਕਨੇਡੀਅਨਾਂ ਨੂੰ ਦੋਸਤ ਬਣਾਉਣ ਵਿੱਚ ਕਠਿਨਾਈ ਆਉਂਦੀ ਸੀ। ਇਹ ਸਾਰਿਆਂ ਲਈ ਸੱਚੀ ਗੱਲ ਨਹੀਂ ਸੀ, ਕਿਉਂ ਕਿ ਜੈਕੀ ਤੇ ਸੁਰਜੀਤ ਦੇ ਚਚੇਰੇ ਭਰਾ ਅਜਾਇਬ ਦੇ ਹਮੇਸ਼ਾ ਕਈ ਗੋਰੇ ਦੋਸਤ ਮਿੱਤਰ ਰਹੇ ਸਨ। ਇਸਦੇ ਕਾਰਣ ਹਾਈ ਸਕੂਲ ਦੌਰਾਨ ਉਸਦਾ ਮਿਲਣਸਾਰ ਸੁਭਾਅ ਅਤੇ ਬਾਅਦ ਵਿੱਚ ਸਸਕੈਚਵਨ ਤੇ ਯੂਕੌਨ ਵਿੱਚ ਉਸਦਾ ਸੁਭਾਅ ਅਤੇ ਉਸਦੇ ਗੋਰੇ ਦੋਸਤਾਂ ਅੰਦਰ ਪੱਖਪਾਤੀ ਵਤੀਰੇ ਦੀ ਅਣਹੋਂਦ ਸਨ। (35)

ਪਹਿਲਾਂ 1908 ਵਿੱਚ ਛੱਬੀ ਸਾਲਾ ਪੜ੍ਹੇ-ਲਿਖੇ ਸਿੱਖ, ਮੁਨਸ਼ਾ ਸਿੰਘ ਨੇ ਐਨੀ ਰਾਈਟ ਨਾਲ ਵਿਆਹ ਕਰਵਾਇਆ ਸੀ। ਮੁਨਸ਼ਾ ਸਿੰਘ ਪਿੱਛੋਂ ਪਹਾੜੀਆਂ ਨਾਲ ਲਗਦੇ ਪੰਜਾਬ ਦੇ ਮੈਦਾਨੀ ਇਲਾਕੇ `ਚ ਪੈਂਦੇ ਪਿੰਡ, ਕੰਦੋਲਾ ਤੋਂ ਸੀ। ਐਨੀ ਰਾਈਟ ਦੀ ਉਮਰ ਤੀਹਾਂ ਦੇ ਪਿਛਲੇ ਪੱਖ ਵਿੱਚ ਸੀ। ਉਹ ਮੂੰਹ-ਮੱਥੇ ਲਗਦੀ ਵਿਧਵਾ ਸੀ ਅਤੇ ਉਸਦੀ ਇੱਕ ਨੌ ਸਾਲ ਦੀ ਧੀ ਸੀ। ਜਿੱਥੋਂ ਤੱਕ ਕੋਈ ਜਾਣਦਾ ਸੀ, ਇਹ ਕਿਸੇ ਗੋਰੀ ਔਰਤ ਅਤੇ ਸਾਊਥ ਏਸ਼ੀਅਨ ਦਾ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲਾ ਵਿਆਹ ਸੀ। ਇਸ ਜੋੜੇ ਦਾ ਵਿਆਹ ਵੈਨਕੂਵਰ ਦੀ ਸੇਂਟ ਜੇਮਜ ਐਂਗਲੀਕਨ ਚਰਚ ਵਿੱਚ ਇੱਕ ਅਜੇਹੇ ਪਾਦਰੀ ਦੁਆਰਾ ਹੋਇਆ, ਜਿਹੜਾ ਕਦੇ ਕੋਲਕਤਾ ਵਿੱਚ ਪਾਦਰੀ ਰਿਹਾ ਸੀ। ਅੱਠ ਮਹੀਨਿਆਂ ਬਾਅਦ ਉਨ੍ਹਾਂ ਦਾ ਵਿਆਹ ਵੈਨਕੂਵਰ ਦੇ ਗੁਰਦਵਾਰੇ ਵਿੱਚ ਦੁਬਾਰਾ ਸਿੱਖ ਮਰਿਯਾਦਾ ਨਾਲ ਪ੍ਰੋ. ਤੇਜਾ ਸਿੰਘ ਨੇ ਕੀਤਾ।(36) ਇਸਾਈ ਰਸਮਾਂ ਵੇਲੇ ਮੁਨਸ਼ਾ ਸਿੰਘ ਨੇ ਆਪਣੇ ਮਗਰਲੇ ਨਾਂ ਨਾਲ 'ਜੋਸਫ' ਜੋੜ ਲਿਆ ਅਤੇ ਸਿੱਖ ਰਸਮਾਂ ਵੇਲੇ ਐਨੀ ਨੂੰ ਲਾਭ ਕੌਰ  ਅਤੇ ਉਸਦੀ ਬੇਟੀ ਵਿੰਨੀ ਨੂੰ ਪ੍ਰੇਮ ਕੌਰ ਨਾਂ ਮਿਲੇ। ਐਨੀ ਤੇ ਮੁਨਸ਼ਾ ਨੇ ਆਪਣੇ ਮਕਾਨ ਵਿੱਚ ਦੁਕਾਨ ਪਾ ਰੱਖੀ ਸੀ। ਨਿਊਵੈਸਟਮਨਿਸਟਰ ਵਿੱਚ ਸੇਲਸਬਰੀ ਸੜਕ `ਤੇ ਇਸ ਮਕਾਨ ਨੂੰ ਐਨੀ ਨੇ ਆਪਣੇ ਪਤੀ ਨਾਲ ਮਿਲ ਕੇ ਖ੍ਰੀਦਿਆ ਸੀ। ਇਹ ਵਿਆਹ ਐਨੀ ਦੀ ਬਵੰਜਾ ਸਾਲ ਦੀ ਉਮਰ ਵਿੱਚ ਮੌਤ ਤੱਕ ਪੰਦਰਾ ਸਾਲ ਨਿਭਿਆ। ਮੁਨਸ਼ਾ ਸਿੰਘ ਲੰਬੇ ਸਮੇਂ ਤੋਂ ਵੈਨਕੂਵਰ ਦੇ ਗੁਰਦਵਾਰੇ ਵਿੱਚ ਸਰਗਰਮ ਸੀ। ਰਬਿੰਦਰ ਨਾਥ ਟੈਗੋਰ ਦੀ 1929 ਵਿੱਚ ਵੈਨਕੂਵਰ ਦੀ ਫੇਰੀ ਸਮੇਂ ਖਿੱਚੀ ਗਈ ਇੱਕ ਫੋਟੋ ਵਿੱਚ ਮੁਨਸ਼ਾ ਸਿੰਘ ਟੈਗੋਰ ਦੇ ਪਿੱਛੇ ਸੀ. ਐਫ. ਐਂਡਰਿਊਜ਼ ਅਤੇ ਕਰਤਾਰ ਸਿੰਘ ਦੇ ਵਿੱਚਕਾਰ ਖੜ੍ਹਾ ਹੈ।  ਇਕੱਲਾ ਉਸਦਾ ਵਿਆਹ ਹੀ ਸੀ ਜਿਸ ਨੂੰ 1940ਵਿਆਂ ਵਿੱਚ ਵੀ ਭਾਈਚਾਰੇ ਵਿੱਚ ਹਰੇਕ ਨੂੰ ਚੇਤੇ ਸੀ।

1936 ਵਿੱਚ ਰੱਖਾ ਸਿੰਘ ਆਪਣੀ ਮੈਕਸੀਕਨ ਪਤਨੀ, ਮਾਰੀਆ ਨਾਲ ਟੈਕਸਸ ਤੋਂ ਵਾਪਸ ਆ ਗਿਆ। ਅਤੇ 1940 ਵਿੱਚ ਈਸ਼ਰ ਸਿੰਘ ਬੈਂਸ, ਉਡਾਰੂ, ਜਮੇਕਾ ਦੇ ਕਿੰਗਸਟਨ ਵਿੱਚ ਵਿਆਹ ਲਈ ਕੁਝ ਸਮਾਂ ਰੁਕ ਕੇ ਆਪਣੀ ਜਮੇਕਾ ਵਿੱਚ ਜੰਮੀ ਜਵਾਨ ਪਤਨੀ, ਆਇਡਾ ਮਿਉਰੀਅਲ ਮੋਂਗੋਲ ਨਾਲ ਪਰਤ ਆਇਆ। ਉਸਦੀ ਪਤਨੀ ਕਿੰਗਸਟਨ ਦੇ ਬਾਹਰ ਵੱਲ ਹਾਈਗੇਟ ਤੋਂ ਸੀ। ਉਹ ਵਾਸ਼ਿੰਗਟਨ ਡੀ ਸੀ ਵਿੱਚ ਇਤਫਾਕਨ ਹੀ ਮਿਲੇ ਸਨ। ਈਸ਼ਰ ਸਿੰਘ ਤੇ ਡਾ. ਪਾਂਡੀਆ ਉੱਥੇ ਸਾਊਥ ਏਸ਼ੀਅਨ ਖਾਣੇ ਦੀ ਭਾਲ ਵਿੱਚ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਇੱਕ ਰੇਸਤੋਰਾਂ ਦੀ ਦੱਸ ਪਾਈ ਜਿਹੜਾ ਆਇਡਾ ਦੇ ਪਰਿਵਾਰ ਵੱਲੋਂ ਚਲਾਇਆ ਜਾਂਦਾ ਸੀ। ਉਹ ਸਾਊਥ ਏਸ਼ੀਅਨ ਸੀ ਪਰ ਇਸਾਈ ਮੱਤ ਨਾਲ ਸਬੰਧਤ ਅਤੇ ਪੰਜਾਬੀ ਨਹੀਂ ਬੋਲਦੀ ਸੀ। ਜਦੋਂ ਸਿੱਖਾਂ ਨੇ ਮਾਨਵਜਾਤੀ ਵਿਗਿਆਨੀ (ਐਥਨੋਲੋਜਿਸਟ) ਮਾਰੀਅਨ ਸਮਿੱਥ ਨਾਲ ਗੱਲਾਂ ਕੀਤੀਆਂ, ਸ਼ਾਇਦ ਉਹ ਗੋਰੇ ਕਨੇਡੀਅਨਾਂ ਤੋਂ ਬਿਨਾਂ ਹੋਰਾਂ ਨਾਲ ਵਿਆਹਾਂ ਬਾਰੇ ਨਹੀਂ ਸੋਚ ਰਹੇ ਸਨ। ਉਨ੍ਹਾਂ ਦਾ ਕੁਝ ਵੀ ਮਤਲਬ ਹੋਵੇ, ਉਨ੍ਹਾਂ ਦੇ ਪੰਜਾਬੀ ਭਾਈਚਾਰੇ ਤੋਂ ਬਾਹਰ ਬਹੁਤ ਥੋੜ੍ਹੇ ਵਿਆਹ ਹੋਏ। ਪਰ 1947 ਤੱਕ ਗਿਣਤੀ ਵਿੱਚ ਇੱਕ ਦਾ ਹੋਰ ਵਾਧਾ ਹੋ ਗਿਆ ਕਿਉਂ ਕਿ ਜਦੋਂ ਡਾ. ਪਾਂਡੀਆ ਨੇ ਮਿਉਰੀਅਲ ਹੋਲਵੇਅ ਨਾਲ ਵਿਆਹ ਕਰਵਾਇਆ, ਕਰਤਾਰ ਨੇ ਹੈਲਨ ਨਾਲ ਵਿਆਹ ਕਰਵਾ ਲਿਆ ਅਤੇ ਉਸਦੇ ਨਾਲ ਹੀ ਉਸਦੇ ਪੱਛਮੀ ਵੈਨਕੂਵਰ `ਚ ਸਮੁੰਦਰ ਦੇ ਨੇੜੇ ਡੰਡਰੇਵ ਇਲਾਕੇ ਵਿੱਚ ਰਹਿਣ ਲੱਗਾ। ਇਹ ਕਰਤਾਰ ਦੇ ਬਾਰਨੈੱਟ ਵਿੱਚ ਬਹੁਤ ਸਾਲ ਐਲਿਸ ਕਰਟਿਸ ਨਾਲ ਰਹਿਣ ਤੋਂ ਬਾਅਦ ਦੀ ਗੱਲ ਸੀ। ਐਲਿਸ ਉਸ ਲਈ ਮਾਂ ਵਾਂਗ ਸੀ ਤੇ ਵੈਨਕੂਵਰ ਉਸਦੇ ਨਾਲ ਹੀ ਆਈ ਸੀ। ਕਪੂਰ ਦੇ ਪਰਿਵਾਰ ਨੂੰ ਐਲਿਸ ਨਾਲ ਹਮਦਰਦੀ ਸੀ ਅਤੇ ਇਸ ਵਾਸਤੇ ਉਹ ਪਿੱਠ ਪਿੱਛੇ ਕਰਤਾਰ ਦੀ ਨਿੰਦਿਆ ਕਰਦੇ ਸਨ। ਪਰ ਉਹ ਲੰਬੇ ਸਮੇਂ ਤੋਂ ਦੋਸਤ ਸੀ ਅਤੇ ਇੱਕ ਵਿਲੱਖਣ ਸਮਾਜਕ ਘੇਰੇ ਦਾ ਲਾਜ਼ਮੀ ਹਿੱਸਾ ਸੀ। ਇਸ ਘੇਰੇ ਵਿੱਚ ਈਸ਼ਰ ਤੇ ਆਇਡਾ, ਡਾ. ਪਾਂਡੀਆ ਤੇ ਮਿਉਰੀਅਲ, ਅਤੇ ਕਰਤਾਰ ਤੇ ਹੈਲਨ ਸਨ।

1947 ਦੀ ਪੱਤਝੜ ਰੁੱਤੇ, ਭਾਰਤ ਦੀ ਆਜ਼ਾਦੀ ਤੋਂ ਛੇਤੀ ਬਾਅਦ, ਬਸੰਤ ਕੌਰ ਪੰਦਰਾਂ ਸਾਲਾਂ ਵਿੱਚ ਪਹਿਲੀ ਵਾਰ ਆਪਣੇ ਘਰ ਗਈ। ਉਸ ਨੇ ਜਲੰਧਰ ਜ਼ਿਲ੍ਹੇ ਦੇ ਇੱਕ ਹੋਰ ਸਿੱਖ ਪਰਿਵਾਰ ਨਾਲ ਸਫਰ ਕੀਤਾ। ਉਨ੍ਹਾਂ ਨੇ ਸਾਨਫਰਾਂਸਿਸਕੋ ਤੋਂ 'ਮੈਰੀਨ ਸਵੈਲੋ' ਰਾਹੀਂ ਸਮੁੰਦਰੀ ਸਫਰ ਸ਼ੁਰੂ ਕੀਤਾ। ਇਹ ਅਮਰੀਕਨ ਜਲ ਸੈਨਾ ਦਾ ਰੂਪਾਂਤਰਿਤ ਕੀਤਾ ਹੋਇਆ ਜਹਾਜ਼ ਸੀ, ਜਿਹੜਾ ਜੰਗ ਦੇ ਖਤਮ ਹੋਣ ਵੇਲੇ ਬਣਾਇਆ ਗਿਆ ਸੀ। ਇਸ ਛੋਟੇ ਜਹਾਜ਼ ਵਿੱਚ ਸਤੁੰਲਨ ਬਣਾਉਣ(stabilizers) ਵਾਲੇ ਯੰਤਰ ਨਹੀਂ ਸੀ ਲੱਗੇ ਹੋਏ, ਇਸ ਕਰਕੇ ਭਾਰਤ ਦਾ ਸਫਰ ਲੰਬਾ ਤੇ ਕੁਰੱਖਤ ਸੀ।  ਜਹਾਜ਼ ਕੰਪਨੀ ਨੇ ਇਸਦੀ ਇਸ਼ਤਿਹਾਰਬਾਜ਼ੀ ਇੱਕ ਤੈਰਦੇ ਵਿਲਾਸੀ ਹੋਟਲ ਵਜੋਂ ਕੀਤੀ ਸੀ ਪਰ ਇਸਨੇ ਪਰਖਿਆ ਤਾਂ ਖਾਣੇ ਮੌਕੇ ਜਾਣਾ ਸੀ, ਜਦੋਂ ਇਸਦਾ ਵਾਹ ਬਸੰਤ ਕੌਰ ਵਰਗੀ ਸ਼ੁੱਧ ਸ਼ਾਕਾਹਾਰੀ ਨਾਲ ਪੈਣਾ ਸੀ। ਜਦੋਂ ਉਹ ਮੁੰਬਈ ਤੋਂ ਰੇਲਗੱਡੀ ਰਾਹੀਂ ਪੰਜਾਬ ਪਹੁੰਚੀ, ਉਸ ਨੇ ਦੇਖਿਆ ਕਿ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਵਾਪਰੀ ਭਿਆਨਕ ਹਿੰਸਾ ਨਾਲ ਦੇਸ਼ ਵਿੱਚ ਮੱਚੀ ਤਬਾਹੀ ਤੋਂ ਬਾਅਦ ਸਥਿਤੀ ਕਨੂੰਨ ਦੀ ਪਕੜ ਹੇਠ ਆ ਗਈ ਸੀ। ਇਹ ਹਿੰਸਾ ਕਈ ਮਹੀਨਿਆ ਤੱਕ ਚੱਲੀ ਸੀ ਅਤੇ ਅਗਸਤ ਤੇ ਸਤੰਬਰ ਮਹੀਨਿਆਂ ਵਿੱਚ ਸਿੱਖਰ `ਤੇ ਸੀ ਜਦੋਂ ਸਭਿੱਅਕ ਸਮਾਜ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ ਤੇ ਦਰਿੰਦਗੀ ਨੇ ਨੰਗਾ ਨਾਚ ਨੱਚਿਆ ਸੀ। ਇਸ ਸਭ ਕੁਝ ਤੋਂ ਬਾਅਦ ਦੇਸ਼ ਨੂੰ ਸਦਮੇ ਵਿੱਚ ਉਸ ਨੇ ਆਪਣੇ ਅੱਖੀਂ ਦੇਖਿਆ। ਇਹ ਸਭ ਬਰਤਾਨੀਆ ਵੱਲੋਂ ਬਿਨਾਂ ਦੂਰ ਦੀ ਸੋਚੇ ਦੇਸ਼ ਵਿੱਚੋਂ ਬਾਹਰ ਨਿਕਲਣਾ ਅਤੇ ਪੰਜਾਬ ਦਾ ਭਾਰਤ ਅਤੇ ਨਵੇਂ ਬਣੇ ਮੁਸਲਿਮ ਦੇਸ਼ ਪਾਕਿਸਤਾਨ ਵਿੱਚ ਵੰਡੇ ਜਾਣ ਦਾ ਸਿੱਧਾ ਨਤੀਜਾ ਸੀ। ਯਕੀਨਨ, ਇਹ ਸਭ ਦੇਖਣ ਲਈ ਹੀ ਉਹ ਨਹੀਂ ਸੀ ਆਈ। ਉਹ ਔੜ ਪਿੰਡ ਵਿੱਚ ਆਪਣੀ ਮਾਂ (ਜੈਕੀ ਤੇ ਸੁਰਜੀਤ ਦੀ ਨਾਨੀ, ਸੰਧੂ) ਨੂੰ ਮਿਲਣ ਆਈ ਸੀ, ਜਿਹੜੀ ਹੁਣ ਅਠਾਸੀ ਸਾਲ ਦੀ ਹੋ ਗਈ ਸੀ ਤੇ  ਹਾਲੇ ਵੀ ਪਿੰਡ ਦੇ ਉਸੇ ਘਰ ਵਿੱਚ ਰਹਿ ਰਹੀ ਸੀ ਜਿੱਥੇ ਉਹ ਦੁਲਹਨ ਬਣ ਕੇ ਆਈ ਸੀ।

ਔੜ ਵਿੱਚ ਗੁਜ਼ਾਰੇ ਮਹੀਨੇ ਦੌਰਾਨ ਬਸੰਤ ਕੌਰ ਪਰਿਵਾਰ ਦੇ ਘਰ ਅਤੇ ਨਾਲ ਲਗਦੀਆਂ ਗਲ਼ੀਆਂ, ਜਿਨ੍ਹਾਂ ਦੀ ਉਹ ਭਲੀ-ਭਾਂਤ ਜਾਣੂੰ ਸੀ, ਤੱਕ ਹੀ ਸੀਮਤ ਰਹੀ ਅਤੇ ਬਾਜ਼ਾਰ ਵੀ ਅਣਸਰਦੇ ਹੀ ਜਾਂਦੀ। ਪਰ ਉਸ ਨੇ ਦੇਸ਼ ਵਿੱਚ ਵਾਪਰੇ ਬੇਰਿਹਮ ਦੁਖਾਂਤ ਦੇ ਸਬੂਤ ਹਰ ਥਾਂ ਦੇਖੇ। ਔੜ, ਮੰਡੀ ਵਾਲਾ ਪੁਰਾਣਾ ਕਸਬਾ ਸੀ ਅਤੇ ਪਹਾੜੀ ਤੇ ਮੈਦਾਨੀ ਇਲਾਕੇ ਦੇ ਲੋਕਾਂ ਦੇ ਵਪਾਰ ਵਾਸਤੇ ਮਿਲਣ ਵਾਲੀ ਥਾਂ ਸੀ। ਸਦੀਆਂ ਤੋਂ ਹਿੰਦੂ, ਸਿੱਖ ਤੇ ਮੁਸਲਮਾਨ ਮੰਡੀ ਵਿੱਚ ਆਉਂਦੇ ਰਹੇ ਸਨ ਅਤੇ ਲੰਬੇ ਸਮੇਂ ਤੋਂ ਸ਼ਾਂਤੀ ਨਾਲ ਰਹਿੰਦੇ ਰਹੇ ਸਨ। ਅਗਸਤ ਤੇ ਸਤੰਬਰ ਮਹੀਨੇ ਦੀ ਹਿੰਸਾ ਦੌਰਾਨ ਔੜ ਮੁਸਲਮਾਨਾਂ ਲਈ ਮਿਲਣ ਵਾਲੀ ਥਾਂ ਬਣ ਗਿਆ ਸੀ, ਜਿਹੜੇ ਪਾਕਿਸਤਾਨ ਵਿੱਚ ਹਿਜਰਤ ਕਰਨ ਤੋਂ ਪਹਿਲਾਂ ਆਪਣੇ ਮਕਾਨ ਤੇ ਦੁਕਾਨਾਂ ਛੱਡ ਕੇ  ਸ਼ਰਨ ਅਤੇ ਸਲਾਮਤੀ ਦੀ ਭਾਲ ਵਿੱਚ ਹੁੰਦੇ। ਉਨ੍ਹਾਂ ਵੱਲੋਂ ਛੱਡੀਆਂ ਥਾਵਾਂ ਨੂੰ ਪਾਕਿਸਤਾਨ ਵੱਲੋਂ ਬਚ ਕੇ ਆਏ ਹਿੰਦੂ ਤੇ ਸਿੱਖ ਭਰ ਰਹੇ ਸਨ।

ਸੰਧੂ ਪਰਿਵਾਰ ਦਾ ਘਰ, ਜਿਹੜਾ ਕਦੇ ਜਗੀਰਦਾਰ ਦਾ ਕਿਲਾ ਹੋਇਆ ਕਰਦਾ ਸੀ, ਹੁਣ ਨਾਲ ਲੱਗਵੀਆਂ ਛੋਟੀਆਂ ਇਮਾਰਤਾਂ ਜਿਹੜੀਆਂ ਗੁਆਂਢੀਆਂ ਦੇ ਮਕਾਨਾਂ ਨਾਲ ਲਗਦੀਆਂ ਸਨ ਨਾਲ ਘਿਰਿਆ ਇੱਕ ਵਿਹੜਾ ਸੀ। ਉਸਦੀ ਮਾਂ ਦੀ ਦੇਖਭਾਲ ਪਿੰਡ ਦੇ ਹੀ ਕਰਮ ਸਿੰਘ ਤੇ ਗੁਰਮੀਤ ਕੌਰ ਨਾਂ ਦੇ  ਪਤੀ-ਪਤਨੀ ਕਰਦੇ ਸਨ। ਬਸੰਤ ਕੌਰ ਨੇ ਆਪਣੀ ਮਾਂ ਨਾਲ ਕਈ ਮਹੀਨੇ ਰਹਿੰਦਿਆਂ ਉਸ ਨੂੰ ਆਪਣੇ ਨਾਲ ਕਨੇਡਾ ਲਿਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨਹੀਂ ਮੰਨੀ। ਮੁੜਨ ਤੋਂ ਪਹਿਲਾਂ ਉਸ ਨੇ ਇੱਕ ਹੋਰ ਕੰਮ ਨਬੇੜ ਲਿਆ ਸੀ, ਆਪਣੀ ਮਾਂ ਕੋਲ ਛੱਡੇ ਆਪਣੇ ਸੋਨੇ ਦੇ ਗਹਿਣੇ ਸੰਭਾਲ ਲਏ ਸਨ। ਬਹੁਤ ਵਰ੍ਹੇ ਪਹਿਲਾਂ ਉਸ ਨੇ ਕੁਝ ਗਹਿਣੇ ਕਪੂਰ ਨੂੰ ਉਸਦੇ ਪਹਿਲੀ ਵਾਰ ਪਰਵਾਸ ਕਰਨ ਵੇਲੇ ਦੇ ਦਿੱਤੇ ਸਨ। ਬਾਅਦ ਵਿੱਚ ਜਦੋਂ ਉਹ ਆਪ ਕਨੇਡਾ ਆਈ ਸੀ, ਉਦੋਂ ਕੁਝ ਗਹਿਣੇ ਉਸ ਨੇ ਪੈਸਿਆ ਵਿੱਚ ਵਟਾ ਲਏ ਸਨ ਅਤੇ ਬਾਕੀ ਬਚਦਿਆਂ ਵਿੱਚੋਂ ਜ਼ਿਆਦਾਤਰ ਉਦੋਂ ਲੈ ਲਏ ਸਨ ਜਦੋਂ ਉਹ 1932-33 ਵਿੱਚ ਭਾਰਤ ਆਏ ਸਨ। ਹੁਣ ਉਸ ਨੇ ਬਾਕੀ ਬਚਿਆਂ ਨੂੰ ਸੰਭਾਲਿਆ ਸੀ। ਉਨ੍ਹਾਂ ਦੇ ਵਿਆਹ ਵੇਲੇ ਕਪੂਰ ਨੇ ਅੰਦਾਜ਼ਾ ਲਾਇਆ ਸੀ ਕਿ ਗਹਿਣੇ 18000 ਰੁਪਏ ਜਾਂ 5600 ਡਾਲਰ ਮੁੱਲ ਦੇ ਲਗਭਗ ਸਨ। ਉਨ੍ਹਾਂ ਸਮਿਆਂ ਵਿੱਚ ਇਹ ਇੱਕ ਵੱਡੀ ਰਾਸ਼ੀ ਸੀ ਅਤੇ ਸੰਧੂ ਪਰਿਵਾਰ ਦੀ ਹੈਸੀਅਤ ਵੱਲ ਇਸ਼ਾਰਾ ਕਰਦੀ ਸੀ। ਔੜ ਤੋਂ ਬਾਕੀ ਬਚਿਆ ਮਾਲ ਸਮੇਟਦੇ ਸਮੇਂ ਉਹ ਇਸ ਸਚਾਈ ਨੂੰ ਮੰਨ ਰਹੀ ਸੀ ਕਿ ਜ਼ਿੰਦਗੀ ਨੇ ਚਲਦੀ ਰਹਿਣਾ ਸੀ।

ਜਦੋਂ ਜਨਵਰੀ 1948 ਵਿੱਚ ਬਸੰਤ ਭਾਰਤ ਤੋਂ ਵਾਪਸ ਪਰਤੀ, ਕਪੂਰ, ਜੈਕੀ ਤੇ ਸੁਰਜੀਤ ਉਸ ਨੂੰ ਲੈਣ ਵਾਸਤੇ ਕਾਰ ਚਲਾ ਕੇ ਸਾਨਫਰਾਂਸਿਸਕੋ ਪਹੁੰਚੇ। ਉਨ੍ਹਾਂ ਨੂੰ ਬਸੰਤ ਕੌਰ ਦੇ ਭਾਰਤ ਫੇਰੀ ਦੌਰਾਨ ਘਟੇ ਭਾਰ ਨੂੰ ਦੇਖ ਕੇ ਸਦਮਾ ਲੱਗਾ। ਅਤੇ ਕਪੂਰ ਨੇ ਇਸ ਦੌਰਾਨ ਆਪਣੀ ਬਿਮਾਰ ਹੀ ਸੇਹਤ ਬਾਰੇ ਵੀ ਦੱਸਣਾ ਸੀ।  ਜੈਕੀ ਤੇ ਸੁਰਜੀਤ ਟਰਾਂਟੋ ਸਨ ਅਤੇ ਉਨ੍ਹਾਂ ਦੀ ਮਾਂ ਵੀ ਘਰ ਨਹੀਂ ਸੀ, ਕਪੂਰ ਪੱਚੀ ਸਾਲਾਂ ਵਿੱਚ ਪਹਿਲੀ ਵਾਰ ਇਕੱਲਾ ਰਿਹਾ ਸੀ। ਉਹ ਖਾਣਾ ਪਕਾਉਣਾ ਜਾਣਦਾ ਸੀ ਪਰ ਇਸਦੀ ਥਾਂ ਉਹ ਬਸੰਤ ਕੌਰ ਵੱਲੋਂ ਬਣਾ ਕੇ ਦਿੱਤੀ ਪੰਜੀਰੀ(ਪੰਜਾਬੀ ਮਿੱਠਾ, ਜਿਸ ਵਿੱਚ ਘਿਓ, ਖੰਡ, ਗਿਰੀਆਂ ਅਤੇ ਸੁੱਕੇ ਮੇਵਿਆਂ ਦੀ ਭਰਮਾਰ ਹੁੰਦੀ ਹੈ)ਦੇ ਗੱਫੇ ਲਾਉਂਦਾ ਰਿਹਾ। ਦੁਪਹਿਰ ਦੇ ਖਾਣੇ ਦੀ ਥਾਂ ਉਹ ਪੰਜੀਰੀ ਦੀਆਂ ਕੌਲੀਆਂ ਭਰ ਲੈਂਦਾ। ਜਦੋਂ ਤੱਕ ਬਸੰਤ ਕੌਰ ਵਾਪਸ ਪਰਤੀ, ਕਪੂਰ ਅੰਦਰ ਸ਼ੱਕਰ ਰੋਗ ਦੇ ਲੱਛਣ ਪੂਰੀ ਤਰ੍ਹਾਂ ਉਨੱਤ ਹੋ ਗਏ ਸਨ।

ਜ਼ਿੰਦਗੀ ਦੇ ਉਸ ਸਮੇਂ `ਤੇ, ਆਪਣੀ ਸੇਹਤ ਬਾਰੇ ਮਾੜੀ ਖਬਰ ਤੋਂ ਬਿਨਾਂ ਕਪੂਰ ਨੂੰ ਜਿਸ ਦਿਸ਼ਾ ਵਿੱਚ ਉਸਦੀ ਦੁਨੀਆਂ ਚੱਲ ਰਹੀ ਸੀ, ਉਸ ਬਾਰੇ ਭਰਪੂਰ ਤਸੱਲੀ ਸੀ। ਉਸ ਨੇ ਆਪਣੀਆਂ ਬੇਟੀਆਂ ਨੂੰ ਭਾਰਤ ਦੀ ਦੇਸ਼-ਭਗਤੀ ਦੀ ਐਨੀ ਤਕੜੀ ਸਿੱਖਿਆ ਦਿੱਤੀ ਸੀ ਕਿ ਉਹ ਗਦਰੀ ਬਣ ਕੇ ਭਾਰਤ ਦੀ ਆਜ਼ਾਦੀ ਲਈ ਲੜਣ ਬਾਰੇ ਸੁਪਨੇ ਲੈਂਦੀਆਂ ਸਨ। ਹੁਣ ਬਰਤਾਨਵੀ ਜਾ ਚੁੱਕੇ ਸਨ ਅਤੇ ਸ਼ੁਕਰ ਸੀ ਕਿ ਉਨ੍ਹਾਂ ਨੇ ਇਸ ਤਾਂਘ ਨੂੰ ਪਾਸੇ ਰੱਖ ਦਿੱਤਾ। ਉਸ ਨੇ ਭਵਿੱਖ ਵਿੱਚ ਵਿਸ਼ਵਾਸ਼ ਰੱਖਦਿਆਂ ਕਨੇਡਾ ਨੂੰ ਆਪਣਾ ਦੇਸ਼ ਬਣਾ ਲਿਆ ਸੀ, ਅਤੇ ਵੋਟ ਦੇ ਹੱਕ ਦੀ ਪ੍ਰਾਪਤੀ ਨਾਲ ਉਹ ਵਿਸ਼ਵਾਸ਼ ਪੂਰਾ ਹੋ ਗਿਆ ਸੀ। ਜਦੋਂ ਉਹ ਅੱਗੇ ਵੱਲ ਦੇਖਦਾ, ਉਹ ਪੂਰੇ ਵਿਸ਼ਵਾਸ਼ ਨਾਲ ਕਨੇਡਾ ਨੂੰ ਵਿਹਾਰੀ ਰੂਪ ਵਿੱਚ ਇੱਕ ਅਸਲੀ ਸੰਯੁਕਤ ਰਾਸ਼ਟਰ ਆਖਦਾ। ਇਸ ਬਾਰੇ ਉਹ ਬਹੁਤ ਡੂੰਘਾਈ ਨਾਲ ਮਹਿਸੂਸ ਕਰਦਾ ਕਿ ਉਸਦਾ ਅਪਣਾਇਆ ਹੋਇਆ ਦੇਸ਼ ਆਪਣੀਆਂ ਸੰਭਾਵਨਾਵਾਂ ਮੁਤਾਬਕ ਰਹਿ ਰਿਹਾ ਸੀ ਜਿਸ ਬਾਰੇ ਉਸ ਨੂੰ ਹਮੇਸ਼ਾ ਆਸ ਰਹੀ ਸੀ। ਦੋ ਵਾਰ ਅੱਗ ਲੱਗਣ ਦੇ ਬਾਵਜੂਦ ਉਸਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ ਤੇ ਉਸ ਨੂੰ ਆਪਣੇ ਲੋਕਾਂ ਦੀ ਜੱਦੋ-ਜਹਿਦ ਲਈ ਸਹਾਇਤਾ ਕਰਨ ਲਈ ਸਾਧਨ ਦੇ ਰਿਹਾ ਸੀ। ਇਹ ਉਸਦਾ ਕਾਰੋਬਾਰ ਹੀ ਸੀ ਜਿਸ ਕਰਕੇ ਉਹ ਆਪਣੇ ਲੋਕਾਂ ਲਈ ਵਕਾਲਤ ਕਰਨ ਵਾਲਿਆਂ ਨੂੰ ਸਹਿਯੋਗ ਦੇ ਸਕਿਆ ਅਤੇ  ਪਾਂਡੀਆ, ਅਤੇ ਲੰਬੇ ਸਮੇਂ ਲਈ ਆਪਣੇ ਪੁਰਾਣੇ ਮਿੱਤਰ ਕਰਤਾਰ ਸਿੰਘ ਦੀ ਮੱਦਦ ਕਰ ਸਕਿਆ ਜਿਹੜਾ ਬਾਰਨੈੱਟ ਮਿੱਲ ਤੋਂ ਤਨਖਾਹ ਲੈਂਦਾ ਸੀ ਪਰ ਬਹੁਤਾ ਸਮਾਂ ਭਾਈਚਾਰੇ ਦੇ ਕੰਮਾਂ ਵਿੱਚ ਲਾਉਂਦਾ ਸੀ। ਕਪੂਰ ਨੂੰ ਆਪਣੀਆਂ ਬੇਟੀਆਂ ਦੀ ਸਕੂਲ ਵਿੱਚ ਪ੍ਰਾਪਤੀ `ਤੇ ਮਾਣ ਸੀ ਅਤੇ ਉਹ ਮਾਨਵਜਾਤੀ ਵਿਗਿਆਨੀ (ਐਥਨੋਲੋਜਿਸਟ) ਮਾਰੀਅਨ ਸਮਿੱਥ ਵਰਗੇ ਲੋਕਾਂ ਨੂੰ ਦੱਸ ਕੇ ਖੁਸ਼ ਹੁੰਦਾ ਕਿ ਉਸਦੀਆਂ ਬੇਟੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਸਨ। ਪਰ ਉਹ ਅਤੇ ਬਸੰਤ ਕੌਰ ਹਾਲੇ ਵੀ ਚਾਹੁੰਦੇ ਸਨ ਕਿ ਉਹ ਡਾਕਟਰ ਵਜੋਂ ਭਾਰਤ ਜਾਣ, ਇਸ ਯੋਜਨਾ ਨੂੰ ਜੈਕੀ ਤੇ ਸੁਰਜੀਤ ਪੂਰੀ ਤਰ੍ਹਾਂ ਸਮਝਦੀਆਂ ਸਨ।

Read 121 times Last modified on Tuesday, 01 May 2018 12:34