ਲੇਖ਼ਕ

Tuesday, 01 May 2018 12:22

13. ਕਿਲੇ ਦੇ ਮੋਤੀ - ਭਾਰਤ ਅਤੇ ਅਧਿਆਤਮ ਬਾਰੇ ਸਬਕ

Written by
Rate this item
(0 votes)

ਅਨੁਵਾਦਕ: ਹਰਪ੍ਰੀਤ ਸੇਖਾ

ਜਵਾਨ ਬਾਲਗ ਵਜੋਂ ਜੈਕੀ ਤੇ ਸੁਰਜੀਤ ਆਪਣੇ ਮਾਪਿਆਂ ਦੀ ਮਾਤਰ-ਭੂਮੀ ਅਤੇ ਇਸਦੇ ਇਤਿਹਾਸ, ਰਵਾਇਤਾਂ ਅਤੇ ਸੱਭਿਆਚਾਰ `ਤੇ ਮਾਣ ਕਰਦੀਆਂ ਸਨ। ਇਸ ਦੀ ਜਾਗ ਉਨ੍ਹਾਂ ਨੂੰ ਕਨੇਡਾ `ਚ ਇੱਕ ਮਿੱਲ ਵਾਲੇ ਪਿੰਡ ਵਿੱਚ ਗੁਜ਼ਾਰੇ ਬਚਪਨ ਤੋਂ ਲੱਗੀ। ਇਸ ਪਿੰਡ ਦਾ ਮਾਲਕ ਅਤੇ ਸੰਚਾਲਕ ਉਨ੍ਹਾਂ ਦਾ ਪਿਤਾ ਅਤੇ ਉਸਦੇ ਹਿੱਸੇਦਾਰ ਸਨ ਅਤੇ ਇਹ ਬਹੁ ਸੱਭਿਆਚਾਰਕ ਦੁਨੀਆਂ ਸੀ, ਜਿੱਥੇ ਉਹ ਆਪਣੇ ਆਪ ਵਿੱਚ ਸੁਰੱਖਿਅਤ ਅਤੇ ਆਰਾਮ ਦਾਇਕ ਮਹਿਸੂਸ ਕਰਦੀਆਂ ਸਨ। ਆਪਣੇ ਪਿਤਾ ਵੱਲੋਂ ਭਾਰਤ ਦੀਆਂ ਪਰੰਪਰਾਵਾਂ ਅਤੇ ਅਧਿਆਤਮਿਕ ਸਿੱਖਿਆਵਾਂ ਦੀਆਂ ਗੱਲਾਂ ਅਤੇ ਮਾਂ ਤੋਂ ਸਿੱਖ ਤੇ ਹਿੰਦੂ ਰਵਾਇਤਾਂ ਦੀਆਂ ਗੱਲਾਂ ਸੁਨਣ ਕਰਕੇ ਵੀ ਉਹ ਇਸ ਵੱਲ ਖਿੱਚੀਆਂ ਗਈਆਂ। ਅਤੇ ਹੋਰ ਵੀ ਸਹਾਇਤਾ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਨੂੰ ਦੇਖ ਕੇ ਮਿਲੀ, ਜਿਹੜੀ ਸੰਤਾਂ ਵਰਗੇ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਮਿਲੀ। ਪਰ ਭਾਰਤ ਬਾਰੇ ਉਹ ਆਪਣੀ ਸਮਝ ਤੋਂ ਕਿਤੇ ਵੱਧ ਬੇਖਬਰ ਸਨ। ਜਿਹੜਾ ਸਾਲ ਉਨ੍ਹਾਂ ਨੇ ਭਾਰਤ ਵਿੱਚ ਛੋਟੇ ਬੱਚਿਆਂ ਦੇ ਤੌਰ `ਤੇ ਗੁਜ਼ਾਰਿਆ ਸੀ, ਉਸਦੀਆਂ ਯਾਦਾਂ ਉਨ੍ਹਾਂ ਦੇ ਚੇਤਿਆਂ ਵਿੱਚ ਧੁੰਦਲੀਆਂ ਹੋ ਰਹੀਆਂ ਸਨ ਅਤੇ ਉਹ ਭਾਰਤ ਬਾਰੇ ਆਪਣੇ ਅਨੁਮਾਨ ਨਾਲੋਂ ਕਿਤੇ ਘੱਟ ਜਾਣਦੀਆਂ ਸਨ। ਦੇਸ਼ ਬਾਰੇ ਉਨ੍ਹਾਂ ਦੇ ਵਿਚਾਰ ਰੁਮਾਂਚਿਤ ਖਿਆਲੀ ਚਿੱਤਰ ਸਨ ਜਿਹੜੇ ਉਨ੍ਹਾਂ ਨੇ ਆਪਣੇ ਮਾਪਿਆਂ ਜਾਂ ਅੰਕਲ, ਆਂਟੀਆਂ ਤੋਂ ਸੁਣੀਆਂ ਗੱਲਾਂ, ਜਾਂ ਥੀਓਸੌਫੀਕਲ ਸੁਸਾਇਟੀ ਦੇ ਭਾਸ਼ਣ, ਜਾਂ ਭਾਰਤ ਤੋਂ ਗੇੜਾ ਲਾਉਣ ਆਈਆਂ ਪ੍ਰਸਿੱਧ ਹਸਤੀਆਂ ਦੇ ਭਾਸ਼ਣ ਸੁਣ ਕੇ ਕਲਪੇ ਸਨ। ਇਨ੍ਹਾਂ ਭਾਸ਼ਣਾਂ ਵਿੱਚ ਦੁਨੀਆਂ ਲਈ ਭਾਰਤ ਦੀ ਨੈਤਿਕ ਤੇ ਅਧਿਆਤਮਿਕ ਮਹੱਤਤਾ ਉੱਪਰ ਜ਼ੋਰ ਦਿੱਤਾ ਹੁੰਦਾ। ਪੱਛਮ ਵਿੱਚ ਅਤੇ ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਦੇ ਵਿਚਾਰ ਰੱਖਦੇ ਸਨ।

ਉਨ੍ਹਾਂ ਦੀਆਂ ਭਾਰਤ ਬਾਰੇ ਭਾਵਨਾਵਾਂ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ, ਜਦੋਂ ਨਵੇਂ ਆਜ਼ਾਦ ਹੋਏ ਭਾਰਤ ਤੋਂ ਕਨੇਡਾ ਵਿੱਚ ਉਨ੍ਹਾਂ ਕੋਲ ਆਈਆਂ ਪ੍ਰਸਿੱਧ ਹਸਤੀਆਂ ਨੇ ਇਸ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ। ਭਾਰਤ ਦੀ ਆਜ਼ਾਦੀ ਦੇ ਦੋ ਸਾਲਾਂ ਦੌਰਾਨ ਹੀ ਵੈਨਕੂਵਰ ਦੇ ਸਿੱਖਾਂ ਨੇ ਕਨੇਡਾ ਵਿੱਚ ਭਾਰਤ ਦੇ ਪਹਿਲੇ ਰਾਜਦੂਤ ਜਾਂ ਹਾਈ ਕਮਿਸ਼ਨਰ ('ਹਾਈ ਕਮਿਸ਼ਨਰ' ਟਰਮ ਬਰਤਾਨਵੀ ਕਾਮਨਵੈਲਥ ਦੇਸ਼ਾਂ ਵਿੱਚ ਵਰਤੀ ਜਾਂਦੀ ਸੀ), ਸਰਦਾਰ ਐੱਚ ਐੱਸ ਮਲਿਕ ਦੀ ਦੋ ਵਾਰ ਆਓ ਭਗਤ ਕੀਤੀ। ਹਾਈ ਕਮਿਸ਼ਨਰ ਮਲਿਕ 1948 ਦੀ ਬਹਾਰ ਰੁੱਤੇ ਓਟਵਾ ਨੂੰ ਜਾਣ ਸਮੇਂ ਰਸਤੇ ਵਿੱਚ ਵਿਕਟੋਰੀਆ ਤੇ ਵੈਨਕੂਵਰ ਵਿੱਚ ਰੁਕਿਆ ਅਤੇ ਫਿਰ 1949 ਦੇ ਸ਼ੁਰੂ ਵਿੱਚ ਆਇਆ। ਉਸਦੀ ਦੂਜੀ ਫੇਰੀ ਦਾ ਕਾਰਣ ਗਾਂਧੀ ਦੀ ਯਾਦ ਵਿੱਚ ਸਮਾਗਮ ਸੀ, ਇਹ ਗਾਂਧੀ ਦੇ ਕਤਲ ਤੋਂ ਸਾਲ ਬਾਅਦ ਸੀ। ਹਾਈ ਕਮਿਸ਼ਨਰ ਅਤੇ ਉਸਦੀ ਪਤਨੀ ਦੇ ਮਾਣ ਵਿੱਚ ਦਿੱਤੀ ਇੱਕ ਛੋਟੀ ਤੇ ਰਵਾਇਤੀ ਪਾਰਟੀ ਵਿੱਚ ਕਪੂਰ ਤੇ ਕਰਤਾਰ ਵੀ ਸ਼ਾਮਿਲ ਹੋਏ ਅਤੇ ਸਿੱਧੂਆਂ ਨੇ ਮਲਿਕ ਜੋੜੀ ਨੂੰ ਆਪਣੇ ਸ਼ਾਨੀਲੇਕ ਵਾਲੇ ਕੈਂਪ ਵਿੱਚ ਲਿਜਾਣ ਦਾ ਮਾਣ ਤੇ ਜ਼ਿੰਮੇਵਾਰੀ ਦਾ ਆਨੰਦ ਮਾਣਿਆ। ਉੱਥੇ ਸ਼੍ਰੀਮਤੀ ਮਲਿਕ ਨੇ ਸਭ ਨੂੰ ਖੁਸ਼ ਕਰਦਿਆਂ ਐਲਾਨਿਆ ਕਿ ਕੈਂਪ ਦੀ ਸਵੀਡਿਸ਼ ਬਾਵਰਚੀ ਵੱਲੋਂ ਵਰਤਾਇਆ ਭੋਜਨ ਲਾਜਵਾਬ ਸੀ।

ਉਨ੍ਹਾਂ ਨੇ ਮਲਿਕ ਦਾ ਸਵਾਗਤ ਕੁਝ ਵਧੇਰੇ ਨਿੱਘ ਨਾਲ ਕੀਤਾ ਕਿਉਂ ਕਿ ਉਹ ਉਨ੍ਹਾਂ ਦਾ ਸਿੱਖ ਭਾਈ ਸੀ, ਜਿਹੜਾ ਦਾਹੜੀ ਰੱਖਦਾ ਸੀ ਅਤੇ ਪਗੜੀਧਾਰੀ ਸੀ ਅਤੇ ਜਿਸ ਨੇ ਬਹੁਤ ਖੇਤਰਾਂ ਵਿੱਚ ਨਾਂ ਕਮਾਇਆ ਸੀ ਜਿਵੇਂ ਉਹ ਪਹਿਲੀ ਸੰਸਾਰ ਜੰਗ ਵੇਲੇ ਰੋਇਲ ਏਅਰ ਫੋਰਸ ਦਾ ਲੜਾਕੂ ਜਹਾਜ਼ ਚਾਲਕ ਸੀ(ਉਸਦੀ ਪੱਗ ਦੇ ਉੱਪਰ ਦੀ ਪਹਿਨਣ ਲਈ ਖਾਸ ਹੈਲਮਿਟ ਬਣਾਇਆ ਗਿਆ ਸੀ) ਜਿਸ ਨੇ ਅੱਠ ਜਰਮਨ ਜਹਾਜ਼ਾਂ ਨੂੰ ਡੇਗਿਆ ਸੀ, ਅੰਗ੍ਰੇਜ਼ਾਂ ਅਤੇ ਨਹਿਰੂ ਹੇਠ ਕੰਮ ਕਰਨ ਵਾਲਾ ਇੱਕ ਤਜਰਬੇਕਾਰ ਸਰਕਾਰੀ ਕਰਮਚਾਰੀ ਤੇ ਰਾਜਦੂਤ, ਜਿਸਦੀ ਅੰਗ੍ਰੇਜ਼ੀ ਭਾਸ਼ਾ, ਬਰਤਾਨਵੀ ਪਬਲਿਕ ਸਕੂਲ ਅਤੇ ਔਕਸਫੋਰਡ ਯੂਨੀਵਰਸਿਟੀ ਵਿੱਚ ਪੜ੍ਹਿਆ ਹੋਣ ਕਰਕੇ  ਸੁਥਰੀ ਸੀ, ਅਤੇ ਉਹ ਕ੍ਰਿਕਟ ਅਤੇ ਗੌਲਫ ਦਾ ਮਸ਼ਹੂਰ ਖਿਡਾਰੀ ਵੀ ਸੀ। ਜਦੋਂ ਉਹ ਸ਼ਹਿਰ ਵਿੱਚ ਆਇਆ ਵੈਨਕੂਵਰ ਕ੍ਰਿਕਟ ਕਲੱਬ ਨੇ ਬੁਲਾਰੇ ਵਜੋਂ ਉਸਨੂੰ ਸੱਦਾ ਦਿੱਤਾ। ਮਲਿਕ ਦੀ ਪਹਿਲੀ ਫੇਰੀ ਵੇਲੇ ਉਸਦਾ ਸਵਾਗਤ ਮੋਟਰਾਂ ਦੇ ਕਾਫਲੇ, ਬੈਂਡ ਅਤੇ ਵੈਨਕੂਵਰ ਤੇ ਵਿਕਟੋਰੀਆ ਦੇ ਗੁਰਦਵਾਰਿਆਂ ਵਿੱਚ ਭਾਰੀ ਇਕੱਠ ਨੇ ਕੀਤਾ।(1) ਵਿਕਟੋਰੀਆ ਵਿੱਚ ਉਸਦੀ ਠਹਿਰ ਦੇ ਅਖੀਰ `ਚ ਸੁਰਜੀਤ ਉਸ ਨੂੰ ਫੈਰੀ ਤੱਕ ਆਪਣੀ ਕਾਰ ਰਾਹੀਂ ਛੱਡਣ ਗਈ ਜਿਸਦੇ ਅੱਗੇ ਪਿੱਛੇ ਸੁਰੱਖਿਆ ਲਈ ਪੁਲਿਸ ਦੀਆਂ ਗੱਡੀਆਂ ਸਨ। ਪੁਲਿਸ ਦੀ ਗੱਡੀ ਮਗਰ ਸਾਫ ਹੋਏ ਰਾਹ `ਤੇ ਕਾਰ ਭਜਾਉਣ ਦੇ ਮੌਕੇ ਦਾ ਉਸ ਨੇ ਸੁਆਦ ਲਿਆ। ਮਲਿਕ ਦੀਆਂ ਫੇਰੀਆਂ ਉਤਸ਼ਾਹ ਭਰਪੂਰ ਸਨ, ਪਰ ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਨਹਿਰੂ ਆ ਰਿਹਾ ਸੀ, ਉਨ੍ਹਾਂ ਨੇ ਆਪਣੇ ਆਪ ਨੂੰ ਇਤਿਹਾਸਕ ਪਲਾਂ ਲਈ ਤਿਆਰ ਕਰ ਲਿਆ, ਉਨ੍ਹਾਂ ਨੂੰ ਆਸ ਸੀ ਕਿ ਅਜੇਹਾ ਮੌਕਾ ਉਨ੍ਹਾਂ ਦੀ ਜ਼ਿੰਦਗੀ ਦੀ ਅਭੁੱਲ ਯਾਦ ਹੋਵੇਗਾ।

ਨਹਿਰੂ ਉੱਤਰੀ ਅਮਰੀਕਾ ਵਿੱਚ ਅਮਰੀਕਾ ਦੇ ਰਾਸ਼ਟਰਪਤੀ, ਹੈਰੀ ਟਰੂਮੈਨ ਦਾ ਮਹਿਮਾਨ ਸੀ। ਉਸਦੀ ਵਾਸ਼ਿੰਗਟਨ ਵਿੱਚ ਕੀਤੀ ਗੱਲ ਬਾਤ ਦੇ ਕੋਈ ਸਾਰਥਿਕ ਨਤੀਜੇ ਨਾ ਨਿਕਲੇ। ਉਹ ਬਿਨਾਂ ਕਿਸੇ ਸ਼ਰਤ ਦੇ ਭਾਰਤ ਲਈ ਅਨਾਜ ਦੀ ਸਹਾਇਤਾ ਚਾਹੁੰਦਾ ਸੀ ਅਤੇ ਅਮਰੀਕਨ ਸ਼ੀਤ ਜੰਗ ਵਿੱਚ ਭਾਈਵਾਲੀ ਦੀ ਵਚਨਬੱਧਤਾ ਚਾਹੁੰਦੇ ਸਨ। ਦੋਨੋਂ ਧਿਰਾਂ ਇੱਕ-ਦੂਜੇ ਨੂੰ ਰਾਜੀ ਨਹੀਂ ਸੀ ਕਰ ਸਕੀਆਂ ਅਤੇ ਨਿਰਾਸ਼ ਸਨ ।(2) ਪਰ ਉਸ ਨੇ ਆਪਣਾ ਉੱਤਰੀ ਅਮਰੀਕਾ ਦਾ ਟੂਰ ਜਾਰੀ ਰੱਖਿਆ ਅਤੇ ਅਮਰੀਕਾ ਵਿੱਚ  ਵਿੱਚ ਆਢਾ-ਤਿਰਛਾ ਚਲਦਿਆਂ ਨਿਊ ਯੌਰਕ, ਨੌਕਸਵਿਲ, ਸਾਨ ਫਰਾਂਸਿਸਕੋ ਅਤੇ ਮੈਡੀਸਨ ਦੇ ਕੈਂਪਸਾਂ ਵਿੱਚ ਸੁਚੇਤ ਸ੍ਰੋਤਿਆਂ ਨੂੰ ਮੁਖਾਤਿਬ ਹੁੰਦਾ ਰਿਹਾ। ਉਹ ਵਿੱਚੋਂ ਹੀ ਓਟਵਾ ਦਾ ਗੇੜਾ ਲਾ ਗਿਆ ਪਰ ਟੂਰ ਦੇ ਅੰਤ ਤੱਕ ਕਿਸੇ ਹੋਰ ਕਨੇਡੀਅਨ ਸ਼ਹਿਰ ਵਿੱਚ ਨਾ ਗਿਆ। ਅਤੇ ਆਪਣੇ ਟੂਰ ਦੇ ਅਖੀਰ ਵਿੱਚ ਅਮਰੀਕਨ ਸੁਰੱਖਿਆ ਹੇਠ ਉਹ ਅਮਰੀਕਾ ਦੇ ਸੈਨਿਕ ਜਹਾਜ਼ ਰਾਹੀਂ ਵੈਨਕੂਵਰ ਉਤਰਿਆ। ਉਸਦੇ ਨਾਲ ਭਾਰਤ ਵਿੱਚ ਅਮਰੀਕਾ ਦਾ ਰਾਜਦੂਤ, ਵਾਈਟ ਹਾਊਸ  ਦੇ ਪਰੋਟੋਕੋਲ ਦਾ ਮੁਖੀ, ਅਤੇ ਨਹਿਰੂ ਦੀ ਆਪਣੀ ਲਾਮ-ਡੋਰੀ ਜਿਸ ਵਿੱਚ ਉਸਦੀ ਭੈਣ, ਵਿਜੇ ਲਕਸ਼ਮੀ ਪੰਡਿਤ ਤੇ ਉਸਦੀ ਬੇਟੀ, ਇੰਦਰਾ ਗਾਂਧੀ, ਉਸਦਾ ਵਿਦੇਸ਼ ਮੰਤਰੀ, ਗਿਰਜਾ ਸ਼ੰਕਰ ਬਾਜਪਾਈ ਅਤੇ ਉਸਦਾ ਅਮਲਾ ਸਨ। ਕੋਈ ਵੀ ਸਥਾਨਕ ਪੱਤਰਕਾਰ ਜਿਹੜਾ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਸੀ, ਉਸ ਨੂੰ ਵੈਨਕੂਵਰ ਵਿੱਚ ਅਮਰੀਕਾ ਦੇ ਕਾਉਂਸਲ ਜਨਰਲ ਤੋਂ ਜਾਣਕਾਰੀ ਲੈਣੀ ਪੈਣੀ ਸੀ। ਸਾਰਾ ਕੁਝ ਅਮਰੀਕਨਾਂ ਦੇ ਹੱਥ ਵੱਸ ਸੀ। ਕਨੇਡਾ ਦੀ ਸਰਕਾਰ ਦੇ ਅਧਿਕਾਰੀਆਂ (ਫੈਡਰਲ ਤੇ ਸੂਬਾਈ) ਦੀ ਗੈਰ-ਮੌਜੂਦਗੀ ਵੱਲ ਕਿਸੇ ਦਾ ਧਿਆਨ ਨਾ ਗਿਆ ਤੇ ਨਾ ਹੀ ਲਗਦਾ ਸੀ ਕਿ ਇਹ ਕਿਸੇ ਨੂੰ ਰੜਕੀ ਸੀ ਭਾਵੇਂ ਮੇਅਰ ਅਤੇ ਸ਼ਹਿਰ ਉਸਦੀ ਮੇਜ਼ਬਾਨੀ ਵਿੱਚ ਭਾਗੀਦਾਰ ਸਨ।(3)

ਨਹਿਰੂ ਦਾ ਜਹਾਜ਼ ਬੁੱਧਵਾਰ ਬਾਅਦ ਦੁਪਹਿਰ 2 ਵਜੇ ਉੱਤਰਿਆ ਅਤੇ ਉਹ ਆਪਣੇ ਸਿੱਖ ਪ੍ਰਸ਼ੰਸਕਾਂ ਨੂੰ ਮਿਲਣ  ਸਿੱਧਾ ਸੈਕਿੰਡ ਐਵੇਨਿਊ ਵਾਲੇ ਗੁਰਦਵਾਰੇ ਗਿਆ ਜਿੱਥੇ ਕਈ ਘੰਟਿਆਂ ਤੋਂ ਮਰਦ, ਔਰਤਾਂ ਅਤੇ ਬੱਚੇ ਇਕੱਠੇ ਹੋ ਰਹੇ ਸਨ। ਸੰਖੇਪ ਬੋਲਦਿਆਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਿਰਫ ਉਨ੍ਹਾਂ ਨੂੰ ਮਿਲਣ ਆਇਆ ਸੀ ਅਤੇ ਉਸ ਨੇ ਟਰਾਂਟੋ, ਮਾਂਟਰੀਅਲ ਤੇ ਵਿਨੀਪੈਗ(ਜਿੱਥੇ ਇੰਡੋ-ਕਨੇਡੀਅਨ ਭਾਈਚਾਰਾ ਨਹੀਂ ਸੀ) ਤੋਂ ਮਿਲੇ ਸੱਦਿਆਂ ਨੂੰ ਠੁਕਰਾ ਦਿੱਤਾ ਸੀ। ਅਗਲੇ ਦਿਨ 'ਵੈਨਕੂਵਰ ਸਨ' ਅਖਬਾਰ ਨੇ ਖਬਰ ਵਿੱਚ ਕਪੂਰ ਤੇ ਬਸੰਤ ਕੌਰ ਦੋਨਾਂ ਦੇ ਹਵਾਲੇ ਦਿੱਤੇ। ਗੁਰਦਵਾਰੇ ਵਿੱਚ ਬਸੰਤ ਕੌਰ ਨੇ ਨਹਿਰੂ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ ਅਤੇ ਉਸ ਨੂੰ ਇੰਡੋ-ਕਨੇਡੀਅਨ ਔਰਤਾਂ ਵੱਲੋਂ ਭਾਰਤ ਵਿੱਚ ਭੁੱਖੇ ਬੱਚਿਆਂ ਲਈ ਇਕੱਠੇ ਕੀਤੇ ਧਨ ਵਾਲਾ ਲਿਫਾਫਾ ਭੇਂਟ ਕੀਤਾ। ਜਦੋਂ ਇੱਕ ਪੱਤਰਕਾਰ ਨੇ ਬਸੰਤ ਕੌਰ ਤੱਕ ਪਹੁੰਚ ਕੀਤੀ, ਉਸ ਨੇ ਕਿਹਾ ਕਿ ਔਰਤਾਂ ਅਤੇ ਬੱਚੇ ਨਹਿਰੂ ਨੂੰ ਦੇਖ ਕੇ ਬੇਹੱਦ ਖੁਸ਼ ਸਨ। ਉਸ ਨੇ ਨਹਿਰੂ ਨੂੰ "ਸਾਡਾ ਮਹਾਨ ਨੇਤਾ" ਕਿਹਾ। ਕਪੂਰ ਉਸਦੇ ਨਾਲ ਖੜ੍ਹਾ ਸੀ ਤੇ ਉਸ ਨੇ ਕਿਹਾ ਕਿ ਭਾਰਤ-ਕਨੇਡਾ ਦੇ ਸਬੰਧਾਂ `ਚੋਂ ਉਸ ਨੂੰ ਕੁਝ ਚੰਗਾ ਨਿਕਲਣ ਦੀ ਆਸ ਸੀ। ਉਸ ਨੇ ਗਾਂਧੀ ਦੇ ਪੈਰੋਕਾਰ ਨਹਿਰੂ ਦੇ ਨੇਤਾ ਵਜੋਂ ਗੁਣ ਵੀ ਦੱਸੇ। ਪੱਤਰਕਾਰ ਮਲਕੀਤ ਸਿੰਘ ਪਰਹਾਰ ਆਪ ਵੀ ਸਿੱਖ ਸੀ, ਜਿਹੜਾ ਹਾਲ ਹੀ `ਚ ਭਾਰਤ ਤੋਂ ਪਰਤਿਆ ਸੀ। ਜੰਗ ਦੌਰਾਨ ਉਹ ਉੱਥੇ ਠਹਿਰਿਆ ਹੋਇਆ ਸੀ। ਉਹ ਪੰਜਾਬ ਦੇ ਅਖਬਾਰਾਂ ਲਈ ਲਗਾਤਾਰ ਯੋਗਦਾਨ ਪਾਉਂਦਾ ਸੀ ਅਤੇ 'ਵੈਨਕੂਵਰ ਸਨ' ਨੇ ਉਸ ਨੂੰ ਨਹਿਰੂ ਦੀ ਫੇਰੀ ਬਾਰੇ ਲਿਖਣ ਲਈ ਭਰਤੀ ਕੀਤਾ ਸੀ ਅਤੇ ਉਸ ਨੂੰ ਅਖਬਾਰ ਦੇ ਦੂਜੇ ਹਿੱਸੇ ਵਿੱਚ ਖਾਸ ਥਾਂ ਦਿੱਤਾ। ਆਪਣੇ ਲੇਖ ਦੇ ਅਖੀਰ ਵਿੱਚ ਉਸ ਨੇ ਉਹ ਲਿਖਿਆ ਜਿਹੜਾ ਬਹੁਤ ਸਾਰੇ ਵੈਨਕੂਵਰ ਦੇ ਸਿੱਖ (ਮਾਣ ਨਾਲ ਭਰੇ ਅਤੇ ਕਾਮਯਾਬ)ਮਹਿਸੂਸ ਕਰਦੇ ਹੋਣਗੇ, "ਹੁਣ ਜਦੋਂ ਵੈਨਕੂਵਰ ਦੇ ਲੋਕ ਨਹਿਰੂ ਨੂੰ ਦੇਖ ਚੁੱਕੇ ਹਨ ਸ਼ਾਇਦ ਉਹ ਸਾਡੇ ਵੱਲ ਕਦੇ ਨਹੀਂ ਦੇਖਣਗੇ।"(4)

ਗੁਰਦਵਾਰੇ ਤੋਂ ਸਾਰੀ ਸਿੱਖ ਸੰਗਤ ਕਿਰਾਏ `ਤੇ ਲਈਆਂ ਬੱਸਾਂ ਰਾਹੀਂ ਡੈਨਮਨ ਐਰੀਨਾ ਅਤੇ ਆਡੀਟੋਰੀਅਮ (ਕਦੇ ਪਹਿਲੀਆਂ ਵਿੱਚ ਵੈਨਕੂਵਰ ਦੀ ਆਈਸ ਹਾਕੀ ਟੀਮ ਉੱਥੇ ਖੇਡਦੀ ਸੀ)  ਵਿਖੇ ਨਹਿਰੂ ਨੂੰ ਸੁਨਣ ਪਹੁੰਚ ਗਈ ਜਿੱਥੇ ਉਹ ਲੰਬਾ ਸਮਾਂ ਬੋਲਿਆ। ਗੋਰੇ ਵੀ ਇਸ ਵਿੱਚ ਸ਼ਾਮਿਲ ਹੋ ਸਕਦੇ ਸਨ, ਪਰ ਇਸ ਇਕੱਠ ਦਾ ਇੰਡੋ-ਕਨੇਡੀਅਨਾਂ ਨੇ ਪ੍ਰਬੰਧ ਕੀਤਾ ਸੀ ਅਤੇ ਇਸਦਾ ਕਰਤਾ-ਧਰਤਾ ਉਨ੍ਹਾਂ ਦੀਆਂ ਬਹੁਤ ਹੀ ਜਾਣੀਆਂ-ਪਹਿਚਾਣੀਆਂ ਹਸਤੀਆਂ ਵਿੱਚੋਂ ਇੱਕ ਸੀ। ਉਹ ਰਣਜੀਤ ਮੱਟੂ ਸੀ। ਉਹ ਯੂ. ਬੀ. ਸੀ. ਤੋਂ ਪੜ੍ਹਿਆ ਅਤੇ ਜੈਕੀ ਤੇ ਸੁਰਜੀਤ ਤੋਂ ਥੋੜ੍ਹਾ ਵੱਡਾ ਅਤੇ ਨਾਮਵਰ ਸਥਾਨਿਕ ਅਥਲੀਟ ਅਤੇ ਰਘਬੀ ਤੇ ਸੌਕਰ ਦਾ ਕੋਚ ਸੀ। (ਉਸਦੀ ਜੂਨੀਅਰ ਰਘਬੀ ਟੀਮ ਨੇ ਕੌਮੀ ਖਿਤਾਬ ਜਿੱਤਿਆ ਅਤੇ ਚਾਰ ਵਾਰ ਪੱਛਮੀ ਕਨੇਡਾ ਦੇ ਫਾਈਨਲ ਵਿੱਚ ਗਈ)(5) ਗੁਰਦਵਾਰੇ ਵਿੱਚ ਨਹਿਰੂ ਨੇ ਸਿੱਖਾਂ ਨੂੰ ਆਖਦਿਆਂ ਸੁਣਿਆ ਕਿ ਕਨੇਡਾ ਵਿੱਚ ਉਨ੍ਹਾਂ ਲਈ ਸਭ ਅੱਛਾ ਨਹੀਂ।  ਨੌਕਰੀਆਂ ਵੇਲੇ ਉਹ ਪੱਖਪਾਤ ਦਾ ਸਾਹਮਣਾ ਕਰਦੇ ਸਨ ਅਤੇ ਦੂਜੇ ਕਨੇਡੀਅਨਾਂ ਵਾਂਗ ਆਪਣੇ ਰਿਸ਼ਤੇਦਾਰਾਂ ਨੂੰ ਕਨੇਡਾ ਬੁਲਾਉਣ ਯੋਗ ਨਹੀਂ। ਗੁਰਦਵਾਰੇ ਵਿੱਚ ਇਸ ਤਰ੍ਹਾਂ ਆਖਦਿਆਂ, ਉਨ੍ਹਾਂ ਨੇ ਦੂਜਾ ਸਮਾਰੋਹ (ਸਾਰੀ ਜਨਤਾ ਲਈ ਖੁੱਲ੍ਹਾ) ਇਹ ਆਖਦਿਆਂ ਆਸ਼ਾਵਾਦੀ ਰੱਖਿਆ ਕਿ ਉਨ੍ਹਾਂ ਨੂੰ ਉਸਦੀ ਇਸ ਫੇਰੀ ਦੀ ਬਹੁਤ ਕਦਰ ਸੀ ਅਤੇ ਬਹੁਤ ਸਮੇਂ ਲਈ ਉਹ ਇਸ ਨੂੰ ਯਾਦ ਰੱਖਣਗੇ।

ਪਹਿਲੇ ਦਿਨ ਦਾ ਅੰਤ ਮੇਅਰ ਵੱਲੋਂ ਦਿੱਤੇ ਰਾਤ ਦੇ ਖਾਣੇ ਨਾਲ ਹੋਇਆ ਅਤੇ ਦੂਜੇ ਦਿਨ ਦੀ ਸ਼ੁਰੂਆਤ ਗਲ਼ੀਆਂ ਵਿੱਚ ਸੈਨਿਕ ਪਰੇਡ ਨਾਲ ਹੋਈ। ਇਸ ਖਾਤਰ ਸ਼ਹਿਰ ਦੀ ਮੋਟਰ ਸਾਈਕਲ ਪੁਲਿਸ ਨੇ ਗਲ਼ੀਆਂ ਦੀ ਨਾਕਾਬੰਦੀ ਕੀਤੀ ਹੋਈ ਸੀ। ਉਸ ਸਾਲ ਜੈਕੀ ਨੇ ਟਰਾਂਟੋ ਵਿੱਚ ਆਪਣੀ ਪੜ੍ਹਾਈ ਪਹਿਲਾਂ ਮੁਕੰਮਲ ਕਰ ਲਈ ਸੀ ਅਤੇ ਹੁਣ ਉਹ ਵੈਨਕੂਵਰ ਜਨਰਲ ਹਸਪਤਾਲ ਵਿੱਚ ਜੂਨੀਅਰ ਇੰਟਰਨ ਸੀ। ਉਹ ਇਕੱਠ ਵਿੱਚ ਸ਼ਾਮਲ ਹੋਣ ਲਈ ਹਸਪਤਾਲ ਤੋਂ (ਤਕਰੀਬਨ ਇੱਕ ਬਲਾਕ ਦੀ ਦੂਰੀ) ਤੁਰ ਕੇ ਗਈ। ਪਰੇਡ ਦੇ ਅਖੀਰ ਵਿੱਚ ਸਾਰੇ ਸਿਟੀ ਹਾਲ ਦੀਆਂ ਪੌੜੀਆਂ ਨੇੜੇ ਇਕੱਠੇ ਹੋ ਗਏ ਜਿੱਥੇ ਨਹਿਰੂ ਦੁਬਾਰਾ ਬੋਲਿਆ। ਇਸ ਇਕੱਠ ਵਿੱਚ ਜ਼ਿਆਦਾਤਰ ਸਿੱਖ ਹੀ ਸਨ, ਪਗੜੀਧਾਰੀ ਅਤੇ ਨੰਗੇ ਸਿਰ ਆਦਮੀ , ਅਤੇ ਪਤਝੜੀ ਕੋਟਾਂ ਵਿੱਚ ਲਿਪਟੀਆਂ ਤੇ ਸਿਰਾਂ `ਤੇ ਦੁਪੱਟੇ ਲਈ ਔਰਤਾਂ ਅਤੇ ਕੁਝ ਕੁ ਨੇ ਸਾੜ੍ਹੀਆਂ ਵੀ ਲਾਈਆਂ ਹੋਈਆਂ ਸਨ। ਇਕੱਠ ਵਿਚਲੇ ਬਹੁਤੇ ਲੋਕ ਤਿਰੰਗਾ ਲਹਿਰਾ ਰਹੇ ਸਨ। ਇਹ ਤਿੰਨ ਰੰਗਾ ਝੰਡਾ ਭਾਰਤ ਨੇ  ਦੋ ਸਾਲ ਪਹਿਲਾਂ ਆਜ਼ਾਦੀ ਵੇਲੇ ਅਪਣਾਇਆ ਸੀ। ਨਹਿਰੂ `ਤੇ ਫੁੱਲਾਂ ਦੀ ਵਰਖਾ ਕਰਨ ਲਈ ਸਿੱਖਾਂ ਨੇ ਛੋਟਾ ਜਹਾਜ਼ ਕਿਰਾਏ `ਤੇ ਲਿਆ ਹੋਇਆ ਸੀ। ਜੈਕੀ ਕੋਲ ਮੂਵੀ ਕੈਮਰਾ ਸੀ ਅਤੇ ਉਹ ਸਮਾਗਮ ਦੀ ਮੂਵੀ ਬਣਾ ਰਹੀ ਸੀ( ਬਦਕਿਸਮਤੀ ਨਾਲ ਇਹ ਗੁੰਮ ਹੋ ਗਈ) ਅਤੇ ਉਹ ਨਹਿਰੂ ਦੇ ਬਹੁਤ ਨਜ਼ਦੀਕ ਚਲੀ ਗਈ, ਐਨੀ ਨੇੜੇ ਕਿ ਉਹ ਹੈਰਾਨ ਸੀ ਕਿ ਉਸ ਨੂੰ ਕਿਸੇ ਨੇ ਰੋਕਿਆ ਨਾ।(6)

ਅਜੇਹੇ ਸਮਾਗਮਾਂ ਵੇਲੇ ਕਪੂਰ ਸਟੇਜ `ਤੇ ਜਾਣ ਤੋਂ ਗੁਰੇਜ਼ ਕਰਦਾ ਸੀ ਪਰ ਉਹ ਸਰਗਰਮੀ ਦੇ ਕੇਂਦਰ ਵਿੱਚ ਸੀ। ਭਾਰਤ ਦੇ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੂਜੇ ਦਿਨ ਕਨੇਡੀਅਨ ਕਲੱਬ ਵੱਲੋਂ ਉਸ ਲਈ ਦੁਪਹਿਰ ਦੇ ਖਾਣੇ ਵੇਲੇ ਕਪੂਰ ਵੀ ਮਹਿਮਾਨ ਸੀ। ਇਸ ਖਾਣੇ ਲਈ ਕਨੇਡੀਅਨ ਕਲੱਬ, ਬੋਰਡ ਆਫ ਟਰੇਡ ਅਤੇ ਜੂਨੀਅਰ ਚੈਂਬਰ ਆਫ ਕਮਰਸ ਨੇ ਸਾਂਝੇ ਤੌਰ `ਤੇ ਮੇਜ਼ਬਾਨੀ ਕੀਤੀ। ਨਹਿਰੂ ਦੀ ਜਾਣ-ਪਹਿਚਾਣ ਕਰਵਾਉਣ ਦੀ ਜ਼ਿੰਮੇਵਾਰੀ ਕਨੇਡੀਅਨ ਕਲੱਬ ਦੇ ਪ੍ਰਧਾਨ, ਬ੍ਰਿਗੇਡੀਅਰ ਵਿਲੀਅਮ ਮਰਫੀ ਨੇ ਨਿਭਾਈ। ਉਹ ਵੈਨਕੂਵਰ ਦਾ ਵਕੀਲ ਸੀ ਅਤੇ ਉਸ ਨੇ ਪਿਛਲੀ ਜੰਗ ਦੌਰਾਨ ਇਟਾਲੀਅਨ ਫੌਜੀ ਕਾਰਵਾਈ ਵਿੱਚ ਪੰਜਵੀਂ ਕਨੇਡੀਅਨ ਆਰਮਰਡ ਬ੍ਰਿਗੇਡ ਦੀ ਕਮਾਂਡ ਸੰਭਾਲੀ। ਇਸ ਸਮਾਗਮ ਦੀ ਇੱਕ ਬਲੈਕ ਐਂਡ ਵਾਈਟ ਫੋਟੋ ਵਿੱਚ ਮਰਫੀ ਵਰਦੀ ਵਿੱਚ ਹੈ, ਇੰਦਰਾ ਗਾਂਧੀ ਆਪਣੇ ਮੋਢੇ `ਤੇ ਸਾੜ੍ਹੀ ਦਾ ਪੱਲੂ ਠੀਕ ਕਰ ਰਹੀ ਹੈ ਅਤੇ ਕਪੂਰ ਉਸਦੇ ਨਾਲ ਜੈਕਟ ਨਾਲ ਸਫੈਦ ਟਾਈ ਲਾਈ ਖੜ੍ਹਾ ਹੈ। ਇਹ ਔਰਤ ਜਿਸ ਨੇ ਭਾਰਤ ਦੀ ਤੀਜੀ ਪ੍ਰਧਾਨ ਮੰਤਰੀ ਬਣਨਾ ਸੀ ਨਾਲ ਕਪੂਰ ਅਤੇ ਉਸਦੇ ਪਰਿਵਾਰ ਵੱਲੋਂ ਕੀਤੀਆਂ ਕਈ ਬੈਠਕਾਂ ਵਿੱਚੋਂ ਪਹਿਲੀ ਬੈਠਕ ਸੀ।

ਇਸ ਦੌਰੇ ਦੌਰਾਨ  ਨਹਿਰੂ ਪਹਿਲਾਂ ਓਟਵਾ ਜਾ ਚੁੱਕਾ ਸੀ, ਨਤੀਜੇ ਵਜੋਂ ਕਨੇਡਾ ਦੀ ਸਰਕਾਰ ਨੇ ਅਖੀਰ ਦੋਸਤੀ ਦਾ ਹੱਥ ਵਧਾਉਣ ਦਾ ਫੈਸਲਾ ਕੀਤਾ। ਅਗਲੇ ਕੁਝ ਮਹੀਨਿਆਂ ਦੌਰਾਨ ਕਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਨੇ ਇੱਕ ਸਮਝੌਤੇ `ਤੇ ਦਸਤਖਤ ਕੀਤੇ। ਜਦੋਂ ਇਹ 1951 ਦੇ ਪਹਿਲੇ ਦਿਨ ਲਾਗੂ ਹੋਇਆ, ਇਹ ਬ੍ਰਿਟਿਸ਼ ਕੋਲੰਬੀਆ ਵਿੱਚ ਉਤਸ਼ਾਹਜਨਕ ਖਬਰ ਸੀ। ਇਸ ਅਨੁਸਾਰ ਭਾਰਤ ਤੋਂ ਕਨੇਡਾ ਲਈ ਸਲਾਨਾ 150 ਪਰਵਾਸੀਆਂ ਦਾ ਕੋਟਾ ਸੀ, 360 ਮਿਲੀਅਨ ਦੀ ਜਨਸੰਖਿਆ ਵਾਲੇ ਭਾਰਤ ਲਈ ਇਹ ਬੜੀ ਕੰਜੂਸੀ ਵਾਲੀ ਸੰਖਿਆ ਸੀ ਪਰ ਬੀ. ਸੀ. ਦੇ ਸਿੱਖਾਂ ਤੇ ਪੰਜਾਬੀਆਂ ਲਈ ਇਹ ਇੱਕ ਮਹੱਤਵਪੂਰਨ ਵਾਧਾ ਸੀ( ਉਸ ਵੇਲੇ ਤੱਕ ਬੀ. ਸੀ. ਵਿੱਚ ਸੰਖਿਆ ਉਨ੍ਹੀ ਸੌ ਸੀ)। ਮੁੱਖ ਤੌਰ `ਤੇ ਇਹ ਕੋਟਾ ਉਨ੍ਹਾਂ ਲਈ ਸੀ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਜਿਨ੍ਹਾਂ ਦੀ ਮੱਦਦ ਕਰਕੇ ਉਹ ਉਨ੍ਹਾਂ ਨੂੰ ਬੁਲਾ ਸਕਦੇ। ਉਦੋਂ ਤੱਕ ਉਹ ਜੀਵਨ ਸਾਥੀ ਤੇ ਬੱਚਿਆਂ ਨੂੰ ਮੰਗਵਾਉਣ ਤੱਕ ਸੀਮਤ ਸਨ। ਹੁਣ ਉਹ ਬਾਲਗ ਬੱਚਿਆਂ, ਮਾਪਿਆਂ, ਦਾਦਾ-ਦਾਦੀ ਜਾਂ ਨਾਨਾ-ਨਾਨੀ, ਭਰਾਵਾਂ, ਭੈਣਾਂ, ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ, ਰਿਸ਼ਤੇ ਦੇ ਭੈਣ-ਭਰਾਵਾਂ, ਭਤੀਜਿਆਂ-ਭਾਣਜਿਆਂ, ਸਹੁਰਿਆਂ, ਲਾੜੀਆਂ ਅਤੇ ਲਾੜਿਆਂ ਨੂੰ ਕੋਟਾ ਲਿਸਟ ਅਨੁਸਾਰ ਸਪੌਂਸਰ ਕਰ ਸਕਦੇ ਸਨ ਅਤੇ ਉਨ੍ਹਾਂ ਨੇ ਤੁਰੰਤ ਹੀ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।(7) ਪਾਰਲੀਮੈਂਟ ਦੇ ਮੈਂਬਰਾਂ ਨੂੰ ਲਾਬੀ ਕਰਕੇ ਅਤੇ ਵਕੀਲਾਂ ਤੇ ਏਜੰਟਾਂ `ਤੇ ਧਨ ਖਰਚ ਕੇ ਉਨ੍ਹਾਂ ਨੇ ਕੋਟੇ ਦੀਆਂ ਬਹੁਤੀਆਂ ਥਾਵਾਂ ਤੇ ਇਜਾਰੇਦਾਰੀ ਕਰਨ ਦਾ ਪ੍ਰਬੰਧ ਕਰ ਲਿਆ ਸੀ। (ਇੱਕ ਸਿਆਸਤਦਾਨ ਜੇਮਜ਼ ਸਿੰਕਲੇਅਰ ਨੇ ਉਨ੍ਹਾਂ ਦੀ ਬਹੁਤ ਮੱਦਦ ਕੀਤੀ ਅਤੇ ਬਾਅਦ ਵਿੱਚ ਉਸਦੀ ਜਵਾਨ ਬੇਟੀ ਮਾਰਗਰੇਟ ਦਾ ਵਿਆਹ ਕਨੇਡਾ ਦੇ ਪੰਦਰਵੇਂ ਪ੍ਰਧਾਨ ਮੰਤਰੀ, ਪੀਅਰ ਏਲੀਅਟ ਟਰੂਡੋ ਨਾਲ ਹੋਇਆ)(8) ਕੁਝ ਕੁ ਸੁਤੰਤਰ ਪਰਵਾਸੀ ਤੇ ਉਨ੍ਹਾਂ ਦੇ ਪਰਿਵਾਰ  ਬੰਗਾਲ, ਗੁਜਰਾਤ ਅਤੇ ਭਾਰਤ ਦੇ ਹੋਰ ਭਾਗਾਂ ਵਿੱਚੋਂ -ਇੰਜੀਨੀਅਰ,ਆਰਕੀਟਿਕਟ, ਏਅਰੋ-ਮਕੈਨਿਕ, ਅਧਿਆਪਕ, ਯੂਨੀਵਰਸਿਟੀਆਂ ਦੇ ਲੈਕਚਰਾਰ ਅਤੇ ਕਾਰੋਬਾਰੀ-ਵੀ ਕੋਟੇ ਰਾਹੀਂ ਆਏ ਪਰ ਬਹੁਤੇ ਨਹੀਂ। ਬੀ. ਸੀ. ਦੇ ਪੰਜਾਬੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮੰਗਵਾਉਣ ਲਈ ਬਹੁਤੇ ਥਾਵਾਂ ਨੂੰ ਹਥਿਆ ਲਿਆ।(9)

ਕੋਟੇ ਦੀ ਯੋਜਨਾ ਨੇ ਨਾਜ਼ਕ ਸਮੇਂ `ਚ ਤਕਰੀਬਨ ਦੋ ਸੌ ਮੋਢੀ ਪੰਜਾਬੀ ਪਰਿਵਾਰਾਂ `ਤੇ ਅਸਰ ਪਾਇਆ। ਇਹ ਪਰਿਵਾਰ ਕਪੂਰ ਤੇ ਬਸੰਤ ਕੌਰ ਦੇ ਸਮਕਾਲੀ ਸਨ ਅਤੇ ਦੇਸ਼ ਵਿੱਚ ਪੰਦਰਾਂ, ਵੀਹਾਂ ਜਾਂ ਤੀਹਾਂ ਸਾਲਾਂ ਤੋਂ ਸਨ। 1951 ਵਿੱਚ ਇਨ੍ਹਾਂ ਦੇ ਬਹੁਤ ਸਾਰੇ ਬੱਚਿਆਂ ਦੀ ਉਮਰ ਵਿਆਹ ਕਰਨ ਯੋਗ ਹੋ ਗਈ ਸੀ ਜਾਂ ਉਹ ਉਸ ਉਮਰ ਤੱਕ ਪਹੁੰਚ ਰਹੇ ਸਨ। ਅਤੇ ਜਿਹੋ-ਜਿਹੇ ਰਿਸ਼ਤੇ ਉਹ ਚਾਹੁੰਦੇ ਸਨ ਉਹੋ ਜਿਹੇ ਜੋੜਾਂ ਦੀ ਕਨੇਡਾ ਵਿੱਚ ਬਹੁਤ ਥੋੜ੍ਹੀ ਸੰਭਾਵਨਾ ਸੀ। ਮੁਸ਼ਕਲ ਨਾਲ ਇੱਕ-ਅੱਧੇ ਨੂੰ ਛੱਡ ਕੇ, ਬਹੁਤੇ ਪੰਜਾਬੀ ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦੇ ਧੀ-ਪੁੱਤਰ ਪੰਜਾਬ ਵਿੱਚ ਜੰਮੇ-ਪਲੇ ਮੁੰਡੇ-ਕੁੜੀ ਨਾਲ ਵਿਆਹ ਕਰਵਾਉਣ, ਤਾਂ ਕਿ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਜਾ ਸਕੇ । ਅਤੇ ਉਹ ਇਸ ਨੂੰ ਆਪਣਾ ਫਰਜ਼ ਸਮਝਦੇ ਸਨ ਕਿ ਬੱਚਿਆਂ ਦੀ ਉਮਰ ਲੰਘਣ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਕਰ ਦੇਣ। ਪੰਜਾਬ ਦੇ ਪਿੰਡਾਂ ਵਿੱਚ ਕੁੜੀਆਂ ਦੇ ਵਿਆਹ ਪੰਦਰਾਂ ਸਾਲ ਦੀ ਉਮਰ ਤੋਂ ਬਾਅਦ ਕਰ ਦਿੰਦੇ ਸਨ ਅਤੇ ਮੁੰਡੇ ਦੀ ਇਸ ਤੋਂ ਕੁਝ ਕੁ ਜ਼ਿਆਦਾ ਉਮਰ ਵੀ ਹੋ ਸਕਦੀ ਸੀ। ਇਸ ਤੋਂ ਪਹਿਲਾਂ ਕਨੇਡੀਅਨ ਪਰਿਵਾਰ ਆਪਣੇ ਜਵਾਨ ਮੁੰਡਿਆਂ (ਬਹੁਤ ਛੋਟੀ ਉਮਰ ਨਹੀਂ) ਨੂੰ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਪੰਜਾਬ ਭੇਜ ਦਿੰਦੇ ਤਾਂ ਕਿ ਉਹ ਉੱਥੇ ਰਿਸ਼ਤਾ ਲੱਭ ਸਕਣ ਅਤੇ ਫਿਰ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਨਾਲ ਕਨੇਡਾ ਲਿਆ ਸਕਣ। ਹੁਣ ਮਾਪੇ ਦੂਰ ਬੈਠੇ ਹੀ ਆਪਣੇ ਪੰਜਾਬ ਵਿਚਲੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਰਿਸ਼ਤਾ ਤਹਿ ਕਰ ਸਕਦੇ ਸਨ ਅਤੇ ਪਰਵਾਸੀ ਕੋਟੇ ਰਾਹੀਂ ਲਾੜੀ ਜਾਂ ਲਾੜੇ ਨੂੰ ਆਪਣੇ ਪੁੱਤਰ ਜਾਂ ਧੀ ਲਈ ਇੱਥੇ ਮੰਗਵਾ ਸਕਦੇ ਸਨ। ਜਵਾਨ ਮੁੰਡੇ ਹਾਲੇ ਵੀ ਵਿਆਹ ਕਰਵਾਉਣ ਲਈ ਭਾਰਤ ਜਾਂਦੇ ਸਨ, ਪਰ 1950 ਵਿਆਂ ਵਿੱਚ ਪੋਟਿਆਂ `ਤੇ ਗਿਣਨਯੋਗ ਮੰਗੇਤਰ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਸਥਾਨਕ ਗੁਰਦਵਾਰਿਆਂ ਵਿੱਚ ਵਿਆਹ ਦੀਆਂ ਰਸਮਾਂ ਹੋਣ ਲੱਗੀਆਂ ਸਨ।(10)

ਇਹ ਮਸਲਾ ਜੈਕੀ ਤੇ ਸੁਰਜੀਤ ਲਈ ਨਹੀਂ ਸੀ । ਉਹ ਮਾਪਿਆਂ ਵੱਲੋਂ ਵਿਆਹ ਕਰਵਾਉਣ ਦੇ ਦਬਾਅ ਤੋਂ ਮੁਕਤ ਸਨ ਅਤੇ ਵੀਹਵਿਆਂ ਦੇ ਅੱਧ ਵਿੱਚ ਪਹੁੰਚ ਗਈਆਂ ਸਨ। ਉਨ੍ਹਾਂ ਦੇ ਪਰਿਵਾਰ ਲਈ ਗ੍ਰਹਿਣੀ ਬਨਣ ਨਾਲੋਂ ਡਾਕਟਰ ਹੋਣਾ ਜ਼ਿਆਦਾ ਮਹੱਤਵਪੂਰਨ ਸੀ। ਇਸ ਮਾਮਲੇ ਵਿੱਚ ਕਪੂਰ ਤੇ ਬਸੰਤ ਕੌਰ ਸਿੱਖਾਂ ਵਿੱਚ ਨਿਰਾਲੇ ਸਨ, ਅਸਲ ਵਿੱਚ ਆਮ ਕਨੇਡੀਅਨ ਸਮਾਜ ਵਿੱਚ ਵੀ। ਬਸੰਤ ਕੌਰ ਦਾ ਭਰਾ ਅਤੇ ਚਾਚਾ ਯੁਨਾਨੀ ਡਾਕਟਰ ਸੀ, ਉਹ ਅਜੇਹੀ ਰਵਾਇਤੀ ਡਾਕਟਰੀ ਕਰਦੇ ਸਨ ਜਿਸ ਦੀਆਂ ਜੜ੍ਹਾਂ ਭਾਰਤ ਵਿੱਚ ਸਨ। ਲੋਕਾਂ ਦਾ ਇਲਾਜ ਕਰਨਾ ਪਰਿਵਾਰਕ ਕਿੱਤਾ ਸੀ। ਅਤੇ ਦੋਹੇਂ ਮਾਪੇ ਮਹਿਸੂਸ ਕਰਦੇ ਸਨ ਕਿ ਭਾਰਤ ਨੂੰ ਕਨੇਡਾ ਨਾਲੋਂ ਜ਼ਿਆਦਾ ਡਾਕਟਰਾਂ ਦੀ ਜ਼ਰੂਰਤ ਸੀ। ਇਸ ਲਈ ਭਾਰਤ ਵਿੱਚ ਸੇਵਾ ਕਰਨਾ ਹੀ ਵੱਡਾ ਟੀਚਾ ਰਿਹਾ। ਕਪੂਰ ਨੇ ਆਪਣੀਆਂ ਬੇਟੀਆਂ ਨੂੰ ਕਨੇਡਾ ਵਿੱਚ ਸੇਵਾ ਕਰਨ ਲਈ ਵੀ ਕਿਹਾ ਪਰ ਇਹ ਡਾਕਟਰੀ ਨਾਲੋਂ ਕਿਸੇ ਹੋਰ ਖੇਤਰ ਵਿੱਚ। ਆਪਣੇ ਅਪਣਾਏ ਹੋਏ ਦੇਸ਼ ਲਈ ਇਹ ਜ਼ਿੰਮੇਵਾਰੀ ਇਕੱਲਾ ਕਪੂਰ ਹੀ ਮਹਿਸੂਸ ਕਰਦਾ ਸੀ। ਬਸੰਤ ਕੌਰ ਦਾ ਪੱਕਾ ਝੁਕਾਅ ਭਾਰਤ ਵੱਲ ਹੀ ਸੀ।

1951 ਦੀਆਂ ਗਰਮੀਆਂ ਵਿੱਚ ਜੈਕੀ ਵੈਨਕੂਵਰ ਜਨਰਲ ਹਸਪਤਾਲ ਵਿੱਚ ਇੰਟਰਨਸ਼ਿੱਪ ਦਾ ਦੂਜਾ ਸਾਲ ਪੂਰਾ ਕਰ ਰਹੀ ਸੀ ਅਤੇ ਸੁਰਜੀਤ ਟਰਾਂਟੋ ਜਨਰਲ ਵਿੱਚ ਪਹਿਲੇ ਸਾਲ ਦੇ ਅੰਤ ਵਿੱਚ ਸੀ। ਕਪੂਰ ਉਨ੍ਹਾਂ ਨੂੰ ਇਨਾਮ ਦੇਣ ਵਜੋਂ  ਨੌਂ ਮਹੀਨੇ ਦੀਆਂ ਛੁੱਟੀਆਂ ਮਨਾਉਣ ਲਈ ਅਮਰੀਕਾ ਤੇ ਯੂਰਪ ਰਾਹੀਂ ਭਾਰਤ ਲੈ ਗਿਆ। ਪੱਚੀ ਸਾਲ ਪਹਿਲਾਂ ਉਨ੍ਹਾਂ ਨੇ ਸ਼ਾਂਤ ਮਹਾਂਸਾਗਰ ਰਾਹੀਂ ਯਾਤਰਾ ਕੀਤੀ ਸੀ ਅਤੇ ਹੁਣ ਉਹ ਦੁਨੀਆਂ ਦੁਆਲੇ ਚੱਕਰ ਪੂਰਾ ਕਰ ਰਹੇ ਸਨ। ਕਪੂਰ ਤੇ ਬਸੰਤ ਕੌਰ ਕੋਲ ਏਜੰਡਾ ਸੀ ਕਿਉਂ ਕਿ ਉਹ ਸੋਚਦੇ ਸਨ ਕਿ ਕੁੜੀਆਂ ਨੂੰ ਭਾਰਤ ਵਿੱਚ ਸੈੱਟ ਹੋਣ ਅਤੇ ਹਸਪਤਾਲ ਚਲਾਉਣ ਦੀ ਤਿਆਰੀ ਕਰਨੀ ਚਾਹੀਦੀ ਸੀ। ਕਪੂਰ ਨੇ ਪਹਿਲਾਂ ਹੀ ਜ਼ਮੀਨ ਖ੍ਰੀਦ ਲਈ ਸੀ ਅਤੇ ਜੈਕੀ ਤੇ ਸੁਰਜੀਤ ਆਪਣੀ ਮਾਂ ਦੀ ਤੱਤੀ ਖਾਹਸ਼ ਨੂੰ ਨਜ਼ਰਅੰਦਾਜ਼ ਨਾ ਕਰ ਸਕੀਆਂ ਕਿ ਉਹ ਭਾਰਤ ਵਿੱਚ ਰਹਿਣ ਅਤੇ ਤੁਰਤ ਕੰਮ ਸ਼ੁਰੂ ਕਰ ਦੇਣ। ਪਰ ਇਹ ਸੈਰ-ਸਪਾਟਾ ਜੈਕੀ ਤੇ ਸੁਰਜੀਤ ਦੀ ਪ੍ਰਾਪਤੀ ਨੂੰ ਮਾਨਤਾ ਦੇਣ ਲਈ ਵੀ ਸੀ ਅਤੇ ਕਈ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਰਾਹਤ ਵੀ ਸੀ।

ਬਹੁਤ ਸਾਲਾਂ ਤੱਕ ਸ਼ੈਵਰਲੇ ਕਾਰਾਂ ਖ੍ਰੀਦਣ ਤੋਂ ਬਾਅਦ ਕਪੂਰ ਨੇ ਓਲਡਸਮੋਬਾਈਲ ਕਾਰ ਤੱਕ ਸਟੈਂਡਰਡ ਵਧਾ ਲਿਆ ਸੀ। ਜੁਲਾਈ ਦੇ ਅੱਧ ਵਿੱਚ ਉਨ੍ਹਾਂ ਨੇ ਆਪਣੀ ਓਲਡਸਮੋਬਾਈਲ ਕਾਰ ਵਿੱਚ ਆਪਣਾ ਸਮਾਨ ਰੱਖ ਲਿਆ ਅਤੇ ਆਪਣੇ ਬੁੱਢੇ ਹੋ ਰਹੇ ਕੁੱਤੇ, ਪ੍ਰਿੰਸ ਨੂੰ ਆਪਣੇ ਰਿਸ਼ਤੇ `ਚੋਂ ਭਰਾ ਕਸ਼ਮੀਰ ਕੋਲ ਛੱਡ ਕੇ ਉਨ੍ਹਾਂ ਨੇ ਆਪਣੀ ਕਾਰ  ਦੱਖਣ  ਵੱਲ ਅਮਰੀਕਾ ਦੀ ਸਰਹੱਦ ਵੱਲ ਕਰ ਲਈ। 29 ਜੁਲਾਈ ਨੂੰ ਉਹ ਨਿਊਯੌਰਕ ਦੀ ਬੰਦਰਗਾਹ `ਤੇ ਸਨ। ਉਨ੍ਹਾਂ ਨੇ ਆਪਣੀ ਓਲਡਸਮੋਬਾਈਲ ਵਿਲਾਸੀ ਸਮੁੰਦਰੀ ਜਹਾਜ਼ 'ਕੁਈਨ ਅਲੈਜਬਥ' ਵਿੱਚ ਚੜ੍ਹਾਈ ਅਤੇ ਆਪਣੀਆਂ ਪਹਿਲੇ ਦਰਜੇ ਦੀਆਂ ਕੈਬਿਨਾਂ ਵਿੱਚ ਟਿਕ ਗਏ। ਪੰਜ ਦਿਨਾਂ ਬਾਅਦ ਉਨ੍ਹਾਂ ਦਾ ਜਹਾਜ਼ ਇੰਗਲੈਂਡ ਦੇ ਦੱਖਣੀ ਤੱਟ `ਤੇ ਸਾਊਥਹੈਂਪਟਨ ਵਿੱਚ ਲੱਗ ਗਿਆ। ਉਨ੍ਹਾਂ ਸਾਰਿਆਂ ਨੇ ਪ੍ਰਸ਼ਾਂਤ ਮਹਾਂਸਾਗਰ ਪਾਰ ਕਰਦਿਆਂ ਵਿਲਾਸੀ ਜਹਾਜ਼ ਦੇ ਸ਼ਾਹੀ ਖਾਣੇ, ਅਤੇ ਪਹਿਲੇ ਦਰਜੇ ਦੇ ਡੈੱਕ `ਤੇ ਲੰਬੀਆਂ ਸੈਰਾਂ ਦਾ ਆਨੰਦ ਮਾਣਿਆ। ਦੋ ਕੁ ਥਾਵਾਂ `ਤੇ ਖਰਾਬ ਮੌਸਮ ਕਾਰਣ ਬਸੰਤ ਕੌਰ ਤੇ ਸੁਰਜੀਤ ਬਿਮਾਰ ਹੋ ਗਈਆਂ। ਸਾਊਥਹੈਂਪਟਨ ਤੋਂ ਉਹ ਐਡਿਨਬਰਾ ਮੇਲੇ ਦਾ ਉਦਘਾਟਨ ਦੇਖਣ ਲਈ ਉੱਤਰ ਵੱਲ ਸਕਾਟਲੈਂਡ ਤੱਕ ਆਪਣੀ ਕਾਰ ਰਾਹੀਂ ਗਏ ਅਤੇ ਦ੍ਰਿਸ਼ਾਂ ਦਾ ਆਨੰਦ ਮਾਣਦੇ ਵਾਪਸ ਲੰਡਨ ਆ ਗਏ। ਡੋਵਰ ਤੋਂ ਛੋਟੇ ਜਹਾਜ਼ (ਚੈਨਲ ਫੈਰੀ) ਵਿੱਚ ਸਵਾਰ ਹੋ ਕੇ ਉਹ ਫਰਾਂਸ `ਚ ਕੈਲੇ ਪਹੁੰਚ ਗਏ।

ਖਾੜੀ ਦੇ ਫਰਾਂਸ ਵਾਲੇ ਪਾਸੇ ਕੈਲੇ ਤੋਂ ਓਲਡਮੋਬਾਈਲ ਦਾ ਸਟੇਰਿੰਗ ਸੁਰਜੀਤ ਦੇ ਹੱਥਾਂ ਵਿੱਚ ਸੀ। ਇੰਗਲੈਂਡ ਤੇ ਸਕਾਟਲੈਂਡ ਵਿੱਚ ਉਨ੍ਹਾਂ ਨੇ ਬਿਨਾਂ ਕਿਸੇ ਘਟਨਾ ਦੇ ਸੜਕ ਦੇ ਖੱਬੇ ਪਾਸੇ ਕਾਰ ਚਲਾਈ ਸੀ, ਪਰ ਹੁਣ, ਉਨ੍ਹਾਂ ਦੇ ਜਾਣੇ-ਪਹਿਚਾਣੇ ਸੱਜੇ ਹੱਥ ਕਾਰ ਚਲਾਉਂਦਿਆਂ, ਉਨ੍ਹਾਂ ਦਾ ਫੌਰਨ ਐਕਸੀਡੈਂਟ ਹੋ ਗਿਆ। ਇੱਕ ਖੜ੍ਹੀ ਕਾਰ ਅਚਾਨਕ ਝਟਕੇ ਨਾਲ ਉਨ੍ਹਾਂ ਦੇ ਮੂਹਰੇ ਆ ਗਈ। ਬਚਾਅ ਕਰਨ ਲਈ ਸੁਰਜੀਤ ਨੇ ਆਪਣੀ ਕਾਰ ਖੱਬੇ ਵੱਲ ਕਰ ਲਈ ਪਰ ਉਹ ਦੂਜੇ ਪਾਸਿਓਂ ਆ ਰਹੀ ਗੱਡੀ ਨਾਲ ਟਕਰਾ ਗਈ। ਉਸ ਵਿੱਚ ਵੀ ਚਾਰ ਮੁਸਾਫਿਰ ਸਨ। " ਪ੍ਰਮਾਤਮਾ ਦੀ ਮੇਹਰ ਨਾਲ ਕਿਸੇ ਦੇ ਵੀ ਗੰਭੀਰ ਸੱਟ ਨਹੀਂ ਲੱਗੀ," ਨੁਕਸਾਨ ਨੂੰ ਦੇਖ ਕੇ ਉਨ੍ਹਾਂ ਨੇ ਕਿਹਾ, ਪਰ ਉਨ੍ਹਾਂ ਦੀ ਕਾਰ ਚਲਾਉਣ ਦੇ ਯੋਗ ਨਹੀਂ ਸੀ ਰਹੀ। ਕਪੂਰ ਤੇ ਸੁਰਜੀਤ ਕਿਸੇ ਦੇ ਨਾਲ ਨੇੜੇ ਦੇ ਕਸਬੇ ਵਿੱਚੋਂ ਸਹਾਇਤਾ ਲੈਣ ਚਲੇ ਗਏ ਅਤੇ ਜੈਕੀ ਤੇ ਬਸੰਤ ਕੌਰ ਕਾਰ ਦੇ ਮਲਬੇ ਕੋਲ ਬੈਠ ਕੇ ਘੰਟਿਆਂ ਬੱਧੀ ਦੂਜੇ ਦੋਹਾਂ ਦੀ ਉਡੀਕ ਕਰਦੀਆਂ ਰਹੀਆਂ।  ਪੈਰਿਸ ਜਾਣ ਲਈ ਉਹ ਸਾਰੇ ਰੇਲ ਗੱਡੀ ਵਿੱਚ ਸਵਾਰ ਹੋ ਗਏ। ਉੱਥੇ ਉਹ ਸ਼ਨਿੱਚਰਵਾਰ ਦੀ ਰਾਤ ਨੂੰ ਆਪਣੇ ਟਰੈਵਲ ਏਜੰਟ, ਟੌਮਸ ਕੁੱਕ ਐਂਡ ਸਨਜ਼, ਦੇ ਸੋਮਵਾਰ ਤੱਕ ਬੰਦ ਹੋਣ ਤੋਂ ਕਈ ਘੰਟੇ ਬਾਅਦ ਪਹੁੰਚੇ। ਇਸ ਤਰ੍ਹਾਂ ਉਹ ਕਿਸੇ ਵੀ ਹੋਟਲ ਲਈ ਸਲਾਹ ਤੋਂ ਵਾਂਝੇ ਰਹਿ ਗਏ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਟੌਮਸ ਕੁੱਕ ਨੇ ਉਨ੍ਹਾਂ ਲਈ ਐਲੀਜ਼ੇਅ ਤੋਂ ਹਟਵਾਂ ਵਿਲਾਸੀ ਹੋਟਲ ਜੌਰਜ ਲੇ ਸਿੰਕ  ਵਿੱਚ ਕਮਰਾ ਰਾਖਵਾਂ ਕਰਵਾ ਦਿੱਤਾ ਸੀ। ਉਸ ਰਾਤ ਉਨ੍ਹਾਂ ਨੇ ਆਰਕ ਡੇ ਟਰੀਔਫਂ ਵਿੱਚ ਕਮਰੇ ਲੈ ਲਏ ਸਨ ਪਰ ਇਹ ਤੀਜੇ ਦਰਜੇ ਵਾਲੀ ਥਾਂ ਸੀ।

ਕਪੂਰ ਨੇ ਇੱਕ ਹੋਰ ਕਾਰ ਖ੍ਰੀਦਣ ਦਾ ਫੈਸਲਾ ਕਰ ਲਿਆ ਅਤੇ ਕਿਸਮਤ ਨਾਲ ਉਨ੍ਹਾਂ ਨੂੰ ਪਹਿਲੀ ਕਾਰ ਵਾਲਾ ਹੀ ਓਲਡਸਮੋਬਾਈਲ ਦਾ ਮਾਡਲ ਅਤੇ ਰੰਗ(ਨੀਲਾ) ਮਿਲ ਗਿਆ।  ਜਦੋਂ ਉਹ ਹਫਤੇ ਬਾਅਦ ਪੈਰਿਸ ਤੋਂ ਚੱਲੇ, ਕਪੂਰ ਨੇ ਕਾਰ ਚਲਾਉਣ ਲਈ ਸੁਰਜੀਤ `ਤੇ ਜ਼ੋਰ ਪਾਇਆ। " ਤੂੰ ਕਾਰ ਚਲਾ ਨਹੀਂ ਤਾਂ ਅਗਾਂਹ ਨੂੰ ਤੂੰ ਨਰਵਸ ਹੋ ਜਾਇਆ ਕਰੇਂਗੀ," ਉਸ ਨੇ ਕਿਹਾ। ਸੁਰਜੀਤ ਇਸ ਲਈ ਸ਼ੁਕਰਗੁਜ਼ਾਰ ਸੀ। ਉਨ੍ਹਾਂ ਨੇ ਸਵਿਟਜ਼ਰਲੈਂਡ, ਲਿਕਟਨਸਟਾਈਨ, ਆਸਟਰੀਆ, ਇਟਲੀ ਅਤੇ ਮੁੜ ਫਰਾਂਸ  ਵਿੱਚ ਦੀ ਗੋਲ ਦਾਇਰੇ ਵਾਲਾ ਰੂਟ ਲਿਆ। ਜਨੇਵਾ ਵਿੱਚ ਉਹ ਆਪਣੇ ਪੁਰਾਣੇ ਮਿੱਤਰ ਸਾਧੂ ਸਿੰਘ ਧਾਮੀ( ਉਨ੍ਹਾਂ ਦਾ ਸੂਕ ਝੀਲ ਵਾਲੇ ਪਿੰਡ ਵਿੱਚ ਆਮ ਆਉਣ ਵਾਲਾ ਮਹਿਮਾਨ) ਅਤੇ ਮਾਂਟਰੀਅਲ ਤੋਂ ਉਸਦੀ ਜਵਾਨ ਜਰਮਨ ਜਹੂਦੀ ਰਫਿਊਜੀ ਪਤਨੀ, ਆਇਡਾ (ਰੈਸ਼ਨਰ) ਨੂੰ ਮਿਲੇ। ਇੱਥੇ ਉਨ੍ਹਾਂ ਨੂੰ ਸਾਧੂ ਸਿੰਘ ਤੇ ਆਈਡਾ ਦੀ ਅਸਾਧਾਰਨ ਕਹਾਣੀ ਨੂੰ ਜਾਨਣ ਦਾ ਮੌਕਾ ਬਣਿਆ। ਸਾਧੂ ਸਿੰਘ ਧਾਮੀ ਦੀ ਇੰਟਰਨੈਸ਼ਨਲ ਲੇਬਰ ਔਰਗੇਨਾਈਜ਼ੇਸ਼ਨ (ਆਈ ਐਲ ਓ) ਨਾਲ ਆਪਣੇ ਕਿੱਤੇ ਦੀ ਸ਼ੁਰੂਆਤ ਮਾਂਟਰੀਅਲ ਵਿੱਚ ਮਗਿੱਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਜੰਗ ਸਮੇਂ ਵਾਲੇ ਹੈਡਕੁਆਟਰ ਤੋਂ ਹੋਈ। ਉਹ ਆਇਡਾ ਨੂੰ ਕੁਝ ਪਹਿਲਾਂ ਮਿਲਿਆ ਸੀ, ਜਦੋਂ ਉਹ ਆਪ ਟਰਾਂਟੋ ਵਿੱਚ ਪੀ ਐੱਚ ਡੀ ਕਰਦਾ ਸੀ ਤੇ ਉਹ ਅੰਡਰ ਗਰੈਜੂਏਟ ਸੀ ਅਤੇ ਉਨ੍ਹਾਂ ਨੇ ਉਸਦੇ ਜਨੇਵਾ ਜਾਣ ਤੋਂ ਪਹਿਲਾਂ ਅਤੇ ਆਈ ਐਲ ਓ ਵਿੱਚ ਲੱਗਣ ਤੋਂ ਬਾਅਦ ਵਿਆਹ ਕਰਵਾ ਲਿਆ ਸੀ।(11) ਆਇਡਾ ਨੇ ਉਸ ਨੂੰ "ਆਪਣਾ ਦ੍ਰਿਸ਼ਟੀਕੋਨ ਵਿਸ਼ਾਲ ਕਰਨ ਲਈ" ਆਈ ਐਲ ਓ ਦੀ ਨੌਕਰੀ ਲੈਣ ਲਈ ਉਤਸ਼ਾਹਿਤ ਕੀਤਾ ਸੀ, ਭਾਵੇਂ ਦੋਨਾਂ ਨੇ ਪਹਿਲਾਂ ਹੀ ਅਸਾਧਾਰਨ ਰਵਾਇਤਾਂ ਦੇ ਜੋੜ ਨੂੰ ਇਕੱਠਾ ਕਰ ਲਿਆ ਸੀ।

ਸਾਧੂ ਸਿੰਘ ਤੇ ਆਇਡਾ ਨੂੰ ਮਿਲਣ ਤੋਂ ਬਾਅਦ ਕਪੂਰ ਅਤੇ ਪਰਿਵਾਰ ਨੇ ਇੰਟਰਲੇਕਨ ਦੇ ਪੂਰਬ ਵੱਲ ਪਹਾੜਾਂ ਵਿੱਚ ਇੱਕ ਭਿਆਨਕ ਹਾਦਸਾ ਦੇਖਿਆ। ਉਨ੍ਹਾਂ ਨੇ ਆਪਣੀ ਕਾਰ ਸੜਕ ਦੇ ਇੱਕ ਪਾਸੇ ਰੋਕ ਲਈ ਤਾਂ ਕਿ ਦੋ ਡਾਕਟਰ, ਜੈਕੀ ਤੇ ਸੁਰਜੀਤ ਜਖ਼ਮੀਆਂ ਦੀ ਸਹਾਇਤਾ ਕਰ ਸਕਣ। ਉਨ੍ਹਾਂ ਦੇ ਟੂਰ ਨੇ ਉਨ੍ਹਾਂ ਨੂੰ ਵੀਨਸ ਅਤੇ ਰੋਮ ਦੇ ਨਾਲ ਨਾਲ ਪੈਰਿਸ ਅਤੇ ਜਨੇਵਾ ਦਿਖਾ ਦਿੱਤਾ। ਇਸ ਮਹਾਂਦੀਪ ਦੇ ਸਫਰ ਦੌਰਾਨ ਕੈਲੇ ਵਿੱਚ ਵਾਪਰਿਆ ਹਾਦਸਾ ਉਨ੍ਹਾਂ ਦੀ ਯਾਦ ਵਿੱਚ ਟਿਕ ਗਿਆ। ਇੰਗਲੈਂਡ ਵਾਪਸ ਆ ਕੇ ਉਨ੍ਹਾਂ ਨੇ ਆਪਣੀ ਕਾਰ ਪੂਰਬੀ ਲੰਡਨ ਵਿੱਚ ਟਿਲਬਰੀ ਬੰਦਰਗਾਹ ਵੱਲ ਕਰ ਲਈ ਅਤੇ ਭਾਰਤ ਜਾਣ ਲਈ  ਪੈਨਸੁਲਰ ਤੇ ਓਰੀਐਂਟਲ ਲਾਈਨਰ ਦੇ ਚੂਸਿਨ ਵਿੱਚ ਸਵਾਰ ਹੋ ਗਏ।

ਇਹ ਸਮੁੰਦਰੀ ਸਫਰ ਸਤਾਰਾਂ ਜਾਂ ਅਠ੍ਹਾਰਾਂ ਦਿਨਾਂ ਦਾ ਸੀ। ਮਿਸਰ ਦੇ ਪੋਰਟ ਸਈਦ ਤੋਂ ਅੱਗੇ ਤਾਪਮਾਨ ਕੜਾਕੇਦਾਰ ਸੀ, ਪਰ ਜਦੋਂ ਉਨ੍ਹਾਂ ਦਾ ਜਹਾਜ਼ ਅਕਤੂਬਰ ਮਹੀਨੇ ਵਿੱਚ ਮੁੰਬਈ ਦੀ ਬੰਦਰਗਾਹ `ਤੇ ਲੱਗਾ, ਜਿਹੜੀ ਪਿੰਡਾ ਝੁਲਸਾਉਣ ਵਾਲੀ ਗਰਮੀ ਦਾ ਉਨ੍ਹਾਂ ਨੇ ਸਾਹਮਣਾ ਕੀਤਾ ਉਹ ਕੁਝ ਵੱਖਰਾ ਹੀ ਸੀ। ਜ਼ਿੰਦਗੀ `ਚ ਪਹਿਲੀ ਵਾਰ ਜੈਕੀ ਨੇ ਆਪਣੇ ਹੱਥ ਦੇ ਪੁੱਠੇ ਪਾਸੇ ਮੁੜਕਾ ਦੇਖਿਆ। ਸੁਰਜੀਤ ਕਹਿੰਦੀ ਕਿ ਅਜੇਹੀ ਗਰਮੀ ਵਿੱਚ ਕੁਝ ਵੀ ਕਰਨਾ ਬਹੁਤ ਮੁਸ਼ਕਲ ਸੀ। ਅਤੇ ਜਦੋਂ ਉਨ੍ਹਾਂ ਨੇ ਆਪਣੀ ਨੀਲੀ ਓਲਡਸਮੋਬਾਈਲ ਲਾਹੀ, ਉਨ੍ਹਾਂ ਦਾ ਅਧਿਕਾਰੀਆਂ ਅਤੇ ਦਫਤਰੀ ਢਿੱਲ-ਮੱਠ ਨੇ ਬੁਰਾ ਹਾਲ ਕਰ ਦਿੱਤਾ(ਭਾਰਤ ਵਿੱਚ ਕਿਸੇ ਯਾਤਰੀ ਨਾਲ ਇਹ ਕੋਈ ਪਹਿਲੀ ਤੇ ਆਖਰੀ ਵਾਰੀ ਨਹੀਂ ਸੀ ਹੋਇਆ)। ਸੁਰਜੀਤ ਹਮੇਸ਼ਾ ਬੋਲਣ ਵਿੱਚ ਮੂਹਰੇ ਹੁੰਦੀ, ਪਰਿਵਾਰ ਦਾ ਬੁਲਾਰਾ ਬਣ ਜਾਂਦੀ, ਅਤੇ ਕਪੂਰ ਨੇ ਉਸਦੀ ਪੜ੍ਹਾਈ ਅਤੇ ਤਜਰਬੇ ਕਾਰਣ ਉਸ ਨੂੰ ਇਹ ਭੂਮਿਕਾ ਦੇ ਦਿੱਤੀ ਸੀ। ਉਸ ਨੂੰ ਯਾਦ ਸੀ ਕਿ ਉਸ ਨੇ ਇੱਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਤੱਕ ਜਾਂਦਿਆਂ ਉਹ ਕਿਵੇਂ ਕਾਹਲੀ ਪੈ ਗਈ ਸੀ ਤੇ ਕਈ ਵਾਰ ਗੁੱਸੇ ਵਿੱਚ ਵੀ ਆਈ ਸੀ। ਆਖਰਕਾਰ ਅਖੀਰਲੇ ਦਸਤਾਵੇਜ਼ `ਤੇ ਦਸਤਖਤ ਹੋਣ ਤੋਂ ਬਾਅਦ ਕਾਰ ਆਪਣੇ ਹੱਥ ਹੇਠ ਕਰਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਕਪੂਰ ਨੂੰ ਕਈ ਵਾਰ ਉਸ ਨੂੰ ਕਹਿਣਾ ਪਿਆ, "ਇਹ ਭਾਰਤ ਹੈ ਤੇ ਤੈਨੂੰ ਇਸਦੀ ਆਦਤ ਪਾਉਣੀ ਪਵੇਗੀ।"

ਮੁੰਬਈ ਵਿੱਚ ਉਹ ਸੁਰਜੀਤ ਦੀ ਟਰਾਂਟੋ ਮੈਡੀਕਲ ਸਕੂਲ ਵਾਲੀ ਪਾਰਸੀ ਸਹੇਲੀ, ਜ਼ੀਨਤ ਕਰੀਮਬੁਆਏ ਕੋਲ ਠਹਿਰੇ, ਜਿਹੜੀ ਨੈਪੀਅਨ ਸੀਅ ਰੋਡ ਵਾਲੇ ਪੌਸ਼ ਇਲਾਕੇ ਵਿੱਚ ਰਹਿੰਦੀ ਸੀ। ਇਸ ਇਲਾਕੇ ਵਿੱਚ ਗੁਜਰਾਤੀ, ਜੈਨ ਤੇ ਪਾਰਸੀ ਭਾਈਚਾਰੇ ਦੇ ਮੋਹਰੀ ਉਦਯੋਗਪਤੀ ਅਤੇ ਸ਼ਾਹੂਕਾਰ ਰਹਿੰਦੇ ਸਨ। ਜ਼ੀਨਤ ਨੇ ਸਿੱਧੂਆਂ ਨੂੰ ਬਹੁਤ ਦਿਆਲਤਾ ਨਾਲ ਸ਼ਹਿਰ ਦਿਖਾਇਆ। ਉਹ ਉਨ੍ਹਾਂ ਨੂੰ ਫੈਰੀ ਰਾਹੀਂ  ਇੱਕ ਘੰਟੇ ਦੀ ਵਿੱਥ `ਤੇ ਐਲੀਫੈਂਟਾ ਟਾਪੂ `ਤੇ ਗੁਫਾਵਾਂ ਵਿੱਚ ਖੁਦੀਆਂ ਮੂਰਤੀਆਂ ਦਿਖਾਉਣ ਲਈ ਲੈ ਕੇ ਗਈ ਅਤੇ 170 ਕਿਲੋਮੀਟਰ ਦੂਰ ਵਸੇ ਇਤਿਹਾਸਕ ਸ਼ਹਿਰ ਪੂਨੇ ਵੀ ਉਨ੍ਹਾਂ ਦੇ ਨਾਲ ਗਈ।  ਮੁੰਬਈ ਤੋਂ ਪੰਜਾਬ ਜਾਣ ਵੇਲੇ ਉਨ੍ਹਾਂ ਨੇ ਸਭ ਤੋਂ ਛੋਟਾ ਰਾਹ ਨਾ ਚੁਣਿਆ ਸਗੋਂ ਕਈ ਹੋਰ ਥਾਵਾਂ ਦੇਖਣ ਲਈ ਘੁੰਮ-ਫਿਰ ਕੇ ਗਏ। ਉਹ ਇਲੋਰਾ ਤੇ ਅਜੰਤਾਂ ਦੀਆਂ ਬੋਧੀ ਗੁਫਾਵਾਂ, ਨੰਦੇੜ  ਵਿੱਚ ਹਜ਼ੂਰ ਸਾਹਿਬ ( ਸਿੱਖਾਂ ਦੇ ਪੰਜ ਤਖਤਾਂ ਵਿੱਚੋਂ ਇੱਕ), ਗਵਾਲੀਅਰ ਵਿੱਚ ਮਨ ਮੰਦਰ ਦਾ ਮਹਾਨ ਮਹਿਲ, ਅਤੇ ਆਗਰੇ ਵਿੱਚ ਤਾਜ ਮਹਿਲ ਦੇਖਣ ਲਈ ਰੁਕੇ। ਸ਼ਾਨਦਾਰ ਦਰਸ਼ਨੀ ਥਾਵਾਂ ਹੋਣ ਦੇ ਬਾਵਜੂਦ ਜੈਕੀ ਤੇ ਸੁਰਜੀਤ ਨੂੰ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਨੇ ਗਰੀਬੀ, ਅਤੇ ਗੰਦ ਤੇ ਮੱਖੀਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਆਦਮੀਆਂ ਨੂੰ ਗਲ਼ੀਆਂ ਵਿੱਚ  ਖੂਨ ਥੁੱਕਦਿਆਂ ਦੇਖਿਆ, ਜਿਸਦਾ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਖੂਨ ਨਹੀਂ ਪਾਨ ਸੀ।

ਬਸੰਤ ਕੌਰ ਦੇ ਪਿੰਡ ਔੜ ਪਹੁੰਚਣ ਲਈ ਉਨ੍ਹਾਂ ਨੂੰ ਹਫਤੇ ਤੋਂ ਉੱਪਰ ਸਮਾਂ ਲੱਗਿਆ। ਦਿੱਲੀ ਤੋਂ ਉੱਤਰ ਵੱਲ ਆਖਰੀ ਦੋ ਸੌ ਮੀਲ ਉਹ ਜੀ ਟੀ ਰੋਡ ਉੱਤੇ ਸਨ, ਜੇ ਉਹ ਇਸ ਸੜਕ ਉੱਪਰ ਹੀ ਚਲਦੇ ਰਹਿੰਦੇ ਤਾਂ ਉਨ੍ਹਾਂ ਨੇ 1947 ਵਿੱਚ ਬਣੀ ਪਾਕਿਸਤਾਨ ਦੀ ਸਰਹੱਦ ਦੇ ਦੂਜੇ ਪਾਸੇ ਪੁਰਾਣੇ ਪੰਜਾਬ ਦੀ ਰਾਜਧਾਨੀ ਲਾਹੌਰ ਪਹੁੰਚ ਜਾਣਾ ਸੀ। ਪਰ ਉਨ੍ਹਾਂ ਦਾ ਟਿਕਾਣਾ ਉਸ ਤੋਂ ਕਾਫੀ ਉਰਾਂ ਸੀ। ਫਿਲੌਰ ਕਸਬੇ ਵਿੱਚ ਪਹੁੰਚ ਕੇ ਉਨ੍ਹਾਂ ਨੇ ਪੂਰਬ ਵੱਲ ਮੁੜ ਕੇ ਛੋਟੀ ਸੜਕ ਲੈ ਲਈ। ਉਸ ਥਾਂ ਤੋਂ ਔੜ ਵੀਹ ਕਿਲੋਮੀਟਰ ਵਾਟ `ਤੇ ਸੀ। ਮੁੱਢ ਵਿੱਚ ਸੜਕ ਪੱਕੀ ਸੀ ਭਾਵੇਂ ਬਹੁਤ ਭੀੜੀ ਸੀ ਪਰ ਅੱਧ ਵਿਚਾਲੇ ਜਾ ਕੇ ਸੜਕ ਕੱਚੀ ਵਿੱਚ ਬਦਲ ਗਈ ਅਤੇ ਮੀਂਹ ਕਾਰਣ ਚਿੱਕੜ, ਤਿਲਕਣ ਅਤੇ ਖਤਰਨਾਕ ਸੀ। ਅੱਗੇ ਜਾਣਾ ਲਗਭਗ ਅਸੰਭਵ ਹੀ ਸੀ। ਉਹ ਵਾਪਸ ਫਿਲੌਰ ਆ ਗਏ ਅਤੇ ਕਾਰ ਕਿਸੇ ਜਾਣ-ਪਹਿਚਾਣ ਵਾਲੇ ਕੋਲ ਖੜ੍ਹਾ ਕੇ ਔੜ ਦਾ ਰੋਜ਼ਾਨਾ ਗੇੜਾ ਲਾਉਂਦੀ ਕਬਾੜਾ ਬੱਸ `ਤੇ ਸਵਾਰ ਹੋ ਗਏ। ਸੜਕ ਦੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਬੱਸ ਵੀ ਭੈਅਭੀਤ ਕਰਦੀ ਸੀ। ਉਨ੍ਹਾਂ ਦੀ ਕਲਪਨਾ ਵਿੱਚ ਸੀ ਕਿ ਉਹ ਆਪਣੀ ਉੱਤਰੀ ਅਮਰੀਕਨ ਵੱਡੀ ਕਾਰ ਰਾਹੀਂ ਪਿੰਡ ਪਹੁੰਚਣਗੇ ਪਰ ਉਨ੍ਹਾਂ ਨੂੰ ਪਿੰਡ ਵਿੱਚ ਉਸ ਥਾਂ ਤੋਂ ਤੁਰ ਕੇ ਦਾਖਲ ਹੋਣਾ ਪਿਆ, ਜਿੱਥੇ ਬੱਸ  ਨੇ ਉਨ੍ਹਾਂ ਨੂੰ ਉਤਾਰਿਆ ਸੀ।

ਉਸ ਤੋਂ ਬਾਅਦ ਜਦੋਂ ਵੀ ਮੀਂਹ ਪੈਂਦਾ, ਉਹ ਆਪਣੀ ਕਾਰ ਫਿਲੌਰ ਵਿੱਚ ਆਪਣੇ ਦੋਸਤ ਕੋਲ ਛੱਡ ਦਿੰਦੇ। ਜਦੋਂ ਸੁੱਕ-ਪਕਾ ਵੀ ਹੁੰਦਾ, ਉਦੋਂ ਵੀ ਉਹ ਪਿੰਡ ਵਿੱਚੋਂ ਕਾਰ ਨਹੀਂ ਸੀ ਲੰਘਾ ਸਕਦੇ। ਇਸਦੀ ਥਾਂ ਉਹ ਕਾਰ ਨੂੰ ਬਾਹਰਵਰ ਪ੍ਰਾਇਮਰੀ ਸਕੂਲ ਵਿੱਚ ਖੜ੍ਹਾ ਜਾਂਦੇ ਅਤੇ ਪੈਦਲ ਜਾਂਦੇ। ਮੁਸ਼ਕ ਅਤੇ ਘੱਟੇ ਵਾਲੀਆਂ ਤੰਗ ਗਲ਼ੀਆਂ ਵਿੱਚੋ ਬੋਚ ਬੋਚ ਕੇ ਲੰਘਦੇ। ਗਲ਼ੀਆਂ ਦੇ ਵਿਚਕਾਰ ਪਸ਼ੂਆਂ ਦੇ ਫੋਸ ਪਏ ਹੁੰਦੇ, ਗਲੀ ਦੇ ਦੋਨੋਂ ਪਾਸੇ ਖੁੱਲ੍ਹੀਆਂ ਨਾਲੀਆਂ ਹੁੰਦੀਆਂ ਅਤੇ ਲੰਘਦਿਆਂ ਹਮੇਸ਼ਾ ਡਰ ਬਣਿਆ ਰਹਿੰਦਾ ਕਿ ਉੱਪਰੋਂ ਅਚਾਨਕ ਕਿਤੋਂ ਪਾਣੀ ਜਾਂ ਪਿਸ਼ਾਬ ਨਾ ਉੱਤੇ ਆ ਪਵੇ। ਬਾਹਰੋਂ ਆਏ ਹੋਣ ਕਰਕੇ (ਪਿੰਡ ਵਾਲੇ ਉਨ੍ਹਾਂ ਨੂੰ "ਕਨੇਡਾ ਵਾਲੇ" ਆਖਦੇ) ਉਨ੍ਹਾਂ ਨੇ ਲੋਕਾਂ ਦਾ ਕੁਝ ਜ਼ਿਆਦਾ ਹੀ ਧਿਆਨ ਖਿੱਚ ਲਿਆ ਸੀ। ਉਨ੍ਹਾਂ ਨੂੰ ਦੇਖਣ ਲਈ ਲੋਕ ਕੋਠਿਆਂ `ਤੇ ਖੜ੍ਹ ਜਾਂਦੇ ਅਤੇ ਕਈ ਵਾਰ ਨਿਆਣੇ ਦੰਦੀਆਂ ਕੱਢਦੇ ਉਨ੍ਹਾਂ ਦੇ ਮਗਰ ਮਗਰ ਤੁਰ ਪੈਂਦੇ ਅਤੇ ਜੈਕੀ ਤੇ ਸੁਰਜੀਤ ਦੇ ਕੱਪੜਿਆਂ ਬਾਰੇ ਸ਼ਰਾਰਤੀ ਟਿੱਪਣੀਆਂ ਕਰਦੇ। ਉਨ੍ਹਾਂ ਬੱਚਿਆਂ ਨੇ ਕਦੇ ਔਰਤਾਂ ਦੇ ਅਜੇਹੀਆਂ ਕਮੀਜਾਂ ਅਤੇ ਪਜਾਮੇ ਪਾਏ ਨਹੀਂ ਸੀ ਦੇਖੇ। ਉਨ੍ਹਾਂ ਦੇ ਪਰਿਵਾਰ ਦਾ ਮਕਾਨ, 'ਕਿਲਾ', ਜਿਸ ਬਾਰੇ ਜੈਕੀ ਤੇ ਸੁਰਜੀਤ ਨੂੰ ਆਪਣੇ ਬਚਪਨ ਦੀ ਯਾਦ ਵਿੱਚੋਂ ਮੁਸ਼ਕਲ ਨਾਲ ਹੀ ਕੁਝ ਚੇਤੇ ਸੀ, ਪਰ ਉਨ੍ਹਾਂ ਨੇ ਆਪਣੀ ਮਾਂ ਤੋਂ ਸੁਣੀਆਂ ਕਹਾਣੀਆਂ  ਅਨੁਸਾਰ ਇਸ ਨੂੰ ਆਪਣੀ ਕਲਪਨਾ ਵਿੱਚ ਉਸਾਰ ਲਿਆ ਸੀ, ਉਹ ਹੁਣ ਉਨ੍ਹਾਂ ਦੇ ਸਾਹਮਣੇ ਰੁਮਾਂਚ ਤੋਂ ਰਹਿਤ ਖੜ੍ਹਾ ਸੀ- ਇੱਕ ਵੱਡਾ ਸੱਖਣਾ ਵਿਹੜਾ, ਜਿਹੜਾ ਰਸੋਈ, ਸੌਣ ਕਮਰੇ ਅਤੇ ਸਟੋਰ ਵਜੋਂ ਵਰਤੇ ਜਾਣ ਵਾਲੇ ਛੋਟੇ ਛੋਟੇ ਇੱਟਾਂ ਦੇ ਕਮਰਿਆਂ ਨਾਲ ਘਿਰਿਆ ਹੋਇਆ ਸੀ ਜਿਨ੍ਹਾਂ ਵਿੱਚ ਬਿਜਲੀ, ਪਾਣੀ, ਪਲੰਬਿੰਗ ਜਾਂ ਮਲ-ਮੂਤਰ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਸੀ।

ਨਾਨੀ ਸੰਧੂ ਹੁਣ ਬਾਨਵੇਂ ਸਾਲ ਦੀ ਸੀ ਅਤੇ ਉਹ ਆਪਣੀ ਉਮਰ ਮੁਤਾਬਿਕ ਹੀ ਦਿਸਦੀ ਸੀ। ਜੈਕੀ ਤੇ ਸੁਰਜੀਤ ਨੇ ਉਸ ਨੂੰ ਬਚਪਨ ਵਿੱਚ ਹੀ ਦੇਖਿਆ ਸੀ, ਪਰ ਉਹ ਹਮੇਸ਼ਾ ਚਿੱਠੀਆਂ ਪਾਉਂਦੀ ਰਹੀ ਸੀ ਅਤੇ ਜਿਉਂ ਜਿਉਂ ਸਾਲ ਲੰਘ ਰਹੇ ਸਨ, ਉਨ੍ਹਾਂ ਦੇ ਕਿਤੇ ਛੇਤੀ ਵਿਆਹ ਹੋਣ ਦੀ ਜ਼ਿਆਦਾ ਉਮੀਦ ਪ੍ਰਗਟਾਉਣ ਲੱਗੀ ਸੀ। ਉਨ੍ਹਾਂ ਦੇ ਆਉਣ ਦੀਆਂ ਤਿਆਰੀਆਂ ਵਿੱਚ ਉਸ ਨੇ ਖੂਬ ਰਾਸ਼ਨ ਖ੍ਰੀਦ ਰੱਖਿਆ ਸੀ ਅਤੇ ਆਟੇ ਵਾਸਤੇ  ਸਟੋਰ ਵਾਲਾ ਕਮਰਾ ਕਣਕ ਨਾਲ ਭਰ ਲਿਆ ਸੀ। ਉਸ ਨੂੰ ਆਸ ਸੀ ਕਿ ਦੋਹਤੀਆਂ ਦੇ ਵਿਆਹ ਔੜ ਵਿੱਚ ਹੋਣਗੇ ਅਤੇ ਬਹੁਤ ਸਾਰੇ ਮਹਿਮਾਨ ਆਉਣਗੇ। ਕਪੂਰ ਅਤੇ ਬਸੰਤ ਕੌਰ ਨੇ ਉਸ ਨੂੰ ਦੱਸਿਆ ਕਿ ਉੱਥੇ ਕੋਈ ਵਿਆਹ ਨਹੀਂ ਹੋਣਗੇ।

ਉਹ ਮੁੱਢ ਵਿੱਚ ਨਿਰਾਸ਼ ਹੋਈਆਂ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਨਾਨੀ ਦੇ ਘਰ ਰਹਿਣਾ ਸਿੱਖ ਲਿਆ। ਉਹ ਕਾਰ ਜਾਂ ਰੇਲ ਗੱਡੀ ਰਾਹੀਂ ਪੰਜਾਬ ਅਤੇ ਪਹਾੜਾਂ ਵਿੱਚ ਘੁੰਮ-ਫਿਰ ਆਉਂਦੇ ਪਰ ਉਨ੍ਹਾਂ ਦਾ ਮੁੱਖ ਟਿਕਾਣਾ ਔੜ ਵਿੱਚ ਹੀ ਸੀ। ਰਿਸ਼ੀਕੇਸ਼ ਜਾਣ ਵੇਲੇ ਉਹ ਰਾਹਨੁਮਾਈ ਲਈ  ਔੜ ਪਿੰਡ ਦੇ ਇੱਕ ਬਜ਼ੁਰਗ ਨੂੰ ਆਪਣੇ ਨਾਲ ਲੈ ਗਏ। ਲਟਕਦੇ ਲਛਮਣ ਝੂਲ੍ਹੇ ਤੋਂ ਉਨ੍ਹਾਂ ਨੇ ਵਗਦੀ ਗੰਗਾ ਨੂੰ ਦੇਖਿਆ ਅਤੇ ਥੋੜ੍ਹੀ ਜਿਹੀ ਦੂਰੀ `ਤੇ ਹੇਠਾਂ ਵੱਲ ਉਨ੍ਹਾਂ ਨੇ ਹਰਦੁਵਾਰ ਦੇ ਬਰਫੀਲੇ ਪਾਣੀ ਵਿੱਚ ਤੀਰਥ ਯਾਤਰੀਆਂ ਨੂੰ ਇਸ਼ਨਾਨ ਕਰਦੇ ਦੇਖਿਆ। ਅਤੇ ਇੱਕ ਹੋਰ ਸਹਾਇਕ ਯਾਤਰੀ, ਲੇਡੀ ਡਾਕਟਰ ਹਰਬੰਸ ਕੌਰ, ਸੈਰ-ਸਪਾਟੇ ਵੇਲੇ ਕਈ ਵਾਰ ਉਨ੍ਹਾਂ ਦੇ ਨਾਲ ਚਲੀ ਜਾਂਦੀ। ਉਹ ਜਦੋਂ ਸਰਕਾਰੀ ਦੌਰੇ`ਤੇ ਵੈਨਕੂਵਰ ਗਈ ਸੀ, ਉਨ੍ਹਾਂ ਕੋਲ ਠਹਿਰੀ ਸੀ। ਉਸ ਨੇ ਹਾਲ ਹੀ ਵਿੱਚ ਮਨਮੋਹਕ ਪੁਰਾਣੇ ਬਰਤਾਨਵੀ ਹਿੱਲ ਸਟੇਸ਼ਨ ਅਤੇ ਕਿਲੇਬੰਦੀ ਵਾਲੇ ਸ਼ਹਿਰ ਕਸੌਲੀ ਵਿੱਚ ਸੋਹਣਾ ਮਕਾਨ ਖ੍ਰੀਦਿਆ ਸੀ। ਸੁਰਜੀਤ ਤੇ ਜੈਕੀ ਉਸ ਨੂੰ ਓਲਡਸਮੋਬਾਈਲ `ਤੇ ਉੱਥੇ ਮਿਲਣ ਗਈਆਂ। ਇਹ ਦੋ ਹਜ਼ਾਰ ਫੁੱਟ ਉਚਾਈ `ਤੇ ਪਹਾੜਾਂ ਵਿੱਚ ਸੀ। ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਦੀ ਜੰਮੂ ਤੋਂ ਕਸ਼ਮੀਰ ਵਾਦੀ ਅਤੇ ਸ੍ਰੀਨਗਰ ਦੀ ਡੱਲ੍ਹ ਝੀਲ ਤੱਕ ਹੋਰ ਵੀ ਤਾਂਘ ਨਾਲ ਆਪਣੀ ਓਲਡਸਮੋਬਾਈਲ ਚਲਾਈ। ਉਨ੍ਹਾਂ ਨੂੰ ਆਸ ਸੀ ਕਿ ਮਨਮੋਹਕ ਦ੍ਰਿਸ਼ ਹੋਣਗੇ ਪਰ ਸੁੰਨੀਆਂ-ਭੂਰੀਆਂ ਪਹਾੜੀਆਂ ਦੇਖ ਕੇ ਉਨ੍ਹਾਂ ਨੂੰ ਨਿਰਾਸ਼ਾ ਹੋਈ ਉਨ੍ਹਾਂ ਨੇ ਸੋਚਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਹਰੇ-ਭਰੇ ਪਹਾੜਾਂ ਦਾ ਕੋਈ ਮੁਕਾਬਲਾ ਨਹੀਂ।  ਲੋਕਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਦੱਸਿਆ ਕਿ ਜੇ ਉਹ ਸ਼੍ਰੀਨਗਰ ਤੋਂ ਹੋਰ ਉੱਪਰ ਵੱਲ ਜਾਂਦੇ ਤਾਂ ਉਨ੍ਹਾਂ ਨੂੰ ਰੁੱਖਾਂ ਵਾਲੇ ਇਲਾਕੇ ਦਿਸ ਪੈਣੇ ਸਨ, ਇਸ ਲਈ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਸਾਰਾ ਕੁਝ ਨਹੀਂ ਸੀ ਦੇਖਿਆ।

ਨਵੇਂ ਸਾਲ ਦੇ ਨੇੜੇ ਸੁਰਜੀਤ ਸੈਰ-ਸਪਾਟੇ ਤੋਂ ਹੈਪੇਟਾਈਟਸ ਦੀ ਇਨਫੈਕਸ਼ਨ ਲੈ ਕੇ ਮੁੜੀ। ਇਹ ਉਸ ਵੱਲੋਂ ਕੁਝ ਅਣਸੁਖਾਵਾਂ ਖਾਧੇ-ਪੀਤੇ ਕਾਰਣ ਹੋਇਆ ਅਤੇ ਇਸ ਨਾਲ ਉਸ ਨੂੰ ਤੇਜ਼ ਬੁਖਾਰ ਤੇ ਪੀਲੀਆ ਹੋ ਗਿਆ। ਅਗਲੇ ਦੋ ਮਹੀਨਿਆਂ ਦੌਰਾਨ ਉਸਦਾ ਕਾਫੀ ਵਜ਼ਨ ਘਟ ਗਿਆ। ਉਸਦੀ ਬਿਮਾਰੀ ਨੇ ਸਭ ਨੂੰ ਘਰੇ ਰੱਖਿਆ। ਇਸ ਤਰ੍ਹਾਂ ਉਨ੍ਹਾਂ ਦੀ ਭਾਰਤ ਫੇਰੀ  ਦਾ ਅੰਤ ਹੋਇਆ। ਉਨ੍ਹਾਂ ਨੇ ਨਾਨੀ ਸੰਧੂ ਨੂੰ ਆਪਣੇ ਨਾਲ ਕਨੇਡਾ ਲਿਆਉਣ ਲਈ ਰਾਜ਼ੀਮੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਅਤੇ ਜੈਕੀ ਤੇ ਸੁਰਜੀਤ ਨੂੰ ਭਾਰਤ ਵਿੱਚ ਰੱਖਣ ਲਈ ਕੋਈ ਵੀ ਚੀਜ਼ ਬੰਨ੍ਹ ਨਾ ਸਕੀ। ਜਿਵੇਂ ਉਹ ਕਹਿੰਦੀਆਂ ਸਨ, ਉਨ੍ਹਾਂ ਦਾ "ਪੇਂਡੂ ਜੀਵਨ ਦੇ ਗੀਤਾਂ ਵਾਲਾਂ ਭੁਕਾਨਾਂ ਫਟ ਗਿਆ" ਅਤੇ ਉਹ ਨਘੋਚੀ ਬਣ ਗਈਆਂ। ਉਨ੍ਹਾਂ ਦੇ ਸੁਪਨੇ ਅਨੁਸਾਰ  ਭਾਰਤ  ਮਹਾਤਮਾ ਗਾਂਧੀ ਵਰਗੇ ਅਧਿਆਤਮਕ ਦੇਵ ਪੁਰਸ਼ਾਂ ਦੀ ਧਰਤੀ ਸੀ। ਅਜੇਹੀ ਧਰਤੀ ਨੂੰ ਪਿਆਰ ਕਰਦੀਆਂ ਅਤੇ ਉਸਦੀ ਸੇਵਾ ਕਰਨ ਦੀ ਚਾਹਤ ਨਾਲ ਉਹ ਵੱਡੀਆਂ ਹੋਈਆਂ ਸਨ। ਪਰ ਜਿਹੜੇ ਭਾਰਤ ਨੂੰ ਉਨ੍ਹਾਂ ਨੇ ਦੇਖਿਆ ਉਹ ਉਸ ਨਾਲੋਂ ਬਿਲਕੁਲ ਹੀ ਵੱਖਰਾ ਸੀ।  ਤਾਕਤ ਵਾਲੇ ਲੋਕ ਕੰਗਾਲਾਂ ਦਰਮਿਆਨ ਧਨ ਦਾ ਅਨੰਦ ਮਾਣਦੇ ਸਨ, ਸਿਆਸਤਦਾਨਾਂ ਦੇ ਵਿਲਾਸੀ ਮਕਾਨ, ਉਨ੍ਹਾਂ ਦੀਆਂ ਕਾਰਾਂ, ਡਰਾਈਵਰ, ਨੌਕਰਾਂ ਦੀ ਲਾਮ-ਡੋਰੀ, ਸਹਾਇਕ ਅਤੇ ਛੋਟੇ ਸਹਾਇਕ।

ਉਨ੍ਹਾਂ ਨੂੰ ਲੱਗਾ ਕਿ ਮਾਮੂਲੀ ਜਿਹੀ ਚੀਜ਼  ਪ੍ਰਾਪਤ ਕਰਨੀ ਵੀ ਬਹੁਤ  ਕਠਨ ਸੀ। ਇਸ ਸਚਾਈ ਨਾਲ ਉਨ੍ਹਾਂ ਦਾ ਪਹਿਲਾ ਵਾਹ, ਆਪਣੀ ਕਾਰ ਨੂੰ ਕਸਟਮ ਰਾਹੀਂ ਪ੍ਰਾਪਤ ਕਰਨਾ ਹੀ ਬਹੁਤ ਸਤਾਊ ਸੀ। ਉੱਥੇ ਬਹੁਤ ਜ਼ਿਆਦਾ ਅਫਸਰਸ਼ਾਹੀ ਤੇ ਅਕੁਸ਼ਲਤਾ ਸੀ, ਛੋਟੇ ਦਫਤਰਾਂ ਵਿੱਚ ਬਹੁਤ ਜ਼ਿਆਦਾ ਉਲਝਣਾਂ ਸਨ ਅਤੇ ਲੰਬੀ ਉਡੀਕ ਕਰਨੀ ਪੈਂਦੀ ਸੀ। ਕੁਝ ਵੀ ਸਿੱਧਾ ਨਹੀਂ ਸੀ, ਇੱਥੋਂ ਤੱਕ ਕਿ ਬੈਂਕ ਵਿੱਚੋਂ ਛੋਟੀ ਜਿਹੀ ਰਕਮ ਕਢਵਾਉਣ ਲਈ ਇੱਕ ਡੈਸਕ ਤੋਂ ਦੂਜੇ ਡੈਸਕ ਤੱਕ ਗੇੜੇ ( ਨਾ-ਮੁੱਕਣ ਵਾਲੇ ਮਹਿਸੂਸ ਹੁੰਦੇ) ਲਾਉਣੇ ਪੈਂਦੇ ਜਦੋਂ ਵੱਖ-ਵੱਖ ਕਲਰਕ ਦਸਤਖਤ ਕਰਵਾਉਣ ਲਈ ਅਤੇ ਦੂਹਰੀਆਂ ਇੰਟਰੀਆਂ ਪਾਉਣ ਲਈ ਵੱਡੇ-ਵੱਡੇ  ਰਜਿਸਟਰ ਇੱਕ-ਦੂਜੇ ਨੂੰ ਫੜਾਉਂਦੇ ਰਹਿੰਦੇ। ਫਰਵਰੀ ਦੇ ਅਖੀਰ ਵਿੱਚ ਪਰਿਵਾਰ ਔੜ ਤੋਂ ਮੁੰਬਈ ਲਈ ਚੱਲ ਪਿਆ, ਜਿੱਥੋਂ ਉਨ੍ਹਾਂ ਨੇ ਛੋਟਾ ਪੋਲਿਸ਼ ਲਾਈਨਰ, ਬਟੋਰੀ ਜਹਾਜ਼ ਲਿਆ। ਇਸ ਜਹਾਜ਼ ਵਿੱਚ ਸਿਰਫ ਛਿਆਲੀ ਪਹਿਲੇ ਦਰਜੇ ਦੇ ਮੁਸਾਫਿਰ ਸਨ ਭਾਵੇਂ ਆਮ ਦਰਜੇ ਵਿੱਚ ਇਸਤੋਂ ਕਿਤੇ ਜ਼ਿਆਦਾ ਸਨ। 15 ਮਾਰਚ 1952 ਤੱਕ ਉਹ ਸਾਊਥਹੈਂਪਟਨ ਪਹੁੰਚ ਚੁੱਕੇ ਸਨ ਅਤੇ ਹਫਤੇ ਬਾਅਦ ਕੋਨਾਰਡ ਲਾਈਨਰ ਦੇ ਵਿਸ਼ਾਲ ਜਹਾਜ਼ 'ਕੁਈਨ ਮੈਰੀ' ਵਿੱਚ ਸਵਾਰ ਹੋ ਕੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਠਿੱਲ੍ਹ ਪਏ ਸਨ। 27 ਮਾਰਚ ਨੂੰ ਉਨ੍ਹਾਂ ਨੇ ਨਿਊਯਾਰਕ ਦੀ ਬੰਦਰਗਾਹ ਤੋਂ ਆਪਣੀ ਕਾਰ ਵਸੂਲ ਕਰ ਲਈ ਅਤੇ ਘਰ ਵੱਲ ਚੱਲ ਪਏ। ਵੈਨਕੂਵਰ ਦੇ ਰਾਹ ਪੈ ਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ।

ਜੈਕੀ ਤੇ ਸੁਰਜੀਤ ਨੂੰ ਸਨਾਤਕੀ ਅਸਾਮੀਆਂ ਦੀ ਪੇਸ਼ਕਸ਼ ਹੋਈ- ਜੈਕੀ ਨੂੰ ਡਾ. ਹੈਰੀ ਪੈਰੀ ਨਾਲ ਹੇਮਾਟੈਲੋਜੀ ਵਿੱਚ ਅਤੇ ਸੁਰਜੀਤ ਨੂੰ ਡਾ. ਜੇ ਐਫ ਮੈਕ ਕਰੇਰੀ ਨਾਲ ਬੱਚਿਆਂ ਦੇ ਰੋਗਾਂ ਵਾਲੇ ਵਿਭਾਗ ਵਿੱਚ। ਭੈਣਾਂ ਨੇ ਕਨੇਡਾ ਵਿੱਚ ਪਰਾਈਵੇਟ ਡਾਕਟਰੀ ਕਰਨ ਬਾਰੇ ਕਦੇ ਨਹੀਂ ਸੀ ਸੋਚਿਆ ਕਿਉਂ ਕਿ ਇਸ ਤੋਂ ਕਮਾਈ ਕਰਨੀ ਉਨ੍ਹਾਂ ਦਾ ਨਿਸ਼ਾਨਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਮੁੜ ਪੜ੍ਹਾਈ ਸ਼ੁਰੂ ਕਰ ਦਿੱਤੀ ਅਤੇ ਕੁਝ ਸਮੇਂ ਲਈ ਭਾਰਤ ਦਾ ਵਿਚਾਰ ਪਾਸੇ ਕਰ ਦਿੱਤਾ ਅਤੇ ਇਸ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ।  ਦੋ ਸਾਲ ਬਾਅਦ ਉਨ੍ਹਾਂ ਨੇ ਮੁੜ ਵਿਚਾਰ ਕੀਤੀ। ਭਾਰਤ ਵਿੱਚ ਜਿਹੜਾ ਕੁਝ ਉਨ੍ਹਾਂ ਨੇ ਦੇਖਿਆ ਸੀ ਅਤੇ ਆਪਣੇ ਪ੍ਰਤੀਕਰਮ ਬਾਰੇ ਸੋਚਣ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਨ੍ਹਾਂ ਦਾ ਆਪਣਾ ਵਤੀਰਾ ਸਮੱਸਿਆ ਸੀ ਜਿਹੜਾ ਉਨ੍ਹਾਂ ਨੂੰ ਬਦਲਣਾ ਪਵੇਗਾ। ਉਨ੍ਹਾਂ ਦੀ ਟਰਾਂਟੋ ਵਾਲੀ ਸਹੇਲੀ, ਲਕਸ਼ਮੀ ਰਾਓ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਭਾਰਤ ਵਿੱਚ ਪੰਜ ਸਾਲ ਨਹੀਂ ਕੱਟ ਸਕਣਗੀਆਂ ਅਤੇ ਉਹ ਪੂਰੀ ਠੀਕ ਸੀ। ਉਨ੍ਹਾਂ ਨੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ ਸਨ। ਜੇ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਖਾਹਸ਼ ਪੂਰੀ ਕਰਨੀ ਸੀ ਤਾਂ ਉਨ੍ਹਾਂ ਨੂੰ ਆਪਣੇ ਵਿੱਚ ਕੁਝ ਤਬਦੀਲੀ ਕਰਨੀ ਪੈਣੀ ਸੀ।

ਇਸ ਸਮੇਂ ਵਿੱਚ ਉਹ ਆਪਣੇ ਮਾਪਿਆਂ ਨਾਲ ਘਰ ਰਹਿੰਦੀਆਂ ਸਨ ਅਤੇ ਉਨ੍ਹਾਂ ਨਾਲ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਕਪੂਰ ਤੇ ਬਸੰਤ ਕੌਰ ਗੁਰਦਵਾਰੇ ਨੂੰ ਸਹਿਯੋਗ ਦਿੰਦੇ ਸਨ ਅਤੇ ਖਾਸ ਮੌਕਿਆਂ `ਤੇ ਉੱਥੇ ਜਾਂਦੇ ਸਨ ਅਤੇ  ਖਾਸ ਯੋਜਨਾਵਾਂ ਲਈ ਗੁਰਦਵਾਰੇ ਦਾ ਪ੍ਰਤੀਨਿਧ ਉਨ੍ਹਾ ਦੇ ਘਰ ਜਾਂ ਮਿੱਲ ਵਿੱਚ ਜਾ ਕੇ ਵੱਡੀ ਭੇਟਾ ਲਈ ਆਖਦਾ। ਪਰ ਅਤੀਤ ਵਿੱਚ ਕਪੂਰ ਗੁਰਦਵਾਰੇ ਦੀ ਰਾਜਨੀਤੀ ਤੋਂ ਪਾਸੇ ਹੀ ਰਿਹਾ ਸੀ। ਪਰਿਵਾਰ ਦੇ ਭਾਰਤ ਤੋਂ ਮੁੜਣ ਤੋਂ ਦੋ ਮਹੀਨੇ ਬਾਅਦ ਗੁਰਦਵਾਰਾ ਦੋ ਧੜਿਆਂ ਵਿੱਚ ਵੰਡਿਆ ਗਿਆ। ਇੱਕ ਧੜੇ ਨੇ ਸੈਕਿੰਡ ਐਵੇਨਿਊ ਵਾਲੇ ਖਾਲਸਾ ਦੀਵਾਨ ਸੁਸਾਇਟੀ ਦੇ ਗੁਰਦਵਾਰੇ ਤੋਂ ਅਲੱਗ ਹੋ ਕੇ ਗਿਆਰਾਂ ਐਵੇਨਿਊ `ਤੇ ਚਰਚ ਦੀ ਇਮਾਰਤ ਖ੍ਰੀਦ ਲਈ ਅਤੇ ਇਸਦਾ ਨਾਂ ਅਕਾਲੀ ਸਿੰਘ ਗੁਰਦਵਾਰਾ ਰੱਖ ਦਿੱਤਾ। ਇਹ ਨਾਂ ਉਨ੍ਹਾਂ ਨੇ ਸਿੱਖਾਂ ਦੀ ਕੌਮੀ ਲਹਿਰ ਦੇ ਨਾਂ ਤੋਂ ਪ੍ਰਭਾਵਤ ਹੋ ਕੇ ਰੱਖਿਆ ਸੀ, ਜਿਸ ਰਾਹੀਂ ਸਿੱਖਾਂ ਨੇ ਬਰਤਾਨਵੀ ਸ਼ਾਸਨ ਨੂੰ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦਾ ਕਬਜ਼ਾ ਛੱਡਣ ਲਈ ਜ਼ੋਰ ਪਾਇਆ ਸੀ। ਦੁਫਾੜ, ਜਾਤੀ ਵਖਰੇਵਿਆਂ ਨਾਲ ਸ਼ੁਰੂ ਹੋਈ ਸੀ, ਜਿਹੜੀ ਅੰਦਰੇ-ਅੰਦਰ ਕਈ ਸਾਲ ਸੁਲਗਦੀ ਰਹੀ ਸੀ ਪਰ ਭਾਂਬੜ ਉਦੋਂ ਬਣੇ, ਜਦੋਂ ਵੱਡੀ ਗਿਣਤੀ ਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਕਲੀਨ ਸ਼ੇਵ ਸਿੱਖਾਂ ਨੂੰ ਥਾਂ ਦੇਣ ਦੀ ਖਾਹਿਸ਼ ਜਾਹਰ ਕੀਤੀ। ਕਪੂਰ ਤੇ ਬਸੰਤ ਕੌਰ ਮਸਲੇ ਦੀਆਂ ਦੋਨੋਂ ਧਿਰਾਂ ਦੇ ਲੋਕਾਂ ਨੂੰ ਜਾਣਦੇ  ਸਨ ਪਰ ਉਨ੍ਹਾਂ ਨੂੰ ਪੁਰਾਣੇ ਗੁਰਦਵਾਰੇ ਅਤੇ ਇਸ ਦੀ ਧਰਮ ਦੇ ਅਭਿਆਸ ਪ੍ਰਤੀ ਜ਼ਿਆਦਾ ਖੁੱਲ੍ਹੀ ਪਹੁੰਚ ਨਾਲ ਜੁੜੇ ਰਹਿਣਾ ਹੀ ਜ਼ਿਆਦਾ ਸੁਭਾਵਿਕ ਲੱਗਾ।(12)

ਜਦੋਂ ਜੈਕੀ ਤੇ ਸੁਰਜੀਤ ਵੈਨਕੂਵਰ ਜਨਰਲ ਹਸਪਤਾਲ ਵਿੱਚ ਪੋਸਟ ਗਰੈਜੂਏਟ ਦਾ ਕੰਮ ਕਰਦੀਆਂ ਸਨ, ਕਪੂਰ ਉਨ੍ਹਾਂ ਨੂੰ ਲਗਾਤਾਰ ਥੀਓਸੌਫੀਕਲ ਸੁਸਾਇਟੀ ਦੇ ਭਾਸ਼ਣ ਸੁਨਣ ਲਿਜਾਂਦਾ ਰਿਹਾ। ਉੱਥੇ ਉਹ ਆਪਣੇ ਪਰਿਵਾਰਕ ਡਾਕਟਰ, ਵਾਸ਼ਿੰਗਟਨ ਵਿਲਕਸ ਜਿਹੜਾ ਹਾਲੇ ਵੀ ਸੁਸਾਇਟੀ ਦਾ ਮੁੱਖ ਆਸਰਾ ਸੀ, ਨੂੰ ਮਿਲਦੀਆਂ ਅਤੇ ਅਮਰੀਕਨ ਟੌਮਸ ਬੋਇਡ ਕੂਨ ਵਰਗਿਆਂ ਦੇ ਭਾਸ਼ਣ ਸੁਣਦੀਆਂ। ਟੌਮਸ ਨੇ ਆਪਣੇ ਬੁਨਿਆਦੀ ਅਤੇ  (ਬਹੁਤੇ ਇਸਾਈਆਂ ਲਈ) ਵਿਲੱਖਣ ਵਿਚਾਰ ਦੀ ਵਿਆਖਿਆ ਕੀਤੀ ਕਿ ਇਸਾਈਆਂ ਦੀ ਕਹਾਣੀ ਇਤਿਹਾਸਕ ਨਹੀਂ ਸਗੋਂ ਪੂਰੀ ਤਰ੍ਹਾਂ ਸੰਕੇਤਕ ਸੀ ਅਤੇ ਇਹ ਮਿਸਰ ਦੇ ਪੁਰਾਤਨ ਵਿਵੇਕ ਅਤੇ ਮਿਥਿਹਾਸ `ਤੇ ਅਧਾਰਤ ਸੀ।(13) ਜੈਕੀ ਤੇ ਸੁਰਜੀਤ ਨੂੰ ਥੀਓਸੌਫੀ ਦੀ ਜਿਹੜੀ ਗੱਲ ਖਿੱਚ ਪਾਉਂਦੀ ਸੀ ਉਹ ਮੂਲ ਸੱਚ ਦਾ ਸੁਝਾਅ ਸੀ  ਜਿਹੜਾ ਕਿਸੇ ਇੱਕ ਮੱਤ ਦੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਡੂੰਘਾ ਸੀ। ਸ਼ਹਿਰ ਵਿੱਚ ਕਿਸੇ ਉੱਘੇ ਭਾਰਤੀ ਦੇ ਦੌਰੇ ਵੇਲੇ ਵੀ ਉਹ ਆਪਣੇ ਮਾਪਿਆਂ ਦਾ ਹੱਥ ਵੰਡਾਉਂਦੀਆਂ। ਉਨ੍ਹਾਂ ਦੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਦੇ ਦੂਜੇ ਸਾਲ ਦੇ ਅੰਤ `ਤੇ   ਭਾਰਤ ਦਾ ਰਹਾਇਸ਼ੀ, ਕੰਮ ਅਤੇ ਸਪਲਾਈ  ਦਾ ਮੰਤਰੀ, ਸਵਰਨ ਸਿੰਘ ਜਨੇਵਾ ਵਿੱਚ ਯੂਨੈਸਕੋ ਦੀ ਬੈਠਕ ਤੋਂ ਬਾਅਦ ਵਾਪਸ ਮੁੜਦਿਆਂ ਵੈਨਕੂਵਰ ਰੁਕਿਆ। ਕਪੂਰ ਨੇ ਉਸ ਲਈ ਖਾਸ ਦੁਪਹਿਰ ਦੇ ਖਾਣੇ ਦਾ ਵੈਨਕੂਵਰ ਵਿੱਚ ਪ੍ਰਬੰਧ ਕੀਤਾ। ਦੂਜੇ ਦਿਨ ਸਵਰਨ ਸਿੰਘ ਲਈ ਵਿਕਟੋਰੀਆ ਵਿੱਚ ਐਮਪਰੈੱਸ ਹੋਟਲ ਵਿੱਚ ਮਿਲਣੀ ਦਾ ਪ੍ਰਬੰਧ ਸੀ। ਜੈਕੀ ਤੇ ਸੁਰਜੀਤ ਨੂੰ ਨਾਲ ਲੈ ਕੇ ਕਪੂਰ ਉੱਥੇ ਪਹੁੰਚਿਆ। 'ਵਿਕਟੋਰੀਆ ਟਾਈਮਜ਼' ਅਖਬਾਰ ਦੇ ਪ੍ਰੈੱਸ ਫੋਟੋਗ੍ਰਾਫਰ ਨੇ ਐਮਪਰੈੱਸ ਹੋਟਲ ਵਿੱਚ ਭੈਣਾਂ ਦੀ ਸਵਰਨ ਸਿੰਘ ਨਾਲ ਫੋਟੋ ਖਿੱਚੀ। ਅਤੇ ਵੈਨਕੂਵਰ `ਚ ਦੁਪਿਹਰ ਦੇ ਖਾਣੇ ਮੌਕੇ ਕਪੂਰ ਨੇ ਆਪਣੀਆਂ ਬੇਟੀਆਂ ਦੇ ਮੈਡੀਕਲ ਪ੍ਰੋਫੈਸਰ ਨੂੰ ਵੀ ਨਿਆਉਂਦਾ ਦਿੱਤਾ ਸੀ। ਸਾਰੀਆਂ ਥਾਵਾਂ `ਤੇ ਪਰਿਵਾਰ ਇੱਕਮੁੱਠ ਹੋ ਕੇ ਕੰਮ ਕਰਦਾ ਸੀ।(14)

1954 ਦੀ ਪੱਤਝੜ ਵਿੱਚ ਭੈਣਾਂ ਨੇ ਹੋਰ ਪੋਸਟ ਗਰੈਜੂਏਟ ਕੰਮ ਲਈ ਮਾਂਟਰੀਅਲ ਜਾਣ ਦਾ ਫੈਸਲਾ ਕਰ ਲਿਆ। ਜੈਕੀ ਨੇ ਮਾਂਟਰੀਅਲ ਨਿਉਰਾਲੋਜੀਕਲ ਇੰਸਟੀਚਿਊਟ ਵਿੱਚ ਅਤੇ ਸੁਰਜੀਤ ਨੇ ਮਾਂਟਰੀਅਲ ਚਿਲਡਰਨਜ਼ ਹਾਸਪੀਟਲ ਵਿੱਚ।(15) ਉਨ੍ਹਾਂ ਨੇ 1955 ਦੀ ਪੱਤਝੜ ਵਿੱਚ ਕੰਮ ਸ਼ੁਰੂ ਕੀਤਾ। ਮਾਂਟਰੀਅਲ ਵਿੱਚ ਉਹ ਸਵਾਮੀ ਸਿਵਨੰਦਾ ਰਾਧਾ ਨੂੰ ਮਿਲੀਆਂ। ਉਸ ਤੋਂ ਪਹਿਲਾਂ ਉਹ ਕਦੇ ਵੀ ਕਿਸੇ "ਅਸਲੀ ਗੁਰੂ" ਦੇ ਚੇਲੇ ਨੂੰ ਨਹੀਂ ਸੀ ਮਿਲੀਆਂ। ਉਨ੍ਹਾਂ ਨੇ ਆਪਣੇ ਮਾਪਿਆਂ ਦੇ ਧਾਰਮਿਕ ਸਮਰਪਣ ਨੂੰ ਦੇਖਿਆ ਸੀ ਖਾਸ ਕਰਕੇ ਆਪਣੀ ਮਾਂ ਦੇ ਅਤੇ ਇੱਕ ਵਾਰ ਉਨ੍ਹਾਂ ਨੇ ਸ਼ਾਨੀਗਨ ਝੀਲ `ਤੇ ਇੱਕ ਮਹਿਮਾਨ ਨੂੰ ਸਮਾਧੀ ਲਾਉਂਦੇ ਦੇਖਿਆ ਸੀ। ਇਹ ਮਹਿਮਾਨ, ਪੰਡਿਤ ਖੁਸ਼ੀ ਰਾਮ ਸੀ । ਉਹ ਥੀਓਸੌਫੀਕਲ ਸੁਸਾਇਟੀ ਦੇ ਬੁਲਾਰੇ ਵਜੋਂ ਬੀ. ਸੀ. ਵਿੱਚ ਆਇਆ ਹੋਇਆ ਸੀ ਅਤੇ ਕਪੂਰ ਨੇ ਉਸ ਨੂੰ ਲੰਬਰ ਕੈਂਪ ਵਿੱਚ ਇਕਾਂਤਵਾਸ ਲਈ ਸੱਦਾ ਦਿੱਤਾ ਸੀ। ਉਹ ਝੌਂਪੜੀ ਵਿੱਚ ਬੈਠ ਕੇ ਬਿਨਾਂ ਕੋਈ ਹਿਲਜੁਲ ਕੀਤੇ ਆਪਣਾ ਅਧਿਆਤਮਿਕ ਅਭਿਆਸ ਕਰਦਾ ਸੀ ਅਤੇ ਸੁਰਜੀਤ, ਜਿਸ ਨੇ ਪਹਿਲਾਂ ਕਿਸੇ ਨੂੰ ਸਮਾਧੀ ਵਿੱਚ ਨਹੀਂ ਸੀ ਦੇਖਿਆ, ਉਹ ਪ੍ਰਭਾਵਿਤ ਹੋ ਗਈ। ਵਰਨਾ ਅਧਿਆਤਮਿਕ ਮਾਮਲਿਆ ਬਾਰੇ ਜੈਕੀ ਵਾਂਗ ਉਸਦਾ ਗਿਆਨ ਵੀ ਬੌਧਿਕ ਸੀ, ਜਿਹੜਾ ਉਨ੍ਹਾਂ ਨੇ ਕਿਤਾਬਾਂ ਅਤੇ ਭਾਸ਼ਣਾਂ ਰਾਹੀਂ ਪ੍ਰਾਪਤ ਕੀਤਾ ਸੀ। ਸੁਰਜੀਤ ਆਪਣੀ ਭੈਣ ਨੂੰ  ਰਹੱਸਵਾਦੀ ਦਾਰਸ਼ਨਿਕ ਵਿਸ਼ਿਆਂ ਦੀ ਤੀਬਰ ਪਾਠਕ ਅਤੇ ਅਧਿਆਤਮਿਕ ਖੋਜੀ ਵਜੋਂ ਆਗੂ ਮੰਨਦੀ। ਉਹ ਉਸਦੀ ਜਾਗ੍ਰਿਤੀ ਦੇ ਪਿੱਛੇ ਹੀ ਚਲਦੀ। ਭਾਰਤ ਜਾਣ ਵੇਲੇ 'ਚੂਜ਼ਨ" ਜਹਾਜ਼ ਵਿੱਚ ਜੈਕੀ 'ਗੋਸਪਲ ਆਫ ਸ਼੍ਰੀ ਰਾਮਕ੍ਰਿਸ਼ਨਾ' ਵਿੱਚੋਂ ਪੈਰੇ ਪੜ੍ਹਦੀ ਰਹੀ ਸੀ ਅਤੇ ਬਾਕੀ ਪਰਿਵਾਰ ਉਸ ਨੂੰ ਸੁਣਦਾ ਰਿਹਾ ਸੀ। ਇਹ ਬੰਗਾਲੀ ਰਹੱਸਵਾਦੀ ਦੀ ਕਹਾਣੀ ਸੀ , ਜਿਸਦੀਆਂ ਸਿੱਖਿਆਵਾਂ ਨੇ ਪੱਛਮ ਚੋਂ ਸਮਰਪਣ ਵਾਲੇ ਸ਼ਰਧਾਲੂਆਂ ਨੂੰ ਖਿੱਚਿਆ ਸੀ। ਉਨ੍ਹਾਂ ਦੇ ਮਾਂਟਰੀਅਲ ਵਾਲੇ ਸਾਲ ਵਿੱਚ ਕ੍ਰਿਸਮਸ ਵੇਲੇ ਜੈਕੀ ਨੇ ਸੁਰਜੀਤ ਨੂੰ 'ਆਟੋਬਾਇਓਗ੍ਰਾਫੀ ਆਫ ਏ ਯੋਗੀ' ਨਾਂ ਦੀ ਕਿਤਾਬ ਅਤੇ ਅੰਗ੍ਰੇਜ਼ ਰਹੱਸਵਾਦੀ ਅਤੇ ਅਧਿਆਪਕ ਪਾਲ ਬਰੱਨਟਨ ਦੀਆਂ ਤਿੰਨ ਕਿਤਾਬਾਂ ਦਿੱਤੀਆਂ। ਸੁਰਜੀਤ ਨੂੰ ਇਨ੍ਹਾਂ ਕਿਤਾਬਾਂ ਵਿੱਚ ਕੁਝ ਜ਼ੋਰਦਾਰ ਲੱਗਾ, ਇੱਥੋਂ ਤੱਕ ਕਿ ਇਨ੍ਹਾਂ ਦੀ ਦਿੱਖ ਵੀ। 'ਆਟੋਬਾਇਗ੍ਰਾਫੀ ਆਫ ਏ ਯੋਗੀ' ਦੀ ਭਗਵੇਂ ਰੰਗ ਦੀ ਜ਼ਿਲਦ ਅਤੇ ਉਸ ਉੱਪਰ ਸਵਾਮੀ ਯੋਗਆਨੰਦ ਦੀ ਫੋਟੋ ਨੇ ਹੀ ਉਸ ਨੂੰ "ਅਧਿਆਤਮਿਕ ਸੱਟ ਮਾਰੀ"।

ਉਹ ਸਵਾਮੀ ਰਾਧਾ ਨੂੰ ਮਾਰਚ 1956 ਵਿੱਚ ਮਾਂਟਰੀਅਲ ਨਿਉਰੋਲੋਜੀਕਲ ਇੰਸਟੀਚਿਊਟ ਦੀ ਪ੍ਰਯੋਗਸ਼ਾਲਾ ਦੇ ਇੱਕ ਤਕਨੀਕੀ ਮਾਹਰ ਦੀ ਮੇਹਰਬਾਨੀ ਨਾਲ ਮਿਲੀਆਂ, ਜਿਸਨੂੰ ਇੱਕ ਸ਼ਾਮ ਕੰਮ `ਤੇ ਜਾਣਾ ਪੈਣਾ ਸੀ ਅਤੇ ਉਸ ਨੇ ਵਾਈ ਐੱਮ ਸੀ ਏ ਵਿੱਚ ਹੋ ਰਹੇ ਭਾਸ਼ਣ ਦੀਆਂ ਦੋ ਟਿਕਟਾਂ ਜੈਕੀ ਨੂੰ ਦੇ ਦਿੱਤੀਆਂ। ਭਾਸ਼ਣਕਾਰ, ਸਵਾਮੀ ਰਾਧਾ, ਹਾਲ ਹੀ ਵਿੱਚ ਭਾਰਤ ਤੋਂ ਪਰਤੀ ਸੀ। ਉਹ ਅਧੇੜ ਉਮਰ ਦੀ ਬਹੁਤ ਖਿੱਚ ਭਰਪੂਰ ਜਰਮਨ ਔਰਤ ਸੀ, ਜਿਸਦਾ ਪਹਿਲਾ ਨਾਂ ਉਰਸ਼ਲਾ ਸੈਲਵੀਆ ਹੈੱਲਮੈਨ ਸੀ।(16) ਇੱਕ ਜਵਾਨ ਔਰਤ ਵਜੋਂ ਉਸ ਨੇ  ਇੱਕ ਨਾਟ-ਮੰਡਲੀ ਵਿੱਚ ਇੱਕੋ-ਇੱਕ ਬੈਲੇ ਨਰਤਕੀ ਵਜੋਂ  ਯੂਰਪ ਦੀਆਂ ਮਹਾਨ ਸਟੇਜਾਂ `ਤੇ ਪੇਸ਼ਕਾਰੀ ਕੀਤੀ ਸੀ। ਦੁੱਖ ਦੀ ਗੱਲ ਇਹ ਸੀ ਕਿ ਉਹ 1951 ਵਿੱਚ ਮਾਂਟਰੀਅਲ ਪ੍ਰਵਾਸ ਕਰਨ ਤੋਂ ਪਹਿਲਾਂ ਦੋ ਵਾਰ ਵਿਧਵਾ ਹੋਈ। ਉਦੋਂ ਤੱਕ ਉਹ ਪੇਸ਼ੇ ਵਜੋਂ ਫੋਟੋਗ੍ਰਾਫਰ ਅਤੇ ਨਾਚ ਅਧਿਆਪਕ ਸੀ। ਮਾਂਟਰੀਅਲ ਵਿੱਚ ਇੱਕ ਕਿਤਾਬਾਂ ਦੀ ਦੁਕਾਨ `ਚ ਕਿਤਾਬਾਂ ਫਰੋਲਦਿਆਂ ਉਸ ਨੇ ਆਪਣੇ ਗੁਰੂ, ਸਵਾਮੀ ਸਿਵਾਨੰਦ ਸਰਸਵਤੀ, ਨੂੰ ਲੱਭ ਲਿਆ। ਉੱਥੇ ਉਸ ਨੇ ਉਸਦੀ ਫੋਟੋ ਦੇਖੀ, ਜਿਹੜੀ ਸਮਾਧੀ ਵੇਲੇ ਉਸ ਨੂੰ ਦਿਖਾਈ ਦਿੰਦੀ ਝਲਕ ਨਾਲ ਮੇਲ ਖਾਂਦੀ ਸੀ। 1955 ਦੀ ਪੱਤਝੜ ਰੁੱਤੇ ਉਹ ਛੇ ਮਹੀਨਿਆਂ ਲਈ ਹਠ ਯੋਗ ਦੀ ਸਿਖਲਾਈ ਲੈਣ ਉਸਦੇ ਰਿਸ਼ੀਕੇਸ਼ ਵਾਲੇ ਆਸ਼ਰਮ ਵਿੱਚ ਗਈ ਅਤੇ ਸਵਾਮੀ ਨੇ ਉਸ ਨੂੰ ਸਨਿਆਸਣ (ਇੱਕ ਤਿਆਗੀ, ਜਿਹੜਾ ਦੌਲਤ ਤੇ ਮੋਹ ਤੋਂ ਮੁਕਤ ਜ਼ਿੰਦਗੀ ਨੂੰ ਸਮਰਪਿਤ ਹੋਵੇ)ਦੀ ਦੀਖਿਆ ਦੇ ਦਿੱਤੀ। 1956`ਚ ਮਾਰਚ ਦੇ ਸ਼ੁਰੂ ਵਿੱਚ ਉਹ ਵਾਪਸ ਮਾਂਟਰੀਅਲ ਆ ਗਈ। ਉਸਦੀ ਯੋਜਨਾ ਹਠ ਯੋਗ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਸੀ। ਉਸਦੇ ਮੁੜਣ ਤੋਂ ਛੇਤੀ ਬਾਅਦ ਹੀ ਜਿਹੜੀ ਕਲਾਸ ਵਿੱਚ ਜੈਕੀ ਤੇ ਸੁਰਜੀਤ ਗਈਆਂ ਸਨ, ਉਸ ਨੇ ਗੇਰੂਆ ਰੰਗੀ ਰੈਡੀਮੇਡ ਸਾੜ੍ਹੀ ਪਹਿਨੀ ਹੋਈ ਸੀ ਜਿਸਦੇ ਲੜ ਸਿਉਂਤੇ ਹੋਏ ਸਨ ਤੇ ਲੱਕ ਦੁਆਲੇ ਇਲਾਸਟਿਕ ਸੀ।  ਇਹ ਵਿਹਾਰਕ ਤਾਂ ਸੀ ਪਰ ਭਾਰਤੀ ਰਵਾਇਤ ਤੋਂ ਵਿਪਰੀਤ ਸੀ। ਉਹ ਜਰਮਨ ਰੰਗ ਵਾਲੀ ਅੰਗ੍ਰੇਜ਼ੀ ਬੋਲਦੀ ਸੀ, ਅਤੇ ਭੈਣਾਂ ਨੇ ਮਹਿਸੂਸ ਕੀਤਾ ਕਿ ਉਸ ਅੰਦਰੋਂ ਸ਼ਕਤੀ ਉਤਪੰਨ ਹੁੰਦੀ ਸੀ।

ਉਸ ਤੋਂ ਪ੍ਰਭਾਵਤ ਅਤੇ ਉਸਦੀ ਪਕੜ ਵਿੱਚ ਉਹ ਭਾਸ਼ਣ ਤੋਂ ਬਾਅਦ ਉਸ ਨੂੰ ਮਿਲਣ ਲਈ ਰੁੱਕ ਗਈਆਂ ਅਤੇ ਉਸਦੀ ਅਪਾਰਟਮੈਂਟ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਸਮਾਧੀ ਲਾਉਂਦੀਆਂ, ਉਸ ਤੋਂ ਉਸਦੇ ਗੁਰੂ ਦੀਆਂ ਸ਼ੋਖ ਕਹਾਣੀਆਂ ਸੁਣਦੀਆਂ ਅਤੇ ਗੁਰੂ ਦੀਆਂ ਰੰਗਦਾਰ ਸਲਾਈਡਾਂ ਦੇਖਦੀਆਂ। ਸਮਾਧੀ ਵੇਲੇ ਉਹ ਪਦਮ ਜਾਂ ਅਰਧ ਪਦਮ ਆਸਣ ਵਿੱਚ ਬੈਠਦੀਆਂ। ਉਹ ਡੂੰਘੀ ਉੱਤਰ ਜਾਂਦੀ ਅਤੇ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜੇ ਸਮਾਧੀ ਦੌਰਾਨ ਉਹ ਕਦੇ ਕਿਸੇ ਹੋਰ ਦੁਨੀਆਂ ਵਿੱਚ ਚਲੀ ਜਾਵੇ ਤਾਂ ਉਹ ਵਿਘਨ ਨਾ ਪਾਉਣ ਅਤੇ ਉਸਦੇ ਕੰਨਾਂ ਵਿੱਚ "ਓਮ, ਓਮ" ਦਾ ਜਾਪ ਕਰਨ। ਸੁਰਜੀਤ ਨੂੰ ਸੰਦੇਹ ਸੀ ਪਰ ਉਹ ਵਹਿਣ ਵਿੱਚ ਵਹਿ ਗਈ ਅਤੇ ਬਾਅਦ ਵਿੱਚ ਉਸ ਨੇ ਕੁਝ ਸੰਕੋਚ ਮਹਿਸੂਸ ਕੀਤਾ। ਸਵਾਮੀ ਰਾਧਾ ਸ਼ਾਕਾਹਾਰੀ ਸੀ, ਇਸ ਲਈ ਭੈਣਾਂ ਵੀ ਪਹਿਲੀ ਵਾਰ ਸ਼ਾਕਾਹਾਰੀ ਹੋ ਗਈਆਂ। ਸੁਰਜੀਤ ਨੂੰ ਸਾਰੇ ਮੀਟਾਂ ਵਿੱਚੋਂ ਮੁਰਗੇ ਦਾ ਮੀਟ ਛੱਡਣਾਂ ਸਭ ਤੋਂ ਔਖਾ ਲੱਗਾ (ਜਾਇਕੇ ਦਾ ਵੱਡਾ ਤਿਆਗ)ਪਰ ਉਸ ਨੇ ਤੁਰੰਤ ਛੱਡ ਦਿੱਤਾ। ਜੈਕੀ ਸੰਨਿਆਸਣ ਬਨਣ ਦੀਆਂ ਗੱਲਾਂ ਕਰਨ ਲੱਗੀ। ਜੈਕੀ ਤੇ ਸੁਰਜੀਤ ਦੋਨੋਂ ਆਪਣਾ ਵੇਹਲਾ ਸਮਾਂ ਸਵਾਮੀ ਰਾਧਾ ਕੋਲ ਜਾ ਬਹਿੰਦੀਆਂ ਅਤੇ ਪੜ੍ਹਾਈ ਤੋਂ ਅਣਗਹਿਲੀ ਕਰਨ ਲੱਗੀਆਂ। ਕਪੂਰ ਤੇ ਬਸੰਤ ਕੌਰ ਨੂੰ ਵੈਨਕੂਵਰ ਬੈਠਿਆਂ ਨੂੰ ਇਸਦਾ ਪਤਾ ਲੱਗ ਗਿਆ ਅਤੇ ਉਹ ਚੇਤੰਨ ਹੋ ਗਏ। ਕਪੂਰ ਹਾਲੇ ਵੀ ਹਫ਼ਤੇ ਵਿੱਚ ਇੱਕ ਵਾਰ ਫੋਨ ਕਰਦਾ ਸੀ ਤੇ ਦੋਨੋਂ ਮਾਪੇ ਗੱਲਾਂ ਕਰਦੇ। ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਕਿਹਾ ਕਿ ਜਿੰਨਾਂ ਚਿਰ ਉਹ ਆਪ ਸਵਾਮੀ ਰਾਧਾ ਨੂੰ ਨਹੀਂ ਮਿਲ ਲੈਂਦੇ, ਉਹ ਉਸ ਨੂੰ ਗੁਰੂ ਧਾਰਨ ਨਾ ਕਰਨ। ਫਿਰ ਉਨ੍ਹਾਂ ਨੇ ਉਸ ਨੂੰ ਵੈਨਕੂਵਰ ਦੀ ਹਵਾਈ ਟਿਕਟ ਭੇਜ ਦਿੱਤੀ ਤਾਂ ਕਿ ਉਹ ਆਪ ਉਸ ਬਾਰੇ ਜਾਣ ਸਕਣ।

ਸਵਾਮੀ ਰਾਧਾ ਜੂਨ ਦੇ ਅਖੀਰ ਵਿੱਚ ਅਠਾਰ੍ਹਾਂ ਦਿਨਾਂ ਲਈ ਬ੍ਰਿਟਿਸ਼ ਕੋਲੰਬੀਆ ਆਈ ਅਤੇ ਸਿੱਧੂਆਂ ਦਾ ਘਰ ਉਸਦਾ ਮੁੱਖ ਟਿਕਾਣਾ ਸੀ। ਉੱਥੇ ਉਸਦੇ ਪਹੁੰਚਣ ਵਾਲੇ ਦਿਨ ਅਖਬਾਰ ਅਤੇ ਟੈਲੀਵਿਜਨ ਵਾਲਿਆਂ ਨਾਲ ਉਸਦੀ ਮਿਲਣੀ ਦਾ ਪ੍ਰਬੰਧ ਸੀ। ਤੀਜੇ ਦਿਨ ਸਿੱਧੂ ਉਸ ਨੂੰ ਡੰਕਨ ਲੈ ਗਏ, ਜਿੱਥੇ ਉਹ ਗੁਰਦਵਾਰੇ ਵਿੱਚ ਬੋਲੀ। ਉਹ ਉਸ ਨੂੰ ਆਪਣੀ ਸ਼ਾਨੀਗਨ ਝੀਲ ਵਾਲੀ ਕੈਬਿਨ ਵਿੱਚ ਵੀ ਲੈ ਕੇ ਗਏ ਅਤੇ ਵਿਕਟੋਰੀਆ ਵੀ, ਜਿੱਥੇ ਉਸ ਨੇ ਗੁਰਦਵਾਰੇ ਵਿੱਚ ਭਾਸ਼ਣ ਦਿੱਤਾ। ਡੇਢ ਹਫਤੇ ਵਿੱਚ ਹੀ ਉਸ ਨੇ ਐਨੀ ਲੋਕ-ਪ੍ਰਸਿੱਧੀ ਹਾਸਲ ਕਰ ਲਈ ਕਿ ਉਸ ਨੂੰ ਸੁਨਣ ਲਈ ਵੈਨਕੂਵਰ ਦਾ 450 ਸੀਟਾਂ ਵਾਲਾ ਇੱਕ ਥੀਏਟਰ ਭਰ ਗਿਆ ਅਤੇ ਸੌ ਹੋਰ ਖੜ੍ਹੇ ਸਨ। ਇਸ ਤੋਂ ਸਪਸ਼ਟ ਹੋ ਗਿਆ ਸੀ ਕਿ ਉਹ ਕਿਸੇ ਵੱਡੇ ਹਾਲ ਨੂੰ ਭਰ ਸਕਦੀ ਸੀ, ਇਸ ਲਈ ਉਸ ਨੇ ਦੋ ਵਾਰ ਗੁਰਦਵਾਰੇ ਵਿੱਚ ਯੋਗਾ ਅਤੇ ਵਿਦਾਂਤਾਂ ਬਾਰੇ ਭਾਸ਼ਣ ਦਿੱਤਾ  ਅਤੇ ਦੋ ਵਾਰ ਹੋਰ ਸ਼ਹਿਰ ਦੇ ਮੁੱਖ ਆਡੀਟੋਰੀਅਮ ਵਿੱਚ। ਉਸਦੀ ਤੱਤਕਾਲੀ ਪ੍ਰਸਿੱਧੀ ਕਾਰਣ ਰੇਡੀਓ `ਤੇ ਵਿਚਾਰ-ਵਿਟਾਂਦਰੇ ਵਾਲੇ ਪ੍ਰੋਗਰਾਮ ਦੇ ਮੋਢੀ ਸੰਚਾਲਕ, ਜੈਕ ਵੈਬਸਟਰ ਨੇ ਉਸ ਨੂੰ ਆਪਣੇ ਪ੍ਰੋਗਰਾਮ ਵਿੱਚ ਪੇਸ਼ ਕੀਤਾ। ਅਤੇ ਐਨੇ ਰੁਝੇਵਿਆਂ ਦੇ ਬਾਵਜੂਦ ਵੀ ਉਹ ਨਿੱਜੀ ਘਰਾਂ ਵਿੱਚ ਜਾ ਕੇ ਛੋਟੇ ਗਰੁੱਪਾਂ ਨਾਲ ਗੱਲ ਕਰਨ ਦਾ ਸਮਾਂ ਕੱਢਣ ਵਿੱਚ ਕਾਮਯਾਬ ਹੋ ਗਈ। ਇਸ ਸਮੇਂ ਤੱਕ ਡਾ. ਪਾਂਡੀਆ ਅਤੇ ਉਸਦੀ ਪਤਨੀ, ਮੁਰੀਅਲ ਭਾਰਤ ਤੋਂ ਦੋ ਸਾਲ ਲਈ ਵਾਪਸ ਆ ਗਏ ਸਨ ਅਤੇ ਸਵਾਮੀ ਰਾਧਾ ਉਨ੍ਹਾਂ ਦੇ ਘਰ ਸਾਊਥ-ਏਸ਼ੀਅਨ ਮੁੰਡਿਆਂ ਦੇ ਗਰੁੱਪ ਨੂੰ "ਰੁਹਾਨੀ ਜ਼ਿੰਦਗੀ ਦੇ ਸਿਧਾਂਤ" ਸਿਖਾਉਣ ਲਈ ਆਈ(17) ਇਨ੍ਹਾਂ ਸਾਰੀਆਂ ਸਰਗਰਮੀਆਂ ਲਈ ਉਸ ਨੂੰ ਵਲੰਟੀਅਰਾਂ ਦੀ ਜ਼ਰੂਰਤ ਸੀ ਜਿਹੜੇ ਮੀਡੀਆ ਨਾਲ ਸੰਪਰਕ ਬਣਾਉਂਦੇ, ਸੰਮੇਲਨਾਂ ਵਾਲੀ ਥਾਂ ਦਾ ਪ੍ਰਬੰਧ ਕਰਦੇ, ਆਉਣ-ਜਾਣ ਦਾ ਬੰਦੋਬਸਤ ਕਰਦੇ , ਅਤੇ ਉਸਦੀਆਂ ਮੁੱਢਲੀਆਂ ਲੋੜਾਂ ਦਾ ਖਿਆਲ ਰੱਖਦੇ। ਜੈਕੀ ਤੇ ਸੁਰਜੀਤ ਨੂੰ ਪਤਾ ਲੱਗਾ ਕਿ ਉਹ ਉਨ੍ਹਾਂ ਤੋਂ ਇਸ ਸਭ ਦੀ ਆਸ ਰੱਖਦੀ ਸੀ ਅਤੇ ਸੁਰਜੀਤ ਨੇ ਖਾਸ ਕਰਕੇ ਇਸ ਨੂੰ ਪਸੰਦ ਨਾ ਕੀਤਾ।

 

ਕਪੂਰ ਤੇ ਬਸੰਤ ਕੌਰ ਨੂੰ ਨਿਸ਼ਚਾ ਹੋ ਗਿਆ ਸੀ ਕਿ ਜੈਕੀ ਤੇ ਸੁਰਜੀਤ ਨੂੰ ਸਵਾਮੀ ਰਾਧਾ ਨਾਲੋਂ ਸਬੰਧ ਤੋੜ ਲੈਣੇ ਚਾਹੀਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਆਪ ਵੀ ਉਸ ਵੱਲੋਂ ਸੰਮੋਹਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਨਿਸ਼ਾਨਾ ਬਣੇ ਸਨ ਜਿਹੜੀ ਸੰਮੋਹਨ ਸ਼ਕਤੀ ਉਸ ਨੇ ਉਨ੍ਹਾਂ ਦੀਆਂ ਬੇਟੀਆਂ `ਤੇ ਵਰਤੀ ਸੀ। ਅਧਿਆਤਮਿਕ ਗੁਰੂ ਤੋਂ ਉਨ੍ਹਾਂ ਨੂੰ ਇਸਦੀ ਆਸ ਨਹੀਂ ਸੀ ਤੇ ਨਾ ਹੀ ਉਹ ਇਸਦੀ ਕਦਰ ਕਰਦੇ ਸਨ। ਯੌਰਕ ਐਵੇਨਿਊ ਵਾਲੇ ਲਿਵਿੰਗ ਰੂਮ  ਵਿੱਚ, ਜਦੋਂ ਕਪੂਰ ਤੇ ਬਸੰਤ ਕੌਰ ਘਰ ਨਹੀਂ ਸਨ, ਸਵਾਮੀ ਰਾਧਾ ਦੀ ਹਾਜ਼ਰੀ ਵਿੱਚ ਜੈਕੀ ਖਾਮੋਸ਼ ਹੋ ਗਈ ਸੀ ਅਤੇ ਉਸਦੀਆਂ ਬਿਨਾਂ ਝਮਕਣ ਦੇ ਪਥਰਾਈਆਂ ਲੱਗਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਸੁਰਜੀਤ ਇਸਦੀ ਗਵਾਹ ਸੀ।(18) ਟੇਪ ਰਿਕਾਰਡਰ `ਤੇ ਵੱਜ ਰਹੇ ਹਿੰਦੀ ਭਗਤੀ ਗੀਤ ਦੀ ਲਾਈਨ ਨੇ ਜੈਕੀ ਨੂੰ ਉਤੇਜਤ ਕੀਤਾ ਸੀ। ਉਸ ਲਾਈਨ ਦਾ ਮਤਲਬ "ਅੱਜ, ਪ੍ਰਮਾਤਮਾ ਮੇਰੇ ਘਰ ਆਇਆ" ਸੀ। ਜੈਕੀ ਲਈ ਸਰੀਰ ਅਤੇ ਮਨ ਗਾਇਬ ਹੋ ਗਏ ਸਨ ਅਤੇ ਉਨ੍ਹਾਂ ਦੀ ਥਾਂ ਰੋਸ਼ਨੀ ਤੇ ਖੁਸ਼ੀ ਨੇ ਲੈ ਲਈ ਸੀ। ਉਸ ਲਈ ਇਹ ਰੂਹਾਨੀ ਤਜਰਬਾ ਸੀ ਪਰ ਉਸਦੇ ਪਰਿਵਾਰ ਨੂੰ ਇਸਦਾ ਪੂਰਾ ਯਕੀਨ ਨਹੀਂ ਸੀ। ਅਤੇ ਬਸੰਤ ਕੌਰ ਨੇ ਤਿੰਨ ਸੰਕੇਤ ਦੇਖੇ ਕਿ ਰਾਧਾ ਉਸਦੀਆਂ ਧੀਆਂ ਲਈ ਸਹੀ ਗੁਰੂ ਜਾਂ ਇੱਥੋਂ ਤੱਕ ਕਿ ਸਹੀ ਵਿਅਕਤੀ ਨਹੀਂ ਸੀ। ਸਭ ਤੋਂ ਜ਼ਿਆਦਾ ਯਾਦ ਰੱਖਣ ਵਾਲਾ ਸੰਕੇਤ ਸ਼ਾਨੀਗਨ ਝੀਲ `ਤੇ ਵਾਪਰਿਆ ਸੀ ਜਦੋਂ ਰਾਧਾ ਨੇ ਮਾਚਿਸ ਦੀ ਡੱਬੀ ਹੇਠ ਸੁੱਟੀ ਅਤੇ ਫਰਸ਼ ਤੇ ਡਿੱਗਣ ਸਾਰ ਇਹ ਬਲ ਉੱਠੀ। ਜੇ ਉਨ੍ਹਾਂ ਦੀਆਂ ਧੀਆਂ ਨੂੰ ਆਪਣੇ ਮਾਪਿਆਂ ਦੀ ਸਲਾਹ ਮੰਨਣ ਵਿੱਚ  ਕੁਝ ਰੁਕਾਵਟ ਸੀ, ਤਾਂ ਇਹ ਉਨ੍ਹਾਂ ਦੇ ਮਾਂਟਰੀਅਲ ਪਹੁੰਚਣ ਵੇਲੇ ਮਿਟ ਗਈ ਅਤੇ ਉਹ ਇਸ ਸੁਗਾਤ ਲਈ ਅਭਾਰੀ ਸਨ।

ਜਦੋਂ ਸਵਾਮੀ ਰਾਧਾ ਸੰਨਿਆਸਣ ਬਣੀ ਸੀ, ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹ ਯੋਗਾ ਸਿਖਾਵੇਗੀ ਅਤੇ ਆਪਣੀ ਜ਼ਿੰਦਗੀ ਇੱਕ ਸੰਨਿਆਸਣ ਵਾਂਗ ਬਿਨਾਂ ਕੋਈ ਨੌਕਰੀ ਕੀਤੇ ਅਤੇ ਬਿਨਾਂ ਦੌਲਤ ਇੱਕਠੀ ਕੀਤਿਆਂ ਗੁਜ਼ਾਰੇਗੀ, ਅਤੇ  ਫਰਜ਼ ਕੀਤਾ ਜਾ ਸਕਦਾ ਸੀ ਕਿ ਕਨੇਡਾ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਰਾਹ ਨੂੰ, ਨਾ ਤਾਂ ਕੋਈ ਸਮਝੇਗਾ ਅਤੇ ਨਾ ਹੀ ਇਸ ਵਿੱਚ ਕੋਈ ਸਹਾਇਕ ਹੋਵੇਗਾ। ਉਸ ਨੇ ਭਾਰਤ ਵਿੱਚ ਠਹਿਰ ਦੌਰਾਨ ਹੀ ਇਸ ਰਸਤੇ `ਤੇ ਚੱਲਣ ਦੀ ਸ਼ੁਰੂਆਤ ਕਰ ਦਿੱਤੀ ਅਤੇ ਜਿਹੜਾ ਕੁਝ ਉਸ ਕੋਲ ਉੱਥੇ ਸੀ, ਉਹ ਆਪਣੇ ਗੁਰੂ ਦੇ ਸਪੁਰਦ ਕਰ ਦਿੱਤਾ ਅਤੇ ਜਿਹੜਾ ਕੁਝ ਉਹ ਪਿੱਛੇ ਮਾਂਟਰੀਅਲ ਵਿੱਚ ਛੱਡ ਗਈ ਸੀ, ਉਹ ਆਪਣੇ ਕਮਰੇ ਦੀ ਭਾਈਵਾਲ ਨੂੰ ਦੇ ਦਿੱਤਾ। ਇਸ ਸਭ ਤੋਂ ਬਾਅਦ ਜਦੋਂ ਉਹ ਮਾਂਟਰੀਅਲ ਦੇ ਹਵਾਈ ਅੱਡੇ `ਤੇ ਉੱਤਰੀ, ਦੁਨੀਆਂ  ਕ੍ਰਿਸ਼ਮੇ ਵਾਂਗ ਉਸ ਦੀ  ਸਹਾਇਤਾ ਕਰਨ ਲੱਗੀ। ਇੱਕ ਅਜਨਬੀ ਨੇ ਹਵਾਈ ਅੱਡੇ ਤੋਂ ਉਸਦੀ ਟੈਕਸੀ ਦਾ ਭਾੜਾ ਦੇ ਦਿੱਤਾ। ਅਧਿਆਤਮਿਕ ਰਾਹ `ਤੇ ਚੱਲਣ ਵਾਲੇ ਹੋਰ ਸਹਿ-ਯਾਤਰੀ, ਜਿਨ੍ਹਾਂ ਨੂੰ ਉਹ ਅਗਲੇ ਕੁਝ ਦਿਨਾਂ ਦੌਰਾਨ ਮਿਲੀ, ਜਾਣ ਗਏ ਕਿ ਉਹ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਨ੍ਹਾਂ ਨੇ ਉਸਦੇ ਰਾਸ਼ਨ-ਪਾਣੀ ਦੀ ਜ਼ਿੰਮੇਵਾਰੀ ਲੈ ਲਈ। ਥੋੜ੍ਹੇ ਸਮੇਂ `ਚ ਹੀ ਉਹ ਜੈਕੀ ਤੇ ਸੁਰਜੀਤ ਨੂੰ ਮਿਲ ਪਈ, ਅਤੇ ਤਿੰਨ ਮਹੀਨਿਆਂ ਦੇ ਵਿੱਚ ਹੀ ਉਹ ਕਪੂਰ ਵੱਲੋਂ ਖ੍ਰੀਦ ਕੇ ਦਿੱਤੀ ਆਉਣ-ਜਾਣ ਦੀ ਹਵਾਈ ਟਿਕਟ ਰਾਹੀਂ ਵੈਨਕੂਵਰ ਦਾ ਸਫਰ ਕਰ ਰਹੀ ਸੀ ਅਤੇ ਇਹ ਉਸਦੀਆਂ ਸਿੱਖਿਆਵਾਂ ਅਤੇ ਸ਼ਰਧਾਲੂਆਂ ਦਾ ਘੇਰਾ ਵਿਸ਼ਾਲ ਕਰਨ ਦਾ ਮੌਕਾ ਸੀ।

ਮਾਂਟਰੀਅਲ ਵਿੱਚ ਪੋਸਟ-ਗਰੈਜੂਏਟ ਦੀ ਪੜ੍ਹਾਈ ਦੌਰਾਨ ਏਧਰ-ਓਧਰ ਜਾਣ ਲਈ ਜੈਕੀ ਤੇ ਸੁਰਜੀਤ ਨੂੰ ਕਪੂਰ ਨੇ ਇੱਕ ਕਾਰ ਲੈ ਕੇ ਦਿੱਤੀ ਹੋਈ ਸੀ। ਸਵਾਮੀ ਰਾਧਾ ਅਤੇ ਉਸਦੀਆਂ ਸਿੱਖਿਆਵਾਂ `ਤੇ ਮੋਹਿਤ ਹੋ ਕੇ ਉਨ੍ਹਾਂ ਨੇ ਇਹ ਕਾਰ ਉਸਦੀ ਸੇਵਾ ਲਈ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਕਈ ਵਾਰ ਉਸਦੇ ਮਨ-ਪ੍ਰਚਾਵੇ ਲਈ ਦੂਰ ਦਿਹਾਤੀ ਇਲਾਕਿਆਂ ਵੱਲ  ਕਾਰ ਰਾਹੀਂ ਗੇੜੀ ਲਾਉਣੀ ਸ਼ੁਰੂ ਕਰ ਦਿੱਤੀ। ਉਸ ਨੂੰ ਕਾਰ ਬਹੁਤ ਪਸੰਦ ਸੀ ਅਤੇ ਇੱਕ ਵਾਰ ਵੇਗ `ਚ ਆ ਕੇ ਸੁਰਜੀਤ ਨੇ ਕਾਰ ਉਸ ਨੂੰ ਪੇਸ਼ ਕਰ ਦਿੱਤੀ। ਰਾਧਾ ਨੇ ਬਿਨਾਂ ਹਿਚਕਚਾਹਟ ਦੇ ਖੁਸ਼ੀ-ਖੁਸ਼ੀ ਕਾਰ ਪ੍ਰਵਾਨ ਕਰ ਲਈ। ਜਦੋਂ ਉਹ ਵੈਨਕੂਵਰ ਵਿੱਚ ਸਨ, ਸੁਰਜੀਤ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਨੇ ਕੀ ਕੀਤਾ ਸੀ ਅਤੇ ਤੁਰੰਤ ਹੀ ਉਹ ਜਾਣ ਗਈ ਕਿ ਉਸ ਨੇ ਨਾ ਹੀ ਇਸ ਨੂੰ ਹੀ ਮਾਨਤਾ ਦਿੱਤੀ ਤੇ ਨਾ ਹੀ ਇਸ ਨੂੰ ਪ੍ਰਵਾਨ ਕੀਤਾ। ਉਸ ਵੱਲੋਂ ਇਸ ਪ੍ਰਤੀ ਸਮਝੌਤਾ ਨਾ ਕਰਨ ਦਾ ਨੁਕਤਾ ਇਹ ਸੀ ਕਿ ਸੁਰਜੀਤ ਨੇ ਆਪਣੀ ਕਮਾਈ ਨਾਲ ਕਾਰ ਨਹੀਂ ਸੀ ਖ੍ਰੀਦੀ ਇਸ ਲਈ ਉਹ ਇਸ ਨੂੰ ਤੋਹਫੇ ਵਜੋਂ ਨਹੀਂ ਦੇ ਸਕਦੀ ਸੀ। ਉਸ ਨੇ ਮੂੰਹ-ਫੱਟ ਜਵਾਬ ਦਿੱਤਾ ਸੀ, "ਤੇਰੇ ਕੋਲ ਕਾਰ ਕਿਸੇ ਨੂੰ ਦੇਣ ਦਾ ਕੋਈ ਅਧਿਕਾਰ ਨਹੀਂ ਤੇ ਤੂੰ ਇਸ ਤਰ੍ਹਾਂ ਨਹੀਂ ਕਰੇਂਗੀ।" ਸੁਰਜੀਤ ਨੇ ਬੇਨਤੀ ਕੀਤੀ ਪਰ ਅਸਫਲ ਰਹੀ। ਜਦੋਂ ਉਹ ਤੇ ਜੈਕੀ ਵਾਪਸ ਮਾਂਟਰੀਅਲ ਮੁੜੀਆਂ, ਉਨ੍ਹਾਂ ਕੋਲ ਸਵਾਮੀ ਰਾਧਾ ਨੂੰ ਇਹ ਦੱਸਣ ਵਾਲਾ ਅਣਸੁਖਾਵਾਂ ਕੰਮ ਸੀ। ਉਨ੍ਹਾਂ ਨੇ ਉਸ ਨੂੰ ਕਿਸੇ ਦੋਸਤ ਦੇ ਘਰ ਰਹਿੰਦਿਆਂ ਲੱਭ ਲਿਆ। ਉਨ੍ਹਾਂ ਦੀ ਧਾਰਨਾ ਸੀ ਕਿ ਉਹ ਸੰਨਿਆਸਣ ਦੀ ਜ਼ਿੰਦਗੀ ਜਿਉਂ ਰਹੀ ਸੀ, ਇਸ ਲਈ ਉਨ੍ਹਾਂ ਨੂੰ  ਹੈਰਾਨੀ ਹੋਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਦੋਸਤ ਆਦਮੀ ਸੀ। ਇਹ ਸਾਹਮਣਾ ਅਣ-ਸੁਖਾਵਾਂ ਸੀ। ਗਰਮਜੋਸ਼ੀ ਨਾਲ ਪ੍ਰਣਾਮ ਕਰਨ ਤੋਂ ਬਾਅਦ ਉਨ੍ਹਾਂ ਨੇ ਸਵਾਮੀ ਰਾਧਾ ਨੂੰ ਦੱਸਿਆ ਕਿ ਉਹ ਉਸ ਨੂੰ ਕਾਰ ਨਹੀਂ ਦੇ ਸਕਦੀਆਂ। ਉਸਦਾ ਚੇਹਰਾ ਸੁਰਖ ਹੋ ਗਿਆ, ਜਿਹੜਾ ਉਨ੍ਹਾਂ ਨੇ ਸਮਝਿਆ ਕਿ ਇਹ ਅਣਜ਼ਬਤੇ ਹੋਏ ਅੰਦਰਲੇ ਗੁੱਸੇ ਦਾ ਪ੍ਰਭਾਵ ਸੀ। ਅਤੇ ਜਦੋਂ ਉਸ ਨੇ ਆਪਣੀ ਜੇਬ ਵਿੱਚੋਂ ਮਾਲਾ ਕੱਢ ਲਈ, ਜਿਹੜੀ ਉਨ੍ਹਾਂ ਦੀ ਮਾਂ ਨੇ ਤੁਰਨ ਵੇਲੇ ਉਸ ਨੂੰ ਦਿੱਤੀ ਸੀ, ਅਤੇ ਆਪਣੇ ਗਲੇ ਵਿੱਚ ਪਹਿਨ ਲਈ, ਉਨ੍ਹਾਂ ਨੇ ਸਮਝ ਲਿਆ ਕਿ ਇਹ ਉਨ੍ਹਾਂ ਨੂੰ ਜਾਣ ਦਾ ਇਸ਼ਾਰਾ ਸੀ, ਇਸ ਲਈ ਉਨ੍ਹਾਂ ਨੇ ਵਿਦਾਇਗੀ ਨਮਸ਼ਕਾਰ ਕੀਤੀ ਅਤੇ ਵਾਪਸ ਆ ਗਈਆਂ। ਜੇ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਸਵਾਮੀ ਰਾਧਾ ਬਾਰੇ ਅਨੁਮਾਨ ਪ੍ਰਤੀ ਕੋਈ ਸ਼ੱਕ ਸੀ ਤਾਂ ਉਹ ਉਸਦੇ ਇਸ ਵਿਹਾਰ ਤੋਂ ਦੂਰ ਹੋ ਗਈ। ਦੋਨਾਂ `ਚੋਂ ਕਿਸੇ ਨੇ ਵੀ ਵੀਹ ਸਾਲ ਤੋਂ ਉੱਪਰ ਤੱਕ ਉਸ ਨੂੰ ਮੁੜ ਨਹੀਂ ਦੇਖਿਆ।

ਸਵਾਮੀ ਰਾਧਾ 1959 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਸੈੱਟ ਹੋ ਗਈ ਅਤੇ ਕੁਝ ਸਮੇਂ ਦੇ ਵਿੱਚ ਹੀ ਸੂਬੇ ਦੇ ਦੱਖਣ ਪੂਰਬੀ ਮੱਧ ਵਿੱਚ ਕੂਟਨੀ ਝੀਲ ਦੇ ਨੇੜੇ ਇੱਕ ਵੱਡੀ ਜਾਇਦਾਦ ਲੱਭ ਲਈ, ਜਿੱਥੇ ਉਸ ਨੇ ਇੱਕ ਆਸ਼ਰਮ ਬਣਾਇਆ, ਜਿਹੜਾ ਉਸਦੀਆਂ ਸਿੱਖਿਆਵਾਂ ਵੱਲ ਖਿੱਚੇ ਗਏ ਵਚਨਬੱਧ ਸ਼ਰਧਾਲੂਆਂ ਦੀ ਮੇਹਰਬਾਨੀ ਕਰਕੇ ਵਧਿਆ-ਫੁੱਲਿਆ। 1978 ਵਿੱਚ ਭੌਤਿਕ ਵਿਗਿਆਨੀ ਫਿਲਾਸਫਰ ਡੇਵਿਡ ਬੋਹਮ ਦਾ ਭਾਸ਼ਣ ਸੁਣਦਿਆਂ ਸੁਰਜੀਤ ਨੂੰ ਆਪਣੇ ਨਾਲ ਦੇ ਮੇਜ਼ ਕੋਲ ਬੈਠੀ ਸਵਾਮੀ ਰਾਧਾ ਨੂੰ ਦੇਖ ਕੇ ਹੈਰਾਨੀ ਹੋਈ। ਉਸ ਨੇ ਕੁਝ ਨਾ ਕਿਹਾ ਅਤੇ ਉਸ ਨੂੰ ਕੋਈ ਗਲਤੀ ਨਾ ਲੱਗਣ ਵਾਲਾ ਅਹਿਸਾਸ ਹੋਇਆ ਕਿ ਰਾਧਾ ਨੇ ਉਸ ਨੂੰ ਨਾ ਪਹਿਚਾਨਣ ਨੂੰ  ਹੀ ਤਰਜੀਹ ਦਿੱਤੀ। ਜਦੋਂ ਜੈਕੀ ਤੇ ਸੁਰਜੀਤ  ਮਾਂਟਰੀਅਲ ਵਿੱਚ ਉਸ ਤੋਂ ਪਾਸੇ ਹੋਈਆਂ ਸਨ , ਉਹ ਆਪਣੇ ਮਾਪਿਆਂ ਦੀ ਸੂਝ ਤੇ ਰਾਹਨੁਮਾਈ ਪ੍ਰਤੀ ਸ਼ੁਕਰਗੁਜ਼ਾਰ ਸਨ। ਪਰ ਉਨ੍ਹਾਂ ਕੋਲ ਉਸਦੀਆਂ ਸਿੱਖਿਆਵਾਂ ਦੇ ਅਧਿਆਤਮਿਕ ਮਹੱਤਵ ਪ੍ਰਤੀ ਹਾਲੇ ਵੀ ਪ੍ਰਸ਼ਨ ਸਨ। ਦੋ ਕੁ ਸਾਲ ਬਾਅਦ, ਜਦੋਂ ਉਹ ਭਾਰਤ ਵਿੱਚ ਸਨ, ਰਿਸ਼ੀਕੇਸ਼ ਵਿੱਚ ਲਛਮਣ ਝੂਲੇ ਨੇੜੇ ਸਵਾਮੀ ਰਾਧਾ ਦੇ ਗੁਰੂ, ਸਵਾਮੀ ਸਿਵਾਨੰਦ ਸਰਸਵਤੀ ਨੂੰ ਮਿਲਣ ਗਈਆਂ। ਉਨ੍ਹਾਂ ਨੂੰ ਯਾਦ ਸੀ, ਜਦੋਂ ਉਹ ਪਹਿਲੀ ਵਾਰ ਸਵਾਮੀ ਰਾਧਾ ਨੂੰ ਮਿਲੀਆਂ ਸਨ, ਕਿਵੇਂ ਉਹ "ਮੇਰਾ ਗੁਰੂ, ਮੇਰਾ ਗੁਰੂ " ਰਟਦੀ ਸੀ, ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਆਪ 'ਅਸਲੀ ਚੀਜ਼' ਨੂੰ ਮਿਲਿਆ ਜਾਵੇ। ਇਸ ਸੈਰ-ਸਪਾਟੇ ਵੇਲੇ ਉਨ੍ਹਾਂ ਨੇ ਭਾਰਤੀ ਕੱਪੜੇ ਪਹਿਨੇ ਹੋਏ ਸਨ ਅਤੇ ਸਵਾਮੀ ਉਨ੍ਹਾਂ ਨੂੰ ਦੋ ਹੋਰ ਭਾਰਤੀ ਔਰਤਾਂ ਸਮਝ ਕੇ ਨਜ਼ਰਅੰਦਾਜ਼ ਕਰਦਾ ਲੱਗਾ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਸੰਭਾਵੀ ਧਨ ਦਾ ਖਜ਼ਾਨਾ, ਕਨੇਡਾ ਤੋਂ ਸਨ ਤਾਂ ਉਹ ਉਨ੍ਹਾਂ ਵੱਲ ਜ਼ਿਆਦਾ ਹੀ ਤਵੱਜੋ ਦੇਣ ਲੱਗਾ। ਇਸ ਲਈ ਉਹ ਸਿਰਫ ਸਵਾਮੀ ਰਾਧਾ ਤੋਂ ਹੀ ਨਹੀਂ ਸਗੋਂ ਉਸਦੇ ਗੁਰੂ ਦੇ ਮਾਇਆਜਾਲ ਤੋਂ ਵੀ ਮੁਕਤ ਹੋ ਗਈਆਂ।

ਟ੍ਰਿਨੀਡੈਡ ਵਾਲੀਆਂ ਭਾਰਤੀ ਭੈਣਾਂ `ਚੋਂ ਇੱਕ, ਐਗਨਸ ਰਾਮਚਰਨ, ਜਿਸ ਨੂੰ ਜੈਕੀ ਤੇ ਸੁਰਜੀਤ ਟਰਾਂਟੋ ਵੇਲੇ ਤੋਂ ਜਾਣਦੀਆਂ ਸਨ, ਇੱਕ ਅਜੇਹੀ ਸਹੇਲੀ ਸੀ, ਜਿਹੜੀ ਸਮਝਦੀ ਸੀ ਕਿ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਆਪਣੀਆਂ ਜੜ੍ਹਾਂ ਵੱਲ ਜਾਣਾ ਕਿੰਨਾ ਮੁਸ਼ਕਲ ਸੀ ਅਤੇ ਉਸ ਨੇ ਅਨੁਮਾਨ ਲਾ ਲਿਆ ਸੀ ਕਿ ਜੈਕੀ ਤੇ ਸੁਰਜੀਤ ਲਈ ਹੋਰ ਵੀ ਮੁਸ਼ਕਲ ਹੋਵੇਗਾ ਕਿਉਂ ਕਿ ਉਨ੍ਹਾਂ ਦਾ ਪਾਲਣ-ਪੋਸਣ ਕਨੇਡਾ ਵਿੱਚ ਹੋਇਆ ਸੀ। ਉਸ ਨੇ ਬਾਅਦ ਵਿੱਚ ਜੈਕੀ ਨੂੰ ਚਿੱਠੀ ਵਿੱਚ ਲਿਖਿਆ, "ਮੇਰੇ ਵਿਚਾਰ ਅਨੁਸਾਰ ਇਹ ਐਨਾਂ ਮਹੱਤਵਪੂਰਨ ਨਹੀਂ ਕਿ ਤੇਰੀ ਮੁੱਢਲੀ ਕੌਮੀਅਤ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੇਰਾ ਪਾਲਣ-ਪੋਸਣ ਕਿੱਥੇ ਹੋਇਆ।"(19) ਜਦੋਂ ਜੈਕੀ ਤੇ ਸੁਰਜੀਤ ਨੇ ਡਾਕਟਰੀ ਪਾਸ ਕੀਤੀ ਸੀ, ਉਨ੍ਹਾਂ ਨੂੰ ਬਚਪਨ ਵਿੱਚ ਦੇਖੇ ਭਾਰਤ ਦੀ ਕੁਝ ਯਾਦ ਸੀ, ਪਰ ਉਨ੍ਹਾਂ ਦਾ ਆਪਣੇ ਮਾਪਿਆਂ ਦੇ ਪ੍ਰਭਾਵ ਹੇਠ ਭਾਰਤ ਨਾਲ ਤਕੜਾ ਲਗਾਵ ਸੀ। ਉਨ੍ਹਾਂ ਦੀ ਕਲਪਨਾ ਵਿੱਚ ਭਾਰਤ ਅਧਿਆਤਮਿਕਤਾ ਤੇ ਫਿਲਾਸਫੀ ਦੇ ਵਿਵੇਕ ਨਾਲ ਭਰਪੂਰ ਮਹਾਤਮਾ ਗਾਂਧੀ ਦੀ ਧਰਤੀ ਸੀ ਅਤੇ ਜਦੋਂ ਨਹਿਰੂ ਵੈਨਕੂਵਰ ਆਇਆ, ਉਨ੍ਹਾਂ ਨੂੰ ਉਹ ਆਪਣੇ ਸੁਪਨਿਆਂ ਦੇ ਦੇਸ਼ ਅਤੇ ਸੱਭਿਆਚਾਰ ਦੀ ਉਦਾਹਰਣ ਦਿੰਦਾ ਲੱਗਾ। ਅਤੇ ਫਿਰ ਬਾਲਗ ਵਜੋਂ ਉਨ੍ਹਾਂ ਦੇ ਭਾਰਤ ਨਾਲ ਪਹਿਲੇ ਵਾਹ ਨੇ ਉਨ੍ਹਾਂ ਦੀ ਕਲਪਨਾ ਢਹਿ-ਢੇਰੀ ਕਰ ਦਿੱਤੀ।

ਉਨ੍ਹਾਂ ਦੀ ਭਾਰਤੀ ਰੂਹਾਨੀ ਰਵਾਇਤਾਂ ਪ੍ਰਤੀ ਖਿੱਚ ਸਵਾਮੀ ਰਾਧਾ ਦੀ ਮੇਹਰਬਾਨੀ ਨਾਲ ਅਜੀਬ ਤਰੀਕੇ ਨਾਲ ਮਾਂਟਰੀਅਲ ਵਿੱਚ ਪੁਨਰ-ਜੀਵਤ ਹੋ ਗਈ। ਸਵਾਮੀ ਰਾਧਾ, ਇੱਕ ਵਿਦੇਸ਼ੀ-ਜਰਮਨ ਔਰਤ ਸੀ ਜਿਹੜੀ ਰਿਸ਼ੀਕੇਸ਼ ਤੋਂ ਆਪਣੇ ਗੁਰੂ ਦੀਆਂ ਸਿੱਖਿਆਵਾਂ ਨਾਲ ਭਰਪੂਰ ਤਾਜ਼ਾ ਹੀ ਮੁੜੀ ਸੀ। ਜਦੋਂ ਉਹ ਉਸ ਨਾਲ ਧਿਆਨ ਲਾਉਣ ਲੱਗੀਆਂ, ਉਨ੍ਹਾਂ ਨੇ ਇੱਕ ਨਵੇਂ ਤਜਰਬੇ ਵਿੱਚ ਪ੍ਰਵੇਸ਼ ਕੀਤਾ ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਪੜ੍ਹਿਆ ਹੀ ਸੀ, ਖੁਦ ਨਹੀਂ ਜਾਣਿਆ ਸੀ। ਉਨ੍ਹਾਂ ਦੇ ਖੁੱਲ੍ਹੇ ਵਿਚਾਰਾਂ ਵਾਲੇ ਮਾਪਿਆਂ ਨੇ ਉਨ੍ਹਾਂ ਨੂੰ ਅਧਿਆਤਮਿਕ ਰਾਹ ਚੁਨਣ ਲਈ ਖੁੱਲ੍ਹ ਕੇ ਵਿਸ਼ਾਲ ਰੂਪ ਵਿੱਚ ਭਾਲ ਕਰਨ ਲਈ ਉਤਸ਼ਾਹਤ ਕੀਤਾ, ਅਤੇ ਉਨ੍ਹਾਂ ਨੇ ਹਮੇਸ਼ਾ ਆਪਣੇ ਸਿੱਖ ਭਾਈਚਾਰੇ ਵੱਲੋਂ ਹੋਰ ਭਾਰਤੀ ਰਵਾਇਤਾਂ ਦੇ ਅਧਿਆਪਕਾਂ ਦੀ ਕਦਰ ਕਰਦੇ ਅਤੇ ਉਨ੍ਹਾਂ ਦੀ ਆਓ-ਭਗਤ ਕਰਦੇ ਦੇਖਿਆ ਸੀ ਜਿਵੇਂ ਬਹੁਤ ਸਾਰੇ ਗੁਰਦਵਾਰਿਆਂ ਨੇ ਸਵਾਮੀ ਰਾਧਾ ਲਈ ਹਠ-ਯੋਗ ਬਾਰੇ ਭਾਸ਼ਣ ਦੇਣ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਪਰ ਕਨੇਡੀਅਨ ਸਿੱਖਾਂ ਨੇ ਜਿਉਂਦੇ ਗੁਰੂਆਂ ਜਾਂ ਅਜੇਹੇ ਲੋਕ, ਜਿਹੜੇ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦੇ ਸਨ, ਨੂੰ ਬਹੁਤ ਘੱਟ ਦੇਖਿਆ ਸੀ। ਕਦੇ-ਕਦਾਈਂ ਭਾਰਤ ਤੋਂ ਕੋਈ ਸੰਤ ਜਾਂ ਪਵਿੱਤਰ ਪੁਰਸ਼ ਮਹਿਮਾਨ ਵਜੋਂ ਆਇਆ ਸੀ, ਪਰ ਇਹ ਐਨਾ ਚਿਰੋਕਣਾ ਸੀ  ਕਿ ਜੈਕੀ ਤੇ ਸੁਰਜੀਤ ਇਹ ਜਾਣੇ ਤੋਂ ਬਿਨਾਂ ਵੱਡੀਆਂ ਹੋਈਆਂ ਸਨ ਕਿ ਉਨ੍ਹਾਂ ਤੋਂ ਕੀ ਆਸ ਰੱਖਣ। ਉਨ੍ਹਾਂ ਦੇ ਮਾਪਿਆਂ ਨੇ ਇਹ ਜਾਣਦਿਆਂ ਹੋਇਆਂ ਵੀ ਕਿ ਬਹੁਤੇ ਅਖੌਤੀ ਗੁਰੂ ਢੌਂਗੀ ਸਨ, ਉਨ੍ਹਾਂ ਨੂੰ ਗੁਰੂ ਦੀ ਤਲਾਸ਼ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਜੈਕੀ ਤੇ ਸੁਰਜੀਤ ਨੇ ਜਿਹੜਾ ਗੁਰੂ ਮਾਂਟਰੀਅਲ ਵਿੱਚ ਲੱਭਿਆ ਸੀ, ਉਹ ਉਨ੍ਹਾਂ ਲਈ ਸਹੀ ਨਹੀਂ ਸੀ, ਜਿਸ ਨਾਲ ਇਹ ਜਵਾਨ ਔਰਤਾਂ ਡੂੰਘਾਈ `ਚ ਕੁਝ ਜਾਣੇ ਤੋਂ ਵਾਂਝੀਆਂ ਰਹਿ ਗਈਆਂ ਅਤੇ ਹਾਲੇ ਵੀ ਰਾਹ ਦੀ ਤਲਾਸ਼ ਵਿੱਚ ਸਨ।

Read 104 times Last modified on Tuesday, 01 May 2018 12:34